ਗੁਰਬਾਣੀ ਅਤੇ ਸਿੱਖ ਇਤਿਹਾਸ ’ਚ ਭਾਦੋਂ ਮਹੀਨਾ

0
93

ਗੁਰਬਾਣੀ ਅਤੇ ਸਿੱਖ ਇਤਿਹਾਸ ’ਚ ਭਾਦੋਂ ਮਹੀਨਾ

ਕਿਰਪਾਲ ਸਿੰਘ ਬਠਿੰਡਾ

ਪਿਛਲੇ ਲੇਖ ’ਚ ਵਰਖਾ ਰੁੱਤ ਦੇ ਪਹਿਲੇ ਮਹੀਨੇ ਸਾਵਣ ਦਾ ਵਿਸਥਾਰ ਸਹਿਤ ਵਰਣਨ ਕੀਤਾ ਗਿਆ ਸੀ। ਸੋ ਇਸ ਲੇਖ ’ਚ ਕੇਵਲ ਭਾਦੋਂ ਮਹੀਨੇ ਦਾ ਹੀ ਵਰਣਨ ਕੀਤਾ ਜਾਵੇਗਾ। ਵੈਸੇ ਸਾਵਣ-ਭਾਦੋਂ ਦੋਵੇਂ ਮਹੀਨੇ ਇੱਕੋ ਵਰਖਾ ਰੁੱਤ ’ਚ ਹੁੰਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਬਾਰਹਮਾਹਾ ਮਾਝ ਅਤੇ ਤੁਖਾਰੀ ਰਾਗ ਦੋਵੇਂ ਹੀ ਚੇਤ ਮਹੀਨੇ ਤੋਂ ਸ਼ੁਰੂ ਹੁੰਦੇ ਹਨ। ਸਿੱਖ ਨੇ ਸੇਧ; ਸ਼ਬਦ ਤੋਂ ਲੈਣੀ ਹੁੰਦੀ ਹੈ ਤਾਹੀਓਂ ਨਾਨਕਸ਼ਾਹੀ ਕੈਲੰਡਰ ਦਾ ਨਵਾਂ ਸਾਲ ੧ ਚੇਤ ਤੋਂ ਸ਼ੁਰੂ ਕੀਤਾ ਹੈ। ਬਿਕ੍ਰਮੀ ਕੈਲੰਡਰ ਦਾ ਚੰਦਰ ਸਾਲ; ਚੇਤ ਸੁਦੀ ੧ ਤੋਂ ਸ਼ੁਰੂ ਹੁੰਦਾ ਹੈ ਜਦਕਿ ਸੂਰਜੀ ਸਾਲ; ੧ ਵੈਸਾਖ ਤੋਂ ਸ਼ੁਰੂ ਹੁੰਦਾ ਹੈ, ਇਸ ਲਈ ਬਿਕ੍ਰਮੀ ਕੈਲੰਡਰ ’ਚ ਭਾਦੋਂ 5ਵਾਂ ਮਹੀਨਾ ਅਤੇ ਨਾਨਕਸ਼ਾਹੀ ਕੈਲੰਡਰ ਦਾ ਛੇਵਾਂ ਮਹੀਨਾ ਹੁੰਦਾ ਹੈ।

ਗ੍ਰੈਗੋਰੀਅਨ ਕੈਲੰਡਰ ਟਰੋਪੀਕਲ ਕੈਲੰਡਰ ਹੈ, ਜੋ ਕਿਸੇ ਨਾ ਕਿਸੇ ਰੂਪ ’ਚ ਲਗਭਗ ਸਾਰੀ ਦੁਨੀਆਂ ’ਚ ਪ੍ਰਚਲਿਤ ਹੈ ਤਾਹੀਓਂ ਸਾਂਝੇ ਕੈਲੰਡਰ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਇਸ ਦੇ ਸਾਲ ਦੀ ਲੰਬਾਈ 365.2425 ਦਿਨ ਹੈ, ਜੋ ਰੁੱਤੀ ਸਾਲ ਦੀ ਲੰਬਾਈ 365.242196 ਦਿਨ ਦੇ ਬਹੁਤ ਨੇੜੇ ਹੈ ਯਾਨੀ (365.2425-365.242196=) 0.000304 ਦਿਨ (ਮਾਤਰ 26.2656 ਸੈਕੰਡ) ਤਾਹੀਓਂ ਲਗਭਗ 3300 ਸਾਲਾਂ ’ਚ ਰੁੱਤਾਂ ਨਾਲੋਂ ਕੇਵਲ ਇੱਕ ਦਿਨ ਦਾ ਫ਼ਰਕ ਪੈਂਦਾ ਹੈ। ਬਿਕ੍ਰਮੀ ਕੈਲੰਡਰ ਸਾਈਡਰਲ ਕੈਲੰਡਰ ਹੈ, ਜੋ ਗੁਰੂ ਕਾਲ ਤੋਂ 1964 ਸੀ.ਈ. ਤੱਕ 1000 ਸਾਲ ਪੁਰਾਣੇ ਸੂਰਜੀ ਸਿਧਾਂਤ ਦੇ ਆਧਾਰ ’ਤੇ ਤਿਆਰ ਕੀਤਾ ਜਾਂਦਾ ਸੀ। ਇਸ ਕੈਲੰਡਰ ਦੇ ਸਾਲ ਦੀ ਲੰਬਾਈ 365.258756 ਦਿਨ ਹੋਣ ਕਾਰਨ ਰੁੱਤੀ ਸਾਲ ਨਾਲੋਂ (365.258756-365.242196 =) ਤਕਰੀਬਨ 0.016560 ਦਿਨ (ਲਗਭਗ 24 ਮਿੰਟ) ਵੱਧ ਹੈ ਤਾਹੀਓਂ 60 ਕੁ ਸਾਲਾਂ ’ਚ ਇੱਕ ਦਿਨ ਦਾ ਫ਼ਰਕ ਪੈ ਜਾਂਦਾ ਸੀ, ਪਰ ਸੰਨ 1964 ’ਚ ਹਿੰਦੂ ਵਿਦਵਾਨਾਂ ਨੇ ਇਸ ਕੈਲੰਡਰ ’ਚ ਦ੍ਰਿਕ ਗਣਿਤ ਨਾਲ ਸੋਧ ਕਰਕੇ ਸਾਲ ਦੀ ਲੰਬਾਈ ਨੂੰ ਥੋੜ੍ਹਾ ਘਟਾ ਕੇ 365.256363 ਦਿਨ ਕਰ ਲਈ। ਹੁਣ ਰੁੱਤੀ ਸਾਲ ਨਾਲੋਂ (365.256363-365.242196 =) ਤਕਰੀਬਨ 0.014167 ਦਿਨ (ਲਗਭਗ ਸਾਢੇ 20 ਮਿੰਟ) ਵਧ ਹੈ, ਜੋ ਤਕਰੀਬਨ 71 ਸਾਲਾਂ ’ਚ ਇਕ ਦਿਨ ਦਾ ਫ਼ਰਕ ਪਾਏਗਾ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1964 ਤੋਂ ਪਹਿਲਾਂ ਸੂਰਜੀ ਸਿਧਾਂਤ ਨਾਲ ਤਿਆਰ ਕੀਤੀਆਂ ਜੰਤਰੀਆਂ ’ਚੋਂ ਸੇਧ ਲੈ ਕੇ ਉਨ੍ਹਾਂ ਅਨੁਸਾਰ ਆਪਣਾ ਕੈਲੰਡਰ ਤਿਆਰ ਕਰਦੀ ਸੀ, ਪਰ 1964 ਤੋਂ ਬਾਅਦ ਦ੍ਰਿਕ ਗਣਿਤ ਨਾਲ ਤਿਆਰ ਹੋਈਆਂ ਜੰਤਰੀਆਂ ਵੇਖ ਕੇ ਕੈਲੰਡਰ ਤਿਆਰ ਕਰਨ ਲੱਗ ਪਈ ਹੈ। ਇਹੋ ਕਾਰਨ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਵਰ੍ਹੇ 1469 ਸੀ.ਈ. (ਬਿਕ੍ਰਮੀ ਸੰਮਤ ੧੫੨੬) ’ਚ ੧ ਸਾਵਣ 29 ਜੂਨ (ਜੂਲੀਅਨ) ਅਤੇ ੧ ਭਾਦੋਂ; 30 ਜੁਲਾਈ ਜੂਲੀਅਨ ਨੂੰ ਸੀ, ਪਰ ਅੱਜ ਕੱਲ੍ਹ ੧ ਸਾਵਣ ਕਦੀ 16 ਜੁਲਾਈ ਅਤੇ ਕਦੀ 17 ਜੁਲਾਈ ਗ੍ਰੈਗੋਰੀਅਨ ਨੂੰ ਅਤੇ ੧ ਭਾਦੋਂ ਕਦੀ 16 ਅਗਸਤ ਅਤੇ ਕਦੀ 17 ਅਗਸਤ ਗ੍ਰੈਗੋਰੀਅਨ ਨੂੰ ਹੁੰਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਬਾਰਹਮਾਹਾ ਤੁਖਾਰੀ ’ਚ ਰਥ ਫਿਰਨ ਦੀ ਕ੍ਰਿਆ ਉਸ ਸਮੇਂ ਵਾਪਰਦੀ ਲਿਖਿਆ ਹੈ, ਜਿਸ ਸਮੇਂ ਹਾੜ ਦਾ ਮਹੀਨਾ; ਭਰ ਜੋਬਨ ’ਚ ਹੁੰਦਾ ਸੀ ਭਾਵ ਦਿਨ ਵੱਡੇ ਤੋਂ ਵੱਡਾ ਹੁੰਦਾ ਸੀ। ਕੈਲੰਡਰ ਵਿਗਿਆਨ ਮੁਤਾਬਕ ਇਸ ਦਿਨ ਤੋਂ ਵਰਖਾ ਰੁੱਤ ਸ਼ੁਰੂ ਹੁੰਦੀ ਹੈ। ਉਸ ਸਮੇਂ ਰਥ ਫਿਰਨ ਦੀ ਕ੍ਰਿਆ (Solstice) 12 ਜਾਂ 13 ਜੂਨ ਜੂਲੀਅਨ (21 ਜਾਂ 22 ਜੂਨ ਗ੍ਰੈਗੋਰੀਅਨ)/ ੧੫ ਜਾਂ ੧੬ ਹਾੜ ਨੂੰ ਸ਼ੁਰੂ ਹੋ ਜਾਂਦੀ ਸੀ ਅਤੇ ਅੱਜ ਕੱਲ੍ਹ Solstice 21 ਜੂਨ ਗ੍ਰੈਗੋਰੀਅਨ ਨੂੰ ਹੁੰਦੀ ਹੈ ਭਾਵ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਵੀ 21 ਜੂਨ ਸੀ ਅਤੇ ਅੱਜ ਕੱਲ੍ਹ ਵੀ 21 ਜੂਨ ਨੂੰ ਹੀ ਹੈ। ਪੰਡਿਤਾਂ ਵੱਲੋਂ ਤਿਆਰ ਕੀਤੀਆਂ ਪੰਚਾਂਗਾਂ ਵਿੱਚ ਵੀ 21 ਜੂਨ/੭ ਹਾੜ ਦੀ ਤਾਰੀਖ਼ ਦੇ ਸਾਹਮਣੇ ਲਿਖਿਆ ਮਿਲੇਗਾ ‘ਵਰਖਾ ਰੁੱਤ ਸ਼ੁਰੂ’। ਨਾਨਕਸ਼ਾਹੀ ਕੈਲੰਡਰ ਵਿੱਚ ਵੀ ਵਰਖਾ ਰੁੱਤ; ਹਰ ਸਾਲ ੭ ਹਾੜ/ 21 ਜੂਨ ਦੇ ਆਸ ਪਾਸ ਹੀ ਰਹਿੰਦੀ ਹੈ। ਸੋ ਸਪਸ਼ਟ ਹੈ ਕਿ ਬਿਕ੍ਰਮੀ ਕੈਲੰਡਰ ਦੇ ਸ਼ੁਰੂਆਤੀ ਵੇਲੇ ਤੋਂ ਹੁਣ ਤੱਕ 24 ਦਿਨਾਂ ਦਾ ਫ਼ਰਕ ਪੈ ਚੁੱਕਾ ਹੈ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ 1469 ਤੋਂ ਹੁਣ ਤੱਕ 8-9 ਦਿਨਾਂ ਦਾ ਫ਼ਰਕ ਪੈ ਚੁੱਕਾ ਹੈ।  ਇਹੀ ਮੂਲ ਕਾਰਨ ਹੈ ਕਿ ਬਿਕ੍ਰਮੀ ਕੈਲੰਡਰ ਦੇ ਮਹੀਨਿਆਂ ਦੀਆਂ ਰੁੱਤਾਂ ਦਾ ਸੰਬੰਧ ਗੁਰਬਾਣੀ ’ਚ ਦਰਜ ਰੁੱਤਾਂ ਨਾਲੋਂ ਟੁੱਟ ਰਿਹਾ ਹੈ; ਜਿਵੇਂ ਕਿ ਗੁਰਬਾਣੀ ’ਚ ਤਾਂ ਸਾਵਣ ਤੇ ਭਾਦੋਂ ਦੋਵੇਂ ਮਹੀਨੇ ਵਰਖਾ ਰੁੱਤ ਦੇ ਹਨ, ਪਰ ਜ਼ਮੀਨੀ ਪੱਧਰ ’ਤੇ ਇਸ ਸਾਲ ਵਰਖਾ; ਪਹਿਲਾਂ ਹੀ ਹਾੜ ਮਹੀਨੇ ਦੇ ਅੱਧ ਤੋਂ ਪਹਿਲਾਂ ਸ਼ੁਰੂ ਹੋ ਗਈ ਸੀ ਤੇ ਹਾੜ ਦੀ ਸਮਾਪਤੀ ਤੱਕ ਹੜ੍ਹਾਂ ਨੇ ਵੀ ਭਾਰੀ ਨੁਕਸਾਨ ਕਰ ਦਿੱਤਾ ਸੀ। ਇਹ ਕੇਵਲ ਇਸੇ ਸਾਲ ਦੀ ਗੱਲ ਨਹੀਂ ਬਲਕਿ ਪਿਛਲੇ ਹਰ ਰਿਕਾਰਡ ਮੁਤਾਬਕ ਵਰਖਾ ਰੁੱਤ; ਹਰ ਸਾਲ ਹੀ ਹਾੜ ਮਹੀਨੇ ’ਚ ਸ਼ੁਰੂ ਹੋ ਜਾਂਦੀ ਹੈ ਜਦਕਿ ਸਾਵਣ ਮਹੀਨੇ ਦਾ ਆਰੰਭ 16 ਜੁਲਾਈ ਨੂੰ ਅਤੇ ਭਾਦੋਂ ਮਹੀਨੇ ਦੀ ਪਹਿਲੀ ਤਾਰੀਖ਼ ਹਰ ਸਾਲ 16 ਅਗਸਤ ਨੂੰ ਹੁੰਦੀ ਹੈ ਭਾਵ ਹੁਣ ਤੱਕ ਸਾਨੂੰ ਜਾਣਕਾਰੀ ਨਾ ਹੋਣ ਕਾਰਨ ਜਿਹੜਾ ਫ਼ਰਕ ਪੈ ਚੁੱਕਾ ਸੀ, ਸੋ ਪੈ ਗਿਆ, ਪਰ ਅੱਗੇ ਤੋਂ ਫ਼ਰਕ ਪੈਣਾ ਰੋਕ ਦਿੱਤਾ ਗਿਆ ਹੈ।

ਸ੍ਰੋਮਣੀ ਕਮੇਟੀ ਨੇ ਆਪਣੇ ਇਤਿਹਾਸਕ ਦਿਹਾੜੇ ਮਨਾਉਣ ਲਈ ਨਿਯਮ ਇਹ ਅਪਣਾਇਆ ਹੈ ਕਿ ਸਾਰੇ ਗੁਰ ਪੁਰਬ ਚੰਦਰ ਕੈਲੰਡਰ ਦੀਆਂ ਤਿੱਥਾਂ ਦੇ ਹਿਸਾਬ, ਅੰਗਰੇਜ਼ਾਂ ਵੱਲੋਂ ਪੰਜਾਬ ’ਤੇ ਕਬਜ਼ਾ ਕਰਨ ਤੋਂ ਪਹਿਲਾਂ ਦੇ ਸਾਰੇ ਇਤਿਹਾਸਕ ਦਿਹਾੜੇ ਸੰਗਰਾਂਦ ਦੇ ਹਿਸਾਬ ਸੂਰਜੀ ਤਾਰੀਖ਼ਾਂ ਅਤੇ ਪੰਜਾਬ ਅੰਗਰੇਜ਼ਾਂ ਅਧੀਨ ਹੋਣ ਤੋਂ ਬਾਅਦ ਸਾਰੇ ਇਤਿਹਾਸਕ ਦਿਹਾੜੇ ਅੰਗਰੇਜ਼ੀ ਭਾਵ ਸਾਂਝੇ ਕੈਲੰਡਰ ਦੀਆਂ ਤਾਰੀਖ਼ਾਂ ਅਨੁਸਾਰ ਨਿਸ਼ਚਿਤ ਕੀਤੇ ਜਾਂਦੇ ਹਨ ਭਾਵ ਕੋਈ ਇੱਕ ਕੈਲੰਡਰ ਅਪਣਾਉਣ ਦੀ ਬਜਾਏ ਤਿੰਨ ਕੈਲੰਡਰ ਵਰਤੇ ਜਾਣ ਲੱਗੇ ਤਾਹੀਓਂ ਇਤਿਹਾਸਕ ਦਿਹਾੜੇ ਹਮੇਸ਼ਾਂ ਅੱਗੇ ਪਿੱਛੇ ਹੁੰਦੇ ਰਹਿੰਦੇ ਹਨ ਤੇ ਤਾਰੀਖ਼ਾਂ ਦਾ ਸੰਬੰਧ ਇੱਕ ਦੂਸਰੇ ਨਾਲੋਂ ਟੁੱਟ ਰਿਹਾ ਹੈ। ਇਸ ਤੋਂ ਵੱਧ ਹਾਸੋ ਹੀਣੀ ਗੱਲ ਇਹ ਹੈ ਕਿ ਕੈਲੰਡਰ ਤਿਆਰ ਕਰਨ ਦੇ ਜ਼ਿੰਮੇਵਾਰ ਮੁਲਾਜਮਾਂ ਨੂੰ ਇੱਕ ਪੱਧਤੀ ਤੋਂ ਦੂਸਰੀ ਪੱਧਤੀ ’ਚ ਤਾਰੀਖ਼ਾਂ ਤਬਦੀਲ ਕਰਨ ਦੀ ਮੁਹਾਰਤ ਵੀ ਨਹੀਂ, ਇਸ ਲਈ ਜਿਹੜੇ ਦਿਹਾੜੇ ਦੀ ਉਨ੍ਹਾਂ ਨੂੰ ਕਿਸੇ ਲੇਖਕ ਵੱਲੋਂ ਕਿਸੇ ਵੀ ਪੱਧਤੀ ’ਚ ਲਿਖੀ ਤਾਰੀਖ਼ ਮਿਲ ਜਾਂਦੀ ਹੈ, ਉਸੇ ਵਿੱਚ ਦਰਜ ਕਰਕੇ ਆਪਣੇ ਵੱਲੋਂ ਪਹਿਲਾਂ ਅਪਣਾਏ ਨਿਯਮ ਭੰਗ ਵੀ ਕਰ ਦਿੱਤੇ ਜਾਂਦੇ ਹਨ। ਮਿਸਾਲ ਦੇ ਤੌਰ ’ਤੇ ਮੁਗ਼ਲ ਸਰਕਾਰੀ ਰਿਕਾਰਡ ਮੁਤਾਬਕ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ 24 ਰੱਬੀ-ਉਲ-ਅਵਲ ਹਿਜ਼ਰੀ ਸੰਮਤ 1122 ਨੂੰ ਸਰਹਿੰਦ ਫ਼ਤਹਿ ਕੀਤੀ ਗਈ ਸੀ; ਜਿਸ ਨੂੰ ਦੂਸਰੀਆਂ ਪੱਧਤੀਆਂ ਵਿੱਚ ਤਬਦੀਲ ਕੀਤਿਆਂ ੧੫ ਜੇਠ ਬਿਕ੍ਰਮੀ ਸੰਮਤ ੧੭੬੭/ 13 ਮਈ 1710 ਜੂਲੀਅਨ ਬਣਦਾ ਹੈ। ਸਿੱਖ ਇਤਿਹਾਸਕਾਰ ਖ਼ੁਦ ਤਾਂ ਕੈਲੰਡਰ ਵਿਗਿਆਨ ਤੋਂ ਜਾਣੂ ਨਹੀਂ ਸਨ (ਵੈਸੇ ਸੰਭਵ ਵੀ ਨਹੀਂ ਹੁੰਦਾ ਕਿ ਕੋਈ ਵਿਦਵਾਨ ਹਰ ਵਿਸ਼ੇ ਦਾ ਮਾਹਰ ਹੋਵੇ), ਇਸ ਲਈ ਉਨ੍ਹਾਂ ਨੇ ਇਤਿਹਾਸ ਲਿਖਣ ਸਮੇਂ ਮਿਲਦੇ ਹੋਰ ਵਸੀਲਿਆਂ ਤੋਂ ਤਾਰੀਖ਼ਾਂ ਤਬਦੀਲ ਕਰਨ ’ਚ ਮਦਦ ਲਈ; ਜਿਵੇਂ ਕਿ ਡਾ: ਗੰਡਾ ਸਿੰਘ ਨੇ ਤਾਮਿਲਨਾਡੂ ਦੇ ਵਸਨੀਕ ਸਵਾਮੀਕੰਨੂੰ ਪਿੱਲੇ ਦੀ ਜੰਤਰੀ (ਜੋ ਤਾਮਿਲਨਾਡੂ ’ਚ ਲਾਗੂ ਨਿਯਮਾਂ ਅਨੁਸਾਰ ਬਣਾਈ ਗਈ ਸੀ; ਤੋਂ ਵੇਖ ਕੇ 12 ਮਈ ਲਿਖ ਦਿੱਤੀ। ਇਸ ਜੰਤਰੀ ਦੇ ਕੁਝ ਮਹੀਨਿਆਂ ਦੀਆਂ ਤਾਰੀਖ਼ਾਂ; ਪੰਜਾਬ ਦੀਆਂ ਜੰਤਰੀਆਂ ਨਾਲੋਂ ੧ ਦਿਨ ਦੇ ਫ਼ਰਕ ਨਾਲ਼ ਹਨ। ਸ੍ਰੋਮਣੀ ਕਮੇਟੀ ਨੂੰ ਚਾਹੀਦਾ ਸੀ ਕਿ ਆਪਣੇ ਵੱਲੋਂ ਅਪਣਾਏ ਨਿਯਮ ਮੁਤਾਬਕ ਸਰਹਿੰਦ ਫ਼ਤਹਿ ਦਿਵਸ ਲਈ ੧੫ ਜੇਠ ਨਿਸ਼ਚਿਤ ਕੀਤਾ ਜਾਂਦਾ, ਪਰ ਇਨ੍ਹਾਂ ਨੇ ਡਾ: ਗੰਡਾ ਸਿੰਘ ਵੱਲੋਂ ਲਿਖੀ ਪੁਸਤਕ ’ਚੋਂ ਵੇਖ ਕੇ ਹਰ ਸਾਲ 12 ਮਈ ਦੀ ਤਾਰੀਖ਼ ਨਿਸ਼ਚਿਤ ਕਰ ਦਿੱਤੀ, ਜੋ ਅੱਜ ਕੱਲ੍ਹ ਕਦੀ ੨੯ ਵੈਸਾਖ ਹੋ ਜਾਂਦੀ ਅਤੇ ਕਦੀ ੩੦ ਵੈਸਾਖ।

ਹੋਰ ਵੇਖੋ ਗੁਰਦੁਆਰਾ ਸ਼ਹੀਦ ਗੰਜ ਫ਼ਤਹਿਗੜ੍ਹ ਸਾਹਿਬ; ਜਿੱਥੇ ਸਰਹਿੰਦ ਫ਼ਤਹਿ ਕਰਦਿਆਂ ਸ਼ਹੀਦ ਹੋਏ 6000 ਸਿੰਘਾਂ ਦਾ ਇਕੱਠਾ ਸਸਕਾਰ ਕੀਤਾ ਗਿਆ ਸੀ, ਉੱਥੇ ਲੱਗੇ ਬੋਰਡ ’ਤੇ ਸਰਹਿੰਦ ਫ਼ਤਹਿ ਦਿਵਸ ਦੀ ਤਾਰੀਖ਼ 14 ਮਈ/ ੧ ਜੇਠ ਲਿਖੀ ਹੋਈ ਹੈ। ਕੱਲ੍ਹ ਨੂੰ ਕੋਈ ਹੋਰ ਇਤਿਹਾਸ ਲਿਖੇਗਾ ਤਾਂ ਕਿਹੜੀ ਤਾਰੀਖ਼ ਨੂੰ ਸਹੀ ਮੰਨ ਕੇ ਲਿਖੇਗਾ; ਇਸ ਸਚਾਈ ਨੂੰ ਬਿਕ੍ਰਮੀ ਕੈਲੰਡਰ ਦੇ ਸਮਰਥਕ ਨਹੀਂ ਸਮਝਦੇ।

ਦੂਸਰੇ ਪਾਸੇ ਸਰਹਿੰਦ ਫ਼ਤਹਿ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ 29 ਜ਼ਮਾਦੀ-ਉਲ-ਸਾਨੀ ਹਿਜ਼ਰੀ ਸੰਮਤ ੧੧੨੮ ਨੂੰ ਹੋਈ ਸੀ [ਇਸ ਤਾਰੀਖ਼ ਨੂੰ ਕੈਲੰਡਰ ਦੀਆਂ ਦੂਸਰੀਆਂ ਪੱਧਤੀਆਂ ’ਚ ਤਬਦੀਲ ਕੀਤਿਆਂ ਬਣਦਾ ਹੈ – ੧੧ ਹਾੜ ਬਿਕ੍ਰਮੀ ਸੰਮਤ ੧੭੭੩ (ਸੂਰਜੀ ਸਿਧਾਂਤ)/ 9 ਜੂਨ 1716 ਜੂਲੀਅਨ], ਪਰ ਸ੍ਰੋਮਣੀ ਕਮੇਟੀ ਆਪਣੇ ਕੈਲੰਡਰ ’ਚ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਹਰ ਸਾਲ ੧੧ ਹਾੜ ਨਿਸ਼ਚਿਤ ਕਰ ਰਹੀ ਹੈ, ਜਿਸ ਦਿਨ ਕਦੀ 24 ਜੂਨ ਹੁੰਦੀ ਹੈ ਅਤੇ ਕਦੀ 25 ਜੂਨ। ਸਵਾਲ ਪੈਦਾ ਹੁੰਦਾ ਹੈ ਕਿ ਜੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਲਈ ਸੰਗਰਾਂਦ ਦੇ ਹਿਸਾਬ ਨਾਲ਼ ਸੂਰਜੀ ਤਾਰੀਖ਼ ੧੧ ਹਾੜ ਨਿਸ਼ਚਿਤ ਕੀਤੀ ਜਾ ਸਕਦੀ ਹੈ ਤਾਂ ਉਨ੍ਹਾਂ ਵੱਲੋਂ ਸਰਹਿੰਦ ਫ਼ਤਹਿ ਦਿਵਸ ਲਈ ਸੂਰਜੀ ਤਾਰੀਖ਼ ੧੫ ਜੇਠ ਕਿਉਂ ਨਹੀਂ ਨਿਸ਼ਚਿਤ ਕੀਤੀ ਜਾ ਸਕਦੀ ?

 ਸਾਕਾ ਨਾਨਕਾਣਾ ਸਾਹਿਬ ੧੦ ਫੱਗਣ ਸੰਮਤ ੧੯੭੭ ਬਿਕ੍ਰਮੀ/ 20 ਫ਼ਰਵਰੀ 1921 ਨੂੰ ਵਾਪਰਿਆ ਹੈ, ਪਰ ਸ੍ਰੋਮਣੀ ਕਮੇਟੀ ਦੇ ਕੈਲੰਡਰ ਸੰਮਤ ੫੫੪ (2022-23) ਅਤੇ ਸੰਮਤ ੫੫੫ (2023-24) ’ਚ ਸਾਕਾ ਨਨਕਾਣਾ ਸਾਹਿਬ ਦੀ ਤਾਰੀਖ਼ ੯ ਫੱਗਣ ਲਿਖੀ ਹੈ ਜਦਕਿ ਉਸ ਦਿਨ 21 ਫ਼ਰਵਰੀ ਬਣਦੀ ਹੈ। ਵੈਸੇ ਨਾ ੯ ਫੱਗਣ ਸਹੀ ਹੈ ਅਤੇ ਨਾ ਹੀ 21 ਫ਼ਰਵਰੀ ਸਹੀ ਹੈ ! ! !

ਹਰਚੰਦ ਸਿੰਘ ਲੌਂਗੋਵਾਲ ਦਾ ਕਤਲ 20 ਅਗਸਤ 1985/ ੫ ਭਾਦੋਂ ਸੰਮਤ ੨੦੪੨ ਨੂੰ ਹੋਇਆ। ਸ਼੍ਰੋਮਣੀ ਕਮੇਟੀ ਇਸ ਨੂੰ ਸ਼ਹੀਦੀ ਦਿਵਸ ਵਜੋਂ ਹਰ ਸਾਲ ੫ ਭਾਦੋਂ ਲਿਖਦੀ ਹੈ ਭਾਵੇਂ ਕਿ ਉਸ ਦਿਨ ਕਦੀ 20 ਅਗਸਤ ਹੁੰਦਾ ਹੈ ਅਤੇ ਕਦੀ 21 ਅਗਸਤ। ਦੂਸਰੇ ਪਾਸੇ ਬਾਬਾ ਜਰਨੈਲ ਸਿੰਘ ਦੀ ਸ਼ਹੀਦੀ 6 ਜੂਨ 1984/ ੨੪ ਜੇਠ ਨੂੰ ਹੋਈ ਸੀ। ਸ੍ਰੋਮਣੀ ਕਮੇਟੀ ਇਸ ਨੂੰ ਸ਼ਹੀਦੀ ਦਿਵਸ ਵਜੋਂ ਹਰ ਸਾਲ 6 ਜੂਨ ਨਿਸ਼ਚਿਤ ਕਰਦੀ ਹੈ ਭਾਵੇਂ ਇਹ ਦਿਨ ਕਿਸੇ ਸਾਲ ੨੩ ਜੇਠ ਨੂੰ ਹੁੰਦਾ ਹੈ ਅਤੇ ਕਿਸੇ ਸਾਲ ੨੪ ਜੇਠ ਨੂੰ। ਸਵਾਲ ਪੈਦਾ ਹੁੰਦਾ ਹੈ ਕਿ ਜੇ ਹਰਚੰਦ ਸਿੰਘ ਲੌਂਗੋਵਾਲ ਦੀ ਸ਼ਹੀਦੀ ਲਈ ਸੰਗਰਾਂਦ ਦੇ ਹਿਸਾਬ ਨਾਲ਼ ੫ ਭਾਦੋਂ ਲਿਖੀ ਹੈ ਤਾਂ ਉਨ੍ਹਾਂ ਤੋਂ ਕੇਵਲ ਇਕ ਸਾਲ ਪਹਿਲਾਂ ਵਾਪਰੀ ਘਟਨਾ ਬਾਬਾ ਜਰਨੈਲ ਸਿੰਘ ਦੇ ਸ਼ਹੀਦੀ ਦਿਵਸ ਲਈ ਸੰਗਰਾਂਦ ਦੇ ਹਿਸਾਬ ਨਾਲ਼ ੨੪ ਜੇਠ ਨਿਸ਼ਚਿਤ ਕਿਉਂ ਨਹੀਂ ਕਰ ਸਕਦੀ ? ਇਹ ਸਿਰਫ ਦੋ ਤਿੰਨ ਦਿਹਾੜਿਆਂ ਦੀ ਗੱਲ ਨਹੀਂ ਬਲਕਿ ਜਿਸ ਵੀ ਦਿਹਾੜੇ ਦੀਆਂ ਤਾਰੀਖ਼ਾਂ ਦੀ ਪੜਤਾਲ ਕਰੀਏ ਹਰ ਥਾਂ ਇਸ ਤਰ੍ਹਾਂ ਖਿਦੋ ਦੀਆਂ ਲੀਰਾਂ ਵਾਙ ਉੱਧੜੀ ਜਾਣਗੀਆਂ ਕਿਸੇ ਇਤਿਹਾਸਕਾਰ ਦੇ ਕੱਖ ਪੱਲੇ ਨਹੀਂ ਪੈਣਾ ਕਿ ਕਿਹੜਾ ਦਿਹਾੜਾ ਕਿਸ ਪੱਧਤੀ ਦੀਆਂ ਤਾਰੀਖ਼ਾਂ ਵਿੱਚ ਦਰਜ ਕੀਤਾ ਹੈ।

ਜੇ ਨਾਨਕਸ਼ਾਹੀ ਕੈਲੰਡਰ ਲਾਗੂ ਕਰ ਦਿੱਤਾ ਜਾਵੇ ਤਾਂ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣੀ; ਭਾਵੇਂ ਸਾਂਝੇ ਕੈਲੰਡਰ ਦੀ ਤਾਰੀਖ਼ ਲਿਖ ਦਿੱਤੀ ਜਾਵੇ ਭਾਵੇਂ ਨਾਨਕਸ਼ਾਹੀ ਕੈਲੰਡਰ ਦੀ; ਦੋਵਾਂ ਹੀ ਪੱਧਤੀਆਂ ਦੀਆਂ ਤਾਰੀਖ਼ਾਂ ਹਮੇਸ਼ਾਂ ਹਰ ਸਾਲ ਇੱਕ ਦੂਜੀ ਨਾਲ ਮੇਲ ਖਾਂਦੀਆਂ ਰਹਿਣਗੀਆਂ; ਜਿਵੇਂ ਕਿ ਸਰਹਿੰਦ ਫ਼ਤਿਹ ਦਿਵਸ ਹਰ ਸਾਲ ੧੫ ਜੇਠ/29 ਮਈ, ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਵਸ; ਹਰ ਸਾਲ ੧੧ ਹਾੜ/25 ਜੂਨ, ਸ਼ਹੀਦੀ ਬਾਬਾ ਜਰਨੈਲ ਸਿੰਘ ੨੩ ਜੇਠ/6 ਜੂਨ, ਸ਼ਹੀਦੀ ਹਰਚੰਦ ਸਿੰਘ ਲੌਂਗੋਵਾਲ ੫ ਭਾਦੋਂ 20 ਅਗਸਤ, ਸਾਕਾ ਨਨਕਾਣਾ ਸਾਹਿਬ ੧੦ ਫ਼ੱਗਣ/21 ਫ਼ਰਵਰੀ ਅਤੇ ਇਸੇ ਤਰ੍ਹਾਂ ਬਾਕੀ ਦੇ ਸਾਰੇ ਦਿਹਾੜਿਆਂ ਦੀਆਂ ਤਾਰੀਖ਼ਾਂ ਇੱਕ ਦੂਸਰੀ ਪੱਧਤੀ ਨਾਲ ਮੇਲ ਖਾਣਗੀਆਂ। ਕੈਲੰਡਰ ਵਿਗਿਆਨ ਤੋਂ ਅਣਜਾਣ ਵੀਰ ਇਹ ਦੋਸ਼ ਲਾਉਂਦੇ ਆ ਰਹੇ ਹਨ ਕਿ ਨਾਨਕਸ਼ਾਹੀ ਕੈਲੰਡਰ ਇਤਿਹਾਸ ਨੂੰ ਮਿਥਿਹਾਸ ’ਚ ਬਦਲ ਰਿਹਾ ਹੈ; ਉਨ੍ਹਾਂ ਨੂੰ ਉਕਤ ਉਦਾਹਰਨਾਂ ਤੋਂ ਹੀ ਸਮਝ ਆ ਜਾਣੀ ਚਾਹੀਦੀ ਹੈ ਕਿ ਕਿਹੜਾ ਕੈਲੰਡਰ ਇਤਿਹਾਸਕ ਤਾਰੀਖ਼ਾਂ ਨੂੰ ਵਿਗਾੜ ਰਿਹਾ ਹੈ।

ਜਿਸ ਤਰ੍ਹਾਂ ਸਮੇਂ ਦੇ ਗੇੜ ਨਾਲ ਬਾਹਰੀ ਰੁੱਤਾਂ ਬਦਲਦੀਆਂ ਹਨ, ਠੀਕ ਉਸੇ ਤਰ੍ਹਾਂ ਮਨੁੱਖ ਦੇ ਮਨ ’ਤੇ ਪ੍ਰਭੂ ਦੀ ਯਾਦ ਨਾਲੋਂ ਟੁੱਟਣ ਜਾਂ ਨਾਮ ਅਭਿਆਸ ਵਿੱਚ ਜੁੜਨ ਨਾਲ ਅਧਿਆਤਮਿਕ ਅਵਸਥਾ ’ਤੇ ਅਸਰ ਪੈਂਦਾ ਹੈ। ਗੁਰੂ ਸਾਹਿਬ ਜੀ ਨੇ ਬਾਰਹਮਾਹਾ ਦੀ ਬਾਣੀ ਰਾਹੀਂ ਬਾਹਰੀ ਰੁੱਤਾਂ ਦੀਆਂ ਉਦਾਹਰਨਾਂ ਦੇ ਕੇ ਅੰਦਰਲੀ ਤਬਦੀਲੀ ਨੂੰ ਬਿਆਨ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ੧੧੦੮ ’ਤੇ ਤੁਖਾਰੀ ਰਾਗ ਬਾਰਹਮਾਹਾ ਮਹਲਾ ੧ ਦੇ ਸਿਰਲੇਖ ਹੇਠ ਦਰਜ ਬਾਣੀ ਦੇ ੧੦ਵੇਂ ਪਦੇ ’ਚ ਗੁਰੂ ਨਾਨਕ ਸਾਹਿਬ ਜੀ ਆਖਦੇ ਹਨ ਕਿ ਭਾਦੋਂ ਵਰਖਾ ਰੁੱਤ ਦਾ ਮਹੀਨਾ ਹੋਣ ਕਾਰਨ ਮੀਂਹ ਵਰ੍ਹਦਾ ਹੈ। ਟੋਏ ਟਿੱਬੇ ਮੀਂਹ ਦੇ ਪਾਣੀ ਨਾਲ ਭਰੇ ਹੋਏ ਹੁੰਦੇ ਹਨ। ਡੱਡੂ ਗੁੜੈਂ ਗੁੜੈਂ ਕਰਦੇ ਹਨ। ਮੋਰ ਕੁਹਕਦੇ ਹਨ। ਪਪੀਹਾ ਭੀ ‘ਪ੍ਰਿਉ ਪ੍ਰਿਉ‘ ਕਰਦਾ ਹੈ (ਭਾਵ ਇਹ ਰੁੱਤ ਨਿਵੇਕਲੀ ਖੁਸ਼ੀ ਲਿਆਉਂਦੀ ਹੈ, ਪਰ) ਜਿਹੜੀ ਇਸਤ੍ਰੀ ਆਪਣੇ ਪਤੀ ਤੋਂ ਵਿਛੁੜੀ ਹੋਈ ਹੈ, ਉਸ ਨੂੰ ਇਸ ਸੁਹਾਵਣੇ ਮੌਸਮ ’ਚ ਵੀ ਆਨੰਦ ਨਹੀਂ ਮਿਲਦਾ। ਉਸ ਨੂੰ ਕਾਲੀਆਂ ਘਟਾਂ ਕਾਰਨ ਹਨ੍ਹੇਰੀ ਹੋਈ ਰਾਤ ’ਚ ਬਰਸਦੇ ਮੀਂਹ ਸਮੇਂ ਇਹੀ ਦਿੱਸਦਾ ਹੈ ਕਿ ਮੀਂਹ ਦੇ ਪਾਣੀ ਨਾਲ ਚੁਫੇਰੇ ਛੱਪੜ-ਤਲਾਬ ਨੱਕਾ-ਨੱਕ ਭਰ ਗਏ। ਸੱਪ ਡੰਗਦੇ ਫਿਰਦੇ ਹਨ। ਮੱਛਰ ਕੱਟਦੇ ਹਨ (ਭਾਵ ਪਸ਼ੀ-ਪੰਛੀਆਂ ਵਾਙ ਨਿਵੇਕਲਾ ਨਜ਼ਾਰ ਪ੍ਰਤੀਤ ਨਹੀਂ ਹੁੰਦਾ, ਪਰ ਰੱਬੀ ਵਿਛੋੜੇ ਦਾ ਅਹਿਸਾਸ ਹੋਣ ਨਾਲ਼ ਉਹ ਵੀ) ਪ੍ਰਭੂ ਦੀ ਯਾਦ ਵਿੱਚ ਜੁੜ ਕੇ ਅਨੰਦ ਮਾਣਦੀ ਹੋਈ ਕਹਿੰਦੀ ਹੈ ਕਿ ਮੈਂ ਤਾਂ ਆਪਣੇ ਗੁਰੂ ਨੂੰ ਪੁੱਛ ਕੇ ਤੁਰਾਂਗੀ, ਜਿੱਥੇ ਪ੍ਰਭੂ-ਪਤੀ ਮਿਲ ਸਕਦਾ ਹੋਵੇ, ਉੱਥੇ ਹੀ ਜਾਵਾਂਗੀ ‘‘ਭਾਦਉ, ਭਰਮਿ ਭੁਲੀ; ਭਰਿ ਜੋਬਨਿ ਪਛੁਤਾਣੀ ਜਲ ਥਲ ਨੀਰਿ ਭਰੇ; ਬਰਸ ਰੁਤੇ ਰੰਗੁ ਮਾਣੀ ਬਰਸੈ ਨਿਸਿ ਕਾਲੀ; ਕਿਉ ਸੁਖੁ ਬਾਲੀ; ਦਾਦਰ ਮੋਰ ਲਵੰਤੇ ਪ੍ਰਿਉ ਪ੍ਰਿਉ ਚਵੈ, ਬਬੀਹਾ ਬੋਲੇ; ਭੁਇਅੰਗਮ ਫਿਰਹਿ ਡਸੰਤੇ ਮਛਰ ਡੰਗ, ਸਾਇਰ ਭਰ ਸੁਭਰ; ਬਿਨੁ ਹਰਿ, ਕਿਉ ਸੁਖੁ ਪਾਈਐ ਨਾਨਕ  ! ਪੂਛਿ ਚਲਉ ਗੁਰ ਅਪੁਨੇ; ਜਹ ਪ੍ਰਭੁ, ਤਹ ਹੀ ਜਾਈਐ ੧੦’’ (ਤੁਖਾਰੀ ਬਾਰਹਮਾਹਾ/ਮਹਲਾ /੧੧੦੮)

ਭਾਦੋਂ ਦੇ ਮਹੀਨੇ ’ਚ ਮੌਸਮ ਸਦਾ ਸਥਿਰ ਨਹੀਂ ਰਹਿੰਦਾ। ਕਦੀ ਕਾਲੀਆਂ ਘਟਾਵਾਂ ਆਉਂਦੀਆਂ ਹਨ ਤੇ ਮੀਂਹ ਵਰ੍ਹਦਾ ਹੈ ਤਾਂ ਉਸ ਸਮੇਂ ਮੌਸਮ ਸੁਹਾਵਣਾ ਹੋ ਜਾਂਦਾ ਹੈ, ਪਰ ਜਦੋਂ ਬੱਦਲ ਨਹੀ ਹੁੰਦੇ, ਧੁੱਪ ਪੈਂਦੀ ਤਾਂ ਤ੍ਰਾਟਕਾ ਤੇ ਹੁੰਮਸ ਪੈਦਾ ਹੋ ਜਾਂਦੀ। ਤ੍ਰਾਟਕੇ ਤੇ ਹੁੰਮਸ ਕਾਰਨ ਮਨੁੱਖ, ਜੀਵ ਜੰਤ ਆਦਿ ਨੂੰ ਘਬਰਾਹਟ ਹੋ ਜਾਂਦੀ ਹੈ। ਦੋਵੇਂ ਤਰ੍ਹਾਂ ਦੇ ਮੌਸਮਾਂ ਦੀ ਉਦਾਹਰਨ ਦੇ ਕੇ ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਸਾਹਿਬ ਜੀ ਸਮਝਾਉਂਦੇ ਹਨ ਕਿ ਜਿਸ ਜੀਵ-ਇਸਤ੍ਰੀ ਦਾ ਪਿਆਰ ਪ੍ਰਭੂ-ਪਤੀ ਤੋਂ ਬਿਨਾਂ ਕਿਸੇ ਹੋਰ ਨਾਲ ਲੱਗਦਾ ਹੈ, ਉਹ ਪ੍ਰਭੂ ਪਤੀ ਦੇ ਪਿਆਰ ਤੋਂ ਬਾਂਝੀ ਹੈ; ਅੰਮ੍ਰਿਤਮਈ ਨਾਮ ਦੀ ਵਰਖਾ ਉਸ ਦੇ ਮਨ ’ਚ ਨਹੀਂ ਪੈਂਦੀ ਤਾਂ ਉਹ ਭਟਕਦੀ ਹੋਈ ਸਹੀ ਰਸਤੇ ਤੋਂ ਖੁੰਝਦੀ ਹੈ। ਵੈਸੇ ਭਾਵੇਂ ਲੱਖਾਂ ਹਾਰ ਸ਼ਿੰਗਾਰ ਕਰੇ, ਉਹ ਕਿਸੇ ਕੰਮ ਨਹੀਂ ਆਉਂਦੇ। ਦੂਸਰੀ ਉਦਾਹਰਨ ਦਿੰਦੇ ਹਨ ਕਿ ਜਦ ਸਰੀਰ ਨਾਸ ਹੋਵੇਗਾ ਤਦ (ਸਾਰੇ ਰਿਸ਼ਤੇਦਾਰ) ਆਖਣਗੇ ਕਿ ਇਹ ਹੁਣ ਗੁਜ਼ਰ ਗਿਆ ਹੈ। (ਇਸ ਨੂੰ ਛੇਤੀ ਬਾਹਰ ਲੈ ਚੱਲੋ)। ਜਮਦੂਤ (ਜਿੰਦ ਨੂੰ) ਫੜ ਕੇ ਅੱਗੇ ਲਾ ਲੈਂਦੇ ਹਨ, ਕਿਸੇ ਨੂੰ (ਇਹ) ਭੇਤ ਨਹੀਂ ਦਿੰਦੇ (ਕਿ ਕਿੱਥੇ ਲੈ ਚੱਲੇ ਹਨ), ਜਿਨ੍ਹਾਂ ਸੰਬੰਧੀਆਂ ਨਾਲ ਪਹਿਲਾਂ ਬੜਾ ਪਿਆਰ ਸੀ ਉਹ ਸਾਰੇ ਪਲ ਵਿੱਚ ਹੀ ਸਾਥ ਛੱਡ ਦਿੰਦੇ ਹਨ। (ਮੌਤ ਆਈ ਵੇਖ ਕੇ ਮਨੁੱਖ) ਬੜਾ ਪਛੁਤਾਂਦਾ ਹੈ, ਉਸ ਦਾ ਸਰੀਰ ਔਖਾ ਹੁੰਦਾ ਹੈ, ਉਸ ਦਾ ਰੰਗ ਕਾਲੇ ਤੋਂ ਚਿੱਟਾ ਪੈ ਜਾਂਦਾ ਹੈ ਭਾਵ ਘਬਰਾਹਟ ਨਾਲ ਰੰਗ ਬਦਲ ਜਾਂਦਾ ਹੈ। ਇਸੇ ਤਰ੍ਹਾਂ ਇਹ ਸਰੀਰ ਮਨੁੱਖ ਦੇ ਕੀਤੇ ਕਰਮਾਂ ਦਾ ਖੇਤ ਹੈ, ਜੋ ਕੁਝ ਮਨੁੱਖ ਇਸ ਵਿੱਚ ਬੀਜਦਾ ਹੈ, ਉਹੀ ਫ਼ਸਲ ਵੱਢਦਾ ਹੈ ਭਾਵ ਜੇਹੇ ਕਰਮ ਕਰਦਾ ਹੈ, ਤੇਹਾ ਫਲ ਪਾਂਦਾ ਹੈ। ਗੁਰੂ ਜੀ ਸਮਝਾਉਂਦੇ ਹਨ ਕਿ ਜਿਨ੍ਹਾਂ ਦਾ ਰਾਖਾ ਤੇ ਹਿਤੂ ਗੁਰੂ ਬਣਦਾ ਹੈ, ਉਹ ਨਰਕ ’ਚ ਨਹੀਂ ਪਾਏ ਜਾਂਦੇ (ਕਿਉਂਕਿ ਗੁਰੂ ਦੀ ਕਿਰਪਾ ਨਾਲ) ਉਹ ਪ੍ਰਭੂ ਦੀ ਸ਼ਰਨ ’ਚ ਆ ਚੁੱਕੇ ਹੁੰਦੇ ਹਨ। ਗੁਰੂ ਉਹਨਾਂ ਨੂੰ ਪ੍ਰਭੂ ਦੇ ਚਰਨ-ਰੂਪ ਜਹਾਜ਼ (’ਚ ਚੜ੍ਹਾ) ਲੈਂਦਾ ਹੈ ‘‘ਭਾਦੁਇ, ਭਰਮਿ ਭੁਲਾਣੀਆ; ਦੂਜੈ ਲਗਾ ਹੇਤੁ ਲਖ ਸੀਗਾਰ ਬਣਾਇਆ; ਕਾਰਜਿ ਨਾਹੀ ਕੇਤੁ ਜਿਤੁ ਦਿਨਿ, ਦੇਹ ਬਿਨਸਸੀ; ਤਿਤੁ ਵੇਲੈ ਕਹਸਨਿ ਪ੍ਰੇਤੁ ਪਕੜਿ ਚਲਾਇਨਿ ਦੂਤ ਜਮ; ਕਿਸੈ ਦੇਨੀ ਭੇਤੁ ਛਡਿ ਖੜੋਤੇ ਖਿਨੈ ਮਾਹਿ; ਜਿਨ ਸਿਉ ਲਗਾ ਹੇਤੁ ਹਥ ਮਰੋੜੈ ਤਨੁ ਕਪੇ; ਸਿਆਹਹੁ ਹੋਆ ਸੇਤੁ ਜੇਹਾ ਬੀਜੈ, ਸੋ ਲੁਣੈ; ਕਰਮਾ ਸੰਦੜਾ ਖੇਤੁ ਨਾਨਕ  ! ਪ੍ਰਭ ਸਰਣਾਗਤੀ; ਚਰਣ ਬੋਹਿਥ ਪ੍ਰਭ ਦੇਤੁ ਸੇ ਭਾਦੁਇ, ਨਰਕਿ ਪਾਈਅਹਿ; ਗੁਰੁ ਰਖਣ ਵਾਲਾ ਹੇਤੁ ’’ (ਮਾਝ ਬਾਰਹਮਾਹਾ/ਮਹਲਾ /੧੩੪)

ਭਾਦੋਂ ਦੇ ਮਹੀਨੇ ਸਿਲ੍ਹ ਤੇ ਗਰਮੀ ਦੇ ਮਿਲਵੇਂ ਮੌਸਮ ’ਚ ਖ਼ਾਸ ਕਿਸਮ ਦੀ ਬਨਸਪਤੀ ਉੱਗਦੀ ਹੈ, ਜਿਨ੍ਹਾਂ ਨੂੰ ਖੁੰਬਾਂ ਕਿਹਾ ਜਾਂਦਾ ਹੈ। ਆਪਣੇ ਸਫ਼ੈਦ (ਚਿੱਟੇ) ਰੰਗ ’ਚ ਇਹ ਬਹੁਤ ਸੁੰਦਰ ਲੱਗਦੀਆਂ ਹਨ, ਪਰ ਇਨ੍ਹਾਂ ਖੁੰਬਾਂ ਦੀ ਉਮਰ ਬਹੁਤ ਛੋਟੀ ਹੁੰਦੀ ਹੈ; ਜਿੰਨੀ ਜਲਦੀ ਇਹ ਉੱਗਦੀਆਂ ਹਨ, ਓਨੀ ਤੇਜ਼ੀ ਨਾਲ ਨਾਸ ਵੀ ਹੋ ਜਾਂਦੀਆਂ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ ੧੧੯੬ ’ਤੇ ਦਰਜ ਸ਼ਬਦ ਦੀਆਂ ਰਹਾਉ ਵਾਲੀਆਂ ਤੁਕਾਂ ’ਚ ਇਨ੍ਹਾਂ ਖੁੰਬਾਂ ਦੀ ਉਦਾਹਰਨ ਦੇ ਕੇ ਆਪਣੇ ਆਪ ’ਤੇ ਮਾਣ ਕਰਨ ਵਾਲੀ ਜਿੰਦ ਨੂੰ ਭਗਤ ਰਵਿਦਾਸ ਜੀ ਸਮਝਾਉਂਦੇ ਹਨ ਕਿ ਹੇ ਕਮਲੀ ਜਿੰਦੇ ! ਤੂੰ ਕਿਉਂ ਮਾਣ ਕਰਦੀ ਹੈਂ ? ਤੂੰ ਤਾਂ ਉਸ ਖੁੰਬ ਨਾਲੋਂ ਭੀ ਛੇਤੀ ਨਾਸ ਹੋ ਜਾਣ ਵਾਲੀ ਹੈਂ, ਜੋ ਭਾਦਰੋਂ ’ਚ (ਉੱਗਦੀ ਹੈ) ‘‘ਤੂ, ਕਾਂਇ ਗਰਬਹਿ; ਬਾਵਲੀ  ! ਜੈਸੇ, ਭਾਦਉ ਖੂੰਬਰਾਜੁ; ਤੂ, ਤਿਸ ਤੇ ਖਰੀ ਉਤਾਵਲੀ ਰਹਾਉ ’’ (ਭਗਤ ਰਵਿਦਾਸ ਜੀ/੧੧੯੬)

ਸੋ ਸਪਸ਼ਟ ਹੈ ਕਿ ਗੁਰਬਾਣੀ ’ਚ ਜਿੱਥੇ ਭਾਦੋਂ ਮਹੀਨੇ ਦੀ ਰੁੱਤ ਦੇ ਬਦਲਵੇਂ ਮੌਸਮਾਂ ਅਤੇ ਉਨ੍ਹਾਂ ਮੌਸਮਾਂ ਦਾ ਜੀਵ ਜੰਤੂਆਂ ਅਤੇ ਬਨਸਪਤੀ ’ਤੇ ਪੈ ਰਹੇ ਪ੍ਰਭਾਵ ਦਾ ਜ਼ਿਕਰ ਕੀਤਾ ਹੈ, ਉੱਥੇ ਦੁਨੀਆਵੀ ਉਦਾਹਰਨਾਂ ਦੇ ਕੇ ਅਧਿਆਤਮਿਕ ਤੌਰ ’ਤੇ ਪ੍ਰਭੂ ਪ੍ਰੇਮ ’ਚ ਜੋੜਨ ਦਾ ਉਪਦੇਸ਼ ਵੀ ਦਿੱਤਾ ਹੈ।

ਪੁਰਾਣੇ ਸਿੱਖ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਪਿਆਰਾ ਭਾਈ ਦਯਾ ਸਿੰਘ ਜੀ; ਜੋ ਸੰਨ 1699 ’ਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖ਼ਾਲਸਾ ਸਾਜਣਾ ਸਮੇਂ ਪੰਜ ਪਿਆਰਿਆਂ ਦੀ ਚੋਣ ਕਰਨ ਸਮੇਂ ਸਭ ਤੋਂ ਪਹਿਲੇ ਸੀਸ ਭੇਟ ਕਰਨ ਆਏ ਸਨ, ਉਨ੍ਹਾਂ ਦਾ ਪਹਿਲਾ ਨਾਮ ਦਯਾ ਰਾਮ ਜੀ ਸੀ ਅਤੇ ਜਨਮ ਲਾਹੌਰ ਨਿਵਾਸੀ ਭਾਈ ਸੁੱਧਾ ਜੀ ਅਤੇ ਮਾਤਾ ਦਿਆਲੀ ਜੀ ਦੇ ਘਰ ੧੨ ਭਾਦੋਂ ਸੰਮਤ 1718/ 12 ਅਗਸਤ 1661 ਨੂੰ ਹੋਇਆ ਸੀ। ਅੰਮ੍ਰਿਤ ਛਕਣ ਤੋਂ ਬਾਅਦ ਆਪ ਦਾ ਨਾਂ ਭਾਈ ਦਯਾ ਸਿੰਘ ਰੱਖਿਆ ਗਿਆ। ਉਨ੍ਹਾਂ ਦਾ ਜਨਮ ਦਿਨ ਨਾਨਕਸ਼ਾਹੀ ਕੈਲੰਡਰ ਮੁਤਾਬਕ ੧੨ ਭਾਦੋਂ ਹਰ ਸਾਲ 27 ਅਗਸਤ ਨੂੰ ਆਉਂਦਾ ਹੈ।

ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਬਟਾਲਾ ਨਿਵਾਸੀ ਪਿਤਾ ਮੂਲ ਚੰਦ ਜੀ ਅਤੇ ਮਾਤਾ ਚੰਦੋਰਾਣੀ ਦੀ ਸਪੁੱਤਰੀ ਬੀਬੀ ਸੁਲੱਖਣੀ ਜੀ ਨਾਲ ੧੫ ਭਾਦੋਂ ਸੰਮਤ ੧੬੪੪/ 15 ਅਗਸਤ 1587 ਨੂੰ ਹੋਇਆ ਸੀ। ਜੰਞ ਦੇ ਉਤਾਰੇ ਸਮੇਂ ਜਿਸ ਕੰਧ ਦੇ ਕੋਲ਼ ਗੁਰੂ ਨਾਨਕ ਸਾਹਿਬ ਜੀ ਨੂੰ ਬਿਠਾਇਆ ਗਿਆ, ਉਸ ਕੰਧ ਦਾ ਕੁਝ ਹਿੱਸਾ ਹਾਲੀ ਤੱਕ ਮੌਜੂਦ ਹੈ; ਜਿੱਥੇ ਇਤਿਹਾਸਕ ਗੁਰਦੁਆਰਾ ਕੰਧ ਸਾਹਿਬ ਉਸਾਰਿਆ ਗਿਆ ਹੈ। ਸ੍ਰੋਮਣੀ ਕਮੇਟੀ ਦੇ ਕੈਲੰਡਰ ਅਨੁਸਾਰ ਇਸ ਸਥਾਨ ’ਤੇ ਹਰ ਸਾਲ ਬਾਬੇ ਦਾ ਵਿਆਹ ਪੁਰਬ ੧੫ ਭਾਦੋਂ ਨੂੰ ਮਨਾਇਆ ਜਾਂਦਾ ਹੈ, ਜੋ ਕਦੀ 30 ਅਗਸਤ ਅਤੇ ਕਦੀ 31 ਅਗਸਤ ਨੂੰ ਹੁੰਦਾ ਹੈ। ਵੈਸੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਇਹ ਦਿਹਾੜਾ ਹਰ ਸਾਲ ਹੀ ੧੫ ਭਾਦੋਂ/ 30 ਅਗਸਤ ਨੂੰ ਆਉਂਦਾ ਹੈ।

ਇੱਕ ਧਾਰਨ ਅਨੁਸਾਰ ਸ੍ਰੀ ਦਮਦਮਾ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਭਾਦੋਂ ਵਦੀ ੩, ੧੫ ਭਾਦੋਂ ਬਿਕ੍ਰਮੀ ਸੰਮਤ ੧੬੬੩/ 15 ਅਗਸਤ 1706 ਸੀ.ਈ. ਨੂੰ ਹੋਈ ਮੰਨੀ ਜਾ ਰਹੀ ਹੈ। ਸ੍ਰੋਮਣੀ ਕਮੇਟੀ ਦੇ ਕੈਲੰਡਰ ’ਚ ਸੰਪੂਰਨਤਾ ਦਿਵਸ ਹਰ ਸਾਲ ੧੫ ਭਾਦੋਂ ਨਿਸ਼ਚਿਤ ਕੀਤਾ ਜਾਂਦਾ ਹੈ, ਜੋ ਕਦੀ 30 ਅਗਸਤ ਅਤੇ ਕਦੀ 31 ਅਗਸਤ ਨਿਸ਼ਚਿਤ ਕੀਤਾ ਜਾਂਦਾ ਹੈ। ਵੈਸੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਇਹ ਦਿਹਾੜਾ ਹਰ ਸਾਲ ਹੀ ੧੫ ਭਾਦੋਂ/ 30 ਅਗਸਤ ਨੂੰ ਆਉਂਦਾ ਹੈ।