ਗੁਰੂ ਰਾਮਦਾਸ ਜੀ ਦਾ ਜੀਵਨ ਵੇਰਵਾ

0
15383

ਗੁਰੂ ਰਾਮਦਾਸ ਜੀ ਦਾ ਜੀਵਨ ਵੇਰਵਾ

ਗਿਆਨੀ ਅਵਤਾਰ ਸਿੰਘ

ਜਨਮ :-ਚੂੰਨਾ ਮੰਡੀ (ਲਹੌਰ)-24 ਸਤੰਬਰ 1534, ਪਿਤਾ ਹਰਿ ਦਾਸ ਜੀ ਅਤੇ ਮਾਤਾ ਦਇਆ ਜੀ।

ਗੁਰਗੱਦੀ ਅਤੇ ਜੋਤੀ ਜੋਤਿ :- 1 ਸਤੰਬਰ 1574 ਅਤੇ 1 ਸਤੰਬਰ 1581  / ਉਮਰ 47 ਸਾਲ ਅਤੇ ਗੁਰਗੱਦੀ ਕੁਲ 7 ਸਾਲ।

ਪਰਵਾਰ :-ਵਿਆਹ ਫਰਵਰੀ 1553, ਮਹਿਲ- ਮਾਤਾ ਭਾਨੀ ਜੀ (ਛੋਟੀ ਸਪੁੱਤਰੀ ਸ੍ਰੀ ਗੁਰੁ ਅਮਰਦਾਸ ਜੀ)

ਤਿੰਨ ਸਾਹਿਬਜ਼ਾਦੇ- ਪ੍ਰਿਥੀ ਚੰਦ-1558, ਮਹਾਂਦੇਵ-1560 ਅਤੇ ਅਰਜਨ ਦੇਵ ਜੀ-1563

ਕਾਰਜ-ਪਿੰਡ ਤੁੰਗ ਦੇ ਜ਼ਿਮੀਦਾਰਾਂ ਤੋਂ 700 ਅਕਬਰੀ ਰੁਪਏ ਦੇ ਕੇ 500 ਵਿਘੇ ਜ਼ਮੀਨ ਖ਼ਰੀਦੀ ਸੀ। ਗੁਰੂ ਕਾ ਚੱਕ (ਅੰਮ੍ਰਿਤਸਰ ਸਾਹਿਬ) ਦੀ ਨੀਂਹ ਰੱਖੀ-1574 ਤੇ ਸਰੋਵਰ ਦੀ ਆਰੰਭਤਾ-1577

ਸ੍ਰੀ ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ‘ਜੇਠਾ’ ਸੀ ਅਤੇ ਕੁਦਰਤ ਦਾ ਭਾਣਾ ਐਸਾ ਵਰਤਿਆ ਕਿ 7 ਸਾਲ ਦੀ ਉਮਰ ਹੋਣ ਤੱਕ ਆਪ ਜੀ ਦੇ ਸਿਰ ’ਤੇ ਮਾਤਾ ਦਾ ਸਾਇਆ ਨਾ ਰਿਹਾ ਤੇ ਛੇਤੀ ਹੀ ਪਿਤਾ ਜੀ ਵੀ ਚੜਾਈ ਕਰ ਗਏ। ਸੰਬੰਧੀਆਂ ਨੇ ਮੂੰਹ ਫੇਰ ਲਿਆ ਅਤੇ ਲਹੌਰ ਵਿੱਚੋਂ ਕਿਸੇ ਨੇ ਵੀ ਆਪ ਜੀ ਦੀ ਮਦਦ ਨਾ ਕੀਤੀ ਪਰ ਆਪ ਜੀ ਦੀ ਨਾਨੀ ਆਪ ਜੀ ਨੂੰ ਬਾਸਰਕੇ ਲੈ ਆਈ। ਨਾਨੀ ਆਰਥਿਕ ਪੱਖੋਂ ਗ਼ਰੀਬ ਸੀ ਜਿਸ ਕਰਕੇ ਆਪ ਜੀ ਦੇ ਸਿਰ ’ਤੇ ਆਪਣੇ ਛੋਟੇ ਭਰਾ ਅਤੇ ਭੈਣ ਦੇ ਪਾਲਣ- ਪੋਸਣ ਦਾ ਭਾਰ ਵੀ ਪੈ ਗਿਆ। ਆਪ ਚੜ੍ਹਦੀ ਕਲਾ ਦੀ ਮੂਰਤ ਸਨ ਅਤੇ ਹੌਸਲਾ ਨਾ ਹਾਰਿਆ ਸਗੋਂ ਘੁੰਗਣੀਆਂ ਵੇਚਣ ਦੀ ਕਿਰਤ ਕਰਨ ਲੱਗ ਪਏ ਅਤੇ ਕਿਸੇ ਅੱਗੇ ਹੱਥ ਨਹੀਂ ਫੈਲਾਇਆ।

1541 ਵਿੱਚ ਜੇਠਾ ਜੀ ਬਾਸਰਕੇ ਆਏ ਸਨ ਅਤੇ ਕੋਈ 1546 ਵਿੱਚ ਗੁਰੂ ਅਮਰਦਾਸ ਜੀ ਨੇ ਆਪ ਜੀ ਨੂੰ ਗੋਇੰਦਵਾਲ ਹੀ ਰਹਿਣ ਦੀ ਪ੍ਰੇਰਣਾ ਦਿੱਤੀ। ਇੱਥੇ ਗੁਰੂ ਅਮਰਦਾਸ ਜੀ ਦੇ ਪਿਆਰ ਤੇ ਹਮਦਰਦੀ ਨੇ ਜੇਠਾ ਜੀ ਨੂੰ ਗੁਰਮਤਿ ਨਾਲ ਜੋੜਨ ਵਿੱਚ ਡੂੰਘਾ ਪ੍ਰਭਾਵ ਪਾਇਆ। ਆਪ ਜੀ ਨੇ ਵੀ ਆਪਣੇ ਜੀਵਨ ਦਾ ਹਰ ਪਲ ਗੁਰੂ ਉਪਦੇਸ਼ ਅਨੁਸਾਰ ਢਾਲਣ ਦਾ ਯਤਨ ਕੀਤਾ ਅਤੇ ਕੋਈ 40 ਕੁ ਸਾਲ ਦੀ ਉਮਰ ਤੱਕ ਪੂਰੀ ਨਿਸ਼ਠਾ ਨਾਲ ਗੁਰੂ ਘਰ ਦੀ ਸੇਵਾ ਕੀਤੀ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ’ਤੇ ਚੌਥੇ ਗੁਰੂ ਰੂਪ ਵਿਚ ਬਿਰਾਜਮਾਨ ਹੋਏ। ਇਤਿਹਾਸ ਐਸਾ ਦਸਦਾ ਹੈ ਕਿ ਇਕ ਦਿਨ ਗੁਰੂ ਅਮਰਦਾਸ ਜੀ ਘਰ ਵਿਚ ਆਪਣੀ ਲੜਕੀ ਬੀਬੀ ਭਾਨੀ ਦੇ ਰਿਸਤੇ ਬਾਰੇ ਵਿਚਾਰ ਕਰ ਰਹੇ ਸਨ ਤਾਂ ਅਚਾਨਕ ਹੀ ‘ਜੇਠਾ’ ਜੀ ਜੋ ਉਸ ਵੇਲੇ ਮਿੱਟੀ-ਇੱਟਾਂ ਆਦਿ ਚੁੱਕਣ ਦੀ ਸੇਵਾ ਵਿੱਚ ਲੱਗੇ ਹੋਏ ਸਨ ਨੂੰ ਵੇਖ ਕੇ ਮਾਤਾ ਜੀ ਨੇ ਸਹਿਜ ਸੁਭਾ ਹੀ ਆਖ ਦਿੱਤਾ ਕਿ ਭਾਨੀ ਲਈ ਐਡਾ ਅਤੇ ਐਸਾ ਵਰ ਹੋਣਾ ਚਾਹੀਦਾ ਹੈ। ਗੁਰੂ ਅਮਰਦਾਸ ਜੀ ਨੇ ਆਖਿਆ ਕਿ ਐਸਾ ਤਾਂ ਫਿਰ ਇਹੋ ਹੀ ਹੈ ਅਤੇ ਆਪਣੀ ਪੁੱਤਰੀ ਭਾਨੀ ਜੀ ਦੀ ਸਗਾਈ ਆਪ ਜੀ ਨਾਲ ਕਰ ਦਿੱਤੀ। ਗੁਰੂ ਸਾਹਿਬ ਆਪਣੀ ਪੁਤਰੀ ਭਾਨੀ ਅਤੇ ਜੇਠਾ ਜੀ ਨੂੰ ਪਤੀ-ਪਤਨੀ ਦੇ ਰੂਪ ਵਿਚ ਸੇਵਾ ਵਿਚ ਮਗਨ ਅਤੇ ਜੁਟੇ ਰਹਿੰਦੇ ਦੇਖ ਕੇ ਬਹੁਤ ਖੁਸ਼ ਹੁੰਦੇ। ਇਨ੍ਹਾਂ ਦਿਨਾਂ ਵਿੱਚ ਗੋਇੰਦਵਾਲ ਵਿੱਚ ਬਾਉਲੀ ਦੀ ਕਾਰ-ਸੇਵਾ ਹੋ ਰਹੀ ਸੀ ਜਿਸ ਵਿਚ ਇਹਨਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ।

ਸੁਭਾਅ ਅਤੇ ਪ੍ਰੀਖਿਆ

ਆਪ ਜੀ ਮਿਠ ਬੋਲੜੇ ਸਨ। ਨਿਮਰਤਾ, ਦਇਆ, ਪ੍ਰੇਮ ਅਤੇ ਉਦਾਰਤਾ ਦੇ ਗੁਣਾਂ ਨਾਲ ਭਰਪੂਰ ਸਨ ਜਿਸ ਦਾ ਪਰਤੱਖ ਸਬੂਤ ਗੁਰੂ ਅਮਰਦਾਸ ਜੀ ਵੱਲੋਂ ਲਈ ਪ੍ਰੀਖਿਆ ਵੇਲੇ ਮਿਲਦਾ ਹੈ। ਬਾਉਲੀ ਦੀ ਉਸਾਰੀ ਦੇਖਣ ਲਈ ਇਕ ਥੜ੍ਹਾ ਬਨਾਉਣ ਵਾਸਤੇ ਆਖਿਆ। ਗੁਰੂ ਸਾਹਿਬ ਜੀ ਨੇ ਆਪਣੇ ਵੱਡੇ ਜਵਾਈ ਰਾਮਾ ਜੀ ਅਤੇ ਛੋਟੇ ਜੇਠਾ ਜੀ ਨੂੰ ਥੜ੍ਹੇ ਬਣਾਉਣ ਵਾਸਤੇ ਆਖਿਆ। ਰਾਮਾ ਜੀ ਨੇ ਤਾਂ ਗੁਰੂ ਜੀ ਵੱਲੋਂ ਬਾਰ-ਬਾਰ ਥੜ੍ਹਾ ਢਾਉਣ ’ਤੇ ਗੁੱਸਾ ਮਨਾਇਆ ਪਰ ਜੇਠਾ ਜੀ ਨੇ ਦੋ ਵਾਰ ਥੜ੍ਹਾ ਢਾਏ ਜਾਣ ’ਤੇ ਵੀ ਬੜੀ ਨਿਮ੍ਰਤਾ ਨਾਲ ਆਖਿਆ ‘‘ਮੈਂ ਤਾਂ ਅਣਜਾਨ ਤੇ ਭੁਲਣਹਾਰ ਹਾਂ ਪਰ ਤੁਸੀਂ ਤਾਂ ਕ੍ਰਿਪਾਲੂ ਹੋ। ਬਾਰ ਬਾਰ ਭੁੱਲਾਂ ਬਖ਼ਸ਼ਦੇ ਹੋ।’’ ਇਹ ਮੇਰੀ ਅਗਿਆਨਤਾ ਹੈ ਕਿ ਆਪ ਜੀ ਜੋ ਮੈਨੂੰ ਸਮਝਾਉਂਦੇ ਹੋ, ਮੈਂ ਆਪ ਜੀ ਦਾ ਕਿਹਾ ਚੰਗੀ ਤਰ੍ਹਾਂ ਸਮਝ ਨਹੀਂ ਸਕਦਾ। ਗੁਰੂ ਰਾਮਦਾਸ ਜੀ ਦੀ ਨਿਮਰਤਾ ਦਾ ਹੋਰ ਪ੍ਰਮਾਣ ਇਤਿਹਾਸ ਵਿੱਚੋਂ ਮਿਲਦਾ ਹੈ ਕਿ ਜਦ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਆਪ ਜੀ ਨੂੰ ਪੁੱਛਿਆ ਕਿ ਇਤਨਾ ਲੰਬਾ ਦਾੜ੍ਹਾ ਕਿਉਂ ਰੱਖਿਆ ਹੋਇਆ ਹੈ ਤਾਂ ਆਪ ਨੇ ਆਖਿਆ ਕਿ ਆਪ ਜੈਸੇ ਗੁਰਮੁਖਾਂ ਦੇ ਚਰਨ ਝਾੜਨ ਲਈ ਹੈ। ਬਾਬਾ ਜੀ ਬਹੁਤ ਪ੍ਰਭਾਵਿਤ ਹੋਏ ਅਤੇ ਆਖਿਆ ਕਿ ਤੁਹਾਡੀ ਮਹਿਮਾਂ ਪਹਿਲੇ ਹੀ ਬਹੁਤ ਸੁਣੀ ਸੀ ਹੁਣ ਪਰਤੱਖ ਵੇਖ ਵੀ ਲਈ ਹੈ।

ਗੁਰੂ ਅਮਰ ਦਾਸ ਜੀ ਦੇ ਜਵਾਈ ਹੁੰਦਿਆਂ ਹੋਇਆਂ ਵੀ ਜੇਠਾ ਜੀ ਨੇ ਗੁਰੂ ਸਾਹਿਬ ਦੇ ਸਤਕਾਰ ਵਿੱਚ ਰਤਾ ਭਰ ਵੀ ਢਿਲ ਨਹੀਂ ਕੀਤੀ ਅਤੇ ਸਦਾ ਗੁਰੂ ਸਰੂਪ ਜਾਣ ਕੇ ਹੀ ਸੇਵਾ ਕੀਤੀ। ਆਪਣੇ ਸ਼ਰੀਕਾਂ ਦੇ ਕਹਿਣ ’ਤੇ ਵੀ ਕੋਈ ਪ੍ਰਵਾਹ ਨਾ ਕੀਤੀ ਅਤੇ ਸਿਰ ’ਤੇ ਗਾਰੇ ਦੀ ਟੋਕਰੀ ਚੁੱਕਣ ਵਾਲੀ ਸੇਵਾ ਕਰਦੇ ਰਹੇ ਅਤੇ ਗੁਰੂ ਅਮਰਦਾਸ ਜੀ ਨੇ ਵੀ ਆਖ ਦਿੱਤਾ ਕਿ ਇਹ ਗਾਰੇ ਦੀ ਟੋਕਰੀ ਨਹੀਂ ਸਗੋਂ ਰਾਜ-ਜੋਗ ਦਾ ਛਤਰ ਹੈ। ਆਪਣੇ ਵੱਡੇ ਪੁੱਤਰ ਪ੍ਰਿਥੀ ਚੰਦ ਵੱਲੋਂ ਵਧੀਕੀਆਂ ਕਰਣ ’ਤੇ ਵੀ ਉਨ੍ਹਾਂ ਨੂੰ ਬੁਰਾ ਭਲਾ ਨਹੀਂ ਕਿਹਾ ਸਗੋਂ ਘਰੋਗੀ ਜੀਵਨ ਨੂੰ ਸਦਾ ਖੁਸ਼ਗਵਾਰ ਰੱਖਿਆ। ਆਪ ਜੀ ਦੇ ਜੀਵਨ ਦਾ ਰਾਜ ਨਿਮਰਤਾ, ਹਲੇਮੀ ਅਤੇ ਪਿਆਰ ਹੈ ਜੋ ਗੁਰੂ ਨਾਨਕ ਦੇ ਰਾਜ ਜੋਗ ਤਖ਼ਤ ਦੇ ਵਾਲੀ ਦੇ ਖਾਸ ਸੀਂਗਾਰੀ ਗਹਿਣੇ ਸਨ। ਆਪ ਜੀ ਅੰਦਰੋਂ ਬਾਹਰੋਂ ਪ੍ਰੇਮ ਦਾ ਮੁਜੱਸਮਾ ਸਨ। ਸ੍ਰੀ ਗੁਰੂ ਅਮਰਦਾਸ ਜੀ ਲਈ ਅਥਾਹ ਸਤਿਕਾਰ ਅਤੇ ਪੂਰਨ ਸ਼ਰਧਾ ਸੀ ਅਤੇ ਸਦਾ ਉਹਨਾਂ ਦੇ ਕਹੇ ਨੂੰ ਖੁਸ਼ੀ ਖੁਸ਼ੀ ਮੰਨਦੇ ਤੇ ਪਿਆਰ ਵਿਚ ਭਿੱਜੇ ਰਹਿੰਦੇ ਸਨ। ਤਦੇ ਤਾਂ ਆਖਦੇ ਹਨ : ‘‘ਜੇ ਗੁਰੁ ਝਿੜਕੇ, ਤ ਮੀਠਾ ਲਾਗੈ; ਜੇ ਬਖਸੇ, ਤ ਗੁਰ ਵਡਿਆਈ॥ (ਮ : ੪/੭੫੮), ਹਮ ਬਾਰਿਕ ਮੁਗਧ ਇਆਨ; ਪਿਤਾ ਸਮਝਾਵਹਿਗੇ ॥ ਸੁਤੁ ਖਿਨੁ ਖਿਨੁ ਭੂਲਿ ਬਿਗਾਰਿ; ਜਗਤ ਪਿਤ ਭਾਵਹਿਗੇ ॥੧॥ ਜੋ ਹਰਿ ਸੁਆਮੀ ! ਤੁਮ ਦੇਹੁ; ਸੋਈ ਹਮ ਪਾਵਹਗੇ ॥ ਮੋਹਿ ਦੂਜੀ ਨਾਹੀ ਠਉਰ; ਜਿਸੁ ਪਹਿ ਹਮ ਜਾਵਹਗੇ ॥ (ਮ : ੪/੧੩੨੧), ਹਰਿ ਅੰਮ੍ਰਿਤ ਭਿੰਨੇ ਲੋਇਣਾ; ਮਨੁ ਪ੍ਰੇਮਿ ਰਤੰਨਾ ਰਾਮ ਰਾਜੇ ॥ ਮਨੁ ਰਾਮਿ ਕਸਵਟੀ ਲਾਇਆ; ਕੰਚਨੁ ਸੋਵਿੰਨਾ ॥ ਗੁਰਮੁਖਿ ਰੰਗਿ ਚਲੂਲਿਆ; ਮੇਰਾ ਮਨੁ ਤਨੋ ਭਿੰਨਾ ॥ ਜਨੁ ਨਾਨਕੁ ਮੁਸਕਿ ਝਕੋਲਿਆ; ਸਭੁ ਜਨਮੁ ਧਨੁ ਧੰਨਾ ॥’’ (ਮ : ੪/੪੪੯)

ਦ੍ਰਿੜ੍ਹਤਾ  :-

ਗੁਰੂ ਰਾਮਦਾਸ ਜੀ ਦ੍ਰਿੜ੍ਹਤਾ ਦੇ ਪੁੰਜ ਸਨ। ਗੁਰਗੱਦੀ ’ਤੇ ਬੈਠਣ ਤੋਂ ਪਹਿਲਾਂ ਆਪ ਜੀ ਨੂੰ ਗੁਰੂ ਅਮਰਦਾਸ ਜੀ ਨੇ ਗੁਰਮਤਿ ਦਾ ਪੱਖ ਪੇਸ਼ ਕਰਨ ਲਈ ਲਹੌਰ ਅਕਬਰ ਦੇ ਦਰਬਾਰ ਵਿੱਚ ਭੇਜਿਆ ਸੀ ਕਿਉਂਕਿ ਜਾਤ ਅਭਿਮਾਨੀਆਂ, ਕਰਮਕਾਂਡੀਆਂ ਅਤੇ ਗੁਰਮਤਿ ਵਿਚਾਰਧਾਰਾ ਦੇ ਵਿਰੋਧੀਆਂ ਨੇ ਗੁਰੂ ਅਮਰਦਾਸ ਜੀ ’ਤੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਸਿੱਖ ਧਰਮ ਦੇ ਪ੍ਰਚਾਰ ਵਿਰੁਧ, ਰਾਜ ਦਰਬਾਰ ਵਿੱਚ ਇਕ ਲੰਮੀ ਚੌੜੀ ਸ਼ਿਕਾਇਤ ਦਰਜ ਕਰਵਾਈ ਸੀ। (ਗੁਰੂ) ਰਾਮਦਾਸ ਜੀ ਨੇ ਸਾਰੇ ਇਤਰਾਜਾਂ ਦਾ ਬੜੇ ਵਿਸਥਾਰ, ਧੀਰਜ ਤੇ ਨਿਡਰਤਾ ਨਾਲ ਉੱਤਰ ਦਿੱਤਾ। ਇਸ ਤਰ੍ਹਾਂ ਵਿਰੋਧੀਆਂ ਨੂੰ ਹਾਰ ਦਾ ਮੂੰਹ ਵੇਖਣਾ ਪਇਆ ਅਤੇ ਅਕਬਰ ਦੇ ਦਿਲ ਵਿੱਚ ਸਿੱਖ ਸਤਿਗੁਰਾਂ ਅਤੇ ਗੁਰਮਤਿ ਸਿਧਾਂਤਾਂ ਪ੍ਰਤੀ ਪਿਆਰ ਅਤੇ ਸਤਿਕਾਰ ਪੈਦਾ ਹੋਇਆ। ਆਪਣੀ ਬਾਣੀ ਵਿੱਚ ਆਪ ਨੇ ਮਨਮਤੀਆਂ, ਭਰਮੀਆਂ, ਦੋਖੀਆਂ, ਗੁਰ ਨਿੰਦਕਾਂ ਅਤੇ ਖ਼ੁਦਗਰਜ਼ਾਂ ਨੂੰ ਖ਼ੂਬ ਸੁਣਾਈਆਂ ਹਨ ਇੱਥੋਂ ਤੱਕ ਕਿ ਆਪਣੇ ਪੁੱਤਰ ਪ੍ਰਿਥੀਏ ਨੂੰ ਵੀ ਖਰੀਆਂ ਖਰੀਆਂ ਆਖ ਦਿੱਤੀਆਂ।

ਗੁਰ ਸਿੱਖਾਂ ਨੂੰ ਉਪਦੇਸ  :-

ਗੁਰੂ ਰਾਮਦਾਸ ਜੀ ਦਾ ਇਹ ਦ੍ਰਿੜ ਵਿਸ਼ਵਾਸ ਕਿ ਜਦ ਤੱਕ ਸੇਵਾ ਕਰਨ ਵਾਲੇ ਦੇ ਮਨ ਵਿੱਚ ਮਾਲਕ ਲਈ ਪਿਆਰ ਸਤਿਕਾਰ ਨਹੀਂ ਉਹ ਤਨੋਂ ਮਨੋਂ ਸੇਵਾ ਕਰ ਹੀ ਨਹੀਂ ਸਕਦਾ। ਇਸੇ ਕਰਕੇ ਆਪ ਗੁਰੂ ਅਮਰਦਾਸ ਜੀ ’ਤੇ ਰੱਬ ਵਰਗਾ ਵਿਸ਼ਵਾਸ ਕਰਦੇ ਸੀ। ਤਦੇ ਤਾਂ ਆਖਦੇ ਹਨ : ‘‘ਹਉ ਪਾਣੀ ਪਖਾ ਪੀਸਉ ਸੰਤ ਆਗੈ; ਪਗ ਮਲਿ ਮਲਿ, ਧੂਰਿ ਮੁਖਿ ਲਾਈਐ ॥’’ (ਮ : ੪/੮੮੧) ਇਸੇ ਦ੍ਰਿੜਤਾ ਕਰਕੇ ਆਪ ‘ਧੰਨ ਗੁਰੂ ਰਾਮਦਾਸ’ ਬਣੇ ਪਰ ਜੀਵਨ ਵਿਚ ਹਉਮੈ ਨੂੰ ਲਾਗੇ ਨਹੀਂ ਆਉਣ ਦਿੱਤਾ ਸਗੋਂ ਨਿਸਕਾਮ ਹੋ ਕੇ ਸੇਵਾ ਕਰਨ ਦੀ ਪ੍ਰੇਰਣਾ ਕੀਤੀ : ‘‘ਵਿਚਿ ਹਉਮੈ, ਸੇਵਾ ਥਾਇ ਨ ਪਾਏ ॥ ਜਨਮਿ ਮਰੈ, ਫਿਰਿ ਆਵੈ ਜਾਏ ॥’’ (ਮ : ੪/੧੦੭੧)

ਪਹਿਲੇ ਗੁਰੂ ਸਾਹਿਬਾਨ ਵਾਂਗ ਆਪ ਨੇ ਵੀ ਗ੍ਰਹਿਸਤੀ ਧਰਮ ਧਾਰਨ ਕਰਨ ਲਈ ਕਿਹਾ ਪਰ ਮੋਹ ਮਾਇਆ ਤੋਂ ਅਲੇਪ ਰਹਿਣ ਦਾ ਜੀਵਨ ਸਿਧਾਂਤ ਇਸ ਤਰ੍ਹਾਂ ਦੱਸਿਆ : ‘‘ਵਿਚੇ ਗ੍ਰਿਹ, ਸਦਾ ਰਹੈ ਉਦਾਸੀ; ਜਿਉ ਕਮਲੁ ਰਹੈ ਵਿਚਿ ਪਾਣੀ ਹੇ ॥’’ (ਮ : ੪/੧੦੭੦) ਭਾਵ ਨਾਮ ਤੋਂ ਬਿਨਾ ਜੀਵਨ ਮਨੋਰਥ ਦੀ ਪ੍ਰਾਪਤੀ ਨਹੀਂ ਹੋ ਸਕਦੀ ਦ੍ਰਿੜ ਕਰਵਾਇਆ ਪਰ ਜੀਵਨ ਦੀਆਂ ਬੁਨਿਆਦੀ ਲੋੜਾਂ ਪ੍ਰਤੀ ਅਣਗਹਲੀ ਨਾ ਕਰਨ ਦਾ ਉਪਦੇਸ਼ ਵੀ ਦਿੱਤਾ। ਮਿਹਨਤ ਤੋਂ ਮੂੰਹ ਮੋੜਨਵਾਲਾ ਜੀਵ ਜਿੰਦਗੀ ਵਿੱਚ ਕਦੀ ਕਾਮਯਾਬ ਨਹੀਂ ਹੋ ਸਕਦਾ, ਇਹ ਉਹਨਾਂ ਨੇ ਛੋਟੀ ਉਮਰੇ ਹੀ ਭਾਂਪ ਲਿਆ ਸੀ। ਸੋ, ਇਹੋ ਹੀ ਉਹ ਪ੍ਰਚਾਰਦੇ ਸਨ। ਗੁਰੂ ਸਿੱਖਾਂ ਲਈ ਉਹਨਾਂ ਦਾ ਦਿੱਤਾ ਇਹ ਉਪਦੇਸ਼ ਸਾਡੇ ਲਈ ਸਦਾ ਚਾਨਣ ਮੁਨਾਰਾ ਹੈ : ‘‘ਗੁਰ ਸਤਿਗੁਰ ਕਾ ਜੋ ਸਿਖੁ ਅਖਾਏ, ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥’’ (ਮ : ੪/੩੦੬) ਅਤੇ ਇਸੇ ਸ਼ਬਦ ਦੇ ਅੰਤ ਵਿਚ ਆਖਿਆ ਹੈ : ‘‘ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥ ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥’’ (ਮ : ੪/੩੦੬)

ਬੇਪਰਵਾਹ ਅਤੇ ਮਾਇਆ ਤੋਂ ਨਿਰਲੇਪ  :-

ਧੰਨ ਦੌਲਤ ਨਾਲ ਕੋਈ ਮੋਹ ਨਹੀਂ ਸੀ ਸਗੋਂ ਗਰੀਬਾਂ ਦੀ ਸਹਾਇਤਾ ਪੁਜ ਕੇ ਕਰਦੇ ਸਨ। ਇਤਿਹਾਸ ਇਹ ਦਸਦਾ ਹੈ ਕਿ ਸੇਠ ਜਗਤ ਰਾਮ ਨੇ ਕੈਂਠਾ ਦਿੱਤਾ, ਆਪ ਨੇ ਲੋੜਵੰਦ ਨੂੰ ਉਸੇ ਵੇਲੇ ਦੇ ਦਿੱਤਾ। ਇਕ ਮਾਈ ਨੇ ਚਾਅ ਨਾਲ ਮੋਤੀਆਂ ਦੀ ਮਾਲਾ ਦਿੱਤੀ ਪਰ ਆਪ ਨੇ ਰਾਹ ਵਿੱਚ ਬੈਠੇ ਮਲੰਗ ਨੂੰ ਦੇ ਦਿੱਤੀ। ਅਕਬਰ ਨੇ ਮੋਹਰਾਂ ਭੇਟਾ ਕੀਤੀਆਂ ਤਾਂ ਆਪ ਜੀ ਨੇ ਉਸੇ ਵੇਲੇ ਵੰਡਵਾਂ ਦਿੱਤੀਆਂ। ਰਸਦਾਂ ਆਈਆਂ ਲੋਕਾਂ ਵਿੱਚ ਵਰਤਾ ਦਿੱਤੀਆਂ। ਗੁਰੂ ਜੀ ਨੇ ਕਿਸੇ ਰਜਵਾੜੇ ਦੀ ਮਿੱਤਰਤਾ ਹਾਸਲ ਕਰਨ ਦਾ ਕਦੀ ਯਤਨ ਨਹੀਂ ਕੀਤਾ, ਨਾ ਹੀ ਕਿਸੇ ਬਾਦਸ਼ਾਹ ਦੀ ਸਰਪ੍ਰਸਤੀ ਵੱਲ ਧਿਆਨ ਗਿਆ।

ਸਾਹਿਤਕਾਰ ਤੇ ਸੰਗੀਤ ਦੇ ਪ੍ਰੇਮੀ  :-

ਛੋਟੀ ਉਮਰ ਵਿੱਚ ਪੜ੍ਹਨ ਅਤੇ ਖੇਡਣ ਦੀ ਸੱਧਰ ਪੂਰੀ ਨਾ ਹੋ ਸਕੀ ਪਰ ਜਿਉਂ ਹੀ ਸਮਾਂ ਮਿਲਦਾ ਗਿਆ ਆਪ ਸੇਵਾ ਦੇ ਨਾਲ ਨਾਲ ਗੁਰੂ ਦਰਬਾਰ ਦੀ ਹਾਜ਼ਰੀ ਭਰਦੇ ਅਤੇ ਸੰਗੀਤ ਕਲਾ ਨੂੰ ਮਨ ਲਾ ਕੇ ਸਿਖਦੇ ਅਤੇ ਸਾਹਿਤ ਦੀ ਖੋਜ ਵੀ ਕਰਦੇ। ਆਪ ਜੀ ਦੀ ਬਾਣੀ ਵਿੱਚ ਇੱਕ ਮਹਾਨ ਸਾਹਿਤਕਾਰ, ਸੰਗੀਤ ਪ੍ਰੇਮੀ ਤੇ ਰਾਗ ਕਲਾ ਦੀਆਂ ਬਰੀਕੀਆਂ ਪ੍ਰਗਟ ਹੁੰਦੀਆਂ ਹਨ। ਜਿਸ ਦਾ ਗੁਰਬਾਣੀ ਦੇ ਵਿੱਚ ਇੱਕ ਉਮਾਹ ਅਤੇ ਨਵੇਂ ਨਵੇਂ ਸਬਦਾਂ ਦੀ ਘਾੜਤ ਤੋਂ ਪਤਾ ਲੱਗਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 22 ਵਾਰਾਂ ਵਿੱਚੋਂ 8 ਵਾਰਾਂ ਮੂਲ ਰੂਪ ਵਿੱਚ ਆਪ ਜੀ ਦੀਆਂ ਹਨ। ਇਹਨਾਂ ਵਾਰਾਂ ਵਿੱਚ ਗੁਰੂ ਸੂਰਮੇ ਦੀ ਜਿੱਤ ਅਤੇ ਨਿੰਦਕਾਂ, ਦੋਖੀਆਂ, ਦੁਸਟਾਂ ਅਤੇ ਚੁਗਲਖੋਰਾਂ ਦੀ ਹਾਰ ਵਿਖਾਈ ਹੈ। ਗੁਰੂ ਸਾਹਿਬ ਸ਼ਬਦ ਘੜਨ ਵਿੱਚ ਵਿਸ਼ੇਸ਼ ਮੁਹਾਰਤ ਰੱਖਦੇ ਸਨ ਅਤੇ ਇੱਕ ਸੁਜਾਨ ਜੌਹਰੀ ਦੀ ਤਰ੍ਹਾਂ ਸ਼ਬਦਾਂ ਨੂੰ ਨਗਾਂ ਦੀ ਤਰ੍ਹਾਂ ਯੋਗ ਥਾਂ ’ਤੇ ਜੜ੍ਹ ਦਿੰਦੇ ਸਨ। ਕਈ ਨਵੇਂ ਸ਼ਬਦਾਂ ਦੀ ਘਾੜਤ ਉਹਨਾਂ ਦੀ ਬਾਣੀ ਦੀ ਵਿਸ਼ੇਸ਼ਤਾ ਹੈ। ਗੁਰਬਾਣੀ ਵਿਚ ਸ਼ਬਦਾਂ ਨੂੰ ਮੋਤੀਆਂ ਵਾਂਗ ਪਰੋਇਆ ਜਿਵੇਂ ਕੋਈ ਸੁਆਣੀ ਆਪਣੇ ਗਲੇ ਦਾ ਹਾਰ ਪਰੋਂਦੀ ਹੈ। ਆਪ ਜੀ ਰਾਗਾਂ ਦੇ ਇਤਨੇ ਮਾਹਿਰ ਹੋ ਨਿਬੜੇ ਕਿ ਆਪ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੇ ਗਏ ਕੁਲ 31 ਰਾਗਾਂ ਵਿੱਚੋਂ 30 ਰਾਗਾਂ ਵਿੱਚ ਮਿਲਦੀ ਹੈ ਅਤੇ ਆਪ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੁਲ 638 ਸ਼ਬਦ ਹਨ। ਹੇਠਲੇ ਸ਼ਬਦ ਵਿਚ ‘ਙ’ ਦੀ ਵਰਤੋਂ ਤਾਂ ਆਪਣੇ ਆਪ ਵਿੱਚ ਇਕ ਮਿਸਾਲ ਹੈ : ‘‘ਹਰਿ ਨਾਮਾ ਹਰਿ ਰੰਙੁ ਹੈ, ਹਰਿ ਰੰਙੁ ਮਜੀਠੈ ਰੰਙੁ ॥ ਗੁਰਿ ਤੁਠੈ ਹਰਿ ਰੰਗੁ ਚਾੜਿਆ, ਫਿਰਿ ਬਹੁੜਿ ਨ ਹੋਵੀ ਭੰਙੁ ॥੧॥ ਮੇਰੇ ਮਨ  ! ਹਰਿ ਰਾਮ ਨਾਮਿ ਕਰਿ ਰੰਙੁ॥ ਗੁਰਿ ਤੁਠੈ ਹਰਿ ਉਪਦੇਸਿਆ, ਹਰਿ ਭੇਟਿਆ ਰਾਉ ਨਿਸੰਙੁ ॥੧॥ ਰਹਾਉ ॥ ਮੁੰਧ ਇਆਣੀ ਮਨਮੁਖੀ, ਫਿਰਿ ਆਵਣ ਜਾਣਾ ਅੰਙੁ ॥ ਹਰਿ ਪ੍ਰਭੁ ਚਿਤਿ ਨ ਆਇਓ, ਮਨਿ ਦੂਜਾ ਭਾਉ ਸਹਲੰਙੁ ॥੨॥ ਹਮ ਮੈਲੁ ਭਰੇ ਦੁਹਚਾਰੀਆ, ਹਰਿ ਰਾਖਹੁ ਅੰਗੀ ਅੰਙੁ ॥ ਗੁਰਿ ਅੰਮ੍ਰਿਤ ਸਰਿ ਨਵਲਾਇਆ, ਸਭਿ ਲਾਥੇ ਕਿਲਵਿਖ ਪੰਙੁ ॥੩॥ ਹਰਿ ਦੀਨਾ ਦੀਨ ਦਇਆਲ ਪ੍ਰਭੁ, ਸਤਸੰਗਤਿ ਮੇਲਹੁ ਸੰਙੁ ॥ ਮਿਲਿ ਸੰਗਤਿ ਹਰਿ ਰੰਗੁ ਪਾਇਆ, ਜਨ ਨਾਨਕ  ! ਮਨਿ ਤਨਿ ਰੰਙੁ ॥’’ (ਮ : ੪/੭੩੨)

ਸੂਹੀ ਰਾਗ ਵਿਚ ਲਾਵਾਂ ਦੀ ਬਾਣੀ ਉਚਾਰੀ ਤਾਂ ਕਿ ਸਿੱਖ ਭਵਿਖ ਵਿੱਚ ਬ੍ਰਾਹਮਣ ਦੀ ਮੁਥਾਜੀ ਤੋਂ ਬਚ ਜਾਣ। ਇਸ ਵਿਚ ਗ੍ਰਹਿਸਤ ਦੀ ਮਹਾਨਤਾ, ਪਤੀ-ਪਤਨੀ ਦੀ ਬਰਾਬਰੀ, ਇਕ ਦੂਜੇ ਦਾ ਸਤਿਕਾਰ ਅਤੇ ਕੁਰਬਾਨੀ ਕਰਨ ਦਾ ਆਦਰਸ਼ ਪੇਸ਼ ਕੀਤਾ ਹੈ ਅਤੇ ਇਸੇ ਤੋਂ ਹੀ ਸਿੱਖਾਂ ਨੂੰ ਕਰਤੇ ਨੂੰ ਮਿਲਣ ਦੇ ਚਾਓ ਅਤੇ ਪੜਾਵਾਂ ਨੂੰ ਵੀ ਦਰਸਾ ਦਿੱਤਾ ਹੈ।

ਕੌਮੀ ਉਸਰੱਈਏ :-

੧੫੭੦ ਵਿੱਚ ਗੁਰੂ ਅਮਰਦਾਸ ਜੀ ਨੇ ਆਪਣੇ ਜੀਊਂਦਿਆਂ ‘ਗਰੂ ਕੇ ਚੱਕ’ ਦੀ ਨਵੀਂ ਬਸਤੀ ਵਸਾਉਣੀ ਸ਼ੁਰੂ ਕਰ ਦਿੱਤੀ ਸੀ। ਇਹੀ ‘ਗੁਰੂ ਕਾ ਚੱਕ’ ਬਾਅਦ ਵਿਚ ‘ਰਾਮਦਾਸਪੁਰ’ ਅਤੇ ‘ਅੰਮ੍ਰਿਤਸਰ’ ਕਹਿਲਾਇਆ। ‘ਅੰਮ੍ਰਿਤਸਰ’ ਅਤੇ ‘ਸੰਤੋਖਸਰ ਸਰੋਵਰ’ ਦੀ ਖੁਦਵਾਈ ਕਰਵਾਈ। ਵੱਖ ਵੱਖ ਬਜ਼ਾਰ ਅਤੇ ਸ਼ਹਿਰ ਦੀ ਉਸਾਰੀ ਆਪਣੀ ਨਿਗਰਾਨੀ ਵਿੱਚ ਕਰਵਾਈ। ਗ਼ਰੀਬ ਅਤੇ ਕਿਰਤੀ ਲੋਕ ਇੱਥੇ ਆਣ ਵਸੇ। ਇਸ ਤਰ੍ਹਾਂ ਥੋੜ੍ਹੇ ਸਮੇਂ ਵਿੱਚ ਹੀ ਜੰਗਲ ਵਿਚ ਮੰਗਲ ਲੱਗ ਗਿਆ। 52 ਅਲੱਗ-ਅਲੱਗ ਕਿੱਤਿਆਂ ਦੇ ਲੋਕਾਂ ਨੂੰ ਇੱਥੇ ਵਸਾਇਆ ਗਿਆ ਜਿਨ੍ਹਾਂ ਦੇ ਨਾਮ ਅੱਜ ਤੱਕ ਪ੍ਰਚਲਿਤ ਹਨ। ਆਪ ਜੀ ਦੇ ਉੱਦਮ ਸਦਕਾ ਕੌਮ ਨੂੰ ਭਵਿਖ ਵਾਸਤੇ ਇੱਕ ਕੇਂਦਰੀ ਸਥਾਨ ਮਿਲ ਗਿਆ। ਸਾਂਝੇ ਕੌਮੀ ਖਜ਼ਾਨੇ ਦੀ ਲੋੜ ਨੂੰ ਦੇਖਦਿਆਂ ਹੋਇਆਂ ‘ਮਸੰਦ ਪ੍ਰਥਾ’ ਨੂੰ ਹੋਰ ਮਜ਼ਬੂਤ ਕੀਤਾ ਅਤੇ ਸਿੱਖੀ ਪ੍ਰਚਾਰ ਨੂੰ ਦਿਨ-ਬ-ਦਿਨ ਵਧਾਇਆ।

ਆਪ ਦੀ ਪਿਆਰ ਭਿੰਨੀ ਸ਼ਖ਼ਸੀਅਤ ਨੇ ਹਰ ਦਿਲ ਨੂੰ ਆਪਣੇ ਵਲ ਖਿੱਚ ਲਿਆ। ਆਪਣੇ ਛੋਟੇ ਪੁੱਤਰ (ਗੁਰੂ) ਅਰਜਨ ਦੇਵ ਨੂੰ ਸਾਹਿਤ, ਸੰਗੀਤ ਤੇ ਸਭਿਆਚਾਰ ਵਿੱਚ ਵਿਸ਼ੇਸ਼ ਸਿਆਣਾ ਬਣਾਇਆ। ਆਪ ਦੇ ਸਮੇਂ ਦੇ ਪ੍ਰਸਿਧ ਸਿੱਖ ਭਾਈ ਭਿਖਾਰੀ, ਮਹਾਂ ਨੰਦ, ਸਾਹਲੋ, ਚੰਦਰ ਭਾਨ, ਮਾਣਕ ਚੰਦ, ਗੁਰਮੁਖ, ਸੰਮਨ, ਆਦਮ, ਸੋਮਾ ਸਾਹ ਅਤੇ ਰੂਪਰਾ ਆਦਿ ਸਨ ਜਿਨ੍ਹਾਂ ਵੱਖ ਵੱਖ ਇਲਾਕਿਆਂ ਵਿੱਚ ਸਿੱਖੀ ਮਹਿਕ ਨੂੰ ਖਿਲਾਰਿਆ। ਗੁਰੂ ਰਾਮਦਾਸ ਜੀ ਦੇ ਸਮੇਂ ਸਿੱਖੀ ਅਤੇ ਕੌਮੀਅਤ ਭਾਵਨਾ ਬਲਵਾਨ ਹੋਈ ਜਾਂ ਆਖੋ ਸਿੱਖੀ ਚਹੁਂ ਚੱਕੀ ਫੈਲੀ। ਗੁਰੂ ਰਾਮਦਾਸ ਜੀ ਦਾ ਜੀਵਨ, ਸਮਾਜਿਕ ਅਤੇ ਕ੍ਰਾਂਤੀਕਾਰੀ ਸੀ ਤਦੇ ਤਾਂ ਗੁਰੂ ਅਮਰਦਾਸ ਜੀ ਦੇ ਧਰਮ ਪ੍ਰਚਾਰ ਦੌਰੇ ’ਤੇ ਯਾਤਰਾ-ਟੈਕਸ ਵਿਰੁੱਧ ਸਮਾਜਿਕ ਕ੍ਰਾਂਤੀ ਨੂੰ ਇੰਝ ਲਿਖਦੇ ਹਨ : ‘‘ਨਾਵਣੁ ਪੁਰਬੁ ਅਭੀਚੁ, ਗੁਰ ਸਤਿਗੁਰ ਦਰਸੁ ਭਇਆ ॥ ਦੁਰਮਤਿ ਮੈਲੁ ਹਰੀ, ਅਗਿਆਨੁ ਅੰਧੇਰੁ ਗਇਆ ॥ ਗੁਰ ਦਰਸੁ ਪਾਇਆ ਅਗਿਆਨੁ ਗਵਾਇਆ, ਅੰਤਰਿ ਜੋਤਿ ਪ੍ਰਗਾਸੀ॥’’ (ਮ : ੪/੧੧੧੬)

ਸਤਿਗੁਰ ਜੀ ਦਾ ਇਹ ਸ਼ਬਦ ਗੁਰੂ ਪ੍ਰਤੀ ਨਿਸ਼ਠਾ ਅਤੇ ਪਿਆਰ ਨੂੰ ਹਿਰਦੇ ਵਿੱਚ ਦ੍ਰਿੜ ਕਰਨ ਦੀ ਪ੍ਰੇਰਣਾ ਦੇਂਦਾ ਹੈ। ਕਾਸ, ਕਿ ਸਾਨੂੰ ਵੀ ਗੁਰੂ ਸਾਹਿਬ ਨਾਲ ਸਚਾ ਪਿਆਰ ਪਾਉਣਾ ਆ ਜਾਵੇ : ‘‘ਹਰਿ ਹਰਿ ਸਜਣੁ, ਮੇਰਾ ਪ੍ਰੀਤਮੁ ਰਾਇਆ ॥ ਕੋਈ ਆਣਿ ਮਿਲਾਵੈ, ਮੇਰੇ ਪ੍ਰਾਣ ਜੀਵਾਇਆ ॥ ਹਉ ਰਹਿ ਨ ਸਕਾ, ਬਿਨੁ ਦੇਖੇ ਪ੍ਰੀਤਮਾ; ਮੈ ਨੀਰੁ ਵਹੇ ਵਹਿ ਚਲੈ ਜੀਉ ॥੩॥ ਸਤਿਗੁਰੁ ਮਿਤ੍ਰੁ, ਮੇਰਾ ਬਾਲ ਸਖਾਈ ॥ ਹਉ ਰਹਿ ਨ ਸਕਾ, ਬਿਨੁ ਦੇਖੇ ਮੇਰੀ ਮਾਈ  ! ॥ ਹਰਿ ਜੀਉ  ! ਕ੍ਰਿਪਾ ਕਰਹੁ ਗੁਰੁ ਮੇਲਹੁ, ਜਨ ਨਾਨਕ  ! ਹਰਿ ਧਨੁ ਪਲੈ ਜੀਉ ॥’’ (ਮ : ੪/੯੪)

ਰਾਗ ਰਾਮਕਲੀ ‘ਸਦੁ’ ਵਿੱਚ ਗੁਰੂ ਅਮਰਦਾਸ ਜੀ ਦਾ ਅੰਤਮ ਉਪਦੇਸ਼ ਦਰਜ ਹੈ ਅਤੇ ਗੁਰੂ ਰਾਮਦਾਸ ਜੀ ਦੇ ਸੰਬੰਧ ਵਿੱਚ ਵਿਸ਼ੇਸ਼ ਵਿਚਾਰ ਅੰਕਿਤ ਹਨ; ਜਿਵੇਂ ਕਿ ‘‘ਰਾਮਦਾਸ ਸੋਢੀ ਤਿਲਕੁ ਦੀਆ, ਗੁਰ ਸਬਦੁ ਸਚੁ ਨੀਸਾਣੁ ਜੀਉ ॥’’ (ਬਾਬਾ ਸੁੰਦਰ/੯੨੩), ਮੋਹਰੀ ਪੁਤੁ ਸਨਮੁਖੁ ਹੋਇਆ, ਰਾਮਦਾਸੈ ਪੈਰੀ ਪਾਇ ਜੀਉ ॥’’ (ਬਾਬਾ ਸੁੰਦਰ/੯੨੪) ਆਦਿ।

ਇਕ ਅਨਾਥ ਬਾਲਕ ਦਾ ਕਰੋੜਾਂ ਸਿੱਖ-ਸ਼ਰਧਾਲੂਆਂ ਨੂੰ ਅਗਵਾਈ ਦੇਣ ਦੇ ਯੋਗ ਬਣਨਾ ਆਪਣੇ ਆਪ ਵਿੱਚ ਇੱਕ ਕਰਾਮਾਤ ਹੈ। ਗੁਰੂ ਰਾਮਦਾਸ ਜੀ ਦੀ ਵਡਿਆਈ ਅਕੱਥ ਹੈ। ਇੱਕ ਮਨੁੱਖ ਇਸ ਦਾ ਸੰਪੂਰਨ ਥਾਹ ਨਹੀਂ ਪਾ ਸਕਦਾ। ਹਾਂ, ਅਸੀਂ ਭੱਟ ਕੀਰਤ ਜੀ ਦੀ ਤਰ੍ਹਾਂ ਸਤਿਗੁਰ ਸਾਹਿਬ ਜੀ ਦੇ ਅੱਗੇ ਇੰਝ ਅਰਦਾਸ ਜ਼ਰੂਰ ਕਰ ਸਕਦੇ ਹਾਂ : ‘‘ਹਮ ਅਵਗੁਣਿ ਭਰੇ, ਏਕੁ ਗੁਣੁ ਨਾਹੀ; ਅੰਮ੍ਰਿਤੁ ਛਾਡਿ, ਬਿਖੈ ਬਿਖੁ ਖਾਈ ॥ ਮਾਯਾ ਮੋਹ ਭਰਮ ਪੈ ਭੂਲੇ; ਸੁਤ ਦਾਰਾ ਸਿਉ ਪ੍ਰੀਤਿ ਲਗਾਈ ॥ ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ; ਤਿਹ ਮਿਲੰਤ ਜਮ ਤ੍ਰਾਸ ਮਿਟਾਈ ॥ ਇਕ ਅਰਦਾਸਿ ਭਾਟ ਕੀਰਤਿ ਕੀ; ਗੁਰ ਰਾਮਦਾਸ  ! ਰਾਖਹੁ ਸਰਣਾਈ ॥’’ (ਭਟ ਕੀਰਤ/੧੪੦੬)

ਆਪ ਜੀ ਨੇ ਗੁਰ ਗੱਦੀ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਸੌਪੀ ਅਤੇ ਸਤੰਬਰ ੧੫੮੧ ਨੂੰ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ ਪਰ ਆਪ ਜੀ ਦੀ ਵਡਿਆਈ ਦਾ ਨਾਦ ਅੱਜ ਤੱਕ ਸੁਣਾਈ ਦੇਂਦਾ ਹੈ : ‘‘ਧੰਨੁ ਧੰਨੁ ਰਾਮਦਾਸ ਗੁਰੁ, ਜਿਨਿ ਸਿਰਿਆ ਤਿਨੈ ਸਵਾਰਿਆ ॥ ਪੂਰੀ ਹੋਈ ਕਰਾਮਾਤਿ, ਆਪਿ ਸਿਰਜਣਹਾਰੈ ਧਾਰਿਆ॥ ਸਿਖੀ ਅਤੈ ਸੰਗਤੀ, ਪਾਰਬ੍ਰਹਮੁ ਕਰਿ ਨਮਸਕਾਰਿਆ ॥ ਅਟਲੁ ਅਥਾਹੁ ਅਤੋਲੁ ਤੂ, ਤੇਰਾ ਅੰਤੁ ਨ ਪਾਰਾਵਾਰਿਆ ॥ ਜਿਨ੍ਹੀ ਤੂੰ ਸੇਵਿਆ ਭਾਉ ਕਰਿ, ਸੇ ਤੁਧੁ ਪਾਰਿ ਉਤਾਰਿਆ ॥’’ (ਬਲਵੰਡ ਸਤਾ/੯੬੮)