ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ-1)

0
168

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ-1)

ਪੰਥ ਦੇ ਵਿਚਾਰਨਯੋਗ ਮਸਲੇ ਤੇ ਸਮਾਧਾਨ

ਗਿਆਨੀ ਜਗਤਾਰ ਸਿੰਘ ਜਾਚਕ

ਗੁਰੂ ਕਾਲ ਸਮੇਤ 17ਵੀਂ ਤੇ 18ਵੀਂ ਸਦੀ ਦੀਆਂ ਪ੍ਰਾਪਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪ੍ਰਾਚੀਨ ਹੱਥ-ਲਿਖਤੀ ਬੀੜਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਸੰਨ 1952 ਵਿੱਚ ਛਾਪੀ ਪਾਵਨ ਬੀੜ, ਗੁਰਬਾਣੀ ਵਿਆਕਰਣ ਅਤੇ ਕਾਵਿਕ ਤੋਲ ਦੀ ਦ੍ਰਿਸ਼ਟੀ ਤੋਂ ਸ਼੍ਰੋਮਣੀ ਕਮੇਟੀ ਦੁਆਰਾ ਛਾਪੀ ਜਾ ਰਹੀ ਮੌਜੂਦਾ ਪ੍ਰਚਲਿਤ ਬੀੜ, ਸ਼੍ਰੋਮਣੀ ਕਮੇਟੀ ਦੁਆਰਾ ਸਿੰਘ ਸਾਹਿਬਾਨ ਦੀ ਅਗਵਾਈ ਵਿੱਚ ਪਾਠ-ਭੇਦਾਂ ਦੇ ਨਿਪਟਾਰੇ ਲਈ ਕਰਵਾਏ ਖੋਜ ਕਾਰਜਾਂ ਦੀਆਂ ਜਨਵਰੀ ਸੰਨ 1977 ਤੇ ਸੰਨ 2002 ਦੀਆਂ ਰਿਪੋਰਟਾਂ, ਦਮਦਮੀ ਟਕਸਾਲ ਦੇ ਨਾਂ ਹੇਠ ਛਾਪੀਆਂ ਜਾ ਰਹੀਆਂ ਸੰਥਾ ਪੋਥੀਆਂ, ਸਟੀਕ ਤੇ ਗੁਟਕੇ ਆਦਿਕ ਅਤੇ ਸਿੱਖ ਬੁੱਕ ਕਲੱਬ ਅਮਰੀਕਾ ਦੀ ਐਪ ਰਾਹੀਂ ਪ੍ਰਾਪਤ ਹੋ ਰਹੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਤੇ ਮਰਹੂਮ ਜਥੇਦਾਰ ਗਿ. ਜੋਗਿੰਦਰ ਸਿੰਘ ਵੇਦਾਂਤੀ ਜੀ ਅਤੇ ਭਾਈ ਜੋਗਿੰਦਰ ਸਿੰਘ ਤਲਵਾੜਾ ਦੀ 50 ਸਾਲਾ ਸਾਂਝੀ ਖੋਜ ’ਤੇ ਆਧਾਰਿਤ ਪਾਵਨ ਬੀੜ ਦੇ ਖਰੜੇ ਨੂੰ ਗੰਭੀਰਤਾ ਸਹਿਤ ਵਿਚਾਰਿਆਂ, ਜੋ ਹੁਣ ਸਭ ਤੋਂ ਪਹਿਲਾ, ਵੱਡਾ ਤੇ ਪਚੀਦਾ ਮਸਲਾ ਉਭਰਦਾ ਹੈ, ਉਹ ਹੈ 5000 ਦੇ ਲਗਭਗ ਲਫ਼ਜ਼ੀ, ਪਦ-ਛੇਦਕ, ਸਮਾਸੀ ਅਤੇ ਵਧੇਰੇ ਕਰਕੇ ਲਗਮਾਤ੍ਰੀ ਪਾਠ-ਭੇਦਾਂ ਦਾ ।

ਜਥੇਦਾਰ ਵੇਦਾਂਤੀ ਜੀ ਦੇ ਸਹਿਯੋਗ ਨਾਲ ਸਤੰਬਰ ਸੰਨ 1991 ਵਿੱਚ ਲਿਖੀ ਪੁਸਤਕ ‘ਸ੍ਰੀ ਗੁਰੂ ਗ੍ਰੰਥ ਸਾਹਿਬ ਬੋਧ-ਭਾਗ 1’ ਦੀ ਦੂਜੀ ਐਡੀਸ਼ਨ (1996) ਦੇ ਪੰਨਾ 16 ’ਤੇ ਭਾਈ ਤਲਵਾੜਾ ਜੀ ਲਿਖਦੇ ਹਨ, ‘ਸ਼੍ਰੋ: ਗੁ: ਪ੍ਰ: ਕਮੇਟੀ ਰਾਹੀਂ ਪ੍ਰਕਾਸ਼ਤ ਕੀਤੀਆਂ ਜਾ ਰਹੀਆਂ ਬੀੜਾਂ/ਸੈਂਚੀਆਂ ਅਤੇ ਵਪਾਰੀ-ਪ੍ਰਕਾਸ਼ਕਾਂ ਦੁਆਰਾ ਪ੍ਰਕਾਸ਼ਤ ਕੀਤੀਆਂ ਜਾ ਰਹੀਆਂ ਬੀੜਾਂ/ਸੈਂਚੀਆਂ ਵਿੱਚ; ਅੱਖਰਾਂ ਅਤੇ ਲਗਾਂਮਾਤ੍ਰਾਂ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਫ਼ਰਕ ਦੇਖਣ ਵਿੱਚ ਆ ਰਹੇ ਹਨ। ਇਹ ਸਥਿਤੀ ਚਿੰਤਾਜਨਕ ਹੈ ਅਤੇ ਸਿੱਖ ਸੰਗਤਾਂ ਦੀ ਜ਼ੋਰਦਾਰ ਮੰਗ ਹੈ ਕਿ ਇਸ ਪਾਸੇ ਜ਼ਿਮੇਵਾਰ ਸਿੱਖ ਸੰਸਥਾਵਾਂ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਜਾਵੇ ।’ ਗੁਰਬਾਣੀ ਦੀ ਉਚਾਰਨਕ ਤੇ ਪਦ-ਛੇਦਕ ਸਮਸਿਆ ਨੂੰ ਧਿਆਨ ਵਿੱਚ ਰੱਖ ਕੇ ਉਹ ‘ਸ੍ਰੀ ਗੁਰੂ ਗ੍ਰੰਥ ਸਾਹਿਬ ਬੋਧ- ਭਾਗ ਦੂਜਾ, ਪੰ. 94 ’ਤੇ ਲਿਖਦੇ ਹਨ, ‘ਜਿਹੜੇ ਗੁਰਬਾਣੀ ਦੇ ਸ਼ਬਦ-ਜੋੜਾਂ ਬਾਰੇ ਵਿਚਾਰ ਦਾ ਵਖਰੇਵਾਂ ਹੈ, ਅਜਿਹੇ ਸ਼ਬਦ ਸਮੱਗਰ ਗੁਰਬਾਣੀ ਵਿੱਚ 500 ਤੋਂ ਵਧ ਨਹੀਂ, ਇਨ੍ਹਾਂ ਦੇ ਦਰੁਸਤ ਸ਼ਬਦ-ਜੋੜਾਂ ਬਾਰੇ ਗੁਰਮਤੀ ਵਿਦਵਾਨ ਮੰਡਲੀ ਦੇ ਪਰਸਪਰ ਵਿਚਾਰ-ਵਟਾਂਦਰੇ ਮਗਰੋਂ ਪੰਥਕ ਤੌਰ ’ਤੇ ਨਿਰਣਾ ਲਏ ਜਾਣ ਦੀ ਲੋੜ ਹੈ ।’

ਪਾਵਨ ਬੀੜਾਂ ਦੇ ਪਾਠ-ਭੇਦਾਂ ਦੀ ਹੋਂਦ ਤੇ ਸੁਧਾਈ ਦੀ ਜ਼ਰੂਰਤ ਪੱਖੋਂ ਪ੍ਰਸਿੱਧ ਇਤਿਹਾਸਕਾਰ ਸ੍ਰ. ਕ੍ਰਿਪਾਲ ਸਿੰਘ ਦੀ ਪੁਸਤਕ ‘ਪੰਥਕ ਮਤੇ’ ਮੁਤਾਬਕ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦਾ ਸੰਨ 1952 ਵਾਲਾ ਉਹ ਮਤਾ ਵੀ ਬੜਾ ਮਹੱਤਵ ਪੂਰਨ ਹੈ, ਜਿਸ ਦੁਆਰਾ ਪਾਵਨ ਬੀੜਾਂ ਦੇ ਪ੍ਰਕਾਸ਼ਕ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਗਈ ਸੀ ਕਿ ਉਹ ਅੱਗੇ ਤੋਂ ਪਾਠ ਦੀ ਲਿਖਤ ਇਸ ਮਤੇ ਅਨੁਸਾਰ ਸੋਧਾਂ ਕਰਕੇ ਬੀੜਾਂ ਛਾਪਣ । ਸ਼੍ਰੋਮਣੀ ਕਮੇਟੀ ਵੱਲੋਂ ਜਨਵਰੀ 1977 ਵਿੱਚ ਵੱਖ ਵੱਖ ਬੀੜਾਂ ਦੇ ਵੇਰਵੇ ਸਹਿਤ 4784 ‘ਪਾਠ-ਭੇਦਾਂ ਦੀ ਸੂਚੀ’ ਪ੍ਰਕਾਸ਼ਤ ਹੋਈ ਸੀ । ਇਸ ਖੋਜ ਪੁਸਤਕ ਦਾ ਨਾਂ ਹੈ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੰਥਾ ਪੋਥੀਆਂ ਅਤੇ ਪੁਰਾਤਨ ਹੱਥ-ਲਿਖਤਾਂ ਦੇ ਪਰਸਪਰ ਪਾਠ-ਭੇਦਾਂ ਦੀ ਸੂਚੀ’ । ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਤਤਕਾਲੀ ਹੈਡ-ਗ੍ਰੰਥੀ ਸਿੰਘ ਸਾਹਿਬ ਗਿ. ਕ੍ਰਿਪਾਲ ਸਿੰਘ ਜੀ ਨੇ ਉਸ ਦੀ ਭੂਮਿਕਾ ਵਿੱਚ ਲਿਖਿਆ ਹੈ :

‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਤੀ ਉਕਾਈਆਂ, ਜੋ ਲਿਖਾਰੀਆਂ ਜਾਂ ਛਾਪੇ ਵਾਲਿਆਂ ਦੀ ਅਣਗਹਿਲੀ ਕਾਰਨ ਆ ਗਈਆਂ ਹਨ, ਦੀ ਪਰਖ-ਪੜਤਾਲ ਕੀਤੀ ਜਾਣੀ ਅਤਿ ਜ਼ਰੂਰੀ ਭਾਸਦੀ ਹੈ। ਗੁਰੂ ਕਰਤਾਰ ਤਾਂ ਅਭੁੱਲ ਹੈ, ਪਰ ਲਿਖਾਰੀਆਂ ਕੋਲੋਂ ਏਡੇ ਵੱਡੇ ਅਕਾਰ ਦੇ ਗ੍ਰੰਥ ਦਾ ਉਤਾਰਾ ਕਰਨ ਵਿੱਚ ਉਕਾਈਆਂ ਜ਼ਰੂਰ ਰਹੀਆਂ ਹਨ ਤੇ ਸੋਧ-ਸੁਧਾਈ ਅਜਿਹੀਆਂ ਉਕਾਈਆਂ ਦੀ ਹੀ ਲੁੜੀਂਦੀ ਹੈ’। ਪਾਠ-ਭੇਦ ਸੂਚੀ-ਭੂਮਿਕਾ ਪੰਨਾ (ਸ)

ਜਿਵੇਂ ਛਾਪੇ ਦੀ ਪਾਵਨ ਬੀੜ ਦਾ ਵਾਕ ਹੈ : ‘‘ਦਹ ਦਿਸ ਬੂਡੀ ਪਵਨੁ ਝੁਲਾਵੈ; ਡੋਰਿ ਰਹੀ ਲਿਵ ਲਾਈ ’’ (ਭਗਤ ਕਬੀਰ/੩੩੩) ਇਸ ਵਾਕ ’ਚ ਭਗਤ ਕਬੀਰ ਸਾਹਿਬ ਜੀ ਨੇ ਗੁੱਡੀ (ਗੂਡੀ, ਪਤੰਗ), ਡੋਰ ਤੇ ਹਵਾ ਦੇ ਰੂਪਕ ਅਲੰਕਾਰਾਂ ਨਾਲ਼ ਸਮਝਾਇਆ ਹੈ ਕਿ ਜਿਵੇਂ ਕੋਈ ਵਿਅਕਤੀ ਡੋਰ ਦੇ ਸਹਾਰੇ ਅਕਾਸ਼ ’ਤੇ ਗੁੱਡੀ ਚੜ੍ਹਾਉਂਦਾ ਹੈ ਅਤੇ ਹਵਾ (ਪਵਨੁ) ਗੁੱਡੀ ਨੂੰ ਦਸਾਂ ਦਿਸ਼ਾਵਾਂ ਵਿੱਚ ਝੂਲਾਰਦੀ (ਉਡਾਉਂਦੀ) ਹੈ, ਪਰ ਗੁੱਡੀ ਉਡਾਉਣ ਵਾਲੇ ਦੀ ਸੁਰਤ ਦੀ ਡੋਰ (ਲਿਵ); ਗੁੱਡੀ ਵਿਚ ਲੱਗੀ ਰਹਿੰਦੀ ਹੈ ਤਾਹੀਓਂ ਹਵਾ ਦੇ ਧੱਕਿਆਂ ਕਾਰਨ ਉਹ ਡਿੱਗਦੀ ਨਹੀਂ; ਤਿਵੇਂ ਹੀ ਦੁਨਿਆਵੀ ਕੰਮ-ਕਾਰ ਰੂਪ ਮਾਇਕ ਹਵਾ ਸਾਡੀ ਦੇਹ ਰੂਪ ਗੁੱਡੀ ਨੂੰ ਭਾਵੇਂ ਇਧਰ ਉਧਰ ਦੜੌਂਦੀ ਹੈ ਭਾਵ ਸਰੀਰ ਕਰਕੇ ਕੰਮ-ਕਾਰ ਲਈ ਭਾਵੇਂ ਸਾਨੂੰ ਕਈ ਪਾਸੀਂ ਦੌੜ-ਭੱਜ ਕਰਨੀ ਪੈਂਦੀ ਹੈ, ਪਰ ਸਾਡੀ ਬਿਰਤੀ ਦੀ ਡੋਰੀ; ਰੱਬੀ ਯਾਦ ਵਿੱਚ ਲੱਗੀ ਹੋਣ ਕਰਕੇ ਮਾਇਆ ਸਾਨੂੰ ਪ੍ਰਭਾਵਤ ਨਹੀਂ ਕਰਦੀ।

ਭਗਤ ਬਾਬਾ ਨਾਮਦੇਵ ਜੀ ਨੇ ਵੀ ‘ਮਨੁ ਰਾਮ ਨਾਮਾ ਬੇਧੀਅਲੇ ॥’ (ਭਾਵ ਹੱਥ ਕਾਰ ਵੱਲ ਤੇ ਦਿਲ ਕਰਤਾਰ ਵੱਲ) ਦੀ ਗੱਲ ਸਮਝਾਉਣ ਲਈ ਮਹਾਂਰਾਸ਼ਟਰ ਦੀ ਮਰਹਟੀ ਭਾਸ਼ਾ ਵਿੱਚ ਵੀ ਉਦਾਹਰਨ ਵਜੋਂ ਉਪਰੋਕਤ ਅਲੰਕਾਰ ਹੀ ਵਰਤਿਆ ਹੈ; ਜਿਵੇਂ  ‘‘ਆਨੀਲੇ ਕਾਗਦੁ ਕਾਟੀਲੇ ਗੂਡੀ; ਆਕਾਸ ਮਧੇ ਭਰਮੀਅਲੇ   ਪੰਚ ਜਨਾ ਸਿਉ ਬਾਤ ਬਤਊਆ; ਚੀਤੁ ਸੁ ਡੋਰੀ ਰਾਖੀਅਲੇ ’’ (ਭਗਤ ਨਾਮਦੇਵ/੯੭੨)

ਸੋ ਅਸਲੀਅਤ ਇਹ ਹੈ ਕਿ ਜਿਵੇਂ ਬਾਬਾ ਨਾਮਦੇਵ ਜੀ ਨੇ ਸਪਸ਼ਟ ਤੌਰ ’ਤੇ ਹੇਂਦਵੀ ਲਫ਼ਜ਼ ‘ਗੂਡੀ’ ਵਰਤਿਆ ਹੈ; ਤਿਵੇਂ ਹੀ ਕਾਂਸ਼ੀ ਨਿਵਾਸੀ ਭਗਤ ਕਬੀਰ ਜੀ ਨੇ ਵੀ ਉਪਰੋਕਤ ਵਾਕ ਵਿੱਚ ‘ਗੂਡੀ’ ਲਫ਼ਜ਼ ਵਰਤਿਆ ਹੈ। ਪ੍ਰਸੰਗਕ ਤੌਰ ’ਤੇ ਵੀ ਇਹ ਸਹੀ ਹੈ, ਪਰ ਕਿਸੇ ਲਿਖਾਰੀ ਨੇ ਪੁਰਾਤਨ ਕਾਲ ਦੀ ਗੋਲਾਕਾਰ ਲਿਖਾਈ ਦੇ ‘ਗ’ ਅੱਖਰ ਨੂੰ ਭੁਲੇਖੇ ਨਾਲ ‘ਬ’ ਸਮਝ ਕੇ ‘ਬੂਡੀ’ ਲਿਖ ਦਿੱਤਾ । ਹਿੰਦੀ ਵਿੱਚ ‘ਬੂਡੀ’ ਪਦ ਦਾ ਅਰਥ ਹੈ – ਡੁੱਬੀ ਜਾਂ ਹੇ ਡੁਬੀਏ  ! ਜਿਵੇਂ ਗੁਰਵਾਕ ਹੈ ‘‘ਬੂਡੀਘਰੁ ਘਾਲਿਓ; ਗੁਰ ਕੈ ਭਾਇ ਚਲੋ ’’ (ਮਹਲਾ /੬੮੯) ਇਸ ਸੰਬੋਧਕ ‘ਬੂਡੀ’ ਪਦ ਤੋਂ ਹੀ ਬਹੁਵਚਨ ਕਿਰਿਆ ਬਣੀ ਹੈ – ‘ਬੂਡਤ’; ਜਿਵੇਂ ‘‘ਬੂਡਤ ਘੋਰ ਅੰਧ ਕੂਪ ਮਹਿ; ਨਿਕਸਿਓ ਮੇਰੇ ਭਾਈ ਰੇ ! ਰਹਾਉ ’’ (ਮਹਲਾ /੩੭੭)

ਸ਼੍ਰੋਮਣੀ ਕਮੇਟੀ ਦੀ ‘ਪਾਠ-ਭੇਦ ਸੂਚੀ’ ਦੇ ਖੋਜੀ ਵਿਦਵਾਨਾਂ ਨੇ ‘ਗੂਡੀ’ ਪਦ ਉਪਰੋਕਤ ਸਚਾਈ ਨੂੰ ਸਾਬਤ ਕਰਨ ਲਈ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਅੰਦਰਲੀ ਲਿਖਤ ਪੱਖੋਂ ਸਭ ਤੋਂ ਸ਼ੁਧ ਮੰਨੀ ਗਈ ਸਾਰਨ ਕੇ ਵਾਲੀ 5 ਨੰਬਰ ਬੀੜ ਤੋਂ ਇਲਾਵਾ ਪੁਸਤਕ ਵਿੱਚ 17 ਹੋਰ ਬੀੜਾਂ ਦਾ ਵੇਰਵਾ ਦਿੱਤਾ ਹੈ, ਜੋ ਉਸ ਵੇਲੇ ਲਾਇਬ੍ਰੇਰੀ ਵਿੱਚ ਮੌਜੂਦ ਸਨ; ਜਿਵੇਂ ਬੀੜ ਨੰਬਰ 5, 8/8, 11/4886, 21/34, 24/36, 29/79, 32/6281, 35/116 ਆਦਿ। ਪਾਠ-ਭੇਦ ਸੂਚੀ ਦੇ ਉਸ ਪੰਨੇ ਉਪਰਲਾ ਇਹ ਲਿਖਿਆ ਵਿਸ਼ੇਸ਼ ਨੋਟ ਵੀ ਪੜ੍ਹਨ ਯੋਗ ਹੈ ‘ਦਹ ਦਿਸਿ ਬੂਡੀ ਪਵਨੁ ਝਲਾਵੈ॥’ ਨੋਟ : ‘ਬੂਡੀ’ ਅਸ਼ੁਧ ਪਾਠ ਦਾ ਪਰਚਾਰ, ਅਰਥ ਬੋਧ ਤੋਂ ਅਣਜਾਣ ਤੇ ਖੋਜ-ਪੜਤਾਲ ਤੋਂ ਕੰਨੀ ਕਤਰਾਉਣ ਵਾਲੇ ਸੰਪ੍ਰਦਾਈ ਪਾਠੀਆਂ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਹੋਇਆ ਹੈ। ਟੀਕਾਕਾਰ ਵਿਦਵਾਨਾਂ ਨੇ ਭੀ ਗ਼ਲਤ ਛਪੇ ਪਾਠ ਦੇ ਅਰਥ ਭਾਵੇਂ ‘ਗੁੱਡੀ’ ਹੀ ਕਰ ਦਿੱਤੇ ਹਨ, ਪਰ ਸ਼ੁੱਧ ਪਦ ਖੋਜ-ਲੱਭਣ ਦੀ ਖੇਚਲ ਕਦੀ ਵੀ ਕਿਸੇ ਨਹੀਂ ਕੀਤੀ । ਇਸੇ ਕਰਕੇ, ਇਸ ਸਬੰਧ ਵਿਚ ਬਹੁਤੇ ਪੁਰਾਤਨ ਸੰਚਿਆ ਦੇ ਹਵਾਲੇ ਦੇਣੇ ਜ਼ਰੂਰੀ ਸਮਝੇ ਗਏ ਹਨ । (ਸੂਚੀ ਪੰ. 89)

ਗਿ. ਹਰਿਬੰਸ ਸਿੰਘ ਜੀ ਪਟਿਆਲਾ ‘ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਨਿਰਣੈ ਸਟੀਕ’ ਦੀ ਚੌਥੀ ਪੋਥੀ ਦੇ ਪੰਨਾ 471 ਦੀ ‘ਉਚਾਰਨ ਸੇਧ’ ਵਿੱਚ ਲਿਖਦੇ ਹਨ :

  1. ‘ਪੁਰਾਤਨ ਹਥ-ਲਿਖਤੀ ਸਰੂਪਾਂ ਵਿਚ ‘ਬੂਡੀ’ ਦੀ ਥਾਂ ‘ਗੂਡੀ’ ਪਾਠ ਮਿਲਦਾ ਹੈ, ਜੋ ਪ੍ਰਕਰਣ ਅਨੁਸਾਰ ਠੀਕ ਹੈ, ਪਰ ਇਸ ਨੂੰ ਬਦਲਣ ਦਾ ਅਧਿਕਾਰ ਕਿਸੇ ਇਕ ਵਿਅਕਤੀ ਨੂੰ ਨਹੀਂ ਹੈ। ਲਿਖਾਰੀਆਂ ਜਾਂ ਪ੍ਰੈਸ ਦੀਆਂ ਗ਼ਲਤੀਆਂ ਪੰਥਕ ਪੱਧਰ ’ਤੇ ਸੋਧਣੀਆਂ ਹੀ ਲਾਭਦਾਇਕ ਹੋ ਸਕਦੀਆਂ ਹਨ ।’ ਇੱਥੇ ਸਵਾਲ ਖੜ੍ਹਾ ਹੁੰਦਾ ਹੈ ਕਿ ਜੇ ਸਾਡੀ ਸ਼੍ਰੋਮਣੀ ਪੰਥਕ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਪਿਛਲੇ 70 ਸਾਲ ਤੋਂ ਅਜਿਹੇ ਮਹੱਤਵਪੂਰਨ ਮਸਲੇ ਪ੍ਰਤੀ ਰਾਜਨੀਤਕ ਆਗੂਆਂ ਦੀ ਪਿਛਲੱਗ ਬਣ ਕੇ ਟਾਲ-ਮਟੋਲਾ ਕਰਦੀ ਆ ਰਹੀ ਹੋਵੇ ਤਾਂ ਸ਼ਰਧਾਲੂ ਗੁਰਸਿੱਖ ਅਤੇ ਗੁਰਬਾਣੀ ਦੀ ਸੋਝੀ ਰੱਖਣ ਵਾਲੇ ਵਿਦਵਾਨ ਸੱਜਣ ਹੋਰ ਕਿਹੜਾ ਰਾਹ ਅਖ਼ਤਿਆਰ ਕਰਨ ?

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰਾਚੀਨ ਸਾਹਿਤ ਖੋਜੀ ਪ੍ਰੋ. ਪਿਆਰਾ ਸਿੰਘ ਪਦਮ ਨੇ ਵੀ ‘ਸ੍ਰੀ ਗੁਰੂ ਗ੍ਰੰਥ ਪ੍ਰਕਾਸ਼’ (ਸੰਨ 1977) ਨਾਮੀ ਪੁਸਤਕ ਵਿੱਚ ਉਦਾਹਰਣ ਵਜੋਂ ਪਾਠ-ਭੇਦਾਂ ਦੀ ਇੱਕ ਲੰਮੀ ਲਿਸਟ ਦਿੱਤੀ ਹੈ। ਉਨ੍ਹਾਂ ਇਹ ਵੀ ਲਿਖਿਆ ਕਿ ‘ਪ੍ਰਾਚੀਨ ਬੀੜਾਂ ਦੀ ਉਪਯੋਗਤਾ ਬਾਣੀ ਦੀ ਸੁਧਾਈ ਲਈ ਕਰਨੀ ਯੋਗ ਹੈ ਕਿਉਂਕਿ ਛਾਪੇ ਵਿੱਚ ਬਹੁਤ ਸਾਰੀਆਂ ਉਕਾਈਆਂ ਆ ਰਹੀਆਂ ਹਨ । ਸਿਹਾਰੀ ਔਂਕੜ ਦੀਆਂ (ਵਿਆਕਰਣਿਕ) ਭੁੱਲਾਂ ਤਾਂ ਸੋਚ ਵਿਚਾਰ ਕੇ ਲੱਭਣ ਵਾਲੀਆਂ ਹਨ, ਉਂਜ ਜੋ ਲਫ਼ਜ਼ੀ ਅਦਲਾ-ਬਦਲੀਆਂ ਹੋਈਆਂ, ਉਹ ਵੀ ਸੋਧ ਦੀਆਂ ਮੁਥਾਜ ਹਨ । ਮਿਸਾਲ ਲਈ ਭੱਟ ਦਾ ਨਾਮ ‘ਕਲ੍ਯ’ ਜਾਂ ‘ਕਲਸਹਾਰ’ ਸੀ, ਪਰ ਇਕ ਥਾਂ ਲਿਖਾਰੀ ਦੀ ਉਕਾਈ ਨਾਲ ‘ਕਲ’ ਤੋਂ ‘ਟਲ’ ਬਣ ਗਿਆ, ਹੁਣ ਇਹ ‘ਟਲ’ ਹੀ ਚੱਲ ਰਿਹਾ ਹੈ। (ਜਿਵੇਂ ਪਾਵਨ ਬੀੜ ਦੇ ਪੰਨਾ 1392 ਉੱਤੇ ‘ਸਵਈਏ ਮਹਲੇ ਦੂਜੇ ਕੇ’ ਦੇ ਸਿਰਲੇਖ ਹੇਠ ਤੁਕਾਂਸ਼ ਹੈ : ਸੁ ਕਹੁ ਟਲ ਗੁਰੁ ਸੇਵੀਐ॥) ਲੇਕਿਨ ਤਮਾਮ ਪ੍ਰਾਚੀਨ ਬੀੜਾਂ ਵਿੱਚ (‘ਟਲ’ ਦੀ ਥਾਂ) ਇਹ ਨਾਮ ‘ਕਲ੍ਯ’ ਕਰ ਕੇ ਹੀ ਆਉਂਦਾ ਹੈ।’ (ਸ੍ਰੀ ਗੁਰੂ ਗ੍ਰੰਥ ਪ੍ਰਕਾਸ਼, ਪੰਨਾ 108)

ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਪ੍ਰੋ. ਮਨਜੀਤ ਸਿੰਘ ਦੇ ਆਦੇਸ਼ ਨਾਲ਼ ਸ਼੍ਰੋਮਣੀ ਕਮੇਟੀ ਵੱਲੋਂ ਸੰਨ 1996 ਵਿੱਚ ਅਤੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਦੇ ਆਦੇਸ਼ ਨਾਲ਼ ਸੰਨ 1998 ਵਿੱਚ ਸਥਾਪਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਟੀਮ’ (ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਜਥਾ) ਮੁਤਾਬਕ ਵੀ ਉਪਰੋਕਤ ਸਵਈਏ ਅੰਦਰਲੇ ਭੱਟ ਕਵੀ ਦੇ ਨਾਮ ਵਜੋਂ ‘ਟਲ’ ਦੀ ਥਾਂ ਸ਼ੁਧ ਪਾਠ ‘ਕਲ’ ਹੀ ਮੰਨਿਆ ਗਿਆ ਹੈ। ਇਸ ਟੀਮ ਵਿੱਚ ਮਰਹੂਮ ਜਥੇਦਾਰ ਗਿ. ਜੋਗਿੰਦਰ ਸਿੰਘ ਵੇਦਾਂਤੀ ਜੀ ਤੇ ਭਾਈ ਜੋਗਿੰਦਰ ਸਿੰਘ ‘ਤਲਵਾੜਾ’ ਜੀ ਤੋਂ ਇਲਾਵਾ ਹੋਰ ਚਾਰ ਮੈਂਬਰ ਸਨ ‘ਸਤਿਕਾਰਯੋਗ ਟੀਕਾਕਾਰ ਗਿ. ਹਰਿਬੰਸ ਸਿੰਘ ਪਟਿਆਲਾ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ ਦੇ ਮਰਹੂਮ ਪ੍ਰਿੰਸੀਪਲ ਪ੍ਰਕਾਸ਼ ਸਿੰਘ, ਗੁਰਮਤਿ ਕਾਲਜ ਪਟਿਆਲਾ ਦੇ ਮਰਹੂਮ ਪ੍ਰਿੰਸੀਪਲ ਬਿਕਰਮ ਸਿੰਘ ਤੇ ਗਿ. ਗੁਰਬਚਨ ਸਿੰਘ ਖ਼ਾਲਸਾ ਜੀ ਦੇ ਪੋਤਰੇ ਭਾਈ ਅਵਤਾਰ ਸਿੰਘ ਬਧਨੀ ਕਲਾਂ’। ਸ਼੍ਰੋਮਣੀ ਕਮੇਟੀ ਨੇ ਇਸ ਟੀਮ ਦੇ ਵਿਸ਼ੇਸ਼ ਸਹਾਇਕ ਲਗਾਏ ਸਨ ‘ਸ੍ਰੀ ਦਰਬਾਰ ਸਾਹਿਬ ਦੇ ਅਰਦਾਸੀਏ ਗਿ. ਭਰਪੂਰ ਸਿੰਘ ਜੀ, ਜੋ ਪ੍ਰਾਚੀਨ ਹੱਥ-ਲਿਖਤੀ ਬੀੜਾਂ ਦੇ ਪਾਠ ਬਾਰੇ ਵਿਸ਼ੇਸ਼ ਮੁਹਾਰਤ ਰੱਖਣ ਦੇ ਨਾਲ-ਨਾਲ ਗੁਰਬਾਣੀ ਵਿਆਕਰਣ ਦੇ ਵੀ ਚੰਗੇ ਵਿਦਵਾਨ ਹਨ । ਸਾਡੀ ਖੁਸ਼ ਕਿਸਮਤੀ ਹੈ ਕਿ ਉਪਰੋਕਤ ਟੀਮ ਵਿੱਚੋਂ ਇਹ ਇੱਕ ਖੋਜੀ ਵਿਦਵਾਨ ਹੁਣ ਵੀ ਸਾਡੇ ਵਿੱਚ ਮੌਜੂਦ ਹੈ। ਇਸ ਸਮੇਂ ਉਹ ਕਾਰ-ਸੇਵਾ ਵਾਲੇ ਬਾਬਾ ਸੇਵਾ ਸਿੰਘ ਜੀ ਦੁਆਰਾ ਸ੍ਰੀ ਖਡੂਰ ਸਾਹਿਬ ਵਿਖੇ ਚਲਾਏ ਜਾਂਦੇ ਗੁਰਮਤਿ ਵਿਦਿਆਲੇ ਵਿਖੇ ਗੁਰਬਾਣੀ ਦੀ ਸੰਥਿਆ ਦੇ ਰਿਹਾ ਹੈ’।

ਇਸ ਕਮੇਟੀ ਨੇ ਵੀ ਜਥੇਦਾਰ ਵੇਦਾਂਤੀ ਜੀ ਦੀ ਅਗਵਾਈ ਵਿੱਚ ਪਾਵਨ ਬੀੜ ਦੇ 1106 ਪੰਨਿਆ ਤੱਕ ਦੀ ਪਾਠ-ਭੇਦਾਂ ਬਾਰੇ ਆਪਣੇ ਕੀਮਤੀ ਸੁਝਾਵਾਂ ਸਹਿਤ ਅੰਤ੍ਰਿਮ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਸਉਂਪੀ ਸੀ। ਸ਼ੁਕਰ ਹੈ ਅਕਾਲ ਪੁਰਖ ਜੀ ਦਾ ਕਿ ਇਸ ਕਮੇਟੀ ਦੇ ਚੇਅਰਮੈਨ ਜਥੇਦਾਰ ਵੇਦਾਂਤੀ ਜੀ ਸਨ, ਜਿਸ ਦੀ ਬਦੌਲਤ ਉਸ ਦੀ ਇਕ ਕਾਪੀ ਸਾਡੇ ਪਾਸ ਵੀ ਮੌਜੂਦ ਹੈ। ਉਸ ਵਿੱਚ ਸਪਸ਼ਟ ਲਿਖਿਆ ਹੈ ਕਿ ਪੁਰਾਤਨ ਹੱਥ ਲਿਖਤੀ ਬੀੜਾਂ ਦੀ ਗੱਲ ਤਾਂ ਦੂਰ, ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਤ ਲੜੀਦਾਰ ਤੇ ਪਦ-ਛੇਦ ਪਾਵਨ ਬੀੜਾਂ, ਸ਼ਬਦਾਰਥ ਤੇ ਸੰਥਾ ਸੈਂਚੀਆਂ ਅਤੇ ਗੁਟਕਿਆਂ ਦੀਆਂ ਐਡੀਸ਼ਨਾਂ ਵਿੱਚ ਵੀ ਸਿਰਲੇਖਾਂ, ਅੱਖਰਾਂ, ਲਗ-ਮਾਤ੍ਰਾਂ ਅਤੇ ਸ਼ਬਦਾਂ ਦੇ ਜੋੜ-ਅੰਕਾਂ ਤੇ ਪੈਰ ਚਿੰਨ੍ਹਾਂ ਵਿੱਚ ਪਰਸਪਰ ਭੇਦ ਹਨ। ਇਸ ਖੋਜ ਕਾਰਜ ਦੇ ਦਰਜਨ ਤੋਂ ਵਧੇਰੇ ਰਜਿਸਟਰ ‘ਸਿੱਖ ਰੈਫ਼ਰੈਂਸ ਲਾਇਬ੍ਰੇਰੀ ਸ੍ਰੀ ਅੰਮ੍ਰਿਤਸਰ’ ਦਾ ਸ਼ਿੰਗਾਰ ਬਣੇ ਪਏ ਹਨ। ਖੋਜੀ ਸੱਜਣਾਂ ਨੂੰ ਉਨ੍ਹਾਂ ਦੀ ਕਾਪੀ ਕਰਨ ਦਾ ਵੀ ਕੋਈ ਅਧਿਕਾਰ ਨਹੀਂ ।

ਭਾਈ ਜੋਗਿੰਦਰ ਸਿੰਘ ਤਲਵਾੜਾ ਜੀ ਨੇ ਉਸ ਅੰਤ੍ਰਿਮ ਰਿਪੋਰਟ ਦੇ ਪਹਿਲੇ ਪੰਨੇ ਉੱਤੇ ਆਪਣੇ ਹੱਥ ਨਾਲ ਵਿਸ਼ੇਸ਼ ਨੋਟ ਇੰਞ ਲਿਖਿਆ : ‘ਇਸ ਤੋਂ ਅਗਲਾ ਕਾਰਜ ਸ਼੍ਰੋ. ਗੁ. ਪ੍ਰੰ. ਕਮੇਟੀ ਦਾ ਇਸ ਰਿਪੋਰਟ ਪ੍ਰਤੀ ਪ੍ਰਤੀਕਰਮ ਜਾਣਨ ਮਗਰੋਂ ਹੀ ਅਰੰਭ ਕੀਤਾ ਜਾਵੇਗਾ ।’ ਤਲਵਾੜਾ ਜੀ ਰਿਪੋਰਟ ਪੇਸ਼ ਕਰਨ ਤੋਂ ਦੋ ਸਾਲ ਪਿੱਛੋਂ ਸੰਨ 2004 ਵਿੱਚ ਅਤੇ 19 ਸਾਲ ਪਿੱਛੋਂ ਮਈ, 2021 ’ਚ ਵੇਦਾਂਤੀ ਜੀ; ਦੋਵੇਂ ਵਿਦਵਾਨ ਕੂਕਦੇ ਤੁਰ ਗਏ ਕਿ ਪੰਥ ਪਾਵਨ ਬੀੜ ਦੇ ਪਾਠ-ਭੇਦ ਮੁਕਾ ਕੇ ਇਸ ਪੱਖੋਂ ਇਕਸਾਰਤਾ ਤੇ ਪ੍ਰਮਾਣਿਕਤਾ ਕਾਇਮ ਕਰੋ । ਇਸ ਦਰਮਿਆਨ ਸਤਿਕਾਰਯੋਗ ਪ੍ਰਿੰਸੀਪਲ ਪ੍ਰਕਾਸ਼ ਸਿੰਘ ਅੰਮ੍ਰਿਤਸਰ, ਪ੍ਰਿੰਸੀਪਲ ਬਿਕਰਮ ਸਿੰਘ ਤੇ ਟੀਕਾਕਾਰ ਗਿਆਨੀ ਹਰਿਬੰਸ ਸਿੰਘ ‘ਪਟਿਆਲਾ’ ਵਾਲੇ ਵੀ ਦੁਨੀਆ ਤੋਂ ਕੂਚ ਕਰ ਗਏ, ਪਰ ਅਫ਼ਸੋਸ ਕਿ ਉਨ੍ਹਾਂ ਦੁਆਰਾ 2002 ਵਿੱਚ ਪੇਸ਼ ਕੀਤੀ ਅੰਤ੍ਰਿਮ ਰਿਪੋਰਟ ਸੰਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਹੁਣ ਤੱਕ ਕੋਈ ਪ੍ਰਤੀਕਰਮ ਨਹੀਂ ਆਇਆ। ਅਜਿਹਾ ਪ੍ਰਾਪੇਗੰਡਾ ਬਿਲਕੁਲ ਝੂਠਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਜਨਵਰੀ 1977 ਅਤੇ ਸੰਨ 2002 ਵਾਲੀਆਂ ਪਾਠ-ਭੇਦਾਂ ਦੀਆਂ ਰਿਪੋਰਟਾਂ ਰੱਦ ਕਰ ਦਿੱਤੀਆਂ ਸਨ।

ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਕੇਂਦਰੀ ਸਿੰਘ ਸਭਾ ਸ੍ਰੀ ਅੰਮ੍ਰਿਤਸਰ ਦੁਆਰਾ ਸੰਨ 1974 ਵਿੱਚ ਕਰਵਾਏ ‘ਸ੍ਰੀ ਗੁਰੂ ਗ੍ਰੰਥ ਵਿਚਾਰ ਸੰਮੇਲਨ’ ਮੌਕੇ ਅਤੇ ਫਿਰ 1995 ਵਿੱਚ ਹੋਏ ‘ਵਿਸ਼ਵ ਸਿੱਖ ਸੰਮੇਲਨ’ ਵੇਲੇ ਜਥੇਦਾਰ ਵੇਦਾਂਤੀ ਜੀ ਨੇ ‘ਤੇਜਾ ਸਿੰਘ ਸਮੁੰਦਰੀ ਹਾਲ’ ਵਿਖੇ ਹੋਏ ਵਿਸ਼ੇਸ਼ ਸੈਮੀਨਾਰਾਂ ਵਿੱਚ ਪਾਠ-ਭੇਦਾਂ ਦੀਆਂ ਬਹੁਤ ਸਾਰੀਆਂ ਵੰਨਗੀਆਂ ਦੀ ਸੂਚੀ ਪੜ੍ਹ ਕੇ ਸੁਣਾਈ ਸੀ। ਸੰਨ 1995 ’ਚ ਉਹ ਸ੍ਰੀ ਦਰਬਾਰ ਸਾਹਿਬ ਦੇ ਸਤਿਕਾਰਤ ਗ੍ਰੰਥੀ ਸਨ। ਉਨ੍ਹਾਂ ਦਾ ਮਕਸਦ ਪੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ-ਭੇਦਾਂ ਦੀ ਸੁਧਾਈ ਅਤੇ ਪਾਵਨ ਬੀੜ ਦੀ ਇਕਸਾਰਤਾ ਸਥਾਪਤੀ ਲਈ ਪ੍ਰੇਰਨਾ ਸੀ। ਉਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਸੇਵਾ ਨਿਭਾ ਰਹੇ ਸਨ ਪ੍ਰੋ. ਮਨਜੀਤ ਸਿੰਘ ਜੀ, ਜਿਨ੍ਹਾਂ ਦੀ ਦੇਖ-ਰੇਖ ਵਿੱਚ ਇਹ ਮਹਾਨ ਸੰਮੇਲਨ ਹੋ ਰਿਹਾ ਸੀ। ਦਾਸ (ਜਾਚਕ) ਦੀ ਖੁਸ਼ਕਿਸਮਤੀ ਹੈ ਕਿ ਸੰਨ 1974 ਵਿੱਚ ਮੈਂ ਪ੍ਰਿੰਸੀਪਲ ਹਰਿਭਜਨ ਸਿੰਘ ਜੀ ਦੇ ਨਾਲ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਵਿਦਿਆਰਥੀ ਵਜੋਂ ਅਤੇ ਸੰਨ 1995 ਵਿੱਚ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਵਜੋਂ ਉਪਰੋਕਤ ਸਮਾਗਮਾਂ ਵਿੱਚ ਹਾਜ਼ਰ ਸੀ। ਸੰਨ 1974 ਦੇ ਵਿਚਾਰ ਸੰਮੇਲਨ ਮੌਕੇ ਗਿ. ਵੇਦਾਂਤੀ ਜੀ ਨੇ ਜੋ ਵਿਸ਼ੇਸ਼ ਪਰਚਾ ਪੜ੍ਹਿਆ, ਉਸ ਸੂਚੀ ਪੱਤਰ ਦੀ ਇੱਕ ਫੱਟੀ ਪੁਰਾਣੀ ਫੋਟੋ ਕਾਪੀ ਮੇਰੀ ਨਿਜੀ ਲਾਇਬ੍ਰੇਰੀ ਵਿੱਚ ਮੌਜੂਦ ਹੈ।

ਗੁਰਬਾਣੀ ਦੇ ਰਸੀਏ ਖੋਜੀ ਅਤੇ ਅਖੰਡ ਕੀਰਤਨੀ ਜਥੇ ਦੇ ਪ੍ਰਮੁੱਖ ਵਿਦਵਾਨ ਗਿ. ਜੋਗਿੰਦਰ ਸਿੰਘ ਤਲਵਾੜਾ ਜੀ; ‘ਗੁਰਬਾਣੀ ਦਾ ਸਰਲ ਵਿਆਕਰਣ ਬੋਧ’ ਪੁਸਤਕ ਦੇ ਪਹਿਲੇ ਭਾਗ ਵਿੱਚ ਲਿਖਦੇ ਹਨ ‘ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੂਲਕ-ਅੰਗੀ ਨਾਸਕੀ ਚਿੰਨ੍ਹਾਂ ਦੀ ਵੀ ਵਰਤੋਂ ਮਿਲਦੀ ਹੈ ਅਤੇ ਵਿਆਕਰਣਿਕ ਨਾਸਕੀ ਚਿੰਨਾਂ ਦੀ ਵੀ। ਗੁਰਬਾਣੀ ਦਾ ਪਾਠ ਕਰਦੇ ਸਮੇਂ ਵੇਖਣ ਵਿੱਚ ਆਉਂਦਾ ਹੈ ਕਿ ਛਾਪੇ ਦੀਆਂ ਬੀੜਾਂ ਵਿੱਚ ਓਹੀ ਸ਼ਬਦ ਕਿਧਰੇ ਨਾਸਕੀ-ਚਿੰਨ੍ਹਾਂ ਸਹਿਤ ਮਿਲਦੇ ਹਨ ਅਤੇ ਕਿਧਰੇ ਇਨ੍ਹਾਂ ਤੋਂ ਬਗੈਰ । ਮੂਲਕ-ਅੰਗੀ ਨਾਸਕੀ ਚਿੰਨ੍ਹ ਬਹੁਤ ਹੱਦ ਤਕ ਲੱਗੇ ਹੋਏ ਹਨ; ਬਾਕੀ ਸੰਭਵ ਹੈ ਕਿ ਛਾਪੇ ਦੀ ਉਕਾਈ ਕਾਰਨ ਲੱਗਣੋ ਰਹੇ ਹੋਣ । ਇਸ ਪੱਖ ਵੱਲ ਪੰਥਕ ਪੱਧਰ ’ਤੇ ਧਿਆਨ ਦੇ ਕੇ ਪੁਰਾਤਨ ਪ੍ਰਮਾਣਿਕ ਮੂਲ-ਬੀੜਾਂ ਤੋਂ ਅਗਵਾਈ ਲਏ ਜਾਣ ਦੀ ਲੋੜ ਭਾਸਦੀ ਹੈ।’ (ਪੰਨਾ 45)

ਕੇਂਦਰੀ ਸਿੰਘ ਸਭਾ ਦੇ ਜਨਰਲ ਸਕੱਤਰ ਤੇ ਸਿੰਘ ਸਭਾ ਪਤ੍ਰਕਾ ਦੇ ਸੁਘੜ ਐਡੀਟਰ ਗਿਆਨੀ ਗੁਰਦਿੱਤ ਸਿੰਘ ਜੀ ਹੁਰਾਂ ਨੇ ਵੀ ਦਸੰਬਰ 1978 ਦੀ ਮਾਸਿਕ ਪਤ੍ਰਕਾ ਵਿੱਚ ਉਪਰੋਕਤ ਸੱਚ ਦੀ ਗਵਾਹੀ ਭਰਦਿਆਂ ਪੰਥਕ ਆਗੂਆਂ ਨੂੰ ਇਉਂ ਸਲਾਹ ਦਿੱਤੀ ਸੀ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਧਿਐਨ ਲਈ ਪਹਿਲੀ ਤੇ ਬੁਨਿਆਦੀ ਗੱਲ ਸ਼ੁਧ ਪਠਨ-ਪਾਠ ਅਤੇ ਪ੍ਰਾਚੀਨ ਹੱਥ-ਲਿਖਤੀ ਬੀੜਾਂ ਦੇ ਆਧਾਰ ਉੱਤੇ ਬਾਣੀ ਦੇ ਠੀਕ ਭਾਵਾਂ ਤੱਕ ਪੁੱਜਣ ਦੀ ਹੈ। ਇਸ ਲਈ ਪਿਛਲੇ ਵੀਹ ਪੰਝੀ ਸਾਲਾਂ ਤੋਂ ਬੀੜਾਂ ਅਤੇ ਪ੍ਰਾਚੀਨ ਪੋਥੀਆਂ ਦੀ ਖੋਜ ਪੜਤਾਲ ਦਾਸ ਨੇ ਕੀਤੀ ਹੈ, ਜਿਸ ਤੋਂ ਬਹੁਤ ਕੁਝ ਉਹ ਪ੍ਰਗਟ ਹੁੰਦਾ ਹੈ, ਜਿਸ ਨੂੰ ਅਸੀਂ ਜਾਣਦੇ ਨਹੀਂ। ਪ੍ਰਗਟ ਹੋਣ ’ਤੇ ਅਜਨਬੀ ਲੱਗੇਗਾ। ਚਾਰ ਪੰਜ ਸਾਲ ਤੋਂ ਛਪੀਆਂ ਅਣਛਪੀਆਂ ਬੀੜਾਂ ਦੇ ਪਾਠ ਭੇਦ, ਸ਼ੁਧ ਅਸ਼ੁਧ ਪਦ-ਜੋੜਾਂ ਬਾਰੇ ਲਗਾਂ ਮਾਤਰਾਂ ਦਾ ਨਿਰਣਯ, ਸਿਦਕਵਾਨ ਭਾਈ ਜੋਗਿੰਦਰ ਸਿੰਘ (ਤਲਵਾੜਾ) ਜੀ ਕੁਝ ਸਾਥੀਆਂ ਸਮੇਤ ਮਿਲ ਕੇ ਕਰ ਰਹੇ ਹਨ। ਗੁਰਬਾਣੀ ਦੇ ਹੋਰ ਵਿਦਵਾਨ ਗੁਰਮੁਖਾਂ ਨਾਲ ਵੀ ਸਮੇਂ ਸਮੇਂ ਵਿਚਾਰਾਂ ਹੁੰਦੀਆਂ ਰਹੀਆਂ ਹਨ। ਮੁੱਢਲਾ ਲਕਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਧ ਪਾਠ ਨਿਰਧਾਰਿਤ ਕੀਤੇ ਜਾਣ ਦਾ ਹੈ, ਜਿਸ ਦੇ ਸੂਖਮ ਉਚਾਰਨਾਂ, ਪਾਠ ਭੇਦਾਂ ਦਾ ਵੱਧ ਤੋਂ ਵੱਧ ਵਿਦਵਾਨਾਂ ਦੇ ਮੇਲ ਨਾਲ ਨਿਰਣਾ ਹੋਵੇ।’

ਸ਼੍ਰੋਮਣੀ ਕਮੇਟੀ ਦੁਆਰਾ ਜਨਵਰੀ 1977 ਵਿੱਚ ਪ੍ਰਕਾਸ਼ਤ ਕੀਤੀ ‘ਪਾਠ-ਭੇਦ ਸੂਚੀ’ ਦੇ ਵਿਦਵਾਨਾਂ ਨੇ ਕਮੇਟੀ ਵੱਲੋਂ ਛਾਪੀਆਂ ਜਿਹੜੀਆਂ ਸੰਥਾ ਸੈਂਚੀਆਂ ਦੇ ਪਾਠ ਨੂੰ ਮੂਲ ਆਧਾਰ ਮੰਨ ਕੇ ਅਤੇ ਪ੍ਰਾਚੀਨ ਹੱਥ ਲਿਖਤੀ ਬੀੜਾਂ ਵਿੱਚੋਂ ਖੋਜ ਕੇ 5000 ਦੇ ਲਗਭਗ ਪਾਠ-ਭੇਦ ਲੱਭੇ ਅਤੇ ਕਮੇਟੀ ਨੂੰ ਸੁਧਾਈ ਲਈ ਦੱਸੇ ਸਨ, ਉਨ੍ਹਾਂ ਸੰਥਾ ਸੈਂਚੀਆਂ ਬਾਬਤ ਇੱਕ ਵਿਸ਼ੇਸ਼ ਨੋਟ ਇੰਞ ਲਿਖਿਆ ਹੈ :

ਨੋਟ : ਸੰਚੀਆਂ ਵਿੱਚ ਸਬਦਾਂਤਿਕ ਲਗਾਂ-ਮਾਤ੍ਰਾਂ ਦਾ ਬਹੁਤ ਘੱਟ ਖਿਆਲ ਰੱਖਿਆ ਗਿਆ ਹੈ। ਹਾਲਾਂ ਕਿ ਗੁਰਬਾਣੀ ਵਿੱਚ ਲਗ-ਮਾਤ੍ਰ (ਸਿਹਾਰੀ ਤੇ ਅਉਂਕੜ ਆਦਿ) ਵੀ ਸਾਰਥਕ ਹਨ, ਤੇ ਇਨ੍ਹਾਂ ਤੋਂ ਬਿਨਾਂ ਅਰਥਾਂ ਵਿੱਚ ਬਹੁਤ ਫਰਕ ਤੇ ਝਮੇਲਾ ਪੈ ਜਾਂਦਾ ਹੈ। ਇਹ ਘਾਟ, ਲਿਖਾਰੀਆਂ ਤੇ ਪ੍ਰਕਾਸ਼ਕਾਂ ਦੇ ਅਰਥ-ਬੋਧ ਅਗਿਆਨ ਦੀ ਸੂਚਕ ਹੈ। ਅਸਾਂ ਇਸ ਘਾਟ ਨੂੰ ਪੂਰਿਆਂ ਕਰਨ ਦਾ ਵਿਤੁ-ਅਨੁਸਾਰ ਜਤਨ ਕੀਤਾ ਹੈ। ਪੁਰਾਤਨ ਲਿਖਤਾਂ ਦੇ ਹਵਾਲੇ ਵੀ ਕਾਫੀ ਦਿੱਤੇ ਹਨ। (ਪਾਠ ਭੇਦ ਸੂਚੀ-ਪੰ. 17)

ਜਿਵੇਂ ਸੰਥਾ ਸੈਂਚੀਆਂ ਦੇ ਛਾਪੇ ਦਾ ਮੂਲ ਪਾਠ ਸੀ  ‘‘ਪੂਰੋ ਪੂਰੋ ਆਖੀਐ; ਪੂਰੈ ਤਖਤਿ ਨਿਵਾਸ ’’ (ਮਹਲਾ /੧੭) ਵਿਦਵਾਨ ਸੱਜਣਾਂ ਦੀ ਦ੍ਰਿਸ਼ਟੀ ਵਿੱਚ ‘ਨਿਵਾਸ’ ਪਾਠ ਅਸ਼ੁਧ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ 57 ਵਾਰ ਇੱਕ ਵਚਨ ਸਧਾਰਨ ਨਾਂਵ ਵਜੋਂ ‘ਨਿਵਾਸੁ’ ਪਦ ਅੰਤ ਔਂਕੜ ਸਹਿਤ ਵਰਤਿਆ ਮਿਲਦਾ ਹੈ। ਉਨ੍ਹਾਂ ਦੀ ਖੋਜ ਮੁਤਾਬਕ 5, 32/6281 ਅਤੇ 40/236 ਨੰਬਰ ਹੱਥ ਲਿਖਤ ਬੀੜਾਂ ‘ਨਿਵਾਸੁ’ ਪਾਠ ਦੀ ਪ੍ਰੋੜਤਾ ਕਰਦੀਆਂ ਹਨ ਕਿਉਂਕਿ ਉਪਰੋਕਤ ਬੀੜਾਂ ਵਿੱਚ ਅੰਤਕ ਔਂਕੜ ਲਿਖਿਆ ਹੈ।

ਛਾਪੇ ਦੀ ਮੌਜੂਦਾ ਬੀੜ ਵਿੱਚ ਜਪੁ-ਜੀ ਅੰਦਰ 5 ਵਾਰ ਕਨੌੜੇ ਦੀ ਵਰਤੋਂ ਮਿਲਦੀ ਹੈ। ਸ਼੍ਰੋਮਣੀ ਕਮੇਟੀ ਦੁਆਰਾ ਪ੍ਰਕਾਸ਼ਤ ‘ਪਾਠ-ਭੇਦ ਸੂਚੀ’ ਅਨੁਸਾਰ ਪੁਰਾਤਨ ਹੱਥ ਲਿਖਤੀ ਬੀੜਾਂ ਮੁਤਾਬਕ ਚਉਥੀ ਪਉੜੀ ’ਚ (ਮੁਹੌ), 21ਵੀਂ (ਆਪੌ) ਤੇ 32ਵੀਂ ਪਉੜੀ ’ਚ (ਜੀਭੌ) ਵਿੱਚ ਹੋੜੇ ਤੋਂ ਪਹਿਲਾਂ ਬਿੰਦੀ ਸੀ, ਜੋ ਪੁਰਾਤਨ ਹੱਥ-ਲਿਖਤੀ ਬੀੜਾਂ ਦੀ ਲਿਖਣ ਸ਼ੈਲੀ ਤੋਂ ਨਾਵਾਕਫ਼ ਪ੍ਰਕਾਸ਼ਕਾਂ ਨੇ ਭੁਲੇਖੇ ਨਾਲ ਕਨੌੜਾ ਬਣਾ ਦਿੱਤਾ। ਗੁਰਬਾਣੀ ਵਿਆਕਰਣ ਅਨੁਸਾਰ ‘ਮੁਹੋਂ’ ਲਫ਼ਜ਼ ਅਪਾਦਾਨ ਕਾਰਕ ਨਾਂਵ ਹੈ, ਇਸ ਲਈ ਅੰਤ ਹੋੜਾ ਤੇ ਬਿੰਦੀ ਲੋੜੀਂਦੀ ਹੈ। ਪ੍ਰੋ. ਹਰਜਿੰਦਰ ਸਿੰਘ ਘਰਸਾਣਾ ਵੀ ਇਹੀ ਸ਼ੁਧ ਰੂਪ ਮੰਨਦੇ ਹਨ। ‘ਸ੍ਰੀ ਗੁਰੂ ਗ੍ਰੰਥ ਸਾਹਿਬ ਨਿਰਣੈ ਸਟੀਕ’ ਦੀਆਂ ਉਚਾਰਨ ਸੇਧਾਂ ਵਿੱਚ ਸ਼ੁਧ ਉਚਾਰਨ ‘ਮੁਹੋਂ’ ਹੀ ਮੰਨਿਆ ਹੈ। ਇਸੇ ਤਰ੍ਹਾਂ ‘ਪਾਠ ਭੇਦ ਸੂਚੀ’ ਮੁਤਾਬਕ 16ਵੀਂ ਪਉੜੀ ਦੇ ‘ਧੌਲੁ ਧਰਮੁ॥’ ਅਤੇ ‘ਜਾਣੈ ਕੌਣੁ ਕੂਤੁ ॥’ ਤੁਕਾਂਸ਼ਾਂ ਵਿਚਲੇ ‘ਧੌਲੁ’ ਤੇ ‘ਕੌਣੁ’ ਲਫ਼ਜ਼ਾਂ ਨੂੰ ਪੁਰਾਤਨ ਹੱਥ-ਲਿਖਤ ਬੀੜਾਂ ਵਿੱਚ ‘ਧਉਲੁ’ ਤੇ ‘ਕਉਣੁ’ ਲਿਖਿਆ ਮਿਲਦਾ ਹੈ ਕਿਉਂਕਿ ਉਸ ਸਮੇਂ ਕਨੌੜੇ ਦੀ ਵਰਤੋਂ ਬਹੁਤ ਘੱਟ ਹੁੰਦੀ ਸੀ। ਇਹੀ ਗੁਰਮੁਖੀ ਲਿਖਤ ਦੀ ਪੁਰਾਤਨਤਾ ਦਾ ਪ੍ਰਮਾਣ ਹੈ। ਜਪੁ ਜੀ ਤੋਂ ਇਲਾਵਾ ਸਮੱਗਰ ਗੁਰਬਾਣੀ ਵਿੱਚ ‘ਧੌਲ’ ਤੇ ‘ਕੌਣ’ ਲਫ਼ਜ਼ ਨਹੀਂ ਮਿਲਦੇ। ‘ਸ੍ਰੀ ਗੁਰੂ ਗ੍ਰੰਥ ਸਾਹਿਬ ਨਿਰਣੈ ਸਟੀਕ’ ਦੇ ਪੰਨਾ 130 ’ਤੇ ਗਿਆਨੀ ਹਰਬੰਸ ਸਿੰਘ ਪਟਿਆਲਾ ਲਿਖਦੇ ਹਨ ‘ਗੁਰਬਾਣੀ ਵਿੱਚ ਕਉਣ, ਕਉਣੁ, ਕਉਨ, ਕਵਣ, ਕਵਨ, ਕਵਨੁ, ਸਰੂਪਾਂ ਦੀ ਵਰਤੋਂ ਆਮ ਮਿਲਦੀ ਹੈ। ਪੁਰਾਤਨ ਬੀੜਾਂ ਵਿੱਚ ਇਸ ਪੰਕਤੀ ਦਾ ‘ਕਉਣੁ’ ਸਰੂਪ ਉਪਲਬਧ ਹੈ।

ਜਥੇਦਾਰ ਵੇਦਾਂਤੀ ਜੀ ਦੁਆਰਾ ਸੋਧੇ ਅਤੇ ‘ਸਿੱਖ ਬੁੱਕ ਕਲੱਬ ਅਮਰੀਕਾ’ ਦੁਆਰਾ ਆਪਣੀ ਵੈਬਸਾਈਟ ਰਾਹੀਂ ਪੰਥਕ ਵਿਚਾਰ ਹਿੱਤ ਪ੍ਰਕਾਸ਼ਤ ਕੀਤੇ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੀ ਪਾਵਨ ਬੀੜ ਦੇ ਖਰੜੇ ਨੂੰ ਦਾਸ (ਜਾਚਕ) ਨੇ ਬਹੁਤ ਗੰਭੀਰਤਾ ਸਹਿਤ ਵਿਚਾਰਿਆ ਹੈ। ਉਸ ਦੇ ਪਾਠ-ਦਰਸ਼ਨ ਉਪਰੰਤ ਦਾਸ ਨੂੰ ਤਾਂ ਵੇਦਾਂਤੀ ਜੀ ਦੇ ਸੋਧੇ ਹੋਏ ਵਧੇਰੇ ਪਾਠਾਂਤਰ ਓਹੀ ਜਾਪੇ ਹਨ, ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬਾਨ ਦੀ ਅਗਵਾਈ ਵਿੱਚ ਸਥਾਪਿਤ ਕਮੇਟੀਆਂ (ਸੰਨ 1977 ਤੇ 1996) ਦੇ ਖੋਜੀ ਵਿਦਵਾਨਾਂ, ਸਿੰਘ ਸਾਹਿਬਾਨਾਂ, ਟੀਕਾਕਾਰਾਂ, ਸਿੱਖ ਮਿਸ਼ਨਰੀ ਸੰਸਥਾਵਾਂ ਦੇ ਸਤਿਕਾਰਤ ਅਧਿਆਪਕਾਂ ਅਤੇ ਗੁਰਬਾਣੀ ਦੇ ਕਈ ਹੋਰ ਸੂਝਵਾਨ ਤੇ ਰਸੀਏ ਸੱਜਣਾਂ ਨੇ ਗੁਰਬਾਣੀ ਦੀ ਨਿਯਮਾਵਲੀ ਤੇ ਗੁਰਮਤਿ ਸਿਧਾਂਤਾਂ ਦੀ ਰੌਸ਼ਨੀ ਵਿੱਚ ਸ਼ੁਧ ਮੰਨਿਆ ਹੈ। ਇਸ ਖੋਜ-ਖਰੜੇ ਦੀ ਸੋਧ-ਸੁਧਾਈ ਨੂੰ ਧਿਆਨ ਪੂਰਵਕ ਵਾਚਦਿਆਂ ਸਹਿਜੇ ਹੀ ਸਪਸ਼ਟ ਹੁੰਦਾ ਹੈ ਕਿ ਜਥੇਦਾਰ ਵੇਦਾਂਤੀ ਜੀ ਦੀ ਟੀਮ ਦੁਆਰਾ ਟਕਸਾਲ ਭਿੰਡਰਾਂ ਦੇ ਸਤਿਕਾਰਯੋਗ ਮੁਖੀ ਗਿਆਨੀ ਗੁਰਬਚਨ ਸਿੰਘ ‘ਖ਼ਾਲਸਾ’ ਜੀ ਦੀ ‘ਗੁਰਬਾਣੀ ਪਾਠ ਦਰਸ਼ਨ’ ਨਾਂ ਦੀ ਪੁਸਤਕ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਹੈ। ਕਾਰਨ ਹੈ ਕਿ ਉਸ ਪੁਸਤਕ ਵਿੱਚ ਸ੍ਰੀ ਕਰਤਾਰਪੁਰੀ ਤੇ ਦਮਦਮੀ ਬੀੜ ਅੰਦਰਲੇ ਤਕਰੀਬਨ 1500 ਪਾਠਾਂਤ੍ਰਾਂ ਦਾ ਜ਼ਿਕਰ ਹੈ ਭਾਵੇਂ ਕਿ ਉਨ੍ਹਾਂ ’ਚੋਂ ਵਰਣਨ ਸੂਚੀ ਕੇਵਲ 86 ਪਾਠਾਂ ਦੀ ਹੀ ਲਿਖੀ ਗਈ ਹੈ।

ਜਥੇਦਾਰ ਵੇਦਾਂਤੀ ਜੀ ਨੇ ਸੰਨ 1974 ’ਚ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਏ ‘ਸ੍ਰੀ ਗੁਰੂ ਗ੍ਰੰਥ ਵਿਚਾਰ ਸੰਮੇਲਨ’ ਮੌਕੇ ਪ੍ਰਿੰਸੀਪਲ ਹਰਿਭਜਨ ਸਿੰਘ ਜੀ ਦੇ ਇੱਕ ਪ੍ਰਸ਼ਨ ਦੇ ਉੱਤਰ ਵਿੱਚ ਜਾਣਕਾਰੀ ਦਿੱਤੀ ਸੀ ਕਿ ‘ਗੁਰਬਾਣੀ ਪਾਠ ਦਰਸ਼ਨ’ ਪੁਸਤਕ ਵਾਲੇ ਉਪਰੋਕਤ ਪਾਠਾਂਤ੍ਰ ਦੋਹਾਂ ਬੀੜਾਂ ਦੇ ਮਿਲਾਨ ਤੋਂ ਨਹੀਂ ਸਨ ਉਪਜੇ, ਉਹ ਪਾਠਾਂਤ੍ਰ ਲਗਭਗ ਓਹੀ ਹਨ, ਜਿਹੜੇ ਸ਼੍ਰੋਮਣੀ ਕਮੇਟੀ ਦੁਆਰਾ ਸੰਨ 1952 ਵਿੱਚ ਛਾਪੀ ਬੀੜ ਰਾਹੀਂ ਉਭਰੇ। ਲਗਮਾਤ੍ਰੀ ਪਾਠਾਂਤ੍ਰ 733 ਤਾਂ ਉਹੀ ਬਣਦੇ ਹਨ, ਜੋ ਕਮੇਟੀ ਦੇ ਵਿਦਵਾਨਾਂ ਦੀ ਟੀਮ ਨੇ ਪਾਵਨ ਬੀੜ ਦੀ ਛਪਾਈ ਮੌਕੇ ਸੋਧੇ।  ਕੁੱਲ ਮੰਗਲਾਚਰਨ ਸਨ 567, ਜਿਨ੍ਹਾਂ ਚੋਂ 74 ਮੰਗਲ ਪਹਿਲਾਂ ਹੀ ਸਿਰਲੇਖਾਂ ਤੋਂ ਪਹਿਲੇ (ਭਾਵ ਆਦਿ ਵਿੱਚ) ਆਪਣੀ ਸਹੀ ਥਾਂ ਛਪ ਰਹੇ ਸਨ। ਬਾਕੀ ਦੇ 493 ਮੰਗਲ ਸਨ, ਜਿਹੜੇ ਸ਼੍ਰੋਮਣੀ ਕਮੇਟੀ ਦੀ ਵਿਦਵਾਨ ਮੰਡਲੀ ਨੇ ਹਰੇਕ ਥਾਂ ਸ਼ਬਦਾਂ ਦੇ ਸਿਰਲੇਖਾਂ ਤੋਂ ਪਹਿਲਾਂ (ਆਦਿ ਵਿੱਚ) ਕਰਕੇ ਛਾਪੇ । ਗੁਰਬਾਣੀ ਉਚਾਰਨ ਨਾਲ ਸੰਬੰਧਿਤ 250 ਦੇ ਲਗਭਗ ਉਹ ਪਦ-ਛੇਦਕ ਪਾਠਾਂਤ੍ਰ ਹਨ, ਜਿਨ੍ਹਾਂ ਦਾ ਵੇਰਵਾ ‘ਗੁਰਬਾਣੀ ਪਾਠ ਦਰਸ਼ਨ’ ਵਿੱਚੋਂ ਹੁਣ ਵੀ ਪੜ੍ਹਿਆ ਜਾ ਸਕਦਾ ਹੈ। ਇਸ ਪ੍ਰਕਾਰ ਅਜਿਹੇ ਪਾਠ-ਭੇਦਾਂ ਦੀ ਕੁੱਲ ਗਿਣਤੀ ਤਾਂ ਭਾਵੇਂ 1476 ਬਣਦੀ ਹੈ, ਪਰ ਕੁਝ ਵਾਧਾ-ਘਾਟਾ ਹੋਣ ਦੀ ਸੰਭਾਵਨਾ ਕਰਕੇ ਖ਼ਾਲਸਾ ਜੀ ਨੇ ‘ਗੁਰਬਾਣੀ ਪਾਠ ਦਰਸ਼ਨ’ ਵਿੱਚ ਤਕਰੀਬਨ 1500 ਲਿਖਵਾ ਦਿੱਤੇ।

ਇਸ ਮੌਕੇ ਕਿਸੇ ਹਾਜ਼ਰੀਨ ਸ੍ਰੋਤੇ ਦੇ ਮੂੰਹੋਂ ਸੁਭਾਵਕ ਸੁਆਲ ਖੜ੍ਹਾ ਹੋਇਆ ਕਿ ਪਾਠ-ਭੇਦਾਂ ਸੰਬੰਧੀ ਬਾਬਾ ਜੀ ਦਾ ਅਜਿਹਾ ਵਰਣਨ,  ਕੀ ਸ਼੍ਰੋਮਣੀ ਕਮੇਟੀ ਦੁਆਰਾ ਛਾਪੀ ਬੀੜ ਸੰਬੰਧੀ ਕੇਵਲ ਦੁਬਿਧਾ ਪੈਦਾ ਕਰਨ ਦਾ ਹੀ ਇੱਕ ਯਤਨ ਸੀ  ? ਗਿ. ਵੇਦਾਂਤੀ ਜੀ ਦਾ ਉੱਤਰ ਸੀ ‘ਇਸ ਬਾਰੇ ਤਾਂ ਮੈਂ ਕੁਝ ਨਹੀਂ ਕਹਿ ਸਕਦਾ, ਪਰ ਹੁਣ ਮਹਿਸੂਸ ਜ਼ਰੂਰ ਹੁੰਦਾ ਹੈ ਕਿ ਜੇ ਸੰਨ 1952 ਵਿੱਚ ਸ਼੍ਰੋਮਣੀ ਕਮੇਟੀ ਦੀ ਛਾਪੀ ਬੀੜ ਨੂੰ ਪੰਥਕ ਪੱਧਰ ’ਤੇ ਪ੍ਰਵਾਨ ਕਰ ਲਿਆ ਜਾਂਦਾ ਤਾਂ ਹੋ ਸਕਦਾ ਹੈ ਕਿ ਪਾਠ-ਭੇਦਾਂ ਦਾ ਹੁਣ ਵਾਲਾ ਖਿਲਾਰਾ ਨਾ ਹੀ ਪੈਂਦਾ।’

ਭਾਈ ਸਾਹਿਬ ਭਾਈ ਬਿਧੀਚੰਦ ਵਾਲੀ ‘ਸੁਰਸਿੰਘੀ ਬੀੜ’ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਅੰਦਰਲੇ ਕੁਝ ਸ਼ਬਦਾਂ ਦੇ ਸਿਰਲੇਖ ‘ਗਉੜੀ ਮਾਲਵਾ’ ਦੇ ਵੀ ਹਨ; ਜਿਵੇਂ ਛਾਪੇ ਦੀ ਮੌਜੂਦਾ ਬੀੜ ਦੇ ਪੰਨਾ 338 ਉਪਰਲੇ 68ਵੇਂ ਸ਼ਬਦ ‘ਗਉੜੀ ੧੨ ॥ ਮਨ ਰੇ ਛਾਡਹੁ ਭਰਮ॥’ ਦੇ ਸਿਰਲੇਖ ਦੀ ਥਾਂ ‘ਸੁਰਸਿੰਘੀ ਬੀੜ’ ਵਿੱਚ ਪਤਿ (ਪਤਰਾ) ਨੰ. 296 ਦੇ 68ਵੇਂ ਸ਼ਬਦ ਦਾ ਸਿਰਲੇਖ ਹੈ ‘ਗਉੜੀ ਮਾਲਵਾ ॥ ਮਨਰੇਛਾਡਹੁਭਰਮ॥’  ਜਦ ਕਿ ਛਾਪੇ ਦੀ ਮੌਜੂਦਾ ਬੀੜ ਵਿੱਚ ਭਗਤ ਬਾਣੀ ਅੰਦਰ ਐਸਾ ਕੋਈ ਸਿਰਲੇਖ ਹੀ ਨਹੀਂ ਹੈ। ਜਾਪਦਾ ਹੈ ਕਿ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਟੀਮ’ ਐਸੇ ਸਿਰਲੇਖਾਂ ਬਾਰੇ ਦੁਬਿਧਾ ਵਿੱਚ ਰਹੀ । ਦਾਸ (ਜਾਚਕ) ਦਾ ਖ਼ਿਆਲ ਹੈ ਕਿ ਜੇ ਗੁਰਮਤੇ ਦੀ ਪੰਥਕ ਜੁਗਤਿ ਅਨੁਸਾਰ ‘ਗਉੜੀ ਪੂਰਬੀ ਕਬੀਰ ਜੀ’ ਵਾਂਗ ‘ਗਉੜੀ ਮਾਲਵਾ ਕਬੀਰ ਜੀ’ ਸਿਰਲੇਖ ਹੇਠ ਇੱਕ ਵੱਖਰਾ ਸੰਗ੍ਰਹਿ ਬਣ ਜਾਵੇ ਤਾਂ ਗਉੜੀ ਦੇ ਸਾਰੇ ਸਿਰਲੇਖਾਂ ਦਾ ਮਸਲਾ ਹੀ ਹੱਲ ਹੋ ਸਕਦਾ ਹੈ। ਇਸ ਲਈ ਜਥੇਦਾਰ ਵੇਦਾਂਤੀ ਜੀ ਦੁਆਰਾ ਸੋਧੀ ਹੋਈ ਪਾਵਨ ਬੀੜ ਦੇ ਖਰੜੇ ਵਿਖੇ ‘ਗਉੜੀ ਪੂਰਬੀ ਕਬੀਰ ਜੀ’ ਦੇ ਸੰਗ੍ਰਹਿ ਨੂੰ ਛੱਡ ਕੇ ਬਾਕੀ ਦੇ ਸਾਰੇ ਮੰਗਲਾਂ, ਸਿਰਲੇਖਾਂ, ਸ਼ਬਦਾਂ ਦੀ ਤਰਤੀਬ ਅਤੇ ਜੋੜ-ਅੰਕਾਂ ਆਦਿਕ ਦੀ ਇਕਸਾਰਤਾ ਸਥਾਪਤੀ ਪੱਖੋਂ ਤਾਂ ਕੋਈ ਸੁਆਲ ਹੀ ਨਹੀਂ ਖੜ੍ਹਾ ਹੁੰਦਾ। ਬ-ਕਮਾਲ ਪੇਸ਼ਕਾਰੀ ਹੈ। ਕਾਰਨ ਹੈ ਕਿ ਉਨ੍ਹਾਂ ਦੀ ਟੀਮ ਦੇ ਸਾਰੇ ਮੈਂਬਰ ਇਹ ਮੰਨ ਕੇ ਚੱਲਦੇ ਸਨ ਕਿ ਗੁਰਬਾਣੀ ਵਿੱਚ ਆਏ ਗੁਰਮਤਿ ਸਿਧਾਂਤਾਂ, ਲਗ-ਮਾਤ੍ਰੀ ਨਿਯਮਾਵਲੀ ਅਤੇ ਅੰਕ-ਨਿਯਮਾਵਲੀ ਸੰਬੰਧੀ ਗੁਰੂ ਸਾਹਿਬਾਨ ਦੀ ਆਪਸੀ ਸਮਾਨਤਾ ਹੈ, ਪਰ ਵਿਆਕਰਣਿਕ ਦ੍ਰਿਸ਼ਟੀ ਤੋਂ ਅਜੇ ਵੀ ਪਾਠਾਂਤਰਾਂ ਦੀ ਲਿਖਤੀ ਤੇ ਉਚਾਰਨਕ ਸੁਧਾਈ ਤੇ ਸ਼ੁਧਤਾ ਦੀਆਂ ਬਹੁਤ ਸੰਭਾਵਨਾਵਾਂ ਹਨ। ਕਾਰਨ ਹੈ ਕਿ ਕੰਪਿਊਟਰੀ ਖੋਜ ਦੀ ਸਹੂਲਤ ਸਦਕਾ ਗੁਰਬਾਣੀ ਦੀ ਵਿਆਕਰਣ ਦਾ ਦਿਨ-ਬ-ਦਿਨ ਵਿਕਾਸ ਹੋ ਰਿਹਾ ਹੈ।

ਜਿਵੇਂ ਛਾਪੇ ਦੀ ਪ੍ਰਚਲਿਤ ਬੀੜ ਵਿਖੇ ਜਪੁ ਜੀ ਦੀ 20ਵੀਂ ਪਉੜੀ ਦੀਆਂ ਪਾਵਨ ਤੁਕਾਂ ਹਨ ‘‘ਭਰੀਐ ਹਥੁ ਪੈਰੁ ਤਨੁ ਦੇਹ ॥ ਪਾਣੀ ਧੋਤੈ ਉਤਰਸੁ ਖੇਹ ॥’’ ਸ਼੍ਰੋਮਣੀ ਕਮੇਟੀ ਵੱਲੋਂ ਸਥਾਪਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਟੀਮ ਦੇ ਪ੍ਰਮੁਖ ਮੈਂਬਰ ਅਤੇ ਪ੍ਰਸਿੱਧ ਟੀਕਾਕਾਰ ਗਿ. ਹਰਿਬੰਸ ਸਿੰਘ ਜੀ ਪਟਿਆਲੇ ਵਾਲੇ ‘ਸ੍ਰੀ ਗਰੁੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ’ ਵਿਖੇ ‘ਅਰਥ ਭੇਦ ਅਤੇ ਨਿਰਣੈ’ ਦੇ ਸਿਰਲੇਖ ਹੇਠ ‘‘ਪਾਣੀ ਧੋਤੈ ਉਤਰਸੁ ਖੇਹ ॥’’ ਤੁਕ ਬਾਰੇ (ਸਟੀਕ ਪੰ. 140) ਇੱਕ ਵਿਸ਼ੇਸ਼ ਨੋਟ ਇੰਞ ਲਿਖਿਆ ਹੈ :

‘ਭਿੰਡਰਾਂ ਵਾਲੀ ਟਕਸਾਲ ਅਤੇ ਹੋਰ ਸੰਪ੍ਰਦਾਵਾਂ ਦੇ ਵਿਦਿਆਰਥੀ ਉਤਰਸੁ ਪਦ ਨੂੰ ‘ਉਤਰ ਸੁ’ ਪਾਠ ਪਦ-ਛੇਦ ਕਰਦੇ ਹਨ, ਜੋ ਕਿ ਅਸ਼ੁਧ ਹੈ। ਨਿਰਣੈ ਗੁਰਬਾਣੀ ਦੀ ਸ਼ਬਦਾਵਲੀ ਮੁਤਾਬਕ ਇਹ ਜੁੜਤ ਪਦ ਹੈ। ਪੁਰਾਤਨ ਹਥ ਲਿਖਤੀ ਬੀੜਾਂ ਵਿੱਚ ਇਸ ਪਦ ਦਾ ਰੂਪ ਉਤਰਸਿ ਮਿਲਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ‘ਜਪੁ’ ਬਾਣੀ ਵਿਚ ਹੀ ‘ਉਤਰਸੁ’ ਸੱਸਾ ਔਂਕੜ ਸਹਿਤ ਅੰਕਿਤ ਹੈ। ਕਈ ਪੰਕਤੀਆਂ ਵਿੱਚ ਇਹ ਪਦ ਸੱਸੇ ਦੀ ਸਿਹਾਰੀ ਵਾਲੇ ਸਰੂਪ ਨਾਲ ‘ਉਤਰਸਿ’ ਹੀ ਅੰਕਿਤ ਹੈ। ਗੁਰਬਾਣੀ ਵਿਆਕਰਣ ਦੇ ਨੇਮਾਂ ਅਨੁਸਾਰ ਇਹ ਕਿਰਿਆ ਵਾਚਕ ਪਦ ਸਿਹਾਰੀ ਸਹਿਤ ਹੀ ਠੀਕ ਹੈ। ਲਿਖਾਰੀਆਂ ਪਾਸੋਂ ਉਤਾਰਾ ਕਰਨ ਵੇਲੇ ਕਈ ਥਾਂਵਾਂ ’ਤੇ ਲਗਮਾਤਰੀ ਉਕਾਈਆਂ ਰਹਿ ਗਈਆਂ ਹਨ, ਜੋ ਛਾਪੇ ਵਾਲੇ ਸਰੂਪਾਂ ਵਿੱਚ ਵੀ ਉਸੇ ਤਰ੍ਹਾਂ ਪ੍ਰਚਲਿਤ ਹੋ ਗਈਆਂ ਹਨ। ਇਹ ਪਦ ਸੱਸੇ ਸਿਹਾਰੀ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 199, 229, 326, 791, 838, 864, 901, 903 ਅਤੇ 972 ’ਤੇ ਵੇਖਿਆ ਜਾ ਸਕਦਾ ਹੈ। ਇਸ ਪਦ ਦੇ ਅਰਥ ਦੇ ਸੁਮੇਲ ਨੂੰ ਮੁੱਖ ਰੱਖੀਏ ਤਾਂ ਹੇਠ ਲਿਖੀਆਂ ਪੰਕਤੀਆਂ ਤੋਂ ਵੀ ਭਲੀ ਪ੍ਰਕਾਰ ਪ੍ਰੋੜ੍ਹਤਾ ਹੋ ਜਾਂਦੀ ਹੈ :

  1. ਗੁਨ ਗਾਵਤ ਤੇਰੀ ਉਤਰਸਿ ਮੈਲੁ ॥ (ਸੁਖਮਨੀ/ਮਹਲਾ ੫/੨੮੯)
  2. ਤੀਰਥ ਨਾਇ ਨ ਉਤਰਸਿ ਮੈਲੁ ॥ (ਮਹਲਾ ੫/੮੯੦)
  3. ਇੰਦ੍ਰੀ ਕੀ ਜੂਠਿ ਉਤਰਸਿ ਨਾਹੀ; ਬ੍ਰਹਮ ਅਗਨਿ ਕੇ ਲੂਠੇ ॥ (ਭਗਤ ਕਬੀਰ/੧੧੯੫)

ਪੁਰਾਤਨ ਹੱਥ ਲਿਖਤਾਂ ਦੇ ਅਭਿਆਸੀ ਅਤੇ ਗੁਰਬਾਣੀ ਵਿਆਕਰਣ ਦੇ ਪ੍ਰਮਾਣਿਕ ਵਿਦਵਾਨ ਗਿ. ਭਰਪੂਰ ਸਿੰਘ ਜੀ, ਜੋ ਸੰਨ 1996 ਵਿੱਚ ਸਥਾਪਿਤ ਹੋਈ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਟੀਮ’ ਦੇ ਵਿਸ਼ੇਸ਼ ਸਹਾਇਕ ਸਨ, ਉਹ ਵੀ ਗਿ. ਹਰਿਬੰਸ ਸਿੰਘ ਪਟਿਆਲਾ ਵਾਲਿਆਂ ਨਾਲ ਪੂਰੀ ਤਰ੍ਹਾਂ ਸਹਿਮਤ ਹਨ। ਉਨ੍ਹਾਂ ਮੁਤਾਬਕ ਪ੍ਰਿੰਸੀਪਲ ਪ੍ਰਕਾਸ਼ ਸਿੰਘ, ਪ੍ਰਿੰਸੀਪਲ ਬਿਕਰਮ ਸਿੰਘ ਵੀ ਇਸੇ ਪਾਠ ਨੂੰ ਸ਼ੁਧ ਮੰਨਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਸਾਨੂੰ ਪ੍ਰਾਚੀਨ ਬੀੜਾਂ ਵਿੱਚ ਪਾਠ ਦਾ ਸ਼ੁਧ ਰੂਪ ‘ਉਤਰਸਿ’ ਮਿਲਦਾ ਹੈ ਤਾਂ ਅਰਥਾਂ ਦੀ ਖਿੱਚ-ਧੂ ਕਰਕੇ ਹੋਰ ਪਾਸੇ ਭਟਕਣ ਦੀ ਲੋੜ ਨਹੀਂ। ਸ਼੍ਰੋਮਣੀ ਕਮੇਟੀ ਦੁਆਰਾ ਪ੍ਰਕਾਸ਼ਤ ‘ਪਾਠ ਭੇਦ ਸੂਚੀ’ ਮੁਤਾਬਕ ਬੀੜ ਨੰ. 38/173, 40/236, 54 ਵਿੱਚ ਪਾਠ ‘ਉਤਰਸਿ’ ਹੈ ਜਦ ਕਿ ਬੀੜ ਨੰ. 48 ਵਿੱਚ ਪਾਠ ‘ਉਤਰਸ’ ਹੈ ਭਾਵ ‘ਸ’ ਔਂਕੜ ਰਹਿਤ ਹੈ। ਇਸ ਦਾ ਭਾਵ ਹੈ ਕਿ ਤਿੰਨ ਬੀੜਾਂ ਸਪਸ਼ਟ ਤੌਰ ’ਤੇ ‘ਉਤਰਸਿ’ ਪਾਠ ਦੀ ਹੀ ਪ੍ਰੋੜ੍ਹਤਾ ਕਰਦੀਆਂ ਹਨ ।

ਗੁਰਬਾਣੀ ਦੀ ਲਿਖਤ ਸ਼ੈਲੀ ਦੇ ਖੋਜੀ, ਮਾਸਕ ਪੱਤਰ ‘ਮਿਸ਼ਨਰੀ ਸੇਧਾਂ’ ਦੇ ਸੰਪਾਦਕ ਅਤੇ gurparsad.com ਵੈਬਸਾਈਟ ਦੇ ਸੰਚਾਲਕ ਵਿਦਵਾਨ ਗਿ. ਅਵਤਾਰ ਸਿੰਘ ਜਲੰਧਰ ਵਾਲੇ ਵੀ ‘ਉਤਰਸਿ’ ਪਾਠ ਨੂੰ ਹੀ ਸ਼ੁਧ ਮੰਨ ਕੇ ਚੱਲਦੇ ਹਨ ਕਿਉਂਕਿ ਵੈਬਸਾਈਟ ਦੀ ‘ਗੁਰਬਾਣੀ ਲਿਖਤ ਵੀਚਾਰ’ ਦੇ ਸਿਰਲੇਖ ਹੇਠ ਉਹ ਲਿਖਦੇ ਹਨ :

‘‘ਪਾਣੀ ਧੋਤੈ; ਉਤਰਸੁ ਖੇਹ॥’’ ਇਸ ਪੰਕਤੀ ’ਚ ਦਰਜ ‘ਉਤਰਸੁ’ (ਅੰਤ ਔਂਕੜ) ਸ਼ਬਦ ਕੇਵਲ ਇੱਥੇ ਹੀ ਦਰਜ ਹੈ ਜਦਕਿ ਇਸ ਦਾ ਦੂਸਰਾ ਸਰੂਪ ‘ਉਤਰਸਿ’ (ਅੰਤ ਸਿਹਾਰੀ) ਗੁਰਬਾਣੀ ਵਿੱਚ 16 ਵਾਰ ਦਰਜ ਹੈ; ਜਿਵੇਂ ਕਿ

ਵਿਣੁ ਕਰਮਾ; ਕੈਸੇ ‘ਉਤਰਸਿ’ ਪਾਰੇ  ? ॥ (ਮਹਲਾ ੧/ ੯੦੩)

ਤੀਰਥ ਨਾਇ; ਨ ‘ਉਤਰਸਿ’ ਮੈਲੁ ॥ (ਮਹਲਾ ੫/ ੮੯੦)

ਓਛੀ ਭਗਤਿ; ਕੈਸੇ ‘ਉਤਰਸਿ’ ਪਾਰੀ  ? ॥ (ਭਗਤ ਕਬੀਰ/ ੩੨੬)

ਨੋਟ : ਪੁਰਾਤਨ ਹੱਥ ਲਿਖਤ ਸਰੂਪਾਂ ਵਿੱਚ ਸੰਬੰਧਿਤ ਪੰਕਤੀ ਵਿੱਚ ਵੀ ‘ਉਤਰਸਿ’ (ਅੰਤ ਸਿਹਾਰੀ) ਸਰੂਪ ਮਿਲਦਾ ਹੈ, ਜੋ ਕਿ ਸਹੀ ਜਾਪਦਾ ਹੈ।

ਗਿਆਨੀ ਜੀ ਮੁਤਾਬਕ ਜਪੁ ਜੀ ਦੀਆਂ ਉਪਰੋਕਤ ਤੁਕਾਂ ਦਾ ਅਰਥ ਹੈ : (ਜਿਵੇਂ) ਹੱਥ, ਪੈਰ, ਸਰੀਰ, ਕਾਇਆਂ, ਆਦਿ ਮਿੱਟੀ ਨਾਲ਼ ਗੰਦੇ ਹੋ ਜਾਣ ਤਾਂ ਪਾਣੀ ਦੁਆਰਾ ਸਾਫ਼ ਕਰਨ ਨਾਲ਼ ਮਿੱਟੀ ਲਹਿ (ਖੇਹ ਉਤਰ) ਜਾਂਦੀ ਹੈ।

———-ਚੱਲਦਾ——-

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 2)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ -3)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 4)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 5)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 6)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 7)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 8)