ਭਾਦੁਇ ਭਰਮਿ ਭੁਲਾਣੀਆ, ਦੂਜੈ ਲਗਾ ਹੇਤੁ॥

0
553

ਭਾਦੁਇ ਭਰਮਿ ਭੁਲਾਣੀਆ, ਦੂਜੈ ਲਗਾ ਹੇਤੁ॥

ਗਿਆਨੀ ਅਵਤਾਰ ਸਿੰਘ

ਭਾਦੁਇ ਭਰਮਿ ਭੁਲਾਣੀਆ, ਦੂਜੈ ਲਗਾ ਹੇਤੁ॥ ਲਖ ਸੀਗਾਰ ਬਣਾਇਆ, ਕਾਰਜਿ ਨਾਹੀ ਕੇਤੁ॥

ਜਿਤੁ ਦਿਨਿ ਦੇਹ ਬਿਨਸਸੀ, ਤਿਤੁ ਵੇਲੈ ਕਹਸਨਿ ਪ੍ਰੇਤੁ॥ ਪਕੜਿ ਚਲਾਇਨਿ ਦੂਤ ਜਮ, ਕਿਸੈ ਨ ਦੇਨੀ ਭੇਤੁ॥

ਛਡਿ ਖੜੋਤੇ ਖਿਨੈ ਮਾਹਿ, ਜਿਨ ਸਿਉ ਲਗਾ ਹੇਤੁ॥ ਹਥ ਮਰੋੜੈ ਤਨੁ ਕਪੇ, ਸਿਆਹਹੁ ਹੋਆ ਸੇਤੁ॥

ਜੇਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤੁ॥ ਨਾਨਕ ! ਪ੍ਰਭ ਸਰਣਾਗਤੀ, ਚਰਣ ਬੋਹਿਥ ਪ੍ਰਭ ਦੇਤੁ॥

ਸੇ ਭਾਦੁਇ ਨਰਕਿ ਨ ਪਾਈਅਹਿ, ਗੁਰੁ ਰਖਣ ਵਾਲਾ ਹੇਤੁ॥ (ਮ:੫)

ਵੀਚਾਰ ਅਧੀਨ ਸ਼ਬਦ ਗੁਰੂ ਅਰਜੁਨ ਦੇਵ ਪਾਤਿਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਮਾਝ ਰਾਗ ਅਤੇ ਬਾਰਾਮਾਹਾਂ ਸਿਰਲੇਖ ਅਧੀਨ ਪੰਨਾ 134 ’ਤੇ ਦਰਜ ਹੈ। ਜਿਸ ਰਾਹੀਂ ਗੁਰੂ ਜੀ ਕੁਦਰਤੀ ਤੌਰ ’ਤੇ ਹੋ ਰਹੇ ਅਸਥਾਈ ਮੌਸਮੀ ਪਰਿਵਰਤਨ ਨੂੰ ਆਧਾਰ ਬਣਾ ਕੇ ਜੀਵ ਨੂੰ ਅਸਥਾਈ ਆਕਾਰ (ਜਗਤ) ਦੀ ਅਸਲੀਅਤ ਦੀ ਸੋਝੀ ਕਰਵਾ ਰਹੇ ਹਨ। ‘ਭਾਦਉ’ ਮਹੀਨੇ ਦਾ ਪਹਿਲਾ ਅੱਖਰ ‘ਭ’ ਹੋਣ ਕਾਰਨ ਵਿਸ਼ਾ ਵੀ ‘ਭਰਮ’ ਪ੍ਰਧਾਨ ਵਰਤਿਆ ਗਿਆ ਹੈ।

ਪ੍ਰਸ਼ਨ- ਭਰਮ ਕੀ ਹੈ ?

ਉੱਤਰ-ਅਗਰ ਕੋਈ ਵੈਦ ਕਿਸੇ ਮਰੀਜ ਨੂੰ ਸੁਭ੍ਹਾ ਸਾਮ (ਦੋ ਵਕਤ) ਦਵਾ ਖਾਣ ਨੂੰ ਕਹੇ ਅਤੇ ਨਾਲ ਹਦਾਇਤ ਕਰੇ ਕਿ ਸੁਭ੍ਹਾ ਦਵਾ ਸੱਜਾ ਪੈਰ ਚੁੱਕ ਕੇ ਖੜ ਕੇ ਖਾਣੀ ਹੈ ਅਤੇ ਸ਼ਾਮ ਨੂੰ ਇਸ ਤੋਂ ਵਿਪ੍ਰੀਤ ਖੱਬਾ ਪੈਰ ਚੁੱਕ ਕੇ ਖਾਣੀ ਹੈ। ਰੋਗੀ ਦੇ ਠੀਕ ਹੋਣ ਤੋਂ ਉਪਰੰਤ ਉਸ ਦੇ ਮਨ ਵਿੱਚ ਕੀਤੀ ਪੈਰ ਚੁੱਕਣ ਵਾਲੀ ਕ੍ਰਿਆ ਦਾ ਹੀ ਪ੍ਰਭਾਵ ਰਹੇਗਾ ਜਦਕਿ ਰੋਗ ਦਵਾ ਨਾਲ ਦੂਰ ਹੋਇਆ ਸੀ। ਭਾਵ ਸਚਾਈ ਕੁਝ ਹੋਰ ਸੀ ਜਦਕਿ ਬਹਿਮ (ਵਿਸ਼ਵਾਸ) ਕਿਸੇ ਹੋਰ ’ਤੇ ਟਿਕ ਗਿਆ। ਇਸ ਨੂੰ ਭਰਮ ਆਖਦੇ ਹਨ। ‘‘ਮਾਧਵੇ ! ਕਿਆ ਕਹੀਐ ਭ੍ਰਮੁ ਐਸਾ॥ ਜੈਸਾ ਮਾਨੀਐ, ਹੋਇ ਨ ਤੈਸਾ ॥’’ (ਭਗਤ ਰਵਿਦਾਸ/੬੫੮)

ਪ੍ਰਮਾਤਮਾ ਸਰਬ ਵਿਆਪਕ ਸ਼ਕਤੀਮਾਨ ਅਤੇ ਹਰ ਇੱਕ ਦਾ ਮਦਦਗਾਰ, ਅਸਲ ਸਚਾਈ ਹੈ ਪਰ ਭਰਮ (ਅਨੇਕਾਂ ਮਨੌਤਾਂ ’ਤੇ ਕੀਤਾ ਗਿਆ ਵਿਸਵਾਸ) ਅਸਲ ਸਚਾਈ ’ਤੇ ਵਿਸਵਾਸ ਬਣਨ ਨਹੀਂ ਦੇਂਦਾ ਹੈ। ਸੰਸਾਰਕ ਤਮਾਮ ਅਸਥਾਈ ਰਿਸਤੇਦਾਰੀਆਂ, ਦੋਸਤੀਆਂ ਨੂੰ ਅਗਰ ਜੀਵ ਸਦੀਵੀ ਸਾਥੀ ਮੰਨੀ ਬੈਠਾ ਹੈ ਤਾਂ ਇਹ ਮਮਤਾ ਹੈ, ਮਾਯਾ (ਛਲ) ਹੈ, ਭਰਮ ਹੈ। ‘‘ਲੋਗਾ ! ਭਰਮਿ ਨ ਭੂਲਹੁ ਭਾਈ ॥ ਖਾਲਿਕੁ ਖਲਕ, ਖਲਕ ਮਹਿ ਖਾਲਿਕੁ, ਪੂਰਿ ਰਹਿਓ ਸ੍ਰਬ ਠਾਂਈ ॥ (ਭਗਤ ਕਬੀਰ/੧੩੫੦) ਭਾਵ ਖ਼ਲਕਤ (ਪ੍ਰਜਾ) ਦਾ ਮਾਲਕ ਪ੍ਰਭੂ ਖ਼ਲਕਤ ਵਿੱਚ ਹੀ ਸਮਾਇਆ ਹੋਇਆ ਹੈ। ਜਿਵੇਂ ਹਿਰਨ ਦੇ ਨਾਭੀ ’ਚ ਕਸਤੂਰੀ ਹੋਣ ਦੇ ਬਾਵਜ਼ੂਦ ਉਸ ਨੂੰ ਲੱਭਣ ਲਈ ਹਿਰਨ ਵਾਂਗ ਬਾਹਰ ਨਾ ਭਟਕਣਾ, ਭਰਮ ’ਚ ਨਾ ਪੈਣਾ- ‘‘ਜਿਉ, ਕਸਤੂਰੀ ਮਿਰਗੁ ਨ ਜਾਣੈ, ਭ੍ਰਮਦਾ ਭਰਮਿ ਭੁਲਾਇਆ ॥’’ (ਮ:੩/੬੪੪)

ਭਰਮ ਦੇ ਅਨੇਕਾਂ ਰੂਪ ਹਨ। ਇਉਂ ਵੀ ਆਖ ਸਕਦੇ ਹਾਂ ਕਿ ਜੀਵ ਦੇ ਹਰ ਕਦਮ ਪੁੱਟਣ ’ਤੇ ਭਰਮ ਆਰੰਭ ਹੁੰਦਾ ਹੈ ਜੋ ਕਿ ਮੌਤ ਤੋਂ ਉਪਰੰਤ ਹੀ ਭਰਮ ਖ਼ਤਮ ਹੁੰਦਾ ਹੈ। ਇਹੀ ਭਰਮ ਰੂਪ ਮਾਯਾ ਜੀਵ ਨੂੰ ਸੱਚ ਪ੍ਰਭੂ ਤੋਂ ਦੂਰ ਲੈ ਜਾਂਦੀ ਹੈ। ਗੁਰਬਾਣੀ ’ਚ ਭਰਮ ਦੇ ਕਈ ਰੂਪ ਵਿਖਾਏ ਗਏ ਹਨ ਜਿਵੇਂ ਕਿ-(1). ਦੁਨਿਆਵੀ ਮੋਹ ਮਮਤਾ ਰਾਹੀਂ ਭਰਮ ਬਣਾ ਕੇ ਜੀਵ ਕੁਰਾਹੇ ਪੈ ਗਿਆ- ‘‘ਮਮਤਾ ਲਾਇ, ਭਰਮਿ ਭੁੋਲਾਇਆ॥’’ (ਮ:੩/੧੧੨੮)

(2). ਦੁਨਿਆਵੀ ਅਸਥਾਈ ਮਦਦਗਾਰ ਰਿਸਤਿਆਂ ਨੂੰ ਸਥਾਈ ਮੰਨਣ ਵਾਲੇ ਭਰਮ ਕਾਰਨ ਜੀਵ ਬੁਧੀ ਵਿਕਸਤ ਨਹੀਂ ਹੁੰਦੀ- ਇਹੁ ਕੁਟੰਬੁ ਸਭੁ ਜੀਅ ਕੇ ਬੰਧਨ ਭਾਈ! ਭਰਮਿ ਭੁਲਾ ਸੈਂਸਾਰਾ॥ (ਮ:੩/੬੦੨)

(3). ਤੀਰਥ ਇਸਨਾਨ ਦੀ ਰਾਹੀਂ ਸਰੀਰ ਧੋਤਿਆਂ ਮਨ ਸ਼ੁੱਧ ਨਹੀਂ ਹੁੰਦਾ। ਸਰੀਰ ਧੋਣ ਨੂੰ ਹੀ ਮਨ ਸ਼ੁੱਧ ਹੋਣਾ ਕਹਿਣਾ, ਭਰਮ ਹੈ-ਅਠਸਠਿ ਤੀਰਥ ਭਰਮਿ ਵਿਗੂਚਹਿ, ਕਿਉ ਮਲੁ ਧੋਪੈ ਪਾਪੈ ॥ (ਮ:੧/੧੦੧੩) ਕਿਉਂਕਿ ਕਦੀਂ ਵੀ ਸੱਪ ਦੀ ਵਰਮੀ (ਖੱਡ) ਬੰਦ ਕਰਨ ਨਾਲ ਸੱਪ ਨਹੀਂ ਮਰਦਾ-‘‘ਵਰਮੀ ਮਾਰੀ, ਸਾਪੁ ਨ ਮੂਆ॥’’ (ਮ: ੫/੧੩੪੮)

(4). ਕਿਸੇ ਮਨੁੱਖਾ ਸਰੀਰ ’ਤੇ ਹਮਲਾ ਹੋਣ ਕਾਰਨ ਸਭ ਤੋਂ ਵੱਧ ਮਦਦਗਾਰ ਸਾਡਾ ਹੱਥ ਹੁੰਦਾ ਹੈ ਕਿਉਂਕਿ ਇਹ ਸਰੀਰਕ ਇੰਦਿ੍ਰਆਂ ਵਿੱਚੋਂ ਸਭ ਤੋਂ ਪਹਿਲਾਂ ਹਰਕਤ ’ਚ ਆਉਂਦਾ ਹੈ। ਪ੍ਰਮਾਤਮਾ; ਸਰਬ ਵਿਆਪਕ ਹੋਣ ਕਾਰਨ ਹੱਥ ਤੋਂ ਵੀ ਨਜਦੀਕ ਮਦਦਗਾਰ ਹੈ-‘‘ਸਰਬੇ ਏਕੁ, ਅਨੇਕੈ ਸੁਆਮੀ, ਸਭ ਘਟ ਭੁੋਗਵੈ ਸੋਈ॥ ਕਹਿ ਰਵਿਦਾਸ, ਹਾਥ ਪੈ ਨੇਰੈ, ਸਹਜੇ ਹੋਇ ਸੁ ਹੋਈ॥’’ (ਭਗਤ ਰਵਿਦਾਸ/੬੫੮) ਇਸ ਸਚਾਈ ’ਤੇ ਵਿਸਵਾਸ ਨਾ ਕਰਨਾ ਇਉਂ ਭਰਮ ਹੈ ਜਿਵੇਂ ਕੋਈ ਰਾਜਾ ਸੁਫਨੇ ’ਚ ਭਿਖਾਰੀ ਬਣ ਜਾਏ, ਰੱਸੀ; ਸੱਪ ਵਿਖਾਈ ਦੇਵੇ ਆਦਿ-‘‘ਨਰਪਤਿ ਏਕੁ ਸਿੰਘਾਸਨਿ ਸੋਇਆ, ਸੁਪਨੇ ਭਇਆ ਭਿਖਾਰੀ॥ ਅਛਤ ਰਾਜ ਬਿਛੁਰਤ ਦੁਖੁ ਪਾਇਆ..॥ ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ॥.. ਸੋ ਗਤਿ ਭਈ ਹਮਾਰੀ॥’’ (ਭਗਤ ਰਵਿਦਾਸ/੬੫੮)ਆਦਿ।

ਗੁਰਬਾਣੀ ਦੇ ਇਤਨੇ ਸਪੱਸ਼ਟ ਪ੍ਰਮਾਣ ਮੌਜੂਦ ਹੋਣ ’ਦੇ ਬਾਵਜ਼ੂਦ ਵੀ ਸਿੱਖ ਸਮਾਜ ’ਚ ਅੱਜ ਅਨੇਕਾਂ ਭ੍ਰਮ ਹਨ ਜਿਵੇਂ-

(1). ਬਿਨਾ ਸੁਣੇ, ਸਮਝੇ ਅਤੇ ਵੀਚਾਰੇ ਕੇਵਲ ਭਾੜੇ ’ਤੇ ਕਰਵਾਏ ਜਾ ਰਹੇ ਪਾਠਾਂ ਦਾ ਲਾਭ ਪ੍ਰਾਪਤ ਕਰਨ ਦਾ ਭਰਮ।

(2). ਸ਼ਹੀਦਾਂ ਦੀਆਂ ਸਮਾਧਾਂ, ਕਬਰਾਂ ਆਦਿ ਪੱਥਰ ’ਚ ਸ਼ਕਤੀ ਹੋਣ ਦਾ ਭਰਮ।

(3). ਸ੍ਰੀ ਸਾਹਿਬ ਨੂੰ ਸਰੀਰ ਤੋਂ ਅਲੱਗ ਨਾ ਕਰਨ ਦਾ ਭਰਮ, ਜਿਸ ਕਾਰਨ ਨਿਜੀ ਅਤੇ ਬੇ ਸਹਾਰਿਆਂ ਦੀ ਮਦਦ ਲਈ ਯੋਗ (ਵੱਡੀ) ਸ੍ਰੀ ਸਾਹਿਬ ਰੱਖਣ ਦੀ ਬਜਾਏ ਮਿਆਨ ਰਹਿਤ (ਜਨੇਉ ਵਾਂਗ) ਸ੍ਰੀ ਸਾਹਿਬ ਰੱਖਣੀ।

(4) ਧਾਰਮਿਕ ਵੋਟ ਸ਼ਕਤੀ ਰਾਹੀਂ ਸੁਆਰਥੀ ਲੋਕਾਂ ਦਾ ਗੋਲਕ ’ਤੇ ਇਸ ਭਰਮ ’ਚ ਕਬਜਾ ਕਰਵਾਉਣਾ ਕਿ ਇਹ ਗੁਰਮਤਿ ਦਾ ਪ੍ਰਚਾਰ ਕਰਨਗੇ।

(5). ਕਿਸੇ ਸ਼ੁਭ ਕਰਮ ਕਰਨ ’ਤੇ ਸਰੋਂ ਦਾ ਤੇਲ ਡੋਲਣ ਦਾ ਭਰਮ।

(6). ਔਰਤਾਂ ਨੂੰ ਅੰਮ੍ਰਿਤ ਸੰਚਾਰ ’ਚ ਸ਼ਾਮਲ ਨਾ ਕਰਨਾ ਦਾ ਭਰਮ।

(7). ਬ੍ਰਤ ਰੱਖਣ ਦਾ ਭਰਮ।

(8). ਸਰੀਰਕ ਦੁੱਖਾਂ ਦੀ ਨਿਵਿਰਤੀ ਲਈ ਸੁਖਮਨੀ, ਚੌਪਈ, ਦੁੱਖ ਭੱਜਨੀ ਗੁਟਕਾ ਆਦਿ ਬਾਣੀ ਦੀ ਟੇਕ ਲੈਣੀ ਜਾਂ ਦੁੱਖ ਭੱਜਨੀ ਬੇਰੀ ਹੇਠਾਂ ਹੀ ਇਸਨਾਨ ਕਰਨ ਵਾਲਾ ਭਰਮ ਜਦਕਿ ਸਰੀਰਕ ਦੁੱਖਾਂ ਲਈ ਗੁਰੂ ਨਾਨਕ ਦੇਵ ਜੀ ਫ਼ੁਰਮਾਨ ਕਰ ਰਹੇ ਹਨ-‘‘ਨਾਨਕ! ਬੋਲਣੁ ਝਖਣਾ, ਦੁਖ ਛਡਿ ਮੰਗੀਅਹਿ ਸੁਖ॥ ਸੁਖੁ ਦੁਖੁ ਦੁਇ, ਦਰਿ ਕਪੜੇ, ਪਹਿਰਹਿ ਜਾਇ ਮਨੁਖ॥ ਜਿਥੈ ਬੋਲਣਿ ਹਾਰੀਐ, ਤਿਥੈ ਚੰਗੀ ਚੁਪ॥’’ (ਮ:੧/੧੪੯) ਭਾਵ ਸਰੀਰਕ ਦੁੱਖਾਂ ਦੀ ਨਿਵਿਰਤੀ ਲਈ ਪ੍ਰਭੂ ਅੱਗੇ ਬੇਨਤੀ ਕਰਨੀ ਉਸ ਮੰਗਤੇ ਦੀ ਤਰ੍ਹਾਂ ਝੱਖਣਾ ਮਾਰਨਾ ਹੈ ਜੋ ਬਿਨਾ ਭੀਖ ਮਿਲਿਆਂ ਸਾਡੇ ਦਰ ’ਤੇ ਆਵਾਜ (ਝੱਖ) ਮਾਰ ਕੇ ਚਲਾ ਗਿਆ।

(ਨੋਟ-ਯਾਦ ਰਹੇ ਗੁਰਬਾਣੀ ਸਰੀਰਕ ਦੁੱਖਾਂ ਦਾ ਮੁਕਾਬਲਾ ਕਰਨ ਲਈ ਆਤਮਿਕ ਬਲ ਬਖ਼ਸ਼ਸ਼ ਕਰਦੀ ਹੈ।) ਸਰੀਰਕ ਦੁੱਖ ਤਾਂ ਅਧਿਆਤਮਕ ਜੀਵਨ (ਵਿਕਾਸ) ਦੀ ਆਰੰਭਤਾ ਹੁੰਦਾ ਹੈ-‘‘ਦੂਖਾ ਤੇ ਸੁਖ ਊਪਜਹਿ, ਸੂਖੀ ਹੋਵਹਿ ਦੂਖ॥ (ਮ:੧/੧੩੨੮), ਦੁਖੁ ਦਾਰੂ, ਸੁਖੁ ਰੋਗੁ ਭਇਆ, ਜਾ ਸੁਖੁ ਤਾਮਿ ਨ ਹੋਈ॥’’ (ਮ:੧/੪੬੯)

(9). ਗੁਰਬਾਣੀ (ਨਿਤਨੇਮ) ਕੇਵਲ ਅੰਮ੍ਰਿਤ ਵੇਲੇ ਹੀ ਪੜ੍ਹਣ ਵਾਲਾ ਭਰਮ, ਜੋ ਸੰਗਤੀ ਤੌਰ ’ਤੇ ਹੋ ਰਹੀ ਸ਼ਬਦ ਵੀਚਾਰ ਜਾਂ ਕੀਰਤਨ ਦਾ ਲਾਭ ਲੈਣ ਦੀ ਬਜਾਏ ਗੁਟਕਾ ਚੁੱਕ ਕੇ ਪਾਠ ਕਰਨ ’ਚ ਮਗਨ ਰਹਿਣਾ (ਜੋ ਕਿ ਨਿਜੀ ਘਰੇਲੂ ਕੰਮ ਸੀ), ਵੀ ਭਰਮ ਹੈ। ਅੰਮ੍ਰਿਤ ਵੇਲੇ ਦੀ ਅਹਿਮੀਅਤ ਮਨ ਦੀ ਇਕਾਗਰਤਾ ਅਤੇ ਸ਼ਾਂਤ ਵਾਤਾਵਰਨ ਕਾਰਨ ਸੀ/ਹੈ ਕਿਉਂਕਿ ਦੂਜੇ ਪਹਿਰ (ਸੂਰਜ ਚੜ੍ਹੇ) ਮਨ; ਦੁਨਿਆਵੀ ਕੰਮਾਂ ਦੇ ਰੁਝੇਵਿਆਂ ’ਚ ਖੱਚਤ ਹੋ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਦਾ ਫ਼ੁਰਮਾਨ ਹੈ-‘‘ਸਬਾਹੀ ਸਾਲਾਹ, ਜਿਨੀ ਧਿਆਇਆ ਇਕ ਮਨਿ॥ ਸੇਈ ਪੂਰੇ ਸਾਹ, ਵਖਤੈ ਉਪਰਿ ਲੜਿ ਮੁਏ॥ ਦੂਜੈ ਬਹੁਤੇ ਰਾਹ, ਮਨ ਕੀਆ ਮਤੀ ਖਿੰਡੀਆ॥ ਬਹੁਤੁ ਪਏ ਅਸਗਾਹ, ਗੋਤੇ ਖਾਹਿ ਨ ਨਿਕਲਹਿ॥.. ਸਭੇ ਵੇਲਾ ਵਖਤ ਸਭਿ, ਜੇ ਅਠੀ ਭਉ ਹੋਇ॥ ਨਾਨਕ ! ਸਾਹਿਬੁ ਮਨਿ ਵਸੈ, ਸਚਾ ਨਾਵਣੁ ਹੋਇ॥’’ ਮ:੧/੧੪੬) ਭਾਵ ਅੰਮ੍ਰਿਤ ਵੇਲਾ ਜੀਵਨ ਨੂੰ ਕੇਵਲ ਹੁਲਾਰਾ (ਧੱਕਾ) ਦੇਣ ਲਈ ਹੀ ਹੈ ਜੇ ਇਸ ਦਾ ਯੋਗ ਪ੍ਰਯੋਗ ਕੀਤਾ ਜਾਵੇ (ਇਕਾ ਬਾਣੀ, ਇਕੁ ਗੁਰੁ, ਇਕੋ ਸਬਦੁ ਵੀਚਾਰਿ॥ ਮ:੩/੬੪੬) ਭਾਵ ਸ਼ਬਦ ਵੀਚਾਰ ਜਾਂ ਕੀਰਤਨ ਜਾਂ ਪਾਠ ਕੇਵਲ ਇੱਕ ਹੀ ਹੋਵੇ) ਨਹੀਂ ਤਾਂ ਸੋਚੋ ਕਿ ਗੁਰੂ ਅਮਰਦਾਸ ਜੀ ਇਸ ਵਾਕ ਰਾਹੀਂ ਕੀ ਸੰਦੇਸ ਦੇ ਰਹੇ ਹਨ ?-‘‘ਜੇ ਵੇਲਾ ਵਖਤੁ ਵੀਚਾਰੀਐ, ਤਾ ਕਿਤੁ ਵੇਲਾ ਭਗਤਿ ਹੋਇ॥’’ (ਮ:੩/੩੫) ਅਤੇ ‘‘ਮਾਰਗਿ ਚਲਤ, ਹਰੇ ਹਰਿ ਗਾਈਐ॥’’ (ਮ: ੫/੩੮੬) ਆਦਿ। ਕੀ ਬਾਣੀ ਦਾ ਪ੍ਰਭਾਵ ਕੇਵਲ ਅੰਮ੍ਰਿਤ ਵੇਲੇ ਗ੍ਰਹਿਣ ਕਰਨਾ ਹੈ ਸਾਰਾ ਦਿਨ ਨਹੀਂ ? ਜੋਤਾਂ ਜਗਾਉਣੀਆਂ, ਮੜ੍ਹੀਆਂ ਪੂਜਣੀਆਂ, ਜੰਤ੍ਰ ਮੰਤ੍ਰ ਤੰਤ੍ਰ ’ਤੇ ਟੇਕ ਰੱਖਣੀ, ਜੋਤਿਸ਼ ਵਿਦਿਆ, ਜਨਮ ਸੰਸਕਾਰ ਤੋਂ ਮਰਨ ਸੰਸਕਾਰ ਤੱਕ ਦੀਆਂ ਦੁਨਿਆਵੀ ਰਸਮਾਂ ਆਦਿ ਸਭ ਭਰਮ ਹੈ।

ਭਰਮ (ਝੂਠ) ਹਮੇਸਾਂ ਸੱਚ ਨਾਲੋਂ ਤੋੜਦਾ ਹੈ। ਭਰਮੀ ਵਿਅਕਤੀ ਕਿਸੇ ਵਿਸ਼ੇ (ਵਿਚਾਰਧਾਰਾ, ਗੁਰੂ ਉਪਦੇਸ) ਦੇ ਸਾਰ ਨੂੰ ਨਹੀਂ ਸਮਝਦਾ, ਜਿਸ ਕਾਰਨ ਪ੍ਰਭੂ ਸ਼ਕਤੀ ’ਚ ਵਿਸਵਾਸ ਨਹੀਂ ਬਣ ਸਕਦਾ ਕਿਉਂਕਿ ਉਸ ਦਾ ਵਿਸਵਾਸ ਪਹਿਲਾਂ ਹੀ ਬਹੁਤਿਆਂ ਅੰਧ ਵਿਸਵਾਸਾਂ ’ਤੇ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਦਾ ਫ਼ੁਰਮਾਨ ਹੈ- ‘‘ਮੂਲੁ ਨ ਬੂਝਹਿ, ਸਾਚਿ ਨ ਰੀਝਹਿ, ਦੂਜੈ ਭਰਮਿ ਭੁਲਾਈ ਹੇ ॥’’ (ਮ:੧/੧੦੨੪) ਭਾਵ ਉਹ ਜੀਵ ਸਚਾਈ ਦੇ ਮੂਲ (ਪ੍ਰਭੂ) ਨੂੰ ਨਹੀਂ ਸਮਝਦੇ, ਸੱਚੇ ਸਰਬ ਵਿਆਪਕ ਮਾਲਕ ਵਿੱਚ ਜੁੜ ਕੇ ਖੁਸ਼ ਨਹੀਂ ਹੁੰਦੇ। ਜੋ ਹੋਰ ਅੰਧ ਵਿਸਵਾਸਾਂ ਦੇ ਭਰਮ ’ਚ ਪੈ ਕੇ ਗ਼ਲਤ ਰਸਤੇ ਪਏ ਹੁੰਦੇ ਹਨ। ਅਜੇਹੀ ਦੁਰਦਸ਼ਾ ਤੋਂ ਕੇਵਲ ਗੁਰੂ ਉਪਦੇਸ਼ ਨੂੰ ਵੀਚਾਰ ਕੇ ਪ੍ਰਭੂ ਅਤੇ ਗੁਰੂ ਅੱਗੇ ਫ਼ਰਿਆਦ ਕਰਨਾ ਹੀ ਇਕ ਸਹੀ ਮਾਰਗ ਹੈ ਕਿਉਂਕਿ ਗੁਰੂ ਤੋਂ ਬਿਨਾ ਭਰਮ ਦਾ ਪੜਦਾ ਨਹੀਂ ਹੱਟਦਾ, ਪ੍ਰਭੂ ਪ੍ਰਾਪਤੀ ਨਹੀਂ ਹੁੰਦੀ, ਗੁਰੂ ਨਾਨਕ ਦੇਵ ਜੀ ਦਾ ਫ਼ੁਰਮਾਨ ਹੈ-‘‘ਗੁਰ ਪਰਸਾਦੀ ਹਰਿ ਪਾਈਐ, ਮਤੁ ਕੋ ਭਰਮਿ ਭੁਲਾਹਿ॥ (ਮ:੧/੯੩੬) ਜੀਵ ਇਸ ਸਮਝ ਤੋਂ ਬਿਨਾ ‘‘ਅਨੇਕ ਜੂਨੀ ਭਰਮਿ ਆਵੈ, ਵਿਣੁ ਸਤਿਗੁਰ, ਮੁਕਤਿ ਨ ਪਾਏ॥’’ (ਮ:੩/੯੨੦)

ਸਾਰ- ਭਰਮ ਝੂਠ ਹੈ ਜੋ ਸਰਬ ਵਿਆਪਕ ਪ੍ਰਭੂ ਸ਼ਕਤੀ ’ਤੇ ਵਿਸਵਾਸ ਬਣਨ ’ਚ ਰੁਕਾਵਟ ਹੈ।

ਪਦ ਅਰਥ- ਭਰਮਿ- ਅੰਧ ਵਿਸਵਾਸ ਵਿੱਚ।, ਹੇਤੁ-ਪ੍ਰੇਮ ਜਾਂ ਮੋਹ।, ਕੇਤੁ ਕਾਰਜਿ-ਕਿਸ ਕੰਮ ਵਿੱਚ।, ਜਿਤੁ ਦਿਨਿ- ਜਿਸ ਦਿਨ ਵਿੱਚ।, ਤਿਤੁ ਵੇਲੈ-ਉਸ ਵੇਲੇ ਵਿੱਚ।, ਕਹਸਨਿ-ਕਹਿਣਗੇ।, ਖਿਨੈ-ਅੱਖ ਦੇ ਫਰਕਣ ਜਿਨੇ ਸਮੇਂ ’ਚ।, ਕਪੇ- ਕੰਬਣਾ।, ਸਿਆਹਹੁ-ਕਾਲੇ ਵਾਲਾ (ਜੁਆਨੀ) ਤੋਂ।, ਸੇਤੁ- ਚਿੱਟਾ (ਬੁਢੇਪਾ)।, ਲੁਣੈ-ਵੱਢੀਦਾ ਹੈ, ਪ੍ਰਾਪਤ ਕਰੀਦਾ ਹੈ।, ਸੰਦੜਾ-ਦਾ।, ਖੇਤੁ-ਫਸਲ (ਪੂਜੀ)।, ਬੋਹਿਥ-ਜਹਾਜ, ਕਿਸਤੀ, ਸਹਾਰਾ।, ਨਰਕਿ-ਅੰਦਰੂਨੀ ਦੁੱਖ (ਵਿਕਾਰਾਂ) ਵਿੱਚ।, ਗੁਰੁ ਹੇਤੁ- ਗੁਰੂ ਪਿਆਰਾ।

ਸ਼ਬਦ ਅਰਥ- ਭਾਦੋਂ ਦੇ ਮਹੀਨੇ ’ਚ ਜੋ ਜੀਵ ਇਸਤ੍ਰੀ (ਅਸਲ ਸਰਬ ਵਿਆਪਕ ਮਾਲਕ ਤੋਂ ਬਿਨਾ ਕਿਸੇ) ਹੋਰ ਨਾਲ ਪ੍ਰੇਮ (ਮੋਹ) ਪਾ ਲੈਂਦੀ ਹੈ ਉਹ ਝੂਠੇ ਭਰਮ ਵਿੱਚ ਪੈ ਕੇ ਕੁਰਾਹੇ ਪੈ ਜਾਂਦੀ ਹੈ, ਪ੍ਰਭੂ ’ਚੋਂ ਵਿਛੁੜ ਜਾਂਦੀ ਹੈ। ਬੇਸ਼ੱਕ ਉਸ ਨੇ (ਪਤੀ ਮਾਲਕ ਨੂੰ ਖ਼ੁਸ ਕਰਨ ਲਈ ਬਾਹਰੋਂ) ਲੱਖਾਂ ਸ਼ਿੰਗਾਰ ਬਣਾਏ (ਧਾਰਮਿਕ ਰਸਮਾ ਕੀਤੀਆਂ ਪਰ) ਉਹ ਸਭ ਕਿਸੇ ਲੇਖੇ ਵਿੱਚ ਨਹੀਂ ( ਕਿਉਂਕਿ ਮਾਲਕ ਵਿਆਪਕ ਹੋਣ ਕਾਰਨ ਅੰਦਰੂਨੀ ਪ੍ਰੇਮ ਭਾਵਨਾ ਸਮਝਦਾ ਹੈ ਜੋ ਹੋਰਾਂ ਨਾਲ ਪ੍ਰੀਤ ਪਾਈ ਹੋਈ ਹੈ।) ਜਿਸ ਦਿਨ ਸਰੀਰਕ ਮੌਤ ਆਏਗੀ, ਉਸ ਦਿਨ (ਇਹ ਸਾਰੇ ਝੂਠੇ ਪ੍ਰੇਮੀ) ਭੂਤ ਆਖਣਗੇ। (ਆਤਮਾ ਨੂੰ ਦੰਡ ਦੇਣ ਲਈ) ਜਮਰਾਜ ਦੇ ਭੇਜੇ ਦੂਤ ਪਤਾ ਨਹੀਂ ਕਿਸ ਥਾਂ ਲੈ ਜਾਣਗੇ ਕਿਸੇ ਨੂੰ ਪਤਾ ਨਹੀਂ ਲੱਗੇਗਾ। ਜਿਹਨਾਂ ਝੂਠੇ ਪ੍ਰੇਮੀਆਂ ਨਾਲ (ਭਰਮ ਕਾਰਨ) ਦੋਸਤੀ ਪਾ ਕੇ ਜੀਵਨ ਵਿਅਰਥ ਗਵਾ ਲਿਆ ਉਹ ਸਾਰੇ ਸਾਥ ਛੱਡ ਗਏ।

ਜੀਵਨ ਦੌਰਾਨ ਜਵਾਨੀ ਤੋਂ ਬੁਢੇਪਾ ਆਉਣ ਕਾਰਨ ਸਰੀਰਕ ਸ਼ਕਤੀ ਸਾਥ ਨਹੀਂ ਦੇਂਦੀ। ਜੋ ਜੀਵਨ ’ਚ (ਚੰਗਾ-ਮੰਦਾ) ਬੀਜਿਆ ਸੀ ਉਹੀ ਮਿਲਦਾ ਹੈ, ਇਹ ਕਰਮ (ਸੁਭਾਵ) ਦੀ ਪੈਲੀ ਹੈ।

ਹੇ ਨਾਨਕ! ਆਖ ਕਿ ਜਿਹਨਾਂ ਜੀਵ ਇਸਤ੍ਰੀਆਂ ਦਾ (ਭਰਮ ਦਾ ਪੜਦਾ ਉਤਾਰਨ ਲਈ) ਰਖਵਾਲਾ ਗੁਰੂ ਬਣ ਜਾਂਦਾ ਹੈ ਉਹ ਇਸਤ੍ਰੀਆਂ ਭਾਦੋਂ ਦੇ ਮਹੀਨੇ ਵਿੱਚ ਵੀ ਨਰਕ (ਭਰਮ) ਵਿੱਚ ਨਹੀਂ ਪੈਂਦੀਆਂ। ਕਿਉਂਕਿ ਉਹ ਸਦਾ ਆਖਦੀਆਂ ਰਹਿੰਦੀਆਂ ਹਨ ਕਿ ਹੇ ਅਸਲ ਮਾਲਕ ਪ੍ਰਭੂ ! ਅਸੀਂ (ਭਰਮ ਦੀ ਬੇੜੀ ਕੱਟਣ ਲਈ) ਤੇਰੀ ਸ਼ਰਨ ਵਿੱਚ ਆਈਆਂ ਹਾਂ ਕਿਰਪਾ ਕਰਕੇ ਆਪਣਾ ਸਹਾਰਾ ਰੂਪ ਚਰਨ (ਗੁਣਾਂ ਦੀ ਦਾਤ) ਬਖ਼ਸ਼।

ਗੁਰੂ ਨਾਨਕ ਦੇਵ ਜੀ ਬਾਰਾਮਾਹਾਂ ਤੁਖਾਰੀ ਰਾਗ ’ਚ ਅੰਗ 1108 ’ਤੇ ਭਾਦੋਂ ਮਹੀਨੇ ਰਾਹੀਂ ਬਰਖਾ ਰੁਤ ਦੀ ਉਦਾਹਰਨ ਦੇਂਦਿਆਂ ਆਖ ਰਹੇ ਹਨ-ਭਾਦਉ ਭਰਮਿ ਭੁਲੀ, ਭਰਿ ਜੋਬਨਿ ਪਛੁਤਾਣੀ॥ ਜਲ ਥਲ ਨੀਰਿ ਭਰੇ, ਬਰਸ ਰੁਤੇ ਰੰਗੁ ਮਾਣੀ॥ ਬਰਸੈ ਨਿਸਿ ਕਾਲੀ, ਕਿਉ ਸੁਖੁ ਬਾਲੀ, ਦਾਦਰ ਮੋਰ ਲਵੰਤੇ॥ ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ, ਭੁਇਅੰਗਮ ਫਿਰਹਿ ਡਸੰਤੇ॥ ਮਛਰ ਡੰਗ ਸਾਇਰ ਭਰ ਸੁਭਰ, ਬਿਨੁ ਹਰਿ ਕਿਉ ਸੁਖੁ ਪਾਈਐ॥ਭਾਵ ਬਰਖਾ ਪਾਣੀ ਨਾਲ ਚਾਰੋਂ ਤਰਫ ਮੱਛਰ, ਡੱਡੂ, ਮੋਰ, ਬਬੀਹਾ, ਸੱਪ, ਕਾਲੇ ਬੱਦਲ ਆਦਿ ਸਭ ਮਸਤ ਹਨ ਪਰ ਭਰਮਾਂ ’ਚ ਪਈ ਜੁਆਨ ਇਸਤ੍ਰੀ ਅਸਲ ਪਤੀ ਮਿਲਾਪ ਤੋਂ ਬਿਨਾ ਕਿਵੇਂ ਆਨੰਦ ਪਾ ਸਕਦੀ ਹੈ ? ਅੰਤ ’ਚ ਗੁਰੂ ਜੀ ਇਸ ਸ਼ਬਦ ਰਾਹੀਂ ਵੀ ਗੁਰੂ ਉਪਦੇਸ਼ ਕਮਾ ਕੇ ਜਿੱਥੇ ਪ੍ਰਭੂ ਨਿਵਾਸ (ਭਰਮ ਰਹਿਤ) ਹੈ ਉਥੇ ਹੀ ਜਾਣਾ ਚਾਹੀਦਾ ਹੈ (ਨਾ ਕਿ ਝੂਠੇ ਅਸਥਾਈ ਭਰਮਾਂ ’ਚ ਪੈਣਾ ਚਾਹੀਦਾ ਹੈ।)

‘‘ਨਾਨਕ ! ਪੂਛਿ ਚਲਉ ਗੁਰ ਅਪੁਨੇ, ਜਹ ਪ੍ਰਭੁ, ਤਹ ਹੀ ਜਾਈਐ॥’’ (ਮ:੧/੧੧੦੮)