‘ਲੋਗੁ ਜਾਨੈ ਇਹੁ ਗੀਤੁ ਹੈ, ਇਹੁ ਤਉ ਬ੍ਰਹਮ ਬੀਚਾਰ ॥’

0
952

ਲੋਗੁ ਜਾਨੈ ਇਹੁ ਗੀਤੁ ਹੈ, ਇਹੁ ਤਉ ਬ੍ਰਹਮ ਬੀਚਾਰ ॥

ਵਾ. ਪ੍ਰਿੰਸੀਪਲ ਮਨਿੰਦਰਪਾਲ ਸਿੰਘ- ੯੪੧੭੫-੮੬੧੨੧

ਉਪਰੋਕਤ ਰੱਬੀ ਪੈਗ਼ਾਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ ੩੩੫ ਉੱਤੇ ਗਉੜੀ ਰਾਗ ਅੰਦਰ ਸੁਭਾਇਮਾਨ ਹੈ ਅਤੇ ਭਗਤ ਕਬੀਰ ਜੀ ਦੇ ਮੁਖਾਰਬਿੰਦ ਤੋਂ ਪ੍ਰਗਟ ਹੋਇਆ ਹੈ ਕਿ ‘‘ਲੋਗੁ ਜਾਨੈ ਇਹੁ ਗੀਤੁ ਹੈ, ਇਹੁ ਤਉ ਬ੍ਰਹਮ ਬੀਚਾਰ ॥ ਜਿਉ ਕਾਸੀ ਉਪਦੇਸੁ ਹੋਇ, ਮਾਨਸ ਮਰਤੀ ਬਾਰ ॥’’ (ਭਗਤ ਕਬੀਰ/੩੩੫)

ਭਗਤ ਜੀ ਸਮਝਾਉਂਦੇ ਹਨ ਕਿ ਜਗਤ ਸਮਝਦਾ ਹੈ ਕਿ ਸਤਿਗੁਰੂ ਦਾ ਸ਼ਬਦ, ਗੁਰੂ ਦੀ ਬਾਣੀ ਕੋਈ ਸਧਾਰਨ ਜਿਹਾ ਗੀਤ-ਸੰਗੀਤ ਹੀ ਹੈ, ਪਰ ਇਹ ਤਾਂ ਪ੍ਰਭੂ ਦੇ ਗੁਣਾਂ ਦੀ ਵੀਚਾਰ ਹੈ, ਇਹ ਮਨੁੱਖ ਨੂੰ ਜੀਉਂਦਿਆਂ ਹੀ ਮੁਕਤੀ ਦਿਵਾਉਂਦੀ ਹੈ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਇਹ ਖ਼ਿਆਲ ਕੀਤਾ ਜਾਂਦਾ ਹੈ ਕਿ ਕਾਂਸ਼ੀ ਵਿੱਚ ਮਨੁੱਖ ਦੇ ਮਰਨ ਨਾਲ ਸ਼ਿਵ ਜੀ ਦੇ ਕਹੇ ਅਨੁਸਾਰ ਮਰਨ ਉਪਰੰਤ ਮੁਕਤੀ ਮਿਲਦੀ ਹੈ।

ਹਰੇਕ ਪ੍ਰਾਣੀ ਮੁਕਤ ਹੋਣ ਦੀ ਚਾਹਤ ਰੱਖਦਾ ਹੈ, ਹਰ ਧਰਮ, ਇਹੀ ਪ੍ਰੇਰਨਾ ਦਿੰਦਾ ਹੈ ਕਿ ਜੀਵ ਦਾ ਮਨੋਰਥ ਮਾਇਆ ਦੇ ਬੰਧਨਾਂ ਤੋਂ ਮੁਕਤ ਹੋਣਾ ਹੀ ਹੈ, ਮੁੱਢ ਕਦੀਮਾਂ ਤੋਂ ਹੀ ਮਨੁੱਖ ਇਸ ਦੌੜ ਵਿੱਚ ਸ਼ਾਮਲ ਰਿਹਾ ਹੈ ਕਿ ਉਸ ਨੂੰ ਮੁਕਤੀ ਰੂਪ ਮੰਜ਼ਲ ਮਿਲੇ, ਇਸ ਮੁਕਤੀ ਬਾਰੇ ਮਨੁੱਖ ਨੇ ਕਈ ਕਠਿਨ ਵਸੀਲੇ ਅਪਣਾਏ, ਮੁਕਤ ਹੋਣ ਦੇ ਨਾਂ ’ਤੇ ਕਰਮਕਾਂਡੀ ਬਣ ਗਿਆ ਪਰ ਪ੍ਰਾਪਤ ਕੁਝ ਵੀ ਨਾ ਹੋਇਆ। ਕਾਰਨ ਇਹ ਸੀ ਕਿ ਇਸ ਨੇ ਆਪਣੀ ਸਿਆਣਪ ਵਰਤੀ, ਗੁਰੂ ਦੇ ਬਚਨਾਂ ਵੱਲ ਧਿਆਨ ਹੀ ਨਾ ਦਿੱਤਾ, ਗੁਰਬਾਣੀ ਨੂੰ ਕੰਨ ਰਸ ਦੇਣ ਵਾਲੀ ਜਾਂ ਇੱਕ ਆਮ ਕਾਵਿ ਰਚਨਾ ਹੀ ਸਮਝਿਆ, ਕਈ ਤਾਂ ਗੁਰੂ ਦੇ ਬਚਨਾਂ ਦੇ ਠੇਕੇਦਾਰ ਹੀ ਬਣ ਗਏ ਤੇ ਇਸ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਨੂੰ ਤਾੜਨਾ ਭਗਤ ਕਬੀਰ ਜੀ ਨੇ ਇਹ ਕਹਿ ਕੇ ਕੀਤੀ ਕਿ ‘‘ਮਾਇਆ ਕਾਰਨ ਬਿਦਿਆ ਬੇਚਹੁ, ਜਨਮੁ ਅਬਿਰਥਾ ਜਾਈ ॥’’ (ਭਗਤ ਕਬੀਰ/੧੧੦੩)

ਗੁਰੂ ਦੀ ਬਾਣੀ ਨੂੰ ਪੜ੍ਹਿਆ ਤਾਂ ਬਹੁਤਿਆਂ ਨੇ ਹੈ, ਸੁਣਨ ਵਾਲਿਆਂ ਦੀ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ ਪਰ ਇੱਕ ਗੀਤ ਦੀ ਤਰ੍ਹਾਂ ਹੀ ਗਾਇਆ ਤੇ ਪੜ੍ਹਿਆ ਹੈ। ਭਗਤ ਕਬੀਰ ਜੀ ਨੇ ਐਸੇ ਲੋਕਾਂ ਨੂੰ ਸਮਝਾਇਆ ਕਿ ਜਿੰਨੀ ਮਰਜ਼ੀ ਉੱਚੀ ਗਾਈ ਜਾਓ, ਪੜ੍ਹੀ ਜਾਓ, ਕਰੀ ਜਾਓ ਵਿਚਾਰ ਬਿਨਾਂ ਪਿਆਰ ਤੋਂ, ਪਰ ਸੱਚ ਜਾਣੋ ਇਸ ਦਾ ਕੋਈ ਲਾਭ ਨਹੀਂ ਹੋਣਾ। ਆਪ ਜੀ ਦੇ ਬਚਨ ਹਨ ਕਿ ‘‘ਕਿਆ ਪੜੀਐ  ? ਕਿਆ ਗੁਨੀਐ  ? ॥ ਕਿਆ ਬੇਦ ਪੁਰਾਨਾਂ ਸੁਨੀਐ ? ॥ ਪੜੇ ਸੁਨੇ ਕਿਆ ਹੋਈ  ? ॥ ਜਉ ਸਹਜ ਨ ਮਿਲਿਓ ਸੋਈ॥’’ (ਭਗਤ ਕਬੀਰ/੬੫੬)

ਗੁਰੂ ਨਾਨਕ ਸਾਹਿਬ ਜੀ ਵੀ ਸਮਝਾਉਂਦੇ ਹਨ ਕਿ ਐ ਦੁਨੀਆਂ ਦੇ ਲੋਕੋ  ! ਗੁਰੂ ਦੇ ਬਚਨਾਂ ਨੂੰ ਜ਼ਰੂਰ ਗਾਓ ਅਤੇ ਸੁਣੋ ਵੀ ਜ਼ਰੂਰ, ਪਰ ਧਿਆਨ ਦੇਣਾ ਕਿ ਇੱਕ ਆਮ ਗੀਤ ਵਾਙ ਨਾ ਗਾਉਣਾ ਸਗੋਂ ਮਨ ਵਿੱਚ ਪਿਆਰ ਧਾਰ ਕੇ ਗਾਉਣਾ, ਵਿਸ਼ਵਾਸ ਰੱਖ ਕੇ ਗਾਉਣਾ, ਫਿਰ ਤੁਹਾਨੂੰ ਮਿਲੇਗੀ ਦੁਖਾਂ ਤੋਂ ਮੁਕਤੀ, ਫਿਰ ਤੁਹਾਡੇ ਘਰ ਵਿੱਚ ਖੁਸ਼ੀਆਂ ਤੇ ਖੇੜੇ ਆਉਣਗੇ ਪਾਵਨ ਬਚਨ ਹਨ, ‘‘ਗਾਵੀਐ, ਸੁਣੀਐ, ਮਨਿ ਰਖੀਐ ਭਾਉ ॥ ਦੁਖੁ ਪਰਹਰਿ; ਸੁਖੁ, ਘਰਿ ਲੈ ਜਾਇ ॥’’ (ਜਪੁ)

ਭਾਈ ਗੁਰਦਾਸ ਜੀ ਵੀ ਸਮਝਾਉਂਦੇ ਹਨ ਕਿ ਗੁਰਬਾਣੀ ਨੂੰ ਆਮ ਗੀਤ ਸਮਝ ਕੇ ਗਾਉਣ ਤੇ ਪੜ੍ਹਨ ਵਾਲਿਓ  ! ਤੁਹਾਡੀ ਹਾਲਤ ਇਸ ਤਰ੍ਹਾਂ ਹੈ; ਜਿਵੇਂ ਮਾਲਾ ਵਿੱਚ ਮੇਰੂ ਮਣਕੇ ਦੀ ਹਾਲਤ ਹੈ। ਹੈ ਤਾਂ ਉਹ ਸਭ ਤੋਂ ਉੱਪਰ ਤੇ ਵੱਡਾ, ਪਰ ਕਿਸੀ ਗਿਣਤੀ ਵਿੱਚ ਨਹੀਂ ਆਉਂਦਾ। ਜਿਸ ਤਰ੍ਹਾਂ ਸਿੰਬਲ ਦਾ ਰੁੱਖ ਸਭ ਤੋਂ ਉੱਚਾ ਹੈ, ਪਰ ਉਸ ਦੀ ਕੀ ਵਡਿਆਈ ਹੈ ਜਦ ਕਿਸੇ ਦਾ ਕੁਝ ਸੰਵਾਰ ਹੀ ਨਹੀਂ ਸਕਦਾ, ਜਿਵੇਂ ਇੱਲ ਸਭ ਪੰਛੀਆਂ ਤੋਂ ਉੱਚਾ ਉੱਡਦੀ ਹੈ ਪਰ ਉਸ ਦੀ ਮਤ ਉੱਚੀ ਥੋੜ੍ਹੀ ਨਾ ਹੈ ਕਿਉਂਕਿ ਉਸ ਦੀ ਨਜ਼ਰ ਤਾਂ ਹਮੇਸ਼ਾਂ ਮੁਰਦਿਆਂ ਦੇ ਪਿੰਜਰ ਦੀ ਭਾਲ ਵਿੱਚ ਰਹਿੰਦੀ ਹੈ, ਬਿਲਕੁਲ ਇਸੇ ਤਰ੍ਹਾਂ ਜਿਸ ਨੇ ਗੁਰੂ ਦੀ ਬਾਣੀ ਵਿੱਚ ਸ਼ਰਧਾ ਨਾ ਰੱਖੀ, ਗੁਰੂ ਦੇ ਬਚਨਾਂ ਨੂੰ ਆਪਣੇ ਜੀਵਨ ਵਿੱਚ ਕਮਾਇਆ ਨਹੀਂ, ਆਪਣੀ ਹੀ ਸਿਆਣਪ ਵਿੱਚ ਮਸਤ ਰਿਹਾ, ਉਸ ਦਾ ਗੁਰਬਾਣੀ ਨੂੰ ਗਾਉਣਾ, ਸੁਣਨਾ ਸਭ ਵਿਅਰਥ ਹੈ, ਇਸ ਨੂੰ ਗੀਤ ਨਹੀਂ ਸਗੋਂ ਬ੍ਰਹਮ ਦੀ ਵੀਚਾਰ ਸਮਝਣਾ ਚਾਹੀਦਾ ਹੈ। ਪਾਵਨ ਬਚਨ ਹਨ, ‘‘ਜੈਸੇ ਮਾਲਾ ਮੇਰ ਪੋਈਅਤ ਸਭ ਊਪਰ ਕੈ; ਸਿਮਰਨ ਸੰਖਿਆ ਮੈ ਨ ਆਵਤ, ਬਡਾਈ ਕੈ ?। ਜੈਸੇ ਬਿਰਖਨ ਬਿਖੈ ਪੇਖੀਐ ਸੇਬਲ ਊਚੋ; ਨਿਹਫਲ ਭਇਓ ਸੋਊ ਅਤਿ ਅਧਿਕਾਰੀ ਕੈ। ਜੈਸੇ ਚੀਲ ਪੰਛੀਨ ਮੈ ਉਡਤ ਅਕਾਸਚਾਰੀ; ਹੇਰੇ ਮ੍ਰਿਤ ਪਿੰਜਰਨ ਊਚੈ ਮਤੁ ਪਾਈ ਕੈ। ਗਾਇਬੋ, ਬਜਾਇਬੋ, ਸੁਨਾਇਬੋ ਨ ਕਛੂ ਤੈਸੇ; ਗੁਰ ਉਪਦੇਸ ਬਿਨਾ ਧ੍ਰਿਗ ਚਤੁਰਾਈ ਕੈ ॥’’ (ਭਾਈ ਗੁਰਦਾਸ ਜੀ/ਕਬਿੱਤ ੬੩੧)

ਭਗਤ ਕਬੀਰ ਜੀ ਵੀ ਹੋਕਾ ਦਿੰਦੇ ਹਨ ਕਿ ਗੁਰੂ ਦੇ ਬਚਨਾਂ ਦੀ ਮਹੱਤਤਾ ਨੂੰ ਨਾ ਸਮਝਣ ਵਾਲਿਓ ! ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਗੁਰੂ ਮਿਲਣ ਨਾਲ, ਗੁਰੂ ਦਾ ਉਪਦੇਸ਼ ਮਿਲਣ ਨਾਲ ਉਹ ਸਫਲਤਾ ਹਾਸਲ ਹੁੰਦੀ ਹੈ ਜੋ ਕਿਸੇ ਵੀ ਜੋਗ ਮਤ ਦੇ ਕਰਮ ਜਾਂ ਪਦਾਰਥਾਂ ਦੇ ਭੋਗ ਵਿੱਚੋਂ ਨਹੀਂ ਮਿਲਦੀ, ਗੁਰੂ ਦੀ ਬਾਣੀ ਅਤੇ ਸਾਡੀ ਸੁਰਤ, ਦੋਹਾਂ ਦੇ ਮਿਲਾਪ ਰਾਹੀਂ ਹੀ ਸਾਡਾ ਰਿਸ਼ਤਾ ਪ੍ਰਭੂ ਨਾਲ ਜੁੜ ਸਕਦਾ ਹੈ। ਬਚਨ ਹਨ, ‘‘ਸਾਧੁ ਮਿਲੈ, ਸਿਧਿ ਪਾਈਐ; ਕਿ ਏਹੁ ਜੋਗੁ ਕਿ ਭੋਗੁ  ? ॥ ਦੁਹੁ ਮਿਲਿ ਕਾਰਜੁ ਊਪਜੈ; ਰਾਮ ਨਾਮ ਸੰਜੋਗੁ ॥’’ (ਭਗਤ ਕਬੀਰ/੩੩੫)

ਇਤਿਹਾਸ ਗਵਾਹ ਹੈ ਕਿ ਭਾਈ ਜੋਧਾ ਜੀ ਦੇ ਮੂੰਹ ਤੋਂ ਨਿਕਲਿਆ ਗੁਰੂ ਉਪਦੇਸ਼ ਭਾਈ ਲਹਿਣਾ ਜੀ ਨੇ ਸੁਣਿਆ ਤੇ ਸਮਾਂ ਪਾ ਕੇ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਹੀ ਬਣ ਗਏ। ਗੁਰੂ ਉਪਦੇਸ਼ ਬੀਬੀ ਅਮਰੋ ਜੀ ਰਾਹੀਂ ਜਦੋਂ ਗੁਰੂ ਅਮਰਦਾਸ ਜੀ ਦੀ ਸੁਰਤ ਵਿੱਚ ਟਿਕਿਆ ਤਾਂ ਪ੍ਰਭੂ ਰੂਪ ਹੋ ਗਏ। ਗੁਰੂ ਜੀ ਦੀ ਬਾਣੀ ਵਿੱਚ ਉਹ ਤਾਕਤ ਹੈ, ਜੋ ਮਿੱਟੀ ਨੂੰ ਸੋਨਾ ਬਣਾ ਦਿੰਦੀ ਹੈ। ਬਿਧੀਆ ਡਾਕੂ ਮੱਝਾਂ ਚੋਰੀ ਕਰ ਕੇ ਆ ਰਿਹਾ ਸੀ ਪਰ ਗੁਰੂ ਮਿਹਰ ਸਦਕਾ ਗੁਰੂ ਦੀ ਬਾਣੀ ਨੇ ਸੁਰਤ ’ਤੇ ਅਜਿਹਾ ਪ੍ਰਹਾਰ ਕੀਤਾ ਕਿ ‘ਬਿਧੀ ਚੰਦ ਛੀਨਾ, ਗੁਰੂ ਕਾ ਸੀਨਾ।’ ਦੀ ਪਦਵੀ ’ਤੇ ਪਹੁੰਚ ਗਿਆ।

ਜਦੋਂ ਅਸੀਂ ਭਾਈ ਸੰਤੋਖ ਸਿੰਘ ਜੀ ਪਾਸੋਂ ਪੁੱਛਦੇ ਹਾਂ ਕਿ ਦੱਸੋ, ਗੁਰਬਾਣੀ ਬ੍ਰਹਮ ਦੀ ਵੀਚਾਰ ਕਿਵੇਂ ਹੈ, ਇਸ ਵਿੱਚ ਕੀ ਖ਼ਾਸੀਅਤ ਹੈ, ਕਿੱਧਰੇ ਇਹ ਆਮ ਕਾਵਿ ਰਚਨਾ ਤਾਂ ਨਹੀਂ  ? ਤਾਂ ਆਪ ਜੀ ਉੱਤਰ ਦਿੰਦੇ ਹਨ ਕਿ ਹੇ ਭਾਈ  ! ਗੁਰੂ ਦੀ ਬਾਣੀ ਅੰਮ੍ਰਿਤ ਦੀ ਨਦੀ ਵਾਙ ਹੈ, ਜੋ ਭਰਮ ਦੇ ਰੋਗਾਂ ਨੂੰ ਨਾਸ਼ ਕਰਨ ਵਾਲੀ ਹੈ, ਰੰਗ ਇਸ ਦਾ ਡਾਢਾ ਚਿੱਟਾ ਹੈ ਇਸ ਲਈ ਮਨ ਨੂੰ ਬਹੁਤ ਪਿਆਰੀ ਲੱਗਣ ਵਾਲੀ ਹੈ, ਇਹ ਤਾਂ ਮਾਨਸਰੋਵਰ ਨੂੰ ਸ਼ੋਭਾ ਦੇਣ ਵਾਲੀ ਹੰਸਨੀ ਹੈ, ਗੁਣਵਾਨਾਂ ਨੇ ਇਸ ਦੀ ਵਡਿਆਈ ਕੀਤੀ ਹੈ ਅਤੇ ਸਾਰੇ ਜਹਾਨ ਨੇ ਇਸ ਦੀ ਸ਼ੋਭਾ ਜਾਣ ਲਈ ਹੈ। ਇਹ ਮੋਹ ਦੀ ਤਪਸ਼ ਨੂੰ ਖ਼ਤਮ ਕਰਨ ਵਾਲੀ ਚੰਦ ਦੀ ਚਾਨਣੀ ਹੈ, ਹਿਰਦੇ ਨੂੰ ਅਨੰਦ ਦੇਣ ਵਾਲੀ ਸੁਖਾਂ ਦੀ ਦਾਤੀ ਹੈ, ਪ੍ਰੇਮ ਦੀ ਸੁਘੜ ਪਟਰਾਣੀ ਹੈ ਅਤੇ ਗਿਆਨ ਦੀ ਮਾਤਾ ਵੱਜੋਂ ਇਸ ਨੂੰ ਜਾਣਿਆ ਗਿਆ ਹੈ, ਜੇ ਗੁਣਵਾਨਾਂ ਵੱਲੋਂ ਕੋਈ ਹੋਰ ਚੰਗੇ ਵੀਚਾਰਾਂ ਵਾਲੀ ਰਚਨਾ ਰਚੀ ਗਈ ਹੈ ਤਾਂ ਉਨ੍ਹਾਂ ਦਾ ਗੁਰੂ ਵੀ ਗੁਰਬਾਣੀ ਹੀ ਹੈ ਭਾਵ ਗੁਰਬਾਣੀ ਸਿਧਾਂਤ ਹੀ ਸਰਵੋਤਮ ਹੈ। ਆਪ ਜੀ ਦੇ ਬਚਨ ਹਨ, ‘‘ਸੁਧਾ ਕੀ ਤਰੰਗਨੀ ਸੀ, ਰੋਗ ਭ੍ਰਮ ਭੰਗਨੀ ਹੈ, ਮਹਾਂ ਸ੍ਵੇਤ ਰੰਗਨੀ ਮਹਾਨ ਮਨ ਮਾਨੀ ਹੈ। ਕਿਧੋਂ ਯਹਿ ਹੰਸਨੀ ਸੀ, ਮਾਨਸ ਵਿਤੰਸਨੀ ਹੈ, ਗੁਨੀਨ ਪ੍ਰਸੰਸਨੀ ਸਰਬ ਜਗ ਜਾਨੀ ਹੈ। ਕਿਧੋਂ ਚੰਦ ਚਾਂਦਨੀ ਸੀ, ਮੋਹ ਘਾਮ ਮੰਦਨੀ ਹੈ, ਰਿਦੇ ਕੀ ਅਨੰਦਨੀ, ਸਦੀਵ ਸੁਖਦਾਨੀ ਹੈ। ਪ੍ਰੇਮ ਪਟਰਾਨੀ ਸਯਾਨੀ, ਗਯਾਨ ਕੀ ਜਨਨਿ ਜਾਨੀ, ਗੁਨੀ ਭਨੀ ਬਾਨੀ, ਤਾਂ ਕੀ ਗੁਰੂ; ਗੁਰਬਾਨੀ ਹੈ।’’

ਭਾਈ ਗੁਰਦਾਸ ਜੀ ਮਿਸਾਲ ਦੇ ਕੇ ਹੋਰ ਸਮਝਾਉਂਦੇ ਹਨ ਕਿ ਜਿਵੇਂ ਸਮੁੰਦਰ ਵਿੱਚ ਅਤਿ ਕੀਮਤੀ ਖ਼ਜ਼ਾਨੇ ਹਨ ਪਰ ਫਿਰ ਵੀ ਹਾਸਲ ਨਹੀਂ ਹੋ ਸਕਦੇ ਕਿਉਂਕਿ ਲੋੜ ਹੈ ਕਿਸੇ ਹੰਸ ਦੀ, ਜੋ ਗਹਿਰਾਈ ਤੱਕ ਜਾ ਸਕੇ, ਜਿਵੇਂ ਪਹਾੜਾਂ ਵਿੱਚ ਹੀਰੇ ਤੇ ਪਾਰਸ ਵਰਗੇ ਕੀਮਤੀ ਪੱਥਰ ਹਨ ਪਰ ਲੋੜ ਹੈ ਖੁਦਾਈ ਕਰਨ ਵਾਲੇ ਦੀ, ਜਿਵੇਂ ਜੰਗਲ ਤਾਂ ਭਰਿਆ ਪਿਆ ਹੈ ਖ਼ੁਸਬੂਦਾਰ ਲੱਕੜਾਂ ਨਾਲ, ਪਰ ਕੋਈ ਖੋਜੀ ਹੀ ਲੱਭ ਸਕਦਾ ਹੈ। ਇਸੇ ਤਰ੍ਹਾਂ ਹੀ ਬਾਣੀ ਨੂੰ ਆਮ ਗੀਤ ਨਾ ਸਮਝਣਾ, ਇਹ ਤਾਂ ਬ੍ਰਹਮ ਵੀਚਾਰ ਹੈ, ਇਸ ਵਿੱਚ ਸੰਸਾਰ ਦੇ ਸਾਰੇ ਪਦਾਰਥ ਮੌਜੂਦ ਹਨ, ਪਰ ਜਿਹੜਾ ਪੂਰਨ ਸ਼ਰਧਾ ਧਾਰ ਕੇ ਇਸ ਨੂੰ ਖੋਜੇਗਾ ਉਹੀ ਪ੍ਰਾਪਤ ਕਰੇਗਾ। ਪਾਵਨ ਬਚਨ ਹਨ, ‘‘ਜੈਸੇ ਤਉ ਸਕਲ ਨਿਧਿ ਪੂਰਨ ਸਮੁੰਦ੍ਰ ਬਿਖੈ; ਹੰਸ ਮਰਜੀਵਾ ਨਿਹਚੈ ਪ੍ਰਸਾਦੁ ਪਾਵਹੀ। ਜੈਸੇ ਪਰਬਤ ਹੀਰਾ ਮਾਨਕ ਪਾਰਸ ਸਿਧ; ਖਨਵਾਰਾ ਖਨਿ ਜਗਿ ਵਿਖੇ ਪ੍ਰਗਟਾਵਹੀ। ਜੈਸੇ ਬਨ ਬਿਖੈ ਮਲਿਆਗਰ ਸੌਧਾ ਕਪੂਰ; ਸੋਧ ਕੈ ਸੁਬਾਸੀ ਸੁਬਾਸ ਬਿਹਸਾਵਹੀ। ਤੈਸੇ ਗੁਰਬਾਨੀ ਬਿਖੈ ਸਕਲ ਪਦਾਰਥ ਹੈ; ਜੋਈ ਜੋਈ ਖੋਜੈ, ਸੋਈ ਸੋਈ ਨਿਪਜਾਵਹੀ ॥’’ (ਭਾਈ ਗੁਰਦਾਸ ਜੀ/ਕਬਿੱਤ ੫੪੬)

ਸੋ, ਭਗਤ ਕਬੀਰ ਜੀ ਗੁਰੂ ਗਿਆਨ ਦੀਆਂ ਗਹਿਰਾਈਆਂ ਨੂੰ ਨਾਪ (ਵੇਖ) ਕੇ ਜਗਤ ਦੀ ਹੋਛੀ ਸੋਚ ਨਾਲ ਤੁਲਨਾਤਮਿਕ ਪੱਖੋਂ ਵਿਚਾਰਦੇ ਹੋਏ ਸਾਨੂੰ ਸੁਚੇਤ ਕਰਨ ਲਈ ਆਪਣੀ ਜ਼ਿੰਦਗੀ ਦੇ ਅਨੁਭਵ ਨੂੰ ਪ੍ਰਗਟ ਕਰਦੇ ਫ਼ੁਰਮਾਉਂਦੇ ਹਨ ਕਿ ‘‘ਲੋਗੁ ਜਾਨੈ ਇਹੁ ਗੀਤੁ ਹੈ; ਇਹੁ ਤਉ ਬ੍ਰਹਮ ਬੀਚਾਰ ॥’’ (ਭਗਤ ਕਬੀਰ/੩੩੫)