ਪੋਖਿ, ਤੁਖਾਰੁ ਨ ਵਿਆਪਈ
ਬੀਬੀ ਗਗਨਦੀਪ ਕੌਰ (ਮਾਨਸਾ)
ਪੋਖਿ, ਤੁਖਾਰੁ ਨ ਵਿਆਪਈ; ਕੰਠਿ ਮਿਲਿਆ ਹਰਿ ਨਾਹੁ॥ ਮਨੁ ਬੇਧਿਆ ਚਰਨਾਰਬਿੰਦ, ਦਰਸਨਿ ਲਗੜਾ ਸਾਹੁ॥
ਓਟ ਗੋਵਿੰਦ ਗੋਪਾਲ ਰਾਇ, ਸੇਵਾ ਸੁਆਮੀ ਲਾਹੁ॥ ਬਿਖਿਆ ਪੋਹਿ ਨ ਸਕਈ, ਮਿਲਿ ਸਾਧੂ ਗੁਣ ਗਾਹੁ॥
ਜਹ ਤੇ ਉਪਜੀ ਤਹ ਮਿਲੀ, ਸਚੀ ਪ੍ਰੀਤਿ ਸਮਾਹੁ॥ ਕਰੁ ਗਹਿ ਲੀਨੀ ਪਾਰਬ੍ਰਹਮਿ, ਬਹੁੜਿ ਨ ਵਿਛੁੜੀਆਹੁ॥
ਬਾਰਿ ਜਾਉ ਲਖ ਬੇਰੀਆ, ਹਰਿ ਸਜਣੁ ਅਗਮ ਅਗਾਹੁ॥ ਸਰਮ ਪਈ ਨਾਰਾਇਣੈ, ਨਾਨਕ ! ਦਰਿ ਪਈਆਹੁ॥
ਪੋਖੁ ਸੁੋਹੰਦਾ ਸਰਬ ਸੁਖ, ਜਿਸੁ ਬਖਸੇ ਵੇਪਰਵਾਹੁ॥੧੧॥ (ਮਾਝ ਬਾਰਹਮਾਹਾ, ਮ:੫/੧੩੫)
(ਨੋਟ– ਇਸ ਪੂਰੇ ਸ਼ਬਦ ’ਚ ਹਰ ਇੱਕ ਤੁਕ ਦੇ ਅਖ਼ੀਰ ’ਚ ਆਇਆ ਸ਼ਬਦ ‘ਨਾਹੁ (ਖਸਮ), ਸਾਹੁ (ਸੁਆਸ), ਲਾਹੁ (ਲਾਭ), ਗਾਹੁ (ਪਕੜ), ਸਮਾਹੁ (ਅਭੇਦ), ਵਿਛੁੜੀਆਹੁ (ਦੂਰੀ), ਅਗਾਹੁ (ਪਹੁੰਚ ਤੋਂ ਰਹਿਤ), ਪਈਆਹੁ (ਡਿੱਗਾ, ਝੁਕਾਵ)) ਅਤੇ ਵੇਪਰਵਾਹੁ (ਚਿੰਤਾ ਮੁਕਤ) ਦੇ ਅੰਤ ’ਚ ਲੱਗਾ ਔਂਕੜ ਉਚਾਰਨ ਦਾ ਭਾਗ ਨਹੀਂ ਹੈ ਕਿਉਂਕਿ ਜ਼ਿਆਦਾਤਰ ਇਹ ਸ਼ਬਦ ਇੱਕ ਵਚਨ ਪੁਲਿੰਗ ਨਾਉ ਨਾਲ ਸੰਬੰਧਤ ਹਨ ਜਿਨ੍ਹਾਂ ਨੂੰ ਧਿਆਨ ’ਚ ਰੱਖਦਿਆਂ ਸਭ ਦਾ ਉਚਾਰਨ ਇੱਕ ਸਮਾਨ ਹੀ ਕੀਤਾ ਜਾਵੇ ਤਾਂ ਉਚਿਤ ਹੋਵੇਗਾ।)
ਵਿਚਾਰ ਅਧੀਨ ਸ਼ਬਦ ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜੁਨ ਦੇਵ ਜੀ ਦੁਆਰਾ ਗਾਇਨ ਕੀਤਾ ਹੋਇਆ ਮਾਝ ਰਾਗ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 135 ’ਤੇ ਸੁਭਾਇਮਾਨ ਹੈ। ਜਿਸ ਪੋਹ ਦੇ ਮਹੀਨੇ ਨਾਲ ਇਹ ਸ਼ਬਦ ਸੰਬੰਧਤ ਹੈ, ਉਸ ਸਮੇਂ ਠੰਢੇ ਮੌਸਨ ਨੇ ਬਨਸਪਤੀ ’ਚ ਪਤਝੜ ਕੀਤੀ ਹੁੰਦੀ ਹੈ ਭਾਵ ਜ਼ਿਆਦਾਤਰ ਹਰਿਆਲੀ ਨਾ ਹੋਣ ਕਾਰਨ ਬੂਟੇ; ਹਰਿਆਲੀ (ਗੁਣਾਂ) ਤੋਂ ਸੱਖਣੇ ਹੁੰਦੇ ਹਨ। ਗੁਣਾਂ ਤੋਂ ਸੱਖਣੇ ਕਮਜ਼ੋਰ ਦਰਖ਼ਤ (ਜੀਵ, ਪਸ਼ੂ, ਪੰਛੀ, ਆਦਿ) ’ਤੇ ਹਮੇਸ਼ਾਂ ਸ਼ਿਕਾਰੀ (ਵਿਕਾਰ) ਆਪਣਾ ਪ੍ਰਭਾਵ ਪਾ ਲੈਂਦੇ ਹਨ।
ਗੁਰੂ ਜੀ ਫ਼ੁਰਮਾ ਰਹੇ ਹਨ ਕਿ ਪੋਹ (ਠੰਢ) ਦੇ ਮਹੀਨੇ ਵਿੱਚ ਉਸ ਦਰੱਖ਼ਤ (ਜੀਵ) ਨੂੰ ਠੰਢ (ਤੁਖਾਰ ਭਾਵ ਵਿਕਾਰ) ਨਹੀਂ ਵਿਆਪਦਾ, ਪ੍ਰਭਾਵ ਨਹੀਂ ਪਾ ਸਕਦਾ ਜਿਸ ਦੇ ਕੰਠ (ਗਲੇ, ਰਸਨਾ) ਵਿੱਚ ਮਾਲਕ ਹਰੀ ਮਿਲਿਆ (ਪ੍ਰੋਇਆ) ਹੁੰਦਾ ਹੈ ਕਿਉਂਕਿ ਉਨ੍ਹਾਂ ਦਾ ਮਨ ਮਾਲਕ ਦੇ ਸੁੰਦਰ (ਹਰਿਆਵਲੇ) ਚਰਨਾਂ ’ਚ ਵਿੰਨ੍ਹਿਆਂ ਰਹਿੰਦਾ ਹੈ, ਉਸ ਦੇ ਦਰਸਨ (ਪ੍ਰਭਾਵ) ਵਿੱਚ ਸੁਆਸ-ਸੁਆਸ ਜੁੜਿਆ ਰਹਿੰਦਾ ਹੈ
‘‘ਪੋਖਿ, ਤੁਖਾਰੁ ਨ ਵਿਆਪਈ; ਕੰਠਿ ਮਿਲਿਆ ਹਰਿ ਨਾਹੁ॥ ਮਨੁ ਬੇਧਿਆ ਚਰਨਾਰਬਿੰਦ, ਦਰਸਨਿ ਲਗੜਾ ਸਾਹੁ॥’’
ਅਗਰ ਕਿਸੇ ਬੂਟੇ ਜਾਂ ਦਰੱਖ਼ਤ ’ਤੇ ਠੰਡ ਦੀ ਮਾਰ ਨਾ ਪਵੇ ਤਾਂ ਉਸ ’ਤੇ ਹਰਿਆਲੀ ਆਉਣੀ ਸੁਭਾਵਕ ਹੈ। ਜਿਸ ਜੀਵ ਇਸਤ੍ਰੀ ਨੇ ਪਿ੍ਰਥਵੀ ਦੇ ਰਖਿਅਕ (ਗੋਵਿੰਦ), ਧਰਤੀ ਦੇ ਪਾਲਣਹਾਰ (ਗੋਪਾਲ) ਪਾਤਿਸ਼ਾਹ ਦੀ ਸ਼ਰਨ (ਓਟ) ਲਈ ਤਾਂ ਉਸ ’ਤੇ ਠੰਢ (ਵਿਕਾਰਾਂ) ਦਾ ਪ੍ਰਭਾਵ ਨਾ ਪੈਣ ਕਾਰਨ ਉਸ ਨੂੰ ਮਾਲਕ ਦੀ ਇਸ ਸੇਵਾ ਭਗਤੀ ਦਾ ਹਮੇਸ਼ਾਂ ਮੁਨਾਫ਼ਾ (ਲਾਹੁ, ਲਾਭ) ਹੀ ਹੁੰਦਾ ਹੈ। ਗੁਰੂ (ਸਾਧੂ) ਨੂੰ ਮਿਲ ਕੇ ਰੱਬ ਦੇ ਗੁਣਾਂ ਦੀ ਗਾਹ (ਪਕੜ) ਹੋ ਜਾਂਦੀ ਹੈ ਜਿਸ ਕਾਰਨ ਮਾਇਆ (ਜ਼ਹਿਰ) ਵਿਆਪ ਨਹੀਂ ਸਕਦੀ, ਜੀਵਨ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੀ ਕਿਉਂਕਿ ਜਿਸ ਮਾਲਕ ਰਾਹੀਂ ਆਰੰਭਕ ਸਮੇਂ (ਬਾਲਪਨ) ਦੌਰਾਨ ਉਸ ਦੀ ਉੱਚੀ ਸੁਰਤਿ ਹੋਈ ਸੀ ਉਸ ਮਾਲਕ ਵਰਗੀ ਹੀ ਸੱਚੀ (ਨਿਰਮਲ) ਪ੍ਰੀਤ ਬਣ ਕੇ ਦੁਬਾਰਾ ਉਸ ਵਿੱਚ ਹੀ ਮਿਲ ਜਾਂਦੀ ਹੈ, ਲੀਨ ਹੋ ਜਾਂਦੀ ਹੈ
‘‘ਓਟ ਗੋਵਿੰਦ ਗੋਪਾਲ ਰਾਇ, ਸੇਵਾ ਸੁਆਮੀ ਲਾਹੁ॥ ਬਿਖਿਆ ਪੋਹਿ ਨ ਸਕਈ, ਮਿਲਿ ਸਾਧੂ ਗੁਣ ਗਾਹੁ॥ ਜਹ ਤੇ ਉਪਜੀ ਤਹ ਮਿਲੀ, ਸਚੀ ਪ੍ਰੀਤਿ ਸਮਾਹੁ॥’’
ਜਿਸ ਦਾ ਹੱਥ (ਬਾਂਹ) ਮਾਲਕ ਨੇ ਪਕੜ ਲਿਆ ਉਸ ਦੀ ਦੁਆਰਾ ਮਾਲਕ ਤੋਂ ਦੂਰੀ ਨਾ ਬਣਦੀ। ਉਹ ਹਮੇਸ਼ਾਂ ਆਖਦੀ ਰਹਿੰਦੀ ਹੈ ਕਿ ਜੋ ਪਹੁੰਚ ਤੋਂ ਰਹਿਤ (ਅਗਮ), ਥਾਹ (ਪਕੜ) ਤੋਂ ਰਹਿਤ ਭਾਵ ਬੇਅੰਤ ਗੰਭੀਰ ਹਰੀ ਸੱਜਣ ਹੈ ਮੈਂ ਉਸ ਤੋਂ ਲੱਖਾਂ ਵਾਰੀ ਕੁਰਬਾਨ ਜਾਂਦੀ ਹਾਂ, ਉਸ ਦੁਆਰਾ ਮੇਰੇ ’ਤੇ ਕੀਤਾ ਉਪਕਾਰ ਯਾਦ ਰੱਖਦੀ ਹਾਂ
‘‘ਕਰੁ ਗਹਿ ਲੀਨੀ ਪਾਰਬ੍ਰਹਮਿ, ਬਹੁੜਿ ਨ ਵਿਛੁੜੀਆਹੁ॥ ਬਾਰਿ ਜਾਉ ਲਖ ਬੇਰੀਆ, ਹਰਿ ਸਜਣੁ ਅਗਮ ਅਗਾਹੁ॥’’
ਅਜਿਹੀ ਭਾਵਨਾ ਵਾਲੀ ਜੋ ਵੀ ਜੀਵ ਇਸਤ੍ਰੀ ਉਸ ਨਾਰਾਇਣ (ਕਰਤਾਰ) ਦੀ ਸ਼ਰਨ ਪੈ ਜਾਂਦੀ ਹੈ, ਉਸ ਦੇ ਦਰ ’ਤੇ ਡਿੱਗਦੀ ਹੈ ਉਸ ਲਈ ਪੋਹ ਦਾ ਠੰਢਾ ਮਹੀਨਾ ਵੀ ਸੁਹਾਵਨਾ (ਸੁੋਹੰਦਾ) ਬਣ ਜਾਂਦਾ ਹੈ ਕਿਉਂਕਿ ਉਸ ਲਈ ਸਦਾ ਹਰਿਆਵਲੀ (ਸੁਖ, ਖ਼ੁਸ਼ੀ) ਹੀ ਰਹਿੰਦੀ ਹੈ, ਪਤਝੜ ਨਹੀਂ, ਪਰ ਇਹ ਗੁਣ (ਹਰਿਆਲੀ) ਉਸ ਵਿੱਚ ਆਉਂਦੀ ਹੈ ਜਿਸ ਉੱਤੇ ਚਿੰਤਾ ਮੁਕਤ ਹਰੀ ਜੀ ਆਪ ਕ੍ਰਿਪਾ ਕਰਦੇ ਹਨ
‘‘ਸਰਮ ਪਈ ਨਾਰਾਇਣੈ, ਨਾਨਕ ! ਦਰਿ ਪਈਆਹੁ॥ ਪੋਖੁ ਸੁੋਹੰਦਾ ਸਰਬ ਸੁਖ, ਜਿਸੁ ਬਖਸੇ ਵੇਪਰਵਾਹੁ॥’’
ਪੋਹ ਦੇ ਮਹੀਨੇ ਨਾਲ ਸੰਬੰਧਤ ਵੀਚਾਰ ਹੀ ਗੁਰੂ ਨਾਨਕ ਦੇਵ ਜੀ ਬਾਰ੍ਹਾਂ ਮਾਹਾਂ ਤੁਖਾਰੀ ਰਾਗ ਵਿਚ ਪੰਨਾ 1109 ’ਤੇ ਬਿਆਨ ਕਰਦੇ ਹਨ ਕਿ ਪੋਹ ਦੇ ਮਹੀਨੇ ’ਚ ਠੰਢ ਪੈਂਦੀ ਹੈ ਜਿਸ ਕਾਰਨ ਜੰਗਲ, ਘਾਹ ਆਦਿ ਬਨਸਪਤਿ ਰੂਪ ਰਸ (ਹਰਿਆਵਲੀ) ਸੁਕ ਜਾਂਦੀ ਹੈ ‘‘ਪੋਖਿ ਤੁਖਾਰੁ ਪੜੈ, ਵਣੁ ਤ੍ਰਿਣੁ ਰਸੁ ਸੋਖੈ॥’’ ਪਰ ਜਿਸ ਦੇ ਮਨ-ਤਨ (ਕਰਨੀ ਤੇ ਕਥਨੀ) ਵਿੱਚ ਜਗਤ ਦਾ ਰਾਖਾ ਪ੍ਰਭੂ ਵੱਸਦਾ ਹੈ ਉਹ ਗੁਰੂ ਉਪਦੇਸ ਰਾਹੀਂ ਅਨੰਦ ਮਾਣਦੀ ਹੋਈ ਆਖਦੀ ਹੈ ਕਿ ਹੇ ਕੁਦਰਤ ਦੇ ਮਾਲਕ ! ਤੂੰ ਮੇਰੇ ਮਨ, ਤਨ ਤੇ ਮੁਖ (ਰਸਨਾ) ਵਿੱਚ ਆਉਂਦਾ ਕਿਉਂ ਨਹੀਂ ਭਾਵ ਵੱਸਦਾ ਕਿਉਂ ਨਹੀਂ ?
‘‘ਆਵਤ ਕੀ ਨਾਹੀ ? ਮਨਿ ਤਨਿ ਵਸਹਿ ਮੁਖੇ॥ ਮਨਿ ਤਨਿ ਰਵਿ ਰਹਿਆ ਜਗਜੀਵਨੁ, ਗੁਰ ਸਬਦੀ ਰੰਗੁ ਮਾਣੀ॥’’
ਬਨਸਪਤੀ ਦੇ ਮਾਲਕ ਦੀ ਜੋਤਿ ਹਰ ਜੀਵ ਦੇ ਹਿਰਦੇ ਵਿੱਚ ਵੱਸਦੀ ਹੈ। ਜੀਵਾਂ ਦੀ ਉਤਪਤੀ ਦੇ ਪ੍ਰਚੱਲਤ 4 ਸਾਧਨ ਮੰਨੇ ਜਾਂਦੇ ਸਨ
1. ਅੰਡੇ ਤੋਂ ਪੈਦਾ ਹੋਣ ਵਾਲੇ ਜੀਵ (ਮੁਰਗਾ ਜਾਤੀ, ਕੱਛੂ ਜਾਤੀ, ਮਗਰਮੱਛ ਜਾਤੀ, ਪੰਛੀ ਆਦਿ)
2. ਵੀਰਜ ਤੋਂ ਪੈਦਾ ਹੋਣ ਵਾਲੇ (ਮਨੁੱਖ, ਕੁੱਤਾ, ਘੋੜਾ, ਮੱਝ, ਪਸ਼ੂ ਆਦਿ),
3. ਪਸੀਨੇ ਤੋਂ ਪੈਦਾ ਹੋਣ ਵਾਲੇ (ਜੂੰ, ਚਿੱਚੜ ਆਦਿ) ਅਤੇ
4. ਪਾਣੀ ਤੇ ਧਰਤੀ ਦੀ ਗ਼ਰਮੀ ਤੋਂ ਪੈਦਾ ਹੋਣ ਵਾਲੇ (ਬਨਸਪਤੀ, ਪੌਦੇ ਆਦਿ), ਪਰ ਸਭ ਵਿਚ ਅਕਾਲ ਪੁਰਖ ਵਿਆਪਕ ਹੈ ‘‘ਅੰਡਜ ਜੇਰਜ ਸੇਤਜ ਉਤਭੁਜ, ਘਟਿ ਘਟਿ ਜੋਤਿ ਸਮਾਣੀ॥’’
ਗੁਰੂ ਸਿਖਿਆ ਰਾਹੀਂ ਰੱਬੀ ਪ੍ਰੇਮ ’ਚ ਰੰਗੀ ਜੀਵ ਇਸਤ੍ਰੀ ਪੋਹ ਦੀ ਠੰਡਕ ਵਿੱਚ ਵੀ ਮਿਹਰ ਕਰਨ ਵਾਲੇ ਦਾਤਾਰ ਮਾਲਕ ਅੱਗੇ ਬੇਨਤੀ ਕਰਦੀ ਆਖਦੀ ਰਹਿੰਦੀ ਹੈ ਕਿ ਹੇ ਦਯਾ ਦੇ ਸਮੁੰਦਰ ! ਮੈਨੂੰ ਉੱਚੀ ਮਤਿ ਬਖ਼ਸ਼ੋ, ਆਪਣਾ ਦਰਸਨ ਬਖਸੋ ਤਾਂ ਜੋ ਠੰਡਕ (ਵਿਕਾਰਾਂ) ਤੋਂ ਮੁਕਤ ਹੋਣ ਲਈ (ਨਿਰਲੇਪ) ਅਵਸਥਾ ਪ੍ਰਾਪਤ ਕਰ ਸਕਾਂ
‘‘ਦਰਸਨੁ ਦੇਹੁ ਦਇਆਪਤਿ ਦਾਤੇ ! ਗਤਿ ਪਾਵਉ ਮਤਿ ਦੇਹੋ॥’’
ਅੰਤ ’ਚ ਗੁਰੂ ਨਾਨਕ ਸਾਹਿਬ ਜੀ ਫ਼ੁਰਮਾ ਰਹੇ ਹਨ ਕਿ ਕੇਵਲ ਉਹੀ ਜੀਵ ਇਸਤ੍ਰੀ ਰਸੀਆ (ਪ੍ਰੇਮੀ ਮਾਲਕ) ਦੇ ਪ੍ਰੇਮ (ਰਸਿ) ਵਿੱਚ ਭਿੱਜ ਕੇ (ਪੋਹ ਠੰਡ ’ਚ) ਅਨੰਦ ਮਾਣ ਸਕਦੀ ਹੈ (ਜਿਸ ਦਾ ਗੁਰੂ ਸਿਖਿਆ ਰਾਹੀਂ) ਹਰੀ ਨਾਲ ਪ੍ਰੇਮ ਬਣ ਗਿਆ, ਪ੍ਰੀਤ ਬਣ ਗਈ
‘‘ਨਾਨਕ ! ਰੰਗਿ ਰਵੈ ਰਸਿ ਰਸੀਆ, ਹਰਿ ਸਿਉ ਪ੍ਰੀਤਿ ਸਨੇਹੋ॥੧੪॥’’ (ਤੁਖਾਰੀ ਬਾਰਹਮਾਹਾ/ਮ:੧/੧੧੦੯)
ਸਾਰ-
ਪੋਹ ਦੇ ਠੰਡੇ ਮਹੀਨੇ ਰਾਹੀਂ ਗੁਰੂ ਜੀ ਜੀਵ ਇਸਤ੍ਰੀ ਨੂੰ ਹੌਸਲਾ ਦਿੰਦੇ ਹੋਏ ਸਮਝਾ ਰਹੇ ਹਨ ਕਿ ਰੱਬੀ ਪ੍ਰੇਮ ’ਚ ਰੰਗੀ ਜੀਵ ਇਸਤ੍ਰੀ ਹਮੇਸ਼ਾਂ ਵਿਕਾਰਾਂ ਦੇ ਮੁਕਾਬਲੇ ਸ਼ਕਤੀਸਾਲੀ ਬਣ ਜਾਂਦੀ ਹੈ, ਜਿਸ ਨੂੰ ਵਿਕਾਰ ਰੂਪ ਠੰਡਕ ਪੋਹ (ਛੁਹ) ਨਹੀਂ ਸਕਦੀ ਭਾਵ ਨਿਡਰ ਜੀਵ ਪਾਪਾਂ ਦੇ ਸਾਹਮਣੇ ਹਾਰਦਾ ਨਹੀਂ ਹੈ
‘‘ਸੋ ਡਰੈ ਜਿ ਪਾਪ ਕਮਾਵਦਾ, ਧਰਮੀ ਵਿਗਸੇਤੁ॥’’(ਮ: ੪/੮੪)