ਮਾਘਿ ਮਜਨੁ ਸੰਗਿ ਸਾਧੂਆ॥

0
2140

ਮਾਘਿ ਮਜਨੁ ਸੰਗਿ ਸਾਧੂਆ॥

ਬੀਬੀ ਹਰਪ੍ਰੀਤ ਕੌਰ ਸੋਲਨ-8054519471

ਮਾਘਿ ਮਜਨੁ ਸੰਗਿ ਸਾਧੂਆ; ਧੂੜੀ ਕਰਿ ਇਸਨਾਨੁ॥ ਹਰਿ ਕਾ ਨਾਮੁ ਧਿਆਇ ਸੁਣਿ; ਸਭਨਾ ਨੋ ਕਰਿ ਦਾਨੁ॥

ਜਨਮ ਕਰਮ ਮਲੁ ਉਤਰੈ; ਮਨ ਤੇ ਜਾਇ ਗੁਮਾਨੁ॥ ਕਾਮਿ ਕਰੋਧਿ ਨ ਮੋਹੀਐ; ਬਿਨਸੈ ਲੋਭੁ ਸੁਆਨੁ॥

ਸਚੈ ਮਾਰਗਿ ਚਲਦਿਆ; ਉਸਤਤਿ ਕਰੇ ਜਹਾਨੁ॥ ਅਠਸਠਿ ਤੀਰਥ ਸਗਲ ਪੁੰਨ; ਜੀਅ ਦਇਆ ਪਰਵਾਨੁ॥

ਜਿਸ ਨੋ ਦੇਵੈ ਦਇਆ ਕਰਿ; ਸੋਈ ਪੁਰਖੁ ਸੁਜਾਨੁ॥ ਜਿਨਾ ਮਿਲਿਆ ਪ੍ਰਭੁ ਆਪਣਾ; ਨਾਨਕ !  ਤਿਨ ਕੁਰਬਾਨੁ॥

ਮਾਘਿ ਸੁਚੇ ਸੇ ਕਾਂਢੀਅਹਿ; ਜਿਨ ਪੂਰਾ ਗੁਰੁ ਮਿਹਰਵਾਨੁ॥

ਪਦ ਅਰਥ : ਮਾਘਿ–ਮਾਘ ਲਖਿਅਤ੍ਰ ਵਾਲੀ ਪੂਰਨਮਾਸ਼ੀ ਦਾ ਮਹੀਨਾ। ਮਾਘਿ–ਮਾਘ ਮਹੀਨੇ ਵਿਚ। ਮਜਨੁ–ਚੁੱਭੀ। ਦਾਨੁ–ਨਾਮ ਦਾ ਦਾਨ। ਜਨਮ ਕਰਮ ਮਲੁ–ਕਈ ਜਨਮਾਂ ਦੇ ਕੀਤੇ ਕਰਮਾਂ ਦੀ ਮੈਲ। ਗੁਮਾਨੁ–ਹੰਕਾਰ। ਕਾਮਿ–ਕਾਮ ਵਿਚ। ਕਰੋਧਿ–ਕਰੋਧ ਵਿਚ। ਮੋਹੀਐ–ਠੱਗੇ ਜਾਈਦਾ। ਸੁਆਨੁ–ਕੁੱਤਾ। ਉਸਤਤਿ–ਸ਼ੋਭਾ। ਅਠਸਠਿ–ਅਠਾਹਠ ਤੀਰਥ। ਪਰਵਾਨੁ–ਮੰਨਿਆ-ਪ੍ਰਮੰਨਿਆ। ਕਰਿ–ਕਰ ਕੇ। ਸੁਜਾਨੁ–ਸਿਆਣਾ। ਕਾਂਢੀਅਹਿ–ਆਖੇ ਜਾਂਦੇ ਹਨ।

ਅਰਥ : ਮਾਘ ਵਿਚ (ਮਾਘੀ ਵਾਲੇ ਦਿਨ ਲੋਕ ਪ੍ਰਯਾਗ ਆਦਿਕ ਤੀਰਥਾਂ ’ਤੇ ਇਸ਼ਨਾਨ ਕਰਨਾ ਬੜਾ ਪੁੰਨ-ਕਰਮ ਸਮਝਦੇ ਹਨ, ਪਰ ਤੂੰ ਹੇ ਭਾਈ), ਗੁਰਮੁਖਾਂ ਦੀ ਸੰਗਤ ਕਰਨ ਵਿਚ (ਬੈਠ, ਇਹੀ ਹੈ ਤੀਰਥਾਂ ਦਾ) ਇਸ਼ਨਾਨ, ਉਹਨਾਂ ਦੀ ਚਰਨ-ਧੂੜ ਵਿਚ ਇਸ਼ਨਾਨ ਕਰ (ਨਿਮ੍ਰਤਾ-ਭਾਵ ਨਾਲ ਗੁਰਮੁਖਾਂ ਦੀ ਸੰਗਤ ਕਰ, ਉਥੇ) ਪਰਮਾਤਮਾ ਦਾ ਨਾਮ ਜਪ, ਪਰਮਾਤਮਾ ਦੀ ਸਿਫਤ ਸਾਲਾਹ ਸੁਣ, ਹੋਰ ਸਭਨਾਂ ਨੂੰ ਇਹ ਨਾਮ ਦੀ ਦਾਤ ਵੰਡ, (ਇਸ ਤਰ੍ਹਾਂ ਕਈ ਜਨਮਾਂ ਦੇ ਕੀਤੇ ਕਰਮਾਂ ਤੋਂ ਪੈਦਾ ਹੋਈ ਵਿਕਾਰਾਂ ਦੀ ਮੈਲ (ਤੇਰੇ ਮਨ ਤੋਂ) ਲਹਿ ਜਾਏਗੀ, ਤੇਰੇ ਮਨ ਵਿਚੋਂ ਅਹੰਕਾਰ ਦੂਰ ਹੋ ਜਾਏਗਾ।

(ਸਿਮਰਨ ਦੀ ਬਰਕਤ ਨਾਲ) ਕਾਮ ਵਿਚ, ਕ੍ਰੋਧ ਵਿਚ ਨਹੀਂ ਫਸੀਦਾ, ਲੋਭ-ਕੁੱਤਾ ਵੀ ਮੁੱਕ ਜਾਂਦਾ ਹੈ (ਲੋਭ, ਜਿਸ ਦੇ ਅਸਰ ਹੇਠ ਮਨੁੱਖ ਕੁੱਤੇ ਵਾਂਗ ਦਰ-ਦਰ ’ਤੇ ਭਟਕਦਾ ਹੈ) ਇਸ ਸੱਚੇ ਰਸਤੇ ਉੱਤੇ ਤੁਰਿਆਂ ਜਗਤ ਵੀ ਸ਼ੋਭਾ ਕਰਦਾ ਹੈ। ਅਠਾਹਠ ਤੀਰਥਾਂ ਦਾ ਇਸ਼ਨਾਨ, ਸਾਰੇ ਪੁੰਨ-ਕਰਮ, ਜੀਵਾਂ ਉੱਤੇ ਦਇਆ ਕਰਨੀ ਜੋ ਧਾਰਮਿਕ ਕੰਮ ਮੰਨੀ ਗਈ ਹੋਈ ਹੈ) ਇਹ ਸਭ ਕੁਝ ਸਿਮਰਨ ਵਿਚ ਹੀ ਆ ਜਾਂਦੇ ਹਨ)।

ਪਰਮਾਤਮਾ ਕਿਰਪਾ ਕਰਕੇ ਜਿਸ ਮਨੁੱਖ ਨੂੰ (ਸਿਮਰਨ ਦੀ ਦਾਤਿ) ਦੇਂਦਾ ਹੈ, ਉਹ ਮਨੁੱਖ (ਜ਼ਿੰਦਗੀ ਦੇ ਸਹੀ ਰਸਤੇ ਦੀ ਪਛਾਣ ਵਾਲਾ) ਸਿਆਣਾ ਹੋ ਜਾਂਦਾ ਹੈ।

ਹੇ ਨਾਨਕ ! (ਆਖ) ਜਿਨ੍ਹਾਂ ਨੂੰ ਪਿਆਰਾ ਪ੍ਰਭੂ ਮਿਲ ਪਿਆ ਹੈ, ਮੈਂ ਉਹਨਾਂ ਤੋਂ ਸਦਕੇ ਹਾਂ। ਮਾਘ ਮਹੀਨੇ ਵਿਚ ਸਿਰਫ਼ ਉਹੀ ਸੁੱਚੇ ਬੰਦੇ ਆਖੇ ਜਾਂਦੇ ਹਨ, ਜਿਨ੍ਹਾਂ ਉੱਤੇ ਪੂਰਾ ਸਤਿਗੁਰੂ ਦਇਆਵਾਨ ਹੁੰਦਾ ਹੈ (ਤੇ ਜਿਨ੍ਹਾਂ ਨੂੰ ਸਿਮਰਨ ਦੀ ਦਾਤ ਦਿੰਦਾ ਹੈ)।

ਵਿਆਖਿਆ : ਵੀਚਾਰ ਅਧੀਨ ਸ਼ਬਦ ਵਿਚ ਸਤਿਗੁਰੂ ਨੇ ਜੀਵਨ ਨੂੰ ਪਵਿੱਤਰ ਕਰਨ ਦਾ ਢੰਗ ਦੱਸਿਆ ਹੈ। ਸਚਿਆਰਾ ਬਣਨ ਦਾ ਕੀ ਢੰਗ ਹੈ ‘‘ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ’’ ਇਹ ਸਮੱਸਿਆ ਹੈ। ਜਦੋਂ ਤੱਕ ਮਨ ਵਿਚ ਪਵਿੱਤਰਤਾ ਨਹੀਂ, ਮਨ ਵਿਚ ਸ਼ਾਂਤੀ ਨਹੀਂ, ਮਨ ਵਿਚ ਤ੍ਰਿਪਤੀ ਨਹੀਂ ਅਤੇ ਮਨ ਵਿਚੋਂ ਸਹਸ ਸਿਆਣਪਾਂ ਨਹੀਂ ਮਿਟਦੀਆਂ ਉਦੋਂ ਤੱਕ ਇਹ ਸਚਿਆਰਾ ਨਹੀਂ ਬਣ ਸਕਦਾ।

  1. ਸੋਚੈ, ਸੋਚਿ ਨ ਹੋਵਈ ਜੇ ਸੋਚੀ ਲਖ ਵਾਰ–ਪਾਣੀ ਨਾਲ ਤਨ ਧੋਣ ਨਾਲ ਮਨ ਸ਼ੁੱਧ ਨਹੀਂ ਹੋ ਸਕਦਾ।
  2. ਚੁਪੈ, ਚੁਪ ਨ ਹੋਵਈ ਜੇ ਲਾਇ ਰਹਾ ਲਿਵਤਾਰ–ਮੋਨ ਧਾਰਨ ਕਰਨ ਨਾਲ ਮਨ ਚੁੱਪ ਨਹੀਂ ਹੋ ਜਾਂਦਾ।
  3. ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ–ਜੇ ਮਨ ਹੀ ਤ੍ਰਿਸ਼ਨਾ ਦੇ ਅਧੀਨ ਹੈ ਤਾਂ ਤਨ ਦਾ ਰਜੇਵਾਂ ਥੋਥਾ ਹੈ।
  4. ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ–ਬਿਨਾਂ ਅਨੁਭਵ ਤੋਂ ਮਨ ਦੀਆਂ ਥੋਥੀਆਂ ਦਲੀਲਾਂ ਨਾਲ ਤਸੱਲੀ ਨਹੀਂ ਹੁੰਦੀ।

ਇਸ ਸ਼ਬਦ ਦੀ ਅਖੀਰਲੀ ਤੁਕ ਹੈ–‘‘ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੁ ਮਿਹਰਵਾਨੁ॥’’ ਭਾਵ ਸੁੱਚੇ ਉਹ ਹਨ ਜੋ ਗੁਰੂ ਦੀ ਕਿਰਪਾ ਦੇ ਪਾਤਰ ਹਨ। ਗੁਰੂ ਦੀ ਕਿਰਪਾ, ਗੁਰੂ ਦਾ ਹੁਕਮ ਮੰਨਣ ਨਾਲ ਸਾਕਾਰ ਹੁੰਦੀ ਹੈ ਜਿਵੇਂ ਰੋਗੀ ਤੇ ਡਾਕਟਰ ਦੀ ਕਿਰਪਾ ਡਾਕਟਰ ਦਾ ਕਹਿਣਾ ਮੰਨਣ ਨਾਲ ਸਾਕਾਰ ਹੁੰਦੀ ਹੈ। ਅਗਰ ਰੋਗੀ, ਡਾਕਟਰ ਦੀ ਕਹੀ ਦਵਾਈ ਅਤੇ ਨੁਸਖ਼ਾ ਆਪਣੀ ਜੇਬ ਵਿਚ ਪਾਈ ਫਿਰੇ ਤਾਂ ਡਾਕਟਰ ਕੋਲ ਕੋਈ ਬਣੀ ਬਣਾਈ ਕਿਰਪਾ ਨਹੀਂ ਫਿਰ ਭਾਵੇਂ ਕੋਈ ਆਮ ਮਨੁੱਖ ਹੋਵੇ ਜਾਂ ਡਾਕਟਰ ਦਾ ਆਪਣਾ ਪੁੱਤਰ ਹੀ ਕਿਉਂ ਨਾ ਹੋਵੇ ਇਸੇ ਤਰ੍ਹਾਂ ਗੁਰੂ ਦੀ ਕਿਰਪਾ ਗੁਰੂ ਦਾ ਹੁਕਮ ਮੰਨਣ ’ਤੇ ਨਿਰਭਰ ਕਰਦੀ ਹੈ ਚਾਹੇ ਆਮ ਮਨੁੱਖ ਹੋਵੇ ਚਾਹੇ ਗੁਰੂ ਪੁੱਤਰ ਹੀ ਕਿਉਂ ਨਾ ਹੋਵੇ। ਹਿੰਦੂ ਲੋਕ ਮਾਘ ਮਹੀਨੇ ਵਿਚ ਤੀਰਥਾਂ ਦਾ ਇਸਨਾਨ ਕਰਦੇ ਹਨ ਅਤੇ ਦਾਨ ਕਰਦੇ ਹਨ ਪਰ ਜੀਵਨ ਉੱਥੇ ਦਾ ਉੱਥੇ ਹੀ ਰਹਿੰਦਾ ਹੈ। ‘‘ਤੀਰਥ ਬਰਤ ਅਰੁ ਦਾਨ ਕਰਿ, ਮਨ ਮਹਿ ਧਰੈ ਗੁਮਾਨੁ॥ ਨਾਨਕ ਨਿਹਫਲ ਜਾਤ ਤਿਹ, ਜਿਉ ਕੁੰਚਰ ਇਸਨਾਨੁ॥’’        ਅਤੇ

‘‘ਨਾਵਣਿ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ॥ ਇਕ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰਿ॥’’

ਅਨੁਸਾਰ ਉਹਨਾਂ ਦੀ ਹਉਮੈ ਦੀ ਮੈਲ ਨਹੀਂ ਉਤਰਦੀ। ਇਸ ਕਰਕੇ ਅਸਲੀ ਇਸ਼ਨਾਨ ਹੈ ਸਾਧੂਆਂ ਗੁਰਮੁਖਾਂ ਦੀ ਧੂੜੀ ਵਿਚ ਇਸ਼ਨਾਨ ਕਰਨਾ। ਧੂੜੀ ਕੀ ਹੈ ? ਇਸ ਤੋਂ ਪਹਿਲਾਂ ‘ਚਰਨ’ ਸਮਝਣੇ ਜ਼ਰੂਰੀ ਹਨ। ਧਰਮ ਦੀ ਭਾਸ਼ਾ ਵਿਚ ਚਰਨਾਂ ਦਾ ਮਤਲਬ ਹੈ ਗੁਰੂ ਦੇ ਬਚਨ।

  1. ਹਿਰਦੈ ਚਰਨ ਸ਼ਬਦੁ ਸਤਿਗੁਰ ਕੋ, ਨਾਨਕ ਬਾਧਿਓ ਪਾਲਿ॥ (ਸ਼ਬਦ ਰੂਪ ਚਰਨ)
  2. ਮਾਈ ਚਰਨ ਗੁਰ ਮੀਠੇ॥ ਵਡੇ ਭਾਗਿ ਦੇਵੈ ਪਰਮੇਸ਼ਰੁ ਕੋਟਿ ਫਲਾ ਦਰਸਨ ਗੁਰ ਡੀਠੇ॥ (ਮਿੱਠੀ ਬਚਨਾਂ ਰੂਪੀ ਚਰਨ)

ਚਰਨ ਧੂੜਿ ਦਾ ਅਰਥ ਹੋਇਆ ਬਚਨਾਂ ਰਾਹੀਂ ਮਿਲੀ ਸਿੱਖਿਆ। ਗੁਰੂ ਦੀ ਸਿੱਖਿਆ ’ਤੇ ਚੱਲ ਕੇ ਆਪ ਕਮਾਈ ਕਰਨੀ ਅਤੇ ਹੋਰਾਂ ਨੂੰ ਵੀ ਨਾਮ ਉਪਦੇਸ਼ ਦੀ ਦਾਤ ਵੰਡਣੀ ਭਾਵ ਗੁਰਮਤਿ ਅਨੁਸਾਰ ਜੀਵਨ ਜੁਗਤਿ ਦੱਸਣੀ। ਇਹ ਹੈ ਅੰਦਰਲਾ ਇਸ਼ਨਾਨ ਜਿਸ ਨੂੰ ਗੁਰੂ ਜੀ ਕਹਿੰਦੇ ਹਨ–‘‘ਮਾਘਿ ਪੁਨੀਤ ਭਈ ਤੀਰਥੁ ਅੰਤਰਿ ਜਾਨਿਆ’’। ਜਦੋਂ ਗੁਣਾਂ ਦੇ ‘‘ਸਾਜਨ ਸਹਜਿ ਮਿਲੇ ਗੁਣ ਗਹਿ ਅੰਕਿ ਸਮਾਨਿਆ’’ ਵਾਲੀ ਅਵਸਥਾ ਹੋ ਜਾਂਦੀ ਹੈ ਤਾਂ ਮਨੁੱਖ ‘‘ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ’’ ਵਾਲਾ ਹੋ ਜਾਂਦਾ ਹੈ।

ਜਿਸ ਮਨੁੱਖ ਨੇ ‘‘ਪਰਮੇਸੁਰ ਜੁਗਿ ਜੁਗਿ ਏਕੋ ਜਾਤਾ’’ ਉਸ ਮਨੁੱਖ ਦਾ ‘‘ਪੁੰਨ ਦਾਨ ਪੂਜਾ’’ ਆਪੇ ਹੀ ਹੋ ਜਾਂਦਾ ਹੈ। ਅਜਿਹਾ ਮਨੁੱਖ ਪਰਵਾਣ ਹੋ ਜਾਂਦਾ ਹੈ ਉਸ ਨੂੰ ਅਖਉਤੀ ‘‘ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ’’ ਦੀ ਲੋੜ ਨਹੀਂ। ਜੀਵ ਦਇਆ ਭਾਵ ਜੈਨੀਆਂ ਵਾਲੀ ਦਇਆ ‘‘ਸਚੈ ਮਾਰਗਿ ਚਲਦਿਆ’’ ਕਾਰਨ ‘‘ਉਸਤਤਿ ਕਰੇ ਜਹਾਨੁ’’ ਵਾਲਾ ਹੋ ਜਾਂਦਾ ਹੈ। ਉਸ ਨੂੰ ਪ੍ਰਯਾਗ ਦੇ ਤ੍ਰਿਬੇਣੀ ਸੰਗਮ ਤੇ ਜਾਣ ਦੀ ਲੋੜ ਨਹੀਂ ਉਸ ਦੇ ਤਾਂ ‘‘ਗੰਗ ਜਮੁਨ ਕੇ ਅੰਤਰੇ ਸਹਜ ਸੁੰਨ ਕੇ ਘਾਟ’’ ਅੰਦਰਿ ਹੀ ਬਣ ਜਾਂਦੇ ਹਨ। ਨਾਮ ਧੂੜ ਪ੍ਰਾਪਤ ਕਰਕੇ ਉਸ ਨੂੰ ਮਹਾਂ-ਰਸ ਮਿਲ ਜਾਂਦਾ ਹੈ–‘‘ਨਾਨਕ, ਮਾਘਿ ਮਹਾ ਰਸ ਹਰਿ ਜਪਿ, ਅਠਸਠਿ ਤੀਰਥ ਨਾਤਾ॥’’