ਭੋਲਿਆ ! ਹਉਮੈ ਸੁਰਤਿ ਵਿਸਾਰਿ॥

0
541

ਭੋਲਿਆ ! ਹਉਮੈ ਸੁਰਤਿ ਵਿਸਾਰਿ॥

ਵਾ. ਪ੍ਰਿਸੀਪਲ ਮਨਿੰਦਰਪਾਲ ਸਿੰਘ- 94175-86121

ਇਹ ਰੱਬੀ ਪੈਗ਼ਾਮ ਸਤਿਗੁਰ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ ਅਤੇ ਬਸੰਤ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1129 ’ਤੇ ਸ਼ੁਭਾਇਮਾਨ ਹੈ।

ਇਹ ਪੰਕਤੀ ਸ਼ਬਦ ਦੇ ਕੇਂਦਰੀ ਭਾਵ (ਰਹਾਉ) ਵਿੱਚ ਦਰਜ ਹੈ ਜਿਸ ਰਾਹੀਂ ਸਤਿਗੁਰ ਨਾਨਕ ਸਾਹਿਬ ਜੀ ਮਨੁੱਖਾਂ ਉੱਪਰ ਉਪਕਾਰ ਕਰਦੇ ਹੋਏ ਨਸੀਹਤ ਦੇਂਦੇ ਹਨ ਕਿ ਹੇ ਮੇਰੇ ਕਮਲੇ ਮਨ ! ਮੈਂ ਮੈਂ ਕਰਨ ਵਾਲੀ ਬਿਰਤੀ ਭੁਲਾ ਦੇ। ਹੋਸ਼ ਕਰ, ਹਉਮੈ ਨੂੰ ਆਪਣੇ ਅੰਦਰੋਂ ਮੁਕਾ ਦੇ, ਇਹੀ ਸਭ ਤੋਂ ਸ੍ਰੇਸ਼ਟ ਗੁਣ ਹੈ ਇਸ (ਨਸੀਹਤ) ਨੂੰ ਆਪਣੇ ਅੰਦਰ (ਹਮੇਸ਼ਾਂ ਲਈ) ਸੰਭਾਲ ਲੈ : ‘‘ਭੋਲਿਆ ! ਹਉਮੈ ਸੁਰਤਿ ਵਿਸਾਰਿ ॥ ਹਉਮੈ ਮਾਰਿ ਬੀਚਾਰਿ ਮਨ ! ਗੁਣ ਵਿਚਿ ਗੁਣੁ ਲੈ ਸਾਰਿ ॥੧॥ ਰਹਾਉ ॥’’

ਸਤਿਗੁਰੂ ਅੰਗਦ ਦੇਵ ਜੀ ਹਉਮੈ ਬਾਬਤ ਜਾਣਕਾਰੀ ਦੇਂਦੇ ਹੋਏ ਸਮਝਾਉਂਦੇ ਹਨ ਕਿ ਜੀਵ ਦਾ ਆਪਣੀ ਹਸਤੀ ਨੂੰ ਪ੍ਰਮਾਤਮਾ ਤੋਂ ਵੱਖਰਾ ਮੰਨਣਾ ਅਤੇ ਆਪਣੀ ਵੱਖਰੀ ਹਸਤੀ ਵਾਲੀ ਸੋਚ ਨੂੰ ਕਾਇਮ ਰੱਖਣ ਲਈ ਕੋਈ ਵੀ ਕਾਰਜ ਕਰਨ ਦਾ ਨਾਮ ਹੀ ‘ਹਉਮੈ’ ਹੈ: ‘‘ਹਉਮੈ ਏਹਾ ਜਾਤਿ ਹੈ, ਹਉਮੈ ਕਰਮ ਕਮਾਹਿ ॥ ਹਉਮੈ ਏਈ ਬੰਧਨਾ, ਫਿਰਿ ਫਿਰਿ ਜੋਨੀ ਪਾਹਿ ॥’’ (ਮ: ੨/੪੬੬)

ਸਵਾਲ ਪੈਦਾ ਹੁੰਦਾ ਹੈ ਕਿ ਹਉਮੈ ਦੀ ਉਪਜ ਕਿੱਥੋਂ ਹੁੰਦੀ ਹੈ? ਇਸ ਤੋਂ ਛੁਟਕਾਰਾ ਕਿਵੇਂ ਮਿਲ ਸਕਦਾ ਹੈ? ਸਤਿਗੁਰ ਅੰਗਦ ਸਾਹਿਬ ਜੀ ਇਸ ਦਾ ਉੱਤਰ ਵੀ ਬਖ਼ਸ਼ਸ਼ ਕਰਦੇ ਹਨ ਕਿ ਹੇ ਭਾਈ! ਹਉਮੈ, ਪ੍ਰਭੂ ਦੇ ਹੁਕਮ ਨਾਲ ਬਣਦੀ ਹੈ, ਇਸ ਦੇ ਵਿੱਚ ਫਸਿਆ ਜੀਵ ਆਪਣੇ ਕਰਮਾਂ ਸਦਕਾ ਜਨਮ-ਮਰਨ ਦੇ ਗੇੜ ਵਿੱਚ ਭਟਕਦਾ ਹੈ। ਬੇਸ਼ਕ ਹਉਮੈ ਹੈ ਤਾਂ ਵੱਡਾ ਰੋਗ ਪਰ ਲਾਇਲਾਜ ਨਹੀਂ, ਇਸ ਦੀ ਦਵਾਈ ਵੀ ਹੈ ਭਾਵ ਜੇ ਪ੍ਰਭੂ ਕਿਰਪਾ ਸਦਕਾ ਹਉਮੈ ਵੇੜਿਆ ਜੀਵ ਗੁਰੂ ਉਪਦੇਸ਼ ’ਤੇ ਪਹਿਰਾ ਦੇਣ ਲੱਗ ਜਾਵੇ ਤਾਂ ਇਸ ਰੋਗ ਦਾ ਦੁੱਖ ਵੀ ਦੂਰ ਹੋ ਜਾਂਦਾ ਹੈ; ਗੁਰੂ ਬਚਨ ਹਨ: ‘‘ਹਉਮੈ ਕਿਥਹੁ ਊਪਜੈ ? ਕਿਤੁ ਸੰਜਮਿ ਇਹ ਜਾਇ ? ॥ ਹਉਮੈਏਹੋ ਹੁਕਮੁ ਹੈ, ਪਇਐ ਕਿਰਤਿ ਫਿਰਾਹਿ ॥ ਹਉਮੈ ਦੀਰਘ ਰੋਗੁ ਹੈ; ਦਾਰੂ ਭੀ, ਇਸੁ ਮਾਹਿ ॥ ਕਿਰਪਾ ਕਰੇ ਜੇ ਆਪਣੀ; ਤਾ, ਗੁਰ ਕਾ ਸਬਦੁ ਕਮਾਹਿ ॥ ਨਾਨਕੁਕਹੈ ਸੁਣਹੁ ਜਨਹੁ ! ਇਤੁ ਸੰਜਮਿ ਦੁਖ ਜਾਹਿ ॥’’ (ਮ: ੨/੪੬੬)

ਮਨੁੱਖ ਦਾ ਜੀਵਨ ਮਨੋਰਥ ਕੀ ਹੈ ? ਇਸ ਰਾਜ (ਭੇਤ) ਦੀ ਗੱਲ ਨੂੰ ਸਮਝੇ ਬਿਨਾ ਮਨੁੱਖ ਠੋਕਰਾਂ ਹੀ ਖਾਂਦਾ ਰਹਿੰਦਾ ਹੈ। ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਹ ਪ੍ਰਮਾਤਮਾ ਦੀ ਅੰਸ਼ ਹੈ, ਜੋਤ ਸਰੂਪ ਹੈ ਇਸ ਲਈ ਪ੍ਰਮਾਤਮਾ ਨਾਲ ਇੱਕਮਿਕਤਾ ਹਾਸਲ ਕਰਨਾ ਹੀ ਇਸ ਦਾ ਮਨੋਰਥ ਹੈ। ਰੱਬ, ਇਸ ਤੋਂ ਦੂਰ ਨਹੀਂ : ‘‘ਧਨ ਪਿਰ ਕਾ ਇਕ ਹੀ ਸੰਗਿ ਵਾਸਾ; ਵਿਚਿ, ਹਉਮੈ ਭੀਤਿ ਕਰਾਰੀ ॥’’ (ਮ: ੪/੧੨੬੩) ਇਸ ਹਉਮੈ ਰੂਪ ਪਰਦੇ ਕਾਰਨ ਜੀਵ ਰੂਪੀ ਇਸਤ੍ਰੀ, ਪ੍ਰਭੂ ਪਤੀ ਨੂੰ ਵੇਖ ਨਹੀਂ ਸਕਦੀ, ਮਿਲ ਨਹੀਂ ਸਕਦੀ। ਇਹ ਪਰਦਾ ਬਹੁਤਾ ਮੋਟਾ ਨਹੀਂ ਹੈ ਬਲਕਿ ਤਿਤਲੀ ਦੇ ਖੰਭ ਕੁ ਜਿੰਨਾ ਪਤਲਾ ਹੀ ਹੈ, ਪਰ ਅਸਰਦਾਰ ਬਹੁਤ ਹੈ ਭਾਵ ਪਾਰਦਰਸੀ ਨਹੀਂ, ਅਗਿਆਨਤਾ ਰੂਪ ਚਸ਼ਮੇ ਨਾਲ ਜੀਵ ਇਸ ਦੇ ਦੂਜੇ ਪਾਸੇ ਦੇਖ ਹੀ ਨਹੀਂ ਸਕਦਾ ਇਸ ਲਈ ਆਸਥਾ ਭਰਪੂਰ ਮਨੁੱਖ ਰੱਬ ਨੂੰ ਕਿਧਰੇ ਦੂਰ ਬੈਠਾ ਮਹਿਸੂਸ ਕਰਦਾ ਹੈ, ਜਿਸ ਕਾਰਨ ਆਨੰਦ (ਸ਼ਾਂਤੀ) ਤੋਂ ਵਾਂਝਾ ਹੀ ਰਹਿ ਜਾਂਦਾ ਹੈ; ਸਤਿਗੁਰੂ ਅਰਜੁਨ ਸਾਹਿਬ ਜੀ ਦੇ ਪਾਵਨ ਬਚਨ ਹਨ: ‘‘ਹਉ ਹਉ ਭੀਤਿ ਭਇਓ ਹੈ ਬੀਚੋ, ਸੁਨਤ ਦੇਸਿ ਨਿਕਟਾਇਓ ॥ ਭਾਂਭੀਰੀ ਕੇ ਪਾਤ ਪਰਦੋ, ਬਿਨੁ ਪੇਖੇ ਦੂਰਾਇਓ ॥’’ (ਮ: ੫/੬੨੪)

ਹੰਕਾਰ ਦੀ ਕੰਧ ਨੂੰ ਤੋੜੀਏ ਕਿਵੇਂ, ਢਾਹੀਏ ਕਿਵੇਂ ? ਸਤਿਗੁਰ ਰਾਮਦਾਸ ਜੀ ਸਮਝਾਉਂਦੇ ਹਨ ਕਿ ਹੰਕਾਰ ਦੀ ਕੰਧ ਤੋੜਨ ਲਈ ਜੀਵ ਨੂੰ (ਪਾਰਦਰਸੀ ਦ੍ਰਿਸ਼ਟੀ ਵਾਲੇ) ਗੁਰੂ ਕੋਲ ਜਾਣਾ ਹੀ ਪਵੇਗਾ ਕਿਉਂਕਿ ਇਹ ਅਟੱਲ ਸਚਾਈ ਹੈ ਕਿ ਇਸ ਕੰਧ ਨੂੰ ਤੋੜ ਕੇ ਪ੍ਰਭੂ ਨਾਲ ਮਿਲਾਉਣ ਦੀ ਸਮਰੱਥਾ (ਪਾਰਦਰਸੀ ਸੋਚ ਦਾ ਧਾਰਨੀ) ਗੁਰੂ ਹੀ ਰੱਖਦਾ ਹੈ; ਪਾਵਨ ਬਚਨ ਹਨ: ‘‘ਗੁਰਿ ਪੂਰੈ ਹਉਮੈ ਭੀਤਿ ਤੋਰੀ; ਜਨ ਨਾਨਕ ! ਮਿਲੇ ਬਨਵਾਰੀ ॥’’ (ਮ: ੪/੧੨੬੩)

ਅਗਿਆਨਵਸ ਜੀਵ ਦੀ ਸਾਰੀ ਉਮਰ ‘‘ਹਉ ਵਿਚਿ ਆਇਆ, ਹਉ ਵਿਚਿ ਗਇਆ ॥ ਹਉ ਵਿਚਿ ਜੰਮਿਆ, ਹਉ ਵਿਚਿ ਮੁਆ ॥’’ (ਮ: ੧/੪੬੬) ਅਨੁਸਾਰ ਵਿਅਰਥ ਹੀ ਚਲੀ ਜਾਂਦੀ ਹੈ। ਹਉਮੈ ਦੀ ਜਕੜ ਵਿੱਚ ਫਸਿਆ ਆਕੜ ਕੇ ਕਹਿੰਦਾ ਰਹਿੰਦਾ ਹੈ ਕਿ ਮੈ ਇੰਨਾ ਬਲਵਾਨ ਹਾਂ ਕਿ ਕਿਸੇ ਨੂੰ ਵੀ ਬੰਨ੍ਹ ਸਕਦਾ ਹਾਂ, ਮੇਰੀ ਜ਼ਮੀਨ ਉੱਤੇ ਕੌਣ ਪੈਰ ਧਰ ਸਕਦਾ ਹੈ, ਮੈ ਗਿਆਨੀ ਹਾਂ, ਚਤੁਰ ਹਾਂ, ਸਿਆਣਾ ਹਾਂ, ਸੂਰਮਾ ਹਾਂ ਭਾਵ ਮੈ ਹੀ ਹਰ ਜਗ੍ਹਾ ਪ੍ਰਧਾਨ ਹਾਂ, ਕੋਈ ਮੇਰੇ ਵਰਗਾ ਨਹੀਂ।ਅਜਿਹਾ ਮਨ ਹੰਕਾਰ ਨਾਲ ਭਰਿਆ ਹੁੰਦਾ ਹੈ, ਜਿਸ ਕਾਰਨ ਪ੍ਰਭੂ ਨੂੰ ਬਿਲਕੁਲ ਹੀ ਭੁੱਲ ਜਾਂਦਾ ਹੈ; ਸਤਿਗੁਰ ਅਰਜੁਨ ਸਾਹਿਬ ਜੀ ਦੇ ਪਾਵਨ ਬਚਨ ਹਨ: ‘‘ਹਉ ਬੰਧਉ, ਹਉ ਸਾਧਉ ਬੈਰੁ ॥ ਹਮਰੀ ਭੂਮਿ, ਕਉਣੁ ਘਾਲੈ ਪੈਰੁ ? ॥ ਹਉ ਪੰਡਿਤੁ, ਹਉ ਚਤੁਰੁ ਸਿਆਣਾ ॥ ਕਰਣੈਹਾਰੁ, ਨ ਬੁਝੈ ਬਿਗਾਨਾ ॥’’ (ਮ: ੫/੧੭੮) ਜਾਂ ‘‘ਹਉ ਸੂਰਾ, ਪਰਧਾਨੁ ਹਉ; ਕੋ ਨਾਹੀ, ਮੁਝਹਿ ਸਮਾਨੀ (ਵਰਗਾ)॥੨॥ ਜੋਬਨਵੰਤ ਅਚਾਰ ਕੁਲੀਨਾ; ਮਨ ਮਹਿ ਹੋਇ ਗੁਮਾਨੀ ॥’’ (ਮ: ੫/੨੪੨)

ਮਨੁੱਖੀ ਸੋਚ ਚਾਹੁੰਦੀ ਤਾਂ ਆਨੰਦ ਹੈ ਭਾਵ ਇੱਛਾ ਇਹ ਹੈ ਕਿ ਮੇਰੇ ਅੰਦਰ ਬਸੰਤ ਪੈਦਾ ਹੋ ਜਾਵੇ, ਮੈਨੂੰ ਪ੍ਰਭੂ ਮਿਲ ਜਾਵੇ ਪਰ ਪੰਚਮ ਪਾਤਿਸ਼ਾਹ ਜੀ ਦੇ ਇਨ੍ਹਾਂ ਬਚਨਾਂ ਵਾਙ ਪੁਕਾਰ ਨਹੀਂ ਕਰਦਾ; ਜਿਵੇਂ: ‘‘ਮੈ ਦਸਿਹੁ ਮਾਰਗੁ ਸੰਤਹੋ! ਕਿਉ ਪ੍ਰਭੂ ਮਿਲਾਈਆ ? ॥ ਮਨੁ ਅਰਪਿਹੁ ਹਉਮੈ ਤਜਹੁ, ਇਤੁ ਪੰਥਿ ਜੁਲਾਈਆ ॥’’ (ਮ: ੫/੧੦੯੮) ਭਾਵ ਹਉਮੈ ਦੇ ਤਿਆਗ ਕਾਰਨ ਹੀ ਸਾਡੀ ਸ਼ੁਭ (ਬਸੰਤ, ਆਨੰਦ ਦੀ ਪ੍ਰਾਪਤੀ ਵਾਲੀ) ਇੱਛਾ ਪੂਰੀ ਹੋ ਸਕਦੀ ਹੈ। ਇਸ ਭੋਲੇ ਜੀਵ ਨੂੰ ਸਤਿਗੁਰੂ ਜੀਪੁਕਾਰ-ਪੁਕਾਰ ਕੇ ਕਹਿ ਰਹੇ ਹਨ ਕਿ ਹੇ ਭਾਈ! ਪ੍ਰਭੂ ਦਾ ਨਾਮ, ਤਾਂ ਹੀ ਤੇਰੇ ਅੰਦਰ ਵੱਸੇਗਾ, ਤੈਨੂੰ ਸੁੱਖ (ਬਸੰਤ) ਤਦੋਂ ਹੀ ਮਿਲੇਗਾ ਜਦੋਂ ਤੂੰ ਹੰਕਾਰ ਛੱਡ ਦੇਵੇਂ, ਦੋ ਤਲਵਾਰਾਂ ਇੱਕ ਮਿਆਨ ਵਿੱਚ ਸਮਾਅ ਨਹੀਂ ਸਕਦੀਆਂ, ਐ ਜੀਵ! ਸਤਿਗੁਰ ਅਮਰਦਾਸ ਜੀ ਦੁਆਰਾ ਸਮਝਾਏ ਗਏ ਇਸ ਭੇਤ (ਰਾਜ) ਨੂੰ ਸਮਝ ਕਿ ‘‘ਹਉਮੈ ਨਾਵੈ ਨਾਲਿ ਵਿਰੋਧੁ ਹੈ; ਦੁਇ, ਨ ਵਸਹਿ ਇਕ ਠਾਇ ॥’’ (ਮ: ੩/੫੬੦)

ਤੇਰੇ ਜੀਵਨ ਵਿੱਚ ਹਉਮੈ ਨਹੀਂ ਬਲਕਿ ਨਿਮਰਤਾ ਹੋਣੀ ਚਾਹੀਦੀ ਹੈ ਕਿਉਂਕਿ ਨਿਮਰਤਾ ਤੋਂ ਹੀ ਕੁਝ ਪ੍ਰਾਪਤੀ ਹੁੰਦੀ ਹੈ। ਸਤਿਗੁਰ ਨਾਨਕ ਸਾਹਿਬ ਜੀ ਮਨੁੱਖ ਦੀ ਹਉਮੈ ਬਾਰੇ ਵੱਖ-ਵੱਖ ਉਦਾਹਰਨਾਂ ਦੇ ਕੇ ਹਉਮੈ ਨੂੰ ਤਿਆਗਣ ਤੇ ਨਿਮਰਤਾ ਨੂੰ ਧਾਰਨ ਕਰਨ ਦਾ ਉਪਦੇਸ਼ ਦੇ ਰਹੇ ਹਨ, ਆਪ ਜੀ ਸਮਝਾਉਂਦੇ ਹਨ ਕਿ ‘ਜੇ ਲਮਢੀਂਗ ਪੰਛੀ ਉੱਚੇ ਆਕਾਸ਼ ਵਿੱਚ ਉੱਡ ਰਿਹਾ ਹੈ ਤਾਂ ਉੱਥੇ (ਉੱਪਰ) ਉੱਡਦੇ ਨੂੰ ਪਿਆਸ ਬੁਝਾਉਣ ਲਈ ਪਾਣੀ ਨਹੀਂ ਮਿਲ ਸਕਦਾ ਕਿਉਂਕਿ ਪਾਣੀ ਤਾਂ ਸਮੁੰਦਰ (ਭਾਵ ਹੇਠਾਂ ਨੀਵੇਂ ਥਾਂ) ਵਿੱਚ ਹੁੰਦਾ ਹੈ; (ਕਾਮਾਦਿਕ ਵੈਰੀਆਂ ਤੋਂ ਬਚਾਅ ਲਈ ਸਤਸੰਗਤ ਰੂਪ) ਕਿਲਾ ਪਾਤਾਲ (ਨੀਵੇਂ ਥਾਂ ਭਾਵ ਨਿਮਰਤਾ ) ਵਿੱਚੋਂ ਪ੍ਰਾਪਤ ਹੁੰਦਾ ਹੈ ਜਦਕਿ (ਅਹੰਕਾਰ ਰੂਪ) ਪਹਾੜ ਉੱਚਾ ਹੁੰਦਾ ਹੈ (ਜੋ ਵਿਕਾਰਾਂ ਤੋਂ ਬਚਾਉਣ ਦੇ ਅਸਮਰਥ ਹੁੰਦਾ ਹੈ) ਭਾਵ ਆਤਮਿਕ ਸ਼ਾਂਤੀ, ਸੀਤਲਤਾ, ਨਿਮਰਤਾ ਵਿੱਚ ਹੈ, ਇਹ ਉਸ ਮਨੁੱਖ ਨੂੰ ਪ੍ਰਾਪਤ ਨਹੀਂ ਹੋ ਸਕਦੀ ਜਿਸ ਦਾ ਦਿਮਾਗ਼ ਅਹੰਕਾਰ ਕਾਰਨ ਆਸਮਾਨ ਵਿੱਚ ਚੜਿਆ ਹੋਇਆ ਹੋਵੇ; ਸਤਿਗੁਰ ਨਾਨਕ ਸਾਹਿਬ ਜੀ ਦੇ ਪਾਵਨ ਬਚਨ ਹਨ: ‘‘ਅਖਲੀ ਊਂਡੀ, ਜਲੁ ਭਰ ਨਾਲਿ ॥ ਡੂਗਰੁ ਊਚਉ, ਗੜੁ ਪਾਤਾਲਿ ॥ ਸਾਗਰੁ ਸੀਤਲੁ, ਗੁਰ ਸਬਦ ਵੀਚਾਰਿ ॥ ਮਾਰਗੁ ਮੁਕਤਾ, ਹਉਮੈ ਮਾਰਿ ॥’’ (ਮ: ੧/੧੨੭੪)

ਭਾਈ ਗੁਰਦਾਸ ਜੀ ਵੀ ਹੰਕਾਰ ਨੂੰ ਤਿਆਗਣ ਅਤੇ ਨਿਮਰਤਾ ਨੂੰ ਧਾਰਨ ਕਰਨ ਦਾ ਉਪਦੇਸ਼ ਦੇਂਦੇ ਹੋਏ ਸਮਝਾਉਂਦੇ ਹਨ ਕਿ ਹੇ ਦੁਨੀਆਂ ਦੇ ਲੋਕੋ! ਜੇ ਕਿਸੇਬ੍ਰਾਹਮਣ ਦਾ ਸਿਰ, ਹੰਕਾਰ ਵਿੱਚ ਆ ਕੇ ਮੱਥੇ ਉੱਤੇ ਤਿਊੜੀ ਪਾਏ ਤਾਂ ਆਪਣੇ ਕੰਮ-ਕਾਜ ਨੂੰ ਜਾਂਦਾ ਮਨੁੱਖ ਅਪਸ਼ਗਨ ਸਮਝ ਕੇ ਵਾਪਸ ਆਪਣੇ ਘਰ ਮੁੜ ਆਉਂਦਾ ਹੈ। ਤ੍ਰਿਕੁਟੀ ਰਾਹੀਂ ਪਤਾ ਲੱਗਦਾ ਹੈ ਕਿ ਸਿਰ ਹੰਕਾਰ ਕਰਦਾ ਹੈ ਕਿ ਮੇਰੇ ਉੱਪਰ ਹੀ ਪਗ ਸਜਦੀ ਹੈ, ਪਰ ਲੋਕ ਉਸ ਦੀ ਪੂਜਾ ਨਹੀਂ ਕਰਦੇ, ਅੱਖਾਂ ਨੂੰ ਕੌਣ ਪੂਜਦਾ ਹੈ? ਜੋ ਮੇਰ-ਤੇਰ ਨੂੰ ਵੇਖ ਕੇ ਮੱਥੇ ’ਤੇ ਤਿਉੜੀ ਪੈਣ ’ਚ ਮਦਦਗਾਰ ਹੁੰਦੀਆਂ ਹਨ, ਨੱਕ ਨੂੰ ਵੀ ਕੋਈ ਨਹੀਂ ਪੂਜਦਾ ਜੋ ਹੰਕਾਰ ਕਾਰਨ ਕਿਸੇ ਨੂੰ ਵੇਖ ਕੇ ਮਰੋੜੀਖਾਂਦਾ ਹੈ, ਕੰਨਾਂ ਦੀ ਪੂਜਾ ਵੀ ਕੋਈ ਨਹੀਂ ਕਰਦਾ ਜੋ ਆਪਣੀ ਉਸਤਤ ਤੇ ਪਰਾਈ ਨਿੰਦਾ (ਔਗੁਣ) ਸੁਣਨ ਦੇ ਮੁਕਾਬਲੇ ਆਪਣੇ ਆਪ ’ਚ ਗੁਣ ਹੋਣ ਕਾਰਨ ਹੰਕਾਰੀ ਤਿਊੜੀ ਬਣਵਾਉਂਦੇ ਹਨ, ਜੀਭ ਨੂੰ ਵੀ ਕੋਈ ਨਹੀਂ ਪੂਜਦਾ ਜੋ ਰਸਾਂ ਨੂੰ ਮਾਣਦੀ ਹੋਈ ਦੰਦਾਂ (ਹੰਕਾਰ) ਵਿੱਚ ਘਿਰੀ ਰਹਿੰਦੀ ਹੈ ਪਰ ਇਨ੍ਹਾਂ ਉੱਚਿਆਂ ਇੰਦ੍ਰਿਆਂ ਦੇ ਮੁਕਾਬਲੇ ਪੈਰ ਸਭ ਤੋਂ ਨੀਵੇਂ ਹੁੰਦੇ ਹਨ, ਇਸ ਲਈ ਇਨ੍ਹਾਂ ਦੀ ਪੂਜਾ ਹੁੰਦੀ ਹੈ। ਇਨ੍ਹਾਂ ਉੱਤੇ ਹੀ ਝੁਕ ਕੇ ਸਲਾਮ ਕੀਤੀ ਜਾਂਦੀ ਹੈ। ਇਸ ਕਰਕੇ ਐ ਜੀਵ! ਤੂੰ ਵੀ ਨਿਮਰਤਾ ’ਚ ਰਹਿ, ਹੰਕਾਰ ਨਾ ਕਰ, ਪ੍ਰਭੂ ਦੇ ਦਰ ਉੱਤੇ ਤਾਂ ਹੀ ਮਾਣ ਮਿਲੇਗਾ ਜੇ ਨਿਮਰਤਾ ’ਚ ਰਹੇਂਗਾ। ਭਾਈ ਗੁਰਦਾਸ ਜੀ ਦੇ ਕੀਮਤੀ ਬਚਨ ਹਨ: ‘‘ਮਥੈ ਤਿਵੜੀ ਬਾਮਣੈ, ਸਉਹੇ ਆਏ ਮਸਲਤਿ ਫੇਰੀ। ਸਿਰੁ ਉਚਾ ਅਹੰਕਾਰ ਕਰਿ, ਵਲ ਦੇ ਪਗ ਵਲਾਏ ਡੇਰੀ। ਅਖੀਂ ਮੂਲਿ ਨ ਪੂਜੀਅਨਿ; ਕਰਿ ਕਰਿ ਵੇਖਨਿ ਮੇਰੀ ਤੇਰੀ। ਨਕੁ ਨ ਕੋਈ ਪੂਜਦਾ; ਖਾਇ ਮਰੋੜੀ ਮਣੀ ਘਨੇਰੀ। ਉਚੇ ਕੰਨ ਨ ਪੂਜੀਅਨਿ; ਉਸਤਤਿ ਨਿੰਦਾ ਭਲੀ ਭਲੇਰੀ। ਬੋਲਹੁ ਜੀਭ ਨ ਪੂਜੀਐ; ਰਸ ਕਸ ਬਹੁ ਚਖੀ, ਦੰਦ ਘੇਰੀ। ਨੀਵੇ ਚਰਣ; ਪੂਜ ਹਥ ਕੇਰੀ ॥’’ (ਭਾਈ ਗੁਰਦਾਸ ਜੀ, ਵਾਰ ੨੩ ਪਉੜੀ ੧੨)

ਭਾਈ ਨੰਦ ਲਾਲ ਸਿੰਘ ਜੀ ਵੀ ਸਮਝਾਉਂਦੇ ਹਨ ਕਿ ਐ ਜੀਵ! ਹੰਕਾਰ ਕਰਨਾ ਤੇਰੀ ਮਲੀਨਤਾਈ (ਮੈਲੀ ਆਦਤ) ਦੀ ਨਿਸ਼ਾਨੀ ਹੈ, ਇਸ ਨੂੰ ਛੱਡ ਦੇ, ਯਾਦ ਰੱਖਰੱਬ ਨੇ ਤੈਨੂੰ ਖ਼ਾਕ (ਮਿੱਟੀ) ਦੀ ਮੁੱਠੀ ਵਿੱਚੋਂ ਪੈਦਾ ਕੀਤਾ ਹੋਇਆ ਹੈ। ਉਸ ਨੂੰ ਯਾਦ ਕਰ। ਭਾਈ ਸਾਹਿਬ ਜੀ ਦੇ ਕੀਮਤੀ ਬਚਨ ਹਨ: ‘ਖ਼ੁਦ ਪਰਸਤੀ ਖ਼ੁਸਲਤੇ ਨਾਪਾਕ ਤੋ, ਜ਼ਾਂ ਗੁਜ਼ਰ, ਕਰਦਨਹ ਬਮੁਸ਼ਤੇ ਖ਼ਾਕੇ ਤੋ।’ (੫੨)

‘ਅਹੰਕਾਰ’ ਅਜਿਹਾ ਢੀਠ ਤੇ ਨੀਚ ਹੈ ਕਿ ਇਹ ਸਾਡਾ ਸਾਥ, ਗੁਰਦੁਆਰਿਆਂ, ਮੰਦਿਰਾਂ ਵਿੱਚ ਵੀ ਨਹੀਂ ਛੱਡਦਾ ਕਿਉਂਕਿ ਇਹ ਲਾਡਲੇ ਕੁੱਤੇ ਵਾਙ, ਕਥਾ-ਕੀਰਤਨ ਕਰਨ ਵਾਲੇ ਦੀ ਝੋਲੀ ਵਿੱਚ ਜਾ ਬੈਠਦਾ ਹੈ, ਦਾਨੀ ਦੇ ਲੰਗਰ ਵਿੱਚ ਜਾ ਵੜਦਾ ਹੈ, ਸਾਡੇ ਪਾਠਾਂ, ਕੀਰਤਨ, ਨਿਤ-ਨੇਮਾਂ ਆਦਿ ਨੇਕ ਕਾਰਜਾਂ ਦੌਰਾਨ ਸਾਡੇ ਅੰਦਰੋਂ ਭੌਂਕਣਾ ਸ਼ੁਰੂ ਕਰਕੇ, ਸਾਡੀ ਸਭ ਕੀਤੀ-ਕਰਾਈ ਉੱਪਰ ਸਵਾਹ ਮਲ ਦੇਂਦਾ ਹੈ; ਇਸ (ਹਉਮੈ) ਬਾਬਤ ਗੁਰੂ ਤੇਗ਼ ਬਹਾਦਰ ਸਾਹਿਬ ਜੀ ਉਪਦੇਸ਼ ਬਖ਼ਸ਼ਸ਼ ਕਰਦੇ ਹਨ: ‘‘ਤੀਰਥ ਬਰਤ ਅਰੁ ਦਾਨ ਕਰਿ, ਮਨ ਮੈ ਧਰੈ ਗੁਮਾਨੁ ॥ ਨਾਨਕ ! ਨਿਹਫਲ ਜਾਤ ਤਿਹ, ਜਿਉ ਕੁੰਚਰ ਇਸਨਾਨੁ ॥’’ (ਮ: ੯/੧੪੨੮)

ਐ ਜੀਵ! ਇਸ ਤੋਂ ਬਚਣ ਲਈ ਸਤਿਗੁਰ ਦੇ ਚਰਨਾਂ ਵੱਲ ਤੁਰੰਤ ਦੌੜ ਪੈ ਕਿਉਂਕਿ ਰੱਬ ਤੋਂ ਤੋੜਨ ਵਾਲੀ ਅਸਲ ਸ਼ਕਤੀ (ਹਉਮੈ) ਕੇਵਲ ਆਪਣੇ ਉਦਮ ਨਾਲਮਾਰਨ ਦਾ ਯਤਨ ਕੀਤਿਆਂ ਮਰਦੀ ਨਹੀਂ ਤੇ ਨਾ ਹੀ ਕਿਸੇ ਹੱਟੀ ’ਤੇ ਵਿਕਦੀ ਹੈ ਤਾਂ ਜੋ ਇਸ ਨੂੰ ਵੇਚ ਦੇਈਏ, ਇਹ ਤਾਂ ਗੁਰੂ ਸ਼ਬਦ (ਤੇ ਬਖ਼ਸ਼ਸ) ਦੁਆਰਾ ਹੀ ਸਾੜ ਕੇ ਬਾਹਰ ਕੱਢੀ ਜਾ ਸਕਦੀ ਹੈ। ਸਤਿਗੁਰ ਅਮਰਦਾਸ ਜੀ ਦੇ ਪਾਵਨ ਬਚਨ ਹਨ: ‘‘ਹਉਮੈ ਮਾਇਆ ਮੋਹਣੀ; ਦੂਜੈ ਲਗੈ ਜਾਇ ॥ ਨਾ ਇਹ ਮਾਰੀ ਨ ਮਰੈ; ਨਾ ਇਹ ਹਟਿ ਵਿਕਾਇ ॥ ਗੁਰ ਕੈ ਸਬਦਿ ਪਰਜਾਲੀਐ; ਤਾ ਇਹ ਵਿਚਹੁ ਜਾਇ ॥’’ (ਮ: ੩/੮੫੩)

ਅੰਤ ਵਿੱਚ ਮੈ ਇਸ ਵਿਸ਼ੇ ਦੀ ਸਮਾਪਤੀ ਸਤਿਗੁਰ ਨਾਨਕ ਸਾਹਿਬ ਜੀ ਵੱਲੋਂ ਉਚਾਰਨ ਕੀਤੇ ਗਏ ਉਸ ਸ਼ਬਦ ਦੀ ਰਾਹੀਂ ਕਰਦਾ ਹਾਂ ਜਿਸ ਵਿੱਚ ਗੁਰੂ ਜੀ ਮਨ ਨੂੰ ਸੰਬੋਧਨ ਕਰਦਿਆਂ ਆਖ ਰਹੇ ਹਨ ਕਿ ਹੇ ਭੋਲੇ ਮਨ! ਹੰਕਾਰ ਵਾਲੀ ਸੋਚ ਨੂੰ ਭੁੱਲਾ ਦੇ ਕਿਉਂਕਿ ਹਉਮੈ ਨੂੰ ਮਾਰ ਕੇ ਹੀ ਵੀਚਾਰਵਾਨ ਹੋਈਦਾ ਹੈ ਅਤੇ ਆਪਣੇ ਵੀਚਾਰ (ਬਿਬੇਕ) ਰਾਹੀਂ ਰੱਬੀ ਉਪਕਾਰ ਨੂੰ ਆਪਣੇ ਹਿਰਦੇ ਵਿੱਚ ਹਮੇਸ਼ਾਂ ਸੰਭਾਲ ਕੇ ਰੱਖ, ਯਾਦ ਰੱਖ: ‘‘ਭੋਲਿਆ ! ਹਉਮੈ ਸੁਰਤਿ ਵਿਸਾਰਿ ॥ ਹਉਮੈ ਮਾਰਿਬੀਚਾਰਿ ਮਨ ! ਗੁਣ ਵਿਚਿ, ਗੁਣੁ ਲੈ ਸਾਰਿ ॥੧॥ ਰਹਾਉ ॥’’ (ਮ: ੧/੧੧੬੮)