ਗੁਰਬਾਣੀ ਅਤੇ ਸਿੱਖ ਇਤਿਹਾਸ ’ਚ ਮਹੀਨਾ ਕੱਤਕ

0
123

ਗੁਰਬਾਣੀ ਅਤੇ ਸਿੱਖ ਇਤਿਹਾਸ ’ਚ ਮਹੀਨਾ ਕੱਤਕ

ਕਿਰਪਾਲ ਸਿੰਘ ਬਠਿੰਡਾ

ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਅਨੁਸਾਰ ਸਾਲ ਦੀਆਂ 2-2 ਮਹੀਨਿਆਂ ਦੀਆਂ ਛੇ ਰੁੱਤਾਂ ’ਚੋਂ ਚੌਥੀ ਸਰਦ ਰੁੱਤ ਹੈ। ਇਸ ਦੇ ਦੋ ਮਹੀਨਿਆਂ (ਅੱਸੂ ਅਤੇ ਕੱਤਕ) ’ਚੋਂ ਅੱਸੂ ਮਹੀਨੇ ਦਾ ਵਰਣਨ ਪਿਛਲੇ ਲੇਖ ’ਚ ਕੀਤਾ ਜਾ ਚੁੱਕਾ ਹੈ। ਇਸ ਲੇਖ ’ਚ ਕੱਤਕ ਮਹੀਨੇ ਦਾ ਵਰਣਨ ਕੀਤਾ ਜਾਵੇਗਾ। ਬਿਕ੍ਰਮੀ ਕੈਲੰਡਰ ਦੇ ਸੂਰਜੀ ਸਾਲ ਦਾ ਪਹਿਲਾ ਮਹੀਨਾ ਵੈਸਾਖ ਅਤੇ ਅਖੀਰਲਾ ਚੇਤ ਹੁੰਦਾ ਹੈ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦਾ ਨਵਾਂ ਸਾਲ ੧ ਚੇਤ ਤੋਂ ਸ਼ੁਰੂ ਹੋਣ ਕਾਰਨ ਕੱਤਕ ਇਸ ਕੈਲੰਡਰ ਦਾ 8ਵਾਂ ਮਹੀਨਾ ਅਤੇ ਬਿਕ੍ਰਮੀ ਕੈਲੰਡਰ ਦਾ 7ਵਾਂ ਮਹੀਨਾ ਹੁੰਦਾ ਹੈ। ਨਾਨਕਸ਼ਾਹੀ ਕੈਲੰਡਰ ਦੇ ਕੱਤਕ ਮਹੀਨੇ ਦਾ ਅਰੰਭ ਹਰ ਸਾਲ 15 ਅਕਤੂਬਰ ਤੋਂ ਹੁੰਦਾ ਹੈ, ਜੋ ਹਰ ਸਾਲ 30 ਦਿਨਾਂ ਦਾ ਹੁੰਦਾ ਹੈ; ਜਦੋਂ ਕਿ ਬਿਕ੍ਰਮੀ ਕੈਲੰਡਰ ਦਾ ਕੱਤਕ ਮਹੀਨਾ 17 ਅਕਤੂਬਰ ਤੋਂ ਸ਼ੁਰੂ ਹੁੰਦਾ ਹੈ, ਜੋ ਕਦੀ 30 ਦਿਨਾਂ ਦਾ ਅਤੇ ਕਦੀ 29 ਦਿਨਾਂ ਦਾ ਹੁੰਦਾ ਹੈ। ਇਸ ਲਈ ਨਾਨਕਸ਼ਾਹੀ ਕੈਲੰਡਰ ਦੀਆਂ ਤਾਰੀਖ਼ਾਂ ਹਮੇਸ਼ਾਂ ਸਥਿਰ ਰਹਿੰਦੀਆਂ ਹਨ, ਪਰ ਬਿਕ੍ਰਮੀ ਕੈਲੰਡਰ ਦੀਆਂ ਤਾਰੀਖ਼ਾਂ ਬਦਲਦੀਆਂ ਰਹਿੰਦੀਆਂ ਹਨ। ਸਾਨੂੰ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦੀ ਲੋੜ ਕਿਉਂ ਪਈ ? ਇਸ ਦਾ ਪਹਿਲਾ ਕਾਰਨ ਇਹ ਹੈ ਕਿ ਬਿਕ੍ਰਮੀ ਕੈਲੰਡਰ ਦੀਆਂ ਤਾਰੀਖ਼ਾਂ ਸਾਲ ਬ-ਸਾਲ ਬਦਲਦੀਆਂ ਰਹਿੰਦੀਆਂ ਹਨ। ਦੂਸਰਾ ਵੱਡਾ ਕਾਰਨ ਹੈ ਕਿ ਬਿਕ੍ਰਮੀ ਕੈਲੰਡਰ ਸਿਡਰੀਅਲ ਕੈਲੰਡਰ (Sidereal) ਹੈ, ਜਿਸ ਦੇ ਸਾਲ ਦੀ ਲੰਬਾਈ ਗੁਰੂ ਕਾਲ ਦੌਰਾਨ 365.2587 ਦਿਨ ਅਤੇ ਹਿੰਦੂਆਂ ਵੱਲੋਂ 1964 ’ਚ ਕੀਤੀ ਸੋਧ ਤੋਂ ਪਿੱਛੋਂ ਇਸ ਦੇ ਸਾਲ ਦੀ ਲੰਬਾਈ ਲਗਭਗ 365.2563 ਦਿਨ ਹੈ। ਰੁੱਤੀ ਸਾਲ (Tropical) ਦੀ ਲੰਬਾਈ ਲਗਭਗ 365.2422 ਦਿਨ ਹੈ, ਇਸੇ ਕਾਰਨ 1964 ਤੋਂ ਪਹਿਲਾਂ ਬਿਕ੍ਰਮੀ ਕੈਲੰਡਰ ’ਚ 61 ਸਾਲਾਂ ’ਚ ਰੁੱਤਾਂ ਨਾਲੋਂ ਲੱਗਭਗ 1 ਦਿਨ ਦਾ ਫਰਕ ਪੈਂਦਾ ਸੀ ਅਤੇ 1964 ਤੋਂ ਬਾਅਦ ਹੁਣ 71 ਸਾਲਾਂ ਪਿੱਛੋਂ ਲਗਭਗ 1 ਦਿਨ ਦਾ ਫਰਕ ਪੈਂਦਾ ਹੈ, ਪੈਂਦਾ ਰਹੇਗਾ। ਇਸ ਲਈ ਬਿਕ੍ਰਮੀ ਕੈਲੰਡਰ ਦੇ ਮਹੀਨਿਆਂ ਦੀਆਂ ਰੁੱਤਾਂ ਦਾ ਸੰਬੰਧ ਗੁਰਬਾਣੀ ’ਚ ਦਰਜ ਰੁੱਤਾਂ ਨਾਲੋਂ ਉੱਟ ਰਿਹਾ ਹੈ। ਕੈਲੰਡਰ ਦੇ ਮਹੀਨਿਆਂ ਦੀਆਂ ਰੁੱਤਾਂ ਦਾ ਸੰਬੰਧ ਗੁਰਬਾਣੀ ’ਚ ਦਰਜ ਰੁੱਤਾਂ ਨਾਲ ਮਿਲਾਈ ਰੱਖਣ ਲਈ 2003 ’ਚ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ, ਜਿਸ ਦੇ ਸਾਲ ਦੀ ਲੰਬਾਈ 365.2425 ਦਿਨ ਹੈ, ਜੋ ਰੁੱਤੀ ਸਾਲ ਦੀ ਲੰਬਾਈ 365.2422 ਦਿਨਾਂ ਦੇ ਬਹੁਤ ਨੇੜੇ ਹੈ ਅਤੇ ਦੁਨੀਆਂ ਭਰ ’ਚ ਪ੍ਰਚਲਿਤ ਗ੍ਰੈਗੋਰੀਅਨ ਕੈਲੰਡਰ ਦੇ ਸਾਲ ਦੀ ਲੰਬਾਈ ਦੇ ਬਰਾਬਰ ਹੈ ਤਾਹੀਓਂ ਇਸ ਵਿੱਚ ਇੱਕ ਵਾਰ ਨਿਸ਼ਚਿਤ ਕੀਤੀਆਂ ਤਾਰੀਖ਼ਾਂ ਹਮੇਸ਼ਾਂ ਲਈ ਉਹੀ ਰਹਿੰਦੀਆਂ ਹਨ, ਜੋ ਖ਼ਾਲਸਾ ਪੰਥ ਦੀ ਤੀਜੀ ਸ਼ਤਾਬਦੀ ਵਰ੍ਹੇ ਯਾਨੀ 1999 ’ਚ ਨਿਸ਼ਚਿਤ ਕੀਤੀਆਂ ਗਈਆਂ ਸਨ।

ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ ੧੩੫ ’ਤੇ ਮਾਝ ਰਾਗ ’ਚ ਦਰਜ ਬਾਰਹਮਾਹਾ ਦੇ ਨੌਵੇਂ ਪਦੇ ’ਚ ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਸਾਹਿਬ ਜੀ ਪਰਵਾਰਿਕ ਉਦਾਹਨਾਂ; ਜਿਵੇਂ ਕਿ ਪਤੀ ਪਤਨੀ ਦੀ ਉਦਾਹਰਨ ਰਾਹੀਂ ਪ੍ਰਭੂ ਨਾਲ਼ ਮਿਲਾਪ ਕਰਨ ਦਾ ਉਪਦੇਸ਼ ਦਿੰਦੇ ਹਨ ਕਿ ਜਿਸ ਤਰ੍ਹਾਂ ਕੱਤਕ ਦੀ ਸੁਹਾਵਣੀ ਰੁੱਤ ’ਚ ਪਤਨੀ ਦੇ ਮਨ ’ਚ ਆਪਣੇ ਪਤੀ ਨਾਲ ਮਿਲਾਪ ਦੀ ਤਾਂਘ ਵੱਧ ਉਪਜਦੀ ਹੈ, ਉਸੇ ਤਰ੍ਹਾਂ ਪ੍ਰਭੂ ਪਤੀ ਦੇ ਮਿਲਾਪ ਦੀ ਤਾਂਘ ਹੋਣੀ ਚਾਹੀਦੀ ਹੈ, ਪਰ ਜੇ ਕੱਤਕ ਵਿੱਚ ਵੀ ਪ੍ਰਭੂ-ਪਤੀ ਨਾਲੋਂ ਵਿਛੋੜਾ ਹੀ ਰਿਹਾ ਤਾਂ ਇਸ ਦਾ ਦੋਸ਼ ਕਿਸੇ ਹੋਰ ਨੂੰ ਨਾ ਦੇਣਾ। ਇਹ ਆਪਣੇ ਮਾੜੇ ਕਰਮਾਂ ਦਾ ਸਿੱਟਾ ਹੈ। ਗੁਰੂ ਸਾਹਿਬ ਜੀ ਸੁਚੇਤ ਕਰਦੇ ਹਨ ਕਿ ਪਰਮੇਸਰ ਦੀ ਯਾਦ ਤੋਂ ਖੁੰਝਿਆਂ ਬੰਦਾ; ਦੁਨਿਆਵੀ ਦੁੱਖ-ਕਲੇਸ਼ਾਂ ’ਚ ਜਕੜਿਆ ਰਹਿੰਦਾ ਹੈ। ਜਿਨ੍ਹਾਂ ਨੇ ਪਰਮਾਤਮਾ ਵੱਲੋਂ ਮੂੰਹ ਮੋੜੀ ਰੱਖਿਆ, ਉਨ੍ਹਾਂ ਨੂੰ ਫਿਰ ਲੰਮੇ ਵਿਛੋੜੇ ਪੈ ਜਾਂਦੇ ਹਨ ਭਾਵ ਜੂਨਾਂ ਵਿੱਚ ਚੱਕਰ ਕੱਟਦਿਆਂ ਨੂੰ ਮੁੜ ਮਨੁੱਖਾ ਸਰੀਰ ਵੀ ਨਸੀਬ ਨਹੀਂ ਹੁੰਦਾ। ਜਿਹੜੀਆਂ ਜੀਵ ਇਸਤਰੀਆਂ ਨੇ ਮਾਇਆ ਦੀਆਂ ਰੰਗ ਰਲੀਆਂ ਮਨਾਉਂਦਿਆਂ ਪ੍ਰਭੂ ਨੂੰ ਭੁਲਾ ਦਿੱਤਾ, ਉਹ ਨਿਰੰਤਰ ਦੁਖੀ ਰਹਿੰਦੀਆਂ ਹਨ। ਪ੍ਰਭੂ ਤੋਂ ਬਿਨਾਂ ਕਿਸੇ ਹੋਰ ਕੋਲ਼ ਦੁੱਖ ਰੋਣ ਦਾ ਕੋਈ ਲਾਭ ਨਹੀਂ (ਕਿਉਂਕਿ ਅਸਲ ਦੁੱਖ ਤਾਂ ਪ੍ਰਭੂ ਤੋ ਪਿਆ ਵਿਛੋੜਾ ਹੈ, ਜਿਸ ਨੂੰ ਦੂਰ ਕਰਨ ਲਈ) ਕੋਈ ਹੋਰ ਵਿਚੋਲਗੀ ਨਹੀਂ ਕਰ ਸਕਦਾ। ਪਰ ਉਸ ਦਾ ਵੀ ਕੀ ਦੋਸ਼, ਇਹ ਧੁਰੋਂ ਹੀ ਲਿਖੇ ਨਸੀਬ ਹਨ। ਜੇ ਚੰਗੇ ਭਾਗਾਂ ਨੂੰ ਪ੍ਰਭੂ ਆਪ ਆ ਮਿਲੇ ਤਾਂ ਵਿਛੋੜੇ ਤੋਂ ਪੈਦਾ ਹੋਏ ਸਾਰੇ ਦੁੱਖ ਵੀ ਮਿਟ ਜਾਂਦੇ ਹਨ। ਅੰਤ ’ਚ ਗੁਰੂ ਸਾਹਿਬ ਬੇਨਤੀ ਕਰਦੇ ਹਨ ਕਿ ਹੇ ਮਾਇਆਵੀ ਬੰਧਨਾਂ ਤੋਂ ਛੁਡਾਉਣ ਵਾਲੇ ਮਾਲਕ  ! ਮੈਨੂੰ ਬਚਾ ਲੈ। ਕੱਤਕ ’ਚ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਗਈ, ਉਨ੍ਹਾਂ ਅੰਦਰੋਂ ਵਿਛੋੜ ਦਾ ਦੁੱਖ ਮਿਟ ਜਾਣ ਕਾਰਨ ਸਾਰੇ ਚਿੰਤਾ ਝੋਰੇ ਵੀ ਮੁੱਕ ਜਾਂਦੇ ਹਨ, ‘‘ਕਤਿਕਿ, ਕਰਮ ਕਮਾਵਣੇ; ਦੋਸੁ ਕਾਹੂ ਜੋਗੁ ਪਰਮੇਸਰ ਤੇ ਭੁਲਿਆਂ; ਵਿਆਪਨਿ ਸਭੇ ਰੋਗ ਵੇਮੁਖ ਹੋਏ ਰਾਮ ਤੇ; ਲਗਨਿ ਜਨਮ ਵਿਜੋਗ ਖਿਨ ਮਹਿ ਕਉੜੇ ਹੋਇ ਗਏ; ਜਿਤੜੇ ਮਾਇਆ ਭੋਗ ਵਿਚੁ ਕੋਈ ਕਰਿ ਸਕੈ; ਕਿਸ ਥੈ ਰੋਵਹਿ ਰੋਜ ਕੀਤਾ ਕਿਛੂ ਹੋਵਈ; ਲਿਖਿਆ ਧੁਰਿ ਸੰਜੋਗ ਵਡਭਾਗੀ ਮੇਰਾ ਪ੍ਰਭੁ ਮਿਲੈ; ਤਾਂ ਉਤਰਹਿ ਸਭਿ ਬਿਓਗ ਨਾਨਕ ਕਉ, ਪ੍ਰਭ ! ਰਾਖਿ ਲੇਹਿ, ਮੇਰੇ ਸਾਹਿਬ ਬੰਦੀ ਮੋਚ ਕਤਿਕ, ਹੋਵੈ ਸਾਧਸੰਗੁ; ਬਿਨਸਹਿ ਸਭੇ ਸੋਚ ’’  (ਮਾਝ ਬਾਰਹਮਾਹਾ/ਮਹਲਾ /੧੩੫)

ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1109 ’ਤੇ ਤੁਖਾਰੀ ਰਾਗ ’ਚ ਉਚਾਰੇ ਬਾਰਹਮਾਹਾ ਦੇ 12ਵੇਂ ਪਦੇ ’ਚ ਪਹਿਲੇ ਪਾਤਿਸ਼ਾਹ; ਕਿਸਾਨ ਦੀ ਫਸਲ ਦੀ ਉਦਾਹਰਨ ਦਿੰਦੇ ਹਨ ਕਿ ਜਿਸ ਤਰ੍ਹਾਂ ਕੱਤਕ ਦੇ ਮਹੀਨੇ ’ਚ ਕਿਸਾਨ ਨੂੰ ਸੌਣੀ ਦੀ ਫਸਲ ਝੋਨਾ, ਮਕਈ ਆਦਿ ਦਾ ਫਲ਼ (ਪੈਸਾ) ਮਿਲ ਜਾਂਦਾ ਹੈ; ਓਵੇਂ ਹਰੇਕ ਜੀਵ ਨੂੰ ਆਪਣੇ ਕੀਤੇ ਕਰਮਾਂ ਦਾ ਫਲ਼ (ਨਸੀਬ ’ਚ ਲਿਖੇ ਲੇਖ ਦੇ ਰੂਪ ’ਚ) ਮਿਲਦਾ ਹੈ। ਗੁਰੂ ਜੀ ਸਮਝਾਉਂਦੇ ਹਨ ਕਿ ਹੇ ਭਾਈ ! ਆਪਣੇ ਕੀਤੇ ਭਲੇ ਕਰਮਾਂ ਅਨੁਸਾਰ ਜਿਹੜਾ ਮਨੁੱਖ ਪਰਮਾਤਮਾ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਉਸ ਦੇ ਹਿਰਦੇ ’ਚ ਆਈ ਸਥਿਰਤਾ ਕਾਰਨ ਆਤਮ ਪ੍ਰਕਾਸ਼ ਵਾਲ਼ਾ ਦੀਵਾ ਜਗ ਪੈਂਦਾ ਹੈ। ਜਿਸ ਦਾ ਪ੍ਰਭੂ ਨਾਲ ਪਿਆਰ ਪੈ ਗਿਆ, ਇਹ ਮਾਨੋ ਆਤਮ ਪ੍ਰਕਾਸ਼ ਵਾਲ਼ੇ ਦੀਵੇ ’ਚ ਤੇਲ ਬਲਦਾ ਹੈ, ਜਿਸ ਨਾਲ਼ ਜੀਵ-ਇਸਤ੍ਰੀ ਉਤਸ਼ਾਹ ’ਚ ਆਈ ਆਨੰਦ ਮਾਣਦੀ ਹੈ, ਪਰ ਜਿਸ ਜੀਵ-ਇਸਤ੍ਰੀ ਦਾ ਜੀਵਨ ਵਿਕਾਰਾਂ ਦੇ ਪ੍ਰਭਾਵ ਨੇ ਨਸ਼ਟ ਕਰ ਦਿੱਤਾ, ਉਹ ਆਤਮਕ ਮੌਤੇ ਮਰ ਗਈ। ਐਸੀ ਜ਼ਿੰਦਗੀ ਅਸਫਲ ਜ਼ਿੰਦਗੀ ਹੈ, ਇਸ ਲਈ ਪ੍ਰਭੂ ਦੇ ਨਾਮ-ਪ੍ਰਭਾਵ ਨੇ ਜਿਸ ਨੂੰ ਵਿਕਾਰਾਂ ਤੋਂ ਬਚਾਇਆ, ਉਹੀ ਵਿਕਾਰਾਂ ਵਲੋਂ ਬਚੀ ਹੈ।

ਸੋ ਜਿਨ੍ਹਾਂ ਨੂੰ ਪਰਮਾਤਮਾ ਆਪਣਾ ਨਾਮ ਬਖ਼ਸ਼ਦਾ ਹੈ, ਓਹੀ ਵਿਕਾਰਾਂ ਵੱਲ ਭਟਕਣ ਦੀ ਥਾਂ ਅਡੋਲਤਾ ’ਚ ਰਹਿ ਕੇ ਅਨੰਦ ਮਾਣਦੇ ਹਨ ਕਿਉਂਕਿ ਹੁਣ ਕੇਵਲ ਪ੍ਰਭੂ-ਮਿਲਾਪ ਦੀ ਤਾਂਘ ਰਹਿੰਦੀ ਹੈ, ਜਿਸ ਲਈ ਅਰਦਾਸ ਕਰਦੇ ਹਨ ਕਿ ਹੇ ਪਾਤਿਸ਼ਾਹ  ! ਸਾਨੂੰ ਦੀਦਾਰ ਬਖ਼ਸ਼ ਤਾਂ ਜੋ ਵਿਛੋੜਾ ਨੂੰ ਮਿਟਾਉਣ ਵਾਲ਼ਾ ਬੂਹਾ ਖੁਲ੍ਹੇ ਕਿਉਂਕਿ ਹੁਣ ਤੇਰੇ ਨਾਲੋਂ ਇਕ ਘੜੀ ਦਾ ਵਿਛੋੜਾ ਵੀ ਛੇ ਮਹੀਨੇ ਦਾ ਵਿਛੋੜਾ ਜਾਪਦਾ ਹੈ , ‘‘ਕਤਕਿ, ਕਿਰਤੁ ਪਇਆ; ਜੋ ਪ੍ਰਭ ਭਾਇਆ ਦੀਪਕੁ ਸਹਜਿ ਬਲੈ; ਤਤਿ ਜਲਾਇਆ ਦੀਪਕ ਰਸ ਤੇਲੋ, ਧਨ ਪਿਰ ਮੇਲੋ; ਧਨ ਓਮਾਹੈ ਸਰਸੀ ਅਵਗਣ ਮਾਰੀ ਮਰੈ, ਸੀਝੈ; ਗੁਣਿ ਮਾਰੀ ਤਾ ਮਰਸੀ ਨਾਮੁ ਭਗਤਿ ਦੇ ਨਿਜ ਘਰਿ; ਅਜਹੁ ਤਿਨਾੜੀ ਆਸਾ ਨਾਨਕ  ! ਮਿਲਹੁ, ਕਪਟ ਦਰ ਖੋਲਹੁ; ਏਕ ਘੜੀ ਖਟੁ ਮਾਸਾ ੧੨ (ਤੁਖਾਰੀ ਬਾਰਹਮਾਹਾ/ਮਹਲਾ /੧੧੦੯)

ਮਹੀਨਿਆਂ ਦੀਆਂ ਰੁੱਤਾਂ ਯਾਨੀ ਕੁਦਰਤ ਦੇ ਵਰਤਾਰੇ ਦਾ ਪੰਛੀਆਂ, ਮਨੁੱਖਾਂ ’ਤੇ ਕੀ ਅਸਰ ਪੈਂਦਾ ਹੈ, ਇਸ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 488 ’ਤੇ ਆਸਾ ਰਾਗ ’ਚ ਬਾਬਾ ਫ਼ਰੀਦ ਜੀ ਬਿਆਨ ਕਰਦੇ ਹਨ ਕਿ ਜਿਵੇਂ ਕੱਤਕ ਦੇ ਮਹੀਨੇ ’ਚ ਸਰਦੀ ਦੀ ਰੁੱਤ ਆਉਣ ਕਰਕੇ ਬਰਫਾਨੀ ਇਲਾਕੇ ’ਚੋਂ ਕੂੰਜਾਂ ਉੱਡ ਕੇ ਮੈਦਾਨੀ ਇਲਾਕੇ ਵੱਲ ਆਉਂਦੀਆਂ ਹਨ; ਚੇਤ ਦੇ ਮਹੀਨੇ ’ਚ ਜੰਗਲ਼ਾਂ ਨੂੰ ਅੱਗ ਲੱਗ ਜਾਂਦੀ ਹੈ, ਸੌਣ ’ਚ ਬਿਜਲੀਆਂ ਚਮਕਦੀਆਂ ਹਨ; ਇਉਂ ਸਿਆਲ ’ਚ ਇਸਤ੍ਰੀਆਂ ਦੀਆਂ ਬਾਹਾਂ ਆਪਣੇ ਪਤੀਆਂ ਦੇ ਗਲ ’ਚ ਪਈਆਂ ਹੀ ਚੰਗੀਆਂ ਲੱਗਦੀਆਂ ਹਨ, ‘‘ਕਤਿਕ ਕੂੰਜਾਂ, ਚੇਤਿ ਡਉ; ਸਾਵਣਿ ਬਿਜੁਲੀਆਂ ਸੀਆਲੇ ਸੋਹੰਦੀਆਂ, ਪਿਰ ਗਲਿ ਬਾਹੜੀਆਂ ’’ (ਬਾਬਾ ਫ਼ਰੀਦ ਜੀ/੪੮੮)

ਸਿੱਖ ਇਤਿਹਾਸ ’ਚ ਕੱਤਕ ਦੇ ਮਹੀਨੇ ਵਿੱਚ ਵਰਣਨ ਯੋਗ ਘਟਨਾਵਾਂ ਘਟੀਆਂ ਹਨ; ਜਿਵੇਂ ਕਿ ੬ ਕੱਤਕ ਬਿਕ੍ਰਮੀ ਸੰਮਤ ੧੭੧੮, ਨਾਨਕਸ਼ਾਹੀ ਸੰਮਤ ੧੯੩/ 6 ਅਕਤੂਬਰ 1661 ਜੂਲੀਅਨ ਨੂੰ ਗੁਰੂ ਹਰਿਕ੍ਰਿਸ਼ਨ ਜੀ ਗੁਰਗੱਦੀ ’ਤੇ ਬਿਰਾਜਮਾਨ ਹੋਏ ਹਨ। ਜਿਵੇਂ ਕਿ ਉਕਤ ਵਿਚਾਰਿਆ ਜਾ ਚੁੱਕਾ ਹੈ ਕਿ ਉਸ ਸਮੇਂ ਪ੍ਰਚਲਿਤ ਕੈਲੰਡਰਾਂ ਦੇ ਸਾਲਾਂ ਦੀ ਲੰਬਾਈ ’ਚ ਅੰਤਰ ਹੋਣ ਅਤੇ ਜੂਲੀਅਨ ਕੈਲੰਡਰ ’ਚ ਸੋਧ ਉਪਰੰਤ ਗ੍ਰੈਗੋਰੀਅਨ ਕੈਲੰਡਰ ਲਾਗੂ ਹੋਣ ਕਾਰਨ ਨਾਨਕਸ਼ਾਹੀ ਕੈਲੰਡਰ ’ਚ ੬ ਕੱਤਕ; ਹੁਣ ਹਰ ਸਾਲ 20 ਅਕਤੂਬਰ ਨੂੰ ਆਉਂਦਾ ਹੈ। ਇਸ ਲਈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਗੁਰਗੱਦੀ ਪੁਰਬ ਹਰ ਸਾਲ ੬ ਕੱਤਕ/20 ਅਕਤੂਬਰ ਨੂੰ ਹੁੰਦਾ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਿਆਈ ਬਖ਼ਸ਼ਣ ਤੋਂ ਬਾਅਦ ਉਸੇ ਦਿਨ ਗੁਰੂ ਹਰਿਰਾਇ ਸਾਹਿਬ ਜੀ ਜੋਤੀ-ਜੋਤ ਸਮਾ ਗਏ। ਇਸ ਲਈ ਉਨ੍ਹਾਂ ਦਾ ਜੋਤੀ-ਜੋਤ ਪੁਰਬ ਵੀ ੬ ਕੱਤਕ/20 ਅਕਤੂਬਰ ਹੈ।

ਭਾਵੇਂ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਸਿੱਖਾਂ ਨੂੰ ਗੁਰੂ ਦੇਹ ਨਾਲ ਜੋੜਨ ਦੀ ਬਜਾਏ ਸ਼ਬਦ ਗੁਰੂ ਨਾਲ ਜੋੜਿਆ ਗਿਆ ਹੈ, ਜਿਸ ਦਾ ਜ਼ਿਕਰ ਸਿਧ ਗੋਸਟਿ ’ਚ ਸਿੱਧਾਂ ਨਾਲ ਹੋਏ ਬਚਨ ਬਿਲਾਸ ’ਚੋਂ ਮਿਲਦਾ ਹੈ। ਸਿੱਧਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ ਕਿ ਜੀਵਨ ਦਾ ਮੂਲ ਕੀ ਹੈ ? ਮਨੁੱਖ ਨੂੰ ਕਿਹੜੀ ਸਿੱਖਿਆ ਲੈਣੀ ਚਾਹੀਦੀ ਹੈ ? ਤੁਸੀਂ ਕਿਸ ਗੁਰੂ ਦੇ ਚੇਲੇ ਹੋ ? ਕਿਸ ਤਰ੍ਹਾਂ ਤੁਸੀਂ ਨਿਰਲੇਪ ਰਹਿੰਦੇ ਹੋ ? ਆਦਿ

ਜੋਗੀਆਂ ਦੀ ਉਮਰ ਗੁਰੂ ਨਾਨਕ ਸਾਹਿਬ ਜੀ ਤੋਂ ਬਹੁਤ ਜ਼ਿਆਦਾ ਸੀ, ਇਸ ਲਈ ਆਪ ਨੂੰ ਬਾਲਕ ਕਹਿ ਕੇ ਵੀ ਸੰਬੋਧਨ ਕੀਤਾ ਤੇ ਪੁੱਛਿਆ ਕਿ ਸ਼ਬਦ ਦੀ ਰਾਹੀਂ ਗੁਰੂ; ਮਨੁੱਖ ਨੂੰ ਕਿਵੇਂ ਸੰਸਾਰ-ਸਮੁੰਦਰ ਤੋਂ ਪਾਰ ਕਰਦਾ ਹੈ, ‘‘ਕਵਣ ਮੂਲੁ ਕਵਣ ਮਤਿ ਵੇਲਾ ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ ਕਵਣ ਕਥਾ ਲੇ ਰਹਹੁ ਨਿਰਾਲੇ ਬੋਲੈ ਨਾਨਕੁ ਸੁਣਹੁ ਤੁਮ ਬਾਲੇ ਏਸੁ ਕਥਾ ਕਾ ਦੇਇ ਬੀਚਾਰੁ ਭਵਜਲੁ ਸਬਦਿ ਲੰਘਾਵਣਹਾਰੁ ੪੩’’ (ਗੋਸਟਿ/ਮਹਲਾ /੯੪੨

ਗੁਰੂ ਸਾਹਿਬ ਨੇ ਜਵਾਬ ਦਿੰਦਿਆਂ ਕਿਹਾ ਕਿ ਪ੍ਰਾਣ ਹੀ ਜੀਵਨ ਦਾ ਮੁੱਢ ਹਨ। ਮਨੁੱਖਾ ਜਨਮ; ਸਤਿਗੁਰੂ ਦੀ ਸਿੱਖਿਆ ਲੈਣ ਦਾ ਸਮਾਂ ਹੈ। ਨਿਰਾਕਾਰ ਦੀ ਉਸਤਤਿ ਯਾਨੀ ਕਿ ਸ਼ਬਦ ਹੀ ਮੇਰਾ ਗੁਰੂ ਹੈ। ਸੁਰਤ ਦਾ ਟਿਕਾਅ ਚੇਲਾ/ਸਿੱਖ ਹੈ। ਮੈਂ ਅਕੱਥ ਪ੍ਰਭੂ ਦੀਆਂ ਗੱਲਾਂ ਕਰ ਕੇ ਭਾਵ, ਗੁਣ ਗਾ ਕੇ ਮਾਇਆ ਤੋਂ ਨਿਰਲੇਪ ਰਹਿੰਦਾ ਹਾਂ। ਇਹ ਗੁਰ ਹਰੇਕ ਜੁੱਗ ’ਚ ਮੌਜੂਦ ਹੈ। ਕੇਵਲ ਗੁਰ-ਸ਼ਬਦ ਹੀ ਹੈ, ਜਿਸ ਰਾਹੀਂ ਪ੍ਰਭੂ ਦੇ ਗੁਣ ਗਾਏ ਜਾ ਸਕਦੇ ਹਨ ਤੇ ਹਉਮੈ (ਖ਼ੁਦ-ਗਰਜ਼ੀ) ਵਾਲ਼ੀ ਅੱਗ ਨੂੰ ਅੰਦਰੋਂ ਮਾਰਿਆ ਜਾ ਸਕਦਾ ਹੈ, ‘‘ਪਵਨ ਅਰੰਭੁ ਸਤਿਗੁਰ ਮਤਿ ਵੇਲਾ ਸਬਦੁ ਗੁਰੂ ਸੁਰਤਿ ਧੁਨਿ ਚੇਲਾ ਅਕਥ ਕਥਾ ਲੇ ਰਹਉ ਨਿਰਾਲਾ ਨਾਨਕ  ! ਜੁਗਿ ਜੁਗਿ ਗੁਰ ਗੋਪਾਲਾ ਏਕੁ ਸਬਦੁ; ਜਿਤੁ ਕਥਾ ਵੀਚਾਰੀ ਗੁਰਮੁਖਿ ਹਉਮੈ ਅਗਨਿ ਨਿਵਾਰੀ ੪੪’’  (ਗੋਸਟਿ/ਮਹਲਾ /੯੪੩)

ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਧਿਆਨ ਸਹਿਤ ਪੜ੍ਹੀਏ ਤਾਂ ਪਤਾ ਲੱਗਦਾ ਹੈ ਕਿ ਗੁਰੂ ਜੀ ਦੀ ਦੇਹ ਨੂੰ ਗੁਰੂ ਸਦੀਵੀ ਸਥਿਰ ਨਹੀਂ ਮੰਨਿਆ। ਹਜ਼ਾਰਾਂ ਵਰ੍ਹਿਆਂ ਤੋਂ ਮਨੁੱਖ ਦੇਹ (ਬੁੱਤਾਂ) ਅਤੇ ਜੜ੍ਹ ਵਸਤੂਆਂ ਨੂੰ ਪੂਜਦਾ ਆਇਆ ਹੈ, ਇਸ ਕਾਰਨ ਇੰਨੀ ਜਲਦੀ ਲੋਕਾਈ ਦਾ ਯਕੀਨ ‘ਸਬਦੁ ਗੁਰੂ’ ’ਤੇ ਨਹੀਂ ਸੀ ਬੱਝਣਾਂ, ਇਸ ਲਈ ਗੁਰੂ ਸਾਹਿਬ ਨੇ 10 ਸਰੀਰਾਂ ਰਾਹੀਂ 239 ਸਾਲ ਸ਼ਬਦ ਹੀ ਗੁਰੂ ਹੈ, ਦਾ ਪ੍ਰਚਾਰ ਕੀਤਾ। ਜਦ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਪੂਰੀ ਘੋਖ ਪੜਤਾਲ ਕਰ ਵੇਖਿਆ ਕਿ ਹੁਣ ਇਹ ਸ਼ਬਦ ਗੁਰੂ ਤੋਂ ਅਗਵਾਈ ਲੈਣ ਦੇ ਯੋਗ ਹੈ ਤਾਂ ਆਪ ਨੇ ੬ ਕੱਤਕ ਬਿਕ੍ਰਮੀ ਸੰਮਤ ੧੭੬੫, ਨਾਨਕਸ਼ਾਹੀ ਸੰਮਤ ੨੪੦/ 6 ਅਕਤੂਬਰ 1708 ਜੂਲੀਅਨ ਨੂੰ ਹਜੂਰ ਸਾਹਿਬ (ਨਾਂਦੇੜ) ਵਿਖੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪ ਕੇ ਆਪ ‘ਸ਼ਬਦ ਗੁਰੂ’ (ਗੁਰੂ ਗ੍ਰੰਥ ਸਾਹਿਬ ਜੀ) ਨੂੰ ਮੱਥਾ ਟੇਕਿਆ ਅਤੇ ਸਾਰੇ ਸਿੱਖਾਂ ਨੂੰ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਇਨ੍ਹਾਂ ਨੂੰ ਹੀ ਗੁਰੂ ਮੰਨਿਆ ਜਾਵੇ ‘ਸਭ ਸਿੱਖਨ ਕੋ ਹੁਕਮ ਹੈ ਗੁਰੁ ਮਾਨੀਓ ਗ੍ਰੰਥ॥’

ਵੱਖ ਵੱਖ ਕੈਲੰਡਰਾਂ ਵਿੱਚ ਹੋਈਆਂ ਸੋਧਾਂ ਉਪਰੰਤ ਬਣੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਅੱਜ ਕੱਲ੍ਹ ੬ ਕੱਤਕ 20 ਅਕਤੂਬਰ ਨੂੰ ਆਉਂਦਾ ਹੈ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਪੁਰਬ 6 ਕੱਤਕ ਹੈ।

ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪਣ ਉਪਰੰਤ ਅਗਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਜੋਤੀ-ਜੋਤਿ ਸਮਾ ਗਏ, ਇਸ ਲਈ ਆਪ ਜੀ ਦਾ ਜੋਤੀ-ਜੋਤੀ ਪੁਰਬ; ੭ ਕੱਤਕ 21 ਅਕਤੂਬਰ ਨੂੰ ਮਨਾਇਆ ਜਾਂਦਾ ਹੈ।

ਬਾਬਾ ਬੁੱਢਾ ਜੀ ਦਾ ਜਨਮ; ੭ ਕੱਤਕ ੧੫੬੩ ਬਿਕਰਮੀ/6 ਅਕਤੂਬਰ, 1506 ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਗੱਗੋਨੰਗਲ, ਜਿਸ ਨੂੰ ਹੁਣ ਕੱਥੂਨੰਗਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ; ਵਿਖੇ ਭਾਈ ਸੁੱਘਾ ਜੀ ਰੰਧਾਵਾ ਦੇ ਗ੍ਰਹਿ ਵਿਖੇ ਮਾਤਾ ਗੌਰਾਂ ਜੀ ਦੇ ਉਦਰ ਤੋਂ ਹੋਇਆ। ਨਾਨਕਸ਼ਾਹੀ ਕੈਲੰਡਰ ਅਨੁਸਾਰ ਉਨ੍ਹਾਂ ਦਾ ਜਨਮ ਦਿਨ ਹਰ ਸਾਲ ੭ ਕੱਤਕ 21 ਅਕਤੂਬਰ ਨੂੰ ਮਨਾਇਆ ਜਾਂਦਾ ਹੈ।

ਭਾਈ ਧਰਮ ਚੰਦ ਜੀ ਦਾ ਜਨਮ ਪਿੰਡ ਜੱਟਵਾੜਾ ਜ਼ਿਲ੍ਹਾ ਸਹਾਰਨਪੁਰ ਨਿਵਾਸੀ ਭਾਈ ਸੰਤ ਰਾਮ ਜੱਟ ਦੇ ਘਰ ਮਾਤਾ ਜੱਸੀ ਜਾਂ (ਸਾਵੋ) ਜੀ ਦੇ ਉਦਰ ਤੋਂ ੭ ਕੱਤਕ ਸੰਮਤ ੧੭੨੩/8 ਅਕਤੂਬਰ 1656 ਨੂੰ ਹੋਇਆ।  ੧ ਵੈਸਾਖ ਸੰਮਤ ੧੭੫੬ ’ਚ ਸੀਸ ਭੇਟ ਕਰ ਦਸਮੇਸ਼ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਅਤੇ ਨਾਂ ਭਾਈ ਧਰਮ ਸਿੰਘ ਰੱਖਿਆ ਗਿਆ। ਸੀਸ ਭੇਟ ਕਰਨ ਵਾਲੇ ਪਹਿਲੇ ਪੰਜ ਸਿੱਖਾਂ, ਜਿਨ੍ਹਾਂ ਨੂੰ ਪੰਜ-ਪਿਆਰਿਆਂ ਦਾ ਨਾਮ ਦਿੱਤਾ ਹੈ, ਉਨ੍ਹਾਂ ਵਿੱਚੋਂ ਆਪ ਜੀ ਦਾ ਨਾਮ ਭਾਈ ਦਇਆ ਸਿੰਘ ਜੀ ਤੋਂ ਬਾਅਦ ਦੂਸਰੇ ਨੰਬਰ ’ਤੇ ਆਉਂਦਾ ਹੈ।

ਗੁਰੂ ਕਾ ਬਾਗ ਮੋਰਚੇ ਦੌਰਾਨ ਗ੍ਰਿਫ਼ਤਾਰੀਆਂ ਦੇਣ ਵਾਲੇ ਅਕਾਲੀ ਸਿੱਖਾਂ ਨੂੰ ਬਰਤਾਨਵੀ ਅਫਸਰਾਂ ਵਲੋਂ ਭੁੱਖੇ-ਭਾਣੇ ਕੈਦ ਕਰਕੇ ਅੰਮ੍ਰਿਤਸਰ ਵਿਚ ਰਸਮੀ ਅਦਾਲਤੀ ਕਾਰਵਾਈ ਤੋਂ ਬਾਅਦ ਇੱਕ ਰੇਲ ਗੱਡੀ ਰਾਹੀਂ ਅਟਕ ਦੀ ਜੇਲ੍ਹ ਲਿਜਾਇਆ ਜਾ ਰਿਹਾ ਸੀ, ਜੋ ਹਸਨ ਅਬਦਾਲ ਦੇ ਰਸਤੇ ਜਾਣੀ ਸੀ। ਜਦੋਂ ਇਸ ਬਾਰੇ ਹਸਨ ਅਬਦਾਲ ਦੀ ਸੰਗਤ ਨੂੰ ਪਤਾ ਲੱਗਾ ਤਾਂ ਸਿੱਖ ਸੰਗਤ ਨੇ ਹਸਨ ਅਬਦਾਲ ਰੇਲਵੇ ਸਟੇਸਨ ਉੱਤੇ ਗੱਡੀ ਰੁਕਵਾ ਕੇ ਭੁੱਖੇ ਕੈਦੀਆਂ ਨੂੰ ਲੰਗਰ ਛਕਾਉਣ ਦਾ ਪ੍ਰਬੰਧ ਕੀਤਾ। ਖਜਾਨਚੀ ਭਾਈ ਪ੍ਰਤਾਪ ਸਿੰਘ ਅਤੇ ਅਨੰਦਪੁਰ ਸਾਹਿਬ ਤੋਂ ਦਰਸ਼ਨਾਂ ਲਈ ਆਏ ਸ਼ਰਧਾਲੂ ਭਾਈ ਕਰਮ ਸਿੰਘ, ਜੋ ਪੰਜਾ ਸਾਹਿਬ ਗੁਰਦੁਆਰੇ ’ਚ ਕੀਰਤਨ ਦੀ ਸੇਵਾ ਨਿਭਾਉਂਦੇ ਸਨ; ਸੰਗਤ ਸਮੇਤ ਭੁੱਖੇ ਕੈਦੀ ਸਿੱਖਾਂ ਲਈ ਲੰਗਰ ਤਿਆਰ ਕਰਕੇ ਛਕਾਉਣ ਲਈ ਹਸਨ ਅਬਦਾਲ ਦੇ ਰੇਲਵੇ ਸਟੇਸਨ ਪਹੁੰਚ ਗਏ। ਸਟੇਸ਼ਨ ਮਾਸਟਰ ਨੂੰ ਰੇਲ ਗੱਡੀ ਰੋਕਣ ਲਈ ਕਿਹਾ; ਪਰ ਪਿੱਛੋਂ ਅੰਗਰੇਜ ਸਰਕਾਰ ਦਾ ਹੁਕਮ ਸੀ ਕਿ ਗੱਡੀ ਨਾ ਰੋਕੀ ਜਾਵੇ। ਚੱਲਦੀ ਗੱਡੀ ਨੂੰ ਜਬਰਦਸਤੀ ਰੋਕਣ ਲਈ ਭਾਈ ਪ੍ਰਤਾਪ ਸਿੰਘ ਖਜਾਨਚੀ ਅਤੇ ਭਾਈ ਕਰਮ ਸਿੰਘ ਜੀ ਸਭ ਤੋਂ ਅੱਗੇ ਰੇਲ ਗੱਡੀ ਦੀ ਪੱਟੜੀ ’ਤੇ ਲੇਟ ਗਏ। ਗੱਡੀ ਨਾ ਰੁਕੀ ਤੇ ਉਹ ਦੋਵੇਂ ਸਖ਼ਤ ਜਖ਼ਮੀ ਹੋ ਗਏ। ਉਨ੍ਹਾਂ ਦੇ ਨਾਲ ਛੇ ਹੋਰ ਸਿੰਘ ਵੀ ਇਸ ਦੌਰਾਨ ਜਖ਼ਮੀ ਹੋਏ। ਜਦ ਉਨ੍ਹਾਂ ਦੀ ਦੇਖਭਾਲ ਲਈ ਸਿੰਘ ਅੱਗੇ ਆਏ ਤਾਂ ਉਨ੍ਹਾਂ ਕਿਹਾ ਪਹਿਲਾਂ ਭੁੱਖੇ ਸਿੱਖ ਕੈਦੀਆਂ ਨੂੰ ਲੰਗਰ ਛਕਾਇਆ ਜਾਵੇ। ਗੱਡੀ ਉਸੇ ਸਥਾਨ ’ਤੇ ਡੇਢ ਘੰਟੇ ਲਈ ਰੁਕੀ ਰਹੀ, ਜਿਸ ਨਾਲ ਗੱਡੀ ’ਚ ਸਵਾਰ ਸਿੱਖ ਕੈਦੀਆਂ, ਜਿਨ੍ਹਾਂ ਵਿੱਚ ਔਰਤਾਂ ਵੀ ਸਾਮਲ ਸਨ, ਨੂੰ ਲੰਗਰ ਵਰਤਾਇਆ ਗਿਆ ਅਤੇ ਹੋਰ ਜ਼ਰੂਰੀ ਵਸਤਾਂ ਵੀ ਦਿੱਤੀਆਂ। ਭਾਈ ਪ੍ਰਤਾਪ ਸਿੰਘ ਅਤੇ ਭਾਈ ਕਰਮ ਸਿੰਘ ਹਸਪਤਾਲ ਪਹੁੰਚਣ ਤੋਂ ਬਾਅਦ ਸਹੀਦ ਹੋ ਗਏ। ਕੇਵਲ ਭੁੱਖੇ ਸਿੰਘਾਂ ਨੂੰ ਲੰਗਰ ਛਕਾਉਣ ਬਦਲੇ ਆਪਣੀ ਜਾਨ ਵਾਰ ਦੇਣ ਦੀ ਇਹ ਅਨੂਠੀ ਉਦਾਹਰਨ ਹੈ, ਜੋ ਸਿੰਘਾਂ ਦੇ ਦ੍ਰਿੜ੍ਹ ਇਰਾਦੇ ਦੀ ਮਿਸਾਲ ਬਣੀ। ਨਾਨਕਸ਼ਾਹੀ ਕੈਲੰਡਰ ’ਚ ਸਾਕਾ ਪੰਜਾ ਸਾਹਿਬ ਦੀ ਯਾਦ ਹਰ ਸਾਲ ੧੪ ਕੱਤਕ 28 ਅਕਤੂਬਰ ਨੂੰ ਮਨਾਈ ਜਾਂਦੀ ਹੈ।

ਜੂਨ 1984 ’ਚ ਭਾਰਤੀ ਫੌਜਾਂ ਵੱਲੋਂ ਦਰਬਾਰ ਸਾਹਿਬ ’ਤੇ ਤੋਪਾਂ ਟੈਂਕਾਂ ਨਾਲ ਹਮਲੇ ਕੀਤੇ ਜਾਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਢਹਿ ਢੇਰੀ ਕਰ ਦੇਣ ਦੇ ਰੋਸ ਵਜੋਂ 31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਰਿਹਾਇਸ਼ ’ਤੇ ਉਨ੍ਹਾਂ ਦੇ ਹੀ ਦੋ ਬਾਡੀ ਗਾਰਡਾਂ (ਭਾਈ ਬੇਅੰਤ ਸਿੰਘ ਇੰਸਪੈਕਟਰ ਅਤੇ ਸਿਪਾਹੀ ਭਾਈ ਸਤਵੰਤ ਸਿੰਘ) ਨੇ ਹਮਲਾ ਕਰਕੇ ਇੰਦਰਾ ਗਾਂਧੀ ਨੂੰ ਮਾਰ ਦਿੱਤਾ। ਜਦ ਆਪਣਾ ਕੰਮ ਕਰਕੇ ਉਨ੍ਹਾਂ ਨੇ ਹਥਿਆਰ ਹੱਥੋਂ ਛੱਡ ਦਿੱਤੇ ਤਾਂ ਇੰਡੋ ਤਿਬਤੀਅਨ ਪੁਲਿਸ ਦੇ ਬਾਡੀ ਗਾਰਡਾਂ ਵੱਲੋਂ ਗੋਲੀਆਂ ਚਲਾ ਕੇ ਭਾਈ ਬੇਅੰਤ ਸਿੰਘ ਨੂੰ ਸ਼ਹੀਦ ਅਤੇ ਭਾਈ ਸਤਵੰਤ ਸਿੰਘ ਨੂੰ ਸਖ਼ਤ ਜਖ਼ਮੀ ਕਰ ਦਿੱਤਾ, ਜਿਨ੍ਹਾਂ ਨੂੰ ਬਾਅਦ ’ਚ ਭਾਈ ਕੇਹਰ ਸਿੰਘ ਨਾਲ 6 ਜਨਵਰੀ 1989 ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ। ਨਾਨਕਸ਼ਾਹੀ ਕੈਲੰਡਰ ਅਨੁਸਾਰ ਭਾਈ ਬੇਅੰਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹਰ ਸਾਲ ੧੭ ਕੱਤਕ 31 ਅਕਤੂਬਰ ਨੂੰ ਮਨਾਇਆ ਜਾਂਦਾ ਹੈ।

ਪੰਡਿਤ ਭਾਈ ਰਾਮਦਾਸ ਜੀ ਰੋਹਤਾਸ ਜ਼ਿਲ੍ਹਾ ਜੇਹਲਮ (ਹੁਣ ਪਾਕਿਸਤਾਨ) ਵਿਖੇ ਵਪਾਰ ਦਾ ਕੰਮ ਕਰਦੇ ਸਨ, ਪਰ ਉਨ੍ਹਾਂ ਦੇ ਘਰ ਕੋਈ ਔਲਾਦ ਨਹੀਂ ਸੀ। ਸੰਮਤ 1736 ਵਿੱਚ ਪੋਠੋਹਾਰ ਦੀ ਸੰਗਤ ਨਾਲ ਆਪ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸਨਾਂ ਲਈ ਅਨੰਦਪੁਰ ਸਾਹਿਬ ਆਏ ਤੇ ਗੁਰੂ ਜੀ ਅੱਗੇ ਸੰਤਾਨ ਪ੍ਰਾਪਤੀ ਲਈ ਅਰਦਾਸ ਕੀਤੀ। ਆਪ ਨੇ ਗੁਰੂ ਸਾਹਿਬ ਨਾਲ਼ ਵਾਅਦਾ ਕੀਤਾ ਕਿ ਪਹਿਲੀ ਸੰਤਾਨ ਆਪ ਜੀ ਨੂੰ ਭੇਟ ਕੀਤੀ ਜਾਵੇਗੀ। ਭਾਈ ਰਾਮਦਾਸ ਜੀ ਦੇ ਘਰ ਮਾਤਾ ਜਸਦੇਵੀ ਜੀ ਦੀ ਕੁੱਖੋਂ ਵੱਡੀ ਪੁੱਤਰੀ ਅਤੇ ਛੋਟੇ ਪੁੱਤਰ ਨੇ ਜਨਮ ਲਿਆ, ਜਿਨ੍ਹਾਂ ਦੇ ਨਾਮ ਕ੍ਰਮਵਾਰ ਸਾਹਿਬ ਦੇਵਾਂ ਤੇ ਸਾਹਿਬ ਚੰਦ ਰੱਖੇ ਗਏ। ਸਾਹਿਬ ਦੇਵਾਂ ਦਾ ਜਨਮ 18 ਕੱਤਕ ਸੰਮਤ 1738/18 ਅਕਤੂਬਰ 1681 ਈਸਵੀ ਨੂੰ ਰੋਹਤਾਸ ਵਿਖੇ ਹੋਇਆ। ਸਾਹਿਬ ਦੇਵਾਂ ਛੋਟੀ ਉਮਰੇ ਹੀ ਕਹਿਣ ਲੱਗ ਪਈ ਕਿ ਜੇ ਉਨ੍ਹਾਂ ਦਾ ਵਿਆਹ ਕੀਤਾ ਤਾਂ ਉਹ ਕੇਵਲ ਗੁਰੂ ਗੋਬਿੰਦ ਸਿੰਘ ਜੀ ਨਾਲ ਹੀ ਕਰਾਏਗੀ। ਗੁਰੂ ਗੋਬਿੰਦ ਸਿੰਘ ਜੀ ਦਾ ਪਹਿਲੇ ਵੀ ਵਿਆਹ ਹੋਇਆ ਸੀ ਅਤੇ 4 ਸਾਹਿਬਜ਼ਾਦੇ ਵੀ ਸਨ, ਪਰ ਸਾਹਿਬ ਦੇਵਾਂ ਅਤੇ ਉਨ੍ਹਾਂ ਦੇ ਪਿਤਾ ਵੱਲੋਂ ਕੀਤੇ ਪ੍ਰਣ ਕਾਰਨ ਉਨ੍ਹਾਂ ਦਾ ਅਨੰਦ ਕਾਰਜ ਗੁਰੂ ਗੋਬਿੰਦ ਸਿੰਘ ਨਾਲ ਹੋਇਆ ਅਤੇ ਅੰਮ੍ਰਿਤ ਛਕਣ ਤੋਂ ਬਾਅਦ ਨਾਂ ਸਾਹਿਬ ਕੌਰ ਰੱਖਿਆ ਗਿਆ। ਉਨ੍ਹਾਂ ਦਾ ਰਿਸ਼ਤਾ ਕੇਵਲ ਰੁਹਾਨੀਅਤ ਸੀ। ਸਿੱਖ ਧਰਮ ਵਿੱਚ ਮਾਤਾ ਸਾਹਿਬ ਕੌਰ ਨੂੰ ‘ਖਾਲਸਾ ਪੰਥ ਦੀ ਮਾਤਾ’ ਹੋਣ ਦਾ ਮਾਣ ਪ੍ਰਾਪਤ ਹੈ। ਨਾਨਕਸ਼ਾਹੀ ਕੈਲੰਡਰ ਅਨੁਸਾਰ ਮਾਤਾ ਸਾਹਿਬ ਕੌਰ ਜੀ ਦਾ ਜਨਮ ਦਿਨ ੧੮ ਕੱਤਕ 1 ਨਵੰਬਰ ਨੂੰ ਆਉਂਦਾ ਹੈ।

1756 ਈਸਵੀ ’ਚ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਉੱਤੇ ਚੌਥਾ ਹਮਲਾ ਕਰ ਕੇ ਬਹੁਤ ਸਾਰੇ ਸ਼ਹਿਰਾਂ ਨੂੰ ਲੁੱਟਿਆ ਅਤੇ ਭਾਰਤੀ ਔਰਤਾਂ ਨੂੰ ਦਾਸੀ ਬਣਾ ਕੇ ਕਾਬਲ ਪਰਤ ਰਿਹਾ ਸੀ ਤਾਂ ਉਦੋਂ ਬਾਬਾ ਦੀਪ ਸਿੰਘ ਜੀ ਦੀ ਸ਼ਹੀਦ ਮਿਸਲ ਨੇ ਕੁਰੂਕਸ਼ੇਤਰ ਦੇ ਕੋਲ ਪਿਪਲੀ ਤੇ ਮਾਰਕੰਡੇ ਦੇ ਦਰਿਆ ਤੋਂ ਲਗਭਗ 300 ਔਰਤਾਂ ਸਮੇਤ ਬਹੁਤ ਸਾਰਾ ਕੀਮਤੀ ਸਾਮਾਨ ਖੋਹ ਲਿਆ। ਇਸ ਦਾ ਬਦਲਾ ਲੈਣ ਲਈ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਲਾਹੌਰ ਦਾ ਗਵਰਨਰ ਨਿਯੁਕਤ ਕਰ ਕੇ ਸਿੱਖਾਂ ਨੂੰ ਖ਼ਤਮ ਕਰਨ ਲਈ, ਗੁਰਦੁਆਰਿਆਂ ਨੂੰ ਢਾਹੁਣ ਲਈ ਕਿਹਾ। ਜਦ ਤੈਮੂਰ ਸ਼ਾਹ ਵੱਲੋਂ ਦਰਬਾਰ ਸਾਹਿਬ ਜੀ ਦੀ ਪਵਿੱਤਰਤਾ ਭੰਗ ਕਰਨ ਦੀ ਖ਼ਬਰ ਆਈ ਤਾਂ ਬਾਬਾ ਦੀਪ ਸਿੰਘ ਜੀ ਨੇ ਤੈਮੂਰ ਸ਼ਾਹ ਨਾਲ ਦੋ ਹੱਥ ਕਰਨ ਦਾ ਫ਼ੈਸਲਾ ਕੀਤਾ। ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਤੋਂ 500 ਸਿੰਘਾਂ ਦਾ ਜਥਾ ਲੈ ਕੇ ਅੰਮ੍ਰਿਤਸਰ ਵੱਲ ਤੁਰੇ। ਅੰਮ੍ਰਿਤਸਰ ਤਕ ਆਉਂਦਿਆ ਇਹ ਜਥਾ 5000 ਸਿੰਘਾਂ ਦਾ ਹੋ ਗਿਆ। ਸਿੰਘ ਇਸ ਸਮੇਂ ਸ੍ਰੀ ਦਰਬਾਰ ਸਾਹਿਬ ਦੀ ਹੋਈ ਬੇਪਤੀ ਦਾ ਬਦਲਾ ਲੈਣ ਲਈ ਆਰ-ਪਾਰ ਦੀ ਲੜਾਈ ’ਚ ਸਨ। ਬਾਬਾ ਦੀਪ ਸਿੰਘ ਸਮੇਤ ਕਈ ਸਿੱਖ ਅਜਿਹੀ ਬਹਾਦਰੀ ਨਾਲ ਜੰਗ ਦੇ ਮੈਦਾਨ ’ਚ ਨਿੱਤਰੇ ਕਿ ਜਹਾਨ ਖਾਂ ਦੀ ਫ਼ੌਜ ’ਚ ਭਾਜੜ ਮੱਚ ਗਈ। ਦੂਜੇ ਪਾਸੇ ਜਹਾਨ ਖਾਂ ਦਾ ਨਾਇਬ ਫ਼ੌਜੀ ਜਮਾਲ ਸ਼ਾਹ ਅੱਗੇ ਵਧਿਆ ਅਤੇ ਬਾਬਾ ਦੀਪ ਸਿੰਘ ਜੀ ਨੂੰ ਲਲਕਾਰਨ ਲੱਗਿਆ। ਇਸ ਦੌਰਾਨ ਦੋਵਾਂ ’ਚ ਘਮਾਸਾਨ ਲੜਾਈ ਹੋਈ। ਉਸ ਸਮੇਂ ਬਾਬਾ ਦੀਪ ਸਿੰਘ ਜੀ ਦੀ ਉਮਰ 75 ਸਾਲ ਦੀ ਸੀ ਜਦਕਿ ਜਮਾਲ ਸ਼ਾਹ ਦੀ ਉਮਰ 40 ਕੁ ਸਾਲ ਸੀ। ਬਾਬਾ ਜੀ ਨੇ ਖੰਡੇ ਦਾ ਵਾਰ ਜਮਾਲ ਸ਼ਾਹ ਦੀ ਗਰਦਨ ਉੱਤੇ ਕੀਤਾ ਪਰ ਇਸੇ ਦੌਰਾਨ ਜਮਾਲ ਸ਼ਾਹ ਨੇ ਵੀ ਬਾਬਾ ਜੀ ਉੱਤੇ ਪੂਰੇ ਜੋਸ਼ ਨਾਲ ਤਲਵਾਰ ਦਾ ਵਾਰ ਕਰ ਦਿੱਤਾ, ਜਿਸ ਨਾਲ ਦੋਵੇਂ ਜਰਨੈਲਾਂ ਦੀਆਂ ਗਰਦਨਾਂ ਇੱਕੋ ਹੀ ਸਮੇਂ ਕੱਟੀਆਂ ਗਈਆਂ। ਜਮਾਲ ਸ਼ਾਹ ਤਾਂ ਉਸੇ ਵੇਲੇ ਪ੍ਰਾਣ ਤਿਆਗ ਗਿਆ ਪਰ ਬਾਬਾ ਦੀਪ ਸਿੰਘ ਜੀ ਉੱਠ ਖੜ੍ਹੇ ਹੋਏ ਤੇ ਕੱਟੀ ਹੋਈ ਗਰਦਨ ਨੂੰ ਇੱਕ ਹੱਥ ਨਾਲ ਸੰਭਾਲਦੇ ਹੋਏ ਦੂਸਰੇ ਹੱਥ ਨਾਲ ਖੰਡਾ ਵਾਹੁੰਦੇ ਰਹੇ; ਤਾਂ ਦੁਸ਼ਮਣ ‘ਅਲੀ ਅਲੀ’ ਕਰਦੇ ਭੱਜ ਗਏ। ਆਪਣੇ ਦੋਧਾਰੀ 18 ਸੇਰ ਦੇ ਖੰਡੇ ਨਾਲ ਦੁਸ਼ਮਣ ਫ਼ੌਜ ਨਾਲ ਲੜਦਿਆਂ ਬਾਬਾ ਦੀਪ ਸਿੰਘ ਜੀ; ਅੰਤ ਦਰਬਾਰ ਸਾਹਿਬ ਵਿਖੇ ਪਹੁੰਚ ਗਏ ਤੇ ਪਰਿਕਰਮਾ ’ਚ ਜਾ ਕੇ ਗੁਰੂ ਘਰ ਨੂੰ ਨਮਸਕਾਰ ਕੀਤਾ ਤੇ ੩੦ ਕੱਤਕ ਸੰਮਤ ੧੮੧੪/ 11 ਨਵੰਬਰ 1757 ਨੂੰ ਸ਼ਹੀਦੀ ਪਾ ਗਏ। ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਵਸ ਨਾਨਕਸ਼ਾਹੀ ਕੈਲੰਡਰ ਮੁਤਾਬਕ ੩੦ ਕੱਤਕ/13 ਨਵੰਬਰ ਨੂੰ ਆਉਂਦਾ ਹੈ।