ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ॥

0
1253

ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ॥

ਬੀਬੀ ਹਰਪ੍ਰੀਤ ਕੌਰ ਸੋਲਨ-8054519471

ਫਲਗੁਣਿ ਅਨੰਦ ਉਪਾਰਜਨਾ; ਹਰਿ ਸਜਣ ਪ੍ਰਗਟੇ ਆਇ॥ ਸੰਤ ਸਹਾਈ ਰਾਮ ਕੇ; ਕਰਿ ਕਿਰਪਾ ਦੀਆ ਮਿਲਾਇ॥

ਸੇਜ ਸੁਹਾਵੀ ਸਰਬ ਸੁਖ; ਹੁਣਿ ਦੁਖਾ ਨਾਹੀ ਜਾਇ॥ ਇਛ ਪੁਨੀ ਵਡਭਾਗਣੀ; ਵਰੁ ਪਾਇਆ ਹਰਿ ਰਾਇ॥

ਮਿਲਿ ਸਹੀਆ ਮੰਗਲੁ ਗਾਵਹੀ; ਗੀਤ ਗੋਵਿੰਦ ਅਲਾਇ॥ ਹਰਿ ਜੇਹਾ ਅਵਰੁ ਨ ਦਿਸਈ; ਕੋਈ ਦੂਜਾ ਲਵੈ ਨ ਲਾਇ॥

ਹਲਤੁ ਪਲਤੁ ਸਵਾਰਿਓਨੁ; ਨਿਹਚਲ ਦਿਤੀਅਨੁ ਜਾਇ॥ ਸੰਸਾਰ ਸਾਗਰ ਤੇ ਰਖਿਅਨੁ; ਬਹੁੜਿ ਨ ਜਨਮੈ ਧਾਇ॥

ਜਿਹਵਾ ਏਕ, ਅਨੇਕ ਗੁਣ; ਤਰੇ ਨਾਨਕ ਚਰਣੀ ਪਾਇ॥ ਫਲਗੁਣਿ ਨਿਤ ਸਲਾਹੀਐ; ਜਿਸ ਨੋ ਤਿਲੁ ਨ ਤਮਾਇ॥ ੧੩॥

ਪਦ ਅਰਥ : ਫਲਗੁਣਿ–ਫੱਗਣ ਮਹੀਨੇ ਵਿਚ, ਉਪਾਰਜਨਾ–ਉਪਜ। ਰਾਮ ਕੇ ਸਹਾਈ–ਪਰਮਾਤਮਾ ਨਾਲ ਮਿਲਣ ਵਿਚ ਸਹਾਇਤਾ ਕਰਨ ਵਾਲੇ। ਸੇਜ–ਹਿਰਦਾ। ਵਰ–ਖਸਮ,ਗਾਵਹੀਂ–ਗਾਉਂਦੀਆਂ ਹਨ। ਮੰਗਲੁ–ਖੁਸ਼ੀ ਦਾ ਗੀਤ। ਅਲਾਇ–ਉਚਾਰ ਕੇ। ਲਵੈ–ਨੇੜੇ। ਹਲਤੁ ਪਲਤੁ–ਲੋਕ ਪਰਲੋਕ। ਸਵਾਰਿਓਨੁ–ਸਵਾਰ ਦਿੱਤਾ। ਦਿਤੀਅਨੁ–ਉਸ ਪ੍ਰਭੂ ਨੇ ਦਿੱਤੀ। ਜਾਇ–ਥਾਂ। ਪਾਇ–ਪਾਈ, ਭਟਕਣਾ। ਪਾਇ–ਪੈ ਕੇ। ਤਿਲੁ–ਫਰੇਬ। ਤਮਾਇ–ਤਮਾ, ਲਾਲਚ।

ਅਰਥ : ਸਿਆਲੀ ਰੁੱਤ ਦੀ ਕਰੜੀ ਸਰਦੀ ਪਿੱਛੋਂ ਰੁੱਤ ਫਿਰਨ ’ਤੇ, ਫੱਗਣ ਦੇ ਮਹੀਨੇ ਵਿਚ ਲੋਕ ਹੋਲੀਆਂ ਦੇ ਰੰਗ ਤਮਾਸ਼ਿਆਂ ਦੀ ਰਾਹੀਂ ਖਿਨ-ਮਾਤ੍ਰ ਖੁਸ਼ੀਆਂ ਮਨਾਉਂਦੇ ਹਨ ਪਰ ਫੱਗਣ ਵਿਚ ਉਹਨਾਂ ਜੀਵ-ਇਸਤਰੀਆਂ ਦੇ ਅੰਦਰ ਆਤਮਕ ਅਨੰਦ ਪੈਦਾ ਹੋ ਜਾਂਦਾ ਹੈ ਜਿਨ੍ਹਾਂ ਦੇ ਹਿਰਦੇ ਵਿਚ ਸੱਜਣ ਹਰੀ ਪ੍ਰਤੱਖ ਆ ਵੱਸਦਾ ਹੈ। ਪ੍ਰਭੂ ਨਾਲ ਮਿਲਣ ਵਿਚ ਸਹਾਇਤਾ ਕਰਨ ਵਾਲੇ ਸੰਤ ਜਨ ਮਿਹਰ ਕਰਕੇ ਉਹਨਾਂ ਨੂੰ ਪ੍ਰਭੂ ਨਾਲ ਜੋੜ ਦਿੰਦੇ ਹਨ। ਉਹਨਾਂ ਦੀ ਹਿਰਦਾ ਸੇਜ ਸੁੰਦਰ ਬਣ ਜਾਂਦੀ ਹੈ। ਉਹਨਾਂ ਨੂੰ ਸਾਰੇ ਹੀ ਸੁੱਖ ਪ੍ਰਾਪਤ ਹੋ ਜਾਂਦੇ ਹਨ। ਦੁੱਖਾਂ ਲਈ ਉਹਨਾਂ ਦੇ ਹਿਰਦੇ ਵਿਚ ਕੋਈ ਜਗ੍ਹਾ ਨਹੀਂ ਰਹਿ ਜਾਂਦੀ। ਉਹਨਾਂ ਵਡਭਾਗਣ ਜੀਵ ਇਸਤਰੀਆਂ ਦੀ ਕਾਮਨਾ ਪੂਰੀ ਹੋ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਹਰੀ ਪ੍ਰਭੂ ਵਰ ਮਿਲ ਜਾਂਦਾ ਹੈ। ਉਹ ਸਤਸੰਗੀ ਸਹੇਲੀਆਂ ਨਾਲ ਰਲ ਕੇ ਰੱਬੀ ਸਿਫਤ-ਸਾਲਾਹ ਦੇ ਗੀਤ ਅਲਾਪ ਕੇ ਆਤਮਕ ਅਨੰਦ ਪੈਦਾ ਕਰਨ ਵਾਲੀ ਬਾਣੀ ਗਾਉਂਦੀਆਂ ਹਨ। ਉਹਨਾਂ ਨੂੰ ਪਰਮਾਤਮਾ ਵਰਗਾ ਹੋਰ ਕੋਈ ਨਹੀਂ ਦਿਸਦਾ ਜੋ ਉਸ ਪ੍ਰਭੂ ਦੀ ਬਰਾਬਰੀ ਕਰ ਸਕੇ। ਪਰਮਾਤਮਾ ਨੇ ਉਹਨਾਂ ਦਾ ਹਲਤ ਪਲਤ ਸਵਾਰ ਦਿੱਤਾ ਹੈ ਅਤੇ ਉਹਨਾਂ ਨੂੰ ਆਪਣੇ ਚਰਨਾਂ ਵਿਚ ਨਾ ਡੋਲਣ ਵਾਲੀ ਥਾਂ ਦਿੱਤੀ ਹੈ। ਪ੍ਰਭੂ ਨੇ ਉਹਨਾਂ ਨੂੰ ਸੰਸਾਰ ਸਮੁੰਦਰ ਵਿਚ ਡੁਬਣੋਂ ਬਚਾ ਲਿਆ ਹੈ ਤੇ ਉਸ ਦੀ ਮੁੜ ਜਨਮ ਮਰਨ ਵਿਚ ਦੌੜ-ਭੱਜ ਨਹੀਂ ਹੁੰਦੀ। ਸਾਡੀ ਇਕ ਜੀਭ ਹੈ, ਪ੍ਰਭੂ ਦੇ ਅਨੇਕ ਗੁਣ ਹਨ ਅਸੀਂ ਉਹਨਾਂ ਨੂੰ ਬਿਆਨ ਨਹੀਂ ਕਰ ਸਕਦੇ ਪਰੰਤੂ ਜਿਹੜੇ ਉਸ ਦੀ ਚਰਨੀ ਪੈਂਦੇ ਹਨ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ। ਇਸ ਕਰਕੇ ਫੱਗਣ ਦੇ ਮਹੀਨੇ ਵਿਚ ਸਦਾ ਉਸ ਪਰਮਾਤਮਾ ਦੀ ਸਿਫਤ-ਸਾਲਾਹ ਕਰਨੀ ਚਾਹੀਦੀ ਹੈ ਜਿਸ ਨੂੰ ਆਪਣੀ ਵਡਿਆਈ ਕਰਾਉਣ ਬਦਲੇ ਫਰੇਬ ਜਾਂ ਤਮਾ ਨਹੀਂ।

ਵਿਆਖਿਆ : ਫੱਗਣ ਦਾ ਮਹੀਨਾ ਸਰਦੀਆਂ ਦੇ ਅੰਤ ਅਤੇ ਗਰਮੀ ਦੀ ਸ਼ੁਰੂਆਤ ਦਾ ਮਹੀਨਾ ਹੋਣ ਕਾਰਨ ਦੋਵਾਂ ਦੇ ਕ੍ਰੋਪ ਤੋਂ ਬਚਿਆ ਹੋਣ ਕਾਰਨ ਸੁਹਾਵਣਾ ਹੈ। ਕੁਦਰਤ ਵਿਚਲਾ ਕੋਰਾਪਨ ਖਤਮ ਹੋ ਜਾਂਦਾ ਹੈ ਅਤੇ ਨਿੱਘਾਪਨ ਸ਼ੁਰੂ ਹੋ ਜਾਂਦਾ ਹੈ। ਸਰਦੀ ਨਾਲ ਸੜ ਚੁੱਕੀ ਬਨਸਪਤੀ ਵਿਚ ਨਵੇਂ ਜੀਵਨ ਦੀ ਅਰੰਭਤਾ ਹੋ ਜਾਂਦੀ ਹੈ। ਜਿਹੜੀ ਬਨਸਪਤੀ ਆਪਣੀ ਬਹਾਰ ਅਤੇ ਖੇੜੇ ਨੂੰ ਕੋਰੇ ਦੇ ਅਸਰ ਕਾਰਨ ਸੰਕੋਚ ਕੇ ਬੈਠੀ ਸੀ। ਉਹੀ ਬਨਸਪਤੀ ਨਿੱਘ ਮਿਲਣ ਤੇ ਆਪਣੇ ਅੰਦਰਲੇ ਜੀਵਨ ਨੂੰ ਨਵੀਆਂ ਕਰੂੰਬਲਾਂ, ਕਲੀਆਂ, ਫੁੱਲਾਂ, ਪੱਤਿਆਂ ਦੇ ਰੂਪ ਵਿਚ ਪ੍ਰਗਟ ਕਰਨ ਵਾਸਤੇ ਉਛਾਲੇ ਲੈਣ ਲਗਦੀ ਹੈ। ਮੌਕਾ ਮਿਲਦਿਆਂ ਹੀ ਬਨਸਪਤੀ ਆਪਣੇ ਆਪ ਨੂੰ ਖਿੜਾ ਲੈਂਦੀ ਹੈ। ਚਾਰੇ ਪਾਸੇ ਖੇੜਾ ਹੀ ਖੇੜਾ, ਬਹਾਰ ਹੀ ਬਹਾਰ, ਰੁਮਕੀਆਂ ਹਵਾਵਾਂ, ਫੁੱਲਾਂ ਦੇ ਗੁੱਛਿਆਂ ’ਤੇ ਭੌਰਿਆਂ ਦੀ ਗੁੰਜਾਰ, ਅੰਬਾਂ ਤੇ ਬੂਰ ਅਤੇ ਕੋਇਲ ਦੀ ਕੂਕ ਦਾ ਨਜ਼ਾਰਾ ਸਾਨੂੰ ਕੁਦਰਤ ਵਿਚੋਂ ਦੇਖਣ ਨੂੰ ਮਿਲਦਾ ਹੈ। ਹਰ ਪਾਸੇ ਬਸੰਤ ਦੀ ਰੁੱਤ ਛਾ ਜਾਂਦੀ ਹੈ। ਲੋਕ ਹੋਲੀਆਂ ਮਨਾਉਂਦੇ ਹਨ। ਇਕ ਦੂਜੇ ਤੇ ਰੰਗ ਪਾ ਕੇ ਬਨਾਵਟੀ ਜਿਹੀ ਖੁਸ਼ੀ ਮਾਣਦੇ ਹਨ। ਸਤਿਗੁਰੂ ਜੀ ਕਹਿੰਦੇ ਹਨ ਕਿ ਬਸੰਤ ਹਰ ਵਾਰ ਆਉਂਦੀ ਹੈ ਪਰ ਮਨੁੱਖ ਦੇ ਹਿਰਦੇ ਵਿਚ ਪਤਝੜ ਸਦਾ ਰਹਿੰਦੀ ਕਿਉਂ ਹੈ ? ਬਨਸਪਤੀ ਤੇ ਬਹਾਰ ਹੈ ਪਰ ਮਨੁੱਖੀ ਅੰਦਰ ਦੇ ਅਨੰਦ ਤੋਂ ਕਿਉਂ ਸੱਖਣਾ ਹੈ ? ਲੋਕ ਇਕ ਦੂਜੇ ਦੇ ਸ਼ਰੀਰ ਉੱਤੇ ਰੰਗ ਪਾ ਕੇ ਬਨਾਵਟੀ ਜਿਹਾ ਹਾਸਾ ਹੱਸਦੇ ਹਨ। ਕਾਗਜ਼ ਦੇ ਫੁੱਲਾਂ ਵਿਚੋਂ ਖੁਸ਼ਬੋ ਨਹੀਂ ਆ ਸਕਦੀ ਤਿਵੇਂ ਕਾਗਜ਼ੀ ਹਾਸੀ ਹਿਰਦੇ ’ਤੇ ਅਸਰ ਨਹੀਂ ਪਾ ਸਕਦਾ। ਬਨਸਪਤੀ ਆਪਣਾ ਜੀਵਨ ਧਰਤੀ ਦੇ ਧੁਰ ਅੰਦਰ ਤੋਂ ਖਿੱਚ ਕੇ ਪ੍ਰਗਟ ਕਰਦੀ ਹੈ ਇਸ ਤਰ੍ਹਾਂ ਅਸਲੀ ਅਨੰਦ ਮਨੁੱਖੀ ਹਿਰਦੇ ਦੇ ਧੁਰ ਅੰਦਰ ਤੋਂ ਪੈਦਾ ਹੈ। ਪਰ ਪ੍ਰਗਟ ਕਿਵੇਂ ਹੋਵੇਗਾ ? ਉਦੋਂ ਪ੍ਰਗਟ ਹੋਵੇਗਾ ਜਦੋਂ ‘‘ਹਰਿ ਸਜਣ ਪ੍ਰਗਟੇ ਆਇ॥’’ ਜੇਕਰ ਪ੍ਰਭੂ ਵਾਲੇ ਗੁਣ ਹਿਰਦੇ ਵਿਚ ਨਾ ਹੋਣ ਤਾਂ ਇਸ ਦੀ ਹਾਲਤ–

      1. ਕੈਂਹ ਦੇ ਭਾਂਡੇ ਵਰਗੀ ਹੈ ਜਿਹੜਾ ਬਾਹਰੋਂ ਬੜਾ ਲਿਸ਼ਕਦਾ ਹੈ ਪਰ ਵਾਰ ਵਾਰ ਧੌਣ ’ਤੇ ਵੀ ਕਾਲਖ ਪੈਦਾ ਕਰਦਾ ਹੈ।

      2. ਬਗੁਲੇ ਵਰਗੀ ਹੈ ਜਿਸਦੀ ਸ਼ਕਲ ਦੁੱਧ ਵਰਗੀ ਹੈ ਪਰ ਸੁਰਤ ਕੋਲੇ ਵਰਗੀ ਹੈ।

     3. ਸਿੰਮਲ ਦੇ ਰੁੱਖ ਵਰਗੀ ਹੈ ਜਿਹੜਾ ਸਰੀਰ ਕਰਕੇ ਬੜਾ ਉੱਚਾ ਲੰਮਾ ਹੈ ਜਿਸਦੇ ਫਲ ਬੜੇ ਲਾਲ ਸੂਹੇ ਹੁੰਦੇ ਹਨ ਪਰ ਪੰਛੀਆਂ ਨੂੰ ਉਸ ਤੋਂ ਨਿਰਾਸ਼ਾ ਹੀ ਹੁੰਦੀ ਹੈ।

   4. ਉਹਨਾਂ ਮਹਿਲਾਂ ਵਰਗੀ ਹੁੰਦੀ ਹੈ ਜਿਹੜੇ ਬਾਹਰੋਂ ਚਿਤਰੇ ਹੁੰਦੇ ਹਨ ਪਰ ਉਹਨਾਂ ਵਿਚ ਰਹਿਣ ਵਾਲਾ ਕੋਈ ਨਾ ਹੋਵੇ।

ਇਸ ਕਰਕੇ ਅਸਲੀ ਬਸੰਤ ਉਹਨਾਂ ਦੇ ਹਿਰਦੇ ਵਿਚ ਹੈ ਜਿਹਨਾਂ ਦੇ ਹਿਰਦੇ ਵਿਚ ਮਾਲਕ ਪ੍ਰਭੂ ਵੱਸਦਾ ਹੈ। ‘‘ਨਾਨਕ ਤਿਨਾ ਬਸੰਤ ਹੈ ਜਿਨ ਘਰਿ ਵਸਿਆ ਕੰਤੁ॥ ਜਿਨ ਕੇ ਕੰਤ ਦਿਸਾਪੁਰੀ ਸੇ ਅਹਿ ਨਿਸਿ ਫਿਰਹਿ ਜਲੰਤ॥’’ ਪਰ ਅਕਾਲ ਪੁਰਖ ਵੀ ਤਾਂ ਗੁਰੂ ਦੀ ਕਿਰਪਾ ਸਦਕਾ ਹੀ ਅੰਦਰ ਵੱਸਦਾ ਹੈ। ਫਿਰ ਹੀ ਮਨ ਦੀ ਹਰੇਕ ਮੰਗ ਪੂਰੀ ਹੋ ਸਕਦੀ ਹੈ। ‘‘ਗੁਰ ਪ੍ਰਸਾਦਿ, ਮੇਰੈ ਮਨਿ ਵਸਿਆ ਜੋ ਮਾਗਉ ਸੋ ਪਾਵਉ ਰੇ’’ ਵਾਲੀ ਅਵਸਥਾ ਹੋ ਜਾਂਦੀ ਹੈ। ਪ੍ਰਭੂ ਦੇ ਮਿਲਣ ਤੇ ‘‘ਸੇਜ ਸੁਹਾਵੀ’’ ਅਤੇ ‘ਸਰਬ ਸੁਖ’’ ਮਿਲ ਜਾਂਦੇ ਹਨ। ਜੀਵ ਇਸਤਰੀ ‘‘ਅਨਦਿਨੁ ਰਹਸੁ ਭਇਆ ਆਪੁ ਗਵਾਇਆ’’ ਵਾਲੀ ਹੋ ਜਾਂਦੀ ਹੈ। ਹੁਣ ਆਪਾ ਗਵਾ ਕੇ ਉਹ ‘‘ਮਿਲਿ ਸਹੀਆ ਮੰਗਲੁ ਗਾਵਹੀ’’ ਅਤੇ ‘‘ਗੀਤ ਗੋਵਿੰਦ ਅਲਾਇ’’ ਦਾ ਕਾਰਜ ਸ਼ੁਰੂ ਕਰ ਦਿੰਦੀ ਹੈ। ਉਸ ਨੂੰ ‘‘ਹਰਿ ਜੇਹਾ ਅਵਰੁ ਨ ਦਿਸਈ’’ ਦੇ ਕਾਰਨ ‘‘ਨਿਹਚਲ ਦਿਤੀਅਨ ਜਾਇ’’ ਪ੍ਰਾਪਤ ਹੋ ਜਾਂਦੀ ਹੈ। ਉਹ ਮਹਿਸੂਸ ਕਰਦੀ ਹੈ ਕਿ ਮੇਰੀ ‘‘ਜਿਹਵਾ ਏਕ’’ ਹੈ ਪਰ ਰੱਬ ਦੇ‘‘ਅਨੇਕ ਗੁਣ’’ ਹਨ ਜਿਹਨਾਂ ਨੂੰ ਧਾਰਨ ਕੀਤਿਆਂ ‘‘ਸੰਸਾਰ ਸਾਗਰ ਤੇ ਰਖਿਅਨੁ’’ ਵਾਲੀ ਅਵਸਥਾ ਮਿਲ ਜਾਂਦੀ ਹੈ, ਉਸ ਨੂੰ ਕਿਸੇ ਬਾਹਰੀ ਸ਼ਿੰਗਾਰ ਦੀ ਲੋੜ ਨਹੀਂ ਪੈਂਦੀ ਜਿਸ ਨੂੰ ਪ੍ਰਭੂ ਪਤੀ ਨੇ ਪਸੰਦ ਕਰ ਲਿਆ–‘‘ਹਾਰ ਡੋਰ ਰਸ ਪਾਟ ਪਟੰਬਰ, ਪਿਰਿ ਲੋੜੀ ਸ਼ੀਗਾਰੀ॥ ਨਾਨਕ ਮੇਲਿ ਲਈ ਗੁਰਿ ਆਪਣੈ ਘਰਿ ਵਰੁ ਪਾਇਆ ਨਾਰੀ॥’’ (੧੧੦੯)