ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 4)

0
45

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 4)

ਪੰਥ ਦੇ ਵਿਚਾਰਨਯੋਗ ਮਸਲੇ ਤੇ ਸਮਾਧਾਨ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ-1)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 2)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ -3)

ਗਿਆਨੀ ਜਗਤਾਰ ਸਿੰਘ ਜਾਚਕ

ਛੇਵਾਂ ਹੈ ਕੁਝ ਬਾਣੀਕਾਰਾਂ ਅਤੇ ਰਾਗਾਂ ਦੇ ਘਰਾਂ ਅੰਦਰਲੇ ਬੇਮਿਸਲ ਹੋਏ ਸ਼ਬਦਾਂ ਦੇ ਸਹੀ ਸਥਾਨ ਦਾ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰਾਂ ਅਤੇ ਰਾਗਾਂ ਦੇ ਘਰਾਂ ਦੀ ਇੱਕ ਬਝਵੀਂ ਤਰਤੀਬ ਹੈ। ਗੁਰੂ-ਬਾਣੀਕਾਰਾਂ ਦੀ ਤਰਤੀਬ ਤਾਂ ਗੁਰਿਆਈ ਕਾਲ ਦੀ ਤਰਤੀਬ ਮੁਤਾਬਕ ਹੈ। ਜਿਵੇਂ ਸ਼ਬਦਾਂ, ਅਸਟਪਦੀਆਂ ਤੇ ਛੰਤਾਂ ਆਦਿਕ ਵਿੱਚ ਸਭ ਤੋਂ ਪਹਿਲਾਂ ਮਹਲਾ ੧ ਦੀ ਬਾਣੀ, ਫਿਰ ਮ: ੩, ਮ: ੪, ਮ: ੫ ਤੇ ਮ: ੯ਵਾਂ ਦੀ। ਮ: ੨ ਦੇ ਕੇਵਲ 63 ਸਲੋਕ ਹਨ ਤੇ ਉਹ ਵੀ ਵਾਰਾਂ ਵਿੱਚ ਪ੍ਰੋਏ ਹੋਣ ਕਰਕੇ ਬਾਣੀਕਾਰਾਂ ਦੀ ਤਰਤੀਬ ਦਾ ਭਾਗ ਨਹੀਂ ਬਣਦੇ ਪ੍ਰੰਤੂ ਭਗਤ-ਬਾਣੀ ਦੀ ਤਰਤੀਬ, ਸ਼ਬਦਾਂ ਦੀ ਬਹੁਲਤਾ ਅਤੇ ਗੁਰਮਤਿ ਦ੍ਰਿਸ਼ਟੀਕੋਨ ਤੋਂ ਸਿਧਾਂਤਿਕ ਅਨੁਕੂਲਤਾ ਤੇ ਸਪਸ਼ਟਤਾ ਆਧਾਰਿਤ ਹੈ। ਇਸ ਲਈ ਸੰਪਾਦਕੀ ਵੇਲੇ ਜਿਵੇਂ ਗੁਰਬਾਣੀ ਵਿੱਚ ਪਹਿਲ ਦਿੱਤੀ ਗਈ ਗੁਰੂ ਨਾਨਕ-ਬਾਣੀ ਨੂੰ, ਤਿਵੇਂ ਭਗਤ-ਬਾਣੀ ਦੇ ਹਰੇਕ ਸ਼ਬਦ-ਸੰਗ੍ਰਹਿ ਵਿੱਚ ਪਹਿਲ ਦਿੱਤੀ ਹੈ ਭਗਤ ਕਬੀਰ ਜੀ ਨੂੰ। ਉਨ੍ਹਾਂ ਉਪਰੰਤ ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ ਅਤੇ ਭਗਤ ਤ੍ਰਿਲੋਚਨ ਜੀ ਜਾਂ ਬਾਕੀ ਦੇ ਭਗਤਾਂ ਵਿੱਚੋਂ ਕਿਸੇ ਦੀ ਬਾਣੀ ਅੰਕਿਤ ਹੈ। ਛਾਪੇ ਦੀ ਪ੍ਰਚਲਿਤ ਬੀੜ ਵਿੱਚ ਗੁਰੂ-ਬਾਣੀਕਾਰਾਂ ਦੀ ਤਰਤੀਬ ਤਾਂ ਸਭ ਰਾਗਾਂ ਵਿੱਚ ਠੀਕ ਹੈ। ਹਾਂ  ! ਕਈ ਥਾਈਂ ਰਾਗਾਂ ਦੇ ‘ਘਰ’ ਅੱਗੇ ਪਿੱਛੇ ਹੋਏ ਮਿਲਦੇ ਹਨ ਪ੍ਰੰਤੂ ਬੀੜਾਂ ਦੇ ਲੇਖਕਾਂ ਦੀਆਂ ਉਕਾਈਆਂ ਕਾਰਨ ਭਗਤ-ਬਾਣੀ ਦੀ ਬਝਵੀਂ ਤਰਤੀਬ ਵੀ ਕਈ ਥਾਈਂ ਵਿਗੜੀ ਹੋਈ ਹੈ; ਜਿਵੇਂ ਕਿ

ਸਿਰੀਰਾਗੁ ਮਹਲਾ ੫ ਘਰੁ ੧ ॥ ਸੰਤ ਜਨਾ ਮਿਲਿ ਭਾਈਆ ..ਪੰਨਾ 52 ਤੋਂ ਲੈ ਕੇ ਸਿਰੀਰਾਗੁ ਮਹਲਾ ੫ ॥ ਸੰਤ ਜਨਹੁ ਸੁਣਿ ਭਾਈਹੋ॥ ਪੰ.53 ਤੱਕ ਦੇ 28, 29, 30 ਤਿੰਨ ਸ਼ਬਦ ਪਹਿਲੇ ਘਰ ਦੇ ਹਨ, ਪਰ ਬੇਮਿਸਲ ਹੋ ਕੇ 7ਵੇਂ ਘਰ ਤੋਂ ਪਿਛੋਂ ਛਪ ਰਹੇ ਹਨ। ਸੂਚੀ ਮੁਤਾਬਕ ਸਹੀ ਕਰਨ ਦੀ ਲੋੜ ਹੈ।

‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ-ਲਿਖਤ ਬੀੜਾਂ ਦੇ ਦਰਸ਼ਨ’ ਪੁਸਤਕ ਦੀ ਅੰਤਿਕਾ ਨੰ: 12 ਵਿੱਚ ਉਨ੍ਹਾਂ 27 ਬੀੜਾਂ ਦੀ ਸੂਚੀ ਦਿੱਤੀ ਹੋਈ ਹੈ, ਜਿਨ੍ਹਾਂ ਵਿੱਚ ਉਪਰੋਕਤ ਤਿੰਨੇ ਸ਼ਬਦ ‘ਘਰੁ ੧’ ਵਾਲੇ 21ਵੇਂ ਸ਼ਬਦ ਨਾਲ ਆਪਣੀ ਸਹੀ ਥਾਂ ਦਰਜ ਹਨ; ਜਿਵੇਂ : ਬੀੜ ਨੰ. 7, 20, 34, 42, 44, 45, 50, 52, 54, 56, 59, 60, 67, 73, 79, 80, 81, 82, 86, 94, 98, 99, 104, 105, 108, 110 ਤੇ 115 ।

‘ਸਿਰੀਰਾਗੁ ਤ੍ਰਿਲੋਚਨ ਕਾ ॥ ਮਾਇਆ ਮੋਹੁ ਮਨਿ ਆਗਲੜਾ’ ਪੰ. 92 ਬੇਮਿਸਲ ਹੋ ਕੇ ਕਬੀਰ ਜੀ ਦੀ ਬਾਣੀ ਦੇ ਵਿਚਕਾਰ ਛਪ ਰਿਹਾ ਹੈ। ਭਗਤ-ਬਾਣੀ ਦੀ ਬਝਵੀਂ ਤਰਤੀਬ ਮੁਤਾਬਕ ਇਸ ਦਾ ਸਥਾਨ ਠੀਕ ਕਰਨ ਦੀ ਲੋੜ ਹੈ। ਇਸ ਸੰਬੰਧੀ ਪਾਠ-ਭੇਦ ਸੂਚੀ ਦੀ ਮੰਨਣਯੋਗ ਸਲਾਹ ਇਸ ਪ੍ਰਕਾਰ ਹੈ :

ਇਹ ਸ਼ਬਦ ਬੇਮਿਸਲ ਹੈ। ਕਬੀਰ ਜੀ ਦੇ ਦੂਜੇ ਸਬਦ ‘ਅਚਰਜ ਏਕੁ ਸੁਨਹੁ ਰੇ’ ਤੋਂ ਮਗਰੋਂ ਪੰਨਾ 92 ਦੇ ਅੰਤ ਪੁਰ ਹੋਣਾ ਚਾਹੀਏ। ਜਿਵੇਂ ਕਿ ਏਹਨਾਂ ਗ੍ਰੰਥਾਂ ਵਿੱਚ – ਬੀੜ ਨੰਬਰ 21/34, 44, 54 । ਸੂਚੀ ਪੰ. 36

ਪ੍ਰੋ. ਸਾਹਿਬ ਸਿੰਘ ਟਰਸਟ ਸ੍ਰੀ ਅਨੰਦਪੁਰ, ਵੇਦਾਂਤੀ ਜੀ ਤੇ ਦਾਸ ਦੀ ਲਾਇਬ੍ਰੇਰੀ ਵਿੱਚ ਬਾਬਾ ਰਾਮਰਾਇ ਵਾਲੀ (ਲਿਖਤ ਸੰਮਤ 1742, ਸੰਨ 1685) ਬੀੜ ਦੀ ਵੀਡੀਓ ਕਾਪੀ ਮੌਜੂਦ ਹੈ। ਇਸ ਦੇ ਪਤਰਾ ਨੰਬਰ 39 ’ਤੇ ਭਗਤ ਕਬੀਰ ਜੀ ਦੇ ਦੂਜੇ ਸ਼ਬਦ ਮਗਰੋਂ ਇਹ ਸੰਖੇਪ ਮੰਗਲ ਸਮੇਤ ਹੇਠ ਲਿਖੇ ਉਸ ਪ੍ਰਮਾਣੀਕ ਢੰਗ ਨਾਲ ਸ਼ੋਭਨੀਕ ਹੈ, ਜਿਸ ਮੁਤਾਬਕ ਮੰਗਲਾਂ ਨੂੰ ਸੱਜੇ ਰੱਖ ਕੇ ਇਉਂ ਪਹਿਲ ਦਿੱਤੀ ਜਾਂਦੀ ਰਹੀ : 

ੴਸਤਿਗੁਰਪ੍ਰਸਾਦਿ ॥

ਸਿਰੀਰਾਗੁਤ੍ਰਿਲੋਚਨ ਕਾ ॥         ਮਾਇਆਮੋਹੁਮਨਿਆਗਲੜਾਪ੍ਰਾਣੀਜਰਾਮਰਣੁਭਉਵਿਸਰਿਗਇਆ ॥

ੴ ਸਤਿਗੁਰਪ੍ਰਸਾਦਿ ॥ ਰਾਗੁ ਗਉੜੀ ਗੁਆਰੇਰੀ ਕਬੀਰ ਜੀ ਕੀ ਅਸਟਪਦੀ ॥ ਇਹ ਅਸਟਪਦੀ, ਜੋ ਪੰਨਾ 330 ’ਤੇ ਛਪ ਰਹੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੱਧੇ ਕਰਮ ਅਨੁਸਾਰ ਬੇਮਿਸਲ ਹੈ। ਇਹ ਪੰਨਾ 339 ’ਤੇ ਸ਼ਬਦਾਂ ਪਿਛੋਂ 74ਵੇਂ ਅੰਕ ’ਤੇ ਦਰਜ ਹੋਣੀ ਚਾਹੀਦੀ ਹੈ ਕਿਉਂਕਿ ਸਥਾਪਿਤ ਤਰਤੀਬ ਮੁਤਾਬਕ ਅਸਟਪਦੀਆਂ ਸਭ ਥਾਈਂ ਸ਼ਬਦਾਂ ਪਿਛੋਂ ਅੰਕਿਤ ਹੋਈਆਂ ਮਿਲਦੀਆਂ ਹਨ। ਵੇਖੋ ਸੂਚੀ ਪੰਨਾ-87

ੴ ਸਤਿਗੁਰਪ੍ਰਸਾਦਿ ॥ ਤਿਲੰਗ ਕਾਫੀ ਮਹਲਾ ੯ ॥ ਚੇਤਨਾ ਹੈ ਤਉ ਚੇਤਿ ਲੈ॥ ਪੰਨਾ 727, ਮਹਲਾ ੯ ਦੇ ਤਿੰਨੇ ਸ਼ਬਦ ਪੰਨਾ 724 ’ਤੇ ਤਿਲੰਗ ਮਹਲਾ ੫ ॥ ਮੀਰਾਂ ਦਾਨਾ॥ ਪਿਛੋਂ ਅਤੇ ਅਸਟਪਦੀਆਂ ਨੁਮਾ ‘ਜਿਨ ਕੀਆ’ ਤੋਂ ਪਹਿਲਾਂ ਚਾਹੀਦੇ ਹਨ। ਕਾਰਨ ਹੈ ਕਿ ਹਰ ਥਾਂ ਅਸਟਪਦੀਆਂ ਤੇ ਛੰਤਾਂ ਤੋਂ ਪਹਿਲਾਂ ਹੀ ਨੌਵੇਂ ਮਹਲੁ ਦੇ ਸ਼ਬਦ ਦਰਜ ਹੋਏ ਹਨ। ਸੂਚੀ ਮੁਤਾਬਕ ਪੁਰਾਤਨ ਬੀੜਾਂ ਵਿੱਚ ਇੱਥੇ ਵੀ ਦੋ ਸ਼ਬਦ ਦਰਜ ਮਿਲਦੇ ਹਨ। ਜਿਵੇਂ ਸਿੱਖ ਰੈਫ਼ਰੈਂਸ ਦੀ ਬੀੜ ਨੰਬਰ 8/8, 21/34, 24/36, 26/55, 29/79 ਆਦਿ। ਸੂਚੀ ਪੰ. 255

‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ-ਲਿਖਤ ਬੀੜਾਂ ਦੇ ਦਰਸ਼ਨ’ ਪੁਸਤਕ ਦੀ ਅੰਤਿਕਾ ਨੰ. 26 (ਪੰ. 276) ਵਿੱਚ 48 ਬੀੜਾਂ ਦੀ ਸੂਚੀ ਪ੍ਰਾਪਤ ਹੈ, ਜਿਨ੍ਹਾਂ ਵਿੱਚ ਉਪਰੋਕਤ ਤਿਲੰਗ ਮ: ੯ਵਾਂ ਦੇ ਤਿੰਨੇ ਸ਼ਬਦ ਅਸਟਪਦੀਆਂ ਤੋਂ ਪਹਿਲਾਂ ਆਪਣੀ ਥਾਂ ਸਿਰ ਦਰਜ ਹਨ। ਵੇਖੋ ਬੀੜ ਨੰ. 1, 2, 4, 5, 7, 11, 24, 25, 26, 27, 32, 33, 34, 35, 36, 40 ਤੇ 42 ਆਦਿ। ਵੇਖੋ  ! ਪੁਸਤਕ ਦੇ ਪੰਨਾ 255 ਉਪਰਲਾ ਚਿੱਤਰ ਨੰ.-16 :

ਛਾਪੇ ਦੀ ਬੀੜ ਅੰਦਰਲਾ ‘ਅਨਭਉ ਕਿਨੈ ਨ ਦੇਖਿਆ ਬੈਰਾਗੀਅੜੇ ॥’ ਪੰ. 1104 ਸੂਚੀ ਵਿਚ ਦਰਜ ਸਿਰਲੇਖ ਮੁਤਾਬਕ ਇਹ ਸ਼ਬਦ ਅਸਟਪਦੀ ਹੈ, ਜੋ ‘ਚਉਪਦੇ’ ‘ਦੁਪਦਿਆਂ’ ਵਿੱਚ ਬੇ-ਟਿਕਾਣੇ ਹੈ। ਕਬੀਰ ਜੀ ਦੇ ਸਾਰੇ ਸ਼ਬਦਾਂ ਤੋਂ ਬਾਅਦ ਰੱਖਣੀ ਚਾਹੀਦੀ ਹੈ, ਕਿਉਂਕਿ ਬੱਝਵੀਂ ਤਰਤੀਬ ਅਨੁਸਾਰ ਅਸਟਪਦੀਆਂ ਸਦਾ ਸ਼ਬਦਾਂ ਪਿੱਛੋਂ ਹੀ ਅੰਕਿਤ ਹੁੰਦੀਆਂ ਹਨ। ਸੂਚੀ ਪੰ. 493

ਇਸ ਤੋਂ ਪਹਿਲੇ ਚਉਪਦਿਆਂ ਦੇ ਸਿਰਲੇਖ ‘ਮਾਰੂ ॥ ਕਬੀਰ ਜੀ’ ਵੀ ਬੀੜਾਂ ਵਿੱਚ ਉਪਲਬਧ ਹਨ। ਜਿਵੇਂ ਬੀੜ ਨੰਬਰ 1,5, 8/8 21/34, 24/36 ਆਦਿਕ 16 ਬੀੜਾਂ ਦਾ ਵੇਰਵਾ ਸੂਚੀ ਵਿੱਚ ਦਰਜ ਹੈ। ਸੂਚੀ ਪੰ.490

ਮਾਰੂ ਕਬੀਰ ਜੀਉ ॥ ਦੀਨੁ ਬਿਸਾਰਿਓ ਰੇ ਦਿਵਾਨੇ.. ਪੰਨਾ 1105

ਰਾਮੁ ਸਿਮਰੁ ਪਛੁਤਾਹਿਗਾ ਮਨ ॥ ਪੰਨਾ 1106 ਸੂਚੀ ਮੁਤਾਬਕ ਇਹ ਦੋਵੇਂ ਸ਼ਬਦ ਕਬੀਰ ਜੀ ਦੇ ਚਉਪਦਿਆਂ ਨਾਲ ਹੀ ਅੰਕਿਤ ਹੋਣੇ ਚਾਹੀਦੇ ਹਨ। ਭਾਈ ਬੰਨੋ ਵਾਲੀ ਬੀੜ ਦੇ ਲਿਖਾਰੀ ਦੀ ਭੁੱਲ ਹੈ, ਜਿਸ ਨੂੰ ਹੋਰ ਲੇਖਕਾਂ ਨੇ ਦੁਹਰਾਇਆ ਹੈ। ਪੁਰਾਤਨ ਲਿਖਤੀ ਬੀੜਾਂ ਵਿੱਚ ਉਪਰੋਕਤ ਸ਼ਬਦ ‘ਸਲੋਕ ਕਬੀਰ ॥ ਗਗਨ ਦਮਾਮਾ’ ਤੋਂ ਪਹਿਲਾਂ ਦਰਜ ਹੈ। ਜਿਵੇਂ ਬੀੜ ਨੰ. 1, 8/8, 21/34 ਆਦਿਕ 11 ਬੀੜਾਂ ਦਾ ਹਵਾਲਾ ਮਿਲਦਾ ਹੈ।

ਨਾਮਦੇਵ ॥ ਆਉ ਕਲੰਦਰ ਕੇਸਵਾ ॥ ਕਰਿ ਅਬਦਾਲੀ ਭੇਸਵਾ ॥ ਰਹਾਉ ॥ ਪੰਨਾ 1167 ਸੂਚੀ ਮੁਤਾਬਕ ਭਗਤ ਨਾਮਦੇਵ ਜੀ 10 ਦਸਵਾਂ ਸ਼ਬਦ ਭਾਈ ਗੁਰਦਾਸ ਜੀ ਮਿਸਲ ਦੀਆਂ ਬੀੜਾਂ ਵਿੱਚ ਦੂਜੇ ਘਰ ਵਾਲੇ ਸੰਗ੍ਰਹਿ ਵਿਖੇ (ਛਾਪੇ ਦੀ ਬੀੜ ਪੰ. 1165 ਪੁਰ) ਆਪਣੇ ਟਿਕਾਣੇ ਸਿਰ ਦਰਜ ਹੈ, ਕਿਉਂਕਿ ਭਗਤ ਬਾਣੀ ਦੀ ਬੱਧੀ ਤਰਤੀਬ ਮੁਤਾਬਕ ਨਾਮਦੇਵ ਜੀ ਦਾ ਸ਼ਬਦ ਰਵਿਦਾਸ ਜੀ ਦੇ ਪਿਛੋਂ ਨਹੀਂ ਆ ਸਕਦਾ। ਉਪਰੋਕਤ ਹਕੀਕਤ ਲਈ ਸੂਚੀ ਵਿੱਚ ਬੀੜ ਨੰਬਰ 1, 21/34, 29/79 ਆਦਿਕ 9 ਬੀੜਾਂ ਦਾ ਹਵਾਲਾ ਦਰਜ ਹੈ। ਸੂਚੀ ਪੰ. 555

ਬਸੰਤੁ ਕਬੀਰ ਜੀਉ ॥ ਸੁਰਹ ਕੀ ਜੈਸੀ ਤੇਰੀ ਚਾਲ ॥ ਪੰ.1196 ਇਹ ਸ਼ਬਦ ਬੇਮਿਸਲ ਹੋ ਕੇ ਭਗਤ ਰਾਮਾਨੰਦ, ਨਾਮਦੇਉ ਤੇ ਰਵਿਦਾਸ ਜੀ ਦੀ ਬਾਣੀ ਪਿਛੋਂ ਅਖ਼ੀਰ ਵਿੱਚ ਛਪ ਰਿਹਾ ਹੈ। ਤਰਤੀਬ ਮੁਤਾਬਕ ਇਹ ਪੰ. 1195 ’ਤੇ ਕਬੀਰ ਜੀ ਦਾ ਅੱਠਵਾਂ ਸ਼ਬਦ ਬਣਦਾ ਹੈ। ਸੂਚੀ ਦੀ ਸੂਚਨਾ ਅਨੁਸਾਰ ਬੀੜ ਨੰ. 29/79, 54, 55 ਤੇ 56 ਆਦਿਕ 9 ਬੀੜਾਂ ਵਿਖੇ ਆਪਣੀ ਥਾਂ ਟਿਕਿਆ ਮਿਲਦਾ ਹੈ। ਸੂਚੀ ਪੰ. 594

ਸਾਰੰਗ ਕਬੀਰ ਜੀਉ ॥ ਹਰਿ ਬਿਨੁ ਕਉਨੁ ਸਹਾਈ ਮਨ ਕਾ ॥ ਪੰ.1253 ਇਹ ਸ਼ਬਦ ਪੰਨਾ 1252 ’ਤੇ ਕਬੀਰ ਜੀ ਦਾ ਤੀਜਾ ਸ਼ਬਦ ਬਣਦਾ ਹੈ, ਪਰ ਲਿਖਿਆ ਅੰਤ ਵਿੱਚ ਹੈ। ਸੂਚੀ ਦਾ ਨੋਟ ਇਸ ਪ੍ਰਕਾਰ ਹੈ :

ਨੋਟ : ਇਸ ਰਾਗ ਵਿੱਚ ਭੀ ਕਬੀਰ ਜੀ ਦਾ ਤੀਜਾ ਸ਼ਬਦ – ਹਰਿ ਬਿਨੁ ਕਉਨੁ ਸਹਾਈ ਮਨ ਕਾ ॥ ਛਾਪੇ ਤੇ ਲਿਖਤ ਦੇ ਕਈ ਗ੍ਰੰਥਾਂ ਵਿੱਚ ਬੇ-ਮਿਸਲ (ਟਿਕਾਣੇ ਤੋਂ ਖਿਸਕਿਆ ਹੋਇਆ) ਯਾੱਨੀ ਰਾਗੁ ਦੇ ਅੰਤਿ ਦਰਜ ਹੈ। ਲੇਕਿਨ ਭਾਈ ਗੁਰਦਾਸ ਮਿਸਲ ਦੇ ਅਕਸਰ ਉਤਾਰਿਆਂ ਵਿੱਚ ਸਹੀ ਥਾਂ (ਤੀਜੇ ਨੰਬਰ) ਲਿਖਿਆ ਮਿਲਦਾ ਹੈ। ਜਿਹਾ ਕਿ- ਬੀੜ ਨੰ. 21/34, 22/6281, 36/117, 38/173, 40/236 ਅਤੇ 55 ਨੰਬਰ ਆਦਿਕ । ਸੂਚੀ ਪੰ. 657

ਸੂਚੀ ਨੇ ਤਾਂ ਛਾਪੇ ਦੀ ਬੀੜ ਅੰਦਰਲੇ ਦੁਪਦੇ, ਤਿਪਦੇ ਤੇ ਚਉਪਦਿਆਂ ਆਦਿਕ ਦੀ ਤਰਤੀਬ ਦਾ ਵਿਗਾੜ ਵੀ ਦਰਸਾਇਆ ਹੈ। ਜਿਵੇਂ ‘ਆਸਾ ਮਹਲਾ ੧ ਦੁਪਦੇ ॥ ਤਿਤੁ ਸਰਵਰੜੈ ਭਈਲੇ ਨਿਵਾਸਾ’ ਪੰਨਾ 357 ਅਤੇ ‘ਛਿਅ ਘਰ ਛਿਅ ਗੁਰ॥’ ਦੂਜੇ ਘਰ ਦੇ 29 ਤੇ 30 ਨੰਬਰ ਦੋਵੇਂ ਦੁਪਦੇ, ਤਰਤੀਬ ਮੁਤਾਬਕ ਚਉਪਦਿਆਂ ਤੋਂ ਪਹਿਲਾਂ ਪੰਨਾ 348 ਉਪਰ ‘ਸੋ ਪੁਰਖੁ’ ਸ਼ਬਦ ਤੋਂ ਪਿਛੋਂ ਮੰਗਲ ਸਹਿਤ ਅੰਕਿਤ ਹੋਣੇ ਚਾਹੀਦੇ ਹਨ। ਪੰਨਾ 484 ਉਪਰਲੇ 34 ਤੋਂ 37 ਨੰਬਰ ਤਕ ਦੇ ਸ਼ਬਦ ਚਉਪਦੇ ਹੋਣ ਕਰਕੇ ਪੰਨਾ 479 ’ਤੇ 13ਵੇਂ ਅੰਕ ਪਿਛੋਂ ਦਰਜ ਹੋਣੇ ਚਾਹੀਦੇ ਹਨ ਪ੍ਰੰਤੂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਟੀਮ’ ਦੇ ਖੋਜੀ ਵਿਦਵਾਨਾਂ ਨੇ ਉਪਰੋਕਤ ਪੱਖ ਨੂੰ ਮਹੱਤਵ ਨਹੀਂ ਦਿੱਤਾ ਕਿਉਂਕਿ ਦੁਪਦਿਆਂ ਤੇ ਚਉਪਦਿਆਂ ਆਦਿਕ ਦੇ ਰਲਵੇਂ ਮਿਲਵੇਂ ਸੰਗ੍ਰਹਿ ਆਮ ਮਿਲਦੇ ਹਨ। ਦੂਜਾ ਕਾਰਨ ਹੈ ਕਿ ਦੁਪਦੇ, ਚਉਪਦੇ ਆਦਿਕ ਸੰਗ੍ਰਹਿ ਨਾ ਤਾਂ ਸ਼ਬਦਾਂ ਦੇ ਜੋੜ-ਅੰਕਾਂ ਨੂੰ ਪ੍ਰਭਾਵਤ ਕਰਦੇ ਹਨ ਅਤੇ ਨਾ ਹੀ ਇਨ੍ਹਾਂ ਅੱਗੇ ਵਿਸ਼ੇਸ਼ ਮੰਗਲ ਲੋੜੀਂਦਾ ਹੈ।

ਸੋ ਇਸ ਲਈ ਜਥੇਦਾਰ ਵੇਦਾਂਤੀ ਜੀ ਨੇ ਪਾਵਨ ਬੀੜ ਦੇ ਸੋਧੇ ਖਰੜੇ ਵਿੱਚ ‘ਪਾਠ-ਭੇਦ ਸੂਚੀ’ ਅਤੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਟੀਮ’ ਦੇ ਖੋਜੀ ਵਿਦਵਾਨਾਂ ਦੀ ਸਲਾਹ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਝਵੀਂ ਤਰਤੀਬ ਇਕਸਾਰਤਾ ਨੂੰ ਕਾਇਮ ਕਰਨ ਹਿਤ ਉਪਰੋਕਤ ਕਿਸਮ ਦੇ ਬੇਮਿਸਲ ਸ਼ਬਦਾਂ ਨੂੰ ਤਰਤੀਬ ਦਿੰਦਿਆਂ ਉਨ੍ਹਾਂ ਦੇ ਘਰਾਂ ਮੁਤਾਬਕ ਸਹੀ ਥਾਂ ’ਤੇ ਟਿਕਾਉਣ ਤੇ ਦਰਸਾਉਣ ਦਾ ਵੀ ਉਪਰਾਲਾ ਕੀਤਾ ਦਿਸਦਾ ਹੈ।

ਸਤਵਾਂ ਬਹੁਤ ਹੀ ਸੰਵੇਦਨਸ਼ੀਲ ਤੇ ਅਹਿਮ ਮਸਲਾ ਹੈ ਬਾਣੀ ਦੀਆਂ ਕੁਝ ਸਦਿੰਗਧ ਤੁਕਾਂ ਅਤੇ ਰਾਗਮਾਲਾ ਦੇ ਨਿਰਣਾਇਕ ਹੱਲ ਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਦੇ ਕਰਤਾ ਪ੍ਰੋ. ਸਾਹਿਬ ਸਿੰਘ ਜੀ ਲਿਖਦੇ ਹਨ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਪਹਿਲਾਂ ਜਿਤਨੀਆਂ ਭੀ ਬੀੜਾਂ ਲਿਖੀਆਂ ਗਈਆਂ ਸਨ, ਉਹ ਸਾਰੀਆਂ ਹੀ ਲਗਭਗ ਭਾਈ ਗੁਰਦਾਸ ਜੀ ਵਾਲੀ ‘ਆਦਿ ਬੀੜ’ ਨਾਲ ਮਿਲਦੀਆਂ ਸਨ। ਕਿਸੇ ਲਿਖਾਰੀ ਦੀ ਅਭੋਲ ਉਕਾਈ ਨਾਲ ਭਾਵੇਂ ਕੋਈ (ਲਗ-ਮਾਤ੍ਰੀ) ਨਿੱਕਾ ਮੋਟਾ ਫ਼ਰਕ ਪੈ ਗਿਆ ਹੋਵੇ। ਉਞ ਜਾਣ-ਬੁੱਝ ਕੇ ਕਿਸੇ ਨੇ ਕੋਈ ਅਦਲਾ ਬਦਲੀ ਕਰਨ ਦੀ ਕੋਸ਼ਸ਼ ਨਹੀਂ ਕੀਤੀ। ਜੋ ਅਦਲਾ-ਬਦਲੀਆਂ ਹੋਈਆਂ ਉਹ ਸੰਨ 1732 ਤੋਂ ਪਿੱਛੋਂ ਹੋਈਆਂ।

ਸ੍ਰ. ਜੀ. ਬੀ. ਸਿੰਘ ਮੁਤਾਬਕ ਤਾਂ ਭਾਈ ਬੰਨੋ ਵਾਲੀ ਬੀੜ ਵਿੱਚ ਵੀ ਪਹਿਲਾਂ ਫ਼ਾਲਤੂ ਬਾਣੀਆਂ ਨਹੀਂ ਸਨ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਪਿੱਛੋਂ ਕਿਸੇ ਨੇ 26 ਵਰਕੇ ਨਵੇਂ ਪਾ ਕੇ ਮਹਲਾ ਨਾਵਾਂ ਦੀ ਬਾਣੀ ਸਮੇਤ ਕੁਝ ਹੋਰ ਫ਼ਾਲਤੂ ਬਾਣੀਆਂ ਲਿਖ ਦਿੱਤੀਆਂ। ਸੰਨ 1864 ਵਿੱਚ ਪੱਥਰ ਦੇ ਛਾਪੇ ਦੀ ਜੋ ਪਹਿਲੀ ਲਹੌਰੀ ਬੀੜ ਛਪੀ, ਪ੍ਰਤੀਤ ਹੁੰਦਾ ਹੈ ਕਿ ਭਾਈ ਬੰਨੋ ਵਾਲੀ ਬੀੜ ਦਾ ਕੋਈ ਉਤਾਰਾ ਹੀ ਉਸ ਦੀ ਛਪਾਈ ਦਾ ਆਧਾਰ ਬਣਿਆ। ਇਹ ਵੱਖਰੀ ਗੱਲ ਹੈ ਕਿ ਉਸ ਵਿੱਚ ਰਾਗਮਾਲਾ ਤੋਂ ਇਲਾਵਾ ਕੋਈ ਹੋਰ ਵਾਧੂ ਬਾਣੀ ਨਹੀਂ ਹੋਵੇਗੀ। ਪਰ ਛਾਪੇ ਦੀ ਪ੍ਰਚਲਿਤ ਬੀੜ ਅੰਦਰਲਾ ਰਾਮਕਲੀ ਰਾਗ ਦਾ ਛੰਤ ‘ਰਣ ਝੁੰਝਨੜਾ ਗਾਉ ਸਖੀ॥’ ਪੰ. 927 ਦੀਆਂ ਕੇਵਲ ਦੋ ਤੁਕਾਂ ਅਤੇ ਰਾਗ ਸਾਰੰਗ ਵਿੱਚ ‘ਛਾਡਿ ਮਨ ਹਰਿ ਬਿਮੁਖਨ ਕੋ ਸੰਗੁ ॥’ ਪੰ.1253 ਵਾਲੀ ਇੱਕੋ ਤੁਕ ਬੀੜ ਦੀ ਛਪਾਈ ਦਾ ਖੋਜ-ਖੁਰਾ ਭਾਈ ਬੰਨੋ ਵਾਲੀ ਬੀੜ ਵੱਲ ਲੈ ਜਾਂਦਾ ਹੈ।

ਫ਼ਰੀਦਕੋਟੀ ਸੰਪਰਦਾਈ ਟੀਕੇ ਵਿੱਚ ਛੰਦ ‘ਰਣ ਝੁੰਝਨੜਾ ਗਾਉ ਸਖੀ॥’ ਪੰ. 927 ਦੇ ਸਿਰਲੇਖ ਤੋਂ ਪਹਿਲਾਂ ਉਥਾਨਕਾਂ ਵਜੋਂ ਲਿਖਿਆ ਹੈ : ਸ੍ਰੀ ਗੁਰੂ ਅਰਜਨ ਸਾਹਿਬ ਜੀ; ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕੇ ਜਨਮ ਸਮੇਂ ਮੇਂ ਉਚਾਰਤੇ ਭਏ : ਯਹਿ ਸ਼ਬਦ ਸਾਰਾ ਭਾਈ ਬੰਨੋ ਜੀ ਕੀ ਬੀੜ ਮੇਂ ਲਿਖਾ ਹੈ।

‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ-ਲਿਖਤ ਬੀੜਾਂ ਦੇ ਦਰਸ਼ਨ’ ਪੁਸਤਕ ਦੀ ਅੰਤਿਕਾ ਨੰ. 28 (ਪੰ. 277) ਵਿੱਚ ਐਸੀਆਂ 64 ਹੱਥ ਲਿਖਤੀ ਬੀੜਾਂ ਦੀ ਸੂਚੀ ਦਰਜ ਹੈ, ਜਿਨ੍ਹਾਂ ਵਿੱਚ ਰਾਮਕਲੀ ਛੰਤ ਦੀਆਂ ਉਪਰੋਕਤ ਦੋ ਤੁਕਾਂ ਦੀ ਥਾਂ ਪੂਰਾ ਚਉਪਦਾ ਛੰਤ ਹੈ। ਜਿਵੇਂ ਬੀੜ ਨੰ. 1, 2, 3, 4, 5, 7, 9, 11, 12, 13, 14, 15, 16, 17, 19, 22, 24, 25, 26 ਤੇ 27 ਆਦਿ। ਵੇਖੋ  ! ਪੁਸਤਕ ਦੇ ਪੰਨਾ 256 ਵਾਲਾ 17 ਨੰ. ਚਿਤ੍ਰ :

ਗਿ. ਹਰਿਬੰਸ ਸਿੰਘ ਜੀ ਰਚਿਤ ‘ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਸ਼ਨ ਨਿਰਣੈ ਸਟੀਕ’ ਦੀ ਨਾਵੀਂ ਪੋਥੀ ਦੇ ਪੰਨਾ 456 ’ਤੇ ‘ਵਿਸ਼ੇਸ ਧਿਆਨ ਦਿਓ’ ਸਿਰਲੇਖ ਹੇਠ ਨੋਟ ਹੈ :

ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਗੁਰੂ ਜੀ ਨੇ ਗੁਰਮਤਿ ਕਸਵੱਟੀ ਤੇ ਪਰਖ ਕੇ ਕੇਵਲ ਸੱਚੀ ਬਾਣੀ ਨੂੰ ਪ੍ਰਮਾਣਿਕਤਾ ਦਿੱਤੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਈ ਬੰਨੋ ਵਾਲੇ ਸਰੂਪ ਵਿੱਚ ਚਾਰ ਪਦਾਂ ਦਾ ਪੂਰਾ ਛੰਤ ਅੰਕਿਤ ਹੈ ਪਰ ਸ੍ਰੀ ਕਰਤਾਰਪੁਰ ਵਾਲੇ ਪਾਵਨ ਸਰੂਪ ਵਿੱਚ ਇਸ ਸ਼ਬਦ ਦੀਆਂ ਬਾਕੀ ਪੰਕਤੀਆਂ ਛੱਡਣ ਦਾ ਪ੍ਰਸ਼ਨ ਹੀ ਨਹੀਂ ਸੀ ਉੱਠਣਾ। ਇਸ ਸ਼ਬਦ ਦੇ ਤੀਜੇ ਅੰਕ ਦੇ ਆਰੰਭ ਵਿੱਚ ਹੀ ਗੁਰਮਤਿ ਵਿਰੋਧੀ-ਭਾਵਨਾ ਪੜ੍ਹ ਕੇ ਪਾਠਕ ਜਨ ਆਪ ਹੀ ਅਨੁਮਾਨ ਲਗਾ ਲੈਣਗੇ ਕਿ ਉਪਰੋਕਤ ਦੋ ਪੰਕਤੀਆਂ ਛੱਡ ਕੇ ਸਾਰਾ ਸ਼ਬਦ ਹੀ ਗੁਰਦੇਵ ਜੀ ਦੀ ਕਾਵਿ-ਸ਼ੈਲੀ ਅਤੇ ਰਹੁਰੀਤਾਂ ਨਾਲ ਮੇਲ ਨਹੀਂ ਸੀ ਖਾਂਦਾ, ਜਿਸ ਕਰਕੇ ਉਹ ਪੰਕਤੀਆਂ ਦਰਜ ਨਹੀਂ ਕਰਾਈਆਂ :-

   ਰੀਤੀ ਸਗਲ ਕਰਾਈਆ, ਹਰਿ ਸਿਉ ਲਿਵ ਲਾਈ ॥

   ਭਦਣੁ ਉਣੇਤ ਕਰਾਇਆ, ਗੁਰ ਗਿਆਨ ਜਪਾਈ ॥

ਮਹਾਨ ਕੋਸ਼ ਮੁਤਾਬਕ ‘ਭਦਣੁ’ (ਭੱਦਣ) ਪਦ ਦਾ ਅਰਥ ਹੈ ਬ੍ਰਾਹਮਣ ਰੀਤੀ ਅਨੁਸਾਰ- ‘ਮੁੰਡਨ ਸੰਸਕਾਰ’ ਅਤੇ ‘ਉਣੇਤ’ ਦਾ ਪਦ-ਅਰਥ ਹੈ- ਜਨੇਊ-ਸੰਸਕਾਰ। ਸ਼੍ਰੋਮਣੀ ਕਮੇਟੀ ਦੁਆਰਾ ਪ੍ਰਕਾਸ਼ਤ ‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਉਪਰੋਕਤ ਛੰਤ ਸੰਬੰਧੀ ਹੇਠ ਲਿਖਿਆ ਨੋਟ ਹੈ :

ਸ੍ਰੀ ਕਰਤਾਰਪੁਰ ਵਾਲੀ ਬੀੜ ਵਿੱਚ ਇਸ ਦੀਆਂ ਕੇਵਲ ਦੋ ਤੁਕਾਂ ਦਿੱਤੀਆਂ ਹਨ, ਪਰ ਭਾਈ ਬੰਨੋ ਵਾਲੀ ਬੀੜ ਵਿੱਚ ਚਾਰ ਪਦਾਂ ਦਾ ਛੰਦ ਦਿੱਤਾ ਹੈ। ਮਜ਼ਮੂਨ ਬਾਲਕ ਸ੍ਰੀ ਹਰਿਗੋਬਿੰਦ ਜੀ ਦੇ ਸੰਬੰਧ ਵਿੱਚ ਕਿਸੇ ਸੰਸਕਾਰ ਦਾ ਨਹੀਂ, ਸਗੋਂ ਅਨੂਪਮ ਬਾਲਕ ਦਾ ਅਲੰਕਾਰ ਲੈ ਕੇ ਉਸ ਦੇ ਜੀਵਨ ਦੇ ਜ਼ਰੂਰੀ ਮੌਕਿਆਂ (ਜਨਮ, ਨਾਮ-ਕਰਨ, ਭਦਣ, ਸਕੂਲੇ ਪੈਣ, ਮੰਗਣਾ, ਵਿਆਹ) ਨੂੰ ਲੈ ਕੇ ਅੰਮ੍ਰਿਤ-ਨਾਮ ਦੇ ਵੰਡਣ ਦਾ ਜ਼ਿਕਰ ਕਰਦੇ ਹਨ, ਇਸੇ ਤਰ੍ਹਾਂ ਹੋਰਨਾਂ ਥਾਵਾਂ ’ਤੇ ਅਲਾਹਣੀਆਂ, ਘੋੜੀਆਂ, ਜੰਝੂ, ਵਿਆਹ ਆਦਿ ਦੇ ਅਲੰਕਾਰ ਵਰਤੇ ਗਏ ਹਨ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਬਲੀਕੇਸ਼ਨ ਬਿਊਰੋ ਵੱਲੋਂ ਛਾਪੀ ਪੁਸਤਕ ‘ਸ੍ਰੀ ਕਰਤਾਰਪੁਰੀ ਬੀੜ ਦੇ ਦਰਸ਼ਨ’ ਵਿੱਚ ਡਾ. ਭਾਈ ਜੋਧ ਸਿੰਘ ਲਿਖਦੇ ਹਨ :

ਰਾਮਕਲੀ ਮਹਲਾ ੫ ਛੰਤ ‘ਰਣ ਝੁੰਝਨੜਾ ਗਾਉ’। ਤਤਕਰੇ ਵਿੱਚ ਪ੍ਰਤੀਕ ਕੋਈ ਨਹੀਂ। ਪਰੰਤੂ ਦੋਵੇਂ ਤੁਕਾਂ ਆਪਣੀ ਥਾਂ ਤੇ ਅਖ਼ੀਰ ਵਿੱਚ ਦਿੱਤੀਆਂ ਹਨ।  703/1 ਪੰਨੇ ਪੁਰ ਹੜਤਾਲ ਕੋਈ ਨਹੀਂ ਫੇਰੀ। ਅੱਗੇ ਸਫਾ ਖਾਲੀ ਹੈ। ਇਨ੍ਹਾਂ ਦੋਹਾਂ ਸਤਰਾਂ ਦੀ ਕਲਮ ਹੋਰ ਹੈ ਪਰ ਲਿਖਤ ਉਹੋ ਜਾਪਦੀ ਹੈ।

ਛਾਪੇ ਦੀ ਪ੍ਰਚਲਿਤ ਬੀੜ ਦੇ ਤਤਕਰੇ ਵਿੱਚ ਤਾਂ ਛੰਤ ਦੇ ਉਪਰੋਕਤ ਪਦੇ ਦੀ ਪ੍ਰਤੀਕ ਹੈ, ਪ੍ਰੰਤੂ ਪਾਵਨ ਬੀੜ ਦੇ ਪੰਨਾ 927 ’ਤੇ ਇਸ ਪਦੇ ਨੂੰ ਕੋਈ ਕਾਵਿਕ ਜਾਂ ਸ਼ਬਦਾਂ ਦੀ ਗਿਣਤੀ ਦਾ ਜੋੜ-ਅੰਕ ਨਹੀਂ ਦਿੱਤਾ ਗਿਆ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਾਪੇ ਦੀ ਬੀੜ ਵਿੱਚ ਇਹ ਸ਼ਬਦਾਂ ਦੀ ਗਿਣਤੀ ਵਿੱਚ ਨਹੀਂ ਅਤੇ ਨਾ ਹੀ ਕਰਤਾਰਪੁਰੀ ਬੀੜ ਦੇ ਤਤਕਰੇ ਵਿਚ ਹੈ। ਇਸ ਲਈ ਪਾਠ-ਭੇਦ ਸੂਚੀ ਤੇ ਜਥੇਦਾਰ ਵੇਦਾਂਤੀ ਜੀ ਵਰਗੇ ਖੋਜੀ ਵਿਦਵਾਨਾਂ ਦਾ ਮੱਤ ਸੀ ਕਿ ਉਪਰੋਕਤ ਤੁਕਾਂ ਨੂੰ ਗੁਰਬਾਣੀ ਦਾ ਭਾਗ ਮੰਨਣਾ ਸਿਧਾਂਤਕ ਪੱਖੋਂ ਵੀ ਸਹੀ ਨਹੀਂ ਹੈ। ਗੁਰਮਤਿ ਦੇ ਚਾਨਣ ਵਿੱਚ ਅਜਿਹਾ ਕਦਾਚਿਤ ਵੀ ਨਹੀਂ ਮੰਨਿਆ ਜਾ ਸਕਦਾ ਕਿ ਅਕਾਲ ਪੁਰਖ ਨੂੰ ਕੇਸ਼ਵ ਕਹਿੰਦਿਆਂ ‘ਕੇਸਾ ਕਾ ਕਰਿ ਚਵਰੁ ਢੁਲਾਵਾ’ ਦਾ ਇਲਾਹੀ ਨਗਮਾ ਗਾਉਣ ਵਾਲੇ ਗੁਰੂ ਸਾਹਿਬ ‘ਭਦਣੁ ਉਣੇਤ ਕਰਾਇਆ, ਗੁਰ ਗਿਆਨ ਜਪਾਈ ॥’ ਵਰਗੀ ਮੁੰਡਨ ਸੰਸਕਾਰ ਦੀ ਪ੍ਰੇਰਕ ਤੁਕ ਨੂੰ ਗੁਰੂ ਗਿਆਨ ਕਹਿਣ।

ਸ਼੍ਰੋਮਣੀ ਕਮੇਟੀ ਦੁਆਰਾ ਪ੍ਰਕਾਸ਼ਤ ਹੋ ਰਹੇ ‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ‘ਛਾਡਿ ਮਨ ਹਰਿ ਬਿਮੁਖਨ ਕੋ ਸੰਗੁ ॥’  ਪੰ. 1253 ਦੀ ਤੁਕ ਸੰਬੰਧੀ ਇੱਕ ਵਿਸ਼ੇਸ਼ ਨੋਟ ਇੰਝ ਹੈ :

‘ਇਹ ਸ਼ਬਦ ਭਾਈ ਬੰਨੋ ਦੀ ਬੀੜ ਵਿੱਚ ਸਾਰੇ ਦਾ ਸਾਰਾ ਦਿੱਤਾ ਹੈ। ਪਰ ਸ੍ਰੀ ਕਰਤਾਰਪੁਰ ਵਾਲੀ ਬੀੜ ਵਿੱਚ ਪਹਿਲੀ ਤੁਕ ਹੀ ਦਿਤੀ ਹੈ। ਬਾਕੀਆਂ ਵਿੱਚ ਬੇਮੁਖ ਨੂੰ ਸੱਪ, ਹਾਥੀ, ਕਾਂ, ਗਦੋਂ, ਪੱਥਰ, ਕਾਲੀ ਕੰਬਲੀ ਨਾਲ ਤਸ਼ਬੀਹ ਦੇ ਕੇ ਸਦਾ ਲਈ ਅਮੋੜ ਤੇ ਅਭਿੱਗ ਸਾਬਤ ਕੀਤਾ ਹੋਇਆ ਹੈ, ਅਤੇ ਸੁਧਾਰ ਦੀ ਕੋਈ ਆਸ ਨਹੀਂ ਦੱਸੀ ਹੋਈ, ਇਸ ਲਈ ਗੁਰੂ ਜੀ ਨੇ ਸੂਚਨਾ ਮਾਤਰ ਇਕ ਤੁਕ ਦੇ ਕੇ ਬਾਕੀ ਦੀਆਂ ਤੁਕਾਂ ਛੱਡ ਦਿਤੀਆਂ ਮਲੂਮ ਹੁੰਦੀਆਂ ਹਨ।’

ਕਿਉਂਕਿ ਗੁਰਮਤਿ ਆਸ਼ਾਵਾਦੀ ਹੈ, ਨਿਰਾਸ਼ਾਵਾਦੀ ਨਹੀਂ। ਗੁਰਬਾਣੀ ਤਾਂ ਰੱਬੀ ਮਿਹਰ ਸਦਕਾ ‘‘ਸੂਕੇ ਕਾਸਟ, ਹਰੇ ਚਲੂਲ ॥ ਊਚੈ ਥਲਿ ਫੂਲੇ ਕਮਲ ਅਨੂਪ ॥’’ ਗੁਰੂ ਗ੍ਰੰਥ-ਪੰ. 898 ਦਾ ਵਿਸ਼ਵਾਸ਼ ਦ੍ਰਿੜ੍ਹ ਕਰਵਾਉਂਦੀ ਹੈ। ‘ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ’ (ਭਗਤ ਬਾਣੀ ਭਾਗ) ਮੁਤਾਬਕ ਗਿਆਨੀ ਗੁਰਦਿੱਤ ਸਿੰਘ ਜੀ ਦਾ ਮਤ ਹੈ :

‘ਕਰੜੇ ਭਾਵਾਂ ਵਾਲੀਆਂ ਤੁਕਾਂ ਛੱਡਣ ਦਾ ਮਨੋਰਥ ਇਹ ਜਾਪਦਾ ਹੈ ਬੇਮੁਖਾਂ ਨੂੰ ਇਤਨਾ ਦੁਰਕਾਰਨਾ ਭੀ ਯੋਗ ਨਹੀਂ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਵੀ ਬਖਸ਼ਿਆ ਨਹੀਂ ਜਾ ਸਕਦਾ ਹੈ। ਗੁਰਮਤ ‘‘ਪਿਛਲੇ ਅਉਗੁਣ ਬਖਸਿ ਲਏ ਪ੍ਰਭੁ, ਆਗੈ ਮਾਰਗਿ ਪਾਵੈ॥’’ ਦਾ ਮਾਰਗ ਦਰਸਾਉਂਦੀ ਹੈ । ਇਸ ਅਨੁਸਾਰ ਕਿਸੇ ਵੀ ਗਿਰਾਵਟ ਵਿਚ ਗਿਰੇ ਹੋਏ ਦਾ ਉਧਾਰ ਹੋਣ ਦਾ ਭਰੋਸਾ ਦਿੰਦੀ ਹੈ ਅਤੇ ਬਖਸ਼ਸ਼ ਦਾ ਰਾਹ ਖੁਲ੍ਹਾ ਰਖਦੀ ਹੈ।’ (ਪੰਨਾ 330)

ਗਿਆਨੀ ਜੀ ਆਪ ਤਾਂ ਭਾਵੇਂ ‘ਛਾਡਿ ਮਨ’ ਤੁਕ ਨੂੰ ਮਦਨ ਮੋਹਨ ‘ਸੂਰਦਾਸ’ ਦੀ ਹੀ ਮੰਨਦੇ ਸਨ। ਪਰ ਉਨ੍ਹਾਂ ਨੇ ਉਪਰੋਕਤ ਲਿਖਤ ਵਿੱਚ ਮੰਨਿਆ ਹੈ ਕਿ ਪੁਰਾਤਨ ਬੀੜਾਂ ਦੇ ਮੁਢਲੇ ਖੋਜੀ ਸ: ਜੀ.ਬੀ. ਸਿੰਘ ਨੇ ਇਸ ਸ਼ਬਦ ਬਾਰੇ ਆਪਣੀ ਇਕ ਚਾਰ ਪੰਜ ਸਫਿਆਂ ਉਤੇ ਲਿਖੀ ਕਾਪੀ ਮੈਨੂੰ 1946 ਵਿੱਚ ਦਿੱਤੀ ਸੀ। ਉਸ ਵਿੱਚ ਉਨ੍ਹਾਂ ਸਿੱਧ ਕੀਤਾ ਸੀ ਕਿ ਅਸਲ ਵਿੱਚ ਇਹ ਸ਼ਬਦ ਕ੍ਰਿਸ਼ਨ ਭਗਤ ਸੂਰਦਾਸ ਦਾ ਹੀ ਹੈ। ਉਨ੍ਹਾਂ ਨੇ ਸੂਰਦਾਸ ਦੇ ਗ੍ਰੰਥ ‘ਸੂਰ ਸਾਗਰ’ ਵਿਚੋਂ ਪੂਰੇ ਵਿਸ਼ਣੂ ਪਦੇ ਦਾ ਇਕ ਹਿੱਸਾ ਇਸ ਕੱਟੀ ਹੋਈ ਤੁਕ ਨਾਲ ਮੇਲ ਕੇ ਭੀ ਦੱਸਿਆ ਸੀ। ਉਸ ਵਿਸ਼ਣੂ ਪਦੇ ਦਾ ਆਰੰਭ ਇਸ ਤਰ੍ਹਾਂ ਹੈ :-

ਚਰਨ ਕਮਲ ਬੰਦੋ ਹਰਿ ਰਾਇ।

ਜਾ ਕੀ ਕ੍ਰਿਪਾ ਪੰਗ ਗਿਰ ਲੰਘੈ ਅੰਧੇ ਕਉ ਸਭ ਕਿਛ ਦਰਸਾਏ। (ਪੰਨਾ 328)

‘ਸਾਰੰਗ ਮਹਲਾ ੫ ਸੂਰਦਾਸ ॥’ ਦੀ ਵਿਆਖਿਆ ਕਰਦਿਆਂ ਸ਼ਬਦਾਰਥ ਲਿਖਦਾ ਹੈ :

‘ਇਹ ਉਹ ਮਸ਼ਹੂਰ ਨੇਤ੍ਰਹੀਨ ਸੂਰਦਾਸ ਨਹੀਂ, ਜੋ ਵੈਸ਼ਨਾਵਾਂ ਦਾ ਮਹਾਤਮਾ ਭਗਤ ਹੋਇਆ ਹੈ।) ਇਹ ਭਗਤ ਮਦਨ ਮੋਹਨ ਨਾਮ ਦਾ ਬ੍ਰਾਹਮਣ ਹੋਇਆ ਹੈ, ਜੋ ਸੰਮਤ 1586 ਵਿੱਚ ਪੈਦਾ ਹੋਇਆ। ਇਹ ਸੰਸਕ੍ਰਿਤ, ਹਿੰਦੀ, ਫ਼ਾਰਸੀ ਦਾ ਪੂਰਨ ਵਿਦਵਾਨ ਅਤੇ ਅਕਬਰ ਦੇ ਵੇਲੇ ਅਵਧ ਦੇ ਇਲਾਕੇ ਸੰਦੀਲਾ ਦਾ ਹਾਕਮ ਸੀ, ਪਰ ਪਿਛੋਂ ਵੈਰਾਗਵਾਨ ਹੋ ਕੇ ਤਿਆਗੀ ਹੋ ਗਿਆ। ਇਸ ਦੀ ਸਮਾਧ ਕਾਂਸ਼ੀ ਵਿੱਚ ਹੈ।’

ਫ਼ਰੀਦਕੋਟੀ ਟੀਕਾ ਲਿਖਦਾ ਹੈ : ‘ਇਹ ਸਬਦ ਸਾਰਾ ਕਿਉਂ ਨਾ ਉਚਾਰਾ ? ਇਸ ਵਿਕਲਪ ਕਾ ਉਤ੍ਰ ਇਹੁ ਹੈ : ‘ਪ੍ਰੇਮ ਕਰ ਤੁਕ ਉਚਾਰੀ। ਪੁਨਾ ਵਹੁ ਸੂਰਦਾਸ ਪ੍ਰੇਮੀ ਸਮਾਧੀ ਇਸਥਿਤ ਹੋ ਗ੍ਯਾ। ਪੁਨਾ ਗੁਰੂ ਜੀ ਨੇ ਆਪ (ਸਾਰੰਗ ਮਹਲਾ ੫ ਸੂਰਦਾਸ ॥ ਹਰਿ ਕੇ ਸੰਗਿ) ਸਬਦ ਉਚਾਰ ਕਰ ਅੰਕ ਕਉ ਸੂਰਦਾਸ ਦਾ ਨਾਮੁ ਲਿਖ ਕਰ ਤਿਸ ਕਉ ਸਿਰਪਾਉ ਦੀਆ ਹੈ। ਤੌ ਇਹ (ਛਾਡਿ ਮਨ ਹਰਿ ਬਿਮੁਖਨ ਕੋ ਸੰਗੁ॥ ਤੁਕ ਵਾਲਾ ) ਸੂਰਦਾਸ ਜੀ ਕਾ ਸਾਰਾ ਸਬਦ ਭਾਈ ਬੰਨੋ ਦੀ ਬੀੜ ਮੇਂ ਹੈ।’

‘ਸ੍ਰੀ ਗੁਰੂ ਗ੍ਰੰਥ ਪ੍ਰਕਾਸ਼’ (ਸੰਨ 1970) ਪੁਸਤਕ ਵਿੱਚ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਹੱਸਵਾਦੀ ਬਾਣੀਕਾਰ’ ਸਿਰਲੇਖ ਹੇਠ ਪ੍ਰਾਚੀਨ ਸਹਿਤ ਦੇ ਖੋਜੀ ਪ੍ਰੋ. ਪਿਆਰਾ ਸਿੰਘ ‘ਪਦਮ’ ਨੇ ਸ਼ਬਦਾਰਥ-ਪੰਨਾ 1253 ਤੇ ਮਹਾਨ ਕੋਸ਼- ਪੰਨਾ 169 ’ਤੇ ਆਧਾਰਿਤ ਭਗਤ ਸੂਰਦਾਸ ਬਾਰੇ ਆਪਣੇ ਵਿਚਾਰ ਇੰਝ ਦਿੱਤੇ ਹਨ :

ਕ੍ਰਿਸ਼ਨ-ਭਗਤ ਸੂਰਦਾਸ (1478-1585  ਈ.) ਦਾ ਨਾਮ ਹਿੰਦੀ ਸਹਿਤ ਵਿੱਚ ਸੂਰਜ ਵਾਂਗ ਰੌਸ਼ਨ ਹੈ। ਇਸ ਪ੍ਰੇਮੀ ਕਵੀ ਨੇ ਕ੍ਰਿਸ਼ਨ ਜੀ ਦੀ ਬਾਲ-ਲੀਲਾ ਨੂੰ ਬਹੁਤ ਹੀ ਸੁੰਦਰ ਪਦਿਆਂ ਵਿੱਚ ਗਾਇਆ ਹੈ ਤੇ ਇਹ ਗੀਤ ਵੈਸ਼ਣਵ ਸਭਾਵਾਂ ਦਾ ਸ਼ਿੰਗਾਰ ਹਨ। ਪਰ ਸਿਖ ਵਿਦਵਾਨਾਂ ਦੀ ਰਾਇ ਹੈ ਕਿ ‘ਆਦਿ ਗ੍ਰੰਥ’ ਵਿੱਚ ਜਿਸ ਭਗਤ ਸੂਰਦਾਸ ਦੀ ਤੁਕ ‘‘ਛਾਡਿ ਮਨ ਹਰਿ ਬਿਮੁਖਨ ਕੋ ਸੰਗੁ॥’’ ਸੰਕਲਿਤ ਹੈ, ਇਹ ਹੋਰ ਸੂਰਦਾਸ ਹੈ। ਜੋ ਦੂਜਾ ਪੂਰਾ ਸ਼ਬਦ ‘ਹਰਿ ਕੇ ਸੰਗ ਬਸੇ ਹਰਿ ਲੋਕ’ – ਸਾਰੰਗ ਮ: 5, ਸੂਰਦਾਸ ਸਿਰਲੇਖ ਹੇਠ ਦਰਜ ਹੈ – ਇਹ ਗੁਰੂ ਅਰਜਨ ਸਾਹਿਬ ਦੀ ਰਚਨਾ ਹੈ। ਪ੍ਰੰਤੂ ‘‘ਛਾਡਿ ਮਨ ਹਰਿ ਬਿਮੁਖਨ ਕੋ ਸੰਗੁ॥’’ ‘ਸੂਰ ਸਾਗਰ’ ਵਿੱਚ ਪ੍ਰਾਪਤ ਹੈ, ਇਸ ਕਰਕੇ ਦੂਜੇ ਸੂਰਦਾਸ ਦੀ ਕਲਪਨਾ ਸਾਰਥਿਕ ਨਹੀਂ। (ਪੰਨਾ 75)

‘ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਸ਼ਨ ਨਿਰਣੈ ਸਟੀਕ’ ਦਾ ਵਿਸ਼ੇਸ਼ ਨੋਟ ਹੈ : ਪੰਜਾਬੀ ਵਿਸ਼ਵ ਕੋਸ਼ (ਭਾਸ਼ਾ ਵਿਭਾਗ ਪਟਿਆਲਾ) ਵਿੱਚ ਭਗਤ ਸੂਰਦਾਸ ਦੇ ਜੀਵਨ ਤੇ ਰਚਨਾਵਾਂ ਬਾਰੇ ਵਿਸਥਾਰ ਸਹਿਤ ਨੋਟ ਦਿੱਤਾ ਹੈ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਇਸ ਸ਼ਬਦ ਦਾ ਜ਼ਿਕਰ ਤਕ ਨਹੀਂ ਕੀਤਾ, ਜਿਸ ਨਾਲ ਕਿ ਭਗਤ ਜੀ ਦੀ ਪ੍ਰਤਿਭਾ ਵਿੱਚ ਹੋਰ ਵਾਧਾ ਹੋਣਾ ਸੀ।

ਭਗਤ ਸੂਰਦਾਸ ਜੀ ਬਾਰੇ ਵਿਦਵਾਨਾਂ ਦੀਆਂ ਭਾਵੇਂ ਵਖਰੇ ਵਖਰੇ ਰਾਵਾਂ ਹਨ, ਪਰ ਸੂਰਦਾਸ ਜੀ ਦੀ ਪ੍ਰਸਿੱਧ ਕ੍ਰਿਤ ‘ਸੂਰ ਸਾਗਰ’ ਵਿਚੋਂ ਹੇਠ ਲਿਖਿਆ ਪਦ ਸਾਹਮਣੇ ਰੱਖੀਏ ਤਾਂ ਨਿਰਣੈ ਜਨਕ ਗੱਲ ਪ੍ਰਗਟ ਹੁੰਦੀ ਹੈ :

‘ਤਜੋ ਮਨ ਹਰਿ ਬਿਮੁਖਨ ਕੋ ਸੰਗੁ’

‘ਸੂਰ ਸਾਗਰ’ ਦੇ ਪਦਾਂ ਦੀ ਗਿਣਤੀ ਬਾਰੇ ਇਹ ਪ੍ਰਸਿੱਧ ਰਵਾਇਤ ਹੈ ਕਿ ਇਨ੍ਹਾਂ ਦੀ ਗਿਣਤੀ ਸਵਾ ਲੱਖ ਸੀ, ਪਰ ਅੱਜ ਕੱਲ੍ਹ ਕੋਈ 5000 ਮਿਲਦੇ ਹਨ। ‘ਕ੍ਰਿਸ਼ਨ ਲੀਲਾ’ ਸੂਰ ਸਾਗਰ ਦਾ ਮੁਖ ਭਾਗ ਹੈ, ਬਾਕੀ ਬਿਨੈ ਦੇ ਪਦ 223 ਹਨ ਤੇ ਰਾਮਕਥਾ ਦੇ ਪਦਾਂ ਦੀ ਗਿਣਤੀ 156 ਹੈ। ਗੁਰੂ ਸਾਹਿਬ ਨੇ ਗੁਰਮਤਿ ਨਾਲ ਮੇਲ ਦੀ ਇਕ ਪੰਗਤੀ ਨੂੰ ਪ੍ਰਵਾਨ ਕੀਤਾ ਹੈ, ਜੋ ਦਰਜ ਹੋ ਗਿਆ, ਇਸ ਤੇ ਕਿੰਤੂ ਕਰਨਾ ਠੀਕ ਨਹੀਂ। ‘ਤਜੋ ਮਨ ਹਰਿ ਬਿਮੁਖਨ ਕੋ ਸੰਗੁ’ ਅਤੇ ‘ਛਾਡਿ ਮਨ ਹਰਿ ਬਿਮੁਖਨ ਕੋ ਸੰਗੁ’ ਸ਼ਬਦਾਵਲੀ ਵਿਚ ਰੂਪਕ ਅੰਤਰ ਹੈ, ‘ਤਜੋ’ ‘ਛਾਡਿ’ ਦਾ ਫਰਕ ਹੈ। ਹੋ ਸਕਦਾ ਹੈ ਕਿ ਭਗਤ ਜੀ ਨੇ ‘ਛਾਡਿ ਮਨ’ ਪਦ ਹੀ ਵਰਤਿਆ ਹੋਵੇ ਅਤੇ ਹਿੰਦੀ ਭਾਸ਼ਾ ਲਿਖਾਰੀ ਨੇ ਸ਼ੁੱਧੀਕਰਣ ਕਰ ਦਿੱਤਾ ਹੋਵੇ।

‘ਸ੍ਰੀ ਕਰਤਾਰਪੁਰੀ ਬੀੜ ਦੇ ਦਰਸ਼ਨ’ ਪੁਸਤਕ ਦਾ ਉਲੇਖ ਹੈ : ਇਸ ਪੰਨੇ ਤੇ ‘ਛਾਡਿ ਮਨ ਹਰਿ ਬਿਮੁਖਨ ਕੋ ਸੰਗ’ ਇਕੋ ਤੁਕ ਵਖਰੀ ਸਤਰ ਲਿਖੀ ਹੋਈ ਹੈ। ਅਗੇ ਚਾਰ ਸਤਰਾਂ ਦੀ ਥਾਂ ਖਾਲੀ ਹੈ। ਹੜਤਾਲ ਨਹੀਂ ਫੇਰੀ ਹੋਈ। ਉਸ ਤੋਂ ਪਿਛੋਂ ‘ਸਾਰੰਗ ਮਹਲਾ ੫ ਸੂਰਦਾਸ’ ਸ਼ੁਰੂ ਹੁੰਦਾ ਹੈ।

ਛਾਪੇ ਦੀ ਬੀੜ ਵਿੱਚ ਉਪਰੋਕਤ ਤੁਕ ਦੇ ਨਾਲ ਕੋਈ ਪਦਿਆਂ ਜਾਂ ਸ਼ਬਦਾਂ ਦੀ ਗਿਣਤੀ ਦਾ ਅੰਕ ਨਹੀਂ ਦਿੱਤਾ। ਇਸ ਤੋਂ ਪਹਿਲਾਂ ਏਸ ਰਾਗ ਵਿੱਚ ਭਗਤ ਕਬੀਰ ਜੀ ਦੇ ਦੋ ਸ਼ਬਦ ਹਨ। ਨਾਮਦੇਵ ਜੀ ਦੇ ਤਿੰਨ। ਪਰਮਾਨੰਦ ਜੀ ਦਾ ਇੱਕ ਪਦਾ ਦਿੱਤਾ ਗਿਆ ਹੈ। ‘ਸਾਰੰਗ ਮਹਲਾ ੫ ਸੂਰਦਾਸ ॥ ਹਰਿ ਕੇ ਸੰਗ॥’ ਦੇ ਅੰਤ ਵਿੱਚ ਸਾਰੇ ਸ਼ਬਦਾਂ ਦਾ ਜੋੜ-ਅੰਕ ॥8॥ ਦਿੱਤਾ ਹੈ ਭਾਵ ‘ਛਾਡਿ ਮਨ ਹਰਿ ਬਿਮੁਖਨ ਕੋ ਸੰਗੁ ॥’ ਇੱਕੋ ਤੁਕ ਨੂੰ ਸਤਵੇਂ ਸ਼ਬਦ ਵਜੋਂ ਗਿਣਿਆ ਹੋਇਆ ਹੈ। ਇਉਂ ਵੀ ਕਹਿ ਸਕਦੇ ਹਾਂ ਕਿ ਇੱਥੇ ਇੱਕ ਤੁਕ ਨੂੰ ਵੀ ਪੂਰੇ ਸ਼ਬਦ ਦੀ ਥਾਂ ਦਿੱਤੀ ਗਈ ਹੈ। ਸੂਚੀ ਮੁਤਾਬਕ ਸਾਰੰਗ ਭਗਤ ਬਾਣੀ ਦੇ ਅੰਤਲੇ ਸ਼ਬਦ ‘ਸਾਰੰਗ ਮਹਲਾ ੫ ਸੂਰਦਾਸ ॥’ ਦੀ ਥਾਂ ਅੱਗੇ ਲਿਖੀਆਂ ਹੱਥ ਲਿਖਤੀ ਬੀੜਾਂ ਨੰ. 1, 26/55, 29/79, 32/6281, 37/170 ਵਿੱਚ ਸੰਖੇਪ ਮੰਗਲ ਸੱਜੇ ਲਿਖ ਕੇ ਸਿਰਲੇਖ ਇਉਂ ਅੰਕਿਤ ਕੀਤਾ ਮਿਲਦਾ ਹੈ : ‘ਰਾਗੁ ਸਾਰੰਗ ਸੂਰਦਾਸ ॥’ ਬੀੜ ਨੰ. 40/236 ਵਿੱਚ ਸਿਰਲੇਖ ਨੂੰ ਹੋਰ ਸਪਸ਼ਟਤਾ ਸਹਿਤ ਇੰਞ ਲਿਖਿਆ ਹੈ : ‘ਸਾਰੰਗ ਬਾਣੀ ਸੂਰਦਾਸ ਜੀਉ ਕੀ ॥’ ਸੂਚੀ ਪੰ. 662

ਛਾਡਿ ਮਨ ਹਰਿ ਬਿਮੁਖਨ ਕੋ ਸੰਗੁ ॥ ਤੁਕ ਸੰਬੰਧੀ ‘ਪਾਠ-ਭੇਦ ਸੂਚੀ’ ਦੇ ਪੰਨਾ 661-62 ’ਤੇ ਦੋ ਵਿਸ਼ੇਸ਼ ਨੋਟ ਇਸ ਪ੍ਰਕਾਰ ਹਨ :

ਨੋਟ :- (1) ਇਹ ਬੇ ਸਿਰ-ਪੈਰ ਤੁਕ ਅਨੇਕਾਂ ਪੁਰਾਤਨ ਲਿਖਤੀ ਗ੍ਰੰਥਾਂ ਵਿੱਚ ਹੈ ਈ ਨਹੀਂ। ਕਿਸੇ 2 ਵਿੱਚ ਮਗਰੋਂ ਪ੍ਰੇਮੀਆਂ ਪੂਰਾ ਸ਼ਬਦ ਖਾਲੀ ਥਾਂ ਜਾਂ ਹਾਸ਼ੀਏ ’ਤੇ ਲਿਖ ਦਿੱਤਾ ਹੈ। ਐਪਰ ਅਗਾੜੀ ਦੱਸੇ ਗ੍ਰੰਥਾਂ ਵਿੱਚ (ਬੀੜ ਨੂੰ. 7, 8/8, 26/55 35/116) ਮੁਖ ਲਿਖਾਰੀਆਂ ਦੇ ਹੱਥੀਂ ਲਿਖਿਆ ਮਿਲਦਾ ਹੈ। ਪੂਰਾ ਪਾਠ ਇਉਂ ਦਿੱਤਾ ਹੈ :-

ਸਾਰੰਗ ॥ ਛਾਡਿ ਮਨ ਹਰਿ ਬਿਮੁਖਨ ਕੋ ਸੰਗੁ ॥ ਜਾ ਕੈ ਮਿਲੈ ਕਬੁਧਿ ਉਪਜਤ ਪਰਤ ਭਜਨ ਮੋ ਭੰਗੁ ॥੧॥ ਰਹਾਉ ॥ ਕਾਂਗਾ ਕਹਾ ਕਪੂਰ ਚਰਾਵਤ ਸੁਆਨ ਨਵਾਏ ਗੰਗ ॥ ਖਰ ਕਉ ਕਹਾ ਅਗੁਰਜਾ ਲੇਪਨ ਮਰਕਟ ਭੂਕਨ ਅੰਗ ॥੧॥ ਪਤਤ ਪਖਾਨ ਬਾਨ ਨਹੀਂ ਬੇਧੇ ਰੀਤੇ ਭਰੇ ਨਿਖੰਗ ॥ ਸੂਰਦਾਸ ਕਾਰੀ ਕਮਰੀਆ ਚਰਤ ਨ ਦੂਸਰ ਰੰਗ ॥੨॥੨॥ ਬੀੜ ਨੰਬਰ 36/117 ਵਿੱਚ ਰਾਗ ਦੇ ਅੰਤਿ

(2) ਇਸ ਸ਼ਬਦ ਵਿੱਚ ਅਨੇਕਾਂ ਪਾਠ-ਭੇਦ ਤੇ ਵੱਧ ਘੱਟ ਤੁਕਾਂ ਭੀ ਹਨ। ਪੂਰਾ ਤੇ ਸ਼ੁਧ ਪਾਠ ਹਾਲਾਂ ਤੱਕ ਕਿਸੇ ਇਕ ਬੀੜ ਵਿੱਚ ਨਹੀਂ। ਬੀੜ ਨੰ: 7, 8/8, 26/55, 35/116, 39/182, 40/236, ਤੇ 54 ਵਿੱਚ ਰਹਾਉ ਦੀ ਦੂਜੀ ਤੁਕ – ‘ਕਹਾ ਭਏ ਪੈ ਪੀ ਪਿਆਏ ਬਿਖ ਨ ਤਜੈ ਭੁਇਅੰਗੁ ॥’ – ਹੈ, ਪਰ ਇਸ ਵਿੱਚ ਕਈ ਪਾਠ ਫਰਕ ਨਾਲ ਲਿਖੇ ਹਨ। ਜਿਵੇਂ ਕਿ ‘ਪੈ ਪੀ’ ਦੀ ਥਾਂ ‘ਪੀ ਪਾਨ’ ਤੇ ‘ਪੀ ਪਾਇ’ ਆਦਿ।

ਸੋ ਇਹ ਇਕੱਲੀ ਤੁਕ ਰੱਖਣੀ ਠੀਕ ਨਹੀਂ। ਮਿਲੇ ਤਾਂ ਸ਼ੁਧ ਪਾਠ ਵਾਲਾ ਸਾਰਾ ਸ਼ਬਦ ਸ਼ਾਮਲ ਕਰ ਲੈਣਾ ਚਾਹੀਦਾ ਹੈ। ਇਹ ਸ਼ਬਦ ਦਸਵੇਂ ਪਾਤਿਸ਼ਾਹ ਦੇ ਦਰਬਾਰੀ ਲਿਖਾਰੀ ਭਾਈ ਫ਼ਤਹ ਚੰਦ ‘ਬਾਲ ਗੋਬਿੰਦ’ ਦੇ ਲਿਖੇ ‘ਸੂਰ ਸਾਗਰ’ ਵਿੱਚ ਹੈਗਾਇ। ਜਿਸ ਦਾ ਪਾਠ ਇਉਂ ਹੈ :-

ਸਾਰੰਗ ॥ ਛਾਡਿ ਮਨ ਹਰਿ ਬਿਮੁਖਨ ਕੋ ਸੰਗੁ ॥ ਕਹਾ ਭਇਓ ਪੈ ਪਾਨ ਕਰਾਏ ਬਿਖ ਨਹੀਂ ਤਜਤ ਭੁਅੰਗ ॥੧॥ ਰਹਾਉ ॥ ਖਰ ਕਉ ਕਹਾ ਅਗਰਜਾ ਲੇਪਨ ਸੁਆਨ ਨ੍ਹਾ ਗੰਗ ॥ ਕਾਗੇਂ ਕਹਾ ਕਪੂਰ ਚਗਾਏ ਮਰਕਟ ਭੂਖਨ ਅੰਗ ॥੨॥ ਜਿਉ ਪਖਾਣ ਬਾਣ ਨਹੀਂ ਭੇਦਤ ਰੀਤੋ ਤ ਹੋਇ ਨਿਖੰਗ ॥ ਸੂਰਦਾਸ ਜੋ ਕਾਰੀ ਕਾਂਮਰਿ ਚੜ੍ਹੈ ਨ ਦੂਜੋ ਰੰਗ ॥੩॥੭੦੭॥ (‘ਸੂਰ ਸਾਗਰ’ – ਪਤਿ 743/2926/-2, ਸਤ੍ਰ 27 ਤੋਂ 29 ਤੱਕ)

‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ-ਲਿਖਤ ਬੀੜਾਂ ਦੇ ਦਰਸ਼ਨ’ ਪੁਸਤਕ ਦੀ ਅੰਤਿਕਾ ਨੰ. 37 ਵਿੱਚ 29 ਬੀੜਾਂ ਦਾ ਵੇਰਵਾ ਮਿਲਦਾ ਹੈ, ਜਿਨ੍ਹਾਂ ਵਿੱਚ ਉਪਰੋਕਤ ਤੁਕ ਦੀ ਥਾਂ ਦੁਪਦਾ ਦਰਜ ਹੈ। ਜਿਵੇਂ ਬੀੜ ਨੰ. 1, 2, 11, 12, 14, 15, 16, 18, 19, 22, 23, 24, 25, 31 ਤੇ 33 ਆਦਿ।

ਰਾਗਮਾਲਾ ਪ੍ਰਤੀ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਤ ‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਅੰਤ ਵਿਖੇ ‘ਮੁੰਦਾਵਣੀ’ ਬਾਰੇ ਵਿਸ਼ੇਸ਼ ਨੋਟ ਵਿੱਚ ਲਿਖਿਆ ਹੈ ਕਿ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮਾਪਤੀ ਹੈ। ਰਾਗਮਾਲਾ ਦੇ ਕਿਸੇ ਵੀ ਲਫ਼ਜ਼ (ਸ਼ਬਦ) ਦਾ ਅਰਥ ਵੀ ਨਹੀਂ ਕੀਤਾ, ਕਿਉਂਕਿ ਉਹ ਮਹਾਨ ਵਿਦਵਾਨ ਰਾਗਮਾਲਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਭਾਗ ਨਹੀਂ ਸਨ ਮੰਨਦੇ। ‘ਸਿੱਖ ਰਹਿਤ ਮਰਯਾਦਾ’ ਅੰਦਰਲਾ ਪੰਥਕ ਫੈਸਲਾ ਵੀ ਬੜਾ ਸਪਸ਼ਟ ਹੈ। ਇਸ ਲਈ ਉਸ ਬਾਰੇ ਤਾਂ ਇਥੇ ਕੋਈ ਵਿਸ਼ੇਸ਼ ਤੇ ਵਿਸਥਾਰਤ ਵਿਚਾਰ ਕਰਨ ਦੀ ਲੋੜ ਨਹੀਂ ਜਾਪਦੀ। ਜਾਪਦਾ ਹੈ ਕਿ ਉਸ ਪੰਥਕ ਫੈਸਲੇ ਦੀ ਕਦਰ ਕਰਦਿਆਂ ਹੀ ‘ਸਿੱਖ ਬੁੱਕ ਕਲੱਬ’ ਨੇ ਰਾਗਮਾਲਾ ਨੂੰ ਬੀੜ ਦੇ ਅੰਤ ਵਿੱਚ ਪ੍ਰਕਾਸ਼ਤ ਕੀਤਾ ਹੈ। ‘ਸ੍ਰੀ ਕਰਤਾਰਪੁਰੀ ਬੀੜ’ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਲਿਖਤ ਮੰਨੀ ਜਾਂਦੀ ‘ਸੁਨਹਿਰੀ ਬੀੜ’ (ਦਮਦਮੀ ਬੀੜ) ਵਿੱਚ ਵੀ ਰਾਗਮਾਲਾ ਨੂੰ ਮੁੰਦਾਵਣੀ ਨਾਲ ਜੁੜਵੇਂ ਰੂਪ ਵਿੱਚ ਅੰਕਿਤ ਨਹੀਂ ਕੀਤਾ। ਕਰਤਾਰਪੁਰੀ ਬੀੜ ਵਿੱਚ ਲਗਭਗ 1. ½ ਪੰਨਾ ਅਤੇ ਸੁਨਹਿਰੀ ਬੀੜ ਵਿੱਚ ਅੱਧਾ ਪੰਨਾ ਖਾਲੀ ਛੱਡ ਕੇ ਅਗਲੇ ਪੰਨੇ ’ਤੇ ਲਿਖੀ ਹੈ। ਯੂ. ਕੇ ਨਿਵਾਸੀ ਸ੍ਰ. ਹਰਬਖਸ਼ ਸਿੰਘ ਸਰਾਏ ਦੀ ਇੱਕ ਪਤ੍ਰਕਾ ਦੇ ਉੱਤਰ ਵਜੋਂ ਸ਼੍ਰੋਮਣੀ ਕਮੇਟੀ ਦੇ ਮੀਤ ਸਕਤ੍ਰ ਨੇ ਸਿੰਘ ਸਾਹਿਬਾਨ ਸ੍ਰੀ ਦਰਬਾਰ ਸਾਹਿਬ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਲਾਹ ਮੁਤਾਬਕ ਪਤ੍ਰਕਾ ਨੰਬਰ 37221, ਮਿਤੀ 4-49-70 ਨੂੰ ਲਿਖਿਆ :

(1). ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਰਾਗਮਾਲਾ ਨਹੀਂ ਪੜ੍ਹੀ ਜਾਂਦੀ ਤੇ ਨਾ ਹੀ ਰਾਗਮਾਲਾ ਤੇ ਕੋਈ ਮਹਲਾ ਆਦਿ ਹੈਡ ਲੇਖ ਵਜੋਂ ਦਿੱਤਾ ਗਿਆ ਹੈ। ਜਿਸ ਤੋਂ ਨਿਰਨਾ ਹੋ ਸਕੇ ਕਿ ਇਹ ਕਿਸ ਗੁਰੂ ਦੀ ਬਾਣੀ ਹੈ।

(2). ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਉਪ੍ਰੰਤ ਰਾਗ ਮਾਲਾ ਨਾ ਪੜ੍ਹੀ ਜਾਵੇ ਤਾਂ ਗ੍ਰੰਥੀ ਸਿੰਘ ਤਨਖਾਹੀਆ ਨਹੀਂ।

(3). ਆਦਿ ਬੀੜ ਕਰਤਾਰਪੁਰ ਸਾਹਿਬ ਵਾਲੀ ਵਿੱਚ ਰਾਗਮਾਲਾ ਹੈ, ਪਰ ‘ਤੇਰਾ ਕੀਤਾ ਜਾਤੋ ਨਾਹੀ’ ਸ਼ਬਦ ਦੇ ਪਿਛੋਂ ਹੈ। ਦਸਖਤਾਂ ਤੋਂ ਪਿਛੋਂ ਹੈ।

ਪ੍ਰੰਤੂ, ਫਿਰ ਵੀ ਸ਼੍ਰੋਮਣੀ ਕਮੇਟੀ ਦੁਆਰਾ ਸੰਨ 1996 ਵਿੱਚ ਪਾਠ-ਭੇਦਾਂ ਦੀ ਖੋਜ ਤੇ ਨਿਰਣੈ ਸੰਬੰਧੀ ਸਥਾਪਿਤ ਕੀਤੀ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਟੀਮ’ ਦੇ ਪ੍ਰਮੁਖ ਮੈਂਬਰ ਭਾਈ ਜੋਗਿੰਦਰ ਸਿੰਘ ਤਲਵਾੜਾ ਜੀ ਨੇ ਗਿਆਨੀ ਗੁਰਦਿੱਤ ਸਿੰਘ ਜੀ ਦੀ ਰਚਿਤ ‘ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਮੁੰਦਾਵਣੀ’ ਪੁਸਤਕ ਦੀ ਭੂਮਿਕਾ ਵਜੋਂ ਲਿਖੇ ਅਰੰਭਕ ਲੇਖ ‘ਅਸਲੀਅਤ ਦੀ ਨਿਰਣਾਇਕ ਖੋਜ’ ਵਿੱਚ ਪਾਠਕਾਂ ਨਾਲ ਜੋ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ, ਉਸ ਦਾ ਉਲੇਖ ਕਰਨਾ ਲਾਜ਼ਮੀ ਜਾਪਦਾ ਹੈ। ਉਹ ਲਿਖਦੇ ਹਨ : ਗੁਰਦੁਆਰਾ ਐਕਟ (ਸੰਨ 1925) ਦੇ ਹੋਂਦ ਵਿੱਚ ਆਉਣ ਮਗਰੋਂ, ਸ਼੍ਰੋਮਣੀ ਕਮੇਟੀ ਵਲੋਂ ਰਹਿਤ ਮਰਯਾਦਾ ਦਾ ਖਰੜਾ ਛਪਵਾ ਕੇ ਜਦੋਂ ਪਹਿਲੀ ਵਾਰ ਜਾਰੀ ਕੀਤਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ‘ਭੋਗ’ ਸਿਰਲੇਖ ਹੇਠ ਇਸ ਪ੍ਰਕਾਰ ਲਿਖਿਆ ਸੀ :

ਸ੍ਰੀ ਗੁਰੂ ਗ੍ਰੰਥ ਦੇ ਪਾਠਸਾਧਾਰਨ ਜਾਂ ਅਖੰਡਦਾ ਭੋਗ ਮੁੰਦਾਵਣੀ ਉੱਤੇ ਪਾਇਆ ਜਾਵੇ (ਇਸ ਗੱਲ ਬਾਬਤ ਪੰਥ ਵਿੱਚ ਅਜੇ ਤਕ ਮਤ-ਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ)

ਮਗਰੋਂ ਕੁਝ ਸਿਆਸੀ ਪ੍ਰਭਾਵਾਂ ਅਧੀਨ ਇਸ ਵਿੱਚ ਤਰਤੀਮ ਕੀਤੀ ਗਈ। ਪਰ ਇਹ ਅਟੱਲ ਸਚਾਈ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਥਕ ਪ੍ਰਬੰਧ ਹੇਠ ਆਉਣ ਦੇ ਸਮੇਂ ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਾਂ ਦਾ ਭੋਗ ਮੁੰਦਾਵਣੀ ਉੱਤੇ ਪਾਉਣ ਦੀ ਪ੍ਰਥਾ 1978 ਤਕ ਜਾਰੀ ਰਹੀ। ਇਸ ਪ੍ਰਥਾ ਦੀ ਉਲੰਘਣਾ ਵੀ ਕੁਝ ਸਿਆਸੀ ਸੱਜਣਾਂ ਵੱਲੋਂ ਆਪਣੇ ਸਿਆਸੀ ਮੁਫ਼ਾਦ ਅਧੀਨ ਹੀ ਕੀਤੀ ਗਈ।

‘ਭੋਗ’ ਬਾਰੇ ਸਿੱਖ ਰਹਿਤ ਰਹਿਤ ਮਰਯਾਦਾ ਵਿਚਲਾ (ਅਜੋਕਾ) ਪ੍ਰਚਲਿਤ ਨਿਰਣਾ ਇਹ ਹੈ :-

‘ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉੱਤੇ ਜਾਂ ਰਾਗਮਾਲਾ ਪੜ੍ਹ ਕੇ ਚਲਦੀ ਸਥਾਨਿਕ ਰੀਤੀ ਅਨੁਸਾਰ ਹੀ ਪਾਇਆ ਜਾਵੇ।’

ਉਪਰੋਕਤ ਨਿਰਣੇ ਦਾ ਸਪਸ਼ਟ ਭਾਵ ਹੈ ਕਿ ਕੋਈ ਰਾਗਮਾਲਾ ਪੜ੍ਹੇ ਜਾਂ ਨਾ ਪੜ੍ਹੇ, ਇਸ ਬਾਰੇ ਪਰਸਪਰ ਵਿਵਾਦ ਨਾ ਕੀਤਾ ਜਾਵੇ। ਕਾਰਨ ਹੈ ਕਿ ਜਿਹੜੇ ਸੰਪਰਦਾਈ ਵਿਦਵਾਨ ਰਾਗਮਾਲਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਮੰਨਦੇ ਹਨ, ਉਹ ਵੀ ਟੇਢੇ ਢੰਗ ਨਾਲ ਪ੍ਰਵਾਨ ਕਰਦੇ ਹਨ ਕਿ ਰਾਗਮਾਲਾ ‘ਗੁਰਬਾਣੀ’ ਨਹੀਂ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਸਤਿਕਾਰ-ਯੋਗ ਪਿਤਾ ਡਾ. ਚਰਨ ਸਿੰਘ ਦੀ ਲਿਖਤ ਹੈ : ‘ਅੰਗਰੇਜ਼ੀ ਪੜ੍ਹਿਆਂ ਲਈ ਸੌਖੀ ਸਮਝ ਇਹ ਹੈ ਕਿ ਇੰਡੈਕਸ ਤਤਕਰਾ ਹੈ ਅਤੇ ਅੰਪੈਡੈਕਸ ਰਾਗ ਮਾਲਾ ਹੈ। ਜੀਕਰ ਤਤਕਰਾ ਬਾਣੀ ਨਾਲ ਕੋਈ ਸਬੰਧ ਨਹੀਂ ਰੱਖਦਾ, ਪਰੰਤੂ ਤਤਕਰਾ ਹੈ ਇਸੇ ਬਾਣੀ ਦਾ, ਤਿਵੇਂ ਹੀ ਰਾਗਮਾਲਾ ਦਾ ਬਾਣੀ ਨਾਲ ਕੋਈ ਸਬੰਧ ਨਹੀਂ ਰੱਖਦੀ, ਪਰੰਤੂ ਰਾਗਮਾਲਾ ਹੈ ਇਸੇ ਬਾਣੀ ਦੀ।’ ਪੁਸਤਕ : ਬਾਣੀ ਬਿਉਰਾ, ਪੰ. 82

ਇਸ ਪੱਖੋਂ ਜੇ ਹੋਰ ਵੀ ਵਿਸਥਾਰ ਪੂਰਵਕ ਜਾਣਕਾਰੀ ਚਾਹੀਦੀ ਹੋਵੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਰੀਸਰਚ ਸਕਾਲਰ ਰਹੇ ਮਰਹੂਮ ਸ੍ਰ. ਸਮਸ਼ੇਰ ਸਿੰਘ ‘ਅਸ਼ੋਕ’ ਦੁਆਰਾ 1981 ਵਿੱਚ ਸੰਪਾਦਤ ਕੀਤੀ ਪੁਸਤਕ ‘ਰਾਗਾਮਾਲਾ ਨਿਰਣਯ’ ਅਤੇ ਕੇਂਦਰੀ ਸਿੰਘ ਸਭਾ ਦੇ ਜਨਰਲ ਸਕੱਤਰ ਰਹੇ ਮਰਹੂਮ ਗਿਆਨੀ ਗੁਰਦਿੱਤ ਸਿੰਘ ਹੁਰਾਂ ਦੀ ਖੋਜ ਪੁਸਤਕ ‘ਮੁੰਦਾਵਣੀ’ ਪੜ੍ਹੀ ਜਾ ਸਕਦੀ ਹੈ, ਜੋ ਉਪਰੋਕਤ ਸੰਦਰਭ ਤੋਂ ਅਤਿਅੰਤ ਲੋੜੀਂਦਾ ਮੁਸਤਨਿਦ ਦਸਤਾਵੇਜ਼ ਹੈ। ਇਸ ਪੁਸਤਕ ਦੇ ਟਾਈਟਲ ਪੇਜ਼ ’ਤੇ ਬਾਬਾ ਰਾਮਰਾਇ ਵਾਲੀ (ਡੇਰਾਦੂਨ) ਬੀੜ ਦੀ ਹੇਠਾਂ ਅੰਕਿਤ ਉਹ ਫੋਟੋ ਲਗਾਈ ਹੋਈ ਹੈ, ਜਿਸ ਵਿੱਚ ਮੁੰਦਾਵਣੀ ਦੇ ਸ਼ਬਦ ਉਪਰੰਤ ਵਿਸ਼ੇਸ਼ ਨੋਟ ਲਿਖਿਆ ਹੈ : ‘ਏਹੁ ਭੋਗੁ ਸ੍ਰੀ ਆਦ ਗਿਰੰਥ ਜੀ ਹੈ’। ਇਸ ਬੀੜ ਦੀ ਡਿਜ਼ੀਟਲ ਕਾਪੀ ਹੁਣ ਇੰਟਰਨੈਟ ’ਤੇ ਵੀ ਉਪਲਬਧ ਹੈ।

ਬਾਕੀ ਰਹੀ ਗੱਲ ‘ਰਣ ਝੁੰਝਨੜਾ’ ਅਤੇ ‘ਛਾਡਿ ਮਨ’ ਤੁਕਾਂ ਦੀ, ਉਨ੍ਹਾਂ ਬਾਰੇ ਕੁਝ ਵਿਦਵਾਨਾਂ ਦੀ ਐਸੀ ਮਨੌਤ ਯੋਗ ਨਹੀਂ ਜਾਪਦੀ ਕਿ ਕਿਸੇ ਰਚਨਾ ਦੀਆਂ ਇੱਕ ਜਾਂ ਦੋ ਉਹ ਤੁਕਾਂ ਗੁਰੂ ਸਾਹਿਬ ਜੀ ਨੇ ਪ੍ਰਵਾਨ ਕਰ ਲਈਆਂ, ਜਿਹੜੀਆਂ ਗੁਰਮਤਿ ਅਨੁਸਾਰੀ ਸਨ, ਬਾਕੀ ਛੱਡ ਦਿੱਤੀਆਂ । ਕਾਰਨ ਹੈ ਕਿ ਸਤਿਗੁਰਾਂ ਦੀ ਪਰਖ ਕਸਵੱਟੀ ਬਾਣੀਕਾਰ ਦੀ ਸਮੁੱਚੀ ਵਿਚਾਰਧਾਰਾ ਨੂੰ ਪਰਖਦੀ ਸੀ, ਨਾ ਕਿ ਕਿਸੇ ਰਚਨਾ ਦਾ ਕੋਈ ਇੱਕ ਭਾਗ ਜਾਂ ਉਸ ਦੀ ਕਾਵਿਕ ਸ਼ਬਦਾਵਲੀ। ਐਸੀਆਂ ਸੰਦਿਗਧ ਰਚਨਾਵਾਂ ਬਾਰੇ ਇਹ ਸੱਚ ਸਮਝਣ ਦੀ ਵੱਧ ਲੋੜ ਹੈ ਕਿ ਗੁਰਬਾਣੀ ਦੀ ਪਰਖ ਕਸਵੱਟੀ ਬਾਣੀਕਾਰ ਦੀ ਸਮੁੱਚੀ ਵਿਚਾਰਧਾਰਾ ਹੈ, ਨਾ ਕਿ ਉਹਦੀਆਂ ਕੇਵਲ ਇੱਕ ਦੋ ਕਾਵਿਕ-ਤੁਕਾਂ ਦੀ ਸ਼ਬਦਾਵਲੀ ਜਾਂ ਉਨ੍ਹਾਂ ਦਾ ਗੁਰਮਤਿ ਅਨੁਸਾਰੀ ਹੋਣਾ। ਜੇ ਇਹ ਸੂਰਦਾਸ ਓਹੀ ਵੈਸ਼ਨਵ ਭਗਤ ਹੈ, ਜਿਹੜਾ ਸ੍ਰੀ ਕਿਸ਼ਨ ਜੀ ਦਾ ਉਪਾਸ਼ਕ ਸੀ, ਤਾਂ ਉਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰਲੇ ਨਿਰੰਕਾਰ ਦੇ ਉਪਾਸ਼ਕ ਭਗਤਾਂ ਵਾਲਾ ਸਥਾਨ ਮਿਲ ਸਕਣਾ ਅਸੰਭਵ ਹੈ। ‘ਸਿੱਖ ਬੁੱਕ ਕਲਬ’ ਵਾਲੇ ਖਰੜੇ ਵਿੱਚ ਵੀ ਉਪਰੋਕਤ ਰਚਨਾਵਾਂ ਮੌਜੂਦ ਹਨ। ਪੰਥ ਨੂੰ ਇਨ੍ਹਾਂ ਦੇ ਸਾਰੇ ਪੱਖ ਬਹੁਤ ਗੰਭੀਰਤਾ ਸਹਿਤ ਵਿਚਾਰਨ ਦੀ ਲੋੜ ਹੈ।

———–ਚਲਦਾ—————-

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 5)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 6)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 7)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 8)