20.1 C
Jalandhar
Saturday, April 11, 2026
spot_img
Home Blog Page 204

ਆਜੁ ਹਮਾਰੈ ਗ੍ਰਿਹਿ ਬਸੰਤ ॥

0

ਆਜੁ ਹਮਾਰੈ ਗ੍ਰਿਹਿ ਬਸੰਤ ॥

ਵਾ. ਪ੍ਰਿਸੀਪਲ ਮਨਿੰਦਰਪਾਲ ਸਿੰਘ- 94175-86121

ਸਿਰਲੇਖ ਅਧੀਨ ਪਾਵਨ ਰੱਬੀ ਪੈਗ਼ਾਮ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1180 ’ਤੇ ਬਸੰਤ ਰਾਗ ਅੰਦਰ ਸੁਭਾਇਮਾਨ ਹੈ।

‘‘ਆਜੁ ਹਮਾਰੈ; ਗ੍ਰਿਹਿ ਬਸੰਤ ॥ ਗੁਨ ਗਾਏ ਪ੍ਰਭ ! ਤੁਮ੍ ਬੇਅੰਤ ॥੧॥ ਰਹਾਉ ॥’’ ਬਸੰਤ ਰੁੱਤ ਵਿੱਚ ਹਰ ਇੱਕ ਪਾਸੇ ਖੇੜਾ ਨਜ਼ਰ ਆਉਂਦਾ ਹੈ, ਹਰਿਆਵਲ ਹੀ ਹਰਿਆਵਲ ਹੁੰਦੀ ਹੈ। ਮੌਸਮ ਬੜਾ ਸੁਹਾਵਣਾ ਅਤੇ ਅਨੰਦਮਈ ਹੁੰਦਾ ਹੈ, ਗੁਰੂ ਜੀ ਇਨ੍ਹਾਂ ਪੰਕਤੀਆਂ ਵਿੱਚ ਅਕਾਲ ਪੁਰਖ ਜੀ ਨੂੰ ਸੰਬੋਧਨ ਕਰਕੇ ਆਖ ਰਹੇ ਹਨ ਕਿ ਹੇ ਬੇਅੰਤ ਪ੍ਰਭੂ ਜੀ! ਅੱਜ ਮੇਰੇ ਹਿਰਦੇ ਘਰ ਵਿੱਚ ਬਸੰਤ ਰੁੱਤ ਆ ਗਈ ਹੈ ਭਾਵ ਮੇਰੇ ਜੀਵਨ ਵਿੱਚ ਅਨੰਦ ਬਣ ਗਿਆ ਹੈ, ਖੇੜਾ ਆ ਗਿਆ ਹੈ, ਇਸ ਖੇੜੇ ਦਾ ਕਾਰਨ ਇਹ ਹੈ ਕਿ ਮੈਂ ਤੁਹਾਡੀ ਸਿਫ਼ਤ ਸਾਲਾਹ, ਤੁਹਾਡੇ ਗੁਣ ਹਿਰਦੇ ਨਾਲ ਗਾਇਨ ਕੀਤੇ ਹਨ।

ਸਰਦੀ ਤੇ ਗਰਮੀ ਬਿਲਕੁਲ ਵਿਰੋਧੀ ਪ੍ਰਭਾਵ ਰੱਖਦੀਆਂ ਹਨ ਪਰ ਇਨ੍ਹਾਂ ਦੋਹਾਂ ਵਿੱਚ ਇੱਕ ਸਾਂਝਾ ਗੁਣ ਹੈ ਕਿ ਜਿੱਥੇ ਅਤਿ ਦੀ ਸਰਦੀ ਜੀਵਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੀ ਹੈ ਉੱਥੇ ਅਤਿ ਦੀ ਗਰਮੀ ਵੀ ਜੀਵਾਂ ਨੂੰ ਸੁੱਖ ਦਾ ਸਾਹ ਨਹੀਂ ਲੈਣ ਦੇਂਦੀ, ਇਹਨਾਂ ਦੋਹਾਂ ਦੇ ਪ੍ਰਕੋਪ ਕਾਰਨ ਹਰ ਸਾਲ ਕਈ ਜੀਵ ਮੌਤ ਦੀ ਬੁੱਕਲ ਵਿੱਚ ਚਲੇ ਜਾਂਦੇ ਹਨ। ਹਰ ਜੀਵ ਇਨ੍ਹਾਂ ਦੋਹਾਂ ਕੋਲੋਂ ਹੀ ਬਚਣ ਦਾ ਯਤਨ ਕਰਦਾ ਹੈ ਪਰ ਬਸੰਤ ਰੁੱਤ ਜਿਵੇਂ ਸਰਬੱਤ ਦਾ ਭਲਾ ਮੰਗਦੀ ਹੈ; ਇਹ, ਗਰਮੀ ਨੂੰ ਤੱਤੀਆਂ ਲੂਆਂ ਅਤੇ ਸਰਦੀ ਨੂੰ ਬਰਫ਼ੀਲੀਆਂ ਹਵਾਵਾਂ ਚਲਾਉਣ ਤੋਂ ਰੋਕ ਦੇਂਦੀ ਹੈ, ਇਸੇ ਕਰਕੇ ਇਹ ਰੁੱਤ ਹਰ ਜੀਵ ਨੂੰ ਭਾਉਂਦੀ ਹੈ, ਹਰ ਜੀਵ ਅਤੇ ਬਨਸਪਤੀ ਦਾ ਹਰ ਹਿੱਸਾ ਖਿਲ ਉੱਠਦਾ ਹੈ। ਸਤਿਗੁਰੂ ਰਾਮਦਾਸ ਜੀ ਨੇ ਵੀ ਇਸ ਨੂੰ ਭਲੀ ਰੁੱਤ ਕਿਹਾ ਹੈ। ਫ਼ੁਰਮਾਨ ਹੈ: ‘‘ਚੜਿ ਚੇਤੁ ਬਸੰਤੁ ਮੇਰੇ ਪਿਆਰੇ ! ਭਲੀਅ ਰੁਤੇ ॥’’ (ਮ: ੪/੪੫੨)

ਸਾਡੇ ਮਨ ਅੰਦਰ ਵੀ ਅਤਿ ਦੀ ਸਰਦੀ ਤੇ ਅਤਿ ਦੀ ਗਰਮੀ ਮੌਜੂਦ ਹੈ। ਅਤਿ ਦੀ ਸਰਦੀ ਕਰਕੇ ਮਨੁੱਖੀ ਮਨ ਸੰਸਾਰ ਤੋਂ ਉਪਰਾਮ ਹੋ ਕੇ ਇਸ ਤੋਂ ਪਾਸੇ ਹੋ ਜਾਂਦਾ ਹੈ, ਇਸ ਕਾਰਨ ਮਨੁੱਖ ਵਿੱਚੋਂ ਸ੍ਵੈ ਮਾਣ, ਉੱਦਮ ਕਰਨ ਦਾ ਸੁਭਾਅ ਆਦਿ ਉੱਚੇ ਇਖਲਾਕੀ ਗੁਣ ਅਲੋਪ ਹੋ ਜਾਂਦੇ ਹਨ ਤੇ ਮਨੁੱਖ ਨਿਰਾਸਤਾ ਦੀ ਖੱਡ ਵਿੱਚ ਡਿੱਗ ਜਾਂਦਾ ਹੈ।

ਦੂਜੇ ਪਾਸੇ ਅਤਿ ਦੀ ਗਰਮੀ ਰੂਪ ਨਿਰਦਇਤਾ, ਮੋਹ, ਲਾਲਚ ਤੇ ਕ੍ਰੋਧ ਰੂਪੀ ਅੱਗ ਦੀਆਂ ਨਦੀਆਂ ਨਾਲ ਇਸ ਦਾ ਆਪਣਾ-ਆਪ ਲੂਹਿਆ ਜਾਂਦਾ ਹੈ। ਪਾਵਨ ਫ਼ੁਰਮਾਨ ਹੈ: ‘‘ਹੰਸੁ, ਹੇਤੁ, ਲੋਭੁ, ਕੋਪੁ; ਚਾਰੇ ਨਦੀਆ ਅਗਿ ॥ ਪਵਹਿ, ਦਝਹਿ, ਨਾਨਕਾ ! ਤਰੀਐ ਕਰਮੀ ਲਗਿ ॥’’ (ਮ: ੧/੧੪੭) ਇਨ੍ਹਾਂ ਚਾਰਾਂ ਨਦੀਆਂ ਦੀ ਤਪਸ ਮਨੁੱਖੀ ਤਨ ਵਿੱਚ ਹਰ ਸਮੇਂ ਬਣੀ ਰਹਿੰਦੀ ਹੈ, ਜਿਸ ਕਾਰਨ ਇਸ ਦਾ ਖੇੜਾ ਸੜਦਾ ਰਹਿੰਦਾ ਹੈ ਤੇ ਜੀਵਨ ਵਿੱਚ ਸਾੜ ਬਣੀ ਰਹਿੰਦੀ ਹੈ। ਫ਼ੁਰਮਾਨ ਹੈ: ‘‘ਚਾਰਿ ਨਦੀਆ ਅਗਨੀ; ਤਨਿ ਚਾਰੇ ॥ ਤ੍ਰਿਸਨਾ ਜਲਤ; ਜਲੇ ਅਹੰਕਾਰੇ ॥’’ (ਮ: ੩/੧੧੭੨) ਇਹਨਾਂ ਦੇ ਕਾਰਨ ਮਨੁੱਖੀ ਹਿਰਦੇ ਵਿੱਚ ਕਦੀ ਵੀ ਖੇੜਾ ਨਹੀਂ ਆਉਂਦਾ। ਲੋੜ ਹੈ ਪ੍ਰਭੂ ਦੇ ਨਾਮ ਰੂਪੀ ਬਸੰਤ ਦੀ, ਜੋ ਹਿਰਦੇ ਵਿਚਲੀ ਗਰਮੀ ਤੇ ਸਰਦੀ ਦੇ ਮਾਰੂ ਪ੍ਰਭਾਵ ਉੱਤੇ ਰੋਕ ਲਗਾਵੇ ਪਰ ਅਫ਼ਸੋਸ ਇਹ ਮਨ ਤਾਂ ਮੇਰ ਤੇਰ ਵਿੱਚ ਸੜ ਰਿਹਾ ਹੈ, ਇਸ ਨੂੰ ਤਾਂ ਬਸੰਤ ਦੀ ਛੋਹ ਪ੍ਰਾਪਤ ਹੀ ਨਹੀਂ ਹੋਈ। ਪਾਵਨ ਫ਼ੁਰਮਾਨ ਹੈ: ‘‘ਇਸੁ ਮਨ ਕਉ; ਬਸੰਤ ਕੀ ਲਗੈ ਨ ਸੋਇ ॥ ਇਹੁ ਮਨੁ ਜਲਿਆ; ਦੂਜੈ ਦੋਇ ॥੧॥ ਰਹਾਉ ॥’’ (ਮ: ੩/੧੧੭੬)

ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ ਕਿ ਇੱਕ ਜੀਵ ਹੀ ਨਹੀਂ ਬਲਕਿ ਸਾਰਾ ਸੰਸਾਰ ਹੀ ਤ੍ਰਿਸ਼ਨਾ ਦੀ ਅਗਨੀ ਵਿੱਚ ਵਾਰ ਵਾਰ ਜਲ ਰਿਹਾ ਹੈ, ਨਾਮ ਰੂਪ ਠੰਡਕ ਤੋਂ ਵਿਹੂਣਾ ਹੋਣ ਕਾਰਨ ਇਹ ਜਗ ਸੁੱਕ ਸੜ ਰਿਹਾ ਹੈ। ਪਾਵਨ ਬਚਨ ਹਨ: ‘‘ਬਿਨੁ ਨਾਵੈ; ਸੂਕਾ ਸੰਸਾਰੁ ॥ ਅਗਨਿ ਤ੍ਰਿਸਨਾ ਜਲੈ; ਵਾਰੋ ਵਾਰ ॥’’ (ਮ: ੩/੧੧੭੩) ਅਜਿਹੇ ਸੁੱਕੇ ਹਿਰਦਿਆਂ ਉੱਤੇ ਖੇੜਾ ਕਿਵੇਂ ਆਵੇ? ਸਤਿਗੁਰ ਜੀ ਸਾਨੂੰ ਰਸਤਾ ਦਿਖਾਉਂਦੇ ਹਨ ਕਿ ਸਿਮਰਨ ਰੂਪੀ ਬਸੰਤ ਨਾਲ ਤੇਰੇ ਸਰੀਰ ਰੂਪੀ ਦਰਖ਼ਤ ਨੂੰ ਰਾਮ ਨਾਮ ਰੂਪੀ ਫਲ ਲੱਗੇਗਾ ਜੋ ਸਭ ਸੁੱਖ ’ਤੇ ਅਨੰਦ ਦੇਣ ਵਾਲਾ ਹੈ। ਹੇ ਭਾਈ ! ਤਾਂ ਹੀ ਤੇਰਾ ਤਨ ਤੇ ਮਨ ਹਰਿਆਵਲੇ ਹੋਣਗੇ, ਖੇੜੇ ਵਿੱਚ ਆਉਣਗੇ। ਗੁਰੂ ਅਮਰਦਾਸ ਜੀ ਦੇ ਬਚਨ ਹਨ: ‘‘ਮਨਿ ਬਸੰਤੁ; ਤਨੁ ਮਨੁ ਹਰਿਆ ਹੋਇ ॥ ਨਾਨਕ ! ਇਹੁ ਤਨੁ ਬਿਰਖੁ; ਰਾਮ ਨਾਮੁ ਫਲੁ ਪਾਏ ਸੋਇ ॥’’ (ਮ: ੩/੧੧੭੬) ਇਹ ਬਸੰਤ ਰੁੱਤ ਸਾਡੇ ਅੰਦਰ ਪੈਦਾ ਕਿਵੇਂ ਹੋਵੇ ? ਇਸ ਦਾ ਉੱਤਰ ਵੀ ਸਾਨੂੰ ਗੁਰੂ ਅਰਜਨ ਦੇਵ ਜੀ ਦਸਦੇ ਹਨ ਕਿ ਇਸ ਰੁੱਤ ਨੂੰ ਪ੍ਰਾਪਤ ਕਰਨ ਲਈ ਲੋੜ ਹੈ ਗੁਰੂ ਦੀ ਦਇਆ ਦੀ, ਪ੍ਰਭੂ ਦੀ ਕ੍ਰਿਪਾਲਤਾ ਦੀ ਅਤੇ ਅੱਠੇ ਪਹਿਰ ਪ੍ਰਭੂ ਦੇ ਸਿਮਰਨ ਵਿੱਚ ਜੁੜਨ ਦੀ; ਪਾਵਨ ਬਚਨ ਹਨ: ‘‘ਤਿਸੁ ਬਸੰਤੁ; ਜਿਸੁ ਪ੍ਰਭੁ ਕ੍ਰਿਪਾਲੁ ॥ ਤਿਸੁ ਬਸੰਤੁ; ਜਿਸੁ ਗੁਰੁ ਦਇਆਲੁ ॥ ਮੰਗਲੁ ਤਿਸ ਕੈ ; ਜਿਸੁ ਏਕੁ ਕਾਮੁ ॥ ਤਿਸੁ ਸਦ ਬਸੰਤੁ; ਜਿਸੁ ਰਿਦੈ ਨਾਮੁ ॥’’ (ਮ: ੫/੧੧੮੦)

ਸਿਮਰਨ ਤੋਂ ਬਿਨਾ ਹਿਰਦੇ ਵਿੱਚ ਅਨੰਦ ਆ ਹੀ ਨਹੀਂ ਸਕਦਾ ਪਰ ਜਿਸ ਹਿਰਦੇ ਵਿੱਚ ਪ੍ਰਭੂ ਦੀ ਯਾਦ ਹੋਵੇ ਉੱਥੋਂ ਅਨੰਦ ਜਾ ਹੀ ਨਹੀਂ ਸਕਦਾ ਜਿਵੇਂ ਲਖ ਕੋਸ਼ਿਸ਼ ਕਰੀਏ ਪਰ ਫੁੱਲ ਖਿੜ ਨਹੀਂ ਸਕਦੇ, ਦਰਖ਼ਤ ਹਰੇ ਭਰੇ ਨਹੀਂ ਹੋ ਸਕਦੇ, ਬਨਸਪਤੀ ਹਰਿਆਵਲੀ ਨਹੀਂ ਹੋ ਸਕਦੀ ਪਰ ਜਦੋਂ ਬਸੰਤ ਰੁੱਤ ਆਉਂਦੀ ਹੈ ਤਾਂ ਕੋਈ ਯਤਨ ਕਰੇ ਭਾਵੇਂ ਨਾ ਕਰੇ, ਸਾਰੀ ਬਨਸਪਤੀ ’ਤੇ ਜੋਬਨ ਛਾ ਜਾਂਦਾ ਹੈ, ਫੁੱਲ ਖਿੜ ਉੱਠਦੇ ਹਨ, ਮਹਿਕ ਉੱਠਦੇ ਹਨ, ਹਰ ਪਾਸੇ ਹਰਿਆਵਲ ਹੀ ਹਰਿਆਵਲ ਹੋ ਜਾਂਦੀ ਹੈ ਕਿਉਂਕਿ ਬਸੰਤ ਰੁੱਤ ਦਾ ਪ੍ਰਭਾਵ ਹੀ ਐਸਾ ਹੈ; ਇਸੇ ਤਰ੍ਹਾਂ ਮਨੁੱਖ ਭਾਵੇਂ ਲਖ ਕੋਸ਼ਿਸ਼ ਕਰੇ ਪਰ ਮਨ ਹਰਿਆਵਲਾ ਨਹੀਂ ਹੋ ਸਕਦਾ ਪਰ ਜਦੋਂ ਇਹ ਸਤਿਗੁਰੂ ਦੀ ਸੰਗਤ ਵਿੱਚ ਜਾਂਦਾ ਹੈ ਤਾਂ ਉੱਥੇ ਨਾਮ ਦਾ ਪ੍ਰਭਾਵ ਹੈ, ਸਿਮਰਨ ਦਾ ਵਾਤਾਵਰਨ ਹੈ, ਬਸ ਇਸੇ ਪ੍ਰਭਾਵ ਕਾਰਨ ਜੀਵ ਦਾ ਮਨ ਆਪ ਮੁਹਾਰਾ ਖਿੜ ਕੇ ਸੁੱਖ ਪ੍ਰਾਪਤ ਕਰਦਾ ਹੈ। ਗੁਰੂ ਅਮਰਦਾਸ ਜੀ ਦੇ ਪਾਵਨ ਬਚਨ ਹਨ: ‘‘ਬਨਸਪਤਿ ਮਉਲੀ; ਚੜਿਆ ਬਸੰਤੁ ॥ ਇਹੁ ਮਨੁ ਮਉਲਿਆ; ਸਤਿਗੁਰੂ ਸੰਗਿ ॥’’ (ਮ: ੩/੧੧੭੬) ਸਤਿਗੁਰੂ ਜੀ ਸਮਝਾਉਂਦੇ ਹਨ ਕਿ ਹੇ ਭਾਈ! ਬਸੰਤ ਦਾ ਮੌਸਮ ਤਾਂ ਸਮਾਂ ਪਾ ਕੇ ਹੀ ਆਏਗਾ ਅਤੇ ਆਉਣ ਤੋਂ ਬਾਦ ਕੁਝ ਕੂ ਸਮਾਂ ਹੀ ਰਹੇਗਾ, ਇਸ ਤੋਂ ਬਾਦ ਫਿਰ ਬੇਰੌਣਕੀ ਹੋ ਜਾਏਗੀ ਪਰ ਮਨ ਨੂੰ ਤਾਂ ਹਮੇਸ਼ਾਂ ਖੇੜੇ ਵਿੱਚ ਰਹਿਣਾ ਚਾਹੀਦਾ ਹੈ, ਕੇਹਾ ਚੰਗਾ ਹੋਵੇ ਜੇ ਬਸੰਤ ਸਦਾ ਰਹੇ ਅਤੇ ਮਨ ਖਿੜਿਆ ਰਹੇ, ਸਤਿਗੁਰੂ ਜੀ ਫ਼ੁਰਮਾਉਂਦੇ ਹਨ ਕਿ ਇਹ ਹੋ ਸਕਦਾ ਹੈ, ਤੈਨੂੰ ਗੁਰੂ ਦੇ ਸ਼ਬਦ ਦੀ ਵੀਚਾਰ ਕਰਨੀ ਪਵੇਗੀ, ਵਾਹਿਗੁਰੂ ਨੂੰ ਹਮੇਸ਼ਾਂ ਆਪਣੇ ਹਿਰਦੇ ਅੰਦਰ ਧਾਰਨ ਕਰਨਾ ਪਵੇਗਾ, ਫਿਰ ਦੁੱਖ ਨਹੀਂ ਆਉਣਗੇ, ਮਨ ਨੂੰ ਮੁਰਝਾਉਣਾ ਨਹੀਂ ਪਵੇਗਾ ਕਿਉਂਕਿ ਸਿਮਰਨ ਨਾਲ ਹਰ ਸਮੇਂ ਬਸੰਤ ਦਾ ਵਾਤਾਵਰਨ ਬਣਿਆ ਰਹਿੰਦਾ ਹੈ। ਪਾਵਨ ਬਚਨ ਹਨ: ‘‘ਸਦਾ ਬਸੰਤੁ; ਗੁਰ ਸਬਦੁ ਵੀਚਾਰੇ ॥ ਰਾਮ ਨਾਮੁ; ਰਾਖੈ ਉਰ ਧਾਰੇ ॥’’ (ਮ: ੩/੧੧੭੬)

ਜਦੋਂ ਗੁਰੂ ਜੀ ਦੀ ਕਿਰਪਾ ਸਦਕਾ ਭਾਈ ਨੰਦ ਲਾਲ ਜੀ ਦਾ ਹਿਰਦਾ ਰੂਪੀ ਕੌਲ ਫੁੱਲ ਖਿੜ ਉੱਠਿਆ ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਸੰਬੋਧਨ ਕਰਕੇ ਫ਼ੁਰਮਾਇਆ ਕਿ ਹੇ ਭਾਈ ! ਹੋਸ਼ ਸੰਭਾਲੀਂ ਕਿਉਂਕਿ ਬਸੰਤ ਰੁੱਤ ਦਾ ਸਮਾਂ ਆ ਗਿਆ ਹੈ, ਇਹ ਬਸੰਤ ਰੁੱਤ ਇਕੱਲੀ ਨਹੀਂ ਆਈ ਸਗੋਂ ਪ੍ਰਭੂ ਮਿੱਤਰ ਵੀ ਨਾਲ ਆਇਆ ਹੈ, ਜਿਸ ਦੇ ਫਲਸਰੂਪ ਦਿਲ ਨੂੰ ਸ਼ਾਂਤੀ ਆ ਗਈ ਹੈ। ਆਪ ਜੀ ਬਚਨ ਕਰਦੇ ਹਨ: ‘ਬ-ਹੋਸ਼ ਬਾਸ਼, ਕਿ ਹੰਗਾਮਿ ਨੌ-ਬਹਾਰ ਆਮਦ। ਬਹਾਰ ਆਮਦੋ, ਯਾਰ ਆਮਦੋ, ਕਰਾਰ ਆਮਦ।’

ਇਹ ਇੱਕ ਪਰਮ ਸਚਾਈ ਹੈ ਕਿ ਜਿਹੜਾ ਵੀ ਪ੍ਰਭੂ ਦੇ ਗੁਣ ਗਾਉਂਦਾ ਹੈ, ਉਹ ਅਨੰਦਮਈ ਹੋ ਕੇ ਪੁਕਾਰ ਉੱਠਦਾ ਹੈ ਕਿ ‘‘ਆਜੁ ਹਮਾਰੈ; ਗ੍ਰਿਹਿ ਬਸੰਤ ॥ ਗੁਨ ਗਾਏ ਪ੍ਰਭ ! ਤੁਮ੍ ਬੇਅੰਤ ॥’’ (ਮ: ੫/੧੧੮੦)

ਤੂੰ ਮੇਰੋ ਪਿਆਰੋ, ਤਾ ਕੈਸੀ ਭੂਖਾ ? ॥

0

ਤੂੰ ਮੇਰੋ ਪਿਆਰੋ, ਤਾ ਕੈਸੀ ਭੂਖਾ ? ॥

ਵਾ. ਪ੍ਰਿਸੀਪਲ ਮਨਿੰਦਰਪਾਲ ਸਿੰਘ- 94175-86121

ਇਹ ਰੱਬੀ ਸੁਨੇਹਾ ਪੰਚਮ ਪਿਤਾ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਮੁਖਾਰਬਿੰਦ ਤੋਂ ਪ੍ਰਗਟ ਹੋਇਆ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਸਾ ਰਾਗ ’ਚ 378 ਅੰਕ ਉੱਤੇ ਸੁਭਾਇਮਾਨ ਹੈ।

‘‘ਤੂੰ ਮੇਰੋ ਪਿਆਰੋ, ਤਾ ਕੈਸੀ ਭੂਖਾ ? ॥ ਤੂੰ ਮਨਿ ਵਸਿਆ, ਲਗੈ ਨ ਦੂਖਾ ॥੧॥ ਰਹਾਉ ॥’’ ਵਾਲੀ ਪੰਕਤੀ ’ਚ ਗੁਰੂ ਜੀ ਅਕਾਲ ਪੁਰਖ ਜੀ ਨੂੰ ਸੰਬੋਧਨ ਕਰਕੇ ਆਖ ਰਹੇ ਹਨ ਕਿ ਹੇ ਪ੍ਰਭੂ ਜੀ! ਜਦੋਂ ਤੁਸੀਂ ਮੇਰੇ ਨਾਲ ਪਿਆਰ ਕਰਨ ਵਾਲੇ ਹੋ, ਮੈਨੂੰ ਸਭ ਕੁਝ ਦੇਣ ਵਾਲੇ ਹੋ ਤਾਂ ਮੈਨੂੰ ਕੋਈ ਵੀ ਲਾਲਸਾ ਨਹੀਂ ਰਹਿ ਸਕਦੀ; ਜੇ ਤੁਸੀਂ ਮੇਰੇ ਮਨ ਵਿੱਚ ਟਿੱਕੇ ਰਹੋ ਤਾਂ ਕੋਈ ਵੀ ਦੁੱਖ ਮੈਨੂੰ ਪੋਹ ਨਹੀਂ ਸਕਦਾ।

ਜਿੱਥੇ ਇਸ ਪੰਕਤੀ ਰਾਹੀਂ ਸਰਬ ਸ਼ਕਤੀਮਾਨ ਪ੍ਰਭੂ ਦੀ ਸਮਰੱਥਾ ਦੀ ਝਲਕ ਪੈਂਦੀ ਹੈ, ਉੱਥੇ ਇਸ ਵਿੱਚੋਂ ਪ੍ਰਭੂ ਦੇ ਸੇਵਕ ਦਾ ਪ੍ਰਭੂ ਉੱਤੇ ਭਰੋਸਾ ਵੀ ਡੁੱਲ੍ਹ ਡੁੱਲ੍ਹ ਪੈਂਦਾ ਹੈ ਕਿਉਂਕਿ ਇਸ ਅਸਲੀਅਤ ਦਾ ਪਤਾ ਲਗ ਗਿਆ ਹੈ ਕਿ ‘‘ਸਭਿ ਨਿਧਾਨ, ਦਸ ਅਸਟ ਸਿਧਾਨ; ਠਾਕੁਰ ਕਰ ਤਲ ਧਰਿਆ ॥’’ (ਮ: ੫/੧੦) ਭਾਵ ਆਪਣੀ ਲੋੜ ਵਾਸਤੇ, ਕਿਸੇ ਹੋਰ ਅੱਗੇ ਹੱਥ ਅੱਡਣ ਦੀ ਜ਼ਰੂਰਤ ਨਹੀਂ ਕਿਉਂਕਿ ਸਾਰੇ ਖਜ਼ਾਨੇ ਅਤੇ ਹਰ ਪ੍ਰਕਾਰ ਦੀਆਂ ਸਿੱਧੀਆਂ ਅਕਾਲ ਪੁਰਖ ਦੇ ਹੱਥ ਦੀ ਤਲੀ ਉੱਤੇ ਰੱਖੀਆਂ ਹੋਈਆਂ ਹਨ, ਹੁਣ ਤਾਂ ‘‘ਤਿਨ ਚੂਕੀ ਮੁਹਤਾਜੀ ਲੋਕਨ ਕੀ; ਹਰਿ ਪ੍ਰਭੁ, ਅੰਗੁ ਕਰਿ ਬੈਠਾ ਪਾਸਿ ॥’’ (ਮ: ੪/੩੦੫) ਦੇ ਮਹਾਂਵਾਕ ਅਨੁਸਾਰ ਜਦੋਂ ਪ੍ਰਭੂ ਹੀ ਆਪਣੇ ਪੱਖ ਵਿੱਚ ਹੋ ਗਿਆ, ਫਿਰ ਕਿਸੇ ਦੀ ਮੁਹਤਾਜੀ ਨਹੀਂ ਰਹਿ ਜਾਂਦੀ। ਜਿਸ ਨੂੰ ਅਟੱਲ ਪ੍ਰਭੂ ਦਾ ਸਹਾਰਾ ਮਿਲ ਜਾਂਦਾ ਹੈ ਤਾਂ ਉਹ ਪੁਕਾਰ ਉੱਠਦਾ ਹੈ ਕਿ ਹੇ ਭਾਈ!ਇਸ ਨੇ ਤਾਂ ਮੇਰੀਆਂ ਸਭ ਖ਼ਾਹਸ਼ਾਂ ਹੀ ਮਿਟਾ ਦਿੱਤੀਆਂ ਹਨ, ਜਦੋਂ ਦਾ ਇਹ ਮੇਰੇ ਮਨ ਵਿੱਚ ਆ ਕੇ ਵਸਿਆ ਹੈ, ਉਦੋਂ ਤੋਂ ਮੇਰੇ ਮਨ ਦੀ ਭਟਕਣਾ ਮੁੱਕ ਗਈ ਹੈ, ਮਨ ਸ਼ਾਂਤ ਹੋ ਗਿਆ ਹੈ, ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਸਾਰੀਆਂ ਇਛਾਵਾਂ ਹੀ ਪੂਰੀਆਂ ਹੋ ਗਈਆਂ ਹਨ। ਸਤਿਗੁਰੂ ਅਮਰਦਾਸ ਜੀ ਦੇ ਬਚਨ ਹਨ: ‘‘ਸਾਚਾ ਨਾਮੁ ਮੇਰਾ ਆਧਾਰੋ ॥ ਸਾਚੁ ਨਾਮੁ ਅਧਾਰੁ ਮੇਰਾ, ਜਿਨਿ ਭੁਖਾ ਸਭਿ ਗਵਾਈਆ ॥ ਕਰਿ ਸਾਂਤਿ ਸੁਖ, ਮਨਿ ਆਇ ਵਸਿਆ; ਜਿਨਿ, ਇਛਾ ਸਭਿ ਪੁਜਾਈਆ ॥’’ (ਮ:੩/੯੧੭) ਪਿਤਾ ਦੇ ਹੁੰਦਿਆਂ ਪੁੱਤਰ ਭੁੱਖਾ ਕਿਵੇਂ ਰਹਿ ਸਕਦਾ ਹੈ ਤੇ ਪਿਤਾ ਵੀ ਉਹ, ਜਿਸ ਕੋਲ ਕਿਸੇ ਚੀਜ਼ ਦੀ ਘਾਟ ਨਾ ਹੋਵੇ, ਨੌ ਖਜ਼ਾਨਿਆਂ ਨਾਲ ਜਿਸ ਦਾ ਮਹਿਲ ਭਰਿਆ ਹੋਵੇ। ਸਤਿਗੁਰੂ ਅਰਜੁਨ ਦੇਵ ਜੀ ਫ਼ੁਰਮਾਉਂਦੇ ਹਨ ਕਿ ਹੇ ਅਕਾਲ ਪੁਰਖ ਜੀ ! ਤੁਹਾਡਾ ਹੀ ਘਰ ਇਨ੍ਹਾਂ ਰਿੱਧੀਆਂ-ਸਿੱਧੀਆਂ ਨਾਲ ਭਰਪੂਰ ਹੈ, ਇਸ ਕਰਕੇ ਜਿਸ ਦੇ ਤੁਸੀਂ ਪਿਤਾ ਬਣ ਗਏ, ਉਸ ਨੂੰ ਫਿਰ ਕਿਸ ਚੀਜ਼ ਦੀ ਭੁੱਖ ਬਾਕੀ ਰਹਿ ਸਕਦੀ ਹੈ ? ਫ਼ੁਰਮਾਨ ਹੈ: ‘‘ਜਿਸ ਕਾ ਪਿਤਾ, ਤੂ ਹੈ ਮੇਰੇ ਸੁਆਮੀ ! ਤਿਸੁ ਬਾਰਿਕ ਭੂਖ ਕੈਸੀ ? ॥ ਨਵ ਨਿਧਿ ਨਾਮੁ ਨਿਧਾਨੁ ਗ੍ਰਿਹਿ ਤੇਰੈ; ਮਨਿ ਬਾਂਛੈ, ਸੋ ਲੈਸੀ ॥’’ (ਮ: ੫/੧੨੬੬)

ਹਰੀ ਜੀ ਹੀ ਮਾਤਾ ਹਨ, ਹਰੀ ਜੀ ਹੀ ਪਿਤਾ ਹਨ, ਪ੍ਰਤਿਪਾਲਕ ਹਨ: ‘‘ਹਰਿ ਜੀ ਮਾਤਾ, ਹਰਿ ਜੀ ਪਿਤਾ; ਹਰਿ ਜੀਉ ਪ੍ਰਤਿਪਾਲਕ ॥’’ (ਮ: ੫/੧੧੦੧) ਮੂੰਹ ’ਚੋਂ ਮੰਗ ਨਿਕਲਣੀ ਚਾਹੀਦੀ ਹੈ; ਬਸ, ਉਸੇ ਵੇਲੇ ਹੀ ਪੂਰੀ ਕਰ ਦਿੰਦੇ ਹਨ: ‘‘ਮੁਹਿ ਮੰਗਾਂ ਸੋਈ ਦੇਵਦਾ; ਹਰਿ ਪਿਤਾ ਸੁਖਦਾਇਕ ॥ (ਮ: ੫/੧੧੦੧)

ਬਾਬਾ ਫਰੀਦ ਜੀ ਤਾਂ ਸਮਝਾਉਂਦੇ ਹਨ ਕਿ ਹੇ ਭਾਈ! ਅਕਾਲ ਪੁਰਖ ਜੀ ਤਾਂ ਆਵਾਜ਼ ਮਾਰ ਕੇ ਆਖ ਰਹੇ ਹਨ ਕਿ ਹੇ ਜੀਵ! ਜੇ ਤੂੰ ਸਾਰੇ ਸੁਖ ਲੈਣਾ ਚਾਹੁੰਦਾ ਹੈਂ ਨਾ, ਤਾਂ ਇੰਝ ਕਰ, ਮੇਰੇ ਨਾਲ ਮਿਲ ਜਾ, ਬਸ ਫਿਰ ਕੀ, ਸਾਰਾ ਜਗਤ ਹੀ ਤੇਰਾ ਹੋ ਜਾਵੇਗਾ ਭਾਵ ਜਗਤ ਦੇ ਸਭ ਸੁਖ ਤੇਰੇ ਹੋ ਜਾਣਗੇ ਪਰ ਮੇਰੇ ਨਾਲ ਮਿਲਣ ਦਾ ਤਰੀਕਾ ਹੈ, ਕਿ ਤੂੰ ਆਪਣੇ ਆਪ ਨੂੰ ਸੰਵਾਰ ਲਵੇਂ। ਪਾਵਨ ਬਚਨ ਹਨ: ‘‘ਆਪੁ ਸਵਾਰਹਿ ਮੈ ਮਿਲਹਿ; ਮੈ ਮਿਲਿਆ, ਸੁਖੁ ਹੋਇ ॥ ਫਰੀਦਾ ! ਜੇ ਤੂ ਮੇਰਾ ਹੋਇ ਰਹਹਿ; ਸਭੁ ਜਗੁ ਤੇਰਾ ਹੋਇ ॥’’ (ਬਾਬਾ ਫਰੀਦ/੧੩੮੨)

ਪ੍ਰਭੂ ਜੀ ਦੁਨਿਆਵੀ ਪਦਾਰਥਾਂ ਨਾਲ ਹੀ ਆਪਣੇ ਪਿਆਰੇ ਨੂੰ ਮਾਲਾਮਾਲ ਨਹੀਂ ਕਰਦੇ ਸਗੋਂ ਅਧਿਆਤਮਕ ਤੌਕ ’ਤੇ ਵੀ ਇਤਨਾ ਰਜਾ ਦਿੰਦੇ ਹਨ ਕਿ ਕੋਈ ਭੁੱਖ ਨਹੀਂ ਰਹਿ ਜਾਂਦੀ, ਅਨੰਦ ਹੀ ਅਨੰਦ ਬਣ ਜਾਂਦਾ ਹੈ। ਮਨੁੱਖ ਦੇ ਦੁੱਖ ਦਾ ਕਾਰਨ ਪਦਾਰਥ ਨਹੀਂ ਸਗੋਂ ਪਦਾਰਥਾਂ ਦੀ ਭੁੱਖ ਹੈ, ਜੋ ਪਦਾਰਥ ਭੋਗਣ ਨਾਲ ਘਟਦੀ ਨਹੀਂ ਸਗੋਂ ਵਧਦੀ ਹੈ, ਇਸੇ ਕਰਕੇ ਤਾਂ ਗੁਰੂ ਨਾਨਕ ਦੇਵ ਜੀ ਨੇ ਸਮਝਾਇਆ ਹੈ ਕਿ ‘‘ਭੁਖਿਆ ਭੁਖ ਨ ਉਤਰੀ; ਜੇ, ਬੰਨਾ ਪੁਰੀਆ ਭਾਰ ॥’’ (ਜਪੁ /ਮ: ੧)ਭਾਵ ਤ੍ਰਿਸ਼ਨਾ ਦੇ ਅਧੀਨ ਰਿਹਾਂ, ਸੰਸਾਰ ਦੇ ਸਾਰੇ ਪਦਾਰਥ ਵੀ ਲਾਲਸਾ ਨੂੰ ਮਿਟਾ ਨਹੀਂ ਸਕਦੇ, ਜਿਸ ਕਾਰਨ ਦੁੱਖ ਬਣਿਆ ਰਹਿੰਦਾ ਹੈ। ਪ੍ਰਭੂ ਜੀ ਆਪਣੇ ਪਿਆਰੇ ਨੂੰ ਇਸ ਤ੍ਰਿਸ਼ਨਾ ਰੂਪੀ ਭੁੱਖ ਤੋਂ ਉਭਾਰ ਲੈਂਦੇ ਹਨ ਤੇ ਉਹ ਪੁਕਾਰ ਉੱਠਦਾ ਹੈ ਕਿ ਹੇ ਭਾਈ! ਮੈਂ ਗੁਰੂ ਦੇ ਸ਼ਬਦ ਵਿੱਚ ਲੀਨ ਹੋ ਗਿਆ ਹਾਂ, ਮੈਂ ਆਪਣੇ ਮਨ ਵਿੱਚ ਪ੍ਰਭੂ ਰੂਪੀ ਲਾਲ ਲੱਭ ਲਿਆ ਹੈ, ਮੇਰਾ ਸਰੀਰ ਸ਼ਾਂਤ ਹੋ ਗਿਆ ਹੈ, ਮਨ ਠੰਡਾ ਹੋ ਗਿਆ ਹੈ, ਪੂਰੇ ਗੁਰੂ ਨੇ ਮੇਰੇ ਮੱਥੇ ਉੱਤੇ ਹੱਥ ਰੱਖਿਆ ਹੈ ਜਿਸ ਦੀ ਬਰਕਤ ਨਾਲ ਮੈਂ ਆਪਣਾ ਮਨ ਕਾਬੂ ਕਰ ਲਿਆ ਹੈ, ਮਾਨੋ ਮੈਂ ਸਾਰਾ ਜਗਤ ਜਿੱਤ ਲਿਆ ਹੈ, ਮੇਰੀ ਮਾਇਆ ਦੀ ਭੁੱਖ ਲਹਿ ਗਈ ਹੈ, ਪਦਾਰਥਾਂ ਦੀ ਸਾਰੀ ਤ੍ਰੇਹ ਮੁੱਕ ਗਈ ਹੈ, ਮੈਂ ਚਿੰਤਾ-ਫਿਕਰ ਭੁਲਾ ਦਿੱਤੇ ਹਨ। ਗੁਰੂ ਅਰਜੁਨ ਦੇਵ ਜੀ ਦੇ ਬਚਨ ਹਨ: ‘‘ਪਾਇਆ ਲਾਲੁ ਰਤਨੁ; ਮਨਿ ਪਾਇਆ ॥ ਤਨੁ ਸੀਤਲੁ, ਮਨੁ ਸੀਤਲੁ ਥੀਆ; ਸਤਗੁਰ ਸਬਦਿ ਸਮਾਇਆ ॥੧॥ ਰਹਾਉ ॥ ਲਾਥੀ ਭੂਖ, ਤ੍ਰਿਸਨ ਸਭ ਲਾਥੀ; ਚਿੰਤਾ ਸਗਲ ਬਿਸਾਰੀ ॥ ਕਰੁ ਮਸਤਕਿ, ਗੁਰਿ ਪੂਰੈ ਧਰਿਓ; ਮਨੁ ਜੀਤੋ ਜਗੁ ਸਾਰੀ ॥੧॥’’ (ਮ: ੫/੨੧੫)

ਭਾਈ ਗੁਰਦਾਸ ਜੀ ਵੀ ਫ਼ੁਰਮਾਉਂਦੇ ਹਨ ਕਿ ਪ੍ਰਭੂ ਪਿਆਰੇ ਨੂੰ ਕੋਈ ਭੁੱਖ ਨਹੀਂ ਰਹਿੰਦੀ ਕਿਉਂਕਿ ਅਕਾਲ-ਪੁਰਖ ਵਾਹਿਗੁਰੂ ਜੀ ਵੀ ਉਸ ਨੂੰ ਆਪਣੇ ਵਰਗਾ ਹੀ ਬਣਾ ਲੈਂਦੇ ਹਨ। ਆਪ ਅਚਿੰਤ ਹਨ, ਆਪਣੇ ਪਿਆਰੇ ਦੀਆਂ ਸਾਰੀਆਂ ਚਿੰਤਾਵਾਂ ਦੂਰ ਕਰ ਦਿੰਦੇ ਹਨ। ਆਪ ਅਜੂਨੀ ਹਨ, ਆਪਣੇ ਭਗਤਾਂ ਨੂੰ ਵੀ ਆਵਾਗਵਨ ਦੇ ਚੱਕਰ ’ਚੋਂ ਕੱਢ ਲੈਂਦੇ ਹਨ। ਪ੍ਰਭੂ ਜੀ ਅਕਾਲ ਹਨ, ਪ੍ਰਭੂ ਪਿਆਰੇ ਦਾ ਵੀ ਮੌਤ ਰੂਪੀ ਕੰਡਾ ਨਾਸ਼ ਹੋ ਜਾਂਦਾ ਹੈ ਭਾਵ ਦੁਖਦਾਈ ਨਹੀਂ ਰਹਿੰਦਾ। ਪ੍ਰਭੂ ਜੀ ਆਪ ਨਿਰਭਉ ਹਨ, ਇਨ੍ਹਾਂ ਦਾ ਭਜਨ ਕਰਨ ਵਾਲੇ ਦੇ ਵੀ ਡਰਾਂ ਦੇ ਸਮੂਹਾਂ ਦੇ ਸਮੂਹ ਦੌੜ ਜਾਂਦੇ ਹਨ। ਨਿਰਵੈਰ ਪ੍ਰਭੂ ਆਪਣੇ ਪਿਆਰੇ ਨੂੰ ਵੀ ਨਿਰਵੈਰ ਬਣਾ ਦਿੰਦੇ ਹਨ। ਆਪ ਨਿਰਭੇਦ ਹਨ ਤੇ ਜਿਹੜਾ ਇਨ੍ਹਾਂ ਨਾਲ ਜੁੜਦਾ ਹੈ ਉਸ ਵਿੱਚੋਂ ਵੀ ਮੇਰ-ਤੇਰ ਦੀ ਭਾਵਨਾ ਖ਼ਤਮ ਹੋ ਜਾਂਦੀ ਹੈ। ਅਕੁੱਲ ਪ੍ਰਭੂ ਦਾ ਪੱਲਾ ਪਕੜਨ ਵਾਲਾ ਆਪ ਵੀ ਜ਼ਾਤ ਤੇ ਕੁੱਲ ਦੇ ਅਭਿਮਾਨ ’ਚੋਂ ਨਿਕਲ ਜਾਂਦਾ ਹੈ। ਅਟੱਲ ਅਕਾਲ-ਪੁਰਖ ਜੀ ਦੀ ਸ਼ਰਨ ਵਿੱਚ ਜਾਣ ਵਾਲਾ ਆਵਾਗਵਨ ਤੋਂ ਮੁਕਤ ਹੋ ਕੇ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ। ਪਾਵਨ ਬਚਨ ਹਨ: ‘‘ਚਿੰਤਾਮਨਿ ਚਿਤਵਤ, ਚਿੰਤਾ ਚਿਤ ਤੇ ਚੁਰਾਈ; ਅਜੋਨੀ ਅਰਾਧੇ, ਜੋਨਿ ਸੰਕਟਿ ਕਟਾਏ ਹੈ। ਜਪਤ ਅਕਾਲ, ਕਾਲ ਕੰਟਕ ਕਲੇਸ ਨਾਸੇ; ਨਿਰਭੈ ਭਜਨ, ਭ੍ਰਮ ਭੈ ਦਲ ਭਜਾਏ ਹੈ। ਸਿਮਰਤ ਨਾਥ, ਨਿਰਵੈਰ ਬੈਰ ਭਾਉ ਤਿਆਗਿਓ; ਭਾਗਿਓ ਭੇਦੁ ਖੇਦੁ, ਨਿਰਭੇਦ ਗੁਨ ਗਾਏ ਹੈ। ਅਕੁਲ ਅੰਚਲ ਗਹੇ, ਕੁਲ ਨ ਬਿਚਾਰੈ ਕੋਊ; ਅਟਲ ਸਰਨਿ, ਆਵਾਗਵਨ ਮਿਟਾਏ ਹੈ ॥੪੦੮॥’’ (ਭਾਈ ਗੁਰਦਾਸ ਜੀ / ਕਬਿੱਤ ੪੦੮)

ਜਿਹੜਾ ਪ੍ਰਭੂ ਦਾ ਰੂਪ ਹੀ ਹੋ ਗਿਆ ਉਸ ਦੇ ਜੀਵਨ ਵਿੱਚ ਪ੍ਰਭੂ ਦੀ ਯਾਦ ਤੋਂ ਇਲਾਵਾ ਕੋਈ ਭੁੱਖ ਜਾਂ ਲਾਲਸਾ ਬਾਕੀ ਨਹੀਂ ਰਹਿ ਜਾਂਦੀ ਹੈ। ਉਹ ਤਾਂ ਭਾਈ ਨੰਦ ਲਾਲ ਸਿੰਘ ਜੀ ਵਾਂਗ ਪੁਕਾਰ ਉੱਠਦਾ ਹੈ ਕਿ ਹੇ ਵਾਹਿਗੁਰੂ ਜੀ! ਹਰ ਕੋਈ ਸੰਸਾਰ ਵਿੱਚ ਵਧਣ-ਫੁੱਲਣ ਦੀ ਲਾਲਸਾ ਰੱਖਦਾ ਹੈ, ਉਸ ਨੂੰ ਘੋੜੇ, ਊਠ, ਹਾਥੀ, ਸੋਨੇ ਆਦਿ ਦੀ ਭੁੱਖ ਹੁੰਦੀ ਹੈ। ਹਰ ਕੋਈ ਆਪਣੇ ਲਈ ਦੁਨਿਆਵੀ ਵਸਤੂਆਂ ਦੀ ਚਾਹਨਾ ਰੱਖਦਾ ਹੈ ਪ੍ਰੰਤੂ ਗੋਇਆ ਨੂੰ ਕਿਸੇ ਚੀਜ਼ ਦੀ ਭੁੱਖ ਨਹੀਂ, ਉਹ ਤਾਂ ਪ੍ਰਭੂ ਜੀਪਾਸੋਂ ਸਿਮਰਨ ਦੀ ਲਾਲਸਾ ਹੀ ਰੱਖਦਾ ਹੈ। ਆਪ ਜੀ ਦੇ ਬਚਨ ਹਨ: ‘ਹਰ ਕਸ, ਬ-ਜਹਾਂ, ਨਸ਼ਵੋ ਨੁਮਾ ਮੇ ਖ਼ਾਹਦ। ਅਸਪੋ, ਸ਼ੁਤਰੋ, ਫ਼ੀਲੋ, ਤਿਲਾ ਮੇ ਖ਼ਾਹਦ।ਹਰ ਕਸ, ਜ਼ਿ ਬਰਾਏ ਖ਼ੇਸ਼, ਚੀਜ਼ੇ ਖ਼ਾਹਦ। ਗੋਇਆ, ਜ਼ਿ ਖ਼ੁਦਾ, ਯਾਦਿ ਖ਼ੁਦਾ ਮੇ ਖ਼ਾਹਦ।’ ਇਸ ਤਰ੍ਹਾਂ ਹੀ ਪ੍ਰਭੂ ਪਿਆਰਾ ਪ੍ਰਭੂ ਦੇ ਚਰਨਾਂ ਵਿੱਚ ਟਿਕਿਆ ਰਹਿੰਦਾ ਹੈ ਤੇ ਪੂਰਨ ਭਰੋਸੇ ਨਾਲ ਆਖਦਾ ਹੈ ਕਿ ‘‘ਤੂੰ ਮੇਰੋ ਪਿਆਰੋ, ਤਾ ਕੈਸੀ ਭੂਖਾ ? ॥ ਤੂੰ ਮਨਿ ਵਸਿਆ; ਲਗੈ ਨ ਦੂਖਾ ॥੧॥ ਰਹਾਉ ॥’’

ਤੇਰਾ ਕੀਆ ਮੀਠਾ ਲਾਗੈ ॥

0

ਤੇਰਾ ਕੀਆ ਮੀਠਾ ਲਾਗੈ ॥

ਵਾ. ਪ੍ਰਿਸੀਪਲ ਮਨਿੰਦਰਪਾਲ ਸਿੰਘ- 94175-86121

ਹੁਕਮ ਨੂੰ ਮੰਨਣ ਤਥਾ ਰਜ਼ਾ ਵਿੱਚ ਰਹਿਣ ਦੇ ਗੁਰ (ਫ਼ਾਰਮੂਲੇ) ਨਾਲੋਂ ਸੰਸਾਰ ਵਿੱਚ ਹੋਰ ਕੋਈ ਵੀ ਚੰਗਾ ਗੁਰ (ਜਾਦੂ) ਨਹੀਂ ਹੈ। ਇਹ ਅਜਿਹਾ ਜਾਦੂ ਹੈ ਜਿਸ ਦੀਵਰਤੋਂ ਕਰਕੇ ਇੱਕ ਪਤਨੀ ਆਪਣੇ ਪਤੀ ਨੂੰ ਵਸ ਵਿੱਚ ਕਰ ਸਕਦੀ ਹੈ, ਇਹ ਇੱਕ ਅਜਿਹਾ ਢੰਗ ਹੈ ਜਿਸ ਨਾਲ਼ ਇੱਕ ਨੌਕਰ ਆਪਣੇ ਮਾਲਕ ਦੀ ਪ੍ਰਸੰਨਤਾ ਹਾਸਲ ਕਰ ਸਕਦਾ ਹੈ, ਇਹ ਇੱਕ ਅਜਿਹਾ ਰਾਜ਼ ਹੈ ਜਿਸ ਨਾਲ਼ ਇੱਕ ਚੇਲਾ ਆਪਣੇ ਗੁਰੂ ਨੂੰ ਤਥਾ ਪੁੱਤਰ ਆਪਣੇ ਪਿਤਾ ਨੂੰ ਖੁਸ਼ ਕਰਕੇ, ਉਸ ਦੀ ਗੱਦੀ, ਉਸ ਦੀਹੱਟੀ, ਉਸ ਦੇ ਕਾਰ-ਵਿਹਾਰ ਦੀਆਂ ਚਾਬੀਆਂ ਸਾਂਭ ਲੈਂਦਾ ਹੈ। ਇਸੇ ਤਰ੍ਹਾਂ ਜਿਹੜਾ ਜੀਵ ਪ੍ਰਭੂ ਦੀ ਆਗਿਆ ਨੂੰ ਖ਼ੁਸ਼ੀ-ਖ਼ੁਸ਼ੀ ਪ੍ਰਵਾਨ ਕਰਦਾ ਹੈ, ਉਸ ਨੂੰ ਦਿਆਲੂ ਪ੍ਰਭੂ ਜੀ ਚੌਗੁਣਾ ਨਿਹਾਲ ਕਰ ਦਿੰਦੇ ਹਨ। ਸਤਿਗੁਰੂ ਜੀ ਫ਼ੁਰਮਾਨ ਕਰਦੇ ਹਨ: ‘‘ਜਿਸ ਕੀ ਬਸਤੁ, ਤਿਸੁ ਆਗੈ ਰਾਖੈ ॥ ਪ੍ਰਭ ਕੀ ਆਗਿਆ, ਮਾਨੈ ਮਾਥੈ ॥ ਉਸ ਤੇ ਚਉਗੁਨ, ਕਰੈ ਨਿਹਾਲੁ ॥ ਨਾਨਕ ! ਸਾਹਿਬੁ, ਸਦਾ ਦਇਆਲੁ ॥’’ (ਮ: ੫/੨੬੮)

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਪਹਿਲੀ ਬਾਣੀ ‘ਜਪੁ’ ਸਾਹਿਬ ਦੀ ਪਹਿਲੀ ਪਉੜੀ ਵਿੱਚ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਸਮਝਾਉਂਦੇ ਹਨ ਕਿ ਪ੍ਰਭੂ ਜੀ ਦੇ ਨਾਲ਼ ਮਿਲਾਪ ਓਦੋਂ ਹੀ ਹੋ ਸਕਦਾ ਹੈ ਜਦੋਂ ਝੂਠ ਦੀ ਕੰਧ ਟੁੱਟ ਜਾਵੇ ਪਰ ਇਹ ਤਾਂ ਹੀ ਹੋ ਸਕੇਗਾ ਜੇ ਅਕਾਲ-ਪੁਰਖ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਉਸ ਦੀ ਰਜ਼ਾ ਵਿੱਚ ਖ਼ੁਸ਼ੀ-ਖ਼ੁਸ਼ੀ ਜੀਵਨ ਪੰਧ ਤਯ ਕਰੀਏ। ਪਾਵਨ ਬਚਨ ਹਨ: ‘‘ਕਿਵ ਸਚਿਆਰਾ ਹੋਈਐ, ਕਿਵ ਕੂੜੈ ਤੁਟੈ ਪਾਲਿ  ? ॥ ਹੁਕਮਿ ਰਜਾਈ ਚਲਣਾ; ਨਾਨਕ  ! ਲਿਖਿਆ ਨਾਲਿ ॥’’ (ਜਪੁ)

ਦੂਸਰੇ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਵੀ ਸਾਨੂੰ ਸੰਦੇਸ਼ ਦਿੰਦੇ ਹਨ ਕਿ ਪ੍ਰਭੂ ਜੀ ਨੂੰ ਮਿਲਣ ਦਾ, ਉਨ੍ਹਾਂ ਨਾਲ ਮਿਲਾਪ ਕਰਨ ਦਾ ਇਹੋ ਤਰੀਕਾ ਹੈ ਕਿਵਾਹਿਗੁਰੂ ਜੀ ਦੇ ਹੁਕਮ ਨੂੰ ਪਹਿਚਾਣਦੇ ਹੋਏ, ਪ੍ਰਭੂ ਭਾਣੇ ਵਿੱਚ ਚੱਲੀਏ। ਸਤਿਗੁਰੂ ਜੀ ਬਖ਼ਸ਼ਸ਼ ਕਰਦੇ ਹਨ ਕਿ ‘‘ਨਾਨਕ  ! ਹੁਕਮੁ ਪਛਾਣਿ ਕੈ, ਤਉ ਖਸਮੈ ਮਿਲਣਾ ॥’’ (ਮ: ੨/੧੩੯)

ਜ਼ਰਾ ਸੋਚੀਏ ! ਗੁਰੂ ਸਾਹਿਬਾਨ ਨਾਲੋਂ ਵੱਧ ਸਚਿਆਰ ਕੌਣ ਹੋ ਸਕਦਾ ਹੈ ? ਗੁਰੂ ਜੀ ਅਤੇ ਪ੍ਰਭੂ ਜੀ ਵਿੱਚ ਤਾਂ ਕੋਈ ਭੇਦ ਹੀ ਨਹੀਂ ਰਿਹਾ ਇਹ ਤਾਂ ਇੱਕਮਿਕਤਾਵਾਲ਼ੀ ਅਵਸਥਾ ਹੈ। ਅੱਠੇ ਪਹਿਰ ਗੁਰੂ ਜੀ ਦੇ ਜੀਵਨ ਦਾ ਸਿਧਾਂਤ ਤੇ ਸੋਚ ਇਹ ਰਹੀ ਹੈ ਕਿ ‘‘ਜੇ ਸੁਖੁ ਦੇਹਿ, ਤ ਤੁਝਹਿ ਅਰਾਧੀ; ਦੁਖਿ ਭੀ, ਤੁਝੈ ਧਿਆਈ ॥’’ (ਮ: ੪/੭੫੭)

ਜਦੋਂ ਅਸੀਂ ਗੁਰੂ ਇਤਿਹਾਸ ਨੂੰ ਵਾਚਦੇ ਹਾਂ ਤਾਂ ਇੱਕ ਗੱਲ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਗੁਰੂ ਘਰ ਵਿੱਚ ਅਕਾਲ-ਪੁਰਖ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਅਤੇ ਇਸੇ ਸਿਧਾਂਤ ਨੂੰ ਪ੍ਰਚਾਰਨ ਦੀ ਰੀਤ ਰਹੀ ਹੈ। ਭਾਵੇਂ ਗੁਰਮਤਿ ਉੱਤੇ ਚਲਦਿਆਂ ਰੇਤਾ ਅੱਕ ਆਦਿ ਹੀ ਫੱਕਣਾ ਪਿਆ, ਪੁੱਤਰ ਵਾਰਨੇ ਪਏ, ਘਰੋਂ ਬੇਘਰ ਹੋਣਾ ਪਿਆ, ਸੀਸ ਵਾਰਨਾ ਪਿਆ, ਤੱਤੀ ਤਵੀ ਦੇ ਉੱਤੇ ਬੈਠਣਾ ਪਿਆ ਪਰ ਵਿਚਾਰ ਇਹ ਹੀ ਰਹੇ, ਹਰ ਹਾਲਤ ਵਿੱਚ ਪ੍ਰਭੂ ਜੀ ਦਾ ਧੰਨਵਾਦ ਇਹ ਕਹਿ ਕੇ ਕੀਤਾ ਗਿਆ ਕਿ ‘‘ਤੇਰਾ ਕੀਆ, ਮੀਠਾ ਲਾਗੈ ॥ ਹਰਿ ਨਾਮੁ ਪਦਾਰਥੁ, ਨਾਨਕੁ ਮਾਂਗੈ ॥’’ (ਮ: ੫/੩੯੪) ਇਨ੍ਹਾਂ ਹਾਲਤਾਂ ਨੂੰ ਵੇਖਦਿਆਂ ਭਾਵੇਂ ਕਈ ਧਾਰਮਿਕ ਰਾਜਸੀ ਤੇ ਸਮਾਜਿਕ ਸ਼ਖ਼ਸੀਅਤਾਂ ਨੇ ਹਾ ਦੇ ਨਾਹਰੇ ਮਾਰੇ, ਕੀਰਨੇ ਪਾਏ ਪਰ ਜਿਨ੍ਹਾਂ ਉੱਤੇ ਇਹ ਘਟਨਾਵਾਂ ਵਾਪਰੀਆਂ ਉਹ ਮਹਾਨ ਸਤਿਗੁਰ ਰੂਹਾਂ ਦੇ ਚਿਹਰਿਆਂ ਉੱਤੇ ਖੇੜਾ, ਜਲਾਲ, ਸ਼ਾਂਤੀ ਤੇ ਸਕੂਨ ਬਣਿਆ ਰਿਹਾ ਕਿਉਂਕਿ ਉਹ ਤਾਂ ਭਾਣੇ ਵਿੱਚ ਰਹਿਣ ਵਾਲ਼ੇ ਰੱਬੀ ਪਿਆਰੇ ਸਨ। ਪੁੱਛਣ ’ਤੇ ਸਤਿਗੁਰ ਜੀ ਨੇ ਉਪਦੇਸ਼ ਦਿੱਤਾ ਕਿ ‘‘ਭਾਣੇਜੇਵਡ, ਹੋਰ ਦਾਤਿ ਨਾਹੀ; ਸਚੁ ਆਖਿ ਸੁਣਾਇਆ ॥’’ (ਮ: ੩/੧੦੯੩) ਗੁਰੂ ਸਾਹਿਬ ਨੇ ਭਾਣੇ ਨੂੰ ਉਤਮ ਦਾਤ ਦੀ ਪਦਵੀ ਦਿੱਤੀ, ਇਸ ਨੂੰ ਤੀਜੇ ਪਾਤਿਸ਼ਾਹ ਹੋਰ ਖੋਲ੍ਹ ਕੇ ਸਮਝਾਉਂਦੇ ਹਨ ਕਿ ‘‘ਭਾਣਾ ਮੰਨੇ, ਸੋ ਸੁਖੁ ਪਾਏ; ਭਾਣੇ ਵਿਚਿ ਸੁਖੁ ਪਾਇਦਾ ॥’’ (ਮ: ੩/੧੦੬੩) ਅਸਲ ਪਰਮ ਸੁੱਖ, ਅਨੰਦ ਤਾਂ ਭਾਣਾ ਮੰਨਣ ਵਿੱਚ ਹੀ ਹੈ, ਭਾਣੇ ਵਿੱਚ ਤਾਂ ਅਨੰਦ ਹੀ ਅਨੰਦ ਹੈ। ਐ ਦੁਨੀਆ ਦੇ ਲੋਕੋ ! ਅਸਲ ਦੁੱਖ ਦਾ ਕਾਰਨ ਵੀ ਭਾਣੇ ਤੋਂ ਬਾਹਰ ਹੋ ਕੇ ਚੱਲਣਾ ਹੈ। ਸਤਿਗੁਰੂ ਜੀ ਬਖ਼ਸ਼ਸ਼ ਕਰਦੇ ਹਨ: ‘‘ਮਨਮੁਖੁ ਅੰਧੁ, ਕਰੇ ਚਤੁਰਾਈ ॥ ਭਾਣਾ ਨ ਮੰਨੇ, ਬਹੁਤੁ ਦੁਖੁ ਪਾਈ ॥’’ (ਮ: ੩/੧੦੬੪)

ਅੱਜ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਜੀ ਦਾ ਸ਼ਹੀਦੀ ਗੁਰ ਪੁਰਬ ਹੈ, ਹੋਰ ਗੁਰੂ ਸਾਹਿਬਾਨਾਂ ਵਾਂਗੂ ਇਨ੍ਹਾਂ ਦੇ ਜੀਵਨ ਵਿੱਚੋਂ ਵੀ ਭਾਣੇ ਨੂੰ ਮਿੱਠਾ ਕਰਕੇ ਮੰਨਣ ਦੀ ਖ਼ੁਸ਼ਬੂ ਆਉਂਦੀ ਹੈ ਕਿਉਂਕਿ ਗੁਰੂ ਸਾਹਿਬ ਜੀ ਦੇ ਆਪਣੇ ਬਚਨ ਹਨ ਕਿ ‘‘ਮੀਤੁ ਕਰੈ, ਸੋਈ ਹਮ ਮਾਨਾ ॥ ਮੀਤ ਕੇ ਕਰਤਬ, ਕੁਸਲ ਸਮਾਨਾ ॥’’ (ਮ: ੫/੧੮੭)ਭਾਵ ਮੀਤ ਪ੍ਰਭੂ ਜੀ ਜੋ ਕਰਦੇ ਹਨ ਉਸ ਵਿੱਚ ਕੁਸ਼ਲਤਾ ਹੀ ਹੁੰਦੀ ਹੈ, ਉਸ ਵਿੱਚ ਅਨੰਦ ਤੇ ਸੁੱਖ ਹੁੰਦਾ ਹੈ। ਸਤਿਗੁਰ ਜੀ ਨੇ ਸਿਰਫ਼ ਕਿਹਾ ਹੀ ਨਹੀਂ ਹੈ ਸਗੋਂ ਇਸ ਨੂੰ ਅਮਲੀ ਪਹਿਰਾਵਾ ਵੀ ਪਹਿਨਾਇਆ ਹੈ ਕਿਉਂਕਿ ਕਥਨੀ ਤੇ ਕਰਣੀ ਦੇ ਸੂਰੇ ਹਨ ‘ਗੁਰੂ ਸਾਹਿਬ ਜੀ’। ‘‘ਕਲਜੁਗਿ ਜਹਾਜੁ ਅਰਜੁਨੁ ਗੁਰੂ..॥’’ (ਭਟ ਮਥੁਰਾ) ਤੇ ਬਾਣੀ ਦੇ ਬੋਹਿਥ ਸਤਿਗੁਰੂ ਜੀ ਦੇ ਸਮੁੱਚੇ ਜੀਵਨ ਵਿੱਚੋਂ ਸੰਤੋਖ ਅਤੇ ਭਾਣੇ ਵਿੱਚ ਖ਼ੁਸ਼ੀ-ਖ਼ੁਸ਼ੀ ਰਹਿਣਾ ਹੀ ਦਿਸ ਪੈਂਦਾ ਹੈ। ਭਾਵੇਂ ਪ੍ਰਿਥੀ ਚੰਦ ਦੀਆਂ ਕੋਝੀਆਂਹਰਕਤਾਂ ਕਾਰਨ ਮਾਇਆ ਦੀ ਥੁੜ ਹੋ ਗਈ, ਲੰਗਰ ਮਸਤਾਨੇ ਹੋ ਗਏ, ਭਾਵੇਂ ਸੱਤਾ ਬਲਵੰਡ ਰਬਾਬੀਆਂ ਨੇ ਵੀ ਮਾਇਕ ਕਮਜ਼ੋਰੀ ਕਾਰਨ ਕੀਰਤਨ ਕਰਨ ਤੋਂ ਇਨਕਾਰ ਕੀਤਾ, ਭਾਵੇਂ ਬਾਬਾ ਪ੍ਰਿਥੀ ਚੰਦ ਜੀ ਨੇ ਦਾਈ ਦੀ ਰਾਹੀਂ, ਸਪੇਰੇ ਦੀ ਰਾਹੀਂ, ਖਿਡਾਵੇ ਦੀ ਰਾਹੀਂ ਤਿੰਨ ਵਾਰੀ ਇਨ੍ਹਾਂ ਦੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਿੰਦ ਉੱਤੇ ਵਾਰ ਕੀਤੇ, ਭਾਵੇਂ ਸੁਲਹੀ ਖਾਂ ਨੂੰ ਗੁਰੂ ਸਾਹਿਬ ਜੀ ਦੇ ਉੱਤੇ ਹਮਲਾ ਕਰਨ ਲਈ ਭੇਜਿਆ ਗਿਆ ਪਰ ਗੁਰੂ ਜੀ ਨੇ ਸ਼ਾਂਤ-ਅਡੋਲ ਚਿੱਤ ਵਾਹਿਗੁਰ ਜੀ ਦੇ ਭਾਣੇ ਵਿੱਚ ਰਹਿੰਦਿਆਂ ਕਦੇ ਵੀ ਕਿਸੇ ਨੂੰ ਬੁਰਾ ਨਾ ਆਖਿਆ ਸਗੋਂ ਸਰਬੱਤ ਦਾ ਭਲਾ ਹੀ ਮੰਗਿਆ ਸਗੋਂ ਜਦੋਂ ਕਿਸੇ ਨੇ ਕਿਹਾ ਕਿ ਬੜਾ ਮਾੜਾ ਹੋਇਆ ਹੈ, ਮਾੜਾ ਕੀਤਾ ਹੈ, ਤੁਹਾਨੂੰ ਕੋਈ ਯੋਗ ਕਾਰਵਾਈ ਕਰਨੀ ਚਾਹੀਦੀ ਹੈ: ‘‘ਪ੍ਰਥਮੇ ਮਤਾ, ਜਿ ਪਤ੍ਰੀ ਚਲਾਵਉ ॥ ਦੁਤੀਏ ਮਤਾ, ਦੁਇ ਮਾਨੁਖ ਪਹੁਚਾਵਉ ॥ ਤ੍ਰਿਤੀਏ ਮਤਾ, ਕਿਛੁ ਕਰਉ ਉਪਾਇਆ ॥’’ (ਮ: ੫/੩੭੧) ਤਾਂ ਸਤਿਗੁਰ ਜੀ ਨੇ ਇਨ੍ਹਾਂ ਬਚਨਾਂ ਰਾਹੀਂ ਸ਼ਾਂਤੀ ਬਖ਼ਸ਼ਸ਼ ਕੀਤੀ ਕਿ ‘‘ਮੈ ਸਭੁ ਕਿਛੁ ਛੋਡਿ ਪ੍ਰਭ ! ਤੁਹੀ ਧਿਆਇਆ ॥’’ (ਮ: ੫/੩੭੧), ‘‘ਜਿਉ ਜਿਉ ਤੇਰਾ ਹੁਕਮੁ, ਤਿਵੈ ਤਿਉ ਹੋਵਣਾ ॥ ਜਹ ਜਹ ਰਖਹਿ ਆਪਿ, ਤਹ ਜਾਇ ਖੜੋਵਣਾ ॥’’ (ਮ: ੫/੫੨੩)

ਜਦੋਂ ਸਤਿਗੁਰ ਜੀ ਨੂੰ ਦੇਗ਼ ਵਿੱਚ ਉਬਾਲਿਆ ਗਿਆ, ਤੱਤੀ ਤਵੀ ਉੱਤੇ ਬਿਠਾਇਆ ਗਿਆ, ਸੀਸ ਉੱਤੇ ਤੱਤਾ ਰੇਤਾ ਪਾਇਆ ਗਿਆ, ਤੱਤੇ ਬੋਲ ਵੀ ਬੋਲੇ ਗਏ ਪਰ ਵੇਖਣ ਵਾਲ਼ੀ ਗੱਲ ਹੈ ਕਿ ਤਵੀ ਵੀ ਤੱਤੀ, ਪਾਣੀ ਵੀ ਤੱਤਾ, ਰੇਤ ਵੀ ਤੱਤਾ, ਮੌਸਮ ਵੀ ਤੱਤਾ, ਅੱਗ ਵੀ ਤੱਤੀ, ਬਚਨ ਵੀ ਤੱਤੇ ਬੋਲੇ ਜਾ ਰਹੇ ਹਨ ਪਰ ਸਤਿਗੁਰ ਜੀ ਦਾ ਹਿਰਦਾ ਸ਼ਾਂਤ ਹੈ। ਸਾਂਈ ਮੀਆ ਮੀਰ ਜੀ ਵੀ ਇਸ ਦ੍ਰਿਸ਼ ਨੂੰ ਵੇਖ ਕੇ ਤੱਤੇ ਹੋ ਗਏ ਸਨ, ਕ੍ਰੋਧ ਵਿੱਚ ਆ ਗਏ ਸਨ ਪਰ ਸ਼ਾਂਤੀ ਦੇ ਪੁੰਜ ਗੁਰੂ ਸਾਹਿਬ ਜੀ ਨੇ ਉਨ੍ਹਾਂ ਨੂੰ ਵੀ ਠੰਢਕ ਬਖ਼ਸ਼ੀ ਤੇ ਕਿਹਾ ਸਾਂਈ ਜੀ ਮਿੱਠਾ ਖਾਣ ਲੱਗਿਆਂ ਕਦੇ ਵੀ ਕ੍ਰੋਧ ਨਹੀਂ ਆਉਂਦਾ, ਪ੍ਰਭੂ ਜੀ ਦਾ ਭਾਣਾ ਬਹੁਤ ਹੀ ਮਿੱਠਾ ਹੈ, ਮੈਨੂੰ ਕੋਈ ਤਕਲੀਫ਼ ਨਹੀਂ ਹੈ। ਇਸ ਸਮੇਂ ਵੀ ਜਦੋਂ ਸਤਿਗੁਰੂ ਜੀ ਨੇ ਆਪਣੇ ਸੁਭਾਅ ਮੁਤਾਬਕ ਅਰਦਾਸ ਕੀਤੀ ਤਾਂ ਤੀਜੇ ਪਾਤਿਸ਼ਾਹ ਦੇ ਬਚਨ ਹੀ ਦੁਹਰਾਏ ਕਿ ‘‘ਜਗਤੁ ਜਲੰਦਾ ਰਖਿ ਲੈ, ਆਪਣੀ ਕਿਰਪਾ ਧਾਰਿ ॥ ਜਿਤੁ ਦੁਆਰੈ ਉਬਰੈ, ਤਿਤੈ ਲੈਹੁ ਉਬਾਰਿ ॥’’ (ਮ: ੩/੮੫੩) ਭਾਣੇ ਨੂੰ ਮਿੱਠਾ ਕਰਕੇ ਮੰਨਣ ਵਾਲ਼ਾ ਹੀ ਇੰਝ ਆਖ ਸਕਦਾ ਹੈ, ਸਤਿਗੁਰ ਜੀ ਆਪਣੇ ਸਰੀਰ ਦੀ ਜਲਣ ਨੂੰ ਨਹੀਂ ਦੇਖਦੇ ਸਗੋਂ ਆਮ ਲੋਕਾਂ ਦੇ ਮਨਾਂ ਵਿੱਚ ਜੋ ਤ੍ਰਿਸ਼ਨਾ ਦੀ ਈਰਖਾ ਦੀ ਅੱਗ ਬਲ਼ ਰਹੀ ਹੈ ਉਸ ਦੀ ਸ਼ਾਂਤੀ ਵਾਸਤੇ ਹੀ ਅਰਦਾਸ ਕਰਦੇ ਹਨ।

ਧਰਮ ਤੇ ਇਤਿਹਾਸ ਵਿੱਚ ਪਹਿਲਾਂ ਵੀ ਕਈ ਵਾਰੀ ਪ੍ਰਭੂ-ਪ੍ਰੇਮੀਆਂ ਨੂੰ ਅੱਗ ਰਾਹੀਂ ਮੌਤ ਦੇਣ ਦੇ ਫ਼ੈਸਲੇ ਕੀਤੇ ਗਏ, ਪ੍ਰਹਿਲਾਦ ਜੀ ਨੂੰ ਆਪਣੀ ਭੂਆ ਹੋਲਿਕਾ ਨਾਲ਼ ਅੱਗ ਵਿੱਚ ਬੈਠਣ ਲਈ ਕਿਹਾ ਗਿਆ, ਤੱਤੇ ਥੰਮ ਨੂੰ ਗਲ ਨਾਲ਼ ਲਾਉਣ ਲਈ ਕਿਹਾ ਗਿਆ, ਭਗਤ ਪ੍ਰਹਿਲਾਦ ਜੀ ਹਸਦਿਆਂ-ਹਸਦਿਆਂ ਪ੍ਰਭੂ ਦਾ ਭਾਣਾ ਮੰਨ ਕੇਅੱਗ ਨਾਲ਼ ਖੇਡ ਗਏ ਪਰ ਉੱਥੇ ਪ੍ਰਭੂ ਜੀ ਦੀ ਰਜ਼ਾ ਵਿੱਚ ਅੱਗ ਦਾ ਸੁਭਾਅ ਹੀ ਬਦਲਿਆ ਦਿਸ ਪੈਂਦਾ ਹੈ। ਨਮਰੂਦ ਦੀ ਕਚਹਿਰੀ ਵਿੱਚ ਹਜ਼ਰਤ ਇਬਰਾਹੀਮ ਨੂੰਭੱਖਦੇ ਅੰਗਾਰਿਆਂ ਉੱਤੋਂ ਲੰਘਣ ਦਾ ਹੁਕਮ ਹੋਇਆ, ਵਾਹਿਗੁਰੂ ਜੀ ਦੀ ਰਜ਼ਾ ਮੰਨਦੇ ਹੋਏ ਜਦੋਂ ਹਜ਼ਰਤ ਜੀ ਨੇ ਖ਼ੁਸ਼ੀ-ਖ਼ੁਸ਼ੀ ਅੰਗਾਰਿਆਂ ਉੱਤੇ ਪੈਰ ਧਰਿਆ ਤਾਂ ਭੱਖਦੇ ਅੰਗਾਰੇ ਫੁੱਲ ਬਣ ਗਏ, ਦੱਸਿਆ ਜਾਂਦਾ ਹੈ ਪਰ ਇਸ ਵਾਰੀ ਕਾਦਰ ਦੀ ਇਹ ਆਪਣੀ ਰਜ਼ਾ ਸੀ ਕਿ ਉਸ ਨੇ ਇਹ ਸਭ ਤੋਂ ਉੱਚਾ ਤੇ ਸੁੱਚਾ ਭਾਣਾ ਮਿੱਠਾ ਕਰਕੇ ਮੰਨਣ ਦਾ ਚਾਨਣ-ਮੁਨਾਰਾ ਕਾਇਮ ਕਰਨਾ ਸੀ। ਇਸ ਵਾਰੀ ਅੱਗ ਨਾ ਠੰਡੀ ਯਖ਼ (ਬਰਫ਼) ਬਣੀ, ਨਾ ਗੁਲਾਬ ਦੇ ਫੁੱਲ ਬਣੀ ਸਗੋਂ ਭੱਠੀ ਵਿੱਚ ਦਾਣੇ ਭੁੰਨਣ ਵਾਲ਼ੀ ਤੇ ਦੇਗ਼ ਵਿੱਚ ਚੌਲ਼ ਉਬਾਲਣ ਵਾਲ਼ੀ ਅੱਗ ਹੀ ਬਣੀ ਰਹੀ ਤਾਂ ਕਿ ਜਗਤ ਦਾ ਇਹ ਭਰਮ ਵੀ ਮਿਟ ਜਾਏ ਤੇ ਸਮਝ ਆ ਜਾਏ ਕਿ ਸੱਚਾ ਆਸ਼ਕ ਭਾਣੇ ਵਿੱਚਵਿਚਰਦਿਆਂ ਆਪਣੇ ਸਿਦਕ ਵਿੱਚ ਕਾਇਮ ਰਹਿੰਦਾ ਹੈ।

ਕੁੱਝ ਅੰਦਰੋਂ ਸੜੇ ਹੋਏ ਲੋਕਾਂ ਨੇ ਜਹਾਂਗੀਰ ਨੂੰ ਭੜਕਾਇਆ, ਜਹਾਂਗੀਰ ਨੇ ਯਾਸ਼ਾ ਦੇ ਕਾਨੂੰਨ ਮੁਤਾਬਕ ਸਤਿਗੁਰ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ। ਗੁਰੂ ਜੀ ਨੂੰ ਦੇਗ਼ ਵਿੱਚ ਉਬਾਲਿਆ ਗਿਆ, ਤੱਤੀ-ਤੱਤੀ ਰੇਤ ਦੇ ਕੜਛੇ ਸਿਰ ਉੱਤੇ ਪਾਏ ਗਏ, ਤੱਤੀ ਤਵੀ ਉੱਤੇ ਵੀ ਆਸਣ ਲਗਵਾਏ, ਸਤਿਗੁਰੂ ਜੀ ਦਾ ਸਰੀਰ ਛਾਲੇ-ਛਾਲੇ ਹੋ ਗਿਆ, ਇੰਝ ਜਾਪਦਾ ਸੀ ਕਿ ਸਬਰ ਤੇ ਜਬਰ (ਤਸ਼ੱਦਦ) ਦਾ ਯੁੱਧ ਹੋ ਰਿਹਾ ਹੈ। ਕਈ ਵੇਖਣ ਵਾਲ਼ਿਆਂ ਨੇ ਹੰਝੂ ਗੇਰੇ ਪਰ ਜ਼ਾਲਮ, ਜ਼ੁਲਮ ਕਰਦੇ ਗਏ, ਸ਼ਾਂਤੀ ਦੀ ਮੂਰਤ ਸਤਿਗੁਰੂ ਜੀ ਦੇ ਸਾਹਮਣੇ ਜ਼ਾਲਮਾਂ ਦੀ ਪੇਸ਼ ਨਾ ਗਈ ਆਖ਼ਿਰ ਉਹ ਕ੍ਰੋਧ ਦੀ ਅੱਗ ਵਿੱਚ ਸੜ ਉੱਠੇ, ਸਤਿਗੁਰੂ ਜੀ ਦੇ ਉੱਤੇ ਪੱਥਰਾਂ ਨਾਲ਼ ਪ੍ਰਹਾਰ ਕੀਤਾ, ਵੱਟੇ ਲੱਗਣ ’ਤੇ ਖ਼ੂਨ ਦੀ ਫੁਹਾਰ ਵਗ ਟੁਰੀ, ਯਾਸਾ ਕਾਨੂੰਨ ਦਾ ਨਿਯਮ ਭੰਗ ਹੋ ਗਿਆ ਕਿਉਂਕਿ ਇਸ ਤਹਿਤ ਦਿੱਤੀ ਗਈ ਸਜ਼ਾ ਅਨੁਸਾਰ ਖ਼ੂਨ ਦਾ ਇਕ ਕਤਰਾ ਵੀ ਧਰਤੀ ’ਤੇ ਨਹੀਂ ਡਿੱਗਣਾ ਚਾਹੀਦਾ, ਜ਼ਾਲਮ ਡਰ ਗਏ, ਘਾਬਰ ਗਏ ਸਤਿਗੁਰੂ ਜੀ ਦੇ ਸਰੀਰ ਨੂੰ ਪਾਣੀ ਵਿੱਚ ਰੋੜ੍ਹ ਦਿੱਤਾ ਗਿਆ ਪਰ ਭਾਣੇ ਵਿੱਚ ਰਹਿਣ ਵਾਲ਼ੇ ਸਤਿਗੁਰੂ ਗੁਰੂ ਅਰਜੁਨ ਦੇਵ ਜੀ ਅਖ਼ੀਰ ਤੱਕ ਠੰਢਕ ਹੀ ਵੰਡਦੇ ਰਹੇ, ਸਰਬੱਤ ਦਾ ਭਲਾ ਹੀ ਮੰਗਦੇ ਰਹੇ ਅਤੇ ਉਚਾਰਨ ਕਰਦੇ ਰਹੇ ਕਿ ‘‘ਤੇਰੈ ਭਾਣੈ, ਸਦਾ ਸੁਖੁ ਪਾਇਆ; ਗੁਰਿ, ਤ੍ਰਿਸਨਾ ਅਗਨਿ ਬੁਝਾਈ ॥’’ (ਮ: ੩/੧੩੩੩) ਅਤੇ ਪੂਰੇ ਬ੍ਰਹਿਮੰਡ ਨੂੰ ਅਨੰਦ ਦੀ ਪਰਿਭਾਸ਼ਾ ਅਮਲੀ ਰੂਪ ਵਿੱਚ ਸਮਝਾ ਕੇ ਗਏ ਕਿ ‘‘ਹਰਿ ਕਾ ਨਾਮੁ, ਰਿਦੈ ਨਿਤ ਧਿਆਈ ॥ ਸੰਗੀ ਸਾਥੀ, ਸਗਲ ਤਰਾਂਈ ॥੧॥ ਗੁਰੁ ਮੇਰੈ ਸੰਗਿ, ਸਦਾ ਹੈ ਨਾਲੇ ॥ ਸਿਮਰਿ ਸਿਮਰਿ, ਤਿਸੁ ਸਦਾ ਸਮ੍ਾਲੇ ॥੧॥ ਰਹਾਉ ॥ ਤੇਰਾ ਕੀਆ, ਮੀਠਾ ਲਾਗੈ ॥ ਹਰਿ ਨਾਮੁ ਪਦਾਰਥੁ, ਨਾਨਕੁ ਮਾਂਗੈ ॥’’ (ਮ: ੫/੩੯੪)

ਮੇਰੀ ਮੇਰੀ ਕਰਤੇ ਜਨਮੁ ਗਇਓ॥

0

ਮੇਰੀ ਮੇਰੀ ਕਰਤੇ ਜਨਮੁ ਗਇਓ॥

ਵਾ. ਪ੍ਰਿਸੀਪਲ ਮਨਿੰਦਰਪਾਲ ਸਿੰਘ- 94175-86121

ਹਥਲੇ ਲੇਖ ਦਾ ਵਿਸ਼ਾ ‘‘ਮੇਰੀ ਮੇਰੀ ਕਰਤੇ ਜਨਮੁ ਗਇਓ॥’’ ਰੂਪ ਰੱਬੀ ਸੁਨੇਹਾ ਭਗਤ ਕਬੀਰ ਜੀ ਦਾ ਆਸਾ ਰਾਗ ਅੰਦਰ ਉਚਾਰਨ ਕੀਤਾ ਹੋਇਆ ਹੈ ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 479 ’ਤੇ ਸੁਭਾਇਮਾਨ ਹੈ। ਸ਼ਬਦ ਦੇ ਸਾਰ (ਰਹਾਉ) ‘‘ਮੇਰੀ ਮੇਰੀ ਕਰਤੇ ਜਨਮੁ ਗਇਓ ॥ ਸਾਇਰੁ ਸੋਖਿ ਭੁਜੰ ਬਲਇਓ ॥੧॥ ਰਹਾਉ ॥’’ ਤੁਕ ਰਾਹੀਂ ਭਗਤ ਜੀ ਸਮਝਾਉਂਦੇ ਹਨ ਕਿ ਮੇਰੀ ਮੇਰੀ ਕਰਦਿਆਂ ਹੀ ਜਨਮ ਬਤੀਤ ਹੋ ਗਿਆ ਹੈ, ਜਵਾਨੀ ਅਤੇ ਸਰੀਰਕ ਸ਼ਕਤੀ ਦਾ ਸਮੁੰਦਰ ਸੁਕਣ ਕਰਕੇ ਬਾਂਹਵਾਂ ਦਾ ਬਲ ਵੀ ਰਹਿ ਗਿਆ ਹੈ।

ਜੀਵ, ਪ੍ਰਭੂ ਨਾਲੋਂ ਵਿਛੜਿਆ ਹੋਇਆ ਹੈ ਅਤੇ ਇਸ ਦਾ ਜੀਵਨ ਮਨੋਰਥ ਪ੍ਰਭੂ ਨਾਲ ਦੁਬਾਰਾ ਮਿਲਾਪ ਕਰਨਾ ਹੀ ਹੈ। ਧਰਮ ਨਾਲ ਸਾਂਝ, ਪ੍ਰਭੂ ਦੀ ਗੋਦ ਦਾ ਅਨੰਦ, ਪ੍ਰਭੂ ਨਾਲ ਮਿਲਾਪ ਕੇਵਲ ਤੇ ਕੇਵਲ ਮਨੁੱਖਾ ਜਾਮੇ ਵਿੱਚ ਹੀ ਹੋ ਸੰਭਵ ਹੈ, ਇਹੀ ਪਹਿਲਾ ਅਤੇ ਅਖੀਰਲਾ ਮੌਕਾ ਹੈ। ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਵਚਨ ਹਨ: ‘‘ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ; ਇਹ ਤੇਰੀ ਬਰੀਆ ॥’’ (ਮ: ੫/੧੨)

ਜਿਸ ਜੀਵ ਉੱਤੇ ਪ੍ਰਭੂ ਜੀ ਦਇਆਵਾਨ ਹੋਣ ਉਸੇ ਨੂੰ ਹੀ ਇਹ ਮਨੁੱਖਾ ਜਾਮਾ ਮਿਲਦਾ ਹੈ, ਇਹ ਪਰਮ ਸਚਾਈ ਹੈ ਕਿ: ‘‘ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ..॥’’ (ਮ: ੫/੨੦੭) ਭਗਤ ਕਬੀਰ ਜੀ ਸਮਝਾਉਂਦੇ ਹਨ ਕਿ ਇਹ ਜਾਮਾ ਇੰਨਾ ਦੁਰਲਭ ਤੇ ਅਨਮੋਲ ਹੈ ਕਿ ਇਸ ਦੀ ਲੋਚਾ (ਅਭਿਲਾਸ਼ਾ) ਤਾਂ ਦੇਵਤੇ ਵੀ ਕਰਦੇ ਹਨ। ਪਾਵਨ ਵਚਨ ਹਨ: ‘‘ਇਸ ਦੇਹੀ ਕਉ ਸਿਮਰਹਿ ਦੇਵ ॥’’ (ਭਗਤ ਕਬੀਰ/੧੧੫੯)

ਮਨੁੱਖਾ ਜਨਮ ਹੀ ਉੱਤਮ ਕਿਉਂ ਹੈ ?, ਇਸ ਦੀ ਵਿਆਖਿਆ ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਦੀ ਤੀਜੀ ਪਉੜੀ ਵਿੱਚ ਇਸ ਤਰ੍ਹਾਂ ਕਰਦੇ ਹਨ ਕਿ ਧਰਮ ਦੀ ਕਮਾਈ ਨਾਲ ਹੀ ਪ੍ਰਭੂ ਦੀ ਗੋਦ ਦਾ ਅਨੰਦ ਮਾਣਿਆ ਜਾ ਸਕਦਾ ਹੈ, ਪਰ ਧਰਮ ਕੇਵਲ ਮਨੁੱਖਾ ਜਾਮੇ ਵਿੱਚ ਹੀ ਕਮਾਇਆ ਜਾ ਸਕਦਾ ਹੈ। ਅੱਖਾਂ ਤਾਂ ਪਸ਼ੂ, ਪੰਛੀਆਂ ਦੀਆਂ ਵੀ ਹਨ, ਪਰ ਉਹ ਕੁਦਰਤ ਵਿੱਚੋਂ ਕਾਦਰ ਦੀ ਝਲਕ ਨਹੀਂ ਦੇਖ ਸਕਦੀਆਂ, ਗੁਰੂ ਦਾ ਦੀਦਾਰ ਨਹੀਂ ਕਰ ਸਕਦੀਆਂ, ਕੰਨ ਤੇ ਜੀਭ ਉਨ੍ਹਾਂ ਕੋਲ ਵੀ ਹੈ, ਪਰ ਨਾ ਤਾਂ ਉਹ ਗੁਰਬਾਣੀ ਉਪਦੇਸ਼ ਸੁਣ ਸਕਦੇ ਹਨ ਅਤੇ ਨਾ ਹੀ ਇਸ ਨੂੰ ਗਾ ਸਕਦੇ ਹਨ, ਲੱਤਾਂ ਤਾਂ ਉਨ੍ਹਾਂ ਕੋਲ ਵੀ ਹਨ, ਪਰ ਉਹ ਸਤਿ ਸੰਗਤ ਵਿੱਚ ਨਹੀਂ ਜਾ ਸਕਦੇ, ਹੱਥਾਂ ਨਾਲ ਪਰਉਪਕਾਰ ਨਹੀਂ ਕਰ ਸਕਦੇ। ਦਿਮਾਗ ਹੈ, ਪਰ ਉਸ ਵਿੱਚ ਪ੍ਰਭੂ ਹਸਤੀ ਸੰਬੰਧੀ ਸੂਝ ਨਹੀਂ ਹੈ। ਮਨੁੱਖ ਅੱਖਾਂ ਰਾਹੀਂ ਗੁਰੂ ਤੇ ਪ੍ਰਭੂ ਦੇ ਦਰਸ਼ਨ ਕਰ ਸਕਦਾ ਹੈ, ਕੰਨਾਂ ਨਾਲ ਇਲਾਹੀ ਬਾਣੀ ਸੁਣ ਸਕਦਾ ਹੈ, ਜੀਭ ਨਾਲ ਪ੍ਰਭੂ ਦੀ ਸਿਫ਼ਤ-ਸਲਾਹ ਕਰ ਸਕਦਾ ਹੈ, ਪੈਰਾਂ ਨਾਲ ਚੱਲ ਕੇ ਸਤਿ ਸੰਗਤ ਵਿੱਚ ਮਿਲਾਪ ਕਰ ਸਕਦਾ ਹੈ, ਹੱਥਾਂ ਨਾਲ ਧਰਮ ਦੀ ਭਾਵਨਾ ਅਧੀਨ ਕਿਰਤ ਕਰਕੇ ਲੋੜਵੰਦਾਂ ਦੀ ਸੇਵਾ ਕਰ ਸਕਦਾ ਹੈ, ਵੰਡ ਛਕਦਾ ਹੈ, ਮਨੁੱਖਾ ਜਾਮੇ ’ਚ ਹੀ ਗੁਰੂ ਵਾਲੇ ਬਣ ਕੇ ਜੀਵ ਗੁਰਮੁਖ ਬਣ ਸਕਦਾ ਹੈ, ਗੁਰੂ ਦੀ ਬਾਣੀ ਨੂੰ ਪੜ੍ਹ ਸਕਦਾ ਹੈ, ਸੁਣ ਸਕਦਾ ਹੈ, ਸਮਝ ਸਕਦਾ ਹੈ ਅਤੇ ਹੋਰਨਾਂ ਨੂੰ ਇਹ ਦਾਤ ਵੰਡ ਸਕਦਾ ਹੈ। ਨਿਮਰਤਾ ਨੂੰ ਧਾਰਨ ਕਰਨਾ ਤੇ ਕਲਿਯੁਗ ਦੇ ਸਮੇਂ ਵਿੱਚ ਪ੍ਰੇਮ ਭਾਵਨਾ ਦਾ ਸਾਥ ਨਾ ਛੱਡਣਾ, ਆਪ ਤਰਨਾ ਅਤੇ ਹੋਰਨਾਂ ਨੂੰ ਤਾਰਨਾ ਗੁਰਮੁਖ ਦੇ ਹੀ ਲੱਛਣ ਹਨ ਜਿਨ੍ਹਾਂ ਦੀ ਪ੍ਰਾਪਤੀ ਲਈ ਮਨੁੱਖਾ ਦੇਹੀ ਮੁੱਢਲਾ ਸਾਧਨ ਹੈ। ਪਾਵਨ ਵਚਨ ਹਨ: ‘‘ਚਉਰਾਸੀਹ ਲਖ ਜੋਨਿ ਵਿਚਿ; ਉਤਮੁ ਜਨਮੁ, ਸੁ ਮਾਣਸਿ ਦੇਹੀ। ਅਖੀ ਵੇਖਣੁ, ਕਰਨਿ ਸੁਣਿ; ਮੁਖਿ ਸੁਭ ਬੋਲਣੁ; ਬਚਨ ਸਨੇਹੀ। ਹਥੀ ਕਾਰ ਕਮਾਵਣੀ, ਪੈਰੀ ਚਲਿ ਸਤਿਸੰਗਿ ਮਿਲੇਹੀ। ਕਿਰਤਿ ਵਿਰਤਿ ਕਰਿ ਧਰਮ ਦੀ; ਖਟਿ ਖਵਾਲਣੁ ਕਾਰਿ ਕਰੇਹੀ। ਗੁਰਮੁਖਿ ਜਨਮੁ ਸਕਾਰਥਾ; ਗੁਰਬਾਣੀ ਪੜਿ ਸਮਝਿ ਸੁਣੇਹੀ। ਗੁਰਭਾਈ ਸੰਤੁਸਟਿ ਕਰਿ; ਚਰਣਾਮਿਤੁ ਲੈ ਮੁਖਿ ਪਿਵੇਹੀ। ਪੈਰੀ ਪਵਣੁ, ਨ ਛੋਡੀਐ; ਕਲੀ ਕਾਲਿ ਰਹਰਾਸਿ ਕਰੇਹੀ। ਆਪਿ ਤਰੇ; ਗੁਰ ਸਿਖ ਤਰੇਹੀ ॥’’ (ਭਾਈ ਗੁਰਦਾਸ ਜੀ /ਵਾਰ ੧ ਪਉੜੀ ੩)

ਮਨੁੱਖਾ ਜੀਵਨ ਦੀਆਂ ਤਿੰਨ ਅਵਸਥਾਵਾਂ (ਬਾਲ, ਜਵਾਨੀ ਤੇ ਬੁਢੇਪਾ) ਪ੍ਰਮੁੱਖ ਹੁੰਦੀਆਂ ਹਨ, ਜਿਨ੍ਹਾਂ ’ਚੋਂ ਜਵਾਨੀ ਬੜੀ ਸੁੰਦਰ ਤੇ ਕੀਮਤੀ ਹੈ ਕਿਉਂਕਿ ਇਸ ਵਿੱਚ ਭਰਪੂਰ ਸ਼ਕਤੀ ਤੇ ਸਮਰੱਥਾ ਹੁੰਦੀ ਹੈ, ਜਿਸ ਦਾ ਸਦਉਪਯੋਗ ਕਰਕੇ ਮਨੁੱਖ ਧਰਮ ਦਾ ਬੇੜਾ ਬੰਨ੍ਹ (ਬਣਾ) ਸਕਦਾ ਹੈ, ਪਰ ਅਫ਼ਸੋਸ ਕਿ ਮਨੁੱਖ; ਮਾਇਆ ਤੇ ਵਿਕਾਰਾਂ ਵਿੱਚ ਫਸੇ ਹੋਣ ਕਾਰਨ ਆਪਣੀ ਸਮਰੱਥਾ ਮੈਂ ਮੈਂ ਕਰਨ ਵਿੱਚ ਹੀ ਨਸ਼ਟ ਕਰ ਦਿੰਦੇ ਹਨ। ਰਾਮ ਨੂੰ ਭੁੱਲ ਹੀ ਜਾਂਦੇ ਹਨ, ਜਿਸ ਦਾ ਕਦੇ ਕਾਰਨ ਇਹ ਬਣਦਾ ਹੈ: ‘‘ਮੇਰਾ ਮੇਰਾ ਕਰਿ ਪਾਲੀਐ ਵਣਜਾਰਿਆ ਮਿਤ੍ਰਾ ! ਲੇ ਮਾਤ ਪਿਤਾ ਗਲਿ ਲਾਇ ॥’’ (ਮ: ੪/੭੬) ਅਨੁਸਾਰ ਮੇਰੀ ਮੇਰੀ ਕਰਦਾ ਹੈ, ਕਦੇ ਲੋਭ ਤੇ ਕਦੇ ਕਾਮ ਦੇ ਅਧੀਨ ਮੇਰੀ ਮੇਰੀ ਦੀ ਰੱਟ ਲਾਉਂਦਾ ਫਿਰਦਾ ਹੈ, ਇਹ ਇਸ ਸਚਾਈ ਨੂੰ ਜਾਣਦਾ ਹੀ ਨਹੀਂ ਕਿ ‘‘ਮੇਰੀ ਮੇਰੀ ਕਰਿ ਗਏ, ਤਨੁ ਧਨੁ ਕਲਤੁ ਨ ਸਾਥਿ ॥’’ (ਮ: ੧/੫੯)

ਕਦੇ ਇਹ ਕਰੋਧ ਤੇ ਅਹੰਕਾਰ ਦੇ ਕਾਰਨ ‘‘ਮੇਰੀ ਮੇਰੀ ਕੈਰਉ ਕਰਤੇ, ਦੁਰਜੋਧਨ ਸੇ ਭਾਈ ॥’’ (ਭਗਤ ਨਾਮਦੇਵ/੬੯੩) ਵਾਙ ਮੈਂ ਮੇਰੀ ਦੀ ਬੋਲੀ ਬੋਲਦਾ ਹੈ। ਪੰਚਮ ਪਾਤਿਸ਼ਾਹ ਜੀ ਫ਼ੁਰਮਾਉਂਦੇ ਹਨ ਕਿ ਇਸ ਦੇ ਤਮਾਮ ਦਿਨ ਹੀ ਮੇਰੀ ਮੇਰੀ ਕਰਦਿਆਂ ਬਤੀਤ ਹੁੰਦੇ ਹਨ: ‘‘ਮੇਰੀ ਮੇਰੀ ਕਰਤ, ਦਿਨੁ ਰੈਨਿ ਬਿਹਾਵੈ; ਪਲੁ ਖਿਨੁ ਛੀਜੈ ਅਰਜਾਧੇ ॥’’ (ਮ: ੫/੪੦੨) ਪਦ ਅਰਥ: ਰੈਨਿ-ਰਾਤ, ਛੀਜੈ-ਘਟਦੀ, ਅਰਜਾਧੇ-ਉਮਰ। 

ਚਾਹੀਦਾ ਤਾਂ ਇਹ ਸੀ ਕਿ ਜੇ ਇਸ ਵਿੱਚ ਬਲ ਹੈ ਤਾਂ ‘‘ਗਾਵੈ ਕੋ ਤਾਣੁ, ਹੋਵੈ ਕਿਸੈ ਤਾਣੁ ॥’’ (ਜਪੁ) ਦਾ ਅਨੁਸਾਰੀ ਹੋ ਕੇ ਪ੍ਰਭੂ ਦੇ ਬਲ ਨੂੰ ਹੀ ਗਾਏ ਤੇ ਜੇ ਕਿਧਰੇ ਦਾਤੇ ਦੀ ਮਿਹਰ ਹੋ ਗਈ ਤੇ ਇਸ ਦੇ ਘਰ ਧਨ-ਪਦਾਰਥਾਂ ਨਾਲ ਭਰ ਗਏ ਤਾਂ ਇਹ ਦਾਤਾਂ ਹੀ ਦਾਤੇ ਨਾਲ ਜੋੜਨ ਦਾ ਵਸੀਲਾ ਬਣ ਜਾਵਣ ਭਾਵ ‘‘ਗਾਵੈ ਕੋ ਦਾਤਿ, ਜਾਣੈ ਨੀਸਾਣੁ ॥’’ ਦਾ ਅਨੁਸਾਰੀ ਹੋ ਜਾਏ, ਜੇ ਇਸ ਕੋਲ ਗਿਆਨ ਹੈ, ਤਾਂ ਇਹ ਵਿੱਦਿਆ ਦਾ ਪੰਡਿਤ ਹੈ ਤਾਂ ਇਹ ਵਿਦਿਆ ਦੇ ਦਾਤੇ ਨੂੰ ਗਾਵੇ, ਪ੍ਰਭੂ ਦੀ ਵਿਚਾਰ ਕਰਕੇ ਇਹ ਆਪਣਾ ਨਾਮ ‘‘ਗਾਵੈ ਕੋ, ਵਿਦਿਆ ਵਿਖਮੁ ਵੀਚਾਰੁ ॥’’ ਸ਼੍ਰੇਣੀ ਵਿੱਚ ਸ਼ਾਮਲ ਕਰਵਾ ਲਏ, ਪਰ ਹੋ ਉਲਟਾ ਰਿਹਾ ਹੈ ਜੇ ਇਹ ਬਲਸਾਲੀ ਹੋ ਗਿਆ, ਧਨਵਾਨ ਹੋ ਗਿਆ, ਗਿਆਨਵਾਨ ਹੋ ਗਿਆ, ਇਸ ਦੇ ਅੰਦਰ ਇਹ ਸੁਧ-ਬੁਧ ਪ੍ਰਗਟ ਹੋ ਗਈ ਕਿ ‘‘ਹਉ ਬੰਧਉ, ਹਉ ਸਾਧਉ ਬੈਰੁ ॥ ਹਮਰੀ ਭੂਮਿ, ਕਉਣੁ ਘਾਲੈ ਪੈਰੁ ? ॥ ਹਉ ਪੰਡਿਤੁ, ਹਉ ਚਤੁਰੁ ਸਿਆਣਾ ॥ ਕਰਣੈਹਾਰੁ ਨ ਬੁਝੈ, ਬਿਗਾਨਾ ॥’’ (ਮ: ੫/੧੭੮) ਪਦ ਅਰਥ: ਬਿਗਾਨਾ-ਅਗਿਆਨੀ। ਜਾਂ ‘‘ਹਮ ਬਡ ਕਬਿ, ਕੁਲੀਨ ਹਮ ਪੰਡਿਤ; ਹਮ ਜੋਗੀ ਸੰਨਿਆਸੀ ॥ ਗਿਆਨੀ ਗੁਨੀ ਸੂਰ ਹਮ ਦਾਤੇ; ਇਹ ਬੁਧਿ ਕਬਹਿ ਨ ਨਾਸੀ ॥’’ (ਭਗਤ ਰਵਿਦਾਸ/੯੭੪)

ਮਿਲਣਾ ਤਾਂ ਪ੍ਰਭੂ ਨੂੰ ਸੀ, ਪਰ ਪੰਚਮ ਪਾਤਿਸ਼ਾਹ ਜੀ ਫ਼ੁਰਮਾਉਂਦੇ ਹਨ ਕਿ ਇਸ ਦੀ ਮੇਰੀ ਮੇਰੀ ਨੇ ਮਿਲਣ ਨਹੀਂ ਦਿੱਤਾ ਕਿਉਂਕਿ ਇਹ ਤਾਂ ਉਹ ਸੰਗਲ ਹੈ, ਜੋ ਇਸ ਦੇ ਪੈਰਾਂ ਨੂੰ ਹੀ ਬੰਨ੍ਹ ਲੈਂਦਾ ਹੈ ਅਤੇ ਅਸਲ ਦਾਤੇ (ਮਾਲਕ) ਵੱਲ ਤੁਰਨ ਨਹੀਂ ਦਿੰਦਾ। ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਵਚਨ ਹਨ: ‘‘ਮੇਰੀ ਮੇਰੀ ਧਾਰੀ ॥ ਓਹਾ ਪੈਰਿ ਲੋਹਾਰੀ ॥’’ (ਮ: ੫/੧੦੦੪)

ਪਾਤਿਸ਼ਾਹ ਸਮਝਾਉਂਦੇ ਹਨ ਕਿ ਵੇਖੋ ਪਦਾਰਥ ਭੋਗਦੇ ਭੋਗਦੇ ਜੀਵ ਦਾ ਮੂੰਹ ਵੀ ਘਸ ਗਿਆ ਤੇ ਦੰਦ ਵੀ ਪਰ ਫਿਰ ਵੀ ਇਹ ਮੇਰੀ ਮੇਰੀ ਕਰਦਾ ਫਿਰਦਾ ਹੈ, ਪਾਪ ਕਮਾਉਂਦਾ ਹੈ। ਫ਼ੁਰਮਾਨ ਹੈ: ‘‘ਅਨਿਕ ਪ੍ਰਕਾਰ ਭੋਜਨ ਨਿਤ ਖਾਤੇ, ਮੁਖ ਦੰਤਾ ਘਸਿ ਖੀਨ ਖਇਆ ॥ ਮੇਰੀ ਮੇਰੀ ਕਰਿ ਕਰਿ ਮੂਠਉ, ਪਾਪ ਕਰਤ ਨਹ ਪਰੀ ਦਇਆ ॥’’ (ਮ: ੫/੮੨੬) ਪਦ ਅਰਥ: ਖੀਨ ਖਇਆ-ਕਮਜੋਰ ਹੋ ਗਏ, ਮੂਠਉ- ਲੁਟਿਆ ਗਿਆ, ਪਰੀ-ਹੋਈ ਭਾਵ ਧਾਰੀ।

ਇੱਕ ਪਾਪੀ ਕੋਲ ਕੀ ਹੋ ਸਕਦਾ ਹੈ ? ਉਸ ਦੇ ਜੀਵਨ ਦੀ ਪੂੰਜੀ ਕੀ ਹੋਵੇਗੀ ?, ਪਹਿਲੇ ਪਾਤਿਸ਼ਾਹ ਸਮਝਾਉਂਦੇ ਹਨ ਕਿ ਮੇਰੀ ਮੇਰੀ ਕਰਨ ਵਾਲੇ ਦੀ ਜੀਵਨ-ਪੂੰਜੀ ਹੈ: ‘ਸੁਆਹ (ਰਾਖ), ਜ਼ਹਿਰ ਤੇ ਵਿਕਾਰ’, ਸਾਰੀ ਉਮਰ ਬਸ ਇਹੀ ਇਕੱਠਾ ਹੋਇਆ। ਪਾਵਨ ਵਚਨ ਹਨ: ‘‘ਮੇਰੀ ਮੇਰੀ ਕਰਤ, ਕਿਆ ਲੇ ਚਾਲੇ ? ਬਿਖੁ ਲਾਦੇ ਛਾਰ, ਬਿਕਾਰਾ ਹੇ ॥’’ (ਮ: ੧/੧੦੩੧) ਪਦ ਅਰਥ: ਬਿਖੁ-ਜ਼ਹਿਰ, ਛਾਰ-ਸੁਆਹ, ਬਿਕਾਰਾ-ਕਾਮਾਦਿਕ। 

‘‘ਅਮੁਲ ਗੁਣ, ਅਮੁਲ ਵਾਪਾਰ ॥ ਅਮੁਲ ਵਾਪਾਰੀਏ, ਅਮੁਲ ਭੰਡਾਰ ॥’’ ਤੋਂ ਸਿੱਖਿਆ ਲੈ ਕੇ ਬਣਨਾ ਤਾਂ ਅਨਮੋਲ ਵਪਾਰੀ ਸੀ, ਆਪਣੇ ਪੱਲੇ ਵਿੱਚ ‘‘ਹਰਿ ਹਰਿ ਨਾਮੁ ਅਮੋਲਾ ॥’’ (ਮ: ੫/੪੦੭) ਇਕੱਠਾ ਕਰਨਾ ਸੀ ਪਰ ਤੀਜੇ ਪਾਤਿਸ਼ਾਹ ਫ਼ੁਰਮਾਉਂਦੇ ਹਨ ਕਿ ਦੇਖੋ ਇਹ ਮੈਂ ਮੇਰੀ ਵਾਲੇ ਦਾ ਪੱਲਾ ਖਾਲੀ ਹੀ ਹੈ, ਇਸ ਨੂੰ ਪ੍ਰਭੂ ਦਾ ਮਹਲ ਨਹੀਂ ਨਸੀਬ ਹੋਏਗਾ, ਪਛੁਤਾਉਣਾ ਪਵੇਗਾ। ਫੁਰਮਾਨ ਹੈ: ‘‘ਮੇਰੀ ਮੇਰੀ ਕਰਿ ਗਏ, ਪਲੈ ਕਿਛੁ ਨ ਪਾਇ ॥ ਮਹਲੁ ਨਾਹੀ ਡੋਹਾਗਣੀ, ਅੰਤਿ ਗਈ ਪਛੁਤਾਇ ॥’’ (ਮ: ੩/੪੨੮)

ਮੈ ਮੇਰੀ ਕਰਨ ਵਾਲੇ ਦਾ ਜਨਮ ਤਾਂ ਕੀ ਸਫਲ ਹੋਣਾ ਹੈ, ਉਹ ਤਾਂ ਗੁਰੂ ਨਾਲ ਵੀ ਮੁਕਾਬਲਾ ਕਰਨ ਲੱਗ ਪੈਂਦਾ ਹੈ। ਇਤਿਹਾਸਕ ਸਾਖੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਭਾਈ ਲਾਲ ਸਿੰਘ ਜੀ ਇੱਕ ਢਾਲ਼ ਲੈ ਕੇ ਆਏ, ਸਾਰਿਆਂ ਨੇ ਉਸ ਢਾਲ਼ ਦੀ ਬੜੀ ਸ਼ਲਾਘਾ ਕੀਤੀ, ਗੁਰੂ ਜੀ ਵੀ ਕਾਰੀਗਰੀ ਤੋਂ ਪ੍ਰਸੰਨ ਹੋਏ, ਬਸ ਮੈਂ ਮੇਰੀ ਦੀ ਆਵਾਜ਼ ਆਉਣ ਸ਼ੁਰੂ ਹੋ ਗਈ। ਹਰ ਇੱਕ ਨੂੰ ਕਹਿੰਦੇ ਫਿਰਨ ‘ਮੇਰੀ ਹੈ, ਮੈਂ ਬਣਾਈ ਹੈ, ਮੇਰੇ ਵਰਗਾ ਕਾਰੀਗਰ ਹੀ ਬਣਾ ਸਕਦਾ ਹੈ।’

ਗੁਰੂ ਜੀ ਨੇ ਇਨ੍ਹਾਂ ਦਾ ਹੰਕਾਰ ਦੂਰ ਕਰਨ ਲਈ ਕਿਹਾ, ਲਾਲ ਸਿੰਘ ਜੀ ! ਹੈ ਤਾਂ ਬੜੀ ਸੋਹਣੀ ਪਰ ਗੋਲੀ ਦੇ ਵਾਰ ਨਾਲ ਟੁੱਟ ਜਾਏਗੀ। ਫੌਰਨ ਜਵਾਬ ਦਿੱਤਾ ਕਿ ਨਹੀਂ ਟੁੱਟੇਗੀ, ਮੈ ਬਣਾਈ ਹੈ, ਮੈਨੂੰ ਪਤਾ ਹੈ, ਤੁਸੀਂ ਚਲਾਓ ਗੋਲੀ, ਇਹ ਨਹੀਂ ਟੁੱਟੇਗੀ। ਅਗਲੇ ਦਿਨ ਪਰੀਖਿਆ ਦਾ ਸਮਾਂ ਰੱਖਿਆ ਗਿਆ, ਆਪਣੇ ਘਰ ਗਏ, ਘਰਵਾਲੀ ਨੂੰ ਪਤਾ ਲੱਗਾ। ਉਹ ਸਿਆਣੀ ਸੀ, ਆਖਣ ਲੱਗੀ ਕਿ ਇਹ ਕੀ ਕੀਤਾ ? ਗੁਰੂ ਨੂੰ ਚਣੌਤੀ ਦੇ ਆਏ ਹੋ, ਤੁਹਾਡੀ ਹਾਰ ਹੋਏਗੀ। ਤੁਹਾਡੀ ਮੈ ਮੇਰੀ ਤੁਹਾਨੂੰ ਲਾਹਨਤ ਪਵਾਏਗੀ। ਗੁਰੂ ਦੇ ਮੁਕਾਬਲੇ ’ਚ ਖੜ੍ਹਨ ਵਾਲੇ ਨੂੰ ਰੱਬ ਵੀ ਢੋਈ ਨਹੀਂ ਦੇਵੇਗਾ। ਭਾਈ ਜੀ ਨੂੰ ਹੋਸ਼ ਆ ਗਈ, ਅਗਲੇ ਦਿਨ ਬੜੀ ਨਿਮਰਤਾ ਵਿੱਚ ਅਰਜ਼ ਕੀਤੀ ਕਿ ਐ ਮੇਰੇ ਮਾਲਕ ! ਇਹ ਢਾਲ਼ ਗੋਲੀ ਦਾ ਵਾਰ ਸਹਿ ਲਏਗੀ ਪਰ ਤਾਂ, ਜੇ ਇਹ ਮੇਰੇ ਹੱਥ ਵਿੱਚ ਨਾ ਹੋਵੇ, ਤੁਹਾਡੇ ਹੱਥ ਵਿੱਚ ਹੋਵੇ। ਮੈਂ ਮੈਂ, ਤੂੰ ਤੂੰ ਵਿੱਚ ਬਦਲ ਗਈ ਤੇ ਕਿਹਾ ਮੇਰੇ ਪਾਤਿਸ਼ਾਹ  ! ਮੈਨੂੰ ਸਮਝ ਆ ਗਈ ਹੈ ਕਿ ਮੇਰੀ ਮੇਰੀ ਕਰਨ ਵਾਲਾ ਸਦਾ ਘਾਟੇ ਵਿੱਚ ਹੀ ਰਹਿੰਦਾ ਹੈ, ਉਸ ਦੇ ਹੱਥ ਪੱਲੇ ਕੁਝ ਨਹੀਂ ਆਉਂਦਾ। ਮੈਂ ਤੀਜੇ ਪਾਤਿਸ਼ਾਹ ਦੇ ਉਪਦੇਸ਼ ਨੂੰ ਸਮਝ ਲਿਆ ਹੈ ਕਿ ‘‘ਮੇਰੀ ਮੇਰੀ ਕਰਦੇ ਘਟਿ ਗਏ, ਤਿਨਾ ਹਥਿ ਕਿਹੁ ਨ ਆਇਆ ॥’’ (ਮ: ੩/੫੫੯) ਮੈਨੂੰ ਸਮਝ ਆ ਗਈ ਹੈ ਕਿ ਉਨ੍ਹਾਂ ਦੇ ਜੀਵਨ ਦੀ ਸਚਾਈ ਇਹ ਵਚਨ ਦੱਸਦੇ ਹਨ: ‘‘ਮੇਰੀ ਮੇਰੀ ਕਰਤੇ, ਜਨਮੁ ਗਇਓ ॥ ਸਾਇਰੁ ਸੋਖਿ ਭੁਜੰ ਬਲਇਓ ॥੧॥ ਰਹਾਉ ॥’’ (ਭਗਤ ਕਬੀਰ/੪੭੯) ਭਾਵ ਮੇਰੀ ਮੇਰੀ ਕਰਦਿਆਂ ਸਮੁੰਦਰ-ਸਰੀਰ ਸੁੱਕ ਗਿਆ, ਜਿਸ ਕਾਰਨ ਬਾਹਾਂ ਦੀ ਤਾਕਤ ਵੀ ਖ਼ਤਮ ਹੋ ਗਈ; ਹੁਣ ਮਾਨੋ ਸਾਰਾ ਜਨਮ ਹੀ ਵਿਅਰਥ ਗਿਆ।

ਮੇਰੇ ਜੀਅੜਿਆ ਪਰਦੇਸੀਆ !

0

ਮੇਰੇ ਜੀਅੜਿਆ ਪਰਦੇਸੀਆ ! ਕਿਤੁ ਪਵਹਿ ਜੰਜਾਲੇ ਰਾਮ॥

ਗਿਆਨੀ ਹਰਭਜਨ ਸਿੰਘ (ਪ੍ਰਿੰਸੀਪਲ, ਰੋਪੜ)

ਮੇਰੇ ਜੀਅੜਿਆ ਪਰਦੇਸੀਆ ! ਕਿਤੁ ਪਵਹਿ ਜੰਜਾਲੇ ਰਾਮ॥ ਸਾਚਾ ਸਾਹਿਬੁ ਮਨਿ ਵਸੈ, ਕੀ ਫਾਸਹਿ ਜਮ ਜਾਲੇ ਰਾਮ॥

ਮਛੁਲੀ ਵਿਛੁੰਨੀ ਨੈਣ ਰੁੰਨੀ, ਜਾਲੁ ਬਧਿਕਿ ਪਾਇਆ॥ ਸੰਸਾਰੁ ਮਾਇਆ ਮੋਹੁ ਮੀਠਾ, ਅੰਤਿ ਭਰਮੁ ਚੁਕਾਇਆ॥ 

ਭਗਤਿ ਕਰਿ ਚਿਤੁ ਲਾਇ ਹਰਿ ਸਿਉ, ਛੋਡਿ ਮਨਹੁ ਅੰਦੇਸਿਆ॥ ਸਚੁ ਕਹੈ ਨਾਨਕੁ, ਚੇਤਿ ਰੇ ਮਨ ! ਜੀਅੜਿਆ ਪਰਦੇਸੀਆ॥ ੩॥ (ਮ: ੧/੪੩੯)

ਵੀਚਾਰ ਅਧੀਨ ਇਹ ਪਾਵਨ ਬਚਨ ਆਸਾ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਛੰਦ ਦੇ ਤੀਸਰੇ ਪਦੇ ਦੇ ਹਨ। ਇਹਨਾਂ ਅਨਮੋਲ ਬਚਨਾਂ ਰਾਹੀਂ ਸਤਿਗੁਰੂ ਜੀ ਮਨ ਨੂੰ ਮਾਇਆ ਦੇ ਜੰਜਾਲ ਵਿੱਚੋਂ ਨਿਕਲ ਕੇ ਗੁਰੂ ਭਗਤੀ ਕਰਨ ਦਾ ਉਪਦੇਸ਼ ਦ੍ਰਿੜ੍ਹ ਕਰਵਾ ਰਹੇ ਹਨ। ‘ਜੀਅੜਾ’ ਸ਼ਬਦ ਦੇ ਅਰਥ ਭਾਈ ਕਾਹਨ ਸਿੰਘ ਜੀ ਨਾਭਾ  ਪੰਨਾ 746 ’ਤੇ ਵਿਦੇਸ਼, ਪਰਲੋਕ ਨਿਵਾਸੀ, ਉਪਰਾਮ ਅਤੇ ਉਦਾਸੀਨ ਕੀਤੇ ਹਨ। ਏਥੇ (ਜੀਅੜਿਆ ਪਰਦੇਸੀਆ) ਦੇ ਅਰਥ ਪ੍ਰਕਰਣ ਅਨੁਸਾਰ ਉਦਾਸੀ ਮਨ ਕਰਨੇ ਹੀ ਫੱਬਦੇ ਹਨ। ਉਦਾਸ ਮਨ ਦਾ ਅਰਥ ਹੈ, ਪ੍ਰਭੂ ਚਰਨਾਂ ’ਤੋਂ ਵਿਛੜਿਆ ਹੋਇਆ। ਜਿਵੇਂ ਕਿ ਸੂਹੀ ਰਾਗ ਵਿੱਚ ਵੀ ਗੁਰੂ ਨਾਨਕ ਦੇਵ ਜੀ ਫ਼ੁਰਮਾਣ ਕਰ ਰਹੇ ਹਨ:-‘‘ਮਨੁ ਪਰਦੇਸੀ ਜੇ ਥੀਐ, ਸਭੁ ਦੇਸੁ ਪਰਾਇਆ॥’’(ਮ:੧/੭੬੭) ਭਾਵ ਜੇ ਮਨੁੱਖ ਦਾ ਮਨ ਪ੍ਰਭੂ ਚਰਨਾਂ ’ਤੋਂ ਵਿਛੜਿਆ ਰਹੇ ਤਾਂ ਉਸ ਨੂੰ ਸਾਰਾ ਸੰਸਾਰ ਹੀ ਬਿਗਾਨਾ ਜਾਪਣ ਲੱਗ ਜਾਂਦਾ ਹੈ। ਉਸ ਦੇ ਅੰਦਰ ਵਿਤਕਰਾ ਬਣਿਆ ਰਹਿੰਦਾ ਹੈ। ਪ੍ਰਭੂ ਚਰਨਾਂ ’ਤੋਂ ਵਿਛੜ ਕੇ ਸਾਰਾ ਸੰਸਾਰ ਹੀ ਭਾਵ ਹਰੇਕ ਜੀਵ, ਦੁੱਖਾਂ ਨਾਲ ਭਰਿਆ ਰਹਿੰਦਾ ਹੈ।

ਗੁਰੂ ਅਰਜੁਨ ਸਾਹਿਬ ਜੀ ਵੀ ਇਸ ਤਰ੍ਹਾਂ ਫ਼ੁਰਮਾ ਰਹੇ ਹਨ:-‘‘ਮਨੁ ਪਰਦੇਸੀ ਆਇਆ, ਮਿਲਿਓ ਸਾਧ ਕੈ ਸੰਗਿ॥’’(ਮ:੪/੪੩੧) ਭਾਵ ਜਿਹੜਾ ਮਨ ਪਰਦੇਸੀ ਅਨੇਕਾਂ ਜੂਨਾਂ ਵਿੱਚ ਭਟਕਣ ਪਿੱਛੋਂ ਮਨੁੱਖ ਜਨਮ ਧਾਰ ਕੇ ਆਇਆ ਹੈ, ਗੁਰੂ ਦੇ ਸੰਗ ਵਿੱਚ ਮਿਲ ਪਿਆ ਹੈ। (ਉਸ ਨੇ ਅਸਲ ਸੌਦਾ ਖ਼ਰੀਦ ਕੇ ਆਪਣਾ ਕੀਮਤੀ ਜਨਮ ਸਫਲ ਕਰ ਲਿਆ ਪਰ) ਏਥੇ ਵੀ ਮਾਯਾ ਦੇ ਜੰਜਾਲ ਕਾਰਨ ਪ੍ਰਭੂ ਚਰਨਾਂ ’ਤੋਂ ਵਿਛੜ ਚੁੱਕੇ ਮਨ ਨੂੰ ਸਤਿਗੁਰੂ ਜੀ ਮੱਛੀ ਦੀ ਉਦਾਹਰਨ ਦੇ ਕੇ ਸਮਝਾਉਂਦੇ ਹਨ ਕਿ ਮੱਛੀ ਦਾ ਆਪਣੇ ਪਿਆਰੇ ਸਾਥੀ (ਜਲ) ਨਾਲੋਂ ਵਿਛੜਣ ਦਾ ਕਾਰਨ ਲਾਲਚ (ਜਾਲ ਦੀ ਕੁੰਡੀ ਨਾਲ ਲੱਗਾ ਭੋਜਨ) ਹੀ ਸੀ। ਹੇ ਮਨ ! ਤੇਰਾ ਵੀ ਪ੍ਰਭੂ ਚਰਨਾਂ ’ਤੋਂ ਵਿਛੜਨ ਦਾ ਕਾਰਨ ਮਾਯਾ ਦਾ ਲੋਭ-ਲਾਲਚ ਹੀ ਹੈ। ਮੱਛੀ, ਮਿਰਗ, ਪਤੰਗਾ, ਹਾਥੀ ਅਤੇ ਭਵਰਾ, ਜਿਹਨਾ ਨੂੰ ਕੇਵਲ ਇੱਕ ਇੱਕ ਰੋਗ ਲੱਗਾ ਹੋਣ ਕਾਰਨ ਆਪਣੀ ਜਾਨ ਗਵਾਉਣੀ ਪੈਂਦੀ ਹੈ ਪਰ ਤੈਨੂੰ ਤਾਂ ਕੇਵਲ ਲਾਲਚ ਹੀ ਨਹੀਂ ਸਗੋਂ ਕਾਮ, ਕ੍ਰੋਧ, ਮੋਹ, ਅਹੰਕਾਰ ਆਦਿ ਹੋਰ ਕਿੰਨੇ ਸਾਥੀ ਚੁੰਬੜੇ ਪਏ ਹਨ, ਜਿਹਨਾਂ ਤੋਂ ਬਚਾਅ ਤਾਂ ਕੇਵਲ ਪ੍ਰਭੂ ਭਗਤੀ ਦੁਆਰਾ ਹੀ ਸੰਭਵ ਹੈ। ਭਗਤ ਰਵਿਦਾਸ ਜੀ ਦੇ ਸੁੰਦਰ ਬਚਨ ਹਨ:-‘‘ਮ੍ਰਿਗ, ਮੀਨ, ਭ੍ਰਿੰਗ, ਪਤੰਗ, ਕੁੰਚਰ, ਏਕ ਦੋਖ ਬਿਨਾਸ॥  ਪੰਚ ਦੋਖ ਅਸਾਧ ਜਾ ਮਹਿ, ਤਾ ਕੀ ਕੇਤਕ ਆਸ॥ (ਭਗਤ ਰਵਿਦਾਸ/੪੮੬) ਮਨੁੱਖੀ ਮਨ ਦਾ ਇਹ ਸੁਭਾਵ ਹੈ ਕਿ ਉਹ ਬੁਰਾਈਆਂ ਵੱਲ ਜਲਦੀ ਦੌੜਦਾ ਹੈ ਜਿਵੇਂ ਪਾਣੀ ਨਿਵਾਣ ਵੱਲ ਨੂੰ ਦੌੜਦਾ ਹੈ। ਪਰ ਜੇ ਪਾਣੀ ਨੂੰ ਕਿਸੇ ਉੱਚੀ ਥਾਂ ’ਤੇ ਪਹੁੰਚਾਉਣਾ ਹੋਵੇ ਤਾਂ ਪਿੱਛੇ ਦਬਾਅ ਦੇਣ ਦੀ ਲੋੜ ਹੁੰਦੀ ਹੈ। ਮਨ ਨੂੰ ਉੱਚਾ (ਪ੍ਰਭੂ ਚਰਨਾਂ ’ਚ ਇਕਮਿਕ) ਕਰਨ ਲਈ ਗੁਰੂ ਸ਼ਬਦ ਦਾ ਦਬਾਅ ਦੇਣ ਦੀ ਜ਼ਰੂਰਤ ਹੈ। ਗੁਰੂ ਫ਼ੁਰਮਾਨ ਹੈ:-‘‘ਭੂਲਾ ਮਨੁ ਸਮਝੈ ਗੁਰ ਸਬਦੀ॥’’ (ਮ:੪/੫੬੧) ਕਵੀ ਚਾਂਦ ਭਾਟ ਜੀ ਵੀ ਕਹਿ ਰਹੇ ਹਨ: ‘ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀਐ।’

ਗੁਰੂ ਅਰਜੁਨ ਸਾਹਿਬ ਜੀ ਆਪਣੇ ਇੱਕ ਸ਼ਬਦ ਵਿੱਚ ਮਨ ਨੂੰ ਸਮਝਾਉਂਦੇ ਹੋਏ ਫ਼ੁਰਮਾ ਰਹੇ ਹਨ:-‘‘ਰੇ ਮਨ ਮੂਸ ! ਬਿਲਾ ਮਹਿ ਗਰਬਤ, ਕਰਤਬ ਕਰਤ ਮਹਾਂ ਮੁਘਨਾਂ॥ ਸੰਪਤ ਦੋਲ ਝੋਲ ਸੰਗਿ ਝੂਲਤ, ਮਾਇਆ ਮਗਨ ਭ੍ਰਮਤ ਘੁਘਨਾ॥ ਸੁਤ ਬਨਿਤਾ ਸਾਜਨ ਸੁਖ ਬੰਧਪ, ਤਾ ਸਿਉ ਮੋਹੁ ਬਢਿਓ ਸੁ ਘਨਾ॥ ਬੋਇਓ ਬੀਜੁ, ਅਹੰ ਮਮ ਅੰਕੁਰੁ, ਬੀਤਤ ਅਉਧ ਕਰਤ ਅਘਨਾਂ॥ ਮਿਰਤੁ ਮੰਜਾਰ, ਪਸਾਰਿ ਮੁਖੁ ਨਿਰਖਤ, ਭੁੰਚਤ ਭੁਗਤਿ ਭੂਖ ਭੁਖਨਾ॥ ਸਿਮਰਿ ਗੁਪਾਲ ਦਇਆਲ ਸਤਸੰਗਤਿ, ਨਾਨਕ ! ਜਗੁ ਜਾਨਤ ਸੁਪਨਾ॥’’ (ਮ:੫/੧੩੮੭) ਭਾਵ ਹੇ ਮਨ ! ਤੂੰ ਇਸ ਸਰੀਰ ਵਿੱਚ ਰਹਿ ਕੇ ਮਾਣ ਕਰਦਾ ਹੈਂ ਜਿਵੇਂ ਚੂਹਾ ਖੱਡ ਵਿੱਚ ਰਹਿ ਕੇ ਹੰਕਾਰ ਕਰਦਾ ਹੈ। ਤੂੰ ਮਾਯਾ ਦੇ ਪੰਘੂੜੇ ਵਿੱਚ ਹੁਲਾਰੇ ਲੈ ਕੇ ਝੂਟ ਰਿਹਾ ਹੈਂ ਅਤੇ ਮਾਯਾ ਵਿੱਚ ਮਸਤ ਹੋ ਕੇ ਉੱਲੂ ਵਾਂਗ ਭਟਕ ਰਿਹਾ ਹੈਂ। ਪੁੱਤ੍ਰ, ਇਸਤ੍ਰੀ, ਮਿਤ੍ਰ, ਸੰਸਾਰ ਦੇ ਸੁੱਖ ਅਤੇ ਸੰਬੰਧੀ ਇਹਨਾਂ ਨਾਲ ਤੇਰਾ ਬਹੁਤਾ ਮੋਹ ਵਧ ਰਿਹਾ ਹੈ। ਤੂੰ ਆਪਣੇ ਅੰਦਰ ਹਉਮੈ ਦਾ ਬੀਜ ਬੀਜਿਆ ਹੋਇਆ ਹੈ। ਜਿਸ ’ਤੋਂ ਮਮਤਾ ਦਾ ਅੰਕੁਰ ਉੱਗ ਰਿਹਾ ਹੈ। ਤੇਰੀ ਉਮਰ ਪਾਪ ਕਰਦਿਆਂ ਬੀਤ ਰਹੀ ਹੈ। ਮੌਤ ਰੂਪ ਬਿੱਲਾ ਮੂੰਹ ਖੋਲ ਕੇ ਤੈਨੂੰ ਤੱਕ ਰਿਹਾ ਹੈ ਪਰ ਤੂੰ ਭੋਗਾਂ ਨੂੰ ਭੋਗ ਰਿਹਾ ਹੈਂ। ਫਿਰ ਵੀ ਤ੍ਰਿਸ਼ਨਾ ਅਧੀਨ ਤੂੰ ਭੁੱਖਾ ਹੀ ਹੈਂ। ਸਤਿਗੁਰੂ ਜੀ ਫ਼ੁਰਮਾ ਰਹੇ ਹਨ ਕਿ ਹੇ ਮਨ ! ਸੰਸਾਰ ਨੂੰ ਸੁਫ਼ਨਾ ਜਾਣ ਕੇ ਸਤਿਸੰਗਤ ਵਿੱਚ ਟਿਕ ਕੇ ਗੋਪਾਲ ਦਇਆਲ ਹਰੀ ਨੂੰ ਸਿਮਰ।

ਵੀਚਾਰ ਅਧੀਨ ਪਦੇ ਦੀਆਂ ਆਰੰਭ ਵਾਲੀਆਂ  ਪੰਕਤੀਆਂ ਰਾਹੀਂ ਗੁਰੂ ਨਾਨਕ ਦੇਵ ਜੀ ਸਮਝਾ ਰਹੇ ਹਨ ਕਿ ‘‘ਮੇਰੇ ਜੀਅੜਿਆ ਪਰਦੇਸੀਆ ! ਕਿਤੁ ਪਵਹਿ ਜੰਜਾਲੇ ਰਾਮ॥  ਸਾਚਾ ਸਾਹਿਬੁ ਮਨਿ ਵਸੈ, ਕੀ ਫਾਸਹਿ ਜਮ ਜਾਲੇ ਰਾਮ॥’’ ਭਾਵ ਹੇ ਮੇਰੇ ਪਰਦੇਸੀ ਜੀਅੜੇ (ਉਦਾਸ ਮਨ) !  ਤੂੰ ਕਿਉਂ ਮਾਯਾ ਮੋਹ ਦੇ ਜਾਲ ਵਿੱਚ ਫਸ ਰਿਹਾ ਹੈਂ ? ਜੇ ਸੱਚਾ ਮਾਲਕ ਤੇਰੇ ਮਨ ਵਿੱਚ ਵਸ ਰਿਹਾ ਹੋਵੇ ਤਾਂ ਤੂੰ ਕਿਉਂ ਮਾਯਾ ਦੇ ਮੋਹ ਕਾਰਨ ਜਮ ਦੀ ਫਾਹੀ ਵਿੱਚ ਫਸੇਂ ? ਗੁਰੂ ਅਮਰਦਾਸ ਜੀ ਵੀ ਆਸਾ ਰਾਗ ਵਿੱਚ ਇਸ ਮਨ ਸੰਬੰਧੀ ਇਸ ਤਰ੍ਹਾਂ ਫ਼ੁਰਮਾ ਰਹੇ ਹਨ:-‘‘ਮਨ ! ਤੂੰ ਜੋਤਿ ਸਰੂਪੁ ਹੈ, ਆਪਣਾ ਮੂਲੁ ਪਛਾਣੁ॥ ਮਨ ! ਹਰਿ ਜੀ ਤੇਰੈ ਨਾਲਿ ਹੈ, ਗੁਰਮਤੀ ਰੰਗੁ ਮਾਣੁ॥’’ (ਮ:੩/੪੪੧) ਭਾਵ ਹੇ ਮੇਰੇ ਮਨ ! ਤੂੰ ਰੱਬੀ ਨੂਰ ਦਾ ਸਰੂਪ ਹੈਂ, ਆਪਣਾ ਅਸਲਾ ਪਛਾਣ। ਪ੍ਰਭੂ ਜੀ ਤੇਰੇ ਨਾਲ (ਅੰਗ ਸੰਗ) ਹਨ। ਤੂੰ ਗੁਰੂ ਜੀ ਦੀ ਮਤਿ ਦੁਆਰਾ ਉਸ ਜੋਤਿ ਦਾ ਆਨੰਦ ਮਾਣ। ਕੋਈ ਵੀ ਚੀਜ਼ ਆਪਣੇ ਧੁਰੇ ਨਾਲੋਂ ਟੁੱਟ ਕੇ ਸਹੀ ਸਲਾਮਤ ਨਹੀਂ ਰਹਿ ਸਕਦੀ ਹੈ। ਮਨ ਵੀ ਆਪਣੇ ਅਸਲੇ ਨਾਲੋਂ ਟੁੱਟ (ਵਿਛੜ) ਕੇ ਹੀ ਦੁੱਖੀ ਹੁੰਦਾ ਹੈ। ਜਿਵੇਂ ਗੁਰੂ ਵਾਕ ਹੈ:- ‘‘ਦੁਖੁ ਤਦੇ, ਜਾ ਵਿਸਰਿ ਜਾਵੈ॥’’ (ਮ:੫/੯੮)

ਇਸ ਵਿਛੋੜੇ ਦੇ ਦੁੱਖ ਦਾ ਵਰਨਣ ਸਤਿਗੁਰੂ ਜੀ ਪਦੇ ਦੀਆਂ ਅਗਲੀਆਂ ਪੰਕਤੀਆਂ ਵਿੱਚ ਇਸ ਪ੍ਰਕਾਰ ਕਰ ਰਹੇ ਹਨ ‘‘ਮਛੁਲੀ ਵਿਛੁੰਨੀ ਨੈਣ ਰੁੰਨੀ, ਜਾਲੁ ਬਧਿਕਿ ਪਾਇਆ॥ ਸੰਸਾਰੁ ਮਾਇਆ ਮੋਹੁ ਮੀਠਾ, ਅੰਤਿ ਭਰਮੁ ਚੁਕਾਇਆ॥’’ ਭਾਵ ਹੇ ਮੇਰੇ ਵਿਛੜੇ ਹੋਏ ਮਨ ! ਜਦੋਂ ਸ਼ਿਕਾਰੀ ਨੇ ਪਾਣੀ ਵਿੱਚ ਜਾਲ ਪਾਇਆ ਤਾਂ ਮੱਛੀ ਜੀਭ ਦੇ ਸੁਆਦ ਕਰਕੇ ਕੁੰਡੀ ਵਿੱਚ ਲੱਗੀ ਭਿੱਤੀ (ਚੋਗਾ) ਮਿੱਠੀ ਲੱਗਣ ਕਾਰਨ ਫਸ ਗਈ, ਪਾਣੀ ਤੋਂ ਵਿਛੁੜ ਗਈ ਅਤੇ ਅੱਖਾਂ ਭਰਕੇ ਰੋਈ। ਇਸ ਤਰ੍ਹਾਂ ਜੀਵ ਨੂੰ ਇਹ ਜਗਤ (ਮਾਯਾ ਦਾ ਮੋਹ) ਮਿੱਠਾ ਲੱਗਿਆ। ਅੰਤ ਵੇਲੇ ਇਹ ਸੋਝੀ ਆਈ ਕਿ ਸਾਰਾ ਮਾਇਆ ਦਾ ਮੋਹ ਨਿਰਾ ਭਰਮ ਭੁਲੇਖਾ ਸੀ। ਇਸੇ ਭਰਮ ਭੁਲੇਖੇ ਨੂੰ ਦੂਰ ਕਰਨ ਲਈ ਗੁਰੂ ਨਾਨਕ ਸਾਹਿਬ ਜੀ ਪਦੇ ਦੀਆਂ ਅਖੀਰਲੀਆਂ ਪੰਕਤੀਆਂ ਰਾਹੀਂ ਸਮਝਾ ਰਹੇ ਹਨ ‘‘ਭਗਤਿ ਕਰਿ ਚਿਤੁ ਲਾਇ ਹਰਿ ਸਿਉ, ਛੋਡਿ ਮਨਹੁ ਅੰਦੇਸਿਆ॥ ਸਚੁ ਕਹੈ ਨਾਨਕੁ, ਚੇਤਿ ਰੇ ਮਨ ! ਜੀਅੜਿਆ ਪਰਦੇਸੀਆ॥’’ ਭਾਵ ਹੇ ਉਦਾਸ ਮਨ ! ਤੰੂ ਪ੍ਰਭੂ ਨਾਲ ਆਪਣਾ ਚਿਤ ਜੋੜ੍ਹ ਕੇ ਪ੍ਰਭੂ ਜੀ ਦੀ ਪ੍ਰੇਮਾ ਭਗਤੀ ਕਰ ਅਤੇ ਆਪਣੇ ਵਿੱਚੋਂ ਸਾਰੇ ਅੰਦੇਸ਼ੇ ਫਿਕਰ ਛੱਡ ਦੇ। ਗੁਰੂ ਨਾਨਕ ਸਾਹਿਬ ਜੀ ਇਹ ਸੱਚ ਫ਼ੁਰਮਾਨ ਕਰ ਰਹੇ ਹਨ ਕਿ ਹੇ ਵਿਛੜੇ ਹੋਏ ਮਨ ! ਤੂੰ ਪ੍ਰਭੂ ਜੀ ਨੂੰ ਯਾਦ ਕਰ।

ਆਨੰਦ ਸਾਹਿਬ ਜੀ ਦੀ ਬਾਣੀ ਰਾਹੀਂ ਵੀ ਗੁਰੂ ਅਮਰਦਾਸ ਜੀ ਮਨ ਨੂੰ ਹੀ ਸੰਬੋਧਨ ਕਰਦੇ ਹੋਏ ਫ਼ੁਰਮਾ ਰਹੇ ਹਨ ਕਿ ‘‘ਏ ਮਨ ਮੇਰਿਆ ! ਤੂ ਸਦਾ ਰਹੁ, ਹਰਿ ਨਾਲੇ॥ ਹਰਿ ਨਾਲਿ ਰਹੁ, ਤੂ ਮੰਨ ਮੇਰੇ ! ਦੂਖ ਸਭਿ ਵਿਸਾਰਣਾ॥ ਅੰਗੀਕਾਰੁ, ਓਹੁ ਕਰੇ ਤੇਰਾ, ਕਾਰਜ ਸਭਿ ਸਵਾਰਣਾ॥ ਸਭਨਾ ਗਲਾ ਸਮਰਥੁ ਸੁਆਮੀ, ਸੋ ਕਿਉ ਮਨਹੁ ਵਿਸਾਰੇ॥ ਕਹੈ ਨਾਨਕੁ ਮੰਨ ਮੇਰੇ ! ਸਦਾ ਰਹੁ ਹਰਿ ਨਾਲੇ॥ (ਮ:੩/੯੧੭)

ਸਤਿਗੁਰੂ ਕੀ ਸੇਵਾ ਸਫਲ ਹੈ..॥

0

ਸਤਿਗੁਰੂ ਕੀ ਸੇਵਾ ਸਫਲ ਹੈ..॥

ਗਿ: ਹਰਭਜਨ ਸਿੰਘ (ਪ੍ਰਿੰਸੀਪਲ)

ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ॥ ਮਨਿ ਚਿੰਦਿਆ ਫਲੁ ਪਾਵਣਾ ਹਉਮੈ ਵਿਚਹੁ ਜਾਇ॥

ਬੰਧਨ ਤੋੜੈ ਮੁਕਤਿ ਹੋਇ ਸਚੇ ਰਹੈ ਸਮਾਇ॥ ਇਸੁ ਜਗ ਮਹਿ ਨਾਮੁ ਅਲਭੁ ਹੈ , ਗੁਰਮੁਖਿ ਵਸੈ ਮਨਿ ਆਇ॥

ਨਾਨਕ ! ਜੋ ਗੁਰੁ ਸੇਵਹਿ ਆਪਣਾ , ਹਉ ਤਿਨ ਬਲਿਹਾਰੈ ਜਾਉ॥ ੧॥

ਵੀਚਾਰ ਅਧੀਨ ਪਾਵਨ ਸਲੋਕ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਸੋਰਠਿ ਕੀ ਵਾਰ ਦੀ ਛੇਵੀਂ ਪਉੜੀ ਨਾਲ ਪਹਿਲਾ ਸਲੋਕ ਹੈ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ ੬੪੪ ਤੇ ਸੁਭਾਇਮਾਨ ਹੈ। ਗੁਰਮਤਿ ਅਨੁਸਾਰ ਆਤਮਕ ਜੀਵਨ ਰੂਪੀ ਮਹਿਲ ਦੇ ਦੋ ਮਜ਼ਬੂਤ ਥੰਮ ਸੇਵਾ ਅਤੇ ਸਿਮਰਨ ਮੰਨੇ ਹਨ, ਇਹਨਾਂ ਥੰਮਾਂ ਨੂੰ ਅਡੋਲ ਅਤੇ ਅਡਿੱਗ ਰੱਖਣ ਲਈ ਸੇਵਾ ਅਤੇ ਸਿਮਰਨ ਦੋਨੋਂ ਅਤਿ ਜ਼ਰੂਰੀ ਹਨ। ਸੇਵਾ ਕਿਸ ਦੀ ਕੀਤੀ ਜਾਏ, ਕਿਵੇਂ ਕੀਤੀ ਜਾਏ, ਕਦੋਂ ਕੀਤੀ ਜਾਏ, ਸਿਮਰਨ ਕਿਸ ਦਾ ਅਤੇ ਕਿਸ ਢੰਗ ਨਾਲ ਕੀਤਾ ਜਾਏ ਇਸ ਬਾਰੇ ਗਿਆਨ ਹੋਣਾ ਲਾਜ਼ਮੀ ਹੈ। ਨਹੀਂ ਤਾਂ ਗਿਆਨ ਵਿਹੂਣੀ ਸੇਵਾ ਅਤੇ ਸਿਮਰਨ ਨਾਲ ਕੁਝ ਵੀ ਸੰਵਰਨ ਵਾਲਾ ਨਹੀਂ ਹੈ। ਇਹ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਵਿਚਾਰ ਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਗੁਰਬਾਣੀ ਤਾਂ ਇਹ ਸੂਝ ਬਖਸ਼ਸ਼ ਕਰਦੀ ਹੈ ਕਿ ਥੋੜ੍ਹੀ ਮਤਿ ਨਾਲ ਬਹੁਤੀ ਕੀਤੀ ਹੋਈ ਸੇਵਾ ਮਨੁੱਖ ਨੂੰ ਹੰਕਾਰੀ ਬਣਾ ਦਿੰਦੀ ਹੈ। ਫੁਰਮਾਣ ਹੈ ‘‘ਮਤਿ ਥੋੜੀ ਸੇਵ ਗਵਾਈਐ॥’’ ਦੂਜੇ ਪਾਸੇ ਉਹਨਾਂ ਗੁਰਮੁਖ ਪਿਆਰਿਆਂ ਦਾ ਜ਼ਿਕਰ ਹੈ ਜਿਨ੍ਹਾਂ ਨੇ ਸੱਚ ਨਾਲ ਜੁੜ ਕੇ ਸੰਤੋਖ ਧਾਰਨ ਕਰਕੇ ਸੇਵਾ ਕੀਤੀ। ਫੁਰਮਾਨ ਹੈ :

ਸੇਵ ਕੀਤੀ ਸੰਤੋਖੀਈ ਜਿਨ੍ੀ ਸਚੋ ਸਚੁ ਧਿਆਇਆ॥ ਓਨ੍ੀ ਮੰਦੈ ਪੈਰੁ ਨ ਰਖਿਓ, ਕਰਿ ਸੁਕ੍ਰਿਤੁ ਧਰਮੁ ਕਮਾਇਆ॥

ਓਨ੍ੀ ਦੁਨੀਆ ਤੋੜੇ ਬੰਧਨਾ, ਅੰਨੁ ਪਾਣੀ ਥੋੜਾ ਖਾਇਆ॥ ਤੂੰ ਬਖਸੀਸੀ ਅਗਲਾ, ਨਿਤ ਦੇਵਹਿ ਚੜਹਿ ਸਵਾਇਆ॥ ਵਡਿਆਈ ਵਡਾ ਪਾਇਆ॥ ੭॥

ਭਗਤ ਕਬੀਰ ਜੀ ਨੇ ਆਪਣੇ ਸਲੋਕ ਨੰ: ੧੬੪ ਵਿਚ ਕਿਸ-ਕਿਸ ਦੀ ਸੇਵਾ ਕਰਨੀ ਚਾਹੀਦੀ ਹੈ। ਇਸ ਬਾਰੇ ਇਸ ਤਰ੍ਹਾਂ ਜਾਣਕਾਰੀ ਦਿੱਤੀ ਹੈ ਕਿ ਹੇ ਕਬੀਰ ਮਾਇਕ ਬੰਧਨਾਂ ਤੋਂ ਖਲਾਸੀ ਦੇਣ ਵਾਲਾ ਪਰਮਾਤਮਾ ਆਪ ਹੈ ਅਤੇ ਸੰਤ ਗੁਰੂ ਉਸ ਪਰਮਾਤਮਾ ਦੇ ਨਾਮ ਸਿਮਰਨ ਵੱਲ ਪ੍ਰੇਰਦਾ ਹੈ ਸੋ ਇਕ ਸੰਤ ਗੁਰੂ ਅਤੇ ਇਕ ਪਰਮਾਤਮਾ ਇਹਨਾਂ ਦੋਹਾਂ ਦੀ ਹੀ ਸੇਵਾ ਕਰਨੀ ਚਾਹੀਦੀ ਹੈ। ਫੁਰਮਾਣ ਹੈ :‘‘ਕਬੀਰ ਸੇਵਾ ਕਉ ਦੁਇ ਭਲੇ ਏਕੁ ਸੰਤੁ ਇਕੁ ਰਾਮ॥ ਰਾਮੁ ਜੁ ਦਾਤਾ ਮੁਕਤਿ ਕੋ, ਸੰਤੁ ਜਪਾਵੈ ਨਾਮ॥ ੧੬੪॥’’

ਵੀਚਾਰ ਅਧੀਨ ਸਲੋਕ ਦੀਆਂ ਅਰੰਭ ਵਾਲੀਆਂ ਪੰਕਤੀਆਂ ਵਿਚ ਵੀ ਗੁਰੂ ਅਮਰਦਾਸ ਸਾਹਿਬ ਜੀ ਫੁਰਮਾ ਰਹੇ ਹਨ :

ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ॥ ਮਨਿ ਚਿੰਦਿਆ ਫਲੁ ਪਾਵਣਾ ਹਉਮੈ ਵਿਚਹੁ ਜਾਇ॥

ਭਾਵ ਜੇ ਕੋਈ ਮਨੁੱਖ ਚਿਤ ਲਗਾ ਕੇ ਸਤਿਗੁਰੂ ਦੀ ਸੇਵਾ ਕਰੇ ਤਾਂ ਸਤਿਗੁਰੂ ਦੀ ਕੀਤੀ ਸੇਵਾ ਜ਼ਰੂਰ ਫਲ ਲਾਉਂਦੀ ਹੈ, ਮਨ ਇੱਛਤ ਫਲ ਮਿਲਦਾ ਹੈ ਅਤੇ ਅਹੰਕਾਰ ਮਨ ਵਿਚੋਂ ਦੂਰ ਹੁੰਦਾ ਹੈ। ਚਿੱਤ ਲਾ ਕੇ ਕੀਤੀ ਹੋਈ ਸੇਵਾ ਵਿਚੋਂ ਸੁਆਰਥ ਦੀ ਬਦਬੂ ਨਹੀਂ ਸਗੋਂ ਨਿਸ਼ਕਾਮਤਾ ਦੀ ਸੁਗੰਧੀ ਆਉਂਦੀ ਹੈ। ਅੱਜ ਕੱਲ੍ਹ ਤਾਂ ਆਪਣੇ ਇਸਟ ਦੀ ਸੇਵਾ ਨੂੰ ਆਮ ਲੋਕਾਂ ਨੇ ਵਪਾਰ ਜਾਂ ਸੌਦੇਬਾਜ਼ੀ ਬਣਾਇਆ ਹੋਇਆ ਹੈ। ਪਹਿਲਾਂ ਸੁੱਖਣਾ ਸੁੱਖਣਗੇ ਕਿ ਜੇ ਸਾਡਾ ਕੰਮ ਸਿਰੇ ਚੜ੍ਹ ਗਿਆ ਤਾਂ ਫਲਾਣੀ ਸੇਵਾ ਕਰਾਂਗੇ ਨਹੀਂ ਤਾਂ ਕੁਝ ਵੀ ਨਹੀਂ। ਇੱਥੇ ਤਾਂ, ‘‘ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ॥ ਨਾਨਕ ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨ॥’’ ਜਾਂ ‘‘ਗੁਰ ਕੈ ਗ੍ਰਿਹਿ ਸੇਵਕੁ ਜੁ ਰਹੈ॥ ਗੁਰ ਕੀ ਆਗਿਆ ਮਨ ਮਹਿ ਸਹੈ॥ ਆਪਸ ਕਉ ਕਰਿ ਕਛੁ ਨ ਜਨਾਵੈ॥ ਹਰਿ ਹਰਿ ਨਾਮੁ ਰਿਦੈ ਸਦ ਧਿਆਵੈ॥ ਮਨੁ ਬੇਚੈ ਸਤਿਗੁਰ ਕੈ ਪਾਸਿ॥ ਤਿਸੁ ਸੇਵਕ ਕੇ ਕਾਰਜ ਰਾਸਿ॥ ਸੇਵਾ ਕਰਤ ਹੋਇ ਨਿਹਕਾਮੀ॥ ਤਿਸ ਕਉ ਹੋਤ ਪਰਾਪਤਿ ਸੁਆਮੀ॥ ਅਪਨੀ ਕ੍ਰਿਪਾ ਜਿਸੁ ਆਪਿ ਕਰੇਇ॥ ਨਾਨਕ ਸੋ ਸੇਵਕੁ ਗੁਰ ਕੀ ਮਤਿ ਲੇਇ॥’’ ਸੇਵਾ ਕਰਨ ਵਾਲੇ ਨੂੰ ਹੀ ਸੇਵਕ ਆਖਿਆ ਜਾਂਦਾ ਹੈ। ਸੇਵਕ ਦੀ ਪਰਿਭਾਸ਼ਾ ਦਿੰਦਿਆਂ ਗੁਰੂ ਅਮਰਦਾਸ ਸਾਹਿਬ ਜੀ ਦਾ ਹੀ ਫੁਰਮਾਣ ਹੈ : ‘‘ਨਾਨਕ ਸੇਵਕੁ ਸੋਈ ਆਖੀਐ ਜੋ ਸਿਰੁ ਧਰੇ ਉਤਾਰਿ॥ ਸਤਿਗੁਰ ਕਾ ਭਾਣਾ ਮੰਨ ਲਏ, ਸਬਦੁ ਰਖੈ ਉਰਧਾਰਿ॥’’

ਮਨ ਇੱਛਤ ਹੀ ਫਲ ਇਹ ਹੈ ਕਿ ਸੇਵਾ ਕਰਦਿਆਂ-ਕਰਦਿਆਂ ਹਉਮੈ ਨਾਸ਼ ਹੋ ਜਾਏ। ਸਲੋਕ ਦੀਆਂ ਅਗਲੀਆਂ ਪੰਕਤੀਆਂ ਰਾਹੀਂ ਸਤਿਗੁਰੂ ਜੀ ਸਮਝਾਉਂਦੇ ਹੋਏ ਫੁਰਮਾ ਰਹੇ ਹਨ ‘‘ਬੰਧਨ ਤੋੜੈ ਮੁਕਤਿ ਹੋਇ ਸਚੇ ਰਹੈ ਸਮਾਇ॥ ਇਸੁ ਜਗ ਮਹਿ ਨਾਮੁ ਅਲਭੁ ਹੈ ਗੁਰਮੁਖਿ ਵਸੈ ਮਨਿ ਆਇ॥’’

ਭਾਵ ਚਿੱਤ ਲਾ ਕੇ ਕੀਤੀ ਹੋਈ ਸੇਵ ਬੰਧਨਾਂ ਨੂੰ ਤੋੜਦੀ ਹੈ, ਬੰਧਨਾਂ ਤੋਂ ਮੁਕਤੀ ਮਿਲ ਜਾਂਦੀ ਹੈ ਤੇ ਸੱਚੇ ਹਰੀ ਵਿਚ ਮਨੁੱਖ ਸਮਾਇਆ ਰਹਿੰਦਾ ਹੈ। ਇਸ ਸੰਸਾਰ ਵਿਚ ਹਰੀ ਦਾ ਨਾਮ ਦੁਰਲਭ ਹੈ ਜੋ ਗੁਰੂ ਦੁਆਰਾ ਮਨੁੱਖ ਦੇ ਮਨ ਵਿਚ ਆ ਕੇ ਵੱਸਦਾ ਹੈ। ਸੰਸਾਰ ਵਿਚ ਕਿਤਨੇ ਬੰਧਨ ਹਨ ਇਹ ਦੱਸਣਾ ਤਾਂ ਮੁਸ਼ਕਿਲ ਹੈ ਪਰ ਇਹ ਦੱਸਣਾ ਗੁਰਬਾਣੀ ਅਨੁਸਾਰ ਆਸਾਨ ਹੈ ਕਿ ਅਣਗਿਣਤ ਬੰਧਨਾਂ ਨੂੰ ਤੋੜਨ ਦੀ ਸਮਰੱਥਾ ਕੇਵਲ ਤੇ ਕੇਵਲ ਗੁਰੂ ਸਾਹਿਬ ਪਾਸ ਹੈ, ਗੁਰੂ ਅਰਜਨ ਦੇਵ ਜੀ ਦਾ ਫੁਰਮਾਨ ਹੈ ‘‘ਸਤਿਗੁਰ ਸਿਖ ਕੇ ਬੰਧਨ ਕਾਟੈ॥ ਗੁਰ ਕਾ ਸਿਖ ਬਿਕਾਰ ਤੇ ਹਾਟੈ॥ ਸਤਿਗੁਰ ਸਿਖ ਕਉ ਨਾਮ ਧਨੁ ਦੇਇ॥ ਗੁਰ ਕਾ ਸਿਖ ਵਡਭਾਗੀ ਹੇ॥ ਸਤਿਗੁਰ ਸਿਖ ਕਾ ਹਲਤੁ ਪਲਤੁ ਸਵਾਰੈ॥ ਨਾਨਕ ਸਤਿਗੁਰ ਸਿਖ ਕਉ ਜੀਅ ਨਾਲ ਸਮਾਰੈ॥’’

ਬੰਧਨਾਂ ਤੋਂ ਮੁਕਤ ਹੋਇਆਂ ਹੀ ਅਲੱਭ ਨਾਮ ਗੁਰੂ ਜੀ ਰਾਹੀਂ ਪ੍ਰਾਪਤ ਹੋ ਸਕਦਾ ਹੈ। ਗੁਰੂ ਅਮਰਦਾਸ ਜੀ ਦਾ ਫੁਰਮਾਨ ਹੈ ‘‘ਇਹੁ ਭੋਜਨੁ ਅਲਭੁ ਹੈ ਸੰਤਹੁ! ਲਭੈ ਗੁਰ ਵੀਚਾਰਿ॥’’ ਭਾਈ ਸਾਹਿਬ ਭਾਈ ਨੰਦ ਲਾਲ ਜੀ ਆਪਣੀ ਰਚਨਾ ਜ਼ਿੰਦਗੀਨਾਮਾ ਵਿਚ ਸੱਚੇ ਗੁਰੂ ਦੀ ਉਪਮਾ ਕਰਦੇ ਹੋਏ ਦੱਸ ਰਹੇ ਹਨ ਕਿ ਉਹ ਧੰਨ ਗੁਰੂ ਸੱਚਾ ਪਾਤਸ਼ਾਹ ਹੈ ਜਿਸ ਨੇ ਮਨ ਨੂੰ ਹਰੀ ਦੀ ਪ੍ਰੀਤ ਬਖਸ਼ੀ। ਉਹ ਧੰਨ ਸਤਿਗੁਰੂ ਹੈ ਜਿਸ ਨੇ ਮਨੁੱਖ ਦੇ ਬੰਧਨ ਕੱਟੇ, ‘‘ਐ ਜਿਹੇ ਮੁਰਸ਼ਿਦ ਕਿ ਦਿਲ ਤਾ ਸ਼ੌਕ ਦਾਦ। ਐ ਜਿਹੇ ਮੁਰਸ਼ਿਦ ਕਿ ਬੰਦੇ ਦਿਲ ਕੁਸ਼ਾਦ॥’’ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਵੀ ਕਥਨ ਹੈ ‘‘ਸਤਿਗੁਰੂ ਬੰਦੀ ਛੋੜ ਹੈ, ਜੀਵਣ ਮੁਕਤਿ ਕਰੈ ਉਡੀਣਾ॥ ਗੁਰਮੁਖਿ ਮਨ ਅਪਤੀਜ ਪਤੀਣਾ॥’’ ਬੇਸ਼ਕ ਜਗਿਆਸੂ ਦੇ ਬੰਧਨ ਤੋੜ ਕੇ ਸਤਿਗੁਰੂ ਜੀ ਨੇ ਉਸ ਨੂੰ ਉਸਦੀ ਸੇਵਾ ਦਾ ਫਲ ਆਪ ਬਖਸ਼ਸ਼ ਕੀਤਾ ਹੈ ਪਰ ਫਿਰ ਵੀ ਗੁਰੂ ਜੀ ਇਹੋ ਜਿਹੇ ਗੁਰਮੁਖਾਂ ਪ੍ਰਤੀ ਨਿਮਰਤਾ ਵਿਚ ਆ ਕੇ ਸਲੋਕ ਦੀ ਅਖੀਰਲੀ ਪੰਕਤੀ ਵਿਚ ਫੁਰਮਾ ਰਹੇ ਹਨ ‘‘ਨਾਨਕ ਜੋ ਗੁਰ ਸੇਵਹਿ ਆਪਣਾ ਹਉਂ ਤਿਨ ਬਲਿਹਾਰੈ ਜਾਉ॥’’ ਭਾਵ ਗੁਰੂ ਅਮਰਦਾਸ ਜੀ ਫੁਰਮਾਉਂਦੇ ਹਨ ਕਿ ਮੈਂ ਸਦਕੇ ਹਾਂ ਉਹਨਾਂ ਤੋਂ, ਜੋ ਆਪਣੇ ਸਤਿਗੁਰ ਦੀ ਦੱਸੀ ਕਾਰ ਕਰਦੇ ਹਨ। ਗੁਰੂ ਅਮਰਦਾਸ ਜੀ ਦੇ ਇਹ ਬਚਨ ਵੀ ਇਹੋ ਸੇਧ ਬਖਸ਼ਦੇ ਹਨ:

ਸਤਿਗੁਰੂ ਫੁਰਮਾਇਆ ਕਾਰੀ ਏਹ ਕਰੇਹੁ॥ ਗੁਰੂ ਦੁਆਰੈ ਹੋਇ ਕੈ, ਸਾਹਿਬੁ ਸੰਮਾਲੇਹੁ॥ ਸਾਹਿਬੁ ਸਦਾ ਹਜੂਰਿ ਹੈ, ਭਰਮੈ ਕੇ ਛਉੜ ਕਟਿ ਕੈ, ਅੰਤਰਿ ਜੋਤਿ ਧਰੇਹੁ॥ ਹਰਿ ਕਾ ਨਾਮੁ ਅੰਮ੍ਰਿਤੁ ਹੈ, ਦਾਰੂ ਏਹੁ ਲਾਏਹੁ॥ ਸਤਿਗੁਰ ਕਾ ਭਾਣਾ ਚਿਤਿ ਰਖਹੁ, ਸੰਜਮੁ ਸਚਾ ਨੇਹੁ॥ ਨਾਨਕ, ਐਥੈ ਸੁਖੈ ਅੰਦਰਿ ਰਖਸੀ, ਅਗੈ ਹਰਿ ਸਿਉ ਕੇਲ ਕਰੇਹੁ॥ ੨॥

ਕਹੁ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤਿ ਜਿਹ ਜਾਨੀ॥

0

ਕਹੁ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤਿ ਜਿਹ ਜਾਨੀ॥

ਪ੍ਰਿੰ. ਹਰਭਜਨ ਸਿੰਘ- 94170-20961

ਭਾਈ ਕਾਹਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਗ੍ਰੰਥ ਦੇ ਪੰਨਾ ਨੰਬਰ 374 ਤੇ ‘ਖਾਲਸਾ’ ਸ਼ਬਦ ਦੇ ਅਰਥ ਕੁਝ ਇਸ ਤਰ੍ਹਾਂ ਕੀਤੇ ਹਨ- ਇਹ ਸ਼ਬਦ ਅਰਬੀ ਭਾਸ਼ਾ ਦਾ ਹੈ 1. ਖ਼ਾਲਿਸਹ ਸ਼ੁੱਧ 2. ਬਿਨਾ ਮਿਲਾਵਟ, ਨਿਰੋਲ 3. ਉਹ ਜ਼ਮੀਨ ਜਾਂ ਮੁਲਕ ਜੋ ਬਾਦਸ਼ਾਹ ਦਾ ਹੈ, ਜਿਸ ਉੱਤੇ ਕਿਸੇ ਜਾਗੀਰਦਾਰ ਅਥਵਾ ਜਿਮੀਂਦਾਰ ਦੀ ਮਲਕੀਅਤ ਨਹੀਂ 4. ਅਕਾਲੀ ਧਰਮ, ਵਾਹਗੁਰੂ ਜੀ ਕਾ ਖ਼ਾਲਸਾ, ਸਿੰਘ ਪੰਥ 5. ਖਾਲਸਾ ਧਰਮਧਾਰੀ ਗੁਰੂ ਨਾਨਕ ਪੰਥੀ।

ਗੁਰਬਾਣੀ ਨੂੰ ਧਿਆਨ ਨਾਲ ਪੜ੍ਹਿਆਂ ਅਤੇ ਵੀਚਾਰਿਆਂ ਇਹ ਗੱਲ ਤਾਂ ਸਪੱਸ਼ਟ ਹੋ ਜਾਂਦੀ ਹੈ ਕਿ ਇਕ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਆਪ ਵਿੱਚ ਸ਼ੁੱਧ ਹੈ, ਬਿਨਾ ਮਿਲਾਵਟ ਤੋਂ ਹੈ ਅਤੇ ਇਸ ਉੱਤੇ ਕਿਸੇ ਇਕ ਵਿਸ਼ੇਸ਼ ਵਿਅਕਤੀ ਜਾਂ ਵੱਖ-ਵੱਖ ਮਜਹਬਾਂ ਨੂੰ ਮੰਨਣ ਵਾਲਿਆਂ ਦਾ ਖਾਸ ਅਧਿਕਾਰ ਨਹੀਂ ਬਲਕਿ ‘‘ਤੂੰ ਸਾਂਝਾ ਸਾਹਿਬ, ਬਾਪੁ ਹਮਾਰਾ॥’’ (ਮ:੫/੯੭) ਕਿਹਾ ਗਿਆ ਹੈ। ਭਗਤ ਰਵਿਦਾਸ ਜੀ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ‘‘ਆਪਨ ਬਾਪੈ ਨਾਹੀਂ ਕਿਸੀ ਕੋ, ਭਾਵਨ ਕੋ ਹਰਿ ਰਾਜਾ॥’’ (ਭਗਤ ਰਵਿਦਾਸ/੬੫੮) ਇਸ ਦਾ ਭਾਵ ਇਹ ਹੋਇਆ ਕਿ ਜੋ ਵੀ ਮਨੁੱਖ ਇਕ ਪਵਿੱਤਰ ਹਸਤੀ ਅਕਾਲ ਪੁਰਖ ਨਾਲ ਜੁੜ ਜਾਂਦਾ ਹੈ ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ, ਨਾ ਕਿ ਕਿਸੇ ਅਖੌਤੀ ਜਾਤ ਵਿੱਚ ਜਨਮ ਲੈਣ ਵਾਲਾ ਹੀ ਪਵਿੱਤਰ ਹੁੰਦਾ ਹੈ। ਜਿਵੇਂ ਕਿ ਗੁਰਬਾਣੀ ਦਾ ਫੁਰਮਾਣ ਹੈ ‘‘ਬਾਮਣੁ ਬਿਰਥਾ ਗਇਓ ਜਨੰਮੁ, ਜਿਨਿ ਕੀਤੋ ਸੋ ਵਿਸਰੇ॥’’ (ਮ:੫/੧੪੨੫) ਸਭ ਤੋਂ ਵੱਡਾ ਦੁਖਾਂਤ ਹੀ ਇਹ ਹੈ ਕਿ ਰੱਬ ਦਾ ਬਨਾਇਆ ਹੋਇਆ ਇਨਸਾਨ ਹੀ ਇਨਸਾਨ ਤੋਂ ਇਸ ਲਈ ਨਫ਼ਰਤ ਕਰਦਾ ਆ ਰਿਹਾ ਹੈ ਕਿ ਉਹ ਉਸ ਦੀ ਜਾਤ ਵਿੱਚੋਂ ਨਹੀਂ ਹਾਲਾਂਕਿ ਗੁਰਮਤਿ ਸਿਧਾਂਤ ਇਸ ਗੱਲ ਨੂੰ ਮੂਲੋਂ ਹੀ ਰੱਦ ਕਰਦਾ ਹੈ। ਗੁਰਬਾਣੀ ਰਾਹੀਂ ਸਤਿਗੁਰਾਂ ਨੇ ਸਾਨੂੰ ਸਾਂਝਾ ਉਪਦੇਸ਼ ਦਿ੍ਰੜ੍ਹ ਕਰਵਾਇਆ ਹੈ ਕਿ

ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ॥ (ਮ:੧/੩੪੯)

ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ॥ (ਮ:੧/੧੩੩੦)

ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ॥ (ਮ:੧/੪੬੯)

ਜਿਸ ਇਨਸਾਨ ਦੇ ਅੰਦਰ ਜਾਤ-ਪਾਤ ਵਾਲਾ ਭਰਮ ਭੁਲੇਖਾ ਹੈ ਉਹ ਸ਼ੁੱਧ, ਨਿਰਮਲ ਜਾਂ ਪਵਿੱਤਰ ਕਿਵੇਂ ਹੋ ਸਕਦਾ ਹੈ। ਜਿਸ ਦੇ ਅਸੀਂ ਸਾਰੇ ਜੀਵ ਪੈਦਾ ਕੀਤੇ ਹੋਏ ਹਾਂ ਉਸ ਦੀ ਤਾਂ ਕੋਈ ਜਾਤ ਗੁਰਬਾਣੀ ਨੇ ਦੱਸੀ ਨਹੀਂ ਸਗੋ ਇਹ ਦੱਸਿਆ ਹੈ ‘‘ਜਨ ਨਾਨਕ ਕਉ ਗੁਰਿ ਕਿਰਪਾ ਧਾਰੀ, ਸਭੁ ਅਕੁਲ ਨਿਰੰਜਨੁ ਡੀਠਾ॥ (ਮ:੫/੬੧੨), ਅਵਲਿ ਅਲਹ ਨੂਰੁ ਉਪਾਇਆ, ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ, ਕਉਨ ਭਲੇ ਕੋ ਮੰਦੇ॥’’ (ਭਗਤ ਕਬੀਰ/੧੩੪੯) ਉਹ ਤਾਂ ਇਕ ਹੋਣ ਦੇ ਬਾਵਜੂਦ ਵੀ ਓਅੰਕਾਰ ਹੈ ਭਾਵ ਸਰਬ ਵਿਆਪਕ ਹੈ। ਆਪਣੇ ਆਪ ਨੂੰ ਉੱਚਾ ਜਾਂ ਦੂਸਰਿਆਂ ਨੂੰ ਨੀਵਾਂ ਸਮਝਣ ਵਾਲਾ ਇਹ ਕਿਉਂ ਭੁੱਲ ਜਾਂਦਾ ਹੈ ਕਿ ‘‘ਤੁਮ ਮਾਤ ਪਿਤਾ, ਹਮ ਬਾਰਿਕ ਤੇਰੇ॥’’ (ਮ:੫/੨੬੮) ਜੇ ਥੋੜੀ ਦੇਰ ਲਈ ਇਹ ਗੱਲ ਮੰਨ ਵੀ ਲਿਆ ਜਾਏ ਕਿ ਗੁਰੂ ਸਾਹਿਬਾਨ ਜਾਂ ਭਗਤ ਸਾਹਿਬਾਨ ਉਸ ਸਮੇਂ ਪ੍ਰਚੱਲਤ ਅਖੌਤੀ ਉੱਚੀਆਂ ਜਾਂ ਨੀਵੀਆਂ ਜਾਤਾਂ ਵਿੱਚੋਂ ਸਨ ਤਾਂ ਵੀ ਕੀ ਉਹਨਾਂ ਦੀ ਬਾਣੀ ਨੂੰ ਜਾਤਾਂ-ਪਾਤਾਂ ਨਾਲ ਜੋੜਿਆਂ ਜਾ ਸਕਦਾ ਹੈ ? ਹਰਗਿਜ ਨਹੀਂ। ਇਸ ਵਖਰੇਵੇਂ ਨੂੰ ਦੂਰ ਕਰਨ ਲਈ ਹੀ ਤਾਂ ਸਮੁੱਚੀ ਬਾਣੀ ਨੂੰ ਇਕ ਥਾਂ ’ਤੇ ਇਕਤ੍ਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕੀਤੀ। ਕੋਈ ਵੀ ਸ਼ਬਦ ਨ ਬੇਦੀ ਹੈ, ਨ ਤ੍ਰੇਹਣ ਹੈ, ਨ ਸੋਢੀ ਹੈ, ਨ ਬ੍ਰਾਹਮਣ ਹੈ, ਨ ਖਤਰੀ ਹੈ, ਨ ਸ਼ੂਦ ਹੈ, ਨ ਵੈਸ਼ ਹੈ। ਸ਼ਬਦ ਤਾਂ ਅਕਾਲਪੁਰਖ ਦਾ ਹੁਕਮ ਹੈ ਜੋ ਕਿ ਗੁਰੂ ਸਾਹਿਬਾਨਾਂ ਰਾਹੀਂ ਅਤੇ ਭਗਤ ਸਾਹਿਬਾਨਾਂ ਰਾਹੀਂ ਸਾਡੇ ਤੱਕ ਪਹੁੰਚਿਆ। ਜੋ ਮਨੁੱਖ ਇਸ ਪਵਿੱਤਰ ਸ਼ਬਦ (ਹੁਕਮ) ਰਾਹੀਂ ਆਪਣੇ ਸ਼ਰੀਰ ਨੂੰ ਪਵਿੱਤਰ ਕਰ ਲੈਂਦਾ ਹੈ ਉਹ ਖਾਲਸਾ ਹੈ। ਗੁਰਵਾਕ ਹੈ ‘‘ਏਸ ਨਉ ਹੋਰੁ ਥਾਉ ਨਾਹੀ, ਸਬਦਿ ਲਾਗਿ ਸਵਾਰੀਆ॥’’ (ਮ:੩/੯੧੭) ਸ਼ਬਦ ਦੁਆਰਾ ਸਵਾਰੀ ਹੋਈ ਦੇਹੀ, ਅੰਦਰੋਂ ਵੀ ਨਿਰਮਲ ਅਤੇ ਬਾਹਰੋਂ ਵੀ ਨਿਰਮਲ ਹੋ ਜਾਂਦੀ ਹੈ। ਅੰਦਰਲੀ ਨਿਰਮਲਤਾ‘‘ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ॥’’ (ਮ:੫/੨੭੯) ਦੇ ਅਨੁਸਾਰ ਹੀ ਹੋ ਸਕਦੀ ਹੈ।

ਜਿਸ ਭਾਂਡੇ ਵਿੱਚ ਕੋਈ ਕੀਮਤੀ ਵਸਤੂ ਜਿਵੇਂ ਕਿ ਦੁੱਧ ਆਦਿ ਰੱਖਣਾ ਹੋਵੇ ਤਾਂ ਅਸੀਂ ਉਸ ਨੂੰ ਅੰਦਰੋਂ ਤੇ ਬਾਹਰੋਂ ਸਾਫ ਰੱਖਦੇ ਹਨ ਤਾਂ ਕਿ ਉਸ ਵਿੱਚ ਪਈ ਵਸਤੂ ਠੀਕ ਰਹੇ। ਗੁਰ ਬਚਨ ਹਨ ‘‘ਭਾਂਡਾ ਧੋਇ ਬੈਸਿ ਧੂਪੁ ਦੇਵਹੁ, ਤਉ ਦੂਧੈ ਕਉ ਜਾਵਹੁ॥’’ (ਮ:੧/੭੨੮) ਇਸੇ ਤਰ੍ਹਾਂ ਅੰਮ੍ਰਿਤ ਬਾਣੀ ਜਾਂ ਅੰਮ੍ਰਿਤ ਨਾਮ ਨੂੰ ਜਿਸ ਹਿਰਦੇ ਵਿੱਚ ਟਿਕਾਣਾ ਹੋਵੇ ਤਾਂ ਉਹ ਕਿੰਨਾ ਸਾਫ ਸੁਥਰਾ ਚਾਹੀਦਾ ਹੈ ਅਤੇ ਜਿਸ ਹਿਰਦੇ ਦੀ ਮਾਲਕ ਦੇਹੀ ਹੈ ਉਹ ਕਿੰਨੀ ਪਵਿੱਤਰ ਹੋਣੀ ਚਾਹੀਦੀ ਹੈ? ਸਤਿਗੁਰੂ ਜੀ ਨੇ ਬਾਣੀ ਰਾਹੀਂ ਇਹ ਸਮਝਾਇਆ ਹੈ ਕਿ ਇਹ ਨਿਰਮਲਤਾ ‘‘ਬਾਹਰਹੁ ਤ ਨਿਰਮਲ ਜੀਅਹੁ ਨਿਰਮਲ, ਸਤਿਗੁਰ ਤੇ ਕਰਣੀ ਕਮਾਣੀ॥’’ (ਮ:੩/੯੧੯) ਰਾਹੀਂ ਹੀ ਹੋ ਸਕਦੀ ਹੈ। ਇਸ ਗੱਲ ਨੂੰ ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਬਾਣੀ ਨੇ ਸਾਨੂੰ ਆਤਮਿਕ ਤੌਰ ’ਤੇ ਬਲਵਾਨ ਕਰਨਾ ਹੈ ਅਤੇ ਬਾਣੇ (ਕਕਾਰਾਂ) ਨੇ ਬਾਹਰ ਮੁੱਖੀ ਜਥੇਬੰਦੀ ਦੇ ਤੌਰ ’ਤੇ। ਜਿੱਥੇ ਸਾਨੂੰ ਏਕਤਾ ਦੀ ਲੜੀ ਵਿੱਚ ਪਰੋਣਾ ਹੈ ਉੱਥੇ ਇਕ ਨਿਸ਼ਾਨ ਥੱਲੇ ਵੀ ਇਕਤ੍ਰ ਕਰਨਾ ਹੈ। ਪਰ ਇਹ ਗੱਲ ਦੁਖ ਨਾਲ ਲਿਖਣੀ ਪੈ ਰਹੀ ਹੈ ਕਿ ਇਕ ਬਾਣੀ ਨੂੰ ਮੱਥਾ ਟੇਕਣ ਵਾਲੇ, ਇਕ ਖੰਡੇ ਬਾਟੇ ਦੀ ਪਾਹੁਲ ਲੈਣ ਵਾਲੇ ਇਹ ਸਾਰੇ ਆਪਣੇ ਆਪ ਨੂੰ ਗੁਰੂ ਕੇ ਸਿੱਖ ਜਾਂ ਖਾਲਸਾ ਮੰਨਦੇ ਹਨ ਪਰ ਰਹਿਤ ਮਰਯਾਦਾ ਜੋ ਕਿ ਅਕਾਲ ਤਖਤ ਸਾਹਿਬ ਵੱਲੋਂ ਪ੍ਰਵਾਨਤ ਹੈ ਉਸ ਨੂੰ ਮੰਨਣ ਤੋਂ ਇਨਕਾਰੀ ਕਿਉਂ ਹਨ? ਜੇ ਐਸਾ ਹੈ ਤਾਂ ਫਿਰ ਕੀ ਅਸੀਂ ‘‘ਕਹੁ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤਿ ਜਿਹ ਜਾਨੀ॥’’ ਵਾਲੀ ਅਵਸਥਾ ਦੇ ਧਾਰਨੀ ਹੋ ਸਕਦੇ ਹਾਂ ?

ਐਸੇ ਗੁਰ ਕਉ ਬਲਿ ਬਲਿ ਜਾਈਐ, ਆਪਿ ਮੁਕਤੁ ਮੋਹਿ ਤਾਰੈ ॥

0

ਐਸੇ ਗੁਰ ਕਉ ਬਲਿ ਬਲਿ ਜਾਈਐ, ਆਪਿ ਮੁਕਤੁ ਮੋਹਿ ਤਾਰੈ ॥

ਪ੍ਰਿੰ. ਹਰਭਜਨ ਸਿੰਘ (ਰੋਪੜ)-94170-20961

ਨਾਰਾਇਨ ਨਰਪਤਿ ਨਮਸਕਾਰੈ ॥ ਐਸੇ ਗੁਰ ਕਉ ਬਲਿ ਬਲਿ ਜਾਈਐ, ਆਪਿ ਮੁਕਤੁ ਮੋਹਿ ਤਾਰੈ ॥੧॥ ਰਹਾਉ॥ ਕਵਨ ਕਵਨ ਕਵਨ ਗੁਨ ਕਹੀਐ, ਅੰਤੁ ਨਹੀ ਕਛੁ ਪਾਰੈ ॥ ਲਾਖ ਲਾਖ ਲਾਖ ਕਈ ਕੋਰੈ, ਕੋ ਹੈ ਐਸੋ ਬੀਚਾਰੈ ॥੧॥ਬਿਸਮ ਬਿਸਮ ਬਿਸਮ ਹੀ ਭਈ ਹੈ, ਲਾਲ ਗੁਲਾਲ ਰੰਗਾਰੈ ॥ ਕਹੁ ਨਾਨਕ ! ਸੰਤਨ ਰਸੁ ਆਈ ਹੈ, ਜਿਉ ਚਾਖਿ ਗੂੰਗਾ ਮੁਸਕਾਰੈ ॥੨॥

ਵੀਚਾਰ ਅਧੀਨ ਗੁਰ ਸ਼ਬਦ ਗੁਰੂ ਅਰਜੁਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਕਾਨੜਾ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1301-1302 ’ਤੇ ਸੁਭਾਇਮਾਨ ਹੈ। ਸਤਿਗੁਰੂ ਜੀ ਇਸ ਸ਼ਬਦ ਅੰਦਰ ਐਸੇ ਗੁਰੂ ਤੋਂ ਬਲਿਹਾਰ ਜਾਣ ਦੀ ਗੱਲ ਕਰਦੇ ਹਨ ਜੋ ਆਪ ਵੀ ਮੁਕਤ ਹਨ ਅਤੇ ਹੋਰਨਾਂ ਨੂੰ ਵੀ ਮੁਕਤੀ ਪ੍ਰਦਾਨ ਕਰਦੇ ਹਨ। ਗੁਰਮਤਿ ਅਨੁਸਾਰ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਆਪਣੀ ਸੁਰਤਿ ਨਿਰਾਕਾਰ ਨਾਲ ਜੋੜ ਕੇ ਰੱਖਣਾ ਅਤੇ ਮਾਇਆ ਦੇ ਮੋਹ ਤੋਂ, ਵਿਕਾਰਾਂ ਦੇ ਮੋਹ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਇਸੇ ਨੂੰ ਮੁਕਤੀ ਕਿਹਾ ਗਿਆ ਜਾਂਦਾ ਹੈ ਪਰ ਅਜਿਹਾ ਜੀਵਨ ਗੁਰੂ ਜੀ ਵੱਲੋਂ ਦਰਸਾਏ ਮਾਰਗ ’ਤੇ ਚੱਲ ਕੇ ਹੀ ਬਣਾਇਆ ਜਾ ਸਕਦਾ ਹੈ। ਗੁਰਬਾਣੀ ਰਚਨਹਾਰਿਆਂ ਦਾ ਜੀਵਨ ਮੁਕਤ ਹੈ ਇਸੇ ਲਈ ਉਹ ਸਾਨੂੰ ਵੀ ਮੁਕਤ ਹੋਣ ਦੀ ਪ੍ਰੇਰਨਾ ਦੇਂਦੇ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੇ ਇੱਕ ਕਬਿੱਤ ਰਾਹੀਂ ਬਹੁਤ ਹੀ ਸੁੰਦਰ ਉਦਾਹਰਨ ਦੇ ਕੇ ਸਮਝਾ ਰਹੇ ਹਨ ਕਿ ਗੁਰੂ ਆਪ ਕਿਵੇਂ ਮੁਕਤ ਹੈ ਅਤੇ ਆਪਣੇ ਗੁਰਸਿੱਖਾਂ ਨੂੰ ਕਿਵੇਂ ਮੁਕਤੀ ਬਖ਼ਸ਼ਦੇ ਹਨ। ਪਹਿਲੀ ਉਦਾਹਰਨ; ਜਿਵੇਂ ਕੋਈ ਗਵਾਲਾ ਘਰ ਤੋਂ ਗਊਆਂ ਨੂੰ ਚਰਾਉਣ ਲਈ ਬਾਹਰ ਖੁਲ੍ਹੀ ਜੂਹ ਵਿੱਚ ਲੈ ਕੇ ਜਾਂਦਾ ਹੈ, ਰਸਤੇ ਵਿੱਚ ਆਸੇ-ਪਾਸੇ ਖੇਤਾਂ ਵਿੱਚ ਕਿਸਾਨਾਂ ਨੇ ਫਸਲ ਬੀਜੀ ਹੁੰਦਾ ਹੈ ਪਰ ਸਿਆਣਾ ਗਵਾਲਾ ਇਸ ਗੱਲ ਦਾ ਧਿਆਨ ਰੱਖਦਾ ਹੈ ਕਿ ਕਿਸੇ ਦੀ ਫਸਲ ਵਿੱਚ ਮੇਰੀਆਂ ਗਉਆਂ ਮੂੰਹ ਨਾ ਮਾਰਨ। ਇਸ ਤਰ੍ਹਾਂ ਕਰਦਿਆਂ ਹੋਇਆਂ ਗਉਆਂ ਨੂੰ ਘਾਹ ਨਾਲ ਰਜਾ ਕੇ ਸ਼ਾਮ ਨੂੰ ਘਰ ਲੈ ਆਉਂਦਾ ਹੈ। ਦੂਜੀ ਉਦਾਹਰਨ; ਜਿਵੇਂ ਕੋਈ ਰਾਜਾ ਧਰਮੀ ਹੋਵੇ ਅਤੇ ਰਾਜਨੀਤੀ ਵਿੱਚ ਵੀ ਪ੍ਰਪੱਕ ਹੋਵੇ ਜਿਸ ਕਾਰਨ ਉਸ ਰਾਜੇ ਦੀ ਪਰਜਾ ਬਹੁਤ ਸੁਖੀ ਵਸਦੀ ਹੋਵੇ। ਤੀਜੀ ਉਦਾਹਰਨ; ਜਿਵੇਂ ਕੋਈ ਮਲਾਹ ਬੜਾ ਸਿਆਣਾ ਹੋਵੇ ਅਤੇ ਪਾਣੀ ਦੀਆਂ ਛੱਲਾਂ ਤੋਂ ਬੇੜੀ ਨੂੰ ਲੰਘਾ ਕੇ ਕਿਨਾਰੇ ’ਤੇ ਲਗਾ ਦਿੰਦਾ ਹੈ ਪਰ ਬੇੜੀ ਨੂੰ ਡੁੱਬਣ ਨਹੀਂ ਦਿੰਦਾ, ਠੀਕ ਇਸੇ ਤਰ੍ਹਾਂ ਗੁਰੂ ਜੀ ਬ੍ਰਹਮ ਵਿੱਚ ਲੀਨ ਹੁੰਦੇ ਹਨ ਅਤੇ ਸਿੱਖਾਂ ਨੂੰ ਸਮਝਾ ਕੇ ਜੀਵਨ ਮੁਕਤਿ ਕਰ ਦਿੰਦੇ ਹਨ; ‘ਜੈਸੇ ਗੁਆਰ ਗਾਇਨ ਚਰਾਵਤ ਜਤਨ ਬਨ, ਖੇਤ ਨ ਪਰਤ ਸਬੈ ਚਰਤ ਅਘਾਇ ਕੈ। ਜੈਸੇ ਰਾਜਾ ਧਰਮ ਸਰੂਪ ਰਾਜਨੀਤ ਬਿਖੈ, ਤਾ ਕੇ ਦੇਸ ਪਰਜਾ ਬਸਤ ਸੁਖ ਪਾਇ ਕੈ। ਜੈਸੇ ਹੋਤ ਖੇਵਟ ਚੇਤੰਨਿ ਸਾਵਧਾਨ ਜਾ ਮੈ, ਲਾਗੈ ਨਿਰਬਿਘਨ ਬੋਹਥ ਪਾਰਿ ਜਾਇ ਕੈ। ਤੈਸੇ ਗੁਰ ਉਨਮਨ ਮਗਨ ਬ੍ਰਹਮ ਜੋਤ, ਜੀਵਨ ਮੁਕਤਿ ਕਰੈ ਸਿਖ ਸਮਝਾਇ ਕੈ ॥੪੧੮॥ (ਭਾਈ ਗੁਰਦਾਸ ਜੀ, ਕਬਿੱਤ ੪੧੮) ਭੱਟ ਨਲ੍ਹ ਸਾਹਿਬਾਨ ਵੀ ਸਵੈਯਾ ਰਾਹੀਂ ਇਸ ਤਰ੍ਹਾਂ ਸਮਝਾਉਂਦੇ ਹਨ: ‘‘ਗੁਰ ਬਿਨੁ, ਸੁਰਤਿ ਨ ਸਿਧਿ, ਗੁਰੂ ਬਿਨੁ ਮੁਕਤਿ ਨ ਪਾਵੈ॥’’ (ਭਟ ਨਲੵ/੧੩੯੯) ਗੁਰੂ ਅਰਜਨ ਸਾਹਿਬ ਜੀ ਦਾ ਵੀ ਇਉਂ ਫ਼ੁਰਮਾਨ ਹੈ: ‘‘ਕਹੁ ਨਾਨਕ ਪ੍ਰਭਿ ਇਹੈ ਜਨਾਈ॥ ਬਿਨੁ ਗੁਰ ਮੁਕਤਿ ਨ ਪਾਈਐਭਾਈ॥’’ (ਮ:੫/੮੬੪) ਗੁਰਮਤਿ ਵਿੱਚ ਉਸ ਮੁਕਤੀ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਹੈ ਜੋ ਕੇਵਲ ਮਰਨ ਤੋਂ ਬਾਅਦ ਮਿਲਦੀ ਮੰਨੀ ਜਾਂਦੀ ਹੈ। ਭਗਤ ਨਾਮਦੇਵ ਜੀ ਦਾ ਇਹ ਬਚਨ ਕਿੰਨਾ ਢੁਕਵਾਂ ਹੈ: ‘‘ਮੂਏ ਹੂਏ ਜਉ ਮੁਕਤਿ ਦੇਹੁਗੇ, ਮੁਕਤਿ ਨ ਜਾਨੈ ਕੋਇਲਾ॥’’ (ਭਗਤ ਨਾਮਦੇਵ/੧੨੯੨) ਗੁਰੂ ਅਰਜਨ ਸਾਹਿਬ ਜੀ ਦੇ ਵੀ ਆਪਣੇ ਬਚਨ ਹਨ ਕਿ: ‘‘ਕਈ ਬੈਕੁੰਠ ਨਾਹੀ ਲਵੈ ਲਾਗੇ॥ ਮੁਕਤਿ ਬਪੁੜੀ ਭੀ ਗਿਆਨੀ ਤਿਆਗੇ॥’’ (ਮ:੫/੧੦੭੮) (ਜਾਂ) ‘‘ਰਾਜੁ ਨ ਚਾਹਉ, ਮੁਕਤਿ ਨ ਚਾਹਉ, ਮਨਿ ਪ੍ਰੀਤਿ ਚਰਨ ਕਮਲਾਰੇ॥’’ (ਮ:੫/੫੩੪) ਜਦੋਂ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਜੀ ਅੱਗੇ ਇਹ ਸਵਾਲ ਰੱਖਿਆ ‘‘ਦੁਨੀਆ ਸਾਗਰੁ ਦੁਤਰੁ ਕਹੀਐ ਕਿਉ ਕਰਿ ਪਾਈਐ ਪਾਰੋ॥ ਚਰਪਟੁ ਬੋਲੈ ਅਉਧੂ ਨਾਨਕ ! ਦੇਹੁ ਸਚਾ ਬੀਚਾਰੋ॥’’ (ਮ:੧/੯੩੮) ਤਾਂ ਇਸ ਸਵਾਲ ਦਾ ਜਵਾਬ ਗੁਰੂ ਜੀ ਨੇ ਇਸ ਤਰ੍ਹਾਂ ਦਿੱਤਾ: ‘‘ਜੈਸੇ ਜਲ ਮਹਿ ਕਮਲੁ ਨਿਰਾਲਮੁ, ਮੁਰਗਾਈ ਨੈ ਸਾਣੇ॥ ਸੁਰਤਿ ਸਬਦਿ ਭਵ ਸਾਗਰੁ ਤਰੀਐ, ਨਾਨਕ ! ਨਾਮੁ ਵਖਾਣੇ॥’’ (ਮ:੧/੯੩੮) ਗੁਰੂ ਦੇ ਸ਼ਬਦ ਵਿੱਚ ਜੁੜੀ ਹੋਈ ਜਗਿਆਸੂ ਦੀ ਸੁਰਤਿ ਹੀ ਉਸ ਨੂੰ ਮੁਕਤਿ ਕਰਕੇ ਸੰਸਾਰ ਸਮੁੰਦਰ ਤੋਂ (ਭਾਵ ਮਾਯਾ ਦੇ ਬੰਧਨਾਂ ਤੋਂ) ਪਾਰ ਲੰਘਾ ਦੇਂਦੀ ਹੈ। ਸਤਿਗੁਰੂ ਜੀ ਦੀ ਕ੍ਰਿਪਾ ਸਦਕਾ ਇਹੋ ਜਿਹਾ ਜੀਵਨ ਜਿਸ ਮਨੁੱਖ ਦਾ ਵੀ ਬਣ ਜਾਂਦਾ ਹੈ, ਉਹ ਗੁਰੂ ਜੀ ਦੇ ਇਨ੍ਹਾਂ ਬਚਨਾਂ ਨੂੰ ਵਾਰ ਵਾਰ ਚੇਤੇ ਰੱਖਦਾ ਹੈ: ‘‘ਨਾਰਾਇਨ ਨਰਪਤਿ ਨਮਸਕਾਰੈ॥ ਐਸੇ ਗੁਰ ਕਉ ਬਲਿ ਬਲਿ ਜਾਈਐ, ਆਪਿ ਮੁਕਤੁ, ਮੋਹਿ ਤਾਰੈ॥੧॥ ਰਹਾਉ॥ ਭਾਵ ਹੇ ਭਾਈ ! ਪ੍ਰਭੂ ਜੀ ਦੇ ਬੇਅੰਤ ਰੰਗ ਵੇਖ ਵੇਖ ਕੇ ਜਿਹੜਾ ਗੁਰੂ; ਪ੍ਰਭੂ ਪਾਤਿਸ਼ਾਹ ਨੂੰ ਸਦਾ ਨਮਸਕਾਰ ਕਰਦਾ ਹੈ, ਜਿਹੜਾ ਨਾਮ ਦੀ ਬਰਕਤ ਨਾਲ ਦੁਨੀਆਂ ਦੇ ਬੰਧਨਾਂ ਤੋਂ ਆਪ ਨਿਰਲੇਪ ਹੋ ਜਾਂਦਾ ਹੈ ਅਤੇ ਮੈਨੂੰ ਪਾਰ ਲੰਘਾਉਣ ਦੀ ਸਮਰੱਥਾ ਰੱਖਦਾ ਹੈ, ਐਸੇ ਗੁਰੂ ਤੋਂ ਸਦਾ ਕੁਰਬਾਣ ਜਾਣਾ ਚਾਹੀਦਾ ਹੈ। ਸਾਨੂੰ, ਸੋਚ-ਵਿਚਾਰ ਕੇ ਹੀ ਗੁਰੂ ਧਾਰਨ ਕਰਨਾ ਚਾਹੀਦਾ ਹੈ ਕਿਉਂਕਿ ਗੁਰਬਾਣੀ ਸਾਨੂੰ ਸੁਚੇਤ ਕਰਵਾਉਂਦੀ ਹੈ ਕਿ ‘‘ਕਾਚੇ ਗੁਰ ਤੇ ਮੁਕਤਿ ਨ ਹੂਆ॥ (ਮ:੧/੯੩੨), ਗੁਰੂ ਜਿਨਾ ਕਾ ਅੰਧੁਲਾ, ਚੇਲੇ ਨਾਹੀ ਠਾਉ॥ ਬਿਨੁ ਸਤਿਗੁਰ, ਨਾਉ ਨ ਪਾਈਐ, ਬਿਨੁ ਨਾਵੈ ਕਿਆ ਸੁਆਉ॥ (ਮ:੧/੫੮), ਗੁਰੂ ਜਿਨਾ ਕਾ ਅੰਧੁਲਾ, ਸਿਖ ਭੀ ਅੰਧੇ ਕਰਮ ਕਰੇਨਿ॥’’ (ਮ:੩/੯੫੧), ਆਦਿ। ਐਸੇ ਪਾਖੰਡੀ, ਦੰਭੀ, ਦੇਹਧਾਰੀ, ਅਖੌਤੀ ਗੁਰੂਆਂ ਤੋਂ ਬਚ ਕੇ ਕੇਵਲ ਉਸ ਨੂੰ ਆਪਣਾ ਗੁਰੂ ਬਨਾਉਣਾ ਚਾਹੀਦਾ ਹੈ ਜਿਸ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਕਰਦੇ ਹਨ: ‘‘ਸਤਿ ਪੁਰਖੁ ਜਿਨਿ ਜਾਨਿਆ, ਸਤਿਗੁਰੁ ਤਿਸ ਕਾ ਨਾਉ॥ ਤਿਸ ਕੈ ਸੰਗਿ ਸਿਖੁ ਉਧਰੈ, ਨਾਨਕ ! ਹਰਿ ਗੁਨ ਗਾਉ॥’’ (ਮ:੫/੨੮੬) ਅਜਿਹੇ ਸਤਿਗੁਰ ਤੋਂ ਹੀ ਗੁਣਕਾਰੀ ਸਿਖਿਆ ਮਿਲਦੀ ਹੈ ਜਿਸ ਬਾਬਤ ਵੀਚਾਰ ਅਧੀਨ ਸ਼ਬਦ ਦੇ ਪਹਿਲੇ ਪਦੇ ਰਾਹੀਂ ਗੁਰਦੇਵ ਪਿਤਾ ਜੀ ਫ਼ੁਰਮਾ ਰਹੇ ਹਨ: ‘‘ਕਵਨ ਕਵਨ ਕਵਨ ਗੁਨ ਕਹੀਐ, ਅੰਤੁ ਨਹੀ ਕਛੁ ਪਾਰੈ॥ ਲਾਖ ਲਾਖ ਲਾਖ ਕਈ ਕੋਰੈ, ਕੋ ਹੈ ਐਸੋ ਬੀਚਾਰੈ॥੧॥’’ ਭਾਵ ਹੇ ਭਾਈ  ! ਲੱਖਾਂ ਕ੍ਰੋੜਾਂ ਵਿੱਚੋਂ ਕੋਈ ਵਿਰਲਾ ਅਜਿਹਾ ਮਨੁੱਖ ਹੁੰਦਾ ਹੈ ਜੋ ਗੁਰਮਤਿ ਲੈ ਕੇ ਇਉਂ ਸੋਚਦਾ ਹੈ ਕਿ ਪ੍ਰਮਾਤਮਾ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ, ਪ੍ਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਗੁਰਮਤਿ ਵਿਹੂਣਾ ਮਨੁੱਖ ਤਾਂ ਪ੍ਰਭੂ ਦੇ ਗੁਣਾਂ ਦਾ ਅੰਤ ਪਾਉਣ ਵਾਲੇ ਪਾਸੇ ਲੱਗ ਕੇ ਮਨੁੱਖਾ ਜਨਮ ਅਜਾਈਂ ਗਵਾ ਲੈਂਦਾ ਹੈ ਜਦਕਿ ਗੁਰੂ ਨਾਲ ਜੁੜਿਆ ਹੋਇਆ ਜਗਿਆਸੂ ਮਨੁੱਖ ਪ੍ਰਭੂ ਜੀ ਦਾ ਅੰਤ ਪਾਉਣ ਦੀ ਬਜਾਏ ਉਸ ਵਿੱਚ ਲੀਨ ਹੋਣਾ ਲੋਚਦਾ ਹੈ ਅਤੇ ਵਿਚਾਰ ਅਧੀਨ ਸ਼ਬਦ ਦੇ ਅਖੀਰਲੇ ਬੰਦ ਵਿੱਚ ਦਰਜ ਭਾਵਨਾ ਵਿਅਕਤ ਕਰਦਾ ਹੈ: ‘‘ਬਿਸਮ ਬਿਸਮ ਬਿਸਮ ਹੀ ਭਈ ਹੈ, ਲਾਲ ਗੁਲਾਲ ਰੰਗਾਰੈ॥ ਕਹੁ ਨਾਨਕ ! ਸੰਤਨ ਰਸੁ ਆਈ ਹੈ, ਜਿਉ ਚਾਖਿ ਗੂੰਗਾ ਮੁਸਕਾਰੈ ॥੨॥’’ (੧੩੦੨) ਭਾਵ ਹੇ ਭਾਈ ! ਸੋਹਣੇ ਪ੍ਰਭੂ ਜੀ ਦੇ ਅਸਚਰਜ ਕੌਤਕਾਂ ਤੋਂ ਹੈਰਾਨ ਹੀ ਹੋ ਜਾਈਦਾ ਹੈ ਪਰ ਹੇ ਨਾਨਕ ! ਆਖ, ਕਿ ਸੰਤ ਜਨਾਂ ਨੂੰ ਹੀ ਆਤਮਕ ਜੀਵਨ ਦੇਣ ਵਾਲੇ ਨਾਮ ਰਸ ਦਾ ਸੁਆਦ ਆਉਂਦਾ ਹੈ ਜਿਸ ਨੂੰ ਉਹ ਬਿਆਨ ਨਹੀਂ ਕਰ ਸਕਦੇ; ਜਿਵੇਂ ਗੂੰਗਾ ਮਨੁੱਖ ਸੁਆਦ ਨੂੰ ਚੱਖ ਕੇ ਕੇਵਲ ਮੁਸਕਰਾ ਛੱਡਦਾ ਹੈ ਪਰ ਉਸ ਦਾ ਸੁਆਦ ਨਹੀਂ ਦੱਸ ਸਕਦਾ।

ਇਸ ਪਾਵਨ ਸ਼ਬਦ ਦੀ ਵੀਚਾਰ ਦਾ ਸਿੱਟਾ ਇਹ ਹੈ ਕਿ ਜੇ ਅਸੀਂ ਮੁਕਤ ਹੋਣਾ ਚਾਹੁੰਦੇ ਹਾਂ ਤਾਂ ਸਾਨੂੰ ਵੀ ਸੱਚੇ ਗੁਰੂ ਦੀ ਰਾਹੀਂ ਉਸ ਪ੍ਰਭੂ ਜੀ ਦੇ ਗੁਣਾਂ ਨਾਲ ਸਾਂਝ ਪਾਉਣੀ ਪਵੇਗੀ ਜਿਸ ਅੱਗੇ ਸਤਿਗੁਰੂ ਜੀ ਆਪ ਸ਼ੀਸ ਨਿਵਾਉਂਦੇ ਹਨ।

ਮਹਿਮਾ ਸਾਧੂ ਸੰਗ ਕੀ, ਸੁਨਹੁ ਮੇਰੇ ਮੀਤਾ॥

0

ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ॥

ਵਾਇਸ ਪ੍ਰਿੰ. ਹਰਭਜਨ ਸਿੰਘ-94170-20961 

ਪਿੰਗੁਲ ਪਰਬਤ ਪਾਰਿ ਪਰੇ, ਖਲ ਚਤੁਰ ਬਕੀਤਾ॥ ਅੰਧੁਲੇ ਤ੍ਰਿਭਵਣ ਸੂਝਿਆ, ਗੁਰ ਭੇਟਿ ਪੁਨੀਤਾ॥੧॥

ਮਹਿਮਾ ਸਾਧੂ ਸੰਗ ਕੀ, ਸੁਨਹੁ ਮੇਰੇ ਮੀਤਾ॥ ਮੈਲੁ ਖੋਈ ਕੋਟਿ ਅਘ ਹਰੇ, ਨਿਰਮਲ ਭਏ ਚੀਤਾ॥੧॥ ਰਹਾਉ॥

ਐਸੀ ਭਗਤਿ ਗੋਵਿੰਦ ਕੀ, ਕੀਟਿ ਹਸਤੀ ਜੀਤਾ॥ ਜੋ ਜੋ ਕੀਨੋ ਆਪਨੋ, ਤਿਸੁ ਅਭੈ ਦਾਨੁ ਦੀਤਾ ॥੨॥

ਸਿੰਘੁ ਬਿਲਾਈ ਹੋਇ ਗਇਓ, ਤ੍ਰਿਣੁ ਮੇਰੁ ਦਿਖੀਤਾ॥ ਸ੍ਰਮੁ ਕਰਤੇ ਦਮ ਆਢ ਕਉ, ਤੇ ਗਨੀ ਧਨੀਤਾ॥੩॥

ਕਵਨ ਵਡਾਈ ਕਹਿ ਸਕਉ, ਬੇਅੰਤ ਗੁਨੀਤਾ॥ ਕਰਿ ਕਿਰਪਾ ਮੋਹਿ ਨਾਮੁ ਦੇਹੁ, ਨਾਨਕ ! ਦਰ ਸਰੀਤਾ॥੪॥

 ਵੀਚਾਰ ਅਧੀਨ ਅਮ੍ਰਿਤਮਈ ਬਚਨ ਗੁਰੂ ਅਰਜੁਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਬਿਲਾਬਲ ਰਾਗ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 809 ਅਤੇ 810 ’ਤੇ ਅੰਕਿਤ ਹਨ। ਇਹਨਾ ਅਨਮੋਲ ਬਚਨਾ ਰਾਹੀਂ ਗੁਰਦੇਵ ਪਿਤਾ ਜੀ ਕਿਸੇ ਜਗਿਆਸੂ ਦੇ ਪੁੱਛਣ ’ਤੇ ਕਿ ਗੁਰੂ ਦੀ ਸੰਗਤ ਕਰਨ ਦਾ ਕੀ ਲਾਭ ਹੈ ? ਉਸ ਨੂੰ ਸੰਬੋਧਨ ਕਰਦੇ ਹੋਏ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਰਾਹੀਂ ਇਸ ਤਰ੍ਹਾਂ ਸਮਝਾਉਂਦੇ ਹੋਏ ਫ਼ੁਰਮਾ ਰਹੇ ਹਨ:- ‘‘ਮਹਿਮਾ ਸਾਧੂ ਸੰਗ ਕੀ, ਸੁਨਹੁ ਮੇਰੇ ਮੀਤਾ॥ ਮੈਲੁ ਖੋਈ ਕੋਟਿ ਅਘ ਹਰੇ, ਨਿਰਮਲ ਭਏ ਚੀਤਾ॥੧॥ ਰਹਾਉ॥’’ ਭਾਵ ਹੇ ਮੇਰੇ ਮਿਤਰ ! ਗੁਰੂ ਦੀ ਸੰਗਤ ਦੀ ਵਡਿਆਈ ਧਿਆਨ ਨਾਲ ਸੁਣ। ਜਿਹੜਾ ਵੀ ਮਨੁੱਖ ਨਿਤ ਗੁਰੂ ਦੀ ਸੰਗਤ ਵਿੱਚ ਬੈਠਦਾ ਹੈ। ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ। ਉਸ ਦੇ ਅੰਦਰੋਂ ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ। ਉਸ ਦੇ ਕ੍ਰੋੜਾਂ ਪਾਪ ਨਾਸ਼ ਹੋ ਜਾਂਦੇ ਹਨ। ਗੁਰਬਾਣੀ ਵਿਚ ਸਤਿਗੁਰੂ ਜੀ ਨੂੰ ਅਨੇਕਾਂ ਵਿਸ਼ੇਸ਼ਣਾਂ ਨਾਲ ਯਾਦ ਕੀਤਾ ਜਾਂਦਾ ਹੈ। ਜਿਵੇਂ ਕਿ ਦਰਿਆ, ਸਰੋਵਰ, ਤੀਰਥ, ਪਾਰਸ, ਚੰਦਨ, ਆਦਿ। ਦਰਿਆ, ਸਰੋਵਰ ਅਤੇ ਤੀਰਥ ਇਹਨਾ ਦਾ ਸਬੰਧ ਪਾਣੀ ਨਾਲ ਹੈ। ਜਿਹੜਾ ਵੀ ਇਨਸਾਨ ( ਭਾਵੇਂ ਉਸ ਦਾ ਸਬੰਧ ਕਿਸੇ ਅਖੌਤੀ ਜਾਤਿ  ਜਾਂ ਧਰਮ ਨਾਲ ਹੋਵੇ) ਇਹਨਾ ਵਿੱਚ ਇਸ਼ਨਾਨ ਕਰੇਗਾ ਉਸ ਦੇ ਤਨ ਦੀ ਮੈਲ ਦੂਰ ਹੋ ਜਾਵੇਗੀ ਅਤੇ ਸਰੀਰ ਨੂੰ ਠੰਢਕ ਵੀ ਮਹਿਸ਼ੂਸ ਹੋਵੇਗੀ। ਦਰਿਆ ਜਾਂ ਸਰੋਵਰ ਕਦੇ ਵੀ ਇਹ ਨਹੀਂ ਪੁੱਛਣਗੇ ਕਿ ਤੇਰੀ ਜਾਤ ਕੀ ਹੈ ? ਜਾਂ ਤੇਰਾ ਧਰਮ ਕੀ ਹੈ ? ਠੀਕ ਇਸੇ ਤਰ੍ਹਾਂ ਪੂਰਾ ਸਤਿਗੁਰੂ ਦਰਿਆ ਸਰੂਪ ਹੈ, ਜੋ ਵੀ ਮਨ ਕਰ ਕੇ ਸਤਿਗੁਰੂ ਦੇ ਉਪਦੇਸ਼ ਰੂਪੀ ਬਾਣੀ ਵਿੱਚ ਚੁੱਭੀਆਂ ਮਾਰੇਗਾ/ਤਾਰੀਆਂ ਲਾਏਗਾ। ਉਸ ਦੇ ਮਨ ਦੀ ਮੈਲ ਕਿਵੇਂ ਦੂਰ ਨਹੀਂ ਹੋਵੇਗੀ ? ਲੋੜ ਤਾਂ ਬੱਸ ਇਹ ਹੈ ਕਿ ਸੱਚੇ ਦਿਲੋਂ ਗੁਰੂ ਦੀ ਸੰਗਤ ਕੀਤੀ ਜਾਏ। ਭਟ ਕਲ੍ਸਹਾਰ ਜੀ ਗੁਰੂ ਅੰਗਦ ਸਾਹਿਬ ਜੀ ਦੀ ਉਪਮਾ ਕਰਦੇ ਹੋਏ ਫ਼ੁਰਮਾ ਰਹੇ ਹਨ ਕਿ ‘‘ਗੁਰੁ ਨਵ ਨਿਧਿ ਦਰੀਆਉ, ਜਨਮ ਹਮ ਕਾਲਖ ਧੋਵੈ॥’’ ੧੩੯੨॥ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਵੀ ਕਥਨ ਹੈ:-‘ਮਾਨ ਸਰੋਵਰੁ ਸਤਿਗੁਰੂ, ਕਾਗਹੁ ਹੰਸ, ਜਲਹੁ ਦੁਧੁ ਪੀਣਾ। ਗੁਰ ਤੀਰਥੁ ਦਰੀਆਉ ਹੈ, ਪਸ਼ੂ ਪਰੇਤ ਕਰੈ ਪਰਬੀਣਾ।’ ਵਾਰ ੨੬/ਪ ੨੦॥ ਭਾਈ ਸਾਹਿਬ ਭਾਈ ਨੰਦ ਲਾਲ ਜੀ ਵੀ ਜਿੰਦਗੀ ਨਾਮਹ ਵਿੱਚ ਸਤਿਗੁਰੂ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਇਹਨਾ ਬਚਨਾ ਰਾਹੀਂ ਕਰ ਰਹੇ ਹਨ:-ਮੁਰਸ਼ਿਦੇ ਕਾਮਿਲ ਇਲਾਜੇ ਦਿਲ ਕੁਨਦ। ਕਾਮਿ ਦਿਲ ਅੰਦਰ, ਦਿਲਤ ਹਾਮਿਲ ਕੁਨਦ।’ ਭਾਵ ਕਿ ਪੂਰੇ ਸਤਿਗੁਰੂ ਮਨ ਦੇ ਵਿਕਾਰਾਂ ਦਾ ਇਲਾਜ ਕਰਦੇ ਹਨ। ਜੋ ਤੇਰੇ ਮਨ ਵਿੱਚ ਮੁਰਾਦ ਹੈ ਉਹ ਸਤਿਗੁਰੂ ਪੂਰੀ ਕਰਨਗੇ। ਜੇਕਰ ਸਰੀਰ ਕਰਕੇ ਕੋਈ ਸਤਿਗੁਰੂ ਦੇ ਨੇੜੇ ਹੈ ਪਰ ਸਤਿਗੁਰੂ ਦਾ ਹੁਕਮ ਮੰਨਣ ਤੋਂ ਇਨਕਾਰੀ ਹੈ। ਤਾਂ ਇਸ ਤਰ੍ਹਾਂ ਮਨ ਦੀ ਮੈਲ ਜਾਂ ਹੋਰ ਪਾਪ ਦੂਰ ਨਹੀਂ ਹੋ ਸਕਦੇ। ਜਿਵੇਂ ਕਿ ਗੁਰ ਇਤਿਹਾਸ ਵਿੱਚੋਂ ਪੜ੍ਹਨ, ਸੁਣਨ ਨੂੰ ਮਿਲਦਾ ਹੈ। ਬਾਬਾ ਰਾਮਰਾਏ ਜੀ ਗੁਰੂ ਹਰਿ ਰਾਏ ਜੀ ਦੇ ਵੱਡੇ ਸਪੁੱਤਰ ਸਨ। ਔਰੰਗਜ਼ੇਬ ਦੇ ਸੱਦੇ ’ਤੇ ਸਤਿਗੁਰੂ ਬਾਬਾ ਰਾਮਰਾਏ ਜੀ ਨੂੰ ਦਿੱਲੀ ਭੇਜਦੇ ਹਨ ਅਤੇ ਨਾਲ ਤਾਕੀਦ ਵੀ ਕਰਦੇ ਹਨ ਕਿ ਗੁਰੂ ਨੂੰ ਅੰਗ ਸੰਗ ਜਾਣਦਿਆਂ ਹੋਇਆਂ ਸੁਚੇਤ ਰਹਿਣਾ। ਪਰ ਰਾਮਰਾਏ ਜੀ ਔਰੰਗਜ਼ੇਬ ਦੀਆਂ ਗੱਲਾਂ ਵਿੱਚ ਆ ਗਏ। ਅਤੇ ਉਹਨਾ ਨੇ ਗੁਰਬਾਣੀ ਦੀ ਇੱਕ ਤੁਕ ਵੀ ਬਦਲ ਦਿੱਤੀ। ਸਤਿਗੁਰੂ ਜੀ ਨੂੰ ਜਦੋਂ ਪਤਾ ਲੱਗਾ ਤਾਂ ਉਹਨਾ ਰਾਮਰਾਏ ਨੂੰ ਮੂੰਹ ਲਾਉਣ ਤੋਂ ਇਨਕਾਰ ਕਰ ਦਿੱਤਾ। ਜਦੋਂ ਸਤਿਗੁਰੂ ਹਰਿਰਾਏ ਜੀ ਜੋਤਿ ਜੋਤ ਸਮਾਉਣ ਲੱਗੇ ਤਾਂ ਉਹਨਾ ਗੁਰਤਾ ਗੱਦੀ ਦੀ ਜਿੰਮੇਵਾਰੀ ਆਪਣੇ ਛੋਟੇ ਸਪੁੱਤਰ ਬਾਬਾ ਹਰਿ ਕ੍ਰਿਸ਼ਨ ਜੀ ਨੂੰ ਸਉਂਪ ਦਿੱਤੀ। ਜਿਹਨਾ ਦੀ ਉਮਰ ਉਸ ਸਮੇ ਕੇਵਲ ਸਾਡੇ ਪੰਜ ਸਾਲ ਦੀ ਸੀ। ਉਮਰ ਕਰਕੇ ਜਾਂ ਸਰੀਰ ਕਰਕੇ ਤਾਂ ਬਾਬਾ ਰਾਮਰਾਏ ਹੀ ਵੱਡੇ ਸਨ। ਪਰ ਗੁਰਮਤਿ ਅਨੁਸਾਰ ਵਡੱਪਣ ਦੇ ਹੱਕਦਾਰ ਗੁਰੂ ਹਰਿ ਕ੍ਰਿਸ਼ਨ ਜੀ ਹੀ ਬਣੇ। ਕਿਉਂਕਿ ਮਨ ਕਰਕੇ ਇਹ ਸਦੀਵ ਆਪਣੇ ਗੁਰਦੇਵ ਪਿਤਾ ਜੀ ਦੀ ਸੰਗਤ ਦਾ ਅਨੰਦ ਮਾਣਦੇ ਰਹਿੰਦੇ ਸਨ। ਬਾਅਦ ਵਿੱਚ ਜਿਸ ਜਿਸ ਨੇ  ਵੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੀ ਸੰਗਤ ਕੀਤੀ ਉਸ ਦਾ ਪਾਰ ਉਤਾਰਾ ਹੋਇਆ। ਭਾਈ ਸੰਤੋਖ ਸਿੰਘ ਜੀ ਵੀ ਨਾਨਕ ਪ੍ਰਕਾਸ਼ ਗ੍ਰੰਥ ਅੰਦਰ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਸਬੰਧ ਵਿੱਚ ਇਸ ਤਰ੍ਹਾਂ ਬਿਆਨ ਕਰਦੇ ਹਨ:-‘ਸੁੰਦਰ  ਬਦਨ, ਨਿਕਦਨ ਦੁਖ, ਸਦਨ  ਸੁਖਨਿ, ਗੁਨ ਭੂਰ। ਸ਼੍ਰੀ ਸਤਿਗੁਰ ਹਰਿ ਕ੍ਰਿਸ਼ਨ ਜੀ, ਜੈ ਜੈ ਮੰਗਲ ਮੂਰ।’ ਭਾਵ ਜਿਸ ਦਾ ਮੁੱਖ ਸੋਹਣਾ ਹੈ, ਦੁੱਖਾਂ ਨੂੰ ਕੱਟਣ ਵਾਲਾ ਹੈ, ਸੁੱਖਾਂ ਦਾ ਘਰ ਹੈ, ਜਿਹਨਾ ਵਿੱਚ ਗੁਣ ਬਹੁਤਾਤ ਵਿੱਚ ਹਨ, ਖ਼ੁਸ਼ੀਆਂ ਦੇ ਮੂਲ ਹਨ,  ਐਸੇ ਸਤਿਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੀ ਜੈ ਜੈਕਾਰ ਹੋਵੇ। ਐਸੇ ਸਤਿਗੁਰੂ ਜੀ ਦੀ ਸੰਗਤ ਵੀ ਅਪਰੰਪਰ ਹੈ। ਵੀਚਾਰ ਅਧੀਨ ਸ਼ਬਦ ਦੇ ਪਹਿਲੇ ਪਦੇ ਵਿੱਚ ਸਤਿਗੁਰੂ ਜੀ ਫ਼ਰਮਾ ਰਹੇ ਹਨ:-‘‘ਪਿੰਗੁਲ ਪਰਬਤ ਪਾਰਿ ਪਰੇ, ਖਲ ਚਤੁਰ ਬਕੀਤਾ ॥ ਅੰਧੁਲੇ ਤ੍ਰਿਭਵਣ ਸੂਝਿਆ, ਗੁਰ ਭੇਟਿ ਪੁਨੀਤਾ॥੧॥’’ ਭਾਵ ਹੇ ਮਿਤਰ ! ਗੁਰੂ ਦਾ ਸੰਗ ਕਰਕੇ ਲੂਲ੍ਹੇ ਮਨੁੱਖ ਪਹਾੜਾਂ ਤੋਂ ਪਾਰ ਲੰਘ ਜਾਂਦੇ ਹਨ। ਮਹਾਂ ਮੂਰਖ ਮਨੁੱਖ ਸਿਆਣੇ ਬਕਤਾ ਬਣ ਜਾਂਦੇ ਹਨ। ਅੰਨੇ ਮਨੁੱਖ ਨੂੰ ਤਿੰਨਾ ਭਵਨਾ ਦੀ ਸੋਝੀ ਪੈ ਜਾਂਦੀ ਹੈ।  ਸਹਸਕ੍ਰਿਤੀ ਸਲੋਕ ਨੰ.55 ਰਾਹੀਂ ਵੀ ਗੁਰੂ ਅਰਜੁਨ ਸਾਹਿਬ ਜੀ ਇਸ ਤਰ੍ਹਾਂ ਸਮਝਾ ਰਹੇ ਹਨ:-‘‘ਮਸਕੰ ਭਗਨੰਤ ਸੈਲੰ, ਕਰਦਮੰ ਤਰੰਤ ਪਪੀਲਕਹ॥ ਸਾਗਰੰ ਲੰਘੰਤਿ ਪਿੰਗੰ, ਤਮ ਪਰਗਾਸ ਅੰਧਕਹ॥ ਸਾਧ ਸੰਗੇਣਿ ਸਿਮਰੰਤਿ ਗੋਬਿੰਦ, ਸਰਣਿ ਨਾਨਕ ! ਹਰਿ ਹਰਿ ਹਰੇ॥’’ ੧੩੫੯॥ ਭਾਵ ਹੇ ਨਾਨਕ ! ਜੋ ਮਨੁੱਖ, ਗੁਰੂ ਸੰਗਤ ਦੀ ਰਾਹੀਂ ਪ੍ਰਮਾਤਮਾ ਦੀ ਓਟ ਲੈ ਕੇ ਉਸ ਦਾ ਸਿਮਰਨ ਕਰਦਾ ਹੈ। ਉਹ ਪਹਿਲਾਂ ਮੱਛਰ ਵਾਂਗ ਨਿਤਾਣਾ ਹੁੰਦਿਆਂ ਵੀ ਹੁਣ ਅਹੰਕਾਰ ਰੂਪੀ ਪਹਾੜ ਨੂੰ ਤੋੜ ਲੈਂਦਾ ਹੈ, ਪਹਿਲਾਂ ਕੀੜੀ ਵਾਂਗ ਕਮਜ਼ੋਰ ਹੁੰਦਿਆਂ ਵੀ ਹੁਣ ਮੋਹ ਰੂਪੀ ਚਿਕੜ ਤੋਂ ਤਰ ਜਾਂਦਾ ਹੈ, ਪਹਿਲਾਂ ਲੂਲ੍ੇ ਵਾਂਗ ਨਿਆਸਰਾ ਹੁੰਦਿਆਂ ਵੀ ਹੁਣ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਉਸ ਅੰਨੇ ਦਾ ਅਗਿਆਨਤਾ ਰੂਪ ਹਨੇਰਾ ਚਾਨਣ ਬਣ ਜਾਂਦਾ ਹੈ। ਗੁਰੂ ਦੇ ਸੰਗ ਵਿੱਚ ਰਹਿ ਕੇ ਜੋ ਹੋਰ ਤਬਦੀਲੀ ਹੁੰਦੀ ਹੈ ਉਸ ਬਾਰੇ ਸਤਿਗੁਰੂ ਜੀ ਸ਼ਬਦ ਦੇ ਦੂਸਰੇ ਅਤੇ ਤੀਸਰੇ ਪਦੇ ਰਾਹੀਂ ਫ਼ੁਰਮਾਨ ਕਰਦੇ ਹੋਏ ਸਮਝਾ ਰਹੇ ਹਨ:-ਐਸੀ ਭਗਤਿ ਗੋਵਿੰਦ ਕੀ, ਕੀਟਿ ਹਸਤੀ ਜੀਤਾ॥ ਜੋ ਜੋ ਕੀਨੋ ਆਪਨੋ, ਤਿਸੁ ਅਭੈ ਦਾਨੁ ਦੀਤਾ ॥੨॥ ਸਿੰਘੁ, ਬਿਲਾਈ ਹੋਇ ਗਇਓ, ਤ੍ਰਿਣੁ ਮੇਰੁ ਦਿਖੀਤਾ॥ ਸ੍ਰਮੁ ਕਰਤੇ ਦਮ ਆਢ ਕਉ, ਤੇ ਗਨੀ ਧਨੀਤਾ॥੩॥ ਭਾਵ ਹੇ ਮਿੱਤਰ ! ਗੁਰੂ ਦੀ ਸੰਗਤ ਵਿੱਚ ਆ ਕੇ ਕੀਤੀ ਹੋਈ ਪ੍ਰਭੂ ਦੀ ਭਗਤੀ ਅਸਚਰਜ ਤਾਕਤ ਰੱਖਦੀ ਹੈ। ਇਸ ਦੀ ਬਰਕਤ ਨਾਲ ਨਿਮਰਤਾ ਰੂਪੀ ਕੀੜੀ ਨੇ ਅਹੰਕਾਰ ਰੂਪੀ ਹਸਤੀ ਨੂੰ ਜਿੱਤ ਲਿਆ ਹੈ। ਜਿਸ ਜਿਸ ਮਨੁੱਖ ਨੂੰ ਅਕਾਲ ਪੁਰਖ ਨੇ ਆਪਣਾ ਬਣਾ ਲਿਆ, ਉਸ ਨੂੰ ਪ੍ਰਭੂ ਨੇ ਨਿਰਭੈਤਾ ਦਾ ਦਾਨ ਬਖ਼ਸ਼ ਦਿੱਤਾ। ਅਹੰਕਾਰ ਰੂਪੀ ਸ਼ੇਰ ਨਿਮਰਤਾ ਰੂਪੀ ਬਿੱਲੀ ਬਣ ਗਿਆ। ਗ਼ਰੀਬੀ ਸੁਭਾਵ ਰੂਪੀ ਤੀਲਾ ਵੱਡੀ ਤਾਕਤ (ਸੁਮੇਰ ਪਰਬਤ) ਦਿੱਸਣ ਲੱਗ ਪੈਂਦਾ ਹੈ।  ਜਿਹੜੇ ਅੱਧੀ ਅੱਧੀ ਕੌਡੀ ਵਾਸਤੇ ਧੱਕੇ ਖਾਂਦੇ ਫਿਰਦੇ ਸਨ। ਉਹ ਧਨਾਢ ਬਣ ਜਾਂਦੇ ਹਨ ਭਾਵ ਮਾਇਆ ਵਲੋਂ ਬੇ-ਮੁਥਾਜ ਹੋ ਜਾਂਦੇ ਹਨ। ਆਸਾ ਰਾਗ ਵਿਚਲੇ ਸ਼ਬਦ ਦੀਆਂ ਉਚਾਰਨ ਕੀਤੀਆਂ ਹੋਈਆਂ ਗੁਰੂ ਅਰਜੁਨ ਸਾਹਿਬ ਜੀ ਦੀਆਂ ਇਹ ਪੰਕਤੀਆਂ ਵੀ ਜੀਵਨ ਤਬਦੀਲੀ ਸਬੰਧੀ ਇਸ ਤਰ੍ਹਾਂ ਕਹਿ ਰਹੀਆਂ ਹਨ:-‘‘ਘਰ ਕੀ ਬਿਲਾਈ ਅਵਰ ਸਿਖਾਈ, ਮੂਸਾ ਦੇਖਿ ਡਰਾਈ ਰੇ॥ ਅਜ ਕੈ ਵਸਿ ਗੁਰਿ ਕੀਨੋ ਕੇਹਰਿ, ਕੂਕਰ ਤਿਨਹਿ ਲਗਾਈ ਰੇ॥’’ ਮ:੫/੩੮੧॥ ਭਾਵ ਹੇ ਭਾਈ ! ਜਿਸ ਮਨੁੱਖ ਨੂੰ ਗੁਰੂ ਜੀ ਨੇ ਨਾਮ ਅੰਮ੍ਰਿਤ ਪਿਲਾ ਦਿੱਤਾ ਉਸ ਦੀ ਸੰਤੋਖਹੀਣ ਬਿਰਤੀ ਰੂਪ ਬਿੱਲੀ ਹੁਣ ਹੋਰ ਕਿਸਮ ਦੀ ਸਿਖਿਆ ਲੈਂਦੀ ਹੈ।  ਉਹ ਪਦਾਰਥ ਰੂਪੀ ਚੂਹਾ ਵੇਖ ਡਰ ਜਾਂਦੀ ਹੈ। ਗੁਰੂ ਨੇ ਉਸ ਦੇ ਅਹੰਕਾਰ ਰੂਪ ਸ਼ੇਰ ਨੂੰ ਨਿਮਰਤਾ ਰੂਪੀ ਬਕਰੀ ਦੇ ਵੱਸ ਕਰ ਦਿੱਤਾ ਹੈ। ਉਸ ਦੇ ਤਮੋਗੁਣੀ ਇਦ੍ਰੇ ਰੂਪੀ ਕੁਤਿਆਂ ਨੂੰ ਸਤੋਗੁਣੀ (ਘਾਹ ਖਾਣ ਵਾਲੇ) ਪਾਸੇ ਲਾ ਦਿੱਤਾ ਹੈ। ਵੀਚਾਰ ਅਧੀਨ ਸ਼ਬਦ ਦੇ ਅਖੀਰਲੇ ਪਦੇ ਵਿੱਚ ਸਤਿਗੁਰੂ ਜੀ ਫ਼ੁਰਮਾ ਰਹੇ ਹਨ:-‘‘ਕਵਨ ਵਡਾਈ ਕਹਿ ਸਕਉ, ਬੇਅੰਤ ਗੁਨੀਤਾ॥ ਕਰਿ ਕਿਰਪਾ ਮੋਹਿ ਨਾਮੁ ਦੇਹੁ, ਨਾਨਕ ! ਦਰ ਸਰੀਤਾ॥’’ ਭਾਵ ਹੇ ਮਿੱਤਰ ! ਗੁਰੂ ਦੀ ਸੰਗਤ ਵਿੱਚੋਂ ਮਿਲਦੇ ਹਰਿ ਨਾਮ ਦੀ ਮੈ ਕਿਹੜੀ ਕਿਹੜੀ ਵਡਿਆਈ ਦੱਸਾਂ ? ਪ੍ਰਭੂ ਦਾ ਨਾਮ ਬੇਅੰਤ ਗੁਣਾ ਦਾ ਮਾਲਕ ਹੈ। ਹੇ ਨਾਨਕ ! ਅਰਦਾਸ ਕਰ ਅਤੇ ਆਖ ਕਿ ਹੇ ਪ੍ਰਭੂ ਜੀ ! ਮੈ ਤੁਹਾਡੇ ਦਰ ਦਾ ਗੁਲਾਮ ਹਾਂ। ਮਿਹਰ ਕਰੋ, ਮੈਨੂੰ ਆਪਣਾ ਨਾਮ ਬਖ਼ਸ਼ੋ।

ਸਚੁ ਕਹੈ ਨਾਨਕੁ, ਚੇਤਿ ਰੇ ਮਨ ! ਜੀਅੜਿਆ ਪਰਦੇਸੀਆ॥

0

ਸਚੁ ਕਹੈ ਨਾਨਕੁ, ਚੇਤਿ ਰੇ ਮਨ ! ਜੀਅੜਿਆ ਪਰਦੇਸੀਆ॥

ਪ੍ਰਿੰ. ਹਰਭਜਨ ਸਿੰਘ- 94170-20961

ੴ ਸਤਿਗੁਰ ਪ੍ਰਸਾਦਿ॥ ਆਸਾ ਮਹਲਾ ੧ ਛੰਤ ਘਰੁ ੩॥

ਮੇਰੇ ਜੀਅੜਿਆ ਪਰਦੇਸੀਆ! ਕਿਤੁ ਪਵਹਿ ਜੰਜਾਲੇ ਰਾਮ॥ ਸਾਚਾ ਸਾਹਿਬੁ ਮਨਿ ਵਸੈ, ਕੀ ਫਾਸਹਿ ਜਮ ਜਾਲੇ ਰਾਮ॥ ਮਛੁਲੀ ਵਿਛੁੰਨੀ ਨੈਣ ਰੁੰਨੀ, ਜਾਲੁ ਬਧਿਕਿ ਪਾਇਆ॥ ਸੰਸਾਰੁ ਮਾਇਆ ਮੋਹੁ ਮੀਠਾ, ਅੰਤਿ ਭਰਮੁ ਚੁਕਾਇਆ॥ ਭਗਤਿ ਕਰਿ ਚਿਤੁ ਲਾਇ ਹਰਿ ਸਿਉ, ਛੋਡਿ ਮਨਹੁ ਅੰਦੇਸਿਆ॥ ਸਚੁ ਕਹੈ ਨਾਨਕੁ, ਚੇਤਿ ਰੇ ਮਨ! ਜੀਅੜਿਆ ਪਰਦੇਸੀਆ॥ ੩॥ ਆਸਾ (ਮ: ੧/੪੩੯)

ਵੀਚਾਰ ਅਧੀਨ ਇਹ ਪਾਵਨ ਬਚਨ ਆਸਾ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਛੰਦ ਦੇ ਤੀਸਰੇ ਪਦੇ ਦੇ ਹਨ। ਇਹਨਾ ਅਨਮੋਲ ਬਚਨਾਂ ਰਾਹੀਂ ਸਤਿਗੁਰੂ ਜੀ ਮਨ ਨੂੰ ਮਾਇਆ ਦੇ ਜੰਜਾਲ ਵਿੱਚੋਂ ਨਿਕਲ ਕੇ ਗੁਰੂ ਭਗਤੀ ਕਰਨ ਦਾ ਉਪਦੇਸ਼ ਦ੍ਰਿੜ੍ਹ ਕਰਵਾ ਰਹੇ ਹਨ।‘ਜੀਅੜਾ’ ਸ਼ਬਦ ਦੇ ਅਰਥ ਭਾਈ ਕਾਹਨ ਸਿੰਘ ਜੀ ਨਾਭਾ ਨੇ ਪੰਨਾ 746 ’ਤੇ ਵਿਦੇਸ, ਪਰਲੋਕ ਨਿਵਾਸੀ, ਉਪਰਾਮ ਅਤੇ ਉਦਾਸੀਨ ਕੀਤੇ ਹਨ। ਏਥੇ (ਜੀਅੜਿਆ ਪਰਦੇਸੀਆ) ਦੇ ਅਰਥ ਪ੍ਰਕਰਣ ਅਨੁਸਾਰ ਉਦਾਸੀ ਮਨ ਕਰਨੇ ਹੀ ਫੱਬਦੇ ਹਨ। ਉਦਾਸ ਮਨ ਦਾ ਅਰਥ ਹੈ, ਪ੍ਰਭੂ ਚਰਨਾਂ ਤੋਂ ਵਿਛੜਿਆ ਹੋਇਆ। ਜਿਵੇਂ ਕਿ ਸੂਹੀ ਰਾਗ ਵਿੱਚ ਵੀ ਗੁਰੂ ਨਾਨਕ ਦੇਵ ਜੀ ਫ਼ੁਰਮਾਣ ਕਰ ਰਹੇ ਹਨ:-‘‘ਮਨੁ ਪਰਦੇਸੀ ਜੇ ਥੀਐ, ਸਭੁ ਦੇਸੁ ਪਰਾਇਆ॥’’ (ਮ:੧/੭੬੭) ਭਾਵ ਜੇ ਮਨੁੱਖ ਦਾ ਮਨ ਪ੍ਰਭੂ ਚਰਨਾਂ ਤੋਂ ਵਿਛੜਿਆ ਰਹੇ ਤਾਂ ਉਸ ਨੂੰ ਸਾਰਾ ਸੰਸਾਰ ਹੀ ਬਿਗਾਨਾ ਜਾਪਣ ਲੱਗ ਜਾਂਦਾ ਹੈ। ਉਸ ਦੇ ਅੰਦਰ ਵਿਤਕਰਾ ਬਣਿਆ ਰਹਿੰਦਾ ਹੈ। ਪ੍ਰਭੂ ਚਰਨਾਂ ਤੋਂ ਵਿਛੜ ਕੇ ਸਾਰਾ ਸੰਸਾਰ ਹੀ ਭਾਵ ਹਰੇਕ ਜੀਵ, ਦੁੱਖਾਂ ਨਾਲ ਭਰਿਆ ਰਹਿੰਦਾ ਹੈ।

ਗੁਰੂ ਅਰਜੁਨ ਸਾਹਿਬ ਜੀ ਵੀ ਇਸ ਤਰ੍ਹਾਂ ਫ਼ੁਰਮਾ ਰਹੇ ਹਨ:-‘‘ਮਨੁ ਪਰਦੇਸੀ ਆਇਆ, ਮਿਲਿਓ ਸਾਧ ਕੈ ਸੰਗਿ॥’’ (ਮ:੪/੪੩੧) ਭਾਵ ਜਿਹੜਾ ਮਨ ਪਰਦੇਸੀ ਅਨੇਕਾਂ ਜੂਨਾਂ ਵਿੱਚ ਭਟਕਣ ਪਿੱਛੋਂ ਮਨੁੱਖ ਜਨਮ ਧਾਰ ਕੇ ਆਇਆ ਹੈ, ਗੁਰੂ ਦੇ ਸੰਗ ਵਿੱਚ ਮਿਲ ਪਿਆ ਹੈ। (ਉਸ ਨੇ ਅਸਲ ਸੌਦਾ ਖ਼ਰੀਦ ਕੇ ਆਪਣਾ ਕੀਮਤੀ ਜਨਮ ਸਫਲ ਕਰ ਲਿਆ) ਏਥੇ ਵੀ ਮਾਯਾ ਦੇ ਜੰਜਾਲ ਕਾਰਨ ਪ੍ਰਭੂ ਚਰਨਾਂ ਤੋਂ ਵਿਛੜ ਚੁੱਕੇ ਮਨ ਨੂੰ ਸਤਿਗੁਰੂ ਜੀ ਮੱਛੀ ਦੀ ਉਦਾਹਰਨ ਦੇ ਕੇ ਸਮਝਾਉਂਦੇ ਹਨ ਕਿ ਮੱਛੀ ਦਾ ਆਪਣੇ ਪਿਆਰੇ ਸਾਥੀ (ਜਲ) ਨਾਲੋਂ ਵਿਛੜਣ ਦਾ ਕਾਰਨ ਲਾਲਚ (ਜਾਲ ਦੀ ਕੁੰਡੀ ਨਾਲ ਲੱਗਾ ਭੋਜਨ) ਹੀ ਸੀ। ਹੇ ਮਨ ! ਤੇਰਾ ਵੀ ਪ੍ਰਭੂ ਚਰਨਾਂ ਤੋਂ ਵਿਛੜਨ ਦਾ ਕਾਰਨ ਮਾਯਾ ਦਾ ਲੋਭ-ਲਾਲਚ ਹੀ ਹੈ। ਮੱਛੀ, ਮਿਰਗ, ਪਤੰਗਾ, ਹਾਥੀ ਅਤੇ ਭਵਰਾ, ਜਿਹਨਾ ਨੂੰ ਕੇਵਲ ਇੱਕ ਇੱਕ ਰੋਗ ਲੱਗਾ ਹੋਣ ਕਾਰਨ ਆਪਣੀ ਜਾਨ ਗਵਾਉਣੀ ਪੈਂਦੀ ਹੈ ਪਰ ਤੈਨੂੰ ਤਾਂ ਕੇਵਲ ਲਾਲਚ ਹੀ ਨਹੀਂ ਸਗੋਂ ਕਾਮ, ਕ੍ਰੋਧ, ਮੋਹ, ਅਹੰਕਾਰ ਆਦਿ ਹੋਰ ਕਿੰਨੇ ਸਾਥੀ ਚੰਬੜੇ ਪਏ ਹਨ। ਜਿਨ੍ਹਾਂ ਤੋਂ ਬਚਾਅ ਤਾਂ ਕੇਵਲ ਪ੍ਰਭੂ ਭਗਤੀ ਦੁਆਰਾ ਹੀ ਸੰਭਵ ਹੈ। ਭਗਤ ਰਵਿਦਾਸ ਜੀ ਦੇ ਸੁੰਦਰ ਬਚਨ ਹਨ:-‘‘ਮ੍ਰਿਗ, ਮੀਨ, ਭ੍ਰਿੰਗ, ਪਤੰਗ, ਕੁੰਚਰ, ਏਕ ਦੋਖ ਬਿਨਾਸ॥ ਪੰਚ ਦੋਖ ਅਸਾਧ ਜਾ ਮਹਿ, ਤਾ ਕੀ ਕੇਤਕ ਆਸ॥ (ਭਗਤ ਰਵਿਦਾਸ/੪੮੬) ਮਨੁੱਖੀ ਮਨ ਦਾ ਇਹ ਸੁਭਾਵ ਹੈ ਕਿ ਉਹ ਬੁਰਾਈਆਂ ਵੱਲ ਜਲਦੀ ਦੌੜਦਾ ਹੈ ਜਿਵੇਂ ਪਾਣੀ ਨਿਵਾਣ ਵੱਲ ਨੂੰ ਦੌੜਦਾ ਹੈ। ਪਰ ਜੇ ਪਾਣੀ ਨੂੰ ਕਿਸੇ ਉੱਚੀ ਥਾਂ ’ਤੇ ਪਹੁੰਚਾਉਣਾ ਹੋਵੇ ਤਾਂ ਪਿੱਛੇ ਦਬਾਅ ਦੇਣ ਦੀ ਲੋੜ ਹੁੰਦੀ ਹੈ। ਮਨ ਨੂੰ ਉੱਚਾ (ਪ੍ਰਭੂ ਚਰਨਾਂ ’ਚ ਇਕਮਿਕ) ਕਰਨ ਲਈ ਗੁਰੂ ਸ਼ਬਦ ਦਾ ਦਬਾਅ ਦੇਣ ਦੀ ਜ਼ਰੂਰਤ ਹੈ। ਗੁਰੂ ਫ਼ੁਰਮਾਨ ਹੈ:- ‘‘ਭੂਲਾ ਮਨੁ ਸਮਝੈ ਗੁਰ ਸਬਦੀ॥’’ (ਮ:੪/੫੬੧) ਕਵੀ ਚਾਂਦ ਭਾਟ ਜੀ ਵੀ ਕਹਿ ਰਹੇ ਹਨ: ‘ਮਨ ਲੋਚੈ ਬੁਰਿਆਇਆਂ, ਗੁਰ ਸ਼ਬਦੀ ਇਹ ਮਨ ਹੋੜੀਐ।’

ਗੁਰੂ ਅਰਜੁਨ ਸਾਹਿਬ ਜੀ ਆਪਣੇ ਇੱਕ ਸ਼ਬਦ ਵਿੱਚ ਮਨ ਨੂੰ ਸਮਝਾਉਂਦੇ ਹੋਏ ਫ਼ੁਰਮਾ ਰਹੇ ਹਨ:-‘‘ਰੇ ਮਨ ਮੂਸ! ਬਿਲਾ ਮਹਿ ਗਰਬਤ, ਕਰਤਬ ਕਰਤ ਮਹਾਂ ਮੁਘਨਾਂ॥ ਸੰਪਤ ਦੋਲ ਝੋਲ ਸੰਗਿ ਝੂਲਤ, ਮਾਇਆ ਮਗਨ ਭ੍ਰਮਤ ਘੁਘਨਾ॥ ਸੁਤ ਬਨਿਤਾ ਸਾਜਨ ਸੁਖ ਬੰਧਪ, ਤਾ ਸਿਉ ਮੋਹੁ ਬਢਿਓ ਸੁ ਘਨਾ॥ ਬੋਇਓ ਬੀਜੁ, ਅਹੰ ਮਮ ਅੰਕੁਰੁ, ਬੀਤਤ ਅਉਧ ਕਰਤ ਅਘਨਾਂ॥ ਮਿਰਤੁ ਮੰਜਾਰ, ਪਸਾਰਿ ਮੁਖੁ ਨਿਰਖਤ, ਭੁੰਚਤ ਭੁਗਤਿ ਭੂਖ ਭੁਖਨਾ॥ ਸਿਮਰਿ ਗੁਪਾਲ ਦਇਆਲ ਸਤਸੰਗਤਿ, ਨਾਨਕ! ਜਗੁ ਜਾਨਤ ਸੁਪਨਾ॥’’ (ਮ:੫/੧੩੮੭) ਭਾਵ ਹੇ ਮਨ! ਤੂੰ ਇਸ ਸਰੀਰ ਵਿੱਚ ਰਹਿ ਕੇ ਮਾਣ ਕਰਦਾ ਹੈਂ ਜਿਵੇਂ ਚੂਹਾ ਖੁੱਡ ਵਿੱਚ ਰਹਿ ਕੇ ਹੰਕਾਰ ਕਰਦਾ ਹੈ। ਤੂੰ ਮਾਯਾ ਦੇ ਪੰਘੂੜੇ ਵਿੱਚ ਹੁਲਾਰੇ ਲੈ ਕੇ ਝੂਟ ਰਿਹਾ ਹੈਂ ਅਤੇ ਮਾਯਾ ਵਿੱਚ ਮਸਤ ਹੋ ਕੇ ਉੱਲੂ ਵਾਂਗ ਭਟਕ ਰਿਹਾ ਹੈਂ। ਪੁੱਤ੍ਰ, ਇਸਤ੍ਰੀ, ਮਿਤ੍ਰ, ਸੰਸਾਰ ਦੇ ਸੁੱਖ ਅਤੇ ਸੰਬੰਧੀ ਇਹਨਾ ਨਾਲ ਤੇਰਾ ਬਹੁਤਾ ਮੋਹ ਵਧ ਰਿਹਾ ਹੈ। ਤੂੰ ਆਪਣੇ ਅੰਦਰ ਹਉਮੈ ਦਾ ਬੀਜ ਬੀਜਿਆ ਹੋਇਆ ਹੈ। ਜਿਸ ਤੋਂ ਮਮਤਾ ਦਾ ਅੰਕੁਰ ਉੱਗ ਰਿਹਾ ਹੈ। ਤੇਰੀ ਉਮਰ ਪਾਪ ਕਰਦਿਆਂ ਬੀਤ ਰਹੀ ਹੈ। ਮੌਤ ਰੂਪ ਬਿੱਲਾ ਮੂੰਹ ਖੋਲ ਕੇ ਤੈਨੂੰ ਤੱਕ ਰਿਹਾ ਹੈ ਪਰ ਤੂੰ ਭੋਗਾਂ ਨੂੰ ਭੋਗ ਰਿਹਾ ਹੈਂ। ਫਿਰ ਵੀ ਤਿ੍ਰਸ਼ਨਾ ਅਧੀਨ ਤੂੰ ਭੁੱਖਾ ਹੀ ਹੈਂ। ਸਤਿਗੁਰੂ ਜੀ ਫ਼ੁਰਮਾ ਰਹੇ ਹਨ ਕਿ ਹੇ ਮਨ! ਸੰਸਾਰ ਨੂੰ ਸੁਪਨਾ ਜਾਣ ਕੇ ਸਤਿਸੰਗਤ ਵਿੱਚ ਟਿਕ ਕੇ ਗੋਪਾਲ ਦਇਆਲ ਹਰੀ ਨੂੰ ਸਿਮਰ।

ਵੀਚਾਰ ਅਧੀਨ ਪਦੇ ਦੀਆਂ ਆਰੰਭ ਵਾਲੀਆਂ ਪੰਕਤੀਆਂ ਰਾਹੀਂ ਗੁਰੂ ਨਾਨਕ ਦੇਵ ਜੀ ਸਮਝਾ ਰਹੇ ਹਨ ਕਿ ‘‘ਮੇਰੇ ਜੀਅੜਿਆ ਪਰਦੇਸੀਆ ! ਕਿਤੁ ਪਵਹਿ ਜੰਜਾਲੇ ਰਾਮ॥ ਸਾਚਾ ਸਾਹਿਬੁ ਮਨਿ ਵਸੈ, ਕੀ ਫਾਸਹਿ ਜਮ ਜਾਲੇ ਰਾਮ॥’’ ਭਾਵ ਹੇ ਮੇਰੇ ਪਰਦੇਸੀ ਜੀਅੜੇ (ਉਦਾਸ ਮਨ)! ਤੂੰ ਕਿਉਂ ਮਾਯਾ ਮੋਹ ਦੇ ਜਾਲ ਵਿੱਚ ਫਸ ਰਿਹਾ ਹੈਂ ? ਜੇ ਸੱਚਾ ਮਾਲਕ ਤੇਰੇ ਮਨ ਵਿੱਚ ਵਸ ਰਿਹਾ ਹੋਵੇ ਤਾਂ ਤੂੰ ਕਿਉਂ ਮਾਯਾ ਦੇ ਮੋਹ ਕਾਰਨ ਜਮ ਦੀ ਫਾਹੀ ਵਿੱਚ ਫਸੇਂ ? ਗੁਰੂ ਅਮਰਦਾਸ ਜੀ ਵੀ ਆਸਾ ਰਾਗ ਵਿੱਚ ਇਸ ਮਨ ਸੰਬੰਧੀ ਇਸ ਤਰ੍ਹਾਂ ਫ਼ੁਰਮਾ ਰਹੇ ਹਨ:-‘‘ਮਨ ! ਤੂੰ ਜੋਤਿ ਸਰੂਪੁ ਹੈ, ਆਪਣਾ ਮੂਲੁ ਪਛਾਣੁ॥ ਮਨ! ਹਰਿ ਜੀ ਤੇਰੈ ਨਾਲਿ ਹੈ, ਗੁਰਮਤੀ ਰੰਗੁ ਮਾਣੁ॥’’ (ਮ:੩/੪੪੧) ਭਾਵ ਹੇ ਮੇਰੇ ਮਨ ! ਤੂੰ ਰੱਬੀ ਨੂਰ ਦਾ ਸਰੂਪ ਹੈਂ, ਆਪਣਾ ਅਸਲਾ ਪਹਿਚਾਣ। ਪ੍ਰਭੂ ਜੀ ਤੇਰੇ ਨਾਲ (ਅੰਗ ਸੰਗ) ਹਨ। ਤੂੰ ਗੁਰੂ ਜੀ ਦੀ ਮਤਿ ਦੁਆਰਾ ਉਸ ਜੋਤਿ ਦਾ ਆਨੰਦ ਮਾਣ। ਕੋਈ ਵੀ ਚੀਜ਼ ਆਪਣੇ ਧੁਰੇ ਨਾਲੋਂ ਟੁੱਟ ਕੇ ਸਹੀ ਸਲਾਮਤ ਨਹੀਂ ਰਹਿ ਸਕਦੀ ਹੈ। ਮਨ ਵੀ ਆਪਣੇ ਅਸਲੇ ਨਾਲੋਂ ਟੁੱਟ (ਵਿਛੜ) ਕੇ ਹੀ ਦੁੱਖੀ ਹੁੰਦਾ ਹੈ। ਜਿਵੇਂ ਗੁਰੂ ਵਾਕ ਹੈ:- ‘‘ਦੁਖੁ ਤਦੇ, ਜਾ ਵਿਸਰਿ ਜਾਵੈ॥’’ (ਮ:੫/੯੮)

ਇਸ ਵਿਛੋੜੇ ਦੇ ਦੁਖ ਦਾ ਵਰਨਣ ਸਤਿਗੁਰੂ ਜੀ ਪਦੇ ਦੀਆਂ ਅਗਲੀਆਂ ਪੰਕਤੀਆਂ ਵਿੱਚ ਇਸ ਪ੍ਰਕਾਰ ਕਰ ਰਹੇ ਹਨ ‘‘ਮਛੁਲੀ ਵਿਛੁੰਨੀ ਨੈਣ ਰੁੰਨੀ,ਜਾਲੁ ਬਧਿਕਿ ਪਾਇਆ॥ ਸੰਸਾਰੁ ਮਾਇਆ ਮੋਹੁ ਮੀਠਾ, ਅੰਤਿ ਭਰਮੁ ਚੁਕਾਇਆ॥’’ ਭਾਵ ਹੇ ਮੇਰੇ ਵਿਛੜੇ ਹੋਏ ਮਨ ! ਜਦੋਂ ਸ਼ਿਕਾਰੀ ਨੇ ਪਾਣੀ ਵਿੱਚ ਜਾਲ ਪਾਇਆ ਤਾਂ ਮੱਛੀ ਜੀਭ ਦੇ ਸੁਆਦ ਕਰਕੇ ਕੁੰਡੀ ਵਿੱਚ ਲੱਗੀ ਭਿੱਤੀ (ਚੋਗਾ) ਮਿੱਠੀ ਲੱਗਣ ਕਾਰਨ ਫਸ ਗਈ, ਪਾਣੀ ਤੋਂ ਵਿਛੁੜ ਗਈ ਅਤੇ ਅੱਖਾਂ ਭਰਕੇ ਰੋਈ। ਇਸ ਤਰ੍ਹਾਂ ਜੀਵ ਨੂੰ ਇਹ ਜਗਤ (ਮਾਯਾ ਦਾ ਮੋਹ) ਮਿੱਠਾ ਲੱਗਿਆ। ਅੰਤ ਵੇਲੇ ਇਹ ਸੋਝੀ ਆਈ ਕਿ ਸਾਰਾ ਮਾਇਆ ਦਾ ਮੋਹ ਨਿਰਾ ਭਰਮ ਭੁਲੇਖਾ ਸੀ। ਇਸੇ ਭਰਮ ਭੁਲੇਖੇ ਨੂੰ ਦੂਰ ਕਰਨ ਲਈ ਗੁਰੂ ਨਾਨਕ ਸਾਹਿਬ ਜੀ ਪਦੇ ਦੀਆਂ ਅਖੀਰਲੀਆਂ ਪੰਕਤੀਆਂ ਰਾਹੀਂ ਸਮਝਾ ਰਹੇ ਹਨ ‘‘ਭਗਤਿ ਕਰਿ ਚਿਤੁ ਲਾਇ ਹਰਿ ਸਿਉ, ਛੋਡਿ ਮਨਹੁ ਅੰਦੇਸਿਆ॥ ਸਚੁ ਕਹੈ ਨਾਨਕੁ, ਚੇਤਿ ਰੇ ਮਨ! ਜੀਅੜਿਆ ਪਰਦੇਸੀਆ॥’’ ਭਾਵ ਹੇ ਉਦਾਸ ਮਨ! ਤੂੰ ਪ੍ਰਭੂ ਨਾਲ ਆਪਣਾ ਚਿਤ ਜੋੜ੍ਹ ਕੇ ਪ੍ਰਭੂ ਜੀ ਦੀ ਪ੍ਰੇਮਾ ਭਗਤੀ ਕਰ ਅਤੇ ਆਪਣੇ ਵਿੱਚੋਂ ਸਾਰੇ ਅੰਦੇਸ਼ੇ ਫਿਕਰ ਛੱਡ ਦੇ। ਗੁਰੂ ਨਾਨਕ ਸਾਹਿਬ ਜੀ ਇਹ ਸੱਚ ਫ਼ੁਰਮਾਨ ਕਰ ਰਹੇ ਹਨ ਕਿ ਹੇ ਵਿਛੜੇ ਹੋਏ ਮਨ ! ਤੂੰ ਪ੍ਰਭੂ ਜੀ ਨੂੰ ਯਾਦ ਕਰ।

ਆਨੰਦ ਸਾਹਿਬ ਜੀ ਦੀ ਬਾਣੀ ਰਾਹੀਂ ਵੀ ਗੁਰੂ ਅਮਰਦਾਸ ਜੀ ਮਨ ਨੂੰ ਹੀ ਸੰਬੋਧਨ ਕਰਦੇ ਹੋਏ ਫ਼ੁਰਮਾ ਰਹੇ ਹਨ ਕਿ ‘‘ਏ ਮਨ ਮੇਰਿਆ ! ਤੂ ਸਦਾ ਰਹੁ,ਹਰਿ ਨਾਲੇ॥ ਹਰਿ ਨਾਲਿ ਰਹੁ, ਤੂ ਮੰਨ ਮੇਰੇ ! ਦੂਖ ਸਭਿ ਵਿਸਾਰਣਾ॥ ਅੰਗੀਕਾਰੁ, ਓਹੁ ਕਰੇ ਤੇਰਾ, ਕਾਰਜ ਸਭਿ ਸਵਾਰਣਾ॥ ਸਭਨਾ ਗਲਾ ਸਮਰਥੁ ਸੁਆਮੀ, ਸੋ ਕਿਉ ਮਨਹੁ ਵਿਸਾਰੇ॥ ਕਹੈ ਨਾਨਕੁ ਮੰਨ ਮੇਰੇ ! ਸਦਾ ਰਹੁ ਹਰਿ ਨਾਲੇ॥ (ਮ:੩/੯੧੭)

Most Viewed Posts