ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ -3)

0
82

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ -3)

ਪੰਥ ਦੇ ਵਿਚਾਰਨਯੋਗ ਮਸਲੇ ਤੇ ਸਮਾਧਾਨ

ਗਿਆਨੀ ਜਗਤਾਰ ਸਿੰਘ ਜਾਚਕ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ-1)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 2)

ਤੀਜਾ ਮਸਲਾ ਹੈ ਸਿਰਲੇਖਾਂ ਦੀ ਤਰਤੀਬਕ ਇਕਸਾਰਤਾ ਦਾ; ਜੋ ਵਧੇਰੇ ਕਰਕੇ ਲਾਹੌਰ ਤੇ ਨਵਲ ਕਿਸ਼ੋਰ ਪ੍ਰੈਸ ਲਖਨਊ ਦੇ ਬੇਸਮਝ ਛਾਪਕਾਂ ਦੁਆਰਾ ਮੰਗਲਾਂ ਦੀ ਸਥਾਨਿਕ ਬੇਤਰਤੀਬੀ ਕਾਰਨ ਪੈਦਾ ਹੋਇਆ ਹੈ । ਭਗਤ ਬਾਣੀ ਦੇ ਕਈ ਸ਼ਬਦ ਸਿਰਲੇਖਾਂ ਤੋਂ ਹੀ ਰਹਿਤ ਹਨ। ਇਸ ਪੱਖੋਂ ਛਾਪੇ ਦੀ ਪ੍ਰਚਲਿਤ ਬੀੜ ਦੇ ਹੇਠ ਲਿਖੇ ਸਿਰਲੇਖ ਵਾਚੇ ਜਾ ਸਕਦੇ ਹਨ, ਜਿਨ੍ਹਾਂ ਵਿੱਚ ਇਕਸਾਰਤਾ ਅਤੇ ਇੱਕ ਬੱਝਵੀਂ ਤਰਤੀਬ ਦੀ ਵੱਡੀ ਤੇ ਰੜਕਵੀਂ ਘਾਟ ਹੈ ਭਾਵ ਕਈ ਥਾਈਂ ਬਾਣੀ ਦਾ ਨਾਂ (‘ਸੋਹਿਲਾ’, ‘ਸੁਖਮਨੀ’ ਤੇ ‘ਓਅੰਕਿਾਰ’ ਆਦਿਕ) ਸਿਰਲੇਖ ਦੇ ਆਰੰਭ ਵਿੱਚ ਅੰਕਿਤ ਕੀਤਾ ਗਿਆ ਹੈ ਅਤੇ ਕਦੀ ਰਾਗ, ਮਹਲਾ, ਘਰੁ ਅਤੇ ਚਉਪਦੇ ਆਦਿਕ ਸੂਚਨਾਵਾਂ ਦੇ ਵਿਚਕਾਰ ਅਤੇ ਕਦੇ ਅੰਤ ਵਿੱਚ; ਜਿਵੇਂ ਹੇਠਾਂ ਵੇਖੋ (ਨੰ. 1, 2, 3) ਕਦੇ ਰਾਗ ਦਾ ਨਾਂ ਪਹਿਲਾਂ ਤੇ ਬਾਣੀਕਾਰ (ਮਹਲਾ) ਦਾ ਵੇਰਵਾ ਪਿੱਛੋਂ, ਕਦੇ ਮਹਲਾ ਦਾ ਵੇਰਵਾ ਪਹਿਲਾਂ ਤੇ ਰਾਗੁ ਪਿੱਛੋਂ ਅਤੇ ਕਈ ਥਾਈਂ ਮਹਲਾ ਦੀ ਸੂਚਨਾ, ਰਾਗ ਤੇ ਕਾਵਿਕ ਪਦਿਆਂ ਦੀ ਸੂਚਨਾ ਤੋਂ ਪਿੱਛੋਂ। ਹੇਠਾਂ ਵੇਖੋ (ਨੰ. 4, 5, 6, 9)।

ਕਦੇ ਸੰਗੀਤਕ ਸੂਚਨਾ ‘ਘਰੁ’ ਨੂੰ ਰਾਗ ਤੋਂ ਪਿੱਛੋਂ ਲਿਖਿਆ ਗਿਆ ਹੈ ਅਤੇ ਕਈ ਥਾਈਂ ਬਾਣੀਕਾਰ (ਮਹਲਾ) ਦੇ ਪਿੱਛੋਂ ਤੇ ਕਦੀ ਅੰਤ ਵਿੱਚ । ਹੇਠਾਂ ਵੇਖੋ (ਨੰ. 4, 5, 9) ਕਈ ਥਾਈਂ ਸ਼ਬਦ ਦੇ ਪਦਿਆਂ ਦੀ ਕਾਵਿਕ ਸੂਚਨਾ (ਦੁਪਦੇ, ਚਉਪਦੇ ਤੇ ਅਸਟਪਦੀਆਂ ਆਦਿਕ) ਨੂੰ ‘ਘਰੁ’ ਦੇ ਪਿੱਛੋਂ ਰੱਖਿਆ ਹੈ ਅਤੇ ਕਦੇ ਬਾਣੀਕਾਰ ਦੇ ਪਿੱਛੋਂ। ਹੇਠਾਂ ਵੇਖੋ (ਨੰ. 4, 5, 6) ਕਦੇ ਮੁੱਖ ਰਾਗ ਤੇ ਉਪਰਾਗ ਨੂੰ ਮਿਲਾ ਕੇ ਮਿਸ਼ਰਤ ਰਾਗ (ਗਉੜੀ ਦੀਪਕੀ, ‘ਗਉੜੀ ਮਾਝ’, ‘ਗਉੜੀ ਗੁਆਰੇਰੀ’, ‘ਆਸਾ ਕਾਫੀ’ ਅਤੇ ‘ਮਾਰੂ ਕਾਫੀ’ ਤੇ ‘ਬਸੰਤ ਹਿੰਡੋਲੁ’ ਆਦਿਕ) ਵਜੋਂ ਗਾਉਣ ਦੀ ਸੂਚਨਾ ਨੂੰ ਸੰਯੁਕਤ ਰੂਪ ਵਿੱਚ ਲਿਖਿਆ ਹੈ। ਹੇਠਾਂ ਵੇਖੋ (ਨੰ. 1, 5, 6, 10) ਕਈ ਥਾਈਂ ਉਪਰਾਗ ਨੂੰ ‘ਘਰੁ’ ਜਾਂ ‘ਮਹਲਾ’ ਤੋਂ ਪਿਛੋਂ ਨਿਖੇੜ ਕੇ ਲਿਖਿਆ ਹੋਇਆ ਹੈ । ਹੇਠਾਂ ਵੇਖੋ (ਨੰ. 8, 9, 11) :

(1) ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ ੧ ॥ ੴ ਸਤਿਗੁਰ ਪ੍ਰਸਾਦਿ ॥  ਜੈ ਘਰਿ ਕੀਰਤਿ॥ ਪੰ. 12

(2) ਗਉੜੀ ਸੁਖਮਨੀ ਮਹਲਾ ੫ ॥ ਸਲੋਕ ॥ ੴ ਸਤਿਗੁਰ ਪ੍ਰਸਾਦਿ ॥ ਸਿਮਰਉ ਸਿਮਰਿ॥

(3) ੴ ਸਤਿਗੁਰ ਪ੍ਰਸਾਦਿ ॥ ਰਾਮਕਲੀ ਮਹਲਾ ੧ ਦਖਣੀ ‘ਓਅੰਕਿਾਰੁ ॥ ਓਅੰਕਿਾਰੁ ਬ੍ਰਹਮਾ॥ ਪੰ. 929

(4) ੴ ਸਤਿਗੁਰ ਪਸਾਦਿ ॥

ਸਿਰੀਰਾਗੁ ਮਹਲਾ ੧ ਘਰੁ ੧ ਅਸਟਪਦੀਆ ॥ ਆਖਿ ਆਖਿ॥ ਪੰ. 53

(5) ਰਾਗ ਮਾਝ ਅਸਟਪਦੀਆ ਮਹਲਾ ੧ ਘਰੁ ੧    ੴ ਸਤਿਗੁਰ ਪ੍ਰਸਾਦਿ ॥  ਸਬਦਿ ਰੰਗਾਏ ਹੁਕਮਿ॥ ਪੰ. 109

(6) ਮਹਲਾ ੫ ਰਾਗੁ ਗਉੜੀ ਗੁਰਆਰੇਰੀ ਚਉਪਦੇ   ੴ ਸਤਿਗੁਰ ਪ੍ਰਸਾਦਿ ॥

ਕਿਨ ਬਿਧਿ ਕੁਸਲ॥ ਪੰ. 175

(7) ਰਾਗੁ ਗਉੜੀ ਮਾਝ ਮਹਲਾ ੫          ੴ ਸਤਿਗੁਰ ਪ੍ਰਸਾਦਿ ॥

ਤੂੰ ਮੇਰਾ ਬਹੁ ਮਾਣ ਕਰਤੇ॥ ਪੰ. 217

(8) ਗਉੜੀ ਮਹਲਾ ੫ ਮਾਝ ॥ ਆਉ ਹਮਾਰੈ॥ ਪੰ. 217

(9) ਆਸਾ ਘਰੁ ੮ ਕਾਫੀ ਮਹਲਾ ੫ ॥ ੴ ਸਤਿਗੁਰ ਪ੍ਰਸਾਦਿ ॥ ਮੈ ਬੰਦਾ ਬੈਖਰੀਦ॥ ਪੰ. 396

(10) ਮਾਰੂ ਕਾਫੀ ਮਹਲਾ ੧ ਘਰੁ 2 ॥ ਆਵਉ ਵੰਝਉ ਡੁੰਮਣੀ.. ਪੰ.1014

(11) ਬਸੰਤ ਮਹਲਾ ੧ ਹਿੰਡੋਲ (ਹਿੰਡੋਲੁ) ॥  ਸਾਹੁਰੜੀ ਵਥੁ..  ਪੰ.1171

ਪ੍ਰੰਤੂ ਸ੍ਰੀ ਕਰਤਾਰਪੁਰੀ ਬੀੜ ਸਮੇਤ ਭਾਈ ਬੰਨੋ ਵਾਲੀ ਸ਼ਾਖ ਦੀਆਂ ਬੀੜਾਂ ਨੂੰ ਛੱਡ ਕੇ ਬਾਕੀ ਦੀਆਂ ਵਧੇਰੇ ਪ੍ਰਾਚੀਨ ਬੀੜਾਂ ਵਿੱਚ ਸਿਰਲੇਖਾਂ ਦੀ ਇੱਕ ਬਝਵੀਂ ਤਰਤੀਬ ਹੈ। ਪਹਿਲੇ ਨੰ. ’ਤੇ ਰਾਗ ਦਾ ਨਾਂ; ਦੂਜੇ ਤੇ ਬਾਣੀਕਾਰ (ਮਹਲਾ) ਦਾ ਵੇਰਵਾ; ਤੀਜੇ ਤੇ ਦੁਪਦੇ, ਚਉਪਦੇ ਤੇ ਅਸਟਪਦੀਆਂ ਆਦਿਕ ਦੇ ਰੂਪ ਵਿੱਚ ਕਾਵਿਕ ਪਦਿਆਂ ਦੀ ਸੂਚਨਾ; ਚੌਥੇ ਤੇ ਸੰਗੀਤਕ ਸੂਚਨਾ ‘ਘਰੁ’ ਅਤੇ ਅੰਤ ਵਿੱਚ ਬਾਣੀ ਦਾ ਨਾਂ ‘ਸੋਹਿਲਾ’ ਤੇ ‘ਸੁਖਮਨੀ’ ਆਦਿਕ । ਉਦਾਹਰਨ ਵਜੋਂ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਤ ‘ਪਾਠ-ਭੇਦਾਂ ਦੀ ਸੂਚੀ’ ਮੁਤਾਬਕ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਬੀੜ ਨੰ. 4/3, 5, 24/36, 29/79 ਤੇ 32/6281 ਵਿੱਚ ਸਿਰਲੇਖ ਸੀ :

ਰਾਗੁ ਗਉੜੀ ਦੀਪਕੀ ਮਹਲਾ ੧ ਸੋਹਿਲਾ ॥ ਜੈ ਘਰਿ..॥

ਪ੍ਰੰਤੂ ਹੁਣ ਛਪ ਰਿਹਾ ਹੈ : ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ ੧ ॥

(2) ਬੀੜ ਨੰ. 29/79 ਤੇ 37/170 ਵਿੱਚ ਸਿਰਲੇਖ ਸੀ :

ਰਾਮਕਲੀ ਦਖਣੀ  ਮਹਲਾ ੧  ਓਅੰਕਿਾਰੁ ॥

ਹੁਣ ਛਪ ਰਿਹਾ ਹੈ : ਰਾਮਕਲੀ  ਮਹਲਾ ੧  ਦਖਣੀ ਓਅੰਕਿਾਰੁ ॥ ਪੰ. 929

ਇਸੇ ਲਈ ‘ਓਅੰਕਿਾਰ’ ਨਾਮ ਦੀ ਬਾਣੀ ਨੂੰ ਹੁਣ ਆਮ ਤੌਰ ’ਤੇ ‘ਦੱਖਣੀ ਓਅੰਕਿਾਰੁ’ ਬੋਲਿਆ ਜਾ ਰਿਹਾ ਹੈ, ਜੋ ਕਿ ਸਿਧਾਂਤਕ ਪੱਖੋਂ ਵੀ ਗ਼ਲਤ ਹੈ । ‘ਰਾਮਕਲੀ ਦਖਣੀ’ ਦਾ ਅਰਥ ਹੈ : ਦੱਖਣੀ ਕਿਸਮ ਦੀ ਰਾਮਕਲੀ । ਇਸ ਲਈ ਰਾਗ ਦਾ ਸ਼ੁੱਧ ਨਾਮ ਛਪਣਾ ਚਾਹੀਦਾ ਹੈ ‘ਰਾਮਕਲੀ ਦਖਣੀ’ ।

(3)  ਬੀੜ ਨੰ. 1, 4/3, 40/326, 46 ਤੇ 47 ਵਿੱਚ ਛਾਪੇ ਦੀ ਬੀੜ ਦੇ ਪੰਨੇ 53 ਦਾ ਸਿਰਲੇਖ ਸੀ :

ਰਾਗੁ ਸਿਰੀਰਾਗੁ  ਮਹਲਾ ੧  ਅਸਟਪਦੀਆ  ਘਰੁ ੧ ॥

ਪ੍ਰੰਤੂ ਹੁਣ ਛਪ ਰਿਹਾ ਹੈ : ਸਿਰੀਰਾਗੁ  ਮਹਲਾ ੧  ਘਰੁ ੧ ਅਸਟਪਦੀਆ ॥ ਪੰ. 53

ਛਾਪੇ ਦੀ ਪਾਵਨ ਬੀੜ ਵਿੱਚ ਵਾਰਾਂ ਦੇ ਸਿਰਲੇਖ ਵੀ ਉਘੜ-ਦੁਘੜ ਛਪ ਰਹੇ ਹਨ ਭਾਵ ਵਾਰਾਂ ਦੇ ਸਿਰਲੇਖਾਂ ਵਿੱਚ ਵੀ ਇਕਸਾਰਤਾ ਨਹੀਂ। ਗੁਰਬਾਣੀ ਤੇ ਕਾਵਿ-ਸ਼ੈਲੀ ਦੀ ਗਹਿਰੀ ਸੂਝ ਰੱਖਣ ਵਾਲੇ ਵਿਦਵਾਨਾਂ ਦਾ ਮੱਤ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗਾਂ ਦੀਆਂ ਵਾਰਾਂ ਦੀ ਮੁੱਢਲੀ ਬਣਤਰ ਵਿੱਚ ਕੇਵਲ ਪਉੜੀਆਂ ਸਨ। ਉਨ੍ਹਾਂ ਦੇ ਭਾਵਾਂ ਨਾਲ ਮਿਲਦੇ ਸਲੋਕ ‘ਪੋਥੀ ਸਾਹਿਬ’ ਦੀ ਸੰਪਾਦਨਾ ਵੇਲੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਆਪ ਸਥਾਪਿਤ ਕਰਵਾਏ ਹਨ । ਇਉਂ ਪ੍ਰਤੀਤ ਹੁੰਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ‘ਬਸੰਤ ਕੀ ਵਾਰ ਮਹਲੁ ੫’ ਵਾਰਾਂ ਦੇ ਮੁੱਢਲੇ ਰੂਪ ਨੂੰ ਹੀ ਪ੍ਰਮਾਣਿਤ ਕਰਨ ਹਿਤ ਸਲੋਕ ਰਹਿਤ ਸਥਾਪਿਤ ਕੀਤੀ ਹੈ ਕਿਉਂਕਿ ਉਸ ਦੀਆਂ ਕੇਵਲ 3 ਪਉੜੀਆਂ ਹੀ ਹਨ, ਸਲੋਕ ਨਹੀਂ । ਇਹ ਇੱਕ ਵੱਖਰੀ ਗੱਲ ਹੈ ਕਿ ਛਾਪੇ ਦੀ ਬੀੜ ਵਿੱਚ ‘ਪਉੜੀ’ ਸਿਰਲੇਖ ਦੀ ਅਣਹੋਂਦ ਹੈ, ਪ੍ਰੰਤੂ ਸੂਚੀ ਮੁਤਾਬਕ ਪੁਰਾਤਨ ਹੱਥ ਲਿਖਤੀ ਗ੍ਰੰਥਾਂ ਵਿੱਚ ਸਿਰਲੇਖ ਵਜੋਂ ‘ਬਸੰਤ ਕੀ ਵਾਰ ਮਹਲੁ ੫’ ਦੀ ਥਾਂ ‘ਮਹਲਾ ੫’ ਵੀ ਅੰਕਿਤ ਹੈ ਅਤੇ ਵਾਰ ਦੇ ਹਰੇਕ ਪਦੇ ਨਾਲ ਬਕਾਇਦਾ ‘ਪਉੜੀ’ ਸਿਰਲੇਖ ਵੀ । ਵਾਰ ਦਾ ਸੰਖੇਪ ਮੰਗਲ ‘ੴ ਸਤਿਗੁਰਪ੍ਰਸਾਦਿ ॥’ ਸੱਜੇ ਹੈ । ਜਿਵੇਂ ਬੀੜ ਨੰ. 1, 5, 29/79, 35/166 ਤੇ 54 ਆਦਿਕ ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਾ ਬੀੜ ਦੇ ਪੰਨਾ 1410 ਉਪਰਲਾ ਵਿਸ਼ੇਸ਼ ਸਿਰਲੇਖ ‘ਸਲੋਕ ਵਾਰਾਂ ਤੇ ਵਧੀਕ’, ਇਸ ਹਕੀਕਤ ਦਾ ਅਕੱਟ ਪ੍ਰਮਾਣ ਹੈ ਕਿ ਜਿਹੜੇ ਸਲੋਕ ਵਾਰਾਂ ਤੋਂ ਵਧ ਗਏ, ਉਹ ਸਾਰੇ ਉਪਰੋਕਤ ਸਿਰਲੇਖ ਹੇਠ ਇਕੱਠੇ ਲਿਖ ਦਿੱਤੇ । ਇਸ ਲਈ ਜਥੇਦਾਰ ਵੇਦਾਂਤੀ ਜੀ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਟੀਮ’ ਦੀ ਸਾਂਝੀ ਖੋਜ ਅਤੇ ‘ਪਾਠ ਭੇਦ ਸੂਚੀ’ ਦੀ ਸੁਧਾਰਕ ਸਲਾਹ ਨਾਲ ਸਿਰਲੇਖਾਂ ਦੀ ਇਕਸਾਰਤਾ ਸਥਾਪਤ ਕਰਨ ਮੌਕੇ ਸਾਰੀਆਂ ਵਾਰਾਂ ਦੇ ਸੰਖੇਪ ਮੰਗਲ ਸੱਜੇ ਲਿਖਣ ਉਪਰੰਤ ਰਾਗ ਦੇ ਵੇਰਵੇ ਪਿਛੋਂ ‘ਸਲੋਕਾ ਨਾਲਿ’ ਦੀ ਵਿਸ਼ੇਸ਼ ਸੂਚਨਾ ਸ਼ਾਮਲ ਕੀਤੀ । ਇਸ ਪਿੱਛੋਂ ਬਾਣੀਕਾਰ ਦਾ ਵਰਣਨ ਅਤੇ ਵਾਰ ਦੀ ਧੁਨੀ ਦਾ ਵੇਰਵਾ ਲਿਖਿਆ। ਕੇਵਲ ਭਾਈ ਸੱਤੇ ਤੇ ਬਲਵੰਡ ਵਾਲੀ ਰਾਮਕਲੀ ਦੀ ਵਾਰ ਅਤੇ ਬਸੰਤ ਦੀ ਵਾਰ ਦੇ ਸਿਰਲੇਖ ਹੀ ‘ਸਲੋਕਾ ਨਾਲਿ’ ਸੂਚਨਾ ਤੋਂ ਖਾਲੀ ਹਨ ਕਿਉਂਕਿ ਉਹ ਦੋਵੇ ਵਾਰਾਂ ਸਲੋਕਾਂ ਤੋਂ ਰਹਿਤ ਹਨ । ਮੰਨਿਆ ਜਾਂਦਾ ਹੈ ਕਿ ਬਸੰਤ ਦੀ ਵਾਰ ਇਸ ਹਕੀਕਤ ਦਾ ਅਕੱਟ ਪ੍ਰਮਾਣ ਹੈ ਕਿ ਵਾਰਾਂ ਦਾ ਮੁੱਢਲਾ ਰੂਪ ਸਲੋਕਾਂ ਤੋਂ ਰਹਿਤ ਸੀ ।

‘ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਟੀਮ’ ਨੇ ਇਹ ਤੱਥ ਵੀ ਨੋਟ ਕੀਤਾ ਕਿ ਵਾਰ ਦੀ ਜਿਸ ਪਉੜੀ ਤੋਂ ਪਹਿਲਾਂ ਜੇ ਸਲੋਕ ਇੱਕੋ ਹੋਵੇ ਤਾਂ ਉਸ ਦਾ ਸਿਰਲੇਖ ਵੀ ਇੱਕ ਵਚਨ ਪੁਲਿੰਗ ਹੋਣ ਕਰਕੇ ‘ਸਲੋਕੁ’ ਅੰਤਕ ਔਂਕੜ ਹੋਵੇਗਾ । ਜੇ ਪਉੜੀ ਨਾਲ ਦੇ ਸਲੋਕ ਵਧੇਰੇ ਹੋਣ ਤਾਂ ਉਨ੍ਹਾਂ ਦਾ ਸਾਂਝਾ ਸਿਰਲੇਖ ‘ਸਲੋਕ’ ਬਹੁ ਵਚਨ ਹੋਣ ਕਾਰਨ ਅੰਤਕ ਮੁਕਤਾ ਹੋਵੇਗਾ । ਸ਼ਬਦਾਂ ਦੇ ਸਿਰਲੇਖਾਂ ਵਿੱਚ ਬਾਣੀਕਾਰ ਗੁਰੂ ਸਾਹਿਬਾਨ ਲਈ ‘ਮਹਲਾ’ ਅਤੇ ਵਾਰਾਂ ਅੰਦਰਲੇ ਸਲੋਕਾਂ ਦੇ ਬਾਣੀਕਾਰਾਂ ਲਈ ਵਧੇਰੇ ਉਸ ਦਾ ਸੰਖੇਪ ਰੂਪ ‘ਮ:’ ਹੀ ਲਿਖਿਆ ਮਿਲੇਗਾ । ਬੇਅੰਤ ਐਸੀਆਂ ਬੀੜਾਂ ਵੀ ਮਿਲਦੀਆਂ ਹਨ, ਜਿਨ੍ਹਾਂ ਦੇ ਸਿਰਲੇਖਾਂ ਵਿੱਚ ‘ਮਹਲ’ ਜਾਂ ‘ਮਹਲੁ’ ਦੀ ਥਾਂ ‘ਮਹਲਾ’ ਅੰਕਿਤ ਹੈ ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਪੁਸਤਕ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ-ਲਿਖਤ ਬੀੜਾਂ ਦੇ ਦਰਸ਼ਨ’ ਦੀ ਅੰਤਿਕਾ ਨੰ. 11 ਵਿੱਚ ਐਸੀਆਂ 147 ਬੀੜਾਂ ਦਾ ਵੇਰਵਾ ਦਰਜ ਹੈ, ਜਿਨ੍ਹਾਂ ਵਿੱਚ ਰਾਗੁ ਸਿਰੀਰਾਗ ਮਹਲਾ ੧ ਦੇ 6ਵੇਂ (ਛਾਪੇ ਦੀ ਬੀੜ ਪੰ. 16, ਮਹਲੁ ੧), 12ਵੇਂ (ਪੰ. 18, ਮਹਲੁ ੧) ਅਤੇ 15ਵੇਂ (ਪੰ. 19, ਮਹਲ ੧) ਸ਼ਬਦਾਂ ਦੇ ਸਿਰਲੇਖ ਵਿੱਚ ‘ਮਹਲ’ ਜਾਂ ‘ਮਹਲੁ’ ਦੀ ਥਾਂ ‘ਮਹਲਾ’ ਦਰਜ ਹੈ। ਯੂਨੀਵਰਸਿਟੀ ਦੇ ‘ਸ੍ਰੀ ਗੁਰੂ ਗ੍ਰੰਥ ਅਧਿਐਨ ਕੇਂਦਰ’ ਵਿੱਚ ਉਪਰੋਕਤ ਬੀੜਾਂ ਦੇ ਡਿਜ਼ੀਟਲ ਫੋਟੋ ਮੌਜੂਦ ਹਨ। ਜਿਵੇਂ ਬੀੜ ਨੰ. 1, 2, 3, 4, 5, 6, 7, 8, 9, 10, 11, 12, 13, 14, 15, 16, 17, 18, 19, 20, 21, 22, 23, 24, 25, 26, 28, 29 ਤੇ 30 ਆਦਿ ।

ਇਸੇ ਤਰ੍ਹਾਂ ਉਪਰੋਕਤ ਪੁਸਤਕ ਦੀ ਅੰਤਿਕਾ ਨੰ. 18 ਵਿਖੇ ਰਾਗੁ ਦੇਵਗੰਧਾਰੀ ਵਿੱਚ ਸ਼ਬਦਾਂ ਦੇ ਸਿਰਲੇਖ ‘ਦੇਵ ਗੰਧਾਰੀ / ਦੇਵ ਗੰਧਾਰੀ ੫’ ਦੀ ਥਾਂ ਦੇਵਗੰਧਾਰੀ ਮਹਲਾ ੪/੫ ਵਾਲੀਆਂ 74 ਬੀੜਾਂ ਦੀ ਸੂਚੀ ਦਿੱਤੀ ਹੋਈ ਹੈ। ਜਿਵੇਂ ਬੀੜ ਨੰ. 1, 2, 5, 7, 8, 9, 11, 12, 13, 15, 16, 17, 18, 19, 21, 22, 23, 24, 25, 26, 27, 31, 32, 33 ਤੇ 34 ਆਦਿ ॥

‘ਪਾਠ-ਭੇਦ ਸੂਚੀ’ ਦੇ ਪੰਨਾ 152 ’ਤੇ ਛਾਪੇ ਦੀ ਮੌਜੂਦਾ ਬੀੜ ਦੇ ਪਾਠ ‘ਦੇਵ ਗੰਧਾਰੀ ॥ ਮੇਰੋ ਸੁੰਦਰ ਕਹਹੁ ਮਿਲੈ ਕਿਤੁ ਗਲੀ ॥’ ਪੰਨਾ 527 ਦੇ ਸਿਰਲੇਖ ਨੂੰ ਸ਼ੁਧ ਕਰਕੇ ਇੰਞ ਲਿਖਿਆ ਹੈ : ‘ਦੇਵ ਗੰਧਾਰੀ ਮਹਲਾ ੪ ॥ ਮੇਰੋ ਸੁੰਦਰ ਕਹਹੁ॥’ ਇੱਥੇ ਹੇਠ ਲਿਖਿਆ ਇੱਕ ਵਿਸ਼ੇਸ਼ ਨੋਟ ਦੇ ਕੇ 11 ਬੀੜਾਂ ਦੀ ਸੂਚੀ ਵੀ ਦਿੱਤੀ ਹੈ :-

ਰਾਗ ਦੇ ਨਾਲ ‘ਮਹਲਾ ੪’ ਜ਼ਰੂਰ ਚਾਹੀਏ। ਪਰ ਇਸ ਤੋਂ ਅਗਲੇ ਸਾਰੇ (ਪੰਜਾਂ) ਸ਼ਬਦਾਂ ਨਾਲ ਨਹੀਂ । ਹੋਰ ਬਹੁਤੇ ਲਿਖਤੀ ਗ੍ਰੰਥਾਂ ਵਿੱਚ ਇਹ ਘਾਟ ਨਹੀਂ । (ਜਿਵੇਂ) ਬੀੜ ਨੰ. 1, 4/3, 5, 7, 21/34, 32/6281, 38/173, 40/236, 44, 47 ਤੇ 48 । ਇਸੇ ਤਰ੍ਹਾਂ ‘ਮਹਲਾ ੫’ ਦੇ ਅਧੂਰੇ ਸਿਰਲੇਖ ਵੀ ਪੂਰੇ ਕੀਤੇ ਮਿਲਦੇ ਹਨ ।

‘ਪਾਠ-ਭੇਦ ਸੂਚੀ’ ਦੇ ਪੰਨਾ 218 ਮੁਤਾਬਕ ‘ਧਨਾਸਰੀ ਮ: ੫ ॥ ਕਰਿ ਕਿਰਪਾ॥’  ਪੰ. 671 ਦੇ ਸਿਰਲੇਖ ਅੰਦਰਲੇ ‘ਮ: ੫’ ਦੀ ਥਾਂ ਬੀੜ ਨੰ. 1, 4/3, 5, 7, 21/34, 26/55, 32/6281, ਤੇ 38/173 ਵਿੱਚ ‘ਮਹਲਾ ੫’ ਦਰਜ ਹੈ । ਇਸੇ ਤਰ੍ਹਾਂ ‘ਜੈਤਸਰੀ ਮ: ੪ ॥ ਹਮ ਬਾਰਿਕ ਕਛੂਅ॥’ ਪੰ. 697 ਸ਼ਬਦ ਸਿਰਲੇਖ ਅੰਦਰਲੇ ‘ਮ: ੪’ ਵਾਲੇ ਸੰਖੇਪ ਰੂਪ ਦੀ ਥਾਂ ਬੀੜ ਨੰ. 1, 4/3, 5, 7, 21/34, 26/55, 32/6281, 40/236, 46, 48, 54 ਤੇ 55 ਵਿੱਚ ‘ਮਹਲਾ ੪’ ਸੰਪੂਰਨ ਰੂਪ ਵਿੱਚ ਅੰਕਿਤ ਹੈ ।

ਇਹੀ ਕਾਰਨ ਹਨ ਕਿ ਵੇਦਾਂਤੀ ਜੀ ਵਾਲੀ ਟੀਮ ਨੇ ਨਿਰਣੈ ਜਨਕ ਫੈਸਲਾ ਕੀਤਾ ਕਿ ਸ਼ਬਦਾਂ ਦੇ ਸਿਰਲੇਖਾਂ ਵਿੱਚ ਬਾਣੀਕਾਰ ਗੁਰੂ ਸਾਹਿਬਾਨ ਦਾ ਸ਼ੁਧ ਪ੍ਰਤੀਕ ‘ਮਹਲਾ’ ਹੈ ਅਤੇ ਵਾਰਾਂ ਵਿੱਚ ਉਸ ਦਾ ਸੰਖੇਪ ਰੂਪ ‘ਮ:’ ਸ਼ੁਧ ਹੈ । ਸਲੋਕਾਂ ਵਾਲੀਆਂ ਵਾਰਾਂ ਦੇ ਸਿਰਲੇਖਾਂ ਵਿੱਚ ਰਾਗ ਦੇ ਵੇਰਵੇ ਨਾਲ ‘ਸਲੋਕਾ ਨਾਲਿ’ ਦੀ ਸੂਚਨਾ ਲਾਜ਼ਮੀ ਹੈ । ਜਿਵੇਂ ਸ਼੍ਰੋਮਣੀ ਕਮੇਟੀ ਵਾਲੀ ਮੌਜੂਦਾ ਬੀੜ ਵਿਖੇ ਸਿਰੀਰਾਗ ਦੀ ਵਾਰ ਦੇ ਸੰਖੇਪ ਮੰਗਲ ਸਹਿਤ ਸਿਰਲੇਖ ਛਪ ਰਿਹਾ ਹੈ :

ੴ ਸਤਿਗੁਰ ਪ੍ਰਸਾਦਿ ॥ ਸਿਰੀਰਾਗ ਕੀ ਵਾਰ ਮਹਲਾ ੪ ਸਲੋਕਾ ਨਾਲਿ ॥ ਸਲੋਕ ਮ: ੩ ॥ ਰਾਗਾ ਵਿਚਿ ਸ੍ਰੀਰਾਗੁ ਹੈ॥ (ਪੰਨਾ 83)

ਪਰ, ਵੇਦਾਂਤੀ ਜੀ ਨੇ ਮੰਗਲ ਦਾ ਸਥਾਨ ਤੇ ਸਿਰਲੇਖ ਸੋਧ ਕੇ ਇੰਞ ਲਿਖਿਆ :

ੴ ਸਤਿ ਗੁਰ ਪ੍ਰਸਾਦਿ ॥

ਸਿਰੀਰਾਗ ਕੀ ਵਾਰ ਸਲੋਕਾ ਨਾਲਿ ਮਹਲਾ ੪ ॥ ਸਲੋਕ ਮ: ੩ ॥ ਰਾਗਾ ਵਿਚਿ ਸ੍ਰੀਰਾਗੁ ਹੈ॥

ਸ਼੍ਰੋਮਣੀ ਕਮੇਟੀ ਵਾਲੀ ਛਾਪੇ ਦੀ ਬੀੜ ਦਾ ਸਿਰਲੇਖ ਹੈ :

ਵਾਰ ਮਾਝ ਕੀ ਤਥਾ ਸਲੋਕ ਮਹਲਾ ੧ ॥ ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ ॥ ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥ ਸਲੋਕੁ ਮ: ੧ ॥ ਗੁਰੁ ਦਾਤਾਗੁਰੁ ਹਿਵੈ ਘਰਿ ॥ (ਪੰਨਾ 137)

ਪਰ, ਵੇਦਾਂਤੀ ਜੀ ਨੇ ਲਿਖਿਆ :

ੴ ਸਤਿ ਗੁਰ ਪ੍ਰਸਾਦਿ ॥ ਵਾਰ ਮਾਝ ਕੀ ਸਲੋਕਾ ਨਾਲਿ ਮਹਲਾ ੧ ॥ ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ ॥ ਸਲੋਕ ਮ: ੧ ॥ ਗੁਰੁ ਦਾਤਾ ਗੁਰੁ ਹਿਵੈ ਘਰਿ ॥

ਛਾਪੇ ਦੀ ਪ੍ਰਚਲਿਤ ਬੀੜ ਵਿਖੇ ਆਸਾ ਦੀ ਵਾਰ ਦਾ ਮੰਗਲ ਸੰਪੂਰਨ ਹੈ ਅਤੇ ਸਿਰਲੇਖ ਵਿੱਚ ‘ਸਲੋਕ ਭੀ ਮਹਲੇ ਪਹਿਲੇ ਕੇ ਲਿਖੇ’ ਦੀ ਵਿਸ਼ੇਸ਼ ਸੂਚਨਾ ਦਰਜ ਹੈ ਜਦ ਕਿ ਇਸ ਵਾਰ ਵਿੱਚ 15 ਸਲੋਕ ਮਹਲਾ ੨ ਦੇ ਵੀ ਅੰਕਿਤ ਹਨ । ਇਸ ਲਈ ‘ਪਾਠ ਭੇਦ ਸੂਚੀ’ (ਪੰ. 137) ਦੇ ਖੋਜੀ ਵਿਦਵਾਨਾਂ ਨੇ ਬੀੜ ਨੰ. 1, 4/3, 5, 7, 29/79, 32/6281, 38/ 173, 55 ਦੇ ਹਵਾਲੇ ਨਾਲ ਲਿਖਿਆ ਹੈ ਕਿ ਵਾਰ ਦਾ ਮੰਗਲ ‘ੴ ਸਤਿਗੁਰਪ੍ਰਸਾਦਿ ॥’ ਸੰਖੇਪ ਹੈ ਅਤੇ ‘ਸਲੋਕ ਭੀ ਮਹਲੇ ਪਹਿਲੇ ਕੇ ਲਿਖੇ’ ਦੀ ਵਿਸ਼ੇਸ਼ ਸੂਚਨਾ ਬੇਲੋੜੀ ਹੈ । ਇਸ ਪੱਖੋਂ ਖੋਜੀ ਸੱਜਣਾਂ ਦੀ ਵਿਸ਼ੇਸ਼ ਰਾਇ ਇੰਞ ਹੈ :

ਨੋਟ – ਤਕਰੀਬਨ ਸਾਰੇ ਪੁਰਾਤਨ ਲਿਖਤੀ ਗ੍ਰੰਥਾਂ ਵਿੱਚ ਪਿੱਛੇ ਆ ਰਹੀ ਰੀਤ ਅਨੁਸਾਰ ਸੰਖੇਪ ਮੰਗਲ ਅਤੇ ਸਿਰਲੇਖ ਭੀ ਸਿੱਧੇ ਤੇ ਸੰਖੇਪ ਹਨ । ਸੋ, ਲਾਲ ਲੀਕਾਂ ਵਾਲੇ ‘ਮੰਗਲ’ ਤੇ ‘ਸਿਰਲੇਖ’ ਰੱਖਣੇ ਹੀ ਉਚਿਤ ਹਨ ।

ਪਾਠਕਾਂ ਨੂੰ ਗਿਆਤ ਹੋਵੇ ਕਿ ਪਾਠ ਭੇਦ ਸੂਚੀ ਦੇ ਬੇਬਾਕ ਖੋਜੀਆਂ ਨੇ ਉਪਰੋਕਤ ਬੀੜਾਂ ਦੇ ਹਵਾਲੇ ਨਾਲ ਜਿੱਥੇ ਆਸਾ ਦੀ ਵਾਰ ਦਾ ਸੰਖੇਪ ਮੰਗਲ ‘ੴ ਸਤਿਗੁਰਪ੍ਰਸਾਦਿ ॥’ ਸਹੀ ਪ੍ਰਵਾਨ ਕੀਤਾ ਹੈ । ਉਥੇ ‘ਆਸਾ ਕੀ ਵਾਰ ਸਲੋਕਾ ਨਾਲਿ  ਮਹਲਾ ੧ ॥ ਟੁੰਡੇ ਅਸਰਾਜੈ ਕੀ ਧੁਨਿ ॥’ ਸਿਰਲੇਖ ਹੀ ਉਚਿਤ ਮੰਨਿਆ ਹੈ ਅਤੇ ਸੂਚੀ ਦੀਆਂ ਐਸੀਆਂ ਬੀੜਾਂ ਦੇ ਹਵਾਲੇ ਹੇਠਾਂ ਵਿਸ਼ੇਸ਼ ਲੀਕ ਖਿਚੀ ਹੈ ਭਾਵ ਅੰਡਰਲਾਈਨ ਕੀਤਾ ਹੈ। ਉਸ ਟੀਮ ਨੇ ਸ਼੍ਰੋਮਣੀ ਕਮੇਟੀ ਨੂੰ ਜੋ ਅਸਲ ਰਿਪੋਰਟ ਸੌਂਪੀ ਹੈ, ਉਹਦੇ ਵਿੱਚ ਅਜਿਹੀਆਂ ਲੀਕਾਂ ਲਾਲ ਰੰਗ ਦੀਆਂ ਹੋਣਗੀਆਂ। ਮੰਨਿਆ ਜਾਂਦਾ ਹੈ ਕਿ ਇਸੇ ਲਈ ‘ਪਾਠ ਭੇਦ ਸੂਚੀ’ ਪੁਸਤਕ ਦੇ ਉਪਰੋਕਤ ਨੋਟ ਵਿੱਚ ਲਾਲ ਲੀਕਾਂ ਦਾ ਵਿਸ਼ੇਸ਼ ਵਰਣਨ ਹੈ ।

‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ-ਲਿਖਤ ਬੀੜਾਂ ਦੇ ਦਰਸ਼ਨ’ ਪੁਸਤਕ ਦੀ ਅੰਤਿਕਾ ਨੰ. 16 ਵਿਖੇ 35 ਹੱਥ ਲਿਖਤ ਬੀੜਾਂ ਦਾ ਵਰਣਨ ਮਿਲਦਾ ਹੈ, ਜਿਨ੍ਹਾਂ ਵਿੱਚ ‘ਸਲੋਕ ਭੀ ਮਹਲੇ ਪਹਿਲੇ ਕੇ ਲਿਖੇ’ ਸੂਚਨਾ ਦਰਜ ਨਹੀਂ ਕਿਉਂਕਿ ਵਾਰ ਵਿੱਚ ‘ਮਹਲਾ ੨ (ਦੂਜਾ)’ ਦੇ ਸਲੋਕ ਵੀ ਅੰਕਿਤ ਹਨ। ਜਿਵੇਂ ਬੀੜ ਨੰ. 1, 2, 9, 18, 20, 22, 25, 26, 27, 30, 33, 34, 40, 42, 45, 52, 56, 58, 59, 64, 66, 67, 68, 73, 79, 82, 84, 98, 100, 104, 106, 115, 119, 133, 148 । ਯੂਨੀਵਰਸਿਟੀ ਦੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ’ ਵਿਖੇ ਉਪਰੋਕਤ ਬੀੜਾਂ ਨੂੰ ਕਦੋਂ ਵੀ ਘੋਖਿਆ ਜਾ ਸਕਦਾ ਹੈ । ਇਹੀ ਕਾਰਨ ਹੈ ਕਿ ਸਿੱਖ ਬੁੱਕ ਕਲੱਬ ਵਾਲੀ ਬੀੜ ਵਿਖੇ ਆਸਾ ਦੀ ਵਾਰ ਦਾ ਸਿਰਲੇਖ ਇੰਞ ਅੰਕਿਤ ਹੋਇਆ ਮਿਲਦਾ ਹੈ :

ੴਸਤਿਗੁਰਪ੍ਰਸਾਦਿ ॥

ਆਸਾ ਕੀ ਵਾਰ ਸਲੋਕਾਂ ਨਾਲਿ ਮਹਲਾ ੧ ॥ ਟੁੰਡੇ ਅਸਰਾਜੈ ਕੀ ਧੁਨੀ ॥

ਸਲੋਕ ਮ: ੧ ॥ ਬਲਿਹਾਰੀ ਗੁਰ ਆਪਣੇ॥

ਬਸੰਤ ਕੀ ਵਾਰ ਮਹਲੁ ੫ ॥ ੴ ਸਤਿਗੁਰ ਪ੍ਰਸਾਦਿ ॥ (ਪੰ. 1193) ਛਪ ਰਹੇ ਪ੍ਰਚਲਿਤ ਸਿਰਲੇਖ ਦੀ ਥਾਂ, ਜਥੇਦਾਰ ਵੇਦਾਂਤੀ ਜੀ ਨੇ ਹੇਠ ਲਿਖੇ ਅਨੁਸਾਰ ਮੰਗਲ ਸੱਜੇ ਤੇ ਵਾਰ ਦਾ ਸਿਰਲੇਖ ਲਿਖ ਕੇ ਉਸ ਦੇ ਤਿੰਨੇ ਪਦਿਆਂ ਦੀ ਅਰੰਭਤਾ ਵਿੱਚ ‘ਪਉੜੀ’ ਸਿਰਲੇਖ ਵਿਸ਼ੇਸ਼ ਦਰਜ ਕੀਤਾ । ਜਿਵੇਂ :

ੴਸਤਿਗੁਰਪ੍ਰਸਾਦਿ ॥ ਬਸੰਤ ਕੀ ਵਾਰ  ਮਹਲਾ ੫ ॥ ਪਉੜੀ ॥ ਹਰਿ ਕਾ ਨਾਮੁ ਧਿਆਇ ਕੈ ॥੧॥

ਪਉੜੀ ॥ ਪੰਜੇ ਬਧੇ ਮਹਾਬਲੀ ॥2॥

ਪਉੜੀ ॥ ਕਿਥਹੁ ਉਪਜੈ ਕਹ ਰਹੈ ॥3॥

‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ-ਲਿਖਤ ਬੀੜਾਂ ਦੇ ਦਰਸ਼ਨ’ ਪੁਸਤਕ ਦੀ ਅੰਤਿਕਾ ਨੰ. 33 ਅਨੁਸਾਰ 122 ਐਸੀਆਂ ਬੀੜਾਂ ਯੂਨੀਵਰਸਿਟੀ ਵਿੱਚ ਮੌਜੂਦ ਹਨ, ਜਿਨ੍ਹਾਂ ਵਿਖੇ ਬਸੰਤ ਕੀ ਵਾਰ ਦੇ ਸਿਰਲੇਖ ਵਿੱਚ ‘ਮਹਲੁ’ ਪਦ ਦੀ ਥਾਂ ‘ਮਹਲਾ’ ਹੈ । ਜਿਵੇਂ ਬੀੜ ਨੰ. 2, 3, 4, 5, 6, 7, 8, 9. 10, 11, 12, 13, 14, 15, 16, 17, 18, 19, 20, 22, 23, 24, 25, 26 ਤੇ 27 ਆਦਿਕ ।

ਸ਼੍ਰੋਮਣੀ ਕਮੇਟੀ ਵਾਲੀ ਮੌਜੂਦਾ ਬੀੜ ਦਾ ਸਿਰਲੇਖ ਹੈ :

ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ

ੴਸਤਿਗੁਰਪ੍ਰਸਾਦਿ ॥ ਨਾਉ ਕਰਤਾ ਕਾਦਰੁ ਕਰੇ॥ (ਪੰ. 966)

ਜਥੇਦਾਰ ਵੇਦਾਂਤੀ ਜੀ ਸੋਧ ਕੇ ਲਿਖਿਆ :

ੴਸਤਿਗੁਰਪ੍ਰਸਾਦਿ ॥ ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ ॥ ਨਾਉ ਕਰਤਾ ਕਾਦਰੁ ਕਰੇ॥

ਇਸ ਲਈ ਜਥੇਦਾਰ ਵੇਦਾਂਤੀ ਜੀ ਦੁਆਰਾ ਸੋਧੀ ਤੇ ਸਿੱਖ ਬੁੱਕ ਕਲੱਬ ਅਮਰੀਕਾ ਦੁਆਰਾ ਔਨਲਾਈਨ ਪ੍ਰਕਾਸ਼ਤ ਕੀਤੀ ਪਾਵਨ ਬੀੜ ਦੇ ਖਰੜੇ ਵਿਖੇ ਸਮੂਹ ਸ਼ਬਦਾਂ ਤੇ ਵਾਰਾਂ ਦੀ ਸਿਰਲੇਖਕ ਤਰਤੀਬ ਓਹੀ ਰੱਖੀ ਗਈ ਹੈ, ਜੋ ਭਾਈ ਬੰਨੋ ਵਾਲੀ ਸ਼ਾਖ ਤੋਂ ਬਗੈਰ ਬਾਕੀ ਦੀਆਂ ਵਧੇਰੇ ਹੱਥ-ਲਿਖਤ ਬੀੜਾਂ ਵਿੱਚ ਮੌਜੂਦ ਹੈ। ਸ਼ਬਦਾਂ ਦੇ ਸਮੂਹ ਸਿਰਲੇਖਾਂ ਵਿੱਚ ਬਾਣੀਕਾਰ ਗੁਰੂ ਦਾ ਪ੍ਰਤੀਕ ‘ਮਹਲਾ’ ਅਤੇ ਵਾਰਾਂ ਵਿੱਚ ਉਸ ਦਾ ਸੰਖੇਪ ਰੂਪ ‘ਮ:’ ਹੀ ਦਰਜ ਕੀਤਾ ਹੈ ।

ਚੌਥਾ ਮਸਲਾ ਹੈ ਬਾਣੀਕਾਰਾਂ ਤੇ ਬਾਣੀਆਂ ਦੀ ਇੱਕ ਬਝਵੀਂ ਤਰਤੀਬ ਦਾ; ਕਿਉਂਕਿ ਗੁਰਬਾਣੀ ਦੇ ਰਾਗੁ-ਮੁਕਤ ਤੇ ਰਾਗ-ਬਧ ਹਰੇਕ ਸੰਗ੍ਰਹਿ ਵਿੱਚ ਸਭ ਤੋਂ ਪਹਿਲਾਂ ਮ: ੧ (ਪਹਿਲੇ ਸਤਿਗੁਰੂ ਨਾਨਕ ਪਾਤਿਸ਼ਾਹ), ਫਿਰ ਮ: ੩ (ਤੀਜੇ ਸਤਿਗੁਰੂ ਅਮਰਦਾਸ ਪਾਤਿਸ਼ਾਹ), ਮ: ੪ (ਚੌਥੇ ਸਤਿਗੁਰੂ ਰਾਮਦਾਸ ਪਾਤਿਸ਼ਾਹ), ਮ: ੫ (ਪੰਜਵੇਂ ਸਤਿਗੁਰੂ ਅਰਜਨ ਪਾਤਿਸ਼ਾਹ) ਅਤੇ ਅੰਤ ਵਿੱਚ ਮ: ੯ (ਨੌਵੇਂ ਸਤਿਗੁਰੂ ਤੇਗ ਬਹਾਦਰ ਪਾਤਿਸ਼ਾਹ) ਦੀ ਬਾਣੀ ਅੰਕਿਤ ਕੀਤੀ ਹੈ । ਮ: ੨ (ਦੂਜੇ ਸਤਿਗੁਰੂ ਅੰਗਦ ਪਾਤਿਸ਼ਾਹ) ਜੀ ਨੇ ਕੇਵਲ 62 ਸਲੋਕ ਹੀ ਰਚੇ ਹਨ, ਜੋ ਕੁਝ ਵਾਰਾਂ ਦੀਆਂ ਪਉੜੀਆਂ ਨਾਲ ਸੁਸ਼ੋਭਿਤ ਹਨ । ਜੈਜਾਵੰਤੀ ਰਾਗ ਵਿੱਚ ਬਾਣੀ ਦਾ ਉਚਾਰਨ ਕੇਵਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਹੀ ਕੀਤਾ ਹੈ, ਇਸ ਲਈ ਉੱਥੇ ਕੇਵਲ ਚਾਰ ਸ਼ਬਦ ਮ: ੯ ਦੇ ਹੀ ਅੰਕਿਤ ਹਨ ।

ਭਗਤ ਬਾਣੀ ਦੇ ਸੰਗ੍ਰਹਿ ਰਾਗਾਂ ਦੀਆਂ ਵਾਰਾਂ ਤੋਂ ਪਿਛੋਂ ਹਨ। ਹਾਂ, ਜਿਸ ਰਾਗ ਦੀ ਵਾਰ ਨਹੀਂ, ਉੱਥੇ ਭਗਤ-ਬਾਣੀ, ਗੁਰਬਾਣੀ ਤੋਂ ਪਿੱਛੋਂ ਦਰਜ ਕੀਤੀ ਹੋਈ ਹੈ। ਐਸੇ ਹਰੇਕ ਸੰਗ੍ਰਹਿ ਵਿੱਚ ਪਹਿਲਾਂ ਭਗਤ ਕਬੀਰ ਜੀ, ਫਿਰ ਨਾਮਦੇਵ ਜੀ, ਰਵਿਦਾਸ ਜੀ ਅਤੇ ਫਿਰ ਤ੍ਰਿਲੋਚਨ ਜੀ ਜਾਂ ਹੋਰ ਭਗਤਾਂ ਵਿੱਚੋਂ ਕਿਸੇ ਦੀ ਬਾਣੀ ਅੰਕਿਤ ਹੈ । ਇਸੇ ਤਰਾਂ ਹਰੇਕ ਰਾਗ ਦੀ ਛੰਦਕ ਤਰਤੀਬ ਵਿੱਚ ਪਹਿਲਾਂ ਸ਼ਬਦ, ਫਿਰ ਅਸਟਪਦੀਆਂ, ਛੰਤ, ਵਾਰ ਅਤੇ ਭਗਤਾਂ ਦੀਆਂ ਰੂਹਾਨੀ ਰਚਨਾਵਾਂ ਹਨ, ਜੋ ਹੈਨ ਵੀ ਗੁਰੂ ਸਾਹਿਬਾਨ ਤੇ ਭਗਤ-ਜਨ ਵਿਅਕਤੀਆਂ ਦੀ ਸਥਾਪਿਤ ਤਰਤੀਬ ਮੁਤਾਬਕ, ਪ੍ਰੰਤੂ ਜਦੋਂ ਅਸੀਂ ਛਾਪੇ ਦੀ ਪ੍ਰਚਲਿਤ ਬੀੜ ਦੇ ਦਰਸ਼ਨ ਕਰਦੇ ਹਾਂ ਤਾਂ ਕਈ ਥਾਈਂ ਬਾਣੀਕਾਰਾਂ ਤੇ ਛੰਦਾਂ ਦੀ ਉਪਰੋਕਤ ਕਿਸਮ ਦੀ ਬਝਵੀਂ ਤਰਤੀਬ ਦੀ ਉਲੰਘਣਾ ਹੋਈ ਮਿਲਦੀ ਹੈ। ਭਾਈ ਗੁਰਦਾਸ ਵਾਲੀ ਸ਼ਾਖ ਅਤੇ ਦਮਦਮੀ ਸ਼ਾਖ ਦੀਆਂ ਬੀੜਾਂ ਵਿੱਚ ਬਾਣੀਕਾਰਾਂ ਦੀ ਉਪਰੋਕਤ ਬਝਵੀਂ ਤਰਤੀਬ ਨੂੰ ਮੁੱਖ ਰੱਖਦਿਆਂ ਭਗਤ ਕਬੀਰ ਜੀ ਤੇ ਬਾਬਾ ਫ਼ਰੀਦ ਜੀ ਦੇ ਸਲੋਕਾਂ ਨੂੰ ਵੀ ‘ਸਲੋਕ ਵਾਰਾਂ ਤੇ ਵਧੀਕ ਸੰਗ੍ਰਹਿ ਵਿੱਚ ਮ: ੧ ਤੋਂ ਮ: ੯ ਤਕ ਦੇ ਸਾਰੇ ਸਲੋਕ ਲਿਖ ਕੇ ਪਿੱਛੋਂ ਦਰਜ ਕੀਤਾ ਹੈ । ਭੱਟਾਂ ਦੇ ਸਵੱਈਆਂ ’ਤੇ ਭੋਗ ਪਾਇਆ ਹੈ । ਮੁੰਦਾਵਣੀ ਨਾਲ ਦਾ ‘ਸਲੋਕ ਮ: ੫ ॥ ਤੇਰਾ ਕੀਤਾ ਜਾਤੋ ਨਾਹੀ॥ ਵੀ ਵਾਰਾਂ ਤੇ ਵਧੀਕ ‘ਸਲੋਕ ਮ: ੫ ॥  ਰਤੇ ਸੇਈ ਜਿ ਮੁਖੁ॥ ਸੰਗ੍ਰਹਿ ਦੇ ਅੰਤ ਵਿੱਚ ਅੰਕਿਤ ਕੀਤਾ ਹੋਇਆ ਮਿਲਦਾ ਹੈ।

‘ਪਾਠ ਭੇਦ ਸੂਚੀ’ ਅਨੁਸਾਰ ਬੀੜ ਨੰ. 22/32, 23 ਤੇ 44 ਵਿਖੇ ‘ਸਲੋਕ ਮ: ੫ ॥ ਤੇਰਾ ਕੀਤਾ ਜਾਤੋ ਨਾਹੀ॥’ ਸਲੋਕ ਪਿਛਲੇ ਵਾਰਾਂ ਤੇ ਵਧੀਕ ‘ਸਲੋਕ ਮ: ੫ ॥ ਰਤੇ ਸੇਈ ਜਿ ਮੁਖੁ॥ ਦੇ ਸੰਗ੍ਰਹਿ ਵਿੱਚ ਬਿਨਾਂ ਸਿਰਲੇਖ ਦੇ ਸਿਲਸਲੇਵਾਰ ਅੰਕ 23 ਪੁਰ ਦਰਜ ਹੈ । (ਪੰ. 857)

‘ਪਾਠ ਭੇਦ ਸੂਚੀ’ ਵਾਲੇ ਖੋਜੀ ਵਿਦਵਾਨਾਂ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਕਈ ਪ੍ਰਾਚੀਨ ਲਿਖਤੀ ਸੰਚਿਆਂ ਵਿੱਚ ਸਮੁੱਚੀ ਬਾਣੀ ‘ਸਵਈਆਂ’ ਪੁਰ ਹੀ ਸਮਾਪਤ ਹੁੰਦੀ ਹੈ ਅਤੇ ‘ਸਲੋਕ ਵਾਰਾਂ ਤੇ ਵਧੀਕ’, ਚਉਬੋਲਿਆਂ ਤੋਂ ਬਾਅਦ ਸਹੀ ਥਾਂ ਲਿਖੇ ਹੋਏ ਹਨ, ਸਣੇ ‘ਭਗਤਾਂ ਦੇ ਸਲੋਕਾਂ’ ਦੇ । ਲੇਕਿਨ ਮਗਰੋਂ ਉਤਾਰੇ ਕਰਨ ਵਾਲੇ ਲੇਖਕਾਂ ਨੇ ‘ਸਲੋਕ ਮ: ੯ ਸ਼ਾਮਲ ਕਰਨ ਤੇ ‘ਮੁੰਦਾਵਣੀ ਮ: ੫’ ਅੰਤ ਪੁਰ ਪੜ੍ਹਨ ਦੇ ਖਿਆਲ ਨਾਲ ਮਹਲਾਂ ਦੇ ਸਲੋਕ ਤਾਂ ਉੱਥੋਂ ਚੁੱਕ ਕੇ ‘ਸਵਈਆਂ’ ਦੇ ਅਖੀਰ ’ਤੇ ਜਾ ਪਾਏ ਹਨ; ਪਰ ਭਗਤਾਂ- ‘ਕਬੀਰ ਜੀ’ ਤੇ ‘ਫਰੀਦ ਜੀ’ ਦੇ ਉੱਥੇ ਹੀ ਰਹਿਣ ਦਿੱਤੇ ਹਨ। ਇਹ ਅਮਲ, ਬੱਧੀ ਮਰਯਾਦਾ ਦੇ ਅਨਕੂਲ ਨਹੀਂ । ਸਾਡੀ ਵਿਚਾਰ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਭੋਗ ਇਤਿਹਾਸ ਸੰਯੁਕਤ ਬਾਣੀ- ‘ਸਵਈਆਂ’- ਉੱਥੇ ਹੀ ਪੈਣਾ ਚਾਹੀਦਾ ਹੈ ਤੇ ‘ਮੁੰਦਾਵਣੀ’ ਮਹਲਾ ੫ ਦੇ ਸਲੋਕਾਂ ਨਾਲ ਹੀ ਸ਼ੋਭਾ ਪਾਉਂਦੀ ਹੈ। ਜਿਵੇਂ ਕਿ ਅੱਗੇ ਦੱਸੀਆਂ ਬੀੜਾਂ ਵਿਚ:- ਬੀੜ ਨੰ: 1 (ਸੰਮਤ ੧੬੬੭ ਵਾਲੀ ਲਹੌਰੀ); ਨੰ: 2 (ਭਾਈ ਬੂੜੇ ‘ਸੰਧੂ’ ਲਿਖਤ ਸੰਮਤ ੧੭੧੧); ਨੰ: 3 (ਸੰਮਤ ੧੭੧੮-ਕਾਨ੍ਹਗੜ ਵਾਲੀ); ਨੰ: 4/3 (ਸੰਮਤ ੧੭੨੨ ਵਿੱਚ ਸੰਪੂਰਨ ਹੋਈ); ਨੰ: 9/9 (ਸੰਮਤ ੧੭੪੩ ਵਾਲੀ); ਨੰ: 11/4886 (ਭਾਈ ਪਾਖਰ ਮਲ ‘ਢਿਲੋਂ’ ਲਿਖਤ ਸੰਮਤ ੧੭੪੫); ਨੰ: 13 (ਭਾਈ ਰਾਮਰਾਇ ਦਰਬਾਰੀ ਲਿਖਾਰੀ ਦਾ ਸੰਮਤ ੧੭੪੯ ਵਿਚ ਲਿਖਿਆ ਗ੍ਰੰਥ ਸਾਹਿਬ); ਨੰ: 14/15 (ਸੰਮਤ ੧੭੫੧ ਵਾਲੀ); ਨੰ: 17/27 (ਸੰਮਤ ੧੭੬੨); ਨੰ: 32/6281 (ਬਨਾਰਸੀ ਬੀੜ; 44, ਤੇ ਗ੍ਰੰਥ ਨੰ: 57 (ਬਿਨਾਂ ਤਿਥਿ ਸੰਮਤ) ਆਦਿ ॥

‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ-ਲਿਖਤ ਬੀੜਾਂ ਦੇ ਦਰਸ਼ਨ’ ਪੁਸਤਕ ਦੀ ਅੰਤਿਕਾ ਨੰ. 51 (ਪੰ.280) ਮੁਤਾਬਕ ਭੱਟਾਂ ਦੀ ਸਵੱਈਆਂ ਉੱਤੇ ਸਮਾਪਤੀ ਵਾਲੀਆਂ ਬੀੜਾਂ ਦੀ ਸੂਚੀ : 1, 7, 25, 44, 52, 67, 79, 82, 99, 110 (ਕੁੱਲ-10)

ਅੰਤਿਕਾ ਨੰ.52 (ਉਪਰੋਕਤ ਪੁਸਤਕ ਪੰ. 280) ਅਨੁਸਾਰ ਸਲੋਕ ਸੇਖ ਫ਼ਰੀਦ ਉੱਤੇ ਸਮਾਪਤੀ ਵਾਲੀਆਂ ਬੀੜਾਂ ਦੀ ਸੂਚੀ : 8, 14, 20, 104 (ਕੁੱਲ-4)

ਅੰਤਿਕਾ ਨੰ. 47 (ਉਪਰੋਕਤ ਪੁਸਤਕ ਪੰ. 279) ਮੁਤਾਬਕ ਉਨ੍ਹਾਂ ਬੀੜਾਂ ਦੀ ਸੂਚੀ, ਜਿਨ੍ਹਾਂ ਵਿੱਚ ਮੁੰਦਾਵਣੀ ਤੋਂ ਬਾਅਦ ਆਉਂਦਾ ਸਲੋਕ ‘ਤੇਰਾ ਕੀਤਾ ਜਾਤੋ ਨਾਹੀ..’ ਸਲੋਕ ਵਾਰਾਂ ਤੇ ਵਧੀਕ ਵਿੱਚ ਸਲੋਕ ਮਹਲਾ ੫ ਦੇ ਸਲੋਕਾਂ ਦੇ ਅਖੀਰ ਵਿੱਚ ਦਰਜ ਹੋਇਆ ਮਿਲਦਾ ਹੈ : 1, 7, 8, 9, 20, 25, 26, 34, 52, 60, 67, 68, 79, 80, 82, 106, 115, 148 (ਕੁੱਲ-18)

ਜਥੇਦਾਰ ਵੇਦਾਂਤੀ ਤੇ ਭਾਈ ਤਲਵਾੜਾ ਜੀ ਵਾਲੀ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਟੀਮ’ ਪਾਵਨ ਬੀੜ ਅੰਦਰਲੀ ਬਾਣੀਕਾਰਾਂ ਦੀ ਬੱਝਵੀਂ ਤਰਤੀਬ ਅਨੁਸਾਰ ਉਪਰੋਕਤ ਕਿਸਮ ਦੀ ਅੰਤਮ ਤਰਤੀਬ ਨੂੰ ਸਹੀ ਮੰਨਦੀ ਸੀ, ਪ੍ਰੰਤੂ ਫਿਰ ਵੀ ਪੰਥਕ ਮਾਨਸਿਕਤਾ ਨੂੰ ਧਿਆਨ ਵਿੱਚ ਰੱਖ ਕੇ ਭਗਤ ਸ੍ਰੀ ਕਬੀਰ ਦੇ ਸਲੋਕਾਂ ਤੋਂ ਲੈ ਕੇ ਮੁੰਦਾਵਣੀ ਤੇ ‘ਸਲੋਕ ਮ: 5 ॥ ਤੇਰਾ ਕੀਤਾ॥’ ਤੱਕ ਦੀ ਛਾਪੇ ਦੀ ਪ੍ਰਚਲਿਤ ਬੀੜ ਵਾਲੀ ਸਥਾਪਿਤ ਤਰਤੀਬ ਨੂੰ ਹੀ ਪ੍ਰਵਾਨ ਕਰਕੇ ਚੱਲਣ ਦੀ ਰਾਇ ਰੱਖਦੀ ਸੀ, ਇਸ ਲਈ ਜਥੇਦਾਰ ਵੇਦਾਂਤੀ ਜੀ ਨੇ ਵੀ ਪਾਵਨ ਬੀੜ ਦੀ ਸੁਧਾਈ ਵੇਲੇ ਛਾਪੇ ਵਾਲੀ ਪ੍ਰਚਲਿਤ ਤਰਤੀਬ ਨੂੰ ਹੀ ਕਾਇਮ ਰੱਖਿਆ ਹੈ ਕਿਉਂਕਿ ਦਮਦਮੀ ਸ਼ਾਖ (ਸਾਬੋ ਕੀ ਤਲਵੰਡੀ) ਦੀਆਂ ਕੁਝ ਪ੍ਰਾਚੀਨ ਬੀੜਾਂ ਵਿੱਚ ਐਸੀ ਤਰਤੀਬ ਵੀ ਮੌਜੂਦ ਹੈ । ਪ੍ਰਾਚੀਨ ਬੀੜਾਂ ਦੇ ਪ੍ਰਸਿੱਧ ਖੋਜੀ ਡਾ. ਅਮਰ ਸਿੰਘ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ‘ਸ੍ਰੀ ਗੁਰੂ ਗ੍ਰੰਥ ਅਧਿਐਨ ਕੇਂਦਰ’ ਵਿਖੇ ਡਿਜੀਟਾਈਜ਼ ਕੀਤੀਆਂ 400 ਤੋਂ ਵਧੇਰੇ ਹੱਥ ਲਿਖਤਾਂ ਵਿੱਚ ਕੇਵਲ ਚਾਰ ਬੀੜਾਂ ਐਸੀਆਂ ਹਨ, ਜਿਨ੍ਹਾਂ ਨੂੰ ਉਪਰੋਕਤ ਸ਼ਾਖਾ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ।

——ਚੱਲਦਾ——

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 4)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 5)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 6)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 7)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 8)