ਗੁਰਬਾਣੀ ਵਿਚ ਸੰਤਸੰਗਤਿ ਦਾ ਸੰਕਲਪ

0
536

ਗੁਰਬਾਣੀ ਵਿਚ ਸੰਤਸੰਗਤਿ ਦਾ ਸੰਕਲਪ

ਵਾ. ਪ੍ਰਿਸੀਪਲ ਮਨਿੰਦਰਪਾਲ ਸਿੰਘ- 94175-86121

ਸਤ ਸੰਗਤਿ ਮਨੁੱਖੀ ਆਚਰਨ ਦਾ ਥੰਮ ਹੁੰਦੀ ਹੈ, ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਵਾਕ ਹੈ ਕਿ ‘‘ਊਤਮ ਸੰਗਤਿ, ਊਤਮੁ ਹੋਵੈ॥’’ (ਮ:੧/੪੧੪) ਸਤ ਸੰਗਤਿ ਤੋਂ ਬਿਨਾ ਮਨੁੱਖੀ ਜੀਵਨ ਦੀ ਉਸਾਰੀ ਹੋ ਹੀ ਨਹੀਂ ਸਕਦੀ, ਇਸ ਲਈ ਹਰ ਸਿੱਖ ਅਰਦਾਸ ਵਿਚ ਰੋਜ਼ਾਨਾ ਇਹੀ ਮੰਗ ਕਰਦਾ ਹੈ ਕਿ ‘ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ।’ ਪਰ ਸਤ ਸੰਗਤਿ ਕਿਸ ਨੂੰ ਆਖਦੇ ਹਨ ਇਹ ਵੀ ਵੱਡਾ ਸਵਾਲ ਹੈ ਜਿਸ ਦਾ ਉੱਤਰ ਵੀ ਗੁਰੂ ਨਾਨਕ ਸਾਹਿਬ ਜੀ ਇਉਂ ਦੇ ਰਹੇ ਹਨ ‘‘ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥ ਏਕੋ ਨਾਮੁ ਹੁਕਮੁ ਹੈ, ਨਾਨਕ! ਸਤਿਗੁਰਿ ਦੀਆ ਬੁਝਾਇ ਜੀਉ॥’’ (ਮ:੧/੭੨) ਭਾਵ ਗੁਰਮੁਖ ਪਿਆਰਿਆਂ ਦਾ ਉਹ ਇਕੱਠ ਜਿੱਥੇ ਮਿਲ ਕੇ ਪ੍ਰਭੂ ਦੇ ਨਾਮ ਦੀ ਆਰਾਧਨਾ ਕੀਤੀ ਜਾਂਦੀ ਹੈ, ਅਕੱਥ ਮਾਲਕ ਦੇ ਗੁਣਾਂ ਨੂੰ ਪਿਆਰ ਨਾਲ ਵੀਚਾਰਿਆ ਜਾਂਦਾ ਹੈ, ਉਸ ਦਾ ਨਾਮ ਹੀ ‘ਸਤਸੰਗਤਿ’ ਹੈ।

ਮਨੁੱਖ ਦੇ ਜੀਵਨ ਦਾ ਮਨੋਰਥ ਹੀ ਇਹ ਹੈ ਕਿ ਪ੍ਰਭੂ ਦੇ ਗੁਣਾਂ ਨੂੰ ਆਪਣੇ ਅੰਦਰ ਵਸਾਵੇ, ਪਰ ਪ੍ਰਭੂ ਦੇ ਗੁਣਾਂ ਦੀ ਸੋਝੀ ਕੌਣ ਦੇਵੇ? ਮਾਲਕ ਦੇ ਗੁਣ ਕਿੱਥੋਂ ਸਿੱਖੇ ਜਾਣ? ਚੌਥੇ ਪਾਤਿਸ਼ਾਹ ਜੀ ਇਸ ਦਾ ਉੱਤਰ ਦਿੰਦੇ ਹੋਏ ਸਮਝਾ ਰਹੇ ਹਨ ਕਿ ‘ਸਤ ਸੰਗਤਿ’ ਗੁਰੂ ਜੀ ਦੀ ਪਾਠਸ਼ਾਲਾ ਹੈ, ਇਸ ਵਿਚ ਸ਼ਾਮਿਲ ਹੋ ਕੇ ਹੀ, ਹਰੀ ਦੇ ਗੁਣ ਸਿੱਖੇ ਜਾ ਸਕਦੇ ਹਨ, ਪਾਵਨ ਬਚਨ ਹਨ ‘‘ਸਤ ਸੰਗਤਿ ਸਤਿਗੁਰ ਚਟਸਾਲ ਹੈ, ਜਿਤੁ ਹਰਿ ਗੁਣ ਸਿਖਾ॥’’ (ਮ: ੪/੧੩੧੬)

ਪੰਚਮ ਪਾਤਿਸ਼ਾਹ ਨੇ ਕਿਰਪਾ ਕਰਕੇ ਇਹ ਵੀ ਸਮਝਾ ਦਿੱਤਾ ਕਿ ‘ਸਤ ਸੰਗਤਿ’ ਰੂਪੀ ਪਾਠਸ਼ਾਲਾ ਵਿਚ ਜਾਣਾ ਕਿਵੇਂ ਹੈ? ਉੱਥੇ ਜਾ ਕੇ ਕਰਨਾ ਕੀ ਹੈ?, ਇਸ ਦਾ ਸਾਡੇ ਜੀਵਨ ਨੂੰ ਕੀ ਲਾਭ ਹੋਵੇਗਾ? ਪਾਵਨ ਬਚਨ ਹਨ ‘‘ਗੁਰ ਦੁਆਰੈ, ਹਰਿ ਕੀਰਤਨੁ ਸੁਣੀਐ॥ ਸਤਿਗੁਰੁ ਭੇਟਿ, ਹਰਿ ਜਸੁ ਮੁਖਿ ਭਣੀਐ॥ ਕਲਿ ਕਲੇਸ ਮਿਟਾਏ ਸਤਿਗੁਰੁ, ਹਰਿ ਦਰਗਹ ਦੇਵੈ ਮਾਨਾਂ ਹੇ॥’’ (ਮ:੫/੧੦੭੫) ਭਾਵ ਸਤਸੰਗਤਿ ਵਿਚ ਜਾ ਕੇ ਕੀਰਤਨ ਸੁਣਨਾ ਚਾਹੀਦਾ ਹੈ, ਮਾਲਕ ਦਾ ਜਸ ਆਪ ਵੀ ਗਾਉਣਾ ਚਾਹੀਦਾ ਹੈ, ਗੁਰੂ ਦੇ ਦਰਸ਼ਨ ਕਰਨੇ ਚਾਹੀਦੇ ਹਨ, ਜਿਸ ਸਦਕਾ ਸਾਡੇ ਸਾਰੇ ਪਾਪ ਨਾਸ਼ ਹੋ ਜਾਣਗੇ ਤੇ ਰੱਬੀ ਦਰਗਾਹ ਵਿਚ ਮਾਣ ਮਿਲੇਗਾ।

ਰੱਬ ਦੀ ਭਾਲ ਵਿਚ ਮਨੁੱਖ ਸਮਾਜ ਨੂੰ ਛੱਡ ਕੇ, ਜੰਗਲਾਂ ’ਚ ਜਾ ਵੜਿਆ, ਪਰਬਤਾਂ ਉੱਤੇ ਜਾ ਡੇਰੇ ਲਾਏ, ਇਕਾਂਤਵਾਸ ਹੋ ਕੇ ਤਪ ਤੇ ਸਮਾਧੀਆਂ ਲਗਾਉਣ ਲੱਗ ਪਿਆ ਪਰ ਸਤਿਗੁਰੂ ਅਤੇ ਭਗਤਾਂ ਨੇ ਸੇਧ ਬਖ਼ਸ਼ੀ ਕਿ ਇਸ ਤਰ੍ਹਾਂ ਸੰਸਾਰ ਤੋਂ ਟੁੱਟ ਕੇ, ਨਾ ਹੀ ਰੱਬ ਮਿਲੇਗਾ ਅਤੇ ਨਾ ਹੀ ਪੂਰਨ ਤੌਰ ’ਤੇ ਆਚਰਨਕ ਉਸਾਰੀ ਹੋਵੇਗੀ, ਜੋ ਥੋੜੀ ਬਹੁਤ ਸਫਲਤਾ ਮਿਲੇਗੀ ਤਾਂ ਉਹ ਵੀ ਵਿਅਕਤੀਗਤ ਅਤੇ ਨਿਜੀ ਹੀ ਹੋਵੇਗੀ। ਮਨੁੱਖ ਨੇ ਤਾਂ ਸਭ ਦਾ ਭਲਾ ਮੰਗਣਾ ਹੈ, ਇਸ ਲਈ ਜਮਾਤੀ ਆਚਰਨ ਦੀ ਉਸਾਰੀ ਵੱਲ ਧਿਆਨ ਦਿਓ ‘‘ਆਇ ਮਿਲੁ, ਗੁਰਸਿਖ ਆਇ ਮਿਲੁ, ਤੂ ਮੇਰੇ ਗੁਰੂ ਕੇ ਪਿਆਰੇ॥’’(ਮ:੪/੭੨੫), ਹਰਿ ਨਾਮੈ ਕੇ ਹੋਵਹੁ ਜੋੜੀ; ਗੁਰਮੁਖਿ, ਬੈਸਹੁ ਸਫਾ ਵਿਛਾਇ॥ (ਮ:੫/੧੧੮੫), ਆਵਹੁ ਸੰਤ ਪਿਆਰਿਹੋ! ਅਕਥ ਕੀ ਕਰਹ ਕਹਾਣੀ ॥ (ਮ:੩/੯੧੮), ਆਵਹੁ ਸਿਖ! ਸਤਿਗੁਰੂ ਕੇ ਪਿਆਰਿਹੋ, ਗਾਵਹੁ ਸਚੀ ਬਾਣੀ॥’’ (ਮ:੩/੯੨੦) ਜਾਂ ‘‘ਘਰਿ ਘਰਿ ਅੰਦਰਿ ਧਰਮਸਾਲ, ਹੋਵੈ ਕੀਰਤਨੁ ਸਦਾ ਵਿਸੋਆ।’’ ਭਾਈ ਗੁਰਦਾਸ ਜੀ (ਵਾਰ ੧ ਪਉੜੀ ੨੭)

ਇਹ ਸਭ ਰੱਬੀ ਪੈਗ਼ਾਮ, ਸਾਨੂੰ ‘ਸਤ ਸੰਗਤਿ’ ਕਰਨ ਦੀ ਪ੍ਰੇਰਨਾ ਦੇ ਰਹੇ ਹਨ ਕਿਉਂਕਿ ‘ਸਤ ਸੰਗਤਿ’ ਵਿਚ ਰੱਬ ਵਸਦਾ ਹੈ ‘‘ਵਿਚਿ ਸੰਗਤਿ ਹਰਿ ਪ੍ਰਭੁ ਵਰਤਦਾ..॥’’ (ਮ:੪/੧੩੧੪), ਮਿਲਿ ਸਤਸੰਗਤਿ ਖੋਜੁ ਦਸਾਈ, ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ॥’’ (ਮ:੪/੯੪)

ਭਾਈ ਗੁਰਦਾਸ ਜੀ ਫ਼ੁਰਮਾਉਂਦੇ ਹਨ ਕਿ ਜਦੋਂ ਕਿਸੇ ਭਗਤ ਨੇ, ਰੱਬ ਅੱਗੇ ਬੇਨਤੀ ਕੀਤੀ ਕਿ ਮੈਂ ਤੇਰੇ ਦਰਸ਼ਨ ਕਰਨਾ ਚਾਹੁੰਦਾ ਹਾਂ ਤਾਂ ਰੱਬ ਜੀ ਨੇ ਉੱਤਰ ਦਿੱਤਾ ਕਿ ‘ਸਾਧ ਸੰਗਤਿ’ ਹੀ ਮੇਰਾ ਅਸਲ ਘਰ ਹੈ, ‘ਸਾਧ ਸੰਗਤਿ’ ਦਾ ਦਰਸ਼ਨ ਹੀ ਮੇਰੇ ਨਿਜ ਸਰੂਪ ਦਾ ਦਰਸ਼ਨ ਹੈ, ਸਤ ਸੰਗਤਿ ਹੀ ਮੇਰੀ ਮਾਤਾ, ਪਿਤਾ, ਪਰਿਵਾਰ ਤੇ ਮਿੱਤਰ ਹੈ। ਸਤ ਸੰਗਤਿ ਮੇਰਾ ਸਭ ਤੋਂ ਸ੍ਰੇਸ਼ਟ ਪੁੱਤਰ ਹੈ, ਜਿਸ ਦੀ ਉਪਮਾ ਕੀਤੀ ਹੀ ਨਹੀਂ ਜਾ ਸਕਦੀ। ਮੇਰਾ ਸਾਰਾ ਖ਼ਜ਼ਾਨਾ, ਮੇਰੀ ਜਿੰਦ-ਜਾਨ ‘ਸਤ ਸੰਗਤਿ’ ਹੀ ਹੈ। ‘ਸਤ ਸੰਗਤਿ’ ਦੀ ਸੇਵਾ ਕਰਨੀ ਹੀ ਮੇਰੇ ਲਈ ਧੂਪ ਤੇ ਦੀਵੇ ਨਾਲ ਕੀਤੀ ਗਈ ਆਰਤੀ ਹੈ। ਜੇ ਤੇਰਾ ‘ਸਤ ਸੰਗਤਿ’ਨਾਲ ਪ੍ਰੇਮ ਪੈ ਗਿਆ ਤਾਂ ਸਮਝ ਕਿ ਤੈਂ ਮੈਨੂੰ ਖੱਟੇ-ਮਿੱਠੇ ਪਦਾਰਥਾਂ ਦੇ ਭੋਗ ਲਗਾ ਦਿੱਤੇ ਹਨ। ‘ਸਤ ਸੰਗਤਿ’ ਦੀ ਸ਼ੋਭਾ ਵੱਡੀ ਹੈ, ਉਸ ਸਮਾਨੰਤਰ ਹੋਰ ਕੋਈ ਨਹੀਂ। ਪਾਵਨ ਬਚਨ ਹਨ ‘‘ਨਿਜ ਘਰ ਮੇਰੋ ਸਾਧਸੰਗਤਿ ਨਾਰਦ ਮੁਨਿ, ਦਰਸਨ ਸਾਧਸੰਗ ਮੇਰੋ ਨਿਜ ਰੂਪ ਹੈ। ਸਾਧਸੰਗਿ ਮੇਰੋ ਮਾਤਾ ਪਿਤਾ ਅਉ ਕੁਟੰਬ ਸਖਾ, ਸਾਧਸੰਗਿ ਮੇਰੋ ਸੁਤੁ ਸ੍ਰੇਸਟ ਅਨੂਪੁ ਹੈ। ਸਾਧਸੰਗ ਸਰਬ ਨਿਧਾਨੁ ਪ੍ਰਾਨ ਜੀਵਨ ਮੈ, ਸਾਧਸੰਗਿ ਨਿਜੁ ਪਦ ਸੇਵਾ ਦੀਪ ਧੂਪ ਹੈ। ਸਾਧਸੰਗਿ ਰੰਗ ਰਸ ਭੋਗ ਸੁਖ ਸਹਜ ਮੈ, ਸਾਧਸੰਗਿ ਸੋਭਾ ਅਤਿ ਉਪਮਾ ਅਉ ਊਪ ਹੈ॥ (ਭਾਈ ਗੁਰਦਾਸ/ਕਬਿੱਤ ੩੦੩)

ਭਾਈ ਨੰਦ ਲਾਲ ਸਿੰਘ ਜੀ ਵੀ ‘ਸਤਿ ਸੰਗਤਿ’ ਦੀ ਮਹਿਮਾ ਕਰਦੇ ਹੋਏ ਫੁਰਮਾਉਂਦੇ ਹਨ ਕਿ ਹੇ ਮੇਰੇ ਪਿਆਰੇ! ਜੇਕਰ ਭਲੇ ਪੁਰਸ਼ਾਂ ਦੀ ਸੰਗਤਿ ਪ੍ਰਾਪਤ ਹੋਵੇ ਤਾਂ ਅਬਿਨਾਸ਼ੀ ਧਨ ਦੀ ਪ੍ਰਾਪਤੀ ਹੋ ਜਾਵੇਗੀ। ਮੈਂ ਵੇਖਿਆ ਹੈ ਕਿ ਸੰਗਤਿ ਦੇ ਪ੍ਰਭਾਵ ਨਾਲ ਮਿੱਟੀ ਦਾ ਤੁੱਛ ਕਿਣਕਾ ਪੂਰੇ ਜਹਾਨ ਦਾ ਸੂਰਜ ਬਣ ਕੇ ਚਮਕ ਉੱਠਿਆ। ਪਾਵਨ ਬਚਨ ਹਨ ‘‘ਸੁਹਬਤੇ ਨੇਕਾਂ ਅਗਰ ਬਾਸ਼ਦ ਨਸੀਬ॥ ਦੌਲਤੇ ਜਾਵੀਦ ਯਾਬੀ, ਐ ਹਬੀਬ॥ ਜ਼ਰੱਹ ਰਾ ਦੀਦਮ ਕਿ ਖ਼ੁਰਸ਼ੀਦੋ ਜਹਾਂ॥ ਸ਼ੁਦ ਜ਼ਿ ਫ਼ੈਜ਼ੇ ਸੁਹਬਤੇ ਸਾਹਿਬ ਦਿਲਾਂ॥’’ (ਜ਼ਿੰਦਗੀ ਨਾਮਹ)

ਭਾਈ ਮਨੀ ਸਿੰਘ ਜੀ ਭਗਤਾਵਲੀ ਵਿੱਚ ਲਿਖਦੇ ਹਨ ਕਿ ‘ਮਹਾਂਰਾਜ ਦੇ ਮਿਲਣ ਦੇ ਚਾਰ ਦੁਆਰੇ ਹੈਨ- ਪਿ੍ਰਥਮ ਸਤ ਸੰਗਤ ਹੈ, ਬਹੁੜੋ ਸਤ ਹੈ, ਤੀਸਰਾ ਸੰਤੋਖ ਹੈ ਅਰ ਚੌਥਾ ਸਮ ਦਮ ਹੈ।’ ਇਹ ਪਰਮ ਸਚਾਈ ਹੈ ਕਿ ਬਾਕੀ ਤਿੰਨ ਦਰਵਾਜੇ (ਸਤ, ਸੰਤੋਖ ਤੇ ਬਰਾਬਰੀ ਦਾ ਗਿਆਨ) ਵੀ ਸਤਸੰਗਤਿ ਵਿੱਚ ਆ ਕੇ ਹੀ ਪਤਾ ਲਗਦੇ ਹਨ ਕਿਉਂਕਿ ਜਦੋਂ ‘ਸੰਗਤਿ’ ਵਿੱਚ ਜਾ ਕੇ ਹਰੀ ਦਾ ਜਸ ਸੁਣਾਂਗੇ ਤਾਂ ‘‘ਸੁਣਿਐ ਸਤੁ ਸਤੋਖੁ ਗਿਆਨੁ॥’’ ਅਨੁਸਾਰ ਇਹ ਦਾਤਾਂ, ਆਪਣੇ ਆਪ ਝੋਲੀ ਵਿੱਚ ਪੈ ਜਾਣਗੀਆਂ।

ਗੁਰ ਸ਼ੋਭਾ ਵਿੱਚ ਵੀ ‘ਧਰਮਸਾਲ ਸੰਗਤ ਜਬ ਆਵੈ॥ ਦਰਸ਼ਨ ਪਾਰਬ੍ਰਹਮ ਕੋ ਪਾਵੈ॥’ ਦਾ ਫ਼ੁਰਮਾਨ ਇਹੀ ਸੱਚਾਈ ਬਿਆਨ ਕਰ ਰਿਹਾ ਹੈ ਕਿ ‘ਸਤ ਸੰਗਤਿ’ ਵਿੱਚ ਹੀ ਰੱਬੀ ਦਰਸ਼ਨ ਹੋ ਸਕਦਾ ਹੈ। ‘ਸਤਿਸੰਗਤਿ’ ਦਾ ਪ੍ਰਭਾਵ ਹੀ ਐਸਾ ਹੈ ਕਿ ਵਿਕਾਰਾਂ ਅਤੇ ਪਾਪਾਂ ਨਾਲ ਗੰਦਾ ਹੋਇਆ ਮਨੁੱਖ ਇੱਥੇ ਸਾਫ ਹੋ ਜਾਂਦਾ ਹੈ। ਔਗੁਣਾਂ ਨਾਲ ਭਰਪੂਰ ਮਨੁੱਖ ‘‘ਸੁਣਿਐ ਸਰਾ ਗੁਣਾ ਕੇ ਗਾਹ॥’’ ਅਨੁਸਾਰ ਗੁਣਾਂ ਦਾ ਸਮੁੰਦਰ ਹੋ ਜਾਂਦਾ ਹੈ। ਪਤਿਤ ਤੇ ਆਚਰਨਹੀਣ ਮਨੁੱਖ ਨੂੰ, ਜੇ ਕੋਈ ਮਹਾਂ ਪੁਰਖ ਬਣਾ ਸਕਦਾ ਹੈ ਤਾਂ ਉਹ ਹੈ ‘ਸਤ ਸੰਗਤਿ’।

ਚੌਥੇ ਪਾਤਿਸ਼ਾਹ ਜੀ ਬੜੀ ਸੋਹਣੀ ਉਦਾਹਰਨ ਦੇ ਕੇ ਸਮਝਾਉਂਦੇ ਹਨ ਕਿ ਜਿਵੇਂ ਪਲਾਸ ਦਾ ਤੁੱਛ ਜਿਹਾ ਬੂਟਾ, ਚੰਦਨ ਦੇ ਨੇੜੇ ਰਹਿ ਕੇ ਸੁਗੰਧੀ ਬਖੇਰਨ ਵਾਲਾ ਬਣ ਜਾਂਦਾ ਹੈ, ਉਵੇਂ ਹੀ ‘ਸਤ ਸੰਗਤਿ’ ਵਿੱਚ ਆ ਕੇ ਡਿੱਗਿਆ (ਆਚਰਨਹੀਣ) ਹੋਇਆ ਮਨੁੱਖ ਭਗਤੀ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਤੇ ਪ੍ਰਵਾਨ ਹੋ ਜਾਂਦਾ ਹੈ। ਪਾਵਨ ਬਚਨ ਹਨ ‘‘ਜਿਉ ਚੰਦਨ ਨਿਕਟਿ ਵਸੈ ਹਿਰਡੁ ਬਪੁੜਾ, ਤਿਉ ਸਤਸੰਗਤਿ ਮਿਲਿ ਪਤਿਤ ਪਰਵਾਣੁ॥’’ (ਮ:੪/੮੬੧)

ਗੁਰਦੇਵ ਜੀ ਦਾ ਇੱਕ ਹੋਰ ਬਚਨ ਹੈ ਕਿ ‘‘ਸੰਗਤਿ ਸੰਤ ਸੰਗਿ ਲਗਿ ਊਚੇ, ਜਿਉ ਪੀਪ ਪਲਾਸ ਖਾਇ ਲੀਜੈ॥’’ (ਮ:੪/੧੩੨੫) ਭਾਵ ਜਿਵੇਂ ਪਿੱਪਲ, ਛਿਛਰੇ (ਢੱਕ, ਕੇਸੂ ਦਾ ਬਿ੍ਰਛ, ਪਲਾਹ) ਨੂੰ ਖਾ ਕੇ ਆਪਣੇ ਵਿੱਚ ਅਭੇਦ ਕਰ ਲੈਂਦਾ ਹੈ, ਇਸ ਤਰ੍ਹਾਂ ਹੀ ‘ਸ਼ੁਭ ਸੰਗਤਿ’ ਪਾਪੀ ਨੂੰ ਆਪਣੇ ਵਿੱਚ ਲੀਨ ਕਰਕੇ, ਉਸ ਦੀ ਸੁਧਾਈ ਕਰਕੇ ਮਹਾਨ ਉਚਾਈ ਤੱਕ ਪਹੁੰਚਾ ਦਿੰਦੀ ਹੈ।

ਸਿੱਖ ਇਤਿਹਾਸ ਅਜਿਹੀਆਂ ਸਚਾਈਆਂ ਨਾਲ ਭਰਿਆ ਪਿਆ ਹੈ,ਜਿਵੇਂ ਕਿ ਸੱਜਣ ਜੀ ਪਹਿਲਾਂ ਕਾਤਲ ਸਨ, ਲੁਟੇਰੇ ਸਨ ਪਰ ਜਦੋਂ ਉਨ੍ਹਾਂ ਦੇ ਡੇਰੇ, ਗੁਰੂ ਨਾਨਕ ਸਾਹਿਬ ਪਹੁੰਚੇ, ਸਤਸੰਗ ਹੋਇਆ, ਬਾਣੀ ਪੜ੍ਹੀ ਗਈ ਤਾਂ ਸੱਜਣ ਜੀ ਵਿੱਚ ਠਗ ਤੇ ਕਾਤਲ ਦੀ ਬਿ੍ਰਤੀ ਮਰ ਕੇ, ਇੱਕ ਸੰਤ ਨੇ ਜਨਮ ਲੈ ਲਿਆ। ਬਿਧੀ ਚੰਦ ਜੀ ਪਹਿਲਾਂ ਚੋਰ ਸਨ, ਮੱਝਾਂ ਚੋਰੀ ਕੀਤੀਆਂ, ਲੋਕ ਮਗਰ ਪੈ ਗਏ, ਛੁਪਦੇ-ਛੁਪਾਉਂਦੇ ‘ਸਤ ਸੰਗਤਿ’ ਵਿੱਚ ਬੈਠ ਗਏ, ਜੇ ਲੋਕਾਂ ਦੇ ਹੱਥ ਵਿੱਚ ਆਉਂਦੇ ਤਾਂ ਕੇਵਲ ਸਰੀਰ ਨੂੰ ਹੀ ਮਾਰ ਪੈਣੀ ਸੀ ਪਰ ‘ਸਤ ਸੰਗਤਿ’ ਵਿੱਚ ਬਾਣੀ ਦੇ ਐਸੇ ਅਣੀਆਲੇ ਤੀਰ ਲੱਗੇ ਕਿ ਸਰੀਰ ਨੂੰ ਤਾਂ ਕੁਛ ਨਹੀਂ ਹੋਇਆ ਪਰ ਅੰਦਰ ਬੈਠਾ ਚੋਰ ਮਾਰਿਆ ਗਿਆ, ਚੋਰ ਬਿਰਤੀ ਮਾਰੀ ਗਈ ਤੇ ਇੱਕ ਦਰਵੇਸ਼ ਨੇ ਜਨਮ ਲੈ ਲਿਆ ਜਿਸ ਸਦਕਾ ਭਾਈ ਸਾਹਿਬ ਇੱਕ ਦਿਨ‘ਬਿਧੀ ਚੰਦ ਛੀਨਾ, ਗੁਰੂ ਕਾ ਸੀਨਾ।’ ਦੀ ਪਦਵੀ ’ਤੇ ਪਹੁੰਚ ਗਿਆ ਕਿਉਂਕਿ ‘‘ਸੰਤਨ ਸੰਗਿ ਕਬੀਰਾ ਬਿਗਰਿਓ॥ ਸੋ ਕਬੀਰੁ, ਰਾਮੈ ਹੋਇ ਨਿਬਰਿਓ॥’’ (ਭ. ਕਬੀਰ/੧੧੫੮) ਦੀ ਕਲਾ ਵਰਤ ਗਈ।

ਆਓ, ਉੱਤਮ ਹੋਣ ਲਈ ‘‘ਊਤਮ ਸੰਗਤਿ, ਊਤਮੁ ਹੋਵੈ॥’’ (ਮ:੧/੪੧੪) ਤੋਂ ਸੇਧ ਲੈ ਕੇ ਸਤ ਸੰਗਤਿ ਦਾ ਪੱਲਾ ਫੜੀਏ।