ਵੋਟਰਾਂ ਅਤੇ ਉਮੀਦਵਾਰਾਂ ਨੂੰ ਮੇਰੇ ਵੱਲੋਂ ਅਪੀਲ ਅਤੇ ਮੇਰਾ ਚੋਣ ਮਨੋਰਥ ਪੱਤਰ।

0
18

ਵੋਟਰਾਂ ਅਤੇ ਉਮੀਦਵਾਰਾਂ ਨੂੰ ਮੇਰੇ ਵੱਲੋਂ ਅਪੀਲ ਅਤੇ ਮੇਰਾ ਚੋਣ ਮਨੋਰਥ ਪੱਤਰ।

ਹਰਲਾਜ ਸਿੰਘ ਬਹਾਦਰਪੁਰ, ਪਿੰਡ ਬਹਾਦਰਪੁਰ, ਤਹਿਸੀਲ ਬੁੱਢਲਾਡਾ, ਜ਼ਿਲ੍ਹਾ ਮਾਨਸਾ (ਪੰਜਾਬ)- 9417023911

ਸਤਿਕਾਰ ਯੋਗ ਨਗਰ ਨਿਵਾਸੀਓ  ! ਬੇਨਤੀ ਹੈ ਕਿ ਜਲਦੀ ਹੀ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ। ਬੇਸ਼ੱਕ ਹਾਲੇ ਇਹ ਪਤਾ ਨਹੀਂ ਹੈ ਕਿ ਆਪਣੇ ਪਿੰਡ ਦੀ ਚੋਣ ਕਿਵੇਂ ਹੋਣੀ ਹੈ। ਇਹ ਐੱਸ ਸੀ ਲਈ ਰਾਖਵੀਂ ਹੋਣੀ ਹੈ ਜਾਂ ਇਸਤਰੀ ਲਈ ਰਾਖਵੀਂ ਜਾਂ ਜਨਰਲ ਹੋਣੀ ਹੈ। ਇਹ ਵੀ ਨਹੀਂ ਪਤਾ ਕਿ ਸਰਪੰਚੀ ਦੀ ਚੋਣ ਸਿੱਧੀ ਹੈ ਜਾਂ ਪੰਚਾਂ ਰਾਹੀਂ ਹੋਣੀ ਹੈ। ਚਲੋ ਚੋਣ ਜਿਵੇਂ ਵੀ ਮਰਜ਼ੀ ਹੋਵੇ ਠੀਕ ਹੈ, ਪਰ ਇਨ੍ਹਾਂ ਚੋਣਾਂ ਲਈ ਮੇਰੇ ਕੁੱਝ ਸੁਝਾਅ ਹਨ, ਜੋ ਆਪ ਜੀ ਨਾਲ ਸਾਂਝੇ ਕਰ ਰਿਹਾ ਹਾਂ। ਮੇਰੀ ਇੱਛਾ ਹੈ ਕਿ ਪਿੰਡ ਦੀ ਪੰਚਾਇਤ ਨੂੰ ਪਾਰਟੀ ਅਤੇ ਗਰੁੱਪ ਬਾਜ਼ੀ ਤੋਂ ਉੱਪਰ ਉੱਠ ਕੇ ਚੁਣਿਆ ਜਾਵੇ। ਪਿੰਡ ਦੀ ਪੰਚਾਇਤ ਕਿਸੇ ਪਾਰਟੀ ਜਾਂ ਗਰੁੱਪ ਦੀ ਨਾ ਹੋ ਕੇ ਪਿੰਡ ਦੀ ਸਰਬ ਸਾਂਝੀ ਪੰਚਾਇਤ ਹੋਵੇ, ਜਿਸ ਨੂੰ ਸਮੁੱਚਾ ਨਗਰ ਆਪਣੀ ਪੰਚਾਇਤ ਸਮਝੇ। ਜੇ ਵੋਟਾਂ ਪਾਉਣ ਦੀ ਥਾਂ ਸਰਬ ਸੰਮਤੀ ਨਾਲ ਹੀ ਸਾਰੀ ਪੰਚਾਇਤ ਚੁਣੀ ਜਾਵੇ ਫਿਰ ਤਾਂ ਬਹੁਤ ਹੀ ਚੰਗੀ ਗੱਲ ਹੈ ਭਾਵੇਂ ਕਿ ਇਹ ਗੱਲ ਹੈ ਬਹੁਤ ਔਖੀ, ਪਰ ਜੇ ਸਾਰੇ ਵਾਰਡਾਂ ਦੇ ਸਿਆਣੇ ਬੰਦੇ ਇਕੱਠੇ ਹੋ ਕੇ ਉਪਰਾਲਾ ਕਰਨ ਤਾਂ ਇਹ ਕੋਈ ਵੱਡੀ ਗੱਲ ਵੀ ਨਹੀਂ ਹੈ।

ਵੋਟਰਾਂ ਨੂੰ ਬੇਨਤੀ ਹੈ ਕਿ ਕਦੇ ਵੀ ਕਿਸੇ ਕੀਮਤ ’ਤੇ ਆਪਣੀ ਵੋਟ ਨਾ ਵੇਚੋ। ਤੁਹਾਡੀ ਵੋਟ ਦੀ ਕੀਮਤ ਚਾਹ ਪਕੌੜੇ, ਠੰਡੇ ਦੀਆਂ ਬੋਤਲਾਂ, ਸ਼ਰਾਬ ਦੀਆਂ ਬੋਤਲਾਂ, ਤੇਲ ਦੇ ਢੋਲ, ਬਿਜਲੀਆਂ ਦੇ ਬਿਲ ਜਾਂ ਚਾਰ-ਪੰਜ ਹਜ਼ਾਰ ਰੁਪਏ ਨਹੀਂ ਹੁੰਦੀ। ਤੁਹਾਡੀ ਵੋਟ ਨੇ ਹੀ ਇੱਕ ਆਮ ਵੋਟਰ ਨੂੰ ਪੰਚ, ਸਰਪੰਚ, ਐੱਮ ਐੱਲ ਏ, ਮੁੱਖ ਮੰਤਰੀ, ਐੱਮ ਪੀ ਅਤੇ ਪ੍ਰਧਾਨ ਮੰਤਰੀ ਬਣਾਉਣਾ ਹੁੰਦਾ ਹੈ। ਜਦੋਂ ਸਾਡੇ ਲੀਡਰ ਇਮਾਨਦਾਰ ਸਨ ਤਾਂ ਵੋਟਾਂ ਨਹੀਂ ਸੀ ਵਿਕਦੀਆਂ, ਪਰ ਮਾੜੇ ਬੇਇਮਾਨ ਲੀਡਰਾਂ ਨੇ ਇਸ ਸੇਵਾ ਨੂੰ ਧੰਦਾ ਬਣਾਉਦਿਆਂ ਆਪਣੀ ਯੋਗਤਾ ਦੇ ਬਲਬੂਤੇ ਉੱਤੇ ਚੋਣ ਲੜਨ ਦੀ ਥਾਂ ਵੋਟਰਾਂ ਨੂੰ ਖਰੀਦਣਾ ਸ਼ੁਰੂ ਕਰ ਦਿੱਤਾ, ਅਫਸੋਸ ਕਿ ਅਸੀਂ ਬਿਨਾ ਸੋਚੇ ਸਮਝੇ ਵਿਕਣ ਲੱਗ ਪਏ। ਲੀਡਰਾਂ ਨੂੰ ਇਹ ਸੌਦਾ ਬਹੁਤ ਰਾਸ ਆਇਆ।  ਉਨ੍ਹਾਂ ਨੇ ਸਾਨੂੰ ਚਾਹ ਪਕੌੜੇ, ਠੰਡੇ ਦੀਆਂ ਬੋਤਲਾਂ, ਸ਼ਰਾਬ ਦੀਆਂ ਬੋਤਲਾਂ, ਤੇਲ ਦੇ ਢੋਲ, ਬਿਜਲੀਆਂ ਦੇ ਬਿਲ, ਚਾਰ-ਪੰਜ ਹਜ਼ਾਰ ਰੁਪਏ ਤੋਂ ਲੈ ਕੇ ਮੋਟਰਾਂ ਦੇ ਬਿੱਲ ਮੁਆਫ, ਮੁਫਤ ਆਟਾ ਦਾਲ, ਬੱਸ ਕਿਰਾਇਆ ਮੁਆਫ, ਬਿਜਲੀ ਦੇ ਬਿੱਲ ਮੁਆਫ ਕਰਨ ਤੋਂ ਲੈ ਕੇ ਸਾਡੇ ਖਾਤਿਆਂ ਵਿੱਚ ਵੀਹ ਵੀਹ ਲੱਖ ਪਾਉਣ ਦੇ ਲਾਲਚ ਦੇ ਕੇ ਸਾਡੇ ਮੂੰਹ ’ਚ ਐਸਾ ਪਾਣੀ ਲਿਆਂਦਾ ਕਿ ਉਨ੍ਹਾਂ ਨੇ ਸਾਡੇ ਸਮੇਤ ਪੂਰਾ ਦੇਸ਼ ਹੀ ਵੇਚਣਾ ਸ਼ੁਰੂ ਕਰਕੇ ਸਾਨੂੰ ਸਦਾ ਲਈ ਮੰਗਤੇ ਬਣਾ ਕੇ ਰੱਖ ਦਿੱਤਾ। ਜਿਸ ਕਾਰਨ ਅੱਜ ਸਾਨੂੰ ਰੋਜ਼ਗਾਰ ਨਹੀਂ ਮਿਲ ਰਹੇ।

ਸੋਚ ਕੇ ਵੇਖੋ ਕਿ ਮੁਫ਼ਤ ਦੀਆਂ ਚੀਜ਼ਾਂ ਕਿੱਥੋਂ ਆਉਣਗੀਆਂ ਹਨ। ਜਿਹੜਾ ਬੰਦਾ ਅੱਜ ਤੁਹਾਨੂੰ ਕੁੱਝ ਦੇਵੇਗਾ, ਆਪਣੀ ਸਮਰੱਥਾ ਅਨੁਸਾਰ ਕੱਲ੍ਹ ਨੂੰ ਉਹ ਆਪਣੇ ਪੈਸੇ ਪੂਰੇ ਕਰਨ ਬਾਰੇ ਵੀ ਸੋਚੇਗਾ। ਜਦੋਂ ਅੱਜ ਅਸੀਂ ਆਪਣੀ ਸਮਰੱਥਾ ਅਨੁਸਾਰ ਕਿਸੇ ਤੋਂ ਚਾਹ ਪਕੌੜੇ, ਠੰਡੇ ਦੀਆਂ ਬੋਤਲਾਂ, ਸ਼ਰਾਬ ਦੀਆਂ ਬੋਤਲਾਂ, ਤੇਲ ਦੇ ਢੋਲ, ਬਿਜਲੀਆਂ ਦੇ ਬਿਲ, ਚਾਰ-ਪੰਜ ਹਜ਼ਾਰ ਰੁਪਏ ਲਵਾਂਗੇ ਤਾਂ ਕੱਲ੍ਹ ਨੂੰ ਉਹ ਵੀ ਆਪਣੀ ਸਮਰੱਥਾ ਅਨੁਸਾਰ ਘਪਲੇ ਕਰੇਗਾ, ਫਿਰ ਅਸੀਂ ਵੀ ਬੋਲਣ ਜੋਗੇ ਨਹੀਂ ਰਹਾਂਗੇ। ਮੈਂ ਤਾਂ ਇਹੀ ਚਾਹੁੰਦਾ ਹਾਂ ਕਿ ਕਿਸੇ ਤੋਂ ਵੋਟ ਦੇ ਬਦਲੇ ਚਾਹ ਦਾ ਕੱਪ ਵੀ ਨਾ ਪੀਓ, ਪਰ ਉਸ ਤੋਂ ਕੀਤੇ ਕੰਮਾਂ ਦਾ ਹਿਸਾਬ ਜ਼ਰੂਰ ਲਓ। ਜਦੋਂ ਵੋਟਰ ਜਾਗਰੂਕ ਹੋਵੇਗਾ, ਫਿਰ ਹੀ ਉਹ ਆਪਣੇ ਪਿੰਡ, ਸੂਬੇ ਅਤੇ ਦੇਸ਼ ਨੂੰ ਲੁਟੇਰਿਆਂ ਤੋਂ ਬਚਾ ਸਕੇਗਾ। ਇਸ ਲਈ ਬੇਨਤੀ ਹੈ ਕਿ ਨਸ਼ੇ, ਲਾਲਚ, ਜਾਤ, ਧਰਮ, ਪਾਰਟੀ ਅਤੇ ਗਰੁੱਪਾਂ ਨੂੰ ਛੱਡ ਕੇ ਪਿੰਡ ਦੇ ਵਿਕਾਸ ਲਈ ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਕਹਿਣ ਵਾਲੇ ਇਮਾਨਦਾਰ ਸਰਪੰਚੀ ਤੇ ਪੰਚੀ ਦੇ ਉਮੀਦਵਾਰਾਂ ਨੂੰ ਵੋਟ ਪਾਓ।

ਸਰਪੰਚੀ ਅਤੇ ਪੰਚੀ ਦੇ ਉਮੀਦਵਾਰਾਂ ਨੂੰ ਵੀ ਬੇਨਤੀ ਹੈ ਕਿ ਇਨ੍ਹਾਂ ਹੋ ਰਹੀਆਂ ਪੰਚਾਇਤੀ ਚੋਣਾਂ ਸਮੇਂ ਪਿੰਡ ਦੇ ਮਹੌਲ ਨੂੰ ਲੜਾਈ, ਝਗੜੇ ਅਤੇ ਫੁੱਟ ਤੋਂ ਬਚਾ ਕੇ ਸ਼ਾਂਤ ਰੱਖਣ ਲਈ ਸਰਪੰਚੀ ਜਾਂ ਪੰਚੀ ਦੇ ਉਮੀਦਵਾਰ ਵਜੋਂ ਚੋਣ ਲੜਨ ਵਾਲਾ ਕੋਈ ਵੀ ਵਿਅਕਤੀ ਪਿੰਡ ਵਿੱਚ ਸ਼ਕਤੀ ਪ੍ਰਦਰਸ਼ਨ ਨਾ ਕਰੇ। ਆਪਣੇ ਘਰ ਜਾਂ ਪਿੰਡ ਦੇ ਚੌਂਕ ਵਿੱਚ ਆਪਣੇ ਸਮਰੱਥਕਾਂ ਦਾ ਇਕੱਠ ਨਾ ਕਰੇ। ਆਪਣੇ ਸਮਰੱਥਕਾਂ ਦਾ ਇਕੱਠ ਕਰਕੇ ਪਿੰਡ ਦੀਆਂ ਗਲੀਆਂ ਵਿੱਚ ਗੇੜੇ ਨਾ ਦੇਵੇ। ਆਪਣੇ ਘਰ ਵਿੱਚ ਕਿਸੇ ਵੀ ਕਿਸਮ ਦਾ ਕੋਈ ਲੰਗਰ ਨਾ ਚਲਾਵੇ। ਦਾਰੂ ਅਤੇ ਭੁੱਕੀ ਨਾ ਵੰਡੀ ਜਾਵੇ। ਸਰਪੰਚੀ ਅਤੇ ਪੰਚੀ ਦੇ ਉਮੀਦਵਾਰ ਆਪਣੇ ਨਾਲ ਪੰਜ-ਪੰਜ ਬੰਦੇ ਲੈ ਕੇ ਸਾਰੇ ਪਿੰਡ ਦੇ ਵੋਟਰਾਂ ਤੱਕ ਪਹੁੰਚ ਕਰਨ। ਲੋਕਾਂ ਨੂੰ ਆਪਣੇ ਵਿਚਾਰ ਦੱਸਣ। ਚੋਣ ਪ੍ਰਚਾਰ ਲਈ ਸਪੀਕਰਾਂ ਦੀ ਵਰਤੋਂ ਨਾ ਕੀਤੀ ਜਾਵੇ। ਆਪੋ ਆਪਣੇ ਪ੍ਰਚਾਰ ਲਈ ਆਪਣੇ ਵਿਚਾਰ ਲਿਖ ਕੇ ਚੋਣ ਮਨੋਰਥ ਪੱਤਰਾਂ ਦੇ ਰੂਪ ਵਿੱਚ ਇਸ਼ਤਿਹਾਰ ਲਗਾਏ ਅਤੇ ਪਰਚੇ ਛਪਾ ਕੇ ਲੋਕਾਂ ਵਿੱਚ ਵੰਡੇ ਜਾਣ। ਕੋਈ ਵੀ ਕਿਸੇ ਦੇ ਇਸ਼ਤਿਹਾਰ ਨੂੰ ਨਾ ਪਾੜੇ, ਨਾ ਕਿਸੇ ਦੇ ਇਸ਼ਤਿਹਾਰ ਉੱਪਰ ਆਪਣਾ ਇਸ਼ਤਿਹਾਰ ਲਗਾਵੇ।

ਉਮੀਦਵਾਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਸੋਚ ਅਨੁਸਾਰ ਪਿੰਡ ਦੇ ਵਿਕਾਸ ਵਿੱਚ ਸੁਧਾਰ ਕਰਨ ਲਈ ਸਿਰਫ ਸੇਵਾ ਭਾਵਨਾ ਦੇ ਮਕਸਦ ਨਾਲ ਹੀ ਚੋਣ ਮੈਦਾਨ ਵਿੱਚ ਆਉਣ। ਲੋਕਾਂ ਨੂੰ ਆਪਣੇ ਵਿਚਾਰ ਦੱਸਣ ਜੇ ਲੋਕਾਂ ਨੂੰ ਤੁਹਾਡੇ ਵਿਚਾਰ ਪਸੰਦ ਹੋਣਗੇ ਤਾਂ ਲੋਕ ਤੁਹਾਨੂੰ ਵੋਟਾਂ ਪਾ ਦੇਣਗੇ, ਜੇ ਨਹੀਂ ਪਸੰਦ ਤਾਂ ਨਹੀਂ ਪਾਉਣਗੇ। ਤੁਸੀਂ ਕਿਹੜਾ ਧੱਕੇ ਨਾਲ ਪਿੰਡ ਦੀ ਸੇਵਾ ਕਰਨ ਦਾ ਠੇਕਾ ਲਿਆ ਹੈ। ਕਿਉਂ ਆਪਣਾ ਘਰ ਬਰਬਾਦ ਕਰਦੇ ਹੋ। ਅੱਜ ਆਪਣੇ ਕੋਲੋਂ ਨਕਦ ਪੈਸੇ ਲੁਟਾਉਂਦੇ ਹੋ। ਕੱਲ੍ਹ ਨੂੰ ਇਹ ਪੈਸੇ ਪੂਰੇ ਕਰਨ ਲਈ ਚੋਰ ਬਣੋਗੇ। ਕਿਉਂ ਅੱਜ ਲੁਟਾ ਹੁੰਦੇ ਹੋ, ਕਿਉਂ ਫਿਰ ਚੋਰ ਬਣਦੇ ਹੋ। ਚੋਣਾਂ ਨੂੰ ਇੱਜ਼ਤ ਬੇਇੱਜ਼ਤੀ ਨਾਲ ਜੋੜ ਕੇ ਕਦੇ ਨਾ ਵੇਖੋ। ਚੋਣਾਂ ਵਿੱਚ ਸੱਚੇ ਸੁੱਚੇ ਇਮਾਨਦਾਰ ਬੰਦੇ ਹਾਰ ਜਾਂਦੇ ਹਨ। ਝੂਠੇ ਬੇਇਮਾਨ ਠੱਗ ਬੰਦੇ ਜਿੱਤ ਜਾਂਦੇ ਹਨ। ਚੋਣਾਂ ਦੀ ਜਿੱਤ ਹਾਰ ਬੰਦੇ ਦੇ ਕਿਰਦਾਰ ਦਾ ਪਰਮਾਣ ਪੱਤਰ ਨਹੀਂ ਹੁੰਦੀ। ਐਵੇਂ ਨਾ ਆਪਣੇ ਆਪ ਨੂੰ ਪਹਿਲਾਂ ਹੀ ਪੰਚ ਸਰਪੰਚ ਸਮਝ ਲਿਆ ਕਰੋ। ਤੁਸੀਂ ਵੀ ਇੱਕ ਵੋਟਰ ਹੀ ਹੋ। ਸਾਰਾ ਪਿੰਡ ਹੀ ਵੋਟਰਾਂ ਦਾ ਹੁੰਦਾ ਹੈ। ਤੁਸੀਂ ਵੀ ਉਸ ਵਿੱਚੋਂ ਇੱਕ ਹੋਂ। ਕੀ ਸਾਰੇ ਪਿੰਡ ਦੇ ਵੋਟਰ ਹੀ ਪੰਚ ਸਰਪੰਚ ਬਣਨਗੇ ? ਨਹੀਂ, ਜੇ ਤੁਸੀਂ ਵੀ ਨਾ ਬਣ ਸਕੇ ਫਿਰ ਵੀ ਕੀ ਹੋ ਜਾਵੇਗਾ। ਪੰਚ ਸਰਪੰਚ ਤਾਂ ਸਿਰਫ ਇੱਕ ਨੇ ਬਣਨਾ ਹੁੰਦਾ ਹੈ, ਉਹ ਕੋਈ ਵੀ ਬਣ ਸਕਦਾ ਹੈ, ਐਵੇਂ ਨਾ ਦਿਮਾਗ ’ਤੇ ਜ਼ਿਆਦਾ ਬੋਝ ਪਾਓ।

ਚੋਣ ਲੜਨ ਦਾ ਹੱਕ ਹਰੇਕ ਨੂੰ ਬਰਾਬਰ ਹੈ। ਆਪਣੇ ਵਿਰੁੱਧ ਚੋਣ ਲੜਨ ਵਾਲੇ ਨੂੰ ਆਪਣਾ ਨਿੱਜੀ ਦੁਸ਼ਮਣ ਨਾ ਸਮਝਿਆ ਜਾਵੇ। ਕਿਸੇ ਦੇ ਵਿਰੁੱਧ ਮਾੜੀ ਭਾਸ਼ਾ ਨਾ ਵਰਤੀ ਜਾਵੇ। ਐਵੈਂ ਨਾਂ ਆਪਣੇ ਆਪ ਨੂੰ ਜਾਂ ਆਪੇ ਪੱਖੀਆਂ ਨੂੰ ਜਾਗਦੀ ਜਮੀਰ ਵਾਲੇ ਅਤੇ ਆਪਣੇ ਵਿਰੋਧੀਆਂ ਨੂੰ ਮਰੀਆਂ ਜਮੀਰਾਂ ਵਾਲਿਆਂ ਦੇ ਖਿਤਾਬ ਦਿਆ ਕਰੋ। ਚੋਣ ਜਿੱਤਣ ਤੋਂ ਬਾਅਦ ਪਿੰਡ ਵਿੱਚ ਢੋਲ ਵਜਾ ਕੇ ਗੇੜੇ ਨਾ ਦਿੱਤੇ ਜਾਣ। ਕਿਸੇ ਦੇ ਬਾਰਾਂ ਅੱਗੇ ਲਲਕਾਰੇ ਨਾ ਮਾਰੇ ਜਾਣ। ਚੋਣਾਂ ਪੰਜ ਸਾਲਾਂ ਵਿੱਚ ਤਿੰਨ ਚਾਰ ਬਾਰ ਆ ਜਾਂਦੀਆਂ ਹਨ। ਪੰਜ ਸਾਲ ਦਾ ਸਮਾਂ ਵੀ ਜਲਦੀ ਹੀ ਲੰਘ ਜਾਂਦਾ ਹੈ, ਪਰ ਇਨ੍ਹਾਂ ਚੋਣਾਂ ਸਮੇਂ ਕਿਸੇ ਨੂੰ ਬੋਲੇ ਮਾੜੇ ਸ਼ਬਦ ਭੁਲਾਉਣੇ ਬਹੁਤ ਔਖੇ ਹੁੰਦੇ ਹਨ, ਇਸ ਲਈ ਮਾੜੀ ਭਾਸ਼ਾ, ਈਰਖਾ ਨਫ਼ਰਤ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਚੋਣ ਨੂੰ ਸਿਰਫ ਖਿਡਾਰੀਆਂ ਦੀ ਇੱਕ ਖੇਡ ਮੰਨ ਕੇ ਹੀ ਖੇਡਿਆ ਜਾਵੇ। ਇਨ੍ਹਾਂ ਚੋਣਾਂ ਦੀ ਜਿੱਤ ਹਾਰ ਨੂੰ ਇੱਜ਼ਤ ਬੇਇੱਜ਼ਤੀ ਦਾ ਮੁੱਦਾ ਬਣਾ ਕੇ ਕਿਸੇ ਨਾਲ ਦੁਸ਼ਮਣੀ ਨਾ ਬਣਾਈ ਜਾਵੇ। ਚੋਣਾਂ ਵਿੱਚ ਨਾ ਕੋਈ ਇਕੱਲਾ ਹਾਰਦਾ ਹੈ, ਨਾ ਕੋਈ ਇਕੱਲਾ ਜਿੱਤਦਾ ਹੈ, ਇਸ ਵਿੱਚ ਲੋਕ ਹੀ ਹਾਰਦੇ ਹਨ ਅਤੇ ਲੋਕ ਹੀ ਜਿੱਤਦੇ ਹਨ। ਜਿਸ ਪਾਸੇ ਵੱਧ ਲੋਕ ਹੋਏ, ਉਹ ਜਿੱਤ ਜਾਣਗੇ, ਜਿਸ ਪਾਸੇ ਘੱਟ ਹੋਏ, ਉਹ ਹਾਰ ਜਾਣਗੇ। ਤੁਸੀਂ ਵੀ ਉਨ੍ਹਾਂ ਜਿੱਤਣ ਹਾਰਨ ਵਾਲਿਆਂ ਦੇ ਵਿੱਚੋਂ ਹੀ ਇੱਕ ਹੋਵੋਂਗੇ।

ਜਿੱਤਣ ਵਾਲੇ ਉਮੀਦਵਾਰਾਂ ਨੂੰ ਵੀ ਬੇਲੋੜੇ ਖਰਚਿਆਂ, ਪੱਖਪਾਤ, ਹੰਕਾਰ ਅਤੇ ਈਰਖਾ ਤੋਂ ਬਚਣ ਲਈ, ਚੋਣਾਂ ਦੇ ਨਤੀਜਿਆਂ ਤੋਂ ਇੱਕ ਹਫਤਾ ਬਾਅਦ ਵਿੱਚ ਚੁਣੀ ਗਈ ਪੰਚਾਇਤ ਵੱਲੋਂ ਸਾਂਝੇ ਤੌਰ ’ਤੇ ਨਿਮਰਤਾ ਸਹਿਤ ਪਿੰਡ ਦੇ ਗੁਰੂ ਘਰ ਵਿੱਚ ਸਮੁੱਚੇ ਨਗਰ ਲਈ ਸਾਦਾ ਲੰਗਰ ਲਗਾਇਆ ਜਾਵੇ। ਜਿਸ ਵਿੱਚ ਜਿੱਤ ਹਾਰ ਨੂੰ ਛੱਡ ਕੇ ਸਾਰਾ ਨਗਰ ਪਿਆਰ ਅਤੇ ਸਦਭਾਵਨਾ ਨਾਲ ਸ਼ਾਮਲ ਹੋਵੇ।

ਮੇਰਾ ਚੋਣ ਮਨੋਰਥ ਪੱਤਰ : ਸਤਿਕਾਰ ਯੋਗ ਨਗਰ ਨਿਵਾਸੀਓ ! ਬੇਨਤੀ ਹੈ ਕਿ ਮੈਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੀ ਸਰਪੰਚੀ ਦੀ ਚੋਣ ਲੜਨਾ ਚਾਹੁੰਦਾ ਹਾਂ। ਮੇਰਾ ਚoਣ ਲੜਨ ਦਾ ਮਕਸਦ ਆਪਣੇ ਪਿੰਡ ਦਾ ਵਿਕਾਸ ਕਰਨਾ ਅਤੇ ਪਿੰਡ ਨੂੰ ਸੁੰਦਰ ਬਣਾਉਣਾ ਹੈ। ਮੈਂ ਕਿਸੇ ਪ੍ਰਕਾਰ ਦਾ ਕੋਈ ਵੀ ਨਸ਼ਾ ਨਹੀਂ ਵਰਤਦਾ। ਮੈਂ ਚੋਣਾਂ ਸਮੇਂ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਵੰਡਾਂਗਾ ਅਤੇ ਨਾ ਹੀ ਵੋਟਾਂ ਖਰੀਦਾਂਗਾ। ਮੈਂ ਚਾਹੁੰਦਾ ਹਾਂ ਕਿ ਸਮੁੱਚਾ ਨਗਰ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਮੇਰਾ ਸਾਥ ਦੇਵੇ ਤਾਂ ਕਿ ਅਸੀਂ ਸਾਰੇ ਰਲ ਕੇ ਆਪਣੇ ਪਿੰਡ ਨੂੰ ਦੇਸ਼ ਦੇ ਨਕਸ਼ੇ ਉੱਤੇ ਚਮਕਾਅ ਸਕੀਏ। ਮੇਰਾ ਚoਣ ਮਨੋਰਥ ਪੱਤਰ ਹੇਠ ਲਿਖੇ ਅਨੁਸਾਰ ਹੈ :

  1. ਹਰ ਇੱਕ ਨੂੰ ਹੱਕ ਹੈ ਕਿ ਉਹ ਆਪਣੀ ਵੋਟ ਕਿਸੇ ਨੂੰ ਮਰਜ਼ੀ ਪਾਵੇ। ਮੈਂ ਵੀ ਆਪਣੀ ਵੋਟ ਕਿਸੇ ਨੂੰ ਮਰਜ਼ੀ ਪਾਵਾਂ, ਪਰ ਕਿਸੇ ਵੀ ਕਿਸਮ ਦੀਆਂ ਚੋਣਾਂ ਸਮੇਂ ਮੈਂ ਪਿੰਡ ਦੀ ਪੰਚਾਇਤ ਵੱਲੋਂ ਸਾਰੀਆਂ ਪਾਰਟੀਆਂ ਦੇ ਦੋ ਦੋ ਬੰਦੇ ਨਾਲ ਲੈ ਕੇ ਸਾਂਝਾ ਪੋਲਿੰਗ ਲਗਾਇਆ ਕਰਾਂਗਾ।
  2. ਪਿੰਡ ਦੇ ਵਿਕਾਸ ਲਈ ਮੈਂ ਸਾਰੇ ਸਾਬਕਾ ਸਰਪੰਚਾਂ, ਸਾਰੀਆਂ ਸਿਆਸੀ ਪਾਰਟੀਆਂ ਅਤੇ ਜਨਤਕ ਜਥੇਬੰਦੀਆਂ (ਕਿਸਾਨ ਮਜ਼ਦੂਰ ਜਥੇਬੰਦੀਆਂ) ਦੇ ਆਗੂਆਂ ਨੂੰ ਨਾਲ ਲੈ ਕੇ ਚੱਲਾਂਗਾ। ਸਾਰਿਆਂ ਤੋਂ ਸਹਿਯੋਗ ਲਿਆ ਜਾਵੇਗਾ। ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਹਰ ਸਿਆਸੀ ਪਾਰਟੀ ਦੇ ਐੱਮ ਪੀ, ਐੱਮ ਐਲ ਏ ਜਾਂ ਮੰਤਰੀ ਤੱਕ ਪਹੁੰਚ ਕੀਤੀ ਜਾਇਆ ਕਰੇਗੀ।
  3. ਕਿਸੇ ਵੀ ਪਾਰਟੀ ਦੇ ਐੱਮ ਪੀ, ਐੱਮ ਐੱਲ ਏ ਜਾਂ ਮੰਤਰੀ ਦੇ ਪਿੰਡ ਵਿੱਚ ਆਉਣ ’ਤੇ ਪੰਚਾਇਤ ਵੱਲੋਂ ਸਾਂਝੇ ਤੌਰ ਤੇ ਉਸ ਦਾ ਸਵਾਗਤ ਕੀਤਾ ਜਾਇਆ ਕਰੇਗਾ। ਜਨਤਕ ਜਥੇਬੰਦੀਆਂ ਦੇ ਸੰਘਰਸ਼ਾਂ ਵਿੱਚ ਵੀ ਸਹਿਯੋਗ ਦਿੱਤਾ ਜਾਇਆ ਕਰੇਗਾ।
  4. ਸਾਰੀ ਪੰਚਾਇਤ ਖੁਦ ਵੀ ਨਸ਼ਾ ਮੁਕਤ ਹੋਵੇਗੀ ਅਤੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵੇਚਣ ਵਾਲੇ ਦਾ ਪੰਚਾਇਤੀ ਤੌਰ ’ਤੇ ਵਿਰੋਧ ਕੀਤਾ ਜਾਵੇਗਾ।
  5. ਸ਼ਹੀਦ ਨੰਦ ਸਿੰਘ ਦੇ ਪਰਵਾਰ ਦੇ ਸਹਿਯੋਗ ਨਾਲ ਪਿੰਡ ਵਿੱਚ ਸ਼ਹੀਦ ਨੰਦ ਸਿੰਘ ਜੀ ਦੇ ਨਾਮ ’ਤੇ ਇੱਕ ਚੌਂਕ ਬਣਾਇਆ ਜਾਵੇਗਾ।
  6. ਪਿੰਡ ਦੇ ਸਕੂਲ ਨੂੰ ਦਸਵੀਂ ਬਾਰ੍ਹਵੀਂ ਦਾ ਬਣਵਾਉਣ ਲਈ, ਪੁਰਾਣੇ ਸਕੂਲ ਦੀ ਥਾਂ ਦਾ ਤਬਾਦਲਾ ਕਰਕੇ ਡਸਕਾ ਰੋੜ ’ਤੇ ਕਾਲਜ ਨੇੜੇ ਪਿੰਡ ਦੀ ਪੰਚਾਇਤੀ ਜ਼ਮੀਨ ਵਿੱਚ ਸਕੂਲ ਦੀ ਉਸਾਰੀ ਕੀਤੀ ਜਾਵੇਗੀ ਤਾਂ ਕਿ ਪਿੰਡ ਵਿੱਚ ਹੀ ਦਸਵੀਂ ਦਾ ਸਕੂਲ ਬਣ ਸਕੇ। ਜਿਸ ਥਾਂ ’ਤੇ ਮੌਜੂਦਾ ਸਕੂਲ ਚੱਲ ਰਿਹਾ ਹੈ, ਇਸ ਥਾਂ ਉੱਤੇ ਸਰਕਾਰੀ ਨਿਯਮਾਂ ਅਨੁਸਾਰ ਦਸਵੀਂ ਦਾ ਸਕੂਲ ਨਹੀਂ ਬਣ ਸਕਦਾ। ਸਰਕਾਰੀ ਨਿਯਮਾਂ ਅਨੁਸਾਰ ਦਸਵੀਂ ਦੇ ਸਕੂਲ ਦੀ ਪਹਿਲੇ ਦਸਵੀਂ ਦੇ ਚੱਲ ਰਹੇ ਸਕੂਲ ਤੋਂ ਤਿੰਨ ਕਿਲੋਮੀਟਰ ਦੀ ਵਿੱਥ ਹੋਣੀ ਚਾਹੀਦੀ ਹੈ। ਸਕੂਲ ਕੋਲ ਇੱਕ ਖੁੱਲ੍ਹਾ ਖੇਡ ਗਰਾਉਂਡ ਹੋਣਾ ਚਾਹੀਦਾ ਹੈ। ਇਨ੍ਹਾਂ ਦੋ ਘਾਟਾਂ ਕਾਰਨ ਹੀ ਆਪਣਾ ਸਕੂਲ ਹੁਣ ਤੱਕ ਦਸਵੀਂ ਦਾ ਨਹੀਂ ਬਣ ਸਕਿਆ ਕਿਉਂਕਿ ਆਪਣੇ ਸਕੂਲ ਦੀ ਦੂਰੀ ਬਰੇਟਾ ਮੰਡੀ ਦੇ ਸਕੂਲ ਤੋਂ ਤਿੰਨ ਕਿਲੋਮੀਟਰ ਤੋਂ ਘੱਟ ਹੈ। ਦੂਜਾ ਸਕੂਲ ਕੋਲ ਆਪਣਾ ਖੁੱਲ੍ਹਾ ਖੇਡ ਗਰਾਉਂਡ ਨਹੀਂ ਹੈ। ਪਿੰਡ ਦੀ ਪੰਚਾਇਤੀ ਜ਼ਮੀਨ ਵਿੱਚ ਸਕੂਲ ਬਣਾਉਣ ਨਾਲ ਬਰੇਟਾ ਮੰਡੀ ਦੇ ਸਕੂਲ ਨਾਲੋਂ ਸਾਡੇ ਪਿੰਡ ਦੇ ਸਕੂਲ ਦੀ ਦੂਰੀ ਤਿੰਨ ਕਿਲੋਮੀਟਰ ਤੋਂ ਵੱਧ ਜਾਵੇਗੀ ਅਤੇ ਸਕੂਲ ਕੋਲ ਖੁੱਲ੍ਹਾ ਖੇਡ ਗਰਾਉਂਡ ਵੀ ਹੋਵੇਗਾ। ਪੁਰਾਣੇ ਸਕੂਲ ਦੀ ਥਾਂ ਅਤੇ ਇਮਾਰਤ ਨੂੰ ਵੇਚਿਆ ਵੀ ਜਾ ਸਕਦਾ ਹੈ ਜਾਂ ਇਸ ਥਾਂ ਨੂੰ ਕਿਸੇ ਹੋਰ ਮੰਤਵ ਲਈ ਵਰਤਿਆ ਜਾ ਸਕਦਾ ਹੈ।
  7. ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੀਆਂ ਸਾਰੀਆਂ ਗਲੀਆਂ ਖੁਲ੍ਹੀਆਂ ਕੀਤੀਆਂ ਜਾਣਗੀਆਂ। ਬੰਦ ਗਲੀਆਂ ਨੂੰ ਪਾਰ ਲੰਘਾਇਆ ਜਾਵੇਗਾ। ਜਿੰਨਾ ਹੋ ਸਕਿਆ ਗਲੀਆਂ ਨੂੰ ਸਿੱਧਾ ਵੀ ਕੀਤਾ ਜਾਵੇਗਾ ਤਾਂ ਕਿ ਹਰੇਕ ਗਲੀ ਵਿੱਚੋਂ ਦੀ ਟਰੈਕਟਰ-ਟਰਾਲੀ ਪਾਰ ਲੰਘਦਾ ਹੋਵੇ। ਪਿੰਡ ਦੀਆਂ ਮੁੱਖ ਗਲੀਆਂ ਵਿੱਚੋਂ ਦੀ, ਦੋ ਸਾਧਨ ਬਰਾਬਰ ਦੀ ਨਿਕਲ ਸਕਦੇ ਹੋਣ। ਕਪੂਰਾ ਸਿੰਘ ਹਜੂਰਾ ਸਿੰਘ ਫੌਜੀਆਂ ਵਾਲੀ ਗਲੀ ਨੂੰ ਟੋਬਿਆਂ ਦੇ ਵਿੱਚੋਂ ਦੀ ਸਿੱਧਾ ਡਸਕਾ ਰੋੜ (ਸ਼ਮਸ਼ਾਨ ਘਾਟ) ਤੱਕ ਬਣਾਇਆ ਜਾਵੇਗਾ। ਗੁਰਦੇਵ ਸਿੰਘ ਪੁਲਸੀਏ ਵਾਲੀ ਗਲੀ ਨੂੰ ਗਡਵਾਣੇ ਟੋਬੇ ਵਿੱਚੋਂ ਦੀ ਸੰਤ ਸਿੰਘ ਅਕਾਲੀ ਵਾਲੀ ਗਲੀ ਤੱਕ ਸਿੱਧਾ ਕੀਤਾ ਜਾਵੇਗਾ। ਮਾਮਦ ਪੱਤੀ ਵਾਲੀ ਗਲੀ, ਮਾਈਆ ਪੱਤੀ ਵਾਲੀ ਗਲੀ, ਮੇਘ ਸਿੰਘ ਫੌਜੀ (ਮਹਿਰੇ ਸਿੱਖਾਂ) ਵਾਲੀ ਗਲੀ, ਇਨ੍ਹਾਂ ਗਲੀਆਂ ਨੂੰ ਖੁੱਲ੍ਹਾ ਅਤੇ ਪਾਰ ਲੰਘਦੀਆਂ ਬਣਾਇਆ ਜਾਵੇਗਾ, ਇਸੇ ਤਰ੍ਹਾਂ ਮਜ਼੍ਹਬੀ ਸਿੰਘਾਂ ਤੇ ਰਵਦਾਸੀਏ ਸਿੰਘਾਂ ਵਾਲੀਆਂ ਗਲੀਆਂ ਨੂੰ ਵੀ ਖੁੱਲ੍ਹਾ ਅਤੇ ਸਿੱਧਾ ਕੀਤਾ ਜਾਵੇਗਾ। ਇਸ ਮੰਤਵ ਲਈ ਪਿੰਡ ਵਿੱਚ ਪਈ ਪੰਚਾਇਤੀ ਜ਼ਮੀਨ ਤੋਂ ਨਾਜਾਇਜ ਕਬਜ਼ੇ ਹਟਾ ਕੇ ਉਸ ਨੂੰ ਗਲੀਆਂ ਖੁਲ੍ਹੀਆਂ ਕਰਨ ਲਈ ਵਰਤਿਆ ਜਾਵੇਗਾ। ਪਿੰਡ ਵਿੱਚ ਨਾਜਾਇਜ ਕਬਜ਼ਿਆਂ ਵਿੱਚ ਰੁਕੀ ਜ਼ਮੀਨ, ਜੋ ਖਾਲੀ ਕਰਵਾਉਣ ਯੋਗ ਹੋਵੇਗੀ, ਉਸ ਨੂੰ ਖਾਲੀ ਕਰਵਾ ਲਿਆ ਜਾਵੇਗਾ। ਜਿਸ ਥਾਂ ’ਤੇ ਕਿਸੇ ਨੇ ਮਕਾਨ ਬਣਾ ਲਿਆ ਹੋਵੇ ਤਾਂ ਉਸ ਤੋਂ ਨਾਜਾਇਜ ਕਬਜ਼ੇ ਵਾਲੀ ਥਾਂ ਜਿੰਨੀ ਕਿਸੇ ਗਲੀ ਨੂੰ ਖੁੱਲ੍ਹਾ ਕਰਨ ਵਾਸਤੇ ਕਿਸੇ ਤੋਂ ਲਈ ਗਈ ਥਾਂ ਦੀ ਕੀਮਤ ਅਨੁਸਾਰ ਪੈਸੇ ਲਏ ਜਾਣਗੇ। ਗਲੀਆਂ ਖੁਲ੍ਹੀਆਂ ਕਰਨ ਲਈ ਲੈਣ ਵਾਲੀ ਜਗ੍ਹਾ, ਨਾਜਾਇਜ ਕਬਜ਼ੇ ਵਾਲੀ ਜਗ੍ਹਾ ਜਾਂ ਉਸ ਦੇ ਵੱਟੇ ਲੈਣ ਦੇਣ ਵਾਲੀ ਜਗ੍ਹਾ ਦੀ ਇੱਕ ਕੀਮਤ ਨਿਸ਼ਚਿਤ ਕੀਤੀ ਜਾਵੇਗੀ, ਜੋ ਸਭ ਲਈ ਬਰਾਬਰ ਹੋਵੇਗੀ। ਗਲੀਆਂ ਖੁਲ੍ਹੀਆਂ ਕਰਨ ਵਾਸਤੇ ਜੇ ਕਿਸੇ ਤੋਂ ਥੋੜ੍ਹੀ ਥਾਂ ਲੈਣੀ ਪਵੇਗੀ ਤਾਂ ਉਸ ਨੂੰ ਨਿਸ਼ਚਿਤ ਕੀਤੀ ਕੀਮਤ ਅਨੁਸਾਰ ਪੈਸੇ ਦਿੱਤੇ ਜਾਣਗੇ। ਜੇ ਕਿਸੇ ਦੀ ਥਾਂ ਜ਼ਿਆਦਾ ਆਵੇਗੀ ਤਾਂ ਉਸ ਨੂੰ ਥਾਂ ਵੱਟੇ ਥਾਂ ਦੇ ਦਿੱਤੀ ਜਾਵੇਗੀ। ਪਿੰਡ ਵਿੱਚ ਪਏ ਗਡਵਾਣੇ ਟੋਬੇ ਦੀ ਜਗ੍ਹਾ ਹੀ ਸਾਰੇ ਪਿੰਡ ਦੀਆਂ ਗਲੀਆਂ ਖੁਲ੍ਹੀਆਂ ਕਰ ਦੇਵੇਗੀ। ਜੇ ਕੋਈ ਦਾਨੀ ਸੱਜਣ ਪਿੰਡ ਦੀ ਕਿਸੇ ਗਲੀ ਨੂੰ ਖੁੱਲ੍ਹਾ ਜਾਂ ਸਿੱਧਾ ਕਰਨ ਲਈ ਥਾਂ ਜਾਂ ਪੈਸੇ ਦੇ ਕੇ ਵਿਸ਼ੇਸ ਯੋਗਦਾਨ ਪਾਵੇਗਾ ਤਾਂ ਉਸ ਨੂੰ ਪੰਚਾਇਤ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਜੇ ਉਹ ਚਾਹੇਗਾ ਤਾਂ ਉਸ ਦੇ ਕਹਿਣ ਅਨੁਸਾਰ ਉਸ ਗਲੀ ਦਾ ਨਾਂ ਉਸ ਵੱਲੋਂ ਸੁਝਾਏ ਗਏ ਨਾਂ ’ਤੇ ਰੱਖ ਦਿੱਤਾ ਜਾਵੇਗਾ। ਵਿਹੜਿਆਂ, ਲੜੀਆਂ ਦੀ ਪਈ ਸਾਂਝੀ ਥਾਂ ਜਿਵੇਂ ਕਿ ਭੂਨ ਵਾਲਾ ਟੋਬਾ ਪਿਆ ਹੈ, ਦੀ ਥਾਂ ਦਾ ਅੱਟਾ ਵੱਟਾ ਕਰਕੇ ਉਨ੍ਹਾਂ ਹੀ ਲੜੀਆਂ, ਵਿਹੜਿਆਂ ਦੀਆਂ ਸਹੂਲਤਾਂ ਲਈ ਵਰਤਣ ਦੀ ਕੋਸ਼ਸ਼ ਕੀਤੀ ਜਾਵੇਗੀ, ਆਦਿ।

ਬੇਸ਼ੱਕ ਅੱਜ ਕਿਸੇ ਨੂੰ ਮੇਰੀਆਂ ਇਹ ਗੱਲਾਂ ਬੇਲੋੜੀਆਂ ਲੱਗਣ ਪਰ ਵੱਧ ਰਹੀ ਮਸ਼ੀਨਰੀ ਕਾਰਨ ਅਤੇ ਖੇਤੀ ਦੇ ਵੱਡੇ ਸਾਧਨਾਂ (ਕੰਬਾਇਨਾਂ ਆਦਿ) ਕਾਰਨ ਸਾਨੂੰ ਪਿੰਡਾਂ ਦੀਆਂ ਖੁੱਲ੍ਹੀਆਂ ਗਲੀਆਂ ਅਤੇ ਖੇਤਾਂ ਲਈ ਖੁੱਲ੍ਹੇ ਰਾਹਾਂ ਦੀ ਲੋੜ ਪੈਣੀ ਹੈ, ਬੰਦ, ਭੀੜੀਆਂ ਗਲੀਆਂ ਅਤੇ ਭੀੜੀਆਂ ਪਹੀਆਂ ਵਿੱਚੋਂ ਦੀ ਲੰਘਣ ਸਮੇਂ ਜੇ ਅੱਗੋਂ ਕੋਈ ਹੋਰ ਸਾਧਨ ਆ ਜਾਵੇ ਤਾਂ ਉਸ ਸਮੇਂ ਕਿੰਨੀ ਸਮੱਸਿਆ ਹੁੰਦੀ ਹੈ, ਇਸ ਤੋਂ ਕੋਈ ਵੀ ਅਣਜਾਣ ਨਹੀਂ, ਪਰ ਇਹ ਸਮੱਸਿਆਂ ਕਿਹੜਾ ਆਪਣੀ ਇਕੱਲਿਆਂ ਦੀ ਹੈ ਜਾਂ ਆਪਾਂ ਨੇ ਕੀ ਲੈਣਾ ਹੈ, ਦੀ ਸੋਚ ਕਾਰਨ ਕੋਈ ਵੀ ਇਸ ਦੇ ਹੱਲ ਬਾਰੇ ਨਹੀਂ ਸੋਚਦਾ, ਜੇ ਇਸ ਸਮੱਸਿਆ ਲਈ ਅਸੀਂ ਸਮਾਂ ਰਹਿੰਦੇ ਨਾ ਸੋਚਿਆ ਤਾਂ ਵੱਧ ਰਹੀ ਅਬਾਦੀ, ਵੱਧ ਰਹੇ ਆਵਾਜਾਈ ਦੇ ਸਾਧਨਾ ਅਤੇ ਵੱਧ ਰਹੀਆਂ ਜ਼ਮੀਨਾਂ ਦੀਆਂ ਕੀਮਤਾਂ ਕਾਰਨ ਬਾਅਦ ਵਿੱਚ ਇਸ ਦਾ ਹੱਲ ਕਰਨਾ ਬੜਾ ਔਖਾ ਹੋ ਜਾਵੇਗਾ, ਇਸ ਲਈ ਕਿਉਂ ਨਾ ਸਮਾਂ ਰਹਿੰਦੇ ਹੀ ਇਸ ਦਾ ਹੱਲ ਕੀਤਾ ਜਾਵੇ।

  1. ਪਿੰਡ ਦੇ ਸਾਰੇ ਰਸਤਿਆਂ ਦੀ ਮਿਣਤੀ ਕਰਵਾ ਕੇ ਉਨ੍ਹਾਂ ਦੇ ਪਾਸਿਆਂ ਉੱਤੇ ਪੱਥਰ ਗੱਡ ਕੇ ਰਸਤਿਆਂ ਨੂੰ ਸਾਫ਼ ਅਤੇ ਪਧਰੇ ਕੀਤਾ ਜਾਵੇਗਾ। ਆਪਣੇ ਪਿੰਡ ਤੋਂ ਦੂਜੇ ਪਿੰਡ ਨੂੰ ਜੋੜਨ ਵਾਲੇ ਸਾਰੇ ਰਸਤਿਆਂ ਉੱਤੇ ਸੜਕਾਂ ਬਣਵਾਉਣ ਲਈ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸਮੇਂ ਦੀ ਹਰ ਸਰਕਾਰ ਤੱਕ ਪਹੁੰਚ ਕੀਤੀ ਜਾਵੇਗੀ।
  2. ਪਿੰਡ ਵਿੱਚ ਪਏ ਪਟਵਾਰ ਖ਼ਾਨੇ ਦੀ ਥਾਂ ਵਿੱਚ ਪਟਵਾਰੀ ਦਾ ਦਫ਼ਤਰ ਬਣਾਇਆ ਜਾਵੇਗਾ ਅਤੇ ਪਟਵਾਰੀ ਦੀ ਹਾਜ਼ਰੀ ਯਕੀਨੀ ਬਣਾਈ ਜਾਵੇਗੀ ਤਾਂ ਕਿ ਪਟਵਾਰੀ ਨਾਲ ਸੰਬੰਧਿਤ ਕੰਮ ਵਾਲਿਆਂ ਨੂੰ ਖੱਜ਼ਲ ਖੁਆਰ ਨਾ ਹੋਣਾ ਪਵੇ।
  3. ਸਮੁੱਚੀ ਪੰਚਾਇਤ ਧਰਮ, ਜਾਤ, ਪਾਰਟੀਬਾਜ਼ੀ ਅਤੇ ਗਰੁੱਪਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਲਈ ਹਰ ਸੰਭਵ ਕੋਸ਼ਸ਼ ਕਰੇਗੀ। ਕਿਸੇ ਨਾਲ ਵੀ ਪੱਖਪਾਤ ਨਹੀਂ ਕਰੇਗੀ। ਪਿੰਡ ਦੇ ਪੈਸੇ ਵਿੱਚੋਂ ਇੱਕ ਰੁਪਿਆ ਵੀ ਨਹੀਂ ਖਾਵੇਗੀ। ਸਾਰੀ ਪੰਚਾਇਤ ਪਿੰਡ ਦੇ ਗੁਰੂ ਘਰ ਵਿੱਚ ਜਨਤਕ ਤੌਰ ’ਤੇ ਇਹ ਪ੍ਰਣ ਕਰੇਗੀ ਕਿ ਜੇ ਅਸੀਂ, ਪੰਚਾਇਤੀ ਤੌਰ ’ਤੇ ਆਪਣੇ ਵੱਲੋਂ ਧਰਮ, ਜਾਤ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਲਈ ਹਰ ਸੰਭਵ ਕੋਸ਼ਸ਼ ਨਾ ਕਰੀਏ, ਕਿਸੇ ਨਾਲ ਵੀ ਪੱਖਪਾਤ ਕਰੀਏ, ਪਿੰਡ ਦਾ ਇੱਕ ਵੀ ਪੈਸਾ ਖਾਈਏ ਤਾਂ ਸਤਿਗੁਰੂ ਜੀ ਸਾਨੂੰ ਅੰਧਾ ਕਰ ਦੇਣ।

ਨਗਰ ਨਿਵਾਸੀਓ  ! ਇਹ ਮੇਰੇ ਵਿਚਾਰ ਹਨ ਜਿੰਨ੍ਹਾ ਨੂੰ ਮੇਰੇ ਇਹ ਵਿਚਾਰ ਪਸੰਦ ਹੋਣ, ਜੋ ਕਿਸੇ ਕਿਸਮ ਦਾ ਨਸ਼ਾ ਨਾ ਕਰਦੇ ਹੋਣ ਅਤੇ ਜੋ ਪੰਚ ਦੇ ਰੂਪ ਵਿੱਚ ਮੇਰਾ ਸਾਥ ਦੇ ਕੇ ਪਿੰਡ ਦਾ ਵਿਕਾਸ ਕਰਨਾ ਚਾਹੁੰਦੇ ਹੋਣ, ਉਹ ਪਾਰਟੀਬਾਜ਼ੀ ਅਤੇ ਗਰੁੱਪਬਾਜ਼ੀ ਤੋਂ ਉੱਪਰ ਉੱਠ ਕੇ ਅੱਗੇ ਆਉਣ। ਆਪਣੇ ਵਾਰਡ ਦੇ ਲੋਕਾਂ ਨੂੰ ਪ੍ਰੇਰ ਕੇ ਆਪ ਪੰਚ ਬਣਨ ਅਤੇ ਮੈਨੂੰ ਸਰਪੰਚ ਬਣਾਉਣ ਲਈ ਮੇਰਾ ਸਹਿਯੋਗ ਲੈਣ ਅਤੇ ਮੈਨੂੰ ਸਹਿਯੋਗ ਦੇਣ ਲਈ ਮੇਰੇ ਨਾਲ ਸੰਪਰਕ ਕਰਨ ਤਾਂ ਕਿ ਆਪਾਂ ਰਲ਼ ਕੇ ਨਸ਼ੇ, ਪਾਰਟੀਬਾਜ਼ੀ ਅਤੇ ਗਰੁੱਪਬਾਜ਼ੀ ਤੋਂ ਮੁਕਤ ਪੰਚਾਇਤ ਬਣਾ ਕੇ ਆਪਣੇ ਪਿੰਡ ਦਾ ਵਿਕਾਸ ਕਰ ਸਕੀਏ।

ਜੇ ਕਿਸੇ ਕਾਰਨ ਮੈਂ ਸਰਪੰਚ ਨਾ ਬਣ ਸਕਿਆ ਤਾਂ ਇਹ ਕੰਮ ਕੋਈ ਹੋਰ ਵੀ ਕਰ ਸਕਦਾ ਹੈ, ਉਹ ਵੀ ਮੇਰੇ ਵੱਲੋਂ ਸੁਝਾਏ ਇਹ ਕੰਮ ਕਰ ਸਕਦਾ ਹੈ ਜਾਂ ਇਸ ਤੋਂ ਵੀ ਹੋਰ ਚੰਗਾ ਕਰ ਸਕਦਾ ਹੈ, ਪਰ ਮੇਰੀ ਬੇਨਤੀ ਹੈ ਕਿ ਜਾਤ, ਧਰਮ, ਪਾਰਟੀ ਤੋਂ ਉੱਪਰ ਉੱਠ ਕੇ, ਆਪਣੀ ਚੌਧਰ, ਇੱਕ ਦੂਜੇ ਨੂੰ ਨੀਵਾਂ ਵਿਖਾਉਣ ਜਾਂ ਆਪਣੇ ਵਿਰੋਧੀ ਨੂੰ ਹਰਾਉਣ ਦੀ ਸੋਚ ਨੂੰ ਛੱਡ ਕੇ ਤਨੋ ਮਨੋ ਪਿੰਡ ਦੇ ਵਿਕਾਸ ਲਈ ਹੀ ਚੋਣ ਮੈਦਾਨ ਵਿੱਚ ਆਇਆ ਜਾਵੇ। ਮੈਨੂੰ ਆਸ ਹੈ ਕਿ ਸਮੁੱਚਾ ਨਗਰ ਪਾਰਟੀ ਅਤੇ ਧੜੇ ਬੰਦੀ ਤੋਂ ਉੱਪਰ ਉੱਠ ਕੇ ਮੇਰਾ ਸਹਿਯੋਗ ਦੇਵੇਗਾ। ਧੰਨਵਾਦ।