ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ

0
10438

ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ

ਰਣਜੀਤ ਸਿੰਘ, B.Sc., M.A., M.Ed., ਸਟੇਟ ਤੇ ਨੈਸ਼ਨਲ,

ਅਵਾਰਡੀ, ਹੈਡਮਾਸਟਰ (ਸੇਵਾ ਮੁਕਤ)- 99155-15436

ੴ ਸਤਿ ਗੁਰ ਪ੍ਰਸਾਦਿ

‘ਸ਼ਹੀਦ’ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦੇ ਅਰਥ ਹਨ ‘ਗਵਾਹੀ ਦੇਣਾ ਜਾਂ ਗਵਾਹ’। ਇਸ ਸ਼ਬਦ ਦੀ ਵਰਤੋਂ ਕੁਰਾਨ ਸਰੀਫ ਵਿੱਚ ਵੀ ਆਈ ਹੈ। ਕੁਰਾਨ ਸਰੀਫ ਵਿੱਚ ਸ਼ਬਦ ‘ਸ਼ੁਹਦਾ’ ਅਤੇ ‘ਸ਼ਾਹਿਦ’ ਵਰਤੇ ਗਏ ਹਨ, ਜਿਨ੍ਹਾਂ ਦਾ ਭਾਵ ਅੱਖੀਂ ਦੇਖ ਕੇ ਗਵਾਹੀ ਦੇਣਾ ਹੈ। ਯਹੂਦੀ ਧਰਮ ਵਿੱਚ ਸ਼ਹੀਦ ਉਸ ਨੂੰ ਕਿਹਾ ਜਾਂਦਾ ਹੈ, ਜੋ ਲੋਕ ਦੁੱਖ ਤਾਂ ਸਹਿ ਲੈਂਦੇ ਹਨ ਪਰ ਸਿਧਾਂਤਾਂ ਤੋਂ ਮੂੰਹ ਨਹੀਂ ਮੋੜਦੇ। ਚੀਨ ਦੇ ਇਤਿਹਾਸ ਵਿੱਚ ਨੇਕੀ ਦੀ ਖਾਤਰ ਦਿੱਤੀ ਗਈ ਕੁਰਬਾਨੀ ਨੂੰ ਸ਼ਹੀਦੀ ਦਾ ਨਾਂ ਦਿੱਤਾ ਗਿਆ ਹੈ। ਈਸਾਈ ਮੱਤ ਅਨੁਸਾਰ ਈਸਾਈ ਧਰਮ ਵਿੱਚ ਵਿਸ਼ਵਾਸ ਰੱਖਦਿਆਂ ਕੁਰਬਾਨ ਹੋਣ ਵਾਲਾ ਸ਼ਹੀਦ ਹੈ। ਇਰਾਨੀ ਪਰੰਪਰਾ ਅਨੁਸਾਰ ਧਰਮ ਲਈ ਆਪਾ ਕੁਰਬਾਨ ਕਰਨ ਵਾਲੇ ਨੂੰ ਸ਼ਹੀਦ ਕਿਹਾ ਜਾਂਦਾ ਹੈ। ਜਪਾਨ ਦੇ ਇਤਿਹਾਸ ਵਿੱਚ ਸ਼ਹੀਦ ਉਸ ਨੂੰ ਕਿਹਾ ਗਿਆ ਹੈ, ਜੋ ਆਪਣੀ ਕੌਮ ਅਤੇ ਦੇਸ਼ ਲਈ ਕੁਰਬਾਨੀ ਦੇਵੇ।

ਗੁਰਮਤਿ ਵਿੱਚ ਸ਼ਹੀਦ ਉਹ ਹਨ ਜੋ ਧਰਮ, ਦੇਸ਼ ਅਤੇ ਕੌਮ ਦੇ ਸੱਚੇ ਸੁੱਚੇ ਆਦਰਸ਼ਾਂ ਲਈ ਸ਼ਾਤਮਈ ਰਹਿ ਕੇ ਕੁਰਬਾਨੀ ਦਿੰਦੇ ਹਨ। ਹਰ ਪ੍ਰਕਾਰ ਦੇ ਦੁੱਖ ਤੇ ਤਕਲੀਫਾਂ ਸਿਦਕ ਨਾਂਲ ਝੱਲਦੇ ਹਨ। ਸ਼ਹੀਦ ਉਹ ਵੀ ਹਨ ਜੋ ਮੈਦਾਨੇ-ਜੰਗ ਵਿੱਚ ਜ਼ੁਲਮ ਤੇ ਜ਼ਾਲਮ ਨਾਲ ਟੱਕਰ ਲੈਂਦੇ ਹੋਏ ਆਪਣੇ ਜੀਵਨ ਦੀ ਅਹੂਤੀ ਦੇ ਦਿੰਦੇ ਹਨ।

ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਮੇਂ ਹਿੰਦੋਸਤਾਨ ਵਿੱਚ ਔਰੰਗਜ਼ੇਬ ਦਾ ਰਾਜ ਸੀ। ਇਸ ਦਾ ਪੂਰਾ ਨਾਂ ਅਬੂਜਫਰ ਮੁਹੀਉਦੀਨ ਮੁਹੰਮਦ ਔਰੰਗਜ਼ੇਬ ਸੀ, ਜਿਸ ਦਾ ਜਨਮ ਬੇਗਮ ਅਰਜ਼ਮੰਦ ਬਾਨੋ ਦੀ ਕੁੱਖ ਤੋਂ ਮਹਾਂਰਾਸ਼ਟਰ ਦੇ ਨਗਰ ਦੋਹਦ ਵਿਖੇ 3 ਨਵੰਬਰ 1618 ਨੂੰ ਹੋਇਆ। 90 ਸਾਲ ਤੋਂ ਵੱਧ ਉਮਰ ਭੋਗ ਕੇ 21 ਫਰਵਰੀ 1707 ਨੂੰ ਇਸ ਦੀ ਮੌਤ ਅਹਿਮਦ ਨਗਰ ਦੱਖਣ ਵਿੱਚ ਹੋਈ। ਇਸ ਨੇ ਲਗਭਗ 50 ਸਾਲ ਰਾਜ ਕੀਤਾ। ਰਾਜ ਪ੍ਰਾਪਤ ਕਰਨ ਲਈ ਇਸ ਨੇ ਆਪਣੇ ਪਿਤਾ ਸ਼ਾਹਜਹਾਨ ਅਤੇ ਤਿੰਨ ਭਰਾਵਾਂ (ਦਾਰਾ, ਮੁਰਾਦ ਅਤੇ ਸ਼ਾਹ ਸੁਜਾਹ) ਨੂੰ ਹੀ ਕਤਲ ਨਹੀਂ ਕਰਵਾਇਆ ਸਗੋਂ ਆਪਣੇ ਪੁੱਤਰ ਸੁਲਤਾਨ ਮੁਹੰਮਦ ਨੂੰ ਵੀ ਜੇਲ੍ਹ ਵਿੱਚ ਪਾ ਕੇ ਮਾਰਿਆ।

ਤਖ਼ਤ ਪ੍ਰਾਪਤ ਕਰਨ ਉਪਰੰਤ ਇਸ ਨੇ ਹਿੰਦੂ ਮੰਦਰਾਂ ਅਤੇ ਪਾਠਸ਼ਾਲਾਵਾਂ ਦੀ ਉਸਾਰੀ ’ਤੇ ਰੋਕ ਲਾ ਦਿੱਤੀ। ਸੰਗੀਤ, ਰਾਗ, ਨਾਚ ਉੱਤੇ ਪੂਰਨ ਤੌਰ ’ਤੇ ਪਾਬੰਦੀ ਲਾ ਦਿੱਤੀ। ਇਸ ਉਪਰੰਤ ਹਿੰਦੂਆਂ ਉੱਤੇ ਟੈਕਸ ਦੀ ਰਾਸ਼ੀ ਦੁੱਗਣੀ ਕਰ ਦਿੱਤੀ। ਸਰਕਾਰੀ ਨੌਕਰੀਆਂ ਵਿੱਚ ਹਿੰਦੂਆਂ ਦੀ ਗਿਣਤੀ ਘਟਾ ਦਿੱਤੀ।

ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਮੁੱਖ ਕਾਰਨ ਔਰੰਗਜ਼ੇਬ ਦੀ ਤਅੱਸੁਬੀ (ਤੋੜ-ਮਰੋੜ ਕੇ ਹਰ ਗੱਲ ਆਪਣੇ ਮਜ਼ਹਬ ਨੂੰ ਸਹੀ ਠਹਿਰਾਉਣਾ) ਨੀਤੀ ਸੀ। ਇਸ ਨੀਤੀ ਦਾ ਸ਼ਿਕਾਰ ਸਾਰਾ ਹਿੰਦੋਸਤਾਨ ਹੋਇਆ ਤੇ ਖ਼ਾਸ ਕਰ ਕੇ ਕਸ਼ਮੀਰ ਨੂੰ ਉਸ ਨੇ ਨਿਸ਼ਾਨਾ ਬਣਾਇਆ। ਕਸ਼ਮੀਰ ਨੂੰ ਨਿਸ਼ਾਨਾ ਬਣਾਉਣ ਦਾ ਕਾਰਨ ਮੈਕਾਲਫ਼ ਲਿਖਦਾ ਹੈ ਕਿ ਕਸ਼ਮੀਰੀ ਪੰਡਿਤ ਵਿਦਵਾਨ ਅਤੇ ਪ੍ਰਸਿੱਧ ਸਨ। ਔਰੰਗਜ਼ੇਬ ਦੀ ਸੋਚ ਸੀ ਕਿ ਜੇਕਰ ਕਸ਼ਮੀਰੀ ਪੰਡਿਤ ਮੁਸਲਮਾਨ ਬਣ ਜਾਣ ਤਾਂ ਬਾਕੀ ਅਨਪੜ ਤੇ ਮੂੜ ਜੰਤਾ ਨੂੰ ਇਸਲਾਮ ਵਿੱਚ ਲਿਆਉਣਾ ਸੌਖਾ ਹੋ ਜਾਵੇਗਾ। ਇਸ ਮਕਸਦ ਨੂੰ ਪੂਰਾ ਕਰਨ ਲਈ ਔਰੰਗਜ਼ੇਬ ਨੇ ਇਫਤਾਰ ਖ਼ਾਨ ਨੂੰ ਸ਼ੇਰ ਅਫਗਾਨ ਦਾ ਖਿਤਾਬ ਦੇ ਕੇ ਸਤੰਬਰ 1671 ਵਿੱਚ ਕਸ਼ਮੀਰ ਦਾ ਗਵਰਨਰ ਥਾਪ ਦਿੱਤਾ ਅਤੇ ਖ਼ਾਸ ਹਦਾਇਤਾਂ ਦਿੱਤੀਆਂ ਕਿ ਕਸ਼ਮੀਰੀ ਪੰਡਿਤਾਂ ’ਤੇ ਜ਼ੁਲਮ ਢਾਹ ਕੇ, ਪ੍ਰੇਰ ਕੇ ਜਾਂ ਲਾਲਚ ਦੇ ਕੇ ਉਹਨਾਂ ਨੂੰ ਇਸਲਾਮ ਦੇ ਦਾਇਰੇ ਵਿੱਚ ਲਿਆਂਦਾ ਜਾਵੇ।

ਸ਼ੇਰ ਅਫਗਾਨ ਨੇ ਜਦ ਦੇਖਿਆ ਕਿ ਪ੍ਰੇਰਣਾ ਜਾਂ ਲਾਲਚ ਰਾਹੀਂ ਉਹ ਸਫਲ ਨਹੀਂ ਹੋ ਸਕਿਆ ਤਾਂ ਉਸ ਨੇ ਸਖਤੀ ਦਾ ਦੌਰ ਸ਼ੁਰੂ ਕਰ ਦਿੱਤਾ। ਉਸ ਦੇ ਜ਼ੁਲਮਾਂ ਅਤੇ ਅੱਤਿਆਚਾਰਾਂ ਤੋਂ ਹਿੰਦੂ ਸਮਾਜ ਦੇ ਬਚਣ ਦਾ ਕੋਈ ਹੱਲ ਨਾ ਮਿਲਣ ਦੀ ਸੂਰਤ ਵਿੱਚ ਪੰਡਿਤ ਕਿਰਪਾ ਰਾਮ ਨੇ ਕੁਰਕਸ਼ੇਤਰ, ਮਥੁਰਾ ਅਤੇ ਹਰਿਦੁਆਰ ਆਦਿਕ ਪ੍ਰਸਿੱਧ ਨਗਰਾਂ ਦੇ 16 ਪ੍ਰਮੁੱਖ ਪੰਡਿਤਾਂ ਦਾ ਇੱਕ ਵਫਦ ਬਣਾਇਆ ਅਤੇ 25 ਮਈ 1675 ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਵਿੱਚ ਅਨੰਦਪੁਰ ਸਾਹਿਬ ਹਾਜ਼ਰ ਹੋਇਆ।

ਪੰਡਿਤ ਕਿਰਪਾ ਰਾਮ ਆਪਣੇ ਸਮੇਂ ਦਾ ਸਿਰਕੱਢ ਵਿਦਵਾਨ ਸੀ ਅਤੇ ਇਹ ਪੰਡਿਤ ਬ੍ਰਹਮਦਾਸ ਜਿਸ ਦਾ ਗੁਰੂ ਨਾਨਕ ਦੇਵ ਜੀ ਨੇ ਕਸ਼ਮੀਰ ਦੇ ਇਲਾਕੇ ਮਟਨ ਵਿੱਚ ਵਿੱਦਿਆ ਦਾ ਹੰਕਾਰ ਤੋੜ ਕੇ ਪ੍ਰਭੂ ਨਾਲ ਜੋੜਿਆ ਸੀ, ਦੇ ਖਾਨਦਾਨ ਵਿੱਚੋਂ ਸੀ। ਪੰਡਿਤ ਬ੍ਰਹਮਦਾਸ ਦਾ ਪੁੱਤਰ ਨਰਾਇਣ ਦਾਸ ਤੇ ਪੋਤਾ ਅੜੂ ਰਾਮ ਸੀ। ਇਤਿਹਾਸ ਦੱਸਦਾ ਹੈ ਕਿ ਅੜੂ ਰਾਮ ਦੇ ਘਰ ਪੰਡਿਤ ਕਿਰਪਾ ਰਾਮ ਨੇ ਜਨਮ ਲਿਆ। ਮਟਨ ਨਗਰ ਦੇ ਇਸ ਪੰਡਿਤ ਨੇ ਭਾਰਤ ਦੇ ਕਈ ਇਲਾਕਿਆਂ ਦਾ ਦੌਰਾ ਕੀਤਾ ਅਤੇ ਕਈ ਵਾਰ ਇਸ ਨੇ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਵੀ ਹਾਜ਼ਰੀ ਭਰੀ। ਭਾਈ ਚੌਪਾ ਸਿੰਘ ਜੀ ਦੇ ਮੁਤਾਬਕ ਪੰਡਿਤ ਕਿਰਪਾ ਰਾਮ ਬਾਲ ਗੋਬਿੰਦ ਰਾਏ ਜੀ ਨੂੰ ਸੰਸਕ੍ਰਿਤ ਦੀ ਵਿੱਦਿਆ ਵੀ ਦਿੰਦਾ ਰਿਹਾ ਸੀ। ਭੱਟ ਵਹੀਆਂ ਅਤੇ ਕੇਸਰ ਸਿੰਘ ਛਿੱਬਰ ਦੀਆਂ ਲਿਖਤਾਂ ਤੋਂ ਪਤਾ ਲੱਗਦਾ ਹੈ ਕਿ ਦਸਮੇਸ਼ ਪਿਤਾ ਜੀ ਦੇ ਸਮੇਂ ਪੰਡਿਤ ਕਿਰਪਾ ਰਾਮ ਅੰਮ੍ਰਿਤ ਛੱਕ ਕੇ ਸਿੱਖੀ ਦੇ ਦਾਇਰੇ ਵਿੱਚ ਆ ਗਿਆ ਸੀ ਅਤੇ ਚਮਕੌਰ ਦੀ ਜੰਗ ਵਿੱਚ ਇਸ ਨੇ ਮੁਗਲ ਫੌਜ ਤੇ ਪਹਾੜੀ ਰਾਜਿਆਂ ਨਾਲ ਲੜਦਿਆਂ ਸ਼ਹੀਦੀ ਵੀ ਪ੍ਰਾਪਤ ਕੀਤੀ ਸੀ।

ਪੰਡਿਤ ਕਿਰਪਾ ਰਾਮ ਅਤੇ ਉਸ ਦੇ ਵਫਦ ਦੇ ਪੰਡਿਤ ਉੱਚ ਕੋਟੀ ਦੇ ਵਿਦਵਾਨ ਸਨ। ਉਹ ਮੁਲਕ ਦੇ ਰਾਜਸੀ ਹਾਲਾਤ ਅਤੇ ਹਿੰਦੂ ਸਮਾਜ ਦੀਆਂ ਕਮਜ਼ੋਰੀਆਂ ਤੋਂ ਭਲੀਭਾਂਤ ਜਾਣੂ ਸਨ। ਉਹਨਾਂ ਨੂੰ ਇਸ ਗੱਲ ਦਾ ਨਿਸ਼ਚਾ ਸੀ ਕਿ ਮੁਗਲ ਹਾਕਮਾਂ ਵੱਲੋਂ ਢਾਹੇ ਜਾਣ ਵਾਲੇ ਜ਼ੁਲਮਾਂ ਤੋਂ ਹਿੰਦੂ ਸਮਾਜ ਨੂੰ (ਰਾਜਪੂਤਾਂ, ਮਰਹੱਟਿਆਂ ਸਮੇਤ) ਕੋਈ ਵੀ ਨਹੀਂ ਬਚਾਅ ਸਕਦਾ। ਪੰਡਿਤ ਕਿਰਪਾ ਰਾਮ ਜਾਤੀ ਤੌਰ ’ਤੇ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਖ਼ਸੀਅਤ ਅਤੇ ਉਹਨਾਂ ਦੀ ਧਾਰਮਿਕ ਮਜ਼ਬੂਤੀ, ਦ੍ਰਿੜ੍ਹਤਾ ਅਤੇ ਦਲੇਰੀ ਤੋਂ ਭਲੀਭਾਂਤ ਵਾਕਫ਼ ਸਨ। ਇਸ ਲਈ ਉਹ ਵਫ਼ਦ ਸਮੇਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ। ਦਰਬਾਰ ਵਿੱਚ ਹੀ ਉਸ ਨੇ ਹਾਕਮਾਂ ਵੱਲੋਂ ਢਾਹੇ ਜਾ ਰਹੇ ਇੰਤਹਾ ਦਰਜੇ ਦੇ ਜ਼ੁਲਮਾਂ ਦੀ ਦਰਦਨਾਕ ਵਿੱਥਿਆ ਸੁਣਾਈ। ਸਰਕਾਰ ਵੱਲੋਂ ਜ਼ਬਰਦਸਤੀ ਮੁਸਲਮਾਨ ਬਣਾਉਣ ਅਤੇ ਇਸਲਾਮ ਨਾ ਕਬੂਲਣ ਦੀ ਸੂਰਤ ਵਿੱਚ ਕੀਤੇ ਜਾ ਰਹੇ ਜ਼ੁਲਮ ਅਤੇ ਕਤਲੇਆਮ ਦਾ ਵੇਰਵਾ ਵਿਸਥਾਰ ਸਹਿਤ ਦੱਸਿਆ। ਇਹ ਸਭ ਕੁਝ ਸੁਣ ਕੇ ਦਰਬਾਰ ਵਿੱਚ ਬੈਠੀਆਂ ਸੰਗਤਾਂ ਬਹੁਤ ਵਿਆਕੁਲ ਹੋ ਉੱਠੀਆਂ। ਇਤਿਹਾਸ ਗਵਾਹ ਹੈ ਕਿ ਸਾਹਿਬਜ਼ਾਦਾ ਗੋਬਿੰਦ ਰਾਏ, ਜੋ ਉਸ ਸਮੇਂ ਕੇਵਲ 9 ਸਾਲ ਦੇ ਹੀ ਸਨ, ਬਾਹਰੋਂ ਆ ਕੇ ਦਰਬਾਰ ਵਿੱਚ ਦਾਖ਼ਲ ਹੋਏ ਉਹਨਾਂ ਨੂੰ ਸਾਰੀ ਦਰਦ ਭਰੀ ਵਿੱਥਿਆ ਦਾ ਪਤਾ ਲੱਗਾ ਤਾਂ ਆਪ ਨੇ ਆਪਣੇ ਪਿਤਾ ਜੀ ਨੂੰ ਪੁੱਛਿਆ ਕਿ ਇਹਨਾਂ ਦੁਖਿਆਰਿਆਂ ਦੀ ਮਦਦ ਲਈ ਕੀ ਕੀਤਾ ਜਾ ਸਕਦਾ ਹੈ ? ਪਿਤਾ ਗੁਰੂ ਤੇਗ ਬਹਾਦਰ ਜੀ ਨੇ ਸਾਹਿਬਜ਼ਾਦੇ ਅਤੇ ਸਾਰੀ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹਨਾਂ ਦੀ ਮਦਦ ਲਈ ਕਿਸੇ ਉੱਚ ਆਤਮਾ ਵਾਲੇ ਮਹਾਂਪੁਰਸ਼ ਦੀ ਕੁਰਬਾਨੀ ਦੀ ਲੋੜ ਹੈ। ਇਹ ਸੁਣ ਕੇ ਸਾਹਿਬਜ਼ਾਦਾ ਗੋਬਿੰਦ ਰਾਏ ਨੇ ਇੱਕ ਦਮ ਜੁਆਬ ਦਿੱਤਾ – ਪਿਤਾ ਜੀ  ! ਆਪ ਤੋਂ ਵੱਡਾ ਹੋਰ ਮਹਾਂਪੁਰਸ਼ ਕੌਣ ਹੋ ਸਕਦਾ ਹੈ ? ਇਹ ਸ਼ਬਦ ਸੁਣ ਕੇ ਕੁੱਝ ਵੱਡੀ ਉਮਰ ਦੇ ਸ਼ਰਧਾਵਾਨ ਸਿੱਖ ਠਠੰਬਰ ਗਏ ਅਤੇ ਸਾਹਿਬਜ਼ਾਦੇ ਨੂੰ ਪੁੱਛਣ ਲੱਗੇ ਕਿ ਤੁਹਾਨੂੰ ਆਪਣੀ ਕਹੀ ਹੋਈ ਗੱਲ ਦਾ ਅਰਥ ਪਤਾ ਹੈ। ਪਿਤਾ ਜੀ ਦੀ ਕੁਰਬਾਨੀ ਨਾਲ ਤੁਸੀਂ ਯਤੀਮ ਹੋ ਜਾਉਗੇ। ਅਜੇ ਤੁਸੀਂ ਬਚਪਨ ਵਿੱਚ ਹੋ। ਤੁਹਾਡੀ ਪਾਲਣਾ ਪੋਸ਼ਣਾ ਕਿਵੇਂ ਹੋਵੇਗੀ। ਇਹ ਸੁਣ ਕੇ ਜੋ ਸਾਹਸ ਭਰਿਆ ਜੁਆਬ ਸਾਹਿਬਜ਼ਾਦਾ ਜੀ ਨੇ ਦਿੱਤਾ ਉਸ ਨੂੰ ਸਮਕਾਲੀ ਕਵੀ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ –

ਜਬ ਹੋਤੇ ਉਦਰ ਮੇ ਮਾਤ ਕੇ, ਕਰੇ ਰਖਵਾਰੀ ਜੋਇ॥

ਅਬ ਤੋ ਭਏ ਕਈ ਸਾਲ ਕੇ, ਕਿਉਂ ਨਾ ਸਹਾਈ ਹੋਏ॥

ਇਹ ਸੁਣ ਕੇ ਗੁਰੂ ਸਾਹਿਬ ਨੇ ਸਾਹਿਬਜ਼ਾਦਾ ਗੋਬਿੰਦ ਰਾਏ ਨੂੰ ਸ਼ਾਬਾਸ਼ ਦਿੱਤੀ ਅਤੇ ਸੰਗਤਾਂ ਨੂੰ ਗੁਰਗੱਦੀ ਦੇ ਅਗਲੇ ਹੋਣ ਵਾਲੇ ਵਾਰਸ਼ ਦੇ ਧੀਰਜ ਅਤੇ ਕੁਰਬਾਨੀ ਦੇ ਜਜ਼ਬੇ ਦੇ ਵੀ ਦੀਦਾਰ ਕਰਵਾ ਦਿੱਤੇ। ਗੁਰੂ ਸਾਹਿਬ ਨੇ ਉਸੇ ਵੇਲੇ ਪੰਡਿਤਾਂ ਨੂੰ ਕਹਿ ਦਿੱਤਾ ਕਿ ਬਾਦਸ਼ਾਹ ਤੱਕ ਇਹ ਸੁਨੇਹਾ ਪਹੁੰਚਾ ਦਿਓ ਕਿ ਜੇ ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਬਣਾ ਲਵੋ ਤਾਂ ਸਾਰਾ ਹਿੰਦੂ ਸਮਾਜ ਇਸਲਾਮ ਧਾਰਨ ਕਰ ਲਵੇਗਾ। ਇਹ ਉੱਤਰ ਸੁਣ ਕੇ ਪੰਡਿਤਾਂ ਨੇ ਸੁੱਖ ਦਾ ਸਾਹ ਲਿਆ ਅਤੇ ਧੰਨਵਾਦ ਕਰਦੇ ਹੋਏ ਦਿੱਲੀ ਵੱਲ ਕੂਚ ਕਰਨ ਲੱਗੇ।

ਪੰਡਿਤਾਂ ਦੇ ਵਫ਼ਦ ਨੂੰ ਦਿੱਲੀ ਤੋਰਨ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਜਾਣ ਦੀ ਤਿਆਰੀ ਅਰੰਭ ਕਰ ਦਿੱਤੀ। ਸਾਹਿਬਜ਼ਾਦਾ ਗੋਬਿੰਦ ਰਾਏ ਜੀ ਨੂੰ ਗੁਰਗੱਦੀ ਦੀ ਜੁੰਮੇਵਾਰੀ ਬਾਰੇ ਦੱਸਿਆ ਅਤੇ ਆਉਣ ਵਾਲੇ ਸਮੇਂ ਦੀਆਂ ਧਾਰਮਿਕ, ਸਮਾਜਿਕ ਅਤੇ ਰਾਜਸੀ ਸਰਗਰਮੀਆਂ ਦੀ ਰੂਪ ਰੇਖਾ ਵੀ ਸਮਝਾਈ। ਦੀਰਘ ਦਰਸ਼ੀ ਸਤਿਗੁਰੂ ਜੀ ਨੇ ਲੰਬੇ ਸਮੇਂ ਤੱਕ ਚੱਲਣ ਵਾਲੀ ਤੇ ਤਿੱਖੀ ਕਿਸਮ ਦੀ ਜੱਦੋ ਜਹਿਦ ਦੇ ਸਾਰੇ ਪੱਖਾਂ ਬਾਰੇ ਵਿਸਥਾਰ ਨਾਲ ਸਾਹਿਬਜ਼ਾਦੇ ਨੂੰ ਸਮਝਾਉਂਦੇ ਹੋਏ ਅਕਾਲ ਪੁਰਖ ਦੀ ਬੰਦਗੀ ਵਿੱਚ ਰਹਿਣ ਦੀ ਸਿੱਖਿਆ ਦ੍ਰਿੜ੍ਹ ਕਰਵਾਈ।

ਅਜਿਹੀਆਂ ਸਿਖਿਆਵਾਂ ਦਾ ਸਾਰੀ ਸੰਗਤ ਦੇ ਸਨਮੁਖ ਵਿਸਥਾਰ ਕਰਦਿਆਂ ਹੋਇਆਂ ਗੁਰੂ ਤੇਗ ਬਹਾਦਰ ਜੀ ਨੇ 8 ਜੁਲਾਈ 1675 ਨੂੰ ਗੋਬਿੰਦ ਰਾਏ ਨੂੰ ਗੁਰਗੱਦੀ ਦੀ ਜਿੰਮੇਵਾਰੀ ਸੋਂਪ ਦਿੱਤੀ। ਇਹਨਾਂ ਸਾਰੀਆਂ ਸਿਖਿਆਵਾਂ ਨੂੰ ਕੇਸ਼ਵ ਭੱਟ ਨੇ ਆਪਣੀ ਕਾਵਿ ਰਚਨਾ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਹੈ-

ਚਿਤਿ ਚਰਣ ਕਵਲ ਦਾ ਆਸਰਾ, ਚਿੱਤ ਚਰਣ ਕਵਲ ਸੰਗ ਜੋੜੀਏ॥

ਮਨ ਲੋਚੈ ਬੁਰਿਆਈਆਂ, ਗੁਰ ਸਬਦੀਂ ਇਹ ਮਨ ਹੋੜੀਏ॥

ਬਾਂਹਿ ਜਿੰਨ੍ਹਾਂ ਦੀ ਪਕੜੀਏ, ਸਿਰ ਦੀਜੈ ਬਾਂਹਿ ਨ ਛੋੜੀਏ॥

ਤੇਗ ਬਹਾਦਰ ਬੋਲਿਆ, ਧਰ ਪਈਐ, ਧਰਮ ਨ ਛੋਡੀਏ॥

ਪੰਡਿਤਾਂ ਦਾ ਵਫ਼ਦ 25 ਮਈ 1675 ਨੂੰ ਅਨੰਦਪੁਰ ਸਾਹਿਬ ਗਿਆ ਸੀ ਪਰ ਔਰੰਗਜ਼ੇਬ ਉਸ ਤੋਂ ਕਾਫ਼ੀ ਸਮਾਂ ਪਹਿਲਾਂ 7 ਅਪ੍ਰੈਲ 1674 ਨੂੰ ਦਿੱਲੀ ਤੋਂ ਕੂਚ ਕਰ ਕੇ ਫਰੰਟੀਅਰ ਵੱਲ ਚਲਾ ਗਿਆ ਸੀ, ਜਿੱਥੋਂ ਉਹ 29 ਮਾਰਚ 1676 ਨੂੰ ਦਿੱਲੀ ਵਾਪਸ ਆਇਆ। ਅਜਿਹੇ ਹਾਲਾਤ ਵਿੱਚ ਪੰਡਿਤਾਂ ਦੇ ਵਫ਼ਦ ਨੇ ਗੁਰੂ ਸਾਹਿਬ ਦਾ ਫ਼ੈਸਲਾ ਦਿੱਲੀ ਦੇ ਸੂਬੇਦਾਰ ਸਾਫੀ ਖਾਂ ਨੂੰ ਸੁਣਾਇਆ।

ਸੂਬੇਦਾਰ ਸਰਹੰਦ ਦਿਲਾਵਰ ਖਾਂ ਨੇ 25 ਮਈ 1675 ਨੂੰ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਲਏ ਗਏ ਫ਼ੈਸਲੇ ਬਾਰੇ ਸੂਚਨਾ ਮਿਲਦੇ ਸਾਰ ਹੀ ਰੋਪੜ ਥਾਣੇ ਦੇ ਥਾਣੇਦਾਰ ਮਿਰਜਾ ਨੂੰਰ ਮੁਹੰਮਦ ਖਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫ਼ਤਾਰ ਕਰ ਕੇ ਸਰਹੰਦ ਲਿਆਉਣ ਦੇ ਹੁਕਮ ਜਾਰੀ ਕਰ ਦਿੱਤੇ।

8 ਜੁਲਾਈ 1675 ਨੂੰ ਸਾਹਿਬਜ਼ਾਦਾ ਗੋਬਿੰਦ ਰਾਏ ਜੀ ਦੀ ਗੁਰਗੱਦੀ ਨਸ਼ੀਨੀ ਦੀ ਰਸਮ ਪੂਰੀ ਕਰਨ ਉਪਰੰਤ ਗੁਰੂ ਸਾਹਿਬ 10 ਜੁਲਾਈ 1675 ਨੂੰ ਚੱਕ ਨਾਨਕੀ (ਅਨੰਦਪੁਰ ਸਾਹਿਬ) ਤੋਂ ਰਵਾਨਾ ਹੋ ਗਏ। ਆਪ ਦੇ ਨਾਲ ਤਿੰਨ ਸਿੱਖ (ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ) ਸਨ। ਚੱਕ ਨਾਨਕੀ ਤੋਂ ਚੱਲ ਕੇ ਆਪ ਕੀਰਤਪੁਰ ਸਾਹਿਬ ਪੁੱਜੇ। ਸਿੱਖ ਸੰਗਤਾਂ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਦਾ ਉਪਦੇਸ਼ ਦਿੱਤਾ। 11 ਜੁਲਾਈ ਨੂੰ ਆਪ ਸਰਸਾ ਨਦੀ ਪਾਰ ਕਰ ਕੇ ਜਿਉਂ ਹੀ ਪਿੰਡ ਮਲਕਪੁਰ ਰੰਘੜਾਂ ਪਹੁੰਚੇ ਤਾਂ ਥਾਣੇਦਾਰ ਮਿਰਜ਼ਾ ਨੂਰ ਮੁਹੰਮਦ ਖਾਨ ਰੋਪੜ ਨੇ ਆਪਣੇ ਫੌਜੀ ਦਸਤੇ ਦੀ ਸਹਾਇਤਾ ਨਾਲ ਗੁਰੂ ਤੇਗ ਬਹਾਦਰ ਜੀ ਨੂੰ ਤਿੰਨਾਂ ਗੁਰਸਿੱਖਾਂ ਸਮੇਤ ਗ੍ਰਿਫ਼ਤਾਰ ਕਰ ਕੇ ਸਰਹੰਦ ਦੇ ਸੂਬੇਦਾਰ ਪਾਸ ਭੇਜ ਦਿੱਤਾ। ਇਹ ਗੁਰੂ ਸਾਹਿਬ ਦੀ ਤੀਜੀ ਗ੍ਰਿਫ਼ਤਾਰੀ ਸੀ। ਇਸ ਤੋਂ ਪਹਿਲਾਂ ਵੀ ਆਪ ਨੂੰ ਦੋ ਵਾਰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਸੀ।

ਭੱਟ ਵਹੀਆਂ ਅਨੁਸਾਰ ਆਪ ਜੀ ਦੀ ਪਹਿਲੀ ਗ੍ਰਿਫ਼ਤਾਰੀ 8 ਨਵੰਬਰ 1665 ਨੂੰ ਮੁਖੀ ਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ, ਗਵਾਲ ਦਾਸ, ਗੁਰਦਾਸ, ਸੰਗਤ ਅਤੇ ਦਿਆਲਾ ਦਾਸ ਸਮੇਤ ਉਸ ਵਕਤ ਹੋਈ ਜਦੋਂ ਗੁਰੂ ਸਾਹਿਬ ਸਿੱਖਾਂ ਨੂੰ ਧਮਧਾਣ ਵਿਖੇ ਸ਼ਸਤਰ ਵਿੱਦਿਆ ਦਾ ਅਭਿਆਸ ਕਰਵਾ ਰਹੇ ਸਨ। ਭੱਟ ਵਹੀਆਂ ਮੁਤਾਬਕ ਔਰੰਗਜ਼ੇਬ ਦੇ ਹੁਕਮ ’ਤੇ ਆਲਮ ਖਾਂ ਫੌਜ ਸਮੇਤ ਧਮਧਾਣ ਆ ਚੜਿਆ ਤੇ ਗੁਰੂ ਸਾਹਿਬ ਅਤੇ ਇਹਨਾਂ ਸਿੱਖਾਂ ਨੂੰ ਗ੍ਰਿਫ਼ਤਾਰ ਕਰ ਕੇ ਦਿੱਲੀ ਲੈ ਗਿਆ। ਉਸ ਸਮੇਂ ਗੁਰੂ ਸਾਹਿਬ ਦੇ ਸਿੱਖ ਚਉਪਤ ਰਾਏ ਤੇ ਦੀਵਾਨ ਦਰਘਾ ਮਲ, ਰਾਜਾ ਮਿਰਜਾ ਜੈ ਸਿੰਘ ਦੀ ਪਤਨੀ ਰਾਣੀ ਪੁਸ਼ਪਾ, ਜੋ ਗੁਰੂ ਜੀ ਦੀ ਅੱਤ ਦੀ ਸ਼ਰਧਾਲੂ ਸੀ, ਨੂੰ ਮਿਲੇ। ਰਾਣੀ ਨੇ ਆਪਣੇ ਪੁੱਤਰ ਰਾਜਾ ਰਾਮ ਸਿੰਘ ਨਾਲ ਗੱਲ ਕੀਤੀ ਤੇ ਉਹਨਾਂ ਦੇ ਯਤਨਾਂ ਦਾ ਸਦਕਾ ਇੱਕ ਮਹੀਨੇ ਬਾਅਦ ਗੁਰੂ ਸਾਹਿਬ ਅਤੇ ਸਿੱਖਾਂ ਦੀ ਰਿਹਾਈ ਹੋਈ।

ਦੂਜੀ ਗ੍ਰਿਫ਼ਤਾਰੀ ਆਪ ਜੀ ਦੀ ਅਪਰੈਲ 1670 ਨੂੰ ਆਗਰੇ ਵਿਖੇ ਹੋਈ। ਜਦੋਂ ਗੁਰੂ ਜੀ ਦੇ ਪੂਰਬ ਦੇਸ਼ ਵਿੱਚ ਪ੍ਰਚਾਰ ਦੀਆਂ ਖਬਰਾਂ ਦਿੱਲੀ ਦਰਬਾਰ ਵਿੱਚ ਪਹੁੰਚੀਆਂ ਤਾਂ ਔਰੰਗਜ਼ੇਬ ਨੇ ਗ੍ਰਿਫ਼ਤਾਰੀ ਦੇ ਹੁਕਮ ਦੇ ਦਿੱਤੇ। ਆਪ ਦੇ ਨਾਲ ਭਾਈ ਸਤੀ ਦਾਸ ਜੀ, ਭਾਈ ਜੇਠਾ ਜੀ ਤੇ ਭਾਈ ਦੁਰਗਾ ਜੀ, ਆਦਿ ਸਿੱਖਾਂ ਨੂੰ ਸਖ਼ਤ ਪਹਿਰੇ ਹੇਠ ਦਿੱਲੀ ਲਿਆਂਦਾ ਗਿਆ। ਸੈਫ ਖਾਨ, ਜੋ ਗੁਰੂ ਜੀ ਦਾ ਅੱਤ ਦਾ ਸ਼ਰਧਾਲੂ ਸੀ, ਨੇ ਆਪਣਾ ਅਸਰ ਰਸੂਖ ਵਰਤ ਕੇ ਦੋ ਮਹੀਨੇ 12 ਦਿਨਾਂ ਬਾਦ ਰਿਹਾਈ ਕਰਵਾ ਦਿੱਤੀ। ਰਿਹਾਈ ਤੋਂ ਬਾਦ ਆਪ, ਆਪਣੇ ਸਿੱਖਾਂ ਸਮੇਤ ਭਾਈ ਕਲਿਆਣੇ ਦੀ ਧਰਮਸ਼ਾਲਾ ਵਿੱਚ ਪਹੁੰਚੇ। ਇੱਥੇ ਹੀ ਰਾਜਾ ਰਾਮ ਸਿੰਘ ਦੀ ਮਾਤਾ ਪੁਸ਼ਪਾ ਰਾਣੀ ਤੇ ਉਸ ਦੀ ਨੂੰਹ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ। ਇਸ ਤੋਂ ਬਾਦ ਗੁਰੂ ਸਾਹਿਬ ਬਕਾਲੇ ਲਈ ਵਾਪਸ ਚੱਲ ਪਏ।

(ਉਪਰੋਕਤ ਚਲ ਰਹੀ ਤੀਜੀ ਗ੍ਰਿਫ਼ਤਾਰੀ ਵਿੱਚ) ਕੁੱਝ ਦਿਨ ਸਰਹੰਦ ਰੱਖਣ ਤੋਂ ਬਾਅਦ ਸਤਿਗੁਰੂ ਜੀ ਨੂੰ ਤਿੰਨਾਂ ਸਿੱਖਾਂ ਸਮੇਤ ਬਸੀ ਪਠਾਣਾ ਦੇ ਮੁੱਖ ਕੈਦ ਖਾਨੇ ਵਿੱਚ ਪੌਣੇ ਚਾਰ ਮਹੀਨੇ ਰੱਖ ਕੇ ਖ਼ੌਫ਼ਨਾਕ ਤੇ ਦਿਲ ਕੰਬਾਊ ਤਸੀਹੇ ਦਿੱਤੇ ਗਏ। ਸਰਹੰਦ ਦੇ ਸੂਬੇਦਾਰ ਨੇ ਗ੍ਰਿਫ਼ਤਾਰੀ ਦੀ ਰੀਪੋਰਟ ਔਰੰਗਜ਼ੇਬ ਨੂੰ ਹਸਨ ਅਬਦਾਲ ਵਿਖੇ ਭੇਜੀ। ਔਰੰਗਜ਼ੇਬ ਵੱਲੋਂ ਹੁਕਮ ਮਿਲਣ ’ਤੇ ਗੁਰੂ ਸਾਹਿਬ ਅਤੇ ਉਹਨਾਂ ਦੇ ਸਿੱਖਾਂ ਨੂੰ ਲੋਹੇ ਦੇ ਪਿੰਜਰੇ ਵਿੱਚ ਬੰਦ ਕਰ ਕੇ 3 ਨਵੰਬਰ 1675 ਨੂੰ ਦਿੱਲੀ ਦੀ ਚਾਂਦਨੀ ਚੌਂਕ ਵਾਲੀ ਕੋਤਵਾਲੀ ਵਿੱਚ ਪਹੁੰਚਾਇਆ ਗਿਆ। ਇਸ ਸਮੇਂ ਦਿੱਲੀ ਦਾ ਸੂਬੇਦਾਰ ਸਾਫੀ ਖਾਨ ਸੀ, ਜੋ ਔਰੰਗਜ਼ੇਬ ਦਾ ਬਹੁਤ ਭਰੋਸੇਯੋਗ ਸੀ ਅਤੇ ਦਿੱਲੀ ਕਿਲ੍ਹੇ ਦਾ ਕਿਲ੍ਹੇਦਾਰ ਮੁਤਲਾਫ਼ਤ ਖਾਂ ਸੀ, ਜੋ 1671 ਤੋਂ ਇਸ ਪਦਵੀ ’ਤੇ ਸੀ। ਜਾਦੂ ਨਾਥ ਸਰਕਾਰ ਅਨੁਸਾਰ ਇਸ ਸਮੇਂ ਦਿੱਲੀ ਦਾ ਸ਼ਾਹੀ ਕਾਜ਼ੀ ਅਬਦੁਲ ਵਹਾਬ ਵੋਹਰਾ ਸੀ। ਹਕੂਮਤ ਦੀ ਸਾਰੀ ਨਿਆਂ ਪ੍ਰਣਾਲੀ ਇਸ ਦੇ ਅਧੀਨ ਸੀ। ਇਹ ਅੱਤ ਦਾ ਜ਼ਾਲਮ ਤੇ ਰਿਸ਼ਵਤਖ਼ੋਰ ਸੀ।

ਸੂਬੇਦਾਰ ਸਾਫੀ ਖਾਂ ਅਤੇ ਕਾਜ਼ੀ ਨੇ ਪਹਿਲਾਂ ਗੁਰੂ ਸਾਹਿਬ ਨੂੰ ਧਰਮ ਪਰਿਵਰਤਨ ਕਰਨ ਲਈ ਪ੍ਰੇਰਿਆ, ਲਾਲਚ ਵੀ ਦਿੱਤੇ। ਜਦੋਂ ਗੁਰੂ ਸਾਹਿਬ ਆਪਣੇ ਇਰਾਦੇ ਵਿੱਚ ਦ੍ਰਿੜ੍ਹ ਰਹੇ ਤਾਂ ਉਹਨਾਂ ਨੂੰ ਤਸੀਹੇ ਦੇਣੇ ਸ਼ੁਰੂ ਕੀਤੇ। ਕਾਜ਼ੀ ਦੇ ਹੁਕਮ ਨਾਲ ਦਰੋਗੇ ਨੇ ਗੁਰੂ ਜੀ ਨੂੰ ਕਸ਼ਟ ਦੇਣ ਲਈ, (ਗੁਰੂ ਕੀਆਂ ਸਾਖੀਆਂ ਮੁਤਾਬਕ) ਉਹਨਾਂ ਦੇ ਸਰੀਰ ’ਤੇ ਗਰਮ-ਗਰਮ ਰੇਤ ਪਾਈ ਗਈ। ਸਰੀਰ ਛਾਲੇ ਛਾਲੇ ਹੋ ਗਿਆ। ਕਾਜ਼ੀ ਐਸਾ ਦੁਸ਼ਟ ਸੀ, ਕਿ ਤਸੀਹਿਆਂ ਬਾਰੇ ਤਸੱਲੀ ਕਰਨ ਲਈ ਲਗਾਤਾਰ 7, 8, 9 ਨਵੰਬਰ ਨੂੰ ਰੋਜ਼ ਕੋਤਵਾਲੀ ਆਉਂਦਾ ਰਿਹਾ। ਜਦੋਂ ਗੁਰੂ ਸਾਹਿਬ ਆਪਣੇ ਇਰਾਦੇ ਵਿੱਚ ਦ੍ਰਿੜ੍ਹ ਰਹੇ ਤਾਂ ਅਗਲੇ ਦਿਨ 10 ਨਵੰਬਰ ਨੂੰ ਬਲਦੇ ਥੰਮ ਨਾਲ ਆਪ ਦੇ ਸਰੀਰ ਨੂੰ ਲਗਾ ਕੇ ਤਸੀਹੇ ਦਿੱਤੇ।

ਗੁਰੂ ਸਾਹਿਬ ਨੂੰ ਆਪਣੇ ਇਰਾਦੇ ਤੋਂ ਡੇਗਣ ਲਈ ਕਾਜ਼ੀ ਨੇ ਹੋਰ ਨੀਚਤਾ ਭਰਿਆ ਕਰਮ ਇਹ ਕੀਤਾ ਕਿ ਗੁਰੂ ਸਾਹਿਬ ਦੇ ਨਾਲ ਗ੍ਰਿਫ਼ਤਾਰ ਕੀਤੇ ਸਿੱਖਾਂ ਨੂੰ ਉਨ੍ਹਾਂ ਦੇ ਸਾਹਮਣੇ ਭਿਆਨਕ ਤਸੀਹੇ ਦੇਣ ਉਪਰੰਤ ਮੌਤ ਦਾ ਫ਼ਤਵਾ ਦਿੱਤਾ। ਗੁਰੂ ਸਾਹਿਬ ਦੇ ਸਾਹਮਣੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ ਗਿਆ। ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਅੱਗ ਲਾ ਕੇ ਸ਼ਹੀਦ ਕੀਤਾ ਅਤੇ ਭਾਈ ਦਿਆਲਾ ਜੀ ਨੂੰ ਉਬਲਦੇ ਪਾਣੀ ਦੀ ਦੇਗ ਵਿੱਚ ਬਿਠਾ ਕੇ ਸ਼ਹੀਦ ਕੀਤਾ ਗਿਆ।

ਕਾਜ਼ੀ ਅਬਦੁਲ ਵਹਾਬ ਵੋਹਰਾ ਜਿੱਥੇ ਤੰਗ ਦਿਲ ਜਨੂੰਨੀ ਮੁਸਲਮਾਨ ਸੀ, ਉੱਥੇ ਰਿਸ਼ਖਤਖ਼ੋਰ ਵੀ ਅੱਤ ਦਰਜੇ ਦਾ ਸੀ। ਭਾਈ ਕਲਿਆਣੇ ਦੀ ਧਰਮਸ਼ਾਲਾ ਵਾਲੇ ਕੁਝ ਸ਼ਰਧਾਲੂ ਸਿੱਖਾਂ ਨੇ ਹਾਲਾਤ ਨਾਲ ਨਿਬੜਨ ਲਈ ਗੁਰੂ ਸ਼ਰਧਾ ਅਤੇ ਡੂੰਘੇ ਪਿਆਰ ਦੇ ਜਜ਼ਬਿਆਂ ਅਧੀਨ ਭੱਜ ਦੌੜ ਕਰ ਕੇ ਕਾਫ਼ੀ ਵੱਡੀ ਰਕਮ ਇਕੱਠੀ ਕਰ ਲਈ ਤਾਂ ਜੋ ਕਾਜ਼ੀ ਨੂੰ ਰਿਸ਼ਵਤ ਦੇ ਕੇ ਜ਼ਾਲਮਾਨਾ ਹੁਕਮ ਬਦਲਣ ਲਈ ਮਨਾਇਆ ਜਾ ਸਕੇ, ਪ੍ਰੰਤੂ ਜਿਉਂ ਹੀ ਸਤਿਗੁਰਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਗੁਰੂ ਸਾਹਿਬ ਨੇ ਸਖ਼ਤੀ ਨਾਲ ਇਹ ਕਰਮ ਕਰਨ ਤੋਂ ਰੋਕ ਦਿੱਤਾ।

11 ਨਵੰਬਰ 1675 ਨੂੰ ਵੀਰਵਾਰ ਵਾਲੇ ਦਿਨ ਗੁਰੂ ਸਾਹਿਬ ਨੂੰ ਡੁਲਾ ਜਾਂ ਝੁਕਾ ਸਕਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹਿਣ ’ਤੇ ਕਾਜ਼ੀ ਨੇ ਆਪਣਾ ਅੰਤਮ ਫ਼ਤਵਾ ਜਾਰੀ ਕਰ ਦਿੱਤਾ ਕਿ ਗੁਰੂ ਸਾਹਿਬ ਦਾ ਸੀਸ ਧੜ ਤੋਂ ਤਲਵਾਰ ਨਾਲ ਅਲੱਗ ਕਰ ਦਿੱਤਾ ਜਾਵੇ ਤੇ ਅਗਲੇ ਦਿਨ ਸਰੀਰ ਦੇ ਚਾਰ ਟੁਕੜੇ ਕਰ ਕੇ ਦਿੱਲੀ ਦੇ ਚਾਰ ਮੁੱਖ ਦਰਵਾਜ਼ਿਆਂ ’ਤੇ ਟੰਗ ਦਿੱਤੇ ਜਾਣ। ਇਹ ਫ਼ਤਵਾ ਜਾਰੀ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਅੱਗੇ ਤਿੰਨ ਸ਼ਰਤਾਂ ਰੱਖੀਆਂ ਗਈਆਂ। ਪਹਿਲੀ ਇਹ ਕਿ ਮੁਸਲਮਾਨ ਮੱਤ ਧਾਰਨ ਕਰੋ, ਦੂਜੀ ਸ਼ਰਤ ਇਹ ਰੱਖੀ ਕਿ ਕਰਾਮਾਤ ਦਿਖਾਓ, ਤੀਜੇ ਨੰਬਰ ’ਤੇ ਕਿਹਾ ਗਿਆ ਕਿ ਮੌਤ ਲਈ ਤਿਆਰ ਹੋ ਜਾਓ। ਗੁਰੂ ਸਾਹਿਬ ਨੇ ਕੇਵਲ ਏਨਾ ਹੀ ਉੱਤਰ ਦਿੱਤਾ ਕਿ ਧਰਮ ਤਿਆਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਅਤੇ ਕਰਾਮਾਤ ਕਹਿਰ ਕਰਨ ਨੂੰ ਕਹਿੰਦੇ ਹਨ ਅਤੇ ਰੱਬ ਦੇ ਪਿਆਰੇ ਬੰਦੇ ਕਹਿਰ ਨਹੀਂ ਕਰਦੇ। ਸਾਨੂੰ ਦੋਵੇ ਗੱਲਾਂ ਪ੍ਰਵਾਨ ਨਹੀਂ। ਤੀਜੀ ਗੱਲ ਸ਼ਹੀਦੀ ਹੀ ਸਾਨੂੰ ਪ੍ਰਵਾਨ ਹੈ।

ਕਾਜ਼ੀ ਨੇ ਫ਼ਤਵਾ ਸੁਣਾ ਕੇ ਸ਼ਹਿਰ ਵਿੱਚ ਢੰਡੋਰਾ ਪਿਟਵਾ ਦਿੱਤਾ। ਜਲਾਦ ਜਲਾਲ-ਉਲ-ਦੀਨ ਨੇ ਤਲਵਾਰ ਤਿੱਖੀ ਕਰ ਲਈ। ਇੱਕ ਨਵਾਂ ਚਬੂਤਰਾ ਵੀ ਤਿਆਰ ਕਰਵਾ ਦਿੱਤਾ ਗਿਆ। ਪਹਿਰੇ ਲੱਗ ਗਏ। ਦੁਪਹਿਰ ਢਲੇ ਗੁਰੂ ਸਾਹਿਬ ਨੂੰ ਪਿੰਜਰੇ ਵਿੱਚੋਂ ਬਾਹਰ ਕੱਢਿਆ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਕੀਤੇ ਗਏ ਸਨ। ਕਾਜ਼ੀ ਨੇ ਫਿਰ ਉਹੀ ਸ਼ਰਤਾਂ ਰੱਖੀਆਂ ਤੇ ਗੁਰੂ ਸਾਹਿਬ ਨੇ ਪਹਿਲੇ ਵਾਲਾ ਜੁਆਬ ਮੁੜ ਦੇ ਦਿੱਤਾ। ਜਲਾਦ ਨੇ ਤਲਵਾਰ ਚਲਾਈ ਅਤੇ ਆਪ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਸਭ ਪਾਸੇ ਹਾਹਾਕਾਰ ਮੱਚ ਗਈ। ਸਭ ਦੇ ਦਿਲ ਧੜਕ ਰਹੇ ਸਨ। ਬੇਅੰਤ ਅਨਮਤੀ ਲਿਖਾਰੀਆਂ ਨੇ ਵੀ ਆਪਣੀਆਂ ਲਿਖਤਾਂ ਵਿੱਚ ਲਿਖਿਆ ਹੈ ਕਿ ਦਿੱਲੀ ਦੇ ਆਮ ਨਿਵਾਸੀ ਤੇ ਖ਼ਾਸ ਕਰ ਧਰਮ-ਪ੍ਰਸਤ ਲੋਕ ਇਸ ਖ਼ੌਫ਼ਨਾਕ ਸਾਕੇ ਕਾਰਨ ਬਹੁਤ ਪ੍ਰੇਸ਼ਾਨ ਹੋਏ। ਸਭ ਧਰਮੀ ਤੇ ਨੇਕ ਬੰਦਿਆਂ ਨੇ ਇਸ ਅੱਤ ਘਿ੍ਰਣਤ ਕਾਰੇ ’ਤੇ ਲਾਹਨਤਾਂ ਪਾਈਆਂ ਅਤੇ ਮੁਗਲ ਰਾਜ ਦੇ ਸਰਬਨਾਸ਼ ਲਈ ਦੁਆਵਾਂ ਕੀਤੀਆਂ।

ਸ਼ਹਾਦਤ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਸ਼ਰਧਾਲੂ ਤੇ ਸਿਰਲੱਥ ਨੌਜਵਾਨ ਭਾਈ ਕਲਿਆਣਾ ਜੀ ਦੀ ਧਰਮਸ਼ਾਲਾ ਵਿੱਚ ਇਕੱਠੇ ਹੋਏ ਅਤੇ ਫ਼ੈਸਲਾ ਕੀਤਾ ਕਿ ਕਿਸੇ ਵੀ ਹਾਲਤ ਵਿੱਚ ਗੁਰੂ ਸਾਹਿਬ ਦੇ ਸਰੀਰ ਦੀ ਬੇਅਦਬੀ ਨਹੀਂ ਹੋਣ ਦਿੱਤੀ ਜਾਵੇਗੀ। ਇਹ ਸੂਰਬੀਰ ਜਵਾਨ ਸਨ ‘ਭਾਈ ਨਾਨੂ, ਭਾਈ ਜੈਤਾ, ਭਾਈ ਉਦਾ ਤੇ ਭਾਈ ਤੁਲਸੀ ਜੀ’। ਭਾਈ ਨਾਨੂੰ ਨੇ ਇਹ ਵੀ ਤਜਵੀਜ਼ ਰੱਖੀ ਕਿ ਇਸ ਕੰਮ ਲਈ ਲੱਖੀ ਸ਼ਾਹ ਵਣਜਾਰੇ ਦੇ ਸ਼ਰਧਾਲੂ ਤੇ ਸੂਰਬੀਰ ਪੁੱਤਰਾਂ, ਨਗਾਹੀਆ, ਹੇਮਾ ਤੇ ਗੜੀ ਨੂੰ ਵੀ ਨਾਲ ਰਲ਼ਾ ਲਿਆ ਜਾਵੇ। ਉਸੇ ਦਿਨ ਹੀ ਉਹਨਾਂ ਦਾ ਟਾਂਡਾ (ਗੱਡਿਆਂ ਦਾ ਕਾਫ਼ਲਾ) ਸ਼ਾਮ ਨੂੰ ਨਰਨੌਲ ਤੋਂ ਵਾਪਸ ਆ ਗਿਆ ਸੀ ਅਤੇ ਦਰਿਆ ਜਮਨਾ ਦੇ ਕੰਢੇ ਵਿਸਰਾਮ ਕਰ ਰਿਹਾ ਸੀ। ਇਸ ਕੰਮ ਲਈ ਲੱਖੀ ਸ਼ਾਹ ਵਣਜਾਰੇ ਨੇ ਵੀ ਸਹਿਮਤੀ ਪ੍ਰਗਟ ਕੀਤੀ। ਅੱਧੀ ਰਾਤ ਤੱਕ ਚੱਲਦੀ ਰਹੀ ਵਿਚਾਰ ਮਗਰੋਂ ਫ਼ੈਸਲਾ ਕੀਤਾ ਗਿਆ ਕਿ ਲੱਖੀ ਸ਼ਾਹ ਦਾ ਸਾਰਾ ਟਾਂਡਾ ਜਮਨਾ ਕੰਢਿਓ, ਚਾਂਦਨੀ ਚੌਂਕ ਵੱਲ ਰਵਾਨਾ ਕੀਤਾ ਜਾਵੇ, ਜਿਸ ਬਾਰੇ ਹਕੂਮਤ ਨੂੰ ਸ਼ੱਕ ਵੀ ਨਹੀਂ ਸੀ ਪੈ ਸਕਦਾ ਕਿਉਂਕਿ ਉਹ ਸਰਕਾਰੀ ਠੇਕੇਦਾਰ ਸੀ। ਇਸ ਤੋਂ ਬਾਦ ਟਾਂਡਾ ਰਕਾਬਗੰਜ ਪੁੱਜ ਜਾਵੇ।

ਤੈਅ ਕੀਤੀ ਯੋਜਨਾ ਅਨੁਸਾਰ ਭਾਈ ਨਾਨੂੰ, ਜੈਤਾ, ਊਦਾ ਅਤੇ ਆਗਿਆ ਰਾਮ ਟਾਂਡੇ ਦੇ ਨਾਲ ਹੀ ਚਾਂਦਨੀ ਚੌਂਕ ਪਹੁੰਚੇ। ਗੱਡਿਆਂ ਵਿੱਚੋਂ ਫੁਰਤੀ ਨਾਲ ਉੱਤਰ ਕੇ ਭਾਈ ਨਾਨੂੰ ਤੇ ਭਾਈ ਜੈਤਾ ਜੀ ਨੇ ਹਨ੍ਹੇਰੇ ਦਾ ਲਾਭ ਉੱਠਾਂਦਿਆਂ ਹੋਇਆਂ ਗੁਰੂ ਜੀ ਦਾ ਸੀਸ ਚੁੱਕ ਲਿਆ। ਇਹ ਪਾਵਨ ਸੀਸ ਭਾਈ ਜੈਤਾ ਜੀ ਆਪਣੇ ਗ੍ਰਹਿ ਵਿਖੇ ਲੈ ਗਏ। ਇਹਨਾਂ ਨੇ ਪਾਵਨ ਸੀਸ ਨੂੰ ਸਤਿਕਾਰ ਨਾਲ ਖਾਰੇ ਵਿੱਚ ਪਤੀਆਂ ਆਦਿਕ ਪਾ ਕੇ ਅਦਬ ਨਾਲ ਚੁੱਕ ਕੇ ਅਨੰਦਪੁਰ ਸਾਹਿਬ ਵਿਖੇ ਜਾਣ ਦੀ ਤਿਆਰ ਕੀਤੀ। 13 ਨਵੰਬਰ 1675 ਨੂੰ ਦਿੱਲੀ ਤੋਂ ਚੱਲ ਕੇ ਰਾਹ ਵਿੰਚ ਪੰਜ ਪੜਾਅ ਕੀਤੇ ਪਹਿਲਾ ਬਾਗਪੱਤ, ਦੂਜਾ ਤਰਾਉੜੀ (ਕਰਨਾਲ) ਤੀਜਾ ਅਨਾਜ ਮੰਡੀ (ਸੀਸ ਗੰਜ, ਅੰਬਾਲਾ) ਚੌਥਾ ਨਾਭਾ ਸਾਹਿਬ (ਚੰਡੀਗੜ੍ਹ) ਅਤੇ ਪੰਜਵਾਂ ਕੀਰਤਪੁਰ । ਕੀਰਤਪੁਰ ਤੋਂ ਭਾਈ ਰਮੱਤਾ ਜੀ ਖ਼ਬਰ ਦੇਣ ਅਨੰਦਪੁਰ ਸਾਹਿਬ ਪਹੁੰਚੇ। ਮਾਤਾ ਨਾਨਕੀ, ਮਾਤਾ ਗੁਜਰੀ ਜੀ ਅਤੇ ਦਸਮੇਸ਼ ਪਿਤਾ ਸਮੇਤ ਸੰਗਤਾਂ ਕੀਰਤਪੁਰ ਪਹੁੰਚੀਆਂ। ਮਾਤਾ ਗੁਜਰੀ ਜੀ ਨੇ ਜਦੋਂ ਪਤੀ ਦਾ ਸੀਸ ਦੇਖਿਆ ਤਾਂ ਅਡੋਲ ਰਹੇ ਤੇ ਇਤਨਾ ਹੀ ਕਿਹਾ ‘‘ਪਾਤਸ਼ਾਹ  ! ਤੁਹਾਡੀ ਨਿਭ ਆਈ ਹੁਣ ਕ੍ਰਿਪਾ ਕਰੋ ਮੇਰੀ ਵੀ ਨਿਭ ਜਾਵੇ॥’’ ਭਾਈ ਜੈਤੇ ਦੀ ਕੁਰਬਾਨੀ ਦੀ ਗਾਥਾ ਸੁਣ ਕੇ ਗੁਰੂ ਸਾਹਿਬ ਨੇ ‘ਰੰਘਰੇਟੇ ਗੁਰੂ ਕੇ ਬੇਟੇ’ ਕਹਿ ਕੇ ਗਲ ਨਾਲ ਲਗਾਇਆ। ਇੱਥੋਂ ਕੀਰਤਨ ਕਰਦੀਆਂ ਸੰਗਤਾਂ ਅਨੰਦਪੁਰ ਸਾਹਿਬ ਪਹੁੰਚੀਆਂ ਅਤੇ ਸੀਸ ਦਾ ਸਸਕਾਰ ਕੀਤਾ, ਜਿੱਥੇ ਗੁਰਦੁਆਰਾ ਸੀਸ ਗੰਜ ਸੁਸ਼ੋਭਿਤ ਹੈ।

ਸਿਰਲੱਥ ਨੌਜਵਾਨਾਂ ਦੀ ਦੂਜੀ ਟੋਲੀ ਵਿੱਚ ਲੱਖੀ ਸ਼ਾਹ ਵਣਜਾਰੇ ਦੇ ਤਿੰਨ ਪੁੱਤਰ ਤੇ ਭਾਈ ਕਾਹਨਾ ਜੀ ਦੇ ਪੁੱਤਰ ਧੂਮਾ ਜੀ ਵੀ ਸ਼ਾਮਲ ਸਨ। ਇਹਨਾਂ ਚੌਹਾਂ ਨੇ ਬੜੇ ਹੌਸਲੇ ਨਾਲ ਗੁਰੂ ਜੀ ਦੇ ਪਵਿੱਤਰ ਸਰੀਰ ਨੂੰ ਧਰਤੀ ਤੋਂ ਚੁੱਕ ਗੱਡੇ ਵਿੱਚ ਰੱਖ ਲਿਆ ਤੇ ਸਾਰਾ ਟਾਂਡਾ ਰਕਾਬਗੰਜ ਵੱਲ ਮੋੜ ਲਿਆ। ਸਵੇਰ ਤੜਕ ਹੁੰਦੇ ਸਾਰੇ ਆਪਣੇ ਘਰ ਨੂੰ ਅੱਗ ਲਾ ਕੇ ਸਰੀਰ ਦਾ ਸਸਕਾਰ ਕਰ ਦਿੱਤਾ ਤੇ ਹਕੂਮਤ ਨੂੰ ਸ਼ੱਕ ਵੀ ਨਾ ਪਿਆ। ਇਸ ਅਸਥਾਨ ’ਤੇ ਸੰਨ 1783-85 ਈ: ਵਿੱਚ ਸ੍ਰ: ਬਘੇਲ ਸਿੰਘ ਨੇ ਗੁਰਦੁਆਰੇ (ਰਕਾਬਗੰਜ) ਦੀ ਉਸਾਰੀ ਕੀਤੀ।

ਕਾਜ਼ੀ ਅਬਦੁਲ ਵਹਾਬ ਵੋਹਰਾ ਸ਼ਹੀਦੀ ਵਾਲੇ ਦਿਨ ਹੀ ਘਰ ਜਾ ਕੇ ਸਦਾ ਲਈ ਮੰਜੇ ’ਤੇ ਪੈ ਗਿਆ। ਉਸ ਨੂੰ ਮਾਨਸਿਕ ਅਧੋਗਤੀ (ਡਿਪਰੈਸ਼ਨ) ਦਾ ਭਿਆਨਕ ਰੋਗ ਲੱਗ ਗਿਆ। ਬੁਰੀ ਤਰ੍ਹਾਂ ਬਿਮਾਰ ਹੋ ਗਿਆ। ਪੰਦਰਾਂ ਦਿਨ ਲੁੱਛ ਲੁੱਛ ਕੇ ਮੰਜੇ ’ਤੇ ਤੜਫਦਾ ਤੇ ਕੁਰਲਾਉਂਦਾ ਰਿਹਾ ਕਿਸੇ ਵੈਦ ਹਕੀਮ ਦਾ ਕੋਈ ਇਲਾਜ ਕਾਰਗਾਰ ਨਾ ਸਾਬਤ ਹੋ ਸਕਿਆ। ਅਨੇਕਾਂ ਪਰਪੰਚ ਕਰ ਕੇ ਅਤੇ ਰਿਸ਼ਵਤਾਂ ਲੈ ਕੇ ਇਕੱਠੇ ਕੀਤੇ 33 ਲੱਖ ਰੁਪਏ ਅਨੇਕਾਂ ਸੇਰ ਵਜ਼ਨ ਦਾ ਸੋਨਾ ਚਾਂਦੀ ਅਤੇ ਮਹਿਲ ਮਾੜੀਆਂ ਦੇ ਰੂਪ ਵਿੱਚ ਇਕੱਠੀ ਕੀਤੀ ਚੱਲ ਅਤੇ ਅਚੱਲ ਜਾਇਦਾਦ, ਮੁਗਲ ਰਾਜ ਦੀ ਰਾਜਧਾਨੀ ਦਿੱਲੀ ਵਿੱਚ ਹੀ ਛੱਡ ਕੇ ਅਤੇ ਅੰਤਾਂ ਦੀ ਬਦਨਾਮੀ ਖੱਟ ਕੇ ਤੇ ਪਾਪਾਂ ਦੀ ਭਾਰੀ ਪੰਡ ਸਿਰ ’ਤੇ ਚੁੱਕ ਕੇ 26 ਨਵੰਬਰ 1675 ਨੂੰ ਇਸ ਸੰਸਾਰ ਤੋਂ ਕੂਚ ਕਰ ਗਿਆ।

ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਉਪਰੰਤ ਕਿਸੇ ਅਣਗਹਿਲੀ ਕਾਰਨ ਇਹੀ ਪ੍ਰਚਾਰ ਹੁੰਦਾ ਰਿਹਾ ਕਿ ਸ਼ਹਾਦਤ ਤੋਂ ਬਾਦ ਸਾਰੇ ਪਾਸੇ ਚੁੱਪ ਵਰਤ ਗਈ, ਸਿੱਖ ਭੈ ਭੀਤ ਹੋ ਗਏ। ਇਹ ਕਥਨੀ 100% (ਸੌ ਪ੍ਰਤੀਸ਼ਤ) ਬੇਬੁਨਿਆਦ ਅਤੇ ਕੋਰਾ ਝੂਠ ਹੈ। ਜੁਲਾਈ 1676 ਤੋਂ ਫਰਵਰੀ 1677 ਤੱਕ ਵਾਪਰਨ ਵਾਲੀਆਂ ਘਟਨਾਵਾਂ ਹੀ ਦੱਸਦੀਆਂ ਹਨ ਕਿ ਸਿੱਖਾਂ ਵਿੱਚ ਇਸ ਸ਼ਹਾਦਤ ਦਾ ਬਦਲਾ ਲੈਣ ਲਈ ਕਿੰਨਾ ਉਤਸ਼ਾਹ ਤੇ ਅਥਾਹ ਬਲ ਪੈਦਾ ਹੋ ਗਿਆ ਸੀ।

10 ਜੁਲਾਈ 1676 ਨੂੰ ਔਰੰਗਜ਼ੇਬ ਦੀ ਸਵਾਰੀ ਚਾਂਦਨੀ ਚੌਂਕ ਵਿੱਚੋਂ ਲੰਘਣ ਸਮੇਂ ਇੱਕ ਸਿੱਖ ਨੇ ਔਰੰਗਜ਼ੇਬ ਵੱਲ ਉਲਾਰ ਕੇ ਡੰਡਾ ਮਾਰਿਆ, ਜੋ ਉਸ ਦੇ ਸ਼ਾਹੀ ਛੱਤਰ ਦੇ ਅਗਲੇ ਹਿਸੇ ਵਿੱਚ ਜਾ ਵੱਜਾ ਭਾਵੇਂ ਸਿੱਖ ਨੂੰ ਫੜ ਕੇ ਕੋਤਵਾਲ ਦੇ ਹਵਾਲੇ ਕਰ ਕੇ ਸਜਾ ਦਿੱਤੀ ਗਈ ਪਰ ਜੱਦੋ ਜਹਿਦ ਨੂੰ ਤਿੱਖਾ ਕਰਨ ਲਈ ਸਿੱਖਾਂ ਦੀ ਜੁਰਅਤ ਅਤੇ ਉਤਸ਼ਾਹ ਦੀ ਦਾਦ ਦੇਣੀ ਬਣਦੀ ਹੈ। ਫਿਰ 2 ਨਵੰਬਰ 1676 ਨੂੰ ਔਰੰਗਜ਼ੇਬ ਜਾਮਾ ਮਸਜਿਦ ਦੀਆਂ ਪੌੜੀਆਂ ਉੱਤਰ ਕੇ ਆਪਣੇ ਘੋੜੇ ’ਤੇ ਸਵਾਰ ਹੋਣ ਲੱਗਾ ਹੀ ਸੀ ਕਿ ਇੱਕ ਸਿੱਖ, ਨੰਗੀ ਤਲਵਾਰ ਨਾਲ ਉਸ ’ਤੇ ਹਮਲਾ ਕਰਨ ਲਈ ਅੱਗੇ ਵਧਿਆ। ਉਹ ਔਰੰਗਜ਼ੇਬ ਨੂੰ ਮਾਰ ਤਾਂ ਨਾ ਸਕਿਆ ਪਰ ਉਸ ਨੂੰ ਰਣਥੰਭੋਰ ਦੇ ਕਿਲ੍ਹੇ ਵਿੱਚ ਸਖ਼ਤ ਕੈਦ ਵਿੱਚ ਤਸੀਹੇ ਦਿੱਤੇ ਜਾਣ ਉਪਰੰਤ ਮੌਤ ਦੇ ਘਾਟ ਉਤਾਰ ਦਿੱਤਾ, ਪਰ ਆਪਣੇ ਗੁਰੂ ਪ੍ਰਤੀ ਪਿਆਰ, ਸ਼ਰਧਾ ਤੇ ਬਦਲਾ ਲੈਣ ਦੀ ਭਾਵਨਾ ਤੇ ਜੁਰਅਤ ਦੇ ਦੀਦਾਰ ਹਰ ਦਿੱਲੀ ਵਾਸੀ ਨੂੰ ਕਰਵਾ ਗਿਆ। ਇਸ ਪਿੱਛੋਂ 19 ਫਰਵਰੀ 1677 ਨੂੰ ਦਰਿਆ ਜਮਨਾ ਵਿਖੇ ਕਿਸ਼ਤੀ ਦੀ ਸੈਰ ਕਰਨ ਪਿੱਛੋਂ ਕਿਸ਼ਤੀ ਵਿੱਚੋਂ ਉਤਰਨ ਸਮੇਂ ਔਰੰਗਜ਼ੇਬ ਨੂੰ ਇੱਕ ਸੂਰਬੀਰ ਸਿੱਖ ਨੇ ਵਾਰੋ ਵਾਰੀ ਦੋ ਇੱਟਾਂ ਸਿਰ ਵਿੱਚ ਟਿਕਾ ਕੇ ਮਾਰੀਆਂ ਜਿਹਨਾਂ ਵਿੱਚੋਂ ਇੱਕ ਉਸ ਦੇ ਸਿੰਘਾਸਨ ’ਤੇ ਵੱਜੀ। ਉਸ ਸਿੱਖ ਨੂੰ ਸਜ਼ਾ ਦਾ ਭਾਗੀ ਬਣਾਉਣਾ ਵੱਖਰੀ ਗੱਲ ਹੈ ਪਰ ਹਕੂਮਤ ਪ੍ਰਤੀ ਸਿੱਖਾਂ ਦਾ ਗੁੱਸਾ ਪ੍ਰਗਟ ਹੋਣ ਦਾ ਔਰੰਗਜ਼ੇਬ ਨੂੰ ਪਤਾ ਲੱਗ ਗਿਆ। ਜਿਸ ਜਵਾਲਾ ਨੂੰ ਉਸ ਨੇ ਸਖ਼ਤੀ ਨਾਲ ਦਬਾਅ ਰੱਖਿਆ ਸੀ ਉਹ ਭੜਕਣ ਲੱਗ ਪਈ। ਸੱਚੀ ਗੱਲ ਤਾਂ ਇਹ ਹੈ ਕਿ ਔਗਰਜ਼ੇਬ ਏਨਾ ਡਰ ਗਿਆ ਕਿ ਦਸੰਬਰ 1676 ਨੂੰ ਉਹ ਦੱਖਣ ਵੱਲ ਚਲਾ ਗਿਆ ਤੇ ਮੁੜ ਕੇ ਦਿੱਲੀ ਵਾਪਸ ਨਾ ਆਇਆ ਤੇ ਉਥੇ ਹੀ ਸੰਨ 1707 ਵਿੱਚ ਉਸ ਦੀ ਮੌਤ ਹੋ ਗਈ।

ਸੋ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਇੱਕ ਲਾਸਾਨੀ ਸ਼ਹਾਦਤ ਹੈ। ਇਹ ਸ਼ਹਾਦਤ ਆਪਣੇ ਧਰਮ ਦੀ ਰੱਖਿਆ ਲਈ ਨਹੀਂ ਸੀ ਸਗੋਂ ਹਿੰਦੂ ਧਰਮ ਦੇ ਜਨੇਊ ਦੀ ਰੱਖਿਆ ਲਈ ਸੀ, ਜਿਸ ਵਿੱਚ ਉਹਨਾਂ ਦਾ ਵਿਸ਼ਵਾਸ ਵੀ ਨਹੀਂ ਸੀ। ਧਾਰਮਿਕ ਅਜ਼ਾਦੀ ਲਈ ਗੁਰੂ ਸਾਹਿਬ ਨੇ ਇਹ ਸ਼ਹਾਦਤ ਆਪ ਹੀ ਸਹੇੜੀ ਸੀ। ਲਾਲਾ ਦੌਲਤ ਰਾਏ ਆਰੀਆ ਨੇ ਠੀਕ ਹੀ ਲਿਖਿਆ ਹੈ ਕਿ ਅਸੀਂ ਉਲਟੀ ਗੰਗਾ ਵਹਾਉਣ ਦਾ ਮੁਹਾਵਰਾ ਤਾਂ ਸੁਣਿਆ ਸੀ ਪਰ ਇਸ ਦੇ ਅਰਥ ਗੁਰੂ ਤੇਗ ਬਹਾਦਰ ਜੀ ਨੇ ਸਿਖਾਏ ਹਨ। ਇਹ ਤਾਂ ਹੁੰਦਾ ਹੈ ਕਿ ਕਾਤਲ, ਆਪ ਚੱਲ ਕੇ ਮਕਤੂਲ ਦੇ ਕੋਲ ਜਾਂਦਾ ਹੈ ਪਰ ਇਹ ਗੁਰੂ ਤੇਗ ਬਹਾਦਰ ਜੀ ਨੇ ਕਰ ਵਿਖਾਇਆ ਕਿ ਆਪ ਖੁਦ ਚੱਲ ਕੇ ਕਾਤਲ ਦੇ ਪਾਸ ਪਹੁੰਚਦੇ ਹਨ।

ਇੱਕ ਇਤਿਹਾਸਕਾਰ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ ਤੁਲਨਾ ਮਿਥਿਹਾਸਕ ਪੰਛੀ ‘ਫੀਨਿਕਸ’ ਨਾਲ ਕੀਤੀ ਹੈ। ‘ਫੀਨਿਕਸ’ ਪੰਛੀ ਸਾਰੀ ਉਮਰ ਆਕਾਸ਼ ਵਿੱਚ ਉੱਡਦਾ ਹੈ ਅਤੇ ਮਧੁਰ ਗੀਤ ਗਾ ਕੇ ਵਾਤਾਵਰਣ ਨੂੰ ਗਮਗੀਨ ਕਰਦਾ ਹੈ। ਜਦੋਂ ਇਸ ਦਾ ਅੰਤ ਸਮਾਂ ਨੇੜੇ ਆਉਂਦਾ ਹੈ ਤਾਂ ਜ਼ਮੀਨ ’ਤੇ ਉੱਤਰ ਆਉਂਦਾ ਹੈ। ਤੀਲੇ ਤਿਨਕੇ ਇਕੱਠੇ ਕਰ ਕੇ ਫਿਰ ਅੰਤਮ ਗੀਤ ਗਾਉਂਦਾ ਹੈ, ਜਿਸ ਤੋਂ ਜਵਾਲਾ ਉੱਠਦੀ ਹੈ ਤੇ ਉਸ ਬਲਦੀ ਹੋਈ ਅੱਗ ਵਿੱਚ ਉਹ ਸੜ ਮਰਦਾ ਹੈ। ਜਦ ਅੱਗ ਬੁਝ ਜਾਂਦੀ ਹੈ ਤਾਂ ਉਸ ਵਿੱਚ ਇੱਕ ਅੰਡਾ ਵਿਖਾਈ ਦਿੰਦਾ ਹੈ ਅਤੇ ਥੋੜ੍ਹੇ ਸਮੇਂ ਵਿੱਚ ਹੀ ਉਸੇ ਪ੍ਰਕਾਰ ਦਾ ਇੱਕ ਹੋਰ ਪੰਛੀ ਉਸ ਵਿੱਚੋਂ ਨਿੱਕਲ ਕੇ ਆਕਾਸ਼ ਵਿੱਚ ਉਡਾਰੀਆਂ ਮਾਰਦਾ ਹੈ ਅਤੇ ਫਿਰ ਗੀਤ ਚੱਲ ਪੈਂਦੇ ਹਨ।

ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵੀ ਕੁੱਝ ਐਸੀ ਹੀ ਸੀ। ਆਪ ਵੈਰਾਗ ਤੇ ਚੜ੍ਹਦੀ ਕਲਾ ਵਿੱਚ ਬਾਣੀ ਗਾਇਨ ਕਰਦੇ ਰਹੇ- ‘‘ਚੇਤਨਾ ਹੈ ਤਉ ਚੇਤ ਲੈ; ਨਿਸਿ ਦਿਨਿ ਮੈ ਪ੍ਰਾਨੀ ॥ ਛਿਨੁ ਛਿਨੁ ਅਉਧ ਬਿਹਾਤੁ ਹੈ; ਫੂਟੈ ਘਟ ਜਿਉ ਪਾਨੀ ॥੧॥ ਰਹਾਉ ॥’’ (ਮ: ੯/੭੨੬) ਆਪ ਹੀ ਔਰੰਗਜ਼ੇਬ ਨੂੰ ਸੁਨੇਹਾ ਭੇਜਿਆ ਤੇ ਸ਼ਹੀਦ ਹੋ ਗਏ। ਇਸ ਸ਼ਹਾਦਤ ਦੇ ਵਿੱਚੋਂ ਹੀ ਖਾਲਸਾ ਪੰਥ ਤੇ ਗੁਰੂ ਖਾਲਸੇ ਦਾ ਜਨਮ ਹੋਇਆ ਜੋ ਹੁਣ ਵੀ ਆਕਾਸ਼ ਵਿੱਚ ਤਾਰੀਆਂ ਲਾ ਰਿਹਾ ਹੈ ਅਤੇ ਚੜ੍ਹਦੀ ਕਲਾ ਵਿੱਚ ਵਿਚਰਦਾ ਹੈ।