ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 7)

0
47

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 7)

ਪੰਥ ਦੇ ਵਿਚਾਰਨਯੋਗ ਮਸਲੇ ਤੇ ਸਮਾਧਾਨ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ-1)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 2)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ -3)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 4)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 5)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 6)

ਗਿਆਨੀ ਜਗਤਾਰ ਸਿੰਘ ਜਾਚਕ

ਅਠਵਾਂ ਮਸਲਾ ਹੈ ਕਾਤਿਬਾਂ ਦੀ ਅਣਗਹਿਲੀ ਕਾਰਨ ਛੁੱਟੀਆਂ ਤੁਕਾਂ, ਤੁਕਾਂਸ਼ਾਂ ਤੇ ਪਦਿਆਂ ਦੀ ਪੂਰਤੀ ਦਾ : ਸੂਚੀ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 336 ਦੇ 57 ਨੰ. ਸ਼ਬਦ ਦੀਆਂ ‘ਰਹਾਉ’ ਵਾਲ਼ੀਆਂ ਪਹਿਲੀਆਂ ਦੋ ਤੁਕਾਂ ਨੂੰ ਛੱਡ ਕੇ ਬਾਕੀ ਦਾ ਸ਼ਬਦ ‘ਕਬੀਰ ਬੀਜਕ’ ਵਿੱਚ ‘ਚਾਚਰ’ ਸਿਰਲੇਖ ਹੇਠ ਮਿਲਦਾ ਹੈ। ਇਸ ਦਾ ਪਹਿਲਾ ਪਦਾ ਹੈ :

ਕਾਲਬੂਤ ਕੀ ਹਸਤਨੀ ਮਨ ਬਉਰਾ ਰੇ ਚਲਿਤੁ ਰਚਿਓ ਜਗਦੀਸਿ ॥

ਕਾਮ ਸੁਆਇ ਗਜੁ ਬਸਿ ਪਰੇ ਮਨ ਬਉਰਾ ਰੇ ਅੰਕਸੁ ਸਹਿਓ ਸੀਸਿ ॥੧॥

ਇਸ ਸ਼ਬਦ ਦੇ ਚਾਰੇ ਪਦੇ ਪਹਿਲੇ ਪਦੇ ਵਾਂਗ ਪੂਰੇ ਦੋ ਦੋ ਤੁਕਾਂ ਦੇ ਹਨ, ਪਰ ‘ਰਹਾਉ’ ਵਾਲ਼ੀ ਪਹਿਲੀ ਤੁਕ ਅੱਧੀ ਹੈ; ਜਿਵੇਂ ‘‘ਬਿਖੈ ਬਾਚੁ ਹਰਿ ਰਾਚੁ ਸਮਝੁ ਮਨ ਬਉਰਾ ਰੇ  ? ॥’’ ਕਿਉਂਕਿ ਚਾਰੇ ਪਦਿਆਂ ਦੀ ਹਰੇਕ ਤੁਕ ਦੇ ਪਹਿਲੇ ਅੱਧ ਦੀਆਂ ਮਾਤਰਾਂ 21, 21 ਹਨ ਅਤੇ ਪਿਛਲੇ ਅੱਧ ਦੀਆਂ 11, 12 ਹਨ ਜਦ ਕਿ ‘ਰਹਾਉ’ ਦੀ ਉਪਰੋਕਤ ਤੁਕ ਦੇ ਪਹਿਲੇ ਅੱਧ ਦੀਆਂ 21 ਮਾਤ੍ਰਾਵਾਂ ਪੂਰੀਆਂ ਹਨ, ਪਰ ਰਹਾਉ ਦੀ ਦੂਜੀ ਤੁਕ ਦੇ ਬਰਾਬਰ ਪਹਿਲੀ ਤੁਕ ਦੀਆਂ ਪਿਛਲੀਆਂ 12 ਮਾਤ੍ਰਾਵਾਂ ਦੀ ਘਾਟ ਹੈ।

ਸੂਚੀ ਮੁਤਾਬਕ ਸੰਤ ਟਹਿਲ ਸਿੰਘ ਨਿਹੰਗ ਤੇ ਸੰਤ ਇੰਦਰ ਸਿੰਘ ਚਕ੍ਰਵਤੀ ਨੇ ਕਿਸੇ ਬੀੜ ਵਿਚੋਂ ਉਪਰੋਕਤ ਅੱਧਾ ਪਦਾ ‘ਦੁਰਲਭ ਦੇਹ ਕੈ ਕਾਜਿ ॥’ ਪੜ੍ਹਿਆ ਸੀ, ਜੋ ਸਮੁੱਚੇ ਸ਼ਬਦ ਦੇ ਪ੍ਰਕਰਨ ਤੇ ਤੁਕ ਦੇ ਅਰਥ-ਭਾਵ ਪੱਖੋਂ ਬੜਾ ਢੁਕਵਾਂ ਹੈ। ਜਥੇਦਾਰ ਵੇਦਾਂਤੀ ਜੀ ਤੇ ਗਿ. ਭਰਪੂਰ ਸਿੰਘ ਜੀ ਵਰਗੇ ਪੁਰਾਤਨ ਬੀੜਾਂ ਦੇ ਖੋਜੀ ਅਤੇ ਕਾਵਿਕ ਦ੍ਰਿਸ਼ਟੀ ਤੋਂ ਪਿੰਗਲ ਦੀ ਸੋਝੀ ਰੱਖਣ ਵਾਲੇ ਵਿਦਵਾਨਾਂ ਮੁਤਾਬਕ ਲੋੜੀਂਦਾ ਹੈ। ਇਸ ਲਈ ਹੁਣ ਚਾਹੀਦਾ ਹੈ ਕਿ ਰਹਾਉ ਦੇ ਪਦੇ ਨੂੰ ਇੰਝ ਲਿਖਿਆ ਜਾਏ :

ਬਿਖੈ ਬਾਚੁ ਹਰਿ ਰਾਚੁ ਸਮਝੁ ਮਨ ਬਉਰਾ ਰੇ  ਦੁਰਲਭ ਦੇਹ ਕੈ ਕਾਜਿ

ਨਿਰਭੈ ਹੋਇ ਨ ਹਰਿ ਭਜੇ ਮਨ ਬਉਰਾ ਰੇ  ਗਹਿਓ ਨ ਰਾਮ ਜਹਾਜੁ ॥੧॥ ਰਹਾਉ ॥ (ਪੰਨਾ 336)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਪੰਨਾ 557, 58 ’ਤੇ ‘ਵਡਹੰਸੁ ਮਹਲਾ ੧ ਘਰੁ 2 ॥ ਮੋਰੀ ਰੁਣ ਝੁਣ ਲਾਇਆ ਭੈਣੇ॥’;  21 ਤੁਕਾਂ ਵਾਲ਼ਾ ਇੱਕ ਵਿਸ਼ੇਸ਼ ਕਿਸਮ ਦਾ ਸ਼ਬਦ ਹੈ। ਇਸ ਸ਼ਬਦ ਤੋਂ ਪਹਿਲਾਂ ਅਤੇ ਪਿੱਛੋਂ ਵੀ ਦੋ ਦੋ ਤੁਕਾਂ ਦੇ ਚਉਪਦੇ ਹਨ। ਇਸ ਸ਼ਬਦ ਦੇ ਵੱਖ ਵੱਖ ਦੋ ਤੁਕੀ ਪਦੇ ਤਾਂ ਭਾਵੇਂ ਅੰਕਿਤ ਨਹੀਂ ਪਰੰਤੂ ਸ਼ਬਦ ਦੇ ਅਖ਼ੀਰ ਵਾਲੀ 21ਵੀਂ ਤੁਕ ਨੂੰ ਛੱਡ ਕੇ ਪਹਿਲੀਆਂ ਦੋ ਦੋ ਤੁਕਾਂ ਦੇ ਮਿਲਵੇਂ ਕਾਫ਼ੀਏ ਸਦਕਾ 10 ਦੁਪਦੇ ਬਣ ਜਾਂਦੇ ਹਨ; ਜਿਵੇਂ ਕਿ ਹੇਠਾਂ 19 ਤੇ 20 ਨੰਬਰ ਤੁਕਾਂ ਦਾ ਜੋੜਾ :

ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ ॥

ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ ॥

ਇਸ ਪ੍ਰਕਾਰ ਕੇਵਲ 21ਵੀਂ ਤੁਕ ਬਚਦੀ ਹੈ, ਜਿਸ ਦੇ ਮਿਲਵੇਂ ਕਾਫ਼ੀਏ ਵਾਲੀ ਦੂਜੀ ਤੁਕ ਦੀ ਘਾਟ ਹੈ। ਪਾਠ-ਭੇਦ ਸੂਚੀ ਮੁਤਾਬਕ ਮੀਣੇ ਗੁਰੂ ਮਿਹਰਵਾਨ ਦੇ ਸੇਵਕ ਸੋਢੀ ਮਨੋਹਰ ਦਾਸ ਦੀ ਲਿਖੀ ਪੋਥੀ ਸਚਖੰਡ ਦੀ 420 ਨੰਬਰ ਸਾਖੀ ਵਿੱਚ ਉਪਰੋਕਤ ਸ਼ਬਦ ਦੀ 21ਵੀਂ ਤੁਕ ‘ਕਿਉ ਨ ਮਰੀਜੈ ਜੀਅੜਾ ਨ ਦੀਜੈ ਜਾ ਸਹੁ ਭਇਆ ਵਿਡਾਣਾ ॥’ ਦੇ ਨਾਲ ਦੀ ਹੇਠ ਲਿਖੀ 22ਵੀਂ ਤੁਕ ਮਿਲਦੀ ਹੈ :

ਆਪਣੇ ਪਿਰ ਭਾਣੀ ਮਹਲਿ ਬੁਲਾਈ ਨਾਨਕ ਸੰਗਿ ਸਮਾਣਾ ॥ ਸੂਚੀ ਪੰਨਾ 170

ਇਸ ਪ੍ਰਕਾਰ ਕਾਵਿਕ ਦ੍ਰਿਸ਼ਟੀ ਤੋਂ 21 ਤੇ 22 ਨੰਬਰ ਤੁਕਾਂ ਦਾ ਜੋੜਾ ਇਉਂ ਸ਼ੋਭਨੀਕ ਹੁੰਦਾ ਹੈ :

ਕਿਉ ਨ ਮਰੀਜੈ ਜੀਅੜਾ ਨ ਦੀਜੈ ਜਾ ਸਹੁ ਭਇਆ ਵਿਡਾਣਾ ॥

ਆਪਣੇ ਪਿਰ ਭਾਣੀ ਮਹਲਿ ਬੁਲਾਈ ਨਾਨਕ ਸੰਗਿ ਸਮਾਣਾ ॥੧॥੩॥ (ਪੰਨਾ 558)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 653 ’ਤੇ ਸੋਰਠਿ ਦੀ ਵਾਰ ਦੀ 29ਵੀਂ ਪਉੜੀ ਨਾਲ ਦੋ ਸਲੋਕ ਹਨ। ਪਹਿਲਾ ‘‘ਸਲੋਕ ਮ: ੩ ॥ ਏ ਮਨ ਹਰਿ ਜੀ ਧਿਆਇ ਤੂ॥’’ ਪੂਰੀਆਂ 4 ਤੁਕਾਂ ਦਾ ਅਤੇ ਹੇਠ ਲਿਖਿਆ ਦੂਜਾ ਸਲੋਕ ਕੇਵਲ 3 ਤੁਕਾਂ ਦਾ ਹੈ :

ਮ: ੩ ॥ ਆਪੇ ਸੇਵਾ ਲਾਇਅਨੁ ਆਪੇ ਬਖਸ ਕਰੇਇ ॥

ਸਭਨਾ ਕਾ ਮਾ ਪਿਉ ਆਪਿ ਹੈ ਆਪੇ ਸਾਰ ਕਰੇਇ ॥

ਨਾਨਕ ਨਾਮੁ ਧਿਆਇਨਿ ਤਿਨ ਨਿਜ ਘਰਿ ਵਾਸੁ ਹੈ ਜੁਗਿ ਜੁਗਿ ਸੋਭਾ ਹੋਇ ॥੨॥

ਪਾਠ-ਭੇਦ ਸੂਚੀ ਮੁਤਾਬਕ ਦੂਜੇ ਸਲੋਕ ਦੀ ਦੂਜੀ ਤੁਕ ਕਿਸੇ ਲਿਖਾਰੀ ਤੋਂ ਛੁੱਟ ਗਈ ਹੈ ਅਤੇ ਅੱਗੋਂ ਛਪਾਈ ਵਿੱਚ ਓਹੀ ਭੁੱਲ ਦੁਹਰਾਈ ਜਾ ਰਹੀ ਹੈ ਕਿਉਂਕਿ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੀ ਸਭ ਤੋਂ ਸ਼ੁਧ ਮੰਨੀ ਜਾਂਦੀ ‘ਸਾਰਨ ਕੇ ਵਾਲੀ’ ਬੀੜ ਨੰ. 5 ਦੇ ਸਮੇਤ ਹੇਠ ਲਿਖੀਆਂ 7 ਬੀੜਾਂ ਵਿੱਚ ਉਹ ਤੁਕ ਇੰਝ ਮਿਲੀ ਹੈ : ਆਪੇ ਦੇਇ ਵਡਿਆਈਆ ਆਪੇ ਨਦਰਿ ਕਰੇਇ ॥ ਸੂਚੀ ਪੰਨਾ 206 :

ਬੀੜ ਨੰ. 5, 11/4886, 26/55, 26/55, 32/6281, 36/117, 38/173 ਅਤੇ 39/182 ਆਦਿ ॥

ਸੂਚੀ ਦੇ ਉਪਰੋਕਤ ਵੇਰਵੇ ਮੁਤਾਬਕ 29ਵੀਂ ਪਉੜੀ ਦਾ ਦੂਜਾ ਸਲੋਕ ਹੁਣ ਇੰਝ ਛਪਣਾ ਚਾਹੀਦਾ ਹੈ :

ਮ: ੩ ॥ ਆਪੇ ਸੇਵਾ ਲਾਇਅਨੁ ਆਪੇ ਬਖਸ ਕਰੇਇ ॥

ਆਪੇ ਦੇਇ ਵਡਿਆਈਆ ਆਪੇ ਨਦਰਿ ਕਰੇਇ  ? ॥

ਸਭਨਾ ਕਾ ਮਾ ਪਿਉ ਆਪਿ ਹੈ ਆਪੇ ਸਾਰ ਕਰੇਇ ॥

ਨਾਨਕ ਨਾਮੁ ਧਿਆਇਨਿ ਤਿਨ ਨਿਜ ਘਰਿ ਵਾਸੁ ਹੈ ਜੁਗਿ ਜੁਗਿ ਸੋਭਾ ਹੋਇ ॥੨੯॥ (ਪੰਨਾ 653)         

ਸੂਚੀ ਮੁਤਾਬਕ ਪ੍ਰਮਾਣਿਕ ਬੀੜ ਨੰ. 5 ਅਨੁਸਾਰ ‘ਮਹਾ ਮੰਗਲੁ ਰਹਸੁ ਥੀਆ ਪਿਰੁ ਦਇਆਲੁ ਸਦ ਨਵਰੰਗੀਆ ॥’ ਗੁਰੂ ਗ੍ਰੰਥ-ਪੰ. 704 ਤੁਕ ਵਿੱਚੋਂ ‘ਅੰਮ੍ਰਿਤੁ ਪੀਆ’ ਪਦ ਛੁੱਟਿਆ ਜਾਪਦਾ ਹੈ ਕਿਉਂਕਿ ਇਸ ਕਾਫ਼ੀਏ ਦੇ ਸਮਾਨਤਾ ਵਾਲੀ ਦੂਜੀ ਤੁਕ ਦੀ ਕਾਵਿਕ ਬਣਤਰ ਤੋਂ ਉਪਰੋਕਤ ਤੱਥ ਦੀ ਪੁਸ਼ਟੀ ਹੁੰਦੀ ਹੈ। ਅਰਥਾਂ ਦੀ ਦ੍ਰਿਸ਼ਟੀ ਤੋਂ ਜੇ ਤੁਕ ਦਾ ਅਨਵੈ ਕੀਤਾ ਜਾਏ, ਜਿਵੇਂ ‘ਸਦ ਨਵਰੰਗੀਆ ਪਿਰੁ ਦਇਆਲੁ (ਹੋਇਆ ਤਾਂ) ਮਹਾ ਮੰਗਲੁ ਰਹਸੁ ਥੀਆ, ਪਰ ਕਿਉਂ ? ਕਿਉਂਕਿ ‘ਅੰਮ੍ਰਿਤੁ ਪੀਆ’। ਇਸ ਪ੍ਰਕਾਰ ਦੋਹਾਂ ਤੁਕਾਂ ਦੇ ਸਹੀ ਪਾਠ ਦਾ ਜੁੱਟ ਇਉਂ ਬਣੇਗਾ :

ਮਹਾ ਮੰਗਲੁ ਰਹਸੁ ਥੀਆ ਅੰਮ੍ਰਿਤੁ ਪੀਆ ਪਿਰੁ ਦਇਆਲੁ ਸਦ ਨਵਰੰਗੀਆ ॥ 704 ?

ਵਡਭਾਗਿ ਪਾਇਆ ਗੁਰਿ ਮਿਲਾਇਆ  ਸਾਧ ਕੈ ਸਤਿਸੰਗੀਆ ॥

ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ ਸਾਹਿਬ) ਦੇ ਸਾਬਕਾ ਅਰਦਾਸੀਏ ਗਿ. ਭਰਪੂਰ ਸਿੰਘ ਜੀ ਮੁਤਾਬਕ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਬੀੜ ਵਿੱਚੋਂ ‘‘ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ ॥’’ (ਪੰ. ੧੪੧੧) ਤੁਕ ਨਾਲ ‘ਨਾਨਕ ਨਦਰੀ ਪਾਈਐ ਗੁਰ ਕੈ ਸਬਦਿ ਵੀਚਾਰਿ ॥’ ਨਵੀਂ ਤੁਕ ਪਾ ਕੇ ‘ਵਾਰਾਂ ਤੇ ਵਧੀਕ’ 12ਵਾਂ ਸਲੋਕ ਪੂਰਾ ਕੀਤਾ ਹੋਇਆ ਸੀ। ਇਹ ਪਾਠ ਉਨ੍ਹਾਂ ਨੇ ਜਨਵਰੀ 1984 ਵਿੱਚ ਨੋਟ ਕੀਤਾ, ਜੋ ਸ਼ਬਦਾਵਲੀ, ਕਾਵਿਕ ਮਾਤ੍ਰਾਵਾਂ ਤੇ ਅਰਥਾਂ ਪੱਖੋਂ ਬੜਾ ਢੁੱਕਵਾਂ ਹੈ। ਉਸ ਵੇਲੇ ਉਹ ਸ਼੍ਰੋਮਣੀ ਕਮੇਟੀ ਦੇ ਅਧੀਨ ਪਾਠੀ ਦੀ ਸੇਵਾ ਨਿਭਾਉਂਦੇ ਸਨ, ਪਰ ਪੁਰਾਤਨ ਬੀੜਾਂ ਦੇ ਦਰਸ਼ਨ ਕਰਨੇ ਉਨ੍ਹਾਂ ਦਾ ਸ਼ੌਕ ਸੀ, ਜੋ ਪ੍ਰੋ. ਸਾਹਿਬ ਸਿੰਘ ਦੀ ‘ਗੁਰਬਾਣੀ ਵਿਆਕਰਣ’ ਐਡੀਸ਼ਨ ਸੰਨ 1982 ਪੜ੍ਹ ਕੇ ਸਹਿਜੇ ਸਹਿਜੇ ਖੋਜ ਵਿੱਚ ਬਦਲ ਗਿਆ। ਇਸ ਲਈ ਗਿਆਨੀ ਜੀ ਨੇ ਅਰਦਾਸੀਏ ਦੀ ਸੇਵਾ ਛੱਡ ਕੇ ਜਥੇਦਾਰ ਵੇਦਾਂਤੀ ਤੇ ਤਲਵਾੜਾ ਜੀ ਦੇ ਨਾਲ ਲਾਇਬ੍ਰੇਰੀ ਵਾਲੀ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਟੀਮ’ ਵਿੱਚ ਸ਼ਾਮਲ ਹੋਣ ਨੂੰ ਤਰਜੀਹ ਦਿੱਤੀ। ਭਾਵੇਂ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਉਨ੍ਹਾਂ ਦੇ ‘ਸਿੰਘ ਸਾਹਿਬ ਗ੍ਰੰਥੀ’ ਬਣਨ ਦੀ ਪੱਕੀ ਸੰਭਾਵਨਾ ਸੀ। ਖੋਜ ’ਚੋਂ ਪ੍ਰਾਪਤ ਹੋਈ ਉਪਰੋਕਤ ਤੁਕ ਪਾਵਨ ਬੀੜ ਵਿੱਚ ਛਾਪਣ ਨਾਲ ਪੂਰਾ ਸਲੋਕ ਇਉਂ ਦਰਸ਼ਨ ਦੇਵੇਗਾ :

ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ ॥

ਨਾਨਕ ਨਦਰੀ ਪਾਈਐ ਗੁਰ ਕੈ ਸਬਦਿ ਵੀਚਾਰਿ ॥੧੨॥ (ਪੰ. ੧੪੧੧)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ਤ ਹੋ ਰਹੀ ਮੌਜੂਦਾ ਬੀੜ ਵਿਖੇ ‘ਸਲੋਕ ਵਾਰਾਂ ਤੇ ਵਧੀਕ’ ਸੰਗ੍ਰਹਿ ਵਿੱਚ ਸਲੋਕ ਮਹਲਾ ੩ ਦੇ ਸਿਰਲੇਖ ਹੇਠ 50 ਨੰਬਰ ਸਲੋਕ ਇਉਂ ਛਪ ਰਿਹਾ ਹੈ :

ਹਰਿ ਹਰਿ ਨਾਮੁ ਧਿਆਇ ਮਨ ਹਰਿ ਦਰਗਹ ਪਾਵਹਿ ਮਾਨੁ ॥

ਕਿਲਵਿਖ ਪਾਪ ਸਭਿ ਕਟੀਅਹਿ ਹਉਮੈ ਚੁਕੈ ਗੁਮਾਨੁ ॥

ਗੁਰਮੁਖਿ ਕਮਲੁ ਵਿਗਸਿਆ ਸਭੁ ਆਤਮ ਬ੍ਰਹਮੁ ਪਛਾਨੁ ॥

ਹਰਿ ਹਰਿ ਕਿਰਪਾ ਧਾਰਿ ਪ੍ਰਭ ਜਨ ਨਾਨਕ ਜਪਿ ਹਰਿ ਨਾਮੁ ॥੫੦॥ (ਪੰਨਾ ੧੪੧੯)

ਪਰ ਇਹੀ ਸਲੋਕ ਕਾਨ੍ਹੜੇ ਦੀ ਵਾਰ ਵਿੱਚ ਤੀਜੀ ਪਉੜੀ ਦੇ ਪਹਿਲੇ ਸਲੋਕ ਵਜੋਂ ‘ਸਲੋਕ ਮ: ੪ ॥’ ਦੇ ਸਿਰਲੇਖ ਹੇਠ ਇੰਝ ਛਪਿਆ ਮਿਲਦਾ ਹੈ :

ਸਲੋਕ ਮ: ੪ ॥ ਹਰਿ ਹਰਿ ਨਾਮੁ ਧਿਆਇ ਮਨ ਹਰਿ ਦਰਗਹ ਪਾਵਹਿ ਮਾਨੁ ॥

ਜੋ ਇਛਹਿ ਸੋ ਫਲੁ ਪਾਇਸੀ ਗੁਰ ਸਬਦੀ ਲਗੈ ਧਿਆਨੁ ॥

ਕਿਲਵਿਖ ਪਾਪ ਸਭਿ ਕਟੀਅਹਿ ਹਉਮੈ ਚੁਕੈ ਗੁਮਾਨੁ ॥

ਗੁਰਮੁਖਿ ਕਮਲੁ ਵਿਗਸਿਆ ਸਭੁ ਆਤਮ ਬ੍ਰਹਮੁ ਪਛਾਨੁ ॥

ਹਰਿ ਹਰਿ ਕਿਰਪਾ ਧਾਰਿ ਪ੍ਰਭ ਜਨ ਨਾਨਕ ਜਪਿ ਹਰਿ ਨਾਮੁ ॥੧॥

ਇਸ ਕਾਰਨ ਸੂਰਜ ਵਤ ਰੌਸ਼ਨ ਹੈ ਕਿ ‘ਸਲੋਕ ਵਾਰਾਂ ਤੇ ਵਧੀਕ’ ਵਾਲੇ ਸੰਗ੍ਰਹਿ ਵਿੱਚ ਉਪਰੋਕਤ ਸਲੋਕ ਹੀ ‘ਮਹਲਾ ੩’ ਸਿਰਲੇਖ ਹੇਠ ਅੰਕਿਤ ਹੈ ਅਤੇ ਉਸ ਵਿੱਚੋਂ ਦੂਜੀ ਤੁਕ ‘‘ਜੋ ਇਛਹਿ ਸੋ ਫਲੁ ਪਾਇਸੀ ਗੁਰ ਸਬਦੀ ਲਗੈ ਧਿਆਨੁ ॥’’ ਛੁੱਟੀ ਹੋਈ ਹੈ। ਇਸ ਸੰਬੰਧੀ ਪਾਠ-ਭੇਦ ਸੂਚੀ ਦਾ ਵਿਸ਼ੇਸ਼ ਨੋਟ ਇਸ ਤਰ੍ਹਾਂ ਹੈ :

ਨੋਟ :- 50ਵਾਂ ਸਲੋਕ ਅਨੇਕ ਪ੍ਰਾਚੀਨ ਬੀੜਾਂ ਵਿੱਚ ਹੈ ਨਹੀਂ। ਪਰ ਕਿਸੇ 2 ਵਿੱਚ ਮਗਰੋਂ ਪ੍ਰੇਮੀਆਂ ਨੇ ਹਾਸ਼ੀਏ ਪੁਰ ਲਿਖ ਕੇ ਵਧਾਇਆ ਹੈ। ਜਿਵੇਂ ਕਿ ਬੀੜ ਨੰ: 1, 29/79 ਤੇ 32/6281 ਆਦਿ। ਲੇਕਿਨ ਇਹ ਪਿੱਛੇ ਕਾਨ੍ਹੜੇ ਦੀ ਵਾਰ ਮ: ੪ ਵਿੱਚ ਤੀਜੀ ਪਉੜੀ ਨਾਲ ‘ਸਲੋਕ ਮ: ੪’ ਸਿਰਲੇਖ ਸਹਿਤ ਆ ਭੀ ਚੁੱਕਾ ਹੈ। ਸਗੋਂ ਉਥੇ ਦੂਜੀ ਤੁਕ ‘‘ਜੋ ਇਛਹਿ ਸੋ ਫਲੁ ਪਾਇਸੀ ਗੁਰ ਸਬਦੀ ਲਗੈ ਧਿਆਨੁ ॥’’ ਵੱਧ ਹੈ। ਸੋ, ਇਹ ਸਲੋਕ ਏਥੇ ਅਨਜਾਣ ਲਿਖਾਰੀਆਂ ਬਿਨਾਂ ਵਿਚਾਰੇ ਹੀ ਵਧਾ ਦਿੱਤਾ ਹੈ।

‘ਸਲੋਕ ਵਾਰਾਂ ਤੇ ਵਧੀਕ’ ਵਿੱਚ ਸਲੋਕ ਮਹਲਾ ੪ ਦੇ ਸਿਰਲੇਖ ਹੇਠ 30ਵਾਂ ਇਹ ਸਲੋਕ ਹੈ :

ਗੁਰਮਤੀ ਹਰਿ ਹਰਿ ਬੋਲੇ ॥ ਹਰਿ ਪ੍ਰੇਮਿ ਕਸਾਈ ਦਿਨਸੁ ਰਾਤਿ ਹਰਿ ਰਤੀ ਹਰਿ ਰੰਗਿ ਚੋਲੇ ॥ ਹਰਿ ਜੈਸਾ ਪੁਰਖੁ ਨ ਲਭਈ ਸਭੁ ਦੇਖਿਆ ਜਗਤੁ ਮੈ ਟੋਲੇ ॥ ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਮਨੁ ਅਨਤ ਨ ਕਾਹੂ ਡੋਲੇ ॥ ਜਨ ਨਾਨਕੁ ਹਰਿ ਕਾ ਦਾਸੁ ਹੈ ਗੁਰ ਸਤਿਗੁਰ ਕੇ ਗੁਲ ਗੋਲੇ ॥ (ਪੰ. ੧੪੨੪)

ਇਹੀ ਸਲੋਕ ਸੋਰਠਿ ਕੀ ਵਾਰ ਮ: ੪ ਦੀ ਪਹਿਲੀ ਪਉੜੀ ਨਾਲ ਹੇਠ ਲਿਖੇ ਆਪਣੇ ਸੰਪੂਰਨ ਰੂਪ ਵਿੱਚ ਇਉਂ ਅੰਕਿਤ ਹੈ :

ਮ: ੪ ॥ ਸੋਰਠਿ ਤਾਮਿ ਸੁਹਾਵਣੀ ਜਾ ਹਰਿ ਹਰਿ ਨਾਮੁ ਢੰਢੋਲੇ ॥ ਗੁਰੁ ਪੁਰਖੁ ਮਨਾਵੈ ਆਪਣਾ ਗੁਰਮਤੀ ਹਰਿ ਹਰਿ ਬੋਲੇ ॥ ਹਰਿ ਪ੍ਰੇਮਿ ਕਸਾਈ ਦਿਨਸੁ ਰਾਤਿ ਹਰਿ ਰਤੀ ਹਰਿ ਰੰਗਿ ਚੋਲੇ ॥ ਹਰਿ ਜੈਸਾ ਪੁਰਖੁ ਨ ਲਭਈ ਸਭੁ ਦੇਖਿਆ ਜਗਤੁ ਮੈ ਟੋਲੇ ॥ ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਮਨੁ ਅਨਤ ਨ ਕਾਹੂ ਡੋਲੇ ॥ ਜਨੁ ਨਾਨਕੁ ਹਰਿ ਕਾ ਦਾਸੁ ਹੈ ਗੁਰ ਸਤਿਗੁਰ ਕੇ ਗੋਲ ਗੋਲੇ ॥ (ਪੰ. ੬੪੨)

ਸਪਸ਼ਟ ਹੈ ਕਿ ‘ਸਲੋਕ ਵਾਰਾਂ ਤੇ ਵਧੀਕ’ ਸੰਗ੍ਰਹਿ ਵਿਖੇ ਉਪਰੋਕਤ ਸਲੋਕ ਦੀ ਪਹਿਲੀ ਪੂਰੀ ਅਤੇ ਦੂਜੀ ਤੁਕ ਦਾ ਪਹਿਲਾ ਅੱਧਾ ਹਿੱਸਾ ਕਿਸੇ ਤਰ੍ਹਾਂ ਛੁੱਟ ਚੁੱਕਾ ਹੈ, ਜੋ ਉਸੇ ਤਰ੍ਹਾਂ ਹੀ ਛਪਦਾ ਆ ਰਿਹਾ ਹੈ ਭਾਵ ‘‘ਸੋਰਠਿ ਤਾਮਿ ਸੁਹਾਵਣੀ ਜਾ ਹਰਿ ਹਰਿ ਨਾਮੁ ਢੰਢੋਲੇ ॥ ਗੁਰੁ ਪੁਰਖੁ ਮਨਾਵੈ ਆਪਣਾ ਗੁਰਮਤੀ ਹਰਿ ਹਰਿ ਬੋਲੇ ॥’’ ਤੁਕਾਂ ਦੀ ਥਾਂ ਦੂਜੀ ਤੁਕ ਦਾ ਕੇਵਲ ਪਿਛਲਾ ਅੱਧਾ ਹਿੱਸਾ ‘‘ਗੁਰਮਤੀ ਹਰਿ ਹਰਿ ਬੋਲੇ ’’ ਹੀ ਛਪ ਰਿਹਾ ਹੈ। ਇਸ ਪ੍ਰਤੀ ‘ਪਾਠ-ਭੇਦ ਸੂਚੀ’ ਦਾ ਵਿਸ਼ੇਸ਼ ਨੋਟ ਇਞ ਹੈ :

‘ਇਹ ਸਲੋਕ ਵੀ ‘ਸੋਰਠਿ ਕੀ ਵਾਰ ਮਹਲਾ ੪ ਵਿੱਚ ਪਹਿਲੀ ਪਉੜੀ ਨਾਲ ਦੂਜੇ ਨੰਬਰ ਤੇ ਆ ਚੁੱਕਾ ਹੈ। (ਦੇਖੋ ਪੰਨਾ ੬੪੨, ਸਤ੍ਰ ੨੦ ਤੋਂ ੨੪) ਪਰ ਇਥੇ ਲਿਖਾਰੀ ਨੇ ਭੁੱਲ ਕੇ ਪਹਿਲਾ ਭਾਗ ਛਡ ਹੀ ਦਿੱਤਾ ਹੈ। ਅਗਾੜੀ ਦੱਸੇ ਪ੍ਰਚੀਨ ਗ੍ਰੰਥਾਂ ਵਿੱਚ ਇਹ ਹੈ ਹੀ ਨਹੀਂ ਯਾ ਮਗਰੋਂ ਕਿਸੇ ਵਧਾਇਆ ਹੈ।’

ਸੂਚੀ ਮੁਤਾਬਕ ਬੀੜ ਨੰ. 1 ਤੇ 7, ਦੇ ਹਾਸ਼ੀਏ ਪੁਰ ਹੈ ਅਤੇ ਬੀੜ ਨੰ. 29/79 ਤੇ 40/236 ਵਿੱਚ ਹੈ ਹੀ ਨਹੀਂ। ਸਤਾਰਵੀਂ ਸਦੀ ਦੇ ਗੁਰੂ-ਕਾਲ ਦੀ ‘ਬੂੜੇ ਸੰਧੂ ਵਾਲੀ ਬੀੜ’ ਵਿੱਚ ਵੀ ਇਹ ਸਲੋਕ ਨਹੀਂ, ਜਿਸ ਦੀ ਇੱਕ ਵੀਡੀਓ ਕਾਪੀ ਦਾਸ ਦੀ ਲਾਇਬ੍ਰੇਰੀ ਵਿੱਚ ਮੌਜੂਦ ਹੈ। ਜਥੇਦਾਰ ਵੇਦਾਂਤੀ ਤੇ ਉਨ੍ਹਾਂ ਦੇ ਸਾਥੀ ਇਸ ਹੱਕ ਵਿੱਚ ਵੀ ਨਹੀਂ ਸਨ ਕਿ ‘ਸਲੋਕ ਵਾਰਾਂ ਤੇ ਵਧੀਕ’ ਸੰਗ੍ਰਹਿ ਵਿਖੇ ਉਹ ਸਲੋਕ ਸਥਾਪਤ ਰਹਿਣ, ਜਿਹੜੇ ਪਹਿਲਾਂ ਹੀ ਵੱਖ ਵੱਖ ਵਾਰਾਂ ਵਿੱਚ ਮੌਜੂਦ ਹਨ ਕਿਉਂਕਿ ਇਨ੍ਹਾਂ ਸਲੋਕਾਂ ਦਾ ਗੁਰੂ ਬਖ਼ਸ਼ਿਆ ਸਾਂਝਾ ਸਿਰਲੇਖ, ਪਾਠ-ਭੇਦ ਸੂਚੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸ਼ੋਭਨੀਕ ਬੀੜਾਂ ਅਜਿਹੀ ਆਗਿਆ ਨਹੀਂ ਦਿੰਦੀਆਂ। ‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੁਰਾਤਨ ਹੱਥ-ਲਿਖਤ ਬੀੜਾਂ ਦੇ ਦਰਸ਼ਨ’ ਨਾਂ ਦੀ ਪੁਸਤਕ ਵਿੱਚ ਡਾ. ਅਮਰ ਸਿੰਘ ਹੁਰਾਂ ਨੇ ਯੂਨੀਵਰਸਿਟੀ ਦੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ’ ਦੀਆਂ ਬੀੜਾਂ (ਬੀੜ ਨੰ. 68, 73, 79 ਤੇ 82) ਦੇ ਹਵਾਲੇ ਨਾਲ ਅੰਕਿਤ ਕੀਤਾ ਹੈ ਕਿ ਇਨ੍ਹਾਂ ਬੀੜਾਂ ਵਿੱਚ ‘ਸਲੋਕ ਮਹਲਾ ੪’ ਦੇ 30 ਦੀ ਥਾਂ 27 ਸਲੋਕ ਹਨ ਭਾਵ ਪਿਛਲੇ 3 ਸਲੋਕ ਉਪਰੋਕਤ ਬੀੜਾਂ ਦਾ ਭਾਗ ਨਹੀਂ, ਕਿਉਂਕਿ ਉਹ ਵੱਖ ਵੱਖ ਵਾਰਾਂ ਵਿੱਚ ਪਹਿਲਾਂ ਦੀ ਸ਼ਾਮਲ ਹਨ। ਪਰ, ਅਜਿਹੀ ਪੁਖਤਾ ਜਾਣਕਾਰੀ ਦੇ ਬਾਵਜੂਦ ਵੀ ‘ਸਿੱਖ ਬੁੱਕ ਕਲੱਬ’ ਵਾਲੇ ਵੇਦਾਂਤੀ ਜੀ ਦੁਆਰਾ ਸੋਧੇ ਖਰੜੇ ਵਿੱਚ ਉਪਰੋਕਤ ਸਲੋਕ ਪ੍ਰਚਲਿਤ ਤਰਤੀਬ ਅਨੁਸਾਰ ਹੀ ਮੌਜੂਦ ਹਨ, ਕਿਉਂਕਿ ਉਹ ਅੰਤ ਤਕ ਯਤਨਸ਼ੀਲ ਰਹੇ ਕਿ ਖ਼ਾਲਸਾ ਪੰਥ ਗੁਰਬਾਣੀ ਨਾਲ ਸੰਬੰਧਿਤ ਐਸੇ ਸਾਰੇ ਪੱਖਾਂ ਨੂੰ ਗੰਭੀਰਤਾ ਸਹਿਤ ਵਿਚਾਰੇ।

ਅੱਠਵਾਂ ਮਸਲਾ ਹੈ ਖੋਜਣ ਤੇ ਵਿਚਾਰਨਯੋਗ ਲੋੜੀਂਦੀਆਂ ਤੁਕਾਂ ਤੇ ਤੁਕਾਂਸ਼ਾ ਦਾ ਪਾਵਨ ਬੀੜ ਵਿੱਚ ਕੁਝ ਪਦਿਆਂ ਦੀਆਂ ਤੁਕਾਂ ਤੇ ਤੁਕਾਂਸ਼ ਐਸੇ ਹਨ, ਜੋ ਕਾਵਿ-ਤੋਲ ਦੀ ਦ੍ਰਿਸ਼ਟੀ ਤੋਂ ਖੋਜਣੇ ਤੇ ਵਿਚਾਰਨੇ ਅਤਿ ਲੋੜੀਂਦੇ ਹਨ। ਜਿਵੇਂ ਛਾਪੇ ਦੀ ਪਾਵਨ ਬੀੜ ਵਿਖੇ ਤੁਕ ਛਪ ਰਹੀ ਹੈ ‘‘ਬ੍ਰਹਮਾਦਿਕ ਸਨਕਾਦਿਕ ਸਨਕ ਸਨੰਦਨ ਸਨਾਤਨ ਸਨਤਕੁਮਾਰ ਤਿਨ੍ ਕਉ ਮਹਲੁ ਦੁਲਭਾਵਉ ॥’’ (ਪੰਨਾ ੪੦੧)

ਜਥੇਦਾਰ ਗਿ. ਜੋਗਿੰਦਰ ਸਿੰਘ ਵੇਦਾਂਤੀ ਤੇ ਗਿ. ਭਰਪੂਰ ਸਿੰਘ ਜੀ ਮੁਤਾਬਕ ਉਨ੍ਹਾਂ ਨੇ ‘ਸਿੱਖ ਰੈਫ਼ਰੈਂਸ ਲਾਇਬ੍ਰੇਰੀ ਸ੍ਰੀ ਅੰਮ੍ਰਿਤਸਰ’ ਵਿਖੇ ਭਾਈ ਗੁਰਦਾਸ ਜੀ ਦੀ ਸ਼ਾਖਾ ਵਾਲੀ ਕਿਸੇ ਹੱਥ ਲਿਖਤੀ ਬੀੜ ਦੇ ਹਾਸ਼ੀਏ ਵਿੱਚ ਉਪਰੋਕਤ ਤੁਕ ਅੰਦਰਲੇ ਸੰਧੀਜਨਕ ਲਫ਼ਜ਼ ‘ਸਨਕਾਦਿਕ’ (ਸਨਕ+ਆਦਿਕ) ਪਦ ਦੀ ਵਿਆਖਿਆ ਵਜੋਂ ਕਿਸੇ ਵਖਰੀ ਕਲਮ ਨਾਲ ਲਿਖੇ ਹੋਏ ਚਾਰ ਨਾਂ (ਸਨਕ, ਸਨੰਦਨ, ਸਨਾਤਨ ਤੇ ਸਨਤਕੁਮਾਰ) ਪੜੇ੍ਹ ਸਨ, ਜੋ ਪੌਰਾਣਿਕ ਮਤਾਂ ਮੁਤਾਬਕ ਬ੍ਰਹਮਾ ਦੇ ਚਾਰ ਪੁਤਰ (ਸਨਕਾਦਿਕ) ਦੱਸੇ ਜਾਂਦੇ ਹਨ, ਪਰ ਲਿਖਾਰੀਆਂ ਜਾਂ ਪ੍ਰੈਸ ਦੀ ਭੁੱਲ ਕਾਰਨ ਹਾਸ਼ੀਏ ਵਿੱਚ ਲਿਖੇ ਇਹ ਚਾਰੇ ਨਾਂ, ਸਹਿਜੇ ਸਹਿਜੇ ਉਵੇਂ ਹੀ ਬਾਣੀ ਦਾ ਪੱਕਾ ਭਾਗ ਬਣ ਗਏ ਹਨ, ਜਿਵੇਂ ਵਾਰਾਂ ਦੀਆਂ ਅੰਤਕ ‘ਸੁਧੁ’ ਤੇ ‘ਸੁਧੁ ਕੀਚੈ’ ਆਦਿਕ ਸੂਚਨਾਵਾਂ, ਜੋ ਪਾਠ-ਭੇਦ ਸੂਚੀ ਮੁਤਾਬਕ ਹੁਣ ਲੋੜੀਂਦੀਆਂ ਨਹੀਂ ਭਾਵ ਉਪਰੋਕਤ ਤੁਕ ਦਾ ਅਸਲੀ ਪਾਠ ਸੀ :

‘‘ਬ੍ਰਹਮਾਦਿਕ ਸਨਕਾਦਿਕ, ਤਿਨ੍ ਕਉ ਮਹਲੁ ਦੁਲਭਾਵਉ ॥’’

ਪ੍ਰੰਤੂ, ਹੁਣ ਪੰਨਾ ੪੦੧ ਉੱਤੇ ਇਉਂ ਛਪ ਰਹੀ ਹੈ, ‘‘ਬ੍ਰਹਮਾਦਿਕ ਸਨਕਾਦਿਕ ਸਨਕਸਨੰਦਨ ਸਨਾਤਨ ਸਨਤਕੁਮਾਰ ਤਿਨ੍ ਕਉ ਮਹਲੁ ਦੁਲਭਾਵਉ ॥’’ ਜੋ ਕਾਵਿਕ ਦ੍ਰਿਸ਼ਟੀਕੋਨ ਤੋਂ ਸਹੀ ਨਹੀਂ, ਕਿਉਂਕਿ ਅਜਿਹੀ ਭੁੱਲ ਨਾਲ਼ ਸ਼ਬਦ ਦੀਆਂ ਬਾਕੀ ਤੁਕਾਂ ਨਾਲੋਂ ਇਸ ਦੀਆਂ ਮਾਤ੍ਰਾਵਾਂ ਵਧ ਜਾਂਦੀਆਂ ਹਨ। ਵੈਸੇ ਵੀ ‘ਸਨਕਾਦਿਕ’ ਪਦ ਲਿਖਣ ਉਪਰੰਤ (‘1. ਸਨਕ, 2. ਸਨੰਦਨ, 3. ਸਨਾਤਨ, 4. ਸਨਤਕੁਮਾਰ ) ਨਾਵਾਂ ਦਾ ਵੇਰਵਾ ਦੇਣਾ ਵੀ ਕਾਵਿਕ ਤੇ ਵਾਰਤਕ ਨਿਯਮਾਵਲੀ ਦੇ ਅਨੁਕੂਲ ਨਹੀਂ ਜਾਪਦਾ।

ਛਾਪੇ ਦੀ ਪਾਵਨ ਬੀੜ ਵਿਖੇ ਹੇਠ ਲਿਖੇ ਸ਼ਬਦਾਂ ਵਿੱਚ, ਜਿਨ੍ਹਾਂ ਦਾ ਲਿਖਤੀ ਰੂਪ ਓਹੀ ਹੈ, ਜੋ ਬੀੜ ਵਿੱਚ ਮੌਜੂਦ ਹੈ। ਇਨ੍ਹਾਂ ਵਿੱਚ ਕਿਸੇ ਥਾਂ ਅੱਧੀ ਤੁਕ ਅਤੇ ਕਿਸੇ ਥਾਂ ਪੂਰੀ ਤੁਕ ਛੁੱਟੀ ਜਾਪਦੀ ਹੈ। ਪਾਠਕਾਂ ਦੀ ਜਾਣਕਾਰੀ ਅਤੇ ਇਸ ਭੁੱਲ ਦੇ ਪ੍ਰਗਟਾਵੇ ਲਈ ਜਿੱਥੇ ਕਿਸੇ ਤੁਕਾਂਸ਼ (ਤੁਕ ਦੇ ਹਿੱਸੇ) ਅੱਗੇ ਇਉਂ ( ?) ਪੈਰੀਂ 3 ਬਿੰਦੀਆਂ ਤੇ ਸੁਆਲੀਆ ਚਿੰਨ੍ਹ ਪਾਇਆ ਗਿਆ ਹੋਵੇ ਤਾਂ ਸਮਝੋ ਕਿ ਉੱਥੇ ਅੱਧੀ ਤੁਕ ਛੁੱਟੀ ਹੈ ਅਤੇ ਜਿੱਥੇ ਇਉਂ ( ?) ਵਿੱਥ ਸਹਿਤ ਪੈਰੀਂ 6 ਬਿੰਦੀਆਂ ਪਾਈਆਂ ਹੋਣ ਤਾਂ ਸਮਝੋ ਕਿ ਉੱਥੇ ਪੂਰੀ ਤੁਕ ਛੁੱਟੀ ਹੈ, ਜੋ ਖੋਜਣ ਦੀ ਲੋੜ ਹੈ; ਜਿਵੇਂ ਬਿਹਾਗੜੇ ਦੀ ਵਾਰ ਵਿੱਚ 12ਵੀਂ ਪਉੜੀ ਦਾ ਅੰਤਕ ਤੇ ‘ਮ: ੧’ ਦੇ ਸਿਰਲੇਖ ਤੋਂ ਰਹਿਤ ਤਿੰਨ ਤੁਕਾ ਸਲੋਕ ਇਉਂ ਛਪ ਰਿਹਾ ਹੈ :

(1). ਕਾਂਯਾਂ ਲਾਹਣਿ ਆਪੁ ਮਦੁ ਅੰਮ੍ਰਿਤ ਤਿਸ ਕੀ ਧਾਰ ॥

ਸਤਸੰਗਤਿ ਸਿਉ ਮੇਲਾਪੁ ਹੋਇ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਬਿਕਾਰ ॥੩॥ (ਪੰ. ੫੫੩)

ਇਸ ਪ੍ਰਥਾਇ ਪਾਠ-ਭੇਦ ਸੂਚੀ ਦਾ ਵਿਸ਼ੇਸ਼ ਨੋਟ ਹੈ, ‘ਸਤਸੰਗਤਿ ਸਿਉ ਮੇਲਾਪੁ ਹੋਇ  ?… ॥’ ਇਸ ਤੋਂ ਅਗਲਾ ਪਾਠ ਛੁੱਟਿਆ ਹੋਇਆ ਪ੍ਰਤੀਤ ਹੁੰਦਾ ਹੈ। ਐਪਰ ਹਾਲਾਂ ਤਕ ਲੱਭਾ ਕਿਤੋਂ ਨਹੀਂ । ਅਗਾੜੀ ਤੁਕ- ‘ਲਿਵ ਕਟੋਰੀ ਅੰਮ੍ਰਿਤ ਭਰੀ॥’ ਭਾਵ ‘ਸਤਸੰਗਤਿ ਸਿਉ ਮੇਲਾਪੁ ਹੋਇ  ?… ਤੁਕ ਦੇ ਪਿਛਲਾ ਅੱਧ ਖੋਜਣ ਦੀ ਲੋੜ ਹੈ।

(2). ਮਾਰੂ ਵਾਰ ਮ: ੩ ਦੀ 14ਵੀਂ ਪਉੜੀ ਦਾ ਚਾਰ ਤੁਕਾ ਤੀਜਾ ਸਲੋਕ ਇਉਂ ਛਪ ਰਿਹਾ ਹੈ :

ਮ: ੧ ॥ ਸਾਗਰੁ ਗੁਣੀ ਅਥਾਹੁ ਕਿਨਿ ਹਾਥਾਲਾ ਦੇਖੀਐ ॥ ਵਡਾ ਵੇਪਰਵਾਹੁ ਸਤਿਗੁਰੁ ਮਿਲੈ ਤ ਪਾਰਿ ਪਵਾ ॥  ?… ਮਝ ਭਰਿ ਦੁਖ ਬਦੁਖ ॥ ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੀ ਭੁਖ ॥੩॥ (ਪੰ. ੧੦੯੧)

ਇਥੇ ਵੀ ਸਲੋਕ ਦੀ ਤੀਜੀ ਤੁਕ ‘… ? ਮਝ ਭਰਿ ਦੁਖ ਬਦੁਖ ॥’ ਦਾ ਪਹਿਲਾ ਅੱਧ ਨਹੀਂ ਛਪ ਰਿਹਾ। ਵੈਸੇ, ਮਲਾਰ ਕੀ ਵਾਰ ਦੀ 21ਵੀਂ ਪਉੜੀ ਨਾਲ ਮ: ੧ ਦੇ ਸਿਰਲੇਖ ਹੇਠ ਉਪਰੋਕਤ ਸਲੋਕ ਨਾਲ ਮਿਲਦਾ ਜੁਲਦਾ ਸਲੋਕ ਇਉਂ ਵੀ ਮਿਲਦਾ ਹੈ :

ਦੁਖੀ ਦੁਨੀ ਸਹੇੜੀਐ ਜਾਇ ਤ ਲਗਹਿ ਦੁਖ ॥

ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੀ ਭੁਖ ॥ (ਪੰਨਾ ੧੨੮੭)

(3). ਛਾਪੇ ਦੀ ਪਾਵਨ ਬੀੜ ਵਿਖੇ ਸ਼ਬਦ ਹੈ :

ਕੇਦਾਰਾ ਮਹਲਾ ੫ ਘਰੁ ੨ ॥ ੴ ਸਤਿਗੁਰ ਪ੍ਰਸਾਦਿ ॥ ਮਾਈ ਸੰਤ ਸੰਗਿ ਜਾਗੀ ॥ ਪ੍ਰਿਅ ਰੰਗ ਦੇਖੈ ਜਪਤੀ ਨਾਮੁ ਨਿਧਾਨੀ ॥ ਰਹਾਉ ॥ ਦਰਸਨ ਪਿਆਸ ਲੋਚਨ ਤਾਰ ਲਾਗੀ ॥ ਬਿਸਰੀ ਤਿਆਸ ਬਿਡਾਨੀ ॥੧॥ ਅਬ ਗੁਰੁ ਪਾਇਓ ਹੈ ਸਹਜ ਸੁਖਦਾਇਕ ਦਰਸਨੁ ਪੇਖਤ ਮਨੁ ਲਪਟਾਨੀ ॥ ਦੇਖਿ ਦਮੋਦਰ ਰਹਸੁ ਮਨਿ ਉਪਜਿਓ ਨਾਨਕ ਪ੍ਰਿਅ ਅੰਮ੍ਰਿਤ ਬਾਨੀ॥੨॥੧॥ (ਪੰ. ੧੧੧੯)

ਪਾਠ-ਭੇਦ ਸੂਚੀ ਦਾ ਵਿਸ਼ੇਸ਼ ਨੋਟ ਹੈ : ਇਸ ਸ਼ਬਦ ਵਿੱਚ ਪਹਿਲੇ ਪਦੇ ਦੀ ਇੱਕੋ ਤੁਕ ਹੈ; ਪਰ ਦੂਜੇ ਦੀਆਂ ਦੋ । ਇਸ ਤੋਂ ਸ਼ੱਕ ਪੈਂਦਾ ਹੈ ਕਿ ਪਹਿਲੇ ਦੀ ਇਕ ਤੁਕ ਛੁੱਟੀ ਹੋਈ ਹੈ। ਢੂੰਢਣੀ ਚਾਹੀਏ ॥’ ਸੂਚੀ ਪੰ. ੫੦੯ ਭਾਵ ਪਹਿਲੇ ਪਦੇ ‘‘ਦਰਸਨ ਪਿਆਸ ਲੋਚਨ ਤਾਰ ਲਾਗੀ, ਬਿਸਰੀ ਤਿਆਸ ਬਿਡਾਨੀ ॥ ?…… ॥੧॥’’ ਦੀ ਦੂਜੀ ਤੁਕ ਪੁਰਾਤਨ ਹੱਥ ਲਿਖਤੀ ਬੀੜਾਂ ’ਚੋਂ ਖੋਜਣ ਦੀ ਲੋੜ ਹੈ। ਜੇ ਇਹ ਸ਼ਬਦ ਧਿਆਨ ਪੂਰਵਕ ਪੜ੍ਹਿਆ ਜਾਵੇ, ਤਾਂ ਤੁਸੀਂ ਵੇਖੋਗੇ ਕਿ ਰਹਾਉ ਦੇ ਪਦੇ ਵਾਲਾ ॥੧॥ ਅੰਕ ਵੀ ਨਹੀਂ ਹੈ। ਸ਼ੁਕਰ ਹੈ ਕਿ ‘ਸਿੱਖ ਬੁਕ ਕਲੱਬ’ ਵਾਲੀ ਬੀੜ ਵਿੱਚ ॥੧॥ ਅੰਕ ਵਾਲੀ ਘਾਟ ਕਿਤੇ ਵੀ ਨਹੀਂ ਰੜਕਦੀ।

(4). ਛਾਪੇ ਦੀ ਬੀੜ ਦਾ ਸ਼ਬਦ ਹੈ :

ਕੇਦਾਰਾ ਮਹਲਾ ੫ ਘਰੁ ੩ ॥ ੴ ਸਤਿਗੁਰਪ੍ਰਸਾਦਿ ॥ ਦੀਨ ਬਿਨਉ ਸੁਨੁ ਦਇਆਲ ॥ ਪੰਚ ਦਾਸ ਤੀਨਿ ਦੋਖੀ ਏਕ ਮਨੁ ਅਨਾਥ ਨਾਥ ॥ ਰਾਖੁ ਹੋ ਕਿਰਪਾਲ ॥ ਰਹਾਉ ॥ ਅਨਿਕ ਜਤਨ ਗਵਨੁ ਕਰਉ ॥ ਖਟੁ ਕਰਮ ਜੁਗਤਿ ਧਿਆਨੁ ਧਰਉ ॥ ਉਪਾਵ ਸਗਲ ਕਰਿ ਹਾਰਿਓ ਨਹ ਨਹ ਹੁਟਹਿ ਬਿਕਰਾਲ ॥੧॥ ਸਰਣਿ ਬੰਦਨ ਕਰੁਣਾਪਤੇ ॥ ਭਵ ਹਰਣ ਹਰਿ ਹਰਿ ਹਰਿ ਹਰੇ ॥ ਏਕ ਤੂਹੀ ਦੀਨ ਦਇਆਲ ॥ ਪ੍ਰਭ ਚਰਨ ਨਾਨਕ ਆਸਰੋ ॥ ਉਧਰੇ ਭ੍ਰਮ ਮੋਹ ਸਾਗਰ॥ ਲਗਿ ਸੰਤਨਾ ਪਗ ਪਾਲ॥੨॥੧॥੨॥ (ਪੰ. ੧੧੧੯)

‘ਪਾਠ-ਭੇਦ ਸੂਚੀ’ ਦਾ ਨੋਟ : ‘ਇਸ ਸ਼ਬਦ ਵਿੱਚ ਹਰ ਤੁਕ ਵਿੱਚ ਜਿਥੇ ਬਿਸਰਾਮ ਆਏ ਹਨ; ਡੰਡੀਆਂ ਵਰਤੀਆਂ ਹਨ। ਪਰ ਅਗਾੜੀ ਦਿੱਤੇ ਗ੍ਰੰਥਾਂ ਵਿੱਚ ਨਹੀਂ। (ਜਿਵੇਂ ਬੀੜ ਨੰ. 5, 8/8, 32/6281, 36/117, 37/170, 39/182, 40/236, 54)। ਇਸ ਲਈ ਕੱਢ ਦਿੱਤੀਆਂ ਗਈਆਂ। (ਸੂਚੀ ਪੰ. ੫੧੦)

ਪਹਿਲੇ (ਪਦੇ) ਦੀ ਇਕ ਤੁਕ ਦੀ ਘਾਟ ਇਸ ਸ਼ਬਦ ਵਿੱਚ ਵੀ ਜਾਪਦੀ ਹੈ ਭਾਵ ਕਾਵਿਕ ਤੋਲ ਦੀ ਦ੍ਰਿਸ਼ਟੀ ਤੋਂ ‘ਉਪਾਵ ਸਗਲ ਕਰਿ ਹਾਰਿਓ ਨਹ ਨਹ ਹੁਟਹਿ ਬਿਕਰਾਲ ॥   ? ……॥੧॥’’ ਤੁਕ ਦੇ ਅੱਗੇ ਜਾਂ ਪਿੱਛੇ ਇੱਕ ਤੁਕ ਲੋੜੀਂਦੀ ਹੈ, ਜੋ ਖੋਜਣ ਦੀ ਲੋੜ ਹੈ। ਇਸ ਸ਼ਬਦ ਵਿੱਚ ਵੀ ‘ਰਹਾਉ’ ਦੇ ਪਦੇ ਦਾ ਅੰਕ ॥੧॥ ਨਹੀਂ। ਮੰਗਲ ਵੀ ਟਿਕਾਣੇ ਨਹੀਂ। ਜਥੇਦਾਰ ਵੇਦਾਂਤੀ ਜੀ ਅਨੁਸਾਰ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਟੀਮ’ ਨੇ ਰਹਾਉ ਵਾਲੇ ॥੧॥ ਦੀ ਘਾਟ ਹਰੇਕ ਥਾਂ ਪੂਰੀ ਕਰਨ ਅਤੇ ਸਾਰੇ ਮੰਗਲ ਸੱਜੇ ਪਾਸੇ ਰੱਖਣ ਦਾ ਫੈਸਲਾ ਕੀਤਾ ਸੀ ਪ੍ਰੰਤੂ ਸਭ ਥਾਵਾਂ ਤੋਂ ਬਿਸਰਾਮਾਂ ਲਈ ਲਗੀਆਂ ਡੰਡੀਆਂ ਹਟਾਈਆਂ ਜਾਣ, ਇਸ ਪੱਖੋਂ ਸਥਿਤੀ ਦੁਬਿਧਾ-ਜਨਕ ਬਣੀ ਰਹੀ, ਕਿਉਂਕਿ ਅਕਾਦਮਿਕ ਖੇਤਰ ਦੇ ਵਿਦਵਾਨਾਂ ਮੁਤਾਬਕ ਤੁਕਾਂ ਅੰਦਰਲੀਆਂ ਡੰਡੀਆਂ ਇਸ ਹਕੀਕਤ ਦਾ ਪ੍ਰਮਾਣ ਹਨ ਕਿ ਗੁਰੂ ਕਾਲ ਵਿੱਚ ਹਰੇਕ ਕਿਸਮ ਦੇ ਬਿਸਰਾਮਾਂ ਲਈ (॥) ਡੰਡੀਆਂ ਹੀ ਵਰਤੀਆਂ ਜਾਂਦੀਆਂ ਸਨ ਅਰਥਾਤ, ਉਸ ਵੇਲੇ ਦੀ ਗੁਰਮੁਖੀ ਲਿਪੀ ਵਿੱਚ ਡੰਡੀ (॥) ਤੋਂ ਸਿਵਾ ਹੋਰ ਕੋਈ ਬਿਸਰਾਮ ਚਿੰਨ੍ਹ ਨਹੀਂ ਸੀ। ਇਸ ਲਈ ਲਿਖਾਰੀ ਆਪਣੀ ਤੇ ਪਾਠਕਾਂ ਦੀ ਸਹੂਲਤ ਲਈ ਕਈ ਥਾਈਂ ਅਜਿਹਾ ਢੰਗ ਵਰਤ ਲੈਂਦੇ ਰਹੇ ਹਨ। ਵਿਚਾਰਨ ਦੀ ਲੋੜ ਹੈ, ਭਾਵੇਂ ਕਿ ਸ਼੍ਰੋਮਣੀ ਕਮੇਟੀ ਵਾਲੀ ਪਾਵਨ ਬੀੜ ਦੇ ਕਈ ਸ਼ਬਦਾਂ ਦੀਆਂ ਤੁਕਾਂ ਵਿੱਚੋਂ ਅਜਿਹੀਆਂ ਬਿਸਰਾਮਕ ਤੇ ਮੰਝਲੀਆਂ ਡੰਡੀਆਂ ਦੇ ਹੁਣ ਦਰਸ਼ਨ ਨਹੀਂ ਹੁੰਦੇ। ਧੰਨਵਾਦੀ ਹਾਂ ਗਿ. ਗੁਰਬਚਨ ਸਿੰਘ ‘ਖ਼ਾਲਸਾ’ ਭਿੰਡਰਾਂਵਾਲਿਆਂ ਦੇ, ਜਿਨ੍ਹਾਂ ਨੇ ‘ਗੁਰਬਾਣੀ ਪਾਠ ਦਰਸ਼ਨ’ ਵਿਖੇ ਗੁਰਬਾਣੀ ਦੀਆਂ ਬਿਖਮ ਤੁਕਾਂ ਦੇ ਬਿਸਰਾਮ ਸਮਝਾਉਣ ਲਈ ਅੰਗਰੇਜ਼ੀ ਦੇ ਸਾਰੇ ਬਿਸਰਾਮ ਚਿੰਨ੍ਹ ਵਰਤਣ ਦੀ ਹਿੰਮਤ ਭਰੀ ਪਹਿਲ ਕੀਤੀ ਹੈ।

(5). ਛਾਪੇ ਦੀ ਬੀੜ ਵਿੱਚ ‘ਭੈਰਉ’ ਰਾਗ ਦੇ ਸਿਰਲੇਖ ਤੋਂ ਰਹਿਤ ਭਗਤ ਨਾਮਦੇਵ ਜੀ ਦਾ ਸ਼ਬਦ ਹੈ :

ਕਬਹੂ ਖੀਰਿ ਖਾਡ ਘੀਉ ਨ ਭਾਵੈ ॥ ਕਬਹੂ ਘਰ ਘਰ ਟੂਕ ਮਗਾਵੈ॥ ਕਬਹੂ ਕੂਰਨੁ ਚਨੇ ਬਿਨਾਵੈ ॥੧॥ ਜਿਉ ਰਾਮੁ ਰਾਖੈ ਤਿਉ ਰਹੀਐ ਰੇ ਭਾਈ ॥ ਹਰਿ ਕੀ ਮਹਿਮਾ ਕਿਛੁ ਕਥਨੁ ਨ ਜਾਈ ॥੧॥ ਰਹਾਉ ॥ ਕਬਹੂ ਤੁਰੇ ਤੁਰੰਗ ਨਚਾਵੈ ॥ ਕਬਹੂ ਪਾਇ ਪਨਹੀਓ ਨ ਪਾਵੈ ॥੨॥ ਕਬਹੂ ਖਾਟ ਸੁਪੇਦੀ ਸੁਵਾਵੈ ॥ ਕਬਹੂ ਭੂਮਿ ਪੈਆਰੁ ਨ ਪਾਵੈ ॥੩॥ ਭਨਤਿ ਨਾਮਦੇਉ ਇਕੁ ਨਾਮੁ ਨਿਸਤਾਰੈ ॥ ਜਿਹ ਗੁਰੁ ਮਿਲੈ ਤਿਹ ਪਾਰਿ ਉਤਾਰੈ ॥੪॥੫॥ (ਪੰ. ੧੧੬੪)

ਇਸ ਸ਼ਬਦ ਬਾਰੇ ਪਾਠ-ਭੇਦ ਸੂਚੀ ਦੇ ਪੰਨਾ ੫੫੨ ਦਾ ਵਿਸ਼ੇਸ਼ ਨੋਟ ਹੈ : ਇਹ ਤੁਕ (ਕਬ ਹੂ ਘਰ ਘਰ ਟੂਕ ਮਗਾਵੈ ॥) ਅਗਾੜੀ ਦੱਸੇ ਗੰ੍ਰਥਾਂ (1, 5, 8/8, 29/79, 32/6281, 55) ਵਿੱਚ ਨਹੀਂ। ਨੰਬਰ 1 ਵਿੱਚ ਮਗਰੋਂ ਕਿਸੇ ਵਧਾਈ ਹੈ। ਲੇਕਿੰਨ ਨੰਬਰ 56 ਵਿੱਚ (ਪੰ. 540/2 ਦੀ ਸਤਰ ਨੰ. 14, 15 ਅਨੁਸਾਰ) ਇਕ ਹੋਰ ਤੁਕ (ਕਬ ਹੂ ਸੂਕੇ ਚਨੇ ਚਬਾਵੈ ॥) ਵਧਾ ਕੇ ਚਾਰ ਤੁਕਾਂ ਦਾ ਪਦਾ (ਚਉਪਦਾ) ਬਣਾ ਧਰਿਆ ਹੈ :

ਕਬਹੂ ਘਰ ਘਰ ਟੂਕ ਮਗਾਵੈ ॥ ਕਬ ਹੂ ਸੂਕੇ ਚਨੇ ਚਬਾਵੈ ॥ ਕਬਹੂ ਕੂਰਨੁ ਚਨੇ ਬਿਨਾਵੈ ॥੧॥  (ਪੰ. 540/2 ਸ. 14,15)

ਭਾਵ, ਛਾਪੇ ਦੀ ਬੀੜ ਵਿੱਚ ‘ਕਬਹੂ ਘਰ ਘਰ ਟੂਕ ਮਗਾਵੈ ॥’ ਤੁਕ ਵਾਧੂ ਹੈ। ਕਾਰਨ ਹੈ ਕਿ ਇਸ ਚਉਪਦੇ ਦੀਆਂ ਬਾਕੀ ਸਾਰੀਆਂ ਤੁਕਾਂ ਦੋ ਦੋ ਹਨ। ਗੁਰਬਾਣੀ ਦੀ ਭਾਸ਼ਾ ਵਿੱਚ ਇਉਂ ਵੀ ਕਹਿ ਸਕਦੇ ਹਾਂ ਕਿ ਇਹ ਚਉਪਦਾ ਦੋ-ਤੁਕਾ ਹੈ। ਇਸ ਲਈ ਸੁਆਲ ਪੈਦਾ ਹੁੰਦਾ ਹੈ ਕਿ ਕੇਵਲ ਪਹਿਲੇ ਪਦੇ ਦੀਆਂ ਹੀ ਤਿੰਨ ਕਿਉਂ ਛਪ ਰਹੀਆਂ ਹਨ  ? ਇਸ ਨੋਟ ਤੋਂ ਇਹ ਜਾਣਕਾਰੀ ਵੀ ਮਿਲਦੀ ਹੈ ਕਿ ਲਿਖਾਰੀ ਸੱਜਣ ਬੀੜਾਂ ਦੀ ਲਿਖਤ ਵਿੱਚ ਮਨ ਮਰਜ਼ੀ ਕਰਦੇ ਰਹੇ ਹਨ ? ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਤ ‘ਅਹੀਆਪੁਰ ਵਾਲੀਆਂ ਪੋਥੀਆਂ’ (ਬਾਬਾ ਮੋਹਣ ਵਾਲੀਆਂ) ਵਿਚ ਵੀ ਉਪਰੋਕਤ ਤੁਕ ਦਾ ਅਭਾਵ ਹੈ। ‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੁਰਾਤਨ ਹੱਥ ਲਿਖਤ ਬੀੜਾਂ ਦੇ ਦਰਸ਼ਨ’ ਪੁਸਤਕ ਦੇ ਪੰਨਾ 259 ’ਤੇ ਪ੍ਰਕਾਸ਼ਤ ਚਿਤਰ ਨੰ. 21 ਅਨੁਸਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਵਾਲੀ ਬੀੜ ਵਿੱਚ ‘ਭੈਰਉ’ ਸਿਰਲੇਖ ਹੈ, ਪਰ ਉਪਰੋਕਤ ਵਾਧੂ ਤੁਕ ਨਹੀਂ । ਇਸ ਲਈ ਪੰਥ ਨੂੰ ਬੀੜ ਦੀ ਸ਼ੁਧ ਛਪਾਈ ਸੰਬੰਧੀ ਬਹੁਤ ਹੀ ਗੰਭੀਰਤਾ ਨਾਲ ਸਰਬ ਪੱਖੀ ਵਿਚਾਰ ਦੀ ਲੋੜ ਹੈ।

(6). ਛਾਪੇ ਦੀ ਪਾਵਨ ਬੀੜ ਦੇ ਪੰਨਾ ੧੩੨੧ ਉੱਤੇ ਹੇਠ ਲਿਖੇ ਦੁਪਦੇ ਸ਼ਬਦ ਦੇ ਪਹਿਲੇ ਪਦੇ ਦੀ ਇੱਕੋ ਤੁਕ ਹੈ ‘‘ਕੇਤੀ ਕੇਤੀ ਮਾਂਗਨਿ ਮਾਗੈ ਭਾਵਨੀਆ ਸੋ ਪਾਈਐ ॥  ?…… ॥੧॥ ਇਸ ਲਈ ਦੂਜੀ ਖੋਜਣ ਦੀ ਲੋੜ ਹੈ, ਕਿਉਂਕਿ ਇਸ ਤੋਂ ਦੂਜੇ ਪਦੇ ਦੀਆਂ ਦੋ ਤੁਕਾਂ ਸੰਪੂਰਨ ਹਨ। ‘ਪਾਠ-ਭੇਦ ਸੂਚੀ’ ਵਾਲੀਆਂ ਸੰਥਾ ਪੋਥੀਆਂ ਵਿੱਚ ਰਾਗ ਦਾ ਸਿਰਲੇਖ ਸੀ ‘ਕਲਿਾਨ’, ਉਹ ਤਾਂ ਸ਼੍ਰੋਮਣੀ ਕਮੇਟੀ ਨੇ ਸੂਚੀ ਦੀ ਅੰਤ੍ਰਿਮ ਰਿਪੋਰਟ ਮੁਤਾਬਕ ਬੀੜ ਅਤੇ ਨਵੀਨ ਸੰਥਾ ਸੈਂਚੀਆਂ ਵਿੱਚ ‘ਕਲਿਆਨ’ ਕਰ ਦਿੱਤਾ, ਪਰ ਪੁਰਾਤਨ ਬੀੜਾਂ ਤੇ ਗੁਰਬਾਣੀ ਕੋਸ਼ਾਂ ਮੁਤਾਬਕ ਸੰਸਕ੍ਰਿਤ ਵਾਲੇ ‘ਯਾਚਕ’ ਨਾਂਵ ਦੇ ਗੁਰਮੁਖੀ ਰੂਪ ‘ਜਾਚਕੁ’ ਨੂੰ ਸ਼ੁਧ ਨਹੀਂ ਕੀਤਾ। ਗੁਰੂ ਗ੍ਰੰਥ ਸਾਹਿਬ ਵਿੱਚ ‘ਤਤੁ’ ਨਾਂਵ 186 ਵਾਰ ਇਕ ਵਚਨ ਪੁਲਿੰਗ ਦੇ ਰੂਪ ਵਿੱਚ ਅੰਤਕ ਔਂਕੜ ਨਾਲ ਵਰਤਿਆ ਮਿਲਦਾ ਹੈ। ਗੁਰਬਾਣੀ ਦੀ ਲਿਖਣਸ਼ੈਲੀ ਅਨੁਸਾਰ ਜਦੋਂ ਇਸ ਨਾਲ ਕੋਈ ਸੰਬੰਧਕੀ ਪਦ ‘ਸਿਉ’ ਆਦਿਕ ਹੁੰਦਾ ਹੈ ਤਾਂ ਇਹ ਔਂਕੜ ਰਹਿਤ ਹੋ ਜਾਂਦਾ ਹੈ; ਜਿਵੇਂ : ਨਾਨਕ  ! ਤਤੁ, ਤਤ ਸਿਉ ਮਿਲਿਆ; ਪੁਨਰਪਿ ਜਨਮਿ ਨ ਆਹੀ ॥ (ਪੰ. ੧੬੨) ਪਰ ਸੁਆਲ ਖੜਾ ਹੁੰਦਾ ਹੈ ਕਿ ਹੇਠ ਲਿਖੇ ਸ਼ਬਦ ਦੀ ਅੰਤਮ ਤੁਕ ਦਾ ਪਹਿਲਾ ਅੱਧ ‘‘ਨਾਨਕ ਤਤ ਤਤ ਸਿਉ ਮਿਲਿਆ॥’’ ਬਿਲਕੁਲ ਓਹੀ ਹੈ, ਪਰ ਇਥੇ ਦੋਵੇਂ ‘ਤਤ’ ਲਫ਼ਜ਼ ਔਂਕੜ ਰਹਿਤ ਕਿਉਂ ? ਇਸ ਦਾ ਸ਼ੁਧ ਰੂਪ ਹੈ : ‘‘ਨਾਨਕ ਤਤੁ ਤਤ ਸਿਉ ਮਿਲਿਆ॥’’ ਗੁਰਬਾਣੀ ਕੋਸ਼ਾਂ ਮੁਤਾਬਕ ‘ਸਰਬਧਾਰ’ ਤੇ ‘ਸਰਬਧਾਰਨ’ ਦੋਵੇਂ ਪਦ ਸੰਬੋਧਨ-ਕਾਰਕ ਅਤੇ ਸਮਾਨਥਕ ਰੱਬੀ ਨਾਂਵ ਹਨ। ਅਰਥ ਹੈ : ਹੇ ਸਾਰਿਆਂ ਨੂੰ ਧਾਰਨ ਵਾਲੇ। ਸਾਰਿਆ ਦੇ ਆਸਰੇ। ਪਰ, ਛਾਪੇ ਦੀ ਪਾਵਨ ਬੀੜ ਵਿੱਚ ਹੇਠਲੇ ਸ਼ਬਦ ਵਾਂਗ ਸਭ ਥਾਈਂ ਇਸ ਦਾ ਪਦ-ਛੇਦ ਰੂਪ ‘ਸਰਬ ਧਾਰ’ ਜਾਂ ‘ਸਰਬ ਧਾਰਨ’ ਹੀ ਮਿਲਦਾ ਹੈ। ਸੋਧਣ ਦੀ ਲੋੜ ਹੈ :

ਕਲਿਆਨ ਮਹਲਾ ੫ ॥ ਜਾਚਿਕੁ ਨਾਮੁ ਜਾਚੈ ਜਾਚੈ ॥ ਸਰਬਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ॥੧॥ ਰਹਾਉ ॥ ਕੇਤੀ ਕੇਤੀ ਮਾਂਗਨਿ ਮਾਗੈ ਭਾਵਨੀਆ ਸੋ ਪਾਈਐ ॥੧॥ ਸਫਲ ਸਫਲ ਸਫਲ ਦਰਸੁ ਰੇ ਪਰਸਿ ਪਰਸਿ ਗੁਨ ਗਾਈਐ ॥ ਨਾਨਕ ਤਤ ਤਤ ਸਿਉ ਮਿਲੀਐ ਹੀਰੈ ਹੀਰੁ ਬਿਧਾਈਐ ॥੨॥ (ਪੰਨਾ ੧੩੨੧)

(7). ਛਾਪੇ ਦੀ ਪਾਵਨ ਬੀੜ ਦੇ ਪੰਨਾ ੧੩੨੨ ਉੱਤੇ ਹੇਠ ਲਿਖਿਆ ਦੁਪਦਾ ਸ਼ਬਦ ਹੈ, ਜੋ ਕੀਰਤਨੀਆਂ ਵੱਲੋਂ ਵੀ ਆਮ ਗਾਇਆ ਜਾਂਦਾ ਹੈ। ਜੇ ਪਾਠਕ ਸੱਜਣ ਧਿਆਨ ਪੂਰਵਕ ਦਰਸ਼ਨ ਕਰਨਗੇ ਤਾਂ ਉਹ ਸਹਿਜੇ ਹੀ ਪਛਾਣ ਲੈਣਗੇ ਕਿ ਇਸ ਸ਼ਬਦ ਦੇ ਪਹਿਲੇ ਪਦੇ ਦੀ ਵੀ ਇੱਕੋ ਤੁਕ ਹੈ, ਦੂਜੀ ਨਹੀਂ। ਜਿਵੇਂ ‘‘ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਭਗਤਿ ਦਾਨੁ ਜਸੁ ਮੰਗੀ ॥ ?…… ॥੧॥ ਕਾਰਨ ਹੈ ਕਿ ਉਪਰੋਕਤ ਸ਼ਬਦ ਵਾਂਗ ਇਹ ਵੀ ਦੋ-ਤੁਕਾ ਦੁਪਦਾ ਹੈ, ਇਸ ਲਈ ਪਹਿਲੇ ਪਦੇ ਦੀ ਦੂਜੀ ਤੁਕ ਖੋਜਣ ਦੀ ਲੋੜ ਹੈ  ?

ਦੂਜੇ ਪਦੇ ਦੀ ਪਹਿਲੀ ਤੁਕ ‘‘ਜੋਗ ਗਿਆਨ ਧਿਆਨ ਸੇਖਨਾਗੈ ਸਗਲ ਜਪਹਿ ਤਰੰਗੀ ॥’’ ਵਿੱਚ ਗੁਰਬਾਣੀ ਦੀ ਲਿਖਣ ਸ਼ੈਲੀ ਮੁਤਾਬਕ ‘ਜੋਗ’, ‘ਗਿਆਨ’ ਤੇ ‘ਧਿਆਨ’ ਬਹੁ ਵਚਨੀ ਨਾਂਵਾਂ ਵਾਂਗ ਹੀ ‘ਸੇਖਨਾਗੈ’ ਦਾ ਬਹੁ ਵਚਨੀ ਰੂਪ ‘ਸੇਖਨਾਗੇ’ ਲੋੜੀਂਦਾ ਹੈ :

ਕਲਿਆਨ ਮਹਲਾ ੫ ॥ ਮੇਰੇ ਲਾਲਨ ਕੀ ਸੋਭਾ ॥ ਸਦ ਨਵਤਨ ਮਨ ਰੰਗੀ ਸੋਭਾ ॥੧॥ ਰਹਾਉ ॥ ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਭਗਤਿ ਦਾਨੁ ਜਸੁ ਮੰਗੀ ॥੧॥ ਜੋਗ ਗਿਆਨ ਧਿਆਨ ਸੇਖਨਾਗੈ ਸਗਲ ਜਪਹਿ ਤਰੰਗੀ ॥ ਕਹੁ ਨਾਨਕ ਸੰਤਨ ਬਲਿਹਾਰੈ ਜੋ ਪ੍ਰਭ ਕੇ ਸਦ ਸੰਗੀ ॥੨॥੩॥ (ਪੰ. ੧੩੨੨)

(8). ਛਾਪੇ ਦੀ ਪਾਵਨ ਬੀੜ ਦੇ ਪੰਨਾ ੧੩੨੨ ਉਪਰਲੇ ਦੂਜੇ ਘਰੁ ਦੇ ਹੇਠ ਲਿਖੇ ਸ਼ਬਦ ਦਾ ਸੂਚੀ ਮੁਤਾਬਕ ਸਿਰਲੇਖ ਹੈ : ਕਲਿਆਨ ਮਹਲਾ ੫ ਦੁਪਦੇ ਘਰੁ ੨ ॥ ਪਰ ਇਸ ਦੇ ਵੀ ਪਹਿਲੇ ਪਦੇ ਦੀ ਇੱਕੋ ਤੁਕ ਹੈ, ਦੂਜੀ ਨਹੀਂ। ਦੂਜੇ ਪਦੇ ਦੀਆਂ ਤੁਕਾਂ ਦੋ ਹਨ। ਇਸ ਲਈ ਪਹਿਲੇ ਪਦੇ ‘ਇਤ ਉਤ ਦਹਦਿਸਿ ਰਵਿਓ ਮੇਰ ਤਿਨਹਿ ਸਮਾਨਿ ॥ ? ……॥੧॥ ਦੀ ਦੂਜੀ ਤੁਕ ਭਾਲਣ ਦੀ ਲੋੜ ਹੈ। ਗੁਰਬਾਣੀ ਦੀ ਲਿਖਣ ਸ਼ੈਲੀ, ਪਾਠ-ਭੇਦ ਸੂਚੀ ਤੇ ਅਰਥਾਂ ਮੁਤਾਬਕ ਸ਼ਬਦ ਵਿਚਲੇ ‘ਅੰਗ’ ‘ਮੇਰ’, ‘ਤਿਨਹਿ’ ਤੇ ‘ਪਰਧਾਨ’ ਪਦ ਵੀ ਸੁਧਾਈ ਮੰਗਦੇ ਹਨ। ਕੋਸ਼ ਮੁਤਾਬਕ ‘ਪੁਰਖਪਤਿ’ ਨਾਂਵ ਵੀ ਇਕੋ ਜੁੜਤ ਪਦ ਹੈ। ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਟੀਮ’ ਅਨੁਸਾਰ ‘ਬ੍ਰਹਮ ਗਿਆਨ’ ਨੂੰ ਪਦ-ਛੇਦ ਕਰਨ ਦੀ ਲੋੜ ਨਹੀਂ :

ਕਲਿਆਨ ਮਹਲਾ ੫ ਘਰੁ ੨ ॥ ਤੇਰੈ ਮਾਨਿ ਹਰਿ ਹਰਿ ਮਾਨਿ ॥ ਨੈਨ ਬੈਨ ਸ੍ਰਵਨ ਸੁਨੀਐ ਅੰਗ ਅੰਗੇ ਸੁਖ ਪ੍ਰਾਨਿ ॥੧॥ ਰਹਾਉ ॥ ਇਤ ਉਤ ਦਹਦਿਸਿ ਰਵਿਓ ਮੇਰਤਿਨਹਿ ਸਮਾਨਿ ॥੧॥ ਜਤ ਕਤਾ ਤਤ ਪੇਖੀਐ ਹਰਿ ਪੁਰਖਪਤਿ ਪਰਧਾਨ ॥ ਸਾਧਸੰਗਿ ਭ੍ਰਮ ਭੈ ਮਿਟੇ ਕਥੇ ਨਾਨਕ ਬ੍ਰਹਮਗਿਆਨ ॥੨॥੧॥੪॥ (ਪੰ. ੧੩੨੨)

ਇਸੇ ਤਰ੍ਹਾਂ ਹੇਠ ਲਿਖੇ ਉਪਰੋਕਤ ਦੁਪਦੇ ਸੰਗ੍ਰਹਿ ਦੇ 5ਵੇਂ ਤੇ 6ਵੇਂ ਸ਼ਬਦਾਂ ਅੰਦਰਲੇ ਪਹਿਲੇ ਪਦੇ ਦੀ ਇੱਕ ਇੱਕ ਤੁਕ ਘੱਟ ਹੈ; ਜਿਵੇਂ ‘‘ਗਿਆਨ ਧਿਆਨ ਮਾਨ ਦਾਨ ਮਨ ਰਸਿਕ ਰਸਨ ਨਾਮੁ ਜਪਤ ਤਹ ਪਾਪਖੰਡਲੀ ॥  ?…… ॥੧॥’’ ਅਤੇ ‘‘ਬਿਸਨ ਮਹੇਸ ਸਿਧ ਮੁਨਿ ਇੰਦ੍ਰਾ ਕੈ ਦਰਿ ਸਰਨਿ ਪਰਉ ॥  ? ……॥੧॥’’ ਖੋਜਣਾ ਲੋੜੀਂਦਾ ਹੈ। 6ਵੇਂ ਸ਼ਬਦ ਦੇ ਰਹਾਉ ਵਾਲੇ ਪਦੇ ਦੀ ਪਹਿਲੀ ਤੁਕ ਦੇ ਪਹਿਲੇ ਤੁਕਾਂਸ਼ ‘ਕਉਨੁ ਬਿਧਿ’ ਨੂੰ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਦੇ ਪਦ-ਅਰਥਾਂ ਵਿੱਚ ‘ਕਉਨ ਬਿਧਿ’ ਲਿਖਿਆ ਹੈ, ਜਿਸ ਨੂੰ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਟੀਮ’ ਨੇ ਵੀ ਬੀੜਾਂ ਦੀ ਲਿਖਤ ਤੇ ਵਿਆਕਰਨ ਦੇ ਚਾਨਣ ਵਿੱਚ ਸਹੀ ਮੰਨਿਆ ਹੈ। ਕਾਰਨ ਹੈ ਕਿ ‘ਬਿਧਿ’ ਇਸਤ੍ਰ ਲਿੰਗ ਨਾਂਵ ਹੈ। ਪਾਠ-ਭੇਦ ਸੂਚੀ ਨੇ ਪੁਰਾਤਨ ਹੱਥ-ਲਿਖਤਾਂ ਮੁਤਾਬਕ ਇਸ ਪਦੇ ਦੀ ਦੂਜੀ ਤੁਕ ਅੰਦਰਲੇ ‘ਸਸਤ੍ਰਗਿਆ’ ਪਾਠ ਦਾ ਸ਼ੁਧ ਰੂਪ ‘ਸਾਸਤ੍ਰਗਿਆ’ ਮੰਨਿਆ ਹੈ। ‘ਦਰਪਣ’ ਦੇ ਪਦ-ਅਰਥ ਵੀ ‘ਸ਼ਾਸਤ੍ਰ+ਗਿਆ’ = ਸ਼ਾਸਤ੍ਰਾਂ ਦਾ ਗਿਆਤਾ, ਕੀਤੇ ਹਨ, ਜੋ ਬਿਲਕੁਲ ਸਹੀ ਹਨ। ਸੋ ਇਸ ਲਈ ਉਪਰੋਕਤ ਸ਼ਬਦਾਂ ਇਹ ਸਾਰੇ ਪੱਖ ਵਿਚਾਰਨੇ ਜ਼ਰੂਰੀ ਹਨ :

ਕਲਿਆਨ ਮਹਲਾ ੫ ॥ ਗੁਨ ਨਾਦ ਧੁਨਿ ਅਨੰਦ ਬੇਦ ॥ ਕਥਤ ਸੁਨਤ ਮੁਨਿ ਜਨਾ ਮਿਲਿ ਸੰਤ ਮੰਡਲੀ ॥੧॥ ਰਹਾਉ ॥ ਗਿਆਨ ਧਿਆਨ ਮਾਨ ਦਾਨ ਮਨ ਰਸਿਕ ਰਸਨ ਨਾਮੁ ਜਪਤ ਤਹ ਪਾਪ ਖੰਡਲੀ ॥੨॥ ਜੋਗ ਜੁਗਤਿ ਗਿਆਨ ਭੁਗਤਿ ਸੁਰਤਿ ਸਬਦ ਤਤ ਬੇਤੇ ਜਪੁ ਤਪੁ ਅਖੰਡਲੀ ॥ ਓਤਿ ਪੋਤਿ ਮਿਲਿ ਜੋਤਿ ਨਾਨਕ ਕਛੂ ਦੁਖੁ ਨ ਡੰਡਲੀ ॥੨॥੨॥੫॥ (ਪੰ. ੧੩੨੨)

ਕਲਿਆਨੁ ਮਹਲਾ ੫ ॥ ਕਉਨ ਬਿਧਿ ਤਾ ਕੀ ਕਹਾ ਕਰਉ ॥ ਧਰਤ ਧਿਆਨੁ ਗਿਆਨੁ ਸਾਸਤ੍ਰਗਿਆ ਅਜਰ ਪਦੁ ਕੈਸੇ ਜਰਉ ॥੧॥ ਰਹਾਉ ॥ ਬਿਸਨ ਮਹੇਸ ਸਿਧ ਮੁਨਿ ਇੰਦ੍ਰਾ ਕੈ ਦਰਿ ਸਰਨਿ ਪਰਉ ॥੧॥ ਕਾਹੂ ਪਹਿ ਰਾਜੁ ਕਾਹੂ ਪਹਿ ਸੁਰਗਾ ਕੋਟਿ ਮਧੇ ਮੁਕਤਿ ਕਹਉ ॥ ਕਹੁ ਨਾਨਕ ਨਾਮ ਰਸੁ ਪਾਈਐ ਸਾਧੂ ਚਰਨ ਗਹਉ ॥੨॥੩॥੬॥ (ਪੰ. ੧੩੨੨)

—–ਚੱਲਦਾ——

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 8)