ਨਾਨਕ ਜੋਤਿ ਨੂੰ ਸਮਰਪਿਤ ਗੁਰੂ ਤੇਗ਼ ਬਹਾਦਰ ਸਾਹਿਬ
ਗਿਆਨੀ ਅਵਤਾਰ ਸਿੰਘ
ਦੁਨੀਆਂ ਭਰ ਦੇ ਇਤਿਹਾਸ ’ਚ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਬੇਮਿਸਾਲ ਹੈ, ਲਾਸਾਨੀ ਹੈ ਤੇ ਕਮਾਲ ਹੈ। ਬਚਿਤਰ ਨਾਟਕ ’ਚ ਇਸ ਦਾ ਇਉਂ ਜ਼ਿਕਰ ਹੈ, ‘‘ਧਰਮ ਹੇਤਿ, ਸਾਕਾ ਜਿਨਿ ਕੀਆ। ਸੀਸੁ ਦੀਆ, ਪਰ ਸਿਰਰੁ ਨ ਦੀਆ।… ਤੇਗ਼ ਬਹਾਦਰ ਕੇ ਚਲਤ, ਭਯੋ ਜਗਤ ਕੋ ਸੋਕ। ਹੈ ਹੈ ਹੈ ਸਭ ਜਗ ਭਣੋ, ਜੈ ਜੈ ਜੈ ਸੁਰ ਲੋਕ।’’, ਸਾਰੇ ਧਰਮਾਂ ’ਚ ਆਪਣੀ ਆਜ਼ਾਦੀ ਵਾਸਤੇ ਸੰਘਰਸ਼ ਹੋਏ, ਸ਼ਹਾਦਤਾਂ ਦਿੱਤੀਆਂ ਹਨ, ਪਰ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਆਪਣੇ ਨਹੀਂ ਬਲਕਿ ਗ਼ੈਰ (ਹਿੰਦੂ) ਧਰਮ ਦੀ ਰੱਖਿਆ ਲਈ ਸ਼ਹੀਦੀ ਦਿੱਤੀ, ਜਿਨ੍ਹਾਂ ਦੇ ਧਾਰਮਿਕ ਵਿਚਾਰਾਂ ਨਾਲ਼ ਸਤਿਗੁਰੂ ਜੀ ਸਹਿਮਤ ਭੀ ਨਹੀਂ ਸਨ।
ਗੁਰੂ ਤੇਗ਼ ਬਹਾਦਰ ਜੀ ਦਾ ਜਨਮ ੫ ਵੈਸਾਖ ਬ੍ਰਿਕਮੀ ਸੰਮਤ ੧੬੭੮ (1 ਅਪ੍ਰੈਲ 1621) ਦੇ ਦਿਨ ਮਾਤਾ ਨਾਨਕੀ ਜੀ ਅਤੇ ਗੁਰੂ ਹਰਿ ਗੋਬਿੰਦ ਸਾਹਿਬ ਦੇ ਘਰ; ਗੁਰੂ ਦਾ ਚੱਕ (ਹੁਣ ਅੰਮ੍ਰਿਤਸਰ ਸਾਹਿਬ) ਵਿਖੇ ਹੋਇਆ। ਆਪ ਨੇ ਭਾਈ ਗੁਰਦਾਸ ਜੀ, ਭਾਈ ਸਿੰਘਾ ਪੁਰੋਹਤ ਤੇ ਹੋਰ ਵਿਦਵਾਨਾਂ ਪਾਸੋਂ ਗੁਰਬਾਣੀ ਅਤੇ ਸਿੱਖ ਇਤਿਹਾਸ ਨੂੰ ਸਮਝ ਲਿਆ। ਆਪ ਛੋਟੀ ਉਮਰ ’ਚ ਹੀ ਗੁਰਮਤਿ ਦੇ ਗਿਆਤਾ, ਸ਼ਸਤਰ ਵਿੱਦਿਆ ਤੇ ਘੋੜ ਸਵਾਰੀ ਵਿੱਚ ਨਿਪੁੰਨ ਹੋ ਗਏ।
ਪਿੰਡ ਲਖਨੌਰ (ਅੰਬਾਲਾ) ਦੇ ਭਾਈ ਲਾਲ ਚੰਦ ਸੁਭਿੱਖੀ ਜੀ; ਆਪਣੇ ਪਰਵਾਰ ਸਮੇਤ ਹਰ ਸਾਲ ਕਰਤਾਰਪੁਰ (ਜ਼ਿਲਾ ਜਲੰਧਰ) ਵਿਖੇ ਸੇਵਾ ਕਰਨ ਆਇਆ ਕਰਦੇ ਸਨ। ਗੁਰੂ ਤੇਗ਼ ਬਹਾਦਰ ਸਾਹਿਬ ਵੀ ਅਕਸਰ ਕਰਤਾਰਪੁਰ ਆਇਆ ਕਰਦੇ ਸਨ। ਇਕ ਵਾਰ ਭਾਈ ਲਾਲ ਚੰਦ ਦੀ ਘਰਵਾਲੀ ਨੇ ਮਾਤਾ ਨਾਨਕੀ ਜੀ ਕੋਲ ਆਪਣੀ ਧੀ ਗੁਜਰੀ ਦੇ (ਗੁਰੂ) ਤੇਗ਼ ਬਹਾਦਰ ਨਾਲ ਵਿਆਹ ਦੀ ਗੱਲ ਛੇੜੀ। ਮਾਤਾ ਨਾਨਕੀ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨਾਲ ਗੱਲ ਕਰ ਕੇ ਇਸ ਰਿਸ਼ਤੇ ਨੂੰ ਮਨਜ਼ੂਰ ਕਰ ਲਿਆ। ਸੁਚੱਜੀ ਬੀਬੀ ਗੁਜਰੀ (ਜੋ ਗੁਰੂ ਤੇਗ਼ ਬਹਾਦਰ ਤੋਂ ਸਿਰਫ਼ ਇਕ ਸਾਲ ਛੋਟੀ ਸੀ) ਦਾ ਵਿਆਹ ੧੯ ਫੱਗਣ ਬ੍ਰਿਕਮੀ ਸੰਮਤ ੧੬੮੯ (14 ਫ਼ਰਵਰੀ 1633) ਦੇ ਦਿਨ ਕਰਤਾਰਪੁਰ ਵਿਖੇ ਹੋਇਆ। ਇਸ ਅਨੰਦ ਕਾਰਜ ਦੇ ਮੌਕੇ ਤੇ ਭਾਈ ਗੁਰਦਾਸ, ਬਾਬਾ ਬੁੱਢਾ, ਭਾਈ ਬੱਲੂ, ਭਾਈ ਦਰੀਆ, ਭਾਈ ਪਦਮਾ ਚੌਹਾਨ, ਭਾਈ ਅੜੂ ਰਾਮ ਦੱਤ, ਭਾਈ ਕੀਰਤ ਭੱਟ, ਭਾਈ ਸਿੰਘਾ ਪੁਰੋਹਤ, ਭਾਈ ਜੱਗੂ ਚੋਹਾਨ, ਭਾਈ ਸੁਖੀਆ ਮਾਂਡਨ ਅਤੇ ਬਹੁਤ ਸਾਰੇ ਹੋਰ ਦਰਬਾਰੀ ਸਿੱਖ ਹਾਜ਼ਰ ਸਨ। ਵਿਆਹ ਮਗਰੋਂ ਗੁਰੂ ਤੇਗ਼ ਬਹਾਦਰ ਜੀ ਅਤੇ ਮਾਤਾ ਗੁਜਰੀ ਜੀ; ਗੁਰੂ ਦਾ ਚੱਕ (ਅੰਮ੍ਰਿਤਸਰ) ਚਲੇ ਗਏ।
ਵਿਆਹ ਤੋਂ 14 ਕੁ ਮਹੀਨੇ ਬਾਅਦ 16 ਅਪ੍ਰੈਲ 1634 ਨੂੰ ਆਪ ਦੀ ਭੈਣ ਬੀਬੀ ਵੀਰੋ ਦਾ ਵਿਆਹ ਸੀ। ਜਿਸ ਤੋਂ ਇਕ ਦਿਨ ਪਹਿਲਾਂ ਮੁਗਲ ਫ਼ੌਜਾਂ ਨੇ ਗੁਰੂ ਦਾ ਚੱਕ ’ਤੇ ਹਮਲਾ ਕਰ ਦਿੱਤਾ। ਇਸ ਵੇਲੇ ਆਪ ਸਿਰਫ਼ ਸਾਢੇ ਬਾਰ੍ਹਾਂ ਕੁ ਸਾਲ ਦੇ ਸਨ। ਆਪ ਨੇ ਭਾਈ ਬਿਧੀ ਚੰਦ ਤੇ ਹੋਰ ਜਰਨੈਲਾਂ ਨਾਲ ਰਲ ਕੇ ਮੁਗਲਾਂ ਦਾ ਡਟ ਕੇ ਮੁਕਾਬਲਾ ਕੀਤਾ।
ਬਕਾਲਾ ਵਿਚ ਆਪ ਦੇ ਨਾਨਾ ਹਰੀ ਚੰਦ ਲੰਬ ਅਤੇ ਨਾਨੀ ਹਰ ਦੇਈ ਜੀ ਰਹਿੰਦੇ ਸਨ। ੬ ਚੇਤ ਬ੍ਰਿਕਮੀ ਸੰਮਤ ੧੭੦੦ (3 ਮਾਰਚ 1644) ਨੂੰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੋਤੀ-ਜੋਤਿ ਸਮਾਏ ਤਾਂ ਆਪ ਬਕਾਲੇ ਵਿਚ ਸਨ। ਖ਼ਬਰ ਮਿਲਣ ’ਤੇ ਆਪ ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਸਮੇਤ ਕੀਰਤਪੁਰ ਪੁੱਜੇ। ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਗੁਰੂ ਹਰਗੋਬਿੰਦ ਜੀ ਨੇ ਗੁਰਗੱਦੀ ਗੁਰੂ ਹਰਿਰਾਇ ਜੀ ਨੂੰ ਸੌਂਪ ਦਿੱਤੀ ਸੀ।
ਕੁੱਝ ਸਮਾਂ ਕੀਰਤਪੁਰ ਠਹਿਰਣ ਤੋਂ ਬਾਅਦ ਆਪ; ਮਾਤਾ ਨਾਨਕੀ ਜੀ ਤੇ ਪਤਨੀ ਮਾਤਾ ਗੁਜਰੀ ਜੀ ਸਮੇਤ ਵਾਪਸ ਬਕਾਲੇ ਆ ਗਏ। ਅਗਲੇ ਬਾਰ੍ਹਾਂ ਸਾਲ (1644-1656 ਤਕ) ਆਪ ਬਕਾਲਾ ਵਿਚ ਹੀ ਰਹੇ। ਇੱਥੇ ਪਹੁੰਚਦੀਆਂ ਸੰਗਤਾਂ ਨੂੰ ਆਪ ਜੀ ਗੁਰਬਾਣੀ ਦੀ ਕਥਾ ਤੇ ਗੁਰੂ ਇਤਿਹਾਸ ਦੀ ਕਥਾ ਸੁਣਾਇਆ ਕਰਦੇ ਸਨ। ਆਪ ਕਦੇ-ਕਦੇ ਗੋਇੰਦਵਾਲ, ਗੁਰੂ ਦਾ ਚੱਕ (ਅੰਮ੍ਰਿਤਸਰ), ਕਰਤਾਰਪੁਰ ਅਤੇ ਕੀਰਤਪੁਰ ਵੀ ਜਾਂਦੇ ਰਹਿੰਦੇ ਸਨ।
ਜੂਨ 1656 ਵਿਚ ਆਪ ਗੁਰੂ ਹਰਿਰਾਇ ਸਾਹਿਬ ਨੂੰ ਮਿਲਣ ਲਈ ਕੀਰਤਪੁਰ ਗਏੇ ਹੋਏ ਸਨ। ਉਨ੍ਹੀਂ ਦਿਨੀਂ ਆਗਰਾ, ਕਾਸ਼ੀ (ਬਨਾਰਸ/ਵਾਰਾਨਸੀ), ਮਿਰਜ਼ਾਪੁਰ, ਪ੍ਰਯਾਗ (ਅਲਾਹਾਬਾਦ) ਤੋਂ ਇਲਾਵਾ ਗਯਾ, ਪਟਨਾ, ਢਾਕਾ ਅਤੇ ਅਸਾਮ ਤੋਂ ਵੀ ਬਹੁਤ ਸਾਰੀਆਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਆਈਆਂ ਹੋਈਆਂ ਸਨ। ਇਨ੍ਹਾਂ ਸੰਗਤਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਸਾਡੇ ਇਲਾਕਿਆਂ ਵਿਚ ਆ ਕੇ ਦਰਸ਼ਨ ਦੇਓ। ਗੁਰੂ ਸਾਹਿਬ ਨੇ ਕੀਰਤਪੁਰ ਸਾਹਿਬ ਵਿਖੇ ਪਹੁੰਚਦਿਆਂ ਹਜ਼ਾਰਾਂ ਸੰਗਤਾਂ ਨੂੰ ਧਿਆਨ ’ਚ ਰੱਖਦਿਆਂ ਆਪਣੇ ਚਾਚਾ (ਗੁਰੂ) ਤੇਗ਼ ਬਹਾਦਰ ਜੀ ਨੂੰ ਪੂਰਬ ਵੱਲ ਜਾ ਕੇ ਧਰਮ ਪਰਚਾਰ ਕਰਨ ਲਈ ਭੇਜਿਆ। ਆਪ; ੧੧ ਹਾੜ ਬ੍ਰਿਕਮੀ ਸੰਮਤ ੧੭੧੩ (9 ਜੂਨ 1656) ਦੇ ਦਿਨ ਕੀਰਤਪੁਰ ਸਾਹਿਬ ਤੋਂ ਪੂਰਬ ਵੱਲ ਦੇ ਲੰਬੇ ਦੌਰੇ ’ਤੇ ਚਲ ਪਏ। ਆਪ ਜੀ ਦਾ ਪਰਵਾਰ ਅਤੇ ਕੁੱਝ ਦਰਬਾਰੀ ਸਿੱਖਾਂ ਦਾ ਜੱਥਾ ਭੀ ਆਪ ਦੇ ਨਾਲ ਗਿਆ। ਇਸ ਬਾਰੇ ਭੱਟ ਵਹੀ ਤਲਾਉਂਡਾ, ਪਰਗਣਾ ਜੀਂਦ ਵਿਚ ਦਰਜ ਹੈ :
‘ਗੁਰੁ ਤੇਗ਼ ਬਹਾਦਰ ਜੀ, ਬੇਟਾ ਗੁਰੁ ਹਰਿਗੋਬਿੰਦ ਜੀ ਮਹਲ ਛਟੇ ਕਾ, ਪੋਤਾ ਗੁਰੂ ਅਰਜਨ ਕਾ, ਸੋਢੀ ਖਤਰੀ, ਬਾਸੀ ਕੀਰਤਪੁਰ, ਪਰਗਣਾ ਕਹਿਲੂਰ, ਸੰਮਤ ਸਤਰਾਂ ਸੈ ਤੇਰਾਂ, ਅਸਾੜ ਪ੍ਰਵਿਸ਼ਟੇ ਗਿਆਰਾਂ, ਤੀਰਥ ਯਾਤਰਾ ਜਾਨੇ ਕੀ ਤਿਆਰੀ ਕੀ। ਗੈਲੋਂ ਮਾਤਾ ਨਾਨਕੀ ਜੀ ਆਈ, ਇਸਤਰੀ ਗੁਰੂ ਹਰਿਗੋਬਿੰਦ ਜੀ ਕੀ, ਮਾਤਾ ਨੇਤੀ ਜੀ ਆਈ ਇਸਤਰੀ ਗੁਰੁ ਗੁਰਦਿਤਾ ਜੀ ਕੀ, ਮਾਤਾ ਹਰੀ ਜੀ ਆਈ ਇਸਤਰੀ ਗੁਰੁ ਸੂਰਜ ਮੱਲ ਜੀ ਕੀ, ਬਾਵਾ ਬਾਲੂ ਹਸਨਾ ਤੇ ਬਾਵਾ ਅਲਮਸਤ ਜੀ ਆਏ, ਚੇਲੇ ਗੁਰੁ ਗੁਰਦਿਤਾ ਜੀ ਕੇ, ਮਾਤਾ ਗੁਜਰੀ ਜੀ ਆਈ ਇਸਤਰੀ ਗੁਰੁ ਤੇਗ਼ ਬਹਾਦਰ ਜੀ ਕੀ, ਕ੍ਰਿਪਾਲ ਚੰਦ ਆਇਆ ਬੇਟਾ ਬਾਬਾ ਲਾਲ ਚੰਦ ਸੁਭਿੱਖੀ ਕਾ, ਦੀਵਾਨ ਦਰਗਹ ਮੱਲ ਆਇਆ ਬੇਟਾ ਦਵਾਰਕਾ ਦਾਸ ਛਿਬਰ ਬ੍ਰਾਹਮਣ ਕਾ, ਸਾਧੂ ਰਾਮ ਆਇਆ ਬੇਟਾ ਧਰਮ ਚੰਦ ਖੋਸਲੇ ਕਾ, ਦੁਰਗਾ ਦਾਸ ਆਇਆ ਬੇਟਾ ਮੂਲ ਚੰਦ ਜਲਾਹਨੇ ਪੁਆਰ ਕਾ, ਦਿਆਲ ਦਾਸ ਆਇਆ ਬੇਟਾ ਮਾਈ ਦਾਸ ਪੁਆਰ ਬਲਉਂਤ ਕਾ, ਚਉਪਤਿ ਰਾਇ ਆਇਆ ਬੇਟਾ ਪੈਰਾ ਰਾਮ ਛਿਬਰ ਕਾ । ਹੋਰ ਸਿਖ ਫ਼ਕੀਰ ਆਏ।’
ਨੋਟ : ‘ਭੱਟ ਵਹੀਆਂ’ ’ਚ ਗੁਰੂ ਸਾਹਿਬਾਨ ਦੇ ਪਰਵਾਰ ਦੇ ਹਰ ਮੈਂਬਰ ਨਾਲ ‘ਗੁਰੁ’ ਲਿਖਦੇ ਸਨ, ਇਸ ਲਈ ਉਕਤ ‘ਗੁਰੁ, ਗੁਰੁ’ ਕਈ ਨਾਵਾਂ ਨਾਲ਼ ਲਿਖਿਆ ਹੈ।
ਕੀਰਤਪੁਰ ਵਿਚ ੬ ਕੱਤਕ ਬ੍ਰਿਕਮੀ ਸੰਮਤ ੧੭੧੮ (6 ਅਕਤੂਬਰ 1661) ਦੇ ਦਿਨ ਗੁਰੂ ਹਰਿ ਰਾਇ ਸਾਹਿਬ ਜੋਤੀ ਜੋਤਿ ਸਮਾ ਗਏ ਅਤੇ ਉਨ੍ਹਾਂ ਨੇ ਆਪਣੇ ਛੋਟੇ ਪੁੱਤਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਗੁਰਗੱਦੀ ਸੌਂਪ ਦਿੱਤੀ। (ਗੁਰੂ) ਤੇਗ਼ ਬਹਾਦਰ ਸਾਹਿਬ ਨੂੰ ਇਹ ਖ਼ਬਰ ਮਈ 1662 ਦੇ ਅਖੀਰ ਵਿਚ ਮਿਲੀ। ਹੁਣ ਆਪ ਨੇ ਵਾਪਸ ਪੰਜਾਬ ਜਾਣ ਦੀ ਤਿਆਰੀ ਸ਼ੁਰੂ ਕੀਤੀ।
ਆਪ 21 ਮਾਰਚ 1664 ਦੇ ਦਿਨ ਦਿੱਲੀ ਵਿਚ ਪੁੱਜੇ। ਦਿੱਲੀ ਪੁੱਜਣ ’ਤੇ ਰਾਮਰਾਇ (ਜੋ ਔਰੰਗਜ਼ੇਬ ਨਾਲ ਨੇੜਤਾ ਬਣਾ ਕੇ ਉੱਥੇ ਰਹਿ ਰਿਹਾ ਸੀ) ਵੀ ਆਪ ਨੂੰ ਮਿਲਣ ਆਇਆ। ਬਾਬਾ ਰਾਮਰਾਇ ਨੇ (ਗੁਰੂ) ਤੇਗ਼ ਬਹਾਦਰ ਸਾਹਿਬ ਕੋਲ਼ ਵੀ ਗੁਰਗੱਦੀ ਨਾ ਮਿਲਣ ਦਾ ਗਿੱਲਾ-ਸ਼ਿਕਵਾ ਕੀਤਾ, ਪਰ ਦਾਲ ਗਲਦੀ ਨਾ ਵੇਖੀ ਤਾਂ ਵਾਪਸ ਚਲਾ ਗਿਆ।
ਬਾਬਾ ਰਾਮਰਾਇ ਦੁਆਰਾ ਗੁਰਗੱਦੀ ਦਾ ਝਗੜਾ ਖੜ੍ਹਾ ਕਰਨ ਬਦਲੇ ਔਰੰਗਜ਼ੇਬ ਨੇ ਇਨ੍ਹਾਂ ਦਿਨਾਂ ’ਚ ਗੁਰੂ ਹਰਿਸ਼ਨ ਸਾਹਿਬ ਨੂੰ ਦਿੱਲੀ ਬੁਲਾਇਆ ਸੀ। (ਗੁਰੂ) ਤੇਗ਼ ਬਹਾਦਰ ਸਾਹਿਬ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਨਾਲ਼ ਦਿੱਲੀ ਵਿਖੇ ਮੁਲਾਕਾਤ ਕਰ ਵਰਤਮਾਨ ਦੇ ਹਾਲਾਤਾਂ ਬਾਰੇ ਜਾਣਿਆ। ਆਪ ਨੇ ਭੀ ਗੁਰੂ ਸਾਹਿਬ ਨਾਲ ਰਾਮ ਰਾਇ ਦੀ ਸਾਜ਼ਸ਼ ਦਾ ਜ਼ਿਕਰ ਕੀਤਾ। ਉਨ੍ਹਾਂ ਗੁਰੂ ਸਾਹਿਬ ਨੂੰ ਕਿਹਾ ਕਿ ਔਰੰਗਜ਼ੇਬ ਬਹੁਤ ਚਾਲਾਕ ਬੰਦਾ ਹੈ। ਉਸ ਨਾਲ ਗੱਲਬਾਤ ਸਮੇਂ ਚੌਕਸ ਰਹਿਣਾ ਜ਼ਰੂਰੀ ਹੈ। ਇਸੇ ਸਮੇਂ ਦਿੱਲੀ ਵਿਚ ਭਿਆਨਕ ਚੀਚਕ ਮਹਾਂਮਾਰੀ ਫੈਲੀ ਹੋਈ ਸੀ। ਜਿਸ ਦਾ ਅਸਰ ਗੁਰੂ ਸਾਹਿਬ ’ਤੇ ਭੀ ਪਿਆ ਹੋਇਆ ਸੀ। ਗੁਰੂ ਸਾਹਿਬ ਨੇ (ਗੁਰੂ) ਤੇਗ਼ ਬਹਾਦਰ ਸਾਹਿਬ ਨੂੰ ਕਿਹਾ ਕਿ ਮੇਰੇ ਬਾਅਦ ਗੁਰਿਆਈ ਦੀ ਸੇਵਾ ਤੁਸੀਂ ਸੰਭਾਲਣੀ ਹੈ। ਇਹ ਸੁਣ ਕੇ (ਗੁਰੂ) ਤੇਗ਼ ਬਹਾਦਰ ਸਾਹਿਬ ਚੁੱਪ ਤੇ ਗੰਭੀਰ ਹੋ ਗਏ।
ਆਪ 24 ਮਾਰਚ 1664 ਦੇ ਦਿਨ ਆਪਣੇ ਪਰਵਾਰ ਤੇ ਜਥੇ ਸਮੇਤ ਪੰਜਾਬ ਲਈ ਰਵਾਨਾ ਹੋ ਗਏ। ਰਸਤੇ ਵਿਚ ਆਪਣੀ ਭੈਣ ਬੀਬੀ ਵੀਰੋ ਨੂੰ ਮਿਲਣ ਵਾਸਤੇ ਪਿੰਡ ਮਲ੍ਹਾ ਵੀ ਗਏ। ਭਾਈ ਸਾਧੂ ਰਾਮ ਦੇ ਪਰਵਾਰ ਨੇ ਆਪ ਦੀ ਬੜੀ ਸੇਵਾ ਕੀਤੀ। ਕੁਝ ਦਿਨ ਦੀਵਾਨ ਸਜਾਉਣ ਮਗਰੋਂ ਆਪ; ਆਪਣੇ ਜੀਜੇ ਭਾਈ ਸਾਧੂ ਰਾਮ ਨੂੰ ਮਲ੍ਹਾ ਵਿਚ ਛੱਡ ਕੇ ਸੁਲਤਾਨਪੁਰ ਵਲ ਚਲ ਪਏ, ਜਿਥੋਂ ਅੱਗੇ ਉਹ ਬਕਾਲਾ ਚਲੇ ਗਏ।
25 ਮਾਰਚ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਤੇ ਔਰੰਗਜ਼ੇਬ ਵਿਚਕਾਰ ਪਹਿਲੀ ਮੁਲਾਕਾਤ ਹੋਈ। ਔਰੰਗਜ਼ੇਬ ਨੇ ਦੋ ਦਿਨ ਬਾਅਦ ਫੇਰ ਗੱਲਬਾਤ ਕਰਨ ਲਈ ਬੁਲਾਇਆ। ਗੁਰੂ ਸਾਹਿਬ ਨੂੰ ਕੁੱਝ ਦਿਨ ਕਾਫ਼ੀ ਬੁਖਾਰ ਰਿਹਾ। ਅਖ਼ੀਰ ਆਪ ਨੇ ੩ ਵੈਸਾਖ ਬ੍ਰਿਕਮੀ ਸੰਮਤ ੧੭੨੧ (30 ਮਾਰਚ 1664) ਦੇ ਦਿਨ ਸਾਰਿਆਂ ਨੂੰ ਕੋਲ ਬੁਲਾ ਕੇ ਗੁਰਗੱਦੀ ‘ਬਾਬਾ ਬਕਾਲੇ’ ਕਹਿਣ ਤੋਂ ਮਗਰੋਂ ਜੋਤੀ-ਜੋਤਿ ਸਮਾ ਗਏ। ਜਿਨ੍ਹਾਂ ਦੇ ਸਸਕਾਰ ਕਰਨ ਵਾਲ਼ੀ ਜਗ੍ਹਾ ਅੱਜ ਗੁਰਦੁਆਰਾ ਬਾਬਾ ਸਾਹਿਬ (ਦਿੱਲੀ) ਸੁਭਾਇਮਾਨ ਹੈ।
ਚਾਰ ਕੁ ਮਹੀਨਿਆਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਮਾਤਾ ਸੁਲੱਖਣੀ ਜੀ, ਦੀਵਾਨ ਦਰਗਹ ਮੱਲ, ਭਾਈ ਮਨੀ ਰਾਮ (ਭਾਈ ਮਨੀ ਸਿੰਘ) ਆਦਿਕ ਸਿੱਖਾਂ ਨੇ ਬਕਾਲਾ ਆ ਕੇ ਭਾਦੋਂ ਵਦੀ ੧੫; ੧੧ ਭਾਦੋਂ (11 ਅਗਸਤ 1664) ਨੂੰ ਗੁਰਗੱਦੀ ਸੌਂਪਣ ਦੀ ਅਰਦਾਸ ਬਾਬਾ ਦਵਾਰਕਾ ਦਾਸ (ਬੇਟਾ ਬਾਬਾ ਅਰਜਾਨੀ, ਪੋਤਾ ਬਾਬਾ ਮੋਹਰੀ ਤੇ ਪੜਪੋਤਾ ਗੁਰੂ ਅਮਰਦਾਸ ਜੀ) ਨੇ ਨਿਭਾਈ। ਇਸ ਦਾ ਜ਼ਿਕਰ ‘ਭੱਟ ਵਹੀਆਂ’ ’ਚ ਇੰਞ ਮਿਲਦਾ ਹੈ :
‘ਦੀਵਾਨ ਦਰਗਹ ਮੱਲ ਬੇਟਾ ਦਵਾਰਕਾ ਦਾਸ ਕਾ ਪੋਤਾ ਪਰਾਗ ਦਾਸ ਕਾ, ਚਉਪਤਿ ਰਾਏ ਬੇਟਾ ਪੈਰੇ ਕਾ ਪੋਤਾ ਗੌਤਮ ਕਾ ਛਿਬਰ ਬ੍ਰਾਹਮਣ, ਜੇਠਾ ਮਾਈ ਦਾਸ ਕਾ, ਮਨੀ ਰਾਮ ਮਾਈ ਦਾਸ ਕਾ ਬਲਉਂਤ ਜਲ੍ਹਾਨੇ, ਜੱਗੂ ਬੇਟਾ ਪਦਮਾ ਕਾ ਪੋਤਾ ਕਉਲੇ ਕਾ ਹਜਾਵਤ ਆਂਬਿਆਨਾ, ਨਾਨੂ ਬੇਟਾ ਬਾਘੇ ਕਾ ਪੋਤਾ ਉਮੈਦੇ ਕਾ, ਦਿੱਲੀ ਸੇ ਗੁਰੂ ਹਰਕਿਸ਼ਨ ਜੀ ਮਹਿਲ ਅਠਮੇ ਕੀ ਮਾਤਾ ਸੁਲੱਖਣੀ ਕੇ ਸਾਥ ਬਕਾਲੇ ਆਏ। ਸਾਲ ਸਤਰਾਂ ਸੈ ਇਕੀਸ ਭਾਦਵਾ ਕੀ ਅਮਾਵਸ ਕੇ ਦਿਨ।’ (ਭੱਟ ਵਹੀ ਤਲਾਉਂਢਾ, ਪਰਗਣਾ ਜੀਂਦ, ਖਾਤਾ ਜਲਾਹਨੋਂ ਕਾ)
ਪਿਛਲੇ ਅੱਠ ਸਾਲਾਂ ਤੋਂ ਆਪ ਕੀਰਤਪੁਰ ਨਹੀਂ ਜਾ ਸਕੇ ਸਨ। ਇਸ ਦੌਰਾਨ ਗੁਰੂ ਹਰਿ ਰਾਇ ਸਾਹਿਬ ਤੇ ਗੁਰੂ ਹਰਕਿਸ਼ਨ ਸਾਹਿਬ ਜੋਤੀ-ਜੋਤਿ ਸਮਾ ਚੁੱਕੇ ਸਨ। ਗੁਰੂ ਹਰਿ ਰਾਇ ਸਾਹਿਬ ਦੀ ਬੇਟੀ ਬੀਬੀ ਰੂਪ ਕੌਰ ਦਾ ਵਿਆਹ ਭੀ ਹੋ ਚੁੱਕਾ ਸੀ ਤੇ ਉਹ ਆਪਣੇ ਪਤੀ ਨਾਲ ਕੀਰਤਪੁਰ ਦੇ ਨਾਲ ਲਗਵੇਂ ਪਿੰਡ ਕਲਿਆਣਪੁਰ ’ਚ ਰਹਿ ਰਹੀ ਸੀ। ਇਸ ਲਈ ਗੁਰੂ ਸਾਹਿਬ ਸਭ ਤੋਂ ਪਹਿਲਾਂ ਬੀਬੀ ਰੂਪ ਕੌਰ ਨੂੰ ਮਿਲਣ ਗਏ ਤਾਂ ਕਿ ਉਸ ਦੇ ਪਿਤਾ ਤੇ ਭਰਾ ਦੇ ਜੋਤੀ-ਜੋਤਿ ਸਮਾਉਣ ਬਾਰੇ ਵੀ ਵਿਸਥਾਰ ਨਾਲ਼ ਗੱਲਬਾਤ ਹੋ ਸਕੇ। ਇਸ ਤੋਂ ਬਾਅਦ ਆਪ ਜਥੇ ਸਮੇਤ ਕੀਰਤਪੁਰ ਆ ਗਏ।
ਕੀਰਤਪੁਰ ਤੋਂ ਬਕਾਲਾ ਹੁੰਦੇ ਹੋਏ ਆਪ ਮਾਝਾ ਤੇ ਮਾਲਵਾ ਵਿਚ ਧਰਮ ਪਰਚਾਰ ਦੇ ਦੌਰੇ ’ਤੇ ਚੱਲ ਪਏ। ਆਪ ਸਭ ਤੋਂ ਪਹਿਲਾਂ ਮਾਘ ਸੁਦੀ ੧੫; ੨੪ ਮੱਘਰ ਬ੍ਰਿਕਮੀ ਸੰਮਤ ੧੭੨੧ (23 ਨਵੰਬਰ 1664) ਦੇ ਦਿਨ ਗੁਰੂ ਦਾ ਚੱਕ (ਅੰਮ੍ਰਿਤਸਰ) ਗਏ। ਗੁਰੂ ਦਾ ਚੱਕ ਵਿਖੇ ਹਰਿ ਜੀ (ਪੁੱਤਰ ਮਿਹਰਬਾਨ ਪੁੱਤਰ ਪ੍ਰਿਥੀਚੰਦ) ਆਪਣੇ ਪੁੱਤਰਾਂ ਸਮੇਤ ਗੁਰੂ ਸਾਹਿਬ ਨੂੰ ਅਕਾਲ ਤਖਤ ਸਾਹਿਬ ਦੇ ਨੇੜੇ, ਜਿੱਥੇ ਹੁਣ ਗੁਰਦੁਆਰਾ ਥੜ੍ਹਾ ਸਾਹਿਬ ਹੈ, ਮਿਲਣ ਲਈ ਆਇਆ। ਇਸ ਬਾਰੇ ‘ਭੱਟ ਵਹੀਆਂ’ ’ਚ ਇਉਂ ਜ਼ਿਕਰ ਹੈ :
ਗੁਰੂ ਤੇਗ਼ ਬਹਾਦਰ ਜੀ ਮਹਲ ਨਾਮਾਂ ਬੇਟਾ ਗੁਰੂ ਹਰਿਗੋਬਿੰਦ ਜੀ ਕਾ ਪੋਤਾ ਗੁਰੂ ਅਰਜਨ ਜੀ ਕਾ, ਸਾਲ ਸਤਰਾਂ ਸੈ ਇਕੀਸ ਮਘਸਰ ਕੀ ਪੂਰਨਿਮਾ ਕੇ ਦਿਹੁੰ ਗੁਰੂ ਕੇ ਚੱਕ ਮਲਹਾਨ ਪਰਗਨਾ ਅਜਨਾਲਾ ਆਏ। ਸਾਥ ਦਵਾਰਕਾ ਦਾਸ ਬੇਟਾ ਅਰਜਾਨੀ ਸਾਹਿਬ ਭੱਲਾ ਕਾ, ਦੀਵਾਨ ਦਰਘਾ ਮਲ ਬੇਟਾ ਦਵਾਰਕਾ ਦਾਸ ਛਿਬਰ ਕਾ, ਮਖਣ ਸ਼ਾਹ ਬੇਟਾ ਦਾਸੇ ਕਾ ਪੇਲੀਆ ਬਣਜਾਰਾ ਹੋਰ ਸਿੱਖ ਫਕੀਰ ਆਏ। ਗੁਰੂ ਜੀ ਨੇ ਦਰਬਾਰ ਕੇ ਆਗੇ ਇਕ ਉਚੇ ਚਬੂਤਰੇ ਤੇ ਆਸਨ ਲਾਇਆ। ਸਤਿਗੁਰੂ ਕਾ ਨਗਰੀ ਆਨਾ ਸੁਣ ਹਰਿ ਜੀ ਬੇਟਾ ਮਨੋਹਰ ਜੀ ਕਾ ਪੋਤਾ ਪ੍ਰਿਥੀ ਚੰਦ ਜੀ ਕਾ ਬੰਸ ਗੁਰੂ ਰਾਮਦਾਸ ਜੀ ਮਹਲ ਚੌਥੇ ਕੀ ਸੰਗਤ ਕੋ ਗੈਲ ਲੈ ਦਰਸ਼ਨ ਪਾਣੇ ਆਏ। (ਭੱਟ ਵਹੀ ਤੂਮਰ ਬਿੰਜਲਉਂਤੋਂ ਕੀ)।
ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਾ ਮੰਨਣਾ ਹੈ ਕਿ ਉਸ ਵੇਲ਼ੇ ਗੁਰੂ ਦਾ ਚੱਕ (ਅੰਮ੍ਰਿਤਸਰ) ਦੀ ਸੇਵਾ ਸੰਭਾਲ ਧੀਰਮਲੀਆਂ ਕੋਲ ਨਹੀਂ ਸੀ ਬਲਕਿ ਪ੍ਰਿਥੀ ਚੰਦ (ਮੀਣਾ) ਦੇ ਪੋਤੇ ਹਰਿ ਜੀ ਕੋਲ ਸੀ।
ਗੁਰੂ ਦਾ ਚੱਕ ਤੋਂ ਮਗਰੋਂ ਆਪ ਪਿੰਡ ਵੱਲਾ, ਘੁੱਕੇਵਾਲੀ (ਗੁਰੂ ਦਾ ਬਾਗ), ਪਿੰਡ ਨਿੱਝਰਵਾਲਾ (ਨਿੱਝਰਾਂ ਵਾਲਾ), ਤਰਨ ਤਾਰਨ ਤੇ ਖਡੂਰ ਸਾਹਿਬ ਹੁੰਦੇ ਹੋਏ 7 ਦਸੰਬਰ ਦੇ ਦਿਨ ਗੋਇੰਦਵਾਲ ਪੁੱਜੇ। ਆਪ ਨੇ ਗੋਇੰਦਵਾਲ ਵਿਚ ਕਈ ਦਿਨ ਦੀਵਾਨ ਸਜਾਏ। ਬਹੁਤ ਸਾਰੀਆਂ ਸਿੱਖ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਈਆਂ। ਇਸ ਮੌਕੇ ਤੇ ਪਿੰਡ ਖੇਮਕਰਨ ਤੋਂ ਭਾਈ ਰਘੂਪਤਿ ਰਾਇ ਨਿਝਰ-ਕੰਬੋਜ ਵੀ ਪੁੱਜਾ ਹੋਇਆ ਸੀ। ਉਸ ਨੇ ਗੁਰੂ ਸਾਹਿਬ ਨੂੰ ਆਪਣੇ ਘਰ ਲਿਜਾਣ ਦੀ ਖ਼ਾਹਿਸ਼ ਜ਼ਾਹਿਰ ਕੀਤੀ। ਗੁਰੂ ਸਾਹਿਬ ਉਸ ਦੀ ਚਾਹ ਪੂਰੀ ਕਰਨ ਵਾਸਤੇ ਖੇਮਕਰਨ ਜਾਣਾ ਮੰਨ ਗਏ। ਆਪ ਜਨਵਰੀ 1665 ਦੇ ਪਹਿਲੇ ਪੰਦਰਾਂ ਦਿਨ ਖੇਮਕਰਨ ਵਿਚ ਰਹੇ। ਆਪ ਫਰਵਰੀ 1665 ਵਿਚ ਜੰਗਲ ਦੇਸ ਦੇ ਪਿੰਡ, ਡਰੋਲੀ (ਹੁਣ ਡਰੋਲੀ ਭਾਈ) ਗਏ। ਕੁਝ ਦਿਨ ਡਰੋਲੀ ਵਿਚ ਰਹਿਣ ਮਗਰੋਂ ਗੁਰੂ ਸਾਹਿਬ ਤਲਵੰਡੀ ਸਾਬੋ ਗਏ। ਏਥੇ ਭਾਈ ਡੱਲਾ ਦੇ ਪਿਤਾ ਤੇ ਹੋਰ ਸਿੱਖਾਂ ਨੇ ਗੁਰੂ ਜੀ ਨੂੰ ਤਹਿ ਦਿਲੋਂ ਜੀ ਆਇਆਂ ਆਖਿਆ। ਇਸ ਇਲਾਕੇ ਵਿਚ ਪੀਣ ਵਾਲੇ ਪਾਣੀ ਦੀ ਬੜੀ ਕਮੀ ਸੀ। ਗੁਰੂ ਸਾਹਿਬ ਨੇ 28 ਮਾਰਚ 1665 ਨੂੰ ਟੱਕ ਲਾ ਕੇ ਇੱਥੇ ਇਕ ਸਰੋਵਰ ਬਣਾਉਣਾ ਸ਼ੁਰੂ ਕੀਤਾ। ਇਹ ਸਰੋਵਰ 7 ਅਪਰੈਲ 1665 ਦੇ ਦਿਨ ਬਣ ਕੇ ਤਿਆਰ ਹੋ ਗਿਆ। ਵਾਹਿਗੁਰੂ ਦੀ ਮਿਹਰ ਨਾਲ ਕੁਝ ਦਿਨ ਮਗਰੋਂ ਬੇਹਿਸਾਬ ਬਾਰਿਸ਼ ਹੋਈ, ਜਿਸ ਨਾਲ ਇਹ ਸਰੋਵਰ ਪਾਣੀ ਨਾਲ ਵੀ ਭਰ ਗਿਆ। ਇਸ ਮਗਰੋਂ ਗੁਰੂ ਸਾਹਿਬ ਮਾਲਵੇ ਦੇ ਕੁਝ ਹੋਰ ਪਿੰਡਾਂ ਵਿਚੋਂ ਹੁੰਦੇ ਹੋਏ ਧਮਤਾਨ (ਜ਼ਿਲ੍ਹਾ ਜੀਂਦ) ਵਲ ਚਲੇ ਗਏ।
ਧਮਤਾਨ ਵਿਚ ਭਾਈ ਦੱਗੋ ਸਿੱਖ; ਕੌਮ ਦਾ ਮਸੰਦ ਸੀ। ਭਾਈ ਦੱਗੋ ਦਾ ਇਲਾਕੇ ਵਿਚ ਬੜਾ ਚੰਗਾ ਰਸੂਖ ਸੀ। ਉਸ ਨੇ ਇਸ ਇਲਾਕੇ ਵਿਚ ਬਹੁਤ ਸਾਰੇ ਲੋਕਾਂ ਨੂੰ ਸਿੱਖੀ ਵਿੱਚ ਸ਼ਾਮਲ ਕਰਵਾਇਆ ਸੀ। ਸੰਨ 1665 ਤਕ ਧਮਤਾਨ ਉਨ੍ਹਾਂ ਇਲਾਕਿਆਂ ਵਿਚੋਂ ਇਕ ਬਣ ਚੁੱਕਾ ਸੀ ਜਿਨ੍ਹਾਂ ਦੇ ਵਧੇਰੇ ਵਾਸੀ ਸਿੱਖ ਪੰਥ ਦਾ ਹਿੱਸਾ ਸਨ। ਜਦੋਂ ਗੁਰੂ ਤੇਗ਼ ਬਹਾਦਰ ਸਾਹਿਬ ਉੱਥੇ ਪੁਜੇ ਤਾਂ ਸੈਂਕੜੇ ਸਿੱਖ ਆਪ ਜੀ ਦੇ ਦਰਸ਼ਨਾਂ ਵਾਸਤੇ ਆਏ। ਗੁਰੂ ਸਾਹਿਬ ਹਰ ਰੋਜ਼ ਦੀਵਾਨ ਸਜਾਇਆ ਕਰਦੇ ਸਨ। ਸੰਗਤਾਂ ਨੇ ਬੇਨਤੀ ਕੀਤੀ ਕਿ ਇੱਥੇ ਸਿੱਖੀ ਦਾ ਵੱਡਾ ਕੇਂਦਰ ਸਥਾਪਿਤ ਕੀਤਾ ਜਾਵੇ। ਕੁਝ ਦਿਨ ਧਮਤਾਨ ਰਹਿਣ ਮਗਰੋਂ ਗੁਰੂ ਸਾਹਿਬ ਕੀਰਤਪੁਰ ਆ ਗਏ।
ਕੀਰਤਪੁਰ ਵਿਖੇ ਗੁਰੂ ਸਾਹਿਬ ਨੂੰ ਖਬਰ ਮਿਲੀ ਕਿ ਬਿਲਾਸਪੁਰ ਦਾ ਰਾਜਾ ਦੀਪ ਚੰਦ, ਜੋ 26 ਅਪਰੈਲ 1665 ਦੇ ਦਿਨ ਚੜ੍ਹਾਈ ਕਰ ਗਿਆ ਸੀ, ਦੀ ਅੰਤਮ ਰਸਮ ੧੫ ਜੇਠ ਬ੍ਰਿਕਮੀ ਸੰਮਤ ੧੭੨੨ (12 ਮਈ 1665) ਦੇ ਦਿਨ ਰੱਖੀ ਗਈ ਹੈ। ਰਾਜਾ ਦੀਪ ਚੰਦ ਦੀ ਵਿਧਵਾ ਰਾਣੀ ਚੰਪਾ ਨੇ ਆਪਣਾ ਵਜ਼ੀਰ ਕੀਰਤਪੁਰ ਭੇਜਿਆ ਤੇ ਗੁਰੂ ਸਾਹਿਬ ਨੂੰ ਰਾਜਾ ਦੀਪ ਚੰਦ ਦੀ ਅਰਦਾਸ ਕਰਨ ਵਾਸਤੇ ਬਿਲਾਸਪੁਰ ਪਹੁੰਚਣ ਵਾਸਤੇ ਅਰਜ਼ ਕੀਤੀ। ਕੀਰਤਪੁਰ ਤੋਂ ਮਾਤਾ ਸੁਲੱਖਣੀ, ਮਾਤਾ ਹਰੀ, ਦੀਵਾਨ ਦਰਗਹ ਮੱਲ, ਜੇਠਾ, ਭਾਈ ਦਿਆਲ ਦਾਸ ਅਤੇ ਕਈ ਹੋਰ ਸਿੱਖ; ਆਪ ਦੇ ਨਾਲ ਬਿਲਾਸਪੁਰ ਗਏ। ਇਸ ਬਾਰੇ ‘ਭੱਟ ਵਹੀਆਂ’ ’ਚ ਇਉਂ ਜ਼ਿਕਰ ਹੈ :
‘ਗੁਰੁ ਤੇਗ ਬਹਾਦਰ ਸਾਹਿਬ ਮਹਲ ਨਾਵੇਂ, ਕੀਰਤਪੁਰ ਸੇ ਬਿਲਾਸਪੁਰ ਆਏ, ਰਾਜਾ ਦੀਪ ਚੰਦ ਕੀ ਸਤਾਰਮੀਂ ਤੇ, ਸਾਲ ਸਤਰਾਂ ਸੈ ਬਾਈਸ, ਜੇਠ ਪਰਵਿਸ਼ਟੇ ਪੰਦਰਾਂ ਕੋ। ਸਾਥ ਦੀਪ ਚੰਦ, ਨੰਦ ਚੰਦ ਆਏ ਬੇਟੇ ਸੂਰਜ ਮੱਲ ਕੇ, ਮਾਤਾ ਹਰੀ ਜੀ ਇਸਤਰੀ ਸੂਰਜ ਮੱਲ ਕੀ, ਮਾਤਾ ਸੁਲਖਣੀ ਜੀ ਇਸਤਰੀ ਗੁਰੁ ਹਰਿ ਰਾਇ ਮਹਲ ਸਤਵੇਂ ਜੀ ਕੀ, ਦੀਵਾਨ ਦਰਗਹ ਮੱਲ ਛਿਬਰ, ਜੇਠਾ, ਦਿਆਲ ਦਾਸ ਬੇਟੇ ਮਾਈ ਦਾਸ ਕੇ, ਦਰੀਆ ਬੇਟਾ ਮੂਲੇ ਕਾ, ਜਲਹਾਨਾ, ਸਾਥ ਆਏ।’ (ਭੱਟ ਵਹੀ ਮੁਲਤਾਨੀ ਸਿੰਧੀ, ਖਾਤਾ ਜਲਹਾਨਿਓਂ ਕਾ।
ਰਾਜਾ ਦੀਪ ਚੰਦ ਦੀ ਅਰਦਾਸ ਮਗਰੋਂ ਜਦੋਂ ਗੁਰੂ ਤੇਗ਼ ਬਹਾਦਰ ਸਾਹਿਬ ਨੇ ਵਾਪਸ ਜਾਣ ਦੀ ਤਿਆਰੀ ’ਚ ਸਨ ਤਾਂ ਰਾਣੀ ਚੰਪਾ ਨੇ ਗੁਰੂ ਸਾਹਿਬ ਨਾਲ ਗੱਲ ਕੀਤੀ ਕਿ ਮੈਨੂੰ ਪਤਾ ਲੱਗਾ ਹੈ ਕਿ ਆਪ ਬਕਾਲਾ ਦੀ ਥਾਂ ਨਵਾਂ ਦਰਬਾਰ ਬਾਂਗਰ ਦੇਸ ਦੇ ਨਗਰ ਧਮਤਾਨ (ਜ਼ਿਲ੍ਹਾ ਜੀਂਦ) ’ਚ ਕਾਇਮ ਕਰਨਾ ਚਾਹੁੰਦੇ ਹੋ, ਜੋ ਕਿ ਬਿਲਾਸਪੁਰ ਅਤੇ ਕੀਰਤਪੁਰ ਤੋਂ ਬਹੁਤ ਦੂਰ ਹੈ। ਮੇਰੀ ਅਰਜ਼ ਹੈ ਕਿ ਆਪ ਸਾਡੇ ਨੇੜੇ ਰਹੋ। ਜੇ ਤੁਹਾਨੂੰ ਕੀਰਤਪੁਰ ਵਿੱਚ ਥਾਂ ਥੋੜ੍ਹੀ ਜਾਪਦੀ ਹੈ ਤਾਂ ਮੈਂ ਨਵਾਂ ਨਗਰ ਵਸਾਉਣ ਲਈ ਹੋਰ ਥਾਂ ਦੇ ਦੇਵਾਂਗੀ। ਗੁਰੂ ਸਾਹਿਬ ਨੇ ਰਾਣੀ ਨੂੰ ਦੱਸਿਆ ਕਿ ਧਮਤਾਨ ਦੀਆਂ ਸੰਗਤਾਂ ਨੇ ਤਾਂ ਹੁਣ ਤਕ ਮਹਿਲ, ਧਰਮਸ਼ਾਲਾ ਤੇ ਖੂਹ ਵੀ ਤਿਆਰ ਕਰ ਲਏ ਹੋਣਗੇ। ਗੁਰੂ ਸਾਹਿਬ ਨੇ ਜਦ ਰਾਣੀ ਚੰਪਾ ਦੀ ਨਿੰਮੋਝੂਣਤਾ ਅਤੇ ਵੈਰਾਗਮਈ ਚਿਹਰਾ ਵੇਖਿਆ ਤਾਂ ਆਪ ਨੇ ਬਿਲਾਸਪੁਰ ਰਿਆਸਤ ਵਿਚ ਨਵਾਂ ਪਿੰਡ ਵਸਾਉਣਾ ਮਨਜ਼ੂਰ ਕਰ ਲਿਆ ਪਰ ਸ਼ਰਤ ਰੱਖੀ ਕਿ ਉਹ ਇਸ ਪਿੰਡ ਵਾਸਤੇ ਜਗ੍ਹਾ ਦਾਨ ’ਚ ਨਹੀਂ ਬਲਕਿ ਰਕਮ ਤਾਰ ਕੇ ਮੁੱਲ ਲੈਣਗੇ।
ਗੁਰੂ ਤੇਗ਼ ਬਹਾਦਰ ਸਾਹਿਬ ਨੇ ਹਥੌਤ (ਜਿੱਥੇ ਕਦੇ ਹਾਥੀਆਂ ਦੇ ਝੁੰਡ ਫਿਰਦੇ ਹੁੰਦੇ ਸਨ) ਦੇ ਇਲਾਕੇ ਵਿਚ, ਮਾਖੋਵਾਲ ਪਿੰੰਡ ਦੀ ਥੇਹ ਦੇ ਨੇੜੇ, ਮੀਆਂਪੁਰ, ਲੌਦੀਪੁਰ ਤੇ ਸਹੋਟਾ ਪਿੰਡਾਂ ਦੇ ਵਿਚਕਾਰਲੀ ਥਾਂ ਚੁਣੀ ਅਤੇ ਇਸ ਦੀ ਰਕਮ ਬਿਲਾਸਪੁਰ ਰਿਆਸਤ ਨੂੰ ਤਾਰ ਦਿੱਤੀ। ਅਜੋਕੇ ‘ਗੁਰਦੁਆਰਾ ਗੁਰੂ ਦੇ ਮਹਲ’ ਵਾਲੀ ਥਾਂ ’ਤੇ ਗੁਰੂ ਸਾਹਿਬ ਨੇ ੨੧ ਹਾੜ ਬ੍ਰਿਕਮੀ ਸੰਮਤ ੧੭੨੨ (19 ਜੂਨ 1665) ਦੇ ਦਿਨ ਇਕ ਦਰਖ਼ਤ ਦਾ ਤਣਾ (ਮੋੜ੍ਹੀ) ਭਾਈ ਗੁਰਦਿਤਾ (ਪੋਤਾ ਬਾਬਾ ਬੁੱਢਾ ਜੀ) ਤੋਂ ਗਡਵਾ ਕੇ ਇਕ ਨਵੇਂ ਪਿੰਡ ਦੀ ਨੀਂਹ ਰੱਖੀ। ਉਨ੍ਹਾਂ ਇਸ ਦਾ ਨਾਂ ਆਪਣੀ ਮਾਤਾ ਨਾਨਕੀ ਦੇ ਨਾਂ ਤੇ ‘ਚੱਕ ਨਾਨਕੀ’ ਰੱਖਿਆ (ਅਜੇ ਭੀ ਸਰਕਾਰੀ ਕਾਗ਼ਜ਼ਾਂ ’ਚ ਨਾਂ ਸਿਰਫ਼ ‘ਚੱਕ’ਮਿਲਦਾ ਹੈ)। ਇਸ ਬਾਰੇ ‘ਭੱਟ ਵਹੀਆਂ’ ’ਚ ਇੰਵ ਜ਼ਿਕਰ ਹੈ :
‘ਗੁਰੂ ਤੇਗ਼ ਬਹਾਦਰ ਜੀ ਮਹਲ ਨਾਮਾਂ, ਸਾਲ ਸਤਰਾਂ ਸੈ ਬਾਈਸ, ਅਸਾਢ ਪਰਵਿਸ਼ਟੇ ਇੱਕੀਸ, ਸੋਮਵਾਰ ਕੋ ਮਾਖੋਵਾਲ ਕੇ ਥੇਹ ਤੇ ਗਾਮ ਬਨਾਇਆ। ਨਾਮ ਚੱਕ ਨਾਨਕੀ ਰਾਖਾ।’ (ਭੱਟ ਵਹੀ ਮੁਲਤਾਨੀ ਸਿੰਧੀ)
ਨੋਟ : ੨੧ ਹਾੜ ਸੰਮਤ ੧੬੫੨ (19 ਜੂਨ 1595) ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਇਸ ਦਾ ਭਾਵ ਹੈ ਕਿ ਆਪਣੇ ਪਿਤਾ ਦੇ ਜਨਮ ਦਿਨ ੨੧ ਹਾੜ ਨੂੰ ਨਵੇਂ ਪਿੰਡ ਦੀ ਮੋੜ੍ਹੀ ਗੱਡ ਅਤੇ ਉਸ ਦਾ ਨਾਮ ਆਪਣੀ ਮਾਤਾ ਨਾਨਕੀ ਜੀ ਦੇ ਨਾਂ ’ਤੇ ਚੱਕ ਨਾਨਕੀ ਰੱਖ ਕੇ ਆਪਣੇ ਮਾਤਾ-ਪਿਤਾ ਨੂੰ ਸਤਿਕਾਰ ਦਿੱਤਾ ਹੈ। ਇਸ ਤੋਂ ਜਾਣਕਾਰੀ ਮਿਲਦੀ ਹੈ ਕਿ ਗੁਰੂ ਤੇਗ ਬਹਾਦਰ ਜੀ; ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਲਈ ਪ੍ਰਵਿਸ਼ਟਿਆਂ ਦੇ ਹਿਸਾਬ ੨੧ ਹਾੜ ਨੂੰ ਚੁਣ ਰਹੇ ਹਨ, ਨਾ ਕਿ ਚੰਦਰਮਾਂ ਦੀਆਂ ਵਦੀਆਂ ਸੁਦੀਆਂ ਤਿੱਥਾਂ ਨੂੰ।
ਚੱਕ ਨਾਨਕੀ ਵਿਚ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਘਰ ਅਤੇ ਧਰਮਸਾਲਾ ਬਣਵਾਏ। ਕੁਝ ਚਿਰ ਏਥੇ ਰਹਿ ਕੇ ਸਿੱਖਾਂ ਨੂੰ ਨਵੇਂ ਪਿੰਡ ਦੀ ਸੇਵਾ ਸੰਭਾਲ ਸੌਂਪਣ ਮਗਰੋਂ ਆਪ ਫਿਰ ਮਾਲਵਾ ਦੇ ਦੌਰੇ ’ਤੇ ਚੱਲ ਪਏ। ਕੀਰਤਪੁਰ ਤੋਂ ਰੋਪੜ, ਬਨੂੜ, ਰਾਜਪੁਰਾ, ਸੈਫ਼ਾਬਾਦ, ਢੋਡਾ, ਸੁਨਾਮ, ਛਾਜਲੀ, ਲਹਿਰਾਗਾਗਾ ਵਗ਼ੈਰਾ ਹੁੰਦੇ ਹੋਏ ਆਪ ਧਮਤਾਨ ਪੁੱਜੇ। ਆਪ ਇੱਥੇ ਕਾਫ਼ੀ ਦਿਨ ਬਿਤਾਉਣਾ ਚਾਹੁੰਦੇ ਸੀ ਤਾਂ ਜੋ ਭਾਈ ਦੱਗੋ ਅਤੇ ਬਾਂਗਰ ਦੇਸ ਦੀਆਂ ਸੰਗਤਾਂ ਨੂੰ ਚੱਕ ਨਾਨਕੀ ਪਿੰਡ ਵਸਾਉਣ ਅਤੇ ਰਾਣੀ ਚੰਪਾ ਦੀ ਮਜਬੂਰੀ ਬਾਰੇ ਅਤੇ ਹਿਫ਼ਾਜ਼ਤ ਪੱਖੋਂ ਇਕ ਪਹਾੜੀ ਡਿਫ਼ੈਂਸ ਸੈਂਟਰ ਦੀ ਲੋੜ ਬਾਰੇ ਜਾਣਕਾਰੀ ਦੇ ਕੇ, ਧਮਤਾਨ ਵਾਸਾ ਨਾ ਕਰ ਸਕਣ ਦੀ ਮਜਬੂਰੀ ਸਮਝਾ ਸਕਣ। ਸੰਗਤਾਂ ਇਸ ਨਵੀਂ ਖ਼ਬਰ ’ਤੇ ਬਹੁਤ ਉਦਾਸ ਹੋਈਆਂ। ਗੁਰੂ ਸਾਹਿਬ ਨੇ ਕਈ ਦਿਨ ਧਮਤਾਨ ਗੁਜ਼ਾਰੇ। 28 ਅਕਤੂਬਰ 1665 (ਹਿੰਦੂਆਂ ਦੇ ਦੀਵਾਲੀ ਦੇ ਤਿਉਹਾਰ) ਤਕ ਆਪ ਏਥੇ ਰਹੇ।
ਧਮਤਾਨ ਰਹਿੰਦਿਆਂ ਇਕ ਦਿਨ ਗੁਰੂ ਸਾਹਿਬ ਨੇੜੇ ਦੇ ਜੰਗਲ ਵਿਚ ਸ਼ਿਕਾਰ ਖੇਡਣ ਗਏ। ਇਸ ਸਮੇਂ ਆਪ ਦੇ ਨਾਲ ਭਾਈ ਦੱਗੋ ਅਤੇ ਹੋਰ ਬਹੁਤ ਸਾਰੇ ਸਿੱਖ ਵੀ ਸਨ। ਜੰਗਲ ਵਿਚ ਆਪ ਜੀ ਨੂੰ ਇਸ ਇਲਾਕੇ ਦੇ ਫ਼ੌਜਦਾਰ ਆਲਮ ਖਾਨ ਰੁਹੇਲਾ ਨੇ ਸ਼ਾਹੀ ਹੁਕਮ ਹੇਠ ਗ੍ਰਿਫ਼ਤਾਰ ਕਰ ਲਿਆ। ਔਰੰਗਜ਼ੇਬ ਦਾ ਹੁਕਮ ਸੀ ਕਿ ਮੁਸਲਮਾਨਾਂ ਤੋਂ ਇਲਾਵਾ ਕੋਈ ਵੀ ਨਾ ਤਾਂ ਹਥਿਆਰ ਰੱਖ ਸਕਦਾ ਸੀ ਤੇ ਨਾ ਸ਼ਿਕਾਰ ਕਰ ਸਕਦਾ ਸੀ। ਆਲਮ ਖ਼ਾਨ ਆਪ ਨੂੰ ਗ੍ਰਿਫ਼ਤਾਰ ਕਰ ਕੇ ਦਿੱਲੀ ਲੈ ਗਿਆ ਅਤੇ ਕੱਤਕ ਸੁਦੀ ੧੧; ੯ ਮੱਘਰ ਬ੍ਰਿਕਮੀ ਸੰਮਤ ੧੭੨੨ (8 ਨਵੰਬਰ 1665) ਦੇ ਦਿਨ ਔਰੰਗਜ਼ੇਬ ਕੋਲ ਪੇਸ਼ ਕੀਤਾ। ਇਸ ਬਾਰੇ ‘ਭੱਟ ਵਹੀਆਂ’ ’ਚ ਇਉਂ ਜ਼ਿਕਰ ਹੈ :
‘ਗੁਰੂ ਤੇਗ਼ ਬਹਾਦਰ ਸਾਹਿਬ ਜੀ ਮਹਲ ਨਾਮਾਂ ਕੋ ਗਾਮ ਧਮਤਾਨ ਪਰਗਨਾ ਬਾਂਗਰ ਸੇ ਆਲਮ ਖਾਨ ਰੁਹੇਲਾ ਸ਼ਾਹੀ ਹੁਕਮ ਗੈਲ ਦਿਹਲੀ ਕੋ ਲੈ ਕੇ ਆਇਆ। ਸਾਲ ਸਤਰਾਂ ਸੈ ਬਾਈਸ ਕਾਰਤਕ ਮਾਸੇ ਸ਼ੁਕਲ ਪਖੇ ਗਿਆਰਸ ਕੋ। ਸਾਥ ਦੀਵਾਨ ਮਤੀ ਦਾਸ ਸਤੀ ਦਾਸ ਆਏ ਬੇਟੇ ਹੀਰਾ ਨੰਦ ਛਿਬਰ ਕੇ ਗੁਆਲ ਦਾਸ ਆਇਆ ਬੇਟਾ ਛੁਟੇ ਮੱਲ ਛਿੱਬਰ ਕਾ ਗੁਰਦਾਸ ਆਇਆ ਬੇਟਾ ਕੀਰਤ ਬੜ੍ਹਤੀਏ ਕਾ ਸੰਗਤਾ ਆਇਆ ਬੇਟਾ ਬਿੰਨੇ ਉੱਪਲ ਕਾ। ਜੇਠਾ ਦਿਆਲ ਦਾਸ ਆਏ ਬੇਟੇ ਮਾਈ ਦਾਸ ਜਲਹਾਨੇ ਬਲਉਂਤ ਕੇ। ਹੋਰ ਸਿੱਖ ਫਕੀਰ ਫੜੇ ਆਏ।’
‘ਗੁਰੂ ਤੇਗ਼ ਬਹਾਦਰ ਜੀ ਮਹਲ ਨਾਮਾ ਕੋ ਬਾਦਸ਼ਾਹ ਔਰੰਗਜ਼ੇਬ ਨੇ ਕੰਵਰ ਰਾਮ ਸਿੰਹ ਕਛਵਾਹਾ ਬੇਟਾ ਰਾਜਾ ਜੈ ਸਿੰਹ ਮਿਰਜ਼ਾ ਕੀ ਮਿਸਲ ਮੇਂ ਨਜ਼ਰਬੰਦ ਕੀਯਾ ਜਾਨੇ ਕਾ ਹੁਕਮ ਦੀਯਾ। ਦੋ ਮਾਸ ਤੀਨ ਦਿਨ ਗੁਰੂ ਜੀ ਬੰਦ ਰਹੇ। ਸੰਮਤ ਸਤਰਾਂ ਸੈ ਬਾਈਸ ਕ੍ਰਿਸਨਾ ਪਖੇ ਪੋਸ ਮਾਖ ਕੀ ਏਕਮ ਕੋ ਮੁਕਤ ਹੁਏ।’ (ਇਹ ਦੋਵੇਂ ਜ਼ਿਕਰ ਭੱਟ ਵਹੀ ਜਾਦੋਬੰਸੀਆਂ ਕੀ, ਖਾਤਾ ਬੜਤੀਓਂ ਕਾ ਵਿਚੋਂ ਹਨ)।
ਔਰੰਗਜ਼ੇਬ ਨੇ ਗੁਰੂ ਸਾਹਿਬ ਤੋਂ ਹਥਿਆਰ ਰੱਖਣ ਅਤੇ ਸ਼ਿਕਾਰ ਖੇਡਣ ਦੀ ਜਵਾਬ-ਤਲਬੀ ਕਰਨ ਦੇ ਨਾਲ-ਨਾਲ ਇਸਲਾਮ ਅਤੇ ਸਿੱਖ ਧਰਮ ਬਾਰੇ ਵੀ ਚਰਚਾ ਕੀਤਾ। ਉਸ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਜੇ ਉਹ ਹਥਿਆਰਬੰਦ ਰਹਿਣਾ ਚਾਹੁੰਦੇ ਹਨ ਤਾਂ ਉਹ ਮੁਸਲਮਾਨ ਹੋ ਜਾਣ। ਗੁਰੂ ਸਾਹਿਬ ਵਲੋਂ ਮੁਸਲਮਾਨ ਬਣਨੋਂ ਨਾ ਕਰਨ ’ਤੇ ਔਰੰਗਜ਼ੇਬ ਨੇ ਗੁਰੂ ਸਾਹਿਬ ਅਤੇ ਸਿੱਖਾਂ ਨੂੰ ਸ਼ਹੀਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ। ਇਸ ਸਮੇਂ ਰਾਜਾ ਜੈ ਸਿੰਹ ਮਿਰਜ਼ਾ ਦਾ ਪੁੱਤਰ ਕੰਵਰ ਰਾਮ ਸਿੰਹ ਮਿਰਜ਼ਾ ਵੀ ਦਰਬਾਰ ’ਚ ਹਾਜ਼ਰ ਸੀ। ਉਸ ਨੇ ਔਰੰਗਜ਼ੇਬ ਨੂੰ ਅਜਿਹਾ ਕਰਨੋਂ ਵਰਜਿਆ। ਕੁਝ ਚਿਰ ਸੋਚ ਕੇ ਔਰੰਗਜ਼ੇਬ ਨੇ ਗੁਰੂ ਸਾਹਿਬ ਅਤੇ ਸਿੱਖਾਂ ਨੂੰ ਰਾਮ ਸਿੰਹ ਮਿਰਜ਼ਾ ਦੀ ਮਿਸਲ (ਹਿਰਾਸਤ) ’ਚ ਭੇਜ ਦਿੱਤਾ। ਮਗਰੋਂ ਕੰਵਰ ਰਾਮ ਸਿੰਹ ਨੇ ਆਪਣੀ ਮਰਜ਼ੀ ਨਾਲ ਗੁਰੂ ਸਾਹਿਬ ਨੂੰ ਪੋਹ ਸੁਦੀ ੧; ੨੮ ਪੋਹ ਬ੍ਰਿਕਮੀ ਸੰਮਤ ੧੭੨੨ (28 ਦਸੰਬਰ 1665) ਦੇ ਦਿਨ ਰਿਹਾ ਕਰ ਦਿੱਤਾ।
28 ਦਸੰਬਰ ਤੋਂ ਬਾਅਦ ਗੁਰੂ ਸਾਹਿਬ ਤਿੰਨ ਦਿਨ ਰਾਜਾ ਰਾਮ ਸਿੰਹ ਮਿਰਜ਼ਾ ਦੇ ਘਰ ਵਿਚ ਰਹੇ। 31 ਦਸੰਬਰ 1665 ਦੇ ਦਿਨ ਗੁਰੂ ਸਾਹਿਬ ਆਗਰਾ ਵੱਲ ਚਲ ਪਏ। ਆਗਰਾ, ਪ੍ਰਯਾਗ (ਹੁਣ ਅਲਾਹਾਬਾਦ) ਅਤੇ ਕਾਸ਼ੀ (ਵਾਰਾਨਸੀ) ਵਿਚ ਕਈ ਹਫ਼ਤੇ ਬਿਤਾਉਣ ਮਗਰੋਂ ਗੁਰੂ ਸਾਹਿਬ ਗਯਾ ਹੁੰਦੇ ਹੋਏ ਅਖੀਰ ਪਟਨਾ (ਬਿਹਾਰ) ਪੁੱਜੇ। ਇੱਥੇ (ਗੁਰੂ) ਗੋਬਿੰਦ ਰਾਇ ਦਾ ਜਨਮ; ੨੩ ਪੋਹ ਬ੍ਰਿਕਮੀ ਸੰਮਤ ੧੭੨੩ (22 ਦਸੰਬਰ 1666) ਨੂੰ ਹੋਇਆ। ਆਪ ਜਥੇ ਸਮੇਤ 6 ਕੁ ਸਾਲ ਪਹਿਲਾਂ ਜੂਨ 1661 ਵਿੱਚ ਭੀ ਕਈ ਮਹੀਨੇ ਇੱਥੇ ਰੁਕੇ ਸਨ।
ਉਧਰ ਔਰੰਗਜ਼ੇਬ ਨੇ 27 ਦਸੰਬਰ 1667 ਦੇ ਦਿਨ ਮਿਰਜ਼ਾ ਰਾਮ ਸਿੰਹ ਨੂੰ ਫ਼ੌਜ ਦੇ ਕੇ ਅਸਾਮ ਦੇ ਰਾਜੇ ਦੀ ਬਗਾਵਤ ਨੂੰ ਦਬਾਉਣ ਵਾਸਤੇ ਤੋਰਿਆ। ਔਰੰਗਜ਼ੇਬ ਕਈ ਕਾਰਨਾਂ ਕਰ ਕੇ ਕੰਵਰ ਰਾਮ ਸਿੰਹ ਨਾਲ ਖ਼ਫ਼ਾ ਸੀ ਤੇ ਉਸ ਨੂੰ ਸਜ਼ਾ ਦੇਣੀ ਚਾਹੁੰਦਾ ਸੀ। ਇਨ੍ਹਾਂ ਕਾਰਨਾਂ ਵਿਚ ਸ਼ਿਵਜੀ ਮਰਹੱਟਾ ਦੀ ਰਾਮ ਸਿੰਹ ਦੀ ਸਪੁਰਦਗੀ ਵਿਚੋਂ ਫ਼ਰਾਰੀ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਰਿਹਾਈ ਵੀ ਸ਼ਾਮਿਲ ਸੀ। ਰਾਮ ਸਿੰਹ ਨੇ ਗੁਰੂ ਸਾਹਿਬ ਨੂੰ ਰਿਹਾ ਕਰਨ ਵੇਲੇ ਔਰੰਗਜ਼ੇਬ ਦੀ ਮਨਜ਼ੂਰੀ ਨਹੀਂ ਲਈ ਸੀ। ਇਸ ਲਈ ਔਰੰਗਜ਼ੇਬ ਨੇ ਰਾਮ ਸਿੰਹ ਨੂੰ ਇਹ ਸੋਚ ਕੇ ਅਸਾਮ ਦੀ ਖ਼ਤਰਨਾਕ ਮੁਹਿੰਮ ਤੇ ਭੇਜਿਆ ਕਿ ਜੇ ਉਹ ਉੱਥੇ ਮਾਰਿਆ ਗਿਆ ਤਾਂ ਉਸ ਨੂੰ ਸਜ਼ਾ ਮਿਲ ਜਾਵੇਗੀ ਤੇ ਜੇ ਉਹ ਅਸਾਮ ਦੇ ਰਾਜੇ ਨੂੰ ਜਿਤ ਆਇਆ ਤਾਂ ਰਾਮ ਸਿੰਹ ਦੀ ਸਜ਼ਾ ਮੁਆਫ਼ ਹੋ ਜਾਵੇਗੀ ਅਤੇ ਮੁਗਲ ਸਲਤਨਤ ਦੀ ਹਕੂਮਤ ਦਾ ਅਸਾਮ ਵਿਚ ਵੀ ਬੋਲਬਾਲਾ ਕਾਇਮ ਹੋ ਜਾਵੇਗਾ। ਰਾਮ ਸਿੰਹ ਅੰਦਰੋਂ-ਅੰਦਰੀਂ ਅਸਾਮ ਜਾਣੋਂ ਡਰ ਰਿਹਾ ਸੀ, ਪਰ ਉਸ ਦੀ ਮਾਂ ਪੁਸ਼ਪਾ ਰਾਣੀ ਨੇ ਉਸ ਨੂੰ ਤਸੱਲੀ ਦਿੱਤੀ ਤੇ ਕਿਹਾ ਕਿ ‘ਗੁਰੂ ਤੇਗ਼ ਬਹਾਦਰ ਸਾਹਿਬ ਪਟਨਾ ਵਿਚ ਹਨ, ਤੂੰ ਉਨ੍ਹਾਂ ਦੀ ਮਦਦ ਲੈ ਲਈਂ, ਤੇਰਾ ਕੁਝ ਨਹੀਂ ਵਿਗੜੇਗਾ।’
ਅਸਾਮ ਦਾ ਰਾਜਾ ਚਕਰਧਵਜ ਸਿੰਹ ਬੜਾ ਨਿਡਰ ਤੇ ਜੰਗਜੂ ਸੀ। ਉਸ ਨੇ ਕਦੇ ਵੀ ਔਰੰਗਜ਼ੇਬ ਦੀ ਈਨ ਨਹੀਂ ਮੰਨੀ ਸੀ। ਉਸ ਦੇ ਵੱਡੇ-ਵਡੇਰੇ ਵੀ ਮੁਗਲਾਂ ਨਾਲ ਟੱਕਰ ਲੈਣ ਤੋਂ ਨਹੀਂ ਡਰਦੇ ਸਨ। ਇਹ ਜਾਣਦੇ ਹੋਏ ਔਰੰਗਜ਼ੇਬ ਨੇ ਹਿੰਦੂ-ਰਾਜਪੂਤ ਜਰਨੈਲ ਨੂੰ ਅਸਾਮ ਭੇਜਿਆ ਸੀ। ਰਾਮ ਸਿੰਹ ਤੇ ਚਕਰਧਵਜ ਸਿੰਹ ਵਿਚਕਾਰ ਕਈ ਲੜਾਈਆਂ ਹੋਈਆਂ, ਜਿਸ ਵਿਚ ਦੋਹਾਂ ਧਿਰਾਂ ਦਾ ਬੜਾ ਨੁਕਸਾਨ ਹੋਇਆ। ਅਖ਼ੀਰ ਕੋਈ ਨਤੀਜਾ ਨਾ ਨਿਕਲਦਾ ਵੇਖ ਰਾਮ ਸਿੰਹ ਪਟਨਾ ਆ ਗਿਆ ਅਤੇ ਜਨਵਰੀ 1668 ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਮਿਲਿਆ। ਗੁਰੂ ਤੇਗ਼ ਬਹਾਦਰ ਸਾਹਿਬ ਉਸ ਵਕਤ ਤਕ ਪੂਰਬ ਵਿਚ ਦੂਜਾ ਦੌਰਾ ਕਰ ਚੁੱਕੇ ਸਨ। ਰਾਜਾ ਚਕਰਧਵਜ ਸਿੰਹ ਵੀ ਗੁਰੂ ਸਾਹਿਬ ਦਾ ਕਦਰਦਾਨ ਸੀ। ਗੁਰੂ ਸਾਹਿਬ ਨੇ ਰਾਜਾ ਚਕਰਧਵਜ ਸਿੰਹ ਅਤੇ ਰਾਮ ਸਿੰਹ ਨੂੰ ਬਿਠਾ ਕੇ ਸਮਝੌਤਾ ਕਰਵਾ ਦਿੱਤਾ। ਇਸ ਸਮਝੌਤੇ ਨਾਲ ਦੋਹਾਂ ਧਿਰਾਂ ਦੀ ਇੱਜ਼ਤ ਬਚ ਗਈ। ਇਸ ਤੋਂ ਖੁਸ਼ ਹੋ ਕੇ ਰਾਮ ਸਿੰਹ ਦੇ ਰਾਜਪੂਤ ਅਤੇ ਮੁਗ਼ਲ ਫ਼ੌਜੀਆਂ ਨੇ, ਧੁਬੜੀ ਵਿਚ ਗੁਰੂ ਨਾਨਕ ਸਾਹਿਬ ਦੀ ਫੇਰੀ ਦੀ ਯਾਦ ਵਿਚ ਇਕ ਮੰਜੀ ਸਾਹਿਬ (ਯਾਦਗਾਰ) ਉਸਾਰਿਆ। ਇਸ ਯਾਦਗਾਰ ਵਾਸਤੇ ਇਨ੍ਹਾਂ ਫ਼ੌਜੀਆਂ ਨੇ ਆਪਣੀਆਂ ਢਾਲਾਂ ਵਿਚ ਮਿੱਟੀ ਭਰ-ਭਰ ਕੇ ਇਕ ਵੱਡਾ ਥੜ੍ਹਾ ਬਣਾਇਆ। ਇਹ ਘਟਨਾ ਫ਼ਰਵਰੀ 1669 ਦੀ ਹੈ। ਹੁਣ ਉਸ ਥੜ੍ਹੇ ਵਾਲੇ ਮੰਜੀ ਸਾਹਿਬ ਵਾਲੀ ਥਾਂ ’ਤੇ ਧੁਬੜੀ ਸਾਹਿਬ ਗੁਰਦੁਆਰਾ ਉਸਾਰਿਆ ਹੋਇਆ ਹੈ। ਇਸੇ ਦੌਰੇ ਦੌਰਾਨ ਆਪ ਨੇ ਤਿਰਪੁਰਾ ਤੇ ਜੈਂਤੀਆ ਦੇ ਰਾਜੇ ਨੂੰ ਵੀ ਸਿੱਖੀ ਵਿਚ ਸ਼ਾਮਲ ਕੀਤਾ।
ਮਾਰਚ 1670 ਵਿਚ ਆਪ ਪਟਨਾ ਤੋਂ ਵਾਪਸ ਪੰਜਾਬ ਵੱਲ ਚਲ ਪਏ। ਆਪ ਨੇ ਮਾਤਾ ਗੁਜਰੀ ਜੀ, ਬਾਲਕ ਗੋਬਿੰਦ ਰਾਇ, ਕਿਰਪਾਲ (ਉਨ੍ਹਾਂ ਦਾ ਸਾਲਾ) ਅਤੇ ਚਉਪਤਿ ਰਾਇ ਨੂੰ ਕੁਝ ਸਿੱਖਾਂ ਸਮੇਤ ਸਿੱਧਾ ਲਖਨੌਰ (ਮਾਤਾ ਗੁਜਰੀ ਦੇ ਪੇਕੇ ਪਿੰਡ) ਭੇਜ ਦਿੱਤਾ ਅਤੇ ਆਪ ਜੈਂਤੀਆ ਪਹਾੜੀਆਂ ’ਚੋਂ ਹੁੰਦੇ ਹੋਏ ਸਿਲਹਟ ਪੁੱਜੇ। ਉਨ੍ਹੀਂ ਦਿਨੀਂ ਬਰਸਾਤਾਂ ਸ਼ੁਰੂ ਹੋ ਗਈਆਂ। ਅਗਲੇ ਕਈ ਹਫ਼ਤੇ ਗਰੂ ਸਾਹਿਬ ਸਿਲਹਟ ਵਿਚ ਰਹੇ। ਬਰਸਾਤਾਂ ਘਟਣ ਮਗਰੋਂ ਆਪ ਚਿਟਾਗਾਂਗ ਤੇ ਸ਼ੈਰਤਾਗੰਜ ਗਏ। ਇੱਥੋਂ ਆਪ ਨੂੰ ਜੈਂਤੀਆਂ ਤੇ ਤ੍ਰਿਪੁਰਾ ਦਾ ਰਾਜਾ ਰਾਮ ਸਿੰਹ ਆਪਣੀ ਰਾਜਧਾਨੀ ਅਗਰਤਲਾ ਲੈ ਗਿਆ। ਕੁਝ ਚਿਰ ਉੱਥੇ ਰਹਿਣ ਮਗਰੋਂ ਆਪ ਫਿਰ ਚਿਟਾਗਾਂਗ ਆ ਗਏ ਤੇ ਏਥੋਂ ਨੋਆਖਲੀ, ਚਾਂਦਪੁਰ, ਨਰੈਣਗੰਜ ਤੇ ਢਾਕਾ ਗਏ। ਇਸ ਮਗਰੋਂ ਆਪ ਕੂਚ ਬਿਹਾਰ, ਚੰਦਰ ਭਾਗਾ, ਕਿਸ਼ਨ ਗੰਜ, ਪੂਰਨੀਆ, ਬੋਂਗੇ ਗਾਓਂ, ਸਿਲੀਗੁੜੀ, ਕਟਿਹਾਰ ਤੇ ਸਾਸਰਾਮ ਹੁੰਦੇ ਹੋਏ ਕਾਸ਼ੀ ਪੁੱਜੇ।
ਕੁਝ ਦਿਨ ਕਾਸ਼ੀ ਰਹਿਣ ਮਗਰੋਂ ਆਪ ਪ੍ਰਯਾਗ, ਮਿਰਜ਼ਾਪੁਰ ਤੇ ਆਗਰਾ ਹੋ ਕੇ ਦਿੱਲੀ ਲਈ ਚਲ ਪਏ। ਗੁਰੂ ਸਾਹਿਬ ਜਦੋਂ ਆਗਰੇ ਪੁੱਜੇ ਤਾਂ ਇੱਥੇ ਆਪ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਦਿੱਲੀ ਲਿਜਾਇਆ ਗਿਆ। ਦਿੱਲੀ ਵਿਚ ਜਦ ਪੁਸ਼ਪਾ ਰਾਣੀ ਨੂੰ ਪਤਾ ਲੱਗਾ ਤਾਂ ਉਸ ਨੇ ਮੁਗ਼ਲ ਫ਼ੌਜਦਾਰ ਨੂੰ ਕਿਹਾ ਕਿ ਉਹ, ਗੁਰੂ ਸਾਹਿਬ ਨੂੰ ਰਿਹਾ ਕਰ ਦੇਣ। ਜਦੋਂ ਫ਼ੌਜਦਾਰ ਨੂੰ ਪਤਾ ਲਗਾ ਕਿ ਅਸਾਮ ਦਾ ਮਸਲਾ ਹੱਲ ਕਰਵਾਉਣ ਵਾਲੇ ਗੁਰੂ ਸਾਹਿਬ ਹੀ ਸਨ ਤਾਂ ਉਸ ਨੇ ਮੁਆਫ਼ੀ ਮੰਗੀ ਅਤੇ ਗੁਰੂ ਸਾਹਿਬ ਨੂੰ ਰਿਹਾ ਕਰ ਦਿੱਤਾ। ਇਹ ਗੱਲ ਸਤੰਬਰ 1670 ਦੀ ਹੈ। ਇਸ ਮਗਰੋਂ ਗੁਰੂ ਸਾਹਿਬ ਪੰਜਾਬ ਵੱਲ ਚੱਲ ਪਏ। ਗੁਰੂ ਸਾਹਿਬ ਤਰਾਵੜੀ, ਕੁਰੂਕਸ਼ੇਤਰ, ਪਿਹੋਵਾ, ਧਮਤਾਨ, ਸੈਫ਼ਾਬਾਦ, ਲਹਿਲ, ਲੰਗ, ਮੂਲੋਵਾਲ, ਸੇਖਾ, ਠੀਕਰੀਵਾਲਾ, ਮੱਲ੍ਹਾ, ਕਰਤਾਰਪੁਰ (ਜਲੰਧਰ) ਹੁੰਦੇ ਹੋਏ ਬਕਾਲਾ ਪੁੱਜੇ।
ਕੁੱਝ ਸਮਾਂ ਬਕਾਲਾ ਰਹਿਣ ਮਗਰੋਂ ਆਪ ਨੇ ਨਵੇਂ ਨਗਰ ‘ਚਕ ਨਾਨਕੀ’ ਜਾਣ ਦਾ ਫ਼ੈਸਲਾ ਕੀਤਾ। ਬਿਲਾਸਪੁਰ ਦੀ ਮਹਾਰਾਣੀ ਚੰਪਾ ਨੇ ਆਪ ਨੂੰ ਕਈ ਵਾਰ ਪੈਗ਼ਾਮ ਭੇਜਿਆ ਸੀ। ਗੁਰੂ ਸਾਹਿਬ ਆਪ ਵੀ ਬਿਲਾਸਪੁਰ ਜਾਣਾ ਚਾਹੁੰਦੇ ਸਨ। ਆਪ ਪਰਵਾਰ ਅਤੇ ਜਥੇ ਸਮੇਤ ਮਾਰਚ 1673 ਦੇ ਅਖੀਰ ਵਿਚ ‘ਚੱਕ ਨਾਨਕੀ’ ਪੁੱਜੇ। ਇਸੇ ਮਹੀਨੇ ਵਿਸਾਖੀ ਹੋਣ ਕਾਰਨ ਹਜ਼ਾਰਾਂ ਸੰਗਤਾਂ ‘ਚੱਕ ਨਾਨਕੀ’ ਆਈਆਂ ਕਿਉਂਕਿ ਇਹ ਨਗਰ; ਸਿੱਖੀ ਦਾ ਨਵਾਂ ਕੇਂਦਰ ਬਣ ਗਿਆ ਸੀ।
ਆਪ ਨੇ (ਗੁਰੂ) ਗੋਬਿੰਦ ਰਾਇ ਨੂੰ ਹਥਿਆਰਬੰਦ ਟਰੇਨਿੰਗ ਦੇਣ ਲਈ ਭਾਈ ਬਜਰ ਸਿੰਘ ਨੂੰ ਨਿਯੁਕਤ ਕੀਤਾ। ਦੀਵਾਨ ਦਰਗਹ ਮੱਲ ਤੇ ਭਾਈ ਮਨੀ ਸਿੰਘ ਦੁਆਰਾ ਉਨ੍ਹਾਂ ਨੂੰ ਗੁਰਬਾਣੀ ਅਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਸੀ। ਇਨੀਂ ਦਿਨੀਂ ਭਾਈ ਆਲਮ ਚੰਦ (ਨੱਚਣਾ) ਵੀ ਗੁਰੂ ਦਰਬਾਰ ਵਿਚ ਸ਼ਾਮਲ ਹੋ ਗਿਆ। ਅਗਲੇ ਤਿੰਨ ਸਾਲਾਂ ਤੱਕ ਗੁਰੂ ਜੀ ਇੱਥੇ ਰਹੇ।
ਹਰ ਦਿਨ ਸੰਗਤਾਂ ‘ਚੱਕ ਨਾਨਕੀ’ ਆਉਂਦੀਆਂ ਸਨ। ਇਨ੍ਹਾਂ ਜੱਥਿਆਂ ਵਿਚ ਜੇਠ ਸੁਦੀ ੧੧; ੨੭ ਜੇਠ ਬ੍ਰਿਕਮੀ ਸੰਮਤ ੧੭੩੨ (25 ਮਈ 1675) ਦੇ ਦਿਨ 16 ਕਸ਼ਮੀਰੀ ਬ੍ਰਾਹਮਣਾਂ ਦਾ ਇਕ ਜੱਥਾ ਵੀ ਚੱਕ ਨਾਨਕੀ ਆਇਆ। ਉਹ ਇਕ ਮੋਹਤਬਰ ਸਿੱਖ ਆਗੂ ਭਾਈ ਕਿਰਪਾ ਰਾਮ ਦੱਤ ਨੂੰ ਵੀ ਆਪਣੇ ਨਾਲ ਲੈ ਕੇ ਆਏ ਸਨ। ਭਾਈ ਕਿਰਪਾ ਰਾਮ; ਕਸ਼ਮੀਰ ਵਿਚ ਸਿੱਖੀ ਦਾ ਪ੍ਰਚਾਰ ਕਰਨ ਵਾਲ਼ੇ ਉੱਘੇ ਪ੍ਰਚਾਰਕ ਸਨ। ਕਸ਼ਮੀਰੀ ਬ੍ਰਾਹਮਣਾਂ ਨੇ ਗੁਰੂ ਸਾਹਿਬ ਨੂੰ ਦੱਸਿਆ ਕਿ ਅਸੀਂ ਕੇਦਾਰ ਨਾਥ, ਬਦਰੀ ਨਾਥ, ਪੁਰੀ, ਦੁਆਰਕਾ, ਕਾਂਚੀ, ਮਥਰਾ ਤੇ ਹੋਰ ਸਾਰੇ ਹਿੰਦੂ ਸੈਂਟਰਾਂ ਤੋਂ ਹੋ ਆਏ ਹਾਂ, ਪਰ ਕਿਸੇ ਨੇ ਸਾਡੀ ਬਾਂਹ ਨਾ ਫੜੀ। ਅਸੀਂ ਕਸ਼ਮੀਰ ਦੇ ਨਵੇਂ ਮੁਸਲਮਾਨ ਗਵਰਨਰ ਇਫ਼ਤਿਖ਼ਾਰ ਖ਼ਾਨ ਦੇ ਜ਼ੁਲਮ ਤੋਂ ਤੰਗ ਹਾਂ। ਉਹ ਹਰ ਰੋਜ਼ ਸੈਂਕੜੇ ਬ੍ਰਾਹਮਣਾਂ ਨੂੰ ਜਬਰੀ ਮੁਸਲਮਾਨ ਬਣਾ ਰਿਹਾ ਹੈ। ਅਸੀਂ ਔਰੰਗਜ਼ੇਬ ਦੇ ਹਿੰਦੂ-ਰਾਜਪੂਤ ਵਜ਼ੀਰਾਂ ਤਕ ਵੀ ਪਹੁੰਚ ਕੀਤੀ। ਉਹ ਵੀ ਆਪਣੀ ਬੇਵਸੀ ਜ਼ਾਹਰ ਕਰਦੇ ਹਨ। ਹੁਣ ਸਾਡੀ ਆਖ਼ਰੀ ਆਸ ਸਿਰਫ਼ ਗੁਰੂ ਨਾਨਕ ਸਾਹਿਬ ਦਾ ਦਰ ਹੀ ਹੈ। ਗੁਰੂ ਤੇਗ਼ ਬਹਾਦਰ ਸਾਹਿਬ ਨੇ ਬ੍ਰਾਹਮਣਾਂ ਦੀ ਨਿੰਮੋਝੂਣਤਾ ਵੇਖ ਉਨ੍ਹਾਂ ਨੂੰ ਕਿਹਾ, ‘ਗੁਰੂ ਨਾਨਕ ਸਾਹਿਬ ਦੇ ਦਰ ਤੋਂ ਕਦੇ ਵੀ ਕੋਈ ਖਾਲੀ ਨਹੀਂ ਜਾਂਦਾ। ਵਾਹਿਗੁਰੂ ਤੁਹਾਡੀ ਮਦਦ ਕਰਨਗੇ। ਜਾਓ, ਸੂਬੇਦਾਰ ਨੂੰ ਆਖ ਦਿਉ ਕਿ ਜੇ ਉਹ (ਗੁਰੂ) ਤੇਗ਼ ਬਹਾਦਰ ਨੂੰ ਮੁਸਲਮਾਨ ਬਣਾ ਲਵੇ ਤਾਂ ਸਾਰੇ ਕਸ਼ਮੀਰੀ ਬ੍ਰਾਹਮਣ ਮੁਸਲਮਾਨ ਬਣ ਜਾਣਗੇ।’
ਗੁਰੂ ਸਾਹਿਬ ਦੀ ਗੱਲ ਸੁਣ ਕੇ ਬ੍ਰਾਹਮਣਾਂ ਦੀ ਜਾਨ ’ਚ ਜਾਨ ਆਈ ਅਤੇ ਉਹ ਖ਼ੁਸ਼ੀ ਖ਼ੁਸ਼ੀ ਵਾਪਸ ਕਸ਼ਮੀਰ ਮੁੜ ਗਏ। ਉਨ੍ਹਾਂ ਦੇ ਜਾਣ ਮਗਰੋਂ ਗੋਬਿੰਦ ਰਾਇ ਨੇ ਗੁਰੂ ਸਾਹਿਬ ਨੂੰ ਸੰਜੀਦਾ ਵੇਖ ਪੁੱਛਿਆ ਤਾਂ ਗੁਰੂ ਸਾਹਿਬ ਨੇ ਜਵਾਬ ਦਿੱਤਾ ਕਿ ਮੈਂ ਔਰੰਗਜ਼ੇਬ ਨੂੰ ਮਿਲਾਂਗਾ, ਪਰ ਮੈਨੂੰ ਪਤਾ ਹੈ ਕਿ ਉਹ ਕੱਟੜ ਸੁੰਨੀ ਮੁਸਲਮਾਨ ਹੈ। ਇਹ ਜ਼ੁਲਮ ਰੋਕਣ ਲਈ ਸ਼ਹੀਦੀ ਦੇਣੀ ਪੈਣੀ ਹੈ। ਕਸ਼ਮੀਰੀ ਬ੍ਰਾਹਮਣਾਂ ਦੇ ਚੱਕ ਨਾਨਕੀ ਆਉਣ ਦਾ ਜ਼ਿਕਰ ‘ਭੱਟ ਵਹੀਆਂ’ ’ਚ ਇਉਂ ਹੈ:
‘‘ਭਾਈ ਕ੍ਰਿਪਾ ਰਾਮ ਬੇਟਾ ਅੜੂ ਰਾਮ ਕਾ, ਪੋਤਾ ਨਰੈਣ ਦਾਸ ਕਾ, ਪੜਪੋਤਾ ਬ੍ਰਹਮ ਦਾਸ ਕਾ, ਬੰਸ ਠਾਕਰ ਦਾਸ ਕੀ, ਗਤ ਗੋਤ੍ਰ ਮੁਝਾਲ, ਬ੍ਰਾਹਮਣ, ਵਾਸੀ ਮਟਨ, ਦੇਸ ਕਸ਼ਮੀਰ, ਸੰਬਤ ਸਤਰਾਂ ਸੈ ਬਤੀਸ, ਜੇਠ ਮਾਸੇ ਸੁਦੀ ਇਕਾਦਸ਼ੀ ਕੇ ਦਿੰਹ, ਖੋੜਸ ਬ੍ਰਾਹਮਣੋਂ ਕੋ ਗੈਲ ਲੈ, ਚੱਕ ਨਾਨਕੀ, ਪਰਗਣਾ ਕਹਿਲੂਰ, ਗੁਰੂ ਤੇਗ਼ ਬਹਾਦਰ ਜੀ, ਮਹਲ ਨਾਂਵਾਂ ਕੇ ਦਰਬਾਰ ਆਇ ਫਰਿਆਦੀ ਹੂਆ। ਗੁਰੂ ਜੀ ਨੇ ਇਨ੍ਹੇਂ ਧੀਰਜ ਦਈ, ਬਚਨ ਹੋਆ, ‘ਤੁਸਾਂ ਦੀ ਰਖਿਆ ਬਾਬਾ ਨਾਨਕ ਕਰੇਗਾ’।’’ (ਭੱਟ ਵਹੀ ਮੁਲਤਾਨੀ ਸਿੰਧੀ)
ਕਵੀ ਕੇਸ਼ਵ ਭੱਟ ਨੇ ਇੰਝ ਬਿਆਨ ਕੀਤਾ, ‘ਬਾਂਹਿ ਜਿਨਾਂ ਦੀ ਪਕੜੀਏ, ਸਿਰ ਦੀਜੈ ਬਾਂਹਿ ਨ ਛੋੜੀਏ। ਤੇਗ਼ ਬਹਾਦਰ ਬੋਲਿਆ, ਧਰ ਪਈਐ, ਧਰਮ ਨ ਛੋੜੀਏ।’
ਗੁਰੂ ਤੇਗ਼ ਬਹਾਦਰ ਸਾਹਿਬ ਨੇ ਸਾਰੇ ਪ੍ਰਮੁਖ ਸਿੱਖਾਂ ਨੂੰ ਹੁਕਮਨਾਮੇ ਭੇਜ ਕੇ ਚੱਕ ਨਾਨਕੀ ਬੁਲਾਇਆ। ਗੁਰੂ ਜੀ ਨੇ ਉਨ੍ਹਾਂ ਨੂੰ ਜ਼ਮੀਨੀ ਹਾਲਾਤਾਂ ਤੋਂ ਜਾਣੂ ਕਰਵਾਇਆ ਤੇ ਕਿਹਾ ਕਿ ਮੈਂ ਔਰੰਗਜ਼ੇਬ ਨੂੰ ਜਾ ਕੇ ਮਿਲਾਂਗਾ। ਮੈਨੂੰ ਪਤਾ ਹੈ ਕਿ ਸ਼ਹੀਦੀ ਦੇਣੀ ਪੈਣੀ ਹੈ। ਮੇਰੇ ਮਗਰੋਂ ਗੁਰਗੱਦੀ ਦੀ ਸੇਵਾ (ਗੁਰੂ) ਗੋਬਿੰਦ ਰਾਇ ਸੰਭਾਲਣਗੇ। ਤੁਸੀਂ ਸਾਰਿਆਂ ਨੇ ਇਨ੍ਹਾਂ ਦਾ ਸਾਥ ਦੇਣਾ ਹੈ। ਇਸ ਤੋਂ ਬਾਅਦ ਜ਼ੁਲਮ ਨੂੰ ਰੋਕਣ ਵਾਸਤੇ ਹਥਿਆਰ ਵੀ ਚੁੱਕਣੇ ਪੈਣੇ ਹਨ। ਆਪ ਨੇ 8 ਜੁਲਾਈ 1675 ਦੇ ਦਿਨ ਗੋਬਿੰਦ ਰਾਇ ਨੂੰ ਗੁਰਗੱਦੀ ਸੌਂਪ ਕੇ 2-3 ਦਿਨ ਬਾਅਦ ਦਿੱਲੀ ਵੱਲ ਰਵਾਨਾ ਹੋ ਗਏ। ਉਨ੍ਹਾਂ ਦੇ ਨਾਲ ਭਾਈ ਮਤੀ ਦਾਸ, ਸਤੀ ਦਾਸ ਤੇ ਦਿਆਲ ਦਾਸ ਵੀ ਸਨ। ਇਸ ਬਾਰੇ ਭੱਟ ਵਹੀ ’ਚ ਇਉਂ ਜ਼ਿਕਰ ਹੈ :
‘ਸਾਵਨ ਪ੍ਰਵਿਸ਼ਟੇ ਅਠਵੇਂ ਕੇ ਦਿਹੁੰ ਗੁਰੂ ਗੋਬਿੰਦ ਦਾਸ ਜੀ ਕੋ ਗੁਰਗਦੀ ਦੇ ਕੇ ਦਿਲੀ ਕੀ ਤਰਫ਼ ਜਾਣੇ ਕੀ ਤਿਆਰੀ ਕੀ। ਸਾਥ ਦੀਵਾਨ ਮਤੀ ਦਾਸ ਸਤੀ ਦਾਸ ਰਸੋਈਆ ਬੇਟੇ ਹੀਰਾ ਨੰਦ ਛਿਬਰ ਕੇ ਦਿਆਲ ਦਾਸ ਬੇਟਾ ਮਾਈ ਦਾਸ ਕਾ ਜਲਹਾਨਾ ਬਲਉਂਤ ਆਇਆ।’ (ਭੱਟ ਵਹੀ ਤਲਾਉਂਡਾ, ਪਰਗਨਾ ਜੀਂਦ)
ਨੋਟ : ਗੁਰੂ ਗੋਬਿੰਦ ਸਿੰਘ ਸਾਹਿਬ ਜੀ; ਜਦ ਗੁਰਗੱਦੀ ਉੱਤੇ ਵਿਰਾਜਮਾਨ ਹੋਏ, ਤਦ ਉਨ੍ਹਾਂ ਦੀ ਉਮਰ ਮਾਤਰ 9 ਸਾਲ ਸੀ। ਅਗਲੇ 8 ਕੁ ਸਾਲਾਂ ’ਚ ਯਾਨੀ ਕਿ ਸੰਨ 1683 ’ਚ ਹੋਲਾ ਮਹੱਲਾ (ਸ਼ਸਤਰ-ਕਲਾ) ਮਨਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਜਾਪਦਾ ਹੈ ਕਿ ਸਿੱਖਾਂ ਨੂੰ ਹਥਿਆਰ ਪਕੜਾਉਣ ਦੀ ਮੁਹਿਮ ਗੁਰੂ ਤੇਗ਼ ਬਹਾਦਰ ਜੀ ਵੱਲੋਂ ਆਰੰਭ ਕੀਤੀ ਗਈ ਸੀ ਤਾਹੀਓਂ ਆਪ ਨੇ ਉੱਚੀ ਜਗ੍ਹਾ ਅਨੰਦਪੁਰ ਸਾਹਿਬ ਵਸਾਇਆ। ਆਪ ਨੇ ਪੂਰੇ ਭਾਰਤ ’ਚ ਪ੍ਰਚਾਰ-ਪ੍ਰਸਾਰ ਕੀਤਾ, ਇਸ ਲਈ ਜ਼ਮੀਨੀ ਹਾਲਾਤਾਂ ਤੋਂ ਚੰਗੀ ਤਰ੍ਹਾਂ ਵਾਕਫ਼ ਸਨ; ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਨੇ 28 ਜੇਠ ਸੰਮਤ ੧੬੬੩ (25 ਮਈ 1606) ਨੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਿਆਈ ਬਖ਼ਸ਼ ਕੇ 5 ਦਿਨ ਬਾਅਦ (30 ਮਈ ਨੂੰ) ਲਾਹੌਰ ਵਿਖੇ ਸ਼ਹੀਦੀ ਦਿੱਤੀ। 20 ਕੁ ਦਿਨਾਂ ਬਾਅਦ ਯਾਨੀ ੧੮ ਹਾੜ ਨੂੰ ਉਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਸ਼ੁਰੂ ਕਰ ਜਲਦੀ ਹੀ ੬ ਸਾਵਣ ੧੬੬੩ ਨੂੰ ਮੀਰੀ-ਪੀਰੀ ਦੀ ਦੋ ਤਲਵਾਰਾਂ ਪਹਿਣ ਲਈਆਂ। ਸੰਗਤਾਂ ਨੂੰ ਚੰਗੇ ਘੋੜੇ ਤੇ ਸ਼ਸਤਰ ਭੇਟ ਕਰਨ ਲਈ ਹੁਕਮ ਜਾਰੀ ਕੀਤੇ ਤੇ ਢਾਡੀ ਵਾਰਾਂ ਗਵਾਉਣੀਆਂ ਸ਼ੁਰੂ ਕਰ ਦਿੱਤੀਆਂ ਜਦ ਕਿ ਉਸ ਸਮੇਂ ਉਨ੍ਹਾਂ ਦੀ ਉਮਰ ਭੀ ਮਾਤਰ 11 ਸਾਲ ਸੀ। ਇਸ ਤੋਂ ਸਾਫ਼ ਹੈ ਕਿ ਸ਼ਹੀਦੀ ਦੇਣ ਉਪਰੰਤ ਭਟਕਣ ਵਾਲ਼ੇ ਮਨੁੱਖੀ ਜਜ਼ਬਾਤਾਂ ਨੂੰ ਤੁਰੰਤ ਨਵੇਂ ਰੂਪ ’ਚ ਸੰਭਾਲ਼ਿਆ ਜਾ ਸਕੇ।
ਕੁੱਝ ਸ਼ਸਾਰਤੀ ਲੋਕ ਭੋਲ਼ੀ-ਭਾਲ਼ੀ ਜਨਤਾ ਨੂੰ ਗੁਮਰਾਹ ਕਰਨ ਲਈ ਕਹਿੰਦੇ ਰਹਿੰਦੇ ਹਨ ਕਿ 6ਵੇਂ ਅਤੇ 10ਵੇਂ ਪਾਤਿਸ਼ਾਹ ਨੇ ਗੁਰੂ ਨਾਨਕ ਸਾਹਿਬ ਜੀ ਦੁਆਰਾ ਚਲਾਈ ਸ਼ਾਂਤਮਈ ਪ੍ਰਚਾਰ-ਪ੍ਰਸਾਰ ਦੀ ਰੀਤ ਵਿਰੁੱਧ ਕਾਰਜ ਕੀਤੇ ਹਨ। ਦਰਅਸਲ ਐਸੇ ਲੋਕ, ਸੰਗਤਾਂ ਨੂੰ ਇਨ੍ਹਾਂ ਬਚਨਾਂ ਤੋਂ ਜਾਣੂ ਨਹੀਂ ਕਰਾਉਂਦੇ, ‘‘ਜਉ ਤਉ; ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ; ਗਲੀ ਮੇਰੀ ਆਉ ॥ ਇਤੁ ਮਾਰਗਿ (’ਚ); ਪੈਰੁ ਧਰੀਜੈ ॥ ਸਿਰੁ ਦੀਜੈ; ਕਾਣਿ ਨ ਕੀਜੈ ॥ (ਮਹਲਾ ੧/੧੪੧੨), ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ (ਧਰਮ ਲਈ)॥ ਪੁਰਜਾ ਪੁਰਜਾ ਕਟਿ ਮਰੈ; ਕਬਹੂ ਨ ਛਾਡੈ ਖੇਤੁ ॥’’ (ਭਗਤ ਕਬੀਰ/੧੧੦੫) ਭਾਵੇਂ ਕਿ ਇਨ੍ਹਾਂ ਵਾਕਾਂ ’ਚ ਹਥਿਆਰ ਚੁੱਕਣ ਦਾ ਜ਼ਿਕਰ ਨਹੀਂ, ਪਰ ਉਸ ਲਈ ਭੀ ਪਹਿਲਾਂ ਮਾਨਸਿਕ ਤਿਆਰੀ ਕਰਨੀ ਜ਼ਰੂਰੀ ਹੁੰਦੀ ਹੈ।
ਸੋ ਜੁਲਾਈ 1675 ਵਿਚ ਔਰੰਗਜ਼ੇਬ ਹਸਨ ਅਬਦਾਲ (ਪਾਕਿਸਤਾਨ) ਵਿੱਚ ਸੀ, ਜੋ ਓਥੇ 7 ਅਪਰੈਲ 1674 ਤੋਂ 27 ਮਾਰਚ 1676 ਤੱਕ ਯਾਨੀ ਦੋ ਸਾਲ ਰਿਹਾ। ਉਸ ਨੂੰ ਕਸ਼ਮੀਰ ਦੇ ਸੂਬੇਦਾਰ ਨੇ ਦੱਸ ਦਿੱਤਾ ਕਿ ਕਸ਼ਮੀਰੀ ਬ੍ਰਾਹਮਣ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਮਿਲ ਆਏ ਹਨ ਤੇ ਉਸ (ਗੁਰੂ ਸਾਹਿਬ) ਨੇ ਐਲਾਨ ਕੀਤਾ ਹੈ ਕਿ ‘ਜੇ ਮੁਗਲ ਸਰਕਾਰ ਮੈਨੂੰ ਮੁਸਲਮਾਨ ਬਣਾ ਲਵੇ ਤਾਂ ਸਾਰੇ ਕਸ਼ਮੀਰੀ ਬ੍ਰਾਹਮਣ ਆਪਣੇ ਆਪ ਮੁਸਲਮਾਨ ਬਣ ਜਾਣਗੇ।’ ਇਹ ਸੁਣਦਿਆਂ ਔਰੰਗਜ਼ੇਬ ਨੇ ਸਰਹਿੰਦ ਦੇ ਸੂਬੇਦਾਰ ਅਬਦਲ ਅਜ਼ੀਜ਼ ਦਿਲਾਵਰ ਖ਼ਾਨ ਨੂੰ ਹੁਕਮ ਦਿੱਤਾ ਕਿ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲ ਪੇਸ਼ ਕੀਤਾ ਜਾਵੇ। ਔਰੰਗਜ਼ੇਬ ਦਾ ਹੁਕਮ ਮਿਲਦਿਆਂ ਹੀ ਸਰਹਿੰਦ ਦੇ ਸੂਬੇਦਾਰ ਨੇ ਇਕ ਫ਼ੌਜੀ ਦਸਤਾ ਰੂਪੜ (ਹੁਣ ਰੋਪੜ) ਦੇ ਥਾਣੇਦਾਰ ਮਿਰਜ਼ਾ ਨੂਰ ਮੁਹੰਮਦ ਖ਼ਾਨ ਦੀ ਕਮਾਨ ਹੇਠ ‘ਚੱਕ ਨਾਨਕੀ’ ਭੇਜਿਆ। ਇਹ ਦਸਤਾ 11 ਨਵੰਬਰ ਨੂੰ ਓਥੇ ਪੁਜਾ, ਪਰ ਓਦੋਂ ਤੱਕ ਗੁਰੂ ਸਾਹਿਬ ਦਿੱਲੀ ਵੱਲ ਚੱਲ ਚੁੱਕੇ ਸਨ। ਮਿਰਜ਼ਾ ਨੂਰ ਮੁਹੰਮਦ ਨਹੀਂ ਸੀ ਚਾਹੁੰਦਾ ਕਿ ਗੁਰੂ ਸਾਹਿਬ ਦੀ ਗ੍ਰਿਫ਼ਤਾਰੀ ਦਾ ਈਨਾਮ ਉਸ ਦੇ ਹੱਥੋਂ ਨਿਕਲੇ ਉਹ, ਗੁਰੂ ਜੀ ਦੀ ਭਾਲ ’ਚ ਜਲਦੀ ਵਾਪਸ ਮੁੜਿਆ, ਪਰ ਗੁਰੂ ਸਾਹਿਬ ਨਾ ਮਿਲੇ।
ਉਸ ਰਾਤ ਗੁਰੂ ਸਾਹਿਬ ਪਿੰਡ ਮਲਿਕਪੁਰ ਰੰਘੜਾਂ ਵਿਚ ਭਾਈ ਨਗਾਹੀਆ ਦੇ ਘਰ ਠਹਿਰੇ। ਅਗਲੇ ਦਿਨ ਤੜਕੇ ਭਾਈ ਮਤੀ ਦਾਸ ਨਹਾਉਣ ਵਾਸਤੇ ਖੂਹ ਤੋਂ ਪਾਣੀ ਭਰਨ ਗਿਆ ਤਾਂ ਖੂਹ ਵਿਚ ਡਿਗ ਪਿਆ। ਸ਼ੋਰ ਪੈਣ ’ਤੇ ਲੋਕ ਇਕੱਠੇ ਹੋ ਗਏ। ਹੁਣ ਪਿੰਡ ਦੇ ਰੰਘੜਾਂ ਨੂੰ ਪਤਾ ਲੱਗਾ ਕਿ ਗੁਰੂ ਤੇਗ਼ ਬਹਾਦਰ ਸਾਹਿਬ ਵੀ ਮਲਿਕਪੁਰ ਵਿਚ ਹਨ। ਉਨ੍ਹਾਂ ਨੇ ਰੋਪੜ ਚੌਂਕੀ ’ਚ ਖ਼ਬਰ ਭੇਜ ਫ਼ੌਜ ਮੰਗਵਾ ਲਈ। ਨੂਰ ਮੁਹੰਮਦ ਖ਼ਾਨ ਨੇ ਗੁਰੂ ਜੀ, ਭਾਈ ਮਤੀ ਦਾਸ, ਸਤੀ ਦਾਸ ਤੇ ਦਿਆਲ ਦਾਸ ਨੂੰ ਗ੍ਰਿਫ਼ਤਾਰ ਕਰ ਬੱਸੀ ਪਠਾਣਾਂ ਦੇ ਕਿਲ੍ਹੇ ਵਿਚ ਕੈਦ ਕਰ ਦਿੱਤਾ ਅਤੇ ਔਰੰਗਜ਼ੇਬ ਨੂੰ ਇਸ ਦੀ ਇਤਲਾਹ ਹਸਨ ਅਬਦਾਲ ਭੇਜ ਦਿੱਤੀ। ਇਸ ਦਾ ਜ਼ਿਕਰ ‘ਭੱਟ ਵਹੀ ਮੁਲਤਾਨੀ ਸਿੰਧੀ ਖਾਤਾ ਜਲ੍ਹਾਨੇ ਬਲਉਂਤੋਂ ਕਾ’ ’ਚ ਇਉਂ ਹੈ :
‘ਗੁਰੂ ਤੇਗ਼ ਬਹਾਦਰ ਮਹਲ ਨਾਮਾਂ ਕੋ ਨੂਰ ਮੁਹੰਮਦ ਖ਼ਾਨ ਮਿਰਜ਼ਾ ਚਉਕੀ ਰੂਪੜ ਵਾਲੀ ਨੇ ਸਾਲ ਸਤਰਾਂ ਸੈ ਬਤੀਸ ਸਾਵਨ ਪ੍ਰਵਿਸ਼ਟੇ ਬਾਰਾਂ ਕੇ ਦਿਹੁੰ ਗਾਮ ਮਲਕਪੁਰ ਰੰਘੜਾਂ ਪਰਗਣਾ ਘਣੌਲਾ ਸੇ ਪਕੜ ਕਰ ਸਰਹੰਦ ਮੇਂ ਪਹੁੰਚਾਇਆ। ਗੈਲੋਂ ਦੀਵਾਨ ਮਤੀ ਦਾਸ ਸਤੀ ਦਾਸ ਬੇਟੇ ਹੀਰ ਮੱਲ ਛਿਬਰ ਬਲਉਂਤ ਕੇ ਪਕੜੇ ਆਏ। ਚਾਰ ਮਾਸ ਬਸੀ ਪਠਾਣਾਂ ਬੰਦੀਖਾਨੇ ਮੇਂ ਰਹੇ। ਦੁਸ਼ਟਾਂ ਗੁਰੂ ਜੀ ਕੋ ਘਣਾ ਕਸ਼ਟ ਦੀਆ। ਗੁਰੂ ਜੀ ਨੇ ਭਾਣੇ ਕੋ ਮਾਨਾ।’
ਕੇਸਰ ਸਿੰਘ ਛਿਬਰ ‘ਬੰਸਾਵਲੀਨਾਮਾ ਦਸਾਂ ਪਾਤਸਾਹੀਆਂ ਕਾ’ (ਚਰਣ ਨੌਵਾਂ, ਬੰਦ 75-77) ’ਚ ਇਉਂ ਕੀਤਾ ਹੈ :
‘ਪਿੰਡ ਤੇ ਰੰਘੜ ਆਏ ਧਾਇ। ਗਹਿ ਲੀਤੇ ਸਾਹਿਬ ਤੇ ਸਤੀ ਦਾਸ। ਮਤੀ ਦਾਸ ਭੀ ਖੂਹ ਤੇ ਕਢਿਆ ਮੰਗਾਇ। ਭੇਜ ਆਦਮੀ ਫ਼ੌਜ ਰੂਪੜੋਂ ਮੰਗਾਈ। ਸੋ ਪਿੰਜਰਾ ਲੋਹੇ ਕਾ ਕਰ ਲਿਆਇ। ਸਾਹਿਬ ਤਿਸ ਵਿਚ ਲੀਤੇ ਪਾਇ। ਚਉਥੇ ਮਹੀਨੇ ਸਾਹਿਬ ਦਿੱਲੀ ਵਿਚ ਪਹੁਤੇ। ਵਿਚ ਮਾਰਗ ਦੁਖ ਪਾਇ ਬਹੁਤੇ।’
ਜਦੋਂ ਗੁਰੂ ਤੇਗ਼ ਬਹਾਦਰ ਸਾਹਿਬ ਬੱਸੀ ਪਠਾਣਾਂ ਕਿਲ੍ਹੇ ਵਿਚ ਕੈਦ ਸਨ ਤਾਂ ਔਰੰਗਜ਼ੇਬ ਨੇ ਸਰਹਿੰਦ ਦੇ ਮੁਸਲਮਾਨ, ਨਕਸ਼ਬੰਦੀ ਫਿਰਕੇ ਦੇ (ਸ਼ੈਖ ਅਹਿਮਦ ਦੇ ਗੱਦੀ-ਨਸ਼ੀਨ) ਸ਼ੈਖ਼ ਸੈਫ਼-ਉਦ-ਦੀਨ ਦੀ ਡਿਊਟੀ ਲਾਈ ਕਿ ਉਹ ਗੁਰੂ ਜੀ ਨੂੰ ਇਸਲਾਮ ਧਰਮ ਵਿਚ ਲਿਆਉਣ ਦੀ ਕੋਸ਼ਿਸ਼ ਕਰਨ। ਉਹ, ਬੱਸੀ ਪਠਾਣਾਂ ਕਿਲ੍ਹੇ ’ਚ ਕਈ ਵਾਰ ਗਏ ਤੇ ਗੁਰੂ ਜੀ ਨਾਲ ਚਰਚਾ ਕੀਤੀ, ਪਰ ਇਸਲਾਮ ਦੀ ਉੱਚਤਾ ਦੱਸਣ ’ਚ ਨਾਕਾਮਯਾਬ ਰਹੇ। ਅੰਤ ਉਸ ਨੇ ਹਥਿਆਰ ਸੁੱਟਦਿਆਂ ਔਰੰਗਜ਼ੇਬ ਨੂੰ ਸੁਨੇਹਾ ਭੇਜਿਆ ਕਿ ਗੁਰੂ ਜੀ ਨੂੰ ਦਲੀਲਾਂ ਨਾਲ ਨਹੀਂ ਬਦਲਿਆ ਜਾ ਸਕਦਾ। ਤਲਵਾਰ ਦੇ ਡਰ ਨਾਲ ਉਨ੍ਹਾਂ ਨੂੰ ਮੁਸਲਮਾਨ ਬਣਾਇਆ ਜਾ ਸਕਦਾ ਹੈ।
ਨੋਟ : ਜੁਲਾਈ 1675 ’ਚ ਹੀ ਸ਼ਿਵਾਜੀ ਮਰਹੱਟਾ ਦਾ ਪੁੱਤਰ ਸੰਭਾਜੀ ਫੜਿਆ ਸੀ, ਜਿਸ ਨੇ ਕੁਝ ਦਿਨ ਮਗਰੋਂ ਈਨ ਮੰਨ ਲਈ ਸੀ। ਔਰੰਗਜ਼ੇਬ ਨੇ ਉਸ ਨੂੰ ਛੇ ਹਜ਼ਾਰੀ-ਛੇ ਹਜ਼ਾਰ ਦਾ ਮਨਸਬ, ਝੰਡਾ ਤੇ ਨਗਾਰਾ ਬਖ਼ਸ਼ਿਆ ਸੀ (ਮਆਸਿਰਿ-ਇ-ਆਲਮਗੀਰੀ, ਸਫ਼ਾ 124)। ਫ਼ਰਵਰੀ 1676 ’ਚ ਸ਼ਿਵਾਜੀ ਦੇ ਜੁਆਈ ਨੇ ਤਾਂ ਕਮਾਲ ਹੀ ਕਰ ਦਿੱਤੀ ਸੀ। ਉਹ ਮੁਸਲਮਾਨ ਬਣ ਗਿਆ ਤੇ ਉਸ ਦਾ ਨਾਂ ਮੁਹੰਮਦ ਕੁਲੀ ਖ਼ਾਨ ਰੱਖਿਆ ਗਿਆ ਸੀ (ਮਆਸਿਰਿ-ਇ-ਆਲਮਗੀਰੀ, ਸਫ਼ਾ 51)।
ਸ਼ੈਖ ਦਾ ਖ਼ਤ ਪੜ੍ਹ ਕੇ ਔਰੰਗਜ਼ੇਬ ਨੇ ਸਰਹਿੰਦ ਦੇ ਫ਼ੌਜਦਾਰ (ਅਬਦੁਲ ਅਜ਼ੀਜ਼ ਦਿਲਾਵਰ ਖ਼ਾਨ) ਕਿਹਾ ਕਿ ਗੁਰੂ ਜੀ ਨੂੰ ਪਿੰਜਰੇ ’ਚ ਪਾ ਕੇ ਦਿੱਲੀ ਲਿਜਾਇਆ ਜਾਏ। ਔਰੰਗਜ਼ੇਬ ਉਨ੍ਹੀਂ ਦਿਨੀਂ ਦਿੱਲੀ ਮੁੜਨ ਦੀ ਤਿਆਰੀ ਕਰ ਰਿਹਾ ਸੀ, ਪਰ ਨਾ ਆ ਸਕਿਆ। ਉਸ ਨੇ ਦਿੱਲੀ ਦੇ ਸੂਬੇਦਾਰ ਸਾਫ਼ੀ ਖ਼ਾਨ ਨੂੰ ਕਿਹਾ ਕਿ ਜੇ ਗੁਰੂ ਤੇਗ਼ ਬਹਾਦਰ ਤੋਂ ਇਸਲਾਮ ਕਬੂਲ ਕਰਾਓ, ਨਹੀਂ ਤਾਂ ਉਸ ਨੂੰ ਸ਼ਾਹੀ ਕਾਜ਼ੀ ਤੋਂ ਫ਼ਤਵਾ ਦਿਵਾ ਕੇ ਕਤਲ ਕਰ ਦਿੱਤਾ ਜਾਵੇ।
ਗੁਰੂ ਜੀ ਲਈ ਦਿੱਲੀ ਤੋਂ ਲੋਹੇ ਦਾ ਇਕ ਪਿੰਜਰਾ ਮੰਗਵਾਇਆ ਗਿਆ (ਇਹ ਓਹੀ ਪਿੰਜਰਾ ਸੀ, ਜਿਸ ’ਚ 1716 ਵਿਚ ਬੰਦਾ ਸਿੰਘ ਬਹਾਦਰ ਨੂੰ ਲਿਜਾਇਆ ਗਿਆ ਸੀ)। ਆਪ ਨੂੰ ਪਿੰਜਰੇ ਵਿਚ ਪਾ ਕੇ ਦਿੱਲੀ ਲਿਜਾਇਆ ਗਿਆ ਅਤੇ ਕੋਤਵਾਲੀ (ਮੌਜੂਦਾ ਸੀਸ ਗੰਜ ਵਾਲੀ ਜਗਹ) ਵਿਚ ਕੈਦ ਕੀਤਾ ਗਿਆ। ਸ਼ਾਹੀ ਕਾਜ਼ੀ ਅਬਦੁਲ ਵਹਾਬ ਵਹੁਰੇ ਨੇ ਫ਼ਤਵਾ ਜਾਰੀ ਕਰਦਿਆਂ ਕਿਹਾ ਕਿ ਜਾਂ ਕਰਾਮਾਤ ਦਿਖਾਓ ਜਾਂ ਮੁਸਲਮਾਨ ਬਣ ਜਾਓ ਜਾਂ ਮਰਨ ਵਾਸਤੇ ਤਿਆਰ ਹੋ ਜਾਓ। ਗੁਰੂ ਸਾਹਿਬ ਨੇ ਤੀਜੀ ਗੱਲ ਕਬੂਲ ਕੀਤੀ। ਕਾਜ਼ੀ ਅਤੇ ਸੂਬੇਦਾਰ ਇਸ ਜਵਾਬ ਤੋਂ ਖਿਝੇ ਫਿਰ ਵੀ ਇਕ ਦਿਨ ਹੋਰ ਉਡੀਕ ਕੀਤੀ।
11 ਨਵੰਬਰ 1675 ਦੇ ਦਿਨ ਗੁਰੂ ਸਾਹਿਬ ਦੀਆਂ ਅੱਖਾਂ ਦੇ ਸਾਮ੍ਹਣੇ ਭਾਈ ਦਿਆਲ ਦਾਸ ਜੀ ਨੂੰ ਵੱਡੀ ਦੇਗ਼ ’ਚ ਗਰਮ ਪਾਣੀ ਕਰ ਉਸ ਵਿਚ ਉਬਾਲ ਕੇ ਸ਼ਹੀਦ ਕੀਤਾ। ਭਾਈ ਮਤੀ ਦਾਸ ਜੀ ਨੂੰ ਦੋ ਲਕੜਾਂ ਦੇ ਸ਼ਿਕੰਜੇ ਵਿਚ ਬੰਨ੍ਹ ਕੇ ਚੀਰਿਆ ਗਿਆ ਤੇ ਭਾਈ ਸਤੀ ਦਾਸ ਜੀ ਨੂੰ ਰੂੰ ਵਿਚ ਬੰਨ ਕੇ ਜਿਊਂਦੇ ਸਾੜਿਆ ਗਿਆ। ਦਹਿਲਾ ਦੇਣ ਵਾਲੇ ਇਸ ਜ਼ੁਲਮ ਦੇ ਬਾਵਜੂਦ ਗੁਰੂ ਸਾਹਿਬ ਅਡੋਲ ਰਹੇ ਅਤੇ ਵਾਹਿਗੁਰੂ ਦਾ ਸਿਮਰਨ ਕਰਦੇ ਰਹੇ। ਅਖ਼ੀਰ ਸ਼ਾਮ ਵੇਲੇ ਕਾਜ਼ੀ ਦੇ ਆਖ਼ਰੀ ਫਤਵੇ ਮਗਰੋਂ, ਜੱਲਾਦ ਜਲਾਲ-ਉਦ-ਦੀਨ (ਸਮਾਣੇ ਵਾਲੇ) ਨੇ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਵੀ ਤਲਵਾਰ ਦੇ ਇੱਕੋ ਵਾਰ ਨਾਲ ਸ਼ਹੀਦ ਕਰ ਦਿੱਤਾ। ਇਹੀ ਭੀ ਜ਼ਿਕਰ ਆਉਂਦਾ ਹੈ ਕਿ ਗੁਰੂ ਸਾਹਿਬ ਜੀ ਨੂੰ ਪਹਿਲਾਂ ਬਹੁਤ ਤਸੀਹੇ ਦਿੱਤੇ ਗਏ ਸਨ। ਜਦ ਸਫਲਤਾ ਨਾ ਮਿਲੀ ਤਾਂ ਤਲਵਾਰ ਨਾਲ਼ ਸੀਸ; ਧੜ ਤੋਂ ਜੁਦਾ ਕੀਤਾ ਗਿਆ।
ਔਰੰਗਜ਼ੇਬ ਦਾ ਹੁਕਮ ਸੀ ਕਿ ਗੁਰੂ ਸਾਹਿਬ ਦੀ ਦੇਹ ਦੇ ਟੁਕੜੇ ਕਰ ਸ਼ਹਰ ਦੇ ਚਾਰੇ ਪਾਸੇ ਲਟਕਾ ਦਿੱਤੇ ਜਾਣ ਪਰ ਹਨ੍ਹੇਰਾ ਪੈ ਚੁੱਕਾ ਹੋਣ ਕਾਰਨ ਹੁਕਮ ’ਤੇ ਅਮਲ ਨਾ ਹੋ ਸਕਿਆ। ਉਧਰ ਭਾਈ ਜੈਤਾ, ਭਾਈ ਨਾਨੂ ਰਾਮ, ਭਾਈ ਤੁਲਸੀ ਤੇ ਭਾਈ ਊਦਾ ਜੀ ਨੇ ਗੁਰੂ ਸਾਹਿਬ ਦਾ ਸੀਸ ਚੁੱਕ ਕੇ ਲਿਆਉਣ ਦੀ ਤਰਕੀਬ ਬਣਾਈ। ਭਾਈ ਜੈਤਾ ਜੀ; ਗੁਰੂ ਸਾਹਿਬ ਦਾ ਸੀਸ ਚੁੱਕ ਲਿਆਇਆ। ਜਿਸ ਨੂੰ ਭਾਈ ਊਦਾ ਜੀ ਤੇ ਭਾਈ ਨਾਨੂ ਰਾਮ ਜੀ ਨਾਲ਼ ਮਿਲ ਕੇ ‘ਚੱਕ ਨਾਨਕੀ’ ਲੈ ਗਏ। ਅਗਲੇ ਦਿਨ ਸੀਸ ਦਾ ਸਸਕਾਰ ਗੁਰਦੁਆਰਾ ਸੀਸ ਗੰਜ (ਅਨੰਦਪੁਰ ਸਾਹਿਬ) ਵਾਲੀ ਥਾਂ ’ਤੇ ਕੀਤਾ ਗਿਆ।
ਦੂਜੇ ਪਾਸੇ ਭਾਈ ਲੱਖੀ ਰਾਏ ਵਣਜਾਰਾ (ਭਾਈ ਮਨੀ ਸਿੰਘ ਦੇ ਸਹੁਰਾ) ਨੇ ਆਪਣੇ ਪੁੱਤਰਾਂ (ਭਾਈ ਨਿਗਾਹੀਆ, ਹੇਮਾ ਤੇ ਹਾੜੀ ਜੀ) ਦੀ ਮਦਦ ਨਾਲ, ਗੁਰੂ ਸਾਹਿਬ ਦਾ ਧੜ ਚੁਕ ਲਿਆਂਦਾ ਅਤੇ ਆਪਣੇ ਘਰ ਦੇ ਇਕ ਹਿੱਸੇ ਨੂੰ ਅੱਗ ਲਾ ਧੜ ਦਾ ਸਸਕਾਰ ਕਰ ਦਿੱਤਾ (ਇੱਥੇ ਅੱਜ ਗੁਰਦੁਆਰਾ ਰਕਾਬ ਗੰਜ ਸਾਹਿਬ ਸੁਭਾਇਮਾਨ ਹੈ)। ਗੁਰੂ ਸਾਹਿਬ ਦੇ ਸੀਸ ਅਤੇ ਧੜ ਦੇ ਸਸਕਾਰ ਬਾਰੇ ‘ਭੱਟ ਵਹੀਆਂ’ ’ਚ ਇਹ ਜ਼ਿਕਰ ਕੀਤਾ ਮਿਲਦਾ ਹੈ :
‘ਜੈਤਾ ਬੇਟਾ ਆਗਿਆ ਕਾ, ਨਾਨੂ ਬੇਟਾ ਬਾਘੇ ਕਾ, ਊਦਾ ਬੇਟਾ ਖੇਮੇ ਕਾ, ਗੁਰੂ ਕਾ ਸੀਸ ਪਾਇ ਕੀਰਤਪੁਰ ਪਰਗਨਾ ਕਹਿਲੂਰ ਆਏ। ਸਾਲ ਸਤਾਰਾਂ ਸੈ ਬੱਤੀਸ, ਮੰਗਹਰ ਸੁਦੀ ਦਸਮੀ ਕੇ ਦਿਹੁੰ। ਗਿਆਰਸ ਕੋ ਦਾਗ ਕੀਆ ਮਾਖੋਆਲ ਮੇਂ। ਆਗੇ ਗੁਰੂ ਕੀ ਗਤਿ ਗੁਰੂ ਜਾਨੇ। ਗੁਰੂ ਆਪ ਭਾਣੇ ਕਾ ਖਾਬਿੰਦ ਹੈ’। (ਭੱਟ ਵਹੀ ਮੁਲਤਾਨੀ ਸਿੰਧੀ, ਖਾਤਾ ਉਦਾਨਿਓਂ ਕਾ)
ਗੁਰੂ ਸਾਹਿਬ ਵੇਲੇ ਅਸਲ ਦਿੱਲੀ ਦਾ ਨਾਂ ਸ਼ਾਹਜਹਾਨਾਬਾਦ ਸੀ ਜਿਸ ਵਿਚ ਲਾਲ ਕਿਲ੍ਹਾ, ਸਲੀਮਗੜ੍ਹ ਕਿਲਾ, ਚਾਂਦਨੀ ਚੌਕ, ਫ਼ਤਹਿਪੁਰੀ, ਜਾਮਾ ਮਸਜਿਦ, ਦਰੀਬਾ ਕਲਾਂ, ਦਰਿਆ ਗੰਜ, ਕਸ਼ਮੀਰੀ ਗੇਟ ਵਗ਼ੈਰਾ ਦਾ ਇਲਾਕਾ ਸ਼ਾਮਿਲ ਸੀ। ਦਿੱਲੀ ਦੇ ਚਾਂਦਨੀ ਚੌਕ, ਕਨਾਟ ਪਲੇਸ, ਪਾਰਲੀਮੈਂਟ ਹਾਊਸ ਅਤੇ ‘ਰਾਸ਼ਟਰਪਤੀ ਭਵਨ’ ਵਗ਼ੈਰਾ ਗੁਰੂ ਹਰਕ੍ਰਿਸ਼ਨ ਸਾਹਿਬ ਤੇ ਗੁਰੂ ਤੇਗ਼ ਬਹਾਦਰ ਸਾਹਿਬ ਦੇ ਪੈਰਾਂ ਦੀ ਧੂੜ ਨਾਲ ਤਵਾਰੀਖ਼ੀ ਬਣੇ ਹੋਏ ਹਨ। ਕਨਾਟ ਪਲੇਸ ਦਾ ਇਲਾਕਾ ਰਾਜਾ ਜੈ ਸਿੰਹ ਮਿਰਜ਼ਾ ਦੀ ਜਾਇਦਾਦ ਸੀ ਅਤੇ ਪਾਰਲੀਮੈਂਟ ਹਾਊਸ ਅਤੇ ‘ਰਾਸ਼ਟਰਪਤੀ ਭਵਨ’ ਵਗ਼ੈਰਾ (ਯਾਨਿ ਰਾਏਸੀਨਾ ਪਿੰਡ) ਭਾਈ ਲੱਖੀ ਰਾਏ ਵਣਜਾਰਾ ਦੀ ਜਾਇਦਾਦ ਸੀ। ‘ਰਾਏਸੀਨਾ’ ਪਿੰਡ ਭਾਈ ਲੱਖੀ ਰਾਏ ਦੇ ਇਕ ਵੱਡੇ-ਵਡੇਰੇ ਭਾਈ ਰਾਏ ਸੀਨਾ ਨੇ ਬੰਨ੍ਹਿਆ ਸੀ। ਦਿੱਲੀ ਦੇ ਅਹਿਸਾਨ ਫ਼ਰਾਮੋਸ਼ ਹਾਕਮਾਂ ਨੇ ‘ਲੱਖੀ ਰਾਏ’ ਦੀ ਯਾਦ ਵਿਚ ਇਕ ਚੌਕ ਦਾ ਨਾਂ ਵੀ ਨਹੀਂ ਰੱਖਿਆ। (ਭਾਈ ਲੱਖੀ ਰਾਏ ਨੂੰ ਮਾਣ ਦੇਣ ਵਾਸਤੇ ਸਿੱਖ ਆਗੂਆਂ ਨੇ ਗੁਰਦੁਆਰਾ ਰਕਾਬ ਗੰਜ ਦੇ ਦੀਵਾਨ ਹਾਲ ਦਾ ਨਾਂ ਭਾਈ ਲੱਖੀ ਰਾਏ ਦੇ ਨਾਂ ’ਤੇ ਰੱਖਿਆ ਹੋਇਆ ਹੈ)।