20.1 C
Jalandhar
Saturday, April 11, 2026
spot_img
Home Blog Page 203

ਭਾਦੁਇ ਭਰਮਿ ਭੁਲਾਣੀਆ, ਦੂਜੈ ਲਗਾ ਹੇਤੁ॥

0

ਭਾਦੁਇ ਭਰਮਿ ਭੁਲਾਣੀਆ, ਦੂਜੈ ਲਗਾ ਹੇਤੁ॥

ਗਿਆਨੀ ਅਵਤਾਰ ਸਿੰਘ

ਭਾਦੁਇ ਭਰਮਿ ਭੁਲਾਣੀਆ, ਦੂਜੈ ਲਗਾ ਹੇਤੁ॥ ਲਖ ਸੀਗਾਰ ਬਣਾਇਆ, ਕਾਰਜਿ ਨਾਹੀ ਕੇਤੁ॥

ਜਿਤੁ ਦਿਨਿ ਦੇਹ ਬਿਨਸਸੀ, ਤਿਤੁ ਵੇਲੈ ਕਹਸਨਿ ਪ੍ਰੇਤੁ॥ ਪਕੜਿ ਚਲਾਇਨਿ ਦੂਤ ਜਮ, ਕਿਸੈ ਨ ਦੇਨੀ ਭੇਤੁ॥

ਛਡਿ ਖੜੋਤੇ ਖਿਨੈ ਮਾਹਿ, ਜਿਨ ਸਿਉ ਲਗਾ ਹੇਤੁ॥ ਹਥ ਮਰੋੜੈ ਤਨੁ ਕਪੇ, ਸਿਆਹਹੁ ਹੋਆ ਸੇਤੁ॥

ਜੇਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤੁ॥ ਨਾਨਕ ! ਪ੍ਰਭ ਸਰਣਾਗਤੀ, ਚਰਣ ਬੋਹਿਥ ਪ੍ਰਭ ਦੇਤੁ॥

ਸੇ ਭਾਦੁਇ ਨਰਕਿ ਨ ਪਾਈਅਹਿ, ਗੁਰੁ ਰਖਣ ਵਾਲਾ ਹੇਤੁ॥ (ਮ:੫)

ਵੀਚਾਰ ਅਧੀਨ ਸ਼ਬਦ ਗੁਰੂ ਅਰਜੁਨ ਦੇਵ ਪਾਤਿਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਮਾਝ ਰਾਗ ਅਤੇ ਬਾਰਾਮਾਹਾਂ ਸਿਰਲੇਖ ਅਧੀਨ ਪੰਨਾ 134 ’ਤੇ ਦਰਜ ਹੈ। ਜਿਸ ਰਾਹੀਂ ਗੁਰੂ ਜੀ ਕੁਦਰਤੀ ਤੌਰ ’ਤੇ ਹੋ ਰਹੇ ਅਸਥਾਈ ਮੌਸਮੀ ਪਰਿਵਰਤਨ ਨੂੰ ਆਧਾਰ ਬਣਾ ਕੇ ਜੀਵ ਨੂੰ ਅਸਥਾਈ ਆਕਾਰ (ਜਗਤ) ਦੀ ਅਸਲੀਅਤ ਦੀ ਸੋਝੀ ਕਰਵਾ ਰਹੇ ਹਨ। ‘ਭਾਦਉ’ ਮਹੀਨੇ ਦਾ ਪਹਿਲਾ ਅੱਖਰ ‘ਭ’ ਹੋਣ ਕਾਰਨ ਵਿਸ਼ਾ ਵੀ ‘ਭਰਮ’ ਪ੍ਰਧਾਨ ਵਰਤਿਆ ਗਿਆ ਹੈ।

ਪ੍ਰਸ਼ਨ- ਭਰਮ ਕੀ ਹੈ ?

ਉੱਤਰ-ਅਗਰ ਕੋਈ ਵੈਦ ਕਿਸੇ ਮਰੀਜ ਨੂੰ ਸੁਭ੍ਹਾ ਸਾਮ (ਦੋ ਵਕਤ) ਦਵਾ ਖਾਣ ਨੂੰ ਕਹੇ ਅਤੇ ਨਾਲ ਹਦਾਇਤ ਕਰੇ ਕਿ ਸੁਭ੍ਹਾ ਦਵਾ ਸੱਜਾ ਪੈਰ ਚੁੱਕ ਕੇ ਖੜ ਕੇ ਖਾਣੀ ਹੈ ਅਤੇ ਸ਼ਾਮ ਨੂੰ ਇਸ ਤੋਂ ਵਿਪ੍ਰੀਤ ਖੱਬਾ ਪੈਰ ਚੁੱਕ ਕੇ ਖਾਣੀ ਹੈ। ਰੋਗੀ ਦੇ ਠੀਕ ਹੋਣ ਤੋਂ ਉਪਰੰਤ ਉਸ ਦੇ ਮਨ ਵਿੱਚ ਕੀਤੀ ਪੈਰ ਚੁੱਕਣ ਵਾਲੀ ਕ੍ਰਿਆ ਦਾ ਹੀ ਪ੍ਰਭਾਵ ਰਹੇਗਾ ਜਦਕਿ ਰੋਗ ਦਵਾ ਨਾਲ ਦੂਰ ਹੋਇਆ ਸੀ। ਭਾਵ ਸਚਾਈ ਕੁਝ ਹੋਰ ਸੀ ਜਦਕਿ ਬਹਿਮ (ਵਿਸ਼ਵਾਸ) ਕਿਸੇ ਹੋਰ ’ਤੇ ਟਿਕ ਗਿਆ। ਇਸ ਨੂੰ ਭਰਮ ਆਖਦੇ ਹਨ। ‘‘ਮਾਧਵੇ ! ਕਿਆ ਕਹੀਐ ਭ੍ਰਮੁ ਐਸਾ॥ ਜੈਸਾ ਮਾਨੀਐ, ਹੋਇ ਨ ਤੈਸਾ ॥’’ (ਭਗਤ ਰਵਿਦਾਸ/੬੫੮)

ਪ੍ਰਮਾਤਮਾ ਸਰਬ ਵਿਆਪਕ ਸ਼ਕਤੀਮਾਨ ਅਤੇ ਹਰ ਇੱਕ ਦਾ ਮਦਦਗਾਰ, ਅਸਲ ਸਚਾਈ ਹੈ ਪਰ ਭਰਮ (ਅਨੇਕਾਂ ਮਨੌਤਾਂ ’ਤੇ ਕੀਤਾ ਗਿਆ ਵਿਸਵਾਸ) ਅਸਲ ਸਚਾਈ ’ਤੇ ਵਿਸਵਾਸ ਬਣਨ ਨਹੀਂ ਦੇਂਦਾ ਹੈ। ਸੰਸਾਰਕ ਤਮਾਮ ਅਸਥਾਈ ਰਿਸਤੇਦਾਰੀਆਂ, ਦੋਸਤੀਆਂ ਨੂੰ ਅਗਰ ਜੀਵ ਸਦੀਵੀ ਸਾਥੀ ਮੰਨੀ ਬੈਠਾ ਹੈ ਤਾਂ ਇਹ ਮਮਤਾ ਹੈ, ਮਾਯਾ (ਛਲ) ਹੈ, ਭਰਮ ਹੈ। ‘‘ਲੋਗਾ ! ਭਰਮਿ ਨ ਭੂਲਹੁ ਭਾਈ ॥ ਖਾਲਿਕੁ ਖਲਕ, ਖਲਕ ਮਹਿ ਖਾਲਿਕੁ, ਪੂਰਿ ਰਹਿਓ ਸ੍ਰਬ ਠਾਂਈ ॥ (ਭਗਤ ਕਬੀਰ/੧੩੫੦) ਭਾਵ ਖ਼ਲਕਤ (ਪ੍ਰਜਾ) ਦਾ ਮਾਲਕ ਪ੍ਰਭੂ ਖ਼ਲਕਤ ਵਿੱਚ ਹੀ ਸਮਾਇਆ ਹੋਇਆ ਹੈ। ਜਿਵੇਂ ਹਿਰਨ ਦੇ ਨਾਭੀ ’ਚ ਕਸਤੂਰੀ ਹੋਣ ਦੇ ਬਾਵਜ਼ੂਦ ਉਸ ਨੂੰ ਲੱਭਣ ਲਈ ਹਿਰਨ ਵਾਂਗ ਬਾਹਰ ਨਾ ਭਟਕਣਾ, ਭਰਮ ’ਚ ਨਾ ਪੈਣਾ- ‘‘ਜਿਉ, ਕਸਤੂਰੀ ਮਿਰਗੁ ਨ ਜਾਣੈ, ਭ੍ਰਮਦਾ ਭਰਮਿ ਭੁਲਾਇਆ ॥’’ (ਮ:੩/੬੪੪)

ਭਰਮ ਦੇ ਅਨੇਕਾਂ ਰੂਪ ਹਨ। ਇਉਂ ਵੀ ਆਖ ਸਕਦੇ ਹਾਂ ਕਿ ਜੀਵ ਦੇ ਹਰ ਕਦਮ ਪੁੱਟਣ ’ਤੇ ਭਰਮ ਆਰੰਭ ਹੁੰਦਾ ਹੈ ਜੋ ਕਿ ਮੌਤ ਤੋਂ ਉਪਰੰਤ ਹੀ ਭਰਮ ਖ਼ਤਮ ਹੁੰਦਾ ਹੈ। ਇਹੀ ਭਰਮ ਰੂਪ ਮਾਯਾ ਜੀਵ ਨੂੰ ਸੱਚ ਪ੍ਰਭੂ ਤੋਂ ਦੂਰ ਲੈ ਜਾਂਦੀ ਹੈ। ਗੁਰਬਾਣੀ ’ਚ ਭਰਮ ਦੇ ਕਈ ਰੂਪ ਵਿਖਾਏ ਗਏ ਹਨ ਜਿਵੇਂ ਕਿ-(1). ਦੁਨਿਆਵੀ ਮੋਹ ਮਮਤਾ ਰਾਹੀਂ ਭਰਮ ਬਣਾ ਕੇ ਜੀਵ ਕੁਰਾਹੇ ਪੈ ਗਿਆ- ‘‘ਮਮਤਾ ਲਾਇ, ਭਰਮਿ ਭੁੋਲਾਇਆ॥’’ (ਮ:੩/੧੧੨੮)

(2). ਦੁਨਿਆਵੀ ਅਸਥਾਈ ਮਦਦਗਾਰ ਰਿਸਤਿਆਂ ਨੂੰ ਸਥਾਈ ਮੰਨਣ ਵਾਲੇ ਭਰਮ ਕਾਰਨ ਜੀਵ ਬੁਧੀ ਵਿਕਸਤ ਨਹੀਂ ਹੁੰਦੀ- ਇਹੁ ਕੁਟੰਬੁ ਸਭੁ ਜੀਅ ਕੇ ਬੰਧਨ ਭਾਈ! ਭਰਮਿ ਭੁਲਾ ਸੈਂਸਾਰਾ॥ (ਮ:੩/੬੦੨)

(3). ਤੀਰਥ ਇਸਨਾਨ ਦੀ ਰਾਹੀਂ ਸਰੀਰ ਧੋਤਿਆਂ ਮਨ ਸ਼ੁੱਧ ਨਹੀਂ ਹੁੰਦਾ। ਸਰੀਰ ਧੋਣ ਨੂੰ ਹੀ ਮਨ ਸ਼ੁੱਧ ਹੋਣਾ ਕਹਿਣਾ, ਭਰਮ ਹੈ-ਅਠਸਠਿ ਤੀਰਥ ਭਰਮਿ ਵਿਗੂਚਹਿ, ਕਿਉ ਮਲੁ ਧੋਪੈ ਪਾਪੈ ॥ (ਮ:੧/੧੦੧੩) ਕਿਉਂਕਿ ਕਦੀਂ ਵੀ ਸੱਪ ਦੀ ਵਰਮੀ (ਖੱਡ) ਬੰਦ ਕਰਨ ਨਾਲ ਸੱਪ ਨਹੀਂ ਮਰਦਾ-‘‘ਵਰਮੀ ਮਾਰੀ, ਸਾਪੁ ਨ ਮੂਆ॥’’ (ਮ: ੫/੧੩੪੮)

(4). ਕਿਸੇ ਮਨੁੱਖਾ ਸਰੀਰ ’ਤੇ ਹਮਲਾ ਹੋਣ ਕਾਰਨ ਸਭ ਤੋਂ ਵੱਧ ਮਦਦਗਾਰ ਸਾਡਾ ਹੱਥ ਹੁੰਦਾ ਹੈ ਕਿਉਂਕਿ ਇਹ ਸਰੀਰਕ ਇੰਦਿ੍ਰਆਂ ਵਿੱਚੋਂ ਸਭ ਤੋਂ ਪਹਿਲਾਂ ਹਰਕਤ ’ਚ ਆਉਂਦਾ ਹੈ। ਪ੍ਰਮਾਤਮਾ; ਸਰਬ ਵਿਆਪਕ ਹੋਣ ਕਾਰਨ ਹੱਥ ਤੋਂ ਵੀ ਨਜਦੀਕ ਮਦਦਗਾਰ ਹੈ-‘‘ਸਰਬੇ ਏਕੁ, ਅਨੇਕੈ ਸੁਆਮੀ, ਸਭ ਘਟ ਭੁੋਗਵੈ ਸੋਈ॥ ਕਹਿ ਰਵਿਦਾਸ, ਹਾਥ ਪੈ ਨੇਰੈ, ਸਹਜੇ ਹੋਇ ਸੁ ਹੋਈ॥’’ (ਭਗਤ ਰਵਿਦਾਸ/੬੫੮) ਇਸ ਸਚਾਈ ’ਤੇ ਵਿਸਵਾਸ ਨਾ ਕਰਨਾ ਇਉਂ ਭਰਮ ਹੈ ਜਿਵੇਂ ਕੋਈ ਰਾਜਾ ਸੁਫਨੇ ’ਚ ਭਿਖਾਰੀ ਬਣ ਜਾਏ, ਰੱਸੀ; ਸੱਪ ਵਿਖਾਈ ਦੇਵੇ ਆਦਿ-‘‘ਨਰਪਤਿ ਏਕੁ ਸਿੰਘਾਸਨਿ ਸੋਇਆ, ਸੁਪਨੇ ਭਇਆ ਭਿਖਾਰੀ॥ ਅਛਤ ਰਾਜ ਬਿਛੁਰਤ ਦੁਖੁ ਪਾਇਆ..॥ ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ॥.. ਸੋ ਗਤਿ ਭਈ ਹਮਾਰੀ॥’’ (ਭਗਤ ਰਵਿਦਾਸ/੬੫੮)ਆਦਿ।

ਗੁਰਬਾਣੀ ਦੇ ਇਤਨੇ ਸਪੱਸ਼ਟ ਪ੍ਰਮਾਣ ਮੌਜੂਦ ਹੋਣ ’ਦੇ ਬਾਵਜ਼ੂਦ ਵੀ ਸਿੱਖ ਸਮਾਜ ’ਚ ਅੱਜ ਅਨੇਕਾਂ ਭ੍ਰਮ ਹਨ ਜਿਵੇਂ-

(1). ਬਿਨਾ ਸੁਣੇ, ਸਮਝੇ ਅਤੇ ਵੀਚਾਰੇ ਕੇਵਲ ਭਾੜੇ ’ਤੇ ਕਰਵਾਏ ਜਾ ਰਹੇ ਪਾਠਾਂ ਦਾ ਲਾਭ ਪ੍ਰਾਪਤ ਕਰਨ ਦਾ ਭਰਮ।

(2). ਸ਼ਹੀਦਾਂ ਦੀਆਂ ਸਮਾਧਾਂ, ਕਬਰਾਂ ਆਦਿ ਪੱਥਰ ’ਚ ਸ਼ਕਤੀ ਹੋਣ ਦਾ ਭਰਮ।

(3). ਸ੍ਰੀ ਸਾਹਿਬ ਨੂੰ ਸਰੀਰ ਤੋਂ ਅਲੱਗ ਨਾ ਕਰਨ ਦਾ ਭਰਮ, ਜਿਸ ਕਾਰਨ ਨਿਜੀ ਅਤੇ ਬੇ ਸਹਾਰਿਆਂ ਦੀ ਮਦਦ ਲਈ ਯੋਗ (ਵੱਡੀ) ਸ੍ਰੀ ਸਾਹਿਬ ਰੱਖਣ ਦੀ ਬਜਾਏ ਮਿਆਨ ਰਹਿਤ (ਜਨੇਉ ਵਾਂਗ) ਸ੍ਰੀ ਸਾਹਿਬ ਰੱਖਣੀ।

(4) ਧਾਰਮਿਕ ਵੋਟ ਸ਼ਕਤੀ ਰਾਹੀਂ ਸੁਆਰਥੀ ਲੋਕਾਂ ਦਾ ਗੋਲਕ ’ਤੇ ਇਸ ਭਰਮ ’ਚ ਕਬਜਾ ਕਰਵਾਉਣਾ ਕਿ ਇਹ ਗੁਰਮਤਿ ਦਾ ਪ੍ਰਚਾਰ ਕਰਨਗੇ।

(5). ਕਿਸੇ ਸ਼ੁਭ ਕਰਮ ਕਰਨ ’ਤੇ ਸਰੋਂ ਦਾ ਤੇਲ ਡੋਲਣ ਦਾ ਭਰਮ।

(6). ਔਰਤਾਂ ਨੂੰ ਅੰਮ੍ਰਿਤ ਸੰਚਾਰ ’ਚ ਸ਼ਾਮਲ ਨਾ ਕਰਨਾ ਦਾ ਭਰਮ।

(7). ਬ੍ਰਤ ਰੱਖਣ ਦਾ ਭਰਮ।

(8). ਸਰੀਰਕ ਦੁੱਖਾਂ ਦੀ ਨਿਵਿਰਤੀ ਲਈ ਸੁਖਮਨੀ, ਚੌਪਈ, ਦੁੱਖ ਭੱਜਨੀ ਗੁਟਕਾ ਆਦਿ ਬਾਣੀ ਦੀ ਟੇਕ ਲੈਣੀ ਜਾਂ ਦੁੱਖ ਭੱਜਨੀ ਬੇਰੀ ਹੇਠਾਂ ਹੀ ਇਸਨਾਨ ਕਰਨ ਵਾਲਾ ਭਰਮ ਜਦਕਿ ਸਰੀਰਕ ਦੁੱਖਾਂ ਲਈ ਗੁਰੂ ਨਾਨਕ ਦੇਵ ਜੀ ਫ਼ੁਰਮਾਨ ਕਰ ਰਹੇ ਹਨ-‘‘ਨਾਨਕ! ਬੋਲਣੁ ਝਖਣਾ, ਦੁਖ ਛਡਿ ਮੰਗੀਅਹਿ ਸੁਖ॥ ਸੁਖੁ ਦੁਖੁ ਦੁਇ, ਦਰਿ ਕਪੜੇ, ਪਹਿਰਹਿ ਜਾਇ ਮਨੁਖ॥ ਜਿਥੈ ਬੋਲਣਿ ਹਾਰੀਐ, ਤਿਥੈ ਚੰਗੀ ਚੁਪ॥’’ (ਮ:੧/੧੪੯) ਭਾਵ ਸਰੀਰਕ ਦੁੱਖਾਂ ਦੀ ਨਿਵਿਰਤੀ ਲਈ ਪ੍ਰਭੂ ਅੱਗੇ ਬੇਨਤੀ ਕਰਨੀ ਉਸ ਮੰਗਤੇ ਦੀ ਤਰ੍ਹਾਂ ਝੱਖਣਾ ਮਾਰਨਾ ਹੈ ਜੋ ਬਿਨਾ ਭੀਖ ਮਿਲਿਆਂ ਸਾਡੇ ਦਰ ’ਤੇ ਆਵਾਜ (ਝੱਖ) ਮਾਰ ਕੇ ਚਲਾ ਗਿਆ।

(ਨੋਟ-ਯਾਦ ਰਹੇ ਗੁਰਬਾਣੀ ਸਰੀਰਕ ਦੁੱਖਾਂ ਦਾ ਮੁਕਾਬਲਾ ਕਰਨ ਲਈ ਆਤਮਿਕ ਬਲ ਬਖ਼ਸ਼ਸ਼ ਕਰਦੀ ਹੈ।) ਸਰੀਰਕ ਦੁੱਖ ਤਾਂ ਅਧਿਆਤਮਕ ਜੀਵਨ (ਵਿਕਾਸ) ਦੀ ਆਰੰਭਤਾ ਹੁੰਦਾ ਹੈ-‘‘ਦੂਖਾ ਤੇ ਸੁਖ ਊਪਜਹਿ, ਸੂਖੀ ਹੋਵਹਿ ਦੂਖ॥ (ਮ:੧/੧੩੨੮), ਦੁਖੁ ਦਾਰੂ, ਸੁਖੁ ਰੋਗੁ ਭਇਆ, ਜਾ ਸੁਖੁ ਤਾਮਿ ਨ ਹੋਈ॥’’ (ਮ:੧/੪੬੯)

(9). ਗੁਰਬਾਣੀ (ਨਿਤਨੇਮ) ਕੇਵਲ ਅੰਮ੍ਰਿਤ ਵੇਲੇ ਹੀ ਪੜ੍ਹਣ ਵਾਲਾ ਭਰਮ, ਜੋ ਸੰਗਤੀ ਤੌਰ ’ਤੇ ਹੋ ਰਹੀ ਸ਼ਬਦ ਵੀਚਾਰ ਜਾਂ ਕੀਰਤਨ ਦਾ ਲਾਭ ਲੈਣ ਦੀ ਬਜਾਏ ਗੁਟਕਾ ਚੁੱਕ ਕੇ ਪਾਠ ਕਰਨ ’ਚ ਮਗਨ ਰਹਿਣਾ (ਜੋ ਕਿ ਨਿਜੀ ਘਰੇਲੂ ਕੰਮ ਸੀ), ਵੀ ਭਰਮ ਹੈ। ਅੰਮ੍ਰਿਤ ਵੇਲੇ ਦੀ ਅਹਿਮੀਅਤ ਮਨ ਦੀ ਇਕਾਗਰਤਾ ਅਤੇ ਸ਼ਾਂਤ ਵਾਤਾਵਰਨ ਕਾਰਨ ਸੀ/ਹੈ ਕਿਉਂਕਿ ਦੂਜੇ ਪਹਿਰ (ਸੂਰਜ ਚੜ੍ਹੇ) ਮਨ; ਦੁਨਿਆਵੀ ਕੰਮਾਂ ਦੇ ਰੁਝੇਵਿਆਂ ’ਚ ਖੱਚਤ ਹੋ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਦਾ ਫ਼ੁਰਮਾਨ ਹੈ-‘‘ਸਬਾਹੀ ਸਾਲਾਹ, ਜਿਨੀ ਧਿਆਇਆ ਇਕ ਮਨਿ॥ ਸੇਈ ਪੂਰੇ ਸਾਹ, ਵਖਤੈ ਉਪਰਿ ਲੜਿ ਮੁਏ॥ ਦੂਜੈ ਬਹੁਤੇ ਰਾਹ, ਮਨ ਕੀਆ ਮਤੀ ਖਿੰਡੀਆ॥ ਬਹੁਤੁ ਪਏ ਅਸਗਾਹ, ਗੋਤੇ ਖਾਹਿ ਨ ਨਿਕਲਹਿ॥.. ਸਭੇ ਵੇਲਾ ਵਖਤ ਸਭਿ, ਜੇ ਅਠੀ ਭਉ ਹੋਇ॥ ਨਾਨਕ ! ਸਾਹਿਬੁ ਮਨਿ ਵਸੈ, ਸਚਾ ਨਾਵਣੁ ਹੋਇ॥’’ ਮ:੧/੧੪੬) ਭਾਵ ਅੰਮ੍ਰਿਤ ਵੇਲਾ ਜੀਵਨ ਨੂੰ ਕੇਵਲ ਹੁਲਾਰਾ (ਧੱਕਾ) ਦੇਣ ਲਈ ਹੀ ਹੈ ਜੇ ਇਸ ਦਾ ਯੋਗ ਪ੍ਰਯੋਗ ਕੀਤਾ ਜਾਵੇ (ਇਕਾ ਬਾਣੀ, ਇਕੁ ਗੁਰੁ, ਇਕੋ ਸਬਦੁ ਵੀਚਾਰਿ॥ ਮ:੩/੬੪੬) ਭਾਵ ਸ਼ਬਦ ਵੀਚਾਰ ਜਾਂ ਕੀਰਤਨ ਜਾਂ ਪਾਠ ਕੇਵਲ ਇੱਕ ਹੀ ਹੋਵੇ) ਨਹੀਂ ਤਾਂ ਸੋਚੋ ਕਿ ਗੁਰੂ ਅਮਰਦਾਸ ਜੀ ਇਸ ਵਾਕ ਰਾਹੀਂ ਕੀ ਸੰਦੇਸ ਦੇ ਰਹੇ ਹਨ ?-‘‘ਜੇ ਵੇਲਾ ਵਖਤੁ ਵੀਚਾਰੀਐ, ਤਾ ਕਿਤੁ ਵੇਲਾ ਭਗਤਿ ਹੋਇ॥’’ (ਮ:੩/੩੫) ਅਤੇ ‘‘ਮਾਰਗਿ ਚਲਤ, ਹਰੇ ਹਰਿ ਗਾਈਐ॥’’ (ਮ: ੫/੩੮੬) ਆਦਿ। ਕੀ ਬਾਣੀ ਦਾ ਪ੍ਰਭਾਵ ਕੇਵਲ ਅੰਮ੍ਰਿਤ ਵੇਲੇ ਗ੍ਰਹਿਣ ਕਰਨਾ ਹੈ ਸਾਰਾ ਦਿਨ ਨਹੀਂ ? ਜੋਤਾਂ ਜਗਾਉਣੀਆਂ, ਮੜ੍ਹੀਆਂ ਪੂਜਣੀਆਂ, ਜੰਤ੍ਰ ਮੰਤ੍ਰ ਤੰਤ੍ਰ ’ਤੇ ਟੇਕ ਰੱਖਣੀ, ਜੋਤਿਸ਼ ਵਿਦਿਆ, ਜਨਮ ਸੰਸਕਾਰ ਤੋਂ ਮਰਨ ਸੰਸਕਾਰ ਤੱਕ ਦੀਆਂ ਦੁਨਿਆਵੀ ਰਸਮਾਂ ਆਦਿ ਸਭ ਭਰਮ ਹੈ।

ਭਰਮ (ਝੂਠ) ਹਮੇਸਾਂ ਸੱਚ ਨਾਲੋਂ ਤੋੜਦਾ ਹੈ। ਭਰਮੀ ਵਿਅਕਤੀ ਕਿਸੇ ਵਿਸ਼ੇ (ਵਿਚਾਰਧਾਰਾ, ਗੁਰੂ ਉਪਦੇਸ) ਦੇ ਸਾਰ ਨੂੰ ਨਹੀਂ ਸਮਝਦਾ, ਜਿਸ ਕਾਰਨ ਪ੍ਰਭੂ ਸ਼ਕਤੀ ’ਚ ਵਿਸਵਾਸ ਨਹੀਂ ਬਣ ਸਕਦਾ ਕਿਉਂਕਿ ਉਸ ਦਾ ਵਿਸਵਾਸ ਪਹਿਲਾਂ ਹੀ ਬਹੁਤਿਆਂ ਅੰਧ ਵਿਸਵਾਸਾਂ ’ਤੇ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਦਾ ਫ਼ੁਰਮਾਨ ਹੈ- ‘‘ਮੂਲੁ ਨ ਬੂਝਹਿ, ਸਾਚਿ ਨ ਰੀਝਹਿ, ਦੂਜੈ ਭਰਮਿ ਭੁਲਾਈ ਹੇ ॥’’ (ਮ:੧/੧੦੨੪) ਭਾਵ ਉਹ ਜੀਵ ਸਚਾਈ ਦੇ ਮੂਲ (ਪ੍ਰਭੂ) ਨੂੰ ਨਹੀਂ ਸਮਝਦੇ, ਸੱਚੇ ਸਰਬ ਵਿਆਪਕ ਮਾਲਕ ਵਿੱਚ ਜੁੜ ਕੇ ਖੁਸ਼ ਨਹੀਂ ਹੁੰਦੇ। ਜੋ ਹੋਰ ਅੰਧ ਵਿਸਵਾਸਾਂ ਦੇ ਭਰਮ ’ਚ ਪੈ ਕੇ ਗ਼ਲਤ ਰਸਤੇ ਪਏ ਹੁੰਦੇ ਹਨ। ਅਜੇਹੀ ਦੁਰਦਸ਼ਾ ਤੋਂ ਕੇਵਲ ਗੁਰੂ ਉਪਦੇਸ਼ ਨੂੰ ਵੀਚਾਰ ਕੇ ਪ੍ਰਭੂ ਅਤੇ ਗੁਰੂ ਅੱਗੇ ਫ਼ਰਿਆਦ ਕਰਨਾ ਹੀ ਇਕ ਸਹੀ ਮਾਰਗ ਹੈ ਕਿਉਂਕਿ ਗੁਰੂ ਤੋਂ ਬਿਨਾ ਭਰਮ ਦਾ ਪੜਦਾ ਨਹੀਂ ਹੱਟਦਾ, ਪ੍ਰਭੂ ਪ੍ਰਾਪਤੀ ਨਹੀਂ ਹੁੰਦੀ, ਗੁਰੂ ਨਾਨਕ ਦੇਵ ਜੀ ਦਾ ਫ਼ੁਰਮਾਨ ਹੈ-‘‘ਗੁਰ ਪਰਸਾਦੀ ਹਰਿ ਪਾਈਐ, ਮਤੁ ਕੋ ਭਰਮਿ ਭੁਲਾਹਿ॥ (ਮ:੧/੯੩੬) ਜੀਵ ਇਸ ਸਮਝ ਤੋਂ ਬਿਨਾ ‘‘ਅਨੇਕ ਜੂਨੀ ਭਰਮਿ ਆਵੈ, ਵਿਣੁ ਸਤਿਗੁਰ, ਮੁਕਤਿ ਨ ਪਾਏ॥’’ (ਮ:੩/੯੨੦)

ਸਾਰ- ਭਰਮ ਝੂਠ ਹੈ ਜੋ ਸਰਬ ਵਿਆਪਕ ਪ੍ਰਭੂ ਸ਼ਕਤੀ ’ਤੇ ਵਿਸਵਾਸ ਬਣਨ ’ਚ ਰੁਕਾਵਟ ਹੈ।

ਪਦ ਅਰਥ- ਭਰਮਿ- ਅੰਧ ਵਿਸਵਾਸ ਵਿੱਚ।, ਹੇਤੁ-ਪ੍ਰੇਮ ਜਾਂ ਮੋਹ।, ਕੇਤੁ ਕਾਰਜਿ-ਕਿਸ ਕੰਮ ਵਿੱਚ।, ਜਿਤੁ ਦਿਨਿ- ਜਿਸ ਦਿਨ ਵਿੱਚ।, ਤਿਤੁ ਵੇਲੈ-ਉਸ ਵੇਲੇ ਵਿੱਚ।, ਕਹਸਨਿ-ਕਹਿਣਗੇ।, ਖਿਨੈ-ਅੱਖ ਦੇ ਫਰਕਣ ਜਿਨੇ ਸਮੇਂ ’ਚ।, ਕਪੇ- ਕੰਬਣਾ।, ਸਿਆਹਹੁ-ਕਾਲੇ ਵਾਲਾ (ਜੁਆਨੀ) ਤੋਂ।, ਸੇਤੁ- ਚਿੱਟਾ (ਬੁਢੇਪਾ)।, ਲੁਣੈ-ਵੱਢੀਦਾ ਹੈ, ਪ੍ਰਾਪਤ ਕਰੀਦਾ ਹੈ।, ਸੰਦੜਾ-ਦਾ।, ਖੇਤੁ-ਫਸਲ (ਪੂਜੀ)।, ਬੋਹਿਥ-ਜਹਾਜ, ਕਿਸਤੀ, ਸਹਾਰਾ।, ਨਰਕਿ-ਅੰਦਰੂਨੀ ਦੁੱਖ (ਵਿਕਾਰਾਂ) ਵਿੱਚ।, ਗੁਰੁ ਹੇਤੁ- ਗੁਰੂ ਪਿਆਰਾ।

ਸ਼ਬਦ ਅਰਥ- ਭਾਦੋਂ ਦੇ ਮਹੀਨੇ ’ਚ ਜੋ ਜੀਵ ਇਸਤ੍ਰੀ (ਅਸਲ ਸਰਬ ਵਿਆਪਕ ਮਾਲਕ ਤੋਂ ਬਿਨਾ ਕਿਸੇ) ਹੋਰ ਨਾਲ ਪ੍ਰੇਮ (ਮੋਹ) ਪਾ ਲੈਂਦੀ ਹੈ ਉਹ ਝੂਠੇ ਭਰਮ ਵਿੱਚ ਪੈ ਕੇ ਕੁਰਾਹੇ ਪੈ ਜਾਂਦੀ ਹੈ, ਪ੍ਰਭੂ ’ਚੋਂ ਵਿਛੁੜ ਜਾਂਦੀ ਹੈ। ਬੇਸ਼ੱਕ ਉਸ ਨੇ (ਪਤੀ ਮਾਲਕ ਨੂੰ ਖ਼ੁਸ ਕਰਨ ਲਈ ਬਾਹਰੋਂ) ਲੱਖਾਂ ਸ਼ਿੰਗਾਰ ਬਣਾਏ (ਧਾਰਮਿਕ ਰਸਮਾ ਕੀਤੀਆਂ ਪਰ) ਉਹ ਸਭ ਕਿਸੇ ਲੇਖੇ ਵਿੱਚ ਨਹੀਂ ( ਕਿਉਂਕਿ ਮਾਲਕ ਵਿਆਪਕ ਹੋਣ ਕਾਰਨ ਅੰਦਰੂਨੀ ਪ੍ਰੇਮ ਭਾਵਨਾ ਸਮਝਦਾ ਹੈ ਜੋ ਹੋਰਾਂ ਨਾਲ ਪ੍ਰੀਤ ਪਾਈ ਹੋਈ ਹੈ।) ਜਿਸ ਦਿਨ ਸਰੀਰਕ ਮੌਤ ਆਏਗੀ, ਉਸ ਦਿਨ (ਇਹ ਸਾਰੇ ਝੂਠੇ ਪ੍ਰੇਮੀ) ਭੂਤ ਆਖਣਗੇ। (ਆਤਮਾ ਨੂੰ ਦੰਡ ਦੇਣ ਲਈ) ਜਮਰਾਜ ਦੇ ਭੇਜੇ ਦੂਤ ਪਤਾ ਨਹੀਂ ਕਿਸ ਥਾਂ ਲੈ ਜਾਣਗੇ ਕਿਸੇ ਨੂੰ ਪਤਾ ਨਹੀਂ ਲੱਗੇਗਾ। ਜਿਹਨਾਂ ਝੂਠੇ ਪ੍ਰੇਮੀਆਂ ਨਾਲ (ਭਰਮ ਕਾਰਨ) ਦੋਸਤੀ ਪਾ ਕੇ ਜੀਵਨ ਵਿਅਰਥ ਗਵਾ ਲਿਆ ਉਹ ਸਾਰੇ ਸਾਥ ਛੱਡ ਗਏ।

ਜੀਵਨ ਦੌਰਾਨ ਜਵਾਨੀ ਤੋਂ ਬੁਢੇਪਾ ਆਉਣ ਕਾਰਨ ਸਰੀਰਕ ਸ਼ਕਤੀ ਸਾਥ ਨਹੀਂ ਦੇਂਦੀ। ਜੋ ਜੀਵਨ ’ਚ (ਚੰਗਾ-ਮੰਦਾ) ਬੀਜਿਆ ਸੀ ਉਹੀ ਮਿਲਦਾ ਹੈ, ਇਹ ਕਰਮ (ਸੁਭਾਵ) ਦੀ ਪੈਲੀ ਹੈ।

ਹੇ ਨਾਨਕ! ਆਖ ਕਿ ਜਿਹਨਾਂ ਜੀਵ ਇਸਤ੍ਰੀਆਂ ਦਾ (ਭਰਮ ਦਾ ਪੜਦਾ ਉਤਾਰਨ ਲਈ) ਰਖਵਾਲਾ ਗੁਰੂ ਬਣ ਜਾਂਦਾ ਹੈ ਉਹ ਇਸਤ੍ਰੀਆਂ ਭਾਦੋਂ ਦੇ ਮਹੀਨੇ ਵਿੱਚ ਵੀ ਨਰਕ (ਭਰਮ) ਵਿੱਚ ਨਹੀਂ ਪੈਂਦੀਆਂ। ਕਿਉਂਕਿ ਉਹ ਸਦਾ ਆਖਦੀਆਂ ਰਹਿੰਦੀਆਂ ਹਨ ਕਿ ਹੇ ਅਸਲ ਮਾਲਕ ਪ੍ਰਭੂ ! ਅਸੀਂ (ਭਰਮ ਦੀ ਬੇੜੀ ਕੱਟਣ ਲਈ) ਤੇਰੀ ਸ਼ਰਨ ਵਿੱਚ ਆਈਆਂ ਹਾਂ ਕਿਰਪਾ ਕਰਕੇ ਆਪਣਾ ਸਹਾਰਾ ਰੂਪ ਚਰਨ (ਗੁਣਾਂ ਦੀ ਦਾਤ) ਬਖ਼ਸ਼।

ਗੁਰੂ ਨਾਨਕ ਦੇਵ ਜੀ ਬਾਰਾਮਾਹਾਂ ਤੁਖਾਰੀ ਰਾਗ ’ਚ ਅੰਗ 1108 ’ਤੇ ਭਾਦੋਂ ਮਹੀਨੇ ਰਾਹੀਂ ਬਰਖਾ ਰੁਤ ਦੀ ਉਦਾਹਰਨ ਦੇਂਦਿਆਂ ਆਖ ਰਹੇ ਹਨ-ਭਾਦਉ ਭਰਮਿ ਭੁਲੀ, ਭਰਿ ਜੋਬਨਿ ਪਛੁਤਾਣੀ॥ ਜਲ ਥਲ ਨੀਰਿ ਭਰੇ, ਬਰਸ ਰੁਤੇ ਰੰਗੁ ਮਾਣੀ॥ ਬਰਸੈ ਨਿਸਿ ਕਾਲੀ, ਕਿਉ ਸੁਖੁ ਬਾਲੀ, ਦਾਦਰ ਮੋਰ ਲਵੰਤੇ॥ ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ, ਭੁਇਅੰਗਮ ਫਿਰਹਿ ਡਸੰਤੇ॥ ਮਛਰ ਡੰਗ ਸਾਇਰ ਭਰ ਸੁਭਰ, ਬਿਨੁ ਹਰਿ ਕਿਉ ਸੁਖੁ ਪਾਈਐ॥ਭਾਵ ਬਰਖਾ ਪਾਣੀ ਨਾਲ ਚਾਰੋਂ ਤਰਫ ਮੱਛਰ, ਡੱਡੂ, ਮੋਰ, ਬਬੀਹਾ, ਸੱਪ, ਕਾਲੇ ਬੱਦਲ ਆਦਿ ਸਭ ਮਸਤ ਹਨ ਪਰ ਭਰਮਾਂ ’ਚ ਪਈ ਜੁਆਨ ਇਸਤ੍ਰੀ ਅਸਲ ਪਤੀ ਮਿਲਾਪ ਤੋਂ ਬਿਨਾ ਕਿਵੇਂ ਆਨੰਦ ਪਾ ਸਕਦੀ ਹੈ ? ਅੰਤ ’ਚ ਗੁਰੂ ਜੀ ਇਸ ਸ਼ਬਦ ਰਾਹੀਂ ਵੀ ਗੁਰੂ ਉਪਦੇਸ਼ ਕਮਾ ਕੇ ਜਿੱਥੇ ਪ੍ਰਭੂ ਨਿਵਾਸ (ਭਰਮ ਰਹਿਤ) ਹੈ ਉਥੇ ਹੀ ਜਾਣਾ ਚਾਹੀਦਾ ਹੈ (ਨਾ ਕਿ ਝੂਠੇ ਅਸਥਾਈ ਭਰਮਾਂ ’ਚ ਪੈਣਾ ਚਾਹੀਦਾ ਹੈ।)

‘‘ਨਾਨਕ ! ਪੂਛਿ ਚਲਉ ਗੁਰ ਅਪੁਨੇ, ਜਹ ਪ੍ਰਭੁ, ਤਹ ਹੀ ਜਾਈਐ॥’’ (ਮ:੧/੧੧੦੮)

ਅਸੂ ਸੁਖੀ ਵਸੰਦੀਆ

0

ਅਸੂ ਸੁਖੀ ਵਸੰਦੀਆ

ਬੀਬੀ ਅਮਰ ਕੌਰ, ਜਲੰਧਰ-99881-76886

ਅਸੁਨਿ ਪ੍ਰੇਮ ਉਮਾਹੜਾ, ਕਿਉ ਮਿਲੀਐ ਹਰਿ ਜਾਇ॥ ਮਨਿ ਤਨਿ ਪਿਆਸ ਦਰਸਨ ਘਣੀ, ਕੋਈ ਆਣਿ ਮਿਲਾਵੈ ਮਾਇ॥

ਸੰਤ ਸਹਾਈ ਪ੍ਰੇਮ ਕੇ, ਹਉ ਤਿਨ ਕੈ ਲਾਗਾ ਪਾਇ॥ ਵਿਣੁ ਪ੍ਰਭ ਕਿਉ ਸੁਖੁ ਪਾਈਐ, ਦੂਜੀ ਨਾਹੀ ਜਾਇ॥

ਜਿੰਨੀ ਚਾਖਿਆ ਪ੍ਰੇਮ ਰਸੁ, ਸੇ ਤ੍ਰਿਪਤਿ ਰਹੇ ਆਘਾਇ॥ ਆਪੁ ਤਿਆਗਿ ਬਿਨਤੀ ਕਰਹਿ, ਲੇਹੁ ਪ੍ਰਭੂ ਲੜਿ ਲਾਇ॥

ਜੋ ਹਰਿ ਕੰਤਿ ਮਿਲਾਈਆ, ਸਿ ਵਿਛੁੜਿ ਕਤਹਿ ਨ ਜਾਇ॥ ਪ੍ਰਭ ਵਿਣੁ ਦੂਜਾ ਕੋ ਨਹੀ, ਨਾਨਕ ! ਹਰਿ ਸਰਣਾਇ॥

ਅਸੂ ਸੁਖੀ ਵਸੰਦੀਆ, ਜਿਨਾ ਮਇਆ ਹਰਿ ਰਾਇ॥੮॥ (ਮਾਝ ਬਾਰਹਮਾਹਾ, ਮ:੫/੧੩੫)

ਪਦ ਅਰਥ: ਅਸੁਨਿ- ਅੱਸੂ ਦੇ ਮਹੀਨੇ ਵਿੱਚ, ਉਮਾਹੜਾ-ਉਛਲ ਪੈਂਦਾ ਹੈ।, ਘਣੀ- ਬਹੁਤ, ਆਣਿ- ਲਿਆ ਕੇ, ਸਹਾਈ- ਮਦਦਗਾਰ, ਹਉ-ਮੈਂ, ਤਿਨ ਕੈ-ਉਨ੍ਹਾਂ ਦੇ, ਪਾਂਇ-ਚਰਨੀਂ, ਜਾਇ-ਆਸਰਾ (ਜਗ੍ਹਾ), ਚਾਖਿਆ-ਮਾਣਿਆ, ਆਘਾਇ-ਸੰਤੁਸਟ ਹੋ ਗਏ, ਆਪੁ-ਹੰਕਾਰ, ਕੰਤਿ-ਖਸਮ ਨੇ, ਮਇਆ-ਮਿਹਰ ।

ਅਰਥ: ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਬਾਰਹਾਮਾਹਾ ਰਾਗ ਮਾਝ ਦੀ ਇਸ ਪਉੜੀ ਨੰ. 8 ਰਾਹੀਂ ‘ਅੱਸੂ’ ਮਹੀਨੇ ਦੀ ਬਹਾਰ ਅਤੇ ਵਾਤਾਵਰਨ ’ਚ ਹੋ ਰਹੀ ਤਬਦੀਲੀ ਆਉਣ ਕਰਕੇ ਮਨੁੱਖੀ ਆਤਮਾ ਦੀ ਪ੍ਰਮਾਤਮਾ ਨਾਲ ਮਿਲਣ ਦੀ ਤੀਬਰ ਇੱਛਾ ਅਤੇ ਇਸ ਆਤਮਿਕ ਮਿਲਾਪ ਦੇ ਸੁਖ ਅਨੰਦ ਦਾ ਵਰਣਨ ਕਰਦੇ ਹਨ।

‘ਅੱਸੂ’ ਸ਼ਬਦ ਦੀ ਬਣਤਰ ਵਿੱਚ ਆਸ, ਉਮੀਦ, ਬੇਨਤੀ (ਜੋਦੜੀ), ਅਤੇ ਆਦਰਸ਼ ਦੀ ਸਹੀ ਸੇਧ ਵੱਲ ਉਤਸ਼ਾਹੀ ੳੂਰਜਾ ਦੇ ਹੁਲਾਰੇ ਕਾਰਨ ਜੀਵ ਇਸਤ੍ਰੀ ਦੇ ਅੰਦਰ ਅਕਾਲ ਪੁਰਖ ਦੇ ਦਰਸ਼ਨਾਂ ਅਤੇ ਪ੍ਰੀਤ-ਮਿਲਾਪ ਲਈ ਤੀਬਰ ਇੱਛਾ ਨੂੰ ਪ੍ਰਗਟਾਇਆ ਗਿਆ ਹੈ ਕਿਉਂਕਿ ਇਸ ਮਹੀਨੇ ਵਿੱਚ ਭਾਦਰੋਂ ਦੇ ਘੁੰਮੇ ਤੇ ਹੁੰਮਸ ਦਾ ਅਸਰ ਖ਼ਤਮ ਹੋਣ ’ਤੇ ਰੁੱਤ ਸੁਹਾਵਣੀ (ਨਾ ਗਰਮ ਅਤੇ ਨਾ ਸਰਦੀ) ਹੋਣ ਕਾਰਨ ਮਨ ਅਤੇ ਤਨ ਨੂੰ ਸੁਖੀ ਤੇ ਚਾਉ-ਉਮਾਹ, ਸਿਰਜਣਾਤਮਕ ਆਸਾਵਾਂ ਤੇ ਸਰਗਰਮੀਆਂ ਵੱਲ ਪ੍ਰੇਰਿਤ ਕਰਦੀ ਹੈ। ਤੀਬਰ ਇੱਛਾ ਦੀ ਪੂਰਤੀ ਲਈ ਆਪਣੇ ਪਿਆਰਿਆਂ ਅੱਗੇ ਤਰਲੇ ਪਾਉਂਦੀ ਹੋਈ ਕੂਕਦੀ ਹੈ ਕਿ ਪਿਆਰੇ ਪ੍ਰਭੂ ਨੂੰ ਕਿਵੇਂ ਮਿਲਿਆ ਜਾਵੇ ? ਕਿਉਂਕਿ ਉਸ ਨੂੰ ਪਤਾ ਹੈ ਕਿ ਪ੍ਰਭੂ ਪਿਆਰੇ ਦੇ ਦਰਸ਼ਨ ਕਰਕੇ ਹੀ ਜ਼ਿੰਦਗੀ ਦੀ ਕਾਇਆਂ-ਕਲਪ ਹੋਵੇਗੀ ਅਤੇ ਅਸਲੀ ਸੁਖ ਆਨੰਦ ਬਣੇਗਾ।

ਦੁਨਿਆਵੀ ਕਰਮਾਂ ਤੇ ਐਸਾਂ ਦੇ ਸਾਮਾਨ ਨੇ ਮਨ ਦੀ ਪਿਆਸ ਬੁਝਾਉਣ ਦੀ ਥਾਂ ਹੋਰ ਭੜਕੀ ਲਾਉਣੀ ਹੈ। ਇਸ ਲਈ ਸਾਨੂੰ ਨਿਜੀ ਅਤੇ ਸਮੂਹਕ ਰੂਪ ’ਚ ਰਹਿਤ ਮਰਯਾਦਾ ਦੀ ਅਮਲੀ ਪਰਪੱਕਤਾ ਨਿਸ਼ਚਿਤ ਕਰਕੇ ਸਚਿਆਰੀ ਜੀਵਨ ਜਾਂਚ ਦੀ ਘਾੜਤ ਲਈ ਆਪਣੀਆਂ ਵਿਕਾਰੀ ਮਨੋ ਬ੍ਰਿਤੀਆਂ ਨੂੰ ਕਾਬੂ ਕਰਨਾ ਹੋਵੇਗਾ ਕਿਉਂਕਿ ਨਿਤ ਨਵੀਆਂ ਆਸਾਵਾਂ -ਤ੍ਰਿਸ਼ਨਾਵਾਂ ਹੀ ਜ਼ਿੰਦਗੀ ਲਈ ਦੁੱਖਾਂ ਦਾ ਸਬੱਬ ਬਣਦੀਆਂ ਹਨ ਜਿਵੇਂ ਗੁਰੂ ਵਾਕ ਹੈ: ‘‘ਜਨ ਨਾਨਕ ਪ੍ਰਭ ਦੇਹੁ ਮਤੀ, ਛਡਿ ਆਸਾ ਨਿਤ ਸੁਖਿ ਸਉਦਿਆ॥’’ (ਮ:੪/੭੭੬)

ਗੁਰੂ ਰਾਮਦਾਸ ਜੀ ਇਸ ਸਰੀਰ ਨੂੰ ਘੋੜੀ ਦੱਸਦੇ ਹੋਏ ਇਸ ਦੀ ਘਾੜਤ ਲਈ ਮੂੰਹ ਵਿੱਚ ਗਿਆਨ ਦੀ ਲਗਾਮ ਲਗਾ ਕੇ ਪ੍ਰੇਮ ਪ੍ਰੇਰਣਾ ਦੇ ਚਾਬੁਕ ਲਾਉਣ ਲਈ ਕਹਿੰਦੇ ਹਨ: ‘‘ਤਨਿ ਪ੍ਰੇਮੁ ਹਰਿ ਹਰਿ ਲਾਇ ਚਾਬਕੁ, ਮਨੁ ਜਿਣੈ ਗੁਰਮੁਖਿ ਜੀਤਿਆ॥’’ (ਮ:੪/੫੭੫)

ਇਹ ਤੀਬਰ ਲੱਗੀ ਪਿਆਸ ਪ੍ਰੇਮ ਰਸ ਨੇ ਹੀ ਮਿਟਾਉਣੀ ਹੈ। ਪ੍ਰੇਮ ਰਸ ਦੀ ਪ੍ਰਾਪਤੀ ਲਈ ਸੱਚੇ ਸੁੱਚੇ ਸੰਤ ਜਨਾਂ ਦੇ ਚਰਨੀਂ ਲੱਗਿਆਂ, ਨਿਮਰਤਾ ਧਾਰ ਕੇ ਸੇਵਾ ਭਾਵ ਨਾਲ ਸ਼ਰਨੀਂ ਆਉਣ ’ਤੇ ਸਹੀ ਰਾਹ ਮਿਲੇਗਾ ਇੱਥੇ ਪਹੁੰਚ ਕੇ ਪ੍ਰਭੂ ਪਿਆਰ ਲਈ ਮਨ ਵਿੱਚ ਦ੍ਰਿੜਤਾ ਹੋਣੀ ਕਿ ਸਭ ਸੁੱਖਾਂ ਦਾ ਦਾਤਾ ‘ਵਾਹਿਗੁਰੂ’ ਹੈ ਹੋਰ ਕਿਸੇ ਥਾਂ, ਤੀਰਥਾਂ, ਪਦਾਰਥਾਂ ਵਿੱਚ ਸੁੱਖ ਦੇਣ ਦੀ ਸ਼ਕਤੀ ਨਹੀਂ ਮਿਲਦੀ। ਆਪਣੇ ਜੀਵਨ ਵਿੱਚ ਸਹਿਜ, ਸੁੱਖ ਆਨੰਦ ਦੀ ਪ੍ਰਾਪਤੀ ਲਈ ਗੁਰਸਿੱਖਾਂ ਦੀ ਸੰਗਤ ਕਰਦੇ ਹੋਏ ਅਸੀਂ ਗੁਰਮਤਿ ਗਾਡੀ ਰਾਹ ਦਾ ਰਾਹੀ ਬਣ ਕੇ ਗੁਰਬਾਣੀ ਉਪਦੇਸ ਦੀ ਸੋਝੀ ਲੈਣੀ ਹੈ ਅਤੇ ‘‘ਲੇਹੁ ਪ੍ਰਭੂ ਲੜਿ ਲਾਇ॥’’ ਲਈ ਬੇਨਤੀ/ਜੋਦੜੀ ਕਰਨੀ ਹੈ।

ਮਿਹਰ ਕਰਕੇ ਪ੍ਰਭੂ ਪਤੀ ਜਿਸ ਜੀਵ ਇਸਤ੍ਰੀ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਉਸ ਦਾ ਮਨ ਫਿਰ ਹੋਰ ਕਿਧਰੇ ਨਹੀਂ ਜਾਂਦਾ ‘‘ਵਿਛੁੜਿ ਕਤਹਿ ਨਾ ਜਾਇ॥’’

ਗੁਰੂ ਅਰਜਨ ਦੇਵ ਜੀ ਇਹ ਸਮਝਾਉਂਦੇ ਹਨ ਕਿ ਇਹੋ ਹੀ ਬੇਨਤੀ ਕਰੋ ਕਿ ਪ੍ਰਭੂ ਜੀ ! ਸਾਡਾ ਤੁਹਾਡੇ ਬਿਨ ਕੋਈ ਮਦਦਗਾਰ ਨਹੀਂ ਇਸ ਲਈ ਸਦਾ ਆਪਣੀ ਸ਼ਰਨ ਵਿੱਚ ਰੱਖ: ‘‘ਪ੍ਰਭ ਵਿਣੁ ਦੂਜਾ ਕੋ ਨਹੀ, ਨਾਨਕ ! ਹਰਿ ਸਰਣਾਇ॥’’

ਉਮਾਹ ਭਰੇ ਅੱਸੂ ਦੇ ਮਹੀਨੇ ਸੱਚੇ ਪਾਤਿਸ਼ਾਹ ਨੇ ਜਿਸ ਉੱਪਰ ਮਿਹਰ ਕਰਕੇ ਆਪਣੇ ਨਾਲ ਮਿਲਾ ਲਿਆ, ਉਸ ਦੀ ਤ੍ਰਿਸ਼ਨਾ, ਭੁੱਖ ਮੁੱਢੋਂ ਹੀ ਖ਼ਤਮ ਹੋ ਕੇ ਮਿਲੇ ਪ੍ਰੇਮ ਰਸ ਨਾਲ ਸਦਾ ਲਈ ਸੁੱਖ ਆਨੰਦ ਪ੍ਰਾਪਤ ਕਰ ਲਿਆ: ‘‘ਅਸੂ ਸੁਖੀ ਵਸੰਦੀਆ, ਜਿਨਾ ਮਇਆ ਹਰਿ ਰਾਇ॥’’

ਰਾਗ ਤੁਖਾਰੀ ਵਿੱਚ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਸਾਹਿਬ ਜੀ ਫ਼ੁਰਮਾ ਰਹੇ ਹਨ: ‘‘ਨਾਨਕ ! ਅਸੁਨਿ ਮਿਲਹੁ ਪਿਆਰੇ, ਸਤਿਗੁਰ ਭਏ ਬਸੀਠਾ॥ ਭਾਵ ਜਿਸ ਮਨੁੱਖ ਦੇ ਸਤਿਗੁਰ ਜੀ ਵਿਚੋਲੇ ਬਣ ਜਾਣ ਉਹ ਪ੍ਰਭੂ ਅੱਗੇ ਹਮੇਸਾਂ ਪੁਕਾਰ ਕਰਦਾ ਰਹਿੰਦਾ ਹੈ ਕਿ ਹੇ ਪ੍ਰਭੂ ਜੀ ! ਮੈਨੂੰ ਤੁਰੰਤ ਮਿਲ ਕਿਉਂਕਿ ਉਸ ਦੀ ਆਸ ਤੇ ਤਾਂਘ ਬਣ ਜਾਂਦੀ ਹੈ: ‘‘ਅਸੁਨਿ ਆਉ ਪਿਰਾ ! ਸਾ ਧਨ ਝੂਰਿ ਮੁਈ॥ ਤਾ ਮਿਲੀਐ ਪ੍ਰਭ ਮੇਲੇ, ਦੂਜੈ ਭਾਇ ਖੁਈ॥ ਭਾਵ ਹੇ ਪਤੀ ! ਜਦ ਤੂੰ ਮਿਲਾਏਂਗਾ ਤਾਂ ਹੀ ਮਿਲਿਆ ਜਾ ਸਕਦਾ ਹੈ ਤੇਰੀ ਮਿਹਰ ’ਤੋਂ ਬਿਨਾ ਜੀਵ ਇਸਤ੍ਰੀ ਹੋਰਾਂ ਦੇ ਪਿਆਰ ’ਚ ਹੀ ਖਚਿਤ ਰਹਿੰਦੀ ਹੈ।

ਰਾਗ ਮਾਝ ਵਿੱਚ ਵੀ ਗੁਰੂ ਅਰਜਨ ਸਾਹਿਬ ਜੀ ਫ਼ੁਰਮਾ ਰਹੇ ਹਨ: ‘‘ਜਿੰਨੀ ਚਾਖਿਆ ਪ੍ਰੇਮ ਰਸੁ, ਸੇ ਤ੍ਰਿਪਤਿ ਰਹੇ ਆਘਾਇ॥ ਆਪੁ ਤਿਆਗਿ ਬਿਨਤੀ ਕਰਹਿ, ਲੇਹੁ ਪ੍ਰਭੂ ਲੜਿ ਲਾਇ॥’’ ਭਾਵ ਜਿਨ੍ਹਾਂ ਨੇ ਤੇਰਾ ਪ੍ਰੇਮ ਰਸ ਮਾਣਿਆ ਉਹ ਦੁਨਿਆਵੀ ਪਦਾਰਥਾਂ ਵੱਲੋਂ ਸੰਤੁਸਟ ਹੋ ਗਈਆਂ, ਰੱਜ ਗਈਆਂ ਅਤੇ ਹੰਕਾਰ (ਦੁਨਿਆਵੀ ਲਾਲਸਾ) ਛੱਡ ਕੇ ਬੇਨਤੀ ਕਰਦੀਆਂ ਹਨ ਕਿ ਹੇ ਪ੍ਰਭੂ ਜੀ ! ਸਾਨੂੰ ਆਪਣੇ ਚਰਨੀਂ ਲਗਾਈ ਰੱਖ।

ਸੋ, ਉਕਤ ਸ਼ਬਦ ਦੀਆਂ ਪੰਕਤੀਆਂ ਜਿਗਿਆਸੂ ਜੀਵ ਇਸਤ੍ਰੀ ਨੂੰ ਭਰੋਸਾ ਦਿਵਾਉਂਦੀਆਂ ਹਨ ਕਿ ਵਾਹਿਗੁਰੂ/ਪ੍ਰਭੂ ਅੱਗੇ ਕੀਤੀ ਗਈ ਅਰਦਾਸ/ਜੋਦੜੀ ਬਿਰਥਾ ਨਹੀਂ ਜਾਂਦੀ ਕਿਉਂਕਿ ਅੰਤਰ ਆਤਮੇ ਬੈਠਾ ਪ੍ਰਭੂ-ਪਤੀ ਆਸਵੰਦ ਦੀ ਆਸ ਜ਼ਰੂਰ ਪੂਰੀ ਕਰਦਾ ਹੈ। ਸੁਯੋਗ ਗੁਰਮਤਿ ਜੀਵਨ-ਮਾਰਗ ਦੀ ਸੋਝੀ ਪੌਣ ’ਤੇ ਜੀਵ ਇਸਤ੍ਰੀ ਪਿਆਰੇ ਪਤੀ-ਪ੍ਰਭੂ ਨਾਲ ਸਦੀਵੀ ਮਿਲਾਪ ਦਾ ਸੁੱਖ ਪ੍ਰਾਪਤ ਕਰਦੀ ਹੈ।

ਕਤਿਕਿ, ਕਰਮ ਕਮਾਵਣੇ

0

ਕਤਿਕਿ, ਕਰਮ ਕਮਾਵਣੇ

ਗਿਆਨੀ ਅਵਤਾਰ ਸਿੰਘ

ਕਤਿਕਿ, ਕਰਮ ਕਮਾਵਣੇ, ਦੋਸੁ ਨ ਕਾਹੂ ਜੋਗੁ॥ ਪਰਮੇਸਰ ਤੇ ਭੁਲਿਆਂ, ਵਿਆਪਨਿ ਸਭੇ ਰੋਗ॥

ਵੇਮੁਖ ਹੋਏ ਰਾਮ ਤੇ, ਲਗਨਿ ਜਨਮ ਵਿਜੋਗ॥ ਖਿਨ ਮਹਿ ਕਉੜੇ ਹੋਇ ਗਏ, ਜਿਤੜੇ ਮਾਇਆ ਭੋਗ॥

ਵਿਚੁ ਨ ਕੋਈ ਕਰਿ ਸਕੈ, ਕਿਸ ਥੈ ਰੋਵਹਿ ਰੋਜ॥ ਕੀਤਾ ਕਿਛੂ ਨ ਹੋਵਈ, ਲਿਖਿਆ ਧੁਰਿ ਸੰਜੋਗ॥

ਵਡਭਾਗੀ ਮੇਰਾ ਪ੍ਰਭੁ ਮਿਲੈ, ਤਾਂ ਉਤਰਹਿ ਸਭਿ ਬਿਓਗ॥ ਨਾਨਕ ਕਉ ਪ੍ਰਭ ! ਰਾਖਿ ਲੇਹਿ, ਮੇਰੇ ਸਾਹਿਬ ਬੰਦੀ ਮੋਚ॥

ਕਤਿਕ ਹੋਵੈ ਸਾਧਸੰਗੁ, ਬਿਨਸਹਿ ਸਭੇ ਸੋਚ॥੯॥ (ਮ:੫/੧੩੫)

ਸਬੰਧਤ ਸ਼ਬਦ ਮਾਂਝ ਰਾਗ ’ਚ ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਦੇਵ ਜੀ ਦੁਆਰਾ ਉਚਾਰਨ ਕੀਤਾ ਗਿਆ ਹੈ। ਜਿਸ ਰਾਹੀਂ ਗੁਰੂ ਜੀ ਮਨੁੱਖ ਦੁਆਰਾ ਕੀਤੇ ਜਾਂਦੇ ਕਰਮਾਂ ਕਰਕੇ ਪ੍ਰਭੂ ਜੀ ਦੀ ਯਾਦ ਵੱਲੋਂ ਬਣ ਰਹੀ ਦੂਰੀ ਕਰਕੇ ਕੱਤਕ (ਸਾਉਣੀ) ਦੀ ਫ਼ਸਲ ਵਾਂਗ ਲਾਭ ਪੂਰਾ ਨਾ ਮਿਲਣ ਨੂੰ ਦਰਸਾਉਂਦੇ ਹਨ, ਜਿਸ ਕਾਰਨ ਜੀਵ ਦੁਖੀ ਹੈ ਅਤੇ ‘‘ਦੋਸੁ ਦੇਤ ਆਗਹ ਕਉ ਅੰਧਾ॥’’ (ਮ:੫/੨੫੮) ਭਾਵ ਇਸ ਦੁਖ ਲਈ ਆਪਣੇ ਆਪ ਨੂੰ ਜਿੰਮੇਵਾਰ ਨਾ ਠਹਿਰਾ ਕੇ ਹੋਰਾਂ ਨੂੰ ਉਲਾਂਭੇ ਦੇਂਦਾ ਹੈ।
ਗੁਰੂ ਜੀ ਆਖ ਰਹੇ ਹਨ ਕਿ ਹੇ ਭਾਈ ! ਪਰਮੇਸਰ ਦੀ ਯਾਦ ਨੂੰ ਭੁਲਣ ਕਾਰਨ ਤੈਨੂੰ ਇਹ ਸਭ ਰੋਗ ਵਿਆਪ (ਲੱਗ) ਰਹੇ ਹਨ ਕਿਉਂਕਿ ਤੂੰ ਗੁਰੂ ਦੀ ਸ਼ਰਨ ਨਹੀਂ ਲਈ; ਆਪਣੀ ਮਤਿ ਨਾਲ ਵਿਚਰ ਰਿਹਾ ਹੈਂ ‘‘ਜੇ ਕੋ ਗੁਰ ਤੇ ਵੇਮੁਖੁ ਹੋਵੈ, ਬਿਨੁ ਸਤਿਗੁਰ; ਮੁਕਤਿ ਨ ਪਾਵੈ॥ (ਮ:੩/੯੨੦) ਕਿਉਂਕਿ ਜੀਵ ਅਤੇ ਰੱਬ ਦੇ ਵਿਚਕਾਰ ਗੁਰੂ ਹੀ ਇੱਕ ਵਿਚੋਲਾ ਹੈ, ਜੋ ਇਸ ਦੂਰੀ ਨੂੰ ਮਿਟਾ ਸਕਦਾ ਹੈ ਇਸ ਲਈ ਇਹ ਕਹਿਣਾ ਬਣਦਾ ਹੈ ਕਿ ‘‘ਘੋਲਿ ਘੁਮਾਈ ਤਿਸੁ ਮਿਤ੍ਰ ਵਿਚੋਲੇ, ਜੈ ਮਿਲਿ ਕੰਤੁ ਪਛਾਣਾ॥’’ (ਮ:੫/੯੬੪) ਪਰ ਇਹ ਭਾਵਨਾ ਜੀਵ ਦੇ ‘‘ਮੋਮ ਦਿਲਿ ਹੋਵੈ ॥’’ (ਮ:੫/੧੦੮੪) ਤੋਂ ਹੀ ਸ਼ੁਰੂ ਹੋਣੀ ਹੈ ਨਾ ਕਿ ਕੁੜਕੁੜੂ ਮੋਠ ਵਾਂਗ ਅਭਿੱਜ ਰਿਹਾਂ ‘‘ਪੰਡਿਤੁ ਆਖਾਏ ਬਹੁਤੀ ਰਾਹੀ, ਕੋਰੜ ਮੋਠ ਜਿਨੇਹਾ॥’’ (ਮ: ੫/੯੬੦) ਕੁੜਕੁੜੂ ਦਾਣਾ ਅੱਗ ਦੇ ਸ਼ੇਕ ਨਾਲ ਵਾ ਨਰਮ ਨਹੀਂ ਹੁੰਦਾ ‘‘ਕੋਰੜੁ ਮੋਠੁ ਨ ਰਿਝਈ, ਕਰਿ ਅਗਨੀ ਜੋਸੁ। (ਭਾਈ ਗੁਰਦਾਸ ਜੀ, ਵਾਰ ੩੪ ਪਉੜੀ ੮)
ਨਰਮ ਦਿਲ ਮਨੁੱਖ ਹੀ ਆਖ ਸਕਦਾ ਹੈ ‘‘ਹਮ ਪਾਪੀ ਪਾਥਰ; ਨੀਰਿ ਡੁਬਤ, ਕਰਿ ਕਿਰਪਾ; ਪਾਖਣ ਹਮ ਤਾਰੀ ॥ ਰਹਾਉ ॥ (ਮ:੪/੬੬੬) ‘ਪਾਪ’ ਕਰਮ ਕਾਰਨ ਰੋਗ ਲੱਗੇ, ਦੁੱਖ ਲੱਗੇ। ਦੋਸ਼ ਹੋਰਾਂ ਨੂੰ ਦਿੱਤਾ ਕਿਉਂਕਿ ‘‘ਪਾਪੁ ਬੁਰਾ, ਪਾਪੀ ਕਉ ਪਿਆਰਾ॥’’ (ਮ:੧/੯੩੫) ਅਜਿਹਾ ਮਨੁੱਖ ਹਿਰਦੇ ਤੋਂ ਨਹੀਂ ਕਹਿ ਸਕਦਾ ਕਿ ‘‘ਗੁਰਸਿਖਾਂ ਕੀ ਹਰਿ ਧੂੜਿ ਦੇਹਿ, ਹਮ ਪਾਪੀ ਭੀ ਗਤਿ ਪਾਂਹਿ॥’’ (ਮ:੪/੧੪੨੪) ਜਦ ਤੱਕ ਜੀਵ ਨਹੀਂ ਕਹੇਗਾ ਕਿ ‘‘ਦਦੈ, ਦੋਸੁ ਨ ਦੇਊ ਕਿਸੈ, ਦੋਸੁ ਕਰੰਮਾ ਆਪਣਿਆ॥’’ (ਮ:੧/੪੩੩) ਤਦ ਤੱਕ ਇਹ ਦੁਖੀ ਰਹੇਗਾ।
ਪਦ ਅਰਥ: ਹੇ ਜੀਵ ! (ਦੁੱਖਾਂ ਤੋਂ ਛੁਟਕਾਰੇ ਲਈ) ਕੱਤਕ ਦੇ ਮਹੀਨੇ ਵਿੱਚ (ਗੁਰਮਤਿ ਅਨੁਸਾਰੀ) ਕਰਮ ਕਰ, ਨਾ ਕਿ (ਇਨ੍ਹਾਂ ਮੁਸੀਬਤਾਂ ਲਈ) ਕਿਸੇ ਹੋਰ ਨੂੰ ਦੋਸ਼ੀ ਠਹਿਰਾ ਕਿਉਂਕਿ ਇਹ ਦੁੱਖ ਰੱਬ ਤੋਂ ਵਿਛੁੜਨ ਕਾਰਨ ਹਨ। ਜੋ ਰੱਬੀ ਸ਼ਕਤੀ ਵੱਲੋਂ ਮੂੰਹ ਮੋੜ ਲੈਂਦੇ ਹਨ ਉਨ੍ਹਾਂ ਲਈ ਜਨਮਾ-ਜਨਮਾ (ਲੰਬੇ ਸਮੇਂ) ਤੱਕ ਰੱਬ ਤੋਂ ਦੂਰੀਆਂ ਬਣ ਜਾਂਦੀਆਂ ਹਨ। ਜੋ (ਇਸ ਜਨਮ ’ਚ ਕੇਵਲ) ਮਾਯਾ ਭੋਗ ਹੀ ਭੋਗੇ ਉਹ ਹੁਣ ਮਾਯਾ ਸੁਆਦ ਕੋੜਾ ਬਣ ਗਿਆ (ਭਾਵ ਕੋਈ ਸਦੀਵੀ ਲਾਭ ਨਹੀਂ ਮਿਲਿਆ।) (ਅਗਲੇ ਜਨਮਾਂ ’ਚ ਲੰਬੇ ਸਮੇਂ ਲਈ) ਰੱਬ ਅਤੇ ਤੇਰੇ ਆਪਣੇ ਵਿਚਕਾਰ ਵਿਚੋਲਾ (ਗੁਰੂ) ਵੀ ਕੋਈ ਨਹੀਂ ਬਣਾ ਸਕੇਂਗਾ ਫਿਰ ਕਿਸ ਅੱਗੇ (ਦੁੱਖਾਂ ਦੀ) ਪੁਕਾਰ ਕਰੇਂਗਾ। ਆਪਣੇ ਉੱਦਮ ਨਾਲ ਕਿਸੇ ਦਾ ਵੀ ਕੀਤਾ ਕੁਛ ਨਹੀਂ ਹੋਏਗਾ, ਇਹੀ ਫਲ ਲਿਖਿਆ ਜਾਵੇਗਾ।
ਕੱਤਕ ਮਹੀਨੇ ’ਚ ਵੱਡੇ ਭਾਗ (ਹਲੀਮੀ ਭਾਵਨਾ) ਨਾਲ ਜਿਸ ਨੂੰ ਪਿਆਰੇ ਮਾਲਕ ਦੀ ਯਾਦ ਪ੍ਰਾਪਤ ਹੋ ਜਾਂਦੀ ਹੈ ਉਸ ਦੇ ਪ੍ਰਭੂ ਵੱਲੋਂ ਪਏ ਵਿਛੋੜੇ (ਦੂਰੀਆਂ) ਖ਼ਤਮ ਹੋ ਜਾਂਦੇ ਹਨ ਕਿਉਂਕਿ ਉਹ ਜੀਵ ਇਸਤ੍ਰੀ ਕਹਿਣ ਲੱਗ ਜਾਂਦੀ ਹੈ ‘‘ਆਪ ਕਮਾਣੈ ਵਿਛੁੜੀ, ਦੋਸੁ ਨ ਕਾਹੂ ਦੇਣ॥’’ (ਮ: ੫,੧੩੬) ‘‘ਜੋ ਮੈ ਕੀਆ, ਸੋ ਮੈ ਪਾਇਆ, ਦੋਸੁ ਨ ਦੀਜੈ ਅਵਰ ਜਨਾ॥’’ (ਮ:੧/੪੩੩)
ਅਜਿਹੀ ਭਾਵਨਾ ਗੁਰੂ (ਵਿਚੋਲਾ) ਮਨੁੱਖ ਦੇ ਹਿਰਦੇ ’ਚ ਪੈਦਾ ਕਰਦਿਆਂ ਆਖਦਾ ਹੈ ਕਿ ‘‘ਕਿਸ ਕਉ ਦੋਸੁ ਦੇਹਿ ਤੂ ਪ੍ਰਾਣੀ! ਸਹੁ ਅਪਣਾ ਕੀਆ ਕਰਾਰਾ ਹੇ॥ (ਮ:੧/੧੦੩੦) ਸਾਹਮਣੇ ਵਾਲਾ ਤਿਆਰ ਭਾਂਡਾ (ਹਿਰਦਾ) ਸਵੀਕਾਰ ਕਰਦਾ ਹੈ ‘‘ਕਬੀਰ ! ਸਾਚਾ ਸਤਿਗੁਰੁ ਮੈ ਮਿਲਿਆ, ਸਬਦੁ ਜੁ ਬਾਹਿਆ ਏਕੁ॥ ਲਾਗਤ ਹੀ ਭੁਇ ਮਿਲਿ ਗਇਆ, ਪਰਿਆ ਕਲੇਜੇ ਛੇਕੁ॥ (੧੩੭੨) ਫਿਰ ਮਨੁੱਖ ਅੰਦਰੋਂ ਭਾਵਨਾ ਪ੍ਰਗਟ ਹੁੰਦੀ ਹੈ ਕਿ ‘‘ਮੈ ਵਿਚਿ ਦੋਸ, ਹਉ; ਕਿਉ ਕਰਿ ਪਿਰੁ ਪਾਵਾ॥’’ (ਮ:੪/੫੬੧) ਭਾਵ ਮੇਰੇ ’ਚ ਹੀ ਕਮੀਆਂ ਹਨ ਹੁਣ ਗੁਰੂ ਜੀ! ਦੱਸੋ, ਰੱਬ ਨੂੰ ਕਿਵੇਂ ਪਾਵਾਂ ? ਅੱਗੋਂ ਗੁਰੂ ਜੀ ਸਦੀਵੀ ਹੌਂਸਲਾ ਬਣਾਏ ਰੱਖਣ ਲਈ ਆਖਦੇ ਹਨ ਕਿ ਸਦਾ ਇਉਂ ‘‘ਸੇ ਗੁਣ ਮੁਝੈ ਨ ਆਵਨੀ, ਕੈ ਜੀ; ਦੋਸੁ ਧਰੇਹ॥’’ (ਮ:੧/੭੨੫) ਵਾਲੀ ਭਾਵਨਾ ਪ੍ਰਗਟ ਕਰਦਿਆਂ ਬੇਨਤੀ ਕਰਿਆ ਕਰ ਕਿ ਹੇ ਮਾਲਕ ! ‘‘ਹਮ ਪਾਪੀ, ਤੁਮ ਪਾਪ ਖੰਡਨ, ਨੀਕੋ (ਸੁੰਦਰ) ਠਾਕੁਰ ਦੇਸਾ॥’’ (ਮ:੫/੬੧੩) ਅਤੇ ‘‘ਨਾਨਕ ਕਉ ਪ੍ਰਭ ! ਰਾਖਿ ਲੇਹਿ, ਮੇਰੇ ਸਾਹਿਬ ਬੰਦੀ ਮੋਚ॥ ਕਤਿਕ ਹੋਵੈ ਸਾਧਸੰਗੁ, ਬਿਨਸਹਿ ਸਭੇ ਸੋਚ॥’’ ਭਾਵ ਹੇ ਪ੍ਰਭੂ ਜੀ, ਹੇ ਮੇਰੇ ਮਾਲਕ ਮੁਕਤੀ ਦਾਤੇ ! ਮੈਨੂੰ ਕੱਤਕ ਦੇ ਮਹੀਨੇ (’ਚ ਪ੍ਰਾਪਤ ਕੀਤੀ ਸਾਉਣੀ ਦੀ ਫ਼ਸਲ ਵਾਂਗ) ਗੁਰੂ ਦਾ ਸਾਥ ਵੀ ਮਿਲੇ, ਮੇਰੀ ਰੱਖਿਆ ਕਰ ਤਾਂ ਜੋ ਸਾਰੇ ਚਿੰਤਾ ਫ਼ਿਕਰ ਦੂਰ ਹੋ ਜਾਣ, ਮੁਕ ਜਾਣ।

ਮੰਘਿਰਿ ਪ੍ਰਭੁ ਆਰਾਧਣਾ

0

ਮੰਘਿਰਿ ਪ੍ਰਭੁ ਆਰਾਧਣਾ

ਗਿਆਨੀ ਅਵਤਾਰ ਸਿੰਘ

ਮੰਘਿਰਿ ਮਾਹਿ ਸੋਹੰਦੀਆ, ਹਰਿ ਪਿਰ ਸੰਗਿ ਬੈਠੜੀਆਹ॥ ਤਿਨ ਕੀ ਸੋਭਾ ਕਿਆ ਗਣੀ, ਜਿ ਸਾਹਿਬਿ ਮੇਲੜੀਆਹ॥

ਤਨੁ ਮਨੁ ਮਉਲਿਆ ਰਾਮ ਸਿਉ, ਸੰਗਿ ਸਾਧ ਸਹੇਲੜੀਆਹ॥ ਸਾਧ ਜਨਾ ਤੇ ਬਾਹਰੀ, ਸੇ ਰਹਨਿ ਇਕੇਲੜੀਆਹ॥

ਤਿਨ ਦੁਖੁ ਨ ਕਬਹੂ ਉਤਰੈ, ਸੇ ਜਮ ਕੈ ਵਸਿ ਪੜੀਆਹ॥ ਜਿਨੀ ਰਾਵਿਆ ਪ੍ਰਭੁ ਆਪਣਾ, ਸੇ ਦਿਸਨਿ ਨਿਤ ਖੜੀਆਹ॥

ਰਤਨ ਜਵੇਹਰ ਲਾਲ ਹਰਿ, ਕੰਠਿ ਤਿਨਾ ਜੜੀਆਹ॥ ਨਾਨਕ ! ਬਾਂਛੈ ਧੂੜਿ ਤਿਨ, ਪ੍ਰਭ ਸਰਣੀ ਦਰਿ ਪੜੀਆਹ॥

ਮੰਘਿਰਿ ਪ੍ਰਭੁ ਆਰਾਧਣਾ, ਬਹੁੜਿ ਨ ਜਨਮੜੀਆਹ॥੧੦॥  (ਮਾਝ ਬਾਰਹਮਾਹਾ , ਮ:੫/੧੩੫)

ਪਦ ਅਰਥ: ਮੰਘਿਰਿ-ਮੱਘਰ ਮਹੀਨੇ ਵਿੱਚ, ਪਿਰ ਸੰਗਿ- ਪਤੀ ਪ੍ਰਮੇਸਰ ਨਾਲ, ਸਾਹਿਬਿ- ਮਾਲਕ ਨੇ, ਮਉਲਿਆ-ਖਿੜ ਗਿਆ, ਸਾਧ- ਗੁਰੂ, ਸਹੇਲੜੀਆਹ-ਸਤਸੰਗੀ ਜੀਵ ਇਸਤ੍ਰੀਆਂ, ਤਿਨ-ਉਨ੍ਹਾਂ, ਰਾਵਿਆ- ਮਾਣਿਆ, ਕੰਠਿ-ਗਲ ਵਿੱਚ, ਬਾਂਛੈ-ਮੰਗਦਾ ਹੈ, ਆਰਾਧਣਾ- ਯਾਦ ਕਰਨਾ, ਬਹੁੜਿ-ਮੁੜ ਕੇ ।

ਅਰਥ: ਜਿਨ੍ਹਾਂ ਜੀਵ ਇਸਤ੍ਰੀਆਂ ਨੇ ਪਿਛਲੇ ਮਹੀਨੇ ‘‘ਕਤਿਕ ਹੋਵੈ ਸਾਧਸੰਗੁ, ਬਿਨਸਹਿ ਸਭੇ ਸੋਚ॥’’ ਭਾਵ ਕੱਤਕ ਦੇ ਮਹੀਨੇ ’ਚ ਸਉਣੀ ਦੀ ਦੁਨਿਆਵੀ ਫਸਲ ਦੇ ਨਾਲ-2 ਗੁਰੂ ਦੀ ਸੰਗਤ ਕੀਤੀ ਉਨ੍ਹਾਂ ਦੇ ਸਾਰੇ ਆਰਥਿਕ ਤੇ ਅਧਿਆਤਮਕ ਨੁਕਸਾਨ ਹੋਣ ਵਾਲੇ ਫ਼ਿਕਰ ਕੱਟੇ ਗਏ ਸਨ । ਉਹ ਮੱਘਰ ਦੇ ਮਹੀਨੇ ’ਚ ਵੀ ਪਤੀ ਦੀ ਗੋਦ ਦਾ ਨਿਘ ਮਾਣਦੀਆਂ ਤੇ ਅੰਦਰੂਨੀ ਗੁਣਾਂ ਕਾਰਨ ਸੁੰਦਰ ਲੱਗਦੀਆਂ ਹਨ। ਉਨ੍ਹਾਂ ਨੂੰ ਮਾਲਕ ਨੇ ਆਪ ਕਿਰਪਾ ਕਰਕੇ ਆਪਣੇ ਚਰਨਾਂ ’ਚ ਜੋੜਿਆ ਹੁੰਦਾ ਹੈ ਇਸ ਲਈ ਉਨ੍ਹਾਂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਗੁਰੂ ਦੀ ਸੰਗਤਿ ’ਚ ਹੋਰ ਸਤਿਸੰਗੀਆਂ ਨਾਲ ਮਿਲ ਕੇ ਉਨ੍ਹਾਂ ਦਾ ਮਨ-ਤਨ ਖਿੜਿਆ ਰਹਿੰਦਾ ਹੈ ਪਰ ਜੋ ਕੱਤਕ ਤੋਂ ਉਪਰੰਤ ਮੱਘਰ ’ਚ ਵੀ ਸਤਿਸੰਗੀਆਂ ਤੋਂ ਵਿਛੁੜੀਆਂ ਰਹਿੰਦੀਆਂ ਹਨ ਉਹ ਹਮੇਸਾਂ ਆਪਣੇ ਆਪ ਨੂੰ ਇਕੱਲਾ ਹੀ ਮਹਿਸੂਸ ਕਰਦੀਆਂ ਹਨ, ਪਤੀ ਦਾ ਸਾਥ ਨਹੀਂ ਮਾਣ ਸਕਦੀਆਂ। ਅਧਿਆਤਮਕ ਮੌਤ ਕਾਰਨ ਉਨ੍ਹਾਂ ਦਾ ਹਿਰਦਾ ਪ੍ਰਫੁਲਤ ਨਹੀਂ ਹੁੰਦਾ ਜਦਕਿ ਪਤੀ ਨੂੰ ਯਾਦ ਕਰਨ ਵਾਲੀਆਂ ਦਾ ਹਿਰਦਾ ਸਦਾ ਪ੍ਰਫੁਲਤ, ਖਿੜਿਆ ਰਹਿੰਦਾ ਹੈ। ਮਾਨੋ ਕੀਮਤੀ ਗੁਣ ਉਨ੍ਹਾਂ ਦੇ ਹਿਰਦੇ (ਕੰਠ) ਵਿੱਚ ਜੜੇ ਹੋਏ ਹਨ, ਸੁਆਸ-ਸੁਆਸ ਜਪਦੀਆਂ ਹਨ। ਹੇ ਨਾਨਕ ! ਆਖ ਕਿ ਮੈਂ ਵੀ ਉਨ੍ਹਾਂ ਦੀ ਚਰਨ ਧੂੜ ਮੰਗਦਾ ਹਾਂ, ਬੇਨਤੀ ਸੁਣਦਾ ਹਾਂ ਕਿਉਂਕਿ ਉਹ ਸਦਾ ਮਾਲਕ ਦੇ ਦਰ ’ਤੇ ਖੜੀਆਂ ਰਹਿੰਦੀਆਂ ਹਨ ਭਾਵ ਰੱਬ ਬਾਰੇ ਗੱਲ ਕਰਦੀਆਂ ਹਨ। ਜੋ ਇਸ ਤਰ੍ਹਾਂ ਮੱਘਰ ਮਹੀਨੇ ’ਚ ਵੀ ਮਾਲਕ ਨੂੰ ਸਦਾ ਯਾਦ ਰੱਖਦੀਆਂ ਹਨ ਉਹ ਵਾਰ-ਵਾਰ ਜੰਮਦੀਆਂ-ਮਰਦੀਆਂ ਨਹੀਂ, ਦੁਖ ਨਹੀਂ ਭੋਗਦੀਆਂ।

ਇਹ ਸ਼ਬਦ ਅਤੇ ਕੱਤਕ ਮਹੀਨੇ ਦੇ ਅਖ਼ੀਰਲੇ ਸ਼ਬਦਿਕ ਭਾਵ ਨੂੰ ਮਿਲਾ ਕੇ ਅਰਥ ਕਰਨ ਨਾਲ ਮੱਘਰ ਮਹੀਨੇ ਦੇ ਭਾਵ ਅਰਥ ਸਪਸ਼ਟ ਹੁੰਦੇ ਹਨ। ਜਿਸ ਰਾਹੀਂ ਗੁਰੂ ਜੀ; ਗੁਰੂ ਦਾ ਸਾਥ, ਸਤਸੰਗੀਆਂ ਦਾ ਸਹਿਯੋਗ ਅਤੇ ਰੱਬੀ ਮਿਲਾਪ ਦੀ ਅਵਸਥਾ ’ਚ ਅੰਦਰੂਨੀ ਆਤਮਿਕ ਖੇੜਾ ਭਾਵ ‘‘ਦਿਸਨਿ ਨਿਤ ਖੜੀਆਹ’’ ਅਤੇ ਉਕਤ ਭਾਵਨਾ ਤੋਂ ਬਿਪ੍ਰੀਤ ਜੀਵਨ ਕਾਰਨ ‘‘ਸੇ ਰਹਨਿ ਇਕੇਲੜੀਆਹ॥’’ ਨੂੰ ਬਿਆਨ ਕਰ ਰਹੇ ਹਨ।

ਅੰਦਰੂਨੀ ਗੁਣਾਂ ਭਰਪੂਰ ਜੀਵਨ ਹਮੇਸ਼ਾਂ ਰੱਬੀ ਆਸਰੇ ’ਤੇ ਰਹਿੰਦਾ ਹੈ ਜਦਕਿ ਅੰਦਰੂਨੀ ਔਗੁਣਾਂ ਕਾਰਨ ਜੀਵਨ ਦੁਖੀ ਰਹਿਣ ਕਰਕੇ ਆਪਣੇ ਆਪ ਤੋਂ ਹੀ ਦੁਖੀ ਰਹਿੰਦਾ ਹੈ ਭਾਵ ਤਸੱਲੀ ਨਹੀਂ ਬੱਝਦੀ, ਭਰੋਸਾ ਨਹੀਂ ਪੈਦਾ ਹੁੰਦਾ, ਸੰਤੋਖ ਨਹੀਂ ਆ ਸਕਦਾ। ਅਜਿਹਾ ਜੀਵਨ ਆਪਣੇ ਆਪ ਨੂੰ ਇਕੱਲਾ ਹੀ ਮਹਿਸੂਸ ਕਰਦਾ ਹੈ ਕਿਉਂਕਿ ਵਿਸਵਾਸ ਕਿਸੇ ’ਤੇ ਨਹੀਂ, ਇਸ ਲਈ ਸਹਿਯੋਗ ਵੀ ਕਿਸੇ ਦਾ ਨਹੀਂ ਮਿਲ ਸਕਦਾ। ਮੰਗਾਂ ਅਧਿਕ ਹੋ ਜਾਂਦੀਆਂ ਹਨ, ਜਿਨ੍ਹਾਂ ਨੂੰ ਪੂਰਨ ਕਰਨਾ ਅਸੰਭਵ ਹੈ ਤੇ ਬੰਦਾ ਆਪਣੇ ਆਪ ਨੂੰ ਇਕੱਲਾ ਪਾਉਂਦਾ ਹੈ। ਦੂਸਰੀ ਤਰਫ਼ ਰੱਬੀ ਭਰੋਸੇ ਵਾਲੀ ਜਿੰਦਗੀ ਦੀਆਂ ਮੰਗਾਂ ਸੀਮਤ ਹੁੰਦੀਆਂ ਹਨ, ਸੰਤੋਖੀ ਹੁੰਦਾ ਹੈ ਤੇ ਪਰਉਪਕਾਰ ਰਾਹੀਂ ਵੀ ਦੁਖੀ ਲੋਕਾਂ ਦਾ ਸਹਾਰਾ ਬਣਦੀ ਹੈ। ਇੱਕ ਜੀਵਨ ਉਹ ਹੈ ਜੋ ਆਪਣੇ ਆਪ ’ਚ ਇਕੱਲਾ ਵਿਚਰਦਾ ਹੈ ਅਤੇ ਦੂਸਰਾ ਪਰਉਪਕਾਰ ਕਰਦਾ ਸਮਾਜ ਨੂੰ ਰੱਬੀ ਪਰਿਵਾਰ ਦਾ ਹਿੱਸਾ ਮੰਨਦਾ ਹੈ ਅਤੇ ਸੰਗਤ ਰਾਹੀਂ ਗੁਣਾਂ ਦੀ ਸਾਂਝ ਕਰਦਾ ਹੈ ‘‘ਸਾਝ ਕਰੀਜੈ ਗੁਣਹ ਕੇਰੀ, ਛੋਡਿ ਅਵਗਣ ਚਲੀਐ॥’’ (ਮ:੧,੭੬੬) ਪਰ ਦੂਸਰਾ ਜੀਵਨ ‘‘ਜਉ ਦੇਖੈ ਛਿਦ੍ਰੁ, ਤਉ ਨਿੰਦਕੁ ਉਮਾਹੈ, ਭਲੋ ਦੇਖਿ ਦੁਖ ਭਰੀਐ॥ (ਮ:੫,੮੨੩) ਭਾਵ ਕਿਸੇ ਦੀਆਂ ਕਮਜ਼ੋਰੀਆਂ ਵੇਖ ਕੇ ਨਿੰਦਕ ਖੁਸ ਹੁੰਦਾ ਹੈ ਅਜਿਹੇ ਮਨੁੱਖ ‘‘ਤਿਨ ਦੁਖੁ ਨ ਕਬਹੂ ਉਤਰੈ॥’’ ਅਨੁਸਾਰ ਦੁਖੀ ਰਹਿੰਦੇ ਹਨ।

ਸੋ, ਪ੍ਰਭੂ ਮਿਲਾਪ ਅਤੇ ਵਿਛੋੜੇ ਵਾਲੇ ਜੀਵਨ ਦਾ ਹੀ ਮੱਘਰ ਮਹੀਨੇ ’ਚ ਵਰਨਣ ਕੀਤਾ ਗਿਆ ਹੈ ਜਿਸ ਬਾਰੇ ਗੁਰੂ ਜੀ ਇਉਂ ਫ਼ੁਰਮਾ ਰਹੇ ਹਨ ‘‘ਮੰਘਰ ਮਾਹੁ ਭਲਾ, ਹਰਿ ਗੁਣ ਅੰਕਿ ਸਮਾਵਏ॥ ਗੁਣਵੰਤੀ ਗੁਣ ਰਵੈ, ਮੈ ਪਿਰੁ ਨਿਹਚਲੁ ਭਾਵਏ॥ (ਮ:੧/੧੧੦੯) ਗੁਰੂ ਜੀ ਐਸੇ ਬੰਦੇ ਦੀ ਚਰਨ ਧੂੜ ਮੰਗਦੇ ਹਨ ‘‘ਬਾਂਛੈ ਧੂੜਿ ਤਿਨ॥’’

ਪੋਖਿ, ਤੁਖਾਰੁ ਨ ਵਿਆਪਈ

0

ਪੋਖਿ, ਤੁਖਾਰੁ ਨ ਵਿਆਪਈ

ਬੀਬੀ ਗਗਨਦੀਪ ਕੌਰ (ਮਾਨਸਾ)

ਪੋਖਿ, ਤੁਖਾਰੁ ਨ ਵਿਆਪਈ; ਕੰਠਿ ਮਿਲਿਆ ਹਰਿ ਨਾਹੁ॥ ਮਨੁ ਬੇਧਿਆ ਚਰਨਾਰਬਿੰਦ, ਦਰਸਨਿ ਲਗੜਾ ਸਾਹੁ॥

ਓਟ ਗੋਵਿੰਦ ਗੋਪਾਲ ਰਾਇ, ਸੇਵਾ ਸੁਆਮੀ ਲਾਹੁ॥ ਬਿਖਿਆ ਪੋਹਿ ਨ ਸਕਈ, ਮਿਲਿ ਸਾਧੂ ਗੁਣ ਗਾਹੁ॥

ਜਹ ਤੇ ਉਪਜੀ ਤਹ ਮਿਲੀ, ਸਚੀ ਪ੍ਰੀਤਿ ਸਮਾਹੁ॥ ਕਰੁ ਗਹਿ ਲੀਨੀ ਪਾਰਬ੍ਰਹਮਿ, ਬਹੁੜਿ ਨ ਵਿਛੁੜੀਆਹੁ॥

ਬਾਰਿ ਜਾਉ ਲਖ ਬੇਰੀਆ, ਹਰਿ ਸਜਣੁ ਅਗਮ ਅਗਾਹੁ॥ ਸਰਮ ਪਈ ਨਾਰਾਇਣੈ, ਨਾਨਕ ! ਦਰਿ ਪਈਆਹੁ॥

ਪੋਖੁ ਸੁੋਹੰਦਾ ਸਰਬ ਸੁਖ, ਜਿਸੁ ਬਖਸੇ ਵੇਪਰਵਾਹੁ॥੧੧॥ (ਮਾਝ ਬਾਰਹਮਾਹਾ, ਮ:੫/੧੩੫)

(ਨੋਟ– ਇਸ ਪੂਰੇ ਸ਼ਬਦ ’ਚ ਹਰ ਇੱਕ ਤੁਕ ਦੇ ਅਖ਼ੀਰ ’ਚ ਆਇਆ ਸ਼ਬਦ ‘ਨਾਹੁ (ਖਸਮ), ਸਾਹੁ (ਸੁਆਸ), ਲਾਹੁ (ਲਾਭ), ਗਾਹੁ (ਪਕੜ), ਸਮਾਹੁ (ਅਭੇਦ), ਵਿਛੁੜੀਆਹੁ (ਦੂਰੀ), ਅਗਾਹੁ (ਪਹੁੰਚ ਤੋਂ ਰਹਿਤ), ਪਈਆਹੁ (ਡਿੱਗਾ, ਝੁਕਾਵ)) ਅਤੇ ਵੇਪਰਵਾਹੁ (ਚਿੰਤਾ ਮੁਕਤ) ਦੇ ਅੰਤ ’ਚ ਲੱਗਾ ਔਂਕੜ ਉਚਾਰਨ ਦਾ ਭਾਗ ਨਹੀਂ ਹੈ ਕਿਉਂਕਿ ਜ਼ਿਆਦਾਤਰ ਇਹ ਸ਼ਬਦ ਇੱਕ ਵਚਨ ਪੁਲਿੰਗ ਨਾਉ ਨਾਲ ਸੰਬੰਧਤ ਹਨ ਜਿਨ੍ਹਾਂ ਨੂੰ ਧਿਆਨ ’ਚ ਰੱਖਦਿਆਂ ਸਭ ਦਾ ਉਚਾਰਨ ਇੱਕ ਸਮਾਨ ਹੀ ਕੀਤਾ ਜਾਵੇ ਤਾਂ ਉਚਿਤ ਹੋਵੇਗਾ।)
ਵਿਚਾਰ ਅਧੀਨ ਸ਼ਬਦ ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜੁਨ ਦੇਵ ਜੀ ਦੁਆਰਾ ਗਾਇਨ ਕੀਤਾ ਹੋਇਆ ਮਾਝ ਰਾਗ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 135 ’ਤੇ ਸੁਭਾਇਮਾਨ ਹੈ। ਜਿਸ ਪੋਹ ਦੇ ਮਹੀਨੇ ਨਾਲ ਇਹ ਸ਼ਬਦ ਸੰਬੰਧਤ ਹੈ, ਉਸ ਸਮੇਂ ਠੰਢੇ ਮੌਸਨ ਨੇ ਬਨਸਪਤੀ ’ਚ ਪਤਝੜ ਕੀਤੀ ਹੁੰਦੀ ਹੈ ਭਾਵ ਜ਼ਿਆਦਾਤਰ ਹਰਿਆਲੀ ਨਾ ਹੋਣ ਕਾਰਨ ਬੂਟੇ;  ਹਰਿਆਲੀ (ਗੁਣਾਂ) ਤੋਂ ਸੱਖਣੇ ਹੁੰਦੇ ਹਨ। ਗੁਣਾਂ ਤੋਂ ਸੱਖਣੇ ਕਮਜ਼ੋਰ ਦਰਖ਼ਤ (ਜੀਵ, ਪਸ਼ੂ, ਪੰਛੀ, ਆਦਿ) ’ਤੇ ਹਮੇਸ਼ਾਂ ਸ਼ਿਕਾਰੀ (ਵਿਕਾਰ) ਆਪਣਾ ਪ੍ਰਭਾਵ ਪਾ ਲੈਂਦੇ ਹਨ।
ਗੁਰੂ ਜੀ ਫ਼ੁਰਮਾ ਰਹੇ ਹਨ ਕਿ ਪੋਹ (ਠੰਢ) ਦੇ ਮਹੀਨੇ ਵਿੱਚ ਉਸ ਦਰੱਖ਼ਤ (ਜੀਵ) ਨੂੰ ਠੰਢ (ਤੁਖਾਰ ਭਾਵ ਵਿਕਾਰ) ਨਹੀਂ ਵਿਆਪਦਾ, ਪ੍ਰਭਾਵ ਨਹੀਂ ਪਾ ਸਕਦਾ ਜਿਸ ਦੇ ਕੰਠ (ਗਲੇ, ਰਸਨਾ) ਵਿੱਚ ਮਾਲਕ ਹਰੀ ਮਿਲਿਆ (ਪ੍ਰੋਇਆ) ਹੁੰਦਾ ਹੈ ਕਿਉਂਕਿ ਉਨ੍ਹਾਂ ਦਾ ਮਨ ਮਾਲਕ ਦੇ ਸੁੰਦਰ (ਹਰਿਆਵਲੇ) ਚਰਨਾਂ ’ਚ ਵਿੰਨ੍ਹਿਆਂ ਰਹਿੰਦਾ ਹੈ, ਉਸ ਦੇ ਦਰਸਨ (ਪ੍ਰਭਾਵ) ਵਿੱਚ ਸੁਆਸ-ਸੁਆਸ ਜੁੜਿਆ ਰਹਿੰਦਾ ਹੈ
‘‘ਪੋਖਿ, ਤੁਖਾਰੁ ਨ ਵਿਆਪਈ; ਕੰਠਿ ਮਿਲਿਆ ਹਰਿ ਨਾਹੁ॥ ਮਨੁ ਬੇਧਿਆ ਚਰਨਾਰਬਿੰਦ, ਦਰਸਨਿ ਲਗੜਾ ਸਾਹੁ॥’’

 ਅਗਰ ਕਿਸੇ ਬੂਟੇ ਜਾਂ ਦਰੱਖ਼ਤ ’ਤੇ ਠੰਡ ਦੀ ਮਾਰ ਨਾ ਪਵੇ ਤਾਂ ਉਸ ’ਤੇ ਹਰਿਆਲੀ ਆਉਣੀ ਸੁਭਾਵਕ ਹੈ। ਜਿਸ ਜੀਵ ਇਸਤ੍ਰੀ ਨੇ ਪਿ੍ਰਥਵੀ ਦੇ ਰਖਿਅਕ (ਗੋਵਿੰਦ), ਧਰਤੀ ਦੇ ਪਾਲਣਹਾਰ (ਗੋਪਾਲ) ਪਾਤਿਸ਼ਾਹ ਦੀ ਸ਼ਰਨ (ਓਟ) ਲਈ ਤਾਂ ਉਸ ’ਤੇ ਠੰਢ (ਵਿਕਾਰਾਂ) ਦਾ ਪ੍ਰਭਾਵ ਨਾ ਪੈਣ ਕਾਰਨ ਉਸ ਨੂੰ ਮਾਲਕ ਦੀ ਇਸ ਸੇਵਾ ਭਗਤੀ ਦਾ ਹਮੇਸ਼ਾਂ ਮੁਨਾਫ਼ਾ (ਲਾਹੁ, ਲਾਭ) ਹੀ ਹੁੰਦਾ ਹੈ। ਗੁਰੂ (ਸਾਧੂ) ਨੂੰ ਮਿਲ ਕੇ ਰੱਬ ਦੇ ਗੁਣਾਂ ਦੀ ਗਾਹ (ਪਕੜ) ਹੋ ਜਾਂਦੀ ਹੈ ਜਿਸ ਕਾਰਨ ਮਾਇਆ (ਜ਼ਹਿਰ) ਵਿਆਪ ਨਹੀਂ ਸਕਦੀ, ਜੀਵਨ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੀ ਕਿਉਂਕਿ ਜਿਸ ਮਾਲਕ ਰਾਹੀਂ ਆਰੰਭਕ ਸਮੇਂ (ਬਾਲਪਨ) ਦੌਰਾਨ ਉਸ ਦੀ ਉੱਚੀ ਸੁਰਤਿ ਹੋਈ ਸੀ ਉਸ ਮਾਲਕ ਵਰਗੀ ਹੀ ਸੱਚੀ (ਨਿਰਮਲ) ਪ੍ਰੀਤ ਬਣ ਕੇ ਦੁਬਾਰਾ ਉਸ ਵਿੱਚ ਹੀ ਮਿਲ ਜਾਂਦੀ ਹੈ, ਲੀਨ ਹੋ ਜਾਂਦੀ ਹੈ
‘‘ਓਟ ਗੋਵਿੰਦ ਗੋਪਾਲ ਰਾਇ, ਸੇਵਾ ਸੁਆਮੀ ਲਾਹੁ॥ ਬਿਖਿਆ ਪੋਹਿ ਨ ਸਕਈ, ਮਿਲਿ ਸਾਧੂ ਗੁਣ ਗਾਹੁ॥ ਜਹ ਤੇ ਉਪਜੀ ਤਹ ਮਿਲੀ, ਸਚੀ ਪ੍ਰੀਤਿ ਸਮਾਹੁ॥’’

ਜਿਸ ਦਾ ਹੱਥ (ਬਾਂਹ) ਮਾਲਕ ਨੇ ਪਕੜ ਲਿਆ ਉਸ ਦੀ ਦੁਆਰਾ ਮਾਲਕ ਤੋਂ ਦੂਰੀ ਨਾ ਬਣਦੀ। ਉਹ ਹਮੇਸ਼ਾਂ ਆਖਦੀ ਰਹਿੰਦੀ ਹੈ ਕਿ ਜੋ ਪਹੁੰਚ ਤੋਂ ਰਹਿਤ (ਅਗਮ), ਥਾਹ (ਪਕੜ) ਤੋਂ ਰਹਿਤ ਭਾਵ ਬੇਅੰਤ ਗੰਭੀਰ ਹਰੀ ਸੱਜਣ ਹੈ ਮੈਂ ਉਸ ਤੋਂ ਲੱਖਾਂ ਵਾਰੀ ਕੁਰਬਾਨ ਜਾਂਦੀ ਹਾਂ, ਉਸ ਦੁਆਰਾ ਮੇਰੇ ’ਤੇ ਕੀਤਾ ਉਪਕਾਰ ਯਾਦ ਰੱਖਦੀ ਹਾਂ
‘‘ਕਰੁ ਗਹਿ ਲੀਨੀ ਪਾਰਬ੍ਰਹਮਿ, ਬਹੁੜਿ ਨ ਵਿਛੁੜੀਆਹੁ॥ ਬਾਰਿ ਜਾਉ ਲਖ ਬੇਰੀਆ, ਹਰਿ ਸਜਣੁ ਅਗਮ ਅਗਾਹੁ॥’’

ਅਜਿਹੀ ਭਾਵਨਾ ਵਾਲੀ ਜੋ ਵੀ ਜੀਵ ਇਸਤ੍ਰੀ ਉਸ ਨਾਰਾਇਣ (ਕਰਤਾਰ) ਦੀ ਸ਼ਰਨ ਪੈ ਜਾਂਦੀ ਹੈ, ਉਸ ਦੇ ਦਰ ’ਤੇ ਡਿੱਗਦੀ ਹੈ ਉਸ ਲਈ ਪੋਹ ਦਾ ਠੰਢਾ ਮਹੀਨਾ ਵੀ ਸੁਹਾਵਨਾ (ਸੁੋਹੰਦਾ) ਬਣ ਜਾਂਦਾ ਹੈ ਕਿਉਂਕਿ ਉਸ ਲਈ ਸਦਾ ਹਰਿਆਵਲੀ (ਸੁਖ, ਖ਼ੁਸ਼ੀ) ਹੀ ਰਹਿੰਦੀ ਹੈ, ਪਤਝੜ ਨਹੀਂ, ਪਰ ਇਹ ਗੁਣ (ਹਰਿਆਲੀ) ਉਸ ਵਿੱਚ ਆਉਂਦੀ ਹੈ ਜਿਸ ਉੱਤੇ ਚਿੰਤਾ ਮੁਕਤ ਹਰੀ ਜੀ ਆਪ ਕ੍ਰਿਪਾ ਕਰਦੇ ਹਨ
‘‘ਸਰਮ ਪਈ ਨਾਰਾਇਣੈ, ਨਾਨਕ ! ਦਰਿ ਪਈਆਹੁ॥ ਪੋਖੁ ਸੁੋਹੰਦਾ ਸਰਬ ਸੁਖ, ਜਿਸੁ ਬਖਸੇ ਵੇਪਰਵਾਹੁ॥’’

ਪੋਹ ਦੇ ਮਹੀਨੇ ਨਾਲ ਸੰਬੰਧਤ ਵੀਚਾਰ ਹੀ ਗੁਰੂ ਨਾਨਕ ਦੇਵ ਜੀ ਬਾਰ੍ਹਾਂ ਮਾਹਾਂ ਤੁਖਾਰੀ ਰਾਗ ਵਿਚ ਪੰਨਾ 1109 ’ਤੇ ਬਿਆਨ ਕਰਦੇ ਹਨ ਕਿ ਪੋਹ ਦੇ ਮਹੀਨੇ ’ਚ ਠੰਢ ਪੈਂਦੀ ਹੈ ਜਿਸ ਕਾਰਨ ਜੰਗਲ, ਘਾਹ ਆਦਿ ਬਨਸਪਤਿ ਰੂਪ ਰਸ (ਹਰਿਆਵਲੀ) ਸੁਕ ਜਾਂਦੀ ਹੈ ‘‘ਪੋਖਿ ਤੁਖਾਰੁ ਪੜੈ, ਵਣੁ ਤ੍ਰਿਣੁ ਰਸੁ ਸੋਖੈ॥’’ ਪਰ ਜਿਸ ਦੇ ਮਨ-ਤਨ (ਕਰਨੀ ਤੇ ਕਥਨੀ) ਵਿੱਚ ਜਗਤ ਦਾ ਰਾਖਾ ਪ੍ਰਭੂ ਵੱਸਦਾ ਹੈ ਉਹ ਗੁਰੂ ਉਪਦੇਸ ਰਾਹੀਂ ਅਨੰਦ ਮਾਣਦੀ ਹੋਈ ਆਖਦੀ ਹੈ ਕਿ ਹੇ ਕੁਦਰਤ ਦੇ ਮਾਲਕ ! ਤੂੰ ਮੇਰੇ ਮਨ, ਤਨ ਤੇ ਮੁਖ (ਰਸਨਾ) ਵਿੱਚ ਆਉਂਦਾ ਕਿਉਂ ਨਹੀਂ ਭਾਵ ਵੱਸਦਾ ਕਿਉਂ ਨਹੀਂ ?
‘‘ਆਵਤ ਕੀ ਨਾਹੀ ? ਮਨਿ ਤਨਿ ਵਸਹਿ ਮੁਖੇ॥ ਮਨਿ ਤਨਿ ਰਵਿ ਰਹਿਆ ਜਗਜੀਵਨੁ, ਗੁਰ ਸਬਦੀ ਰੰਗੁ ਮਾਣੀ॥’’

ਬਨਸਪਤੀ ਦੇ ਮਾਲਕ ਦੀ ਜੋਤਿ ਹਰ ਜੀਵ ਦੇ ਹਿਰਦੇ ਵਿੱਚ ਵੱਸਦੀ ਹੈ। ਜੀਵਾਂ ਦੀ ਉਤਪਤੀ ਦੇ ਪ੍ਰਚੱਲਤ 4 ਸਾਧਨ ਮੰਨੇ ਜਾਂਦੇ ਸਨ

1. ਅੰਡੇ ਤੋਂ ਪੈਦਾ ਹੋਣ ਵਾਲੇ ਜੀਵ (ਮੁਰਗਾ ਜਾਤੀ, ਕੱਛੂ ਜਾਤੀ, ਮਗਰਮੱਛ ਜਾਤੀ, ਪੰਛੀ ਆਦਿ)

2. ਵੀਰਜ ਤੋਂ ਪੈਦਾ ਹੋਣ ਵਾਲੇ (ਮਨੁੱਖ, ਕੁੱਤਾ, ਘੋੜਾ, ਮੱਝ, ਪਸ਼ੂ ਆਦਿ),

3. ਪਸੀਨੇ ਤੋਂ ਪੈਦਾ ਹੋਣ ਵਾਲੇ (ਜੂੰ, ਚਿੱਚੜ ਆਦਿ) ਅਤੇ

4. ਪਾਣੀ ਤੇ ਧਰਤੀ ਦੀ ਗ਼ਰਮੀ ਤੋਂ ਪੈਦਾ ਹੋਣ ਵਾਲੇ (ਬਨਸਪਤੀ, ਪੌਦੇ ਆਦਿ), ਪਰ ਸਭ ਵਿਚ ਅਕਾਲ ਪੁਰਖ ਵਿਆਪਕ ਹੈ ‘‘ਅੰਡਜ ਜੇਰਜ ਸੇਤਜ ਉਤਭੁਜ, ਘਟਿ ਘਟਿ ਜੋਤਿ ਸਮਾਣੀ॥’’
ਗੁਰੂ ਸਿਖਿਆ ਰਾਹੀਂ ਰੱਬੀ ਪ੍ਰੇਮ ’ਚ ਰੰਗੀ ਜੀਵ ਇਸਤ੍ਰੀ ਪੋਹ ਦੀ ਠੰਡਕ ਵਿੱਚ ਵੀ ਮਿਹਰ ਕਰਨ ਵਾਲੇ ਦਾਤਾਰ ਮਾਲਕ ਅੱਗੇ ਬੇਨਤੀ ਕਰਦੀ ਆਖਦੀ ਰਹਿੰਦੀ ਹੈ ਕਿ ਹੇ ਦਯਾ ਦੇ ਸਮੁੰਦਰ ! ਮੈਨੂੰ ਉੱਚੀ ਮਤਿ ਬਖ਼ਸ਼ੋ, ਆਪਣਾ ਦਰਸਨ ਬਖਸੋ ਤਾਂ ਜੋ ਠੰਡਕ (ਵਿਕਾਰਾਂ) ਤੋਂ ਮੁਕਤ ਹੋਣ ਲਈ (ਨਿਰਲੇਪ) ਅਵਸਥਾ ਪ੍ਰਾਪਤ ਕਰ ਸਕਾਂ
‘‘ਦਰਸਨੁ ਦੇਹੁ ਦਇਆਪਤਿ ਦਾਤੇ ! ਗਤਿ ਪਾਵਉ ਮਤਿ ਦੇਹੋ॥’’

ਅੰਤ ’ਚ ਗੁਰੂ ਨਾਨਕ ਸਾਹਿਬ ਜੀ ਫ਼ੁਰਮਾ ਰਹੇ ਹਨ ਕਿ ਕੇਵਲ ਉਹੀ ਜੀਵ ਇਸਤ੍ਰੀ ਰਸੀਆ (ਪ੍ਰੇਮੀ ਮਾਲਕ) ਦੇ ਪ੍ਰੇਮ (ਰਸਿ) ਵਿੱਚ ਭਿੱਜ ਕੇ (ਪੋਹ ਠੰਡ ’ਚ) ਅਨੰਦ ਮਾਣ ਸਕਦੀ ਹੈ (ਜਿਸ ਦਾ ਗੁਰੂ ਸਿਖਿਆ ਰਾਹੀਂ) ਹਰੀ ਨਾਲ ਪ੍ਰੇਮ ਬਣ ਗਿਆ, ਪ੍ਰੀਤ ਬਣ ਗਈ
‘‘ਨਾਨਕ ! ਰੰਗਿ ਰਵੈ ਰਸਿ ਰਸੀਆ, ਹਰਿ ਸਿਉ ਪ੍ਰੀਤਿ ਸਨੇਹੋ॥੧੪॥’’ (ਤੁਖਾਰੀ ਬਾਰਹਮਾਹਾ/ਮ:੧/੧੧੦੯)
ਸਾਰ-
ਪੋਹ ਦੇ ਠੰਡੇ ਮਹੀਨੇ ਰਾਹੀਂ ਗੁਰੂ ਜੀ ਜੀਵ ਇਸਤ੍ਰੀ ਨੂੰ ਹੌਸਲਾ ਦਿੰਦੇ ਹੋਏ ਸਮਝਾ ਰਹੇ ਹਨ ਕਿ ਰੱਬੀ ਪ੍ਰੇਮ ’ਚ ਰੰਗੀ ਜੀਵ ਇਸਤ੍ਰੀ ਹਮੇਸ਼ਾਂ ਵਿਕਾਰਾਂ ਦੇ ਮੁਕਾਬਲੇ ਸ਼ਕਤੀਸਾਲੀ ਬਣ ਜਾਂਦੀ ਹੈ, ਜਿਸ ਨੂੰ ਵਿਕਾਰ ਰੂਪ ਠੰਡਕ ਪੋਹ (ਛੁਹ) ਨਹੀਂ ਸਕਦੀ ਭਾਵ ਨਿਡਰ ਜੀਵ ਪਾਪਾਂ ਦੇ ਸਾਹਮਣੇ ਹਾਰਦਾ ਨਹੀਂ ਹੈ
‘‘ਸੋ ਡਰੈ ਜਿ ਪਾਪ ਕਮਾਵਦਾ, ਧਰਮੀ ਵਿਗਸੇਤੁ॥’’(ਮ: ੪/੮੪)

ਮਾਘਿ ਮਜਨੁ ਸੰਗਿ ਸਾਧੂਆ॥

0

ਮਾਘਿ ਮਜਨੁ ਸੰਗਿ ਸਾਧੂਆ॥

ਬੀਬੀ ਹਰਪ੍ਰੀਤ ਕੌਰ ਸੋਲਨ-8054519471

ਮਾਘਿ ਮਜਨੁ ਸੰਗਿ ਸਾਧੂਆ; ਧੂੜੀ ਕਰਿ ਇਸਨਾਨੁ॥ ਹਰਿ ਕਾ ਨਾਮੁ ਧਿਆਇ ਸੁਣਿ; ਸਭਨਾ ਨੋ ਕਰਿ ਦਾਨੁ॥

ਜਨਮ ਕਰਮ ਮਲੁ ਉਤਰੈ; ਮਨ ਤੇ ਜਾਇ ਗੁਮਾਨੁ॥ ਕਾਮਿ ਕਰੋਧਿ ਨ ਮੋਹੀਐ; ਬਿਨਸੈ ਲੋਭੁ ਸੁਆਨੁ॥

ਸਚੈ ਮਾਰਗਿ ਚਲਦਿਆ; ਉਸਤਤਿ ਕਰੇ ਜਹਾਨੁ॥ ਅਠਸਠਿ ਤੀਰਥ ਸਗਲ ਪੁੰਨ; ਜੀਅ ਦਇਆ ਪਰਵਾਨੁ॥

ਜਿਸ ਨੋ ਦੇਵੈ ਦਇਆ ਕਰਿ; ਸੋਈ ਪੁਰਖੁ ਸੁਜਾਨੁ॥ ਜਿਨਾ ਮਿਲਿਆ ਪ੍ਰਭੁ ਆਪਣਾ; ਨਾਨਕ !  ਤਿਨ ਕੁਰਬਾਨੁ॥

ਮਾਘਿ ਸੁਚੇ ਸੇ ਕਾਂਢੀਅਹਿ; ਜਿਨ ਪੂਰਾ ਗੁਰੁ ਮਿਹਰਵਾਨੁ॥

ਪਦ ਅਰਥ : ਮਾਘਿ–ਮਾਘ ਲਖਿਅਤ੍ਰ ਵਾਲੀ ਪੂਰਨਮਾਸ਼ੀ ਦਾ ਮਹੀਨਾ। ਮਾਘਿ–ਮਾਘ ਮਹੀਨੇ ਵਿਚ। ਮਜਨੁ–ਚੁੱਭੀ। ਦਾਨੁ–ਨਾਮ ਦਾ ਦਾਨ। ਜਨਮ ਕਰਮ ਮਲੁ–ਕਈ ਜਨਮਾਂ ਦੇ ਕੀਤੇ ਕਰਮਾਂ ਦੀ ਮੈਲ। ਗੁਮਾਨੁ–ਹੰਕਾਰ। ਕਾਮਿ–ਕਾਮ ਵਿਚ। ਕਰੋਧਿ–ਕਰੋਧ ਵਿਚ। ਮੋਹੀਐ–ਠੱਗੇ ਜਾਈਦਾ। ਸੁਆਨੁ–ਕੁੱਤਾ। ਉਸਤਤਿ–ਸ਼ੋਭਾ। ਅਠਸਠਿ–ਅਠਾਹਠ ਤੀਰਥ। ਪਰਵਾਨੁ–ਮੰਨਿਆ-ਪ੍ਰਮੰਨਿਆ। ਕਰਿ–ਕਰ ਕੇ। ਸੁਜਾਨੁ–ਸਿਆਣਾ। ਕਾਂਢੀਅਹਿ–ਆਖੇ ਜਾਂਦੇ ਹਨ।

ਅਰਥ : ਮਾਘ ਵਿਚ (ਮਾਘੀ ਵਾਲੇ ਦਿਨ ਲੋਕ ਪ੍ਰਯਾਗ ਆਦਿਕ ਤੀਰਥਾਂ ’ਤੇ ਇਸ਼ਨਾਨ ਕਰਨਾ ਬੜਾ ਪੁੰਨ-ਕਰਮ ਸਮਝਦੇ ਹਨ, ਪਰ ਤੂੰ ਹੇ ਭਾਈ), ਗੁਰਮੁਖਾਂ ਦੀ ਸੰਗਤ ਕਰਨ ਵਿਚ (ਬੈਠ, ਇਹੀ ਹੈ ਤੀਰਥਾਂ ਦਾ) ਇਸ਼ਨਾਨ, ਉਹਨਾਂ ਦੀ ਚਰਨ-ਧੂੜ ਵਿਚ ਇਸ਼ਨਾਨ ਕਰ (ਨਿਮ੍ਰਤਾ-ਭਾਵ ਨਾਲ ਗੁਰਮੁਖਾਂ ਦੀ ਸੰਗਤ ਕਰ, ਉਥੇ) ਪਰਮਾਤਮਾ ਦਾ ਨਾਮ ਜਪ, ਪਰਮਾਤਮਾ ਦੀ ਸਿਫਤ ਸਾਲਾਹ ਸੁਣ, ਹੋਰ ਸਭਨਾਂ ਨੂੰ ਇਹ ਨਾਮ ਦੀ ਦਾਤ ਵੰਡ, (ਇਸ ਤਰ੍ਹਾਂ ਕਈ ਜਨਮਾਂ ਦੇ ਕੀਤੇ ਕਰਮਾਂ ਤੋਂ ਪੈਦਾ ਹੋਈ ਵਿਕਾਰਾਂ ਦੀ ਮੈਲ (ਤੇਰੇ ਮਨ ਤੋਂ) ਲਹਿ ਜਾਏਗੀ, ਤੇਰੇ ਮਨ ਵਿਚੋਂ ਅਹੰਕਾਰ ਦੂਰ ਹੋ ਜਾਏਗਾ।

(ਸਿਮਰਨ ਦੀ ਬਰਕਤ ਨਾਲ) ਕਾਮ ਵਿਚ, ਕ੍ਰੋਧ ਵਿਚ ਨਹੀਂ ਫਸੀਦਾ, ਲੋਭ-ਕੁੱਤਾ ਵੀ ਮੁੱਕ ਜਾਂਦਾ ਹੈ (ਲੋਭ, ਜਿਸ ਦੇ ਅਸਰ ਹੇਠ ਮਨੁੱਖ ਕੁੱਤੇ ਵਾਂਗ ਦਰ-ਦਰ ’ਤੇ ਭਟਕਦਾ ਹੈ) ਇਸ ਸੱਚੇ ਰਸਤੇ ਉੱਤੇ ਤੁਰਿਆਂ ਜਗਤ ਵੀ ਸ਼ੋਭਾ ਕਰਦਾ ਹੈ। ਅਠਾਹਠ ਤੀਰਥਾਂ ਦਾ ਇਸ਼ਨਾਨ, ਸਾਰੇ ਪੁੰਨ-ਕਰਮ, ਜੀਵਾਂ ਉੱਤੇ ਦਇਆ ਕਰਨੀ ਜੋ ਧਾਰਮਿਕ ਕੰਮ ਮੰਨੀ ਗਈ ਹੋਈ ਹੈ) ਇਹ ਸਭ ਕੁਝ ਸਿਮਰਨ ਵਿਚ ਹੀ ਆ ਜਾਂਦੇ ਹਨ)।

ਪਰਮਾਤਮਾ ਕਿਰਪਾ ਕਰਕੇ ਜਿਸ ਮਨੁੱਖ ਨੂੰ (ਸਿਮਰਨ ਦੀ ਦਾਤਿ) ਦੇਂਦਾ ਹੈ, ਉਹ ਮਨੁੱਖ (ਜ਼ਿੰਦਗੀ ਦੇ ਸਹੀ ਰਸਤੇ ਦੀ ਪਛਾਣ ਵਾਲਾ) ਸਿਆਣਾ ਹੋ ਜਾਂਦਾ ਹੈ।

ਹੇ ਨਾਨਕ ! (ਆਖ) ਜਿਨ੍ਹਾਂ ਨੂੰ ਪਿਆਰਾ ਪ੍ਰਭੂ ਮਿਲ ਪਿਆ ਹੈ, ਮੈਂ ਉਹਨਾਂ ਤੋਂ ਸਦਕੇ ਹਾਂ। ਮਾਘ ਮਹੀਨੇ ਵਿਚ ਸਿਰਫ਼ ਉਹੀ ਸੁੱਚੇ ਬੰਦੇ ਆਖੇ ਜਾਂਦੇ ਹਨ, ਜਿਨ੍ਹਾਂ ਉੱਤੇ ਪੂਰਾ ਸਤਿਗੁਰੂ ਦਇਆਵਾਨ ਹੁੰਦਾ ਹੈ (ਤੇ ਜਿਨ੍ਹਾਂ ਨੂੰ ਸਿਮਰਨ ਦੀ ਦਾਤ ਦਿੰਦਾ ਹੈ)।

ਵਿਆਖਿਆ : ਵੀਚਾਰ ਅਧੀਨ ਸ਼ਬਦ ਵਿਚ ਸਤਿਗੁਰੂ ਨੇ ਜੀਵਨ ਨੂੰ ਪਵਿੱਤਰ ਕਰਨ ਦਾ ਢੰਗ ਦੱਸਿਆ ਹੈ। ਸਚਿਆਰਾ ਬਣਨ ਦਾ ਕੀ ਢੰਗ ਹੈ ‘‘ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ’’ ਇਹ ਸਮੱਸਿਆ ਹੈ। ਜਦੋਂ ਤੱਕ ਮਨ ਵਿਚ ਪਵਿੱਤਰਤਾ ਨਹੀਂ, ਮਨ ਵਿਚ ਸ਼ਾਂਤੀ ਨਹੀਂ, ਮਨ ਵਿਚ ਤ੍ਰਿਪਤੀ ਨਹੀਂ ਅਤੇ ਮਨ ਵਿਚੋਂ ਸਹਸ ਸਿਆਣਪਾਂ ਨਹੀਂ ਮਿਟਦੀਆਂ ਉਦੋਂ ਤੱਕ ਇਹ ਸਚਿਆਰਾ ਨਹੀਂ ਬਣ ਸਕਦਾ।

  1. ਸੋਚੈ, ਸੋਚਿ ਨ ਹੋਵਈ ਜੇ ਸੋਚੀ ਲਖ ਵਾਰ–ਪਾਣੀ ਨਾਲ ਤਨ ਧੋਣ ਨਾਲ ਮਨ ਸ਼ੁੱਧ ਨਹੀਂ ਹੋ ਸਕਦਾ।
  2. ਚੁਪੈ, ਚੁਪ ਨ ਹੋਵਈ ਜੇ ਲਾਇ ਰਹਾ ਲਿਵਤਾਰ–ਮੋਨ ਧਾਰਨ ਕਰਨ ਨਾਲ ਮਨ ਚੁੱਪ ਨਹੀਂ ਹੋ ਜਾਂਦਾ।
  3. ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ–ਜੇ ਮਨ ਹੀ ਤ੍ਰਿਸ਼ਨਾ ਦੇ ਅਧੀਨ ਹੈ ਤਾਂ ਤਨ ਦਾ ਰਜੇਵਾਂ ਥੋਥਾ ਹੈ।
  4. ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ–ਬਿਨਾਂ ਅਨੁਭਵ ਤੋਂ ਮਨ ਦੀਆਂ ਥੋਥੀਆਂ ਦਲੀਲਾਂ ਨਾਲ ਤਸੱਲੀ ਨਹੀਂ ਹੁੰਦੀ।

ਇਸ ਸ਼ਬਦ ਦੀ ਅਖੀਰਲੀ ਤੁਕ ਹੈ–‘‘ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੁ ਮਿਹਰਵਾਨੁ॥’’ ਭਾਵ ਸੁੱਚੇ ਉਹ ਹਨ ਜੋ ਗੁਰੂ ਦੀ ਕਿਰਪਾ ਦੇ ਪਾਤਰ ਹਨ। ਗੁਰੂ ਦੀ ਕਿਰਪਾ, ਗੁਰੂ ਦਾ ਹੁਕਮ ਮੰਨਣ ਨਾਲ ਸਾਕਾਰ ਹੁੰਦੀ ਹੈ ਜਿਵੇਂ ਰੋਗੀ ਤੇ ਡਾਕਟਰ ਦੀ ਕਿਰਪਾ ਡਾਕਟਰ ਦਾ ਕਹਿਣਾ ਮੰਨਣ ਨਾਲ ਸਾਕਾਰ ਹੁੰਦੀ ਹੈ। ਅਗਰ ਰੋਗੀ, ਡਾਕਟਰ ਦੀ ਕਹੀ ਦਵਾਈ ਅਤੇ ਨੁਸਖ਼ਾ ਆਪਣੀ ਜੇਬ ਵਿਚ ਪਾਈ ਫਿਰੇ ਤਾਂ ਡਾਕਟਰ ਕੋਲ ਕੋਈ ਬਣੀ ਬਣਾਈ ਕਿਰਪਾ ਨਹੀਂ ਫਿਰ ਭਾਵੇਂ ਕੋਈ ਆਮ ਮਨੁੱਖ ਹੋਵੇ ਜਾਂ ਡਾਕਟਰ ਦਾ ਆਪਣਾ ਪੁੱਤਰ ਹੀ ਕਿਉਂ ਨਾ ਹੋਵੇ ਇਸੇ ਤਰ੍ਹਾਂ ਗੁਰੂ ਦੀ ਕਿਰਪਾ ਗੁਰੂ ਦਾ ਹੁਕਮ ਮੰਨਣ ’ਤੇ ਨਿਰਭਰ ਕਰਦੀ ਹੈ ਚਾਹੇ ਆਮ ਮਨੁੱਖ ਹੋਵੇ ਚਾਹੇ ਗੁਰੂ ਪੁੱਤਰ ਹੀ ਕਿਉਂ ਨਾ ਹੋਵੇ। ਹਿੰਦੂ ਲੋਕ ਮਾਘ ਮਹੀਨੇ ਵਿਚ ਤੀਰਥਾਂ ਦਾ ਇਸਨਾਨ ਕਰਦੇ ਹਨ ਅਤੇ ਦਾਨ ਕਰਦੇ ਹਨ ਪਰ ਜੀਵਨ ਉੱਥੇ ਦਾ ਉੱਥੇ ਹੀ ਰਹਿੰਦਾ ਹੈ। ‘‘ਤੀਰਥ ਬਰਤ ਅਰੁ ਦਾਨ ਕਰਿ, ਮਨ ਮਹਿ ਧਰੈ ਗੁਮਾਨੁ॥ ਨਾਨਕ ਨਿਹਫਲ ਜਾਤ ਤਿਹ, ਜਿਉ ਕੁੰਚਰ ਇਸਨਾਨੁ॥’’        ਅਤੇ

‘‘ਨਾਵਣਿ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ॥ ਇਕ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰਿ॥’’

ਅਨੁਸਾਰ ਉਹਨਾਂ ਦੀ ਹਉਮੈ ਦੀ ਮੈਲ ਨਹੀਂ ਉਤਰਦੀ। ਇਸ ਕਰਕੇ ਅਸਲੀ ਇਸ਼ਨਾਨ ਹੈ ਸਾਧੂਆਂ ਗੁਰਮੁਖਾਂ ਦੀ ਧੂੜੀ ਵਿਚ ਇਸ਼ਨਾਨ ਕਰਨਾ। ਧੂੜੀ ਕੀ ਹੈ ? ਇਸ ਤੋਂ ਪਹਿਲਾਂ ‘ਚਰਨ’ ਸਮਝਣੇ ਜ਼ਰੂਰੀ ਹਨ। ਧਰਮ ਦੀ ਭਾਸ਼ਾ ਵਿਚ ਚਰਨਾਂ ਦਾ ਮਤਲਬ ਹੈ ਗੁਰੂ ਦੇ ਬਚਨ।

  1. ਹਿਰਦੈ ਚਰਨ ਸ਼ਬਦੁ ਸਤਿਗੁਰ ਕੋ, ਨਾਨਕ ਬਾਧਿਓ ਪਾਲਿ॥ (ਸ਼ਬਦ ਰੂਪ ਚਰਨ)
  2. ਮਾਈ ਚਰਨ ਗੁਰ ਮੀਠੇ॥ ਵਡੇ ਭਾਗਿ ਦੇਵੈ ਪਰਮੇਸ਼ਰੁ ਕੋਟਿ ਫਲਾ ਦਰਸਨ ਗੁਰ ਡੀਠੇ॥ (ਮਿੱਠੀ ਬਚਨਾਂ ਰੂਪੀ ਚਰਨ)

ਚਰਨ ਧੂੜਿ ਦਾ ਅਰਥ ਹੋਇਆ ਬਚਨਾਂ ਰਾਹੀਂ ਮਿਲੀ ਸਿੱਖਿਆ। ਗੁਰੂ ਦੀ ਸਿੱਖਿਆ ’ਤੇ ਚੱਲ ਕੇ ਆਪ ਕਮਾਈ ਕਰਨੀ ਅਤੇ ਹੋਰਾਂ ਨੂੰ ਵੀ ਨਾਮ ਉਪਦੇਸ਼ ਦੀ ਦਾਤ ਵੰਡਣੀ ਭਾਵ ਗੁਰਮਤਿ ਅਨੁਸਾਰ ਜੀਵਨ ਜੁਗਤਿ ਦੱਸਣੀ। ਇਹ ਹੈ ਅੰਦਰਲਾ ਇਸ਼ਨਾਨ ਜਿਸ ਨੂੰ ਗੁਰੂ ਜੀ ਕਹਿੰਦੇ ਹਨ–‘‘ਮਾਘਿ ਪੁਨੀਤ ਭਈ ਤੀਰਥੁ ਅੰਤਰਿ ਜਾਨਿਆ’’। ਜਦੋਂ ਗੁਣਾਂ ਦੇ ‘‘ਸਾਜਨ ਸਹਜਿ ਮਿਲੇ ਗੁਣ ਗਹਿ ਅੰਕਿ ਸਮਾਨਿਆ’’ ਵਾਲੀ ਅਵਸਥਾ ਹੋ ਜਾਂਦੀ ਹੈ ਤਾਂ ਮਨੁੱਖ ‘‘ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ’’ ਵਾਲਾ ਹੋ ਜਾਂਦਾ ਹੈ।

ਜਿਸ ਮਨੁੱਖ ਨੇ ‘‘ਪਰਮੇਸੁਰ ਜੁਗਿ ਜੁਗਿ ਏਕੋ ਜਾਤਾ’’ ਉਸ ਮਨੁੱਖ ਦਾ ‘‘ਪੁੰਨ ਦਾਨ ਪੂਜਾ’’ ਆਪੇ ਹੀ ਹੋ ਜਾਂਦਾ ਹੈ। ਅਜਿਹਾ ਮਨੁੱਖ ਪਰਵਾਣ ਹੋ ਜਾਂਦਾ ਹੈ ਉਸ ਨੂੰ ਅਖਉਤੀ ‘‘ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ’’ ਦੀ ਲੋੜ ਨਹੀਂ। ਜੀਵ ਦਇਆ ਭਾਵ ਜੈਨੀਆਂ ਵਾਲੀ ਦਇਆ ‘‘ਸਚੈ ਮਾਰਗਿ ਚਲਦਿਆ’’ ਕਾਰਨ ‘‘ਉਸਤਤਿ ਕਰੇ ਜਹਾਨੁ’’ ਵਾਲਾ ਹੋ ਜਾਂਦਾ ਹੈ। ਉਸ ਨੂੰ ਪ੍ਰਯਾਗ ਦੇ ਤ੍ਰਿਬੇਣੀ ਸੰਗਮ ਤੇ ਜਾਣ ਦੀ ਲੋੜ ਨਹੀਂ ਉਸ ਦੇ ਤਾਂ ‘‘ਗੰਗ ਜਮੁਨ ਕੇ ਅੰਤਰੇ ਸਹਜ ਸੁੰਨ ਕੇ ਘਾਟ’’ ਅੰਦਰਿ ਹੀ ਬਣ ਜਾਂਦੇ ਹਨ। ਨਾਮ ਧੂੜ ਪ੍ਰਾਪਤ ਕਰਕੇ ਉਸ ਨੂੰ ਮਹਾਂ-ਰਸ ਮਿਲ ਜਾਂਦਾ ਹੈ–‘‘ਨਾਨਕ, ਮਾਘਿ ਮਹਾ ਰਸ ਹਰਿ ਜਪਿ, ਅਠਸਠਿ ਤੀਰਥ ਨਾਤਾ॥’’

ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ॥

0

ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ॥

ਬੀਬੀ ਹਰਪ੍ਰੀਤ ਕੌਰ ਸੋਲਨ-8054519471

ਫਲਗੁਣਿ ਅਨੰਦ ਉਪਾਰਜਨਾ; ਹਰਿ ਸਜਣ ਪ੍ਰਗਟੇ ਆਇ॥ ਸੰਤ ਸਹਾਈ ਰਾਮ ਕੇ; ਕਰਿ ਕਿਰਪਾ ਦੀਆ ਮਿਲਾਇ॥

ਸੇਜ ਸੁਹਾਵੀ ਸਰਬ ਸੁਖ; ਹੁਣਿ ਦੁਖਾ ਨਾਹੀ ਜਾਇ॥ ਇਛ ਪੁਨੀ ਵਡਭਾਗਣੀ; ਵਰੁ ਪਾਇਆ ਹਰਿ ਰਾਇ॥

ਮਿਲਿ ਸਹੀਆ ਮੰਗਲੁ ਗਾਵਹੀ; ਗੀਤ ਗੋਵਿੰਦ ਅਲਾਇ॥ ਹਰਿ ਜੇਹਾ ਅਵਰੁ ਨ ਦਿਸਈ; ਕੋਈ ਦੂਜਾ ਲਵੈ ਨ ਲਾਇ॥

ਹਲਤੁ ਪਲਤੁ ਸਵਾਰਿਓਨੁ; ਨਿਹਚਲ ਦਿਤੀਅਨੁ ਜਾਇ॥ ਸੰਸਾਰ ਸਾਗਰ ਤੇ ਰਖਿਅਨੁ; ਬਹੁੜਿ ਨ ਜਨਮੈ ਧਾਇ॥

ਜਿਹਵਾ ਏਕ, ਅਨੇਕ ਗੁਣ; ਤਰੇ ਨਾਨਕ ਚਰਣੀ ਪਾਇ॥ ਫਲਗੁਣਿ ਨਿਤ ਸਲਾਹੀਐ; ਜਿਸ ਨੋ ਤਿਲੁ ਨ ਤਮਾਇ॥ ੧੩॥

ਪਦ ਅਰਥ : ਫਲਗੁਣਿ–ਫੱਗਣ ਮਹੀਨੇ ਵਿਚ, ਉਪਾਰਜਨਾ–ਉਪਜ। ਰਾਮ ਕੇ ਸਹਾਈ–ਪਰਮਾਤਮਾ ਨਾਲ ਮਿਲਣ ਵਿਚ ਸਹਾਇਤਾ ਕਰਨ ਵਾਲੇ। ਸੇਜ–ਹਿਰਦਾ। ਵਰ–ਖਸਮ,ਗਾਵਹੀਂ–ਗਾਉਂਦੀਆਂ ਹਨ। ਮੰਗਲੁ–ਖੁਸ਼ੀ ਦਾ ਗੀਤ। ਅਲਾਇ–ਉਚਾਰ ਕੇ। ਲਵੈ–ਨੇੜੇ। ਹਲਤੁ ਪਲਤੁ–ਲੋਕ ਪਰਲੋਕ। ਸਵਾਰਿਓਨੁ–ਸਵਾਰ ਦਿੱਤਾ। ਦਿਤੀਅਨੁ–ਉਸ ਪ੍ਰਭੂ ਨੇ ਦਿੱਤੀ। ਜਾਇ–ਥਾਂ। ਪਾਇ–ਪਾਈ, ਭਟਕਣਾ। ਪਾਇ–ਪੈ ਕੇ। ਤਿਲੁ–ਫਰੇਬ। ਤਮਾਇ–ਤਮਾ, ਲਾਲਚ।

ਅਰਥ : ਸਿਆਲੀ ਰੁੱਤ ਦੀ ਕਰੜੀ ਸਰਦੀ ਪਿੱਛੋਂ ਰੁੱਤ ਫਿਰਨ ’ਤੇ, ਫੱਗਣ ਦੇ ਮਹੀਨੇ ਵਿਚ ਲੋਕ ਹੋਲੀਆਂ ਦੇ ਰੰਗ ਤਮਾਸ਼ਿਆਂ ਦੀ ਰਾਹੀਂ ਖਿਨ-ਮਾਤ੍ਰ ਖੁਸ਼ੀਆਂ ਮਨਾਉਂਦੇ ਹਨ ਪਰ ਫੱਗਣ ਵਿਚ ਉਹਨਾਂ ਜੀਵ-ਇਸਤਰੀਆਂ ਦੇ ਅੰਦਰ ਆਤਮਕ ਅਨੰਦ ਪੈਦਾ ਹੋ ਜਾਂਦਾ ਹੈ ਜਿਨ੍ਹਾਂ ਦੇ ਹਿਰਦੇ ਵਿਚ ਸੱਜਣ ਹਰੀ ਪ੍ਰਤੱਖ ਆ ਵੱਸਦਾ ਹੈ। ਪ੍ਰਭੂ ਨਾਲ ਮਿਲਣ ਵਿਚ ਸਹਾਇਤਾ ਕਰਨ ਵਾਲੇ ਸੰਤ ਜਨ ਮਿਹਰ ਕਰਕੇ ਉਹਨਾਂ ਨੂੰ ਪ੍ਰਭੂ ਨਾਲ ਜੋੜ ਦਿੰਦੇ ਹਨ। ਉਹਨਾਂ ਦੀ ਹਿਰਦਾ ਸੇਜ ਸੁੰਦਰ ਬਣ ਜਾਂਦੀ ਹੈ। ਉਹਨਾਂ ਨੂੰ ਸਾਰੇ ਹੀ ਸੁੱਖ ਪ੍ਰਾਪਤ ਹੋ ਜਾਂਦੇ ਹਨ। ਦੁੱਖਾਂ ਲਈ ਉਹਨਾਂ ਦੇ ਹਿਰਦੇ ਵਿਚ ਕੋਈ ਜਗ੍ਹਾ ਨਹੀਂ ਰਹਿ ਜਾਂਦੀ। ਉਹਨਾਂ ਵਡਭਾਗਣ ਜੀਵ ਇਸਤਰੀਆਂ ਦੀ ਕਾਮਨਾ ਪੂਰੀ ਹੋ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਹਰੀ ਪ੍ਰਭੂ ਵਰ ਮਿਲ ਜਾਂਦਾ ਹੈ। ਉਹ ਸਤਸੰਗੀ ਸਹੇਲੀਆਂ ਨਾਲ ਰਲ ਕੇ ਰੱਬੀ ਸਿਫਤ-ਸਾਲਾਹ ਦੇ ਗੀਤ ਅਲਾਪ ਕੇ ਆਤਮਕ ਅਨੰਦ ਪੈਦਾ ਕਰਨ ਵਾਲੀ ਬਾਣੀ ਗਾਉਂਦੀਆਂ ਹਨ। ਉਹਨਾਂ ਨੂੰ ਪਰਮਾਤਮਾ ਵਰਗਾ ਹੋਰ ਕੋਈ ਨਹੀਂ ਦਿਸਦਾ ਜੋ ਉਸ ਪ੍ਰਭੂ ਦੀ ਬਰਾਬਰੀ ਕਰ ਸਕੇ। ਪਰਮਾਤਮਾ ਨੇ ਉਹਨਾਂ ਦਾ ਹਲਤ ਪਲਤ ਸਵਾਰ ਦਿੱਤਾ ਹੈ ਅਤੇ ਉਹਨਾਂ ਨੂੰ ਆਪਣੇ ਚਰਨਾਂ ਵਿਚ ਨਾ ਡੋਲਣ ਵਾਲੀ ਥਾਂ ਦਿੱਤੀ ਹੈ। ਪ੍ਰਭੂ ਨੇ ਉਹਨਾਂ ਨੂੰ ਸੰਸਾਰ ਸਮੁੰਦਰ ਵਿਚ ਡੁਬਣੋਂ ਬਚਾ ਲਿਆ ਹੈ ਤੇ ਉਸ ਦੀ ਮੁੜ ਜਨਮ ਮਰਨ ਵਿਚ ਦੌੜ-ਭੱਜ ਨਹੀਂ ਹੁੰਦੀ। ਸਾਡੀ ਇਕ ਜੀਭ ਹੈ, ਪ੍ਰਭੂ ਦੇ ਅਨੇਕ ਗੁਣ ਹਨ ਅਸੀਂ ਉਹਨਾਂ ਨੂੰ ਬਿਆਨ ਨਹੀਂ ਕਰ ਸਕਦੇ ਪਰੰਤੂ ਜਿਹੜੇ ਉਸ ਦੀ ਚਰਨੀ ਪੈਂਦੇ ਹਨ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ। ਇਸ ਕਰਕੇ ਫੱਗਣ ਦੇ ਮਹੀਨੇ ਵਿਚ ਸਦਾ ਉਸ ਪਰਮਾਤਮਾ ਦੀ ਸਿਫਤ-ਸਾਲਾਹ ਕਰਨੀ ਚਾਹੀਦੀ ਹੈ ਜਿਸ ਨੂੰ ਆਪਣੀ ਵਡਿਆਈ ਕਰਾਉਣ ਬਦਲੇ ਫਰੇਬ ਜਾਂ ਤਮਾ ਨਹੀਂ।

ਵਿਆਖਿਆ : ਫੱਗਣ ਦਾ ਮਹੀਨਾ ਸਰਦੀਆਂ ਦੇ ਅੰਤ ਅਤੇ ਗਰਮੀ ਦੀ ਸ਼ੁਰੂਆਤ ਦਾ ਮਹੀਨਾ ਹੋਣ ਕਾਰਨ ਦੋਵਾਂ ਦੇ ਕ੍ਰੋਪ ਤੋਂ ਬਚਿਆ ਹੋਣ ਕਾਰਨ ਸੁਹਾਵਣਾ ਹੈ। ਕੁਦਰਤ ਵਿਚਲਾ ਕੋਰਾਪਨ ਖਤਮ ਹੋ ਜਾਂਦਾ ਹੈ ਅਤੇ ਨਿੱਘਾਪਨ ਸ਼ੁਰੂ ਹੋ ਜਾਂਦਾ ਹੈ। ਸਰਦੀ ਨਾਲ ਸੜ ਚੁੱਕੀ ਬਨਸਪਤੀ ਵਿਚ ਨਵੇਂ ਜੀਵਨ ਦੀ ਅਰੰਭਤਾ ਹੋ ਜਾਂਦੀ ਹੈ। ਜਿਹੜੀ ਬਨਸਪਤੀ ਆਪਣੀ ਬਹਾਰ ਅਤੇ ਖੇੜੇ ਨੂੰ ਕੋਰੇ ਦੇ ਅਸਰ ਕਾਰਨ ਸੰਕੋਚ ਕੇ ਬੈਠੀ ਸੀ। ਉਹੀ ਬਨਸਪਤੀ ਨਿੱਘ ਮਿਲਣ ਤੇ ਆਪਣੇ ਅੰਦਰਲੇ ਜੀਵਨ ਨੂੰ ਨਵੀਆਂ ਕਰੂੰਬਲਾਂ, ਕਲੀਆਂ, ਫੁੱਲਾਂ, ਪੱਤਿਆਂ ਦੇ ਰੂਪ ਵਿਚ ਪ੍ਰਗਟ ਕਰਨ ਵਾਸਤੇ ਉਛਾਲੇ ਲੈਣ ਲਗਦੀ ਹੈ। ਮੌਕਾ ਮਿਲਦਿਆਂ ਹੀ ਬਨਸਪਤੀ ਆਪਣੇ ਆਪ ਨੂੰ ਖਿੜਾ ਲੈਂਦੀ ਹੈ। ਚਾਰੇ ਪਾਸੇ ਖੇੜਾ ਹੀ ਖੇੜਾ, ਬਹਾਰ ਹੀ ਬਹਾਰ, ਰੁਮਕੀਆਂ ਹਵਾਵਾਂ, ਫੁੱਲਾਂ ਦੇ ਗੁੱਛਿਆਂ ’ਤੇ ਭੌਰਿਆਂ ਦੀ ਗੁੰਜਾਰ, ਅੰਬਾਂ ਤੇ ਬੂਰ ਅਤੇ ਕੋਇਲ ਦੀ ਕੂਕ ਦਾ ਨਜ਼ਾਰਾ ਸਾਨੂੰ ਕੁਦਰਤ ਵਿਚੋਂ ਦੇਖਣ ਨੂੰ ਮਿਲਦਾ ਹੈ। ਹਰ ਪਾਸੇ ਬਸੰਤ ਦੀ ਰੁੱਤ ਛਾ ਜਾਂਦੀ ਹੈ। ਲੋਕ ਹੋਲੀਆਂ ਮਨਾਉਂਦੇ ਹਨ। ਇਕ ਦੂਜੇ ਤੇ ਰੰਗ ਪਾ ਕੇ ਬਨਾਵਟੀ ਜਿਹੀ ਖੁਸ਼ੀ ਮਾਣਦੇ ਹਨ। ਸਤਿਗੁਰੂ ਜੀ ਕਹਿੰਦੇ ਹਨ ਕਿ ਬਸੰਤ ਹਰ ਵਾਰ ਆਉਂਦੀ ਹੈ ਪਰ ਮਨੁੱਖ ਦੇ ਹਿਰਦੇ ਵਿਚ ਪਤਝੜ ਸਦਾ ਰਹਿੰਦੀ ਕਿਉਂ ਹੈ ? ਬਨਸਪਤੀ ਤੇ ਬਹਾਰ ਹੈ ਪਰ ਮਨੁੱਖੀ ਅੰਦਰ ਦੇ ਅਨੰਦ ਤੋਂ ਕਿਉਂ ਸੱਖਣਾ ਹੈ ? ਲੋਕ ਇਕ ਦੂਜੇ ਦੇ ਸ਼ਰੀਰ ਉੱਤੇ ਰੰਗ ਪਾ ਕੇ ਬਨਾਵਟੀ ਜਿਹਾ ਹਾਸਾ ਹੱਸਦੇ ਹਨ। ਕਾਗਜ਼ ਦੇ ਫੁੱਲਾਂ ਵਿਚੋਂ ਖੁਸ਼ਬੋ ਨਹੀਂ ਆ ਸਕਦੀ ਤਿਵੇਂ ਕਾਗਜ਼ੀ ਹਾਸੀ ਹਿਰਦੇ ’ਤੇ ਅਸਰ ਨਹੀਂ ਪਾ ਸਕਦਾ। ਬਨਸਪਤੀ ਆਪਣਾ ਜੀਵਨ ਧਰਤੀ ਦੇ ਧੁਰ ਅੰਦਰ ਤੋਂ ਖਿੱਚ ਕੇ ਪ੍ਰਗਟ ਕਰਦੀ ਹੈ ਇਸ ਤਰ੍ਹਾਂ ਅਸਲੀ ਅਨੰਦ ਮਨੁੱਖੀ ਹਿਰਦੇ ਦੇ ਧੁਰ ਅੰਦਰ ਤੋਂ ਪੈਦਾ ਹੈ। ਪਰ ਪ੍ਰਗਟ ਕਿਵੇਂ ਹੋਵੇਗਾ ? ਉਦੋਂ ਪ੍ਰਗਟ ਹੋਵੇਗਾ ਜਦੋਂ ‘‘ਹਰਿ ਸਜਣ ਪ੍ਰਗਟੇ ਆਇ॥’’ ਜੇਕਰ ਪ੍ਰਭੂ ਵਾਲੇ ਗੁਣ ਹਿਰਦੇ ਵਿਚ ਨਾ ਹੋਣ ਤਾਂ ਇਸ ਦੀ ਹਾਲਤ–

      1. ਕੈਂਹ ਦੇ ਭਾਂਡੇ ਵਰਗੀ ਹੈ ਜਿਹੜਾ ਬਾਹਰੋਂ ਬੜਾ ਲਿਸ਼ਕਦਾ ਹੈ ਪਰ ਵਾਰ ਵਾਰ ਧੌਣ ’ਤੇ ਵੀ ਕਾਲਖ ਪੈਦਾ ਕਰਦਾ ਹੈ।

      2. ਬਗੁਲੇ ਵਰਗੀ ਹੈ ਜਿਸਦੀ ਸ਼ਕਲ ਦੁੱਧ ਵਰਗੀ ਹੈ ਪਰ ਸੁਰਤ ਕੋਲੇ ਵਰਗੀ ਹੈ।

     3. ਸਿੰਮਲ ਦੇ ਰੁੱਖ ਵਰਗੀ ਹੈ ਜਿਹੜਾ ਸਰੀਰ ਕਰਕੇ ਬੜਾ ਉੱਚਾ ਲੰਮਾ ਹੈ ਜਿਸਦੇ ਫਲ ਬੜੇ ਲਾਲ ਸੂਹੇ ਹੁੰਦੇ ਹਨ ਪਰ ਪੰਛੀਆਂ ਨੂੰ ਉਸ ਤੋਂ ਨਿਰਾਸ਼ਾ ਹੀ ਹੁੰਦੀ ਹੈ।

   4. ਉਹਨਾਂ ਮਹਿਲਾਂ ਵਰਗੀ ਹੁੰਦੀ ਹੈ ਜਿਹੜੇ ਬਾਹਰੋਂ ਚਿਤਰੇ ਹੁੰਦੇ ਹਨ ਪਰ ਉਹਨਾਂ ਵਿਚ ਰਹਿਣ ਵਾਲਾ ਕੋਈ ਨਾ ਹੋਵੇ।

ਇਸ ਕਰਕੇ ਅਸਲੀ ਬਸੰਤ ਉਹਨਾਂ ਦੇ ਹਿਰਦੇ ਵਿਚ ਹੈ ਜਿਹਨਾਂ ਦੇ ਹਿਰਦੇ ਵਿਚ ਮਾਲਕ ਪ੍ਰਭੂ ਵੱਸਦਾ ਹੈ। ‘‘ਨਾਨਕ ਤਿਨਾ ਬਸੰਤ ਹੈ ਜਿਨ ਘਰਿ ਵਸਿਆ ਕੰਤੁ॥ ਜਿਨ ਕੇ ਕੰਤ ਦਿਸਾਪੁਰੀ ਸੇ ਅਹਿ ਨਿਸਿ ਫਿਰਹਿ ਜਲੰਤ॥’’ ਪਰ ਅਕਾਲ ਪੁਰਖ ਵੀ ਤਾਂ ਗੁਰੂ ਦੀ ਕਿਰਪਾ ਸਦਕਾ ਹੀ ਅੰਦਰ ਵੱਸਦਾ ਹੈ। ਫਿਰ ਹੀ ਮਨ ਦੀ ਹਰੇਕ ਮੰਗ ਪੂਰੀ ਹੋ ਸਕਦੀ ਹੈ। ‘‘ਗੁਰ ਪ੍ਰਸਾਦਿ, ਮੇਰੈ ਮਨਿ ਵਸਿਆ ਜੋ ਮਾਗਉ ਸੋ ਪਾਵਉ ਰੇ’’ ਵਾਲੀ ਅਵਸਥਾ ਹੋ ਜਾਂਦੀ ਹੈ। ਪ੍ਰਭੂ ਦੇ ਮਿਲਣ ਤੇ ‘‘ਸੇਜ ਸੁਹਾਵੀ’’ ਅਤੇ ‘ਸਰਬ ਸੁਖ’’ ਮਿਲ ਜਾਂਦੇ ਹਨ। ਜੀਵ ਇਸਤਰੀ ‘‘ਅਨਦਿਨੁ ਰਹਸੁ ਭਇਆ ਆਪੁ ਗਵਾਇਆ’’ ਵਾਲੀ ਹੋ ਜਾਂਦੀ ਹੈ। ਹੁਣ ਆਪਾ ਗਵਾ ਕੇ ਉਹ ‘‘ਮਿਲਿ ਸਹੀਆ ਮੰਗਲੁ ਗਾਵਹੀ’’ ਅਤੇ ‘‘ਗੀਤ ਗੋਵਿੰਦ ਅਲਾਇ’’ ਦਾ ਕਾਰਜ ਸ਼ੁਰੂ ਕਰ ਦਿੰਦੀ ਹੈ। ਉਸ ਨੂੰ ‘‘ਹਰਿ ਜੇਹਾ ਅਵਰੁ ਨ ਦਿਸਈ’’ ਦੇ ਕਾਰਨ ‘‘ਨਿਹਚਲ ਦਿਤੀਅਨ ਜਾਇ’’ ਪ੍ਰਾਪਤ ਹੋ ਜਾਂਦੀ ਹੈ। ਉਹ ਮਹਿਸੂਸ ਕਰਦੀ ਹੈ ਕਿ ਮੇਰੀ ‘‘ਜਿਹਵਾ ਏਕ’’ ਹੈ ਪਰ ਰੱਬ ਦੇ‘‘ਅਨੇਕ ਗੁਣ’’ ਹਨ ਜਿਹਨਾਂ ਨੂੰ ਧਾਰਨ ਕੀਤਿਆਂ ‘‘ਸੰਸਾਰ ਸਾਗਰ ਤੇ ਰਖਿਅਨੁ’’ ਵਾਲੀ ਅਵਸਥਾ ਮਿਲ ਜਾਂਦੀ ਹੈ, ਉਸ ਨੂੰ ਕਿਸੇ ਬਾਹਰੀ ਸ਼ਿੰਗਾਰ ਦੀ ਲੋੜ ਨਹੀਂ ਪੈਂਦੀ ਜਿਸ ਨੂੰ ਪ੍ਰਭੂ ਪਤੀ ਨੇ ਪਸੰਦ ਕਰ ਲਿਆ–‘‘ਹਾਰ ਡੋਰ ਰਸ ਪਾਟ ਪਟੰਬਰ, ਪਿਰਿ ਲੋੜੀ ਸ਼ੀਗਾਰੀ॥ ਨਾਨਕ ਮੇਲਿ ਲਈ ਗੁਰਿ ਆਪਣੈ ਘਰਿ ਵਰੁ ਪਾਇਆ ਨਾਰੀ॥’’ (੧੧੦੯)

ਗੁਰਬਾਣੀ ਵਿਚ ਸੰਤਸੰਗਤਿ ਦਾ ਸੰਕਲਪ

0

ਗੁਰਬਾਣੀ ਵਿਚ ਸੰਤਸੰਗਤਿ ਦਾ ਸੰਕਲਪ

ਵਾ. ਪ੍ਰਿਸੀਪਲ ਮਨਿੰਦਰਪਾਲ ਸਿੰਘ- 94175-86121

ਸਤ ਸੰਗਤਿ ਮਨੁੱਖੀ ਆਚਰਨ ਦਾ ਥੰਮ ਹੁੰਦੀ ਹੈ, ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਵਾਕ ਹੈ ਕਿ ‘‘ਊਤਮ ਸੰਗਤਿ, ਊਤਮੁ ਹੋਵੈ॥’’ (ਮ:੧/੪੧੪) ਸਤ ਸੰਗਤਿ ਤੋਂ ਬਿਨਾ ਮਨੁੱਖੀ ਜੀਵਨ ਦੀ ਉਸਾਰੀ ਹੋ ਹੀ ਨਹੀਂ ਸਕਦੀ, ਇਸ ਲਈ ਹਰ ਸਿੱਖ ਅਰਦਾਸ ਵਿਚ ਰੋਜ਼ਾਨਾ ਇਹੀ ਮੰਗ ਕਰਦਾ ਹੈ ਕਿ ‘ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ।’ ਪਰ ਸਤ ਸੰਗਤਿ ਕਿਸ ਨੂੰ ਆਖਦੇ ਹਨ ਇਹ ਵੀ ਵੱਡਾ ਸਵਾਲ ਹੈ ਜਿਸ ਦਾ ਉੱਤਰ ਵੀ ਗੁਰੂ ਨਾਨਕ ਸਾਹਿਬ ਜੀ ਇਉਂ ਦੇ ਰਹੇ ਹਨ ‘‘ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥ ਏਕੋ ਨਾਮੁ ਹੁਕਮੁ ਹੈ, ਨਾਨਕ! ਸਤਿਗੁਰਿ ਦੀਆ ਬੁਝਾਇ ਜੀਉ॥’’ (ਮ:੧/੭੨) ਭਾਵ ਗੁਰਮੁਖ ਪਿਆਰਿਆਂ ਦਾ ਉਹ ਇਕੱਠ ਜਿੱਥੇ ਮਿਲ ਕੇ ਪ੍ਰਭੂ ਦੇ ਨਾਮ ਦੀ ਆਰਾਧਨਾ ਕੀਤੀ ਜਾਂਦੀ ਹੈ, ਅਕੱਥ ਮਾਲਕ ਦੇ ਗੁਣਾਂ ਨੂੰ ਪਿਆਰ ਨਾਲ ਵੀਚਾਰਿਆ ਜਾਂਦਾ ਹੈ, ਉਸ ਦਾ ਨਾਮ ਹੀ ‘ਸਤਸੰਗਤਿ’ ਹੈ।

ਮਨੁੱਖ ਦੇ ਜੀਵਨ ਦਾ ਮਨੋਰਥ ਹੀ ਇਹ ਹੈ ਕਿ ਪ੍ਰਭੂ ਦੇ ਗੁਣਾਂ ਨੂੰ ਆਪਣੇ ਅੰਦਰ ਵਸਾਵੇ, ਪਰ ਪ੍ਰਭੂ ਦੇ ਗੁਣਾਂ ਦੀ ਸੋਝੀ ਕੌਣ ਦੇਵੇ? ਮਾਲਕ ਦੇ ਗੁਣ ਕਿੱਥੋਂ ਸਿੱਖੇ ਜਾਣ? ਚੌਥੇ ਪਾਤਿਸ਼ਾਹ ਜੀ ਇਸ ਦਾ ਉੱਤਰ ਦਿੰਦੇ ਹੋਏ ਸਮਝਾ ਰਹੇ ਹਨ ਕਿ ‘ਸਤ ਸੰਗਤਿ’ ਗੁਰੂ ਜੀ ਦੀ ਪਾਠਸ਼ਾਲਾ ਹੈ, ਇਸ ਵਿਚ ਸ਼ਾਮਿਲ ਹੋ ਕੇ ਹੀ, ਹਰੀ ਦੇ ਗੁਣ ਸਿੱਖੇ ਜਾ ਸਕਦੇ ਹਨ, ਪਾਵਨ ਬਚਨ ਹਨ ‘‘ਸਤ ਸੰਗਤਿ ਸਤਿਗੁਰ ਚਟਸਾਲ ਹੈ, ਜਿਤੁ ਹਰਿ ਗੁਣ ਸਿਖਾ॥’’ (ਮ: ੪/੧੩੧੬)

ਪੰਚਮ ਪਾਤਿਸ਼ਾਹ ਨੇ ਕਿਰਪਾ ਕਰਕੇ ਇਹ ਵੀ ਸਮਝਾ ਦਿੱਤਾ ਕਿ ‘ਸਤ ਸੰਗਤਿ’ ਰੂਪੀ ਪਾਠਸ਼ਾਲਾ ਵਿਚ ਜਾਣਾ ਕਿਵੇਂ ਹੈ? ਉੱਥੇ ਜਾ ਕੇ ਕਰਨਾ ਕੀ ਹੈ?, ਇਸ ਦਾ ਸਾਡੇ ਜੀਵਨ ਨੂੰ ਕੀ ਲਾਭ ਹੋਵੇਗਾ? ਪਾਵਨ ਬਚਨ ਹਨ ‘‘ਗੁਰ ਦੁਆਰੈ, ਹਰਿ ਕੀਰਤਨੁ ਸੁਣੀਐ॥ ਸਤਿਗੁਰੁ ਭੇਟਿ, ਹਰਿ ਜਸੁ ਮੁਖਿ ਭਣੀਐ॥ ਕਲਿ ਕਲੇਸ ਮਿਟਾਏ ਸਤਿਗੁਰੁ, ਹਰਿ ਦਰਗਹ ਦੇਵੈ ਮਾਨਾਂ ਹੇ॥’’ (ਮ:੫/੧੦੭੫) ਭਾਵ ਸਤਸੰਗਤਿ ਵਿਚ ਜਾ ਕੇ ਕੀਰਤਨ ਸੁਣਨਾ ਚਾਹੀਦਾ ਹੈ, ਮਾਲਕ ਦਾ ਜਸ ਆਪ ਵੀ ਗਾਉਣਾ ਚਾਹੀਦਾ ਹੈ, ਗੁਰੂ ਦੇ ਦਰਸ਼ਨ ਕਰਨੇ ਚਾਹੀਦੇ ਹਨ, ਜਿਸ ਸਦਕਾ ਸਾਡੇ ਸਾਰੇ ਪਾਪ ਨਾਸ਼ ਹੋ ਜਾਣਗੇ ਤੇ ਰੱਬੀ ਦਰਗਾਹ ਵਿਚ ਮਾਣ ਮਿਲੇਗਾ।

ਰੱਬ ਦੀ ਭਾਲ ਵਿਚ ਮਨੁੱਖ ਸਮਾਜ ਨੂੰ ਛੱਡ ਕੇ, ਜੰਗਲਾਂ ’ਚ ਜਾ ਵੜਿਆ, ਪਰਬਤਾਂ ਉੱਤੇ ਜਾ ਡੇਰੇ ਲਾਏ, ਇਕਾਂਤਵਾਸ ਹੋ ਕੇ ਤਪ ਤੇ ਸਮਾਧੀਆਂ ਲਗਾਉਣ ਲੱਗ ਪਿਆ ਪਰ ਸਤਿਗੁਰੂ ਅਤੇ ਭਗਤਾਂ ਨੇ ਸੇਧ ਬਖ਼ਸ਼ੀ ਕਿ ਇਸ ਤਰ੍ਹਾਂ ਸੰਸਾਰ ਤੋਂ ਟੁੱਟ ਕੇ, ਨਾ ਹੀ ਰੱਬ ਮਿਲੇਗਾ ਅਤੇ ਨਾ ਹੀ ਪੂਰਨ ਤੌਰ ’ਤੇ ਆਚਰਨਕ ਉਸਾਰੀ ਹੋਵੇਗੀ, ਜੋ ਥੋੜੀ ਬਹੁਤ ਸਫਲਤਾ ਮਿਲੇਗੀ ਤਾਂ ਉਹ ਵੀ ਵਿਅਕਤੀਗਤ ਅਤੇ ਨਿਜੀ ਹੀ ਹੋਵੇਗੀ। ਮਨੁੱਖ ਨੇ ਤਾਂ ਸਭ ਦਾ ਭਲਾ ਮੰਗਣਾ ਹੈ, ਇਸ ਲਈ ਜਮਾਤੀ ਆਚਰਨ ਦੀ ਉਸਾਰੀ ਵੱਲ ਧਿਆਨ ਦਿਓ ‘‘ਆਇ ਮਿਲੁ, ਗੁਰਸਿਖ ਆਇ ਮਿਲੁ, ਤੂ ਮੇਰੇ ਗੁਰੂ ਕੇ ਪਿਆਰੇ॥’’(ਮ:੪/੭੨੫), ਹਰਿ ਨਾਮੈ ਕੇ ਹੋਵਹੁ ਜੋੜੀ; ਗੁਰਮੁਖਿ, ਬੈਸਹੁ ਸਫਾ ਵਿਛਾਇ॥ (ਮ:੫/੧੧੮੫), ਆਵਹੁ ਸੰਤ ਪਿਆਰਿਹੋ! ਅਕਥ ਕੀ ਕਰਹ ਕਹਾਣੀ ॥ (ਮ:੩/੯੧੮), ਆਵਹੁ ਸਿਖ! ਸਤਿਗੁਰੂ ਕੇ ਪਿਆਰਿਹੋ, ਗਾਵਹੁ ਸਚੀ ਬਾਣੀ॥’’ (ਮ:੩/੯੨੦) ਜਾਂ ‘‘ਘਰਿ ਘਰਿ ਅੰਦਰਿ ਧਰਮਸਾਲ, ਹੋਵੈ ਕੀਰਤਨੁ ਸਦਾ ਵਿਸੋਆ।’’ ਭਾਈ ਗੁਰਦਾਸ ਜੀ (ਵਾਰ ੧ ਪਉੜੀ ੨੭)

ਇਹ ਸਭ ਰੱਬੀ ਪੈਗ਼ਾਮ, ਸਾਨੂੰ ‘ਸਤ ਸੰਗਤਿ’ ਕਰਨ ਦੀ ਪ੍ਰੇਰਨਾ ਦੇ ਰਹੇ ਹਨ ਕਿਉਂਕਿ ‘ਸਤ ਸੰਗਤਿ’ ਵਿਚ ਰੱਬ ਵਸਦਾ ਹੈ ‘‘ਵਿਚਿ ਸੰਗਤਿ ਹਰਿ ਪ੍ਰਭੁ ਵਰਤਦਾ..॥’’ (ਮ:੪/੧੩੧੪), ਮਿਲਿ ਸਤਸੰਗਤਿ ਖੋਜੁ ਦਸਾਈ, ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ॥’’ (ਮ:੪/੯੪)

ਭਾਈ ਗੁਰਦਾਸ ਜੀ ਫ਼ੁਰਮਾਉਂਦੇ ਹਨ ਕਿ ਜਦੋਂ ਕਿਸੇ ਭਗਤ ਨੇ, ਰੱਬ ਅੱਗੇ ਬੇਨਤੀ ਕੀਤੀ ਕਿ ਮੈਂ ਤੇਰੇ ਦਰਸ਼ਨ ਕਰਨਾ ਚਾਹੁੰਦਾ ਹਾਂ ਤਾਂ ਰੱਬ ਜੀ ਨੇ ਉੱਤਰ ਦਿੱਤਾ ਕਿ ‘ਸਾਧ ਸੰਗਤਿ’ ਹੀ ਮੇਰਾ ਅਸਲ ਘਰ ਹੈ, ‘ਸਾਧ ਸੰਗਤਿ’ ਦਾ ਦਰਸ਼ਨ ਹੀ ਮੇਰੇ ਨਿਜ ਸਰੂਪ ਦਾ ਦਰਸ਼ਨ ਹੈ, ਸਤ ਸੰਗਤਿ ਹੀ ਮੇਰੀ ਮਾਤਾ, ਪਿਤਾ, ਪਰਿਵਾਰ ਤੇ ਮਿੱਤਰ ਹੈ। ਸਤ ਸੰਗਤਿ ਮੇਰਾ ਸਭ ਤੋਂ ਸ੍ਰੇਸ਼ਟ ਪੁੱਤਰ ਹੈ, ਜਿਸ ਦੀ ਉਪਮਾ ਕੀਤੀ ਹੀ ਨਹੀਂ ਜਾ ਸਕਦੀ। ਮੇਰਾ ਸਾਰਾ ਖ਼ਜ਼ਾਨਾ, ਮੇਰੀ ਜਿੰਦ-ਜਾਨ ‘ਸਤ ਸੰਗਤਿ’ ਹੀ ਹੈ। ‘ਸਤ ਸੰਗਤਿ’ ਦੀ ਸੇਵਾ ਕਰਨੀ ਹੀ ਮੇਰੇ ਲਈ ਧੂਪ ਤੇ ਦੀਵੇ ਨਾਲ ਕੀਤੀ ਗਈ ਆਰਤੀ ਹੈ। ਜੇ ਤੇਰਾ ‘ਸਤ ਸੰਗਤਿ’ਨਾਲ ਪ੍ਰੇਮ ਪੈ ਗਿਆ ਤਾਂ ਸਮਝ ਕਿ ਤੈਂ ਮੈਨੂੰ ਖੱਟੇ-ਮਿੱਠੇ ਪਦਾਰਥਾਂ ਦੇ ਭੋਗ ਲਗਾ ਦਿੱਤੇ ਹਨ। ‘ਸਤ ਸੰਗਤਿ’ ਦੀ ਸ਼ੋਭਾ ਵੱਡੀ ਹੈ, ਉਸ ਸਮਾਨੰਤਰ ਹੋਰ ਕੋਈ ਨਹੀਂ। ਪਾਵਨ ਬਚਨ ਹਨ ‘‘ਨਿਜ ਘਰ ਮੇਰੋ ਸਾਧਸੰਗਤਿ ਨਾਰਦ ਮੁਨਿ, ਦਰਸਨ ਸਾਧਸੰਗ ਮੇਰੋ ਨਿਜ ਰੂਪ ਹੈ। ਸਾਧਸੰਗਿ ਮੇਰੋ ਮਾਤਾ ਪਿਤਾ ਅਉ ਕੁਟੰਬ ਸਖਾ, ਸਾਧਸੰਗਿ ਮੇਰੋ ਸੁਤੁ ਸ੍ਰੇਸਟ ਅਨੂਪੁ ਹੈ। ਸਾਧਸੰਗ ਸਰਬ ਨਿਧਾਨੁ ਪ੍ਰਾਨ ਜੀਵਨ ਮੈ, ਸਾਧਸੰਗਿ ਨਿਜੁ ਪਦ ਸੇਵਾ ਦੀਪ ਧੂਪ ਹੈ। ਸਾਧਸੰਗਿ ਰੰਗ ਰਸ ਭੋਗ ਸੁਖ ਸਹਜ ਮੈ, ਸਾਧਸੰਗਿ ਸੋਭਾ ਅਤਿ ਉਪਮਾ ਅਉ ਊਪ ਹੈ॥ (ਭਾਈ ਗੁਰਦਾਸ/ਕਬਿੱਤ ੩੦੩)

ਭਾਈ ਨੰਦ ਲਾਲ ਸਿੰਘ ਜੀ ਵੀ ‘ਸਤਿ ਸੰਗਤਿ’ ਦੀ ਮਹਿਮਾ ਕਰਦੇ ਹੋਏ ਫੁਰਮਾਉਂਦੇ ਹਨ ਕਿ ਹੇ ਮੇਰੇ ਪਿਆਰੇ! ਜੇਕਰ ਭਲੇ ਪੁਰਸ਼ਾਂ ਦੀ ਸੰਗਤਿ ਪ੍ਰਾਪਤ ਹੋਵੇ ਤਾਂ ਅਬਿਨਾਸ਼ੀ ਧਨ ਦੀ ਪ੍ਰਾਪਤੀ ਹੋ ਜਾਵੇਗੀ। ਮੈਂ ਵੇਖਿਆ ਹੈ ਕਿ ਸੰਗਤਿ ਦੇ ਪ੍ਰਭਾਵ ਨਾਲ ਮਿੱਟੀ ਦਾ ਤੁੱਛ ਕਿਣਕਾ ਪੂਰੇ ਜਹਾਨ ਦਾ ਸੂਰਜ ਬਣ ਕੇ ਚਮਕ ਉੱਠਿਆ। ਪਾਵਨ ਬਚਨ ਹਨ ‘‘ਸੁਹਬਤੇ ਨੇਕਾਂ ਅਗਰ ਬਾਸ਼ਦ ਨਸੀਬ॥ ਦੌਲਤੇ ਜਾਵੀਦ ਯਾਬੀ, ਐ ਹਬੀਬ॥ ਜ਼ਰੱਹ ਰਾ ਦੀਦਮ ਕਿ ਖ਼ੁਰਸ਼ੀਦੋ ਜਹਾਂ॥ ਸ਼ੁਦ ਜ਼ਿ ਫ਼ੈਜ਼ੇ ਸੁਹਬਤੇ ਸਾਹਿਬ ਦਿਲਾਂ॥’’ (ਜ਼ਿੰਦਗੀ ਨਾਮਹ)

ਭਾਈ ਮਨੀ ਸਿੰਘ ਜੀ ਭਗਤਾਵਲੀ ਵਿੱਚ ਲਿਖਦੇ ਹਨ ਕਿ ‘ਮਹਾਂਰਾਜ ਦੇ ਮਿਲਣ ਦੇ ਚਾਰ ਦੁਆਰੇ ਹੈਨ- ਪਿ੍ਰਥਮ ਸਤ ਸੰਗਤ ਹੈ, ਬਹੁੜੋ ਸਤ ਹੈ, ਤੀਸਰਾ ਸੰਤੋਖ ਹੈ ਅਰ ਚੌਥਾ ਸਮ ਦਮ ਹੈ।’ ਇਹ ਪਰਮ ਸਚਾਈ ਹੈ ਕਿ ਬਾਕੀ ਤਿੰਨ ਦਰਵਾਜੇ (ਸਤ, ਸੰਤੋਖ ਤੇ ਬਰਾਬਰੀ ਦਾ ਗਿਆਨ) ਵੀ ਸਤਸੰਗਤਿ ਵਿੱਚ ਆ ਕੇ ਹੀ ਪਤਾ ਲਗਦੇ ਹਨ ਕਿਉਂਕਿ ਜਦੋਂ ‘ਸੰਗਤਿ’ ਵਿੱਚ ਜਾ ਕੇ ਹਰੀ ਦਾ ਜਸ ਸੁਣਾਂਗੇ ਤਾਂ ‘‘ਸੁਣਿਐ ਸਤੁ ਸਤੋਖੁ ਗਿਆਨੁ॥’’ ਅਨੁਸਾਰ ਇਹ ਦਾਤਾਂ, ਆਪਣੇ ਆਪ ਝੋਲੀ ਵਿੱਚ ਪੈ ਜਾਣਗੀਆਂ।

ਗੁਰ ਸ਼ੋਭਾ ਵਿੱਚ ਵੀ ‘ਧਰਮਸਾਲ ਸੰਗਤ ਜਬ ਆਵੈ॥ ਦਰਸ਼ਨ ਪਾਰਬ੍ਰਹਮ ਕੋ ਪਾਵੈ॥’ ਦਾ ਫ਼ੁਰਮਾਨ ਇਹੀ ਸੱਚਾਈ ਬਿਆਨ ਕਰ ਰਿਹਾ ਹੈ ਕਿ ‘ਸਤ ਸੰਗਤਿ’ ਵਿੱਚ ਹੀ ਰੱਬੀ ਦਰਸ਼ਨ ਹੋ ਸਕਦਾ ਹੈ। ‘ਸਤਿਸੰਗਤਿ’ ਦਾ ਪ੍ਰਭਾਵ ਹੀ ਐਸਾ ਹੈ ਕਿ ਵਿਕਾਰਾਂ ਅਤੇ ਪਾਪਾਂ ਨਾਲ ਗੰਦਾ ਹੋਇਆ ਮਨੁੱਖ ਇੱਥੇ ਸਾਫ ਹੋ ਜਾਂਦਾ ਹੈ। ਔਗੁਣਾਂ ਨਾਲ ਭਰਪੂਰ ਮਨੁੱਖ ‘‘ਸੁਣਿਐ ਸਰਾ ਗੁਣਾ ਕੇ ਗਾਹ॥’’ ਅਨੁਸਾਰ ਗੁਣਾਂ ਦਾ ਸਮੁੰਦਰ ਹੋ ਜਾਂਦਾ ਹੈ। ਪਤਿਤ ਤੇ ਆਚਰਨਹੀਣ ਮਨੁੱਖ ਨੂੰ, ਜੇ ਕੋਈ ਮਹਾਂ ਪੁਰਖ ਬਣਾ ਸਕਦਾ ਹੈ ਤਾਂ ਉਹ ਹੈ ‘ਸਤ ਸੰਗਤਿ’।

ਚੌਥੇ ਪਾਤਿਸ਼ਾਹ ਜੀ ਬੜੀ ਸੋਹਣੀ ਉਦਾਹਰਨ ਦੇ ਕੇ ਸਮਝਾਉਂਦੇ ਹਨ ਕਿ ਜਿਵੇਂ ਪਲਾਸ ਦਾ ਤੁੱਛ ਜਿਹਾ ਬੂਟਾ, ਚੰਦਨ ਦੇ ਨੇੜੇ ਰਹਿ ਕੇ ਸੁਗੰਧੀ ਬਖੇਰਨ ਵਾਲਾ ਬਣ ਜਾਂਦਾ ਹੈ, ਉਵੇਂ ਹੀ ‘ਸਤ ਸੰਗਤਿ’ ਵਿੱਚ ਆ ਕੇ ਡਿੱਗਿਆ (ਆਚਰਨਹੀਣ) ਹੋਇਆ ਮਨੁੱਖ ਭਗਤੀ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਤੇ ਪ੍ਰਵਾਨ ਹੋ ਜਾਂਦਾ ਹੈ। ਪਾਵਨ ਬਚਨ ਹਨ ‘‘ਜਿਉ ਚੰਦਨ ਨਿਕਟਿ ਵਸੈ ਹਿਰਡੁ ਬਪੁੜਾ, ਤਿਉ ਸਤਸੰਗਤਿ ਮਿਲਿ ਪਤਿਤ ਪਰਵਾਣੁ॥’’ (ਮ:੪/੮੬੧)

ਗੁਰਦੇਵ ਜੀ ਦਾ ਇੱਕ ਹੋਰ ਬਚਨ ਹੈ ਕਿ ‘‘ਸੰਗਤਿ ਸੰਤ ਸੰਗਿ ਲਗਿ ਊਚੇ, ਜਿਉ ਪੀਪ ਪਲਾਸ ਖਾਇ ਲੀਜੈ॥’’ (ਮ:੪/੧੩੨੫) ਭਾਵ ਜਿਵੇਂ ਪਿੱਪਲ, ਛਿਛਰੇ (ਢੱਕ, ਕੇਸੂ ਦਾ ਬਿ੍ਰਛ, ਪਲਾਹ) ਨੂੰ ਖਾ ਕੇ ਆਪਣੇ ਵਿੱਚ ਅਭੇਦ ਕਰ ਲੈਂਦਾ ਹੈ, ਇਸ ਤਰ੍ਹਾਂ ਹੀ ‘ਸ਼ੁਭ ਸੰਗਤਿ’ ਪਾਪੀ ਨੂੰ ਆਪਣੇ ਵਿੱਚ ਲੀਨ ਕਰਕੇ, ਉਸ ਦੀ ਸੁਧਾਈ ਕਰਕੇ ਮਹਾਨ ਉਚਾਈ ਤੱਕ ਪਹੁੰਚਾ ਦਿੰਦੀ ਹੈ।

ਸਿੱਖ ਇਤਿਹਾਸ ਅਜਿਹੀਆਂ ਸਚਾਈਆਂ ਨਾਲ ਭਰਿਆ ਪਿਆ ਹੈ,ਜਿਵੇਂ ਕਿ ਸੱਜਣ ਜੀ ਪਹਿਲਾਂ ਕਾਤਲ ਸਨ, ਲੁਟੇਰੇ ਸਨ ਪਰ ਜਦੋਂ ਉਨ੍ਹਾਂ ਦੇ ਡੇਰੇ, ਗੁਰੂ ਨਾਨਕ ਸਾਹਿਬ ਪਹੁੰਚੇ, ਸਤਸੰਗ ਹੋਇਆ, ਬਾਣੀ ਪੜ੍ਹੀ ਗਈ ਤਾਂ ਸੱਜਣ ਜੀ ਵਿੱਚ ਠਗ ਤੇ ਕਾਤਲ ਦੀ ਬਿ੍ਰਤੀ ਮਰ ਕੇ, ਇੱਕ ਸੰਤ ਨੇ ਜਨਮ ਲੈ ਲਿਆ। ਬਿਧੀ ਚੰਦ ਜੀ ਪਹਿਲਾਂ ਚੋਰ ਸਨ, ਮੱਝਾਂ ਚੋਰੀ ਕੀਤੀਆਂ, ਲੋਕ ਮਗਰ ਪੈ ਗਏ, ਛੁਪਦੇ-ਛੁਪਾਉਂਦੇ ‘ਸਤ ਸੰਗਤਿ’ ਵਿੱਚ ਬੈਠ ਗਏ, ਜੇ ਲੋਕਾਂ ਦੇ ਹੱਥ ਵਿੱਚ ਆਉਂਦੇ ਤਾਂ ਕੇਵਲ ਸਰੀਰ ਨੂੰ ਹੀ ਮਾਰ ਪੈਣੀ ਸੀ ਪਰ ‘ਸਤ ਸੰਗਤਿ’ ਵਿੱਚ ਬਾਣੀ ਦੇ ਐਸੇ ਅਣੀਆਲੇ ਤੀਰ ਲੱਗੇ ਕਿ ਸਰੀਰ ਨੂੰ ਤਾਂ ਕੁਛ ਨਹੀਂ ਹੋਇਆ ਪਰ ਅੰਦਰ ਬੈਠਾ ਚੋਰ ਮਾਰਿਆ ਗਿਆ, ਚੋਰ ਬਿਰਤੀ ਮਾਰੀ ਗਈ ਤੇ ਇੱਕ ਦਰਵੇਸ਼ ਨੇ ਜਨਮ ਲੈ ਲਿਆ ਜਿਸ ਸਦਕਾ ਭਾਈ ਸਾਹਿਬ ਇੱਕ ਦਿਨ‘ਬਿਧੀ ਚੰਦ ਛੀਨਾ, ਗੁਰੂ ਕਾ ਸੀਨਾ।’ ਦੀ ਪਦਵੀ ’ਤੇ ਪਹੁੰਚ ਗਿਆ ਕਿਉਂਕਿ ‘‘ਸੰਤਨ ਸੰਗਿ ਕਬੀਰਾ ਬਿਗਰਿਓ॥ ਸੋ ਕਬੀਰੁ, ਰਾਮੈ ਹੋਇ ਨਿਬਰਿਓ॥’’ (ਭ. ਕਬੀਰ/੧੧੫੮) ਦੀ ਕਲਾ ਵਰਤ ਗਈ।

ਆਓ, ਉੱਤਮ ਹੋਣ ਲਈ ‘‘ਊਤਮ ਸੰਗਤਿ, ਊਤਮੁ ਹੋਵੈ॥’’ (ਮ:੧/੪੧੪) ਤੋਂ ਸੇਧ ਲੈ ਕੇ ਸਤ ਸੰਗਤਿ ਦਾ ਪੱਲਾ ਫੜੀਏ।

‘ਲੋਗੁ ਜਾਨੈ ਇਹੁ ਗੀਤੁ ਹੈ, ਇਹੁ ਤਉ ਬ੍ਰਹਮ ਬੀਚਾਰ ॥’

0

ਲੋਗੁ ਜਾਨੈ ਇਹੁ ਗੀਤੁ ਹੈ, ਇਹੁ ਤਉ ਬ੍ਰਹਮ ਬੀਚਾਰ ॥

ਵਾ. ਪ੍ਰਿੰਸੀਪਲ ਮਨਿੰਦਰਪਾਲ ਸਿੰਘ- ੯੪੧੭੫-੮੬੧੨੧

ਉਪਰੋਕਤ ਰੱਬੀ ਪੈਗ਼ਾਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ ੩੩੫ ਉੱਤੇ ਗਉੜੀ ਰਾਗ ਅੰਦਰ ਸੁਭਾਇਮਾਨ ਹੈ ਅਤੇ ਭਗਤ ਕਬੀਰ ਜੀ ਦੇ ਮੁਖਾਰਬਿੰਦ ਤੋਂ ਪ੍ਰਗਟ ਹੋਇਆ ਹੈ ਕਿ ‘‘ਲੋਗੁ ਜਾਨੈ ਇਹੁ ਗੀਤੁ ਹੈ, ਇਹੁ ਤਉ ਬ੍ਰਹਮ ਬੀਚਾਰ ॥ ਜਿਉ ਕਾਸੀ ਉਪਦੇਸੁ ਹੋਇ, ਮਾਨਸ ਮਰਤੀ ਬਾਰ ॥’’ (ਭਗਤ ਕਬੀਰ/੩੩੫)

ਭਗਤ ਜੀ ਸਮਝਾਉਂਦੇ ਹਨ ਕਿ ਜਗਤ ਸਮਝਦਾ ਹੈ ਕਿ ਸਤਿਗੁਰੂ ਦਾ ਸ਼ਬਦ, ਗੁਰੂ ਦੀ ਬਾਣੀ ਕੋਈ ਸਧਾਰਨ ਜਿਹਾ ਗੀਤ-ਸੰਗੀਤ ਹੀ ਹੈ, ਪਰ ਇਹ ਤਾਂ ਪ੍ਰਭੂ ਦੇ ਗੁਣਾਂ ਦੀ ਵੀਚਾਰ ਹੈ, ਇਹ ਮਨੁੱਖ ਨੂੰ ਜੀਉਂਦਿਆਂ ਹੀ ਮੁਕਤੀ ਦਿਵਾਉਂਦੀ ਹੈ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਇਹ ਖ਼ਿਆਲ ਕੀਤਾ ਜਾਂਦਾ ਹੈ ਕਿ ਕਾਂਸ਼ੀ ਵਿੱਚ ਮਨੁੱਖ ਦੇ ਮਰਨ ਨਾਲ ਸ਼ਿਵ ਜੀ ਦੇ ਕਹੇ ਅਨੁਸਾਰ ਮਰਨ ਉਪਰੰਤ ਮੁਕਤੀ ਮਿਲਦੀ ਹੈ।

ਹਰੇਕ ਪ੍ਰਾਣੀ ਮੁਕਤ ਹੋਣ ਦੀ ਚਾਹਤ ਰੱਖਦਾ ਹੈ, ਹਰ ਧਰਮ, ਇਹੀ ਪ੍ਰੇਰਨਾ ਦਿੰਦਾ ਹੈ ਕਿ ਜੀਵ ਦਾ ਮਨੋਰਥ ਮਾਇਆ ਦੇ ਬੰਧਨਾਂ ਤੋਂ ਮੁਕਤ ਹੋਣਾ ਹੀ ਹੈ, ਮੁੱਢ ਕਦੀਮਾਂ ਤੋਂ ਹੀ ਮਨੁੱਖ ਇਸ ਦੌੜ ਵਿੱਚ ਸ਼ਾਮਲ ਰਿਹਾ ਹੈ ਕਿ ਉਸ ਨੂੰ ਮੁਕਤੀ ਰੂਪ ਮੰਜ਼ਲ ਮਿਲੇ, ਇਸ ਮੁਕਤੀ ਬਾਰੇ ਮਨੁੱਖ ਨੇ ਕਈ ਕਠਿਨ ਵਸੀਲੇ ਅਪਣਾਏ, ਮੁਕਤ ਹੋਣ ਦੇ ਨਾਂ ’ਤੇ ਕਰਮਕਾਂਡੀ ਬਣ ਗਿਆ ਪਰ ਪ੍ਰਾਪਤ ਕੁਝ ਵੀ ਨਾ ਹੋਇਆ। ਕਾਰਨ ਇਹ ਸੀ ਕਿ ਇਸ ਨੇ ਆਪਣੀ ਸਿਆਣਪ ਵਰਤੀ, ਗੁਰੂ ਦੇ ਬਚਨਾਂ ਵੱਲ ਧਿਆਨ ਹੀ ਨਾ ਦਿੱਤਾ, ਗੁਰਬਾਣੀ ਨੂੰ ਕੰਨ ਰਸ ਦੇਣ ਵਾਲੀ ਜਾਂ ਇੱਕ ਆਮ ਕਾਵਿ ਰਚਨਾ ਹੀ ਸਮਝਿਆ, ਕਈ ਤਾਂ ਗੁਰੂ ਦੇ ਬਚਨਾਂ ਦੇ ਠੇਕੇਦਾਰ ਹੀ ਬਣ ਗਏ ਤੇ ਇਸ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਨੂੰ ਤਾੜਨਾ ਭਗਤ ਕਬੀਰ ਜੀ ਨੇ ਇਹ ਕਹਿ ਕੇ ਕੀਤੀ ਕਿ ‘‘ਮਾਇਆ ਕਾਰਨ ਬਿਦਿਆ ਬੇਚਹੁ, ਜਨਮੁ ਅਬਿਰਥਾ ਜਾਈ ॥’’ (ਭਗਤ ਕਬੀਰ/੧੧੦੩)

ਗੁਰੂ ਦੀ ਬਾਣੀ ਨੂੰ ਪੜ੍ਹਿਆ ਤਾਂ ਬਹੁਤਿਆਂ ਨੇ ਹੈ, ਸੁਣਨ ਵਾਲਿਆਂ ਦੀ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ ਪਰ ਇੱਕ ਗੀਤ ਦੀ ਤਰ੍ਹਾਂ ਹੀ ਗਾਇਆ ਤੇ ਪੜ੍ਹਿਆ ਹੈ। ਭਗਤ ਕਬੀਰ ਜੀ ਨੇ ਐਸੇ ਲੋਕਾਂ ਨੂੰ ਸਮਝਾਇਆ ਕਿ ਜਿੰਨੀ ਮਰਜ਼ੀ ਉੱਚੀ ਗਾਈ ਜਾਓ, ਪੜ੍ਹੀ ਜਾਓ, ਕਰੀ ਜਾਓ ਵਿਚਾਰ ਬਿਨਾਂ ਪਿਆਰ ਤੋਂ, ਪਰ ਸੱਚ ਜਾਣੋ ਇਸ ਦਾ ਕੋਈ ਲਾਭ ਨਹੀਂ ਹੋਣਾ। ਆਪ ਜੀ ਦੇ ਬਚਨ ਹਨ ਕਿ ‘‘ਕਿਆ ਪੜੀਐ  ? ਕਿਆ ਗੁਨੀਐ  ? ॥ ਕਿਆ ਬੇਦ ਪੁਰਾਨਾਂ ਸੁਨੀਐ ? ॥ ਪੜੇ ਸੁਨੇ ਕਿਆ ਹੋਈ  ? ॥ ਜਉ ਸਹਜ ਨ ਮਿਲਿਓ ਸੋਈ॥’’ (ਭਗਤ ਕਬੀਰ/੬੫੬)

ਗੁਰੂ ਨਾਨਕ ਸਾਹਿਬ ਜੀ ਵੀ ਸਮਝਾਉਂਦੇ ਹਨ ਕਿ ਐ ਦੁਨੀਆਂ ਦੇ ਲੋਕੋ  ! ਗੁਰੂ ਦੇ ਬਚਨਾਂ ਨੂੰ ਜ਼ਰੂਰ ਗਾਓ ਅਤੇ ਸੁਣੋ ਵੀ ਜ਼ਰੂਰ, ਪਰ ਧਿਆਨ ਦੇਣਾ ਕਿ ਇੱਕ ਆਮ ਗੀਤ ਵਾਙ ਨਾ ਗਾਉਣਾ ਸਗੋਂ ਮਨ ਵਿੱਚ ਪਿਆਰ ਧਾਰ ਕੇ ਗਾਉਣਾ, ਵਿਸ਼ਵਾਸ ਰੱਖ ਕੇ ਗਾਉਣਾ, ਫਿਰ ਤੁਹਾਨੂੰ ਮਿਲੇਗੀ ਦੁਖਾਂ ਤੋਂ ਮੁਕਤੀ, ਫਿਰ ਤੁਹਾਡੇ ਘਰ ਵਿੱਚ ਖੁਸ਼ੀਆਂ ਤੇ ਖੇੜੇ ਆਉਣਗੇ ਪਾਵਨ ਬਚਨ ਹਨ, ‘‘ਗਾਵੀਐ, ਸੁਣੀਐ, ਮਨਿ ਰਖੀਐ ਭਾਉ ॥ ਦੁਖੁ ਪਰਹਰਿ; ਸੁਖੁ, ਘਰਿ ਲੈ ਜਾਇ ॥’’ (ਜਪੁ)

ਭਾਈ ਗੁਰਦਾਸ ਜੀ ਵੀ ਸਮਝਾਉਂਦੇ ਹਨ ਕਿ ਗੁਰਬਾਣੀ ਨੂੰ ਆਮ ਗੀਤ ਸਮਝ ਕੇ ਗਾਉਣ ਤੇ ਪੜ੍ਹਨ ਵਾਲਿਓ  ! ਤੁਹਾਡੀ ਹਾਲਤ ਇਸ ਤਰ੍ਹਾਂ ਹੈ; ਜਿਵੇਂ ਮਾਲਾ ਵਿੱਚ ਮੇਰੂ ਮਣਕੇ ਦੀ ਹਾਲਤ ਹੈ। ਹੈ ਤਾਂ ਉਹ ਸਭ ਤੋਂ ਉੱਪਰ ਤੇ ਵੱਡਾ, ਪਰ ਕਿਸੀ ਗਿਣਤੀ ਵਿੱਚ ਨਹੀਂ ਆਉਂਦਾ। ਜਿਸ ਤਰ੍ਹਾਂ ਸਿੰਬਲ ਦਾ ਰੁੱਖ ਸਭ ਤੋਂ ਉੱਚਾ ਹੈ, ਪਰ ਉਸ ਦੀ ਕੀ ਵਡਿਆਈ ਹੈ ਜਦ ਕਿਸੇ ਦਾ ਕੁਝ ਸੰਵਾਰ ਹੀ ਨਹੀਂ ਸਕਦਾ, ਜਿਵੇਂ ਇੱਲ ਸਭ ਪੰਛੀਆਂ ਤੋਂ ਉੱਚਾ ਉੱਡਦੀ ਹੈ ਪਰ ਉਸ ਦੀ ਮਤ ਉੱਚੀ ਥੋੜ੍ਹੀ ਨਾ ਹੈ ਕਿਉਂਕਿ ਉਸ ਦੀ ਨਜ਼ਰ ਤਾਂ ਹਮੇਸ਼ਾਂ ਮੁਰਦਿਆਂ ਦੇ ਪਿੰਜਰ ਦੀ ਭਾਲ ਵਿੱਚ ਰਹਿੰਦੀ ਹੈ, ਬਿਲਕੁਲ ਇਸੇ ਤਰ੍ਹਾਂ ਜਿਸ ਨੇ ਗੁਰੂ ਦੀ ਬਾਣੀ ਵਿੱਚ ਸ਼ਰਧਾ ਨਾ ਰੱਖੀ, ਗੁਰੂ ਦੇ ਬਚਨਾਂ ਨੂੰ ਆਪਣੇ ਜੀਵਨ ਵਿੱਚ ਕਮਾਇਆ ਨਹੀਂ, ਆਪਣੀ ਹੀ ਸਿਆਣਪ ਵਿੱਚ ਮਸਤ ਰਿਹਾ, ਉਸ ਦਾ ਗੁਰਬਾਣੀ ਨੂੰ ਗਾਉਣਾ, ਸੁਣਨਾ ਸਭ ਵਿਅਰਥ ਹੈ, ਇਸ ਨੂੰ ਗੀਤ ਨਹੀਂ ਸਗੋਂ ਬ੍ਰਹਮ ਦੀ ਵੀਚਾਰ ਸਮਝਣਾ ਚਾਹੀਦਾ ਹੈ। ਪਾਵਨ ਬਚਨ ਹਨ, ‘‘ਜੈਸੇ ਮਾਲਾ ਮੇਰ ਪੋਈਅਤ ਸਭ ਊਪਰ ਕੈ; ਸਿਮਰਨ ਸੰਖਿਆ ਮੈ ਨ ਆਵਤ, ਬਡਾਈ ਕੈ ?। ਜੈਸੇ ਬਿਰਖਨ ਬਿਖੈ ਪੇਖੀਐ ਸੇਬਲ ਊਚੋ; ਨਿਹਫਲ ਭਇਓ ਸੋਊ ਅਤਿ ਅਧਿਕਾਰੀ ਕੈ। ਜੈਸੇ ਚੀਲ ਪੰਛੀਨ ਮੈ ਉਡਤ ਅਕਾਸਚਾਰੀ; ਹੇਰੇ ਮ੍ਰਿਤ ਪਿੰਜਰਨ ਊਚੈ ਮਤੁ ਪਾਈ ਕੈ। ਗਾਇਬੋ, ਬਜਾਇਬੋ, ਸੁਨਾਇਬੋ ਨ ਕਛੂ ਤੈਸੇ; ਗੁਰ ਉਪਦੇਸ ਬਿਨਾ ਧ੍ਰਿਗ ਚਤੁਰਾਈ ਕੈ ॥’’ (ਭਾਈ ਗੁਰਦਾਸ ਜੀ/ਕਬਿੱਤ ੬੩੧)

ਭਗਤ ਕਬੀਰ ਜੀ ਵੀ ਹੋਕਾ ਦਿੰਦੇ ਹਨ ਕਿ ਗੁਰੂ ਦੇ ਬਚਨਾਂ ਦੀ ਮਹੱਤਤਾ ਨੂੰ ਨਾ ਸਮਝਣ ਵਾਲਿਓ ! ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਗੁਰੂ ਮਿਲਣ ਨਾਲ, ਗੁਰੂ ਦਾ ਉਪਦੇਸ਼ ਮਿਲਣ ਨਾਲ ਉਹ ਸਫਲਤਾ ਹਾਸਲ ਹੁੰਦੀ ਹੈ ਜੋ ਕਿਸੇ ਵੀ ਜੋਗ ਮਤ ਦੇ ਕਰਮ ਜਾਂ ਪਦਾਰਥਾਂ ਦੇ ਭੋਗ ਵਿੱਚੋਂ ਨਹੀਂ ਮਿਲਦੀ, ਗੁਰੂ ਦੀ ਬਾਣੀ ਅਤੇ ਸਾਡੀ ਸੁਰਤ, ਦੋਹਾਂ ਦੇ ਮਿਲਾਪ ਰਾਹੀਂ ਹੀ ਸਾਡਾ ਰਿਸ਼ਤਾ ਪ੍ਰਭੂ ਨਾਲ ਜੁੜ ਸਕਦਾ ਹੈ। ਬਚਨ ਹਨ, ‘‘ਸਾਧੁ ਮਿਲੈ, ਸਿਧਿ ਪਾਈਐ; ਕਿ ਏਹੁ ਜੋਗੁ ਕਿ ਭੋਗੁ  ? ॥ ਦੁਹੁ ਮਿਲਿ ਕਾਰਜੁ ਊਪਜੈ; ਰਾਮ ਨਾਮ ਸੰਜੋਗੁ ॥’’ (ਭਗਤ ਕਬੀਰ/੩੩੫)

ਇਤਿਹਾਸ ਗਵਾਹ ਹੈ ਕਿ ਭਾਈ ਜੋਧਾ ਜੀ ਦੇ ਮੂੰਹ ਤੋਂ ਨਿਕਲਿਆ ਗੁਰੂ ਉਪਦੇਸ਼ ਭਾਈ ਲਹਿਣਾ ਜੀ ਨੇ ਸੁਣਿਆ ਤੇ ਸਮਾਂ ਪਾ ਕੇ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਹੀ ਬਣ ਗਏ। ਗੁਰੂ ਉਪਦੇਸ਼ ਬੀਬੀ ਅਮਰੋ ਜੀ ਰਾਹੀਂ ਜਦੋਂ ਗੁਰੂ ਅਮਰਦਾਸ ਜੀ ਦੀ ਸੁਰਤ ਵਿੱਚ ਟਿਕਿਆ ਤਾਂ ਪ੍ਰਭੂ ਰੂਪ ਹੋ ਗਏ। ਗੁਰੂ ਜੀ ਦੀ ਬਾਣੀ ਵਿੱਚ ਉਹ ਤਾਕਤ ਹੈ, ਜੋ ਮਿੱਟੀ ਨੂੰ ਸੋਨਾ ਬਣਾ ਦਿੰਦੀ ਹੈ। ਬਿਧੀਆ ਡਾਕੂ ਮੱਝਾਂ ਚੋਰੀ ਕਰ ਕੇ ਆ ਰਿਹਾ ਸੀ ਪਰ ਗੁਰੂ ਮਿਹਰ ਸਦਕਾ ਗੁਰੂ ਦੀ ਬਾਣੀ ਨੇ ਸੁਰਤ ’ਤੇ ਅਜਿਹਾ ਪ੍ਰਹਾਰ ਕੀਤਾ ਕਿ ‘ਬਿਧੀ ਚੰਦ ਛੀਨਾ, ਗੁਰੂ ਕਾ ਸੀਨਾ।’ ਦੀ ਪਦਵੀ ’ਤੇ ਪਹੁੰਚ ਗਿਆ।

ਜਦੋਂ ਅਸੀਂ ਭਾਈ ਸੰਤੋਖ ਸਿੰਘ ਜੀ ਪਾਸੋਂ ਪੁੱਛਦੇ ਹਾਂ ਕਿ ਦੱਸੋ, ਗੁਰਬਾਣੀ ਬ੍ਰਹਮ ਦੀ ਵੀਚਾਰ ਕਿਵੇਂ ਹੈ, ਇਸ ਵਿੱਚ ਕੀ ਖ਼ਾਸੀਅਤ ਹੈ, ਕਿੱਧਰੇ ਇਹ ਆਮ ਕਾਵਿ ਰਚਨਾ ਤਾਂ ਨਹੀਂ  ? ਤਾਂ ਆਪ ਜੀ ਉੱਤਰ ਦਿੰਦੇ ਹਨ ਕਿ ਹੇ ਭਾਈ  ! ਗੁਰੂ ਦੀ ਬਾਣੀ ਅੰਮ੍ਰਿਤ ਦੀ ਨਦੀ ਵਾਙ ਹੈ, ਜੋ ਭਰਮ ਦੇ ਰੋਗਾਂ ਨੂੰ ਨਾਸ਼ ਕਰਨ ਵਾਲੀ ਹੈ, ਰੰਗ ਇਸ ਦਾ ਡਾਢਾ ਚਿੱਟਾ ਹੈ ਇਸ ਲਈ ਮਨ ਨੂੰ ਬਹੁਤ ਪਿਆਰੀ ਲੱਗਣ ਵਾਲੀ ਹੈ, ਇਹ ਤਾਂ ਮਾਨਸਰੋਵਰ ਨੂੰ ਸ਼ੋਭਾ ਦੇਣ ਵਾਲੀ ਹੰਸਨੀ ਹੈ, ਗੁਣਵਾਨਾਂ ਨੇ ਇਸ ਦੀ ਵਡਿਆਈ ਕੀਤੀ ਹੈ ਅਤੇ ਸਾਰੇ ਜਹਾਨ ਨੇ ਇਸ ਦੀ ਸ਼ੋਭਾ ਜਾਣ ਲਈ ਹੈ। ਇਹ ਮੋਹ ਦੀ ਤਪਸ਼ ਨੂੰ ਖ਼ਤਮ ਕਰਨ ਵਾਲੀ ਚੰਦ ਦੀ ਚਾਨਣੀ ਹੈ, ਹਿਰਦੇ ਨੂੰ ਅਨੰਦ ਦੇਣ ਵਾਲੀ ਸੁਖਾਂ ਦੀ ਦਾਤੀ ਹੈ, ਪ੍ਰੇਮ ਦੀ ਸੁਘੜ ਪਟਰਾਣੀ ਹੈ ਅਤੇ ਗਿਆਨ ਦੀ ਮਾਤਾ ਵੱਜੋਂ ਇਸ ਨੂੰ ਜਾਣਿਆ ਗਿਆ ਹੈ, ਜੇ ਗੁਣਵਾਨਾਂ ਵੱਲੋਂ ਕੋਈ ਹੋਰ ਚੰਗੇ ਵੀਚਾਰਾਂ ਵਾਲੀ ਰਚਨਾ ਰਚੀ ਗਈ ਹੈ ਤਾਂ ਉਨ੍ਹਾਂ ਦਾ ਗੁਰੂ ਵੀ ਗੁਰਬਾਣੀ ਹੀ ਹੈ ਭਾਵ ਗੁਰਬਾਣੀ ਸਿਧਾਂਤ ਹੀ ਸਰਵੋਤਮ ਹੈ। ਆਪ ਜੀ ਦੇ ਬਚਨ ਹਨ, ‘‘ਸੁਧਾ ਕੀ ਤਰੰਗਨੀ ਸੀ, ਰੋਗ ਭ੍ਰਮ ਭੰਗਨੀ ਹੈ, ਮਹਾਂ ਸ੍ਵੇਤ ਰੰਗਨੀ ਮਹਾਨ ਮਨ ਮਾਨੀ ਹੈ। ਕਿਧੋਂ ਯਹਿ ਹੰਸਨੀ ਸੀ, ਮਾਨਸ ਵਿਤੰਸਨੀ ਹੈ, ਗੁਨੀਨ ਪ੍ਰਸੰਸਨੀ ਸਰਬ ਜਗ ਜਾਨੀ ਹੈ। ਕਿਧੋਂ ਚੰਦ ਚਾਂਦਨੀ ਸੀ, ਮੋਹ ਘਾਮ ਮੰਦਨੀ ਹੈ, ਰਿਦੇ ਕੀ ਅਨੰਦਨੀ, ਸਦੀਵ ਸੁਖਦਾਨੀ ਹੈ। ਪ੍ਰੇਮ ਪਟਰਾਨੀ ਸਯਾਨੀ, ਗਯਾਨ ਕੀ ਜਨਨਿ ਜਾਨੀ, ਗੁਨੀ ਭਨੀ ਬਾਨੀ, ਤਾਂ ਕੀ ਗੁਰੂ; ਗੁਰਬਾਨੀ ਹੈ।’’

ਭਾਈ ਗੁਰਦਾਸ ਜੀ ਮਿਸਾਲ ਦੇ ਕੇ ਹੋਰ ਸਮਝਾਉਂਦੇ ਹਨ ਕਿ ਜਿਵੇਂ ਸਮੁੰਦਰ ਵਿੱਚ ਅਤਿ ਕੀਮਤੀ ਖ਼ਜ਼ਾਨੇ ਹਨ ਪਰ ਫਿਰ ਵੀ ਹਾਸਲ ਨਹੀਂ ਹੋ ਸਕਦੇ ਕਿਉਂਕਿ ਲੋੜ ਹੈ ਕਿਸੇ ਹੰਸ ਦੀ, ਜੋ ਗਹਿਰਾਈ ਤੱਕ ਜਾ ਸਕੇ, ਜਿਵੇਂ ਪਹਾੜਾਂ ਵਿੱਚ ਹੀਰੇ ਤੇ ਪਾਰਸ ਵਰਗੇ ਕੀਮਤੀ ਪੱਥਰ ਹਨ ਪਰ ਲੋੜ ਹੈ ਖੁਦਾਈ ਕਰਨ ਵਾਲੇ ਦੀ, ਜਿਵੇਂ ਜੰਗਲ ਤਾਂ ਭਰਿਆ ਪਿਆ ਹੈ ਖ਼ੁਸਬੂਦਾਰ ਲੱਕੜਾਂ ਨਾਲ, ਪਰ ਕੋਈ ਖੋਜੀ ਹੀ ਲੱਭ ਸਕਦਾ ਹੈ। ਇਸੇ ਤਰ੍ਹਾਂ ਹੀ ਬਾਣੀ ਨੂੰ ਆਮ ਗੀਤ ਨਾ ਸਮਝਣਾ, ਇਹ ਤਾਂ ਬ੍ਰਹਮ ਵੀਚਾਰ ਹੈ, ਇਸ ਵਿੱਚ ਸੰਸਾਰ ਦੇ ਸਾਰੇ ਪਦਾਰਥ ਮੌਜੂਦ ਹਨ, ਪਰ ਜਿਹੜਾ ਪੂਰਨ ਸ਼ਰਧਾ ਧਾਰ ਕੇ ਇਸ ਨੂੰ ਖੋਜੇਗਾ ਉਹੀ ਪ੍ਰਾਪਤ ਕਰੇਗਾ। ਪਾਵਨ ਬਚਨ ਹਨ, ‘‘ਜੈਸੇ ਤਉ ਸਕਲ ਨਿਧਿ ਪੂਰਨ ਸਮੁੰਦ੍ਰ ਬਿਖੈ; ਹੰਸ ਮਰਜੀਵਾ ਨਿਹਚੈ ਪ੍ਰਸਾਦੁ ਪਾਵਹੀ। ਜੈਸੇ ਪਰਬਤ ਹੀਰਾ ਮਾਨਕ ਪਾਰਸ ਸਿਧ; ਖਨਵਾਰਾ ਖਨਿ ਜਗਿ ਵਿਖੇ ਪ੍ਰਗਟਾਵਹੀ। ਜੈਸੇ ਬਨ ਬਿਖੈ ਮਲਿਆਗਰ ਸੌਧਾ ਕਪੂਰ; ਸੋਧ ਕੈ ਸੁਬਾਸੀ ਸੁਬਾਸ ਬਿਹਸਾਵਹੀ। ਤੈਸੇ ਗੁਰਬਾਨੀ ਬਿਖੈ ਸਕਲ ਪਦਾਰਥ ਹੈ; ਜੋਈ ਜੋਈ ਖੋਜੈ, ਸੋਈ ਸੋਈ ਨਿਪਜਾਵਹੀ ॥’’ (ਭਾਈ ਗੁਰਦਾਸ ਜੀ/ਕਬਿੱਤ ੫੪੬)

ਸੋ, ਭਗਤ ਕਬੀਰ ਜੀ ਗੁਰੂ ਗਿਆਨ ਦੀਆਂ ਗਹਿਰਾਈਆਂ ਨੂੰ ਨਾਪ (ਵੇਖ) ਕੇ ਜਗਤ ਦੀ ਹੋਛੀ ਸੋਚ ਨਾਲ ਤੁਲਨਾਤਮਿਕ ਪੱਖੋਂ ਵਿਚਾਰਦੇ ਹੋਏ ਸਾਨੂੰ ਸੁਚੇਤ ਕਰਨ ਲਈ ਆਪਣੀ ਜ਼ਿੰਦਗੀ ਦੇ ਅਨੁਭਵ ਨੂੰ ਪ੍ਰਗਟ ਕਰਦੇ ਫ਼ੁਰਮਾਉਂਦੇ ਹਨ ਕਿ ‘‘ਲੋਗੁ ਜਾਨੈ ਇਹੁ ਗੀਤੁ ਹੈ; ਇਹੁ ਤਉ ਬ੍ਰਹਮ ਬੀਚਾਰ ॥’’ (ਭਗਤ ਕਬੀਰ/੩੩੫)

ਭੋਲਿਆ ! ਹਉਮੈ ਸੁਰਤਿ ਵਿਸਾਰਿ॥

0

ਭੋਲਿਆ ! ਹਉਮੈ ਸੁਰਤਿ ਵਿਸਾਰਿ॥

ਵਾ. ਪ੍ਰਿਸੀਪਲ ਮਨਿੰਦਰਪਾਲ ਸਿੰਘ- 94175-86121

ਇਹ ਰੱਬੀ ਪੈਗ਼ਾਮ ਸਤਿਗੁਰ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ ਅਤੇ ਬਸੰਤ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1129 ’ਤੇ ਸ਼ੁਭਾਇਮਾਨ ਹੈ।

ਇਹ ਪੰਕਤੀ ਸ਼ਬਦ ਦੇ ਕੇਂਦਰੀ ਭਾਵ (ਰਹਾਉ) ਵਿੱਚ ਦਰਜ ਹੈ ਜਿਸ ਰਾਹੀਂ ਸਤਿਗੁਰ ਨਾਨਕ ਸਾਹਿਬ ਜੀ ਮਨੁੱਖਾਂ ਉੱਪਰ ਉਪਕਾਰ ਕਰਦੇ ਹੋਏ ਨਸੀਹਤ ਦੇਂਦੇ ਹਨ ਕਿ ਹੇ ਮੇਰੇ ਕਮਲੇ ਮਨ ! ਮੈਂ ਮੈਂ ਕਰਨ ਵਾਲੀ ਬਿਰਤੀ ਭੁਲਾ ਦੇ। ਹੋਸ਼ ਕਰ, ਹਉਮੈ ਨੂੰ ਆਪਣੇ ਅੰਦਰੋਂ ਮੁਕਾ ਦੇ, ਇਹੀ ਸਭ ਤੋਂ ਸ੍ਰੇਸ਼ਟ ਗੁਣ ਹੈ ਇਸ (ਨਸੀਹਤ) ਨੂੰ ਆਪਣੇ ਅੰਦਰ (ਹਮੇਸ਼ਾਂ ਲਈ) ਸੰਭਾਲ ਲੈ : ‘‘ਭੋਲਿਆ ! ਹਉਮੈ ਸੁਰਤਿ ਵਿਸਾਰਿ ॥ ਹਉਮੈ ਮਾਰਿ ਬੀਚਾਰਿ ਮਨ ! ਗੁਣ ਵਿਚਿ ਗੁਣੁ ਲੈ ਸਾਰਿ ॥੧॥ ਰਹਾਉ ॥’’

ਸਤਿਗੁਰੂ ਅੰਗਦ ਦੇਵ ਜੀ ਹਉਮੈ ਬਾਬਤ ਜਾਣਕਾਰੀ ਦੇਂਦੇ ਹੋਏ ਸਮਝਾਉਂਦੇ ਹਨ ਕਿ ਜੀਵ ਦਾ ਆਪਣੀ ਹਸਤੀ ਨੂੰ ਪ੍ਰਮਾਤਮਾ ਤੋਂ ਵੱਖਰਾ ਮੰਨਣਾ ਅਤੇ ਆਪਣੀ ਵੱਖਰੀ ਹਸਤੀ ਵਾਲੀ ਸੋਚ ਨੂੰ ਕਾਇਮ ਰੱਖਣ ਲਈ ਕੋਈ ਵੀ ਕਾਰਜ ਕਰਨ ਦਾ ਨਾਮ ਹੀ ‘ਹਉਮੈ’ ਹੈ: ‘‘ਹਉਮੈ ਏਹਾ ਜਾਤਿ ਹੈ, ਹਉਮੈ ਕਰਮ ਕਮਾਹਿ ॥ ਹਉਮੈ ਏਈ ਬੰਧਨਾ, ਫਿਰਿ ਫਿਰਿ ਜੋਨੀ ਪਾਹਿ ॥’’ (ਮ: ੨/੪੬੬)

ਸਵਾਲ ਪੈਦਾ ਹੁੰਦਾ ਹੈ ਕਿ ਹਉਮੈ ਦੀ ਉਪਜ ਕਿੱਥੋਂ ਹੁੰਦੀ ਹੈ? ਇਸ ਤੋਂ ਛੁਟਕਾਰਾ ਕਿਵੇਂ ਮਿਲ ਸਕਦਾ ਹੈ? ਸਤਿਗੁਰ ਅੰਗਦ ਸਾਹਿਬ ਜੀ ਇਸ ਦਾ ਉੱਤਰ ਵੀ ਬਖ਼ਸ਼ਸ਼ ਕਰਦੇ ਹਨ ਕਿ ਹੇ ਭਾਈ! ਹਉਮੈ, ਪ੍ਰਭੂ ਦੇ ਹੁਕਮ ਨਾਲ ਬਣਦੀ ਹੈ, ਇਸ ਦੇ ਵਿੱਚ ਫਸਿਆ ਜੀਵ ਆਪਣੇ ਕਰਮਾਂ ਸਦਕਾ ਜਨਮ-ਮਰਨ ਦੇ ਗੇੜ ਵਿੱਚ ਭਟਕਦਾ ਹੈ। ਬੇਸ਼ਕ ਹਉਮੈ ਹੈ ਤਾਂ ਵੱਡਾ ਰੋਗ ਪਰ ਲਾਇਲਾਜ ਨਹੀਂ, ਇਸ ਦੀ ਦਵਾਈ ਵੀ ਹੈ ਭਾਵ ਜੇ ਪ੍ਰਭੂ ਕਿਰਪਾ ਸਦਕਾ ਹਉਮੈ ਵੇੜਿਆ ਜੀਵ ਗੁਰੂ ਉਪਦੇਸ਼ ’ਤੇ ਪਹਿਰਾ ਦੇਣ ਲੱਗ ਜਾਵੇ ਤਾਂ ਇਸ ਰੋਗ ਦਾ ਦੁੱਖ ਵੀ ਦੂਰ ਹੋ ਜਾਂਦਾ ਹੈ; ਗੁਰੂ ਬਚਨ ਹਨ: ‘‘ਹਉਮੈ ਕਿਥਹੁ ਊਪਜੈ ? ਕਿਤੁ ਸੰਜਮਿ ਇਹ ਜਾਇ ? ॥ ਹਉਮੈਏਹੋ ਹੁਕਮੁ ਹੈ, ਪਇਐ ਕਿਰਤਿ ਫਿਰਾਹਿ ॥ ਹਉਮੈ ਦੀਰਘ ਰੋਗੁ ਹੈ; ਦਾਰੂ ਭੀ, ਇਸੁ ਮਾਹਿ ॥ ਕਿਰਪਾ ਕਰੇ ਜੇ ਆਪਣੀ; ਤਾ, ਗੁਰ ਕਾ ਸਬਦੁ ਕਮਾਹਿ ॥ ਨਾਨਕੁਕਹੈ ਸੁਣਹੁ ਜਨਹੁ ! ਇਤੁ ਸੰਜਮਿ ਦੁਖ ਜਾਹਿ ॥’’ (ਮ: ੨/੪੬੬)

ਮਨੁੱਖ ਦਾ ਜੀਵਨ ਮਨੋਰਥ ਕੀ ਹੈ ? ਇਸ ਰਾਜ (ਭੇਤ) ਦੀ ਗੱਲ ਨੂੰ ਸਮਝੇ ਬਿਨਾ ਮਨੁੱਖ ਠੋਕਰਾਂ ਹੀ ਖਾਂਦਾ ਰਹਿੰਦਾ ਹੈ। ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਹ ਪ੍ਰਮਾਤਮਾ ਦੀ ਅੰਸ਼ ਹੈ, ਜੋਤ ਸਰੂਪ ਹੈ ਇਸ ਲਈ ਪ੍ਰਮਾਤਮਾ ਨਾਲ ਇੱਕਮਿਕਤਾ ਹਾਸਲ ਕਰਨਾ ਹੀ ਇਸ ਦਾ ਮਨੋਰਥ ਹੈ। ਰੱਬ, ਇਸ ਤੋਂ ਦੂਰ ਨਹੀਂ : ‘‘ਧਨ ਪਿਰ ਕਾ ਇਕ ਹੀ ਸੰਗਿ ਵਾਸਾ; ਵਿਚਿ, ਹਉਮੈ ਭੀਤਿ ਕਰਾਰੀ ॥’’ (ਮ: ੪/੧੨੬੩) ਇਸ ਹਉਮੈ ਰੂਪ ਪਰਦੇ ਕਾਰਨ ਜੀਵ ਰੂਪੀ ਇਸਤ੍ਰੀ, ਪ੍ਰਭੂ ਪਤੀ ਨੂੰ ਵੇਖ ਨਹੀਂ ਸਕਦੀ, ਮਿਲ ਨਹੀਂ ਸਕਦੀ। ਇਹ ਪਰਦਾ ਬਹੁਤਾ ਮੋਟਾ ਨਹੀਂ ਹੈ ਬਲਕਿ ਤਿਤਲੀ ਦੇ ਖੰਭ ਕੁ ਜਿੰਨਾ ਪਤਲਾ ਹੀ ਹੈ, ਪਰ ਅਸਰਦਾਰ ਬਹੁਤ ਹੈ ਭਾਵ ਪਾਰਦਰਸੀ ਨਹੀਂ, ਅਗਿਆਨਤਾ ਰੂਪ ਚਸ਼ਮੇ ਨਾਲ ਜੀਵ ਇਸ ਦੇ ਦੂਜੇ ਪਾਸੇ ਦੇਖ ਹੀ ਨਹੀਂ ਸਕਦਾ ਇਸ ਲਈ ਆਸਥਾ ਭਰਪੂਰ ਮਨੁੱਖ ਰੱਬ ਨੂੰ ਕਿਧਰੇ ਦੂਰ ਬੈਠਾ ਮਹਿਸੂਸ ਕਰਦਾ ਹੈ, ਜਿਸ ਕਾਰਨ ਆਨੰਦ (ਸ਼ਾਂਤੀ) ਤੋਂ ਵਾਂਝਾ ਹੀ ਰਹਿ ਜਾਂਦਾ ਹੈ; ਸਤਿਗੁਰੂ ਅਰਜੁਨ ਸਾਹਿਬ ਜੀ ਦੇ ਪਾਵਨ ਬਚਨ ਹਨ: ‘‘ਹਉ ਹਉ ਭੀਤਿ ਭਇਓ ਹੈ ਬੀਚੋ, ਸੁਨਤ ਦੇਸਿ ਨਿਕਟਾਇਓ ॥ ਭਾਂਭੀਰੀ ਕੇ ਪਾਤ ਪਰਦੋ, ਬਿਨੁ ਪੇਖੇ ਦੂਰਾਇਓ ॥’’ (ਮ: ੫/੬੨੪)

ਹੰਕਾਰ ਦੀ ਕੰਧ ਨੂੰ ਤੋੜੀਏ ਕਿਵੇਂ, ਢਾਹੀਏ ਕਿਵੇਂ ? ਸਤਿਗੁਰ ਰਾਮਦਾਸ ਜੀ ਸਮਝਾਉਂਦੇ ਹਨ ਕਿ ਹੰਕਾਰ ਦੀ ਕੰਧ ਤੋੜਨ ਲਈ ਜੀਵ ਨੂੰ (ਪਾਰਦਰਸੀ ਦ੍ਰਿਸ਼ਟੀ ਵਾਲੇ) ਗੁਰੂ ਕੋਲ ਜਾਣਾ ਹੀ ਪਵੇਗਾ ਕਿਉਂਕਿ ਇਹ ਅਟੱਲ ਸਚਾਈ ਹੈ ਕਿ ਇਸ ਕੰਧ ਨੂੰ ਤੋੜ ਕੇ ਪ੍ਰਭੂ ਨਾਲ ਮਿਲਾਉਣ ਦੀ ਸਮਰੱਥਾ (ਪਾਰਦਰਸੀ ਸੋਚ ਦਾ ਧਾਰਨੀ) ਗੁਰੂ ਹੀ ਰੱਖਦਾ ਹੈ; ਪਾਵਨ ਬਚਨ ਹਨ: ‘‘ਗੁਰਿ ਪੂਰੈ ਹਉਮੈ ਭੀਤਿ ਤੋਰੀ; ਜਨ ਨਾਨਕ ! ਮਿਲੇ ਬਨਵਾਰੀ ॥’’ (ਮ: ੪/੧੨੬੩)

ਅਗਿਆਨਵਸ ਜੀਵ ਦੀ ਸਾਰੀ ਉਮਰ ‘‘ਹਉ ਵਿਚਿ ਆਇਆ, ਹਉ ਵਿਚਿ ਗਇਆ ॥ ਹਉ ਵਿਚਿ ਜੰਮਿਆ, ਹਉ ਵਿਚਿ ਮੁਆ ॥’’ (ਮ: ੧/੪੬੬) ਅਨੁਸਾਰ ਵਿਅਰਥ ਹੀ ਚਲੀ ਜਾਂਦੀ ਹੈ। ਹਉਮੈ ਦੀ ਜਕੜ ਵਿੱਚ ਫਸਿਆ ਆਕੜ ਕੇ ਕਹਿੰਦਾ ਰਹਿੰਦਾ ਹੈ ਕਿ ਮੈ ਇੰਨਾ ਬਲਵਾਨ ਹਾਂ ਕਿ ਕਿਸੇ ਨੂੰ ਵੀ ਬੰਨ੍ਹ ਸਕਦਾ ਹਾਂ, ਮੇਰੀ ਜ਼ਮੀਨ ਉੱਤੇ ਕੌਣ ਪੈਰ ਧਰ ਸਕਦਾ ਹੈ, ਮੈ ਗਿਆਨੀ ਹਾਂ, ਚਤੁਰ ਹਾਂ, ਸਿਆਣਾ ਹਾਂ, ਸੂਰਮਾ ਹਾਂ ਭਾਵ ਮੈ ਹੀ ਹਰ ਜਗ੍ਹਾ ਪ੍ਰਧਾਨ ਹਾਂ, ਕੋਈ ਮੇਰੇ ਵਰਗਾ ਨਹੀਂ।ਅਜਿਹਾ ਮਨ ਹੰਕਾਰ ਨਾਲ ਭਰਿਆ ਹੁੰਦਾ ਹੈ, ਜਿਸ ਕਾਰਨ ਪ੍ਰਭੂ ਨੂੰ ਬਿਲਕੁਲ ਹੀ ਭੁੱਲ ਜਾਂਦਾ ਹੈ; ਸਤਿਗੁਰ ਅਰਜੁਨ ਸਾਹਿਬ ਜੀ ਦੇ ਪਾਵਨ ਬਚਨ ਹਨ: ‘‘ਹਉ ਬੰਧਉ, ਹਉ ਸਾਧਉ ਬੈਰੁ ॥ ਹਮਰੀ ਭੂਮਿ, ਕਉਣੁ ਘਾਲੈ ਪੈਰੁ ? ॥ ਹਉ ਪੰਡਿਤੁ, ਹਉ ਚਤੁਰੁ ਸਿਆਣਾ ॥ ਕਰਣੈਹਾਰੁ, ਨ ਬੁਝੈ ਬਿਗਾਨਾ ॥’’ (ਮ: ੫/੧੭੮) ਜਾਂ ‘‘ਹਉ ਸੂਰਾ, ਪਰਧਾਨੁ ਹਉ; ਕੋ ਨਾਹੀ, ਮੁਝਹਿ ਸਮਾਨੀ (ਵਰਗਾ)॥੨॥ ਜੋਬਨਵੰਤ ਅਚਾਰ ਕੁਲੀਨਾ; ਮਨ ਮਹਿ ਹੋਇ ਗੁਮਾਨੀ ॥’’ (ਮ: ੫/੨੪੨)

ਮਨੁੱਖੀ ਸੋਚ ਚਾਹੁੰਦੀ ਤਾਂ ਆਨੰਦ ਹੈ ਭਾਵ ਇੱਛਾ ਇਹ ਹੈ ਕਿ ਮੇਰੇ ਅੰਦਰ ਬਸੰਤ ਪੈਦਾ ਹੋ ਜਾਵੇ, ਮੈਨੂੰ ਪ੍ਰਭੂ ਮਿਲ ਜਾਵੇ ਪਰ ਪੰਚਮ ਪਾਤਿਸ਼ਾਹ ਜੀ ਦੇ ਇਨ੍ਹਾਂ ਬਚਨਾਂ ਵਾਙ ਪੁਕਾਰ ਨਹੀਂ ਕਰਦਾ; ਜਿਵੇਂ: ‘‘ਮੈ ਦਸਿਹੁ ਮਾਰਗੁ ਸੰਤਹੋ! ਕਿਉ ਪ੍ਰਭੂ ਮਿਲਾਈਆ ? ॥ ਮਨੁ ਅਰਪਿਹੁ ਹਉਮੈ ਤਜਹੁ, ਇਤੁ ਪੰਥਿ ਜੁਲਾਈਆ ॥’’ (ਮ: ੫/੧੦੯੮) ਭਾਵ ਹਉਮੈ ਦੇ ਤਿਆਗ ਕਾਰਨ ਹੀ ਸਾਡੀ ਸ਼ੁਭ (ਬਸੰਤ, ਆਨੰਦ ਦੀ ਪ੍ਰਾਪਤੀ ਵਾਲੀ) ਇੱਛਾ ਪੂਰੀ ਹੋ ਸਕਦੀ ਹੈ। ਇਸ ਭੋਲੇ ਜੀਵ ਨੂੰ ਸਤਿਗੁਰੂ ਜੀਪੁਕਾਰ-ਪੁਕਾਰ ਕੇ ਕਹਿ ਰਹੇ ਹਨ ਕਿ ਹੇ ਭਾਈ! ਪ੍ਰਭੂ ਦਾ ਨਾਮ, ਤਾਂ ਹੀ ਤੇਰੇ ਅੰਦਰ ਵੱਸੇਗਾ, ਤੈਨੂੰ ਸੁੱਖ (ਬਸੰਤ) ਤਦੋਂ ਹੀ ਮਿਲੇਗਾ ਜਦੋਂ ਤੂੰ ਹੰਕਾਰ ਛੱਡ ਦੇਵੇਂ, ਦੋ ਤਲਵਾਰਾਂ ਇੱਕ ਮਿਆਨ ਵਿੱਚ ਸਮਾਅ ਨਹੀਂ ਸਕਦੀਆਂ, ਐ ਜੀਵ! ਸਤਿਗੁਰ ਅਮਰਦਾਸ ਜੀ ਦੁਆਰਾ ਸਮਝਾਏ ਗਏ ਇਸ ਭੇਤ (ਰਾਜ) ਨੂੰ ਸਮਝ ਕਿ ‘‘ਹਉਮੈ ਨਾਵੈ ਨਾਲਿ ਵਿਰੋਧੁ ਹੈ; ਦੁਇ, ਨ ਵਸਹਿ ਇਕ ਠਾਇ ॥’’ (ਮ: ੩/੫੬੦)

ਤੇਰੇ ਜੀਵਨ ਵਿੱਚ ਹਉਮੈ ਨਹੀਂ ਬਲਕਿ ਨਿਮਰਤਾ ਹੋਣੀ ਚਾਹੀਦੀ ਹੈ ਕਿਉਂਕਿ ਨਿਮਰਤਾ ਤੋਂ ਹੀ ਕੁਝ ਪ੍ਰਾਪਤੀ ਹੁੰਦੀ ਹੈ। ਸਤਿਗੁਰ ਨਾਨਕ ਸਾਹਿਬ ਜੀ ਮਨੁੱਖ ਦੀ ਹਉਮੈ ਬਾਰੇ ਵੱਖ-ਵੱਖ ਉਦਾਹਰਨਾਂ ਦੇ ਕੇ ਹਉਮੈ ਨੂੰ ਤਿਆਗਣ ਤੇ ਨਿਮਰਤਾ ਨੂੰ ਧਾਰਨ ਕਰਨ ਦਾ ਉਪਦੇਸ਼ ਦੇ ਰਹੇ ਹਨ, ਆਪ ਜੀ ਸਮਝਾਉਂਦੇ ਹਨ ਕਿ ‘ਜੇ ਲਮਢੀਂਗ ਪੰਛੀ ਉੱਚੇ ਆਕਾਸ਼ ਵਿੱਚ ਉੱਡ ਰਿਹਾ ਹੈ ਤਾਂ ਉੱਥੇ (ਉੱਪਰ) ਉੱਡਦੇ ਨੂੰ ਪਿਆਸ ਬੁਝਾਉਣ ਲਈ ਪਾਣੀ ਨਹੀਂ ਮਿਲ ਸਕਦਾ ਕਿਉਂਕਿ ਪਾਣੀ ਤਾਂ ਸਮੁੰਦਰ (ਭਾਵ ਹੇਠਾਂ ਨੀਵੇਂ ਥਾਂ) ਵਿੱਚ ਹੁੰਦਾ ਹੈ; (ਕਾਮਾਦਿਕ ਵੈਰੀਆਂ ਤੋਂ ਬਚਾਅ ਲਈ ਸਤਸੰਗਤ ਰੂਪ) ਕਿਲਾ ਪਾਤਾਲ (ਨੀਵੇਂ ਥਾਂ ਭਾਵ ਨਿਮਰਤਾ ) ਵਿੱਚੋਂ ਪ੍ਰਾਪਤ ਹੁੰਦਾ ਹੈ ਜਦਕਿ (ਅਹੰਕਾਰ ਰੂਪ) ਪਹਾੜ ਉੱਚਾ ਹੁੰਦਾ ਹੈ (ਜੋ ਵਿਕਾਰਾਂ ਤੋਂ ਬਚਾਉਣ ਦੇ ਅਸਮਰਥ ਹੁੰਦਾ ਹੈ) ਭਾਵ ਆਤਮਿਕ ਸ਼ਾਂਤੀ, ਸੀਤਲਤਾ, ਨਿਮਰਤਾ ਵਿੱਚ ਹੈ, ਇਹ ਉਸ ਮਨੁੱਖ ਨੂੰ ਪ੍ਰਾਪਤ ਨਹੀਂ ਹੋ ਸਕਦੀ ਜਿਸ ਦਾ ਦਿਮਾਗ਼ ਅਹੰਕਾਰ ਕਾਰਨ ਆਸਮਾਨ ਵਿੱਚ ਚੜਿਆ ਹੋਇਆ ਹੋਵੇ; ਸਤਿਗੁਰ ਨਾਨਕ ਸਾਹਿਬ ਜੀ ਦੇ ਪਾਵਨ ਬਚਨ ਹਨ: ‘‘ਅਖਲੀ ਊਂਡੀ, ਜਲੁ ਭਰ ਨਾਲਿ ॥ ਡੂਗਰੁ ਊਚਉ, ਗੜੁ ਪਾਤਾਲਿ ॥ ਸਾਗਰੁ ਸੀਤਲੁ, ਗੁਰ ਸਬਦ ਵੀਚਾਰਿ ॥ ਮਾਰਗੁ ਮੁਕਤਾ, ਹਉਮੈ ਮਾਰਿ ॥’’ (ਮ: ੧/੧੨੭੪)

ਭਾਈ ਗੁਰਦਾਸ ਜੀ ਵੀ ਹੰਕਾਰ ਨੂੰ ਤਿਆਗਣ ਅਤੇ ਨਿਮਰਤਾ ਨੂੰ ਧਾਰਨ ਕਰਨ ਦਾ ਉਪਦੇਸ਼ ਦੇਂਦੇ ਹੋਏ ਸਮਝਾਉਂਦੇ ਹਨ ਕਿ ਹੇ ਦੁਨੀਆਂ ਦੇ ਲੋਕੋ! ਜੇ ਕਿਸੇਬ੍ਰਾਹਮਣ ਦਾ ਸਿਰ, ਹੰਕਾਰ ਵਿੱਚ ਆ ਕੇ ਮੱਥੇ ਉੱਤੇ ਤਿਊੜੀ ਪਾਏ ਤਾਂ ਆਪਣੇ ਕੰਮ-ਕਾਜ ਨੂੰ ਜਾਂਦਾ ਮਨੁੱਖ ਅਪਸ਼ਗਨ ਸਮਝ ਕੇ ਵਾਪਸ ਆਪਣੇ ਘਰ ਮੁੜ ਆਉਂਦਾ ਹੈ। ਤ੍ਰਿਕੁਟੀ ਰਾਹੀਂ ਪਤਾ ਲੱਗਦਾ ਹੈ ਕਿ ਸਿਰ ਹੰਕਾਰ ਕਰਦਾ ਹੈ ਕਿ ਮੇਰੇ ਉੱਪਰ ਹੀ ਪਗ ਸਜਦੀ ਹੈ, ਪਰ ਲੋਕ ਉਸ ਦੀ ਪੂਜਾ ਨਹੀਂ ਕਰਦੇ, ਅੱਖਾਂ ਨੂੰ ਕੌਣ ਪੂਜਦਾ ਹੈ? ਜੋ ਮੇਰ-ਤੇਰ ਨੂੰ ਵੇਖ ਕੇ ਮੱਥੇ ’ਤੇ ਤਿਉੜੀ ਪੈਣ ’ਚ ਮਦਦਗਾਰ ਹੁੰਦੀਆਂ ਹਨ, ਨੱਕ ਨੂੰ ਵੀ ਕੋਈ ਨਹੀਂ ਪੂਜਦਾ ਜੋ ਹੰਕਾਰ ਕਾਰਨ ਕਿਸੇ ਨੂੰ ਵੇਖ ਕੇ ਮਰੋੜੀਖਾਂਦਾ ਹੈ, ਕੰਨਾਂ ਦੀ ਪੂਜਾ ਵੀ ਕੋਈ ਨਹੀਂ ਕਰਦਾ ਜੋ ਆਪਣੀ ਉਸਤਤ ਤੇ ਪਰਾਈ ਨਿੰਦਾ (ਔਗੁਣ) ਸੁਣਨ ਦੇ ਮੁਕਾਬਲੇ ਆਪਣੇ ਆਪ ’ਚ ਗੁਣ ਹੋਣ ਕਾਰਨ ਹੰਕਾਰੀ ਤਿਊੜੀ ਬਣਵਾਉਂਦੇ ਹਨ, ਜੀਭ ਨੂੰ ਵੀ ਕੋਈ ਨਹੀਂ ਪੂਜਦਾ ਜੋ ਰਸਾਂ ਨੂੰ ਮਾਣਦੀ ਹੋਈ ਦੰਦਾਂ (ਹੰਕਾਰ) ਵਿੱਚ ਘਿਰੀ ਰਹਿੰਦੀ ਹੈ ਪਰ ਇਨ੍ਹਾਂ ਉੱਚਿਆਂ ਇੰਦ੍ਰਿਆਂ ਦੇ ਮੁਕਾਬਲੇ ਪੈਰ ਸਭ ਤੋਂ ਨੀਵੇਂ ਹੁੰਦੇ ਹਨ, ਇਸ ਲਈ ਇਨ੍ਹਾਂ ਦੀ ਪੂਜਾ ਹੁੰਦੀ ਹੈ। ਇਨ੍ਹਾਂ ਉੱਤੇ ਹੀ ਝੁਕ ਕੇ ਸਲਾਮ ਕੀਤੀ ਜਾਂਦੀ ਹੈ। ਇਸ ਕਰਕੇ ਐ ਜੀਵ! ਤੂੰ ਵੀ ਨਿਮਰਤਾ ’ਚ ਰਹਿ, ਹੰਕਾਰ ਨਾ ਕਰ, ਪ੍ਰਭੂ ਦੇ ਦਰ ਉੱਤੇ ਤਾਂ ਹੀ ਮਾਣ ਮਿਲੇਗਾ ਜੇ ਨਿਮਰਤਾ ’ਚ ਰਹੇਂਗਾ। ਭਾਈ ਗੁਰਦਾਸ ਜੀ ਦੇ ਕੀਮਤੀ ਬਚਨ ਹਨ: ‘‘ਮਥੈ ਤਿਵੜੀ ਬਾਮਣੈ, ਸਉਹੇ ਆਏ ਮਸਲਤਿ ਫੇਰੀ। ਸਿਰੁ ਉਚਾ ਅਹੰਕਾਰ ਕਰਿ, ਵਲ ਦੇ ਪਗ ਵਲਾਏ ਡੇਰੀ। ਅਖੀਂ ਮੂਲਿ ਨ ਪੂਜੀਅਨਿ; ਕਰਿ ਕਰਿ ਵੇਖਨਿ ਮੇਰੀ ਤੇਰੀ। ਨਕੁ ਨ ਕੋਈ ਪੂਜਦਾ; ਖਾਇ ਮਰੋੜੀ ਮਣੀ ਘਨੇਰੀ। ਉਚੇ ਕੰਨ ਨ ਪੂਜੀਅਨਿ; ਉਸਤਤਿ ਨਿੰਦਾ ਭਲੀ ਭਲੇਰੀ। ਬੋਲਹੁ ਜੀਭ ਨ ਪੂਜੀਐ; ਰਸ ਕਸ ਬਹੁ ਚਖੀ, ਦੰਦ ਘੇਰੀ। ਨੀਵੇ ਚਰਣ; ਪੂਜ ਹਥ ਕੇਰੀ ॥’’ (ਭਾਈ ਗੁਰਦਾਸ ਜੀ, ਵਾਰ ੨੩ ਪਉੜੀ ੧੨)

ਭਾਈ ਨੰਦ ਲਾਲ ਸਿੰਘ ਜੀ ਵੀ ਸਮਝਾਉਂਦੇ ਹਨ ਕਿ ਐ ਜੀਵ! ਹੰਕਾਰ ਕਰਨਾ ਤੇਰੀ ਮਲੀਨਤਾਈ (ਮੈਲੀ ਆਦਤ) ਦੀ ਨਿਸ਼ਾਨੀ ਹੈ, ਇਸ ਨੂੰ ਛੱਡ ਦੇ, ਯਾਦ ਰੱਖਰੱਬ ਨੇ ਤੈਨੂੰ ਖ਼ਾਕ (ਮਿੱਟੀ) ਦੀ ਮੁੱਠੀ ਵਿੱਚੋਂ ਪੈਦਾ ਕੀਤਾ ਹੋਇਆ ਹੈ। ਉਸ ਨੂੰ ਯਾਦ ਕਰ। ਭਾਈ ਸਾਹਿਬ ਜੀ ਦੇ ਕੀਮਤੀ ਬਚਨ ਹਨ: ‘ਖ਼ੁਦ ਪਰਸਤੀ ਖ਼ੁਸਲਤੇ ਨਾਪਾਕ ਤੋ, ਜ਼ਾਂ ਗੁਜ਼ਰ, ਕਰਦਨਹ ਬਮੁਸ਼ਤੇ ਖ਼ਾਕੇ ਤੋ।’ (੫੨)

‘ਅਹੰਕਾਰ’ ਅਜਿਹਾ ਢੀਠ ਤੇ ਨੀਚ ਹੈ ਕਿ ਇਹ ਸਾਡਾ ਸਾਥ, ਗੁਰਦੁਆਰਿਆਂ, ਮੰਦਿਰਾਂ ਵਿੱਚ ਵੀ ਨਹੀਂ ਛੱਡਦਾ ਕਿਉਂਕਿ ਇਹ ਲਾਡਲੇ ਕੁੱਤੇ ਵਾਙ, ਕਥਾ-ਕੀਰਤਨ ਕਰਨ ਵਾਲੇ ਦੀ ਝੋਲੀ ਵਿੱਚ ਜਾ ਬੈਠਦਾ ਹੈ, ਦਾਨੀ ਦੇ ਲੰਗਰ ਵਿੱਚ ਜਾ ਵੜਦਾ ਹੈ, ਸਾਡੇ ਪਾਠਾਂ, ਕੀਰਤਨ, ਨਿਤ-ਨੇਮਾਂ ਆਦਿ ਨੇਕ ਕਾਰਜਾਂ ਦੌਰਾਨ ਸਾਡੇ ਅੰਦਰੋਂ ਭੌਂਕਣਾ ਸ਼ੁਰੂ ਕਰਕੇ, ਸਾਡੀ ਸਭ ਕੀਤੀ-ਕਰਾਈ ਉੱਪਰ ਸਵਾਹ ਮਲ ਦੇਂਦਾ ਹੈ; ਇਸ (ਹਉਮੈ) ਬਾਬਤ ਗੁਰੂ ਤੇਗ਼ ਬਹਾਦਰ ਸਾਹਿਬ ਜੀ ਉਪਦੇਸ਼ ਬਖ਼ਸ਼ਸ਼ ਕਰਦੇ ਹਨ: ‘‘ਤੀਰਥ ਬਰਤ ਅਰੁ ਦਾਨ ਕਰਿ, ਮਨ ਮੈ ਧਰੈ ਗੁਮਾਨੁ ॥ ਨਾਨਕ ! ਨਿਹਫਲ ਜਾਤ ਤਿਹ, ਜਿਉ ਕੁੰਚਰ ਇਸਨਾਨੁ ॥’’ (ਮ: ੯/੧੪੨੮)

ਐ ਜੀਵ! ਇਸ ਤੋਂ ਬਚਣ ਲਈ ਸਤਿਗੁਰ ਦੇ ਚਰਨਾਂ ਵੱਲ ਤੁਰੰਤ ਦੌੜ ਪੈ ਕਿਉਂਕਿ ਰੱਬ ਤੋਂ ਤੋੜਨ ਵਾਲੀ ਅਸਲ ਸ਼ਕਤੀ (ਹਉਮੈ) ਕੇਵਲ ਆਪਣੇ ਉਦਮ ਨਾਲਮਾਰਨ ਦਾ ਯਤਨ ਕੀਤਿਆਂ ਮਰਦੀ ਨਹੀਂ ਤੇ ਨਾ ਹੀ ਕਿਸੇ ਹੱਟੀ ’ਤੇ ਵਿਕਦੀ ਹੈ ਤਾਂ ਜੋ ਇਸ ਨੂੰ ਵੇਚ ਦੇਈਏ, ਇਹ ਤਾਂ ਗੁਰੂ ਸ਼ਬਦ (ਤੇ ਬਖ਼ਸ਼ਸ) ਦੁਆਰਾ ਹੀ ਸਾੜ ਕੇ ਬਾਹਰ ਕੱਢੀ ਜਾ ਸਕਦੀ ਹੈ। ਸਤਿਗੁਰ ਅਮਰਦਾਸ ਜੀ ਦੇ ਪਾਵਨ ਬਚਨ ਹਨ: ‘‘ਹਉਮੈ ਮਾਇਆ ਮੋਹਣੀ; ਦੂਜੈ ਲਗੈ ਜਾਇ ॥ ਨਾ ਇਹ ਮਾਰੀ ਨ ਮਰੈ; ਨਾ ਇਹ ਹਟਿ ਵਿਕਾਇ ॥ ਗੁਰ ਕੈ ਸਬਦਿ ਪਰਜਾਲੀਐ; ਤਾ ਇਹ ਵਿਚਹੁ ਜਾਇ ॥’’ (ਮ: ੩/੮੫੩)

ਅੰਤ ਵਿੱਚ ਮੈ ਇਸ ਵਿਸ਼ੇ ਦੀ ਸਮਾਪਤੀ ਸਤਿਗੁਰ ਨਾਨਕ ਸਾਹਿਬ ਜੀ ਵੱਲੋਂ ਉਚਾਰਨ ਕੀਤੇ ਗਏ ਉਸ ਸ਼ਬਦ ਦੀ ਰਾਹੀਂ ਕਰਦਾ ਹਾਂ ਜਿਸ ਵਿੱਚ ਗੁਰੂ ਜੀ ਮਨ ਨੂੰ ਸੰਬੋਧਨ ਕਰਦਿਆਂ ਆਖ ਰਹੇ ਹਨ ਕਿ ਹੇ ਭੋਲੇ ਮਨ! ਹੰਕਾਰ ਵਾਲੀ ਸੋਚ ਨੂੰ ਭੁੱਲਾ ਦੇ ਕਿਉਂਕਿ ਹਉਮੈ ਨੂੰ ਮਾਰ ਕੇ ਹੀ ਵੀਚਾਰਵਾਨ ਹੋਈਦਾ ਹੈ ਅਤੇ ਆਪਣੇ ਵੀਚਾਰ (ਬਿਬੇਕ) ਰਾਹੀਂ ਰੱਬੀ ਉਪਕਾਰ ਨੂੰ ਆਪਣੇ ਹਿਰਦੇ ਵਿੱਚ ਹਮੇਸ਼ਾਂ ਸੰਭਾਲ ਕੇ ਰੱਖ, ਯਾਦ ਰੱਖ: ‘‘ਭੋਲਿਆ ! ਹਉਮੈ ਸੁਰਤਿ ਵਿਸਾਰਿ ॥ ਹਉਮੈ ਮਾਰਿਬੀਚਾਰਿ ਮਨ ! ਗੁਣ ਵਿਚਿ, ਗੁਣੁ ਲੈ ਸਾਰਿ ॥੧॥ ਰਹਾਉ ॥’’ (ਮ: ੧/੧੧੬੮)

Most Viewed Posts