30.5 C
Jalandhar
Monday, May 18, 2026
spot_img
Home Blog Page 17

ਸ਼ਹੀਦ ਹੋਣਾ; ਧਰਮ ਦਾ ਅਨਿੱਖੜਵਾਂ ਅੰਗ

0

ਸ਼ਹੀਦ ਹੋਣਾ; ਧਰਮ ਦਾ ਅਨਿੱਖੜਵਾਂ ਅੰਗ

ਗਿਆਨੀ ਅਵਤਾਰ ਸਿੰਘ

‘ਧਰਮ’ ਸੰਸਕ੍ਰਿਤ ਦਾ ਸ਼ਬਦ ਹੈ। ਉਸ ਭਾਸ਼ਾ ’ਚ ਇਸ ਦਾ ਅਰਥ ਹੈ ‘ਉਹ ਪਵਿੱਤਰ ਨਿਯਮ, ਜੋ ਸੰਸਾਰ ਦੀ ਹਰ ਵਸਤੂ ਦਾ ਆਪਣਾ ਨਿਜੀ ਸੁਭਾਅ ਹੈ’; ਜਿਵੇਂ ਕਿ ਅੱਗ ਦਾ ਧਰਮ ‘ਸਾੜਨਾ’ ਹੈ, ਪਾਣੀ ਦਾ ਧਰਮ ‘ਗਿੱਲਾ ਕਰਨਾ’ ਤੇ ਚੰਦ ਦਾ ਧਰਮ ‘ਠੰਢਕ ਦੇਣਾ’, ਆਦਿ। ਇਹ ਅਰਥ; ਕੁਦਰਤੀ ਨਿਯਮ ਨੂੰ ਹੀ ‘ਧਰਮ’ ਸਾਬਤ ਕਰਦੇ ਹਨ ਯਾਨੀ ਕਿ ਬ੍ਰਹਿਮੰਡ, ਜਿਹੜੇ ਨਿਯਮਾਂ ’ਚ ਗਤੀ ਕਰਦਾ ਹੈ, ਓਹੀ ‘ਧਰਮ’ ਹੈ। ਗੁਰਮਤਿ ਨਜ਼ਰੀਏ ਤੋਂ ਸਮਝੀਏ ਤਾਂ ‘ਧਰਮ’ ਦੇ ਉਪਰੋਕਤ ਅਰਥ ਬਹੁਤ ਹੇਠਲੇ ਪੱਧਰ ਦੇ ਹਨ ਕਿਉਂਕਿ ਗੁਰਮਤਿ ਅਨੁਸਾਰ ਧਰਮ ਦੇ ਅਰਥ ਨਿਰਾਕਾਰ ਦੀ ਭਗਤੀ ਅਤੇ ਰੱਬੀ ਗੁਣਾਂ ਨੂੰ ਆਪਣੇ ਅੰਦਰ ਧਾਰਨ ਕਰਨ ਨਾਲ਼ ਸੰਬੰਧਿਤ ਹਨ; ਜਿਵੇਂ ਕਿ ‘‘ਸਰਬ ਧਰਮ ਮਹਿ ਸ੍ਰੇਸਟ ਧਰਮੁ ਹਰਿ ਕੋ ਨਾਮੁ ਜਪਿ; ਨਿਰਮਲ ਕਰਮੁ ’’ (ਸੁਖਮਨੀ/ਮਹਲਾ /੨੬੬) ਗੁਰੂ ਅੰਗਦ ਸਾਹਿਬ ਜੀ ਦੇ ਭੀ ਬਚਨ ਹਨ, ‘‘ਸਰਬ ਸਬਦੰ ਏਕ ਸਬਦੰ; ਜੇ ਕੋ ਜਾਣੈ ਭੇਉ ਨਾਨਕੁ ਤਾ ਕਾ ਦਾਸੁ ਹੈ; ਸੋਈ ਨਿਰੰਜਨ ਦੇਉ ’’ (ਮਹਲਾ /੪੬੯) ਅਰਥ : ਸਾਰਿਆਂ ਧਰਮਾਂ ਦਾ ਮੂਲ ਧਰਮ ਹੈ ‘ਇੱਕ ਮਾਲਕ ਨੂੰ ਯਾਦ ਕਰਨਾ’। ਜੋ ਇਹ ਰਾਜ਼ ਜਾਣ ਗਿਆ, ਨਾਨਕ ਉਸ ਦਾ ਦਾਸ ਬਣਨਾ ਲੋਚਦਾ ਹੈ ਕਿਉਂਕਿ ਉਹ, ਮਾਇਆ ਰਹਿਤ ਪ੍ਰਕਾਸ਼ਮਈ ਪ੍ਰਭੂ ਦਾ ਰੂਪ ਹੋ ਜਾਂਦਾ ਹੈ।

ਐਸਾ ਜਾਪਦਾ ਹੈ ਕਿ ਪੰਡਿਤ; ਆਕਾਰ (ਜਿਵੇਂ ਕਿ ਮੂਰਤੀ, ਦੇਵਤਾ, ਪਸ਼ੂ, ਬਨਸਪਤੀ ਆਦਿ) ਨੂੰ ਪੂਜਦੇ ਹਨ, ਇਸ ਲਈ ਸੰਸਕ੍ਰਿਤ ਕੋਸ਼ਾਂ ’ਚ ‘ਧਰਮ’ ਸ਼ਬਦ ਦੇ ਉਕਤ ਅਰਥ ਕੀਤੇ ਗਏ ਹਨ। ਫ਼ਾਰਸੀ/ਅਰਬੀ ਕੋਸ਼ਾਂ ’ਚ ‘ਮਜ਼ਹਬ’ ਦੇ ਅਰਥ ਹਨ ‘ਰਸਤਾ, ਈਮਾਨ, ਅਕੀਦਾ’। ਸੋ ਸਚਾਈ ਇਹੀ ਹੈ ਕਿ ਗੁਰਮਤਿ ਨੇ ਧਰਮ/ਮਜ਼੍ਹਬ ਦਾ ਅਰਥ ‘ਧਾਰਨ ਕਰਨਾ, ਅਪਣਾਉਣਾ’ ਮੰਨਿਆ ਹੈ ਭਾਵ ਆਮ ਸੋਚ ਤੋਂ ਵੱਖਰੀ ਖ਼ਾਸ ਸੋਚ (ਭਾਵ ਗੁਰਮਤਿ) ਨੂੰ ਧਾਰਨ ਕਰਨਾ, ਅਪਣਾਉਣਾ ਹੀ ‘ਧਰਮ’ ਹੈ।

ਵਿਚਾਰ ਦਾ ਵਿਸ਼ਾ ਹੈ ਕਿ ਗੁਰਮਤਿ (ਭਾਵ ਅਸਲ ਧਰਮ) ਅਨੁਸਾਰ ਜੀਵਨ ਬਤੀਤ ਕਰਨ ਵਾਲ਼ੇ ਅਕਸਰ ਸ਼ਹੀਦ ਕਿਉਂ ਕੀਤੇ ਜਾਂਦੇ ਹਨ ਜਦ ਕਿ ਗੁਰੂ ਸਾਹਿਬ ਜੀ ਆਪ ਕਹਿ ਰਹੇ ਹਨ ਕਿ ਮੇਰੇ ਅੰਦਰ ਕਿਸੇ ਰਾਜ-ਸੱਤਾ ਦੀ ਭੁੱਖ ਨਹੀਂ, ‘‘ਰਾਜੁ ਚਾਹਉ.. ’’ (ਮਹਲਾ /੫੩੪) ਅਤੇ ਨਾ ਹੀ ਮੇਰੇ ਅੰਦਰ ਸਮਾਜਿਕ ਮਾਨ-ਸਤਿਕਾਰ ਕਰਾਉਣ ਵਾਲ਼ੀ ਤ੍ਰਿਸ਼ਨਾ ਹੈ, ‘‘ਲੋਕਨ ਕੀਆ ਵਡਿਆਈਆ; ਬੈਸੰਤਰਿ ਪਾਗਉ ’’ (ਮਹਲਾ /੮੦੮) ਅਰਥ : ਲੋਕਾਂ ਵੱਲੋਂ ਮਿਲਣ ਵਾਲ਼ੀ ਇੱਜ਼ਤ ਨੂੰ ਮੈਂ ਅੱਗ ’ਚ ਸੁੱਟਦਾ ਹਾਂ। ਗੁਰੂ ਰਾਮਦਾਸ ਜੀ ਦੇ ਭੀ ਬੋਲ ਹਨ, ‘‘ਲੋਕਨ ਕੀ ਚਤੁਰਾਈ ਉਪਮਾ; ਤੇ ਬੈਸੰਤਰਿ ਜਾਰਿ ਕੋਈ ਭਲਾ ਕਹਉ; ਭਾਵੈ ਬੁਰਾ ਕਹਉ; ਹਮ ਤਨੁ ਦੀਓ ਹੈ ਢਾਰਿ (ਕੁਰਬਾਨ/ਭੇਟ ਕਰ) ’’ (ਮਹਲਾ /੫੨੮), ਇਹੀ ਦੋਵੇਂ ਲਾਲਸਾਵਾਂ ਸਾਰੇ ਝਗੜਿਆਂ ਦਾ ਕਾਰਨ ਬਣਦੀਆਂ ਹਨ। ਬਤੌਰ ਸਿੱਖ ਇਹ ਕਹਿਣਾ ਕਿ ਸਾਰੇ ਧਰਮਾਂ ’ਚ ਹੀ ਕੋਈ ਨਾ ਕੋਈ ਸ਼ਹੀਦ ਹੋਇਆ ਹੈ, ਬਿਲਕੁਲ ਗ਼ਲਤ ਹੈ ਕਿਉਂਕਿ ਗ਼ੈਰ ਧਰਮਾਂ ’ਚ ਹੋਈ ਮੌਤ ਅਤੇ ਸਿੱਖ ਧਰਮ ’ਚ ਹੋਈ ਸ਼ਹੀਦੀ ’ਚ ਬੜਾ ਸਿਧਾਂਤਿਕ ਅੰਤਰ ਹੈ। ਇਸ ਨੂੰ ਵਿਚਾਰਨਾ ਹੀ ਹਥਲੇ ਲੇਖ ਦਾ ਵਿਸ਼ਾ ਹੈ।

ਈਸਾ ਮਸੀਹ ਨੂੰ ਮੌਤ ਦੀ ਸਜ਼ਾ; 33 ਸਾਲ ਦੀ ਉਮਰ ’ਚ ਹੋਈ। 30 ਸਾਲ ਤੱਕ ਉਹ ਯਹੂਦੀ ਸੀ ਤਾਹੀਓਂ ਬਚਪਨ ’ਚ ਉਸ ਦੀ ਯਹੂਦੀ ਰਸਮ ਨਾਲ਼ ਸੁੰਨਤ ਕੀਤੀ ਗਈ। 30 ਸਾਲਾਂ ਬਾਅਦ ਭੀ ਇੱਕ ਯਹੂਦੀ ਪ੍ਰਚਾਰਕ ਯੂਹੰਨ (ਜੌਨ) ਪਾਸੋਂ ਉਸ ਨੇ ਬਪਤਿਸਮਾ (ਅੰਮ੍ਰਿਤ ਜਲ) ਲਿਆ। ਬਪਤਿਸਮਾ ਲੈਂਦਿਆਂ ਹੀ ਉਸ ’ਤੇ ਕਬੂਤਰ ਦੀ ਸ਼ਕਲ ’ਚ ਆਤਮਾ ਉਤਰੀ, ਜੌਨ ਨੇ ਵੇਖੀ।  3 ਕੁ ਸਾਲ ਯਿਸੂ ਮਸੀਹ ਨੇ ਆਪਣੀ ਨਵੀਂ ਸੋਚ (ਈਸਾਈ ਧਰਮ) ਦਾ ਪ੍ਰਚਾਰ ਕੀਤਾ। ਇਸ ਸਮੇਂ ਭੀ ਉਸ ਨੇ ਐਸਾ ਕੋਈ ਸੰਦੇਸ਼ ਨਾ ਦਿੱਤਾ, ਜਿਸ ਤੋਂ ਜਾਪੇ ਕਿ ਉਹ, 1571 ਈਸਾ ਪੂਰਵ ਤੋਂ ਪ੍ਰਚਲਿਤ ਯਹੂਦੀ ਧਰਮ ਦੀਆਂ ਰਹੁ-ਰੀਤਾਂ ਤੋਂ ਭਿੰਨ ਹੈ; ਜਿਵੇਂ ਕਿ ਗੁਰਬਾਣੀ ਆਪਣੇ ਨਵੇਂ ਖ਼ਿਆਲਾਂ ਨੂੰ ਬਿਆਨ ਕਰਦਿਆਂ ਰਵਾਈਤੀ ਸੋਚ ਨੂੰ ਇਉਂ ਰੱਦ ਕਰਦੀ ਹੈ, ‘‘ਪੰਡਿਤ ਮੁਲਾਂ; ਜੋ ਲਿਖਿ ਦੀਆ ਛਾਡਿ ਚਲੇ ਹਮ; ਕਛੂ ਲੀਆ (ਭਗਤ ਕਬੀਰ/੧੧੫੯), ਹਿੰਦੂ ਅੰਨ੍ਹਾ; ਤੁਰਕੂ ਕਾਣਾ ਦੁਹਾਂ ਤੇ ਗਿਆਨੀ ਸਿਆਣਾ (ਕਿਉਂਕਿ) ਹਿੰਦੂ ਪੂਜੈ ਦੇਹੁਰਾ; ਮੁਸਲਮਾਣੁ ਮਸੀਤਿ ਨਾਮੇ ਸੋਈ ਸੇਵਿਆ; ਜਹ ਦੇਹੁਰਾ ਮਸੀਤਿ (ਭਗਤ ਨਾਮਦੇਵ/੮੭੫), ਕਾਦੀ ਕੂੜੁ ਬੋਲਿ ਮਲੁ ਖਾਇ ਬ੍ਰਾਹਮਣੁ ਨ੍ਹਾਵੈ; ਜੀਆ ਘਾਇ (ਮਾਰ ਕੇ) ਜੋਗੀ; ਜੁਗਤਿ ਜਾਣੈ ਅੰਧੁ ਤੀਨੇ ਓਜਾੜੇ ਕਾ ਬੰਧੁ ’’ (ਮਹਲਾ /੬੬੨), ਆਦਿ।

ਸੋ ਤਿੰਨ ਕੁ ਸਾਲਾਂ ’ਚ ਈਸਾ ਮਸੀਹ ਨੇ 1600 ਸਾਲ ਪੁਰਾਣੇ (1571 ਈਸਾ ਪੂਰਵ ’ਚ ਹਜ਼ਰਤ ਮੂਸਾ ਦੇ ਜਨਮ ਤੋਂ ਪ੍ਰਚਲਿਤ) ਯਹੂਦੀ ਧਰਮ ਵਿਰੁੱਧ ਕਿੰਨੀ ਕੁ ਲੋਕ ਲਹਿਰ ਖੜ੍ਹੀ ਕਰ ਦਿੱਤੀ ਕਿ ਉਸ ਨੂੰ ਸੂਲ਼ੀ ’ਤੇ ਚਾੜ੍ਹਨਾ ਮਜਬੂਰੀ ਬਣ ਗਿਆ ? ਦਰਅਸਲ ਈਸਾ ਮਸੀਹ ਦੀ ਮੌਤ ਦਾ ਅਸਲ ਕਾਰਨ ਕੋਈ ਸਮਾਜਿਕ ਪਰਿਵਰਤਨ ਨਹੀਂ ਸੀ ਬਲਕਿ ਖ਼ੁਦ ਹੀ ਪ੍ਰਭੂ ਦਾ ਇਕਲੌਤਾ ਪਿਆਰਾ ਪੁੱਤਰ ਬਣ ਬੈਠਣਾ ਸੀ ਜਦ ਕਿ ਗੁਰੂ ਅਰਜਨ ਸਾਹਿਬ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਸ਼ਹੀਦ, ਇਸ ਲਈ ਕੀਤਾ ਗਿਆ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਜਨਤਾ; ਆਪਣੇ ਅਧਿਕਾਰਾਂ ਅਤੇ ਸਚਾਈ ਲਈ ਜਾਗਰੂਕ ਹੋ ਰਹੀ ਸੀ, ਜਿਸ ਨਾਲ਼ ਰਵਾਇਤੀ ਧਰਮਾਂ ਦੀ ਹੋਂਦ ਖ਼ਤਰੇ ’ਚ ਸੀ। ਇਨ੍ਹਾਂ ਨਿਆਸਰਿਆਂ, ਬੇਸਹਾਰਾਂ, ਲਾਚਾਰਾਂ ਪਿੱਛੇ ਗੁਰੂ ਸਾਹਿਬਾਨ ਜੀ ਦਾ ਥਾਪੜਾ ਸੀ; ਜਿਵੇਂ ਕਿ ਬਚਨ ਹਨ, ‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ (ਮਹਲਾ /੧੫), ਜੋ ਸਰਣਿ (’) ਆਵੈ; ਤਿਸੁ ਕੰਠਿ (ਨਾਲ਼) ਲਾਵੈ; ਇਹੁ ਬਿਰਦੁ ਸੁਆਮੀ ਸੰਦਾ ’’ (ਮਹਲਾ /੫੪੪) ਅਰਥ : ਮਾਲਕ ਦਾ ਇਹ ਸੁਭਾਅ ਹੀ ਹੁੰਦਾ ਹੈ ਕਿ ਜੋ ਭੀ ਸ਼ਰਨ ’ਚ ਆਉਂਦਾ ਹੈ, ਉਸ ਨੂੰ ਗਲ਼ ਨਾਲ਼ ਲਾਉਂਦਾ ਹੈ। ਦੂਜੇ ਪਾਸੇ ਈਸਾ ਮਸੀਹ; ਇੱਕ ਯਹੂਦੀ ਦੇ ਹੱਥੋਂ ਬਪਤਿਸਮਾ ਲੈ ਕੇ ਯਹੂਦੀ ਬਣਨ ਦੀ ਥਾਂ ਆਪਣੇ ਆਪ ਨੂੰ ਸਰਬੋਤਮ ਯਾਨੀ ਕਿ ਪੈਗ਼ੰਬਰ ਐਲਾਨ ਦਿੰਦਾ ਹੈ। ਇਸੇ ਦਾ ਨਤੀਜਾ ਸੀ ਕਿ ਈਸਾ ਮਸੀਹ ਨੂੰ ਸੂਲੀ ’ਤੇ ਚਾੜ੍ਹਨ ਸਮੇਂ ਨੇੜੇ ਖੜ੍ਹਾ ਉਸ ਦੇ 12 ਪ੍ਰਮੁੱਖ ਚੇਲਿਆਂ ਵਿੱਚੋਂ ਇੱਕ ਪੀਟਰ ਵੀ ਮੌਤ ਤੋਂ ਡਰਦਾ; ਈਸਾ ਮਸੀਹ ਨੂੰ ਤਿੰਨ ਵਾਰ ਲਾਹਨਤਾਂ ਪਾਉਂਦਾ ਹੈ ਅਤੇ ਇੱਕ ਹੋਰ ਪ੍ਰਮੁੱਖ ਚੇਲਾ (ਯਹੂਦਾ ਅਸ਼ਕਰੂਤੀ) 30 ਰੁਪਏ ਦਾ ਇਨਾਮ ਪਾਉਣ ਲਈ ਉਸ ਨੂੰ ਗ੍ਰਿਫ਼ਤਾਰ ਕਰਾ ਦਿੰਦਾ ਹੈ ਜਦ ਕਿ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸਮੇਂ ਉਨ੍ਹਾਂ ਦੇ ਤਿੰਨ ਸਿੱਖਾਂ (ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ) ਨੂੰ ਅਸਹਿ ਤਸੀਹੇ ਦੇ ਕੇ ਸ਼ਹੀਦ ਕੀਤਾ ਜਾ ਰਿਹਾ ਸੀ ਤਾਂ ਭੀ ਉਨ੍ਹਾਂ ਨੇ ਆਪਣੇ ਗੁਰੂ ਬਾਰੇ ਕੋਈ ਅਪਸ਼ਬਦ ਬੋਲਣ ਦੀ ਥਾਂ ਉਨ੍ਹਾਂ ਵੱਲ ਆਪਣਾ ਮੂੰਹ ਰੱਖਣ ਲਈ ਅੰਤਮ ਇੱਛਾ ਜ਼ਾਹਰ ਕੀਤੀ ਤੇ ਸ਼ਹੀਦ ਹੁੰਦੇ ਗਏ ਕਿਉਂਕਿ ਗੁਰੂ ਸਾਹਿਬਾਨ ਦੁਆਰਾ ਤਕਰੀਬਨ ਦੋ ਸਦੀਆਂ ਤੋਂ ਮਨੁੱਖਤਾ ਅੰਦਰ ਆਪਣੇ ਹੱਕਾਂ ਲਈ, ਸੱਚ ਲਈ ਕੁਰਬਾਨ ਹੋਣ ਵਾਲ਼ੀ ਰੂਹ ਭਰੀ ਜਾ ਰਹੀ ਸੀ। ਮਾਨਵਤਾ ਅੰਦਰ ਇਹੀ ਜਜ਼ਬਾ ਜੇ ਈਸਾ ਮਸੀਹ ਭਰ ਦਿੰਦੇ ਤਾਂ ਉਸ ਦੀ ਮੌਤ ਨੂੰ ਭੀ ਲੋਕ ਹਿਤਾਂ ਲਈ ‘ਸ਼ਹੀਦ’ ਕਹਿਣਾ ਬਣਦਾ ਸੀ। ਮੰਨ ਲਓ ਕਿ ਸਿੱਖ ਰਾਜ ’ਚ ਕੋਈ ਆਪਣੇ ਆਪ ਨੂੰ ‘ਗੁਰੂ’ ਘੋਸ਼ਿਤ ਕਰੇ ਤਾਂ ਕੀ ਸਿੱਖ ਉਸ ਨਾਲ਼ ਉਹੀ ਸਲੂਕ ਨਹੀਂ ਕਰਨਗੇ, ਜੋ ਯਹੂਦੀਆਂ ਨੇ ਈਸਾ ਮਸੀਹ ਨਾਲ਼ ਕੀਤਾ ਹੈ ? ‘ਸ਼ਹੀਦ’ ਦਾ ਅੱਖਰੀ ਅਰਥ ਹੈ ‘ਜੋ ਸਮਾਜ, ਕੌਮ, ਦੇਸ਼ ਲਈ ਕੁਰਬਾਨ ਹੋਵੇ’ ਜਦ ਕਿ ਈਸਾ ਮਸੀਹ ਦਾ ਨਾ ਕੋਈ ਸਮਾਜ ਸੀ, ਨਾ ਕੋਈ ਕੌਮ ਤੇ ਨਾ ਹੀ ਕੋਈ ਦੇਸ। ਉਸ ਦੀ ਅਸਫਲ ਜ਼ਿੰਦਗੀ ਇਸ ਗੱਲ ਤੋਂ ਭੀ ਸਾਫ਼ ਹੁੰਦੀ ਹੈ ਕਿ ਉਸ ਨੇ ਮੌਤ ਨੂੰ ਸਾਮ੍ਹਣੇ ਵੇਖ ਆਪਣੇ ਪ੍ਰਭੂ ਨਾਲ਼ ਭੀ ਨਰਾਜ਼ਗੀ ਜ਼ਾਹਰ ਕੀਤੀ ਕਿ ਤੈਂ ਮੈਨੂੰ ਭੁਲਾ ਦਿੱਤਾ ਜਦ ਕਿ ਗੁਰੂ ਅਰਜਨ ਸਾਹਿਬ ਜੀ ਤੱਤੀ ਤਵੀ ਉੱਤੇ ਬੈਠੇ ਭੀ ਕਰਤਾਰ ਦਾ ਸ਼ੁਕਰਾਨਾ ਕਰਦੇ, ਕਹਿ ਰਹੇ ਹਨ, ‘‘ਤੇਰਾ ਕੀਆ ਮੀਠਾ ਲਾਗੈ ’’ (ਮਹਲਾ /੩੯੪) ਗੁਰੂ ਸਾਹਿਬਾਨ ਆਪ ਕੁਰਬਾਨੀ ਦੇਣ ਲਈ ਗਏ ਹਨ ਕਿਉਂਕਿ ਉਨ੍ਹਾਂ ਦੇ ਬਚਨ ਹਨ ਕਿ ਨਾ ਅਸੀਂ ਕਿਸੇ ਤੋਂ ਡਰਦੇ ਹਾਂ ਅਤੇ ਨਾ ਹੀ ਕਿਸੇ ਨੂੰ ਡਰਾਉਣਾ ਸਾਡਾ ਮਕਸਦ ਹੈ, ‘‘ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ’’ (ਮਹਲਾ /੪੨੭) ਜਦ ਕਿ ਈਸਾ ਮਸੀਹ ਮੌਤ ਤੋਂ ਡਰਦਾ ਛੁਪ ਗਿਆ ਤਾਹੀਓਂ ਉਸ ਨੂੰ ਗ੍ਰਿਫ਼ਤਾਰ ਕਰਾਉਣ ਲਈ 30 ਰੁਪਏ ਇਨਾਮ ਰੱਖਿਆ ਸੀ। ਅੱਜ ਭੀ ਵੇਖਿਆ ਜਾਵੇ ਤਾਂ ਯਹੂਦੀਆਂ ਅਤੇ ਈਸਾਈਆਂ ਵਿੱਚ ਕੋਈ ਸਿਧਾਂਤਿਕ ਮਤਭੇਦ ਨਹੀਂ ਹੈ, ਇਸ ਲਈ ਈਸਾ ਮਸੀਹ ਨੇ ਕੋਈ ਨਵਾਂ ਧਰਮ ਨਹੀਂ ਚਲਾਇਆ। ਈਸਾ ਮਸੀਹ ਦਾ ਜਨਮ ਕਿਹੜੇ ਸਾਲ ਹੋਇਆ, ਇਹ ਭੀ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਲੱਗਾ; ਦਿਨ ਜਾਂ ਮਹੀਨਾ ਜਾਣਨਾ ਤਾਂ ਬਹੁਤ ਦੂਰ ਹੈ।

ਈਸਾ ਮਸੀਹ ਦੀ ਮੌਤ ਬਾਰੇ ਜਿਸ ਤਰ੍ਹਾਂ ਅੱਜ ਦੱਸਿਆ ਜਾਂਦਾ ਹੈ ਕਿ ਉਹ ਤਿੰਨ ਦਿਨਾਂ ਬਾਅਦ ਜਿਊਂਦਾ ਹੋ ਗਿਆ ਸੀ, ਇਹ ਵੈਸਾ ਹੀ ਕਾਲਪਨਿਕ ਇਤਿਹਾਸ ਹੈ; ਜੈਸਾ ਕਿ ਪੰਡਿਤਾਂ ਨੇ ਕਲਪਿਤ ਦੇਵਤਿਆਂ (ਵਕਤੀ ਰਾਜਿਆਂ) ਦਾ ਘੜਿਆ ਹੈ। ਸਚਾਈ ਇਹੀ ਹੈ ਕਿ ਰਾਮ ਚੰਦਰ, ਕ੍ਰਿਸ਼ਨ ਜੀ ਆਦਿਕ ਦਾ ਝਗੜਾ ਭੀ ਯਹੂਦੀ ਅਤੇ ਈਸਾ ਮਸੀਹ ਦੇ ਝਗੜੇ ਵਾਙ ਆਰੀਅਨ ਅਤੇ ਦਰਾਵੜਾਂ ਦਾ ਝਗੜਾ ਸੀ, ਜੋ ਮਾਨਵਤਾ ਦੇ ਭਲੇ ਲਈ ਨਹੀਂ ਸੀ ਅਤੇ ਨਾ ਹੀ ਇਨ੍ਹਾਂ ਨੂੰ ਧਰਮ ਲਈ ਕੁਰਬਾਨ ਹੋਣਾ ਕਹਿਣਾ ਬਣਦਾ ਹੈ ਜਦ ਕਿ ਗੁਰੂ ਸਾਹਿਬਾਨ ਦੀਆਂ ਸ਼ਹੀਦੀਆਂ ਨਿਰੋਲ ਮਾਨਵਤਾ ਦੇ ਹਿਤ ਲਈ ਯਾਨੀ ਕਿ ਨਿਰੋਲ ਧਰਮ ਬਾਬਤ ਸਨ। ‘ਸ਼ਹੀਦ’ ਦੇ ਭੀ ਗੁਰਮਤਿ ਅਨੁਸਾਰੀ ਇਹੀ ਅਰਥ ਹਨ, ‘‘ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ (ਭਾਵ ਧਰਮ ਲਈ) ਪੁਰਜਾ ਪੁਰਜਾ ਕਟਿ ਮਰੈ; ਕਬਹੂ ਛਾਡੈ ਖੇਤੁ (ਭਗਤ ਕਬੀਰ/੧੧੦੫), ਜਉ ਤਉ; ਪ੍ਰੇਮ ਖੇਲਣ ਕਾ ਚਾਉ ਸਿਰੁ ਧਰਿ ਤਲੀ; ਗਲੀ ਮੇਰੀ ਆਉ ਇਤੁ ਮਾਰਗਿ (’ਤੇ); ਪੈਰੁ ਧਰੀਜੈ ਸਿਰੁ ਦੀਜੈ; ਕਾਣਿ (ਆਨਾ ਬਹਾਨਾ) ਕੀਜੈ ’’ (ਮਹਲਾ /੧੪੧੨) ਹੁਣ ਇਹ ਵਿਚਾਰਨਾ ਹੈ ਕਿ ਧਰਮ; ਸ਼ਹੀਦ ਹੋਣ ਲਈ ਕਿਉਂ ਪ੍ਰੇਰਦਾ ਹੈ ?

‘ਧਰਮ’ ਦਾ ਟੀਚਾ; ਬੰਦੇ ਨੂੰ ‘ਸਚਾਈ’ ਤੋਂ ਜਾਣੂ ਕਰਾਉਣਾ ਹੈ। ਬੰਦੇ ਦੀ ਕਥਨੀ ਅਤੇ ਕਰਣੀ ’ਚ ਆਏ ਅੰਤਰ ਨੂੰ ਉਸ ਦੇ ਸਾਮ੍ਹਣੇ ਰੱਖਣਾ ਹੈ। ਸਮਾਜ ’ਚ ਚਾਰੋਂ ਤਰਫ਼ ਲਾਲਸਾ (ਤ੍ਰਿਸ਼ਨਾ), ਧੋਖਾ, ਵਿਕਾਰ ਵਾਸ਼ਨਾ, ਖ਼ੁਸ਼ਾਮਦ, ਝੂਠੀ ਵਡਿਆਈ ਆਦਿ ਦਾ ਬੋਲਬਾਲਾ ਹੈ। ਇਸ ਗਿਰਾਵਟ ਨੂੰ ਹਰ ਮਨੁੱਖ ਨੇ ਆਪਣੀ ਚਲਾਕੀ ਦਾ ਪਰਦਾ ਪਾ ਕੇ ਢੱਕ ਰੱਖਿਆ ਹੈ। ‘ਧਰਮ’ ਜੈਸੇ ਹੀ ਇਸ ਪਰਦੇ ਨੂੰ ਥੋੜ੍ਹਾ ਚੁੱਕ ਕੇ ਉਸ ਨੂੰ ਅੰਦਰਲੀ ਕਾਲ਼ਖ਼ ਦੇ ਦਰਸ਼ਨ ਕਰਾਉਂਦਾ ਹੈ ਤਾਂ ਚਲਾਕ ਤੇ ਸੁਆਰਥੀ ਬੰਦਾ ਕਰੋਧਿਤ ਹੁੰਦਾ ਹੈ; ਜਿਵੇਂ ਕਿ ਬਚਨ ਹਨ, ‘‘ਅੰਮ੍ਰਿਤੁ ਕਉਰਾ; ਬਿਖਿਆ ਮੀਠੀ ਸਾਕਤ ਕੀ ਬਿਧਿ; ਨੈਨਹੁ ਡੀਠੀ ਕੂੜਿ, ਕਪਟਿ, ਅਹੰਕਾਰਿ ਰੀਝਾਨਾ ਨਾਮੁ ਸੁਨਤ; ਜਨੁ ਬਿਛੂਅ ਡਸਾਨਾ ’’ (ਮਹਲਾ /੮੯੩) ਅਰਥ : ਜਿਹੜਾ ਬੰਦਾ ਸਚਾਈ (ਰੱਬ) ਤੋਂ ਟੁੱਟਿਆ ਹੈ, ਉਸ ਦੀ ਮਨੋ ਬਿਰਤੀ ਮੈਂ ਅੱਖਾਂ ਨਾਲ਼ ਵੇਖੀ ਹੈ। ਉਹ ਝੂਠ ਵਿੱਚ, ਛਲ-ਕਪਟ ਵਿੱਚ, ਅਹੰਕਾਰ ਵਿੱਚ ਗ੍ਰਸਤ ਹੈ ਕਿਉਂਕਿ ਇਹ ਜ਼ਹਰ ਮਿੱਠੀ ਲੱਗਦੀ ਹੈ ਤੇ ਸੱਚ ਕੌੜਾ ਜਾਪਦਾ ਹੈ ਤਾਹੀਓਂ ਸਚਾਈ (ਨਾਮ) ਸੁਣਦਿਆਂ ਹੀ ਮਾਨੋ ਮਨੁੱਖ ਨੂੰ ਬਿੱਛੂ ਨੇ ਡੰਗ ਮਾਰ ਦਿੱਤਾ, ਪ੍ਰਤੀਤ ਹੁੰਦਾ ਹੈ।

‘ਸੱਚ’ ਨੂੰ ਪਰਿਭਾਸ਼ਿਤ ਕਰਨ ਦੀ ਹਰੇਕ ਬੰਦੇ ਕੋਲ਼ ਆਪਣੀ-ਆਪਣੀ ਦਲੀਲ ਹੈ। ਇਹੀ ਉਸ ਦੀ ਯੋਗਤਾ-ਅਯੋਗਤਾ ਨੂੰ ਸਮਾਜ ਸਾਮ੍ਹਣੇ ਲਿਆਉਂਦੀ ਹੈ। ਦਾਰਸ਼ਨਿਕਾਂ ਦਾ ਮੰਨਣਾ ਹੈ ਕਿ ਜੇਕਰ ਕੋਈ ਬੰਦਾ 8-10 ਕੁ ਸ਼ਬਦ ਬੋਲਦਾ ਹੈ ਤਾਂ ਉਹ ਕਿੱਥੇ ਅਤੇ ਕਿਉਂ ਖੜ੍ਹਾ ਹੈ, ਬਾਰੇ ਕਾਫ਼ੀ ਸਪਸ਼ਟ ਹੋ ਜਾਂਦਾ ਹੈ। ਗੁਰਮਤਿ (ਯਾਨੀ ਕਿ ਅਸਲ ਧਰਮ) ਨੇ ਮਾਨਵਤਾ ਨੂੰ ਸਵੈ ਪੜਚੋਲ ਕਰਨ ਵੱਲ ਪ੍ਰੇਰਿਆ। ਜਿਸ ਜਿਸ ਨੇ ਆਪਣੇ ਆਪ ਨੂੰ ਪੜ੍ਹਿਆ, ਸਮਝਿਆ; ਉਸ ਦਾ ‘ਸੱਚ’ ਨੂੰ ਵੇਖਣ ਦਾ ਨਜ਼ਰੀਆ; ਆਮ ਬੰਦੇ ਨਾਲ਼ੋਂ ਬੜਾ ਭਿੰਨ ਹੋ ਗਿਆ; ਜਿਵੇਂ ਕਿ ਬਚਨ ਹਨ, ‘‘ਭਗਤਾ ਤੈ ਸੈਸਾਰੀਆ; ਜੋੜੁ ਕਦੇ ਆਇਆ ’’ (ਮਹਲਾ /੧੪੫) ਇੱਕ ਕਾਮੀ ਪੁਰਸ਼ ਨੇ ਔਰਤ ਨੂੰ ਜਿਸ ਨਜ਼ਰ ਨਾਲ਼ ਵੇਖਣਾ ਹੈ, ਉੱਚੇ ਆਚਰਨ ਵਾਲ਼ਾ ਉਸ ਤੋਂ ਬਿਲਕੁਲ ਅਲੱਗ ਨਜ਼ਰ ਨਾਲ਼ ਵੇਖੇਗਾ। ਇਸ ਵਿੱਚ ਦੋਸ਼ ਕਿਸੇ ਔਰਤ ਦਾ ਨਹੀਂ ਬਲਕਿ ਵੇਖਣ ਵਾਲ਼ੀ ਯੋਗਤਾ-ਅਯੋਗਤਾ ਦਾ ਹੈ। ਇਸੇ ਤਰ੍ਹਾਂ ਸਚਾਈ ਨੂੰ ਸਮਝਣ ’ਚ ਕੁਤਾਹੀ ਕਰਦਾ ਆਮ ਬੰਦਾ; ਆਪਣਾ ਜੀਵਨ ਅਜਾਈਂ ਗਵਾ ਲੈਂਦਾ ਹੈ।

‘ਸਬਦੁ ਗੁਰੂ’ ਦੀ ਰੌਸ਼ਨੀ ਨਾਲ਼ ਸਵੈ ਪੜਚੋਲ ਕਰਦਾ ਕਰਦਾ ਭਾਵ ਆਪਣੀਆਂ ਬੁਰਿਆਈਆਂ ’ਤੇ ਫ਼ਤਿਹ ਹਾਸਲ ਕਰਦਾ ਹੋਇਆ ਸਿੱਖ; ਆਪਣੇ ਅੰਦਰਲੇ ਉਸ ਆਤਮ ਪ੍ਰਕਾਸ਼, ਬਲ ਅਤੇ ਨਿਡਰਤਾ (ਰੂਪ ਪ੍ਰਭੂ) ਨੂੰ ਪਾ ਲੈਂਦਾ ਹੈ, ਜਿਸ ਨੇ ਉਸ ਨੂੰ ਮਾਨਵਤਾ ਲਈ ਆਦਰਸ਼ ਜੀਵਨ ਬਣਾ ਪੇਸ਼ ਕਰਨਾ ਹੈ ਕਿਉਂਕਿ ਐਸੇ ਜੀਵਨ ਵਿੱਚੋਂ ਹੀ ਕਰਤਾਰ ਨੇ ਆਪਣੀ ਹੋਂਦ ਨੂੰ ਜਗਤ ’ਚ ਪ੍ਰਗਟ ਕਰਨਾ ਹੁੰਦਾ ਹੈ; ਜਿਵੇਂ ਕਿ ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਸਾਹਿਬ ਅਤੇ ਭਗਤ ਰਵੀਦਾਸ ਜੀ ਦੇ ਹੇਠਲੇ ਬਚਨ ਹਨ :

(1). ਗੁਰਮੁਖਿ ਬਾਂਧਿਓ ਸੇਤੁ ਬਿਧਾਤੈ (ਗੋਸਟਿ/ਮਹਲਾ /੯੪੨)

ਅਰਥ : ਕਰਤਾਰ ਨੇ (ਸੰਸਾਰ ਉੱਤੇ) ਗੁਰਮੁਖ ਰੂਪ ਪੁਲ ਬਣਾਇਆ ਹੈ (ਤਾਂ ਜੋ ਹੋਰ ਵੀ ਇਸ ਪੁਲ ਰਾਹੀਂ ਸੰਸਾਰ ਤੋਂ ਤਰ ਜਾਣ)।

(2). ਸਭ ਅੰਤਰਿ ਜਨ ਵਰਤਾਇਆ; ਹਰਿ ਜਨ ਤੇ ਜਾਪੈ (ਮਹਲਾ /੧੦੯੭)

ਅਰਥ : ਪ੍ਰਭੂ ਆਪਣੇ ਸੇਵਕਾਂ ਨੂੰ ਸਭ ਅੰਦਰ ਉੱਘਾ ਕਰ ਦਿੰਦਾ ਹੈ ਕਿਉਂਕਿ ਪ੍ਰਭੂ; ਆਪਣੇ ਭਗਤਾਂ ਰਾਹੀਂ ਹੀ ਪਹਿਚਾਣਿਆਂ ਜਾਂਦਾ ਹੈ।

(3). ਤੁਮ੍ ਜੁ ਨਾਇਕ ਆਛਹੁ; ਅੰਤਰਜਾਮੀ  ! ਪ੍ਰਭ ਤੇ ਜਨੁ ਜਾਨੀਜੈ; ਜਨ ਤੇ ਸੁਆਮੀ (ਭਗਤ ਰਵਿਦਾਸ/੯੩)

ਅਰਥ : ਹੇ ਦਿਲਾਂ ਦੀ ਜਾਣਨਹਾਰ ਪ੍ਰਭੂ ! ਤੂੰ ਹੀ ਅਸਲ ਮਾਲਕ ਹੈਂ, ਪਰ ਇਹ ਰਾਜ਼; ਪ੍ਰਭੂ ਤੋਂ ਸੇਵਕ ਪਹਿਚਾਣ ਹੁੰਦਾ ਹੈ ਅਤੇ ਸੇਵਕ ਤੋਂ ਪ੍ਰਭੂ, ਰਾਹੀਂ ਸਪਸ਼ਟ ਹੁੰਦਾ ਹੈ।

ਸੋ ਜਦ ਕੋਈ ਗੁਰੂ ਪਿਆਰਾ; ਕਰਤਾਰ ਦੀ ਬੰਦਗੀ ਕਰਦਾ ਹੋਇਆ ਉਸ ਦਾ ਰੂਪ ਹੋ ਜਾਂਦਾ ਹੈ ਤਾਂ ਸਮਾਜਿਕ ਉਥਲ-ਪੁਥਲ ਨੂੰ ਕਰਤਾਰ ਦੀ ਵਾੜੀ (ਬਗ਼ੀਚੀ) ਸਮਝਦਾ ਹੋਇਆ ਉਸ ਦਾ ਮਾਲੀ ਬਣ ਆਪਣਾ ਬਣਦਾ ਫ਼ਰਜ਼ ਨਿਭਾਉਣ ਨੂੰ ਸੁਭਾਗ ਸਮਝਦਾ ਹੈ। ਜਿਸ ਨਾਲ਼ ਧੋਖੇਬਾਜ਼, ਝੂਠੀ ਵਡਿਆਈ (ਖ਼ੁਸ਼ਾਮਦ) ਚਾਹੁਣ ਵਾਲ਼ਿਆਂ, ਮੌਕਾਪ੍ਰਸਤ, ਲਾਲਚੀ ਤੇ ਤੰਗਦਿਲੀ ਬੰਦਿਆਂ ਦਾ ਪਰਦਾ ਨੰਗਾ ਹੁੰਦਾ ਹੈ ਤੇ ਉਹ ਕਰੋਧਿਤ ਹੋ ਜਾਂਦੇ ਹਨ।

ਇਨ੍ਹਾਂ ਅਹੰਕਾਰੀਆਂ ਦੇ ਮੁਕਾਬਲੇ ਮਰਜੀਵੜਿਆਂ ਦੀ ਗਿਣਤੀ ਭਾਵੇਂ ਸੀਮਤ ਜਿਹੀ ਹੁੰਦੀ ਹੈ, ਪਰ ਰੱਬੀ ਆਸ਼ਕ ਭੀ ਜ਼ਮੀਰ ਦੀ ਮੌਤ ਨਾਲ਼ੋਂ ਸਰੀਰਕ ਮੌਤ ਨੂੰ ਪਹਿਲ ਦੇਣਾ ਪਸੰਦ ਕਰਦੇ ਹਨ। ਇੱਕ ਨਿਰਸੁਆਰਥ ਧਰਮੀ ਬੰਦੇ ਦਾ ਸ਼ਹੀਦ ਹੋਣਾ; ਅਨੇਕਾਂ ਹੋਰਾਂ ਦੀ ਅਣਖ ਨੂੰ ਜਗਾ ਜਾਂਦਾ ਹੈ। ਇਹੀ ਕਾਰਨ ਹੈ ਕਿ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਅਨੇਕਾਂ ਮਰਜੀਵੜੇ ਸਿੱਖ; ਗੁਰੂ ਹਰਗੋਬਿੰਦ ਸਾਹਿਬ ਦੇ ਝੰਡੇ ਹੇਠ ਇਕੱਤਰ ਹੋਣ ਲੱਗੇ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਅਨੇਕਾਂ ਸਿੱਖ; ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਅਗਵਾਈ ’ਚ ਇਕੱਤਰ ਹੋਣ ਲੱਗੇ। ਅਗਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਭੀ ਗ਼ੈਰ ਧਰਮਾਂ ਵਾਙ ਰਾਜ ਸੱਤਾ ਲਈ ਲੜਨਾ ਹੁੰਦਾ ਤਾਂ  ਉੱਤਰ ਭਾਰਤ ਵਿੱਚ ਅਸਾਨੀ ਨਾਲ਼ ਰਾਜ ਸਥਾਪਿਤ ਕਰ ਸਕਦੇ ਸਨ। ਅਨੇਕਾਂ ਸਿੱਖ ਤਿਆਰ-ਬਰ-ਤਿਆਰ ਹੋਣ ਕਾਰਨ ਹੀ ਗੁਰੂ ਸਾਹਿਬ ਦੇ ਜੋਤੀ ਜੋਤਿ ਸਮਾਉਣ ਤੋਂ ਤੁਰੰਤ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਹੇਠ ਸਿੱਖ ਰਾਜ ਸਥਾਪਿਤ ਹੋ ਗਿਆ ਸੀ। ਜੇਕਰ ਬਾਬਾ ਬੰਦਾ ਸਿੰਘ ਬਹਾਦਰ ਚਾਹੁੰਦਾ ਤਾਂ ਪਹਾੜੀ ਰਾਜਿਆਂ ਤੋਂ ਭੀ ਅਸਾਨੀ ਨਾਲ਼ ਸੱਤਾ ਹਥਿਆਈ ਜਾ ਸਕਦੀ ਸੀ, ਪਰ ਉਨ੍ਹਾਂ ਦਾ ਟੀਚਾ ਕੇਵਲ ਸਰਹਿੰਦ ਦੇ ਦੁਸ਼ਟਾਂ ਨੂੰ ਸਜ਼ਾ ਦੇਣਾ ਸੀ। ਉਨ੍ਹਾਂ ਨੂੰ ਬਣਦੀ ਸਜ਼ਾ ਦੇਣ ਉਪਰੰਤ ਆਮ ਜਨਤਾ ਨੇ ਬਾਬਾ ਜੀ ਨੂੰ ਸੱਤਾ ਸੰਭਾਲਣ ਲਈ ਬੇਨਤੀ ਕੀਤੀ ਤਾਂ ਭੀ ਉਨ੍ਹਾਂ ਨੇ ਬਾਜ ਸਿੰਘ ਬੰਗੇਸ਼ਰੀ ਨੂੰ ਸਰਹਿੰਦ ਦਾ ਸੂਬੇਦਾਰ ਅਤੇ ਆਲੀ ਸਿੰਘ ਸਲੌਦੀ ਵਾਲ਼ੇ ਨੂੰ ਨਾਇਬ-ਸੂਬੇਦਾਰ ਨਿਯੁਕਤ ਕੀਤਾ, ਆਪ ਨਾ ਬਣੇ ਜਦ ਕਿ ਅੱਜ ਰਾਜਸੀ ਭੁੱਖ ਵਾਲ਼ੇ ਸਿੱਖ ਨੇਤਾ; ਸੱਤਾ ਹਾਸਲ ਕਰਨ ਲਈ ਕੌਮ ਨੂੰ ਵੰਡਣ ਅਤੇ ਪੰਥ ਦੋਖੀ ਤਾਕਤਾਂ ਨਾਲ਼ ਹੱਥ ਮਿਲਾਉਣ ਨੂੰ ਭੀ ਬੁਰਾ ਨਹੀਂ ਮੰਨਦੇ। ‘ਰਾਜ ਕਰੇਗਾ ਖ਼ਾਲਸਾ, ਆਕੀ ਰਹੇ ਨਾ ਕੋਇ’ ਦਾ ਮਤਲਬ; ਲੋਕਾਂ ਦੇ ਦਿਲਾਂ ’ਤੇ ਰਾਜ ਕਰਨਾ ਹੈ, ਨਾ ਕਿ ਕੋਈ ਸੱਤਾ ਪ੍ਰਾਪਤ ਕਰਨਾ। ਸਾਰਿਆਂ ਨੂੰ ਇਕੱਤਰ ਹੋ ਕੇ ਗਹਿਰਾ ਮੰਥਨ ਕਰਨ ਦੀ ਥਾਂ ਇਹ ਕਵਿਤਾ ‘ਰਾਜ ਬਿਨਾ ਨਹਿ ਧਰਮ ਚਲੇ ਹੈ। ਧਰਮ ਬਿਨਾ ਸਭ ਦਲੇ ਮਲੇ ਹੈ।’ ਪਤਾ ਨਹੀਂ ਕਿੱਥੋਂ ਲੈ ਕੇ ਸਿੱਖਾਂ ਦੇ ਜਜ਼ਬਾਤਾਂ ਨੂੰ ਭੜਕਾਇਆ ਜਾਂਦਾ ਹੈ। ਜੇਕਰ ਇਹੀ ਗੁਰੂ ਉਪਦੇਸ਼ ਹੈ ਤਾਂ 239 ਸਾਲਾਂ ਤੱਕ ਗੁਰਮਤਿ ਦਾ ਪ੍ਰਚਾਰ-ਪ੍ਰਸਾਰ ਕਿਵੇਂ ਹੋਇਆ, ਦਾ ਭੀ ਜਵਾਬ ਦੇਣਾ ਜ਼ਰੂਰੀ ਹੈ।

ਚੇਤੇ ਰਹੇ ਕਿ ਸਿੱਖ ਧਰਮ ਜ਼ਮੀਨ ਦੇ ਕਿਸੇ ਭੂ-ਭਾਗ ਉੱਤੇ ਰਾਜ ਸਥਾਪਿਤ ਕਰਨ ਲਈ ਨਹੀਂ ਸਿਰਜਿਆ। ਇਤਿਹਾਸ ਗਵਾਹ ਹੈ ਕਿ ਜਦੋਂ ਜਦੋਂ ਸਿੱਖ; ਸਿਆਸਤ ਵਿੱਚ ਭਾਰੂ ਹੁੰਦੇ ਗਏ, ਆਪਸੀ ਏਕਤਾ ਨੂੰ ਨੁਕਸਾਨ ਹੋਇਆ ਅਤੇ ਧਰਮ ਵਿਰੋਧੀ ਸ਼ਕਤੀ ਦੁਆਰਾ ਸਮਾਜ ਨੂੰ ਗੁੰਮਰਾਹ ਕਰਨ ਦਾ ਮੌਕਾ ਮਿਲਿਆ ਕਿ ਸਿੱਖ ਭੀ ਗ਼ੈਰ ਧਰਮਾਂ ਵਾਙ ਰਾਜ-ਸੱਤਾ ਲਈ ਸੰਘਰਸ਼ ਕਰਦੇ ਹਨ।

ਹਿੰਦੂ ਧਰਮ; ਜਾਤ-ਪਾਤ, ਵਰਣ-ਆਸ਼ਰਮਾਂ ਆਦਿ ’ਚ ਵੰਡਿਆ ਹੋਣ ਕਾਰਨ ਹਰ ਮਨੁੱਖ ਜਾਤੀ ਦਾ ਨਹੀਂ ਹੋ ਸਕਦਾ ਅਤੇ ਈਸਾਈ ਧਰਮ; ਲਾਲਚ ਦੇ ਕੇ ਜਾਂ ਕੋਈ ਕਰਾਮਾਤ ਵਿਖਾ ਕੇ ਲੋਕਾਂ ਨੂੰ ਪ੍ਰਭਾਵਤ ਕਰਦਾ ਹੈ। ਐਸੀਆਂ ਚਾਲਾਂ ਨਾਲ਼ ਨਫ਼ਰੀ ਤਾਂ ਵਧ ਸਕਦੀ ਹੈ, ਪਰ ਕਰਤਾਰ ਨਾਲ਼ ਮਿਲਾਪ ਕਰਾ ਕਈ ਜਨਮਾਂ ਤੋਂ ਬਾਅਦ ਮਿਲਿਆ ਮਨੁੱਖਾ ਜਨਮ ਸਫਲ ਨਹੀਂ ਕੀਤਾ ਜਾ ਸਕਦਾ; ਜਿਵੇਂ ਕਿ ਕਬੀਰ ਜੀ ਦੇ ਬਚਨ ਹਨ, ‘‘ਕਬੀਰ  ! ਸਿਖ ਸਾਖਾ ਬਹੁਤੇ ਕੀਏ; ਕੇਸੋ ਕੀਓ ਮੀਤੁ ਚਾਲੇ ਥੇ ਹਰਿ ਮਿਲਨ ਕਉ; ਬੀਚੈ ਅਟਕਿਓ ਚੀਤੁ ’’ (ਭਗਤ ਕਬੀਰ/੧੩੬੯), ਇਸੇ ਅੰਦਰੂਨੀ ਕਮਜ਼ੋਰੀ/ਡਰ ਦਾ ਨਤੀਜਾ ਹੈ ਕਿ ਭਾਰਤ ਵਿੱਚ ਅਨੇਕਾਂ ਸੰਪਰਦਾਇੱਕ ਦੰਗੇ ਹੋਏ। ਘੱਟ ਗਿਣਤੀਆਂ ਦਾ ਕਤਲੇਆਮ ਕੀਤਾ ਗਿਆ, ਪਰ ਆਪਣੇ ਆਪ ਨੂੰ ‘ਸਦਗੁਰੂ, ਸ਼੍ਰੀ ਸ਼੍ਰੀ, 1008, ਸੰਤ, ਬ੍ਰਹਮਗਿਆਨੀ’ ਆਦਿ ਅਖਵਾਉਣ ਵਾਲ਼ੇ ਮੂੰਹ ਵਿੱਚ ਦਹੀ ਜਮਾ ਕੇ ਬੈਠੇ ਰਹਿੰਦੇ ਹਨ। ਜ਼ਬਾਨ ਤੱਕ ਨਹੀਂ ਖੋਲਦੇ। ਦੂਜੇ ਪਾਸੇ ਅੰਦਰੂਨੀ ਆਤਮ ਪ੍ਰਕਾਸ਼, ਬਲ, ਨਿਡਰਤਾ ਆਦਿ ਗੁਣਾਂ ਭਰਪੂਰ 5-7 ਸਾਲ ਦੀਆਂ ਜ਼ਿੰਦਗੀਆਂ (ਸਾਹਿਬਜ਼ਾਦੇ); ਜਿਊਂਦੀਆਂ ਨੀਹਾਂ ’ਚ ਖੜ੍ਹ ਸ਼ਹੀਦ ਹੋ ਗਈਆਂ, ਪਰ ਸਚਾਈ (ਅਸਲ ਧਰਮ) ’ਤੇ ਪਹਿਰਾ ਦਿੰਦਿਆਂ ਆਪਣੀ ਜ਼ਮੀਰ ਮਾਰਨਾ ਪ੍ਰਵਾਨ ਨਾ ਕੀਤਾ।

ਦਾਲਚੀਨੀ ਦੇ ਫ਼ਾਇਦੇ

0

ਦਾਲਚੀਨੀ ਦੇ ਫ਼ਾਇਦੇ

ਡਾ. ਹਰਸ਼ਿੰਦਰ ਕੌਰ, ਐੱਮ.ਡੀ., 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਕਹਿੰਦੇ ਨੇ ਕਿ ਬਾਦਸ਼ਾਹ ਨੀਰੋ ਨੇ ਆਪਣੀ ਪਤਨੀ ਸਬੀਨਾ ਦੀ ਮੌਤ ਉੱਤੇ ਦਾਲਚੀਨੀ ਨੂੰ ਬਹੁਤ ਮਹੱਤਤਾ ਦਿੰਦਿਆਂ ਪੂਰੇ ਇੱਕ ਸਾਲ ਵਿਚ ਵਰਤੀ ਜਾਣ ਵਾਲੀ ਦਾਲਚੀਨੀ ਨੂੰ ਇੱਕੋ ਸਮੇਂ ਬਾਲ਼ਿਆਂ ਤਾਂ ਜੋ ਚੁਫ਼ੇਰੇ ਉਸ ਦੀ ਖੁਸ਼ਬੂ ਫੈਲਦੀ ਰਹੇ। ਈਸਾ ਮਸੀਹ ਤੋਂ ਲਗਭਗ 2800 ਸਾਲ ਪਹਿਲਾਂ ਤੋਂ ਚੀਨ ਵਿਚ ਦਾਲਚੀਨੀ ਦੀ ਵਰਤੋਂ ਦਾ ਜ਼ਿਕਰ ਮਿਲਦਾ ਹੈ। ਇਸ ਨੂੰ ਬੇਸ਼ਕੀਮਤੀ ਖ਼ੁਸ਼ਬੂਦਾਰ ਬੂਟੇ ਵਜੋਂ ਮਾਨਤਾ ਦਿੱਤੀ ਗਈ ਹੈ। ਦਾਲਚੀਨੀ ਦੀ ਮਹਿਕ ਸਦਕਾ ਇਸ ਨੂੰ ਲੁੱਟਣ ਲਈ ਕੁੱਝ ਜੰਗਾਂ ਦਾ ਵੀ ਜ਼ਿਕਰ ਮਿਲਦਾ ਹੈ ਕਿਉਂਕਿ ਇਸ ਦੀ ਵਰਤੋਂ ਨਾਲ ਉਤੇਜਨਾ ਵੀ ਜੋੜੀ ਗਈ ਹੈ। ਈਜਿਪਟ ਵਿਖੇ ਮੌਤ ਤੋਂ ਬਾਅਦ ‘ਮੰਮੀ’ ਬਣਾਉਣ ਲਈ ਵੀ ਸਰੀਰ ਦੇ ਆਲੇ ਦੁਆਲੇ ਦਾਲਚੀਨੀ ਦਾ ਲੇਪ ਲਾਇਆ ਜਾਂਦਾ ਸੀ।

ਦਾਲਚੀਨੀ ਦੀ ਮਹੱਤਤਾ ਤਾਂ ਇਸ ਧਰਤੀ ਉੱਤੇ ਪਹਿਲੀ ਸਦੀ ਵਿਚ ਲੱਗੀ ਇਸ ਦੀ ਕੀਮਤ ਤੋਂ ਹੀ ਹੋ ਜਾਂਦੀ ਹੈ ਜਦੋਂ 350 ਗ੍ਰਾਮ ਦਾਲਚੀਨੀ ਦੇ ਬਦਲੇ ਸਾਢੇ ਪੰਜ ਕਿੱਲੋ ਚਾਂਦੀ ਦਿੱਤੇ ਜਾਣ ਦਾ ਜ਼ਿਕਰ ਮਿਲਦਾ ਹੈ ਕਿਉਂਕਿ ਪੁਰਾਣੇ ਸਮਿਆਂ ਵਿਚ ਖੰਘ, ਜ਼ੁਕਾਮ, ਗਲੇ ਦੀ ਖ਼ਰਾਸ ਆਦਿ ਲਈ ਦਾਲਚੀਨੀ ਕਈ ਸਦੀਆਂ ਤੱਕ ਵਰਤੀ ਜਾਂਦੀ ਰਹੀ। ਸ਼ਿਕਾਰ ਤੋਂ ਬਾਅਦ ਮਾਸ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਅਤੇ ਕੀਟਾਣੂਆਂ ਤੋਂ ਬਚਾਉਣ ਲਈ, ਉਸ ਨੂੰ ਚੰਗੀ ਤਰ੍ਹਾਂ ਦਾਲਚੀਨੀ ਪਾਊਡਰ ਵਿਚ ਲਪੇਟ ਕੇ ਰੱਖਿਆ ਜਾਂਦਾ ਸੀ।

17ਵੀਂ ਸਦੀ ਵਿਚ ਸੀਲੋਨ ਵਿਖੇ ਦੁਨੀਆ ਦਾ ਸਭ ਤੋਂ ਵੱਡਾ ਦਾਲਚੀਨੀ ਦਾ ਭੰਡਾਰ ਲੱਭਿਆ ਗਿਆ ਸੀ। ਇੰਗਲੈਂਡ ਨੇ ਇਸ ਨੂੰ ਹੱਥਿਆਉਣ ਲਈ ਸੀਲੋਨ ਉੱਤੇ ਹੀ ਕਬਜ਼ਾ ਕਰ ਲਿਆ।

ਜਦੋਂ ਉਗਾਉਣ ਦੀ ਜਾਚ ਆ ਗਈ ਤਾਂ ਹੁਣ ਦੁਨੀਆ ਦੇ ਕਈ ਹਿੱਸਿਆਂ ਵਿਚ  ਦਾਲਚੀਨੀ ਉਗਾਈ ਜਾਣ ਲੱਗ ਪਈ ਹੈ। ਬਹੁਤ ਸਾਰੇ ਮੁਲਕਾਂ ਵਿਚ ਇਸ ਨੂੰ ਨਸ਼ੇ ਵਾਂਗ ਵਰਤਿਆ ਜਾ ਰਿਹਾ ਹੈ। ਨੌਜਵਾਨ ਬੱਚੇ ‘ਦਾਲਚੀਨੀ ਚੈਲੈਂਜ’’ ਅਧੀਨ ਜਦੋਂ ਚਮਚ ਭਰ ਕੇ ਦਾਲਚੀਨੀ ਪਾਊਡਰ ਇਕਦਮ ਅੰਦਰ ਲੰਘਾਉਂਦੇ ਹਨ ਤਾਂ ਕਈ ਵਾਰ ਸਾਹ ਦੀ ਨਾਲੀ ਬੰਦ ਹੋ ਜਾਣ ਨਾਲ ਥਾਏਂ ਮੌਤ ਵੀ ਹੋ ਜਾਂਦੀ ਹੈ।

ਹਜ਼ਾਰਾਂ ਸਾਲਾਂ ਤੋਂ ਵਰਤੀ ਜਾਂਦੀ ਦਾਲਚੀਨੀ ਉੱਤੇ ਹੋਈਆਂ ਖੋਜਾਂ ਦੌਰਾਨ ਸ਼ੱਕਰ ਰੋਗੀਆਂ ਉੱਤੇ ਇਸ ਦੇ ਬਹੁਤ ਵਧੀਆ ਅਸਰ ਵੇਖੇ ਗਏ ਸਨ। ਐਂਟੀਆਕਸੀਡੈਂਟ ਭਰਪੂਰ ਹੋਣ ਸਦਕਾ ਇਹ, ਦਿਲ ਲਈ ਵੀ ਲਾਹੇਵੰਦ ਸਾਬਤ ਹੋ ਚੁੱਕੀ ਹੈ।

ਦਾਲਚੀਨੀ ਦੀਆਂ ਜ਼ਿਆਦਾਤਰ ਦੋ ਕਿਸਮਾਂ ਮਿਲਦੀਆਂ ਹਨ :- ਸੀਲੋਨ ਅਤੇ ਕੇਸੀਆ। ਸੀਲੋਨ ਅਸਲ ਦਾਲਚੀਨੀ ਦੀ ਕਿਸਮ ਹੈ ਅਤੇ ਮਹਿੰਗੀ ਹੈ। ਆਮ ਤੌਰ ਉੱਤੇ ਬਜ਼ਾਰ ਵਿਚ ਕੇਸੀਆ ਕਿਸਮ ਹੀ ਮਿਲਦੀ ਹੈ। ਦਰਖ਼ਤ ਦੀਆਂ ਟਾਹਣੀਆਂ ਦੀ ਛਿਲੜ ਨੂੰ ਸੁਕਾ ਕੇ, ਪੀਸ ਕੇ, ਦਾਲਚੀਨੀ ਪਾਊਡਰ ਬਣਾਇਆ ਜਾਂਦਾ ਹੈ। ਇਸ ਵਿਚਲੇ ਤੇਲ ਨਾਲ਼ ਖ਼ੁਸ਼ਬੂ ਚੁਫੇਰੇ ਫੈਲਦੀ ਹੈ, ਜਿਸ ਵਿਚ ‘ਸਿਨਾਮੈਲਡੀਹਾਈਡ’ ਹੁੰਦਾ ਹੈ। ਇਹੀ ਅਰਅਸਲ ਐਂਟੀਆਕਸੀਡੈਂਟ ਨਾਲ ਭਰਿਆ ਪਿਆ ਹੈ। ਪੌਲੀਫੀਨੋਲ ਵੀ ਦਾਲਚੀਨੀ ਵਿਚ ਹੁੰਦੇ ਹਨ, ਜੋ ਸਰੀਰ ਅੰਦਰਲੀ ਸੋਜਸ਼ ਘਟਾਉਂਦੇ ਹਨ। ਇਹ ਏਨਾ ਤਗੜਾ ਅਸਰ ਵਿਖਾਉਂਦੇ ਹਨ ਕਿ ਬਥੇਰੇ ਖਾਣਿਆਂ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਦਾਲਚੀਨੀ ਨੂੰ ਕੁਦਰਤੀ ‘ਪ੍ਰੀਜ਼ਰਵੇਟਿਵ’ ਵਜੋਂ ਵਰਤਿਆ ਜਾ ਰਿਹਾ ਹੈ।

ਇੱਕ ਖੋਜ ਵਿਚ 100 ਸ਼ੱਕਰ ਰੋਗੀ ਮਰੀਜ਼ਾਂ ਨੂੰ ਰੋਜ਼ ਪੌਣਾ ਚਮਚ ਦਾਲਚੀਨੀ ਖੁਆਉਣ ਤੋਂ ਬਾਅਦ ਵੇਖਿਆ ਗਿਆ ਕਿ ਸਰੀਰ ਅੰਦਰ ਸ਼ੱਕਰ ਦੀ ਮਾਤਰਾ ਅਤੇ ਮਾੜੇ ਕੋਲੈਸਟਰੋਲ ਦੀ ਮਾਤਰਾ ਕਾਫ਼ੀ ਘੱਟ ਹੋ ਗਈ।

ਉਸ ਤੋਂ ਬਾਅਦ 13 ਖੋਜਾਂ ਦਿਲ ਦੇ ਰੋਗੀ ਮਰੀਜ਼ਾਂ ਉੱਤੇ ਕੀਤੀਆਂ ਗਈਆਂ, ਜਿਨ੍ਹਾਂ ਵਿਚ ਸਭ ਦੇ ਸਰੀਰਾਂ ਅੰਦਰ ਟਰਾਈਗਲਿਸਰਾਈਡ ਅਤੇ ਮਾੜੇ ਕੋਲੈਸਟਰੋਲ ਦੀ ਮਾਤਰਾ ਘਟੀ ਹੋਈ ਲੱਭੀ। ਇਨ੍ਹਾਂ ਸਭ ਨੂੰ ਤਿੰਨ ਮਹੀਨੇ ਅੱਧਾ ਚਮਚ ਰੋਜ਼ ਦਾਲਚੀਨੀ ਖੁਆਈ ਗਈ ਸੀ।

ਜਿਨ੍ਹਾਂ ਬਲੱਡ ਪ੍ਰੈੱਸ਼ਰ ਦੇ ਰੋਗੀਆਂ ਨੂੰ ਰੋਜ਼ ਪੌਣਾ ਚਮਚ ਦਾਲਚੀਨੀ ਅੱਠ ਹਫ਼ਤਿਆਂ ਲਈ ਖੁਆਈ ਗਈ, ਉਨ੍ਹਾਂ ਸਾਰਿਆਂ ਦਾ ਬਲੱਡ ਪ੍ਰੈੱਸ਼ਰ ਵੀ ਘੱਟ ਗਿਆ ਤੇ ਕੁੱਝ ਨੂੰ ਬਲੱਡ ਪ੍ਰੈੱਸ਼ਰ ਦੀ ਦਵਾਈ ਬੰਦ ਵੀ ਕਰ ਦਿੱਤੀ ਗਈ।

ਇਨਸੂਲਿਨ ਦਾ ਅਸਰ ਵਧਾਉਣਾ :-

ਟਾਈਪ ਦੋ ਸ਼ੱਕਰ ਰੋਗੀਆਂ ਵਿਚ ਸਰੀਰ ਅੰਦਰ ਨਿਕਲਦੀ ਇਨਸੂਲਿਨ ਦਾ ਅਸਰ ਕਾਫ਼ੀ ਘੱਟ ਹੋ ਜਾਂਦਾ ਹੈ। ਸਿਰਫ਼ ਹਾਲੇ ਤੱਕ ਦੋ ਖੋਜਾਂ ਵਿਚ ਦਾਲਚੀਨੀ ਨਾਲ ਸਰੀਰ ਅੰਦਰ ਇਨਸੂਲਿਨ ਦਾ ਅਸਰ ਵਧਦਾ ਵੇਖਿਆ ਗਿਆ ਹੈ। ਹੋਰ ਖੋਜਾਂ ਜਾਰੀ ਹਨ, ਜਿਨ੍ਹਾਂ ਰਾਹੀਂ ਸਪਸ਼ਟ ਪਤਾ ਲੱਗ ਸਕੇਗਾ ਕਿ ਇਹ ਅਸਰ ਕਿਵੇਂ ਹੁੰਦਾ ਹੈ ਅਤੇ ਕਿੰਨੀ ਦੇਰ ਤੱਕ ਅਸਰਦਾਰ ਸਾਬਤ ਹੁੰਦਾ ਹੈ। ਇਹ ਅਸਰ ਸ਼ੱਕਰ ਰੋਗੀਆਂ ਲਈ ਕੁਦਰਤੀ ਵਰਦਾਨ ਸਾਬਤ ਹੋ ਸਕਦਾ ਹੈ।

ਇਹ ਤਾਂ ਪਹਿਲਾਂ ਹੀ ਸਾਬਤ ਹੋ ਚੁੱਕਿਆ ਹੈ ਕਿ ਖਾਣੇ ਅੰਦਰਲੇ ਮਿੱਠੇ ਨੂੰ ਦਾਲਚੀਨੀ ਛੇਤੀ ਹਜ਼ਮ ਨਹੀਂ ਹੋਣ ਦਿੰਦੀ, ਜਿਸ ਨਾਲ ਲਹੂ ਅੰਦਰ ਸ਼ੱਕਰ ਦੀ ਮਾਤਰਾ ਛੇਤੀ ਨਹੀਂ ਵਧਦੀ। ਕਈ ਤਰ੍ਹਾਂ ਦੇ ਰਸ ਜਿਹੜੇ ਕਾਰਬੋਹਾਈਡ੍ਰੇਟ ਨੂੰ ਤੋੜ ਕੇ ਸਰੀਰ ਅੰਦਰ ਸ਼ੱਕਰ ਵਧਾਉਂਦੇ ਹਨ, ਉਨ੍ਹਾਂ ਦੇ ਕੰਮ ਕਾਰ ਨੂੰ ਦਾਲਚੀਨੀ ਕਾਫ਼ੀ ਘਟਾ ਦਿੰਦੀ ਹੈ।

ਦਾਲਚੀਨੀ ਵਿਚਲਾ ਇੱਕ ਅੰਸ਼ ਤਾਂ ਆਪ ਹੀ ਇਨਸੂਲਿਨ ਵਰਗਾ ਅਸਰ ਵਿਖਾ ਦਿੰਦਾ ਹੈ। ਦੋ ਮਹੀਨੇ ਲਗਾਤਾਰ ਦਾਲਚੀਨੀ ਖਾਣ ਵਾਲੇ ਸ਼ੱਕਰ ਰੋਗੀਆਂ ਦੀ ‘ਐਚ.ਬੀ.ਏ. 1 ਸੀ’ ਮਾਤਰਾ ਵੀ ਠੀਕ ਹੋਈ ਲੱਭੀ। ਇਸ ਖੋਜ ਵਿਚ ਮਰੀਜ਼ਾਂ ਨੂੰ ਲਗਭਗ ਇੱਕ ਤੋਂ ਦੋ ਚਮਚ ਰੋਜ਼ ਦਾਲਚੀਨੀ ਖੁਆਈ ਗਈ ਸੀ।

ਨਸਾਂ ਉੱਤੇ ਅਸਰ :- ਚੂਹਿਆਂ ਉੱਤੇ ਹੋਈ ਖੋਜ ਵਿਚ ਦਾਲਚੀਨੀ ਨਾਲ ਦਿਮਾਗ਼ ਅੰਦਰਲੀ ਇੱਕ ਪ੍ਰੋਟੀਨ ਘਟੀ ਹੋਈ ਲੱਭੀ, ਜਿਸ ਨੇ ਨਿਊਰੋਟਰਾਂਸਮੀਟਰ ਰਸ ਦੀ ਮਾਤਰਾ ਵਧਾ ਕੇ ਪਾਰਕਿਨਸਨ ਵਰਗੇ ਰੋਗ ਵਿਚ ਫ਼ਾਇਦਾ ਦੇ ਦਿੱਤਾ ਤੇ ਯਾਦਦਾਸ਼ਤ ਦਾ ਸੈਂਟਰ ਵੀ ਰਵਾਂ ਹੁੰਦਾ ਵੇਖਿਆ ਗਿਆ। ਇਸ ਖੋਜ ਨੂੰ ਐਲਜ਼ੀਮਰ ਅਤੇ ਪਾਰਕਿਨਸਨ ਰੋਗੀ ਬੰਦਿਆਂ ਉੱਤੇ ਕਰਨ ਬਾਰੇ ਸੋਚਿਆ ਜਾ ਰਿਹਾ ਹੈ ਕਿ ਕਿੰਨੀ ਖ਼ੁਰਾਕ, ਕਿੰਨੀ ਦੇਰ ਖੁਆਉਣ ਨਾਲ ਕਿੰਨਾ ਕੁ ਅਸਰ ਹੋਵੇਗਾ !

ਕੈਂਸਰ :– ਚੂਹਿਆਂ ਵਿਚ ਹੋਈ ਖੋਜ ਵਿਚ ਇਹ ਤੱਥ ਸਾਹਮਣੇ ਆਏ ਹਨ ਕਿ ਅੰਡਕੋਸ਼ ਦੇ ਕੈਂਸਰ ਵਿਚ ਦਾਲਚੀਨੀ ਵਿਚਲੇ ਸਿਨਾਮੈਲਡੀਹਾਈਡ ਸਦਕਾ ਸੈੱਲਾਂ ਦਾ ਫੈਲਣਾ ਘੱਟ ਹੋ ਗਿਆ। ਇਹ ਖੋਜ ਸਿਰਫ਼ ਚੂਹਿਆਂ ਉੱਤੇ ਹੀ ਕੀਤੀ ਗਈ ਹੈ। ਔਰਤਾਂ ਉੱਤੇ ਹਾਲੇ ਤੱਕ ਇਹ ਖੋਜ ਸੰਪੂਰਨ ਨਹੀਂ ਹੋਈ ਕਿ ਕਿੰਨੇ ਫੈਲੇ ਕੈਂਸਰ ਉੱਤੇ ਕਿੰਨੀ ਖ਼ੁਰਾਕ ਨਾਲ ਸਹੀ ਅਸਰ ਦਿਸੇਗਾ।

ਭਾਰ ਘਟਣਾ :- ਹਾਲੇ ਤੱਕ ਸਿਰਫ਼ ਇਕ ਖੋਜ ਰਾਹੀਂ ਇਹ ਤੱਥ ਉਘਾੜਿਆ ਗਿਆ ਹੈ ਕਿ ਸੀਲੋਨ ਦਾਲਚੀਨੀ ਨਾਲ ਸਰੀਰ ਅੰਦਰਲੇ ਥਿੰਦੇ ਦੇ ਸੈੱਲ ਛੇਤੀ ਖੁਰਨ ਲੱਗ ਪੈਂਦੇ ਹਨ, ਜਿਸ ਸਦਕਾ ਭਾਰ ਘਟਾਇਆ ਜਾ ਸਕਦਾ ਹੈ ਬਸ਼ਰਤੇ ਕਿ ਰੋਜ਼ਾਨਾ ਕਸਰਤ ਅਤੇ ਸੰਤੁਲਿਤ ਖ਼ੁਰਾਕ ਨਾਲੋ ਨਾਲ ਲਈ ਜਾਵੇ।

ਬਲੱਡ ਪ੍ਰੈੱਸ਼ਰ :- ਸਾਰੀਆਂ ਖੋਜਾਂ ਵਿਚ ਉਨ੍ਹਾਂ ਸ਼ੱਕਰ ਰੋਗੀਆਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ ਨੂੰ ਨਾਲ ਬਲੱਡ ਪ੍ਰੈੱਸ਼ਰ ਦਾ ਰੋਗ ਵੀ ਸੀ। ਇਨ੍ਹਾਂ ਮਰੀਜ਼ਾਂ ਨੂੰ ਹਰ ਰੋਜ਼ ਅੱਧਾ ਚਮਚ ਦਾਲਚੀਨੀ ਤਿੰਨ ਮਹੀਨੇ ਰੈਗੂਲਰ ਖੁਆਈ ਗਈ। ਚਾਰੋ ਖੋਜਾਂ ਵਿਚ ਇਹ ਲੱਭਿਆ ਗਿਆ ਕਿ ਉੱਪਰਲਾ ਬਲੱਡ ਪ੍ਰੈੱਸ਼ਰ 5 ਪਾਇੰਟ ਘਟ ਗਿਆ। ਕਿਸੇ ਵੀ ਖੋਜ ਨੇ ਹਾਲੇ ਤੱਕ ਇਹ ਸਪਸ਼ਟ ਨਹੀਂ ਕੀਤਾ ਕਿ ਇਹ ਅਸਰ ਕਿੰਨੀ ਦੇਰ ਤੱਕ ਰਹਿ ਜਾਂਦਾ ਹੈ  ! ਕੀ ਤਿੰਨ ਮਹੀਨੇ ਖਾਣ ਤੋਂ ਬਾਅਦ ਅੱਗੋਂ ਫਿਰ ਦਾਲਚੀਨੀ ਖਾਣ ਦੀ ਲੋੜ ਪਵੇਗੀ ਜਾਂ ਨਹੀਂ, ਇਹ ਗੱਲ ਹਾਲੇ ਤੱਕ ਸਾਫ਼ ਨਹੀਂ ਕੀਤੀ ਜਾ ਸਕੀ।

ਯਾਦਦਾਸ਼ਤ ਦੇ ਸੈਂਟਰ ਉੱਤੇ ਅਸਰ :- ਜਿਨ੍ਹਾਂ ਚੂਹਿਆਂ ਉੱਤੇ ਦਾਲਚੀਨੀ ਨਾਲ ਖੋਜ ਕੀਤੀ ਗਈ ਸੀ, ਉਨ੍ਹਾਂ ਵਿਚ ਪਹਿਲਾਂ ਰੱਖੀ ਚੀਜ਼ ਵੱਲ ਪਹੁੰਚਣ ਦੇ ਰਾਹ ਨੂੰ ਯਾਦ ਰੱਖਣ ਦੀ ਤਾਕਤ ਵੱਧ ਲੱਭੀ। ਹਾਲੇ ਤੱਕ ਅਜਿਹੀ ਇੱਕ ਵੀ ਖੋਜ ਇਨਸਾਨਾਂ ਉੱਤੇ ਨਹੀਂ ਕੀਤੀ ਗਈ।

ਜੋੜਾਂ ਦੇ ਦਰਦ :– ਲਗਭਗ 115 ਤਰ੍ਹਾਂ ਦੇ ਖਾਣਿਆਂ ਵਿੱਚੋਂ ਸੋਜਸ਼ ਨਾਲ ਜੂਝਣ ਦੀ ਤਾਕਤ ਸਭ ਤੋਂ ਵੱਧ ਸੀਲੋਨ ਦਾਲਚੀਨੀ ਵਿਚ ਹੀ ਲੱਭੀ ਹੈ। ਇਸੇ ਲਈ ਜਦੋਂ ਰੋਜ਼ ਅੱਧਾ ਚਮਚ ਦਾਲਚੀਨੀ ਰਿਊਮੈਟਾਇਡ ਆਰਥਰਾਈਟਿਸ ਦੇ ਮਰੀਜ਼ਾਂ ਨੂੰ 8 ਹਫ਼ਤੇ ਖੁਆਈ ਗਈ ਤਾਂ ਉਨ੍ਹਾਂ ਨੂੰ ਪੀੜ ਅਤੇ ਸੋਜਸ਼ ਵਿਚ ਕਾਫ਼ੀ ਆਰਾਮ ਦਿਸਿਆ।

ਕੋਲੈਸਟਰੋਲ :– ਦੋ ਗਰੁੱਪਾਂ ਵਿਚ 60-60 ਮਰੀਜ਼ ਵੰਡ ਕੇ ਜਦੋਂ ਇੱਕ ਗਰੁੱਪ ਦੇ 60 ਮਰੀਜ਼ਾਂ ਨੂੰ ਚੌਥਾ ਹਿੱਸਾ ਚਮਚ ਦਾ ਸੀਲੋਨ ਦਾਲਚੀਨੀ ਦਾ, 40 ਦਿਨ ਖੁਆਇਆ ਗਿਆ ਤਾਂ ਇਸ ਗਰੁੱਪ ਦੇ ਮਰੀਜ਼ਾਂ ਦਾ ਮਾੜਾ ਕੋਲੈਸਟਰੋਲ ਘੱਟ ਹੋ ਗਿਆ। ਜਦੋਂ 18 ਹਫਤੇ ਲਗਾਤਾਰ ਖੁਆਉਣਾ ਜਾਰੀ ਰੱਖਿਆ ਗਿਆ ਤਾਂ ਚੰਗੇ ਕੋਲੈਸਟਰੋਲ ਵਿਚ ਵਾਧਾ ਹੋਇਆ ਵੀ ਲੱਭਿਆ। ਇਸ ਖੋਜ ਵਿਚ ਇਹ ਅਸਰ ਕਿੰਨੀ ਦੇਰ ਤੱਕ ਰਿਹਾ, ਇਸ ਬਾਰੇ ਹਾਲੇ ਦੱਸਿਆ ਨਹੀਂ ਗਿਆ ਪਰ ਫ਼ਾਇਦਾ ਜ਼ਰੂਰ ਲੱਭਿਆ ਗਿਆ ਹੈ।

ਬੱਚੇਦਾਨੀ ਦੇ ਰਾਹ ਦੀ ਸੋਜਸ਼ :- ਲੈਬਾਰਟਰੀ ਵਿਚ ‘ਕੈਂਡੀਡਾ ਐਲਬੀਕੈਨਸ’ (ਉੱਲੀ) ਉੱਤੇ ਜਦੋਂ ਖੋਜ ਕੀਤੀ ਗਈ ਤਾਂ ਸੀਲੋਨ ਦਾਲਚੀਨੀ ਦੇ ਪਾਊਡਰ ਦੇ ਘੋਲ ਵਿਚ ਪਾਉਣ ਤੋਂ ਬਾਅਦ ਇਹ ਉੱਕਾ ਹੀ ਖ਼ਤਮ ਹੋਈ ਲੱਭੀ। ਇਸੇ ਲਈ ਹੁਣ ਇਹ ਖੋਜ ਸ਼ੁਰੂ ਕੀਤੀ ਗਈ ਹੈ ਕਿ ਕੀ ਅਸਲ ਵਿਚ ਵੀ ਜਦੋਂ ਬੱਚੇਦਾਨੀ ਦੇ ਰਾਹ ਦੀ ਸੋਜਸ਼ ਵਾਸਤੇ ਜੇ ਦਵਾਈ ਵਿਚ ਇਸ ਨੂੰ ਵਰਤਿਆ ਜਾਵੇ ਤਾਂ ਕੀ ਕੁਦਰਤੀ ਢੰਗ ਨਾਲ ਬਿਹਤਰ ਨਤੀਜੇ ਕੱਢੇ ਜਾ ਸਕਦੇ ਹਨ ? ਹੁਣ ਤੱਕ ਕਈ ਕੈਪਸੂਲਾਂ ਵਿਚ ਜਾਂ ਦਵਾਈਆਂ ਵਿਚ ਪਹਿਲਾਂ ਹੀ ਦਾਲਚੀਨੀ ਸ਼ਾਮਲ ਕੀਤੀ ਜਾ ਚੁੱਕੀ ਹੈ ਅਤੇ ਚਾਹ ਦੇ ਨਾਲ-ਨਾਲ ਕਈ ਮੂੰਹ ਉੱਤੇ ਲਾਏ ਜਾਣ ਵਾਲੇ ਮਾਸਕ ਵੀ ਦਾਲਚੀਨੀ ਭਰਪੂਰ ਮਿਲਦੇ ਹਨ। ਕਈ ਕਿਸਮਾਂ ਦੇ ਪਾਊਡਰ, ਕਰੀਮ, ਲਿਪਸਟਿਕ ਵਿਚ ਵੀ ਦਾਲਚੀਨੀ ਮਿਲਾਈ ਹੋਈ ਮਿਲਦੀ ਹੈ, ਜੋ ਇਨ੍ਹਾਂ ਚੀਜ਼ਾਂ ਨੂੰ ਛੇਤੀ ਖ਼ਰਾਬ ਨਹੀਂ ਹੋਣ ਦਿੰਦੀ।

ਕੀਟਾਣੂਆਂ ਦੀ ਰੋਕਥਾਮ ਲਈ :- ਕੁੱਝ ਕਿਸਮ ਦੇ ਕੀਟਾਣੂ ਜਿਵੇਂ ਸਾਲਮੋਨੈਲਾ, ਈ. ਕੋਲਾਈ, ਉੱਲੀ, ਕੁੱਝ ਵਾਇਰਸ ਕੀਟਾਣੂਆਂ, ਆਦਿ ਉੱਤੇ ਲੈਬਾਰਟਰੀ ਵਿਚ ਕੀਤੀ ਖੋਜ ਬਹੁਤ ਅਸਰਦਾਰ ਸਿੱਧ ਹੋ ਚੁੱਕੀ ਹੈ, ਜੋ ਸੀਲੋਨ ਦਾਲਚੀਨੀ ਦੇ ਹੁੰਦਿਆਂ ਪਨਪ ਹੀ ਨਹੀਂ ਸਕਦੇ। ਇਹ ਖੋਜ ਭਾਵੇਂ ਇਨਸਾਨਾਂ ਉੱਤੇ ਹਾਲੇ ਸੰਪੂਰਨ ਨਹੀਂ ਹੋਈ, ਪਰ ਮੁੱਢਲੇ ਤੌਰ ਉੱਤੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ ਕਿ ਬੀਮਾਰੀ ਵਿਚ ਦਾਲਚੀਨੀ ਦੀ ਚਾਹ ਬਣਾ ਕੇ ਲੈਂਦੇ ਰਹਿਣ ਨਾਲ ਛੇਤੀ ਠੀਕ ਹੋਇਆ ਜਾ ਸਕਦਾ ਹੈ।

ਸਿਨਾਮਨ ਤੇਲ (ਦਾਲਚੀਨੀ ਤੇਲ) ਸਦਕਾ ਹੀ ਇਹ ਚੰਗੇ ਅਸਰ ਦਿਸਦੇ ਹਨ, ਜਿਸ ਨਾਲ ਖੰਘ, ਜ਼ੁਕਾਮ ਕਈ ਵਾਰ ਬਿਨਾਂ ਦਵਾਈ ਦੇ ਹੀ ਠੀਕ ਕੀਤੇ ਜਾ ਸਕਦੇ ਹਨ। ਇੱਕ ਕੱਪ ਪਾਣੀ ਵਿਚ ਦਾਲਚੀਨੀ ਦਾ ਟੋਟਾ ਜਾਂ ਚੂੰਡੀ ਪਾਊਡਰ ਸਮੇਤ ਇੱਕ ਲੌਂਗ, ਇੱਕ ਛੋਟੀ ਲਾਚੀ, ਇੱਕ ਮੋਟੀ ਲਾਚੀ, ਥੋੜ੍ਹੀ ਸੌਂਫ ਅਤੇ ਕੁੱਝ ਤੁਲਸੀ ਦੇ ਪੱਤੇ ਪਾ ਕੇ ਉਬਾਲ ਲਵੋ। ਉਬਾਲਣ ਤੋਂ ਬਾਅਦ ਢੱਕ ਕੇ ਰੱਖਣ ਵੇਲੇ ਉਸ ਵਿਚ ਤਾਜ਼ਾ ਅਦਰਕ ਅਤੇ ਤਾਜ਼ੀ ਕੱਚੀ ਹਲਦੀ ਰਤਾ ਕੁ ਕੁੱਟ ਕੇ ਮਿਲਾ ਕੇ ਰੱਖ ਦਿਓ। ਕੋਸੇ ਕੋਸੇ ਇਸ ਪਾਣੀ ਨੂੰ ਦਿਨ ਵਿਚ ਦੋ ਵਾਰ ਪੀਣ ਨਾਲ ਗਲਾ ਖ਼ਰਾਬ ਛੇਤੀ ਠੀਕ ਕੀਤਾ ਜਾ ਸਕਦਾ ਹੈ। ਡੇਂਗੂ ਵਿਚ ਵੀ ਇਹੀ ਨੁਸਖ਼ਾ ਅਜ਼ਮਾਇਆ ਜਾ ਸਕਦਾ ਹੈ। ਮੂੰਹ ਅੰਦਰੋਂ ਬਦਬੂ ਆਉਂਦੀ ਹੋਵੇ ਤਾਂ ਵੀ ਦਾਲਚੀਨੀ ਨੂੰ ਮੂੰਹ ਅੰਦਰ ਰੱਖ ਕੇ, ਚੂਸ ਕੇ ਜਾਂ ਇਸ ਦੇ ਪਾਣੀ ਨਾਲ ਚੂਲੀਆਂ ਕਰ ਕੇ ਬਦਬੂ ਹਟਾਈ ਜਾ ਸਕਦੀ ਹੈ।

ਹਾਰਮੋਨਾਂ ਦੀ ਗੜਬੜੀ :– ਜਿਨ੍ਹਾਂ ਔਰਤਾਂ ਦੇ ਮੂੰਹ ਉੱਤੇ ਵਾਲ ਆਉਣ ਲੱਗ ਪੈਣ ਜਾਂ ਮਾਹਵਾਰੀ ਰੈਗੂਲਰ ਨਾ ਹੋਵੇ, ਉਨ੍ਹਾਂ ਵਿਚ ਹਾਰਮੋਨਾਂ ਦੀ ਦਵਾਈ ਖਾਂਦੇ ਰਹਿਣ ਨਾਲ ਜੇ ਅੱਧਾ ਚਮਚ ਸੀਲੋਨ ਦਾਲਚੀਨੀ ਰੋਜ਼ 6 ਮਹੀਨੇ ਖੁਆਈ ਜਾਵੇ ਤਾਂ ਮਾਹਵਾਰੀ ਰੈਗੂਲਰ ਹੋਣ ਬਾਰੇ ਇੱਕ ਸਾਰਥਕ ਖੋਜ ਸਾਹਮਣੇ ਆ ਚੁੱਕੀ ਹੈ। ਜੇ ਸਿਰਫ਼ ਦਾਲਚੀਨੀ ਹੀ ਖਾਧੀ ਜਾਵੇ ਤਾਂ ਹਾਰਮੋਨਾਂ ਦੀ ਮਾਤਰਾ ਨਾਰਮਲ ਨਹੀਂ ਪਹੁੰਚਦੀ ਭਾਵੇਂ ਮਾਹਵਾਰੀ ਠੀਕ ਹੋਣ ਲੱਗ ਪੈਂਦੀ ਹੈ। ਇਸੇ ਲਈ ਨਾਲੋ ਨਾਲ ਡਾਕਟਰੀ ਸਲਾਹ ਨਾਲ ਦਵਾਈ ਜ਼ਰੂਰ ਲੈਣੀ ਚਾਹੀਦੀ ਹੈ।

ਚਮੜੀ ਲਈ :-ਸੀਲੋਨ ਦਾਲਚੀਨੀ ਚਮੜੀ ਵਿਚਲੇ ਕੋਲਾਜਨ ਨੂੰ ਲਚਕੀਲਾ ਬਣਾਉਂਦੀ ਹੈ, ਜਿਸ ਸਦਕਾ ਅਨੇਕ ਮਹਿੰਗੇ ਫੇਸ ਪੈਕ ਇਸ ਨੂੰ ਸ਼ਾਮਲ ਕਰਨ ਲੱਗ ਪਏ ਹਨ ਕਿ ਚਿਹਰੇ ਦੀ ਰੌਣਕ ਦੇ ਨਾਲੋ ਨਾਲ ਚਮੜੀ ਦੀ ਲਚਕ ਵੀ ਬਰਕਰਾਰ ਰਹੇ। ਕਿਲ ਮੁਹਾਂਸੇ ਲਈ ਇਹ ਬਿਹਤਰੀਨ ਸਾਬਤ ਹੋ ਚੁੱਕੀ ਹੈ। ਉਸ ਵਾਸਤੇ ਤਿੰਨ ਚਮਚ ਸ਼ਹਿਦ ਵਿਚ ਇੱਕ ਚਮਚ ਸੀਲੋਨ ਦਾਲਚੀਨੀ ਮਿਲਾ ਕੇ 30 ਸਕਿੰਟ ਲਈ ਮਾਈਕਰੋਵੇਵ ਵਿਚ ਰੱਖ ਕੇ 10 ਮਿੰਟ ਲਈ ਮੂੰਹ ਉੱਤੇ ਲੇਪ ਲਾ ਕੇ ਮੂੰਹ ਚੰਗੀ ਤਰ੍ਹਾਂ ਕੋਸੇ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ। ਹਫ਼ਤੇ ਵਿਚ ਇੱਕ ਵਾਰ ਵਰਤਣ ਨਾਲ ਕਿੱਲ ਮੁਹਾਂਸੇ ਦੋ ਕੁ ਮਹੀਨਿਆਂ ਵਿਚ ਸਾਫ਼ ਹੋ ਜਾਂਦੇ ਹਨ।

ਅੰਤ ਵਿਚ ਇਹ ਦੱਸਣਾ ਜ਼ਰੂਰੀ ਹੈ ਕਿ ਦਾਲਚੀਨੀ ਦੀਆਂ ਸਾਰੀਆਂ ਖੋਜਾਂ ਸੀਲੋਨ ਕਿਸਮ ਨਾਲ ਹੀ ਕੀਤੀਆਂ ਗਈਆਂ ਹਨ। ਬਜ਼ਾਰ ਵਿਚ ਕੇਸੀਆ ਕਿਸਮ ਹੀ ਵੱਧ ਮਿਲਦੀ ਹੈ, ਜਿਸ ਵਿਚ ‘ਕੁਮਾਰਿਨ’ ਹੋਣ ਸਦਕਾ ਇਸ ਦੀ ਵਾਧੂ ਵਰਤੋਂ ਤਗੜਾ ਨੁਕਸਾਨ ਵੀ ਕਰ ਸਕਦੀ ਹੈ।

ਇੰਜ ਹੀ ਸੁੱਕੀ ਲੱਕੜ ਵਿਚ ਲੱਗੀ ਉੱਲੀ ਵੀ ਖ਼ਤਰਨਾਕ ਹੋ ਸਕਦੀ ਹੈ, ਜੋ ਬਹੁਤ ਧਿਆਨ ਨਾਲ ਵਰਤਣੀ ਚਾਹੀਦੀ ਹੈ। ਅੱਗੇ ਤੋਂ ਦਾਲਚੀਨੀ ਖ਼ਰੀਦਣ ਤੋਂ ਪਹਿਲਾਂ ਬਾਹਰ ਲਿਖਿਆ ‘ਸੀਲੋਨ’ ਜ਼ਰੂਰ ਦੇਖ ਲੈਣਾ ਚਾਹੀਦਾ ਹੈ। ਜੇ ‘ਸੀਲੋਨ’ ਨਹੀਂ ਲਿਖਿਆ ਹੋਇਆ, ਤਾਂ ਸਮਝ ਲਇਓ ਕਿ ਇਹ ‘ਕੇਸੀਆ’ ਕਿਸਮ ਹੀ ਹੈ।

ਸਰਬੋਤਮ ਗ੍ਰੰਥ; ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

0

ਸਰਬੋਤਮ ਗ੍ਰੰਥ; ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

 ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਆੱਫ ਐਜੂਕੇਸ਼ਨ)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਸ਼ਵ ਦੇ ਸਮੂਹ ਧਾਰਮਿਕ ਤੇ ਸਾਹਿਤਕ ਗ੍ਰੰਥਾਂ ਵਿੱਚੋਂ ਵਿਸ਼ੇਸ਼ ਮਹੱਤਵ ਰੱਖਣ ਵਾਲੇ ਗ੍ਰੰਥ ਹਨ। ਇਹ ਪ੍ਰਤੀਕ ਹਨ ‘ਸੱਚ’ ਦੇ, ਜੋ ਇੰਨਾ ਸੁੰਦਰ ਹੈ ਕਿ ‘‘ਕਹਿਬੇ ਕਉ ਸੋਭਾ ਨਹੀ; ਦੇਖਾ ਹੀ ਪਰਵਾਨੁ ’’ (ਭਗਤ ਕਬੀਰ/੧੩੭੦) ਹੈ, ਇਹ ਪ੍ਰਤੀਕ ਹਨ ਅਗਿਆਨ ਵਿਨਾਸ਼ ਦੇ ‘‘ਉਗਵੈ ਸੂਰੁ; ਜਾਪੈ ਚੰਦੁ   ਜਹ ਗਿਆਨ ਪ੍ਰਗਾਸੁ; ਅਗਿਆਨੁ ਮਿਟੰਤੁ ’’ (ਮਹਲਾ /੭੯੧), ਮਾਇਆ/ਸੰਸਾਰ ਤੋਂ ਨਿਰਲੇਪਤਾ ਦੇ ‘‘ਜੈਸੇ ਜਲ ਮਹਿ ਕਮਲੁ ਨਿਰਾਲਮੁ.. ’’ (ਮਹਲਾ /੯੩੮), ਸੱਚੇ ਪ੍ਰੇਮ ਦੇ ‘‘ਸਗਲ ਸੰਗਿ ਹਮ ਕਉ ਬਨਿ ਆਈ ’’ (ਮਹਲਾ /੧੨੯੯), ਸੰਸਾਰਿਕ ਨਿਰਮੋਹ ਦੇ, ‘‘ਅਬ ਤਉ ਜਰੇ ਮਰੇ ਸਿਧਿ ਪਾਈਐ; ਲੀਨੋ ਹਾਥਿ ਸੰਧਉਰਾ ਰਹਾਉ ’’ (ਭਗਤ ਕਬੀਰ/੩੩੮), ਨਿਰਭਉ ਨਿਰਵੈਰ ਰੂਪ ਅਣਖ ਤੇ ਆਜ਼ਾਦੀ ਦੀ ਜੀਵਨ-ਜੁਗਤਿ ਪ੍ਰਦਾਨ ਕਰਨ ਦੇ ‘‘ਨਹਿ ਭੈ ਮਾਨਤ ਆਨ ’’ (ਮਹਲਾ /੧੪੨੭), ਮਿਠਾਸ ਤੇ ਨਿਮਰਤਾ ਵਾਲ਼ਾ ਸੁਭਾਅ ਘੜਨ ਦੇ ‘‘ਨਿਵਣੁ ਸੁ ਅਖਰੁ, ਖਵਣੁ ਗੁਣੁ; ਜਿਹਬਾ ਮਣੀਆ ਮੰਤੁ ’’ (ਭਗਤ ਫਰੀਦ/੧੩੮੪), ਆਤਮਾ ਨੂੰ ਪਰਮਾਤਮਾ ਬਣਾਉਣ ਦੇ ‘‘ਹਰਿ ਕਾ ਸੇਵਕੁ; ਸੋ ਹਰਿ ਜੇਹਾ ’’ (ਮਹਲਾ /੧੦੭੬), ਆਦਿ।

ਪਰਮਾਤਮਾ ਦੇ ਦੋ ਰੂਪ ਹਨ, ‘‘ਨਿਰਗੁਨੁ ਆਪਿ; ਸਰਗੁਨੁ ਭੀ ਓਹੀ ’’ (ਮਹਲਾ /੨੮੭), ਇਸ ਲਈ ਪਰਮਾਤਮਾ ਦਾ ਕ੍ਰਿਆਤਮਕ ਰੂਪ ਸਤਿਗੁਰੂ ਹੀ ਹੈ। ਪਰਮਾਤਮਾ ਦਾ ਜੋ ਰੂਪ; ਰਸ ਤੇ ਰਾਗ ਨਿਰਗੁਣ ਸਰੂਪ ਵਿੱਚ ਹੈ, ਸਤਿਗੁਰੂ ਦਾ ਭੀ ਓਹੀ ਰੂਪ; ਰਸ, ਰੰਗ ਤੇ ਰਾਗ ਸਰਗੁਣ ਸਰੂਪ ਵਿੱਚ ਹੈ ਭਾਵ ਨਿਰਗੁਣ (ਪਰਮਾਤਮਾ) ਤੋਂ ਸਰਗੁਣ (ਸ੍ਰਿਸ਼ਟੀ, ਆਕਾਰ) ਉਪਜਿਆ ਹੋਣ ਕਾਰਨ ਸਰਗੁਣ ਵਿੱਚ ਪਰਮਾਤਮਾ; ਸਤਿਗੁਰੂ ਹੀ ਹੈ। ਸਰਗੁਣ ਦਾ ਅਰਥ ਹੈ ‘ਮਾਇਆ ਦੇ ਤਿੰਨ ਗੁਣ ਰਜੋ, ਤਮੋ ਤੇ ਸਤੋ’ ਜਦ ਕਿ ਨਿਰਗੁਣ ਦਾ ਅਰਥ ਹੈ, ਜੋ ਮਾਇਆ ਦੇ ਤਿੰਨੇ ਗੁਣ ਨਹੀਂ ਭਾਵ ਜੋ ਅਦ੍ਰਿਸ਼ ਹੈ, ਪਰਮਾਤਮਾ ਹੈ। ਨਿਰਗੁਣ ਅਤੇ ਸਰਗੁਣ; ਸਾਕਾਰ ਰੂਪ ਵਿੱਚ ਭਾਵੇਂ ਦੋ ਰੂਪ ਹਨ ਪਰ, ‘‘ਨਾਨਕ  ! ਸੋਧੇ ਸਿੰਮ੍ਰਿਤਿ ਬੇਦ ਪਾਰਬ੍ਰਹਮ, ਗੁਰ; ਨਾਹੀ ਭੇਦ ’’ (ਮਹਲਾ /੧੧੪੨) ਬਚਨਾਂ ਅਨੁਸਾਰ ਦੋਹਾਂ ’ਚ ਅੰਦਰੂਨੀ ਏਕਤਾ ਹੈ; ਜਿਵੇਂ ਕਿ ਵਾਕ ਹੈ ‘‘ਕਰਿ ਆਸਣੁ; ਡਿਠੋ ਚਾਉ ’’ (ਮਹਲਾ /੪੬੩) ਭਾਵ ਪਰਮਾਤਮਾ; ਸਰਬ ਵਿਆਪਕ ਹੋ ਕੇ (ਸਤਿਗੁਰੂ ਵਾਙ) ਸਾਰੇ ਰੰਗ-ਤਮਾਸ਼ੇ ਵੇਖ ਰਿਹਾ ਹੈ। ਸੋ ਬ੍ਰਹਮ ਤੇ ਸ੍ਰਿਸ਼ਟੀ; ਆਤਮਕ ਤੌਰ ’ਤੇ ਇਕ ਹੀ ਹੈ। ਜੇ ਬ੍ਰਹਮ ਤੇ ਸ੍ਰਿਸ਼ਟੀ ਆਤਮਕ ਤੌਰ ’ਤੇ ਦੇਹਧਾਰੀ ਹਨ ਜਾਂ ਦੋ ਹਨ ਤਾਂ ਇਕ ਨਿਰਗੁਣ ਹੈ ਤੇ ਦੂਜਾ ਸਰਗੁਣ, ਪਰ ਦੋਵੇਂ ਹਨ ਆਪਸ ’ਚ ‘ਅਭੇਦ’; ਜਿਵੇਂ ਕਿ ਬਚਨ ਹਨ, ‘‘ਸੂਤੁ ਏਕੁ, ਮਣਿ ਸਤ ਸਹੰਸ ਜੈਸੇ; ਓਤਿ ਪੋਤਿ ਪ੍ਰਭੁ ਸੋਈ ਰਹਾਉ ’’ (ਭਗਤ ਨਾਮਦੇਵ/੪੮੫) ਭਾਵ ਮਾਲਾ ਦੇ ਸੈਂਕੜੇ ਮਣਕਿਆਂ ਦੀ ਤਰ੍ਹਾਂ ਕਰਤਾ ਤੇ ਕਿਰਤ ਜਾਂ ਕਾਦਿਰ ਤੇ ਕੁਦਰਤ; ਦੋਨੋਂ ਆਪਸ ’ਚ ਓਤ-ਪੋਤ ਹਨ। ਪ੍ਰਕ੍ਰਿਤੀ ਵਿਧਾਨ ਅਨੁਸਾਰ ਕਿਸੇ ਅਨੰਦਮਈ ਕਾਰਜ ਦਾ ਆਰੰਭ ਦ੍ਵੈ (ਦੋ) ਤੋਂ ਇਕ ਹੋਣ ’ਤੇ ਹੀ ਉਪਜਦਾ ਹੈ। ‘ਗੁਰੂ’; ਦ੍ਵੈ ਤੋਂ ਇਕ ਹੋਣ ਦਾ ਹੀ ਪ੍ਰਤੀਕ ਹੈ। ਗੁਰੂ; ਪਰਮ ਆਤਮਾ ਵੀ ਹੈ ਤੇ ਪਰਮ ਆਤਮਕ ਅਨੁਭਵ ਵੀ ਹੈ। ਜਦੋਂ ਮਨੁੱਖੀ ਆਤਮਾ ‘‘ਸਤਿ ਪੁਰਖੁ, ਜਿਨਿ ਜਾਨਿਆ.. ’’ (ਮਹਲਾ /੨੮੬) ਅਨੁਸਾਰ ਆਪਣੇ ਜੀਵਨ ਸੰਕਲਪ ਨੂੰ ਪਰਮ ਆਤਮਕ ਸੰਕਲਪ ਉੱਤੇ ਢਾਲ਼ ਲੈਂਦੀ ਹੈ ਤਾਂ ਉਹ ਆਤਮਾ, ਪਰਮ-ਆਤਮਾ ਬਣ ‘‘ਸਤਿਗੁਰੁ ਤਿਸ ਕਾ ਨਾਉ ’’ (ਮਹਲਾ /੨੮੬) ਹੋ ਜਾਂਦਾ ਹੈ ਭਾਵ ਸਰਗੁਣ ਰੂਪ ਵਿੱਚ ਗੁਰੂ ਅਖਵਾਉਣ ਲੱਗ ਪੈਂਦੀ ਹੈ ਕਿਉਂਕਿ ਆਤਮਾ ਤੇ ਪਰਮਾਤਮਾ ਦਾ ਕਰਤਾਰੀ ਸੰਕਲਪ ‘‘ਜੋਤੀ ਜੋਤਿ ਰਲੀ; ਸੰਪੂਰਨੁ ਥੀਆ ਰਾਮ ’’ (ਮਹਲਾ /੮੪੬) ਭਾਵ ਦ੍ਵੈ ਤੋਂ ਇਕ ਹੋ ਜਾਂਦਾ ਹੈ ।

ਸਤਿਗੁਰੂ; ਏਕਤਾ ਦਾ ਪ੍ਰਤੀਕ ਹੈ ਅਤੇ ਗ੍ਰੰਥ (ਸਬਦੁ ਗੁਰੂ); ੴ ਬ੍ਰਹਮ ਪਰਮਾਤਮਾ, ਪਾਰਬ੍ਰਹਮ, ਨਿਰੰਕਾਰ ਦੇ ਉਪਾਸ਼ਕ ਗੁਰੂਆਂ, ਭਗਤਾਂ, ਦਰਵੇਸ਼ਾਂ ਅਤੇ ਭੱਟਾਂ ਦੇ ਅਟੱਲ ਆਤਮਕ ਬਚਨਾਂ ਦਾ ਸਾਹਿਤਕ ਪ੍ਰਕਾਸ਼ ਹੈ ਕਿਉਂਕਿ ਪਰਮਾਤਮਾ ਨੇ ਇਨ੍ਹਾਂ ਅੰਮ੍ਰਿਤਮਈ ਬਚਨਾਂ ਨੂੰ ‘‘ਗੁਰ ਮਹਿ ਆਪੁ ਸਮੋਇ; ਸਬਦੁ ਵਰਤਾਇਆ ’’ (ਮਹਲਾ /੧੨੭੯) ਦੇ ਰੂਪ ’ਚ ਪ੍ਰਗਟ ਕੀਤਾ ਹੈ। ਗਿਆਨ ਭਰਪੂਰ ਗ੍ਰੰਥ; ਸੰਸਾਰ ਵਿੱਚ ਅਣਗਿਣਤ ਹਨ, ਵਿਸ਼ੇਸ਼ ਤੌਰ ’ਤੇ ਵੇਦ, ਉਪਨਿਸ਼ਦ, ਸ਼ਾਸਤਰ, ਸਿਮ੍ਰਿਤੀਆਂ, ਰਾਮਾਇਣ, ਮਹਾਂਭਾਰਤ ਤੇ ਗੀਤਾ ਆਦਿ। ਇਹ ਭਾਰਤੀ ਅਧਿਆਤਮਕ, ਦਾਰਸ਼ਨਿਕ ਅਤੇ ਰਹੱਸਵਾਦੀ ਗ੍ਰੰਥ ਹਨ। ਇਨ੍ਹਾਂ ਗ੍ਰੰਥਾਂ ਵਿੱਚ ਗਿਆਨ ਦਾ ਅਮੁੱਕ ਸੋਮਾ ਹੈ। ਵਿਸ਼ਵ ਦੇ ਪਹਿਲੇ ਗਿਆਨ ਦੇ ਕੁੱਝ ਫ਼ਲਸਫ਼ਿਆਂ ਦਾ ਨਿਰਮਾਣ ਇਨ੍ਹਾਂ ਵਿਚਲੇ ਗਿਆਨ ਦੇ ਆਧਾਰ ’ਤੇ ਹੀ ਹੋਇਆ ਹੈ। ਵੇਦ; ਵਿਸ਼ਵ ਦੇ ਪਹਿਲੇ ਗਿਆਨ ਭਰਪੂਰ ਗ੍ਰੰਥ ਮੰਨੇ ਗਏ ਹਨ। ਕੁਰਾਨ; ਮੁਸਲਮਾਨਾਂ ਦਾ ਪਵਿੱਤਰ ਗ੍ਰੰਥ ਹੈ। ਅੰਜੀਲ; ਈਸਾਈਆਂ ਦਾ ਸਤਿਕਾਰ ਯੋਗ ਗ੍ਰੰਥ ਹੈ, ਜੋ ਹਜ਼ਰਤ ਮੁਹੰਮਦ ਸਾਹਿਬ ਅਤੇ ਈਸਾ ਜੀ ਦੇ ਗਿਆਨ ਬਚਨਾਂ ਦੇ ਹੀ ਸੰਗ੍ਰਹਿ ਗ੍ਰੰਥ ਹਨ। ਇਨ੍ਹਾਂ ਗ੍ਰੰਥਾਂ ਵਿੱਚ ਗਿਆਨ ਵਿਸਥਾਰ ਪੂਰਵਕ ਹੈ। ਕਿਧਰੇ-ਕਿਧਰੇ ਆਤਮਕ ਗਿਆਨ ਦੀ ਝਲਕ ਅਤੇ ਆਤਮਕ ਕਥਾਵਾਂ ਦਾ ਇਤਿਹਾਸ ਵੀ ਹੈ। ਆਚਾਰ-ਸੁਧਾਰ ਲਈ ਅਸਰਬ ਭਾਵੀ ਉਪਦੇਸ਼ ਵੀ ਹੈ ਯਾਨੀ ਕਿ ਸਮੁੱਚੀ ਮਾਨਵਤਾ ਲਈ ਸਰਬ ਸਾਂਝਾ ਨਾ ਹੋ ਕੇ, ਵਿਅਕਤੀਗਤ ਪ੍ਰਸ਼ੰਸਾ ਅਤੇ ਦਵੈਤ ਭਾਵ ਦਾ ਪ੍ਰਗਟਾਅ ਵੀ ਹੈ। ਸੋ ਸਰਬ-ਭਾਵੀ ਸਦਭਾਵਨਾ ਦੀ ਸੁਰ ਇਨ੍ਹਾਂ ਗ੍ਰੰਥਾਂ ਵਿੱਚੋਂ ਘਟ ਹੀ ਪ੍ਰਗਟ ਹੁੰਦੀ ਹੈ। ਇਹ ਰਚਨਾਵਾਂ ਗਿਆਨ-ਭਰਪੂਰ ਤਾਂ ਹਨ, ਪਰ ‘‘ਅਬ ਤਉ ਜਾਇ ਚਢੇ ਸਿੰਘਾਸਨਿ; ਮਿਲੇ ਹੈ ਸਾਰਿੰਗਪਾਨੀ ਰਾਮ ਕਬੀਰਾ ਏਕ ਭਏ ਹੈ; ਕੋਇ ਸਕੈ ਪਛਾਨੀ ’’ (ਭਗਤ ਕਬੀਰ/੯੬੯) ਵਾਲੇ ਬ੍ਰਹਮ ਦੇ ਅਨੁਭਵੀ ਗਿਆਨ ਦੀ ਇਕਸੁਰਤਾ ਇਨ੍ਹਾਂ ਵਿੱਚ ਨਹੀਂ, ਨਾ ਹੀ ਇਨ੍ਹਾਂ ਗ੍ਰੰਥਾਂ ’ਚੋਂ ‘‘ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ ਆਦਿ ਅੰਤਿ ਪ੍ਰਭੁ ਸਦਾ ਸਹਾਈ; ਧੰਨੁ ਹਮਾਰਾ ਮੀਤੁ ਰਹਾਉ ’’ (ਮਹਲਾ /੬੮੨) ਵਾਲੀ ਇਕਾਗਰਤਾ ਪ੍ਰਾਪਤ ਹੁੰਦੀ ਹੈ ਜਦ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਹਨ ‘‘ਏਕੁ ਪਿਤਾ; ਏਕਸ ਕੇ ਹਮ ਬਾਰਿਕ .. (ਮਹਲਾ /੬੧੧), ਨਾ ਕੋ ਬੈਰੀ, ਨਹੀ ਬਿਗਾਨਾ; ਸਗਲ ਸੰਗਿ ਹਮ ਕਉ ਬਨਿ ਆਈ (ਮਹਲਾ /੧੨੯੯), ਸਭੇ ਜੀਅ ਸਮਾਲਿ; ਅਪਣੀ ਮਿਹਰ ਕਰੁ ਅੰਨੁ ਪਾਣੀ ਮੁਚੁ (ਬਹੁਤ) ਉਪਾਇ; ਦੁਖ ਦਾਲਦੁ ਭੰਨਿ ਤਰੁ (ਮਹਲਾ /੧੨੫੧), ਜਗਤੁ ਜਲੰਦਾ ਰਖਿ ਲੈ; ਆਪਣੀ ਕਿਰਪਾ ਧਾਰਿ ਜਿਤੁ ਦੁਆਰੈ ਉਬਰੈ; ਤਿਤੈ ਲੈਹੁ ਉਬਾਰਿ ’’ (ਮਹਲਾ /੮੫੩), ਆਦਿ।

ਗ੍ਰੰਥ ਭਾਵੇਂ ਕੋਈ ਵੀ ਹੋਵੇ, ਮਹਾਨ ਉਦੋਂ ਅਖਵਾਉਂਦਾ ਹੈ, ਜਦੋਂ ਉਹ; ਮਨੁੱਖ ਦੇ ਮਨ, ਬਚਨ ਤੇ ਕਰਮ ਦੇ ਖੇਤਰ ਵਿੱਚ ‘‘ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ’’ (ਮਹਲਾ /੩੯੪) ਦੀ ਸਿਧਾਂਤਿਕ ਜਾਂ ਕਲਾਤਮਿਕ ਪ੍ਰੇਰਣਾ ਦਾ ਪ੍ਰਮਾਣ ਬਣ ਕੇ ਵਿਆਪਕ ਤੇ ਪ੍ਰਬਲ ਰੂਪ ਵਿੱਚ ਛਾ ਜਾਵੇ। ਜਿੰਨੀ ਵੱਧ ਮਾਤਰਾ ਵਿੱਚ, ਜਿੰਨੇ ਵੱਧ ਮਨੁੱਖਾਂ ਉੱਤੇ ਵਧੇਰੇ ਸਮੇਂ ਲਈ ਕੋਈ ਗ੍ਰੰਥ ਪ੍ਰਭਾਵ ਪਾਵੇਗਾ, ਉਹ ਓਨਾ ਹੀ ਵੱਧ ਮਹਾਨ ਮੰਨਿਆ ਜਾਵੇਗਾ। ਭਾਵੇਂ ਵਿਸ਼ਵ ਧਰਮਾਂ ਦੇ ਤੁਲਨਾਤਮਿਕ ਅਧਿਐਨ ਦੇ ਖੇਤਰ ਵਿਚਿ ਵੀ ਵੇਦ, ਪੁਰਾਨ, ਅੰਜ਼ੀਲ ਤੇ ਕੁਰਾਨ ਨੂੰ ਪ੍ਰਫੁਲਿਤ ਹੋਣ ਦੇ ਅਨੇਕਾਂ ਮੌਕੇ ਮਿਲੇ ਹਨ, ਪਰ ਸਿਧਾਂਤਿਕ ਜਾਂ ਕਲਾਤਮਿਕ ਪੱਖੋਂ ਇਹ ਗ੍ਰੰਥ ਬਹੁਤੇ ਮਹੱਤਵ ਪੂਰਨ ਨਹੀਂ ਕਹੇ ਜਾ ਸਕਦੇ ਕਿਉਂਕਿ ਹੁਣ ਤੱਕ ਤਾਂ ਇਨ੍ਹਾਂ ਦੀ ਪ੍ਰਮਾਣਿਕਤਾ ਹੀ ਸਿਧ ਨਹੀਂ ਹੋ ਸਕੀ। ਇਨ੍ਹਾਂ ਦੇ ਰਚਨਹਾਰ ਤੇ ਲਿਖਤ ਕਰਤਾ ਕੌਣ ਸਨ ? ਰਚਨ ਦਾ ਸਮਾਂ ਕੀ ਹੈ ? ਇਹ ਗ੍ਰੰਥ ਕਦੋਂ ਲਿਖਤ ਰੂਪ ਵਿੱਚ ਪ੍ਰਚਲਿਤ ਹੋਏ ? ਆਦਿਕ ਪ੍ਰਸ਼ਨਾਂ ਦੇ ਜਵਾਬ ਵਜੋਂ ਹਾਲੇ ਤੱਕ ਕੋਈ ਨਿਆਇਸ਼ੀਲ ਜੁਗਤੀ (ਦਲੀਲ) ਨਹੀਂ ਦਿੱਤੀ ਗਈ ਅਤੇ ਨਾ ਹੀ ਆਉਣ ਵਾਲੇ ਸਮੇਂ ’ਚ ਦਿੱਤੀ ਜਾ ਸਕੇਗੀ। ਸ਼ਾਇਦ ਇਸੇ ਕਰਕੇ ਹੀ ਇਨ੍ਹਾਂ ਦੀਆਂ ਬਹੁਤੀਆਂ ਰਚਨਾਵਾਂ ਉੱਤੇ ਸਿਧਾਂਤਿਕ ਸ਼ੰਕੇ ਕੀਤੇ ਜਾਂਦੇ ਹਨ। ਸ਼ੰਕਾ ਹੋ ਜਾਣਾ ਕੁਦਰਤੀ ਹੈ ਕਿਉਂਕਿ ਇੱਕ ਤਾਂ ਇਨ੍ਹਾਂ ਗ੍ਰੰਥਾਂ ਵਿੱਚ ਸਿਧਾਂਤਿਕ ਇਕਸਾਰਤਾ ਨਹੀਂ। ਗਿਆਨ ਭੰਡਾਰ ਤਾਂ ਹੈ, ਪਰ ਉਸ ਦਾ ਤਰਤੀਬ ਅਨੁਸਾਰ ਪ੍ਰਗਟਾਅ ਨਹੀਂ। ਤੀਜਾ, ਜੀਵਨ ਲਈ ਕਿੱਧਰੇ-ਕਿੱਧਰੇ ਉਪਦੇਸ਼ ਤਾਂ ਹੈ ਪਰ, ‘‘ਹਰਿ ਜਨ, ਹਰਿ ਅੰਤਰੁ ਨਹੀ.. ’’ (ਮਹਲਾ /੧੪੨੮) ਵਾਲੀ ਜੀਵਨ ਦੀ ਪੂਰਨਤਾ ਤੇ ਕਲਿਆਣਤਾ ਲਈ ਵਿਗਿਆਨਿਕ ਤੇ ਮਨੋ-ਵਿਗਿਆਨ ਮਰਯਾਦਾ ਦੀ ਇੱਥੇ ਅਣਹੋਂਦ ਹੈ। ਚੌਥਾ, ਰਚਨਾ ਦੀ ਕਲਾਤਮਿਕਤਾ ਵੱਲ ਵੀ ਬਹੁਤਾ ਧਿਆਨ ਨਹੀਂ ਦਿੱਤਾ ਗਿਆ। ਸੋ ਰਵਾਇਤੀ ਗ੍ਰੰਥਾਂ ਦੀਆਂ ਅੰਦਰਲੀਆਂ ਅਤੇ ਬਾਹਰਲੀਆਂ ਜੁਗਤੀਆਂ ਦੇ ਆਧਾਰ ’ਤੇ ਕੋਈ ਨਿਸ਼ਚਿਤ ਜਾਂ ਪ੍ਰਮਾਣਿਕ ਸਿੱਟਾ ਕੱਢ ਲੈਣਾ ਬੜਾ ਅਸੰਭਵ ਹੈ।

ਇਨ੍ਹਾਂ ਧਾਰਮਿਕ ਗ੍ਰੰਥਾਂ ਦਾ ਆਰਥਿਕ ਜਾਂ ਰਾਜਨੀਤਿਕ ਕਾਰਨਾਂ ਕਰਕੇ ਬੜਾ ਸਤਿਕਾਰ ਕੀਤਾ ਜਾਂਦਾ ਹੈ, ਪਰ ਸਿਧਾਂਤਿਕ, ਕਲਾਤਮਿਕ ਜਾਂ ਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਇਨ੍ਹਾਂ ਗ੍ਰੰਥਾਂ ਦੀ ਪ੍ਰੇਰਨਾ ਬਹੁਤੀ ਪ੍ਰਭਾਵਸ਼ਾਲੀ ਨਹੀਂ। ਸ਼ਾਇਦ ਇਸੇ ਕਰਕੇ ਇਨ੍ਹਾਂ ਗ੍ਰੰਥਾਂ ਵਿੱਚੋਂ ਕਿਸੇ ਨੂੰ ਵੀ ‘ਗੁਰੂ-ਪਦ’ ਪ੍ਰਦਾਨ ਨਹੀਂ ਕੀਤਾ ਗਿਆ। ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ, ਜਿਨ੍ਹਾਂ ਨੂੰ ‘ਗੁਰੂ ਗ੍ਰੰਥ’ ਕਹਿ ਕੇ ‘‘ਪੋਥੀ, ਪਰਮੇਸਰ ਕਾ ਥਾਨੁ (ਮਹਲਾ /੧੨੨੬), ਬਾਣੀ ਗੁਰੂ; ਗੁਰੂ ਹੈ ਬਾਣੀ.. ’’ (ਮਹਲਾ /੯੮੨) ਦਾ ਦਰਜਾ ਦੇ ਕੇ ਸਤਿਕਾਰਿਆ ਤੇ ਪਿਆਰਿਆ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਸਾਰ ਦੇ ਧਾਰਮਿਕ ਗ੍ਰੰਥਾਂ ਵਿੱਚ ਵਿਸ਼ੇਸ਼ ਵਿਲੱਖਣਤਾ ਤੇ ਮਹੱਤਵ ਪੂਰਨ ਵਿਸ਼ੇਸ਼ਤਾ ਹੈ ਕਿ ਇਹ, ਸੰਸਾਰ ਦੇ ਧਾਰਮਿਕ ਗ੍ਰੰਥਾਂ ਵਿੱਚ ਪਹਿਲੇ ਪੂਰਨ ਤੇ ਪ੍ਰਮਾਣੀਕ ਗ੍ਰੰਥ ਹਨ, ਜਿਨ੍ਹਾਂ ਦੀ ਰਚਨਾ ਤੇ ਨਿਰਮਾਣਤਾ; ਬੜੇ ਸੁਚੇਤ ਦਿਸ਼ਟੀਕੋਣ ਤੋਂ ਹੋਈ ਹੈ। ਇਸ ਦੇ ਰਚੇਤਾ ਤੇ ਲਿਖਾਰੀ ਕੌਣ ਹਨ ? ਇਸ ਨੂੰ ਰਚਨ ਦਾ ਸਮਾਂ ਕੀ ਹੈ ? ਇਹ ਕਦੋਂ ਗ੍ਰੰਥ ਰੂਪ ਵਿੱਚ ਪ੍ਰਚਲਿਤ ਹੋਏ ? ਪਹਿਲਾਂ ਹੱਥ ਲਿਖਤੀ ਸੀ ਜਾਂ ਛਾਪਾ ਰੂਪ ਵਿੱਚ, ਜੇ ਹੱਥ ਲਿਖਤੀ ਸੀ ਤਾਂ ਮੌਲਿਕ ਰੂਪ ਵਿੱਚ ਕਿੱਥੇ ਹੈ ? ਇਸ ਦੀ ਪ੍ਰਕਾਸ਼ ਪਰੰਪਰਾ ਕਦੋਂ ਚਲੀ, ਇਸ ਨੂੰ ‘ਗੁਰੂ ਗ੍ਰੰਥ’ ਕਦੋਂ ਕਹਿਣਾ ਸ਼ੁਰੂ ਕੀਤਾ ਗਿਆ ? ਇਸ ਦੀ ਸੰਪਾਦਿਕ ਸਮੱਗਰੀ ਕਿਵੇਂ ਇਕੱਤਰ ਕੀਤੀ ਗਈ, ਕਿਸ ਪਰਖ ਦੀ ਕਸੌਟੀ ’ਤੇ ਪਰਖੀ ਗਈ ? ਆਦਿਕ ਸਾਰੇ ਪ੍ਰਸ਼ਨਾਂ ਦੇ ਪ੍ਰਮਾਣਿਕ ਜਵਾਬ; ਪ੍ਰਾਪਤ ਸਿੱਖ ਇਤਿਹਾਸ, ਹੱਥ ਲਿਖਤੀ ਸਰੂਪ, ਚੌਹਾਂ ਤਖ਼ਤਾਂ ਤੇ ਗੁਰਦੁਆਰਿਆਂ ਸਾਹਿਬਾਨ ਅੰਦਰ ਪ੍ਰਕਾਸ਼ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੁਰਾਤਨ ਬੀੜਾਂ, ਆਦਿ ਤੋਂ ਮਿਲ ਜਾਂਦੇ ਹਨ। ਇਸੇ ਲਈ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਬਾਰੇ ਕੋਈ ਵੀ ਜੁਗਤੀ ਭਰਪੂਰ ਸ਼ੰਕਾ ਨਹੀਂ। ਪ੍ਰਮਾਣਿਕਤਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਸ਼ੇਸ਼ਤਾ ਦਾ ਇਕ ਆਧਾਰ ਹੈ ਕਿਉਂਕਿ ਪ੍ਰਮਾਣਿਕਤਾ ਦੇ ਆਧਾਰ ’ਤੇ ਹੀ ਇਨ੍ਹਾਂ ਦਾ ਸਹੀ ਮੁਲੰਕਣ ਕੀਤਾ ਜਾ ਸਕਦਾ ਹੈ। ਗੁਰੂਆਂ, ਭਗਤਾਂ, ਸਿੱਖਾਂ ਅਤੇ ਭੱਟਾਂ ਦੀ ਬਾਣੀ ਦਾ ਸਾਹਿਤਿਕ ਇਤਿਹਾਸ ਉਲੀਕਿਆ ਜਾ ਸਕਦਾ ਹੈ। ਅਰਥ, ਵਿਆਕਰਨ, ਰਾਗ, ਰਸ, ਭਾਸ਼ਾ ਤੇ ਛੰਦ ਪ੍ਰਣਾਲੀਆਂ ਨੂੰ ਨਿਯਮਬੱਧ ਕੀਤਾ ਜਾ ਸਕਦਾ ਹੈ। ਵਿਸ਼ੇਸ਼ ਤੌਰ ’ਤੇ ਧਰਮ ਅਤੇ ਦਰਸ਼ਨ (ਫ਼ਲਸਫ਼ਾ) ਸਥਾਪਿਤ ਕੀਤਾ ਜਾ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਐਨੀ ਬਹੁ-ਰੂਪੀ ਸਮੱਗਰੀ ਹੈ, ਜੋ ਸਦਾ ਲਈ ਭਗਤੀ ਜਾਂ ਦੁਨੀਆਂ ਦੀ ਸਾਹਿਤਕਾਰੀ ਦੀ ਅਗਵਾਈ ਕਰਦੀ ਰਹੇਗੀ, ਨਿਤ ਨਵੀਂ ਪ੍ਰੇਰਨਾ ਦਿੰਦੀ ਰਹੇਗੀ, ਨਵੇਂ ਵਿਚਾਰ ਪ੍ਰਦਾਨ ਕਰਦੀ ਰਹੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਾਵੇਂ ਇੱਕ ਧਾਰਮਿਕ ਗ੍ਰੰਥ ਹਨ, ਪਰ ਆਪਣੇ ਜ਼ਮਾਨੇ ਦੇ ਜੀਵਨ ਸਭਿਆਚਾਰ ਨੂੰ ਉਲੀਕਣ ਲਈ ਵਡਮੁਲਾ ਸੋਮਾਂ ਹਨ, ਭੰਡਾਰ ਹਨ। ਗੁਰੂ ਗ੍ਰੰਥ ਸਾਹਿਬ ਜੀ ਸਮਕਾਲੀਨ ਵਕਤਾਂ ਦੇ ਸਮਾਜਿਕ, ਰਾਜਨੀਤਿਕ, ਆਰਥਿਕ ਤੇ ਧਾਰਮਿਕ ਵਿਚਾਰਾਂ ’ਤੇ ਵੀ ਚਾਨਣਾ ਪਾਉਂਦੇ ਹਨ।

ਮੈਕਸ ਆਰਥਰ ਮੈਕਾਲਿਫ਼ (Max Arthur Macauliffe) ਸੰਨ 1899 ਦੀ ਵੈਸਾਖੀ (ਖਾਲਸਾ ਸਾਜਣਾ ਦਿਵਸ ਦੀ ਦੂਜੀ ਸ਼ਤਾਬਦੀ) ਸਮੇਂ ਪੰਜਾਬੀ ਵਿਚ ਅਕਾਲ ਤਖ਼ਤ ਸਾਹਿਬ ਅਤੇ ਸਿੱਖਾਂ ਦੀ ਵਿਦਵਾਨ ਸਭਾ ਵਿੱਚ ਬੋਲਿਆ ਕਿ ਯੂਨਾਨ ਦੇਸ਼ ’ਚ ਪਾਇਥਾਗੋਰਸ ਥਿਊਰਮ (ਜਨਮ 570-495 ਈਸਾ ਪੂਰਬ) ਹੋਇਆ। ਉਸ ਦੇ ਬਹੁਤ ਸਾਰੇ ਚੇਲੇ ਬਣ ਗਏ ਲੇਕਿਨ ਇੱਕ ਵੀ ਪੰਕਤੀ ਲਿਖ ਕੇ ਨਹੀਂ ਦੇ ਗਿਆ। ਜਿਸ ਤੋਂ ਉਨ੍ਹਾਂ ਦੁਆਰਾ ਦਿੱਤੇ ਨਿਯਮ ਸਮਝ ਲੱਗਦੇ। ਸੰਸਾਰ ਦਾ ਦੂਸਰਾ ਵੱਡਾ ਉਸਤਾਦ ਸੀ ‘ਸੁਕਰਾਤ’ (ਜਨਮ 469-399 ਈਸਾ ਪੂਰਬ), ਜੋ ਈਸਾ ਮਸੀਹ ਤੋਂ ਤਕਰੀਬਨ ਸਾਢੇ ਚਾਰ ਸੌ ਸਾਲ ਪਹਿਲਾਂ ਯੂਨਾਨ ਦੇਸ਼ ਵਿਚ ਹੀ ਵੱਡਾ ਮਹਾਤਮਾ ਪ੍ਰਸਿੱਧ ਹੋਇਆ। ਉਹ ਆਪਣੇ ਅੰਦਰ ਅਕਾਸ਼ ਬਾਣੀ ਉਤਰਨ ਦੀ ਗੱਲ ਕਰਦਾ ਸੀ ਕਿ ਮੈਨੂੰ ਉਸ ਰਾਹੀਂ ਚੰਗੇ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ, ਉਹ ਵੀ ਆਪਣੇ ਪਿੱਛੇ ਕੁਝ ਲਿਖ ਕੇ ਨਹੀਂ ਛੱਡ ਗਿਆ। ਉਸ ਦੇ ਚੇਲੇ ਅਫ਼ਲਾਤੂਨ (ਜਨਮ 424-347 ਈਸਾ ਪੂਰਬ) ਨੇ ਬਆਦ ਵਿੱਚ ਲਿਖਿਆ। ਭਾਰਤ ਵਰਸ਼ ਵਿਚ ਵੀ ਵੱਡੇ ਧਾਰਮਿਕ ਗੁਰੂ, ਗੌਤਮ ਬੁੱਧ (ਮਹਾਤਮਾ ਬੁੱਧ/ ਜਨਮ 567-483 ਈਸਾ ਪੂਰਬ) ਜੀ ਹੋਏ, ਉਨ੍ਹਾਂ ਨੇ ਵੀ ਆਪਣੇ ਹੱਥੀਂ ਕੁਝ ਨਹੀਂ ਲਿਖਿਆ। ਫਿਰ ਉਸ ਦੇ ਪਿੱਛੋਂ ਬੜਾ ਪ੍ਰਸਿੱਧ ਧਾਰਮਿਕ ਗੁਰੂ, ਈਸਾ ਮਸੀਹ ਹੋਇਆ ਸੀ, ਉਨ੍ਹਾਂ ਨੇ ਵੀ ਕੋਈ ਅੱਖਰ ਨਹੀਂ ਲਿਖਿਆ। ਇੱਥੋਂ ਤੱਕ ਕਿ ਉਸ ਦੇ ਜਨਮ ਅਤੇ ਮਰਨ ਦੇ ਸੰਨ ਤੱਕ ਦਾ ਭੀ ਪਤਾ ਨਹੀਂ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ਅੰਜੀਲ ਪੋਥੀ ਰਾਹੀਂ ਹੀ ਪ੍ਰਸਿੱਧ ਹੋਈਆਂ ਸਨ, ਪਰ ਸਿੱਖ ਗੁਰੂ, ਇਨ੍ਹਾਂ ਸਾਰਿਆਂ ਤੋਂ ਵਿਲੱਖਣ ਹੋਏ ਹਨ ਕਿਉਂਕਿ ਉਨ੍ਹਾਂ ਨੇ ਸਿੱਖ ਧਰਮ ਦੇ ਨਿਯਮਾਂ ਨੂੰ ਆਪ ਲਿਖਿਆ, ਪ੍ਰਕਾਸ਼ਿਆ, ਗੁਰਗੱਦੀ ਦੇ ਕੇ ‘ਗੁਰੂ ਮਾਨਿਯੋ ਗ੍ਰੰਥ’ ਦਾ ਹੁਕਮ ਸੁਣਾਇਆ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਡੀ ਮਹਾਨਤਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੋਢੀ ਲਿਖਾਰੀ; ਗੁਰੂ ਸਾਹਿਬਾਨ ਜੀ ਆਪ ਸਨ, ਇਸ ਲਈ ਉਨ੍ਹਾਂ ਦੀ ਲਿਖਤ ਤੋਂ ‘‘ਗੁਰ ਮੂਰਤਿ ਗੁਰੁ ਸਬਦੁ ਹੈ..’’ (ਭਾਈ ਗੁਰਦਾਸ ਜੀ/ਵਾਰ ੨੪ ਪਉੜੀ ੧੧) ਦੇ ਰੂਪ ਵਿੱਚ ਉਨ੍ਹਾਂ ਦੇ ਜੀਵਨ ਸੰਬੰਧੀ ਹਾਲਾਤ ਦਾ ਪਤਾ ਲੱਗਦਾ ਹੈ, ਇਸ ਲਈ ਇਹ ਰਚਨਾ; ਸਿੱਖ ਇਤਿਹਾਸ ਦੇ ਵਿਦਿਆਰਥੀਆਂ ਲਈ ਵਡਮੁਲਾ ਸੋਮਾ ਹੈ, ਭੰਡਾਰ ਹੈ। ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਇਤਿਹਾਸਿਕ ਪੱਖ ਨੂੰ ਇਨ੍ਹਾਂ ਸਿਰਲੇਖਾਂ ਹੇਠ ਵੰਡਿਆ ਜਾ ਸਕਦਾ ਹੈ : (1) ਰਾਜਨੀਤਿਕ ਦਸ਼ਾ (2) ਸਮਾਜਿਕ ਦਸ਼ਾ (3) ਆਰਥਿਕ ਦਸ਼ਾ (4) ਧਾਰਮਿਕ ਦਸ਼ਾ।

ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ, ਜਿੱਥੇ ਕਾਵਿ ਰੂਪ ਵਿੱਚ ਹੈ, ਉੱਥੇ ਇਹ ਮਹਾਨ ਰਚਨਾ ਦੀ ਭਾਗ-ਵੰਡ; ਸੰਗੀਤ ਜਾਂ ਰਾਗ ਦੇ ਆਧਾਰ ’ਤੇ ਕੀਤੀ ਗਈ ਹੈ। ਸੰਗੀਤ; ਨਾਦ ਦਾ ਗੁਨ ਗੁਨਾਉਂਦਾ ਰੂਪ ਹੈ ਅਤੇ ਸੰਗੀਤ ਵਾਦੀ ਤਾਂ ਇੱਥੋਂ ਤੱਕ ਮੰਨਦੇ ਹਨ ਕਿ ਸਾਰੇ ਵਿਸ਼ਵ ਦਾ ਮੂਲ ਆਧਾਰ ਹੀ ਨਾਦ ਹੈ। ਨਾਦ ਤੋਂ ਅੱਖਰ, ਅੱਖਰ ਤੋਂ ਵਰਣ, ਵਰਣ ਤੋਂ ਪਦ ਅਤੇ ਪਦਾਂ ਤੋਂ ਬਾਣੀ ਬਣਦੀ ਹੈ, ਜਿਸ ਨਾਲ ਸਾਰੇ ਸੰਸਾਰ ਦਾ ਕਾਰ ਵਿਹਾਰ ਚੱਲਦਾ ਹੈ। ਸੋ ਨਾਦ ਸਭ ਦਾ ਮੂਲ ਹੈ, ਇਸ ਲਈ ਧਾਰਮਿਕ ਕਰਮ ਵਿੱਚ ਨਾਦ ਦੇ ਹੀ ਇੱਕ ਰੂਪ; ਪ੍ਰਭੂ ਗਾਇਨ (ਕੀਰਤਨ) ਨੂੰ ਸਰਬੋਤਮ ਕਿਹਾ ਗਿਆ ਹੈ।

ਸੰਗੀਤ ਵੇਤਾ ਜਾਣਦੇ ਹਨ ਕਿ ਸੰਗੀਤ ਦੋ ਕਿਸਮ ਦਾ ਹੁੰਦਾ ਹੈ। ਮਾਰਗੀ ਅਤੇ ਦੇਸੀ। ‘ਮਾਰਗੀ’ ਤੋਂ ਭਾਵ ‘ਸ਼ਾਸਤਰੀ ਸੰਗੀਤ’ ਹੈ ਅਤੇ ‘ਦੇਸੀ’ ਤੋਂ ਭਾਵ ‘ਮੁਰਾਦ ਲੋਕ ਸੰਗੀਤ’ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿਚ ਦੋਹਾਂ ਦੀ ਭਰਪੂਰ ਵਰਤੋਂ ਕੀਤੀ ਗਈ ਹੈ। ਗੁਰੂ ਸਾਹਿਬਾਨ ਖ਼ੁਦ ਕੀਰਤਨ ਕਰਦੇ ਰਹੇ ਅਤੇ ਆਪਣੇ ਸਾਥ ਚੰਗੇ ਵਜੰਤ੍ਰੀ- ਰਬਾਬੀ ਰੱਖੇ ਹੋਏ ਸਨ; ਜਿਵੇਂ ਕਿ ਭਾਈ ਮਰਦਾਨਾ ਜੀ ਨੇ ਸਾਰੀ ਉਮਰ ਗੁਰੂ ਨਾਨਕ ਸਾਹਿਬ ਜੀ ਦਾ ਸਾਥ ਦਿੱਤਾ। ਉਨ੍ਹਾਂ ਦੇ ਪਿੱਛੋਂ ਭਾਈ ਸਤਾ ਬਲਵੰਡ ਜੀ ਆਦਿ ਨੇ ਬਾਖ਼ੂਬੀ ਸੇਵਾ ਨਿਭਾਈ। ਗੁਰੂ ਅਰਜਨ ਸਾਹਿਬ ਜੀ; ਆਪ ਸਰੰਦਾ (ਉੱਤਮ ਸ੍ਵਰ ਦੇਣ ਵਾਲ਼ਾ ਤਾਰਦਾਰ ਸਾਜ, ਜੋ ਗਜ ਨਾਲ਼ ਵਜਾਈਦਾ ਹੈ) ਵਜਾਉਂਦੇ ਸਨ ਅਤੇ ਉਨ੍ਹਾਂ ਨੇ ਸਿੱਖਾਂ ਨੂੰ ਸੰਗੀਤ-ਵਿੱਦਿਆ ਵਿੱਚ ਨਿਪੁੰਨਤਾ (ਕੁਸ਼ਲਤਾ) ਪ੍ਰਾਪਤ ਕਰਨ ਲਈ ਭਰਪੂਰ ਪ੍ਰੇਰਨਾ ਦਿੱਤੀ। ਇਸ ਸਾਰੇ ਉਦਮ ਦਾ ਤਾਤਪ੍ਰਯ ਇੰਨਾ ਹੀ ਸੀ ਕਿ ਸਿੱਖ ਚੰਗਾ ਕੀਰਤਨ ਕਰਕੇ ‘‘ਨਾਨਕੁ ਕਹੈ ਸੁਨਿ ਰੇ ਮਨਾ ! ਕਰਿ ਕੀਰਤਨੁ ਹੋਇ ਉਧਾਰੁ ’’ (ਮਹਲਾ /੨੧੪) ਬਚਨਾਂ ਰਾਹੀਂ ਆਪਣੇ ਮਨ ਦੇ ਸਾਜ਼ ਨੂੰ ਇੱਕ ਸੁਰ ਕਰ ਸਕਣ ਤਾਹੀਓਂ ਗੁਰਬਾਣੀ ਵਿੱਚ ਵਾਰ-ਵਾਰ ਕੀਰਤਨ ਦੀ ਵਡਿਆਈ ਕੀਤੀ ਗਈ ਹੈ; ਜਿਵੇਂ ਕਿ ‘‘ਜੋ ਜਨੁ ਕਰੈ ਕੀਰਤਨੁ ਗੋਪਾਲ ਤਿਸ ਕਉ ਪੋਹਿ ਸਕੈ ਜਮਕਾਲੁ (ਮਹਲਾ /੮੬੭), ਹਰਿ ਕੀਰਤਿ ਸਾਧ ਸੰਗਤਿ ਹੈ; ਸਿਰਿ ਕਰਮਨ ਕੈ ਕਰਮਾ (ਮਹਲਾ /੬੪੨), ਕੀਰਤਨੁ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ ’’ (ਮਹਲਾ /੮੯੩), ਆਦਿ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਇਹ 31 ਰਾਗ ਹਨ ‘ਸਿਰੀ, ਮਾਝ, ਗਉੜੀ, ਆਸਾ, ਗੂਜਰੀ, ਦੇਵਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੋਂਡ, ਰਾਮਕਲੀ, ਨਟ, ਮਾਲੀ ਗਉੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰੰਗ, ਕਾਨੜਾ, ਮਲਾਰ, ਕਲਿਆਣ, ਪ੍ਰਭਾਤੀ ਤੇ ਜੈਜਾਵੰਤੀ’। ਇਨ੍ਹਾਂ 31 ਰਾਗਾਂ ਦੇ 35 ਮਹਾਂ ਪੁਰਖ; ਰਹੱਸਵਾਦੀ ਗਵਈਏ ਹਨ ਭਾਵੇਂ ਕਿ ਸਾਰਿਆਂ ਦੀ ਰਾਗ ਚੋਣ ਆਪਣੀ-ਆਪਣੀ ਹੈ; ਜਿਵੇਂ ਕਿ

(1). ਗੁਰੂ ਨਾਨਕ ਸਾਹਿਬ ਜੀ ਨੇ 19 ਰਾਗਾਂ ਵਿੱਚ 977 ਸ਼ਬਦ ਗਾਇਨ ਕੀਤੇ ਹਨ।

(2). ਗੁਰੂ ਅੰਗਦ ਸਾਹਿਬ ਜੀ ਨੇ ਕਿਸੇ ਵੀ ਰਾਗ ਦੀ ਵਰਤੋਂ ਨਹੀਂ ਕੀਤੀ। ਆਪ ਜੀ ਦੇ ਕੇਵਲ 63 ਸਲੋਕ ਹਨ।

(3). ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਵਲੋਂ ਵਰਤੇ ਰਾਗਾਂ ਵਿਚੋਂ 17 ਰਾਗਾਂ ਵਿਚ 869 ਸ਼ਬਦ ਗਾਇਨ ਕੀਤੇ ਹਨ।

(4). ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ; ਜੈਜਾਵੰਤੀ ਰਾਗ ਨੂੰ ਛੱਡ ਕੇ ਬਾਕੀ ਸਾਰੇ 30 ਰਾਗਾਂ ਵਿੱਚ 638 ਸ਼ਬਦ ਹੈ।

(5). ਗੁਰੂ ਅਰਜਨ ਸਾਹਿਬ ਜੀ ਨੇ ਭੀ 30 ਰਾਗਾਂ ਵਿੱਚ 2312 ਸ਼ਬਦ ਉਚਾਰਨ ਕੀਤੇ ਹਨ।

(6). ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 15 ਰਾਗਾਂ ਵਿੱਚ 116 ਸ਼ਬਦ ਉਚਾਰਨ ਕੀਤੇ ਹਨ। ਜਿਨ੍ਹਾਂ ਵਿੱਚ 14 ਪ੍ਰਚਲਿਤ ਰਾਗਾਂ ਤੋਂ ਇਲਾਵਾ ਇੱਕ ਨਵੇਂ ਰਾਗ ‘ਜੈਜਾਵੰਤੀ’ ’ਚ ਭੀ 4 ਸ਼ਬਦ ਉਚਾਰਨ ਕੀਤੇ ਹਨ।

(7). ਬਾਬਾ ਸ਼ੇਖ ਫ਼ਰੀਦ ਜੀ ਦੇ ਆਸਾ ਤੇ ਸੂਹੀ ਰਾਗਾਂ ’ਚ 4 ਸ਼ਬਦਾਂ ਤੋਂ ਇਲਾਵਾ 112 ਸਲੋਕ ਹਨ, ਜਿਨ੍ਹਾਂ ’ਚ 18 ਸਲੋਕ ਗੁਰੂ ਸਾਹਿਬਾਨ ਦੁਆਰਾ ਉਚਾਰੇ ਗਏ (112+18=130) ਹਨ।

(8). ਭਗਤ ਜੈਦੇਵ ਜੀ ਦੇ ਗੂਜਰੀ ਤੇ ਮਾਰੂ ਰਾਗਾਂ ਵਿੱਚ 2 ਸ਼ਬਦ ਹਨ।

(9). ਭਗਤ ਬੇਣੀ ਜੀ ਦੇ ਸਿਰੀਰਾਗ, ਰਾਮਕਲੀ ਤੇ ਪ੍ਰਭਾਤੀ ਰਾਗਾਂ ਵਿੱਚ 3 ਸ਼ਬਦ ਹਨ।

(10). ਭਗਤ ਤ੍ਰਿਲੋਚਨ ਜੀ ਦੇ ਸਿਰੀਰਾਗ, ਗੂਜਰੀ ਤੇ ਧਨਾਸਰੀ ਰਾਗਾਂ ਵਿੱਚ 4 ਸ਼ਬਦ ਹਨ।

(11). ਭਗਤ ਨਾਮਦੇਵ ਜੀ ਦੇ 18 ਰਾਗਾਂ ਵਿੱਚ 61 ਸ਼ਬਦ ਹਨ।

(12). ਭਗਤ ਕਬੀਰ ਜੀ ਦੇ 16 ਰਾਗ ’ਚ 532 ਸ਼ਬਦ ਹਨ, ਜਿਨ੍ਹਾਂ ਵਿੱਚ 237 ਸਲੋਕ ਹਨ। ਇਨ੍ਹਾਂ ਸਲੋਕਾਂ ’ਚ 6 ਸਲੋਕ (237+6=243) ਗੁਰੂ ਸਾਹਿਬਾਨ ਦੇ ਭੀ ਹਨ।

(13). ਭਗਤ ਰਵਿਦਾਸ ਜੀ ਦੇ 16 ਰਾਗਾਂ ਵਿੱਚ 40 ਸ਼ਬਦ ਹਨ।

(14). ਭਗਤ ਰਾਮਾਨੰਦ ਜੀ ਦਾ ਬਸੰਤ ਰਾਗ ਵਿੱਚ 1 ਸ਼ਬਦ ਹੈ।

(15). ਭਗਤ ਧੰਨਾ ਜੀ ਦੇ ਆਸਾ ਤੇ ਧਨਾਸਰੀ ਰਾਗਾਂ ਵਿੱਚ 3 ਸ਼ਬਦ ਹਨ।

(16). ਭਗਤ ਭੀਖਨ ਜੀ ਦੇ ਸੋਰਠਿ ਰਾਗ ਵਿੱਚ 2 ਸ਼ਬਦ ਹਨ।

(17). ਭਗਤ ਸਧਨਾ ਜੀ ਦਾ ਬਿਲਾਵਲੁ ਰਾਗ ਵਿੱਚ 1 ਸ਼ਬਦ ਹੈ।

(18). ਭਗਤ ਪੀਪਾ ਜੀ ਦਾ ਧਨਾਸਰੀ ਰਾਗ ਵਿੱਚ 1 ਸ਼ਬਦ ਹੈ।

(19). ਭਗਤ ਸੈਣ ਜੀ ਦਾ ਧਨਾਸਰੀ ਰਾਗ ਵਿੱਚ 1 ਸ਼ਬਦ ਹੈ।

(20). ਭਗਤ ਪਰਮਾਨੰਦ ਜੀ ਦਾ ਸਾਰੰਗ ਰਾਗ ਵਿੱਚ 1 ਸ਼ਬਦ ਹੈ।

(21). ਭਗਤ ਸੂਰਦਾਸ ਜੀ ਦਾ ਸਾਰੰਗ ਰਾਗ ਵਿੱਚ 1 ਸ਼ਬਦ (ਕੇਵਲ ਇੱਕ ਪੰਕਤੀ) ਹੈ।

(22). ਸੱਤਾ ਅਤੇ ਬਲਵੰਡ ਜੀ ਦੇ ਰਾਮਕਲੀ ਵਾਰ ਵਿੱਚ 2 ਸ਼ਬਦ ਹਨ।

(23). ਬਾਬਾ ਸੁੰਦਰ ਜੀ ਦਾ ਰਾਮਕਲੀ ਰਾਗ ਵਿੱਚ 1 ਸ਼ਬਦ ਹੈ।

(24). 11 ਭੱਟ ਸਾਹਿਬਾਨ ਦੇ 123 ਸ਼ਬਦ (ਸਵੱਈਏ) ਹਨ।

ਨੋਟ : ਰਾਗ ਮਾਝ, ਦੇਵਗੰਧਾਰੀ, ਬਿਹਾਗੜਾ, ਵਡਹੰਸ, ਬੈਰਾੜੀ, ਨਟ, ਤੁਖਾਰੀ, ਕਲਿਆਣ ਤੇ ਜੈਜਾਵੰਤੀ ਰਾਗਾਂ ਵਿੱਚ ਭਗਤਾਂ ਦੀ ਬਾਣੀ ਬਿਲਕੁਲ ਅੰਕਿਤ ਨਹੀਂ ਹੈ। ਉਕਤ ਸ਼ਬਦ ਸੰਖਿਆ ਮੁਤਾਬਕ 31 ਰਾਗਾਂ ਵਿੱਚ 35 ਮਹਾਂ ਪੁਰਸ਼ ਬਾਣੀਕਾਰਾਂ ਦੇ ਕੁੱਲ 5870 ਸ਼ਬਦ ਹਨ।

ਜਿੱਥੋਂ ਤੱਕ ਤਾਲ (ਜਾਂ ਘਰ) ਦਾ ਸੰਬੰਧ ਹੈ, ਉਹ, ਗੁਰੂ ਗ੍ਰੰਥ ਸਾਹਿਬ ਜੀ ਵਿੱਚ 17 ਘਰ ਤੱਕ ਦਾ ਸੰਕੇਤ ਮਿਲਦਾ ਹੈ। ਇਸ ਦਾ ਭਾਵ ਹੈ ਕਿ ਗੁਰਬਾਣੀ ਗਾਉਣ ਦੀ ਰੀਤਿ ਵਿੱਚ 17 ਤਾਲ ਤੱਕ ਦੀ ਵਰਤੋਂ ਕੀਤੀ ਗਈ ਹੈ, ਜੋ ਕਿ ਸੰਗੀਤ ਕਲਾ ਦੀ ਦ੍ਰਿਸ਼ਟੀ ਤੋਂ ਕਾਫ਼ੀ ਬਿਖਮਕਾਰ ਹੈ। ਵੈਸੇ ਇਹ ਗੱਲ ਵਿਚਾਰਨਯੋਗ ਹੈ ਕਿ ‘ਘਰੁ’; ਤਾਲ ਦੇ ਅਰਥਾਂ ਵਿੱਚ ਹੀ ਹੈ। ਇਸੇ ਤਰ੍ਹਾਂ ਜੋੜੀ ਦੀਆਂ ਗਤਾਂ ਦਾ ਸੰਕੇਤ ਵੀ ਮਿਲਦਾ ਹੈ; ਜਿਵੇਂ ‘ਬਿਲਾਵਲੁ ਮਹਲਾ ੧ ਘਰੁ ੧੦ ਜਤਿ’, ਜੋ ਜੋੜੀ ਦੀ ਵਜੰਤ ਵੱਲ ਸੰਕੇਤ ਹੈ)। ਪੜਤਾਲ ਦਾ ਅਰਥ ਹੈ ‘ਤਾਲ ਬਦਲ ਕੇ ਗਾਉਣਾ’। ਇਹ ਗਾਉਣ ਕਲਾ ਦਾ ਇਕ ਚਮਤਕਾਰੀ ਨਮੂਨਾ ਹੈ। ਕੁਝ ਹਿੱਸਾ ਹੋਰ ਤਾਲ ਵਿੱਚ, ਫਿਰ ਕੁਝ ਹਿੱਸਾ ਬਦਲ ਕੇ, ਭਾਵ ਜਿਸ ਦੇ ਗਾਉਣ ਵਿਚ ਤੁਕ-ਤੁਕ ਤੇ ਤਾਲ ਬਦਲਦਾ ਹੈ; ਜਿਵੇਂ ਪੜਤਾਲ ਹੈ ‘ਕਾਨੜਾ ਮਹਲਾ ੪ ਪੜਤਾਲ ਘਰੁ ੫, ਪੰਨਾ ੧੨੯੬’, ਇਸ ਤਰ੍ਹਾਂ ਰਾਗ, ਤਾਲ ਦੇ ਸੰਕੇਤ ਦੇਣਾ, 2532 ਸ਼ਬਦ ਵਿੱਚ ‘ਰਹਾਉ’ ਨੂੰ ਸ਼ਬਦ ਦੇ ਕੇਂਦਰੀ ਭਾਵ ਵਜੋਂ ਵੱਖਰਾ ਦਰਜ ਕਰਨਾ ਅਤੇ 25 ਸ਼ਬਦਾਂ ’ਚ ਇੱਕ ‘ਰਹਾਉ’ ਰਾਹੀਂ ਸਵਾਲ ਪੈਦਾ ਕਰ ਉਸੇ ਸ਼ਬਦ ’ਚ ‘ਰਹਾਉ ਦੂਜਾ’ ਬੰਦ ਰਾਹੀਂ ਉਸ ਦਾ ਜਵਾਬ ਦੇਣਾ, ਆਦਿ ਦੱਸਦਾ ਹੈ ਕਿ ਬਾਣੀ ਰਚੇਤਾ ਗੁਰੂ ਸਾਹਿਬਾਨ, ਭਗਤ ਸਾਹਿਬਾਨ ਆਦਿਕ ਸੰਗੀਤ ਵਿੱਦਿਆ ਤੋਂ ਭੀ ਭਲੀ ਭਾਂਤ ਜਾਣੂ ਸਨ। ਉਨ੍ਹਾਂ ਦੀਆਂ ਕਈ ਕਿਸਮ ਦੀਆਂ ਤਕਨੀਕੀ ਗਹਿਰਾਈਆਂ ਤੋਂ ਵੀ ਵਾਕਫ਼ ਸਨ। ਦੂਜਾ, ਉਨ੍ਹਾਂ ਨੇ ਲੋਕ ਸੰਗੀਤ ਦੀਆਂ ਧਾਰਨਾਵਾਂ ਨੂੰ ਵੀ ਕਾਫ਼ੀ ਮਾਤਰਾ ਵਿੱਚ ਵਰਤਿਆ ਹੈ; ਜਿਵੇਂ ਕਿ ਗੁਰਬਾਣੀ ਅੰਦਰ ਲੋਕ ਸੰਗੀਤ ਜਾਂ ਦੇਸੀ ਧਾਰਨਾ ਦੇ ਆਧਾਰ ’ਤੇ ਕਾਫ਼ੀ ਬਾਣੀ ਰਚੀ ਗਈ ਹੈ। ਇਹ ਧਾਰਨਾਵਾਂ ਉਸ ਸਮੇਂ ਆਮ ਪ੍ਰਚਲਿਤ ਤੇ ਹਰਮਨ ਪਿਆਰੀਆਂ ਸਨ। ਗੁਰੂ ਜੀ ਨੇ ਲੋਕ ਕਾਵਿ ਦੇ ਜੋ ਰੂਪ ਅਪਣਾਏ ਹਨ, ਉਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ :

(1) ਅਲਾਹਣੀ (2) ਆਰਤੀ (3) ਅੰਜੁਲੀ (4) ਸਦੁ (5) ਸੋਹਿਲਾ (6) ਕਰਹਲੇ (7) ਕਾਫੀ (8) ਥਿਤੀ (9) ਘੋੜੀਆਂ (10) ਚਉਬੋਲੇ (11) ਛੰਤ (12) ਡਖਣੇ (13) ਦਿਨ ਰੈਣ (14) ਪਹਰੇ (15) ਪਟੀ (16) ਬਾਰਹਮਾਹਾ (17) ਬਾਵਨ ਅਖਰੀ (18) ਬਿਰਹੜੇ (19) ਮੰਗਲ (20) ਰੁਤੀ (21) ਵਣਜਾਰਾ (22) ਵਾਰ (23) ਵਾਰ ਸਤ।

ਜੁੱਧ ਕਥਾ ਨੂੰ ‘ਪਉੜੀਆਂ’ ਵਿੱਚ ਗਾ ਕੇ ਪੇਸ਼ ਕਰਨਾ ‘ਵਾਰ’ ਅਖਵਾਉਂਦੀ ਹੈ। ਗੁਰੂ ਜੀ ਦੇ ਸਮੇਂ ਇਹ ਕਾਵਿ-ਰੂਪ ਬਹੁਤ ਪ੍ਰਸਿਧੀ ਰੱਖਦਾ ਸੀ। ਇਸੇ ਕਰਕੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਹਨ, ਜਿਨ੍ਹਾਂ ਵਿੱਚੋਂ 9 ਵਾਰਾਂ ਨੂੰ ਪ੍ਰਾਚੀਨ ਵਾਰਾਂ ਦੀਆਂ ਧੁਨਾਂ ਅਨੁਸਾਰ ਗਾਉਣ ਦਾ ਆਦੇਸ਼ ਹੈ; ਜਿਵੇਂ ਕਿ

(1). ਵਾਰ ਮਾਝ – ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ॥

(2). ਵਾਰ ਆਸਾ – ਟੁੰਡੇ ਅਸ ਰਾਜੈ ਕੀ ਧੁਨਿ॥

(3). ਵਾਰ ਗਉੜੀ – ਰਾਇ ਕਮਾਲਦੀ ਮੋਜਦੀ ਕੀ ਵਾਰ ਕੀ ਧੁਨਿ॥

(4). ਵਾਰ ਗੂਜਰੀ – ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨਿ॥

(5). ਵਾਰ ਵਡਹੰਸ – ਲਲਾਂ ਬਹਲੀਮਾ ਕੀ ਧੁਨਿ॥

(6) ਵਾਰ ਰਾਮਕਲੀ – ਜੋਧੈ ਵੀਰੈ ਪੂਰਬਾਣੀ ਕੀ ਧੁਨਿ॥

(7) ਵਾਰ ਸਾਰੰਗ – ਰਾਇ ਮਹਮੇ ਹਸਨੇ ਕੀ ਧੁਨਿ॥

(8) ਵਾਰ ਮਲਾਰ – ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ ॥

(9) ਵਾਰ ਕਾਨੜਾ – ਮੂਸੇ ਕੀ ਵਾਰ ਕੀ ਧੁਨਿ॥

ਇਹ ਸੂਚਨਾਵਾਂ ਦੱਸਦੀਆਂ ਹਨ ਕਿ ਗੁਰੂ ਸਾਹਿਬ ਜੀ ਉਸ ਸਮੇਂ ਦੇ ਪ੍ਰਚਲਿਤ ਲੋਕ ਸੰਗੀਤ ਵਿੱਚ ਕਿੰਨੀ ਦਿਲਚਸਪੀ ਰੱਖਦੇ ਸਨ। ਗੁਰੂ ਸਾਹਿਬਾਨ ਨੇ ਇਨ੍ਹਾਂ ਧੁਨਾਂ ਦੀ ਲੋਕਪ੍ਰਿਯਤਾ ਦਾ ਪੂਰਾ ਫ਼ਾਇਦਾ ਉਠਾਇਆ ਤਾਂ ਜੋ ਪ੍ਰਮਾਰਥਕ ਵਿਚਾਰ ਆਮ ਲੋਕਾਂ ਦੇ ਦਿਲਾਂ ਅੰਦਰ ਉਤਰ ਸਕਣ। ਉਨ੍ਹਾਂ ਦੇ ਪਿਆਰੇ ਗਾਉਣ ਢੰਗ ਰਾਹੀਂ ਸੌਖਿਆਂ ਹੀ ਪ੍ਰਵੇਸ਼ ਕਰ ਸਕਣ। ਭਾਵੇਂ ਕਿ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਆਦਿ ਲਈ ਰਾਗਾਂ ਦੀ ਥਾਂ ਰੂਹਾਨੀਅਤ ਸੰਦੇਸ਼ ਅਹਿਮ ਸੀ, ਜਿਸ ਲਈ ਸੰਗੀਤ ਕੇਵਲ ਸਹਾਇਕ ਸਾਧਨ ਮਾਤਰ ਸੀ। ਜਿਸ ਨੂੰ ਉਨ੍ਹਾਂ ਨੇ ਉੱਚੇ ਆਦਰਸ਼ ਲਈ ਵਰਤ ਕੇ ਇਸ ਦੀ ਉਪਯੋਗਤਾ ਹੋਰ ਵਧਾ ਦਿੱਤੀ; ਜਿਵੇਂ ਕਿ ਬਚਨ ਹਨ ‘‘ਗੁਣ ਗੋਵਿੰਦ ਗਾਵਹੁ ਸਭਿ ਹਰਿ ਜਨ ! ਰਾਗ ਰਤਨ ਰਸਨਾ ਆਲਾਪ (ਮਹਲਾ /੮੨੧), ਧੰਨੁ ਸੁ ਰਾਗ ਸੁਰੰਗੜੇ; ਆਲਾਪਤ ਸਭ ਤਿਖ ਜਾਇ (ਮਹਲਾ /੯੫੮), ਭਲੋ ਭਲੋ ਰੇ  ! ਕੀਰਤਨੀਆ ਰਾਮ ਰਮਾ ਰਾਮਾ ਗੁਨ ਗਾਉ ’’ (ਮਹਲਾ /੮੮੫) ਆਦਿ।

ਗੁਰੂ ਗ੍ਰੰਥ ਸਾਹਿਬ ਦੇ ਅੰਤ ਵਿੱਚ ਗੁਰੂ ਅਰਜਨ ਸਾਹਿਬ ਜੀ ਮੁੰਦਾਵਣੀ ਦੇ ਸ਼ਬਦ ਵਿੱਚ ‘ਆਦਿ ਗ੍ਰੰਥ’ ਜੀ ਦਾ ਤੱਤ ਸਾਰ ਦੱਸਦੇ ਹਨ ਜਾਂ ਇਸ ਨੂੰ ਰਚਦੇ ਹੋਏ ਫ਼ੁਰਮਾਉਂਦੇ ਹਨ ਕਿ ਇਸ ਵਿੱਚ ‘ਸਤ, ਸੰਤੋਖ, ਤੇ ਵੀਚਾਰ’ ਰੂਪ ਤਿੰਨ ਪਦਾਰਥ ਸੰਗ੍ਰਹਿ ਕੀਤੇ ਹਨ। ‘ਸਤ’ ਤੋਂ ਭਾਵ ਅਸਲੀਅਤ (Reality) ਨੂੰ ਪੂਰਨ ਦ੍ਰਿੜ੍ਹਤਾ, ਵਫ਼ਾਦਾਰੀ ਤੇ ਪਿਆਰ ਨਾਲ ਜਾਣਨਾ ਹੈ। ਇਸ ਦੇ ਜਾਣਨ ਦਾ ਜ਼ਰੀਆ ‘‘ਸਚੁ ਖਾਣਾ, ਸਚੁ ਪੈਨਣਾ; ਟੇਕ ਨਾਨਕ ਸਚੁ ਕੀਤੁ ’’ (ਮਹਲਾ /੪੪) ਹੈ। ਇਸ ਪੂਰਨ ਸਚਾਈ ਦੀ ਪਹਿਚਾਣ ਲਈ ਦੂਜੀ ਸਾਧਨਾ ‘ਸੰਤੋਖ’ ਦੀ ਹੈ ਕਿਉਂਕਿ ‘‘ਬਿਨਾ ਸੰਤੋਖ; ਨਹੀ ਕੋਊ ਰਾਜੈ ’’ (ਮਹਲਾ /੨੭੯) ਦਾ ਅਟਲ ਨਿਯਮ ਹੈ ਯਾਨੀ ਕਿ ‘ਸੰਤੋਖ’ ਤੋਂ ਭਾਵ ਹੈ ‘ਆਪਣੀ ਹਰ ਇੱਛਾ ਨੂੰ ਕਾਬੂ ਰੱਖਣਾ’। ‘ਬਿਬੇਕ ਵਿਚਾਰ’ ਤੋਂ ਬਿਨਾਂ ਸਤ-ਅਸਤ (ਭਾਵ ਸੱਚ-ਝੂਠ) ਦੀ ਪਹਿਚਾਣ ਨਹੀਂ ਹੋ ਸਕਦੀ ਪਰੰਤੂ ਇਨ੍ਹਾਂ ਤਿੰਨਾ ਦਾ ਆਧਾਰ ਹੈ ‘ਅੰਮ੍ਰਿਤ ਨਾਮ’। ਸੋ ‘ਸਤ, ਸੰਤੋਖ ਤੇ ਗਿਆਨ-ਵਿਚਾਰ’ ਮਨੁੱਖੀ ਸਦਾਚਾਰ ਜੀਵਨ ਦੇ ਥੰਮ ਹਨ। ਅੰਮ੍ਰਿਤ ਨਾਮ ਤੋਂ ਸੱਖਣੇ ਇਖ਼ਲਾਕ; ਸਦਾ ਹਉਮੈ ਦਾ ਸ਼ਿਕਾਰ ਹੋ ਜਾਂਦੇ ਹਨ, ਇਸ ਲਈ ਸਤਿਗੁਰੂ ਜੀ ‘‘ਅੰਮ੍ਰਿਤ ਨਾਮੁ ਠਾਕੁਰ ਕਾ ਪਇਓ; ਜਿਸ ਕਾ ਸਭਸੁ ਅਧਾਰੋ ’’ (ਮਹਲਾ /੧੪੨੯) ਨੂੰ ਹੀ ਉਕਤ ਤਿੰਨੇ ਸਦਾਚਾਰਕ ਗੁਣਾਂ ਦਾ ਆਧਾਰ ਮੰਨਦੇ ਹਨ ਤਾਂ ਜੋ ‘‘ਤੇਰਾ ਕੀਤਾ ਜਾਤੋ ਨਾਹੀ; ਮੈਨੋ ਜੋਗੁ ਕੀਤੋਈ ’’ (ਮਹਲਾ /੧੪੨੯) ਅਰਥ : (ਹੇ ਪ੍ਰਭੂ !) ਜੋ ਭੀ ਤੈਂ ਮੇਰੇ ਲਈ (ਉਪਕਾਰ) ਕੀਤਾ ਹੈ, ਮੈਂ ਤੇਰੇ ਕੀਤੇ ਉਸ ਉਪਕਾਰ ਨੂੰ ਨਾ ਜਾਣ ਸਕਿਆ। ਤੈਂ (ਆਪ ਹੀ) ਮੈਨੂੰ ਇਸ ਲਾਇਕ ਬਣਾਇਆ ਹੈ। 

ਬੇਨਤੀ ਕਰਦਾ ਹੋਇਆ ਸਿੱਖ; ਪ੍ਰਭੂ ਦੀ ਨਦਰਿ ਦਾ ਪਾਤਰ ਬਣ ਸਕੇ। ਸੋ ‘‘ਨਾਨਕ  ! ਨਾਮੁ ਮਿਲੈ ਤਾਂ ਜੀਵਾਂ; ਤਨੁ ਮਨੁ ਥੀਵੈ ਹਰਿਆ ’’ (ਮਹਲਾ /੧੪੨੯) ਬਚਨਾਂ ਰਾਹੀਂ ਸ਼ਬਦ ਦੇ ਆਦਿ ਤੋਂ ਅੰਤ ਤੱਕ ਨਾਮ ‘ਹੁਕਮ, ਭਾਣੇ ਅਤੇ ਨਦਰਿ’ ਦਾ ਰਹੱਸ ਬਿਆਨ ਕੀਤਾ ਹੈ। ਇਸੇ ਰਹੱਸ ਮਸਤੀ ਵਿੱਚ ਆਪ ਗਾਉਂਦੇ ਹਨ ‘‘ਬਾਹਰਿ ਢੂਢਨ ਤੇ ਛੂਟਿ ਪਰੇ; ਗੁਰਿ (ਨੇ) ਘਰ ਹੀ ਮਾਹਿ ਦਿਖਾਇਆ ਥਾ ’’ (ਮਹਲਾ /੧੦੦੨) ਐਸੇ ਹੀ ਬੋਲ ਭਗਤ ਰਾਮਾਨੰਦ ਜੀ ਦੇ ਹਨ ‘‘ਕਤ ਜਾਈਐ ਰੇ  ! ਘਰ ਲਾਗੋ ਰੰਗੁ ’’ (ਭਗਤ ਰਾਮਾਨੰਦ/੧੧੯੫)

ਸੋ ਗੁਰੂ ਅਰਜਨ ਸਾਹਿਬ ਜੀ ਨੇ ‘ਆਦਿ ਬੀੜ’ ਦੇ ਸੰਪਾਦਨ ਦਾ ਕਾਰਜ, ਜਿਸ ਸਰਾਫ਼ੀ ਸਮਝ, ਅਗੰਮੀ ਚੇਤਨਾ ਤੇ ਹੰਸ-ਚੋਗ ਬਿਰਤੀ ਨਾਲ਼ ਕੀਤਾ, ਉਸ ਨੇ ‘‘ਸਤਿਗੁਰ ਸਬਦਿ ਉਜਾਰੋ ਦੀਪਾ ’’ (ਮਹਲਾ /੮੨੧) ਰੂਪ ਆਪਣੀ ਰੂਹ ਦਾ ਤੇਲ ਪਾ ਕੇ ਸਦੀਵੀ ਚਾਨਣ ਮੁਨਾਰੇ ਦੇ ਰੂਪ ਵਿੱਚ ਪ੍ਰਗਟ ਕਰ ਦਿੱਤਾ। ਭਾਈ ਗੁਰਦਾਸ ਜੀ ਦਾ ਕਥਨ ਹੈ, ‘‘ਜੈਸੇ ਤਉ ਸਕਲ ਨਿਧਿ ਪੂਰਨ ਸਮੁੰਦ੍ਰ ਬਿਖੈ; ਹੰਸ ਮਰਜੀਵਾ ਨਿਹਚੈ ਪ੍ਰਸਾਦੁ ਪਾਵਹੀ.. .. ਤੈਸੇ ਗੁਰਬਾਨੀ ਬਿਖੈ, ਸਕਲ ਪਦਾਰਥ ਹੈ; ਜੋਈ ਜੋਈ ਖੋਜੈ, ਸੋਈ ਸੋਈ ਨਿਪਜਾਵਹੀ ’’ (ਭਾਈ ਗੁਰਦਾਸ ਜੀ/ਕਬਿੱਤ ੫੪੬) ਅਰਥ : ਜਿਵੇਂ ਸਮੁੰਦਰ ਵਿੱਚ ਸਾਰੇ ਖ਼ਜ਼ਾਨੇ ਭਰੇ ਪਏ ਹੁੰਦੇ ਹਨ, ਪਰ ਉਨ੍ਹਾਂ ਨੂੰ ਹੰਸ ਜਾਂ ਮਰਜੀਵੇ (ਸਮੁੰਦਰੀ ਗੋਤਾਖੋਰ) ਹੀ ਕੱਢ ਕੇ ਇਸਤੇਮਾਲ ਕਰ ਸਕਦੇ ਹਨ; ਉਸੇ ਤਰ੍ਹਾਂ ਗੁਰਬਾਣੀ ਵਿੱਚ ਸਾਰੇ ਪਦਾਰਥ (ਸਤ, ਸੰਤੋਖ, ਬਿਬੇਕ-ਵਿਚਾਰ ਆਦਿਕ ਗੁਣ) ਭਰੇ ਪਏ ਹਨ, ਪਰ ਉਨ੍ਹਾਂ ਨੂੰ ਪ੍ਰਾਪਤ ਓਹੀ ਓਹੀ ਕਰਦਾ ਹੈ, ਜੋ ਜੋ ਖੋਜਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ; ਪੰਜਾਬ (ਭਾਰਤ ਤੇ ਪਾਕਿਸਤਾਨ) ਦੀ ਪਹਿਲੀ ਵਿਸ਼ੇਸ਼ ਰਚਨਾ ਹੈ, ਜਿਸ ਨੂੰ ਇਨਸਾਨੀਅਤ ਪੱਧਰ ’ਤੇ ਬਹੁ ਗਿਣਤੀ ਨੇ ਸਲਾਹਿਆ ਹੈ। ਮਜ਼੍ਹਬੀ ਪੱਧਰ ਦੇ ਹਿੰਦੂ, ਜੋਗੀ, ਮੁਸਲਮਾਨ ਆਦਿਕ ਨੂੰ ਇਕੱਠਾ ਕਰਨ ਲਈ ‘‘ਗੁਰਮੁਖਿ ਬਾਂਧਿਓ ਸੇਤੁ ਬਿਧਾਤੈ ’’ (ਗੋਸਟਿ/ਮਹਲਾ /੯੪੨) ਅਰਥ : ਸਿਰਜਣਹਾਰ ਪ੍ਰਭੂ ਨੇ ਗੁਰਮੁਖ ਰੂਪ ਪੁਲ ਬਣਾਇਆ ਹੈ, ਜੋ ਇੱਕ-ਦੂਜੇ ਨੂੰ ਨੇੜੇ ਲਿਆਉਂਦਾ ਹੈ। ਇੱਕ-ਦੂਜੇ ਨਾਲ ਪਿਆਰ ਤੇ ਸਤਿਕਾਰ ਬਣਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਥੰਮ ਹਨ, ਜੋ ਮਨੁੱਖ ਅੰਦਰ ਉਦਮ, ਉਤਸ਼ਾਹ, ਦਿੜ੍ਹਤਾ ਤੇ ਦਲੇਰੀ ਭਰਦੇ ਹਨ। ਇਨ੍ਹਾਂ ਦੇ ਸਹਾਰੇ ਹੀ ਪੰਜਾਬੀਆਂ ਨੇ ‘‘ਹਮ ਕਾਹੂ ਕੀ ਕਾਣਿ ਕਢਤੇ; ਅਪਨੇ ਗੁਰ ਪਰਸਾਦੇ ’’ (ਭਗਤ ਕਬੀਰ/੯੬੯) ਵਾਲੀ ਅਣਖ ਭਰੀ ਜ਼ਿੰਦਗੀ ਭੋਗਦਿਆਂ ਵਿਦੇਸ਼ੀ ਹਮਲਾਵਾਰਾਂ ਨੂੰ ਸਦਾ ਠੱਲ ਪਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਚਾਨਣ ਹਨ, ਜੋ ਭਾਰਤੀਆਂ ਦੇ ਹਿਰਦੇ ਪ੍ਰਕਾਸ਼ ਕਰ ਅਗਿਆਨਤਾ ਨੂੰ ਮਿਟਾ ਗਿਆ; ਜੈਸਾ ਕਿ ਕਬੀਰ ਜੀ ਦੇ ਬਚਨ ਹਨ, ‘‘ਕਹਿ ਕਬੀਰ ਮਨਿ ਭਇਆ ਪ੍ਰਗਾਸਾ; ਉਦੈ ਭਾਨੁ ਜਬ ਚੀਨਾ ’’ (ਭਗਤ ਕਬੀਰ/੩੩੨) ਅਰਥ : ਜਦ ਹਿਰਦੇ ਅੰਦਰ (ਨਾਮ-ਗਿਆਨ ਦਾ) ਸੂਰਜ ਚੜ੍ਹਿਆ ਵੇਖਿਆ ਤਾਂ ਮਨ ਵਿੱਚ ਅਸੀਮ ਚਾਨਣ (ਸਤ, ਸੰਤੋਖ, ਬਿਬੇਕ-ਵਿਚਾਰ ਆਦਿਕ) ਪੈਦਾ ਹੋ ਗਿਆ।

ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਸਾਂਝੀ ਬੋਲੀ ਵਾਲ਼ਾ ਸਿਧਾਂਤ ਭੀ ਅਮਲੀ ਰੂਪ ਵਿੱਚ ਦ੍ਰਿੜ੍ਹ ਕਰਾਇਆ ਹੈ। ਇਹ ਸਾਂਝ ਸਾਡੀਆਂ ਬੋਲੀਆਂ ਵਿੱਚ ਮੌਜੂਦ ਹੈ। ਅਸੀਂ ਤੰਗਦਿਲੀ ਕਾਰਨ ਇਸ ਅਸਲੀਅਤ ਨੂੰ ਮੰਨਣ ਤੋਂ ਇਨਕਾਰੀ ਰਹਿੰਦੇ ਹਾਂ। ਗੁਰੂ ਸਾਹਿਬਾਨ ਦਾ ਸਮਰੱਥ ਤਜਰਬਾ ਹੈ ਕਿ ਸਾਰੀ ਮਨੁੱਖਤਾ ਨੂੰ ਇੱਕ ਸੁਰ ਕੀਤਾ ਜਾਵੇ ਤਾਂ ਕਿ ਸਭਿਆਚਾਰਕ ਤੇ ਆਤਮਿਕ ਆਦਰਸ਼ ਦੀ ਸਾਂਝ ਉਤਪੰਨ ਹੋਵੇ। ਗੁਰੂ ਗ੍ਰੰਥ ਸਾਹਿਬ ਸਾਡਾ ਸਾਂਝਾ ਸਮਾਜਿਕ ਤੇ ਸਭਿਆਚਾਰਕ ਇਤਿਹਾਸ ਵੀ ਹੈ, ਜਿਸ ਕਾਰਨ ਸਾਰੇ ਭਾਰਤੀ ਇਸ ਮਹਾਨ ਗ੍ਰੰਥ ਦੇ ਦਾਅਵੇਦਾਰ ਹਨ। ਸਮੁੱਚੀ ਮਾਨਵਤਾ ਆਪਣੀਆਂ ਬੋਲੀਆਂ ਵਿੱਚ ਕੀਤੇ ਉਲਥੇ ਕਾਰਨ ਇਸ ਦੇ ਵਾਰਸ਼ ਬਣ ਸਕਦੇ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਸਾਰ ਦੇ ਸਮੂਹ ਹਕ-ਪ੍ਰਸਤ ਮਹਾਂਪੁਰਖਾਂ ਤੇ ਵਿਦਵਾਨਾਂ ਨੇ ਸਦਾ ਅਧਿਆਤਮਕ [ਰੂਹਾਨੀ ਸੰਜੋਗ ਦਾ ਗ੍ਰੰਥ (A Book/Granth of Spiritual Synthesis) ਕਰਕੇ ਸਤਿਕਾਰਿਆ ਹੈ, ਜੋ ਸਾਂਝੀਵਾਲਤਾ ਦੀ ਇੱਕ ਵਿਸ਼ੇਸ਼ ਖ਼ੂਬੀ ਹੈ। ਇਸ ਦੀ ਸ਼ਬਦਾਵਲੀ; ਪੰਜਾਬੀ, ਹਿੰਦੀ, ਸੰਸਕ੍ਰਿਤ, ਫ਼ਾਰਸੀ, ਅਰਬੀ, ਸਿੰਧੀ, ਮਰਾਠੀ ਆਦਿਕ ਤਕਰੀਬਨ ਬਾਰ੍ਹਾਂ ਬੋਲੀਆਂ ਦਾ ਸੁਮੇਲ ਹੈ। ਇਨ੍ਹਾਂ ਸਾਰੀਆਂ ਬੋਲੀਆਂ ਜਾਂ ਗੁਰਮਤਿ ਵਿਚਾਰਕ ਧਾਰਾਵਾਂ ਵਿੱਚ ਪ੍ਰਗਟਾਈ ਸਚਾਈ, ਸਾਂਝੀਵਾਲਤਾ ਦਾ ਹੀ ਪ੍ਰਤੀਕ ਹੈ]। ਇਸ ਅੰਮ੍ਰਿਤ ਬਾਣੀ ਵਿੱਚ ਉਹ ਸਮਰੱਥਾ ਹੈ, ਜਿਸ ਨੇ ਸਿੱਖਾਂ ਤੇ ਪੰਜਾਬੀਆਂ ਨੂੰ ਸੰਸਾਰ ਦੇ ਹਰ ਖੇਤਰ ਵਿੱਚ ‘ਚੜ੍ਹਦੀ ਕਲਾ’ ਬਖ਼ਸ਼ੀ ਜਦ ਕਿ ਸੰਸਾਰ ਦੇ ਸਮੂਹ ਧਰਮ ਗ੍ਰੰਥਾਂ ਵਿੱਚ ਇਨ੍ਹਾਂ ਗੁਣਾਂ ਦੀ ਘਾਟ ਹੈ। ਗੁਰਬਾਣੀ ਦੇ ਇਹ ਬੇਮਿਸਾਲ ਅਸੂਲ; ਸਾਂਝੀਵਾਲਤਾ, ਸਹਿਵਾਸ ਤੇ ਭਾਵਕ ਏਕਤਾ ਦੇ ਪ੍ਰਤੱਖ ਪ੍ਰਮਾਣ ਹਨ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ; ਪ੍ਰਭੂ ਨਾਲ਼ ਇੱਕ-ਮਿੱਕ ਹੋਏ ਗੁਰੂ ਸਾਹਿਬਾਨ, ਭਗਤ ਸਾਹਿਬਾਨ ਆਦਿ ਦੇ ਹਿਰਦਿਆਂ ਵਿੱਚੋਂ ਪਿਆਰ ਸਹਿਤ ਨਿਰੰਤਰ ਉਪਜੀ ਹੈ ਤਾਹੀਓਂ ਇਸ ਨੂੰ ਖਸਮ ਦੀ ਬਾਣੀ ਕਿਹਾ ਹੈ। ਜਦ ਖਸਮ ਪ੍ਰਭੂ ਸਭ ਦਾ ਸਾਂਝਾ ਹੈ ਤਾਂ ਬਾਣੀ ਵੀ ਕੁਦਰਤੀ ਤੌਰ ’ਤੇ ਸਭ ਦੀ ਸਾਂਝੀ ਹੋ ਜਾਂਦੀ ਹੈ। ਗੁਰਬਾਣੀ ਨੂੰ ਰੱਬ ਦਾ ਰੂਪ ਪ੍ਰਗਟਾਉਂਦੇ ਗੁਰੂ ਸਾਹਿਬਾਨ ਦੇ ਬਚਨ ਹਨ :

(1). ਜੈਸੀ ਮੈ ਆਵੈ ਖਸਮ ਕੀ ਬਾਣੀ; ਤੈਸੜਾ ਕਰੀ ਗਿਆਨੁ ਵੇ ਲਾਲੋ  ! (ਮਹਲਾ /੭੨੨)

(2). ਤਾ ਮੈ ਕਹਿਆ ਕਹਣੁ; ਜਾ ਤੁਝੈ ਕਹਾਇਆ (ਮਹਲਾ /੫੬੬)

(3). ਧੁਰ ਕੀ ਬਾਣੀ ਆਈ ਤਿਨਿ ਸਗਲੀ ਚਿੰਤ ਮਿਟਾਈ (ਮਹਲਾ /੬੨੮)

(4). ਹਉ ਆਪਹੁ ਬੋਲਿ ਜਾਣਦਾ; ਮੈ ਕਹਿਆ ਸਭੁ ਹੁਕਮਾਉ ਜੀਉ (ਮਹਲਾ /੭੬੩)

(5). ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ, ਗੁਰਸਿਖਹੁ ! ਹਰਿ ਕਰਤਾ ਆਪਿ ਮੁਹਹੁ ਕਢਾਏ (ਮਹਲਾ /੩੦੮), ਆਦਿ।

ਧੁਰ ਕੀ ਬਾਣੀ ਹੋਣ ਦੇ ਨਾਂ ’ਤੇ ਇਸ ਦੀ ਸਿੱਖਿਆ ਸਰਬ-ਕਾਲੀ ਤੇ ਸਰਬ-ਦੇਸੀ ਹੈ। ਇਹ, ਸੱਚੇ ਸਿਧਾਂਤ ਦੀ ਗੱਲ ਕਰਦੀ ਹੈ, ਜੋ ਕਦੀ ਪੁਰਾਣਾ ਨਹੀਂ ਹੁੰਦਾ, ਨਾ ਮੈਲਾ ਤੇ ਨਾ ਹੀ ਕਾਲ ਅਧੀਨ ਹੈ। ਇਸ ਆਧਾਰ ’ਤੇ ਕਾਇਮ ਹੋਈ ਸਾਂਝੀਵਾਲਤਾ ਹੀ ਪੀੜ੍ਹੀ-ਦਰ-ਪੀੜ੍ਹੀ ਤੇ ਸਦੀਵੀ ਨਿਭਣ ਵਾਲ਼ੀ ਹੈ। ਜੇ ਸਰਬ-ਨਾਸ ਦੇ ਦਹਾਨੇ (ਕਿਨਾਰੇ) ’ਤੇ ਖਲੋਤੇ ਸੰਸਾਰ ਨੇ ਐਟਮ ਬੰਬਾਂ ਦੀ ਤਬਾਹੀ ਜਾਂ ਸਰਬ-ਨਾਸ ਤੋਂ ਬਚਣਾ ਹੈ ਤੇ ਮਿਲ-ਜੁਲ ਕੇ ਪਿਆਰ ਭਰਿਆ ਜੀਵਨ ਗੁਜ਼ਾਰਨਾ ਹੈ ਤਾਂ ਗੁਰੂ ਸਾਹਿਬਾਨ ਦੇ ਨਕਸ਼ੇ ਕਦਮ ਅਤੇ ਸਿੱਖਿਆ ਉੱਤੇ ਤੁਰਨਾ ਪੈਣਾ ਹੈ ਅਤੇ ਇਹ ਤਜਰਬਾ ਅਪਣਾਉਣਾ ਹੀ ਪਵੇਗਾ। ਗੁਰਬਾਣੀ; ਮਨੁੱਖ ਦੇ ਅਧਿਆਤਮਿਕ, ਸਮਾਜਿਕ, ਆਰਥਿਕ ਤੇ ਰਾਜਨੀਤਕ ਖੇਤਰਾਂ ਵਿੱਚ ਅਤਿ ਲੋੜੀਂਦੇ, ਸਾਂਝੇ ਮਨੁੱਖੀ ਸੁਭਾਅ ਅਤੇ ਸਿਧਾਂਤ ਦੀ ਗੱਲ ਕਰਦੀ ਹੈ। ਮਿਸਾਲ ਵਜੋਂ :

(). ਮਿਠਤੁ ਨੀਵੀ ਨਾਨਕਾ ! ਗੁਣ ਚੰਗਿਆਈਆ ਤਤੁ (ਮਹਲਾ /੪੭੦)

(). ਕੂੜ ਨਿਖੁਟੇ ਨਾਨਕਾ ! ਓੜਕਿ ਸਚਿ ਰਹੀ (ਮਹਲਾ /੯੫੩)

(). ਸੰਸਾਰੁ ਰੋਗੀ, ਨਾਮੁ ਦਾਰੂ; ਮੈਲੁ ਲਾਗੈ ਸਚ ਬਿਨਾ (ਮਹਲਾ /੬੮੭)

(). ਨਾਨਕ  ! ਦੁਖੀਆ ਸਭੁ ਸੰਸਾਰੁ (ਮਹਲਾ /੯੫੪)

(). ਪੜਿਆ ਮੂਰਖੁ ਆਖੀਐ; ਜਿਸੁ ਲਬੁ ਲੋਭੁ ਅਹੰਕਾਰਾ (ਮਹਲਾ /੧੪੦)

(). ਨਾਨਕ  ! ਫਿਕੈ ਬੋਲਿਐ; ਤਨੁ ਮਨੁ ਫਿਕਾ ਹੋਇ (ਮਹਲਾ /੪੭੩)

(). ਨਾਨਕ  ! ਜਿਨ੍ ਮਨਿ ਭਉ; ਤਿਨ੍ਹਾ ਮਨਿ ਭਾਉ (ਮਹਲਾ /੪੬੫)

(). ਫਕੜ ਜਾਤੀ; ਫਕੜੁ ਨਾਉ ਸਭਨਾ ਜੀਆ ਇਕਾ ਛਾਉ (ਮਹਲਾ /੮੩)

(). ਨਾਮ ਬਿਨਾ; ਕੈਸੇ ਆਚਾਰ  ? (ਮਹਲਾ /੧੩੩੦)

(). ਭੈ ਰਚਿ ਰਹੈ; ਸੁ ਨਿਰਭਉ ਹੋਇ (ਮਹਲਾ /੨੨੩), ਆਦਿ।

ਗੁਰਬਾਣੀ ਵਿੱਚ ਪ੍ਰਗਟਾਈਆਂ ਇਨ੍ਹਾਂ ਸਚਾਈਆਂ ਤੋਂ ਇਲਾਵਾ ਸਾਂਝਾ ਸੋਚਣ ਅਤੇ ਸਾਂਝਾ ਵਰਤਣ ਲਈ ਇਸ ਤੋਂ ਵੱਡਾ ਸਾਧਨ ਹੋਰ ਕੀ ਹੋ ਸਕਦਾ ਹੈ ? ਇਹ ਸਚਾਈਆਂ ਕਿਸੇ ਵਕਤੀ ਸੱਚ ਦੀ ਗੱਲ ਨਹੀਂ ਕਰਦੀਆਂ। ਇਹ, ਸਾਰੀ ਮਾਨਵ-ਜਾਤੀ ਦੀ ਸਾਂਝੀ ਵਿਰਾਸਤ ਹੈ। ਇਨ੍ਹਾਂ ਭਾਵਾਂ ਨੂੰ ਹਿਰਦੇ ਅੰਦਰ ਵਸਾਉਣ ਲਈ ਬਿਬੇਕ ਬੁੱਧ ਅਤੇ ਪੂਰੀ ਉਜਲ ਮਤਿ ਦੀ ਲੋੜ ਹੈ। ਗੁਰਬਾਣੀ; ਬਿਨਾਂ ਕਿਸੇ ਲਗਾ ਦੇ, ਇਸ ਸੱਚ ਨੂੰ ਇਉਂ ਮਨੁੱਖੀ ਜ਼ਿਹਨ ਵਿੱਚ ਬਿਠਾਉਣ ਦਾ ਉਪਕਾਰ ਕਰਦੀ ਹੈ :

ਜਹ ਕਰਣੀ; ਤਹ ਪੂਰੀ ਮਤਿ ਕਰਣੀ ਬਾਝਹੁ; ਘਟੇ ਘਟਿ (ਮਹਲਾ /੨੫)

ਸਭਨਾ ਕਾ, ਦਰਿ ਲੇਖਾ ਹੋਇ ਕਰਣੀ ਬਾਝਹੁ; ਤਰੈ ਕੋਇ (ਮਹਲਾ /੯੫੨), ਆਦਿ।

ਖਿਆਲ ਕਰੋ ਕਿ 1430 ਪੰਨਿਆਂ ਵਾਲ਼ੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸਾਨੂੰ ਰੌਸ਼ਨ ਦਿਮਾਗ ਕਰਨ, ਪਰਸਪਰ ਜੋੜਨ ਅਤੇ ਮਿਲਣ-ਬੈਠਣ ਹਿਤ ਕਿੰਨੇ ਅਮੋਲ ਬਚਨ ਹੋਣਗੇ ? ਸ੍ਰੀ ਗੁਰੂ ਅਰਜਨ ਸਾਹਿਬ ਜੀ; ਇਸ ਖ਼ਜ਼ਾਨੇ ਦਾ ਥਹੁ ਪਤਾ ਇਉਂ ਦਿੰਦੇ ਹਨ :

ਹਮ ਧਨਵੰਤ ਭਾਗਠ; ਸਚ ਨਾਇ ਹਰਿ ਗੁਣ ਗਾਵਹ; ਸਹਜਿ ਸੁਭਾਇ ਰਹਾਉ ਪੀਊ ਦਾਦੇ ਕਾ, ਖੋਲਿ ਡਿਠਾ ਖਜਾਨਾ ਤਾ ਮੇਰੈ ਮਨਿ; ਭਇਆ ਨਿਧਾਨਾ ਰਤਨ ਲਾਲ; ਜਾ ਕਾ ਕਛੂ ਮੋਲੁ ਭਰੇ ਭੰਡਾਰ; ਅਖੂਟ ਅਤੋਲ ਖਾਵਹਿ ਖਰਚਹਿ; ਰਲਿ ਮਿਲਿ ਭਾਈ  ! ਤੋਟਿ ਆਵੈ; ਵਧਦੋ ਜਾਈ ਕਹੁ ਨਾਨਕ  ! ਜਿਸੁ ਮਸਤਕਿ, ਲੇਖੁ ਲਿਖਾਇ ਸੁ ਏਤੁ ਖਜਾਨੈ; ਲਇਆ ਰਲਾਇ (ਮਹਲਾ /੧੮੬) ਅਰਥ : ਹੇ ਭਾਈ ! ਅਸੀਂ ਸੱਚੇ ਨਾਮ ਨਾਲ਼ ਭਾਗਾਂ ਵਾਲ਼ੇ ਅਤੇ ਧਨਵਾਨ ਬਣ ਗਏ ਕਿਉਂਕਿ ਹਰੀ ਦੇ ਗੁਣ ਗਾਉਂਦੇ ਹਾਂ ਤੇ ਸੁੱਤੇ ਹੀ (ਅਕਾਲ ਪੁਰਖ ਵਾਰਗੀ) ਅਡੋਲ ਅਵਸਥਾ ਵਿੱਚ ਟਿਕੇ ਹੋਏ ਹਾਂ। ਰਹਾਉ। ਪਿਤਾ ਪੁਰਖੀਂ ਦੁਆਰਾ ਇਕੱਤਰ ਕੀਤਾ ਇਹ ਖ਼ਜ਼ਾਨਾ, ਜਦ ਖੋਲ ਕੇ ਵੇਖਿਆ ਭਾਵ ਵਿਚਾਰਿਆ ਤਾਂ ਮੇਰੇ ਮਨ ਵਿੱਚ ਵੀ ਵੈਸਾ ਹੀ ਖ਼ਜ਼ਾਨਾ ਉਤਪੰਨ ਹੋ ਗਿਆ ਯਾਨੀ ਨਾਮ-ਅੰਮ੍ਰਿਤ ਪ੍ਰਗਟ ਹੋ ਗਿਆ। ਇਨ੍ਹਾਂ ਕੀਮਤੀ ਲਾਲ-ਮੋਤੀਆਂ ਦਾ ਕੋਈ ਮੁੱਲ ਨਹੀਂ ਕਿਉਂਕਿ ਨਾਮ-ਅੰਮ੍ਰਿਤ ਦੇ ਅਮੁੱਕ, ਅਤੋਲਵੇਂ ਖ਼ਜ਼ਾਨੇ ਭਰੇ ਪਏ ਹਨ ਯਾਨੀ ਆਤਮ-ਪ੍ਰਕਾਸ਼ ਦਾ ਅਥਾਹ ਚਾਨਣ, ਗੰਭੀਰ ਬਲ ਹਿਰਦੇ ਅੰਦਰ ਪੈਦਾ ਹੁੰਦਾ ਜਾ ਰਿਹਾ ਹੈ। ਹੁਣ ਇਨ੍ਹਾਂ ਰਤਨਾਂ ਨੂੰ (ਸੰਗਤ ਰੂਪ ’ਚ) ਰਲ਼ ਮਿਲ ਕੇ ਖਾਵਾਂਗੇ, ਖ਼ਰਚਾਂਗੇ ਕਿਉਂਕਿ ਰਲ਼-ਮਿਲ ਕੇ ਵਰਤਦਿਆਂ ਇਹ ਘਟਦੇ ਨਹੀਂ ਸਗੋਂ ਵਧਦੇ ਜਾਂਦੇ ਹਨ, ਪਰ ਹੇ ਨਾਨਕ ! (ਇਹ ਸਾਰਿਆਂ ਨੂੰ ਨਸੀਬ ਨਹੀਂ ਹੁੰਦੇ) ਜਿਸ ਦੇ ਮੱਥੇ ਉੱਤੇ ਧੁਰ ਦਰਗਾਹੋਂ ਲੇਖ ਲਿਖਿਆ ਹੁੰਦਾ ਹੈ ਓਹੀ ਇਸ ਖ਼ਜ਼ਾਨੇ ਵਿੱਚ ਆ ਰਲ਼ਦੇ ਹਨ। ਇਨ੍ਹਾਂ ਦਾ ਲਾਭ ਖੱਟਦੇ ਹਨ।

ਆਖ਼ਿਰ ਇਹ ਕਹਿਣਾ ਕੋਈ ਅਤਿ ਕਥਨੀ ਨਹੀਂ ਕਿ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਰਗੀ ਮਹਾਨ ਰਚਨਾ ਦੀ ਸਿਰਜਣਾ ਨਾ ਕੀਤੀ ਹੁੰਦੀ ਤਾਂ ਪੰਜਾਬ (ਭਾਰਤ ਤੇ ਪਾਕਿਸਤਾਨ) ਦੀਆਂ ਪਿਛਲੀਆਂ ਤਿੰਨ ਸਦੀਆਂ ਦਾ ਇਤਿਹਾਸ ਹੁਣ ਨਾਲੋਂ ਬੜਾ ਵੱਖਰਾ ਹੋਣਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਮਨੁੱਖਤਾ ਲਈ ਗੌਰਵਮਈ ਰਚਨਾ ਹਨ ਤਾਂ ਤੇ ਇਹ ਬਿਲਕੁਲ ਸੱਚ ਹੈ :

(1). ਸਬਦੁ ਗੁਰ ਪੀਰਾ, ਗਹਿਰ ਗੰਭੀਰਾ; ਬਿਨੁ ਸਬਦੈ, ਜਗੁ ਬਉਰਾਨੰ (ਮਹਲਾ /੬੩੫)

(2). ਸਬਦੁ ਜਾਣਹਿ, ਸੇ ਅੰਨੇ ਬੋਲੇ; ਸੇ ਕਿਤੁ ਆਏ ਸੰਸਾਰਾ  ? (ਮਹਲਾ /੬੦੧)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਵਿੱਚ ਕਵੀ ਨਿਹਾਲ ਸਿੰਘ ਜੀ ਇਸ ਤਰ੍ਹਾਂ ਕਥਨ ਕਰਦੇ ਹਨ :-

ਕਾਹੂ ਕੋ ਭਰੋਸੋ ਹੈ ਜ਼ਮੀਨ ਕੋ ਜ਼ਮਾਨੇ ਬੀਚ, ਕਾਹੂ ਕੋ ਭਰੋਸੋ ਜੋਰ ਚਾਕਰੀ ਜਹਾਜ਼ ਪੈ

ਕਾਹੂ ਕੋ ਭਰੋਸੋ ਭਾਰੀ ਸ਼ਾਹ ਪਾਤਸ਼ਾਹ ਮੀਤ, ਕਾਹੂ ਕੋ ਭਰੋਸੋ ਕੁਟੰਬੀ ਕਰੈ ਕਾਜ ਪੈ

ਕਾਹੂ ਕੋ ਭਰੋਸੋ ਦੇਵਵਾਨੀ ਅਰੁ ਪਾਰਸੀ ਕੋ, ਕਾਹੂ ਕੋ ਭਰੋਸੋ ਸੰਤਗੀਰੀ ਕੀ ਮਿਜ਼ਾਜ ਪੈ (ਮਿਜ਼ਾਜ ਪੈ ਭਾਵ ਮਾਣ ਉੱਤੇ)

ਕੋ ਕਾਹੂ ਕੋ ਭਰੋਸੋ ਚਾਰ ਚਾਕਰੀ ਚਲਾਕੀ ਚੋਖ, ਮੋਕੋ ਤੋ ਭਰੋਸੋ (ਏਕ) ਗੁਰੂ ਗ੍ਰੰਥ ਮਹਾਰਾਜ ਹੈ

(‘ਚਾਰ ਚਾਕਰੀ ਚਲਾਕੀ ਚੋਖ’ ਭਾਵ ਚੰਗੀ ਨੌਕਰੀ ਉੱਤੇ ਬੜਾ ਮਾਣ ਹੋਣਾ)

ਸੋ ਅੱਜ ‘‘ਸਤਿਗੁਰ ਸਬਦਿ; ਉਜਾਰੋ ਦੀਪਾ ’’ (ਮਹਲਾ /੮੨੧) ਦੀ ਰੌਸ਼ਨੀ ਵਿੱਚ ਆਪਣੇ ‘ਸਬਦੁ ਗੁਰੂ’ ਨੂੰ ਨਮਸਕਾਰ ਕਰਦੇ ਹੋਏ ਪ੍ਰਣ ਕਰੀਏ ਕਿਉਂਕਿ ‘‘ਜਾ ਕੋ ਠਾਕੁਰੁ; ਊਚਾ ਹੋਈ ਸੋ ਜਨੁ, ਪਰ ਘਰ ਜਾਤ ਸੋਹੀ ’’ (ਭਗਤ ਕਬੀਰ/੩੩੦) ਭਾਵੇਂ ਕਿ ਇਸ ਨੂੰ ‘‘ਕੋਈ ਗਾਵੈ, ਕੋ ਸੁਣੈ; ਕੋਈ ਕਰੈ ਬੀਚਾਰੁ ਕੋ ਉਪਦੇਸੈ; ਕੋ ਦ੍ਰਿੜੈ; ਤਿਸ ਕਾ ਹੋਇ ਉਧਾਰੁ ’’ (ਮਹਲਾ /੩੦੦), ਆਪਣੇ ਫ਼ਰਜ਼ਾਂ ਨੂੰ ਪਹਿਚਾਣਦੇ ਹੋਏ ‘ਸਬਦੁ ਗੁਰੂ’ ਦੀ ਆਪ ਕਮਾਈ ਕਰੀਏ ਅਤੇ ਮਾਨਵਤਾ ਨੂੰ ਇਸ ਦੇ ਲਾਭ ਦੱਸਣ ਵਿੱਚ ਜੁਟ ਜਾਈਏ ਤਾਂ ਕਿ ਆਪਣਾ ਆਲਾ-ਦੁਆਲਾ ਕਰਮਕਾਂਡਾਂ, ਵਹਿਮਾਂ-ਭਰਮਾਂ, ਦੇਹਧਾਰੀ ਗੁਰੂ ਡੰਮ, ਨਸ਼ਿਆਂ ਆਦਿਕ ਸਮਾਜਿਕ ਬੁਰਿਆਈਆਂ ਤੋਂ ਬਚਾ ਕੇ ਰੱਖਣ ’ਚ ਕਾਮਯਾਬ ਹੋ ਸਕੀਏ।

ਗੁਰੂ ਨਾਨਕ ਸਾਹਿਬ ਜੀ ਦਾ ਜਨਮ; ਕੱਤਕ ਜਾਂ ੧ ਵੈਸਾਖ ?

0

ਗੁਰੂ ਨਾਨਕ ਸਾਹਿਬ ਜੀ ਦਾ ਜਨਮ; ਕੱਤਕ ਜਾਂ ਵੈਸਾਖ ?

ਕਿਰਪਾਲ ਸਿੰਘ ਬਠਿੰਡਾ

ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਲਈ ਤਿੰਨ ਤਾਰੀਖ਼ਾਂ ਮੰਨੀਆਂ ਜਾ ਰਹੀਆਂ ਹਨ; ਇੱਕ ਧਿਰ ਭਾਈ ਬਾਲੇ ਵਾਲੀ ਜਨਮ ਸਾਖੀ ਮੁਤਾਬਕ ਕੱਤਕ ਦੀ ਪੂਰਨਮਾਸ਼ੀ ਸੰਮਤ ੧੫੨੬ (ਸੰਨ 1469) ਮੰਨਦੀ ਹੈ। ਇਸ ਸਾਖੀ ਤੋਂ ਇਲਾਵਾ ਬਾਕੀ ਸਾਰੀਆਂ ਜਨਮ ਸਾਖੀਆਂ ’ਚ ਵੈਸਾਖ ਸੁਦੀ ੩ ਸੰਮਤ ੧੫੨੬ ਲਿਖਿਆ ਹੈ। ਬਾਵਾ ਸਰੂਪ ਦਾਸ ਭੱਲਾ (ਮਹਿਮਾ ਪ੍ਰਕਾਸ਼), ਗਿਆਨੀ ਗਿਆਨ ਸਿੰਘ, ਸ: ਕਰਮ ਸਿੰਘ ਹਿਸਟੋਰੀਅਨ, ਭਾਈ ਕਾਨ੍ਹ ਸਿੰਘ ਨਾਭਾ, ਡਾ: ਗੰਡਾ ਸਿੰਘ, ਪ੍ਰਿੰ: ਸਤਿਬੀਰ ਸਿੰਘ, ਪ੍ਰੋ: ਸਾਹਿਬ ਸਿੰਘ, ਡਾ: ਹਰੀ ਰਾਮ ਗੁਪਤਾ, ਡਾ: ਕਿਰਪਾਲ ਸਿੰਘ, ਡਾ: ਖੜਕ ਸਿੰਘ, ਭਾਈ ਵੀਰ ਸਿੰਘ, ਪ੍ਰੋ. ਯੋਧ ਸਿੰਘ, ਖ਼ੁਸ਼ਵੰਤ ਸਿੰਘ, ਸ. ਸ. ਪਦਮ (ਸੰਤ ਸਿੰਘ ਪਦਮ)), ਡਾ: ਗੁਰਬਚਨ ਕੌਰ, ਗਿਆਨੀ ਸੋਹਨ ਸਿੰਘ ਸੀਤਲ, ਡਾ: ਆਸਾ ਸਿੰਘ ਘੁੰਮਣ, ਡਾ: ਟਰੰਪ, ਡਾ: ਮਕਲੋਡ, ਐੱਮ.ਏ. ਮੈਕਾਲਿਫ਼, ਆਦਿਕ ਸਾਰੇ ਹੀ ਵਿਦਵਾਨ ਭਾਈ ਬਾਲੇ ਵਾਲੀ ਜਨਮ ਸਾਖੀ ਨੂੰ ਇਸ ਅੰਦਰਲੀਆਂ ਗਵਾਹੀਆਂ ਨਾਲ ਹੀ ਰੱਦ ਕਰਦੇ ਹੋਏ ਨਾ ਵਿਸ਼ਵਾਸਯੋਗ ਮੰਨਦੇ ਹਨ ਅਤੇ ਬਾਕੀ ਸਰੋਤਾਂ (ਹੋਰ ਜਨਮ ਸਾਖੀਆਂ) ਦੇ ਆਧਾਰ ’ਤੇ ਗੁਰੂ ਜੀ ਦੀ ਜਨਮ ਮਿਤੀ ਵੈਸਾਖ ਸੁਦੀ ੩ ਸੰਮਤ ੧੫੨੬ ਜਾਂ ਇਸ ਹਿਸਾਬ ਨਾਲ਼ ਕੱਢੀ ਸੂਰਜੀ ਤਾਰੀਖ਼ 20 ਵੈਸਾਖ ਸੰਮਤ ੧੫੨੬/15 ਅਪ੍ਰੈਲ 1469 ਲਿਖਦੇ ਹਨ। ਗੁਰ ਪ੍ਰਣਾਲੀ ੯ ’ਚ ਵੈਸਾਖ ਵਦੀ ੩ ਲਿਖਿਆ ਹੈ, ਜਿਸ ਨੂੰ ਦੂਸਰੀਆਂ ਪੱਧਤੀਆਂ ’ਚ ਤਬਦੀਲ ਕੀਤਿਆਂ ੪ ਵੈਸਾਖ ਸੰਮਤ ੧੫੨੬/30 ਮਾਰਚ 1469 ਬਣਦਾ ਹੈ। ਇੱਥੋਂ ਤੱਕ ਕਿ ਪ੍ਰੋ: ਕਰਤਾਰ ਸਿੰਘ ਐੱਮ.ਏ., ਜਿਨ੍ਹਾਂ ਦਾ ਲਿਖਿਆ ਹੋਇਆ ਸਿੱਖ ਇਤਿਹਾਸ ਸ੍ਰੋਮਣੀ ਕਮੇਟੀ ਨੇ ਛਪਵਾਇਆ ਹੈ; ’ਚ ਭੀ ਵੈਸਾਖ ਸੁਦੀ ੩ ਸੰਮਤ ੧੫੨੬, 20 ਵੈਸਾਖ ਸੰਮਤ ੧੫੨੬/15 ਅਪ੍ਰੈਲ 1469 ਹੀ ਹੈ। ਸ੍ਰੋ. ਗੁ. ਪ੍ਰ. ਕਮੇਟੀ ਦੀ ਵੈੱਬਸਾਈਟ ’ਚ ਵੀ 15 ਅਪ੍ਰੈਲ 1469 ਹੀ ਲਿਖਿਆ ਹੋਇਆ ਹੈ। 

ਸ੍ਰੋਮਣੀ ਕਮੇਟੀ ਵੱਲੋਂ ਛਪਵਾਈ ਸ਼ੁੱਧ ਗੁਰ ਪ੍ਰਣਾਲੀ ’ਚ ਵੈਸਾਖ ਸੁਦੀ ੩, ੨੯ ਵੈਸਾਖ ਸੰਮਤ ੧੫੨੫ ਦਿਨ ਐਤਵਾਰ/25 ਅਪ੍ਰੈਲ 1468 ਲਿਖਿਆ ਹੈ, ਜੋ ਕਿ ਗ਼ਲਤ ਹੈ ਕਿਉਂਕਿ ਅਸਲ ਵਿੱਚ ਵੈਸਾਖ ਸੁਦੀ ੩, ੧੫੨੫ ਨੂੰ ੩੧ ਵੈਸਾਖ ਦਿਨ ਸੋਮਵਾਰ/25 ਅਪ੍ਰੈਲ ਬਣਦਾ ਹੈ। ਸ੍ਰੋਮਣੀ ਕਮੇਟੀ ਇਸ ਗੱਲ ਦਾ ਵੀ ਕੋਈ ਜਵਾਬ ਨਹੀਂ ਦਿੰਦੀ ਕਿ ਜੇ ਤੁਹਾਡੀਆਂ ਛਪੀਆਂ ਪੁਸਤਕਾਂ ਅਤੇ ਅਧਿਕਾਰਤ ਵੈੱਬ ਸਾਈਟ ’ਚ 15 ਅਪ੍ਰੈਲ/੨੦ ਵੈਸਾਖ ਲਿਖਿਆ ਹੈ ਤਾਂ ਆਪਣੇ ਕੈਲੰਡਰਾਂ ’ਚ ਕੱਤਕ ਦੀ ਪੂਰਨਮਾਸ਼ੀ ਦੇ ਹਿਸਾਬ ਨਾਲ਼ ਹਰ ਸਾਲ ਬਦਲਵੀਆਂ ਤਾਰੀਖ਼ਾਂ ਕਿਉਂ ਦਰਜ ਕਰਦੀ ਹੈ ਅਤੇ ਮਨਾ ਰਹੀ ਹੈ ? ਹਾਲਾਂ ਕਿ ਕਈ ਵਾਰ ਲੋਕਾਂ ਲਈ ਹੈਰਾਨੀਜਨਕ ਸਥਿਤੀ ਬਣ ਜਾਂਦੀ ਹੈ; ਜਿਵੇਂ ਕਿ ਚਾਲੂ ਸਾਲ ਨਾਨਕਸ਼ਾਹੀ ਸੰਮਤ ੫੫੫ ’ਚ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ੧੨ ਮੱਘਰ ਦਰਜ ਕੀਤਾ ਹੈ। ਆਮ ਸਿੱਖ ਤਾਂ ਹੈਰਾਨ ਹਨ ਹੀ; ਬਹੁਤੇ ਸ੍ਰੋਮਣੀ ਕਮੇਟੀ ਮੈਂਬਰਾਂ ਨੂੰ ਵੀ ਨਹੀਂ ਪਤਾ ਕਿ ਕੱਤਕ ਦੀ ਪੂਰਨਮਾਸ਼ੀ ਮੱਘਰ ਮਹੀਨੇ ’ਚ ਕਿਵੇਂ ਆ ਗਈ !

ਤੀਸਰੀ ਧਿਰ ਸ: ਪਾਲ ਸਿੰਘ ਪੁਰੇਵਾਲ ਦਾ ਨਾਨਕਸ਼ਾਹੀ ਕੈਲੰਡਰ ਹੈ, ਜਿਸ ਵਿੱਚ ਗਣਿਤ ਅਨੁਸਾਰ ੧ ਵੈਸਾਖ ਲਿਖੀ ਹੈ। ਇਸ ਲੇਖ ਰਾਹੀਂ ਵਿਚਾਰ ਇਹ ਕੀਤੀ ਹੈ ਕਿ ਕੱਤਕ ਦੀ ਪੂਰਨਮਾਸ਼ੀ, ਵੈਸਾਖ ਸੁਦੀ ੩ (੨੦ ਵੈਸਾਖ/15 ਅਪ੍ਰੈਲ) ਅਤੇ ੧ ਵੈਸਾਖ ’ਚੋਂ ਕਿਹੜੀ ਤਾਰੀਖ਼ ਵੱਧ ਢੁਕਵੀਂ ਅਤੇ ਸਹੀ ਹੈ ?

ਪੜਤਾਲ ਅਤੇ ਵੀਚਾਰ

ਕੱਤਕ ਸੁਦੀ ੧੫ ਸੰਮਤ ੧੫੨੬ ਲਿਖਣ ਵਾਲਿਆਂ ’ਚੋਂ ਕਿਸੇ ਨੇ ੧੮ ਕੱਤਕ, ਦਿਨ ਬੁੱਧਵਾਰ, ਨਛੱਤਰ ਅਨੁਰਾਧਾ ਅਤੇ ਕਿਸੇ ਨੇ ਦਿਨ ਵੀਰਵਾਰ, ਨਛੱਤਰ ਕ੍ਰਿਤਿਕਾ ਲਿਖਿਆ ਹੈ। ਕੱਤਕ ਸੁਦੀ ੧੫ ਲਿਖਣ ਵਾਲਿਆਂ ਦਾ ਮੂਲ ਸੋਮਾ; ਭਾਈ ਬਾਲੇ ਵਾਲੀ ਜਨਮ ਸਾਖੀ ਹੈ, ਉਸ ਨੇ 27ਵਾਂ ਨਛੱਤਰ ਲਿਖਿਆ ਹੈ, ਜੋ ਰੇਵਤੀ ਹੁੰਦਾ ਹੈ, ਪਰ ਸਵਾਮੀਕੰਨੂ ਪਿੱਲੇ ਦੀ 700 ਤੋਂ ਲੈ ਕੇ 2000 ਤੱਕ ਭਾਵ 13 ਸੌ ਸਾਲਾਂ ਦੀਆਂ ਤਾਰੀਖ਼ਾਂ ਚੈੱਕ ਕਰੀਏ ਤਾਂ ਉਸ ਨੇ ਕੱਤਕ ਦੀ ਪੂਰਨਮਾਸ਼ੀ ਨੂੰ ਕਦੀ ਵੀ ਰੇਵਤੀ ਨਛੱਤਰ ਨਹੀਂ ਲਿਖਿਆ। ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਕੇਵਲ ਚਾਰ ਹੀ ਨਛੱਤਰ (ਅਸ਼ਵਨੀ, ਭਰਣੀ, ਕ੍ਰਿਤਿਕਾ ਅਤੇ ਰੋਹਿਣੀ) ਹੋ ਸਕਦੇ ਹਨ। ਸੰਮਤ ੧੫੨੬ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ੨੧ ਕੱਤਕ, ਦਿਨ ਸ਼ੁੱਕਰਵਾਰ, ਅਸ਼ਵਨੀ ਨਛੱਤਰ/20 ਅਕਤੂਬਰ 1469 ਸੀ ਸੋ ਜਿਨ੍ਹਾਂ ਇਤਿਹਾਸਕਾਰਾਂ ਦਾ ਮੂਲ ਸੋਮਾ ਹੀ ਭਾਈ ਬਾਲੇ ਵਾਲੀ ਜਨਮਸਾਖੀ ਹੈ, ਉਨ੍ਹਾਂ ਵੱਲੋਂ ਦੱਸੀ ਗਈ ਕੱਤਕ ਦੀ ਪੂਰਨਮਾਸ਼ੀ ਨੂੰ ਕਿਵੇਂ ਸਹੀ ਮੰਨਿਆ ਜਾ ਸਕਦਾ ਹੈ ? ਇਸ ਦਾ ਮਤਲਬ ਇਹ ਨਿਕਲਿਆ ਕਿ ਹੁਣ ਤੱਕ ਦੇ ਇਤਿਹਾਸਕਾਰਾਂ ਨੂੰ ਕੈਲੰਡਰ ਵਿਗਿਆਨ ਦੀ ਇੱਕ ਪੱਧਤੀ ਤੋਂ ਦੂਜੀ ਪੱਧਤੀਆਂ ’ਚ ਤਾਰੀਖ਼ਾਂ ਤਬਦੀਲ ਕਰਨ ਦਾ ਬਹੁਤਾ ਗਿਆਨ ਨਹੀਂ ਸੀ; ਇਸੇ ਕਾਰਨ ਜਨਮ ਸਾਖੀਆਂ ਸਣੇ ਹੁਣ ਤੱਕ ਲਿਖੇ ਇਤਿਹਾਸ ’ਚ ਲਿਖਾਰੀਆਂ ਨੇ ਕੇਵਲ ਅਨੁਮਾਨ ਨਾਲ ਹੀ ਤਾਰੀਖ਼ਾਂ ਲਿਖੀਆਂ ਹਨ। ਇਸੇ ਕਾਰਨ ਵੱਖ ਵੱਖ ਤਾਰੀਖ਼ਾਂ ਪ੍ਰਚਲਿਤ ਹੋ ਗਈਆਂ। ਚੂੜਾਮਣੀ ਕਵੀ ਸੰਤੋਖ ਸਿੰਘ ਨੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ’ਚ ਗੁਰੂ ਜੀ ਦੀ ਕੁੱਲ ਉਮਰ 70 ਸਾਲ 5 ਮਹੀਨੇ 7 ਦਿਨ ਅਤੇ ਜੋਤੀ ਜੋਤ ਸਮਾਉਣ ਦੀ ਮਿਤੀ ਅੱਸੂ ਵਦੀ ੧੦ ਸੰਮਤ ੧੫੯੬ ਲਿਖੀ ਹੈ। ਐਨੀ ਉਮਰ ਵੈਸਾਖ ਵਦੀ ੩ ਸੰਮਤ ੧੫੨੬ ਤੋਂ ਹੀ ਬਣ ਸਕਦੀ ਹੈ, ਨਾ ਕਿ ਕੱਤਕ ਦੀ ਪੁੰਨਿਆ ਸੰਮਤ ੧੫੨੬ ਤੋਂ।

ਪੁਰਬ ਅਰਧ (ਪਹਿਲਾ ਅੱਧਾ ਭਾਗ) ਦੇ ਅਧਿਆਏ ੩੭ ਦੇ ਦੋਹਰਾ ਨੰ. ੧੩ ’ਚ ਉਹ ਲਿਖਦੇ ਹਨ ਕਿ ਸ੍ਰੀ ਨਾਨਕ ਪ੍ਰਕਾਸ਼ ਦੇ ਪਹਿਲੇ ਭਾਗ ਦਾ ਆਧਾਰ ਭਾਈ ਬਾਲੇ ਵਾਲੀ ਉਹ ਜਨਮ ਸਾਖੀ ਹੈ, ਜੋ ਉਸ ਦੇ ਮੁੱਖੋਂ ਸੁਣ ਕੇ ਗੁਰੂ ਅੰਗਦ ਸਾਹਿਬ ਜੀ ਨੇ ਲਿਖਵਾਈ ਸੀ, ਪਰ ਅੱਗੇ ਚੌਪਈ ਨੰ: ੨੭, ੨੮ ’ਚ ਲਿਖ ਰਹੇ ਹਨ ਕਿ ਹਿੰਦਾਲੀਆਂ ਨੇ ਭਾਈ ਬਾਲੇ ਵਾਲੀ ਅਸਲੀ ਪੋਥੀ ਦੇ ਪੰਨੇ, ਪਾੜ ਕੇ ਬਿਆਸ ਨਦੀ ਵਿੱਚ ਡਬੋ ਦਿੱਤੀ। ਸਵਾਲ ਪੈਦਾ ਹੁੰਦਾ ਹੈ ਕਿ ਫਿਰ ਭਾਈ ਸੰਤੋਖ ਸਿੰਘ ਜੀ ਸਮੇਤ ਕੱਤਕ ਸੁਦੀ ੧੫ ਲਿਖਣ ਵਾਲੇ ਵਿਦਵਾਨਾਂ ਨੇ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਦਿਹਾੜਾ ਕਿਹੜੀ ਪੋਥੀ ਤੋਂ ਵੇਖ ਕੇ ਲਿਖਿਆ ਹੈ। ਉਸ ਨੂੰ ਭੀ ਸਾਮ੍ਹਣੇ ਲਿਆਉਣਾ ਚਾਹੀਦਾ ਹੈ।

ਕਦੀ ਐਸਾ ਤਾਂ ਨਹੀਂ ਕਿ ਕਿਸੇ ਲਿਖਾਰੀ ਨੇ ਗੁਰੂ ਸਾਹਿਬ ਦੀ ਜਨਮ ਮਿਤੀ ਖ਼ੁਦ ਬਦਲੀ ਹੋਵੇ ਤੇ ਮੁੱਦਾ ਖ਼ਤਮ ਕਰਨ ਲਈ ਆਪ ਹੀ ਬਿਆਸਾ ਦਰਿਆ ’ਚ ਰੋੜ ਦਿੱਤੀ, ਵਾਲ਼ਾ ਸ਼ੋਸ਼ਾ ਛੱਡ ਦਿੱਤਾ ਹੋਵੇ, ਪਰ ਉਸ ਨੂੰ ਇਹ ਚੇਤਾ ਨਾ ਰਿਹਾ ਕਿ ਜੇ ਜਨਮ ਮਿਤੀ ਬਦਲੀ ਹੈ ਤਾਂ ਉਮਰ ਵੀ ਬਦਲਣੀ ਪਵੇਗੀ ਜਾਂ ਐਸਾ ਹੋਇਆ ਹੋਵੇ ਕਿ ਜਦ ਖੋਜੀ ਇਤਿਹਾਸਕਾਰਾਂ ਨੇ ਬਾਲੇ ਵਾਲੀ ਜਨਮ ਸਾਖੀ ਨੂੰ ਨਕਲੀ ਸਿੱਧ ਕਰਨਾ ਚਾਹਿਆ ਤਾਂ ਬਾਲੇ ਨੂੰ ਸਹੀ ਸਿੱਧ ਕਰਨ ਲਈ ਲਿਖਿਆ ਗਿਆ ਹੋਵੇ ਕਿ ਹਿੰਦਾਲੀਆਂ ਨੇ ਭਾਈ ਬਾਲੇ ਵਾਲੀ ਅਸਲੀ ਜਨਮ ਸਾਖੀ ਨੂੰ ਬਿਆਸ ਦਰਿਆ ’ਚ ਰੋੜ ਦਿੱਤਾ ਅਤੇ ਅਜੋਕੀ ਜਨਮ ਸਾਖੀ ’ਚ ਹਿੰਦਾਲੀਆਂ ਨੇ ਮਿਲਾਵਟ ਕਰ ਦਿੱਤੀ ਹੈ। ਇਸ ਲਈ ਜਿਹੜੇ ਵਿਦਵਾਨ ਅੱਜ ਮੰਨਦੇ ਹਨ ਕਿ ਬਾਲੇ ਵਾਲੀ ਅਸਲ ਜਨਮ ਸਾਖੀ ਹਿੰਦਾਲੀਆਂ ਨੇ ਨਸ਼ਟ ਕਰ ਦਿੱਤੀ ਹੈ ਤਾਂ ਫਿਰ ਉਹ ਜਿਸ ਜਨਮ ਸਾਖੀ ਦੇ ਹਵਾਲੇ ਨਾਲ ਗੁਰੂ ਜੀ ਦੀ ਜਨਮ ਮਿਤੀ ਕੱਤਕ ਸੁਦੀ ੧੫, ਸੰਮਤ ੧੫੨੬ ਬੜੇ ਸ਼ਿੱਦਤ ਨਾਲ ਪੰਥ ਤੋਂ ਮੰਨਵਾਉਣ ਲਈ ਜ਼ੋਰ ਲਾ ਰਹੇ ਹਨ; ਉਹ ਅਸਲੀ ਜਨਮ ਸਾਖੀ ਦਾ ਕੋਈ ਉਤਾਰਾ ਕੀਤਾ ਭੀ ਕੌਮ ਨੂੰ ਵਿਖਾ ਕੇ ਤਸੱਲੀ ਕਰਾਉਣ।

ਹੁਣ ਸਾਡੇ ਵਾਸਤੇ ਸਮੱਸਿਆ ਇਹ ਹੈ ਕਿ ਇਸ ਰੋਲ-ਘਚੋਲੇ ’ਚ ਸਭ ਤੋਂ ਸ਼ੁੱਧ ਤਾਰੀਖ਼ ਦਾ ਨਿਤਾਰਾ ਕਿਸ ਤਰ੍ਹਾਂ ਕੀਤਾ ਜਾਵੇ ? ਸ: ਪਾਲ ਸਿੰਘ ਪੁਰੇਵਾਲ ਨੇ ਇਸ ਸਮੱਸਿਆ ਦਾ ਹੱਲ ਲੱਭਣ ਲਈ ਵੱਖ ਵੱਖ 34 ਸੋਮਿਆਂ ਤੋਂ 10 ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ, ਗੁਰਗੱਦੀ ਪੁਰਬ ਅਤੇ ਜੋਤੀ-ਜੋਤ ਪੁਰਬ ਦੀਆਂ ਤਾਰੀਖ਼ਾਂ ਵਾਲ਼ੀਆਂ ਵੱਖਰੀਆਂ ਵੱਖਰੀਆਂ ਸੂਚੀਆਂ ਬਣਾਈਆਂ। ਵੇਖਿਆ ਗਿਆ ਹੈ ਕਿ ਸਾਰੇ ਹੀ ਗੁਰੂ ਸਾਹਿਬਾਨ ਦੇ ਜੋਤੀ-ਜੋਤ ਸਮਾਉਣ ਦੀਆਂ ਤਾਰੀਖ਼ਾਂ ’ਚ ਤਕਰੀਬਨ ਸਮਾਨਤਾ ਹੈ। ਗੁਰਗੱਦੀ ਪੁਰਬ ਬਹੁਤੇ ਕੇਸਾਂ ’ਚ ਤਾਂ ਉਨ੍ਹਾਂ ਤੋਂ ਪਹਿਲੇ ਗੁਰੂ ਸਾਹਿਬਾਨ ਦੇ ਜੋਤੀ-ਜੋਤ ਸਮਾਉਣ ਵਾਲੇ ਦਿਨ ਹੀ ਹਨ ਜਾਂ ਕੁਝ ਥਾਂ ’ਚ 1 ਤੋਂ ਲੈ ਕੇ ਪੰਜ ਦਿਨਾਂ ਤੱਕ ਪਹਿਲਾਂ ਹਨ ਜਦ ਕਿ ਪ੍ਰਕਾਸ਼ ਪੁਰਬ ਕਈ ਸਰੋਤਾਂ ’ਚ ਤਾਂ ਇੱਕ ਤੋਂ ਦਸ ਸਾਲ ਤੱਕ ਦਾ ਅੰਤਰ ਹੈ। ਇਸ ਦਾ ਕਾਰਨ ਇਹ ਹੈ ਕਿ ਜਨਮ ਸਮੇਂ ਕਿਸੇ ਨੂੰ ਕੋਈ ਇਲਮ ਨਹੀਂ ਹੁੰਦਾ ਕਿ ਇਸ ਬਾਲਕ ਨੇ ਵੱਡਾ ਹੋ ਕੇ ‘ਗੁਰੂ’ ਜਾਂ ਕੋਈ ਇਤਿਹਾਸਕ ਸ਼ਖ਼ਸੀਅਤ ਬਣਨਾ ਹੈ ਤਾਹੀਓਂ ਉਨ੍ਹਾਂ ਦੇ ਜਨਮ ਦਿਨ ਦਾ ਬਹੁਤਾ ਰਿਕਾਰਡ ਨਾ ਸੰਭਾਲਿਆ। ਜਿਨ੍ਹਾਂ ਨੇ ਵੀ ਆਪਣੀ ਲਿਖਤ ’ਚ ਲਿਖਿਆ ਹੈ, ਉਹ ਅੰਦਾਜ਼ੇ ਨਾਲ ਲਿਖ ਦਿੱਤਾ ਜਾਂ ਇੱਧਰੋਂ ਓਧਰੋਂ ਨਕਲ ਮਾਰ ਕੇ ਲਿਖ ਦਿੱਤਾ।  ਜੋਤੀ-ਜੋਤ ਸਮਾਉਣ ਸਮੇਂ ਤਾਂ ਉਨ੍ਹਾਂ ਦੀ ਸਿੱਖੀ ਸੇਵਕੀ ਅਤੇ ਪ੍ਰਸਿੱਧਤਾ ਬਹੁਤ ਵਧ ਚੁੱਕੀ ਹੁੰਦੀ ਹੈ, ਜਿਸ ਕਾਰਨ ਤਾਰੀਖ਼ ਨੂੰ ਨੋਟ ਕਰ ਲਿਆ ਜਾਂਦਾ ਹੈ। ਇਸੇ ਲਈ ਜੋਤੀ ਜੋਤ ਸਮਾਉਣ ਦੀਆਂ ਤਾਰੀਖ਼ਾਂ ਸੰਬੰਧੀ ਕੋਈ ਵਿਵਾਦ ਨਹੀਂ। ਕਰਤਾਰਪੁਰੀ ਬੀੜ ਵਿੱਚ ਵੀ ਪਹਿਲੇ ਛੇ ਗੁਰੂ ਸਾਹਿਬਾਨ ਜੀ ਦੇ ਜੋਤੀ-ਜੋਤ ਸਮਾਉਣ ਦੇ ਦਿਵਸ ਸਹੀ ਅੰਕਿਤ ਹਨ (ਪਰ ਕਿਸੇ ਦਾ ਭੀ ਜਨਮ ਦਿਨ ਤੇ ਗੁਰਗੱਦੀ ਦਿਵਸ ਦਰਜ ਨਹੀਂ), ਜੋ ਇਸ ਵਿਚਾਰ ਦੀ ਪ੍ਰੋੜ੍ਹਤਾ ਕਰਦੇ ਹਨ ਕਿ ਕਿਸੇ ਭੀ ਗੁਰੂ ਸਾਹਿਬ ਦੇ ਸਹੀ ਜਨਮ ਦਿਵਸ ਬਾਰੇ ਦਾਅਵੇ ਨਾਲ਼ ਨਹੀਂ ਕਿਹਾ ਜਾ ਸਕਦਾ।

ਸਭ ਤੋਂ ਸਹੀ ਅਤੇ ਮੰਨਣਯੋਗ ਤਾਰੀਖ਼ਾਂ ਦਾ ਨਿਤਾਰਾ ਕਰਨ ਦਾ ਹੱਲ ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਸਵ: ਸ: ਪਾਲ ਸਿੰਘ ਪੁਰੇਵਾਲ ਨੇ ਦੱਸਿਆ ਕਿ ਬਿਕ੍ਰਮੀ ਕੈਲੰਡਰ ਦੀਆਂ ਪੰਚਾਂਗਾਂ ’ਚ ਪੰਜ ਮੁੱਖ ਅੰਗ ਹੁੰਦੇ ਹਨ ‘ਤਿੱਥ, ਵਾਰ, ਨਛੱਤਰ, ਕਰਨ ਤੇ ਯੋਗ’। ਗੁਰ ਪੁਰਬ ਦੇ ਪੁਰਾਤਨ ਸੋਮਿਆਂ ’ਚ ਗੁਰ ਪੁਰਬ ਦਿਹਾੜਿਆਂ ’ਚ ਆਮ ਤੌਰ ’ਤੇ ਤਿੱਥ, ਵਾਰ, ਨਛੱਤਰ ਅਤੇ ਕਈ ਕੇਸਾਂ ’ਚ ਸੰਗਰਾਂਦ ਦੇ ਹਿਸਾਬ ਨਾਲ਼ ਸੂਰਜੀ ਤਾਰੀਖ਼ਾਂ ਲਿਖੀਆਂ ਮਿਲਦੀਆਂ ਹਨ। ਅੰਗਰੇਜ਼ਾਂ ਦੇ ਆਉਣ ਤੋਂ ਬਾਅਦ (ਕਿਉਂਕਿ ਉਨ੍ਹਾਂ ਨੇ ਆਪਣਾ ਕੈਲੰਡਰ ਭਾਰਤ ’ਚ ਵੀ ਲਾਗੂ ਕਰ ਦਿੱਤਾ ਸੀ) ਵਾਲ਼ੇ ਸਾਰੇ ਇਤਿਹਾਸਕਾਰਾਂ ਨੇ ਜੂਲੀਅਨ ਕੈਲੰਡਰ ਦੀਆਂ ਤਾਰੀਖ਼ਾਂ ਨੂੰ ਮਹੱਤਵ ਦੇਣਾ ਸ਼ੁਰੂ ਕਰ ਦਿੱਤਾ। ਕਿਸ ਲਿਖਾਰੀ ਜਾਂ ਇਤਿਹਾਸਕਾਰ ਦੁਆਰਾ ਦਰਸਾਈਆਂ ਤਾਰੀਖ਼ਾਂ ਨੂੰ ਸਹੀ ਮੰਨਿਆ ਜਾਵੇ, ਇਹ ਨਿਰਣਾ ਕਰਨ ਲਈ ਉਸ ਸਮੇਂ ਨਾਲ਼ ਸੰਬੰਧਿਤ ਜੰਤਰੀਆਂ ਦੀ ਟੇਕ ਲੈਣੀ ਪੈਣੀ ਹੈ ਤਾਂ ਕਿ ਵੇਖਿਆ ਜਾ ਸਕੇ ਕਿ ਕਿਸ ਤਾਰੀਖ਼ ਦੇ ਸਾਰੇ ਤੱਥ; ਪੰਚਾਂਗ ਨਾਲ ਮਿਲਦੇ ਹਨ। ਪੰਚਾਂਗ ਨਾਲ਼ ਮਿਲਣ ਵਾਲ਼ੇ ਸਾਰੇ ਅੰਗਾਂ ਵਾਲ਼ੀ ਤਾਰੀਖ਼ ਸਹੀ ਅਤੇ ਬਾਕੀ ਤਾਰੀਖ਼ਾਂ ਗ਼ਲਤ ਹੋਣਗੀਆਂ। ਐਨੀਆਂ ਪੁਰਾਣੀਆਂ ਜੰਤਰੀਆਂ ਮਿਲਣੀਆਂ ਭੀ ਮੁਸ਼ਕਲ ਹਨ, ਇਸ ਲਈ ਪਾਲ ਸਿੰਘ ਜੀ ਪੁਰੇਵਾਲ ਨੇ 1469 ਤੋਂ 2100 ਤੱਕ ਭਾਵ 632 ਸਾਲਾ ਜੰਤਰੀ ਬਣਾ ਦਿੱਤੀ ਹੈ। ਜਿਸ ਦੀ ਸਹਾਇਤਾ ਨਾਲ ਇੱਕ ਤੋਂ ਦੂਸਰੀ ਪੱਧਤੀ ’ਚ ਤਾਰੀਖ਼ਾਂ ਆਸਾਨੀ ਨਾਲ ਤਬਦੀਲ ਕੀਤੀਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਜਿਸ ਵੀ ਦਿਹਾੜੇ ਦੀ ਪੰਚਾਂਗ ਦੇ ਸਾਰੇ ਅੰਗ ਅਸਲ ਨਾਲ ਮੇਲ ਖਾਂਦੇ ਹੋਣ, ਉਸ ਨੂੰ ਠੀਕ ਮੰਨਿਆ ਗਿਆ ਤੇ ਜਿਨ੍ਹਾਂ ’ਚ ਅੰਤਰ ਹੈ, ਉਨ੍ਹਾਂ ਤਾਰੀਖ਼ਾਂ ਨੂੰ ਗ਼ਲਤ ਸਮਝ ਕੇ ਰੱਦ ਕਰ ਦਿੱਤਾ।

ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲਿਖੀਆਂ ਤਾਰੀਖ਼ਾਂ ’ਚ ਇੱਕ ਨਵੀਂ ਸਮੱਸਿਆ ਇਹ ਹੈ ਕਿ ਲੇਖਕਾਂ ਵੱਲੋਂ ਲਿਖੀਆਂ ਤਾਰੀਖ਼ਾਂ ਇਸ ਕਸਵੱਟੀ ’ਤੇ ਪੂਰੀਆਂ ਨਹੀਂ ਉੱਤਰਦੀਆਂ। ਇਸ ਹਾਲਤ ’ਚ ਜੋਤੀ-ਜੋਤ ਸਮਾਉਣ ਦੀ ਨਿਰਵਿਵਾਦ ਤਾਰੀਖ਼ ’ਚੋਂ ਕੁੱਲ ਉਮਰ ਘਟਾ ਕੇ ਜਨਮ ਮਿਤੀ ਲੱਭੀ ਗਈ; ਜਿਵੇਂ ਕਿ ਭਾਈ ਬਾਲੇ ਵਾਲੀ ਜਨਮ ਸਾਖੀ ਦੇ ਹਵਾਲੇ ਨਾਲ਼ ਨਾਨਕ ਪ੍ਰਕਾਸ਼ ਲਿਖਣ ਵਾਲੇ ਚੂੜਾਮਨੀ ਕਵੀ ਸੰਤੋਖ ਸਿੰਘ ਨੇ ਗੁਰੂ ਸਾਹਿਬ ਜੀ ਦੀ ਕੁੱਲ ਉਮਰ 70 ਸਾਲ 5 ਮਹੀਨੇ 7 ਦਿਨ ਅਤੇ ਜੋਤੀ ਜੋਤ ਸਮਾਉਣ ਦੀ ਮਿਤੀ ਅੱਸੂ ਵਦੀ ੧੦ ਸੰਮਤ ੧੫੯੬ ਲਿਖੀ ਹੈ। ਇਹੀ ਮਿਤੀ ਕਰਤਾਰਪੁਰੀ ਬੀੜ ’ਚ ਲਿਖੀ ਹੋਣ ਕਾਰਨ ਸਾਰਿਆਂ ਦੀ ਸਹਿਮਤੀ ਹੈ। ਜੇ ਇਸ ਵਿੱਚੋਂ ਗੁਰੂ ਸਾਹਿਬ ਦੀ ਕੁੱਲ ਉਮਰ ਘਟਾ ਦੇਈਏ ਤਾਂ ਆਪਣੇ ਆਪ ਹੀ ਸਹੀ ਜਨਮ ਮਿਤੀ ਸਾਮ੍ਹਣੇ ਆ ਜਾਏਗੀ।  ਪਾਲ ਸਿੰਘ ਪੁਰੇਵਾਲ ਨੇ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ-ਜੋਤ ਸਮਾਉਣ ਦੀ ਮਿਤੀ ਅੱਸੂ ਵਦੀ ੧੦ ਸੰਮਤ ੧੫੯੬ ਨੂੰ ਸੰਗਰਾਂਦ ਦੇ ਹਿਸਾਬ ਨਾਲ਼ ਸੂਰਜੀ ਤਾਰੀਖ਼ਾਂ ’ਚ ਤਬਦੀਲ ਕਰ ੮ ਅੱਸੂ ਸੰਮਤ ੧੫੯੬/7 ਸਤੰਬਰ 1539 ਜੂਲੀਅਨ ਬਣਾਈ, ਜਿਸ ਵਿੱਚੋਂ ਹੇਠਾਂ ਦਿੱਤੇ ਸਾਰਣੀ ਦੇ ਗਣਿਤ ਅਨੁਸਾਰ ਕੁੱਲ ਉਮਰ 70 ਸਾਲ 5 ਮਹੀਨੇ 7 ਦਿਨ ਘਟਾ ਦਿੱਤੀ ਤਾਂ ਗੁਰੂ ਸਾਹਿਬ ਦੀ ਜਨਮ ਮਿਤੀ ੧ ਵੈਸਾਖ ਬਣੀ, ਜਿਸ ਨੂੰ ਦੂਸਰੀਆਂ ਪੱਧਤੀਆ ’ਚ ਤਬਦੀਲ ਕੀਤਿਆਂ ਚੇਤ ਸੁਦੀ ੧੫ ਸੰਮਤ ੧੫੨੬/27 ਮਾਰਚ 1469 ਜੂਲੀਅਨ ਬਣਦਾ ਹੈ।

ਗੁਰੂ ਸਾਹਿਬ ਜੀ ਦਾ ਜਨਮ; ਕੱਤਕ ਦੀ ਥਾਂ ਵੈਸਾਖ ’ਚ ਉਕਤ ਸਾਰੇ ਵਿਦਵਾਨ ਮੰਨਦੇ ਹਨ। ਇਸ ਤੋਂ ਇਲਾਵਾ ਭਾਈ ਗੁਰਦਾਸ ਜੀ ਦੀ ਵਾਰ ੧ ਅਤੇ ਪੰਚ ਖ਼ਾਲਸਾ ਦੀਵਾਨ ਭਸੌੜ ਦੀ ਲਿਖਤ ‘ਖ਼ਾਲਸਾ ਰਹਿਤ ਪ੍ਰਕਾਸ਼’ ਭੀ ੧ ਵੈਸਾਖ ਨੂੰ ਸਹੀ ਮੰਨਦੀ ਹੈ। ਇਸ ਜਨਮ ਤਾਰੀਖ਼ ਨਾਲ ਜੇਕਰ ਸਰਬ ਪ੍ਰਵਾਨਿਤ ਜੋਤੀ-ਜੋਤ ਤਾਰੀਖ਼ ਅੱਸੂ ਵਦੀ ੧੦ ਸੰਮਤ ੧੫੯੬ ਅਤੇ ਭਾਈ ਸੰਤੋਖ ਸਿੰਘ ਸਮੇਤ ਕਈ ਵਿਦਵਾਨਾਂ ਵੱਲੋਂ ਲਿਖੀ ਗਈ ਕੁੱਲ ਉਮਰ 70 ਸਾਲ 5 ਮਹੀਨੇ 7 ਦਿਨ ਮਿਲਾਈਏ ਤਾਂ ਭੀ ਪੂਰ ਹੁੰਦੀ ਹੈ। ਪ੍ਰਚਲਿਤ ਧਾਰਨਾ ਕਿ ਗੁਰੂ ਸਾਹਿਬ ਦਾ ਪ੍ਰਕਸ਼ ਪੂਰਨਮਾਸ਼ੀ ਵਾਲੇ ਦਿਨ ਹੋਇਆ, ਉਹ ਭੀ ਦਰੁਸਤ ਹੁੰਦੀ ਹੈ ਕਿਉਂਕਿ ੧ ਵੈਸਾਖ ਸੰਮਤ ੧੫੨੬ ਨੂੰ ਚੇਤ ਮਹੀਨੇ ਦੀ ਪੂਰਨਮਾਸ਼ੀ ਹੀ ਸੀ। ਸੋ ਗੁਰੂ ਸਾਹਿਬ ਦਾ ਜਨਮ; ਕੱਤਕ ਦੀ ਬਜਾਇ ੧ ਵੈਸਾਖ ਨੂੰ ਵਧੇਰੇ ਢੁੱਕਵਾਂ ਜਾਪਦਾ ਹੈ।

ਹੁਣ ਤੱਕ ਦੇ ਇਤਿਹਾਸਕਾਰਾਂ ’ਚੋਂ ਸਭ ਤੋਂ ਵੱਧ ਅਸਰਦਾਰ ਖੋਜ ਕਰਨ ਵਾਲੇ ਸ: ਕਰਮ ਸਿੰਘ ਹਿਸਟੋਰੀਅਨ ਨੇ ਵੀ ਇਹੋ ਤਾਰੀਕਾ ਵਰਤਿਆ, ਪਰ ਉਨ੍ਹਾਂ ਤੋਂ ਗੁਰੂ ਜੀ ਦਾ ਪ੍ਰਕਾਸ਼ ਦਿਵਸ ਨਿਸ਼ਚਿਤ ਕਰਨ ਸਮੇਂ 2 ਕੁ ਤਰੁਟੀਆਂ ਰਹਿ ਗਈਆਂ। ਪਹਿਲੀ ਇਹ ਕਿ ਉਨ੍ਹਾਂ ਦੀ ਲਿਖਤ ’ਚ ਗੁਰੂ ਜੀ ਦੇ ਜੋਤੀ-ਜੋਤ ਸਮਾਉਣ ਦੀ ਨਿਰਵਿਵਾਦ ਤਾਰੀਖ਼ ਅੱਸੂ ਵਦੀ ੧੦ ਦੀ ਥਾਂ ਅੱਸੂ ਸੁਦੀ ੧੦ ਸੰਮਤ ੧੫੨੬ ਲਿਖਿਆ ਗਿਆ। ਪੰਜਾਬ ’ਚ ਸੁਦੀ ਪੱਖ ਨਾਲੋਂ ਵਦੀ ਪੱਖ 15 ਦਿਨ ਪਹਿਲਾਂ ਆ ਜਾਂਦਾ ਹੈ। ਦੂਸਰੀ ਤਰੁਟੀ ਇਹ ਰਹੀ ਕਿ ਉਨ੍ਹਾਂ ਨੇ ਉਮਰ ਦੇ ਕੁੱਲ ਦਿਨ; ਸੂਰਜੀ ਕੈਲੰਡਰ ਦੀ ਥਾਂ ਚੰਦਰ ਕੈਲੰਡਰ ਨਾਲ਼ ਘਟਾ ਕੇ ਜਨਮ ਮਿਤੀ ਕੱਢੀ। ਜਦੋਂ ਕਿ ਚੰਦਰ ਕੈਲੰਡਰ ਨਾਲ ਕਦੀ ਵੀ ਕੋਈ ਗਣਿਤ ਠੀਕ ਨਹੀਂ ਢੁੱਕਦਾ। ਜੇਕਰ ਪਿਛਲੇ 5 ਕੁ ਸਾਲਾਂ ਦੀਆਂ ਜੰਤਰੀਆਂ ’ਚੋਂ ਤਾਰੀਖ਼ਾਂ ਨੋਟ ਕਰਕੇ ਹਰ ਸਾਲ ਦਾ ਸਮਾਂ ਕੱਢਿਆ ਜਾਵੇ ਤਾਂ ਨਤੀਜਾ ਹੇਠ ਲਿਖੇ ਟੇਬਲ ਮੁਤਾਬਕ ਸਾਮ੍ਹਣੇ ਆਉਂਦਾ ਹੈ :

ਉੱਪਰ ਬਣਾਈ ਸਾਰਣੀ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਚੰਦਰਮਾਂ ਦੀਆਂ ਤਿੱਥਾਂ ਮੁਤਾਬਕ ਸੂਰਜੀ ਦਿਨਾਂ ਦੀ ਗਿਣਤੀ ਕਿਵੇਂ ਘਟਦੀ ਵਧਦੀ ਰਹਿੰਦੀ ਹੈ, ਇਸ ਲਈ ਕਿਸੇ ਦੀ ਸਹੀ ਉਮਰ ਕੱਢਣ ਲਈ ਸੂਰਜੀ ਸਾਲ ਦੀ ਵਰਤੋਂ ਹੀ ਕਰਨੀ ਯੋਗ ਤਰੀਕਾ ਹੈ।

੧ ਵੈਸਾਖ ਨਾਲ਼ ਅਸਹਿਮਤ ਸਿੱਖ ਅਕਸਰ ਸਵਾਲ ਕਰਦੇ ਹਨ ਕਿ ਜਨਮ ਸਾਖੀਆਂ ’ਚ ਜਾਂ ਤਾਂ ਕੱਤਕ ਦੀ ਪੂਰਨਮਾਸ਼ੀ ਲਿਖਿਆ ਮਿਲਦਾ ਹੈ ਜਾਂ ਅੱਸੂ ਵਦੀ/ਸੁਦੀ ੧੦, ਕਿਸੇ ਨੇ ਭੀ ੧ ਵੈਸਾਖ ਨਹੀਂ ਲਿਖਿਆ, ਇਸ ਲਈ ੧ ਵੈਸਾਖ ਕਿਵੇਂ ਮੰਨਿਆ ਜਾ ਸਕਦਾ ਹੈ ? ਜਵਾਬ : ਜਨਮ ਸਾਖੀਆਂ ਨਾਲੋਂ ਭਾਈ ਗੁਰਦਾਸ ਜੀ ਦੀ ਰਚਨਾ ਵਧੇਰੇ ਭਰੋਸਾ ਕਰਨਯੋਗ ਹੈ। ਭਾਈ ਗੁਰਦਾਸ ਜੀ ਦੀ ਵਾਰ ੧ ਨੂੰ ਸੰਖੇਪ ਸ਼ਬਦਾਂ ’ਚ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਸਾਖੀ ਕਿਹਾ ਜਾ ਸਕਦਾ ਹੈ। ਉਨ੍ਹਾਂ ਨੇ ਆਪਣੀ ਵਾਰ ੧, 27ਵੀਂ ਪਉੜੀ ’ਚ ਸ਼ਬਦ ਵਿਸੋਆ (੧ ਵੈਸਾਖ) ਲਿਖਿਆ ਹੈ। ਇਸ ਦੀ ਵਿਚਾਰ ਤੋਂ ਪਹਿਲਾਂ ਭਾਈ ਸਾਹਿਬ ਜੀ ਦੁਆਰਾ ਰਚੀ ਪਹਿਲੀ ਵਾਰ ਦੀ ਸੰਖੇਪ ’ਚ ਕਰਮਵਾਰ ਵਿਚਾਰ ਕਰਨੀ ਜ਼ਰੂਰੀ ਹੈ; ਜਿਵੇਂ ਕਿ

ਪਹਿਲੀ ਪਉੜੀ ਮੰਗਲਾਚਰਨ ਵਜੋਂ ਹੈ, ਜੋ ਗੁਰੂ ਨਾਨਕ ਸਾਹਿਬ ਜੀ ਨੂੰ ਨਮਸਕਾਰ ਕਰਨ ਵੱਲ ਸੰਕੇਤਿਕ ਹੈ।

ਨਮਸਕਾਰ ਗੁਰਦੇਵ ਕੋ; ਸਤਿ ਨਾਮ ਜਿਸ ਮੰਤ੍ਰ ਸੁਣਾਇਆ

ਅਰਥ ਗੁਰਦੇਵ (ਗੁਰੂ ਨਾਨਕ ਸਾਹਿਬ) ਨੂੰ ਨਮਸਕਾਰ ਹੈ, ਜਿਸ ਨੇ ‘ਸਤਿ ਨਾਮ’ ਰੂਪ ਉਪਦੇਸ਼-ਮੰਤ੍ਰ ਉਚਾਰਿਆ ਹੈ।

ਭਵਜਲ ਵਿਚੋਂ ਕਢਿ ਕੇ; ਮੁਕਤਿ ਪਦਾਰਥ ਮਾਹਿ ਸਮਾਇਆ

ਅਰਥ(ਇਸ ਮੰਤ੍ਰ ਨੇ ਸਿੱਖ ਨੂੰ) ਸੰਸਾਰ ਸਮੁੰਦਰ ’ਚੋਂ ਕੱਢ ਕੇ ਜੀਵਨ ਮੁਕਤ ਅਵਸਥਾ ’ਚ ਲੀਨ ਕਰ ਦਿੱਤਾ।

ਜਨਮ ਮਰਣ ਭਉ ਕਟਿਆ; ਸੰਸਾ ਰੋਗ ਵਿਯੋਗ ਮਿਟਾਇਆ…. ਅਰਥਜਨਮ ਮਰਣ ਦਾ ਡਰ ਦੂਰ ਹੋ ਗਿਆ, ਰੋਗ ਤੇ ਵਿਯੋਗ ਦਾ ਸੰਸਾ ਵੀ ਮਿਟਾ ਦਿੱਤਾ।

ਦੂਜੀ ਪਉੜੀ ’ਚ ਜਗਤ ਰਚਨਾ ਬਣਨ ਬਾਰੇ ਜ਼ਿਕਰ ਹੈ, ‘‘ਪ੍ਰਿਥਮੈ ਸਾਸ ਮਾਸ ਸਨ; ਅੰਧ ਧੁੰਧ ਕਛੁ ਖਬਰ ਪਾਈ ਰਕਤ ਬਿੰਦ ਕੀ ਦੇਹਿ ਰਚਿ; ਪਾਂਚ ਤਤ ਕੀ ਜੜਤ ਜੜਾਈਚਉਰਾਸੀਹ ਲਖ ਜੋਨਿ ਉਪਾਈ

ਇਹੀ ਪ੍ਰਸੰਗ ਚੱਲਦਾ ਚੱਲਦਾ 23ਵੀਂ ਪਉੜੀ ’ਚ ਕਰਤਾਰ ਵੱਲੋਂ ਮਨੁੱਖਤਾ ਦੇ ਕਲਿਆਣ ਲਈ ਗੁਰੂ ਨਾਨਕ ਸਾਹਿਬ ਨੂੰ ਮਨੁੱਖੀ ਸਰੀਰ ’ਚ ਭੇਜਣ ਦਾ ਜ਼ਿਕਰ ਹੈ, ‘‘ਸੁਣੀ ਪੁਕਾਰਿ ਦਾਤਾਰ ਪ੍ਰਭਿ (ਨੇ), ਗੁਰੁ ਨਾਨਕ ਜਗ ਮਾਹਿ ਪਠਾਇਆ..੨੩

24ਵੀਂ ਪਉੜੀ ’ਚ ਗੁਰੂ ਨਾਨਕ ਸਾਹਿਬ ਜੀ ਨੂੰ ਅਕਾਲ ਪੁਰਖ ਵੱਲੋਂ ਪ੍ਰਾਪਤ ਹੋਈਆਂ ਸਾਰੀਆਂ ਸ਼ਕਤੀਆਂ ਦਾ ਵਰਣਨ ਹੈ, ‘‘ਪਹਿਲਾ, ਬਾਬੇ ਪਾਯਾ ਬਖਸੁ ਦਰਿ; ਪਿਛੋ ਦੇ ਫਿਰਿ ਘਾਲਿ ਕਮਾਈਅਰਥ : ਗੁਰੂ ਬਾਬੇ ਨੇ ਪਹਿਲਾਂ (ਅਕਾਲ ਪੁਰਖ ਦੇ) ਦਰ ਤੋਂ ਬਖ਼ਸ਼ਸ਼ ਪ੍ਰਾਪਤ ਕਰ, ਬਾਅਦ ’ਚ ‘ਸਤਿ ਨਾਮ’ ਮੰਤ੍ਰ ਦੀ ਕਮਾਈ ਵਾਲ਼ੀ ਘਾਲਣਾ ਘਾਲੀ।

ਬਾਬਾ ਦੇਖੈ ਧਿਆਨ ਧਰਿ, ਜਲਤੀ ਸਭਿ ਪ੍ਰਿਥਵੀ ਦਿਸਿ ਆਈ ਅਰਥ : ਬਾਬੇ ਨੇ ਦਿਬ ਦ੍ਰਿਸ਼ਟੀ ਨਾਲ ਦੇਖਿਆ ਤਾਂ ਸਾਰੀ ਪ੍ਰਿਥਵੀ ਸੜਦੀ ਨਜ਼ਰ ਆਈ ਭਾਵ ਪਾਪਾਂ ਨਾਲ ਪੀੜਤ ਦੇਖੀ ਕਿਉਂਕਿ

ਬਾਝਹੁ ਗੁਰੂ ਗੁਬਾਰ ਹੈ; ਹੈ ਹੈ ਕਰਦੀ ਸੁਣੀ ਲੁਕਾਈ ਅਰਥ : ਗੁਰੂ ਤੋਂ ਬਿਨਾਂ ਅਗਿਆਨਤਾ ਦਾ ਘੁੱਪ ਹਨ੍ਹੇਰਾ ਹੈ ਤਾਹੀਓਂ ਮਾਨਵਤਾ ਕੁਰਲਾ ਰਹੀ ਹੈ।

ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤਿ ਚਲਾਈ ਅਰਥ : ਬਾਬੇ ਨੇ ਸਨਿਆਸੀ ਲਿਬਾਸ ਧਾਰਨ ਕੀਤਾ ਤੇ ਮਾਯਾ ਤੋਂ ਨਿਰਮੋਹ ਕਰਨ ਵਾਲ਼ੀ ਰੀਤ ਚਲਾ ਦਿੱਤੀ ਭਾਵ ਰੱਬ ਦੀ ਬੰਦਗੀ ਕਰਨ ਲਗਾ ਦਿੱਤਾ।

ਚੜ੍ਹਿਆ ਸੋਧਣਿ ਧਰਤਿ ਲੁਕਾਈ ੨੪ ਅਰਥ : ਮਾਨਵਤਾ ਨੂੰ ਸਹੀ ਰਾਹ ਪਾਉਣ ਲਈ ਉਦਾਸੀਆਂ ਸ਼ੁਰੂ ਕਰ ਦਿੱਤੀਆਂ।

ਸਮਾਜ ਸੁਧਾਰ ਵਾਲ਼ਾ ਇਹ ਪ੍ਰਸੰਗ ਚੱਲਦਾ-ਚੱਲਦਾ ਅਗਾਂਹ 27ਵੀਂ ਪਉੜੀ ਹੈ, ਜਿਸ ਵਿੱਚ ‘ਵਿਸੋਅ’ ਸ਼ਬਦ ਹੈ :

ਸਤਿਗੁਰ ਨਾਨਕ ਪ੍ਰਗਟਿਆ; ਮਿਟੀ ਧੁੰਧੁ, ਜਗਿ ਚਾਨਣੁ ਹੋਆ ਜਿਉ ਕਰਿ ਸੂਰਜੁ ਨਿਕਲਿਆ; ਤਾਰੇ ਛਪੇ, ਅੰਧੇਰੁ ਪਲੋਆ

ਅਰਥ : ਜਦ ਸਤਿਗੁਰ ਨਾਨਕ ਜੀ ਪ੍ਰਗਟ ਹੋਏ ਭਾਵ ਜਨਮ ਧਾਰਿਆ ਤਾਂ ਅਗਿਆਨਤਾ/ਹਨ੍ਹੇਰਾ ਮਿਟਾ ਕੇ ਜਗਤ ਭਾਵ ਹਿਰਦਿਆਂ ’ਚ ਇਉਂ ਚਾਨਣ ਹੋ ਗਿਆ; ਜਿਵੇਂ ਸੂਰਜ ਦੇ ਚੜ੍ਹਿਆਂ ਤਾਰੇ ਛਿਪ ਜਾਂਦੇ ਹਨ ਤੇ ਹਨ੍ਹੇਰਾ ਮਿਟ ਜਾਂਦਾ ਹੈ। ਗੁਰੂ ਧਾਰਨ ਕਰਨ ਉਪਰੰਤ ਹੋਏ ਆਤਮ-ਪ੍ਰਕਾਸ਼ ਦਾ ਜ਼ਿਕਰ ਗੁਰੂ ਅੰਗਦ ਸਾਹਿਬ ਜੀ ਨੇ ਭੀ ਇਉਂ ਕੀਤਾ ਹੈ, ‘‘ਜੇ ਸਉ ਚੰਦਾ ਉਗਵਹਿ; ਸੂਰਜ ਚੜਹਿ ਹਜਾਰ ਏਤੇ ਚਾਨਣ ਹੋਦਿਆਂ; ਗੁਰ ਬਿਨੁ ਘੋਰ ਅੰਧਾਰ ’’ (ਮਹਲਾ /੪੬੩)

ਸਿੰਘ ਬੁਕੇ, ਮਿਰਗਾਵਲੀ ਭੰਨੀ ਜਾਇ; ਧੀਰਿ ਧਰੋਆ  ਅਰਥ : (ਅਗਿਆਨਤਾ ਦਾ ਹਨ੍ਹੇਰਾ ਇਉਂ ਚਲਾ ਗਿਆ ਜਿਵੇਂ) ਸ਼ੇਰਾਂ ਦੀ ਦਹਾੜ ਨਾਲ਼ ਹਿਰਨ ਭਾਵ ਵਿਕਾਰ ਭੱਜ ਜਾਂਦੇ ਹਨ ਕਿਉਂਕਿ ਉਹ, ਸ਼ੇਰਾਂ ਦੇ ਤੇਜ਼ ਨੂੰ ਸਹਾਰ ਨਹੀਂ ਸਕਦੇ।

ਜਿਥੇ ਬਾਬਾ ਪੈਰ ਧਰੇ; ਪੂਜਾ ਆਸਣੁ ਥਾਪਣਿ ਸੋਆ  ਅਰਥ : ਜਿੱਥੇ ਭੀ ਬਾਬਾ ਚਰਨ ਪਾਉਂਦਾ ਓਹੀ ਸਥਾਨ ਪੂਜਾ ਦਾ ਕੇਂਦਰ ਬਣਦਾ ਗਿਆ।

ਸਿ ਆਸਣਿ ਸਭਿ ਜਗਤ ਦੇ; ਨਾਨਕ ਆਦਿ ਮਤੇ ਜੇ ਕੋਆ ਅਰਥ : ਜਿਵੇਂ ਸਿੱਧਾਂ ਦੇ ਗੋਰਖ ਮੱਤੇ ਦੀ ਥਾਂ ਨਾਨਕ ਮਤਾ ਬਣ ਗਿਆ ਇਸੇ ਤਰ੍ਹਾਂ ਜਿਹੜੇ ਭੀ ਜਗਤ ਦੇ ਸਾਰੇ ਪ੍ਰਸਿੱਧ ਅਸਥਾਨ ਸਨ, ਉਹ ਨਾਨਕ ਦੇ ਨਾਮ ’ਤੇ ਪ੍ਰਸਿੱਧ ਹੋ ਗਏ ਭਾਵ ਜੋਗੀਆਂ ਦੀ ਮਰਯਾਦਾ ਦੀ ਥਾਂ ਨਾਨਕ ਦੀ ਮਰਯਾਦਾ ਸ਼ੁਰੂ ਹੋ ਗਈ।

ਘਰਿ ਘਰਿ ਅੰਦਰਿ ਧਰਮਸਾਲ; ਹੋਵੈ ਕੀਰਤਨੁ ਸਦਾਵਿਸੋਆ ਅਰਥ : ਘਰ ਘਰ ਵਿਖੇ ਧਰਮਸ਼ਾਲਾਂ ਹੋਈਆਂ, ਕੀਰਤਨ ਹੋਣ ਲੱਗਾ (ਮਾਨੋ) ਸਦਾ ਵਿਸਾਖੀ ਬਣੀ ਰਹਿੰਦੀ ਹੈ।

ਬਾਬੇ ਤਾਰੇ ਚਾਰਿ ਚਕਿ; ਨਉ ਖੰਡਿ ਪ੍ਰਿਥਮੀ ਸਚਾ ਢੋਆ  ਅਰਥ : ਬਾਬੇ ਨੇ ਚਾਰੇ ਦਿਸ਼ਾਵਾਂ ਤਾਰ ਦਿੱਤੀਆਂ, 9 ਖੰਡ ਪ੍ਰਿਥਵੀ ਭਵ ਸਾਰੀ ਮਾਨਵਤਾ; ਸੱਚ ਦੀ ਟੇਕ ਲੈਣ ਲੱਗੀ।

ਗੁਰਮਖਿ, ਕਲਿ ਵਿਚ ਪਰਗਟੁ ਹੋਆ ੨੭ ਅਰਥ : ਕਲਿਜੁਗ ’ਚ ਸ੍ਰੋਮਣੀ ਗੁਰੂ (ਨਾਨਕ) ਪ੍ਰਗਟ ਹੋ ਪਿਆ ਯਾਨੀ ਕਲਿਜੁਗ ਦੀ ਦੁਰਦਸ਼ਾ ਬਿਆਨ ਕਰ, ਉਸ ਦੇ ਉਧਾਰ ਲਈ ਗੁਰੂ ਨਾਨਕ ਸਾਹਿਬ ਨੇ ਇਸ ਜਗਤ ’ਚ ਜਨਮ ਲਿਆ ਤੇ ਵਿਕਾਰਾਂ ’ਚ ਸੜਦੀ-ਤਪਦੀ ਲੁਕਾਈ ਦੇ ਹਿਰਦੇ ’ਚ ਠੰਢ ਪਈ।

ਅਗਾਂਹ 28ਵੀਂ ਪਉੜੀ ’ਚ ਸੁਮੇਰ ਪਰਬਤ ’ਤੇ ਸਿੱਧਾਂ ਨਾਲ ਚਰਚਾ ਕਰਨ ਦਾ ਜ਼ਿਕਰ ਹੈ, ‘‘ਬਾਬੇ ਡਿਠੀ ਪਿਰਥਮੀ, ਨਵੈ ਖੰਡਿ ਜਿਥੈ ਤਕਿ ਆਹੀ ਫਿਰਿ ਜਾਇ ਚੜ੍ਹਿਆ ਸੁਮੇਰ ਪਰ, ਸਿਧ ਮੰਡਲੀ ਦ੍ਰਿਸਟੀ ਆਈ.. ੨੮’’

ਸੋ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ ਪਹਿਲੀ ਪਉੜੀ ਤੋਂ ਲੈ ਕੇ 44ਵੀਂ ਪਉੜੀ ਤੱਕ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰਕ ਯਾਤਰਾ ਬਾਰੇ ਸੰਖੇਪ ਜਿਹਾ ਵਰਣਨ ਕੀਤੀ ਹੈ ਅਤੇ 45ਵੀਂ ਪਉੜੀ ’ਚ ਗੁਰੂ ਅੰਗਦ ਸਾਹਿਬ ਨੂੰ ਗੁਰਿਆਈ ਬਖ਼ਸ਼ਣ ਦਾ ਜ਼ਿਕਰ ਹੈ, ‘‘ਮਾਰਿਆ ਸਿਕਾ ਜਗਤ੍ਰਿ ਵਿਚਿ, ਨਾਨਕ ਨਿਰਮਲ ਪੰਥ ਚਲਾਇਆ ਥਾਪਿਆ ਲਹਿਣਾ ਜੀਵਦੇ; ਗੁਰਿਆਈ ਸਿਰਿ ਛਤ੍ਰ ਫਿਰਾਇਆ੪੫’’ (ਭਾਈ ਗੁਰਦਾਸ ਜੀ/ਵਾਰ , ਪਉੜੀ ੪੫)

ਉਕਤ ਕੀਤੀ ਸਾਰੀ ਵਿਚਾਰ ਵਿੱਚੋਂ 27ਵੀਂ ਪਉੜੀ ਵਿੱਚ ਅਚਾਨਕ ‘ਵਿਸੋਅ’ (ਵਿਸਾਖੀ) ਸ਼ਬਦ ਦਾ ਜ਼ਿਕਰ ਹੋਣਾ, ਗੁਰੂ ਸਾਹਿਬ ਜੀ ਦੇ ਜਨਮ ਦਿਨ ਨਾਲ਼ ਹੀ ਸੰਬੰਧਿਤ ਹੋ ਸਕਦਾ ਹੈ, ਨਹੀਂ ਤਾਂ ਵਿਸਾਖੀ ਨੂੰ ਖੁਸ਼ੀ ਪ੍ਰਗਟਾਉਣ ਦਾ ਕੋਈ ਹੋਰ ਕਾਰਨ ਨਹੀਂ ਜਾਪਦਾ। ਇਸ ਤੋਂ ਇਲਾਵਾ ਪੰਚ ਖ਼ਾਲਸਾ ਦੀਵਾਨ, ਸਿੰਘ ਸਭਾ ਭਸੌੜ ਵੱਲੋਂ ਭੀ ਤਕਰੀਬਨ 100 ਸਾਲ ਪਹਿਲਾਂ ਤੇਜਾ ਸਿੰਘ ਰਿਟਾਇਰਡ ਐੱਸਡੀਓ ਵੱਲੋਂ ਲਿਖੀ ‘ਖ਼ਾਲਸਾ ਰਹਿਤ ਪ੍ਰਕਾਸ਼’ ਨਾਮ ਦੀ ਛਪਵਾਈ ਪੁਸਤਕ ਦੇ ਪੰਨਾ ਨੰ: 63 ’ਤੇ ਭੀ ਗੁਰੂ ਨਾਨਕ ਸਾਹਿਬ ਜੀ ਦਾ ਜਨਮ ੧ ਵੈਸਾਖ ਸੰਮਤ ੧੫੨੬ ਦਿਨ ਐਤਵਾਰ/27 ਮਾਰਚ 1468 ਲਿਖਿਆ ਮਿਲਦਾ ਹੈ ਭਾਵੇਂ ਕਿ ਇਸ ਵਿੱਚ ਦਿਨ ਐਤਵਾਰ ਤੇ ਸੰਨ 1468 ਦੀ ਥਾਂ ਸੋਮਵਾਰ ਤੇ ਸੰਨ 1469 ਚਾਹੀਦਾ ਸੀ। ਐਸੀ ਗ਼ਲਤੀ ਟਾਈਪ ਕਰਨ ’ਚ ਹੋਣੀ ਸੁਭਾਵਕ ਹੁੰਦੀ ਹੈ ਜਾਂ ਹੋ ਸਕਦਾ ਹੈ ਕਿ ਉਨ੍ਹਾਂ ਤੋਂ ਤਰੀਖ਼ਾਂ ਤਬਦੀਲ ਕਰਦੇ ਸਮੇਂ ਹੋਈ ਹੋਵੇ। ਇੱਕ ਹੋਰ ਪੁਸਤਕ, ਜੋ ਅੰਗਰੇਜ਼ੀ ’ਚ ਲਗਭਗ 1880 ਸੀਈ ’ਚ ਛਪੀ ਸੀ, ਉਸ ਦੇ ਇੱਕ ਪੰਨੇ ਦੀ ਫੋਟੋ ਭੀ ਮੈਨੂੰ ਸਵ: ਸ. ਪਾਲ ਸਿੰਘ ਪੁਰੇਵਾਲ ਨੇ ਭੇਜੀ, ਜਿਸ ਵਿੱਚ ਇਉਂ ਲਿਖਿਆ ਸੀ ‘ਬਹੁਤ ਸਾਰੇ ਲੇਖਕ ਗੁਰੂ ਨਾਨਕ ਸਾਹਿਬ ਜੀ ਦਾ ਜਨਮ ੧ ਵੈਸਾਖ ਸੰਮਤ ੧੫੨੬ ਮੰਨਦੇ ਹਨ’। ਸੋ ਸਾਰੀ ਵਿਚਾਰ ’ਚ ਇਹੀ ਪ੍ਰਤੀਤ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਕੱਤਕ ਦੀ ਥਾਂ ੧ ਵੈਸਾਖ ਦਾ ਹੀ ਹੈ।

ਧਿਆਨ ਰਹੇ ਕਿ ਸ: ਕਰਮ ਸਿੰਘ ਹਿਸਟੋਰੀਅਨ ਵੱਲੋਂ ਲਿਖੀ 15 ਅਪਰੈਲ ਜੂਲੀਅਨ ਕੈਲੰਡਰ ਦੀ ਸੀ, ਜੋ ਹੁਣ (ਸੰਨ 1752 ਤੋਂ ਬਾਅਦ) ਗ੍ਰੈਗੋਰੀਅਨ ਕੈਲੰਡਰ ਵਿੱਚ 28 ਅਪਰੈਲ ਬਣ ਗਈ। ਵੈਸੇ ਜੂਲੀਅਨ ਦੀਆਂ ਤਾਰੀਖ਼ਾਂ ਨੂੰ ਨਹੀਂ ਬਲਕਿ ਚੇਤ, ਵੈਸਾਖ ਆਦਿ ਮਹੀਨਿਆਂ ਦੇ ਪ੍ਰਵਿਸ਼ਟਿਆਂ ਨੂੰ ਮੁੱਖ ਰੱਖਿਆ ਗਿਆ ਹੈ। ਇਸ ਲਈ ਕਰਮ ਸਿੰਘ ਹਿਸਟੋਰੀਅਨ ਨੇ 15 ਅਪਰੈਲ 1469 (ਜੂਲੀਅਨ) ਦੇ ਨਾਲ਼-ਨਾਲ਼ ੨੦ ਵੈਸਾਖ ਸੰਮਤ ੧੫੨੬ ਵੀ ਲਿਖਿਆ ਹੈ।  ਸਿੱਖਾਂ ਨੇ ਗੁਰ ਪੁਰਬ ੨੦ ਵੈਸਾਖ ਨਿਸ਼ਚਿਤ ਕਰਨਾ ਹੈ, ਨਾ ਕਿ 15 ਜਾਂ 28 ਅਪਰੈਲ ਕਿਉਂਕਿ ੨੦ ਵੈਸਾਖ ਅੱਜ ਕੱਲ੍ਹ ਬਿਕ੍ਰਮੀ ਕੈਲੰਡਰ ’ਚ 2/3 ਮਈ ਨੂੰ ਅਤੇ ਨਾਨਕਸ਼ਾਹੀ ਕੈਲੰਡਰ ’ਚ ਹਰ ਸਾਲ 3 ਮਈ ਨੂੰ ਆਉਂਦਾ ਹੈ।

ਭਾਈ ਗੁਰਦਾਸ ਜੀ ਦੇ ਕਬਿੱਤ ਨੰ: 345 ’ਚ ਕੱਤਕ ਦੀ ਪੂਰਨਮਾਸ਼ੀ ਦਾ ਭੀ ਜ਼ਿਕਰ ਹੈ।  ੧ ਵਿਸਾਖ ਨਾਲ਼ ਅਸਹਿਮਤ ਕੁੱਝ ਸਿੱਖ ਇਸ ਦਾ ਸੰਬੰਧ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਨਾਲ ਜੋੜਦੇ ਹਨ, ਇਸ ਲਈ ਸੰਖੇਪ ’ਚ ਇਸ ਕਬਿੱਤ ਦੀ ਵਿਚਾਰ ਜ਼ਰੂਰੀ ਹੈ :

ਕਾਰਤਕ ਮਾਸ, ਰੁਤਿ ਸਰਦ, ਪੂਰਨਮਾਸੀ, ਆਠ ਜਾਮ ਸਾਠਿ ਘਰੀ; ਆਜੁ ਤੇਰੀ ਬਾਰੀ ਹੈ

ਅਰਥ : ਹੇ ਸਖੀ  ! ਇਸੇ ਜਨਮ ’ਚ ਤੇਰੇ ਕੋਲ਼ ਸਫਲ ਹੋਣ ਦਾ ਸਮਾਂ ਹੈ। ਵੇਖ ਕੱਤਕ ਦਾ ਮਹੀਨਾ, ਸਰਦ ਰੁੱਤ ਤੇ ਪੁੰਨਿਆ ਦਾ ਦਿਨ ਯਾਨੀ ਕਿ ਪੂਰਨਮਾਸ਼ੀ ਆ ਗਈ ਭਾਵ ਬਾਹਰ ਚਾਨਣ ਅਤੇ ਠੰਢਕ ਹੈ, ਪਰ ਤੇਰੇ ਅੰਦਰ ਅਗਿਆਨਤਾ ਦਾ ਹਨ੍ਹੇਰਾ ਤੇ ਵਿਕਾਰਾਂ ਦੀ ਤਪਸ਼ ਹੈ, ਜੋ 8 ਪਹਿਰ ਅਤੇ 60 ਘੜੀਆਂ ਰਹਿੰਦੀ ਹੈ। ਇਹੀ ਉਪਦੇਸ਼ ਗੁਰੂ ਸਾਹਿਬ ਨੇ ਇਉਂ ਦਿੱਤਾ ਹੈ, ‘‘ਭਈ ਪਰਾਪਤਿ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ’’ ਮਹਲਾ /੧੨)

ਅਉਸਰ ਅਭੀਚ ਬਹੁਨਾਇਕ ਕੀ ਨਾਇਕਾ ਹੁਇ; ਰੂਪ ਗੁਨ ਜੋਬਨ ਸਿੰਗਾਰ ਅਧਿਕਾਰੀ ਹੈ

ਅਰਥ : ਸੁੰਦਰ ਲਗਨ ਦਾ ਸਮਾਂ (ਮੌਕਾ) ਹੈ। ਅਣਗਿਣਤ ਪਤਨੀਆਂ ਵਾਲ਼ੇ ਪਤੀ (ਪ੍ਰਭੂ) ਦੀ ਪਤਨੀ ਬਣ ਕੇ ਮਾਲਕ ਦੇ ਗੁਣਾਂ ਨਾਲ਼ ਸੁੰਦਰ ਰੂਪ ਤੇ ਸੁੰਦਰ ਸ਼ਿੰਗਾਰ ਬਣਾ ਯਾਨੀ ਕਿ ਅੰਦਰੋਂ ਅਤੇ ਬਾਹਰੋਂ ਸੁੰਦਰ ਹੋ ਜਾਹ।

ਨੋਟ : ਗੁਰਬਾਣੀ ਅਨੁਸਾਰ ਇਸ ਜਗਤ ਵਿੱਚ ਕੇਵਲ ਪ੍ਰਭੂ ਹੀ ਇੱਕ ਪੁਰਖ ਹੈ, ਬਾਕੀ ਸਾਰੀਆਂ ਹੀ ਜੀਵ-ਇਸਤਰੀਆਂ ਹਨ, ‘‘ਇਸੁ ਜਗ ਮਹਿ ਪੁਰਖੁ ਏਕੁ ਹੈ; ਹੋਰ ਸਗਲੀ ਨਾਰਿ ਸਬਾਈ (ਮਹਲਾ /੫੯੧) ਇਸ ਲਈ ਗੁਰਬਾਣੀ ’ਚ ਇਸਤਰੀ ਵਾਚਕ ਨਾਂਵ ‘ਧਨ, ਸਾਧਨ (ਔਰਤ), ਮਾਇ, ਸੁਹਾਗਣਿ, ਕਾਮਣਿ (ਔਰਤ), ਕੁਲਖਣੀ, ਸੁਲਖਣੀ, ਸੁੰਦਰਿ, ਨਾਰਿ, ਸੀਲਵੰਤਿ’ ਆਦਿ ਵਰਤੇ ਗਏ ਹਨ।

ਉਕਤ ਪੰਕਤੀ ’ਚ ‘ਅਉਸਰ ਅਭੀਚ’ ਦਾ ਅਰਥ ਅਕਸਰ ‘ਸੁੰਦਰ ਅਭੀਚ ਨਛੱਤਰ’ ਕੀਤਾ ਜਾਂਦਾ ਹੈ। ਭਾਈ ਕਾਹਨ ਸਿੰਘ ਜੀ ਨਾਭਾ ਮਹਾਨ ਕੋਸ਼ ਵਿੱਚ ‘ਅਭੀਚ’ ਨੂੰ ‘ਅਭਿਜਿਤ’ ਸ਼ਬਦ ਮੰਨਦੇ ਹੋਏ ਲਿਖਦੇ ਹਨ ਕਿ ‘ਕਈ ਅਭਿਜਿਤ ਨੂੰ ਨਛਤ੍ਰ ਸਮਝਦੇ ਹਨ, ਪਰ ਇਹ ਇੱਕ ਲਗਨ ਹੈ, ਨਛੱਤਰ ਨਹੀਂ। ਇਸ ਲਗਨ ਵਿੱਚ ਅਭਿ (ਸਾਮ੍ਹਣੇ ਹੋ ਕੇ) ਵੈਰੀ ਨੂੰ ਜਿੱਤੀਦਾ ਹੈ’। ਗੁਰਬਾਣੀ ’ਚ ਦੋ ਵਾਰ ਦਰਜ ‘ਅਭੀਚੁ’ ਸ਼ਬਦ ਦੇ ਇਹੀ ਅਰਥ ਪ੍ਰੋਫ਼ੈਸਰ ਸਾਹਿਬ ਸਿੰਘ ਜੀ ਕਰਦੇ ਹਨ। ਭਾਈ ਗੁਰਦਾਸ ਜੀ ਨੇ ਭੀ ਇਹ ਸ਼ਬਦ ਆਪਣੇ ਕਬਿੱਤਾਂ ’ਚ 5 ਵਾਰ ਵਰਤਿਆ ਹੈ, ਇਸ ਲਈ ਇੱਕ ਹੋਰ ਜਗ੍ਹਾ ਭੀ ਇਸ ਦੇ ਅਰਥ ਵਿਚਾਰਨੇ ਜ਼ਰੂਰੀ ਹਨ, ‘‘ਗੰਧਰਬ ਨਗਰ ਗਤ ਰਜਨੀ ਬਿਹਾਤ ਜਾਤ; ਆਸੁਰ ਅਭੀਚ ਅਤਿ ਦੁਲਭ ਕੈ ਜਾਨੀਐ’’ (ਭਾਈ ਗੁਰਦਾਸ ਜੀ/ਕਬਿੱਤ ੬੫੯) ਅਰਥ : ਧੂੰਏਂ ਦੇ ਪਹਾੜ/ਗ਼ੁਬਾਰ ਵਾਙ ਜਲਦੀ ਹੀ ਜੀਵਨ-ਰਾਤ ਬੀਤ ਜਾਂਦੀ ਹੈ। ਸਹੀ ਲਗਨ (ਮੌਕਾ ਭਾਵ ਜ਼ਿੰਦਗੀ) ਮੁਸ਼ਕਲ ਨਾਲ਼ ਮਿਲੀ ਸਮਝਣੀ ਹੈ ਭਾਵ ਕਈ ਜੂਨਾਂ ਤੋਂ ਬਾਅਦ ਮਿਲੇ ਇਸ ਜੀਵਨ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਬਣਦਾ ਹੈ।

ਸੋ ਉਕਤ ਪੰਕਤੀਆਂ ਦੇ ਇਹ ਅਰਥ ਕਰਨੇ ਕਿ ਹੇ ਗੁਰੂ ਨਾਨਕ ਸਾਹਿਬ ਜੀ  ! ਕੱਤਕ ਮਹੀਨੇ ਦੀ ਸਰਦ ਰੁੱਤ ’ਚ ਪੂਰਨਮਾਸ਼ੀ ਵਾਲੇ ਦਿਨ ਸ਼ੁਭ ਅਭੀਚ ਨਛੱਤਰ ਨੂੰ ਜਨਮ ਲੈ ਕੇ ਜਗਤ ਦਾ ਉਧਾਰ ਕਰਨ ਦੀ ਹੁਣ ਤੇਰੀ ਵਾਰੀ ਹੈ, ਮਨਮਤੀ ਅਰਥ ਹਨ ਕਿਉਂਕਿ ਜਿਨ੍ਹਾਂ ਨੇ ਇਹ ਅਰਥ ਕੀਤੇ, ਉਨ੍ਹਾਂ ਨੇ ਨਾਲ਼ ਸਤਜੁਗ, ਤ੍ਰੇਤਾ, ਦੁਆਪਰ ਆਦਿ ’ਚ ਹੋਰਾਂ ਅਵਤਾਰਾਂ ਨੇ ਧਾਰੇ ਜਨਮ ਦਾ ਜ਼ਿਕਰ ਕਰਨ ਉਪਰੰਤ ਕਿਹਾ ਕਿ ਇਸ ਕਲਜੁਗ ਵਿੱਚ ਨਾਨਕ ਦੇ ਜਨਮ ਲੈਣ ਦੀ ਵਾਰੀ ਹੈ ਭਾਵ ਜੋ ਉਹ ਨਾ ਕਰ ਸਕੇ ਉਹ ਹੁਣ ਤੈਂ ਕਰਨਾ ਹੈ, ਆਦਿ। ਇਸ ਤਰ੍ਹਾਂ ਦੇ ਕੀਤੇ ਅਰਥ ਵਾਕ ’ਚ ਚੱਲਦੇ ਪ੍ਰਸੰਗ ਨਾਲ਼ ਉੱਕਾ ਭੀ ਮੇਲ ਨਹੀਂ ਖਾਂਦੇ।

ਇੱਥੇ ਇਹ ਭੀ ਧਿਆਨ ਮੰਗਦਾ ਹੈ ਕਿ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਨਾਲ਼ ਸੰਬੰਧਿਤ ਆਪਣੀ ਵਾਰ ੧ ’ਚ ਵਾਰ ਵਾਰ ‘ਗੁਰੂ, ਨਾਨਕ ਜਾਂ ਬਾਬਾ’ ਸ਼ਬਦ ਸਤਿਕਾਰ ਵਜੋਂ ਵਰਤਿਆ ਹੈ ਜਦ ਕਿ ਇਸ ਕਬਿੱਤ ਨੰ: 345 ’ਚ ਇੱਕ ਵਾਰ ਭੀ ਐਸਾ ਸੰਕੇਤ ਨਹੀਂ ਮਿਲਦਾ, ਇਸ ਲਈ ਕੇਵਲ ‘ਕੱਤਕ, ਪੂਰਨਮਾਸੀ ਜਾਂ ਅਭੀਚਸ਼ਬਦਾਂ ਨੂੰ ਵੇਖ ਕਬਿੱਤ ਦੇ ਵਿਸ਼ੇ ਨੂੰ ਗੁਰੂ ਸਾਹਿਬ ਦੇ ਜਨਮ ਨਾਲ਼ ਜੋੜਨਾ, ਕੋਰੀ ਕਪਲਨਾ ਹੀ ਹੈ।

ਜੇਕਰ ‘‘ਆਜੁ ਤੇਰੀ ਬਾਰੀ ਹੈ’’ ਦੇ ਅਰਥ ਕਰੀਏ ਕਿ ‘ਹੇ ਨਾਨਕ  ! ਹੁਣ (ਜਨਮ ਲੈ ਕੇ ਉਧਾਰ ਕਰਨ ਦੀ) ਤੇਰੀ ਵਾਰੀ ਹੈ’ ਤਾਂ ਇਹ ਭੀ ਸਮਝਣਾ ਜ਼ਰੂਰੀ ਹੈ ਕਿ ਇਹ ਵਾਕ ਭਾਈ ਗੁਰਦਾਸ ਜੀ ਦੀ ਰਚਨਾ ਹੈ, ਜੋ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ (ਸੰਨ 1539) ਤੋਂ ਤਕਰੀਬਨ 50 ਸਾਲ ਬਾਅਦ ਰਚੀ ਹੈ, ਇਸ ਲਈ ਇਉਂ ਲਿਖਣਾ ਬਣਦਾ ਸੀ ‘ਆਜੁ ਤੇਰੀ ਬਾਰੀ ਸੀ, ਤਾਂ ਭੀ ‘ਆਜੁ’ ਵਰਤਮਾਨ ਨੂੰ ਭੂਤਕਾਲ ’ਚ ਉਲਥਾਉਣਾ ਅਸਾਨ ਨਹੀਂ ਜਾਂ ਐਸਾ ਅਰਥ ਕੀਤਾ ਜਾ ਸਕਦਾ ਹੈ ਕਿ ‘ਹੇ ਗੁਰੂ ਅਰਜਨ ਸਾਹਿਬ ਜੀ ! ਹੁਣ (ਜਨਮ ਲੈ ਕੇ ਜਗਤ ਦਾ ਉਧਾਰ ਕਰਨ ਦੀ) ਤੇਰੀ ਵਾਰੀ ਹੈ ਕਿਉਂਕਿ ਭਾਈ ਗੁਰਦਾਸ ਜੀ ਦੇ ਸਾਮ੍ਹਣੇ ਗੁਰੂ ਨਾਨਕ ਸਾਹਿਬ ਨਹੀਂ, ਗੁਰੂ ਅਰਜਨ ਸਾਹਿਬ ਜੀ ਸਨ।

ਜੋਤਿਸ਼ ਅਨੁਸਾਰ ਅਭੀਚ (ਅਭਿਜਿਤ) ਦਾ ਅਰਥ ਹੈ ‘ਜੋ ਜਿੱਤਿਆ ਨਾ ਜਾ ਸਕੇ’ ਕਿਉਂਕਿ ਅਭੀਚ ਨਛੱਤਰ ਨੂੰ ਜਨਮ ਲੈਣ ਵਾਲੇ ਬਹੁਤ ਭਾਗਸ਼ਾਲੀ ਮੰਨੇ ਜਾਂਦੇ ਹਨ। ਗੂਗਲ ’ਤੇ ਅਭੀਚ ਨਛੱਤਰ ਦੀ ਅੰਗਰੇਜ਼ੀ ’ਚ ਇਹ ਪਰਿਭਾਸ਼ਾ ਦਿੱਤੀ ਹੈ “In ancient times – as against the modern times when only 27 Nakshatras are counted – there was a 28th Nakshatra called Abhijit, which lies from 6°40′ to 10°53′ in Capricorn in the Sidereal Zodiac. This overlaps the last phase of the 21st Nakshatra Uttarashada and the early phase of the 22nd Nakshatra, Shravan.” ਭਾਵ ਆਧੁਨਿਕ ਸਮੇਂ ’ਚ ਸਿਰਫ 27 ਨਛੱਤਰ ਗਿਣੇ ਜਾਂਦੇ ਹਨ, ਪਰ ਇਸ ਦੇ ਉਲ਼ਟ ਪੁਰਾਣੇ ਸਮਿਆਂ ’ਚ ਅਭਿਜੀਤ ਨਾਮਕ ਇੱਕ 28ਵਾਂ ਨਛੱਤਰ ਸੀ, ਜੋ ਕਿ ਮਕਰ ਰਾਸ਼ੀ ਵਿੱਚ 6040′ ਤੋਂ 10053′ ਤੱਕ ਹੁੰਦਾ ਸੀ। ਇਹ, 21ਵੇਂ ਨਛੱਤਰ ਉੱਤਰਾਸ਼ਦਾ ਦੇ ਆਖਰੀ ਪੜਾਅ ਅਤੇ 22ਵੇਂ ਨਛੱਤਰ ਸ਼ਰਵਣ ਦੇ ਸ਼ੁਰੂਆਤੀ ਪੜਾਅ, ਨੂੰ ਓਵਰਲੈਪ ਕਰਦਾ ਹੈ। ਹੁਣ ਜੇ ਇਸ ਪਰਿਭਾਸ਼ਾ ਨੂੰ ਸਹੀ ਮੰਨੀਏ ਤਾਂ ਮਕਰ ਰਾਸ਼ੀ ’ਚ ਤਾਂ ਮੱਘਰ ਦਾ ਮਹੀਨਾ ਹੁੰਦਾ ਹੈ, ਨਾ ਕਿ ਕੱਤਕ ਦਾ। ਤਾਂ ਤੇ ਕੱਤਕ ਦੀ ਪੂਰਨਮਾਸ਼ੀ ਨੂੰ ‘ਅਭਿਜਿਤ ਨਛੱਤਰ’ ਆ ਹੀ ਨਹੀਂ ਸਕਦਾ। ਜੇਕਰ ਫਿਰ ਵੀ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਸੰਮਤ ੧੫੨੬ ਨੂੰ ਮੰਨੀਏ ਤਾਂ ਉਸ ਦਿਨ ‘ਅਸ਼ਵਨੀ ਨਛੱਤਰ’ ਸੀ, ਨਾ ਕਿ ‘ਅਭੀਚ ਨਛੱਤਰ’।

ਸੋ ਭਾਈ ਗੁਰਦਾਸ ਜੀ ਦੇ ਉਕਤ ਵਾਕਾਂ ’ਚ ‘ਕਾਰਤਕ ਮਾਸ, ਰੁਤਿ ਸਰਦ, ਪੂਰਨਮਾਸੀ, ਅਉਸਰ ਅਭੀਚਆਦਿ ਸ਼ਬਦ ਕੇਵਲ ਅਲੰਕਾਰ ਮਾਤਰ ਹਨ। ਇਨ੍ਹਾਂ ਦੀ ਰਾਹੀਂ ਸੁਹਾਵਣੇ ਜ਼ਮੀਨੀ ਮੌਸਮ ਵਾਙ ਅੰਦਰਲੇ ਗੁਣਾਂ ਨੂੰ ਪ੍ਰਫੁਲਿਤ ਕਰਨਾ ਹੈ, ਨਾ ਕਿ ਇਨ੍ਹਾਂ ਦਾ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦਿਹਾੜੇ ਨਾਲ ਕੋਈ ਸੰਬੰਧ ਹੈ। ਜੇਕਰ ਮਨਹੱਠ ਨਾਲ਼ ਫਿਰ ਭੀ ਜਨਮ ਦਿਹਾੜੇ ਨਾਲ਼ ਜੋੜਦੇ ਰਹੇ ਤਾਂ ਬਤੌਰ ਪਾਠਕ ਸਿੱਖ ਨੂੰ ਇਨ੍ਹਾਂ ਰਾਹੀਂ ਕੀ ਸੇਧ ਮਿਲਦੀ ਹੈ ਕਿਉਂਕਿ ਸਰੀਰਕ ਰੂਪ ਵਿੱਚ ਤਾਂ ਅੱਜ ਸਾਮ੍ਹਣੇ ਗੁਰੂ ਸਾਹਿਬ ਨਹੀਂ ਹਨ। ਕੋਈ ਹੋਰ ਦੁਬਿਧਾ ਨਾ ਉਪਜੇ ਇਸ ਲਈ ਇਸ 345ਵੇਂ ਕਬਿੱਤ ਦੀਆਂ ਬਾਕੀ ਦੋ ਪੰਕਤੀਆਂ ਨੂੰ ਭੀ ਸੰਖੇਪ ’ਚ ਵਿਚਾਰ ਲੈਣਾ ਜ਼ਰੂਰੀ ਹੈ :

ਚਾਤਿਰ ਚਤੁਰ ਪਾਠ, ਸੇਵਕ ਸਹੇਲੀ ਸਾਠਿ, ਸੰਪਦਾ ਸਮਗ੍ਰੀ, ਸੁਖ ਸਹਜ ਸਚਾਰੀ ਹੈ

ਅਰਥ : ਹੇ ਸਖੀ ! ਤੂੰ ਵਿਦਿਆ ਵਿੱਚ ਪ੍ਰਬੀਨ ਹੈ, ਹੁਸ਼ਿਆਰ ਹੈਂ।  60 ਸਹੇਲੀਆਂ ਭਾਵ 60 ਨਾੜੀਆਂ ਵਾਲ਼ਾ ਸਰੀਰ ਭੀ ਤੇਰਾ ਆਗਿਆਕਾਰੀ ਹੈ। ਸਹਿਜ, ਸੁੱਖ ਰੂਪ ਧਨ-ਸੰਪਤੀ ਦਾ ਸੁਭਾਗ ਭੀ ਤੈਨੂੰ ਪ੍ਰਾਪਤ ਹੈ ਭਾਵ ਤੇਰੇ ਕੋਲ਼ ਦਾਤੇ ਦੀਆਂ ਬਖ਼ਸ਼ੀਆਂ ਸਾਰੀਆਂ ਦਾਤਾਂ ਹਨ, ਫਿਰ ਭੀ ਤੂੰ ਉਸ ਮਾਲਕ ਨੂੰ ਯਾਦ ਕਿਉਂ ਨਹੀਂ ਕਰਦੀ ?

ਸੁੰਦਰ ਮੰਦਰ, ਸੁਭ ਲਗਨ, ਸੰਜੋਗ ਭੋਗ, ਜੀਵਨ ਜਨਮ ਧੰਨਿ, ਪ੍ਰੀਤਮ ਪਿਆਰੀ ਹੈ ੩੪੫

ਅਰਥ : ਹੇ ਸਖੀ ! ਇਸ ਸ਼ੁੱਭ ਲਗਨ ਸਮੇਂ ਸਰੀਰ ਰੂਪੀ ਸੁੰਦਰ ਮੰਦਿਰ ਦੀ (ਹਿਰਦੇ ਰੂਪ) ਸੇਜਾ ਉੱਤੇ ਪਿਆਰੇ ਪ੍ਰੀਤਮ ਨਾਲ਼ ਭੋਗ-ਬਿਲਾਸ ਮਾਣਿਆਂ ਤੇਰਾ ਮਨੁੱਖਾ ਜੀਵਨ ਧੰਨਤਾਯੋਗ ਹੋ ਜਾਣਾ ਹੈ ਕਿਉਂਕਿ ਤੂੰ ਪਿਆਰੇ ਪ੍ਰੀਤਮ ਦੀ ਪਿਆਰੀ ਇਸਤਰੀ ਬਣ ਜਾਣਾ ਹੈ।

ਨੋਟ : ਉਕਤ ‘ਅਭੀਚ’ ਸ਼ਬਦ ਦਾ ਅਰਥ; ਇਸ ਅੰਤਮ ਪੰਕਤੀ ’ਚ ‘ਸੁਭ ਲਗਨ’ ਸ਼ਬਦਾਂ ਨਾਲ਼ ਸਪਸ਼ਟ ਭੀ ਹੋ ਗਿਆ ਹੈ। ਇਸ ਲਈ ਗੁਰੂ ਨਾਨਕ ਸਾਹਿਬ ਜੀ ਦਾ ਜਨਮ;  ੧ ਵਿਸਾਖ ਦੀ ਥਾਂ ਕੱਤਕ ਦੀ ਪੂਰਨਮਾਸ਼ੀ ਮੰਨਣਾ, ਮਨ ਦੀ ਨਿਰੀ ਕਠੋਰਤਾ ਅਤੇ ਅਗਿਆਨਤਾ ਹੀ ਹੈ।

ਕੀ ਮਲਕ ਭਾਗੋ ਵੱਧ ਸਨਮਾਨਿਤ ਹੋ ਰਹੇ ਹਨ ? 

0

ਕੀ ਮਲਕ ਭਾਗੋ ਵੱਧ ਸਨਮਾਨਿਤ ਹੋ ਰਹੇ ਹਨ ? 

ਕਿਰਪਾਲ ਸਿੰਘ ਬਠਿੰਡਾ

ਪਰਦੀਪ ਸਿੰਘ ਗਊਸ਼ਾਲਾ ਵਾਲਾ ਜਿਸ ਨੂੰ ਬਾਬਾ ਬੋਰੇਵਾਲਾ ਵੀ ਕਿਹਾ ਜਾਂਦਾ ਹੈ, 17 ਅਕਤੂਬਰ ਨੂੰ ਦੁਪਹਿਰ ਦੀ ਚੌਕੀ ਸਮੇਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਦਰਸ਼ਨ ਨੂੰ ਆਇਆ ਤਾਂ ਜਿਸ ਤਰ੍ਹਾਂ ਉਸ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ, ਉਹ ਵਿਵਾਦ ਦਾ ਵਿਸ਼ਾ ਬਣ ਗਿਆ; ਖਾਸ ਤੌਰ ’ਤੇ ਜਦੋਂ 23 ਅਕਤੂਬਰ ਨੂੰ ਭਾਈ ਅਤਿੰਦਰਪਾਲ ਸਿੰਘ ਸਾਬਕਾ ਸਾਂਸਦ ਨੇ ਉਸ ਦੀ ਵੀਡੀਓ ਬਣਾ ਕੇ ਆਪਣੇ C5 ਯੂਟਿਊਬ ਚੈਨਲ ’ਤੇ ਅਪਲੋਡ ਕੀਤੀ। ਇਸ ਵੀਡੀਓ ’ਚ ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਪਰਦੀਪ ਸਿੰਘ ਦਰਬਾਰ ਸਾਹਿਬ ’ਚ ਪਹੁੰਚਿਆ ਤਾਂ ਦਰਬਾਰ ਸਾਹਿਬ ਦੇ ਮੀਤ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਤੋਂ ਉੱਠ ਕੇ ਸਿਰੋਪਾ ਅਤੇ ਫੁੱਲਾਂ ਦੀ ਮਾਲਾ ਭੇਟ ਕਰ ਉਸ ਨੂੰ ਸਨਮਾਨਿਤ ਕੀਤਾ। ਕੀਰਤਨ ਕਰਦੇ ਰਾਗੀ ਜਥੇ ਦੇ ਪਿੱਛੇ ਬੈਠੀ ਸੰਗਤ ਨੂੰ ਜ਼ਬਰੀ ਉਠਾ ਕੇ ਪਰਦੀਪ ਸਿੰਘ ਦੇ ਬੈਠਣ ਲਈ ਥਾਂ ਬਣਾਈ ਗਈ। ਪਰਦੀਪ ਸਿੰਘ ਨੇ ਬੈਠਣ ਤੋਂ ਪਹਿਲਾਂ ਆਪਣੀ ਜੇਬ ’ਚੋਂ ਚਿੱਟਾ ਰੁਮਾਲ ਕੱਢਿਆ ਅਤੇ ਉਸ ’ਤੇ ਅਤਰ ਛਿੜਕ ਕੇ ਆਪਣੇ ਬੈਠਣ ਵਾਲੀ ਥਾਂ ’ਤੇ ਘਸਾਇਆ, ਫਿਰ ਬੈਠਿਆ। ਸ਼ੀਸ਼ੀ ’ਚ, ਜੋ ਅਤਰ ਬਚਿਆ ਉਹ ਗਿਆਨੀ ਅਮਰਜੀਤ ਸਿੰਘ ਨੂੰ ਦੇ ਦਿੱਤਾ, ਜਿਸ ਨੇ ਉਹ ਬਾਕੀ ਬਚਿਆ ਅਤਰ ਛੋਟੇ ਚਿੱਟੇ ਰੁਮਾਲ ’ਤੇ ਛਿੜਕਿਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲਿਆਂ ਉਪਰ ਘਸਾਇਆ। ਵੇਖਿਆ ਗਿਆ ਕਿ ਰੁਮਾਲਿਆਂ ਉੱਪਰ ਘਸਾਉਂਦੇ ਸਮੇਂ ਰੁਮਾਲਿਆਂ ਦਾ ਰੰਗ ਉਸ ਚਿੱਟੇ ਰੁਮਾਲ ਨੂੰ ਲੱਗਾ ਵਿਖਾਈ ਦੇ ਰਿਹਾ ਸੀ। ਇਸ ਵੀਡੀਓ ’ਚ ਜੋ ਕੁਝ ਦੱਸਿਆ ਗਿਆ ਹੈ, ਇਸ ਨਾਲ ਦਰਬਾਰ ਸਾਹਿਬ ਦੀ ਮਾਣ ਮਰਿਆਦਾ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਭਾਰੀ ਧੱਕਾ ਲੱਗਾ ਹੈ। ਮਰਿਆਦਾ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਤੋਂ ਉੱਠ ਕੇ ਗ੍ਰੰਥੀ ਸਿੰਘ ਵੱਲੋਂ ਕਿਸੇ ਵਿਅਕਤੀ ਨੂੰ ਸਨਮਾਨਿਤ ਕਰਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਤੁਲ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ’ਚ ਸੰਗਤ ਦਾ ਦਰਜਾ ਵੀ ਗੁਰੂ ਸਮਾਨ ਹੈ, ਇਸ ਲਈ ਕਿਸੇ ਵਿਸ਼ੇਸ਼ ਵਿਅਕਤੀ ਨੂੰ ਬਿਠਾਉਣ ਵਾਸਤੇ ਕੀਰਤਨ ਸੁਣ ਰਹੀ ਸੰਗਤ ਨੂੰ ਜ਼ਬਰਨ ਉਠਾ ਕੇ ਥਾਂ ਬਣਾਉਣਾ ਸੰਗਤ ਦੀ ਤੌਹੀਨ ਹੈ ਅਤੇ ਕਿਸੇ ਵਿਅਕਤੀ ਵੱਲੋਂ ਇੱਕ ਵਾਰ ਵਰਤੀ ਗਈ ਵਸਤੂ ਭਾਵੇਂ ਕਿੰਨੀ ਵੀ ਕੀਮਤੀ ਕਿਉਂ ਨਾ ਹੋਵੇ, ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਲਈ ਨਹੀਂ ਵਰਤਣੀ ਚਾਹੀਦੀ। ਇਸ ਦੀ ਇੱਕ ਇਤਿਹਾਸਕ ਉਦਾਹਰਣ ਹੈ ਕਿ 1826 ਈ: ਵਿੱਚ ਨਿਜ਼ਾਮ ਹੈਦਰਾਬਾਦ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਹੀਰਿਆਂ ਜੜਤ ਇਕ ਕੀਮਤੀ ਚੰਦੋਆ ਤੇ ਕਈ ਹੋਰ ਤੋਹਫੇ ਭੇਟ ਕੀਤੇ। ਚਾਨਣੀ ਦੀ ਸੁੰਦਰਤਾ ਤੱਕ ਕੇ ਸ਼ੇਰ-ਏ-ਪੰਜਾਬ ਨੇ ਉਸ ਨੂੰ ਦਰਬਾਰ ਸਾਹਿਬ (ਅੰਮ੍ਰਿਤਸਰ) ਲਈ ਭੇਟ ਕਰ ਦਿੱਤਾ। ਉਹ ਚੰਦੋਆ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਉੱਪਰ ਲੱਗ ਚੁੱਕਾ ਸੀ, ਇਸ ਲਈ ਉਹ, ਗੁਰੂ ਗ੍ਰੰਥ ਸਾਹਿਬ ਜੀ ਉੱਪਰ ਲਗਾਉਣ ਦੀ ਬਜਾਏ ਤੋਸ਼ੇਖਾਨੇ ’ਚ ਰੱਖਿਆ ਗਿਆ। ਇਸੇ ਤਰ੍ਹਾਂ ਅਤਰ ਦੀ ਜੋ ਸ਼ੀਸ਼ੀ ਪਰਦੀਪ ਸਿੰਘ ਲਈ ਇੱਕ ਵਾਰ ਵਰਤੀ ਗਈ, ਉਹ ਮੁੜ ਗੁਰੂ ਗ੍ਰੰਥ ਸਾਹਿਬ ਜੀ ਲਈ ਹਰਗਿਜ਼ ਨਹੀਂ ਵਰਤੀ ਜਾ ਸਕਦੀ।

ਦੂਸਰਾ ਇਤਰਾਜ਼ ਇਹ ਹੈ ਕਿ ਜਦੋਂ ਅਤਰ ਛਿੜਕਿਆ ਹੋਇਆ ਰੁਮਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲਿਆਂ ਉੱਪਰ ਫੇਰਿਆ ਗਿਆ ਤਾਂ ਉਸ ਨੂੰ ਰੁਮਾਲਿਆਂ ਦਾ ਰੰਗ ਲੱਗਾ ਸਾਫ ਵਿਖਾਈ ਦੇ ਰਿਹਾ ਸੀ। ਭਾਈ ਅਤਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਰੁਮਾਲਿਆਂ ਦਾ ਰੰਗ ਚਿੱਟੇ ਰੁਮਾਲ ਨੂੰ ਲੱਗ ਜਾਣ ਤੋਂ ਸਪਸ਼ਟ ਹੈ ਕਿ ਉਹ ਸ਼ੁੱਧ ਅਤਰ ਨਹੀਂ ਸੀ ਬਲਕਿ ਅਲਕੋਹਲ ਯੁਕਤ ਸੈਂਟ ਸੀ; ਜਿਸ ਦੀ ਗੁਰੂ ਗ੍ਰੰਥ ਸਾਹਿਬ ਜੀ ਲਈ ਵਰਤੇ ਜਾਣ ਦੀ ਮਨਾਹੀ ਹੈ। ਸੋ ਇਨ੍ਹਾਂ ਸਾਰੀਆਂ ਗੱਲਾਂ ਨੂੰ ਜੇ ਗਹੁ ਨਾਲ ਵੇਖਿਆ ਜਾਵੇ ਤਾਂ ਵਾਕਿਆ ਈ ਦਰਬਾਰ ਸਾਹਿਬ ਦੀ ਮਾਣ ਮਰਿਆਦਾ ਭੰਗ ਹੋਣ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਿੱਧ ਹੁੰਦੀ ਹੈ। ਜਦੋਂ ਇਹ ਸਾਰਾ ਕੁਝ ਸਾਡੇ ਕੇਂਦਰੀ ਸਥਾਨ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰਿਆ ਹੋਵੇ ਤਾਂ ਇਹ ਅਤੀ ਨਿੰਦਣਯੋਗ ਹੈ।

ਗਿਆਨੀ ਅਮਰਜੀਤ ਸਿੰਘ ਅਤੇ ਦਰਬਾਰ ਸਾਹਿਬ ਦੇ ਮੈਨੇਜਰ ਨੇ ਜੋ ਸਪਸ਼ਟੀਕਰਨ ਦਿੱਤਾ ਹੈ ਉਨ੍ਹਾਂ ਅਨੁਸਾਰ ਅਤਿੰਦਰਪਾਲ ਸਿੰਘ ਵੱਲੋਂ ਵੀਡੀਓ ਅਸਲੀਅਤ ਤੋਂ ਉਲਟ ਤੱਥਾਂ ਨੂੰ ਤੋੜ ਮਰੋੜ ਕੇ ਸ੍ਰੋਮਣੀ ਕਮੇਟੀ, ਦਰਬਾਰ ਸਾਹਿਬ ਦੇ ਗ੍ਰੰਥੀ ਅਤੇ ਸਮੁੱਚੇ ਪ੍ਰਬੰਧ ਨੂੰ ਬਦਨਾਮ ਕਰਨ ਲਈ ਵਾਇਰਲ ਕੀਤੀ ਗਈ। ਸ੍ਰੋਮਣੀ ਕਮੇਟੀ ਦੇ ਆਈ.ਟੀ. ਸੈੱਲ ਵੱਲੋਂ ਐਡਿਟ ਕਰਕੇ ਬਣਾਈ ਗਈ ਵੀਡੀਓ ’ਚ ਵਿਖਾਇਆ ਗਿਆ ਹੈ ਕਿ ਗਿਆਨੀ ਅਮਰਜੀਤ ਸਿੰਘ ਨੇ ਤਾਬਿਆ ਤੋਂ ਉੱਠ ਕੇ ਸਨਮਾਨ ਨਹੀਂ ਕੀਤਾ ਬਲਕਿ ਉਸ ਸਮੇਂ ਗਿਆਨੀ ਗੁਰਮਿੰਦਰ ਸਿੰਘ ਸੇਵਾ ’ਚ ਬੈਠੇ ਸਨ ਅਤੇ ਗਿਆਨੀ ਅਮਰਜੀਤ ਸਿੰਘ ਅਤੇ ਪਰਦੀਪ ਸਿੰਘ ਇਕੱਠੇ ਹੀ ਦਰਬਾਰ ਸਾਹਿਬ ਅੰਦਰ ਦਾਖ਼ਲ ਹੋਏ। ਉਸ ਵੀਡੀਓ ’ਚ ਵਿਖਾਇਆ ਗਿਆ ਹੈ ਕਿ ਆਹ ਵੇਖੋ ਗਿਆਨੀ ਅਮਰਜੀਤ ਸਿੰਘ ਅੱਗੇ ਅਤੇ ਉਨ੍ਹਾਂ ਦੇ ਪਿੱਛੇ ਪਰਦੀਪ ਸਿੰਘ ਆਉਂਦਾ ਦਿੱਸ ਰਿਹਾ ਹੈ, ਪਰ ਉਸੇ ਵੀਡੀਓ ’ਚ ਗਿਆਨੀ ਅਮਰਜੀਤ ਸਿੰਘ ਸਪਸ਼ਟੀਕਰਨ ਦਿੰਦਾ ਹੈ ਕਿ ਉਹ ਸਮਾਂ ਗ੍ਰੰਥੀ ਸਿੰਘਾਂ ਦੀ ਡਿਊਟੀ ਬਦਲਣ ਦਾ ਸੀ। ਇਸ ਲਈ ਜਦੋਂ ਮੈਂ (ਗਿਆਨੀ ਅਮਰਜੀਤ ਸਿੰਘ) ਗਿਆਨੀ ਗੁਰਮਿੰਦਰ ਸਿੰਘ ਨੂੰ ਰਲੀਵ ਕਰਨ ਲਈ ਦਰਬਾਰ ਸਾਹਿਬ ਪਹੁੰਚਿਆ ਤਾਂ ਅੱਗੇ ਜੰਗਲੇ ਕੋਲ ਪਰਦੀਪ ਸਿੰਘ ਖੜ੍ਹਾ ਸੀ ਅਤੇ ਅਰਦਾਸੀਆ ਭਾਈ ਪਰਗਟ ਸਿੰਘ ਉਨ੍ਹਾਂ ਨੂੰ ਸਨਮਾਨਿਤ ਕਰ ਰਿਹਾ ਸੀ। ਉਸ ਸਮੇਂ ਮੈਂ ਸਿਰੋਪਾ ਬਾਬਾ ਪਰਦੀਪ ਸਿੰਘ ਦੇ ਗਲ਼ੇ ’ਚ ਪਾ ਦਿੱਤਾ ਅਤੇ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠਣ ਦੀ ਸੇਵਾ ਨਿਭਾਈ। ਗਿਆਨੀ ਗੁਰਮਿੰਦਰ ਸਿੰਘ ਚੌਰ ਸਾਹਿਬ ਮੈਨੂੰ ਸੌਂਪ ਕੇ ਚਲੇ ਗਏ। ਪਰਦੀਪ ਸਿੰਘ ਵੱਲੋਂ ਵਰਤੇ ਗਏ ਅਤਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਲਈ ਵਰਤੇ ਜਾਣ ਦਾ ਖੰਡਨ ਕਰਦੇ ਹੋਏ ਗਿਆਨੀ ਅਮਰਜੀਤ ਸਿੰਘ ਨੇ ਕਿਹਾ ਸੈਂਟ ’ਚ ਅਲਕੋਹਲ ਹੋਣ ਕਾਰਨ ਇਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਲਈ ਵਰਤੋਂ ਕਰਨ ’ਤੇ ਮਨਾਹੀ ਸੀ, ਇਸ ਲਈ ਬਾਬਾ ਪਰਦੀਪ ਸਿੰਘ ਨੇ ਸ਼ੁੱਧ ਅਤਰ ਦੀ ਸੇਵਾ ਮੰਗ ਕੇ ਲਈ ਸੀ। ਉਸ ਦਿਨ ਉਹ ਵੱਖ ਵੱਖ 18 ਤਰ੍ਹਾਂ ਦੇ ਅਤਰ ਦੀਆਂ ਸ਼ੀਸ਼ੀਆਂ ਆਪਣੇ ਨਾਲ ਲੈ ਕੇ ਆਏ ਸਨ। ਗੁਰੂ ਗ੍ਰੰਥ ਸਾਹਿਬ ਜੀ ਲਈ ਉਨ੍ਹਾਂ ਨੇ ਜੋ ਸ਼ੀਸ਼ੀ ਮੈਨੂੰ ਫੜਾਈ ਉਹ ਪਹਿਲਾਂ ਵਰਤੀ ਹੋਈ ਨਹੀਂ ਬਲਕਿ ਦੂਸਰੀ ਨਵੀਂ ਸ਼ੀਸ਼ੀ ਸੀ। ਉਨ੍ਹਾਂ ਅੱਗੇ ਦੱਸਿਆ ਇਹ ਪਰੰਪਰਾ ਰਹੀ ਹੈ ਕਿ ਕੋਈ ਵੀ ਸੇਵਾ ਲੈਣ ਆਏ, ਦੀ ਦਰਬਾਰ ਸਾਹਿਬ ’ਚ ਅਰੰਭਤਾ ਦੀ ਅਰਦਾਸ ਕਰਨ ਸਮੇਂ ਉਨ੍ਹਾਂ ਨੂੰ ਇੱਕ ਸਿਰੋਪੇ ਅਤੇ ਫੁੱਲਾਂ ਦੇ ਸਿਹਰੇ ਨਾਲ ਸਨਮਾਨ ਕੀਤਾ ਜਾਂਦਾ ਹੈ।

ਇਹ ਠੀਕ ਹੈ ਕਿ ਅਤਿੰਦਰਪਾਲ ਸਿੰਘ ਵੱਲੋਂ ਵਾਇਰਲ ਕੀਤੀ ਵੀਡੀਓ ਅਤੇ 17 ਅਕਤੂਬਰ ਨੂੰ ਦਰਬਾਰ ਸਾਹਿਬ ’ਚ ਦੁਪਿਹਰ ਦੀ ਚੌਕੀ ਸਮੇਂ ਦੀ ਆਫ਼ੀਸ਼ਲ ਵੀਡੀਓ ਤੋਂ ਇਹ ਸਿੱਧ ਨਹੀਂ ਹੁੰਦਾ ਹੈ ਕਿ ਗਿਆਨੀ ਅਮਰਜੀਤ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਛੱਡ ਕੇ ਪਰਦੀਪ ਸਿੰਘ ਨੂੰ ਸਨਮਾਨਿਤ ਕੀਤਾ। ਗਿਆਨੀ ਅਮਰਜੀਤ ਸਿੰਘ ਵੱਲੋਂ ਦੱਸਿਆ ਇਹ ਤੱਥ ਵੀ ਉਸ ਵੀਡੀਓ ’ਚੋਂ ਸਿੱਧ ਨਹੀਂ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਲਈ ਕਿਸੇ ਵੱਲੋਂ ਅਣਵਰਤੀ ਹੋਈ ਅਤਰ ਦੀ ਸ਼ੀਸ਼ੀ ਦਿੱਤੀ ਸੀ। ਸੋ ਜੋ ਸਪਸ਼ਟੀਕਰਨ ਉਸ ਵੀਡੀਓ ਰਾਹੀਂ ਦੇਣ ਦਾ ਯਤਨ ਕੀਤਾ ਗਿਆ ਉਹ ਵੀ ਸ਼ੱਕੀ ਜਾਪਦਾ ਹੈ ਕਿਉਂਕਿ (੧) ਐਂਕਰ ਤਾਂ ਵਿਖਾ ਰਿਹਾ ਹੈ ਕਿ ਆਹ ਵੇਖੋ ਅੱਗੇ ਗਿਆਨੀ ਅਮਰਜੀਤ ਸਿੰਘ ਅਤੇ ਉਨ੍ਹਾਂ ਦੇ ਪਿੱਛੇ ਪਰਦੀਪ ਸਿੰਘ ਆ ਰਹੇ ਹਨ, ਪਰ ਉਸੇ ਵੀਡੀਓ ’ਚ ਗਿਆਨੀ ਅਮਰਜੀਤ ਸਿੰਘ ਕਹਿ ਰਹੇ ਹਨ ਕਿ ਜਦੋਂ ਉਹ ਦਰਬਾਰ ਸਾਹਿਬ ਅੰਦਰ ਦਾਖ਼ਲ ਹੋਏ ਤਾਂ ਅੱਗੇ ਪਰਦੀਪ ਸਿੰਘ ਖੜ੍ਹੇ ਸਨ ਅਤੇ ਉਨ੍ਹਾਂ ਨੂੰ ਅਰਦਾਸੀਆ ਭਾਈ ਪਰਗਟ ਸਿੰਘ ਸਨਮਾਨਿਤ ਕਰ ਰਹੇ ਸਨ। ਮੌਕੇ ’ਤੇ ਆ ਕੇ ਮੈਂ ਉਨ੍ਹਾਂ ਦੇ ਗਲ ਸਿਰੋਪਾ ਪਾ ਦਿੱਤਾ। (੨) ਫੁੱਲਾਂ ਦਾ ਹਾਰ ਕਦੋਂ ਅਤੇ ਕਿੱਥੋਂ ਚੁੱਕ ਕੇ ਪਾਇਆ ਗਿਆ ਇਹ ਵੀ ਸਾਫ ਤੌਰ ’ਤੇ ਵਿਖਾਈ ਨਹੀਂ ਦਿੱਤਾ। (੩) ਗ੍ਰੰਥੀ ਸਿੰਘਾਂ ਦੀ ਡਿਊਟੀ ਬਦਲਣ ਦਾ ਦ੍ਰਿਸ਼ ਲਗਾਤਾਰ ਨਹੀਂ ਵਿਖਾਇਆ ਗਿਆ। ਇਸ ਲਈ ਕੁਝ ਪਤਾ ਨਹੀਂ ਚੱਲਦਾ ਕਿ ਗਿਆਨੀ ਅਮਰਜੀਤ ਸਿੰਘ ਨੇ ਤਾਬਿਆ ਬੈਠਣ ਤੋਂ ਪਹਿਲਾਂ ਪਰਦੀਪ ਸਿੰਘ ਨੂੰ ਸਨਮਾਨਿਤ ਕੀਤਾ ਹੈ ਜਾਂ ਤਾਬਿਆ ’ਚੋਂ ਉੱਠ ਕੇ। (੪) ਗਿਆਨੀ ਅਮਰਜੀਤ ਸਿੰਘ ਨੂੰ ਅਤਰ ਵਾਲੀ ਜਿਹੜੀ ਸ਼ੀਸ਼ੀ ਭੇਜੀ, ਉਹ, ਪਰਦੀਪ ਸਿੰਘ ਵਾਲੀ ਸਾਈਡ ਤੋਂ ਆਈ ਵਿਖਾਈ ਦਿੱਤੀ ਹੈ, ਪਰ ਇਸ ਦਾ ਕੁਝ ਪਤਾ ਨਹੀਂ ਲੱਗਦਾ ਕਿ ਉਹ ਕਿਹੜੀ ਅਤੇ ਕਿਸ ਨੇ ਅਮਰਜੀਤ ਸਿੰਘ ਨੂੰ ਫੜਾਉਣ ਲਈ ਸੇਵਾਦਾਰ ਨੂੰ ਸੌਂਪੀ। ਕਾਰਨ ਇਹ ਹੈ ਕਿ ਕੈਮਰੇ ਦੀ ਡਾਇਰੈਕਸ਼ਨ ਵਾਰ ਵਾਰ ਬਦਲਦੀ ਰਹੀ; ਕਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲਿਆਂ ’ਤੇ; ਕਦੀ ਚੰਦੋਏ ’ਤੇ; ਕਦੀ ਰਾਗੀ ਸਿੰਘਾਂ ’ਤੇ ਕਦੀ ਮੱਥਾ ਟੇਕ ਰਹੀ ਸੰਗਤ ’ਤੇ; ਕਦੀ ਪ੍ਰਕਰਮਾਂ ਅਤੇ ਕਦੀ ਉਪਰ ਅਸਮਾਨ ਵੱਲ ਕੈਮਰਾ ਫੋਕਸ ਕੀਤਾ ਜਾਂਦਾ ਰਿਹਾ। ਇਹ ਸਭ ਕੁਝ ਸੈਲਾਨੀਆਂ ਨੂੰ ਅਕਰਸ਼ਿਤ ਕਰਨ ਲਈ ਤਾਂ ਠੀਕ ਹੋ ਸਕਦਾ ਹੈ ਪਰ ਕੀਰਤਨੀ ਸਿੰਘਾਂ ਵੱਲੋਂ ਪੜ੍ਹੇ ਜਾ ਰਹੇ ਸ਼ਬਦ ’ਚ ਜਗਿਆਸੂਆਂ ਦੀ ਸੁਰਤ ਜੋੜਨ ਲਈ ਕਦਾਚਿਤ ਸਹਾਈ ਨਹੀਂ ਹੋ ਸਕਦਾ; ਸਗੋਂ ਸੁਰਤੀ ਖਿੰਡਾਉਣ ਦਾ ਸਬੱਬ ਬਣਦਾ ਹੈ। ਸੋ ਚਾਹੀਦਾ ਇਹੀ ਹੈ ਕਿ ਵੱਧ ਤੋਂ ਵੱਧ ਸਮੇਂ ਲਈ ਕੀਰਤਨੀ ਜਥੇ ਵੱਲ ਕੈਮਰਾ ਫੋਕਸ ਰਹੇ। ਜੇ ਐਸਾ ਹੁੰਦਾ ਤਾਂ ਇਹ ਭੀ ਸਪਸ਼ਟ ਹੋ ਜਾਣਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਲਈ ਕਿਹੜੀ ਅਤੇ ਕਿਸ ਨੇ ਸ਼ੀਸ਼ੀ ਦਿੱਤੀ ਸੀ।

ਇਸ ਸੰਬੰਧੀ ਅਤਿੰਦਰਪਾਲ ਸਿੰਘ ਦਾ ਤਾਂ ਕਹਿਣ ਹੈ ਕਿ ਉਨ੍ਹਾਂ ਤਾਂ SGPC ਦੀ ਆਫ਼ੀਸ਼ਲ ਵੀਡੀਓ ਤੋਂ ਜੋ ਕੁਝ ਕਾਪੀ ਕੀਤਾ ਉਹ ਵਿਖਾ ਦਿੱਤਾ। ਐਡਿਟ ਕਰਕੇ ਬਣਾਈ ਵੀਡੀਓ ਤੋਂ ਸੱਚ ਸਾਹਮਣੇ ਨਹੀਂ ਆ ਸਕਦਾ, ਇਸ ਲਈ ਦੋਸ਼ ਪ੍ਰਤੀ ਦੋਸ਼ ਲਾਉਣ ਨਾਲ ਸਥਿਤੀ ਸਾਫ ਨਹੀਂ ਹੋਣੀ, ਪਰ SGPC ਦੇ ਤਾਂ ਥਾਂ ਥਾਂ ਸੀਸੀਟੀਵੀ ਕੈਮਰੇ ਲੱਗੇ ਹਨ ਉਹ ਸਾਰੇ ਕੈਮਰਿਆਂ ਦੀ ਫੁਟਿੰਗ ਵਿਖਾ ਦੇਣ ਅਤੇ ਜੇ ਉਨ੍ਹਾਂ ਫੁਟਿੰਗ ਤੋਂ ਮੇਰਾ (ਅਤਿੰਦਰਪਾਲ ਸਿੰਘ ਦਾ) ਦਾਅਵਾ ਗਲਤ ਸਾਬਤ ਹੁੰਦਾ ਹੈ ਤਾਂ ਮੁਆਫ਼ੀ ਮੰਗ ਲਵਾਂਗਾ। ਇਸ ਲਈ ਹੁਣ SGPC ਦਾ ਫਰਜ ਬਣਦਾ ਹੈ ਕਿ ਉਹ ਪਰਦੀਪ ਸਿੰਘ ਦੇ ਪ੍ਰਕਰਮਾ ’ਚ ਦਾਖ਼ਲ ਹੋਣ ਤੋਂ ਲੈ ਕੇ ਉਸ ਦੇ ਦਰਬਾਰ ਸਾਹਿਬ ਤੋਂ ਬਾਹਰ ਜਾਣ ਤੱਕ ਦੀਆਂ ਸਾਰੀਆਂ ਵੀਡੀਓ ਫੁਟਿੰਗਜ਼ਾਂ ਵਿਖਾ ਦੇਵੇ ਤਾਂ ਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇ, ਪਰ ਜਿਸ ਤਰ੍ਹਾਂ ਸ੍ਰੋਮਣੀ ਕਮੇਟੀ ਵੱਲੋਂ ਆਪਣੇ ਸੀਸੀਟੀਵੀ ਕੈਮਰਿਆਂ ਦੀ ਵੀਡੀਓ ਫੁਟਿੰਗਜ਼ ਵਿਖਾ ਕੇ ਸੰਗਤਾਂ ਦੇ ਸ਼ੰਕੇ ਨਿਵਿਰਤ ਕਰਵਾਉਣ ਦੀ ਥਾਂ ਸੰਤ ਸਮਾਜ ਨਾਲ ਮਿਲ ਕੇ ਕੀਤੀ ਸ਼ਿਕਾਇਤ ਨਾਲ C5 ਚੈਨਲ ਬੰਦ ਕਰਵਾ ਦੇਣਾ, ਮੈਨੇਜ਼ਰ ਦਰਬਾਰ ਸਾਹਿਬ ਅਤੇ ਗਿਆਨੀ ਅਮਰਜੀਤ ਸਿੰਘ ਵੱਲੋਂ ਸਪਸ਼ਟੀਕਰਨ ਦੇਣ ਪਿੱਛੋਂ ਅਤਿੰਦਰਪਾਲ ਸਿੰਘ ਵੱਲੋਂ ਉਨ੍ਹਾਂ ਤੋਂ ਕੁਝ ਗੱਲਾਂ ਦੇ ਜਵਾਬ ਮੰਗਣ ਵਾਲੀ, ਜੋ ਵੀਡੀਓ ਪਾਈ ਗਈ ਸੀ ਉਹ ਕੇਵਲ 10 ਮਿੰਟਾਂ ਪਿੱਛੋਂ ਡੀਲੀਟ ਕਰਵਾ ਦੇਣੀ ਆਦਿਕ ਨਾਲ ਸ਼ੱਕ ਸੁਭਾਵਕ ਹੈ ਕਿ ਗਿਆਨੀ ਅਮਰਜੀਤ ਸਿੰਘ ਸੱਚ ਛੁਪਾ ਰਹੇ ਹਨ। ਸ੍ਰੋਮਣੀ ਕਮੇਟੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਉਹ ਸਾਰੇ ਸੀਸੀਟੀਵੀ ਦੀਆਂ ਫੁਟਿੰਗਜ਼ਾਂ ਤੋਂ ਸਾਬਤ ਹੋ ਜਾਵੇ ਕਿ ਵਾਕਿਆ ਹੀ ਕੁਝ ਗਲਤ ਹੋਇਆ ਹੈ ਤਾਂ ਇਸ ਬੇਅਦਬੀ ਦੇ ਜਿੰਮੇਵਾਰ ਸਾਰੇ ਅਧਿਕਾਰੀ “ਭੁਲਣ ਅੰਦਰਿ ਸਭੁ ਕੋ; ਅਭੁਲੁ ਗੁਰੂ ਕਰਤਾਰੁ ” (ਮਹਲਾ ੧/੬੧) ’ਤੇ ਪਹਿਰਾ ਦਿੰਦੇ ਹੋਏ ਪੰਥ ਅਤੇ ਗੁਰੂ ਸਾਹਿਬ ਜੀ ਤੋਂ ਮੁਆਫ਼ੀ ਮੰਗ ਕੇ ਸੁਰਖੁਰੂ ਹੋ ਜਾਣ, ਨਹੀਂ ਤਾਂ ਦਿਨੋ ਦਿਨ ਅਤਿੰਦਰਪਾਲ ਸਿੰਘ ਵੱਲੋਂ ਬਣਾਈ ਵੀਡੀਓ ’ਤੇ ਯਕੀਨ ਕਰਨ ਵਾਲੀ ਸੰਗਤ ਦੀ ਗਿਣਤੀ ਵਧਣੀ ਹੈ। ਸ੍ਰੋਮਣੀ ਕਮੇਟੀ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ 2015 ’ਚ ਸੌਦਾ ਸਾਧ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਿਨ ਮੰਗਿਆਂ ਮੁਆਫ਼ੀ ਦਿਵਾਉਣ ਨਾਲ ਜਿੱਥੇ ਸਿੰਘ ਸਾਹਿਬਾਨ ਤੇ ਸ੍ਰੋਮਣੀ ਕਮੇਟੀ ਦੇ ਰੁਤਬੇ ਅਤੇ ਮਾਨ ਸਤਿਕਾਰ ਨੂੰ ਭਾਰੀ ਧੱਕਾ ਲੱਗਾ ਸੀ, ਉੱਥੇ ਸ੍ਰੋਮਣੀ ਅਕਾਲੀ ਦਲ ਦੇ ਵੀ ਐਸੇ ਪੈਰ ਉਖੜੇ ਕਿ ਹਾਲੀ ਤੱਕ ਨਹੀਂ ਲੱਗੇ। ਉਸ ਤੋਂ ਸਬਕ ਲੈਣ ਕਿ ਇਹ ਦੂਸਰੀ ਗਲਤੀ ਵੀ ਉਸੇ ਤਰ੍ਹਾਂ ਭਾਰੀ ਪੈ ਸਕਦੀ ਹੈ। ਕੇਵਲ ਇਹ ਦੱਸਣ ਨਾਲ ਦਰਬਾਰ ਸਾਹਿਬ ਦੀ ਮਾਣ ਮਰਿਆਦਾ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਪਰਦੀਪ ਸਿੰਘ ਨੇ ਦਰਸ਼ਨੀ ਡਿਊਡੀ ਸਾਹਮਣੇ ਲੱਖਾਂ ਰੁਪਏ ਨਾਲ ਸਟੀਲ ਦਾ ਜੰਗਲਾ ਲਾਉਣ ਦੀ ਸੇਵਾ ਕੀਤੀ, ਪਰਿਕਰਮਾ ’ਚ ਵਰਖਾ ਦੇ ਪਾਣੀ ਦੀ ਨਿਕਾਸੀ ਲਈ ਡਰੇਨ ਉੱਪਰ ਜੰਗਲਾ ਲਾਉਣ ਦੀ ਸੇਵਾ ਕੀਤੀ, ਦਰਬਾਰ ਸਾਹਿਬ ’ਚ ਵੰਡੇ ਜਾਣ ਵਾਲੇ ਪਤਾਸਿਆਂ ਲਈ ਖੰਡ ਅਤੇ ਲੰਗਰ ਲਈ ਦੁੱਧ ਦੀ ਸੇਵਾ ਕਰ ਰਿਹਾ ਹੈ ਅਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਲਈ ਅਤਰ ਦੀ ਸੇਵਾ ਵੀ ਲੈਣ ਆਏ ਹਨ।

ਸਿੱਖ ਸੰਵਾਦ ਵਟਸਐਪ ਗਰੁੱਪ ’ਚ ਕਿਸੇ ਕੇਐੱਸ ਚੱਠਾ ਨਾਮ ਦੇ ਵਿਅਕਤੀ ਵੱਲੋਂ ਫ਼ਾਰਵਰਡ ਕੀਤੇ ਮੈਸੇਜ਼ ’ਚ ਲਿਖਿਆ ਹੈ (1) ਬਿਨਾਂ ਸ਼ੱਕ ਪ੍ਰਦੀਪ ਸਿੰਘ ਜੀ ਦੁਨਿਆਵੀ ਅਤੇ ਅਧਿਆਤਮਿਕ ਵਿਦਿਆ ਵਿਚ ਨਿਪੁੰਨ ਮਹਾਨ ਵਿਦਵਾਨ ਹਨ ਅਤੇ ਨਿਮ੍ਰਤਾ ਨਿਰਮਾਣਤਾ ਦਾ ਭੰਡਾਰ ਹਨ”।

(2) “ਸੰਤ ਪ੍ਰਦੀਪ ਸਿੰਘ ਦੀ ਸਰਪ੍ਰਸਤੀ ਵਿੱਚ ਤਿੰਨ ਰੋਜ਼ ਸੈਮੀਨਾਰ ਹੋਇਆ। ਹਰ ਵਿਦਵਾਨ ਨੂੰ 31000 ਰੁਪਏ ਕੈਸ਼, ਵਧੀਆ ਲੋਈ, ਡਰਾਈ ਫਰੂਟ, ਮਿਠਾਈ ਦਾ ਡੱਬਾ, ਲੱਡੂਆਂ ਦਾ ਟੀਨ ਤੋਹਫੇ ਵਜੋਂ ਦਿੱਤਾ ਗਿਆ। ਤਿੰਨ ਰੋਜ਼ਾ ਸੈਮੀਨਾਰ ’ਤੇ 35 ਲੱਖ ਰੁਪਏ ਖਰਚੇ”।

(3) ਇੱਕ ਮੈਂਬਰ ਨੇ ਤਾਂ ਕਮਾਲ ਹੀ ਕਰ ਦਿੱਤੀ; ਉਹ ਲਿਖ ਰਿਹਾ ਹੈ “ਗਰੁੱਪ ਮੈਂਬਰ ਜੇ ਸਿੱਖ ਹਨ ਤਾਂ ਇਸ ਦੀ ਇਤਨੀ ਖੁੰਬ ਠੱਪੋ ਕਿ ਇਸ ਦੁਸ਼ਟ (ਅਤਿੰਦਰਪਾਲ ਸਿੰਘ) ਨੂੰ ਖ਼ਾਲਸਾ ਪੰਥ ਛੱਡਣਾ ਪਵੇ”।

ਉਕਤ ਪੋਸਟਾਂ ਦਾ ਵਿਸ਼ਲੇਸ਼ਣ : (1) ਪ੍ਰਦੀਪ ਸਿੰਘ ਦੀ ਦੁਨਿਆਵੀ ਅਤੇ ਅਧਿਆਤਮਿਕ ਵਿਦਿਆ ਵਿਚ ਨਿਪੁੰਨਤਾ ਦਾ ਅੰਦਾਜ਼ਾ ਤਾਂ ਭਾਈ ਹਰਨਾਮ ਸਿੰਘ ਧੁੰਮਾ ਦੀ ਸਰਪ੍ਰਸਤੀ ਹੇਠ ਹੋਏ ਸ਼ਹੀਦੀ ਸਮਾਗਮ ਦੀ ਵੀਡੀਓ ’ਚੋਂ ਹੀ ਲੱਗ ਜਾਂਦਾ ਹੈ। (ੳ) ਉਸ ਵੀਡੀਓ ’ਚ ਪ੍ਰਦੀਪ ਸਿੰਘ ਕਹਿ ਰਿਹਾ ਹੈ: “ਸਤਿਸੰਗ ਜਾਵੈ, ਚਿੱਤ ਡੁਲਾਵੈ। ਈਹਾਂ ਊਹਾਂ ਠਾਉਰ ਨਾ ਪਾਵੈ। ਸਤਿਸੰਗ ਚਲਤੇ ਬਾਤ ਚਲਾਵੈ, ਕਹੈ ਗੋਬਿੰਦ ਸਿੰਘ ਜਮਿ ਜਮਿ ਧੱਕੇ ਖਾਵੈ”। ਪਰ ਇਨ੍ਹਾਂ ਦੇ ਇਸ ਕਥਨ ਤੋਂ ਤੁਰੰਤ ਬਾਅਦ ਜਦੋਂ ਗਿਆਨੀ ਅਮਰਜੀਤ ਸਿੰਘ ਵਖਿਆਣ ਕਰ ਰਹੇ ਹਨ ਤਾਂ ਉਸ ਸਮੇਂ ਉਨ੍ਹਾਂ ਦੇ ਪਿੱਛੇ ਇੱਕ ਪਾਸੇ ਹਰਨਾਮ ਸਿੰਘ ਧੁੰਮਾ ਅਤੇ ਦੂਸਰੇ ਪਾਸੇ ਪ੍ਰਦੀਪ ਸਿੰਘ ਬੈਠੇ ਹਨ; ਬਹੁਤਾ ਸਮਾਂ ਉਨ੍ਹਾਂ ਦੋਵਾਂ ਨੇ ਗੱਲਾਂ ਕਰਦਿਆਂ ਹੀ ਬਿਤਾਇਆ ਵਿਖਾਈ ਦੇ ਰਿਹਾ ਹੈ। (ਅ) ਅਰਦਾਸ ਕਰਨ ਵਾਲਿਆਂ ਦੇ ਭਰੋਸੇ ’ਤੇ ਉਂਗਲ ਉਠਾਉਂਦਾ ਦੋਸ਼ ਲਾਉਂਦਾ ਹੈ ਕਿ ਜਿਸ ਬਾਬਾ ਦੀਪ ਸਿੰਘ ਦੇ ਸਥਾਨ ’ਤੇ ਮੱਥਾ ਟੇਕਦੇ ਹਨ, ਉਹ ਲੰਘਦੇ ਸਾਰ ਅਤੇ ਦੁੱਖ ਭੰਜਣੀ ਬੇਰੀ ਕੋਲ ਪਹੁੰਚਣ ਤੋਂ ਪਹਿਲਾਂ ਹੀ ਸ੍ਰੋਮਣੀ ਕਮੇਟੀ ਦੀ ਨਿੰਦਾ ਕਰਨੀ ਸ਼ੁਰੂ ਕਰ ਦਿੰਦੇ ਹਨ। ਪ੍ਰਦੀਪ ਸਿੰਘ ਸ੍ਰੋਮਣੀ ਕਮੇਟੀ ਨੂੰ ਪ੍ਰਮਾਤਮਾ ਦੀ ਕਮੇਟੀ ਦੱਸਦਾ ਸ੍ਰੋਮਣੀ ਕਮੇਟੀ ਦੀਆਂ ਊਣਤਾਈਆਂ ’ਤੇ ਸਵਾਲ ਕਰਨ ਵਾਲਿਆਂ ਨੂੰ ਹੀ ਗਲਤ ਠਹਿਰਾ ਰਿਹਾ ਹੈ ਅਤੇ ਉਨ੍ਹਾਂ ਨੂੰ ਸਲਾਹ ਦਿੰਦਾ ਹੈ ਕਿ ਜਿਹੜਾ ਤੁਹਾਡੀਆਂ ਅਰਦਾਸਾਂ ਸੁਣਦਾ ਹੈ, ਉਹ ਆਪੇ ਕਮੇਟੀ ਵੀ ਠੀਕ ਕਰਵਾ ਲਵੇਗਾ (ੲ) ਉਡੀਸਾ ਦੇ ਇੱਕ ਹਿੰਦੂ ਵਿਅਕਤੀ ਵੱਲੋਂ ਬਾਬਾ ਗੁਰਬਚਨ ਸਿੰਘ ਭਿੰਡਰਾਂਵਾਲੇ ਦੀ ਚਿਖ਼ਾ ’ਚ ਆਤਮਦਾਹ ਕਰਨ ਦੀ ਘਟਨਾ ਨੂੰ ਬਾਬਾ ਦੀਪ ਸਿੰਘ ਵੱਲੋਂ ਦਰਬਾਰ ਸਾਹਿਬ ਦੀ ਪਵਿੱਤਰਤਾ ਬਹਾਲ ਕਰਵਾਉਣ ਲਈ ਦਿੱਤੇ ਸੀਸ ਨਾਲ਼ ਜੋੜਦਾ ਹੈ। ਕੀ ਬਾਥਾ ਦੀਪ ਸਿੰਘ ਜੀ ਦੀ ਸ਼ਹੀਦੀ ਅਤੇ ਆਤਮਦਾਹ ਕਰਨਾ ਇਕ ਸਮਾਨ ਹੈ ? ਜੇਕਰ ਨਹੀਂ, ਤਾਂ ਉਸ ਦੀ ਉਦਾਹਰਨ ਦੇ ਕੇ ਪ੍ਰਦੀਪ ਸਿੰਘ ਕਿਹੜੇ ਸਿੱਖੀ ਸਿਧਾਂਤ ਦ੍ਰਿੜ ਕਰਵਾ ਰਿਹਾ ਹੈ ਜਾਂ ਖਿੱਲੀ ਉਡਾਉਂਦਾ ਹੈ ? (ਸ) ਉਹ ਸਾਖੀ ਸੁਣਾ ਰਹੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਰਾਇ ਕੱਲ੍ਹੇ ਨੂੰ ਇੱਕ ਖ਼ੜਗ ਬਖ਼ਸ਼ਿਸ ਕੀਤੀ ਅਤੇ ਬਚਨ ਕੀਤਾ ਕਿ “ਇਸ ਨੂੰ ਧੂਪ ਬੱਤੀ ਕਰੀਂ; ਇਸ ਨੂੰ ਪਹਿਨੀ ਨਾਹ। ਰਾਇ ਕੱਲ੍ਹੇ ਦੀ ਤੀਜੀ ਪੀੜ੍ਹੀ ਨੇ ਇਨ੍ਹਾਂ ਬਚਨਾਂ ਦੀ ਪ੍ਰਵਾਹ ਨਾ ਕੀਤੀ ਅਤੇ ਆਖਿਆ ਇਹ ਤਾਂ ਐਵੇਂ ਗੱਲਾਂ ਹੁੰਦੀਆਂ ਹਨ। ਉਸ ਨੇ ਕਿਰਪਾਨ ਪਹਿਨ ਲਈ ਅਤੇ ਘੋੜੇ ਤੇ ਸਵਾਰੀ ਕੀਤੀ। ਘੋੜਾ ਡਰ ਗਿਆ ਤੇ ਉਹ ਡਿੱਗ ਪਿਆ; ਤਾਂ ਉਹੀ ਕਿਰਪਾਨ ਉਸ ਦੇ ਢਿੱਡ ’ਚ ਬੱਜੀ ਜਿਸ ਨਾਲ ਉਹ ਮਰ ਗਿਆ। ਇਹ ਤਾਕਤ ਹੁੰਦੀ ਹੈ ਗੁਰੂ ਦੇ ਬਚਨਾਂ ’ਚ ! ਡੇਢ ਸੌ ਸਾਲ ਪਿੱਛੋਂ ਵੀ ਗੁਰੂ ਨੇ ਆਪਣੇ ਬਚਨ ਦੀ ਤਾਕਤ ਵਿਖਾ ਦਿੱਤੀ”। ਕੀ ਤੁਹਾਨੂੰ ਪ੍ਰਦੀਪ ਸਿੰਘ ਦੇ ਇਨ੍ਹਾਂ ਕਥਨਾਂ ’ਚ ਉਸ ਦੀ ਵਿਦਵਤਾ ਅਤੇ ਅਧਿਆਤਮਿਕਤਾ ਵਿਖਾਈ ਦਿੰਦੀ ਹੈ। ਗੁਰੂ ਦਾ ਹੁਕਮ ਹੈ “ਦੀਦਾਰ ਖ਼ਾਲਸੇ ਦਾ, ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ”। ਗੁਰੂ ਸਾਹਿਬ ਜੀ ਅਕਾਲ ਦੀ ਪੂਜਾ ਦਾ ਉਪਦੇਸ਼ ਦਿੰਦੇ ਹਨ ਪਰ ਇਹ ਗੁਰ ਸ਼ਬਦ ਤੋਂ ਅਗਵਾਈ ਲੈ ਕੇ ਪ੍ਰਭੂ ਚਰਨਾਂ ’ਚ ਜੁੜਨ ਦੀ ਥਾਂ ਹਥਿਆਰਾਂ ਨੂੰ ਧੂਪ ਬੱਤੀ ਕਰਨ ਲਈ ਅਜਿਹੀਆਂ ਸਾਖੀਆਂ ਰਾਹੀਂ ਸਿੱਖਿਆ ਦੇ ਰਹੇ ਹਨ। ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਅਕਾਲ ਪੁਰਖ ਨਾਲ ਮਨ ਜੋੜਨ ਦੀ ਜੁਗਤੀ ਤਾਂ ਉਨ੍ਹਾਂ ਦੇ 32 ਮਿੰਟਾਂ ਦੇ ਭਾਸ਼ਣਾਂ ’ਚ ਕਿਧਰੇ ਨਹੀਂ ਮਿਲਦੀ। (ਹ) ਪ੍ਰਦੀਪ ਸਿੰਘ ਨੇ ਸਿੱਖ ਇਤਿਹਾਸ ’ਚੋਂ ਮਿਸਾਲ ਦਿੰਦਿਆਂ ਕਿਹਾ ਪੀਰ ਬੁੱਧੂ ਸ਼ਾਹ ਨੂੰ ਕੰਘੇ ਅਤੇ ਵਾਲ਼ਾਂ ਦੀ ਬਖ਼ਸ਼ਿਸ਼ ਗੁਰੂ ਸਾਹਿਬ ਜੀ ਤੋਂ ਐਵੇਂ ਪੈਸੇ ਦੇ ਕੇ ਨਹੀਂ ਮਿਲੀ ਬਲਕਿ ਭੰਗਾਣੀ ਦੇ ਯੁੱਧ ’ਚ ਆਪਣੇ ਦੋ ਪੁੱਤਰ, ਦੋ ਭਰਾ ਅਤੇ ਸੱਤ ਸੌ ਮੁਰੀਦ ਸ਼ਹੀਦ ਕਰਵਾਉਣ ਪਿੱਛੋਂ ਮਿਲੀ, ਪਰ ਉਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਲਈ ਅਤਰ ਦੀ ਸੇਵਾ ਸਮੇਤ ਦਰਬਾਰ ਸਾਹਿਬ ਦੀ ਪੈਸਿਆਂ ਨਾਲ ਕੀਤੀ ਹਰ ਸੇਵਾ; ਸੈਮੀਨਾਰ ’ਚ ਵਿਦਵਾਨਾਂ ਨੂੰ ਤੋਹਫ਼ੇ ਦੇਣ; ਅਤੇ ਇੱਥੋਂ ਤੱਕ ਕਿ ਕਈ ਵਾਰ ਕਿਸੇ ਸਮਾਗਮ ’ਚ ਪਹੁੰਚਣ ਬਦਲੇ ਵੀਆਈਪੀ ਹੋਣ ਕਾਰਨ ਵੀ ਸਿਰੋਪੇ ਦਿੱਤੇ ਜਾਂਦੇ ਹਨ ਤਾਂ ਉਸ ਵੇਲੇ ਉਨ੍ਹਾਂ ਕਦੀ ਪੀਰ ਬੁੱਧੂ ਸ਼ਾਹ ਦੀ ਉਦਾਹਰਨ ਦੇ ਕੇ ਪੈਸਿਆ ਨਾਲ ਕੀਤੀ ਸੇਵਾ ਜਾਂ ਵੀਆਈਪੀ ਹੋਣ ਕਾਰਨ ਸਿਰੋਪੇ ਬਖ਼ਸ਼ਿਸ਼ ਕਰਨ ਦੀ ਦਿਨੋ ਦਿਨ ਵਧ ਰਹੀ ਕੁਰੀਤੀ ਦੀ ਨਿੰਦਾ ਨਹੀਂ ਕੀਤੀ ਅਤੇ ਨਾ ਹੀ ਕਦੀ ਦਿਨੋ ਦਿਨ ਵਧ ਵਧ ਰਹੀ ਇਸ ਕੁਰੀਤੀ ਨੂੰ ਬੰਦ ਕਰਨ ਦੀ ਸਲਾਹ ਦਿੱਤੀ।

ਸੋ ਇਸ ਵਡੀਓ ਵਿਚ ਪ੍ਰਦੀਪ ਸਿੰਘ ਇੱਕ ਪਾਸੇ ਬੀਬੀਆਂ ਨੂੰ ਸੰਬੋਧਨ ਕਰਦਿਆਂ ਕਹਿ ਰਿਹਾ ਹੈ ਕਿ ਕਥਾ ਹੁੰਦੀ ਸਮੇਂ ਗਲਬਾਤ ਕਰਨ ਨੂੰ ਗੁਰੂ ਸਾਹਿਬ ਨੇ ਮਨਾ ਕੀਤਾ ਹੈ, ਪਰ ਆਪ ਭਾਈ ਅਮਰਜੀਤ ਸਿੰਘ ਜੀ ਦੁਆਰਾ ਕੀਤੀ ਜਾ ਰਹੀ ਕਥਾ ਸਮੇਂ ਪਿੱਛੇ ਬੈਠਾ ਹਰਨਾਮ ਸਿੰਘ ਧੁੰਮੇ ਨਾਲ਼ ਗੱਲਾਂ ਭੀ ਕਰੀ ਜਾ ਰਿਹਾ ਹੈ। ਇਕ ਪਾਸੇ ਪੀਰ ਬੁਧੂ ਸ਼ਾਹ ਦੇ ਭਰਾਵਾਂ ਦੀ ਸ਼ਹੀਦੀ ਬਦਲੇ ਗੁਰੂ ਸਾਹਿਬ ਨੇ ਬਖ਼ਸ਼ਸ਼ ਵਜੋਂ ਕੰਘਾ ਦਿੱਤਾ, ਕਹਿ ਰਿਹਾ ਹੈ, ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਸਾਹਿਬ ਰਾਇ ਕੱਲੇ ਨੂੰ ਜਦ ਖੜਗ ਬਖਸ਼ਦੇ ਹਨ ਤਾਂ ਪਹਿਨਣ ਤੋਂ ਮਨਾ ਭੀ ਕਰਦੇ ਹਨ, ਕਹਿ ਰਿਹਾ ਹੈ, ਪਰ ਉਸ ਨੇ ਗੁਰੂ ਹੁਕਮਾਂ ਵਿਰੁਧ ਜਾ ਕੇ ਖੜਗ ਪਹਿਣ ਲਈ ਅਤੇ ਘੋੜੇ ਤੋਂ ਡਿਗ ਕੇ ਉਸੇ ਖੜਗ ਨਾਲ਼ ਮਰਿਆ। ਦਰਬਾਰ ਸਾਹਿਬ ਵਿਚ ਇਨ੍ਹਾਂ ਦੁਆਰਾ ਕੀਤੀਆਂ ਜਾਂਦੀਆਂ ਕੁਰੀਤੀਆਂ ਵਿਰੁਧ ਅਵਾਜ਼ ਚੁੱਕਣ ਵਾਲਿਆਂ ਨੂੰ ਭੀ ਗਲਤ ਕਹਿ ਰਿਹਾ ਹੈ। ਕੀ ਇੱਥੇ ਤਲਵਾਰ ਚੁੱਕਣ ਦੀ ਥਾਂ ਬੋਲਣਾ ਭੀ ਗਲਤ ਹੈ ਜਾਂ ਪੀਰ ਬੁਧੂ ਸ਼ਾਹ ਦੀ ਮਿਸਾਲ ਦੇ ਕੇ ਬਾਬਾ ਦੀਪ ਸਿੰਘ ਦੀ ਸ਼ਹੀਦੀ ਲਈ ਦਿੱਤੀ ਮਿਸਾਲ ਵਾਙ ਮਿਟੀ ’ਚ ਰੋਲ ਰਿਹਾ ਹੈ ?

(3) ਜਿਸ ਸਮੇਂ ਸਿਆਸੀ ਮਾਲਕਾਂ ਨੇ ਅਖੌਤੀ ਸਿੰਘ ਸਾਹਿਬਾਨਾਂ ਨੂੰ ਆਪਣੀ ਕੋਠੀ ਸੱਦ ਕੇ ਮਜ਼ਬੂਰ ਕਰਕੇ ਗੁਰੂ ਗੋਬਿੰਦ ਸਿੰਘ ਜੀ ਦਾ ਸ੍ਵਾਂਗ ਰਚਣ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਵਾਲੇ ਸੌਦਾ ਸਾਧ ਨੂੰ ਅਕਾਲ ਤਖ਼ਤ ਤੋਂ ਮੁਆਫ਼ੀ ਦਾ ਹੁਕਮਨਾਮਾ ਜਾਰੀ ਕਰਵਾਇਆ ਤਾਂ ਇਸ ਵੱਡੇ ਪੰਥ ਹਿਤੈਸ਼ੀ ਨੇ ਕਦੀ ਐਸੀ ਪੋਸਟ ਨਹੀਂ ਪਾਈ ਕਿ ਆਪੂੰ ਬਣੇ ਮਾਲਕਾਂ ਅਤੇ ਮਾਲਕਾਂ ਦੇ ਦਬਾਅ ਹੇਠ ਹੁਕਮਨਾਮਾ ਜਾਰੀ ਕਰਨ ਵਾਲੇ ਬੇਮੁਖ ਜਥੇਦਾਰਾਂ ਨੂੰ ਪੰਥ ਛੱਡਣ ਲਈ ਮਜ਼ਬੂਰ ਕੀਤਾ ਜਾਵੇ। ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਖੁਰਦ ਬੁਰਦ ਕਰਨ ਵਾਲੇ ਅਧਿਕਾਰੀਆਂ ਅਤੇ ਇਨ੍ਹਾਂ ਵਿਰੁੱਧ ਰਿਪੋਰਟ ਨੂੰ ਮਿੱਟੀ ਘੱਟੇ ਰੁਲਾਉਣ ਵਾਲੀ ਪ੍ਰਬੰਧਕੀ ਕਮੇਟੀ ਨੂੰ ਦੁਸ਼ਟ ਦੱਸ ਕੇ ਖ਼ਾਲਸਾ ਪੰਥ ਛੱਡਣ ਲਈ ਮਜ਼ਬੂਰ ਕਰਨ ਵਾਲੀਆਂ ਪੋਸਟਾਂ ਕਦੀ ਨਹੀਂ ਪਾਈਆਂ।

(4) ਵਿਦਵਾਨਾਂ ਨੂੰ ਤੋਹਫ਼ੇ ਅਤੇ ਸੈਮੀਨਾਰ ’ਤੇ 35 ਲੱਖ ਰੁਪਏ ਖਰਚਣ ਵਾਲੇ ਦੀਆਂ ਸਿਫ਼ਤਾਂ ਦੇ ਪੁਲ੍ਹ ਬੰਨ੍ਹਣ ਵਾਲਿਆਂ ਦੀਆਂ ਸਟੇਟਮੈਂਟਾਂ ਸਿੱਖਾਂ ਨੂੰ ਕਿਤਨਾ ਲਾਲਚੀ ਅਤੇ ਅਤੇ ਥੋੜੇ ਜਿਹੇ ਤੋਫਿਆਂ ਪਿੱਛੇ ਵਿਕਾਊ ਸਿੱਧ ਕਰਨ ਵਾਲੀਆਂ ਹਨ ਭਾਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਇਨ੍ਹਾਂ ਸੰਸਾਰਕ ਤੋਹਫ਼ਿਆਂ ਤੇ ਸੇਵਾਵਾਂ ਦੀ ਰੱਬੀ ਪਿਆਰ ਅੱਗੇ ਕੋਈ ਪਾਇਆਂ ਨਹੀਂ। ਕਬੀਰ ਸਾਹਿਬ ਜੀ ਆਖਦੇ ਹਨ ਕਿ ਆਪਣੇ ਬਰਾਬਰ ਸਾਵਾਂ ਸੋਨਾ ਤੋਲ ਕੇ ਵੱਟੇ ਵਿਚ ਦਿੱਤਿਆਂ ਰੱਬੀ ਪਿਆਰ ਨਹੀਂ ਮਿਲਦਾ, ਮੈਂ ਤਾਂ ਮੁੱਲ ਵਜੋਂ ਆਪਣਾ ਮਨ ਦੇ ਕੇ ਰੱਬ ਲੱਭਿਆ ਹੈ, “ਕੰਚਨ ਸਿਉ ਪਾਈਐ ਨਹੀ ਤੋਲਿ ਮਨੁ ਦੇ; ਰਾਮੁ ਲੀਆ ਹੈ ਮੋਲਿ (ਭਗਤ ਕਬੀਰ ਜੀ/੩੨੭) ਕਾਸ਼ ਜੇ ਕਦੀ ਤੋਹਫੇ ਦੇਣ ਵਾਲੇ ਦੀਆਂ ਸਿਫਤਾਂ ਬੰਨ੍ਹਣ ਵਾਲੇ; ਪੀਰ ਬੁੱਧੂ ਸ਼ਾਹ ਜੀ ਨੂੰ ਵਾਲ਼ਾਂ ਸਮੇਤ ਕੰਘੇ ਦੀ ਕੀਤੀ ਬਖ਼ਸ਼ਿਸ਼ ਦੀ ਸਾਖੀ ਸੁਣਾਉਣ ਵਾਲੇ ਪ੍ਰਦੀਪ ਸਿੰਘ ਨੂੰ ਹੀ ਉਸ ’ਤੇ ਅਮਲ ਕਰਨ ਦੀ ਸਾਲਾਹ ਦਿੰਦੇ।

ਗੁਰੂ ਅਰਜਨ ਸਾਹਿਬ ਜੀ ਦੇ ਬਚਨ ਹਨ ਕਿ ਹਰੇਕ ਕਿਸਮ ਦਾ ਸ਼ਿੰਗਾਰ ਕੀਤਿਆਂ ਭੀ ਮਨ ਸੰਤੁਸ਼ਟ ਨਹੀਂ ਹੁੰਦਾ। ਸਰੀਰ ਉਤੇ ਸੁਗੰਧੀਆਂ ਵਰਤਣ ਨਾਲ਼ ਭੀ ਉਹ ਅਨੰਦ (ਜੋ ਸੁਖ ਪਿਆਰੇ ਪ੍ਰਭੂ-ਪਤੀ ਦੇ ਦਰਸ਼ਨ ਤੋਂ ਮਿਲਦਾ ਹੈ) ਨਹੀਂ ਹਾਸਲ ਹੁੰਦਾ, “ਜਉ ਮੈ ਕੀਓ ਸਗਲ ਸੀਗਾਰਾ ਤਉ ਭੀ ਮੇਰਾ ਮਨੁ ਨ ਪਤੀਆਰਾ ਅਨਿਕ ਸੁਗੰਧਤ ਤਨ ਮਹਿ ਲਾਵਉ ਓਹੁ ਸੁਖੁ, ਤਿਲੁ ਸਮਾਨਿ ਨਹੀ ਪਾਵਉ (ਮਹਲਾ ੫/੩੭੩) ਉਸੇ ਗੁਰੂ ਜੋਤਿ ਗੁਰੂ ਗ੍ਰੰਥ ਸਾਹਿਬ ਜੀ ਲਈ ਅਤਰ ਦੀ ਸੇਵਾ ਕਰਨ ਵਾਲੇ ਨੂੰ ਕਿੰਨਾ ਕੁ ਮਾਣ ਸਨਮਾਨ ਦੇਣਾ ਬਣਦਾ ਹੈ ?

ਗੁਰੂ ਨਾਨਕ ਸਾਹਿਬ ਜੀ ਨੇ ਮਲਿਕ ਭਾਗੋ ਦੇ ਸੁਆਦਲੇ ਪਕਵਾਨ ਛਕਣ ਨਾਲੋਂ ਭਾਈ ਲਾਲੋ ਦੇ ਘਰ ਕੋਧਰੇ ਦੀ ਰੋਟੀ ਛਕਣ ਨੂੰ ਤਰਜੀਹ ਦਿੱਤੀ, ਪਰ ਅੱਜ ਦਰਬਾਰ ਸਾਹਿਬ ਵਿਖੇ 100 ਰੁਪਏ ਮੱਥਾ ਟੇਕਣ ਵਾਲੇ ਨੂੰ ਇੱਕ ਵੱਡਾ ਪਤਾਸਾ ਅਤੇ ਵੱਡੀ ਸੇਵਾ ਕਰਨ ਵਾਲੇ ਨੂੰ ਵਿਸ਼ੇਸ਼ ਸਨਮਾਨਿਤ ਕੀਤਾ ਜਂਦਾ ਹੈ, ਇਸ ਲਈ ਕਹਿਣਾ ਗ਼ਲਤ ਨਹੀਂ ਕਿ ਇੱਥੇ ਮਲਿਕ ਭਾਗੋਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ, ਨਾ ਕਿ ਭਾਈ ਲਾਲੋਆਂ ਨੂੰ।

ਜੇ ਪਰਦੀਪ ਸਿੰਘ ਵਰਗੇ ਲੱਖਾਂ ਕਰੋੜਾਂ ਦੀ ਸੇਵਾ ਕਰ ਰਹੇ ਹਨ ਤਾਂ ਉਹ ਆਪਣੇ ਹੱਥੀਂ ਕੀਤੀ ਨੇਕ ਕਿਰਤ ਕਮਾਈ ’ਚੋਂ ਨਹੀਂ ਬਲਕਿ ਸੰਗਤਾਂ ਵੱਲੋਂ ਦਿੱਤੇ ਦਾਨ ਦਾ ਕੁਝ ਹਿੱਸਾ ਦੇ ਰਹੇ ਹਨ। ਜੇ ਵੱਡੀ ਸੇਵਾ ਕਰਨ ਵਾਲੇ ਨੂੰ ਹੀ ਸਨਮਾਨਿਤ ਕਰਨਾ ਹੈ ਤਾਂ ਡਾ: ਐੱਸ.ਪੀ.ਸਿੰਘ. ਓਬਰਾਇ ਯੋਗ ਹਨ, ਜੋ ਆਪਣੀ ਆਮਦਨ ਦਾ 95% ਤੋਂ ਵੱਧ ਹਿੱਸਾ ਲੋੜਵੰਦਾਂ ਦੀ ਸਹਾਇਤਾ ਲਈ ਖਰਚ ਰਹੇ ਹਨ। ਗੁਰੂ ਸਾਹਿਬ ਜੀ ਦਾ ਥਾਪੜਾ ਉਨ੍ਹਾਂ ਗੁਰਸਿੱਖਾਂ ਉੱਤੇ ਹੈ, ਜੋ “ਘਾਲਿ ਖਾਇ ਕਿਛੁ ਹਥਹੁ ਦੇਇ ਨਾਨਕ ਰਾਹੁ ਪਛਾਣਹਿ ਸੇਇ (ਮਹਲਾ ੧/੧੨੪੫) ’ਤੇ ਅਮਲ ਕਰਦੇ ਹੋਏ ਖ਼ੁਦ ਮਿਹਨਤ ਕਰਕੇ ਕਮਾਉਂਦੇ ਹਨ ਅਤੇ “ਗੁਰੂ ਕੀ ਗੋਲਕ, ਗਰੀਬ ਦਾ ਮੂੰਹ” ਜਾਣ ਕੇ ਲੋੜਵੰਦਾਂ ਦੀ ਆਪ ਸੇਵਾ ਕਰਦੇ ਹਨ, ਨਾ ਕਿ ਸੇਵਾ ਦੇ ਨਾਂ ’ਤੇ ਕਿਰਤੀਆਂ ਤੋਂ ਇਕੱਤ੍ਰ ਕੀਤੀ ਮਾਇਆ ’ਚੋਂ ਕੁਝ ਦੇ ਕੇ ਮਹਾਂਦਾਨੀ ਅਖਵਾਉਣਾ ਦੀ ਲਾਲਸਾ ਰੱਖਣ ਵਾਲਿਆਂ ਨੂੰ।

ਐਸੇ ਸੰਤ, ਬਾਬੇ, ਵਿਦਵਾਨ ਆਦਿਕ ਸਾਖੀਆਂ ਤਾਂ ਸੁਣਾਉਂਦੇ ਹਨ ਕਿ ਭੰਗਾਣੀ ਦੇ ਯੁੱਧ ’ਚ ਪੀਰ ਬੁੱਧੂ ਸ਼ਾਹ ਦੇ ਦੋ ਪੁੱਤਰ ਅਤੇ ਅਨੇਕਾਂ ਮੁਰੀਦ ਸ਼ਹੀਦ ਹੋਏ। ਪੀਰ ਬੁੱਧੂ ਸ਼ਾਹ ਦੀ ਇਸ ਵੱਡੀ ਕੁਰਬਾਨੀ ’ਤੇ ਇੱਕ ਸਿਰੋਪਾ ਅਤੇ ਫਸੇ ਕੇਸਾਂ ਸਮੇਤ ਕੰਘਾ ਦੇ ਕੇ ਬਖ਼ਸ਼ਿਸ਼ ਕੀਤੀ, ਪਰ ਅੱਜ 1984 ਸ੍ਰੀ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕੀਤੇ ਜਾਣ ਦਾ ਬਦਲਾ ਲੈਣ ਵਾਲੇ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕਿਹਰ ਸਿੰਘ ਦੇ ਪਰਵਾਰ ਦੇ ਕਿਸੇ ਮੈਂਬਰ ਨੂੰ ਸਨਮਾਨਿਤ ਨਹੀਂ ਕਰਨਗੇ, ਪੰਜਾਬ ਦਾ ਪਾਣੀ ਬਚਾਉਣ ਲਈ ਆਪਣੇ ਸਾਰੇ ਪਰਵਾਰਿਕ ਮੈਂਬਰਾਂ ਸਮੇਤ ਸ਼ਹੀਦੀ ਦੇਣ ਵਾਲੇ ਭਾਈ ਬਲਵਿੰਦਰ ਸਿੰਘ ਜਟਾਣਾ ਆਦਿਕ ਨੂੰ ਮਰਨ ਉਪਰੰਤ ਭੀ ਸਨਮਾਨਿਤ ਨਹੀਂ ਕਰਨਗੇ, ਪਰ ਉਨ੍ਹਾਂ ਨੂੰ ਸਨਮਾਨਿਤ ਜ਼ਰੂਰ ਕਰਨਗੇ, ਜੋ ਪਤਾਸਿਆਂ ਲਈ ਖੰਡ, ਅਤਰ ਆਦਿਕ ਵਸਤੂਆਂ ਦੇਵੇ !

ਦਰਅਸਲ ਐਸਾ ਕੁਕਰਮ ਕਰਨ ਦੇ ਪਿੱਛੇ ਲਿਫਾਫਾ ਕਲਚਰ ਵਾਪਰ ਰਿਹਾ ਹੁੰਦਾ ਹੈ ਜਾਂ ਵੋਟ ਰਾਜਨੀਤੀ ਭਾਰੂ ਹੁੰਦੀ ਹੈ, ਜਿਨ੍ਹਾਂ ਦੇ ਬਦਲੇ ’ਚ ਰੂਹਾਨੀਅਤ ਦਾ ਕੇਂਦਰ ਸਮਝੀਆਂ ਜਾਂਦੀਆਂ ਸੰਸਥਾਵਾਂ ਤੱਕ ਨੂੰ ਵਰਤਣ ਤੋਂ ਭੀ ਗੁਰੇਜ ਨਹੀਂ ਕੀਤਾ ਜਾਂਦਾ। ਇਸ ਵਿਰੁਧ ਆਵਾਜ਼ ਬੁਲੰਦ ਕਰਨ ਵਾਲੇ ਪ੍ਰਚਾਰਕਾਂ, ਲੇਖਕਾਂ ਅਤੇ ਵਿਦਵਾਨਾਂ ਨੂੰ ਸੰਗਤਾਂ ਵਿਚ ਪੰਥ ਦੋਖੀ ਸਿੱਧ ਕੀਤਾ ਜਾਂਦਾ ਹੈ, ਦੁਰਕਾਰਿਆ ਜਾਂਦਾ ਹੈ। ਕਈ ਵਾਰ ਪੰਥ ’ਚੋਂ ਭੀ ਛੇਕਿਆ ਜਾਂਦਾ ਹੈ। ਜਦ ਤਕ ਸਿੱਖ ਕੌਮ; ਅਸਲ ਪੰਥ ਦਰਦੀ ਅਤੇ ਅਸਲ ਪੰਥ ਦੋਖੀ ਦੀ ਪਹਿਚਾਣ ਕਰਨ ’ਚ ਧੋਖਾ ਖਾਂਦੀ ਰਹੇਗੀ ਤਦ ਤੱਕ ਐਸੀ ਮਨਮਤ ਭਾਰੂ ਰਹਿਣੀ ਹੈ, ਜੋ ਗੁਰਮਤਿ ਦੀ ਵਿਲੱਖਣਤਾ ਨੂੰ ਅਲੋਪ ਹੀ ਨਹੀਂ ਕਰਦੀ ਬਲਕਿ ਸੰਗਤਾਂ ਦੀ ਬੁਝਦਿਲੀ ਨੂੰ ਭੀ ਉਜਾਗਰ ਕਰਦੀ ਹੈ।

ਧਰਮ ਦੀ ਅਸਲ ਪਹਿਚਾਨ

0

ਧਰਮ ਦੀ ਅਸਲ ਪਹਿਚਾਨ

ਗਿਆਨੀ ਅਵਤਾਰ ਸਿੰਘ

ਧਰਮ ਪ੍ਰਤੀ ਆਸਥਾ ਰੱਖਣ ਵਾਲ਼ੇ ਅਕਸਰ ਕਹਿੰਦੇ ਹਨ ਕਿ ਧਰਮ; ਮਾਨਵਤਾ ਨੂੰ ਜੋੜਦਾ ਹੈ ਜਦ ਕਿ ਧਰਮ ਦਾ ਵਿਰੋਧ ਕਰਨ ਵਾਲ਼ਿਆਂ ਦਾ ਮੱਤ ਹੈ ਕਿ ਜਿੰਨਾ ਨਰਸੰਘਾਰ; ਧਰਮ ਦੇ ਨਾਂ ’ਤੇ ਹੋਇਆ ਹੈ, ਓਨਾ ਤਾਂ ਦੂਸਰੇ ਵਿਸ਼ਵ ਯੁੱਧ ਸਮੇਂ ਪ੍ਰਮਾਣੂ ਬੰਬਾਂ ਨਾਲ਼ ਭੀ ਨਹੀਂ ਹੋਇਆ। ਮਾਨਵਤਾ ’ਚ ਵੰਡੀਆਂ, ਵਿਤਕਰੇ ਆਦਿ ਧਰਮ ਦੇ ਕਾਰਨ ਹੀ ਪੈਦਾ ਹੋਏ ਹਨ, ਆਦਿ।

ਦਰਅਸਲ ਧਰਮ ਦੇ ਖੇਤਰ ਵਿੱਚ ਇੱਕ ਮਨੁੱਖ ਦਾ ਰੋਲ ਮਾਡਲ (ਭਾਵ ਪ੍ਰੇਰਣਾ ਦਾ ਸ੍ਰੋਤ); ਕੋਈ ਦੂਜਾ ਮਨੁੱਖ ਹੀ ਬਣਦਾ ਹੈ। ਉਸ ਨੂੰ ਪੀਰ, ਪੈਗ਼ੰਬਰ, ਦੇਵਤਾ, ਰਿਸ਼ੀ, ਮਹਾਤਮਾ, ਭਗਵਾਨ, ਗੁਰੂ ਆਦਿ ਮੰਨਦੇ ਹਾਂ, ਪਰ ਉਨ੍ਹਾਂ ਦੀ ਜੀਵਨਸ਼ੈਲੀ (ਰਹਿਣੀ ਬਹਿਣੀ); ਜਿੰਨੀ ਭੀ ਆਮ ਜ਼ਿੰਦਗੀ ਤੋਂ ਉਤਾਂਹ (ਅਪਹੁੰਚ) ਬਿਆਨ ਕੀਤੀ ਜਾਏਗੀ, ਓਨਾ ਹੀ ਉਨ੍ਹਾਂ ਦਾ ਗਿਆਨ; ਆਮ ਮਨੁੱਖ ਨੂੰ ਲਾਭ ਨਹੀਂ ਪਹੁੰਚਾਏਗਾ ਭਾਵ ਲਾਭ ਨਹੀਂ ਦੇ ਪਾਏਗਾ। ਜੇਕਰ ਕਹੀਏ ਕਿ ਇੱਕ ਦੇਵਤਾ (ਜੋ ਕਿ ਕਦੇ ਮਨੁੱਖ ਹੀ ਰਿਹਾ ਹੈ) ਸਭ ਨੂੰ ਪੈਦਾ ਕਰਦਾ ਹੈ, ਦੂਜਾ ਸਭ ਨੂੰ ਰਿਜ਼ਕ ਦਿੰਦਾ ਹੈ, ਤੀਜਾ ਵਰਖਾ ਕਰਦਾ ਹੈ, ਆਦਿ ਆਦਿ ਤਾਂ ਇਨ੍ਹਾਂ ਨੂੰ ਰੋਲ ਮਾਡਲ ਸਮਝ ਕੇ ਕੀਤੀ ਭਗਤੀ, ਕਿਸੇ ਦਾ ਭਲਾ ਨਹੀਂ ਕਰੇਗੀ ਕਿਉਂਕਿ ਰੋਲ ਮਾਡਲ ਦਾ ਮਤਲਬ ਹੁੰਦਾ ਹੈ, ਉਸ ਵਰਗਾ ਬਣਨਾ। ਕੀ ਆਮ ਮਨੁੱਖ; ਵਿਸ਼ਨੂੰ ਦੀ ਭਗਤੀ ਕਰਕੇ ਸਭ ਨੂੰ ਰਿਜ਼ਕ ਦੇਣ ਵਾਲ਼ਾ ਬਣ ਸਕਦਾ ਹੈ ਜਾਂ ਇੰਦਰ ਦੇਵਤੇ ਦੀ ਭਗਤੀ ਕਰ ਵਰਖਾ ਕਰਨ ਦਾ ਅਧਿਕਾਰ ਪਾ ਸਕਦਾ ਹੈ, ਆਦਿ ਆਦਿ ? ਜਵਾਬ ਹੈ : ਨਹੀਂ। ਇਸ ਲਈ ਇਨ੍ਹਾਂ ਦੇ ਨਾਂ ’ਤੇ ਦਿੱਤਾ ਜਾ ਰਿਹਾ ਉਪਦੇਸ਼/ਗਿਆਨ; ਸਮਾਜ ’ਚ ਏਕਤਾ ਕਾਇਮ ਨਹੀਂ ਕਰ ਸਕਦਾ। ਧਰਮ ਦੇ ਨਾਂ ’ਤੇ ਪਰੋਸੇ ਜਾ ਰਹੇ ਐਸੇ ਕੂੜ ਪ੍ਰਚਾਰ ਦਾ ਵਿਰੋਧ ਕਰਨਾ ਵਾਜਬ ਹੈ, ਨਾ ਕਿ ਅਸਲ ਧਰਮ ਦਾ ਵਿਰੋਧ ਕੀਤਿਆਂ ਕਿਸੇ ਦਾ ਭਲਾ ਹੋਣ ਵਾਲ਼ਾ ਹੈ।

ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਨੇ ਆਮ ਮਾਨਵਤਾ ਵਿੱਚ ਖੜ੍ਹ ਕੇ, ਉਨ੍ਹਾਂ ਦੇ ਦੁੱਖ-ਸੁੱਖ ਨੂੰ ਨੇੜਿਓਂ ਤੱਕ ਕੇ, ਉਨ੍ਹਾਂ ਦੇ ਰੋਗ ਦਾ ਇਲਾਜ ਲੱਭਿਆ, ਜਿਸ ਨਾਲ਼ ਮਨੁੱਖਤਾ ਤੰਦਰੁਸਤ ਹੋਣ ਲੱਗੀ। ਬਿਰਧ ਅਵਸਥਾ ਤੱਕ ਭਾਵੇਂ ਕਿ ਸਰੀਰਕ ਅੰਗ ਕੁੱਝ ਕੰਮ ਦੇਣ, ਪਰ ਮਾਨਸਿਕ ਸੰਤੁਲਨ ਅਕਸਰ ਹਰ ਕੋਈ ਗਵਾ ਲੈਂਦਾ ਹੈ। ਇਸ ਦਾ ਕਾਰਨ; ਜ਼ਿੰਦਗੀਭਰ ਹੰਢਾਈ ਮਾਨਸਿਕ ਕਮਜ਼ੋਰੀ ਹੈ। ਜਿਸ ਦਾ ਇਲਾਜ; ਧਰਮ (ਰੂਹਾਨੀਅਤ ਬਲ/ਚਾਨਣ) ਨੂੰ ਕਮਾਉਣ ਵਿੱਚ ਹੈ ਤਾਂ ਜੋ ਪਰਵਾਰਿਕ, ਸਮਾਜਿਕ ਅਤੇ ਕੌਮੀ ਫ਼ਰਜ਼ਾਂ ਨੂੰ ਚੜ੍ਹਦੀ ਕਲਾ ’ਚ ਰਹਿੰਦਿਆਂ ਅੰਤ ਤੱਕ ਪੁਗਾਇਆ ਜਾ ਸਕੇ। ਐਸੀ ਬਲਵਾਨ ਜ਼ਿੰਦਗੀ; ‘ਨਿਡਰਤਾ, ਸ਼ਾਂਤੀ ਅਤੇ ਆਸ਼ਾਵਾਦੀ ਵਿਚਾਰਾਂ’ ’ਚੋਂ ਉਪਜਦੀ ਹੈ, ਪਰ ਇਹ ਗੁਣ ਪ੍ਰਾਪਤ ਕਿਵੇਂ ਹੋਣ ? ਜਵਾਬ ਹੈ ‘ਐਸੀ ਸ਼ਕਤੀ ’ਤੇ ਭਰੋਸਾ ਕਰਨਾ, ਆਪਣੇ ਆਪ ਨੂੰ ਨਿਰਬਲ ਸਮਝਦਿਆਂ ਉਸ ਦੇ ਗੁਣ ਗਾਉਣਾ, ਜੋ ਸਮੁੱਚੀ ਮਨੁੱਖ ਜਾਤੀ ਲਈ ਇੱਕ ਸਮਾਨ ਹੋਵੇ, ਨਾ ਕਿ ਕਿਸੇ ਖ਼ਾਸ ਵਰਗ ਤੱਕ ਸੀਮਤ।

ਐਸਾ ਗੁਣਾਂ ਭਰਪੂਰ ਰੂਹਾਨੀਅਤ ਬਲ/ਚਾਨਣ; ਜੀਵਨਭਰ ਕਾਇਮ ਰਹਿੰਦਾ ਹੈ; ਜਿਵੇਂ ਕਿ 95 ਸਾਲ ਦੀ ਉਮਰ ’ਚ ਗੁਰੂ ਅਮਰਦਾਸ ਜੀ ਫ਼ੁਰਮਾ ਰਹੇ ਹਨ, ‘‘ਗੁਰਮੁਖਿ ਬੁਢੇ ਕਦੇ ਨਾਹੀ; ਜਿਨ੍ਹਾ ਅੰਤਰਿ ਸੁਰਤਿ ਗਿਆਨੁ ’’ ਇਸ ਦਾ ਕਾਰਨ ਭੀ ਆਪ ਜੀ ਬਿਆਨ ਕਰ ਰਹੇ ਹਨ ਕਿ ‘‘ਸਦਾ ਸਦਾ ਹਰਿ ਗੁਣ ਰਵਹਿ; ਅੰਤਰਿ ਸਹਜ ਧਿਆਨੁ ਓਇ ਸਦਾ ਅਨੰਦਿ ਬਿਬੇਕ ਰਹਹਿ; ਦੁਖਿ+ਸੁਖਿ (’) ਏਕ ਸਮਾਨਿ ਤਿਨਾ ਨਦਰੀ ਇਕੋ ਆਇਆ; ਸਭੁ ਆਤਮ ਰਾਮੁ ਪਛਾਨੁ ’’ (ਮਹਲਾ /੧੪੧੮) ਭਾਵ ਜੋ ਹਰੀ ਦੇ ਗੁਣ ਗਾਉਂਦੇ ਹਨ, ਜਿਨ੍ਹਾਂ ਅੰਦਰ ਉੱਚੀ ਸਮਝ ਹੈ, ਜੋ ਅੰਦਰੋਂ ਅਡੋਲਤਾ/ਸ਼ਾਂਤੀ ’ਚ ਟਿਕੇ ਰਹਿੰਦੇ ਹਨ। ਉਹ ਦੁੱਖ-ਸੁੱਖ ’ਚ ਭੀ ਇੱਕ ਸਮਾਨ ਭਾਵ ਅਨੰਦਿਤ ਰਹਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਕੇਵਲ ਉਹੀ (ਰੋਲ ਮਾਡਲ) ਨਜ਼ਰ ਆਉਂਦਾ ਹੈ, ਜੋ ਸਰਬ ਵਿਆਪਕ ਹੈ, ਨਾ ਕਿ ਕਿਸੇ ਖ਼ਾਸ ਫਿਰਕੇ ਜਾਂ ਖ਼ਾਸ ਸਥਾਨ ਤੱਕ ਸੀਮਤ।

ਬਾਬਾ ਫ਼ਰੀਦ ਜੀ 93 ਸਾਲ ਦੀ ਉਮਰ ਤੱਕ, ਭਗਤ ਰਵਿਦਾਸ ਜੀ 150 ਸਾਲ ਤੱਕ, ਭਗਤ ਕਬੀਰ ਜੀ 120 ਸਾਲ ਤੱਕ, ਗੁਰੂ ਨਾਨਕ ਸਾਹਿਬ ਜੀ 70 ਸਾਲ ਤੱਕ ਬੁੱਢੇ ਨਾ ਹੋਏ ਤੇ ਆਪਣਾ ਇਲਾਹੀ ਨੂਰ/ਬਲ ਬਿਆਨ ਕਰਦੇ ਰਹੇ। ਇਹੀ ਬਲ; ਬਾਲਪਨ ’ਚ ਭੀ ਮਾਣਿਆ ਜਾ ਸਕਦਾ ਹੈ; ਜਿਵੇਂ ਕਿ ਗੁਰੂ ਹਰਿਸ਼ਨ ਸਾਹਿਬ ਜੀ ਮਾਤਰ 8 ਸਾਲ ਦੇ ਸਨ। ਚਾਰੋਂ ਸਾਹਿਬਜ਼ਾਦੇ (ਬਾਬਾ ਅਜੀਤ ਸਿੰਘ-18 ਸਾਲ, ਬਾਬਾ ਜੁਝਾਰ ਸਿੰਘ-14 ਸਾਲ, ਬਾਬਾ ਜ਼ੋਰਾਵਰ ਸਿੰਘ-9 ਸਾਲ ਅਤੇ ਬਾਬਾ ਫ਼ਤਹਿ ਸਿੰਘ-6 ਸਾਲ) ਬਾਲਪਨ ਵਿੱਚ ਹੀ ਸਨ। ਅੱਜ ਬਾਲਗ਼ ਹੋਣ ਦੀ ਉਮਰ 18 ਸਾਲ ਰੱਖੀ ਹੈ। ਵੈਸੇ ਮੈਡੀਕਲ ਸਾਇੰਸ ਨੇ ਬੱਚੇ ਦੀ ਬੁੱਧੀ 25 ਸਾਲ ਤੱਕ ਪੂਰਨ ਵਿਕਸਿਤ ਹੁੰਦੀ, ਮੰਨੀ ਹੈ।

ਸੋ ਜੈਸਾ ਰੋਲ ਮਾਡਲ (ਪ੍ਰੇਰਣਾ ਦਾ ਸ੍ਰੋਤ) ਹੋਏਗਾ; ਵੈਸੀ ਹੀ ਜ਼ਿੰਦਗੀ ਉਪਜਦੀ ਹੈ। ਕਈ ਬਾਲਪਨ ’ਚ ਸਫਲ ਹੋ ਗਏ ਤੇ ਕਈ ਬੁਢੇਪੇ ਤੱਕ ਅਸਫਲ ਰਹੇ। 120 ਸਾਲ ਤੱਕ ਸਾਮ੍ਹਣੇ ਮਰਦੀ ਅਸਫਲ ਜ਼ਿੰਦਗੀ ਨੂੰ ਵੇਖ ਕਬੀਰ ਸਾਹਿਬ ਨੇ ਫ਼ੁਰਮਾਇਆ, ‘‘ਕਬੀਰਾ  ! ਮਰਤਾ ਮਰਤਾ ਜਗੁ ਮੁਆ; ਮਰਿ ਭਿ ਜਾਨੈ ਕੋਇ ਐਸੀ ਮਰਨੀ ਜੋ ਮਰੈ; ਬਹੁਰਿ ਮਰਨਾ ਹੋਇ ’’ (ਭਗਤ ਕਬੀਰ/੫੫੫) ਭਾਵ ਜਗਤ ਮਰਦਾ, ਮਰ ਰਿਹਾ ਹੈ, ਪਰ (ਸਫਲ ਜ਼ਿੰਦਗੀ ਭੋਗਣ ਲਈ ਬੁਰੇ ਪਾਸਿਓਂ) ਕਿਵੇਂ ਮਰਨਾ ਹੈ, ਇਹ ਕੋਈ ਨਹੀਂ ਜਾਣਨਾ ਚਾਹੁੰਦਾ। ਜਿਹੜਾ ਐਸੀ ਮੌਤ ਮਰ ਗਿਆ, ਉਹ ਮੁੜ ਕਦੇ ਨਹੀਂ ਮਰਦਾ ਭਾਵ ਨਾ ਬੁਢੇਪੇ ਤੱਕ, ਨਾ ਜਨਮ ਮਰਨ ’ਚ ਪੈ ਪੈ ਕੇ।

ਜਿਨ੍ਹਾਂ ਨੇ ਅਸਲ ਪ੍ਰੇਰਣਾ ਦੇ ਸ੍ਰੋਤ ਨੂੰ ਆਪਣਾ ਆਦਰਸ਼ ਬਣਾ ਸਫਲ ਜ਼ਿੰਦਗੀ ਭੋਗੀ ਭਾਵ ਜੋ ਜੀਵਨ ’ਚ ਸਫਲ ਹੁੰਦੇ ਰਹੇ, ਉਨ੍ਹਾਂ ਪਾਸੋਂ ਮਦਦ ਲੈਣ ਲਈ ਅਕਸਰ ਅਸਫਲ ਜ਼ਿੰਦਗੀ ਜਿਊਣ ਵਾਲ਼ੇ ਆਇਆ ਕਰਦੇ ਹਨ। ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾਅ ਹੋਣ ਵੇਲ਼ੇ 52 ਪਹਾੜੀ ਰਾਜਿਆਂ ਨੇ ਗੁਰੂ ਹਰਗੋਬਿੰਦ ਸਾਹਿਬ ਪਾਸੋਂ ਮਦਦ ਮੰਗੀ। ਉਨ੍ਹਾਂ ਦੇ ਹੀ ਵੰਸ਼ਜ (ਦੇ ਕੁੱਝ ਪਹਾੜੀ ਰਾਜੇ); ਅਕਸਰ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਮਦਦ ਮੰਗਦੇ ਰਹੇ ਹਨ (ਇਹ ਵੱਖਰੀ ਗੱਲ ਹੈ ਕਿ ਇਨ੍ਹਾਂ ’ਚੋਂ ਕੁਝ ਅਕ੍ਰਿਤਘਣ ਰਾਜੇ; ਗੁਰੂ ਗੋਬਿੰਦ ਸਿੰਘ ਜੀ ’ਤੇ ਹਮਲੇ ਕਰਨ ਲਈ ਮੁਗਲ ਸਰਕਾਰ ਕੋਲ਼ ਝੂਠੀਆਂ ਤੁਹਮਤਾਂ ਲਾਉਂਦੇ ਰਹੇ ਹਨ)। 16 ਕਸ਼ਮੀਰੀ ਬ੍ਰਾਹਮਣਾਂ ਦਾ ਇਕ ਜੱਥਾ ਭੀ ਭਾਈ ਕਿਰਪਾ ਰਾਮ ਦੱਤ ਦੀ ਅਗਵਾਈ ’ਚ 25 ਮਈ 1675 ਦੇ ਦਿਨ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਦਰਬਾਰ ’ਚੋਂ ਮਦਦ ਲੈਣ ਪਹੁੰਚਦਾ ਹੈ। ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਲਈ ਗੁਰੂ ਸਾਹਿਬ ਨੇ ਭੀ ਜਾਨ ਦੀ ਪਰਵਾਹ ਨਾ ਕਰਦਿਆਂ ਕਹਿ ਦਿੱਤਾ ਕਿ ਔਰੰਗਜ਼ੇਬ ਤੱਕ ਸੁਨੇਹਾ ਪਹੁੰਚਾ ਦਿਓ ਕਿ ਜੇਕਰ ਗੁਰੂ ਸਾਹਿਬ ਨੂੰ ਮੁਸਲਮਾਨ ਬਣਾ ਲੈਣ ਤਾਂ ਸਾਰਾ ਪੰਡਿਤ ਸਮਾਜ ਭੀ ਮੁਸਲਮਾਨ ਬਣਨ ਲਈ ਤਿਆਰ ਹੈ। ਨਤੀਜਾ ਓਹੀ ਨਿਕਲਣਾ ਸੀ ਕਿ ਬਲਿਦਾਨ ਦੇ ਦਿੱਤਾ, ਪਰ ਹਾਰ ਨਾ ਮੰਨੀ; ਜਿਵੇਂ ਕਿ ਬੋਲ ਹਨ, ‘‘ਧਰਮ ਹੇਤ ਸਾਕਾ ਜਿਨਿ ਕੀਆ ਸੀਸੁ ਦੀਆ ਪਰੁ ਸਿਰਰੁ ਦੀਆ ’’ ਭਾਵ ਸਚਾਈ ਲਈ ਆਪਾ ਕੁਰਬਾਨ ਕਰ ਲਿਆ, ਸੀਸ ਬਲਿਦਾਨ ਦੇ ਦਿੱਤਾ, ਪਰ ਆਪਣਾ ਕੀਤਾ (ਬ੍ਰਾਹਮਣਾਂ ਨਾਲ਼) ਇਕਰਾਰ (ਆਪਣਾ ਸਿਧਾਂਤ) ਨਾ ਛੱਡਿਆ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ ਕਿ ਜੋ ਭੀ ਪੀੜਤ; ਗੁਰੂ ਦਾ ਆਸਰਾ ਤੱਕਦਾ ਹੈ, ਉਸ ਨੂੰ ਗਲ਼ ਨਾਲ਼ ਲਗਾਉਣਾ ਉਸ ਦਾ ਸੁਭਾਅ ਹੈ, ‘‘ਜੋ ਸਰਣਿ ਆਵੈ, ਤਿਸੁ ਕੰਠਿ (ਨਾਲ਼) ਲਾਵੈ; ਇਹੁ ਬਿਰਦੁ ਸੁਆਮੀ ਸੰਦਾ (ਦਾ)’’ (ਮਹਲਾ /੫੪੪) ਜਦ ਕਿ ਭਾਰਤ ਦੇ ਪੀੜਤਾਂ ਦੀ ਬਾਂਹ; ਕਬੀਲੇ ਦੇ ਉਹ ਪੈਰੋਕਾਰ ਫੜਨ ਲਈ ਅੱਗੇ ਨਾ ਆਏ, ਜੋ ਲੰਬੇ ਲੰਬੇ ਭਾਸ਼ਣਾਂ ਰਾਹੀਂ ਕਹਿੰਦੇ ਰਹੇ ਕਿ ਸਾਡਾ ਆਦਰਸ਼ (ਵਿਸ਼ਨੂੰ); ਸਭ ਨੂੰ ਰਿਜ਼ਕ ਦਿੰਦਾ ਹੈ, ਰੱਖਿਆ ਕਰਦਾ ਹੈ। ਇਤਿਹਾਸ ਗਵਾਹ ਹੈ ਕਿ ਭਾਰਤ ਦੀ ਨਾਰੀ (ਇੱਜ਼ਤ) ਨੂੰ ਬੰਧਕ ਬਣਾ ਪੰਜਾਬ ਸੂਬੇ ਰਾਹੀਂ ਕਾਬਲ-ਕੰਧਾਰ ਲਿਜਾਇਆ ਜਾਂਦਾ ਸੀ। ਮਰਜੀਵੜੇ ਗੁਰੂ ਦੇ ਸਿੱਖ; ਉਨ੍ਹਾਂ ਬੇਵੱਸਾਂ ਦੀ ਬਾਂਹ ਫੜਨ ਲਈ ਆਪਣਾ ਆਪ ਕੁਰਬਾਨ ਕਰਦੇ ਰਹੇ ਤਾਹੀਓਂ ਅਖੌਤੀ ਵਿਸ਼ਨੂੰ ਭਗਤ ਰੌਂਦੇ ਕੁਰਲਾਉਂਦੇ ਕਿਹਾ ਕਰਦੇ ਸਨ ਕਿ 12 ਵਜੇ ਸਾਡੀ ਬਾਂਹ ਫੜਨ ਲਈ ਗੁਰੂ ਦੇ ਲਾਲ ਜ਼ਰੂਰ ਆਉਣਗੇ।

ਸੋ ਜ਼ਿੰਦਗੀ ਭਾਵੇਂ ਛੋਟੀ ਹੋਵੇ, ਪਰ ਅਣਖ-ਇੱਜ਼ਤ ਨਾਲ਼ ਭੋਗਣੀ ਧਾਰਮਿਕ ਨੈਤਿਕਤਾ ਹੀ ਸਿਖਾਉਂਦੀ ਹੈ। ਗੁਰੂ ਅਤੇ ਸਿੱਖ ਕਿਰਦਾਰਾਂ ਨੂੰ ਆਦਰਸ਼ ਮੰਨ ਕੇ ਉਹੀ ਕਸ਼ਮੀਰੀ ਪੰਡਿਤ; ਅੰਮ੍ਰਿਤ ਛਕ ਕੇ ਆਪਣੇ ਹੱਥ ’ਚ ਤਲਵਾਰ ਫੜ ਬਾਕੀਆਂ ਲਈ ਆਦਰਸ਼ ਬਣ ਗਏ ਹਨ ਵਰਨਾ ‘‘ਖਾਣਾ ਪੀਣਾ ਹਸਣਾ ਸਉਣਾ.. ’’ (ਮਹਲਾ /੧੨੫੪) ਤਾਂ ਪਸ਼ੂ-ਪੰਛੀ ਭੀ ਮਾਣਦੇ ਪਏ ਹਨ।

Concept of Infinity given by Guru Nanak in Gurbani

0

Concept of Infinity given by Guru Nanak in Gurbani

ਪ੍ਰੋਫ਼ੈਸਰ ਮਨਮੋਹਨ ਸਿੰਘ (ਕੈਨੇਡਾ)

ਜਪੁ ਜੀ ਸਾਹਿਬ ਦੀ 19ਵੀਂ ਪਉੜੀ ਵਿੱਚ ਗੁਰੂ ਨਾਨਕ ਪਾਤਿਸ਼ਾਹ ਨੇ ਸ਼ਬਦ ਵਰਤਿਆ ਹੈ ‘ਅਸੰਖ’। ਗੁਰੂ ਨਾਨਕ ਸਾਹਿਬ ਦਾ ‘ਅਸੰਖ’ ਦੇ ਅਰਥ ਸਮਝਾਉਣ ਦਾ ਤਰੀਕਾ ਬਾਕਮਾਲ ਹੈ। ਪਹਿਲਾਂ ਆਪਾਂ ਵੇਖਦੇ ਹਾਂ ਕਿ ‘ਅਸੰਖ’ ਸ਼ਬਦ ਬਣਿਆ ਕਿਵੇਂ ? ਉਸ ਸਮੇਂ ਦੁਨੀਆ ਵਿੱਚ ਜੋ ਗਿਣਤੀ ਚੱਲਦੀ ਸੀ। ਉਸ ਦਾ ਸਭ ਤੋਂ ਵੱਡਾ ਅੰਕ ‘ਸੰਖ’ ਸੀ।  10 ਸੌ ਦਾ ਇੱਕ ਹਜ਼ਾਰ ਹੁੰਦਾ ਹੈ, 100 ਹਜ਼ਾਰ ਦਾ ਇੱਕ ਲੱਖ, 100 ਲੱਖ ਦਾ ਇੱਕ ਕਰੋੜ, 100 ਕਰੋੜ ਦਾ ਇੱਕ ਅਰਬ, 100 ਅਰਬ ਦਾ ਇੱਕ ਖਰਬ, 100 ਖਰਬ ਦਾ ਇੱਕ ਨੀਲ, 100 ਨੀਲ ਦਾ ਇੱਕ ਪਦਮ ਹੁੰਦਾ ਹੈ ਅਤੇ 100 ਪਦਮ ਦਾ ਇੱਕ ‘ਸੰਖ’ ਹੁੰਦਾ ਹੈ ਯਾਨੀ 1 ਨਾਲ਼ 17 ਬਿੰਦੀਆਂ (100000000000000000) ਸੰਖ ਹੈ। ਸੰਖ ਉਸ ਵੇਲ਼ੇ ਦੇ ਹਿੰਦਸਿਆਂ ਵਿੱਚ ਗਿਣਿਆ ਜਾਣ ਵਾਲ਼ਾ ਸਭ ਤੋਂ ਵੱਡਾ ਅੰਕ ਸੀ। ਗੁਰੂ ਨਾਨਕ ਪਾਤਿਸ਼ਾਹ ਨੇ ‘ਸੰਖ’ ਅਗੇਤਰ ‘ਅ’ ਲਗਾ ਦਿੱਤਾ, ਜਿਸ ਨਾਲ਼ ਬਣ ਗਿਆ ‘ਅਸੰਖ’। ਅਸੰਖ ਦਾ ਮਤਲਬ ਹੈ ‘ਅਣਗਿਣਤ’। ਗਿਣਤੀ ਤੋਂ ਪਰੇ ਯਾਨੀ ਅਨੰਤ।

ਆਧੁਨਿਕ ਸਾਇੰਸ ਦਾ ਇੱਕ ਸ਼ਬਦ ਹੈ Infinity ਯਾਨੀ ਸੀਮਾ ਤੋਂ ਪਰੇ, ਸੀਮਾ ਤੋਂ ਪਾਰ, ਅਨੰਤਤਾ। ਇਹ ਮੈਥ ਦੇ ਵਿੱਚ ਭੀ Concept ਆਇਆ ਹੈ ਅਤੇ physics (cosmology) ਦੇ ਵਿੱਚ ਭੀ ਆਇਆ ਹੈ। ਜੋ ਗੁਰੂ ਨਾਨਕ ਪਾਤਿਸ਼ਾਹ ਨੇ ਉਕਤ 19ਵੀਂ ਪਉੜੀ ’ਚ ਇਸ਼ਾਰਾ ਕੀਤਾ ਹੈ, ਹੂ-ਬਹੂ Infinity ਦੀ ਪਰਿਭਾਸ਼ਾ ਹੈ ‘ਗਿਣਤੀ ਤੋਂ ਪਰੇ’।

ਗੁਰੂ ਪਾਤਿਸ਼ਾਹ ਜੀ ਨੇ ਕਮਾਲ ਦੀ ਹੱਦ ਪਾਰ ਕਰ ਦਿੱਤੀ। ਓਥੇ ਮਹਾਰਾਜ ਜੀ ਕਹਿੰਦੇ ਹਨ ਕਿ ‘‘ਅਸੰਖ ਕਹਹਿ; ਸਿਰਿ ਭਾਰੁ ਹੋਇ ’’, ਇਹ ਬੇਅੰਤਤਾ ਤੋਂ ਉੱਪਰ, ਅਸੀਮਤਾ ਤੋਂ ਉੱਪਰ, ਅਨੰਤਤਾ ਤੋਂ ਉੱਪਰ ਦੀ ਗੱਲ ਹੈ ਯਾਨੀ ‘ਅਸੰਖ’ ਕਹਿਣ ਨਾਲ਼ ਭੀ ਸਾਡੇ ਸਿਰ ਉੱਤੇ ਭਾਰ ਚੜ੍ਹਦਾ ਹੈ।

ਸੋ ਗੁਰੂ ਨਾਨਕ ਪਾਤਿਸ਼ਾਹ ਨੇ ਉਸ ਵੇਲ਼ੇ, ਜੋ ਅਕਾਲ ਪੁਰਖ ਦੀ ਬੇਅੰਤਤਾ ਦੀ ਪਰਿਭਾਸ਼ਾ ਦਿੱਤਾ ਹੈ, ਉਸ ਵਿੱਚ, ‘‘ਅਗੰਮ ਅਗੰਮ ਅਸੰਖ ਲੋਅ ’’ ਭੀ ਕਿਹਾ ਹੈ। ਲੋਅ ਹੁੰਦਾ ਹੈ ਮੰਡਲ; ਜਿਵੇਂ ਕਿ ਸੂਰਿਆ ਮੰਡਲ ਹੈ। ‘ਅਗੰਮ ਅਗੰਮ’ ਦਾ ਅਰਥ ਹੈ ਕਿ ਪਹੁੰਚ ਤੋਂ ਪਰੇ ਅਣਗਿਣਤ ਹੀ ਸੂਰਜ ਮੰਡਲ ਹਨ, ਲੋਕ ਹਨ, ਭਵਨ ਹਨ ਆਦਿ ਆਦਿ। ਜਿਨ੍ਹਾਂ ਦੇ ਦੁਆਲੇ ਅਣਗਿਣਤ ਹੀ ਧਰਤੀਆਂ, ਗ੍ਰਹਿ ਘੁੰਮਦੇ ਹਨ। ਅਜੋਕੇ ਸਮੇਂ ਵਿੱਚ ਸਭ ਤੋਂ ਪ੍ਰਮਾਣਿਕ ਖੋਜ ਭਰਪੂਰ ਦਸਤਾਵੇਜ ਲਈ ਵਿਕੀਪੀਡੀਆ ਨੂੰ ਇਸਤੇਮਾਲ ਕੀਤਾ ਜਾਂਦਾ ਹੈ। ਉਸ ਦੇ ਵੈੱਬ ਪੇਜ ’ਤੇ Infinity (Physics/Cosmology) ਦੀ ਪਰਿਭਾਸ਼ਾ ਇਸ ਤਰ੍ਹਾਂ ਦਿੱਤਾ ਹੋਈ ਹੈ :

Infinity is something which is boundless, endless, or larger than any natural number. It is often denoted by the infinity symbol.The first published proposal that the universe is infinite came from Thomas Digges in 1576. Eight years later, in 1584, the Italian philosopher and astronomer Giordano Bruno proposed an unbounded universe in On the Infinite Universe and Worlds:

“Innumerable suns exist; innumerable earths revolve around these suns in a manner similar to the way the seven planets revolve around our sun. Living beings inhabit these worlds. ਭਾਵ ਜਿਵੇਂ ਸਾਡਾ ਸੂਰਿਆ ਮੰਡਲ ਹੈ। ਉਸ ਦੇ ਆਲੇ ਦੁਆਲੇ ਧਰਤੀ ਘੁੰਮਦੀ ਹੈ। ਉਸ ਦੇ ਨਾਲ਼ ਜਿਹੜੇ 7 ਗ੍ਰਹਿ ਹਨ, ਉਹ ਭੀ ਘੁੰਮਦੇ ਹਨ। ਸੰਨ 1584 ’ਚ ਜਿਓਰਡਾਨੋ ਬਰੂਨੋ ਜੀ ਕਹਿ ਰਹੇ ਹਨ ਕਿ ਇਸ ਤਰ੍ਹਾਂ ਦੇ ਕਈ ਸੂਰਿਆ ਮੰਡਲ ਹਨ।  As per Wikipedia,Bruno is CREDITED to be FIRST Scientist in World to have given this definition of Infinity in Physics (Cosmology). However as we have explained above Guru Nanak Patshah-The Greatest Scientist almost a CENTURY Earlier had explained the EXACTLY same definition in Jap Bani,without using any Scientific Instruments like Telescope etc.

ਹੁਣ ਆਪਾਂ ਗੁਰੂ ਨਾਨਕ ਸਾਹਿਬ ਜੀ ਨੇ 19ਵੀਂ ਪਉੜੀ ’ਚ ਕੀ ਕਿਹਾ ਹੈ, ਉਸ ਨੂੰ ਗਹੁ ਨਾਲ਼ ਵਾਚਦੇ ਹਾਂ। ਪਾਤਿਸ਼ਾਹ ਜੀ ਕਹਿ ਰਹੇ ਹਨ ਕਿ ‘‘ਅਗੰਮ ਅਗੰਮ ਅਸੰਖ ਲੋਅ ’’ ਯਾਨੀ ਅਣਗਿਣਤ ਸੂਰਜ ਮੰਡਲ ਹਨ। ਪਰੇ ਤੋਂ ਪਰੇ ਅਸੰਖ ਲੋਕ ਹਨ, ਅਣਗਿਣਤ ਭਵਨ ਹਨ। ਗੁਰੂ ਪਾਤਿਸ਼ਾਹ ਜੀ ਨੇ ਜਿਓਰਡਾਨੋ ਬਰੂਨੋ ਤੋਂ ਭੀ ਵਧ ਕੇ ਅਗਲੀ ਤੁਕ ਵਿੱਚ ਕਿਹਾ ਹੈ, ‘‘ਅਸੰਖ ਕਹਹਿ; ਸਿਰਿ ਭਾਰੁ ਹੋਇ ’’ ਯਾਨੀ ਕਰਤਾਰ ਦੇ ਗੁਣਾਂ ਬਾਰੇ, ਕੁਦਰਤ ਦੇ ਵਿਸਥਾਰ ਬਾਰੇ ਅਸੰਖ ਸ਼ਬਦ ਵਰਤੀਏ ਤਾਂ ਭੀ ਸਿਰ ਉੱਤੇ ਭਾਰ ਹੁੰਦਾ ਹੈ। ਐਸੀ ਗੱਲ ਗੁਰੂ ਸਾਹਿਬ ਤੋਂ ਪਹਿਲਾਂ ਅਤੇ ਹੁਣ ਬਾਅਦ ਵਿੱਚ ਭੀ ਕਿਸੇ ਹੋਰ ਨੇ ਨਹੀਂ ਕੀਤੀ ਹੈ।

ਇੱਥੇ ਇਹ ਵੇਖਣਾ ਹੈ ਕਿ ਜਿਓਰਡਾਨੋ ਬਰੂਨੋ ਜੀ ਨੇ ਇੱਹ ਗੱਲ ਸੰਨ 1584 ਵਿੱਚ ਕਹੀ ਹੈ ਜਦ ਕਿ ਗੁਰੂ ਨਾਨਕ ਸਾਹਿਬ ਜੀ ਨੇ ਇਹ ਗੱਲ ਤਕਰੀਬਨ ਇੱਕ ਸਦੀ ਪਹਿਲਾਂ ਕਹੀ ਸੀ ਭਾਵ ਕਿਸੇ ਸਾਇੰਸਦਾਨ ਨੇ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਜੀ ਦੀ Infinity ਬਾਰੇ ਕਹੀ ਗੱਲ ਨੂੰ ਹੂ-ਬਹੂ ਤਕਰੀਬਨ ਇੱਕ ਸਦੀ ਬਾਅਦ ਦੁਹਰਾਇਆ ਹੈ ਜਦ ਕਿ ਅਸੀਂ ਇਹ ਸਚਾਈ ਕਿਸੇ ਨੂੰ ਨਹੀਂ ਸਮਝਾ ਸਕੇ। ਗੁਰੂ ਨਾਨਕ ਸਾਹਿਬ ਜੀ ਨੇ ਸਚਖੰਡ ਵਾਲ਼ੀ 37ਵੀਂ ਪਉੜੀ ’ਚ ਭੀ ਕਿਹਾ ਹੈ, ‘‘ਤਿਥੈ, ਲੋਅ ਲੋਅ ਆਕਾਰ ’’ ਭਾਵ ਓਥੇ ਅਣਗਿਣਤ ਸੂਰਜ ਮੰਡਲ ਹਨ। ਇਹ ਗੱਲ ਸਾਇੰਸਦਾਨ ਜਿਓਰਡਾਨੋ ਬਰੂਨੋ ਵੱਲੋਂ ਪਹਿਲੀ ਵਾਰ ਸੰਨ 1584 ਵਿੱਚ ਆਪਣੀ ਲਿਖਤ ਵਿੱਚ ਲਿਆਂਦੀ। ਮੈ ਉਸ ਦੀ ਹਿਸਟਰੀ ਪੜ੍ਹੀ, ਉਸ ਨੇ ਰੱਬ ਨੂੰ ਹੀ ਅਨੰਤ ਕਿਹਾ ਹੈ। ਗੁਰੂ ਨਾਨਕ ਪਾਤਿਸ਼ਾਹ ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਸੀ ਕਿ ਲੱਖਾਂ ਹੀ ਸੂਰਜ ਮੰਡਲ ਹਨ ਬਲਕਿ ਲੱਖਾਂ ਨਹੀਂ, ਬੇਅੰਤ ਸੂਰਜ ਮੰਡਲ ਹਨ। ਉਸ ਸਮੇਂ ਦੀ ਮਨੌਤ ਸੀ ਕਿ 7 ਪਾਤਾਲ ਅਤੇ 7 ਅਕਾਸ਼ ਹਨ। ਗੁਰੂ ਨਾਨਕ ਪਾਤਿਸ਼ਾਹ ਜੀ ਨੇ ਕਿਹਾ ਕਿ ਲੱਖਾਂ ਹੀ ਅਕਾਸ਼ ਅਤੇ ਲੱਖਾਂ ਹੀ ਪਾਤਾਲ ਹਨ, ‘‘ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ’’ (ਜਪੁ)

ਅੱਜ ਭੀ ਗੂਗਲ ਉੱਤੇ ਸਰਚ ਕਰੀਏ ਤਾਂ ‘ਜਿਓਰਡਾਨੋ ਬਰੂਨੋ’ ਦਾ ਨਾਂ ਆਉਂਦਾ ਹੈ, ਗੁਰੂ ਨਾਨਕ ਪਾਤਿਸ਼ਾਹ ਜੀ ਦਾ ਨਹੀਂ ਕਿਉਂਕਿ ਅਸੀਂ ਦੁਨੀਆਂ ਨੂੰ ਦੱਸ ਹੀ ਨਾ ਸਕੇ ਕਿ ਗੁਰੂ ਗ੍ਰੰਥ ਸਾਹਿਬ ਅੰਦਰ ਕਿੰਨਾ ਕੀਮਤੀ; ਨਾ ਕੇਵਲ ਅਧਿਆਤਮਿਕ ਗਿਆਨ ਹੈ ਬਲਕਿ ਵਿਗਿਆਨਿਕ ਗਿਆਨ ਭੀ ਬਾਕਮਾਲ ਹੈ, ਪਰ ਸਾਡੇ ਪ੍ਰਬੰਧਕਾਂ ਨੇ, ਕਮੇਟੀ ਵਾਲ਼ਿਆਂ ਨੇ ਇਸ ਪਾਸੇ ਵੱਲ ਕਦੇ ਵਿਸ਼ੇਸ਼ ਧਿਆਨ ਨਾ ਦਿੱਤਾ।

ਮੈ ਸਮੂਹ ਪਾਠਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਅਸੀਂ ਹੁਣ ਭੀ ਜਾਗੀਏ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਗਹਿਣ ਵਿਚਾਰ ਕਰੀਏ ਤੇ ਐਸੇ ਵਿਗਿਆਨਿਕ ਤੱਥਾਂ ਨੂੰ ਸੰਸਾਰ ਦੇ ਸਾਮ੍ਹਣੇ ਲਿਆਈਏ।

ਸੋ ਸਿੱਖ ਪੰਥ ਨੂੰ ਗੁਰੂ ਸਾਹਿਬਾਨ ਦੇ ਅਸੀਮ ਗਿਆਨ; ਜਿਵੇਂ ਕਿ ਉਹ ਵੱਡੇ ਦਾਰਸ਼ਨਿਕ ਸਨ, ਸਾਇੰਸਦਾਨ ਸਨ, ਫ਼ਿਲਾਸਫ਼ਰ ਸਨ, ਆਦਿ ਉੱਤੇ ਮਾਣ ਕਰਨਾ ਚਾਹੀਦਾ ਹੈ ਅਤੇ ਗੁਰਮਤਿ ਦੇ ਸਿਧਾਂਤ ਦਾ ਵਿਸ਼ਵ ਪੱਧਰ ਤੱਕ ਪ੍ਰਚਾਰ-ਪ੍ਰਸਾਰ ਕਰਨਾ ਸਮੇਂ ਦੀ ਮੁੱਖ ਲੋੜ ਹੈ ਤਾਂ ਕਿ ਵਿਕੀਪੀਡੀਆ ਜੈਸੇ ਸਥਾਨ ਭੀ ਗੁਰੂ ਨਾਨਕ ਸਾਹਿਬ ਜੀ ਆਦਿ ਅਧਿਆਤਮਕ ਬਾਣੀਕਾਰਾਂ ਦੀ ਖੋਜ ਨੂੰ ਪ੍ਰਮੁੱਖਤਾ ਦੇਣ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 4)

0

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 4)

ਪੰਥ ਦੇ ਵਿਚਾਰਨਯੋਗ ਮਸਲੇ ਤੇ ਸਮਾਧਾਨ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ-1)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 2)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ -3)

ਗਿਆਨੀ ਜਗਤਾਰ ਸਿੰਘ ਜਾਚਕ

ਛੇਵਾਂ ਹੈ ਕੁਝ ਬਾਣੀਕਾਰਾਂ ਅਤੇ ਰਾਗਾਂ ਦੇ ਘਰਾਂ ਅੰਦਰਲੇ ਬੇਮਿਸਲ ਹੋਏ ਸ਼ਬਦਾਂ ਦੇ ਸਹੀ ਸਥਾਨ ਦਾ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰਾਂ ਅਤੇ ਰਾਗਾਂ ਦੇ ਘਰਾਂ ਦੀ ਇੱਕ ਬਝਵੀਂ ਤਰਤੀਬ ਹੈ। ਗੁਰੂ-ਬਾਣੀਕਾਰਾਂ ਦੀ ਤਰਤੀਬ ਤਾਂ ਗੁਰਿਆਈ ਕਾਲ ਦੀ ਤਰਤੀਬ ਮੁਤਾਬਕ ਹੈ। ਜਿਵੇਂ ਸ਼ਬਦਾਂ, ਅਸਟਪਦੀਆਂ ਤੇ ਛੰਤਾਂ ਆਦਿਕ ਵਿੱਚ ਸਭ ਤੋਂ ਪਹਿਲਾਂ ਮਹਲਾ ੧ ਦੀ ਬਾਣੀ, ਫਿਰ ਮ: ੩, ਮ: ੪, ਮ: ੫ ਤੇ ਮ: ੯ਵਾਂ ਦੀ। ਮ: ੨ ਦੇ ਕੇਵਲ 63 ਸਲੋਕ ਹਨ ਤੇ ਉਹ ਵੀ ਵਾਰਾਂ ਵਿੱਚ ਪ੍ਰੋਏ ਹੋਣ ਕਰਕੇ ਬਾਣੀਕਾਰਾਂ ਦੀ ਤਰਤੀਬ ਦਾ ਭਾਗ ਨਹੀਂ ਬਣਦੇ ਪ੍ਰੰਤੂ ਭਗਤ-ਬਾਣੀ ਦੀ ਤਰਤੀਬ, ਸ਼ਬਦਾਂ ਦੀ ਬਹੁਲਤਾ ਅਤੇ ਗੁਰਮਤਿ ਦ੍ਰਿਸ਼ਟੀਕੋਨ ਤੋਂ ਸਿਧਾਂਤਿਕ ਅਨੁਕੂਲਤਾ ਤੇ ਸਪਸ਼ਟਤਾ ਆਧਾਰਿਤ ਹੈ। ਇਸ ਲਈ ਸੰਪਾਦਕੀ ਵੇਲੇ ਜਿਵੇਂ ਗੁਰਬਾਣੀ ਵਿੱਚ ਪਹਿਲ ਦਿੱਤੀ ਗਈ ਗੁਰੂ ਨਾਨਕ-ਬਾਣੀ ਨੂੰ, ਤਿਵੇਂ ਭਗਤ-ਬਾਣੀ ਦੇ ਹਰੇਕ ਸ਼ਬਦ-ਸੰਗ੍ਰਹਿ ਵਿੱਚ ਪਹਿਲ ਦਿੱਤੀ ਹੈ ਭਗਤ ਕਬੀਰ ਜੀ ਨੂੰ। ਉਨ੍ਹਾਂ ਉਪਰੰਤ ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ ਅਤੇ ਭਗਤ ਤ੍ਰਿਲੋਚਨ ਜੀ ਜਾਂ ਬਾਕੀ ਦੇ ਭਗਤਾਂ ਵਿੱਚੋਂ ਕਿਸੇ ਦੀ ਬਾਣੀ ਅੰਕਿਤ ਹੈ। ਛਾਪੇ ਦੀ ਪ੍ਰਚਲਿਤ ਬੀੜ ਵਿੱਚ ਗੁਰੂ-ਬਾਣੀਕਾਰਾਂ ਦੀ ਤਰਤੀਬ ਤਾਂ ਸਭ ਰਾਗਾਂ ਵਿੱਚ ਠੀਕ ਹੈ। ਹਾਂ  ! ਕਈ ਥਾਈਂ ਰਾਗਾਂ ਦੇ ‘ਘਰ’ ਅੱਗੇ ਪਿੱਛੇ ਹੋਏ ਮਿਲਦੇ ਹਨ ਪ੍ਰੰਤੂ ਬੀੜਾਂ ਦੇ ਲੇਖਕਾਂ ਦੀਆਂ ਉਕਾਈਆਂ ਕਾਰਨ ਭਗਤ-ਬਾਣੀ ਦੀ ਬਝਵੀਂ ਤਰਤੀਬ ਵੀ ਕਈ ਥਾਈਂ ਵਿਗੜੀ ਹੋਈ ਹੈ; ਜਿਵੇਂ ਕਿ

ਸਿਰੀਰਾਗੁ ਮਹਲਾ ੫ ਘਰੁ ੧ ॥ ਸੰਤ ਜਨਾ ਮਿਲਿ ਭਾਈਆ ..ਪੰਨਾ 52 ਤੋਂ ਲੈ ਕੇ ਸਿਰੀਰਾਗੁ ਮਹਲਾ ੫ ॥ ਸੰਤ ਜਨਹੁ ਸੁਣਿ ਭਾਈਹੋ॥ ਪੰ.53 ਤੱਕ ਦੇ 28, 29, 30 ਤਿੰਨ ਸ਼ਬਦ ਪਹਿਲੇ ਘਰ ਦੇ ਹਨ, ਪਰ ਬੇਮਿਸਲ ਹੋ ਕੇ 7ਵੇਂ ਘਰ ਤੋਂ ਪਿਛੋਂ ਛਪ ਰਹੇ ਹਨ। ਸੂਚੀ ਮੁਤਾਬਕ ਸਹੀ ਕਰਨ ਦੀ ਲੋੜ ਹੈ।

‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ-ਲਿਖਤ ਬੀੜਾਂ ਦੇ ਦਰਸ਼ਨ’ ਪੁਸਤਕ ਦੀ ਅੰਤਿਕਾ ਨੰ: 12 ਵਿੱਚ ਉਨ੍ਹਾਂ 27 ਬੀੜਾਂ ਦੀ ਸੂਚੀ ਦਿੱਤੀ ਹੋਈ ਹੈ, ਜਿਨ੍ਹਾਂ ਵਿੱਚ ਉਪਰੋਕਤ ਤਿੰਨੇ ਸ਼ਬਦ ‘ਘਰੁ ੧’ ਵਾਲੇ 21ਵੇਂ ਸ਼ਬਦ ਨਾਲ ਆਪਣੀ ਸਹੀ ਥਾਂ ਦਰਜ ਹਨ; ਜਿਵੇਂ : ਬੀੜ ਨੰ. 7, 20, 34, 42, 44, 45, 50, 52, 54, 56, 59, 60, 67, 73, 79, 80, 81, 82, 86, 94, 98, 99, 104, 105, 108, 110 ਤੇ 115 ।

‘ਸਿਰੀਰਾਗੁ ਤ੍ਰਿਲੋਚਨ ਕਾ ॥ ਮਾਇਆ ਮੋਹੁ ਮਨਿ ਆਗਲੜਾ’ ਪੰ. 92 ਬੇਮਿਸਲ ਹੋ ਕੇ ਕਬੀਰ ਜੀ ਦੀ ਬਾਣੀ ਦੇ ਵਿਚਕਾਰ ਛਪ ਰਿਹਾ ਹੈ। ਭਗਤ-ਬਾਣੀ ਦੀ ਬਝਵੀਂ ਤਰਤੀਬ ਮੁਤਾਬਕ ਇਸ ਦਾ ਸਥਾਨ ਠੀਕ ਕਰਨ ਦੀ ਲੋੜ ਹੈ। ਇਸ ਸੰਬੰਧੀ ਪਾਠ-ਭੇਦ ਸੂਚੀ ਦੀ ਮੰਨਣਯੋਗ ਸਲਾਹ ਇਸ ਪ੍ਰਕਾਰ ਹੈ :

ਇਹ ਸ਼ਬਦ ਬੇਮਿਸਲ ਹੈ। ਕਬੀਰ ਜੀ ਦੇ ਦੂਜੇ ਸਬਦ ‘ਅਚਰਜ ਏਕੁ ਸੁਨਹੁ ਰੇ’ ਤੋਂ ਮਗਰੋਂ ਪੰਨਾ 92 ਦੇ ਅੰਤ ਪੁਰ ਹੋਣਾ ਚਾਹੀਏ। ਜਿਵੇਂ ਕਿ ਏਹਨਾਂ ਗ੍ਰੰਥਾਂ ਵਿੱਚ – ਬੀੜ ਨੰਬਰ 21/34, 44, 54 । ਸੂਚੀ ਪੰ. 36

ਪ੍ਰੋ. ਸਾਹਿਬ ਸਿੰਘ ਟਰਸਟ ਸ੍ਰੀ ਅਨੰਦਪੁਰ, ਵੇਦਾਂਤੀ ਜੀ ਤੇ ਦਾਸ ਦੀ ਲਾਇਬ੍ਰੇਰੀ ਵਿੱਚ ਬਾਬਾ ਰਾਮਰਾਇ ਵਾਲੀ (ਲਿਖਤ ਸੰਮਤ 1742, ਸੰਨ 1685) ਬੀੜ ਦੀ ਵੀਡੀਓ ਕਾਪੀ ਮੌਜੂਦ ਹੈ। ਇਸ ਦੇ ਪਤਰਾ ਨੰਬਰ 39 ’ਤੇ ਭਗਤ ਕਬੀਰ ਜੀ ਦੇ ਦੂਜੇ ਸ਼ਬਦ ਮਗਰੋਂ ਇਹ ਸੰਖੇਪ ਮੰਗਲ ਸਮੇਤ ਹੇਠ ਲਿਖੇ ਉਸ ਪ੍ਰਮਾਣੀਕ ਢੰਗ ਨਾਲ ਸ਼ੋਭਨੀਕ ਹੈ, ਜਿਸ ਮੁਤਾਬਕ ਮੰਗਲਾਂ ਨੂੰ ਸੱਜੇ ਰੱਖ ਕੇ ਇਉਂ ਪਹਿਲ ਦਿੱਤੀ ਜਾਂਦੀ ਰਹੀ : 

ੴਸਤਿਗੁਰਪ੍ਰਸਾਦਿ ॥

ਸਿਰੀਰਾਗੁਤ੍ਰਿਲੋਚਨ ਕਾ ॥         ਮਾਇਆਮੋਹੁਮਨਿਆਗਲੜਾਪ੍ਰਾਣੀਜਰਾਮਰਣੁਭਉਵਿਸਰਿਗਇਆ ॥

ੴ ਸਤਿਗੁਰਪ੍ਰਸਾਦਿ ॥ ਰਾਗੁ ਗਉੜੀ ਗੁਆਰੇਰੀ ਕਬੀਰ ਜੀ ਕੀ ਅਸਟਪਦੀ ॥ ਇਹ ਅਸਟਪਦੀ, ਜੋ ਪੰਨਾ 330 ’ਤੇ ਛਪ ਰਹੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੱਧੇ ਕਰਮ ਅਨੁਸਾਰ ਬੇਮਿਸਲ ਹੈ। ਇਹ ਪੰਨਾ 339 ’ਤੇ ਸ਼ਬਦਾਂ ਪਿਛੋਂ 74ਵੇਂ ਅੰਕ ’ਤੇ ਦਰਜ ਹੋਣੀ ਚਾਹੀਦੀ ਹੈ ਕਿਉਂਕਿ ਸਥਾਪਿਤ ਤਰਤੀਬ ਮੁਤਾਬਕ ਅਸਟਪਦੀਆਂ ਸਭ ਥਾਈਂ ਸ਼ਬਦਾਂ ਪਿਛੋਂ ਅੰਕਿਤ ਹੋਈਆਂ ਮਿਲਦੀਆਂ ਹਨ। ਵੇਖੋ ਸੂਚੀ ਪੰਨਾ-87

ੴ ਸਤਿਗੁਰਪ੍ਰਸਾਦਿ ॥ ਤਿਲੰਗ ਕਾਫੀ ਮਹਲਾ ੯ ॥ ਚੇਤਨਾ ਹੈ ਤਉ ਚੇਤਿ ਲੈ॥ ਪੰਨਾ 727, ਮਹਲਾ ੯ ਦੇ ਤਿੰਨੇ ਸ਼ਬਦ ਪੰਨਾ 724 ’ਤੇ ਤਿਲੰਗ ਮਹਲਾ ੫ ॥ ਮੀਰਾਂ ਦਾਨਾ॥ ਪਿਛੋਂ ਅਤੇ ਅਸਟਪਦੀਆਂ ਨੁਮਾ ‘ਜਿਨ ਕੀਆ’ ਤੋਂ ਪਹਿਲਾਂ ਚਾਹੀਦੇ ਹਨ। ਕਾਰਨ ਹੈ ਕਿ ਹਰ ਥਾਂ ਅਸਟਪਦੀਆਂ ਤੇ ਛੰਤਾਂ ਤੋਂ ਪਹਿਲਾਂ ਹੀ ਨੌਵੇਂ ਮਹਲੁ ਦੇ ਸ਼ਬਦ ਦਰਜ ਹੋਏ ਹਨ। ਸੂਚੀ ਮੁਤਾਬਕ ਪੁਰਾਤਨ ਬੀੜਾਂ ਵਿੱਚ ਇੱਥੇ ਵੀ ਦੋ ਸ਼ਬਦ ਦਰਜ ਮਿਲਦੇ ਹਨ। ਜਿਵੇਂ ਸਿੱਖ ਰੈਫ਼ਰੈਂਸ ਦੀ ਬੀੜ ਨੰਬਰ 8/8, 21/34, 24/36, 26/55, 29/79 ਆਦਿ। ਸੂਚੀ ਪੰ. 255

‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ-ਲਿਖਤ ਬੀੜਾਂ ਦੇ ਦਰਸ਼ਨ’ ਪੁਸਤਕ ਦੀ ਅੰਤਿਕਾ ਨੰ. 26 (ਪੰ. 276) ਵਿੱਚ 48 ਬੀੜਾਂ ਦੀ ਸੂਚੀ ਪ੍ਰਾਪਤ ਹੈ, ਜਿਨ੍ਹਾਂ ਵਿੱਚ ਉਪਰੋਕਤ ਤਿਲੰਗ ਮ: ੯ਵਾਂ ਦੇ ਤਿੰਨੇ ਸ਼ਬਦ ਅਸਟਪਦੀਆਂ ਤੋਂ ਪਹਿਲਾਂ ਆਪਣੀ ਥਾਂ ਸਿਰ ਦਰਜ ਹਨ। ਵੇਖੋ ਬੀੜ ਨੰ. 1, 2, 4, 5, 7, 11, 24, 25, 26, 27, 32, 33, 34, 35, 36, 40 ਤੇ 42 ਆਦਿ। ਵੇਖੋ  ! ਪੁਸਤਕ ਦੇ ਪੰਨਾ 255 ਉਪਰਲਾ ਚਿੱਤਰ ਨੰ.-16 :

ਛਾਪੇ ਦੀ ਬੀੜ ਅੰਦਰਲਾ ‘ਅਨਭਉ ਕਿਨੈ ਨ ਦੇਖਿਆ ਬੈਰਾਗੀਅੜੇ ॥’ ਪੰ. 1104 ਸੂਚੀ ਵਿਚ ਦਰਜ ਸਿਰਲੇਖ ਮੁਤਾਬਕ ਇਹ ਸ਼ਬਦ ਅਸਟਪਦੀ ਹੈ, ਜੋ ‘ਚਉਪਦੇ’ ‘ਦੁਪਦਿਆਂ’ ਵਿੱਚ ਬੇ-ਟਿਕਾਣੇ ਹੈ। ਕਬੀਰ ਜੀ ਦੇ ਸਾਰੇ ਸ਼ਬਦਾਂ ਤੋਂ ਬਾਅਦ ਰੱਖਣੀ ਚਾਹੀਦੀ ਹੈ, ਕਿਉਂਕਿ ਬੱਝਵੀਂ ਤਰਤੀਬ ਅਨੁਸਾਰ ਅਸਟਪਦੀਆਂ ਸਦਾ ਸ਼ਬਦਾਂ ਪਿੱਛੋਂ ਹੀ ਅੰਕਿਤ ਹੁੰਦੀਆਂ ਹਨ। ਸੂਚੀ ਪੰ. 493

ਇਸ ਤੋਂ ਪਹਿਲੇ ਚਉਪਦਿਆਂ ਦੇ ਸਿਰਲੇਖ ‘ਮਾਰੂ ॥ ਕਬੀਰ ਜੀ’ ਵੀ ਬੀੜਾਂ ਵਿੱਚ ਉਪਲਬਧ ਹਨ। ਜਿਵੇਂ ਬੀੜ ਨੰਬਰ 1,5, 8/8 21/34, 24/36 ਆਦਿਕ 16 ਬੀੜਾਂ ਦਾ ਵੇਰਵਾ ਸੂਚੀ ਵਿੱਚ ਦਰਜ ਹੈ। ਸੂਚੀ ਪੰ.490

ਮਾਰੂ ਕਬੀਰ ਜੀਉ ॥ ਦੀਨੁ ਬਿਸਾਰਿਓ ਰੇ ਦਿਵਾਨੇ.. ਪੰਨਾ 1105

ਰਾਮੁ ਸਿਮਰੁ ਪਛੁਤਾਹਿਗਾ ਮਨ ॥ ਪੰਨਾ 1106 ਸੂਚੀ ਮੁਤਾਬਕ ਇਹ ਦੋਵੇਂ ਸ਼ਬਦ ਕਬੀਰ ਜੀ ਦੇ ਚਉਪਦਿਆਂ ਨਾਲ ਹੀ ਅੰਕਿਤ ਹੋਣੇ ਚਾਹੀਦੇ ਹਨ। ਭਾਈ ਬੰਨੋ ਵਾਲੀ ਬੀੜ ਦੇ ਲਿਖਾਰੀ ਦੀ ਭੁੱਲ ਹੈ, ਜਿਸ ਨੂੰ ਹੋਰ ਲੇਖਕਾਂ ਨੇ ਦੁਹਰਾਇਆ ਹੈ। ਪੁਰਾਤਨ ਲਿਖਤੀ ਬੀੜਾਂ ਵਿੱਚ ਉਪਰੋਕਤ ਸ਼ਬਦ ‘ਸਲੋਕ ਕਬੀਰ ॥ ਗਗਨ ਦਮਾਮਾ’ ਤੋਂ ਪਹਿਲਾਂ ਦਰਜ ਹੈ। ਜਿਵੇਂ ਬੀੜ ਨੰ. 1, 8/8, 21/34 ਆਦਿਕ 11 ਬੀੜਾਂ ਦਾ ਹਵਾਲਾ ਮਿਲਦਾ ਹੈ।

ਨਾਮਦੇਵ ॥ ਆਉ ਕਲੰਦਰ ਕੇਸਵਾ ॥ ਕਰਿ ਅਬਦਾਲੀ ਭੇਸਵਾ ॥ ਰਹਾਉ ॥ ਪੰਨਾ 1167 ਸੂਚੀ ਮੁਤਾਬਕ ਭਗਤ ਨਾਮਦੇਵ ਜੀ 10 ਦਸਵਾਂ ਸ਼ਬਦ ਭਾਈ ਗੁਰਦਾਸ ਜੀ ਮਿਸਲ ਦੀਆਂ ਬੀੜਾਂ ਵਿੱਚ ਦੂਜੇ ਘਰ ਵਾਲੇ ਸੰਗ੍ਰਹਿ ਵਿਖੇ (ਛਾਪੇ ਦੀ ਬੀੜ ਪੰ. 1165 ਪੁਰ) ਆਪਣੇ ਟਿਕਾਣੇ ਸਿਰ ਦਰਜ ਹੈ, ਕਿਉਂਕਿ ਭਗਤ ਬਾਣੀ ਦੀ ਬੱਧੀ ਤਰਤੀਬ ਮੁਤਾਬਕ ਨਾਮਦੇਵ ਜੀ ਦਾ ਸ਼ਬਦ ਰਵਿਦਾਸ ਜੀ ਦੇ ਪਿਛੋਂ ਨਹੀਂ ਆ ਸਕਦਾ। ਉਪਰੋਕਤ ਹਕੀਕਤ ਲਈ ਸੂਚੀ ਵਿੱਚ ਬੀੜ ਨੰਬਰ 1, 21/34, 29/79 ਆਦਿਕ 9 ਬੀੜਾਂ ਦਾ ਹਵਾਲਾ ਦਰਜ ਹੈ। ਸੂਚੀ ਪੰ. 555

ਬਸੰਤੁ ਕਬੀਰ ਜੀਉ ॥ ਸੁਰਹ ਕੀ ਜੈਸੀ ਤੇਰੀ ਚਾਲ ॥ ਪੰ.1196 ਇਹ ਸ਼ਬਦ ਬੇਮਿਸਲ ਹੋ ਕੇ ਭਗਤ ਰਾਮਾਨੰਦ, ਨਾਮਦੇਉ ਤੇ ਰਵਿਦਾਸ ਜੀ ਦੀ ਬਾਣੀ ਪਿਛੋਂ ਅਖ਼ੀਰ ਵਿੱਚ ਛਪ ਰਿਹਾ ਹੈ। ਤਰਤੀਬ ਮੁਤਾਬਕ ਇਹ ਪੰ. 1195 ’ਤੇ ਕਬੀਰ ਜੀ ਦਾ ਅੱਠਵਾਂ ਸ਼ਬਦ ਬਣਦਾ ਹੈ। ਸੂਚੀ ਦੀ ਸੂਚਨਾ ਅਨੁਸਾਰ ਬੀੜ ਨੰ. 29/79, 54, 55 ਤੇ 56 ਆਦਿਕ 9 ਬੀੜਾਂ ਵਿਖੇ ਆਪਣੀ ਥਾਂ ਟਿਕਿਆ ਮਿਲਦਾ ਹੈ। ਸੂਚੀ ਪੰ. 594

ਸਾਰੰਗ ਕਬੀਰ ਜੀਉ ॥ ਹਰਿ ਬਿਨੁ ਕਉਨੁ ਸਹਾਈ ਮਨ ਕਾ ॥ ਪੰ.1253 ਇਹ ਸ਼ਬਦ ਪੰਨਾ 1252 ’ਤੇ ਕਬੀਰ ਜੀ ਦਾ ਤੀਜਾ ਸ਼ਬਦ ਬਣਦਾ ਹੈ, ਪਰ ਲਿਖਿਆ ਅੰਤ ਵਿੱਚ ਹੈ। ਸੂਚੀ ਦਾ ਨੋਟ ਇਸ ਪ੍ਰਕਾਰ ਹੈ :

ਨੋਟ : ਇਸ ਰਾਗ ਵਿੱਚ ਭੀ ਕਬੀਰ ਜੀ ਦਾ ਤੀਜਾ ਸ਼ਬਦ – ਹਰਿ ਬਿਨੁ ਕਉਨੁ ਸਹਾਈ ਮਨ ਕਾ ॥ ਛਾਪੇ ਤੇ ਲਿਖਤ ਦੇ ਕਈ ਗ੍ਰੰਥਾਂ ਵਿੱਚ ਬੇ-ਮਿਸਲ (ਟਿਕਾਣੇ ਤੋਂ ਖਿਸਕਿਆ ਹੋਇਆ) ਯਾੱਨੀ ਰਾਗੁ ਦੇ ਅੰਤਿ ਦਰਜ ਹੈ। ਲੇਕਿਨ ਭਾਈ ਗੁਰਦਾਸ ਮਿਸਲ ਦੇ ਅਕਸਰ ਉਤਾਰਿਆਂ ਵਿੱਚ ਸਹੀ ਥਾਂ (ਤੀਜੇ ਨੰਬਰ) ਲਿਖਿਆ ਮਿਲਦਾ ਹੈ। ਜਿਹਾ ਕਿ- ਬੀੜ ਨੰ. 21/34, 22/6281, 36/117, 38/173, 40/236 ਅਤੇ 55 ਨੰਬਰ ਆਦਿਕ । ਸੂਚੀ ਪੰ. 657

ਸੂਚੀ ਨੇ ਤਾਂ ਛਾਪੇ ਦੀ ਬੀੜ ਅੰਦਰਲੇ ਦੁਪਦੇ, ਤਿਪਦੇ ਤੇ ਚਉਪਦਿਆਂ ਆਦਿਕ ਦੀ ਤਰਤੀਬ ਦਾ ਵਿਗਾੜ ਵੀ ਦਰਸਾਇਆ ਹੈ। ਜਿਵੇਂ ‘ਆਸਾ ਮਹਲਾ ੧ ਦੁਪਦੇ ॥ ਤਿਤੁ ਸਰਵਰੜੈ ਭਈਲੇ ਨਿਵਾਸਾ’ ਪੰਨਾ 357 ਅਤੇ ‘ਛਿਅ ਘਰ ਛਿਅ ਗੁਰ॥’ ਦੂਜੇ ਘਰ ਦੇ 29 ਤੇ 30 ਨੰਬਰ ਦੋਵੇਂ ਦੁਪਦੇ, ਤਰਤੀਬ ਮੁਤਾਬਕ ਚਉਪਦਿਆਂ ਤੋਂ ਪਹਿਲਾਂ ਪੰਨਾ 348 ਉਪਰ ‘ਸੋ ਪੁਰਖੁ’ ਸ਼ਬਦ ਤੋਂ ਪਿਛੋਂ ਮੰਗਲ ਸਹਿਤ ਅੰਕਿਤ ਹੋਣੇ ਚਾਹੀਦੇ ਹਨ। ਪੰਨਾ 484 ਉਪਰਲੇ 34 ਤੋਂ 37 ਨੰਬਰ ਤਕ ਦੇ ਸ਼ਬਦ ਚਉਪਦੇ ਹੋਣ ਕਰਕੇ ਪੰਨਾ 479 ’ਤੇ 13ਵੇਂ ਅੰਕ ਪਿਛੋਂ ਦਰਜ ਹੋਣੇ ਚਾਹੀਦੇ ਹਨ ਪ੍ਰੰਤੂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਟੀਮ’ ਦੇ ਖੋਜੀ ਵਿਦਵਾਨਾਂ ਨੇ ਉਪਰੋਕਤ ਪੱਖ ਨੂੰ ਮਹੱਤਵ ਨਹੀਂ ਦਿੱਤਾ ਕਿਉਂਕਿ ਦੁਪਦਿਆਂ ਤੇ ਚਉਪਦਿਆਂ ਆਦਿਕ ਦੇ ਰਲਵੇਂ ਮਿਲਵੇਂ ਸੰਗ੍ਰਹਿ ਆਮ ਮਿਲਦੇ ਹਨ। ਦੂਜਾ ਕਾਰਨ ਹੈ ਕਿ ਦੁਪਦੇ, ਚਉਪਦੇ ਆਦਿਕ ਸੰਗ੍ਰਹਿ ਨਾ ਤਾਂ ਸ਼ਬਦਾਂ ਦੇ ਜੋੜ-ਅੰਕਾਂ ਨੂੰ ਪ੍ਰਭਾਵਤ ਕਰਦੇ ਹਨ ਅਤੇ ਨਾ ਹੀ ਇਨ੍ਹਾਂ ਅੱਗੇ ਵਿਸ਼ੇਸ਼ ਮੰਗਲ ਲੋੜੀਂਦਾ ਹੈ।

ਸੋ ਇਸ ਲਈ ਜਥੇਦਾਰ ਵੇਦਾਂਤੀ ਜੀ ਨੇ ਪਾਵਨ ਬੀੜ ਦੇ ਸੋਧੇ ਖਰੜੇ ਵਿੱਚ ‘ਪਾਠ-ਭੇਦ ਸੂਚੀ’ ਅਤੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਟੀਮ’ ਦੇ ਖੋਜੀ ਵਿਦਵਾਨਾਂ ਦੀ ਸਲਾਹ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਝਵੀਂ ਤਰਤੀਬ ਇਕਸਾਰਤਾ ਨੂੰ ਕਾਇਮ ਕਰਨ ਹਿਤ ਉਪਰੋਕਤ ਕਿਸਮ ਦੇ ਬੇਮਿਸਲ ਸ਼ਬਦਾਂ ਨੂੰ ਤਰਤੀਬ ਦਿੰਦਿਆਂ ਉਨ੍ਹਾਂ ਦੇ ਘਰਾਂ ਮੁਤਾਬਕ ਸਹੀ ਥਾਂ ’ਤੇ ਟਿਕਾਉਣ ਤੇ ਦਰਸਾਉਣ ਦਾ ਵੀ ਉਪਰਾਲਾ ਕੀਤਾ ਦਿਸਦਾ ਹੈ।

ਸਤਵਾਂ ਬਹੁਤ ਹੀ ਸੰਵੇਦਨਸ਼ੀਲ ਤੇ ਅਹਿਮ ਮਸਲਾ ਹੈ ਬਾਣੀ ਦੀਆਂ ਕੁਝ ਸਦਿੰਗਧ ਤੁਕਾਂ ਅਤੇ ਰਾਗਮਾਲਾ ਦੇ ਨਿਰਣਾਇਕ ਹੱਲ ਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਦੇ ਕਰਤਾ ਪ੍ਰੋ. ਸਾਹਿਬ ਸਿੰਘ ਜੀ ਲਿਖਦੇ ਹਨ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਪਹਿਲਾਂ ਜਿਤਨੀਆਂ ਭੀ ਬੀੜਾਂ ਲਿਖੀਆਂ ਗਈਆਂ ਸਨ, ਉਹ ਸਾਰੀਆਂ ਹੀ ਲਗਭਗ ਭਾਈ ਗੁਰਦਾਸ ਜੀ ਵਾਲੀ ‘ਆਦਿ ਬੀੜ’ ਨਾਲ ਮਿਲਦੀਆਂ ਸਨ। ਕਿਸੇ ਲਿਖਾਰੀ ਦੀ ਅਭੋਲ ਉਕਾਈ ਨਾਲ ਭਾਵੇਂ ਕੋਈ (ਲਗ-ਮਾਤ੍ਰੀ) ਨਿੱਕਾ ਮੋਟਾ ਫ਼ਰਕ ਪੈ ਗਿਆ ਹੋਵੇ। ਉਞ ਜਾਣ-ਬੁੱਝ ਕੇ ਕਿਸੇ ਨੇ ਕੋਈ ਅਦਲਾ ਬਦਲੀ ਕਰਨ ਦੀ ਕੋਸ਼ਸ਼ ਨਹੀਂ ਕੀਤੀ। ਜੋ ਅਦਲਾ-ਬਦਲੀਆਂ ਹੋਈਆਂ ਉਹ ਸੰਨ 1732 ਤੋਂ ਪਿੱਛੋਂ ਹੋਈਆਂ।

ਸ੍ਰ. ਜੀ. ਬੀ. ਸਿੰਘ ਮੁਤਾਬਕ ਤਾਂ ਭਾਈ ਬੰਨੋ ਵਾਲੀ ਬੀੜ ਵਿੱਚ ਵੀ ਪਹਿਲਾਂ ਫ਼ਾਲਤੂ ਬਾਣੀਆਂ ਨਹੀਂ ਸਨ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਪਿੱਛੋਂ ਕਿਸੇ ਨੇ 26 ਵਰਕੇ ਨਵੇਂ ਪਾ ਕੇ ਮਹਲਾ ਨਾਵਾਂ ਦੀ ਬਾਣੀ ਸਮੇਤ ਕੁਝ ਹੋਰ ਫ਼ਾਲਤੂ ਬਾਣੀਆਂ ਲਿਖ ਦਿੱਤੀਆਂ। ਸੰਨ 1864 ਵਿੱਚ ਪੱਥਰ ਦੇ ਛਾਪੇ ਦੀ ਜੋ ਪਹਿਲੀ ਲਹੌਰੀ ਬੀੜ ਛਪੀ, ਪ੍ਰਤੀਤ ਹੁੰਦਾ ਹੈ ਕਿ ਭਾਈ ਬੰਨੋ ਵਾਲੀ ਬੀੜ ਦਾ ਕੋਈ ਉਤਾਰਾ ਹੀ ਉਸ ਦੀ ਛਪਾਈ ਦਾ ਆਧਾਰ ਬਣਿਆ। ਇਹ ਵੱਖਰੀ ਗੱਲ ਹੈ ਕਿ ਉਸ ਵਿੱਚ ਰਾਗਮਾਲਾ ਤੋਂ ਇਲਾਵਾ ਕੋਈ ਹੋਰ ਵਾਧੂ ਬਾਣੀ ਨਹੀਂ ਹੋਵੇਗੀ। ਪਰ ਛਾਪੇ ਦੀ ਪ੍ਰਚਲਿਤ ਬੀੜ ਅੰਦਰਲਾ ਰਾਮਕਲੀ ਰਾਗ ਦਾ ਛੰਤ ‘ਰਣ ਝੁੰਝਨੜਾ ਗਾਉ ਸਖੀ॥’ ਪੰ. 927 ਦੀਆਂ ਕੇਵਲ ਦੋ ਤੁਕਾਂ ਅਤੇ ਰਾਗ ਸਾਰੰਗ ਵਿੱਚ ‘ਛਾਡਿ ਮਨ ਹਰਿ ਬਿਮੁਖਨ ਕੋ ਸੰਗੁ ॥’ ਪੰ.1253 ਵਾਲੀ ਇੱਕੋ ਤੁਕ ਬੀੜ ਦੀ ਛਪਾਈ ਦਾ ਖੋਜ-ਖੁਰਾ ਭਾਈ ਬੰਨੋ ਵਾਲੀ ਬੀੜ ਵੱਲ ਲੈ ਜਾਂਦਾ ਹੈ।

ਫ਼ਰੀਦਕੋਟੀ ਸੰਪਰਦਾਈ ਟੀਕੇ ਵਿੱਚ ਛੰਦ ‘ਰਣ ਝੁੰਝਨੜਾ ਗਾਉ ਸਖੀ॥’ ਪੰ. 927 ਦੇ ਸਿਰਲੇਖ ਤੋਂ ਪਹਿਲਾਂ ਉਥਾਨਕਾਂ ਵਜੋਂ ਲਿਖਿਆ ਹੈ : ਸ੍ਰੀ ਗੁਰੂ ਅਰਜਨ ਸਾਹਿਬ ਜੀ; ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕੇ ਜਨਮ ਸਮੇਂ ਮੇਂ ਉਚਾਰਤੇ ਭਏ : ਯਹਿ ਸ਼ਬਦ ਸਾਰਾ ਭਾਈ ਬੰਨੋ ਜੀ ਕੀ ਬੀੜ ਮੇਂ ਲਿਖਾ ਹੈ।

‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ-ਲਿਖਤ ਬੀੜਾਂ ਦੇ ਦਰਸ਼ਨ’ ਪੁਸਤਕ ਦੀ ਅੰਤਿਕਾ ਨੰ. 28 (ਪੰ. 277) ਵਿੱਚ ਐਸੀਆਂ 64 ਹੱਥ ਲਿਖਤੀ ਬੀੜਾਂ ਦੀ ਸੂਚੀ ਦਰਜ ਹੈ, ਜਿਨ੍ਹਾਂ ਵਿੱਚ ਰਾਮਕਲੀ ਛੰਤ ਦੀਆਂ ਉਪਰੋਕਤ ਦੋ ਤੁਕਾਂ ਦੀ ਥਾਂ ਪੂਰਾ ਚਉਪਦਾ ਛੰਤ ਹੈ। ਜਿਵੇਂ ਬੀੜ ਨੰ. 1, 2, 3, 4, 5, 7, 9, 11, 12, 13, 14, 15, 16, 17, 19, 22, 24, 25, 26 ਤੇ 27 ਆਦਿ। ਵੇਖੋ  ! ਪੁਸਤਕ ਦੇ ਪੰਨਾ 256 ਵਾਲਾ 17 ਨੰ. ਚਿਤ੍ਰ :

ਗਿ. ਹਰਿਬੰਸ ਸਿੰਘ ਜੀ ਰਚਿਤ ‘ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਸ਼ਨ ਨਿਰਣੈ ਸਟੀਕ’ ਦੀ ਨਾਵੀਂ ਪੋਥੀ ਦੇ ਪੰਨਾ 456 ’ਤੇ ‘ਵਿਸ਼ੇਸ ਧਿਆਨ ਦਿਓ’ ਸਿਰਲੇਖ ਹੇਠ ਨੋਟ ਹੈ :

ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਗੁਰੂ ਜੀ ਨੇ ਗੁਰਮਤਿ ਕਸਵੱਟੀ ਤੇ ਪਰਖ ਕੇ ਕੇਵਲ ਸੱਚੀ ਬਾਣੀ ਨੂੰ ਪ੍ਰਮਾਣਿਕਤਾ ਦਿੱਤੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਈ ਬੰਨੋ ਵਾਲੇ ਸਰੂਪ ਵਿੱਚ ਚਾਰ ਪਦਾਂ ਦਾ ਪੂਰਾ ਛੰਤ ਅੰਕਿਤ ਹੈ ਪਰ ਸ੍ਰੀ ਕਰਤਾਰਪੁਰ ਵਾਲੇ ਪਾਵਨ ਸਰੂਪ ਵਿੱਚ ਇਸ ਸ਼ਬਦ ਦੀਆਂ ਬਾਕੀ ਪੰਕਤੀਆਂ ਛੱਡਣ ਦਾ ਪ੍ਰਸ਼ਨ ਹੀ ਨਹੀਂ ਸੀ ਉੱਠਣਾ। ਇਸ ਸ਼ਬਦ ਦੇ ਤੀਜੇ ਅੰਕ ਦੇ ਆਰੰਭ ਵਿੱਚ ਹੀ ਗੁਰਮਤਿ ਵਿਰੋਧੀ-ਭਾਵਨਾ ਪੜ੍ਹ ਕੇ ਪਾਠਕ ਜਨ ਆਪ ਹੀ ਅਨੁਮਾਨ ਲਗਾ ਲੈਣਗੇ ਕਿ ਉਪਰੋਕਤ ਦੋ ਪੰਕਤੀਆਂ ਛੱਡ ਕੇ ਸਾਰਾ ਸ਼ਬਦ ਹੀ ਗੁਰਦੇਵ ਜੀ ਦੀ ਕਾਵਿ-ਸ਼ੈਲੀ ਅਤੇ ਰਹੁਰੀਤਾਂ ਨਾਲ ਮੇਲ ਨਹੀਂ ਸੀ ਖਾਂਦਾ, ਜਿਸ ਕਰਕੇ ਉਹ ਪੰਕਤੀਆਂ ਦਰਜ ਨਹੀਂ ਕਰਾਈਆਂ :-

   ਰੀਤੀ ਸਗਲ ਕਰਾਈਆ, ਹਰਿ ਸਿਉ ਲਿਵ ਲਾਈ ॥

   ਭਦਣੁ ਉਣੇਤ ਕਰਾਇਆ, ਗੁਰ ਗਿਆਨ ਜਪਾਈ ॥

ਮਹਾਨ ਕੋਸ਼ ਮੁਤਾਬਕ ‘ਭਦਣੁ’ (ਭੱਦਣ) ਪਦ ਦਾ ਅਰਥ ਹੈ ਬ੍ਰਾਹਮਣ ਰੀਤੀ ਅਨੁਸਾਰ- ‘ਮੁੰਡਨ ਸੰਸਕਾਰ’ ਅਤੇ ‘ਉਣੇਤ’ ਦਾ ਪਦ-ਅਰਥ ਹੈ- ਜਨੇਊ-ਸੰਸਕਾਰ। ਸ਼੍ਰੋਮਣੀ ਕਮੇਟੀ ਦੁਆਰਾ ਪ੍ਰਕਾਸ਼ਤ ‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਉਪਰੋਕਤ ਛੰਤ ਸੰਬੰਧੀ ਹੇਠ ਲਿਖਿਆ ਨੋਟ ਹੈ :

ਸ੍ਰੀ ਕਰਤਾਰਪੁਰ ਵਾਲੀ ਬੀੜ ਵਿੱਚ ਇਸ ਦੀਆਂ ਕੇਵਲ ਦੋ ਤੁਕਾਂ ਦਿੱਤੀਆਂ ਹਨ, ਪਰ ਭਾਈ ਬੰਨੋ ਵਾਲੀ ਬੀੜ ਵਿੱਚ ਚਾਰ ਪਦਾਂ ਦਾ ਛੰਦ ਦਿੱਤਾ ਹੈ। ਮਜ਼ਮੂਨ ਬਾਲਕ ਸ੍ਰੀ ਹਰਿਗੋਬਿੰਦ ਜੀ ਦੇ ਸੰਬੰਧ ਵਿੱਚ ਕਿਸੇ ਸੰਸਕਾਰ ਦਾ ਨਹੀਂ, ਸਗੋਂ ਅਨੂਪਮ ਬਾਲਕ ਦਾ ਅਲੰਕਾਰ ਲੈ ਕੇ ਉਸ ਦੇ ਜੀਵਨ ਦੇ ਜ਼ਰੂਰੀ ਮੌਕਿਆਂ (ਜਨਮ, ਨਾਮ-ਕਰਨ, ਭਦਣ, ਸਕੂਲੇ ਪੈਣ, ਮੰਗਣਾ, ਵਿਆਹ) ਨੂੰ ਲੈ ਕੇ ਅੰਮ੍ਰਿਤ-ਨਾਮ ਦੇ ਵੰਡਣ ਦਾ ਜ਼ਿਕਰ ਕਰਦੇ ਹਨ, ਇਸੇ ਤਰ੍ਹਾਂ ਹੋਰਨਾਂ ਥਾਵਾਂ ’ਤੇ ਅਲਾਹਣੀਆਂ, ਘੋੜੀਆਂ, ਜੰਝੂ, ਵਿਆਹ ਆਦਿ ਦੇ ਅਲੰਕਾਰ ਵਰਤੇ ਗਏ ਹਨ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਬਲੀਕੇਸ਼ਨ ਬਿਊਰੋ ਵੱਲੋਂ ਛਾਪੀ ਪੁਸਤਕ ‘ਸ੍ਰੀ ਕਰਤਾਰਪੁਰੀ ਬੀੜ ਦੇ ਦਰਸ਼ਨ’ ਵਿੱਚ ਡਾ. ਭਾਈ ਜੋਧ ਸਿੰਘ ਲਿਖਦੇ ਹਨ :

ਰਾਮਕਲੀ ਮਹਲਾ ੫ ਛੰਤ ‘ਰਣ ਝੁੰਝਨੜਾ ਗਾਉ’। ਤਤਕਰੇ ਵਿੱਚ ਪ੍ਰਤੀਕ ਕੋਈ ਨਹੀਂ। ਪਰੰਤੂ ਦੋਵੇਂ ਤੁਕਾਂ ਆਪਣੀ ਥਾਂ ਤੇ ਅਖ਼ੀਰ ਵਿੱਚ ਦਿੱਤੀਆਂ ਹਨ।  703/1 ਪੰਨੇ ਪੁਰ ਹੜਤਾਲ ਕੋਈ ਨਹੀਂ ਫੇਰੀ। ਅੱਗੇ ਸਫਾ ਖਾਲੀ ਹੈ। ਇਨ੍ਹਾਂ ਦੋਹਾਂ ਸਤਰਾਂ ਦੀ ਕਲਮ ਹੋਰ ਹੈ ਪਰ ਲਿਖਤ ਉਹੋ ਜਾਪਦੀ ਹੈ।

ਛਾਪੇ ਦੀ ਪ੍ਰਚਲਿਤ ਬੀੜ ਦੇ ਤਤਕਰੇ ਵਿੱਚ ਤਾਂ ਛੰਤ ਦੇ ਉਪਰੋਕਤ ਪਦੇ ਦੀ ਪ੍ਰਤੀਕ ਹੈ, ਪ੍ਰੰਤੂ ਪਾਵਨ ਬੀੜ ਦੇ ਪੰਨਾ 927 ’ਤੇ ਇਸ ਪਦੇ ਨੂੰ ਕੋਈ ਕਾਵਿਕ ਜਾਂ ਸ਼ਬਦਾਂ ਦੀ ਗਿਣਤੀ ਦਾ ਜੋੜ-ਅੰਕ ਨਹੀਂ ਦਿੱਤਾ ਗਿਆ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਾਪੇ ਦੀ ਬੀੜ ਵਿੱਚ ਇਹ ਸ਼ਬਦਾਂ ਦੀ ਗਿਣਤੀ ਵਿੱਚ ਨਹੀਂ ਅਤੇ ਨਾ ਹੀ ਕਰਤਾਰਪੁਰੀ ਬੀੜ ਦੇ ਤਤਕਰੇ ਵਿਚ ਹੈ। ਇਸ ਲਈ ਪਾਠ-ਭੇਦ ਸੂਚੀ ਤੇ ਜਥੇਦਾਰ ਵੇਦਾਂਤੀ ਜੀ ਵਰਗੇ ਖੋਜੀ ਵਿਦਵਾਨਾਂ ਦਾ ਮੱਤ ਸੀ ਕਿ ਉਪਰੋਕਤ ਤੁਕਾਂ ਨੂੰ ਗੁਰਬਾਣੀ ਦਾ ਭਾਗ ਮੰਨਣਾ ਸਿਧਾਂਤਕ ਪੱਖੋਂ ਵੀ ਸਹੀ ਨਹੀਂ ਹੈ। ਗੁਰਮਤਿ ਦੇ ਚਾਨਣ ਵਿੱਚ ਅਜਿਹਾ ਕਦਾਚਿਤ ਵੀ ਨਹੀਂ ਮੰਨਿਆ ਜਾ ਸਕਦਾ ਕਿ ਅਕਾਲ ਪੁਰਖ ਨੂੰ ਕੇਸ਼ਵ ਕਹਿੰਦਿਆਂ ‘ਕੇਸਾ ਕਾ ਕਰਿ ਚਵਰੁ ਢੁਲਾਵਾ’ ਦਾ ਇਲਾਹੀ ਨਗਮਾ ਗਾਉਣ ਵਾਲੇ ਗੁਰੂ ਸਾਹਿਬ ‘ਭਦਣੁ ਉਣੇਤ ਕਰਾਇਆ, ਗੁਰ ਗਿਆਨ ਜਪਾਈ ॥’ ਵਰਗੀ ਮੁੰਡਨ ਸੰਸਕਾਰ ਦੀ ਪ੍ਰੇਰਕ ਤੁਕ ਨੂੰ ਗੁਰੂ ਗਿਆਨ ਕਹਿਣ।

ਸ਼੍ਰੋਮਣੀ ਕਮੇਟੀ ਦੁਆਰਾ ਪ੍ਰਕਾਸ਼ਤ ਹੋ ਰਹੇ ‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ‘ਛਾਡਿ ਮਨ ਹਰਿ ਬਿਮੁਖਨ ਕੋ ਸੰਗੁ ॥’  ਪੰ. 1253 ਦੀ ਤੁਕ ਸੰਬੰਧੀ ਇੱਕ ਵਿਸ਼ੇਸ਼ ਨੋਟ ਇੰਝ ਹੈ :

‘ਇਹ ਸ਼ਬਦ ਭਾਈ ਬੰਨੋ ਦੀ ਬੀੜ ਵਿੱਚ ਸਾਰੇ ਦਾ ਸਾਰਾ ਦਿੱਤਾ ਹੈ। ਪਰ ਸ੍ਰੀ ਕਰਤਾਰਪੁਰ ਵਾਲੀ ਬੀੜ ਵਿੱਚ ਪਹਿਲੀ ਤੁਕ ਹੀ ਦਿਤੀ ਹੈ। ਬਾਕੀਆਂ ਵਿੱਚ ਬੇਮੁਖ ਨੂੰ ਸੱਪ, ਹਾਥੀ, ਕਾਂ, ਗਦੋਂ, ਪੱਥਰ, ਕਾਲੀ ਕੰਬਲੀ ਨਾਲ ਤਸ਼ਬੀਹ ਦੇ ਕੇ ਸਦਾ ਲਈ ਅਮੋੜ ਤੇ ਅਭਿੱਗ ਸਾਬਤ ਕੀਤਾ ਹੋਇਆ ਹੈ, ਅਤੇ ਸੁਧਾਰ ਦੀ ਕੋਈ ਆਸ ਨਹੀਂ ਦੱਸੀ ਹੋਈ, ਇਸ ਲਈ ਗੁਰੂ ਜੀ ਨੇ ਸੂਚਨਾ ਮਾਤਰ ਇਕ ਤੁਕ ਦੇ ਕੇ ਬਾਕੀ ਦੀਆਂ ਤੁਕਾਂ ਛੱਡ ਦਿਤੀਆਂ ਮਲੂਮ ਹੁੰਦੀਆਂ ਹਨ।’

ਕਿਉਂਕਿ ਗੁਰਮਤਿ ਆਸ਼ਾਵਾਦੀ ਹੈ, ਨਿਰਾਸ਼ਾਵਾਦੀ ਨਹੀਂ। ਗੁਰਬਾਣੀ ਤਾਂ ਰੱਬੀ ਮਿਹਰ ਸਦਕਾ ‘‘ਸੂਕੇ ਕਾਸਟ, ਹਰੇ ਚਲੂਲ ॥ ਊਚੈ ਥਲਿ ਫੂਲੇ ਕਮਲ ਅਨੂਪ ॥’’ ਗੁਰੂ ਗ੍ਰੰਥ-ਪੰ. 898 ਦਾ ਵਿਸ਼ਵਾਸ਼ ਦ੍ਰਿੜ੍ਹ ਕਰਵਾਉਂਦੀ ਹੈ। ‘ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ’ (ਭਗਤ ਬਾਣੀ ਭਾਗ) ਮੁਤਾਬਕ ਗਿਆਨੀ ਗੁਰਦਿੱਤ ਸਿੰਘ ਜੀ ਦਾ ਮਤ ਹੈ :

‘ਕਰੜੇ ਭਾਵਾਂ ਵਾਲੀਆਂ ਤੁਕਾਂ ਛੱਡਣ ਦਾ ਮਨੋਰਥ ਇਹ ਜਾਪਦਾ ਹੈ ਬੇਮੁਖਾਂ ਨੂੰ ਇਤਨਾ ਦੁਰਕਾਰਨਾ ਭੀ ਯੋਗ ਨਹੀਂ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਵੀ ਬਖਸ਼ਿਆ ਨਹੀਂ ਜਾ ਸਕਦਾ ਹੈ। ਗੁਰਮਤ ‘‘ਪਿਛਲੇ ਅਉਗੁਣ ਬਖਸਿ ਲਏ ਪ੍ਰਭੁ, ਆਗੈ ਮਾਰਗਿ ਪਾਵੈ॥’’ ਦਾ ਮਾਰਗ ਦਰਸਾਉਂਦੀ ਹੈ । ਇਸ ਅਨੁਸਾਰ ਕਿਸੇ ਵੀ ਗਿਰਾਵਟ ਵਿਚ ਗਿਰੇ ਹੋਏ ਦਾ ਉਧਾਰ ਹੋਣ ਦਾ ਭਰੋਸਾ ਦਿੰਦੀ ਹੈ ਅਤੇ ਬਖਸ਼ਸ਼ ਦਾ ਰਾਹ ਖੁਲ੍ਹਾ ਰਖਦੀ ਹੈ।’ (ਪੰਨਾ 330)

ਗਿਆਨੀ ਜੀ ਆਪ ਤਾਂ ਭਾਵੇਂ ‘ਛਾਡਿ ਮਨ’ ਤੁਕ ਨੂੰ ਮਦਨ ਮੋਹਨ ‘ਸੂਰਦਾਸ’ ਦੀ ਹੀ ਮੰਨਦੇ ਸਨ। ਪਰ ਉਨ੍ਹਾਂ ਨੇ ਉਪਰੋਕਤ ਲਿਖਤ ਵਿੱਚ ਮੰਨਿਆ ਹੈ ਕਿ ਪੁਰਾਤਨ ਬੀੜਾਂ ਦੇ ਮੁਢਲੇ ਖੋਜੀ ਸ: ਜੀ.ਬੀ. ਸਿੰਘ ਨੇ ਇਸ ਸ਼ਬਦ ਬਾਰੇ ਆਪਣੀ ਇਕ ਚਾਰ ਪੰਜ ਸਫਿਆਂ ਉਤੇ ਲਿਖੀ ਕਾਪੀ ਮੈਨੂੰ 1946 ਵਿੱਚ ਦਿੱਤੀ ਸੀ। ਉਸ ਵਿੱਚ ਉਨ੍ਹਾਂ ਸਿੱਧ ਕੀਤਾ ਸੀ ਕਿ ਅਸਲ ਵਿੱਚ ਇਹ ਸ਼ਬਦ ਕ੍ਰਿਸ਼ਨ ਭਗਤ ਸੂਰਦਾਸ ਦਾ ਹੀ ਹੈ। ਉਨ੍ਹਾਂ ਨੇ ਸੂਰਦਾਸ ਦੇ ਗ੍ਰੰਥ ‘ਸੂਰ ਸਾਗਰ’ ਵਿਚੋਂ ਪੂਰੇ ਵਿਸ਼ਣੂ ਪਦੇ ਦਾ ਇਕ ਹਿੱਸਾ ਇਸ ਕੱਟੀ ਹੋਈ ਤੁਕ ਨਾਲ ਮੇਲ ਕੇ ਭੀ ਦੱਸਿਆ ਸੀ। ਉਸ ਵਿਸ਼ਣੂ ਪਦੇ ਦਾ ਆਰੰਭ ਇਸ ਤਰ੍ਹਾਂ ਹੈ :-

ਚਰਨ ਕਮਲ ਬੰਦੋ ਹਰਿ ਰਾਇ।

ਜਾ ਕੀ ਕ੍ਰਿਪਾ ਪੰਗ ਗਿਰ ਲੰਘੈ ਅੰਧੇ ਕਉ ਸਭ ਕਿਛ ਦਰਸਾਏ। (ਪੰਨਾ 328)

‘ਸਾਰੰਗ ਮਹਲਾ ੫ ਸੂਰਦਾਸ ॥’ ਦੀ ਵਿਆਖਿਆ ਕਰਦਿਆਂ ਸ਼ਬਦਾਰਥ ਲਿਖਦਾ ਹੈ :

‘ਇਹ ਉਹ ਮਸ਼ਹੂਰ ਨੇਤ੍ਰਹੀਨ ਸੂਰਦਾਸ ਨਹੀਂ, ਜੋ ਵੈਸ਼ਨਾਵਾਂ ਦਾ ਮਹਾਤਮਾ ਭਗਤ ਹੋਇਆ ਹੈ।) ਇਹ ਭਗਤ ਮਦਨ ਮੋਹਨ ਨਾਮ ਦਾ ਬ੍ਰਾਹਮਣ ਹੋਇਆ ਹੈ, ਜੋ ਸੰਮਤ 1586 ਵਿੱਚ ਪੈਦਾ ਹੋਇਆ। ਇਹ ਸੰਸਕ੍ਰਿਤ, ਹਿੰਦੀ, ਫ਼ਾਰਸੀ ਦਾ ਪੂਰਨ ਵਿਦਵਾਨ ਅਤੇ ਅਕਬਰ ਦੇ ਵੇਲੇ ਅਵਧ ਦੇ ਇਲਾਕੇ ਸੰਦੀਲਾ ਦਾ ਹਾਕਮ ਸੀ, ਪਰ ਪਿਛੋਂ ਵੈਰਾਗਵਾਨ ਹੋ ਕੇ ਤਿਆਗੀ ਹੋ ਗਿਆ। ਇਸ ਦੀ ਸਮਾਧ ਕਾਂਸ਼ੀ ਵਿੱਚ ਹੈ।’

ਫ਼ਰੀਦਕੋਟੀ ਟੀਕਾ ਲਿਖਦਾ ਹੈ : ‘ਇਹ ਸਬਦ ਸਾਰਾ ਕਿਉਂ ਨਾ ਉਚਾਰਾ ? ਇਸ ਵਿਕਲਪ ਕਾ ਉਤ੍ਰ ਇਹੁ ਹੈ : ‘ਪ੍ਰੇਮ ਕਰ ਤੁਕ ਉਚਾਰੀ। ਪੁਨਾ ਵਹੁ ਸੂਰਦਾਸ ਪ੍ਰੇਮੀ ਸਮਾਧੀ ਇਸਥਿਤ ਹੋ ਗ੍ਯਾ। ਪੁਨਾ ਗੁਰੂ ਜੀ ਨੇ ਆਪ (ਸਾਰੰਗ ਮਹਲਾ ੫ ਸੂਰਦਾਸ ॥ ਹਰਿ ਕੇ ਸੰਗਿ) ਸਬਦ ਉਚਾਰ ਕਰ ਅੰਕ ਕਉ ਸੂਰਦਾਸ ਦਾ ਨਾਮੁ ਲਿਖ ਕਰ ਤਿਸ ਕਉ ਸਿਰਪਾਉ ਦੀਆ ਹੈ। ਤੌ ਇਹ (ਛਾਡਿ ਮਨ ਹਰਿ ਬਿਮੁਖਨ ਕੋ ਸੰਗੁ॥ ਤੁਕ ਵਾਲਾ ) ਸੂਰਦਾਸ ਜੀ ਕਾ ਸਾਰਾ ਸਬਦ ਭਾਈ ਬੰਨੋ ਦੀ ਬੀੜ ਮੇਂ ਹੈ।’

‘ਸ੍ਰੀ ਗੁਰੂ ਗ੍ਰੰਥ ਪ੍ਰਕਾਸ਼’ (ਸੰਨ 1970) ਪੁਸਤਕ ਵਿੱਚ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਹੱਸਵਾਦੀ ਬਾਣੀਕਾਰ’ ਸਿਰਲੇਖ ਹੇਠ ਪ੍ਰਾਚੀਨ ਸਹਿਤ ਦੇ ਖੋਜੀ ਪ੍ਰੋ. ਪਿਆਰਾ ਸਿੰਘ ‘ਪਦਮ’ ਨੇ ਸ਼ਬਦਾਰਥ-ਪੰਨਾ 1253 ਤੇ ਮਹਾਨ ਕੋਸ਼- ਪੰਨਾ 169 ’ਤੇ ਆਧਾਰਿਤ ਭਗਤ ਸੂਰਦਾਸ ਬਾਰੇ ਆਪਣੇ ਵਿਚਾਰ ਇੰਝ ਦਿੱਤੇ ਹਨ :

ਕ੍ਰਿਸ਼ਨ-ਭਗਤ ਸੂਰਦਾਸ (1478-1585  ਈ.) ਦਾ ਨਾਮ ਹਿੰਦੀ ਸਹਿਤ ਵਿੱਚ ਸੂਰਜ ਵਾਂਗ ਰੌਸ਼ਨ ਹੈ। ਇਸ ਪ੍ਰੇਮੀ ਕਵੀ ਨੇ ਕ੍ਰਿਸ਼ਨ ਜੀ ਦੀ ਬਾਲ-ਲੀਲਾ ਨੂੰ ਬਹੁਤ ਹੀ ਸੁੰਦਰ ਪਦਿਆਂ ਵਿੱਚ ਗਾਇਆ ਹੈ ਤੇ ਇਹ ਗੀਤ ਵੈਸ਼ਣਵ ਸਭਾਵਾਂ ਦਾ ਸ਼ਿੰਗਾਰ ਹਨ। ਪਰ ਸਿਖ ਵਿਦਵਾਨਾਂ ਦੀ ਰਾਇ ਹੈ ਕਿ ‘ਆਦਿ ਗ੍ਰੰਥ’ ਵਿੱਚ ਜਿਸ ਭਗਤ ਸੂਰਦਾਸ ਦੀ ਤੁਕ ‘‘ਛਾਡਿ ਮਨ ਹਰਿ ਬਿਮੁਖਨ ਕੋ ਸੰਗੁ॥’’ ਸੰਕਲਿਤ ਹੈ, ਇਹ ਹੋਰ ਸੂਰਦਾਸ ਹੈ। ਜੋ ਦੂਜਾ ਪੂਰਾ ਸ਼ਬਦ ‘ਹਰਿ ਕੇ ਸੰਗ ਬਸੇ ਹਰਿ ਲੋਕ’ – ਸਾਰੰਗ ਮ: 5, ਸੂਰਦਾਸ ਸਿਰਲੇਖ ਹੇਠ ਦਰਜ ਹੈ – ਇਹ ਗੁਰੂ ਅਰਜਨ ਸਾਹਿਬ ਦੀ ਰਚਨਾ ਹੈ। ਪ੍ਰੰਤੂ ‘‘ਛਾਡਿ ਮਨ ਹਰਿ ਬਿਮੁਖਨ ਕੋ ਸੰਗੁ॥’’ ‘ਸੂਰ ਸਾਗਰ’ ਵਿੱਚ ਪ੍ਰਾਪਤ ਹੈ, ਇਸ ਕਰਕੇ ਦੂਜੇ ਸੂਰਦਾਸ ਦੀ ਕਲਪਨਾ ਸਾਰਥਿਕ ਨਹੀਂ। (ਪੰਨਾ 75)

‘ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਸ਼ਨ ਨਿਰਣੈ ਸਟੀਕ’ ਦਾ ਵਿਸ਼ੇਸ਼ ਨੋਟ ਹੈ : ਪੰਜਾਬੀ ਵਿਸ਼ਵ ਕੋਸ਼ (ਭਾਸ਼ਾ ਵਿਭਾਗ ਪਟਿਆਲਾ) ਵਿੱਚ ਭਗਤ ਸੂਰਦਾਸ ਦੇ ਜੀਵਨ ਤੇ ਰਚਨਾਵਾਂ ਬਾਰੇ ਵਿਸਥਾਰ ਸਹਿਤ ਨੋਟ ਦਿੱਤਾ ਹੈ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਇਸ ਸ਼ਬਦ ਦਾ ਜ਼ਿਕਰ ਤਕ ਨਹੀਂ ਕੀਤਾ, ਜਿਸ ਨਾਲ ਕਿ ਭਗਤ ਜੀ ਦੀ ਪ੍ਰਤਿਭਾ ਵਿੱਚ ਹੋਰ ਵਾਧਾ ਹੋਣਾ ਸੀ।

ਭਗਤ ਸੂਰਦਾਸ ਜੀ ਬਾਰੇ ਵਿਦਵਾਨਾਂ ਦੀਆਂ ਭਾਵੇਂ ਵਖਰੇ ਵਖਰੇ ਰਾਵਾਂ ਹਨ, ਪਰ ਸੂਰਦਾਸ ਜੀ ਦੀ ਪ੍ਰਸਿੱਧ ਕ੍ਰਿਤ ‘ਸੂਰ ਸਾਗਰ’ ਵਿਚੋਂ ਹੇਠ ਲਿਖਿਆ ਪਦ ਸਾਹਮਣੇ ਰੱਖੀਏ ਤਾਂ ਨਿਰਣੈ ਜਨਕ ਗੱਲ ਪ੍ਰਗਟ ਹੁੰਦੀ ਹੈ :

‘ਤਜੋ ਮਨ ਹਰਿ ਬਿਮੁਖਨ ਕੋ ਸੰਗੁ’

‘ਸੂਰ ਸਾਗਰ’ ਦੇ ਪਦਾਂ ਦੀ ਗਿਣਤੀ ਬਾਰੇ ਇਹ ਪ੍ਰਸਿੱਧ ਰਵਾਇਤ ਹੈ ਕਿ ਇਨ੍ਹਾਂ ਦੀ ਗਿਣਤੀ ਸਵਾ ਲੱਖ ਸੀ, ਪਰ ਅੱਜ ਕੱਲ੍ਹ ਕੋਈ 5000 ਮਿਲਦੇ ਹਨ। ‘ਕ੍ਰਿਸ਼ਨ ਲੀਲਾ’ ਸੂਰ ਸਾਗਰ ਦਾ ਮੁਖ ਭਾਗ ਹੈ, ਬਾਕੀ ਬਿਨੈ ਦੇ ਪਦ 223 ਹਨ ਤੇ ਰਾਮਕਥਾ ਦੇ ਪਦਾਂ ਦੀ ਗਿਣਤੀ 156 ਹੈ। ਗੁਰੂ ਸਾਹਿਬ ਨੇ ਗੁਰਮਤਿ ਨਾਲ ਮੇਲ ਦੀ ਇਕ ਪੰਗਤੀ ਨੂੰ ਪ੍ਰਵਾਨ ਕੀਤਾ ਹੈ, ਜੋ ਦਰਜ ਹੋ ਗਿਆ, ਇਸ ਤੇ ਕਿੰਤੂ ਕਰਨਾ ਠੀਕ ਨਹੀਂ। ‘ਤਜੋ ਮਨ ਹਰਿ ਬਿਮੁਖਨ ਕੋ ਸੰਗੁ’ ਅਤੇ ‘ਛਾਡਿ ਮਨ ਹਰਿ ਬਿਮੁਖਨ ਕੋ ਸੰਗੁ’ ਸ਼ਬਦਾਵਲੀ ਵਿਚ ਰੂਪਕ ਅੰਤਰ ਹੈ, ‘ਤਜੋ’ ‘ਛਾਡਿ’ ਦਾ ਫਰਕ ਹੈ। ਹੋ ਸਕਦਾ ਹੈ ਕਿ ਭਗਤ ਜੀ ਨੇ ‘ਛਾਡਿ ਮਨ’ ਪਦ ਹੀ ਵਰਤਿਆ ਹੋਵੇ ਅਤੇ ਹਿੰਦੀ ਭਾਸ਼ਾ ਲਿਖਾਰੀ ਨੇ ਸ਼ੁੱਧੀਕਰਣ ਕਰ ਦਿੱਤਾ ਹੋਵੇ।

‘ਸ੍ਰੀ ਕਰਤਾਰਪੁਰੀ ਬੀੜ ਦੇ ਦਰਸ਼ਨ’ ਪੁਸਤਕ ਦਾ ਉਲੇਖ ਹੈ : ਇਸ ਪੰਨੇ ਤੇ ‘ਛਾਡਿ ਮਨ ਹਰਿ ਬਿਮੁਖਨ ਕੋ ਸੰਗ’ ਇਕੋ ਤੁਕ ਵਖਰੀ ਸਤਰ ਲਿਖੀ ਹੋਈ ਹੈ। ਅਗੇ ਚਾਰ ਸਤਰਾਂ ਦੀ ਥਾਂ ਖਾਲੀ ਹੈ। ਹੜਤਾਲ ਨਹੀਂ ਫੇਰੀ ਹੋਈ। ਉਸ ਤੋਂ ਪਿਛੋਂ ‘ਸਾਰੰਗ ਮਹਲਾ ੫ ਸੂਰਦਾਸ’ ਸ਼ੁਰੂ ਹੁੰਦਾ ਹੈ।

ਛਾਪੇ ਦੀ ਬੀੜ ਵਿੱਚ ਉਪਰੋਕਤ ਤੁਕ ਦੇ ਨਾਲ ਕੋਈ ਪਦਿਆਂ ਜਾਂ ਸ਼ਬਦਾਂ ਦੀ ਗਿਣਤੀ ਦਾ ਅੰਕ ਨਹੀਂ ਦਿੱਤਾ। ਇਸ ਤੋਂ ਪਹਿਲਾਂ ਏਸ ਰਾਗ ਵਿੱਚ ਭਗਤ ਕਬੀਰ ਜੀ ਦੇ ਦੋ ਸ਼ਬਦ ਹਨ। ਨਾਮਦੇਵ ਜੀ ਦੇ ਤਿੰਨ। ਪਰਮਾਨੰਦ ਜੀ ਦਾ ਇੱਕ ਪਦਾ ਦਿੱਤਾ ਗਿਆ ਹੈ। ‘ਸਾਰੰਗ ਮਹਲਾ ੫ ਸੂਰਦਾਸ ॥ ਹਰਿ ਕੇ ਸੰਗ॥’ ਦੇ ਅੰਤ ਵਿੱਚ ਸਾਰੇ ਸ਼ਬਦਾਂ ਦਾ ਜੋੜ-ਅੰਕ ॥8॥ ਦਿੱਤਾ ਹੈ ਭਾਵ ‘ਛਾਡਿ ਮਨ ਹਰਿ ਬਿਮੁਖਨ ਕੋ ਸੰਗੁ ॥’ ਇੱਕੋ ਤੁਕ ਨੂੰ ਸਤਵੇਂ ਸ਼ਬਦ ਵਜੋਂ ਗਿਣਿਆ ਹੋਇਆ ਹੈ। ਇਉਂ ਵੀ ਕਹਿ ਸਕਦੇ ਹਾਂ ਕਿ ਇੱਥੇ ਇੱਕ ਤੁਕ ਨੂੰ ਵੀ ਪੂਰੇ ਸ਼ਬਦ ਦੀ ਥਾਂ ਦਿੱਤੀ ਗਈ ਹੈ। ਸੂਚੀ ਮੁਤਾਬਕ ਸਾਰੰਗ ਭਗਤ ਬਾਣੀ ਦੇ ਅੰਤਲੇ ਸ਼ਬਦ ‘ਸਾਰੰਗ ਮਹਲਾ ੫ ਸੂਰਦਾਸ ॥’ ਦੀ ਥਾਂ ਅੱਗੇ ਲਿਖੀਆਂ ਹੱਥ ਲਿਖਤੀ ਬੀੜਾਂ ਨੰ. 1, 26/55, 29/79, 32/6281, 37/170 ਵਿੱਚ ਸੰਖੇਪ ਮੰਗਲ ਸੱਜੇ ਲਿਖ ਕੇ ਸਿਰਲੇਖ ਇਉਂ ਅੰਕਿਤ ਕੀਤਾ ਮਿਲਦਾ ਹੈ : ‘ਰਾਗੁ ਸਾਰੰਗ ਸੂਰਦਾਸ ॥’ ਬੀੜ ਨੰ. 40/236 ਵਿੱਚ ਸਿਰਲੇਖ ਨੂੰ ਹੋਰ ਸਪਸ਼ਟਤਾ ਸਹਿਤ ਇੰਞ ਲਿਖਿਆ ਹੈ : ‘ਸਾਰੰਗ ਬਾਣੀ ਸੂਰਦਾਸ ਜੀਉ ਕੀ ॥’ ਸੂਚੀ ਪੰ. 662

ਛਾਡਿ ਮਨ ਹਰਿ ਬਿਮੁਖਨ ਕੋ ਸੰਗੁ ॥ ਤੁਕ ਸੰਬੰਧੀ ‘ਪਾਠ-ਭੇਦ ਸੂਚੀ’ ਦੇ ਪੰਨਾ 661-62 ’ਤੇ ਦੋ ਵਿਸ਼ੇਸ਼ ਨੋਟ ਇਸ ਪ੍ਰਕਾਰ ਹਨ :

ਨੋਟ :- (1) ਇਹ ਬੇ ਸਿਰ-ਪੈਰ ਤੁਕ ਅਨੇਕਾਂ ਪੁਰਾਤਨ ਲਿਖਤੀ ਗ੍ਰੰਥਾਂ ਵਿੱਚ ਹੈ ਈ ਨਹੀਂ। ਕਿਸੇ 2 ਵਿੱਚ ਮਗਰੋਂ ਪ੍ਰੇਮੀਆਂ ਪੂਰਾ ਸ਼ਬਦ ਖਾਲੀ ਥਾਂ ਜਾਂ ਹਾਸ਼ੀਏ ’ਤੇ ਲਿਖ ਦਿੱਤਾ ਹੈ। ਐਪਰ ਅਗਾੜੀ ਦੱਸੇ ਗ੍ਰੰਥਾਂ ਵਿੱਚ (ਬੀੜ ਨੂੰ. 7, 8/8, 26/55 35/116) ਮੁਖ ਲਿਖਾਰੀਆਂ ਦੇ ਹੱਥੀਂ ਲਿਖਿਆ ਮਿਲਦਾ ਹੈ। ਪੂਰਾ ਪਾਠ ਇਉਂ ਦਿੱਤਾ ਹੈ :-

ਸਾਰੰਗ ॥ ਛਾਡਿ ਮਨ ਹਰਿ ਬਿਮੁਖਨ ਕੋ ਸੰਗੁ ॥ ਜਾ ਕੈ ਮਿਲੈ ਕਬੁਧਿ ਉਪਜਤ ਪਰਤ ਭਜਨ ਮੋ ਭੰਗੁ ॥੧॥ ਰਹਾਉ ॥ ਕਾਂਗਾ ਕਹਾ ਕਪੂਰ ਚਰਾਵਤ ਸੁਆਨ ਨਵਾਏ ਗੰਗ ॥ ਖਰ ਕਉ ਕਹਾ ਅਗੁਰਜਾ ਲੇਪਨ ਮਰਕਟ ਭੂਕਨ ਅੰਗ ॥੧॥ ਪਤਤ ਪਖਾਨ ਬਾਨ ਨਹੀਂ ਬੇਧੇ ਰੀਤੇ ਭਰੇ ਨਿਖੰਗ ॥ ਸੂਰਦਾਸ ਕਾਰੀ ਕਮਰੀਆ ਚਰਤ ਨ ਦੂਸਰ ਰੰਗ ॥੨॥੨॥ ਬੀੜ ਨੰਬਰ 36/117 ਵਿੱਚ ਰਾਗ ਦੇ ਅੰਤਿ

(2) ਇਸ ਸ਼ਬਦ ਵਿੱਚ ਅਨੇਕਾਂ ਪਾਠ-ਭੇਦ ਤੇ ਵੱਧ ਘੱਟ ਤੁਕਾਂ ਭੀ ਹਨ। ਪੂਰਾ ਤੇ ਸ਼ੁਧ ਪਾਠ ਹਾਲਾਂ ਤੱਕ ਕਿਸੇ ਇਕ ਬੀੜ ਵਿੱਚ ਨਹੀਂ। ਬੀੜ ਨੰ: 7, 8/8, 26/55, 35/116, 39/182, 40/236, ਤੇ 54 ਵਿੱਚ ਰਹਾਉ ਦੀ ਦੂਜੀ ਤੁਕ – ‘ਕਹਾ ਭਏ ਪੈ ਪੀ ਪਿਆਏ ਬਿਖ ਨ ਤਜੈ ਭੁਇਅੰਗੁ ॥’ – ਹੈ, ਪਰ ਇਸ ਵਿੱਚ ਕਈ ਪਾਠ ਫਰਕ ਨਾਲ ਲਿਖੇ ਹਨ। ਜਿਵੇਂ ਕਿ ‘ਪੈ ਪੀ’ ਦੀ ਥਾਂ ‘ਪੀ ਪਾਨ’ ਤੇ ‘ਪੀ ਪਾਇ’ ਆਦਿ।

ਸੋ ਇਹ ਇਕੱਲੀ ਤੁਕ ਰੱਖਣੀ ਠੀਕ ਨਹੀਂ। ਮਿਲੇ ਤਾਂ ਸ਼ੁਧ ਪਾਠ ਵਾਲਾ ਸਾਰਾ ਸ਼ਬਦ ਸ਼ਾਮਲ ਕਰ ਲੈਣਾ ਚਾਹੀਦਾ ਹੈ। ਇਹ ਸ਼ਬਦ ਦਸਵੇਂ ਪਾਤਿਸ਼ਾਹ ਦੇ ਦਰਬਾਰੀ ਲਿਖਾਰੀ ਭਾਈ ਫ਼ਤਹ ਚੰਦ ‘ਬਾਲ ਗੋਬਿੰਦ’ ਦੇ ਲਿਖੇ ‘ਸੂਰ ਸਾਗਰ’ ਵਿੱਚ ਹੈਗਾਇ। ਜਿਸ ਦਾ ਪਾਠ ਇਉਂ ਹੈ :-

ਸਾਰੰਗ ॥ ਛਾਡਿ ਮਨ ਹਰਿ ਬਿਮੁਖਨ ਕੋ ਸੰਗੁ ॥ ਕਹਾ ਭਇਓ ਪੈ ਪਾਨ ਕਰਾਏ ਬਿਖ ਨਹੀਂ ਤਜਤ ਭੁਅੰਗ ॥੧॥ ਰਹਾਉ ॥ ਖਰ ਕਉ ਕਹਾ ਅਗਰਜਾ ਲੇਪਨ ਸੁਆਨ ਨ੍ਹਾ ਗੰਗ ॥ ਕਾਗੇਂ ਕਹਾ ਕਪੂਰ ਚਗਾਏ ਮਰਕਟ ਭੂਖਨ ਅੰਗ ॥੨॥ ਜਿਉ ਪਖਾਣ ਬਾਣ ਨਹੀਂ ਭੇਦਤ ਰੀਤੋ ਤ ਹੋਇ ਨਿਖੰਗ ॥ ਸੂਰਦਾਸ ਜੋ ਕਾਰੀ ਕਾਂਮਰਿ ਚੜ੍ਹੈ ਨ ਦੂਜੋ ਰੰਗ ॥੩॥੭੦੭॥ (‘ਸੂਰ ਸਾਗਰ’ – ਪਤਿ 743/2926/-2, ਸਤ੍ਰ 27 ਤੋਂ 29 ਤੱਕ)

‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ-ਲਿਖਤ ਬੀੜਾਂ ਦੇ ਦਰਸ਼ਨ’ ਪੁਸਤਕ ਦੀ ਅੰਤਿਕਾ ਨੰ. 37 ਵਿੱਚ 29 ਬੀੜਾਂ ਦਾ ਵੇਰਵਾ ਮਿਲਦਾ ਹੈ, ਜਿਨ੍ਹਾਂ ਵਿੱਚ ਉਪਰੋਕਤ ਤੁਕ ਦੀ ਥਾਂ ਦੁਪਦਾ ਦਰਜ ਹੈ। ਜਿਵੇਂ ਬੀੜ ਨੰ. 1, 2, 11, 12, 14, 15, 16, 18, 19, 22, 23, 24, 25, 31 ਤੇ 33 ਆਦਿ।

ਰਾਗਮਾਲਾ ਪ੍ਰਤੀ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਤ ‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਅੰਤ ਵਿਖੇ ‘ਮੁੰਦਾਵਣੀ’ ਬਾਰੇ ਵਿਸ਼ੇਸ਼ ਨੋਟ ਵਿੱਚ ਲਿਖਿਆ ਹੈ ਕਿ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮਾਪਤੀ ਹੈ। ਰਾਗਮਾਲਾ ਦੇ ਕਿਸੇ ਵੀ ਲਫ਼ਜ਼ (ਸ਼ਬਦ) ਦਾ ਅਰਥ ਵੀ ਨਹੀਂ ਕੀਤਾ, ਕਿਉਂਕਿ ਉਹ ਮਹਾਨ ਵਿਦਵਾਨ ਰਾਗਮਾਲਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਭਾਗ ਨਹੀਂ ਸਨ ਮੰਨਦੇ। ‘ਸਿੱਖ ਰਹਿਤ ਮਰਯਾਦਾ’ ਅੰਦਰਲਾ ਪੰਥਕ ਫੈਸਲਾ ਵੀ ਬੜਾ ਸਪਸ਼ਟ ਹੈ। ਇਸ ਲਈ ਉਸ ਬਾਰੇ ਤਾਂ ਇਥੇ ਕੋਈ ਵਿਸ਼ੇਸ਼ ਤੇ ਵਿਸਥਾਰਤ ਵਿਚਾਰ ਕਰਨ ਦੀ ਲੋੜ ਨਹੀਂ ਜਾਪਦੀ। ਜਾਪਦਾ ਹੈ ਕਿ ਉਸ ਪੰਥਕ ਫੈਸਲੇ ਦੀ ਕਦਰ ਕਰਦਿਆਂ ਹੀ ‘ਸਿੱਖ ਬੁੱਕ ਕਲੱਬ’ ਨੇ ਰਾਗਮਾਲਾ ਨੂੰ ਬੀੜ ਦੇ ਅੰਤ ਵਿੱਚ ਪ੍ਰਕਾਸ਼ਤ ਕੀਤਾ ਹੈ। ‘ਸ੍ਰੀ ਕਰਤਾਰਪੁਰੀ ਬੀੜ’ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਲਿਖਤ ਮੰਨੀ ਜਾਂਦੀ ‘ਸੁਨਹਿਰੀ ਬੀੜ’ (ਦਮਦਮੀ ਬੀੜ) ਵਿੱਚ ਵੀ ਰਾਗਮਾਲਾ ਨੂੰ ਮੁੰਦਾਵਣੀ ਨਾਲ ਜੁੜਵੇਂ ਰੂਪ ਵਿੱਚ ਅੰਕਿਤ ਨਹੀਂ ਕੀਤਾ। ਕਰਤਾਰਪੁਰੀ ਬੀੜ ਵਿੱਚ ਲਗਭਗ 1. ½ ਪੰਨਾ ਅਤੇ ਸੁਨਹਿਰੀ ਬੀੜ ਵਿੱਚ ਅੱਧਾ ਪੰਨਾ ਖਾਲੀ ਛੱਡ ਕੇ ਅਗਲੇ ਪੰਨੇ ’ਤੇ ਲਿਖੀ ਹੈ। ਯੂ. ਕੇ ਨਿਵਾਸੀ ਸ੍ਰ. ਹਰਬਖਸ਼ ਸਿੰਘ ਸਰਾਏ ਦੀ ਇੱਕ ਪਤ੍ਰਕਾ ਦੇ ਉੱਤਰ ਵਜੋਂ ਸ਼੍ਰੋਮਣੀ ਕਮੇਟੀ ਦੇ ਮੀਤ ਸਕਤ੍ਰ ਨੇ ਸਿੰਘ ਸਾਹਿਬਾਨ ਸ੍ਰੀ ਦਰਬਾਰ ਸਾਹਿਬ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਲਾਹ ਮੁਤਾਬਕ ਪਤ੍ਰਕਾ ਨੰਬਰ 37221, ਮਿਤੀ 4-49-70 ਨੂੰ ਲਿਖਿਆ :

(1). ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਰਾਗਮਾਲਾ ਨਹੀਂ ਪੜ੍ਹੀ ਜਾਂਦੀ ਤੇ ਨਾ ਹੀ ਰਾਗਮਾਲਾ ਤੇ ਕੋਈ ਮਹਲਾ ਆਦਿ ਹੈਡ ਲੇਖ ਵਜੋਂ ਦਿੱਤਾ ਗਿਆ ਹੈ। ਜਿਸ ਤੋਂ ਨਿਰਨਾ ਹੋ ਸਕੇ ਕਿ ਇਹ ਕਿਸ ਗੁਰੂ ਦੀ ਬਾਣੀ ਹੈ।

(2). ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਉਪ੍ਰੰਤ ਰਾਗ ਮਾਲਾ ਨਾ ਪੜ੍ਹੀ ਜਾਵੇ ਤਾਂ ਗ੍ਰੰਥੀ ਸਿੰਘ ਤਨਖਾਹੀਆ ਨਹੀਂ।

(3). ਆਦਿ ਬੀੜ ਕਰਤਾਰਪੁਰ ਸਾਹਿਬ ਵਾਲੀ ਵਿੱਚ ਰਾਗਮਾਲਾ ਹੈ, ਪਰ ‘ਤੇਰਾ ਕੀਤਾ ਜਾਤੋ ਨਾਹੀ’ ਸ਼ਬਦ ਦੇ ਪਿਛੋਂ ਹੈ। ਦਸਖਤਾਂ ਤੋਂ ਪਿਛੋਂ ਹੈ।

ਪ੍ਰੰਤੂ, ਫਿਰ ਵੀ ਸ਼੍ਰੋਮਣੀ ਕਮੇਟੀ ਦੁਆਰਾ ਸੰਨ 1996 ਵਿੱਚ ਪਾਠ-ਭੇਦਾਂ ਦੀ ਖੋਜ ਤੇ ਨਿਰਣੈ ਸੰਬੰਧੀ ਸਥਾਪਿਤ ਕੀਤੀ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਟੀਮ’ ਦੇ ਪ੍ਰਮੁਖ ਮੈਂਬਰ ਭਾਈ ਜੋਗਿੰਦਰ ਸਿੰਘ ਤਲਵਾੜਾ ਜੀ ਨੇ ਗਿਆਨੀ ਗੁਰਦਿੱਤ ਸਿੰਘ ਜੀ ਦੀ ਰਚਿਤ ‘ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਮੁੰਦਾਵਣੀ’ ਪੁਸਤਕ ਦੀ ਭੂਮਿਕਾ ਵਜੋਂ ਲਿਖੇ ਅਰੰਭਕ ਲੇਖ ‘ਅਸਲੀਅਤ ਦੀ ਨਿਰਣਾਇਕ ਖੋਜ’ ਵਿੱਚ ਪਾਠਕਾਂ ਨਾਲ ਜੋ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ, ਉਸ ਦਾ ਉਲੇਖ ਕਰਨਾ ਲਾਜ਼ਮੀ ਜਾਪਦਾ ਹੈ। ਉਹ ਲਿਖਦੇ ਹਨ : ਗੁਰਦੁਆਰਾ ਐਕਟ (ਸੰਨ 1925) ਦੇ ਹੋਂਦ ਵਿੱਚ ਆਉਣ ਮਗਰੋਂ, ਸ਼੍ਰੋਮਣੀ ਕਮੇਟੀ ਵਲੋਂ ਰਹਿਤ ਮਰਯਾਦਾ ਦਾ ਖਰੜਾ ਛਪਵਾ ਕੇ ਜਦੋਂ ਪਹਿਲੀ ਵਾਰ ਜਾਰੀ ਕੀਤਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ‘ਭੋਗ’ ਸਿਰਲੇਖ ਹੇਠ ਇਸ ਪ੍ਰਕਾਰ ਲਿਖਿਆ ਸੀ :

ਸ੍ਰੀ ਗੁਰੂ ਗ੍ਰੰਥ ਦੇ ਪਾਠਸਾਧਾਰਨ ਜਾਂ ਅਖੰਡਦਾ ਭੋਗ ਮੁੰਦਾਵਣੀ ਉੱਤੇ ਪਾਇਆ ਜਾਵੇ (ਇਸ ਗੱਲ ਬਾਬਤ ਪੰਥ ਵਿੱਚ ਅਜੇ ਤਕ ਮਤ-ਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ)

ਮਗਰੋਂ ਕੁਝ ਸਿਆਸੀ ਪ੍ਰਭਾਵਾਂ ਅਧੀਨ ਇਸ ਵਿੱਚ ਤਰਤੀਮ ਕੀਤੀ ਗਈ। ਪਰ ਇਹ ਅਟੱਲ ਸਚਾਈ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਥਕ ਪ੍ਰਬੰਧ ਹੇਠ ਆਉਣ ਦੇ ਸਮੇਂ ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਾਂ ਦਾ ਭੋਗ ਮੁੰਦਾਵਣੀ ਉੱਤੇ ਪਾਉਣ ਦੀ ਪ੍ਰਥਾ 1978 ਤਕ ਜਾਰੀ ਰਹੀ। ਇਸ ਪ੍ਰਥਾ ਦੀ ਉਲੰਘਣਾ ਵੀ ਕੁਝ ਸਿਆਸੀ ਸੱਜਣਾਂ ਵੱਲੋਂ ਆਪਣੇ ਸਿਆਸੀ ਮੁਫ਼ਾਦ ਅਧੀਨ ਹੀ ਕੀਤੀ ਗਈ।

‘ਭੋਗ’ ਬਾਰੇ ਸਿੱਖ ਰਹਿਤ ਰਹਿਤ ਮਰਯਾਦਾ ਵਿਚਲਾ (ਅਜੋਕਾ) ਪ੍ਰਚਲਿਤ ਨਿਰਣਾ ਇਹ ਹੈ :-

‘ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉੱਤੇ ਜਾਂ ਰਾਗਮਾਲਾ ਪੜ੍ਹ ਕੇ ਚਲਦੀ ਸਥਾਨਿਕ ਰੀਤੀ ਅਨੁਸਾਰ ਹੀ ਪਾਇਆ ਜਾਵੇ।’

ਉਪਰੋਕਤ ਨਿਰਣੇ ਦਾ ਸਪਸ਼ਟ ਭਾਵ ਹੈ ਕਿ ਕੋਈ ਰਾਗਮਾਲਾ ਪੜ੍ਹੇ ਜਾਂ ਨਾ ਪੜ੍ਹੇ, ਇਸ ਬਾਰੇ ਪਰਸਪਰ ਵਿਵਾਦ ਨਾ ਕੀਤਾ ਜਾਵੇ। ਕਾਰਨ ਹੈ ਕਿ ਜਿਹੜੇ ਸੰਪਰਦਾਈ ਵਿਦਵਾਨ ਰਾਗਮਾਲਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਮੰਨਦੇ ਹਨ, ਉਹ ਵੀ ਟੇਢੇ ਢੰਗ ਨਾਲ ਪ੍ਰਵਾਨ ਕਰਦੇ ਹਨ ਕਿ ਰਾਗਮਾਲਾ ‘ਗੁਰਬਾਣੀ’ ਨਹੀਂ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਸਤਿਕਾਰ-ਯੋਗ ਪਿਤਾ ਡਾ. ਚਰਨ ਸਿੰਘ ਦੀ ਲਿਖਤ ਹੈ : ‘ਅੰਗਰੇਜ਼ੀ ਪੜ੍ਹਿਆਂ ਲਈ ਸੌਖੀ ਸਮਝ ਇਹ ਹੈ ਕਿ ਇੰਡੈਕਸ ਤਤਕਰਾ ਹੈ ਅਤੇ ਅੰਪੈਡੈਕਸ ਰਾਗ ਮਾਲਾ ਹੈ। ਜੀਕਰ ਤਤਕਰਾ ਬਾਣੀ ਨਾਲ ਕੋਈ ਸਬੰਧ ਨਹੀਂ ਰੱਖਦਾ, ਪਰੰਤੂ ਤਤਕਰਾ ਹੈ ਇਸੇ ਬਾਣੀ ਦਾ, ਤਿਵੇਂ ਹੀ ਰਾਗਮਾਲਾ ਦਾ ਬਾਣੀ ਨਾਲ ਕੋਈ ਸਬੰਧ ਨਹੀਂ ਰੱਖਦੀ, ਪਰੰਤੂ ਰਾਗਮਾਲਾ ਹੈ ਇਸੇ ਬਾਣੀ ਦੀ।’ ਪੁਸਤਕ : ਬਾਣੀ ਬਿਉਰਾ, ਪੰ. 82

ਇਸ ਪੱਖੋਂ ਜੇ ਹੋਰ ਵੀ ਵਿਸਥਾਰ ਪੂਰਵਕ ਜਾਣਕਾਰੀ ਚਾਹੀਦੀ ਹੋਵੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਰੀਸਰਚ ਸਕਾਲਰ ਰਹੇ ਮਰਹੂਮ ਸ੍ਰ. ਸਮਸ਼ੇਰ ਸਿੰਘ ‘ਅਸ਼ੋਕ’ ਦੁਆਰਾ 1981 ਵਿੱਚ ਸੰਪਾਦਤ ਕੀਤੀ ਪੁਸਤਕ ‘ਰਾਗਾਮਾਲਾ ਨਿਰਣਯ’ ਅਤੇ ਕੇਂਦਰੀ ਸਿੰਘ ਸਭਾ ਦੇ ਜਨਰਲ ਸਕੱਤਰ ਰਹੇ ਮਰਹੂਮ ਗਿਆਨੀ ਗੁਰਦਿੱਤ ਸਿੰਘ ਹੁਰਾਂ ਦੀ ਖੋਜ ਪੁਸਤਕ ‘ਮੁੰਦਾਵਣੀ’ ਪੜ੍ਹੀ ਜਾ ਸਕਦੀ ਹੈ, ਜੋ ਉਪਰੋਕਤ ਸੰਦਰਭ ਤੋਂ ਅਤਿਅੰਤ ਲੋੜੀਂਦਾ ਮੁਸਤਨਿਦ ਦਸਤਾਵੇਜ਼ ਹੈ। ਇਸ ਪੁਸਤਕ ਦੇ ਟਾਈਟਲ ਪੇਜ਼ ’ਤੇ ਬਾਬਾ ਰਾਮਰਾਇ ਵਾਲੀ (ਡੇਰਾਦੂਨ) ਬੀੜ ਦੀ ਹੇਠਾਂ ਅੰਕਿਤ ਉਹ ਫੋਟੋ ਲਗਾਈ ਹੋਈ ਹੈ, ਜਿਸ ਵਿੱਚ ਮੁੰਦਾਵਣੀ ਦੇ ਸ਼ਬਦ ਉਪਰੰਤ ਵਿਸ਼ੇਸ਼ ਨੋਟ ਲਿਖਿਆ ਹੈ : ‘ਏਹੁ ਭੋਗੁ ਸ੍ਰੀ ਆਦ ਗਿਰੰਥ ਜੀ ਹੈ’। ਇਸ ਬੀੜ ਦੀ ਡਿਜ਼ੀਟਲ ਕਾਪੀ ਹੁਣ ਇੰਟਰਨੈਟ ’ਤੇ ਵੀ ਉਪਲਬਧ ਹੈ।

ਬਾਕੀ ਰਹੀ ਗੱਲ ‘ਰਣ ਝੁੰਝਨੜਾ’ ਅਤੇ ‘ਛਾਡਿ ਮਨ’ ਤੁਕਾਂ ਦੀ, ਉਨ੍ਹਾਂ ਬਾਰੇ ਕੁਝ ਵਿਦਵਾਨਾਂ ਦੀ ਐਸੀ ਮਨੌਤ ਯੋਗ ਨਹੀਂ ਜਾਪਦੀ ਕਿ ਕਿਸੇ ਰਚਨਾ ਦੀਆਂ ਇੱਕ ਜਾਂ ਦੋ ਉਹ ਤੁਕਾਂ ਗੁਰੂ ਸਾਹਿਬ ਜੀ ਨੇ ਪ੍ਰਵਾਨ ਕਰ ਲਈਆਂ, ਜਿਹੜੀਆਂ ਗੁਰਮਤਿ ਅਨੁਸਾਰੀ ਸਨ, ਬਾਕੀ ਛੱਡ ਦਿੱਤੀਆਂ । ਕਾਰਨ ਹੈ ਕਿ ਸਤਿਗੁਰਾਂ ਦੀ ਪਰਖ ਕਸਵੱਟੀ ਬਾਣੀਕਾਰ ਦੀ ਸਮੁੱਚੀ ਵਿਚਾਰਧਾਰਾ ਨੂੰ ਪਰਖਦੀ ਸੀ, ਨਾ ਕਿ ਕਿਸੇ ਰਚਨਾ ਦਾ ਕੋਈ ਇੱਕ ਭਾਗ ਜਾਂ ਉਸ ਦੀ ਕਾਵਿਕ ਸ਼ਬਦਾਵਲੀ। ਐਸੀਆਂ ਸੰਦਿਗਧ ਰਚਨਾਵਾਂ ਬਾਰੇ ਇਹ ਸੱਚ ਸਮਝਣ ਦੀ ਵੱਧ ਲੋੜ ਹੈ ਕਿ ਗੁਰਬਾਣੀ ਦੀ ਪਰਖ ਕਸਵੱਟੀ ਬਾਣੀਕਾਰ ਦੀ ਸਮੁੱਚੀ ਵਿਚਾਰਧਾਰਾ ਹੈ, ਨਾ ਕਿ ਉਹਦੀਆਂ ਕੇਵਲ ਇੱਕ ਦੋ ਕਾਵਿਕ-ਤੁਕਾਂ ਦੀ ਸ਼ਬਦਾਵਲੀ ਜਾਂ ਉਨ੍ਹਾਂ ਦਾ ਗੁਰਮਤਿ ਅਨੁਸਾਰੀ ਹੋਣਾ। ਜੇ ਇਹ ਸੂਰਦਾਸ ਓਹੀ ਵੈਸ਼ਨਵ ਭਗਤ ਹੈ, ਜਿਹੜਾ ਸ੍ਰੀ ਕਿਸ਼ਨ ਜੀ ਦਾ ਉਪਾਸ਼ਕ ਸੀ, ਤਾਂ ਉਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰਲੇ ਨਿਰੰਕਾਰ ਦੇ ਉਪਾਸ਼ਕ ਭਗਤਾਂ ਵਾਲਾ ਸਥਾਨ ਮਿਲ ਸਕਣਾ ਅਸੰਭਵ ਹੈ। ‘ਸਿੱਖ ਬੁੱਕ ਕਲਬ’ ਵਾਲੇ ਖਰੜੇ ਵਿੱਚ ਵੀ ਉਪਰੋਕਤ ਰਚਨਾਵਾਂ ਮੌਜੂਦ ਹਨ। ਪੰਥ ਨੂੰ ਇਨ੍ਹਾਂ ਦੇ ਸਾਰੇ ਪੱਖ ਬਹੁਤ ਗੰਭੀਰਤਾ ਸਹਿਤ ਵਿਚਾਰਨ ਦੀ ਲੋੜ ਹੈ।

———–ਚਲਦਾ—————-

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 5)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 6)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 7)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 8)

ਗੁਰੂ ਤੇ ਗੁਰਬਾਣੀ (ਪ੍ਰਸ਼ਨ-ਉੱਤਰ)

0

ਗੁਰੂ ਤੇ ਗੁਰਬਾਣੀ (ਪ੍ਰਸ਼ਨ-ਉੱਤਰ)

-ਹਿੰਦ ਦੀ ਚਾਦਰ – ਗੁਰੂ ਤੇਗ ਬਹਾਦਰ ਜੀ

ਪ੍ਰਸ਼ਨ ਗੁਰੂ ਤੇਗ਼ ਬਹਾਦਰ ਜੀ ਦੇ ਜਨਮ, ਵਿਆਹ ਤੇ ਸੰਤਾਨ ਬਾਰੇ ਜਾਣਕਾਰੀ ਦਿਓ ?

ਉੱਤਰ ਸ੍ਰੀ ਗੁਰੂ ਤੇਗ਼ ਬਹਾਦੁਰ ਜੀ; ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਪੁੱਤਰ ਸਨ। ਆਪ ਜੀ ਦਾ ਜਨਮ ਵੈਸਾਖ ਵਦੀ ਪੰਚਮੀ ਸੰਮਤ ੧੬੭੮ (1-4-1621) ਵਿਚ ਅੰਮ੍ਰਿਤਸਰ ਵਿਖੇ ਹੋਇਆ। ਆਪ ਜੀ ਦਾ ਵਿਆਹ ਭਾਈ ਲਾਲ ਚੰਦ ਦੀ ਸਪੁੱਤਰੀ ਗੁਜਰੀ ਜੀ ਨਾਲ ਸੰਮਤ ੧੬੮੯ (ਸੰਨ 1632) ਵਿਚ ਕਰਤਾਰਪੁਰ ਵਿਖੇ ਹੋਇਆ। ਆਪ ਜੀ ਦੀ ਇਕੋ ਇਕ ਸੰਤਾਨ ਗੋਬਿੰਦ ਰਾਏ ਸੀ, ਜੋ ਬਾਅਦ ਵਿਚ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਣੇ।

(ਨੋਟ : ਜਨਮ ਮਿਤੀ ਵੈਸਾਖ ਵਦੀ ੫, ੫ ਵੈਸਾਖ ਬਿਕ੍ਰਮੀ ਸੰਮਤ ੧੬੭੮ (ਸੰਨ 01.04.1621); ਨਾਨਕਸ਼ਾਹੀ ਕੈਲੰਡਰ ’ਚ ਹਰ ਸਾਲ 18 ਅਪ੍ਰੈਲ ਨੂੰ ਆਉਂਦਾ ਹੈ ਜਦ ਕਿ ਬਿਕ੍ਰਮੀ ਕੈਲੰਡਰ ’ਚ ਭਾਵੇਂ ਅੱਜ ਕੱਲ੍ਹ 17 ਜਾਂ 18 ਅਪ੍ਰੈਲ ਨੂੰ ਹੈ, ਪਰ ਜੇਕਰ ਇਹੀ ਲਾਗੂ ਰਿਹਾ ਤਾਂ 3000 ਸੀਈ ’ਚ 1 ਮਈ ਨੂੰ ਆਵੇਗਾ। ਨਾਨਕਸ਼ਾਹੀ ਕੈਲੰਡਰ ਦਾ ਹੁਣ ਵਿਰੋਧ ਕਰਨ ਵਾਲ਼ਿਆਂ ਦੀ ਔਲਾਦ ਉਸ ਸਮੇਂ ਸ਼ਰਮਿੰਦਾ ਹੋਏਗੀ ਕਿ ਗੁਰੂ ਤੇਗ਼ ਬਹਾਦਰ ਸਾਹਿਬ ਦਾ ਜਨਮ 1 ਅਪ੍ਰੈਲ ਨੂੰ ਹੋਇਆ ਸੀ, ਜੋ 1 ਮਈ ਨੂੰ ਮਨਾਇਆ ਜਾ ਰਿਹਾ ਹੈ।)

ਪ੍ਰਸ਼ਨ ਗੁਰੂ ਹਰਿਕ੍ਰਿਸ਼ਨ ਜੀ ਦੇ ਬਾਬਾ ਬਕਾਲੇ ਵੱਲ ਇਸ਼ਾਰਾ ਕਰਨ ਤੋਂ ਬਾਅਦ ਬਕਾਲੇ ਵਿਚ ਕੀ ਸਥਿਤੀ ਬਣੀ ?

ਉੱਤਰ ਬਕਾਲਾ ਦਾ ਅਸਥਾਨ ਬਿਆਸ ਬਟਾਲਾ ਰੋਡ ’ਤੇ ਹੈ। ਸ੍ਰੀ ਤੇਗ ਬਹਾਦਰ ਜੀ ਨੇ ਇਸ ਅਸਥਾਨ ’ਤੇ ਪ੍ਰਭੂ ਦਾ ਨਾਮ ਜਪਿਆ ਸੀ। ਜਿਸ ਵੇਲੇ ਸੰਗਤ ਨੂੰ ਪਤਾ ਲੱਗਾ ਕਿ ਅਗਲੇ ਗੁਰੂ ਬਕਾਲੇ ਹਨ ਤਾਂ ਦੂਰ ਨੇੜੇ ਤੋਂ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਬਕਾਲੇ ਪਿੰਡ ਪਹੁੰਚੀਆਂ, ਪਰ ਬਕਾਲੇ ਵਿਚ 22 ਗੱਦੀਆਂ ਲਾ ਕੇ ਝੂਠੇ ਗੁਰੂ ਬਣੀ ਬੈਠੇ ਲੋਕ ਸੰਗਤਾਂ ਨੂੰ ਭਰਮ ਵਿਚ ਪਾਉਣ ਲੱਗੇ। ਇਨ੍ਹਾਂ ਬਨਾਵਟੀ ਗੁਰੂਆਂ ਦੇ ਮਸੰਦ ਸੰਗਤਾਂ ਨੂੰ ਘੇਰ ਘੇਰ ਕੇ ਇਨ੍ਹਾਂ ਕੋਲ ਲੈ ਆਉਂਦੇ ਸਨ ਤੇ ਭੇਟਾ ਉਗਰਾਉਂਦੇ ਸਨ। ਹਰ ਕਿਸੇ ਬਾਰੇ ਕਿਹਾ ਜਾਂਦਾ ਸੀ ਕਿ ਬਕਾਲੇ ਵਾਲੇ ਬਾਬਾ ਜੀ ਇਹੀ ਹਨ। ਕਈ ਮਹੀਨੇ ਸੰਗਤਾਂ ਅਸਲੀ ਗੁਰੂ ਦੀ ਭਾਲ ਵਿਚ ਪ੍ਰੇਸ਼ਾਨ ਰਹੀਆਂ।

ਪ੍ਰਸ਼ਨ ਬਕਾਲਾ ਪਿੰਡ ਵਿਚ 22 ਗੱਦੀਆਂ ਲਾਉਣ ਵਾਲੇ ਝੂਠੇ ਗੁਰੂਆਂ ਵਿਚ ਪ੍ਰਮੁੱਖ ਕੌਣ ਸੀ  ?

ਉੱਤਰ ਇਨਾਂ ਵਿਚ ਪ੍ਰਮੁਖ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੁੱਤਰ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਸ੍ਰੀ ਧੀਰਮਲ ਜੀ ਸਨ। ਧੀਰਮਲ ਜੀ ਨੇ ਕਰਤਾਰ ਪੁਰ ’ਤੇ ਕਬਜ਼ਾ ਕੀਤਾ ਹੋਇਆ ਸੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵੀ ਆਪਣੇ ਪਾਸ ਰੱਖੀ ਹੋਈ ਸੀ। ਆਪਣੇ ਪਿਤਾ ਬਾਬਾ ਗੁਰਦਿੱਤਾ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਉਹ ਆਪਣੇ ਆਪ ਨੂੰ ਗੁਰਗੱਦੀ ਦਾ ਹੱਕਦਾਰ ਸਮਝਦੇ ਸਨ। ਧੀਰਮਲ ਜੀ ਕੋਲ ਗੁਰੂ ਗ੍ਰੰਥ ਸਾਹਿਬ ਦੀ ਬੀੜ ਹੋਣ ਕਾਰਨ ਸੰਗਤਾਂ ਬੀੜ ਸਾਹਿਬ ਦੇ ਦਰਸ਼ਨ ਕਰਨ ਆਉਂਦੀਆਂ ਸਨ।

ਪ੍ਰਸ਼ਨ ਪਿੰਡ ਬਕਾਲਾ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਅਸਲੀ ਗੁਰੂ ਦੇ ਰੂਪ ਵਿਚ ਕਿਸ ਨੇ ਤੇ ਕਿਸ ਤਰ੍ਹਾਂ ਲੱਭਿਆ ?

ਉੱਤਰ ਗੁਰੂ ਜੀ ਦੀ ਖੋਜ ਕਰਨ ਵਾਲਾ ਸਿੱਖ ਮੱਖਣ ਸ਼ਾਹ ਲੁਭਾਣਾ ਇਕ ਸੁਦਾਗਰ ਸੀ। ਜਦ ਉਸ ਦਾ ਜਹਾਜ਼ ਡੁੱਬਣ ਲੱਗਾ ਤਾਂ ਉਸ ਨੇ ਗੁਰੂ ਮਹਾਰਾਜ ਜੀ ਪਾਸ ਬੇਨਤੀ ਕੀਤੀ ਸੀ ਕਿ ਜੇ ਉਹ ਬਚ ਜਾਵੇਗਾ ਤਾਂ 500 ਮੋਹਰਾਂ ਗੁਰੂ ਜੀ ਨੂੰ ਭੇਟਾ ਕਰੇਗਾ। ਬੇਨਤੀ ਪ੍ਰਵਾਨ ਹੋਈ, ਪਰ ਜਦ ਉਹ 500 ਮੋਹਰਾਂ ਲੈ ਕੇ ਬਕਾਲਾ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਉੱਥੇ ਕਈ ਗੁਰੂ ਬੈਠੇ ਸਨ। ਉਸ ਨੇ ਹਰ ਗੁਰੂ ਅੱਗੇ 2-2 ਮੋਹਰਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ। ਸਾਰੇ ਅਖੌਤੀ ਗੁਰੂਆਂ ਦੇ ਅੱਗੇ ਮੋਹਰਾਂ ਦੀ ਭੇਟ ਕਰਕੇ ਜਦ ਉਹ ਭੋਰੇ ਵਿਚ ਸ੍ਰੀ ਤੇਗ ਬਹਾਦਰ ਜੀ ਦੇ ਕੋਲ ਪਹੁੰਚਿਆ ਤਾਂ ਉਸ ਨੇ 2 ਮੋਹਰਾਂ ਭੇਟ ਕੀਤੀਆਂ ਤਾਂ ਸ੍ਰੀ ਤੇਗ ਬਹਾਦਰ ਜੀ ਨੇ ਉਸ ਨੂੰ 500 ਮੋਹਰਾਂ ਭੇਟ ਕਰਨ ਬਾਰੇ ਯਾਦ ਕਰਾਇਆ। ਉਸ ਨੂੰ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਪਰਮਾਤਮਾ ਨੇ ਉਸ ਦੇ ਡੁੱਬਦੇ ਜਹਾਜ਼ ਨੂੰ ਬੰਨੇ ਲਾਇਆ ਸੀ। ਇਹ ਸਾਰੀ ਗੱਲ ਸੁਣ ਕੇ ਮੱਖਣ ਸ਼ਾਹ ਲੁਭਾਣੇ ਨੂੰ ਨਿਸ਼ਚਾ ਹੋ ਗਿਆ ਕਿ ਅਸਲੀ ਗੁਰੂ ਇਹੀ ਹਨ। ਉਸ ਨੇ ਕੋਠੇ ’ਤੇ ਚੜ੍ਹ ਕੇ ‘ਗੁਰੂ ਲਾਧੋ ਰੇ, ਗੁਰੂ ਲਾਧੋ ਰੇ’ ਦਾ ਹੋਕਾ ਦੇ ਕੇ ਸੰਗਤਾਂ ਨੂੰ ਅਸਲੀ ਗੁਰੂ ਵੱਲ ਮੋੜਿਆ।

ਪ੍ਰਸ਼ਨ ਸ੍ਰੀ ਤੇਗ ਬਹਾਦਰ ਜੀ ਨੇ ਗੁਰੂ ਬਨਣ ਤੋਂ ਬਾਅਦ ਕਿਸ ਅਸਥਾਨ ਦੀ ਯਾਤਰਾ ਕੀਤੀ ?

ਉੱਤਰ ਗੁਰੂ ਜੀ ਮੱਖਣ ਸ਼ਾਹ ਦੀ ਬੇਨਤੀ ’ਤੇ ਅੰਮ੍ਰਿਤਸਰ ਦਰਸ਼ਨ ਇਸ਼ਨਾਨ ਕਰਨ ਵਾਸਤੇ ਗਏ, ਪਰ ਉਸ ਵੇਲੇ ਸ੍ਰੀ ਹਰਿਮੰਦਰ ਸਾਹਿਬ ’ਤੇ ਵੀ ਅਖੌਤੀ ਗੁਰੂ ਦਾ ਕਬਜ਼ਾ ਹੋਣ ਕਰਕੇ, ਉਨ੍ਹਾਂ ਨੂੰ ਹਰਿਮੰਦਰ ਸਾਹਿਬ ਦੇ ਅੰਦਰ ਨਹੀਂ ਜਾਣ ਦਿੱਤਾ। ਗੁਰੂ ਤੇਗ ਬਹਾਦਰ ਜੀ ਪ੍ਰਕਰਮਾ ਤੋਂ ਬਾਹਰ ਇਕ ਥੜੇ ’ਤੇ ਬਹਿ ਗਏ। ਜਿੱਥੇ ਗੁਰਦੁਆਰਾ ਥੜਾ ਸਾਹਿਬ ਸੁਭਾਇਮਾਨ ਹੈ। ਇਸ ਤੋਂ ਬਾਅਦ ਆਪ ਸ਼ਹਿਰ ਤੋਂ ਬਾਹਰ ਇਕ ਅਸਥਾਨ ’ਤੇ ਪੁੱਜੇ ਤੇ ਦਮ ਲਿਆ। ਇਸ ਅਸਥਾਨ ’ਤੇ ਗੁਰਦੁਆਰਾ ਦਮਦਮਾ ਸਾਹਿਬ ਇਸ ਗੱਲ ਦੀ ਪੁਸ਼ਟੀ ਕਰਦਾ ਹੈ। ਇਕ ਹੋਰ ਅਸਥਾਨ ਪਿੰਡ ਵੱਲੇ ਤੋਂ ਬਾਹਰ, ਜਿੱਥੇ ਗੁਰੂ ਜੀ ਨੂੰ ਇਕ ਪ੍ਰੇਮਣ ਮਾਈ ਨੇ ਵਿਸਰਾਮ ਕਰਵਾਇਆ ਸੀ ਅਤੇ ਪ੍ਰਸ਼ਾਦ ਪਾਣੀ ਦੀ ਸੇਵਾ ਕੀਤੀ ਸੀ। ਓਥੇ ਅੱਜ ਕੱਲ੍ਹ ਗੁਰਦੁਆਰਾ ਕੋਠਾ ਸਾਹਿਬ ਕਰਕੇ ਪ੍ਰਸਿੱਧ ਹੈ।

ਪ੍ਰਸ਼ਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੰਮ੍ਰਿਤਸਰ ਆਗਮਨ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੇ ਕਿਵਾੜ ਬੰਦ ਕਰਨ ਵਾਲ਼ੇ ਲੋਕ ਕੌਣ ਸਨ ?

ਉੱਤਰ ਉਸ ਸਮੇਂ ਦਰਬਾਰ ਸਾਹਿਬ ’ਤੇ ਸ੍ਰੀ ਹਰਿ ਜੀ ਦਾ ਕਬਜ਼ਾ ਸੀ। ਸ੍ਰੀ ਹਰਿ ਜੀ ਪ੍ਰਿਥੀ ਚੰਦ ਜੀ ਦੇ ਪੋਤਰੇ ਸਨ ਤੇ ਸ੍ਰੀ ਪ੍ਰਿਥੀ ਚੰਦ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਸਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਅੰਮ੍ਰਿਤਸਰ ਤੋਂ ਕੀਰਤਪੁਰ ਸਾਹਿਬ ਜਾਣ ਤੋਂ ਬਾਅਦ ਪ੍ਰਿਥੀ ਚੰਦ ਦੇ ਪਰਵਾਰ ਦਾ ਅੰਮ੍ਰਿਤਸਰ ’ਤੇ ਕਬਜ਼ਾ ਹੋ ਗਿਆ ਸੀ ਕਿਉਂਕਿ ਸ੍ਰੀ ਹਰਿ ਰਾਇ ਜੀ ਤੇ ਗੁਰੂ ਹਰਿਕ੍ਰਿਸ਼ਨ ਜੀ ਅੰਮ੍ਰਿਤਸਰ ਕਦੀ ਨਹੀਂ ਸੀ ਆਏ। ਇਸ ਕਰਕੇ ਮਿਹਰਵਾਨ ਤੇ ਹਰਿ ਜੀ; ਗੱਦੀਦਾਰ ਪ੍ਰਬੰਧਕ ਬਣ ਗਏ ਸਨ। ਉਹ ਗੁਰੂ ਜੀ ਦੇ ਪ੍ਰਵੇਸ਼ ਦੇ ਖਿਲਾਫ ਸਨ ਤਾਂ ਕਿ ਸੰਗਤਾਂ ਗੁਰੂ ਜੀ ਵੱਲ ਨਾ ਹੋ ਜਾਣ।

ਪ੍ਰਸ਼ਨ ਅੰਮ੍ਰਿਤਸਰ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਕਿੱਥੇ ਗਏ  ?

ਉੱਤਰ ਅੰਮ੍ਰਿਤਸਰ ਤੋਂ ਬਾਅਦ ਪਿੰਡ ਬਕਾਲਾ ਵਾਪਸ ਆ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੀਰਤਪੁਰ ਸਾਹਿਬ ਗਏ, ਪਰ ਇੱਥੇ ਵੀ ਗੁਰੂ ਜੀ ਦੇ ਵੱਡੇ ਭਾਈ ਸੂਰਜ ਮੂਲ ਦੇ ਪੋਤਰਿਆਂ (ਗੁਲਾਬ ਰਾਏ ਤੇ ਸਿਆਮ ਚੰਦ) ਨੇ ਆਪ ਨਾਲ ਈਰਖਾ ਵਾਲਾ ਵਰਤਾਅ ਕੀਤਾ। ਗੁਰੂ ਸਾਹਿਬ ਨੇ ਇਕ ਬੜੀ ਹੀ ਸ਼ਾਂਤੀ ਵਾਲੀ ਜਗਾ ਪਿੰਡ ਮਾਖੋਵਾਲ ਆਪਣੇ ਲਈ ਲੱਭ ਲਈ ਤੇ ਉੱਥੇ ਰਹਿਣ ਲੱਗੇ।

ਪ੍ਰਸ਼ਨ ਪਿੰਡ ਮਾਖੋਵਾਲ ਬਾਰੇ ਜ਼ਰੂਰੀ ਜਾਣਕਾਰੀ ਦਿਓ ?

ਉੱਤਰ ਪਿੰਡ ਮਾਖੋਵਾਲ ਕੀਰਤਪੁਰ ਤੋਂ ਕੁਝ ਹੀ ਦੂਰੀ ’ਤੇ ਹੈ। ਇਹ ਇਕ ਉਜੜਿਆ ਹੋਇਆ ਪਿੰਡ ਸੀ, ਜਿਸ ਉੱਤੇ ਗੁਰੂ ਜੀ ਨੇ ਸੰਮਤ ੧੭੨੨ (ਸੰਨ 1665) ਨੂੰ ਅਨੰਦਪੁਰ ਸਾਹਿਬ ਦੀ ਨੀਂਹ ਰੱਖੀ। ਅਨੰਦਪੁਰ ਸਾਹਿਬ ਦਾ ਪਹਿਲਾ ਨਾਂ ਚੱਕ ਨਾਨਕੀ; ਗੁਰੂ ਤੇਗ ਬਹਾਦੁਰ ਜੀ ਦੀ ਮਾਤਾ ਜੀ ਦੇ ਨਾਂ ’ਤੇ ਸੀ।

ਪ੍ਰਸ਼ਨ ਗੁਰੂ ਤੇਗ ਬਹਾਦਰ ਸਾਹਿਬ ਨੇ ਹੋਰ ਕਿਨ੍ਹਾਂ ਅਸਥਾਨਾਂ ਦੀ ਯਾਤਰਾ ਕੀਤੀ ਤੇ ਉਨ੍ਹਾਂ ਯਾਤਰਾਵਾਂ ਦਾ ਕੀ ਮੰਤਵ ਸੀ ?

ਉੱਤਰ ਗੁਰੂ ਜੀ ਨੇ ਕਈ ਅਸਥਾਨਾਂ ਦੀ ਯਾਤਰਾ ਕੀਤੀ ਤੇ ਉਨ੍ਹਾਂ ਯਾਤਰਾਵਾਂ ਦਾ ਮੁੱਖ ਮੰਤਵ ਧਰਮ ਪ੍ਰਚਾਰ ਕਰਨਾ ਸੀ। ਆਪ ਨੇ ਆਗਰਾ, ਇਟਾਵਾ, ਇਲਾਹਬਾਦ, ਕਾਂਸ਼ੀ, ਗਯਾ, ਪਟਨਾ, ਅਸਾਮ ਆਦਿਕ ਦੀ ਯਾਤਰਾ ਕੀਤੀ।

ਪ੍ਰਸ਼ਨ ਗੁਰੂ ਤੇਗ ਬਹਾਦਰ ਜੀ ਨੇ ਕਿਨ੍ਹਾਂ ਕਿਨ੍ਹਾਂ ਇਲਾਕਿਆਂ ਦੀ ਯਾਤਰਾ ਕੀਤੀ  ?

ਉੱਤਰ ਗੁਰੂ ਜੀ ਆਗਰਾ, ਇਟਾਵਾ ਦੇ ਰਸਤੇ ਹੁੰਦੇ ਹੋਏ ਇਲਾਹਬਾਦ ਪਹੁੰਚੇ। ਇਸ ਅਸਥਾਨ ’ਤੇ ਜਿਸ ਨੂੰ ਉਸ ਵੇਲੇ ਪ੍ਰਯਾਗਰਾਜ ਕਿਹਾ ਜਾਂਦਾ ਸੀ। ਗੁਰੂ ਜੀ ਨੇ 6 ਮਹੀਨੇ ਨਿਵਾਸ ਕੀਤਾ। ਇਸ ਦੀ ਯਾਦ ਵਿਚ ਇਸ ਸ਼ਹਰ ਵਿਚ ਮੁਹੱਲਾ ਅਹੀਆਪੁਰ ਵਿਚ ‘ਪੱਕੀ ਸੰਗਤ’ ਦੇ ਨਾਮ ਨਾਲ ਇਕ ਗੁਰਦੁਆਰਾ ਸੁਸ਼ੋਭਿਤ ਹੈ। ਇਸ ਤੋਂ ਬਾਅਦ ਗੁਰੂ ਜੀ ਕਾਂਸ਼ੀ ਗਏ ਤੇ ਇਸ ਤੋਂ ਬਾਅਦ ‘ਗਯਾ’ ਤੇ ‘ਪਟਨਾ’ ਵਿਖੇ ਨਿਵਾਸ ਕੀਤਾ। ਗੁਰੂ ਜੀ ਮਾਤਾ ਨਾਨਕੀ ਅਤੇ ਆਪਣੇ ਮਹਿਲ ਪਟਨਾ ਵਿਖੇ ਠਹਿਰਾ ਗਏ ਤੇ ਆਪ ਉਸ ਤੋਂ ਬਾਅਦ ਢਾਕਾ ਤੇ ਫਿਰ ਧੂਬੜੀ ਗਏ। ਧੂਬੜੀ ਦੇ ਅਸਥਾਨ ’ਤੇ ਆਪ ਨੂੰ ਇਕ ਆਸਾਮੀ ਰਾਜਾ ਮਿਲਣ ਆਇਆ। ਜਿਸ ਦੇ ਘਰ ਕੋਈ ਸੰਤਾਨ ਨਹੀਂ ਸੀ। ਜਦ ਗੁਰੂ ਜੀ ਦੇ ਵਰਦਾਨ ਨਾਲ ਉਸ ਦੇ ਘਰ ਪੁੱਤਰ ਹੋਇਆ ਤਾਂ ਉਹ ਅਨੰਦਪੁਰ ਸਾਹਿਬ ਗੁਰੂ ਜੀ ਨੂੰ ਮਿਲਣ ਵਾਸਤੇ ਗਿਆ ਸੀ।

ਪ੍ਰਸ਼ਨ ਬਾਬਾ ਸੂਰਜ ਮਲ ਕੌਣ ਸੀ ਤੇ ਉਹ ਗੁਰੂ ਤੇਗ ਬਹਾਦਰ ਜੀ ਤੋਂ ਕਿਉਂ ਈਰਖਾ ਕਰਦਾ ਸੀ ?

ਉੱਤਰ ਬਾਬਾ ਸੂਰਜ ਮਲ; ਗੁਰੂ ਤੇਗ ਬਹਾਦਰ ਜੀ ਦੇ ਵੱਡੇ ਭਰਾ ਸਨ ਤੇ ਜਦ ਗੁਰੂ ਜੀ ਨੂੰ ਗੁਰਆਈ ਮਿਲੀ ਤਾਂ ਬਾਬਾ ਸੂਰਜ ਮਲ ਜੀ ਦੇ ਪੋਤਰੇ ਗੁਲਾਬ ਰਾਇ ਤੇ ਸਿਆਮ ਚੰਦ; ਗੁਰੂ ਜੀ ਨਾਲ ਈਰਖਾ ਵਾਲਾ ਵਰਤਾਓ ਕਰਨ ਲੱਗ ਪਏ। ਇਸ ਵਰਤਾਓ ਕਾਰਨ ਹੀ ਗੁਰੂ ਜੀ ਨੇ ਕੀਰਤਪੁਰ ਛੱਡ ਦਿੱਤਾ ਤੇ ਪਿੰਡ ਮਾਖੋਵਾਲ ਜਾ ਕੇ ਡੇਰਾ ਲਾਇਆ।

ਪ੍ਰਸ਼ਨ ਕੀ ਈਰਖਾ ਕਰਨ ਵਾਲਿਆਂ ਨੇ ਗੁਰੂ ਜੀ ਨੂੰ ਅਨੰਦਪੁਰ ਸਾਹਿਬ ਵਿਖੇ ਸ਼ਾਂਤੀ ਨਾਲ ਰਹਿਣ ਦਿੱਤਾ ?

ਉੱਤਰ ਗੁਰੂ ਜੀ ਕੇਵਲ 6 ਮਹੀਨੇ ਹੀ ਅਨੰਦਪੁਰ ਸਾਹਿਬ ਰਹੇ ਤੇ ਉਸ ਤੋਂ ਬਾਅਦ ਈਰਖਾ ਵਾਦੀਆਂ ਤੋਂ ਦੂਰ ਆਪਣੀ ਮਾਤਾ ਨਾਨਕੀ ਜੀ, ਮਹਿਲ ਗੁਜਰੀ ਜੀ ਅਤੇ ਉਹਨਾਂ ਦੇ ਭਾਈ ਕ੍ਰਿਪਾਲ ਚੰਦ ਜੀ ਤੇ ਹੋਰ ਸ਼ਰਧਾਲੂਆਂ ਸਮੇਤ ਪ੍ਰਚਾਰ ਕਰਨ ਲਈ ਯਾਤਰਾ ’ਤੇ ਨਿਕਲ ਗਏ।

ਪ੍ਰਸ਼ਨ ਰਾਜਾ ਰਾਮ ਸਿੰਘ ਕੌਣ ਸੀ ? ਤੇ ਉਸ ਦਾ ਅਸਾਮ ਦੇ ਕਾਮਰੂਪ ਪ੍ਰਗਣੇ ਦੇ ਰਾਜੇ ਨਾਲ ਕੀ ਵੈਰ ਸੀ ?

ਉੱਤਰ ਕਾਮਰੂਪ ਪ੍ਰਗਣੇ ਦਾ ਰਾਜਾ ਔਰੰਗਜ਼ੇਬ ਦੀ ਦਿੱਲੀ ਸਰਕਾਰ ਨੂੰ ਮਾਮਲਾ ਨਹੀਂ ਸੀ ਭੇਜਦਾ। ਇਸ ਲਈ ਔਰੰਗਜੇਬ ਨੇ ਰਾਜਾ ਰਾਮ ਸਿੰਘ ਜੈਪੁਰੀਏ ਨੂੰ ਉਸ ’ਤੇ ਹਮਲਾ ਕਰਨ ਲਈ ਭੇਜਿਆ। ਗੁਰੂ ਜੀ ਉਸ ਸਮੇਂ ਉੱਥੇ ਬਿਰਾਜਮਾਨ ਸਨ। ਆਪ ਨੇ ਦੋਹਾਂ ਰਾਜਿਆਂ ਦੀ ਸੁਲ੍ਹਾ ਕਰਵਾ ਦਿੱਤੀ। ਇਸ ਤੋਂ ਬਾਅਦ ਗੁਰੂ ਜੀ ਧੂਬੜੀ ਤੋਂ ਬਾਅਦ ਢਾਕਾ, ਚਿੱਟਾਕਾਂਗ ਆਦਿ ਸ਼ਹਰਾਂ ਅਤੇ ਨਗਰਾਂ ਦੀਆਂ ਸੰਗਤਾਂ ਨੂੰ ਨਾਮ ਦਾ ਉਪਦੇਸ਼ ਦੇ ਕੇ ਕਲੱਕਤਾ ਤੇ ਜਗਨਨਾਥ ਪੁਰੀ ਹੁੰਦੇ ਹੋਏ ਪਟਨਾ ਵਾਪਸ ਆ ਗਏ। ਪਟਨਾ ਤੋਂ ਬਨਾਰਸ, ਅਯੁੱਧਿਆ, ਲਖਨਊ, ਮਥਰਾ ਤੇ ਲਖਨੌਰ ਹੁੰਦੇ ਹੋਏ ਅਨੰਦਪੁਰ ਸਾਹਿਬ ਵਾਪਸ ਪਹੁੰਚ ਗਏ।

ਪ੍ਰਸ਼ਨ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਦੇ ਦਰਬਾਰ ਵਿਚ ਆਏ ਕਸ਼ਮੀਰੀ ਪੰਡਿਤਾਂ ਦੀ ਵਿਥਿਆ ਬਿਆਨ ਕਰੋ  ?

ਉੱਤਰ ਜਦ ਔਰੰਗਜ਼ੇਬ ਨੇ ਹਿੰਦੁਆਂ ’ਤੇ ਜ਼ੁਲਮ ਕਰਕੇ ਉਨ੍ਹਾਂ ਨੂੰ ਜ਼ਬਰੀ ਮੁਸਲਮਾਨ ਬਣਾਉਣਾ ਸ਼ੁਰੂ ਕੀਤਾ ਤਾਂ ਹਰ ਇਲਾਕੇ ਵਿਚ ਉਸ ਦੇ ਹਾਕਮਾਂ ਨੇ ਹਿੰਦੂਆਂ ਦਾ ਜਿਊਣਾ ਦੁਰਬਲ ਕਰ ਦਿੱਤਾ। ਕਸ਼ਮੀਰ ਵਿਚ ਔਰੰਗਜ਼ੇਬ ਦੇ ਹਾਕਮ ਸ਼ੇਰ ਅਫ਼ਗਨ ਖਾਂ ਨੇ ਲੋਕਾਂ ਨੂੰ ਇੰਨਾ ਸਤਾਇਆ ਕਿ ਕਸ਼ਮੀਰੀ ਪੰਡਿਤ ਆਪਣੀ ਫ਼ਰਿਆਦ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਅਨੰਦਪੁਰ ਸਾਹਿਬ ਵਿਖੇ ਆਏ। ਪੰਡਿਤਾਂ ਦੇ ਇਸ ਜੱਥੇ ਦਾ ਨੇਤਾ ਪੰਡਿਤ ਕਿਰਪਾ ਰਾਮ ਸੀ। ਗੁਰੂ ਤੇਗ ਬਹਾਦੁਰ ਜੀ ਉਨਾਂ ਦੀ ਫ਼ਰਿਆਦ ਸੁਣ ਕੇ ਇਸ ਨਤੀਜੇ ’ਤੇ ਪਹੁੰਚੇ ਕਿ ਕਿਸੇ ਮਹਾਂ ਪੁਰਖ ਦੀ ਕੁਰਬਾਨੀ ਹੀ ਇਸ ਜ਼ੁਲਮ ਨੂੰ ਰੋਕ ਸਕਦੀ ਹੈ ਤਾਂ ਉਨ੍ਹਾਂ ਦੇ ਪੁੱਤਰ ਗੋਬਿੰਦ ਰਾਇ ਨੇ ਇਹ ਕਿਹਾ ਕਿ ਗੁਰੂ ਜੀ ! ਆਪ ਤੋਂ ਵੱਡਾ ਹੋਰ ਕਿਹੜਾ ਮਹਾਂ ਪੁਰਖ ਹੈ। ਗੁਰੂ ਸਾਹਿਬ ਨੇ ਕਸ਼ਮੀਰੀ ਪੰਡਿਤਾਂ ਦਾ ਮਸਲਾ ਹੱਲ ਕਰਨ ਲਈ ਉਨ੍ਹਾਂ ਨੂੰ ਕਿਹਾ ਕਿ ਉਹ ਔਰੰਗਜੇਬ ਨੂੰ ਕਹਿ ਦੇਣ ਕਿ ਜੇ ਉਹ ਗੁਰੂ ਜੀ ਨੂੰ ਮੁਸਲਮਾਨ ਬਣਾ ਲੈਣ ਤਾਂ ਉਹ ਸਾਰੇ ਭੀ ਮੁਸਲਮਾਨ ਬਣ ਜਾਣਗੇ।

ਪ੍ਰਸ਼ਨ ਔਰੰਗਜ਼ੇਬ ਨੇ ਗੁਰੂ ਜੀ ਨੂੰ ਕੀ ਕਿਹਾ, ਜਿਸ ਕਰਕੇ ਉਨ੍ਹਾਂ ਨੂੰ ਕੁਰਬਾਨੀ ਦੇਣੀ ਪਈ ?

ਉੱਤਰ ਔਰੰਗਜ਼ੇਬ ਨੇ ਗੁਰੂ ਜੀ ਨੂੰ ਮੁਸਲਮਾਨ ਬਣਨ ਲਈ ਕਿਹਾ ਤੇ ਇਹ ਵੀ ਕਿਹਾ ਕਿ ਉਹ ਕੋਈ ਕਰਾਮਾਤ ਕਰਕੇ ਵਿਖਾਉਣ। ਗੁਰੂ ਜੀ ਨੇ ਉਸ ਦੀਆਂ ਇਹ ਗੱਲਾਂ ਤੋਂ ਇਨਕਾਰ ਕਰ ਦਿੱਤਾ। ਇਸ ਉਪਰੰਤ ਗੁਰੂ ਜੀ ਦਾ ਸੀਸ ਧੜ ਤੋਂ ਅਲੱਗ ਕਰਕੇ ਆਪ ਨੂੰ ਸ਼ਹੀਦ ਕਰ ਦਿੱਤਾ ਗਿਆ।

ਪ੍ਰਸ਼ਨ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਕਦੋਂ ਤੇ ਕਿਥੇ ਹੋਈ  ? ਕੀ ਆਪ ਨਾਲ ਕੋਈ ਹੋਰ ਸਿੱਖਾਂ ਨੂੰ ਵੀ ਸ਼ਹੀਦ ਕੀਤਾ ਗਿਆ ਸੀ  ?

ਉੱਤਰ ਗੁਰੂ ਜੀ ਨੂੰ ਦਿੱਲੀ ਵਿਚ ਚਾਂਦਨੀ ਚੌਂਕ ਵਿਖੇ 11 ਨਵੰਬਰ 1675 ਨੂੰ ਸ਼ਹੀਦ ਕਰ ਦਿੱਤਾ ਗਿਆ। ਅੱਜ ਕੱਲ੍ਹ ਇਸ ਅਸਥਾਨ ’ਤੇ ਗੁਰਦੁਆਰਾ ਸੀਸ ਗੰਜ ਬਣਿਆ ਹੋਇਆ ਹੈ। ਗੁਰੂ ਜੀ ਦੇ ਨਾਲ ਗਏ ਤਿੰਨ ਸਿੱਖਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਇਨ੍ਹਾਂ ਦੇ ਨਾਮ ਸਨ : ‘ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ’। ਇਨ੍ਹਾਂ ਤਿੰਨਾਂ ਸਿੱਖਾਂ ਨੂੰ ਗੁਰੂ ਜੀ ਤੋਂ ਇਕ ਦਿਨ ਪਹਿਲਾਂ 10 ਨਵੰਬਰ 1675 ਨੂੰ ਸ਼ਹੀਦ ਕੀਤਾ ਗਿਆ ਸੀ। ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਲ ਚੀਰ ਦਿੱਤਾ ਗਿਆ, ਪਰ ਉਹ ਬੜੀ ਸ਼ਾਂਤੀ ਨਾਲ ਜਪੁ ਜੀ ਸਾਹਿਬ ਪੜ੍ਹਦੇ ਸ਼ਹੀਦ ਹੋਏ। ਭਾਈ ਸਤੀ ਦਾਸ ਜੀ; ਭਾਈ ਮਤੀ ਦਾਸ ਜੀ ਦੇ ਛੋਟੇ ਭਰਾ ਸਨ। ਇਨ੍ਹਾਂ ਨੂੰ ਰੂੰ ਵਿਚ ਲਪੇਟ ਕੇ ਅੱਗ ਲਗਾ ਕੇ ਸ਼ਹੀਦ ਕੀਤਾ ਗਿਆ। ਭਾਈ ਦਿਆਲਾ ਜੀ ਨੂੰ ਕੜਾਹੇ ਵਿਚ ਉਬਾਲ ਕੇ ਸ਼ਹੀਦ ਕੀਤਾ ਗਿਆ।

ਪ੍ਰਸ਼ਨ ਗੁਰੂ ਜੀ ਦੇ ਸੀਸ ਤੇ ਧੜ ਦਾ ਕਿਸ ਤਰ੍ਹਾਂ ਸਸਕਾਰ ਕੀਤਾ ਗਿਆ ?

ਉੱਤਰ ਗੁਰੂ ਤੇਗ ਬਹਾਦਰ ਜੀ ਦਾ ਸੀਸ ਭਾਈ ਜੈਤਾ ਜੀ ਮੁਗ਼ਲ ਪਹਿਰੇਦਾਰਾਂ ਦੀ ਨਜ਼ਰ ਬਚਾ ਕੇ ਚੁੱਕ ਕੇ ਲੈ ਗਏ ਸਨ। ਗੁਰੂ ਜੀ ਦੇ ਸੀਸ ਦਾ ਸਸਕਾਰ ਅਨੰਦਪੁਰ ਸਾਹਿਬ ਵਿਖੇ ਕੀਤਾ ਗਿਆ। ਜਿੱਥੇ ਸਥਿਤ ਇਸ ਗੁਰਦੁਆਰੇ ਦਾ ਨਾਂ ਵੀ ਸੀਸ ਗੰਜ ਪ੍ਰਸਿੱਧ ਹੈ। ਭਾਈ ਜੈਤਾ ਜੀ ਪਿਛੋਂ ਅੰਮ੍ਰਿਤ ਛਕ ਕੇ ਜੀਵਨ ਸਿੰਘ ਜੀ ਕਹਿਲਾਏ ਅਤੇ ਗੁਰੂ ਜੀ ਨਾਲ ਹੀ ਰਹੇ। ਧੜ ਚੁੱਕਣ ਦੀ ਸੇਵਾ ਮੱਖਣ ਸ਼ਾਹ ਲੁਭਾਣੇ ਦੇ ਭਾਈ ਬੰਦੂ ਪਰਵਾਰ ਨੇ ਕੀਤੀ। ਜਦ ਥੋੜ੍ਹਾ ਹਨ੍ਹੇਰਾ ਹੋਇਆ ਅਤੇ ਜ਼ੋਰ ਦੀ ਹਨ੍ਹੇਰੀ ਆਈ ਤਾਂ ਪਹਿਰੇਦਾਰਾਂ ਤੋਂ ਨਜ਼ਰ ਬਚਾ ਕੇ ਧੜ ਨੂੰ ਆਪਣੇ ਗੱਡੇ ’ਤੇ ਰੱਖ ਇਹ ਪਰਵਾਰ ਪੁਰਾਣੀ ਦਿੱਲੀ ਦੀ ਦੱਖਣ ਦਿਸ਼ਾ ਵੱਲ ਮੱਖਣ ਸ਼ਾਹ ਲੁਭਾਣਾ ਦੇ ਘਰ ਲੈ ਗਏ। ਜਿੱਥੇ ਸਰੀਰ ਦਾ ਸਸਕਾਰ ਕੀਤਾ ਗਿਆ। ਹੁਣ ਇੱਥੇ ਗੁਰਦੁਆਰਾ ਰਕਾਬ ਗੰਜ ਸਾਹਿਬ ਹੈ।

ਪ੍ਰਸ਼ਨ ਗੁਰੂ ਤੇਗ ਬਹਾਦਰ ਜੀ ਦੀ ਰਚੀ ਹੋਈ ਬਾਣੀ ਦਾ ਵੇਰਵਾ ਦਿਓ  ?

ਉੱਤਰ ਗੁਰੂ ਤੇਗ ਬਹਾਦਰ ਜੀ ਦੀ ਰਚੀ ਹੋਈ ਬਾਣੀ ਨੂੰ ਬਾਅਦ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸ਼ਾਮਲ ਕੀਤਾ। ਉਸ ਵਿਚ 116 ਸ਼ਬਦ ਤੇ ਸਲੋਕ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਰਾਗੁ ਜੈਜਾਵੰਤੀ ਵਿਚ ਵੀ ਬਾਣੀ ਰਚੀ ਤੇ ਇਸ ਰਾਗੁ ਵਿਚ ਸਿਰਫ ਉਨ੍ਹਾਂ ਦੀ ਹੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਹੈ। ਆਪ ਜੀ ਦੀ ਬਾਣੀ ਵੈਰਾਗਮਈ ਹੈ ਤੇ ਜ਼ਿੰਦਗੀ ਦੀ ਅਸਲੀਅਤ ਅਤੇ ਤਤਕਾਲੀ ਹਾਲਾਤਾਂ ’ਚ ਡਰੀ ਮਾਨਵਤਾ ਨੂੰ ਹੱਲਾਸ਼ੇਰੀ ਦਿੰਦੀ ਹੋਈ ਮੌਤ ਨੂੰ ਸਦਾ ਚੇਤੇ ਕਰਾਉਂਦੀ ਹੈ। ਆਪ ਜੀ ਦੇ ਸਲੋਕ ਇਹ ਪ੍ਰਗਟਾਉਂਦੇ ਹਨ ਕਿ ਇਨਸਾਨ ਨੂੰ ਨਾ ਕਿਸੇ ਨੂੰ ਡਰਾਉਣ ਦੀ ਤੇ ਨਾ ਕਿਸੇ ਤੋਂ ਡਰਨ ਦੀ ਲੋੜ ਹੈ। ਆਪ ਜੀ ਕਹਿੰਦੇ ਹਨ, ‘‘ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ’’ (ਮਹਲਾ /੧੪੨੭)

ਪ੍ਰਸ਼ਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਬਾਰੇ ਲਿਖੀਆਂ ਇਹ ਸਤਰਾਂ ਕਿੱਥੇ ਅੰਕਿਤ ਹਨ, ‘‘ਧਰਮ ਹੇਤ ਸਾਕਾ ਜਿਨਿ ਕੀਆ ਸੀਸੁ ਦੀਆ ਪਰੁ ਸਿਰਰੁ ਦੀਆ , ਤੇਗ ਬਹਾਦੁਰ ਕੇ ਚਲਤ; ਭਯੋ ਜਗਤ ਕੋ ਸੋਕ ’’

ਉੱਤਰ ਇਹ ਸਤਰਾਂ ਉਨਾਂ ਦੇ ਸਪੁੱਤਰ ਗੁਰੂ ਗੋਬਿੰਦ ਸਿੰਘ ਜੀ ਦੀਆਂ ਹਨ। ਆਪ ਨੇ ਆਪਣੇ ਪਿਤਾ ਜੀ ਦੀ ਕੁਰਬਾਨੀ ਬਿਆਨ ਕਰਦੇ ਹੋਏ ਆਪਣੀ ਆਤਮ ਕਥਾ ‘ਬਚਿਤ੍ਰ ਨਾਟਕ’ (ਦਸਮ ਗ੍ਰੰਥ) ਵਿਚ ਕਹੀਆਂ ਹਨ।

ਸ੍ਰ. ਸੁਰਿੰਦਰਜੀਤ ਸਿੰਘ ‘ਪਾਲ’ ਦੀ ਕਿਤਾਬ ‘ਗੁਰੂ ਤੇ ਗੁਰਬਾਣੀ ਪ੍ਰਸ਼ਨ-ਉੱਤਰ’ ਵਿੱਚੋਂ।

ਕੌਫ਼ੀ-ਕਿੰਨੀ ਤੇ ਕਿਹੜੀ

0

ਕੌਫ਼ੀਕਿੰਨੀ ਤੇ ਕਿਹੜੀ

ਡਾ. ਹਰਸ਼ਿੰਦਰ ਕੌਰ, ਐੱਮ.ਡੀ., 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)- 0175-2216783

ਚਿਰਾਂ ਤੋਂ ਅਣਗਿਣਤ ਖੋਜੀ ਇਹ ਸਾਬਤ ਕਰਦੇ ਆ ਰਹੇ ਹਨ ਕਿ ਕੌਫ਼ੀ ਐਂਟੀਆਕਸੀਡੈਂਟ ਭਰਪੂਰ ਹੈ ਤੇ ਇਸ ਵਿਚਲਾ ਕੇਫ਼ੀਨ ਫ਼ਾਇਦੇਮੰਦ ਹੈ। ਐਂਟੀਆਕਸੀਡੈਂਟ ਗੰਭੀਰ ਰੋਗ, ਕੈਂਸਰ ਅਤੇ ਕਰੌਨਿਕ ਬੀਮਾਰੀਆਂ ਹੋਣ ਤੋਂ ਬਚਾਉਂਦੇ ਹਨ। ਇੱਕ ਕੱਪ ਕੌਫ਼ੀ ਵਿਚ 200-550 ਮਿਲੀਗ੍ਰਾਮ ਐਂਟੀਆਕਸੀਡੈਂਟ ਹੁੰਦੇ ਹਨ। ਇਨ੍ਹਾਂ ਵਿਚ ਕਲੋਰੋਜੈਨਿਕ ਏਸਿਡ ਵੀ ਸ਼ਾਮਲ ਹੈ, ਜੋ ਸਰੀਰ ਅੰਦਰਲਾ ਥਿੰਦਾ ਅਤੇ ਮਿੱਠਾ ਘਟਾਉਣ ਵਿਚ ਸਹਾਈ ਹੁੰਦਾ ਹੈ।

ਠੰਡੀ ਮਿੱਠੀ ਕੌਫ਼ੀ ਨੌਜਵਾਨਾਂ ਦੀ ਪਹਿਲੀ ਪਸੰਦ ਬਣਦੀ ਜਾ ਰਹੀ ਹੈ, ਜੋ ਕਰੀਮ ਨਾਲ ਲਬਾਲਬ ਹੁੰਦੀ ਹੈ। ਇਸੇ ਲਈ ਇਹ ਪਤਾ ਹੋਣਾ ਚਾਹੀਦਾ ਹੈ ਕਿ ਕੌਫ਼ੀ ਦੇ ਬੀਜਾਂ ਵਿੱਚੋਂ ਐਂਟੀਆਕਸੀਡੈਂਟ ਕੱਢਣ ਲਈ ਗਰਮੀ ਦੀ ਲੋੜ ਹੁੰਦੀ ਹੈ, ਜੋ ਗਰਮ ਕੌਫ਼ੀ ਵਿਚ ਮਿਲਦੇ ਹਨ, ਪਰ ਜੇ ਕੇਫ਼ੀਨ ਦਾ ਅਸਰ ਭਾਲਦੇ ਹੋਈਏ ਤਾਂ ਠੰਡੀ ਕੌਫ਼ੀ ਤਗੜਾ ਕਰੰਟ ਵਰਗਾ ਅਸਰ ਵਿਖਾਉਂਦੀ ਹੈ। ਠੰਡੀ ਕੌਫ਼ੀ ਵਿਚ ਤੇਜ਼ਾਬੀ ਮਾਦਾ ਘੱਟ ਹੁੰਦਾ ਹੈ, ਪਰ ਉਸ ਵਿਚਲਾ ਮਿੱਠਾ ਤੇ ਕਰੀਮ; ਮਾੜਾ ਅਸਰ ਵਿਖਾ ਸਕਦੇ ਹਨ।

ਸਭ ਤੋਂ ਵਧੀਆ ਕੌਫ਼ੀ-ਕਾਲੀ ਅਤੇ ਗਰਮ ਹੀ ਮੰਨੀ ਗਈ ਹੈ, ਜਿਸ ਵਿਚ ਦੁੱਧ ਨਾ ਹੋਣ ਸਦਕਾ ਕੈਲਰੀਆਂ ਅਤੇ ਕਾਰਬੋਹਾਈਡ੍ਰੋਟ ਨਹੀਂ ਹੁੰਦੇ। ਕਾਲੀ ਕੌਫ਼ੀ ਵਿਚ ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਨਾਇਆਸਿਨ ਹੁੰਦੇ ਹਨ। ਜਿਉਂ ਹੀ ਦੁੱਧ ਜਾਂ ਕਰੀਮ ਪਾਈ ਜਾਵੇ, ਇਹ ਦਿਲ ਦੇ ਰੋਗਾਂ ਨੂੰ ਵਧਾਉਣ ਵਿਚ ਮਦਦ ਕਰ ਦਿੰਦੇ ਹਨ।

ਅਮਰੀਕਨ ਹਾਰਟ ਐਸੋਸੀਏਸ਼ਨ ਅਨੁਸਾਰ ਜੇ ਦਿਨ ਵਿਚ ਚਾਰ ਕੱਪ ਕੌਫ਼ੀ ਦੇ ਪੀਣੇ ਹੋਣ ਤਾਂ ਸਿਰਫ਼ ਇੱਕ ਚਮਚ ਪ੍ਰਤੀਦਿਨ ਤੋਂ ਵੱਧ ਖੰਡ ਨਹੀਂ ਵਰਤਣੀ ਚਾਹੀਦੀ। ਇਹ ਚੇਤੇ ਰਹੇ ਕਿ ਸਿਰਫ਼ ‘ਫਲੇਵਰ’ ਪਾਉਣ ਲਈ, ਜੋ ਚਮਚ ਕੌਫ਼ੀ ਦੇ ਕੱਪ ਵਿਚ ਪੈਂਦੇ ਹਨ, ਉਨ੍ਹਾਂ ਵਿਚ ਇਕ ਭਰੇ ਚਮਚ ਜਿੰਨੀ ਖੰਡ ਤੋਂ ਵਧ ਮਿੱਠਾ ਹੁੰਦਾ ਹੈ। ਇਸੇ ਲਈ ਬਿਨਾਂ ਮਿੱਠੇ ਦੇ ਵਨੀਲਾ ਜਾਂ ਬਦਾਮਾਂ ਦਾ ‘ਫਲੇਵਰ’ ਪਾਇਆ ਜਾ ਸਕਦਾ ਹੈ।

ਇੰਜ ਹੀ ਦੁੱਧ ਵਾਲੀ ਕੌਫ਼ੀ ਵਿਚ ਬਹੁਤੀ ਵਾਰ ‘ਕੰਡੈਂਸਡ’ ਜਾਂ ਗਾੜਾ ਮਿੱਠਾ ਦੁੱਧ ਪਾ ਦਿੱਤਾ ਜਾਂਦਾ ਹੈ ਜਾਂ ਕਰੀਮ ਦੇ ਗੱਫੇ ਨੂੰ ਫੈਂਟ ਕੇ ਵਿਚ ਮਿਲਾ ਦਿੱਤਾ ਜਾਂਦਾ ਹੈ, ਜੋ ਥਿੰਦੇ ਅਤੇ ਕੈਲਰੀਆਂ ਦਾ ਭੰਡਾਰ ਸਰੀਰ ਅੰਦਰ ਭੇਜ ਦਿੰਦੇ ਹਨ। ਇੱਕ ਔਂਸ ਗਿਲਾਸ ਉੱਪਰ ਉਭਰੀ ਹੋਈ ਕਰੀਮ ਨਾਲ 100 ਕੈਲਰੀਆਂ ਸਰੀਰ ਅੰਦਰ ਲੰਘ ਜਾਂਦੀਆਂ ਹਨ। ਇਸ ਦੇ ਉਲਟ ਸੋਇਆਬੀਨ ਦੁੱਧ ਨਾਲ ਸਿਰਫ਼ 10 ਕੈਲਰੀਆਂ ਪ੍ਰਤੀ ਔਂਸ ਅਤੇ ਮੱਝ ਦੇ ਦੁੱਧ ਨਾਲ 19 ਕੈਲਰੀਆਂ ਪ੍ਰਤੀ ਔਂਸ ਹੀ ਅੰਦਰ ਲੰਘਦੀਆਂ ਹਨ।

ਇਸੇ ਲਈ ਜੇ ਕਦੇ ਕਦਾਈਂ ਜੀਭ ਦੇ ਸੁਆਦ ਲਈ ਮਿੱਠੇ ਅਤੇ ਕਰੀਮ ਭਰਪੂਰ ਕੌਫ਼ੀ ਪੀਣ ਦਾ ਦਿਲ ਕਰੇ ਤਾਂ ਸਭ ਤੋਂ ਛੋਟਾ ਕੱਪ ਹੀ ਲੈਣਾ ਚਾਹੀਦਾ ਹੈ। ਇੰਜ ਹੀ ‘ਲਾਤੇ’ ਜਾਂ ‘ਫਲੇਵਰਡ’ ਕੌਫ਼ੀ ਵੀ ਮਹੀਨੇ ’ਚ ਇੱਕ ਵਾਰ ਛੋਟਾ ਕੱਪ ਹੀ ਲਿਆ ਜਾ ਸਕਦਾ ਹੈ।

ਓਰਗੈਨਿਕ ਕੌਫ਼ੀ :- ਅੱਜ ਕੱਲ੍ਹ ਓਰਗੈਨਿਕ ਜਾਂ ਕੁਦਰਤੀ ਚੀਜ਼ਾਂ ਵੱਲ ਲੋਕਾਂ ਦਾ ਝੁਕਾਅ ਵਧਦਾ ਜਾ ਰਿਹਾ ਹੈ। ਇਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਇਹ ਹਾਨੀਕਾਰਕ ਸਪਰੇਆਂ ਤੋਂ ਬਗ਼ੈਰ ਹਨ, ਇਸੇ ਲਈ ਮਹਿੰਗੇ ਵਿਕਦੇ ਹਨ। ਕੌਫ਼ੀ ਉੱਤੇ ਦੁਨੀਆ ਭਰ ਵਿਚ ਸਭ ਤੋਂ ਵੱਧ ਕੀਟਨਾਸ਼ਕ ਸਪਰੇਅ ਕੀਤੀ ਜਾਂਦੀ ਹੈ, ਜਿਸ ਨੂੰ ਕੱਢਣ ਲਈ ਬੀਜਾਂ ਨੂੰ ਧੋ ਕੇ ‘ਰੋਸਟ’ ਕੀਤਾ ਜਾਂਦਾ ਹੈ। ਹਾਨੀਕਾਰਕ ਤੱਤਾਂ ਤੋਂ ਬਚਣ ਲਈ ਕਾਫ਼ੀ ਥਾਵਾਂ ਉੱਤੇ ਹੁਣ ਓਰਗੈਨਿਕ ਕਾਫ਼ੀ ਵਿਕਣ ਲੱਗ ਗਈ ਹੈ।

ਹਲਦੀ ਕੌਫ਼ੀ :- ਹਲਦੀ ਬਾਰੇ ਅਣਗਿਣਤ ਖੋਜਾਂ ਹੋ ਚੁੱਕੀਆਂ ਹਨ ਕਿ ਇਸ ਵਿਚਲੇ ਕੁਰਕੁਮਿਨ ਕਈ ਰੋਗਾਂ ਵਿਚ ਅਸਰਦਾਰ ਹਨ। ਦੁੱਧ ਹਲਦੀ ਦਾ ਸੇਵਨ ਸਦੀਆਂ ਤੋਂ ਕੀਤਾ ਜਾ ਰਿਹਾ ਹੈ, ਪਰ ਹੁਣ ਕਾਲੀ ਗਰਮ ਕੌਫ਼ੀ ਵਿਚ ਵੀ ਲੋਕ ਇਸ ਨੂੰ ਪਾ ਕੇ ਪੀਣ ਲੱਗ ਚੁੱਕੇ ਹਨ। ਜੇ ਇਸ ਵਿਚ ਦੁੱਧ, ਕਰੀਮ ਜਾਂ ਮਿੱਠਾ ਪਾ ਲਿਆ ਜਾਵੇ ਤਾਂ ਹਲਦੀ ਬੇਅਸਰ ਹੋ ਜਾਂਦੀ ਹੈ, ਪਰ ਜੇ ਕਾਲੀ ਮਿਰਚ ਹਲਕੀ ਜਿਹੀ ਪਾ ਲਈ ਜਾਵੇ ਤਾਂ ਵਧੀਆ ਅਸਰ ਵਿਖਾਉਂਦੀ ਹੈ।

ਅੰਡਾ ਕੌਫ਼ੀ :- ਵੀਅਤਨਾਮ ਅਤੇ ਸਵੀਡਨ ਵਿਚ ਕਈ ਲੋਕ ਅੰਡੇ ਦੇ ਪੀਲੇ ਹਿੱਸੇ ਨੂੰ ਕੰਡੈਂਸਡ ਮਿੱਠੇ ਦੁੱਧ ਵਿਚ ਕੌਫ਼ੀ ਅਤੇ ਬਰਫ਼ ਪਾ ਕੇ ਹਿਲਾ ਕੇ ਪੀਂਦੇ ਹਨ। ਇਹ ਸਹੀ ਇਸ ਕਰ ਕੇ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਕੱਚੇ ਅੰਡੇ ਵਿਚਲੇ ਸਾਲਮੋਨੈਲਾ ਕੀਟਾਣੂ ਹਾਨੀਕਾਰਕ ਸਾਬਤ ਹੋ ਸਕਦੇ ਹਨ ਤੇ ਕੌਫ਼ੀ ਵਿਚ ਪਾਈ ਖੰਡ ਅਤੇ ਕਰੀਮ ਵੀ ਸਿਹਤ ਲਈ ਠੀਕ ਨਹੀਂ ਰਹਿੰਦੀ।

ਖੁੰਭ ਕੌਫ਼ੀ :- ਖੁੰਭਾਂ ਨੂੰ ਪੀਹ ਕੇ ਕੌਫ਼ੀ ਵਿਚ ਰਲਾ ਕੇ ਵੀ ‘ਮਸ਼ਰੂਮ ਕੌਫ਼ੀ’ ਤਿਆਰ ਕੀਤੀ ਜਾਂਦੀ ਹੈ। ਇਸ ਵਿਚ ਕੇਫ਼ੀਨ ਦੀ ਮਾਤਰਾ ਘੱਟ ਹੁੰਦੀ ਹੈ, ਪਰ ਐਂਟੀਆਕਸੀਡੈਂਟ ਵੱਧ ਹੁੰਦੇ ਹਨ। ਇਸੇ ਲਈ ਇਸ ਨੂੰ ਪੀਣਾ ਮਾੜੀ ਗੱਲ ਨਹੀਂ, ਪਰ ਜੇ ਕਰੀਮ ਜਾਂ ਖੰਡ ਪਾ ਲਈ ਜਾਵੇ ਤਾਂ ਐਂਟੀਆਕਸੀਡੈਂਟ ਦਾ ਅਸਰ ਵੀ ਖ਼ਤਮ ਸਮਝੋ।

ਨੂਟਰੋਪਿਕ ਕੌਫ਼ੀ :- ਨੂਟਰੋਪਿਕ ਬਾਰੇ ਕਿਹਾ ਜਾਂਦਾ ਹੈ ਕਿ ਇਹ ਯਾਦਾਸ਼ਤ ਦੇ ਸੈਂਟਰ ਨੂੰ ਰਵਾਂ ਕਰ ਕੇ ਧਿਆਨ ਲਾਉਣ ਵਿਚ ਮਦਦ ਕਰਦੇ ਹਨ ਅਤੇ ਨਵੀਆਂ ਚੀਜ਼ਾਂ ਘੜ੍ਹਨ ਵਿਚ ਵੀ ਸਹਾਇਤਾ ਕਰਦੇ ਹਨ। ਕੌਫ਼ੀ ਵਿਚਲੀ ਕੇਫ਼ੀਨ ਕੁਦਰਤੀ ਤੌਰ ਉੱਤੇ ਇਹੋ ਅਸਰ ਵਿਖਾਉਂਦੀ ਹੈ। ਇਸੇ ਲਈ ਦਵਾਈਆਂ ਦੇ ਰੂਪ ਵਿਚ ਇਨ੍ਹਾਂ ਨੂੰ ਕੌਫ਼ੀ ਵਿਚ ਮਿਲਾਉਣਾ ਸਿਆਣਪ ਨਹੀਂ ਹੈ।

ਵਿਟਾਮਿਨ ਕੌਫ਼ੀ :- ਵਿਕਰੀ ਕਰਨ ਦੇ ਵੱਖੋ-ਵੱਖ ਢੰਗ ਇਸ਼ਤਿਹਾਰ ਬਾਜ਼ੀ ਰਾਹੀਂ ਲੋਕਾਂ ਨੂੰ ਭਰਮਾਉਣ ਲਈ ਪੂਰਾ ਜ਼ੋਰ ਲਾਉਂਦੇ ਹਨ। ਇੰਜ ਹੀ ਤਿੰਨ ਗੁਣਾ ਮਹਿੰਗੀ ਕੌਫ਼ੀ ਵੇਚਣ ਲਈ ਵਿਟਾਮਿਨ ਕੌਫ਼ੀ ਦੀ ਇਸ਼ਤਿਹਾਰ ਬਾਜ਼ੀ ਕੀਤੀ ਜਾ ਰਹੀ ਹੈ।

ਇੱਕ ਗੱਲ ਸਪਸ਼ਟ ਪਤਾ ਹੋਣੀ ਚਾਹੀਦੀ ਹੈ ਕਿ ਕੌਫ਼ੀ ਪੀਣ ਨਾਲ ਪਿਸ਼ਾਬ ਵੱਧ ਆਉਂਦਾ ਹੈ, ਸੋ ਪਾਣੀ ਵਿਚ ਘੁਲ਼ ਕੇ ਵਾਧੂ ਵਿਟਾਮਿਨ ਤਾਂ ਸਾਰੇ ਉਸੇ ਵੇਲੇ ਸਰੀਰ ਵਿੱਚੋਂ ਬਾਹਰ ਨਿਕਲ ਜਾਂਦੇ ਹਨ। ਕੌਫ਼ੀ ਵੈਸੇ ਵੀ ਜ਼ਿੰਕ, ਕੈਲਸ਼ੀਅਮ ਤੇ ਲੋਹ ਕਣਾਂ ਨੂੰ ਸਰੀਰ ਅੰਦਰ ਛੇਤੀ ਹਜ਼ਮ ਨਹੀਂ ਹੋਣ ਦਿੰਦੀ। ਇਸੇ ਲਈ ਇਹ ਹਦਾਇਤ ਦਿੱਤੀ ਜਾਂਦੀ ਹੈ ਕਿ ਵਿਟਾਮਿਨ ਖਾਣੇ ਹੋਣ ਤਾਂ ਦੋ ਘੰਟੇ ਪਹਿਲਾਂ ਜਾਂ ਬਾਅਦ ਵਿਚ ਕੌਫ਼ੀ ਨਹੀਂ ਪੀਣੀ ਚਾਹੀਦੀ।

ਸਟਰੌਂਗ ਕੌਫ਼ੀ :- ਸਟਰੌਂਗ ਕੌਫ਼ੀ ਨੂੰ ਮਰਦਾਨਗੀ ਨਾਲ ਜੋੜ ਦਿੱਤਾ ਗਿਆ ਹੈ ਕਿ ਜਿੰਨੀ ਵੱਧ ਕੌਫ਼ੀ, ਓਨਾ ਤੇਜ਼ ਦਿਮਾਗ ਅਤੇ ਚੁਸਤੀ। ਇਹ ਤੱਥ ਹੈ ਕਿ ਕੇਫ਼ੀਨ ਸਰੀਰ ਅੰਦਰ ਜਮਾਂ ਨਹੀਂ ਹੋ ਸਕਦੀ ਤੇ ਇਸ ਦਾ ਅਸਰ ਸਿਰਫ਼ ਛੇ ਘੰਟੇ ਤੱਕ ਹੀ ਰਹਿ ਸਕਦਾ ਹੈ। ਬਹੁਤ ਜ਼ਿਆਦਾ ਸਟਰੌਂਗ ਕੌਫ਼ੀ ਜਿੱਥੇ ਪੀਣ ਵਾਲੇ ਨੂੰ ਆਦੀ ਬਣਾ ਦਿੰਦੀ ਹੈ, ਉੱਥੇ ਧੜਕਨ ਤੇਜ਼, ਪਸੀਨਾ ਵੱਧ ਆਉਣਾ ਤੇ ਘਬਰਾਹਟ ਵੀ ਪੈਦਾ ਕਰ ਦਿੰਦੀ ਹੈ। ਜੇ ਰਾਤ ਸੌਣ ਲੱਗਿਆਂ ਲਈ ਜਾਵੇ ਤਾਂ ਜਿੱਥੇ ਠੀਕ ਨੀਂਦਰ ਨਹੀਂ ਲੈਣ ਦਿੰਦੀ, ਉੱਥੇ ਅੱਧ ਰਾਤ ਉੱਠ ਕੇ ਪਿਸ਼ਾਬ ਕਰਨ ਵੀ ਜਾਣਾ ਪੈਂਦਾ ਹੈ।

ਹਰ ਰੋਜ਼ ਸਟਰੌਂਗ ਕੌਫ਼ੀ ਪੀਣ ਵਾਲਿਆਂ ਨੂੰ ਆਦੀ ਹੋ ਜਾਣ ਉੱਤੇ ਜੇ ਵੇਲੇ ਸਿਰ ਕੌਫ਼ੀ ਨਾ ਮਿਲੇ ਤਾਂ ਸਿਰ ਪੀੜ ਜਾਂ ਜਕੜਿਆ ਹੋਇਆ ਸਿਰ ਮਹਿਸੂਸ ਹੁੰਦਾ ਹੈ, ਜਿਸ ਨੂੰ ‘ਰੀਬਾਊਂਡ’ ਸਿਰ ਪੀੜ ਕਿਹਾ ਜਾਂਦਾ ਹੈ।

ਜੇ ਤਗੜੀ ਕਸਰਤ ਕਰਨ ਤੋਂ ਇੱਕ ਘੰਟਾ ਪਹਿਲਾਂ ਸਟਰੌਂਗ ਕੌਫ਼ੀ ਪੀਤੀ ਜਾਵੇ ਤਾਂ ਇਹ ਕਸਰਤ ਵਧੀਆ ਕਰਵਾ ਦਿੰਦੀ ਹੈ ਤੇ ਬਾਅਦ ਵਿਚ ਹੁੰਦੀ ਥਕਾਵਟ ਵੀ ਘਟਾ ਦਿੰਦੀ ਹੈ। ਇਹ ਵੀ ਵੇਖਿਆ ਗਿਆ ਹੈ ਕਿ ਕੁੱਝ ਚਿਰ ਲਈ ਸਰੀਰ ਅੰਦਰ ਐਡਰੀਨਾਲੀਨ ਵਧਾਉਣ ਕਾਰਨ ਸਟਰੌਂਗ ਕੌਫ਼ੀ ਪੀਂਦੇ ਰਹਿਣ ਵਾਲਿਆਂ ਦਾ ਬਲੱਡ ਪ੍ਰੈੱਸ਼ਰ ਜ਼ਰੂਰ ਵਕਤੀ ਤੌਰ ਉੱਤੇ ਵੱਧ ਜਾਂਦਾ ਹੈ।

ਬੀਮਾਰੀਆਂ ਅਤੇ ਕੌਫ਼ੀ :- ਹਾਲਾਕਿ ਬਹੁਤੀਆਂ ਖੋਜਾਂ ਨਹੀਂ ਹੋਈਆਂ ਪਰ ਇਹ ਮੰਨਿਆ ਗਿਆ ਹੈ ਕਿ ਕੌਫ਼ੀ ਪਾਰਕਿਨਸਨ ਰੋਗ ਨੂੰ ਛੇਤੀ ਵਧਣ ਨਹੀਂ ਦਿੰਦੀ ਤੇ ਪਿੱਤੇ ਵਿਚ ਪੱਥਰੀ ਬਣਨ ਤੋਂ ਵੀ ਰੋਕਦੀ ਹੈ ਬਸ਼ਰਤੇ ਕਿ ਕਾਲੀ ਕੌਫ਼ੀ ਪੀਤੀ ਜਾ ਰਹੀ ਹੋਵੇ।

ਮਾਹਵਾਰੀ ਬੰਦ ਹੋਣ ਤੋਂ ਬਾਅਦ :- ਜੇ ਹਾਰਮੋਨਾਂ ਦੀ ਗੜਬੜੀ ਕਾਰਨ ਘਬਰਾਹਟ ਮਹਿਸੂਸ ਹੋ ਰਹੀ ਹੋਵੇ ਤੇ ਵੱਧ ਪਸੀਨਾ ਆ ਰਿਹਾ ਹੋਵੇ ਤਾਂ ਸਟਰੌਂਗ ਕੌਫ਼ੀ ਨਾ ਹੀ ਪੀਤੀ ਜਾਵੇ ਤਾਂ ਬਿਹਤਰ ਹੈ।

ਕਿੰਨੀ ਕੌਫ਼ੀ  ?

ਹਰ ਕਿਸੇ ਦਾ ਸਰੀਰ ਵੱਖ-ਵੱਖ ਤਰ੍ਹਾਂ ਦਾ ਹੁੰਦਾ ਹੈ ਤੇ ਵੱਖੋ-ਵੱਖ ਚੀਜ਼ਾਂ ਦੀ ਐਲਰਜੀ ਵੀ ਹਰ ਕਿਸੇ ਦੀ ਅਲੱਗ ਹੁੰਦੀ ਹੈ। ਇੰਜ ਹੀ ਕਈ ਜਣੇ ਬਹੁਤ ਥੋੜ੍ਹੀ ਕੌਫ਼ੀ ਪੀ ਕੇ ਵੀ ਪਸੀਨੋ-ਪਸੀਨ ਹੋ ਜਾਂਦੇ ਹਨ ਤੇ ਕੁੱਝ ਸਟਰੌਂਗ ਪੀ ਕੇ ਹੀ ਖ਼ੁਸ਼ ਹੁੰਦੇ ਹਨ। ਇਹ ਵੇਖਣ ਵਿਚ ਆਇਆ ਹੈ ਕਿ ਪ੍ਰਤੀ ਦਿਨ 400 ਮਿਲੀਗ੍ਰਾਮ ਕੇਫ਼ੀਨ ਤੋਂ ਵੱਧ ਕਿਸੇ ਹਾਲ ਵਿਚ ਨਹੀਂ ਲੈਣੀ ਚਾਹੀਦੀ ਕਿਉਂਕਿ ਲਗਭਗ ਹਰ ਪੀਣ ਵਾਲੇ ਵਿਚ, ਜਿਨ੍ਹਾਂ ਨੇ 600 ਮਿਲੀਗ੍ਰਾਮ ਕੇਫ਼ੀਨ ਰੋਜ਼ ਪੀਤੀ, ਮਾੜੇ ਅਸਰ ਵੇਖਣ ਨੂੰ ਮਿਲੇ। ਇਹ ਅਸਰ ਸਨ-ਧੜਕਨ ਵਧਣੀ, ਸਿਰ ਪੀੜ, ਪੱਠਿਆਂ ਵਿਚ ਅਕੜਾਓ, ਪੇਟ ਵਿਚ ਅਫ਼ਾਰਾ ਜਾਂ ਗੈਸ ਬਣਨੀ, ਆਦਿ।

ਪ੍ਰਤੀ ਕੱਪ ਆਮ ਕੌਫ਼ੀ ਵਿਚ 150 ਮਿਲੀਗ੍ਰਾਮ ਕੇਫ਼ੀਨ ਹੁੰਦੀ ਹੈ। ਇਸੇ ਲਈ ਉਸੇ ਹਿਸਾਬ ਨਾਲ ਹੀ ਹਲਕੀ ਜਾਂ ਤੇਜ਼ ਕੌਫ਼ੀ ਪੀਤੀ ਜਾ ਸਕਦੀ ਹੈ।

ਹਰੀ ਚਾਹ :- ਆਮ ਧਾਰਨਾ ਹੈ ਕਿ ਹਰੀ ਚਾਹ ਬਹੁਤ ਸਿਹਤਮੰਦ ਹੈ ਤੇ ਲੋਕ ਧੜਾਧੜ ਇਸ ਦੀ ਵਰਤੋਂ ਬਿਨਾਂ ਸੋਚੇ ਸਮਝੇ ਕਰ ਰਹੇ ਹਨ। ਇਹ ਪਤਾ ਹੋਣਾ ਚਾਹੀਦਾ ਹੈ ਕਿ ਇਕ ਛੋਟੇ ਕੱਪ ਹਰੀ ਚਾਹ ਪੀਣ ਦੇ ਨਾਲ 28 ਮਿਲੀਗ੍ਰਾਮ ਕੇਫ਼ੀਨ ਅੰਦਰ ਲੰਘ ਜਾਂਦੀ ਹੈ। ਕਈ ਕਿਸਮਾਂ ਵਿਚ ਕੇਫ਼ੀਨ ਦੋ ਜਾਂ ਤਿੰਨ ਗੁਣਾ ਵੱਧ ਵੀ ਹੁੰਦੀ ਹੈ।

ਕਾਲੀ ਚਾਹ :- ਇੱਕ ਛੋਟੇ ਕੱਪ ਕਾਲੀ ਚਾਹ ਵਿਚ ਵੀ 4 ਮਿਲੀਗ੍ਰਾਮ ਕੇਫ਼ੀਨ ਹੁੰਦੀ ਹੈ, ਜੋ ਸਵੇਰ ਵੇਲੇ ਲੋੜੀਂਦੀ ਚੁਸਤੀ ਬਖ਼ਸ਼ ਦਿੰਦੀ ਹੈ ਬਸ਼ਰਤੇ ਕਿ ਵਿਚ ਦੁੱਧ ਅਤੇ ਖੰਡ ਨਾ ਪਾਈ ਹੋਵੇ।

ਇੱਥੋਂ ਤੱਕ ਕਿ ਛੋਟੇ ਬੱਚਿਆਂ ਵੱਲੋਂ ਨਾਸ਼ਤੇ ਵਿਚ ਦੁੱਧ ਵਿਚ ਰਲਾ ਕੇ ਖਾਧੇ ਜਾਂਦੇ ‘ਕੋਕੋ ਪੱਫ’ ਦੇ ਇੱਕ ਕੱਪ ਵਿਚ ਵੀ ਲਗਭਗ 10 ਮਿਲੀਗ੍ਰਾਮ ਕੇਫ਼ੀਨ ਹੁੰਦੀ ਹੈ। ਇਹੋ ਕੁੱਝ ‘ਐਨਰਜੀ ਬਾਰ’ ਵਿਚ ਹੁੰਦਾ ਹੈ।

ਪਾਣੀ ਅਤੇ ਕੇਫ਼ੀਨ :- ਸ਼ਾਇਦ ਅਟਪਟਾ ਲੱਗੇ ਪਰ ਅਣਗਿਣਤ ਪਾਣੀ ਦੀਆਂ ਬੰਦ ਬੋਤਲਾਂ ਵਿਚ ‘ਮਿਨਰਲ’ ਦੇ ਨਾਂ ਹੇਠ 60 ਮਿਲੀਗ੍ਰਾਮ ਕੇਫ਼ੀਨ ਵੀ ਮਿਲਾ ਦਿੱਤੀ ਹੁੰਦੀ ਹੈ, ਜੋ ਜਾਣੇ ਅਣਜਾਣੇ ਹਰ ਬੰਦਾ ਆਪਣੇ ਅੰਦਰ ਲੰਘਾਈ ਜਾ ਰਿਹਾ ਹੈ।

ਡੀਕੈਫ਼ ਕੌਫ਼ੀ :- ਡੀਕੈਫ਼ ਕੌਫ਼ੀ ਦੇ ਇੱਕ ਛੋਟੇ ਕੱਪ ਵਿਚ ਵੀ 2 ਤੋਂ 15 ਮਿਲੀਗ੍ਰਾਮ ਕੇਫ਼ੀਨ ਹੁੰਦੀ ਹੈ।

ਠੰਡੇ ਮਿੱਠੇ ਸੋਡੇ :- 12 ਔਂਸ ਵਿਚ 34-54 ਮਿਲੀਗ੍ਰਾਮ ਕੇਫ਼ੀਨ ਪਾਈ ਹੁੰਦੀ ਹੈ।

ਐਨਰਜੀ ਡਰਿੰਕਸ :– ਧੜਾਧੜ ਵਿਕ ਰਹੇ ‘ਐਨਰਜੀ ਡਰਿੰਕ’ ਜਿੱਥੇ ਨਿੱਕੇ ਅਤੇ ਨੌਜਵਾਨ ਬੱਚਿਆਂ ਨੂੰ ਹਸਪਤਾਲਾਂ ਵੱਲ ਧੱਕ ਰਹੇ ਹਨ, ਉੱਥੇ ਉਨ੍ਹਾਂ ਦੀ ਸਿਹਤ ਦਾ ਨਾਸ ਵੀ ਮਾਰ ਰਹੇ ਹਨ। ਕੁੱਝ ਐਨਰਜੀ ਡਰਿੰਕਸ ਉੱਤੇ ‘ਹਰਬਲ’ ਵੀ ਲਿਖਿਆ ਮਿਲ ਜਾਂਦਾ ਹੈ। ਸੋਲ੍ਹਾਂ ਔਂਸ ਵਿਚ 350 ਮਿਲੀਗ੍ਰਾਮ ਕੇਫ਼ੀਨ ਦੀ ਮਾਤਰਾ ਹੋਣ ਕਾਰਨ ਇਹ ਬੱਚਿਆਂ ਨੂੰ ਆਦੀ ਬਣਾ ਕੇ ਉਨ੍ਹਾਂ ਦੀ ਸਿਹਤ ਦਾ ਨਾਸ ਮਾਰ ਰਹੇ ਹਨ। ਇਨ੍ਹਾਂ ਵਿਚਲੀ ਮਿੱਠੇ ਦੀ ਮਾਤਰਾ ਅਗਾਊਂ ਹੋਣ ਵਾਲੇ ਰੋਗਾਂ ਦਾ ਬੀਜ ਬੋਅ ਦਿੰਦੀ ਹੈ।

ਚਿੰਗਮ :- ਇੱਕ ਪੀਸ ਚਿੰਗਮ ਵਿਚ ਵੀ 20 ਤੋਂ 100 ਮਿਲੀਗ੍ਰਾਮ ਕੇਫ਼ੀਨ ਪਾਈ ਹੁੰਦੀ ਹੈ, ਜਿਸ ਨੂੰ ਰੈਪਰ ਦੇ ਬਾਹਰ ਕਈ ਵਾਰ ‘ਗੁਆਰਨਾ’ ਲਿਖ ਕੇ ਸਾਰ ਲਿਆ ਜਾਂਦਾ ਹੈ। ਇਸੇ ਲਈ ਇਹ ਵੀ ਧਿਆਨ ਨਾਲ ਖਾਣ ਦੀ ਲੋੜ ਹੈ।

ਡਾਰਕ ਚਾਕਲੇਟ :- ਇੱਕ ਔਂਸ ਵਿਚ 23 ਮਿਲੀਗ੍ਰਾਮ ਕੇਫ਼ੀਨ ਹੁੰਦੀ ਹੈ।

ਕੋਕੋ ਦੁੱਧ :- ਇੱਕ ਕੱਪ ਵਿਚ 25 ਮਿਲੀਗ੍ਰਾਮ ਤੱਕ ਕੇਫ਼ੀਨ ਹੁੰਦੀ ਹੈ।

ਆਈਕ੍ਰੀਮ :- ਇੱਕ ‘ਸਕੂਪ’ ਆਈਕ੍ਰੀਮ ਵਿਚ 5 ਤੋਂ 125 ਮਿਲੀਗ੍ਰਾਮ ਕੇਫ਼ੀਨ ਹੁੰਦੀ ਹੈ।

ਦਵਾਈ :- ਬਜ਼ਾਰ ਵਿਚ ਜ਼ੁਕਾਮ ਦੀਆਂ ਦਵਾਈਆਂ ਧੜਾਧੜ ਵਿਕ ਰਹੀਆਂ ਹਨ। ਇੱਕ ਗੋਲੀ ਵਿਚ 60 ਤੋਂ 85 ਮਿਲੀਗ੍ਰਾਮ ਕੇਫ਼ੀਨ ਹੋ ਸਕਦੀ ਹੈ।

ਸਾਰ :- ਕੌਫ਼ੀ ਦੇ ਕਾਫ਼ੀ ਫ਼ਾਇਦੇ ਹਨ, ਪਰ ਹੱਦੋਂ ਵੱਧ ਹਰ ਚੀਜ਼ ਦੇ ਨੁਕਸਾਨ ਵੀ ਹੁੰਦੇ ਹਨ। ਜਿੱਥੇ ਹੁਣ ਹਰ ਚੀਜ਼ ਵਿਚ ਕੇਫ਼ੀਨ ਦੀ ਵਰਤੋਂ ਹੋਣ ਲੱਗ ਪਈ ਹੈ, ਉੱਥੇ ਬੱਚਿਆਂ ਦੀ ਖ਼ੁਰਾਕ ਦਾ ਖ਼ਾਸ ਖ਼ਿਆਲ ਰੱਖਣ ਦੀ ਲੋੜ ਹੈ, ਜਿਨ੍ਹਾਂ ਦੇ ਬਣਦੇ ਦਿਮਾਗ਼ ਉੱਤੇ ਸਦੀਵੀ ਅਸਰ ਪੈ ਸਕਦਾ ਹੈ ਤੇ ਉਨ੍ਹਾਂ ਵਿਚ ਹੱਥਾਂ ਦਾ ਕੰਬਣਾ, ਧੜਕਨ ਤੇਜ਼ ਹੋਣੀ, ਬਲੱਡ ਪ੍ਰੈੱਸ਼ਰ ਦਾ ਵਾਧਾ ਅਤੇ ਨਸਾਂ ਦਾ ਨੁਕਸਾਨ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸੇ ਲਈ ਜਿੱਥੇ ਵੱਡਿਆਂ ਲਈ ਵੱਧੋ-ਵੱਧ 400 ਮਿਲੀਗ੍ਰਾਮ ਕੇਫ਼ੀਨ ਹੋਣੀ ਚਾਹੀਦੀ ਹੈ, ਉੱਥੇ ਬੱਚਿਆਂ ਲਈ 45 ਤੋਂ 60 ਮਿਲੀਗ੍ਰਾਮ ਤੋਂ ਵੱਧ ਕਿਸੇ ਹਾਲ ਵਿਚ ਵੀ ਨਹੀਂ।

Most Viewed Posts