37.5 C
Jalandhar
Wednesday, April 15, 2026
spot_img
Home Blog Page 143

ਹਿੰਦੂਤਵੀ ਹਕੁਮਤ ਨੇ ਜੂਨ 84 ਦੇ ਘਲੂਘਾਰੇ ਨੂੰ ‘ਨੀਲਾ ਤਾਰਾ ਉਪਰੇਸ਼ਨ’(Blue Star) ਨਾਂ ਕਿਉਂ ਦਿੱਤਾ ?

0

ਹਿੰਦੂਤਵੀ ਹਕੁਮਤ ਨੇ ਜੂਨ 84 ਦੇ ਘਲੂਘਾਰੇ ਨੂੰ ‘ਨੀਲਾ ਤਾਰਾ ਉਪਰੇਸ਼ਨ’(Blue Star)  ਨਾਂ ਕਿਉਂ ਦਿੱਤਾ ?

ਜਗਤਾਰ ਸਿੰਘ ਜਾਚਕ (ਨਿਊਯਾਰਕ)

 ਇਤਿਹਾਸ ਗਵਾਹ ਹੈ ਕਿ ਮਰਦ-ਅਗੰਮੜੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਖ਼ਾਲਸੇ ਦੇ ਰੂਪ ਵਿੱਚ ਸਥਾਪਿਤ ਅਕਾਲੀ ਫ਼ੌਜ ਦੀ ਪਹਿਚਾਣ ਝੂਲਦਾ ਹੋਇਆ ਨੀਲਾ ਨਿਸ਼ਾਨ ਤੇ ਨੀਲੀ ਦਸਤਾਰ ਬਣੀ ਆ ਰਹੀ ਹੈ । ਦਸ਼ਮੇਸ਼ ਪਿਤਾ ਦੇ ਸਮਕਾਲੀ ਕਵੀ ਗੁਰਦਾਸ ਵੱਲੋਂ ਖ਼ਾਲਸੇ ਦੇ ਪ੍ਰਗਾਸ ਦਾ ਜ਼ਿਕਰ ਕਰਦਿਆਂ “ਯੌਂ ਉਪਜੇ ਸਿੰਘ ਭੁਜੰਗੀਏ ਨੀਲੰਬਰ ਧਾਰਾ ।” ਲਿਖਣਾ ਇਸ ਹਕੀਕਤ ਦਾ ਅਕੱਟ ਪ੍ਰਮਾਣ ਹੈ । ਨਿਹੰਗ ਸਿੰਘਾਂ ਦੇ ਨੀਲੇ ਬਾਣੇ ਤੇ ਨੀਲੇ ਨਿਸ਼ਾਨ ਉਪਰੋਕਤ ਸਚਾਈ ਦੇ ਜੀਊਂਦੇ ਜਾਗਦੇ ਪ੍ਰਤੱਖ ਪ੍ਰਮਾਣ ਹਨ ।

ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਤ ਡਾ. ਦਿਲਗੀਰ ਦੀ ਪੁਸਤਕ ‘ਅਨੰਦਪੁਰ ਸਾਹਿਬ’ ਵਿੱਚ ਇਹ ਵੀ ਜ਼ਿਕਰ ਹੈ ਕਿ ਪਹਾੜੀ ਰਾਜੇ ਅਜਮੇਰ ਚੰਦ ਵੱਲੋਂ ਸ੍ਰੀ ਅਨੰਦਪੁਰ ਸਾਹਿਬ ’ਤੇ ਕੀਤੇ ਇੱਕ ਹਮਲੇ ਦਾ ਟਾਕਰਾ ਕਰਦਿਆਂ ਖ਼ਾਲਸਾ ਫੌਜ਼ ਦੇ ਨਿਸ਼ਾਨਚੀ ਭਾਈ ਮਾਨ ਸਿੰਘ ਜ਼ਖਮੀ ਹੋ ਕੇ ਡਿੱਗ ਪਏ । ਉਨ੍ਹਾਂ ਦੇ ਹੱਥ ਵਿੱਚ ਫੜਿਆ ਹੋਇਆ ਭਾਲੇ ਵਾਲਾ ਨਿਸ਼ਾਨ ਸਾਹਿਬ ਵੀ ਟੁੱਟ ਕੇ ਡਿੱਗ ਪਿਆ । ਜਦੋਂ ਗੁਰੂ ਸਾਹਿਬ ਜੀ ਨੂੰ ਇਹ ਖ਼ਬਰ ਮਿਲੀ ਤਾਂ ਉਨ੍ਹਾਂ ਨੇ ਉਸੇ ਵੇਲੇ ਆਪਣੀ ਇੱਕ ਛੋਟੀ ਦਸਤਾਰ (ਕੇਸਕੀ) ਤੋਂ ਇੱਕ ਫ਼ੱਰਰਾ ਲਾਹਿਆ ਅਤੇ ਆਪਣੇ ਸੀਸ ਦੇ ਦੁਮਾਲੇ ’ਤੇ ਲਗਾ ਲਿਆ । ਉਨ੍ਹਾਂ ਐਲਾਨ ਕੀਤਾ ਕਿ ਅੱਗੇ ਤੋਂ ਖ਼ਾਲਸਾ ਦਾ ਨੀਲਾ ਨਿਸ਼ਾਨ ਸਾਹਿਬ ਕਦੇ ਵੀ ਨਹੀਂ ਟੁੱਟੇਗਾ । ਇਸ ਪੱਖੋਂ ਸਪਸ਼ਟ ਹੈ ਕਿ ਨੀਲੀ ਦਸਤਾਰ, ਚਲਦਾ ਫਿਰਦਾ ਕੌਮੀ ਨਿਸ਼ਾਨ ਹੈ ।

ਇਸ ਪੱਖੋਂ ਵੀ ਕੋਈ ਦੋ ਰਾਵਾਂ ਨਹੀਂ ਕਿ ਨੀਲੀ ਦਸਤਾਰ ਦੀ ਸ਼ਾਨਾਮਤੀ ਦਾਸਤਾਨ ਆਪਣੇ ਗੌਰਵਮਈ ਰੂਹਾਨੀ ਵਿਰਸੇ, ਧਾਰਮਿਕ ਦ੍ਰਿਸ਼ਟੀਕੋਨ ਤੋਂ ਮਾਨਵਤਾ ਦੇ ਮੁੱਢਲੇ ਅਧਿਕਾਰਾਂ ਦੀ ਰਾਖੀ, ਧਰਮ, ਦੇਸ਼ ਤੇ ਕੌਮੀ ਅਜ਼ਾਦੀ ਲਈ ਦਿੱਤੀਆਂ ਕੁਰਬਾਨੀਆਂ ਦੀ ਬਦੌਲਤ ਦੁਨੀਆਂ ਦੇ ਇਤਿਹਾਸਕ ਤਾਰਾ-ਮੰਡਲ (ਅਸਮਾਨ) ਵਿੱਚ ਨੀਲੀ ਭਾਹ ਮਾਰਦੇ ਧ੍ਰੂ-ਤਾਰੇ ਵਾਂਗ ਚਮਕਦੀ ਆ ਰਹੀ ਹੈ ।  ਚੰਦੂ, ਗੰਗੂ ਤੇ ਸ਼ੇਖ ਅਹਿਮਦ ਸਰਹਿੰਦੀ ਦੀ ਸੋਚ ਵਾਲੀਆਂ ਬਿਪਰਵਾਦੀ ਤੇ ਫਿਰਕਾਪ੍ਰਸਤ ਤਾਕਤਾਂ ਨੂੰ ਮੁੱਢ ਤੋਂ ਹੀ ਸਿੱਖ ਕੌਮ ਦੇ ਰੂਪ ਵਿੱਚ ਚਮਕਦਾ ਹੋਇਆ ਇਹ ਨੀਲਾ ਤਾਰਾ ਚੰਗਾ ਨਹੀਂ ਲੱਗਾ ਕਿਉਂਕਿ ਇਸ ਦੇ ਇਲਾਹੀ ਨੂਰ ਦੀ ਰੌਸ਼ਨੀ ਸਾਹਮਣੇ ਇਹ ਸਾਰੇ ਆਪਣੀ-ਆਪਣੀ ਵਿਚਾਰਧਾਰਕ ਮਲੀਨਤਾ ਕਾਰਨ ਫਿੱਕੇ ਪੈਂਦੇ ਆ ਰਹੇ ਹਨ । ਇਹੀ ਕਾਰਨ ਹੈ ਕਿ ਜਦੋਂ ਵੀ ਇਹ ਸ਼ਕਤੀਆਂ ਸੱਤਾਧਾਰੀ ਹੋਈਆਂ, ਤਦੋਂ ਹੀ ਉਨ੍ਹਾਂ ਨੇ ਇਸ ਨੀਲੇ-ਤਾਰੇ ਦਾ ਖੋਜ-ਖੁਰਾ ਮਿਟਾਉਣ ਲਈ ਘੱਲੂਘਾਰੇ ਵਰਤਾਏ । ਅਜੇ ਕੁਝ ਦਿਨ ਹੀ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਜਾਖੜ ਨੇ ਆਖਿਆ ਹੈ ਕਿ ਪਿਛਲੇ ਦਸ ਸਾਲਾਂ ਵਿੱਚ ਪੰਜਾਬ ਦੀ ਅਫਸਰ-ਸ਼ਾਹੀ ਨੀਲੇ ਰੰਗ ਵਿੱਚ ਰੰਗੀ ਗਈ ਹੈ, ਇਹ ਨੀਲਾ ਰੰਗ ਉਤਾਰਨਾ ਹੀ ਪਵੇਗਾ ।

ਹਰੇ ਰੰਗ ਨਾਲ ਪਹਿਚਾਣੀ ਜਾਣ ਵਾਲੀ ਸਰਹਿੰਦੀ ਸੋਚ ਨੇ ਤਾਂ ਹਮਲੇ ਵੇਲੇ ਸਿੱਖਾਂ ਦੀ ਪਹਿਚਾਣ ਲਈ ਗੁਪਤ ਕੋਡ ‘ਨੀਲਾ ਤਾਰਾ’ ਵਰਤਣ ਤੋਂ ਸੰਕੋਚ ਕੀਤਾ ਕਿਉਂਕਿ ਉਹ ਹਰੇ ਰੰਗ ਨੂੰ ਵੀ ਨੀਲਾ ਹੀ ਆਖਦੇ ਸਨ ।  ਭੁਲੇਖਾ ਲੱਗਣ ਦੀ ਸੰਭਾਵਨਾ ਸੀ । ਆਸਾ ਦੀ ਵਾਰ ਵਿੱਚਲੀ ਗੁਰਬਾਣੀ ਦੀ ਪਾਵਨ ਤੁਕ “ਨੀਲ ਬਸਤ੍ਰ ਲੇ ਕਪੜੇ ਪਹਿਰੇ, ਤੁਰਕ ਪਠਾਣੀ ਅਮਲੁ ਕੀਆ ॥” ਉਪਰੋਕਤ ਹਕੀਕਤ ਦਾ ਅਕੱਟ ਪ੍ਰਮਾਣ ਹੈ, ਪਰ ਭਗਵੀਂ ਪਹਿਚਾਣ ਵਾਲੀ ਸੋਚ ਦੇ ਹਮਲਾਵਰ ਸਿਪਾਹੀਆਂ ਲਈ ਤਾਂ ‘ਨੀਲਾ ਤਾਰਾ’ ਸਿੱਖ ਪਹਿਚਾਣ ਲਈ ਸਪਸ਼ਟ ਸੰਕੇਤ ਸੀ । ਅਸਲ ਵਿੱਚ ਇਹੀ ਕਾਰਨ ਹੈ ਕਿ ਹਿੰਦੋਸਤਾਨੀ ਹਾਕਮਾਂ ਵੱਲੋਂ ਜੂਨ 1984 ਵਿੱਚ ਜਦੋਂ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ’ਤੇ ਤੋਪਾਂ ਤੇ ਟੈਂਕਾਂ ਨਾਲ ਹਮਲਾ ਕੀਤਾ ਗਿਆ ਤਾਂ ਉਸ ਨੂੰ ‘ਨੀਲਾ ਤਾਰਾ’ (ਉਪਰੇਸ਼ਨ ਬਲਿਊ ਸਟਾਰ ) ਨਾਂ ਦਿੱਤਾ । ਭਾਵੇਂ ਕਿ ਉਹ ਆਪਣੀ ਕੁਟਿਲ ਨੀਤੀ ਤਹਿਤ ਉਦੋਂ ਤੱਕ ਗੁਰਦੁਆਰਿਆਂ ’ਤੇ ਝੂਲਦੇ ਨੀਲੇ ਨਿਸ਼ਾਨ ਦਾ ਕੇਸਰੀ ਰੰਗ ਦੇ ਰੂਪ ਵਿੱਚ ਭਗਵਾਂਕਰਨ ਕਰ ਵੀ ਚੁੱਕੇ ਸਨ ।  ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਸਿੱਖੀ ਵਿੱਚ ਪੀਲੇ, ਕੇਸਰੀ ਤੇ ਭਗਵੇਂ ਰੰਗ ਦੀ ਘੁਸਪੈਠ ਉਦਾਸੀਆਂ ਰਾਹੀਂ ਹੋਈ ਹੈ ਅਤੇ ਨਿਸ਼ਾਨ ਸਾਹਿਬ ਦਾ ਭਗਵਾਕਰਨ ਡੋਗਰੇ ਗਦਾਰ ਤੇਜ਼ਾ ਸਿੰਘ ਬ੍ਰਾਹਮਣ ਨੇ ਅੰਗਰੇਜ਼ਾਂ ਦੀ ਮਿਲੀ ਭੁਗਤ ਨਾਲ ਕੀਤਾ ।

ਇਸ ਲਈ ਬਿਪਰਵਾਦੀ ਸ਼ਕਤੀਆਂ ਨੇ ਹੁਣ ਜਦੋਂ ਦਿੱਲੀ ਦੇ ਤਖ਼ਤ ’ਤੇ ਵੀ ਭਗਵਾਂ ਨਿਸ਼ਾਨ ਝੂਲਾ ਦਿੱਤਾ ਹੈ ਅਤੇ ਉਹ ਸਮੁਚੇ ਭਾਰਤ ਨੂੰ ਹਿੰਦੂ ਰਾਸ਼ਟਰ ਸਥਾਪਤ ਕਰਨ ਲਈ ਉਤਾਵਲੇ ਦਿਸ ਰਹੇ ਹਨ ਤਾਂ 11 ਮਾਰਚ 1783 ਨੂੰ ਦਿੱਲੀ ਦੇ ਲਾਲ ਕਿਲੇ ’ਤੇ ਨੀਲਾ ਨਿਸ਼ਾਨ ਸਾਹਿਬ ਝਲਾਉਣ ਤੇ ਦਿੱਲੀ ਦੇ ਤਖ਼ਤ ਨੂੰ ਪੈਰਾਂ ਵਿੱਚ ਰੋਲਣ ਵਾਲੀ ਸਿੱਖ ਕੌਮ ਨੂੰ ਗੰਭੀਰਤਾ ਨਾਲ ਸਿਰ ਜੋੜ ਕੇ ਵਿਚਾਰਨ ਦੀ ਲੋੜ ਹੈ ਕਿ ਸਾਡੀ ਪਹਿਚਾਣ ਨੀਲੀ ਦਸਤਾਰ ਦੀ ਰੂਹਾਨੀ ਸ਼ਾਨ ਤੇ ਨੀਲੇ ਨਿਸ਼ਾਨ ਦੀ ਵਿਸ਼ਾਲਤਾ ਤੇ ਉੱਚਾਪਣ ਕਿਵੇਂ ਬਚੇ ?  ਤਾਂ ਜੋ ਦੁਨੀਆਂ ਦੇ ਮੰਚ ’ਤੇ ਅਸੀਂ ਸਹੀ ਅਰਥਾਂ ਵਿੱਚ ‘ਨੀਲੇ ਤਾਰੇ’ ਵਾਂਗ ਚਮਕਦੇ ਰਹਿ ਸਕੀਏ ।  ਸਾਨੂੰ ਭੁੱਲਣਾ ਨਹੀਂ ਚਾਹੀਦਾ ਸਿੱਖ ਰਹਿਤ ਮਰਯਾਦਾ ਵਿੱਚ ਖ਼ਾਲਸਈ ਨਿਸ਼ਾਨ ਦਾ ਰੰਗ ਸੁਰਮਈ (ਗਾੜ੍ਹਾ ਨੀਲਾ) ਲਿਖਿਆ ਹੈ, ਨਾ ਕਿ ਕੇਸਰੀ, ਜਿਸ ਨੂੰ ਸਹਿਜੇ ਸਹਿਜੇ ਭਗਵਾਂ ਬਣਾ ਦਿੱਤਾ ਗਿਆ ਹੈ ।

ਮਿਤੀ- 22 ਮਈ 2015 

ਅਨਪੜ੍ਹ ਸਾਧਾਂ ਪੜ੍ਹੇ ਫਸਾ ਲਏ

0

ਅਨਪੜ੍ਹ ਸਾਧਾਂ ਪੜ੍ਹੇ ਫਸਾ ਲਏ

ਹਰਜੀਤ ਸਿੰਘ ਸੱਲਾਂ, ਨਿਊਯੋਰਕ

ਝੂਠਿਆ ਸੰਤ ਸਮਾਜ ਬਣਾ ਲਏ, ਕਿਰਤ ਛੱਡ ਕੇ ਚੋਲੇ ਪਾ ਲਏ ।

ਭੋਲੇ ਲੋਕੀ ਲੁੱਟ ਕੇ ਖਾ ਲਏ, ਡੇਰੇ ਆਲੀਸ਼ਾਨ ਬਣਾ ਲਏ ।

ਭੋਰਿਆ ਵਿੱਚ ਨੇ ਏਸੀ ਲਾ ਲਏ,

ਅਨਪੜ੍ਹ ਸਾਧਾਂ ਪੜ੍ਹੇ ਫਸਾ ਲਏ , ਝੂਠਿਆਂ ਸੰਤ ਸਮਾਜ ਬਣਾ ਲਏ ।

ਨਾਲ ਸਰਕਾਰ ਯਰਾਨੇ ਪਾ ਲਏ, ਪੰਥ ਦੇ ਦੁਸ਼ਮਣ ਯਾਰ ਬਣਾ ਲਏ ।

ਭੇਡਾਂ ਕੋਲੋ ਵੋਟ ਪਵਾ ਲਏ, ਨਾਨਕ ਸ਼ਾਹੀ ਕਲੰਡਰ ਖਾ ਲਏ ।

ਅਨਪੜ੍ਹ ਸਾਧਾਂ ਪੜ੍ਹੇ ਫਸਾ ਲਏ,  ਝੂਠਿਆਂ ਸੰਤ ਸਮਾਜ ਬਣਾ ਲਏ ।

ਸਿੱਖ ਸਿਧਾਂਤ ਇਨਾਂ ਭੁਲਾ ਲਏ,  ਭੁੱਲ ਸ਼ਹੀਦ ਤੇ ਸਾਧ ਮਨਾ ਲਏ ।

ਗਿ੍ਹਸਤ ਛੱਡ ਕੇ ਯੋਗ ਕਮਾ ਲਏ,  ਨੰਨਸਾਂ (nuns) ਵਾਲੇ ਰੂਪ ਬਣਾ ਲਏ ।

ਅਨਪੜ੍ਹ ਸਾਧਾਂ ਪੜ੍ਹੇ ਫਸਾ ਲਏ, ਝੂਠਿਆਂ ਸੰਤ ਸਮਾਜ ਬਣਾ ਲਏ

ਨਿਸ਼ਾਨ ਗੁਰੂ ਦੇ ਇਨਾਂ ਗਵਾ ਲਏ, ਗੁਰਦੁਆਰਿਆ ਦੇ ਠਾਠ ਬਣਾ ਲਏ ।

ਚੁੱਲੇ ਆਪਣੇ ਇਨਾਂ ਬੁਝਾ ਲਏ, ਲੋਕਾਂ ਤੂੰ ਟੁਕੜ ਉਗਰਾਹ ਲਏ ।

ਅਨਪੜ੍ਹ ਸਾਧਾਂ ਪੜ੍ਹੇ ਫਸਾ ਲਏ, ਝੂਠਿਆਂ ਸੰਤ ਸਮਾਜ ਬਣਾ ਲਏ ।

ਇੰਦਰ ਦੁਰਗਾ ਦੇਵ ਧਿਆ ਲਏ, ਦੀਵੇ ਬਾਲ ਕੇ ਟੱਲ ਖੜਕਾ ਲਏ ।

ਆਰਤੀਆਂ ਦੇ ਕੰਮ ਚਲਾ ਲਏ, ਨਵੇ ਨਵੇ ਪਖੰਡ ਬਣਾ ਲਏ ।

ਅਨਪੜ੍ਹ ਸਾਧਾਂ ਪੜ੍ਹੇ ਫਸਾ ਲਏ, ਝੂਠਿਆਂ ਸੰਤ ਸਮਾਜ ਬਣਾ ਲਏ ।

ਅਖੰਡਪਾਠ ਇਨਾਂ ਸੇਲ ਤੇ ਲਾ ਲਏ, ਇਕੋਤਰੀਆ ਨਾਲ ਲੁੱਟ ਕੇ ਖਾ ਲਏ ।

ਤੁੱਕ ਤੁੱਕ ਵਾਲੇ ਪਾਠ ਚਲਾ ਲਏ, ਵੱਧ ਘੱਟ ਕਰ ਕੇ ਸੰਪਟ ਲਾ ਲਏ ।

ਅਨਪੜ੍ਹ ਸਾਧਾਂ ਪੜ੍ਹੇ ਫਸਾ ਲਏ,  ਝੂਠਿਆਂ ਸੰਤ ਸਮਾਜ ਬਣਾ ਲਏ ।

ਲੁੱਟਣ ਲਈ ਕਈ ਭੇਖ ਬਣਾ ਲਏ, ਨੀਲੇ ਚਿੱਟੇ ਚੋਲੇ ਪਾ ਲਏ ।

ਬ੍ਰਹਮਗਿਆਨੀ ਦੇ ਲਕਬ ਲਗਾ ਲਏ, ਵਰ ਸਰਾਪ ਨਾਲ ਲੋਕ ਡਰਾ ਲਏ ।

ਅਨਪੜ੍ਹ ਸਾਧਾਂ ਪੜ੍ਹੇ ਫਸਾ ਲਏ, ਝੂਠਿਆਂ ਸੰਤ ਸਮਾਜ ਬਣਾ ਲਏ ।

ਕਾਰ ਸੇਵਾ ਕਹਿ ਲੋਕ ਭਰਮਾ ਲਏ, ਨਿਸ਼ਾਨ ਮਿਟਾ ਕੇ ਪੁੰਨ ਕਮਾ ਲਏ ।

ਪੱਥਰ ਲਾ ਕੇ ਨੋਟ ਬਣਾ ਲਏ, ਪਿੰਡ ਪਿੰਡ ਜਾ ਦਾਣੇ ਉਗਰਾਹ ਲਏ ।

ਅਨਪੜ੍ਹ ਸਾਧਾਂ ਪੜ੍ਹੇ ਫਸਾ ਲਏ, ਝੂਠਿਆਂ ਸੰਤ ਸਮਾਜ ਬਣਾ ਲਏ ।

ਡੇਰਿਆ ਵਿੱਚ ਇਨਾਂ ਹਵਨ ਕਰਾ ਲਏ, ਸੱਚ ਰੋਕਣ ਲਈ ਛਬੀਲ ਲਗਾ ਲਏ ।

ਕੁਰਸੀਨਾਮੇ ਗਲਤ ਬਣਾ ਲਏ,  ਗੁਰੂ ਦੇ ਨਾਮ ਵਪਾਰ ਚਲਾ ਲਏ ।

ਅਨਪੜ੍ਹ ਸਾਧਾਂ ਪੜ੍ਹੇ ਫਸਾ ਲਏ, ਝੂਠਿਆਂ ਸੰਤ ਸਮਾਜ ਬਣਾ ਲਏ ।

“ਹਰਜੀਤ” ਸਤਿਗੁਰੂ ਸੱਚਾ ਆਪ ਬਚਾ ਲਏ, ਦੁਰਮਤੀਆ ਦਾ ਸੰਗ ਛਡਾ ਲਏ ।

ਡੇਰੇ, ਟਕਸਾਲਾਂ ਤੋਂ ਪੰਥ ਬਚਾ ਲਏ, ਭੁਲਣਹਾਰ ਹਾਂ ਗਲੇ ਲਗਾ ਲਏ ।

ਸਤਿਗੁਰੂ ਸੱਚਾ ਆਪ ਬਚਾ ਲਏ ।

ਸ਼ੇਰ ਏ ਪੰਜਾਬ ਮਹਾਂਬਲੀ ਰਣਜੀਤ ਸਿੰਘ

0

ਸ਼ੇਰ ਏ ਪੰਜਾਬ ਮਹਾਂਬਲੀ ਰਣਜੀਤ ਸਿੰਘ

ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਐਜੂਕੇਸ਼ਨ)

ਅਕਾਲ ਪੁਰਖ ਨੇ ਜਗਤ ਜਲੰਦੇ ਨੂੰ ਠਾਰਨ ਲਈ ਗੁਰੂ ਨਾਨਕ ਸਾਹਿਬ ਜੀ ਨੂੰ ਸੰਸਾਰ ਵਿੱਚ ਭੇਜਿਆ। ਆਪ ਜੀ ਨੇ ਦਸ ਜਾਮੇ (ਸਰੀਰ) ਧਾਰਨ ਕਰ ਕੇ ਨਿਰੰਕਾਰ ਦੇ ਸਿਮਰਨ ਪ੍ਰਤੀ ਮਾਨਵਤਾ ਅੰਦਰ ਜਾਗ੍ਰਤੀ ਪੈਦਾ ਕੀਤੀ। ਗੁਰੂ ਸ਼ਬਦ ਰਾਹੀਂ ਮਨੁੱਖਤਾ ਨੂੰ ਡਿੱਗੇ ਹੋਏ ਜੀਵਨ ਦੇ ਹਰ ਪਹਿਲੂ ਤੋਂ ਉੱਚਾ ਚੁੱਕਿਆ। ਧਰਮ ਅਤੇ ਸਮਾਜਿਕ ਕੁਰੀਤੀਆਂ ਨੂੰ ਗੁਰਮਤਿ ਪ੍ਰਚਾਰ ਰਾਹੀਂ ਦੂਰ ਕੀਤਾ। ਜ਼ੁਲਮੀ ਹਕੂਮਤ ਦੀ ਬੜੇ ਸਖ਼ਤ ਸ਼ਬਦਾਂ ‘‘ਰਾਜੇ ਸੀਹ ਮੁਕਦਮ ਕੁਤੇ ॥’’ (ਮ: ੧/੧੨੮੮) ਕਹਿ ਕੇ ਨਿਖੇਧੀ ਕੀਤੀ । ਸਤਿਗੁਰੂ ਸਾਹਿਬਾਨ ਨੇ ਜਿੱਥੇ ਰੂਹਾਨੀਅਤ ਨੂੰ ਸਿਖਰ ’ਤੇ ਪਹੁੰਚਾਇਆ ਉੱਥੇ ਸੱਚੇ ਧਰਮ ਤੇ ਸੱਚੀ ਰਾਜਨੀਤੀ ‘‘ਰਾਜੇ ਚੁਲੀ ਨਿਆਵ ਕੀ.. ॥’’ (ਮ: ੧/੧੨੪੦) ਦਾ ਵੀ ਗਿਆਨ ਬਖ਼ਸ਼ਿਆ । ਗਰੀਬਾਂ ਦਾ ਦਰਦ ਰੱਖਣ ਵਾਲੇ ਸਤਿਗੁਰੂ, ਮਨੁੱਖਤਾ ਨੂੰ ਕਸਾਈ ਰਾਜਿਆਂ ਦੇ ਵਸ ਪਿਆ ਕਿਵੇਂ ਵੇਖ ਸਕਦੇ ਹਨ ? ਸੋ, ਆਪ ਜੀ ਨੇ ਅਜਿਹੇ ਪੰਥ ਨੂੰ ਸਾਕਾਰ ਕੀਤਾ ਜੋ ਮਾਨਵਤਾ ਲਈ ਧਰਮ ਤੇ ਹਲੀਮੀ ਰਾਜ ਕਾਇਮ ਕਰ ਸਕੇ । ਜਿਸ ਦੀ ਵਿਆਖਿਆ ਭਗਤ ਰਵਿਦਾਸ ਜੀ ਨੇ ‘‘ਬੇਗਮ ਪੁਰਾ ਸਹਰ ਕੋ ਨਾਉ ॥’’ (ਭਗਤ ਰਵਿਦਾਸ/੩੪੫) ਰਾਹੀਂ ਸਥਾਪਿਤ ਕਰਨ ਦੀ ਹਿੰਮਤ ਕੀਤੀ।

ਫਿਰ ਗੁਰੂ ਅਰਜਨ ਸਾਹਿਬ ਜੀ ਨੇ ‘‘ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥ ਪੈ ਕੋਇ ਨ ਕਿਸੈ ਰਞਾਣਦਾ ॥ ਸਭ ਸੁਖਾਲੀ ਵੁਠੀਆ; ਇਹੁ ਹੋਆ ਹਲੇਮੀ ਰਾਜੁ ਜੀਉ ॥’’ (ਮ: ੫/੭੪) ਰਾਹੀਂ ਰਾਜ ਕਰਨ ਕੀ ਰੀਤ ਸਿਖਾਈ। ਸਿਖ ਕੌਮ ਨੂੰ ਬਿਖੜੇ ਪੈਂਡੇ ਤੇ ਸਮੇਂ ਵਿੱਚੋਂ ਗੁਜ਼ਰਨਾ ਪਿਆ ਪਰ ਦੋਨੋਂ ਸਮੇਂ ‘ਰਾਜ ਕਰੇਗਾ ਖ਼ਾਲਸਾ, ਆਕੀ ਰਹੇ ਨਾ ਕੋਇ। ਖੁਆਰ ਹੋਇ ਸਭ ਮਿਲਹਿਗੇ, ਬਚਹਿ ਸਰਨ ਜੋ ਹੋਇ।’ ਦੇ ਸਿਧਾਂਤ ਨੂੰ ਪੜ੍ਹ ਕੇ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹੀ।

ਸੰਨ 1708 ਵਿੱਚ ਦਸਮ ਪਾਤਸ਼ਾਹ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 12 ਮਈ 1710 ਈ: ਨੂੰ ਚਪੜ-ਚਿੜੀ ਦੇ ਮੈਦਾਨ ਵਿਚ ਵਜ਼ੀਰ ਖਾਂ ਨੂੰ ਮੌਤ ਦੇ ਘਾਟ ਉਤਾਰ ਕੇ ਜ਼ਾਲਮਾਂ ਨੂੰ ਸਬਕ ਸਿਖਾਇਆ। ਆਖ਼ਿਰ 14 ਮਈ 1710 ਨੂੰ ਸਰਹੰਦ ’ਤੇ ਕਬਜ਼ਾ ਕਰਕੇ ਸਿੱਖ ਰਾਜ ਸਥਾਪਿਤ ਕੀਤਾ। ਤਦ ਸਰਹੰਦ 28 ਪਰਗਣਿਆਂ ਦਾ 36 ਲੱਖ ਰੁਪਏ ਸਾਲਾਨਾ ਆਮਦਨ ਦਾ ਸੂਬਾ ਸੀ।

ਆਜ਼ਾਦੀ ਪਸੰਦ ਕੌਮ ਕਿਸੇ ਦੀ ਦੁਬੇਲ ਹੋਣ ਦੀ ਥਾਂ ਹਮੇਸ਼ਾਂ ਸ਼ਹਾਦਤ (ਮੌਤ) ਨੂੰ ਤਰਜੀਹ (ਪਹਿਲ) ਦਿੰਦੀ ਰਹੀ ਹੈ। ਐਸੀ ਕੌਮ, ਕਦੀ ਗੁਲਾਮ ਨਹੀਂ ਬਣਾਈ ਜਾ ਸਕਦੀ ਸਗੋਂ ਚੜ੍ਹਦੀਕਲਾ ਨਾਲ ਇੱਕ ਦਿਨ ਰਾਜ ਕਾਇਮ ਕਰ ਕੇ ਹੀ ਰਹਿੰਦੀ ਹੈ। ਸਾਰੀ ਦੁਨਿਆਂ ਇਸ ਗੱਲ ਤੋਂ ਭਲੀ ਭਾਂਤ ਜਾਣੂ ਹੈ ਕਿ ਇਨਕਲਾਬ ਕਦੀ ਪਿਛਾਂਹ ਨਹੀਂ ਪਰਤਿਆ ਕਰਦਾ ਹਮੇਸ਼ਾਂ ‘‘ਆਗਾਹਾ ਕੂ ਤ੍ਰਾਘਿ.. ॥’’ (ਮ: ੫/੧੦੯੬)ਹੀ ਪੈਦਾ ਕਰਦਾ ਹੈ। ਜਿਸ ਇਨਕਲਾਬ ਦੀ ਨੀਂਹ ਗੁਰੂ ਸਾਹਿਬਾਨ ਨੇ ਰੱਖੀ ਉਸ ਦੀ ਜੜ੍ਹ ਡੂੰਘੀ ਤੇ ਅਟੁੱਟ ਹੈ। ਆਖ਼ਿਰ ਉਸ ਨੇ ਵਰਿਆਂ ਤੋਂ ਪਏ ਗੁਲਾਮੀ ਦੇ ਕਠੋਰ ਸੰਗਲਾਂ ਨੂੰ ਤੋੜ ਕੇ ਦੇਸ਼, ਕੌਮ ਨੂੰ ਸੁੱਖ ਦਾ ਸਾਹ ਦਿਵਾਇਆ ।

ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੰਘਾਂ ਉੱਤੇ ਕੁਝ ਸਮੇਂ ਲਈ ਸੰਕਟ ਦੇ ਬੱਦਲ ਛਾਅ ਗਏ ਤੇ ਇਨ੍ਹਾਂ ਨੂੰ ਆਪਣੇ ਘਰ ਬਾਰ ਛੱਡ ਜੰਗਲਾਂ ਵੱਲ ਕੂਚ ਕਰਨਾ ਪਿਆ, ਇਸ ਦੇ ਬਾਵਜੂਦ ਵੀ ਸਿੰਘਾਂ ਨੇ ਆਪਣੇ ਹੌਸਲੇ ਬੁਲੰਦ ਰੱਖੇ। ਸਿੰਘਾਂ ਨੇ ਆਪਣੇ ਆਪ ਨੂੰ ਫੌਜੀ ਜਥੇਬੰਦੀ ਦੇ ਰੂਪ ਵਿੱਚ ਢਾਲ ਲਿਆ। ਤਦ ਸਿੰਘਾਂ ਦੇ ਲਗਭਗ 65 ਜਥੇ ਸਨ ਜੋ ਸ. ਹਰੀ ਸਿੰਘ ਭੰਗੀ ਤੋਂ ਲੈ ਕੇ ਸ. ਸੁੱਖਾ ਸਿੰਘ ਮਾੜੀ ਕੰਬੋਕੇ ਆਦਿ ਸਿੱਖ ਸਰਦਾਰਾਂ ਦੀ ਅਗਵਾਈ ਵਿਚ ਜਥੇਬੰਦ ਹੋ ਕੇ ਪੰਥ ਦੀ ਸੇਵਾ ਨਿਭਾ ਰਹੇ ਸਨ। ਦੂਜਾ ਮਹਾਨ ਕਾਰਨ ਜਿਸ ਨੇ ਸਿੰਘਾਂ ਦੀ ਜਥੇਬੰਦੀ ਨੂੰ ਮਜਬੂਤ ਕੀਤਾ ਉਹ ਸੀ 65 ਜਥਿਆਂ ਨੂੰ ਮਿਲਾ ਕੇ 11 ਮਿਸਲਾਂ ਦੀ ਬੁਨਿਆਦ ਰੱਖੀ ਜਾਣਾ ਸੀ। ਅਕਾਲ ਤਖ਼ਤ ਸਾਹਿਬ ਦੇ ਸਾਹਮਣੇ 29 ਮਾਰਚ 1748 ਨੂੰ ਖਾਲਸਾ ਪੰਥ ਇਕੱਤ੍ਰ ਹੋਇਆ। ਨਵਾਬ ਕਪੂਰ ਸਿੰਘ ਜੀ ਨੇ ਕੌਮ ਨੂੰ ਜਥੇਬੰਦ ਹੋਣ ਦੀ ਪ੍ਰੇਰਨਾ ਕੀਤੀ, ਆਖਿਰ ਲੰਮੀ ਵੀਚਾਰ ਚਰਚਾ ਤੋਂ ਬਾਅਦ ਸਮੂਹ ਜਥੇ 11 ਭਾਗਾਂ ਵਿਚ ਸੰਗਠਿਤ ਹੋ ਗਏ । ਸ. ਜੱਸਾ ਸਿੰਘ ਆਹਲੂਵਾਲੀਏ ਨੇ ਹਰ ਨਵੇਂ ਜਥੇ ਦੀ ਵੱਖ-ਵੱਖ ਫਰਿਸਤ (ਮਿਸਲ, ਫਾਈਲ) ਤਿਆਰ ਕੀਤੀ। 11 ਮਿਸਲਾਂ ਉਪਰੰਤ 12ਵੀਂ ਮਿਸਲ ਮਾਲਵੇ ਦੇ ਚੌਧਰੀ ਫੂਲਕਿਆਂ ਦੀ ਅਖਵਾਈ। ਇਸ ਤਰ੍ਹਾਂ ਸਮੁੱਚੀ ਫੌਜੀ ਜਥੇਬੰਦੀ ਦਾ ਨਾਂ ‘ਦਲ ਖਾਲਸਾ’ ਰੱਖਿਆ ਗਿਆ।

‘ਦਲ ਖਾਲਸਾ’ ਜਥੇਬੇਦੀ ਨੇ 6 ਦਹਾਕਿਆਂ ਤੱਕ ਅਲੱਗ-ਅਲੱਗ ਮਿਸਲਾਂ ਰਾਹੀਂ ਅਣਗਿਣਤ ਸੰਘਰਸ਼ ਕੀਤੇ। ਮਿਸਲ ਸੁੱਕ੍ਰਚੱਕੀਆਂ ਦੇ ਜਥੇਦਾਰ ਸਰਦਾਰ ਮਹਾ ਸਿੰਘ ਦੇ ਘਰ, ਜੀਂਦਪਤਿ ਰਾਜਾ ਗਜਪਤਿ ਸਿੰਘ ਦੀ ਸਪੁੱਤਰੀ ਬੀਬੀ ਰਾਜ ਕੌਰ ਜੀ ਦੇ ਉਦਰ ਤੋਂ 2 ਨਵੰਬਰ 1780 ਈਸਵੀ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ, ਜਿਨ੍ਹਾਂ ਨੂੰ ਬਚਪਨ ’ਚ ਨਿਕਲੀ ਚੇਚਕ ਬੀਮਾਰੀ ਕਾਰਨ ਆਪਣੀ ਖੱਬੀ ਅੱਖ ਗਵਾਉਣੀ ਪਈ। ਇਸ ਦੇ ਬਾਵਜੂਦ ਇਹ ਇੱਕ ਚਤੁਰ ਤੇ ਅਣਥੱਕ ਯੋਧਾ ਹੋਇਆ, ਜੋ ਸੰਨ 1839 (ਅੱਧੀ ਸਦੀ) ਤੱਕ ਸਿੱਖ ਰਾਜ ਸਥਾਪਤ ਕਰਨ ’ਚ ਕਾਮਯਾਬ ਰਿਹਾ।

ਡਾ: ਇਕਬਾਲ ਨੇ ਇਸੇ ਲਈ ਕਿਹਾ ਸੀ ਕਿ ‘ਅਠਾਰਵੀਂ ਸਦੀ ਵਿੱਚ ਸਿੰਘ ਸਰਦਾਰਾਂ ਨੇ ਇਸਲਾਮ ਤੋਂ ਕੁਰਾਨ ਤੇ ਤਲਵਾਰ ਦੋਨੋਂ ਖੋਹ ਲਈਆਂ। ਕੁਰਾਨ ਤੋਂ ਭਾਵ ਜ਼ਬਰੀ ਧਰਮਬੰਦੀ ਨੂੰ ਬੰਨ੍ਹ ਲਾ ਦਿੱਤਾ। ਤਲਵਾਰ ਤੋਂ ਭਾਵ ਦਿੱਲੀ ਤੋਂ ਕਾਬਲ ਦੀਆਂ ਦੋਹਾਂ ਤਾਕਤਾਂ ਨੂੰ ਤਖ਼ਤ ਤੋਂ ਭੁੰਜੇ ਲਾਹ ਕੇ ਮਿਸਲ ਦੇ ਸਰਦਾਰਾਂ ਮੋਹਰ ਸਿੰਘ, ਸਾਹਿਬ ਸਿੰਘ ਤੇ ਚੇਤ ਸਿੰਘ ਤੋਂ 7 ਜੁਲਾਈ 1799 ਨੂੰ ਲਾਹੌਰ ਖੋਹ ਕੇ ਆਪਣੇ ਕਬਜ਼ੇ ’ਚ ਕੀਤਾ। ਪੰਜਾਬ ਉੱਤੇ ਰਾਜ ਕਰਨ ਲਈ ਕੇਂਦਰੀ ਰਾਜਧਾਨੀ ਕਾਬੂ ਕਰਨੀ ਪਹਿਲੀ ਤੇ ਜ਼ਰੂਰੀ ਗੱਲ ਸੀ। ਰਣਜੀਤ ਸਿੰਘ ਨੇ ਲਾਹੌਰ ’ਤੇ ਕਬਜ਼ਾ ਕਰਕੇ ਨਾਨਕਸ਼ਾਹੀ ਸਿੱਕਾ ਚਾਲੂ ਕੀਤਾ ਜਿਸ ’ਤੇ ਇਬਾਰਤ ਬੰਦਾ ਸਿੰਘ ਬਹਾਦਰ ਦੇ ਰਾਜ ਸਮੇਂ ਦੀ ਹੀ ਲਿਖੀ ਗਈ।

ਦੇਗੋ ਤੇਗੋ ਫਤਹ ਨੁਸਰਤ ਬੇਦਰੰਗ,

ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ ॥

ਭੰਗੀ ਤੇ ਰਾਮਗੜ੍ਹੀਏ ਸਰਦਾਰ ਨਿਜਾਮੁਦੀਨ ਕਸਰੂਏ ਨਾਲ ਮਿਲ ਕੇ ਸ਼ੇਰ ਏ ਪੰਜਾਬ ਦੀ ਤਾਕਤ ਨੂੰ ਠੱਲ੍ਹ ਪਾਣਾ ਚਾਹੁੰਦੇ ਸਨ। ਭਸੀਨ ਦੇ ਮੁਕਾਮ ’ਤੇ ਤਕੜੀ ਜੰਗ ਹੋਈ ਪਰ ਮੈਦਾਨ ਰਣਜੀਤ ਸਿੰਘ ਦੇ ਹੱਥ ਰਿਹਾ। ਸ਼ੇਰ ਏ ਪੰਜਾਬ ਨੇ ਦਾਨਾਈ ਤੋਂ ਕੰਮ ਲੈਂਦਿਆਂ ਜੱਸਾ ਸਿੰਘ ਆਹਲੂਵਾਲੀਏ ਦੇ ਪੋਤੇ ਫਤਹ ਸਿੰਘ ਨਾਲ ਪੱਗ ਵਟਾ ਕੇ ਮਿਤ੍ਰਤਾ ਗੰਢੀ। ਸੰਨ 1805 ਈ: ਵਿੱਚ ਮਰਾਠਾ ਸ. ਜਸਵੰਤ ਸਿੰਘ ਰਾਉ ਹੁਲਕਰ, ਫਿਰੰਗੀਆਂ ਦਾ ਦਬਕਾਇਆ ਹੋਇਆ ਸਹਾਇਤਾ ਲਈ ਪੰਜਾਬ ਆਇਆ। ਇਸ ਸਮੇਂ ਮਹਾਰਾਜਾ ਮੁਲਤਾਨ ਵੱਲ ਦੌਰੇ ’ਤੇ ਸੀ। ਵਾਪਸੀ ’ਤੇ ਹੁਲਕਰ ਦਾ ਖੋਹਿਆ ਇਲਾਕਾ ਦਿਵਾ ਕੇ ਦੋਹਾਂ ਧਿਰਾਂ ਦੀ ਸੰਧੀ ਕਰਾ ਦਿੱਤੀ, ਇਸ ਨਾਲ ਮਹਾਰਾਜੇ ਦੀ ਸਿਆਣਪ ਤੇ ਰਾਜਨੀਤਕ ਪ੍ਰਭਾਵ ਦਾ ਸਿੱਕਾ ਹੋਰ ਜੰਮ ਗਿਆ।

ਅੰਗ੍ਰੇਜ਼ਾਂ ਲਈ ਸ਼ੇਰ ਏ ਪੰਜਾਬ ਦੀ ਚੜ੍ਹਦੀ ਤਾਕਤ ਅਸਹਿ ਸੀ ਉਹ ਇਸ ਨੂੰ ਸਤਲੁਜ ਦਰਿਆ ਤੱਕ ਸੀਮਤ ਕਰਨਾ ਚਾਹੁੰਦੇ ਸਨ। ਮਹਾਰਾਜੇ ਦਾ ਸੁਪਨਾ ਸੀ ਕਿ ਸਰਹਿੰਦ ਇਲਾਕੇ ਦੀਆਂ ਰਿਆਸਤਾਂ ਤੇ ਜਗੀਰਾਂ ਮਿਲਾ ਕੇ ਜਮਨਾ ਤੱਕ ਪੰਜਾਬੀ ਰਾਜ ਕਾਇਮ ਕੀਤਾ ਜਾਵੇ। ਸੰਨ 1806 ਈ: ਵਿਚ ਰਾਜਾ ਸਾਹਿਬ ਸਿੰਘ ਪਟਿਆਲਾ ਅਤੇ ਰਾਜਾ ਜਸਵੰਤ ਸਿੰਘ ਨਾਭਾ ਦਰਮਿਆਨ ਚੱਲ ਰਹੇ ਝਗੜੇ ਦਾ ਨਿਪਟਾਰਾ ਕੀਤਾ ਗਿਆ। 25 ਅਪ੍ਰੈਲ 1809 ਈ: ਨੂੰ ਅੰਗ੍ਰੇਜ਼ਾਂ ਦੇ ਪ੍ਰਤੀਨਿਧ ਮਿ: ਮਿਟਕਾਫ ਤੇ ਮਹਾਰਾਜੇ ਵਿਚਾਲੇ ਅਹਿਦਨਾਮਾ ਹੋਇਆ, ਜਿਸ ਅਨੁਸਾਰ ਸਤਲੁਜ ਦਰਿਆ ਤੱਕ ਸ਼ੇਰ ਏ ਪੰਜਾਬ ਦੀ ਰਾਜਸੀ ਹੱਦ ਮੰਨੀ ਗਈ ਤੇ ਸਤਲੁਜ ਦੇ ਪਾਰ ਦਾ ਇਲਾਕਾ ਅੰਗ੍ਰੇਜ਼ੀ ਪ੍ਰਭਾਵ ਹੇਠ ਆ ਗਿਆ। ਹੁਣ ਮਹਾਰਾਜੇ ਨੇ ਪਹਾੜੀ ਇਲਾਕੇ ਵੱਲ ਰੁੱਖ ਕੀਤਾ। ਕਾਂਗੜਾ ਫਤਹ ਕਰਕੇ ਕੁੱਲੂ, ਮੰਡੀ, ਸੁਕੇਤ ਤੇ ਨੂਰਪੁਰ ਆਦਿ ਰਿਆਸਤਾਂ ਨੂੰ ਅਧੀਨ ਕੀਤਾ ਗਿਆ। ਸੰਨ 1810 ਈ: ਵਿਚ ਸਾਹੀਵਾਲ ਤੇ ਖੁਸ਼ਾਬ ਸਿੱਖ ਰਾਜ ਵਿਚ ਮਿਲਾਏ ਗਏ।

ਕੁਦਰਤ ਦੀ ਖੇਡ ਅਹਿਮਦਸ਼ਾਹ ਅਬਦਾਲੀ ਦਾ ਪੋਤਰਾ ਹਿੰਦ ’ਤੇ ਚਾਰ ਅਸਫਲ ਹਮਲੇ ਕਰਨ ਵਾਲਾ ‘ਸ਼ਾਹ ਜਮਾਨ’ ਮਹਾਰਾਜੇ ਦਾ ਸ਼ਰਣਾਰਥੀ ਬਣ ਕੇ ਆਇਆ। ਸ਼ੇਰ ਏ ਪੰਜਾਬ ਨੇ 1813 ਈ: ਵਿਚ ਇਸ ਦੇ ਭਰਾ ਸ਼ਾਹ ਸੁਜਾਅ ਨੂੰ ਕਸ਼ਮੀਰ ਦੀ ਮੁਹਿੰਮ ਸਰ ਕਰਕੇ ਕੈਦ ’ਚੋਂ ਛੁਡਾ ਕੇ ਲਿਆਦਾ ਸੀ । ਜਿਸ ਤੇ ਉਸ ਦੀ ਮਲਿਕਾ ‘ਵਫ਼ਾ ਬੇਗਮ’ ਨੇ 26 ਕ੍ਰੋੜ ਰੁਪਏ ਦੀ ਕੀਮਤ ਦਾ ਪ੍ਰਸਿੱਧ ਕੋਹਿਨੂਰ ਹੀਰਾ ਸ਼ੇਰ ਏ ਪੰਜਾਬ ਦੀ ਭੇਟ ਕੀਤਾ। ਸੰਨ 1814 ਈ: ਵਿਚ ਫਿਰ ਕਸ਼ਮੀਰ ’ਤੇ ਚੜ੍ਹਾਈ ਕੀਤੀ ਗਈ ਪਰ ਮਹਾਰਾਜਾ ਨਜ਼ਰਾਨਾ ਲੈ ਕੇ ਵਾਪਿਸ ਆ ਗਿਆ । ਸੰਨ 1817 ਈ: ਵਿਚ ਹਜ਼ਾਰੇ ਦਾ ਪਹਾੜੀ ਇਲਾਕਾ ਜਿੱਤਿਆ। ਸੰਨ 1818 ਈ: ਵਿਚ ਪੰਜਾਬ ਦੇ ਵਾਲੀਵਾਰਿਸ ਬਣ ਗਏ।

ਸਿੱਖ ਮਿਸਲਾਂ ਦਾ ਚੜ੍ਹਦੀਕਲਾ ਵਾਲਾ ਸਮਾਂ ਇਕ ਪ੍ਰਫੁਲਿਤ ਬੂਟੇ ਵਾਂਗ ਸੀ ਜਿਸ ’ਤੇ ਸ. ਰਣਜੀਤ ਸਿੰਘ ਸ਼ੇਰ ਏ ਪੰਜਾਬ ਇਕ ਸੋਹਣੇ ਫੁਲ ਵਾਂਗ ਵਿਗਸਿਆ ਤੇ ਇਨ੍ਹਾਂ ਦੀ ਮਹਿਕ ਨੇ ਹਿੰਦੁਸਤਾਨ ਹੀ ਨਹੀਂ ਸਗੋਂ ਏਸ਼ੀਆ ਤੇ ਯੂਰਪ ਵਿੱਚ ਵੀ ਸਿੱਖ ਪੰਥ ਦੀ ਸੁਗੰਧੀ ਫੈਲਾਈ। ਕਨਿੰਘਮ ਅਨੁਸਾਰ ਸ਼ੇਰ ਏ ਪੰਜਾਬ ਨੂੰ ਅਧੋਗਤੀ ਵਿਚ ਫਸਿਆ ਪੰਜਾਬ ਮਿਲਿਆ ਜੋ ਮਿਸਲ ਸਰਦਾਰਾਂ ਦੀ ਪਰਸਪਰ ਫੁੱਟ ਦਾ ਸਿੱਟਾ ਸੀ । ਇਹ ਰਾਜ ਭਾਗ ਅਫਗਾਨਾਂ ਤੇ ਮਰਾਠਿਆਂ ਦਾ ਦਬਕਿਆ ਫਰੰਗੀਆਂ ਦੀ ਗਰਿਫ਼ਤ ਵਿਚ ਜਾਣ ਲਈ ਤਿਆਰ ਸੀ ਪਰ ਰਣਜੀਤ ਸਿੰਘ ਦੀ ਕਾਰੀਗਰੀ ਨੇ ਇਨ੍ਹਾਂ ਖਿੰਡੀਆਂ ਪੁੰਡੀਆਂ ਸ਼ਕਤੀਆਂ ਨੂੰ ਇਕ ਥਾਂ ਜੋੜ ਕੇ ਇਕ ਸ਼ਾਨਦਾਰ ਬਾਦਸ਼ਾਹੀ ਦੇ ਰੂਪ ਵਿਚ ਸੰਗਠਿਤ ਕਰ ਦਿੱਤਾ।

ਸ. ਚੜ੍ਹਤ ਸਿੰਘ ਦੇ ਪੋਤੇ, ਸ. ਮਹਾਂ ਸਿੰਘ ਦੇ ਪੁੱਤਰ ਸ਼ੁਕਰ ਚੱਕੀਆ ਮਿਸਲ ਦੇ ਨੌਜਵਾਨ ਸ. ਰਣਜੀਤ ਸਿੰਘ (ਜਨਮ ਨਵੰਬਰ 1780 ਈ:) ਨੇ ਆਚਰਣਕ ਉੱਚਤਾ, ਬੀਰਤਾ ਤੇ ਦਾਨਾਈ ਤੋਂ ਡਿੱਗ ਚੁੱਕੇ ਮਿਸਲ ਸਰਦਾਰਾਂ ਦੀ ਇਸ ਦੁਰਦਸ਼ਾ ਨੂੰ ਅਨੁਭਵ ਕਰਕੇ ਇਸ ਸ਼ਾਨਦਾਰ ਪੰਜਾਬੀ ਖਾਲਸਾਈ ਹੁਕੂਮਤ (ਸਲਤਨਤ) ਕਾਇਮ ਕਰਨ ਦਾ ਫੈਸਲਾ ਕੀਤਾ । ਸ਼ੇਰ ਏ ਪੰਜਾਬ ਦੀ ਸ਼ਖ਼ਸੀਅਤ ਨੂੰ ਸ਼ਾਹ ਮੁਹੰਮਦ ਨੇ ਇਸ ਤਰ੍ਹਾਂ ਕਲਮ ਬੰਦ ਕੀਤਾ :

ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ।

ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ, ਜੰਮੂ, ਕਾਂਗੜਾ ਕੋਟ ਨਿਵਾਇ ਗਿਆ।

ਹੋਰ ਦੇਸ਼ ਲਦਾਖ ਤੇ ਚੀਨ ਤੋੜੀ, ਸਿੱਕਾ ਆਪਣੇ ਨਾਮ ਚਲਾਇ ਗਿਆ।

ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ, ਅੱਛਾ ਰੱਜ ਕੇ ਰਾਜ ਕਮਾਇ ਗਿਆ।

ਕਨ੍ਹਈਆ ਤੇ ਨਕਈ ਮਿਸਲ ਦੀ ਤਾਕਤ (ਰਿਸ਼ਤੇਦਾਰੀ ਹੋਣ ਕਾਰਨ) ਸ਼ੇਰ ਏ ਪੰਜਾਬ ਨਾਲ ਬੱਝ ਚੁੱਕੀ ਸੀ। ਇਸ ਮਿਲਵੀਂ ਤਾਕਤ ਨੇ ਭੰਗੀ ਮੁਲਤਾਨ ਫ਼ਤਿਹ ਕੀਤਾ ਜਿਸ ਦੀ ਜਿੱਤ ਦਾ ਸਿਹਰਾ ਅਕਾਲੀ ਫੂਲਾ ਸਿੰਘ ਜੀ ਤੇ ਉਸ ਦੀ ਅਕਾਲੀ ਫੌਜ ਦੇ ਸਿਰ ਬੱਝਦਾ ਹੈ। ਇਸ ਜੰਗ ਵਿਚ ਤੋਪ ਦਾ ਪਹੀਆ ਟੁੱਟਣ ’ਤੇ ਵੀ ਸਿੰਘ ਵਾਰੀ-ਵਾਰੀ ਮੋਢੇ ਦੇ ਰਹੇ ਤੇ ਗੋਲਿਆਂ ਦੇ ਨਾਲ ਹੀ ਮਰ ਮਿਟਦੇ ਰਹੇ। ਪਰ ਕਿਸੇ ਨੇ ਵੀ ਜਾਨ ਦੀ ਪ੍ਰਵਾਹ ਨਹੀਂ ਕੀਤੀ ।

ਸੱਯਦ ਗੁਲਾਮ ਜਿਲਾਨੀ ਸੁਲਤਾਨੇ ਜੰਗ ਵਿਚ ਅੱਖੀਂ ਡਿੱਠਾ ਹਾਲ ਬਿਆਨ ਕਰਦਾ ਲਿਖਦਾ ਹੈ ਕਿ ਮੈਂ ਸਿੰਘਾਂ ਦਾ ਕੌਮੀ ਪ੍ਰੇਮ ਤੇ ਕੁਰਬਾਨੀ ਦੇਖ ਕੇ ਸਭ ਤੋਂ ਪਹਿਲਾਂ ਆਪਣਾ ਮੋਢਾ ਡਾਹ ਕੇ ਨਿਸਾਰ (ਸ਼ਹੀਦ) ਹੋਣਾ ਚਾਹੁੰਦਾ ਸਾਂ, ਪਰ ਮੈਂ ਪਿੱਛੇ ਇਸ ਲਈ ਰਹਿ ਗਿਆ ਤਾਂ ਕਿ ਸਿੰਘਾਂ ਦੀ ਲਾਸਾਨੀ ਸੂਰਬੀਰਤਾ ਦੀ ਕਹਾਣੀ ਸੰਸਾਰ ਨੂੰ ਦੱਸ ਸਕਾਂ। ਇਸੇ ਸਾਲ ਪਿਸ਼ਾਵਰ ’ਤੇ ਵੀ ਚੜ੍ਹਾਈ ਕੀਤੀ ਪਰ ਯਾਰ ਮੁਹੰਮਦ ਖਾਂ ਨੂੰ ਉੱਥੋਂ ਦਾ ਹਾਕਮ ਥਾਪ ਕੇ ਭਾਰੀ ਰਕਮ ਲੈ ਕੇ ਖਾਲਸਾ ਫੌਜ ਪਰਤ ਆਈ । ਸੰਨ 1819 ਈ: ਵਿਚ ਕਸ਼ਮੀਰ, 1821 ਈ: ਵਿੱਚ ਮਾਨਕੇਰਾ ਫ਼ਤਿਹ ਕਰਕੇ ਸਿੱਖ ਰਾਜ ਵਿੱਚ ਮਿਲਾ ਲਏ ਗਏ। ਮਾਰਚ 1822 ਈ: ਵਿੱਚ ਨਿਪੋਲੀਅਨ ਦੀ ਫੌਜ ਦੇ ਹਾਰੇ ਹੋਏ ਜਰਨੈਲ ਵੈਨਤੂਰਾ (ਇਤਾਲਵੀ) ਤੇ ਜਨਰਲ ਐਲਾਰਡ (ਫ੍ਰਾਸੀਸੀ) ਨੌਕਰੀ ਦੀ ਭਾਲ ਵਿਚ ਕਾਬਲ ਰਾਹੀਂ ਮਹਾਰਾਜੇ ਕੋਲ ਪੁੱਜੇ। ਮਹਾਰਾਜੇ ਨੇ ਸਿੱਖ ਸਰਕਾਰ ਦੀ ਵਫ਼ਾਦਾਰੀ, ਦਾੜੀ ਕੇਸ ਨਾ ਮਨਾਉਣਾ, ਤਮਾਕੂਨੋਸ਼ੀ ਅਤੇ ਗਉ ਮਾਸ ਤੋਂ ਪਰਹੇਜ਼ ਰੱਖਣ ਦੀ ਸ਼ਰਤ ਮੰਨਵਾ ਕੇ ਉਨ੍ਹਾਂ ਨੂੰ ਮੁਲਾਜ਼ਮ ਰੱਖ ਲਿਆ, ਇਨ੍ਹਾਂ ਤੋਂ ਇਲਾਵਾ ਹੋਰ ਵੀ ਇਤਾਲਵੀ ਫ੍ਰਾਂਸੀਸੀ, ਜਰਮਨੀ, ਅੰਗ੍ਰੇਜ਼ੀ, ਰੂਸੀ, ਅਮਰੀਕਨ, ਸਪੇਨੀ, ਪੁਰਤਗਾਲੀ ਲਗਭਗ 72 ਵਿਦੇਸ਼ੀ ਆਦਮੀ ਸ਼ੇਰ ਏ ਪੰਜਾਬ ਦੀ ਮੁਲਾਜ਼ਮਤ ਵਿੱਚ ਆਏ ਜਿਨ੍ਹਾਂ ਦਾ ਸਵਿਸਥਾਰ ਸਿੱਖ ਰਾਜ ਦੇ ਇਤਿਹਾਸਕਾਰ ਬਾਵਾ ਪ੍ਰੇਮ ਸਿੰਘ ਜੀ ਨੇ ਆਪਣੀ ਪੁਸਤਕ ‘ਖ਼ਾਲਸਾ ਰਾਜ ਦੇ ਵਿਦੇਸ਼ੀ ਕਰਿੰਦੇ’ ਵਿੱਚ ਦਿੱਤਾ ਹੋਇਆ ਹੈ। ਮਾਰਚ 1824 ਈ: ਵਿੱਚ ਨੌਸ਼ਹਿਰੇ ਦੀ ਜੰਗ ਵਿੱਚ ਅਕਾਲੀ ਫੂਲਾ ਸਿੰਘ ਜੀ ਸ਼ਹੀਦ ਹੋ ਗਏ। ਪਿਸ਼ਾਵਰ ਤੇ ਸਿੱਖ ਫੌਜਾਂ ਦਾ ਮੁਕੰਮਲ ਕਬਜ਼ਾ ਹੋ ਗਿਆ, ਇਹ ਪਹਿਲਾ ਮੌਕਾ ਸੀ ਜਦੋਂ ਸੈਂਕੜਿਆਂ ਵਰਿਆਂ ਤੋਂ ਹਿੰਦ ਨੂੰ ਲੁੱਟਣ ਵਾਲੇ ਪਠਾਣਾਂ ਉੱਤੇ ਪੰਜਾਬੀਆਂ ਨੇ ਆਪਣਾ ਸਿੱਕਾ ਜਮਾਇਆ ਇਸ ਤੋਂ ਬਾਅਦ 800 ਸਾਲਾਂ ਤੋਂ ਹਿੰਦ ਤੇ ਦੱਰਾ ਖੈਬਰ ਤੋਂ ਆਣ ਵਾਲੇ ਧਾੜਵੀਆਂ ਦੀ ਕਾਂਗ (ਆਮਦ) ਸਦਾ ਲਈ ਬੰਦ ਕਰ ਦਿੱਤੀ ਗਈ। ਨੌਸ਼ਹਿਰੇ ਦੀ ਜਿੱਤ ਨੇ ਅਫ਼ਗਾਨਾਂ ਦੇ ਦਿਲਾਂ ’ਤੇ ਸਿੱਖ ਬੀਰਤਾ ਦੀ ਚੰਗੀ ਧਾਂਕ ਜਮਾ ਦਿੱਤੀ ।

ਮਹਾਰਾਜੇ ਦੀਆਂ ਜਿੱਤਾਂ ਦਾ ਐਨਾਂ ਪ੍ਰਭਾਵ ਪਿਆ ਕਿ 1826 ਈ: ਵਿੱਚ ਨਿਜ਼ਾਮ ਹੈਦਰਾਬਾਦ ਨੇ ਇਕ ਕੀਮਤੀ ਚਾਨਣੀ ਤੇ ਕਈ ਹੋਰ ਤੋਹਫੇ ਭੇਜੇ, ਚਾਨਣੀ ਦੀ ਸੁੰਦਰਤਾ ਤੱਕ ਕੇ ਸ਼ੇਰ ਏ ਪੰਜਾਬ ਨੇ ਉਸੇ ਸਮੇਂ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਭੇਟ ਕਰ ਦਿੱਤੀ। ਸੰਨ 1827 ਈ: ਵਿਚ ਕਸ਼ਮੀਰ ਵਿਚ ਬੜਾ ਭਿਆਨਕ ਕਾਲ ਪਿਆ, ਮਹਾਰਾਜੇ ਨੇ ਦਿਲ ਖੋਲ੍ਹ ਕੇ ਲੋਕਾਂ ਦੀ ਹਰ ਤਰ੍ਹਾਂ ਸਹਾਇਤਾ ਕੀਤੀ। ਸੰਨ 1828 ਈ: ਵਿਚ ਮਹਾਰਾਜੇ ਵੱਲੋਂ ਫਕੀਰ ਅਜ਼ੀਜੁਦੀਨ ਦੀ ਅਗਵਾਈ ਵਿੱਚ ਇਕ ਵਫ਼ਦ ਸ਼ਿਮਲੇ ਲਾਰਡ ਐਮ੍ਰਰਸਟ ਨਾਲ ਮੁਲਾਕਾਤ ਕਰਨ ਲਈ ਗਿਆ । ਫ਼ਕੀਰ ਜੀ ਨੂੰ ਪੁੱਛਿਆ ਗਿਆ ਕਿ ਮਹਾਰਾਜੇ ਦੀ ਕਿਹੜੀ ਅੱਖ ਮਰੀ ਹੋਈ ਹੈ। ਸਿਆਣੇ ਵਜ਼ੀਰ ਨੇ ਜਵਾਬ ਦਿੱਤਾ ਕਿ ਉਨ੍ਹਾਂ ਦੀ ਪ੍ਰਭਾਵਸ਼ਾਲੀ ਜਲਾਲੀ ਚੇਹਰੇ ਸਾਹਮਣੇ ਮੈਂ ਕਦੀ ਨਜ਼ਰ ਉੱਠਾ ਕੇ ਨਹੀਂ ਵੇਖਿਆ ਇਸ ਲਈ ਇਹ ਦੱਸਣਾ ਔਖਾ ਹੈ ਕਿ ਮਹਾਰਾਜੇ ਦੀ ਕਿਹੜੀ ਅੱਖ ਮਰੀ ਹੋਈ ਹੈ। ਫਿਰੰਗੀ ਮਹਾਰਾਜੇ ਦੀ ਵਧਦੀ ਤਾਕਤ ਨੂੰ ਬਿਲਕੁੱਲ ਨਹੀਂ ਸਹਾਰ ਸਕਦੇ ਸੀ। ਉਨ੍ਹਾਂ ਸਯੱਦ ਅਹਿਮਦ ਬਰੇਲਵੀ ਨੂੰ ਪੈਸਾ ਦੇ ਕੇ ਪਠਾਣੀ ਇਲਾਕੇ ਵਿੱਚ ਛੇੜਖਾਨੀ ਕਰਨ ਲਈ ਭੇਜਿਆ, ਜਹਾਦ ਦੇ ਨਾਂ ’ਤੇ ਪਠਾਣਾਂ ਨੂੰ ਚੰਗਾ ਭੜਕਾਇਆ, ਪਰ ਅੰਤ ਸਿੰਘਾਂ ਨੇ ਮੁਜੱਫ਼ਰਾਬਾਦ ਦੇ ਕਿਲ੍ਹੇ ਵਿੱਚ ਘੇਰ ਕੇ ਇਸ ਨੂੰ ਮਾਰ ਮੁਕਾਇਆ। ਸੰਨ 1831 ਈ: ਵਿਚ ਇੰਗਲੈਂਡ ਸਰਕਾਰ ਪੋਲੀਟੀਕਲ ਏਜੈਂਟ ਅਲੈਗਜੈਂਡਰ ਬਰਨਜ਼ ਸਿੰਧ ਦੇ ਰਸਤੇ ਆਪਣੇ ਬਾਦਸ਼ਾਹ ਵੱਲੋਂ ਸ਼ੇਰ ਏ ਪੰਜਾਬ ਲਈ ਤੋਹਫੇ ਲੈ ਕੇ ਹਾਜ਼ਰ ਹੋਇਆ। ਐਸਾ ਉਨ੍ਹਾਂ ਵੱਲੋਂ ਸਿੰਧ ਦੇ ਇਲਾਕੇ ਦੀ ਪੂਰੀ ਜਾਣਕਾਰੀ ਲੈਣ ਦੇ ਮਨੋਰਥ ਨਾਲ ਕੀਤਾ ਗਿਆ ਸੀ । 26 ਅਕਤੂਬਰ 1831 ਈ: ਨੂੰ ਰੋਪੜ ਦੇ ਮੁਕਾਮ ’ਤੇ ਮਹਾਰਾਜੇ ਦੀ ਗਵਰਨਰ ਜਨਰਲ ਵਿਲੀਅਮ ਵੈਟਿਕ ਨਾਲ ਮੁਲਾਕਾਤ ਹੋਈ ਜਿਸ ਦਾ ਮਕਸਦ ਦੋਹਾਂ ਸਰਕਾਰਾਂ ਵਿੱਚ ਪਰਸਪਰ ਪਿਆਰ, ਦੋਸਤੀ ਨੂੰ ਪੱਕਿਆਂ ਕਰਨਾ ਸੀ ਅਤੇ ਅੰਗ੍ਰੇਜ਼ ਦਾ ਨਿਸ਼ਾਨਾ ਆਪਣੀ ਚਤੁਰਨੀਤੀ ਨਾਲ ਗੰਢ ਤੁਪ ਕਰਨਾ ਸੀ। ਸ਼ੇਰ ਏ ਪੰਜਾਬ ਵੀ ਇਸ ਸੰਬੰਧੀ ਭਲੀ ਭਾਂਤ ਜਾਣੂ ਸਨ। ਸੰਨ 1832 ਈ: ਵਿੱਚ ਇਕ ਇਸਾਈ ਮਿਸ਼ਨਰੀ ਜੋਸਫ ਵੁਲਫ ਲਾਹੌਰ ਵਿਖੇ ਮਹਾਰਾਜੇ ਨੂੰ ਮਿਲਿਆ। ਸ਼ੇਰ ਏ ਪੰਜਾਬ ਨੇ ਕਿਹਾ ਕਿ ਤੂੰ ਸਾਨੂੰ ਕਿਉਂ ਧਰਮ ਈਮਾਨ ਲਈ ਪ੍ਰੇਰਦਾ ਹੈ  ? ਹਿੰਦ ਦੇ ਅੰਗ੍ਰੇਜ਼ਾਂ ਨੂੰ ਕਿਉਂ ਨਹੀਂ ਸਿਖਾਂਦਾ, ਜਿਨ੍ਹਾਂ ਦਾ ਕੋਈ ਦੀਨ ਧਰਮ ਹੈ ਹੀ ਨਹੀਂ ਫਿਰ ਉਸ ਨੇ ਸ਼ੇਰ ਏ ਪੰਜਾਬ ਨੂੰ ਪ੍ਰਸ਼ਨ ਕੀਤਾ ਕਿ ਰੱਬ ਨੂੰ ਕਿਵੇਂ ਮਿਲ ਸਕੀਦਾ ਹੈ ਤੇ ਮਹਾਰਾਜ ਰਣਜੀਤ ਸਿੰਘ ਨੇ ਹੱਸ ਕੇ ਕਿਹਾ ਫਿਰੰਗੀਆ ਨਾਲ ਸੰਧੀ ਕਰ ਕੇ ਜਿਵੇਂ ਮੈਂ ਹੁਣੇ ਕੀਤੀ ਹੈ। ਮਹਾਰਾਜੇ ਦੇ ਕਹਿਣ ਤੋਂ ਭਾਵ ਸੀ ਕਿ ਫਿਰੰਗੀ ਐਨੇ ਹੰਕਾਰੀ ਹਨ ਕਿ ਰੱਬ ਨੂੰ ਵੀ ਆਪਣੇ ਅਧੀਨ ਸਮਝਦੇ ਹਨ।

ਸਯੱਦ ਮੁਹੰਮਦ ਲਤੀਫ਼ ਅਨੁਸਾਰ ਬਾਰਕਜੀਆਂ ਦੇ ਜ਼ੁਲਮਾਂ ਤੋਂ ਤੰਗ ਆ ਕੇ ਮੁਸਲਮਾਨਾਂ ਤੇ ਹਿੰਦੂਆਂ ਨੇ ਸ. ਹਰੀ ਸਿੰਘ ਨਲੂਏ ਰਾਹੀਂ ਸ਼ੇਰ ਏ ਪੰਜਾਬ ਪਾਸ ਫਰਿਆਦ ਭੇਜੀ, ਜਿਸ ਕਾਰਨ ਸੰਨ 1834 ਵਿੱਚ ਹਮਲਾ ਕਰਕੇ ਨਲੂਏ ਨੇ ਪਿਸ਼ਾਵਰ ’ਤੇ ਸਿੱਧਾ ਕਬਜ਼ਾ ਕਰ ਲਿਆ ਅਤੇ ਕੰਵਰ ਨੌ ਨਿਹਾਲ ਸਿੰਘ ਨੂੰ ਉਥੋਂ ਦਾ ਹਾਕਮ ਥਾਪ ਦਿੱਤਾ । ਸ. ਹਰੀ ਸਿੰਘ ਨਲੂਏ ਨੇ ਆਪਣੀ ਸਰਹੱਦ ਮਜ਼ਬੂਤ ਕਰਨ ਲਈ ‘ਮਿਚਨੀ’ ਤੇ ‘ਸੰਕਰਗੜ੍ਹ’ ਦੇ ਨਵੇਂ ਕਿਲ੍ਹੇ ਬਣਵਾਏ। ਸ. ਜੋਰਾਵਾਰ ਸਿੰਘ ਦੀ ਕਮਾਨ ਹੇਠ ਮਹਾਰਾਜੇ ਦੀਆਂ ਫੌਜਾਂ ਨੇ ਲੱਦਾਖ ਫ਼ਤਿਹ ਕੀਤਾ। ਸੰਨ 1836 ਵਿੱਚ ਸ. ਹਰੀ ਸਿੰਘ ਨਲੂਏ ਨੇ ਜਮਰੌਦ ਦੇ ਮਸ਼ਹੂਰ ਕਿਲ੍ਹੇ ’ਤੇ ਕਬਜ਼ਾ ਕਰ ਕੇ ਕੇਸਰੀ ਨਿਸ਼ਾਨ ਝੁਲਾਇਆ । ਇਹ ਗੱਲ ਪਠਾਣਾਂ ਲਈ ਸਹਿਨ ਕਰਨੀ ਔਖੀ ਸੀ। ਦੋਸਤ ਮੁਹੰਮਦ ਖਾਂ 30,000 ਪਠਾਣੀ ਫੌਜ ਲੈ ਕੇ 1837 ਵਿੱਚ ਜਮਰੌਦ ਕਿਲ੍ਹੇ ਨੂੰ ਸਰ ਕਰਨ ਲਈ ਚੜ੍ਹ ਆਇਆ, ਉਸ ਸਮੇਂ ਕਿਲ੍ਹੇ ਵਿੱਚ ਕੇਵਲ 700 ਦੇ ਕਰੀਬ ਸਿੰਘਾਂ ਦਾ ਜੱਥਾ ਸੀ। ਇਕ ਸੂਰਬੀਰ ਬੀਬੀ ਨੇ ਪਠਾਣੀ ਵੇਸ ਧਾਰ ਕੇ ਨਲੂਏ ਸਰਦਾਰ ਨੂੰ ਖਬਰ ਪਹੁੰਚਾਈ। 10, 000 ਫੌਜ ਲੈ ਕੇ ਨਲੂਆ ਸਰਦਾਰ ਉੱਥੇ ਫੌਰਨ ਪੁੱਜੇ, ਗਹਿ ਗੱਚ ਲੜਾਈ ਹੋਈ ਪਠਾਣ ਭੱਜ ਨਿਕਲੇ ਪਰ ਕਿਸੇ ਲੁਕੇ ਹੋਏ ਪਠਾਣ ਵੱਲੋਂ ਚਲਾਈ ਗੋਲੀ ਸਰਦਾਰ ਨਲੂਏ ਦੀ ਛਾਤੀ ਵਿੱਚ ਲੱਗ ਲਈ । ਜਿਸ ਨਾਲ ਉਹ 30 ਅਪ੍ਰੈਲ 1837 ਨੂੰ ਸ਼ਹੀਦ ਹੋ ਗਏ। ਸ਼ੇਰ ਏ ਪੰਜਾਬ ਇਹ ਖਬਰ ਸੁਣ ਕੇ ਬਹੁਤ ਦੁਖੀ ਹੋਇਆ ਤੇ ਆਪ ਫੌਜ ਲੈ ਕੇ ਉੱਥੇ ਪੁੱਜੇ, ਦੋਸਤ ਮੁਹੰਮਦ ਖਾਂ ਕਾਬਲ ਵੱਲ ਭੱਜ ਗਿਆ। ਅੱਜ ਤੱਕ ਪਠਾਣੀ ਇਲਾਕੇ ਵਿੱਚ ਨਲੂਏ ਦੇ ਨਾਂ ਦੀ ਧਾਂਕ ਹੈ । ਸੰਨ 1838 ਵਿੱਚ ਕਾਬਲ ’ਤੇ ਹਮਲਾ ਕਰਨ ਸੰਬੰਧੀ ਸਾਂਝੀ ਤਿਆਰੀ ਲਈ ਲਾਰਡ ਆਕਲੈਂਡ ਤੇ ਮਹਾਰਾਜੇ ਦੇ ਵਿਚਾਲੇ ਫਿਰੋਜਪੁਰ ਮੁਲਾਕਾਤ ਕੀਤੀ । ਖ਼ਾਲਸਾ ਤੇ ਫਿਰੰਗੀ ਫੌਜਾਂ ਨੇ ਕਾਬਲ ਫ਼ਤਿਹ ਕਰ ਕੇ ਸ਼ਾਹ ਸੁਜਾਅ ਨੂੰ ਗੱਦੀ ’ਤੇ ਬਿਠਾਇਆ। ਮਹਾਰਾਜੇ ਦੇ ਇਸ ਵਿਸ਼ਾਲ ਖਾਲਸਾਈ ਰਾਜਸੀ ਸ਼ਾਨ ਸਮੇਂ ਸਲਤਨਤ (ਹੁਕੂਮਤ) ਦਾ ਘੇਰਾ 1 ਲੱਖ 45 ਹਜ਼ਾਰ ਵਰਗ ਮੁਰੱਬਾ ਸੀ । ਜਿਸ ਤੋਂ 3, 02, 75, 000 ਰੁ: ਸਾਲਾਨਾ ਆਮਦਨ ਆਉਂਦੀ ਸੀ । ਇਸ ਦੀ ਇਕ ਹੱਦ ਸਤਲੁਜ ਦਾ ਬੰਨ੍ਹਾ ਸੀ ਤੇ ਦੂਜੀ ਪੱਛਮ ਵੱਲ ਦਰਾ ਖੈਬਰ ਨਾਲ ਜਾ ਲਗਦੀ ਸੀ, ਜੋ ਉੱਤਰ ਦਿਸ਼ਾ ਵੱਲ ਲਦਾਖ, ਅਸਕਰਦੂ ਤੇ ਤਿੱਬਤ ਤੱਕ ਖ਼ਾਲਸਾਈ ਰਾਜ ਫੈਲਿਆ ਹੋਇਆ ਸੀ ਤਾਂ ਦੱਖਣ ਵੱਲ ਸ਼ਿਕਾਰ ਪੁਰ ਸਿੰਧ ਨਾਲ ਹੱਦਾਂ ਖਹਿੰਦੀਆਂ ਸਨ। ਰਾਜ ਪ੍ਰਬੰਧ ਦੇ ਖਿਆਲ ਨਾਲ ਇਹ ਸਾਰਾ ਇਲਾਕਾ ਮੁਲਕ ਲਾਹੌਰ, ਮੁਲਤਾਨ, ਕਸ਼ਮੀਰ ਤੇ ਪਿਸ਼ੌਰ (ਚਾਰ ਸੂਬਿਆਂ) ਵਿੱਚ ਵੰਡਿਆ ਹੋਇਆ ਸੀ । ਜਿਸ ਵਿੱਚ ਫੌਜ ਦੀ ਕੁਲ ਗਿਣਤੀ 1 ਲੱਖ 23 ਹਜ਼ਾਰ 800 ਸੌ (1, 23, 800) ਜਵਾਨ ਸੀ, ਜਿਨ੍ਹਾਂ ਪਾਸ 384 ਵੱਡੀਆਂ ਤੋਪਾਂ, 840 ਹਲਕੀਆਂ ਤੋਪਾਂ ਤੇ 60,000 ਘੋੜੇ ਸਨ। ਖਜ਼ਾਨੇ ਵਿੱਚ ਅੱਠ ਕਰੋੜ ਨਕਦ ਰੁਪਏ ਤੇ ਅੱਸੀ ਕਰੋੜ ਦੇ ਕੀਮਤੀ ਜਵਾਹਰਾਤ ਹੀਰੇ ਸਨ । ਸ਼ੇਰ ਏ ਪੰਜਾਬ ਨੇ ਥੋੜ੍ਹੇ ਜਿਹੇ ਸਾਲਾਂ ਵਿੱਚ ਐਡੀ ਕਰਾਮਾਤ ਕਰ ਵਿਖਾਈ ਕਿ ਉਸ ਦੀ ਦਾਨਾਈ, ਸਿਆਣਪ, ਦੂਰ-ਅੰਦੇਸ਼ੀ ਮਿਹਨਤ, ਕਾਬਲੀਅਤ ਤੇ ਸੂਰਮਤਾਈ ਦੀ ਹਰ ਦੇਸ਼ੀ ਵਿਦੇਸ਼ੀ ਲਿਖਾਰੀ ਨੇ ਜਿਨ੍ਹਾਂ ਉਸ ਨੂੰ ਅੱਖੀਂ ਵੇਖਿਆ ਉਸ ਦੀ ਪ੍ਰਸੰਸਾ ਕਰਦੇ ਨਹੀਂ ਥੱਕਦੇ ।

ਅਲੈਗਜ਼ੈਂਡਰ ਕਹਿੰਦਾ ਹੈ ਕਿ ਮੈਂ ਹਿੰਦੁਸਤਾਨ ਵਿੱਚ ਕਿਸੇ ਹੋਰ ਤੋਂ ਇਨ੍ਹਾਂ ਪ੍ਰਭਾਵਤ ਨਹੀਂ ਹੋਇਆ, ਜਿਨ੍ਹਾਂ ਮਹਾਰਾਜਾ ਸ਼ੇਰ ਏ ਪੰਜਾਬ ਤੋਂ ਪ੍ਰਭਾਵਤ ਹਾਂ । ਮੂਰਕਰਾਫਟ ਲਿਖਦਾ ਹੈ ਕਿ ਮੈਂ ਏਸ਼ੀਆ ਭਰ ਵਿੱਚ ਸ਼ੇਰ ਏ ਪੰਜਾਬ ਵਰਗਾ ਪ੍ਰਬੀਨ ਹੁਕਮਰਾਨ ਨਹੀਂ ਵੇਖਿਆ। ਆਖਿਰ 22 ਜੂਨ 1839 ਨੂੰ ਕੰਵਰ ਖੜਕ ਸਿੰਘ ਨੂੰ ਰਾਜਗੱਦੀ ਦੇ ਕੇ ਕੁਝ ਚਿਰ ਬਿਮਾਰ ਰਹਿਣ ਉਪਰੰਤ 27 ਜੂਨ 1839 ਨੂੰ ਮਹਾਰਾਜਾ ਚਲਾਣਾ ਕਰ ਗਏ। ਪੰਥ ਪ੍ਰਕਾਸ਼ ਦੇ ਕਰਤਾ ਗਿਆਨੀ ਗਿਆਨ ਸਿੰਘ ਜੀ ਨੇ ਇਸ ਦੁਖਾਂਤ ਨੂੰ ਇੰਜ ਕਲਮ ਬੰਦ ਕੀਤਾ:

ਮਹਾਰਾਜ ਕੋ ਸ੍ਰੀਰ ਦਾਹ ਹੋਤ ਦੇਖ ਧੀਰ ਰੋਵਤੇ ਅਮੀਰ ਤੇ ਫਕੀਰ ਛੋਡਿ ਤਾਬ ਕੋ ।

ਭਾਖੈ ਆਜ ਖਾਕੈ ਭਈ ਬੀਰਤਾਈ ਬੀਰਨ ਕੀ, ਮੀਰਨ ਕੀ ਮੀਰਤਾ, ਅਮੀਰਨ ਪ੍ਰਭਾਵ ਕੋ ।

ਹਿੰਦਨ ਕੀ ਹਿੰਦ ਜਰੀ, ਸਿੰਘ ਕੀ ਜਿੰਦ ਜਰੀ, ਗਿਆਨ ਹਰੀ ਕਵੀਅਨ ਕੋ, ਜਰਗੋ ਅਫ਼ਤਾਬ ਕੋ ।

ਭੂਪਨ ਆਬਾਦੀ ਜਰੀ, ਲਾਹੌਰ ਕੀ ਗਾਦੀ ਜਰੀ, ਜਰ ਗਯੋ ਸੁਹਾਗ ਭਾਗ ਸਗਰੀ ਪੰਜਾਬ ਕੋ ।

ਕਾਸ਼  ! ਅੱਜ ਫਿਰ ਸ਼ੇਰ ਏ ਪੰਜਾਬ ਵਰਗਾ ਰਾਜਨੀਤਕ ਆਗੂ ਪੈਦਾ ਹੋਵੇ ਜੋ ਖੇਰੂੰ-ਖੇਰੂੰ ਹੋਈ ਕੌਮ ਨੂੰ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਨਿਸ਼ਾਨ ਹੇਠ ਇਕੱਠਾ ਕਰ ਸਕੇ ਤੇ ਕੌਮੀ ਪੱਧਰ ’ਤੇ ਸਾਡਾ ਹੌਸਲਾ ਫਿਰ ਬਣ ਸਕੇ ।

ਅਸਾਂ ਮਾਰੇ ਚਾਰ ਚੌਫੇਰੇ ਦੇ ਕਿਲ੍ਹੇ ਭਾਰੇ, ਅਸਾਂ ਮਾਰਿਆ ਕੁੱਲੂ ਭੁਟੰਤ ਮੀਆਂ ।

ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ, ਜੋ ਕਰੇਗਾ ਖਾਲਸਾ ਪੰਥ ਮੀਆਂ ।

ਚਲੀ ਸਭ ਪੰਜਾਬ ਦੀ ਬਾਦਸ਼ਾਹੀ, ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ ।

ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈ, ਸਿਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ ।

ਕਿਉਂ ਸਾਡੇ ਹਾਈ-ਵੇਅ, ਕਸਾਈ-ਵੇਅ ਬਣ ਰਹੇ ਹਨ ?

0

ਕਿਉਂ ਸਾਡੇ ਹਾਈ-ਵੇਅ, ਕਸਾਈ-ਵੇਅ ਬਣ ਰਹੇ ਹਨ ?

– ਇਕਵਾਕ ਸਿੰਘ ਪੱਟੀ, ਸੁਲਤਾਨਵਿੰਡ ਰੋਡ (ਅੰਮ੍ਰਿਤਸਰ)- 98150-24920

ਤੇਜ਼ ਰਫਤਾਰ, ਸੜਕ ਤੇ ਸਾਡੀਆਂ ਗੱਡੀਆਂ ਕਾਰਾਂ ਦੀ ਹੋਵੇ ਜਾਂ ਮੋਬਾਇਲ ਦੇ ਡਾਟਾ ਪੈਕ ਦੀ, ਬੱਸ ਇਹ ਤੇਜ਼ੀ ਸਾਡੀ ਜਿੰਦਗੀ ਦਾ ਹਿੱਸਾ ਬਣ ਚੁੱਕੀ ਹੈ। ਮੈਂ ਜਦ ਕਦੇ ਦੇਰ ਰਾਤ ਨੂੰ ਘਰ ਤੋਂ ਬਾਹਰ ਨਿਕਲਦਾ ਹਾਂ ਤਾਂ ਆਪਣੇ ਹੀ ਸ਼ਹਿਰ ਦੀਆਂ ਗਲੀਆਂ, ਬਾਜ਼ਾਰਾਂ, ਸੜਕਾਂ ਨੂੰ ਦੇਖ ਕੇ ਹੈਰਾਨ ਹੋ ਜਾਂਦਾ ਹਾਂ ਕਿ ਕਿੰਨਾ ਵੱਡਾ ਅਤੇ ਖੁੱਲ੍ਹਾ ਡੁੱਲ੍ਹਾ ਹੈ ਮੇਰਾ ਸ਼ਹਿਰ। ਕਿਸੇ ਵੀ ਦੁਕਾਨ ਵਿੱਚੋਂ ਕੋਈ ਸਮਾਨ ਬਾਹਰ ਲੱਗਿਆ ਨਹੀਂ ਦਿੱਸ ਰਿਹਾ ਹੁੰਦਾ, ਕੋਈ ਰੇਹੜੀ ਜਾਂ ਠੇਲ੍ਹਾ ਨਜਾਇਜ਼ ਤੌਰ ਤੇ ਸੜਕਾਂ ਦੀ ਹੱਦ ਮੱਲ੍ਹੀ ਨਹੀਂ ਖੜ੍ਹਾ ਹੁੰਦਾ। ਕਿਤੇ ਵੀ ਗਲਤ ਢੰਗ ਨਾਲ ਕੀਤੀ ਗਈ ਪਾਰਕਿੰਗ ਨਜ਼ਰ ਨਹੀਂ ਪੈਂਦੀ। ਇੱਕ ਦੂਜੇ ਤੋਂ ਅੱਗੇ ਲੰਘਣ ਲਈ ਬੇਵਜ੍ਹਾ ਉੱਚੀ ਅਵਾਜ਼ ਦੇ ਹਾਰਨ ਸੁਣਨ ਨੂੰ ਨਹੀਂ ਮਿਲਦੇ। ਸੋਚਦਾ ਹਾਂ ਉਹ ਕਿੰਨਾ ਭਲਾ ਵੇਲਾ ਹੋਵੇਗਾ ਜਦੋਂ ਵਾਕਈ ਇੱਦਾਂ ਵੀ ਕਦੇ ਰਿਹਾ ਹੋਵੇਗਾ। ਜਦੋਂ ਸਿਰਫ ਘੋੜੇ ਦੀਆਂ ਟਾਪਾਂ, ਜਿੰਦਗੀ ਦੀ ਗੱਡੀ ਨੂੰ ਧੀਮੀ ਜਿਹੀ ਗਤੀ ਨਾਲ ਪੰਧ ਮੁਕਾਉਣ ਵਿੱਚ ਮਦਦ ਕਰਦੀਆਂ ਹੋਣਗੀਆਂ। ਨਾ ਹਾਰਨਾਂ ਦਾ ਸ਼ੋਰ-ਸ਼ਰਾਬਾ, ਨਾ ਪ੍ਰਦੂਸ਼ਣ ਦੀ ਸਮੱਸਿਆ, ਨਾ ਕਾਹਲੀ ਕਰਦੇ ਹੋਏ ਵਾਪਰਦੇ ਹਾਦਸੇ, ਨਾ ਭੀੜ-ਭੜੱਕਾ ਨਾ ਸੱਜਿਉਂ-ਖੱਬਿਉਂ ਇੱਕ ਦਮ ਆਉਣ ਵਾਲੀ ਕਿਸੇ ਕਾਰ/ਗੱਡੀ/ਬਾਈਕ ਦਾ ਫਿਕਰ।

ਖੈਰ, ਵਾਪਸ ਅੱਜ ਵਿੱਚ ਆਉਂਦਾ ਹਾਂ ਤਾਂ ਸੈਂਕੜੇ ਤੇ ਹਜ਼ਾਰਾਂ ਮੀਲਾਂ ਦੀ ਦੂਰੀ ਕੁੱਝ ਸਕਿੰਟਾਂ/ਮਿੰਟਾਂ ਵਿੱਚ ਮੁੱਕ ਜਾਂਦੀ ਹੈ। ਮੋਟਰ ਗੱਡੀਆਂ ਤੋਂ ਲੈ ਕੇ ਹਵਾਈ ਜਹਾਜ਼ ਤੱਕ ਦੀ ਕਾਢ ਨੇ ਜਿੰਦਗੀ ਦੀ ਰਫਤਾਰ ਨੂੰ ਬਹੁਤ ਤੇਜ਼ ਕਰ ਦਿੱਤਾ, ਪਰ ਇਸ ਨੂੰ ਖਤਰਿਆਂ ਭਰਿਆ ਵੀ ਬਣਾ ਦਿੱਤਾ। ਪਰ ਜੇਕਰ ਸਮੁੱਚੇ ਪੱਖ ਤੋਂ ਵਿਚਾਰ ਕਰੀਏ ਤਾਂ ਪਤਾ ਲੱਗੇਗਾ ਕਿ ਇਸ ਵਿੱਚ ਕੇਵਲ ਮੋਟਰ ਗੱਡੀਆਂ ਦੀ ਤੇਜ਼ ਰਫਤਾਰੀ ਨੂੰ ਦੋਸ਼ ਦੇਣਾ ਕੋਈ ਸਮਝਦਾਰੀ ਨਹੀਂ ਹੋਵੇਗਾ, ਬਲਕਿ ਉਸ ਤੋਂ ਜਿਆਦਾ ਦੋਸ਼ੀ ਅਸੀਂ ਆਪ ਵੀ ਹਾਂ। ਮੋਟੇ ਤੌਰ ਤੇ ਤੇਜ਼ ਰਫਤਾਰੀ, ਨਸ਼ਿਆਂ ਦਾ ਸੇਵਨ, ਇੱਕ-ਦੂਜੇ ਤੋਂ ਅੱਗੇ ਲੰਘਣ ਦੀ ਕਾਹਲੀ, ਲਾਪਰਵਾਹੀ, ਸੜਕਾਂ ਤੇ ਸਟੰਟਬਾਜ਼ੀ (ਕਰਤੱਬ) ਦਿਖਾਉਣੀ, ਸੜਕੀ ਨਿਯਮਾਂ ਪ੍ਰਤੀ ਕੁਤਾਹੀ ਅਤੇ ਅਣਜਾਣਤਾ, ਸੜਕਾਂ ਤੇ ਅਵਾਰਾ ਪਸ਼ੂਆਂ ਦਾ ਖੁਲ੍ਹੇਆਮ ਘੁੰਮਣਾ, ਸਰਦੀਆਂ ਦੌਰਾਨ ਸੰਘਣੀ ਧੁੰਦ ਅਤੇ ਤਿੱਖੀਆ ਲਾਈਟਾਂ, ਸੱਜੇ-ਖੱਬੇ ਮੁੜਨ ਲੱਗਿਆਂ ਇਸ਼ਾਰਿਆਂ ਦੀ ਵਰਤੋਂ ਨਾ ਕਰਨਾ, ਡਰਾਈਵਿੰਗ ਦੌਰਾਨ ਮੋਬਾਇਲ ਦੀ ਵਰਤੋਂ, ਮਾਨਵ ਰਹਿਤ ਫਾਟਕ ਜਿਸ ਕਰਕੇ ਕਈ ਮੋਟਰ ਗੱਡੀਆਂ, ਰੇਲ ਗੱਡੀ ਦਾ ਸ਼ਿਕਾਰ ਬਣ ਜਾਂਦੀਆਂ ਹਨ, ਧਾਰਮਿਕ ਮੇਲਿਆਂ ਦੌਰਾਨ ਟਰੈਕਟਰ ਟਰਾਲੀਆਂ ਜਾਂ ਟਰੱਕਾਂ ਉੱਤੇ ਵਾਧੂ ਆਹਰ ਕਰ ਕੇ ਬਿਠਾਏ ਵਧੇਰੇ ਲੋਕ, ਨਾਬਾਲਗਾਂ ਵੱਲੋਂ ਦੋ ਅਤੇ ਚਾਰ ਪਹੀਆ ਦੀ ਸਵਾਰੀ ਕਰਨਾ ਆਦਿ ਕਾਰਨ ਮੁੱਖ ਰੂਪ ਵਿੱਚ ਸ਼ਾਮਲ ਹਨ। ਤੁਸੀਂ ਆਪ ਦੇਖ ਸਕਦੇ ਹੋ ਕਿ 80 ਫੀਸਦੀ ਤੋਂ ਵੱਧ ਦੋ ਪਹੀਆ ਵਾਹਨਾਂ ਤੇ ਲੱਗੇ ਪਿੱਛੇ ਦੇਖਣ ਵਾਲੇ ਦੋਨੋਂ ਸ਼ੀਸ਼ੇ ਨੌਜਵਾਨਾਂ ਵੱਲੋਂ ਫੈਸ਼ਨਪ੍ਰਤਸੀ ਦੇ ਤੌਰ ਤੇ ਉਤਾਰ ਦਿੱਤੇ ਜਾਂਦੇ ਹਨ, ਜਿਸ ਕਾਰਨ ਮੁੜਨ ਲੱਗਿਆਂ ਅਤੇ ਆਪਣੇ ਅਗਲੇ ਵਾਹਨ ਤੋਂ ਅੱਗੇ ਕੱਢਣ ਲੱਗਿਆਂ ਬਿਨ੍ਹਾਂ ਪਿੱਛੇ ਦੇਖੇ ਆਪਣਾ ਵਾਹਨ ਆਪਣੀ ਮਰਜ਼ੀ ਨਾਲ ਮੋੜ ਲਿਆ ਜਾਂਦਾ ਹੈ, ਜਿਸ ਕਰਕੇ ਪਿੱਛੇ ਆ ਰਹੇ ਵਾਹਨ ਵਾਲੇ ਨੂੰ ਆਪਣੀ ਗੱਡੀ ਕੰਟਰੋਲ ਕਰਨੀ ਔਖੀ ਹੋ ਜਾਂਦੀ ਹੈ। ਜਿਸ ਕਰ ਕੇ ਹਰ ਰੋਜ਼ ਹਾਦਸੇ ਵਾਪਰ ਰਹੇ ਹਨ, ਅਜਾਈਂ ਮੌਤਾਂ ਹੋ ਰਹੀਆਂ ਹਨ, ਛੋਟੇ-ਛੋਟੇ ਬੱਚੇ-ਬੱਚੀਆਂ, ਨੌਜਵਾਨ, ਬਜ਼ੁਰਗ ਸੜਕਾਂ ’ਤੇ ਹੋ ਰਹੇ ਇਸ ਮੌਤ ਰੂਪੀ ਤਾਂਡਵ ਦਾ ਸ਼ਿਕਾਰ ਬਣ ਰਹੇ ਹਨ, ਉੱਥੇ ਪਰਿਵਾਰਾਂ ਦੇ ਪਰਿਵਾਰ ਵੀ ਇਸ ਸੜਕੀ ਅੱਤਵਾਦ ਦੇ ਕਾਲੇ ਪ੍ਰਛਾਵੇਂ ਦੀ ਲਪੇਟ ਵਿੱਚ ਆ ਰਹੇ ਹਨ।

ਇੱਕ ਰਿਪੋਰਟ ਅਨੁਸਾਰ ਭਾਰਤ ਵਿੱਚ ਹਰ ਘੰਟੇ ਦੌਰਾਨ ਲਗਭਗ 56 ਸੜਕੀ ਹਾਦਸੇ ਹੁੰਦੇ ਹਨ ਜਿੰਨ੍ਹਾਂ ਵਿੱਚ 16 ਮੌਤਾਂ ਹੁੰਦੀਆਂ ਹਨ ਅਤੇ ਸੜਕੀ ਆਵਾਜਾਈ ਮੰਤਰਾਲੇ ਅਨੁਸਾਰ ਇੱਕ ਸਾਲ ਵਿੱਚ 1.39 ਲੱਖ ਤੋਂ ਜਿਆਦਾ ਲੋਕ ਸੜਕੀ ਹਾਦਸਿਆਂ ਵਿੱਚ ਆਪਣੀਆਂ ਜਾਨ ਗਵਾ ਦਿੰਦੇ ਹਨ। ਸੜਕੀ ਆਵਾਜਾਈ ਮੰਤਰਾਲੇ ਮੁਤਾਬਕ ਸਾਲ 2015 ਵਿੱਚ 4 ਲੱਖ, 89 ਹਜ਼ਾਰ ਤੋਂ ਵੱਧ ਸੜਕ ਹਾਦਸੇ ਵਾਪਰੇ, ਜਿਨ੍ਹਾਂ ਵਿੱਚ 1 ਲੱਖ, 39 ਹਜ਼ਾਰ ਤੋਂ ਵੱਧ ਲੋਕ ਮਾਰੇ ਗਏ। ਰਿਪੋਰਟ ਵਿੱਚ ਇਹ ਵੀ ਖੁਲਾਸਾ ਹੋਇਆ ਕਿ 55 ਪ੍ਰਤੀਸ਼ਤ ਸੜਕੀ ਹਾਦਸੇ ਤੇ ਇਨ੍ਹਾਂ ਹਾਦਸਿਆਂ ਦੌਰਾਨ ਹੋਣ ਵਾਲੀਆਂ 56 ਪ੍ਰਤੀਸ਼ਤ ਮੌਤਾਂ ਦਾ ਕਾਰਨ ਤੇਜ਼ ਰਫਤਾਰ ਹੈ, 5 ਫੀਸਦੀ ਹਾਦਸਿਆਂ ਦਾ ਕਾਰਨ ਨਸ਼ਾ, ਜਿਸ ਵਿੱਚ 6.8 ਫੀਸਦੀ ਮੌਤਾ ਹੁੰਦੀਆਂ ਹਨ, ਆਦਿ।

ਜਿੱਥੇ ਸੜਕਾਂ ਉੱਚ ਪਾਏ ਦੀਆਂ ਹੋਣ ਕਾਰਨ ਤੇਜ਼ ਰਫਤਾਰ ਤੇ ਲਾਪਰਵਾਈ ਹਾਦਸਿਆਂ ਦਾ ਕਾਰਨ ਹੈ ਉੱਥੇ ਜੇਕਰ ਸੜਕਾਂ ਮਾੜੀਆਂ ਹਨ ਜਾਂ ਸਾਈਨ ਬੋਰਡ, ਆਵਾਜਾਈ ਸਬੰਧੀ ਸਿਗਨਲ ਅਤੇ ਟਰੈਫਿਕ ਪੁਲਿਸ ਨਾ ਹੋਣ ਕਰ ਕੇ ਵੀ ਸਾਲ 2014 ਵਿੱਚ 2 ਲੱਖ 13 ਹਜ਼ਾਰ 32 ਹਾਦਸੇ ਵਾਪਰੇ ਅਤੇ ਬਿਨਾਂ ਸੂਚਨਾ ਬੋਰਡਾਂ ਤੋਂ ਸੜਕ ਉੱਤੇ ਬਣਾਏ ਗਏ ਸਪੀਡ ਬਰੇਕਰਾਂ ਕਾਰਨ ਵੀ 11,008 ਹਾਦਸੇ ਵਾਪਰੇ, ਜਿਨ੍ਹਾਂ ਵਿੱਚ 3633 ਦੇ ਕਰੀਬ ਮੌਤਾਂ ਹੋਈਆਂ। ਹੋ ਸਕਦਾ ਹੈ ਕਿ ਗ਼ੈਰ ਸਰਕਾਰੀ ਸਰਵੇਖਣਾਂ ਵਿੱਚ ਇਹ ਆਕੜੇ ਕਿਤੇ ਵੱਧ ਹੋਣ।

ਹਾਲਾਤਾਂ ਅਨੁਸਾਰ ਐਸਾ ਜਾਪਦਾ ਹੈ ਜਿਵੇਂ ਸੜਕੀ ਹਾਦਸੇ ਸਾਡੀ ਜਿੰਦਗੀ ਦਾ ਅਟੁੱਟ ਹਿੱਸਾ ਬਣ ਗਏ ਹੋਣ, ਕਿਉਂਕਿ ਇੱਕ ਵੀ ਦਿਨ ਐਸਾ ਨਹੀਂ, ਜਿਸ ਦਿਨ ਹਾਦਸਾ ਨਾ ਵਾਪਰਿਆ ਹੋਵੇ ਤੇ ਕੋਈ ਮੌਤ ਨਾ ਹੋਈ ਹੋਵੇ। ਅਸੀਂ ਸਾਰੇ ਇਸ ਮਾਮਲੇ ਪ੍ਰਤੀ ਚਿੰਤਤ ਤਾਂ ਹਾਂ, ਪਰ ਇਸ ਦਾ ਹੱਲ ਕੱਢਣ ਨੂੰ ਤਿਆਰ ਨਹੀਂ। ਮੇਰੇ ਵਿਚਾਰਾਂ ਅਨੁਸਾਰ ਸਭ ਤੋਂ ਪਹਿਲਾਂ ਪ੍ਰਸ਼ਾਸਨ ਇਸ ਪ੍ਰਤੀ ਗੰਭੀਰ ਅਤੇ ਸੰਜੀਦਾ ਹੋਵੇ ਅਤੇ ਪੂਰੀ ਸਖਤੀ ਵਰਤਣੀ ਸ਼ੁਰੂ ਕਰੇ ਤਾਂ ਸ਼ਾਇਦ ਇਸ ਸੜਕੀ ਹਾਦਸਿਆਂ ’ਤੇ ਰੋਕ ਲੱਗ ਸਕਦੀ ਹੈ। ਮਿਸਾਲ ਦੇ ਤੌਰ ਤੇ ਅੰਮ੍ਰਿਤਸਰ ਸਾਹਿਬ ਜਦੋਂ ਅਸੀਂ ਭੰਡਾਰੀ ਪੁੱਲ ਤੋਂ ਐਲੀਵੇਟਿਡ ਪੁੱਲ ’ਤੇ ਚੜ੍ਹਦੇ ਹਾਂ ਤਾਂ ਕੋਈ ਵੀ ਮੋਟਰ ਗੱਡੀ, ਕਾਰ ਜਾਂ ਕੋਈ ਵੀ ਵਾਹਨ ਵੱਡਾ ਜਾਂ ਛੋਟਾ ਹੋਵੇ ਉਸ ਦੀ ਗਤੀ 50 ਕਿਲੋਮੀਟਰ ਪ੍ਰਤੀ ਘੰਟੇ ਤੋਂ ਉੱਪਰ ਨਹੀਂ ਹੁੰਦੀ, ਇਸ ਦਾ ਮਤਲਬ ਇਹ ਨਹੀਂ ਕਿ ਇੱਥੇ ਲੋਕ ਸੜਕੀ ਨਿਯਮਾਂ ਪ੍ਰਤੀ ਜਾਗਰੂਕ ਹਨ ਬਲਕਿ ਇਸ ਦਾ ਕਾਰਨ ਪੁੱਲ ਦੇ ਅੱਧ ਵਿੱਚ ਟ੍ਰੈਫਿਕ ਪੁਲਿਸ ਵਾਲੇ ਵੱਡੀ ਤਦਾਦ ਵਿੱਚ ਬੈਰੀਗੇਟ ਲਗਾ ਕੇ ਖੜ੍ਹੇ ਹੁੰਦੇ ਹਨ ਅਤੇ ਰਾਡਾਰ ਅਤੇ ਕੈਮਰਿਆਂ ਦੀ ਮਦਦ ਨਾਲ ਭੰਡਾਰੀ ਪੁੱਲ ਤੋਂ ਐਲੀਵੇਟਿਡ ਪੁੱਲ ਵੱਲ ਆਉਣ ਵਾਲੀਆਂ ਗੱਡੀਆਂ ਉੱਤੇ ਬਾਜ਼ ਅੱਖ ਰੱਖੀ ਬੈਠੇ ਹੁੰਦੇ ਹਨ। ਜਿਸ ਕਰ ਕੇ ਚਲਾਣ ਦੇ ਡਰ ਤੋਂ ਲੋਕ ਵੀ ਆਵਾਜਾਈ ਸਬੰਧੀ ਨਿਰਧਾਰਤ ਗਤੀ ਦੇ ਨਿਯਮ ਨੂੰ ਪੂਰੀ ਤਰ੍ਹਾਂ ਅਪਣਾ ਲੈਂਦੇ ਹਨ। ਜੇ ਐਸਾ ਹਰ ਜਗ੍ਹਾ ਹਰ ਪਾਸੇ ਹੋਵੇ ਤਾਂ ਵੱਡੇ ਪੱਧਰ ’ਤੇ ਸੜਕੀ ਹਾਦਸੇ ਰੋਕੇ ਜਾ ਸਕਦੇ ਹਨ।

ਇਸ ਤੋਂ ਇਲਾਵਾ ਟ੍ਰੈਫਿਕ ਪੁਲਿਸ ਇੱਕ-ਅੱਧੀ ਵਾਰ ਚਿਤਾਵਨੀ ਤੋਂ ਬਾਅਦ ਡਰਾਇਵਿੰਗ ਲਾਇੰਸਸ ਰੱਦ ਕਰ ਦੇਵੇ। ਬਿਨਾਂ ਡਰਾਈਵਿੰਗ ਟੈਸਟ ਪਾਸ ਕੀਤਿਆਂ ਲਾਇਸੰਸ ਜਾਰੀ ਨਾ ਹੋਣ।, ਲੋਕ ਵੀ ਆਪਣੀ ਜਾਨ ਦੇ ਨਾਲ ਦੂਜਿਆਂ ਦੀਆਂ ਜਾਨਾਂ ਦੀ ਕੀਮਤ ਸਮਝਣ।, ਟ੍ਰੈਫਿਕ ਨਿਯਮਾਂ ਦਾ ਪੂਰਾ-ਪੂਰਾ ਗਿਆਨ ਹੋਵੇ।, ਗੱਡੀਆਂ ਦੀ ਰਫਤਾਰ ਤੈਅ ਕੀਤੀ ਗਈ ਗਤੀ ਤੋਂ ਵਧੇਰੇ ਨਾ ਕੀਤੀ ਜਾਵੇ।, ਸੜਕ ਪਾਰ ਕਰਨ ਵਾਲੇ ਪੂਰੀ ਚੇਤਨਤਾ ਨਾਲ ਸੜਕ ਪਾਰ ਕਰਨ ਵੇਲੇ ਦੋਨੋਂ ਪਾਸਿਉਂ ਸੁਰੱਖਿਆ ਯਕੀਨੀ ਬਣਾ ਲੈਣ।, ਗਲੀਆਂ, ਬਾਜ਼ਾਰਾਂ ਵਿੱਚ ਦੋ ਪਹੀਆ ਵਾਹਨਾਂ ਦੀ ਗਤੀ ਧੀਮੀ ਹੋਵੇ।, ਹਰ ਮੋੜ ’ਤੇ ਹਾਰਨ ਦੀ ਵਰਤੋਂ ਜ਼ਰੂਰੀ ਹੈ।, ਨਾਬਾਲਗ ਬੱਚਿਆਂ ਨੂੰ ਮੋਟਰਸਾਈਕਲ ਜਾਂ ਕਾਰਾਂ ਦੀ ਵਰਤੋਂ ਨਾ ਕਰਨ ਦਿੱਤੀ ਜਾਵੇ।

ਸਕੂਲਾਂ ਵਿੱਚ ਅਕਸਰ ਛੁੱਟੀ ਵੇਲੇ ਵਿਦਿਆਰਥੀ ਆਪਣੇ ਤਿੰਨ ਚਾਰ ਦੋਸਤਾਂ ਨੂੰ ਇੱਕੋ ਹੀ ਮੋਟਰਸਾਈਕਲ ਉੱਤੇ ਬਿਠਾ ਲੈਂਦੇ ਹਨ, ਇਸ ਉੱਤੇ ਸਕੂਲ ਪ੍ਰਬੰਧਕ ਸਖਤੀ ਨਾਲ ਰੋਕ ਲਗਾਉਣ।, ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਚਲਾਣ ਜ਼ਰੂਰੀ ਤੇ ਵੱਡੀ ਰਕਮ ਵਿੱਚ ਵਸੂਲਿਆ ਜਾਵੇ।, ਓਵਰਟੇਕ ਕਰਨ ਵੇਲੇ ਮੁਕੰਮਲ ਰੂਪ ਵਿੱਚ ਇਹਤੀਆਤ ਵਰਤੀ ਜਾਵੇ।

ਯਾਦ ਰੱਖੋ ਕਾਹਲੀ ਵਿੱਚ ਜਾਂ ਆਰਾਮ ਨਾਲ ਦੁਨੀਆਂ ਦੇ ਸਾਰੇ ਕੰਮ ਹੁੰਦੇ ਹੀ ਰਹਿਣੇ ਨੇ, ਸਾਡੇ ਜਿਉਂਦਿਆਂ ਵੀ ਅਤੇ ਸਾਡੇ ਮਗਰੋਂ ਵੀ। ਇਸ ਲਈ ਜ਼ਰੂਰੀ ਹੈ ਕਿ ਆਪਣੇ ਸਮੇਤ ਦੂਜਿਆਂ ਦੀਆਂ ਜਿੰਦਗੀਆਂ ਦੀ ਸੁਰੱਖਿਆ ਬਾਰੇ ਜ਼ਰੂਰ ਸੋਚਿਆ ਜਾਵੇ, ਕਿਉਂਕਿ ਘਰ ਕਦੇ ਵੀ ਨਾ ਪਹੁੰਚਣ ਨਾਲੋਂ ਕਿਤੇ ਚੰਗਾ ਹੈ ਕਿ ਘਰ ਜ਼ਰਾ ਮਾਸਾ ਦੇਰੀ ਨਾਲ ਪਹੁੰਚਿਆ ਜਾਵੇ। ਦੂਜਿਆਂ ਨੂੰ ਦੋਸ਼ ਦੇਣ ਦੇ ਨਾਲ ਅਸੀਂ ਆਪ ਵੀ ਨਿਯਮਾਂ ਦੀ ਪਾਲਣਾ ਕਰਨਾ ਸ਼ੁਰੂ ਕਰ ਦੇਈਏ ਤਾਂ ਕਈ ਬੇਸ਼ਕਿਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਆਮੀਨ  !

ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦੇ ਪ੍ਰੱਮੁਖ 10 ਕਾਰਨ

0

ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦੇ ਪ੍ਰੱਮੁਖ 10 ਕਾਰਨ

ਗਿਆਨੀ ਅੰਮ੍ਰਿਤਪਾਲ ਸਿੰਘ (ਲੁਧਿਆਣਾ)

ਕਿਸੇ ਗੁਰਦੁਆਰਾ ਸਾਹਿਬ ਦੇ ਬਾਹਰ ਠੰਢੇ ਮਿੱਠੇ ਜਲ ਦੀ ਲੱਗੀ ਛਬੀਲ ਦੇਖ ਕੇ ਇਕ ਆਦਮੀ ਨੇ ਦੂਜੇ ਆਦਮੀ ਨੂੰ ਪੁੱਛਿਆ ਕਿ ਇਹ ਸਿੱਖ ਲੋਗ ਇੰਨੇ ਚਾਅ ਨਾਲ ਦੁਨੀਆਂ ਨੂੰ ਠੰਢਾ ਮਿੱਠਾ ਪਾਣੀ ਕਿਉਂ ਪਿਲਾ ਰਹੇ ਨੇ ?

ਦੂਜੇ ਨੇ ਅਣਜਾਣਤਾ ਵਿਚ ਜਵਾਬ ਦਿੱਤਾ ਕਿ ਅੱਜ ਸਿੱਖ ਬੜੇ ਖੁਸ਼ ਨਜ਼ਰ ਆ ਰਹੇ ਨੇ। ਲੱਗਦੈ ਕਿ ਇਹਨਾਂ ਦੇ ਗੁਰੂ ਦਾ ਅੱਜ ਜਨਮ ਦਿਨ ਹੈ, ਤਾਂ ਹੀ ਇੰਨੀ ਖੁਸ਼ੀ ਵਿਚ ਪਾਣੀ ਪਿਲਾ ਰਹੇ ਨੇ।

ਕੋਲ ਖਲੋਤੇ ਇਕ ਪਿਆਰ ਵਾਲੇ ਗੁਰਸਿੱਖ ਦੇ ਕੰਨੀਂ ਜਦੋਂ ਇਹ ਗੱਲ ਪਈ ਤਾਂ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ। ਉਹ ਡੂੰਘੀ ਸੋਚ ਵਿਚ ਗੁਆਚ ਗਿਆ ਕਿ ਹੇ ਧੰਨ ਗੁਰੂ ਅਰਜਨ ਸਾਹਿਬ ਜੀਓ ! ਅਸੀਂ ਕਿੰਨੇ ਅਕ੍ਰਿਤਘਣ ਹੋ ਗਏ ਹਾਂ। ਅਸੀਂ ਦੁਨੀਆਂ ਨੂੰ ਦੱਸ ਹੀ ਨਾ ਸਕੇ ਕਿ ਜਿਸ ਗੁਰਦੇਵ ਨੇ ਸੜਦੀ-ਬਲਦੀ ਦੁਨੀਆਂ ਦੀ ਝੋਲੀ ਇਹ ਬਚਨ ਉਚਾਰ ਕੇ ਗੁਰਬਾਣੀ ਦੀ ਠੰਢ ਪਾਈ ‘‘ਕਲਿ ਤਾਤੀ, ਠਾਂਢਾ ਹਰਿ ਨਾਉ ॥’’ (ਮ: ੫/੨੮੮), ਉਸ ਗੁਰਦੇਵ ਨੂੰ ਅੱਜ ਦੇ ਦਿਨ ਜ਼ਾਲਮਾਂ ਨੇ ਤੱਤੀ ਤਵੀ ’ਤੇ ਬਿਠਾ ਕੇ ਸੀਸ ਵਿਚ ਗਰਮ ਰੇਤਾ ਪਾਇਆ ਸੀ। ਸੰਸਾਰ ਵਿਚ ਠੰਢ ਵਰਤਾਉਣ ਵਾਲੀ ਬਰਫ਼ ਨੂੰ ਤੱਤੀ ਤਵੀ ’ਤੇ ਰੱਖ ਕੇ ਭੁੰਨਿਆ ਗਿਆ ਸੀ। ਅੱਜ ਦੇ ਦਿਨ ਸਾਡੇ ਗੁਰੂ ਦੀ ਝੋਲੀ ਵਿਚ ਅੱਗ ਪਾਈ ਪਰ ਅਸੀਂ ਬਦਲੇ ਵਿਚ ਦੁਨੀਆਂ ਨੂੰ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ। ਜਿਸ ਨੇ ਮਨੁੱਖਤਾ ਦੇ ਭਲੇ ਦੀ ਖ਼ਾਤਰ ਆਪਾ ਕੁਰਬਾਨ ਕਰ ਦਿੱਤਾ ਅਸੀਂ ਉਸ ਗੁਰੂ ਸਾਹਿਬ ਦੀ ਸ਼ਹਾਦਤ ਬਾਰੇ ਦੁਨੀਆਂ ਨੂੰ ਕੁਝ ਦੱਸ ਹੀ ਨਹੀਂ ਸਕੇ। ਦੁਨੀਆਂ ਨੂੰ ਤਾਂ ਕੀ ਆਪਣੇ ਬੱਚਿਆਂ ਨੂੰ ਵੀ ਨਹੀਂ ਦੱਸ ਸਕੇ ਕਿ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਕਿਉਂ ਤੇ ਕਿਵੇਂ ਹੋਈ।

ਚਾਹੀਦਾ ਤਾਂ ਸੀ ਕਿ ਅੱਜ ਦੇ ਦਿਨ ਤਾਂ ਠੰਢੇ ਜਲ ਦੀ ਛਬੀਲ ਦੇ ਨਾਲ-ਨਾਲ ਪੰਚਮ ਗੁਰਦੇਵ ਜੀ ਦੇ ਜੀਵਨ ਇਤਿਹਾਸ ਨੂੰ ਵੀ ਵਰਤਾਉਂਦੇ। ਸਤਿਗੁਰੂ ਜੀ ਦੀ ਬਾਣੀ ਦਾ ਲੰਗਰ ਵੀ ਲਗਾਉਂਦੇ ਤਾਂ ਕਿ ਸਤਿਗੁਰੂ ਜੀ ਦੀ ਸ਼ਹਾਦਤ ਵਿਚ ਛੁਪਿਆ ਮਨੁੱਖਤਾ ਦੇ ਭਲੇ ਦਾ ਸੰਦੇਸ਼ ਦੁਨੀਆਂ ਨੂੰ ਮਿਲ ਸਕਦਾ। ਆਓ, ਪੰਚਮ ਗੁਰਦੇਵ ਜੀ ਦੀ ਸ਼ਹਾਦਤ ਦੇ ਕੁਝ ਕੁ ਕਾਰਨਾਂ ’ਤੇ ਸੰਖੇਪ ਜਿਹੀ ਝਾਤ ਮਾਰੀਏ:

ਗੁਰੂ ਨਾਨਕ ਸਾਹਿਬ ਤੋਂ ਪੰਜਵੇਂ ਪਾਤਸ਼ਾਹ ਤੱਕ ਦੇਸਾਂ-ਪ੍ਰਦੇਸਾਂ ਵਿਚ ਸਿੱਖੀ ਦਾ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਚਾਰ ਹੋ ਚੁੱਕਾ ਸੀ। ਸਿੱਖੀ ਦੇ ਤਿੰਨ ਹੀ ਅਸੂਲ ਹਨ: ‘ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ’। ਸਿੱਖੀ ਦੇ ਇਹ ਅਸੂਲ ਇੰਨੇ ਸਰਲ ਤੇ ਅਰਥ ਭਰਪੂਰ ਸਨ ਕਿ ਹਰ ਕੋਈ ਸਿੱਖੀ ਵੱਲ ਖਿੱਚਿਆ ਆਉਂਦਾ ਸੀ। ਇਹ ਗੱਲ ਅਨਮੱਤਾਂ ਦੇ ਪ੍ਰਚਾਰਕ ਤੇ ਆਗੂ ਜਰ ਨਾ ਸਕੇ ਕਿਉਂਕਿ ਉਹਨਾਂ ਦੀਆਂ ਝੂਠ ਦੀਆਂ ਦੁਕਾਨਾਂ ਬੰਦ ਹੋ ਰਹੀਆਂ ਸਨ। ਉਹਨਾਂ ਨੇ ਸਤਿਗੁਰੂ ਜੀ ਦੇ ਸਿਧਾਂਤਾਂ ਨੂੰ ਬੰਦ ਕਰਨ ਲਈ ਬੜੇ ਯਤਨ ਕੀਤੇ। ਸਤਿਗੁਰੂ ਜੀ ਨੂੰ ਸ਼ਹੀਦ ਕਰਵਾਉਣ ਵਿਚ ਵੀ ਕੋਈ ਕਸਰ ਨਹੀਂ ਛੱਡੀ। ਵਿਦਵਾਨਾਂ ਵੱਲੋਂ ਗੁਰਦੇਵ ਜੀ ਦੀ ਸ਼ਹਾਦਤ ਦੇ 10 ਪ੍ਰਮੁੱਖ ਕਾਰਨ ਇਹ ਮੰਨੇ ਗਏ ਹਨ:

(1). ਬਿਪਰਵਾਦ: ਬ੍ਰਾਹਮਣੀ ਮੱਤ ਵਿਚ ਸੂਤਕ ਪਾਤਕ, ਵਰਤ, ਯੱਗ, ਹੋਮ, ਜੰਤਰ ਮੰਤਰ, ਸੰਗਰਾਂਦ, ਮੱਸਿਆ, ਪੂਰਨਮਾਸ਼ੀ, ਦਸਮੀ, ਇਕਾਦਸ਼ੀ, ਮਹੂਰਤ, ਸ਼ਗਨ ਅਪਸ਼ਗਨ, ਦਾਨ, ਪੁੰਨ, ਤੀਰਥ ਇਸ਼ਨਾਨ, ਸਰੀਰਾਂ ਨੂੰ ਕਸ਼ਟ ਦੇਣ ਵਾਲੇ ਤਪ, ਲੋਕਾਂ ਤੋਂ ਉਹਨਾਂ ਦੀ ਧਨ-ਦੌਲਤ, ਜ਼ਮੀਨ, ਜਾਇਦਾਦ ਦਾਨ ਵਿਚ ਲੈਣੀ, ਉਹਨਾਂ ਦੀਆਂ ਪਤਨੀਆਂ ਤੇ ਛੋਟੀਆਂ ਬੱਚੀਆਂ ਨੂੰ ਮੰਦਰਾਂ ਵਿਚ ਜ਼ਬਰੀ ਚੜ੍ਹਵਾ ਕੇ ਉਹਨਾਂ ਨਾਲ ਕੁਕਰਮ ਕਰਨੇ ਤੇ ਹੋਰ ਕਈ ਤਰ੍ਹਾਂ ਦੇ ਕਰਮਕਾਡਾਂ ਤੇ ਪਖੰਡਾਂ ਕਾਰਨ ਮਨੁੱਖਤਾ ਦਾ ਸ਼ੋਸ਼ਣ ਇੰਨਾ ਵੱਧ ਗਿਆ ਸੀ ਕਿ ਲੋਕ ਤਰਾਹ-ਤਰਾਹ ਕਰ ਉੱਠੇ ਸਨ। ਮਨੁੱਖ ਪਾਸੋਂ ਪਸ਼ੂਆਂ, ਪੰਛੀਆਂ, ਦਰਖ਼ਤਾਂ, ਪਹਾੜਾਂ, ਪੱਥਰਾਂ, ਮੁਰਦਿਆਂ ਦੀ ਪੂਜਾ ਕਰਵਾਈ ਗਈ, ਪਸ਼ੂਆਂ ਦਾ ਗੋਬਰ ਖੁਵਾਇਆ ਤੇ ਮੂਤਰ ਪਿਲਾਇਆ ਗਿਆ ਪਰ ਮਨੁੱਖ ਨੂੰ ਊਚ ਨੀਚ ਦਾ ਭੇਦ ਪਾ ਕੇ ਦੁਰਕਾਰਿਆ ਗਿਆ। ਅਖੌਤੀ ਨੀਚ ਜਾਤ ਦੇ ਲੋਕਾਂ ’ਤੇ ਅੰਤਾਂ ਦੇ ਜ਼ੁਲਮ ਕੀਤੇ ਗਏ। ਉਹਨਾਂ ਦੀਆਂ ਜ਼ੁਬਾਨਾਂ ਵਿਚ ਕਿੱਲੇ ਠੋਕੇ ਗਏ, ਕੰਨਾਂ ਵਿਚ ਸਿੱਕੇ ਢਾਲ ਕੇ ਪਾਏ ਗਏ, ਹੱਥ-ਪੈਰ ਕੱਟ ਕੇ ਤੜਫਾਇਆ ਜਾਂਦਾ ਰਿਹਾ। ਗੁਰੂ ਨਾਨਕ ਸਾਹਿਬ ਜੀ ਨੇ ਐਸੇ ਜ਼ੁਲਮ ਕਰਨ ਵਾਲੇ ਬ੍ਰਾਹਮਣ ਨੂੰ ਜਗਤ ਕਸਾਈ ਕਹਿ ਕੇ ਸੰਬੋਧਨ ਕੀਤਾ ‘‘ਮਥੈ ਟਿਕਾ; ਤੇੜਿ ਧੋਤੀ ਕਖਾਈ ॥ ਹਥਿ ਛੁਰੀ; ਜਗਤ ਕਾਸਾਈ ॥’’ (ਮ: ੧/੪੭੨)

ਗੁਰੂ ਸਾਹਿਬਾਨ ਨੇ ਇਹਨਾਂ ਲਿਤਾੜੇ ਹੋਏ ਲੋਕਾਂ ਨੂੰ ਆਪਣੇ ਗਲ ਨਾਲ ਲਾਇਆ ਤੇ ਉਹਨਾਂ ਨੂੰ ਰਾਮ ਦੀ ਅੰਸ ਕਹਿ ਕੇ ਸਤਿਕਾਰ ਦਿੱਤਾ। ਉਹਨਾਂ ਨੂੰ ਬਰਾਬਰ (ਸੰਗਤ ਤੇ ਪੰਗਤ) ਵਿਚ ਬਿਠਾਇਆ। ਸਰੋਵਰ ਤੇ ਬਾਉਲੀਆਂ ਬਣਵਾਈਆਂ ਤਾਂ ਕਿ ਇੱਕੋ ਥਾਂ ਤੋਂ ਪਾਣੀ ਵਰਤ ਕੇ ਊਚ ਨੀਚ ਤੇ ਸੁੱਚ ਭਿੱਟ ਦਾ ਭੇਦ ਭਾਵ ਮੁੱਕ ਜਾਏ। ਅਖੌਤੀ ਨੀਚ ਜਾਤ ਦੇ ਮੰਨੇ ਜਾਣ ਵਾਲੇ ਭਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਸੁਸ਼ੋਭਿਤ ਕਰਕੇ ਅਤੇ ਭਗਤ ਕਹਿ ਕੇ ਸਨਮਾਨ ਦਿੱਤਾ। ਬ੍ਰਾਹਮਣਾਂ ਦੇ ਕਰਮਕਾਂਡਾਂ ਤੇ ਪਖੰਡਾਂ ਦੇ ਬਖੀਏ ਉਧੜ ਰਹੇ ਸਨ ਤੇ ਬ੍ਰਾਹਮਣ ਹੱਥੋਂ ਲੋਕਾਂ ਦੀ ਲੁੱਟ-ਖਸੁੱਟ ਬੰਦ ਹੋਣ ਲੱਗੀ। ਆਪਣੀ ਰੋਜ਼ੀ-ਰੋਟੀ ਬੰਦ ਹੁੰਦੀ ਦੇਖ ਕੇ ਹੁਣ ਬ੍ਰਾਹਮਣ ਘਬਰਾ ਗਏ। ਜਿਹਨਾਂ ਨੂੰ ਕਸਾਈ ਕਿਹਾ ਗਿਆ ਹੋਵੇ ਤੇ ਜਿਹਨਾਂ ਦੀ ਪਾਖੰਡ ਦੀ ਦੁਕਾਨਦਾਰੀ ਬੰਦ ਹੁੰਦੀ ਹੋਵੇ, ਉਹ ਕਿਉਂ ਨਹੀਂ ਹੱਥ-ਪੈਰ ਮਾਰੇਗਾ ? ਉਹਨਾਂ ਬ੍ਰਾਹਮਣਾਂ ਨੇ ਅਕਬਰ ਦੇ ਸਮੇਂ ਤੋਂ ਹੀ ਬਾਦਸ਼ਾਹ ਕੋਲ ਗੁਰੂ ਸਾਹਿਬਾਨਾਂ ਵਿਰੁੱਧ ਚੁਗਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਜਹਾਂਗੀਰ ਬਾਦਸ਼ਾਹ ਦੇ ਸਮੇਂ ਤੱਕ ਇਹ ਸਿਲਸਿਲਾ ਚੱਲਦਾ ਰਿਹਾ। ਬਿਪਰ ਵੱਲੋਂ ਬਾਦਸ਼ਾਹ ਨੂੰ ਕੀਤੀਆਂ ਸ਼ਿਕਾਇਤਾਂ ਸਤਿਗੁਰੂ ਜੀ ਦੀ ਸ਼ਹਾਦਤ ਦਾ ਇੱਕ ਕਾਰਨ ਸਨ।

(2). ਬੀਰਬਲ: ਬ੍ਰਾਹਮਣਾਂ ਦਾ ਇੱਕ ਹਥਿਆਰ ਕੱਟੜ ਬ੍ਰਾਹਮਣ ‘ਮਹੇਸ਼ ਦਾਸ’ ਵੀ ਸੀ, ਜਿਹੜਾ ਬਾਅਦ ਵਿਚ ‘ਬੀਰਬਲ’ ਦੇ ਨਾਮ ਨਾਲ ਪ੍ਰਸਿੱਧ ਹੋਇਆ। ਜੈਪੁਰ ਦੇ ਰਾਜੇ ਭਗਵਾਨ ਦਾਸ ਨੇ ਹਿੰਦੂ ਉੱਚ ਜਾਤ ਦੀ ਪਰਵਾਹ ਕੀਤੇ ਬਗੈਰ ਆਪਣੀ ਭਤੀਜੀ ਦਾ ਵਿਆਹ ਬਾਦਸ਼ਾਹ ਅਕਬਰ ਨਾਲ ਕਰ ਦਿੱਤਾ। ਉਸ ਵਿਆਹ ਵਿਚ ਮਹੇਸ਼ ਦਾਸ ਬ੍ਰਾਹਮਣ ਨੂੰ ਵੀ ਇੱਕ ਮਸਖ਼ਰੇ ਵਜੋਂ ਬਾਦਸ਼ਾਹ ਅਕਬਰ ਦੇ ਦਾਜ ਵਿਚ ਦਿੱਤਾ ਗਿਆ। ਇਹ ਬਹੁਤ ਚੁਸਤ ਦਿਮਾਗ ਤੇ ਹੁਸ਼ਿਆਰ ਮਸਖ਼ਰਾ ਸੀ ਜੋ ਬਾਦਸ਼ਾਹ ਦਾ ਮਨੋਰੰਜਨ ਕਰਦਾ ਸੀ। ਬਾਦਸ਼ਾਹ ਦੇ ਨੇੜੇ ਹੋਣ ਦੇ ਕਾਰਨ ਇਹ ਬ੍ਰਾਹਮਣਾਂ ਦੀ ਇੱਕੋ-ਇੱਕ ਉਮੀਦ ਸੀ ਜੋ ਗੁਰੂ ਘਰ ਦੇ ਖ਼ਿਲਾਫ਼ ਬਾਦਸ਼ਾਹ ਦੇ ਮਨ ਵਿਚ ਜ਼ਹਿਰ ਭਰ ਸਕਦਾ ਸੀ। ਇਸ ਨੇ ਵੀ ਗੁਰੂ ਘਰ ਵਿਰੁੱਧ ਖੁੱਲ੍ਹੇ ਦਿਲ ਨਾਲ ਬਾਦਸ਼ਾਹ ਅਕਬਰ ਦੇ ਕੰਨ ਭਰੇ ਪਰ ਬਾਦਸ਼ਾਹ ਸਦਾ ਗੁਰੂ ਘਰ ਦੇ ਸੁਨਹਿਰੀ ਅਸੂਲਾਂ ਦਾ ਨੂੰ ਸਤਿਕਾਰ ਦਿੰਦਾ ਰਿਹਾ। ਗੁਰੂ ਘਰ ਦੇ ਵਿਰੁੱਧ ਬੋਲਣ ਵਾਲੇ ਇਸ ਬੀਰਬਲ ਦੀ ਮੌਤ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਪਹਿਲਾਂ ਹੀ ਹੋ ਗਈ ਸੀ।

(3). ਪ੍ਰਿਥੀ ਚੰਦ: ਗੁਰੂ ਅਰਜਨ ਸਾਹਿਬ ਦਾ ਵੱਡਾ ਭਰਾ ਵੀ ਬ੍ਰਾਹਮਣਾਂ ਦੀਆਂ ਗੱਲਾਂ ਵਿਚ ਆ ਕੇ ਤੇ ਗੁਰਗੱਦੀ ਦੇ ਲਾਲਚ ਵਿਚ ਗੁਰੂ ਸਾਹਿਬ ਦੀ ਵਿਰੋਧਤਾ ਕਰਦਾ ਰਿਹਾ। ਕਦੇ ਗੁਰੂ ਸਾਹਿਬ ਦੀ ਦਸਤਾਰ ਨੂੰ ਹੱਥ ਪਾ ਕੇ ਤੇ ਕਦੀ ਗੁਰੂ ਕੇ ਲੰਗਰ ਦੀ ਨਾਕਾਬੰਦੀ ਕਰਕੇ ਇਸ ਨੇ ਵੀ ਖੁਲ੍ਹ ਕੇ ਵਿਰੋਧਤਾ ਕਰਨੀ ਸ਼ੁਰੂ ਕਰ ਦਿੱਤੀ। ਇਸ ਨੇ ਗੁਰੂ ਸਾਹਿਬ ਵਿਰੁੱਧ ਇੱਕ ਸ਼ਿਕਾਇਤਨਾਮਾ ਤਿਆਰ ਕਰਕੇ ਬਾਦਸ਼ਾਹ ਅਕਬਰ ਦੇ ਅੱਗੇ ਪੇਸ਼ ਕੀਤਾ ਪਰ ਬਾਦਸ਼ਾਹ ਵੱਲੋਂ ਕਰਵਾਈ ਪੜਤਾਲ ਵਿਚ ਝੂਠਾ ਸਾਬਤ ਹੋਣ ਕਾਰਨ ਇਸ ਨੂੰ ਬਾਦਸ਼ਾਹ ਨੇ ਬਹੁਤ ਜ਼ਲੀਲ ਕੀਤਾ। ਬੀਰਬਲ ਨਾਲ ਮਿਲ ਕੇ ਗੁਰੂ ਸਾਹਿਬ ਉੱਤੇ ਸੁਲਹੀ ਖ਼ਾਨ ਤੇ ਉਸ ਦੇ ਚਾਚਾ ਸੁਲਭੀ ਖ਼ਾਨ ਨੂੰ ਫ਼ੌਜ਼ਾਂ ਸਮੇਤ ਚੜ੍ਹਾ ਕੇ ਲਿਆਉਣ ਵਾਲਾ ਵੀ ਪ੍ਰਿਥੀ ਚੰਦ ਹੀ ਸੀ। ਇਸ ਨੇ ਹੀ ਸਾਹਿਬਜ਼ਾਦਾ ਹਰਿਗੋਬਿੰਦ ਸਾਹਿਬ ਨੂੰ ਖਤਮ ਕਰਨ ਲਈ ਕਈ ਅਸਫ਼ਲ ਕੋਸ਼ਿਸ਼ਾਂ ਕੀਤੀਆਂ।

(4). ਕਾਹਨਾ, ਪੀਲੋ, ਛੱਜੂ ਤੇ ਸ਼ਾਹ ਹੁਸੈਨ: ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਆਪਣੇ ਆਪ ਨੂੰ ਆਪ ਹੀ ਭਗਤ ਅਖਵਾਉਣ ਵਾਲੇ ਇਹਨਾਂ ਪਖੰਡੀਆਂ ਨੇ ਵੀ ਆਪੋ-ਆਪਣੀ ਕਵਿਤਾ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਵਾਣੀ ਚਾਹੀ ਤਾਂ ਕਿ ਹਮੇਸ਼ਾਂ ਲਈ ਦੁਨੀਆਂ ’ਤੇ ਨਾਂ ਬਣਿਆ ਰਹਿ ਸਕੇ। ਸਤਿਗੁਰੂ ਜੀ ਨੇ ਇਹਨਾਂ ਦੀਆਂ ਕਵਿਤਾਵਾਂ ਤੇ ਇਹਨਾਂ ਦੇ ਜੀਵਨ ਨੂੰ ਗੁਰਮਤਿ ਦੀ ਕਸਵੱਟੀ ’ਤੇ ਪਰਖ ਕੇ ਰੱਦ ਕਰ ਦਿੱਤਾ। ਇਹ ਚਾਰੋਂ ਭੜਕ ਉੱਠੇ ਤੇ ਗੁਰੂ ਸਾਹਿਬ ਨੂੰ ਖ਼ਤਮ ਕਰਵਾਉਣ ਦੀਆਂ ਧਮਕੀਆਂ ਦੇ ਕੇ ਵਾਪਸ ਆ ਗਏ। ਕਾਹਨੇ ਦੀ ਤਾਂ ਪਹਿਲਾਂ ਹੀ ਮੌਤ ਹੋ ਗਈ ਪਰ ਬਾਕੀ ਦਿਆਂ ਅਖੌਤੀ ਭਗਤਾਂ ਅਤੇ ਉਹਨਾਂ ਦੇ ਚੇਲਿਆਂ ਨੇ ਕਾਹਨੇ ਦੇ ਚੇਲਿਆਂ ਸਮੇਤ, ਸਮੇਂ ਦੇ ਹਾਕਮਾਂ ਤੇ ਬਾਦਸ਼ਾਹ ਕੋਲ ਸਤਿਗੁਰੂ ਜੀ ਦੇ ਖ਼ਿਲਾਫ ਅੱਗ ਉਗਲਣੀ ਸ਼ੁਰੂ ਕਰ ਦਿੱਤੀ।

(5). ਸਖੀ ਸਰਵਰ ਦੀ ਗੱਦੀ: ਇਸਲਾਮਿਕ ਰਾਜ ਦੇ ਹਾਕਮਾਂ ਵੱਲੋਂ ਹਿੰਦੁਸਤਾਨ ਦੇ ਲੋਕਾਂ ਨੂੰ ਮੁਸਲਮਾਨ ਬਣਾਉਣ ਲਈ ਸ਼ੇਖ ਫੱਤੇ ਦਾ ਸ਼ਰਧਾਲੂ ਬਣਾਇਆ ਜਾਂਦਾ ਰਿਹਾ। ਇਸ ਦੀ ਸੰਪਰਦਾ ਸਖੀ ਸਰਵਰ ਨੂੰ ਧਾਰਨ ਤੋਂ ਬਾਦ ਲੋਕ ਸਹਿਜੇ ਹੀ ਮੁਸਲਮਾਨ ਬਣ ਜਾਂਦੇ ਸਨ। ਸਾਰਾ ਪੰਜਾਬ ਸ਼ੇਖ ਫੱਤੇ ਦੇ ਅਸਰ ਹੇਠ ਆ ਚੁੱਕਾ ਸੀ ਪਰ ਜਿਵੇਂ ਜਿਵੇਂ ਸਿੱਖੀ ਦਾ ਪ੍ਰਚਾਰ ਫੈਲਣਾ ਸ਼ੁਰੂ ਹੋਇਆ, ਲੋਕ ਸਿੱਖੀ ਧਾਰਨ ਕਰਨ ਲੱਗ ਪਏ। ਜਦੋਂ ਸਖੀ ਸਰਵਰ ਦੇ ਮੱਤ ਦਾ ਪ੍ਰਚਾਰ ਕਰਨ ਵਾਲੇ ਦੋ ਵੱਡੇ ਪ੍ਰਚਾਰਕ ਭਾਈ ਮੰਝ ਤੇ ਭਾਈ ਬਹਿਲੋਂ ਸਖੀ ਸਰਵਰੀ ਮੱਤ ਛੱਡ ਗੁਰੂ ਸਾਹਿਬ ਦੇ ਸਿੱਖ ਬਣ ਗਏ ਤਾਂ ਮਾਨੋਂ ਪੰਜਾਬ ਦੀ ਧਰਤੀ ’ਤੇ ਸਖੀ ਸਰਵਰ ਮੱਤ ਦੀ ਰੀੜ ਦੀ ਹੱਡੀ ਹੀ ਟੁੱਟ ਗਈ। ਇਸ ਘਟਨਾ ਨਾਲ ਸਖੀ ਸਰਵਰੀਏ ਮੱਚ ਉੱਠੇ। (ਇਹ ਸ਼ੇਖ ਫੱਤਾ ਉਹ ਹੀ ਹੈ ਜਿਸ ਦੀ ਕਬਰ ਨੂੰ ਭੋਲੇ ਭਾਲੇ ਸਿੱਖ, ਸਤਿਗੁਰੂ ਦਾ ਸ਼ਰਧਾਲੂ ਜਾਣ ਕੇ ਅੱਜ ਤੱਕ ਪੂਜਦੇ ਰਹੇ ਤੇ ਹੁਣ ਕੁਝ ਦਿਨ ਪਹਿਲਾਂ ਹੀ ਉਸ ਦੀ ਕਬਰ ਤੋਂ ਸਿੱਖ ਸੰਗਤਾਂ ਨੇ ਨਿਸ਼ਾਨ ਸਾਹਿਬ ਉਤਾਰਿਆ ਤੇ ਪੰਥ ਨੂੰ ਗੁਰੂ ਸਾਹਿਬ ਦੇ ਇਸ ਦੁਸ਼ਮਣ ਬਾਰੇ ਸੁਚੇਤ ਕੀਤਾ ਹੈ।)

(6). ਨਕਸ਼ਬੰਦੀ: ਤੂਰਾਨ ਦੀ ਪੈਦਾਵਾਰ ਖ਼ਵਾਜ਼ਾ ਮੁਹੰਮਦ ਬਾਕੀਬਿਲਾ ਰਾਹੀਂ ਇਕ ਹੋਰ ਨਵਾਂ ਸੂਫੀ ਸਿਲਸਿਲਾ ਹਿੰਦੁਸਤਾਨ ਆ ਪਹੁੰਚਿਆ, ਜਿਹੜਾ ਨਕਸ਼ਬੰਦੀ ਕਰਕੇ ਮਸ਼ਹੂਰ ਹੋਇਆ। ਹਿੰਦੁਸਤਾਨ ਵਿਚ ਇਸਲਾਮਿਕ ਰਾਜ ਦੇਖ ਕੇ ਇਸ ਨੇ ਨਕਸ਼ਬੰਦੀ ਨੂੰ ਫੈਲਾਉਣ ਲਈ ਰਾਜ ਸ਼ਕਤੀ ਨੂੰ ਵਰਤਿਆ। ਇਸ ਨੇ ਰਾਜ ਸ਼ਕਤੀ ਰਾਹੀਂ ਗੁਰੂ ਘਰ ਨੂੰ ਦਬਾਉਣਾ ਚਾਹਿਆ ਪਰ ਛੇਤੀ ਹੀ ਇਸ ਦਾ ਵੀ ਭੋਗ ਪੈ ਗਿਆ। ਇਸ ਦੀ ਮੌਤ ਤੋਂ ਬਾਅਦ ਇਸ ਦਾ ਕੰਮ ‘ਸ਼ੇਖ ਅਹਿਮਦ ਸਰਹੰਦੀ’ ਨੇ ਸੰਭਾਲਿਆ।

(7). ਸ਼ੇਖ ਅਹਿਮਦ ਸਰਹੰਦੀ: ਇਹ ਸਰਹਿੰਦ ਵਿਚ ਪੈਦਾ ਹੋਇਆ ਸ਼ਖ਼ਸ, ਬੜਾ ਤੇਜ਼ ਬੁੱਧੀ ਵਾਲਾ ਤੇ ਆਪਣੀ ਦਲੀਲ ਨਾਲ ਹਰ ਇੱਕ ਨੂੰ ਪ੍ਰਭਾਵਤ ਕਰ ਲੈਂਦਾ ਸੀ। ਇਹ ਇਸਲਾਮ ਮਤ ਦਾ ਬੜਾ ਉੱਘਾ ਵਿਦਵਾਨ ਸੀ। ਹਿੰਦੂਆਂ ਦਾ ਇਹ ਕੱਟੜ ਵਿਰੋਧੀ ਸੀ। ਇਹ ਇਸ ਗੱਲੋਂ ਵੀ ਬਹੁਤਾ ਔਖਾ ਸੀ ਕਿ ਸਿੱਖ ਮਤ ਦਿਨੋਂ ਦਿਨ ਫੈਲਦਾ ਹੀ ਜਾ ਰਿਹਾ ਹੈ।

ਸੰਨ 1597 ਵਿਚ ਪੰਜਾਬ ਵਿਚ ਕਾਲ ਪੈ ਗਿਆ ਤੇ ਅਨੇਕਾਂ ਮਾਰੂ ਬਿਮਾਰੀਆਂ ਫੈਲ਼ ਗਈਆਂ। ਹਜ਼ਾਰਾਂ ਲੋਕ ਮੌਤ ਦੇ ਮੂੰਹ ’ਚ ਜਾ ਪਏ। ਲਾਹੌਰ ਦੀਆਂ ਗਲੀਆਂ ਮੁਰਦਿਆਂ ਨਾਲ ਭਰੀਆਂ ਪਈਆਂ ਸਨ। ਕੋਈ ਸਹਾਇਤਾ ਲਈ ਬਹੁੜ ਨਹੀਂ ਸੀ ਰਿਹਾ। ਅਜਿਹੇ ਵਿਚ ਗੁਰੂ ਅਰਜਨ ਸਾਹਿਬ ਨੇ ਰੋਗੀਆਂ ਦੀ ਦਵਾ ਦਾਰੂ ਨਾਲ ਸੇਵਾ ਕੀਤੀ ਤੇ ਲੋੜਵੰਦਾਂ ਨੂੰ ਖ਼ੁਰਾਕ ਪਹੁੰਚਾਈ। ਆਪਣੀ ਪਰਵਾਹ ਨਾ ਕਰਦੇ ਹੋਏ ਦੀਨ ਦੁਖੀਆਂ ਵਿਚ ਜਾ ਕੇ ਸੇਵਾ ਕੀਤੀ, ਜਿਸ ਨਾਲ ਸਤਿਗੁਰੂ ਜੀ ਦੀ ਸੇਵਾ ਤੇ ਪਰਉਪਕਾਰ ਬਿਰਤੀ ਦਾ ਪੂਰੇ ਹਿੰਦੁਸਤਾਨ ਵਿਚ ਪ੍ਰਚਾਰ ਹੋਇਆ। ਸ਼ੇਖ ਅਹਿਮਦ ਇਹ ਦੇਖ ਕੇ ਹੋਰ ਵੀ ਕਲਪ ਗਿਆ। ਇਧਰ ਵੱਡੇ-ਵੱਡੇ ਹਾਕਮਾਂ ਤੇ ਦਰਬਾਰੀਆਂ ਤੋਂ ਇਲਾਵਾ ਸ਼ੇਖ ਫਰੀਦ ਬੁਖ਼ਾਰੀ ਵੀ ਇਸ ਦਾ ਇਕ ਸ਼ਰਧਾਲੂ ਸੀ ਜਿਸ ਦੀ ਸਹਾਇਤਾ ਨਾਲ ਇਸ ਨੇ ਗੁਰੂ ਸਾਹਿਬ ਨੂੰ ਸ਼ਹੀਦ ਕਰਵਾਉਣ ਲਈ ਸਾਜ਼ਿਸ਼ ਰਚੀ।

(8). ਸ਼ੇਖ ਫਰੀਦ ਬੁਖਾਰੀ ਜਾਂ ਮੁਰਤਜ਼ਾ ਖ਼ਾਂ: ਜਹਾਂਗੀਰ ਬਾਦਸ਼ਾਹ ਨੂੰ ਤਖ਼ਤ ਦਿਵਾਉਣ ਵਿਚ ਸਭ ਤੋਂ ਵੱਧ ਇਸ ਨੇ ਮਦਦ ਕੀਤੀ। ਇਸ ਨੂੰ ਲਾਹੌਰ ਦਾ ਕਿਲ੍ਹਾ ਬਚਾਉਣ ਕਰਕੇ ਹੀ ‘ਮੁਰਤਜ਼ਾ ਖਾਂ’ ਦਾ ਖ਼ਿਤਾਬ ਮਿਲਿਆ ਹੋਇਆ ਸੀ। ਇਸ ਨੇ ਹੀ ਸ਼ੇਖ ਅਹਿਮਦ ਸਰਹੰਦੀ ਨਾਲ ਮਿਲ ਕੇ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਲਈ ਜਹਾਂਗੀਰ ਨੂੰ ਝੂਠਾ ਬਹਾਨਾ ਲੱਭ ਕੇ ਦਿੱਤਾ ਸੀ।

(9). ਜਹਾਂਗੀਰ ਬਾਦਸ਼ਾਹ: ਇਹ ਕੱਟੜ ਤੇ ਤੁਅਸਬੀ ਨੀਤੀ ਦਾ ਧਾਰਨੀ ਸੀ। ਇਸ ਦੀ ਇੱਛਾ ਸੀ ਕਿ ਸਾਰੇ ਹਿੰਦੁਸਤਾਨ ਵਿਚ ਕੇਵਲ ਇਸਲਾਮ ਮੱਤ ਹੀ ਹੋਵੇ। ਇਸ ਨੇ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਲਈ ਅਨੇਕਾਂ ਤਰੀਕੇ ਵਰਤੇ। ਸਿੱਖੀ ਦਾ ਪ੍ਰਚਾਰ ਵੀ ਇਸ ਨੂੰ ਖਟਕਦਾ ਸੀ। ਇਸ ਨੇ ਆਪਣੀ ਸਵੈ-ਜੀਵਨੀ ‘ਤੁਜ਼ਕਿ-ਜਹਾਂਗੀਰੀ’ ਵਿਚ ਕੁਝ ਇਸ ਤਰ੍ਹਾਂ ਲਿਖਿਆ ਹੈ:

‘ਗੋਇੰਦਵਾਲ ਵਿਚ, ਜੋ ਬਿਆਸ ਨਦੀ ਦੇ ਕਿਨਾਰੇ ਤੇ ਹੈ, ਪੀਰਾਂ ਬਜ਼ੁਰਗਾਂ ਦੇ ਭੇਸ ਵਿਚ ਗੁਰੂ ਅਰਜਨ ਨਾਮ ਦਾ ਇਕ ਹਿੰਦੂ ਰਹਿੰਦਾ ਸੀ। ਉਸ ਨੇ ਬਹੁਤ ਸਾਰੇ ਭੋਲੇ ਭਾਲੇ ਹਿੰਦੂਆਂ ਸਗੋਂ ਬਹੁਤ ਸਾਰੇ ਮੂਰਖ ਤੇ ਬੇਸਮਝ ਮੁਸਲਮਾਨਾਂ ਨੂੰ ਭੀ ਆਪਣੀ ਰਹਿਤ ਬਹਿਤ ਦਾ ਸ਼ਰਧਾਲੂ ਬਣਾ ਕੇ ਆਪਣੇ ਵਲੀ ਤੇ ਪੀਰ ਹੋਣ ਦਾ ਢੋਲ ਬਹੁਤ ਉਚਾ ਵਜਾਇਆ ਹੋਇਆ ਸੀ। ਲੋਕ ਉਸ ਨੂੰ ਗੁਰੂ ਕਹਿੰਦੇ ਸਨ। ਸਾਰਿਆਂ ਪਾਸਿਆਂ ਤੋਂ ਫ਼ਰੇਬੀ ਤੇ ਠੱਗੀ ਪਸੰਦ ਲੋਕ ਉਸ ਕੋਲ ਆ ਕੇ ਉਸ ਉੱਤੇ ਪੂਰਾ ਏਤਕਾਦ ਅਤੇ ਸ਼ਰਧਾ ਦਾ ਇਜ਼ਹਾਰ ਕਰਦੇ ਸਨ। ਤਿੰਨ ਚਾਰ ਪੀੜ੍ਹੀਆਂ ਤੋਂ ਉਹਨਾਂ ਦੀ ਇਹ ਦੁਕਾਨ ਗਰਮ ਸੀ। ਕਿਤਨੇ ਸਮੇਂ ਤੋਂ ਮੇਰੇ ਮਨ ਵਿਚ ਇਹ ਖਿਆਲ ਆਉਂਦਾ ਸੀ ਕਿ ਝੂਠ ਦੀ ਇਸ ਦੁਕਾਨ ਨੂੰ ਬੰਦ ਕਰਨਾ ਚਾਹੀਦਾ ਹੈ ਜਾਂ ਉਸ ਗੁਰੂ ਨੂੰ ਮੁਸਲਮਾਨੀ ਮਤ ਵਿਚ ਲੈ ਆਉਣਾ ਚਾਹੀਦਾ ਹੈ।’

ਦਰਅਸਲ ਗੁਰੂ ਸਾਹਿਬ ਜੀ ਦੀ ਸ਼ਹੀਦੀ ਦਾ ਸਭ ਤੋਂ ਵੱਡਾ ਕਾਰਨ ਹੀ ਇਹ ਸੀ ਕਿ ਸਮੇਂ ਦਾ ਬਾਦਸ਼ਾਹ ਗੁਰੂ ਸਾਹਿਬ ਦੇ ਵਿਰੁੱਧ ਸੀ ਤੇ ਹਰ ਹੀਲੇ ਗੁਰੂ ਸਾਹਿਬ ਨੂੰ ਖਤਮ ਜਾਂ ਇਸਲਾਮ ਦੇ ਦਾਇਰੇ ਵਿਚ ਲਿਆਉਣਾ ਚਾਹੁੰਦਾ ਸੀ।

(10). ਚੰਦੂ: ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਵੇਲੇ ਹੋਰ ਭਾਵੇਂ ਕਿਸੇ ਦਾ ਜ਼ਿਕਰ ਆਵੇ ਜਾਂ ਨਾ ਆਵੇ ਪਰ ਚੰਦੂ ਦਾ ਜ਼ਿਕਰ ਜ਼ਰੂਰ ਆਉਂਦਾ ਹੈ। ਪ੍ਰੋਫ਼ੈਸਰ ਸਾਹਿਬ ਸਿੰਘ ਜੀ ਮੁਤਾਬਕ ਇਹ ਗੁਰਦਾਸਪੁਰ ਦੇ ਪਿੰਡ ਰੁਹੇਲੇ ਦਾ ਖੱਤਰੀ ਸੀ ਜੋ ਕਿ ਲਾਹੌਰ ਮਾਮੂਲੀ ਜਿਹਾ ਸਰਕਾਰੀ ਮੁਲਾਜ਼ਮ ਸੀ। ਇਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਸ ਦੀ ਧੀ ਲਈ ਚੰਦੂ ਦੇ ਪੁਰੋਹਿਤ ਸਾਹਿਬਜ਼ਾਦੇ ਹਰਿਗੋਬਿੰਦ ਸਾਹਿਬ ਜੀ ਦਾ ਰਿਸ਼ਤਾ ਕਰ ਗਏ। ਇਸ ਨੂੰ ਪਤਾ ਲੱਗਣ ’ਤੇ ਅੰਦਰੋਂ ਤਾਂ ਬੜਾ ਖੁਸ਼ ਹੋਇਆ ਪਰ ਹੰਕਾਰ ਵਿਚ ਆ ਕੇ ਪੁਰੋਹਿਤ ਨੂੰ ਕਹਿ ਦਿੱਤਾ ਕਿ ਤੂੰ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਇਆ ਹੈਂ। ਗੁਰੂ ਨਾਨਕ ਦੇ ਘਰ ਨੂੰ ਮੋਰੀ ਕਹਿਣ ਬਾਰੇ ਪਤਾ ਲੱਗਣ ’ਤੇ ਸਤਿਗੁਰੂ ਜੀ ਨੇ ਰਿਸ਼ਤਾ ਵਾਪਸ ਮੋੜ ਦਿੱਤਾ ਤੇ ਇਸ ਗੱਲੋਂ ਇਹ ਵੀ ਬੇਇਜ਼ਤੀ ਵਿਚ ਸੜ੍ਹ ਬਲ਼ ਕੋਲ਼ੇ ਹੋ ਗਿਆ। ਸਤਿਗੁਰੂ ਜੀ ਦੀ ਸ਼ਹੀਦੀ ਵੇਲੇ ਇਸ ਦੀ ਡਿਊਟੀ ਲੱਗ ਜਾਣ ਕਾਰਨ ਇਸ ਨੇ ਸਤਿਗੁਰੂ ਜੀ ਨੂੰ ਤਸੀਹੇ ਦੇ ਕੇ ਰੱਜ ਕੇ ਦਿਲ ਦੀ ਭੜਾਸ ਕੱਢੀ। ਚੰਦੂ ਦੇ ਕਾਰਨ ਸਤਿਗੁਰੂ ਜੀ ਦੀ ਸ਼ਹਾਦਤ ਨੂੰ ਇਕ ਪਰਿਵਾਰਕ ਝਗੜਾ ਕਹਿਣਾ ਸ਼ਹਾਦਤ ਦੀ ਮਹਾਨਤਾ ਘਟਾਉਣਾ ਹੈ ਜੋ ਸਤਿਗੁਰੂ ਜੀ ਨੇ ਗੁਰੂ ਗ੍ਰੰਥ, ਗੁਰੂ ਪੰਥ ਤੇ ਸਾਰੀ ਮਨੁੱਖਤਾ ਦੇ ਭਲੇ ਲਈ ਦਿੱਤੀ ਹੈ। ਇਸ ਪਾਤਰ ਨੂੰ ਅਜੇ ਹੋਰ ਵਿਚਾਰਨ ਦੀ ਲੋੜ ਹੈ।

ਬਹਾਨਾ: ਗੁਰੂ ਅਰਜਨ ਸਾਹਿਬ ਜੀ ਨੂੰ ਖਤਮ ਕਰਨ ਲਈ ਕਿਸੇ ਬਹਾਨੇ ਦੀ ਲੋੜ ਸੀ। ਉਹ ਬਹਾਨਾ ਸ਼ੇਖ ਅਹਿਮਦ ਸਰਹੰਦੀ ਤੇ ਸ਼ੇਖ ਫ਼ਰੀਦ ਬੁਖਾਰੀ (ਮੁਰਤਜ਼ਾ ਖਾਂ) ਨੇ ਬਣਾਇਆ। ਜਦੋਂ ਜਹਾਂਗੀਰ ਦਾ ਪੁੱਤਰ ਖੁਸਰੋ ਬਗਾਵਤ ਕਰ ਕੇ ਦੌੜਿਆ ਤਾਂ ਰਸਤੇ ਵਿਚ ਇਸ ਦੇ ਕੁਝ ਹਿਮਾਇਤੀਆਂ ਨੇ ਇਸ ਦੀ ਸਹਾਇਤਾ ਵੀ ਕੀਤੀ। ਪਿੱਛੇ-ਪਿੱਛੇ ਮੁਰਤਜ਼ਾ ਖਾਂ ਇਸ ਦੇ ਹਿਮਾਇਤੀਆਂ ਨੂੰ ਸਜ਼ਾ ਵੀ ਦਿੰਦਾ ਆ ਰਿਹਾ ਸੀ। ਜਿਹੜੇ ਖੁਸਰੋ ਦੇ ਸਾਥੀ ਬਚ ਗਏ ਉਹਨਾਂ ਨੂੰ ਜਹਾਂਗੀਰ ਨੇ ਸਜ਼ਾਵਾਂ ਦਿੱਤੀਆਂ। ਕੁਝ ਦਿਨਾਂ ਬਾਅਦ ਇਹ ਚਾਲ ਚੱਲੀ ਗਈ ਕਿ ਕਿਉਂ ਨਾ ਗੁਰੂ ਅਰਜਨ ਸਾਹਿਬ ਨੂੰ ਵੀ ਖੁਸਰੋ ਦਾ ਸਾਥ ਦੇਣ ਦੇ ਜ਼ੁਰਮ ਵਿਚ ਖਤਮ ਕਰ ਦਿੱਤਾ ਜਾਏ ? ਮੌਕੇ ਦਾ ਫਾਇਦਾ ਉੱਠਾ ਕੇ ਸ਼ੇਖ ਅਹਿਮਦ ਸਰਹੰਦੀ ਤੇ ਮੁਰਤਜ਼ਾ ਖਾਂ ਦੀ ਚੰਡਾਲ ਚੌਕੜੀ ਨੇ ਇਕ ਝੂਠੀ ਸ਼ਿਕਾਇਤ ਜਹਾਂਗੀਰ ਬਾਦਸ਼ਾਹ ਦੇ ਅੱਗੇ ਪੇਸ਼ ਕਰ ਦਿੱਤੀ ਕਿ ਗੋਇੰਦਵਾਲ ਸਾਹਿਬ ਵਿਖੇ ਗੁਰੂ ਸਾਹਿਬ ਨੇ ਖੁਸਰੋ ਦੀ ਮਦਦ ਕੀਤੀ ਤੇ ਉਸ ਦੇ ਮੱਥੇ ’ਤੇ ਤਿਲਕ ਲਗਾ ਕੇ ਰਾਜ-ਭਾਗ ਹੋਣ ਦਾ ਉਸ ਨੂੰ ਅਸ਼ੀਰਵਾਦ ਦਿੱਤਾ ਹੈ।

ਹਾਲਾਂਕਿ ਉਸ ਸਮੇਂ ਗੁਰੂ ਸਾਹਿਬ ਗੋਇੰਦਵਾਲ ਨਹੀਂ ਬਲਕਿ ਅੰਮ੍ਰਿਤਸਰ ਦੀ ਧਰਤੀ ’ਤੇ ਮੌਜ਼ੂਦ ਸਨ। ਦੂਜਾ ਗੁਰੂ ਨਾਨਕ ਦੇ ਘਰ ਤਾਂ ਕੋਈ ਵੀ ਆ ਸਕਦਾ ਹੈ। ਤੀਜਾ ਮੱਥੇ ’ਤੇ ਤਿਲਕ ਲਗਾਉਣ ਦੀ ਸਿੱਖ ਧਰਮ ਵਿਚ ਕੋਈ ਮਰਿਆਦਾ ਨਹੀਂ ਹੈ। ਫਿਰ ਵੀ ਸਤਿਗੁਰੂ ਜੀ ਨੂੰ ਗ੍ਰਿਫ਼ਤਾਰ ਕਰਨ ਲਈ ਜਹਾਂਗੀਰ ਨੇ ਆਪਣੇ ਸਿਪਾਹੀ ਭੇਜੇ ਤੇ ਉਕਤ ਬਹਾਨਾ ਲਾ ਕੇ ਸਤਿਗੁਰੂ ਜੀ ਨੂੰ ਲਾਹੌਰ ਵਿਖੇ ਕੈਦ ਕਰ ਲਿਆ ਗਿਆ।

ਇੱਥੇ ਸਤਿਗੁਰੂ ਜੀ ਨੂੰ ਭਿਆਨਕ ਤਸੀਹੇ ਦਿੱਤੇ ਗਏ। ਭੋਜਨ ਤੇ ਪਾਣੀ ਤੱਕ ਬੰਦ ਕਰ ਦਿੱਤਾ ਗਿਆ। ਕੁਝ ਸ਼ਰਤਾਂ ਰੱਖੀਆਂ ਗਈਆਂ, ਜਿਸ ਵਿਚੋਂ ਇੱਕ ਇਹ ਸੀ ਕਿ ਸਿੱਖੀ ਛੱਡ ਕੇ ਇਸਲਾਮ ਧਰਮ ਧਾਰਨ ਕਰ ਲਵੋ ਜਾਂ ਸ਼ਾਹੀ ਖ਼ਜਾਨੇ ਵਿਚ ਟੈਕਸ ਭਰੋ। ਕਈ ਵਿਦਵਾਨ ਇਹ ਵੀ ਆਖਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਹਜ਼ਰਤ ਮੁਹੰਮਦ ਸਾਹਿਬ ਦੀ ਸਿਫ਼ਤ ਦਾ ਸ਼ਬਦ ਵੀ ਰਚ ਕੇ ਦਰਜ ਕਰਨ ਲਈ ਕਿਹਾ ਗਿਆ। ਸਤਿਗੁਰੂ ਜੀ ਦਾ ਜਵਾਬ ਇਹ ਸੀ ਕਿ ਅਸੀਂ ਆਪਣੇ ਧਰਮ ਵਿਚ ਦ੍ਰਿੜ੍ਹ ਹਾਂ। ਕਿਰਤੀ ਸਿੱਖਾਂ ਦੀ ਨੇਕ ਖ਼ੂਨ-ਪਸੀਨੇ ਦੀ ਕਮਾਈ ਨਾਲ ਗੁਰੂ ਕੇ ਲੰਗਰ ਤਾਂ ਚਲਾਏ ਜਾ ਸਕਦੇ ਨੇ ਜਾਂ ਲੋੜ੍ਹਵੰਦਾਂ ਦੀ ਮਦਦ ਤਾਂ ਕੀਤੀ ਜਾ ਸਕਦੀ ਹੈ ਪਰ ਸ਼ਾਹੀ ਖ਼ਜਾਨੇ ਨਹੀਂ ਭਰੇ ਜਾ ਸਕਦੇ। ਬਾਕੀ ਰਹੀ ਗੱਲ ਗੁਰਬਾਣੀ ਦੀ ਇਸ ਵਿਚ ਕੇਵਲ ਤੇ ਕੇਵਲ ਇਕ ਅਕਾਲ ਪੁਰਖ ਦੀ ਹੀ ਸਿਫ਼ਤ ਹੈ। ਉਹ ਵੀ ਮੇਰੇ ਤੋਂ ਜੋ ਮੇਰੇ ਮਾਲਕ ਨੇ ਬੁਲਾ ਲਿਆ ਹੈ, ਉਹ ਹੀ ਦਰਜ ਹੈ: ‘‘ਹਉ ਆਪਹੁ ਬੋਲਿ ਨ ਜਾਣਦਾ; ਮੈ ਕਹਿਆ ਸਭੁ ਹੁਕਮਾਉ ਜੀਉ ॥’’ (ਮ: ੧/੭੬੩)

ਇਹ ਜਵਾਬ ਸੁਣ ਕੇ ਸਤਿਗੁਰੂ ਜੀ ਨੂੰ ਉਬਲਦੀ ਦੇਗ ਵਿਚ ਬਿਠਾਇਆ ਗਿਆ। ਫਿਰ ਤੱਤੀ ਤਵੀ ’ਤੇ ਬਿਠਾ ਕੇ ਗਰਮ ਰੇਤ ਸਰੀਰ ਉੱਤੇ ਪਾਈ ਗਈ। ਜਦੋਂ ਸਰੀਰ ਬਿਲਕੁਲ ਨਿਢਾਲ ਹੋ ਗਿਆ ਤੇ ਸਰੀਰਕ ਚਮੜੀ ਦੀ ਚਰਬੀ ਢਲਨ ਲੱਗੀ। ਇਤਿਹਾਸਕਾਰਾਂ ਮੁਤਾਬਕ ਅਖੀਰ 30 ਮਈ, 1606 ਨੂੰ ਰਾਵੀ ਦਰਿਆ ਵਿਚ ਸਤਿਗੁਰੂ ਜੀ ਦੇ ਸਰੀਰ ਨੂੰ ਰੋੜ੍ਹ ਕੇ ਸ਼ਹੀਦ ਕਰ ਦਿੱਤਾ ਗਿਆ।

ਸੇਵਕ ਕੀ ਓੜਕਿ ਨਿਬਹੀ ਪ੍ਰੀਤਿ

0

ਸੇਵਕ ਕੀ ਓੜਕਿ ਨਿਬਹੀ ਪ੍ਰੀਤਿ

ਜਗਤਾਰ ਸਿੰਘ ਜਾਚਕ

ਪ੍ਰਮਾਣੁ ਪੁਰਖ, ਪਰਤੱਖ ਹਰਿ ਅਤੇ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ’ਤੇ ਹਰੇਕ ਗੁਰਦੁਆਰੇ ਅਤੇ ਗੁਰਸਿੱਖ ਸ਼ਰਧਾਲੂਆਂ ਦੇ ਹਿਰਦੇ ਮੰਦਰਾਂ ਅੰਦਰ ‘‘ਤੇਰਾ ਕੀਆ ਮੀਠਾ ਲਾਗੈ॥ ਹਰਿ ਨਾਮ ਪਦਾਰਥ ਨਾਨਕ ਮਾਗੈ॥, ਮੀਤੁ ਕਰੈ ਸੋਈ ਹਮ ਮਾਨਾ॥ ਮੀਤ ਕੇ ਕਰਤਬ ਕੁਸਲ ਸਮਾਨਾ॥’’ ਅਤੇ ‘‘ਸੇਵਕ ਕੀ ਓੜਕਿ ਨਿਬਹੀ ਪ੍ਰੀਤਿ॥ ਜੀਵਤ ਸਾਹਿਬੁ ਸੇਵਿਓ ਅਪਨਾ, ਚਲਤੇ ਰਾਖਿਓ ਚੀਤਿ॥’’ ਸ਼ਬਦਾਂ ਦੀਆਂ ਸਾਬਰ ਤੇ ਸਿਦਕੀ ਧੁਨਾਂ ਦੀ ਗੁੰਜਾਰ ਪੈ ਰਹੀ ਹੁੰਦੀ ਹੈ ਕਿਉਂਕਿ ਅੱਜ ਤੋਂ 411 ਸਾਲ ਪਹਿਲਾਂ 30 ਮਈ ਸੰਨ 1606 ਨੂੰ ਲਾਹੌਰ ਵਿਖੇ ਗੁਰਦੇਵ ਜੀ ਦਾ ਸਮੇਂ ਦੀ ਮੁਗਲੀਆ ਹਕੂਮਤ ਸਮੇਂ ਕੱਟੜਤਾ ਭਰਪੂਰ ਇਸਲਾਮਕ ਸੋਚ ਅਤੇ ਬਿਪਰਵਾਦੀ ਕੁਟਲ ਸਾਜ਼ਸ਼ਾਂ ਦੇ ਸਿੱਟੇ ਵਜੋਂ ਅੱਗ ਦੇ ਭਾਂਬੜਾਂ ਨਾਲ ਤਪਾਈ ਤੇ ਅੱਗ ਵਾਂਗ ਲਾਲ ਹੋਈ ਤੱਤੀ ਲੋਹ ਉੱਪਰ ਸ਼ਾਂਤ-ਚਿੱਤ ਚੌਂਕੜਾ ਲਾਈ ਲੂਸ ਜਾਣਾ, ਬਿਨਾਂ ਕਿਸੇ ਸ਼ਿਕਵੇ ਦੇ ਦੇਗ ਵਿਚ ਆਲੂ ਵਾਂਗ ਉੱਬਲ ਜਾਣਾ ਅਤੇ ਅੰਤ ਨੂੰ ਜ਼ਾਲਮਾਂ ਵਲੋਂ ਰਾਵੀ ਨਦੀ ਵਿਚ ਡੋਬਣ ਵੇਲੇ ਰੱਬੀ ਪ੍ਰੀਤ ਨਿਭਣ ਪ੍ਰਤੀ ਸ਼ੁਕਰਾਨਾ ਕਰਦਿਆਂ ਰੁੜ੍ਹ ਜਾਣਾ, ਗੁਰਬਾਣੀ ਦੇ ਸੱਚ ਦੀ ਇੱਕ ਜਿਊਂਦੀ ਜਾਗਦੀ ਅਜਿਹੀ ਪਰਤੱਖ ਸ਼ਹਾਦਤ (ਗਵਾਹੀ) ਹੈ, ਜਿਹੜੀ ਸਿੱਧ ਕਰਦੀ ਹੈ ਕਿ ਗੁਰਬਾਣੀ ਦੇ ਸਿਧਾਂਤ ਕੇਵਲ ਪੜ੍ਹਨ ਸੁਣਨ ਤੇ ਗਾਉਣ ਲਈ ਹੀ ਨਹੀ, ਸਗੋਂ ਇਨ੍ਹਾਂ ਨੂੰ ਰੁਜ਼ਾਨਾ ਦੇ ਜੀਵਨ ਵਿਚ ਜੀਵਿਆ ਵੀ ਜਾ ਸਕਦਾ ਹੈ।

ਜਿਵੇਂ ਗੁਰੂ ਅਰਜਨ ਸਾਹਿਬ ਜੀ ਨੇ ਆਪਣੀ ਸ਼ਹੀਦੀ ਤੋਂ ਕੁਝ ਸਾਲ ਪਹਿਲਾਂ ਮਾਰੂ ਰਾਗ ਵਿਚ ਉਚਾਰਨ ਕੀਤੀ ‘ਧੁਰ ਕੀ ਬਾਣੀ’ ਦੇ ਇੱਕ ਸ਼ਬਦ ਵਿਖੇ ਪਰਮਾਤਮਾ ਦੀ ਕਿਰਪਾ ਦੇ ਪਾਤਰ ਬਣੇ ਸੇਵਕ (ਭਗਤ) ਦੀ ਜ਼ਿੰਦਗੀ ਦਾ ਦਰਸ਼ਨ ਕਰਵਾਉਂਦਿਆਂ ਨਿਮਰਤਾ ਪੂਰਵਕ ਕੁਝ ਦਾਅਵੇ ਕੀਤੇ ਸਨ, ਜਿਹੜੇ ਹਜ਼ੂਰ ਦੀ ਸ਼ਹੀਦੀ ਨੇ ਸਾਰੇ ਹੀ ਸੱਚ ਸਿੱਧ ਕਰ ਵਿਖਾਏ। ਉਨ੍ਹਾਂ ਵਿਚੋਂ ਸਭ ਤੋਂ ਮੁੱਖ ਸੀ ਕਿ ਭਗਤ ਦੀ ਪਰਮਾਤਮਾ ਨਾਲ ਪ੍ਰੀਤ ਅਖ਼ੀਰ ਤਕ ਬਣੀ ਰਹਿੰਦੀ ਹੈ। ਜਿਤਨਾ ਚਿਰ ਉਹ ਜਗਤ ਵਿਚ ਜੀਊਂਦਾ ਹੈ ਉਤਨਾ ਚਿਰ ਆਪਣੇ ਮਾਲਕ-ਪ੍ਰਭੂ ਦੀ ਸੇਵਾ-ਭਗਤੀ ਕਰਦਾ ਰਹਿੰਦਾ ਹੈ, ਜਗਤ ਤੋਂ ਤੁਰਨ ਲੱਗਾ ਵੀ ਪ੍ਰਭੂ ਨੂੰ ਆਪਣੇ ਚਿੱਤ ਵਿਚ ਵਸਾਈ ਰੱਖਦਾ ਹੈ : ਸੇਵਕ ਕੀ ਓੜਕਿ ਨਿਬਹੀ ਪ੍ਰੀਤਿ॥ ਜੀਵਤ ਸਾਹਿਬੁ ਸੇਵਿਓ ਅਪਨਾ, ਚਲਤੇ ਰਾਖਿਓ ਚੀਤਿ॥ ਰਹਾਉ॥ (ਮ: ੫/੧੦੦੦)

ਭਾਈ ਗੁਰਦਾਸ ਜੀ ਸਤਿਗੁਰੂ ਜੀ ਦੇ ਹਜ਼ੂਰੀ ਸੇਵਕ ਅਤੇ ਹਜ਼ੂਰ ਦੀ ਸੰਘਰਸ਼ ਪੂਰਵਕ ਜ਼ਿੰਦਗੀ ਦੀਆਂ ਮਹੱਤਵ ਪੂਰਨ ਘਟਨਾਵਾਂ ਦੇ ਚਸ਼ਮਦੀਦ ਗਵਾਹ ਸਨ। ਸ਼ਹੀਦੀ ਵੇਲੇ ਸਤਿਗੁਰੂ ਜੀ ਨੂੰ ਮਿਲੇ ਤਸੀਹਿਆਂ ਅਤੇ ਚਲਾਣੇ ਦੀ ਸਾਰਿਆਂ ਤੋਂ ਤਸੱਲੀ ਵਾਲੀ ਤੇ ਨੇੜੇ ਦੀ ਸੁਧ ਭਾਈ ਸਾਹਿਬ ਜੀ ਨੂੰ ਹੀ ਸੀ। ਉਨ੍ਹਾਂ ਨੇ ਹਜ਼ੂਰ ਦੀ ਸ਼ਹੀਦੀ ਹੋਣ ਉਪਰੰਤ ਲਿਖੀਆਂ ਵਾਰਾਂ ਦੀ ਇੱਕ ਪਉੜੀ ਵਿਚ ਸਪੱਸ਼ਟ ਲਿਖਿਆ ਹੈ ਕਿ ਸਤਿਗੁਰੂ ਜੀ ਆਪਣੀ ਜ਼ਿੰਦਗੀ ਵਿਖੇ ਨਿਰਬਾਣ (ਜੀਵਨ-ਮੁਕਤ) ਅਵਸਥਾ ਵਿਚ ਟਿਕੇ ਰਹਿਣ ਲਈ ਪ੍ਰਭੂ ਸਰੂਪ ਸਦਾ ਥਿਰ ਦਰੀਆਉ ਵਿਚ ਮੱਛੀ ਦੇ ਦਰਿਆ ਵਿਚ ਲੀਨ ਰਹਿਣ ਵਾਂਗ ਸਦਾ ਹੀ ਲੀਨ ਰਹੇ ਅਤੇ ਜਦੋਂ ਅੰਤ ਸਮਾਂ ਆਇਆ ਤਦੋਂ ਵੀ ਰੱਬੀ ਦਰਸ਼ਨ ਕਰਦਿਆਂ ਉਨ੍ਹਾਂ ਦੀ ਜੋਤਿ (ਜਿੰਦ) ਰੱਬੀ-ਜੋਤਿ ਵਿਚ ਪਤੰਗੇ ਦੇ ਸ਼ਮ੍ਹਾਂ ਉੱਪਰ ਵਾਰਨੇ ਹੋਣ ਵਾਂਗ ਸਮਾ ਗਈ। ਜਿਸ ਵੇਲੇ ਪੰਚਮ ਗੁਰੂ ਜੀ ਨੂੰ ਤਸੀਹਿਆਂ ਦੀ ਡਾਢੀ ਭੀੜ ਪਈ ਭਾਵ ਔਕੁੜ ਬਣੀ , ਉਸ ਵੇਲੇ ਵੀ ਗੁਰੂ ਜੀ ਨੇ ਹਿਰਦੇ ਵਿਚ ਹੋਰ ਕੁਝ ਨਹੀਂ ਲਿਆਂਦਾ; ਜਿਵੇਂ ਕੋਈ ਮ੍ਰਿਗ ਪਕੜੇ ਜਾਣ ਵੇਲੇ ਵੀ ਘੰਡੇ ਹੇੜੇ ਦੇ ਨਾਦ ਉੱਪਰ ਮਸਤ ਰਹਿੰਦਾ ਹੈ, ਤਿਵੇਂ ਹੀ ਉਹ ਸ਼ਬਦ ਸੁਰਤ ਦੀ ਲਿਵ ਵਿਚ ਲੀਨ ਰਹੇ : ਰਹਿੰਦੇ ਗੁਰੁ ਦਰੀਆਉ ਵਿਚਿ, ਮੀਨ ਕੁਲੀਨ ਹੇਤੁ ਨਿਰਬਾਣੀ॥ ਦਰਸ਼ਨ ਦੇਖਿ ਪਤੰਗ ਜਿਉਂ, ਜੋਤੀ ਅੰਦਰਿ ਜੋਤਿ ਸਮਾਣੀ॥ ਸ਼ਬਦ ਸੁਰਤਿ ਲਿਵ ਮਿਰਗ ਜਿਉਂ, ਭੀੜ ਪਈ ਚਿੱਤ ਅਵਰ ਨਾ ਆਣੀ। (ਪਉੜੀ ੨੩/ਵਾਰ ੨੪)

ਦੂਜਾ ਸੀ ਕਿ ਪਰਮਾਤਮਾ ਦਾ ਅਜਿਹਾ ਸੇਵਕ ਮਾਣ, ਮੋਹ ਅਤੇ ਲੋਭ ਆਦਿਕ ਹੋਰ ਹੋਰ ਵਿਕਾਰਾਂ ਨੂੰ ਆਪਣੇ ਚਿੱਤ ਵਿਚ ਨਹੀਂ ਆਉਣ ਦੇਂਦਾ। ਉਹ ਸਦਾ ਪਰਮਾਤਮਾ ਦੇ ਗੁਣਾਂ ਰੂਪੀ ਨਾਮ-ਰਤਨ ਨੂੰ ਹੀ ਵਣਜਦਾ ਰਹਿੰਦਾ ਹੈ ਅਤੇ ਇਹੀ ਸੌਦਾ ਲੱਦ ਕੇ ਅੰਤ ਨੂੰ ਇੱਥੋਂ ਤੁਰਦਾ ਹੈ :

ਮਾਨ ਮੋਹ ਅਰੁ ਲੋਭ ਵਿਕਾਰਾ, ਬੀਓ ਚੀਤਿ ਨ ਘਾਲਿਓ॥

ਨਾਮ ਰਤਨੁ ਗੁਣਾ ਹਰਿ ਬਣਜੇ, ਲਾਦਿ ਵਖਰੁ ਲੈ ਚਾਲਿਓ॥ (ਮ: ੫/੧੦੦੦)

ਧਨ-ਦੌਲਤ, ਵਿੱਦਿਆ ਅਤੇ ਕਿਸੇ ਪ੍ਰਕਾਰ ਦੀ ਪਦ-ਪਦਵੀ ਦਾ ਮਾਣ, ਪਦਾਰਥਕ ਤੇ ਪ੍ਰਵਾਰਕ ਮੋਹ, ਮਾਣ ਵਡਿਆਈ ਤੇ ਮੁਲਕਗੀਰੀ ਦਾ ਲੋਭ ਆਦਿਕ ਵਿਕਾਰ ਹੀ ਰੱਬ ਨਾਲ ਜੁੜ ਕੇ ਜੀਵਨ ਜੀਊਣ ਵਿਚ ਸਭ ਤੋਂ ਵੱਡੀ ਰੁਕਾਵਟ ਹਨ। ਇਨ੍ਹਾਂ ਵਿਕਾਰਾਂ ਦੇ ਢਹੇ ਚੜ੍ਹਿਆ ਬੰਦਾ ਆਦਰਸ਼ਕ ਕਰਤੱਵਾਂ ਤੋਂ ਮੂੰਹ ਮੋੜ ਲੈਂਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਹਜ਼ੂਰ ਦਾ ਆਪਣਾ ਕਥਨ ਹੈ ਕਿ ਸਾਡੇ ਦੇਸ਼ ਵਿਚ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ (ਚਾਰ ਵਰਨ) ਪ੍ਰਸਿੱਧ ਹਨ, ਕਾਮਾਦਿਕ ਇਹਨਾਂ ਚੌਹਾਂ ਵਰਨਾਂ ਦੇ ਬੰਦਿਆਂ ਨੂੰ ਮਲ਼ ਦੇਣ ਵਾਲੇ ਹਨ। ਛੇ ਭੇਖਾਂ ਦੇ ਸਾਧੂਆਂ ਨੂੰ ਭੀ ਇਹ ਹੱਥਾਂ ਦੀਆਂ ਤਲੀਆਂ ’ਤੇ ਨਚਾਂਦੇ ਹਨ। ਸੋਹਣੇ ਸੁਨੱਖੇ, ਬਾਂਕੇ, ਸਿਆਣੇ ਕੋਈ ਵੀ ਹੋਣ, ਪੰਜਾਂ ਕਾਮਾਦਿਕਾਂ ਨੇ ਸਭਨਾਂ ਨੂੰ ਮੋਹ ਕੇ ਛਲ ਲਿਆ ਹੈ। ਉਨ੍ਹਾਂ ਸਵਾਲ ਖੜ੍ਹਾ ਕੀਤਾ ਸੀ ਕਿ ਕੋਈ ਐਸਾ ਬਲੀ ਹੈ, ਜਿਹੜਾ ਇਨ੍ਹਾਂ ਵਿਕਾਰਾਂ ਹੱਥੋਂ ਢੱਠਾ ਨਾ ਹੋਵੇ ? ਗੁਰਵਾਕ ਹੈ :

ਚਾਰਿ ਬਰਨ, ਚਉਹਾ ਕੇ ਮਰਦਨ, ਖਟੁ ਦਰਸਨ ਕਰ ਤਲੀ ਰੇ॥

ਸੁੰਦਰ ਸੁਘਰ ਸਰੂਪ ਸਿਆਨੇ, ਪੰਚਹੁ ਹੀ ਮੋਹਿ ਛਲੀ ਰੇ॥

ਜਿਨਿ ਮਿਲਿ ਮਾਰੇ ਪੰਚ ਸੂਰਬੀਰ, ਐਸੋ ਕਉਨੁ ਬਲੀ ਰੇ  ? ॥ (ਮ: ੫/੪੦੪)

ਪਰ, ਇਤਿਹਾਸ ਗਵਾਹ ਹੈ ਕਿ ਐਸੋ ਮਹਾਂਬਲੀ ਸਤਿਗੁਰੂ ਅਰਜਨ ਸਾਹਿਬ ਆਪ ਹੀ ਸਾਬਤ ਹੋਏ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਰੱਬੀ-ਗੁਣਾਂ ਵਾਲੇ ਆਦਰਸ਼ਕ ਵਿਹਾਰ ਤੋਂ ਇਨ੍ਹਾਂ ਵਿਕਾਰਾਂ ਵਿਚੋਂ ਕੋਈ ਵੀ ਡੁਲਾ ਨਾ ਸਕਿਆ। ਨਾ ਗੁਰਗੱਦੀ ਦਾ ਮਾਣ, ਨਾ ਭੇਟਾ ਦੇ ਤੌਰ ’ਤੇ ਮਿਲਣ ਵਾਲੇ ਦੁਨੀਆਂ ਭਰ ਦੇ ਪਦਾਰਥਾਂ ਦਾ ਲੋਭ ਅਤੇ ਨਾ ਹੀ ਇਕਲੌਤੇ ਬੇਟੇ ਸ੍ਰੀ (ਗੁਰੂ) ਹਰਗੋਬਿੰਦ ਜੀ ਦਾ ਮੋਹ। ਜ਼ਿੰਦਗੀ ਦੇ ਹਰੇਕ ਖੇਤਰ ਵਿਚ ਗੁਸਾਈਂ ਦੇ ਇਸ ਪਹਿਲਵਾਨ ਦਾ ਦੁਮਾਲੜਾ ਉੱਚਾ ਹੀ ਰਿਹਾ; ਜਿਵੇਂ ਉਨ੍ਹਾਂ ਮਰਨਾ ਤਾਂ ਪ੍ਰਵਾਨ ਕਰ ਲਿਆ, ਪਰ ਰਾਜਨੀਤਕ ਦਬਾਅ ਹੇਠ ਗੁਰਮਤਿ ਸਿਧਾਂਤਾਂ ਦੇ ਵਿਪਰੀਤ ਜਾਣ ਵਾਲੀ ਕਿਸੇ ਵੀ ਪੀਰ ਫ਼ਕੀਰ ਦੀ ਕਾਵਿਕ ਰਚਨਾ ਜਾਂ ਕਿਸੇ ਦੀ ਵਿਅਕਤੀਗਤ ਸਿਫ਼ਤ ਨੂੰ ਗੁਰੂ ਗ੍ਰੰਥ ਸਾਹਿਬ ਦੇ ਮੁੱਢਲੇ ਸਰੂਪ (ਪੋਥੀ ਸਾਹਿਬ) ਜੀ ਵਿਖੇ ਰਲਾਏ ਜਾਣਾ ਪ੍ਰਵਾਨ ਨਾ ਕੀਤਾ। ਉਨ੍ਹਾਂ ਤੱਤੀ ਤਵੀ ਉੱਤੇ ਜਲ਼ਨਾ ਤਾਂ ਪ੍ਰਵਾਨ ਕਰ ਲਿਆ ਪ੍ਰੰਤੂ ਗੁਰਬਾਣੀ ਵਿਚ ਪ੍ਰਗਟਾਏ ਰੱਬੀ ਬਿਰਦ ‘‘ਜੋ ਸਰਣਿ ਆਵੈ, ਤਿਸੁ ਕੰਠਿ ਲਾਵੈ; ਇਹੁ ਬਿਰਦੁ ਸੁਆਮੀ ਸੰਦਾ॥’’ (ਮ: ੫/੫੪੪) ਦੀ ਰੌਸ਼ਨੀ ਵਿਚ ਹਕੂਮਤ ਦੇ ਬਾਗੀ ਸ਼ਹਿਜ਼ਾਦਾ ਖੁਸਰੋ ਨੂੰ ਆਮ ਸ਼ਰਧਾਲੂਆਂ ਦੀ ਤਰ੍ਹਾਂ ਗੁਰੂ ਦਰਬਾਰ ਵਿਚ ਆਉਣ ਤੋਂ ਨਹੀਂ ਰੋਕਿਆ। ਸਤਿਗੁਰੂ ਜੀ ਨੇ ਦੇਗ ਵਿਚ ਉੱਬਲ਼ਨਾ ਤਾਂ ਪ੍ਰਵਾਨ ਕਰ ਲਿਆ, ਪਰ ‘‘ਸੋ ਸਿਖੁ ਸਖਾ ਬੰਧਪੁ ਹੈ ਭਾਈ  ! ਜਿ ਗੁਰ ਕੇ ਭਾਣੇ ਵਿਚਿ ਆਵੈ॥’’ (ਮ; ੩/੬੦੧) ਰੂਪ ਗੁਰਮਤਿ ਸਿਧਾਂਤ ’ਤੇ ਦ੍ਰਿੜ੍ਹ ਰਹਿੰਦਿਆਂ ਚੰਦੂ ਵਰਗੇ ਹਕੂਮਤ ਦੇ ਖੁਸ਼ਾਮਦੀ ਤੇ ਹੰਕਾਰੀ ਵਿਅਕਤੀ ਨੂੰ ਕੁੜਮ ਦੇ ਰੂਪ ਵਿਚ ਰਿਸ਼ਤੇਦਾਰ (ਬੰਧਪ) ਨਾ ਬਣਾਇਆ। ਭਾਵੇਂ ਉਸ ਨੇ ਰਾਜਸੀ ਪ੍ਰਭਾਵ ਦੀ ਵਰਤੋਂ ਵੀ ਕੀਤੀ ਅਤੇ ਆਪਣੀ ਧੀ ਨੂੰ ਲੱਖਾਂ ਦਾ ਦਾਜ ਦੇਣ ਦੇ ਲਾਲਚੀ ਲਾਰੇ ਵੀ ਲਾਏ। ਗੁਰਗੱਦੀ ਦੀ ਲਾਲਸਾ ਅਧੀਨ ਹਕੂਮਤ ਦਾ ਹੱਥ ਠੋਕਾ ਬਣੇ ਵੱਡੇ ਭਾਈ ਬਾਬਾ ਪ੍ਰਿਥੀਚੰਦ ਦਾ ਵਿਰੋਧ ਤਾਂ ਸਹਾਰਿਆ, ਪ੍ਰੰਤੂ ‘‘ਜਿਨ ਕਉ ਸਤਿਗੁਰਿ ਥਾਪਿਆ; ਤਿਨ ਮੇਟਿ ਨ ਸਕੈ ਕੋਇ॥’’ (ਮ: ੧/ ੧੭) ਦੇ ਦੈਵੀ ਫ਼ੁਰਮਾਨ ਨੂੰ ਸੱਚ ਸਿੱਧ ਕਰ ਦਿਖਾਉਣ ਲਈ ਗੁਰਿਆਈ ਦੀਆਂ ਜ਼ਿੰਮੇਵਾਰੀਆਂ ਤੋਂ ਕਿਨਾਰਾਕਸ਼ੀ ਨਾ ਕੀਤੀ। ਇਨ੍ਹਾਂ ਦੇ ਭਰਾ ਨੇ ਇੱਕਲੌਤੇ ਬੇਟੇ (ਗੁਰੂ) ਹਰਿਗੋਬਿੰਦ ਸਾਹਿਬ ਜੀ ’ਤੇ ਜਾਨ ਲੇਵਾ ਕਈ ਹਮਲੇ ਕਰਵਾਏ, ਪਰ ਸਤਿਗੁਰੂ ਜੀ ਪੁਤਰ ਦੇ ਮੋਹ ਵਿਚ ਪਲਚ ਕੇ ਕਿਤੇ ਵੀ ਕ੍ਰੋਧਿਤ ਨਾ ਹੋਏ ਅਤੇ ‘‘ਪਰ ਕਾ ਬੁਰਾ ਨ ਰਾਖਹੁ ਚੀਤ॥’’ (ਮ :੧/੩੮੬) ਦੇ ਦੈਵੀ ਆਦੇਸ਼ ਦੀ ਪਾਲਣਾ ਕਰਦਿਆਂ ਕਦੇ ਵੀ ਬਦਲੇ ਦੀ ਭਾਵਨਾ ਵਿਚ ਨਹੀਂ ਭਰੇ। ਸਗੋਂ ਉਸ ਦੇ ਬੀਮਾਰ ਹੋਣ ’ਤੇ ਹਜ਼ੂਰ ਦੇ ਹਿਰਦੇ ’ਚੋਂ ਅਰਦਾਸ ਦੇ ਸ਼ਬਦ ਹੀ ਨਿਕਲੇ ਸਨ : ‘‘ਸੀਤਲਾ ਤੇ ਰਖਿਆ ਬਿਹਾਰੀ ॥ ਪਾਰਬ੍ਰਹਮ ਪ੍ਰਭ, ਕਿਰਪਾ ਧਾਰੀ ॥’’ (ਮ: ੫/੨੦੦)

ਤੀਜਾ ਐਲਾਨ ਸੀ ਕਿ ਐਸਾ ਸੇਵਕ ਮਾਲਕ-ਪ੍ਰਭੂ ਦੇ ਹੁਕਮ ਤੋਂ ਕਦੇ ਮੂੰਹ ਨਹੀਂ ਮੋੜਦਾ। ਜੇ ਮਾਲਕ ਨੇ ਉਸ ਨੂੰ ਘਰ ਦੇ ਅੰਦਰ ਟਿਕਾਈ ਰੱਖਿਆ, ਤਾਂ ਸੇਵਕ ਵਾਸਤੇ ਉੱਥੇ ਹੀ ਆਤਮਕ ਅਡੋਲਤਾ ਅਤੇ ਆਨੰਦ ਬਣਿਆ ਰਹਿੰਦਾ ਹੈ। ਜੇ ਮਾਲਕ ਨੇ ਆਖਿਆ, ਉੱਠ  ! ਉਸ-ਪਾਸੇ ਵਲ ਜਾਹ, ਤਾਂ ਸੇਵਕ ਉਸੇ ਪਾਸੇ ਵਲ ਦੌੜ ਪੈਂਦਾ ਹੈ।

ਜੈਸੀ ਆਗਿਆ ਕੀਨੀ ਠਾਕੁਰਿ; ਤਿਸ ਤੇ ਮੁਖੁ ਨਹੀ ਮੋਰਿਓ॥

ਸਹਜੁ ਅਨੰਦੁ ਰਖਿਓ ਗ੍ਰਿਹ ਭੀਤਰਿ; ਉਠਿ ਉਆਹੂ ਕਉ ਦਉਰਿਓ॥ (ਮ:੫/੧੦੦੦)

ਸਤਿਗੁਰੂ ਜੀ ਲਈ ‘ਧੁਰ ਕੀ ਬਾਣੀ’ ਸਾਰੇ ਜੀਵਾਂ ਦੇ ਧੁਰਿ ਅੰਦਰ ਬੈਠੇ ਸਾਹਿਬ ਪ੍ਰਭੂ ਦੀ ਆਗਿਆ ਸੀ, ਰੱਬੀ ਹੁਕਮ ਸੀ, ਉਨ੍ਹਾਂ ਅੰਦਰੋਂ ‘‘ਹਉ ਆਪਹੁ ਬੋਲਿ ਨ ਜਾਣਦਾ; ਮੈ ਕਹਿਆ ਸਭੁ ਹੁਕਮਾਉ ਜੀਉ॥’’ (ਮ: ੧/੭੬੩) ਮਹਾਂਵਾਕ ਪ੍ਰਗਟ ਹੋ ਰਹੇ ਸਨ। ਗੁਰਬਾਣੀ ਵਿਚਲੇ ਗੁਰਮਤੀ ਸਿਧਾਂਤਾਂ ’ਤੇ ਦ੍ਰਿੜ੍ਹਤਾ ਨਾਲ ਪਹਿਰਾ ਦੇਣਾ ਅਸਲ ਵਿਚ ਸਾਹਿਬ ਦੀ ਆਗਿਆ ਦੇ ਸਨਮੁਖ ਰਹਿਣਾ ਹੈ। ਜ਼ਮੀਰ ਦੀ ਅਵਾਜ਼ ਵੀ ਉਨ੍ਹਾਂ ਲਈ ਸਾਹਿਬ ਦੀ ਆਗਿਆ ਸੀ, ਜਿਸ ਦੇ ਅਧੀਨ ਉਨ੍ਹਾਂ ਬਿਪਰਵਾਦੀ ਸੋਚ ਦੇ ਹਾਮੀ ਬੀਰਬਲ, ਚੰਦੂ ਤੇ ਇਸਲਾਮੀ ਤੁਅਸਬ ਦੇ ਨੁਮਾਇੰਦੇ ਜਹਾਂਗੀਰ ਨਾਲ ਟੱਕਰ ਲਈ। ਅਸਹਿ ਤੇ ਅਕਹਿ ਤਸੀਹੇ ਝੱਲੇ ਪਰ ਨਿਯਤ ਜੀਵਨ ਆਦਰਸ਼ਾਂ ਤੋਂ ਕਦੇ ਮੂੰਹ ਨਹੀਂ ਮੋੜਿਆ।

ਚੌਥਾ ਸੀ ਕਿ ਜੇ ਅਜਿਹੇ ਸੇਵਕ ਨੂੰ ਮਾਲਕ-ਪ੍ਰਭੂ ਦੇ ਹੁਕਮ ਵਿਚ ਆਰਥਿਕ ਤੰਗੀ ਵਾਲ਼ਾ ਜੀਵਨ ਬਤੀਤ ਕਰਨ ਦਾ ਮੌਕਾ ਵੀ ਮਿਲਿਆ, ਤਾਂ ਉਸ ਨੂੰ ਹੀ ਉਨ੍ਹਾਂ ਨੇ ਸੁਖ ਮੰਨ ਲਿਆ। ਸੇਵਕ ਖ਼ੁਸ਼ੀ ਜਾਂ ਗ਼ਮੀ ਦੀ ਪਰਵਾਹ ਨਹੀਂ ਕਰਦਾ। ਸੇਵਕ ਨੂੰ ਮਾਲਕ-ਪ੍ਰਭੂ ਦਾ ਜਿਹੜਾ-ਜਿਹੜਾ ਹੁਕਮ ਮਿਲਦਾ ਹੈ, ਉਸ ਨੂੰ ਸਿਰ-ਮੱਥੇ ਮੰਨਦਾ ਹੈ: ਆਗਿਆ ਮਹਿ ਭੂਖ ਸੋਈ ਕਰਿ ਸੂਖਾ; ਸੋਗ ਹਰਖ ਨਹੀ ਜਾਨਿਓ॥ ਜੋ ਜੋ ਹੁਕਮੁ ਭਇਓ ਸਾਹਿਬ ਕਾ; ਸੋ ਮਾਥੈ ਲੇ ਮਾਨਿਓ॥ (ਮ: ੫/੧੦੦੦)

ਗੁਰਿਆਈ ਗੱਦੀ ਦੀਆਂ ਮਾਨਵਤਾ ਪ੍ਰਤੀ ਜ਼ਿੰਮੇਵਾਰੀਆਂ ਨਿਭਾਉਂਦਿਆਂ ਭਾਵੇਂ ਗੁਰੂ ਕੇ ਗ੍ਰਹਿ ਵਿਖੇ ‘‘ਲੰਗਰਿ ਦਉਲਤਿ ਵੰਡੀਐ; ਰਸੁ ਅੰਮ੍ਰਿਤੁ ਖੀਰਿ ਘਿਆਲੀ॥’’ (ਸਤਾ ਬਲਵੰਡ/੯੬੭) ਵਾਲੀ ਅਵਸਥਾ ਬਣੀ ਰਹੀ ਜਾਂ ਬਾਬਾ ਪ੍ਰਿਥੀਚੰਦ ਦੀਆਂ ਚਲਾਕੀਆਂ ਕਾਰਨ ਕਿਧਰੇ ‘‘ਰੂਖੋ ਭੋਜਨੁ ਭੂਮਿ ਸੈਨ॥’’ (ਮ: ੫/੧੩੦੬) ਵਾਲੀ ਅਵਸਥਾ ਬਣੀ, ਪਰ ਇਸ ਰੱਬੀ ਸੇਵਕ ਦੀ ਪ੍ਰੀਤ ਨਹੀਂ ਘਟੀ। ਇਨ੍ਹਾਂ ਦੀ ਜ਼ਬਾਨ ’ਤੇ ਕੋਈ ਗਿਲਾ ਸ਼ਿਕਵਾ ਨਹੀਂ ਆਇਆ। ਜੇ ਕਿਸੇ ਹਿਤੂ ਸੱਜਣ ਨੇ ਪੁੱਛਿਆ ਤਾਂ ਸਦਾ ਇਹੀ ਉੱਤਰ ਮਿਲਿਆ ‘‘ਸਖੀ ! ਪ੍ਰਿਅ ਸੰਗਿ ਸੂਖਿ ਬਿਹਾਤ॥’’ (ਮ: ੫/੧੩੦੬)

ਸਾਹਿਬ ਦੀ ਆਗਿਆ ਨੂੰ ਨਿਭਾਂਦਿਆਂ ਭਾਵੇਂ ਉਨ੍ਹਾਂ ਦੇ ਸੀਸ ਉੱਪਰ ਗੁਰਿਆਈ ਛੱਤਰ ਝੁੱਲਿਆ ਤੇ ਭਾਵੇਂ ਗਰਮ ਰੇਤਾ ਦੇ ਕੜਛੇ ਪਏ, ਉਹ ਮਾਲਕ ਪ੍ਰਭੂ ਲਈ ਸਦਾ ਸ਼ੁਕਰਾਨੇ ਦੇ ਭਾਵ ਵਿਚ ਵਿਚਰਦੇ ਰਹੇ ਅਤੇ ਕਦੇ ਵੀ ਉਨ੍ਹਾਂ ਦੀ ਜ਼ੁਬਾਨ ’ਤੇ ਉਲਾਂਭਾ ਨਾ ਆਇਆ। ਹਰਖ ਸੋਗ ਸਮ ਕਰ ਸਹਾਰਿਆ। ਇਸ ਪ੍ਰਕਾਰ ਪਰਮੇਸ਼ਰ ਦੇ ਪਰਮ ਸੇਵਕ ਗੁਰੂ ਅਰਜਨ ਸਾਹਿਬ ਜੀ ਦੀ ‘‘ਓੜਕਿ ਨਿਬਹੀ ਪ੍ਰੀਤਿ ॥’’ (ਮ: ੫/੧੦੦੦) ਜੋ ਅਨੇਕਾਂ ਗੁਰਸਿੱਖ, ਸਿੱਖਣੀਆਂ ਲਈ ਅਜਿਹੀ ਮਿਸਾਲ ਬਣੀ, ਜਿਸ ਨੂੰ ਧਿਆਨ ਵਿਚ ਰੱਖ ਕੇ ਉਨ੍ਹਾਂ ਸਿੱਖੀ ਸਿਦਕ ਨਿਭਾਂਦਿਆਂ ਸਿੱਖ ਇਤਿਹਾਸ ਨੂੰ ਆਪਣੇ ਖ਼ੂਨ ਨਾਲ ਲਿਖ ਕੇ ਸਦਾ ਲਈ ਅਮਰ ਕਰ ਦਿੱਤਾ।

ਸੋ, ਲੋੜ ਤਾਂ ਹੁਣ ਇਹ ਹੈ ਕਿ ਪੁਰਖਿਆਂ ਦੇ ਨਾਮ ’ਤੇ ਕੇਵਲ ਦਮਗਜੇ (ਗੱਪ) ਹੀ ਨਾ ਮਾਰੀਏ, ਸਗੋਂ ਸਤਿਗੁਰਾਂ ਅਤੇ ਸਿੱਖ ਸ਼ਹੀਦਾਂ ਦੇ ਇਤਿਹਾਸ ਤੋਂ ਸੇਧ ਲੈਂਦੇ ਹੋਏ ਗੁਰਸਿੱਖੀ ਵਾਲਾ ਆਦਰਸ਼ਕ ਜੀਵਨ ਵੀ ਜੀਵੀਏ। ਪ੍ਰਵਾਰਕ ਜੀਵਨ ਵਿਚ ਰੋਜ਼ੀ ਦੀ ਖ਼ਾਤਰ ਸਿੱਖੀ ਸਿਦਕ ਤੋਂ ਨਾ ਹਾਰੀਏ ਅਤੇ ਭਾਈਚਾਰਕ ਵਿਹਾਰ ਵੇਲ਼ੇ ਸੁਆਰਥ ਤੋਂ ਉਚੇਰੇ ਹੋ ਕੇ ਸਾਰਿਆਂ ਦਾ ਭਲਾ ਲੋਚੀਏ। ਕੌਮੀ ਅਗਵਾਈ ਕਰਦਿਆਂ ਛੋਟੀਆਂ ਛੋਟੀਆਂ ਰਾਜਨੀਤਕ, ਸਮਾਜਿਕ ਤੇ ਧਾਰਮਿਕ ਪਦ ਪਦਵੀਆਂ ਲਈ ਆਪਣੇ ਧਰਮ ਈਮਾਨ ਤੋਂ ਨਾ ਡੋਲੀਏ ਅਤੇ ਗੁਰਮਤਿ ਸਿਧਾਂਤਾਂ ਨੂੰ ਪਿੱਠ ਨਾ ਦੇਈਏ।

ਭੁੱਲ-ਚੁੱਕ ਮੁਆਫ਼।

ਦਾੜ੍ਹੀ ਦਸਤਾਰ ਦਾ ਸਤਿਕਾਰ

0

ਦਾੜ੍ਹੀ ਦਸਤਾਰ ਦਾ ਸਤਿਕਾਰ

ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਕਵਿਤਾ ਭਵਨ, ਮਾਛੀਵਾੜਾ ਰੋਡ ਸਮਰਾਲਾ-141114 ਮੋਬਾ: 94638-08697

ਜਿਨਾ ਪਛਾਤਾ ਸਚੁ, ਚੁੰਮਾ ਪੈਰ ਮੂੰ ॥

ਵੱਡੀ ਸਰਕਾਰੀ ਬੈਂਕ ਵਿਚ ਅੱਜ ਮੇਰਾ ਤੀਸਰਾ ਗੇੜਾ ਸੀ। ਕਲਰਕ ਮਨਦੀਪ ਸਿੰਘ ਮੇਰਾ ਕੰਮ ਨਹੀਂ ਸੀ ਕਰ ਰਿਹਾ। ਰਸ਼ ਹੈ- ਮੇਰੀ ਤਬੀਅਤ ਠੀਕ ਨਹੀਂ, ਮੂਡ ਨਹੀਂ। ਕੰਮ ਮੇਰਾ ਸਿਰਫ਼ ਇਹ ਸੀ ਕਿ ਸਾਲ ਭਰ ਤੋਂ ਮੈਂ ਆਪਣੀ ਪਾਸ ਬੁਕ ਵਿੱਚ ਨਾ ਪੈਸੇ ਜਮਾਂ ਕਰਵਾਏ ਸਨ ਤੇ ਨਾ ਹੀ ਕੱਢਾਏ ਸਨ। ਜਮਾਂ ਕਰਵਾਣ ਲਈ ਮੇਰੇ ਪਾਸ ਪੈਸੇ ਨਹੀਂ ਸਨ- ਕੱਢਵਾਣ ਦੀ ਮੈਨੂੰ ਲੋੜ ਨਹੀਂ ਸੀ- 30 ਹਜ਼ਾਰ ਜਮਾਂ ਸਨ, ਇਸ ਲਈ ਪਾਸ ਬੁਕ ਮੁੜ ਚਾਲੂ ਕਰਨੀ ਸੀ।

ਮੈਂ ਬੈਂਕ ਬਰਾਂਚ ਮੈਨੇਜਰ ਮਿਸਟਰ ਸਿਨਹਾ ਨੂੰ ਸ਼ਿਕਾਇਤ ਕੀਤੀ। ਸੀਨੀਅਰ ਸਿਟੀਜ਼ਨ ਹਾਂ- ਸੇਵਾ ਮੁਕਤ ਪ੍ਰੋਫੈਸਰ ਹਾਂ। ਮੈਨੇਜਰ ਨੇ ਮੈਨੂੰ ਬੈਠਣ ਨੂੰ ਤਾਂ ਕਿਹਾ- ਸੇਵਾਦਾਰ ਨੂੰ ਪਾਣੀ ਲਿਆਉਣ ਲਈ ਕਹਿ ਕੇ ਉਹ ਆਪ ਉੱਠ ਕੇ ਮਨਦੀਪ ਸਿੰਘ ਪਾਸ ਗਿਆ। ਪੰਦਰਾਂ ਮਿੰਟ ਬਾਅਦ ਉਹ ਮੇਰੇ ਨਾਮ ਦੀ ਨਵੀਂ ਪਾਸ ਬੁਕ ਲੈ ਕੇ ਆ ਗਿਆ- ਮੈਂ ਸੋਚਿਆ ਸੀ ਸਰਦਾਰ ਲੋਕ ਬਹੁਤ ਮਿਹਨਤ ਤੇ ਈਮਾਨਦਾਰ ਹੁੰਦੇ ਹਨ। ਪੰਜਾਬ ਵਿੱਚ ਆ ਕੇ ਪਤਾ ਲੱਗਾ ਕਿ ਸਰਦਾਰ ਲੋਕ ਤਾਂ ਕੰਮਚੋਰ, ਵੱਢੀ ਖੋਰ, ਸ਼ਰਾਬ ਖੋਰ ਹੁੰਦੇ ਹਨ। ਭਾਗਲਪੁਰ ਹੀ ਨਹੀਂ ਲਗਭਗ ਬਿਹਾਰ ਦੇ ਸਾਰੇ ਸ਼ਹਿਰਾਂ ਵਿਚ ਆਮ ਪ੍ਰਚਲਿਤ ਹੈ ਕਿ ਇਕੱਲੀ ਔਰਤ ਜਾਂ ਕੁੜੀ ਸਿਰਫ ਸਰਦਾਰ ਦੀ ਟੈਕਸੀ ਜਾਂ ਰਿਕਸ਼ੇ ਉੱਤੇ ਬੈਠਣਾ ਪਸੰਦ ਕਰਦੀ ਹੈ- ਕਿਉਂਕਿ ਸਿਰਫ਼ ਪਗੜੀ ਦਾਹੜੀ ਵਾਲੇ ਸਰਦਾਰ ਉੱਤੇ ਹੀ ਉਹ ਵਿਸ਼ਵਾਸ ਕਰਦੀ ਹੈ- ਸੁਰੱਖਿਅਤ ਮਹਿਸੂਸ ਕਰਦੀ ਹੈ। ਪਰ ਪੰਜਾਬ ਵਿਚ ਆ ਕੇ ਪਤਾ ਲੱਗਾ…..

ਮੈਂ ਮਿਸਟਰ ਸਿਨਹਾ ਨੂੰ ਠੰਡਾ ਕਰਨ ਦਾ ਯਤਨ ਕੀਤਾ- ਐਸਾ ਨਹੀਂ ਹੈ ਗਿਰਾਵਟ ਜ਼ਰੂਰ ਆਈ ਹੈ। ਪਰ ਸਾਰੇ ਸਰਦਾਰ ਲੋਕ ਇੱਕੋ ਜਿਹੇ ਨਹੀਂ, ਬਹੁਤੇ ਸਾਬਤ ਸੂਰਤ ਸਰਦਾਰ ਲੋਕ ਚੰਗੇ ਹਨ। ਚਾਹ ਦਾ ਕੱਪ ਪੀ ਕੇ ਮੈਂ ਜਾਣ ਲਈ ਉੱਠਿਆ। ਮਿਸਟਰ ਸਿਨਹਾ ਨੇ ਮੈਨੂੰ ਉੱਠ ਕੇ ਵਿਦਾ ਕੀਤਾ।

ਪੂਰੀ ਦਾਹੜੀ, ਪੂਰੇ ਕੇਸ, ਉੱਪਰ ਸੋਹਣੀ ਦਸਤਾਰ। ਇਸ ਤਰ੍ਹਾਂ ਬਣਦਾ ਹੈ ‘ਸਿੱਖ ਸਰਦਾਰ’। ਸੰਪੂਰਨ ਸਰਦਾਰ ਦਾ ਮਤਲਬ ਉੱਚਾ ਕਿਰਦਾਰ। ਇੱਜ਼ਤਦਾਰ, ਸਭਿਯ ਵਰਤਾਉ ਤੇ ਗੁਰੂ ਬਖਸੀ ਗੁਫਤਾਰ, ਬਿਨਾਂ ਕੇਸ ਦਸਤਾਰ ਤੋਂ ਬਣਦਾ ਬੇਪਛਾਣ ਭੀੜ ਦਾ ਹਿੱਸਾ, ਵਸਤੂਹੀਣ, ਬੇਕਾਰ। ਜੁਲਾਈ 17, 2013 ਨੂੰ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਆਸਟਰੇਲੀਅਨ ਜੱਜ ਨੇ ਡਾਰਵਿਨ ਸ਼ਹਿਰ ਵਿਚ ਕੇਸਾਧਾਰੀ ਪਗੜੀਧਾਰੀ ਸਿੱਖ ਟੈਕਸੀ ਡਰਾਈਵਰ ਉੱਤੇ ਨਸਲੀ ਹਮਲਾ ਕਰਨ ਵਾਲੇ ਚਿੱਟੇ ਪਤੀ-ਪਤਨੀ ਨੂੰ, ਨੌਂ ਮਹੀਨੇ ਦੀ ਸਜ਼ਾ ਸੁਣਾਦਿਆਂ ਕਿਹਾ ਸੀ- ਦਸਤਾਰ ਸਿੱਖ ਦੀ ਸ਼ਾਨ ਤੇ ਮਾਣ ਦੀ ਪ੍ਰਤੀਕ ਹੈ। ਪਰ ਸਿੱਖੀ ਤੇ ਕੇਸ ਦਸਤਾਰ ਦੇ ਜਨਮ ਅਸਥਾਨ ਪੰਜਾਬ ਵਿਚ ਪੁਲਿਸ ਅਫਸਰ ਰੋਜ਼, ਆਪਣੀਆਂ ਹੱਕੀ ਮੰਗਾਂ ਦੀ ਖਾਤਰ ਮੁਜ਼ਾਹਰਾ ਕਰ ਰਹੇ, ਸਿੱਖ ਮੁਲਾਜ਼ਮਾਂ ਦੀਆਂ ਪੱਗਾਂ ਉਛਾਲਦੇ ਹਨ। ਸੀਨੀਅਰ ਆਈ. ਏ. ਐਸ. ਅਫਸਰ ਕਾਹਨ ਸਿੰਘ ਪੰਨੂ ਦੀ ਗੋਬਿੰਦਘਾਟ ਵਿਖੇ ਗੁੰਡਿਆਂ ਨੇ ਪੱਗ ਲਾਹੀ, ਕੇਸ ਪੁੱਟੇ, ਪੱਗ ਲਾਹ ਕੇ ਨਾਲ ਹੀ ਲੈ ਗਏ। ਪੰਜਾਬੀ ਸਿੱਖ ਮੁੰਡਿਆਂ ਨੂੰ ਤਾਂ ਡਰੱਗ ਮਾਫੀਆ ਤੇ ਚੋਣ ਸਿਆਸਤਦਾਨਾਂ ਨੇ ਸ਼ਰਾਬੀ, ਭੁੱਕੀਖੋਰ, ਸਮੈਕਖੋਰ ਤੇ ਗ਼ੈਰਤਹੀਣ, ਕੰਮਚੋਰ ਬਣਾ ਦਿੱਤਾ ਹੈ। ਦਾਹੜੀ ਪੱਗੜੀ ਦਾ ਕੋਈ ਸਤਿਕਾਰ ਨਹੀਂ ਰਿਹਾ। ਸੈਂਕੜੇ ਪਿੰਡਾਂ ਵਿਚ ਸ਼ਾਇਦ ਹੀ ਕੋਈ ਮੁੰਡਾ ਸਾਬਤ ਸੂਰਤ ਦਾਹੜੀ ਪਗੜੀ ਵਾਲਾ ਨਜ਼ਰ ਆਉਂਦਾ ਹੋਵੇ। ਪਰ ਦੂਰ ਬਰਤਾਨੀਆਂ ਵਿਚ ਲੇਬਰ ਪਾਰਟੀ ਨੇ ਗਰੇਵਸੈਮ ਸ਼ਹਿਰ ਦੇ ਪਹਿਲੇ ਕੇਸਾਧਾਰੀ ਪਗੜੀਧਾਰੀ ਸਿੱਖ ਤਨਮਨਜੀਤ ਸਿੰਘ ਢੇਸੀ ਨੂੰ 2015 ਦੀਆਂ ਸੰਸਦੀ ਚੋਣਾਂ ਲਈ ਆਪਣਾ ਉਮੀਦਵਾਰ ਐਲਾਨਿਆ ਸੀ। ਪੰਜਾਬ ਵਿਚ ਤਾਂ ਨਹੀਂ ਪਰ ਦੂਰ ਬਰਮਿੰਘਮ ਵਿਚ ਸਿੱਖਾਂ ਦੀ ਦਸਤਾਰ ਨੂੰ ਸਿਟੀ ਕੌਂਸਲ ਬਰਮਿੰਘਮ ਦੇ ਧਾਰਮਿਕ ਸਿਲੇਬਸ ਵਿਚ ਸ਼ਾਮਲ ਕਰ ਲਿਆ ਹੈ। ਟਰਬਨੋਲੋਜੀ ਫਿਲਮ ਨੂੰ ਸਿਲੇਬਸ ਵਿਚ ਸ਼ਾਮਲ ਕਰਨ ਦਾ ਮਤਲਬ ਹੈ ਕਿ ਹੁਣ ਅਧਿਆਪਕ ਵਿਦਿਆਰਥੀਆਂ ਨੂੰ ਸਿੱਖਾਂ ਦੇ ਮਾਣ ਦੀ ਪ੍ਰਤੀਕ ਦਸਤਾਰ ਬਾਰੇ ਜਾਣਕਾਰੀ ਦਿਆ ਕਰਨਗੇ।

ਕੈਨੇਡਾ ਦੀ ਸੰਸਦ ਵਿੱਚ ਤਿੰਨ ਕੇਸਾਧਾਰੀ, ਦਸਤਾਰਧਾਰੀ ਸਿੱਖ ਮੰਤਰੀ ਰਹੇ ਹਨ- ਗੁਰਬਖਸ ਸਿੰਘ ਮੱਲ੍ਹੀ, ਨਵਦੀਪ ਸਿੰਘ ਬੈਂਸ, ਹਰਜੀਤ ਸਿੰਘ ਸੱਜਨ ਹੁਣ ਵੀ ਹਨ। ਦਸਤਾਰਧਾਰੀ ਪੂਰੀ ਖੁਲ੍ਹੀ ਦਾਹੜੀ ਵਾਲੇ ਟਿੰਮ ਉਪਲ ਹੁਣ ਵੀ ਕੈਨੇਡਾ ਵਿਚ ਮੰਤਰੀ ਹਨ।

‘ਤੂੰ ਪੱਗ ਨੂੰ ਹੱਥ ਲਾਉਣ ਤੋਂ ਮਨ੍ਹਾ ਕਰ ਰਿਹਾ ਏਂ, ਅਸੀਂ ਪੱਗ ਲਾਹ ਵੀ ਦਿੰਦੇ ਹਾਂ।’ ਬੀਮਾ ਅਫਸਰ ਰਣਬੀਰ ਸਿੰਘ ਰਾਓ ਨੇ ਮੈਨੂੰ ਦੱਸਿਆ ਕਿ ਖਾਲਸਾ ਕਾਲਜ ਵਿਚ ਐਮ. ਏ. ਪੰਜਾਬੀ ਭਾਗ ਪਹਿਲਾ ਦਾ ਪਹਿਲਾ ਪਰਚਾ ਦੇਣ ਗਿਆ ਸੀ। ਕਾਲਜ ਉੱਤੇ ਪੁਲਿਸ ਹਵਲਦਾਰ ਪ੍ਰਖਿਆਰਥੀਆਂ ਦੀ ਤਲਾਸੀ ਲੈ ਕੇ ਕਾਲਜ ਦੇ ਅੰਦਰ ਲੰਘਾ ਰਿਹਾ ਸੀ। ਹਵਾਲਦਾਰ ਨੇ ਰਾਓ ਦੀ ਦਸਤਾਰ ਨੂੰ ਹੱਥਾਂ ਨਾਲ ਟੋਹਣਾ ਚਾਹਿਆ। ਰਾਓ ਨੇ ਕਿਹਾ ਕਿ ਉਸ ਪਾਸ ਕੋਈ ਵਾਧੂ ਕਾਗਜ਼ ਜਾਂ ਕੋਈ ਨਾਜਾਇਜ਼ ਚੀਜ਼ ਨਹੀਂ ਹੈ। ਉਹ ਜੇਬਾਂ ਟੋਹ ਲਵੇ, ਬੂਟ ਲੁਹਾ ਕੇ ਵੇਖ ਲਵੇ, ਪਰ ਸਿੱਖ ਦੀ ਸ਼ਾਨ ਦਸਤਾਰ ਨੂੰ ਹੱਥ ਨਾ ਲਾਵੇ। ਹਵਲਦਾਰ ਨਾ ਟਲਿਆ ਤਾਂ ਰਾਓ ਨੇ ਆਪਣੀ ਫੋਟੋ ਪਾੜ ਕੇ ਜੇਬ ਵਿਚ ਪਾ ਲਈ ਅਤੇ ਰੋਲ ਨੰਬਰ ਕਾਰਡ ਪਾੜ ਕੇ ਟੁਕੜੇ-ਟੁਕੜੇ ਕਰਕੇ ਹਵਲਦਾਰ ਦੇ ਪੈਰਾਂ ਵਿਚ ਸੁੱਟ ਦਿੱਤਾ। ਵਾਪਸ ਆ ਗਿਆ। ਇਮਤਿਹਾਨ ਦਿੱਤਾ ਹੀ ਨਾ। ਇਸ ਤਰ੍ਹਾਂ ਉਸ ਦੀ ਐਮ. ਏ. ਪੰਜਾਬੀ ਵਿਚੇ ਰਹਿ ਗਈ, ਪਰ ਪੰਜਾਬੀ ਪੁਸਤਕਾਂ ਪੜ੍ਹਨ ਦਾ ਸ਼ੌਕ ਪਹਿਲਾਂ ਨਾਲੋਂ ਵਧ ਗਿਆ।

ਰਣਧੀਰ ਸਿੰਘ ਰਾਓ ਮੇਰੀ ਨਵੀਂ ਛਪੀ ਹਰ ਪੁਸਤਕ ਖਰੀਦ ਕੇ ਪੜ੍ਹਦਾ ਸੀ ਤੇ ਮੈਂ ਉਸ ਨੂੰ ਆਪਣੀ ਨਵੀਂ ਛਪੀ ਪੁਸਤਕ ‘ਕਾਲੇ ਲਿਖੁ ਨਾ ਲੇਖ’ ਦੇਣ ਹੀ ਉਸ ਦੇ ਦਫਤਰ ਗਿਆ ਸਾਂ।

ਸੋਹਣੀ ਪਗੜੀ, ਸਾਬਤ ਸਾਊ ਦਾਹੜੀ, ਸਾਊ ਤੇ ਸੰਗਠਤ ਮਨੁੱਖ ਦਾ ਪ੍ਰਮਾਣ ਹੁੰਦੀ ਹੈ। ਗੁਰੂ ਅਮਰਦਾਸ ਜੀ ਕਥਨ ਕਰਦੇ ਹਨ: ‘‘ਮੁਖ ਸਚੇ ਸਚੁ ਦਾੜੀਆ; ਸਚੁ ਬੋਲਹਿ ਸਚੁ ਕਮਾਹਿ ॥’’ (ਮ: ੩/੧੪੧੯)

ਭਾਰਤ ਕਈ ਸੌ ਸਾਲ ਗੁਲਾਮ ਰਿਹਾ। ਭਾਰਤ ਪਾਸ ਸਦੀਆਂ ਭਰ ਦਾ ਗੁਲਾਮੀ ਦਾ ਫਲਸਫਾ ਹੈ। ਸਿਰ ਸੁੱਟ ਤੇ ਗਰਦਨ ਝੁਕਾ ਕੇ ਜੂਨ ਕੱਟੀ ਜਾਵੋ। ਅੱਜ ਵੀ ਦਾਸ (ਗੁਲਾਮ) ਸੋਚ ਜਾਰੀ ਹੈ। ਹੋਣੀਵਾਦ, ਕਿਸਮਤਵਾਦ, ਜੋਤਿਸ਼ਵਾਦ, ਪੱਤਰੀਵਾਦ, ਵਸਤੂਵਾਦ, ਪ੍ਰੋਹਿਤਵਾਦ, ਡੇਰਾਵਾਦ ਜਾਰੀ ਹੈ। ਪ੍ਰਥਮ ਗੁਰੂ ਨਾਨਕ ਦੇਵ ਜੀ ਨੇ ਰਿਸ਼ਵਤ ਉੱਤੇ ਆਧਾਰਿਤ ਨਿਆਂ ਪ੍ਰਬੰਧ ‘‘ਕਾਜੀ ਹੋਏ ਰਿਸਵਤੀ, ਵਢੀ ਲੈ ਕੈ ਹਕ ਗਵਾਈ।’’ (ਭਾਈ ਗੁਰਦਾਸ ਜੀ (ਵਾਰ ੧ ਪਉੜੀ ੩੦) ਨੂੰ ਵੰਗਾਰਿਆ ਸੀ- ‘‘ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨਿ੍ ਬੈਠੇ ਸੁਤੇ ॥’’ (ਮ: ੧/੧੨੮੮) ਸਦੀਆਂ ਭਰ ਤੋਂ, ਗਲਾਂ ਵਿਚ ਗੁਲਾਮੀ ਦਾ ਜੂਲਾ ਪੁਵਾ ਕੇ, ਕਾਇਰ ਭਾਰਤ ਨੂੰ ਪਹਿਲੀ ਵਾਰ ਗੁਰੂ ਨਾਨਕ ਦੇਵ ਜੀ ਨੇ ਜਗਾਇਆ ਸੀ- ਬਾਬਰ ਨੂੰ ਜਾਬਰ ਕਿਹਾ ਸੀ- ‘‘ਪਾਪ ਕੀ ਜੰਞ ਲੈ ਕਾਬਲਹੁ ਧਾਇਆ, ਜੋਰੀ ਮੰਗੈ ਦਾਨੁ ਵੇ ਲਾਲੋ  ! ॥’’ (ਮ: ੧/੭੨੨)

ਗੁਰੂ ਜੀ ਨੇ ਮਨੁੱਖ ਨੂੰ ਕੇਸ ਦਾਹੜੀ ਤੇ ਦਸਤਾਰ ਦੀ ਪੁਸ਼ਾਕ ਦੇ ਕੇ ਭੇਡਾਂ ਦੇ ਇੱਜੜ ਵਿੱਚੋਂ ਸ਼ੇਰ ਬਣਾਇਆ ਸੀ। ਬਹਾਦਰ ਤੇ ਗ਼ੈਰਤਮੰਦ ਮਨੁੱਖ ਸਿਰਜਿਆ ਸੀ। ਸਾਬਤ ਕੇਸ, ਦਾਹੜੀ, ਸਿਰ ਉੱਤੇ ਸੋਹਣੀ ਦਸਤਾਰ ਹੋਵੇ ਤਾਂ ਹੀ ਹੈ ਉਹ ਸਰਦਾਰ ‘‘ਸਾਬਤ ਸੂਰਤਿ ਦਸਤਾਰ ਸਿਰਾ ॥’’ (ਮ: ੫/੧੦੮੪) ਨਹੀਂ ਤਾਂ ਉਹ ਭਈਆ ਹੈ, ਬਾਊ ਹੈ, ਬੇਪਛਾਣ ਭੀੜ ਹੈ, ਬੇਪਛਾਣ ਭੀੜ ਵਿੱਚ ਇਕ ਰੋਡਾ ਸਿਰ ਹੈ।

ਪੰਜਾਬ ਵਿਚ ਤੇ ਪੰਜਾਬ ਤੋਂ ਬਾਹਰ ਸਾਰੇ ਪ੍ਰਾਂਤਾਂ ਵਿਚ ਤੇ ਸੰਸਾਰ ਦੇ ਸਾਰੇ ਦੇਸ਼ਾਂ ਵਿਚ ਸਿੱਖ ਆਪਣੇ ਕੇਸ ਦਾਹੜੀ ਤੇ ਦਸਤਾਰ ਦੀ ਪਛਾਣ ਬਰਕਰਾਰ ਰੱਖ ਰਹੇ ਹਨ, ਤਾਂ ਜੋ ਸਿੱਖ; ਗੁਰੂ ਦੇ ਭਰੋਸੇ ਤੇ ਵਿਸ਼ਵਾਸ ਦਾ ਪਾਤਰ ਬਣਿਆ ਰਹੇ। ਸੰਕਟ ਵਿਚ ਘਿਰੇ ਮਜ਼ਲੂਮਾਂ, ਦੁਖੀਆਂ ਖਾਸ ਕਰਕੇ ਔਰਤਾਂ ਲਈ ਆਪਣੀ ਜਾਨ ਤੱਕ ਕੁਰਬਾਨ ਕਰਨ ਲਈ ਤਿਆਰ ਰਹੇ। ਘਰੋਂ ਬਾਹਰ, ਰਾਤ ਬਰਾਤੇ ਇਕੱਲੀ ਔਰਤ ਦਾ ਸੁਰੱਖਿਆ ਲਈ ਸਾਬਤ ਸੂਰਤ ਸਿੱਖ ਉੱਤੇ ਵਿਸ਼ਵਾਸ ਹੋਣਾ ਸਾਡੇ ਲਈ ਮਾਣ ਵਾਲੀ ਗੱਲ ਹੈ।

‘ਜਾਤ ਪਾਤ’ ਵੰਡ ਵੀ ਇੱਕ ਸਮਾਜਿਕ ਦਲਦਲ ਹੈ।

0

 ‘ਜਾਤ ਪਾਤ’ ਵੰਡ ਵੀ ਇੱਕ ਸਮਾਜਿਕ ਦਲਦਲ ਹੈ।

ਗੁਰਵਿੰਦਰ ਸਿੰਘ ਖੁਸ਼ੀਪੁਰ-99141-61453

ਦਲਦਲ ਤੋਂ ਭਾਵ ਚਿੱਕੜ, ਜਿਲ੍ਹਣ, ਗਡਣ, ਧਸਣ ਹੈ। ਦਲਦਲ ਉਹ ਥਾਂ ਹੁੰਦੀ ਹੈ ਜਿੱਥੇ ਕੋਈ ਵਿਅਕਤੀ ਜਾਂ ਜਾਨਵਰ ਜਾਣੇ ਅਣਜਾਣੇ ਚਲਾ ਜਾਵੇ ਤਾਂ ਉੱਥੋਂ ਬਿਨ੍ਹਾਂ ਕਿਸੇ ਦੇ ਸਹਾਰੇ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਸਾਡੇ ਸਮਾਜ ’ਚ ਜਾਤ ਪਾਤ ਦਾ ਭੇਦ ਭਾਵ ਵੀ ਇੱਕ ਦਲਦਲ ਹੀ ਹੈ। ਸਦੀਆਂ ਤੋਂ ਮਨੁੱਖ ਇਸ ਜਾਤ ਪਾਤ ਨਾਂ ਦੀ ਦਲਦਲ ’ਚ ਫਸੇ ਹੋਏ ਹਨ। ਸਮਾਜ ਨੂੰ ਚਾਰ ਸ਼੍ਰੇਣੀਆਂ (ਬ੍ਰਹਮਣ, ਖੱਤਰੀ, ਵੈਸ, ਸੂਦਰ) ਦੇ ਰੂਪ ਵਿੱਚ ਵੰਡ ਦਿੱਤਾ ਗਿਆ। ਸਤਿਗੁਰੂ ਜੀ ਨੇ ਜਾਤ ਪਾਤ ਦੀ ਦਲਦਲ ’ਚੋਂ ਬਾਹਰ ਕੱਢ ਕੇ ਸਚਿਆਰਾ ਜੀਵਨ ਜੀਉਣ ਦਾ ਉਪਦੇਸ਼ ਦਿੱਤਾ ਤੇ ਕਿਹਾ ਕਿ ਸਾਰੇ ਜੀਵ ਇਕ ਪ੍ਰਮਾਤਮਾ ਦੇ ਪੈਦਾ ਕੀਤੇ ਹੋਏ ਹਨ: ‘‘ਏਕੁ ਪਿਤਾ, ਏਕਸ ਕੇ ਹਮ ਬਾਰਿਕ; ਤੂ ਮੇਰਾ ਗੁਰ ਹਾਈ ॥’’ (ਮ: ੫/੬੧੧)

ਉਦਾਸੀਆਂ ਦੇ ਸਮੇਂ ਸਤਿਗੁਰੂ ਨਾਨਕ ਦੇਵ ਜੀ ਨੇ ਆਪਣੇ ਸਾਥੀ ਵੱਜੋਂ ਭਾਈ ਮਰਦਾਨਾ ਜੀ ਦੀ ਚੋਣ ਕੀਤੀ ਜੋ (ਮਰਾਸੀ, ਮੁਸਲਮਾਨ) ਜਾਤ ਨਾਲ ਸੰਬੰਧਿਤ ਸਨ। ਲੋਕਾਂ ਨੂੰ ਜਾਤ ਪਾਤ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਇਹ ਵੀ ਇੱਕ ਮਿਸਾਲ ਹੀ ਸੀ। ਇਸੇ ਦਲਦਲ ’ਚੋਂ ਬਾਹਰ ਕੱਢਣ ਲਈ ਲੰਗਰ ਪ੍ਰਥਾ ਆਰੰਭ ਕੀਤੀ ਗਈ ਜਿੱਥੇ ਬਿਨਾਂ ਕਿਸੇ ਭੇਦ ਭਾਵ ਤੋਂ ਸਰੀਰਕ ਤੇ ਮਾਨਸਿਕ ਲੋੜਾਂ ਦੀ ਪੂਰਤੀ ਹੁੰਦੀ। ਨਗਰਾਂ ’ਚ ਸਰੋਵਰ ਤੇ ਖੂਹ ਬਣਵਾਏ ਗਏ ਤਾਂ ਜੋ ਹਰ ਵਰਗ ਲਈ ਪਾਣੀ ਦੀ ਪੂਰਤੀ ਹੋਵੇ ਤੇ ਦਵਾਖ਼ਾਨੇ ਵੀ ਖੋਲ੍ਹੇ ਗਏ।

ਸੰਨ 1699 ਦੀ ਵਿਸਾਖੀ (ਖਾਲਸਾ ਪੰਥ ਦੀ ਸਿਰਜਣਾ) ਸਮੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਨਮੁਖ ਜਿਨ੍ਹਾਂ 5 ਪਿਆਰਿਆਂ ਨੇ ਆਪਣੇ ਸੀਸ ਭੇਟ ਕੀਤੇ, ਉਹ ਵੀ ਭਿੰਨ-ਭਿੰਨ ਜਾਤਾਂ ਤੇ ਅਲੱਗ-ਅਲੱਗ ਇਲਾਕਿਆਂ ਨਾਲ ਸੰਬੰਧਿਤ ਸਨ, ਜਿਸ ਰਾਹੀਂ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ ਕਿ ਗੁਰੂ ਜੀ ਨੇ ਸਮਾਜਿਕ ਦਲਦਲ ਦੀ ਬਜਾਇ ਵਿਚਾਰਕ ਨਿਰਲੇਪਤਾ ਤੇ ਸਮਾਨਤਾ ਨੂੰ ਮਹੱਤਤਾ ਦਿੱਤੀ।

ਜਾਤ ਪਾਤ ਰੂਪ ਦਲਦਲ ਦਾ ਸਰੋਤ ਕਹੀ ਜਾਂਦੀ ਬਨਾਰਸ ਨਗਰੀ ’ਚ ਪੈਦਾ ਹੋਏ ਸ਼੍ਰੋਮਣੀ ਭਗਤ ਕਬੀਰ ਜੀ ਨੇ ਵੀ ਆਪਣੀ ਬਾਣੀ ’ਚ ਜਾਤ ਪਾਤ ਦੇ ਖੰਡਨ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਸਾਡੇ ਕਬੀਲੇ ’ਚ ਤਾਂ ਜੋ ਅਕਾਲ ਪੁਰਖ ਦੀ ਵਿਚਾਰ ਕਰਦਾ ਹੈ ਉਸੇ ਨੂੰ ਹੀ ਬ੍ਰਾਹਮਣ ਆਖਿਆ ਜਾਂਦਾ ਹੈ: ‘‘ਕਹੁ ਕਬੀਰ ! ਜੋ ਬ੍ਰਹਮੁ ਬੀਚਾਰੈ ॥ ਸੋ ਬ੍ਰਾਹਮਣੁ, ਕਹੀਅਤੁ ਹੈ ਹਮਾਰੈ ॥’’ (ਭਗਤ ਕਬੀਰ/੩੨੪) ਇਹ ਤਰ੍ਹਾਂ ਦੇ ਵਚਨ ਹੀ ਗੁਰੂ ਅਮਰਦਾਸ ਜੀ ਕਰਦੇ ਹਨ: ‘‘ਜਾਤਿ ਕਾ ਗਰਬੁ; ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ; ਸੋ ਬ੍ਰਾਹਮਣੁ ਹੋਈ ॥’’ (ਮ: ੩/੧੧੨੭)

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਜਾਤ ਪਾਤ ਦੇ ਭੇਦ ਭਾਵ ਨੂੰ ਨਕਾਰਦਿਆਂ 35 ਮਹਾਂ ਪੁਰਸ਼ਾਂ ’ਚ ਭਿੰਨ-ਭਿੰਨ ਜਾਤਾਂ ਤੇ ਧਰਮਾ ਨਾਲ ਸੰਬੰਧਿਤ ਸ਼ਖ਼ਸੀਅਤਾਂ ਨੂੰ ਮਾਣ ਬਖ਼ਸ਼ਿਆ ਤੇ ਉਪਦੇਸ਼ ਕੀਤਾ ‘‘ਸਭੇ ਸਾਝੀਵਾਲ ਸਦਾਇਨਿ; ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥’’ (ਮ: ੫/੯੭) ਇਹੀ ਵਚਨ ਸਭ ਧਰਮਾਂ ਤੇ ਜਾਤਾਂ ਲਈ ਇੱਕ ਸਮਾਨ ਹੋ ਨਿਬੜੇ ‘‘ਖਤ੍ਰੀ ਬ੍ਰਾਹਮਣ ਸੂਦ ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ ॥’’ (ਮ: ੫/੭੪੭)

ਗੁਰੂ ਉਪਦੇਸ਼ ਨੇ ਇਸ ਜਾਤ ਪਾਤ ਬੁਰਿਆਈ ਨੂੰ ਕੇਵਲ ਸਮਾਜਿਕ ਦਲਦਲ ਹੀ ਮੰਨਿਆ ਹੈ ਜੋ ਰੱਬੀ ਦਰਗਾਹ ਜਾਂ ਮਰਨ ਉਪਰੰਤ ਕੋਈ ਅਹਿਮਤੀ ਨਹੀਂ ਰੱਖਦੀ ‘‘ਅਗੈ ਜਾਤਿ ਨ ਜੋਰੁ ਹੈ; ਅਗੈ ਜੀਉ ਨਵੇ ॥’’ (ਮ: ੧/੪੬੯)

ਪਰ ਜੇ ਅਸੀਂ ਅਜੋਕਾ ਸਮਾਂ ਵੇਖੀਏ ਤਾਂ ਜਿਸ ਦਲਦਲ ਬਾਰੇ ਗੁਰਬਾਣੀ ਵਾਰ-ਵਾਰ ਚੇਤਾ ਕਰਵਾ ਰਹੀ ਹੈ ਅਸੀਂ ਉਸੇ ਵਿੱਚ ਫਸੇ ਵਿਖਾਈ ਦੇ ਰਹੇ ਹਾਂ ਤੇ ਇਹ ਸਵੀਕਾਰਨ ਨੂੰ ਵੀ ਤਿਆਰ ਨਹੀਂ। ਸਾਡੇ ਗੁਰਦੁਆਰਿਆਂ ਦੀ ਉਸਾਰੀ ਵੀ ਜਾਤ ਪਾਤ ਆਧਾਰਿਤ ਕੀਤੀ ਜਾ ਰਹੀ ਹੈ। ਸਮਾਜਿਕ ਰਿਸ਼ਤੇ ਵੀ ਸਾਡੇ ਜਾਤ ਪਾਤ ਆਧਾਰਿਤ ਹੀ ਬਣੇ ਹੋਏ ਹਨ, ਜਿਸ ਕਾਰਨ ਕਿਸੇ ਨੂੰ ਗੁਰੂ ਵਾਂਗ ਇਸ ਦਲਦਲ ਬਾਰੇ ਅਹਿਸਾਸ ਕਰਵਾਉਣ ਵਾਲਾ ਵੀ ਨਜ਼ਰ ਨਹੀਂ ਆਉਂਦਾ ਹੈ। ਲੰਗਰ ਤਿਆਰ ਕਰਨ ਤੇ ਵਰਤਾਉਣ ਦੌਰਾਨ ਵੀ ਜਾਤ ਪਾਤ ਨੂੰ ਸਾਹਮਣੇ ਰੱਖਿਆ ਜਾਂਦਾ ਹੈ। ਗੁਰਦੁਆਰਾ ਪ੍ਰਬੰਧਕ ਦੀ ਨਿਯੁਕਤੀ ਲਈ ਵੀ ਵਿਸ਼ੇਸ਼ ਜਾਤ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ।

ਗੁਰੂ ਸਿੱਖਿਆ ਰਾਹੀਂ ਜਿਸ ਬਿਮਾਰੀ ਦਾ ਨਾਸ ਕਰ ਕੇ ਅਸੀਂ ਸਮਾਜ ਲਈ ਮਿਸਾਲ ਪੇਸ਼ ਕਰਨੀ ਸੀ ਉਹੀ ਸੋਚ ਦਲਦਲ ’ਚ ਫਸੀ ਗਰੀਬਾਂ ਦਾ ਸ਼ੋਸ਼ਣ ਕਰਨ ’ਚ ਅਗਵਾਈ ਕਰ ਰਹੀ ਹੈ।

ਮਿਸਲਾਂ ਸਮੇਂ ਵੰਡੀ ਜਾਂਦੀ ਸਿੱਖੀ ਅੱਜ ਟਕਸਾਲਾਂ, ਜਥੇਬੰਦੀਆਂ ’ਚ ਵੰਡੀ ਗਈ ਹੈ, ਜੋ ਆਏ ਦਿਨ ਸਮਾਜ ਨੂੰ ਗੁਰਮਤਿ ਵਿਰੋਧੀ ਸੰਦੇਸ਼ ਦੇ ਰਹੀ ਹੈ। ਇਸ ਦੇ ਬਾਵਜੂਦ ਵੀ ਅਸੀਂ ਆਪਣੇ ਆਪ ਨੂੰ ਗੁਰੂ ਦੇ ਸੱਚੇ ਸਿੱਖ ਅਖਵਾਉਣ ਵਿੱਚ ਫ਼ਕਰ ਮਹਿਸੂਸ ਕਰਦੇ ਆ ਰਹੇ ਹਾਂ।

ਜਦ ਅਸੀਂ ਗੁਰੂ ਉਪਦੇਸ਼ ਨੂੰ ਸਰਬੋਤਮ ਮੰਨਦਿਆਂ ‘‘ਅਵਲਿ ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ ॥’’ (ਭਗਤ ਕਬੀਰ/੧੩੪੯) ਵਚਨ ਆਪ ਸੁਣ ਕੇ ਹੋਰਾਂ ਨਾਲ ਸਾਂਝੇ ਕਰਾਂਗੇ ਤਾਂ ਹੀ ਅਸੀਂ ਦਲਦਲ ਰੂਪ ਨਫ਼ਰਤ ’ਚੋਂ ਬਾਹਰ ਨਿਕਲ ਕੇ ‘‘ਇਹ ਲੋਕ ਸੁਖੀਏ, ਪਰਲੋਕ ਸੁਹੇਲੇ ॥’’ (ਮ: ੫/੨੯) ਵਚਨਾਂ ਦੇ ਭਾਗੀਦਾਰ ਬਣਾਂਗੇ।

ਸੋ, ਦਲਦਲ ’ਚ ਫਸੇ ਨੂੰ ਗੁਰੂ ਉਪਦੇਸ਼ ਹੀ ਕੱਢ ਸਕਦਾ ਹੈ, ਪਰ ਜ਼ਰੂਰਤ ਹੈ ਨਿਰਮਲ ਬੁੱਧੀ ਨਾਲ ਗੁਰੂ ਨਾਲ ਜੁੜਨ ਦੀ, ਨਾ ਕਿ ਆਪਣੀ ਮਤ ਨੂੰ ਹੀ ਗੁਰਮਤ ਬਣਾਉਣ ਦਾ ਯਤਨ ਕੀਤਾ ਜਾਏ।

Most Viewed Posts