18.8 C
Jalandhar
Tuesday, April 7, 2026
spot_img
Home Blog Page 18

ਵੋਟਰਾਂ ਅਤੇ ਉਮੀਦਵਾਰਾਂ ਨੂੰ ਮੇਰੇ ਵੱਲੋਂ ਅਪੀਲ ਅਤੇ ਮੇਰਾ ਚੋਣ ਮਨੋਰਥ ਪੱਤਰ।

0

ਵੋਟਰਾਂ ਅਤੇ ਉਮੀਦਵਾਰਾਂ ਨੂੰ ਮੇਰੇ ਵੱਲੋਂ ਅਪੀਲ ਅਤੇ ਮੇਰਾ ਚੋਣ ਮਨੋਰਥ ਪੱਤਰ।

ਹਰਲਾਜ ਸਿੰਘ ਬਹਾਦਰਪੁਰ, ਪਿੰਡ ਬਹਾਦਰਪੁਰ, ਤਹਿਸੀਲ ਬੁੱਢਲਾਡਾ, ਜ਼ਿਲ੍ਹਾ ਮਾਨਸਾ (ਪੰਜਾਬ)- 9417023911

ਸਤਿਕਾਰ ਯੋਗ ਨਗਰ ਨਿਵਾਸੀਓ  ! ਬੇਨਤੀ ਹੈ ਕਿ ਜਲਦੀ ਹੀ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ। ਬੇਸ਼ੱਕ ਹਾਲੇ ਇਹ ਪਤਾ ਨਹੀਂ ਹੈ ਕਿ ਆਪਣੇ ਪਿੰਡ ਦੀ ਚੋਣ ਕਿਵੇਂ ਹੋਣੀ ਹੈ। ਇਹ ਐੱਸ ਸੀ ਲਈ ਰਾਖਵੀਂ ਹੋਣੀ ਹੈ ਜਾਂ ਇਸਤਰੀ ਲਈ ਰਾਖਵੀਂ ਜਾਂ ਜਨਰਲ ਹੋਣੀ ਹੈ। ਇਹ ਵੀ ਨਹੀਂ ਪਤਾ ਕਿ ਸਰਪੰਚੀ ਦੀ ਚੋਣ ਸਿੱਧੀ ਹੈ ਜਾਂ ਪੰਚਾਂ ਰਾਹੀਂ ਹੋਣੀ ਹੈ। ਚਲੋ ਚੋਣ ਜਿਵੇਂ ਵੀ ਮਰਜ਼ੀ ਹੋਵੇ ਠੀਕ ਹੈ, ਪਰ ਇਨ੍ਹਾਂ ਚੋਣਾਂ ਲਈ ਮੇਰੇ ਕੁੱਝ ਸੁਝਾਅ ਹਨ, ਜੋ ਆਪ ਜੀ ਨਾਲ ਸਾਂਝੇ ਕਰ ਰਿਹਾ ਹਾਂ। ਮੇਰੀ ਇੱਛਾ ਹੈ ਕਿ ਪਿੰਡ ਦੀ ਪੰਚਾਇਤ ਨੂੰ ਪਾਰਟੀ ਅਤੇ ਗਰੁੱਪ ਬਾਜ਼ੀ ਤੋਂ ਉੱਪਰ ਉੱਠ ਕੇ ਚੁਣਿਆ ਜਾਵੇ। ਪਿੰਡ ਦੀ ਪੰਚਾਇਤ ਕਿਸੇ ਪਾਰਟੀ ਜਾਂ ਗਰੁੱਪ ਦੀ ਨਾ ਹੋ ਕੇ ਪਿੰਡ ਦੀ ਸਰਬ ਸਾਂਝੀ ਪੰਚਾਇਤ ਹੋਵੇ, ਜਿਸ ਨੂੰ ਸਮੁੱਚਾ ਨਗਰ ਆਪਣੀ ਪੰਚਾਇਤ ਸਮਝੇ। ਜੇ ਵੋਟਾਂ ਪਾਉਣ ਦੀ ਥਾਂ ਸਰਬ ਸੰਮਤੀ ਨਾਲ ਹੀ ਸਾਰੀ ਪੰਚਾਇਤ ਚੁਣੀ ਜਾਵੇ ਫਿਰ ਤਾਂ ਬਹੁਤ ਹੀ ਚੰਗੀ ਗੱਲ ਹੈ ਭਾਵੇਂ ਕਿ ਇਹ ਗੱਲ ਹੈ ਬਹੁਤ ਔਖੀ, ਪਰ ਜੇ ਸਾਰੇ ਵਾਰਡਾਂ ਦੇ ਸਿਆਣੇ ਬੰਦੇ ਇਕੱਠੇ ਹੋ ਕੇ ਉਪਰਾਲਾ ਕਰਨ ਤਾਂ ਇਹ ਕੋਈ ਵੱਡੀ ਗੱਲ ਵੀ ਨਹੀਂ ਹੈ।

ਵੋਟਰਾਂ ਨੂੰ ਬੇਨਤੀ ਹੈ ਕਿ ਕਦੇ ਵੀ ਕਿਸੇ ਕੀਮਤ ’ਤੇ ਆਪਣੀ ਵੋਟ ਨਾ ਵੇਚੋ। ਤੁਹਾਡੀ ਵੋਟ ਦੀ ਕੀਮਤ ਚਾਹ ਪਕੌੜੇ, ਠੰਡੇ ਦੀਆਂ ਬੋਤਲਾਂ, ਸ਼ਰਾਬ ਦੀਆਂ ਬੋਤਲਾਂ, ਤੇਲ ਦੇ ਢੋਲ, ਬਿਜਲੀਆਂ ਦੇ ਬਿਲ ਜਾਂ ਚਾਰ-ਪੰਜ ਹਜ਼ਾਰ ਰੁਪਏ ਨਹੀਂ ਹੁੰਦੀ। ਤੁਹਾਡੀ ਵੋਟ ਨੇ ਹੀ ਇੱਕ ਆਮ ਵੋਟਰ ਨੂੰ ਪੰਚ, ਸਰਪੰਚ, ਐੱਮ ਐੱਲ ਏ, ਮੁੱਖ ਮੰਤਰੀ, ਐੱਮ ਪੀ ਅਤੇ ਪ੍ਰਧਾਨ ਮੰਤਰੀ ਬਣਾਉਣਾ ਹੁੰਦਾ ਹੈ। ਜਦੋਂ ਸਾਡੇ ਲੀਡਰ ਇਮਾਨਦਾਰ ਸਨ ਤਾਂ ਵੋਟਾਂ ਨਹੀਂ ਸੀ ਵਿਕਦੀਆਂ, ਪਰ ਮਾੜੇ ਬੇਇਮਾਨ ਲੀਡਰਾਂ ਨੇ ਇਸ ਸੇਵਾ ਨੂੰ ਧੰਦਾ ਬਣਾਉਦਿਆਂ ਆਪਣੀ ਯੋਗਤਾ ਦੇ ਬਲਬੂਤੇ ਉੱਤੇ ਚੋਣ ਲੜਨ ਦੀ ਥਾਂ ਵੋਟਰਾਂ ਨੂੰ ਖਰੀਦਣਾ ਸ਼ੁਰੂ ਕਰ ਦਿੱਤਾ, ਅਫਸੋਸ ਕਿ ਅਸੀਂ ਬਿਨਾ ਸੋਚੇ ਸਮਝੇ ਵਿਕਣ ਲੱਗ ਪਏ। ਲੀਡਰਾਂ ਨੂੰ ਇਹ ਸੌਦਾ ਬਹੁਤ ਰਾਸ ਆਇਆ।  ਉਨ੍ਹਾਂ ਨੇ ਸਾਨੂੰ ਚਾਹ ਪਕੌੜੇ, ਠੰਡੇ ਦੀਆਂ ਬੋਤਲਾਂ, ਸ਼ਰਾਬ ਦੀਆਂ ਬੋਤਲਾਂ, ਤੇਲ ਦੇ ਢੋਲ, ਬਿਜਲੀਆਂ ਦੇ ਬਿਲ, ਚਾਰ-ਪੰਜ ਹਜ਼ਾਰ ਰੁਪਏ ਤੋਂ ਲੈ ਕੇ ਮੋਟਰਾਂ ਦੇ ਬਿੱਲ ਮੁਆਫ, ਮੁਫਤ ਆਟਾ ਦਾਲ, ਬੱਸ ਕਿਰਾਇਆ ਮੁਆਫ, ਬਿਜਲੀ ਦੇ ਬਿੱਲ ਮੁਆਫ ਕਰਨ ਤੋਂ ਲੈ ਕੇ ਸਾਡੇ ਖਾਤਿਆਂ ਵਿੱਚ ਵੀਹ ਵੀਹ ਲੱਖ ਪਾਉਣ ਦੇ ਲਾਲਚ ਦੇ ਕੇ ਸਾਡੇ ਮੂੰਹ ’ਚ ਐਸਾ ਪਾਣੀ ਲਿਆਂਦਾ ਕਿ ਉਨ੍ਹਾਂ ਨੇ ਸਾਡੇ ਸਮੇਤ ਪੂਰਾ ਦੇਸ਼ ਹੀ ਵੇਚਣਾ ਸ਼ੁਰੂ ਕਰਕੇ ਸਾਨੂੰ ਸਦਾ ਲਈ ਮੰਗਤੇ ਬਣਾ ਕੇ ਰੱਖ ਦਿੱਤਾ। ਜਿਸ ਕਾਰਨ ਅੱਜ ਸਾਨੂੰ ਰੋਜ਼ਗਾਰ ਨਹੀਂ ਮਿਲ ਰਹੇ।

ਸੋਚ ਕੇ ਵੇਖੋ ਕਿ ਮੁਫ਼ਤ ਦੀਆਂ ਚੀਜ਼ਾਂ ਕਿੱਥੋਂ ਆਉਣਗੀਆਂ ਹਨ। ਜਿਹੜਾ ਬੰਦਾ ਅੱਜ ਤੁਹਾਨੂੰ ਕੁੱਝ ਦੇਵੇਗਾ, ਆਪਣੀ ਸਮਰੱਥਾ ਅਨੁਸਾਰ ਕੱਲ੍ਹ ਨੂੰ ਉਹ ਆਪਣੇ ਪੈਸੇ ਪੂਰੇ ਕਰਨ ਬਾਰੇ ਵੀ ਸੋਚੇਗਾ। ਜਦੋਂ ਅੱਜ ਅਸੀਂ ਆਪਣੀ ਸਮਰੱਥਾ ਅਨੁਸਾਰ ਕਿਸੇ ਤੋਂ ਚਾਹ ਪਕੌੜੇ, ਠੰਡੇ ਦੀਆਂ ਬੋਤਲਾਂ, ਸ਼ਰਾਬ ਦੀਆਂ ਬੋਤਲਾਂ, ਤੇਲ ਦੇ ਢੋਲ, ਬਿਜਲੀਆਂ ਦੇ ਬਿਲ, ਚਾਰ-ਪੰਜ ਹਜ਼ਾਰ ਰੁਪਏ ਲਵਾਂਗੇ ਤਾਂ ਕੱਲ੍ਹ ਨੂੰ ਉਹ ਵੀ ਆਪਣੀ ਸਮਰੱਥਾ ਅਨੁਸਾਰ ਘਪਲੇ ਕਰੇਗਾ, ਫਿਰ ਅਸੀਂ ਵੀ ਬੋਲਣ ਜੋਗੇ ਨਹੀਂ ਰਹਾਂਗੇ। ਮੈਂ ਤਾਂ ਇਹੀ ਚਾਹੁੰਦਾ ਹਾਂ ਕਿ ਕਿਸੇ ਤੋਂ ਵੋਟ ਦੇ ਬਦਲੇ ਚਾਹ ਦਾ ਕੱਪ ਵੀ ਨਾ ਪੀਓ, ਪਰ ਉਸ ਤੋਂ ਕੀਤੇ ਕੰਮਾਂ ਦਾ ਹਿਸਾਬ ਜ਼ਰੂਰ ਲਓ। ਜਦੋਂ ਵੋਟਰ ਜਾਗਰੂਕ ਹੋਵੇਗਾ, ਫਿਰ ਹੀ ਉਹ ਆਪਣੇ ਪਿੰਡ, ਸੂਬੇ ਅਤੇ ਦੇਸ਼ ਨੂੰ ਲੁਟੇਰਿਆਂ ਤੋਂ ਬਚਾ ਸਕੇਗਾ। ਇਸ ਲਈ ਬੇਨਤੀ ਹੈ ਕਿ ਨਸ਼ੇ, ਲਾਲਚ, ਜਾਤ, ਧਰਮ, ਪਾਰਟੀ ਅਤੇ ਗਰੁੱਪਾਂ ਨੂੰ ਛੱਡ ਕੇ ਪਿੰਡ ਦੇ ਵਿਕਾਸ ਲਈ ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਕਹਿਣ ਵਾਲੇ ਇਮਾਨਦਾਰ ਸਰਪੰਚੀ ਤੇ ਪੰਚੀ ਦੇ ਉਮੀਦਵਾਰਾਂ ਨੂੰ ਵੋਟ ਪਾਓ।

ਸਰਪੰਚੀ ਅਤੇ ਪੰਚੀ ਦੇ ਉਮੀਦਵਾਰਾਂ ਨੂੰ ਵੀ ਬੇਨਤੀ ਹੈ ਕਿ ਇਨ੍ਹਾਂ ਹੋ ਰਹੀਆਂ ਪੰਚਾਇਤੀ ਚੋਣਾਂ ਸਮੇਂ ਪਿੰਡ ਦੇ ਮਹੌਲ ਨੂੰ ਲੜਾਈ, ਝਗੜੇ ਅਤੇ ਫੁੱਟ ਤੋਂ ਬਚਾ ਕੇ ਸ਼ਾਂਤ ਰੱਖਣ ਲਈ ਸਰਪੰਚੀ ਜਾਂ ਪੰਚੀ ਦੇ ਉਮੀਦਵਾਰ ਵਜੋਂ ਚੋਣ ਲੜਨ ਵਾਲਾ ਕੋਈ ਵੀ ਵਿਅਕਤੀ ਪਿੰਡ ਵਿੱਚ ਸ਼ਕਤੀ ਪ੍ਰਦਰਸ਼ਨ ਨਾ ਕਰੇ। ਆਪਣੇ ਘਰ ਜਾਂ ਪਿੰਡ ਦੇ ਚੌਂਕ ਵਿੱਚ ਆਪਣੇ ਸਮਰੱਥਕਾਂ ਦਾ ਇਕੱਠ ਨਾ ਕਰੇ। ਆਪਣੇ ਸਮਰੱਥਕਾਂ ਦਾ ਇਕੱਠ ਕਰਕੇ ਪਿੰਡ ਦੀਆਂ ਗਲੀਆਂ ਵਿੱਚ ਗੇੜੇ ਨਾ ਦੇਵੇ। ਆਪਣੇ ਘਰ ਵਿੱਚ ਕਿਸੇ ਵੀ ਕਿਸਮ ਦਾ ਕੋਈ ਲੰਗਰ ਨਾ ਚਲਾਵੇ। ਦਾਰੂ ਅਤੇ ਭੁੱਕੀ ਨਾ ਵੰਡੀ ਜਾਵੇ। ਸਰਪੰਚੀ ਅਤੇ ਪੰਚੀ ਦੇ ਉਮੀਦਵਾਰ ਆਪਣੇ ਨਾਲ ਪੰਜ-ਪੰਜ ਬੰਦੇ ਲੈ ਕੇ ਸਾਰੇ ਪਿੰਡ ਦੇ ਵੋਟਰਾਂ ਤੱਕ ਪਹੁੰਚ ਕਰਨ। ਲੋਕਾਂ ਨੂੰ ਆਪਣੇ ਵਿਚਾਰ ਦੱਸਣ। ਚੋਣ ਪ੍ਰਚਾਰ ਲਈ ਸਪੀਕਰਾਂ ਦੀ ਵਰਤੋਂ ਨਾ ਕੀਤੀ ਜਾਵੇ। ਆਪੋ ਆਪਣੇ ਪ੍ਰਚਾਰ ਲਈ ਆਪਣੇ ਵਿਚਾਰ ਲਿਖ ਕੇ ਚੋਣ ਮਨੋਰਥ ਪੱਤਰਾਂ ਦੇ ਰੂਪ ਵਿੱਚ ਇਸ਼ਤਿਹਾਰ ਲਗਾਏ ਅਤੇ ਪਰਚੇ ਛਪਾ ਕੇ ਲੋਕਾਂ ਵਿੱਚ ਵੰਡੇ ਜਾਣ। ਕੋਈ ਵੀ ਕਿਸੇ ਦੇ ਇਸ਼ਤਿਹਾਰ ਨੂੰ ਨਾ ਪਾੜੇ, ਨਾ ਕਿਸੇ ਦੇ ਇਸ਼ਤਿਹਾਰ ਉੱਪਰ ਆਪਣਾ ਇਸ਼ਤਿਹਾਰ ਲਗਾਵੇ।

ਉਮੀਦਵਾਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਸੋਚ ਅਨੁਸਾਰ ਪਿੰਡ ਦੇ ਵਿਕਾਸ ਵਿੱਚ ਸੁਧਾਰ ਕਰਨ ਲਈ ਸਿਰਫ ਸੇਵਾ ਭਾਵਨਾ ਦੇ ਮਕਸਦ ਨਾਲ ਹੀ ਚੋਣ ਮੈਦਾਨ ਵਿੱਚ ਆਉਣ। ਲੋਕਾਂ ਨੂੰ ਆਪਣੇ ਵਿਚਾਰ ਦੱਸਣ ਜੇ ਲੋਕਾਂ ਨੂੰ ਤੁਹਾਡੇ ਵਿਚਾਰ ਪਸੰਦ ਹੋਣਗੇ ਤਾਂ ਲੋਕ ਤੁਹਾਨੂੰ ਵੋਟਾਂ ਪਾ ਦੇਣਗੇ, ਜੇ ਨਹੀਂ ਪਸੰਦ ਤਾਂ ਨਹੀਂ ਪਾਉਣਗੇ। ਤੁਸੀਂ ਕਿਹੜਾ ਧੱਕੇ ਨਾਲ ਪਿੰਡ ਦੀ ਸੇਵਾ ਕਰਨ ਦਾ ਠੇਕਾ ਲਿਆ ਹੈ। ਕਿਉਂ ਆਪਣਾ ਘਰ ਬਰਬਾਦ ਕਰਦੇ ਹੋ। ਅੱਜ ਆਪਣੇ ਕੋਲੋਂ ਨਕਦ ਪੈਸੇ ਲੁਟਾਉਂਦੇ ਹੋ। ਕੱਲ੍ਹ ਨੂੰ ਇਹ ਪੈਸੇ ਪੂਰੇ ਕਰਨ ਲਈ ਚੋਰ ਬਣੋਗੇ। ਕਿਉਂ ਅੱਜ ਲੁਟਾ ਹੁੰਦੇ ਹੋ, ਕਿਉਂ ਫਿਰ ਚੋਰ ਬਣਦੇ ਹੋ। ਚੋਣਾਂ ਨੂੰ ਇੱਜ਼ਤ ਬੇਇੱਜ਼ਤੀ ਨਾਲ ਜੋੜ ਕੇ ਕਦੇ ਨਾ ਵੇਖੋ। ਚੋਣਾਂ ਵਿੱਚ ਸੱਚੇ ਸੁੱਚੇ ਇਮਾਨਦਾਰ ਬੰਦੇ ਹਾਰ ਜਾਂਦੇ ਹਨ। ਝੂਠੇ ਬੇਇਮਾਨ ਠੱਗ ਬੰਦੇ ਜਿੱਤ ਜਾਂਦੇ ਹਨ। ਚੋਣਾਂ ਦੀ ਜਿੱਤ ਹਾਰ ਬੰਦੇ ਦੇ ਕਿਰਦਾਰ ਦਾ ਪਰਮਾਣ ਪੱਤਰ ਨਹੀਂ ਹੁੰਦੀ। ਐਵੇਂ ਨਾ ਆਪਣੇ ਆਪ ਨੂੰ ਪਹਿਲਾਂ ਹੀ ਪੰਚ ਸਰਪੰਚ ਸਮਝ ਲਿਆ ਕਰੋ। ਤੁਸੀਂ ਵੀ ਇੱਕ ਵੋਟਰ ਹੀ ਹੋ। ਸਾਰਾ ਪਿੰਡ ਹੀ ਵੋਟਰਾਂ ਦਾ ਹੁੰਦਾ ਹੈ। ਤੁਸੀਂ ਵੀ ਉਸ ਵਿੱਚੋਂ ਇੱਕ ਹੋਂ। ਕੀ ਸਾਰੇ ਪਿੰਡ ਦੇ ਵੋਟਰ ਹੀ ਪੰਚ ਸਰਪੰਚ ਬਣਨਗੇ ? ਨਹੀਂ, ਜੇ ਤੁਸੀਂ ਵੀ ਨਾ ਬਣ ਸਕੇ ਫਿਰ ਵੀ ਕੀ ਹੋ ਜਾਵੇਗਾ। ਪੰਚ ਸਰਪੰਚ ਤਾਂ ਸਿਰਫ ਇੱਕ ਨੇ ਬਣਨਾ ਹੁੰਦਾ ਹੈ, ਉਹ ਕੋਈ ਵੀ ਬਣ ਸਕਦਾ ਹੈ, ਐਵੇਂ ਨਾ ਦਿਮਾਗ ’ਤੇ ਜ਼ਿਆਦਾ ਬੋਝ ਪਾਓ।

ਚੋਣ ਲੜਨ ਦਾ ਹੱਕ ਹਰੇਕ ਨੂੰ ਬਰਾਬਰ ਹੈ। ਆਪਣੇ ਵਿਰੁੱਧ ਚੋਣ ਲੜਨ ਵਾਲੇ ਨੂੰ ਆਪਣਾ ਨਿੱਜੀ ਦੁਸ਼ਮਣ ਨਾ ਸਮਝਿਆ ਜਾਵੇ। ਕਿਸੇ ਦੇ ਵਿਰੁੱਧ ਮਾੜੀ ਭਾਸ਼ਾ ਨਾ ਵਰਤੀ ਜਾਵੇ। ਐਵੈਂ ਨਾਂ ਆਪਣੇ ਆਪ ਨੂੰ ਜਾਂ ਆਪੇ ਪੱਖੀਆਂ ਨੂੰ ਜਾਗਦੀ ਜਮੀਰ ਵਾਲੇ ਅਤੇ ਆਪਣੇ ਵਿਰੋਧੀਆਂ ਨੂੰ ਮਰੀਆਂ ਜਮੀਰਾਂ ਵਾਲਿਆਂ ਦੇ ਖਿਤਾਬ ਦਿਆ ਕਰੋ। ਚੋਣ ਜਿੱਤਣ ਤੋਂ ਬਾਅਦ ਪਿੰਡ ਵਿੱਚ ਢੋਲ ਵਜਾ ਕੇ ਗੇੜੇ ਨਾ ਦਿੱਤੇ ਜਾਣ। ਕਿਸੇ ਦੇ ਬਾਰਾਂ ਅੱਗੇ ਲਲਕਾਰੇ ਨਾ ਮਾਰੇ ਜਾਣ। ਚੋਣਾਂ ਪੰਜ ਸਾਲਾਂ ਵਿੱਚ ਤਿੰਨ ਚਾਰ ਬਾਰ ਆ ਜਾਂਦੀਆਂ ਹਨ। ਪੰਜ ਸਾਲ ਦਾ ਸਮਾਂ ਵੀ ਜਲਦੀ ਹੀ ਲੰਘ ਜਾਂਦਾ ਹੈ, ਪਰ ਇਨ੍ਹਾਂ ਚੋਣਾਂ ਸਮੇਂ ਕਿਸੇ ਨੂੰ ਬੋਲੇ ਮਾੜੇ ਸ਼ਬਦ ਭੁਲਾਉਣੇ ਬਹੁਤ ਔਖੇ ਹੁੰਦੇ ਹਨ, ਇਸ ਲਈ ਮਾੜੀ ਭਾਸ਼ਾ, ਈਰਖਾ ਨਫ਼ਰਤ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਚੋਣ ਨੂੰ ਸਿਰਫ ਖਿਡਾਰੀਆਂ ਦੀ ਇੱਕ ਖੇਡ ਮੰਨ ਕੇ ਹੀ ਖੇਡਿਆ ਜਾਵੇ। ਇਨ੍ਹਾਂ ਚੋਣਾਂ ਦੀ ਜਿੱਤ ਹਾਰ ਨੂੰ ਇੱਜ਼ਤ ਬੇਇੱਜ਼ਤੀ ਦਾ ਮੁੱਦਾ ਬਣਾ ਕੇ ਕਿਸੇ ਨਾਲ ਦੁਸ਼ਮਣੀ ਨਾ ਬਣਾਈ ਜਾਵੇ। ਚੋਣਾਂ ਵਿੱਚ ਨਾ ਕੋਈ ਇਕੱਲਾ ਹਾਰਦਾ ਹੈ, ਨਾ ਕੋਈ ਇਕੱਲਾ ਜਿੱਤਦਾ ਹੈ, ਇਸ ਵਿੱਚ ਲੋਕ ਹੀ ਹਾਰਦੇ ਹਨ ਅਤੇ ਲੋਕ ਹੀ ਜਿੱਤਦੇ ਹਨ। ਜਿਸ ਪਾਸੇ ਵੱਧ ਲੋਕ ਹੋਏ, ਉਹ ਜਿੱਤ ਜਾਣਗੇ, ਜਿਸ ਪਾਸੇ ਘੱਟ ਹੋਏ, ਉਹ ਹਾਰ ਜਾਣਗੇ। ਤੁਸੀਂ ਵੀ ਉਨ੍ਹਾਂ ਜਿੱਤਣ ਹਾਰਨ ਵਾਲਿਆਂ ਦੇ ਵਿੱਚੋਂ ਹੀ ਇੱਕ ਹੋਵੋਂਗੇ।

ਜਿੱਤਣ ਵਾਲੇ ਉਮੀਦਵਾਰਾਂ ਨੂੰ ਵੀ ਬੇਲੋੜੇ ਖਰਚਿਆਂ, ਪੱਖਪਾਤ, ਹੰਕਾਰ ਅਤੇ ਈਰਖਾ ਤੋਂ ਬਚਣ ਲਈ, ਚੋਣਾਂ ਦੇ ਨਤੀਜਿਆਂ ਤੋਂ ਇੱਕ ਹਫਤਾ ਬਾਅਦ ਵਿੱਚ ਚੁਣੀ ਗਈ ਪੰਚਾਇਤ ਵੱਲੋਂ ਸਾਂਝੇ ਤੌਰ ’ਤੇ ਨਿਮਰਤਾ ਸਹਿਤ ਪਿੰਡ ਦੇ ਗੁਰੂ ਘਰ ਵਿੱਚ ਸਮੁੱਚੇ ਨਗਰ ਲਈ ਸਾਦਾ ਲੰਗਰ ਲਗਾਇਆ ਜਾਵੇ। ਜਿਸ ਵਿੱਚ ਜਿੱਤ ਹਾਰ ਨੂੰ ਛੱਡ ਕੇ ਸਾਰਾ ਨਗਰ ਪਿਆਰ ਅਤੇ ਸਦਭਾਵਨਾ ਨਾਲ ਸ਼ਾਮਲ ਹੋਵੇ।

ਮੇਰਾ ਚੋਣ ਮਨੋਰਥ ਪੱਤਰ : ਸਤਿਕਾਰ ਯੋਗ ਨਗਰ ਨਿਵਾਸੀਓ ! ਬੇਨਤੀ ਹੈ ਕਿ ਮੈਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੀ ਸਰਪੰਚੀ ਦੀ ਚੋਣ ਲੜਨਾ ਚਾਹੁੰਦਾ ਹਾਂ। ਮੇਰਾ ਚoਣ ਲੜਨ ਦਾ ਮਕਸਦ ਆਪਣੇ ਪਿੰਡ ਦਾ ਵਿਕਾਸ ਕਰਨਾ ਅਤੇ ਪਿੰਡ ਨੂੰ ਸੁੰਦਰ ਬਣਾਉਣਾ ਹੈ। ਮੈਂ ਕਿਸੇ ਪ੍ਰਕਾਰ ਦਾ ਕੋਈ ਵੀ ਨਸ਼ਾ ਨਹੀਂ ਵਰਤਦਾ। ਮੈਂ ਚੋਣਾਂ ਸਮੇਂ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਵੰਡਾਂਗਾ ਅਤੇ ਨਾ ਹੀ ਵੋਟਾਂ ਖਰੀਦਾਂਗਾ। ਮੈਂ ਚਾਹੁੰਦਾ ਹਾਂ ਕਿ ਸਮੁੱਚਾ ਨਗਰ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਮੇਰਾ ਸਾਥ ਦੇਵੇ ਤਾਂ ਕਿ ਅਸੀਂ ਸਾਰੇ ਰਲ ਕੇ ਆਪਣੇ ਪਿੰਡ ਨੂੰ ਦੇਸ਼ ਦੇ ਨਕਸ਼ੇ ਉੱਤੇ ਚਮਕਾਅ ਸਕੀਏ। ਮੇਰਾ ਚoਣ ਮਨੋਰਥ ਪੱਤਰ ਹੇਠ ਲਿਖੇ ਅਨੁਸਾਰ ਹੈ :

  1. ਹਰ ਇੱਕ ਨੂੰ ਹੱਕ ਹੈ ਕਿ ਉਹ ਆਪਣੀ ਵੋਟ ਕਿਸੇ ਨੂੰ ਮਰਜ਼ੀ ਪਾਵੇ। ਮੈਂ ਵੀ ਆਪਣੀ ਵੋਟ ਕਿਸੇ ਨੂੰ ਮਰਜ਼ੀ ਪਾਵਾਂ, ਪਰ ਕਿਸੇ ਵੀ ਕਿਸਮ ਦੀਆਂ ਚੋਣਾਂ ਸਮੇਂ ਮੈਂ ਪਿੰਡ ਦੀ ਪੰਚਾਇਤ ਵੱਲੋਂ ਸਾਰੀਆਂ ਪਾਰਟੀਆਂ ਦੇ ਦੋ ਦੋ ਬੰਦੇ ਨਾਲ ਲੈ ਕੇ ਸਾਂਝਾ ਪੋਲਿੰਗ ਲਗਾਇਆ ਕਰਾਂਗਾ।
  2. ਪਿੰਡ ਦੇ ਵਿਕਾਸ ਲਈ ਮੈਂ ਸਾਰੇ ਸਾਬਕਾ ਸਰਪੰਚਾਂ, ਸਾਰੀਆਂ ਸਿਆਸੀ ਪਾਰਟੀਆਂ ਅਤੇ ਜਨਤਕ ਜਥੇਬੰਦੀਆਂ (ਕਿਸਾਨ ਮਜ਼ਦੂਰ ਜਥੇਬੰਦੀਆਂ) ਦੇ ਆਗੂਆਂ ਨੂੰ ਨਾਲ ਲੈ ਕੇ ਚੱਲਾਂਗਾ। ਸਾਰਿਆਂ ਤੋਂ ਸਹਿਯੋਗ ਲਿਆ ਜਾਵੇਗਾ। ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਹਰ ਸਿਆਸੀ ਪਾਰਟੀ ਦੇ ਐੱਮ ਪੀ, ਐੱਮ ਐਲ ਏ ਜਾਂ ਮੰਤਰੀ ਤੱਕ ਪਹੁੰਚ ਕੀਤੀ ਜਾਇਆ ਕਰੇਗੀ।
  3. ਕਿਸੇ ਵੀ ਪਾਰਟੀ ਦੇ ਐੱਮ ਪੀ, ਐੱਮ ਐੱਲ ਏ ਜਾਂ ਮੰਤਰੀ ਦੇ ਪਿੰਡ ਵਿੱਚ ਆਉਣ ’ਤੇ ਪੰਚਾਇਤ ਵੱਲੋਂ ਸਾਂਝੇ ਤੌਰ ਤੇ ਉਸ ਦਾ ਸਵਾਗਤ ਕੀਤਾ ਜਾਇਆ ਕਰੇਗਾ। ਜਨਤਕ ਜਥੇਬੰਦੀਆਂ ਦੇ ਸੰਘਰਸ਼ਾਂ ਵਿੱਚ ਵੀ ਸਹਿਯੋਗ ਦਿੱਤਾ ਜਾਇਆ ਕਰੇਗਾ।
  4. ਸਾਰੀ ਪੰਚਾਇਤ ਖੁਦ ਵੀ ਨਸ਼ਾ ਮੁਕਤ ਹੋਵੇਗੀ ਅਤੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵੇਚਣ ਵਾਲੇ ਦਾ ਪੰਚਾਇਤੀ ਤੌਰ ’ਤੇ ਵਿਰੋਧ ਕੀਤਾ ਜਾਵੇਗਾ।
  5. ਸ਼ਹੀਦ ਨੰਦ ਸਿੰਘ ਦੇ ਪਰਵਾਰ ਦੇ ਸਹਿਯੋਗ ਨਾਲ ਪਿੰਡ ਵਿੱਚ ਸ਼ਹੀਦ ਨੰਦ ਸਿੰਘ ਜੀ ਦੇ ਨਾਮ ’ਤੇ ਇੱਕ ਚੌਂਕ ਬਣਾਇਆ ਜਾਵੇਗਾ।
  6. ਪਿੰਡ ਦੇ ਸਕੂਲ ਨੂੰ ਦਸਵੀਂ ਬਾਰ੍ਹਵੀਂ ਦਾ ਬਣਵਾਉਣ ਲਈ, ਪੁਰਾਣੇ ਸਕੂਲ ਦੀ ਥਾਂ ਦਾ ਤਬਾਦਲਾ ਕਰਕੇ ਡਸਕਾ ਰੋੜ ’ਤੇ ਕਾਲਜ ਨੇੜੇ ਪਿੰਡ ਦੀ ਪੰਚਾਇਤੀ ਜ਼ਮੀਨ ਵਿੱਚ ਸਕੂਲ ਦੀ ਉਸਾਰੀ ਕੀਤੀ ਜਾਵੇਗੀ ਤਾਂ ਕਿ ਪਿੰਡ ਵਿੱਚ ਹੀ ਦਸਵੀਂ ਦਾ ਸਕੂਲ ਬਣ ਸਕੇ। ਜਿਸ ਥਾਂ ’ਤੇ ਮੌਜੂਦਾ ਸਕੂਲ ਚੱਲ ਰਿਹਾ ਹੈ, ਇਸ ਥਾਂ ਉੱਤੇ ਸਰਕਾਰੀ ਨਿਯਮਾਂ ਅਨੁਸਾਰ ਦਸਵੀਂ ਦਾ ਸਕੂਲ ਨਹੀਂ ਬਣ ਸਕਦਾ। ਸਰਕਾਰੀ ਨਿਯਮਾਂ ਅਨੁਸਾਰ ਦਸਵੀਂ ਦੇ ਸਕੂਲ ਦੀ ਪਹਿਲੇ ਦਸਵੀਂ ਦੇ ਚੱਲ ਰਹੇ ਸਕੂਲ ਤੋਂ ਤਿੰਨ ਕਿਲੋਮੀਟਰ ਦੀ ਵਿੱਥ ਹੋਣੀ ਚਾਹੀਦੀ ਹੈ। ਸਕੂਲ ਕੋਲ ਇੱਕ ਖੁੱਲ੍ਹਾ ਖੇਡ ਗਰਾਉਂਡ ਹੋਣਾ ਚਾਹੀਦਾ ਹੈ। ਇਨ੍ਹਾਂ ਦੋ ਘਾਟਾਂ ਕਾਰਨ ਹੀ ਆਪਣਾ ਸਕੂਲ ਹੁਣ ਤੱਕ ਦਸਵੀਂ ਦਾ ਨਹੀਂ ਬਣ ਸਕਿਆ ਕਿਉਂਕਿ ਆਪਣੇ ਸਕੂਲ ਦੀ ਦੂਰੀ ਬਰੇਟਾ ਮੰਡੀ ਦੇ ਸਕੂਲ ਤੋਂ ਤਿੰਨ ਕਿਲੋਮੀਟਰ ਤੋਂ ਘੱਟ ਹੈ। ਦੂਜਾ ਸਕੂਲ ਕੋਲ ਆਪਣਾ ਖੁੱਲ੍ਹਾ ਖੇਡ ਗਰਾਉਂਡ ਨਹੀਂ ਹੈ। ਪਿੰਡ ਦੀ ਪੰਚਾਇਤੀ ਜ਼ਮੀਨ ਵਿੱਚ ਸਕੂਲ ਬਣਾਉਣ ਨਾਲ ਬਰੇਟਾ ਮੰਡੀ ਦੇ ਸਕੂਲ ਨਾਲੋਂ ਸਾਡੇ ਪਿੰਡ ਦੇ ਸਕੂਲ ਦੀ ਦੂਰੀ ਤਿੰਨ ਕਿਲੋਮੀਟਰ ਤੋਂ ਵੱਧ ਜਾਵੇਗੀ ਅਤੇ ਸਕੂਲ ਕੋਲ ਖੁੱਲ੍ਹਾ ਖੇਡ ਗਰਾਉਂਡ ਵੀ ਹੋਵੇਗਾ। ਪੁਰਾਣੇ ਸਕੂਲ ਦੀ ਥਾਂ ਅਤੇ ਇਮਾਰਤ ਨੂੰ ਵੇਚਿਆ ਵੀ ਜਾ ਸਕਦਾ ਹੈ ਜਾਂ ਇਸ ਥਾਂ ਨੂੰ ਕਿਸੇ ਹੋਰ ਮੰਤਵ ਲਈ ਵਰਤਿਆ ਜਾ ਸਕਦਾ ਹੈ।
  7. ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੀਆਂ ਸਾਰੀਆਂ ਗਲੀਆਂ ਖੁਲ੍ਹੀਆਂ ਕੀਤੀਆਂ ਜਾਣਗੀਆਂ। ਬੰਦ ਗਲੀਆਂ ਨੂੰ ਪਾਰ ਲੰਘਾਇਆ ਜਾਵੇਗਾ। ਜਿੰਨਾ ਹੋ ਸਕਿਆ ਗਲੀਆਂ ਨੂੰ ਸਿੱਧਾ ਵੀ ਕੀਤਾ ਜਾਵੇਗਾ ਤਾਂ ਕਿ ਹਰੇਕ ਗਲੀ ਵਿੱਚੋਂ ਦੀ ਟਰੈਕਟਰ-ਟਰਾਲੀ ਪਾਰ ਲੰਘਦਾ ਹੋਵੇ। ਪਿੰਡ ਦੀਆਂ ਮੁੱਖ ਗਲੀਆਂ ਵਿੱਚੋਂ ਦੀ, ਦੋ ਸਾਧਨ ਬਰਾਬਰ ਦੀ ਨਿਕਲ ਸਕਦੇ ਹੋਣ। ਕਪੂਰਾ ਸਿੰਘ ਹਜੂਰਾ ਸਿੰਘ ਫੌਜੀਆਂ ਵਾਲੀ ਗਲੀ ਨੂੰ ਟੋਬਿਆਂ ਦੇ ਵਿੱਚੋਂ ਦੀ ਸਿੱਧਾ ਡਸਕਾ ਰੋੜ (ਸ਼ਮਸ਼ਾਨ ਘਾਟ) ਤੱਕ ਬਣਾਇਆ ਜਾਵੇਗਾ। ਗੁਰਦੇਵ ਸਿੰਘ ਪੁਲਸੀਏ ਵਾਲੀ ਗਲੀ ਨੂੰ ਗਡਵਾਣੇ ਟੋਬੇ ਵਿੱਚੋਂ ਦੀ ਸੰਤ ਸਿੰਘ ਅਕਾਲੀ ਵਾਲੀ ਗਲੀ ਤੱਕ ਸਿੱਧਾ ਕੀਤਾ ਜਾਵੇਗਾ। ਮਾਮਦ ਪੱਤੀ ਵਾਲੀ ਗਲੀ, ਮਾਈਆ ਪੱਤੀ ਵਾਲੀ ਗਲੀ, ਮੇਘ ਸਿੰਘ ਫੌਜੀ (ਮਹਿਰੇ ਸਿੱਖਾਂ) ਵਾਲੀ ਗਲੀ, ਇਨ੍ਹਾਂ ਗਲੀਆਂ ਨੂੰ ਖੁੱਲ੍ਹਾ ਅਤੇ ਪਾਰ ਲੰਘਦੀਆਂ ਬਣਾਇਆ ਜਾਵੇਗਾ, ਇਸੇ ਤਰ੍ਹਾਂ ਮਜ਼੍ਹਬੀ ਸਿੰਘਾਂ ਤੇ ਰਵਦਾਸੀਏ ਸਿੰਘਾਂ ਵਾਲੀਆਂ ਗਲੀਆਂ ਨੂੰ ਵੀ ਖੁੱਲ੍ਹਾ ਅਤੇ ਸਿੱਧਾ ਕੀਤਾ ਜਾਵੇਗਾ। ਇਸ ਮੰਤਵ ਲਈ ਪਿੰਡ ਵਿੱਚ ਪਈ ਪੰਚਾਇਤੀ ਜ਼ਮੀਨ ਤੋਂ ਨਾਜਾਇਜ ਕਬਜ਼ੇ ਹਟਾ ਕੇ ਉਸ ਨੂੰ ਗਲੀਆਂ ਖੁਲ੍ਹੀਆਂ ਕਰਨ ਲਈ ਵਰਤਿਆ ਜਾਵੇਗਾ। ਪਿੰਡ ਵਿੱਚ ਨਾਜਾਇਜ ਕਬਜ਼ਿਆਂ ਵਿੱਚ ਰੁਕੀ ਜ਼ਮੀਨ, ਜੋ ਖਾਲੀ ਕਰਵਾਉਣ ਯੋਗ ਹੋਵੇਗੀ, ਉਸ ਨੂੰ ਖਾਲੀ ਕਰਵਾ ਲਿਆ ਜਾਵੇਗਾ। ਜਿਸ ਥਾਂ ’ਤੇ ਕਿਸੇ ਨੇ ਮਕਾਨ ਬਣਾ ਲਿਆ ਹੋਵੇ ਤਾਂ ਉਸ ਤੋਂ ਨਾਜਾਇਜ ਕਬਜ਼ੇ ਵਾਲੀ ਥਾਂ ਜਿੰਨੀ ਕਿਸੇ ਗਲੀ ਨੂੰ ਖੁੱਲ੍ਹਾ ਕਰਨ ਵਾਸਤੇ ਕਿਸੇ ਤੋਂ ਲਈ ਗਈ ਥਾਂ ਦੀ ਕੀਮਤ ਅਨੁਸਾਰ ਪੈਸੇ ਲਏ ਜਾਣਗੇ। ਗਲੀਆਂ ਖੁਲ੍ਹੀਆਂ ਕਰਨ ਲਈ ਲੈਣ ਵਾਲੀ ਜਗ੍ਹਾ, ਨਾਜਾਇਜ ਕਬਜ਼ੇ ਵਾਲੀ ਜਗ੍ਹਾ ਜਾਂ ਉਸ ਦੇ ਵੱਟੇ ਲੈਣ ਦੇਣ ਵਾਲੀ ਜਗ੍ਹਾ ਦੀ ਇੱਕ ਕੀਮਤ ਨਿਸ਼ਚਿਤ ਕੀਤੀ ਜਾਵੇਗੀ, ਜੋ ਸਭ ਲਈ ਬਰਾਬਰ ਹੋਵੇਗੀ। ਗਲੀਆਂ ਖੁਲ੍ਹੀਆਂ ਕਰਨ ਵਾਸਤੇ ਜੇ ਕਿਸੇ ਤੋਂ ਥੋੜ੍ਹੀ ਥਾਂ ਲੈਣੀ ਪਵੇਗੀ ਤਾਂ ਉਸ ਨੂੰ ਨਿਸ਼ਚਿਤ ਕੀਤੀ ਕੀਮਤ ਅਨੁਸਾਰ ਪੈਸੇ ਦਿੱਤੇ ਜਾਣਗੇ। ਜੇ ਕਿਸੇ ਦੀ ਥਾਂ ਜ਼ਿਆਦਾ ਆਵੇਗੀ ਤਾਂ ਉਸ ਨੂੰ ਥਾਂ ਵੱਟੇ ਥਾਂ ਦੇ ਦਿੱਤੀ ਜਾਵੇਗੀ। ਪਿੰਡ ਵਿੱਚ ਪਏ ਗਡਵਾਣੇ ਟੋਬੇ ਦੀ ਜਗ੍ਹਾ ਹੀ ਸਾਰੇ ਪਿੰਡ ਦੀਆਂ ਗਲੀਆਂ ਖੁਲ੍ਹੀਆਂ ਕਰ ਦੇਵੇਗੀ। ਜੇ ਕੋਈ ਦਾਨੀ ਸੱਜਣ ਪਿੰਡ ਦੀ ਕਿਸੇ ਗਲੀ ਨੂੰ ਖੁੱਲ੍ਹਾ ਜਾਂ ਸਿੱਧਾ ਕਰਨ ਲਈ ਥਾਂ ਜਾਂ ਪੈਸੇ ਦੇ ਕੇ ਵਿਸ਼ੇਸ ਯੋਗਦਾਨ ਪਾਵੇਗਾ ਤਾਂ ਉਸ ਨੂੰ ਪੰਚਾਇਤ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਜੇ ਉਹ ਚਾਹੇਗਾ ਤਾਂ ਉਸ ਦੇ ਕਹਿਣ ਅਨੁਸਾਰ ਉਸ ਗਲੀ ਦਾ ਨਾਂ ਉਸ ਵੱਲੋਂ ਸੁਝਾਏ ਗਏ ਨਾਂ ’ਤੇ ਰੱਖ ਦਿੱਤਾ ਜਾਵੇਗਾ। ਵਿਹੜਿਆਂ, ਲੜੀਆਂ ਦੀ ਪਈ ਸਾਂਝੀ ਥਾਂ ਜਿਵੇਂ ਕਿ ਭੂਨ ਵਾਲਾ ਟੋਬਾ ਪਿਆ ਹੈ, ਦੀ ਥਾਂ ਦਾ ਅੱਟਾ ਵੱਟਾ ਕਰਕੇ ਉਨ੍ਹਾਂ ਹੀ ਲੜੀਆਂ, ਵਿਹੜਿਆਂ ਦੀਆਂ ਸਹੂਲਤਾਂ ਲਈ ਵਰਤਣ ਦੀ ਕੋਸ਼ਸ਼ ਕੀਤੀ ਜਾਵੇਗੀ, ਆਦਿ।

ਬੇਸ਼ੱਕ ਅੱਜ ਕਿਸੇ ਨੂੰ ਮੇਰੀਆਂ ਇਹ ਗੱਲਾਂ ਬੇਲੋੜੀਆਂ ਲੱਗਣ ਪਰ ਵੱਧ ਰਹੀ ਮਸ਼ੀਨਰੀ ਕਾਰਨ ਅਤੇ ਖੇਤੀ ਦੇ ਵੱਡੇ ਸਾਧਨਾਂ (ਕੰਬਾਇਨਾਂ ਆਦਿ) ਕਾਰਨ ਸਾਨੂੰ ਪਿੰਡਾਂ ਦੀਆਂ ਖੁੱਲ੍ਹੀਆਂ ਗਲੀਆਂ ਅਤੇ ਖੇਤਾਂ ਲਈ ਖੁੱਲ੍ਹੇ ਰਾਹਾਂ ਦੀ ਲੋੜ ਪੈਣੀ ਹੈ, ਬੰਦ, ਭੀੜੀਆਂ ਗਲੀਆਂ ਅਤੇ ਭੀੜੀਆਂ ਪਹੀਆਂ ਵਿੱਚੋਂ ਦੀ ਲੰਘਣ ਸਮੇਂ ਜੇ ਅੱਗੋਂ ਕੋਈ ਹੋਰ ਸਾਧਨ ਆ ਜਾਵੇ ਤਾਂ ਉਸ ਸਮੇਂ ਕਿੰਨੀ ਸਮੱਸਿਆ ਹੁੰਦੀ ਹੈ, ਇਸ ਤੋਂ ਕੋਈ ਵੀ ਅਣਜਾਣ ਨਹੀਂ, ਪਰ ਇਹ ਸਮੱਸਿਆਂ ਕਿਹੜਾ ਆਪਣੀ ਇਕੱਲਿਆਂ ਦੀ ਹੈ ਜਾਂ ਆਪਾਂ ਨੇ ਕੀ ਲੈਣਾ ਹੈ, ਦੀ ਸੋਚ ਕਾਰਨ ਕੋਈ ਵੀ ਇਸ ਦੇ ਹੱਲ ਬਾਰੇ ਨਹੀਂ ਸੋਚਦਾ, ਜੇ ਇਸ ਸਮੱਸਿਆ ਲਈ ਅਸੀਂ ਸਮਾਂ ਰਹਿੰਦੇ ਨਾ ਸੋਚਿਆ ਤਾਂ ਵੱਧ ਰਹੀ ਅਬਾਦੀ, ਵੱਧ ਰਹੇ ਆਵਾਜਾਈ ਦੇ ਸਾਧਨਾ ਅਤੇ ਵੱਧ ਰਹੀਆਂ ਜ਼ਮੀਨਾਂ ਦੀਆਂ ਕੀਮਤਾਂ ਕਾਰਨ ਬਾਅਦ ਵਿੱਚ ਇਸ ਦਾ ਹੱਲ ਕਰਨਾ ਬੜਾ ਔਖਾ ਹੋ ਜਾਵੇਗਾ, ਇਸ ਲਈ ਕਿਉਂ ਨਾ ਸਮਾਂ ਰਹਿੰਦੇ ਹੀ ਇਸ ਦਾ ਹੱਲ ਕੀਤਾ ਜਾਵੇ।

  1. ਪਿੰਡ ਦੇ ਸਾਰੇ ਰਸਤਿਆਂ ਦੀ ਮਿਣਤੀ ਕਰਵਾ ਕੇ ਉਨ੍ਹਾਂ ਦੇ ਪਾਸਿਆਂ ਉੱਤੇ ਪੱਥਰ ਗੱਡ ਕੇ ਰਸਤਿਆਂ ਨੂੰ ਸਾਫ਼ ਅਤੇ ਪਧਰੇ ਕੀਤਾ ਜਾਵੇਗਾ। ਆਪਣੇ ਪਿੰਡ ਤੋਂ ਦੂਜੇ ਪਿੰਡ ਨੂੰ ਜੋੜਨ ਵਾਲੇ ਸਾਰੇ ਰਸਤਿਆਂ ਉੱਤੇ ਸੜਕਾਂ ਬਣਵਾਉਣ ਲਈ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸਮੇਂ ਦੀ ਹਰ ਸਰਕਾਰ ਤੱਕ ਪਹੁੰਚ ਕੀਤੀ ਜਾਵੇਗੀ।
  2. ਪਿੰਡ ਵਿੱਚ ਪਏ ਪਟਵਾਰ ਖ਼ਾਨੇ ਦੀ ਥਾਂ ਵਿੱਚ ਪਟਵਾਰੀ ਦਾ ਦਫ਼ਤਰ ਬਣਾਇਆ ਜਾਵੇਗਾ ਅਤੇ ਪਟਵਾਰੀ ਦੀ ਹਾਜ਼ਰੀ ਯਕੀਨੀ ਬਣਾਈ ਜਾਵੇਗੀ ਤਾਂ ਕਿ ਪਟਵਾਰੀ ਨਾਲ ਸੰਬੰਧਿਤ ਕੰਮ ਵਾਲਿਆਂ ਨੂੰ ਖੱਜ਼ਲ ਖੁਆਰ ਨਾ ਹੋਣਾ ਪਵੇ।
  3. ਸਮੁੱਚੀ ਪੰਚਾਇਤ ਧਰਮ, ਜਾਤ, ਪਾਰਟੀਬਾਜ਼ੀ ਅਤੇ ਗਰੁੱਪਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਲਈ ਹਰ ਸੰਭਵ ਕੋਸ਼ਸ਼ ਕਰੇਗੀ। ਕਿਸੇ ਨਾਲ ਵੀ ਪੱਖਪਾਤ ਨਹੀਂ ਕਰੇਗੀ। ਪਿੰਡ ਦੇ ਪੈਸੇ ਵਿੱਚੋਂ ਇੱਕ ਰੁਪਿਆ ਵੀ ਨਹੀਂ ਖਾਵੇਗੀ। ਸਾਰੀ ਪੰਚਾਇਤ ਪਿੰਡ ਦੇ ਗੁਰੂ ਘਰ ਵਿੱਚ ਜਨਤਕ ਤੌਰ ’ਤੇ ਇਹ ਪ੍ਰਣ ਕਰੇਗੀ ਕਿ ਜੇ ਅਸੀਂ, ਪੰਚਾਇਤੀ ਤੌਰ ’ਤੇ ਆਪਣੇ ਵੱਲੋਂ ਧਰਮ, ਜਾਤ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਲਈ ਹਰ ਸੰਭਵ ਕੋਸ਼ਸ਼ ਨਾ ਕਰੀਏ, ਕਿਸੇ ਨਾਲ ਵੀ ਪੱਖਪਾਤ ਕਰੀਏ, ਪਿੰਡ ਦਾ ਇੱਕ ਵੀ ਪੈਸਾ ਖਾਈਏ ਤਾਂ ਸਤਿਗੁਰੂ ਜੀ ਸਾਨੂੰ ਅੰਧਾ ਕਰ ਦੇਣ।

ਨਗਰ ਨਿਵਾਸੀਓ  ! ਇਹ ਮੇਰੇ ਵਿਚਾਰ ਹਨ ਜਿੰਨ੍ਹਾ ਨੂੰ ਮੇਰੇ ਇਹ ਵਿਚਾਰ ਪਸੰਦ ਹੋਣ, ਜੋ ਕਿਸੇ ਕਿਸਮ ਦਾ ਨਸ਼ਾ ਨਾ ਕਰਦੇ ਹੋਣ ਅਤੇ ਜੋ ਪੰਚ ਦੇ ਰੂਪ ਵਿੱਚ ਮੇਰਾ ਸਾਥ ਦੇ ਕੇ ਪਿੰਡ ਦਾ ਵਿਕਾਸ ਕਰਨਾ ਚਾਹੁੰਦੇ ਹੋਣ, ਉਹ ਪਾਰਟੀਬਾਜ਼ੀ ਅਤੇ ਗਰੁੱਪਬਾਜ਼ੀ ਤੋਂ ਉੱਪਰ ਉੱਠ ਕੇ ਅੱਗੇ ਆਉਣ। ਆਪਣੇ ਵਾਰਡ ਦੇ ਲੋਕਾਂ ਨੂੰ ਪ੍ਰੇਰ ਕੇ ਆਪ ਪੰਚ ਬਣਨ ਅਤੇ ਮੈਨੂੰ ਸਰਪੰਚ ਬਣਾਉਣ ਲਈ ਮੇਰਾ ਸਹਿਯੋਗ ਲੈਣ ਅਤੇ ਮੈਨੂੰ ਸਹਿਯੋਗ ਦੇਣ ਲਈ ਮੇਰੇ ਨਾਲ ਸੰਪਰਕ ਕਰਨ ਤਾਂ ਕਿ ਆਪਾਂ ਰਲ਼ ਕੇ ਨਸ਼ੇ, ਪਾਰਟੀਬਾਜ਼ੀ ਅਤੇ ਗਰੁੱਪਬਾਜ਼ੀ ਤੋਂ ਮੁਕਤ ਪੰਚਾਇਤ ਬਣਾ ਕੇ ਆਪਣੇ ਪਿੰਡ ਦਾ ਵਿਕਾਸ ਕਰ ਸਕੀਏ।

ਜੇ ਕਿਸੇ ਕਾਰਨ ਮੈਂ ਸਰਪੰਚ ਨਾ ਬਣ ਸਕਿਆ ਤਾਂ ਇਹ ਕੰਮ ਕੋਈ ਹੋਰ ਵੀ ਕਰ ਸਕਦਾ ਹੈ, ਉਹ ਵੀ ਮੇਰੇ ਵੱਲੋਂ ਸੁਝਾਏ ਇਹ ਕੰਮ ਕਰ ਸਕਦਾ ਹੈ ਜਾਂ ਇਸ ਤੋਂ ਵੀ ਹੋਰ ਚੰਗਾ ਕਰ ਸਕਦਾ ਹੈ, ਪਰ ਮੇਰੀ ਬੇਨਤੀ ਹੈ ਕਿ ਜਾਤ, ਧਰਮ, ਪਾਰਟੀ ਤੋਂ ਉੱਪਰ ਉੱਠ ਕੇ, ਆਪਣੀ ਚੌਧਰ, ਇੱਕ ਦੂਜੇ ਨੂੰ ਨੀਵਾਂ ਵਿਖਾਉਣ ਜਾਂ ਆਪਣੇ ਵਿਰੋਧੀ ਨੂੰ ਹਰਾਉਣ ਦੀ ਸੋਚ ਨੂੰ ਛੱਡ ਕੇ ਤਨੋ ਮਨੋ ਪਿੰਡ ਦੇ ਵਿਕਾਸ ਲਈ ਹੀ ਚੋਣ ਮੈਦਾਨ ਵਿੱਚ ਆਇਆ ਜਾਵੇ। ਮੈਨੂੰ ਆਸ ਹੈ ਕਿ ਸਮੁੱਚਾ ਨਗਰ ਪਾਰਟੀ ਅਤੇ ਧੜੇ ਬੰਦੀ ਤੋਂ ਉੱਪਰ ਉੱਠ ਕੇ ਮੇਰਾ ਸਹਿਯੋਗ ਦੇਵੇਗਾ। ਧੰਨਵਾਦ।

ਸੰਗਤ

0

ਸੰਗਤ

ਪ੍ਰਿੰਸੀਪਲ ਗੰਗਾ ਸਿੰਘ

ਸੰਗਤ ਦਾ ਅਸਰ ਭਾਵੇਂ ਮਨੁੱਖ ’ਤੇ ਵਿਸ਼ੇਸ਼ ਕਰਕੇ ਪੈਂਦਾ ਹੈ, ਪਰ ਦੂਸਰੀਆਂ ਜੂਨਾਂ ਵੀ ਇਸ ਤੋਂ ਖ਼ਾਲੀ ਨਹੀਂ ਹਨ। ਕੀ ਬਨਸਪਤੀ, ਕੀ ਪੰਛੀ ਤੇ ਕੀ ਪਸ਼ੂ, ਹਰ ਇਕ; ਕੋਲ ਬਹਿਣ ਵਾਲੇ ਸੰਗੀ ਦਾ ਅਸਰ ਕਬੂਲ ਲੈਂਦਾ ਹੈ। ਬਨਸਪਤੀ ਦੀ ਦੁਨੀਆ ਵਿਚ ਇਹ ਇਕ ਮਸ਼ਹੂਰ ਪ੍ਰਮਾਣ ਹੈ ਕਿ ਜੰਗਲ ਦੀਆਂ ਛੋਟੀਆਂ ਛੋਟੀਆਂ ਝਾੜੀਆਂ ਚੰਦਨ ਦੇ ਸਮੀਪ ਰਹਿਣ ਕਰਕੇ ਖ਼ੁਦ ਸੁਗੰਧੀ ਦੇਣ ਵਾਲੀਆਂ ਬਣ ਜਾਂਦੀਆਂ ਹਨ, ‘‘ਕਬੀਰ ਚੰਦਨ ਕਾ ਬਿਰਵਾ ਭਲਾ; ਬੇੜਿ੍ਓ ਢਾਕ ਪਲਾਸ ਓਇ ਭੀ ਚੰਦਨੁ ਹੋਇ ਰਹੇ; ਬਸੇ ਜੁ ਚੰਦਨ ਪਾਸਿ ’’ (ਭਗਤ ਕਬੀਰ ਜੀ, ਪੰਨਾ ੧੩੬੫)

ਪਰਬਤਾਂ ਦੀਆਂ ਉੱਚੀਆਂ ਚੋਟੀਆਂ ’ਤੇ ਜਾ ਕੇ ਪਤਾ ਲੱਗਦਾ ਹੈ ਕਿ ਖ਼ੁਸ਼ਬੂਦਾਰ ਜੜ੍ਹੀਆਂ ਬੂਟੀਆਂ ਦੇ ਸਮੀਪ ਉਗਿਆ ਹੋਇਆ ਘਾਹ ਵੀ ਬਹੁਤ ਵੇਰ ਸੁਗੰਧਿਤ ਹੋ ਜਾਂਦਾ ਹੈ। ਘਾਹ ਦੀ ਤੇ ਗੱਲ ਕਿਤੇ ਰਹੀ, ਮਿੱਟੀ ਤਕ ਸੁਗੰਧਿਤ ਫੁੱਲਾਂ ਤੋਂ ਵਰੋਸਾਈ ਜਾਂਦੀ ਹੈ। ਈਰਾਨ ਦੇ ਮਸ਼ਹੂਰ ਲਿਖਾਰੀ ਸ਼ੇਖ਼ ਸਾਅਦੀ ਦਾ ਕਥਨ ਹੈ ਕਿ ਇਕ ਦਿਨ ਉਸ ਨੇ ਸਵੇਰੇ ਹੀ ਆਪਣੀ ਮਹਿਬੂਬਾ ਨੂੰ ਕਿਹਾ, ਮੈਨੂੰ ਹੱਥ ਧੋਣ ਵਾਸਤੇ ਥੋੜ੍ਹੀ ਜਿਹੀ ਮਿੱਟੀ ਦੇ; ਜਦ ਉਹ ਮਿੱਟੀ ਲੈ ਆਈ ਤਾਂ ਹੱਥਾਂ ’ਤੇ ਮਲਣ ਲੱਗਿਆਂ ਸਾਅਦੀ, ਉਸ ਵਿਚੋਂ ਸੁਗੰਧੀ ਆਈ। ਸ਼ੇਖ਼ ਨੇ ਜਾਣਿਆ ਕਿ ਘੁਸਮੁਸਾ (ਮੂੰਹ-ਹਨੇਰਾ) ਹੈ, ਅੰਧੇਰੇ ਦੇ ਦੋਸ਼ ਕਰਕੇ, ਲਿਆਉਣ ਵਾਲੀ ਮਿੱਟੀ ਦੀ ਥਾਂ ‘ਕਸਤੂਰੀ’ ਜਾਂ ‘ਅੰਬਰ’ ਲੈ ਆਈ ਹੈ। ਮਗਰ ਇਹ ਦੱਸਣ ’ਤੇ ਕਿ ਇਹ ਮਿੱਟੀ ਹੀ ਹੈ, ਕਵੀ ਨੇ ਹੈਰਾਨ ਹੋ ਕੇ ਖ਼ਾਕ ਤੋਂ ਪੁੱਛਿਆ ‘ਤੇਰੇ ’ਚ ਇਤਨੀ ਖ਼ੁਸ਼ਬੂ ਕਿਉਂ ਹੈ ?’ ਤਾਂ ਉੱਤਰ ਮਿਲਿਆ, ‘ਮੈਂ ਹਾਂ ਤਾਂ ਨਾ-ਚੀਜ਼ ਮਿੱਟੀ ਹੀ, ਪਰ ਬਹੁਤ ਮੁੱਦਤ ਤਕ ਫੁੱਲਾਂ ਦੇ ਕੋਲ ਬਹਿੰਦੀ ਰਹੀ ਹਾਂ। ਉਨ੍ਹਾਂ ਕੋਲ ਬਹਿਣ ਕਰਕੇ ਹੀ ਮੇਰੇ ਵਿਚੋਂ ਸੁਗੰਧੀ ਆ ਰਹੀ ਹੈ, ਨਹੀਂ ਤਾਂ ਮੈਂ ਨਿਮਾਣੀ ਮਿੱਟੀ ਹੀ ਹਾਂ’, ਗਿਲੇ ਖ਼ੁਸ਼ਬੂ ਦਰ ਹਮਾਮ ਰੋਜ਼ੇ, ਰਸੀਦ ਅਜ਼ ਦਸਤੇ ਮਾਹਬੂਬੇ ਬਦਸਤਮ ਬਾ, ਗੁਫ਼ਤਮ ਕਿ ਮੁਸ਼ਕੀ ਯਾ ਅਬੀਰੀ, ਕਿ ਅਜ਼ ਖ਼ੁਸ਼ਬੂ ਦਿਲ ਵਜੇ ਤੋ ਮਸਤਮ ਬਿਗੁਫ਼ਤਾ ਮਨ ਗਿਲੇ ਨਾਚੀਜ਼ ਬੂਦਮ, ਵਲੈਕਨ ਮੁੱਦਤੇ ਬਾ ਗੁਲ ਨਿਸ਼ਸਤਮ ਜਮਾਲੇ ਹਮਨਸ਼ੀ ਦਰ ਮਨ ਅਸਰ ਕਰਦ, ਵਗਰਨਾ ਮਨ ਹਮਾ ਖ਼ਾਕਮ ਕਿ ਹਸਤਮ

ਇਹ ਪ੍ਰਾਹੁਣੇ ਦੇ ਸੁਆਗਤ ਦਾ ਮਨੁੱਖੀ ਫ਼ਰਜ਼ ਨਿਬਾਹੁਣਾ ਪਰਿੰਦੇ ਨੂੰ ਕਿਸ ਤਰ੍ਹਾਂ ਆ ਗਿਆ ? ‘ਸੰਗਤ ਕਰਕੇ’। ਪੰਛੀ ਜੋ ਚਿਰ ਤਕ ਮਨੁੱਖਾਂ ਦੀ ਸੰਗਤ ਵਿਚ ਰਿਹਾ ਤਾਂ ਮਿਲ ਬੈਠਣ ਦਾ ਅਸਰ ਕਿਉਂ ਨਾ ਕਬੂਲਦਾ ? ਏਸੇ ਤਰ੍ਹਾਂ ਹੀ ਮੈਨਾ ਤੇ ਹੋਰ ਕਈ ਪੰਛੀ ਵੀ ਮਨੁੱਖੀ ਸੰਗਤ ਤੋਂ ਲਾਭ ਉਠਾਉਂਦੇ ਹਨ।

ਪਸ਼ੂ ਜਗਤ ਵਿਚ ਤਾਂ ਇਹ ਚੀਜ਼ ਆਮ ਦਿਸ ਆਉਂਦੀ ਹੈ। ਕੌਣ ਨਹੀਂ ਜਾਣਦਾ ਕਿ ਪਸ਼ੂਆਂ ਦੀਆਂ ਬਹੁਤ ਸਾਰੀਆਂ ਸ਼੍ਰੇਣੀਆਂ ਦੋ ਹਿੱਸਿਆਂ ਵਿਚ ਤਕਸੀਮ ਹਨ : ‘ਇਕ ਜਾਂਗਲੀ ਤੇ ਦੂਜੇ ਰਾਖਵੇਂ’। ਦੋਹਾਂ ਦੇ ਸੁਭਾਵਾਂ ਵਿਚ ਕਿਤਨਾ ਫ਼ਰਕ ਹੁੰਦਾ ਹੈ। ਜਿੱਥੇ ਜੰਗਲੀ ਜਾਨਵਰ ਤੁੰਦ, ਅੱਖੜ ਤੇ ਗ਼ੁਸੈਲ ਹੁੰਦੇ ਹਨ, ਉੱਥੇ ਪਾਲਤੂ ਹਲੀਮ, ਨਰਮ ਸੁਭਾਅ ਦੇ ਤੇ ਡਰਾਕਲ ਦਿਸ ਆਉਂਦੇ ਹਨ। ਜਾਨਵਰਾਂ ਵਿਚ ਬੜੀ ਮਾਸੂਮ ਗਊ ਤੇ ਮੱਝ, ਜੋ ਮਨੁੱਖ ਨੂੰ ਸਾਰੀ ਉਮਰ ਦੁੱਧ, ਦਹੀਂ, ਮੱਖਣ ਦੇ ਫ਼ੈਜ਼ (ਲਾਭ) ਪੁਚਾਂਦੀ ਹੈ। ਅਸਲ ਵਿਚ ਖੂੰ-ਖ਼ਾਰ ਜੰਗਲੀ ਭੈਂਸੇ ਤੇ ਮਾਰਖ਼ੋਰ ਬੈਲਾਂ ਦੀ ਹੀ ਔਲਾਦ ਹੈ, ਜਿਸ ਨੂੰ ਮੁੱਦਤਾਂ ਦੀ ਮਨੁੱਖੀ ਸੰਗਤ ਨੇ ਹੁਣ ਵਾਲੇ ਸੁਭਾਅ ਦਾ ਰੂਪ ਦਿੱਤਾ ਹੈ। ਸਿਖਾਏ ਹੋਏ ਘੋੜੇ ਤੇ ਹਾਥੀ ਮਨੁੱਖਾਂ ਨੂੰ ਸਵਾਰੀ ਦੇਂਦੇ ਤੇ ਚਿਤਰੇ ਤੇ ਸ਼ੇਰ ਸਰਕਸ ਵਿਚ ਤਮਾਸ਼ਾ ਦਿਖਾ ਖ਼ੁਸ਼ ਕਰਦੇ ਹਨ। ਮਨੁੱਖੀ ਜਾਮੇ ਵਿਚ ਤਾਂ ਸੰਗਤ ਦਾ ਫਲ ਅਜਬ ਕਰਾਮਾਤਾਂ ਦਿਖਾਂਦਾ ਹੈ। ਚੇਤਨਤਾ ਉਚੇਰੀ ਹੋ ਜਾਣ ਕਰਕੇ ਬੁੱਧੀ ਤੇਜ਼ੀ ਨਾਲ ਕੰਮ ਕਰਦੀ ਤੇ ਅਸਰ ਛੇਤੀ ਕਬੂਲਦੀ ਹੈ। ਜੇ ਚਾਰਲਿਸ ਡਾਰਵਿਨ (12 ਫ਼ਰਵਰੀ 1809-19 ਅਪਰੈਲ 1882) ਦੇ ਵਿਕਾਸਵਾਦ ਨੂੰ ਸਹੀ ਮੰਨ ਲਿਆ ਜਾਏ, ਤਾਂ ਅੱਜ ਦਾ ਹਵਾਈ ਜਹਾਜ਼ ਦਾ ਸਵਾਰ ਤੇ ਪ੍ਰਮਾਣੂ ਬੰਬਾਂ ਦਾ ਬਣਾਣ ਵਾਲਾ ਮਨੁੱਖ, ਬਾਂਦਰ ਦੇ ਜਾਮੇ ਤੋਂ ਤੁਰਿਆ ਹੈ, ਜੋ ਸਹਿਜੇ ਸਹਿਜੇ ਸੰਗੀਆਂ ਕੋਲੋਂ ਜਾਚਾਂ ਸਿੱਖ ਸਿੱਖ ਚਤੁਰ ਤੇ ਉਚੇਰਾ ਹੁੰਦਾ ਗਿਆ, ਪਰ ਜੇ ਇਸ ਗੱਲ ਨੂੰ ਪਾਸੇ ਵੀ ਰਹਿਣ ਦੇਈਏ ਤਾਂ ਇਸ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ ਕਿ ਮਨੁੱਖ ਦਾ ਆਰੰਭਕ ਜੀਵਨ ਨੰਗੇ ਬਣ-ਮਾਨਸ ਦਾ ਸੀ, ਜੋ ਸਹਿਜੇ ਸਹਿਜੇ ਉਚੇਰੀ ਸੰਗਤ ਕਰਕੇ ਉੱਚਾ ਹੁੰਦਾ ਗਿਆ। ਜੀਵਨ ਦੇ ਇਸ ਸੁਭਾਅ ਨੂੰ ਕਿਸੇ ਕਵੀ ਨੇ ਵੇਲ ਵਾਂਗ ਬਿਆਨ ਕੀਤਾ ਹੈ। ਉਹ ਕਹਿੰਦਾ ਹੈ, ਵੱਡਿਆਂ ਕੋਲ ਬੈਠੋ ਤੇ ਉਹਨਾਂ ਨਾਲ ਮੇਲ ਪਾਓ, ਕਿਉਂ ਜੋ ਵੇਲ-ਜਿਡੇ ਉਚੇ ਰੁੱਖ ਨਾਲ ਬੰਨ੍ਹੀਏ, ਓਡੀ ਹੀ ਲੰਬੀ ਹੋ ਜਾਂਦੀ ਹੈ, ਬੈਠੀਏ ਪਾਸ ਬਡਨ ਕੇ, ਹੋਤ ਬਡਨ ਸਿਓਂ ਮੇਲ ਸਬੀ ਜਾਣਤ ਕਿ ਬੜ੍ਹਤ ਹੈ, ਬਿਰਖ ਬਰਾਬਰ ਬੇਲ

ਹਕੀਕਤਨ ਮਨੁੱਖੀ ਜੀਵਨ ਏਸੇ ਤਰ੍ਹਾਂ ਹੀ ਚੱਲਦਾ ਹੈ। ਮਨੁੱਖੀ ਮਨ ਪੰਛੀ ਦੀ ਤਰ੍ਹਾਂ ਹੈ, ਜੋ ਦਸਾਂ ਦਿਸ਼ਾਂ ਵਿਚ ਉੱਡਦਾ ਹੈ ਪਰ ਫਲ, ਜਿਹੋ ਜਿਹੀ ਸੰਗਤ ਕਰੇ, ਉਹੋ ਜਿਹੇ ਹੀ ਖਾਂਦਾ ਹੈ। ਸੰਗਤ ਦਾ ਫਲ ਖਾਣ ਦਾ ਨਤੀਜਾ ਮਨੁੱਖ ਲਈ ਸਦਾ ਇੱਕੋ ਜਿਹਾ ਨਹੀਂ ਹੁੰਦਾ, ‘‘ਕਬੀਰ  ! ਮਨੁ ਪੰਖੀ ਭਇਓ; ਉਡਿ ਉਡਿ ਦਹ ਦਿਸ ਜਾਇ ਜੋ ਜੈਸੀ ਸੰਗਤਿ ਮਿਲੈ; ਸੋ ਤੈਸੋ ਫਲੁ ਖਾਇ ੮੬’’ (ਭਗਤ ਕਬੀਰ ਜੀ, ਪੰਨਾ ੧੩੬੯)

ਉਹ ਸੰਗਤ ’ਤੇ ਨਿਰਭਰ ਹੈ, ਜੇ ਸੰਗਤ ਚੰਗੀ ਮਿਲੇ ਤਾਂ ਫਲ ਚੰਗਾ ਤੇ ਜੇ ਮਾੜੀ ਮਿਲੇ ਤਾਂ ਫਲ ਮਾੜਾ। ਸੰਗਤ ਦੇ ਸ਼ੁਭ ਅਸ਼ੁਭ ਹੋਣ ਨਾਲ ਹੀ ਮਨੁੱਖੀ ਜੀਵਨ ਦੇ ਚੜ੍ਹਾਅ ਜਾਂ ਉਤਾਰ ਦਾ ਤਅੱਲਕ ਹੈ। ਜੇ ਚੰਗੀ ਸੰਗਤ ਮਿਲ ਗਈ ਤਾਂ ਚੜ੍ਹ ਗਿਆ, ਜੇ ਖੋਟੀ ਮਿਲੀ ਤਾਂ ਡਿਗ ਪਿਆ। ਜੀਵਨ ਖੇਤਰ ਵਿਚ ਅਜਿਹਾ ਹੁੰਦਾ ਰੋਜ਼ ਦਿਸ ਆਂਵਦਾ ਹੈ। ਕਿਸੇ ਪਾਸੇ ਮਨੁੱਖੀ ਜੀਵਨ ਚੜ੍ਹਾਈ ਵੱਲ ਛਾਲਾਂ ਮਾਰਦਾ ਜਾਂਦਾ ਦੇਖੀਦਾ ਹੈ ਤੇ ਦੂਜੇ ਪਾਸੇ ਪਰਬਤ ਤੋਂ ਢਲਦੇ ਪਾਣੀ ਦੀ ਤੇਜ਼ੀ ਵਾਂਗ ਡਿੱਗ ਰਿਹਾ। ਇਹ ਸੰਗਤ ਦਾ ਹੀ ਫਲ ਹੁੰਦਾ ਹੈ। ਜੇ ਕੰਗਾਲਾਂ ਦੇ ਪੁੱਤਰ ਧਨੀ, ਅਨਪੜ੍ਹਾਂ ਦੇ ਚਤੁਰ, ਕਾਇਰਾਂ ਦੇ ਬੀਰ ਤੇ ਬਦਾਂ ਦੇ ਭਲੇ ਹੋ ਜਾਂਦੇ ਦਿਸ ਆਉਂਦੇ ਹਨ ਤਾਂ ਉਹ ਕੇਵਲ ਚੰਗੀ ਸੰਗਤ ਦੇ ਆਸਰੇ, ਤੇ ਜਦੋਂ ਇਸ ਦੇ ਐਨ ਉਲਟ ਧਨੀਆਂ ਦੇ ਕੰਗਾਲ, ਚਾਤਰਾਂ ਦੇ ਮੂਰਖ, ਬੀਰਾਂ ਦੇ ਕਾਇਰ ਤੇ ਨੇਕਾਂ ਦੇ ਬਦ ਮਿਲਣ ਤਾਂ ਨਿਸ਼ਚੇ ਇਹ ਕੁਸੰਗਤ ਹੀ ਫਲ ਹੁੰਦਾ ਹੈ। ਖੋਟੀਆਂ ਸੰਗਤਾਂ ਵਿਚ ਬੈਠੇ ਹੋਏ ਇਨਸਾਨ, ਜੀਵਨ-ਰਾਸ ਹੀ ਗਵਾ ਬਹਿੰਦੇ ਹਨ। ਕਬੀਰ ਸਾਹਿਬ ਦੇ ਬਚਨ ਅਨੁਸਾਰ ਕੁਸੰਗਤ ਦੀ ਮਾਰ ਮਨੁੱਖ ਨੂੰ ਅਜਿਹੀ ਪੈਂਦੀ ਹੈ, ਜਿਸ ਤਰ੍ਹਾਂ ਬੇਰੀ ਦੇ ਬੂਟੇ ਦੇ ਪਾਸ ਉੱਗੇ ਹੋਏ ਕੇਲੇ ਦਾ ਹਾਲ ਹੁੰਦਾ ਹੈ। ਜਿਉਂ ਜਿਉਂ ਬੇਰੀ ਹਵਾ ਨਾਲ਼ ਹਿੱਲਦੀ ਹੈ, ਉਹ ਗ਼ਰੀਬ ਚੀਰਿਆ ਜਾਂਦਾ ਹੈ, ‘‘ਕਬੀਰ  ! ਮਾਰੀ ਮਰਉ ਕੁਸੰਗ ਕੀ; ਕੇਲੇ ਨਿਕਟਿ ਜੁ ਬੇਰਿ ਉਹ ਝੂਲੈ, ਉਹ ਚੀਰੀਐ; ਸਾਕਤ ਸੰਗੁ ਹੇਰਿ ’’ (ਭਗਤ ਕਬੀਰ ਜੀ, ਪੰਨਾ ੧੩੬੯) ਅਮਲੀਆਂ ਤੇ ਸ਼ਰਾਬੀਆਂ ਦੀ ਕੁਸੰਗਤ ਬੜੇ ਬੜੇ ਪਰਹੇਜ਼ਗਾਰਾਂ ਨੂੰ ਗਿਰਾ ਦੇਂਦੀ ਹੈ। ਨੀਤੀ ਵਿਚ ਲਿਖਿਆ ਹੈ ਕਿ ਮਨੁੱਖ; ਸ਼ੇਰਾਂ ਨਾਲ ਭਰੇ ਹੋਏ ਬਣ ਵਿਚ ਤਾਂ ਭਾਵੇਂ ਵੱਸ ਪਵੇ, ਡੂੰਘੇ ਪਾਣੀ ਵਿਚ ਧਸ ਜਾਵੇ, ਭਾਵੇਂ ਬਿੱਛੂ ਨੂੰ ਹੱਥ ਵਿਚ ਫੜ ਲਵੇ, ਕੰਨ ਖਜੂਰੇ ਨੂੰ ਕੰਨ ਵਿਚ ਦਿਵਾ ਲਏ, ਸੱਪ ਦੇ ਮੂੰਹ ਵਿਚ ਉਂਗਲੀ ਦੇ ਦੇਵੇ, ਪਹਾੜ ਤੋਂ ਛਾਲ ਮਾਰ ਲਵੇ ਤੇ ਆਰੇ ਹੇਠਾਂ ਭਾਵੇਂ ਚਿਰ ਜਾਏ, ਪਰ ਮੂਰਖ ਦੀ ਸੰਗਤ ਨਾ ਕਰੇ, ਸਿੰਘਨ ਕੇ ਬਨ ਮੇ ਬਸੀਏ ਘਸੀਏ, ਕਰ ਮੇ ਬਿਛੂਵਾ ਗਹਿ ਲੀਜੇ ਕਾਨ ਖਜੂਰ ਪ੍ਰਵੇਸ ਕਰਾਇ ਕਿ, ਸਾਂਪ ਕੇ ਮੁਖ ਮੇ ਉਂਗਰੀ ਦੀਜੇ ਗਿਰ ਤੇ ਗਿਰੀਏ ਅਗ ਮੇ ਜਰੀਏ, ਔਰ ਆਰੀ ਕੇ ਘਾਵ ਅਨੇਕ ਸਹੀਜੇ ਏਤੇ ਤੋ ਕਸ਼ਟ ਅਨੰਤ ਸਹੋ, ਪਰ ਮੂਰਖ ਮੀਤ ਕੋ ਸੰਗ ਕੀਜੇ

ਕੁਸੰਗਤ ਇਨਸਾਨ ਨੂੰ ਮਾਰਦੀ ਹੈ ਤੇ ਸ਼ੁੱਭ ਸੰਗਤ; ਜੀਵਾਂਦੀ ਹੈ। ਸ਼ੁੱਭ ਸੰਗਤ ਕੀ ਹੈ  ? ਇਸ ਦਾ ਉੱਤਰ ਸਤਿਗੁਰੂ ਇਸ ਤਰ੍ਹਾਂ ਦੇਂਦੇ ਹਨ ਕਿ ਊਤਮ ਸੰਗਤ ਉਹ ਹੈ, ਜਿਸ ਕਰਕੇ ਮਨੁੱਖ ਗੁਣਾਂ ਵੱਲ ਧਾਂਵਦਾ ਹੈ ਤੇ ਔਗੁਣਾਂ ਨੂੰ ਧੋ ਕੇ ਬਾਹਰ ਕੱਢਦਾ ਹੈ। ਇਹ ਗੁਣਾਂ ਵੱਲ ਧਾਵਣਾ ਮਨੁੱਖ ਦਾ ਸੁਭਾਵਕ ਕਰਤਬ ਹੈ। ਸੋ ਜਿਉਂ ਜਿਉਂ ਉਹ ਗੁਣਾਂ ਵੱਲ ਵਧਦਾ ਜਾਏਗਾ ਤਿਉਂ ਤਿਉਂ ਉਚੇਰਾ ਹੋਵੇਗਾ। ਸੰਸਾਰ ਦੇ ਇਤਿਹਾਸ ਵਿਚ ਅਜਿਹੀਆਂ ਮਿਸਾਲਾਂ ਦੀ ਕੋਈ ਕਮੀ ਨਹੀਂ, ਜਿਨ੍ਹਾਂ ਤੋਂ ਪਤਾ ਲੱਗਦਾ ਹੋਵੇ ਕਿ ਗਿਰੇ ਤੋਂ ਗਿਰੇ ਹੋਏ ਮਨੁੱਖ ਭੀ ਭਲੀ ਸੰਗਤ ਮਿਲਣ ਕਰਕੇ ਬਹੁਤ ਉਚੇਰੇ ਹੋ ਗਏ।

ਪੱਛਮ ਦਾ ਇਕ ਮਸ਼ਹੂਰ ਲਿਖਾਰੀ ਕਹਿੰਦਾ ਹੈ ਕਿ ਮੈਂ ਜਿਉਂ ਜਿਉਂ ਵਡੇਰਾ ਹੁੰਦਾ ਜਾਂਦਾ ਹਾਂ, ਮੈਨੂੰ ਯਕੀਨ ਆ ਰਿਹਾ ਹੈ ਕਿ ਨਿਰੀਆਂ ਪੋਥੀਆਂ ਫੋਲਿਆਂ ਭਾਵੇਂ ਲਖ ਯਤਨ ਕਰੀਏ, ਵਿਦਿਆ ਨਹੀਂ ਲੱਭਦੀ। ਉਸ ਦੇ ਖ਼ਜ਼ਾਨੇ ਤਾਂ ਵੱਡੇ ਨਰ ਨਾਰੀਆਂ ਦੀ ਸੰਗਤ ਵਿਚ ਦੱਬੇ ਹੋਏ ਹਨ। ਬੰਦੇ ਲਈ ਵਾਜਬ ਹੈ ਕਿ ਉਹ ਵਡੇਰੇ ਦਿਲਾਂ ਵਿਚੋਂ ਖੋਜ ਕਰੇ। ਜੇ ਸਾਡੇ ਕਾਲਜ ਤੇ ਸਕੂਲਾਂ ਨੂੰ ਪੁਸਤਕਾਂ ਦੀ ਥਾਂ ਬੰਦੇ ਵਾਚਣ ਦਾ ਢੰਗ ਲੱਭ ਪਵੇ ਤਾਂ ਬਿਗੜੀ ਅੱਜ ਹੀ ਬਣ ਜਾਏ, ਜਿਉਂ ਜਿਉਂ ਮੈਂ ਵਡੇਰਾ ਹੋਵਾਂ, ਨਿਸ਼ਚਾ ਹੁੰਦਾ ਜਾਵੇ ਪੋਥੇ ਫੋਲੇ ਇਲਮ ਨਹੀਂ ਲਭਦਾ, ਜੇ ਸਓ ਯਤਨ ਕਰਾਵੇ ਵਡ ਨਰ ਨਾਰਾਂ ਦੀ ਸੰਗਤ, ਇਲਮ ਖ਼ਜ਼ਾਨੇ ਦਬੇ ਵਾਜਬ ਹੈ ਪੋਥੀ ਦੀ ਥਾਂ, ਜਾ (ਕੇ) ਬੰਦਾ ਓਥੋਂ ਲਭੇ ਸਾਡੇ ਕਾਲਜ ਮਦਰੱਸਿਆਂ ਨੂੰ, ਮੈਂ ਚਾਹਵਾਂ ਢਬ ਆਵੇ ਪੁਸਤਕ ਦੀ ਥਾਂ ਬੰਦੇ ਵਾਚਣ ਤਾਂ ਬਿਗੜੀ ਬਣ ਜਾਵੇ

ਸੰਤ ਕਬੀਰ ਜੀ ਨੇ ਤਾਂ ਇਸ ਬਿਆਨ ਵਿਚ ਸਿਰੇ ਦੀ ਗੱਲ ਕਹਿ ਦਿੱਤੀ ਹੈ। ਆਪ ਕਹਿੰਦੇ ਹਨ ਕਿ ਜਿਸ ਤਰ੍ਹਾਂ ਚੰਦਨ ਦੇ ਨਾਲ ਰਲ ਕੇ ਲੱਕੜੀ, ਗੰਗਾ ਦੇ ਨਾਲ ਰਲ ਹੋਰ ਨਦੀਆਂ, ਖ਼ੁਸ਼ਬੂਦਾਰ ਤੇ ਪਵਿੱਤਰ ਹੋ ਜਾਂਦੀਆਂ ਹਨ ਤੇ ਪਾਰਸ ਨਾਲ ਲੱਗ ਧਾਤ; ਸੋਨਾ ਬਣਦੀ ਹੈ, ਉਸੇ ਤਰ੍ਹਾਂ ਹੀ ਕਬੀਰ; ਸੰਤਾਂ ਦੀ ਸੰਗਤ ਕਰ ਰਾਮ ਹੋ ਗਿਆ ਹੈ, ‘‘ਸੰਤਨ ਸੰਗਿ ਕਬੀਰਾ ਬਿਗਰਿਓ ਸੋ ਕਬੀਰੁ; ਰਾਮੈ ਹੋਇ ਨਿਬਰਿਓ ’’ (ਭੈਰਉ, ਕਬੀਰ, ਪੰਨਾ ੧੧੫੮)

ਇਸ ਸੰਗਤ ਦਾ ਸਭ ਤੋਂ ਅੰਤਮ ਮੁਕਾਮ ਸਤਿਸੰਗਤ ਹੈ, ਸਤਿਵਾਦੀ ਮਨੁੱਖਾਂ ਦੀ ਸੁਹਬਤ; ਮਨੁੱਖ ਵਿਚ ‘ਸਤਿ’ ਦਾ ਪ੍ਰਵੇਸ਼ ਕਰਾਂਦੀ ਹੈ; ਸਤਿ-ਬਚਨ ਤੋਂ ਸਤਿ ਚਿੰਤਨ ਤੇ ਸਤਿ ਬਿਉਹਾਰ ਉਪਜਦਾ ਹੈ। ਇਹ ਅਸਰ ਕੇਵਲ ਸ਼ਖ਼ਸੀ ਹੀ ਨਹੀਂ ਹੁੰਦਾ ਸਗੋਂ ਕੌਮਾਂ ਭੀ ਵਿਅਕਤੀਆਂ ਵਾਂਗ ਹੀ ਸੰਗਤ ਦੇ ਅਸਰ ਨੂੰ ਕਬੂਲਦੀਆਂ ਹਨ। ਹਾਂ, ਇਹ ਗੱਲ ਜ਼ਰੂਰੀ ਹੈ ਕਿ ਅਸਰ ਕਬੂਲਣ ਵੇਲੇ ਦੋ ਮਿਲ ਬੈਠਣ ਵਾਲੀਆਂ ਕੌਮਾਂ ਦਾ ਪਹਿਲਾਂ ਮਾਨਸਿਕ ਘੋਲ ਹੁੰਦਾ ਹੈ। ਜਿਹੜੀ ਕੌਮ ਮਨ ਕਰ ਕੇ ਦੂਜੇ ਦੀ ਵਡਿਆਈ ਨੂੰ ਮੰਨ ਜਾਏ, ਉਹ ਉਸ ਦੇ ਮਗਰ ਲੱਗ ਤੁਰਦੀ ਹੈ ਤੇ ਸਹਿਜੇ ਸਹਿਜੇ ਆਪਣੇ ਆਪ ਨੂੰ ਉਸ ਦੇ ਰੂਪ ਵਿਚ ਢਾਲ ਲੈਂਦੀ ਹੈ। ਵਿਅਕਤੀਗਤ ਸੰਗਤ ਕਰਨ ਦੇ ਫਲ ’ਤੇ ਵਿਚਾਰ ਕਰਨ ਵਾਲਿਆਂ ਨੇ ਸਭ ਤੋਂ ਉਚੇਰੀ ਸੰਗਤ ਉਹਨਾਂ ਦੀ ਬਿਆਨ ਕੀਤੀ ਹੈ, ਜਿਨ੍ਹਾਂ ਦੇ ਮਿਲਣ ਨਾਲ ਦੁਰਬੁੱਧੀ ਨਾਸ ਹੋਵੇ। ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਅਜਿਹੀ ਸੰਗਤ ਮਿਲਦੀ ਮੁਸ਼ਕਲ ਨਾਲ਼ ਹੈ ਤੇ ਉਹਦੀ ਭਾਲ ਲਈ ਭਾਰੀ ਤਲਾਸ਼ ਕਰਨੀ ਪੈਂਦੀ ਹੈ, ‘‘ਜਿਨ੍ਾ ਦਿਸੰਦੜਿਆ ਦੁਰਮਤਿ ਵੰਞੈ; ਮਿਤ੍ਰ ਅਸਾਡੜੇ ਸੇਈ ਹਉ ਢੂਢੇਦੀ ਜਗੁ ਸਬਾਇਆ; ਜਨ ਨਾਨਕ ਵਿਰਲੇ ਕੇਈ ’’ (ਵਾਰ ਗੂਜਰੀ, ਮਹਲਾ , ਪੰਨਾ ੫੨੦) ਪਰ ਜਿਨ੍ਹਾਂ ਵਡਭਾਗੀਆਂ ਨੂੰ ਅਜਿਹੀ ਸੰਗਤ ਮਿਲ ਗਈ ਹੈ, ਉਹਨਾਂ ਦੀਆਂ ਮਨੋ-ਕਾਮਨਾਂ ਪੂਰੀਆਂ ਹੋ ਗਈਆਂ ਹਨ। ਪਿੰਗਲੇ; ਪਰਬਤਾਂ ਤੋਂ ਪਾਰ ਲੰਘ ਗਏ, ਮੂਰਖ; ਚਤੁਰ ਵਕਤੇ ਹੋ ਗਏ, ਅੰਨ੍ਹਿਆਂ ਨੂੰ ਤਿੰਨ ਭਵਨ ਸੁਝ ਪਏ, ਚਿੱਤ ਦੀ ਮੈਲ ਖੋਹੀ ਗਈ, ਇਹ ਸਭ ਕੁਝ ਸਾਧੂ ਦੀ ਸੰਗਤ ਦਾ ਹੀ ਫਲ ਹੈ ‘‘ਪਿੰਗੁਲ ਪਰਬਤ ਪਾਰਿ ਪਰੇ; ਖਲ ਚਤੁਰ ਬਕੀਤਾ ਅੰਧੁਲੇ, ਤ੍ਰਿਭਵਣ ਸੂਝਿਆ; ਗੁਰ ਭੇਟਿ ਪੁਨੀਤਾ ਮਹਿਮਾ ਸਾਧੂ ਸੰਗ ਕੀ; ਸੁਨਹੁ ਮੇਰੇ ਮੀਤਾ ! ਮੈਲੁ ਖੋਈ, ਕੋਟਿ ਅਘ (ਪਾਪ) ਹਰੇ; ਨਿਰਮਲ ਭਏ ਚੀਤਾ ਰਹਾਉ ’’ (ਬਿਲਾਵਲੁ, ਮਹਲਾ , ਪੰਨਾ ੮੦੯), ਇਹ ਹੈ ਉਹ ਬਚਨ, ਜੋ ਸ੍ਰੀ ਪੰਚਮ ਪਾਤਿਸ਼ਾਹ ਜੀ ਨੇ ਸੰਗਤ ਦੇ ਮੁਤਅੱਲਕ (ਸੰਗਤ ਪ੍ਰਤੀ) ਕੀਤਾ ਹੈ। ਹਜ਼ੂਰ ਨੇ ਇਹ ਵੀ ਫ਼ੁਰਮਾਇਆ ਹੈ ਕਿ ਸੱਚੀ ਸੰਗਤ ਵਿਚ ਬੈਠਣ ਨਾਲ ਹੀ ਸੱਚਾ ਨਾਮ ਤੇ ਮਨ ਨੂੰ ਧੀਰਜ ਪ੍ਰਾਪਤ ਹੁੰਦਾ ਹੈ, ‘‘ਸਚੀ ਸੰਗਤਿ ਬੈਸਣਾ; ਸਚਿ ਨਾਮਿ ਮਨੁ ਧੀਰ ’’ (ਸਿਰੀਰਾਗੁ, ਮਹਲਾ , ਪੰਨਾ ੬੯)

ਭਾਈ ਗੁਰਦਾਸ ਜੀ ਫ਼ੁਰਮਾਉਂਦੇ ਹਨ ਕਿ ਜਿਸ ਤਰ੍ਹਾਂ ਬਨਸਪਤੀ; ਚੰਦਨ ਦੀ ਵਾਸ ਲੈ ਕੇ ਚੰਦਨ ਹੋ ਜਾਂਦੀ ਹੈ, ਪਾਰਸ ਨਾਲ ਮਿਲ ਅੱਠ ਧਾਤਾਂ ਵੀ ਸੋਨਾ ਬਣ ਜਾਂਦੀਆਂ ਹਨ ਤੇ ਨਦੀਆਂ, ਨਾਲੇ ਗੰਗਾ ਨਾਲ ਮਿਲ ਪਵਿੱਤਰ ਹੋ ਜਾਂਦੇ ਹਨ, ਏਸੇ ਤਰ੍ਹਾਂ ਹੀ ਪਤਿਤ ਉੱਧਾਰਣ ਸਾਧ ਸੰਗਤ ਪਾਪਾਂ ਦੀ ਮੈਲ ਧੋ ਸੁੱਟਦੀ ਹੈ, ‘‘ਚੰਦਨ ਵਾਸ ਵਣਾਸਪਤਿ, ਸਭ ਚੰਦਨ ਹੋਵੈ ਅਸਟ ਧਾਤੁ ਇਕ ਧਾਤੁ ਹੋਇ, ਸੰਗਿ ਪਾਰਸਿ ਢੋਵੈ ਨਦੀਆ ਨਾਲੇ ਵਾਹੜੈ, ਮਿਲਿ ਗੰਗ ਗੰਗੋਵੈ ਪਤਿਤ ਉਧਾਰਣੁ ਸਾਧੁ ਸੰਗ, ਪਾਪਾਂ ਮਲੁ ਧੋਵੈ’’ (ਭਾਈ ਗੁਰਦਾਸ, ਵਾਰ , ਪਉੜੀ ੧੬)

ਸਤਿ ਪੁਰਸ਼ਾਂ ਨੇ ਸਤਿ ਸੰਗਤ; ਸਤਿ ਦੀ ਵੀਚਾਰ ਦੇ ਆਸਰੇ ਕਾਇਮ ਕੀਤੀ ਹੈ ਤੇ ਉਹਨਾਂ ਦੇ ਖ਼ਿਆਲ ਵਿਚ ਪ੍ਰੇਮ, ਸਤਿ, ਪ੍ਰਭੂ ਦਾ ਨਾਮ ਹੈ, ਇਸ ਲਈ ਸਤਿ ਸੰਗਤ ਸਹੀ ਅਰਥਾਂ ਵਿਚ ਉਸ ਨੂੰ ਹੀ ਕਹਿੰਦੇ ਹਨ, ਜਿੱਥੇ ਨਾਮ ਦਾ ਪਰਚਾਰ ਕੀਤਾ ਜਾਏ, ‘‘ਸਤਸੰਗਤਿ ਕੈਸੀ ਜਾਣੀਐ  ? ਜਿਥੈ ਏਕੋ ਨਾਮੁ ਵਖਾਣੀਐ ’’ (ਸਿਰੀਰਾਗੁ, ਮਹਲਾ , ਪੰਨਾ ੭੨)

ਭਾਈ ਨੰਦ ਲਾਲ ਜੀ ਫ਼ੁਰਮਾਉਂਦੇ ਹਨ ਕਿ ਉਹੀ ਇਕੱਠ ਚੰਗਾ ਹੈ, ਜੋ ਮੌਲਾ ਦੀ ਯਾਦ ਲਈ ਹੋਵੇ, ਜਿਸ ਦੀ ਬੁਨਿਆਦ; ਹੱਕ-ਸੱਚ ’ਤੇ ਰੱਖੀ ਜਾਏ। ਜੋ ਬੰਦਗੀ ਲਈ ਜੁੜੇ, ਉਸ ਤੋਂ ਹੀ ਜ਼ਿੰਦਗੀ ਮਿਲਦੀ ਹੈ :

ਆਂ ਹਜੂਮੇ ਬੇ ਕਿ ਬਹਿਰੇ ਯਾਦਿ ਓਸਤ, ਆਂ ਹਜੂਮੇ ਬੇ ਕਿ ਹਕ ਬੁਨਿਆਦ ਓਸਤ

ਆਂ ਹਜੂਮੇ ਬੇ ਕਿ ਬਹਿਰੇ ਬੰਦਗੀਸਤ, ਆਂ ਹਜੂਮੇ ਬੇ ਕਿ ਮਹਿੰਜੇ ਜ਼ਿੰਦਗੀਸਤ

ਸੰਗਤ ਦੇ ਵਰਤਾਰੇ ਵਿਚ ਮਨੋਬਿਰਤੀਆਂ ਦਾ ਮਸਲਾ ਇਕ ਖ਼ਾਸ ਗੱਲ ਹੈ। ਦੋ ਮਨ; ਜਦ ਇਕੱਠੇ ਮਿਲ ਬਹਿੰਦੇ ਹਨ ਤਾਂ ਇਕ ਦੂਸਰੇ ਦਾ ਅਸਰ ਕਬੂਲਦੇ ਹਨ। ਇਸ ਅਸਰ ਕਬੂਲਣ ਵਿਚ, ਜੋ ਵੀ ਦੂਜੇ ਨੂੰ ਆਪਣੇ ਨਾਲੋਂ ਵਿਸ਼ੇਸ਼ ਸਮਝ ਲਏ, ਉਹ ਮਗਰ ਲੱਗ ਤੁਰਦਾ ਹੈ। ਏਸੇ ਲਈ ਹੀ ਸਿਆਣਿਆਂ ਨੇ ਸੰਗਤ ਵਿਚ, ਸਨਿਮਰ (ਨਿਮਰਤਾ ਸਹਿਤ) ਜਾਣ ਦੀ ਸਲਾਹ ਦਿੱਤੀ ਹੈ। ਨਿਮਰਤਾ ਤੋਂ ਬਗ਼ੈਰ; ਮਨ ਸੰਗਤ ਦੇ ਗੁਣ ਘੱਟ ਗ੍ਰਹਿਣ ਕਰਦਾ ਹੈ। ਕਬੀਰ ਜੀ ਨੇ ਇਸ ਗੱਲ ਦਾ ਜ਼ਿਕਰ ਕਰਦਿਆਂ ਹੋਇਆਂ, ਚੰਦਨ ਤੇ ਬਾਂਸ ਦਾ ਪ੍ਰਮਾਣ ਦਿੱਤਾ ਹੈ। ਆਪ ਕਹਿੰਦੇ ਹਨ ਕਿ ਜਿੱਥੇ ਤਮਾਮ ਬਨਸਪਤੀ, ਚੰਦਨ ਤੋਂ ਖ਼ੁਸ਼ਬੂ ਲੈਂਦੀ ਹੈ, ਉਥੇ ਨਜ਼ਦੀਕ ਖੜੋਤਾ ਹੋਇਆ ਬਾਂਸ, ਆਪਣੀ ਉੱਚ ਦੇ ਅਭਿਮਾਨ ਤੇ ਅੰਦਰਲੇ ਪੁਲਾੜ ਕਰਕੇ ਚੰਦਨ ਦੀ ਸੰਗਤ ਤੋਂ ਸੁਗੰਧੀ ਨਹੀਂ ਲੈ ਸਕਦਾ, ‘‘ਕਬੀਰ  ! ਬਾਂਸੁ ਬਡਾਈ ਬੂਡਿਆ; ਇਉ ਮਤ ਡੂਬਹੁ ਕੋਇ ਚੰਦਨ ਕੈ ਨਿਕਟੇ ਬਸੈ; ਬਾਂਸੁ ਸੁਗੰਧੁ ਹੋਇ ’’ (ਭਗਤ ਕਬੀਰ ਜੀ, ਪੰਨਾ ੧੩੬੫)

ਮਨੁੱਖ ਨੂੰ ਇਸ ਤੋਂ ਸਬਕ ਲੈਣਾ ਚਾਹੀਦਾ ਹੈ ਤੇ ਅਭਿਮਾਨ ਕਰ, ਸੰਗਤ ਦੇ ਲਾਭ ਤੋਂ ਵਿਰਵਾ (ਬਾਂਝਾ) ਨਹੀਂ ਰਹਿਣਾ ਚਾਹੀਦਾ। ਹਾਂ, ਇਸ ਵਿਚ ਕੋਈ ਸ਼ੱਕ ਨਹੀਂ ਕਿ ਸੰਗਤ ਨੂੰ ਮਨ ਦੇਣ ਤੋਂ ਪਹਿਲਾਂ ਇਹ ਵਿਚਾਰ ਲੈਣਾ ਚਾਹੀਦਾ ਹੈ ਕਿ ਉਹ ਸੰਗਤ ਅਸਲ ਵਿਚ ਕੁਝ ਉਚੇਰੇ ਗੁਣਾਂ ਦੇ ਆਸਰੇ ਕਾਇਮ ਹੈ ਕਿ ਨਹੀਂ; ਕਿਉਂਕਿ ਇਹ ਜ਼ਰੂਰੀ ਨਹੀਂ ਕਿ ਹਰ ਸ਼ੈਅ ਜਿਹੜੀ ਚਮਕੇ ਉਹ ਲਾਲ ਹੀ ਹੋਵੇ ਜਾਂ ਹਰ ਮਿਠਬੋਲਾ ਆਦਮੀ ਬਚਨ ਨੂੰ ਪਾਲ ਸਕੇ, ਹਰ ਚੀਜ਼ ਜੋ ਚਮਕੇ, ਸਦਾ ਲਾਲ ਨਹੀਂ ਹੁੰਦੀ ਮਿਠੇ ਬੋਲ ਜੋ ਬੋਲੇ, ਪ੍ਰਣ ਪਾਲ ਨਹੀਂ ਹੁੰਦੀ‘ਪ੍ਰਣ ਪਾਲ’ ਤੋਂ ਭਾਵ ਹੈ ਪੂਰਾ ਉਤਰਨਾ।

ਕਈ ਵੇਰ ਤਪਦੇ ਹੋਏ ਮਾਰੂਥਲ; ਮਾਸੂਮ ਮਿਰਗਾਂ ਨੂੰ ਨਿਰਮਲ ਨੀਰ ਦੇ ਤਾਲਾਬ ਨਜ਼ਰ ਆਉਂਦੇ ਹਨ। ਏਸੇ ਤਰ੍ਹਾਂ ਬਹੁਤ ਸਾਰੇ ਗੁਣਗਰਾਹੀ ਸਹਿਬਲ ਹੋਏ ਅਜਿਹੀ ਸੰਗਤ ’ਤੇ ਵੀ ਭਰਮ ਜਾਂਦੇ ਹਨ, ਜੋ ਅਗਲੇ ਗੁਣਾਂ ਨੂੰ ਵੀ ਲੈ ਬਹੇ। ਕਾਬਲ ਦਾ ਮਸ਼ਹੂਰ ਜਰਨੈਲ ਬਾਈਆਜ਼ੀਦ ਖ਼ਾਨ ਵੈਰਾਗ ਦੀ ਠੋਕਰ ਖਾ ਸਾਧੂ ਬਣ ਗਿਆ ਤੇ ਸੰਪਰਦਾ ਦੇ ਨਾਮ ’ਤੇ ਭੁੱਲ ਕੇ ਬੈਰਾਗੀਆਂ ਨਾਲ ਜਾ ਰਲਿਆ। ਨਾਮ ਦੇ ਬੈਰਾਗੀ, ਜੋ ਅਸਲ ਵਿਚ ਮੰਗ-ਖਾਣੇ, ਕਰਮ-ਯੋਗ-ਹੀਣ ਮਨੁੱਖਾਂ ਦਾ ਇਕ ਟੋਲਾ ਸੀ, ਬਹੁਤ ਸਾਰਾ ਸੋਨੇ ਦਾ ਸਾਜ਼ੋ-ਸਾਮਾਨ ਕੋਲ ਰੱਖਦਾ ਸੀ। ਇਕ ਰਾਤ ਉਨ੍ਹਾਂ ’ਤੇ ਡਾਕਾ ਪਿਆ। ਮਾਲ ਜਾਂਦਾ ਰਿਹਾ ਤੇ ਧਨੀ ਬੈਰਾਗੀ ਸਾਧਾਂ ਦੇ ਲੁੱਟੇ ਜਾਣ ਦੀ ਖ਼ਬਰ ਸੁਣ ਕੇ ਸਮੇਂ ਦੀ ਪੁਲੀਸ ਤਹਿਕੀਕਾਤ ਲਈ ਆਈ। ਪੁਲੀਸ ਦੇ ਵੱਡੇ ਅਫ਼ਸਰ ਨੇ ਜਦੋਂ ਪੁੱਛ-ਗਿਛ ਕਰਦਿਆਂ ਹੋਇਆਂ, ਇਸ ਗੋਰੇ ਰੰਗ ਦੇ ਬੁਜ਼ੀਦੇ ਨਾਮੀ ਸਾਧੂ ਨੂੰ ਦੇਖਿਆ, ਤਾਂ ਉਸ ਨੂੰ ਸਾਧੂ ਦੇ ਬਾਈਆਜ਼ੀਦ ਖ਼ਾਨ ਹੋਣ ਦਾ ਸ਼ੱਕ ਪਿਆ, ਜੋ ਪੜਤਾਲ ਕਰਨ ’ਤੇ ਸੱਚ ਨਿਕਲਿਆ। ਅਫ਼ਸਰ ਨੇ ਹੈਰਾਨ ਹੋ ਕੇ ਕਿਹਾ, ‘ਨਾਮੀ ਸੂਰਮੇ ਜਰਨੈਲ ਬਾਈਆਜ਼ੀਦ ਖ਼ਾਨ ਦੇ ਹੁੰਦੇ ਹੋਇਆਂ, ਡਾਕੂਆਂ ਨੂੰ ਸਾਧਾਂ ’ਤੇ ਡਾਕਾ ਮਾਰਨ ਦਾ ਹੌਸਲਾ ਕਿਸ ਤਰ੍ਹਾਂ ਪਿਆ ?’ ਬਜ਼ੀਦੇ ਨੇ ਲੱਜਾਅ ਕੇ ਕਿਹਾ, ‘ਜਦੋਂ ਮੈਂ ਪਠਾਣ-ਪੁੱਤਰ ਸਾਂ, ਦਸਤਿਆਂ ਦੇ ਮੂੰਹ ਮੋੜ ਦੇਣਾ ਮੇਰਾ ਕੰਮ ਸੀ, ਪਰ ਜਦੋਂ ਦਾ ਸਾਧਾਂ ਦੀ ਸੰਗਤ ਵਿਚ ਬੈਠਾ ਹਾਂ, ਇਕ ਤੀਲਾ ਵੀ ਨਹੀਂ ਟੁੱਟਦਾ’, ਜਬ ਹੁਤੇ ਪੂਤ ਅਫ਼ਗ਼ਾਨ ਕੇ, ਦੇਤੇ ਦਸਤੇ ਮੋੜ ਅਬ ਸਰਨ ਗਹੀ ਰਘੁਨਾਥ ਕੀ, ਸਕੇ ਨਾ ਤਿਨਕਾ ਤੋੜ

ਨਿਰਾ ਨਾਮ ਵੇਖ ਕੇ ਤੇ ਸੰਗਤ ਦੀ ਅਸਲੀਅਤ ਨੂੰ ਨਾ ਪਛਾਣਨ ਕਰਕੇ ਖ਼ਾਨ ਵਿਚਾਰਾ ਖ਼ਾਨਦਾਨੀ ਜੌਹਰ ਬੀਰਤਾ ਨੂੰ ਵੀ ਖੋ ਬੈਠਾ। ਇਸ ਦੇ ਐਨ ਉਲਟ, ਜੇ ਸੁਭਾਗ-ਵੱਸ ਸਹੀ ਸੰਗਤ ਪ੍ਰਾਪਤ ਹੋ ਜਾਏ, ਤਾਂ ਗਵਾਚੇ ਹੋਏ ਗੁਣ ਫਿਰ ਲੱਭ ਪੈਂਦੇ ਹਨ। ਪਠਾਣ ਬਾਈਆਜ਼ੀਦ ਖ਼ਾਨ ਵਾਂਗ ਹੀ, ਬੀਰ ਰਾਜਪੂਤ ਲਛਮਣ ਦਾਸ ਵੀ ‘ਮਾਧੋ ਦਾਸ ਬੈਰਾਗੀ’ ਬਣ ਬੀਰਤਾ ਨੂੰ ਖੋ ਚੁੱਕਾ ਸੀ। ਜਦੋਂ ਪੂਰਬਲੇ ਕਰਮਾਂ ਦੇ ਅੰਕੁਰ ਫੁੱਟੇ ਤਾਂ ਰਸਕ ਬੈਰਾਗੀ (ਗੁਰੂ ਗੋਬਿੰਦ ਸਿੰਘ) ਪੁਰਖ ਮਿਲੇ, ‘‘ਪੂਰਬ ਕਰਮ ਅੰਕੁਰ ਜਬ ਪ੍ਰਗਟੇ; ਭੇਟਿਓ ਪੁਰਖੁ ਰਸਿਕ ਬੈਰਾਗੀ ’’ (ਗਉੜੀ, ਮਹਲਾ , ਪੰਨਾ ੨੦੪)

ਬੈਰਾਗੀ ਸਿੱਧ ਮਾਧੋ ਦਾਸ, ਆਸ਼ਰਮ (ਨਾਦੇੜ ਸਾਹਿਬ) ਵਿਚ ਬੱਕਰੇ ਝਟਕਾਏ ਜਾਣ ਦੀ ਗੱਲ ਸੁਣ ਕੇ ਰੋਹ ਭਰਿਆ, ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਆਣ ਖਲੋਤਾ। ਨੂਰੀ ਨੈਣਾਂ ਵਿਚ ਨੈਣ ਪਏ, ਨੇਹੁੰ ਜਾਗਿਆ, ਸਤਿਗੁਰਾਂ ਦਾ ਬੰਦਾ ਹੋਇਆ, ਸੁੱਤੀ ਹੋਈ ਬੀਰਤਾ ਜਾਗ ਪਈ ਤੇ ਜਾਗੀ ਵੀ ਨਵੇਂ ਰੂਪ ਵਿਚ। ਜਿਸ ਤਰ੍ਹਾਂ ਥੱਕਿਆ ਹੋਇਆ ਮਨੁੱਖ ਸੌਂ ਕੇ ਤਾਜ਼ਾ ਹੋ ਉਠਦਾ ਹੈ, ਉਦਾਂ ਹੀ ਬੰਦੇ ਵਿਚ ਬੀਰਤਾ ਨਵ-ਜੀਵਨ ਲੈ ਉਠੀ, ਤੇ ਬੱਕਰੇ ਦੇ ਖ਼ੂਨ ਨੂੰ ਵੇਖ ਘਬਰਾ ਉੱਠਣ ਵਾਲਾ ਬੈਰਾਗੀ, ਮਹਾਂਬੀਰ ਬੰਦਾ ਸਿੰਘ ਬਹਾਦਰ ਹੋ ਚਮਕਿਆ।

ਸੰਗਤ ਦਾ ਲਾਭ ਲੈਣ ਲਈ ਜਗਿਆਸੂ ਦਾ ਭਾਵੇਂ ਸਨਿਮਰ ਹੋਣਾ ਬੜਾ ਜ਼ਰੂਰੀ ਹੈ, ਪਰ ਕਈ ਹਾਲਤਾਂ ਵਿਚ ਭਾਗ ਅਜੇਹੀਆਂ ਹਸਤੀਆਂ ਨਾਲ ਮਿਲਾ ਦੇਂਦੇ ਹਨ, ਜਿਨ੍ਹਾਂ ਦਾ ਪ੍ਰਭਾਵ ਇਤਨਾ ਤੀਬਰ ਹੁੰਦਾ ਹੈ ਕਿ ਉਹ ਆਉਣ ਵਾਲੇ ਦੇ ਸੁਭਾਅ ਤੋਂ ਬੇ-ਪ੍ਰਵਾਹ ਰਹਿ ਫ਼ੈਜ਼ (ਲਾਭ) ਪਹੁੰਚਾ ਦੇਂਦੀਆਂ ਹਨ। ਜਿਸ ਤਰ੍ਹਾਂ ਸੂਰਜ ਦੀ ਤ੍ਰਿਖੀ ਕਿਰਨ ਬਰਫ਼ ਦੇ ਠੰਢੇ ਮਨ ਨੂੰ ਨਿੱਘ ਦੇਂਦੀ ਹੈ; ਉਹੀ ਹਾਲਤ/ਦਸ਼ਾ, ਇਹਨਾਂ ਮਹਾਂਪੁਰਖਾਂ ਦੀ ਮਿਹਰ ਦੀ ਹੁੰਦੀ ਹੈ। ਪੌਰਾਣਿਕ ਨਿਸ਼ਚਾ ਹੈ ਕਿ ਕੰਸ ਨੇ ਕ੍ਰਿਸ਼ਨ ਨਾਲ ਤੇ ਰਾਵਣ ਨੇ ਰਾਮ ਨਾਲ ਕੇਵਲ ਇਸ ਲਈ ਦੁਸ਼ਮਣੀ ਪਾਈ ਸੀ ਕਿ ਉਹਨਾਂ ਦੇ ਹੱਥੋਂ ਮਰਨ ਲੱਗਿਆਂ ਦਰਸ਼ਨਾਂ ਦੇ ਲਾਭ ਵਜੋਂ ਮੁਕਤੀ ਪ੍ਰਾਪਤ ਹੋ ਜਾਏਗੀ। ਪੌਰਾਣਿਕ ਮਨੌਤਾਂ ਤੋਂ ਬਿਨਾਂ ਵਾਕਿਆਤ ਦੀ ਦੁਨੀਆ ਵਿਚ ਅਜਿਹੇ ਪ੍ਰਮਾਣ ਬਹੁਤ ਮਿਲਦੇ ਹਨ। ਇਸਲਾਮੀ ਦੁਨੀਆ ਦਾ ਮਸ਼ਹੂਰ ਖ਼ਲੀਫ਼ਾ ਉਮਰ, ਘਰੋਂ ਮੁਹੰਮਦ ਸਾਹਿਬ ਨੂੰ ਕਤਲ ਕਰਨ ਦੇ ਇਰਾਦੇ ਨਾਲ ਤਲਵਾਰ ਲੈ ਤੁਰਿਆ ਸੀ, ਪਰ ਉਹਨਾਂ ਦੀ ਸ਼ੁਭ ਸੰਗਤ ਦਾ ਫਲ ਇਹ ਹੋਇਆ ਕਿ ਉਹ ਇਕ ਦਿਨ, ਕੁਲ ਮੁਸਲਮਾਨਾਂ ਦਾ ਸਰਦਾਰ ਤੇ ਮਸ਼ਹੂਰ ਆਦਿਲ ਖ਼ਲੀਫ਼ਾ ਉਮਰ ਹੋ ਗਿਆ।

ਸੰਗਲਾਦੀਪ ਦੇ ਰਾਜ ਮਹੱਲ ਵਿਚ ਦਿਨ ਛਿਪਦਿਆਂ ਤੋਂ ਹੀ ਰੌਣਕਾਂ ਹੋ ਰਹੀਆਂ ਸਨ। ਰੰਗ ਬਰੰਗੇ ਫ਼ਾਨੂਸਾਂ (ਸ਼ੀਸ਼ੇ ਦੀਆਂ ਮ੍ਰਿਦੰਗਾਂ, ਜਿਸ ਵਿੱਚ ਮੌਮਬੱਤੀਆਂ ਜਲਾਉਂਦੇ ਹਨ) ਨਾਲ ਕਮਰੇ ਜਗਮਗਾ ਉੱਠੇ। ਸੁਨਹਿਰੀ ਚਿੱਤਰਕਾਰੀ ਸਹਿਤ ਬਣੀਆਂ ਹੋਈਆਂ ਦੀਵਾਰਾਂ ’ਤੇ ਕਿਰਨਾਂ ਪੈ ਪੈ ਚਾਨਣ ਨੂੰ ਦੁਬਾਲਾ ਕਰ (ਹੋਰ ਵਧਾ) ਰਹੀਆਂ ਸਨ। ਸੁਰ ਹੋਏ ਸਾਜ਼ ਵੱਜ ਰਹੇ ਸਨ, ਕਮਾਂ, ਕੰਬਲਾ ਨਾਇਕਾਂ ਨਿਰਤ ਕਰ ਰਹੀਆਂ ਸਨ ਤੇ ਮ੍ਰਿਗ ਨੈਣੀ, ਚੰਦ੍ਰ ਮੁਖੀਆਂ ਅੰਗੂਰੀ ਸ਼ਰਾਬ ਦੇ ਜਾਮ ’ਤੇ ਜਾਮ, ਸੁਨਹਿਰੀ ਪਲੰਘ ’ਤੇ ਰੇਸ਼ਮੀ ਗਦੇਲਿਆਂ ਉੱਪਰ ਫੁੱਲ-ਪੱਤੀਆਂ ਦੀ ਵਿਛੀ ਹੋਈ ਸੇਜਾ ’ਤੇ ਲੇਟੇ ਰਾਜਾ ਸ਼ਿਵਨਾਭ ਨੂੰ ਪਿਲਾ ਰਹੀਆਂ ਸਨ। ਇਹ ਨਾਚ ਗਾਣੇ ਤੇ ਨਸ਼ੇ, ਸਭ ਯਤਨ ਰਾਜੇ ਦਾ ਮਨ ਪਰਚਾਉਣ ਲਈ ਸਨ, ਜੋ ਕਿਸੇ ਭਾਰੇ ਗ਼ਨੀਮ ਦੀ ਆਪਣੇ ਦੇਸ਼ ’ਤੇ ਚੜ੍ਹਾਈ ਦੀ ਖ਼ਬਰ ਸੁਣ ਬੇਚੈਨ ਹੋ ਰਿਹਾ ਸੀ। ਰਾਤ ਅੱਧੀਓਂ ਟੁਟ ਗਈ, ਨੀਂਦ ਨੇ ਜ਼ੋਰ ਪਾਇਆ, ਨਿੰਦਰਾਵੇ ਰਾਗੀਆਂ ਦੇ ਰਾਗ ਸਾਜ਼ਾਂ ’ਤੇ ਥਿਰਕਣ ਲਗੇ, ਨਿਰਤਕਾਰਾਂ ਨੂੰ ਤਾਲ ਉਕਣ ਤੇ ਸਾਕੀ ਦੇ ਰੰਗੀਲੇ ਹੱਥਾਂ ਤੋਂ ਜਾਮ ਢਹਿਣ ਲਗੇ, ਸਾਰੀ ਮਹਿਫ਼ਲ ਊਂਘਣ ਲਗ ਪਈ, ਪਰ ਰਾਜੇ ਨੂੰ ਨੀਂਦਰ ਕਿੱਥੇ ? ਚਿੰਤਾਤੁਰ ਮਨ ਕੀ ਤੇ ਸੌਣਾ ਕੀ  ! ਉਹ ਬਾਰ ਬਾਰ ਕਰਵਟਾਂ ਬਦਲਦਾ। ਉਸ ਦੀ ਹਾਲਤ ਕਬਾਬ (ਭੁੰਨੇ ਮਾਸ) ਦੀ ਸੀਖ ਵਰਗੀ ਸੀ, ਜਿਸ ਦੇ ਪਾਸੇ ਘੜੀ ਮੁੜੀ ਭੁੰਨਣ ਵਾਲਾ ਅੰਗਾਰਾਂ ’ਤੇ ਪਲਟਾਂਦਾ ਹੈ, ਕਬਾਬ ਸੀਖ ਹੈਂ ਹਮ, ਕਰਵਟੇਂ ਹਰ ਸੂ ਬਦਲਤੇ ਹੈਂ ਜੋ ਜਲ ਜਾਤਾ ਹੈ ਯਿਹ ਪਹਿਲੂ, ਤੋ ਵੁਹ ਪਹਿਲੂ ਬਦਲਤੇ ਹੈਂ

ਜਦ ਰਾਜੇ ਦੇ ਸਭ ਸਨੇਹੀ ਸੌਂ ਗਏ ਤਾਂ ਉਸ ਦੇ ਕੰਨਾਂ ਵਿਚ ਇਕ ਸ਼ਾਂਤ ਤੇ ਰਸ-ਭਿੰਨੀ ਸੱਦ ਪਈ। ਇਹ ਦੂਰੋਂ ਕਿਸੇ ਦੇ ਗਾਉਣ ਦੀ ਅਵਾਜ਼ ਆ ਰਹੀ ਸੀ। ਰਾਜੇ ਨੂੰ ਸਮਝ ਤਾਂ ਕੋਈ ਨਾ ਆਈ, ਪਰ ਸੁਆਦ ਬਹੁਤ ਆਇਆ। ਦਰਵਾਜ਼ੇ ’ਤੇ ਖੜ੍ਹੇ ਸਿਪਾਹੀ ਨੂੰ ਬੁਲਾ ਕੇ ਪੁੱਛਣ ਲੱਗਾ, ‘ਇਹ ਕਿਸ ਦੇ ਗਾਉਣ ਦੀ ਅਵਾਜ਼ ਹੈ ?’ ਪਹਿਰੇਦਾਰ ਨੇ ਕਿਹਾ, ‘ਉਸ ਕੈਦੀ ਦੀ, ਜਿਸ ਨੂੰ ਅੱਜ ਹੀ ਸਰਕਾਰ ਦੇ ਹੁਕਮ ਨਾਲ ਬੰਦੀਖ਼ਾਨੇ ਵਿਚ ਸੁੱਟਿਆ ਗਿਆ ਹੈ।’ ਰਾਜੇ ਨੇ ਹੈਰਾਨ ਹੋ ਕੇ ਕਿਹਾ, ‘ਇਹ ਕੈਦੀ ਗਾ ਰਿਹਾ ਹੈ ! ਤਹਿਖ਼ਾਨੇ ਦੀ ਅੰਧੇਰੀ ਕੋਠੜੀ ਵਿਚ ਬੰਨ੍ਹ ਕੇ ਸੁਟੇ ਹੋਏ ਕੈਦੀ ਨੂੰ ਗਾਣਾ ਸੂਝ ਰਿਹਾ ਹੈ ! ਪੱਥਰ ਦਾ ਠੰਢਾ ਫ਼ਰਸ਼ ਤੇ ਮੱਛਰਾਂ ਦੇ ਡੰਗ, ਉਸ ਦੇ ਗੀਤਾਂ ਵਿਚ ਕੋਈ ਰੋਕ ਨਹੀਂ ਪਾਉਂਦੇ ? ਮੇਰੇ ਸਾਹਮਣੇ ਹਾਜ਼ਰ ਕਰੋ।’ ਕੈਦੀ ਲਿਆਂਦਾ ਗਿਆ। ਰਾਜੇ ਦੇ ਹੁਕਮ ਨਾਲ ਹੀ ਇਕਾਦਸ਼ੀ ਦਾ ਬਰਤ ਨਾ ਰੱਖਣ ਕਰਕੇ, ਇਸ ਰਾਜ-ਧਰਮ ਵਿਰੋਧੀ (ਲਾਹੌਰ ਨਿਵਾਸੀ ਗੁਰੂ ਨਾਨਕ ਜੀ ਦਾ ਸਿੱਖ ਭਾਈ ਮਨਸੁੱਖ, ਜੋ ਵਪਾਰ ਕਰਨ ਸ੍ਰੀਲੰਕਾ/ਸੰਗਲਾਦੀਪ ਗਿਆ ਸੀ) ਨੂੰ, ਅੱਜ ਬੰਦੀਖ਼ਾਨੇ ਦੀ ਸਖ਼ਤ ਕੈਦ ਵਿਚ ਪਾ ਦਿੱਤਾ ਗਿਆ ਸੀ। ਰਾਜੇ ਦਾ ਦਵੈਸ਼-ਭਰਿਆ ਦਿਲ, ਬੰਦੀਵਾਨ ਨੂੰ ਤੱਕਦਿਆਂ ਹੀ ਕੁਝ ਰਸ ਅਨੁਭਵ ਕਰਨ ਲੱਗ ਪਿਆ। ਉਸ ਤੋਂ ਪੁੱਛਿਆ ਸੁ, ‘ਮੇਰੇ ਗਿਰਦ ਸਾਰੇ ਸੁਖ ਦੇ ਸਾਮਾਨ ਹਨ, ਰਾਜ ਹੈ, ਜਵਾਨੀ ਹੈ, ਜੋਬਨ ਵੰਤ, ਨਿਰਤਕਾਰ ਤੇ ਗਾਉਣ ਵਾਲੀਆਂ ਮਨ ਪਰਚਾਉਣ ਨੂੰ ਤੇ ਰੰਗਲੇ ਸਾਕੀ ਜਾਮ ਪਿਲਾਉਣ ਨੂੰ ਹਨ, ਪਰ ਚਿੰਤਾਤੁਰ ਮਨ ਨੂੰ ਕੁਝ ਸੁਆਦ ਨਹੀਂ ਆਉਂਦਾ, ਪਰ ਤੂੰ ਤਹਿਖ਼ਾਨੇ ਦੇ ਪਥਰੀਲੇ ਠੰਢੇ ਫ਼ਰਸ਼ ’ਤੇ ਪਿਆ, ਮੱਛਰਾਂ ਦੀ ਘੂੰ ਘੂੰ ਵਿਚ ਕਿਸ ਤਰ੍ਹਾਂ ਗਾ ਰਿਹਾ ਹੈਂ  ?’ ਇਹ ਕੋਈ ਸਵਾਲ ਨਹੀਂ ਸੀ, ਚਿੰਤਾਤੁਰ ਮਨ ਨੂੰ ਭਾਈ ਮਨਸੁੱਖ ਦੀ ਸੰਗਤ ਪ੍ਰਾਪਤ ਹੋ ਰਹੀ ਸੀ, ਜਿਸ ਨੇ ਆਪਣਾ ਪੂਰਾ ਫ਼ੈਜ਼ (ਨਫ਼ਾ) ਪਹੁੰਚਾਇਆ ਤੇ ਇੱਕ ਦਿਨ ਗੁਰੂ ਨਾਨਕ ਨਾਲ ਜੋੜ, ਪੂਰਨ ਪਦਵੀ ਦਿਵਾ ਗਈ।

ਸੰਗਤ, ਕਈ ਵੇਰ ਸੁਪਨੇ ਵਿਚ ਕੀਤੀ ਹੋਈ ਭੀ ਫਲ ਦੇ ਜਾਂਦੀ ਹੈ। ਈਸਾਈਆਂ ਦੇ ਮਸ਼ਹੂਰ ਸੰਤ ਸੇਂਟ ਪਾਲ ਨੂੰ ਈਸਾ ਜੀ ਦੀ ਸੰਗਤ ਸੁਪਨੇ ਵਿਚ ਹੀ ਪ੍ਰਾਪਤ ਹੋਈ ਸੀ। ਜਦੋਂ ਕੱਟੜ ਮਜ਼੍ਹਬੀ ਯਹੂਦੀ ‘ਸਾਲ’; ਈਸਾਈਆਂ ਨੂੰ ਮੁਕਾਉਣ ਦੇ ਖ਼ਿਆਲ ਨਾਲ ਆਪਣੇ ਘਰੋਂ ਨਿਕਲਿਆ ਤੇ ਕਈ ਮਾਸੂਮਾਂ ਨੂੰ ਪਕੜ ਕੇ ਕਤਲ ਕਰ ਚੁੱਕਾ ਸੀ ਤਾਂ ਮਸੀਹ ਉਸ ਨੂੰ ਸੁਪਨੇ ਵਿਚ ਮਿਲੇ ਤੇ ਉਨ੍ਹਾਂ ਨੇ ਅਜਿਹਾ ਪਲਟਾ ਦਿੱਤਾ ਕਿ ਕਾਤਲ ‘ਸਾਲ’ ਤੋਂ ਸੰਤ ਸੇਂਟ ਪਾਲ ਬਣ ਗਿਆ।

ਇਸ ਸੁਪਨੇ ਦੀ ਸੰਗਤ ਨੂੰ ਬੜਾ ਸਲਾਹਿਆ ਗਿਆ ਹੈ। ਕਵਿਤਾ ਦੇ ਮਹਾਨ ਉਡਾਰੂਆਂ ਨੇ ਇਸ ਉੱਤੇ ਆਪਣੇ ਖ਼ਿਆਲ ਲਿਖੇ ਹਨ। ਪੀਆ ਬਦੇਸ਼ ਚਲੇ ਗਏ ਹਨ, ਕੋਈ ਸੰਦੇਸ਼ਾ ਵੀ ਨਹੀਂ ਆਇਆ, ਨਾ ਚਿੱਠੀ ਆਈ ਨਾ ਮੂਰਹਤ, ਇਹ ਤੇ ਕਿਤੇ ਰਿਹਾ, ਕਾਂ ਵੀ ਬਨੇਰੇ ’ਤੇ ਨਹੀਂ ਬਹਿੰਦਾ, ਮੌਤ ਵੀ ਨਹੀਂ ਆਉਂਦੀ, ਜੋਤਸ਼ੀ ਵੀ ਵਿਹੜੇ ਪੈਰ ਨਹੀਂ ਪਾਉਂਦਾ। ਹੁਣ ਤਾਂ ਨੀਂਦ ਤੇਰੇ ’ਤੇ ਹੀ ਭਰੋਸਾ ਹੈ, ਜੇ ਭਾਗ ਭਰੀਏ ਤੂੰਹੀਏਂ ਆਵੇਂ ਤਾਂ ਸ਼ਾਇਦ ਦਰਸ਼ਨ ਹੋ ਜਾਵਣ :

ਜਾਂ ਦਿਨ ਤੇ ਪੀਆ ਨੇ ਬੇਦੇਸ਼ ਕੋ ਗਵਨ ਕੀਨਾ, ਤਾ ਦਿਨ ਤੇ ਵਹਾਂ ਤੇ ਸੰਦੇਸਰੋ ਨਾ ਆਇਓ ਕੋਇ

ਪਾਈ ਨਹਿ ਪਾਤੀ ਨਹਿ ਚਿਤ੍ਰਕਾਰ ਆਇਓ ਕੋਇ, ਮਾਨੁਖ ਕੀ ਕੀ ਕਹਾਂ, ਨਾ ਬੰਨੇਰੇ ਬੈਠਾ ਕਾਗ ਕੋਇ

ਕਾਲਹੂ ਨਾ ਆਵੇ, ਮੌਤ ਦਰਸ ਨਾ ਦਿਖਾਵੇ, ਸਖੀ ਜੋਤਸ਼ੀ ਨਾ ਆਵੇ ਜਾਂ ਤੇ ਪੂਛੋ ਕਬ ਆਵੇ ਜੋਇ

ਆਉ ਹੀ ਸੁਭਾਗਵਾਨ ਨੀਂਦਰੀਏ ! ਤੂੰ ਹੀ ਆਓ, ਸੁਪਨੇ ਮੇਂ ਮਤ ਭਲਾ ਮੋਹਨਾ ਦਰਸ ਹੋਇ

ਸੁਪਨੇ ਤੋਂ ਬਗ਼ੈਰ ਖ਼ਿਆਲਾਂ ਦੀ ਸੰਗਤ ਵੀ ਬੜੀ ਮਹਾਨਤਾ ਰੱਖਦੀ ਹੈ। ਪੁਸਤਕ ਦੇ ਪਾਠ ਤੇ ਨਿਤਨੇਮ, ਏਸੇ ਹੀ ਸੰਗਤ ਦਾ ਦੂਸਰਾ ਨਾਮ ਹੈ। ਸੰਸਾਰ ਦੀਆਂ ਭਾਰੀਆਂ ਭਾਰੀਆਂ ਪੁਸਤਕਾਲਾਵਾਂ (ਲਾਇਬ੍ਰੇਰੀਆਂ) ਬਣਾਣੀਆਂ, ਉਨ੍ਹਾਂ ਲਈ ਕਿਤਾਬਾਂ ਲਿਖਣੀਆਂ, ਛਾਪਣ ਦੇ ਸਾਧਨ ਕਰਨੇ ਸੰਸਾਰ ਦਾ ਕਿੱਡਾ ਭਾਰਾ ਕੰਮ ਹੈ, ਪਰ ਇਹ ਸਭ ਕੁਝ ਮਨੁੱਖ ਖ਼ੁਸ਼ੀਓ ਖ਼ੁਸ਼ੀ ਕਰਦੇ ਹਨ। ਕਿਉਂ ਜੋ ਇਹਨਾਂ ਲਾਇਬ੍ਰੇਰੀਆਂ ਦੀ ਰਾਹੀਂ ਹੀ ਮਨੁੱਖ ਉਚੇਰੇ ਖ਼ਿਆਲਾਂ ਦੀ ਸੰਗਤ ਕਰ ਸਕਦਾ ਹੈ। ਇਹੀ ਕਾਰਨ ਹੈ, ਮੁਹੱਜ਼ਬ ਦੁਨੀਆ ਵਿਚ ਭਾਰੇ ਸੰਗਰਾਮਾਂ ਦੇ ਬਾਅਦ ਭੀ ਹਾਰ ਗਏ। ਦੁਸ਼ਮਣ ਦੀਆਂ ਲਾਇਬ੍ਰੇਰੀਆਂ ਦੀ ਹਿਫ਼ਾਜ਼ਤ ਕਰਨਾ ਸੱਭਯ ਕੌਮਾਂ ਦਾ ਪਹਿਲਾ ਕਰਤੱਵ ਹੁੰਦਾ ਹੈ। ਆਤਮ ਮੰਡਲ ਵਿਚ ਵੀ ਸੰਤਾਂ ਦੇ ਬਚਨਾਂ ਦੀ ਸੰਗਤ ਕਰਨੀ ਜ਼ਰੂਰੀ ਕਰਾਰ ਦਿੱਤੀ ਗਈ ਹੈ। ਗੀਤਾ ਦਾ ਪਾਠ, ਕੁਰਾਨ ਦੀ ਤਿਲਾਵਤ, ਗੁਰਬਾਣੀ ਦੇ ਦਰਸ਼ਨ, ਹਰ ਧਾਰਮਿਕ ਖ਼ਿਆਲਾਂ ਦੇ ਹਿੰਦੂ, ਮੁਸਲਮਾਨ ਤੇ ਸਿੱਖ ਲਈ ਰੋਜ਼ਾਨਾ ਫ਼ਰਜ਼ ਕਰਾਰ ਦਿਤੇ ਗਏ ਹਨ। ਸਿੱਖੀ ਵਿਚ ਤਾਂ ਇਸ ਨੂੰ ਇਤਨਾ ਅਪਣਾਇਆ ਗਿਆ ਹੈ ਕਿ ਹਰ ਸਿਖ ਰੋਜ਼ ਇਸ ਈਮਾਨ ਨੂੰ ਦੁਹਰਾਂਦਾ ਹੈ ਕਿ ਅਕਾਲ ਪੁਰਖ ਦੀ ਆਗਿਆ ਨਾਲ ਪੰਥ ਚੱਲਿਆ ਹੈ। ਸਭ ਸਿੱਖਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਣਾ ਹੁਕਮ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨੋ, ਇਹੋ ਗੁਰੂ ਦੀ ਪ੍ਰਗਟ ਦੇਹ ਹੈ। ਜੋ ਗੁਰੂ ਨੂੰ ਮਿਲਣਾ ਚਾਹੁੰਦਾ ਹੈ, ਸ਼ਬਦ ਵਿਚੋਂ ਲੱਭ ਲਵੇ, ਆਗਿਆ ਭਈ ਅਕਾਲ ਕੀ; ਤਬੀ ਚਲਾਇਓ ਪੰਥ ਸਭ ਸਿਖਨ ਕੋ ਹੁਕਮ ਹੈ; ਗੁਰੂ ਮਾਨਿਓ ਗਰੰਥ ਗੁਰੂ ਗਰੰਥ ਜੀ ਮਾਨਿਓ; ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭੁ ਕੋ ਮਿਲਬੋ ਚਹੈ; ਖੋਜ ਸਬਦ ਮਹਿ ਲੇਹਿ’ (ਪੰਥ ਪ੍ਰਕਾਸ਼)

ਸ੍ਰੀ (ਗੁਰੂ) ਅਮਰਦਾਸ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਲੜਕੀ ਬੀਬੀ ਅਮਰੋ ਦੇ ਮੂੰਹੋਂ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰੀ ਹੋਈ ਇਹ ਬਾਣੀ ‘‘ਭਇਆ ਮਨੂਰੁ (ਸੜਿਆ ਲੋਹਾ), ਕੰਚਨੁ ਫਿਰਿ ਹੋਵੈ; ਜੇ ਗੁਰੁ ਮਿਲੈ ਤਿਨੇਹਾ   ਏਕੁ ਨਾਮੁ ਅੰਮ੍ਰਿਤੁ ਓਹੁ ਦੇਵੈ; ਤਉ ਨਾਨਕ ਤ੍ਰਿਸਟਸਿ ਦੇਹਾ (ਮਨ ਟਿਕ ਜਾਂਦਾ ਹੈ) ’’ (ਮਾਰੂ, ਮਹਲਾ , ਪੰਨਾ ੯੯੦) ਸੁਣੀ ਸੀ, ਜਿਸ ਨੇ ਸਹੀ ਰਸਤੇ ਪਾ ਕੇ ਹੀ ਅੰਤ ਗੁਰ-ਪਦਵੀ ਤਕ ਪਹੁੰਚਾਇਆ ਸੀ।

ਭਾਵੇਂ ਸੰਗਤ ਲਈ ਆਮ ਤੌਰ ’ਤੇ ਬਹੁਤ ਸਮਾਂ ਲੱਗਣ ਦਾ ਖ਼ਿਆਲ ਕੀਤਾ ਜਾਂਦਾ ਹੈ, ਪਰ ਕਈ ਵੇਰ ਭਾਗ ਅਜਿਹੇ ਉਚੇਰੇ ਬੰਦਿਆਂ ਦੀ ਸੰਗਤ ਪ੍ਰਾਪਤ ਕਰਾਂਦੇ ਹਨ, ਜੋ ਸਮੇਂ ਦੀ ਲੰਬਾਈ ਨੂੰ ਕੱਟ ਦੇਂਦੀ ਹੈ, ਤੇ ਸੰਤ ਮਤ ਵਿਚ ਤਾਂ ਇਕ ਨਿਗਾਹ ਦੇ ਪਲਕਾਰੇ ਦੀ ਸੰਗਤ ਨੂੰ ਵੀ ਮੰਨਿਆ ਗਿਆ ਹੈ। ਭਾਈ ਨੰਦ ਲਾਲ ਜੀ ਕਹਿੰਦੇ ਹਨ, ਮੈਨੂੰ ਉਸ ਦੀ ਇਕ ਹੀ ਨਿਗਾਹ ਕਾਫ਼ੀ ਹੈ :

ਯਕ ਨਿਗਾਹੇ ਜਾਂ ਫ਼ਜ਼ਾਇਸ਼, ਬਸ ਬਵਦ ਦਰਕਾਰੇ ਮਾ

ਇਕ ਹੋਰ ਸੰਤ ਫ਼ੁਰਮਾਂਦਾ ਹੈ ਕਿ ਕੋਈ ਉਪਕਾਰੀ ਹੈ, ਜੋ ਮੇਰੇ ਹਾਲ/ਦਸ਼ਾ ਨੂੰ ਓਸ ਬਾਦਿਸ਼ਾਹ ਦੇ ਦਰਬਾਰ ਵਿਚ ਜਾ ਕਹੇ, ਤੇ ਬਾਦਿਸ਼ਾਹਾਂ ਲਈ ਕੀ ਮੁਸ਼ਕਲ, ਜੋ ਉਹ, ਫ਼ਕੀਰਾਂ ਨੂੰ ਇਕ ਨਿਗਾਹ ਨਾਲ ਨਿਵਾਜ਼ ਦੇਣ :

ਕੀਸਤ ਕਿ ਤਕਰੀਰ ਕੁਨੰਦ ਹਾਲੇ ਗਦਾਰਾਦਰ ਹਜ਼ਰਤੇਸ਼ਾਹੇ

ਸ਼ਾਹਾਂ ਅਜਬ ਬਾਨਿਵਾਜ਼ੰਦ ਗਦਾਰਾਂ ਗਾਹੇ ਬਾਨਿਗਾਹੇ

-ਸੱਜਣ ਠੱਗ ਦੇ ਕੰਨੀਂ ਗੁਰੂ ਨਾਨਕ ਜੀ ਦਾ ਇਕ ਸ਼ਬਦ ਹੀ ਪਿਆ, ਤੇ ਕੌਡੇ ਰਾਖਸ਼ ’ਤੇ ਬਾਬੇ ਨਾਨਕ ਦੀ ਨਿਗਾਹ ਹੀ ਪਈ ਸੀ, ਦੋਵੇਂ ਸੰਤ ਹੋ ਗਏ।

ਸੰਗਤ ਭਾਵੇਂ ਸ਼ਖ਼ਸੀ ਕੀਤੀ ਜਾਏ, ਭਾਵੇਂ ਸੁਪਨ ਵਿਚ ਤੇ ਭਾਵੇਂ ਖ਼ਿਆਲਾਂ ਨਾਲ ਮਨ ਜੋੜਿਆ ਜਾਏ, ਬਹਰ-ਸੂਰਤ ਲਾਭ ਦੇਂਦੀ ਹੈ। ਭਾਈ ਨੰਦ ਲਾਲ ਜੀ ਨੇ ਕਿਹਾ, ਭਾਗਾਂ ਵਾਲੀ ਹੈ ਸੰਗਤ, ਜੋ ਮਿੱਟੀ ਤੋਂ ਅਕਸੀਰ (ਰਸਾਇਣ; ਉਹ ਸ਼ੈ, ਜੋ ਤਾਂਬੇ ਨੂੰ ਸੋਨਾ, ਕਲੀ ਨੂੰ ਚਾਂਦੀ ਬਣਾ ਦੇਵੇ) ਕਰਦੀ ਹੈ। ਇਕ ਨਿਮਾਣੇ ਨੂੰ ਵੀ ਪਤਵੰਤਾ ਬਣਾ ਦੇਂਦੀ ਹੈ : ਜਹੇ ਸੋਬਤ ਕਿ ਖ਼ਾਕ ਅਕਸੀਰ ਕਰਦ, ਨਾਕਸੇ ਰਾ ਸਾਹਿਬ ਤਦਬੀਰ ਕਰਦ

ਗੁਰ ਸੰਗਤਿ ਬਾਣੀ ਬਿਨਾ; ਦੂਜੀ ਓਟ ਨਹੀਂ ਹਹਿ ਰਾਈ।

0

ਗੁਰ ਸੰਗਤਿ ਬਾਣੀ ਬਿਨਾ; ਦੂਜੀ ਓਟ ਨਹੀਂ ਹਹਿ ਰਾਈ।

ਗਿਆਨੀ ਬਲਜੀਤ ਸਿੰਘ ਜੀ

ਸਿੱਖ ਧਰਮ ਜਾਂ ਸਿੱਖ ਸਿਧਾਂਤ ਦੀ ਜਿੰਦ ਜਾਨ ਤੇ ਪ੍ਰਾਣ ਕੇਵਲ ਗੁਰਬਾਣੀ ਹੀ ਹੈ, ‘‘ਗੁਰ ਸੰਗਤਿ ਬਾਣੀ ਬਿਨਾ; ਦੂਜੀ ਓਟ ਨਹੀਂ ਹਹਿ ਰਾਈ’’ (ਭਾਈ ਗੁਰਦਾਸ ਜੀ/ਵਾਰ ਪਉੜੀ ੪੨) ਅਨੁਸਾਰ ਇਹੋ ਜਿੰਦਗੀ ਨੂੰ ‘ਜੀਅ ਦਾਨ’ ਦੇਣ ਲਈ ਅਕਾਲ ਪੁਰਖ ਦੀ ਪ੍ਰਕਾਸ਼ਕ ਗਿਆਨ ਸ਼ਕਤੀ ‘ਗੁਰੂ’ ਬਣ ਕੇ ਪ੍ਰਗਟ ਹੋਈ ਅਤੇ ਉਸ ਗੁਰੂ ਜੋਤੀ ਨੇ ਮਹਾਨ ਲੋੜੀਂਦੇ ਦੈਵੀ ਗੁਣਾਂ (ਗਿਆਨ) ਨੂੰ ਸ਼ਬਦ ਰੂਪ ਵਿਚ ਟਿਕਾ ਕੇ ਸਦਾ ਲਈ ਅਮਰ ਕਰ ਮਨੁੱਖਤਾ ਦੀ ਝੋਲੀ ਪਾਇਆ, ‘‘ਬਾਝੋ ਸਚੇ ਨਾਮ ਦੇ; ਹੋਰੁ ਕਰਾਮਾਤਿ ਅਸਾਂ ਤੇ ਨਾਹੀ’’ (ਭਾਈ ਗੁਰਦਾਸ ਜੀ/ਵਾਰ ਪਉੜੀ ੪੩) ਅਨੁਸਾਰ ਨਾਮ ਰੂਪ ਗੁਰਬਾਣੀ ਗੁਰੂਆਂ ਦੀ ਸਭ ਤੋਂ ਵੱਡੀ ਕਰਾਮਾਤ ਸੀ। ਇਸੇ ਬਾਣੀ ਦੇ ਸੰਗ੍ਰਹਿ ਨੂੰ ‘‘ਪੋਥੀ ਪਰਮੇਸਰ ਕਾ ਥਾਨੁ ’’ (ਮਹਲਾ /੧੨੨੬) ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਨਾਲ ਜਾਣਿਆ ਤੇ ਮੰਨਿਆ ਜਾਂਦਾ ਹੈ। ਇਹ ਇਕ ਲਾਸਾਨੀ ਉਚਤਮ ਗਰੰਥ ਹੈ, ਜਿਸ ਵਿੱਚ ਜ਼ਿੰਦਗੀ ਅਤੇ ਸਮਾਜਕ ਵਿਗਿਆਨ ਬਾਰੇ ਹਰ ਪਹਿਲੂ ਤੋਂ ਰੌਸ਼ਨੀ ਪਾਈ ਗਈ ਹੈ। ਇਹ ਸਾਡੀਆਂ ਜੀਵਨ ਗੁੰਝਲਾਂ ਨੂੰ ਖੋਲ੍ਹਣ ਦਾ ਸਭ ਤੋਂ ਸੋਹਣਾ ਸਾਰਥਕ ਹੱਲ ਹੈ ਕਿਉਂਕਿ ਸਾਡੀ ਸਾਰਿਆਂ ਦੀ ਭਾਵਨਾ ਜਾਂ ਮਨੋਰਥ ਸਚਿਆਰ ਜੀਵਨ ਪ੍ਰਾਪਤੀ ਦੀ ਹੀ ਹੈ, ਜਿਸ ਨੂੰ ਧਾਰਮਿਕ ਬੋਲੀ ਵਿਚ ‘‘ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ’’ (ਮਹਲਾ /੧੨) ਜਾਂ  ‘‘ਇਹੀ ਤੇਰਾ ਅਉਸਰੁ; ਇਹ ਤੇਰੀ ਬਾਰ ’’ (ਭਗਤ ਕਬੀਰ/੧੧੫੯) ਅਤੇ ਰੱਬੀ ਮਿਲਾਪ ਕਿਹਾ ਜਾਂਦਾ ਹੈ। ਹਰ ਮਨੁਖੀ ਜ਼ਿੰਦਗੀ ਦੇ ਸਾਮ੍ਹਣੇ ਅਹਿਮ ਸਵਾਲ ਇਹ ਹੈ ਕਿ ‘‘ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ  ? (ਜਪੁ) ਜਾਂ  ‘‘ਫੇਰਿ ਕਿ ਅਗੈ ਰਖੀਐ ? ਜਿਤੁ ਦਿਸੈ ਦਰਬਾਰੁ   ਮੁਹੌ ਕਿ ਬੋਲਣੁ ਬੋਲੀਐ  ? ਜਿਤੁ ਸੁਣਿ ਧਰੇ ਪਿਆਰੁ ’’ (ਜਪੁ)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਨ੍ਹਾਂ ਸਾਰੇ ਸਵਾਲਾਂ ਦਾ ਅਨੁਭਵੀ ਜਵਾਬ ਹੈ। ਸਤਿਗੁਰੂਆਂ ਨੇ ਸਚਾਈ ਦੀ ਦਵਾਈ ਨਾਲ ਰੋਗੀ ਸੰਸਾਰ, ਮਾਨਵਤਾ ਦਾ ਇਲਾਜ ਕੀਤਾ ਹੈ। ਜੇ ਅਸੀਂ ਧਾਰਮਿਕ ਨਜ਼ਰੀਏੇ, ਦਿਸ਼ਟੀਕੋਣ ਤੋਂ ਵਿਚਾਰੀਏ ਤਾਂ ਗੁਰਬਾਣੀ ਦੀ ਮਹਾਨਤਾ ਬਹੁਤ ਵਧੀਕ ਹੈ। ਸੰਸਾਰ ਜਾਂ ਵਿਸ਼ਵ ਦਾ ਇਹ ਪਹਿਲਾ ਗ੍ਰੰਥ ਜਾਂ ਰਚਨਾ ਹੈ, ਜਿਸ ਵਿੱਚ ਸਾਰੇ ਦੇਸ਼ਾਂ, ਨਸਲਾਂ ਦੀਆਂ ਵਿਥਾਂ ਦੂਰ ਕਰਕੇ, ਹਰ ਇਕ ਦੇ ਪਵਿਤ੍ਰ ਬਚਨਾਂ (ਚਾਹੇ ਉਹ ਹਰ ਮੁਸਲਮਾਨ ਅਤੇ ਕਹੀ ਜਾਂਦੀ ਅਖੌਤੀ ਅਛੂਤ ਜਾਤੀ ਵਿਚੋਂ ਸਨ) ਦੀ ਨਿਰਮਲ ਰੁਹਾਨੀ ਬਾਣੀ ਨੂੰ ‘ਧੁਰ ਕੀ ਬਾਣੀ, ਸਚ ਕੀ ਬਾਣੀ’ ਸਮਝਦਿਆਂ ਇਕਤ੍ਰ ਕਰਕੇ ਇੱਕ ਸਮਾਨ ਬਰਾਬਰ ਸਤਿਕਾਰ ਦਿੱਤਾ ਗਿਆ ਹੈ। ਦੂਜਾ ਇਸ ਦੀ ਨਿਰੋਲਤਾ ਦਾ ਪਰਮਾਣ ਇਹ ਹੈ ਕਿ ਜਿੱਥੇ ਬਾਕੀ ਸਾਰੇ ਧਰਮਾਂ ਦੇ ਆਗੂਆਂ, ਪੈਗੰਬਰਾਂ ਦੇ ਸੰਸਾਰ ਤੋਂ ਅਲਵਿਦਾ ਕਹਿਣ ਦੇ ਢੇਰ ਚਿਰ ਬਾਅਦ ਦੂਸਰਿਆਂ ਹੱਥੋਂ ਸੰਪਾਦਤ ਹੋਇਆ, ਉੱਥੇ ਸਿੱਖ ਗੁਰੂਆਂ ਨੇ ਆਪਣੀ ਹਜ਼ੂਰੀ ਵਿਚ ਜਿਉਂਦੇ ਜੀ ਆਪਣੇ ਹੱਥੀਂ ਮਹਾਨ ਘਾਲਣਾ ਨਾਲ ਚੰਦਨ ਵਰਗੀ ਖੁਸ਼ਬੂ ਨਾਲ ਭਰੀ ਸਚਾਈ ਨੂੰ ਇਕੱਤਰ ਕੀਤਾ। ਗੁਰਬਾਣੀ ਵਿਚ ਕੇਵਲ ਜੀਵਨ ਸਿਧਾਂਤਾਂ ’ਤੇ ਹੀ ਵੀਚਾਰ ਕੀਤੀ ਗਈ। ਇਸ ਦੁਆਰਾ ਦਰਸਾਇਆ ਜੀਵਨ ਨਜ਼ਰੀਆ ਮਾਨਵਤਾ ਲਈ ਸਭ ਤੋਂ ਜ਼ਿਆਦਾ ਮਹੱਤਵ ਪੂਰਨ ਹੈ, ਜਿਸ ਕਰਕੇ ਅਸੀਂ ਇਸ ਨੂੰ ‘ਗੁਰੂ’ ਮੰਨਦੇ ਹਾਂ। ਇਸ ਤੋਂ ਪਹਿਲਾਂ ਸੰਸਾਰ ਦੇ ਧਾਰਮਿਕ ਗਰੰਥਾਂ ਵਿਚ ਫਜ਼ੂਲ ਕਰਮਕਾਂਡਾਂ ਦੀ ਗੱਲਬਾਤ ਵਧੇਰੇ ਦਰਜ ਹੈ। ਕੋਈ ਗ੍ਰਿਹਸਤ ਜੀਵਨ ਅਖਾੜੇ ਵਿਚੋਂ ਭਗੌੜੇ ਹੋਣ ਦਾ ਉਪਦੇਸ਼ ਕਰਦੇ ਹਨ। ਕਿਤੇ ਘੁੰਤਰਬਾਜ਼ੀ (ਨਘੋਚੀ) ਕੁਝ ਵਾਧੂ ਕਲਪਿਤ ਹਵਾਈ ਕਹਾਣੀਆਂ ਦਰਸਾ, ਸੁਣਾ ਕੇ ਦਿਲ ਨੂੰ ਲਲਚਾਉਂਦੇ ਹਨ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਵਿਚ ਅਜਿਹੀ ਕੋਈ ਗੱਲ ਦਰਜ ਨਹੀਂ ਹੈ। ਇੱਥੇ ਨਾ ਹੀ ਨਿਰੀ ਦਿਮਾਗ਼ੀ ਗਿਆਨ ਬਾਜ਼ੀ ਹੈ ਤੇ ਨਾ ਹੀ ਅੰਧਵਿਸ਼ਵਾਸ਼ੀ ਪ੍ਰੇਰਨਾ ਹੈ। ਇਸ ਦੀ ਸਿੱਖਿਆ ਨਾ ਤਾਂ ਜੋਗ ਮੱਤ ਦੀ ਤਰ੍ਹਾਂ ਕੇਵਲ ਅੰਤਰਮੁਖੀ ਹੈ ਤੇ ਨਾ ਹੀ ਪਦਾਰਥ ਵਾਦੀਆਂ ਵਾਗੂੰ ਬਾਹਰ ਮੁਖੀ ਹੋਣ ਦੀ ਹੈ। ਇਸ ਵਿਚ ਵੱਖ ਵੱਖ ਧਰਮਾਂ, ਮਜ਼੍ਹਬਾਂ ਦੇ ਭੁਲੇਖਿਆਂ, ਵਹਿਮਾ, ਭਰਮਾਂ ਤੇ ਔਖਾਈਆਂ ਨੂੰ ਸੋਧ ਕੇ ਇੱਕ ਨਵਾਂ ਜੀਵਨ ਸਿਧਾਂਤ ਦਰਸਾਇਆ ਗਿਆ ਹੈ। ਗੁਰਬਾਣੀ ਦਾ ਮਜ਼ਬੂਨ ਹੈ- ‘ਸੱਚ’; ਜਿਵੇਂ ਕਿ (1). ਸੱਚ ਦਾ ਸਹੀ ਰੂਪ ਕੀ ਹੈ ? (2). ਸੱਚ ਦੀ ਪ੍ਰਾਪਤੀ ਦੇ ਸਾਧਨ ਕੀ ਹਨ ? (3). ਜਿਨ੍ਹਾਂ ਨੇ ਸੱਚ ਪ੍ਰਾਪਤ ਕਰ ਲਿਆ ਹੈ, ਉਨ੍ਹਾਂ ਦੀ ਜੀਵਨ ਅਵਸਥਾ ਕੀ ਹੈ ? (4). ਜਿਨ੍ਹਾਂ ਨੇ ਸੱਚ ਪ੍ਰਾਪਤ ਨਹੀਂ ਕੀਤਾ, ਕੇਵਲ ‘‘ਖਾਣਾ ਪੀਣਾ ਹਸਣਾ ਸਉਣਾ.. ’’ (ਮਹਲਾ /੧੨੫੪) ਤੱਕ ਹੀ ਮਨਮੁਖਤਾ ਵਿਚ ਉਲਝੇ ਪਏ ਹਨ, ਉਨ੍ਹਾਂ ਦੇ ਦੁੱਖ-ਦਰਦ ਅਤੇ ਉਸ ਦੇ ਫਲ਼ ਨੂੰ ਬਿਆਨ ਕੀਤਾ ਹੈ। ਇਨ੍ਹਾਂ ਚੌਹਾਂ ਵਿਸ਼ਿਆਂ ਦੀ ਖੋਲ੍ਹ ਕੇ ਵਿਸਥਾਰ ਸਹਿਤ ਵਿਆਖਿਆ ਕੀਤੀ ਗਈ ਹੈ। ਸੱਚ; ‘ਨਾਮੁ’ ਦਾ ਹੀ ਵਿਸਮਾਦੀ ਰੂਪ ਹੈ, ਇਹ ਸਚਾਈ ਨਾਮ ਦੀ ਹੀ ਤਾਰੀਫ਼ ਹੈ, ‘‘ਇਹੁ ਸਚੁ ਸਭਨਾ ਕਾ ਖਸਮੁ ਹੈ; ਜਿਸੁ ਬਖਸੇ, ਸੋ ਜਨੁ ਪਾਵਹੇ ’’ (ਮਹਲਾ /੯੨੨) , ਸਚੁ ਸਭਨਾ ਹੋਇ ਦਾਰੂ; ਪਾਪ ਕਢੈ ਧੋਇ ’’ (ਮਹਲਾ /੪੬੮) ਦੀ ਸਮੱਰਥਾ ਰੱਖਦਾ ਹੈ।

ਜੇ ਅਸੀਂ ਗੁਰੂ ਸ਼ਰਨ ਵਿੱਚ ਆ ਕੇ ਗੁਰੂ ਸ਼ਬਦ ਨੂੰ ਸੁਣੀਏ ਤਾਂ ਜੀਵਨ ਦਾ ਸਪਸ਼ਟ ਮਾਰਗ ਨਜ਼ਰ ਆ ਸਕਦਾ ਹੈ। ਅਸੀਂ ਮੁੜ ਕੁਦਰਤੀ ਜੀਵਨ (ਸਹਿਜ ਪਦ) ਹਾਸਲ ਕਰ ਸਕਦੇ ਹਾਂ। ਇਸ ਅਵਸਥਾ ਨੂੰ ਗੁਰਬਾਣੀ ਵਿੱਚ ‘ਅਮਰਪਦ, ਪਰਮਪਦ, ਸਹਿਜ ਪਦ, ਚਉਥਾ ਪਦ, ਤੁਰੀਆ ਪਦ, ਨਿਰਬਾਣ ਪਦ, ਬੇਗਮਪੁਰਾ, ਰਾਮਦਾਸ ਪੁਰ, ਸੰਤ ਮੰਡਲ ਅਤੇ ਸਚਖੰਡ’ ਆਦਿ ਸ਼ਬਦਾਂ ਨਾਲ ਅੰਕਿਤ ਕੀਤਾ ਗਿਆ ਹੈ। ਹਉਮੈ ਨੂੰ ਤਿਆਗ ਕੇ ਨਾਮ ਆਸਰੇ ਹੋਣ ਨਾਲ ਕੋਈ ਭੀ ਮਨੁੱਖ ਇਸ ਅਵਸਥਾ ਨੂੰ ਹਾਸਲ ਕਰ ਲੈਂਦਾ ਹੈ। ਉਹੋ ਹੀ ‘ਸੱਚਾ ਗੁਰਮੁਖ, ਸੰਤ, ਸਿੱਖ, ਬ੍ਰਹਮ ਗਿਆਨੀ, ਭਗਤ ਜਾਂ ਸਾਧੂ’ ਹੋ ਸਕਦਾ ਹੈ। ਜੋ ਜੀਵ ਇਸਤ੍ਰੀ ਆਪਣੇ ਪ੍ਰੀਤਮ ਪ੍ਰਭੂ ਨੂੰ ਨਾਮ ਸਿਮਰਨ ਤੇ ਸੇਵਾ ਰਾਹੀਂ ਪ੍ਰਸੰਨ ਨਹੀਂ ਕਰਦੀ, ਉਹ ਸੁਚੱਜੀ ਤੇ ਗੁਣਵੰਤੀ ਨਹੀਂ ਹੋ ਸਕਦੀ, ਨਾਂ ਹੀ ਸੋਹਾਗਣ ਹੈ। ਇਸ ਤਰ੍ਹਾਂ ਦੀ ਜੀਵ ਇਸਤ੍ਰੀ ਜਾਂ ਜਗਿਆਸੂ ਤਾਂ ਕੇਵਲ ਕੁਚੱਜੀ ਨਿਰਗੁਣਵੰਤੀ ਹੋ, ਜ਼ਿੰਦਗੀ ਦੇ ਰੰਡੇਪੇ ਅਤੇ ਦੁਹਾਗਣ ਬਣ ਦੁੱਖੀ ਜੀਵਨ ਹੀ ਗੁਜ਼ਾਰਦੀ ਹੈ। ਅਜਿਹੇ ਘਟੀਆ ਜੀਵਨ ਨੂੰ ਮਨਮੁਖ, ਸਾਕਤ, ਦੁਰਜਨ ਤੇ ਦੁਹਾਗਣੀ ਆਦਿਕ ਨਾਵਾਂ ਨਾਲ ਹੀ ਬਿਆਨ ਕੀਤਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੰਪ੍ਰਦਾਈ ਤਾਲੀਮ ਜਾਂ ਸਿੱਖਿਆ ਲਈ ਕੋਈ ਥਾਂ ਨਹੀਂ। ਇੱਥੇ ਤਾਂ ‘‘ਸਭੇ ਸਾਝੀਵਾਲ ਸਦਾਇਨਿ.. (ਮਹਲਾ /੯੭), ਏਕ ਨੂਰ ਤੇ ਸਭੁ ਜਗੁ ਉਪਜਿਆ; ਕਉਨ ਭਲੇ ਕੋ ਮੰਦੇ (ਭਗਤ ਕਬੀਰ/੧੩੪੯), ਬੁਰਾ ਭਲਾ ਕਹੁ ਕਿਸ ਨੋ ਕਹੀਐ ? ਸਗਲੇ ਜੀਅ ਤੁਮ੍ਹਾਰੇ ਰਹਾਉ ’’ (ਮਹਲਾ /੩੮੩) ਦੀ ਸਦਭਾਵਨਾ ਸਿਖਾਈ ਗਈ ਹੈ। ਇੱਥੇ ‘ਅੱਲਾ, ਪਾਰਬ੍ਰਹਮ, ਰਾਮ, ਰਹੀਮ, ਵੇਦ, ਕਤੇਬ, ਕੁਰਾਨ, ਪੁਰਾਨ’ ਦਾ ਸਾਂਝਾ ਜ਼ਿਕਰ ਮਿਲਦਾ ਹੈ। ਗੁਰਬਾਣੀ ਦੀ ਸਿੱਖਿਆ ਤੇ ਪਿਆਰ; ਸਰਬ ਵਿਆਪੀ ਹੈ। ਪੰਜਵੇਂ ਗੁਰਦੇਵ ਜੀ ਦਾ ਸੁੰਦਰ ਫ਼ੁਰਮਾਨ ਹੈ, ‘‘ਏਕ ਰੂਪ ਸਗਲੋ ਪਾਸਾਰਾ   ਆਪੇ ਬਨਜੁ, ਆਪਿ ਬਿਉਹਾਰਾ   ਐਸੋ ਗਿਆਨੁ; ਬਿਰਲੋ ਪਾਏ   ਜਤ ਜਤ ਜਾਈਐ; ਤਤ ਦ੍ਰਿਸਟਾਏ ਰਹਾਉ   ਅਨਿਕ ਰੰਗ; ਨਿਰਗੁਨ ਇਕ ਰੰਗਾ   ਆਪੇ ਜਲੁ; ਆਪ ਹੀ ਤਰੰਗਾ   ਆਪ ਹੀ ਮੰਦਰੁ; ਆਪਹਿ ਸੇਵਾ   ਆਪ ਹੀ ਪੂਜਾਰੀ; ਆਪ ਹੀ ਦੇਵਾ   ਆਪਹਿ ਜੋਗ; ਆਪ ਹੀ ਜੁਗਤਾ   ਨਾਨਕ ਕੇ ਪ੍ਰਭ; ਸਦ ਹੀ ਮੁਕਤਾ ’’ (ਮਹਲਾ /੮੦੩), ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼, ਇਸ ਦੀ ਸੰਧਿਆ, ਪੂਜਾ, ਇਸ ਦੀਆਂ ਆਰਤੀਆਂ, ਨਿਮਾਜ਼ਾਂ; ਨਿਰਾਲੀਆਂ ਤੇ ਆਪਣੀ ਕਿਸਮ ਦੀਆਂ ਹਨ। ਜਿਨ੍ਹਾਂ ਦਾ ਹਰ ਕੋਈ ਭਾਈਵਾਲ ਬਣ ਸਕਦਾ ਹੈ। ਗੁਰਬਾਣੀ ਦੇ ਸੰਦੇਸ਼ ਬਾਹਰਮੁਖੀ ਵਿਖਾਵੇ ਦੀ ਥਾਂ ਵਿਅਕਤੀਗਤ ਦੀ ਅੰਦਰਲੀ ਸ਼ੁੱਧਤਾ ਜਾਂ ਸੋਧ ਤੇ ਜ਼ਿਆਦਾ ਜ਼ੋਰ ਦਿੰਦੇ ਹਨ ਕਿਉਂਕਿ ਸੋਧੇ ਮਨੁੱਖਾਂ ਨਾਲ ਹੀ ਚੰਗਾ ਪਰਵਾਰ ਅਗੋਂ ਚੰਗਾ ਸਮਾਜ ਸਿਰਜਦਾ ਹੈ। ਕੱਚੀਆਂ ਇੱਟਾਂ ਨਾਲ ਕਦੇ ਪੱਕੇ ਮਕਾਨ ਨਹੀਂ ਉਸਾਰੇ ਜਾ ਸਕਦੇ; ਤਿਵੇਂ ਹੀ ਕੱਚੇ ਝੂਠੇ ਵਿਖਾਵੇ ਦੇ ਜੀਵਨ ਨਾਲ ਚੰਗਾ ਸਮਾਜ ਨਹੀਂ ਉਪਜ ਸਕਦਾ, ਇਸ ਲਈ ਪਹਿਲਾਂ ਜੀਵਨ ਦੀ ਹਰ ਇਕਾਈ ਦੀ ਸੁਧਾਈ ਤੇ ਪਕਿਆਈ ਦੀ ਲੋੜ ਹੈ।

ਜਦੋਂ ਸਤਿਗੁਰੂ ਸਾਹਿਬਾਨ ਸਰੀਰਕ ਰੂਪ ਵਿਚ ਸਿੱਖੀ ਦੀ ਸਿਰਜਣਾ ਕਰ ਰਹੇ ਸਨ, ਉਦੋਂ ਵੀ ਇਨ੍ਹਾਂ ਸਾਰਿਆਂ ਨੇ ਇਸ ‘ਸਬਦ’ ਜਾਂ ‘ਧੁਰ ਕੀ ਬਾਣੀ’ ਨੂੰ ਹੀ ਗੁਰੂ ਮੰਨਿਆ ਹੈ। ਇਹ ਮਹਾਨਤਾ ਗੁਰੂ ਨਾਨਕ ਕਾਲ ਤੋਂ ਹੀ ਚੱਲ ਰਹੀ ਹੈ। ਫ਼ੁਰਮਾਨ ਹੈ, ‘‘ਇਸੁ ਜਗ ਮਹਿ; ਸਬਦੁ ਕਰਣੀ ਹੈ ਸਾਰੁ   ਬਿਨੁ ਸਬਦੈ; ਹੋਰੁ ਮੋਹੁ ਗੁਬਾਰੁ   ਸਬਦੇ, ਨਾਮੁ ਰਖੈ ਉਰਿ ਧਾਰਿ   ਸਬਦੇ, ਗਤਿ ਮਤਿ ਮੋਖ ਦੁਆਰੁ (ਮਹਲਾ /੧੩੪੨), ਅੰਮ੍ਰਿਤ ਬਾਣੀ; ਤਤੁ ਵਖਾਣੀ.. (ਮਹਲਾ /੧੨੪੩), ਸਬਦੁ ਗੁਰ ਪੀਰਾ, ਗਹਿਰ ਗੰਭੀਰਾ; ਬਿਨੁ ਸਬਦੈ ਜਗੁ ਬਉਰਾਨੰ (ਮਹਲਾ /੬੩੫), ਗੁਰਬਾਣੀ ਇਸੁ ਜਗ ਮਹਿ ਚਾਨਣੁ; ਕਰਮਿ (ਮਿਹਰ ਨਾਲ਼) ਵਸੈ ਮਨਿ (’) ਆਏ (ਮਹਲਾ /੬੭), ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ   ਗੁਰੁ, ਬਾਣੀ ਕਹੈ; ਸੇਵਕੁ ਜਨੁ ਮਾਨੈ; ਪਰਤਖਿ ਗੁਰੂ ਨਿਸਤਾਰੇ ’’ (ਮਹਲਾ /੯੮੨)

ਇਸ ਬਾਣੀ ਨੂੰ ਇਕੱਤਰ ਕਰਨ ਦਾ ਖ਼ਿਆਲ ਨਵਾਂ ਨਹੀਂ ਸੀ ਬਲਕਿ ਇਹ ਤਾਂ ਸਿੱਖ ਧਰਮ ਦੇ ਆਦਿ ਗੁਰੂ ਪਹਿਲੇ ਪਾਤਿਸ਼ਾਹ ਤੋਂ ਹੀ ਆਰੰਭ ਹੋ ਚੱੁਕਾ ਸੀ। ਉਨ੍ਹਾ ਨੇ ਮਹਾਂ ਪੁਰਖ ‘ਪੰਦਰਾਂ ਭਗਤਾਂ’ ਦੀ ਰਚਨਾ (ਬਾਣੀ) ਨੂੰ ਇਕੱਤਰ ਕਰਕੇ ਆਪਣੇ ਜੀਵਨ ਸਮੇਂ ਵਿਚ ਹੀ ਉਸ ਨੂੰ ਪੋਥੀ ਰੂਪ ਵਿਚ ਸੰਪਾਦਤ ਕੀਤਾ। ਜਿਸ ਦਾ ਪ੍ਰਮਾਣ ਸਾਨੂੰ ਭਾਈ ਗੁਰਦਾਸ ਜੀ ਰਾਹੀਂ ‘‘ਆਸਾ ਹਥਿ, ਕਿਤਾਬ ਕਛਿ; ਕੂਜਾ ਬਾਂਗ ਮੁਸਲਾ ਧਾਰੀ’’ (ਵਾਰ ਪਉੜੀ ੩੨) ਜਾਂ ‘‘ਪੁਛਨਿ ਫੋਲਿ ਕਿਤਾਬ ਨੋ ..’’ (ਵਾਰ ਪਉੜੀ ੩੩) ਦੇ ਰੂਪ ’ਚ ਦਿੰਦੇ ਹਨ। ਪਹਿਲੇ ਪਾਤਿਸ਼ਾਹੀ ਜੀ ਕੋਲ ਭਗਤ ਬਾਣੀ ਮੌਜੂਦ ਹੋਣ ਦੇ ਪ੍ਰਤੱਖ ਸਬੂਤ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੁਭਾਇਮਾਨ ਹਨ; ਜਿਵੇਂ ਕਿ ਜਪੁ ਜੀ ਦੀ ਪ੍ਰਸਿੱਧ ਪੰਕਤੀ ਹੈ ‘‘ਮਨਿ ਜੀਤੈ ਜਗੁ ਜੀਤੁ ’’ (ਜਪੁ/ਮਹਲਾ ); ਇਉਂ ਹੀ ਭਗਤ ਕਬੀਰ ਜੀ ਰਾਗ ਮਾਰੂ ਅੰਦਰ ‘‘ਮਨੁ ਜੀਤੇ, ਜਗੁ ਜੀਤਿਆ.. ’’ (ਭਗਤ ਕਬੀਰ/੧੧੦੩) ਕਥਨ ਕਰਦੇ ਹਨ। ਜੇ ਗੁਰੂ ਨਾਨਕ ਸਾਹਿਬ ਜੀ ਨੇ ਆਸਾ ਰਾਗ ਵਿਚ ‘‘ਇਹੁ ਮਨੁ, ਪੰਚ ਤਤੁ ਤੇ ਜਨਮਾ ’’ (ਮਹਲਾ /੪੧੫) ਕਿਹਾ ਹੈ ਤਾਂ ਗਉੜੀ ਰਾਗ ਵਿਚ ਕਬੀਰ ਜੀ ਨੇ ਭੀ ‘‘ਇਹੁ ਮਨੁ, ਪੰਚ ਤਤ ਕੋ ਜੀਉ ’’ (ਭਗਤ ਕਬੀਰ/੩੪੨) ਕਿਹਾ ਹੈ। ਜੇ ਆਸਾ ਕੀ ਵਾਰ ਤੇ ਸਹਸਕ੍ਰਿਤੀ ਵਿਚ ਗੁਰੂ ਨਾਨਕ ਸਾਹਿਬ ਨੇ ‘‘ਬਿਨੁ ਸਤਿਗੁਰ, ਬਾਟ ਪਾਵੈ ’’ (ਮਹਲਾ /੧੩੫੩) ਫ਼ੁਰਮਾਇਆ ਹੈ ਤਾਂ ਪ੍ਰਭਾਤੀ ਰਾਗ ਵਿਚ ਭਗਤ ਬੇਣੀ ਜੀ ਨੇ ਭੀ ਬਚਨ ਕੀਤਾ ਹੈ, ‘‘ਕਹੁ ਬੇਣੀ ਗੁਰਮੁਖਿ ਧਿਆਵੈ   ਬਿਨੁ ਸਤਿਗੁਰ, ਬਾਟ ਪਾਵੈ ’’ (ਭਗਤ ਬੇਣੀ/੧੩੫੧) ਬਾਬਾ ਫਰੀਦ ਜੀ ਦੇ ਕਈ ਸਲੋਕ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿਚ ਮਿਲਦੇ ਹਨ; ਜਿਵੇਂ ਕਿ ‘‘ਕਿਆ ਹੰਸੁ  ? ਕਿਆ ਬਗੁਲਾ  ? ਜਾ ਕਉ ਨਦਰਿ ਧਰੇ   ਜੇ ਤਿਸੁ ਭਾਵੈ ਨਾਨਕਾ ! ਕਾਗਹੁ ਹੰਸੁ ਕਰੇ ੧੨੪’’ (ਬਾਬਾ ਫਰੀਦ/੧੩੮੪) ਸਿਰੀ ਰਾਗ ਕੀ ਵਾਰ ਵਿਚ ਭੀ ਪਹਿਲੇ ਪਾਤਿਸ਼ਾਹ ਜੀ ਫ਼ੁਰਮਾਨ ਰਹੇ ਹਨ, ‘‘ਕਿਆ ਹੰਸੁ ? ਕਿਆ ਬਗੁਲਾ  ? ਜਾ ਕਉ ਨਦਰਿ ਕਰੇਇ   ਜੋ ਤਿਸੁ ਭਾਵੈ ਨਾਨਕਾ ! ਕਾਗਹੁ ਹੰਸੁ ਕਰੇਇ ’’ (ਮਹਲਾ /੯੧) ਸੂਹੀ ਰਾਗ ਵਿੱਚ ‘‘ਜਪ ਤਪ ਕਾ ਬੰਧੁ ਬੇੜੁਲਾ; ਜਿਤੁ ਲੰਘਹਿ ਵਹੇਲਾ ’’ (ਮਹਲਾ /੭੨੯); ਇਉਂ ਹੀ ਬਾਬਾ ਫਰੀਦ ਜੀ ਦਾ ਸ਼ਬਦ ਉਸੇ ਰਾਗ ਵਿਚ ਹੈ, ‘‘ਬੇੜਾ ਬੰਧਿ ਸਕਿਓ, ਬੰਧਨ ਕੀ ਵੇਲਾ ’’ (ਬਾਬਾ ਫਰੀਦ/੭੯੪) ਜੋ ਨਿਖੜਵਾਂ ਉੱਤਰ ਹੈ। ਇਹੋ ਜਿਹੀ ਸਾਂਝ ਹੀ ਦੂਜੀ, ਤੀਜੀ, ਚੌਥੀ ਅਤੇ ਪੰਜਵੀਂ ਪਾਤਿਸ਼ਾਹ ਜੀ ਦੀ ਬਾਣੀ (ਰਚਨਾ) ਵਿਚ ਮੌਜੂਦ ਹੈ। ਇਹ ਇਸੇ ਕਰਕੇ ਹੋਇਆ ਹੈ ਕਿ ਸਾਰੇ ਗੁਰੂ ਸਾਹਿਬਾਨ ਜੀ ਕੋਲ ਉਨ੍ਹਾਂ ਭਗਤਾਂ ਦੀ ਬਾਣੀ ਸੰਭਾਲੀ ਹੋਈ ਸੀ। ਇਸੇ ਤਰ੍ਹਾਂ ਗੁਰਬਾਣੀ ਵੀ ਪਹਿਲੇ ਪਾਤਿਸ਼ਾਹ ਜੀ ਦੇ ਸਮੇਂ ਤੋਂ ਸੰਭਾਲੀ ਹੋਈ ਪਾਤਿਸ਼ਾਹੀ ੫ਵੀਂ ਤੱਕ ਪੁੱਜੀ। ਬਾਣੀ ਨੂੰ ਇਕ ਥਾਂ ਕਰਨ ਲਈ ਗੁਰੂ ਅਮਰਦਾਸ ਜੀ ਨੇ ਆਪਣੇ ਪੋਤਰੇ (ਬਾਬਾ ਮੋਹਨ ਜੀ ਦੇ ਸਪੁੱਤਰ) ਬਾਬਾ ਸਹੰਸ਼ਰਰਾਮ ਜੀ ਤੋਂ ਪੋਥੀਆਂ ਵਿਚ ਬਾਣੀ ਸੰਗ੍ਰਹਿ ਦਾ ਕਾਰਜ ਕਰਵਾਇਆ। ਦੋ ਸਾਲ (1570-1572) ਦਾ ਸਮਾਂ ਲਗਾ ਕੇ ਸੈਂਚੀਆਂ ਦੇ ਰੂਪ ਵਿੱਚ ਸਮੁੱਚੀ ਬਾਣੀ ਇਕੱਤ੍ਰ ਕੀਤੀ। ਇਹ, ਗੁਰੂ ਸਾਹਿਬਾਨ ਜੀ ਦਾ ਪਹਿਲੇ ਸੋਚਿਆ ਮਿਥਿਆ ਨਿਸ਼ਾਨਾ ਸੀ ਕਿ ਉਹ ਸਾਰੇ ਰੂਹਾਨੀ ਤਜਰਬੇ ਨੂੰ ਸਾਹਿਤਕ ਤੇ ਸੰਗੀਤਕ ਰੰਗ ਵਿੱਚ ਕਲਮਬੰਦ ਕਰਦੇ ਜਾਣ ਕਿਉਂਕਿ ਸਮੇਂ ਦੇ ਸਾਹਿਤ ਕਾਰ, ਲਿਖਾਰੀ ਜ਼ਿੰਦਗੀ ਦੇ ਸੁੱਚੇ ਅਸਲੀ ਸਾਹਿਤ ਤੋਂ ਸੱਖਣੇ ਹੋ ਭੁੱਲ ਕੇ ਹੋਰ ਪਾਸੇ ਲੱਗੇ ਹੋਏ ਸਨ; ਜਿਵੇਂ ਕਿ ਫ਼ੁਰਮਾਨ ਹੈ, ‘‘ਨਾਉ ਵਿਸਾਰਹਿ, ਬੇਦੁ ਸਮਾਲਹਿ; ਬਿਖੁ ਭੂਲੇ ਲੇਖਾਰੀ ’’ (ਮਹਲਾ /੧੦੧੫), ਸਾਹਿਬ ਜੀ ਨੇ ਦਸ਼ਾ ਬਦਲੀ ਹੁਕਮ ਕੀਤਾ, ‘‘ਧੰਨੁ ਸੁ ਕਾਗਦੁ, ਕਲਮ ਧੰਨੁ; ਧਨੁ ਭਾਂਡਾ, ਧਨੁ ਮਸੁ (ਸਿਆਹੀ)  ਧਨੁ ਲੇਖਾਰੀ ਨਾਨਕਾ ! ਜਿਨਿ ਨਾਮੁ ਲਿਖਾਇਆ ਸਚੁ ’’ (ਮਹਲਾ /੧੨੯੧)

ਭਾਈ ਗੁਰਦਾਸ ਜੀ ਨੇ ਵੀ ਆਪਣੀ ਰਸਨਾ ਤੋਂ ਸੱਚੇ ਸੁਚੇ ਲਿਖਣ ਸੇਵਾ ਵਿਚ ਲੱਗੇ ਸੱਜਣਾਂ ਦੀ ਪ੍ਰਸੰਸਾ ਨੂੰ ਵਾਰਾਂ ਅੰਦਰ ਜਗ੍ਹਾ ਦਿੱਤੀ ਹੈ; ਜਿਵੇਂ ਕਿ

ਗੁਰਮੁਖਿ ਹਥਿ ਸਕਥ (ਸਫਲ) ਹਨਿ; ਸਾਧਸੰਗਤਿ ਗੁਰ ਕਾਰ ਕਮਾਵੈ

ਪਾਣੀ ਪਖਾ ਪੀਹਣਾ; ਪੈਰ ਧੋਇ ਚਰਣਾਂਮਤੁ ਪਾਵੈ

ਗੁਰਬਾਣੀ ਲਿਖਿ ਪੋਥੀਆ; ਤਾਲ ਮ੍ਰਿਦੰਗ ਰਬਾਬ ਵਜਾਵੈ (ਭਾਈ ਗੁਰਦਾਸ ਜੀ/ਵਾਰ ਪਉੜੀ ੧੨)

ਗੁਰਸਿਖੀ ਦਾ ਲਿਖਣਾ; ਗੁਰ ਬਾਣੀ ਸੁਣਿ ਸਮਝੈ ਲਿਖੈ (ਭਾਈ ਗੁਰਦਾਸ ਜੀ/ਵਾਰ ੨੮ ਪਉੜੀ )

ਪਾਂਧਾ ਬੂਲਾ ਜਾਣੀਐ; ਗੁਰਬਾਣੀ ਗਾਇਣੁ ਲੇਖਾਰੀ ਡਲੇ ਵਾਸੀ ਸੰਗਤਿ ਭਾਰੀ ੧੬

(ਭਾਈ ਗੁਰਦਾਸ ਜੀ/ਵਾਰ ੧੧ ਪਉੜੀ ੧੬)

ਜਦੋਂ ਗੁਰੂ ਅਰਜਨ ਸਾਹਿਬ ਜੀ ਤੱਕ ‘ਧੁਰ ਕੀ ਬਾਣੀ’, ‘‘ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ ’’ (ਮਹਲਾ /੧੨੭੫) ਦਾ ਭਰਪੂਰ ਖ਼ਜ਼ਾਨਾ ਇਕੱਠਾ ਹੋ ਗਿਆ ਤਾਂ ਇਹ ਵੱਡੀ ਕਰਾਮਤ ਸੀ, ਖੁਸ਼ਬੂ ਭਰੀ ਕਸਤੂਰੀ ਸੀ, ਜਿਸ ਦੇ ਸ਼ੈਦਾਈ ਹੋਏੇ ਸਿੱਖ ਭੌਰੇ ਸੁਗੰਧੀ ਲੈਣ ਲਈ ਦੂਰੋਂ-ਦੂਰੋਂ ਪੁੱਜਦੇ ਸਨ। ਇਸ ਗੱਲ ਤੋਂ ਦੁੱਖੀ ਹੋ ਕੇ ਗੁਰੂ ਜੀ ਦੇ ਵੱਡੇ ਭ੍ਰਾਤਾ ਬਾਬਾ ਪ੍ਰਿਥੀ ਚੰਦ ਜੀ ਨੇ ਚੌਹਾਂ ਗੁਰੂਆਂ ਦੇ ਬਚਨਾਂ ਦੀ ਇਕ ਵੱਡੀ ਪੁਸਤਕ ਤਿਆਰ ਕਰਵਾਈ ਕਿਉਂਕਿ ਉਹ ਸਿੱਖੀ ਸੇਵਕੀ ਨੂੰ ਆਪਣੇ ਵਿਅਕਤਿਤਵ ਨਾਲ ਜੋੜਨਾ ਚਾਹੁੰਦੇ ਸਨ। ਇਸ ਦਾ ਪ੍ਰਮਾਣ ਗੁਰੂਆਂ ਦੇ ਹਜ਼ੂਰੀ ਖਾਨਦਾਨ ਵਿਚੋਂ ਤੇ ਭਾਈ ਮਨੀ ਸਿੰਘ ਜੀ ਦੇ ਸਮਕਾਲੀ ਵਿਦਵਾਨ ਭਾਈ ਕੇਸਰ ਸਿੰਘ ਜੀ ਛਿੱਬਰ ਦੇ ਬੰਸਾਵਲੀ ਨਾਮੇ ਵਿਚ ਦਰਜ ਹੈ, ਡੂਮ ਲਗੇ ਸਬਦ ਮੀਣਿਆਂ ਦੇ ਗਾਵਣ ਦੂਯਾ ਦਰਬਾਰ ਵਡਾ ਗੁਰਿਆਈ ਦਾ ਲਗੇ ਲਾਵਣ ਮੀਣਿਆ ਭੀ ਇਕ ਪੁਸਤਕ ਗ੍ਰੰਥ ਬਣਾਇਆ ਚਹੁ ਪਾਤਸ਼ਾਹੀਆਂ ਦੇ ਸਬਦ ਬਾਣੀ ਲਿਖਿ ਪਾਇਆ

ਗੁਰੁ ਅਰਜਨ ਸਾਹਿਬ ਜੀ ਨੇ ਗੁਰਧਾਮਾਂ ਦੀ ਉਸਾਰੀ ਤੇ ਹੋਰ ਲੋੜੀਂਦੇ ਕਾਰਜਾਂ ਤੋਂ ਵਿਹਲੇ ਹੋ ਕੇ ਸਿਆਣੇ ਸੁਘੜ ਲਿਖਾਰੀ ਭਾਈ ਸੰਤ ਰਾਮ, ਹਰੀਆ, ਸੁਖਾ ਤੇ ਮਨਸਾ ਰਾਮ ਜੀ ਆਦਿਕ ਨੂੰ ਲਗਾ ਕੇ ਸ਼ੁਧ ਬਾਣੀ (ਕੱਚੀ ਬਾਣੀ ਦੀ ਮਿਲਾਵਟ ਤੋਂ ਨਿਰਲੇਪ) ਲਿਖਣ ਦਾ ਕੰਮ ਆਰੰਭਿਆ। ਇਸ ਦਾ ਹਵਾਲਾ ਵੀ ਭਾਈ ਕੇਸਰ ਸਿੰਘ ਛਿੱਬਰ ਜੀ ਨੇ ਦਿੱਤਾ ਹੈ, ਸਾਹਿਬ ਲਗੇ ਰਸਨਾ ਤੇ ਸਬਦ ਬਾਣੀ ਚਾਰ ਲਿਖਾਰੀ ਤੀਰ ਅਪਨੇ ਠਹਿਰਾਏ ਲਿਖਦੇ ਜਾਣ ਸਾਹਿਬ, ਜੋ ਰਸਨੀ ਅਲਾਏ ਭਾਈ ਸੰਤ ਰਾਮ ਤੇ ਹਰੀਆ, ਸੁਖਾ, ਮਨਸਾ ਰਾਮ ਲਿਖਦੇ ਜਾਣ ਸਾਹਿਬ, ਜੋ ਕਰਨ ਬਖਾਨ

ਪਾਤਿਸ਼ਾਹ ਜੀ ਨੇ ਆਪਣੇ ਮਾਮੇ ਬਾਬਾ ਮੋਹਨ ਜੀ ਤੋਂ ਵੀ ਗੁਰਬਾਣੀ ਦੀਆਂ ਸੈਂਚੀਆਂ ਲਿਆਂਦੀਆਂ ਤਾਂ ਕਿ ਸੰਪਾਦਨਾ ਵਿੱਚ ਇਨ੍ਹਾਂ ਤੋਂ ਵੀ ਸਹਾਇਤਾ ਲਈ ਜਾ ਸਕੇ। ਇਹ ਸਾਰਾ ਖ਼ਜ਼ਾਨਾ ਜਮਾ ਕਰਨ ਤੇ ਗੁਰੂ ਜੀ ਨੇ ਕਲਮ ਦੇ ਧਨੀ ਮਹਾਨ ਤਤਵੇਤਾ ਭਾਈ ਗੁਰਦਾਸ ਜੀ ਨੂੰ ਆਪਣੇ ਨਾਲ ਲਾਇਆ ਕਿਉਂਕਿ ਇਹ ਕਾਫ਼ੀ ਸਿਆਣਪ ਤੇ ਲਗਾਤਾਰ ਮਿਹਨਤ ਦਾ ਕਾਰਜ ਸੀ। ਸਾਰੀ ਬਾਣੀ ਨੂੰ ਰਾਗਾਂ, ਛੰਦਾਂ, ਲਗਾਂ ਮਾਤ੍ਰਾਵਾਂ ਤੇ ਵੱਖ ਵੱਖ ਗੁਰੂ ਸਾਹਿਬਾਨਾਂ ਦੀ ਤਰਤੀਬ ਅਨੁਸਾਰ ਇਕੱਠੀ ਕਰਨੀ ਸੀ। ਭਾਈ ਕੇਸਰ ਸਿੰਘ ਜੀ ਛਿੱਬਰ ਲਿਖਦੇ ਹਨ, ਬਚਨ ਕੀਤਾ ਭਾਈ ਗੁਰਦਾਸ, ਗੁਰੂ ਦੀ ਬਾਣੀ ਜੁਦਾ ਕਰੀਏ ਮੀਣੇ ਪਾਣ ਲਗੇ ਨੇ ਰਲਾ, ਸੋ ਨਿਆਰੀ ਕਰ ਧਰੀਏ ਸੋ ਸਾਹਿਬ ਅਗੇ ਹੀ ਬਾਣੀ ਉਚਾਰ ਕਰਤ ਭਏ ਸੋ ਭਾਈ ਗੁਰਦਾਸ, ਸਭ ਇਕੱਤਰ ਕਰ ਲਏ

ਜਦੋਂ ਅਸੀਂ ਸਿੱਖ ਇਤਿਹਾਸ ਵਿੱਚ ਗੁਰਬਾਣੀ ਸੰਬੰਧੀ ਸਿੱਖ ਗੁਰੂਆਂ ਦੀ ਘਾਲਣਾ, ਮਿਹਨਤ ਤੇ ਗੁਰੂ ਸ਼ਬਦ ਦੇ ਸਤਿਕਾਰ ਬਾਰੇ ਵਿਚਾਰ ਕਰਦੇ ਹਾਂ ਤਾਂ ਇਉਂ ਮਾਲੂਮ ਹੁੰਦਾ ਹੈ ਕਿ ਗੁਰੂ ਸਾਹਿਬਾਨ ਨੇ ਰੂਹਾਨੀਅਤ ਦਾ ਚਮਨ (ਫੁਲਵਾੜੀ) ਬਗੀਚਾ ਲਾਇਆ ਹੈ। ਮਾਨੋ ‘‘ਪੋਥੀ ਪਰਮੇਸਰ ਕਾ ਥਾਨੁ ’’ (ਮਹਲਾ /੧੨੨੬) ਚੋਣਵੇਂ ਫੁੱਲਾਂ ਦਾ ਗੁਲਦਸਤਾ ਹੈ, ਸੋਚ ਦਾ ਨਿਚੋੜ ਹੈ, ਇਹ ਸਚਾਈ ਦੀ ਮਹਾਨਤਾ ਅਤੇ ਵੰਡ ਵਿਖੇਵਿਆਂ ਵਾਲੇ ਦੇਸ਼ (ਸੰਸਾਰ) ਵਿਚ ਮਨੁੱਖੀ ਸਮਾਨਤਾ ਦੀ ਸਭ ਤੋਂ ਵੱਡੀ ਤੇ ਸੁੰਦਰ ਮਿਸਾਲ ਹੈ, ਜੋ ਗੁਰੂ ਜੀ ਨੇ ਕਰ ਦਿਖਾਈ। ਰੂਹਾਨੀਅਤ ਵਿੱਚ ਉਨ੍ਹਾਂ ਦੀ ਸਭ ਤੋਂ ਵਧੀਕ ਵਿਸ਼ੇਸ਼ਤਾ ਇਹ ਸੀ ਕਿ ਉਨ੍ਹਾਂ ਸ਼ਪਸ਼ਟ ਕੀਤਾ ਕਿ ਸੱਚੀ ਬਾਣੀ ਉਹ ਹੈ, ਜਿਸ ਵਿਚ ਨਾਮ ਨਿਧਾਨ ਹੋਵੇ। ਇਹ ਨਾਮ ਹੀ ‘ਪ੍ਰਤੱਖ ਗੁਰੂ’ ਪ੍ਰਗਟ ਹੋ ਨਿਸਤਾਰਾ ਕਰਦਾ ਹੈ, ‘‘ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ   ਗੁਰੁ, ਬਾਣੀ ਕਹੈ; ਸੇਵਕੁ ਜਨੁ ਮਾਨੈ; ਪਰਤਖਿ ਗੁਰੂ ਨਿਸਤਾਰੇ ’’ (ਮਹਲਾ /੯੮੨) ਇਹ ਬਾਣੀ, ਮਨੁੱਖੀ ਜ਼ਿੰਦਗੀ ਦੀ ਟੇਕ ਹੈ, ਸਹਾਰਾ ਹੈ, ‘‘ਜਿਉ ਮੰਦਰ ਕਉ ਥਾਮੈ ਥੰਮਨੁ   ਤਿਉ ਗੁਰ ਕਾ ਸਬਦੁ; ਮਨਹਿ ਅਸਥੰਮਨੁ ’’ (ਮਹਲਾ /੨੮੨)

ਸੋ ਗੁਰੂ ਸਾਹਿਬਾਨ ਨੇ ਆਪਣੀ ਹਯਾਤੀ (ਭਾਵ ਜੀਵਦਿਆਂ) ਆਪਣੇ ਜੀਵਨ ਕਾਲ ਵਿਚ ਹੀ ‘‘ਸਬਦੁ ਗੁਰੂ ਪਰਕਾਸਿਓ.. ’’ (ਭਟ ਕਲੵ/੧੪੦੭) ਦਾ ਉਹ ਅੰਮ੍ਰਿਤ ਭੋਜਨ ਬਖਸ਼ਸ਼ ਕੀਤਾ, ਜਿਸ ਤੋਂ ਸਮੁੱਚੀ ਮਾਨਵਤਾ, ਖਤ੍ਰੀ, ਬ੍ਰਾਹਮਣ, ਸ਼ੂਦ, ਵੈਸ਼ ਆਦਿ ਸਦੀਵੀ ਆਤਮਿਕ ਤ੍ਰਿਪਤੀ ਹਾਸਲ ਕਰ ਸਕਦੇ ਹਨ। ਜਿਹੜਾ ਮਨੁੱਖ ਵੀ ਸੋਚ ਦਾ ਮੁਤਲਾਸ਼ੀ (ਖੋਜੀ) ਹੋ ਇਸ ਨੂੰ ਭੁੰਚੇਗਾ, ਉਹ ਆਤਮਿਕ ਗਿਆਨ ਤੇ ਸਦੀਵੀ ਸ਼ਾਂਤੀ ਹਾਸਲ ਕਰੇਗਾ। ਇਸ ਅੰਧਕਾਰ ਸੰਸਾਰ ਵਿੱਚ ਆਤਮਿਕ ਰੌਸ਼ਨੀ ਮਾਣੇਗਾ। ਸਾਡਾ ਜੀਵਨ ਮਨੋਰਥ ਸਚਿਆਰ ਹੋ ਜੀਵਨ ਦੀਆ ਔਕੁੜਾਂ, ਕਠਿਨਾਈਆਂ ਰੂਪ ਭਵਜਲ ਤੋਂ ਪਾਰ ਹੋ ਕਰਤੇ ਪੁਰਖ ਪ੍ਰਭੂ ਦਾ ਮਿਲਾਪ ਮਾਨਣਾ ਹੀ ਹੈ। ਸਤਿਗੁਰੂ ਅਰਜਨ ਸਾਹਿਬ ਜੀ ਨੇ ਗੁਰਬਾਣੀ ਜਾਂ ਗੁਰੁ ਗ੍ਰਰੂ ਗ੍ਰੰਥ ਸਾਹਿਬ ਜੀ ਦੀ ਇਸੇ ਵਿਸ਼ੇਸ਼ਤਾ ਨੂੰ ਪਰਗਟ ਕਰਦਿਆਂ ਅੰਤ ਵਿਚ ਫ਼ੁਰਮਾਇਆ ਹੈ, ‘‘ਥਾਲ ਵਿਚਿ, ਤਿੰਨਿ ਵਸਤੂ ਪਈਓ; ਸਤੁ, ਸੰਤੋਖੁ, ਵੀਚਾਰੋ   ਅੰਮ੍ਰਿਤ ਨਾਮੁ ਠਾਕੁਰ ਕਾ ਪਇਓ; ਜਿਸ ਕਾ ਸਭਸੁ ਅਧਾਰੋ   ਜੇ ਕੋ ਖਾਵੈ; ਜੇ ਕੋ ਭੁੰਚੈ; ਤਿਸ ਕਾ ਹੋਇ ਉਧਾਰੋ   ਏਹ ਵਸਤੁ ਤਜੀ ਨਹ ਜਾਈ; ਨਿਤ ਨਿਤ ਰਖੁ ਉਰਿ ਧਾਰੋ   ਤਮ (ਹਨ੍ਹੇਰਾ) ਸੰਸਾਰੁ, ਚਰਨ ਲਗਿ ਤਰੀਐ; ਸਭੁ ਨਾਨਕ ਬ੍ਰਹਮ ਪਸਾਰੋ ’’ (ਮੁੰਦਾਵਣੀ/ਮਹਲਾ /੧੪੨੯)

ਨਾਨਕ ਜੋਤਿ ਨੂੰ ਸਮਰਪਿਤ ਗੁਰੂ ਤੇਗ਼ ਬਹਾਦਰ ਸਾਹਿਬ

0

ਨਾਨਕ ਜੋਤਿ ਨੂੰ ਸਮਰਪਿਤ ਗੁਰੂ ਤੇਗ਼ ਬਹਾਦਰ ਸਾਹਿਬ

ਗਿਆਨੀ ਅਵਤਾਰ ਸਿੰਘ

ਦੁਨੀਆਂ ਭਰ ਦੇ ਇਤਿਹਾਸ ’ਚ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਬੇਮਿਸਾਲ ਹੈ, ਲਾਸਾਨੀ ਹੈ ਤੇ ਕਮਾਲ ਹੈ। ਬਚਿਤਰ ਨਾਟਕ ’ਚ ਇਸ ਦਾ ਇਉਂ ਜ਼ਿਕਰ ਹੈ, ‘‘ਧਰਮ ਹੇਤਿ, ਸਾਕਾ ਜਿਨਿ ਕੀਆ ਸੀਸੁ ਦੀਆ, ਪਰ ਸਿਰਰੁ ਦੀਆਤੇਗ਼ ਬਹਾਦਰ ਕੇ ਚਲਤ, ਭਯੋ ਜਗਤ ਕੋ ਸੋਕ ਹੈ ਹੈ ਹੈ ਸਭ ਜਗ ਭਣੋ, ਜੈ ਜੈ ਜੈ ਸੁਰ ਲੋਕ’’, ਸਾਰੇ ਧਰਮਾਂ ’ਚ ਆਪਣੀ ਆਜ਼ਾਦੀ ਵਾਸਤੇ ਸੰਘਰਸ਼ ਹੋਏ, ਸ਼ਹਾਦਤਾਂ ਦਿੱਤੀਆਂ ਹਨ, ਪਰ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਆਪਣੇ ਨਹੀਂ ਬਲਕਿ ਗ਼ੈਰ (ਹਿੰਦੂ) ਧਰਮ ਦੀ ਰੱਖਿਆ ਲਈ ਸ਼ਹੀਦੀ ਦਿੱਤੀ, ਜਿਨ੍ਹਾਂ ਦੇ ਧਾਰਮਿਕ ਵਿਚਾਰਾਂ ਨਾਲ਼ ਸਤਿਗੁਰੂ ਜੀ ਸਹਿਮਤ ਭੀ ਨਹੀਂ ਸਨ।

ਗੁਰੂ ਤੇਗ਼ ਬਹਾਦਰ ਜੀ ਦਾ ਜਨਮ ੫ ਵੈਸਾਖ ਬ੍ਰਿਕਮੀ ਸੰਮਤ ੧੬੭੮ (1 ਅਪ੍ਰੈਲ 1621) ਦੇ ਦਿਨ ਮਾਤਾ ਨਾਨਕੀ ਜੀ ਅਤੇ ਗੁਰੂ ਹਰਿ ਗੋਬਿੰਦ ਸਾਹਿਬ ਦੇ ਘਰ; ਗੁਰੂ ਦਾ ਚੱਕ (ਹੁਣ ਅੰਮ੍ਰਿਤਸਰ ਸਾਹਿਬ) ਵਿਖੇ ਹੋਇਆ। ਆਪ ਨੇ ਭਾਈ ਗੁਰਦਾਸ ਜੀ, ਭਾਈ ਸਿੰਘਾ ਪੁਰੋਹਤ ਤੇ ਹੋਰ ਵਿਦਵਾਨਾਂ ਪਾਸੋਂ ਗੁਰਬਾਣੀ ਅਤੇ ਸਿੱਖ ਇਤਿਹਾਸ ਨੂੰ ਸਮਝ ਲਿਆ। ਆਪ ਛੋਟੀ ਉਮਰ ’ਚ ਹੀ ਗੁਰਮਤਿ ਦੇ ਗਿਆਤਾ, ਸ਼ਸਤਰ ਵਿੱਦਿਆ ਤੇ ਘੋੜ ਸਵਾਰੀ ਵਿੱਚ ਨਿਪੁੰਨ ਹੋ ਗਏ।

ਪਿੰਡ ਲਖਨੌਰ (ਅੰਬਾਲਾ) ਦੇ ਭਾਈ ਲਾਲ ਚੰਦ ਸੁਭਿੱਖੀ ਜੀ; ਆਪਣੇ ਪਰਵਾਰ ਸਮੇਤ ਹਰ ਸਾਲ ਕਰਤਾਰਪੁਰ (ਜ਼ਿਲਾ ਜਲੰਧਰ) ਵਿਖੇ ਸੇਵਾ ਕਰਨ ਆਇਆ ਕਰਦੇ ਸਨ। ਗੁਰੂ ਤੇਗ਼ ਬਹਾਦਰ ਸਾਹਿਬ ਵੀ ਅਕਸਰ ਕਰਤਾਰਪੁਰ ਆਇਆ ਕਰਦੇ ਸਨ। ਇਕ ਵਾਰ ਭਾਈ ਲਾਲ ਚੰਦ ਦੀ ਘਰਵਾਲੀ ਨੇ ਮਾਤਾ ਨਾਨਕੀ ਜੀ ਕੋਲ ਆਪਣੀ ਧੀ ਗੁਜਰੀ ਦੇ (ਗੁਰੂ) ਤੇਗ਼ ਬਹਾਦਰ ਨਾਲ ਵਿਆਹ ਦੀ ਗੱਲ ਛੇੜੀ। ਮਾਤਾ ਨਾਨਕੀ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨਾਲ ਗੱਲ ਕਰ ਕੇ ਇਸ ਰਿਸ਼ਤੇ ਨੂੰ ਮਨਜ਼ੂਰ ਕਰ ਲਿਆ। ਸੁਚੱਜੀ ਬੀਬੀ ਗੁਜਰੀ (ਜੋ ਗੁਰੂ ਤੇਗ਼ ਬਹਾਦਰ ਤੋਂ ਸਿਰਫ਼ ਇਕ ਸਾਲ ਛੋਟੀ ਸੀ) ਦਾ ਵਿਆਹ ੧੯ ਫੱਗਣ ਬ੍ਰਿਕਮੀ ਸੰਮਤ ੧੬੮੯ (14 ਫ਼ਰਵਰੀ 1633) ਦੇ ਦਿਨ ਕਰਤਾਰਪੁਰ ਵਿਖੇ ਹੋਇਆ। ਇਸ ਅਨੰਦ ਕਾਰਜ ਦੇ ਮੌਕੇ ਤੇ ਭਾਈ ਗੁਰਦਾਸ, ਬਾਬਾ ਬੁੱਢਾ, ਭਾਈ ਬੱਲੂ, ਭਾਈ ਦਰੀਆ, ਭਾਈ ਪਦਮਾ ਚੌਹਾਨ, ਭਾਈ ਅੜੂ ਰਾਮ ਦੱਤ, ਭਾਈ ਕੀਰਤ ਭੱਟ, ਭਾਈ ਸਿੰਘਾ ਪੁਰੋਹਤ, ਭਾਈ ਜੱਗੂ ਚੋਹਾਨ, ਭਾਈ ਸੁਖੀਆ ਮਾਂਡਨ ਅਤੇ ਬਹੁਤ ਸਾਰੇ ਹੋਰ ਦਰਬਾਰੀ ਸਿੱਖ ਹਾਜ਼ਰ ਸਨ। ਵਿਆਹ ਮਗਰੋਂ ਗੁਰੂ ਤੇਗ਼ ਬਹਾਦਰ ਜੀ ਅਤੇ ਮਾਤਾ ਗੁਜਰੀ ਜੀ; ਗੁਰੂ ਦਾ ਚੱਕ (ਅੰਮ੍ਰਿਤਸਰ) ਚਲੇ ਗਏ।

ਵਿਆਹ ਤੋਂ 14 ਕੁ ਮਹੀਨੇ ਬਾਅਦ 16 ਅਪ੍ਰੈਲ 1634 ਨੂੰ ਆਪ ਦੀ ਭੈਣ ਬੀਬੀ ਵੀਰੋ ਦਾ ਵਿਆਹ ਸੀ। ਜਿਸ ਤੋਂ ਇਕ ਦਿਨ ਪਹਿਲਾਂ ਮੁਗਲ ਫ਼ੌਜਾਂ ਨੇ ਗੁਰੂ ਦਾ ਚੱਕ ’ਤੇ ਹਮਲਾ ਕਰ ਦਿੱਤਾ। ਇਸ ਵੇਲੇ ਆਪ ਸਿਰਫ਼ ਸਾਢੇ ਬਾਰ੍ਹਾਂ ਕੁ ਸਾਲ ਦੇ ਸਨ। ਆਪ ਨੇ ਭਾਈ ਬਿਧੀ ਚੰਦ ਤੇ ਹੋਰ ਜਰਨੈਲਾਂ ਨਾਲ ਰਲ ਕੇ ਮੁਗਲਾਂ ਦਾ ਡਟ ਕੇ ਮੁਕਾਬਲਾ ਕੀਤਾ।

ਬਕਾਲਾ ਵਿਚ ਆਪ ਦੇ ਨਾਨਾ ਹਰੀ ਚੰਦ ਲੰਬ ਅਤੇ ਨਾਨੀ ਹਰ ਦੇਈ ਜੀ ਰਹਿੰਦੇ ਸਨ।  ੬ ਚੇਤ ਬ੍ਰਿਕਮੀ ਸੰਮਤ ੧੭੦੦ (3 ਮਾਰਚ 1644) ਨੂੰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੋਤੀ-ਜੋਤਿ ਸਮਾਏ ਤਾਂ ਆਪ ਬਕਾਲੇ ਵਿਚ ਸਨ। ਖ਼ਬਰ ਮਿਲਣ ’ਤੇ ਆਪ ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਸਮੇਤ ਕੀਰਤਪੁਰ ਪੁੱਜੇ। ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਗੁਰੂ ਹਰਗੋਬਿੰਦ ਜੀ ਨੇ ਗੁਰਗੱਦੀ ਗੁਰੂ ਹਰਿਰਾਇ ਜੀ ਨੂੰ ਸੌਂਪ ਦਿੱਤੀ ਸੀ।

ਕੁੱਝ ਸਮਾਂ ਕੀਰਤਪੁਰ ਠਹਿਰਣ ਤੋਂ ਬਾਅਦ ਆਪ; ਮਾਤਾ ਨਾਨਕੀ ਜੀ ਤੇ ਪਤਨੀ ਮਾਤਾ ਗੁਜਰੀ ਜੀ ਸਮੇਤ ਵਾਪਸ ਬਕਾਲੇ ਆ ਗਏ। ਅਗਲੇ ਬਾਰ੍ਹਾਂ ਸਾਲ (1644-1656 ਤਕ) ਆਪ ਬਕਾਲਾ ਵਿਚ ਹੀ ਰਹੇ। ਇੱਥੇ ਪਹੁੰਚਦੀਆਂ ਸੰਗਤਾਂ ਨੂੰ ਆਪ ਜੀ ਗੁਰਬਾਣੀ ਦੀ ਕਥਾ ਤੇ ਗੁਰੂ ਇਤਿਹਾਸ ਦੀ ਕਥਾ ਸੁਣਾਇਆ ਕਰਦੇ ਸਨ। ਆਪ ਕਦੇ-ਕਦੇ ਗੋਇੰਦਵਾਲ, ਗੁਰੂ ਦਾ ਚੱਕ (ਅੰਮ੍ਰਿਤਸਰ), ਕਰਤਾਰਪੁਰ ਅਤੇ ਕੀਰਤਪੁਰ ਵੀ ਜਾਂਦੇ ਰਹਿੰਦੇ ਸਨ।

ਜੂਨ 1656 ਵਿਚ ਆਪ ਗੁਰੂ ਹਰਿਰਾਇ ਸਾਹਿਬ ਨੂੰ ਮਿਲਣ ਲਈ ਕੀਰਤਪੁਰ ਗਏੇ ਹੋਏ ਸਨ। ਉਨ੍ਹੀਂ ਦਿਨੀਂ ਆਗਰਾ, ਕਾਸ਼ੀ (ਬਨਾਰਸ/ਵਾਰਾਨਸੀ), ਮਿਰਜ਼ਾਪੁਰ, ਪ੍ਰਯਾਗ (ਅਲਾਹਾਬਾਦ) ਤੋਂ ਇਲਾਵਾ ਗਯਾ, ਪਟਨਾ, ਢਾਕਾ ਅਤੇ ਅਸਾਮ ਤੋਂ ਵੀ ਬਹੁਤ ਸਾਰੀਆਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਆਈਆਂ ਹੋਈਆਂ ਸਨ। ਇਨ੍ਹਾਂ ਸੰਗਤਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਸਾਡੇ ਇਲਾਕਿਆਂ ਵਿਚ ਆ ਕੇ ਦਰਸ਼ਨ ਦੇਓ। ਗੁਰੂ ਸਾਹਿਬ ਨੇ ਕੀਰਤਪੁਰ ਸਾਹਿਬ ਵਿਖੇ ਪਹੁੰਚਦਿਆਂ ਹਜ਼ਾਰਾਂ ਸੰਗਤਾਂ ਨੂੰ ਧਿਆਨ ’ਚ ਰੱਖਦਿਆਂ ਆਪਣੇ ਚਾਚਾ (ਗੁਰੂ) ਤੇਗ਼ ਬਹਾਦਰ ਜੀ ਨੂੰ ਪੂਰਬ ਵੱਲ ਜਾ ਕੇ ਧਰਮ ਪਰਚਾਰ ਕਰਨ ਲਈ ਭੇਜਿਆ। ਆਪ; ੧੧ ਹਾੜ ਬ੍ਰਿਕਮੀ ਸੰਮਤ ੧੭੧੩ (9 ਜੂਨ 1656) ਦੇ ਦਿਨ ਕੀਰਤਪੁਰ ਸਾਹਿਬ ਤੋਂ ਪੂਰਬ ਵੱਲ ਦੇ ਲੰਬੇ ਦੌਰੇ ’ਤੇ ਚਲ ਪਏ। ਆਪ ਜੀ ਦਾ ਪਰਵਾਰ ਅਤੇ ਕੁੱਝ ਦਰਬਾਰੀ ਸਿੱਖਾਂ ਦਾ ਜੱਥਾ ਭੀ ਆਪ ਦੇ ਨਾਲ ਗਿਆ। ਇਸ ਬਾਰੇ ਭੱਟ ਵਹੀ ਤਲਾਉਂਡਾ, ਪਰਗਣਾ ਜੀਂਦ ਵਿਚ ਦਰਜ ਹੈ :

ਗੁਰੁ ਤੇਗ਼ ਬਹਾਦਰ ਜੀ, ਬੇਟਾ ਗੁਰੁ ਹਰਿਗੋਬਿੰਦ ਜੀ ਮਹਲ ਛਟੇ ਕਾ, ਪੋਤਾ ਗੁਰੂ ਅਰਜਨ ਕਾ, ਸੋਢੀ ਖਤਰੀ, ਬਾਸੀ ਕੀਰਤਪੁਰ, ਪਰਗਣਾ ਕਹਿਲੂਰ, ਸੰਮਤ ਸਤਰਾਂ ਸੈ ਤੇਰਾਂ, ਅਸਾੜ ਪ੍ਰਵਿਸ਼ਟੇ ਗਿਆਰਾਂ, ਤੀਰਥ ਯਾਤਰਾ ਜਾਨੇ ਕੀ ਤਿਆਰੀ ਕੀ ਗੈਲੋਂ ਮਾਤਾ ਨਾਨਕੀ ਜੀ ਆਈ, ਇਸਤਰੀ ਗੁਰੂ ਹਰਿਗੋਬਿੰਦ ਜੀ ਕੀ, ਮਾਤਾ ਨੇਤੀ ਜੀ ਆਈ ਇਸਤਰੀ ਗੁਰੁ ਗੁਰਦਿਤਾ ਜੀ ਕੀ, ਮਾਤਾ ਹਰੀ ਜੀ ਆਈ ਇਸਤਰੀ ਗੁਰੁ ਸੂਰਜ ਮੱਲ ਜੀ ਕੀ, ਬਾਵਾ ਬਾਲੂ ਹਸਨਾ ਤੇ ਬਾਵਾ ਅਲਮਸਤ ਜੀ ਆਏ, ਚੇਲੇ ਗੁਰੁ ਗੁਰਦਿਤਾ ਜੀ ਕੇ, ਮਾਤਾ ਗੁਜਰੀ ਜੀ ਆਈ ਇਸਤਰੀ ਗੁਰੁ ਤੇਗ਼ ਬਹਾਦਰ ਜੀ ਕੀ, ਕ੍ਰਿਪਾਲ ਚੰਦ ਆਇਆ ਬੇਟਾ ਬਾਬਾ ਲਾਲ ਚੰਦ ਸੁਭਿੱਖੀ ਕਾ, ਦੀਵਾਨ ਦਰਗਹ ਮੱਲ ਆਇਆ ਬੇਟਾ ਦਵਾਰਕਾ ਦਾਸ ਛਿਬਰ ਬ੍ਰਾਹਮਣ ਕਾ, ਸਾਧੂ ਰਾਮ ਆਇਆ ਬੇਟਾ ਧਰਮ ਚੰਦ ਖੋਸਲੇ ਕਾ, ਦੁਰਗਾ ਦਾਸ ਆਇਆ ਬੇਟਾ ਮੂਲ ਚੰਦ ਜਲਾਹਨੇ ਪੁਆਰ ਕਾ, ਦਿਆਲ ਦਾਸ ਆਇਆ ਬੇਟਾ ਮਾਈ ਦਾਸ ਪੁਆਰ ਬਲਉਂਤ ਕਾ, ਚਉਪਤਿ ਰਾਇ ਆਇਆ ਬੇਟਾ ਪੈਰਾ ਰਾਮ ਛਿਬਰ ਕਾ ਹੋਰ ਸਿਖ ਫ਼ਕੀਰ ਆਏ

ਨੋਟ : ‘ਭੱਟ ਵਹੀਆਂ’ ’ਚ ਗੁਰੂ ਸਾਹਿਬਾਨ ਦੇ ਪਰਵਾਰ ਦੇ ਹਰ ਮੈਂਬਰ ਨਾਲ ‘ਗੁਰੁ’ ਲਿਖਦੇ ਸਨ, ਇਸ ਲਈ ਉਕਤ ‘ਗੁਰੁ, ਗੁਰੁ’ ਕਈ ਨਾਵਾਂ ਨਾਲ਼ ਲਿਖਿਆ ਹੈ।

ਕੀਰਤਪੁਰ ਵਿਚ ੬ ਕੱਤਕ ਬ੍ਰਿਕਮੀ ਸੰਮਤ ੧੭੧੮ (6 ਅਕਤੂਬਰ 1661) ਦੇ ਦਿਨ ਗੁਰੂ ਹਰਿ ਰਾਇ ਸਾਹਿਬ ਜੋਤੀ ਜੋਤਿ ਸਮਾ ਗਏ ਅਤੇ ਉਨ੍ਹਾਂ ਨੇ ਆਪਣੇ ਛੋਟੇ ਪੁੱਤਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਗੁਰਗੱਦੀ ਸੌਂਪ ਦਿੱਤੀ। (ਗੁਰੂ) ਤੇਗ਼ ਬਹਾਦਰ ਸਾਹਿਬ ਨੂੰ ਇਹ ਖ਼ਬਰ ਮਈ 1662 ਦੇ ਅਖੀਰ ਵਿਚ ਮਿਲੀ। ਹੁਣ ਆਪ ਨੇ ਵਾਪਸ ਪੰਜਾਬ ਜਾਣ ਦੀ ਤਿਆਰੀ ਸ਼ੁਰੂ ਕੀਤੀ।

ਆਪ 21 ਮਾਰਚ 1664 ਦੇ ਦਿਨ ਦਿੱਲੀ ਵਿਚ ਪੁੱਜੇ। ਦਿੱਲੀ ਪੁੱਜਣ ’ਤੇ ਰਾਮਰਾਇ (ਜੋ ਔਰੰਗਜ਼ੇਬ ਨਾਲ ਨੇੜਤਾ ਬਣਾ ਕੇ ਉੱਥੇ ਰਹਿ ਰਿਹਾ ਸੀ) ਵੀ ਆਪ ਨੂੰ ਮਿਲਣ ਆਇਆ। ਬਾਬਾ ਰਾਮਰਾਇ ਨੇ (ਗੁਰੂ) ਤੇਗ਼ ਬਹਾਦਰ ਸਾਹਿਬ ਕੋਲ਼ ਵੀ ਗੁਰਗੱਦੀ ਨਾ ਮਿਲਣ ਦਾ ਗਿੱਲਾ-ਸ਼ਿਕਵਾ ਕੀਤਾ, ਪਰ ਦਾਲ ਗਲਦੀ ਨਾ ਵੇਖੀ ਤਾਂ ਵਾਪਸ ਚਲਾ ਗਿਆ।

ਬਾਬਾ ਰਾਮਰਾਇ ਦੁਆਰਾ ਗੁਰਗੱਦੀ ਦਾ ਝਗੜਾ ਖੜ੍ਹਾ ਕਰਨ ਬਦਲੇ ਔਰੰਗਜ਼ੇਬ ਨੇ ਇਨ੍ਹਾਂ ਦਿਨਾਂ ’ਚ ਗੁਰੂ ਹਰਿਸ਼ਨ ਸਾਹਿਬ ਨੂੰ ਦਿੱਲੀ ਬੁਲਾਇਆ ਸੀ। (ਗੁਰੂ) ਤੇਗ਼ ਬਹਾਦਰ ਸਾਹਿਬ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਨਾਲ਼ ਦਿੱਲੀ ਵਿਖੇ ਮੁਲਾਕਾਤ ਕਰ ਵਰਤਮਾਨ ਦੇ ਹਾਲਾਤਾਂ ਬਾਰੇ ਜਾਣਿਆ। ਆਪ ਨੇ ਭੀ ਗੁਰੂ ਸਾਹਿਬ ਨਾਲ ਰਾਮ ਰਾਇ ਦੀ ਸਾਜ਼ਸ਼ ਦਾ ਜ਼ਿਕਰ ਕੀਤਾ। ਉਨ੍ਹਾਂ ਗੁਰੂ ਸਾਹਿਬ ਨੂੰ ਕਿਹਾ ਕਿ ਔਰੰਗਜ਼ੇਬ ਬਹੁਤ ਚਾਲਾਕ ਬੰਦਾ ਹੈ। ਉਸ ਨਾਲ ਗੱਲਬਾਤ ਸਮੇਂ ਚੌਕਸ ਰਹਿਣਾ ਜ਼ਰੂਰੀ ਹੈ। ਇਸੇ ਸਮੇਂ ਦਿੱਲੀ ਵਿਚ ਭਿਆਨਕ ਚੀਚਕ ਮਹਾਂਮਾਰੀ ਫੈਲੀ ਹੋਈ ਸੀ। ਜਿਸ ਦਾ ਅਸਰ ਗੁਰੂ ਸਾਹਿਬ ’ਤੇ ਭੀ ਪਿਆ ਹੋਇਆ ਸੀ। ਗੁਰੂ ਸਾਹਿਬ ਨੇ (ਗੁਰੂ) ਤੇਗ਼ ਬਹਾਦਰ ਸਾਹਿਬ ਨੂੰ ਕਿਹਾ ਕਿ ਮੇਰੇ ਬਾਅਦ ਗੁਰਿਆਈ ਦੀ ਸੇਵਾ ਤੁਸੀਂ ਸੰਭਾਲਣੀ ਹੈ। ਇਹ ਸੁਣ ਕੇ (ਗੁਰੂ) ਤੇਗ਼ ਬਹਾਦਰ ਸਾਹਿਬ ਚੁੱਪ ਤੇ ਗੰਭੀਰ ਹੋ ਗਏ।

ਆਪ 24 ਮਾਰਚ 1664 ਦੇ ਦਿਨ ਆਪਣੇ ਪਰਵਾਰ ਤੇ ਜਥੇ ਸਮੇਤ ਪੰਜਾਬ ਲਈ ਰਵਾਨਾ ਹੋ ਗਏ। ਰਸਤੇ ਵਿਚ ਆਪਣੀ ਭੈਣ ਬੀਬੀ ਵੀਰੋ ਨੂੰ ਮਿਲਣ ਵਾਸਤੇ ਪਿੰਡ ਮਲ੍ਹਾ ਵੀ ਗਏ। ਭਾਈ ਸਾਧੂ ਰਾਮ ਦੇ ਪਰਵਾਰ ਨੇ ਆਪ ਦੀ ਬੜੀ ਸੇਵਾ ਕੀਤੀ। ਕੁਝ ਦਿਨ ਦੀਵਾਨ ਸਜਾਉਣ ਮਗਰੋਂ ਆਪ; ਆਪਣੇ ਜੀਜੇ ਭਾਈ ਸਾਧੂ ਰਾਮ ਨੂੰ ਮਲ੍ਹਾ ਵਿਚ ਛੱਡ ਕੇ ਸੁਲਤਾਨਪੁਰ ਵਲ ਚਲ ਪਏ, ਜਿਥੋਂ ਅੱਗੇ ਉਹ ਬਕਾਲਾ ਚਲੇ ਗਏ।

25 ਮਾਰਚ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਤੇ ਔਰੰਗਜ਼ੇਬ ਵਿਚਕਾਰ ਪਹਿਲੀ ਮੁਲਾਕਾਤ ਹੋਈ। ਔਰੰਗਜ਼ੇਬ ਨੇ ਦੋ ਦਿਨ ਬਾਅਦ ਫੇਰ ਗੱਲਬਾਤ ਕਰਨ ਲਈ ਬੁਲਾਇਆ। ਗੁਰੂ ਸਾਹਿਬ ਨੂੰ ਕੁੱਝ ਦਿਨ ਕਾਫ਼ੀ ਬੁਖਾਰ ਰਿਹਾ। ਅਖ਼ੀਰ ਆਪ ਨੇ ੩ ਵੈਸਾਖ ਬ੍ਰਿਕਮੀ ਸੰਮਤ ੧੭੨੧ (30 ਮਾਰਚ 1664) ਦੇ ਦਿਨ ਸਾਰਿਆਂ ਨੂੰ ਕੋਲ ਬੁਲਾ ਕੇ ਗੁਰਗੱਦੀ ‘ਬਾਬਾ ਬਕਾਲੇ’ ਕਹਿਣ ਤੋਂ ਮਗਰੋਂ ਜੋਤੀ-ਜੋਤਿ ਸਮਾ ਗਏ। ਜਿਨ੍ਹਾਂ ਦੇ ਸਸਕਾਰ ਕਰਨ ਵਾਲ਼ੀ ਜਗ੍ਹਾ ਅੱਜ ਗੁਰਦੁਆਰਾ ਬਾਬਾ ਸਾਹਿਬ (ਦਿੱਲੀ) ਸੁਭਾਇਮਾਨ ਹੈ।

ਚਾਰ ਕੁ ਮਹੀਨਿਆਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਮਾਤਾ ਸੁਲੱਖਣੀ ਜੀ, ਦੀਵਾਨ ਦਰਗਹ ਮੱਲ, ਭਾਈ ਮਨੀ ਰਾਮ (ਭਾਈ ਮਨੀ ਸਿੰਘ) ਆਦਿਕ ਸਿੱਖਾਂ ਨੇ ਬਕਾਲਾ ਆ ਕੇ ਭਾਦੋਂ ਵਦੀ ੧੫; ੧੧ ਭਾਦੋਂ (11 ਅਗਸਤ 1664) ਨੂੰ ਗੁਰਗੱਦੀ ਸੌਂਪਣ ਦੀ ਅਰਦਾਸ ਬਾਬਾ ਦਵਾਰਕਾ ਦਾਸ (ਬੇਟਾ ਬਾਬਾ ਅਰਜਾਨੀ, ਪੋਤਾ ਬਾਬਾ ਮੋਹਰੀ ਤੇ ਪੜਪੋਤਾ ਗੁਰੂ ਅਮਰਦਾਸ ਜੀ) ਨੇ ਨਿਭਾਈ। ਇਸ ਦਾ ਜ਼ਿਕਰ ‘ਭੱਟ ਵਹੀਆਂ’ ’ਚ ਇੰਞ ਮਿਲਦਾ ਹੈ :

ਦੀਵਾਨ ਦਰਗਹ ਮੱਲ ਬੇਟਾ ਦਵਾਰਕਾ ਦਾਸ ਕਾ ਪੋਤਾ ਪਰਾਗ ਦਾਸ ਕਾ, ਚਉਪਤਿ ਰਾਏ ਬੇਟਾ ਪੈਰੇ ਕਾ ਪੋਤਾ ਗੌਤਮ ਕਾ ਛਿਬਰ ਬ੍ਰਾਹਮਣ, ਜੇਠਾ ਮਾਈ ਦਾਸ ਕਾ, ਮਨੀ ਰਾਮ ਮਾਈ ਦਾਸ ਕਾ ਬਲਉਂਤ ਜਲ੍ਹਾਨੇ, ਜੱਗੂ ਬੇਟਾ ਪਦਮਾ ਕਾ ਪੋਤਾ ਕਉਲੇ ਕਾ ਹਜਾਵਤ ਆਂਬਿਆਨਾ, ਨਾਨੂ ਬੇਟਾ ਬਾਘੇ ਕਾ ਪੋਤਾ ਉਮੈਦੇ ਕਾ, ਦਿੱਲੀ ਸੇ ਗੁਰੂ ਹਰਕਿਸ਼ਨ ਜੀ ਮਹਿਲ ਅਠਮੇ ਕੀ ਮਾਤਾ ਸੁਲੱਖਣੀ ਕੇ ਸਾਥ ਬਕਾਲੇ ਆਏ ਸਾਲ ਸਤਰਾਂ ਸੈ ਇਕੀਸ ਭਾਦਵਾ ਕੀ ਅਮਾਵਸ ਕੇ ਦਿਨ (ਭੱਟ ਵਹੀ ਤਲਾਉਂਢਾ, ਪਰਗਣਾ ਜੀਂਦ, ਖਾਤਾ ਜਲਾਹਨੋਂ ਕਾ)

ਪਿਛਲੇ ਅੱਠ ਸਾਲਾਂ ਤੋਂ ਆਪ ਕੀਰਤਪੁਰ ਨਹੀਂ ਜਾ ਸਕੇ ਸਨ। ਇਸ ਦੌਰਾਨ ਗੁਰੂ ਹਰਿ ਰਾਇ ਸਾਹਿਬ ਤੇ ਗੁਰੂ ਹਰਕਿਸ਼ਨ ਸਾਹਿਬ ਜੋਤੀ-ਜੋਤਿ ਸਮਾ ਚੁੱਕੇ ਸਨ। ਗੁਰੂ ਹਰਿ ਰਾਇ ਸਾਹਿਬ ਦੀ ਬੇਟੀ ਬੀਬੀ ਰੂਪ ਕੌਰ ਦਾ ਵਿਆਹ ਭੀ ਹੋ ਚੁੱਕਾ ਸੀ ਤੇ ਉਹ ਆਪਣੇ ਪਤੀ ਨਾਲ ਕੀਰਤਪੁਰ ਦੇ ਨਾਲ ਲਗਵੇਂ ਪਿੰਡ ਕਲਿਆਣਪੁਰ ’ਚ ਰਹਿ ਰਹੀ ਸੀ। ਇਸ ਲਈ ਗੁਰੂ ਸਾਹਿਬ ਸਭ ਤੋਂ ਪਹਿਲਾਂ ਬੀਬੀ ਰੂਪ ਕੌਰ ਨੂੰ ਮਿਲਣ ਗਏ ਤਾਂ ਕਿ ਉਸ ਦੇ ਪਿਤਾ ਤੇ ਭਰਾ ਦੇ ਜੋਤੀ-ਜੋਤਿ ਸਮਾਉਣ ਬਾਰੇ ਵੀ ਵਿਸਥਾਰ ਨਾਲ਼ ਗੱਲਬਾਤ ਹੋ ਸਕੇ। ਇਸ ਤੋਂ ਬਾਅਦ ਆਪ ਜਥੇ ਸਮੇਤ ਕੀਰਤਪੁਰ ਆ ਗਏ।

ਕੀਰਤਪੁਰ ਤੋਂ ਬਕਾਲਾ ਹੁੰਦੇ ਹੋਏ ਆਪ ਮਾਝਾ ਤੇ ਮਾਲਵਾ ਵਿਚ ਧਰਮ ਪਰਚਾਰ ਦੇ ਦੌਰੇ ’ਤੇ ਚੱਲ ਪਏ। ਆਪ ਸਭ ਤੋਂ ਪਹਿਲਾਂ ਮਾਘ ਸੁਦੀ ੧੫; ੨੪ ਮੱਘਰ ਬ੍ਰਿਕਮੀ ਸੰਮਤ ੧੭੨੧ (23 ਨਵੰਬਰ 1664) ਦੇ ਦਿਨ ਗੁਰੂ ਦਾ ਚੱਕ (ਅੰਮ੍ਰਿਤਸਰ) ਗਏ। ਗੁਰੂ ਦਾ ਚੱਕ ਵਿਖੇ ਹਰਿ ਜੀ (ਪੁੱਤਰ ਮਿਹਰਬਾਨ ਪੁੱਤਰ ਪ੍ਰਿਥੀਚੰਦ) ਆਪਣੇ ਪੁੱਤਰਾਂ ਸਮੇਤ ਗੁਰੂ ਸਾਹਿਬ ਨੂੰ ਅਕਾਲ ਤਖਤ ਸਾਹਿਬ ਦੇ ਨੇੜੇ, ਜਿੱਥੇ ਹੁਣ ਗੁਰਦੁਆਰਾ ਥੜ੍ਹਾ ਸਾਹਿਬ ਹੈ, ਮਿਲਣ ਲਈ ਆਇਆ। ਇਸ ਬਾਰੇ ‘ਭੱਟ ਵਹੀਆਂ’ ’ਚ ਇਉਂ ਜ਼ਿਕਰ ਹੈ :

ਗੁਰੂ ਤੇਗ਼ ਬਹਾਦਰ ਜੀ ਮਹਲ ਨਾਮਾਂ ਬੇਟਾ ਗੁਰੂ ਹਰਿਗੋਬਿੰਦ ਜੀ ਕਾ ਪੋਤਾ ਗੁਰੂ ਅਰਜਨ ਜੀ ਕਾ, ਸਾਲ ਸਤਰਾਂ ਸੈ ਇਕੀਸ ਮਘਸਰ ਕੀ ਪੂਰਨਿਮਾ ਕੇ ਦਿਹੁੰ ਗੁਰੂ ਕੇ ਚੱਕ ਮਲਹਾਨ ਪਰਗਨਾ ਅਜਨਾਲਾ ਆਏ ਸਾਥ ਦਵਾਰਕਾ ਦਾਸ ਬੇਟਾ ਅਰਜਾਨੀ ਸਾਹਿਬ ਭੱਲਾ ਕਾ, ਦੀਵਾਨ ਦਰਘਾ ਮਲ ਬੇਟਾ ਦਵਾਰਕਾ ਦਾਸ ਛਿਬਰ ਕਾ, ਮਖਣ ਸ਼ਾਹ ਬੇਟਾ ਦਾਸੇ ਕਾ ਪੇਲੀਆ ਬਣਜਾਰਾ ਹੋਰ ਸਿੱਖ ਫਕੀਰ ਆਏ ਗੁਰੂ ਜੀ ਨੇ ਦਰਬਾਰ ਕੇ ਆਗੇ ਇਕ ਉਚੇ ਚਬੂਤਰੇ ਤੇ ਆਸਨ ਲਾਇਆ ਸਤਿਗੁਰੂ ਕਾ ਨਗਰੀ ਆਨਾ ਸੁਣ ਹਰਿ ਜੀ ਬੇਟਾ ਮਨੋਹਰ ਜੀ ਕਾ ਪੋਤਾ ਪ੍ਰਿਥੀ ਚੰਦ ਜੀ ਕਾ ਬੰਸ ਗੁਰੂ ਰਾਮਦਾਸ ਜੀ ਮਹਲ ਚੌਥੇ ਕੀ ਸੰਗਤ ਕੋ ਗੈਲ ਲੈ ਦਰਸ਼ਨ ਪਾਣੇ ਆਏ (ਭੱਟ ਵਹੀ ਤੂਮਰ ਬਿੰਜਲਉਂਤੋਂ ਕੀ)

ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਾ ਮੰਨਣਾ ਹੈ ਕਿ ਉਸ ਵੇਲ਼ੇ ਗੁਰੂ ਦਾ ਚੱਕ (ਅੰਮ੍ਰਿਤਸਰ) ਦੀ ਸੇਵਾ ਸੰਭਾਲ ਧੀਰਮਲੀਆਂ ਕੋਲ ਨਹੀਂ ਸੀ ਬਲਕਿ ਪ੍ਰਿਥੀ ਚੰਦ (ਮੀਣਾ) ਦੇ ਪੋਤੇ ਹਰਿ ਜੀ ਕੋਲ ਸੀ।

ਗੁਰੂ ਦਾ ਚੱਕ ਤੋਂ ਮਗਰੋਂ ਆਪ ਪਿੰਡ ਵੱਲਾ, ਘੁੱਕੇਵਾਲੀ (ਗੁਰੂ ਦਾ ਬਾਗ), ਪਿੰਡ ਨਿੱਝਰਵਾਲਾ (ਨਿੱਝਰਾਂ ਵਾਲਾ), ਤਰਨ ਤਾਰਨ ਤੇ ਖਡੂਰ ਸਾਹਿਬ ਹੁੰਦੇ ਹੋਏ 7 ਦਸੰਬਰ ਦੇ ਦਿਨ ਗੋਇੰਦਵਾਲ ਪੁੱਜੇ। ਆਪ ਨੇ ਗੋਇੰਦਵਾਲ ਵਿਚ ਕਈ ਦਿਨ ਦੀਵਾਨ ਸਜਾਏ। ਬਹੁਤ ਸਾਰੀਆਂ ਸਿੱਖ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਈਆਂ। ਇਸ ਮੌਕੇ ਤੇ ਪਿੰਡ ਖੇਮਕਰਨ ਤੋਂ ਭਾਈ ਰਘੂਪਤਿ ਰਾਇ ਨਿਝਰ-ਕੰਬੋਜ ਵੀ ਪੁੱਜਾ ਹੋਇਆ ਸੀ। ਉਸ ਨੇ ਗੁਰੂ ਸਾਹਿਬ ਨੂੰ ਆਪਣੇ ਘਰ ਲਿਜਾਣ ਦੀ ਖ਼ਾਹਿਸ਼ ਜ਼ਾਹਿਰ ਕੀਤੀ। ਗੁਰੂ ਸਾਹਿਬ ਉਸ ਦੀ ਚਾਹ ਪੂਰੀ ਕਰਨ ਵਾਸਤੇ ਖੇਮਕਰਨ ਜਾਣਾ ਮੰਨ ਗਏ। ਆਪ ਜਨਵਰੀ 1665 ਦੇ ਪਹਿਲੇ ਪੰਦਰਾਂ ਦਿਨ ਖੇਮਕਰਨ ਵਿਚ ਰਹੇ। ਆਪ ਫਰਵਰੀ 1665 ਵਿਚ ਜੰਗਲ ਦੇਸ ਦੇ ਪਿੰਡ, ਡਰੋਲੀ (ਹੁਣ ਡਰੋਲੀ ਭਾਈ) ਗਏ। ਕੁਝ ਦਿਨ ਡਰੋਲੀ ਵਿਚ ਰਹਿਣ ਮਗਰੋਂ ਗੁਰੂ ਸਾਹਿਬ ਤਲਵੰਡੀ ਸਾਬੋ ਗਏ। ਏਥੇ ਭਾਈ ਡੱਲਾ ਦੇ ਪਿਤਾ ਤੇ ਹੋਰ ਸਿੱਖਾਂ ਨੇ ਗੁਰੂ ਜੀ ਨੂੰ ਤਹਿ ਦਿਲੋਂ ਜੀ ਆਇਆਂ ਆਖਿਆ। ਇਸ ਇਲਾਕੇ ਵਿਚ ਪੀਣ ਵਾਲੇ ਪਾਣੀ ਦੀ ਬੜੀ ਕਮੀ ਸੀ। ਗੁਰੂ ਸਾਹਿਬ ਨੇ 28 ਮਾਰਚ 1665 ਨੂੰ ਟੱਕ ਲਾ ਕੇ ਇੱਥੇ ਇਕ ਸਰੋਵਰ ਬਣਾਉਣਾ ਸ਼ੁਰੂ ਕੀਤਾ। ਇਹ ਸਰੋਵਰ 7 ਅਪਰੈਲ 1665 ਦੇ ਦਿਨ ਬਣ ਕੇ ਤਿਆਰ ਹੋ ਗਿਆ। ਵਾਹਿਗੁਰੂ ਦੀ ਮਿਹਰ ਨਾਲ ਕੁਝ ਦਿਨ ਮਗਰੋਂ ਬੇਹਿਸਾਬ ਬਾਰਿਸ਼ ਹੋਈ, ਜਿਸ ਨਾਲ ਇਹ ਸਰੋਵਰ ਪਾਣੀ ਨਾਲ ਵੀ ਭਰ ਗਿਆ। ਇਸ ਮਗਰੋਂ ਗੁਰੂ ਸਾਹਿਬ ਮਾਲਵੇ ਦੇ ਕੁਝ ਹੋਰ ਪਿੰਡਾਂ ਵਿਚੋਂ ਹੁੰਦੇ ਹੋਏ ਧਮਤਾਨ (ਜ਼ਿਲ੍ਹਾ ਜੀਂਦ) ਵਲ ਚਲੇ ਗਏ।

ਧਮਤਾਨ ਵਿਚ ਭਾਈ ਦੱਗੋ ਸਿੱਖ; ਕੌਮ ਦਾ ਮਸੰਦ ਸੀ। ਭਾਈ ਦੱਗੋ ਦਾ ਇਲਾਕੇ ਵਿਚ ਬੜਾ ਚੰਗਾ ਰਸੂਖ ਸੀ। ਉਸ ਨੇ ਇਸ ਇਲਾਕੇ ਵਿਚ ਬਹੁਤ ਸਾਰੇ ਲੋਕਾਂ ਨੂੰ ਸਿੱਖੀ ਵਿੱਚ ਸ਼ਾਮਲ ਕਰਵਾਇਆ ਸੀ। ਸੰਨ 1665 ਤਕ ਧਮਤਾਨ ਉਨ੍ਹਾਂ ਇਲਾਕਿਆਂ ਵਿਚੋਂ ਇਕ ਬਣ ਚੁੱਕਾ ਸੀ ਜਿਨ੍ਹਾਂ ਦੇ ਵਧੇਰੇ ਵਾਸੀ ਸਿੱਖ ਪੰਥ ਦਾ ਹਿੱਸਾ ਸਨ। ਜਦੋਂ ਗੁਰੂ ਤੇਗ਼ ਬਹਾਦਰ ਸਾਹਿਬ ਉੱਥੇ ਪੁਜੇ ਤਾਂ ਸੈਂਕੜੇ ਸਿੱਖ ਆਪ ਜੀ ਦੇ ਦਰਸ਼ਨਾਂ ਵਾਸਤੇ ਆਏ। ਗੁਰੂ ਸਾਹਿਬ ਹਰ ਰੋਜ਼ ਦੀਵਾਨ ਸਜਾਇਆ ਕਰਦੇ ਸਨ। ਸੰਗਤਾਂ ਨੇ ਬੇਨਤੀ ਕੀਤੀ ਕਿ ਇੱਥੇ ਸਿੱਖੀ ਦਾ ਵੱਡਾ ਕੇਂਦਰ ਸਥਾਪਿਤ ਕੀਤਾ ਜਾਵੇ। ਕੁਝ ਦਿਨ ਧਮਤਾਨ ਰਹਿਣ ਮਗਰੋਂ ਗੁਰੂ ਸਾਹਿਬ ਕੀਰਤਪੁਰ ਆ ਗਏ।

ਕੀਰਤਪੁਰ ਵਿਖੇ ਗੁਰੂ ਸਾਹਿਬ ਨੂੰ ਖਬਰ ਮਿਲੀ ਕਿ ਬਿਲਾਸਪੁਰ ਦਾ ਰਾਜਾ ਦੀਪ ਚੰਦ, ਜੋ 26 ਅਪਰੈਲ 1665 ਦੇ ਦਿਨ ਚੜ੍ਹਾਈ ਕਰ ਗਿਆ ਸੀ, ਦੀ ਅੰਤਮ ਰਸਮ ੧੫ ਜੇਠ ਬ੍ਰਿਕਮੀ ਸੰਮਤ ੧੭੨੨ (12 ਮਈ 1665) ਦੇ ਦਿਨ ਰੱਖੀ ਗਈ ਹੈ। ਰਾਜਾ ਦੀਪ ਚੰਦ ਦੀ ਵਿਧਵਾ ਰਾਣੀ ਚੰਪਾ ਨੇ ਆਪਣਾ ਵਜ਼ੀਰ ਕੀਰਤਪੁਰ ਭੇਜਿਆ ਤੇ ਗੁਰੂ ਸਾਹਿਬ ਨੂੰ ਰਾਜਾ ਦੀਪ ਚੰਦ ਦੀ ਅਰਦਾਸ ਕਰਨ ਵਾਸਤੇ ਬਿਲਾਸਪੁਰ ਪਹੁੰਚਣ ਵਾਸਤੇ ਅਰਜ਼ ਕੀਤੀ। ਕੀਰਤਪੁਰ ਤੋਂ ਮਾਤਾ ਸੁਲੱਖਣੀ, ਮਾਤਾ ਹਰੀ, ਦੀਵਾਨ ਦਰਗਹ ਮੱਲ, ਜੇਠਾ, ਭਾਈ ਦਿਆਲ ਦਾਸ ਅਤੇ ਕਈ ਹੋਰ ਸਿੱਖ; ਆਪ ਦੇ ਨਾਲ ਬਿਲਾਸਪੁਰ ਗਏ। ਇਸ ਬਾਰੇ ‘ਭੱਟ ਵਹੀਆਂ’ ’ਚ ਇਉਂ ਜ਼ਿਕਰ ਹੈ :

ਗੁਰੁ ਤੇਗ ਬਹਾਦਰ ਸਾਹਿਬ ਮਹਲ ਨਾਵੇਂ, ਕੀਰਤਪੁਰ ਸੇ ਬਿਲਾਸਪੁਰ ਆਏ, ਰਾਜਾ ਦੀਪ ਚੰਦ ਕੀ ਸਤਾਰਮੀਂ ਤੇ, ਸਾਲ ਸਤਰਾਂ ਸੈ ਬਾਈਸ, ਜੇਠ ਪਰਵਿਸ਼ਟੇ ਪੰਦਰਾਂ ਕੋ ਸਾਥ ਦੀਪ ਚੰਦ, ਨੰਦ ਚੰਦ ਆਏ ਬੇਟੇ ਸੂਰਜ ਮੱਲ ਕੇ, ਮਾਤਾ ਹਰੀ ਜੀ ਇਸਤਰੀ ਸੂਰਜ ਮੱਲ ਕੀ, ਮਾਤਾ ਸੁਲਖਣੀ ਜੀ ਇਸਤਰੀ ਗੁਰੁ ਹਰਿ ਰਾਇ ਮਹਲ ਸਤਵੇਂ ਜੀ ਕੀ, ਦੀਵਾਨ ਦਰਗਹ ਮੱਲ ਛਿਬਰ, ਜੇਠਾ, ਦਿਆਲ ਦਾਸ ਬੇਟੇ ਮਾਈ ਦਾਸ ਕੇ, ਦਰੀਆ ਬੇਟਾ ਮੂਲੇ ਕਾ, ਜਲਹਾਨਾ, ਸਾਥ ਆਏ’  (ਭੱਟ ਵਹੀ ਮੁਲਤਾਨੀ ਸਿੰਧੀ, ਖਾਤਾ ਜਲਹਾਨਿਓਂ ਕਾ।

ਰਾਜਾ ਦੀਪ ਚੰਦ ਦੀ ਅਰਦਾਸ ਮਗਰੋਂ ਜਦੋਂ ਗੁਰੂ ਤੇਗ਼ ਬਹਾਦਰ ਸਾਹਿਬ ਨੇ ਵਾਪਸ ਜਾਣ ਦੀ ਤਿਆਰੀ ’ਚ ਸਨ ਤਾਂ ਰਾਣੀ ਚੰਪਾ ਨੇ ਗੁਰੂ ਸਾਹਿਬ ਨਾਲ ਗੱਲ ਕੀਤੀ ਕਿ ਮੈਨੂੰ ਪਤਾ ਲੱਗਾ ਹੈ ਕਿ ਆਪ ਬਕਾਲਾ ਦੀ ਥਾਂ ਨਵਾਂ ਦਰਬਾਰ ਬਾਂਗਰ ਦੇਸ ਦੇ ਨਗਰ ਧਮਤਾਨ (ਜ਼ਿਲ੍ਹਾ ਜੀਂਦ) ’ਚ ਕਾਇਮ ਕਰਨਾ ਚਾਹੁੰਦੇ ਹੋ, ਜੋ ਕਿ ਬਿਲਾਸਪੁਰ ਅਤੇ ਕੀਰਤਪੁਰ ਤੋਂ ਬਹੁਤ ਦੂਰ ਹੈ। ਮੇਰੀ ਅਰਜ਼ ਹੈ ਕਿ ਆਪ ਸਾਡੇ ਨੇੜੇ ਰਹੋ। ਜੇ ਤੁਹਾਨੂੰ ਕੀਰਤਪੁਰ ਵਿੱਚ ਥਾਂ ਥੋੜ੍ਹੀ ਜਾਪਦੀ ਹੈ ਤਾਂ ਮੈਂ ਨਵਾਂ ਨਗਰ ਵਸਾਉਣ ਲਈ ਹੋਰ ਥਾਂ ਦੇ ਦੇਵਾਂਗੀ। ਗੁਰੂ ਸਾਹਿਬ ਨੇ ਰਾਣੀ ਨੂੰ ਦੱਸਿਆ ਕਿ ਧਮਤਾਨ ਦੀਆਂ ਸੰਗਤਾਂ ਨੇ ਤਾਂ ਹੁਣ ਤਕ ਮਹਿਲ, ਧਰਮਸ਼ਾਲਾ ਤੇ ਖੂਹ ਵੀ ਤਿਆਰ ਕਰ ਲਏ ਹੋਣਗੇ। ਗੁਰੂ ਸਾਹਿਬ ਨੇ ਜਦ ਰਾਣੀ ਚੰਪਾ ਦੀ ਨਿੰਮੋਝੂਣਤਾ ਅਤੇ ਵੈਰਾਗਮਈ ਚਿਹਰਾ ਵੇਖਿਆ ਤਾਂ ਆਪ ਨੇ ਬਿਲਾਸਪੁਰ ਰਿਆਸਤ ਵਿਚ ਨਵਾਂ ਪਿੰਡ ਵਸਾਉਣਾ ਮਨਜ਼ੂਰ ਕਰ ਲਿਆ ਪਰ ਸ਼ਰਤ ਰੱਖੀ ਕਿ ਉਹ ਇਸ ਪਿੰਡ ਵਾਸਤੇ ਜਗ੍ਹਾ ਦਾਨ ’ਚ ਨਹੀਂ ਬਲਕਿ ਰਕਮ ਤਾਰ ਕੇ ਮੁੱਲ ਲੈਣਗੇ।

ਗੁਰੂ ਤੇਗ਼ ਬਹਾਦਰ ਸਾਹਿਬ ਨੇ ਹਥੌਤ (ਜਿੱਥੇ ਕਦੇ ਹਾਥੀਆਂ ਦੇ ਝੁੰਡ ਫਿਰਦੇ ਹੁੰਦੇ ਸਨ) ਦੇ ਇਲਾਕੇ ਵਿਚ, ਮਾਖੋਵਾਲ ਪਿੰੰਡ ਦੀ ਥੇਹ ਦੇ ਨੇੜੇ, ਮੀਆਂਪੁਰ, ਲੌਦੀਪੁਰ ਤੇ ਸਹੋਟਾ ਪਿੰਡਾਂ ਦੇ ਵਿਚਕਾਰਲੀ ਥਾਂ ਚੁਣੀ ਅਤੇ ਇਸ ਦੀ ਰਕਮ ਬਿਲਾਸਪੁਰ ਰਿਆਸਤ ਨੂੰ ਤਾਰ ਦਿੱਤੀ। ਅਜੋਕੇ ‘ਗੁਰਦੁਆਰਾ ਗੁਰੂ ਦੇ ਮਹਲ’ ਵਾਲੀ ਥਾਂ ’ਤੇ ਗੁਰੂ ਸਾਹਿਬ ਨੇ ੨੧ ਹਾੜ ਬ੍ਰਿਕਮੀ ਸੰਮਤ ੧੭੨੨ (19 ਜੂਨ 1665) ਦੇ ਦਿਨ ਇਕ ਦਰਖ਼ਤ ਦਾ ਤਣਾ (ਮੋੜ੍ਹੀ) ਭਾਈ ਗੁਰਦਿਤਾ (ਪੋਤਾ ਬਾਬਾ ਬੁੱਢਾ ਜੀ) ਤੋਂ ਗਡਵਾ ਕੇ ਇਕ ਨਵੇਂ ਪਿੰਡ ਦੀ ਨੀਂਹ ਰੱਖੀ। ਉਨ੍ਹਾਂ ਇਸ ਦਾ ਨਾਂ ਆਪਣੀ ਮਾਤਾ ਨਾਨਕੀ ਦੇ ਨਾਂ ਤੇ ‘ਚੱਕ ਨਾਨਕੀ’ ਰੱਖਿਆ (ਅਜੇ ਭੀ ਸਰਕਾਰੀ ਕਾਗ਼ਜ਼ਾਂ ’ਚ ਨਾਂ ਸਿਰਫ਼ ‘ਚੱਕ’ਮਿਲਦਾ ਹੈ)। ਇਸ ਬਾਰੇ ‘ਭੱਟ ਵਹੀਆਂ’ ’ਚ ਇੰਵ ਜ਼ਿਕਰ ਹੈ :

ਗੁਰੂ ਤੇਗ਼ ਬਹਾਦਰ ਜੀ ਮਹਲ ਨਾਮਾਂ, ਸਾਲ ਸਤਰਾਂ ਸੈ ਬਾਈਸ, ਅਸਾਢ ਪਰਵਿਸ਼ਟੇ ਇੱਕੀਸ, ਸੋਮਵਾਰ ਕੋ ਮਾਖੋਵਾਲ ਕੇ ਥੇਹ ਤੇ ਗਾਮ ਬਨਾਇਆ ਨਾਮ ਚੱਕ ਨਾਨਕੀ ਰਾਖਾ(ਭੱਟ ਵਹੀ ਮੁਲਤਾਨੀ ਸਿੰਧੀ)

ਨੋਟ : ੨੧ ਹਾੜ ਸੰਮਤ ੧੬੫੨ (19 ਜੂਨ 1595) ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਇਸ ਦਾ ਭਾਵ ਹੈ ਕਿ ਆਪਣੇ ਪਿਤਾ ਦੇ ਜਨਮ ਦਿਨ ੨੧ ਹਾੜ ਨੂੰ ਨਵੇਂ ਪਿੰਡ ਦੀ ਮੋੜ੍ਹੀ ਗੱਡ ਅਤੇ ਉਸ ਦਾ ਨਾਮ ਆਪਣੀ ਮਾਤਾ ਨਾਨਕੀ ਜੀ ਦੇ ਨਾਂ ’ਤੇ ਚੱਕ ਨਾਨਕੀ ਰੱਖ ਕੇ ਆਪਣੇ ਮਾਤਾ-ਪਿਤਾ ਨੂੰ ਸਤਿਕਾਰ ਦਿੱਤਾ ਹੈ। ਇਸ ਤੋਂ ਜਾਣਕਾਰੀ ਮਿਲਦੀ ਹੈ ਕਿ ਗੁਰੂ ਤੇਗ ਬਹਾਦਰ ਜੀ; ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਲਈ ਪ੍ਰਵਿਸ਼ਟਿਆਂ ਦੇ ਹਿਸਾਬ ੨੧ ਹਾੜ ਨੂੰ ਚੁਣ ਰਹੇ ਹਨ, ਨਾ ਕਿ ਚੰਦਰਮਾਂ ਦੀਆਂ ਵਦੀਆਂ ਸੁਦੀਆਂ ਤਿੱਥਾਂ ਨੂੰ।

ਚੱਕ ਨਾਨਕੀ ਵਿਚ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਘਰ ਅਤੇ ਧਰਮਸਾਲਾ ਬਣਵਾਏ। ਕੁਝ ਚਿਰ ਏਥੇ ਰਹਿ ਕੇ ਸਿੱਖਾਂ ਨੂੰ ਨਵੇਂ ਪਿੰਡ ਦੀ ਸੇਵਾ ਸੰਭਾਲ ਸੌਂਪਣ ਮਗਰੋਂ ਆਪ ਫਿਰ ਮਾਲਵਾ ਦੇ ਦੌਰੇ ’ਤੇ ਚੱਲ ਪਏ। ਕੀਰਤਪੁਰ ਤੋਂ ਰੋਪੜ, ਬਨੂੜ, ਰਾਜਪੁਰਾ, ਸੈਫ਼ਾਬਾਦ, ਢੋਡਾ, ਸੁਨਾਮ, ਛਾਜਲੀ, ਲਹਿਰਾਗਾਗਾ ਵਗ਼ੈਰਾ ਹੁੰਦੇ ਹੋਏ ਆਪ ਧਮਤਾਨ ਪੁੱਜੇ। ਆਪ ਇੱਥੇ ਕਾਫ਼ੀ ਦਿਨ ਬਿਤਾਉਣਾ ਚਾਹੁੰਦੇ ਸੀ ਤਾਂ ਜੋ ਭਾਈ ਦੱਗੋ ਅਤੇ ਬਾਂਗਰ ਦੇਸ ਦੀਆਂ ਸੰਗਤਾਂ ਨੂੰ ਚੱਕ ਨਾਨਕੀ ਪਿੰਡ ਵਸਾਉਣ ਅਤੇ ਰਾਣੀ ਚੰਪਾ ਦੀ ਮਜਬੂਰੀ ਬਾਰੇ ਅਤੇ ਹਿਫ਼ਾਜ਼ਤ ਪੱਖੋਂ ਇਕ ਪਹਾੜੀ ਡਿਫ਼ੈਂਸ ਸੈਂਟਰ ਦੀ ਲੋੜ ਬਾਰੇ ਜਾਣਕਾਰੀ ਦੇ ਕੇ, ਧਮਤਾਨ ਵਾਸਾ ਨਾ ਕਰ ਸਕਣ ਦੀ ਮਜਬੂਰੀ ਸਮਝਾ ਸਕਣ। ਸੰਗਤਾਂ ਇਸ ਨਵੀਂ ਖ਼ਬਰ ’ਤੇ ਬਹੁਤ ਉਦਾਸ ਹੋਈਆਂ। ਗੁਰੂ ਸਾਹਿਬ ਨੇ ਕਈ ਦਿਨ ਧਮਤਾਨ ਗੁਜ਼ਾਰੇ।  28 ਅਕਤੂਬਰ 1665 (ਹਿੰਦੂਆਂ ਦੇ ਦੀਵਾਲੀ ਦੇ ਤਿਉਹਾਰ) ਤਕ ਆਪ ਏਥੇ ਰਹੇ।

ਧਮਤਾਨ ਰਹਿੰਦਿਆਂ ਇਕ ਦਿਨ ਗੁਰੂ ਸਾਹਿਬ ਨੇੜੇ ਦੇ ਜੰਗਲ ਵਿਚ ਸ਼ਿਕਾਰ ਖੇਡਣ ਗਏ। ਇਸ ਸਮੇਂ ਆਪ ਦੇ ਨਾਲ ਭਾਈ ਦੱਗੋ ਅਤੇ ਹੋਰ ਬਹੁਤ ਸਾਰੇ ਸਿੱਖ ਵੀ ਸਨ। ਜੰਗਲ ਵਿਚ ਆਪ ਜੀ ਨੂੰ ਇਸ ਇਲਾਕੇ ਦੇ ਫ਼ੌਜਦਾਰ ਆਲਮ ਖਾਨ ਰੁਹੇਲਾ ਨੇ ਸ਼ਾਹੀ ਹੁਕਮ ਹੇਠ ਗ੍ਰਿਫ਼ਤਾਰ ਕਰ ਲਿਆ। ਔਰੰਗਜ਼ੇਬ ਦਾ ਹੁਕਮ ਸੀ ਕਿ ਮੁਸਲਮਾਨਾਂ ਤੋਂ ਇਲਾਵਾ ਕੋਈ ਵੀ ਨਾ ਤਾਂ ਹਥਿਆਰ ਰੱਖ ਸਕਦਾ ਸੀ ਤੇ ਨਾ ਸ਼ਿਕਾਰ ਕਰ ਸਕਦਾ ਸੀ। ਆਲਮ ਖ਼ਾਨ ਆਪ ਨੂੰ ਗ੍ਰਿਫ਼ਤਾਰ ਕਰ ਕੇ ਦਿੱਲੀ ਲੈ ਗਿਆ ਅਤੇ ਕੱਤਕ ਸੁਦੀ ੧੧; ੯ ਮੱਘਰ ਬ੍ਰਿਕਮੀ ਸੰਮਤ ੧੭੨੨ (8 ਨਵੰਬਰ 1665) ਦੇ ਦਿਨ ਔਰੰਗਜ਼ੇਬ ਕੋਲ ਪੇਸ਼ ਕੀਤਾ। ਇਸ ਬਾਰੇ ‘ਭੱਟ ਵਹੀਆਂ’ ’ਚ ਇਉਂ ਜ਼ਿਕਰ ਹੈ :

ਗੁਰੂ ਤੇਗ਼ ਬਹਾਦਰ ਸਾਹਿਬ ਜੀ ਮਹਲ ਨਾਮਾਂ ਕੋ ਗਾਮ ਧਮਤਾਨ ਪਰਗਨਾ ਬਾਂਗਰ ਸੇ ਆਲਮ ਖਾਨ ਰੁਹੇਲਾ ਸ਼ਾਹੀ ਹੁਕਮ ਗੈਲ ਦਿਹਲੀ ਕੋ ਲੈ ਕੇ ਆਇਆ ਸਾਲ ਸਤਰਾਂ ਸੈ ਬਾਈਸ ਕਾਰਤਕ ਮਾਸੇ ਸ਼ੁਕਲ ਪਖੇ ਗਿਆਰਸ ਕੋ ਸਾਥ ਦੀਵਾਨ ਮਤੀ ਦਾਸ ਸਤੀ ਦਾਸ ਆਏ ਬੇਟੇ ਹੀਰਾ ਨੰਦ ਛਿਬਰ ਕੇ ਗੁਆਲ ਦਾਸ ਆਇਆ ਬੇਟਾ ਛੁਟੇ ਮੱਲ ਛਿੱਬਰ ਕਾ ਗੁਰਦਾਸ ਆਇਆ ਬੇਟਾ ਕੀਰਤ ਬੜ੍ਹਤੀਏ ਕਾ ਸੰਗਤਾ ਆਇਆ ਬੇਟਾ ਬਿੰਨੇ ਉੱਪਲ ਕਾ ਜੇਠਾ ਦਿਆਲ ਦਾਸ ਆਏ ਬੇਟੇ ਮਾਈ ਦਾਸ ਜਲਹਾਨੇ ਬਲਉਂਤ ਕੇ ਹੋਰ ਸਿੱਖ ਫਕੀਰ ਫੜੇ ਆਏ

ਗੁਰੂ ਤੇਗ਼ ਬਹਾਦਰ ਜੀ ਮਹਲ ਨਾਮਾ ਕੋ ਬਾਦਸ਼ਾਹ ਔਰੰਗਜ਼ੇਬ ਨੇ ਕੰਵਰ ਰਾਮ ਸਿੰਹ ਕਛਵਾਹਾ ਬੇਟਾ ਰਾਜਾ ਜੈ ਸਿੰਹ ਮਿਰਜ਼ਾ ਕੀ ਮਿਸਲ ਮੇਂ ਨਜ਼ਰਬੰਦ ਕੀਯਾ ਜਾਨੇ ਕਾ ਹੁਕਮ ਦੀਯਾ ਦੋ ਮਾਸ ਤੀਨ ਦਿਨ ਗੁਰੂ ਜੀ ਬੰਦ ਰਹੇ ਸੰਮਤ ਸਤਰਾਂ ਸੈ ਬਾਈਸ ਕ੍ਰਿਸਨਾ ਪਖੇ ਪੋਸ ਮਾਖ ਕੀ ਏਕਮ ਕੋ ਮੁਕਤ ਹੁਏ’  (ਇਹ ਦੋਵੇਂ ਜ਼ਿਕਰ ਭੱਟ ਵਹੀ ਜਾਦੋਬੰਸੀਆਂ ਕੀ, ਖਾਤਾ ਬੜਤੀਓਂ ਕਾ ਵਿਚੋਂ ਹਨ)।

ਔਰੰਗਜ਼ੇਬ ਨੇ ਗੁਰੂ ਸਾਹਿਬ ਤੋਂ ਹਥਿਆਰ ਰੱਖਣ ਅਤੇ ਸ਼ਿਕਾਰ ਖੇਡਣ ਦੀ ਜਵਾਬ-ਤਲਬੀ ਕਰਨ ਦੇ ਨਾਲ-ਨਾਲ ਇਸਲਾਮ ਅਤੇ ਸਿੱਖ ਧਰਮ ਬਾਰੇ ਵੀ ਚਰਚਾ ਕੀਤਾ। ਉਸ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਜੇ ਉਹ ਹਥਿਆਰਬੰਦ ਰਹਿਣਾ ਚਾਹੁੰਦੇ ਹਨ ਤਾਂ ਉਹ ਮੁਸਲਮਾਨ ਹੋ ਜਾਣ। ਗੁਰੂ ਸਾਹਿਬ ਵਲੋਂ ਮੁਸਲਮਾਨ ਬਣਨੋਂ ਨਾ ਕਰਨ ’ਤੇ ਔਰੰਗਜ਼ੇਬ ਨੇ ਗੁਰੂ ਸਾਹਿਬ ਅਤੇ ਸਿੱਖਾਂ ਨੂੰ ਸ਼ਹੀਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ। ਇਸ ਸਮੇਂ ਰਾਜਾ ਜੈ ਸਿੰਹ ਮਿਰਜ਼ਾ ਦਾ ਪੁੱਤਰ ਕੰਵਰ ਰਾਮ ਸਿੰਹ ਮਿਰਜ਼ਾ ਵੀ ਦਰਬਾਰ ’ਚ ਹਾਜ਼ਰ ਸੀ। ਉਸ ਨੇ ਔਰੰਗਜ਼ੇਬ ਨੂੰ ਅਜਿਹਾ ਕਰਨੋਂ ਵਰਜਿਆ। ਕੁਝ ਚਿਰ ਸੋਚ ਕੇ ਔਰੰਗਜ਼ੇਬ ਨੇ ਗੁਰੂ ਸਾਹਿਬ ਅਤੇ ਸਿੱਖਾਂ ਨੂੰ ਰਾਮ ਸਿੰਹ ਮਿਰਜ਼ਾ ਦੀ ਮਿਸਲ (ਹਿਰਾਸਤ) ’ਚ ਭੇਜ ਦਿੱਤਾ। ਮਗਰੋਂ ਕੰਵਰ ਰਾਮ ਸਿੰਹ ਨੇ ਆਪਣੀ ਮਰਜ਼ੀ ਨਾਲ ਗੁਰੂ ਸਾਹਿਬ ਨੂੰ ਪੋਹ ਸੁਦੀ ੧; ੨੮ ਪੋਹ ਬ੍ਰਿਕਮੀ ਸੰਮਤ ੧੭੨੨ (28 ਦਸੰਬਰ 1665) ਦੇ ਦਿਨ ਰਿਹਾ ਕਰ ਦਿੱਤਾ।

28 ਦਸੰਬਰ ਤੋਂ ਬਾਅਦ ਗੁਰੂ ਸਾਹਿਬ ਤਿੰਨ ਦਿਨ ਰਾਜਾ ਰਾਮ ਸਿੰਹ ਮਿਰਜ਼ਾ ਦੇ ਘਰ ਵਿਚ ਰਹੇ। 31 ਦਸੰਬਰ 1665 ਦੇ ਦਿਨ ਗੁਰੂ ਸਾਹਿਬ ਆਗਰਾ ਵੱਲ ਚਲ ਪਏ। ਆਗਰਾ, ਪ੍ਰਯਾਗ (ਹੁਣ ਅਲਾਹਾਬਾਦ) ਅਤੇ ਕਾਸ਼ੀ (ਵਾਰਾਨਸੀ) ਵਿਚ ਕਈ ਹਫ਼ਤੇ ਬਿਤਾਉਣ ਮਗਰੋਂ ਗੁਰੂ ਸਾਹਿਬ ਗਯਾ ਹੁੰਦੇ ਹੋਏ ਅਖੀਰ ਪਟਨਾ (ਬਿਹਾਰ) ਪੁੱਜੇ। ਇੱਥੇ (ਗੁਰੂ) ਗੋਬਿੰਦ ਰਾਇ ਦਾ ਜਨਮ; ੨੩ ਪੋਹ ਬ੍ਰਿਕਮੀ ਸੰਮਤ ੧੭੨੩ (22 ਦਸੰਬਰ 1666) ਨੂੰ ਹੋਇਆ। ਆਪ ਜਥੇ ਸਮੇਤ 6 ਕੁ ਸਾਲ ਪਹਿਲਾਂ ਜੂਨ 1661 ਵਿੱਚ ਭੀ ਕਈ ਮਹੀਨੇ ਇੱਥੇ ਰੁਕੇ ਸਨ।

ਉਧਰ ਔਰੰਗਜ਼ੇਬ ਨੇ 27 ਦਸੰਬਰ 1667 ਦੇ ਦਿਨ ਮਿਰਜ਼ਾ ਰਾਮ ਸਿੰਹ ਨੂੰ ਫ਼ੌਜ ਦੇ ਕੇ ਅਸਾਮ ਦੇ ਰਾਜੇ ਦੀ ਬਗਾਵਤ ਨੂੰ ਦਬਾਉਣ ਵਾਸਤੇ ਤੋਰਿਆ। ਔਰੰਗਜ਼ੇਬ ਕਈ ਕਾਰਨਾਂ ਕਰ ਕੇ ਕੰਵਰ ਰਾਮ ਸਿੰਹ ਨਾਲ ਖ਼ਫ਼ਾ ਸੀ ਤੇ ਉਸ ਨੂੰ ਸਜ਼ਾ ਦੇਣੀ ਚਾਹੁੰਦਾ ਸੀ। ਇਨ੍ਹਾਂ ਕਾਰਨਾਂ ਵਿਚ ਸ਼ਿਵਜੀ ਮਰਹੱਟਾ ਦੀ ਰਾਮ ਸਿੰਹ ਦੀ ਸਪੁਰਦਗੀ ਵਿਚੋਂ ਫ਼ਰਾਰੀ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਰਿਹਾਈ ਵੀ ਸ਼ਾਮਿਲ ਸੀ। ਰਾਮ ਸਿੰਹ ਨੇ ਗੁਰੂ ਸਾਹਿਬ ਨੂੰ ਰਿਹਾ ਕਰਨ ਵੇਲੇ ਔਰੰਗਜ਼ੇਬ ਦੀ ਮਨਜ਼ੂਰੀ ਨਹੀਂ ਲਈ ਸੀ। ਇਸ ਲਈ ਔਰੰਗਜ਼ੇਬ ਨੇ ਰਾਮ ਸਿੰਹ ਨੂੰ ਇਹ ਸੋਚ ਕੇ ਅਸਾਮ ਦੀ ਖ਼ਤਰਨਾਕ ਮੁਹਿੰਮ ਤੇ ਭੇਜਿਆ ਕਿ ਜੇ ਉਹ ਉੱਥੇ ਮਾਰਿਆ ਗਿਆ ਤਾਂ ਉਸ ਨੂੰ ਸਜ਼ਾ ਮਿਲ ਜਾਵੇਗੀ ਤੇ ਜੇ ਉਹ ਅਸਾਮ ਦੇ ਰਾਜੇ ਨੂੰ ਜਿਤ ਆਇਆ ਤਾਂ ਰਾਮ ਸਿੰਹ ਦੀ ਸਜ਼ਾ ਮੁਆਫ਼ ਹੋ ਜਾਵੇਗੀ ਅਤੇ ਮੁਗਲ ਸਲਤਨਤ ਦੀ ਹਕੂਮਤ ਦਾ ਅਸਾਮ ਵਿਚ ਵੀ ਬੋਲਬਾਲਾ ਕਾਇਮ ਹੋ ਜਾਵੇਗਾ। ਰਾਮ ਸਿੰਹ ਅੰਦਰੋਂ-ਅੰਦਰੀਂ ਅਸਾਮ ਜਾਣੋਂ ਡਰ ਰਿਹਾ ਸੀ, ਪਰ ਉਸ ਦੀ ਮਾਂ ਪੁਸ਼ਪਾ ਰਾਣੀ ਨੇ ਉਸ ਨੂੰ ਤਸੱਲੀ ਦਿੱਤੀ ਤੇ ਕਿਹਾ ਕਿ ‘ਗੁਰੂ ਤੇਗ਼ ਬਹਾਦਰ ਸਾਹਿਬ ਪਟਨਾ ਵਿਚ ਹਨ, ਤੂੰ ਉਨ੍ਹਾਂ ਦੀ ਮਦਦ ਲੈ ਲਈਂ, ਤੇਰਾ ਕੁਝ ਨਹੀਂ ਵਿਗੜੇਗਾ।’

ਅਸਾਮ ਦਾ ਰਾਜਾ ਚਕਰਧਵਜ ਸਿੰਹ ਬੜਾ ਨਿਡਰ ਤੇ ਜੰਗਜੂ ਸੀ। ਉਸ ਨੇ ਕਦੇ ਵੀ ਔਰੰਗਜ਼ੇਬ ਦੀ ਈਨ ਨਹੀਂ ਮੰਨੀ ਸੀ। ਉਸ ਦੇ ਵੱਡੇ-ਵਡੇਰੇ ਵੀ ਮੁਗਲਾਂ ਨਾਲ ਟੱਕਰ ਲੈਣ ਤੋਂ ਨਹੀਂ ਡਰਦੇ ਸਨ। ਇਹ ਜਾਣਦੇ ਹੋਏ ਔਰੰਗਜ਼ੇਬ ਨੇ ਹਿੰਦੂ-ਰਾਜਪੂਤ ਜਰਨੈਲ ਨੂੰ ਅਸਾਮ ਭੇਜਿਆ ਸੀ। ਰਾਮ ਸਿੰਹ ਤੇ ਚਕਰਧਵਜ ਸਿੰਹ ਵਿਚਕਾਰ ਕਈ ਲੜਾਈਆਂ ਹੋਈਆਂ, ਜਿਸ ਵਿਚ ਦੋਹਾਂ ਧਿਰਾਂ ਦਾ ਬੜਾ ਨੁਕਸਾਨ ਹੋਇਆ। ਅਖ਼ੀਰ ਕੋਈ ਨਤੀਜਾ ਨਾ ਨਿਕਲਦਾ ਵੇਖ ਰਾਮ ਸਿੰਹ ਪਟਨਾ ਆ ਗਿਆ ਅਤੇ ਜਨਵਰੀ 1668 ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਮਿਲਿਆ। ਗੁਰੂ ਤੇਗ਼ ਬਹਾਦਰ ਸਾਹਿਬ ਉਸ ਵਕਤ ਤਕ ਪੂਰਬ ਵਿਚ ਦੂਜਾ ਦੌਰਾ ਕਰ ਚੁੱਕੇ ਸਨ। ਰਾਜਾ ਚਕਰਧਵਜ ਸਿੰਹ ਵੀ ਗੁਰੂ ਸਾਹਿਬ ਦਾ ਕਦਰਦਾਨ ਸੀ। ਗੁਰੂ ਸਾਹਿਬ ਨੇ ਰਾਜਾ ਚਕਰਧਵਜ ਸਿੰਹ ਅਤੇ ਰਾਮ ਸਿੰਹ ਨੂੰ ਬਿਠਾ ਕੇ ਸਮਝੌਤਾ ਕਰਵਾ ਦਿੱਤਾ। ਇਸ ਸਮਝੌਤੇ ਨਾਲ ਦੋਹਾਂ ਧਿਰਾਂ ਦੀ ਇੱਜ਼ਤ ਬਚ ਗਈ। ਇਸ ਤੋਂ ਖੁਸ਼ ਹੋ ਕੇ ਰਾਮ ਸਿੰਹ ਦੇ ਰਾਜਪੂਤ ਅਤੇ ਮੁਗ਼ਲ ਫ਼ੌਜੀਆਂ ਨੇ, ਧੁਬੜੀ ਵਿਚ ਗੁਰੂ ਨਾਨਕ ਸਾਹਿਬ ਦੀ ਫੇਰੀ ਦੀ ਯਾਦ ਵਿਚ ਇਕ ਮੰਜੀ ਸਾਹਿਬ (ਯਾਦਗਾਰ) ਉਸਾਰਿਆ। ਇਸ ਯਾਦਗਾਰ ਵਾਸਤੇ ਇਨ੍ਹਾਂ ਫ਼ੌਜੀਆਂ ਨੇ ਆਪਣੀਆਂ ਢਾਲਾਂ ਵਿਚ ਮਿੱਟੀ ਭਰ-ਭਰ ਕੇ ਇਕ ਵੱਡਾ ਥੜ੍ਹਾ ਬਣਾਇਆ। ਇਹ ਘਟਨਾ ਫ਼ਰਵਰੀ 1669 ਦੀ ਹੈ। ਹੁਣ ਉਸ ਥੜ੍ਹੇ ਵਾਲੇ ਮੰਜੀ ਸਾਹਿਬ ਵਾਲੀ ਥਾਂ ’ਤੇ ਧੁਬੜੀ ਸਾਹਿਬ ਗੁਰਦੁਆਰਾ ਉਸਾਰਿਆ ਹੋਇਆ ਹੈ। ਇਸੇ ਦੌਰੇ ਦੌਰਾਨ ਆਪ ਨੇ ਤਿਰਪੁਰਾ ਤੇ ਜੈਂਤੀਆ ਦੇ ਰਾਜੇ ਨੂੰ ਵੀ ਸਿੱਖੀ ਵਿਚ ਸ਼ਾਮਲ ਕੀਤਾ।

ਮਾਰਚ 1670 ਵਿਚ ਆਪ ਪਟਨਾ ਤੋਂ ਵਾਪਸ ਪੰਜਾਬ ਵੱਲ ਚਲ ਪਏ। ਆਪ ਨੇ ਮਾਤਾ ਗੁਜਰੀ ਜੀ, ਬਾਲਕ ਗੋਬਿੰਦ ਰਾਇ, ਕਿਰਪਾਲ (ਉਨ੍ਹਾਂ ਦਾ ਸਾਲਾ) ਅਤੇ ਚਉਪਤਿ ਰਾਇ ਨੂੰ ਕੁਝ ਸਿੱਖਾਂ ਸਮੇਤ ਸਿੱਧਾ ਲਖਨੌਰ (ਮਾਤਾ ਗੁਜਰੀ ਦੇ ਪੇਕੇ ਪਿੰਡ) ਭੇਜ ਦਿੱਤਾ ਅਤੇ ਆਪ ਜੈਂਤੀਆ ਪਹਾੜੀਆਂ ’ਚੋਂ ਹੁੰਦੇ ਹੋਏ ਸਿਲਹਟ ਪੁੱਜੇ। ਉਨ੍ਹੀਂ ਦਿਨੀਂ ਬਰਸਾਤਾਂ ਸ਼ੁਰੂ ਹੋ ਗਈਆਂ। ਅਗਲੇ ਕਈ ਹਫ਼ਤੇ ਗਰੂ ਸਾਹਿਬ ਸਿਲਹਟ ਵਿਚ ਰਹੇ। ਬਰਸਾਤਾਂ ਘਟਣ ਮਗਰੋਂ ਆਪ ਚਿਟਾਗਾਂਗ ਤੇ ਸ਼ੈਰਤਾਗੰਜ ਗਏ। ਇੱਥੋਂ ਆਪ ਨੂੰ ਜੈਂਤੀਆਂ ਤੇ ਤ੍ਰਿਪੁਰਾ ਦਾ ਰਾਜਾ ਰਾਮ ਸਿੰਹ ਆਪਣੀ ਰਾਜਧਾਨੀ ਅਗਰਤਲਾ ਲੈ ਗਿਆ। ਕੁਝ ਚਿਰ ਉੱਥੇ ਰਹਿਣ ਮਗਰੋਂ ਆਪ ਫਿਰ ਚਿਟਾਗਾਂਗ ਆ ਗਏ ਤੇ ਏਥੋਂ ਨੋਆਖਲੀ, ਚਾਂਦਪੁਰ, ਨਰੈਣਗੰਜ ਤੇ ਢਾਕਾ ਗਏ। ਇਸ ਮਗਰੋਂ ਆਪ ਕੂਚ ਬਿਹਾਰ, ਚੰਦਰ ਭਾਗਾ, ਕਿਸ਼ਨ ਗੰਜ, ਪੂਰਨੀਆ, ਬੋਂਗੇ ਗਾਓਂ, ਸਿਲੀਗੁੜੀ, ਕਟਿਹਾਰ ਤੇ ਸਾਸਰਾਮ ਹੁੰਦੇ ਹੋਏ ਕਾਸ਼ੀ ਪੁੱਜੇ।

ਕੁਝ ਦਿਨ ਕਾਸ਼ੀ ਰਹਿਣ ਮਗਰੋਂ ਆਪ ਪ੍ਰਯਾਗ, ਮਿਰਜ਼ਾਪੁਰ ਤੇ ਆਗਰਾ ਹੋ ਕੇ ਦਿੱਲੀ ਲਈ ਚਲ ਪਏ। ਗੁਰੂ ਸਾਹਿਬ ਜਦੋਂ ਆਗਰੇ ਪੁੱਜੇ ਤਾਂ ਇੱਥੇ ਆਪ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਦਿੱਲੀ ਲਿਜਾਇਆ ਗਿਆ। ਦਿੱਲੀ ਵਿਚ ਜਦ ਪੁਸ਼ਪਾ ਰਾਣੀ ਨੂੰ ਪਤਾ ਲੱਗਾ ਤਾਂ ਉਸ ਨੇ ਮੁਗ਼ਲ ਫ਼ੌਜਦਾਰ ਨੂੰ ਕਿਹਾ ਕਿ ਉਹ, ਗੁਰੂ ਸਾਹਿਬ ਨੂੰ ਰਿਹਾ ਕਰ ਦੇਣ। ਜਦੋਂ ਫ਼ੌਜਦਾਰ ਨੂੰ ਪਤਾ ਲਗਾ ਕਿ ਅਸਾਮ ਦਾ ਮਸਲਾ ਹੱਲ ਕਰਵਾਉਣ ਵਾਲੇ ਗੁਰੂ ਸਾਹਿਬ ਹੀ ਸਨ ਤਾਂ ਉਸ ਨੇ ਮੁਆਫ਼ੀ ਮੰਗੀ ਅਤੇ ਗੁਰੂ ਸਾਹਿਬ ਨੂੰ ਰਿਹਾ ਕਰ ਦਿੱਤਾ। ਇਹ ਗੱਲ ਸਤੰਬਰ 1670 ਦੀ ਹੈ। ਇਸ ਮਗਰੋਂ ਗੁਰੂ ਸਾਹਿਬ ਪੰਜਾਬ ਵੱਲ ਚੱਲ ਪਏ। ਗੁਰੂ ਸਾਹਿਬ ਤਰਾਵੜੀ, ਕੁਰੂਕਸ਼ੇਤਰ, ਪਿਹੋਵਾ, ਧਮਤਾਨ, ਸੈਫ਼ਾਬਾਦ, ਲਹਿਲ, ਲੰਗ, ਮੂਲੋਵਾਲ, ਸੇਖਾ, ਠੀਕਰੀਵਾਲਾ, ਮੱਲ੍ਹਾ, ਕਰਤਾਰਪੁਰ (ਜਲੰਧਰ) ਹੁੰਦੇ ਹੋਏ ਬਕਾਲਾ ਪੁੱਜੇ।

ਕੁੱਝ ਸਮਾਂ ਬਕਾਲਾ ਰਹਿਣ ਮਗਰੋਂ ਆਪ ਨੇ ਨਵੇਂ ਨਗਰ ‘ਚਕ ਨਾਨਕੀ’ ਜਾਣ ਦਾ ਫ਼ੈਸਲਾ ਕੀਤਾ। ਬਿਲਾਸਪੁਰ ਦੀ ਮਹਾਰਾਣੀ ਚੰਪਾ ਨੇ ਆਪ ਨੂੰ ਕਈ ਵਾਰ ਪੈਗ਼ਾਮ ਭੇਜਿਆ ਸੀ। ਗੁਰੂ ਸਾਹਿਬ ਆਪ ਵੀ ਬਿਲਾਸਪੁਰ ਜਾਣਾ ਚਾਹੁੰਦੇ ਸਨ। ਆਪ ਪਰਵਾਰ ਅਤੇ ਜਥੇ ਸਮੇਤ ਮਾਰਚ 1673 ਦੇ ਅਖੀਰ ਵਿਚ ‘ਚੱਕ ਨਾਨਕੀ’ ਪੁੱਜੇ। ਇਸੇ ਮਹੀਨੇ ਵਿਸਾਖੀ ਹੋਣ ਕਾਰਨ ਹਜ਼ਾਰਾਂ ਸੰਗਤਾਂ ‘ਚੱਕ ਨਾਨਕੀ’ ਆਈਆਂ ਕਿਉਂਕਿ ਇਹ ਨਗਰ; ਸਿੱਖੀ ਦਾ ਨਵਾਂ ਕੇਂਦਰ ਬਣ ਗਿਆ ਸੀ।

ਆਪ ਨੇ (ਗੁਰੂ) ਗੋਬਿੰਦ ਰਾਇ ਨੂੰ ਹਥਿਆਰਬੰਦ ਟਰੇਨਿੰਗ ਦੇਣ ਲਈ ਭਾਈ ਬਜਰ ਸਿੰਘ ਨੂੰ ਨਿਯੁਕਤ ਕੀਤਾ। ਦੀਵਾਨ ਦਰਗਹ ਮੱਲ ਤੇ ਭਾਈ ਮਨੀ ਸਿੰਘ ਦੁਆਰਾ ਉਨ੍ਹਾਂ ਨੂੰ ਗੁਰਬਾਣੀ ਅਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਸੀ। ਇਨੀਂ ਦਿਨੀਂ ਭਾਈ ਆਲਮ ਚੰਦ (ਨੱਚਣਾ) ਵੀ ਗੁਰੂ ਦਰਬਾਰ ਵਿਚ ਸ਼ਾਮਲ ਹੋ ਗਿਆ। ਅਗਲੇ ਤਿੰਨ ਸਾਲਾਂ ਤੱਕ ਗੁਰੂ ਜੀ ਇੱਥੇ ਰਹੇ।

ਹਰ ਦਿਨ ਸੰਗਤਾਂ ‘ਚੱਕ ਨਾਨਕੀ’ ਆਉਂਦੀਆਂ ਸਨ। ਇਨ੍ਹਾਂ ਜੱਥਿਆਂ ਵਿਚ ਜੇਠ ਸੁਦੀ ੧੧; ੨੭ ਜੇਠ ਬ੍ਰਿਕਮੀ ਸੰਮਤ ੧੭੩੨ (25 ਮਈ 1675) ਦੇ ਦਿਨ 16 ਕਸ਼ਮੀਰੀ ਬ੍ਰਾਹਮਣਾਂ ਦਾ ਇਕ ਜੱਥਾ ਵੀ ਚੱਕ ਨਾਨਕੀ ਆਇਆ। ਉਹ ਇਕ ਮੋਹਤਬਰ ਸਿੱਖ ਆਗੂ ਭਾਈ ਕਿਰਪਾ ਰਾਮ ਦੱਤ ਨੂੰ ਵੀ ਆਪਣੇ ਨਾਲ ਲੈ ਕੇ ਆਏ ਸਨ। ਭਾਈ ਕਿਰਪਾ ਰਾਮ; ਕਸ਼ਮੀਰ ਵਿਚ ਸਿੱਖੀ ਦਾ ਪ੍ਰਚਾਰ ਕਰਨ ਵਾਲ਼ੇ ਉੱਘੇ ਪ੍ਰਚਾਰਕ ਸਨ। ਕਸ਼ਮੀਰੀ ਬ੍ਰਾਹਮਣਾਂ ਨੇ ਗੁਰੂ ਸਾਹਿਬ ਨੂੰ ਦੱਸਿਆ ਕਿ ਅਸੀਂ ਕੇਦਾਰ ਨਾਥ, ਬਦਰੀ ਨਾਥ, ਪੁਰੀ, ਦੁਆਰਕਾ, ਕਾਂਚੀ, ਮਥਰਾ ਤੇ ਹੋਰ ਸਾਰੇ ਹਿੰਦੂ ਸੈਂਟਰਾਂ ਤੋਂ ਹੋ ਆਏ ਹਾਂ, ਪਰ ਕਿਸੇ ਨੇ ਸਾਡੀ ਬਾਂਹ ਨਾ ਫੜੀ। ਅਸੀਂ ਕਸ਼ਮੀਰ ਦੇ ਨਵੇਂ ਮੁਸਲਮਾਨ ਗਵਰਨਰ ਇਫ਼ਤਿਖ਼ਾਰ ਖ਼ਾਨ ਦੇ ਜ਼ੁਲਮ ਤੋਂ ਤੰਗ ਹਾਂ। ਉਹ ਹਰ ਰੋਜ਼ ਸੈਂਕੜੇ ਬ੍ਰਾਹਮਣਾਂ ਨੂੰ ਜਬਰੀ ਮੁਸਲਮਾਨ ਬਣਾ ਰਿਹਾ ਹੈ। ਅਸੀਂ ਔਰੰਗਜ਼ੇਬ ਦੇ ਹਿੰਦੂ-ਰਾਜਪੂਤ ਵਜ਼ੀਰਾਂ ਤਕ ਵੀ ਪਹੁੰਚ ਕੀਤੀ। ਉਹ ਵੀ ਆਪਣੀ ਬੇਵਸੀ ਜ਼ਾਹਰ ਕਰਦੇ ਹਨ। ਹੁਣ ਸਾਡੀ ਆਖ਼ਰੀ ਆਸ ਸਿਰਫ਼ ਗੁਰੂ ਨਾਨਕ ਸਾਹਿਬ ਦਾ ਦਰ ਹੀ ਹੈ। ਗੁਰੂ ਤੇਗ਼ ਬਹਾਦਰ ਸਾਹਿਬ ਨੇ ਬ੍ਰਾਹਮਣਾਂ ਦੀ ਨਿੰਮੋਝੂਣਤਾ ਵੇਖ ਉਨ੍ਹਾਂ ਨੂੰ ਕਿਹਾ, ‘ਗੁਰੂ ਨਾਨਕ ਸਾਹਿਬ ਦੇ ਦਰ ਤੋਂ ਕਦੇ ਵੀ ਕੋਈ ਖਾਲੀ ਨਹੀਂ ਜਾਂਦਾ। ਵਾਹਿਗੁਰੂ ਤੁਹਾਡੀ ਮਦਦ ਕਰਨਗੇ। ਜਾਓ, ਸੂਬੇਦਾਰ ਨੂੰ ਆਖ ਦਿਉ ਕਿ ਜੇ ਉਹ (ਗੁਰੂ) ਤੇਗ਼ ਬਹਾਦਰ ਨੂੰ ਮੁਸਲਮਾਨ ਬਣਾ ਲਵੇ ਤਾਂ ਸਾਰੇ ਕਸ਼ਮੀਰੀ ਬ੍ਰਾਹਮਣ ਮੁਸਲਮਾਨ ਬਣ ਜਾਣਗੇ।’

ਗੁਰੂ ਸਾਹਿਬ ਦੀ ਗੱਲ ਸੁਣ ਕੇ ਬ੍ਰਾਹਮਣਾਂ ਦੀ ਜਾਨ ’ਚ ਜਾਨ ਆਈ ਅਤੇ ਉਹ ਖ਼ੁਸ਼ੀ ਖ਼ੁਸ਼ੀ ਵਾਪਸ ਕਸ਼ਮੀਰ ਮੁੜ ਗਏ। ਉਨ੍ਹਾਂ ਦੇ ਜਾਣ ਮਗਰੋਂ ਗੋਬਿੰਦ ਰਾਇ ਨੇ ਗੁਰੂ ਸਾਹਿਬ ਨੂੰ ਸੰਜੀਦਾ ਵੇਖ ਪੁੱਛਿਆ ਤਾਂ ਗੁਰੂ ਸਾਹਿਬ ਨੇ ਜਵਾਬ ਦਿੱਤਾ ਕਿ ਮੈਂ ਔਰੰਗਜ਼ੇਬ ਨੂੰ ਮਿਲਾਂਗਾ, ਪਰ ਮੈਨੂੰ ਪਤਾ ਹੈ ਕਿ ਉਹ ਕੱਟੜ ਸੁੰਨੀ ਮੁਸਲਮਾਨ ਹੈ। ਇਹ ਜ਼ੁਲਮ ਰੋਕਣ ਲਈ ਸ਼ਹੀਦੀ ਦੇਣੀ ਪੈਣੀ ਹੈ। ਕਸ਼ਮੀਰੀ ਬ੍ਰਾਹਮਣਾਂ ਦੇ ਚੱਕ ਨਾਨਕੀ ਆਉਣ ਦਾ ਜ਼ਿਕਰ ‘ਭੱਟ ਵਹੀਆਂ’ ’ਚ ਇਉਂ ਹੈ:

‘‘ਭਾਈ ਕ੍ਰਿਪਾ ਰਾਮ ਬੇਟਾ ਅੜੂ ਰਾਮ ਕਾ, ਪੋਤਾ ਨਰੈਣ ਦਾਸ ਕਾ, ਪੜਪੋਤਾ ਬ੍ਰਹਮ ਦਾਸ ਕਾ, ਬੰਸ ਠਾਕਰ ਦਾਸ ਕੀ, ਗਤ ਗੋਤ੍ਰ ਮੁਝਾਲ, ਬ੍ਰਾਹਮਣ, ਵਾਸੀ ਮਟਨ, ਦੇਸ ਕਸ਼ਮੀਰ, ਸੰਬਤ ਸਤਰਾਂ ਸੈ ਬਤੀਸ, ਜੇਠ ਮਾਸੇ ਸੁਦੀ ਇਕਾਦਸ਼ੀ ਕੇ ਦਿੰਹ, ਖੋੜਸ ਬ੍ਰਾਹਮਣੋਂ ਕੋ ਗੈਲ ਲੈ, ਚੱਕ ਨਾਨਕੀ, ਪਰਗਣਾ ਕਹਿਲੂਰ, ਗੁਰੂ ਤੇਗ਼ ਬਹਾਦਰ ਜੀ, ਮਹਲ ਨਾਂਵਾਂ ਕੇ ਦਰਬਾਰ ਆਇ ਫਰਿਆਦੀ ਹੂਆ ਗੁਰੂ ਜੀ ਨੇ ਇਨ੍ਹੇਂ ਧੀਰਜ ਦਈ, ਬਚਨ ਹੋਆ, ‘ਤੁਸਾਂ ਦੀ ਰਖਿਆ ਬਾਬਾ ਨਾਨਕ ਕਰੇਗਾ’’  (ਭੱਟ ਵਹੀ ਮੁਲਤਾਨੀ ਸਿੰਧੀ)

ਕਵੀ ਕੇਸ਼ਵ ਭੱਟ ਨੇ ਇੰਝ ਬਿਆਨ ਕੀਤਾ, ਬਾਂਹਿ ਜਿਨਾਂ ਦੀ ਪਕੜੀਏ, ਸਿਰ ਦੀਜੈ ਬਾਂਹਿ ਛੋੜੀਏ ਤੇਗ਼ ਬਹਾਦਰ ਬੋਲਿਆ, ਧਰ ਪਈਐ, ਧਰਮ ਛੋੜੀਏ

ਗੁਰੂ ਤੇਗ਼ ਬਹਾਦਰ ਸਾਹਿਬ ਨੇ ਸਾਰੇ ਪ੍ਰਮੁਖ ਸਿੱਖਾਂ ਨੂੰ ਹੁਕਮਨਾਮੇ ਭੇਜ ਕੇ ਚੱਕ ਨਾਨਕੀ ਬੁਲਾਇਆ। ਗੁਰੂ ਜੀ ਨੇ ਉਨ੍ਹਾਂ ਨੂੰ ਜ਼ਮੀਨੀ ਹਾਲਾਤਾਂ ਤੋਂ ਜਾਣੂ ਕਰਵਾਇਆ ਤੇ ਕਿਹਾ ਕਿ ਮੈਂ ਔਰੰਗਜ਼ੇਬ ਨੂੰ ਜਾ ਕੇ ਮਿਲਾਂਗਾ। ਮੈਨੂੰ ਪਤਾ ਹੈ ਕਿ ਸ਼ਹੀਦੀ ਦੇਣੀ ਪੈਣੀ ਹੈ। ਮੇਰੇ ਮਗਰੋਂ ਗੁਰਗੱਦੀ ਦੀ ਸੇਵਾ (ਗੁਰੂ) ਗੋਬਿੰਦ ਰਾਇ ਸੰਭਾਲਣਗੇ। ਤੁਸੀਂ ਸਾਰਿਆਂ ਨੇ ਇਨ੍ਹਾਂ ਦਾ ਸਾਥ ਦੇਣਾ ਹੈ। ਇਸ ਤੋਂ ਬਾਅਦ ਜ਼ੁਲਮ ਨੂੰ ਰੋਕਣ ਵਾਸਤੇ ਹਥਿਆਰ ਵੀ ਚੁੱਕਣੇ ਪੈਣੇ ਹਨ। ਆਪ ਨੇ 8 ਜੁਲਾਈ 1675 ਦੇ ਦਿਨ ਗੋਬਿੰਦ ਰਾਇ ਨੂੰ ਗੁਰਗੱਦੀ ਸੌਂਪ ਕੇ 2-3 ਦਿਨ ਬਾਅਦ ਦਿੱਲੀ ਵੱਲ ਰਵਾਨਾ ਹੋ ਗਏ। ਉਨ੍ਹਾਂ ਦੇ ਨਾਲ ਭਾਈ ਮਤੀ ਦਾਸ, ਸਤੀ ਦਾਸ ਤੇ ਦਿਆਲ ਦਾਸ ਵੀ ਸਨ। ਇਸ ਬਾਰੇ ਭੱਟ ਵਹੀ ’ਚ ਇਉਂ ਜ਼ਿਕਰ ਹੈ :

ਸਾਵਨ ਪ੍ਰਵਿਸ਼ਟੇ ਅਠਵੇਂ ਕੇ ਦਿਹੁੰ ਗੁਰੂ ਗੋਬਿੰਦ ਦਾਸ ਜੀ ਕੋ ਗੁਰਗਦੀ ਦੇ ਕੇ ਦਿਲੀ ਕੀ ਤਰਫ਼ ਜਾਣੇ ਕੀ ਤਿਆਰੀ ਕੀ ਸਾਥ ਦੀਵਾਨ ਮਤੀ ਦਾਸ ਸਤੀ ਦਾਸ ਰਸੋਈਆ ਬੇਟੇ ਹੀਰਾ ਨੰਦ ਛਿਬਰ ਕੇ ਦਿਆਲ ਦਾਸ ਬੇਟਾ ਮਾਈ ਦਾਸ ਕਾ ਜਲਹਾਨਾ ਬਲਉਂਤ ਆਇਆ(ਭੱਟ ਵਹੀ ਤਲਾਉਂਡਾ, ਪਰਗਨਾ ਜੀਂਦ)

ਨੋਟ : ਗੁਰੂ ਗੋਬਿੰਦ ਸਿੰਘ ਸਾਹਿਬ ਜੀ; ਜਦ ਗੁਰਗੱਦੀ ਉੱਤੇ ਵਿਰਾਜਮਾਨ ਹੋਏ, ਤਦ ਉਨ੍ਹਾਂ ਦੀ ਉਮਰ ਮਾਤਰ 9 ਸਾਲ ਸੀ। ਅਗਲੇ 8 ਕੁ ਸਾਲਾਂ ’ਚ ਯਾਨੀ ਕਿ ਸੰਨ 1683 ’ਚ ਹੋਲਾ ਮਹੱਲਾ (ਸ਼ਸਤਰ-ਕਲਾ) ਮਨਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਜਾਪਦਾ ਹੈ ਕਿ ਸਿੱਖਾਂ ਨੂੰ ਹਥਿਆਰ ਪਕੜਾਉਣ ਦੀ ਮੁਹਿਮ ਗੁਰੂ ਤੇਗ਼ ਬਹਾਦਰ ਜੀ ਵੱਲੋਂ ਆਰੰਭ ਕੀਤੀ ਗਈ ਸੀ ਤਾਹੀਓਂ ਆਪ ਨੇ ਉੱਚੀ ਜਗ੍ਹਾ ਅਨੰਦਪੁਰ ਸਾਹਿਬ ਵਸਾਇਆ। ਆਪ ਨੇ ਪੂਰੇ ਭਾਰਤ ’ਚ ਪ੍ਰਚਾਰ-ਪ੍ਰਸਾਰ ਕੀਤਾ, ਇਸ ਲਈ ਜ਼ਮੀਨੀ ਹਾਲਾਤਾਂ ਤੋਂ ਚੰਗੀ ਤਰ੍ਹਾਂ ਵਾਕਫ਼ ਸਨ; ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਨੇ 28 ਜੇਠ ਸੰਮਤ ੧੬੬੩ (25 ਮਈ 1606) ਨੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਿਆਈ ਬਖ਼ਸ਼ ਕੇ 5 ਦਿਨ ਬਾਅਦ (30 ਮਈ ਨੂੰ) ਲਾਹੌਰ ਵਿਖੇ ਸ਼ਹੀਦੀ ਦਿੱਤੀ।  20 ਕੁ ਦਿਨਾਂ ਬਾਅਦ ਯਾਨੀ ੧੮ ਹਾੜ ਨੂੰ ਉਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਸ਼ੁਰੂ ਕਰ ਜਲਦੀ ਹੀ ੬ ਸਾਵਣ ੧੬੬੩ ਨੂੰ ਮੀਰੀ-ਪੀਰੀ ਦੀ ਦੋ ਤਲਵਾਰਾਂ ਪਹਿਣ ਲਈਆਂ। ਸੰਗਤਾਂ ਨੂੰ ਚੰਗੇ ਘੋੜੇ ਤੇ ਸ਼ਸਤਰ ਭੇਟ ਕਰਨ ਲਈ ਹੁਕਮ ਜਾਰੀ ਕੀਤੇ ਤੇ ਢਾਡੀ ਵਾਰਾਂ ਗਵਾਉਣੀਆਂ ਸ਼ੁਰੂ ਕਰ ਦਿੱਤੀਆਂ ਜਦ ਕਿ ਉਸ ਸਮੇਂ ਉਨ੍ਹਾਂ ਦੀ ਉਮਰ ਭੀ ਮਾਤਰ 11 ਸਾਲ ਸੀ। ਇਸ ਤੋਂ ਸਾਫ਼ ਹੈ ਕਿ ਸ਼ਹੀਦੀ ਦੇਣ ਉਪਰੰਤ ਭਟਕਣ ਵਾਲ਼ੇ ਮਨੁੱਖੀ ਜਜ਼ਬਾਤਾਂ ਨੂੰ ਤੁਰੰਤ ਨਵੇਂ ਰੂਪ ’ਚ ਸੰਭਾਲ਼ਿਆ ਜਾ ਸਕੇ।

ਕੁੱਝ ਸ਼ਸਾਰਤੀ ਲੋਕ ਭੋਲ਼ੀ-ਭਾਲ਼ੀ ਜਨਤਾ ਨੂੰ ਗੁਮਰਾਹ ਕਰਨ ਲਈ ਕਹਿੰਦੇ ਰਹਿੰਦੇ ਹਨ ਕਿ 6ਵੇਂ ਅਤੇ 10ਵੇਂ ਪਾਤਿਸ਼ਾਹ ਨੇ ਗੁਰੂ ਨਾਨਕ ਸਾਹਿਬ ਜੀ ਦੁਆਰਾ ਚਲਾਈ ਸ਼ਾਂਤਮਈ ਪ੍ਰਚਾਰ-ਪ੍ਰਸਾਰ ਦੀ ਰੀਤ ਵਿਰੁੱਧ ਕਾਰਜ ਕੀਤੇ ਹਨ। ਦਰਅਸਲ ਐਸੇ ਲੋਕ, ਸੰਗਤਾਂ ਨੂੰ ਇਨ੍ਹਾਂ ਬਚਨਾਂ ਤੋਂ ਜਾਣੂ ਨਹੀਂ ਕਰਾਉਂਦੇ, ‘‘ਜਉ ਤਉ; ਪ੍ਰੇਮ ਖੇਲਣ ਕਾ ਚਾਉ   ਸਿਰੁ ਧਰਿ ਤਲੀ; ਗਲੀ ਮੇਰੀ ਆਉ   ਇਤੁ ਮਾਰਗਿ (’); ਪੈਰੁ ਧਰੀਜੈ   ਸਿਰੁ ਦੀਜੈ; ਕਾਣਿ ਕੀਜੈ (ਮਹਲਾ /੧੪੧੨), ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ (ਧਰਮ ਲਈ)  ਪੁਰਜਾ ਪੁਰਜਾ ਕਟਿ ਮਰੈ; ਕਬਹੂ ਛਾਡੈ ਖੇਤੁ ’’ (ਭਗਤ ਕਬੀਰ/੧੧੦੫) ਭਾਵੇਂ ਕਿ ਇਨ੍ਹਾਂ ਵਾਕਾਂ ’ਚ ਹਥਿਆਰ ਚੁੱਕਣ ਦਾ ਜ਼ਿਕਰ ਨਹੀਂ, ਪਰ ਉਸ ਲਈ ਭੀ ਪਹਿਲਾਂ ਮਾਨਸਿਕ ਤਿਆਰੀ ਕਰਨੀ ਜ਼ਰੂਰੀ ਹੁੰਦੀ ਹੈ।

ਸੋ ਜੁਲਾਈ 1675 ਵਿਚ ਔਰੰਗਜ਼ੇਬ ਹਸਨ ਅਬਦਾਲ (ਪਾਕਿਸਤਾਨ) ਵਿੱਚ ਸੀ, ਜੋ ਓਥੇ 7 ਅਪਰੈਲ 1674 ਤੋਂ 27 ਮਾਰਚ 1676 ਤੱਕ ਯਾਨੀ ਦੋ ਸਾਲ ਰਿਹਾ। ਉਸ ਨੂੰ ਕਸ਼ਮੀਰ ਦੇ ਸੂਬੇਦਾਰ ਨੇ ਦੱਸ ਦਿੱਤਾ ਕਿ ਕਸ਼ਮੀਰੀ ਬ੍ਰਾਹਮਣ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਮਿਲ ਆਏ ਹਨ ਤੇ ਉਸ (ਗੁਰੂ ਸਾਹਿਬ) ਨੇ ਐਲਾਨ ਕੀਤਾ ਹੈ ਕਿ ‘ਜੇ ਮੁਗਲ ਸਰਕਾਰ ਮੈਨੂੰ ਮੁਸਲਮਾਨ ਬਣਾ ਲਵੇ ਤਾਂ ਸਾਰੇ ਕਸ਼ਮੀਰੀ ਬ੍ਰਾਹਮਣ ਆਪਣੇ ਆਪ ਮੁਸਲਮਾਨ ਬਣ ਜਾਣਗੇ।’ ਇਹ ਸੁਣਦਿਆਂ ਔਰੰਗਜ਼ੇਬ ਨੇ ਸਰਹਿੰਦ ਦੇ ਸੂਬੇਦਾਰ ਅਬਦਲ ਅਜ਼ੀਜ਼ ਦਿਲਾਵਰ ਖ਼ਾਨ ਨੂੰ ਹੁਕਮ ਦਿੱਤਾ ਕਿ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲ ਪੇਸ਼ ਕੀਤਾ ਜਾਵੇ। ਔਰੰਗਜ਼ੇਬ ਦਾ ਹੁਕਮ ਮਿਲਦਿਆਂ ਹੀ ਸਰਹਿੰਦ ਦੇ ਸੂਬੇਦਾਰ ਨੇ ਇਕ ਫ਼ੌਜੀ ਦਸਤਾ ਰੂਪੜ (ਹੁਣ ਰੋਪੜ) ਦੇ ਥਾਣੇਦਾਰ ਮਿਰਜ਼ਾ ਨੂਰ ਮੁਹੰਮਦ ਖ਼ਾਨ ਦੀ ਕਮਾਨ ਹੇਠ ‘ਚੱਕ ਨਾਨਕੀ’ ਭੇਜਿਆ। ਇਹ ਦਸਤਾ 11 ਨਵੰਬਰ ਨੂੰ ਓਥੇ ਪੁਜਾ, ਪਰ ਓਦੋਂ ਤੱਕ ਗੁਰੂ ਸਾਹਿਬ ਦਿੱਲੀ ਵੱਲ ਚੱਲ ਚੁੱਕੇ ਸਨ। ਮਿਰਜ਼ਾ ਨੂਰ ਮੁਹੰਮਦ ਨਹੀਂ ਸੀ ਚਾਹੁੰਦਾ ਕਿ ਗੁਰੂ ਸਾਹਿਬ ਦੀ ਗ੍ਰਿਫ਼ਤਾਰੀ ਦਾ ਈਨਾਮ ਉਸ ਦੇ ਹੱਥੋਂ ਨਿਕਲੇ ਉਹ, ਗੁਰੂ ਜੀ ਦੀ ਭਾਲ ’ਚ ਜਲਦੀ ਵਾਪਸ ਮੁੜਿਆ, ਪਰ ਗੁਰੂ ਸਾਹਿਬ ਨਾ ਮਿਲੇ।

 ਉਸ ਰਾਤ ਗੁਰੂ ਸਾਹਿਬ ਪਿੰਡ ਮਲਿਕਪੁਰ ਰੰਘੜਾਂ ਵਿਚ ਭਾਈ ਨਗਾਹੀਆ ਦੇ ਘਰ ਠਹਿਰੇ। ਅਗਲੇ ਦਿਨ ਤੜਕੇ ਭਾਈ ਮਤੀ ਦਾਸ ਨਹਾਉਣ ਵਾਸਤੇ ਖੂਹ ਤੋਂ ਪਾਣੀ ਭਰਨ ਗਿਆ ਤਾਂ ਖੂਹ ਵਿਚ ਡਿਗ ਪਿਆ। ਸ਼ੋਰ ਪੈਣ ’ਤੇ ਲੋਕ ਇਕੱਠੇ ਹੋ ਗਏ। ਹੁਣ ਪਿੰਡ ਦੇ ਰੰਘੜਾਂ ਨੂੰ ਪਤਾ ਲੱਗਾ ਕਿ ਗੁਰੂ ਤੇਗ਼ ਬਹਾਦਰ ਸਾਹਿਬ ਵੀ ਮਲਿਕਪੁਰ ਵਿਚ ਹਨ। ਉਨ੍ਹਾਂ ਨੇ ਰੋਪੜ ਚੌਂਕੀ ’ਚ ਖ਼ਬਰ ਭੇਜ ਫ਼ੌਜ ਮੰਗਵਾ ਲਈ। ਨੂਰ ਮੁਹੰਮਦ ਖ਼ਾਨ ਨੇ ਗੁਰੂ ਜੀ, ਭਾਈ ਮਤੀ ਦਾਸ, ਸਤੀ ਦਾਸ ਤੇ ਦਿਆਲ ਦਾਸ ਨੂੰ ਗ੍ਰਿਫ਼ਤਾਰ ਕਰ ਬੱਸੀ ਪਠਾਣਾਂ ਦੇ ਕਿਲ੍ਹੇ ਵਿਚ ਕੈਦ ਕਰ ਦਿੱਤਾ ਅਤੇ ਔਰੰਗਜ਼ੇਬ ਨੂੰ ਇਸ ਦੀ ਇਤਲਾਹ ਹਸਨ ਅਬਦਾਲ ਭੇਜ ਦਿੱਤੀ। ਇਸ ਦਾ ਜ਼ਿਕਰ ‘ਭੱਟ ਵਹੀ ਮੁਲਤਾਨੀ ਸਿੰਧੀ ਖਾਤਾ ਜਲ੍ਹਾਨੇ ਬਲਉਂਤੋਂ ਕਾ’ ’ਚ ਇਉਂ ਹੈ :

ਗੁਰੂ ਤੇਗ਼ ਬਹਾਦਰ ਮਹਲ ਨਾਮਾਂ ਕੋ ਨੂਰ ਮੁਹੰਮਦ ਖ਼ਾਨ ਮਿਰਜ਼ਾ ਚਉਕੀ ਰੂਪੜ ਵਾਲੀ ਨੇ ਸਾਲ ਸਤਰਾਂ ਸੈ ਬਤੀਸ ਸਾਵਨ ਪ੍ਰਵਿਸ਼ਟੇ ਬਾਰਾਂ ਕੇ ਦਿਹੁੰ ਗਾਮ ਮਲਕਪੁਰ ਰੰਘੜਾਂ ਪਰਗਣਾ ਘਣੌਲਾ ਸੇ ਪਕੜ ਕਰ ਸਰਹੰਦ ਮੇਂ ਪਹੁੰਚਾਇਆ ਗੈਲੋਂ ਦੀਵਾਨ ਮਤੀ ਦਾਸ ਸਤੀ ਦਾਸ ਬੇਟੇ ਹੀਰ ਮੱਲ ਛਿਬਰ ਬਲਉਂਤ ਕੇ ਪਕੜੇ ਆਏ ਚਾਰ ਮਾਸ ਬਸੀ ਪਠਾਣਾਂ ਬੰਦੀਖਾਨੇ ਮੇਂ ਰਹੇ ਦੁਸ਼ਟਾਂ ਗੁਰੂ ਜੀ ਕੋ ਘਣਾ ਕਸ਼ਟ ਦੀਆ ਗੁਰੂ ਜੀ ਨੇ ਭਾਣੇ ਕੋ ਮਾਨਾ

ਕੇਸਰ ਸਿੰਘ ਛਿਬਰ ‘ਬੰਸਾਵਲੀਨਾਮਾ ਦਸਾਂ ਪਾਤਸਾਹੀਆਂ ਕਾ’ (ਚਰਣ ਨੌਵਾਂ, ਬੰਦ 75-77) ’ਚ ਇਉਂ ਕੀਤਾ ਹੈ :

ਪਿੰਡ ਤੇ ਰੰਘੜ ਆਏ ਧਾਇ ਗਹਿ ਲੀਤੇ ਸਾਹਿਬ ਤੇ ਸਤੀ ਦਾਸ ਮਤੀ ਦਾਸ ਭੀ ਖੂਹ ਤੇ ਕਢਿਆ ਮੰਗਾਇ ਭੇਜ ਆਦਮੀ ਫ਼ੌਜ ਰੂਪੜੋਂ ਮੰਗਾਈ ਸੋ ਪਿੰਜਰਾ ਲੋਹੇ ਕਾ ਕਰ ਲਿਆਇ ਸਾਹਿਬ ਤਿਸ ਵਿਚ ਲੀਤੇ ਪਾਇ ਚਉਥੇ ਮਹੀਨੇ ਸਾਹਿਬ ਦਿੱਲੀ ਵਿਚ ਪਹੁਤੇ ਵਿਚ ਮਾਰਗ ਦੁਖ ਪਾਇ ਬਹੁਤੇ

ਜਦੋਂ ਗੁਰੂ ਤੇਗ਼ ਬਹਾਦਰ ਸਾਹਿਬ ਬੱਸੀ ਪਠਾਣਾਂ ਕਿਲ੍ਹੇ ਵਿਚ ਕੈਦ ਸਨ ਤਾਂ ਔਰੰਗਜ਼ੇਬ ਨੇ ਸਰਹਿੰਦ ਦੇ ਮੁਸਲਮਾਨ, ਨਕਸ਼ਬੰਦੀ ਫਿਰਕੇ ਦੇ (ਸ਼ੈਖ ਅਹਿਮਦ ਦੇ ਗੱਦੀ-ਨਸ਼ੀਨ) ਸ਼ੈਖ਼ ਸੈਫ਼-ਉਦ-ਦੀਨ ਦੀ ਡਿਊਟੀ ਲਾਈ ਕਿ ਉਹ ਗੁਰੂ ਜੀ ਨੂੰ ਇਸਲਾਮ ਧਰਮ ਵਿਚ ਲਿਆਉਣ ਦੀ ਕੋਸ਼ਿਸ਼ ਕਰਨ। ਉਹ, ਬੱਸੀ ਪਠਾਣਾਂ ਕਿਲ੍ਹੇ ’ਚ ਕਈ ਵਾਰ ਗਏ ਤੇ ਗੁਰੂ ਜੀ ਨਾਲ ਚਰਚਾ ਕੀਤੀ, ਪਰ ਇਸਲਾਮ ਦੀ ਉੱਚਤਾ ਦੱਸਣ ’ਚ ਨਾਕਾਮਯਾਬ ਰਹੇ। ਅੰਤ ਉਸ ਨੇ ਹਥਿਆਰ ਸੁੱਟਦਿਆਂ ਔਰੰਗਜ਼ੇਬ ਨੂੰ ਸੁਨੇਹਾ ਭੇਜਿਆ ਕਿ ਗੁਰੂ ਜੀ ਨੂੰ ਦਲੀਲਾਂ ਨਾਲ ਨਹੀਂ ਬਦਲਿਆ ਜਾ ਸਕਦਾ। ਤਲਵਾਰ ਦੇ ਡਰ ਨਾਲ ਉਨ੍ਹਾਂ ਨੂੰ ਮੁਸਲਮਾਨ ਬਣਾਇਆ ਜਾ ਸਕਦਾ ਹੈ।

ਨੋਟ : ਜੁਲਾਈ 1675 ’ਚ ਹੀ ਸ਼ਿਵਾਜੀ ਮਰਹੱਟਾ ਦਾ ਪੁੱਤਰ ਸੰਭਾਜੀ ਫੜਿਆ ਸੀ, ਜਿਸ ਨੇ ਕੁਝ ਦਿਨ ਮਗਰੋਂ ਈਨ ਮੰਨ ਲਈ ਸੀ। ਔਰੰਗਜ਼ੇਬ ਨੇ ਉਸ ਨੂੰ ਛੇ ਹਜ਼ਾਰੀ-ਛੇ ਹਜ਼ਾਰ ਦਾ ਮਨਸਬ, ਝੰਡਾ ਤੇ ਨਗਾਰਾ ਬਖ਼ਸ਼ਿਆ ਸੀ (ਮਆਸਿਰਿ-ਇ-ਆਲਮਗੀਰੀ, ਸਫ਼ਾ 124)। ਫ਼ਰਵਰੀ 1676 ’ਚ ਸ਼ਿਵਾਜੀ ਦੇ ਜੁਆਈ ਨੇ ਤਾਂ ਕਮਾਲ ਹੀ ਕਰ ਦਿੱਤੀ ਸੀ। ਉਹ ਮੁਸਲਮਾਨ ਬਣ ਗਿਆ ਤੇ ਉਸ ਦਾ ਨਾਂ ਮੁਹੰਮਦ ਕੁਲੀ ਖ਼ਾਨ ਰੱਖਿਆ ਗਿਆ ਸੀ (ਮਆਸਿਰਿ-ਇ-ਆਲਮਗੀਰੀ, ਸਫ਼ਾ 51)।

ਸ਼ੈਖ ਦਾ ਖ਼ਤ ਪੜ੍ਹ ਕੇ ਔਰੰਗਜ਼ੇਬ ਨੇ ਸਰਹਿੰਦ ਦੇ ਫ਼ੌਜਦਾਰ (ਅਬਦੁਲ ਅਜ਼ੀਜ਼ ਦਿਲਾਵਰ ਖ਼ਾਨ) ਕਿਹਾ ਕਿ ਗੁਰੂ ਜੀ ਨੂੰ ਪਿੰਜਰੇ ’ਚ ਪਾ ਕੇ ਦਿੱਲੀ ਲਿਜਾਇਆ ਜਾਏ। ਔਰੰਗਜ਼ੇਬ ਉਨ੍ਹੀਂ ਦਿਨੀਂ ਦਿੱਲੀ ਮੁੜਨ ਦੀ ਤਿਆਰੀ ਕਰ ਰਿਹਾ ਸੀ, ਪਰ ਨਾ ਆ ਸਕਿਆ। ਉਸ ਨੇ ਦਿੱਲੀ ਦੇ ਸੂਬੇਦਾਰ ਸਾਫ਼ੀ ਖ਼ਾਨ ਨੂੰ ਕਿਹਾ ਕਿ ਜੇ ਗੁਰੂ ਤੇਗ਼ ਬਹਾਦਰ ਤੋਂ ਇਸਲਾਮ ਕਬੂਲ ਕਰਾਓ, ਨਹੀਂ ਤਾਂ ਉਸ ਨੂੰ ਸ਼ਾਹੀ ਕਾਜ਼ੀ ਤੋਂ ਫ਼ਤਵਾ ਦਿਵਾ ਕੇ ਕਤਲ ਕਰ ਦਿੱਤਾ ਜਾਵੇ।

ਗੁਰੂ ਜੀ ਲਈ ਦਿੱਲੀ ਤੋਂ ਲੋਹੇ ਦਾ ਇਕ ਪਿੰਜਰਾ ਮੰਗਵਾਇਆ ਗਿਆ (ਇਹ ਓਹੀ ਪਿੰਜਰਾ ਸੀ, ਜਿਸ 1716 ਵਿਚ ਬੰਦਾ ਸਿੰਘ ਬਹਾਦਰ ਨੂੰ ਲਿਜਾਇਆ ਗਿਆ ਸੀ) ਆਪ ਨੂੰ ਪਿੰਜਰੇ ਵਿਚ ਪਾ ਕੇ ਦਿੱਲੀ ਲਿਜਾਇਆ ਗਿਆ ਅਤੇ ਕੋਤਵਾਲੀ (ਮੌਜੂਦਾ ਸੀਸ ਗੰਜ ਵਾਲੀ ਜਗਹ) ਵਿਚ ਕੈਦ ਕੀਤਾ ਗਿਆ। ਸ਼ਾਹੀ ਕਾਜ਼ੀ ਅਬਦੁਲ ਵਹਾਬ ਵਹੁਰੇ ਨੇ ਫ਼ਤਵਾ ਜਾਰੀ ਕਰਦਿਆਂ ਕਿਹਾ ਕਿ ਜਾਂ ਕਰਾਮਾਤ ਦਿਖਾਓ ਜਾਂ ਮੁਸਲਮਾਨ ਬਣ ਜਾਓ ਜਾਂ ਮਰਨ ਵਾਸਤੇ ਤਿਆਰ ਹੋ ਜਾਓ। ਗੁਰੂ ਸਾਹਿਬ ਨੇ ਤੀਜੀ ਗੱਲ ਕਬੂਲ ਕੀਤੀ। ਕਾਜ਼ੀ ਅਤੇ ਸੂਬੇਦਾਰ ਇਸ ਜਵਾਬ ਤੋਂ ਖਿਝੇ ਫਿਰ ਵੀ ਇਕ ਦਿਨ ਹੋਰ ਉਡੀਕ ਕੀਤੀ।

11 ਨਵੰਬਰ 1675 ਦੇ ਦਿਨ ਗੁਰੂ ਸਾਹਿਬ ਦੀਆਂ ਅੱਖਾਂ ਦੇ ਸਾਮ੍ਹਣੇ ਭਾਈ ਦਿਆਲ ਦਾਸ ਜੀ ਨੂੰ ਵੱਡੀ ਦੇਗ਼ ’ਚ ਗਰਮ ਪਾਣੀ ਕਰ ਉਸ ਵਿਚ ਉਬਾਲ ਕੇ ਸ਼ਹੀਦ ਕੀਤਾ। ਭਾਈ ਮਤੀ ਦਾਸ ਜੀ ਨੂੰ ਦੋ ਲਕੜਾਂ ਦੇ ਸ਼ਿਕੰਜੇ ਵਿਚ ਬੰਨ੍ਹ ਕੇ ਚੀਰਿਆ ਗਿਆ ਤੇ ਭਾਈ ਸਤੀ ਦਾਸ ਜੀ ਨੂੰ ਰੂੰ ਵਿਚ ਬੰਨ ਕੇ ਜਿਊਂਦੇ ਸਾੜਿਆ ਗਿਆ। ਦਹਿਲਾ ਦੇਣ ਵਾਲੇ ਇਸ ਜ਼ੁਲਮ ਦੇ ਬਾਵਜੂਦ ਗੁਰੂ ਸਾਹਿਬ ਅਡੋਲ ਰਹੇ ਅਤੇ ਵਾਹਿਗੁਰੂ ਦਾ ਸਿਮਰਨ ਕਰਦੇ ਰਹੇ। ਅਖ਼ੀਰ ਸ਼ਾਮ ਵੇਲੇ ਕਾਜ਼ੀ ਦੇ ਆਖ਼ਰੀ ਫਤਵੇ ਮਗਰੋਂ, ਜੱਲਾਦ ਜਲਾਲ-ਉਦ-ਦੀਨ (ਸਮਾਣੇ ਵਾਲੇ) ਨੇ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਵੀ ਤਲਵਾਰ ਦੇ ਇੱਕੋ ਵਾਰ ਨਾਲ ਸ਼ਹੀਦ ਕਰ ਦਿੱਤਾ। ਇਹੀ ਭੀ ਜ਼ਿਕਰ ਆਉਂਦਾ ਹੈ ਕਿ ਗੁਰੂ ਸਾਹਿਬ ਜੀ ਨੂੰ ਪਹਿਲਾਂ ਬਹੁਤ ਤਸੀਹੇ ਦਿੱਤੇ ਗਏ ਸਨ। ਜਦ ਸਫਲਤਾ ਨਾ ਮਿਲੀ ਤਾਂ ਤਲਵਾਰ ਨਾਲ਼ ਸੀਸ; ਧੜ ਤੋਂ ਜੁਦਾ ਕੀਤਾ ਗਿਆ।

ਔਰੰਗਜ਼ੇਬ ਦਾ ਹੁਕਮ ਸੀ ਕਿ ਗੁਰੂ ਸਾਹਿਬ ਦੀ ਦੇਹ ਦੇ ਟੁਕੜੇ ਕਰ ਸ਼ਹਰ ਦੇ ਚਾਰੇ ਪਾਸੇ ਲਟਕਾ ਦਿੱਤੇ ਜਾਣ ਪਰ ਹਨ੍ਹੇਰਾ ਪੈ ਚੁੱਕਾ ਹੋਣ ਕਾਰਨ ਹੁਕਮ ’ਤੇ ਅਮਲ ਨਾ ਹੋ ਸਕਿਆ। ਉਧਰ ਭਾਈ ਜੈਤਾ, ਭਾਈ ਨਾਨੂ ਰਾਮ, ਭਾਈ ਤੁਲਸੀ ਤੇ ਭਾਈ ਊਦਾ ਜੀ ਨੇ ਗੁਰੂ ਸਾਹਿਬ ਦਾ ਸੀਸ ਚੁੱਕ ਕੇ ਲਿਆਉਣ ਦੀ ਤਰਕੀਬ ਬਣਾਈ। ਭਾਈ ਜੈਤਾ ਜੀ; ਗੁਰੂ ਸਾਹਿਬ ਦਾ ਸੀਸ ਚੁੱਕ ਲਿਆਇਆ। ਜਿਸ ਨੂੰ ਭਾਈ ਊਦਾ ਜੀ ਤੇ ਭਾਈ ਨਾਨੂ ਰਾਮ ਜੀ ਨਾਲ਼ ਮਿਲ ਕੇ ‘ਚੱਕ ਨਾਨਕੀ’ ਲੈ ਗਏ। ਅਗਲੇ ਦਿਨ ਸੀਸ ਦਾ ਸਸਕਾਰ ਗੁਰਦੁਆਰਾ ਸੀਸ ਗੰਜ (ਅਨੰਦਪੁਰ ਸਾਹਿਬ) ਵਾਲੀ ਥਾਂ ’ਤੇ ਕੀਤਾ ਗਿਆ।

ਦੂਜੇ ਪਾਸੇ ਭਾਈ ਲੱਖੀ ਰਾਏ ਵਣਜਾਰਾ (ਭਾਈ ਮਨੀ ਸਿੰਘ ਦੇ ਸਹੁਰਾ) ਨੇ ਆਪਣੇ ਪੁੱਤਰਾਂ (ਭਾਈ ਨਿਗਾਹੀਆ, ਹੇਮਾ ਤੇ ਹਾੜੀ ਜੀ) ਦੀ ਮਦਦ ਨਾਲ, ਗੁਰੂ ਸਾਹਿਬ ਦਾ ਧੜ ਚੁਕ ਲਿਆਂਦਾ ਅਤੇ ਆਪਣੇ ਘਰ ਦੇ ਇਕ ਹਿੱਸੇ ਨੂੰ ਅੱਗ ਲਾ ਧੜ ਦਾ ਸਸਕਾਰ ਕਰ ਦਿੱਤਾ (ਇੱਥੇ ਅੱਜ ਗੁਰਦੁਆਰਾ ਰਕਾਬ ਗੰਜ ਸਾਹਿਬ ਸੁਭਾਇਮਾਨ ਹੈ)। ਗੁਰੂ ਸਾਹਿਬ ਦੇ ਸੀਸ ਅਤੇ ਧੜ ਦੇ ਸਸਕਾਰ ਬਾਰੇ ‘ਭੱਟ ਵਹੀਆਂ’ ’ਚ ਇਹ ਜ਼ਿਕਰ ਕੀਤਾ ਮਿਲਦਾ ਹੈ :

ਜੈਤਾ ਬੇਟਾ ਆਗਿਆ ਕਾ, ਨਾਨੂ ਬੇਟਾ ਬਾਘੇ ਕਾ, ਊਦਾ ਬੇਟਾ ਖੇਮੇ ਕਾ, ਗੁਰੂ ਕਾ ਸੀਸ ਪਾਇ ਕੀਰਤਪੁਰ ਪਰਗਨਾ ਕਹਿਲੂਰ ਆਏ ਸਾਲ ਸਤਾਰਾਂ ਸੈ ਬੱਤੀਸ, ਮੰਗਹਰ ਸੁਦੀ ਦਸਮੀ ਕੇ ਦਿਹੁੰ ਗਿਆਰਸ ਕੋ ਦਾਗ ਕੀਆ ਮਾਖੋਆਲ ਮੇਂ ਆਗੇ ਗੁਰੂ ਕੀ ਗਤਿ ਗੁਰੂ ਜਾਨੇ ਗੁਰੂ ਆਪ ਭਾਣੇ ਕਾ ਖਾਬਿੰਦ ਹੈ  (ਭੱਟ ਵਹੀ ਮੁਲਤਾਨੀ ਸਿੰਧੀ, ਖਾਤਾ ਉਦਾਨਿਓਂ ਕਾ)

ਗੁਰੂ ਸਾਹਿਬ ਵੇਲੇ ਅਸਲ ਦਿੱਲੀ ਦਾ ਨਾਂ ਸ਼ਾਹਜਹਾਨਾਬਾਦ ਸੀ ਜਿਸ ਵਿਚ ਲਾਲ ਕਿਲ੍ਹਾ, ਸਲੀਮਗੜ੍ਹ ਕਿਲਾ, ਚਾਂਦਨੀ ਚੌਕ, ਫ਼ਤਹਿਪੁਰੀ, ਜਾਮਾ ਮਸਜਿਦ, ਦਰੀਬਾ ਕਲਾਂ, ਦਰਿਆ ਗੰਜ, ਕਸ਼ਮੀਰੀ ਗੇਟ ਵਗ਼ੈਰਾ ਦਾ ਇਲਾਕਾ ਸ਼ਾਮਿਲ ਸੀ। ਦਿੱਲੀ ਦੇ ਚਾਂਦਨੀ ਚੌਕ, ਕਨਾਟ ਪਲੇਸ, ਪਾਰਲੀਮੈਂਟ ਹਾਊਸ ਅਤੇ ‘ਰਾਸ਼ਟਰਪਤੀ ਭਵਨ’ ਵਗ਼ੈਰਾ ਗੁਰੂ ਹਰਕ੍ਰਿਸ਼ਨ ਸਾਹਿਬ ਤੇ ਗੁਰੂ ਤੇਗ਼ ਬਹਾਦਰ ਸਾਹਿਬ ਦੇ ਪੈਰਾਂ ਦੀ ਧੂੜ ਨਾਲ ਤਵਾਰੀਖ਼ੀ ਬਣੇ ਹੋਏ ਹਨ। ਕਨਾਟ ਪਲੇਸ ਦਾ ਇਲਾਕਾ ਰਾਜਾ ਜੈ ਸਿੰਹ ਮਿਰਜ਼ਾ ਦੀ ਜਾਇਦਾਦ ਸੀ ਅਤੇ ਪਾਰਲੀਮੈਂਟ ਹਾਊਸ ਅਤੇ ‘ਰਾਸ਼ਟਰਪਤੀ ਭਵਨ’ ਵਗ਼ੈਰਾ (ਯਾਨਿ ਰਾਏਸੀਨਾ ਪਿੰਡ) ਭਾਈ ਲੱਖੀ ਰਾਏ ਵਣਜਾਰਾ ਦੀ ਜਾਇਦਾਦ ਸੀ। ‘ਰਾਏਸੀਨਾ’ ਪਿੰਡ ਭਾਈ ਲੱਖੀ ਰਾਏ ਦੇ ਇਕ ਵੱਡੇ-ਵਡੇਰੇ ਭਾਈ ਰਾਏ ਸੀਨਾ ਨੇ ਬੰਨ੍ਹਿਆ ਸੀ। ਦਿੱਲੀ ਦੇ ਅਹਿਸਾਨ ਫ਼ਰਾਮੋਸ਼ ਹਾਕਮਾਂ ਨੇ ‘ਲੱਖੀ ਰਾਏ’ ਦੀ ਯਾਦ ਵਿਚ ਇਕ ਚੌਕ ਦਾ ਨਾਂ ਵੀ ਨਹੀਂ ਰੱਖਿਆ। (ਭਾਈ ਲੱਖੀ ਰਾਏ ਨੂੰ ਮਾਣ ਦੇਣ ਵਾਸਤੇ ਸਿੱਖ ਆਗੂਆਂ ਨੇ ਗੁਰਦੁਆਰਾ ਰਕਾਬ ਗੰਜ ਦੇ ਦੀਵਾਨ ਹਾਲ ਦਾ ਨਾਂ ਭਾਈ ਲੱਖੀ ਰਾਏ ਦੇ ਨਾਂ ’ਤੇ ਰੱਖਿਆ ਹੋਇਆ ਹੈ)।

ਗੁਰਬਾਣੀ ਅਤੇ ਸਿੱਖ ਇਤਿਹਾਸ ’ਚ ਮਹੀਨਾ ਕੱਤਕ

0

ਗੁਰਬਾਣੀ ਅਤੇ ਸਿੱਖ ਇਤਿਹਾਸ ’ਚ ਮਹੀਨਾ ਕੱਤਕ

ਕਿਰਪਾਲ ਸਿੰਘ ਬਠਿੰਡਾ

ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਅਨੁਸਾਰ ਸਾਲ ਦੀਆਂ 2-2 ਮਹੀਨਿਆਂ ਦੀਆਂ ਛੇ ਰੁੱਤਾਂ ’ਚੋਂ ਚੌਥੀ ਸਰਦ ਰੁੱਤ ਹੈ। ਇਸ ਦੇ ਦੋ ਮਹੀਨਿਆਂ (ਅੱਸੂ ਅਤੇ ਕੱਤਕ) ’ਚੋਂ ਅੱਸੂ ਮਹੀਨੇ ਦਾ ਵਰਣਨ ਪਿਛਲੇ ਲੇਖ ’ਚ ਕੀਤਾ ਜਾ ਚੁੱਕਾ ਹੈ। ਇਸ ਲੇਖ ’ਚ ਕੱਤਕ ਮਹੀਨੇ ਦਾ ਵਰਣਨ ਕੀਤਾ ਜਾਵੇਗਾ। ਬਿਕ੍ਰਮੀ ਕੈਲੰਡਰ ਦੇ ਸੂਰਜੀ ਸਾਲ ਦਾ ਪਹਿਲਾ ਮਹੀਨਾ ਵੈਸਾਖ ਅਤੇ ਅਖੀਰਲਾ ਚੇਤ ਹੁੰਦਾ ਹੈ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦਾ ਨਵਾਂ ਸਾਲ ੧ ਚੇਤ ਤੋਂ ਸ਼ੁਰੂ ਹੋਣ ਕਾਰਨ ਕੱਤਕ ਇਸ ਕੈਲੰਡਰ ਦਾ 8ਵਾਂ ਮਹੀਨਾ ਅਤੇ ਬਿਕ੍ਰਮੀ ਕੈਲੰਡਰ ਦਾ 7ਵਾਂ ਮਹੀਨਾ ਹੁੰਦਾ ਹੈ। ਨਾਨਕਸ਼ਾਹੀ ਕੈਲੰਡਰ ਦੇ ਕੱਤਕ ਮਹੀਨੇ ਦਾ ਅਰੰਭ ਹਰ ਸਾਲ 15 ਅਕਤੂਬਰ ਤੋਂ ਹੁੰਦਾ ਹੈ, ਜੋ ਹਰ ਸਾਲ 30 ਦਿਨਾਂ ਦਾ ਹੁੰਦਾ ਹੈ; ਜਦੋਂ ਕਿ ਬਿਕ੍ਰਮੀ ਕੈਲੰਡਰ ਦਾ ਕੱਤਕ ਮਹੀਨਾ 17 ਅਕਤੂਬਰ ਤੋਂ ਸ਼ੁਰੂ ਹੁੰਦਾ ਹੈ, ਜੋ ਕਦੀ 30 ਦਿਨਾਂ ਦਾ ਅਤੇ ਕਦੀ 29 ਦਿਨਾਂ ਦਾ ਹੁੰਦਾ ਹੈ। ਇਸ ਲਈ ਨਾਨਕਸ਼ਾਹੀ ਕੈਲੰਡਰ ਦੀਆਂ ਤਾਰੀਖ਼ਾਂ ਹਮੇਸ਼ਾਂ ਸਥਿਰ ਰਹਿੰਦੀਆਂ ਹਨ, ਪਰ ਬਿਕ੍ਰਮੀ ਕੈਲੰਡਰ ਦੀਆਂ ਤਾਰੀਖ਼ਾਂ ਬਦਲਦੀਆਂ ਰਹਿੰਦੀਆਂ ਹਨ। ਸਾਨੂੰ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦੀ ਲੋੜ ਕਿਉਂ ਪਈ ? ਇਸ ਦਾ ਪਹਿਲਾ ਕਾਰਨ ਇਹ ਹੈ ਕਿ ਬਿਕ੍ਰਮੀ ਕੈਲੰਡਰ ਦੀਆਂ ਤਾਰੀਖ਼ਾਂ ਸਾਲ ਬ-ਸਾਲ ਬਦਲਦੀਆਂ ਰਹਿੰਦੀਆਂ ਹਨ। ਦੂਸਰਾ ਵੱਡਾ ਕਾਰਨ ਹੈ ਕਿ ਬਿਕ੍ਰਮੀ ਕੈਲੰਡਰ ਸਿਡਰੀਅਲ ਕੈਲੰਡਰ (Sidereal) ਹੈ, ਜਿਸ ਦੇ ਸਾਲ ਦੀ ਲੰਬਾਈ ਗੁਰੂ ਕਾਲ ਦੌਰਾਨ 365.2587 ਦਿਨ ਅਤੇ ਹਿੰਦੂਆਂ ਵੱਲੋਂ 1964 ’ਚ ਕੀਤੀ ਸੋਧ ਤੋਂ ਪਿੱਛੋਂ ਇਸ ਦੇ ਸਾਲ ਦੀ ਲੰਬਾਈ ਲਗਭਗ 365.2563 ਦਿਨ ਹੈ। ਰੁੱਤੀ ਸਾਲ (Tropical) ਦੀ ਲੰਬਾਈ ਲਗਭਗ 365.2422 ਦਿਨ ਹੈ, ਇਸੇ ਕਾਰਨ 1964 ਤੋਂ ਪਹਿਲਾਂ ਬਿਕ੍ਰਮੀ ਕੈਲੰਡਰ ’ਚ 61 ਸਾਲਾਂ ’ਚ ਰੁੱਤਾਂ ਨਾਲੋਂ ਲੱਗਭਗ 1 ਦਿਨ ਦਾ ਫਰਕ ਪੈਂਦਾ ਸੀ ਅਤੇ 1964 ਤੋਂ ਬਾਅਦ ਹੁਣ 71 ਸਾਲਾਂ ਪਿੱਛੋਂ ਲਗਭਗ 1 ਦਿਨ ਦਾ ਫਰਕ ਪੈਂਦਾ ਹੈ, ਪੈਂਦਾ ਰਹੇਗਾ। ਇਸ ਲਈ ਬਿਕ੍ਰਮੀ ਕੈਲੰਡਰ ਦੇ ਮਹੀਨਿਆਂ ਦੀਆਂ ਰੁੱਤਾਂ ਦਾ ਸੰਬੰਧ ਗੁਰਬਾਣੀ ’ਚ ਦਰਜ ਰੁੱਤਾਂ ਨਾਲੋਂ ਉੱਟ ਰਿਹਾ ਹੈ। ਕੈਲੰਡਰ ਦੇ ਮਹੀਨਿਆਂ ਦੀਆਂ ਰੁੱਤਾਂ ਦਾ ਸੰਬੰਧ ਗੁਰਬਾਣੀ ’ਚ ਦਰਜ ਰੁੱਤਾਂ ਨਾਲ ਮਿਲਾਈ ਰੱਖਣ ਲਈ 2003 ’ਚ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ, ਜਿਸ ਦੇ ਸਾਲ ਦੀ ਲੰਬਾਈ 365.2425 ਦਿਨ ਹੈ, ਜੋ ਰੁੱਤੀ ਸਾਲ ਦੀ ਲੰਬਾਈ 365.2422 ਦਿਨਾਂ ਦੇ ਬਹੁਤ ਨੇੜੇ ਹੈ ਅਤੇ ਦੁਨੀਆਂ ਭਰ ’ਚ ਪ੍ਰਚਲਿਤ ਗ੍ਰੈਗੋਰੀਅਨ ਕੈਲੰਡਰ ਦੇ ਸਾਲ ਦੀ ਲੰਬਾਈ ਦੇ ਬਰਾਬਰ ਹੈ ਤਾਹੀਓਂ ਇਸ ਵਿੱਚ ਇੱਕ ਵਾਰ ਨਿਸ਼ਚਿਤ ਕੀਤੀਆਂ ਤਾਰੀਖ਼ਾਂ ਹਮੇਸ਼ਾਂ ਲਈ ਉਹੀ ਰਹਿੰਦੀਆਂ ਹਨ, ਜੋ ਖ਼ਾਲਸਾ ਪੰਥ ਦੀ ਤੀਜੀ ਸ਼ਤਾਬਦੀ ਵਰ੍ਹੇ ਯਾਨੀ 1999 ’ਚ ਨਿਸ਼ਚਿਤ ਕੀਤੀਆਂ ਗਈਆਂ ਸਨ।

ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ ੧੩੫ ’ਤੇ ਮਾਝ ਰਾਗ ’ਚ ਦਰਜ ਬਾਰਹਮਾਹਾ ਦੇ ਨੌਵੇਂ ਪਦੇ ’ਚ ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਸਾਹਿਬ ਜੀ ਪਰਵਾਰਿਕ ਉਦਾਹਨਾਂ; ਜਿਵੇਂ ਕਿ ਪਤੀ ਪਤਨੀ ਦੀ ਉਦਾਹਰਨ ਰਾਹੀਂ ਪ੍ਰਭੂ ਨਾਲ਼ ਮਿਲਾਪ ਕਰਨ ਦਾ ਉਪਦੇਸ਼ ਦਿੰਦੇ ਹਨ ਕਿ ਜਿਸ ਤਰ੍ਹਾਂ ਕੱਤਕ ਦੀ ਸੁਹਾਵਣੀ ਰੁੱਤ ’ਚ ਪਤਨੀ ਦੇ ਮਨ ’ਚ ਆਪਣੇ ਪਤੀ ਨਾਲ ਮਿਲਾਪ ਦੀ ਤਾਂਘ ਵੱਧ ਉਪਜਦੀ ਹੈ, ਉਸੇ ਤਰ੍ਹਾਂ ਪ੍ਰਭੂ ਪਤੀ ਦੇ ਮਿਲਾਪ ਦੀ ਤਾਂਘ ਹੋਣੀ ਚਾਹੀਦੀ ਹੈ, ਪਰ ਜੇ ਕੱਤਕ ਵਿੱਚ ਵੀ ਪ੍ਰਭੂ-ਪਤੀ ਨਾਲੋਂ ਵਿਛੋੜਾ ਹੀ ਰਿਹਾ ਤਾਂ ਇਸ ਦਾ ਦੋਸ਼ ਕਿਸੇ ਹੋਰ ਨੂੰ ਨਾ ਦੇਣਾ। ਇਹ ਆਪਣੇ ਮਾੜੇ ਕਰਮਾਂ ਦਾ ਸਿੱਟਾ ਹੈ। ਗੁਰੂ ਸਾਹਿਬ ਜੀ ਸੁਚੇਤ ਕਰਦੇ ਹਨ ਕਿ ਪਰਮੇਸਰ ਦੀ ਯਾਦ ਤੋਂ ਖੁੰਝਿਆਂ ਬੰਦਾ; ਦੁਨਿਆਵੀ ਦੁੱਖ-ਕਲੇਸ਼ਾਂ ’ਚ ਜਕੜਿਆ ਰਹਿੰਦਾ ਹੈ। ਜਿਨ੍ਹਾਂ ਨੇ ਪਰਮਾਤਮਾ ਵੱਲੋਂ ਮੂੰਹ ਮੋੜੀ ਰੱਖਿਆ, ਉਨ੍ਹਾਂ ਨੂੰ ਫਿਰ ਲੰਮੇ ਵਿਛੋੜੇ ਪੈ ਜਾਂਦੇ ਹਨ ਭਾਵ ਜੂਨਾਂ ਵਿੱਚ ਚੱਕਰ ਕੱਟਦਿਆਂ ਨੂੰ ਮੁੜ ਮਨੁੱਖਾ ਸਰੀਰ ਵੀ ਨਸੀਬ ਨਹੀਂ ਹੁੰਦਾ। ਜਿਹੜੀਆਂ ਜੀਵ ਇਸਤਰੀਆਂ ਨੇ ਮਾਇਆ ਦੀਆਂ ਰੰਗ ਰਲੀਆਂ ਮਨਾਉਂਦਿਆਂ ਪ੍ਰਭੂ ਨੂੰ ਭੁਲਾ ਦਿੱਤਾ, ਉਹ ਨਿਰੰਤਰ ਦੁਖੀ ਰਹਿੰਦੀਆਂ ਹਨ। ਪ੍ਰਭੂ ਤੋਂ ਬਿਨਾਂ ਕਿਸੇ ਹੋਰ ਕੋਲ਼ ਦੁੱਖ ਰੋਣ ਦਾ ਕੋਈ ਲਾਭ ਨਹੀਂ (ਕਿਉਂਕਿ ਅਸਲ ਦੁੱਖ ਤਾਂ ਪ੍ਰਭੂ ਤੋ ਪਿਆ ਵਿਛੋੜਾ ਹੈ, ਜਿਸ ਨੂੰ ਦੂਰ ਕਰਨ ਲਈ) ਕੋਈ ਹੋਰ ਵਿਚੋਲਗੀ ਨਹੀਂ ਕਰ ਸਕਦਾ। ਪਰ ਉਸ ਦਾ ਵੀ ਕੀ ਦੋਸ਼, ਇਹ ਧੁਰੋਂ ਹੀ ਲਿਖੇ ਨਸੀਬ ਹਨ। ਜੇ ਚੰਗੇ ਭਾਗਾਂ ਨੂੰ ਪ੍ਰਭੂ ਆਪ ਆ ਮਿਲੇ ਤਾਂ ਵਿਛੋੜੇ ਤੋਂ ਪੈਦਾ ਹੋਏ ਸਾਰੇ ਦੁੱਖ ਵੀ ਮਿਟ ਜਾਂਦੇ ਹਨ। ਅੰਤ ’ਚ ਗੁਰੂ ਸਾਹਿਬ ਬੇਨਤੀ ਕਰਦੇ ਹਨ ਕਿ ਹੇ ਮਾਇਆਵੀ ਬੰਧਨਾਂ ਤੋਂ ਛੁਡਾਉਣ ਵਾਲੇ ਮਾਲਕ  ! ਮੈਨੂੰ ਬਚਾ ਲੈ। ਕੱਤਕ ’ਚ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਗਈ, ਉਨ੍ਹਾਂ ਅੰਦਰੋਂ ਵਿਛੋੜ ਦਾ ਦੁੱਖ ਮਿਟ ਜਾਣ ਕਾਰਨ ਸਾਰੇ ਚਿੰਤਾ ਝੋਰੇ ਵੀ ਮੁੱਕ ਜਾਂਦੇ ਹਨ, ‘‘ਕਤਿਕਿ, ਕਰਮ ਕਮਾਵਣੇ; ਦੋਸੁ ਕਾਹੂ ਜੋਗੁ ਪਰਮੇਸਰ ਤੇ ਭੁਲਿਆਂ; ਵਿਆਪਨਿ ਸਭੇ ਰੋਗ ਵੇਮੁਖ ਹੋਏ ਰਾਮ ਤੇ; ਲਗਨਿ ਜਨਮ ਵਿਜੋਗ ਖਿਨ ਮਹਿ ਕਉੜੇ ਹੋਇ ਗਏ; ਜਿਤੜੇ ਮਾਇਆ ਭੋਗ ਵਿਚੁ ਕੋਈ ਕਰਿ ਸਕੈ; ਕਿਸ ਥੈ ਰੋਵਹਿ ਰੋਜ ਕੀਤਾ ਕਿਛੂ ਹੋਵਈ; ਲਿਖਿਆ ਧੁਰਿ ਸੰਜੋਗ ਵਡਭਾਗੀ ਮੇਰਾ ਪ੍ਰਭੁ ਮਿਲੈ; ਤਾਂ ਉਤਰਹਿ ਸਭਿ ਬਿਓਗ ਨਾਨਕ ਕਉ, ਪ੍ਰਭ ! ਰਾਖਿ ਲੇਹਿ, ਮੇਰੇ ਸਾਹਿਬ ਬੰਦੀ ਮੋਚ ਕਤਿਕ, ਹੋਵੈ ਸਾਧਸੰਗੁ; ਬਿਨਸਹਿ ਸਭੇ ਸੋਚ ’’  (ਮਾਝ ਬਾਰਹਮਾਹਾ/ਮਹਲਾ /੧੩੫)

ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1109 ’ਤੇ ਤੁਖਾਰੀ ਰਾਗ ’ਚ ਉਚਾਰੇ ਬਾਰਹਮਾਹਾ ਦੇ 12ਵੇਂ ਪਦੇ ’ਚ ਪਹਿਲੇ ਪਾਤਿਸ਼ਾਹ; ਕਿਸਾਨ ਦੀ ਫਸਲ ਦੀ ਉਦਾਹਰਨ ਦਿੰਦੇ ਹਨ ਕਿ ਜਿਸ ਤਰ੍ਹਾਂ ਕੱਤਕ ਦੇ ਮਹੀਨੇ ’ਚ ਕਿਸਾਨ ਨੂੰ ਸੌਣੀ ਦੀ ਫਸਲ ਝੋਨਾ, ਮਕਈ ਆਦਿ ਦਾ ਫਲ਼ (ਪੈਸਾ) ਮਿਲ ਜਾਂਦਾ ਹੈ; ਓਵੇਂ ਹਰੇਕ ਜੀਵ ਨੂੰ ਆਪਣੇ ਕੀਤੇ ਕਰਮਾਂ ਦਾ ਫਲ਼ (ਨਸੀਬ ’ਚ ਲਿਖੇ ਲੇਖ ਦੇ ਰੂਪ ’ਚ) ਮਿਲਦਾ ਹੈ। ਗੁਰੂ ਜੀ ਸਮਝਾਉਂਦੇ ਹਨ ਕਿ ਹੇ ਭਾਈ ! ਆਪਣੇ ਕੀਤੇ ਭਲੇ ਕਰਮਾਂ ਅਨੁਸਾਰ ਜਿਹੜਾ ਮਨੁੱਖ ਪਰਮਾਤਮਾ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਉਸ ਦੇ ਹਿਰਦੇ ’ਚ ਆਈ ਸਥਿਰਤਾ ਕਾਰਨ ਆਤਮ ਪ੍ਰਕਾਸ਼ ਵਾਲ਼ਾ ਦੀਵਾ ਜਗ ਪੈਂਦਾ ਹੈ। ਜਿਸ ਦਾ ਪ੍ਰਭੂ ਨਾਲ ਪਿਆਰ ਪੈ ਗਿਆ, ਇਹ ਮਾਨੋ ਆਤਮ ਪ੍ਰਕਾਸ਼ ਵਾਲ਼ੇ ਦੀਵੇ ’ਚ ਤੇਲ ਬਲਦਾ ਹੈ, ਜਿਸ ਨਾਲ਼ ਜੀਵ-ਇਸਤ੍ਰੀ ਉਤਸ਼ਾਹ ’ਚ ਆਈ ਆਨੰਦ ਮਾਣਦੀ ਹੈ, ਪਰ ਜਿਸ ਜੀਵ-ਇਸਤ੍ਰੀ ਦਾ ਜੀਵਨ ਵਿਕਾਰਾਂ ਦੇ ਪ੍ਰਭਾਵ ਨੇ ਨਸ਼ਟ ਕਰ ਦਿੱਤਾ, ਉਹ ਆਤਮਕ ਮੌਤੇ ਮਰ ਗਈ। ਐਸੀ ਜ਼ਿੰਦਗੀ ਅਸਫਲ ਜ਼ਿੰਦਗੀ ਹੈ, ਇਸ ਲਈ ਪ੍ਰਭੂ ਦੇ ਨਾਮ-ਪ੍ਰਭਾਵ ਨੇ ਜਿਸ ਨੂੰ ਵਿਕਾਰਾਂ ਤੋਂ ਬਚਾਇਆ, ਉਹੀ ਵਿਕਾਰਾਂ ਵਲੋਂ ਬਚੀ ਹੈ।

ਸੋ ਜਿਨ੍ਹਾਂ ਨੂੰ ਪਰਮਾਤਮਾ ਆਪਣਾ ਨਾਮ ਬਖ਼ਸ਼ਦਾ ਹੈ, ਓਹੀ ਵਿਕਾਰਾਂ ਵੱਲ ਭਟਕਣ ਦੀ ਥਾਂ ਅਡੋਲਤਾ ’ਚ ਰਹਿ ਕੇ ਅਨੰਦ ਮਾਣਦੇ ਹਨ ਕਿਉਂਕਿ ਹੁਣ ਕੇਵਲ ਪ੍ਰਭੂ-ਮਿਲਾਪ ਦੀ ਤਾਂਘ ਰਹਿੰਦੀ ਹੈ, ਜਿਸ ਲਈ ਅਰਦਾਸ ਕਰਦੇ ਹਨ ਕਿ ਹੇ ਪਾਤਿਸ਼ਾਹ  ! ਸਾਨੂੰ ਦੀਦਾਰ ਬਖ਼ਸ਼ ਤਾਂ ਜੋ ਵਿਛੋੜਾ ਨੂੰ ਮਿਟਾਉਣ ਵਾਲ਼ਾ ਬੂਹਾ ਖੁਲ੍ਹੇ ਕਿਉਂਕਿ ਹੁਣ ਤੇਰੇ ਨਾਲੋਂ ਇਕ ਘੜੀ ਦਾ ਵਿਛੋੜਾ ਵੀ ਛੇ ਮਹੀਨੇ ਦਾ ਵਿਛੋੜਾ ਜਾਪਦਾ ਹੈ , ‘‘ਕਤਕਿ, ਕਿਰਤੁ ਪਇਆ; ਜੋ ਪ੍ਰਭ ਭਾਇਆ ਦੀਪਕੁ ਸਹਜਿ ਬਲੈ; ਤਤਿ ਜਲਾਇਆ ਦੀਪਕ ਰਸ ਤੇਲੋ, ਧਨ ਪਿਰ ਮੇਲੋ; ਧਨ ਓਮਾਹੈ ਸਰਸੀ ਅਵਗਣ ਮਾਰੀ ਮਰੈ, ਸੀਝੈ; ਗੁਣਿ ਮਾਰੀ ਤਾ ਮਰਸੀ ਨਾਮੁ ਭਗਤਿ ਦੇ ਨਿਜ ਘਰਿ; ਅਜਹੁ ਤਿਨਾੜੀ ਆਸਾ ਨਾਨਕ  ! ਮਿਲਹੁ, ਕਪਟ ਦਰ ਖੋਲਹੁ; ਏਕ ਘੜੀ ਖਟੁ ਮਾਸਾ ੧੨ (ਤੁਖਾਰੀ ਬਾਰਹਮਾਹਾ/ਮਹਲਾ /੧੧੦੯)

ਮਹੀਨਿਆਂ ਦੀਆਂ ਰੁੱਤਾਂ ਯਾਨੀ ਕੁਦਰਤ ਦੇ ਵਰਤਾਰੇ ਦਾ ਪੰਛੀਆਂ, ਮਨੁੱਖਾਂ ’ਤੇ ਕੀ ਅਸਰ ਪੈਂਦਾ ਹੈ, ਇਸ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 488 ’ਤੇ ਆਸਾ ਰਾਗ ’ਚ ਬਾਬਾ ਫ਼ਰੀਦ ਜੀ ਬਿਆਨ ਕਰਦੇ ਹਨ ਕਿ ਜਿਵੇਂ ਕੱਤਕ ਦੇ ਮਹੀਨੇ ’ਚ ਸਰਦੀ ਦੀ ਰੁੱਤ ਆਉਣ ਕਰਕੇ ਬਰਫਾਨੀ ਇਲਾਕੇ ’ਚੋਂ ਕੂੰਜਾਂ ਉੱਡ ਕੇ ਮੈਦਾਨੀ ਇਲਾਕੇ ਵੱਲ ਆਉਂਦੀਆਂ ਹਨ; ਚੇਤ ਦੇ ਮਹੀਨੇ ’ਚ ਜੰਗਲ਼ਾਂ ਨੂੰ ਅੱਗ ਲੱਗ ਜਾਂਦੀ ਹੈ, ਸੌਣ ’ਚ ਬਿਜਲੀਆਂ ਚਮਕਦੀਆਂ ਹਨ; ਇਉਂ ਸਿਆਲ ’ਚ ਇਸਤ੍ਰੀਆਂ ਦੀਆਂ ਬਾਹਾਂ ਆਪਣੇ ਪਤੀਆਂ ਦੇ ਗਲ ’ਚ ਪਈਆਂ ਹੀ ਚੰਗੀਆਂ ਲੱਗਦੀਆਂ ਹਨ, ‘‘ਕਤਿਕ ਕੂੰਜਾਂ, ਚੇਤਿ ਡਉ; ਸਾਵਣਿ ਬਿਜੁਲੀਆਂ ਸੀਆਲੇ ਸੋਹੰਦੀਆਂ, ਪਿਰ ਗਲਿ ਬਾਹੜੀਆਂ ’’ (ਬਾਬਾ ਫ਼ਰੀਦ ਜੀ/੪੮੮)

ਸਿੱਖ ਇਤਿਹਾਸ ’ਚ ਕੱਤਕ ਦੇ ਮਹੀਨੇ ਵਿੱਚ ਵਰਣਨ ਯੋਗ ਘਟਨਾਵਾਂ ਘਟੀਆਂ ਹਨ; ਜਿਵੇਂ ਕਿ ੬ ਕੱਤਕ ਬਿਕ੍ਰਮੀ ਸੰਮਤ ੧੭੧੮, ਨਾਨਕਸ਼ਾਹੀ ਸੰਮਤ ੧੯੩/ 6 ਅਕਤੂਬਰ 1661 ਜੂਲੀਅਨ ਨੂੰ ਗੁਰੂ ਹਰਿਕ੍ਰਿਸ਼ਨ ਜੀ ਗੁਰਗੱਦੀ ’ਤੇ ਬਿਰਾਜਮਾਨ ਹੋਏ ਹਨ। ਜਿਵੇਂ ਕਿ ਉਕਤ ਵਿਚਾਰਿਆ ਜਾ ਚੁੱਕਾ ਹੈ ਕਿ ਉਸ ਸਮੇਂ ਪ੍ਰਚਲਿਤ ਕੈਲੰਡਰਾਂ ਦੇ ਸਾਲਾਂ ਦੀ ਲੰਬਾਈ ’ਚ ਅੰਤਰ ਹੋਣ ਅਤੇ ਜੂਲੀਅਨ ਕੈਲੰਡਰ ’ਚ ਸੋਧ ਉਪਰੰਤ ਗ੍ਰੈਗੋਰੀਅਨ ਕੈਲੰਡਰ ਲਾਗੂ ਹੋਣ ਕਾਰਨ ਨਾਨਕਸ਼ਾਹੀ ਕੈਲੰਡਰ ’ਚ ੬ ਕੱਤਕ; ਹੁਣ ਹਰ ਸਾਲ 20 ਅਕਤੂਬਰ ਨੂੰ ਆਉਂਦਾ ਹੈ। ਇਸ ਲਈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਗੁਰਗੱਦੀ ਪੁਰਬ ਹਰ ਸਾਲ ੬ ਕੱਤਕ/20 ਅਕਤੂਬਰ ਨੂੰ ਹੁੰਦਾ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਿਆਈ ਬਖ਼ਸ਼ਣ ਤੋਂ ਬਾਅਦ ਉਸੇ ਦਿਨ ਗੁਰੂ ਹਰਿਰਾਇ ਸਾਹਿਬ ਜੀ ਜੋਤੀ-ਜੋਤ ਸਮਾ ਗਏ। ਇਸ ਲਈ ਉਨ੍ਹਾਂ ਦਾ ਜੋਤੀ-ਜੋਤ ਪੁਰਬ ਵੀ ੬ ਕੱਤਕ/20 ਅਕਤੂਬਰ ਹੈ।

ਭਾਵੇਂ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਸਿੱਖਾਂ ਨੂੰ ਗੁਰੂ ਦੇਹ ਨਾਲ ਜੋੜਨ ਦੀ ਬਜਾਏ ਸ਼ਬਦ ਗੁਰੂ ਨਾਲ ਜੋੜਿਆ ਗਿਆ ਹੈ, ਜਿਸ ਦਾ ਜ਼ਿਕਰ ਸਿਧ ਗੋਸਟਿ ’ਚ ਸਿੱਧਾਂ ਨਾਲ ਹੋਏ ਬਚਨ ਬਿਲਾਸ ’ਚੋਂ ਮਿਲਦਾ ਹੈ। ਸਿੱਧਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ ਕਿ ਜੀਵਨ ਦਾ ਮੂਲ ਕੀ ਹੈ ? ਮਨੁੱਖ ਨੂੰ ਕਿਹੜੀ ਸਿੱਖਿਆ ਲੈਣੀ ਚਾਹੀਦੀ ਹੈ ? ਤੁਸੀਂ ਕਿਸ ਗੁਰੂ ਦੇ ਚੇਲੇ ਹੋ ? ਕਿਸ ਤਰ੍ਹਾਂ ਤੁਸੀਂ ਨਿਰਲੇਪ ਰਹਿੰਦੇ ਹੋ ? ਆਦਿ

ਜੋਗੀਆਂ ਦੀ ਉਮਰ ਗੁਰੂ ਨਾਨਕ ਸਾਹਿਬ ਜੀ ਤੋਂ ਬਹੁਤ ਜ਼ਿਆਦਾ ਸੀ, ਇਸ ਲਈ ਆਪ ਨੂੰ ਬਾਲਕ ਕਹਿ ਕੇ ਵੀ ਸੰਬੋਧਨ ਕੀਤਾ ਤੇ ਪੁੱਛਿਆ ਕਿ ਸ਼ਬਦ ਦੀ ਰਾਹੀਂ ਗੁਰੂ; ਮਨੁੱਖ ਨੂੰ ਕਿਵੇਂ ਸੰਸਾਰ-ਸਮੁੰਦਰ ਤੋਂ ਪਾਰ ਕਰਦਾ ਹੈ, ‘‘ਕਵਣ ਮੂਲੁ ਕਵਣ ਮਤਿ ਵੇਲਾ ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ ਕਵਣ ਕਥਾ ਲੇ ਰਹਹੁ ਨਿਰਾਲੇ ਬੋਲੈ ਨਾਨਕੁ ਸੁਣਹੁ ਤੁਮ ਬਾਲੇ ਏਸੁ ਕਥਾ ਕਾ ਦੇਇ ਬੀਚਾਰੁ ਭਵਜਲੁ ਸਬਦਿ ਲੰਘਾਵਣਹਾਰੁ ੪੩’’ (ਗੋਸਟਿ/ਮਹਲਾ /੯੪੨

ਗੁਰੂ ਸਾਹਿਬ ਨੇ ਜਵਾਬ ਦਿੰਦਿਆਂ ਕਿਹਾ ਕਿ ਪ੍ਰਾਣ ਹੀ ਜੀਵਨ ਦਾ ਮੁੱਢ ਹਨ। ਮਨੁੱਖਾ ਜਨਮ; ਸਤਿਗੁਰੂ ਦੀ ਸਿੱਖਿਆ ਲੈਣ ਦਾ ਸਮਾਂ ਹੈ। ਨਿਰਾਕਾਰ ਦੀ ਉਸਤਤਿ ਯਾਨੀ ਕਿ ਸ਼ਬਦ ਹੀ ਮੇਰਾ ਗੁਰੂ ਹੈ। ਸੁਰਤ ਦਾ ਟਿਕਾਅ ਚੇਲਾ/ਸਿੱਖ ਹੈ। ਮੈਂ ਅਕੱਥ ਪ੍ਰਭੂ ਦੀਆਂ ਗੱਲਾਂ ਕਰ ਕੇ ਭਾਵ, ਗੁਣ ਗਾ ਕੇ ਮਾਇਆ ਤੋਂ ਨਿਰਲੇਪ ਰਹਿੰਦਾ ਹਾਂ। ਇਹ ਗੁਰ ਹਰੇਕ ਜੁੱਗ ’ਚ ਮੌਜੂਦ ਹੈ। ਕੇਵਲ ਗੁਰ-ਸ਼ਬਦ ਹੀ ਹੈ, ਜਿਸ ਰਾਹੀਂ ਪ੍ਰਭੂ ਦੇ ਗੁਣ ਗਾਏ ਜਾ ਸਕਦੇ ਹਨ ਤੇ ਹਉਮੈ (ਖ਼ੁਦ-ਗਰਜ਼ੀ) ਵਾਲ਼ੀ ਅੱਗ ਨੂੰ ਅੰਦਰੋਂ ਮਾਰਿਆ ਜਾ ਸਕਦਾ ਹੈ, ‘‘ਪਵਨ ਅਰੰਭੁ ਸਤਿਗੁਰ ਮਤਿ ਵੇਲਾ ਸਬਦੁ ਗੁਰੂ ਸੁਰਤਿ ਧੁਨਿ ਚੇਲਾ ਅਕਥ ਕਥਾ ਲੇ ਰਹਉ ਨਿਰਾਲਾ ਨਾਨਕ  ! ਜੁਗਿ ਜੁਗਿ ਗੁਰ ਗੋਪਾਲਾ ਏਕੁ ਸਬਦੁ; ਜਿਤੁ ਕਥਾ ਵੀਚਾਰੀ ਗੁਰਮੁਖਿ ਹਉਮੈ ਅਗਨਿ ਨਿਵਾਰੀ ੪੪’’  (ਗੋਸਟਿ/ਮਹਲਾ /੯੪੩)

ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਧਿਆਨ ਸਹਿਤ ਪੜ੍ਹੀਏ ਤਾਂ ਪਤਾ ਲੱਗਦਾ ਹੈ ਕਿ ਗੁਰੂ ਜੀ ਦੀ ਦੇਹ ਨੂੰ ਗੁਰੂ ਸਦੀਵੀ ਸਥਿਰ ਨਹੀਂ ਮੰਨਿਆ। ਹਜ਼ਾਰਾਂ ਵਰ੍ਹਿਆਂ ਤੋਂ ਮਨੁੱਖ ਦੇਹ (ਬੁੱਤਾਂ) ਅਤੇ ਜੜ੍ਹ ਵਸਤੂਆਂ ਨੂੰ ਪੂਜਦਾ ਆਇਆ ਹੈ, ਇਸ ਕਾਰਨ ਇੰਨੀ ਜਲਦੀ ਲੋਕਾਈ ਦਾ ਯਕੀਨ ‘ਸਬਦੁ ਗੁਰੂ’ ’ਤੇ ਨਹੀਂ ਸੀ ਬੱਝਣਾਂ, ਇਸ ਲਈ ਗੁਰੂ ਸਾਹਿਬ ਨੇ 10 ਸਰੀਰਾਂ ਰਾਹੀਂ 239 ਸਾਲ ਸ਼ਬਦ ਹੀ ਗੁਰੂ ਹੈ, ਦਾ ਪ੍ਰਚਾਰ ਕੀਤਾ। ਜਦ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਪੂਰੀ ਘੋਖ ਪੜਤਾਲ ਕਰ ਵੇਖਿਆ ਕਿ ਹੁਣ ਇਹ ਸ਼ਬਦ ਗੁਰੂ ਤੋਂ ਅਗਵਾਈ ਲੈਣ ਦੇ ਯੋਗ ਹੈ ਤਾਂ ਆਪ ਨੇ ੬ ਕੱਤਕ ਬਿਕ੍ਰਮੀ ਸੰਮਤ ੧੭੬੫, ਨਾਨਕਸ਼ਾਹੀ ਸੰਮਤ ੨੪੦/ 6 ਅਕਤੂਬਰ 1708 ਜੂਲੀਅਨ ਨੂੰ ਹਜੂਰ ਸਾਹਿਬ (ਨਾਂਦੇੜ) ਵਿਖੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪ ਕੇ ਆਪ ‘ਸ਼ਬਦ ਗੁਰੂ’ (ਗੁਰੂ ਗ੍ਰੰਥ ਸਾਹਿਬ ਜੀ) ਨੂੰ ਮੱਥਾ ਟੇਕਿਆ ਅਤੇ ਸਾਰੇ ਸਿੱਖਾਂ ਨੂੰ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਇਨ੍ਹਾਂ ਨੂੰ ਹੀ ਗੁਰੂ ਮੰਨਿਆ ਜਾਵੇ ‘ਸਭ ਸਿੱਖਨ ਕੋ ਹੁਕਮ ਹੈ ਗੁਰੁ ਮਾਨੀਓ ਗ੍ਰੰਥ॥’

ਵੱਖ ਵੱਖ ਕੈਲੰਡਰਾਂ ਵਿੱਚ ਹੋਈਆਂ ਸੋਧਾਂ ਉਪਰੰਤ ਬਣੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਅੱਜ ਕੱਲ੍ਹ ੬ ਕੱਤਕ 20 ਅਕਤੂਬਰ ਨੂੰ ਆਉਂਦਾ ਹੈ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਪੁਰਬ 6 ਕੱਤਕ ਹੈ।

ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪਣ ਉਪਰੰਤ ਅਗਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਜੋਤੀ-ਜੋਤਿ ਸਮਾ ਗਏ, ਇਸ ਲਈ ਆਪ ਜੀ ਦਾ ਜੋਤੀ-ਜੋਤੀ ਪੁਰਬ; ੭ ਕੱਤਕ 21 ਅਕਤੂਬਰ ਨੂੰ ਮਨਾਇਆ ਜਾਂਦਾ ਹੈ।

ਬਾਬਾ ਬੁੱਢਾ ਜੀ ਦਾ ਜਨਮ; ੭ ਕੱਤਕ ੧੫੬੩ ਬਿਕਰਮੀ/6 ਅਕਤੂਬਰ, 1506 ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਗੱਗੋਨੰਗਲ, ਜਿਸ ਨੂੰ ਹੁਣ ਕੱਥੂਨੰਗਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ; ਵਿਖੇ ਭਾਈ ਸੁੱਘਾ ਜੀ ਰੰਧਾਵਾ ਦੇ ਗ੍ਰਹਿ ਵਿਖੇ ਮਾਤਾ ਗੌਰਾਂ ਜੀ ਦੇ ਉਦਰ ਤੋਂ ਹੋਇਆ। ਨਾਨਕਸ਼ਾਹੀ ਕੈਲੰਡਰ ਅਨੁਸਾਰ ਉਨ੍ਹਾਂ ਦਾ ਜਨਮ ਦਿਨ ਹਰ ਸਾਲ ੭ ਕੱਤਕ 21 ਅਕਤੂਬਰ ਨੂੰ ਮਨਾਇਆ ਜਾਂਦਾ ਹੈ।

ਭਾਈ ਧਰਮ ਚੰਦ ਜੀ ਦਾ ਜਨਮ ਪਿੰਡ ਜੱਟਵਾੜਾ ਜ਼ਿਲ੍ਹਾ ਸਹਾਰਨਪੁਰ ਨਿਵਾਸੀ ਭਾਈ ਸੰਤ ਰਾਮ ਜੱਟ ਦੇ ਘਰ ਮਾਤਾ ਜੱਸੀ ਜਾਂ (ਸਾਵੋ) ਜੀ ਦੇ ਉਦਰ ਤੋਂ ੭ ਕੱਤਕ ਸੰਮਤ ੧੭੨੩/8 ਅਕਤੂਬਰ 1656 ਨੂੰ ਹੋਇਆ।  ੧ ਵੈਸਾਖ ਸੰਮਤ ੧੭੫੬ ’ਚ ਸੀਸ ਭੇਟ ਕਰ ਦਸਮੇਸ਼ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਅਤੇ ਨਾਂ ਭਾਈ ਧਰਮ ਸਿੰਘ ਰੱਖਿਆ ਗਿਆ। ਸੀਸ ਭੇਟ ਕਰਨ ਵਾਲੇ ਪਹਿਲੇ ਪੰਜ ਸਿੱਖਾਂ, ਜਿਨ੍ਹਾਂ ਨੂੰ ਪੰਜ-ਪਿਆਰਿਆਂ ਦਾ ਨਾਮ ਦਿੱਤਾ ਹੈ, ਉਨ੍ਹਾਂ ਵਿੱਚੋਂ ਆਪ ਜੀ ਦਾ ਨਾਮ ਭਾਈ ਦਇਆ ਸਿੰਘ ਜੀ ਤੋਂ ਬਾਅਦ ਦੂਸਰੇ ਨੰਬਰ ’ਤੇ ਆਉਂਦਾ ਹੈ।

ਗੁਰੂ ਕਾ ਬਾਗ ਮੋਰਚੇ ਦੌਰਾਨ ਗ੍ਰਿਫ਼ਤਾਰੀਆਂ ਦੇਣ ਵਾਲੇ ਅਕਾਲੀ ਸਿੱਖਾਂ ਨੂੰ ਬਰਤਾਨਵੀ ਅਫਸਰਾਂ ਵਲੋਂ ਭੁੱਖੇ-ਭਾਣੇ ਕੈਦ ਕਰਕੇ ਅੰਮ੍ਰਿਤਸਰ ਵਿਚ ਰਸਮੀ ਅਦਾਲਤੀ ਕਾਰਵਾਈ ਤੋਂ ਬਾਅਦ ਇੱਕ ਰੇਲ ਗੱਡੀ ਰਾਹੀਂ ਅਟਕ ਦੀ ਜੇਲ੍ਹ ਲਿਜਾਇਆ ਜਾ ਰਿਹਾ ਸੀ, ਜੋ ਹਸਨ ਅਬਦਾਲ ਦੇ ਰਸਤੇ ਜਾਣੀ ਸੀ। ਜਦੋਂ ਇਸ ਬਾਰੇ ਹਸਨ ਅਬਦਾਲ ਦੀ ਸੰਗਤ ਨੂੰ ਪਤਾ ਲੱਗਾ ਤਾਂ ਸਿੱਖ ਸੰਗਤ ਨੇ ਹਸਨ ਅਬਦਾਲ ਰੇਲਵੇ ਸਟੇਸਨ ਉੱਤੇ ਗੱਡੀ ਰੁਕਵਾ ਕੇ ਭੁੱਖੇ ਕੈਦੀਆਂ ਨੂੰ ਲੰਗਰ ਛਕਾਉਣ ਦਾ ਪ੍ਰਬੰਧ ਕੀਤਾ। ਖਜਾਨਚੀ ਭਾਈ ਪ੍ਰਤਾਪ ਸਿੰਘ ਅਤੇ ਅਨੰਦਪੁਰ ਸਾਹਿਬ ਤੋਂ ਦਰਸ਼ਨਾਂ ਲਈ ਆਏ ਸ਼ਰਧਾਲੂ ਭਾਈ ਕਰਮ ਸਿੰਘ, ਜੋ ਪੰਜਾ ਸਾਹਿਬ ਗੁਰਦੁਆਰੇ ’ਚ ਕੀਰਤਨ ਦੀ ਸੇਵਾ ਨਿਭਾਉਂਦੇ ਸਨ; ਸੰਗਤ ਸਮੇਤ ਭੁੱਖੇ ਕੈਦੀ ਸਿੱਖਾਂ ਲਈ ਲੰਗਰ ਤਿਆਰ ਕਰਕੇ ਛਕਾਉਣ ਲਈ ਹਸਨ ਅਬਦਾਲ ਦੇ ਰੇਲਵੇ ਸਟੇਸਨ ਪਹੁੰਚ ਗਏ। ਸਟੇਸ਼ਨ ਮਾਸਟਰ ਨੂੰ ਰੇਲ ਗੱਡੀ ਰੋਕਣ ਲਈ ਕਿਹਾ; ਪਰ ਪਿੱਛੋਂ ਅੰਗਰੇਜ ਸਰਕਾਰ ਦਾ ਹੁਕਮ ਸੀ ਕਿ ਗੱਡੀ ਨਾ ਰੋਕੀ ਜਾਵੇ। ਚੱਲਦੀ ਗੱਡੀ ਨੂੰ ਜਬਰਦਸਤੀ ਰੋਕਣ ਲਈ ਭਾਈ ਪ੍ਰਤਾਪ ਸਿੰਘ ਖਜਾਨਚੀ ਅਤੇ ਭਾਈ ਕਰਮ ਸਿੰਘ ਜੀ ਸਭ ਤੋਂ ਅੱਗੇ ਰੇਲ ਗੱਡੀ ਦੀ ਪੱਟੜੀ ’ਤੇ ਲੇਟ ਗਏ। ਗੱਡੀ ਨਾ ਰੁਕੀ ਤੇ ਉਹ ਦੋਵੇਂ ਸਖ਼ਤ ਜਖ਼ਮੀ ਹੋ ਗਏ। ਉਨ੍ਹਾਂ ਦੇ ਨਾਲ ਛੇ ਹੋਰ ਸਿੰਘ ਵੀ ਇਸ ਦੌਰਾਨ ਜਖ਼ਮੀ ਹੋਏ। ਜਦ ਉਨ੍ਹਾਂ ਦੀ ਦੇਖਭਾਲ ਲਈ ਸਿੰਘ ਅੱਗੇ ਆਏ ਤਾਂ ਉਨ੍ਹਾਂ ਕਿਹਾ ਪਹਿਲਾਂ ਭੁੱਖੇ ਸਿੱਖ ਕੈਦੀਆਂ ਨੂੰ ਲੰਗਰ ਛਕਾਇਆ ਜਾਵੇ। ਗੱਡੀ ਉਸੇ ਸਥਾਨ ’ਤੇ ਡੇਢ ਘੰਟੇ ਲਈ ਰੁਕੀ ਰਹੀ, ਜਿਸ ਨਾਲ ਗੱਡੀ ’ਚ ਸਵਾਰ ਸਿੱਖ ਕੈਦੀਆਂ, ਜਿਨ੍ਹਾਂ ਵਿੱਚ ਔਰਤਾਂ ਵੀ ਸਾਮਲ ਸਨ, ਨੂੰ ਲੰਗਰ ਵਰਤਾਇਆ ਗਿਆ ਅਤੇ ਹੋਰ ਜ਼ਰੂਰੀ ਵਸਤਾਂ ਵੀ ਦਿੱਤੀਆਂ। ਭਾਈ ਪ੍ਰਤਾਪ ਸਿੰਘ ਅਤੇ ਭਾਈ ਕਰਮ ਸਿੰਘ ਹਸਪਤਾਲ ਪਹੁੰਚਣ ਤੋਂ ਬਾਅਦ ਸਹੀਦ ਹੋ ਗਏ। ਕੇਵਲ ਭੁੱਖੇ ਸਿੰਘਾਂ ਨੂੰ ਲੰਗਰ ਛਕਾਉਣ ਬਦਲੇ ਆਪਣੀ ਜਾਨ ਵਾਰ ਦੇਣ ਦੀ ਇਹ ਅਨੂਠੀ ਉਦਾਹਰਨ ਹੈ, ਜੋ ਸਿੰਘਾਂ ਦੇ ਦ੍ਰਿੜ੍ਹ ਇਰਾਦੇ ਦੀ ਮਿਸਾਲ ਬਣੀ। ਨਾਨਕਸ਼ਾਹੀ ਕੈਲੰਡਰ ’ਚ ਸਾਕਾ ਪੰਜਾ ਸਾਹਿਬ ਦੀ ਯਾਦ ਹਰ ਸਾਲ ੧੪ ਕੱਤਕ 28 ਅਕਤੂਬਰ ਨੂੰ ਮਨਾਈ ਜਾਂਦੀ ਹੈ।

ਜੂਨ 1984 ’ਚ ਭਾਰਤੀ ਫੌਜਾਂ ਵੱਲੋਂ ਦਰਬਾਰ ਸਾਹਿਬ ’ਤੇ ਤੋਪਾਂ ਟੈਂਕਾਂ ਨਾਲ ਹਮਲੇ ਕੀਤੇ ਜਾਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਢਹਿ ਢੇਰੀ ਕਰ ਦੇਣ ਦੇ ਰੋਸ ਵਜੋਂ 31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਰਿਹਾਇਸ਼ ’ਤੇ ਉਨ੍ਹਾਂ ਦੇ ਹੀ ਦੋ ਬਾਡੀ ਗਾਰਡਾਂ (ਭਾਈ ਬੇਅੰਤ ਸਿੰਘ ਇੰਸਪੈਕਟਰ ਅਤੇ ਸਿਪਾਹੀ ਭਾਈ ਸਤਵੰਤ ਸਿੰਘ) ਨੇ ਹਮਲਾ ਕਰਕੇ ਇੰਦਰਾ ਗਾਂਧੀ ਨੂੰ ਮਾਰ ਦਿੱਤਾ। ਜਦ ਆਪਣਾ ਕੰਮ ਕਰਕੇ ਉਨ੍ਹਾਂ ਨੇ ਹਥਿਆਰ ਹੱਥੋਂ ਛੱਡ ਦਿੱਤੇ ਤਾਂ ਇੰਡੋ ਤਿਬਤੀਅਨ ਪੁਲਿਸ ਦੇ ਬਾਡੀ ਗਾਰਡਾਂ ਵੱਲੋਂ ਗੋਲੀਆਂ ਚਲਾ ਕੇ ਭਾਈ ਬੇਅੰਤ ਸਿੰਘ ਨੂੰ ਸ਼ਹੀਦ ਅਤੇ ਭਾਈ ਸਤਵੰਤ ਸਿੰਘ ਨੂੰ ਸਖ਼ਤ ਜਖ਼ਮੀ ਕਰ ਦਿੱਤਾ, ਜਿਨ੍ਹਾਂ ਨੂੰ ਬਾਅਦ ’ਚ ਭਾਈ ਕੇਹਰ ਸਿੰਘ ਨਾਲ 6 ਜਨਵਰੀ 1989 ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ। ਨਾਨਕਸ਼ਾਹੀ ਕੈਲੰਡਰ ਅਨੁਸਾਰ ਭਾਈ ਬੇਅੰਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹਰ ਸਾਲ ੧੭ ਕੱਤਕ 31 ਅਕਤੂਬਰ ਨੂੰ ਮਨਾਇਆ ਜਾਂਦਾ ਹੈ।

ਪੰਡਿਤ ਭਾਈ ਰਾਮਦਾਸ ਜੀ ਰੋਹਤਾਸ ਜ਼ਿਲ੍ਹਾ ਜੇਹਲਮ (ਹੁਣ ਪਾਕਿਸਤਾਨ) ਵਿਖੇ ਵਪਾਰ ਦਾ ਕੰਮ ਕਰਦੇ ਸਨ, ਪਰ ਉਨ੍ਹਾਂ ਦੇ ਘਰ ਕੋਈ ਔਲਾਦ ਨਹੀਂ ਸੀ। ਸੰਮਤ 1736 ਵਿੱਚ ਪੋਠੋਹਾਰ ਦੀ ਸੰਗਤ ਨਾਲ ਆਪ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸਨਾਂ ਲਈ ਅਨੰਦਪੁਰ ਸਾਹਿਬ ਆਏ ਤੇ ਗੁਰੂ ਜੀ ਅੱਗੇ ਸੰਤਾਨ ਪ੍ਰਾਪਤੀ ਲਈ ਅਰਦਾਸ ਕੀਤੀ। ਆਪ ਨੇ ਗੁਰੂ ਸਾਹਿਬ ਨਾਲ਼ ਵਾਅਦਾ ਕੀਤਾ ਕਿ ਪਹਿਲੀ ਸੰਤਾਨ ਆਪ ਜੀ ਨੂੰ ਭੇਟ ਕੀਤੀ ਜਾਵੇਗੀ। ਭਾਈ ਰਾਮਦਾਸ ਜੀ ਦੇ ਘਰ ਮਾਤਾ ਜਸਦੇਵੀ ਜੀ ਦੀ ਕੁੱਖੋਂ ਵੱਡੀ ਪੁੱਤਰੀ ਅਤੇ ਛੋਟੇ ਪੁੱਤਰ ਨੇ ਜਨਮ ਲਿਆ, ਜਿਨ੍ਹਾਂ ਦੇ ਨਾਮ ਕ੍ਰਮਵਾਰ ਸਾਹਿਬ ਦੇਵਾਂ ਤੇ ਸਾਹਿਬ ਚੰਦ ਰੱਖੇ ਗਏ। ਸਾਹਿਬ ਦੇਵਾਂ ਦਾ ਜਨਮ 18 ਕੱਤਕ ਸੰਮਤ 1738/18 ਅਕਤੂਬਰ 1681 ਈਸਵੀ ਨੂੰ ਰੋਹਤਾਸ ਵਿਖੇ ਹੋਇਆ। ਸਾਹਿਬ ਦੇਵਾਂ ਛੋਟੀ ਉਮਰੇ ਹੀ ਕਹਿਣ ਲੱਗ ਪਈ ਕਿ ਜੇ ਉਨ੍ਹਾਂ ਦਾ ਵਿਆਹ ਕੀਤਾ ਤਾਂ ਉਹ ਕੇਵਲ ਗੁਰੂ ਗੋਬਿੰਦ ਸਿੰਘ ਜੀ ਨਾਲ ਹੀ ਕਰਾਏਗੀ। ਗੁਰੂ ਗੋਬਿੰਦ ਸਿੰਘ ਜੀ ਦਾ ਪਹਿਲੇ ਵੀ ਵਿਆਹ ਹੋਇਆ ਸੀ ਅਤੇ 4 ਸਾਹਿਬਜ਼ਾਦੇ ਵੀ ਸਨ, ਪਰ ਸਾਹਿਬ ਦੇਵਾਂ ਅਤੇ ਉਨ੍ਹਾਂ ਦੇ ਪਿਤਾ ਵੱਲੋਂ ਕੀਤੇ ਪ੍ਰਣ ਕਾਰਨ ਉਨ੍ਹਾਂ ਦਾ ਅਨੰਦ ਕਾਰਜ ਗੁਰੂ ਗੋਬਿੰਦ ਸਿੰਘ ਨਾਲ ਹੋਇਆ ਅਤੇ ਅੰਮ੍ਰਿਤ ਛਕਣ ਤੋਂ ਬਾਅਦ ਨਾਂ ਸਾਹਿਬ ਕੌਰ ਰੱਖਿਆ ਗਿਆ। ਉਨ੍ਹਾਂ ਦਾ ਰਿਸ਼ਤਾ ਕੇਵਲ ਰੁਹਾਨੀਅਤ ਸੀ। ਸਿੱਖ ਧਰਮ ਵਿੱਚ ਮਾਤਾ ਸਾਹਿਬ ਕੌਰ ਨੂੰ ‘ਖਾਲਸਾ ਪੰਥ ਦੀ ਮਾਤਾ’ ਹੋਣ ਦਾ ਮਾਣ ਪ੍ਰਾਪਤ ਹੈ। ਨਾਨਕਸ਼ਾਹੀ ਕੈਲੰਡਰ ਅਨੁਸਾਰ ਮਾਤਾ ਸਾਹਿਬ ਕੌਰ ਜੀ ਦਾ ਜਨਮ ਦਿਨ ੧੮ ਕੱਤਕ 1 ਨਵੰਬਰ ਨੂੰ ਆਉਂਦਾ ਹੈ।

1756 ਈਸਵੀ ’ਚ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਉੱਤੇ ਚੌਥਾ ਹਮਲਾ ਕਰ ਕੇ ਬਹੁਤ ਸਾਰੇ ਸ਼ਹਿਰਾਂ ਨੂੰ ਲੁੱਟਿਆ ਅਤੇ ਭਾਰਤੀ ਔਰਤਾਂ ਨੂੰ ਦਾਸੀ ਬਣਾ ਕੇ ਕਾਬਲ ਪਰਤ ਰਿਹਾ ਸੀ ਤਾਂ ਉਦੋਂ ਬਾਬਾ ਦੀਪ ਸਿੰਘ ਜੀ ਦੀ ਸ਼ਹੀਦ ਮਿਸਲ ਨੇ ਕੁਰੂਕਸ਼ੇਤਰ ਦੇ ਕੋਲ ਪਿਪਲੀ ਤੇ ਮਾਰਕੰਡੇ ਦੇ ਦਰਿਆ ਤੋਂ ਲਗਭਗ 300 ਔਰਤਾਂ ਸਮੇਤ ਬਹੁਤ ਸਾਰਾ ਕੀਮਤੀ ਸਾਮਾਨ ਖੋਹ ਲਿਆ। ਇਸ ਦਾ ਬਦਲਾ ਲੈਣ ਲਈ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਲਾਹੌਰ ਦਾ ਗਵਰਨਰ ਨਿਯੁਕਤ ਕਰ ਕੇ ਸਿੱਖਾਂ ਨੂੰ ਖ਼ਤਮ ਕਰਨ ਲਈ, ਗੁਰਦੁਆਰਿਆਂ ਨੂੰ ਢਾਹੁਣ ਲਈ ਕਿਹਾ। ਜਦ ਤੈਮੂਰ ਸ਼ਾਹ ਵੱਲੋਂ ਦਰਬਾਰ ਸਾਹਿਬ ਜੀ ਦੀ ਪਵਿੱਤਰਤਾ ਭੰਗ ਕਰਨ ਦੀ ਖ਼ਬਰ ਆਈ ਤਾਂ ਬਾਬਾ ਦੀਪ ਸਿੰਘ ਜੀ ਨੇ ਤੈਮੂਰ ਸ਼ਾਹ ਨਾਲ ਦੋ ਹੱਥ ਕਰਨ ਦਾ ਫ਼ੈਸਲਾ ਕੀਤਾ। ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਤੋਂ 500 ਸਿੰਘਾਂ ਦਾ ਜਥਾ ਲੈ ਕੇ ਅੰਮ੍ਰਿਤਸਰ ਵੱਲ ਤੁਰੇ। ਅੰਮ੍ਰਿਤਸਰ ਤਕ ਆਉਂਦਿਆ ਇਹ ਜਥਾ 5000 ਸਿੰਘਾਂ ਦਾ ਹੋ ਗਿਆ। ਸਿੰਘ ਇਸ ਸਮੇਂ ਸ੍ਰੀ ਦਰਬਾਰ ਸਾਹਿਬ ਦੀ ਹੋਈ ਬੇਪਤੀ ਦਾ ਬਦਲਾ ਲੈਣ ਲਈ ਆਰ-ਪਾਰ ਦੀ ਲੜਾਈ ’ਚ ਸਨ। ਬਾਬਾ ਦੀਪ ਸਿੰਘ ਸਮੇਤ ਕਈ ਸਿੱਖ ਅਜਿਹੀ ਬਹਾਦਰੀ ਨਾਲ ਜੰਗ ਦੇ ਮੈਦਾਨ ’ਚ ਨਿੱਤਰੇ ਕਿ ਜਹਾਨ ਖਾਂ ਦੀ ਫ਼ੌਜ ’ਚ ਭਾਜੜ ਮੱਚ ਗਈ। ਦੂਜੇ ਪਾਸੇ ਜਹਾਨ ਖਾਂ ਦਾ ਨਾਇਬ ਫ਼ੌਜੀ ਜਮਾਲ ਸ਼ਾਹ ਅੱਗੇ ਵਧਿਆ ਅਤੇ ਬਾਬਾ ਦੀਪ ਸਿੰਘ ਜੀ ਨੂੰ ਲਲਕਾਰਨ ਲੱਗਿਆ। ਇਸ ਦੌਰਾਨ ਦੋਵਾਂ ’ਚ ਘਮਾਸਾਨ ਲੜਾਈ ਹੋਈ। ਉਸ ਸਮੇਂ ਬਾਬਾ ਦੀਪ ਸਿੰਘ ਜੀ ਦੀ ਉਮਰ 75 ਸਾਲ ਦੀ ਸੀ ਜਦਕਿ ਜਮਾਲ ਸ਼ਾਹ ਦੀ ਉਮਰ 40 ਕੁ ਸਾਲ ਸੀ। ਬਾਬਾ ਜੀ ਨੇ ਖੰਡੇ ਦਾ ਵਾਰ ਜਮਾਲ ਸ਼ਾਹ ਦੀ ਗਰਦਨ ਉੱਤੇ ਕੀਤਾ ਪਰ ਇਸੇ ਦੌਰਾਨ ਜਮਾਲ ਸ਼ਾਹ ਨੇ ਵੀ ਬਾਬਾ ਜੀ ਉੱਤੇ ਪੂਰੇ ਜੋਸ਼ ਨਾਲ ਤਲਵਾਰ ਦਾ ਵਾਰ ਕਰ ਦਿੱਤਾ, ਜਿਸ ਨਾਲ ਦੋਵੇਂ ਜਰਨੈਲਾਂ ਦੀਆਂ ਗਰਦਨਾਂ ਇੱਕੋ ਹੀ ਸਮੇਂ ਕੱਟੀਆਂ ਗਈਆਂ। ਜਮਾਲ ਸ਼ਾਹ ਤਾਂ ਉਸੇ ਵੇਲੇ ਪ੍ਰਾਣ ਤਿਆਗ ਗਿਆ ਪਰ ਬਾਬਾ ਦੀਪ ਸਿੰਘ ਜੀ ਉੱਠ ਖੜ੍ਹੇ ਹੋਏ ਤੇ ਕੱਟੀ ਹੋਈ ਗਰਦਨ ਨੂੰ ਇੱਕ ਹੱਥ ਨਾਲ ਸੰਭਾਲਦੇ ਹੋਏ ਦੂਸਰੇ ਹੱਥ ਨਾਲ ਖੰਡਾ ਵਾਹੁੰਦੇ ਰਹੇ; ਤਾਂ ਦੁਸ਼ਮਣ ‘ਅਲੀ ਅਲੀ’ ਕਰਦੇ ਭੱਜ ਗਏ। ਆਪਣੇ ਦੋਧਾਰੀ 18 ਸੇਰ ਦੇ ਖੰਡੇ ਨਾਲ ਦੁਸ਼ਮਣ ਫ਼ੌਜ ਨਾਲ ਲੜਦਿਆਂ ਬਾਬਾ ਦੀਪ ਸਿੰਘ ਜੀ; ਅੰਤ ਦਰਬਾਰ ਸਾਹਿਬ ਵਿਖੇ ਪਹੁੰਚ ਗਏ ਤੇ ਪਰਿਕਰਮਾ ’ਚ ਜਾ ਕੇ ਗੁਰੂ ਘਰ ਨੂੰ ਨਮਸਕਾਰ ਕੀਤਾ ਤੇ ੩੦ ਕੱਤਕ ਸੰਮਤ ੧੮੧੪/ 11 ਨਵੰਬਰ 1757 ਨੂੰ ਸ਼ਹੀਦੀ ਪਾ ਗਏ। ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਵਸ ਨਾਨਕਸ਼ਾਹੀ ਕੈਲੰਡਰ ਮੁਤਾਬਕ ੩੦ ਕੱਤਕ/13 ਨਵੰਬਰ ਨੂੰ ਆਉਂਦਾ ਹੈ।

ਗੁਰਬਾਣੀ ਅਤੇ ਸਿੱਖ ਇਤਿਹਾਸ ’ਚ ਮਹੀਨਾ ਅੱਸੂ

0

ਗੁਰਬਾਣੀ ਅਤੇ ਸਿੱਖ ਇਤਿਹਾਸ ’ਚ ਮਹੀਨਾ ਅੱਸੂ

ਕਿਰਪਾਲ ਸਿੰਘ ਬਠਿੰਡਾ

ਪਿਛਲੇ ਲੇਖਾਂ ’ਚ ਦੱਸਿਆ ਜਾ ਚੁੱਕਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ’ਚ ਇੱਕ ਸਾਲ ਨੂੰ 2-2 ਮਹੀਨਿਆਂ ਦੀਆਂ 6 ਰੁੱਤਾਂ ’ਚ ਵੰਡਿਆ ਗਿਆ ਹੈ। ਹੁਣ ਤੱਕ ਪਹਿਲੀਆਂ ਤਿੰਨ ਰੁੱਤਾਂ (ਬਸੰਤ ਰੁੱਤ, ਗਰਮੀ ਦੀ ਰੁੱਤ ਅਤੇ ਵਰਖਾ ਰੁੱਤ) ਦਾ ਵਰਣਨ ਹੋ ਚੁੱਕਾ ਹੈ। ਜੇ ਮੋਟੇ ਤੌਰ ’ਤੇ ਸਾਲ ਨੂੰ 6-6 ਮਹੀਨਿਆਂ ਦੀਆਂ ਦੋ ਰੁੱਤਾਂ ’ਚ ਵੰਡਿਆ ਜਾਵੇ ਤਾਂ ਪਹਿਲੇ 6 ਮਹੀਨੇ ਗਰਮ ਰੁੱਤ ਦੇ ਕਹੇ ਜਾ ਸਕਦੇ ਹਨ ਜਿਨ੍ਹਾਂ ’ਚੋ ਹਾੜ ਮਹੀਨੇ ’ਚ ਗਰਮੀ ਦਾ ਸਿਖਰ ਹੁੰਦਾ ਹੈ। ਇਸ ਦਾ ਵਰਣਨ ਗੁਰੂ ਨਾਨਕ ਸਾਹਿਬ ਜੀ ਨੇ ਤੁਖਾਰੀ ਰਾਗ ’ਚ ਦਰਜ ਬਾਰਹਮਾਹਾ ਦੇ ਮਹੀਨਾ ਹਾੜ ਦੀ ਰੁੱਤ ਦਾ ਵਰਣਨ ਕਰਦਿਆਂ ਲਿਖਿਆ ਹੈ ਕਿ (ਜਦੋਂ) ਹਾੜ ਮਹੀਨਾ ਚੰਗੇ ਜੋਬਨ ਵਿਚ ਹੁੰਦਾ ਹੈ, ਆਕਾਸ਼ ਵਿਚ ਸੂਰਜ ਤਪਦਾ ਹੈ। ਜਿਉਂ ਜਿਉਂ ਸੂਰਜ ਧਰਤੀ ਦੀ ਨਮੀ ਨੂੰ ਸੁਕਾਉਂਦਾ ਹੈ, ਧਰਤੀ ਦੁੱਖ ਸਹਾਰਦੀ ਹੈ ਧਰਤੀ ਦੇ ਜੀਅ-ਜੰਤ ਔਖੇ ਹੁੰਦੇ ਹਨ, ਧਰਤੀ ਅੱਗ ਵਾਂਗ ਭਖਦੀ ਹੈ। ਸੂਰਜ ਅੱਗ ਵਾਂਗ ਪਾਣੀ ਨੂੰ ਸੁਕਾਂਦਾ ਹੈ, ਫਿਰ ਭੀ ਸੂਰਜ ਆਪਣਾ ਕਰਤੱਬ ਨਿਰੰਤਰ ਕਰੀ ਜਾਂਦਾ ਹੈ ਭਾਵ ਤਪਸ਼ ਦੇਈ ਜਾਂਦਾ ਹੈ। ਕਮਜ਼ੋਰ ਜਿੰਦ ਕਿਸੇ ਛਾਂ ਆਦਿਕ ਦਾ ਸਹਾਰਾ ਤਕਦੀ ਹੈ; ਸੂਰਜ ਦਾ ਰਥ ਉੱਤਰਾਇਣੰਤ ਤੋਂ ਦੱਖ਼ਸ਼ਨਾਇਣ ਵੱਲ ਯਾਤਰਾ ਸ਼ੁਰੂ ਕਰਦਾ ਹੈ, ਇਸ ਦਿਨ ਤੋਂ ਬਾਅਦ ਦਿਨ ਥੋੜ੍ਹੇ ਥੋੜ੍ਹੇ ਘਟਣੇ ਸ਼ੁਰੂ ਹੋ ਜਾਂਦੇ ਹਨ; ਵਰਖਾ ਰੁੱਤ ਸ਼ੁਰੂ ਹੋ ਜਾਂਦੀ ਹੈ ਅਤੇ ਮੀਂਹ ਪੈਣ ਨਾਲ ਖ਼ੁਸ਼ੀ ਨਾਲ ਬਿੰਡੇ ਬੋਲਦੇ ਹਨ, ‘‘ਆਸਾੜੁ ਭਲਾ, ਸੂਰਜੁ ਗਗਨਿ ਤਪੈ ਧਰਤੀ ਦੂਖ ਸਹੈ, ਸੋਖੈ, ਅਗਨਿ ਭਖੈ ਅਗਨਿ ਰਸੁ ਸੋਖੈ, ਮਰੀਐ ਧੋਖੈ; ਭੀ ਸੋ ਕਿਰਤੁ ਹਾਰੇ ਰਥੁ ਫਿਰੈ, ਛਾਇਆ ਧਨ ਤਾਕੈ; ਟੀਡੁ ਲਵੈ ਮੰਝਿ ਬਾਰੇ ’’ (ਤੁਖਾਰੀ ਬਾਰਹਮਾਹਾ/ਮਹਲਾ /੧੧੦੮)

ਜਿਸ ਦਿਨ ਸੂਰਜ ਦਾ ਰਥ ਫਿਰਦਾ ਹੈ, ਉਸ ਦਿਨ ਤੋਂ ਭਾਰਤ ’ਚ ਵਰਖਾ ਰੁੱਤ ਸ਼ੁਰੂ ਹੋ ਜਾਂਦੀ ਹੈ। ਵਰਖਾ ਰੁੱਤ ’ਚ ਮੀਂਹ ਪੈਣ ਕਾਰਨ ਗਰਮੀ ਦਾ ਅਸਰ ਘਟਣਾ ਸ਼ੁਰੂ ਹੋ ਜਾਂਦਾ ਹੈ, ਜਿਸ ਨਾਲ ਜੀਵ-ਜੰਤ ਗਰਮੀ ਤੋਂ ਕੁਝ ਰਾਹਤ ਮਹਿਸੂਸ ਕਰਦੇ ਹਨ। ਇਸ ਦਾ ਸੰਕੇਤ ਉਕਤ ਸ਼ਬਦ ’ਚ ‘‘ਟੀਡ ਲਵੈ ਮੰਝਿ ਬਾਰੇ’’ ਰਾਹੀਂ ਦਿੱਤਾ ਹੈ ਭਾਵ ਜਦੋਂ ਮੀਂਹ ਪੈਣ ਨਾਲ ਗਰਮੀ ਤੋਂ ਰਾਹਤ ਮਿਲਦੀ ਹੈ ਤਾਂ ਬਾਹਰ ਜੂਹਾਂ ’ਚ ਖ਼ੁਸ਼ੀ ’ਚ ਆ ਕੇ ਬਿੰਡੇ ਬੋਲਦੇ ਹਨ। ਪੇਂਡੂ ਸਭਿਆਰ ’ਚ ਬਿੰਡਿਆਂ ਦਾ ਬੋਲਣਾ ਮੀਂਹ ਪੈਣ ਦੀ ਨਿਸ਼ਾਨੀ ਹੈ। ਸਾਵਣ ਦੇ ਮਹੀਨੇ ਪਿੱਛੋਂ ਭਾਦੋਂ ਦਾ ਮਹੀਨਾ ਆਉਂਦਾ ਹੈ, ਜੋ ਰੁੱਤਾਂ ਦੇ ਹਿਸਾਬ ਵਜੋਂ ਵਰਖਾ ਰੁੱਤ ਦਾ ਹੀ ਗਿਣਿਆ ਜਾਂਦਾ ਹੈ। ਵਰਖਾ ਰੁੱਤ ਤੋਂ ਬਾਅਦ ਸਰਦ ਰੁੱਤ ਆਰੰਭ ਹੁੰਦੀ ਹੈ, ਜਿਸ ਦਾ ਪਹਿਲਾ ਮਹੀਨਾ ਅੱਸੂ ਅਤੇ ਦੂਸਰਾ ਕੱਤਕ ਹੁੰਦਾ ਹੈ। ਅੱਸੂ ਨਾਨਕਸ਼ਾਹੀ ਕੈਲੰਡਰ ਦਾ 7ਵਾਂ ਮਹੀਨਾ ਅਤੇ ਬਿਕ੍ਰਮੀ ਕੈਲੰਡਰ ਦਾ 6ਵਾਂ ਮਹੀਨਾ ਹੁੰਦਾ ਹੈ ਕਿਉਂਕਿ ਬਿਕ੍ਰਮੀ ਕੈਲੰਡਰ ਦੇ ਸੂਰਜੀ ਸਾਲ ਦਾ ਪਹਿਲਾ ਮਹੀਨਾ; ਵੈਸਾਖ ਅਤੇ ਅਖੀਰਲਾ ਚੇਤ ਹੁੰਦਾ ਹੈ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦਾ ਨਵਾਂ ਸਾਲ; ੧ ਚੇਤ ਤੋਂ ਸ਼ੁਰੂ ਹੋਣ ਕਾਰਨ ਅੱਸੂ; 7ਵਾਂ ਮਹੀਨਾ ਬਣਦਾ ਹੈ। ਨਾਨਕਸ਼ਾਹੀ ਕੈਲੰਡਰ ਦੇ ਅੱਸੂ ਮਹੀਨੇ ਦਾ ਅਰੰਭ ਹਰ ਸਾਲ 15 ਸਤੰਬਰ ਤੋਂ ਹੁੰਦਾ ਹੈ, ਜੋ 30 ਦਿਨਾਂ ਦਾ ਹੁੰਦਾ ਹੈ ਜਦਕਿ ਬਿਕ੍ਰਮੀ ਕੈਲੰਡਰ ਦਾ ਅੱਸੂ ਮਹੀਨਾ; ਕਦੀ 16 ਸਤੰਬਰ ਤੇ ਕਦੀ 17 ਸਤੰਬਰ ਤੋਂ ਸ਼ੁਰੂ ਹੁੰਦਾ ਹੈ, ਜੋ ਕਦੀ 30 ਦਿਨਾਂ ਦਾ ਤੇ ਕਦੀ 31 ਦਿਨਾਂ ਦਾ ਹੁੰਦਾ ਹੈ। ਇਹੀ ਕਾਰਨ ਹੈ ਕਿ ਨਾਨਕਸ਼ਾਹੀ ਕੈਲੰਡਰ ਦੀਆਂ ਤਾਰੀਖ਼ਾਂ ਸਦਾ ਸਥਿਰ ਰਹਿੰਦੀਆਂ ਹਨ ਅਤੇ ਬਿਕ੍ਰਮੀ ਕੈਲੰਡਰ ਦੀਆਂ ਤਾਰੀਖ਼ਾਂ ’ਚ ਬਦਲਾਅ ਹੁੰਦਾ ਰਹਿੰਦਾ ਹੈ। ਹੁਣ ਸਰਦ ਰੁੱਤ ਦੇ ਦੋ ਮਹੀਨਿਆਂ (ਅੱਸੂ ਅਤੇ ਕੱਤਕ) ਦਾ ਰੁਤੀ ਸਲੋਕ (ਬਾਣੀ) ’ਚ ਕੀਤੇ ਮੌਸਮੀ ਵਰਣਨ ਦੀ ਵਿਚਾਰ ਕਰਦੇ ਹਾਂ :

ਜਦੋਂ ਅੱਸੂ ਤੇ ਕੱਤਕ ’ਚ ਥੋੜ੍ਹੀ ਠੰਢਕ ਵਾਲ਼ਾ ਮੌਸਮ ਆਰੰਭ ਹੁੰਦਾ ਹੈ, (ਤਾਂ ਬਿਰਹਾ ਭਰੀ ਇਸਤ੍ਰੀ ਦੇ ਮਨ ’ਚ) ਪਤੀ (ਮਿਲਾਪ) ਦੀ ਤਾਂਘ ਪੈਦਾ ਹੁੰਦੀ ਹੈ; ਇਉਂ ਹੀ ਪ੍ਰਭੂ ਮਿਲਾਪ ਦੀ ਤਾਂਘ ਰੱਖਣ ਵਾਲ਼ੀ ਜੀਵ ਇਸਤ੍ਰੀ ਦੇ ਅੰਦਰ ਬਿਰਹਾ ਪੈਦਾ ਹੁੰਦਾ ਹੈ। ਉਹ ਪ੍ਰਭੂ ਦੇ ਦਰਸ਼ਨ ਕਰਨ ਲਈ ਵਿਆਕੁਲ ਰਹਿੰਦੀ ਹੈ ਕਿ ਗੁਣਾਂ ਦੇ ਖ਼ਜ਼ਾਨੇ-ਪ੍ਰਭੂ ਨਾਲ ਕਦੋਂ ਮੇਲ ਹੋਵੇ। ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਹਨ ਕਿ ਹੇ ਜੀਵ ਸਹੇਲੀਏ  ! ਪਿਆਰੇ ਖਸਮ ਦੇ ਮਿਲਾਪ ਤੋਂ ਬਿਨਾਂ ਅਨੰਦ ਦੀ ਕਦਰ ਨਹੀਂ ਜਾਣੀ ਜਾ ਸਕਦੀ। ਹਾਰ ਕੰਙਣ (ਆਦਿਕ ਸ਼ਿੰਗਾਰ ਭੀ) ਦੁਖਦਾਈ ਲੱਗਦੇ ਹਨ। ਭਾਵੇਂ ਇਸਤ੍ਰੀ ਸੁੰਦਰ ਹੋਵੇ, ਸਿਆਣੀ ਹੋਵੇ, ਚਤੁਰ ਹੋਵੇ, ਵਿੱਦਿਆ ’ਚ ਨਿਪੁੰਨ ਹੋਵੇ ਤਾਂ ਵੀ ਪਤੀ ਦੇ ਮਿਲਾਪ ਤੋਂ ਬਿਨਾ ਇਉਂ ਹੈ; ਜਿਵੇਂ ਸੁਆਸ ਬਿਨਾਂ ਸਰੀਰ। ਪ੍ਰਭੂ-ਮਿਲਾਪ ਤੋਂ ਸੱਖਣੀ ਦਾ ਇਹੀ ਹਾਲ ਹੁੰਦਾ ਹੈ। ਦਸੀਂ ਪਾਸੀਂ ਦੌੜਦੀ ਹੈ। ਪ੍ਰਭੂ ਨੂੰ ਮਿਲਣਾ ਲੋਚਦੀ ਹੈ। (ਗੁਰੂ ਅੱਗੇ ਬੇਨਤੀ ਕਰਦੀ ਹੈ ਕਿ) ਹੇ ਸੰਤ ਜਨੋਂ ! ਕਿਰਪਾ ਕਰ ਕੇ ਮੈਨੂੰ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨਾਲ ਮਿਲਾ ਦਿਓ, ‘‘ਰੁਤਿ ਸਰਦ ਅਡੰਬਰੋ; ਅਸੂ ਕਤਕੇ ਹਰਿ ਪਿਆਸ ਜੀਉ ਖੋਜੰਤੀ ਦਰਸਨੁ ਫਿਰਤ; ਕਬ ਮਿਲੀਐ ਗੁਣਤਾਸ ਜੀਉ ਬਿਨੁ ਕੰਤ ਪਿਆਰੇ, ਨਹ ਸੂਖ ਸਾਰੇ; ਹਾਰ ਕੰਙਣ ਧ੍ਰਿਗੁ ਬਨਾ (ਜੰਗਲ਼) ਸੁੰਦਰਿ ਸੁਜਾਣਿ ਚਤੁਰਿ ਬੇਤੀ; ਸਾਸ ਬਿਨੁ ਜੈਸੇ ਤਨਾ ਈਤ ਉਤ ਦਹ ਦਿਸ ਅਲੋਕਨ (ਭਾਲਦੀ); ਮਨਿ ਮਿਲਨ ਕੀ ਪ੍ਰਭ ਪਿਆਸ ਜੀਉ ਬਿਨਵੰਤਿ ਨਾਨਕ ਧਾਰਿ ਕਿਰਪਾ; ਮੇਲਹੁ ਪ੍ਰਭ ਗੁਣਤਾਸ ਜੀਉ ’’ (ਰੁਤੀ/ ਮਹਲਾ /੯੨੮)

ਮਾਝ ਬਾਰਹਮਾਹਾ ’ਚ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਹਨ ਕਿ ਹੇ ਮਾਂ ! (ਭਾਦਰੋਂ ਦੇ ਘੁੰਮੇ ਤੇ ਤ੍ਰਾਟਕੇ ਲੰਘਣ ਪਿੱਛੋਂ) ਅੱਸੂ ਦੀ ਮਿੰਨੀ ਮਿੰਨੀ ਠੰਢ ਸਮੇਂ ਮੇਰੇ ਅੰਦਰ ਪ੍ਰਭੂ-ਪਤੀ ਦੇ ਪਿਆਰ ਦਾ ਉਛਾਲਾ ਆ ਗਿਆ। ਮੇਰਾ ਮਨ ਤੜਫਦਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਚੱਲ ਕੇ ਪ੍ਰਭੂ-ਪਤੀ ਨੂੰ ਮਿਲਾਂ। ਮੇਰੇ ਮਨ ਤੇ ਤਨ ’ਚ ਪ੍ਰਭੂ ਦੇ ਦਰਸ਼ਨ ਦੀ ਬੜੀ ਪਿਆਸ ਹੈ। ਚਿੱਤ ਲੋਚਦਾ ਹੈ ਕਿ ਕੋਈ ਪ੍ਰਭੂ ਪਤੀ ਨੂੰ ਲਿਆ ਕੇ ਮੇਲ ਕਰਾ ਦੇਵੇ। ਮੈਂ ਸੰਤ ਜਨਾਂ ਦੇ ਚਰਨੀਂ ਲੱਗੀ ਹਾਂ, ਜਿਹੜੇ ਪ੍ਰਭੂ ਨਾਲ ਪ੍ਰੇਮ ਵਧਾਉਣ ’ਚ ਸਹਾਇਤਾ ਕਰ ਸਕਦੇ ਹਨ। (ਹੇ ਮਾਂ !) ਪ੍ਰਭੂ ਤੋਂ ਬਿਨਾਂ ਅਨੰਦ ਨਹੀਂ ਮਿਲਦਾ ਕਿਉਂਕਿ ਸੁਖ-ਅਨੰਦ ਲਈ ਹੋਰ ਕਿਤੇ ਥਾਂ ਨਹੀਂ ਹੈ। ਜਿਨ੍ਹਾਂ ਵੱਡੇ ਭਾਗਾਂ ਵਾਲਿਆਂ ਨੇ ਪ੍ਰਭੂ-ਪਿਆਰ ਦਾ ਸੁਆਦ ਇਕ ਵਾਰੀ ਚੱਖ ਲਿਆ, ਉਹ ਮਾਇਆ ਦੇ ਸੁਆਦ ਭੁੱਲ ਜਾਂਦੇ ਹਨ ਭਾਵ ਮਾਇਆ ਵੱਲੋਂ ਰੱਜ ਜਾਂਦੇ ਹਨ। ਆਪਾ-ਭਾਵ ਤਿਆਗ ਕੇ ਸਦਾ ਅਰਦਾਸ ਕਰਦੇ ਹਨ ਕਿ ਹੇ ਪ੍ਰਭੂ ! ਸਾਨੂੰ ਆਪਣੇ ਲੜ ਲਾਈ ਰੱਖ। ਜਿਸ ਨੂੰ ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ, ਉਹ ਇਸ ਮਿਲਾਪ ਤੋਂ ਵਿਛੁੜ ਕੇ ਕਿਸੇ ਹੋਰ ਪਾਸੇ ਨਹੀਂ ਭਟਕਦੀ ਕਿਉਂਕਿ ਉਸ ਨੂੰ ਨਿਸ਼ਚਾ ਹੋ ਗਿਆ ਕਿ ਸਦੀਵੀ ਅਨੰਦ ਲਈ ਪ੍ਰਭੂ ਦੀ ਸ਼ਰਨ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ ਹੈ। ਥੋੜ੍ਹੀ ਠੰਢਕ ਵਾਲ਼ੇ ਅੱਸੂ ਮਹੀਨੇ ਵਿੱਚ ਉਹ ਅੰਦਰੋਂ ਠੰਢਕ (ਅਨੰਦ) ਮਾਣਦੀਆਂ ਹਨ, ਜਿਨ੍ਹਾਂ ਉੱਤੇ ਪਰਮਾਤਮਾ ਦੀ ਕਿਰਪਾ ਹੈ, ‘‘ਅਸੁਨਿ, ਪ੍ਰੇਮ ਉਮਾਹੜਾ; ਕਿਉ ਮਿਲੀਐ ਹਰਿ ਜਾਇ ? ਮਨਿ ਤਨਿ ਪਿਆਸ ਦਰਸਨ ਘਣੀ; ਕੋਈ ਆਣਿ ਮਿਲਾਵੈ ਮਾਇ  ! ਸੰਤ ਸਹਾਈ ਪ੍ਰੇਮ ਕੇ; ਹਉ ਤਿਨ ਕੈ ਲਾਗਾ ਪਾਇ (ਪਾਂਇ) ਵਿਣੁ ਪ੍ਰਭ, ਕਿਉ ਸੁਖੁ ਪਾਈਐ; ਦੂਜੀ ਨਾਹੀ ਜਾਇ ਜਿੰਨ੍ੀ ਚਾਖਿਆ ਪ੍ਰੇਮ ਰਸੁ; ਸੇ ਤ੍ਰਿਪਤਿ ਰਹੇ ਆਘਾਇ ਆਪੁ ਤਿਆਗਿ, ਬਿਨਤੀ ਕਰਹਿ; ਲੇਹੁ ਪ੍ਰਭੂ  ! ਲੜਿ ਲਾਇ ਜੋ ਹਰਿ ਕੰਤਿ (ਨੇ) ਮਿਲਾਈਆ; ਸਿ ਵਿਛੁੜਿ ਕਤਹਿ ਜਾਇ ਪ੍ਰਭ ਵਿਣੁ, ਦੂਜਾ ਕੋ ਨਹੀ; ਨਾਨਕ  ! ਹਰਿ ਸਰਣਾਇ ਅਸੂ ਸੁਖੀ ਵਸੰਦੀਆ; ਜਿਨਾ ਮਇਆ ਹਰਿ ਰਾਇ ’’ (ਮਾਝ ਬਾਰਹਮਾਹਾ ਮਹਲਾ /੧੩੫)

ਗੁਰੂ ਨਾਨਕ ਸਾਹਿਬ ਜੀ ਤੁਖਾਰੀ ਰਾਗ ’ਚ ਦਰਜ ਬਾਰਹਮਾਹਾ ਰਾਹੀਂ ਪਤੀ ਪਤਨੀ ਦੀ ਉਦਾਹਰਨ ਨਾਲ਼ ਸਮਝਾ ਰਹੇ ਹਨ ਕਿ ਮਨੁੱਖ ਦਾ ਅਸਲ ਮਨੋਰਥ ਪ੍ਰਭੂ ਮਿਲਾਪ ਹੈ; ਜਿਵੇਂ ਭਾਦੋਂ ਦੀ ਹੁੰਮਸ ਤੋਂ ਬਾਅਦ ਅੱਸੂ ਦੇ ਮੌਸਮ ’ਚ ਪਤੀ ਨੂੰ ਮਿਲਣ ਦੀ ਤਾਂਘ ਪੈਦਾ ਹੁੰਦੀ ਹੈ। ਤਿਵੇਂ ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਦੇ ਵਿਛੋੜੇ ’ਚ ਕਾਮਾਦਿਕ ਵੈਰੀਆਂ ਦੇ ਹੱਲਿਆਂ ਦੇ ਦੁੱਖ ਵੇਖੇ ਹਨ, ਉਹ ਅਰਦਾਸ ਕਰਦੀ ਹੈ ਕਿ ਹੇ ਪ੍ਰਭੂ ਜੀਓ  ! (ਮੇਰੇ ਹਿਰਦੇ ’ਚ) ਆ ਵੱਸ ਤੈਥੋਂ ਵਿਛੁੜ ਕੇ ਮੈਂ ਹਾਹੁਕੇ ਲੈ ਲੈ ਆਤਮਕ ਮੌਤ ਮਰ ਰਹੀ ਹਾਂ। ਪਦਾਰਥਿਕ ਮੋਹ ’ਚ ਫਸ ਕੇ ਮੈਂ ਕੁਰਾਹੇ ਪਈ ਹੋਈ ਹਾਂ, ਪਰ ਹੇ ਪ੍ਰਭੂ  ! ਤੈਨੂੰ ਤਾਂ ਹੀ ਮਿਲੀਦਾ ਹੈ ਜੇ ਤੂੰ ਆਪ ਮਿਲਾਏਂ। ਝੂਠੇ ਮੋਹ ਕਾਰਨ ਮੈਂ ਖ਼ੁਆਰ ਹੁੰਦੀ ਪਈ ਹਾਂ ਤੇ ਤੁਹਾਥੋਂ ਵਿਛੁੜੀ ਹੋਈ ਹਾਂ। ਗਰਮ ਰੁੱਤ ਤੋਂ ਅੱਸੂ ਦੀ ਸਰਦ ਰੁੱਤ ਆਉਣ ਵਾਙ (ਮੇਰੇ ਸਰੀਰ ਦਾ) ਨਿੱਘ ਘਟਦਾ ਜਾ ਰਿਹਾ ਹੈ ਭਾਵ ਜੁਆਨੀ ਨਿਕਲ ਰਹੀ ਹੈ ਤੇ ਬੁਢੇਪਾ ਆ ਰਿਹਾ ਹੈ। ਅਜੇ ਵੀ ਤੇਰਾ ਦੀਦਾਰ ਨਹੀਂ ਹੋਇਆ। ਇਹ ਵੇਖ ਮੇਰਾ ਮਨ ਘਬਰਾ ਰਿਹਾ ਹੈ, ਮਨ ਡੋਲ ਰਿਹਾ ਹੈ ਭਾਵੇਂ ਕਿ ਹਰ ਪਾਸੇ (ਬਨਸਪਤੀ ਦੀਆਂ) ਹਰੀਆਂ ਸਾਖਾਂ ਦੀ ਹਰਿਆਵਲ ਹੈ। ਗੁਰੂ ਜੀ ਅੰਤ ’ਚ ਇਉਂ ਅਰਦਾਸ ਕਰਨ ਲਈ ਪ੍ਰੇਰਦੇ ਹਨ ਕਿ ਹੇ ਪਿਆਰੇ ਪ੍ਰਭੂ ! ਮਿਹਰ ਕਰ ਸਤਿਗੁਰੂ ਦੀ ਰਾਹੀਂ ਮੈਨੂੰ ਵੀ ਅਨੰਦਿਤ ਕਰੋ, ‘‘ਅਸੁਨਿ, ਆਉ ਪਿਰਾ; ਸਾ ਧਨ ਝੂਰਿ ਮੁਈ ਤਾ ਮਿਲੀਐ, ਪ੍ਰਭ ਮੇਲੇ; ਦੂਜੈ ਭਾਇ ਖੁਈ ਝੂਠਿ ਵਿਗੁਤੀ, ਤਾ ਪਿਰ ਮੁਤੀ; ਕੁਕਹ ਕਾਹ ਸਿ ਫੁਲੇ ਆਗੈ ਘਾਮ, ਪਿਛੈ ਰੁਤਿ ਜਾਡਾ, ਦੇਖਿ ਚਲਤ, ਮਨੁ ਡੋਲੇ ਦਹ ਦਿਸਿ ਸਾਖ ਹਰੀ ਹਰੀਆਵਲ; ਸਹਜਿ ਪਕੈ, ਸੋ ਮੀਠਾ ਨਾਨਕ  ! ਅਸੁਨਿ, ਮਿਲਹੁ ਪਿਆਰੇ; ਸਤਿਗੁਰ ਭਏ ਬਸੀਠਾ ੧੧’’ (ਤੁਖਾਰੀ ਬਾਰਹਮਾਹਾ ਮਹਲਾ /੧੧੦੯)

ਸੋ ਗੁਰੂ ਸਾਹਿਬਾਨ ਨੇ ਬਾਰਹਮਾਹਾ ਬਾਣੀ ਰਾਹੀਂ ਰੁੱਤੀ ਪ੍ਰਭਾਵ ਦੀ ਮਿਸਾਲ ਨਾਲ਼ ਮਨੁੱਖ ਦੇ ਅੰਦਰਲੀ ਤਪਸ਼ ਨੂੰ ਸ਼ਾਂਤ ਕਰਨ ਲਈ ਪ੍ਰਭੂ ਦੀ ਯਾਦ ’ਚ ਜੁੜੇ ਰਹਿਣ ਦਾ ਉਪਦੇਸ਼ ਦਿੱਤਾ ਹੈ ਅਤੇ ਪਤੀ-ਪਤਨੀ ਸੰਬੰਧਾਂ ਵਾਙ ਜੀਵ ਇਸਤ੍ਰੀ ਅਤੇ ਪ੍ਰਭੂ ਪਤੀ ਦੇ ਸੰਬੰਧਾਂ ਨੂੰ ਜ਼ਰੂਰੀ ਮੰਨਿਆ ਹੈ ਕਿਉਂਕਿ ਜਿਵੇਂ ਗਰਮੀ ਅਤੇ ਵਰਖਾ ਰੁੱਤ ਲੰਘਣ ਪਿੱਛੋਂ ਅੱਸੂ ਦੇ ਮਹੀਨੇ ਦੀ ਠੰਢਕ ਜੀਵ ਜੰਤੂ ਨੂੰ ਖੁਸ਼ਹਾਲ ਕਰਦੀ ਹੈ ਓਵੇਂ ਹੀ ਵਿਕਾਰਾਂ ਦੀ ਅੱਗ ਨਾਲ ਸੜਦੇ ਹਿਰਦੇ; ਗੁਰੂ ਸਾਹਿਬਾਨ ਦੇ ਮਿਲਾਪ ਨਾਲ਼ ਸ਼ਾਂਤ ਹੋ ਜਾਂਦੇ ਹਨ ਕਿਉਂਕਿ ਪ੍ਰਭੂ ਨਾਲ਼ ਮਿਲਾਪ ਹੋਣ ਲੱਗਦਾ ਹੈ। ਜਿਉਂ ਜਿਉਂ ਜੀਵ ਇਸਤਰੀ ਪ੍ਰਭੂ ਦੀ ਯਾਦ ’ਚ ਜੁੜਦੀ ਹੈ; ਤਿਉਂ ਤਿਉਂ ਪ੍ਰਭੂ ਮਿਲਾਪ ਦਾ ਚਾਉ ਪੈਦਾ ਹੁੰਦਾ ਹੈ ਤੇ ਅੰਦਰ ਸਦਾ ਖੇੜਾ ਬਣਿਆ ਰਹਿੰਦਾ ਹੈ।

ਗੁਰਬਾਣੀ ’ਚ ਅਰਦਾਸ ਦਾ ਮੰਤਵ

0

ਗੁਰਬਾਣੀ ’ਚ ਅਰਦਾਸ ਦਾ ਮੰਤਵ

ਗਿਆਨੀ ਅਵਤਾਰ ਸਿੰਘ

ਜ਼ਰੂਰੀ ਸੂਚਨਾ : ਇਸ ਲੇਖ ਰਾਹੀਂ ਜਿੱਥੇ ਉੱਚੀ-ਨੀਵੀਂ ਅਵਸਥਾ ’ਚੋਂ ਕੀਤੀ ਜਾਂਦੀ ਅਰਦਾਸ/ਬੇਨਤੀ ਦਾ ਅੰਤਰ ਜਾਣਨਾ ਹੈ; ਓਥੇ ਹਰ ਵਾਕ ਦੇ ਅੰਤ ’ਚ ਦਿੱਤੀ ਅੰਕ ਸੰਖਿਆ ਵੱਲ ਵਿਸ਼ੇਸ਼ ਧਿਆਨ ਦੇਣਾ ਹੈ। ਪਾਠਕਾਂ ਦੀ ਸੁਵਿਧਾ ਲਈ ‘ਅਰਦਾਸ, ਬੇਨਤੀ ਅਤੇ ਅੰਕ ਸੰਖਿਆ’ ਨੂੰ ਬੋਲਡ ਕਰ ਦਿੱਤਾ ਹੈ ਤਾਂ ਜੋ ਨਿਰੰਤਰ ਧਿਆਨ ਜਾਂਦਾ ਰਹੇ।

ਅਰਦਾਸ, ਪ੍ਰਾਰਥਨਾ, ਦੁਆ ਜਾਂ ਬੇਨਤੀ; ਹਰ ਧਾਰਮਿਕ ਕਬੀਲੇ ਅੰਦਰ ਕਰਨ ਦਾ ਵਿਧਾਨ ਹੈ। ਇੱਥੋਂ ਤੱਕ ਕਿ ਸਕੂਲਾਂ ’ਚ ਵੀ ਪ੍ਰਾਰਥਨਾ ਹੁੰਦੀ ਹੈ। ਮੰਦਿਰਾਂ ’ਚ ਆਰਤੀ ਕੀਤੀ ਜਾਂਦੀ ਹੈ ਭਾਵੇਂ ਕਿ ਹਿੰਦੂ ਸਮਾਜ ’ਚ ਆਰਤੀ ਨੂੰ ਪੂਜਾ-ਪਾਠ ਕਿਹਾ ਜਾਂਦਾ ਹੈ, ਪਰ ਅਸਲ ’ਚ ਇਹ ਵੀ ਦੇਵਤਿਆਂ ਅੱਗੇ ਕੀਤੀ ਗਈ ਬੇਨਤੀ ਹੀ ਹੁੰਦੀ ਹੈ। ਗੁਰੂ ਘਰ ਦੀ ਮਰਿਆਦਾ ਅਨੁਸਾਰ ਕਿਸੇ ਕਾਰਜ ਦੀ ਅਰੰਭਤਾ ਅਤੇ ਸਮਾਪਤੀ ’ਚ ਅਰਦਾਸ ਕਰਨ ਦਾ ਵਿਧਾਨ ਹੈ; ਜਿਵੇਂ ਕਿ ਬਚਨ ਹਨ ‘‘ਕੀਤਾ ਲੋੜੀਐ ਕੰਮੁ; ਸੁ ਹਰਿ ਪਹਿ ਆਖੀਐ ਕਾਰਜੁ ਦੇਇ ਸਵਾਰਿ; ਸਤਿਗੁਰ ਸਚੁ ਸਾਖੀਐ ’’ (ਮਹਲਾ /੯੧) ਅਰਥ : ਜੇਕਰ ਕੋਈ ਸ਼ੁੱਭ ਕੰਮ ਨੇਪਰੇ ਚਾੜ੍ਹਨਾ ਹੈ ਤਾਂ ਉਸ ਦੀ (ਸਫਲਤਾ ਲਈ) ਮਾਲਕ ਕੋਲ਼ ਅਰਦਾਸ ਕਰਨੀ ਹੈ। ਗੁਰੂ ਦੇ ਆਸ਼ੇ ਅਨੁਸਾਰ ਸਥਿਰ-ਪ੍ਰਭੂ; ਉਸ ਕਾਰਜ ਨੂੰ ਸਫਲਾ ਬਣਾ ਦਿੰਦਾ ਹੈ। ਧਿਆਨ ਰਹੇ ਕਿ ਇੱਥੇ ‘ਸਤਿਗੁਰ ਸਾਖੀਐ’ ਬਚਨ ਹਨ ਯਾਨੀ ਅਰਦਾਸ; ਸਤਿਗੁਰੂ ਦੇ ਆਸ਼ੇ/ਇੱਛਾ ਅਨੁਸਾਰ ਹੋਵੇ ਤਾਂ ਸੁਣੀ ਜਾਂਦੀ ਹੈ, ਨਾ ਕਿ ਚੋਰੀ ਕਰਨ ਜਾਣ ਸਮੇਂ ਅਰਦਾਸ ਕਰਨੀ ਹੈ। ਗੁਰੂ ਆਸ਼ੇ ਅਨੁਸਾਰ ਹੀ ਸਿੱਖ ਰਹਿਤ ਮਰਯਾਦਾ ’ਚ ‘ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ ਅਤੇ ਦਾਨਾਂ ਸਿਰ ਦਾਨ ਨਾਮ ਦਾਨ (ਭਾਵ ਸਰਬ ਸ੍ਰੇਸ਼ਟ ਦਾਨ ਨਾਮ ਦਾਨ)’ ਮੰਗਣ ਦੀ ਪਰੰਪਰਾ ਚਲਦੀ ਆ ਰਹੀ ਹੈ। ਸ਼ੁੱਭ ਕਾਰਜ ਮੁਕੰਮਲ ਹੋਣ ’ਤੇ ਧੰਨਵਾਦ ਵਜੋਂ ਮੁੜ ਅਰਦਾਸ ਕਰਨੀ ਹੈ; ਜਿਵੇਂ ਕਿ ਪ੍ਰਿਥੀ ਚੰਦ ਦੇ ਹਮਲਿਆਂ ਤੋਂ ਜਦ ਬਾਲਕ ਹਰਗੋਬਿੰਦ ਜੀ ਬਚ ਗਏ ਸਨ, ਤਾਂ ਗੁਰੂ ਅਰਜਨ ਸਾਹਿਬ ਨੇ ਮਾਲਕ ਦੁਆਰਾ ਸੁਣੀ ਬੇਨਤੀ ਦਾ ਜ਼ਿਕਰ ਕੀਤਾ ਹੈ, ‘‘ਜਨ ਨਾਨਕ ਕੀ; ਪਰਮੇਸਰਿ (ਨੇ) ਸੁਣੀ ਅਰਦਾਸਿ ਮਲੇਛੁ ਪਾਪੀ ਪਚਿਆ; ਭਇਆ ਨਿਰਾਸੁ ’’ (ਭੈਰਉ/ਮਹਲਾ /੧੧੩੭)

ਗੁਰਬਾਣੀ ’ਚ ‘ਅਰਦਾਸ’ ਅਤੇ ‘ਬੇਨਤੀ’ ਸ਼ਬਦਾਂ ਦੇ ਇੱਕ ਸਮਾਨ ਅਰਥ ਹਨ, ਜੋ ਜ਼ਿਆਦਾਤਰ ‘ਰਹਾਉ’ ਵਾਲ਼ੇ ਬੰਦ ’ਚ ਹਨ (ਜਿੱਥੇ ਪੂਰੇ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ) ਜਾਂ ਕਿਸੇ ਸ਼ਬਦ ਦੇ ਅੰਤਮ ਬੰਦ (ਪਹਿਰੇ) ’ਚ ਜਾਂ ਇੱਕ ਰਾਗ ’ਚ ਇੱਕ ਗੁਰੂ ਸਾਹਿਬ ਦੇ ਸਾਰੇ ਸ਼ਬਦਾਂ ਦੇ ਅੰਤਮ ਸ਼ਬਦ ’ਚ ਹੁੰਦੇ ਹਨ। ਇਹ ਵੀ ਜਾਣਨਾ ਹੈ ਕਿ ਗੁਰਬਾਣੀ ਅੰਦਰ ‘ਬੇਨਤੀ’ ਸ਼ਬਦ (8 ਰੂਪਾਂ ’ਚ) 131 ਵਾਰ ਹੈ, ‘ਅਰਦਾਸ(4 ਰੂਪਾਂ ’ਚ) 109 ਵਾਰ ਅਤੇ ‘ਅਰਜ਼(ਅਰਬੀ ਭਾਸ਼ਾ) 2 ਵਾਰ (ਕੁੱਲ 242) ਹੈ। ਜਿਨ੍ਹਾਂ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਨੇ 52 ਵਾਰ, ਗੁਰੂ ਅੰਗਦ ਸਾਹਿਬ ਨੇ 2 ਵਾਰ, ਗੁਰੂ ਅਮਰਦਾਸ ਜੀ ਨੇ 20 ਵਾਰ, ਗੁਰੂ ਰਾਮਦਾਸ ਜੀ ਨੇ 19 ਵਾਰ ਅਤੇ ਗੁਰੂ ਅਰਜਨ ਸਾਹਿਬ ਜੀ ਨੇ 132 ਵਾਰ (ਕੁੱਲ 225) ਵਰਤੇ ਹਨ। ਤਿੰਨ ਭਗਤ ਸਾਹਿਬਾਨ (ਭਗਤ ਕਬੀਰ ਜੀ, ਭਗਤ ਰਵਿਦਾਸ ਜੀ ਅਤੇ ਭਗਤ ਨਾਮਦੇਵ ਜੀ) ਨੇ ਆਪਣੀ ਬਾਣੀ ਅੰਦਰ ਤਰਤੀਬਵਾਰ 4+2+1= 7 ਵਾਰ ਵਰਤੇ ਹਨ। ਬਾਬਾ ਸੁੰਦਰ ਜੀ ਨੇ ‘ਸਦੁ’ ਬਾਣੀ ’ਚ 6 ਵਾਰ (ਅਰਦਾਸ 3 ਵਾਰ, ਬੇਨਤੀ 3 ਵਾਰ), ਭੱਟ ਕੀਰਤ ਜੀ ਨੇ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਨੂੰ ਸੰਬੋਧਨ ਕਰਦਿਆਂ 2 ਵਾਰ ‘ਅਰਦਾਸ’ ਸ਼ਬਦ ਅਤੇ ਭੱਟ ਨਲ੍ਹ ਜੀ ਨੇ ਗੁਰੂ ਰਾਮਦਾਸ ਜੀ ਨੂੰ ਸੰਬੋਧਨ ਕਰਦਿਆਂ 2 ਵਾਰ ‘ਬੇਨਤਿ’ ਸ਼ਬਦ ਵਰਤਿਆ ਹੈ। ‘ਅਰਜ਼’ ਸ਼ਬਦ ਕੇਵਲ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿੱਚ ਹੈ।

ਜਿਸ ਤਰ੍ਹਾਂ ਕਿਸੇ ਸਭਾ ’ਚ ਪ੍ਰਮੁੱਖ ਬੁਲਾਰੇ ਨੂੰ ਅੰਤ ’ਚ ਬੋਲਣ ਦਾ ਸਮਾਂ ਦਿੱਤਾ ਜਾਂਦਾ ਹੈ; ਵੈਸੇ ਹੀ ‘ਅਰਦਾਸ’ ਤੇ ਬੇਨਤੀ’ ਸ਼ਬਦਾਂ ਨੂੰ ਇੱਕ ਸ਼ਬਦ ਜਾਂ ਕਿਸੇ ਲੰਬੀ ਰਚਨਾ ਦੇ ਅੰਤ ’ਚ ਦਰਜ ਕਰਨਾ, ਇਸ ਦੀ ਅਹਿਮੀਅਤ ਨੂੰ ਬਿਆਨ ਕਰਦਾ ਹੈ। ਇੱਕ ਵਾਕ ਅੰਦਰ ਸ਼ਬਦ ਦੀ ਸਥਾਨ ਵਜੋਂ ਅਹਿਮੀਅਤ ਵਾਙ ਸਮਾਂ (ਇਸ ਦਾ ਭਾਵ ਇਸ ਲੇਖ ’ਚ ਉੱਚੀ-ਨੀਵੀਂ ਅਵਸਥਾ ਤੋਂ ਹੈ) ਵੀ ਬੜਾ ਮਾਅਨਾ ਰੱਖਦਾ ਹੈ; ਜਿਵੇਂ ਕਿ ਜੇ ਕੋਈ ਪੋਹ-ਮਾਘ ’ਚ ਕਹੇ ਕਿ ਬੜੀ ਠੰਢ ਹੈ ਤਾਂ ਸਮਝਿਆ ਜਾਂਦਾ ਹੈ ਕਿ ਵਾਕਿਆ ਈ ਠੰਢ ਹੈ, ਪਰ ਜੇ ਕੋਈ ਜੇਠ-ਹਾੜ ’ਚ ਚੱਲਦੀ ਪੱਛਮ ਦੀ ਲੋਅ ਸਮੇਂ ਮਜ਼ਾਕੀਆ ਅੰਦਾਜ਼ ’ਚ ਕਹੇ ਕਿ ਬੜੀ ਠੰਢ ਹੈ ਤਾਂ ਵੱਧ ਗਰਮੀ ਹੋਣ ਦਾ ਸੰਕੇਤ ਹੁੰਦਾ ਹੈ ਭਾਵੇਂ ਕਿ ਦੋਨਾਂ ਵਾਰ ਇੱਕੋ ਗੱਲ ਕਹੀ ਹੁੰਦੀ ਹੈ।

ਨੋਟ : ਗੁਰਬਾਣੀ ਅੰਦਰ ਸ਼ਬਦਾਂ ਦੀ ਅੰਕ ਸੰਖਿਆ; ਜਦ 2 ਤੋਂ ਵਧੀਕ ਅੰਕਾਂ ’ਚ ਹੋਵੇ ਤਾਂ ਇੱਕ ਰਾਗ ’ਚ ਇੱਕ ਗੁਰੂ ਸਾਹਿਬ ਜਾਂ ਇੱਕ ਭਗਤ ਸਾਹਿਬ ਦੇ ਅੰਤਮ ਸ਼ਬਦ ਦਾ ਸੰਕੇਤ ਹੁੰਦੀ ਹੈ। ਮਿਸਾਲ ਵਜੋਂ ਹੇਠਲੇ 2 ਵਾਕ, ਜੋ ਕਿ ਭਿੰਨ ਭਿੰਨ ਰਾਗਾਂ ’ਚ ਹਨ, ਜਿਨ੍ਹਾਂ ਦੀ ਅੰਤਮ ਤੁਕ ’ਚ ‘ਬੇਨਤੀ/ਅਰਦਾਸ’ ਸ਼ਬਦ ਵੀ ਮੌਜੂਦ ਹਨ :

(1). ਚਰਨ ਕਮਲ ਸਿਉ ਲਾਗਉ ਨੇਹੁ ॥ ਨਾਨਕ ਕੀ ਬੇਨੰਤੀ ਏਹ ੫੮ (ਧਨਾਸਰੀ/ਮਹਲਾ ੫/੬੮੪)

ਅਰਥ : ਮੇਰੀ ਇਹ ਅਰਦਾਸ ਹੈ ਕਿ (ਮਿਹਰ ਕਰ ਮੇਰਾ) ਤੇਰੇ ਸੁੰਦਰ-ਚਰਨਾਂ/ਗੁਣਾਂ ਨਾਲ਼ ਪਿਆਰ ਬਣੇ।

ਨੋਟ : ਅੰਤਮ ਤੁਕ ਦੇ ਇਨ੍ਹਾਂ ਅਰਥਾਂ ਤੋਂ ਸਾਫ਼ ਹੋ ਗਿਆ ਕਿ ਇਸ ਪੂਰੇ ਸ਼ਬਦ ’ਚ ਹਰੀ ਦੀ ਮਹਿਮਾ ਹੈ; ਜਿਵੇਂ ਕਿ ਸ਼ਬਦ ਦਾ ਪਹਿਲਾ ਬੰਦ ਹੈ ‘‘ਹਉਮੈ ਬੰਧੁ ਹਰਿ ਦੇਵਣਹਾਰਾ ’’ ਭਾਵ ਅਹੰਕਾਰ ਨੂੰ ਰੋਕਣ/ਮਾਰਨ ਲਈ (ਭਗਤ ਅੰਦਰ) ਤਾਕਤ; ਮਾਲਕ ਹੀ ਬਖ਼ਸ਼ਦਾ ਹੈ।

ਉਕਤ ਤੁਕ ’ਚ ਅੰਤਲੇ ‘ਅੰਕ ੨’ ਤੋਂ ਭਾਵ ਹੈ ਕਿ ਇਹ ਸ਼ਬਦ ਦੋ ਬੰਦਾਂ ਵਾਲ਼ਾ ਹੈ। ‘ਅੰਕ ੪’ ਤੋਂ ਭਾਵ ਹੈ ਕਿ ਧਨਾਸਰੀ ਰਾਗ ’ਚ ਗੁਰੂ ਅਰਜਨ ਸਾਹਿਬ ਜੀ ਦਾ ‘ਘਰੁ ੧੨’ ’ਚ ਚੌਥਾ ਸ਼ਬਦ ਹੈ ਤੇ ‘ਅੰਕ ੫੮’ ਤੋਂ ਭਾਵ ਹੈ ਕਿ ਪੰਜਵੇਂ ਪਾਤਿਸ਼ਾਹ ਜੀ ਦੇ ‘ਘਰੁ ੧’ ਤੋਂ ‘ਘਰੁ ੧੨’ ਤੱਕ ਕੁੱਲ 58 ਸ਼ਬਦ ਹੋ ਗਏ ਹਨ। ਚੇਤੇ ਰਹੇ ਕਿ ਇਸ ਸ਼ਬਦ ਤੋਂ ਬਾਅਦ ਧਨਾਸਰੀ ਰਾਗ ’ਚ ਨੌਵੇਂ ਪਾਤਿਸ਼ਾਹ ਦੀ ਬਾਣੀ ਆਰੰਭ ਹੁੰਦੀ ਹੈ ਭਾਵ ਇਹ ਤੁਕ; ਧਨਾਸਰੀ ਰਾਗ ’ਚ ਪੰਜਵੇਂ ਪਾਤਿਸ਼ਾਹ ਜੀ ਦੀ ਕੁੱਲ ਬਾਣੀ ਦੀ ਅੰਤਮ ਪੰਕਤੀ ਹੈ।

(2). ਜਿਨੀ ਗੁਰਮੁਖਿ ਨਾਮੁ ਸਲਾਹਿਆ; ਤਿਨਾ ਸਭੁ ਕੋ ਕਹੈ ਸਾਬਾਸਿ ॥ ਤਿਨ ਕੀ ਸੰਗਤਿ ਦੇਹਿ ਪ੍ਰਭ  ! ਮੈ ਜਾਚਿਕ ਕੀ ਅਰਦਾਸਿ ॥ ਨਾਨਕ ! ਭਾਗ ਵਡੇ ਤਿਨਾ ਗੁਰਮੁਖਾ; ਜਿਨ ਅੰਤਰਿ ਨਾਮੁ ਪਰਗਾਸਿ ੩੩੩੧੭੦ (ਸਿਰੀਰਾਗੁ/ਮਹਲਾ ੪/੪੨)

ਅਰਥ : ਹੇ ਪ੍ਰਭੂ ਜੀ ! ਜਿਨ੍ਹਾਂ ਗੁਰਮੁਖਾਂ ਨੇ ਤੇਰਾ ਨਾਮ ਜਪਿਆ, ਉਨ੍ਹਾਂ ਨੂੰ ਹਰ ਕੋਈ ਸਤਿਕਾਰ ਦਿੰਦਾ ਹੈ। ਮੇਰੀ ਮੰਗਤੇ ਦੀ ਵੀ ਇਹੀ ਅਰਦਾਸ ਹੈ ਕਿ ਉਨ੍ਹਾਂ ਦੀ ਸੰਗਤ ਬਖ਼ਸ਼। ਉਨ੍ਹਾਂ ਗੁਰਮੁਖਾਂ ਦੇ ਚੰਗੇ ਭਾਗ ਹਨ, ਜਿਨ੍ਹਾਂ ਅੰਦਰ ਨਾਮ ਰੂਪ ਚਾਨਣ/ਚੇਤਨਾ ਆ ਗਈ।

ਇਸ ਵਾਕ ’ਚ ਅੰਤਲੇ ‘ਅੰਕ ੪’ ਤੋਂ ਭਾਵ ਹੈ ਕਿ ਸਿਰੀਰਾਗ ’ਚ ਗੁਰੂ ਰਾਮਦਾਸ ਜੀ ਦਾ ਇਹ ਸ਼ਬਦ; 4 ਬੰਦ ਵਾਲ਼ਾ ਹੈ। ‘ਅੰਕ ੩੩’ ਤੋਂ ਭਾਵ ਹੈ ਕਿ ਇਸੇ ਰਾਗ ’ਚ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ 33 ਸ਼ਬਦ ਵੀ ਹਨ। ‘ਅੰਕ ੩੧’ ਤੋਂ ਭਾਵ ਹੈ ਕਿ ਗੁਰੂ ਅਮਰਦਾਸ ਜੀ ਦੇ ਇਸ ਰਾਗ ’ਚ 31 ਸ਼ਬਦ ਹਨ। ‘ਅੰਕ ੬’ ਤੋਂ ਭਾਵ ਹੈ ਕਿ ਗੁਰੂ ਰਾਮਦਾਸ ਜੀ ਦੇ ‘ਘਰੁ ੧’ ’ਚ ਚਾਰ-ਚਾਰ ਬੰਦਾਂ ਵਾਲ਼ੇ ਕੁੱਲ 6 ਸ਼ਬਦ ਹਨ ਅਤੇ ਅੰਤਮ ‘ਅੰਕ ੭੦’; 33+31+6=70 ਦਾ ਸੂਚਕ ਹੈ।

ਸਮੁੱਚੀ ਭਗਤ ਬਾਣੀ ’ਚੋਂ ਕੇਵਲ ਕਬੀਰ ਜੀ ਨੇ ਹੀ ਇੱਕ ਵਾਰ ‘ਅਰਦਾਸ’ ਸ਼ਬਦ ਵਰਤਿਆ ਹੈ, ਉਹ ਵੀ ਇਨ੍ਹਾਂ ਅਰਥਾਂ ’ਚ ‘‘ਕਰਉ ਅਰਦਾਸਿ; ਗਾਵ ਕਿਛੁ ਬਾਕੀ ਲੇਉ ਨਿਬੇਰਿ; ਆਜੁ ਕੀ ਰਾਤੀ ’’ (ਭਗਤ ਕਬੀਰ/੭੯੨) ਅਰਥ : (ਹੇ ਜਮਦੂਤੋ !) ਮੈਂ ਬੇਨਤੀ ਕਰਦਾ ਹਾਂ (ਕਿ ਮੈਨੂੰ ਇੱਕ ਦਿਨ ਬਾਅਦ ਮੌਤ ਦੇਣਾ ਕਿਉਂਕਿ) ਮੇਰਾ ਅਜੇ ਪਿੰਡ ’ਚ ਕੁੱਝ ਲੈਣ-ਦੇਣ ਖੜ੍ਹਾ ਹੈ। ਅੱਜ ਦੀ ਰਾਤ ਉਹ ਮੁਕਾ ਲਵਾਂਗਾ।

ਚੇਤੇ ਰਹੇ ਕਿ ਜਮਦੂਤਾਂ ਅੱਗੇ ਕੀਤੀ ਇਹ ਪੁਕਾਰ; ਭਗਤ ਕਬੀਰ ਜੀ ਦੇ ਆਪਣੇ ਦਿਲ ਦੀ ਮੰਗ ਨਹੀਂ ਬਲਕਿ ਆਪ ਨੇ ਆਮ ਲੋਕਾਂ ਦੀ ਮਨੋ ਬਿਰਤੀ ਬਿਆਨ ਕੀਤੀ ਹੈ; ਜਿਵੇਂ ਕਿ ਤੀਰਥ ਇਸ਼ਨਾਨ, ਮੌਨ ਬਰਤ ਆਦਿ ਵਾਲ਼ੀ ਕਰਮਕਾਂਡੀ ਮਨੋ ਬਿਰਤੀ ਨੂੰ ਗੁਰੂ ਨਾਨਕ ਸਾਹਿਬ ਨੇ ‘ਜਪੁ’ ਬਾਣੀ ਦੀ ਪਹਿਲੀ ਪਉੜੀ ’ਚ ਇਉਂ ਬਿਆਨ ਕੀਤਾ, ‘‘ਕਿਵ ਸਚਿਆਰਾ ਹੋਈਐ  ? ਕਿਵ ਕੂੜੈ ਤੁਟੈ ਪਾਲਿ  ? ’’ (ਜਪੁ) ਭਾਵ (ਜੇ ਇਹ ਸਾਰੇ ਕਰਮ ਕੀਤਿਆਂ ਮਨ ਸ਼ਾਂਤ ਨਹੀਂ ਹੁੰਦਾ ਤਾਂ ਮਨ) ਕਿਵੇਂ ਨਿਰਮਲ ਹੋਵੇ, ਕਿਵੇਂ ਮਨ ਅੰਦਰਲੀ ਕਾਲ਼ਖ਼ ਭਰੀ ਦੀਵਾਰ ਢਹਿ ਢੇਰੀ ਹੋਵੇ ?

ਜ਼ਿਆਦਾਤਰ ਸਿੱਖਾਂ ਅੰਦਰ ਇਹ ਦੁਬਿਧਾ ਰਹਿੰਦੀ ਹੈ ਕਿ ਗੁਰੂ ਸਾਹਿਬਾਨ ਨੇ ਕਿਸੇ ਜਗ੍ਹਾ ਤਾਂ ਕਿਹਾ ਹੈ ਕਿ ਮਾਲਕ ਅੱਗੇ ਅਰਦਾਸ ਕਰਨੀ ਹੈ; ਜਿਵੇਂ ਕਿ ‘‘ਨਾਨਕ  ! ਹੁਕਮੁ ਚਲਈ; ਨਾਲਿ ਖਸਮ ਚਲੈ ਅਰਦਾਸਿ ’’ (ਮਹਲਾ /੪੭੪) ਅਤੇ ਕਿਸੇ ਜਗ੍ਹਾ ਕਿਹਾ ਹੈ ਕਿ ਉਹ ਸਾਰੇ ਦਿਲਾਂ ਦੀ ਜਾਣਨਹਾਰ ਹੈ, ਅਰਦਾਸ ਕਰਨ ਦੀ ਕੋਈ ਲੋੜ ਨਹੀਂ; ਜਿਵੇਂ ਕਿ ‘‘ਵਿਣੁ ਬੋਲਿਆ ਸਭੁ ਕਿਛੁ ਜਾਣਦਾ; ਕਿਸੁ ਆਗੈ ਕੀਚੈ ਅਰਦਾਸਿ  ?’’ (ਮਹਲਾ /੧੪੨੦), ਜਦ ਕਿ ਅਸਲ ’ਚ ਇਹ ਭਿੰਨਤਾ; ਗੁਰੂ ਸਿਧਾਂਤ ’ਚ ਨਹੀਂ ਬਲਕਿ ਅਰਦਾਸ ਕਰਨ ਵਾਲ਼ਿਆਂ ਦੀ ਉੱਚੀ-ਨੀਵੀਂ ਮਨੋ ਬਿਰਤੀ ’ਚ ਹੈ। ਧਰਮ ਦੇ ਮਾਰਗ ’ਤੇ ਚੱਲਣ ਵਾਲ਼ਾ ਭਗਤ; ਸ਼ੁਰੂਆਤੀ ਦਿਨਾਂ ’ਚ ਬੱਚੇ ਵਾਙ ਜ਼ਿੱਦ ਕਰਦਾ ਹੋਇਆ ਪ੍ਰਭੂ ਪਾਸੋਂ ਸਭ ਕੁੱਝ ਮੰਗਦਾ ਹੈ; ਜਿਵੇਂ ਕਿ ਬਚਨ ਹਨ, ‘‘ਬਾਰਿਕ ਵਾਂਗੀ; ਹਉ ਸਭ ਕਿਛੁ ਮੰਗਾ ’’ (ਮਹਲਾ /੯੯), ਪਰ ਗੁਰਮਤਿ ’ਤੇ ਅਮਲ ਕਰਦਾ-ਕਰਦਾ ਕੁੱਝ ਪੈਂਡਾ ਤਹਿ ਕਰ ਚੁੱਕਿਆ ਭਗਤ; ਸਮਾਜਿਕ ਮੰਗਾਂ ਮੰਗਣ ਤੋਂ ਸੰਕੋਚ ਕਰਦਾ ਹੈ ਕਿਉਂਕਿ ਉਸ ਨੂੰ ਜਾਪਣ ਲੱਗਦਾ ਹੈ ਕਿ ਸੰਸਾਰਿਕ ਵਸਤੂਆਂ ਸਦੀਵੀ ਸਾਥ ਦੇਣ ਵਾਲ਼ੀਆਂ ਨਹੀਂ; ਜਿਵੇਂ ਕਿ ਬਚਨ ਹਨ, ‘‘ਕਿਆ ਮਾਗਉ  ? ਕਿਛੁ ਥਿਰੁ ਰਹਾਈ ਦੇਖਤ ਨੈਨ; ਚਲਿਓ ਜਗੁ ਜਾਈ ਰਹਾਉ ’’ (ਭਗਤ ਕਬੀਰ/੪੮੧) ਅਰਥ : ਮੈਂ ਮਾਲਕ ਦੇ ਦਰ ਤੋਂ ਕਿਹੜੀ ਸੰਸਾਰਿਕ ਵਸਤੂ ਮੰਗਾਂ ਕਿਉਂਕਿ ਕੁੱਝ ਵੀ ਸਦੀਵੀ ਸਾਥ ਦੇਣ ਵਾਲ਼ਾ ਨਹੀਂ। ਮੇਰੇ ਅੱਖਾਂ ਨਾਲ਼ ਵੇਖਦਿਆਂ ਜਗਤ ਜਾ ਰਿਹਾ ਹੈ, ਮਰ ਰਿਹਾ ਹੈ ਭਾਵ ਜਿਵੇਂ ਜਗਤ ਮਰ ਰਿਹਾ ਹੈ; ਓਵੇਂ ਹੀ ਸਾਰੀਆਂ ਵਸਤੂਆਂ ਸਦੀਵੀ ਸਥਿਰ ਨਹੀਂ।

ਪਹਿਲੇ ਪੜਾਅ ਵਾਲ਼ੀ ਮਨੋ ਬਿਰਤੀ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਇਉਂ ਬਿਆਨ ਕੀਤਾ, ‘‘ਮਾਨੁ ਮਾਂਗਉ, ਤਾਨੁ ਮਾਂਗਉ; ਧਨੁ ਲਖਮੀ ਸੁਤ (ਪੁੱਤਰ) ਦੇਹ (ਮਹਲਾ /੧੩੦੮), ਭਗਤ ਕਬੀਰ ਜੀ ਨੇ ਆਪਣੇ ਇੱਕ ਸ਼ਬਦ ਦੇ ਪਹਿਲੇ 3 ਬੰਦਾਂ ’ਚ ਇਹ ਮੰਗਿਆ, ‘‘ਦੁਇ ਸੇਰ ਮਾਂਗਉ ਚੂਨਾ (ਆਟਾ) ਪਾਉ ਘੀਉ ਸੰਗਿ ਲੂਨਾ ਅਧ ਸੇਰੁ ਮਾਂਗਉ ਦਾਲੇ ਮੋ ਕਉ ਦੋਨਉ ਵਖਤ ਜਿਵਾਲੇ ਖਾਟ (ਮੰਜਾ) ਮਾਂਗਉ ਚਉਪਾਈ ਸਿਰਹਾਨਾ ਅਵਰ ਤੁਲਾਈ (ਤਕੀਆ ਤੇ ਗਦੇਲਾ) ਊਪਰ ਕਉ ਮਾਂਗਉ ਖੀਂਧਾ (ਰਜ਼ਾਈ) ਤੇਰੀ ਭਗਤਿ ਕਰੈ; ਜਨੁ ਥਂੀਧਾ (ਪ੍ਰੇਮ ਭਿੱਜ ਕੇ)’’, ਪਰ ਅੰਤਮ ਚੌਥੇ ਬੰਦ ’ਚ ਕਿਹਾ, ‘‘ਮੈ ਨਾਹੀ ਕੀਤਾ ਲਬੋ ਇਕੁ ਨਾਉ ਤੇਰਾ ਮੈ ਫਬੋ ੧੧’’ (ਭਗਤ ਕਬੀਰ/੬੫੬) ਭਾਵ ਮੈ ਉਕਤ ਮੰਗ ’ਚ ਬਹੁਤਾ ਲੋਭ ਨਹੀਂ ਕੀਤਾ ਯਾਨੀ ਸੰਖੇਪ ਜਿਹੀਆਂ ਚੀਜ਼ਾਂ ਮੰਗੀਆਂ ਹਨ। ਉਂਝ ਮੈਨੂੰ ਤੇਰਾ ਨਾਮ ਹੀ ਫਬਦਾ ਹੈ ਯਾਨੀ ਮੇਰੀ ਦਿਲੀ ਇੱਛਾ ਤੇਰਾ ਨਾਮ ਮੰਗਣ ’ਚ ਹੀ ਹੈ ਜਦ ਕਿ ਉੱਚੀ ਅਵਸਥਾ ਵਾਲ਼ਾ ਭਗਤ; ਐਸੀ ਮੰਗ ਮੰਗਣ ਤੋਂ ਸੰਗਦਾ ਹੈ, ਘਬਰਾਉਂਦਾ ਹੈ; ਜਿਵੇਂ ਕਿ ਭਾਈ ਗੁਰਦਾਸ ਜੀ ਦੇ ਬੋਲ ਹਨ, ‘‘ਚਾਰਿ ਪਦਾਰਥ ਆਖੀਅਨਿ; ਸਤਿਗੁਰ ਦੇਇ, ਗੁਰਸਿਖੁ ਮੰਗੈ ਅਠ ਸਿਧੀ ਨਿਧੀ ਨਵੈ ਰਿਧਿ; ਗੁਰੁ ਸਿਖੁ ਢਾਕੈ ਟੰਗੈ ਗੁਰ ਸਿਖੁ; ਦੂਜੇ ਭਾਵਹੁ ਸੰਗੈ ’’ (ਵਾਰ ੨੮ ਪਉੜੀ ) ਭਾਵ ਸਤਿਗੁਰੂ; ਸਿੱਖ ਨੂੰ ਮੰਨੇ ਜਾਂਦੇ ਚਾਰ ਪਦਾਰਥ (ਧਰਮ, ਅਰਥ, ਕਾਮ, ਮੋਖ/ਮੁਕਤੀ), 8 ਸਿੱਧੀਆਂ, 9 ਰਿਧੀਆਂ ਆਦਿਕ ਖ਼ਜ਼ਾਨੇ ਦੇਣਾ ਚਾਹੁੰਦਾ ਹੈ, ਪਰ ਗੁਰਸਿਖ; ਇਨ੍ਹਾਂ ਨੂੰ ਆਪਣੀ ਪਿੱਠ ’ਤੇ ਨਹੀਂ ਢੋਣਾ ਚਾਹੁੰਦਾ ਕਿਉਂਕਿ ਇਨ੍ਹਾਂ ਰਾਹੀਂ ਪ੍ਰਭੂ ਤੋਂ ਬਿਨਾਂ ਦੂਜੇ ਪਾਸੇ ਲਗਾਅ ਵਧਦਾ ਹੈ ਤਾਹੀਓਂ ਗੁਰਸਿੱਖ; ਇਹ ਸਭ ਮੰਗਣ ਤੋਂ ਸੰਗਦਾ ਹੈ। ਇਤਿਹਾਸ ਗਵਾਹ ਹੈ ਕਿ ਬਾਬਾ ਸ਼ੇਖ਼ ਫ਼ਰੀਦ ਜੀ ਦੀ ਮਾਤਾ (ਬੀਬੀ ਮਰੀਅਮ); ਉਨ੍ਹਾਂ ਨੂੰ ਰੋਜ਼ਾਨਾ ਨਮਾਜ਼ ਪੜ੍ਹਨ ਬਦਲੇ ਗੁੜ ਦਿੰਦੀ ਰਹੀ, ਪਰ ਇੱਕ ਦਿਨ ਭੁੱਲ ਗਈ। ਜਦ ਨਮਾਜ਼ ਪੜ੍ਹ ਰਹੇ ਬਾਬਾ ਫ਼ਰੀਦ ਜੀ ਕੋਲ਼ ਜਲਦੀ ’ਚ ਆ ਕੇ ਗੁੜ ਦੇਣਾ ਚਾਹਿਆ ਤਾਂ ਉਨ੍ਹਾਂ ਨੇ ਆਪਣੀ ਮਾਤਾ ਨੂੰ ਕਿਹਾ ਕਿ ਹੁਣ ਮੈਨੂੰ ਇਸ ਗੁੜ ਦੀ ਲੋੜ ਨਹੀਂ ਕਿਉਂਕਿ ਮੈਨੂੰ ਅੱਲ੍ਹਾ ਦੇ ਨਾਮ ਦਾ ਰਸ ਆਉਣਾ ਸ਼ੁਰੂ ਹੋ ਗਿਆ ਹੈ।

ਐਸੀ ਦੁਬਿਧਾ ਨਾ ਪਨਪੇ, ਇਸ ਲਈ ਹੇਠਲੇ ਤਿੰਨ ਕੁ ਵਾਕਾਂ ਨੂੰ ਸਮਝਣਾ ਜ਼ਰੂਰੀ ਹੈ :

(1). ‘‘ਜੀਉ ਪਿੰਡੁ ਸਭੁ ਤਿਸ ਕਾ; ਸਭੁ ਕਿਛੁ ਤਿਸ ਕੈ ਪਾਸਿ ॥ ਵਿਣੁ ਬੋਲਿਆ ਸਭੁ ਕਿਛੁ ਜਾਣਦਾ; ਕਿਸੁ ਆਗੈ ਕੀਚੈ ਅਰਦਾਸਿ ॥ ਨਾਨਕ  ! ਘਟਿ ਘਟਿ (’ਚ) ਏਕੋ ਵਰਤਦਾ; ਸਬਦਿ (ਨਾਲ਼) ਕਰੇ ਪਰਗਾਸ ॥ (ਮਹਲਾ ੩/੧੪੨੦) ਅਰਥ : ਹੇ ਨਾਨਕ ! (ਆਖ ਕਿ ਭਾਵੇਂ) ਜਗਤ-ਪਿਤਾ ਹੀ ਹਰ ਸਰੀਰ ਅੰਦਰ ਹੈ, ਪਰ ਇਹ ਚਾਨਣ (ਗਿਆਨ) ਗੁਰੂ ਦੇ ਸ਼ਬਦ ਨਾਲ਼ ਹੁੰਦਾ ਹੈ। (ਜਿਸ ਨੂੰ ਚਾਨਣ ਹੋ ਗਿਆ) ਉਹ ਆਪਣੇ ਜਿੰਦ, ਸਰੀਰ ਆਦਿ ਸਭ ਕੁੱਝ; ਪ੍ਰਭੂ ਨੂੰ ਭੇਟ ਕਰ ਦਿੰਦਾ ਹੈ ਯਾਨੀ ਉਹ ਭਗਤ; ਅਗਾਂਹ ਉਸ ਪ੍ਰਭੂ ਆਸਰੇ ਜਿਊਂਦਾ ਹੈ, ਜੋ ਬਿਨਾਂ ਕੁੱਝ ਬੋਲਿਆਂ ਸਭ ਦੇ ਦਿਲਾਂ ਦੀ ਜਾਣਨਹਾਰ ਹੈ ਤਾਂ ਫਿਰ ਕਿਸ ਲਈ ਉਸ ਅੱਗੇ ਅਰਦਾਸ ਕਰੀਏ ?

ਨੋਟ : ਜੇਕਰ ਇਸ ਵਾਕ ਦਾ ਅਰਥ ਕਰੀਏ ਕਿ ਬਿਨਾਂ ਬੋਲਿਆਂ ਪ੍ਰਭੂ ਸਭ ਕੁੱਝ ਜਾਣਦਾ ਹੈ, ਇਸ ਲਈ ਉਸ ਤੋਂ ਬਿਨਾਂ ਕਿਸੇ ਹੋਰ ਕੋਲ਼ ਕਿਉਂ ਅਰਦਾਸ ਕਰੀਏ ? ਤਾਂ ਇਸ ਦਾ ਭਾਵ ਇਹ ਹੋਇਆ ਕਿ ਜੋ ਅੰਤਰਜਾਮੀ ਹੈ, ਉਸੇ ਅੱਗੇ ਅਰਦਾਸ ਕਰਨੀ ਹੈ। ਇਹ ਅਰਥ; ਨਵਾਂ ਸਵਾਲ ਪੈਦਾ ਕਰਦੇ ਹਨ ਕਿ ਜੇ ਅਰਦਾਸ ਕਰਕੇ ਦੱਸਣਾ ਅਜੇ ਵੀ ਬਾਕੀ ਹੈ ਤਾਂ ਫਿਰ ਉਹ ਅੰਤਰਜਾਮੀ ਕਾਹਦਾ ? ਸੋ ਇਹ ਅਰਥ ਸਹੀ ਨਹੀਂ ਜਾਪਦੇ।

ਐਸੀ ਅਵਸਥਾ ਬਣਨ ’ਤੇ ਰੱਬ ਦਾ ਸਿਮਰਨ ਕਰਨ ’ਚ ਰਹੀ ਕੋਈ ਕੁਤਾਹੀ ਨੂੰ ਬਖ਼ਸ਼ਾਉਣ ਲਈ ਤਾਂ ਅਰਦਾਸ ਕੀਤੀ ਜਾ ਸਕਦੀ ਹੈ, ਪਰ ਹੋਰ ਮੰਗ ਲਈ ਨਹੀਂ। ਮੰਗਤਾ ਬਣਨ ਦੀ ਥਾਂ ਭਗਤ; ਪ੍ਰਭੂ ਨਾਲ਼ ਸੰਵਾਦ ਕਰਦਾ ਹੈ; ਜਿਵੇਂ ਕਿ ਇਹ ਬਚਨ ਹਨ, ‘‘ਸਾਸਿ ਸਾਸਿ (ਨਾਲ਼) ਨਾਨਕੁ ਆਰਾਧੇ; ਆਠ ਪਹਰ ਗੁਣ ਗਾਵਾ ੫੬ (ਸੂਹੀ/ਮਹਲਾ /੭੪੯), ਏਕ ਨਿਮਖ ਜੇ ਬਿਸਰੈ ਸੁਆਮੀ ! ਜਾਨਉ ਕੋਟਿ ਦਿਨਸ ਲਖ ਬਰੀਆ (ਵਰ੍ਹੇ/ਸਾਲ) ..੨੪’’ (ਸਾਰੰਗ/ਮਹਲਾ /੧੨੦੯), ਪ੍ਰਭੂ ਨਾਲ਼ ਗੂੜ੍ਹੀ ਜਾਣ-ਪਹਿਚਾਣ ਬਣੀ ਹੋਣ ਕਾਰਨ ਐਸਾ ਹੀ ਸੰਵਾਦ; ਭਗਤ ਨਾਮਦੇਵ ਜੀ ਕਰਦੇ ਹਨ, ‘‘ਤੂ ਕੁਨੁ ਰੇ ਮੈ ਜੀ ਨਾਮਾ’’ (ਭਗਤ ਨਾਮਦੇਵ/੬੯੪) ਅਰਥ : ਪ੍ਰਭੂ ਜੀ; ਆਪਣੇ ਬੂਹੇ ’ਤੇ ਖੜ੍ਹੇ ਭਗਤ ਨੂੰ ਪੁੱਛਦੇ ਹਨ ਕਿ ਤੂੰ ਕੌਣ ਹੈ ? ਨਾਮਦੇਵ ਜੀ ਨੇ ਜਵਾਬ ਦਿੱਤਾ ਕਿ ਜੀ ! ਮੈਂ ਨਾਮਦੇਵ ਹਾਂ। ਚੇਤੇ ਰਹੇ ਕਿ ਇਹ ਸਾਰੇ ਵਾਕ; ਸ਼ਬਦਾਂ ਦੇ ਅੰਤ ’ਚ ਹਨ।

(2). ਜਤ ਕਤ ਦੇਖਉ, ਤਤ ਤਤ ਤੁਮ ਹੀ; ਮੋਹਿ ਇਹੁ ਬਿਸੁਆਸੁ ਹੋਇ ਆਇਓ ॥ ਕੈ ਪਹਿ ਕਰਉ ਅਰਦਾਸਿ ਬੇਨਤੀ ? ਜਉ ਸੁਨਤੋ ਹੈ ਰਘੁਰਾਇਓ ॥੧॥ (ਮਹਲਾ ੫/੨੦੫)

ਅਰਥ : ਹੇ ਪਾਤਿਸ਼ਾਹ ਜੀ ! ਮੈਨੂੰ ਇਹ ਪੂਰਨ ਵਿਸ਼ਵਾਸ ਹੋ ਗਿਆ ਕਿ ਤੂੰ ਹਰ ਥਾਂ ਵਿਆਪਕ ਹੈਂ। ਮੈ ਜਿਧਰ ਵੀ ਤੱਕਦਾ ਹਾਂ, ਓਧਰ ਹੀ ਤੁਸੀਂ ਪ੍ਰਤੀਤ ਹੁੰਦੇ ਹੋ। ਜਦੋਂ ਤੁਸੀਂ ਹਰ ਦਿਲੀ ਭਾਵਨਾ ਨੂੰ ਸੁਣ ਰਹੇ ਹੋ, ਸਮਝ ਰਹੇ ਹੋ ਭਾਵ ਜਦੋਂ ਆਪ ਅੰਤਰਜਾਮੀ ਹੋ ਤਾਂ ਮੈਂ ਕਿਸ ਨੂੰ ਅਰਦਾਸ ਤੇ ਬੇਨਤੀ ਕਰਾਂ ਭਾਵ ਮੈਂ ਤੇਰੇ ਕੋਲ਼ ਕਿਸ ਮੰਗ ਲਈ ਅਰਦਾਸ ਜਾਂ ਬੇਨਤੀ ਕਰਾਂ ?

(3). ਅਵਰ ਓਟ ਮੈ ਕੋਇ ਨ ਸੂਝੈ; ਇਕ ਹਰਿ ਕੀ ਓਟ, ਮੈ ਆਸ ॥ ਕਿਆ ਦੀਨੁ ਕਰੇ ਅਰਦਾਸਿ ॥ ਜਉ ਸਭ ਘਟਿ (’ਚ); ਪ੍ਰਭੂ ਨਿਵਾਸ.. ॥ (ਕਾਨੜਾ/ਮਹਲਾ ੫/੧੩੦੪)

ਅਰਥ : ਹੇ ਪ੍ਰਭੂ ਜੀ  ! ਜਦੋਂ ਤੁਸੀਂ ਹਰ ਸਰੀਰ ਅੰਦਰ ਨਿਵਾਸ ਕੀਤਾ ਹੈ ਤਾਂ ਮੈਂ ਨਿਮਾਣਾ ਕੀ ਅਰਦਾਸ ਕਰਾਂ ਭਾਵ ਕਿਹੜੀ ਬੇਨਤੀ ਕਰਾਂ ? ਮੈਨੂੰ ਹੋਰ ਕੋਈ ਆਸਰਾ ਹੀ ਨਹੀਂ ਸੁਝਦਾ। ਕੇਵਲ ਤੇਰੀ ਹੀ ਟੇਕ ਰੱਖੀ ਹੈ (ਕਿ ਮੇਰੀ ਦਿਲੀ ਉਮੰਗ/ਭਾਵਨਾ ਅਨੁਸਾਰ ਤੈਂ ਫਲ਼ ਦੇਈ ਜਾਣਾ ਹੈ)

ਉਕਤ ਸਾਰੇ ਸ਼ਬਦਾਂ ’ਚ ਪ੍ਰਭੂ ਨੂੰ ਅੰਤਰਜਾਮੀ, ਬਹੁਤ ਅੰਗ-ਸੰਗ, ਸਰਬ ਵਿਆਪਕ, ਭਗਤਾਂ ਦੀ ਦਿਲੀ ਭਾਵਨਾ ਨੂੰ ਸੁਣਦਾ, ਦਰਸਾਇਆ ਗਿਆ ਹੈ ਤਾਹੀਓਂ ਕੋਈ ਮੰਗ ਕਰਨ ਦੀ ਥਾਂ ਭਗਤ ਜਨ; ਉਸ ਨਾਲ਼ ਸੰਵਾਦ (ਵਾਰਤਾਲਾਪ/ ਵਿਚਾਰਾਂ ਦਾ ਲੈਣ-ਦੇਣ) ਕਰਦੇ ਹਨ। ਗੁਰਮਤਿ ਦੇ ਹਰ ਪੱਖ ਨੂੰ ਸਮਝਣ ਲਈ ਇਹ ਮੂਲ ਸਿਧਾਂਤ ਜਾਣਨੇ ਬੜੇ ਜ਼ਰੂਰੀ ਹਨ :

(1). ਸਤਿਗੁਰੂ ਜੀ ਦੇ ਅਨੁਭਵ ’ਚੋਂ ਪ੍ਰਗਟ ਹੋਇਆ ‘ੴ’ ਦੀ ਹੋਂਦ ਬਾਰੇ ਗਿਆਨ। ਇਹ ਅਲੌਕਿਕ ਗਿਆਨ ਹੈ ਭਾਵ ‘ਜੋ ਇਸ ਲੋਕ (ਸੰਸਾਰ) ਨਾਲ਼ ਸੰਬੰਧਿਤ ਨਹੀਂ, ਸੰਸਾਰ ਤੋਂ ਵੱਖਰਾ ਗਿਆਨ, ਪਰਾਲੌਕਿਕ ਗਿਆਨ, ਅਦ੍ਰਿਸ਼-ਨਿਰਾਕਾਰ ਬਾਰੇ ਗੁਰੂ ਦਾ ਅਨੁਭਵੀ ਗਿਆਨ’। ਇਸ ਨੂੰ ਆਪਣੀਆਂ ਅਨੁਭਵੀ ਅੱਖਾਂ ਨਾਲ਼ ਵੇਖਣ ਲਈ ਇਸ ਗੁਰੂ ਸਿੱਖਿਆ ’ਤੇ ਪੂਰਨ ਭਰੋਸਾ ਹੋਣਾ; ਅਰੰਭਕ ਕਦਮ ਹੈ ਕਿਉਂਕਿ ਇਹ, ਪੰਜ ਗਿਆਨ ਇੰਦ੍ਰਿਆਂ ਵਾਲ਼ਾ ਸਮਾਜਿਕ ਗਿਆਨ ਨਹੀਂ, ਤਾਂ ਜੋ ਸੰਸਾਰ ’ਚੋਂ ਕੋਈ ਮਿਸਾਲ ਦੇ ਕੇ ਸਮਝਿਆ ਜਾਵੇ, ਦਿਮਾਗ਼ ਨੂੰ ਤਰਕ ਕਰਨ ਤੋਂ ਰੋਕਿਆ ਜਾਏ। ਗੁਰੂ ਗ੍ਰੰਥ ਸਾਹਿਬ ਜੀ; ਇਕਲੌਤੇ ਧਾਰਮਿਕ ਗ੍ਰੰਥ ਹਨ, ਜਿਨ੍ਹਾਂ ਅੰਦਰ ‘ੴ’ ਨੂੰ 442 ਵਾਰ ‘ਅਗੰਮ, ਅਗੋਚਰ’ ਬਿਆਨ ਕੀਤਾ ਹੈ। ਇਨ੍ਹਾਂ ਦਾ ਅਰਥ ਹੈ ‘ਪੰਜ ਗਿਆਨ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ’। ਸਤਿਗੁਰੂ ਦਾ ਇਹੀ ਅਲੌਕਿਕ ਗਿਆਨ ਸਿੱਖ ਦਾ ਨਿਤਨੇਮ ਹੈ ਤਾਹੀਓਂ ਅੰਤ ’ਚ ਸੁਬ੍ਹਾ-ਸ਼ਾਮ ਅਰਦਾਸ ਕਰਨ ਦਾ ਵਿਧਾਨ ਹੈ ਤਾਂ ਕਿ ਇਸ ਨੂੰ ਪੜ੍ਹਨ, ਸੁਣਨ, ਸਮਝਣ ਤੇ ਧਿਆਨ ਜੋੜਨ ’ਚ ਰਹੀ ਕੁਤਾਹੀ ਬਾਰੇ ਭੁੱਲ ਬਖ਼ਸ਼ਾਈ ਜਾਵੇ।

(2). ਕੁਦਰਤ (ਜਿਸ ਵਿੱਚ ਤਾਰੇ, ਬਨਸਪਤੀ, ਜੀਵਨ ਆਦਿ ਹਨ) ਦਾ ਤੱਥਾਂ ਆਧਾਰਿਤ ਕੀਤਾ ਵਿਸ਼ਲੇਸ਼ਣ। ਗੁਰਬਾਣੀ ਦਾ ਇਹ ਗਿਆਨ; ਗਿਆਨ ਇੰਦ੍ਰਿਆਂ ਨਾਲ਼ ਸੰਬੰਧਿਤ ਹੈ। ਇਸ ਉੱਤੇ ਭਰੋਸਾ ਕਰਨ ਲਈ ਅਰਦਾਸ ਕਰਨ ਦੀ ਲੋੜ ਨਹੀਂ। ਆਧੁਨਿਕ ਵਿਗਿਆਨ ਵੀ ਇਸ ਸਚਾਈ ਦੀ ਪੁਸ਼ਟੀ ਕਰਦਾ ਹੈ ਭਾਵ ਇਸ ਨੂੰ ਗ਼ਲਤ ਨਹੀਂ ਮੰਨਦਾ। ਸਤਿਗੁਰੂ ਜੀ ਦੁਆਰਾ ਪ੍ਰਗਟਾਈ ਇਹ ਅਚੂਕ ਸਚਾਈ; ਸ਼ਰਧਾਵਾਨ ਸਿੱਖ ਅੰਦਰ ਅਲੌਕਿਕ ਗਿਆਨ ’ਤੇ ਭਰੋਸਾ ਕਰਾਉਣ ਦਾ ਸਾਧਨ ਬਣਦੀ ਹੈ ਕਿਉਂਕਿ ਜੇਕਰ ਇਸ ਗਿਆਨ ’ਤੇ ਕੋਈ ਆਧੁਨਿਕ ਖੋਜ; ਕਿੰਤੂ-ਪਰੰਤੂ ਕਰਦੀ ਤਾਂ ਅਲੌਕਿਕ ਗਿਆਨ ਬਾਰੇ ਵੀ ਸੰਦੇਹ ਜ਼ਰੂਰ ਉਪਜਦਾ। ਜ਼ਿਆਦਾਤਰ ਸਿੱਖ; ਗੁਰਬਾਣੀ ਦੇ ਇਸੇ ਭਾਗ ਨੂੰ ਅਸਲ ਗੁਰਮਤਿ-ਸਿਧਾਂਤ ਸਮਝਣ ਦੀ ਭੁਲ ਕਰ ਬੈਠਦੇ ਹਨ।

(3). ਸਦੀਆਂ ਤੋਂ ਧਰਮ ਦੀ ਕੀਤੀ ਗਈ ਅੱਧ-ਅਧੂਰੀ ਜਾਂ ਗ਼ਲਤ ਵਿਆਖਿਆ ਨੂੰ ਬੜੇ ਪਿਆਰ ਨਾਲ਼ ਰੱਦ ਕਰਨਾ। ਗੁਰਬਾਣੀ ਦਾ ਇਹ ਭਾਗ; ਨਿਤਨੇਮ ’ਚ ਸ਼ਾਮਲ ਨਹੀਂ ਕੀਤਾ ਤਾਂ ਕਿ ਸਿੱਖ, ਹੋਰਾਂ ਦੇ ਨੁਕਸ ਵੇਖਦੇ ਵੇਖਦੇ ਆਪਣਾ ਕੀਮਤੀ ਜਨਮ ਅਜਾਈਂ ਨਾ ਗਵਾ ਲੈਣ।

ਸੋ ਗੁਰਬਾਣੀ ਅੰਦਰ ‘ਅਰਦਾਸ’ ਤੇ ‘ਬੇਨਤੀ’ ਸ਼ਬਦ; ਉਨ੍ਹਾਂ ਵਾਕਾਂ ’ਚ ਹਨ, ਜਿਨ੍ਹਾਂ ਅੰਦਰ ਅਲੌਕਿਕ ਗਿਆਨ ਹੈ। ਮਿਸਾਲ ਵਜੋਂ ਹੇਠਾਂ ‘ਰਹਾਉ’ ਤੁਕਾਂ ਹਨ, ਜਿਨ੍ਹਾਂ ’ਚ ਪ੍ਰਭੂ ਅੱਗੇ ਅਰਦਾਸ/ਬੇਨਤੀ ਕੀਤੀ ਹੈ ਤਾਂ ਜੋ ਉਹ ਮਿਹਰ ਕਰਕੇ ਗੁਣ ਗਾਉਣ ਦੀ, ਨਾਮ-ਦਾਤ ਪ੍ਰਾਪਤ ਕਰਨ ਦੀ, ਸਿਫ਼ਤ-ਸਲਾਹ ਸੁਣਨ ਦੀ ਸਾਡੇ ਹਿਰਦੇ ਅੰਦਰ ਤਾਂਘ ਪੈਦਾ ਕਰਨ :

ਸੇਵਕ ਕੀ ਅਰਦਾਸਿ ਪਿਆਰੇ  ! ਜਪਿ (ਕੇ) ਜੀਵਾ ਪ੍ਰਭ ! ਚਰਣ ਤੁਮਾਰੇ ਰਹਾਉ (ਮਹਲਾ /੫੬੨)

ਇਹ ਬੇਨੰਤੀ ਸੁਣਿ ਪ੍ਰਭ ਮੇਰੇ  ! ਦੇਹਿ ਨਾਮੁ; ਕਰਿ ਅਪਣੇ ਚੇਰੇ (ਚੇਲੇ) ਰਹਾਉ (ਮਹਲਾ /੭੪੨)

ਮੇਰੇ ਸਾਹਿਬ  ! ਤੂੰ, ਮੈ ਮਾਣੁ ਨਿਮਾਣੀ ਅਰਦਾਸਿ ਕਰੀ (ਕਰਾਂ) ਪ੍ਰਭ ਅਪਨੇ ਆਗੈ; ਸੁਣਿ ਸੁਣਿ ਜੀਵਾ ਤੇਰੀ ਬਾਣੀ ਰਹਾਉ (ਮਹਲਾ /੭੪੯), ਚੰਗੇ ਭਾਗਾਂ ਵਾਲ਼ਾ ਹੀ ਕਹਿੰਦਾ ਹੈ ਕਿ ਮੈਂ ਸਤਿਗੁਰੂ ਦੇ ਚਰਨੀਂ ਲੱਗਾਂ, ਉਸ ਅੱਗੇ ਅਰਦਾਸ ਕਰਾਂ ਤਾਂ ਕਿ ਪ੍ਰਭੂ ਦੇ ਪ੍ਰੇਮ ਲਈ ਮਨ ’ਚ ਚਾਹ ਪੈਦਾ ਹੋਵੇ, ‘‘ਪ੍ਰਭ ਮਿਲਬੇ ਕਉ; ਪ੍ਰੀਤਿ ਮਨਿ (’) ਲਾਗੀ ਪਾਇ ਲਗਉ, ਮੋਹਿ ਕਰਉ ਬੇਨਤੀ; ਕੋਊ ਸੰਤੁ ਮਿਲੈ ਬਡਭਾਗੀ ਰਹਾਉ ’’ (ਮਹਲਾ /੨੦੪), ਜਦ ਗੁਰੂ; ਅਰਦਾਸ ਸੁਣ ਲੈਂਦਾ ਹੈ ਤਾਂ ਕਿਰਪਾ ਕਰਕੇ ਹਰੀ ਦਾ ਨਾਮ ਹਿਰਦੇ ’ਚ ਪੱਕਾ ਵੀ ਕਰਦਾ ਹੈ, ਹਰੀ ਪ੍ਰਤੀ ਲਗਨ ਪੈਦਾ ਕਰਦਾ ਹੈ, ‘‘ਕਹੁ ਨਾਨਕ  ! ਮੇਰੀ ਸੁਣੀ ਅਰਦਾਸਿ ਸੰਤ ਪ੍ਰਸਾਦਿ (ਨਾਲ਼); ਮੋ ਕਉ ਨਾਮ ਨਿਵਾਸਿ ੨੧੯੦’’ (ਗਉੜੀ/ਮਹਲਾ /੧੮੩)

‘ਗੁਰ ਪ੍ਰਸਾਦਿ’ ਸੰਯੁਕਤ ਸ਼ਬਦ; ਗੁਰੂ ਨਾਨਕ ਸਾਹਿਬ ਜੀ ਦੀ ਕਾਢ ਹਨ; ਇਨ੍ਹਾਂ ਹੀ ਅਰਥਾਂ ਲਈ ਗੁਰੂ ਅਰਜਨ ਸਾਹਿਬ ਜੀ ਨੇ ‘ਸੰਤ ਪ੍ਰਸਾਦਿ’ ਸ਼ਬਦ; 41 ਵਾਰ ਵਰਤੇ ਹਨ, ਜੋ ਕਿ ਬਾਕੀ ਕਿਸੇ ਗੁਰੂ ਸਾਹਿਬਾਨ ਨੇ ਨਹੀਂ ਵਰਤੇ। ਦੋਵਾਂ ਦਾ ਅਰਥ ਇੱਕੋ ਹੈ ‘ਗੁਰੂ ਦੀ ਕਿਰਪਾ ਨਾਲ਼ (ੴ ਮਿਲਦਾ ਹੈ)’। ਉਕਤ ਵਾਕ ‘‘ਸੰਤ ਪ੍ਰਸਾਦਿ; ਮੋ ਕਉ ਨਾਮ ਨਿਵਾਸਿ ’’ ਦਾ ਅਰਥ ਹੈ ਕਿ ਗੁਰੂ ਦੀ ਕਿਰਪਾ ਨਾਲ਼ ਮੇਰੇ ਅੰਦਰ ਨਾਮ ਦਾ ਨਿਵਾਸ ਹੋ ਗਿਆ। ‘ਸੰਤ’ ਸ਼ਬਦ ਨੂੰ ‘ਗੁਰੂ’ ਸਮਾਨ ਲੈਣ ਕਾਰਨ ਆਪ ਨੇ ਸੁਖਮਨੀ ਸਾਹਿਬ ਦੀ 13ਵੀਂ ਅਸਟਪਦੀ ‘‘ਸੰਤ ਕੀ ਨਿੰਦਾ ਨਾਨਕਾ ! ਬਹੁਰਿ ਬਹੁਰਿ ਅਵਤਾਰ ’’ (ਮਹਲਾ /੨੭੯) ’ਚ 62 ਵਾਰ ‘ਸੰਤ’ ਸ਼ਬਦ ਗੁਰੂ ਵਾਸਤੇ ਵਰਤਿਆ ਹੈ ਤੇ ਜ਼ਿੰਦਗੀ ’ਚੋਂ ਇੱਕ ਦਿਨ ਖ਼ਤਮ ਹੋਣ ’ਤੇ ਰਾਤ ਨੂੰ ਪੜ੍ਹੀ ਜਾਣ ਵਾਲ਼ੀ ਸੋਹਿਲਾ ਬਾਣੀ ਦੇ ਅੰਤ ’ਚ ਵੀ ਆਪ ਨੇ ਇਹ ਫ਼ੁਰਮਾਇਆ ਕਿ ਹੇ ਮਿਤਰੋ ! ਸੰਤ-ਗੁਰੂ ਦੀ ਸੇਵਾ-ਭਗਤੀ ਕਰਨ ਦਾ ਇਹੀ ਮੌਕਾ ਹੈ ‘‘ਕਰਉ ਬੇਨੰਤੀ, ਸੁਣਹੁ ਮੇਰੇ ਮੀਤਾ ! ਸੰਤ ਟਹਲ ਕੀ ਬੇਲਾ ’’ (ਸੋਹਿਲਾ/ਮਹਲਾ /੧੩) ਕਿਉਂਕਿ ਗੁਰੂ (ਸੰਤ); ਕੇਵਲ ਉਸ ਮਾਲਕ ਅੱਗੇ ਬੇਨਤੀ ਕਰਨ ਲਈ ਪ੍ਰੇਰਦਾ ਹੈ, ਜੋ ਸਰਬ ਵਿਆਪਕ ਹੈ, ‘‘ਸੰਤਾ ਏਕੁ ਧਿਆਵਨਾ; ਦੂਸਰ ਕੋ ਨਾਹਿ ਏਕਸੁ ਆਗੈ ਬੇਨਤੀ; ਰਵਿਆ ਸ੍ਰਬ ਥਾਇ ’’ (ਬਿਲਾਵਲੁ/ਮਹਲਾ /੮੧੫), ‘ਬੇਨਤੀ’ ਨਾਲ਼ ਸੰਬੰਧਿਤ ਇਨ੍ਹਾਂ ਦੋਵੇਂ ਵਾਕਾਂ ਦੇ ਅੰਤ ’ਚ ਦੂਹਰਾ ਅੰਕ ਨਹੀਂ ਭਾਵ ਇਹ ਤੁਕਾਂ; ਸ਼ਬਦਾਂ ਦੇ ਅੰਤ ’ਚ ਨਹੀਂ, ਸਿੱਖਿਆ ਦਾਇਕ ਹਨ ਵਰਨਾ ਅਕਾਲ ਪੁਰਖ ਨੂੰ ਸੰਬੋਧਨ ਕੀਤਾ ਹੁੰਦਾ ਕਿ ਹੇ ਪ੍ਰਭੂ ਜੀ ! ਤੂੰ ‘‘ਬਿਸਰੁ ਨਾਹੀ ਨਿਮਖ ਮਨ ਤੇ; ਨਾਨਕ ਕੀ ਅਰਦਾਸਿ ’’ (ਮਾਰੂ/ਮਹਲਾ /੧੦੧੭), ਇੱਥੇ ਦੂਹਰਾ ਅੰਕ ਹੈ। ਗੁਰੂ ਨਾਨਕ ਸਾਹਿਬ ਜੀ ਨੇ ਵੀ ਅੰਤਮ ਤੁਕ ’ਚ ਪ੍ਰਭੂ ਨੂੰ ਸੰਬੋਧਨ ਕੀਤਾ ਹੈ, ‘‘ਇਕ ਨਾਨਕ ਕੀ ਅਰਦਾਸਿ; ਜੇ ਤੁਧੁ ਭਾਵਸੀ (ਪਸੰਦ) ਮੈ ਦੀਜੈ ਨਾਮ ਨਿਵਾਸੁ; ਹਰਿ ਗੁਣ ਗਾਵਸੀ (ਗਾਉਂਦਾ ਰਹਾਂ)(ਸੂਹੀ/ਮਹਲਾ /੭੫੨), ਭਗਤ ਕਬੀਰ ਜੀ ਨੇ ਵੀ ਸ਼ਬਦ ਦੇ ਅੰਤ ’ਚ ਬੇਨਤੀ ਕੀਤੀ ਹੈ, ‘‘ਕਹੁ ਕਬੀਰ  ! ਇਕ ਬੇਨਤੀ ਬੈਰਾਗੀਅੜੇ ਮੋ ਕਉ, ਭਉਜਲੁ ਪਾਰਿ ਉਤਾਰਿ; ਵਣਾਹੰਬੈ ’’ (ਭਗਤ ਕਬੀਰ/੧੧੦੪)

ਗੁਰਬਾਣੀ; ਸਿੱਖ ਨੂੰ ਕਿਸੇ ਹੋਰ ਸ਼ਕਤੀ (ਮਨੁੱਖ, ਜਮਦੂਤ ਆਦਿ) ਅੱਗੇ ਅਰਦਾਸ ਕਰਨ ਤੋਂ ਵਰਜਦੀ ਹੈ ਕਿਉਂਕਿ ਇਹ ਸਾਰੇ ਹੀ ਪ੍ਰਭੂ ਦੇ ਹੁਕਮ ’ਚ ਹਨ। ਆਪਣੇ ਕਰਮਾਂ ਦਾ ਫਲ਼ ਭੋਗ ਰਹੇ ਹਨ। ਆਪਣੀ ਪੀੜਾ ਨਾਲ਼ ਭਰੇ ਹੋਏ ਹਨ। ਦੂਸਰੇ ਦੀ ਕੀ ਬਾਂਹ ਫੜਨਗੇ, ‘‘ਜਿਸੁ ਮਾਨੁਖ ਪਹਿ ਕਰਉ ਬੇਨਤੀ; ਸੋ ਅਪਨੈ+ਦੁਖਿ (ਨਾਲ਼) ਭਰਿਆ ਪਾਰਬ੍ਰਹਮੁ ਜਿਨਿ ਰਿਦੈ (ਤੋਂ) ਅਰਾਧਿਆ; ਤਿਨਿ ਭਉ ਸਾਗਰੁ ਤਰਿਆ (ਗੂਜਰੀ/ਮਹਲਾ /੪੯੭), ਇੱਥੇ ਵੀ ਪ੍ਰਭੂ ਨੂੰ ਸੰਬੋਧਨ ਨਹੀਂ ਤਾਹੀਓਂ ਇਹ ਤੁਕ; ਸ਼ਬਦ ਦੇ ਅੰਤ ’ਚ ਨਹੀਂ।

ਉਕਤ ਵਿਚਾਰਿਆ ਜਾ ਚੁੱਕਾ ਹੈ ਕਿ ਭਗਤੀ ਕਰਨ ਵਾਲ਼ਿਆਂ ਅੰਦਰ ਇੱਕ ਸਮਾਨ ਅਵਸਥਾ ਨਹੀਂ ਹੁੰਦੀ ਤਾਹੀਓਂ ਅਰਦਾਸ ਕਰਨ ਸਮੇਂ ਭਿੰਨ ਭਿੰਨ ਮੰਗ ਮਨ ਅੰਦਰ ਉਠਦੀ ਹੈ। ਪਹਿਲੀ ਅਵਸਥਾ ਵਾਲ਼ਾ; ਗੁਰੂ ਗਿਆਨ ਨਾਲ਼ ਸਮਝ ਤਾਂ ਜਾਂਦਾ ਹੈ ਕਿ ਸਹੀ ਮਾਰਗ ਅਤੇ ਅਸਲ ਮੰਜ਼ਲ ਕੀ ਹੈ, ਪਰ ਉਸ ਦੇ ਮਨ ’ਚ ਦੁਨਿਆਵੀ ਲੋੜਾਂ ਵੀ ਅਜੇ ਤੀਬਰ/ਪ੍ਰਬਲ ਹੁੰਦੀਆਂ ਹਨ। ਐਸਾ ਭਗਤ; ਵੱਧ ਵਿਆਕੁਲ ਹੁੰਦਾ ਹੈ ਕਿਉਂਕਿ ਮੰਜ਼ਲ ਦੂਰ ਪ੍ਰਤੀਤ ਹੁੰਦੀ ਹੈ; ਜਿਵੇਂ ਕਿ ਹੇਠਲੇ ਵਾਕ ਹਨ :

(ੳ). ਕਰਿ ਕਿਰਪਾ ਪ੍ਰਭ  ! ਰਾਖਿ ਲੇਹੁ; ਹੋਰੁ ਨਾਹੀ ਕਰਣ ਕਰੇਣ ॥ ਹਰਿ ! ਤੁਧੁ ਵਿਣੁ, ਖਾਕੂ ਰੂਲਣਾ; ਕਹੀਐ ਕਿਥੈ ਵੈਣ ॥ ਨਾਨਕ ਕੀ ਬੇਨੰਤੀਆ; ਹਰਿ ਸੁਰਜਨੁ ਦੇਖਾ ਨੈਣ ॥੧॥’’ (ਮਾਝ ਦਿਨ ਰੈਣਿ/ਮਹਲਾ ੫/੧੩੬)

ਅਰਥ : ਹੇ ਪ੍ਰਭੂ ! ਹੇ ਹਰੀ ! ਕਿਰਪਾ ਕਰਕੇ ਮੈਨੂੰ ਬਚਾ ਲੈ। ਕੋਈ ਹੋਰ ਐਸਾ ਕਰਨ ਵਾਲ਼ਾ ਅਤੇ ਕਰਾ ਦੇਣ ਵਾਲ਼ਾ ਨਹੀਂ ਹੈ। ਮੈਂ ਤੇਰੇ ਤੋਂ ਬਿਨਾਂ ਮਿੱਟੀ ’ਚ ਰੁਲ ਜਾਣਾ ਹੈ ਭਾਵ ਮੇਰੀ ਜ਼ਿੰਦਗੀ ਦਾ ਅੱਧ ਕੌਡੀ ਮੁੱਲ ਨਹੀਂ। ਤੈਥੋਂ ਬਿਨਾਂ ਕਿਸ ਕੋਲ਼ ਆਪਣੀ ਪੀੜਾ ਦੱਸਾਂ। ਮੇਰੀ ਅਰਦਾਸ ਹੈ ਕਿ ਮਿਹਰ ਕਰ ਤਾਂ ਜੋ ਮੈਂ ਪਹੁੰਚੇ ਹੋਏ (ਯਾਨੀ ਉੱਚੀ ਅਵਸਥਾ ਵਾਲ਼ੇ) ਹਰੀ ਦੇ ਭਗਤਾਂ ਦਾ ਦਰਸ਼ਨ ਕਰਾਂ ਭਾਵ ਉਨ੍ਹਾਂ ਵਾਙ ਨਿਰਮੋਹ ਹੋ ਸਹੀ ਮਾਰਗ ’ਤੇ ਚੱਲਾਂ।

(ਅ). ਸੁਣਿ ਨਾਹ ਪਿਆਰੇ  ! ਇਕ ਬੇਨੰਤੀ ਮੇਰੀ ॥ ਤੂ ਨਿਜ ਘਰਿ (’ਚ) ਵਸਿਅੜਾ; ਹਉ ਰੁਲਿ ਭਸਮੈ ਢੇਰੀ …॥੨॥ (ਮਹਲਾ ੧/੧੧੧੧)

ਅਰਥ : ਹੇ ਪਿਆਰੇ ਪਤੀ ! ਮੇਰੀ ਇੱਕ ਬੇਨਤੀ ਸੁਣ। ਤੂੰ ਆਪਣੇ ਸਦੀਵੀ ਸਥਿਰ ਘਰ ’ਚ ਵੱਸਦਾ ਹੈਂ ਭਾਵ ਜੰਮਦਾ ਮਰਦਾ ਨਹੀਂ ਅਤੇ ਮੈਂ (ਔਗੁਣਾਂ ਨਾਲ਼ ਭਰੀ ਜੂਨਾਂ ’ਚ) ਰੁਲ-ਰੁਲ ਕੇ ਸੁਆਹ ਦੀ ਢੇਰੀ ਹੁੰਦੀ ਆਈ ਹਾਂ ਭਾਵ ਆਵਾਗਮਣ ’ਚ ਪਈ ਹਾਂ (ਕਿਉਂਕਿ ਤੇਰਾ ਨਾਮ ਜਪ-ਜਪ ਕੇ ਤੇਰੇ ਵਾਙ ਸਥਿਰ ਨਾ ਹੋ ਸਕੀ ਭਾਵ ਤੇਰੇ ’ਚ ਲੀਨ ਨਾ ਹੋਈ)

(ੲ). ਤੁਧੁ ਗੁਣ, ਮੈ ਸਭਿ ਅਵਗਣਾ; ਇਕ ਨਾਨਕ ਕੀ ਅਰਦਾਸਿ ਜੀਉ ॥ ਸਭਿ ਰਾਤੀ ਸੋਹਾਗਣੀ; ਮੈ ਡੋਹਾਗਣਿ ਕਾਈ ਰਾਤਿ ਜੀਉ  ?॥੧॥ (ਸੂਹੀ/ਕੁਚਜੀ/ਮਹਲਾ ੧/੭੬੨)

ਅਰਥ : ਹੇ ਪ੍ਰਭੂ ਜੀ ! ਮੇਰੀ ਬੇਨਤੀ ਹੈ ਕਿ ਤੇਰੇ ’ਚ ਗੁਣ ਹੀ ਗੁਣ ਹਨ, ਪਰ ਮੇਰੇ ਅੰਦਰ ਔਗੁਣ ਹੀ ਔਗੁਣ। ਅਨੰਦ ਮਾਣਨ ਲਈ ਤੈਂ ਸਾਰੀਆਂ ਰਾਤਾਂ; ਸੁਹਾਗਣਾਂ (ਉੱਚੀ ਅਵਸਥਾ ਵਾਲ਼ੀਆਂ/ਜੋ ਤੇਰੇ ਨਾਲ਼ ਇਕ ਮਿਕ ਹਨ) ਲਈ ਰਾਖਵੀਆਂ ਕਰ ਲਈਆਂ ਹਨ। ਮੇਰੇ ਅਭਾਗਣ ਲਈ ਕੋਈ ਇੱਕ ਰਾਤ ਵੀ ਬਚਾ ਕੇ ਨਾ ਰੱਖੀ।

ਨੋਟ : ਚੇਤੇ ਰਹੇ ਕਿ ਉਕਤ ਤਿੰਨੇ ਵਾਕਾਂ ਦੇ ਅੰਤ ’ਚ ਦੂਹਰਾ/ਤੀਹਰਾ ਅੰਕ ਨਹੀਂ ਭਾਵ ਇਹ ਪੰਕਤੀਆਂ; ਸ਼ਬਦਾਂ ਦੇ ਅੰਤ ’ਚ ਨਹੀਂ ਹਨ।

ਦੂਜੇ ਪਾਸੇ ਉੱਚੀ ਅਵਸਥਾ ਵਾਲ਼ੇ ਰੂਹਾਨੀਅਤ ਸਫ਼ਰ ਕਾਫ਼ੀ ਤਹਿ ਕਰ ਚੁੱਕੇ ਹੁੰਦੇ ਹਨ ਯਾਨੀ ਮੰਜ਼ਲ ਦੇ ਨੇੜੇ ਹੁੰਦੇ ਹਨ। ਇਨ੍ਹਾਂ ਦੁਆਰਾ ਕੀਤੀ ਬੇਨਤੀ; ਸ਼ਬਦ ਦੇ ਅੰਤ ’ਚ ਹੁੰਦੀ ਹੈ, ‘‘ਅੰਤਰਗਤਿ ਬੁਝੈ ਹਾਂ ਸਭੁ ਕਿਛੁ ਤਿਸੁ ਸੁਝੈ ਹਾਂ ਪਤਿਤ ਉਧਾਰਿ ਲੇਹੁ ਹਾਂ ਨਾਨਕ  ! ਅਰਦਾਸਿ ਏਹੁ ਮੇਰੇ ਮਨਾ  ! ੧੬੨ (ਆਸਾ/ਮਹਲਾ /੪੧੦) ਅਰਥ : ਹੇ ਮੇਰੇ ਮਨ ! (ਬਹੁਤਾ ਬੇਚੈਨ ਨਾ ਹੋ) ਇਹ ਅਰਦਾਸ ਕਰ ਕਿ ਮਾਲਕ; ਅੰਤਰਜਾਮੀ ਹੈ। ਉਸ ਨੂੰ ਸਾਰੀ ਸਮਝ ਹੈ ਕਿ ਕਿਸ ਨੂੰ ਕੀ ਦੇਣਾ ਹੈ। ਉਹ ਵਿਕਾਰਾਂ ’ਚ ਡਿੱਗਿਆਂ ਨੂੰ ਵੀ ਬਚਾ ਲੈਂਦਾ ਹੈ।

ਇਸ ਬੇਨਤੀ ’ਚ ਆਸ਼ਾਵਾਦੀ ਭਾਵਨਾ ਵੱਧ ਹੈ ਕਿਉਂਕਿ ਜ਼ਿੰਦਗੀ ’ਚ ਪਹਿਲਾਂ ਕੁੱਝ ਪ੍ਰਾਪਤ ਹੋ ਚੁੱਕਿਆ ਹੁੰਦਾ ਹੈ ਅਤੇ ਅਗਾਂਹ ਨੂੰ ਆਪਣੇ ਆਪ ਮਿਲਣ ਦੀ ਪੂਰੀ ਉਮੀਦ ਹੈ ਤਾਹੀਓਂ ਹੋਰ ਹੋਰ ਮੰਗ ਨਹੀਂ ਕਰਦੇ। ਮਾਨੋ ਬੂਹੇ ’ਤੇ ਖੜ੍ਹਾ ਇਹ ਮੰਗ ਕਰਦਾ ਹੈ, ‘‘ਕਰਿ ਕਿਰਪਾ; ਅਰਦਾਸਿ ਸੁਣੀਜੈ ਅਪਣੇ ਸੇਵਕ ਕਉ; ਦਰਸਨੁ ਦੀਜੈ ੩੨੪੩ (ਰਾਮਕਲੀ/ਮਹਲਾ /੮੯੬), ਪ੍ਰਭ ਜੀਉ ! ਦੇਵਹੁ ਦਰਸਨੁ ਆਪਣਾ; ਜਿਤੁ ਢਾਢੀ ਤ੍ਰਿਪਤਾਵੈ ਅਰਦਾਸਿ ਸੁਣੀ ਦਾਤਾਰਿ+ਪ੍ਰਭਿ (ਨੇ); ਢਾਢੀ ਕਉ ਮਹਲਿ (’) ਬੁਲਾਵੈ ਪ੍ਰਭ ਦੇਖਦਿਆ (ਦੇਖਦਿਆਂ) ਦੁਖ ਭੁਖ ਗਈ; ਢਾਢੀ ਕਉ ਮੰਗਣੁ ਚਿਤਿ (’) ਆਵੈ ਸਭੇ ਇਛਾ ਪੂਰੀਆ; ਲਗਿ (ਕੇ) ਪ੍ਰਭ ਕੈ ਪਾਵੈ (ਪਾਵੈਂ/ਚਰਨੀਂ) ਹਉ ਨਿਰਗੁਣੁ ਢਾਢੀ ਬਖਸਿਓਨੁ; ਪ੍ਰਭਿ+ਪੁਰਖਿ (ਨੇ) ਵੇਦਾਵੈ (ਨੂੰ) (ਮਾਰੂ ਵਾਰ/ਮਹਲਾ /੧੦੯੭) ਅਰਥ : ਹੇ ਪ੍ਰਭੂ ਜੀ ! (ਮੈਂ ਬੂਹੇ ’ਤੇ ਹਾਂ) ਆਪਣਾ ਦੀਦਾਰ ਬਖ਼ਸ਼ੋ। ਜਿਸ ਨਾਲ਼ ਢਾਢੀ ਰੱਜ ਜਾਵੇ (ਭਾਵ ਤੇਰੇ ਵਾਙ) ਸ਼ਾਂਤ/ਸਥਿਰ ਹੋ ਜਾਵੇ। ਦਾਤਾਰ-ਪਿਤਾ ਨੇ ਮੇਰੀ ਪੁਕਾਰ ਸੁਣੀ ਤੇ ਮੈਨੂੰ ਆਪਣੇ ਮਹਿਲ ’ਚ ਬੁਲਾ ਲਿਆ (ਮਾਲਕ ਨਾਲ਼ ਐਸਾ ਸੰਵਾਦ ਭਗਤ ਨਾਮਦੇਵ ਜੀ ਵੀ ਕਰ ਰਹੇ ਹਨ, ‘‘ਤੂ ਕੁਨੁ ਰੇ ਮੈ ਜੀ ਨਾਮਾ’’), ਪ੍ਰਭੂ ਦਾ ਦਰਸ਼ਨ ਕਰਦਿਆਂ ਹੀ ਮੇਰਾ (ਵਿਛੋੜੇ ਵਾਲ਼ਾ) ਦੁੱਖ ਤੇ ਭੁੱਖ ਮਰ ਗਈ। ਕੁੱਝ ਹੋਰ ਮੰਗਣ ਨੂੰ ਮੇਰੇ ਚਿਤ ’ਚੋਂ ਕੋਈ ਫੁਰਨਾ ਨਾ ਉੱਠਿਆ। ਦਾਤਾਰ-ਪਿਤਾ ਦੇ ਚਰਨਾਂ ਨਾਲ਼ ਲੱਗ ਕੇ ਮਾਨੋ ਮੇਰੀਆਂ ਸਾਰੀਆਂ ਇਛਾਵਾਂ ਪੂਰੀਆਂ ਹੋ ਗਈਆਂ। ਮੈਨੂੰ ਗੁਣਹੀਣ, ਨਿਮਾਣੇ (ਵੇਦਾਵੈ) ਨੂੰ ਉਸ ਪ੍ਰਭੂ ਪਿਤਾ ਨੇ ਬਖ਼ਸ਼ ਲਿਆ। ਧਿਆਨ ਰਹੇ ਕਿ ਇਸ ਤੁਕ ਦਾ ‘ਅੰਕ ; ਮਾਰੂ ਵਾਰ ਦੀ 9ਵੀਂ ਪਉੜੀ ਦੀ ਸਮਾਪਤੀ ਦਾ ਪ੍ਰਤੀਕ ਹੈ। ਇਸ ਪੜਾਅ ’ਤੇ ਪਹੁੰਚੇ ਭਗਤ; ਪ੍ਰਭੂ ਦੇ ਨਾਮ ਨੂੰ ਹੀ ਆਪਣਾ ਸਦੀਵੀ ਸਾਥੀ ਮੰਨ ਲੈਂਦੇ ਹਨ, ਨਾ ਕਿ ਕਿਸੇ ਧਨ ਪਦਾਰਥ ਨੂੰ। ਇਹੀ ਬਚਨ; ਗੁਰੂ ਨਾਨਕ ਸਾਹਿਬ ਜੀ ਦੇ ਹਨ, ‘‘ਤੂ ਪ੍ਰਭ ਦਾਤਾ  ! ਦਾਨਿ ਮਤਿ ਪੂਰਾ; ਹਮ ਥਾਰੇ (ਤੇਰੇ ਦਰ ਦੇ) ਭੇਖਾਰੀ ਜੀਉ ਮੈ ਕਿਆ ਮਾਗਉ ? ਕਿਛੁ ਥਿਰੁ ਰਹਾਈ; ਹਰਿ ਦੀਜੈ ਨਾਮੁ ਪਿਆਰੀ ਜੀਉ ’’ (ਮਹਲਾ /੫੯੮), ਜਦ ਕਿ ਪਹਿਲੀ ਅਵਸਥਾ ਵਾਲ਼ਾ ਪ੍ਰਭੂ ਦੇ ਦਰਸ਼ਨ ਲਈ ਇਉਂ ਅਰਦਾਸ ਕਰਦਾ ਹੈ, ‘‘ਕਰਿ ਕਿਰਪਾ ਪ੍ਰਭ  ! ਆਪਣੀ; ਤੇਰੇ ਦਰਸਨ ਹੋਇ ਪਿਆਸ ਪ੍ਰਭ  ! ਤੁਧੁ ਬਿਨੁ ਦੂਜਾ ਕੋ ਨਹੀ; ਨਾਨਕ ਕੀ ਅਰਦਾਸਿ ’’ (ਮਾਝ ਬਾਰਹਮਾਹਾ/ਮਹਲਾ /੧੩੪) ਅਰਥ : ਹੇ ਪ੍ਰਭੂ ਜੀ ! ਮੇਰੀ ਅਰਦਾਸ ਹੈ ਕਿ ਮਿਹਰ ਕਰ ਤਾਂ ਜੋ ਮੇਰੇ ਮਨ ਅੰਦਰ ਵੀ ਤੇਰੇ ਦਰਸ਼ਨ ਦੀ ਤਾਂਘ ਪੈਦਾ ਹੋਏ ਕਿਉਂਕਿ ਤੈਥੋਂ ਬਿਨਾਂ ਮੇਰਾ ਹੋਰ ਕੋਈ ਸਹਾਰਾ ਨਹੀਂ।

ਸੋ ਗੁਰੂ ਆਸ਼ੇ ਅਨੁਸਾਰ ਕੀਤੀ ਅਰਦਾਸ; ਗੁਰੂ ਅਤੇ ਪ੍ਰਭੂ ਦੀ ਮਿਹਰ ਵਾਲ਼ਾ ਬੂਹਾ ਖੋਲ੍ਹਦੀ ਹੈ, ਜੋ ਸ਼ਬਦ ਦੇ ਅੰਤ ’ਚ ਇਉਂ ਹੁੰਦੀ ਹੈ, ਹੇ ਸਾਰੇ ਗੁਣਾਂ ਦੇ ਖ਼ਜ਼ਾਨੇ ! ਗੁਣਾਂ ਭਰਪੂਰ ਪ੍ਰਭੂ ! ਤੇਰਾ ਬਖ਼ਸ਼ਿਆ ਬਲ; ਅਸਲੀਅਤ ਬਿਆਨ ਕਰ ਰਿਹਾ ਹੈ ਕਿ ਸੇਵਕ ਦੀ ਅਰਦਾਸ; ਕਦੇ ਅਜਾਈਂ ਨਹੀਂ ਜਾਂਦੀ, ‘‘ਬਿਰਥੀ ਕਦੇ ਹੋਵਈ; ਜਨ ਕੀ ਅਰਦਾਸਿ ਨਾਨਕ  ! ਜੋਰੁ ਗੋਵਿੰਦ ਕਾ; ਪੂਰਨ ਗੁਣਤਾਸਿ ੧੩੭੭’’ (ਬਿਲਾਵਲੁ/ਮਹਲਾ /੮੧੯)ਜੇ ਅਰਦਾਸ ਕਰਨ ਦਾ ਮਨੋਰਥ; ਗੁਰੂ ਆਸ਼ੇ ਅਨੁਸਾਰ ਹੋਵੇ ਅਤੇ ਦਿਲੋਂ ਪੁਕਾਰ ਨਿਕਲੇ ਤਾਂ ਮਹਿਲਾਂ ਦਾ ਮਾਲਕ; ਅਰਦਾਸ ਸੁਣ ਕੇ ਸ਼ਾਬਾਸ਼ੀ ਦਿੰਦਾ ਹੈ। ਆਪਣੇ ਸੱਚੇ ਤਖ਼ਤ ’ਤੇ ਬਿਠਾਉਂਦਾ ਹੈ, ਮਾਣ ਬਖ਼ਸ਼ਦਾ ਹੈ, ‘‘ਸਚਾ ਅਰਜੁ (ਮਨੋਰਥ) ਸਚੀ ਅਰਦਾਸਿ ॥ ਮਹਲੀ ਖਸਮੁ ਸੁਣੇ ਸਾਬਾਸਿ ॥ ਸਚੈ+ਤਖਤਿ (’ਤੇ) ਬੁਲਾਵੈ ਸੋਇ ॥ ਦੇ ਵਡਿਆਈ; ਕਰੇ, ਸੁ ਹੋਇ ॥’’ (ਮਹਲਾ ੧/੩੫੫) ਅਰਥ : ਸੱਚਾ ਮਨੋਰਥ ਭਰਪੂਰ ਗੁਰੂ ਆਸ਼ੇ ਅਨੁਸਾਰ ਅਰਦਾਸ ਹੋਵੇ ਤਾਂ ਮਹਿਲਾਂ ਦਾ ਮਾਲਕ (ਉਸ ਨੂੰ) ਸੁਣਦਾ ਹੈ ਤੇ ਸ਼ਾਬਾਸ਼ ਦਿੰਦਾ ਹੈ। ਸਦਾ ਸਥਿਰ ਤਖ਼ਤ ਉੱਤੇ ਬਿਰਾਜਮਾਨ ਕਰਦਾ ਹੈ ਯਾਨੀ ਉਸ ਅੰਦਰ ਅਨੰਦ, ਅਡੋਲਤਾ ਬਣੀ ਰਹਿੰਦੀ ਹੈ। ‘ਦੇ ਵਡਿਆਈ; ਕਰੇ, ਸੁ ਹੋਇ ॥’ ਦਾ ਅਰਥ ਹੈ ਕਿ ਮਾਣ ਬਖ਼ਸ਼ ਕੇ (ਦੇ ਕੇ) ਜੋ ਉਪਕਾਰ ਕਰਦਾ ਹੈ ਉਹ ਨਿਰੰਤਰ ਰਹਿੰਦਾ ਹੈ ਭਾਵ ਉਸ ਵਿੱਚ ਕੋਈ ਵਿਘਨ ਨਹੀਂ ਪਾ ਸਕਦਾ। 

ਗੁਰੂ ਅਮਰਦਾਸ ਜੀ ਦੇ ਅੰਤਮ ਬਚਨ; ਬਾਬਾ ਸੁੰਦਰ ਜੀ ਨੇ ‘ਸਦੁ’ (ਭਾਵ ਅਕਾਲ ਪੁਰਖ ਵੱਲੋਂ ਆਇਆ ਸੱਦਾ) ਬਾਣੀ ’ਚ ਦਰਜ ਕੀਤੇ ਹਨ। ਬਾਬਾ ਜੀ ਨੇ ਕਿਹਾ ਕਿ ਗੁਰੂ ਜੀ ਨੂੰ ਹਰੀ ਨੇ ਆਪਣੇ ’ਚ ਮਿਲਾ ਕੇ ਸ਼ਾਬਾਸ਼ੀ ਦਿੱਤੀ ਕਿ ਤੁਸੀਂ ਸੰਸਾਰ ’ਚ ਸਫਲ ਜ਼ਿੰਦਗੀ ਭੋਗੀ ਹੈ, ‘‘ਸਤਿਗੁਰੂ ਕੀ ਬੇਨਤੀ ਪਾਈ; ਹਰਿ ਪ੍ਰਭਿ (ਨੇ) ਸੁਣੀ ਅਰਦਾਸਿ ਜੀਉ ਹਰਿ ਧਾਰਿ ਕਿਰਪਾ ਸਤਿਗੁਰੁ (ਨੂੰ ਆਪਣੇ) ਮਿਲਾਇਆ; ਧਨੁ ਧਨੁ ਕਹੈ ਸਾਬਾਸਿ ਜੀਉ ’’ (ਸਦ/ਬਾਬਾ ਸੁੰਦਰ/੯੨੩), ਗੁਰੂ ਨਾਨਕ ਸਾਹਿਬ ਜੀ ਨੇ ਫ਼ੁਰਮਾਇਆ ਕਿ ਅਰਦਾਸ ਕਰਦਿਆਂ ਸੰਤੋਖ ਅਤੇ ਉੱਚਾ ਆਚਰਨ ਵੀ ਹੋਵੇ ਤਾਂ ਪ੍ਰਮਾਤਮਾ; ਅਰਦਾਸ ਸੁਣਦਾ ਹੈ ਤੇ ਬੁਲਾ ਕੇ ਆਪਣੇ ਕੋਲ਼ ਬੈਠਾਉਂਦਾ ਹੈ ‘‘ਸਤੁ ਸੰਤੋਖੁ ਹੋਵੈ ਅਰਦਾਸਿ ਤਾ ਸੁਣਿ (ਕੇ) ਸਦਿ ਬਹਾਲੇ ਪਾਸਿ ’’ (ਮਹਲਾ /੮੭੮), ਅਰਦਾਸ ਕਰਨ ਸਮੇਂ ‘ਸਤੁ, ਸੰਤੋਖੁ’; ਧਿਆਨ ਇਕਾਗਰ/ਸਥਿਰ ਕਰਨ ’ਚ ਸਹਾਇਤਾ ਕਰਦੇ ਹਨ। ‘ਵਿਕਾਰ ਦ੍ਰਿਸ਼ਟੀ’ ਤੇ ‘ਪਦਾਰਥਾਂ ਦੀ ਖਿੱਚ’; ਮਨ ਨੂੰ ਕਦੇ ਸ਼ਾਂਤ ਨਹੀਂ ਰਹਿਣ ਦਿੰਦੇ। ਐਸੇ ਤਪਦੇ ਹਿਰਦੇ ਨਾਲ਼ ਕੀਤੀ ਅਰਦਾਸ ਪ੍ਰਵਾਨ ਕਿਵੇਂ ਹੋਵੇ, ‘‘ਕਿਆ ਮੁਹੁ ਲੈ (ਕੇ); ਕੀਚੈ ਅਰਦਾਸਿ  ? ਪਾਪੁ ਪੁੰਨੁ ਦੁਇ; ਸਾਖੀ ਪਾਸਿ ’’ (ਮਹਲਾ /੩੫੧) ਭਾਵ ਜਦ ਪਾਪ ਤੇ ਪੁੰਨ ਦੋਵੇਂ; ਅਰਦਾਸ ਸਮੇਂ ਗਵਾਹੀ ਭਰਨ ਲਈ ਨਾਲ਼ ਖੜ੍ਹੇ ਹੋਣ ਤਾਂ ਕਿਹੜੀ ਜ਼ਬਾਨ ਨਾਲ਼ (ਇਕਾਗਰ ਚਿਤ ਹੋ) ਅਰਦਾਸ ਕਰੀਏ। ਕੇਵਲ ਇਹ ਭਰੋਸਾ ਮਨ ’ਚ ਹੋਵੇ ਤਾਂ ਹੀ ਅਰਦਾਸ ਨੂੰ ਦਿਲੀ ਭਾਵਨਾ ਸਮਝ ਕੇ ਸੁਣਿਆ ਜਾਂਦਾ ਹੈ, ‘‘ਪਤਿਤ ਉਧਾਰਣੁ ਸਤਿਗੁਰੁ ਮੇਰਾ; ਮੋਹਿ ਤਿਸ ਕਾ ਭਰਵਾਸਾ (ਆਸਰਾ) ਬਖਸਿ ਲਏ ਸਭਿ ਸਚੈ+ਸਾਹਿਬਿ (ਨੇ); ਸੁਣਿ ਨਾਨਕ ਕੀ ਅਰਦਾਸਾ ’’ (ਮਹਲਾ /੬੨੦), ਚੇਤੇ ਰਹੇ ਕਿ ਇਹ ਬੋਲ; ਸੰਬੋਧਨ ਰੂਪ ’ਚ ਨਾ ਹੋਣ ਕਾਰਨ ਸ਼ਬਦ ਦੇ ਅੰਤ ’ਚ ਵੀ ਨਹੀਂ ਹਨ।

ਵਿਕਾਰਾਂ ’ਚ ਸੜ ਰਹੀ ਲੁਕਾਈ ਦੇ ਭਲੇ ਲਈ ਗੁਰੂ ਰਾਮਦਾਸ ਜੀ ਨੇ ਪ੍ਰਭੂ ਅੱਗੇ ਇਹ ਅਰਦਾਸ ਕੀਤੀ, ‘‘ਸਭਨਾ ਤੇਰੀ ਆਸ ਪ੍ਰਭ ! ਸਭਿ ਜੀਅ ਤੇਰੇ, ਤੂੰ ਰਾਸਿ (ਪੂੰਜੀ) ਪ੍ਰਭ  ! ਤੁਧਹੁ ਖਾਲੀ ਕੋ ਨਹੀ; ਦਰਿ (’ਤੇ) ਗੁਰਮੁਖਾ ਨੋ ਸਾਬਾਸਿ ਬਿਖੁ ਭਉਜਲ ਡੁਬਦੇ ਕਢਿ ਲੈ; ਜਨ ਨਾਨਕ ਕੀ ਅਰਦਾਸਿ ੬੫’’ (ਸਿਰੀਰਾਗੁ/ਮਹਲਾ /੪੦), ਗੁਰੂ ਅਰਜਨ ਸਾਹਿਬ ਜੀ ਨੇ ਇਹ ਅਰਦਾਸ ਕੀਤੀ, ‘ਨਾਨਕ ਕੀ ਅਰਦਾਸਿ ਸੁਣੀਜੈ ਡੂਬਤ ਪਾਹਨ, ਪ੍ਰਭ ਮੇਰੇ ! ਲੀਜੈ ੧੪੨੦’’ (ਸੂਹੀ/ਮਹਲਾ /੭੪੧) ਭਾਵ ਹੇ ਮੇਰੇ ਪ੍ਰਭੂ ! ਸਾਨੂੰ ਪੱਥਰ ਵਾਙ ਮਾਇਆ ’ਚ ਡੁਬਦਿਆਂ ਨੂੰ ਬਚਾ ਲੈ। ਚੇਤੇ ਰਹੇ ਕਿ ਐਸੇ ਵਾਕ; ਸ਼ਬਦਾਂ ਦੇ ਅੰਤ ’ਚ ਹੁੰਦੇ ਹਨ।

ਜਿਸ ਤਰ੍ਹਾਂ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਨੇ ਮਾਲਕ ਅੱਗੇ ਆਪ ਅਰਦਾਸ ਕੀਤੀ, ਵੈਸੇ ਹੀ ਸਿੱਖਾਂ ਨੂੰ ਅਰਦਾਸ ਕਰਨ ਲਈ ਪ੍ਰੇਰਿਆ ਹੈ ਕਿਉਂਕਿ ਨੌਕਰ; ਆਪਣੇ ਮਾਲਕ ਅੱਗੇ ਹੁਕਮ ਚਲਾਉਂਦਾ ਸ਼ੋਭਦਾ ਨਹੀਂ, ‘‘ਨਾਨਕ  ! ਹੁਕਮੁ ਚਲਈ; ਨਾਲਿ ਖਸਮ ਚਲੈ ਅਰਦਾਸਿ ੨੨’’ (ਆਸਾ ਕੀ ਵਾਰ/ਮਹਲਾ /੪੭੪) ਗੁਰੂ ਅੰਗਦ ਸਾਹਿਬ ਜੀ ਨੇ ਇਸ ਨੂੰ ਥੋੜ੍ਹਾ ਹੋਰ ਖੋਲ੍ਹਦਿਆਂ ਕਿਹਾ ਕਿ ਅਰਦਾਸ ਉਪਰੰਤ ਕਰਤਾਰ ਦੀ ਮਿਹਰ ਉਸੇ ਭਾਂਡੇ ’ਚ ਪੈਂਦੀ ਹੈ, ਜਿਸ ਅੰਦਰੋਂ ਪਹਿਲਾਂ ਰੱਖੀ ਵਸਤੂ (ਅਹੰਕਾਰ) ਬਾਹਰ ਕੱਢੀ ਜਾਵੇ, ‘‘ਵਸਤੂ ਅੰਦਰਿ ਵਸਤੁ ਸਮਾਵੈ; ਦੂਜੀ ਹੋਵੈ ਪਾਸਿ ਸਾਹਿਬ ਸੇਤੀ ਹੁਕਮੁ ਚਲੈ; ਕਹੀ ਬਣੈ ਅਰਦਾਸਿ ..’’ (ਆਸਾ ਕੀ ਵਾਰ/ਮਹਲਾ /੪੭੪), ਆਪ ਜੀ ਨੇ ਅਰਦਾਸ ਦੌਰਾਨ ਖੜ੍ਹੇ ਹੋਣ ਲਈ ਕਿਹਾ, ‘‘ਤਿਸੈ ਅਗੈ ਨਾਨਕਾ ! ਖਲਿਇ ਕੀਚੈ ਅਰਦਾਸਿ ’’ (ਮਹਲਾ /੧੦੯੩), ਸੋ ਮੈਂ ਤਾਂ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦਾ ਸਿਮਰਨ ਕਰਨ ਤੋਂ ਬਾਅਦ ਖੜ੍ਹ ਕੇ, ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਹਾਂ, ‘‘ਦੁਇ ਕਰ ਜੋੜਿ (ਕੇ); ਕਰੀ ਅਰਦਾਸਿ ਸਦਾ ਜਪੇ; ਨਾਨਕੁ ਗੁਣਤਾਸੁ (ਪ੍ਰਭਾਤੀ/ਮਹਲਾ /੧੩੪੦), ਦੁਇ ਕਰ ਜੋੜਿ; ਕਰੀ (ਕਰੀਂ) ਅਰਦਾਸਿ ਚਰਨ ਪਖਾਰਿ (ਧੋ ਕੇ); ਕਹਾਂ ਗੁਣਤਾਸ ਪ੍ਰਭ ਦਇਆਲ ਕਿਰਪਾਲ ! ਹਜੂਰਿ ਨਾਨਕੁ ਜੀਵੈ; ਸੰਤਾ ਧੂਰਿ ੨੩’’ (ਧਨਾਸਰੀ/ਮਹਲਾ /੬੭੬) ਅਰਥ : ਹੇ ਪ੍ਰਭੂ ! ਹੇ ਦਇਆ ਦ੍ਰਿਸ਼ਟੀ ਵਾਲ਼ੇ ! ਹੇ ਕਿਰਪਾ ਦੇ ਸਮੁੰਦਰ ! ਹੇ ਗੁਣਾਂ ਦੇ ਖ਼ਜ਼ਾਨੇ ! ਤੂੰ ਮੇਰੇ ਅੰਗ-ਸੰਗ ਹੈਂ। ਮੈਂ ਤੇਰੇ ਚਰਨਾਂ ਨੂੰ ਧੋ ਕੇ ਭਾਵ ਆਪਣੇ ਨਿਰਮਲ ਮਨ ਨਾਲ਼ ਜਪ ਕੇ, ਤੇਰੇ ਸੰਤ-ਜਨਾਂ ਦੀ ਧੂੜ ਬਣ ਕੇ, ਦੋਵੇਂ ਹੱਥ ਜੋੜ ਕੇ ਤੇਰੇ ਗੁਣ ਗਾਉਂਦਾ ਹਾਂ। (ਉਸ ਤੋਂ ਬਾਅਦ) ਅਰਦਾਸ ਵੀ ਕਰਦਾ ਹਾਂ ਤੇ ਆਤਮਕ ਅਨੰਦ ਮਾਣਦਾ ਹਾਂ। ਇਨ੍ਹਾਂ ਦੋਵੇਂ ਵਾਕਾਂ ’ਚ ‘ਕਰੀ’ ਦਾ ਉਚਾਰਨ ਬਿੰਦੀ ਸਹਿਤ ‘ਕਰੀਂ ’ ਹੈ ਤੇ ਅਰਥ ਹੈ ‘ਮੈਂ ਕਰਦਾ ਹਾਂ’ (ਉਤਮ ਪੁਰਖ ਇੱਕ ਵਚਨ ਕਿਰਿਆ)

ਗੁਰੂ ਅਮਰਦਾਸ ਜੀ; ਆਪਣਾ ਅਨੁਭਵ ਸਾਂਝਾ ਕਰਦਿਆਂ ਸਮਝਾ ਰਹੇ ਹਨ ਕਿ ਜਿਸ ਦੇ ਹੁਕਮ ਤੋਂ ਕੋਈ ਆਕੀ ਨਹੀਂ ਹੋ ਸਕਦਾ, ਉਸ ਦਾ ਨਾਮ ਮਨ ’ਚ ਵਸਾਉਣਾ ਹੈ। ਨਿਮਾਣਾ ਬਣ ਖੜ੍ਹ ਕੇ ਅਰਦਾਸ ਕਰਨੀ ਹੈ ਤਾਂ ਅਰਦਾਸ ਸੁਣ ਕੇ ਸ਼ਾਬਾਸ਼ੀ ਮਿਲਦੀ ਹੈ, ‘‘ਜਿਸੁ ਨਾਲਿ ਜੋਰੁ ਚਲਈ; ਖਲੇ ਕੀਚੈ ਅਰਦਾਸਿ ਨਾਨਕ  ! ਗੁਰਮੁਖਿ ਨਾਮੁ ਮਨਿ (’) ਵਸੈ; ਤਾ ਸੁਣਿ, ਕਰੇ ਸਾਬਾਸਿ ’’ (ਮਹਲਾ /੯੯੪), ਅਰਦਾਸ ਕਰਨ ਦਾ ਇਹੀ ਢੰਗ ਸਫਲਾ ਹੋ ਗਿਆ, ਜਦ ਅੰਤ ਸਮੇਂ ਆਪ ਨੂੰ ਮਾਲਕ ਤੋਂ ਸ਼ਾਬਾਸ਼ੀ ਮਿਲੀ, ‘‘ਹਰਿ ਧਾਰਿ ਕਿਰਪਾ ਸਤਿਗੁਰੁ (ਨੂੰ ਆਪਣੇ) ਮਿਲਾਇਆ; ਧਨੁ ਧਨੁ ਕਹੈ ਸਾਬਾਸਿ ਜੀਉ ’’ (ਸਦ/ਬਾਬਾ ਸੁੰਦਰ/੯੨੩), ਪਰ ਅਰਦਾਸ ਉਸੇ ਅੱਗੇ ਕਰਨੀ ਹੈ, ਜੋ ਆਪ ਹੀ ਆਤਮਕ ਮੌਤ ਮਾਰਦਾ ਹੈ ਤੇ ਆਪ ਹੀ ਜੀਵਨ ਨੂੰ ਪ੍ਰਫੁਲਿਤ/ਰੌਸ਼ਨ ਕਰਦਾ ਹੈ, ‘‘ਆਪਿ ਬਿਨਾਹੇ; ਆਪਿ ਕਰੇ ਰਾਸਿ ਨਾਨਕ  ! ਪ੍ਰਭ ਆਗੈ ਅਰਦਾਸਿ ੧੧੮੦’’ (ਗਉੜੀ/ਮਹਲਾ /੧੭੯)

ਹੁਣ ਤੱਕ ਕੀਤੀ ਉਕਤ ਸਾਰੀ ਵਿਚਾਰ; ਅਕਾਲ ਪੁਰਖ ਅੱਗੇ ਅਰਦਾਸ/ਬੇਨਤੀ ਕਰਨ ਨਾਲ਼ ਸੰਬੰਧਿਤ ਹੈ ਜਦ ਕਿ ਉਹ ਅਦ੍ਰਿਸ਼ ਹੈ, ਨਿਰਾਕਾਰ ਹੈ, ਪੰਜ ਗਿਆਨ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ। ਆਮ ਮਨੁੱਖ ਨੂੰ ਉਸ ਦੀ ਸਮਝ ਹੋਣੀ ਨਾਮੁਮਕਿਨ ਹੈ। ਸਤਿਗੁਰੂ ਹੀ ਉਸ ਨੂੰ ਮਿਲਣ ਵਾਲ਼ਾ ਰਾਹ ਵਿਖਾਉਂਦਾ ਹੈ; ਜਿਵੇਂ ਕਿ ਬਚਨ ਹਨ, ‘‘ਕਰ (ਹੱਥ) ਜੋੜਿ ਗੁਰ ਪਹਿ ਕਰਿ ਬਿਨੰਤੀ; ਰਾਹੁ ਪਾਧਰੁ ਗੁਰੁ ਦਸੈ (ਮਹਲਾ /੭੬੭), ਪਾਇ (ਚਰਨੀਂ) ਲਗਹ, ਨਿਤ ਕਰਹ ਬਿਨੰਤੀ; ਗੁਰਿ+ਸਤਿਗੁਰਿ (ਨੇ) ਪੰਥੁ (ਰਾਹ) ਬਤਾਇਆ (ਮਹਲਾ /੫੭੪), ਬਾਬਾ ਫ਼ਰੀਦ ਜੀ ਦੇ ਵੀ ਬੋਲ ਹਨ ਕਿ ਜੋ ਰਸਤਾ ਗੁਰੂ ਵਿਖਾਉਂਦਾ ਹੈ, ਉਸ ਉੱਤੇ ਚੇਲਿਆਂ ਨੂੰ ਚੱਲਣਾ ਹੀ ਬਣਦਾ ਹੈ,‘‘ਜੋ ਗੁਰੁ ਦਸੈ ਵਾਟ; ਮੁਰੀਦਾ ਜੋਲੀਐ ॥’’ (ਬਾਬਾ ਫ਼ਰੀਦ ਜੀ/੪੮੮), ਸਤਿਗੁਰੂ; ਸਰੀਰ ਅੰਦਰਲੀ ਜਿੰਦ (ਰੂਹ) ਨੂੰ ਖਿੜਨ ਵਾਲ਼ੀ ਸੂਝ ਬਖ਼ਸ਼ਦਾ ਹੈ ਕਿਉਂਕਿ ਵਾਰ-ਵਾਰ ਦੇ ਜੰਮਣ ਮਰਨ ਕਾਰਨ ਮਨੁੱਖ ਅੰਦਰ ਅਗਿਆਨਤਾ ਹੈ, ਕੂੜ ਦੀ ਦੀਵਾਰ ਹੈ, ਜਨਮ ਜਨਮ ਦੀ ਮੈਲ਼ ਹੈ ਜਦ ਕਿ ਸਤਿਗੁਰੂ; ਇਸ ਮੈਲ਼ ਤੋਂ ਮੁਕਤ ਹੈ, ਇਸ ਲਈ ਜਨਮ ਮਰਨ ’ਚ ਵੀ ਨਹੀਂ, ‘‘ਜਨਮ ਮਰਣ ਦੁਹਹੂ ਮਹਿ ਨਾਹੀ; ਜਨ ਪਰਉਪਕਾਰੀ ਆਏ ਜੀਅ ਦਾਨੁ ਦੇ ਭਗਤੀ ਲਾਇਨਿ; ਹਰਿ ਸਿਉ ਲੈਨਿ ਮਿਲਾਏ ’’ (ਮਹਲਾ /੭੪੯) ‘ਜੀਅ ਦਾਨੁ’ ਤੋਂ ਭਾਵ ਉਹ ਦਾਨ ਹੈ, ਜੋ ਜਿੰਦ ਲਈ ਹੈ, ਸਰੀਰ ਲਈ ਨਹੀਂ ਯਾਨੀ ਰੂਹ ਨੂੰ ਹਰਾ ਭਰਾ ਕਰ ਤਰਕਵਾਦੀ ਦਿਮਾਗ਼ ਨੂੰ ਆਤਮ ਪ੍ਰਕਾਸ਼ ਰਾਹੀਂ ਸੰਤੁਸ਼ਟ ਕਰਨ ਵਾਲ਼ਾ ਗਿਆਨ। ਇਹ ਗਿਆਨ; ਸ਼ਰਧਾਵਾਨ ਨੂੰ ਹਰੀ ਵਿੱਚ ਇਉਂ ਅਭੇਦ ਕਰਾਉਂਦਾ ਹੈ; ਜਿਵੇਂ ਕਿ ਉਨ੍ਹਾਂ ਵਿੱਚ ਗੁਰੂ ਜੀ ਅਭੇਦ ਹਨ। ਇਹ ਗਿਆਨ; ਮਨੁੱਖ ਨੂੰ ਸਵੈ ਪੜਚੋਲ ਕਰਨ ਲਈ ਪ੍ਰੇਰਦਾ ਹੈ ਕਿਉਂਕਿ ਆਤਮ ਮੰਥਨ ਕੀਤਿਆਂ ਹੀ ਬਾਣੀਕਾਰਾਂ ਅੰਦਰੋਂ ਹਰੀ ਦੀ ਜੋਤਿ (ਆਤਮ ਪ੍ਰਕਾਸ਼); ਗੁਰੂ ਸ਼ਬਦ ਰੂਪ ’ਚ ਪ੍ਰਗਟ ਹੋਇਆ ਹੈ; ਜਿਵੇਂ ਕਿ ਸਤਾ-ਬਲਵੰਡ ਜੀ ਦੇ ਬੋਲ ਹਨ, ‘‘ਜਿਨਿ ਸਮੁੰਦੁ ਵਿਰੋਲਿਆ; ਕਰਿ ਮੇਰੁ ਮਧਾਣੁ ਚਉਦਹ ਰਤਨ ਨਿਕਾਲਿਅਨੁ; ਕੀਤੋਨੁ ਚਾਨਾਣੁ ’’ (ਬਲਵੰਡ ਸਤਾ/੯੬੮) ਅਰਥ : ਜਿਸ (ਗੁਰੂ ਅਮਰਦਾਸ ਜੀ) ਨੇ (ਉੱਚੀ ਸੁਰਤ ਰੂਪ) ਸੁਮੇਰ ਪਰਬਤ ਨੂੰ ਮਧਾਣੀ ਬਣਾ ਕੇ ਸਰੀਰ-ਸਮੁੰਦਰ ਨੂੰ ਰਿੜਕਿਆ ਤੇ ਉਨ੍ਹਾਂ ਨੇ ਆਪਣੇ ਅੰਦਰੋਂ 14 ਕੀਮਤੀ ਰਤਨ (ਰੱਬੀ ਨੂਰ/ਆਤਮ ਪ੍ਰਕਾਸ਼) ਕੱਢ ਲਏ, ਜਿਨ੍ਹਾਂ ਨਾਲ਼ ਸਿੱਖਾਂ ਦੇ ਹਿਰਦਿਆਂ ਅੰਦਰ ਚਾਨਣ ਕੀਤਾ।

ਦਰਅਸਲ ਸਫਲ ਜ਼ਿੰਦਗੀ ਉਹ ਹੈ, ਜਿਸ ਅੰਦਰ ਇਹ ਤਿੰਨ ਸ਼ਕਤੀਆਂ ਇੱਕ-ਮਿੱਕ ਹੋ ਜਾਣ (1). ਰੂਹ ਜਾਂ ਆਤਮਾ; ਜੋ ਕਿ ਰੱਬ ਦੀ ਜੋਤਿ ਹੈ। ਇਸ ਨੂੰ ਆਤਮ ਪ੍ਰਕਾਸ ਵੀ ਕਿਹਾ ਜਾਂਦਾ ਹੈ (2). ਦਿਮਾਗ਼। (3). ਮਲ਼ੀਨ ਅੰਤਹਿਕਰਣ ਕਿਉਂਕਿ ਇਸ ’ਤੇ ਕਈ ਜਨਮਾਂ ਦੀ ਮੈਲ਼/ਪਰਤ ਚੜ੍ਹੀ ਹੈ, ਜੋ ‘ਕੂੜ ਦੀ ਪਾਲਿ’ ਹੈ। ਅੰਤਹਿਕਰਣ ਦੀ ਇਹ ਮੈਲ਼; ਆਤਮ ਪ੍ਰਕਾਸ਼/ਇਲਾਹੀ ਨੂਰ ਦਾ ਹੂ-ਬਹੂ ਪ੍ਰਭਾਵ; ਦਿਮਾਗ਼ ’ਤੇ ਨਹੀਂ ਪੈਣ ਦਿੰਦੀ; ਜਿਵੇਂ ਕਿ ਸੂਰਜ ਗ੍ਰਹਿਣ ਸਮੇਂ ਵਿਚਕਾਰ ਆਇਆ ਚੰਦ; ਸੂਰਜ ਦੀ ਰੌਸ਼ਨੀ ਨੂੰ ਧਰਤੀ ’ਤੇ ਨਹੀਂ ਪੈਣ ਦਿੰਦਾ; ਤਾਂ ਤੇ ਅੰਤਹਿਕਰਣ ਨੂੰ ਪਾਰਦਰਸ਼ੀ ਕਰਨਾ ਹੀ ਸਫਲ ਜੀਵਨ ਹੈ ਭਾਵ ਚਾਰ ਬਾਹਰਲੀਆਂ ਇੰਦ੍ਰੀਆਂ ‘ਸੁਰਤਿ, ਮਤਿ, ਮਨਿ, ਬੁਧਿ’ ਨੂੰ ਘੜਨਾ ਹੈ।

ਅੰਤਹਿਕਰਣ ਨੂੰ ਪਾਰਦਰਸ਼ੀ ਕਰਨ ਲਈ ਗੁਰੂ ਗਿਆਨ/ਰੌਸ਼ਨੀ ਨਾਲ਼ ਆਪਣੇ ਆਪ ਨੂੰ ਪੜ੍ਹਨਾ ਹੈ। ਸਤਿਗੁਰੂ ਦੀ ਮਿਹਰ ਨਾਲ਼ ਵਿਕਾਰ-ਵਾਸ਼ਨਾ ਨੂੰ ਮਾਰਨ ਨਾਲ਼ ਰੂਹ ਖਿੜਦਾ ਹੈ, ਪ੍ਰਫੁਲਿਤ ਹੁੰਦਾ ਹੈ ਭਾਵ ਪਾਰਦਰਸ਼ੀ ਹੋਏ ਅੰਤਹਿਕਰਣ ’ਚੋਂ ਦਿਮਾਗ਼ ਨੂੰ ਆਤਮ ਪ੍ਰਕਾਸ਼ ਦਾ ਪੂਰਨ ਅਹਿਸਾਸ ਹੁੰਦਾ ਹੈ ਤੇ ਉਹ ਕਿੰਤੂ-ਪਰੰਤੂ ਕਰਨ ਦੀ ਥਾਂ ਸ਼ਾਂਤ/ਸਥਿਰ ਹੋ ਬੈਠਦਾ ਹੈ। ਦਿਮਾਗ਼ ਨੂੰ ਹੋਇਆ ਆਤਮ ਪ੍ਰਕਾਸ਼ ਦਾ ਇਹ ਅਹਿਸਾਸ ਹੀ ਸਰੀਰ-ਸਮੁੰਦਰ ਰਿੜਕ ਕੇ 14 ਰਤਨ ਕੱਢਣਾ ਹੈ, ਪ੍ਰਭੂ ਨਾਲ਼ ਇੱਕ-ਮਿੱਕ ਹੋਣਾ ਹੈ, ਉਸ ਦਾ ਦਰਸ਼ਨ ਕਰਨਾ ਹੈ। ‘ਜਪੁ’ ਬਾਣੀ ਦੀ 6ਵੀਂ ਪਉੜੀ ’ਚ ਵੀ ਗੁਰੂ ਸਾਹਿਬ ਨੇ ਕਿਹਾ ਕਿ ਮਤਿ ਅੰਦਰ/ਹੇਠਾਂ ਛੁਪੇ ਇਹ (14 ਰਤਨ, ਜਵਾਹਰ, ਮੋਤੀ); ਗੁਰੂ ਸਿੱਖਿਆ ਨਾਲ਼ ਲੱਭ ਪੈਂਦੇ ਹਨ, ‘‘ਮਤਿ ਵਿਚਿ ਰਤਨ ਜਵਾਹਰ ਮਾਣਿਕ; ਜੇ ਇਕ ਗੁਰ ਕੀ ਸਿਖ ਸੁਣੀ ..’’, ਇਹੀ ਨੁਕਤਾ ਗੁਰੂ ਅਰਜਨ ਸਾਹਿਬ ਜੀ ਨੇ ਇਉਂ ਸਮਝਾਇਆ, ‘‘ਹਰਿ ਕੇ ਨਾਮ ਕੀ ਗਤਿ ਠਾਂਢੀ ਬੇਦ, ਪੁਰਾਨ, ਸਿਮ੍ਰਿਤਿ, ਸਾਧੂ ਜਨ; ਖੋਜਤ ਖੋਜਤ ਕਾਢੀ ਰਹਾਉ ’’ (ਮਹਲਾ /੧੨੧੯) ਭਾਵ ਹਰੀ ਦਾ ਨਾਮ (ਰੱਬੀ ਜੋਤਿ/ਇਲਾਹੀ ਨੂਰ); ਮਨ ਨੂੰ ਠੰਢ ਦੇਣ ਵਾਲ਼ਾ ਹੈ, ਇਹ ਗੱਲ; ਸੰਤ ਜਨਾਂ ਨੇ ਧਾਰਮਿਕ ਗ੍ਰੰਥਾਂ ਰਾਹੀਂ ਆਪਣੇ ਆਪ ਨੂੰ ਪੜ੍ਹ ਕੇ ਪ੍ਰਗਟ ਕੀਤੀ ਹੈ ਤਾਂ ਤੇ ਜਿੰਦ ਦੀ ਹਰ ਪੀੜਾ ਲਈ ਸਤਿਗੁਰੂ ਅੱਗੇ ਅਰਦਾਸ ਕਰਨੀ ਹੈ, ‘‘ਜੀਅ ਕੀ ਬਿਰਥਾ ਹੋਇ; ਸੁ ਗੁਰ ਪਹਿ ਅਰਦਾਸਿ ਕਰਿ ਛੋਡਿ ਸਿਆਣਪ ਸਗਲ; ਮਨੁ ਤਨੁ ਅਰਪਿ ਧਰਿ ’’ (ਮਹਲਾ /੫੧੯) ਜ਼ਿੰਦਗੀ ਮੁਰਝਾਉਣ ਦਾ ਮੂਲ ਕਾਰਨ ਆਪਣੀ ਸਿਆਣਪ ’ਤੇ ਨਿਰਭਰ ਰਹਿਣਾ ਹੈ। ਸਿਆਣਪ ਇਹ ਹੈ ਕਿ ਮੈਂ ਕੁੱਝ ਕਰ ਸਕਦਾ ਹਾਂ। ਇਸ ਨੂੰ ਤਿਆਗ ਕੇ ਗੁਰੂ ਅੱਗੇ ਅਰਦਾਸ ਕਰਨੀ ਹੈ; ਜਿਵੇਂ ਕਿ ਸੁਖਮਨੀ ਸਾਹਿਬ ਦੀ 24ਵੀਂ (ਭਾਵ ਅੰਤਮ) ਅਸ਼ਟਪਦੀ ’ਚ ਬਿਆਨ ਕੀਤਾ ਹੈ, ‘‘ਆਪੁ ਛੋਡਿ, ਬੇਨਤੀ ਕਰਹੁ ਸਾਧਸੰਗਿ; ਅਗਨਿ ਸਾਗਰੁ ਤਰਹੁ ਹਰਿ ਧਨ ਕੇ ਭਰਿ ਲੇਹੁ ਭੰਡਾਰ ਨਾਨਕ  ! ਗੁਰ ਪੂਰੇ ਨਮਸਕਾਰ …. ੨੪ (ਮਹਲਾ /੨੯੫) ‘ਆਪੁ ਛੋਡਿ’ ਦਾ ਅਰਥ ਹੈ ‘ਆਪਣੇ ਆਪ ਨੂੰ ਭਾਵ ਸਿਆਣਪ ਨੂੰ ਛੱਡ ਕੇ’, ਪਰ ਜ਼ਮੀਨੀ ਹਾਲਾਤਾਂ ਨੂੰ ਵੇਖਿਆਂ ਜਾਪਦਾ ਹੈ ਕਿ ਜ਼ਿਆਦਾਤਰ ਸਿੱਖਾਂ ਨੂੰ ਅਜੇ ਤੱਕ ਸਤਿਗੁਰੂ ਅੱਗੇ ਆਪ ਅਰਦਾਸ ਕਰਨ ਦੀ ਜਾਚ ਹੀ ਨਹੀਂ ਆਈ ਹੈ, ਇਸ ਲਈ ਕੁੱਝ ਮਾਇਆ ਦੇ ਕੇ ਸੇਵਾਦਾਰਾਂ ਪਾਸੋਂ ਅਰਦਾਸ ਕਰਾ ਆਪਣੀ ਸਿਆਣਪ ਨੂੰ ਜਿਉਂ ਦਾ ਤਿਉਂ ਜੀਵਤ ਰੱਖਿਆ ਹੁੰਦਾ ਹੈ।

ਸਤਿਗੁਰੂ; ਰੱਬੀ ਨਾਮ ਰੂਪ ਅਨੋਖੀ ਦਾਤ/ਬਲ ਬਖ਼ਸ਼ਦਾ ਹੈ, ਜੋ ਸਵੈ ਪੜਚੋਲ ਕਰਦਿਆਂ ਵਿਕਾਰਾਂ ਅੱਗੇ ਹਾਰਨ ਨਹੀਂ ਦਿੰਦਾ। ਸਤਿਗੁਰੂ ਕੋਲ਼ ਨਾਮ ਰੂਪ ਖ਼ਜ਼ਾਨਾ ਅਪਾਰ ਹੈ, ‘‘ਤਿਸੁ ਆਗੈ ਅਰਦਾਸਿ ਕਰਿ; ਜੋ ਮੇਲੇ ਕਰਤਾਰੁ (ਨੂੰ) ਸਤਿਗੁਰੁ ਦਾਤਾ ਨਾਮ ਕਾ; ਪੂਰਾ ਜਿਸੁ ਭੰਡਾਰੁ ’’ (ਮਹਲਾ /੪੯), ਸੋ ਮੈਂ ਸਤਿਗੁਰੂ ਅੱਗੇ ਅਰਦਾਸ ਕਰਦਾ ਹਾਂ ਤਾਂ ਕਿ ਅਸਲ ਨਾਮ-ਧਨ ਪ੍ਰਾਪਤ ਹੋਵੇ, ‘‘ਕਰਉ ਅਰਦਾਸਿ; ਅਪਨੇ ਸਤਿਗੁਰ ਪਾਸਿ ਨਾਨਕ  ! ਨਾਮੁ ਮਿਲੈ ਸਚੁ ਰਾਸਿ (ਪੂੰਜੀ) ੬੪੧੩੩’’ (ਗਉੜੀ/ਮਹਲਾ /੧੯੨), ਐਸੀ ਦਾਤ; ਕਿਸੇ ਹੋਰ ਪਾਸਿਓਂ ਨਹੀਂ ਮਿਲਦੀ, ਇਸ ਲਈ ਇਉਂ ਅਰਦਾਸ ਕਰੋ ਕਿ ਹੇ ਗੁਰੂ ਜੀ ! ਮੇਰੇ ਅੰਦਰ ਤੇਰੇ ਦੁਆਰਾ ਬਖ਼ਸ਼ਿਆ ਆਤਮ ਪ੍ਰਕਾਸ਼ (ਬਲ) ਹੈ, ‘‘ਜੀਅਨ ਕਾ ਦਾਤਾ ਏਕੁ ਹੈ; ਬੀਆ (ਦੂਜਾ) ਨਹੀ ਹੋਰੁ ਨਾਨਕ ਕੀ ਬੇਨੰਤੀਆ; ਮੈ ਤੇਰਾ ਜੋਰੁ ੭੩ (ਬਿਲਾਵਲੁ/ਮਹਲਾ /੮੧੮)

ਗੁਰੂ ਸਾਹਿਬਾਨ ਅੱਗੇ ਭੱਟ ਸਾਹਿਬਾਨ ਨੇ ਵੀ ਬੇਨਤੀ ਕੀਤੀ ਹੈ; ਜਿਵੇਂ ਕਿ ‘‘ਹਮ ਅਵਗੁਣਿ (ਨਾਲ਼) ਭਰੇ, ਏਕੁ ਗੁਣੁ ਨਾਹੀ; ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ ਮਾਯਾ ਮੋਹ ਭਰਮ ਪੈ (ਕੇ) ਭੂਲੇ; ਸੁਤ ਦਾਰਾ (ਪੁੱਤਰ, ਪਤਨੀ) ਸਿਉ ਪ੍ਰੀਤਿ ਲਗਾਈ ਇਕੁ ਉਤਮ ਪੰਥੁ, ਸੁਨਿਓ ਗੁਰ ਸੰਗਤਿ; ਤਿਹ ਮਿਲੰਤ, ਜਮ ਤ੍ਰਾਸ ਮਿਟਾਈ ਇਕ ਅਰਦਾਸਿ ਭਾਟ ਕੀਰਤਿ ਕੀ; ਗੁਰ ਰਾਮਦਾਸ  ! ਰਾਖਹੁ ਸਰਣਾਈ ੫੮ (ਭਟ ਕੀਰਤ/੧੪੦੬) ਅਰਥ : ਹੇ ਗੁਰੂ ਰਾਮਦਾਸ ਜੀ ! ਮੈਂ ਔਗੁਣ ਨਾਲ਼ ਭਰਿਆ ਹਾਂ। ਮੇਰੇ ਅੰਦਰ ਇੱਕ ਵੀ ਗੁਣ ਨਹੀਂ ਕਿਉਂਕਿ ਤੇਰਾ ਸ਼ਾਂਤੀ ਦੇਣ ਵਾਲ਼ਾ ਨਾਮ ਭੁਲਾ ਕੇ ਰੂਹ ਨੂੰ ਮਾਰਨ ਵਾਲ਼ੀ ਨਿਰੀ ਜ਼ਹਰ ਖਾਧੀ ਹੈ। ਮਾਇਆ ਮੋਹ ਰੂਪ ਭਰਮਾਂ ’ਚ ਪੈ ਕੇ ਕੁਰਾਹੇ ਪਏ ਪੁੱਤਰ, ਪਤਨੀ ਆਦਿ ਦੇ ਪ੍ਰੇਮ ’ਚ ਮਸਤ ਹਾਂ। ਜਦ ਤੋਂ ਗੁਰੂ ਦੀ ਸੰਗਤ ਕਰ ਰੱਬੀ ਮਿਲਾਪ ਵਾਲ਼ਾ ਅਨੋਖਾ ਰਾਹ ਪਕੜਿਆ ਹੈ (ਤਦ ਤੋਂ ਮਾਇਆ ਜ਼ਹਰ ਨਾਲ਼ ਹੋਣ ਵਾਲ਼ੀ) ਆਤਮਕ ਮੌਤ ਦਾ ਡਰ ਨਹੀਂ ਸਤਾਉਂਦਾ। ਭੱਟ ਕੀਰਤ ਇੱਕ ਬੇਨਤੀ ਕਰਦਾ ਹੈ ਕਿ ਮੈਨੂੰ ਇਉਂ ਹੀ ਸਦਾ ਆਪਣੇ ਚਰਨਾਂ ਵਿੱਚ ਰੱਖਿਓ।

ਨੋਟ : ਇਸ ਵਾਕ ’ਚ ਭੱਟ ਕੀਰਤ ਜੀ ਨੇ ਪੁੱਤਰ-ਪਤਨੀ (ਸੁਤ ਦਾਰਾ) ਦੇ ਪਿਆਰ ਨੂੰ ਜ਼ਹਰ ਕਿਹਾ ਹੈ ਜਦ ਕਿ ਗੁਰੂ ਅਰਜਨ ਸਾਹਿਬ ਜੀ; ਮਾਇਆ (ਲੱਛਮੀ) ਅਤੇ ਪੁੱਤਰ ਦੀ ਮੰਗ ਲਈ ਅਰਦਾਸ ਕਰਦੇ ਹਨ, ‘‘ਮਾਨੁ ਮਾਂਗਉ, ਤਾਨੁ ਮਾਂਗਉ; ਧਨੁ ਲਖਮੀ ਸੁਤ ਦੇਹ ’’ (ਮਹਲਾ /੧੩੦੮), ਹੋਰ ਵਸਤੂਆਂ ਦੇ ਨਾਲ਼-ਨਾਲ਼ ਪਤਨੀ ਨੂੰ ਪਾਉਣ ਲਈ ਭਗਤ ਧੰਨਾ ਜੀ ਵੀ ਅਰਦਾਸ ਕਰਦੇ ਹਨ, ‘‘ਘਰ ਕੀ ਗੀਹਨਿ (ਔਰਤ) ਚੰਗੀ ਜਨੁ ਧੰਨਾ ਲੇਵੈ ਮੰਗੀ ’’ (ਧਨਾਸਰੀ/ਭਗਤ ਧੰਨਾ/੬੯੫) ਹੁਣ ਜੇਕਰ ਕੋਈ ਸਿੱਖ; ਭਗਤ-ਭਗਤ ਦੁਆਰਾ ਕੀਤੀ ਅਰਦਾਸ ਦਾ ਆਧਾਰ/ਪਿਛੋਕੜ ਜਾਣਨ ਦੀ ਥਾਂ ਗੁਰਮਤਿ-ਸਿਧਾਂਤ ’ਚ ਆਪਾ ਵਿਰੋਧ ਸਮਝ ਬੈਠੇ ਤਾਂ ਉਸ ਦਾ ਕੀ ਇਲਾਜ ਹੋ ਸਕਦਾ ਹੈ ?

ਸੋ ਗੁਰੂ ਪਾਸੋਂ ਹੀ ਰੂਹ ਨੂੰ ਹਰਾ ਭਰਾ ਕਰਨ ਵਾਲ਼ਾ ਰੱਬੀ ਨਾਮ ਮਿਲਦਾ ਹੈ ਤਾਹੀਓਂ ਭੱਟ ਨਲ੍ਹ ਜੀ; ਸਤਿਗੁਰੂ ਜੀ ਬਾਰੇ ਕਹਿੰਦੇ ਹਨ, ‘‘ਜੋ ਗੁਰੂ ਗੁਰੂ ਅਹਿਨਿਸਿ ਜਪੈ; ਦਾਸੁ ਭਟੁ ਬੇਨਤਿ ਕਹੈ ਜੋ ਗੁਰੂ ਨਾਮੁ ਰਿਦ ਮਹਿ ਧਰੈ; ਸੋ ਜਨਮ ਮਰਣ ਦੁਹ ਥੇ (ਦੋਹਾਂ ਤੋਂ) ਰਹੈ (ਭਟ ਨਲੵ/੧੩੯੯), ਦਾਸੁ ਬੇਨਤਿ ਕਹੈ; ਨਾਮੁ ਗੁਰਮੁਖਿ ਲਹੈ; ਗੁਰੂ ਗੁਰੁ, ਗੁਰੂ ਗੁਰੁ, ਗੁਰੂ ਜਪੁ ਮੰਨ ਰੇ  !੧੬੨੯’’ (ਭਟ ਨਲੵ/੧੪੦੧)

ਅੰਤ ’ਚ ਪਰੰਪਰਾਗਤ/ਰਿਵਾਇਤੀ ਆਰਤੀ ’ਚ ਪੜ੍ਹਿਆ ਜਾਣ ਵਾਲ਼ਾ ਇਹ ਸ਼ਬਦ ਵਿਚਾਰਨਾ ਜ਼ਰੂਰੀ ਹੈ, ‘‘ਗੋਪਾਲ  ! ਤੇਰਾ ਆਰਤਾ ਜੋ ਜਨ, ਤੁਮਰੀ ਭਗਤਿ ਕਰੰਤੇ; ਤਿਨ ਕੇ ਕਾਜ ਸਵਾਰਤਾ ਰਹਾਉ ਦਾਲਿ ਸੀਧਾ ਮਾਗਉ ਘੀਉ ਹਮਰਾ ਖੁਸੀ ਕਰੈ; ਨਿਤ ਜੀਉ ਪਨ੍ਹੀਆ ਛਾਦਨੁ ਨੀਕਾ ਅਨਾਜੁ ਮਗਉ; ਸਤ ਸੀ ਕਾ ਗਊ ਭੈਸ ਮਗਉ ਲਾਵੇਰੀ ਇਕ ਤਾਜਨਿ ਤੁਰੀ ਚੰਗੇਰੀ ਘਰ ਕੀ ਗੀਹਨਿ ਚੰਗੀ ਜਨੁ ਧੰਨਾ ਲੇਵੈ ਮੰਗੀ (ਧਨਾਸਰੀ/ਭਗਤ ਧੰਨਾ/੬੯੫) ਅਰਥ : ਹੇ ਜੀਵ-ਜੰਤਾਂ ਨੂੰ ਪਾਲਣਹਾਰ ਪ੍ਰਭੂ ! ਮੈਂ ਤੇਰੇ ਦਰ ਦਾ ਮੰਗਤਾ ਹਾਂ ਭਾਵ ਮੈਂ ਤੇਰੇ ਦਰ ’ਤੇ ਬੇਨਤੀ ਕਰਦਾ ਹਾਂ (ਕਿਉਂਕਿ ਮੈਂ ਸੁਣਿਆ ਹੈ) ਕਿ ਜਿਹੜੇ ਭਗਤ-ਜਨ ਤੇਰੀ ਬੰਦਗੀ ਕਰਦੇ ਹਨ, ਤੂੰ ਉਨ੍ਹਾਂ ਦੇ ਕਾਰਜ ਸਫਲ ਕਰ ਦਿੰਦਾ ਹੈਂ (ਮੇਰੇ ’ਤੇ ਵੀ ਕਿਰਪਾ ਕਰ)। ਰਹਾਉ। ਤੇਰਾ ਦਾਸ ਧੰਨਾ (ਕਹਿੰਦਾ ਹੈ ਕਿ ਆਮ ਬੰਦਾ) ਮੰਗਦਾ ਹੈ ਕਿ ਮੈਨੂੰ ਦਾਲ, ਆਟਾ, ਘਿਉ, ਜੁੱਤੀ, ਸੋਹਣਾ ਕੱਪੜਾ, ਚੰਗਾ ਅਨਾਜ, ਦੁੱਧ ਦੇਣ ਵਾਲ਼ੀ ਗਾਂ-ਮੱਝ, ਇੱਕ ਚੰਗੀ ਅਰਬੀ ਘੋੜੀ, ਘਰੇਲੂ ਚੰਗੀ ਇਸਤਰੀ ਆਦਿ ਦੇਹ ਤਾਂ ਜੋ ਮਨ ਸਦਾ ਖ਼ੁਸ਼ ਰਹੇ (ਹਮਰਾ ਖੁਸੀ ਕਰੈ; ਨਿਤ ਜੀਉ)

ਨੋਟ : ਭਗਤ ਜੀ ਨੇ ਇੱਥੇ ਜਗਤ ਪਿਤਾ ਲਈ ਸ਼ਬਦ ‘ਗੋਪਾਲ’ ਵਰਤਿਆ ਹੈ। ‘ਗੋਪਾਲ’ ਦਾ ਅਰਥ ਹੈ ‘ਜਗਤ ਨੂੰ ਪਾਲਣਹਾਰ, ਜੀਵ-ਜੰਤਾਂ ਨੂੰ ਰਿਜ਼ਕ ਦੇਣ ਵਾਲ਼ਾ’। ਜੀਵਾਂ ਨੂੰ ਓਹੀ ਪਾਲ਼ ਸਕਦਾ ਹੈ, ਜੋ ਜੀਵ-ਜੰਤਾਂ ਦੀ ਪੀੜਾ, ਦੁੱਖ, ਲੋੜ ਆਦਿ ਤੋਂ ਪੂਰੀ ਤਰ੍ਹਾਂ ਜਾਣੂ ਹੋਵੇ ਭਾਵ ਜੋ ਅੰਤਰਜਾਮੀ ਹੈ। ਜਦ ਮਨ ’ਚ ਪੂਰਨ ਭਰੋਸਾ ਹੈ ਕਿ ਉਹ ‘ਗੋਪਾਲ(ਪਾਲਣਹਾਰ) ਹੈ ਤਾਂ ਕਿਹੜੀ ਵਸਤੂ ਲਈ ਅਰਦਾਸ ਕੀਤੀ ਜਾ ਸਕਦੀ ਹੈ ? ਉਕਤ ਵਿਚਾਰਿਆ ਜਾ ਚੁੱਕਾ ਹੈ ਕਿ ਜਿੱਥੇ ਪ੍ਰਭੂ ਨੂੰ ਅੰਤਰਜਾਮੀ ਕਿਹਾ ਹੈ, ਓਥੇ ਬੇਨਤੀ ਰਾਹੀਂ ਕਿਸੇ ਵਸਤੂ ਦੀ ਮੰਗ ਨਹੀਂ ਕੀਤੀ। ਤਦ ਕੇਵਲ ਪ੍ਰਭੂ ਮਿਲਾਪ ਜਾਂ ਗੁਰੂ ਸੰਗਤ ਨਾਲ਼ ਜੁੜਨ ਲਈ ਅਰਦਾਸ ਕਰਨੀ ਹੈ; ਜਿਵੇਂ ਕਿ ਦਾਤਾਰ-ਪਿਤਾ ਨੂੰ ‘ਅੰਤਰਜਾਮੀ’ ਸ਼ਬਦ ਵਜੋਂ ਸੰਬੋਧਨ ਕਰਦਿਆਂ ਇਹ ਅਰਦਾਸ ਕੀਤੀ ਹੈ, ‘‘ਅੰਤਰਜਾਮੀ ਪੁਰਖ ਬਿਧਾਤੇ ! ਸਰਧਾ ਮਨ ਕੀ ਪੂਰੇ ਨਾਨਕ ਦਾਸੁ ਇਹੈ ਸੁਖੁ ਮਾਗੈ; ਮੋ ਕਉ ਕਰਿ ਸੰਤਨ ਕੀ ਧੂਰੇ ’’ (ਸੋਹਿਲਾ/ਗਉੜੀ/ਮਹਲਾ /੧੩) ਧਿਆਨ ਰਹੇ ਕਿ ਇਹ ਪੰਕਤੀ; ਸੋਹਿਲਾ ਬਾਣੀ ਦੇ ਪੰਜੇ ਸ਼ਬਦਾਂ ਦੇ ਅੰਤ ’ਚ ਹੈ।

ਸੋ ਭਗਤ ਧੰਨਾ ਜੀ ਵੀ ਇੱਥੇ ਆਮ ਸ਼ਰਧਾਲੂ ਦੀ ਮਨੋ ਕਾਮਨਾ ਬਿਆਨ ਕਰ ਰਹੇ ਹਨ; ਜਿਵੇਂ ਕਿ ਭਗਤ ਕਬੀਰ ਜੀ ਨੇ ਜਮਰਾਜ ਅੱਗੇ ਅਰਦਾਸ ਕਰਦਿਆਂ ਆਮ ਮੰਗ ਦਾ ਜ਼ਿਕਰ ਕੀਤਾ ਹੈ, ‘‘ਕਰਉ ਅਰਦਾਸਿ; ਗਾਵ ਕਿਛੁ ਬਾਕੀ ਲੇਉ ਨਿਬੇਰਿ; ਆਜੁ ਕੀ ਰਾਤੀ ’’ (ਭਗਤ ਕਬੀਰ/੭੯੨) ਅਗਰ ਜਮਰਾਜ ਅੱਗੇ ਭਗਤ ਕਬੀਰ ਜੀ ਦੀ ਆਪਣੀ ਕੋਈ ਮੰਗ ਨਹੀਂ ਕਿਉਂਕਿ ਆਪ ਨੇ ਅੰਤਮ ਸਮੇਂ ਜਨਮ ਭੂਮੀ (ਬਨਾਰਸ) ਨੂੰ ਛੱਡ ਕੇ ਸਰਾਪੀ ਹੋਈ ਭੂਮੀ (ਮਗਹਰ) ਵਿਖੇ ਪ੍ਰਾਣ ਤਿਆਗੇ ਸਨ। ਐਸਾ ਕੰਮ, ਜਮਰਾਜ ਤੋਂ ਡਰਨ ਵਾਲ਼ਾ ਨਹੀਂ ਕਰ ਸਕਦਾ; ਤਾਂ ਫਿਰ ਭਗਤ ਧੰਨਾ ਜੀ ਵੀ ਇੱਥੇ ਦਾਤਾਰ-ਪਿਤਾ ਵੱਲੋਂ ਮਿਲਦੀਆਂ ਨਿਰੰਤਰ ਦਾਤਾਂ; ਜਿਵੇਂ ਕਿ ਵਾਕ ਹੈ ‘‘ਦੇਦਾ ਦੇ; ਲੈਦੇ ਥਕਿ ਪਾਹਿ ’’ (ਜਪੁ) ਅਰਥ : ਦੇਣ ਵਾਲ਼ਾ ਦਾਤਾਰ-ਪਿਤਾ; ਦਾਤਾਂ ਦਿੰਦਾ ਰਹਿੰਦਾ ਹੈ, ਪਰ ਲੈਣ ਵਾਲ਼ੇ ਜੀਵ; ਦਾਤਾਂ ਭੋਗਦੇ-ਭੋਗਦੇ ਹਾਰ ਜਾਂਦੇ ਹਨ, ਮਰ ਜਾਂਦੇ ਹਨ, ਇਸ ਸਿਧਾਂਤ ਪ੍ਰਤੀ ਵੀ ਧੰਨਾ ਜੀ ਆਪਣਾ ਅਵਿਸ਼ਵਾਸ ਨਹੀਂ ਜਤਾ ਰਹੇ। ਇਹੀ ਗੁਰਮਤਿ-ਸਿਧਾਂਤ ਹੈ ਕਿ ‘‘ਵਿਣੁ ਤੁਧੁ, ਹੋਰੁ ਜਿ ਮੰਗਣਾ; ਸਿਰਿ ਦੁਖਾ ਕੈ ਦੁਖ (ਮਹਲਾ /੯੫੮), ਮਾਗਨਾ ਮਾਗਨੁ ਨੀਕਾ; ਹਰਿ ਜਸੁ ਗੁਰ ਤੇ ਮਾਗਨਾ ’’ (ਮਹਲਾ /੧੦੧੮) ਅਰਥ : (ਜ਼ਿੰਦਗੀ ਸਫਲ ਕਰਨ ਲਈ) ਗੁਰੂ ਤੋਂ ਕੇਵਲ ‘ੴ’ ਦਾ ਨਾਮ ਮੰਗਣਾ ਹੈ ਕਿਉਂਕਿ ਇਹੀ ਮੰਗ; ਬਾਕੀ ਮੰਗਾਂ ’ਚੋਂ ਉੱਤਮ ਹੈ। ਭਗਤ ਧੰਨਾ ਜੀ ਨੇ ਵੀ ਆਪਣੇ ‘ਰਹਾਉ’ ਬੰਦ ’ਚ ਇਹੀ ਕਿਹਾ ਹੈ ਕਿ ਜੋ ਪ੍ਰਭੂ ਦਾ ਨਾਮ ਜਪਦੇ ਹਨ, ਪ੍ਰਭੂ ਉਨ੍ਹਾਂ ਨੇ ਕਾਰਜ ਸਫਲ ਕਰਦਾ ਹੈ ‘‘ਜੋ ਜਨ, ਤੁਮਰੀ ਭਗਤਿ ਕਰੰਤੇ; ਤਿਨ ਕੇ ਕਾਜ ਸਵਾਰਤਾ ਰਹਾਉ ’’, ਕੀ ਸਮਾਜਿਕ ਵਸਤੂਆਂ ਮੰਗਣੀਆਂ ਭਗਤੀ ਹੈ, ਜਿਨ੍ਹਾਂ ਨੂੰ ਪ੍ਰਭੂ ਜੀ ਸਫਲ ਕਰਦੇ ਹਨ ?

ਨਾਸਮਝੀ ਹੀ ਕਹੀਏ ਕਿ ਸਿੱਖ; ਕੁਦਰਤ ’ਚ ਨਿਰੰਤਰ ਹੁੰਦੀ ਆਰਤੀ; ਜਿਵੇਂ ਕਿ ‘‘ਗਗਨ ਮੈ ਥਾਲੁ, ਰਵਿ ਚੰਦੁ ਦੀਪਕ ਬਨੇ; ਤਾਰਿਕਾ ਮੰਡਲ, ਜਨਕ (ਜਾਣੋ) ਮੋਤੀ ’’ (ਸੋਹਿਲਾ/ਮਹਲਾ /੧੩) ਉੱਤੇ ਭਰੋਸਾ ਬਣਾਉਣ ਲਈ ਜਿੱਥੇ ਇਹ ਸ਼ਬਦ ਆਰਤੀ ਵਜੋਂ ਨਿੱਤ ਪੜ੍ਹਦਾ ਹੈ; ਓਥੇ ਦਾਤਾਰ-ਪਿਤਾ ਵੱਲੋਂ ਮਿਲਦੀਆਂ ਨਿਰੰਤਰ ਅਣਮੰਗੀਆਂ ਦਾਤਾਂ ਪ੍ਰਤੀ ਅਸੰਤੁਸ਼ਟੀ ਜ਼ਾਹਰ ਕਰਦਾ ਹੋਇਆ ‘‘ਦਾਲਿ ਸੀਧਾ ਮਾਗਉ ਘੀਉ ਹਮਰਾ ਖੁਸੀ ਕਰੈ; ਨਿਤ ਜੀਉ ’’ ਸ਼ਬਦ ਵੀ ਪੜ੍ਹ ਰਿਹਾ ਹੈ ! !, ਇਸ ਲਈ ਸਿੱਖਾਂ ਅੰਦਰ ਦੁਬਿਧਾ ਰਹਿੰਦੀ ਹੈ ਕਿ ਅਰਦਾਸ ਕਰਨਾ ਵਿਧਾਨ ਹੈ ਜਾਂ ਨਾ ਕਰਨਾ ਵਿਧਾਨ ਹੈ।

ਐਸੀ ਹੀ ਦੁਬਿਧਾ; ਇੱਕ ਪਾਸੇ ਤਾਂ ਮੰਨਦੀ ਹੈ ਕਿ ਤੱਤੀ ਤਵੀ ਉੱਤੇ ਬੈਠ ਕੇ ਪੰਜਵੀਂ ਨਾਨਕ ਜੋਤਿ; ਗੁਰੂ ਅਰਜਨ ਸਾਹਿਬ ਜੀ ਨੇ ਇਹ ਅਰਦਾਸ ਕੀਤੀ, ‘‘ਤੇਰਾ ਕੀਆ ਮੀਠਾ ਲਾਗੈ ਹਰਿ ਨਾਮੁ ਪਦਾਰਥੁ; ਨਾਨਕੁ ਮਾਂਗੈ ੪੨੯੩’’ (ਆਸਾ/ਮਹਲਾ /੩੯੪) ਜੋ ਕਿ ਸੱਚ ਵੀ ਹੈ, ਪਰ ਦੂਜੇ ਪਾਸੇ ਚਾਂਦਨੀ ਚੌਕ (ਦਿੱਲੀ) ਵਿਖੇ ਸ਼ਹੀਦੀ ਦੌਰਾਨ 9ਵੀਂ ਨਾਨਕ ਜੋਤਿ; ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਇਹ ਨਿਰਾਸ਼ਾਵਾਦੀ ਭਾਵਨਾ ਜਤਾਈ, ‘‘ਬਲੁ ਹੋਆ ਬੰਧਨ ਛੁਟੇ; ਸਭੁ ਕਿਛੁ ਹੋਤ ਉਪਾਇ ਨਾਨਕ ! ਸਭੁ ਕਿਛੁ ਤੁਮਰੈ ਹਾਥ ਮੈ; ਤੁਮ ਹੀ ਹੋਤ ਸਹਾਇ ੫੪ ਸੰਗ ਸਖਾ ਸਭਿ ਤਜਿ ਗਏ; ਕੋਊ ਨਿਬਹਿਓ ਸਾਥਿ ਕਹੁ ਨਾਨਕ ਇਹ ਬਿਪਤਿ ਮੈ; ਟੇਕ ਏਕ ਰਘੁਨਾਥ ੫੫’’ (ਮਹਲਾ /੧੪੨੯), ਇਨ੍ਹਾਂ ਬੋਲਾਂ ਦੇ ਜਵਾਬ ’ਚ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਬਚਨ ਉਚਾਰਨ ਕੀਤੇ, ਸਮਝ ਲਏ ‘‘ਨਾਮੁ ਰਹਿਓ ਸਾਧੂ ਰਹਿਓ; ਰਹਿਓ ਗੁਰੁ ਗੋਬਿੰਦੁ ਕਹੁ ਨਾਨਕ ਇਹ ਜਗਤ ਮੈ; ਕਿਨ ਜਪਿਓ ਗੁਰ ਮੰਤੁ ੫੬’’ (ਮਹਲਾ /੧੪੨੯), ਇਨ੍ਹਾਂ ਨਾਸਮਝ ਸਿੱਖਾਂ ਮੁਤਾਬਕ ਨਵੰਬਰ 1675 ’ਚ ਇਸ ਵਾਕ ਰਾਹੀਂ ਦਸਮੇਸ਼ ਪਿਤਾ ਜੀ ਨੇ ਇਹ ਸੁਨੇਹਾ ਦਿੱਲੀ ਭੇਜਿਆ ਕਿ ਆਪ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਜੀਵਤ ਹਨ ਜਦ ਕਿ ਇਨ੍ਹਾਂ ਤਿੰਨੇ ਸਲੋਕਾਂ ਦੇ ਅਰਥ ਇਉਂ ਹਨ :

ਬਲੁ ਹੋਆ, ਬੰਧਨ ਛੁਟੇ; ਸਭੁ ਕਿਛੁ ਹੋਤ ਉਪਾਇ ॥ ਨਾਨਕ ! ਸਭੁ ਕਿਛੁ ਤੁਮਰੈ ਹਾਥ ਮੈ; ਤੁਮ ਹੀ ਹੋਤ ਸਹਾਇ ॥੫੪॥ ਸੰਗ ਸਖਾ ਸਭਿ ਤਜਿ ਗਏ; ਕੋਊ ਨ ਨਿਬਹਿਓ ਸਾਥਿ ॥ ਕਹੁ ਨਾਨਕ ਇਹ ਬਿਪਤਿ ਮੈ; ਟੇਕ ਏਕ ਰਘੁਨਾਥ ॥੫੫॥

ਅਰਥ : (ਜਦ ਮਨੁੱਖ; ਪ੍ਰਭੂ ਅੱਗੇ ਅਰਦਾਸ ਕਰਦਾ ਹੈ ਤਾਂ ਉਸ ਅੰਦਰ) ਬਲ/ਆਤਮ ਪ੍ਰਕਾਸ਼ ਪੈਦਾ ਹੁੰਦਾ ਹੈ। ਮਾਇਆ ਮੋਹ ਦੇ ਬੰਧਨ ਟੁੱਟ ਜਾਂਦੇ ਹਨ। (ਵਿਕਾਰਾਂ ਵਿਰੁਧ ਵਰਤਿਆ) ਹਰ ਉਪਾਅ/ਹੀਲਾ ਸਹਾਈ ਬਣਦਾ ਹੈ (ਕਿਉਂਕਿ ਉਸ ਅੰਦਰੋਂ ਅਰਦਾਸ ਨਿਕਲਦੀ ਹੈ ਕਿ ਹੇ ਪ੍ਰਭੂ ਜੀ !) ਮੇਰਾ ਸਭ ਕੁੱਝ ਤੇਰੇ ਹੱਥ ’ਚ ਹੈ ਭਾਵ ਮੇਰਾ ਤਨ ਮਨ ਤੇਰੇ ਹਵਾਲੇ ਹੈ। ਤੁਸੀਂ ਹੀ ਅਸਲ ਸਹਾਈ (ਸਾਥੀ) ਹੁੰਦੇ ਹੋ॥੫੪॥ (ਜਦ ਬੰਦੇ ਤੋਂ ਚੰਗੇ-ਮੰਦੇ ਕੰਮਾਂ ਦਾ ਹਿਸਾਬ ਹੁੰਦਾ ਹੈ ਤਾਂ) ਸਾਥੀ, ਮਿੱਤਰ, ਰਿਸ਼ਤੇਦਾਰ ਆਦਿ ਨਾਲ਼ ਨਹੀਂ ਨਿਭਦੇ ਭਾਵ ਸਾਰੇ ਸਾਥ ਛੱਡ ਜਾਂਦੇ ਹਨ। ਉਸ ਸਮੇਂ (ਨਾਮ ਜਪਣ ਵਾਲ਼ੇ ਦਾ) ਕੇਵਲ ਪ੍ਰਭੂ ਹੀ ਸਾਥ ਦਿੰਦਾ ਹੈ, ਸਹਾਈ ਬਣਦਾ ਹੈ। ਆਪਣੇ ਅਗਲੇ 56ਵੇਂ ਸਲੋਕ ’ਚ ਆਪ ਜੀ ਨੇ ਫ਼ੁਰਮਾਇਆ ਹੈ :

ਨਾਮੁ ਰਹਿਓ, ਸਾਧੂ ਰਹਿਓ; ਰਹਿਓ ਗੁਰੁ ਗੋਬਿੰਦੁ ॥ ਕਹੁ ਨਾਨਕ ਇਹ ਜਗਤ ਮੈ; ਕਿਨ ਜਪਿਓ ਗੁਰ ਮੰਤੁ ॥੫੬॥

ਅਰਥ : (ਅੰਤ ਵੇਲ਼ੇ ਉਸ ਨਾਲ਼) ਨਾਮ ਰਹਿੰਦਾ ਹੈ। ਸਤਿਗੁਰੂ ਰਹਿੰਦਾ ਹੈ। ਅਕਾਲ ਪੁਰਖ ਹੁੰਦਾ ਹੈ। ਜਿਸ ਕਿਸੇ ਨੇ ਇਸ ਜ਼ਿੰਦਗੀ ’ਚ ਗੁਰੂ ਦਾ ਉਪਦੇਸ਼ ਕਮਾਇਆ ਹੈ, ਨਾਮ ਜਪਿਆ ਹੈ।

ਸੋ ਉਕਤ ਸਲੋਕ; 9ਵੇਂ ਪਾਤਿਸ਼ਾਹ ਜੀ ਦੁਆਰਾ ਜੇਲ੍ਹ ’ਚ ਬੰਦੀ ਦੌਰਾਨ ਉਚਾਰਨ ਨਹੀਂ ਕੀਤੇ ਗਏ। ਆਪ ਨੇ ਸਦਾ ਡਰ ਮੁਕਤ ਰਹਿ ਕੇ ਇਹ ਪ੍ਰਚਾਰ ਕੀਤਾ, ‘‘ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ਕਹੁ ਨਾਨਕ ਸੁਨਿ ਰੇ ਮਨਾ ! ਗਿਆਨੀ ਤਾਹਿ ਬਖਾਨਿ ੧੬’’ (ਮਹਲਾ /੧੪੨੭) ਭਾਵ ਜੋ ਨਾ ਕਿਸੇ ਹੋਰ ਦਾ ਡਰ ਮੰਨੇ ਤੇ ਨਾ ਹੀ ਕਿਸੇ ਨੂੰ ਡਰਾਵੇ। ਅਸਲ ’ਚ ਉਸ ਨੂੰ ਹੀ ਗਿਆਨਵਾਨ ਕਹਿਣਾ ਬਣਦਾ ਹੈ ਭਾਵ ਓਹੀ ਪ੍ਰਭੂ ਨਾਲ਼ ਪੱਕੀ ਸਾਂਝ ਪਾ ਚੁੱਕਿਆ ਮਨੁੱਖ ਹੈ। ਹੁਣ ਨਾਸਮਝੀ ਹੀ ਕਹੀਏ ਕਿ ਗ਼ੈਰ ਹਿੰਦੂ ਧਰਮ ਦੇ ਰੱਖਿਅਕ ਸਤਿਗੁਰੂ ਜੀ ਦੇ ਅੰਮ੍ਰਿਤਮਈ ਬਚਨਾਂ ਦੇ ਨਾਸਮਝੀ ਨਾਲ਼ ਨਿਰਾਸ਼ਾਵਾਦੀ ਅਰਥ ਲੈ ਕੇ ਮਾਲਕ ਪ੍ਰਤੀ ਗੁਰੂ ਦਾ ਗਿਲਾ-ਸ਼ਿਕਵਾ ਇਉਂ ਪ੍ਰਚਾਰਿਆ; ਜਿਵੇਂ ਕਿ ਈਸਾ ਮਸੀਹ (ਯਿਸੂ ਮਸੀਹ) ਨੇ ਸੂਲ਼ੀ ’ਤੇ ਚੜ੍ਹਨ ਵੇਲ਼ੇ ਆਪਣੇ ਪਰਮੇਸ਼ਰ ਪ੍ਰਤੀ ਰੋਸ ਜਤਾਇਆ ਸੀ।

ਇਹ ਘਟਨਾ ਵੀ ਚੇਤੇ ਰਹੇ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਚੌਥੀ ਉਦਾਸੀ ਦੀ ਸਮਾਪਤੀ ’ਚ ਏਮਨਾਬਾਦ (ਪਾਕਿਸਤਾਨ) ਵਿਖੇ ਸੰਨ 1521 (ਸੰਮਤ ੧੫੭੮) ’ਚ ਭਵਿਖਬਾਣੀ ਕੀਤੀ ਕਿ ਬਾਬਰ ਬਾਦਸ਼ਾਹ (ਮੁਗ਼ਲ ਹੁਕਮਰਾਨ) ਦਾ ਰਾਜ; ਭਾਰਤ ’ਚ 1540 (ਸੰਮਤ ੧੫੯੭) ਤੱਕ ਹੀ ਰਹੇਗਾ ਕਿਉਂਕਿ ਓਦੋਂ ਕੋਈ ਹੋਰ ਸੂਰਮਾ (ਸ਼ੇਰ ਸ਼ਾਹ ਸੂਰੀ); ਇਨ੍ਹਾਂ ਨੂੰ ਹਰਾਏਗਾ ਤੇ ਇਹ ਵਾਪਸ ਆਪਣੇ ਵਤਨ (ਅਫ਼ਗਾਨਿਸਤਾਨ) ਵੱਲ ਭੱਜਣਗੇ, ‘‘ਆਵਨਿ ਅਠਤਰੈ, ਜਾਨਿ ਸਤਾਨਵੈ; ਹੋਰੁ ਭੀ ਉਠਸੀ ਮਰਦ ਕਾ ਚੇਲਾ ’’ (ਮਹਲਾ /੭੨੩), ਇਹ ਘਟਨਾ ਮਈ 1540 ’ਚ ਬਾਬਰ ਦੇ ਪੁੱਤਰ ਹਮਾਯੂੰ ਦੀ ਸ਼ੇਰ ਸ਼ਾਹ ਸੂਰੀ ਹੱਥੋਂ ਹੋਈ ਹਾਰ ਨਾਲ਼ ਸੱਚ ਵੀ ਹੋ ਨਿਬੜੀ। ਆਪ ਜੀ ਦੀ ਹੀ ਪੰਜਵੀਂ ਜੋਤਿ (ਗੁਰੂ ਅਰਜਨ ਸਾਹਿਬ) ਨੇ ਭਵਿਖ ਬਾਰੇ ਸਭ ਕੁੱਝ ਜਾਣਦਿਆਂ ਮਈ 1606 ਨੂੰ ਲਾਹੌਰ ਵਿਖੇ ਸ਼ਹੀਦੀ ਦੇਣ ਤੋਂ ਪਹਿਲਾਂ ਬਾਲਕ ਹਰਗੋਬਿਦ ਸਾਹਿਬ ਜੀ ਨੂੰ ਗੁਰਿਆਈ ਬਖ਼ਸ਼ ਦਿੱਤੀ। ਫਿਰ ਕੀ ਕਾਰਨ ਹੈ ਕਿ ਗੁਰੂ ਨਾਨਕ ਜੀ ਦੀ ਨੌਵੀਂ ਜੋਤਿ (ਗੁਰੂ ਤੇਗ਼ ਬਹਾਦਰ ਸਾਹਿਬ); ਜਿਨ੍ਹਾਂ ਨੇ ਆਪ ਪੀੜਤ ਕਸਮੀਰੀ ਪੰਡਿਤਾਂ ਸਾਮ੍ਹਣੇ ਆਪਣੀ ਸ਼ਹੀਦੀ ਦੇਣ ਦਾ ਪ੍ਰਣ ਕੀਤਾ ਹੋਵੇ, ਆਪ ਦਿੱਲੀ ਚਲੇ ਗਏ, ਪਰ ਆਪਣਾ ਉੱਤਾਰਧਿਕਾਰੀ ਨਾ ਚੁਣਿਆ ਕਿਉਂਕਿ ਜੇਕਰ ਉਕਤ ਸਲੋਕ ਬੰਦੀ ਖ਼ਾਨੇ ’ਚ ਉਚਾਰੇ ਮੰਨੀਏ ਤਾਂ ਸਪਸ਼ਟ ਹੈ ਕਿ ਆਪ ਨੇ ਤਦ ਤੱਕ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਿਆਈ ਨਹੀਂ ਦਿੱਤੀ ਸੀ ਜਦ ਕਿ ਇਨ੍ਹਾਂ ਨੇ ‘‘ਨਾਮੁ ਰਹਿਓ, ਸਾਧੂ ਰਹਿਓ; ਰਹਿਓ ਗੁਰੁ ਗੋਬਿੰਦੁ ॥ ਕਹੁ ਨਾਨਕ ਇਹ ਜਗਤ ਮੈ; ਕਿਨ ਜਪਿਓ ਗੁਰ ਮੰਤੁ ॥੫੬॥’’ ਸਲੋਕ ’ਚ ‘ਨਾਨਕ’ ਸ਼ਬਦ ਵੀ ਵਰਤ ਲਿਆ ? ਦਰਅਸਲ ਜ਼ਿਆਦਾਤਰ ਸਿੱਖ; ਇਹੀ ਨਹੀਂ ਸਮਝ ਸਕੇ ਕਿ ‘ਬੜੀ ਠੰਡ ਹੈ’, ਬੋਲ ਪੋਹ-ਮਾਘ ’ਚ ਬੋਲੇ ਹਨ ਜਾਂ ਜੇਠ-ਹਾੜ ’ਚ। ਰੇਗਿਸਤਾਨ ’ਚ ਬੋਲੇ ਹਨ ਜਾਂ ਕਿਸੇ ਠੰਢੇ ਬਰਫ਼ਾਨੀ ਇਲਾਕੇ ’ਚ ਖੜ੍ਹ ਕੇ।

ਹਥਲਾ ਵਿਸ਼ਾ ਸ਼ਬਦਾਂ ਦੀ ਅੰਤਮ ਪੰਕਤੀ ’ਚ ਵਧੇਰੇ ਦਰਜ ਹੈ; ਇਸੇ ਤਰ੍ਹਾਂ ਗੁਰਬਾਣੀ ਦੇ ਹਰ ਸ਼ਬਦ ਦੇ ਅੰਤ ’ਚ ਜਾਂ ਲੰਬੀ ਰਚਨਾ ਦੇ ਅੰਤ ’ਚ ਨਿਰਾਕਾਰ ਦਾ ਹੁਕਮ ਹੀ ਹਰ ਥਾਂ ਵਾਪਰਦਾ ਦਰਸਾਇਆ ਹੈ। ਮਿਸਾਲ ਵਜੋਂ ਆਸਾ ਕੀ ਵਾਰ ਦੀ ਅੰਤਮ ਪਉੜੀ ਹੈ, ‘‘ਵਡੇ ਕੀਆ ਵਡਿਆਈਆ; ਕਿਛੁ ਕਹਣਾ ਕਹਣੁ ਜਾਇ ਸੋ ਕਰਤਾ ਕਾਦਰ ਕਰੀਮੁ; ਦੇ ਜੀਆ ਰਿਜਕੁ ਸੰਬਾਹਿ ਸਾਈ ਕਾਰ ਕਮਾਵਣੀ; ਧੁਰਿ ਛੋਡੀ ਤਿੰਨੈ ਪਾਇ ਨਾਨਕ  ! ਏਕੀ ਬਾਹਰੀ; ਹੋਰ ਦੂਜੀ ਨਾਹੀ ਜਾਇ ਸੋ ਕਰੇ; ਜਿ ਤਿਸੈ ਰਜਾਇ ੨੪ ਸੁਧੁ (ਆਸਾ ਕੀ ਵਾਰ/ਮਹਲਾ /੪੭੫) ਅਰਥ : ਜਗਤ-ਪਿਤਾ ਦੇ ਗੁਣਾਂ ਨੂੰ ਬਹੁਤਾ ਵਿਸਥਾਰ ਨਾਲ਼ ਦੱਸਿਆ ਨਹੀਂ ਜਾ ਸਕਦਾ। (ਸੰਖੇਪ ’ਚ ਇਹੀ ਕਹਿ ਸਕਦੇ ਹਾਂ ਕਿ) ਉਹ ਸਭ ਨੂੰ ਪੈਦਾ ਕਰਨ ਵਾਲ਼ਾ ਹੈ। ਬਖ਼ਸ਼ਸ਼ ਕਰਨ ਵਾਲ਼ਾ ਰਹਿਮਦਿਲ ਹੈ। ਜੀਵਾਂ ਨੂੰ ਰਿਜ਼ਕ ਦੇ ਦੇ ਕੇ ਸੰਭਾਲ਼ਦਾ ਹੈ, ਪਾਲ਼ਦਾ ਹੈ। ਹਰ ਜੀਵ ਨੇ ਉਹੀ ਕਿਰਤ-ਕਾਰ ਕਰਨੀ ਹੁੰਦੀ ਹੈ, ਜੋ ਉਸ ਨੇ ਧੁਰ ਤੋਂ ਨਸੀਬ ’ਚ ਪਾ ਕੇ ਰੱਖੀ ਹੈ। ਉਸ ਇੱਕ ਦੀ ਓਟ ਤੋਂ ਬਿਨਾਂ ਕਿਸੇ ਦਾ ਭੀ ਕੋਈ ਹੋਰ ਸਹਾਰਾ ਨਹੀਂ। ਜਿਹੜੀ ਉਸ ਦੀ ਮਰਜ਼ੀ ਹੈ, ਓਹੀ ਕਰਦਾ ਹੈ (ਭਗਤ ਨੂੰ ਉਸ ਦੀ ਰਜ਼ਾ ’ਚ ਸੰਤੁਸ਼ਟ ਰਹਿਣਾ ਬਣਦਾ ਹੈ, ਨਾ ਕਿ ਆਹ ਦੇਹ, ਓਹ ਦੇਹ ਆਖ-ਆਖ ਅਸੰਤੋਖੀ ਤੇ ਅਵਿਸ਼ਵਾਸੀ ਹੋਣਾ ਹੈ)

ਗੁਰਬਾਣੀ ਅਤੇ ਸਿੱਖ ਇਤਿਹਾਸ ’ਚ ਭਾਦੋਂ ਮਹੀਨਾ

0

ਗੁਰਬਾਣੀ ਅਤੇ ਸਿੱਖ ਇਤਿਹਾਸ ’ਚ ਭਾਦੋਂ ਮਹੀਨਾ

ਕਿਰਪਾਲ ਸਿੰਘ ਬਠਿੰਡਾ

ਪਿਛਲੇ ਲੇਖ ’ਚ ਵਰਖਾ ਰੁੱਤ ਦੇ ਪਹਿਲੇ ਮਹੀਨੇ ਸਾਵਣ ਦਾ ਵਿਸਥਾਰ ਸਹਿਤ ਵਰਣਨ ਕੀਤਾ ਗਿਆ ਸੀ। ਸੋ ਇਸ ਲੇਖ ’ਚ ਕੇਵਲ ਭਾਦੋਂ ਮਹੀਨੇ ਦਾ ਹੀ ਵਰਣਨ ਕੀਤਾ ਜਾਵੇਗਾ। ਵੈਸੇ ਸਾਵਣ-ਭਾਦੋਂ ਦੋਵੇਂ ਮਹੀਨੇ ਇੱਕੋ ਵਰਖਾ ਰੁੱਤ ’ਚ ਹੁੰਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਬਾਰਹਮਾਹਾ ਮਾਝ ਅਤੇ ਤੁਖਾਰੀ ਰਾਗ ਦੋਵੇਂ ਹੀ ਚੇਤ ਮਹੀਨੇ ਤੋਂ ਸ਼ੁਰੂ ਹੁੰਦੇ ਹਨ। ਸਿੱਖ ਨੇ ਸੇਧ; ਸ਼ਬਦ ਤੋਂ ਲੈਣੀ ਹੁੰਦੀ ਹੈ ਤਾਹੀਓਂ ਨਾਨਕਸ਼ਾਹੀ ਕੈਲੰਡਰ ਦਾ ਨਵਾਂ ਸਾਲ ੧ ਚੇਤ ਤੋਂ ਸ਼ੁਰੂ ਕੀਤਾ ਹੈ। ਬਿਕ੍ਰਮੀ ਕੈਲੰਡਰ ਦਾ ਚੰਦਰ ਸਾਲ; ਚੇਤ ਸੁਦੀ ੧ ਤੋਂ ਸ਼ੁਰੂ ਹੁੰਦਾ ਹੈ ਜਦਕਿ ਸੂਰਜੀ ਸਾਲ; ੧ ਵੈਸਾਖ ਤੋਂ ਸ਼ੁਰੂ ਹੁੰਦਾ ਹੈ, ਇਸ ਲਈ ਬਿਕ੍ਰਮੀ ਕੈਲੰਡਰ ’ਚ ਭਾਦੋਂ 5ਵਾਂ ਮਹੀਨਾ ਅਤੇ ਨਾਨਕਸ਼ਾਹੀ ਕੈਲੰਡਰ ਦਾ ਛੇਵਾਂ ਮਹੀਨਾ ਹੁੰਦਾ ਹੈ।

ਗ੍ਰੈਗੋਰੀਅਨ ਕੈਲੰਡਰ ਟਰੋਪੀਕਲ ਕੈਲੰਡਰ ਹੈ, ਜੋ ਕਿਸੇ ਨਾ ਕਿਸੇ ਰੂਪ ’ਚ ਲਗਭਗ ਸਾਰੀ ਦੁਨੀਆਂ ’ਚ ਪ੍ਰਚਲਿਤ ਹੈ ਤਾਹੀਓਂ ਸਾਂਝੇ ਕੈਲੰਡਰ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਇਸ ਦੇ ਸਾਲ ਦੀ ਲੰਬਾਈ 365.2425 ਦਿਨ ਹੈ, ਜੋ ਰੁੱਤੀ ਸਾਲ ਦੀ ਲੰਬਾਈ 365.242196 ਦਿਨ ਦੇ ਬਹੁਤ ਨੇੜੇ ਹੈ ਯਾਨੀ (365.2425-365.242196=) 0.000304 ਦਿਨ (ਮਾਤਰ 26.2656 ਸੈਕੰਡ) ਤਾਹੀਓਂ ਲਗਭਗ 3300 ਸਾਲਾਂ ’ਚ ਰੁੱਤਾਂ ਨਾਲੋਂ ਕੇਵਲ ਇੱਕ ਦਿਨ ਦਾ ਫ਼ਰਕ ਪੈਂਦਾ ਹੈ। ਬਿਕ੍ਰਮੀ ਕੈਲੰਡਰ ਸਾਈਡਰਲ ਕੈਲੰਡਰ ਹੈ, ਜੋ ਗੁਰੂ ਕਾਲ ਤੋਂ 1964 ਸੀ.ਈ. ਤੱਕ 1000 ਸਾਲ ਪੁਰਾਣੇ ਸੂਰਜੀ ਸਿਧਾਂਤ ਦੇ ਆਧਾਰ ’ਤੇ ਤਿਆਰ ਕੀਤਾ ਜਾਂਦਾ ਸੀ। ਇਸ ਕੈਲੰਡਰ ਦੇ ਸਾਲ ਦੀ ਲੰਬਾਈ 365.258756 ਦਿਨ ਹੋਣ ਕਾਰਨ ਰੁੱਤੀ ਸਾਲ ਨਾਲੋਂ (365.258756-365.242196 =) ਤਕਰੀਬਨ 0.016560 ਦਿਨ (ਲਗਭਗ 24 ਮਿੰਟ) ਵੱਧ ਹੈ ਤਾਹੀਓਂ 60 ਕੁ ਸਾਲਾਂ ’ਚ ਇੱਕ ਦਿਨ ਦਾ ਫ਼ਰਕ ਪੈ ਜਾਂਦਾ ਸੀ, ਪਰ ਸੰਨ 1964 ’ਚ ਹਿੰਦੂ ਵਿਦਵਾਨਾਂ ਨੇ ਇਸ ਕੈਲੰਡਰ ’ਚ ਦ੍ਰਿਕ ਗਣਿਤ ਨਾਲ ਸੋਧ ਕਰਕੇ ਸਾਲ ਦੀ ਲੰਬਾਈ ਨੂੰ ਥੋੜ੍ਹਾ ਘਟਾ ਕੇ 365.256363 ਦਿਨ ਕਰ ਲਈ। ਹੁਣ ਰੁੱਤੀ ਸਾਲ ਨਾਲੋਂ (365.256363-365.242196 =) ਤਕਰੀਬਨ 0.014167 ਦਿਨ (ਲਗਭਗ ਸਾਢੇ 20 ਮਿੰਟ) ਵਧ ਹੈ, ਜੋ ਤਕਰੀਬਨ 71 ਸਾਲਾਂ ’ਚ ਇਕ ਦਿਨ ਦਾ ਫ਼ਰਕ ਪਾਏਗਾ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1964 ਤੋਂ ਪਹਿਲਾਂ ਸੂਰਜੀ ਸਿਧਾਂਤ ਨਾਲ ਤਿਆਰ ਕੀਤੀਆਂ ਜੰਤਰੀਆਂ ’ਚੋਂ ਸੇਧ ਲੈ ਕੇ ਉਨ੍ਹਾਂ ਅਨੁਸਾਰ ਆਪਣਾ ਕੈਲੰਡਰ ਤਿਆਰ ਕਰਦੀ ਸੀ, ਪਰ 1964 ਤੋਂ ਬਾਅਦ ਦ੍ਰਿਕ ਗਣਿਤ ਨਾਲ ਤਿਆਰ ਹੋਈਆਂ ਜੰਤਰੀਆਂ ਵੇਖ ਕੇ ਕੈਲੰਡਰ ਤਿਆਰ ਕਰਨ ਲੱਗ ਪਈ ਹੈ। ਇਹੋ ਕਾਰਨ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਵਰ੍ਹੇ 1469 ਸੀ.ਈ. (ਬਿਕ੍ਰਮੀ ਸੰਮਤ ੧੫੨੬) ’ਚ ੧ ਸਾਵਣ 29 ਜੂਨ (ਜੂਲੀਅਨ) ਅਤੇ ੧ ਭਾਦੋਂ; 30 ਜੁਲਾਈ ਜੂਲੀਅਨ ਨੂੰ ਸੀ, ਪਰ ਅੱਜ ਕੱਲ੍ਹ ੧ ਸਾਵਣ ਕਦੀ 16 ਜੁਲਾਈ ਅਤੇ ਕਦੀ 17 ਜੁਲਾਈ ਗ੍ਰੈਗੋਰੀਅਨ ਨੂੰ ਅਤੇ ੧ ਭਾਦੋਂ ਕਦੀ 16 ਅਗਸਤ ਅਤੇ ਕਦੀ 17 ਅਗਸਤ ਗ੍ਰੈਗੋਰੀਅਨ ਨੂੰ ਹੁੰਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਬਾਰਹਮਾਹਾ ਤੁਖਾਰੀ ’ਚ ਰਥ ਫਿਰਨ ਦੀ ਕ੍ਰਿਆ ਉਸ ਸਮੇਂ ਵਾਪਰਦੀ ਲਿਖਿਆ ਹੈ, ਜਿਸ ਸਮੇਂ ਹਾੜ ਦਾ ਮਹੀਨਾ; ਭਰ ਜੋਬਨ ’ਚ ਹੁੰਦਾ ਸੀ ਭਾਵ ਦਿਨ ਵੱਡੇ ਤੋਂ ਵੱਡਾ ਹੁੰਦਾ ਸੀ। ਕੈਲੰਡਰ ਵਿਗਿਆਨ ਮੁਤਾਬਕ ਇਸ ਦਿਨ ਤੋਂ ਵਰਖਾ ਰੁੱਤ ਸ਼ੁਰੂ ਹੁੰਦੀ ਹੈ। ਉਸ ਸਮੇਂ ਰਥ ਫਿਰਨ ਦੀ ਕ੍ਰਿਆ (Solstice) 12 ਜਾਂ 13 ਜੂਨ ਜੂਲੀਅਨ (21 ਜਾਂ 22 ਜੂਨ ਗ੍ਰੈਗੋਰੀਅਨ)/ ੧੫ ਜਾਂ ੧੬ ਹਾੜ ਨੂੰ ਸ਼ੁਰੂ ਹੋ ਜਾਂਦੀ ਸੀ ਅਤੇ ਅੱਜ ਕੱਲ੍ਹ Solstice 21 ਜੂਨ ਗ੍ਰੈਗੋਰੀਅਨ ਨੂੰ ਹੁੰਦੀ ਹੈ ਭਾਵ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਵੀ 21 ਜੂਨ ਸੀ ਅਤੇ ਅੱਜ ਕੱਲ੍ਹ ਵੀ 21 ਜੂਨ ਨੂੰ ਹੀ ਹੈ। ਪੰਡਿਤਾਂ ਵੱਲੋਂ ਤਿਆਰ ਕੀਤੀਆਂ ਪੰਚਾਂਗਾਂ ਵਿੱਚ ਵੀ 21 ਜੂਨ/੭ ਹਾੜ ਦੀ ਤਾਰੀਖ਼ ਦੇ ਸਾਹਮਣੇ ਲਿਖਿਆ ਮਿਲੇਗਾ ‘ਵਰਖਾ ਰੁੱਤ ਸ਼ੁਰੂ’। ਨਾਨਕਸ਼ਾਹੀ ਕੈਲੰਡਰ ਵਿੱਚ ਵੀ ਵਰਖਾ ਰੁੱਤ; ਹਰ ਸਾਲ ੭ ਹਾੜ/ 21 ਜੂਨ ਦੇ ਆਸ ਪਾਸ ਹੀ ਰਹਿੰਦੀ ਹੈ। ਸੋ ਸਪਸ਼ਟ ਹੈ ਕਿ ਬਿਕ੍ਰਮੀ ਕੈਲੰਡਰ ਦੇ ਸ਼ੁਰੂਆਤੀ ਵੇਲੇ ਤੋਂ ਹੁਣ ਤੱਕ 24 ਦਿਨਾਂ ਦਾ ਫ਼ਰਕ ਪੈ ਚੁੱਕਾ ਹੈ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ 1469 ਤੋਂ ਹੁਣ ਤੱਕ 8-9 ਦਿਨਾਂ ਦਾ ਫ਼ਰਕ ਪੈ ਚੁੱਕਾ ਹੈ।  ਇਹੀ ਮੂਲ ਕਾਰਨ ਹੈ ਕਿ ਬਿਕ੍ਰਮੀ ਕੈਲੰਡਰ ਦੇ ਮਹੀਨਿਆਂ ਦੀਆਂ ਰੁੱਤਾਂ ਦਾ ਸੰਬੰਧ ਗੁਰਬਾਣੀ ’ਚ ਦਰਜ ਰੁੱਤਾਂ ਨਾਲੋਂ ਟੁੱਟ ਰਿਹਾ ਹੈ; ਜਿਵੇਂ ਕਿ ਗੁਰਬਾਣੀ ’ਚ ਤਾਂ ਸਾਵਣ ਤੇ ਭਾਦੋਂ ਦੋਵੇਂ ਮਹੀਨੇ ਵਰਖਾ ਰੁੱਤ ਦੇ ਹਨ, ਪਰ ਜ਼ਮੀਨੀ ਪੱਧਰ ’ਤੇ ਇਸ ਸਾਲ ਵਰਖਾ; ਪਹਿਲਾਂ ਹੀ ਹਾੜ ਮਹੀਨੇ ਦੇ ਅੱਧ ਤੋਂ ਪਹਿਲਾਂ ਸ਼ੁਰੂ ਹੋ ਗਈ ਸੀ ਤੇ ਹਾੜ ਦੀ ਸਮਾਪਤੀ ਤੱਕ ਹੜ੍ਹਾਂ ਨੇ ਵੀ ਭਾਰੀ ਨੁਕਸਾਨ ਕਰ ਦਿੱਤਾ ਸੀ। ਇਹ ਕੇਵਲ ਇਸੇ ਸਾਲ ਦੀ ਗੱਲ ਨਹੀਂ ਬਲਕਿ ਪਿਛਲੇ ਹਰ ਰਿਕਾਰਡ ਮੁਤਾਬਕ ਵਰਖਾ ਰੁੱਤ; ਹਰ ਸਾਲ ਹੀ ਹਾੜ ਮਹੀਨੇ ’ਚ ਸ਼ੁਰੂ ਹੋ ਜਾਂਦੀ ਹੈ ਜਦਕਿ ਸਾਵਣ ਮਹੀਨੇ ਦਾ ਆਰੰਭ 16 ਜੁਲਾਈ ਨੂੰ ਅਤੇ ਭਾਦੋਂ ਮਹੀਨੇ ਦੀ ਪਹਿਲੀ ਤਾਰੀਖ਼ ਹਰ ਸਾਲ 16 ਅਗਸਤ ਨੂੰ ਹੁੰਦੀ ਹੈ ਭਾਵ ਹੁਣ ਤੱਕ ਸਾਨੂੰ ਜਾਣਕਾਰੀ ਨਾ ਹੋਣ ਕਾਰਨ ਜਿਹੜਾ ਫ਼ਰਕ ਪੈ ਚੁੱਕਾ ਸੀ, ਸੋ ਪੈ ਗਿਆ, ਪਰ ਅੱਗੇ ਤੋਂ ਫ਼ਰਕ ਪੈਣਾ ਰੋਕ ਦਿੱਤਾ ਗਿਆ ਹੈ।

ਸ੍ਰੋਮਣੀ ਕਮੇਟੀ ਨੇ ਆਪਣੇ ਇਤਿਹਾਸਕ ਦਿਹਾੜੇ ਮਨਾਉਣ ਲਈ ਨਿਯਮ ਇਹ ਅਪਣਾਇਆ ਹੈ ਕਿ ਸਾਰੇ ਗੁਰ ਪੁਰਬ ਚੰਦਰ ਕੈਲੰਡਰ ਦੀਆਂ ਤਿੱਥਾਂ ਦੇ ਹਿਸਾਬ, ਅੰਗਰੇਜ਼ਾਂ ਵੱਲੋਂ ਪੰਜਾਬ ’ਤੇ ਕਬਜ਼ਾ ਕਰਨ ਤੋਂ ਪਹਿਲਾਂ ਦੇ ਸਾਰੇ ਇਤਿਹਾਸਕ ਦਿਹਾੜੇ ਸੰਗਰਾਂਦ ਦੇ ਹਿਸਾਬ ਸੂਰਜੀ ਤਾਰੀਖ਼ਾਂ ਅਤੇ ਪੰਜਾਬ ਅੰਗਰੇਜ਼ਾਂ ਅਧੀਨ ਹੋਣ ਤੋਂ ਬਾਅਦ ਸਾਰੇ ਇਤਿਹਾਸਕ ਦਿਹਾੜੇ ਅੰਗਰੇਜ਼ੀ ਭਾਵ ਸਾਂਝੇ ਕੈਲੰਡਰ ਦੀਆਂ ਤਾਰੀਖ਼ਾਂ ਅਨੁਸਾਰ ਨਿਸ਼ਚਿਤ ਕੀਤੇ ਜਾਂਦੇ ਹਨ ਭਾਵ ਕੋਈ ਇੱਕ ਕੈਲੰਡਰ ਅਪਣਾਉਣ ਦੀ ਬਜਾਏ ਤਿੰਨ ਕੈਲੰਡਰ ਵਰਤੇ ਜਾਣ ਲੱਗੇ ਤਾਹੀਓਂ ਇਤਿਹਾਸਕ ਦਿਹਾੜੇ ਹਮੇਸ਼ਾਂ ਅੱਗੇ ਪਿੱਛੇ ਹੁੰਦੇ ਰਹਿੰਦੇ ਹਨ ਤੇ ਤਾਰੀਖ਼ਾਂ ਦਾ ਸੰਬੰਧ ਇੱਕ ਦੂਸਰੇ ਨਾਲੋਂ ਟੁੱਟ ਰਿਹਾ ਹੈ। ਇਸ ਤੋਂ ਵੱਧ ਹਾਸੋ ਹੀਣੀ ਗੱਲ ਇਹ ਹੈ ਕਿ ਕੈਲੰਡਰ ਤਿਆਰ ਕਰਨ ਦੇ ਜ਼ਿੰਮੇਵਾਰ ਮੁਲਾਜਮਾਂ ਨੂੰ ਇੱਕ ਪੱਧਤੀ ਤੋਂ ਦੂਸਰੀ ਪੱਧਤੀ ’ਚ ਤਾਰੀਖ਼ਾਂ ਤਬਦੀਲ ਕਰਨ ਦੀ ਮੁਹਾਰਤ ਵੀ ਨਹੀਂ, ਇਸ ਲਈ ਜਿਹੜੇ ਦਿਹਾੜੇ ਦੀ ਉਨ੍ਹਾਂ ਨੂੰ ਕਿਸੇ ਲੇਖਕ ਵੱਲੋਂ ਕਿਸੇ ਵੀ ਪੱਧਤੀ ’ਚ ਲਿਖੀ ਤਾਰੀਖ਼ ਮਿਲ ਜਾਂਦੀ ਹੈ, ਉਸੇ ਵਿੱਚ ਦਰਜ ਕਰਕੇ ਆਪਣੇ ਵੱਲੋਂ ਪਹਿਲਾਂ ਅਪਣਾਏ ਨਿਯਮ ਭੰਗ ਵੀ ਕਰ ਦਿੱਤੇ ਜਾਂਦੇ ਹਨ। ਮਿਸਾਲ ਦੇ ਤੌਰ ’ਤੇ ਮੁਗ਼ਲ ਸਰਕਾਰੀ ਰਿਕਾਰਡ ਮੁਤਾਬਕ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ 24 ਰੱਬੀ-ਉਲ-ਅਵਲ ਹਿਜ਼ਰੀ ਸੰਮਤ 1122 ਨੂੰ ਸਰਹਿੰਦ ਫ਼ਤਹਿ ਕੀਤੀ ਗਈ ਸੀ; ਜਿਸ ਨੂੰ ਦੂਸਰੀਆਂ ਪੱਧਤੀਆਂ ਵਿੱਚ ਤਬਦੀਲ ਕੀਤਿਆਂ ੧੫ ਜੇਠ ਬਿਕ੍ਰਮੀ ਸੰਮਤ ੧੭੬੭/ 13 ਮਈ 1710 ਜੂਲੀਅਨ ਬਣਦਾ ਹੈ। ਸਿੱਖ ਇਤਿਹਾਸਕਾਰ ਖ਼ੁਦ ਤਾਂ ਕੈਲੰਡਰ ਵਿਗਿਆਨ ਤੋਂ ਜਾਣੂ ਨਹੀਂ ਸਨ (ਵੈਸੇ ਸੰਭਵ ਵੀ ਨਹੀਂ ਹੁੰਦਾ ਕਿ ਕੋਈ ਵਿਦਵਾਨ ਹਰ ਵਿਸ਼ੇ ਦਾ ਮਾਹਰ ਹੋਵੇ), ਇਸ ਲਈ ਉਨ੍ਹਾਂ ਨੇ ਇਤਿਹਾਸ ਲਿਖਣ ਸਮੇਂ ਮਿਲਦੇ ਹੋਰ ਵਸੀਲਿਆਂ ਤੋਂ ਤਾਰੀਖ਼ਾਂ ਤਬਦੀਲ ਕਰਨ ’ਚ ਮਦਦ ਲਈ; ਜਿਵੇਂ ਕਿ ਡਾ: ਗੰਡਾ ਸਿੰਘ ਨੇ ਤਾਮਿਲਨਾਡੂ ਦੇ ਵਸਨੀਕ ਸਵਾਮੀਕੰਨੂੰ ਪਿੱਲੇ ਦੀ ਜੰਤਰੀ (ਜੋ ਤਾਮਿਲਨਾਡੂ ’ਚ ਲਾਗੂ ਨਿਯਮਾਂ ਅਨੁਸਾਰ ਬਣਾਈ ਗਈ ਸੀ; ਤੋਂ ਵੇਖ ਕੇ 12 ਮਈ ਲਿਖ ਦਿੱਤੀ। ਇਸ ਜੰਤਰੀ ਦੇ ਕੁਝ ਮਹੀਨਿਆਂ ਦੀਆਂ ਤਾਰੀਖ਼ਾਂ; ਪੰਜਾਬ ਦੀਆਂ ਜੰਤਰੀਆਂ ਨਾਲੋਂ ੧ ਦਿਨ ਦੇ ਫ਼ਰਕ ਨਾਲ਼ ਹਨ। ਸ੍ਰੋਮਣੀ ਕਮੇਟੀ ਨੂੰ ਚਾਹੀਦਾ ਸੀ ਕਿ ਆਪਣੇ ਵੱਲੋਂ ਅਪਣਾਏ ਨਿਯਮ ਮੁਤਾਬਕ ਸਰਹਿੰਦ ਫ਼ਤਹਿ ਦਿਵਸ ਲਈ ੧੫ ਜੇਠ ਨਿਸ਼ਚਿਤ ਕੀਤਾ ਜਾਂਦਾ, ਪਰ ਇਨ੍ਹਾਂ ਨੇ ਡਾ: ਗੰਡਾ ਸਿੰਘ ਵੱਲੋਂ ਲਿਖੀ ਪੁਸਤਕ ’ਚੋਂ ਵੇਖ ਕੇ ਹਰ ਸਾਲ 12 ਮਈ ਦੀ ਤਾਰੀਖ਼ ਨਿਸ਼ਚਿਤ ਕਰ ਦਿੱਤੀ, ਜੋ ਅੱਜ ਕੱਲ੍ਹ ਕਦੀ ੨੯ ਵੈਸਾਖ ਹੋ ਜਾਂਦੀ ਅਤੇ ਕਦੀ ੩੦ ਵੈਸਾਖ।

ਹੋਰ ਵੇਖੋ ਗੁਰਦੁਆਰਾ ਸ਼ਹੀਦ ਗੰਜ ਫ਼ਤਹਿਗੜ੍ਹ ਸਾਹਿਬ; ਜਿੱਥੇ ਸਰਹਿੰਦ ਫ਼ਤਹਿ ਕਰਦਿਆਂ ਸ਼ਹੀਦ ਹੋਏ 6000 ਸਿੰਘਾਂ ਦਾ ਇਕੱਠਾ ਸਸਕਾਰ ਕੀਤਾ ਗਿਆ ਸੀ, ਉੱਥੇ ਲੱਗੇ ਬੋਰਡ ’ਤੇ ਸਰਹਿੰਦ ਫ਼ਤਹਿ ਦਿਵਸ ਦੀ ਤਾਰੀਖ਼ 14 ਮਈ/ ੧ ਜੇਠ ਲਿਖੀ ਹੋਈ ਹੈ। ਕੱਲ੍ਹ ਨੂੰ ਕੋਈ ਹੋਰ ਇਤਿਹਾਸ ਲਿਖੇਗਾ ਤਾਂ ਕਿਹੜੀ ਤਾਰੀਖ਼ ਨੂੰ ਸਹੀ ਮੰਨ ਕੇ ਲਿਖੇਗਾ; ਇਸ ਸਚਾਈ ਨੂੰ ਬਿਕ੍ਰਮੀ ਕੈਲੰਡਰ ਦੇ ਸਮਰਥਕ ਨਹੀਂ ਸਮਝਦੇ।

ਦੂਸਰੇ ਪਾਸੇ ਸਰਹਿੰਦ ਫ਼ਤਹਿ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ 29 ਜ਼ਮਾਦੀ-ਉਲ-ਸਾਨੀ ਹਿਜ਼ਰੀ ਸੰਮਤ ੧੧੨੮ ਨੂੰ ਹੋਈ ਸੀ [ਇਸ ਤਾਰੀਖ਼ ਨੂੰ ਕੈਲੰਡਰ ਦੀਆਂ ਦੂਸਰੀਆਂ ਪੱਧਤੀਆਂ ’ਚ ਤਬਦੀਲ ਕੀਤਿਆਂ ਬਣਦਾ ਹੈ – ੧੧ ਹਾੜ ਬਿਕ੍ਰਮੀ ਸੰਮਤ ੧੭੭੩ (ਸੂਰਜੀ ਸਿਧਾਂਤ)/ 9 ਜੂਨ 1716 ਜੂਲੀਅਨ], ਪਰ ਸ੍ਰੋਮਣੀ ਕਮੇਟੀ ਆਪਣੇ ਕੈਲੰਡਰ ’ਚ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਹਰ ਸਾਲ ੧੧ ਹਾੜ ਨਿਸ਼ਚਿਤ ਕਰ ਰਹੀ ਹੈ, ਜਿਸ ਦਿਨ ਕਦੀ 24 ਜੂਨ ਹੁੰਦੀ ਹੈ ਅਤੇ ਕਦੀ 25 ਜੂਨ। ਸਵਾਲ ਪੈਦਾ ਹੁੰਦਾ ਹੈ ਕਿ ਜੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਲਈ ਸੰਗਰਾਂਦ ਦੇ ਹਿਸਾਬ ਨਾਲ਼ ਸੂਰਜੀ ਤਾਰੀਖ਼ ੧੧ ਹਾੜ ਨਿਸ਼ਚਿਤ ਕੀਤੀ ਜਾ ਸਕਦੀ ਹੈ ਤਾਂ ਉਨ੍ਹਾਂ ਵੱਲੋਂ ਸਰਹਿੰਦ ਫ਼ਤਹਿ ਦਿਵਸ ਲਈ ਸੂਰਜੀ ਤਾਰੀਖ਼ ੧੫ ਜੇਠ ਕਿਉਂ ਨਹੀਂ ਨਿਸ਼ਚਿਤ ਕੀਤੀ ਜਾ ਸਕਦੀ ?

 ਸਾਕਾ ਨਾਨਕਾਣਾ ਸਾਹਿਬ ੧੦ ਫੱਗਣ ਸੰਮਤ ੧੯੭੭ ਬਿਕ੍ਰਮੀ/ 20 ਫ਼ਰਵਰੀ 1921 ਨੂੰ ਵਾਪਰਿਆ ਹੈ, ਪਰ ਸ੍ਰੋਮਣੀ ਕਮੇਟੀ ਦੇ ਕੈਲੰਡਰ ਸੰਮਤ ੫੫੪ (2022-23) ਅਤੇ ਸੰਮਤ ੫੫੫ (2023-24) ’ਚ ਸਾਕਾ ਨਨਕਾਣਾ ਸਾਹਿਬ ਦੀ ਤਾਰੀਖ਼ ੯ ਫੱਗਣ ਲਿਖੀ ਹੈ ਜਦਕਿ ਉਸ ਦਿਨ 21 ਫ਼ਰਵਰੀ ਬਣਦੀ ਹੈ। ਵੈਸੇ ਨਾ ੯ ਫੱਗਣ ਸਹੀ ਹੈ ਅਤੇ ਨਾ ਹੀ 21 ਫ਼ਰਵਰੀ ਸਹੀ ਹੈ ! ! !

ਹਰਚੰਦ ਸਿੰਘ ਲੌਂਗੋਵਾਲ ਦਾ ਕਤਲ 20 ਅਗਸਤ 1985/ ੫ ਭਾਦੋਂ ਸੰਮਤ ੨੦੪੨ ਨੂੰ ਹੋਇਆ। ਸ਼੍ਰੋਮਣੀ ਕਮੇਟੀ ਇਸ ਨੂੰ ਸ਼ਹੀਦੀ ਦਿਵਸ ਵਜੋਂ ਹਰ ਸਾਲ ੫ ਭਾਦੋਂ ਲਿਖਦੀ ਹੈ ਭਾਵੇਂ ਕਿ ਉਸ ਦਿਨ ਕਦੀ 20 ਅਗਸਤ ਹੁੰਦਾ ਹੈ ਅਤੇ ਕਦੀ 21 ਅਗਸਤ। ਦੂਸਰੇ ਪਾਸੇ ਬਾਬਾ ਜਰਨੈਲ ਸਿੰਘ ਦੀ ਸ਼ਹੀਦੀ 6 ਜੂਨ 1984/ ੨੪ ਜੇਠ ਨੂੰ ਹੋਈ ਸੀ। ਸ੍ਰੋਮਣੀ ਕਮੇਟੀ ਇਸ ਨੂੰ ਸ਼ਹੀਦੀ ਦਿਵਸ ਵਜੋਂ ਹਰ ਸਾਲ 6 ਜੂਨ ਨਿਸ਼ਚਿਤ ਕਰਦੀ ਹੈ ਭਾਵੇਂ ਇਹ ਦਿਨ ਕਿਸੇ ਸਾਲ ੨੩ ਜੇਠ ਨੂੰ ਹੁੰਦਾ ਹੈ ਅਤੇ ਕਿਸੇ ਸਾਲ ੨੪ ਜੇਠ ਨੂੰ। ਸਵਾਲ ਪੈਦਾ ਹੁੰਦਾ ਹੈ ਕਿ ਜੇ ਹਰਚੰਦ ਸਿੰਘ ਲੌਂਗੋਵਾਲ ਦੀ ਸ਼ਹੀਦੀ ਲਈ ਸੰਗਰਾਂਦ ਦੇ ਹਿਸਾਬ ਨਾਲ਼ ੫ ਭਾਦੋਂ ਲਿਖੀ ਹੈ ਤਾਂ ਉਨ੍ਹਾਂ ਤੋਂ ਕੇਵਲ ਇਕ ਸਾਲ ਪਹਿਲਾਂ ਵਾਪਰੀ ਘਟਨਾ ਬਾਬਾ ਜਰਨੈਲ ਸਿੰਘ ਦੇ ਸ਼ਹੀਦੀ ਦਿਵਸ ਲਈ ਸੰਗਰਾਂਦ ਦੇ ਹਿਸਾਬ ਨਾਲ਼ ੨੪ ਜੇਠ ਨਿਸ਼ਚਿਤ ਕਿਉਂ ਨਹੀਂ ਕਰ ਸਕਦੀ ? ਇਹ ਸਿਰਫ ਦੋ ਤਿੰਨ ਦਿਹਾੜਿਆਂ ਦੀ ਗੱਲ ਨਹੀਂ ਬਲਕਿ ਜਿਸ ਵੀ ਦਿਹਾੜੇ ਦੀਆਂ ਤਾਰੀਖ਼ਾਂ ਦੀ ਪੜਤਾਲ ਕਰੀਏ ਹਰ ਥਾਂ ਇਸ ਤਰ੍ਹਾਂ ਖਿਦੋ ਦੀਆਂ ਲੀਰਾਂ ਵਾਙ ਉੱਧੜੀ ਜਾਣਗੀਆਂ ਕਿਸੇ ਇਤਿਹਾਸਕਾਰ ਦੇ ਕੱਖ ਪੱਲੇ ਨਹੀਂ ਪੈਣਾ ਕਿ ਕਿਹੜਾ ਦਿਹਾੜਾ ਕਿਸ ਪੱਧਤੀ ਦੀਆਂ ਤਾਰੀਖ਼ਾਂ ਵਿੱਚ ਦਰਜ ਕੀਤਾ ਹੈ।

ਜੇ ਨਾਨਕਸ਼ਾਹੀ ਕੈਲੰਡਰ ਲਾਗੂ ਕਰ ਦਿੱਤਾ ਜਾਵੇ ਤਾਂ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣੀ; ਭਾਵੇਂ ਸਾਂਝੇ ਕੈਲੰਡਰ ਦੀ ਤਾਰੀਖ਼ ਲਿਖ ਦਿੱਤੀ ਜਾਵੇ ਭਾਵੇਂ ਨਾਨਕਸ਼ਾਹੀ ਕੈਲੰਡਰ ਦੀ; ਦੋਵਾਂ ਹੀ ਪੱਧਤੀਆਂ ਦੀਆਂ ਤਾਰੀਖ਼ਾਂ ਹਮੇਸ਼ਾਂ ਹਰ ਸਾਲ ਇੱਕ ਦੂਜੀ ਨਾਲ ਮੇਲ ਖਾਂਦੀਆਂ ਰਹਿਣਗੀਆਂ; ਜਿਵੇਂ ਕਿ ਸਰਹਿੰਦ ਫ਼ਤਿਹ ਦਿਵਸ ਹਰ ਸਾਲ ੧੫ ਜੇਠ/29 ਮਈ, ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਵਸ; ਹਰ ਸਾਲ ੧੧ ਹਾੜ/25 ਜੂਨ, ਸ਼ਹੀਦੀ ਬਾਬਾ ਜਰਨੈਲ ਸਿੰਘ ੨੩ ਜੇਠ/6 ਜੂਨ, ਸ਼ਹੀਦੀ ਹਰਚੰਦ ਸਿੰਘ ਲੌਂਗੋਵਾਲ ੫ ਭਾਦੋਂ 20 ਅਗਸਤ, ਸਾਕਾ ਨਨਕਾਣਾ ਸਾਹਿਬ ੧੦ ਫ਼ੱਗਣ/21 ਫ਼ਰਵਰੀ ਅਤੇ ਇਸੇ ਤਰ੍ਹਾਂ ਬਾਕੀ ਦੇ ਸਾਰੇ ਦਿਹਾੜਿਆਂ ਦੀਆਂ ਤਾਰੀਖ਼ਾਂ ਇੱਕ ਦੂਸਰੀ ਪੱਧਤੀ ਨਾਲ ਮੇਲ ਖਾਣਗੀਆਂ। ਕੈਲੰਡਰ ਵਿਗਿਆਨ ਤੋਂ ਅਣਜਾਣ ਵੀਰ ਇਹ ਦੋਸ਼ ਲਾਉਂਦੇ ਆ ਰਹੇ ਹਨ ਕਿ ਨਾਨਕਸ਼ਾਹੀ ਕੈਲੰਡਰ ਇਤਿਹਾਸ ਨੂੰ ਮਿਥਿਹਾਸ ’ਚ ਬਦਲ ਰਿਹਾ ਹੈ; ਉਨ੍ਹਾਂ ਨੂੰ ਉਕਤ ਉਦਾਹਰਨਾਂ ਤੋਂ ਹੀ ਸਮਝ ਆ ਜਾਣੀ ਚਾਹੀਦੀ ਹੈ ਕਿ ਕਿਹੜਾ ਕੈਲੰਡਰ ਇਤਿਹਾਸਕ ਤਾਰੀਖ਼ਾਂ ਨੂੰ ਵਿਗਾੜ ਰਿਹਾ ਹੈ।

ਜਿਸ ਤਰ੍ਹਾਂ ਸਮੇਂ ਦੇ ਗੇੜ ਨਾਲ ਬਾਹਰੀ ਰੁੱਤਾਂ ਬਦਲਦੀਆਂ ਹਨ, ਠੀਕ ਉਸੇ ਤਰ੍ਹਾਂ ਮਨੁੱਖ ਦੇ ਮਨ ’ਤੇ ਪ੍ਰਭੂ ਦੀ ਯਾਦ ਨਾਲੋਂ ਟੁੱਟਣ ਜਾਂ ਨਾਮ ਅਭਿਆਸ ਵਿੱਚ ਜੁੜਨ ਨਾਲ ਅਧਿਆਤਮਿਕ ਅਵਸਥਾ ’ਤੇ ਅਸਰ ਪੈਂਦਾ ਹੈ। ਗੁਰੂ ਸਾਹਿਬ ਜੀ ਨੇ ਬਾਰਹਮਾਹਾ ਦੀ ਬਾਣੀ ਰਾਹੀਂ ਬਾਹਰੀ ਰੁੱਤਾਂ ਦੀਆਂ ਉਦਾਹਰਨਾਂ ਦੇ ਕੇ ਅੰਦਰਲੀ ਤਬਦੀਲੀ ਨੂੰ ਬਿਆਨ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ੧੧੦੮ ’ਤੇ ਤੁਖਾਰੀ ਰਾਗ ਬਾਰਹਮਾਹਾ ਮਹਲਾ ੧ ਦੇ ਸਿਰਲੇਖ ਹੇਠ ਦਰਜ ਬਾਣੀ ਦੇ ੧੦ਵੇਂ ਪਦੇ ’ਚ ਗੁਰੂ ਨਾਨਕ ਸਾਹਿਬ ਜੀ ਆਖਦੇ ਹਨ ਕਿ ਭਾਦੋਂ ਵਰਖਾ ਰੁੱਤ ਦਾ ਮਹੀਨਾ ਹੋਣ ਕਾਰਨ ਮੀਂਹ ਵਰ੍ਹਦਾ ਹੈ। ਟੋਏ ਟਿੱਬੇ ਮੀਂਹ ਦੇ ਪਾਣੀ ਨਾਲ ਭਰੇ ਹੋਏ ਹੁੰਦੇ ਹਨ। ਡੱਡੂ ਗੁੜੈਂ ਗੁੜੈਂ ਕਰਦੇ ਹਨ। ਮੋਰ ਕੁਹਕਦੇ ਹਨ। ਪਪੀਹਾ ਭੀ ‘ਪ੍ਰਿਉ ਪ੍ਰਿਉ‘ ਕਰਦਾ ਹੈ (ਭਾਵ ਇਹ ਰੁੱਤ ਨਿਵੇਕਲੀ ਖੁਸ਼ੀ ਲਿਆਉਂਦੀ ਹੈ, ਪਰ) ਜਿਹੜੀ ਇਸਤ੍ਰੀ ਆਪਣੇ ਪਤੀ ਤੋਂ ਵਿਛੁੜੀ ਹੋਈ ਹੈ, ਉਸ ਨੂੰ ਇਸ ਸੁਹਾਵਣੇ ਮੌਸਮ ’ਚ ਵੀ ਆਨੰਦ ਨਹੀਂ ਮਿਲਦਾ। ਉਸ ਨੂੰ ਕਾਲੀਆਂ ਘਟਾਂ ਕਾਰਨ ਹਨ੍ਹੇਰੀ ਹੋਈ ਰਾਤ ’ਚ ਬਰਸਦੇ ਮੀਂਹ ਸਮੇਂ ਇਹੀ ਦਿੱਸਦਾ ਹੈ ਕਿ ਮੀਂਹ ਦੇ ਪਾਣੀ ਨਾਲ ਚੁਫੇਰੇ ਛੱਪੜ-ਤਲਾਬ ਨੱਕਾ-ਨੱਕ ਭਰ ਗਏ। ਸੱਪ ਡੰਗਦੇ ਫਿਰਦੇ ਹਨ। ਮੱਛਰ ਕੱਟਦੇ ਹਨ (ਭਾਵ ਪਸ਼ੀ-ਪੰਛੀਆਂ ਵਾਙ ਨਿਵੇਕਲਾ ਨਜ਼ਾਰ ਪ੍ਰਤੀਤ ਨਹੀਂ ਹੁੰਦਾ, ਪਰ ਰੱਬੀ ਵਿਛੋੜੇ ਦਾ ਅਹਿਸਾਸ ਹੋਣ ਨਾਲ਼ ਉਹ ਵੀ) ਪ੍ਰਭੂ ਦੀ ਯਾਦ ਵਿੱਚ ਜੁੜ ਕੇ ਅਨੰਦ ਮਾਣਦੀ ਹੋਈ ਕਹਿੰਦੀ ਹੈ ਕਿ ਮੈਂ ਤਾਂ ਆਪਣੇ ਗੁਰੂ ਨੂੰ ਪੁੱਛ ਕੇ ਤੁਰਾਂਗੀ, ਜਿੱਥੇ ਪ੍ਰਭੂ-ਪਤੀ ਮਿਲ ਸਕਦਾ ਹੋਵੇ, ਉੱਥੇ ਹੀ ਜਾਵਾਂਗੀ ‘‘ਭਾਦਉ, ਭਰਮਿ ਭੁਲੀ; ਭਰਿ ਜੋਬਨਿ ਪਛੁਤਾਣੀ ਜਲ ਥਲ ਨੀਰਿ ਭਰੇ; ਬਰਸ ਰੁਤੇ ਰੰਗੁ ਮਾਣੀ ਬਰਸੈ ਨਿਸਿ ਕਾਲੀ; ਕਿਉ ਸੁਖੁ ਬਾਲੀ; ਦਾਦਰ ਮੋਰ ਲਵੰਤੇ ਪ੍ਰਿਉ ਪ੍ਰਿਉ ਚਵੈ, ਬਬੀਹਾ ਬੋਲੇ; ਭੁਇਅੰਗਮ ਫਿਰਹਿ ਡਸੰਤੇ ਮਛਰ ਡੰਗ, ਸਾਇਰ ਭਰ ਸੁਭਰ; ਬਿਨੁ ਹਰਿ, ਕਿਉ ਸੁਖੁ ਪਾਈਐ ਨਾਨਕ  ! ਪੂਛਿ ਚਲਉ ਗੁਰ ਅਪੁਨੇ; ਜਹ ਪ੍ਰਭੁ, ਤਹ ਹੀ ਜਾਈਐ ੧੦’’ (ਤੁਖਾਰੀ ਬਾਰਹਮਾਹਾ/ਮਹਲਾ /੧੧੦੮)

ਭਾਦੋਂ ਦੇ ਮਹੀਨੇ ’ਚ ਮੌਸਮ ਸਦਾ ਸਥਿਰ ਨਹੀਂ ਰਹਿੰਦਾ। ਕਦੀ ਕਾਲੀਆਂ ਘਟਾਵਾਂ ਆਉਂਦੀਆਂ ਹਨ ਤੇ ਮੀਂਹ ਵਰ੍ਹਦਾ ਹੈ ਤਾਂ ਉਸ ਸਮੇਂ ਮੌਸਮ ਸੁਹਾਵਣਾ ਹੋ ਜਾਂਦਾ ਹੈ, ਪਰ ਜਦੋਂ ਬੱਦਲ ਨਹੀ ਹੁੰਦੇ, ਧੁੱਪ ਪੈਂਦੀ ਤਾਂ ਤ੍ਰਾਟਕਾ ਤੇ ਹੁੰਮਸ ਪੈਦਾ ਹੋ ਜਾਂਦੀ। ਤ੍ਰਾਟਕੇ ਤੇ ਹੁੰਮਸ ਕਾਰਨ ਮਨੁੱਖ, ਜੀਵ ਜੰਤ ਆਦਿ ਨੂੰ ਘਬਰਾਹਟ ਹੋ ਜਾਂਦੀ ਹੈ। ਦੋਵੇਂ ਤਰ੍ਹਾਂ ਦੇ ਮੌਸਮਾਂ ਦੀ ਉਦਾਹਰਨ ਦੇ ਕੇ ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਸਾਹਿਬ ਜੀ ਸਮਝਾਉਂਦੇ ਹਨ ਕਿ ਜਿਸ ਜੀਵ-ਇਸਤ੍ਰੀ ਦਾ ਪਿਆਰ ਪ੍ਰਭੂ-ਪਤੀ ਤੋਂ ਬਿਨਾਂ ਕਿਸੇ ਹੋਰ ਨਾਲ ਲੱਗਦਾ ਹੈ, ਉਹ ਪ੍ਰਭੂ ਪਤੀ ਦੇ ਪਿਆਰ ਤੋਂ ਬਾਂਝੀ ਹੈ; ਅੰਮ੍ਰਿਤਮਈ ਨਾਮ ਦੀ ਵਰਖਾ ਉਸ ਦੇ ਮਨ ’ਚ ਨਹੀਂ ਪੈਂਦੀ ਤਾਂ ਉਹ ਭਟਕਦੀ ਹੋਈ ਸਹੀ ਰਸਤੇ ਤੋਂ ਖੁੰਝਦੀ ਹੈ। ਵੈਸੇ ਭਾਵੇਂ ਲੱਖਾਂ ਹਾਰ ਸ਼ਿੰਗਾਰ ਕਰੇ, ਉਹ ਕਿਸੇ ਕੰਮ ਨਹੀਂ ਆਉਂਦੇ। ਦੂਸਰੀ ਉਦਾਹਰਨ ਦਿੰਦੇ ਹਨ ਕਿ ਜਦ ਸਰੀਰ ਨਾਸ ਹੋਵੇਗਾ ਤਦ (ਸਾਰੇ ਰਿਸ਼ਤੇਦਾਰ) ਆਖਣਗੇ ਕਿ ਇਹ ਹੁਣ ਗੁਜ਼ਰ ਗਿਆ ਹੈ। (ਇਸ ਨੂੰ ਛੇਤੀ ਬਾਹਰ ਲੈ ਚੱਲੋ)। ਜਮਦੂਤ (ਜਿੰਦ ਨੂੰ) ਫੜ ਕੇ ਅੱਗੇ ਲਾ ਲੈਂਦੇ ਹਨ, ਕਿਸੇ ਨੂੰ (ਇਹ) ਭੇਤ ਨਹੀਂ ਦਿੰਦੇ (ਕਿ ਕਿੱਥੇ ਲੈ ਚੱਲੇ ਹਨ), ਜਿਨ੍ਹਾਂ ਸੰਬੰਧੀਆਂ ਨਾਲ ਪਹਿਲਾਂ ਬੜਾ ਪਿਆਰ ਸੀ ਉਹ ਸਾਰੇ ਪਲ ਵਿੱਚ ਹੀ ਸਾਥ ਛੱਡ ਦਿੰਦੇ ਹਨ। (ਮੌਤ ਆਈ ਵੇਖ ਕੇ ਮਨੁੱਖ) ਬੜਾ ਪਛੁਤਾਂਦਾ ਹੈ, ਉਸ ਦਾ ਸਰੀਰ ਔਖਾ ਹੁੰਦਾ ਹੈ, ਉਸ ਦਾ ਰੰਗ ਕਾਲੇ ਤੋਂ ਚਿੱਟਾ ਪੈ ਜਾਂਦਾ ਹੈ ਭਾਵ ਘਬਰਾਹਟ ਨਾਲ ਰੰਗ ਬਦਲ ਜਾਂਦਾ ਹੈ। ਇਸੇ ਤਰ੍ਹਾਂ ਇਹ ਸਰੀਰ ਮਨੁੱਖ ਦੇ ਕੀਤੇ ਕਰਮਾਂ ਦਾ ਖੇਤ ਹੈ, ਜੋ ਕੁਝ ਮਨੁੱਖ ਇਸ ਵਿੱਚ ਬੀਜਦਾ ਹੈ, ਉਹੀ ਫ਼ਸਲ ਵੱਢਦਾ ਹੈ ਭਾਵ ਜੇਹੇ ਕਰਮ ਕਰਦਾ ਹੈ, ਤੇਹਾ ਫਲ ਪਾਂਦਾ ਹੈ। ਗੁਰੂ ਜੀ ਸਮਝਾਉਂਦੇ ਹਨ ਕਿ ਜਿਨ੍ਹਾਂ ਦਾ ਰਾਖਾ ਤੇ ਹਿਤੂ ਗੁਰੂ ਬਣਦਾ ਹੈ, ਉਹ ਨਰਕ ’ਚ ਨਹੀਂ ਪਾਏ ਜਾਂਦੇ (ਕਿਉਂਕਿ ਗੁਰੂ ਦੀ ਕਿਰਪਾ ਨਾਲ) ਉਹ ਪ੍ਰਭੂ ਦੀ ਸ਼ਰਨ ’ਚ ਆ ਚੁੱਕੇ ਹੁੰਦੇ ਹਨ। ਗੁਰੂ ਉਹਨਾਂ ਨੂੰ ਪ੍ਰਭੂ ਦੇ ਚਰਨ-ਰੂਪ ਜਹਾਜ਼ (’ਚ ਚੜ੍ਹਾ) ਲੈਂਦਾ ਹੈ ‘‘ਭਾਦੁਇ, ਭਰਮਿ ਭੁਲਾਣੀਆ; ਦੂਜੈ ਲਗਾ ਹੇਤੁ ਲਖ ਸੀਗਾਰ ਬਣਾਇਆ; ਕਾਰਜਿ ਨਾਹੀ ਕੇਤੁ ਜਿਤੁ ਦਿਨਿ, ਦੇਹ ਬਿਨਸਸੀ; ਤਿਤੁ ਵੇਲੈ ਕਹਸਨਿ ਪ੍ਰੇਤੁ ਪਕੜਿ ਚਲਾਇਨਿ ਦੂਤ ਜਮ; ਕਿਸੈ ਦੇਨੀ ਭੇਤੁ ਛਡਿ ਖੜੋਤੇ ਖਿਨੈ ਮਾਹਿ; ਜਿਨ ਸਿਉ ਲਗਾ ਹੇਤੁ ਹਥ ਮਰੋੜੈ ਤਨੁ ਕਪੇ; ਸਿਆਹਹੁ ਹੋਆ ਸੇਤੁ ਜੇਹਾ ਬੀਜੈ, ਸੋ ਲੁਣੈ; ਕਰਮਾ ਸੰਦੜਾ ਖੇਤੁ ਨਾਨਕ  ! ਪ੍ਰਭ ਸਰਣਾਗਤੀ; ਚਰਣ ਬੋਹਿਥ ਪ੍ਰਭ ਦੇਤੁ ਸੇ ਭਾਦੁਇ, ਨਰਕਿ ਪਾਈਅਹਿ; ਗੁਰੁ ਰਖਣ ਵਾਲਾ ਹੇਤੁ ’’ (ਮਾਝ ਬਾਰਹਮਾਹਾ/ਮਹਲਾ /੧੩੪)

ਭਾਦੋਂ ਦੇ ਮਹੀਨੇ ਸਿਲ੍ਹ ਤੇ ਗਰਮੀ ਦੇ ਮਿਲਵੇਂ ਮੌਸਮ ’ਚ ਖ਼ਾਸ ਕਿਸਮ ਦੀ ਬਨਸਪਤੀ ਉੱਗਦੀ ਹੈ, ਜਿਨ੍ਹਾਂ ਨੂੰ ਖੁੰਬਾਂ ਕਿਹਾ ਜਾਂਦਾ ਹੈ। ਆਪਣੇ ਸਫ਼ੈਦ (ਚਿੱਟੇ) ਰੰਗ ’ਚ ਇਹ ਬਹੁਤ ਸੁੰਦਰ ਲੱਗਦੀਆਂ ਹਨ, ਪਰ ਇਨ੍ਹਾਂ ਖੁੰਬਾਂ ਦੀ ਉਮਰ ਬਹੁਤ ਛੋਟੀ ਹੁੰਦੀ ਹੈ; ਜਿੰਨੀ ਜਲਦੀ ਇਹ ਉੱਗਦੀਆਂ ਹਨ, ਓਨੀ ਤੇਜ਼ੀ ਨਾਲ ਨਾਸ ਵੀ ਹੋ ਜਾਂਦੀਆਂ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ ੧੧੯੬ ’ਤੇ ਦਰਜ ਸ਼ਬਦ ਦੀਆਂ ਰਹਾਉ ਵਾਲੀਆਂ ਤੁਕਾਂ ’ਚ ਇਨ੍ਹਾਂ ਖੁੰਬਾਂ ਦੀ ਉਦਾਹਰਨ ਦੇ ਕੇ ਆਪਣੇ ਆਪ ’ਤੇ ਮਾਣ ਕਰਨ ਵਾਲੀ ਜਿੰਦ ਨੂੰ ਭਗਤ ਰਵਿਦਾਸ ਜੀ ਸਮਝਾਉਂਦੇ ਹਨ ਕਿ ਹੇ ਕਮਲੀ ਜਿੰਦੇ ! ਤੂੰ ਕਿਉਂ ਮਾਣ ਕਰਦੀ ਹੈਂ ? ਤੂੰ ਤਾਂ ਉਸ ਖੁੰਬ ਨਾਲੋਂ ਭੀ ਛੇਤੀ ਨਾਸ ਹੋ ਜਾਣ ਵਾਲੀ ਹੈਂ, ਜੋ ਭਾਦਰੋਂ ’ਚ (ਉੱਗਦੀ ਹੈ) ‘‘ਤੂ, ਕਾਂਇ ਗਰਬਹਿ; ਬਾਵਲੀ  ! ਜੈਸੇ, ਭਾਦਉ ਖੂੰਬਰਾਜੁ; ਤੂ, ਤਿਸ ਤੇ ਖਰੀ ਉਤਾਵਲੀ ਰਹਾਉ ’’ (ਭਗਤ ਰਵਿਦਾਸ ਜੀ/੧੧੯੬)

ਸੋ ਸਪਸ਼ਟ ਹੈ ਕਿ ਗੁਰਬਾਣੀ ’ਚ ਜਿੱਥੇ ਭਾਦੋਂ ਮਹੀਨੇ ਦੀ ਰੁੱਤ ਦੇ ਬਦਲਵੇਂ ਮੌਸਮਾਂ ਅਤੇ ਉਨ੍ਹਾਂ ਮੌਸਮਾਂ ਦਾ ਜੀਵ ਜੰਤੂਆਂ ਅਤੇ ਬਨਸਪਤੀ ’ਤੇ ਪੈ ਰਹੇ ਪ੍ਰਭਾਵ ਦਾ ਜ਼ਿਕਰ ਕੀਤਾ ਹੈ, ਉੱਥੇ ਦੁਨੀਆਵੀ ਉਦਾਹਰਨਾਂ ਦੇ ਕੇ ਅਧਿਆਤਮਿਕ ਤੌਰ ’ਤੇ ਪ੍ਰਭੂ ਪ੍ਰੇਮ ’ਚ ਜੋੜਨ ਦਾ ਉਪਦੇਸ਼ ਵੀ ਦਿੱਤਾ ਹੈ।

ਪੁਰਾਣੇ ਸਿੱਖ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਪਿਆਰਾ ਭਾਈ ਦਯਾ ਸਿੰਘ ਜੀ; ਜੋ ਸੰਨ 1699 ’ਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖ਼ਾਲਸਾ ਸਾਜਣਾ ਸਮੇਂ ਪੰਜ ਪਿਆਰਿਆਂ ਦੀ ਚੋਣ ਕਰਨ ਸਮੇਂ ਸਭ ਤੋਂ ਪਹਿਲੇ ਸੀਸ ਭੇਟ ਕਰਨ ਆਏ ਸਨ, ਉਨ੍ਹਾਂ ਦਾ ਪਹਿਲਾ ਨਾਮ ਦਯਾ ਰਾਮ ਜੀ ਸੀ ਅਤੇ ਜਨਮ ਲਾਹੌਰ ਨਿਵਾਸੀ ਭਾਈ ਸੁੱਧਾ ਜੀ ਅਤੇ ਮਾਤਾ ਦਿਆਲੀ ਜੀ ਦੇ ਘਰ ੧੨ ਭਾਦੋਂ ਸੰਮਤ 1718/ 12 ਅਗਸਤ 1661 ਨੂੰ ਹੋਇਆ ਸੀ। ਅੰਮ੍ਰਿਤ ਛਕਣ ਤੋਂ ਬਾਅਦ ਆਪ ਦਾ ਨਾਂ ਭਾਈ ਦਯਾ ਸਿੰਘ ਰੱਖਿਆ ਗਿਆ। ਉਨ੍ਹਾਂ ਦਾ ਜਨਮ ਦਿਨ ਨਾਨਕਸ਼ਾਹੀ ਕੈਲੰਡਰ ਮੁਤਾਬਕ ੧੨ ਭਾਦੋਂ ਹਰ ਸਾਲ 27 ਅਗਸਤ ਨੂੰ ਆਉਂਦਾ ਹੈ।

ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਬਟਾਲਾ ਨਿਵਾਸੀ ਪਿਤਾ ਮੂਲ ਚੰਦ ਜੀ ਅਤੇ ਮਾਤਾ ਚੰਦੋਰਾਣੀ ਦੀ ਸਪੁੱਤਰੀ ਬੀਬੀ ਸੁਲੱਖਣੀ ਜੀ ਨਾਲ ੧੫ ਭਾਦੋਂ ਸੰਮਤ ੧੬੪੪/ 15 ਅਗਸਤ 1587 ਨੂੰ ਹੋਇਆ ਸੀ। ਜੰਞ ਦੇ ਉਤਾਰੇ ਸਮੇਂ ਜਿਸ ਕੰਧ ਦੇ ਕੋਲ਼ ਗੁਰੂ ਨਾਨਕ ਸਾਹਿਬ ਜੀ ਨੂੰ ਬਿਠਾਇਆ ਗਿਆ, ਉਸ ਕੰਧ ਦਾ ਕੁਝ ਹਿੱਸਾ ਹਾਲੀ ਤੱਕ ਮੌਜੂਦ ਹੈ; ਜਿੱਥੇ ਇਤਿਹਾਸਕ ਗੁਰਦੁਆਰਾ ਕੰਧ ਸਾਹਿਬ ਉਸਾਰਿਆ ਗਿਆ ਹੈ। ਸ੍ਰੋਮਣੀ ਕਮੇਟੀ ਦੇ ਕੈਲੰਡਰ ਅਨੁਸਾਰ ਇਸ ਸਥਾਨ ’ਤੇ ਹਰ ਸਾਲ ਬਾਬੇ ਦਾ ਵਿਆਹ ਪੁਰਬ ੧੫ ਭਾਦੋਂ ਨੂੰ ਮਨਾਇਆ ਜਾਂਦਾ ਹੈ, ਜੋ ਕਦੀ 30 ਅਗਸਤ ਅਤੇ ਕਦੀ 31 ਅਗਸਤ ਨੂੰ ਹੁੰਦਾ ਹੈ। ਵੈਸੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਇਹ ਦਿਹਾੜਾ ਹਰ ਸਾਲ ਹੀ ੧੫ ਭਾਦੋਂ/ 30 ਅਗਸਤ ਨੂੰ ਆਉਂਦਾ ਹੈ।

ਇੱਕ ਧਾਰਨ ਅਨੁਸਾਰ ਸ੍ਰੀ ਦਮਦਮਾ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਭਾਦੋਂ ਵਦੀ ੩, ੧੫ ਭਾਦੋਂ ਬਿਕ੍ਰਮੀ ਸੰਮਤ ੧੬੬੩/ 15 ਅਗਸਤ 1706 ਸੀ.ਈ. ਨੂੰ ਹੋਈ ਮੰਨੀ ਜਾ ਰਹੀ ਹੈ। ਸ੍ਰੋਮਣੀ ਕਮੇਟੀ ਦੇ ਕੈਲੰਡਰ ’ਚ ਸੰਪੂਰਨਤਾ ਦਿਵਸ ਹਰ ਸਾਲ ੧੫ ਭਾਦੋਂ ਨਿਸ਼ਚਿਤ ਕੀਤਾ ਜਾਂਦਾ ਹੈ, ਜੋ ਕਦੀ 30 ਅਗਸਤ ਅਤੇ ਕਦੀ 31 ਅਗਸਤ ਨਿਸ਼ਚਿਤ ਕੀਤਾ ਜਾਂਦਾ ਹੈ। ਵੈਸੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਇਹ ਦਿਹਾੜਾ ਹਰ ਸਾਲ ਹੀ ੧੫ ਭਾਦੋਂ/ 30 ਅਗਸਤ ਨੂੰ ਆਉਂਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ -3)

0

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ -3)

ਪੰਥ ਦੇ ਵਿਚਾਰਨਯੋਗ ਮਸਲੇ ਤੇ ਸਮਾਧਾਨ

ਗਿਆਨੀ ਜਗਤਾਰ ਸਿੰਘ ਜਾਚਕ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ-1)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 2)

ਤੀਜਾ ਮਸਲਾ ਹੈ ਸਿਰਲੇਖਾਂ ਦੀ ਤਰਤੀਬਕ ਇਕਸਾਰਤਾ ਦਾ; ਜੋ ਵਧੇਰੇ ਕਰਕੇ ਲਾਹੌਰ ਤੇ ਨਵਲ ਕਿਸ਼ੋਰ ਪ੍ਰੈਸ ਲਖਨਊ ਦੇ ਬੇਸਮਝ ਛਾਪਕਾਂ ਦੁਆਰਾ ਮੰਗਲਾਂ ਦੀ ਸਥਾਨਿਕ ਬੇਤਰਤੀਬੀ ਕਾਰਨ ਪੈਦਾ ਹੋਇਆ ਹੈ । ਭਗਤ ਬਾਣੀ ਦੇ ਕਈ ਸ਼ਬਦ ਸਿਰਲੇਖਾਂ ਤੋਂ ਹੀ ਰਹਿਤ ਹਨ। ਇਸ ਪੱਖੋਂ ਛਾਪੇ ਦੀ ਪ੍ਰਚਲਿਤ ਬੀੜ ਦੇ ਹੇਠ ਲਿਖੇ ਸਿਰਲੇਖ ਵਾਚੇ ਜਾ ਸਕਦੇ ਹਨ, ਜਿਨ੍ਹਾਂ ਵਿੱਚ ਇਕਸਾਰਤਾ ਅਤੇ ਇੱਕ ਬੱਝਵੀਂ ਤਰਤੀਬ ਦੀ ਵੱਡੀ ਤੇ ਰੜਕਵੀਂ ਘਾਟ ਹੈ ਭਾਵ ਕਈ ਥਾਈਂ ਬਾਣੀ ਦਾ ਨਾਂ (‘ਸੋਹਿਲਾ’, ‘ਸੁਖਮਨੀ’ ਤੇ ‘ਓਅੰਕਿਾਰ’ ਆਦਿਕ) ਸਿਰਲੇਖ ਦੇ ਆਰੰਭ ਵਿੱਚ ਅੰਕਿਤ ਕੀਤਾ ਗਿਆ ਹੈ ਅਤੇ ਕਦੀ ਰਾਗ, ਮਹਲਾ, ਘਰੁ ਅਤੇ ਚਉਪਦੇ ਆਦਿਕ ਸੂਚਨਾਵਾਂ ਦੇ ਵਿਚਕਾਰ ਅਤੇ ਕਦੇ ਅੰਤ ਵਿੱਚ; ਜਿਵੇਂ ਹੇਠਾਂ ਵੇਖੋ (ਨੰ. 1, 2, 3) ਕਦੇ ਰਾਗ ਦਾ ਨਾਂ ਪਹਿਲਾਂ ਤੇ ਬਾਣੀਕਾਰ (ਮਹਲਾ) ਦਾ ਵੇਰਵਾ ਪਿੱਛੋਂ, ਕਦੇ ਮਹਲਾ ਦਾ ਵੇਰਵਾ ਪਹਿਲਾਂ ਤੇ ਰਾਗੁ ਪਿੱਛੋਂ ਅਤੇ ਕਈ ਥਾਈਂ ਮਹਲਾ ਦੀ ਸੂਚਨਾ, ਰਾਗ ਤੇ ਕਾਵਿਕ ਪਦਿਆਂ ਦੀ ਸੂਚਨਾ ਤੋਂ ਪਿੱਛੋਂ। ਹੇਠਾਂ ਵੇਖੋ (ਨੰ. 4, 5, 6, 9)।

ਕਦੇ ਸੰਗੀਤਕ ਸੂਚਨਾ ‘ਘਰੁ’ ਨੂੰ ਰਾਗ ਤੋਂ ਪਿੱਛੋਂ ਲਿਖਿਆ ਗਿਆ ਹੈ ਅਤੇ ਕਈ ਥਾਈਂ ਬਾਣੀਕਾਰ (ਮਹਲਾ) ਦੇ ਪਿੱਛੋਂ ਤੇ ਕਦੀ ਅੰਤ ਵਿੱਚ । ਹੇਠਾਂ ਵੇਖੋ (ਨੰ. 4, 5, 9) ਕਈ ਥਾਈਂ ਸ਼ਬਦ ਦੇ ਪਦਿਆਂ ਦੀ ਕਾਵਿਕ ਸੂਚਨਾ (ਦੁਪਦੇ, ਚਉਪਦੇ ਤੇ ਅਸਟਪਦੀਆਂ ਆਦਿਕ) ਨੂੰ ‘ਘਰੁ’ ਦੇ ਪਿੱਛੋਂ ਰੱਖਿਆ ਹੈ ਅਤੇ ਕਦੇ ਬਾਣੀਕਾਰ ਦੇ ਪਿੱਛੋਂ। ਹੇਠਾਂ ਵੇਖੋ (ਨੰ. 4, 5, 6) ਕਦੇ ਮੁੱਖ ਰਾਗ ਤੇ ਉਪਰਾਗ ਨੂੰ ਮਿਲਾ ਕੇ ਮਿਸ਼ਰਤ ਰਾਗ (ਗਉੜੀ ਦੀਪਕੀ, ‘ਗਉੜੀ ਮਾਝ’, ‘ਗਉੜੀ ਗੁਆਰੇਰੀ’, ‘ਆਸਾ ਕਾਫੀ’ ਅਤੇ ‘ਮਾਰੂ ਕਾਫੀ’ ਤੇ ‘ਬਸੰਤ ਹਿੰਡੋਲੁ’ ਆਦਿਕ) ਵਜੋਂ ਗਾਉਣ ਦੀ ਸੂਚਨਾ ਨੂੰ ਸੰਯੁਕਤ ਰੂਪ ਵਿੱਚ ਲਿਖਿਆ ਹੈ। ਹੇਠਾਂ ਵੇਖੋ (ਨੰ. 1, 5, 6, 10) ਕਈ ਥਾਈਂ ਉਪਰਾਗ ਨੂੰ ‘ਘਰੁ’ ਜਾਂ ‘ਮਹਲਾ’ ਤੋਂ ਪਿਛੋਂ ਨਿਖੇੜ ਕੇ ਲਿਖਿਆ ਹੋਇਆ ਹੈ । ਹੇਠਾਂ ਵੇਖੋ (ਨੰ. 8, 9, 11) :

(1) ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ ੧ ॥ ੴ ਸਤਿਗੁਰ ਪ੍ਰਸਾਦਿ ॥  ਜੈ ਘਰਿ ਕੀਰਤਿ॥ ਪੰ. 12

(2) ਗਉੜੀ ਸੁਖਮਨੀ ਮਹਲਾ ੫ ॥ ਸਲੋਕ ॥ ੴ ਸਤਿਗੁਰ ਪ੍ਰਸਾਦਿ ॥ ਸਿਮਰਉ ਸਿਮਰਿ॥

(3) ੴ ਸਤਿਗੁਰ ਪ੍ਰਸਾਦਿ ॥ ਰਾਮਕਲੀ ਮਹਲਾ ੧ ਦਖਣੀ ‘ਓਅੰਕਿਾਰੁ ॥ ਓਅੰਕਿਾਰੁ ਬ੍ਰਹਮਾ॥ ਪੰ. 929

(4) ੴ ਸਤਿਗੁਰ ਪਸਾਦਿ ॥

ਸਿਰੀਰਾਗੁ ਮਹਲਾ ੧ ਘਰੁ ੧ ਅਸਟਪਦੀਆ ॥ ਆਖਿ ਆਖਿ॥ ਪੰ. 53

(5) ਰਾਗ ਮਾਝ ਅਸਟਪਦੀਆ ਮਹਲਾ ੧ ਘਰੁ ੧    ੴ ਸਤਿਗੁਰ ਪ੍ਰਸਾਦਿ ॥  ਸਬਦਿ ਰੰਗਾਏ ਹੁਕਮਿ॥ ਪੰ. 109

(6) ਮਹਲਾ ੫ ਰਾਗੁ ਗਉੜੀ ਗੁਰਆਰੇਰੀ ਚਉਪਦੇ   ੴ ਸਤਿਗੁਰ ਪ੍ਰਸਾਦਿ ॥

ਕਿਨ ਬਿਧਿ ਕੁਸਲ॥ ਪੰ. 175

(7) ਰਾਗੁ ਗਉੜੀ ਮਾਝ ਮਹਲਾ ੫          ੴ ਸਤਿਗੁਰ ਪ੍ਰਸਾਦਿ ॥

ਤੂੰ ਮੇਰਾ ਬਹੁ ਮਾਣ ਕਰਤੇ॥ ਪੰ. 217

(8) ਗਉੜੀ ਮਹਲਾ ੫ ਮਾਝ ॥ ਆਉ ਹਮਾਰੈ॥ ਪੰ. 217

(9) ਆਸਾ ਘਰੁ ੮ ਕਾਫੀ ਮਹਲਾ ੫ ॥ ੴ ਸਤਿਗੁਰ ਪ੍ਰਸਾਦਿ ॥ ਮੈ ਬੰਦਾ ਬੈਖਰੀਦ॥ ਪੰ. 396

(10) ਮਾਰੂ ਕਾਫੀ ਮਹਲਾ ੧ ਘਰੁ 2 ॥ ਆਵਉ ਵੰਝਉ ਡੁੰਮਣੀ.. ਪੰ.1014

(11) ਬਸੰਤ ਮਹਲਾ ੧ ਹਿੰਡੋਲ (ਹਿੰਡੋਲੁ) ॥  ਸਾਹੁਰੜੀ ਵਥੁ..  ਪੰ.1171

ਪ੍ਰੰਤੂ ਸ੍ਰੀ ਕਰਤਾਰਪੁਰੀ ਬੀੜ ਸਮੇਤ ਭਾਈ ਬੰਨੋ ਵਾਲੀ ਸ਼ਾਖ ਦੀਆਂ ਬੀੜਾਂ ਨੂੰ ਛੱਡ ਕੇ ਬਾਕੀ ਦੀਆਂ ਵਧੇਰੇ ਪ੍ਰਾਚੀਨ ਬੀੜਾਂ ਵਿੱਚ ਸਿਰਲੇਖਾਂ ਦੀ ਇੱਕ ਬਝਵੀਂ ਤਰਤੀਬ ਹੈ। ਪਹਿਲੇ ਨੰ. ’ਤੇ ਰਾਗ ਦਾ ਨਾਂ; ਦੂਜੇ ਤੇ ਬਾਣੀਕਾਰ (ਮਹਲਾ) ਦਾ ਵੇਰਵਾ; ਤੀਜੇ ਤੇ ਦੁਪਦੇ, ਚਉਪਦੇ ਤੇ ਅਸਟਪਦੀਆਂ ਆਦਿਕ ਦੇ ਰੂਪ ਵਿੱਚ ਕਾਵਿਕ ਪਦਿਆਂ ਦੀ ਸੂਚਨਾ; ਚੌਥੇ ਤੇ ਸੰਗੀਤਕ ਸੂਚਨਾ ‘ਘਰੁ’ ਅਤੇ ਅੰਤ ਵਿੱਚ ਬਾਣੀ ਦਾ ਨਾਂ ‘ਸੋਹਿਲਾ’ ਤੇ ‘ਸੁਖਮਨੀ’ ਆਦਿਕ । ਉਦਾਹਰਨ ਵਜੋਂ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਤ ‘ਪਾਠ-ਭੇਦਾਂ ਦੀ ਸੂਚੀ’ ਮੁਤਾਬਕ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਬੀੜ ਨੰ. 4/3, 5, 24/36, 29/79 ਤੇ 32/6281 ਵਿੱਚ ਸਿਰਲੇਖ ਸੀ :

ਰਾਗੁ ਗਉੜੀ ਦੀਪਕੀ ਮਹਲਾ ੧ ਸੋਹਿਲਾ ॥ ਜੈ ਘਰਿ..॥

ਪ੍ਰੰਤੂ ਹੁਣ ਛਪ ਰਿਹਾ ਹੈ : ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ ੧ ॥

(2) ਬੀੜ ਨੰ. 29/79 ਤੇ 37/170 ਵਿੱਚ ਸਿਰਲੇਖ ਸੀ :

ਰਾਮਕਲੀ ਦਖਣੀ  ਮਹਲਾ ੧  ਓਅੰਕਿਾਰੁ ॥

ਹੁਣ ਛਪ ਰਿਹਾ ਹੈ : ਰਾਮਕਲੀ  ਮਹਲਾ ੧  ਦਖਣੀ ਓਅੰਕਿਾਰੁ ॥ ਪੰ. 929

ਇਸੇ ਲਈ ‘ਓਅੰਕਿਾਰ’ ਨਾਮ ਦੀ ਬਾਣੀ ਨੂੰ ਹੁਣ ਆਮ ਤੌਰ ’ਤੇ ‘ਦੱਖਣੀ ਓਅੰਕਿਾਰੁ’ ਬੋਲਿਆ ਜਾ ਰਿਹਾ ਹੈ, ਜੋ ਕਿ ਸਿਧਾਂਤਕ ਪੱਖੋਂ ਵੀ ਗ਼ਲਤ ਹੈ । ‘ਰਾਮਕਲੀ ਦਖਣੀ’ ਦਾ ਅਰਥ ਹੈ : ਦੱਖਣੀ ਕਿਸਮ ਦੀ ਰਾਮਕਲੀ । ਇਸ ਲਈ ਰਾਗ ਦਾ ਸ਼ੁੱਧ ਨਾਮ ਛਪਣਾ ਚਾਹੀਦਾ ਹੈ ‘ਰਾਮਕਲੀ ਦਖਣੀ’ ।

(3)  ਬੀੜ ਨੰ. 1, 4/3, 40/326, 46 ਤੇ 47 ਵਿੱਚ ਛਾਪੇ ਦੀ ਬੀੜ ਦੇ ਪੰਨੇ 53 ਦਾ ਸਿਰਲੇਖ ਸੀ :

ਰਾਗੁ ਸਿਰੀਰਾਗੁ  ਮਹਲਾ ੧  ਅਸਟਪਦੀਆ  ਘਰੁ ੧ ॥

ਪ੍ਰੰਤੂ ਹੁਣ ਛਪ ਰਿਹਾ ਹੈ : ਸਿਰੀਰਾਗੁ  ਮਹਲਾ ੧  ਘਰੁ ੧ ਅਸਟਪਦੀਆ ॥ ਪੰ. 53

ਛਾਪੇ ਦੀ ਪਾਵਨ ਬੀੜ ਵਿੱਚ ਵਾਰਾਂ ਦੇ ਸਿਰਲੇਖ ਵੀ ਉਘੜ-ਦੁਘੜ ਛਪ ਰਹੇ ਹਨ ਭਾਵ ਵਾਰਾਂ ਦੇ ਸਿਰਲੇਖਾਂ ਵਿੱਚ ਵੀ ਇਕਸਾਰਤਾ ਨਹੀਂ। ਗੁਰਬਾਣੀ ਤੇ ਕਾਵਿ-ਸ਼ੈਲੀ ਦੀ ਗਹਿਰੀ ਸੂਝ ਰੱਖਣ ਵਾਲੇ ਵਿਦਵਾਨਾਂ ਦਾ ਮੱਤ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗਾਂ ਦੀਆਂ ਵਾਰਾਂ ਦੀ ਮੁੱਢਲੀ ਬਣਤਰ ਵਿੱਚ ਕੇਵਲ ਪਉੜੀਆਂ ਸਨ। ਉਨ੍ਹਾਂ ਦੇ ਭਾਵਾਂ ਨਾਲ ਮਿਲਦੇ ਸਲੋਕ ‘ਪੋਥੀ ਸਾਹਿਬ’ ਦੀ ਸੰਪਾਦਨਾ ਵੇਲੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਆਪ ਸਥਾਪਿਤ ਕਰਵਾਏ ਹਨ । ਇਉਂ ਪ੍ਰਤੀਤ ਹੁੰਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ‘ਬਸੰਤ ਕੀ ਵਾਰ ਮਹਲੁ ੫’ ਵਾਰਾਂ ਦੇ ਮੁੱਢਲੇ ਰੂਪ ਨੂੰ ਹੀ ਪ੍ਰਮਾਣਿਤ ਕਰਨ ਹਿਤ ਸਲੋਕ ਰਹਿਤ ਸਥਾਪਿਤ ਕੀਤੀ ਹੈ ਕਿਉਂਕਿ ਉਸ ਦੀਆਂ ਕੇਵਲ 3 ਪਉੜੀਆਂ ਹੀ ਹਨ, ਸਲੋਕ ਨਹੀਂ । ਇਹ ਇੱਕ ਵੱਖਰੀ ਗੱਲ ਹੈ ਕਿ ਛਾਪੇ ਦੀ ਬੀੜ ਵਿੱਚ ‘ਪਉੜੀ’ ਸਿਰਲੇਖ ਦੀ ਅਣਹੋਂਦ ਹੈ, ਪ੍ਰੰਤੂ ਸੂਚੀ ਮੁਤਾਬਕ ਪੁਰਾਤਨ ਹੱਥ ਲਿਖਤੀ ਗ੍ਰੰਥਾਂ ਵਿੱਚ ਸਿਰਲੇਖ ਵਜੋਂ ‘ਬਸੰਤ ਕੀ ਵਾਰ ਮਹਲੁ ੫’ ਦੀ ਥਾਂ ‘ਮਹਲਾ ੫’ ਵੀ ਅੰਕਿਤ ਹੈ ਅਤੇ ਵਾਰ ਦੇ ਹਰੇਕ ਪਦੇ ਨਾਲ ਬਕਾਇਦਾ ‘ਪਉੜੀ’ ਸਿਰਲੇਖ ਵੀ । ਵਾਰ ਦਾ ਸੰਖੇਪ ਮੰਗਲ ‘ੴ ਸਤਿਗੁਰਪ੍ਰਸਾਦਿ ॥’ ਸੱਜੇ ਹੈ । ਜਿਵੇਂ ਬੀੜ ਨੰ. 1, 5, 29/79, 35/166 ਤੇ 54 ਆਦਿਕ ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਾ ਬੀੜ ਦੇ ਪੰਨਾ 1410 ਉਪਰਲਾ ਵਿਸ਼ੇਸ਼ ਸਿਰਲੇਖ ‘ਸਲੋਕ ਵਾਰਾਂ ਤੇ ਵਧੀਕ’, ਇਸ ਹਕੀਕਤ ਦਾ ਅਕੱਟ ਪ੍ਰਮਾਣ ਹੈ ਕਿ ਜਿਹੜੇ ਸਲੋਕ ਵਾਰਾਂ ਤੋਂ ਵਧ ਗਏ, ਉਹ ਸਾਰੇ ਉਪਰੋਕਤ ਸਿਰਲੇਖ ਹੇਠ ਇਕੱਠੇ ਲਿਖ ਦਿੱਤੇ । ਇਸ ਲਈ ਜਥੇਦਾਰ ਵੇਦਾਂਤੀ ਜੀ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਟੀਮ’ ਦੀ ਸਾਂਝੀ ਖੋਜ ਅਤੇ ‘ਪਾਠ ਭੇਦ ਸੂਚੀ’ ਦੀ ਸੁਧਾਰਕ ਸਲਾਹ ਨਾਲ ਸਿਰਲੇਖਾਂ ਦੀ ਇਕਸਾਰਤਾ ਸਥਾਪਤ ਕਰਨ ਮੌਕੇ ਸਾਰੀਆਂ ਵਾਰਾਂ ਦੇ ਸੰਖੇਪ ਮੰਗਲ ਸੱਜੇ ਲਿਖਣ ਉਪਰੰਤ ਰਾਗ ਦੇ ਵੇਰਵੇ ਪਿਛੋਂ ‘ਸਲੋਕਾ ਨਾਲਿ’ ਦੀ ਵਿਸ਼ੇਸ਼ ਸੂਚਨਾ ਸ਼ਾਮਲ ਕੀਤੀ । ਇਸ ਪਿੱਛੋਂ ਬਾਣੀਕਾਰ ਦਾ ਵਰਣਨ ਅਤੇ ਵਾਰ ਦੀ ਧੁਨੀ ਦਾ ਵੇਰਵਾ ਲਿਖਿਆ। ਕੇਵਲ ਭਾਈ ਸੱਤੇ ਤੇ ਬਲਵੰਡ ਵਾਲੀ ਰਾਮਕਲੀ ਦੀ ਵਾਰ ਅਤੇ ਬਸੰਤ ਦੀ ਵਾਰ ਦੇ ਸਿਰਲੇਖ ਹੀ ‘ਸਲੋਕਾ ਨਾਲਿ’ ਸੂਚਨਾ ਤੋਂ ਖਾਲੀ ਹਨ ਕਿਉਂਕਿ ਉਹ ਦੋਵੇ ਵਾਰਾਂ ਸਲੋਕਾਂ ਤੋਂ ਰਹਿਤ ਹਨ । ਮੰਨਿਆ ਜਾਂਦਾ ਹੈ ਕਿ ਬਸੰਤ ਦੀ ਵਾਰ ਇਸ ਹਕੀਕਤ ਦਾ ਅਕੱਟ ਪ੍ਰਮਾਣ ਹੈ ਕਿ ਵਾਰਾਂ ਦਾ ਮੁੱਢਲਾ ਰੂਪ ਸਲੋਕਾਂ ਤੋਂ ਰਹਿਤ ਸੀ ।

‘ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਟੀਮ’ ਨੇ ਇਹ ਤੱਥ ਵੀ ਨੋਟ ਕੀਤਾ ਕਿ ਵਾਰ ਦੀ ਜਿਸ ਪਉੜੀ ਤੋਂ ਪਹਿਲਾਂ ਜੇ ਸਲੋਕ ਇੱਕੋ ਹੋਵੇ ਤਾਂ ਉਸ ਦਾ ਸਿਰਲੇਖ ਵੀ ਇੱਕ ਵਚਨ ਪੁਲਿੰਗ ਹੋਣ ਕਰਕੇ ‘ਸਲੋਕੁ’ ਅੰਤਕ ਔਂਕੜ ਹੋਵੇਗਾ । ਜੇ ਪਉੜੀ ਨਾਲ ਦੇ ਸਲੋਕ ਵਧੇਰੇ ਹੋਣ ਤਾਂ ਉਨ੍ਹਾਂ ਦਾ ਸਾਂਝਾ ਸਿਰਲੇਖ ‘ਸਲੋਕ’ ਬਹੁ ਵਚਨ ਹੋਣ ਕਾਰਨ ਅੰਤਕ ਮੁਕਤਾ ਹੋਵੇਗਾ । ਸ਼ਬਦਾਂ ਦੇ ਸਿਰਲੇਖਾਂ ਵਿੱਚ ਬਾਣੀਕਾਰ ਗੁਰੂ ਸਾਹਿਬਾਨ ਲਈ ‘ਮਹਲਾ’ ਅਤੇ ਵਾਰਾਂ ਅੰਦਰਲੇ ਸਲੋਕਾਂ ਦੇ ਬਾਣੀਕਾਰਾਂ ਲਈ ਵਧੇਰੇ ਉਸ ਦਾ ਸੰਖੇਪ ਰੂਪ ‘ਮ:’ ਹੀ ਲਿਖਿਆ ਮਿਲੇਗਾ । ਬੇਅੰਤ ਐਸੀਆਂ ਬੀੜਾਂ ਵੀ ਮਿਲਦੀਆਂ ਹਨ, ਜਿਨ੍ਹਾਂ ਦੇ ਸਿਰਲੇਖਾਂ ਵਿੱਚ ‘ਮਹਲ’ ਜਾਂ ‘ਮਹਲੁ’ ਦੀ ਥਾਂ ‘ਮਹਲਾ’ ਅੰਕਿਤ ਹੈ ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਪੁਸਤਕ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ-ਲਿਖਤ ਬੀੜਾਂ ਦੇ ਦਰਸ਼ਨ’ ਦੀ ਅੰਤਿਕਾ ਨੰ. 11 ਵਿੱਚ ਐਸੀਆਂ 147 ਬੀੜਾਂ ਦਾ ਵੇਰਵਾ ਦਰਜ ਹੈ, ਜਿਨ੍ਹਾਂ ਵਿੱਚ ਰਾਗੁ ਸਿਰੀਰਾਗ ਮਹਲਾ ੧ ਦੇ 6ਵੇਂ (ਛਾਪੇ ਦੀ ਬੀੜ ਪੰ. 16, ਮਹਲੁ ੧), 12ਵੇਂ (ਪੰ. 18, ਮਹਲੁ ੧) ਅਤੇ 15ਵੇਂ (ਪੰ. 19, ਮਹਲ ੧) ਸ਼ਬਦਾਂ ਦੇ ਸਿਰਲੇਖ ਵਿੱਚ ‘ਮਹਲ’ ਜਾਂ ‘ਮਹਲੁ’ ਦੀ ਥਾਂ ‘ਮਹਲਾ’ ਦਰਜ ਹੈ। ਯੂਨੀਵਰਸਿਟੀ ਦੇ ‘ਸ੍ਰੀ ਗੁਰੂ ਗ੍ਰੰਥ ਅਧਿਐਨ ਕੇਂਦਰ’ ਵਿੱਚ ਉਪਰੋਕਤ ਬੀੜਾਂ ਦੇ ਡਿਜ਼ੀਟਲ ਫੋਟੋ ਮੌਜੂਦ ਹਨ। ਜਿਵੇਂ ਬੀੜ ਨੰ. 1, 2, 3, 4, 5, 6, 7, 8, 9, 10, 11, 12, 13, 14, 15, 16, 17, 18, 19, 20, 21, 22, 23, 24, 25, 26, 28, 29 ਤੇ 30 ਆਦਿ ।

ਇਸੇ ਤਰ੍ਹਾਂ ਉਪਰੋਕਤ ਪੁਸਤਕ ਦੀ ਅੰਤਿਕਾ ਨੰ. 18 ਵਿਖੇ ਰਾਗੁ ਦੇਵਗੰਧਾਰੀ ਵਿੱਚ ਸ਼ਬਦਾਂ ਦੇ ਸਿਰਲੇਖ ‘ਦੇਵ ਗੰਧਾਰੀ / ਦੇਵ ਗੰਧਾਰੀ ੫’ ਦੀ ਥਾਂ ਦੇਵਗੰਧਾਰੀ ਮਹਲਾ ੪/੫ ਵਾਲੀਆਂ 74 ਬੀੜਾਂ ਦੀ ਸੂਚੀ ਦਿੱਤੀ ਹੋਈ ਹੈ। ਜਿਵੇਂ ਬੀੜ ਨੰ. 1, 2, 5, 7, 8, 9, 11, 12, 13, 15, 16, 17, 18, 19, 21, 22, 23, 24, 25, 26, 27, 31, 32, 33 ਤੇ 34 ਆਦਿ ॥

‘ਪਾਠ-ਭੇਦ ਸੂਚੀ’ ਦੇ ਪੰਨਾ 152 ’ਤੇ ਛਾਪੇ ਦੀ ਮੌਜੂਦਾ ਬੀੜ ਦੇ ਪਾਠ ‘ਦੇਵ ਗੰਧਾਰੀ ॥ ਮੇਰੋ ਸੁੰਦਰ ਕਹਹੁ ਮਿਲੈ ਕਿਤੁ ਗਲੀ ॥’ ਪੰਨਾ 527 ਦੇ ਸਿਰਲੇਖ ਨੂੰ ਸ਼ੁਧ ਕਰਕੇ ਇੰਞ ਲਿਖਿਆ ਹੈ : ‘ਦੇਵ ਗੰਧਾਰੀ ਮਹਲਾ ੪ ॥ ਮੇਰੋ ਸੁੰਦਰ ਕਹਹੁ॥’ ਇੱਥੇ ਹੇਠ ਲਿਖਿਆ ਇੱਕ ਵਿਸ਼ੇਸ਼ ਨੋਟ ਦੇ ਕੇ 11 ਬੀੜਾਂ ਦੀ ਸੂਚੀ ਵੀ ਦਿੱਤੀ ਹੈ :-

ਰਾਗ ਦੇ ਨਾਲ ‘ਮਹਲਾ ੪’ ਜ਼ਰੂਰ ਚਾਹੀਏ। ਪਰ ਇਸ ਤੋਂ ਅਗਲੇ ਸਾਰੇ (ਪੰਜਾਂ) ਸ਼ਬਦਾਂ ਨਾਲ ਨਹੀਂ । ਹੋਰ ਬਹੁਤੇ ਲਿਖਤੀ ਗ੍ਰੰਥਾਂ ਵਿੱਚ ਇਹ ਘਾਟ ਨਹੀਂ । (ਜਿਵੇਂ) ਬੀੜ ਨੰ. 1, 4/3, 5, 7, 21/34, 32/6281, 38/173, 40/236, 44, 47 ਤੇ 48 । ਇਸੇ ਤਰ੍ਹਾਂ ‘ਮਹਲਾ ੫’ ਦੇ ਅਧੂਰੇ ਸਿਰਲੇਖ ਵੀ ਪੂਰੇ ਕੀਤੇ ਮਿਲਦੇ ਹਨ ।

‘ਪਾਠ-ਭੇਦ ਸੂਚੀ’ ਦੇ ਪੰਨਾ 218 ਮੁਤਾਬਕ ‘ਧਨਾਸਰੀ ਮ: ੫ ॥ ਕਰਿ ਕਿਰਪਾ॥’  ਪੰ. 671 ਦੇ ਸਿਰਲੇਖ ਅੰਦਰਲੇ ‘ਮ: ੫’ ਦੀ ਥਾਂ ਬੀੜ ਨੰ. 1, 4/3, 5, 7, 21/34, 26/55, 32/6281, ਤੇ 38/173 ਵਿੱਚ ‘ਮਹਲਾ ੫’ ਦਰਜ ਹੈ । ਇਸੇ ਤਰ੍ਹਾਂ ‘ਜੈਤਸਰੀ ਮ: ੪ ॥ ਹਮ ਬਾਰਿਕ ਕਛੂਅ॥’ ਪੰ. 697 ਸ਼ਬਦ ਸਿਰਲੇਖ ਅੰਦਰਲੇ ‘ਮ: ੪’ ਵਾਲੇ ਸੰਖੇਪ ਰੂਪ ਦੀ ਥਾਂ ਬੀੜ ਨੰ. 1, 4/3, 5, 7, 21/34, 26/55, 32/6281, 40/236, 46, 48, 54 ਤੇ 55 ਵਿੱਚ ‘ਮਹਲਾ ੪’ ਸੰਪੂਰਨ ਰੂਪ ਵਿੱਚ ਅੰਕਿਤ ਹੈ ।

ਇਹੀ ਕਾਰਨ ਹਨ ਕਿ ਵੇਦਾਂਤੀ ਜੀ ਵਾਲੀ ਟੀਮ ਨੇ ਨਿਰਣੈ ਜਨਕ ਫੈਸਲਾ ਕੀਤਾ ਕਿ ਸ਼ਬਦਾਂ ਦੇ ਸਿਰਲੇਖਾਂ ਵਿੱਚ ਬਾਣੀਕਾਰ ਗੁਰੂ ਸਾਹਿਬਾਨ ਦਾ ਸ਼ੁਧ ਪ੍ਰਤੀਕ ‘ਮਹਲਾ’ ਹੈ ਅਤੇ ਵਾਰਾਂ ਵਿੱਚ ਉਸ ਦਾ ਸੰਖੇਪ ਰੂਪ ‘ਮ:’ ਸ਼ੁਧ ਹੈ । ਸਲੋਕਾਂ ਵਾਲੀਆਂ ਵਾਰਾਂ ਦੇ ਸਿਰਲੇਖਾਂ ਵਿੱਚ ਰਾਗ ਦੇ ਵੇਰਵੇ ਨਾਲ ‘ਸਲੋਕਾ ਨਾਲਿ’ ਦੀ ਸੂਚਨਾ ਲਾਜ਼ਮੀ ਹੈ । ਜਿਵੇਂ ਸ਼੍ਰੋਮਣੀ ਕਮੇਟੀ ਵਾਲੀ ਮੌਜੂਦਾ ਬੀੜ ਵਿਖੇ ਸਿਰੀਰਾਗ ਦੀ ਵਾਰ ਦੇ ਸੰਖੇਪ ਮੰਗਲ ਸਹਿਤ ਸਿਰਲੇਖ ਛਪ ਰਿਹਾ ਹੈ :

ੴ ਸਤਿਗੁਰ ਪ੍ਰਸਾਦਿ ॥ ਸਿਰੀਰਾਗ ਕੀ ਵਾਰ ਮਹਲਾ ੪ ਸਲੋਕਾ ਨਾਲਿ ॥ ਸਲੋਕ ਮ: ੩ ॥ ਰਾਗਾ ਵਿਚਿ ਸ੍ਰੀਰਾਗੁ ਹੈ॥ (ਪੰਨਾ 83)

ਪਰ, ਵੇਦਾਂਤੀ ਜੀ ਨੇ ਮੰਗਲ ਦਾ ਸਥਾਨ ਤੇ ਸਿਰਲੇਖ ਸੋਧ ਕੇ ਇੰਞ ਲਿਖਿਆ :

ੴ ਸਤਿ ਗੁਰ ਪ੍ਰਸਾਦਿ ॥

ਸਿਰੀਰਾਗ ਕੀ ਵਾਰ ਸਲੋਕਾ ਨਾਲਿ ਮਹਲਾ ੪ ॥ ਸਲੋਕ ਮ: ੩ ॥ ਰਾਗਾ ਵਿਚਿ ਸ੍ਰੀਰਾਗੁ ਹੈ॥

ਸ਼੍ਰੋਮਣੀ ਕਮੇਟੀ ਵਾਲੀ ਛਾਪੇ ਦੀ ਬੀੜ ਦਾ ਸਿਰਲੇਖ ਹੈ :

ਵਾਰ ਮਾਝ ਕੀ ਤਥਾ ਸਲੋਕ ਮਹਲਾ ੧ ॥ ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ ॥ ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥ ਸਲੋਕੁ ਮ: ੧ ॥ ਗੁਰੁ ਦਾਤਾਗੁਰੁ ਹਿਵੈ ਘਰਿ ॥ (ਪੰਨਾ 137)

ਪਰ, ਵੇਦਾਂਤੀ ਜੀ ਨੇ ਲਿਖਿਆ :

ੴ ਸਤਿ ਗੁਰ ਪ੍ਰਸਾਦਿ ॥ ਵਾਰ ਮਾਝ ਕੀ ਸਲੋਕਾ ਨਾਲਿ ਮਹਲਾ ੧ ॥ ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ ॥ ਸਲੋਕ ਮ: ੧ ॥ ਗੁਰੁ ਦਾਤਾ ਗੁਰੁ ਹਿਵੈ ਘਰਿ ॥

ਛਾਪੇ ਦੀ ਪ੍ਰਚਲਿਤ ਬੀੜ ਵਿਖੇ ਆਸਾ ਦੀ ਵਾਰ ਦਾ ਮੰਗਲ ਸੰਪੂਰਨ ਹੈ ਅਤੇ ਸਿਰਲੇਖ ਵਿੱਚ ‘ਸਲੋਕ ਭੀ ਮਹਲੇ ਪਹਿਲੇ ਕੇ ਲਿਖੇ’ ਦੀ ਵਿਸ਼ੇਸ਼ ਸੂਚਨਾ ਦਰਜ ਹੈ ਜਦ ਕਿ ਇਸ ਵਾਰ ਵਿੱਚ 15 ਸਲੋਕ ਮਹਲਾ ੨ ਦੇ ਵੀ ਅੰਕਿਤ ਹਨ । ਇਸ ਲਈ ‘ਪਾਠ ਭੇਦ ਸੂਚੀ’ (ਪੰ. 137) ਦੇ ਖੋਜੀ ਵਿਦਵਾਨਾਂ ਨੇ ਬੀੜ ਨੰ. 1, 4/3, 5, 7, 29/79, 32/6281, 38/ 173, 55 ਦੇ ਹਵਾਲੇ ਨਾਲ ਲਿਖਿਆ ਹੈ ਕਿ ਵਾਰ ਦਾ ਮੰਗਲ ‘ੴ ਸਤਿਗੁਰਪ੍ਰਸਾਦਿ ॥’ ਸੰਖੇਪ ਹੈ ਅਤੇ ‘ਸਲੋਕ ਭੀ ਮਹਲੇ ਪਹਿਲੇ ਕੇ ਲਿਖੇ’ ਦੀ ਵਿਸ਼ੇਸ਼ ਸੂਚਨਾ ਬੇਲੋੜੀ ਹੈ । ਇਸ ਪੱਖੋਂ ਖੋਜੀ ਸੱਜਣਾਂ ਦੀ ਵਿਸ਼ੇਸ਼ ਰਾਇ ਇੰਞ ਹੈ :

ਨੋਟ – ਤਕਰੀਬਨ ਸਾਰੇ ਪੁਰਾਤਨ ਲਿਖਤੀ ਗ੍ਰੰਥਾਂ ਵਿੱਚ ਪਿੱਛੇ ਆ ਰਹੀ ਰੀਤ ਅਨੁਸਾਰ ਸੰਖੇਪ ਮੰਗਲ ਅਤੇ ਸਿਰਲੇਖ ਭੀ ਸਿੱਧੇ ਤੇ ਸੰਖੇਪ ਹਨ । ਸੋ, ਲਾਲ ਲੀਕਾਂ ਵਾਲੇ ‘ਮੰਗਲ’ ਤੇ ‘ਸਿਰਲੇਖ’ ਰੱਖਣੇ ਹੀ ਉਚਿਤ ਹਨ ।

ਪਾਠਕਾਂ ਨੂੰ ਗਿਆਤ ਹੋਵੇ ਕਿ ਪਾਠ ਭੇਦ ਸੂਚੀ ਦੇ ਬੇਬਾਕ ਖੋਜੀਆਂ ਨੇ ਉਪਰੋਕਤ ਬੀੜਾਂ ਦੇ ਹਵਾਲੇ ਨਾਲ ਜਿੱਥੇ ਆਸਾ ਦੀ ਵਾਰ ਦਾ ਸੰਖੇਪ ਮੰਗਲ ‘ੴ ਸਤਿਗੁਰਪ੍ਰਸਾਦਿ ॥’ ਸਹੀ ਪ੍ਰਵਾਨ ਕੀਤਾ ਹੈ । ਉਥੇ ‘ਆਸਾ ਕੀ ਵਾਰ ਸਲੋਕਾ ਨਾਲਿ  ਮਹਲਾ ੧ ॥ ਟੁੰਡੇ ਅਸਰਾਜੈ ਕੀ ਧੁਨਿ ॥’ ਸਿਰਲੇਖ ਹੀ ਉਚਿਤ ਮੰਨਿਆ ਹੈ ਅਤੇ ਸੂਚੀ ਦੀਆਂ ਐਸੀਆਂ ਬੀੜਾਂ ਦੇ ਹਵਾਲੇ ਹੇਠਾਂ ਵਿਸ਼ੇਸ਼ ਲੀਕ ਖਿਚੀ ਹੈ ਭਾਵ ਅੰਡਰਲਾਈਨ ਕੀਤਾ ਹੈ। ਉਸ ਟੀਮ ਨੇ ਸ਼੍ਰੋਮਣੀ ਕਮੇਟੀ ਨੂੰ ਜੋ ਅਸਲ ਰਿਪੋਰਟ ਸੌਂਪੀ ਹੈ, ਉਹਦੇ ਵਿੱਚ ਅਜਿਹੀਆਂ ਲੀਕਾਂ ਲਾਲ ਰੰਗ ਦੀਆਂ ਹੋਣਗੀਆਂ। ਮੰਨਿਆ ਜਾਂਦਾ ਹੈ ਕਿ ਇਸੇ ਲਈ ‘ਪਾਠ ਭੇਦ ਸੂਚੀ’ ਪੁਸਤਕ ਦੇ ਉਪਰੋਕਤ ਨੋਟ ਵਿੱਚ ਲਾਲ ਲੀਕਾਂ ਦਾ ਵਿਸ਼ੇਸ਼ ਵਰਣਨ ਹੈ ।

‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ-ਲਿਖਤ ਬੀੜਾਂ ਦੇ ਦਰਸ਼ਨ’ ਪੁਸਤਕ ਦੀ ਅੰਤਿਕਾ ਨੰ. 16 ਵਿਖੇ 35 ਹੱਥ ਲਿਖਤ ਬੀੜਾਂ ਦਾ ਵਰਣਨ ਮਿਲਦਾ ਹੈ, ਜਿਨ੍ਹਾਂ ਵਿੱਚ ‘ਸਲੋਕ ਭੀ ਮਹਲੇ ਪਹਿਲੇ ਕੇ ਲਿਖੇ’ ਸੂਚਨਾ ਦਰਜ ਨਹੀਂ ਕਿਉਂਕਿ ਵਾਰ ਵਿੱਚ ‘ਮਹਲਾ ੨ (ਦੂਜਾ)’ ਦੇ ਸਲੋਕ ਵੀ ਅੰਕਿਤ ਹਨ। ਜਿਵੇਂ ਬੀੜ ਨੰ. 1, 2, 9, 18, 20, 22, 25, 26, 27, 30, 33, 34, 40, 42, 45, 52, 56, 58, 59, 64, 66, 67, 68, 73, 79, 82, 84, 98, 100, 104, 106, 115, 119, 133, 148 । ਯੂਨੀਵਰਸਿਟੀ ਦੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ’ ਵਿਖੇ ਉਪਰੋਕਤ ਬੀੜਾਂ ਨੂੰ ਕਦੋਂ ਵੀ ਘੋਖਿਆ ਜਾ ਸਕਦਾ ਹੈ । ਇਹੀ ਕਾਰਨ ਹੈ ਕਿ ਸਿੱਖ ਬੁੱਕ ਕਲੱਬ ਵਾਲੀ ਬੀੜ ਵਿਖੇ ਆਸਾ ਦੀ ਵਾਰ ਦਾ ਸਿਰਲੇਖ ਇੰਞ ਅੰਕਿਤ ਹੋਇਆ ਮਿਲਦਾ ਹੈ :

ੴਸਤਿਗੁਰਪ੍ਰਸਾਦਿ ॥

ਆਸਾ ਕੀ ਵਾਰ ਸਲੋਕਾਂ ਨਾਲਿ ਮਹਲਾ ੧ ॥ ਟੁੰਡੇ ਅਸਰਾਜੈ ਕੀ ਧੁਨੀ ॥

ਸਲੋਕ ਮ: ੧ ॥ ਬਲਿਹਾਰੀ ਗੁਰ ਆਪਣੇ॥

ਬਸੰਤ ਕੀ ਵਾਰ ਮਹਲੁ ੫ ॥ ੴ ਸਤਿਗੁਰ ਪ੍ਰਸਾਦਿ ॥ (ਪੰ. 1193) ਛਪ ਰਹੇ ਪ੍ਰਚਲਿਤ ਸਿਰਲੇਖ ਦੀ ਥਾਂ, ਜਥੇਦਾਰ ਵੇਦਾਂਤੀ ਜੀ ਨੇ ਹੇਠ ਲਿਖੇ ਅਨੁਸਾਰ ਮੰਗਲ ਸੱਜੇ ਤੇ ਵਾਰ ਦਾ ਸਿਰਲੇਖ ਲਿਖ ਕੇ ਉਸ ਦੇ ਤਿੰਨੇ ਪਦਿਆਂ ਦੀ ਅਰੰਭਤਾ ਵਿੱਚ ‘ਪਉੜੀ’ ਸਿਰਲੇਖ ਵਿਸ਼ੇਸ਼ ਦਰਜ ਕੀਤਾ । ਜਿਵੇਂ :

ੴਸਤਿਗੁਰਪ੍ਰਸਾਦਿ ॥ ਬਸੰਤ ਕੀ ਵਾਰ  ਮਹਲਾ ੫ ॥ ਪਉੜੀ ॥ ਹਰਿ ਕਾ ਨਾਮੁ ਧਿਆਇ ਕੈ ॥੧॥

ਪਉੜੀ ॥ ਪੰਜੇ ਬਧੇ ਮਹਾਬਲੀ ॥2॥

ਪਉੜੀ ॥ ਕਿਥਹੁ ਉਪਜੈ ਕਹ ਰਹੈ ॥3॥

‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ-ਲਿਖਤ ਬੀੜਾਂ ਦੇ ਦਰਸ਼ਨ’ ਪੁਸਤਕ ਦੀ ਅੰਤਿਕਾ ਨੰ. 33 ਅਨੁਸਾਰ 122 ਐਸੀਆਂ ਬੀੜਾਂ ਯੂਨੀਵਰਸਿਟੀ ਵਿੱਚ ਮੌਜੂਦ ਹਨ, ਜਿਨ੍ਹਾਂ ਵਿਖੇ ਬਸੰਤ ਕੀ ਵਾਰ ਦੇ ਸਿਰਲੇਖ ਵਿੱਚ ‘ਮਹਲੁ’ ਪਦ ਦੀ ਥਾਂ ‘ਮਹਲਾ’ ਹੈ । ਜਿਵੇਂ ਬੀੜ ਨੰ. 2, 3, 4, 5, 6, 7, 8, 9. 10, 11, 12, 13, 14, 15, 16, 17, 18, 19, 20, 22, 23, 24, 25, 26 ਤੇ 27 ਆਦਿਕ ।

ਸ਼੍ਰੋਮਣੀ ਕਮੇਟੀ ਵਾਲੀ ਮੌਜੂਦਾ ਬੀੜ ਦਾ ਸਿਰਲੇਖ ਹੈ :

ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ

ੴਸਤਿਗੁਰਪ੍ਰਸਾਦਿ ॥ ਨਾਉ ਕਰਤਾ ਕਾਦਰੁ ਕਰੇ॥ (ਪੰ. 966)

ਜਥੇਦਾਰ ਵੇਦਾਂਤੀ ਜੀ ਸੋਧ ਕੇ ਲਿਖਿਆ :

ੴਸਤਿਗੁਰਪ੍ਰਸਾਦਿ ॥ ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ ॥ ਨਾਉ ਕਰਤਾ ਕਾਦਰੁ ਕਰੇ॥

ਇਸ ਲਈ ਜਥੇਦਾਰ ਵੇਦਾਂਤੀ ਜੀ ਦੁਆਰਾ ਸੋਧੀ ਤੇ ਸਿੱਖ ਬੁੱਕ ਕਲੱਬ ਅਮਰੀਕਾ ਦੁਆਰਾ ਔਨਲਾਈਨ ਪ੍ਰਕਾਸ਼ਤ ਕੀਤੀ ਪਾਵਨ ਬੀੜ ਦੇ ਖਰੜੇ ਵਿਖੇ ਸਮੂਹ ਸ਼ਬਦਾਂ ਤੇ ਵਾਰਾਂ ਦੀ ਸਿਰਲੇਖਕ ਤਰਤੀਬ ਓਹੀ ਰੱਖੀ ਗਈ ਹੈ, ਜੋ ਭਾਈ ਬੰਨੋ ਵਾਲੀ ਸ਼ਾਖ ਤੋਂ ਬਗੈਰ ਬਾਕੀ ਦੀਆਂ ਵਧੇਰੇ ਹੱਥ-ਲਿਖਤ ਬੀੜਾਂ ਵਿੱਚ ਮੌਜੂਦ ਹੈ। ਸ਼ਬਦਾਂ ਦੇ ਸਮੂਹ ਸਿਰਲੇਖਾਂ ਵਿੱਚ ਬਾਣੀਕਾਰ ਗੁਰੂ ਦਾ ਪ੍ਰਤੀਕ ‘ਮਹਲਾ’ ਅਤੇ ਵਾਰਾਂ ਵਿੱਚ ਉਸ ਦਾ ਸੰਖੇਪ ਰੂਪ ‘ਮ:’ ਹੀ ਦਰਜ ਕੀਤਾ ਹੈ ।

ਚੌਥਾ ਮਸਲਾ ਹੈ ਬਾਣੀਕਾਰਾਂ ਤੇ ਬਾਣੀਆਂ ਦੀ ਇੱਕ ਬਝਵੀਂ ਤਰਤੀਬ ਦਾ; ਕਿਉਂਕਿ ਗੁਰਬਾਣੀ ਦੇ ਰਾਗੁ-ਮੁਕਤ ਤੇ ਰਾਗ-ਬਧ ਹਰੇਕ ਸੰਗ੍ਰਹਿ ਵਿੱਚ ਸਭ ਤੋਂ ਪਹਿਲਾਂ ਮ: ੧ (ਪਹਿਲੇ ਸਤਿਗੁਰੂ ਨਾਨਕ ਪਾਤਿਸ਼ਾਹ), ਫਿਰ ਮ: ੩ (ਤੀਜੇ ਸਤਿਗੁਰੂ ਅਮਰਦਾਸ ਪਾਤਿਸ਼ਾਹ), ਮ: ੪ (ਚੌਥੇ ਸਤਿਗੁਰੂ ਰਾਮਦਾਸ ਪਾਤਿਸ਼ਾਹ), ਮ: ੫ (ਪੰਜਵੇਂ ਸਤਿਗੁਰੂ ਅਰਜਨ ਪਾਤਿਸ਼ਾਹ) ਅਤੇ ਅੰਤ ਵਿੱਚ ਮ: ੯ (ਨੌਵੇਂ ਸਤਿਗੁਰੂ ਤੇਗ ਬਹਾਦਰ ਪਾਤਿਸ਼ਾਹ) ਦੀ ਬਾਣੀ ਅੰਕਿਤ ਕੀਤੀ ਹੈ । ਮ: ੨ (ਦੂਜੇ ਸਤਿਗੁਰੂ ਅੰਗਦ ਪਾਤਿਸ਼ਾਹ) ਜੀ ਨੇ ਕੇਵਲ 62 ਸਲੋਕ ਹੀ ਰਚੇ ਹਨ, ਜੋ ਕੁਝ ਵਾਰਾਂ ਦੀਆਂ ਪਉੜੀਆਂ ਨਾਲ ਸੁਸ਼ੋਭਿਤ ਹਨ । ਜੈਜਾਵੰਤੀ ਰਾਗ ਵਿੱਚ ਬਾਣੀ ਦਾ ਉਚਾਰਨ ਕੇਵਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਹੀ ਕੀਤਾ ਹੈ, ਇਸ ਲਈ ਉੱਥੇ ਕੇਵਲ ਚਾਰ ਸ਼ਬਦ ਮ: ੯ ਦੇ ਹੀ ਅੰਕਿਤ ਹਨ ।

ਭਗਤ ਬਾਣੀ ਦੇ ਸੰਗ੍ਰਹਿ ਰਾਗਾਂ ਦੀਆਂ ਵਾਰਾਂ ਤੋਂ ਪਿਛੋਂ ਹਨ। ਹਾਂ, ਜਿਸ ਰਾਗ ਦੀ ਵਾਰ ਨਹੀਂ, ਉੱਥੇ ਭਗਤ-ਬਾਣੀ, ਗੁਰਬਾਣੀ ਤੋਂ ਪਿੱਛੋਂ ਦਰਜ ਕੀਤੀ ਹੋਈ ਹੈ। ਐਸੇ ਹਰੇਕ ਸੰਗ੍ਰਹਿ ਵਿੱਚ ਪਹਿਲਾਂ ਭਗਤ ਕਬੀਰ ਜੀ, ਫਿਰ ਨਾਮਦੇਵ ਜੀ, ਰਵਿਦਾਸ ਜੀ ਅਤੇ ਫਿਰ ਤ੍ਰਿਲੋਚਨ ਜੀ ਜਾਂ ਹੋਰ ਭਗਤਾਂ ਵਿੱਚੋਂ ਕਿਸੇ ਦੀ ਬਾਣੀ ਅੰਕਿਤ ਹੈ । ਇਸੇ ਤਰਾਂ ਹਰੇਕ ਰਾਗ ਦੀ ਛੰਦਕ ਤਰਤੀਬ ਵਿੱਚ ਪਹਿਲਾਂ ਸ਼ਬਦ, ਫਿਰ ਅਸਟਪਦੀਆਂ, ਛੰਤ, ਵਾਰ ਅਤੇ ਭਗਤਾਂ ਦੀਆਂ ਰੂਹਾਨੀ ਰਚਨਾਵਾਂ ਹਨ, ਜੋ ਹੈਨ ਵੀ ਗੁਰੂ ਸਾਹਿਬਾਨ ਤੇ ਭਗਤ-ਜਨ ਵਿਅਕਤੀਆਂ ਦੀ ਸਥਾਪਿਤ ਤਰਤੀਬ ਮੁਤਾਬਕ, ਪ੍ਰੰਤੂ ਜਦੋਂ ਅਸੀਂ ਛਾਪੇ ਦੀ ਪ੍ਰਚਲਿਤ ਬੀੜ ਦੇ ਦਰਸ਼ਨ ਕਰਦੇ ਹਾਂ ਤਾਂ ਕਈ ਥਾਈਂ ਬਾਣੀਕਾਰਾਂ ਤੇ ਛੰਦਾਂ ਦੀ ਉਪਰੋਕਤ ਕਿਸਮ ਦੀ ਬਝਵੀਂ ਤਰਤੀਬ ਦੀ ਉਲੰਘਣਾ ਹੋਈ ਮਿਲਦੀ ਹੈ। ਭਾਈ ਗੁਰਦਾਸ ਵਾਲੀ ਸ਼ਾਖ ਅਤੇ ਦਮਦਮੀ ਸ਼ਾਖ ਦੀਆਂ ਬੀੜਾਂ ਵਿੱਚ ਬਾਣੀਕਾਰਾਂ ਦੀ ਉਪਰੋਕਤ ਬਝਵੀਂ ਤਰਤੀਬ ਨੂੰ ਮੁੱਖ ਰੱਖਦਿਆਂ ਭਗਤ ਕਬੀਰ ਜੀ ਤੇ ਬਾਬਾ ਫ਼ਰੀਦ ਜੀ ਦੇ ਸਲੋਕਾਂ ਨੂੰ ਵੀ ‘ਸਲੋਕ ਵਾਰਾਂ ਤੇ ਵਧੀਕ ਸੰਗ੍ਰਹਿ ਵਿੱਚ ਮ: ੧ ਤੋਂ ਮ: ੯ ਤਕ ਦੇ ਸਾਰੇ ਸਲੋਕ ਲਿਖ ਕੇ ਪਿੱਛੋਂ ਦਰਜ ਕੀਤਾ ਹੈ । ਭੱਟਾਂ ਦੇ ਸਵੱਈਆਂ ’ਤੇ ਭੋਗ ਪਾਇਆ ਹੈ । ਮੁੰਦਾਵਣੀ ਨਾਲ ਦਾ ‘ਸਲੋਕ ਮ: ੫ ॥ ਤੇਰਾ ਕੀਤਾ ਜਾਤੋ ਨਾਹੀ॥ ਵੀ ਵਾਰਾਂ ਤੇ ਵਧੀਕ ‘ਸਲੋਕ ਮ: ੫ ॥  ਰਤੇ ਸੇਈ ਜਿ ਮੁਖੁ॥ ਸੰਗ੍ਰਹਿ ਦੇ ਅੰਤ ਵਿੱਚ ਅੰਕਿਤ ਕੀਤਾ ਹੋਇਆ ਮਿਲਦਾ ਹੈ।

‘ਪਾਠ ਭੇਦ ਸੂਚੀ’ ਅਨੁਸਾਰ ਬੀੜ ਨੰ. 22/32, 23 ਤੇ 44 ਵਿਖੇ ‘ਸਲੋਕ ਮ: ੫ ॥ ਤੇਰਾ ਕੀਤਾ ਜਾਤੋ ਨਾਹੀ॥’ ਸਲੋਕ ਪਿਛਲੇ ਵਾਰਾਂ ਤੇ ਵਧੀਕ ‘ਸਲੋਕ ਮ: ੫ ॥ ਰਤੇ ਸੇਈ ਜਿ ਮੁਖੁ॥ ਦੇ ਸੰਗ੍ਰਹਿ ਵਿੱਚ ਬਿਨਾਂ ਸਿਰਲੇਖ ਦੇ ਸਿਲਸਲੇਵਾਰ ਅੰਕ 23 ਪੁਰ ਦਰਜ ਹੈ । (ਪੰ. 857)

‘ਪਾਠ ਭੇਦ ਸੂਚੀ’ ਵਾਲੇ ਖੋਜੀ ਵਿਦਵਾਨਾਂ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਕਈ ਪ੍ਰਾਚੀਨ ਲਿਖਤੀ ਸੰਚਿਆਂ ਵਿੱਚ ਸਮੁੱਚੀ ਬਾਣੀ ‘ਸਵਈਆਂ’ ਪੁਰ ਹੀ ਸਮਾਪਤ ਹੁੰਦੀ ਹੈ ਅਤੇ ‘ਸਲੋਕ ਵਾਰਾਂ ਤੇ ਵਧੀਕ’, ਚਉਬੋਲਿਆਂ ਤੋਂ ਬਾਅਦ ਸਹੀ ਥਾਂ ਲਿਖੇ ਹੋਏ ਹਨ, ਸਣੇ ‘ਭਗਤਾਂ ਦੇ ਸਲੋਕਾਂ’ ਦੇ । ਲੇਕਿਨ ਮਗਰੋਂ ਉਤਾਰੇ ਕਰਨ ਵਾਲੇ ਲੇਖਕਾਂ ਨੇ ‘ਸਲੋਕ ਮ: ੯ ਸ਼ਾਮਲ ਕਰਨ ਤੇ ‘ਮੁੰਦਾਵਣੀ ਮ: ੫’ ਅੰਤ ਪੁਰ ਪੜ੍ਹਨ ਦੇ ਖਿਆਲ ਨਾਲ ਮਹਲਾਂ ਦੇ ਸਲੋਕ ਤਾਂ ਉੱਥੋਂ ਚੁੱਕ ਕੇ ‘ਸਵਈਆਂ’ ਦੇ ਅਖੀਰ ’ਤੇ ਜਾ ਪਾਏ ਹਨ; ਪਰ ਭਗਤਾਂ- ‘ਕਬੀਰ ਜੀ’ ਤੇ ‘ਫਰੀਦ ਜੀ’ ਦੇ ਉੱਥੇ ਹੀ ਰਹਿਣ ਦਿੱਤੇ ਹਨ। ਇਹ ਅਮਲ, ਬੱਧੀ ਮਰਯਾਦਾ ਦੇ ਅਨਕੂਲ ਨਹੀਂ । ਸਾਡੀ ਵਿਚਾਰ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਭੋਗ ਇਤਿਹਾਸ ਸੰਯੁਕਤ ਬਾਣੀ- ‘ਸਵਈਆਂ’- ਉੱਥੇ ਹੀ ਪੈਣਾ ਚਾਹੀਦਾ ਹੈ ਤੇ ‘ਮੁੰਦਾਵਣੀ’ ਮਹਲਾ ੫ ਦੇ ਸਲੋਕਾਂ ਨਾਲ ਹੀ ਸ਼ੋਭਾ ਪਾਉਂਦੀ ਹੈ। ਜਿਵੇਂ ਕਿ ਅੱਗੇ ਦੱਸੀਆਂ ਬੀੜਾਂ ਵਿਚ:- ਬੀੜ ਨੰ: 1 (ਸੰਮਤ ੧੬੬੭ ਵਾਲੀ ਲਹੌਰੀ); ਨੰ: 2 (ਭਾਈ ਬੂੜੇ ‘ਸੰਧੂ’ ਲਿਖਤ ਸੰਮਤ ੧੭੧੧); ਨੰ: 3 (ਸੰਮਤ ੧੭੧੮-ਕਾਨ੍ਹਗੜ ਵਾਲੀ); ਨੰ: 4/3 (ਸੰਮਤ ੧੭੨੨ ਵਿੱਚ ਸੰਪੂਰਨ ਹੋਈ); ਨੰ: 9/9 (ਸੰਮਤ ੧੭੪੩ ਵਾਲੀ); ਨੰ: 11/4886 (ਭਾਈ ਪਾਖਰ ਮਲ ‘ਢਿਲੋਂ’ ਲਿਖਤ ਸੰਮਤ ੧੭੪੫); ਨੰ: 13 (ਭਾਈ ਰਾਮਰਾਇ ਦਰਬਾਰੀ ਲਿਖਾਰੀ ਦਾ ਸੰਮਤ ੧੭੪੯ ਵਿਚ ਲਿਖਿਆ ਗ੍ਰੰਥ ਸਾਹਿਬ); ਨੰ: 14/15 (ਸੰਮਤ ੧੭੫੧ ਵਾਲੀ); ਨੰ: 17/27 (ਸੰਮਤ ੧੭੬੨); ਨੰ: 32/6281 (ਬਨਾਰਸੀ ਬੀੜ; 44, ਤੇ ਗ੍ਰੰਥ ਨੰ: 57 (ਬਿਨਾਂ ਤਿਥਿ ਸੰਮਤ) ਆਦਿ ॥

‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ-ਲਿਖਤ ਬੀੜਾਂ ਦੇ ਦਰਸ਼ਨ’ ਪੁਸਤਕ ਦੀ ਅੰਤਿਕਾ ਨੰ. 51 (ਪੰ.280) ਮੁਤਾਬਕ ਭੱਟਾਂ ਦੀ ਸਵੱਈਆਂ ਉੱਤੇ ਸਮਾਪਤੀ ਵਾਲੀਆਂ ਬੀੜਾਂ ਦੀ ਸੂਚੀ : 1, 7, 25, 44, 52, 67, 79, 82, 99, 110 (ਕੁੱਲ-10)

ਅੰਤਿਕਾ ਨੰ.52 (ਉਪਰੋਕਤ ਪੁਸਤਕ ਪੰ. 280) ਅਨੁਸਾਰ ਸਲੋਕ ਸੇਖ ਫ਼ਰੀਦ ਉੱਤੇ ਸਮਾਪਤੀ ਵਾਲੀਆਂ ਬੀੜਾਂ ਦੀ ਸੂਚੀ : 8, 14, 20, 104 (ਕੁੱਲ-4)

ਅੰਤਿਕਾ ਨੰ. 47 (ਉਪਰੋਕਤ ਪੁਸਤਕ ਪੰ. 279) ਮੁਤਾਬਕ ਉਨ੍ਹਾਂ ਬੀੜਾਂ ਦੀ ਸੂਚੀ, ਜਿਨ੍ਹਾਂ ਵਿੱਚ ਮੁੰਦਾਵਣੀ ਤੋਂ ਬਾਅਦ ਆਉਂਦਾ ਸਲੋਕ ‘ਤੇਰਾ ਕੀਤਾ ਜਾਤੋ ਨਾਹੀ..’ ਸਲੋਕ ਵਾਰਾਂ ਤੇ ਵਧੀਕ ਵਿੱਚ ਸਲੋਕ ਮਹਲਾ ੫ ਦੇ ਸਲੋਕਾਂ ਦੇ ਅਖੀਰ ਵਿੱਚ ਦਰਜ ਹੋਇਆ ਮਿਲਦਾ ਹੈ : 1, 7, 8, 9, 20, 25, 26, 34, 52, 60, 67, 68, 79, 80, 82, 106, 115, 148 (ਕੁੱਲ-18)

ਜਥੇਦਾਰ ਵੇਦਾਂਤੀ ਤੇ ਭਾਈ ਤਲਵਾੜਾ ਜੀ ਵਾਲੀ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਟੀਮ’ ਪਾਵਨ ਬੀੜ ਅੰਦਰਲੀ ਬਾਣੀਕਾਰਾਂ ਦੀ ਬੱਝਵੀਂ ਤਰਤੀਬ ਅਨੁਸਾਰ ਉਪਰੋਕਤ ਕਿਸਮ ਦੀ ਅੰਤਮ ਤਰਤੀਬ ਨੂੰ ਸਹੀ ਮੰਨਦੀ ਸੀ, ਪ੍ਰੰਤੂ ਫਿਰ ਵੀ ਪੰਥਕ ਮਾਨਸਿਕਤਾ ਨੂੰ ਧਿਆਨ ਵਿੱਚ ਰੱਖ ਕੇ ਭਗਤ ਸ੍ਰੀ ਕਬੀਰ ਦੇ ਸਲੋਕਾਂ ਤੋਂ ਲੈ ਕੇ ਮੁੰਦਾਵਣੀ ਤੇ ‘ਸਲੋਕ ਮ: 5 ॥ ਤੇਰਾ ਕੀਤਾ॥’ ਤੱਕ ਦੀ ਛਾਪੇ ਦੀ ਪ੍ਰਚਲਿਤ ਬੀੜ ਵਾਲੀ ਸਥਾਪਿਤ ਤਰਤੀਬ ਨੂੰ ਹੀ ਪ੍ਰਵਾਨ ਕਰਕੇ ਚੱਲਣ ਦੀ ਰਾਇ ਰੱਖਦੀ ਸੀ, ਇਸ ਲਈ ਜਥੇਦਾਰ ਵੇਦਾਂਤੀ ਜੀ ਨੇ ਵੀ ਪਾਵਨ ਬੀੜ ਦੀ ਸੁਧਾਈ ਵੇਲੇ ਛਾਪੇ ਵਾਲੀ ਪ੍ਰਚਲਿਤ ਤਰਤੀਬ ਨੂੰ ਹੀ ਕਾਇਮ ਰੱਖਿਆ ਹੈ ਕਿਉਂਕਿ ਦਮਦਮੀ ਸ਼ਾਖ (ਸਾਬੋ ਕੀ ਤਲਵੰਡੀ) ਦੀਆਂ ਕੁਝ ਪ੍ਰਾਚੀਨ ਬੀੜਾਂ ਵਿੱਚ ਐਸੀ ਤਰਤੀਬ ਵੀ ਮੌਜੂਦ ਹੈ । ਪ੍ਰਾਚੀਨ ਬੀੜਾਂ ਦੇ ਪ੍ਰਸਿੱਧ ਖੋਜੀ ਡਾ. ਅਮਰ ਸਿੰਘ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ‘ਸ੍ਰੀ ਗੁਰੂ ਗ੍ਰੰਥ ਅਧਿਐਨ ਕੇਂਦਰ’ ਵਿਖੇ ਡਿਜੀਟਾਈਜ਼ ਕੀਤੀਆਂ 400 ਤੋਂ ਵਧੇਰੇ ਹੱਥ ਲਿਖਤਾਂ ਵਿੱਚ ਕੇਵਲ ਚਾਰ ਬੀੜਾਂ ਐਸੀਆਂ ਹਨ, ਜਿਨ੍ਹਾਂ ਨੂੰ ਉਪਰੋਕਤ ਸ਼ਾਖਾ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ।

——ਚੱਲਦਾ——

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 4)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 5)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 6)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 7)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 8)

Most Viewed Posts