ਅਸੂ ਸੁਖੀ ਵਸੰਦੀਆ

0
1160

ਅਸੂ ਸੁਖੀ ਵਸੰਦੀਆ

ਬੀਬੀ ਅਮਰ ਕੌਰ, ਜਲੰਧਰ-99881-76886

ਅਸੁਨਿ ਪ੍ਰੇਮ ਉਮਾਹੜਾ, ਕਿਉ ਮਿਲੀਐ ਹਰਿ ਜਾਇ॥ ਮਨਿ ਤਨਿ ਪਿਆਸ ਦਰਸਨ ਘਣੀ, ਕੋਈ ਆਣਿ ਮਿਲਾਵੈ ਮਾਇ॥

ਸੰਤ ਸਹਾਈ ਪ੍ਰੇਮ ਕੇ, ਹਉ ਤਿਨ ਕੈ ਲਾਗਾ ਪਾਇ॥ ਵਿਣੁ ਪ੍ਰਭ ਕਿਉ ਸੁਖੁ ਪਾਈਐ, ਦੂਜੀ ਨਾਹੀ ਜਾਇ॥

ਜਿੰਨੀ ਚਾਖਿਆ ਪ੍ਰੇਮ ਰਸੁ, ਸੇ ਤ੍ਰਿਪਤਿ ਰਹੇ ਆਘਾਇ॥ ਆਪੁ ਤਿਆਗਿ ਬਿਨਤੀ ਕਰਹਿ, ਲੇਹੁ ਪ੍ਰਭੂ ਲੜਿ ਲਾਇ॥

ਜੋ ਹਰਿ ਕੰਤਿ ਮਿਲਾਈਆ, ਸਿ ਵਿਛੁੜਿ ਕਤਹਿ ਨ ਜਾਇ॥ ਪ੍ਰਭ ਵਿਣੁ ਦੂਜਾ ਕੋ ਨਹੀ, ਨਾਨਕ ! ਹਰਿ ਸਰਣਾਇ॥

ਅਸੂ ਸੁਖੀ ਵਸੰਦੀਆ, ਜਿਨਾ ਮਇਆ ਹਰਿ ਰਾਇ॥੮॥ (ਮਾਝ ਬਾਰਹਮਾਹਾ, ਮ:੫/੧੩੫)

ਪਦ ਅਰਥ: ਅਸੁਨਿ- ਅੱਸੂ ਦੇ ਮਹੀਨੇ ਵਿੱਚ, ਉਮਾਹੜਾ-ਉਛਲ ਪੈਂਦਾ ਹੈ।, ਘਣੀ- ਬਹੁਤ, ਆਣਿ- ਲਿਆ ਕੇ, ਸਹਾਈ- ਮਦਦਗਾਰ, ਹਉ-ਮੈਂ, ਤਿਨ ਕੈ-ਉਨ੍ਹਾਂ ਦੇ, ਪਾਂਇ-ਚਰਨੀਂ, ਜਾਇ-ਆਸਰਾ (ਜਗ੍ਹਾ), ਚਾਖਿਆ-ਮਾਣਿਆ, ਆਘਾਇ-ਸੰਤੁਸਟ ਹੋ ਗਏ, ਆਪੁ-ਹੰਕਾਰ, ਕੰਤਿ-ਖਸਮ ਨੇ, ਮਇਆ-ਮਿਹਰ ।

ਅਰਥ: ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਬਾਰਹਾਮਾਹਾ ਰਾਗ ਮਾਝ ਦੀ ਇਸ ਪਉੜੀ ਨੰ. 8 ਰਾਹੀਂ ‘ਅੱਸੂ’ ਮਹੀਨੇ ਦੀ ਬਹਾਰ ਅਤੇ ਵਾਤਾਵਰਨ ’ਚ ਹੋ ਰਹੀ ਤਬਦੀਲੀ ਆਉਣ ਕਰਕੇ ਮਨੁੱਖੀ ਆਤਮਾ ਦੀ ਪ੍ਰਮਾਤਮਾ ਨਾਲ ਮਿਲਣ ਦੀ ਤੀਬਰ ਇੱਛਾ ਅਤੇ ਇਸ ਆਤਮਿਕ ਮਿਲਾਪ ਦੇ ਸੁਖ ਅਨੰਦ ਦਾ ਵਰਣਨ ਕਰਦੇ ਹਨ।

‘ਅੱਸੂ’ ਸ਼ਬਦ ਦੀ ਬਣਤਰ ਵਿੱਚ ਆਸ, ਉਮੀਦ, ਬੇਨਤੀ (ਜੋਦੜੀ), ਅਤੇ ਆਦਰਸ਼ ਦੀ ਸਹੀ ਸੇਧ ਵੱਲ ਉਤਸ਼ਾਹੀ ੳੂਰਜਾ ਦੇ ਹੁਲਾਰੇ ਕਾਰਨ ਜੀਵ ਇਸਤ੍ਰੀ ਦੇ ਅੰਦਰ ਅਕਾਲ ਪੁਰਖ ਦੇ ਦਰਸ਼ਨਾਂ ਅਤੇ ਪ੍ਰੀਤ-ਮਿਲਾਪ ਲਈ ਤੀਬਰ ਇੱਛਾ ਨੂੰ ਪ੍ਰਗਟਾਇਆ ਗਿਆ ਹੈ ਕਿਉਂਕਿ ਇਸ ਮਹੀਨੇ ਵਿੱਚ ਭਾਦਰੋਂ ਦੇ ਘੁੰਮੇ ਤੇ ਹੁੰਮਸ ਦਾ ਅਸਰ ਖ਼ਤਮ ਹੋਣ ’ਤੇ ਰੁੱਤ ਸੁਹਾਵਣੀ (ਨਾ ਗਰਮ ਅਤੇ ਨਾ ਸਰਦੀ) ਹੋਣ ਕਾਰਨ ਮਨ ਅਤੇ ਤਨ ਨੂੰ ਸੁਖੀ ਤੇ ਚਾਉ-ਉਮਾਹ, ਸਿਰਜਣਾਤਮਕ ਆਸਾਵਾਂ ਤੇ ਸਰਗਰਮੀਆਂ ਵੱਲ ਪ੍ਰੇਰਿਤ ਕਰਦੀ ਹੈ। ਤੀਬਰ ਇੱਛਾ ਦੀ ਪੂਰਤੀ ਲਈ ਆਪਣੇ ਪਿਆਰਿਆਂ ਅੱਗੇ ਤਰਲੇ ਪਾਉਂਦੀ ਹੋਈ ਕੂਕਦੀ ਹੈ ਕਿ ਪਿਆਰੇ ਪ੍ਰਭੂ ਨੂੰ ਕਿਵੇਂ ਮਿਲਿਆ ਜਾਵੇ ? ਕਿਉਂਕਿ ਉਸ ਨੂੰ ਪਤਾ ਹੈ ਕਿ ਪ੍ਰਭੂ ਪਿਆਰੇ ਦੇ ਦਰਸ਼ਨ ਕਰਕੇ ਹੀ ਜ਼ਿੰਦਗੀ ਦੀ ਕਾਇਆਂ-ਕਲਪ ਹੋਵੇਗੀ ਅਤੇ ਅਸਲੀ ਸੁਖ ਆਨੰਦ ਬਣੇਗਾ।

ਦੁਨਿਆਵੀ ਕਰਮਾਂ ਤੇ ਐਸਾਂ ਦੇ ਸਾਮਾਨ ਨੇ ਮਨ ਦੀ ਪਿਆਸ ਬੁਝਾਉਣ ਦੀ ਥਾਂ ਹੋਰ ਭੜਕੀ ਲਾਉਣੀ ਹੈ। ਇਸ ਲਈ ਸਾਨੂੰ ਨਿਜੀ ਅਤੇ ਸਮੂਹਕ ਰੂਪ ’ਚ ਰਹਿਤ ਮਰਯਾਦਾ ਦੀ ਅਮਲੀ ਪਰਪੱਕਤਾ ਨਿਸ਼ਚਿਤ ਕਰਕੇ ਸਚਿਆਰੀ ਜੀਵਨ ਜਾਂਚ ਦੀ ਘਾੜਤ ਲਈ ਆਪਣੀਆਂ ਵਿਕਾਰੀ ਮਨੋ ਬ੍ਰਿਤੀਆਂ ਨੂੰ ਕਾਬੂ ਕਰਨਾ ਹੋਵੇਗਾ ਕਿਉਂਕਿ ਨਿਤ ਨਵੀਆਂ ਆਸਾਵਾਂ -ਤ੍ਰਿਸ਼ਨਾਵਾਂ ਹੀ ਜ਼ਿੰਦਗੀ ਲਈ ਦੁੱਖਾਂ ਦਾ ਸਬੱਬ ਬਣਦੀਆਂ ਹਨ ਜਿਵੇਂ ਗੁਰੂ ਵਾਕ ਹੈ: ‘‘ਜਨ ਨਾਨਕ ਪ੍ਰਭ ਦੇਹੁ ਮਤੀ, ਛਡਿ ਆਸਾ ਨਿਤ ਸੁਖਿ ਸਉਦਿਆ॥’’ (ਮ:੪/੭੭੬)

ਗੁਰੂ ਰਾਮਦਾਸ ਜੀ ਇਸ ਸਰੀਰ ਨੂੰ ਘੋੜੀ ਦੱਸਦੇ ਹੋਏ ਇਸ ਦੀ ਘਾੜਤ ਲਈ ਮੂੰਹ ਵਿੱਚ ਗਿਆਨ ਦੀ ਲਗਾਮ ਲਗਾ ਕੇ ਪ੍ਰੇਮ ਪ੍ਰੇਰਣਾ ਦੇ ਚਾਬੁਕ ਲਾਉਣ ਲਈ ਕਹਿੰਦੇ ਹਨ: ‘‘ਤਨਿ ਪ੍ਰੇਮੁ ਹਰਿ ਹਰਿ ਲਾਇ ਚਾਬਕੁ, ਮਨੁ ਜਿਣੈ ਗੁਰਮੁਖਿ ਜੀਤਿਆ॥’’ (ਮ:੪/੫੭੫)

ਇਹ ਤੀਬਰ ਲੱਗੀ ਪਿਆਸ ਪ੍ਰੇਮ ਰਸ ਨੇ ਹੀ ਮਿਟਾਉਣੀ ਹੈ। ਪ੍ਰੇਮ ਰਸ ਦੀ ਪ੍ਰਾਪਤੀ ਲਈ ਸੱਚੇ ਸੁੱਚੇ ਸੰਤ ਜਨਾਂ ਦੇ ਚਰਨੀਂ ਲੱਗਿਆਂ, ਨਿਮਰਤਾ ਧਾਰ ਕੇ ਸੇਵਾ ਭਾਵ ਨਾਲ ਸ਼ਰਨੀਂ ਆਉਣ ’ਤੇ ਸਹੀ ਰਾਹ ਮਿਲੇਗਾ ਇੱਥੇ ਪਹੁੰਚ ਕੇ ਪ੍ਰਭੂ ਪਿਆਰ ਲਈ ਮਨ ਵਿੱਚ ਦ੍ਰਿੜਤਾ ਹੋਣੀ ਕਿ ਸਭ ਸੁੱਖਾਂ ਦਾ ਦਾਤਾ ‘ਵਾਹਿਗੁਰੂ’ ਹੈ ਹੋਰ ਕਿਸੇ ਥਾਂ, ਤੀਰਥਾਂ, ਪਦਾਰਥਾਂ ਵਿੱਚ ਸੁੱਖ ਦੇਣ ਦੀ ਸ਼ਕਤੀ ਨਹੀਂ ਮਿਲਦੀ। ਆਪਣੇ ਜੀਵਨ ਵਿੱਚ ਸਹਿਜ, ਸੁੱਖ ਆਨੰਦ ਦੀ ਪ੍ਰਾਪਤੀ ਲਈ ਗੁਰਸਿੱਖਾਂ ਦੀ ਸੰਗਤ ਕਰਦੇ ਹੋਏ ਅਸੀਂ ਗੁਰਮਤਿ ਗਾਡੀ ਰਾਹ ਦਾ ਰਾਹੀ ਬਣ ਕੇ ਗੁਰਬਾਣੀ ਉਪਦੇਸ ਦੀ ਸੋਝੀ ਲੈਣੀ ਹੈ ਅਤੇ ‘‘ਲੇਹੁ ਪ੍ਰਭੂ ਲੜਿ ਲਾਇ॥’’ ਲਈ ਬੇਨਤੀ/ਜੋਦੜੀ ਕਰਨੀ ਹੈ।

ਮਿਹਰ ਕਰਕੇ ਪ੍ਰਭੂ ਪਤੀ ਜਿਸ ਜੀਵ ਇਸਤ੍ਰੀ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਉਸ ਦਾ ਮਨ ਫਿਰ ਹੋਰ ਕਿਧਰੇ ਨਹੀਂ ਜਾਂਦਾ ‘‘ਵਿਛੁੜਿ ਕਤਹਿ ਨਾ ਜਾਇ॥’’

ਗੁਰੂ ਅਰਜਨ ਦੇਵ ਜੀ ਇਹ ਸਮਝਾਉਂਦੇ ਹਨ ਕਿ ਇਹੋ ਹੀ ਬੇਨਤੀ ਕਰੋ ਕਿ ਪ੍ਰਭੂ ਜੀ ! ਸਾਡਾ ਤੁਹਾਡੇ ਬਿਨ ਕੋਈ ਮਦਦਗਾਰ ਨਹੀਂ ਇਸ ਲਈ ਸਦਾ ਆਪਣੀ ਸ਼ਰਨ ਵਿੱਚ ਰੱਖ: ‘‘ਪ੍ਰਭ ਵਿਣੁ ਦੂਜਾ ਕੋ ਨਹੀ, ਨਾਨਕ ! ਹਰਿ ਸਰਣਾਇ॥’’

ਉਮਾਹ ਭਰੇ ਅੱਸੂ ਦੇ ਮਹੀਨੇ ਸੱਚੇ ਪਾਤਿਸ਼ਾਹ ਨੇ ਜਿਸ ਉੱਪਰ ਮਿਹਰ ਕਰਕੇ ਆਪਣੇ ਨਾਲ ਮਿਲਾ ਲਿਆ, ਉਸ ਦੀ ਤ੍ਰਿਸ਼ਨਾ, ਭੁੱਖ ਮੁੱਢੋਂ ਹੀ ਖ਼ਤਮ ਹੋ ਕੇ ਮਿਲੇ ਪ੍ਰੇਮ ਰਸ ਨਾਲ ਸਦਾ ਲਈ ਸੁੱਖ ਆਨੰਦ ਪ੍ਰਾਪਤ ਕਰ ਲਿਆ: ‘‘ਅਸੂ ਸੁਖੀ ਵਸੰਦੀਆ, ਜਿਨਾ ਮਇਆ ਹਰਿ ਰਾਇ॥’’

ਰਾਗ ਤੁਖਾਰੀ ਵਿੱਚ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਸਾਹਿਬ ਜੀ ਫ਼ੁਰਮਾ ਰਹੇ ਹਨ: ‘‘ਨਾਨਕ ! ਅਸੁਨਿ ਮਿਲਹੁ ਪਿਆਰੇ, ਸਤਿਗੁਰ ਭਏ ਬਸੀਠਾ॥ ਭਾਵ ਜਿਸ ਮਨੁੱਖ ਦੇ ਸਤਿਗੁਰ ਜੀ ਵਿਚੋਲੇ ਬਣ ਜਾਣ ਉਹ ਪ੍ਰਭੂ ਅੱਗੇ ਹਮੇਸਾਂ ਪੁਕਾਰ ਕਰਦਾ ਰਹਿੰਦਾ ਹੈ ਕਿ ਹੇ ਪ੍ਰਭੂ ਜੀ ! ਮੈਨੂੰ ਤੁਰੰਤ ਮਿਲ ਕਿਉਂਕਿ ਉਸ ਦੀ ਆਸ ਤੇ ਤਾਂਘ ਬਣ ਜਾਂਦੀ ਹੈ: ‘‘ਅਸੁਨਿ ਆਉ ਪਿਰਾ ! ਸਾ ਧਨ ਝੂਰਿ ਮੁਈ॥ ਤਾ ਮਿਲੀਐ ਪ੍ਰਭ ਮੇਲੇ, ਦੂਜੈ ਭਾਇ ਖੁਈ॥ ਭਾਵ ਹੇ ਪਤੀ ! ਜਦ ਤੂੰ ਮਿਲਾਏਂਗਾ ਤਾਂ ਹੀ ਮਿਲਿਆ ਜਾ ਸਕਦਾ ਹੈ ਤੇਰੀ ਮਿਹਰ ’ਤੋਂ ਬਿਨਾ ਜੀਵ ਇਸਤ੍ਰੀ ਹੋਰਾਂ ਦੇ ਪਿਆਰ ’ਚ ਹੀ ਖਚਿਤ ਰਹਿੰਦੀ ਹੈ।

ਰਾਗ ਮਾਝ ਵਿੱਚ ਵੀ ਗੁਰੂ ਅਰਜਨ ਸਾਹਿਬ ਜੀ ਫ਼ੁਰਮਾ ਰਹੇ ਹਨ: ‘‘ਜਿੰਨੀ ਚਾਖਿਆ ਪ੍ਰੇਮ ਰਸੁ, ਸੇ ਤ੍ਰਿਪਤਿ ਰਹੇ ਆਘਾਇ॥ ਆਪੁ ਤਿਆਗਿ ਬਿਨਤੀ ਕਰਹਿ, ਲੇਹੁ ਪ੍ਰਭੂ ਲੜਿ ਲਾਇ॥’’ ਭਾਵ ਜਿਨ੍ਹਾਂ ਨੇ ਤੇਰਾ ਪ੍ਰੇਮ ਰਸ ਮਾਣਿਆ ਉਹ ਦੁਨਿਆਵੀ ਪਦਾਰਥਾਂ ਵੱਲੋਂ ਸੰਤੁਸਟ ਹੋ ਗਈਆਂ, ਰੱਜ ਗਈਆਂ ਅਤੇ ਹੰਕਾਰ (ਦੁਨਿਆਵੀ ਲਾਲਸਾ) ਛੱਡ ਕੇ ਬੇਨਤੀ ਕਰਦੀਆਂ ਹਨ ਕਿ ਹੇ ਪ੍ਰਭੂ ਜੀ ! ਸਾਨੂੰ ਆਪਣੇ ਚਰਨੀਂ ਲਗਾਈ ਰੱਖ।

ਸੋ, ਉਕਤ ਸ਼ਬਦ ਦੀਆਂ ਪੰਕਤੀਆਂ ਜਿਗਿਆਸੂ ਜੀਵ ਇਸਤ੍ਰੀ ਨੂੰ ਭਰੋਸਾ ਦਿਵਾਉਂਦੀਆਂ ਹਨ ਕਿ ਵਾਹਿਗੁਰੂ/ਪ੍ਰਭੂ ਅੱਗੇ ਕੀਤੀ ਗਈ ਅਰਦਾਸ/ਜੋਦੜੀ ਬਿਰਥਾ ਨਹੀਂ ਜਾਂਦੀ ਕਿਉਂਕਿ ਅੰਤਰ ਆਤਮੇ ਬੈਠਾ ਪ੍ਰਭੂ-ਪਤੀ ਆਸਵੰਦ ਦੀ ਆਸ ਜ਼ਰੂਰ ਪੂਰੀ ਕਰਦਾ ਹੈ। ਸੁਯੋਗ ਗੁਰਮਤਿ ਜੀਵਨ-ਮਾਰਗ ਦੀ ਸੋਝੀ ਪੌਣ ’ਤੇ ਜੀਵ ਇਸਤ੍ਰੀ ਪਿਆਰੇ ਪਤੀ-ਪ੍ਰਭੂ ਨਾਲ ਸਦੀਵੀ ਮਿਲਾਪ ਦਾ ਸੁੱਖ ਪ੍ਰਾਪਤ ਕਰਦੀ ਹੈ।