ਗੁਰਬਾਣੀ ਅਤੇ ਸਿੱਖ ਇਤਿਹਾਸ ’ਚ ਮਹੀਨਾ ਅੱਸੂ

0
101

ਗੁਰਬਾਣੀ ਅਤੇ ਸਿੱਖ ਇਤਿਹਾਸ ’ਚ ਮਹੀਨਾ ਅੱਸੂ

ਕਿਰਪਾਲ ਸਿੰਘ ਬਠਿੰਡਾ

ਪਿਛਲੇ ਲੇਖਾਂ ’ਚ ਦੱਸਿਆ ਜਾ ਚੁੱਕਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ’ਚ ਇੱਕ ਸਾਲ ਨੂੰ 2-2 ਮਹੀਨਿਆਂ ਦੀਆਂ 6 ਰੁੱਤਾਂ ’ਚ ਵੰਡਿਆ ਗਿਆ ਹੈ। ਹੁਣ ਤੱਕ ਪਹਿਲੀਆਂ ਤਿੰਨ ਰੁੱਤਾਂ (ਬਸੰਤ ਰੁੱਤ, ਗਰਮੀ ਦੀ ਰੁੱਤ ਅਤੇ ਵਰਖਾ ਰੁੱਤ) ਦਾ ਵਰਣਨ ਹੋ ਚੁੱਕਾ ਹੈ। ਜੇ ਮੋਟੇ ਤੌਰ ’ਤੇ ਸਾਲ ਨੂੰ 6-6 ਮਹੀਨਿਆਂ ਦੀਆਂ ਦੋ ਰੁੱਤਾਂ ’ਚ ਵੰਡਿਆ ਜਾਵੇ ਤਾਂ ਪਹਿਲੇ 6 ਮਹੀਨੇ ਗਰਮ ਰੁੱਤ ਦੇ ਕਹੇ ਜਾ ਸਕਦੇ ਹਨ ਜਿਨ੍ਹਾਂ ’ਚੋ ਹਾੜ ਮਹੀਨੇ ’ਚ ਗਰਮੀ ਦਾ ਸਿਖਰ ਹੁੰਦਾ ਹੈ। ਇਸ ਦਾ ਵਰਣਨ ਗੁਰੂ ਨਾਨਕ ਸਾਹਿਬ ਜੀ ਨੇ ਤੁਖਾਰੀ ਰਾਗ ’ਚ ਦਰਜ ਬਾਰਹਮਾਹਾ ਦੇ ਮਹੀਨਾ ਹਾੜ ਦੀ ਰੁੱਤ ਦਾ ਵਰਣਨ ਕਰਦਿਆਂ ਲਿਖਿਆ ਹੈ ਕਿ (ਜਦੋਂ) ਹਾੜ ਮਹੀਨਾ ਚੰਗੇ ਜੋਬਨ ਵਿਚ ਹੁੰਦਾ ਹੈ, ਆਕਾਸ਼ ਵਿਚ ਸੂਰਜ ਤਪਦਾ ਹੈ। ਜਿਉਂ ਜਿਉਂ ਸੂਰਜ ਧਰਤੀ ਦੀ ਨਮੀ ਨੂੰ ਸੁਕਾਉਂਦਾ ਹੈ, ਧਰਤੀ ਦੁੱਖ ਸਹਾਰਦੀ ਹੈ ਧਰਤੀ ਦੇ ਜੀਅ-ਜੰਤ ਔਖੇ ਹੁੰਦੇ ਹਨ, ਧਰਤੀ ਅੱਗ ਵਾਂਗ ਭਖਦੀ ਹੈ। ਸੂਰਜ ਅੱਗ ਵਾਂਗ ਪਾਣੀ ਨੂੰ ਸੁਕਾਂਦਾ ਹੈ, ਫਿਰ ਭੀ ਸੂਰਜ ਆਪਣਾ ਕਰਤੱਬ ਨਿਰੰਤਰ ਕਰੀ ਜਾਂਦਾ ਹੈ ਭਾਵ ਤਪਸ਼ ਦੇਈ ਜਾਂਦਾ ਹੈ। ਕਮਜ਼ੋਰ ਜਿੰਦ ਕਿਸੇ ਛਾਂ ਆਦਿਕ ਦਾ ਸਹਾਰਾ ਤਕਦੀ ਹੈ; ਸੂਰਜ ਦਾ ਰਥ ਉੱਤਰਾਇਣੰਤ ਤੋਂ ਦੱਖ਼ਸ਼ਨਾਇਣ ਵੱਲ ਯਾਤਰਾ ਸ਼ੁਰੂ ਕਰਦਾ ਹੈ, ਇਸ ਦਿਨ ਤੋਂ ਬਾਅਦ ਦਿਨ ਥੋੜ੍ਹੇ ਥੋੜ੍ਹੇ ਘਟਣੇ ਸ਼ੁਰੂ ਹੋ ਜਾਂਦੇ ਹਨ; ਵਰਖਾ ਰੁੱਤ ਸ਼ੁਰੂ ਹੋ ਜਾਂਦੀ ਹੈ ਅਤੇ ਮੀਂਹ ਪੈਣ ਨਾਲ ਖ਼ੁਸ਼ੀ ਨਾਲ ਬਿੰਡੇ ਬੋਲਦੇ ਹਨ, ‘‘ਆਸਾੜੁ ਭਲਾ, ਸੂਰਜੁ ਗਗਨਿ ਤਪੈ ਧਰਤੀ ਦੂਖ ਸਹੈ, ਸੋਖੈ, ਅਗਨਿ ਭਖੈ ਅਗਨਿ ਰਸੁ ਸੋਖੈ, ਮਰੀਐ ਧੋਖੈ; ਭੀ ਸੋ ਕਿਰਤੁ ਹਾਰੇ ਰਥੁ ਫਿਰੈ, ਛਾਇਆ ਧਨ ਤਾਕੈ; ਟੀਡੁ ਲਵੈ ਮੰਝਿ ਬਾਰੇ ’’ (ਤੁਖਾਰੀ ਬਾਰਹਮਾਹਾ/ਮਹਲਾ /੧੧੦੮)

ਜਿਸ ਦਿਨ ਸੂਰਜ ਦਾ ਰਥ ਫਿਰਦਾ ਹੈ, ਉਸ ਦਿਨ ਤੋਂ ਭਾਰਤ ’ਚ ਵਰਖਾ ਰੁੱਤ ਸ਼ੁਰੂ ਹੋ ਜਾਂਦੀ ਹੈ। ਵਰਖਾ ਰੁੱਤ ’ਚ ਮੀਂਹ ਪੈਣ ਕਾਰਨ ਗਰਮੀ ਦਾ ਅਸਰ ਘਟਣਾ ਸ਼ੁਰੂ ਹੋ ਜਾਂਦਾ ਹੈ, ਜਿਸ ਨਾਲ ਜੀਵ-ਜੰਤ ਗਰਮੀ ਤੋਂ ਕੁਝ ਰਾਹਤ ਮਹਿਸੂਸ ਕਰਦੇ ਹਨ। ਇਸ ਦਾ ਸੰਕੇਤ ਉਕਤ ਸ਼ਬਦ ’ਚ ‘‘ਟੀਡ ਲਵੈ ਮੰਝਿ ਬਾਰੇ’’ ਰਾਹੀਂ ਦਿੱਤਾ ਹੈ ਭਾਵ ਜਦੋਂ ਮੀਂਹ ਪੈਣ ਨਾਲ ਗਰਮੀ ਤੋਂ ਰਾਹਤ ਮਿਲਦੀ ਹੈ ਤਾਂ ਬਾਹਰ ਜੂਹਾਂ ’ਚ ਖ਼ੁਸ਼ੀ ’ਚ ਆ ਕੇ ਬਿੰਡੇ ਬੋਲਦੇ ਹਨ। ਪੇਂਡੂ ਸਭਿਆਰ ’ਚ ਬਿੰਡਿਆਂ ਦਾ ਬੋਲਣਾ ਮੀਂਹ ਪੈਣ ਦੀ ਨਿਸ਼ਾਨੀ ਹੈ। ਸਾਵਣ ਦੇ ਮਹੀਨੇ ਪਿੱਛੋਂ ਭਾਦੋਂ ਦਾ ਮਹੀਨਾ ਆਉਂਦਾ ਹੈ, ਜੋ ਰੁੱਤਾਂ ਦੇ ਹਿਸਾਬ ਵਜੋਂ ਵਰਖਾ ਰੁੱਤ ਦਾ ਹੀ ਗਿਣਿਆ ਜਾਂਦਾ ਹੈ। ਵਰਖਾ ਰੁੱਤ ਤੋਂ ਬਾਅਦ ਸਰਦ ਰੁੱਤ ਆਰੰਭ ਹੁੰਦੀ ਹੈ, ਜਿਸ ਦਾ ਪਹਿਲਾ ਮਹੀਨਾ ਅੱਸੂ ਅਤੇ ਦੂਸਰਾ ਕੱਤਕ ਹੁੰਦਾ ਹੈ। ਅੱਸੂ ਨਾਨਕਸ਼ਾਹੀ ਕੈਲੰਡਰ ਦਾ 7ਵਾਂ ਮਹੀਨਾ ਅਤੇ ਬਿਕ੍ਰਮੀ ਕੈਲੰਡਰ ਦਾ 6ਵਾਂ ਮਹੀਨਾ ਹੁੰਦਾ ਹੈ ਕਿਉਂਕਿ ਬਿਕ੍ਰਮੀ ਕੈਲੰਡਰ ਦੇ ਸੂਰਜੀ ਸਾਲ ਦਾ ਪਹਿਲਾ ਮਹੀਨਾ; ਵੈਸਾਖ ਅਤੇ ਅਖੀਰਲਾ ਚੇਤ ਹੁੰਦਾ ਹੈ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦਾ ਨਵਾਂ ਸਾਲ; ੧ ਚੇਤ ਤੋਂ ਸ਼ੁਰੂ ਹੋਣ ਕਾਰਨ ਅੱਸੂ; 7ਵਾਂ ਮਹੀਨਾ ਬਣਦਾ ਹੈ। ਨਾਨਕਸ਼ਾਹੀ ਕੈਲੰਡਰ ਦੇ ਅੱਸੂ ਮਹੀਨੇ ਦਾ ਅਰੰਭ ਹਰ ਸਾਲ 15 ਸਤੰਬਰ ਤੋਂ ਹੁੰਦਾ ਹੈ, ਜੋ 30 ਦਿਨਾਂ ਦਾ ਹੁੰਦਾ ਹੈ ਜਦਕਿ ਬਿਕ੍ਰਮੀ ਕੈਲੰਡਰ ਦਾ ਅੱਸੂ ਮਹੀਨਾ; ਕਦੀ 16 ਸਤੰਬਰ ਤੇ ਕਦੀ 17 ਸਤੰਬਰ ਤੋਂ ਸ਼ੁਰੂ ਹੁੰਦਾ ਹੈ, ਜੋ ਕਦੀ 30 ਦਿਨਾਂ ਦਾ ਤੇ ਕਦੀ 31 ਦਿਨਾਂ ਦਾ ਹੁੰਦਾ ਹੈ। ਇਹੀ ਕਾਰਨ ਹੈ ਕਿ ਨਾਨਕਸ਼ਾਹੀ ਕੈਲੰਡਰ ਦੀਆਂ ਤਾਰੀਖ਼ਾਂ ਸਦਾ ਸਥਿਰ ਰਹਿੰਦੀਆਂ ਹਨ ਅਤੇ ਬਿਕ੍ਰਮੀ ਕੈਲੰਡਰ ਦੀਆਂ ਤਾਰੀਖ਼ਾਂ ’ਚ ਬਦਲਾਅ ਹੁੰਦਾ ਰਹਿੰਦਾ ਹੈ। ਹੁਣ ਸਰਦ ਰੁੱਤ ਦੇ ਦੋ ਮਹੀਨਿਆਂ (ਅੱਸੂ ਅਤੇ ਕੱਤਕ) ਦਾ ਰੁਤੀ ਸਲੋਕ (ਬਾਣੀ) ’ਚ ਕੀਤੇ ਮੌਸਮੀ ਵਰਣਨ ਦੀ ਵਿਚਾਰ ਕਰਦੇ ਹਾਂ :

ਜਦੋਂ ਅੱਸੂ ਤੇ ਕੱਤਕ ’ਚ ਥੋੜ੍ਹੀ ਠੰਢਕ ਵਾਲ਼ਾ ਮੌਸਮ ਆਰੰਭ ਹੁੰਦਾ ਹੈ, (ਤਾਂ ਬਿਰਹਾ ਭਰੀ ਇਸਤ੍ਰੀ ਦੇ ਮਨ ’ਚ) ਪਤੀ (ਮਿਲਾਪ) ਦੀ ਤਾਂਘ ਪੈਦਾ ਹੁੰਦੀ ਹੈ; ਇਉਂ ਹੀ ਪ੍ਰਭੂ ਮਿਲਾਪ ਦੀ ਤਾਂਘ ਰੱਖਣ ਵਾਲ਼ੀ ਜੀਵ ਇਸਤ੍ਰੀ ਦੇ ਅੰਦਰ ਬਿਰਹਾ ਪੈਦਾ ਹੁੰਦਾ ਹੈ। ਉਹ ਪ੍ਰਭੂ ਦੇ ਦਰਸ਼ਨ ਕਰਨ ਲਈ ਵਿਆਕੁਲ ਰਹਿੰਦੀ ਹੈ ਕਿ ਗੁਣਾਂ ਦੇ ਖ਼ਜ਼ਾਨੇ-ਪ੍ਰਭੂ ਨਾਲ ਕਦੋਂ ਮੇਲ ਹੋਵੇ। ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਹਨ ਕਿ ਹੇ ਜੀਵ ਸਹੇਲੀਏ  ! ਪਿਆਰੇ ਖਸਮ ਦੇ ਮਿਲਾਪ ਤੋਂ ਬਿਨਾਂ ਅਨੰਦ ਦੀ ਕਦਰ ਨਹੀਂ ਜਾਣੀ ਜਾ ਸਕਦੀ। ਹਾਰ ਕੰਙਣ (ਆਦਿਕ ਸ਼ਿੰਗਾਰ ਭੀ) ਦੁਖਦਾਈ ਲੱਗਦੇ ਹਨ। ਭਾਵੇਂ ਇਸਤ੍ਰੀ ਸੁੰਦਰ ਹੋਵੇ, ਸਿਆਣੀ ਹੋਵੇ, ਚਤੁਰ ਹੋਵੇ, ਵਿੱਦਿਆ ’ਚ ਨਿਪੁੰਨ ਹੋਵੇ ਤਾਂ ਵੀ ਪਤੀ ਦੇ ਮਿਲਾਪ ਤੋਂ ਬਿਨਾ ਇਉਂ ਹੈ; ਜਿਵੇਂ ਸੁਆਸ ਬਿਨਾਂ ਸਰੀਰ। ਪ੍ਰਭੂ-ਮਿਲਾਪ ਤੋਂ ਸੱਖਣੀ ਦਾ ਇਹੀ ਹਾਲ ਹੁੰਦਾ ਹੈ। ਦਸੀਂ ਪਾਸੀਂ ਦੌੜਦੀ ਹੈ। ਪ੍ਰਭੂ ਨੂੰ ਮਿਲਣਾ ਲੋਚਦੀ ਹੈ। (ਗੁਰੂ ਅੱਗੇ ਬੇਨਤੀ ਕਰਦੀ ਹੈ ਕਿ) ਹੇ ਸੰਤ ਜਨੋਂ ! ਕਿਰਪਾ ਕਰ ਕੇ ਮੈਨੂੰ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨਾਲ ਮਿਲਾ ਦਿਓ, ‘‘ਰੁਤਿ ਸਰਦ ਅਡੰਬਰੋ; ਅਸੂ ਕਤਕੇ ਹਰਿ ਪਿਆਸ ਜੀਉ ਖੋਜੰਤੀ ਦਰਸਨੁ ਫਿਰਤ; ਕਬ ਮਿਲੀਐ ਗੁਣਤਾਸ ਜੀਉ ਬਿਨੁ ਕੰਤ ਪਿਆਰੇ, ਨਹ ਸੂਖ ਸਾਰੇ; ਹਾਰ ਕੰਙਣ ਧ੍ਰਿਗੁ ਬਨਾ (ਜੰਗਲ਼) ਸੁੰਦਰਿ ਸੁਜਾਣਿ ਚਤੁਰਿ ਬੇਤੀ; ਸਾਸ ਬਿਨੁ ਜੈਸੇ ਤਨਾ ਈਤ ਉਤ ਦਹ ਦਿਸ ਅਲੋਕਨ (ਭਾਲਦੀ); ਮਨਿ ਮਿਲਨ ਕੀ ਪ੍ਰਭ ਪਿਆਸ ਜੀਉ ਬਿਨਵੰਤਿ ਨਾਨਕ ਧਾਰਿ ਕਿਰਪਾ; ਮੇਲਹੁ ਪ੍ਰਭ ਗੁਣਤਾਸ ਜੀਉ ’’ (ਰੁਤੀ/ ਮਹਲਾ /੯੨੮)

ਮਾਝ ਬਾਰਹਮਾਹਾ ’ਚ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਹਨ ਕਿ ਹੇ ਮਾਂ ! (ਭਾਦਰੋਂ ਦੇ ਘੁੰਮੇ ਤੇ ਤ੍ਰਾਟਕੇ ਲੰਘਣ ਪਿੱਛੋਂ) ਅੱਸੂ ਦੀ ਮਿੰਨੀ ਮਿੰਨੀ ਠੰਢ ਸਮੇਂ ਮੇਰੇ ਅੰਦਰ ਪ੍ਰਭੂ-ਪਤੀ ਦੇ ਪਿਆਰ ਦਾ ਉਛਾਲਾ ਆ ਗਿਆ। ਮੇਰਾ ਮਨ ਤੜਫਦਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਚੱਲ ਕੇ ਪ੍ਰਭੂ-ਪਤੀ ਨੂੰ ਮਿਲਾਂ। ਮੇਰੇ ਮਨ ਤੇ ਤਨ ’ਚ ਪ੍ਰਭੂ ਦੇ ਦਰਸ਼ਨ ਦੀ ਬੜੀ ਪਿਆਸ ਹੈ। ਚਿੱਤ ਲੋਚਦਾ ਹੈ ਕਿ ਕੋਈ ਪ੍ਰਭੂ ਪਤੀ ਨੂੰ ਲਿਆ ਕੇ ਮੇਲ ਕਰਾ ਦੇਵੇ। ਮੈਂ ਸੰਤ ਜਨਾਂ ਦੇ ਚਰਨੀਂ ਲੱਗੀ ਹਾਂ, ਜਿਹੜੇ ਪ੍ਰਭੂ ਨਾਲ ਪ੍ਰੇਮ ਵਧਾਉਣ ’ਚ ਸਹਾਇਤਾ ਕਰ ਸਕਦੇ ਹਨ। (ਹੇ ਮਾਂ !) ਪ੍ਰਭੂ ਤੋਂ ਬਿਨਾਂ ਅਨੰਦ ਨਹੀਂ ਮਿਲਦਾ ਕਿਉਂਕਿ ਸੁਖ-ਅਨੰਦ ਲਈ ਹੋਰ ਕਿਤੇ ਥਾਂ ਨਹੀਂ ਹੈ। ਜਿਨ੍ਹਾਂ ਵੱਡੇ ਭਾਗਾਂ ਵਾਲਿਆਂ ਨੇ ਪ੍ਰਭੂ-ਪਿਆਰ ਦਾ ਸੁਆਦ ਇਕ ਵਾਰੀ ਚੱਖ ਲਿਆ, ਉਹ ਮਾਇਆ ਦੇ ਸੁਆਦ ਭੁੱਲ ਜਾਂਦੇ ਹਨ ਭਾਵ ਮਾਇਆ ਵੱਲੋਂ ਰੱਜ ਜਾਂਦੇ ਹਨ। ਆਪਾ-ਭਾਵ ਤਿਆਗ ਕੇ ਸਦਾ ਅਰਦਾਸ ਕਰਦੇ ਹਨ ਕਿ ਹੇ ਪ੍ਰਭੂ ! ਸਾਨੂੰ ਆਪਣੇ ਲੜ ਲਾਈ ਰੱਖ। ਜਿਸ ਨੂੰ ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ, ਉਹ ਇਸ ਮਿਲਾਪ ਤੋਂ ਵਿਛੁੜ ਕੇ ਕਿਸੇ ਹੋਰ ਪਾਸੇ ਨਹੀਂ ਭਟਕਦੀ ਕਿਉਂਕਿ ਉਸ ਨੂੰ ਨਿਸ਼ਚਾ ਹੋ ਗਿਆ ਕਿ ਸਦੀਵੀ ਅਨੰਦ ਲਈ ਪ੍ਰਭੂ ਦੀ ਸ਼ਰਨ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ ਹੈ। ਥੋੜ੍ਹੀ ਠੰਢਕ ਵਾਲ਼ੇ ਅੱਸੂ ਮਹੀਨੇ ਵਿੱਚ ਉਹ ਅੰਦਰੋਂ ਠੰਢਕ (ਅਨੰਦ) ਮਾਣਦੀਆਂ ਹਨ, ਜਿਨ੍ਹਾਂ ਉੱਤੇ ਪਰਮਾਤਮਾ ਦੀ ਕਿਰਪਾ ਹੈ, ‘‘ਅਸੁਨਿ, ਪ੍ਰੇਮ ਉਮਾਹੜਾ; ਕਿਉ ਮਿਲੀਐ ਹਰਿ ਜਾਇ ? ਮਨਿ ਤਨਿ ਪਿਆਸ ਦਰਸਨ ਘਣੀ; ਕੋਈ ਆਣਿ ਮਿਲਾਵੈ ਮਾਇ  ! ਸੰਤ ਸਹਾਈ ਪ੍ਰੇਮ ਕੇ; ਹਉ ਤਿਨ ਕੈ ਲਾਗਾ ਪਾਇ (ਪਾਂਇ) ਵਿਣੁ ਪ੍ਰਭ, ਕਿਉ ਸੁਖੁ ਪਾਈਐ; ਦੂਜੀ ਨਾਹੀ ਜਾਇ ਜਿੰਨ੍ੀ ਚਾਖਿਆ ਪ੍ਰੇਮ ਰਸੁ; ਸੇ ਤ੍ਰਿਪਤਿ ਰਹੇ ਆਘਾਇ ਆਪੁ ਤਿਆਗਿ, ਬਿਨਤੀ ਕਰਹਿ; ਲੇਹੁ ਪ੍ਰਭੂ  ! ਲੜਿ ਲਾਇ ਜੋ ਹਰਿ ਕੰਤਿ (ਨੇ) ਮਿਲਾਈਆ; ਸਿ ਵਿਛੁੜਿ ਕਤਹਿ ਜਾਇ ਪ੍ਰਭ ਵਿਣੁ, ਦੂਜਾ ਕੋ ਨਹੀ; ਨਾਨਕ  ! ਹਰਿ ਸਰਣਾਇ ਅਸੂ ਸੁਖੀ ਵਸੰਦੀਆ; ਜਿਨਾ ਮਇਆ ਹਰਿ ਰਾਇ ’’ (ਮਾਝ ਬਾਰਹਮਾਹਾ ਮਹਲਾ /੧੩੫)

ਗੁਰੂ ਨਾਨਕ ਸਾਹਿਬ ਜੀ ਤੁਖਾਰੀ ਰਾਗ ’ਚ ਦਰਜ ਬਾਰਹਮਾਹਾ ਰਾਹੀਂ ਪਤੀ ਪਤਨੀ ਦੀ ਉਦਾਹਰਨ ਨਾਲ਼ ਸਮਝਾ ਰਹੇ ਹਨ ਕਿ ਮਨੁੱਖ ਦਾ ਅਸਲ ਮਨੋਰਥ ਪ੍ਰਭੂ ਮਿਲਾਪ ਹੈ; ਜਿਵੇਂ ਭਾਦੋਂ ਦੀ ਹੁੰਮਸ ਤੋਂ ਬਾਅਦ ਅੱਸੂ ਦੇ ਮੌਸਮ ’ਚ ਪਤੀ ਨੂੰ ਮਿਲਣ ਦੀ ਤਾਂਘ ਪੈਦਾ ਹੁੰਦੀ ਹੈ। ਤਿਵੇਂ ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਦੇ ਵਿਛੋੜੇ ’ਚ ਕਾਮਾਦਿਕ ਵੈਰੀਆਂ ਦੇ ਹੱਲਿਆਂ ਦੇ ਦੁੱਖ ਵੇਖੇ ਹਨ, ਉਹ ਅਰਦਾਸ ਕਰਦੀ ਹੈ ਕਿ ਹੇ ਪ੍ਰਭੂ ਜੀਓ  ! (ਮੇਰੇ ਹਿਰਦੇ ’ਚ) ਆ ਵੱਸ ਤੈਥੋਂ ਵਿਛੁੜ ਕੇ ਮੈਂ ਹਾਹੁਕੇ ਲੈ ਲੈ ਆਤਮਕ ਮੌਤ ਮਰ ਰਹੀ ਹਾਂ। ਪਦਾਰਥਿਕ ਮੋਹ ’ਚ ਫਸ ਕੇ ਮੈਂ ਕੁਰਾਹੇ ਪਈ ਹੋਈ ਹਾਂ, ਪਰ ਹੇ ਪ੍ਰਭੂ  ! ਤੈਨੂੰ ਤਾਂ ਹੀ ਮਿਲੀਦਾ ਹੈ ਜੇ ਤੂੰ ਆਪ ਮਿਲਾਏਂ। ਝੂਠੇ ਮੋਹ ਕਾਰਨ ਮੈਂ ਖ਼ੁਆਰ ਹੁੰਦੀ ਪਈ ਹਾਂ ਤੇ ਤੁਹਾਥੋਂ ਵਿਛੁੜੀ ਹੋਈ ਹਾਂ। ਗਰਮ ਰੁੱਤ ਤੋਂ ਅੱਸੂ ਦੀ ਸਰਦ ਰੁੱਤ ਆਉਣ ਵਾਙ (ਮੇਰੇ ਸਰੀਰ ਦਾ) ਨਿੱਘ ਘਟਦਾ ਜਾ ਰਿਹਾ ਹੈ ਭਾਵ ਜੁਆਨੀ ਨਿਕਲ ਰਹੀ ਹੈ ਤੇ ਬੁਢੇਪਾ ਆ ਰਿਹਾ ਹੈ। ਅਜੇ ਵੀ ਤੇਰਾ ਦੀਦਾਰ ਨਹੀਂ ਹੋਇਆ। ਇਹ ਵੇਖ ਮੇਰਾ ਮਨ ਘਬਰਾ ਰਿਹਾ ਹੈ, ਮਨ ਡੋਲ ਰਿਹਾ ਹੈ ਭਾਵੇਂ ਕਿ ਹਰ ਪਾਸੇ (ਬਨਸਪਤੀ ਦੀਆਂ) ਹਰੀਆਂ ਸਾਖਾਂ ਦੀ ਹਰਿਆਵਲ ਹੈ। ਗੁਰੂ ਜੀ ਅੰਤ ’ਚ ਇਉਂ ਅਰਦਾਸ ਕਰਨ ਲਈ ਪ੍ਰੇਰਦੇ ਹਨ ਕਿ ਹੇ ਪਿਆਰੇ ਪ੍ਰਭੂ ! ਮਿਹਰ ਕਰ ਸਤਿਗੁਰੂ ਦੀ ਰਾਹੀਂ ਮੈਨੂੰ ਵੀ ਅਨੰਦਿਤ ਕਰੋ, ‘‘ਅਸੁਨਿ, ਆਉ ਪਿਰਾ; ਸਾ ਧਨ ਝੂਰਿ ਮੁਈ ਤਾ ਮਿਲੀਐ, ਪ੍ਰਭ ਮੇਲੇ; ਦੂਜੈ ਭਾਇ ਖੁਈ ਝੂਠਿ ਵਿਗੁਤੀ, ਤਾ ਪਿਰ ਮੁਤੀ; ਕੁਕਹ ਕਾਹ ਸਿ ਫੁਲੇ ਆਗੈ ਘਾਮ, ਪਿਛੈ ਰੁਤਿ ਜਾਡਾ, ਦੇਖਿ ਚਲਤ, ਮਨੁ ਡੋਲੇ ਦਹ ਦਿਸਿ ਸਾਖ ਹਰੀ ਹਰੀਆਵਲ; ਸਹਜਿ ਪਕੈ, ਸੋ ਮੀਠਾ ਨਾਨਕ  ! ਅਸੁਨਿ, ਮਿਲਹੁ ਪਿਆਰੇ; ਸਤਿਗੁਰ ਭਏ ਬਸੀਠਾ ੧੧’’ (ਤੁਖਾਰੀ ਬਾਰਹਮਾਹਾ ਮਹਲਾ /੧੧੦੯)

ਸੋ ਗੁਰੂ ਸਾਹਿਬਾਨ ਨੇ ਬਾਰਹਮਾਹਾ ਬਾਣੀ ਰਾਹੀਂ ਰੁੱਤੀ ਪ੍ਰਭਾਵ ਦੀ ਮਿਸਾਲ ਨਾਲ਼ ਮਨੁੱਖ ਦੇ ਅੰਦਰਲੀ ਤਪਸ਼ ਨੂੰ ਸ਼ਾਂਤ ਕਰਨ ਲਈ ਪ੍ਰਭੂ ਦੀ ਯਾਦ ’ਚ ਜੁੜੇ ਰਹਿਣ ਦਾ ਉਪਦੇਸ਼ ਦਿੱਤਾ ਹੈ ਅਤੇ ਪਤੀ-ਪਤਨੀ ਸੰਬੰਧਾਂ ਵਾਙ ਜੀਵ ਇਸਤ੍ਰੀ ਅਤੇ ਪ੍ਰਭੂ ਪਤੀ ਦੇ ਸੰਬੰਧਾਂ ਨੂੰ ਜ਼ਰੂਰੀ ਮੰਨਿਆ ਹੈ ਕਿਉਂਕਿ ਜਿਵੇਂ ਗਰਮੀ ਅਤੇ ਵਰਖਾ ਰੁੱਤ ਲੰਘਣ ਪਿੱਛੋਂ ਅੱਸੂ ਦੇ ਮਹੀਨੇ ਦੀ ਠੰਢਕ ਜੀਵ ਜੰਤੂ ਨੂੰ ਖੁਸ਼ਹਾਲ ਕਰਦੀ ਹੈ ਓਵੇਂ ਹੀ ਵਿਕਾਰਾਂ ਦੀ ਅੱਗ ਨਾਲ ਸੜਦੇ ਹਿਰਦੇ; ਗੁਰੂ ਸਾਹਿਬਾਨ ਦੇ ਮਿਲਾਪ ਨਾਲ਼ ਸ਼ਾਂਤ ਹੋ ਜਾਂਦੇ ਹਨ ਕਿਉਂਕਿ ਪ੍ਰਭੂ ਨਾਲ਼ ਮਿਲਾਪ ਹੋਣ ਲੱਗਦਾ ਹੈ। ਜਿਉਂ ਜਿਉਂ ਜੀਵ ਇਸਤਰੀ ਪ੍ਰਭੂ ਦੀ ਯਾਦ ’ਚ ਜੁੜਦੀ ਹੈ; ਤਿਉਂ ਤਿਉਂ ਪ੍ਰਭੂ ਮਿਲਾਪ ਦਾ ਚਾਉ ਪੈਦਾ ਹੁੰਦਾ ਹੈ ਤੇ ਅੰਦਰ ਸਦਾ ਖੇੜਾ ਬਣਿਆ ਰਹਿੰਦਾ ਹੈ।