ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 5)

0
43

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 5)

ਪੰਥ ਦੇ ਵਿਚਾਰਨਯੋਗ ਮਸਲੇ ਤੇ ਸਮਾਧਾਨ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ-1)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 2)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ -3)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 4)

ਗਿਆਨੀ ਜਗਤਾਰ ਸਿੰਘ ਜਾਚਕ

ਪੰਜਵਾਂ ਮਸਲਾ ਹੈ ਅੰਕਵਿਧਾਨ ਦੀ ਬੇਤਰਤੀਬੀ ਤੇ ਵਿਗਾੜ ਦਾ : ਜਥੇਦਾਰ ਵੇਦਾਂਤੀ ਤੇ ਉਨ੍ਹਾਂ ਦੇ ਸਾਥੀਆਂ ਦਾ ਮੱਤ ਸੀ ਕਿ ਹੱਥ-ਲਿਖਤੀ ਪੁਰਾਣੀਆਂ ਬੀੜਾਂ ਵਿੱਚ ਵਧੇਰੇ ਕਰਕੇ ਅੰਕ-ਵਿਧਾਨ ਦੀ ਇੱਕ ਬਝਵੀਂ ਤਰਤੀਬ ਹੈ। ਉਸ ਮੁਤਾਬਕ ਪਹਿਲੇ ਚਾਰ ਗੁਰੂ ਸਾਹਿਬਾਨ ਦੇ ਸ਼ਬਦਾਂ, ਅਸਟਪਦੀਆਂ ਤੇ ਛੰਤਾਂ ਆਦਿਕ ਦੀ ਵੱਖ ਵੱਖ ਗਿਣਤੀ ਕਰਕੇ ਫਿਰ ਇੱਕ ਸਾਂਝਾ ਜੋੜ ਕੀਤਾ ਗਿਆ ਹੈ। ਹਰੇਕ ਥਾਂ ਪੰਜਵੇਂ ਗੁਰੂ ਸਾਹਿਬ ਦੀ ਬਾਣੀ ਦਾ ਵੱਖਰਾ ਜੋੜ ਕਰਕੇ ਫਿਰ ਪਹਿਲੇ ਚਾਰ ਗੁਰੂ ਸਾਹਿਬਾਨ ਦੀ ਬਾਣੀ ਨੂੰ ਤਰਤੀਬ ਤੇ ਵੇਰਵੇ ਸਹਿਤ ਲਿਖ ਕੇ ਕੁੱਲ ਜੋੜ ਕੀਤਾ ਹੋਇਆ ਹੈ। ਜਿਥੇ ਨੌਵੇਂ ਗੁਰੂ ਪਾਤਿਸ਼ਾਹ ਦੀ ਬਾਣੀ ਚੜ੍ਹਾਈ ਗਈ ਹੈ, ਉਥੇ ਮ: ੫ ਦੀ ਬਾਣੀ ਪਿਛੋਂ ਕੁਲ ਜੋੜ ਕਰਨ ਦੀ ਥਾਂ ਮ: ੯ ਦੀ ਬਾਣੀ ਦਾ ਜੋੜ ਕਰਨ ਉਪਰੰਤ ਬਾਣੀ ਨੂੰ ਵੇਰਵੇ ਸਹਿਤ ਦਰਸਾਅ ਕੇ ਕੁੱਲ-ਜੋੜ (ਜੁਮਲਾ) ਅੰਕ ਪਾਇਆ ਗਿਆ ਹੈ।

ਭਗਤ ਬਾਣੀ ਦੇ ਸ਼ਬਦਾਂ ਦੀ ਗਿਣਤੀ ਵੀ ਬਾਣੀਕਾਰਾਂ ਮੁਤਾਬਕ ਵੱਖਰੀ ਵੱਖਰੀ ਹੈ ਅਤੇ ਕੁਝ ਥਾਵਾਂ ’ਤੇ ਉਨ੍ਹਾਂ ਦਾ ਸਾਂਝਾ ਜੋੜ ਵੀ ਮਿਲਦਾ ਹੈ, ਜੋ ਹਰੇਕ ਥਾਂ ਲੋੜੀਂਦਾ ਹੈ। ਬਾਣੀਕਾਰਾਂ ਦੇ ਵੱਖ ਵੱਖ ਸੰਗ੍ਰਹਿਆਂ ਵਿੱਚ ਉਪਰਾਗ ’ਤੇ ਘਰ ਬਦਲਣ ਕਾਰਨ ਗਿਣਤੀ ਬਦਲਦੀ ਹੈ। ਅਸਟਪਦੀਆਂ ਨੂੰ ਛੱਡ ਕੇ ਦੁਪਦੇ, ਤਿਪਦੇ ਆਦਿਕ ਗਿਣਤੀ ਨੂੰ ਪ੍ਰਭਾਵਤ ਨਹੀਂ ਕਰਦੇ। ਇਉਂ ਪ੍ਰਤੀਤ ਹੁੰਦਾ ਹੈ ਕਿ ਆਦਿ ਬੀੜ (ਪੋਥੀ ਸਾਹਿਬ) ਦੇ ਸੰਪਾਦਕ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਤੋਂ ਪਹਿਲਾਂ ਦੇ ਚਾਰ ਗੁਰੂ ਸਾਹਿਬਾਨ ਵੱਲੋਂ ਪ੍ਰਾਪਤ ਹੋਏ ‘ਪਿਊ ਦਾਦੇ’ ਦੇ ਬਾਣੀ ਰੂਪ ਵਿਰਾਸਤੀ ਖਜ਼ਾਨੇ ਨੂੰ ਹਰੇਕ ਥਾਂ ਵਿਸ਼ੇਸ਼ ਤੌਰ ’ਤੇ ਵੱਖਰਾ ਦਰਸਾਇਆ ਹੈ, ਜਿਸ ਪ੍ਰਤੀ ਉਨ੍ਹਾਂ ਦਾ ਅੰਮ੍ਰਿਤ ਬਚਨ ਹੈ, ‘‘ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ਤਾ ਮੇਰੈ ਮਨਿ ਭਇਆ ਨਿਧਾਨਾ ’’ (ਗਉੜੀ : , ਪੰ. 186) ਪ੍ਰੰਤੂ ਛਾਪੇ ਦੀ ਪ੍ਰਚਲਿਤ ਬੀੜ ਵਿੱਚ ਭਗਤ ਬਾਣੀ ਨੂੰ ਛੱਡ ਕੇ ਬਾਕੀ ਹੋਰ ਕਿਸੇ ਵੀ ਰਾਗ ਵਿੱਚ ਗੁਰੂ ਬਾਣੀਕਾਰਾਂ ਦੀ ਬਾਣੀ ਦੇ ਜੋੜ-ਅੰਕ ਉਪਰੋਕਤ ਕਿਸਮ ਦੀ ਬਝਵੀਂ ਤਰਤੀਬ ਵਿੱਚ ਨਹੀਂ ਮਿਲਦੇ। ਹਰ ਥਾਂ ਜੋੜ ਅੰਕਾਂ ਦਾ ਵਿਧਾਨ ਭਿੰਨ ਭਿੰਨ ਹੈ। ਕਈ ਥਾਈਂ ਜੋੜ-ਅੰਕ ਵੀ ਭੁਲੇਖੇ ਦਾ ਸ਼ਿਕਾਰ ਹੋਏ ਹਨ; ਜਿਵੇਂ :

ਸਿਰੀਰਾਗ :- ਮ: ੧, ਮ: 3 ਤੇ ਮ: ੪ ਦੇ ਸ਼ਬਦਾਂ ਦੀ ਸਾਂਝੀ ਗਿਣਤੀ ਕਰਦਿਆਂ ਅੰਤ ਸਾਂਝਾ ਜੋੜ ਕਰਕੇ ਇਉਂ ਵਖਰਾਇਆ ਹੈ :॥4॥33॥31॥6॥70॥ (ਭਾਵ : ਮ: 1-33॥ ਮ: 3-31॥ ਮ: 4-6 ॥ ਕੁਲ ਜੋੜ 70)

ਮ: ੫ ਦੇ ਸ਼ਬਦਾਂ ਦੀ ਗਿਣਤੀ ਵੱਖਰੀ ਨਹੀਂ ਰੱਖੀ, ਉਸ ਨੂੰ ਪਿਛਲੇ 70 ਨਾਲ ਇਉਂ ਸਾਂਝਾ (4॥1॥71॥) ਕਰਕੇ ਅੱਗੇ ਤੋਰਿਆ ਹੈ ਅਤੇ ਅੰਤ ’ਤੇ ਕੁੱਲ ਸਾਂਝਾ ਜੋੜ ਫਿਰ ਇਉਂ ਲਿਖ ਦਿੱਤਾ ਹੈ (4॥30॥100॥) ਭਾਵ ਇੱਥੇ ਮ: ੫ ਤਕ ਦੇ ਸ਼ਬਦਾਂ ਦਾ ਵੱਖਰਾ ਵੱਖਰਾ ਵੇਰਵਾ ਨਹੀਂ ਦਿੱਤਾ । ਮ: ੫ ਦੇ 30 ਲਿਖ ਕੇ ਮ: ੧, ਮ: ੩ ਤੇ ਮ: ੪ ਦੇ 70 ਸ਼ਬਦਾਂ ਨੂੰ ਜੋੜ ਕੇ ਫਿਰ ਇਕੱਠੀ ਕੁੱਲ ਗਿਣਤੀ 100 ਲਿਖ ਦਿੱਤੀ ਗਈ ਹੈ।

ਅਸਟਪਦੀਆਂ ਤੇ ਛੰਤਾਂ ਦੀ ਗਿਣਤੀ ਵੀ ਉਪਰੋਕਤ ਢੰਗ ਨਾਲ ਕੀਤੀ ਹੋਈ ਹੈ। ਪੰਨਾ 50 ਤੋਂ 52 ਤੱਕ ਦੇ ਸ਼ਬਦਾਂ ਤੋਂ ਜਾਣਿਆ ਜਾ ਸਕਦਾ ਹੈ, ‘ਘਰੁ’ ਬਦਲਣ ਤੇ ਗਿਣਤੀ ਨਹੀਂ ਬਦਲਦੀ ਅਤੇ ਅਸਟਪਦੀਆਂ ਵਿੱਚ ਵੀ ਇਹੋ ਢੰਗ ਪਨਾਇਆ ਗਿਆ ਹੈ।

ਰਾਗੁ ਮਾਝ : ਮ: ੪ ਤੇ ਮ: ੫ ਦੇ ਸ਼ਬਦਾਂ ਦੀ ਗਿਣਤੀ ਤੇ ਜੋੜ ਸਾਂਝਾ ਹੈ। ਅੰਤ ਵਿੱਚ ਵੀ ਮ: ੪ ਤੇ ਮ: ੫ ਦੇ ਸ਼ਬਦਾਂ ਨੂੰ ਵੱਖਰਾ ਵੱਖਰਾ ਨਹੀਂ ਦਰਸਾਇਆ। ਮ: ੪ ਦੇ 7 ਚਉਪਦਿਆਂ ਨੂੰ ਜੋੜ ਕੇ ਇਉਂ ਲਿਖਿਆ ਹੈ : ॥4॥43॥50॥

ਅਸਟਪਦੀਆਂ ਦੀ ਗਿਣਤੀ ਵੇਲੇ ਮ: ੧ ਦੀ 1 ਅਤੇ ਮ: ੩ ਦੀਆਂ 32 ਜੋੜ ਕੇ ਵੱਖਰਾ ਵੱਖਰਾ ਦਰਸਾਉਂਦਿਆਂ ਇਉਂ ਲਿਖਿਆ ਹੈ : ॥8॥1॥32॥33॥ ਫਿਰ ਮ: ੪ ਦੀ 1 ਅਸਟਪਦੀ ਨਾਲ ਉਪਰੋਕਤ ਜੋੜ ਸਾਂਝਾ ਕਰਕੇ ਲਿਖਿਆ ਹੈ॥8॥1॥34॥ ਮ: ੫ ਦੀਆਂ ਅਸਟਪਦੀਆਂ ਮੁੱਕਣ ’ਤੇ ਕੁਲ ਜੋੜ ਇਉਂ ਵਖਰਾਇਆ ਹੈ ॥8॥5॥39॥1॥32॥1॥5॥39॥ ਭਾਵ ਇਸ ਰਾਗ ਵਿੱਚ ਸ਼ਬਦਾਂ ਦੀ ਗਿਣਤੀ ਸਾਂਝੀ ਹੈ, ਪਰ ਅਸਟਪਦੀਆਂ ਦੀ ਵੱਖਰੀ ਵੱਖਰੀ।

ਰਾਗ ਗਉੜੀ : ਸ਼ਬਦਾਂ ਦੀ ਗਿਣਤੀ ਵੇਲੇ ਰਾਗ ਦੀਆਂ ਕਿਸਮਾਂ ਬਦਲਣ ਕਾਰਨ ਮ: ੧ ਦੀ ਅੰਦਰਲੀ ਗਿਣਤੀ ਵੱਖ ਵੱਖ ਸਾਂਝੀ ਕਰਦਿਆਂ, ਜਦੋਂ ਮ: ੩ ਦੇ ਸ਼ਬਦਾਂ ਦੀ ਸਾਂਝੀ ਗਿਣਤੀ ॥4॥14॥34॥ ’ਤੇ ਪਹੁੰਚੀ ਤਾਂ ਅੱਗੋਂ ਪੰ. 162 ’ਤੇ ਗਉੜੀ ਬੈਰਾਗਣ ਸ਼ੁਰੂ ਹੋ ਗਈ। ਇਸ ਲਈ ਅੰਕ ਚੌਹਰਾ ਕਰਕੇ ਅੱਗੇ ਸਾਂਝੀ ਗਿਣਤੀ ਇਉਂ ਸ਼ੁਰੂ ਕਰ ਦਿੱਤੀ ਗਈ ॥4॥1॥15॥35॥ ਭਾਵ ਮ: ੩ ਦੇ 15 ਸਬਦਾਂ ਦੀ ਗਿਣਤੀ ਵੱਖਰੀ ਵਿਖਾ ਕੇ ਉਸ ਵਿੱਚ ਮ: ੧ ਤੇ ਮ: ੩ ਦੀ ਪਿਛਲੀ ਗਿਣਤੀ ਜੋੜਦਿਆਂ ਵੱਡਾ ਜੋੜ-ਅੰਕ ਵੱਖਰਾ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਰਾਗ ਦੀ ਕਿਸਮਾਂ ਦੇ ਸ਼ਬਦਾਂ ਦੀ ਗਿਣਤੀ ਨੂੰ ਵੱਖ ਦਰਸਾਉਣਾ ਲੋੜੀਂਦਾ ਹੈ।

 ਮ: ੪ ਦੇ ਸ਼ਬਦਾਂ ਵਿੱਚ ਗਉੜੀ ਗੁਆਰੇਰੀ ਤੋਂ ਪਿਛੋਂ 165 ਤੇ ਜਦੋਂ ਬੈਰਾਗਣਿ ਸ਼ੁਰੂ ਹੁੰਦੀ ਹੈ ਤਾਂ ਉੱਪਰ ਦੀ ਤਰ੍ਹਾਂ ਚੌਹਰਾ ਅੰਕ ਇਉਂ ਸ਼ੁਰੂ ਹੋ ਜਾਂਦਾ ਹੈ ॥4॥1॥7॥45॥

ਪੰ.175 ਉੱਤੇ ਜਦੋਂ ਮ: ੪ ਦੇ ਸ਼ਬਦ ਸੰਪੂਰਨ ਹੁੰਦੇ ਹਨ ਤਾਂ ਫਿਰ ਇੱਕਠਾ ਜੋੜ ਇਉਂ ਦਿੱਤਾ ਹੈ ॥4॥6॥20॥18॥32॥70॥

ਇਥੋਂ ਅੱਗੇ ਪੰ. 175 ਤੋਂ ਮ: ੫ ਦੇ ਸ਼ਬਦ ਸ਼ੁਰੂ ਹੁੰਦੇ ਹਨ ਇਥੇ ਲਿਖਾਰੀ ਦੀ ਬੇਧਿਆਨੀ ਕਾਰਨ ਪਹਿਲੇ ਸ਼ਬਦ ਨੂੰ ਕੋਈ ਅੰਕ ਨਹੀਂ ਦਿੱਤਾ ਗਿਆ ਮ: ੫ ਦੇ ਦੂਜੇ ਸ਼ਬਦ ਪਿਛੋਂ ਵਿਚਕਾਰਲੀ ਗਿਣਤੀ ਤਾਂ 2 ਠੀਕ ਲਿਖੀ ਗਈ, ਪਰ ਇਥੋਂ ਨਾਲ ਵੱਡਾ ਜੋੜ 71 ਸ਼ੁਰੂ ਕਰ ਦਿੱਤਾ ਗਿਆ ਹੈ ਜਿਵੇਂ ॥4॥2॥71॥  ਜੇ ਮ: ੫ ਦੀ ਗਿਣਤੀ ਵਿੱਚ ਮ: ੪ ਤਕ ਦੇ ਸਬਦਾਂ ਦੀ ਗਿਣਤੀ ਜੋੜ ਕੇ ਸਾਂਝੀ ਕਰਨੀ ਲੋੜੀਂਦੀ ਹੈ ਤਾਂ ਲਿਖਣਾ ਚਾਹੀਦਾ ਸੀ 4272 ਲਿਖਾਰੀ ਦੀ ਬਾਹਰੀ ਗਿਣਤੀ ਦੀ ਇਹ ਭੁੱਲ ਪੰ. 200 ’ਤੇ ਜੋੜ ਅੰਕ 4105174 ਤੱਕ ਨਿਰੰਤਰ ਚੱਲਦੀ ਹੈ ਇੱਥੇ ਪਹੁੰਚ ਕੇ ਜਦੋਂ ਉਸ ਨੂੰ ਆਪਣੀ ਭੁੱਲ ਦਾ ਅਹਿਸਾਸ ਹੁੰਦਾ ਹੈ ਤਾਂ ਵੱਡਾ ਤੀਹਰਾ ਅੰਕ ਛੱਡ ਕੇ ਅੱਗੋਂ ਦੂਹਰਾ ਅੰਕ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਉਹ ਠੀਕ ਚੱਲ ਰਿਹਾ ਸੀ ਪੰ. 218 ’ਤੇ :5 ਦੇ ਸ਼ਬਦਾਂ ਦਾ ਅੰਕ ਤੀਹਰਾ ਹੈ ਸਪਸ਼ਟ ਹੈ ਕਿ ਮਹਲਾ ਪੰਜਵੇਂ ਦੇ ਸ਼ਬਦਾਂ ਨੂੰ ਪਹਿਲੇ ਗੁਰੂ ਸਾਹਿਬਾਨ ਤੋਂ ਵੱਖਰਾ ਗਿਣਿਆ ਹੈ; ਜਿਵੇਂ 44172 ਇੱਥੇ ਕੁੱਲ ਜੋੜ ਨਹੀਂ ਕੀਤਾ ਕਿਉਂਕਿ ਅੱਗੇ 9 ਸ਼ਬਦ ਮ: ੯ ਦੇ ਹਨ, ਪਰ ਅਸੀਂ ਦੇਖਦੇ ਹਾਂ ਕਿ ਉੱਥੇ ਸਾਰਾ ਜੋੜ ਤਾਂ ਭਾਵੇਂ ਇਉਂ ਕਰ ਦਿੱਤਾ ਹੈ 29251 ਪਰ ਇੱਥੇ ਬਾਣੀਕਾਰ ਗੁਰੂਆਂ ਦੀ ਤਰਤੀਬਵਾਰ ਗਿਣਤੀ ਵੱਖਰੀ ਵੱਖਰੀ ਨਹੀਂ ਦਰਸਾਈ। ਬਝਵੀਂ ਤਰਤੀਬ ਮੁਤਾਬਕ ਸਾਰਾ ਜੋੜ ਇਉਂ ਲਿਖਣਾ ਚਾਹੀਦਾ ਸੀ : 29  2018321729251 (ਭਾਵ : ਮ: 1-20, ਮ: 3-18, ਮ: 4-32, ਮ: 5-172, ਮ: 9-9, ਕੁਲ ਜੋੜ 251)

ਨੋਟ : ਛਾਪੇ ਦੀ ਬੀੜ ਦੇ ਪੰਨਾ 175 ਵਾਲੀ ਉਪਰੋਕਤ ਭੁੱਲ ਨੂੰ ਸਮਝਣ ਤੇ ਦੂਰ ਕਰਨ ਹਿੱਤ ਵੀ ਪੁਰਾਣੀਆਂ ਹੱਥ ਲਿਖਤੀ ਬੀੜਾਂ ਸਹਾਇਕ ਹੁੰਦੀਆਂ ਹਨ। ਜਿਵੇਂ ਮੁਕਤਸਰ ਤੇ ਕਾਨਗੜ੍ਹ ਵਾਲੀਆਂ ਬੀੜਾਂ ਵਿੱਚ ਪਹਿਲੇ ਸ਼ਬਦ ਪਿਛੋਂ ਕੇਵਲ ॥1॥ ਅੰਕ ਹੀ ਪਾਇਆ ਹੈ, ਪਹਿਲੇ ਚਾਰ ਗੁਰੂ ਸਾਹਿਬਾਨ ਦੇ 70 ਸ਼ਬਦਾਂ ਨੂੰ ਇਸ ਸੰਗ੍ਰਹਿ ਨਾਲ ਨਹੀਂ ਜੋੜਿਆ ਗਿਆ। ਇਥੋਂ ਇਹ ਹਕੀਕਤ ਵੀ ਪ੍ਰਗਟ ਹੁੰਦੀ ਹੈ ਕਿ ਪੰਜਵੇਂ ਪਾਤਿਸ਼ਾਹ ਨੇ ਆਪਣੇ ਸ਼ਬਦਾਂ ਦੀ ਗਿਣਤੀ ਸਭ ਥਾਈਂ ਵੱਖਰੀ ਰੱਖੀ ਹੈ ।

ਰਾਗੁ ਆਸਾ : ਮ: ੧ ਤੋਂ ਮ: ੪ ਤੱਕ ਗਿਣਤੀ ਸਾਂਝੀ ਚੱਲਦੀ ਹੈ ਅਤੇ ਅੰਤ ’ਤੇ ਕੁਲ ਜੋੜ ਇਉਂ ਦਿੱਤਾ ਹੈ – ॥2॥39॥13॥15॥67॥ ਪ੍ਰੰਤੂ ਲਿਖਣਾ ਚਾਹੀਦਾ ਸੀ ॥2॥2॥15॥  ॥2॥39॥13॥15॥69॥

ਨੋਟ : ਛਾਪੇ ਦੀ ਬੀੜ ਵਾਲੇ ਜੋੜ ਵਿੱਚ ‘ਸੋ ਦਰੁ’ ਤੇ ‘ਸੋ ਪੁਰਖ’ ਦੇ 2 ਸ਼ਬਦ ਨਹੀਂ ਜੋੜੇ ਗਏ; ਕਿਉਂਕਿ ਰਾਗੁ ਆਸਾਵਰੀ ਸੁਧੰਗ ਮਹਲਾ ੪ ਘਰ ੧੬ ਕੇ ੨ ॥ ਸਿਰਲੇਖ ਹੇਠ 2 ਦੁਪਦੇ ਹਨ, ਜਿਨ੍ਹਾਂ ਦਾ ਵੇਰਵਾ ਸਿਰਲੇਖ ਵਿੱਚ ਦਿੱਤੇ ਜਾਣ ਕਰਕੇ ਲਿਖਾਰੀ ਨੇ ਗਿਣਤੀ ਵਾਲਾ 2 (ਦੂਆ) ਪਾਉਣ ਦੀ ਲੋੜ ਨਹੀਂ ਸਮਝੀ, ਪਰ ਅਜਿਹਾ ਕਰਨ ਵੇਲੇ ਉਹ ਦੂਜੇ ਦੁਪਦੇ ਦਾ ਪ੍ਰਤੀਕ 2 ਹਿੰਦਸਾ ਵੀ ਛੱਡ ਗਿਆ। ਕੁੱਲ ਜੋੜ ਕਰਨ ਵੇਲੇ ਉਸ ਨੂੰ ਭੁਲੇਖਾ ਲੱਗਾ ਕਿ ਜੋੜ ਦੇ ਵੇਰਵੇ ਵਿੱਚ ਪਹਿਲਾ 2 ਅੰਕ ਦੁਪਦੇ ਦਾ ਪ੍ਰਤੀਕ ਹੈ, ਸ਼ਬਦਾਂ ਦੀ ਗਿਣਤੀ ਦਾ ਨਹੀਂ। ਜਦ ਕਿ ਉਹ 2 (ਦੂਆ) ਸੋ ਦਰੁ ਤੇ ਸੋ ਪੁਰਖ ਦੇ 2 ਸ਼ਬਦਾਂ ਦਾ ਪ੍ਰਤੀਕ ਸੀ। ਇਸ ਪ੍ਰਕਾਰ ਇਹ ਦੋ ਸ਼ਬਦ ਕੁੱਲ ਗਿਣਤੀ ਵਿੱਚ ਸ਼ਾਮਲ ਨਾ ਹੋ ਸਕੇ।

ਮਹਲਾ ੫ ਦੀ ਗਿਣਤੀ 163 ਵੱਖਰੀ ਕਰਕੇ ਫਿਰ ਪਹਿਲੇ ਗੁਰੂ ਸਾਹਿਬਾਨ ਦੇ 69 ਸ਼ਬਦ ਜੋੜ ਕੇ ਕੁਲ ਜੋੜ ਇਉਂ ਲਾਇਆ ਹੈ ॥2॥7॥163॥232॥  ਮਹਲਾ 9 ਦੇ ਇੱਕ ਸ਼ਬਦ ਨੂੰ ਜੋੜ ਕੇ ਅੰਤ ਵਿੱਚ ਫਿਰ ਕੁੱਲ ਜੋੜ ਇਉਂ ॥2॥1॥233॥ ਲਿਖਿਆ ਹੈ ਭਾਵ ਇੱਥੇ ਵੀ ਜੋੜ ਵੇਲੇ ਬਾਣੀਕਾਰਾਂ ਨੂੰ ਵੱਖ ਵੱਖ ਨਹੀਂ ਪ੍ਰਗਟਾਇਆ ਗਿਆ।

ਅਸਟਪਦੀਆਂ ਵਿੱਚ ‘ਘਰੁ’ ਬਦਲਣ ’ਤੇ ਗਿਣਤੀ ਨਿਰੰਤਰ ਚੱਲਦੀ ਹੈ ਭਾਵ ਬਦਲਦੀ ਨਹੀਂ ਜਦਕਿ ਮ: ੫ ਦੇ ਘਰੁ 2 ਤੇ ਘਰੁ 3 ਦੀ ਇੱਕ ਇੱਕ ਅਸਟਪਦੀ ਦਾ ਜੋੜ ਵੱਖਰਾ ਵੱਖਰਾ ਹੈ, ਸਾਂਝਾ ਨਹੀਂ ।

ਮ: ੧ ਤੇ ਮ: 3 ਦੇ ਛੰਤਾ ਵਿੱਚ ‘ਘਰੁ’ ਬਦਲਣ ’ਤੇ ਨਵੀਂ ਗਿਣਤੀ ਸ਼ੁਰੂ ਹੁੰਦੀ ਹੈ ਭਾਵ ਇੱਥੇ ‘ਘਰੁ’ ਗਿਣਤੀ ਨੂੰ ਪ੍ਰਭਾਵਤ ਕਰਦੇ ਹਨ। ਮ: ੩ ਦੇ ਛੰਤਾਂ ਉਪਰੰਤ ਮ: 1 ਤੇ ਮ: ੩ ਦੇ ਛੰਤਾਂ ਦਾ ਜੋੜ ਕਰਕੇ ਵਖਰਾਇਆ ਵੀ ਗਿਆ ਹੈ, ਮ: ੪ ਦੇ ਛੰਤਾਂ ਉਪਰੰਤ ਵੀ ਜੋੜ ਮਿਲਦਾ ਹੈ। ਫਿਰ ਮ: ੫ ਦੀ ਗਿਣਤੀ ਵੱਖਰੀ ਸ਼ੁਰੂ ਹੁੰਦੀ ਹੈ, ਇੱਥੇ ਵੀ ‘ਘਰੁ’ ਗਿਣਤੀ ਨੂੰ ਪ੍ਰਭਾਵਤ ਕਰਦੇ ਹਨ। ਮ: ੫ ਦੇ ਛੰਤਾਂ ਦਾ ਵੱਖਰਾ ਜੋੜ ਲਿਖਣ ਉਪਰੰਤ ਮ: ੧, ਮ: ੩, ਮ: ੪ ਤੇ ਮ: ੫ ਦਾ ਕੁੱਲ ਜੋੜ (ਜੁਮਲਾ) ਨਹੀਂ ਲਿਖਿਆ।

ਨੋਟ : ਪੰਨਾ 354 ਤੋਂ 360 ਤੱਕ ਦੇ ਵੱਖ ਵੱਖ ਸ਼ਬਦ ਸੰਗ੍ਰਹਿਆਂ ਤੋਂ ਨਿਸ਼ਚੇ ਹੁੰਦਾ ਹੈ ਕਿ ‘ਘਰੁ’ ਬਦਲਣ ’ਤੇ ਸੰਖੇਪ ਮੰਗਲਾਚਰਨ ਵੀ ਪੈਂਦਾ ਹੈ ਅਤੇ ਜੋੜ-ਅੰਕ ਦੀ ਗਿਣਤੀ ਵੀ ਨਵੀਂ ਸ਼ੁਰੂ ਹੁੰਦੀ ਹੈ। ਤਿਪਦੇ, ਦੁਤੁਕੇ ਆਦਿਕ ਗਿਣਤੀ ਨੂੰ ਪ੍ਰਭਾਵਤ ਨਹੀਂ ਕਰਦੇ ਅਤੇ ਨਾ ਹੀ ਆਦਿ ਮੰਗਲ ਲੋੜੀਂਦਾ ਹੈ।

ਰਾਗੁ ਗੂਜਰੀ : ਮ: ੧ ਤੇ ਮ: ੩ ਦੀ ਗਿਣਤੀ ਤੇ ਜੋੜ ਸਾਂਝਾ ਹੈ ਅਤੇ ਮਹਲਾ ੪ ਦਾ ਜੋੜ ਵੱਖਰਾ ਕਰਕੇ ਅੰਤ ਵਿੱਚ ਮ: ੧, 3 ਤੇ 4 ਦਾ ਕੁੱਲ ਜੋੜ ਲਿਖ ਦਿੱਤਾ ਗਿਆ ਹੈ। ਇੱਥੇ ‘ਘਰੁ’ ਗਿਣਤੀ ਨੂੰ ਪ੍ਰਭਾਵਤ ਕਰ ਰਹੇ ਹਨ ਭਾਵ ‘ਘਰੁ’ ਬਦਲਣ ’ਤੇ ਗਿਣਤੀ ਦੇ ਅੰਕ ਬਦਲ ਰਹੇ ਹਨ। ਮ: ੫ ਦੀ ਗਿਣਤੀ ਵੱਖਰੀ ਹੈ, ਪਰ ਇੱਥੇ ਸ਼ਬਦਾਂ ਦਾ ਕੁਲ ਜੋੜ ਨਹੀਂ ਕੀਤਾ। ਅਸਟਪਦੀਆਂ ਵਿੱਚ ਵੀ ਇਹੋ ਤਰਤੀਬ ਹੈ।

ਰਾਗ ਦੇਵਗੰਧਾਰੀਤੇ ਬਿਹਾਗੜਾ ਵਿੱਚ ਵੀ ਲਗਭਗ ਗੂਜਰੀ ਰਾਗ ਵਾਲੀ ਹੀ ਵਿਧੀ ਅਪਨਾਈ ਗਈ ਹੈ, ਪਰ 6, 6 ਸ਼ਬਦਾਂ ਦੇ ਛੱਕੇ ਕਾਇਮ ਕੀਤੇ ਹੋਏ ਹਨ ।

ਰਾਗ ਵਡਹੰਸ ਵਿੱਚ ਹਰੇਕ ਮਹਲੇ ਦੀ ਗਿਣਤੀ ਵੱਖਰੀ ਵੱਖਰੀ ਕੀਤੀ ਹੈ। ਸ਼ਬਦਾਂ ਦਾ ਕੁੱਲ ਜੋੜ ਕਿਤੇ ਵੀ ਨਹੀਂ। ਅਸਟਪਦੀਆਂ ਤੇ ਛੰਤਾਂ ਵਿੱਚ ਵੀ ਸ਼ਬਦਾਂ ਵਾਲੀ ਵਿਧੀ ਅਪਨਾਈ ਗਈ ਹੈ।

ਰਾਗੁ ਸੋਰਠਿ ਵਿੱਚ ਵੀ ਹਰੇਕ ਮਹਲੇ ਦੀ ਗਿਣਤੀ ਵੱਖਰੀ ਵੱਖਰੀ ਕਰਦਿਆਂ ਕੁੱਲ ਜੋੜ ਮਹਲਾ ੯ ਦੇ ਸ਼ਬਦਾਂ ਪਿਛੋਂ ਹੈ ਅਤੇ ਉਹ ਵੀ ਵਖਰਾਇਆ ਹੋਇਆ ਨਹੀਂ; ਜਿਵੇਂ ॥3॥12॥139॥

ਅਸਟਪਦੀਆਂ ਵਿੱਚ ਵੀ ਮਹਲਾ ੧ ਦੀਆਂ 3 ਅਤੇ ਮ: ੫ ਦੀਆਂ 3, ਵੱਖ ਵੱਖ ਗਿਣੀਆਂ ਹਨ, ਕੁਲ ਜੋੜ 6 ਨਹੀ ਦਿੱਤਾ ।

ਰਾਗੁ ਧਨਾਸਰੀ ਵਿੱਚ ਵੀ ਹਰੇਕ ਮਹਲੇ ਦੇ ਸ਼ਬਦਾਂ ਦੀ ਗਿਣਤੀ ਵੱਖ ਵੱਖ ਹੈ ਅਤੇ ਮ: ੯ ਦੇ ਸ਼ਬਦਾਂ ਉਪਰੰਤ ਕੁੱਲ ਜੋੜ ਪੰ. 685 ’ਤੇ ਇਉਂ ਲਿਖਿਆ ਹੈ :॥2॥4॥9॥9॥13॥58॥4॥93॥  ਭਾਵ ਮ: ੯ ਦੇ 4, ਮ: ੧ ਦੇ 9, ਮ: ੩ ਦੇ 9, ਮ: ੪ ਦੇ 13, ਮ: ੫ ਦੇ 58 ਅਤੇ ਮ: ੯ ਦੇ 4 ॥ ਕੁੱਲ ਜੋੜ ॥93॥

ਅਸਟਪਦੀਆਂ ਤੇ ਛੰਤਾਂ ਦੀ ਗਿਣਤੀ ਵੀ ਉਪਰੋਕਤ ਢੰਗ ਦੀ ਹੈ ।

ਜੈਤਸਰੀ ਵਿੱਚ ਵੀ : , : ਤੇ : ਦੀ ਗਿਣਤੀ ਵੱਖ ਵੱਖ ਹੈ ਅਤੇ ਸਾਂਝਾ ਕੁੱਲ ਜੋੜ ਨਹੀਂ ।

ਰਾਗੁ ਟੋਡੀ ਵਿੱਚ ਵੀ ਉਪਰੋਕਤ ਵਿਧੀ ਹੈ ਅਤੇ ਸਾਂਝਾ ਕੁਲ ਜੋੜ ਮ: ੯ ਦੇ ਸ਼ਬਦਾਂ ਉਪਰੰਤ ਹੈ।

ਰਾਗੁ ਬੈਰਾੜੀ ਵਿੱਚ ਉਪਰੋਕਤ ਵਿਧੀ ਅਪਨਾਈ ਹੈ ਅਤੇ ਸਾਂਝਾ ਕੁਲ ਜੋੜ ਮ: ੫ ਦੇ ਸ਼ਬਦਾਂ ਉਪਰੰਤ ਹੈ।

ਰਾਗੁ ਤਿਲੰਗ ਵਿੱਚ ਉਪਰੋਕਤ ਜੋੜ ਵਿਧੀ ਹੈ। ਮ: ੧, ਮ: ੪ ਤੇ ਮ: ੫ ਦਾ ਸਾਂਝਾ ਕੁੱਲ ਜੋੜ ਨਹੀਂ ਮਿਲਦਾ।

ਰਾਗੁ ਸੂਹੀ ਵਿੱਚ ਵੀ ਉਪਰੋਕਤ ਵਿਧੀ ਅਪਣਾਉਂਦਿਆਂ ਮ: ੧ ਤੇ 4 ਦਾ ਜੋੜ ਸਾਂਝਾ ਹੈ, ਪਰ ਵੱਖਰਾਇਆ ਨਹੀਂ। ਮ: ੫ ਦਾ ਜੋੜ ਵੱਖਰਾ ਹੈ।

ਰਾਗੁ ਬਿਲਾਵਲ ਵਿੱਚ ਵੀ ਉਪਰੋਕਤ ਵਿਧੀ ਅਪਣਾਉਂਦਿਆਂ ਮ: ੧, ਮ: ੩, ਮ: ੪ ਤੇ ਮ: ੫ ਵਾਂ ਦੀ ਗਿਣਤੀ ਵੱਖ ਵੱਖ ਹੈ, ਪਰ ਪਹਿਲਾਂ ਮ: ੧ ਤੇ ਮ: ੩ ਦਾ ਸਾਂਝਾ ਜੋੜ ਕਰਕੇ ਵਖਰਾਇਆ ਹੈ। ਮਹਲਾ ੪ ਦੇ ਸ਼ਬਦਾਂ ਪਿਛੋਂ ਵੀ ਕੁਲ-ਜੋੜ ਕਰਕੇ ਵਖਰਾਇਆ ਹੈ ਅਤੇ ਮ: ੫ ਦਾ ਤੇ ਮ: ੯ ਦਾ ਜੋੜ ਵੱਖਰਾ ਹੈ। ਅੰਤ ਸਾਂਝਾ ਕੁੱਲ ਜੋੜ ਨਹੀਂ ।

ਰਾਗੁ ਗੋਂਡ ਵਿੱਚ ਵੀ ਉਪਰੋਕਤ ਵਿਧੀ ਅਪਣਾਉਂਦਿਆਂ ਮ: ੪ ਤੇ ਮ: ੫ ਵਾਂ ਦੀ ਗਿਣਤੀ ਵੱਖ ਵੱਖ ਕਰਕੇ ਦੋਵਾਂ ਦੇ ਸਾਂਝੇ ਜੋੜ ਨੂੰ ਵਖਰਾਇਆ ਗਿਆ ਹੈ।

ਰਾਗੁ ਰਾਮਕਲੀ ਵਿੱਚ ਵੀ ਉਪਰੋਕਤ ਵਿਧੀ ਅਪਣਾਉਂਦਿਆਂ ਮ: ੧, ਮ: ੩ ਤੇ ਮ: ੪ ਦੀ ਗਿਣਤੀ ਵੱਖ ਵੱਖ ਕਰਕੇ ਤਿੰਨਾਂ ਦੇ ਸਾਂਝੇ ਜੋੜ ਨੂੰ ਵਖਰਾਇਆ ਨਹੀਂ ਗਿਆ । ਮ: ੫ ਦੀ ਗਿਣਤੀ ਵੱਖਰੀ ਹੈ, ਪਰ ਇੱਥੇ ਸਾਂਝਾ ਕੁੱਲ ਜੋੜ ਨਹੀਂ। ਭਗਤ ਬਾਣੀ ਦੀ ਗਿਣਤੀ ਵੱਖ ਵੱਖ ਹੈ, ਸਾਂਝਾ ਕੁੱਲ-ਜੋੜ ਨਹੀਂ ।

ਰਾਗੁ ਨਟ ਨਰਾਇਣ ਵਿੱਚ ਵੀ ਉਪਰੋਕਤ ਵਿਧੀ ਅਪਣਾਉਂਦਿਆਂ ਮ: ੪ ਤੇ ਮ: ੫ ਵਾਂ ਦੀ ਗਿਣਤੀ ਵੱਖ ਵੱਖ ਕਰਕੇ ਦੋਵਾਂ ਦੇ ਸਾਂਝੇ ਜੋੜ ਨੂੰ ਵਖਰਾਇਆ ਨਹੀਂ ਗਿਆ ।

ਰਾਗੁ ਮਾਲੀ ਗਉੜਾ ਵਿੱਚ ਵੀ ਉਪਰੋਕਤ ਵਿਧੀ ਅਪਣਾਉਂਦਿਆਂ ਮ: ੪ ਤੇ ਮ: ੫ ਵਾਂ ਦੀ ਗਿਣਤੀ ਵੱਖ ਵੱਖ ਕਰਕੇ ਦੋਵਾਂ ਦੇ ਸਾਂਝੇ ਜੋੜ ਨੂੰ ਵਖਰਾਇਆ ਗਿਆ ਹੈ ਭਾਵ ਜੋੜ ਵਿੱਚ ਬਾਣੀਕਾਰਾਂ ਦੇ ਸ਼ਬਦਾਂ ਦੀ ਗਿਣਤੀ ਵੱਖ ਵੱਖ ਕਰਕੇ ਕੁੱਲ ਜੋੜ ਕੀਤਾ ਗਿਆ ਹੈ।

ਰਾਗੁ ਮਾਰੂ ਵਿੱਚ ਵੀ ਉਪਰੋਕਤ ਵਿਧੀ ਅਪਣਾਉਂਦਿਆਂ ਮ: ੧, ਮ: ੩, ਮ: ੪, ਮ: ੫ ਤੇ ਮ: ੯ ਦੀ ਗਿਣਤੀ ਵੱਖ ਵੱਖ ਕਰਕੇ ਉਨ੍ਹਾਂ ਦਾ ਸਾਂਝਾ ਜੋੜ ਵੀ ਨਹੀਂ ਕੀਤਾ ਗਿਆ। ਭਗਤ ਬਾਣੀ ਦੀ ਵੱਖਰੀ ਵੱਖਰੀ ਗਿਣਤੀ ਦਾ ਸਾਂਝਾ ਜੋੜ ਹੈ।

ਰਾਗੁ ਤੁਖਾਰੀ ਵਿੱਚ ਵੀ ਉਪਰੋਕਤ ਵਿਧੀ ਅਪਣਾਉਂਦਿਆਂ ਮ: ੧, ਮ: ੪, ਮ: ੫ ਦੇ ਛੰਤਾਂ ਦੀ ਗਿਣਤੀ ਵੱਖ ਵੱਖ ਹੈ, ਪਰ ਪਹਿਲਾਂ ਮ: ੧ ਤੇ ਮ: ੪ ਦਾ ਸਾਂਝਾ ਜੋੜ ਹੈ ਅਤੇ ਫਿਰ ਮ: ੫ ਦਾ ਇੱਕ ਛੰਤ ਜੋੜਦਿਆਂ ਉੱਥੇ ਵੀ ਸਾਂਝਾ ਜੋੜ ਕੀਤਾ ਗਿਆ।

ਰਾਗੁ ਕੇਦਾਰਾ ਵਿੱਚ ਵੀ ਉਪਰੋਕਤ ਵਿਧੀ ਅਪਣਾਉਂਦਿਆਂ ਮ: ੪ ਤੇ ਮ: ੫ ਦੀ ਗਿਣਤੀ ਵੱਖ ਵੱਖ ਹੈ ਅਤੇ ਅੰਤ ਸਾਂਝਾ ਜੋੜ ਹੈ। ਭਗਤ ਬਾਣੀ ਦੀ ਗਿਣਤੀ ਵੱਖ ਵੱਖ ਹੈ, ਪਰ ਸਾਂਝਾ ਜੋੜ ਨਹੀਂ।

ਰਾਗੁ ਭੈਰਉ ਵਿੱਚ ਵੀ ਉਪਰੋਕਤ ਵਿਧੀ ਅਪਣਾਉਂਦਿਆਂ ਮ: ੧, ਮ: ੩, ਮ: ੪ ਤੇ ਮ: ੫ ਦੇ ਸਬਦਾਂ ਦੀ ਗਿਣਤੀ ਵੱਖ ਵੱਖ ਹੈ ਅਤੇ ਅੰਤ ਵਿੱਚ ਸਾਂਝਾ ਜੋੜ ਕਰਕੇ ਵਖਰਾਇਆ ਗਿਆ ਹੈ। ਭਗਤ ਬਾਣੀ ਦੀ ਵੱਖਰੀ ਵੱਖਰੀ ਗਿਣਤੀ ਹੈ ਭਾਵ ਸਾਂਝਾ ਜੋੜ ਨਹੀਂ।

ਬਸੰਤ ਹਿੰਡੋਲ ਵਿੱਚ ਵੀ ਉਪਰੋਕਤ ਵਿਧੀ ਅਪਣਾਉਂਦਿਆਂ ਮ: ੧, ਮ: ੩, ਮ: ੪ ਤੇ ਮ: ੫ ਦੀ ਗਿਣਤੀ ਵੱਖ ਵੱਖ ਹੈ, ਪਰ ਪਹਿਲਾਂ ਮ: ੧ ਤੇ ਮ: ੩ ਦਾ ਜੋੜ ਵਖਰਾਇਆ ਗਿਆ ਹੈ। ਫਿਰ ਮ: ੪ ਦੇ ਅੰਤ ਵਿੱਚ ਸਾਂਝਾ ਜੋੜ ਕਰਕੇ ਵਖਰਾਇਆ ਹੈ। ਮ: ੫ ਤੇ ਮ: ੯ ਦਾ ਸਾਂਝਾ ਜੋੜ ਹੈ। ਭਗਤ ਬਾਣੀ ਦੀ ਵੱਖਰੀ ਵੱਖਰੀ ਗਿਣਤੀ ਹੈ ਭਾਵ ਸਾਂਝਾ ਜੋੜ ਨਹੀਂ ।

ਰਾਗ ਸਾਰੰਗ ਵਿੱਚ ਵੀ ਉਪਰੋਕਤ ਵਿਧੀ ਅਪਣਾਉਂਦਿਆਂ ਮ: ੧, ਮ: ੪ ਤੇ ਮ: ੫ ਦੀ ਗਿਣਤੀ ਵੱਖ ਵੱਖ ਹੈ, ਅੰਤ ਵਿੱਚ ਸਾਂਝਾ ਜੋੜ ਕਰਕੇ ਵਖਰਾਇਆ ਹੈ। ਮ: ੯ ਦੀ ਬਾਣੀ ਪਿੱਛੋਂ ਵੀ ਸਾਂਝਾ ਜੋੜ ਵਖਰਾਇਆ ਗਿਆ ਹੈ। ਭਗਤ ਬਾਣੀ ਦੀ ਵੱਖਰੀ ਵੱਖਰੀ ਗਿਣਤੀ ਕਰਕੇ ਅੰਤ ਸਾਂਝਾ ਜੋੜ ਹੈ।

ਰਾਗ ਮਲਾਰ ਵਿੱਚ ਵੀ ਉਪਰੋਕਤ ਵਿਧੀ ਅਪਣਾਉਂਦਿਆਂ ਮ: ੧, ਮ: ੩ ਤੇ ਮ: ੪ ਦੀ ਗਿਣਤੀ ਵੱਖ ਵੱਖ ਕਰਕੇ ਅੰਤ ਵਿੱਚ ਸਾਂਝਾ ਜੋੜ ਵਖਰਾਇਆ ਗਿਆ ਹੈ। ਮ: ੫ ਦੀ ਬਾਣੀ ਪਿੱਛੋਂ ਸਾਂਝਾ ਜੋੜ ਨਹੀਂ। ਭਗਤ ਬਾਣੀ ਦੀ ਵੱਖਰੀ ਵੱਖਰੀ ਗਿਣਤੀ ਹੈ ਭਾਵ ਸਾਂਝਾ ਜੋੜ ਨਹੀਂ।

ਰਾਗ ਕਾਨੜਾ ਵਿੱਚ ਵੀ ਉਪਰੋਕਤ ਵਿਧੀ ਅਪਣਾਉਂਦਿਆਂ ਮ: ੪ ਤੇ ਮ: ੫ ਦੀ ਗਿਣਤੀ ਵੱਖ ਵੱਖ ਕਰਕੇ ਅੰਤ ਵਿੱਚ ਸਾਂਝਾ ਜੋੜ ਵਖਰਾਇਆ ਹੈ। ‘ਘਰੁ’ ਬਦਲਣ ਤੇ ਸੰਖੇਪ ਮੰਗਲਾਚਰਨ ਤੇ ਗਿਣਤੀ ਨਵੀਂ ਸ਼ੁਰੂ ਹੁੰਦੀ ਹੈ।

ਰਾਗ ਕਲਿਆਨ ਵਿੱਚ ਵੀ ਉਪਰੋਕਤ ਵਿਧੀ ਅਪਣਾਉਂਦਿਆਂ ਮ: ੪ ਤੇ ਮ: ੫ ਦੇ ਸ਼ਬਦਾਂ ਦੀ ਗਿਣਤੀ ਵੱਖ ਵੱਖ ਕਰਕੇ ਅੰਤ ਵਿੱਚ ਸਾਂਝਾ ਜੋੜ ਨਹੀਂ ਕੀਤਾ।

ਰਾਗ ਪ੍ਰਭਾਤੀ ਵਿੱਚ ਵੀ ਮ: ੧ ਤੇ ਮ: ੩ ਦੀ ਗਿਣਤੀ ਵੱਖ ਵੱਖ ਹੈ, ਪਰ ਇੱਥੇ ਮ: ੧ ਤੇ ਮ: ੩ ਦਾ ਸਾਝਾਂ ਜੋੜ ਕਰਕੇ ਵਖਰਾਇਆ ਹੈ। ਮ: ੪ ਤੇ ਮ: ੫ ਦੇ ਸ਼ਬਦਾਂ ਦੀ ਗਿਣਤੀ ਵੀ ਵੱਖ ਵੱਖ ਹੈ, ਪਰ ਦੋਹਾਂ ਦਾ ਸਾਂਝਾ ਜੋੜ ਨਹੀਂ ਕੀਤਾ।

ਉਪਰੋਕਤ ਵੇਰਵੇ ਤੋਂ ਭਲੀਭਾਂਤ ਸਪਸ਼ਟ ਹੁੰਦਾ ਹੈ ਕਿ ਹਰੇਕ ਰਾਗ ਦੀ ਬਾਣੀ ਦੇ ਜੋੜ-ਅੰਕਾਂ ਦਾ ਢੰਗ ਵੱਖਰਾ ਵੱਖਰਾ ਹੈ ਭਾਵ ਅੰਕ-ਵਿਧਾਨ ਵਿੱਚ ਇਕਸਾਰਤਾ ਨਹੀਂ ਹੈ। ਰਾਗ ਗਉੜੀ ਤੇ ਰਾਗ ਆਸਾ ਵਿੱਚ ਜੋੜ-ਅੰਕ ਵੀ ਓਵੇਂ ਸਹੀ ਕਰਨ ਵਾਲੇ ਹਨ; ਜਿਵੇਂ ਪਾਠ-ਭੇਦ ਸੂਚੀ ਪ੍ਰਕਾਸ਼ਤ ਹੋਣ ਉਪਰੰਤ ਛਾਪੇ ਦੀ ਬੀੜ ਵਿਖੇ ਭੱਟ-ਬਾਣੀ ਦੇ ਕੁੱਲ-ਜੋੜ (ਜੁਮਲਾ) ਨੂੰ ਸੋਧ ਕੇ ਲਿਖਿਆ ਗਿਆ ਸੀ। ਜਿਵੇਂ ਜਨਵਰੀ 1977 ਵਾਲੀ ‘ਪਾਠ-ਭੇਦ ਸੂਚੀ’ ਤਿਆਰ ਕਰਨ ਵਾਲੇ ਵਿਦਵਾਨਾਂ ਪਾਸ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਤ, ਜੋ ਸੰਥਾ-ਸੰਚੀ ਸੀ, ਉਸ ਵਿੱਚ ਸਵੱਈਆਂ ਦੇ ਅਖ਼ੀਰ ਪੁਰ ਜੋੜ-ਅੰਕ ਇਉਂ ਲਿਖੇ ਸਨ : 21॥9॥10॥11॥22॥60॥122॥ ਪ੍ਰੰਤੂ ਅਜੋਕੀਆਂ ਪਾਵਨ ਬੀੜਾਂ ਤੇ ਸੰਥਾ ਸੰਚੀਆਂ ਵਿੱਚ ਜੋੜ-ਅੰਕ ਸੂਚੀ ਮੁਤਾਬਕ ਸੋਧ ਕੇ ਇੰਝ ਲਿਖਿਆ ਹੈ : ॥2॥21॥9॥11॥10॥10॥22॥60॥143॥  ਭਾਵ ਭੱਟ ਸਵਈਏ ਮਹਲੇ ਪੰਜਵੇਂ ਦੇ 21, ਸਵਯੇ ਸ੍ਰੀ ਮੁਖਬਾਕ ਮ: ੫ ਦੋ ਸੰਗ੍ਰਹਿ (9॥11), ਭੱਟ ਸਵਈਏ ਮਹਲਾ ਪਹਿਲੇ ਦੇ 10, ਦੂਜੇ ਦੇ 10, ਤੀਜੇ ਦੇ 22, ਚੌਥੇ ਦੇ 60 ਕੁੱਲ ਜੋੜ 143 ਕਿਉਂਕਿ 123 ਸਵਈਏ ਤਾਂ ਕੇਵਲ ਭੱਟਾਂ ਦੇ ਹੀ ਹਨ ਅਤੇ 21 (9+11) ਸ੍ਰੀ ਮੁਖਵਾਕ ਮਹਲਾ ਪੰਜਵੇਂ ਦੇ।

ਪਰ ਇਸ ਸੁਧਾਈ ਵਿੱਚ ਘਾਟ ਇਹ ਹੈ ਕਿ ਇੱਕ ਤਾਂ ਬਾਣੀਕਾਰਾਂ ਦੀ ਤਰਤੀਬ ਸਹੀ ਨਹੀਂ ਅਤੇ ਦੂਜੇ ਮੁਖਬਾਕ ਮ: ੫ ਦੇ ਸਵਈਆਂ ਨੂੰ ਭੱਟਾਂ ਦੇ ਸਵਈਆਂ ਨਾਲ ਮਿਲਾ ਕੇ ਕੁੱਲ ਜੋੜ ਕਰਨਾ ਵੀ ਠੀਕ ਨਹੀਂ ਕਿਉਂਕਿ ਕਿਧਰੇ ਵੀ ਗੁਰੂ ਸਾਹਿਬਾਨ ਦੀ ਬਾਣੀ ਨੂੰ ਭਗਤਾਂ ਦੀ ਬਾਣੀ ਨਾਲ ਮਿਲਾ ਕੇ ਸਾਂਝਾ ਜੋੜ ਕੀਤਾ ਨਹੀਂ ਮਿਲਦਾ ਭਾਵ ਗੁਰਬਾਣੀ ਅਤੇ ਭਗਤਬਾਣੀ ਨੂੰ ਵੱਖ ਵੱਖ ਰੱਖਿਆ ਹੈ। ਇਸ ਲਈ ਸੰਪੂਰਨ ਬਾਣੀ ਬਝਵੀਂ ਤਰਤੀਬ ਮੁਤਾਬਕ ਚੌਥੇ ਮਹਲੇ ਦੇ 60 ਅੰਕ ਲਿਖਣ ਤੋਂ ਪਿੱਛੋਂ ਮਹਲੇ ਪੰਜਵੇਂ ਦੇ 21 ਦੁਬਾਰਾ ਲਿਖਣੇ ਚਾਹੀਦੇ ਸਨ। ਇਸ ਪ੍ਰਕਾਰ ਭੱਟ-ਬਾਣੀ ਦਾ ਵੇਰਵੇ ਭਰਪੂਰ ਸਹੀ ਜੋੜ-ਅੰਕ ਬਣਦਾ ਹੈ : ॥2॥21॥10॥10॥22॥60॥21॥123॥ ਪ੍ਰੰਤੂ ਹੋਰ ਵੀ ਚੰਗਾ ਹੋਵੇ ਜੇ ਪਦ-ਛੇਦ ਕਰਕੇ ਵਿੱਥ ਸਹਿਤ ਇਉਂ ਲਿਖਿਆ ਜਾਏ : ॥2॥21॥   ॥10॥10॥22॥60॥21॥123॥ ਕਿਉਂਕਿ ਇਸ ਪ੍ਰਕਾਰ ਪੁਰਾਤਨਤਾ ਜੋੜ-ਵਿਧੀ ਵੀ ਕਾਇਮ ਰਹਿੰਦੀ ਹੈ ਅਤੇ ਭੁਲੇਖਾ ਲੱਗਣ ਦੀ ਸੰਭਾਵਨਾ ਵੀ ਬਹੁਤ ਘਟ ਜਾਂਦੀ ਹੈ। ਇਸ ਜੋੜ-ਅੰਕ ਪ੍ਰਤੀ ਪਾਠ-ਭੇਦ ਸੂਚੀ ਦਾ ਹੇਠ ਲਿਖਿਆ ਨੋਟ ਵੀ ਪੜ੍ਹਨਯੋਗ ਹੈ :

ਨੋਟ (1) ‘‘ਸੰਚੀ ਵਿੱਚ ਸਵਈਆਂ ਦੇ ਅਖ਼ੀਰ ਪੁਰ ਜੋੜ ਅੰਕ ਇਉਂ ਲਿਖੇ ਹਨ :-

 21॥9॥10॥11॥22॥60॥122॥ ਇਹ ਸਹੀ ਨਹੀਂ। ਕਿਉਂ ਜੋ 123 ਛੰਦ ਤਾਂ ਕੇਵਲ ਭੱਟਾਂ ਦੇ ਹੀ ਹਨ। ਇਨ੍ਹਾਂ ਵਿੱਚ ‘9॥11’ ਜੋੜ ‘ਮੁਖਵਾਕ ਮਹਲਾ ੫’ ਦੇ ਵੀ ਲਿਖਾਰੀ ਨੇ ਸ਼ਾਮਲ ਕੀਤੇ ਹਨ। ਇਹ ਪਾ ਕੇ ਕੁੱਲ ਜੋੜ 143 ਬਣਦਾ ਹੈ ਲੇਕਿਨ ਪਿੱਛੇ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ, ਭਗਤਾਂ ਦੇ ਸ਼ਬਦ ਸਤਿਗੁਰਾਂ ਨਾਲ ਮਿਲਾ ਕੇ, ਕਿਤੇ ਜੋੜ ਨਹੀਂ ਕੀਤਾ। ਬੱਧੀ ਮਰਿਯਾਦਾ ਕਾਇਮ ਰੱਖਦਿਆਂ ਹੋਇਆਂ, ਇੱਥੇ ਜੋੜ ਅੰਕ ਇੰਝ ਲਿਖਣੇ ਚਾਹੀਦੇ ਹਨ :- 21॥ ਮ: ੧ ਕੇ 10 ॥ ਮ: ੨ ਕੇ 10 ॥ ਮ: ੩ ਕੇ 22 ॥ ਮ: ੪ ਕੇ 60 ॥ ਜੋੜ ਭੱਟਾਂ ਕੇ ਸਵਈਆਂ ਕਾ 123 ॥’’

ਉਪਰੋਕਤ ਵੀਚਾਰ ਤੋਂ ਸਪਸ਼ਟ ਹੁੰਦਾ ਹੈ ਕਿ ਇੱਕ ਤਾਂ ਛਾਪੇ ਦੀ ਬੀੜ ਵਿੱਚ ਬਾਣੀਕਾਰਾਂ ਦੇ ਵੇਰਵੇ ਵਾਲੇ ਜੋ ਕੁੱਲ ਜੋੜ-ਅੰਕ (ਜੁਮਲਾ) ਹਨ, ਇੱਕ ਤਾਂ ਉਨ੍ਹਾਂ ਦੀ ਲਿਖਣ ਵਿਧੀ ਵਿਚਾਰਨਯੋਗ ਹੈ ਅਤੇ ਦੂਜੇ, ਪਾਠਕਾਂ ਦੇ ਸੁਖਾਲਾ ਸਮਝਣ ਲਈ ਸੰਪੂਰਨ ਬਾਣੀ ਨੂੰ ਪਦ-ਛੇਦ ਕਰਨ ਵਾਂਗ ਸਾਰੇ ਜੁਮਲਿਆਂ ਨੂੰ ਵੀ ਪਦ-ਛੇਦ ਕਰਨਾ ਲੋੜੀਂਦਾ ਹੈ। ਜਿਵੇਂ ਰਾਗ ਮਾਝ ਵਿੱਚ ਮ: ੫ ਦੀਆਂ ਅਸਟਪਦੀਆਂ ਮੁੱਕਣ ’ਤੇ ਕੁਲ ਜੋੜ ਇਉਂ ਵਖਰਾਇਆ ਹੈ : ॥8॥5॥39॥1॥32॥1॥5॥39॥  ਅਸੀਂ ਵੇਖਦੇ ਹਾਂ ਕਿ ਇੱਥੇ ਅੰਕ 5 ਤੇ 39 ਦੋ ਵਾਰ ਲਿਖੇ ਹਨ, ਜਿਸ ਕਰਕੇ ਪਾਠਕ ਨੂੰ ਗਿਣਤੀ ਵਿੱਚ ਭੁਲੇਖਾ ਲੱਗਦਾ ਹੈ। ਹੱਥ ਲਿਖਤੀ ਤੇ ਛਾਪੇ ਦੀਆਂ ਬੀੜਾਂ ਵਿੱਚ ਵਧੇਰੇ ਇਹੀ ਢੰਗ ਅਪਨਾਇਆ ਗਿਆ ਹੈ, ਪਰ ਜੇ ਇਸ ਜੋੜ ਨੂੰ ਪਦ-ਛੇਦ ਕਰਕੇ ਹੇਠ ਲਿਖੇ ਅਨੁਸਾਰ ਲਿਖਿਆ ਜਾਏ ਤਾਂ ਕੋਈ ਭੁਲੇਖਾ ਵੀ ਨਹੀਂ ਪੈਂਦਾ ਤੇ ਸਧਾਰਨ ਵਿਅਕਤੀ ਵੀ ਸ਼ਬਦਾਂ ਦਾ ਵੇਰਵਾ ਸੁਖਾਲੇ ਹੀ ਸਮਝ ਸਕਦਾ ਹੈ : 85  1321539 ਭਾਵ- ਮ: ੧-1, ਮ: ੩-32, ਮ: ੪-1, ਮ: ੫-5॥ ਕੁੱਲ ਜੋੜ 39

ਰਾਗੁ ਧਨਾਸਰੀ ਵਿੱਚ 685 ’ਤੇ ਸ਼ਬਦਾਂ ਦਾ ਕੁੱਲ-ਜੋੜ ਇਉਂ ਲਿਖਿਆ ਹੈ ॥2॥4॥9॥9॥13॥58॥4॥93॥  ਭਾਵ ਮ: ੯ ਦੇ 4, ਮ: ੧ ਦੇ 9, ਮ: ੩ ਦੇ 9, ਮ: ੪ ਦੇ 13, ਮ: ੫ ਦੇ 58 ਅਤੇ ਮ: ੯ ਦੇ 4 ॥ ਕੁੱਲ ਜੋੜ ॥93 ॥ ਪਰ ਜੇ ਉਪਰੋਕਤ ਜੋੜ ਨੂੰ ਕਿਸੇ ਪ੍ਰਕਾਰ ਦੀ ਤਬਦੀਲੀ ਤੋਂ ਬਗੈਰ ਪਦ-ਛੇਦ ਕਰਕੇ ਇਉਂ ਲਿਖਿਆ ਜਾਏ ਤਾਂ ਕਿਸੇ ਕਿਸਮ ਦੇ ਭੁਲੇਖੇ ਵੀ ਗੁੰਜਾਇਸ਼ ਨਹੀਂ ਰਹਿੰਦੀ ਤੇ ਸਮਝ ਵੀ ਸੁਖਾਲੇ ਪੈਂਦੀ ਹੈ : 24  991358493

 ਇਸ ਲਈ ਜਥੇਦਾਰ ਵੇਦਾਂਤੀ ਜੀ ਦੁਆਰਾ ਸੋਧੀ ਅਤੇ ਸਿੱਖ ਬੁੱਕ ਕਲੱਬ ਦੁਆਰਾ ਔਨਲਾਈਨ ਪ੍ਰਕਾਸ਼ਤ ਕੀਤੇ ਬੀੜ ਦੇ ਖਰੜੇ ਵਿਖੇ ਯਤਨ ਕੀਤਾ ਜਾਪਦਾ ਹੈ ਕਿ ਹੱਥ-ਲਿਖਤ ਬੀੜਾਂ ਦੇ ਚਾਨਣ ਵਿੱਚ ਜੋੜ ਅੰਕਾਂ ਦੀਆਂ ਭੁੱਲਾਂ ਨੂੰ ਦੂਰ ਕਰਕੇ ਅੰਕ-ਵਿਧਾਨ ਪੱਖੋਂ ਵੀ ਇਕਸਾਰਤਾ ਕਾਇਮ ਹੋ ਸਕੇ। ਵੇਦਾਂਤੀ ਜੀ ਆਖਿਆ ਕਰਦੇ ਸਨ ਕਿ ਗੁਰਬਾਣੀ ਪ੍ਰੇਮੀਆਂ ਲਈ ਬਾਣੀ ਤਾਂ ਪਦ-ਛੇਦ ਹੋ ਗਈ, ਜਿਸ ਨਾਲ ਗੁਰਮੁਖੀ ਜਾਣਨ ਵਾਲੇ ਹਰੇਕ ਮਾਈ-ਭਾਈ ਲਈ ਬਾਣੀ ਪੜ੍ਹਣੀ ਤੇ ਸਮਝਣੀ ਸੌਖੀ ਹੋ ਗਈ, ਪਰ ਜੁਮਲੇ ਪਦ-ਛੇਦ ਹੋਣੋ ਰਹਿ ਗਏ ਹਨ। ਪਾਵਨ ਬੀੜ ਦੇ ਇਸ ਖਰੜੇ ਵਿੱਚ ਇਹ ਉਪਰਾਲਾ ਵੀ ਕੀਤਾ ਜਾਪਦਾ ਹੈ ਕਿ ਉਨ੍ਹਾਂ ਨੂੰ ਵੀ ਸ਼ੁੱਧ ਤੇ ਪਦ-ਛੇਦ ਕਰਕੇ ਹੀ ਲਿਖਿਆ ਜਾਏ। ਭਗਤ-ਬਾਣੀ ਦੇ ਜੁਮਲੇ (ਕੁੱਲ-ਜੋੜ) ਵੀ ਲਿਖੇ ਜਾਣ। ਜੋੜ ਅੰਕਾਂ ਦੀ ਸਪਸ਼ਟਤਾ ਪੱਖੋਂ ਹੋਰ ਵੀ ਚੰਗਾ ਹੋਵੇ ਜੇਕਰ ਪੰਥਕ ਪੱਧਰ ਦੀ ਵੀਚਾਰ ਸਦਕਾ ਸ਼ਬਦਾਂ ਦੀ ਕੁੱਲ ਗਿਣਤੀ ਵਾਲੇ ਜੋੜਾਂ (ਜੁਮਲਿਆਂ) ਵਿੱਚ ਬਾਣੀਕਾਰਾਂ ਦੇ ਸੰਖੇਪ ਪ੍ਰਤੀਕ ਮ: ੧ ਤੇ ਮ: ੩, ਮ: ੪, ਮ: ੫ ਤੇ ਮ: ੯ਵਾਂ ਆਦਿਕ ਦਾ ਵੇਰਵਾ ਵੀ ਦਰਜ ਕਰ ਦਿੱਤਾ ਜਾਵੇ। ਕਾਰਨ ਇਹ ਹੈ ਕਿ ਕੁਝ ਪ੍ਰਾਚੀਨ ਹੱਥ-ਲਿਖਤੀ ਬੀੜਾਂ ਵਿੱਚ ਇਹ ਢੰਗ ਅਪਣਾਇਆ ਮਿਲਦਾ ਹੈ। ਜਿਵੇਂ ‘ਪਾਠ-ਭੇਦ ਸੂਚੀ’ ਮੁਤਾਬਕ ‘ਸਿੱਖ ਰੈਫ਼ਰੈਂਸ ਲਾਇਬ੍ਰੇਰੀ’ ਦੀ ਸੰਨ 1610 ਵਾਲੀ ਲਹੌਰੀ ਬੀੜ ਨੰ. 1 ਤੋਂ ਇਲਾਵਾ 21/34, 32/6281 ਅਤੇ 47 ਨੰ. ਬੀੜਾਂ ਵਿੱਚ ਗਉੜੀ ਰਾਗ ਦੀਆਂ ਅਸਟਪਦੀਆਂ ਦਾ ਕੁੱਲ ਜੋੜ (ਜੁਮਲਾ) ਇਉਂ ਲਿਖਿਆ ਹੈ : ਅਸਟਪਦੀਆ ਮ: ੧ ॥18॥ ਮ: ੩ ॥9॥ ਮ: ੪ ॥2॥ ਮ: ੫ ॥15॥ ਤਿਨ ਕਾ ਜੁਮਲਾ 44॥

——ਚੱਲਦਾ——

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 6)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 7)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 8)