ਵਿੱਦਿਆ ਵੀਚਾਰੀ ਤਾਂ; ਪਰਉਪਕਾਰੀ॥

0
10592

ਵਿੱਦਿਆ ਵੀਚਾਰੀ ਤਾਂ; ਪਰਉਪਕਾਰੀ॥

ਰਣਜੀਤ ਸਿੰਘ, B.Sc., M.A., M.Ed. ਸਟੇਟ ਤੇ ਨੈਸ਼ਨਲ ਅਵਾਰਡੀ, ਹੈਡਮਾਸਟਰ (ਸੇਵਾ ਮੁਕਤ), 105,

ਮਾਇਆ ਨਗਰ, ਸਿਵਲ ਲਾਈਨਜ਼ (ਲੁਧਿਆਣਾ) 99155-15436

ਗੁਰੂ ਨਾਨਕ ਦੇਵ ਜੀ ਆਸਾ ਰਾਗ ਵਿੱਚ ਫੁਰਮਾਉਂਦੇ ਹਨ : ‘‘ਵਿਦਿਆ ਵੀਚਾਰੀ ਤਾਂ; ਪਰਉਪਕਾਰੀ ॥’’ (ਮ: ੧/੩੫੬) ਇਸ ਪਾਵਨ ਪੰਗਤੀ ਰਾਹੀਂ ਆਪ ਦੱਸਦੇ ਹਨ ਕਿ ਵਿੱਦਿਆ ਪ੍ਰਾਪਤ ਕਰਕੇ ਜੇਕਰ ਕੋਈ ਮਨੁੱਖ ਪਰਉਪਕਾਰੀ ਬਣ ਗਿਆ ਹੈ ਤਾਂ ਸਮਝੋ ਕਿ ਉਸ ਨੇ ਵਿੱਦਿਆ ਨੂੰ ਵਿਚਾਰਿਆ ਹੈ । ਵਿਚਾਰਹੀਣ ਵਿੱਦਿਆ ਮਨੁੱਖ ਨੂੰ ਪਰਉਪਕਾਰੀ ਬਣਨ ਦੀ ਥਾਂ ਕੁਰਾਹੇ ਪਾ ਦਿੰਦੀ ਹੈ । ਵਿੱਦਿਆ ਦੇ ਕਾਰਨ ਹੀ ਮਨੁੱਖ ਸਾਰੀਆਂ ਜੂਨਾਂ ਦਾ ਸਰਦਾਰ ਹੈ । ਕੁਦਰਤ ਨੇ ਸਾਜੇ ਹੋਏ ਵਿਸ਼ਾਲ ਬ੍ਰਹਿਮੰਡ ਵਿੱਚ ਜੇ ਕੇਵਲ ਇੱਕੋ ਗ੍ਰਹਿ ਧਰਤੀ (ਜਿਸ ’ਤੇ ਅਸੀਂ ਰਹਿ ਰਹੇ ਹਾਂ) ਦੀ ਗੱਲ ਹੀ ਕਰੀਏ ਤਾਂ ਇੱਥੇ ਲੱਖਾਂ ਕਿਸਮਾਂ ਦੇ ਜੀਵਾਂ ਦਾ ਵਾਸਾ ਹੈ । ਪੁਰਾਤਨ ਗ੍ਰੰਥਾਂ ਵਿੱਚ ਇੰਨ੍ਹਾਂ ਜੀਵਾਂ ਦੀ ਗਿਣਤੀ 84 ਲੱਖ ਦਰਸਾਈ ਗਈ ਹੈ । ਗੁਰਮਤਿ ਅਨੁਸਾਰ ਅਕਾਲ ਪੁਰਖ ਦੀ ਬੇਅੰਤਤਾ ਨੂੰ ਸ਼ਬਦਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ । ਉਸ ਦੀ ਅਨੰਤਤਾ ਨੂੰ ਦਰਸਾਉਣ ਲਈ ਅਸੰਖ ਸ਼ਬਦ ਵੀ ਤੁੱਛ ਹੈ ਅਤੇ ਇਹ ਸ਼ਬਦ ਵਰਤਣ ਨਾਲ ਵੀ ਸਿਰ ’ਤੇ ਭਾਰ ਹੀ ਚੜ੍ਹਦਾ ਹੈ । ਗੁਰੂ ਨਾਨਕ ਦੇਵ ਜੀ ਜਪੁ ਜੀ ਸਾਹਿਬ ਦੀ ਬਾਣੀ ਵਿੱਚ ਫੁਰਮਾਉਂਦੇ ਹਨ : ‘‘ਅਸੰਖ ਕਹਹਿ; ਸਿਰਿ ਭਾਰੁ ਹੋਇ॥’’

ਇਨ੍ਹਾਂ ਬੇਅੰਤ ਜੂਨਾਂ ਵਿੱਚੋਂ ਪ੍ਰਮਾਤਮਾ ਨੇ ਕੇਵਲ ਤੇ ਕੇਵਲ ਮਨੁੱਖ ਨੂੰ ਪੂਰਨ ਵਿਕਸਿਤ ਰੂਪ ਵਿੱਚ ਦਿਮਾਗ ਬਖਸ਼ਿਸ਼ ਕੀਤਾ ਹੈ । ਬਾਕੀ ਜੀਵਾਂ ਨੂੰ ਅਕਾਲ ਪੁਰਖ ਨੇ ਓਨਾ ਕੁ ਦਿਮਾਗ ਹੀ ਬਖਸ਼ਿਆ ਹੈ ਜਿਸ ਨਾਲ ਉਹ ਆਪਣੀ ਰੋਜ਼ੀ ਰੋਟੀ ਦੀ ਤਲਾਸ਼ ਕਰ ਸਕਦੇ ਹਨ, ਆਪਣੀ ਸੁਰੱਖਿਆ ਕਰਨ ਦੇ ਯੋਗ ਹੁੰਦੇ ਹਨ ਜਾਂ ਆਪਣੀ ਸੰਤਾਨ ਦੀ ਪਾਲਣਾ ਹੀ ਕਰ ਸਕਦੇ ਹਨ । ਇਨ੍ਹਾਂ ਜੀਵਾਂ ਦਾ ਹੋਰ ਕੋਈ ਜੀਵਨ ਮਨੋਰਥ ਨਹੀਂ ਹੁੰਦਾ, ਪ੍ਰੰਤੂ ਮਨੁੱਖ ਵਿੱਦਿਆ ਹਾਸਲ ਕਰ ਕੇ ਜਿੱਥੇ ਆਪਣਾ ਜੀਵਨ ਸਫਲ ਕਰਨ ਦੇ ਯੋਗ ਹੋ ਸਕਦਾ ਹੈ, ਉਥੇ ਉਹ ਆਦਰਸ਼ ਸਮਾਜ ਦੀ ਉਸਾਰੀ ਵੀ ਕਰ ਸਕਦਾ ਹੈ । ਗੁਰੂ ਅਰਜਨ ਦੇਵ ਜੀ ਦਾ ਫੁਰਮਾਨ ਹੈ : ‘‘ਅਵਰ ਜੋਨਿ; ਤੇਰੀ ਪਨਿਹਾਰੀ ॥ ਇਸੁ ਧਰਤੀ ਮਹਿ; ਤੇਰੀ ਸਿਕਦਾਰੀ ॥ (ਮ: ੫/੩੭੪)

ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ ਕਿ ਵਿੱਦਿਆ ਕੇਵਲ ਜਾਣਕਾਰੀ ਅਤੇ ਚੁੰਚ ਗਿਆਨ ਦਾ ਨਾਮ ਨਹੀਂ । ਕੇਵਲ ਕਿਤਾਬੀ ਗਿਆਨ ਹਾਸਲ ਕਰਨਾ ਜੀਵਨ ਦਾ ਮਨੋਰਥ ਨਹੀਂ । ਜੇ ਵਿੱਦਿਆ ਹਾਸਲ ਕਰ ਕੇ ਵੀ ਮਨੁੱਖ ਵਿੱਚੋਂ ਹਉਮੈ ਤੇ ਲਾਲਚ ਦੀ ਪ੍ਰਵਿਰਤੀ ਖ਼ਤਮ ਨਹੀਂ ਹੁੰਦੀ ਤਾਂ ਗੁਰੂ ਸਾਹਿਬ ਉਸ ਨੂੰ ਮੂਰਖ ਦਾ ਦਰਜਾ ਦਿੰਦੇ ਹਨ । ਮਾਝ ਕੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਜੀ ਫੁਰਮਾਉਂਦੇ ਹਨ : ‘‘ਪੜਿਆ ਮੂਰਖੁ ਆਖੀਐ; ਜਿਸੁ ਲਬੁ ਲੋਭੁ ਅਹੰਕਾਰਾ ॥’’ (ਮ: ੧/੧੪੦)

ਜੇਕਰ ਪ੍ਰਾਪਤ ਕੀਤੀ ਵਿੱਦਿਆ, ਅਕਾਲ ਪੁਰਖ ਦੀ ਸੋਝੀ ਨਹੀਂ ਕਰਾਉਂਦੀ ਤਾਂ ਉਹ ਕਿਸੇ ਲੇਖੇ ਵਿੱਚ ਨਹੀਂ ਤੇ ਵਿਅਰਥ ਹੀ ਹੈ। ਅਜਿਹੀ ਵਿੱਦਿਆ ਤਾਂ ਕੇਵਲ ਝੱਖ ਮਾਰਨ ਵਾਲੀ ਗੱਲ ਹੀ ਹੈ । ਆਸਾ ਕੀ ਵਾਰ ਦੀ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਦੇ ਪਾਵਨ ਬਚਨ ਹਨ : ‘‘ਪੜਿ ਪੜਿ ਗਡੀ ਲਦੀਅਹਿ; ਪੜਿ ਪੜਿ ਭਰੀਅਹਿ ਸਾਥ ॥ ਪੜਿ ਪੜਿ ਬੇੜੀ ਪਾਈਐ; ਪੜਿ ਪੜਿ ਗਡੀਅਹਿ ਖਾਤ ॥ ਪੜੀਅਹਿ ਜੇਤੇ ਬਰਸ ਬਰਸ; ਪੜੀਅਹਿ ਜੇਤੇ ਮਾਸ ॥ ਪੜੀਐ ਜੇਤੀ ਆਰਜਾ; ਪੜੀਅਹਿ ਜੇਤੇ ਸਾਸ ॥ ਨਾਨਕ  ! ਲੇਖੈ ਇਕ ਗਲ; ਹੋਰੁ ਹਉਮੈ ਝਖਣਾ ਝਾਖ ॥’’ (ਮ: ੧/੪੬੭)

ਅਧਿਆਤਮਕ ਗਿਆਨ ਦੀ ਪ੍ਰਾਪਤੀ ਤੋਂ ਬਿਨਾਂ ਹਾਸਲ ਕੀਤਾ ਹੋਇਆ ਦੁਨਿਆਵੀ ਗਿਆਨ ਬਿਲਕੁਲ ਅਧੂਰਾ ਹੈ । ਸਗੋਂ ਕਈ ਵਾਰ ਤਾਂ ਕੇਵਲ ਕਿਤਾਬੀ ਗਿਆਨ ਮਨੁੱਖ ਲਈ ਫਾਹੀ ਦਾ ਕਾਰਨ ਬਣ ਜਾਂਦਾ ਹੈ । ਇਕ ਵਿਅਕਤੀ ਕਈ ਸਾਲਾਂ ਦੀ ਕਠਿਨ ਮਿਹਨਤ ਤੋਂ ਬਾਅਦ ਡਾਕਟਰੀ ਦੀ ਉਚ ਵਿੱਦਿਆ ਹਾਸਲ ਕਰਦਾ ਹੈ ਪਰ ਅਧਿਆਤਮਕ ਗਿਆਨ ਤੋਂ ਸੱਖਣਾ ਹੋਣ ਕਾਰਨ ਉਹ ਇਸ ਵਿੱਦਿਆ ਦੀ ਦੁਰਵਰਤੋਂ ਕਰਦਾ ਹੋਇਆ, ਇਸ ਨੂੰ ਕੇਵਲ ਪੈਸਾ ਕਮਾਉਣ ਦਾ ਸਾਧਨ ਹੀ ਸਮਝ ਲੈਂਦਾ ਹੈ । ਜਿਸ ਡਾਕਟਰ ਨੇ ਪ੍ਰਾਪਤ ਕੀਤੇ ਗਿਆਨ ਨਾਲ ਸਮਾਜ ਨੂੰ ਚੰਗੀ ਸਿਹਤ ਪ੍ਰਦਾਨ ਕਰਨੀ ਸੀ, ਉਹ ਲਾਲਚਵੱਸ ਕਿਸੇ ਵਿਅਕਤੀ ਦਾ ਗੁਰਦਾ ਕੱਢ ਕੇ ਵੇਚਦਾ ਹੈ ਅਤੇ ਪੈਸੇ ਦੀ ਦੌੜ ਵਿੱਚ ਅੱਗੇ ਲੰਘਣ ਦਾ ਯਤਨ ਕਰਦਾ ਹੈ । ਅਜਿਹੀ ਵਿੱਦਿਆ ਕਿਸੇ ਸਮੇਂ ਡਾਕਟਰ ਨੂੰ ਅਦਾਲਤ ਦੇ ਕਟਹਿਰੇ ਵਿੱਚ ਵੀ ਖੜ੍ਹਾ ਕਰ ਦਿੰਦੀ ਹੈ । ਇਸੇ ਤਰ੍ਹਾਂ ਆਤਮਿਕ ਗਿਆਨ ਤੋਂ ਸੱਖਣਾ ਵਕੀਲ ਕਿਸੇ ਨਿਰਦੋਸ਼ ਵਿਅਕਤੀ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜ ਕੇ ਆਪਣੀ ਵਿੱਦਿਆ ’ਤੇ ਫੋਕਾ ਫ਼ਖਰ ਮਹਿਸੂਸ ਕਰਦਾ ਹੈ ਤੇ ਕਿਸੇ ਗੁਨਾਹਗਾਰ ਨੂੰ ਨਿਰਦੋਸ਼ ਹੋਣ ਦਾ ਖਿਤਾਬ ਦੇ ਕੇ ਆਪਣੀ ਵਿੱਦਿਆ ਦਾ ਦੀਵਾਲਾ ਵੀ ਕੱਢਦਾ ਹੈ ।

ਭਗਤ ਕਬੀਰ ਜੀ ‘ਬਾਵਨ ਅਖਰੀ’ ਵਿੱਚ ਮਨੁੱਖ ਨੂੰ ਸਮਝਾਉਂਦੇ ਹੋਏ ਬਿਆਨ ਕਰਦੇ ਹਨ ਕਿ ਭਾਸ਼ਾ ਦੇ ਵੱਖ ਵੱਖ ਅੱਖਰਾਂ ਨੂੰ ਜੋੜ ਕੇ ਵੱਡੇ ਵੱਡੇ ਗ੍ਰੰਥ ਤਾਂ ਰਚ ਲਏ ਹਨ ਪ੍ਰੰਤੂ ਉਹ ਨਾਸ਼ ਰਹਿਤ (ਅੱਖਰ) ਇੱਕ ਅਕਾਲ ਪੁਰਖ ਨੂੰ ਨਹੀਂ ਪਛਾਣ ਸਕਿਆ । ਭਗਤ ਕਬੀਰ ਜੀ ਦਾ ਫੁਰਮਾਨ ਹੈ : ‘‘ਬਾਵਨ ਅਖਰ ਜੋਰੇ ਆਨਿ ॥ ਸਕਿਆ ਨ, ਅਖਰੁ ਏਕੁ ਪਛਾਨਿ ॥’’ (ਭਗਤ ਕਬੀਰ/੩੪੩)

ਜੇਕਰ ਮਨੁੱਖ ਉਸ ਨਾਸ਼ ਰਹਿਤ ਪ੍ਰਭੂ ਨੂੰ ਸਮਝ ਸਕਿਆ ਹੁੰਦਾ ਤਾਂ ਉਹ ਵਿੱਦਿਆ ਦੀ ਦੁਰਵਰਤੋਂ ਨਾ ਕਰਦਾ । ਭਾਰਤ ਦੇ ਸਾਬਕਾ ਰਾਸ਼ਟਰਪਤੀ ਤੇ ਸੰਸਾਰ ਪ੍ਰਸਿੱਧ ਫ਼ਿਲਾਸਫ਼ਰ ਡਾ. ਰਾਧਾ ਕ੍ਰਿਸ਼ਨਨ ਨੇ ਵਿੱਦਿਆ ਦਾ ਮਨੋਰਥ ਚੰਗਾ ਇਨਸਾਨ ਬਣਨਾ ਦੱਸਿਆ ਹੈ । ਉਹ ਲਿਖਦੇ ਹਨ ਕਿ ‘ਅੱਜ ਦੇ ਆਧੁਨਿਕ ਸਮੇਂ ਵਿੱਚ ਮਨੁੱਖ ਨੇ ਏਨੀ ਜ਼ਿਅਦਾ ਤਰੱਕੀ ਕਰ ਲਈ ਹੈ ਕਿ ਉਹ ਪੰਛੀਆਂ ਦੀ ਤਰ੍ਹਾਂ ਹਵਾ ਵਿੱਚ ਉੱਡ ਸਕਦਾ ਹੈ ਅਤੇ ਉਸ ਨੇ ਮੱਛੀਆਂ ਦੀ ਤਰ੍ਹਾਂ ਪਾਣੀ ਵਿੰਚ ਤੈਰਨਾ ਸਿੱਖ ਲਿਆ ਹੈ । ਹੁਣ ਲੋੜ ਹੈ ਕਿ ਉਹ ਇਸ ਧਰਤੀ ’ਤੇ ਇਨਸਾਨਾਂ ਵਾਂਗ ਚੱਲਣਾ ਵੀ ਸਿੱਖੇ । ਉਹ ਹਾਸਲ ਕੀਤੀ ਵਿੱਦਿਆ ਨਾਲ ਸਰੀਰ, ਮਨ ਅਤੇ ਆਤਮਾ ਦਾ ਵਿਕਾਸ ਵੀ ਕਰੇ ।’

ਪੜ੍ਹੇ ਲਿਖੇ ਤੋਂ ਭਾਵ ਕੇਵਲ ਅੱਖਰੀ ਗਿਆਨ ਹਾਸਲ ਕਰਨਾ ਹੀ ਨਹੀਂ । ਅਜਿਹੇ ਪੜ੍ਹੇ ਲਿਖੇ ਵੇਖੀਏ ਤਾਂ ਰਾਵਣ ਵੀ ਬਹੁਤ ਵੱਡਾ ਵਿਦਵਾਨ ਸੀ । ਅਜਾਮਲ ਆਪਣੇ ਸਮੇਂ ਦਾ ਵੱਡਾ ਗਿਆਨਦਾਤਾ ਸੀ । ਜੇ ਅਜਿਹੇ ਪੜ੍ਹੇ ਲਿਖਿਆਂ ਨੇ ਜਾਤ ਭਾਈਆਂ ਨੂੰ ਮੁਕਤ ਕਰਨ ਦੀ ਬਜਾਏ ਆਪਣੇ ਮਾਲਕ ਦੇ ਜਾਲ ਵਿੱਚ ਹੀ ਫਸਾਉਣਾ ਹੈ ਤਾਂ ਸਤਿਗੁਰੂ ਜੀ ਅਜਿਹੇ ਮਨੁੱਖਾਂ ਦੀ ਤੁਲਨਾ ਸਿਖਾਏ ਹੋਏ ਹਿਰਨਾਂ ਤੇ ਬਾਜਾਂ ਨਾਲ ਕਰਦੇ ਹਨ । ਜਿਵੇਂ ਸਿਖਾਇਆ ਹੋਇਆ ਬਾਜ ਜਾਂ ਹਿਰਨ ਹੋਰਨਾਂ ਪੰਛੀਆਂ (ਆਪਣੇ ਭਰਾਵਾਂ) ਨੂੰ ਲਿਆ ਕੇ ਸ਼ਿਕਾਰੀ ਕੋਲ ਫਸਾ ਦਿੰਦਾ ਹੈ, ਉਸੇ ਤਰ੍ਹਾਂ ਪੜ੍ਹਿਆ ਹੋਇਆ ਚਲਾਕ ਮਨੁੱਖ ਹੋਰ ਵਿਅਕਤੀਆਂ ਨੂੰ ਆਪਣੇ ਮਾਲਕ (ਰਾਜੇ ਰਜਵਾੜੇ ਜਾਂ ਅਮੀਰ ਵਿਅਕਤੀ) ਦੇ ਜਾਲ ਵਿੱਚ ਫਸਾ ਕੇ ਉਨ੍ਹਾਂ ਨੂੰ ਗੁਲਾਮੀ ਦਾ ਨਰਕ ਭੋਗਣ ਜੋਗਾ ਬਣਾ ਦਿੰਦਾ ਹੈ । ਅਜਿਹੇ ਧੋਖੇਬਾਜ਼ ਮਨੁੱਖ ਨੂੰ ਪ੍ਰਭੂ ਦੀ ਦਰਗਾਹ ਵਿੱਚ ਢੋਈ ਨਹੀਂ ਮਿਲਦੀ । ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ : ‘‘ਹਰਣਾਂ ਬਾਜਾਂ ਤੈ ਸਿਕਦਾਰਾਂ; ਏਨ੍ਾ ਪੜਿ੍ਆ ਨਾਉ ॥ ਫਾਂਧੀ ਲਗੀ ਜਾਤਿ ਫਹਾਇਨਿ; ਅਗੈ ਨਾਹੀ ਥਾਉ ॥ (ਮ: ੧/੧੨੮੮)

ਅਮਰੀਕਾ ਦੇ ਰਾਸ਼ਟਰਪਤੀ ਇਬਰਾਹਿਮ ਲਿੰਕਨ ਨੇ ਆਪਣੇ ਪੁੱਤਰ ਰਾਬਰਟ ਨੂੰ ਸਕੂਲ ਦਾਖ਼ਲ ਕਰਾਉਣ ਤੋਂ ਬਾਅਦ ਉਸ ਸਕੂਲ ਦੇ ਹੈਡਮਾਸਟਰ ਨੂੰ ਇੱਕ ਪੱਤਰ ਲਿਖਿਆ ਕਿ ‘ਮੇਰੇ ਬੱਚੇ ਨੂੰ ਇਹ ਸਿਖਾਓ ਕਿ ਮਿਹਨਤ ਨਾਲ ਕਮਾਇਆ ਹੋਇਆ ਇੱਕ ਡਾਲਰ, ਮੁਫ਼ਤ ਵਿੱਚ ਮਿਲੇ ਪੰਜ ਡਾਲਰਾਂ ਨਾਲੋਂ ਜ਼ਿਆਦਾ ਕੀਮਤੀ ਹੁੰਦਾ ਹੈ, ਉਸ ਨੂੰ ਦੱਸੋ ਕਿ ਹਾਰ ਨੂੰ ਜਰਨਾ ਸਿੱਖੇ ਤੇ ਜਿੱਤ ਦਾ ਅਨੰਦ ਵੀ ਮਾਣੇ । ਉਸ ਨੂੰ ਕੁਦਰਤੀ ਭੇਦਾਂ ’ਤੇ ਵੀ ਦਿਮਾਗ ਲੜਾਉਣ ਲਈ ਵਕਤ ਦਿਓ । ਉਸ ਨੂੰ ਸਕੂਲ ਵਿੱਚ ਇਹ ਵੀ ਸਿਖਾਓ ਕਿ ਨਕਲ ਮਾਰ ਕੇ ਪਾਸ ਹੋਣ ਨਾਲੋਂ ਫੇਲ੍ਹ ਹੋਣਾ ਚੰਗਾ ਹੈ । ਉਸ ਨੂੰ ਸਿਖਾਓ ਕਿ ਸਭ ਦੀ ਗੱਲ ਸੁਣੇ ਅਤੇ ਜੋ ਕੁੱਝ ਸੁਣੇ, ਉਸ ਨੂੰ ਸੱਚਾਈ ਦਾ ਛਾਨਣਾ ਲਾਵੇ ਅਤੇ ਜੋ ਚੰਗਾ ਲੱਗੇ, ਉਸ ਨੂੰ ਪੱਲੇ ਬੰਨ੍ਹ ਲਵੇ ।’

ਇਸ ਤਰ੍ਹਾਂ ਵਿੱਦਿਆ ਦੀ ਯੋਗ ਵਰਤੋਂ ਕਰ ਕੇ ਮਨੁੱਖ ਸੱਚ ਦੇ ਮਾਰਗ ’ਤੇ ਚੱਲ ਕੇ ਸਰਬੱਤ ਦਾ ਭਲਾ ਕਰ ਸਕਦਾ ਹੈ । ਇਸੇ ਵਿੱਦਿਆ ਦੀ ਸਮੁੱਚੀ ਵਰਤੋਂ ਨਾਲ ਕੋਈ ਵੀ ਕੰਮ ਕਰਨ ਤੋਂ ਪਹਿਲਾਂ, ਉਸ ਨਾਲ ਨਿਕਲਣ ਵਾਲੇ ਸਿੱਟੇ ਨੂੰ ਵਿਚਾਰ ਸਕਦਾ ਹੈ, ਜਿਸ ਨਾਲ ਉਸ ਨੂੰ ਖ਼ੁਆਰ ਨਹੀਂ ਹੋਣਾ ਪੈਂਦਾ । ਗੁਰੂ ਨਾਨਕ ਸਾਹਿਬ ਜੀ ਫੁਰਮਾਉਂਦੇ ਹਨ : ‘‘ਅਗੋ ਦੇ ਜੇ ਚੇਤੀਐ; ਤਾਂ ਕਾਇਤੁ ਮਿਲੈ ਸਜਾਇ ॥’’ (ਮ: ੧/੪੧੭)

ਜਿਹੜੇ ਮਨੁੱਖ ਪ੍ਰਾਪਤ ਕੀਤੀ ਵਿੱਦਿਆ ਨੂੰ ਕੇਵਲ ਧਨ ਪਦਾਰਥਾਂ ਦੀ ਖ਼ਾਤਰ ਹੀ ਵੇਚਦੇ ਹਨ, ਉਹ ਆਪਣਾ ਜੀਵਨ ਵਿਅਰਥ ਗੁਆ ਲੈਂਦੇ ਹਨ । ਮਾਰੂ ਰਾਗ ਵਿੱਚ ਭਗਤ ਕਬੀਰ ਜੀ ਫੁਰਮਾਉਂਦੇ ਹਨ : ‘‘ਮਾਇਆ ਕਾਰਨ ਬਿਦਿਆ ਬੇਚਹੁ; ਜਨਮੁ ਅਬਿਰਥਾ ਜਾਈ ॥’’ (ਭਗਤ ਕਬੀਰ/੧੧੦੩)

ਜਦੋਂ ਮਨੁੱਖ ਵਿੱਦਿਆ ਪ੍ਰਾਪਤੀ ਦੇ ਨਾਲ ਨਾਲ ਸੱਚ ਦਾ ਗਿਆਨ ਹਾਸਲ ਕਰ ਲੈਂਦਾ ਹੈ ਤਾਂ ਉਸ ਦੇ ਅੰਦਰੋਂ ਖੋਟੀ ਮੱਤ ਦੂਰ ਹੋ ਜਾਂਦੀ ਹੈ ਅਤੇ ਅੰਦਰ ਸੱਚ ਦਾ ਪ੍ਰਕਾਸ਼ ਹੋ ਜਾਂਦਾ ਹੈ । ਭਗਤ ਬੇਣੀ ਜੀ ਫੁਰਮਾਉਂਦੇ ਹਨ : ‘‘ਉਪਜੈ ਗਿਆਨੁ; ਦੁਰਮਤਿ ਛੀਜੈ ॥ ਅੰਮਿ੍ਰਤ ਰਸਿ; ਗਗਨੰਤਰਿ ਭੀਜੈ ॥’’ (ਭਗਤ ਬੇਣੀ/੯੭੪)

ਗੁਰੂ ਅਮਰਦਾਸ ਜੀ ਦਾ ਫੁਰਮਾਨ ਹੈ : ਗਿਆਨ ਰਤਨਿ ਸਭ ਸੋਝੀ ਹੋਇ ॥ (ਮ: ੩/੩੬੪) ਇਹ ਗਿਆਨ ਹੀ ਹੈ ਜੋ ਮਨੁੱਖ ਦੇ ਮਨ ਵਿੱਚੋਂ ਵਿਕਾਰਾਂ ਨੂੰ ਖ਼ਤਮ ਕਰਦਾ ਹੈ । ਇਸ ਤਰ੍ਹਾਂ ਮਨੁੱਖ ਦੁਆਰਾ ਪ੍ਰਾਪਤ ਕੀਤੀ ਵਿੱਦਿਆ ਸਮਾਜ ਲਈ ਪਰਉਪਕਾਰੀ ਬਣ ਜਾਂਦੀ ਹੈ ।

ਅੱਜ ਅਸੀਂ ਵੇਖਦੇ ਹਾਂ ਕਿ ਗਿਆਨ ਵਿਗਿਆਨ ਦੇ ਪਸਾਰੇ ਦੇ ਬਾਵਜੂਦ ਵੀ ਮਨੁੱਖਾਂ ਵਿੱਚ ਪਸ਼ੂ ਬਿਰਤੀ ਹੋਰ ਬਲਵਾਨ ਹੋ ਰਹੀ ਹੈ । ਛੋਟੀ ਛੋਟੀ ਗੱਲ ’ਤੇ ਲੋਕ ਹਿੰਸਕ ਹੋ ਜਾਂਦੇ ਹਨ । ਇਲਾਕੇ, ਭਾਸ਼ਾ, ਧਰਮ, ਨਸਲ, ਜਾਤ, ਰੰਗ, ਆਦਿ ਦੇ ਨਾਮ ’ਤੇ ਝਗੜੇ ਹੋ ਜਾਂਦੇ ਹਨ । ਲੁੱਟਾਂ, ਖੋਹਾਂ, ਅੱਗਾਂ ਲਾਉਣਾ, ਬੰਬਾਰੀ, ਕਤਲੋਗਾਰਤ, ਆਦਿ ਰੂਪਾਂ ਵਿੱਚ ਹਿੰਸਕ ਵਰਤਾਰਾ ਆਮ ਹੋ ਗਿਆ ਹੈ । ਸਿਆਸੀ ਹੰਕਾਰ ਸਿਖਰਾਂ ’ਤੇ ਹੈ । ਜਿੰਨ੍ਹਾਂ ਦੇਸ਼ਾਂ ਕੋਲ ਅਤਿ ਆਧੁਨਿਕ ਹਥਿਆਰ ਜਾਂ ਸਾਧਨ ਮੌਜੂਦ ਹਨ, ਉਹ ਦੂਜੇ ਦੇਸ਼ਾਂ ਵਿੱਚ ਬੇਝਿਜਕ ਦਖ਼ਲ ਅੰਦਾਜ਼ੀ ਕਰ ਰਹੇ ਹਨ ਅਤੇ ਵੱਡੀ ਪੱਧਰ ’ਤੇ ਤਬਾਹੀ ਮਚਾ ਰਹੇ ਹਨ । ਅੱਜ ਦਾ ਮਨੁੱਖ ਧਨ ਪਦਾਰਥ ਜਮ੍ਹਾ ਕਰਨ ਦੀ ਹੋੜ ਵਿੱਚ ਲੱਗਾ ਹੋਇਆ ਹੈ । ਭ੍ਰਿਸ਼ਟਾਚਾਰ ਅਤੇ ਅਨੈਤਿਕ ਢੰਗ ਤਰੀਕਿਆਂ ਨਾਲ ਧਨ ਪਦਾਰਥਾਂ ਦਾ ਅੰਬਾਰ ਲਾ ਰਿਹਾ ਹੈ । ਉਹ ਨਸ਼ਿਆਂ, ਵਿਭਚਾਰ ਅਤੇ ਨੰਗੇਜਵਾਦ ਨਾਲ ਸਰੀਰਕ ਤੇ ਮਾਨਸਿਕ ਖੁਸ਼ੀ ਪ੍ਰਾਪਤ ਕਰਨੀ ਚਾਹੁੰਦਾ ਹੈ, ਪਰ ਅਨੇਕਾਂ ਮਾਨਸਿਕ ਉਲਝਣਾਂ ਅਤੇ ਬਿਮਾਰੀਆਂ ਨਾਲ ਜਕੜਿਆ ਹੋਇਆ ਪ੍ਰੇਸ਼ਾਨ ਤੇ ਦੁਖੀ ਹੁੰਦਾ ਹੈ ਕਿਉਂਕਿ ਉਹ ਦੈਵੀ ਤੇ ਨੈਤਿਕ ਗੁਣਾਂ ਵੱਲੋਂ ਕੰਗਾਲ ਹੋ ਰਿਹਾ ਹੈ । ਉਸ ਦੇ ਅੰਦਰ ਪਰਉਪਕਾਰ ਦੀ ਭਾਵਨਾ ਦੀ ਥਾਂ ਸੁਆਰਥ ਦੀ ਭਾਵਨਾ ਵਧ ਰਹੀ ਹੈ । ਅੱਜ ਦੇ ਮਨੁੱਖ ਨੂੰ ਅਜਿਹੀ ਵਿੱਦਿਆ ਦੀ ਲੋੜ ਹੈ, ਜਿਸ ਨਾਲ ਉਹ ਸਰੀਰਕ, ਮਾਨਸਿਕ ਤੇ ਅਧਿਆਤਮਕ ਤੌਰ ’ਤੇ ਸਰਬਪੱਖੀ ਵਿਕਾਸ ਹੋ ਸਕੇ ।