38.9 C
Jalandhar
Tuesday, April 21, 2026
spot_img
Home Blog Page 144

ਅੱਧਕ ਤੇ ਪੈਰ ਬਿੰਦੀ ਦਾ ਪ੍ਰਯੋਗ ਗੁਰਬਾਣੀ ਵਿੱਚ ਨਾ ਹੋਣ ਦੇ ਕੁਝ ਕਾਰਨ

2

ਵੀਰ ਅਜੀਤ ਸਿੰਘ ਜੀ !

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ।

ਗਿਆਨੀ ਅਵਤਾਰ ਸਿੰਘ-94650-40032

ਆਪ ਜੀ ਦੁਆਰਾ ਪਿਛਲੇ ਦਿਨੀਂ ਕੁੱਝ ਸਵਾਲਾਂ ਦੇ ਜਵਾਬ ਲੈਣ ਬਾਰੇ ਮੇਰੀ ਰਾਇ ਜਾਣਨੀ ਚਾਹੀ ਸੀ, ਜਿਸ ਉਪਰੰਤ ਮੈਂ ਆਪ ਜੀ ਨੂੰ ਆਪਣੀ ਸੀਮਤ ਬੁੱਧੀ ਨਾਲ਼ ਜਵਾਬ ਦੇਣ ਦਾ ਵਾਧਾ ਕੀਤਾ ਸੀ। ਮਾਫੀ ਚਾਹਾਂਗਾ ਕਿ ਕਿਸੀ ਕਾਰਨ ਜਵਾਬ ਦੇਣ ਵਿੱਚ ਦੇਰੀ ਹੋ ਗਈ।

ਪਹਿਲਾ ਸਵਾਲ: ਤੁਹਾਡਾ ਇਹ ਮੰਨਣਾ ਹੈ ਕਿ ਗੁਰਬਾਣੀ ’ਚ 6 ਅੱਖਰ ਧੁਨੀ (ਸ਼, ਖ਼, ਗ਼, ਜ਼, ਫ਼, ਲ਼) ਅਤੇ ਅੱਧਕ ਦਰਜ ਨਹੀਂ ਹੈ, ਫਿਰ ਇਸ ਧੁਨੀ ਦਾ ਉਚਾਰਨ ਸਮਾਂ ਕੀ ਸੀ ?

ਜਵਾਬ: ਇਹ ਸੱਚ ਹੈ ਕਿ ਗੁਰਬਾਣੀ ਲਿਖਤ ’ਚ ਇਨ੍ਹਾਂ ਧੁਨੀਆਂ ਦਾ ਪ੍ਰਯੋਗ ਨਹੀਂ ਕੀਤਾ ਗਿਆ, ਪਰ ਇਹ ਵੀ ਵਿਚਾਰਨਯੋਗ ਹੈ ਕਿ ਕੀ ਤਦ

ਜਿਨੀ ਨਾਮੁ ਧਿਆਇਆ; ਗਏ ‘ਮਸਕਤਿ’ ਘਾਲਿ ॥ (ਜਪੁ) ਤੁਕ ’ਚ ਦਰਜ ‘ਮਸਕਤਿ’ ਨੂੰ ‘ਮਸ਼ੱਕਤ’ ਨਹੀਂ ਪੜ੍ਹਦੇ ਹੋਣਗੇ, ਜੋ ਬਿਲਕੁਲ ਗਲਤ ਹੋਵੇਗਾ ਭਾਵ ਗੁਰੂ ਨਾਨਕ ਜੀ ਨੂੰ ਪਤਾ ਸੀ ਕਿ ਇਸ ਸ਼ਬਦ ਦਾ ਉਚਾਰਨ ‘ਮਸਕਤਿ’ ਨਹੀਂ ਬਲਕਿ ‘ਮਸ਼ੱਕਤ’ ਹੈ।

ਕਿਸੇ ਭਾਸ਼ਾ ਦਾ ਵਿਕਾਸ ਉਸ ਦੀ ਉਚਾਰਨ ਧੁਨੀ ਦੀਆਂ ਬਾਰੀਕੀਆਂ ਨੂੰ ਲਿਖਤ ਰੂਪ ਵਿੱਚ ਲੈ ਕੇ ਆਉਣ ਨੂੰ ਕਿਹਾ ਜਾਂਦਾ ਹੈ, ਜੋ ਕੁੱਝ ਹੱਦ ਤੱਕ ਪ੍ਰਚਲਿਤ ਬੋਲੀ ਦਾ ਭਾਗ ਵੀ ਹੁੰਦੀ ਹੈ; ਜਿਵੇਂ ਕਿ

‘ਜਲ’ ਦਾ ਅਰਥ ਹੈ ‘ਪਾਣੀ’ ਪਰ ‘ਜਲ਼’ ਦਾ ਅਰਥ ਹੈ ‘ਈਰਖਾ, ਸੜਨ’। ਭਾਸ਼ਾ ਵਿਗਿਆਨੀ ‘ਜਲ਼’ (ਧੁਨੀ) ਨੂੰ ਲਿਖਤ ਰੂਪ ’ਚ ਲਿਆਉਣ ਤੋਂ ਬਹੁਤ ਪਹਿਲਾਂ ਤੋਂ ਬੋਲਦੇ ਆ ਰਹੇ ਸਨ, ਪਰ ਜਦ ਇਸ ਨੂੰ ਲਿਖਤੀ ਰੂਪ ਮਿਲ ਗਿਆ ਤਾਂ ਹਰ ਕੋਈ ਸਹਿਜੇ ਹੀ ਪ੍ਰਯੋਗ ਕਰਨਾ ਸਿੱਖ ਗਿਆ। ਇਸ ਤੋਂ ਸਪਸ਼ਟ ਹੈ ਕਿ ਧੁਨੀ ਉਚਾਰਨ, ਲਿਖਤ ਤੋਂ ਬਹੁਤ ਪਹਿਲਾਂ ਪ੍ਰਚਲਿਤ ਹੋ ਚੁੱਕਾ ਹੁੰਦਾ ਹੈ।

ਪੰਜਾਬੀ ਭਾਸ਼ਾ ਤੋਂ ਇਲਾਵਾ ਅੱਧਕ ਦਾ ਪ੍ਰਯੋਗ ਕਿਸੇ ਹੋਰ ਭਾਸ਼ਾ ਵਿੱਚ ਨਹੀਂ ਹੁੰਦਾ, ਇਸ ਦੀ ਥਾਂ ਉਨ੍ਹਾਂ ਪਾਸ ਡਬਲ ਅੱਖਰ ਧੁਨੀ ਹੁੰਦੀ ਹੈ; ਜਿਵੇਂ ‘ਦਿੱਲੀ’ ਦੀ ਲਿਖਤ ‘ਦਿਲ੍ਲੀ’।

ਇਹ ਮੰਨਣਾ ਅਸੰਭਵ ਹੈ ਕਿ ਕੋਈ ਭਾਸ਼ਾ ਅੱਧਕ ਜਾਂ ਡਬਲ ਅੱਖਰ ਧੁਨੀ ਤੋਂ ਬਿਨਾਂ ਹੀ ਸਦੀਆਂ ਤੱਕ ਪ੍ਰਚਲਿਤ ਹੋਵੇ। ਪੰਜਾਬੀ ਭਾਸ਼ਾ ਦੀ ਸਾਹਿਤਕ ਰਚਨਾ ਦਾ ਕਾਲ ਮਛੰਦਰਨਾਥ ਜੋਗੀ ਤੇ ਗੋਰਖਨਾਥ (ਭਾਵ 8ਵੀਂ ਜਾਂ 9ਵੀਂ) ਸਦੀ ਤੋਂ ਪ੍ਰਚਲਿਤ ਮਿਲਦਾ ਹੈ। ਇਸ ਭਾਸ਼ਾਈ ਸ਼ਬਦ ਸੰਗ੍ਰਹਿ ਵਿੱਚ 11ਵੀਂ ਸਦੀ ’ਚ ਭਾਰਤ ਉੱਤੇ ਮੁਸਲਮਾਨਾਂ ਦਾ ਰਾਜ ਸਥਾਪਤ ਹੋਣ ਉਪਰੰਤ ਫਾਰਸੀ, ਅਰਬੀ ਅੱਖਰਾਂ ਦੀ ਧੁਨੀ ਵੀ ਸ਼ਾਮਲ ਹੋ ਗਈ, ਜਿਸ ਨੂੰ ਅਸੀਂ ਪੈਰ ਬਿੰਦੀ ਦੇ ਰੂਪ ਵਿੱਚ ਜਾਣਦੇ ਹਾਂ। ਜਦ ਸਮਾਜਿਕ ਬੋਲੀ ਦੇ ਸ਼ਬਦ ਆਮ ਹੀ ਪ੍ਰਚਲਿਤ ਹੋਣ ਤਾਂ ਲਿਖਤ ’ਚ ਉਚਾਰਨ ਧੁਨੀ ਦਰਜ ਨਾ ਕਰ ਕੇ ਵੀ ਉਚਾਰਨ ਦਰੁਸਤ ਕਰ ਲਿਆ ਜਾਂਦਾ ਹੈ, ਪਰ ਅਜੋਕੀ ਸਥਿਤੀ ਆਮ ਬੋਲੀ ਦੀ ਸ਼ਬਦ ਧੁਨੀ ’ਚ ਇਨ੍ਹਾਂ ਦੇ ਪ੍ਰਯੋਗ ਦੀ ਘਾਟ ਕਾਰਨ ਉਤਪੰਨ ਹੋਈ ਹੈ, ਜਿਸ ਦੇ ਅਜੋਕੇ ਪ੍ਰਸੰਸਕਾਂ ਨੇ ਆਪ ਜੀ ਵਾਙ ਸਵਾਲ ਪੈਦਾ ਕਰ ਲਏ ।

ਮੇਰੀ ਰਾਇ ਮੁਤਾਬਕ ‘ਅੱਧਕ’ ਕਿਸੇ ਸ਼ਬਦ ਦਾ ਮੱਧ (ਅੱਧ) ਹੁੰਦੀ ਹੈ ਭਾਵ ਸ਼ਬਦ ਧੁਨੀ ਨੂੰ ਅਗੇਤਰ ਤੇ ਪਿਛੇਤਰ ਭਾਗਾਂ ਵਿੱਚ ਵੰਡਦੀ ਹੈ ਜਾਂ ਵਾਧੂ ਵਜ਼ਨ ਦਵਾਉਣ ਵੱਲ ਪ੍ਰੇਰਦੀ ਹੈ ਜਿਵੇਂ ਕਿ ‘ਅ+ਟਲ’ ਨੂੰ ‘ਅਟੱਲ’, ‘ਸ+ਬਲ’ ਨੂੰ ‘ਸਬੱਲ’ ਅਗੇਤਰ ਧੁਨੀ ਵੰਡ ਦਿੱਤੀ ਗਈ ਅਤੇ ‘ਮਸ਼ੱਕਤ’ ’ਚ ‘ਮਸ਼ਕ੍ਕਤ’ ਭਾਵ ਪਿਛੇਤਰ ਡਬਲ ‘ਕ’ ਕਰ ਦਿੱਤਾ ਗਿਆ। ਜਿਸ ਅੱਖਰ ਉੱਤੇ ਅੱਧਕ ਲੱਗੀ ਹੈ ਉਸ ਦੀ ਧੁਨੀ ਹਮੇਸ਼ਾਂ ਮੱਧਮ (ਘੱਟ ਵਜ਼ਨ ਵਾਲ਼ੀ) ਹੀ ਰਹਿੰਦੀ ਹੈ; ਜਿਵੇਂ ਕਿ ਉਕਤ ਸ਼ਬਦਾਂ ’ਚ ‘ਟ, ਬ, ਸ਼’ ਅੱਖਰ ਧੁਨੀ।

ਪਵਰਗ (ਪ, ਫ, ਬ, ਭ, ਮ) ਵਾਲੀ ਧੁਨੀ ’ਚ ਇਹ ਅੱਧਕ ਜ਼ਿਆਦਾਤਰ ਟਿੱਪੀ ਬਣ ਜਾਂਦੀ ਹੈ ਪਰ ਉਚਾਰਨ ਨਿਯਮ (ਅਗੇਤਰ-ਪਿਛੇਤਰ ਵੰਡਣਾ) ਅੱਧਕ ਵਾਙ ਹੀ ਜਾਰੀ ਰੱਖਦੀ ਹੈ ਜਿਵੇਂ ਕਿ ‘ਅ+ਗਮ’ ਨੂੰ ‘ਅਗੰਮ’ ਕਰ ਦਿੱਤਾ, ਨਾ ਕਿ ‘ਅਗੱਮ’ ਕਿਉਂਕਿ ਅੱਧਕ ਵਾਲ਼ੇ ਅੱਖਰ ਉਪਰੰਤ ਪਵਰਗ (ਮ) ਅੱਖਰ ਹੈ, ਜਿਸ ਨੇ ‘ਗ’ ਉੱਤੇ ਅੱਧਕ ਦੀ ਬਜਾਇ ਟਿੱਪੀ ਲਗਾ ਦਿੱਤੀ।

ਤੁਹਾਡਾ ਇਹ ਕਹਿਣਾ ਕਿ 1830 ਈਸਵੀ ਉਪਰੰਤ ਇਨ੍ਹਾਂ ਦਾ ਲਿਖਤ ’ਚ ਪ੍ਰਯੋਗ ਹੋਇਆ ਮਿਲਦਾ ਹੈ, ਮੰਨਣਯੋਗ ਹੈ, ਪਰ ਉਚਾਰਨ ਧੁਨੀ ਪੰਜਾਬੀ ਭਾਸ਼ਾ ਦੇ ਨਿਕਾਸ ਤੋਂ ਹੀ ਮੰਨਣੀ ਪਵੇਗੀ ਕਿਉਂਕਿ ਤਦ ਤੋਂ ਹੀ ਡਬਲ ਅੱਖਰ ਵੀ ਇਸ ਬੋਲੀ ਵਿੱਚ ਨਹੀਂ ਸਨ। ਪੈਰ ਬਿੰਦੀ ਉਚਾਰਨ 11 ਵੀਂ ਸਦੀ ਤੋਂ ਆਰੰਭ ਮੰਨਣਾ ਪਵੇਗਾ। ਬਾਬਾ ਫਰੀਦ ਜੀ ਦੀ ਰਚਨਾ ਸਮੇਂ ਇਤਨਾ ਲਿਖਤ ਨਿਖਾਰ ਇਸ ਭਾਸ਼ਾ ਦੀ ਨਿਕਾਸੀ ਨੂੰ ਬਹੁਤ ਪਿੱਛੇ ਲੈ ਜਾਂਦਾ ਹੈ।

ਦੂਸਰਾ ਸਵਾਲ: ਗੁਰਬਾਣੀ ਦੀ ਲਿਖਤ ਨੂੰ ਪਦ ਛੇਦ ਕਰਨ ਨਾਲ਼ ਸੰਬੰਧਿਤ ਸੀ, ਕਿ ਇਸ ਦੀ ਸ਼ਬਦ ਵੰਡ ਕਿਵੇਂ ਕੀਤੀ ਗਈ ?

ਜਵਾਬ: ਅਗਰ ਗੁਰਬਾਣੀ ਦੀ ਲਿਖਤ ਨੂੰ ਅੱਜ ਸੰਗਲੀ ਰੂਪ ’ਚ ਮੈਨੂੰ ਦੇ ਦਿੱਤਾ ਜਾਏ ਮੈਂ ਸਹਿਜੇ ਹੀ ਇਸ ਦੀ ਪਦ ਵੰਡ ਕਰ ਦੇਵਾਂਗਾ। ਇਸ ਦਾ ਕਾਰਨ ਹੈ ਲਿਖਤ ਨਿਯਮ ਬਾਰੇ ਜਾਣਕਾਰੀ ਹੋਣਾ; ਜਿਵੇਂ ਕਿ ਗੁਰਬਾਣੀ ’ਚ ‘ਨ’ (14338 ਵਾਰ) ਮੁਕਤਾ ਨੂੰ ਸ਼ਬਦ ਤੋਂ ਅਲੱਗ ਕਰਨ ਲਈ ਇਸ ਦੇ ਅਗੇਤਰ ਸ਼ਬਦ ਦੇ ਅਖ਼ੀਰ ’ਚ ਜ਼ਿਆਦਾਤਰ ਔਂਕੜ ਜਾਂ ਸਿਹਾਰੀ ਹੋਣਾ ਜ਼ਰੂਰੀ ਹੈ; ਜਿਵੇਂ ਕਿ

ਸੋਚੈ ‘ਸੋਚਿ ਨ’ ਹੋਵਈ, ਜੇ ਸੋਚੀ ਲਖ ਵਾਰ ॥

ਹੁਕਮੀ ਹੋਵਨਿ ਆਕਾਰ, ‘ਹੁਕਮੁ ਨ’ ਕਹਿਆ ਜਾਈ ॥

ਤੇਹਾ ‘ਕੋਇ ਨ’ ਸੁਝਈ, ਜਿ ਤਿਸੁ ਗੁਣੁ ਕੋਇ ਕਰੇ ॥, ਆਦਿ। ਇਹ ਵੀ ਧਿਆਨ ਰਹੇ ਕਿ ਅਗਰ ਗੁਰਬਾਣੀ ’ਚ ‘ਨਿ’ ਜਾਂ ‘ਨੁ’ ਹੋਵੇ ਤਾਂ ਅਗੇਤਰ ਸ਼ਬਦ ਤੋਂ ਭਿੰਨ ਨਹੀਂ ਹੋ ਸਕਦੇ; ਜਿਵੇਂ ਕਿ ‘ਹੋਵਨਿ, ਗਾਵਨਿ, ਕਰੰਨਿ, ਗਵਨੁ’ ਆਦਿ; ਜਿਵੇਂ

‘ਗਵਨੁ’ ਕੀਆ, ਧਰਤੀ ਭਰਮਾਤਾ ॥ (ਮ: ੫/੯੮)

‘ਸੰਗਿ ਨ’ ਸਾਥੀ, ‘ਗਵਨੁ’ ਇਕੇਲਾ ॥ (ਭਗਤ ਰਵਿਦਾਸ/੭੯੩), ਆਦਿ।

ਗੁਰਬਾਣੀ ਵਿੱਚ ਟਿੱਪੀ, ਬਿੰਦੀ, ਪੈਰ ਅੱਧਾ ਹਾਹਾ, ਆਦਿ ਦੀ ਸੰਖੇਪਤਾ ਨੂੰ ਵੇਖਦਿਆਂ ਵੀ ਇਨ੍ਹਾਂ (ਸ਼, ਖ਼, ਗ਼, ਜ਼, ਫ਼, ਲ਼ ਜਾਂ ਅੱਧਕ) ਧੁਨੀਆਂ ਨੂੰ ਲਿਖਤ ਰੂਪ ਦੇਣ ਵਿੱਚ ਦੇਰੀ ਹੋਈ ਮੰਨੀ ਜਾ ਸਕਦੀ ਹੈ।

ਹੁਣ ਵੀ ਜਾਣੇ ਅਣਜਾਣੇ ’ਚ ਗੁਰਬਾਣੀ ਪਦ ਵੰਡ ਵਿੱਚ ਸੈਕੜੇ ਗ਼ਲਤੀਆਂ ਨਜ਼ਰੀ ਆ ਰਹੀਆਂ ਹਨ; ਜਿਵੇਂ ਕਿ

ਪਥਰ ਕੀ ਬੇੜੀ ਜੇ ਚੜੈ, ‘ਭਰ ਨਾਲਿ’ ਬੁਡਾਵੈ ॥ (ਮ: ੧/੪੨੦) (ਗਲਤ)

ਪਥਰ ਕੀ ਬੇੜੀ ਜੇ ਚੜੈ, ‘ਭਰਨਾਲਿ’ ਬੁਡਾਵੈ ॥ (ਮ: ੧/੪੨੦) (ਠੀਕ)

ਪੰਚਾ ਤੇ ਏਕੁ ਛੂਟਾ, ਜਉ ਸਾਧਸੰਗਿ ‘ਪਗ ਰਉ’ ॥ (ਮ: ੫/੧੨੩੦) (ਗਲਤ)

ਪੰਚਾ ਤੇ ਏਕੁ ਛੂਟਾ, ਜਉ ਸਾਧਸੰਗਿ ‘ਪਗਰਉ’ ॥ (ਮ: ੫/੧੨੩੦) (ਠੀਕ)

‘ਪਰਸ ਨਿਪਰਸੁ’ ਭਏ ਸਾਧੂ ਜਨ, ਜਨੁ ਹਰਿ ਭਗਵਾਨੁ ਦਿਖੀਜੈ ॥ (ਮ: ੪/੧੩੨੪) (ਗਲਤ)

‘ਪਰਸਨਿ ਪਰਸੁ’ ਭਏ ਸਾਧੂ ਜਨ, ਜਨੁ ਹਰਿ ਭਗਵਾਨੁ ਦਿਖੀਜੈ ॥ (ਮ: ੪/੧੩੨੪) (ਠੀਕ)

ਤਾ ਤੇ, ਅੰਗਦੁ ਅੰਗ ਸੰਗਿ ਭਯੋ ਸਾਇਰੁ; ਤਿਨਿ ਸਬਦ ਸੁਰਤਿ ਕੀ ‘ਨੀਵ ਰਖਾਈ’ ॥ (ਭਟ ਕੀਰਤ/੧੪੦੬) (ਗਲਤ)

ਤਾ ਤੇ, ਅੰਗਦੁ ਅੰਗ ਸੰਗਿ ਭਯੋ ਸਾਇਰੁ; ਤਿਨਿ ਸਬਦ ਸੁਰਤਿ ‘ਕੀਨੀ ਵਰਖਾਈ’ ॥ (ਭਟ ਕੀਰਤ/੧੪੦੬) (ਠੀਕ), ਆਦਿ।

ਸਾਧ ਲਾਣੇ ਦਾ ਝੋਰਾ ਬਨਾਮ ਸਿੱਖੀ ਦਾ ਝੰਡਾ

0

 ਸਾਧ ਲਾਣੇ ਦਾ ਝੋਰਾ ਬਨਾਮ ਸਿੱਖੀ ਦਾ ਝੰਡਾ 

                           -ਗੁਰਪ੍ਰੀਤ ਸਿੰਘ (U.S.A) 

ਤੱਤ ਗੁਰਮਤਿ ਪ੍ਰਚਾਰਨ ਵਾਲਿਆਂ ਤੇ, ਕਰਦੇ ਨਿੱਤ ਹਮਲੇ,

ਖੋਤੇ ਪਾ ਕੇ ਖੱਲਾਂ ਸ਼ੇਰ ਦੀਆਂ, ਰੋਕਣ ਸਿੱਖੀ ਦੇ ਪ੍ਰਚਾਰ ਨੂੰ ।

ਸਾਧ ਲਾਣੇ ਦਾ ਝੋਰਾ, ਗੁਰੂ ਗ੍ਰੰਥ ਵਿਚ ਰਲਾਅ ਨਾ ਭੋਰਾ,

ਤਾਂਹੀਉ ਤਾਂ ਲੱਗਦਾ ਖੋਰਾ, ਵਿਕਾਊਆਂ ਦੇ ਵਿਉਪਾਰ ਨੂੰ ।।

ਕਰੇਗਾ ਕੋਈ ਕੀ ਵਿਚਾਰ ! ਲੋਭੀ ਜਦ ਖਾਂਦੇ ਨੇ ਮੁਰਦਾਰੁ,

ਪਹਿਚਾਣ ਲਿਆ ਪੰਥ ਨੇ ਹੁਣ, ਨਾਗਾਂ ਦੀ ਫ਼ੁੰਕਾਰ ਨੂੰ ।

ਇਕੱਲੇ ਨਹੀਂ ਹੋ ਤੁਸੀਂ, ਦੇਖ ਕੇ ਮਗਰ ਕਾਫ਼ਿਲਾ,

ਆਪੇ ਢਾਉਂਣਗੇ ਹੱਥੀਂ, ਆਪਣੇ ਝੂਠ ਦੀ ਦੀਵਾਰ ਨੂੰ ।।

ਉਹ ਦਿਨ ਨਹੀਂ ਦੂਰ, ਸਿਦਕ ਨੂੰ ਜਦ ਪਵੇਗਾ ਬੂਰ,

ਦਬਾਅ ‘ਚ ਵੀ ਰੱਖਣਾ ਹਮੇਸ਼ਾਂ ਉੱਚਾ, ਸਿੱਖੀ ਦੇ ਕਿਰਦਾਰ ਨੂੰ ।

ਬਾਕੀ ਸਭ ਕਚਰਾ, ਜਗਦੀ ਜੋਤ ਨੂੰ ਹੀ ਹੁੰਦਾ ਖ਼ਤਰਾ,

ਰੱਖਣਾ ਕਾਇਮ ਸਦਾ, ਗੁਰੂ ਗ੍ਰੰਥ ਜੀ ਦੇ ਸਤਿਕਾਰ ਨੂੰ ।।

ਸਿੱਖੀ ਦਾ ਝੰਡਾ ਕਰਨਾ ” ਪ੍ਰੀਤ” ਤੁਸਾਂ  ਹੋਰ ਵੀ ਬੁਲੰਦ ।

ਭਾਂਵੇ ਰੋਲਿਆ ਹੈ ਥੱਲੇ ਸੁੱਟ ਕੇ, ਤੁਸਾਂ ਦੀ ਦਸਤਾਰ ਨੂੰ ।।

ਗੁਰਬਾਣੀ ਦਾ ਮੂਲ ਪਾਠ (ਪੰਨਾ ਨੰਬਰ 109-114)

0

ਗੁਰਬਾਣੀ ਦਾ ਮੂਲ ਪਾਠ  (ਪੰਨਾ ਨੰਬਰ 109-114)

ੴ ਸਤਿ, ਗੁਰ ਪ੍ਰਸਾਦਿ ॥

ਰਾਗੁ ਮਾਝ, ਅਸਟਪਦੀਆ, ਮਹਲਾ ੧, ਘਰੁ ੧

ਸਬਦਿ (’ਚ) ਰੰਗਾਏ, ਹੁਕਮਿ (ਰਾਹੀਂ) ਸਬਾਏ ॥ ਸਚੀ ਦਰਗਹ (ਦਰਗ੍ਾ), ਮਹਲਿ ਬੁਲਾਏ ॥ ਸਚੇ ਦੀਨ ਦਇਆਲ ਮੇਰੇ ਸਾਹਿਬਾ ! ਸਚੇ ਮਨੁ ਪਤੀਆਵਣਿਆ ॥੧॥ ਹਉ (ਹੌਂ ) ਵਾਰੀ, ਜੀਉ ਵਾਰੀ ; ਸਬਦਿ (ਨਾਲ਼) ਸੁਹਾਵਣਿਆ ॥ ਅੰਮ੍ਰਿਤ ਨਾਮੁ ਸਦਾ ਸੁਖਦਾਤਾ ; ਗੁਰਮਤੀ ਮੰਨਿ (’ਚ) ਵਸਾਵਣਿਆ ॥੧॥ ਰਹਾਉ ॥ ਨਾ ਕੋ ਮੇਰਾ, ਹਉ (ਹਉਂ) ਕਿਸੁ ਕੇਰਾ (ਭਾਵ ਕਿਸ ਦਾ) ? ॥ ਸਾਚਾ ਠਾਕੁਰੁ, ਤ੍ਰਿਭਵਣਿ (’ਚ ਮੌਜੂਦ) ਮੇਰਾ ॥ ਹਉਮੈ ਕਰਿ+ਕਰਿ (ਕੇ) ਜਾਇ ਘਣੇਰੀ ; ਕਰਿ (ਕੇ) ਅਵਗਣ ਪਛੋਤਾਵਣਿਆ ॥੨॥ ਹੁਕਮੁ (ਨੂੰ) ਪਛਾਣੈ; ਸੁ ਹਰਿ ਗੁਣ, ਵਖਾਣੈ ॥ ਗੁਰ ਕੈ ਸਬਦਿ (ਨਾਲ਼), ਨਾਮਿ (’ਚ ਲੀਨ ਹੋ) ਨੀਸਾਣੈ (ਨੀਸ਼ਾਣੈ ਭਾਵ ਚਿੰਨ੍ਹ ਜਾਂ ਪੂੰਜੀ ਇਕੱਤਰ ਕਰਦਾ)॥ ਸਭਨਾ ਕਾ ਦਰਿ ਲੇਖਾ ਸਚੈ (‘ਸਚੈ+ਦਰਿ’ ਉੱਤੇ); ਛੂਟਸਿ ਨਾਮਿ (ਰਾਹੀਂ) ਸੁਹਾਵਣਿਆ ॥੩॥ ਮਨਮੁਖੁ ਭੂਲਾ, ਠਉਰੁ ਨ ਪਾਏ ॥ ਜਮ ਦਰਿ (’ਤੇ) ਬਧਾ (ਬੱਧਾ), ਚੋਟਾ (ਚੋਟਾਂ) ਖਾਏ ॥ ਬਿਨੁ ਨਾਵੈ (ਨਾਵੈਂ), ਕੋ ਸੰਗਿ ਨ ਸਾਥੀ ; ਮੁਕਤੇ ਨਾਮੁ ਧਿਆਵਣਿਆ ॥੪॥ ਸਾਕਤ ਕੂੜੇ, ਸਚੁ ਨ ਭਾਵੈ ॥ ਦੁਬਿਧਾ ਬਾਧਾ (ਬਾੱਧਾ), ਆਵੈ ਜਾਵੈ ॥ ਲਿਖਿਆ ਲੇਖੁ, ਨ ਮੇਟੈ ਕੋਈ ; ਗੁਰਮੁਖਿ ਮੁਕਤਿ ਕਰਾਵਣਿਆ ॥੫॥ ਪੇਈਅੜੈ (ਭਾਵ ਇਸ ਲੋਕ ’ਚ), ਪਿਰੁ ਜਾਤੋ ਨਾਹੀ (ਨਾਹੀਂ ਭਾਵ ਪਤੀ ਨਾ ਸਮਝਿਆ)॥ ਝੂਠਿ (ਕਾਰਨ) ਵਿਛੁੰਨੀ, ਰੋਵੈ ਧਾਹੀ (ਧਾਹੀਂ)॥ ਅਵਗਣਿ ਮੁਠੀ (ਮੁੱਠੀ), ਮਹਲੁ ਨ ਪਾਏ ; ਅਵਗਣ, ਗੁਣਿ (ਨਾਲ਼) ਬਖਸਾਵਣਿਆ (ਬਖ਼ਸ਼ਾਵਣਿਆ) ॥੬॥ ਪੇਈਅੜੈ, ਜਿਨਿ (ਜਿਨ੍ਹ) ਜਾਤਾ ਪਿਆਰਾ ॥ ਗੁਰਮੁਖਿ ਬੂਝੈ, ਤਤੁ ਬੀਚਾਰਾ ॥ ਆਵਣੁ ਜਾਣਾ, ਠਾਕਿ ਰਹਾਏ (ਭਾਵ ਰੋਕ ਲਏ, ਮੁਕਾ ਲਏ); ਸਚੈ+ਨਾਮਿ (’ਚ) ਸਮਾਵਣਿਆ ॥੭॥ ਗੁਰਮੁਖਿ ਬੂਝੈ, ਅਕਥੁ (ਅਕੱਥ, ਬਾਰੇ ਹੋਰਾਂ ਨੂੰ) ਕਹਾਵੈ (ਭਾਵ ਦੱਸਦਾ ਹੈ)॥ ਸਚੇ ਠਾਕੁਰ, ਸਾਚੋ ਭਾਵੈ ॥ ਨਾਨਕ ! ਸਚੁ ਕਹੈ ਬੇਨੰਤੀ ; ਸਚੁ ਮਿਲੈ ਗੁਣ ਗਾਵਣਿਆ ॥੮॥੧॥

ਮਾਝ, ਮਹਲਾ ੩, ਘਰੁ ੧ ॥

(ਰੱਬੀ) ਕਰਮੁ ਹੋਵੈ, ਸਤਿਗੁਰੂ (ਨੂੰ) ਮਿਲਾਏ ॥ ਸੇਵਾ ਸੁਰਤਿ, ਸਬਦਿ (’ਚ) ਚਿਤੁ ਲਾਏ ॥ ਹਉਮੈ ਮਾਰਿ (ਕੇ), ਸਦਾ ਸੁਖੁ ਪਾਇਆ ; ਮਾਇਆ ਮੋਹੁ (ਮੋਹ) ਚੁਕਾਵਣਿਆ ॥੧॥ ਹਉ (ਹਉਂ ) ਵਾਰੀ ਜੀਉ ਵਾਰੀ ; ਸਤਿਗੁਰ ਕੈ ਬਲਿਹਾਰਣਿਆ ॥ ਗੁਰਮਤੀ ਪਰਗਾਸੁ ਹੋਆ, ਜੀ; ਅਨਦਿਨੁ ਹਰਿ ਗੁਣ ਗਾਵਣਿਆ ॥੧॥ ਰਹਾਉ ॥ ਤਨੁ ਮਨੁ ਖੋਜੇ, ਤਾ ਨਾਉ (ਤਾਂ ਨਾਉਂ) ਪਾਏ ॥ ਧਾਵਤੁ (ਭਾਵ ਦੌੜਦੇ ਮਨ ਨੂੰ) ਰਾਖੈ , ਠਾਕਿ ਰਹਾਏ (ਰੋਕ ਕੇ ਸਥਿਰ)॥ ਗੁਰ ਕੀ ਬਾਣੀ, ਅਨਦਿਨੁ ਗਾਵੈ ; ਸਹਜੇ ਭਗਤਿ ਕਰਾਵਣਿਆ ॥੨॥ ਇਸੁ ਕਾਇਆ (ਕਾਇਆਂ) ਅੰਦਰਿ, ਵਸਤੁ ਅਸੰਖਾ ॥ ਗੁਰਮੁਖਿ ਸਾਚੁ ਮਿਲੈ, ਤਾ (ਤਾਂ) ਵੇਖਾ (ਭਾਵ ਵੇਖਿਆ ਜਾ ਸਕਦਾ ਹੈ)॥ ਨਉ ਦਰਵਾਜੇ (ਨੌਂ ਦਰਵਾਜ਼ੇ), ਦਸਵੈ (ਦਸਵੈਂ) ਮੁਕਤਾ ; ਅਨਹਦ ਸਬਦੁ ਵਜਾਵਣਿਆ ॥੩॥ ਸਚਾ (ਸੱਚਾ) ਸਾਹਿਬੁ, ਸਚੀ (ਸੱਚੀ) ਨਾਈ ॥ ਗੁਰ ਪਰਸਾਦੀ, ਮੰਨਿ (’ਚ) ਵਸਾਈ ॥ ਅਨਦਿਨੁ ਸਦਾ ਰਹੈ ਰੰਗਿ (’ਚ) ਰਾਤਾ (ਰਾੱਤਾ); ਦਰਿ+ਸਚੈ (’ਤੇ ਜੁੜ ਕੇ) ਸੋਝੀ ਪਾਵਣਿਆ ॥੪॥ ਪਾਪ ਪੁੰਨ ਕੀ; ਸਾਰ (ਭਾਵ ਖ਼ਬਰ, ਭਿੰਨਤਾ) ਨ ਜਾਣੀ ॥ ਦੂਜੈ (ਹੋਰ ਪ੍ਰੇਮ ’ਚ) ਲਾਗੀ, ਭਰਮਿ ਭੁਲਾਣੀ ॥ ਅਗਿਆਨੀ ਅੰਧਾ, ਮਗੁ ਨ ਜਾਣੈ ; ਫਿਰਿ-ਫਿਰਿ ਆਵਣ ਜਾਵਣਿਆ ॥੫॥ ਗੁਰ ਸੇਵਾ ਤੇ, ਸਦਾ ਸੁਖੁ ਪਾਇਆ ॥ ਹਉਮੈ ਮੇਰਾ (ਮੇਰ-ਤੇਰ), ਠਾਕਿ ਰਹਾਇਆ (ਭਾਵ ਰੋਕ ਲਿਆ, ਮੁਕਾ ਲਿਆ) ॥ ਗੁਰ ਸਾਖੀ, ਮਿਟਿਆ ਅੰਧਿਆਰਾ ; ਬਜਰ (ਬੱਜਰ) ਕਪਾਟ ਖੁਲਾਵਣਿਆ (ਖੁੱਲ੍ਹਾਵਣਿਆ)॥੬॥ ਹਉਮੈ ਮਾਰਿ (ਕੇ, ਸ਼ਬਦ), ਮੰਨਿ ਵਸਾਇਆ ॥ ਗੁਰ ਚਰਣੀ, ਸਦਾ ਚਿਤੁ ਲਾਇਆ ॥ ਗੁਰ ਕਿਰਪਾ ਤੇ, ਮਨੁ ਤਨੁ ਨਿਰਮਲੁ ; ਨਿਰਮਲ ਨਾਮੁ ਧਿਆਵਣਿਆ ॥੭॥ ਜੀਵਣੁ ਮਰਣਾ ਸਭੁ; ਤੁਧੈ ਤਾਈ (ਤਾਈਂ, ਭਾਵ ਤੇਰੇ ਅਧਿਕਾਰ ਤੱਕ ਸੀਮਤ) ॥ ਜਿਸੁ ਬਖਸੇ (ਬਖ਼ਸ਼ੇ), ਤਿਸੁ ਦੇ (ਦੇਦੇਂ ਹੈਂ) ਵਡਿਆਈ ॥ ਨਾਨਕ ! ਨਾਮੁ ਧਿਆਇ ਸਦਾ ਤੂੰ ; ਜੰਮਣੁ ਮਰਣੁ ਸਵਾਰਣਿਆ ॥੮॥੧॥੨॥

(ਨੋਟ: (ੳ). ਉਕਤ ਸ਼ਬਦ ਦੇ ਤੀਸਰੇ ਬੰਦ ਦੀ ਤੁੱਕ ‘‘ਇਸੁ ਕਾਇਆ (ਕਾਇਆਂ) ਅੰਦਰਿ, ਵਸਤੁ ਅਸੰਖਾ ॥’’ ’ਚ ਦਰਜ ‘ਇਸੁ’ (ਪੜਨਾਂਵੀ ਵਿਸ਼ੇਸ਼ਣ) ਰਾਹੀਂ ਸਪੱਸ਼ਟ ਹੁੰਦਾ ਹੈ ਕਿ ‘ਕਾਇਆ’ ਇੱਕ ਵਚਨ ਪੁਲਿੰਗ ਸ਼ਬਦ ਹੈ। ਅਗਰ ਇਹ ਇਸਤ੍ਰੀ ਲਿੰਗ ਹੁੰਦਾ ਤਾਂ ‘ਇਸ’ (ਅੰਤ ਮੁਕਤਾ) ਹੋਣਾ ਸੀ, ਪਰ ‘ਕਾਇਆ’ ਨੂੰ ਸੰਸਕ੍ਰਿਤ ’ਚ ਨਪੁੰਸਕ ਲਿੰਗ ਮੰਨਿਆ ਜਾਂਦਾ ਹੈ। ਧਿਆਨ ਰਹੇ ਕਿ ਪੰਜਾਬੀ ’ਚ ਦੋ ਲਿੰਗ (ਪੁਲਿੰਗ ਤੇ ਇਸਤ੍ਰੀ ਲਿੰਗ/male-female) ਹੋਣ ਕਾਰਨ ਸੰਸਕ੍ਰਿਤ ਦਾ ਨਪੁੰਸਕ ਲਿੰਗ ਗੁਰਬਾਣੀ ’ਚ ਜ਼ਿਆਦਾਤਰ ਪੁਲਿੰਗ ਬਣ ਗਿਆ।

(ਅ). ਉਕਤ ਸ਼ਬਦ ਦੀ ਸਮਾਪਤੀ ’ਚ ਦਰਜ ਅੰਕਾਂ ‘॥ ੮॥੧॥੨॥’ ਦੇ ਮਤਲਬ ਹਨ:

(1). ਅੰਕ ‘੮’ ਭਾਵ ਇਸ ਅਸਟਪਦੀ ਦੇ ਅੱਠ ਪਦੇ ਹਨ।

(2). ਅੰਕ ‘੧’ ਭਾਵ ਗੁਰੂ ਨਾਨਕ ਸਾਹਿਬ ਜੀ ਦੀ ਇੱਕ ਅਸਟਪਦੀ ਇਸ ਤੋਂ ਪਹਿਲਾਂ ਦਰਜ ਹੈ।

(3). ਅੰਕ ‘੨’ ਭਾਵ ਗੁਰੂ ਨਾਨਕ ਜੀ ਅਤੇ ਗੁਰੂ ਅਮਰਦਾਸ ਜੀ ਦੇ ਸ਼ਬਦਾਂ ਨੂੰ ਮਿਲਾ ਕੇ ‘ਮਾਝ’ ਰਾਗ ’ਚ ਕੁੱਲ ਦੋ ਅਸਟਪਦੀਆਂ ਹੋ ਚੁੱਕੀਆਂ ਹਨ।)

ਮਾਝ, ਮਹਲਾ ੩ ॥

ਮੇਰਾ ਪ੍ਰਭੁ ਨਿਰਮਲੁ, ਅਗਮ (ਅਗੰਮ) ਅਪਾਰਾ ॥ ਬਿਨੁ ਤਕੜੀ, ਤੋਲੈ ਸੰਸਾਰਾ ॥ ਗੁਰਮੁਖਿ ਹੋਵੈ, ਸੋਈ ਬੂਝੈ ; ਗੁਣ ਕਹਿ (‘ਕਹ’ ਭਾਵ ਕਹ ਕੇ, ਕਿਰਿਆ ਵਿਸੇਸ਼ਣ) ਗੁਣੀ (ਗੁਣੀਂ ਭਾਵ ਗੁਣਾਂ ਦੇ ਖ਼ਜ਼ਾਨੇ ਪ੍ਰਭੂ ’ਚ) ਸਮਾਵਣਿਆ ॥੧॥ ਹਉ (ਹੌਂ ) ਵਾਰੀ, ਜੀਉ ਵਾਰੀ ; ਹਰਿ ਕਾ ਨਾਮੁ ਮੰਨਿ (’ਚ) ਵਸਾਵਣਿਆ ॥ ਜੋ ਸਚਿ (ਨਾਲ਼) ਲਾਗੇ, ਸੇ ਅਨਦਿਨੁ ਜਾਗੇ ; ਦਰਿ+ਸਚੈ (’ਤੇ) ਸੋਭਾ (ਸ਼ੋਭਾ) ਪਾਵਣਿਆ ॥ ੧॥ ਰਹਾਉ ॥ ਆਪਿ ਸੁਣੈ ਤੈ (ਭਾਵ ਅਤੇ, ਇਸ ਲਈ ‘ਤੈ’ (ਯੋਜਕ) ਤੋਂ ਅੱਗੇ ਜਾਂ ਪਿੱਛੇ ਵਿਸਰਾਮ ਦੇਣਾ ਉਚਿਤ ਨਹੀਂ) ਆਪੇ ਵੇਖੈ ॥ ਜਿਸ ਨੋ ਨਦਰਿ ਕਰੇ, ਸੋਈ ਜਨੁ ਲੇਖੈ (’ਚ)॥ ਆਪੇ ਲਾਇ ਲਏ, ਸੋ ਲਾਗੈ ; ਗੁਰਮੁਖਿ ਸਚੁ ਕਮਾਵਣਿਆ ॥੨॥ ਜਿਸੁ (ਨੂੰ), ਆਪਿ ਭੁਲਾਏ; ਸੁ, ਕਿਥੈ ਹਥੁ (ਕਿੱਥੈ ਹੱਥ) ਪਾਏ ?॥ ਪੂਰਬਿ ਲਿਖਿਆ, ਸੁ ਮੇਟਣਾ ਨ ਜਾਏ ॥ ਜਿਨ (ਜਿਨ੍ਹ) ਸਤਿਗੁਰੁ ਮਿਲਿਆ, ਸੇ ਵਡਭਾਗੀ ; ਪੂਰੈ+ਕਰਮਿ (ਰਾਹੀਂ) ਮਿਲਾਵਣਿਆ ॥੩॥ ਪੇਈਅੜੈ (ਭਾਵ ਇਸ ਲੋਕ ’ਚ), ਧਨ ਅਨਦਿਨੁ ਸੁਤੀ (ਸੁੱਤੀ)॥ ਕੰਤਿ (ਨੇ) ਵਿਸਾਰੀ, (ਕਿਉਂਕਿ) ਅਵਗਣਿ ਮੁਤੀ (ਮੁੱਤੀ ਭਾਵ ਔਗੁਣਾਂ ’ਚ ਮਸਤ)॥ ਅਨਦਿਨੁ ਸਦਾ ਫਿਰੈ ਬਿਲਲਾਦੀ (ਬਿਲਲਾਂਦੀ) ; ਬਿਨੁ ਪਿਰ, ਨੀਦ (ਨੀਂਦ) ਨ ਪਾਵਣਿਆ ॥੪॥ (ਪਰ ਜਿਸ ਨੇ) ਪੇਈਅੜੈ (’ਚ), ਸੁਖਦਾਤਾ ਜਾਤਾ (ਭਾਵ ਜਾਣਿਆ) ॥ ਹਉਮੈ ਮਾਰਿ (ਕੇ), ਗੁਰ ਸਬਦਿ (ਰਾਹੀਂ, ਪ੍ਰਭੂ) ਪਛਾਤਾ ॥ ਸੇਜ ਸੁਹਾਵੀ, ਸਦਾ ਪਿਰੁ ਰਾਵੇ ; ਸਚੁ ਸੀਗਾਰੁ (ਸ਼ੀਂਗਾਰ) ਬਣਾਵਣਿਆ ॥੫॥ ਲਖ ਚਉਰਾਸੀਹ (ਚੌਰਾਸੀਹ), ਜੀਅ (ਜੀ..) ਉਪਾਏ ॥ ਜਿਸ ਨੋ ਨਦਰਿ ਕਰੇ, ਤਿਸੁ (ਨੂੰ) ਗੁਰੂ ਮਿਲਾਏ ॥ ਕਿਲਬਿਖ ਕਾਟਿ (ਕੇ), ਸਦਾ ਜਨ ਨਿਰਮਲ ; ਦਰਿ+ਸਚੈ (’ਤੇ) ਨਾਮਿ (ਰਾਹੀਂ) ਸੁਹਾਵਣਿਆ ॥੬॥ ਲੇਖਾ ਮਾਗੈ (ਮਾਂਗੈ), ਤਾ (ਤਾਂ) ਕਿਨਿ ਦੀਐ ? ॥ ਸੁਖੁ ਨਾਹੀ (ਨਾਹੀਂ), ਫੁਨਿ ਦੂਐ+ਤੀਐ (’ਚ ਭਾਵ ਮੁੜ-ਮੁੜ ਦੋ, ਤਿੰਨ ਜਾਂ ਇੱਕ ਤੋਂ ਵਧੀਕ ਗਿਣਤੀ ਕਰਨ ’ਚ)॥ ਆਪੇ, ਬਖਸਿ (ਬਖ਼ਸ਼) ਲਏ ਪ੍ਰਭੁ ਸਾਚਾ ; ਆਪੇ ਬਖਸਿ (ਬਖ਼ਸ਼) ਮਿਲਾਵਣਿਆ ॥੭॥ ਆਪਿ ਕਰੇ ਤੈ (ਅਤੇ) ਆਪਿ ਕਰਾਏ ॥ ਪੂਰੇ ਗੁਰ ਕੈ ਸਬਦਿ (’ਚ) ਮਿਲਾਏ ॥ ਨਾਨਕ ! ਨਾਮੁ ਮਿਲੈ ਵਡਿਆਈ ; ਆਪੇ ਮੇਲਿ (ਭਾਵ ਗੁਰੂ ਨਾਲ਼ ਮੇਲ਼ ਕੇ, ਆਪਣੇ ਨਾਲ਼) ਮਿਲਾਵਣਿਆ ॥੮॥੨॥੩॥

(ਨੋਟ: ਉਕਤ ਅਸਟਪਦੀ ਦੇ ਅੰਤਿਮ ਪਹਿਰੇ ’ਚ ਤੁੱਕ ਹੈ: ‘‘ਪੂਰੇ ਗੁਰ ਕੈ ਸਬਦਿ (’ਚ) ਮਿਲਾਏ ॥’’, ਜਿਸ ਵਿੱਚ ਸ਼ਬਦ ਜੋੜ ‘ਪੂਰੇ ਗੁਰ ਕੈ’ (ਗੁਰਬਾਣੀ ’ਚ 14 ਵਾਰ) ਅਤੇ ‘ਪੂਰੈ ਗੁਰਿ’ (139 ਵਾਰ) ’ਚ ਲਿਖਤੀ ਅੰਤਰ ਵਿਚਾਰਨਯੋਗ ਹੈ। ‘ਪੂਰੇ ਗੁਰ ਕੈ’ ਸੰਯੁਕਤ ਸ਼ਬਦਾਂ ਉਪਰੰਤ ਵੀ ਅੰਤ ਸਿਹਾਰੀ ਜਾਂ ਸੰਬੰਧਕੀ ਇੱਕ ਹੋਰ ਸ਼ਬਦ ਦੀ ਅਤਿ ਜ਼ਰੂਰਤ ਹੈ; ਜਿਵੇਂ ਕਿ

‘ਪੂਰੇ ਗੁਰ ਕੈ ਸਬਦਿ’ (ਰਾਹੀਂ) ਧਿਆਈਐ; ਸਬਦੁ (ਨੂੰ) ਸੇਵਿ (ਕੇ) ਸੁਖੁ ਪਾਵਣਿਆ ॥ (ਮ: ੪/੧੩੦)

‘ਪੂਰੇ ਗੁਰ ਕੈ ਸਬਦਿ’ (ਰਾਹੀਂ, ਪ੍ਰਭੂ); ਪਛਾਨਾ (ਪਛਾਣਿਆ)॥ (ਮ: ੧/੧੫੪)

ਹਰਿ ਹਰਿ ਅਰਥਿ ਸਰੀਰੁ ਹਮ ਬੇਚਿਆ; ‘ਪੂਰੇ ਗੁਰ ਕੈ ਆਗੇ’ ॥ (ਮ: ੪/੧੭੧)

ਚਰਨ ਕਮਲ ਸੇਵੀ ਰਿਦ ਅੰਤਰਿ; ‘ਗੁਰ ਪੂਰੇ ਕੈ ਆਧਾਰਿ’ ॥ (ਮ: ੫/੩੭੯)

‘ਪੂਰੇ ਗੁਰ ਕੈ ਸਹਜਿ’ ਸੁਭਾਇ ॥ (ਮ: ੩/੬੬੩), ਆਦਿ; ਜਦ ਕਿ ‘ਗੁਰਿ ਪੂਰੈ’ (ਭਾਵ ਪੂਰੇ ਗੁਰੂ ਰਾਹੀਂ ਜਾਂ ਗੁਰੂ ਪੂਰੇ ਨੇ) ਦੋਵੇਂ ਹੀ ਭਾਵਾਰਥ ਆਪਣੇ ਆਪ ’ਚ ਮੁਕੰਮਲ ਹੁੰਦੇ ਹਨ, ਇਸ ਲਈ ਇਨ੍ਹਾਂ ਨਾਲ਼ ਕਿਸੇ ਸੰਬੰਧਕੀ ਸ਼ਬਦ ਜਾਂ ਅੰਤ ਸਿਹਾਰੀ ਵਾਲ਼ੇ ਵਾਧੂ ਸ਼ਬਦ ਦੀ ਜ਼ਰੂਰਤ ਨਹੀਂ ਰਹਿ ਜਾਂਦੀ; ਜਿਵੇਂ

‘ਗੁਰਿ+ਪੂਰੈ’ (ਰਾਹੀਂ); ਹਰਿ ਰਸੁ ਮੁਖਿ (’ਚ) ਪਾਇਆ ॥ (ਮ: ੪/੯੫)

‘ਪੂਰੈ+ਗੁਰਿ’ (ਰਾਹੀਂ); ਪਾਈਐ ਮੋਖ ਦੁਆਰੁ ॥ (ਮ: ੩/੧੧੪)

‘ਪੂਰੈ+ਗੁਰਿ’ (ਰਾਹੀਂ); ਹਉਮੈ ਭਰਮੁ ਚੁਕਾਇਆ ॥ (ਮ: ੩/੧੨੬)

ਰਾਖਿ ਲੀਆ; ‘ਗੁਰਿ+ਪੂਰੈ’ (ਨੇ) ਆਪਿ ॥ (ਮ: ੫/੧੯੦)

‘ਗੁਰਿ+ਪੂਰੈ’ (ਨੇ); ਜਬ ਕਿਰਪਾ ਕਰੀ ॥ (ਮ: ੫/੧੯੦), ਆਦਿ।)

ਮਾਝ, ਮਹਲਾ ੩ ॥

ਇਕੋ ਆਪਿ ਫਿਰੈ ਪਰਛੰਨਾ (ਭਾਵ ਢੱਕਿਆ, ਗੁਪਤ)॥ ਗੁਰਮੁਖਿ ਵੇਖਾ, ਤਾ ਇਹੁ (ਤਾਂ ਇਹ) ਮਨੁ ਭਿੰਨਾ (ਭਿੱਜ ਗਿਆ)॥ ਤ੍ਰਿਸਨਾ (ਤ੍ਰਿਸ਼ਨਾ) ਤਜਿ (ਕੇ), ਸਹਜ ਸੁਖੁ ਪਾਇਆ ; ਏਕੋ ਮੰਨਿ (’ਚ, ਨੋਟ: ‘ਮੰਨ’ ਦਾ ਅਰਥ ‘ਮੰਨਣਾ ਜਾਂ ਮੰਨ ਕੇ’ ਨਹੀਂ ਬਲਕਿ ਕਾਵਿ ਤੋਲ ਕਾਰਨ ‘ਮਨ’ ਤੋਂ ‘ਮੰਨ’ ਬਣਿਆ ਹੈ) ਵਸਾਵਣਿਆ ॥੧॥ ਹਉ (ਹੌਂ ) ਵਾਰੀ, ਜੀਉ ਵਾਰੀ ; ਇਕਸੁ ਸਿਉ (ਸਿਉਂ) ਚਿਤੁ ਲਾਵਣਿਆ ॥ ਗੁਰਮਤੀ, ਮਨੁ ਇਕਤੁ ਘਰਿ (’ਚ) ਆਇਆ ; ਸਚੈ+ਰੰਗਿ (’ਚ) ਰੰਗਾਵਣਿਆ ॥੧॥ ਰਹਾਉ ॥ ਇਹੁ (ਇਹ) ਜਗੁ ਭੂਲਾ, ਤੈਂ ਆਪਿ ਭੁਲਾਇਆ ॥ ਇਕੁ (ਰੱਬੀ ਪਿਆਰ) ਵਿਸਾਰਿ (ਕੇ), ਦੂਜੈ (ਮੋਹ ’ਚ) ਲੋਭਾਇਆ ॥ ਅਨਦਿਨੁ ਸਦਾ ਫਿਰੈ ਭ੍ਰਮਿ (ਕਾਰਨ) ਭੂਲਾ ; ਬਿਨੁ ਨਾਵੈ (ਨਾਵੈਂ), ਦੁਖੁ (ਦੁੱਖ) ਪਾਵਣਿਆ ॥੨॥ ਜੋ ਰੰਗਿ ਰਾਤੇ (ਰਾੱਤੇ), ਕਰਮ ਬਿਧਾਤੇ (ਦੇ)॥ ਗੁਰ ਸੇਵਾ ਤੇ, ਜੁਗ ਚਾਰੇ ਜਾਤੇ ॥ ਜਿਸ ਨੋ ਆਪਿ ਦੇਇ (ਦੇ+ਇ) ਵਡਿਆਈ ; ਹਰਿ ਕੈ ਨਾਮਿ (’ਚ) ਸਮਾਵਣਿਆ ॥੩॥ ਮਾਇਆ ਮੋਹਿ (ਮੋਹ, ’ਚ ਰਹਿਆਂ), ਹਰਿ ਚੇਤੈ ਨਾਹੀ (ਨਾਹੀਂ) ॥ ਜਮ ਪੁਰਿ ਬਧਾ (ਬੱਧਾ), ਦੁਖ ਸਹਾਹੀ (ਨੋਟ: ਇਹ ਸ਼ਬਦ ‘ਸਹੈ ਹੀ’ ਤੋਂ ‘ਸਹਾਹੀ’ ਬਣਿਆ ਹੈ, ਇਸ ਲਈ ‘ਸਹਾਹੀਂ’ ਅੰਤ ਬਿੰਦੀ ਨਹੀਂ) ॥ ਅੰਨਾ ਬੋਲਾ (ਅੰਨ੍ਹਾ ਬੋਲ਼ਾ), ਕਿਛੁ ਨਦਰਿ ਨ ਆਵੈ ; ਮਨਮੁਖ ਪਾਪਿ (’ਚ) ਪਚਾਵਣਿਆ ॥੪॥ ਇਕਿ ਰੰਗਿ ਰਾਤੇ (ਰਾੱਤੇ), ਜੋ, ਤੁਧੁ ਆਪਿ ਲਿਵ ਲਾਏ (ਭਾਵ ਤੈਂ ਆਪ ਲਿਵ ਲਾਉਣ ਲਈ ਪ੍ਰੇਰੇ)॥ ਭਾਇ ਭਗਤਿ, ਤੇਰੈ+ਮਨਿ (’ਚ) ਭਾਏ ॥ ਸਤਿਗੁਰੁ ਸੇਵਨਿ (ਸੇਵਨ੍), ਸਦਾ ਸੁਖਦਾਤਾ ; ਸਭ ਇਛਾ (ਇੱਛਾਂ) ਆਪਿ ਪੁਜਾਵਣਿਆ ॥੫॥ ਹਰਿ ਜੀਉ ! ਤੇਰੀ ਸਦਾ ਸਰਣਾਈ (ਸ਼ਰਣਾਈ)॥ ਆਪੇ ਬਖਸਿਹਿ (ਬਖ਼ਸ਼ਿਹਿਂ), ਦੇ (ਦੇ ਕੇ) ਵਡਿਆਈ ॥ ਜਮਕਾਲੁ, ਤਿਸੁ ਨੇੜਿ ਨ ਆਵੈ ; ਜੋ ਹਰਿ ਹਰਿ ਨਾਮੁ ਧਿਆਵਣਿਆ ॥੬॥ ਅਨਦਿਨੁ ਰਾਤੇ (ਰਾੱਤੇ), ਜੋ ਹਰਿ ਭਾਏ ॥ ਮੇਰੈ+ਪ੍ਰਭਿ (ਨੇ) ਮੇਲੇ; (ਮੇਲ਼ੇ, ਗੁਰੂ ਨਾਲ਼) ਮੇਲਿ (ਮੇਲ਼ ਕੇ, ਆਪਣੇ ਨਾਲ਼) ਮਿਲਾਏ ॥ ਸਦਾ ਸਦਾ ਸਚੇ ! ਤੇਰੀ ਸਰਣਾਈ (ਸ਼ਰਣਾਈ) ; ਤੂੰ ਆਪੇ (ਆਪ ਹੀ) ਸਚੁ ਬੁਝਾਵਣਿਆ ॥੭॥ ਜਿਨ (ਜਿਨ੍ਹ) ਸਚੁ ਜਾਤਾ (ਜਾਣਿਆ) , ਸੇ ਸਚਿ (’ਚ) ਸਮਾਣੇ ॥ ਹਰਿ ਗੁਣ ਗਾਵਹਿ (ਗਾਵਹਿਂ), ਸਚੁ ਵਖਾਣੇ ॥ ਨਾਨਕ ! ਨਾਮਿ ਰਤੇ (ਰੱਤੇ) ਬੈਰਾਗੀ ; ਨਿਜ ਘਰਿ ਤਾੜੀ (ਭਾਵ ਸਮਾਧੀ) ਲਾਵਣਿਆ ॥੮॥੩॥੪॥

ਮਾਝ ਮਹਲਾ ੩ ॥

ਸਬਦਿ (ਰਾਹੀਂ, ਵਿਕਾਰਾਂ ਵੱਲੋਂ) ਮਰੈ, ਸੁ ਮੁਆ ਜਾਪੈ ॥ ਕਾਲੁ ਨ ਚਾਪੈ (ਭਾਵ ਦਾਬ ਦਿੰਦਾ), ਦੁਖੁ (ਦੁੱਖ) ਨ ਸੰਤਾਪੈ ॥ ਜੋਤੀ ਵਿਚਿ ਮਿਲਿ ਜੋਤਿ ਸਮਾਣੀ ; ਸੁਣਿ, ਮਨ ! ਸਚਿ ਸਮਾਵਣਿਆ ॥੧॥ ਹਉ (ਹੌਂ ) ਵਾਰੀ ਜੀਉ ਵਾਰੀ ; ਹਰਿ ਕੈ ਨਾਇ (ਨਾਇਂ, ਰਾਹੀਂ), ਸੋਭਾ (ਸ਼ੋਭਾ) ਪਾਵਣਿਆ ॥ ਸਤਿਗੁਰੁ (ਨੂੰ) ਸੇਵਿ (ਕੇ), ਸਚਿ (’ਚ) ਚਿਤੁ ਲਾਇਆ ; ਗੁਰਮਤੀ ਸਹਜਿ ਸਮਾਵਣਿਆ ॥੧॥ ਰਹਾਉ ॥ ਕਾਇਆ ਕਚੀ (ਕਾਇਆਂ ਕੱਚੀ), ਕਚਾ (ਕੱਚਾ) ਚੀਰੁ ਹੰਢਾਏ ॥ ਦੂਜੈ (’ਚ) ਲਾਗੀ, ਮਹਲੁ ਨ ਪਾਏ ॥ ਅਨਦਿਨੁ ਜਲਦੀ (ਜਲ਼ਦੀ) ਫਿਰੈ ਦਿਨੁ ਰਾਤੀ ; ਬਿਨੁ ਪਿਰ, ਬਹੁ ਦੁਖੁ (ਦੁੱਖ) ਪਾਵਣਿਆ ॥੨॥ ਦੇਹੀ, ਜਾਤਿ; ਨ ਆਗੈ (ਆੱਗੈ) ਜਾਏ ॥ ਜਿਥੈ (ਜਿੱਥੈ) ਲੇਖਾ ਮੰਗੀਐ, ਤਿਥੈ (ਤਿੱਥੈ) ਛੁਟੈ ਸਚੁ ਕਮਾਏ (ਕਮਾ ਕੇ)॥ ਸਤਿਗੁਰੁ ਸੇਵਨਿ (ਸੇਵਨ੍), ਸੇ ਧਨਵੰਤੇ ; ਐਥੈ+ਓਥੈ (ਭਾਵ ਲੋਕ-ਪ੍ਰਲੋਕ ’ਚ), ਨਾਮਿ (ਰਾਹੀਂ, ਪ੍ਰਭੂ ’ਚ) ਸਮਾਵਣਿਆ ॥ ੩॥ ਭੈ+ਭਾਇ (ਭਾਵ ਰੱਬੀ ਡਰ-ਅਦਬ ਤੇ ਪ੍ਰੇਮ ਰਾਹੀਂ), ਸੀਗਾਰੁ (ਸ਼ੀਂਗਾਰ) ਬਣਾਏ ॥ ਗੁਰ ਪਰਸਾਦੀ, ਮਹਲੁ+ਘਰੁ ਪਾਏ ॥ ਅਨਦਿਨੁ ਸਦਾ ਰਵੈ (ਭਾਵ ਮਾਣਦੀ) ਦਿਨੁ ਰਾਤੀ ; ਮਜੀਠੈ (ਦਾ) ਰੰਗੁ (ਹਿਰਦੈ ’ਚ) ਬਣਾਵਣਿਆ ॥੪॥ ਸਭਨਾ (ਸਭਨਾਂ), ਪਿਰੁ ਵਸੈ ਸਦਾ ਨਾਲੇ (ਨਾਲ਼ੇ ਭਾਵ ‘ਸਭਨਾਂ ਨਾਲ਼ੇ ਸਦਾ ਪਿਰੁ ਵਸੈ’ ਫਿਰ ਵੀ)॥ ਗੁਰ ਪਰਸਾਦੀ, ਕੋ ਨਦਰਿ ਨਿਹਾਲੇ (ਵੇਖਦਾ)॥ ਮੇਰਾ ਪ੍ਰਭੁ ਅਤਿ ਊਚੋ ਊਚਾ ; ਕਰਿ ਕਿਰਪਾ ਆਪਿ ਮਿਲਾਵਣਿਆ ॥੫॥ ਮਾਇਆ ਮੋਹਿ (ਮੋਹ, ’ਚ), ਇਹੁ (ਇਹ) ਜਗੁ ਸੁਤਾ (ਸੁੱਤਾ)॥ ਨਾਮੁ ਵਿਸਾਰਿ (ਕੇ), ਅੰਤਿ ਵਿਗੁਤਾ ॥ ਜਿਸ ਤੇ ਸੁਤਾ (ਸੁੱਤਾ ਭਾਵ ਜਿਸ ਰੱਬੀ ਨਿਯਮ ’ਚ ਸੁੱਤਾ), ਸੋ ਜਾਗਾਏ ; ਗੁਰਮਤਿ ਸੋਝੀ ਪਾਵਣਿਆ ॥੬॥ ਅਪਿਉ ਪੀਐ, ਸੋ ਭਰਮੁ ਗਵਾਏ ॥ ਗੁਰ ਪਰਸਾਦਿ, ਮੁਕਤਿ+ਗਤਿ ਪਾਏ ॥ ਭਗਤੀ ਰਤਾ (ਰੱਤਾ), ਸਦਾ ਬੈਰਾਗੀ ; ਆਪੁ (ਹੰਕਾਰ) ਮਾਰਿ (ਕੇ) ਮਿਲਾਵਣਿਆ ॥੭॥ ਆਪਿ ਉਪਾਏ, ਧੰਧੈ (’ਚ) ਲਾਏ ॥ ਲਖ ਚਉਰਾਸੀ (ਚੌਰਾਸੀ), ਰਿਜਕੁ (ਰਿਜ਼ਕ) ਆਪਿ ਅਪੜਾਏ ॥ ਨਾਨਕ ! ਨਾਮੁ ਧਿਆਇ (ਕੇ) ਸਚਿ ਰਾਤੇ (ਰਾੱਤੇ); ਜੋ ਤਿਸੁ ਭਾਵੈ, ਸੁ ਕਾਰ ਕਰਾਵਣਿਆ ॥੮॥੪॥੫॥

ਮਾਝ, ਮਹਲਾ ੩ ॥

ਅੰਦਰਿ, ਹੀਰਾ ਲਾਲੁ ਬਣਾਇਆ ॥ ਗੁਰ ਕੈ ਸਬਦਿ (ਨਾਲ਼), ਪਰਖਿ ਪਰਖਾਇਆ ॥ ਜਿਨ (ਜਿਨ੍ਹ) ਸਚੁ ਪਲੈ (ਪੱਲੈ), ਸਚੁ ਵਖਾਣਹਿ (ਵਖਾਣਹਿਂ) ; ਸਚੁ ਕਸਵਟੀ (ਕਸਵੱਟੀ) ਲਾਵਣਿਆ ॥੧॥ ਹਉ (ਹੌਂ ) ਵਾਰੀ, ਜੀਉ ਵਾਰੀ ; ਗੁਰ ਕੀ ਬਾਣੀ, ਮੰਨਿ (’ਚ) ਵਸਾਵਣਿਆ ॥ ਅੰਜਨ ਮਾਹਿ (ਮਾਹਿਂ), ਨਿਰੰਜਨੁ ਪਾਇਆ ; ਜੋਤੀ ਜੋਤਿ ਮਿਲਾਵਣਿਆ ॥੧॥ ਰਹਾਉ ॥ ਇਸੁ ਕਾਇਆ (ਕਾਇਆਂ) ਅੰਦਰਿ, ਬਹੁਤੁ ਪਸਾਰਾ ॥ ਨਾਮੁ ਨਿਰੰਜਨੁ, ਅਤਿ ਅਗਮ (ਅਗੰਮ) ਅਪਾਰਾ ॥ ਗੁਰਮੁਖਿ ਹੋਵੈ, ਸੋਈ ਪਾਏ ; ਆਪੇ ਬਖਸਿ (ਬਖ਼ਸ਼) ਮਿਲਾਵਣਿਆ ॥੨॥ ਮੇਰਾ ਠਾਕੁਰੁ, ਸਚੁ ਦ੍ਰਿੜਾਏ (ਦ੍ਰਿੜ੍ਹਾਏ) ॥ ਗੁਰ ਪਰਸਾਦੀ, ਸਚਿ (’ਚ) ਚਿਤੁ ਲਾਏ ॥ ਸਚੋ ਸਚੁ ਵਰਤੈ, ਸਭਨੀ ਥਾਈ (ਸਭਨੀਂ ਥਾਈਂ) ; ਸਚੇ ਸਚਿ (’ਚ) ਸਮਾਵਣਿਆ ॥੩॥ ਵੇਪਰਵਾਹੁ (ਵੇਪਰਵਾਹ) ਸਚੁ, ਮੇਰਾ ਪਿਆਰਾ ॥ ਕਿਲਵਿਖ ਅਵਗਣ ਕਾਟਣਹਾਰਾ (ਕਾੱਟਣਹਾਰਾ) ॥ ਪ੍ਰੇਮ ਪ੍ਰੀਤਿ ਸਦਾ ਧਿਆਈਐ ; ਭੈ+ਭਾਇ (ਭਾਵ ਰੱਬੀ ਅਦਬ ਦੇ ਪਿਆਰ ਰਾਹੀਂ) ਭਗਤਿ ਦ੍ਰਿੜਾਵਣਿਆ (ਦ੍ਰਿੜ੍ਹਾਵਣਿਆ)॥੪॥ ਤੇਰੀ ਭਗਤਿ ਸਚੀ (ਸੱਚੀ), ਜੇ ਸਚੇ (ਸੱਚੇ) ਭਾਵੈ ॥ ਆਪੇ ਦੇਇ (‘ਦੇ+ਇ’ ਭਾਵ ਦੇ ਕੇ), ਨ ਪਛੋਤਾਵੈ ॥ ਸਭਨਾ ਜੀਆ (ਸਭਨਾਂ ਜੀਆਂ) ਕਾ ਏਕੋ ਦਾਤਾ ; ਸਬਦੇ (ਨਾਲ਼, ਹਉਮੈ ਵੱਲੋਂ) ਮਾਰਿ (ਕੇ) ਜੀਵਾਵਣਿਆ ॥੫॥ ਹਰਿ ! ਤੁਧੁ ਬਾਝਹੁ, ਮੈ (ਭਾਵ ਮੇਰਾ) ਕੋਈ ਨਾਹੀ (ਨਾਹੀਂ, ਇਸ ਲਈ) ॥ ਹਰਿ ! ਤੁਧੈ ਸੇਵੀ (ਸੇਵੀਂ) ਤੈ ਤੁਧੁ ਸਾਲਾਹੀ (ਸਾਲਾਹੀਂ) ॥ ਆਪੇ ਮੇਲਿ ਲੈਹੁ (ਲੈਹ), ਪ੍ਰਭ ਸਾਚੇ ! ਪੂਰੈ+ਕਰਮਿ ਤੂੰ ਪਾਵਣਿਆ ॥੬॥ ਮੈ (ਮੇਰਾ), ਹੋਰੁ ਨ ਕੋਈ, ਤੁਧੈ ਜੇਹਾ ॥ ਤੇਰੀ ਨਦਰੀ, ਸੀਝਸਿ ਦੇਹਾ ॥ ਅਨਦਿਨੁ ਸਾਰਿ ਸਮਾਲਿ (ਸੰਮ੍ਹਾਲ਼), ਹਰਿ ! ਰਾਖਹਿ (ਰਾਖਹਿਂ); ਗੁਰਮੁਖਿ ਸਹਜਿ (’ਚ) ਸਮਾਵਣਿਆ ॥੭॥ ਤੁਧੁ ਜੇਵਡੁ, ਮੈ (ਭਾਵ ਮੈਨੂੰ) ਹੋਰੁ ਨ ਕੋਈ (ਵਿਖਾਈ ਦਿੰਦਾ) ॥ ਤੁਧੁ ਆਪੇ ਸਿਰਜੀ, ਆਪੇ ਗੋਈ (ਭਾਵ ਨਾਸ ਕਰਦਾ ਹੈਂ)॥ ਤੂੰ ਆਪੇ ਹੀ, ਘੜਿ+ਭੰਨਿ (ਕੇ) ਸਵਾਰਹਿ (ਸਵਾਰਹਿਂ) ; ਨਾਨਕ ! ਨਾਮਿ (ਰਾਹੀਂ, ਜੀਵਨ) ਸੁਹਾਵਣਿਆ ॥੮॥੫॥੬॥

ਮਾਝ ਮਹਲਾ ੩ ॥

ਸਭ ਘਟ ਆਪੇ ਭੋਗਣਹਾਰਾ ॥ ਅਲਖੁ (ਅਲੱਖ) ਵਰਤੈ ਅਗਮ (ਅਗੰਮ) ਅਪਾਰਾ ॥ ਗੁਰ ਕੈ ਸਬਦਿ (ਨਾਲ਼), ਮੇਰਾ ਹਰਿ ਪ੍ਰਭੁ ਧਿਆਈਐ ; ਸਹਜੇ ਸਚਿ ਸਮਾਵਣਿਆ ॥੧॥ ਹਉ (ਹੌਂ ) ਵਾਰੀ, ਜੀਉ ਵਾਰੀ ; ਗੁਰ (ਦਾ) ਸਬਦੁ ਮੰਨਿ (’ਚ) ਵਸਾਵਣਿਆ ॥ ਸਬਦੁ ਸੂਝੈ (ਭਾਵ ਸਮਝ ਆਵੇ), ਤਾ (ਤਾਂ) ਮਨ ਸਿਉ (ਸਿਉਂ) ਲੂਝੈ ; ਮਨਸਾ (ਮਨਸ਼ਾ) ਮਾਰਿ (ਕੇ) ਸਮਾਵਣਿਆ ॥੧॥ ਰਹਾਉ ॥ ਪੰਚ ਦੂਤ, ਮੁਹਹਿ (ਮੁਹੈਂ ਭਾਵ ਲੁੱਟਦੇ ਹਨ) ਸੰਸਾਰਾ ॥ ਮਨਮੁਖ ਅੰਧੇ, ਸੁਧਿ ਨ ਸਾਰਾ (ਭਾਵ ਖ਼ਬਰ) ॥ ਗੁਰਮੁਖਿ ਹੋਵੈ, ਸੁ ਅਪਣਾ ਘਰੁ ਰਾਖੈ ; ਪੰਚ ਦੂਤ, ਸਬਦਿ (ਰਾਹੀਂ) ਪਚਾਵਣਿਆ (ਭਾਵ ਨਾਸ ਕਰਦਾ)॥੨॥ ਇਕਿ (ਭਾਵ ਕਈ) ਗੁਰਮੁਖਿ, ਸਦਾ ਸਚੈ ਰੰਗਿ ਰਾਤੇ (ਰਾੱਤੇ)॥ ਸਹਜੇ ਪ੍ਰਭੁ ਸੇਵਹਿ (ਸੇਵਹਿਂ), ਅਨਦਿਨੁ ਮਾਤੇ (ਮਾੱਤੇ, ਮਸਤ ਰਹਿੰਦੇ)॥ ਮਿਲਿ ਪ੍ਰੀਤਮ, ਸਚੇ ਗੁਣ ਗਾਵਹਿ (ਗਾਵਹਿਂ); ਹਰਿ ਦਰਿ (’ਤੇ) ਸੋਭਾ (ਸ਼ੋਭਾ) ਪਾਵਣਿਆ ॥੩॥ ਏਕਮ ਏਕੈ (ਨੇ), ਆਪੁ (ਭਾਵ ਆਪਣੇ ਆਪ ਨੂੰ) ਉਪਾਇਆ (ਭਾਵ ਕੁਦਰਤ-ਸਰਗੁਣ ਪੈਦਾ ਕੀਤਾ)॥ ਦੁਬਿਧਾ ਦੂਜਾ, ਤ੍ਰਿਬਿਧਿ ਮਾਇਆ ॥ ਚਉਥੀ ਪਉੜੀ, ਗੁਰਮੁਖਿ ਊਚੀ ; ਸਚੋ ਸਚੁ ਕਮਾਵਣਿਆ ॥੪॥ ਸਭੁ ਹੈ ਸਚਾ (ਸੱਚਾ), ਜੇ ਸਚੇ (ਸੱਚੇ) ਭਾਵੈ ॥ ਜਿਨਿ (ਜਿਨ੍ਹ) ਸਚੁ ਜਾਤਾ, ਸੋ ਸਹਜਿ (’ਚ) ਸਮਾਵੈ ॥ ਗੁਰਮੁਖਿ ਕਰਣੀ ਸਚੇ ਸੇਵਹਿ (ਸੇਵਹਿਂ), ਸਾਚੇ (’ਚ) ਜਾਇ (ਕੇ) ਸਮਾਵਣਿਆ ॥੫॥ ਸਚੇ ਬਾਝਹੁ, ਕੋ ਅਵਰੁ ਨ ਦੂਆ ॥ ਦੂਜੈ (’ਚ) ਲਾਗਿ (ਕੇ), ਜਗੁ ਖਪਿ+ਖਪਿ (ਕੇ) ਮੂਆ ॥ ਗੁਰਮੁਖਿ ਹੋਵੈ, ਸੁ ਏਕੋ ਜਾਣੈ ; ਏਕੋ ਸੇਵਿ (ਕੇ) ਸੁਖੁ ਪਾਵਣਿਆ ॥੬॥ ਜੀਅ ਜੰਤ ਸਭਿ, ਸਰਣਿ ਤੁਮਾਰੀ (ਸ਼ਰਣਿ ਤੁਮ੍ਹਾਰੀ) ॥ ਆਪੇ ਧਰਿ (ਭਾਵ ਟਿਕਾ ਕੇ, ਸਾਜ ਕੇ) ਦੇਖਹਿ (ਦੇਖਹਿਂ), ਕਚੀ ਪਕੀ ਸਾਰੀ (ਕੱਚੀ ਪੱਕੀ ਸ਼ਾਰੀ ਭਾਵ ਸ਼ਤਰੰਜ ਦੀ ਨਰਦ, ਗੋਟੀ) ॥ ਅਨਦਿਨੁ ਆਪੇ ਕਾਰ ਕਰਾਏ ; ਆਪੇ ਮੇਲਿ (ਮੇਲ਼, ਗੁਰੂ ਨਾਲ਼ ਮੇਲ਼ ਕੇ ਆਪਣੇ ਨਾਲ਼)) ਮਿਲਾਵਣਿਆ ॥੭॥ ਤੂੰ ਆਪੇ ਮੇਲਹਿ (ਮੇਲ਼ੈਂ), ਵੇਖਹਿ (ਵੇਖੈਂ) ਹਦੂਰਿ ॥ ਸਭ ਮਹਿ, ਆਪਿ ਰਹਿਆ ਭਰਪੂਰਿ ॥ ਨਾਨਕ ! ਆਪੇ ਆਪਿ ਵਰਤੈ ; ਗੁਰਮੁਖਿ ਸੋਝੀ ਪਾਵਣਿਆ ॥ ੮॥੬॥੭॥

(ਨੋਟ: ਉਕਤ ਸ਼ਬਦ ਦੇ ਸੱਤਵੇਂ ਬੰਦ ਦੀ ਤੁੱਕ ‘‘ਆਪੇ ਧਰਿ ਦੇਖਹਿ; ਕਚੀ ਪਕੀ ਸਾਰੀ।’’ ’ਚ ਦਰਜ ਸ਼ਬਦ ਹੈ: ‘ਸਾਰੀ’, ਜਿਸ ਦੀ ਮੌਜੂਦਗੀ ਗੁਰਬਾਣੀ ’ਚ ‘ਸਾਰੀ’ (38 ਵਾਰ) ਅਤੇ ‘ਸਾਰਿ’ (40 ਵਾਰ) ਹੈ ਅਤੇ ਅਰਥ ਹਨ:

ਰਾਜੁ ਕਮਾਵੈ; ਦਹ ਦਿਸ ‘ਸਾਰੀ’ (ਸ੍ਰਿਸ਼ਟੀ ਦਾ)॥ (ਮ: ੫/੧੭੬)

ਕਰੁ ਮਸਤਕਿ ਗੁਰਿ+ਪੂਰੈ (ਨੇ) ਧਰਿਓ; ਮਨੁ ਜੀਤੋ ਜਗੁ ‘ਸਾਰੀ’ (ਲੁਕਾਈ)॥ (ਮ: ੫/੨੧੫)

ਹਰਿ ਗੁਣ ‘ਸਾਰੀ’ (ਸਾਰੀਂ, ਸੰਭਾਲ਼ਦੀ ਹਾਂ) ਤਾ ਕੰਤ ਪਿਆਰੀ; ਨਾਮੇ ਧਰੀ (ਧਰੀਂ) ਪਿਆਰੋ ॥ (ਮ: ੩/੨੪੪)

ਇਸੁ ਜਗ ਮਹਿ, ਕਰਣੀ ‘ਸਾਰੀ’ (ਸ੍ਰੇਸ਼ਟ)॥ (ਮ: ੧/੫੯੯)

ਗੁਰ ਪੂਰੇ ਏਹ ਗਲ ‘ਸਾਰੀ’ (ਸਮਝਾਈ)॥ (ਮ: ੫/੬੨੮)

ਅੰਤਰ ਕੀ ਗਤਿ ਤੁਧੁ ਪਹਿ ‘ਸਾਰੀ’ (ਬਿਆਨ ਕੀਤੀ); ਤੁਧੁ ਜੇਵਡੁ ਅਵਰੁ ਨ ਕੋਈ ॥ (ਮ: ੫/੭੪੯)

ਗੁਪਤੀ ਖਾਵਹਿ; ਵਟਿਕਾ ‘ਸਾਰੀ’ (ਮੁਕੰਮਲ ਪਿੰਨੀ)॥ (ਭਗਤ ਕਬੀਰ/੮੭੩)

ਕਬੀਰ ! ‘ਸਾਰੀ’ (ਖੇਡ) ਸਿਰਜਨਹਾਰ ਕੀ; ਜਾਨੈ ਨਾਹੀ ਕੋਇ ॥ (ਭਗਤ ਕਬੀਰ/੧੩੭੩)

ਖਿਨੁ ਪਲੁ ਚਸਾ ਨਾਮੁ ਨਹੀ (ਨਹੀਂ) ਸਿਮਰਿਓ; ਦੀਨਾ ਨਾਥ ਪ੍ਰਾਨਪਤਿ ‘ਸਾਰੀ’ (ਸੰਭਾਲ਼ਦਾ ਹੈ)॥ (ਮ: ੫/੧੩੮੮)

ਮੂੜੇ ! ਰਾਮੁ ਜਪਹੁ ਗੁਣ ‘ਸਾਰਿ’ (ਸੰਭਾਲ਼ ਕੇ, ਕਿਰਿਆ ਵਿਸ਼ੇਸ਼ਣ)॥ (ਮ: ੧/੧੯)

ਸਤਸੰਗਤੀ ਸਦਾ ਮਿਲਿ ਰਹੇ; ਸਚੇ ਕੇ ਗੁਣ ‘ਸਾਰਿ’ (ਸੰਭਾਲ਼ ਕੇ)॥ (ਮ: ੩/੩੫)

ਹਉ ਜੀਵਾ ਗੁਣ ‘ਸਾਰਿ’ (ਸੰਭਾਲ਼ ਕੇ); ਅੰਤਰਿ ਤੂ ਵਸੈ ॥ (ਮ: ੧/੭੫੨)

ਮਨ ਰੇ ! ਅਹਿਨਿਸਿ ਹਰਿ ਗੁਣ ‘ਸਾਰਿ’ (ਸੰਭਾਲ਼, ਹੁਕਮੀ ਭਵਿੱਖ ਕਾਲ ਕਿਰਿਆ)॥ (ਮ: ੧/੨੧)

ਭਾਈ ਰੇ ! ਮਿਲਿ ਸਜਣ, ਹਰਿ ਗੁਣ ‘ਸਾਰਿ’ (ਸੰਭਾਲ਼)॥ (ਮ: ੪/੪੧), ਆਦਿ, ਪਰ ‘ਸਾਰੀ, ਸਾਰਿ’ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਵੀ ਹਨ, ਜਿੱਥੇ ਅਰਥ ਹੈ: ‘ਸ਼ੰਤਰੰਜ ਦੀ ਨਰਦ, ਗੋਟੀ, ਮੋਹਰਾ’, ਜਿਸ ਦਾ ਉਚਾਰਨ ‘ਸ਼ਾਰਿ’ ਜਾਂ ‘ਸ਼ਾਰੀ’ ਹੀ ਦਰੁਸਤ ਹੋਵੇਗਾ; ਜਿਵੇਂ ਕਿ ਹੇਠ ਦਿੱਤੀਆਂ 9 ਤੁੱਕਾਂ ਹਨ :

ਆਪੇ ਧਰਿ ਦੇਖਹਿ; ਕਚੀ ਪਕੀ ‘ਸਾਰੀ’ (ਨਰਦ) ॥ (ਮ: ੩/੧੧੩)

ਜੂਐ ਖੇਲਣੁ ਕਾਚੀ ‘ਸਾਰੀ’ (ਨਰਦ) ॥ (ਮ: ੧/੨੨੨)

ਜੀਅ ਜੰਤ ਸਭ ‘ਸਾਰੀ’ (ਨਰਦਾਂ) ਕੀਤੇ; ਪਾਸਾ ਢਾਲਣਿ ਆਪਿ ਲਗਾ ॥ (ਮ: ੧/੪੩੪)

ਭਵਿ ਭਵਿ ਭਰਮਹਿ; ਕਾਚੀ ‘ਸਾਰੀ’ (ਨਰਦ) ॥ (ਮ: ੩/੮੪੨)

ਹੁਕਮੀ ਬਾਧੇ ਪਾਸੈ ਖੇਲਹਿ; ਚਉਪੜਿ ਏਕਾ ‘ਸਾਰੀ’ (ਨਰਦ) ॥ (ਮ: ੧/੧੦੧੫)

ਆਪੇ ਪਾਸਾ; ਆਪੇ ‘ਸਾਰੀ’ (ਨਰਦਾਂ) ॥ (ਮ: ੧/੧੦੨)

ਗੁਰਮੁਖਿ ਦੇਵਹਿ; ਪਕੀ ‘ਸਾਰੀ’ (ਨਰਦ) ॥ (ਮ: ੩/੧੦੪੫)

ਕਰਮ ਧਰਮ ਤੁਮ੍ ਚਉਪੜਿ ਸਾਜਹੁ; ਸਤੁ ਕਰਹੁ ਤੁਮ੍ ‘ਸਾਰੀ’ (ਨਰਦ) ॥ (ਮ: ੫/੧੧੮੫)

ਆਪੇ ਨਰੁ ਆਪੇ ਫੁਨਿ ਨਾਰੀ; ਆਪੇ ‘ਸਾਰਿ’ (ਨਰਦਾਂ) ਆਪ ਹੀ ਪਾਸਾ ॥ ਭਟ ਗਯੰਦ/੧੪੦੩)

ਮਾਝ, ਮਹਲਾ ੩ ॥

ਅੰਮ੍ਰਿਤ ਬਾਣੀ, ਗੁਰ ਕੀ ਮੀਠੀ ॥ ਗੁਰਮੁਖਿ, ਵਿਰਲੈ+ਕਿਨੈ (ਨੇ) ਚਖਿ (ਕੇ) ਡੀਠੀ ॥ ਅੰਤਰਿ ਪਰਗਾਸੁ, ਮਹਾ (ਮਹਾਂ) ਰਸੁ ਪੀਵੈ ; ਦਰਿ+ਸਚੈ (ਉੱਤੇ, ਭਾਵ ਰੂ-ਬਰੂ ਹੋ ਕੇ) ਸਬਦੁ ਵਜਾਵਣਿਆ ॥੧॥ ਹਉ (ਹੌਂ ) ਵਾਰੀ ਜੀਉ ਵਾਰੀ ; ਗੁਰ ਚਰਣੀ ਚਿਤੁ ਲਾਵਣਿਆ ॥ ਸਤਿਗੁਰੁ ਹੈ, ਅੰਮ੍ਰਿਤ ਸਰੁ ਸਾਚਾ ; ਮਨੁ ਨਾਵੈ (ਨ੍ਹਾਵੈ), ਮੈਲੁ ਚੁਕਾਵਣਿਆ ॥੧॥ ਰਹਾਉ ॥ ਤੇਰਾ ਸਚੇ (ਸੱਚੇ) ! ਕਿਨੈ (ਕਿਸੇ ਨੇ) ਅੰਤੁ ਨ ਪਾਇਆ ॥ ਗੁਰ ਪਰਸਾਦਿ, ਕਿਨੈ+ਵਿਰਲੈ (ਨੇ) ਚਿਤੁ ਲਾਇਆ ॥ ਤੁਧੁ ਸਾਲਾਹਿ (‘ਸਾਲਾਹ’ ਭਾਵ ਸਲਾਹ ਕੇ, ਕਿਰਿਆ ਵਿਸ਼ੇਸ਼ਣ), ਨ ਰਜਾ (ਰੱਜਾਂ) ਕਬਹੂੰ ; ਸਚੇ ਨਾਵੈ ਕੀ ਭੁਖ (ਸੱਚੇ ਨਾਵੈਂ ਕੀ ਭੁੱਖ) ਲਾਵਣਿਆ ॥੨॥ ਏਕੋ ਵੇਖਾ (ਵੇਖਾਂ), ਅਵਰੁ ਨ ਬੀਆ ॥ ਗੁਰ ਪਰਸਾਦੀ, ਅੰਮ੍ਰਿਤੁ ਪੀਆ ॥ ਗੁਰ ਕੈ ਸਬਦਿ (ਨਾਲ਼), ਤਿਖਾ ਨਿਵਾਰੀ ; ਸਹਜੇ ਸੂਖਿ ਸਮਾਵਣਿਆ ॥੩॥ ਰਤਨੁ ਪਦਾਰਥੁ (ਨੂੰ), ਪਲਰਿ (ਪਲ੍ਹਰਿ ਭਾਵ ਪਰਾਲੀ ਸਮਝ ਕੇ) ਤਿਆਗੈ ॥ ਮਨਮੁਖੁ ਅੰਧਾ, ਦੂਜੈ+ਭਾਇ (’ਚ) ਲਾਗੈ ॥ ਜੋ ਬੀਜੈ, ਸੋਈ ਫਲੁ (ਫਲ਼) ਪਾਏ ; ਸੁਪਨੈ (’ਚ) ਸੁਖੁ ਨ ਪਾਵਣਿਆ ॥੪॥ ਅਪਨੀ ਕਿਰਪਾ ਕਰੇ, ਸੋਈ ਜਨੁ ਪਾਏ ॥ ਗੁਰ ਕਾ ਸਬਦੁ, ਮੰਨਿ (’ਚ) ਵਸਾਏ ॥ ਅਨਦਿਨੁ ਸਦਾ ਰਹੈ ਭੈ (ਭਾਵ ਰੱਬੀ ਅਦਬ) ਅੰਦਰਿ ; (ਦੁਨਿਆਵੀ) ਭੈ ਮਾਰਿ (ਕੇ), ਭਰਮੁ ਚੁਕਾਵਣਿਆ ॥੫॥ ਭਰਮੁ ਚੁਕਾਇਆ, ਸਦਾ ਸੁਖੁ ਪਾਇਆ ॥ ਗੁਰ ਪਰਸਾਦਿ, ਪਰਮ ਪਦੁ ਪਾਇਆ ॥ ਅੰਤਰੁ ਨਿਰਮਲੁ, ਨਿਰਮਲ ਬਾਣੀ ; ਹਰਿ ਗੁਣ ਸਹਜੇ ਗਾਵਣਿਆ ॥੬॥ ਸਿਮ੍ਰਿਤਿ, ਸਾਸਤ (ਸ਼ਾਸਤ), ਬੇਦ ਵਖਾਣੈ ॥ ਭਰਮੇ ਭੂਲਾ, ਤਤੁ ਨ ਜਾਣੈ ॥ ਬਿਨੁ ਸਤਿਗੁਰ ਸੇਵੇ, ਸੁਖੁ ਨ ਪਾਏ ; ਦੁਖੋ ਦੁਖੁ (ਦੁੱਖੋ ਦੁੱਖ) ਕਮਾਵਣਿਆ ॥੭॥ ਆਪਿ ਕਰੇ, ਕਿਸੁ ਆਖੈ ਕੋਈ ?॥ ਆਖਣਿ ਜਾਈਐ, ਜੇ ਭੂਲਾ ਹੋਈ ॥ ਨਾਨਕ ! ਆਪੇ ਕਰੇ, ਕਰਾਏ ; ਨਾਮੇ ਨਾਮਿ (’ਚ) ਸਮਾਵਣਿਆ ॥੮॥੭॥੮॥

‘ਦਸਤਾਰ’ ਦੀ ਵਿਲੱਖਣਤਾ ਤੇ ਮਹੱਤਤਾ (ਭਾਗ ਚੌਥਾ)

0

‘ਦਸਤਾਰ’ ਦੀ ਵਿਲੱਖਣਤਾ ਤੇ ਮਹੱਤਤਾ (ਭਾਗ ਚੌਥਾ)

ਗਿਆਨੀ ਅਮਰੀਕ ਸਿੰਘ ਚੰਡੀਗਡ਼

(ਲੜੀ ਜੋੜਨ ਲਈ ਪਿੱਛਲਾ ਅੰਕ ਵੇਖੋ, ਜੀ)

‘ਦਸਤਾਰ’ ਦੀ ਵਿਲੱਖਣਤਾ ਤੇ ਮਹੱਤਤਾ (ਭਾਗ 1)

‘ਦਸਤਾਰ’ ਦੀ ਵਿਲੱਖਣਤਾ ਤੇ ਮਹੱਤਤਾ (ਭਾਗ 2)

‘ਦਸਤਾਰ’ ਦੀ ਵਿਲੱਖਣਤਾ ਤੇ ਮਹੱਤਤਾ (ਭਾਗ 3)

ਸਰਦਾਰ ਖੜਕ ਸਿੰਘ ਜੀ ਦਾ ਨਾਮ ਸਿੱਖ ਕੌਮ ਵਿੱਚ ਸ਼ਰਧਾ ਭਾਵਨਾ ਨਾਲ ਲਿਆ ਜਾਂਦਾ ਹੈ। ਉਨ੍ਹਾਂ ਦਾ ਨਾਮ ਸਿੱਖ ਕੌਮ ਦੇ ਪ੍ਰਮੁੱਖ ਲੀਡਰਾਂ ਵਿੱਚ ਸ਼ਾਮਲ ਹੈ, ਜਿਨ੍ਹਾਂ ਪੰਥ ਤੇ ਬਣੀ ਹੋਈ ਭੀੜ ਵੇਲੇ ਪੰਥ ਦੀ ਨਈਆ ਨੂੰ ਕੁਰਬਾਨੀ ਦੇ ਚੱਪੂ ਲਾ ਕੇ ਮੁਸ਼ਕਲਾਂ ਵਿੱਚੋਂ ਕੱਢਿਆ ਸੀ। ਇੱਥੇ ਆਪਾਂ ਉਨ੍ਹਾਂ ਦੇ ਜੀਵਨ ਦੀ ਕੇਵਲ ਇੱਕੋ ਹੀ ਝਲਕ ਦੇਖਾਂਗੇ।

ਗੁਰਦੁਆਰਿਆਂ ਉੱਤੇ ਕਾਬਜ਼ ਮਹੰਤਾਂ ਨੇ ਆਪੋ ਆਪਣੀ ਮਨ ਮਰਜ਼ੀ ਦੇ ਨਾਲ ਨਾਲ ਗੁਰੂ ਘਰ ਦੀ ਮਾਇਆ ਨਾਲ ਕਈ ਤਰ੍ਹਾਂ ਦੇ ਪਾਪ, ਗੁਰੂ ਘਰ ਦੀ ਚਾਰ ਦੀਵਾਰੀ ਵਿੱਚ ਕਰਨੇ ਸ਼ੁਰੂ ਕਰ ਦਿੱਤੇ ਸਨ। ਅੰਗਰੇਜ਼ੀ ਸਰਕਾਰ ਦਾ ਵੀ ਭਾਰਤ ਵਿੱਚੋਂ ਪਤਨ ਸ਼ੂਰੂ ਹੋ ਗਿਆ ਸੀ। ਇਸ ਪਤਨ ਦੇ ਪਿੱਛੇ ਸਿੱਖ ਕੌਮ ਦੀ ਮਹਾਨ ਕੁਰਬਾਨੀ ਦਾ ਹੱਥ ਰਿਹਾ ਸੀ। ਜਿਸ ਕਰਕੇ ਅੰਗਰੇਜ਼ ਸਰਕਾਰ ਦੀਆਂ ਨਜ਼ਰਾਂ ਵਿੱਚ ਸਿੱਖਾਂ ਦੀ ਹੋਂਦ ਵੀ ਚੁੱਭਦੀ ਸੀ। ਮਹੰਤਾਂ ਦੇ ਕਾਰਨਾਮੇ ਜੱਗ ਜ਼ਾਹਰ ਹੋਣ ਕਰ ਕੇ ਸਿੱਖ ਕੌਮ ਦੀ ਬਰਦਾਸ਼ਤ ਸ਼ਕਤੀ ਤੋਂ ਬਾਹਰ ਹੋ ਚੁੱਕੇ ਸਨ। ਉਨ੍ਹਾਂ ਨੇ ਇਨ੍ਹਾਂ ਮਹੰਤਾਂ ਅੱਗੇ ਗੁਰਦੁਆਰਿਆਂ ਦੀ ਅਜ਼ਾਦੀ ਦਾ ਬਿਗਲ ਵਜਾ ਦਿੱਤਾ ਸੀ ਤੇ ਕਈ ਥਾਵੀਂ ਅਜ਼ਾਦ ਕਰਵਾ ਵੀ ਲਏ ਗਏ ਸਨ। ਗੋਰਿਆਂ ਨੇ ਇਨ੍ਹਾਂ ਮਹੰਤਾਂ ਦੀ ਪਿੱਠ ’ਤੇ ਹੱਥ ਰੱਖ ਕੇ ਸਿੱਖ ਕੌਮ ਦੀ ਕੁਰਬਾਨੀ ਦੇ ਜਜ਼ਬੇ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੀ। ਇਸ ਕੁਰਬਾਨੀ ਜਜ਼ਬੇ ਨੂੰ ਠੰਡਾ ਨਾ ਪੈਣ ਦੇਣ ਪਿੱਛੇ ਕੌਮ ਦੇ ਮਹਾਨ ਲੀਡਰਾਂ ਦੀਆਂ ਜੋਸ਼ੀਲੀਆਂ ਤਕਰੀਰਾਂ ਸਨ। ਇਨ੍ਹਾਂ ਤਕਰੀਰਾਂ ਦੇਣ ਵਾਲਿਆਂ ਵਿੱਚੋਂ ਸ: ਖੜਕ ਸਿੰਘ ਜੀ ਦਾ ਖਾਸ ਰੋਲ ਸੀ। ਉਨ੍ਹਾਂ ਨੂੰ ਇਸ ਬਦਲੇ ਕਈ ਵਾਰੀ ਜੇਲ੍ਹ ਵਿੱਚ ਬੰਦ ਵੀ ਕੀਤਾ ਗਿਆ ਸੀ। ਸ: ਖੜਕ ਸਿੰਘ ਜੀ ਨੂੰ ਸੰਨ 1922 ਨੂੰ ਕਿਰਪਾਨਾਂ ਦੀ ਫੈਕਟਰੀ ਚਲਾਉਣ ਦੇ ਦੋਸ਼ ਵਿੱਚ ਪਕੜ ਕੇ ਡੇਰਾ ਗ਼ਾਜ਼ੀ ਖਾਂ ਦੀ ਜੇਲ੍ਹ ਵਿੱਚ ਕਰੀਬ ਪੰਜ ਸਾਲ ਦੀ ਸਜ਼ਾ ਸੁਣਾ ਕੇ ਬੰਦ ਕਰ ਦਿੱਤਾ ਸੀ। ਇਨ੍ਹਾਂ ਹੀ ਦਿਨਾਂ ’ਚ ਨਨਕਾਣਾ ਸਾਹਿਬ ਦਾ ਸਾਕਾ-ਘਟਨਾ ਵਾਪਰੀ ਸੀ। ਇਸ ਰੋਸ ਵਿੱਚ ਸਿੱਖਾਂ ਨੇ ਕਾਲੀਆਂ ਦਸਤਾਰਾਂ ਬੰਨ੍ਹਣੀਆਂ ਸ਼ੁਰੂ ਕੀਤੀਆਂ ਹੋਈਆਂ ਹਨ, ਜਿਸ ਨਾਲ ਪੰਥ ਵਿੱਚ ਇੱਕ ਮੁੱਠਤਾ ਤੇ ਕੁਰਬਾਨੀ ਦਾ ਜੋਸ਼ ਭਰਿਆ ਜਾਂਦਾ ਸੀ। ਅੰਗਰੇਜ਼ਾਂ ਨੂੰ ਇਹ ਕਾਲੀ ਪੱਗ ਵੀ ਜ਼ਹਿਰ ਵਰਗੀ ਦਿਖਾਈ ਦੇਣ ਲੱਗੀ। ਉਨ੍ਹਾਂ ਨੇ ਡੇਰਾ ਗ਼ਾਜ਼ੀ ਖਾਂ ਵਿੱਚ ਬੰਦ ਸ: ਖੜਕ ਸਿੰਘ ਜੀ ਨੂੰ ਵੀ ਇਹ ਕਾਲੀ ਪੱਗ ਉਤਾਰਨ ਲਈ ਕਿਹਾ ਤਾਂ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ ਪਰ ਕਰਮਚਾਰੀਆਂ ਨੇ ਇਹ ਪੱਗ ਜਬਰੀ ਉਤਾਰ ਦਿੱਤੀ। ਇਸ ਦੇ ਰੋਸ ਵਜੋਂ ਬਾਬਾ ਖੜਕ ਸਿੰਘ ਜੀ ਨੇ ਕਛਹਿਰੇ ਤੋਂ ਬਿਨਾਂ ਹੋਰ ਸਾਰੇ ਕੱਪੜੇ ਵੀ ਉਤਾਰ ਦਿੱਤੇ ਅਤੇ ਬਾਕੀ ਦਾ ਸਮਾਂ ਜੇਲ ਵਿੱਚ ਨਿਰ ਬਸਤਰ ਹੋ ਕੇ ਹੀ ਕੱਟਿਆ ਸੀ, ਜਿਸ ਨਾਲ ਗੋਰਿਆਂ ਨੂੰ ਸਮਝਾ ਦਿੱਤਾ ਸੀ ਕਿ ਸਿੱਖ ਦੀਆਂ ਨਜ਼ਰਾਂ ਵਿੱਚ ਪੱਗ ਦੀ ਕਿੰਨੀ ਕੁ ਅਹਿਮੀਅਤ ਹੈ। (ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਚੋਣਵੀਆਂ ਸਾਖੀਆਂ ਭਾਗ 1)

ਸਿੱਖ ਕੌਮ ਦਾ ਇਤਿਹਾਸ ਹੀ ਅਜਿਹਾ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਕਿ ਇਸ ਨੂੰ ਜੋ ਕੁਝ ਵੀ ਪ੍ਰਾਪਤ ਕਰਨਾ ਪਿਆ ਉਹ ਸਭ ਕੁਰਬਾਨੀਆਂ ਦੇ ਕੇ ਪ੍ਰਾਪਤ ਕੀਤਾ ਹੈ। ਪੱਗ ਦੇ ਪਿੱਛੇ ਸਿੱਖ ਕੌਮ ਦੀ ਇੱਕ ਕੁਰਬਾਨੀ ਨਹੀਂ ਸਗੋਂ ਅਥਾਹ ਕੁਰਬਾਨੀਆਂ ਹਨ। ਗੋਰਿਆਂ ਦੇ ਜਾਣ ਮਗਰੋਂ ਵੀ ਗਦਾਰਾਂ ਦੀਆਂ ਗਦਾਰੀਆਂ ਕਾਰਨ ਸਿੱਖ ਕੌਮ ਨੂੰ ਬਹੁਤ ਦੁੱਖੜੇ ਸਹਿਣੇ ਪਏ। ਦੇਸ਼ ਦੀ ਅਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਜਦੋਂ ਦੇਸ਼ ਅਜ਼ਾਦ ਹੋਇਆ ਤਾਂ ਭਾਰਤੀ ਸਰਕਾਰ ਨੇ ਵੀ ਉਸ ਵਕਤ ਹੀ ਸਿੱਖ ਕੌਮ ਦੀ ਹਮਾਇਤ ਕਰਨ ਵੱਲੋਂ ਨਜ਼ਰਾਂ ਫੇਰ ਲਈਆਂ। ਉਨ੍ਹਾਂ ਨੇ ਵੱਧ ਹੱਕ ਦੇਣ ਦੀ ਥਾਂ ’ਤੇ ਬਣਦੇ ਹੱਕ ਵੀ ਨਾ ਦਿੱਤੇ। ਲੰਮੇ ਸਮੇਂ ਦੀ ਖੱਜਲ ਖੁਆਰੀ ਨੇ ਸਿੱਖ ਕੌਮ ਨੂੰ ਮੁੜ ਸ਼ੰਘਰਸ਼ ਦੇ ਰਾਹ ਪਾ ਦਿੱਤਾ।

ਇਹ ਸੰਘਰਸ਼ ਅਜਿਹੇ ਸਹਿਜ ਜਿਹੇ ਢੰਗ ਨਾਲ ਚੱਲ ਰਹੇ ਸਨ ਕਿ ਜਿਸ ਨਾਲ ਸਰਕਾਰ ਦੇ ਕੰਨੀਂ ਜੂੰ ਵੀ ਸਰਕਦੀ ਮਹਿਸੂਸ ਨਹੀਂ ਹੋ ਰਹੀ ਸੀ। ਸੰਨ 1977 ਵਿੱਚ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖ ਕੌਮ ਲਈ ਫਿਰ ਜੋਸ਼ੀਲੇ ਲੀਡਰ ਬਣ ਕੇ ਉਭਰੇ। ਇਨ੍ਹਾਂ ਹੀ ਦਿਨਾਂ ਵਿੱਚ ਨਿੰਰਕਾਰੀਆਂ ਦੀਆਂ ਵਧੀਕੀਆਂ ਅਤੇ ਪ੍ਰੈਸ ਦੇ ਇੱਕ ਪੱਖੀ ਵਤੀਰੇ ਨੇ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰ ਦਿੱਤਾ। ਇੱਕ ਕਿਸਮ ਦੀ ਸਿੱਧੀ ਸਿੱਧੀ ਟੱਕਰ ਹੀ ਭਾਰਤ ਸਰਕਾਰ ਨਾਲ ਹੋ ਗਈ ਸੀ। ਬਾਬਾ ਜਰਨੈਲ ਸਿੰਘ ਜੀ ਨੀਲੀ ਪੱਗ ਬੰਨ੍ਹਦੇ ਸਨ। ਇਸ ਕਰ ਕੇ ਜੁਆਨੀ ਦਾ ਤੇ ਬਹੁਤੀ ਸਿੱਖ ਕੌਮ ਦਾ ਝੁਕਾ ਵੀ ਨੀਲੀ ਦਸਤਾਰ ਵੱਲ ਹੋ ਗਿਆ। ਇਹ ਦਸਤਾਰਾਂ ਵੀ ਸਰਕਾਰ ਦੀਆਂ ਨਜ਼ਰਾਂ ਵਿੱਚ ਸੂਲਾਂ ਵਾਂਗ ਚੁੱਭਣ ਲੱਗ ਪਈਆਂ।

ਅਖੀਰ ’ਤੇ ਜੋ ਸਰਕਾਰਾਂ ਫਿਰ ਕਿਸੇ ਕੌਮ ਦੀ ਨਸਲ ਕੁਸ਼ੀ ਕਰਦੀਆਂ ਹਨ ਉਹੋ ਕੁਝ ਹੀ ਸਿੱਖ ਕੌਮ ਨਾਲ ਕੀਤਾ ਗਿਆ ਸੀ। ਦਰਬਾਰ ਸਾਹਿਬ ’ਤੇ ਹਮਲਾ ਕੀਤਾ ਗਿਆ। ਇਸ ਦਾ ਨਾਮ ਹੀ ਸਾਕਾ ਨੀਲਾ ਤਾਰਾ ਇਸ ਲਈ ਰੱਖਿਆ ਗਿਆ ਸੀ ਕਿ ਨੀਲੀਆਂ ਦਸਤਾਰਾਂ ਬੰਨ੍ਹਣ ਵਾਲੇ ਖਤਮ ਕਰਨੇ ਹਨ। ਇਸ ਬਲ੍ਊ ਸਟਾਰ ਜਾਂ ਸਾਕਾ ਨੀਲਾ ਤਾਰਾ ਦਾ ਅਰਥ ਡਾ: ਰਤਨ ਸਿੰਘ ਜੱਗੀ ਨੇ ਨੀਲੀਆਂ ਦਸਤਾਰਾਂ ਵਾਲਿਆਂ ਨੂੰ ਸੋਧਣਾ ਕੀਤਾ ਹੈ। (ਸਿੱਖ ਪੰਥ ਵਿਸ਼ਵ ਕੋਸ਼ ਪੰਨਾ 1092)

ਇਸ ਸਾਕੇ ਨਾਲ ਦਰਬਾਰ ਸਾਹਿਬ ਦੇ ਹੋਏ ਨੁਕਸਾਨ ਨਾਲ ਸਿੱਖ ਕੌਮ ਦੇ ਹਿਰਦੇ ਗਹਿਰੇ ਜ਼ਖ਼ਮੀ ਹੋ ਗਏ। ਜਿਸ ਦੇ ਫਲ ਸਰੂਪ ਬੀਬੀ ਇੰਦਰਾ ਗਾਂਧੀ ਦੇ ਅੰਗ ਰੱਖਿਅਕਾਂ (ਸ: ਬੇਅੰਤ ਸਿੰਘ, ਸ: ਕੇਹਰ ਸਿੰਘ ਅਤੇ ਸ: ਸਤਵੰਤ ਸਿੰਘ ਜੀ) ਨੇ ਹੀ ਉਸ ਨੂੰ ਸੋਧਾ ਲਾ ਦਿੱਤਾ ਸੀ।

ਕਿਸੇ ਦਾਨੀ ਸੋਚ ਨਾਲ ਸਿੱਖ ਕੌਮ ਨਾਲ ਹੋ ਰਹੇ ਲੰਮੇ ਸਮੇਂ ਦੇ ਧੱਕੇ ਨੂੰ ਵਿਚਾਰਨ ਦੀ ਥਾਂ ’ਤੇ ਇਸ ਤੋਂ ਮਗਰੋਂ ਫਿਰ ਇੱਕ ਜ਼ੁਲਮਾਂ ਦੀ ਲੜੀ ਹੋਰ ਸ਼ੁਰੂ ਹੋ ਗਈ। ਇੰਦਰਾ ਗਾਂਧੀ ਤੋਂ ਮਗਰੋਂ ਉਸ ਦੇ ਪੁੱਤਰ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ। ਸਿੱਖੀ ਵਿਰੋਧੀਆਂ ਨੂੰ ਹੁਣ ਤਾਂ ਖੁੱਲ ਕੇ ਮਨ ਮਰਜ਼ੀ ਕਰਨ ਦਾ ਮੌਕਾ ਮਿਲ ਗਿਆ ਸੀ। ਜਿਸ ਕਰ ਕੇ ਸਿੱਖੀ ਵਿਰੋਧੀ ਕੁਝ ਲੀਡਰਾਂ ਨੇ ਅਗਵਾਈ ਕਰ ਕੇ ਦਿੱਲੀ ਵਿੱਚ ਕੁਝ ਸ਼ਰਾਰਤੀ ਅਨਸਰਾਂ ਦੇ ਨਾਲ ਫਿਰ ਸਿੱਖ ਕੌਮ ਲਹੂ ਲੁਹਾਣ ਕਰ ਦਿੱਤੀ ਗਈ। ਇਸ ਵਕਤ ਅੱਲੇ ਅਤੇ ਗਹਿਰੇ ਜਖ਼ਮਾਂ ’ਤੇ ਚੰਗੇ ਸ਼ਬਦਾਂ ਦੀ ਮਲ੍ਹਮ ਲਾਉਣ ਦੀ ਥਾਂ ’ਤੇ ਸਗੋਂ ਰਾਜੀਵ ਗਾਂਧੀ ਨੇ ਇਹ ਕਹਿ ਦਿੱਤਾ ਕਿ ਜਦੋਂ ਵੀ ਕੋਈ ਵੱਡਾ ਦਰੱਖ਼ਤ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੀ ਹੈ।

ਬੱਸ ਫਿਰ ਕੀ ਸੀ ਜਿੱਥੇ ਜਿੱਥੇ ਤੱਕ ਇਨ੍ਹਾਂ ਦਾ ਵੱਸ ਚੱਲਿਆ ਤਾਂ ਸਿੱਖ ਕੌਮ ਦੇ ਬੱਚੇ, ਬੁੱਢੇ, ਬੀਬੀਆਂ ਜਾਂ ਕਾਰੋਬਾਰ ਹਰ ਇੱਕ ਚੀਜ਼ ਨੂੰ ਕੋਹ ਕੋਹ ਕੇ ਸਾੜਿਆ ਭੁੰਨਿਆ ਗਿਆ। ਹਰ ਗਲੀ ਮੁਹੱਲੇ ’ਚ ਸਿੱਖਾਂ ਦੀਆਂ ਪੱਗਾਂ ਰੁਲਦੀਆਂ ਸਨ। ਉਸ ਵਕਤ ਦੀਆਂ ਅਖ਼ਬਾਰਾਂ ਵਿੱਚ ਸਿੱਖ ਕੌਮ ਦੀ ਨਸਲ ਕੁਸ਼ੀ ਦੀਆਂ ਹੀ ਖ਼ਬਰਾਂ ਛਾਪੀਆਂ ਗਈਆਂ ਜਾਂਦੀਆਂ ਸਨ। ਇਸ ਤਰ੍ਹਾਂ ਲੱਗਦਾ ਸੀ ਕਿ ਇਹ ਖ਼ਬਰਾਂ ਸਿਹਾਈ ਨਾਲ ਨਹੀਂ ਸਗੋਂ ਸਿੱਖਾਂ ਦੇ ਖ਼ੂਨ ਨਾਲ ਲਿਖੀਆਂ ਗਈਆਂ ਹੋਣ।

ਦਾਨੀ ਸੋਚ ਤੇ ਮਨੁੱਖਤਾ ਲਈ ਦਰਦੀ ਭਾਵਨਾ ਰੱਖਣ ਵਾਲਾ ਹਰ ਵਿਅਕਤੀ ਦੁੱਖ ਦੇ ਅੱਥਰੂ ਰੋਣ ਲੱਗ ਪਿਆ ਸੀ। ਜਗਤ ਪ੍ਰਸਿੱਧ ਕਵੀ ਸੁਰਜੀਤ ਪਾਤਰ ਜੀ ਦੀ ਕਲਮ ਨੇ ਦੁਹਾਈ ਪਾਈ ਸੀ ਕਿ ‘ਜਿੱਥੇ ਤੱਕ ਛਾਂ ਤਖਤ ਦੀ ਅੱਗਾਂ ਹੀ ਅੱਗਾਂ। ਚੌਕ ਚੁਰਾਹੇ ਰੁਲਦੀਆਂ ਪੱਗਾਂ ਹੀ ਪੱਗਾਂ।’ (ਲੱਗੀ ਨਜ਼ਰ ਪੰਜਾਬ ਨੂੰ ਕਵਿਤਾ ਵਿੱਚੋਂ)

ਲੋਕੀਂ ਇਹ ਆਮ ਹੀ ਕਿਆਸ ਲਾ ਲਿਆ ਕਰਦੇ ਸਨ ਕਿ ਦਹਿਲੀਜ਼ ’ਤੇ ਆਈ ਅਖਬਾਰ ਵਿੱਚ ਫਿਰ ਕਿਸੇ ਨਾ ਕਿਸੇ ਮਨੁੱਖਤਾ ਦੇ ਦਰਿੰਦੇ ਨੇ ਆਪਣੀ ਤਲਵਾਰ ਨਾਲ ਕਿਸੇ ਬੇਕਸੂਰ ਦਾ ਕਤਲ ਕੀਤਾ ਹੋਣਾ ਹੈ ਜਾਂ ਕਿਸੇ ਦੀ ਦਸਤਾਰ ਉਤਾਰੀ ਗਈ ਹੋਣੀ ਹੈ।

‘ਕੋਈ ਦਸਤਾਰ ਰੱਤ ਲਿਬੜੀ, ਕੋਈ ਤਲਵਾਰ ਆਈ ਹੈ।

ਲਿਆਓ ਸਰਦਲਾਂ ਤੋਂ ਚੁੱਕ ਕੇ, ਅਖ਼ਬਾਰ ਆਈ ਹੈ।’ (ਸੁਰਜੀਤ ਪਾਤਰ, ਪੱਤਝੜ ਪੰਨਾ 51)

ਹੁਣ ਵੀ ਸਾਨੂੰ ਪੱਗ ਤੋਂ ਬਹੁਤ ਸੋਚੀ ਸਮਝੀ ਸਕੀਮ ਨਾਲ ਤੋੜਿਆ ਜਾਂਦਾ ਹੈ। ਸਭ ਤੋਂ ਪਹਿਲਾ ਹਮਲਾ ਵੀਚਾਰ ’ਤੇ ਕੀਤਾ ਗਿਆ। ਸਿੱਖ ਕੌਮ ਨੂੰ ਗੁਰਦੁਆਰੇ ਬਣਾਉਣ, ਉਨ੍ਹਾਂ ’ਤੇ ਸੋਨਾ ਲਾਉਣ ਜਾਂ ਕਿਸੇ ਤਰ੍ਹਾਂ ਗੁਰੂ ਸਾਹਿਬ ਜੀ ਦੀਆਂ ਤਸਵੀਰਾਂ ਬਣਾ ਕੇ ਸਾਨੂੰ ਵੀਚਾਰ ਦੀ ਥਾਂ ’ਤੇ ਕਿਸੇ ਨਾ ਕਿਸੇ ਆਕਾਰ ਨਾਲ ਜੋੜ ਦਿੱਤਾ ਗਿਆ ਹੈ। ਦੂਜਾ ਹਮਲਾ ਸਾਡੇ ਕਕਾਰ ’ਤੇ ਕੀਤਾ ਗਿਆ ਹੈ। ਕਕਾਰ ਵੀ ਉਹ ਚੁਣਿਆ ਗਿਆ ਜਿਹੜਾ ਜਲਦੀ ਕੀਤੇ ਇੱਕ ਵਾਰੀ ਵਿਛੁੜ ਜਾਏ ਤੇ ਦੁਬਾਰਾ ਔਖਾ ਮਿਲਦਾ ਹੈ। ਉਹ ਕਕਾਰ ਕੇਸ ਸਨ। ਸਾਨੂੰ ਹੋਰ ਵੀ ਖੁਆਰ ਕਰਨ ਲਈ ਨਸ਼ੇ ਖੁੱਲੇ ਢੰਗ ਨਾਲ ਸਾਡੇ ਘਰਾਂ, ਸਕੂਲਾਂ, ਕਾਲਜਾਂ ਜਾਂ ਧਾਰਮਿਕ ਅਸਥਾਨਾਂ ਤੱਕ ਪਹੁੰਚਾ ਦਿੱਤੇ ਗਏ। ਆਖਰੀ ਹਮਲਾ ਸਾਡੀ ਦਸਤਾਰ ’ਤੇ ਹੋ ਰਿਹਾ ਹੈ। ਹੁਣ ਸਾਡੇ ਕੋਲ ਵੀਚਾਰ ਵੀ ਨਹੀਂ ਹੈ, ਕਕਾਰ ਵੀ ਨਹੀਂ ਹੈ, ਨਸ਼ਿਆਂ ਕਰ ਕੇ ਸਾਡਾ ਕਿਰਦਾਰ ਵੀ ਨਹੀਂ ਹੈ ਅਤੇ ਹੁਣ ਸਾਡੇ ਕੋਲ ਦਸਤਾਰ ਵੀ ਨਹੀਂ ਹੈ।

ਸਾਡੇ ਅਜੋਕੇ ਮੀਡੀਏ ਨੇ ਵੀ ਸਾਡੀ ਬਰਬਾਦੀ ਵਿੱਚ ਬਹੁਤ ਯੋਗਦਾਨ ਪਾਇਆ ਹੈ। ਜਦੋਂ ਕੋਈ ਟੀ. ਵੀ. ’ਤੇ ਸੀਰੀਅਲ ਜਾਂ ਕੋਈ ਪਿਕਚਰ ਆਵੇ ਉਸ ਵਿੱਚ ਕੇਸ ਕੱਟੇ ਹੋਏ ਬੰਦੇ ਦਾ ਕਿਰਦਾਰ ਤਾਂ ਬਹੁਤ ਵਧੀਆ ਹੋਵੇਗਾ ਪਰ ਕਿਸੇ ਸਿੱਖ ਨੂੰ ਪੱਗ ਬੰਨ੍ਹ ਕੇ ਅਜਿਹੇ ਮਜ਼ਾਕੀਆ ਢੰਗ ਨਾਲ ਦਿਖਾਇਆ ਜਾਂਦਾ ਹੈ ਕਿ ਆਮ ਬੰਦਾ ਸੋਚਣ ਲੱਗ ਜਾਵੇ ਕਿ ਪੱਗ ਵਾਲਾ ਤਾਂ ਕੋਈ ਬੁੱਧੂ ਜਿਹਾ ਹੀ ਹੁੰਦਾ ਹੈ, ਜਦੋਂ ਕਿ ਮੀਡੀਏ ਦੇ ਸਾਹਮਣੇ ਡਾ: ਮਨਮੋਹਣ ਸਿੰਘ ਜੀ ਵਰਗੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਵੀ ਹਨ। ਉਨ੍ਹਾਂ ਦੀ ਸਮਝਦਾਰੀ ਦਿਖਾਉਣ ਦੀ ਥਾਂ ’ਤੇ ਸਗੋਂ ਕਿਸੇ ਸ਼ਰਾਬੀ ਕਬਾਬੀ ਜਾਂ ਹੋਰ ਕਿਸੇ ਘਟੀਆ ਜਿਹੇ ਰੋਲ ਵਿੱਚ ਕਿਸੇ ਪੱਗ ਵਾਲੇ ਨੂੰ ਪੇਸ਼ ਕੀਤਾ ਜਾਂਦਾ ਹੈ।

ਸਾਡੀਆਂ ਪੰਥਕ ਸਰਕਾਰਾਂ ਨੇ ਵੀ ਆਪਣੇ ਹੱਥੀ ਪ੍ਰਸ਼ਾਸਨ ਦੇ ਰਾਹੀਂ ਪੱਗਾਂ ਨੂੰ ਬਹੁਤ ਰੋਲਿਆ ਗਿਆ ਹੈ। ਇਨ੍ਹਾਂ ਨੇ ਪੰਥ ਦੇ ਨਾਮ ’ਤੇ ਕੁਰਸੀਆਂ ਲੈ ਕੇ, ਪੰਥ ਦੇ ਨਾਮ ’ਤੇ ਹੀ ਪੈਸਾ ਇੱਕਠਾ ਕਰ ਕੇ ਉਸ ਨੂੰ ਸਿੱਖੀ ਦੀ ਬਰਬਾਦੀ ਲਈ ਵਰਤਿਆ। ਸਾਡੇ ਸਕੂਲਾਂ ਵਿੱਚੋਂ ਸਭ ਤੋਂ ਪਹਿਲਾਂ ਅਧਿਆਪਕਾਂ ਦੇ ਸਿਰਾਂ ਤੋਂ ਪੱਗਾਂ ਗੁਆਚੀਆਂ ਫਿਰ ਵਿਦਿਆਰਥੀਆਂ ਨੇ ਪੱਗਾਂ ਨੂੰ ਬੇਦਾਵੇ ਦੇ ਦਿੱਤੇ।

ਪੱਗ ਦੀ ਬਰਬਾਦੀ ਪਿੱਛੇ ਮੈਨੂੰ ਤਾਂ ਲੜਕੀਆਂ ਦਾ ਵੀ ਕਾਫੀ ਸਹਿਯੋਗ ਲੱਗਦਾ ਹੈ। ਅਜੋਕੇ ਸਮੇਂ ਵਿੱਚ ਬਹੁਤਾਤ ਲੜਕੀਆਂ ਹਨ ਜਿਹੜੀਆਂ ਆਪਣੇ ਮਾਤਾ ਪਿਤਾ ਨੂੰ ਮਜਬੂਰ ਕਰਦੀਆਂ ਹਨ ਕਿ ਸਾਨੂੰ ਤਾਂ ਕਿਸੇ ਕਲੀਨ ਸ਼ੇਵ ਲੜਕੇ ਦੀ ਲੋੜ ਹੈ। ਸਾਨੂੰ ਕਿਸੇ ਪੱਗ ਵਾਲੇ ਲੜਕੇ ਨਾਲ ਵਿਆਹ ਕਰਵਾਉਣ ਦੀ ਲੋੜ ਨਹੀਂ ਹੈ, ਪਰ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੱਗ ਵਾਲੇ ਲੜਕੇ ਵਿੱਚੋਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਸਰਦਾਰੀ ਦੀ ਝਲਕ ਪੈਂਦੀ ਹੈ। ਪ੍ਰਸਿੱਧ ਕਵੀ ਸ: ਹਰੀ ਸਿੰਘ ਜੀ ਦੀ ਕਵਿਤਾ ਦੇ ਬੋਲ ਹਨ।

ਦਸਮ ਪਿਤਾ ਨੇ ਬਖਸ਼ੀ ਦਸਤਾਰ ਜਿਹੜੀ, ਸਾਡੇ ਸਿਰਾਂ ਦਾ ਤਾਜ਼ ਹੈ ਖਾਲਸਾ ਜੀ!

ਲਹੂ ਭਿੱਜੇ ਇਤਿਹਾਸ ਤੋਂ ਪਤਾ ਲੱਗਦੈ, ਸਾਡੀ ਸਿੱਖੀ ਦਾ ਰਾਜ਼ ਹੈ ਖਾਲਸਾ ਜੀ!

ਸਾਡੀ ਆਨ ਇਹ ਤਾਂ ਸਾਡੀ ਸ਼ਾਨ ਇਹੋ, ਸਾਡੀ ਪੰਥਕ ਅਵਾਜ਼ ਹੈ ਖਾਲਸਾ ਜੀ!

ਕਲਗੀਧਰ ਦੇ ਹੁੰਦੇ ਨੇ ਖਾਸ ਦਰਸ਼ਨ, ਸੋਹਣੇ ਸਜੇ ਹੋਏ ਸਿੰਘ ਸਰਦਾਰ ਵਿੱਚੋਂ।

ਲੱਖਾਂ ਵਿੱਚੋਂ ਪਛਾਣਿਆ ਜਾਏ ਇਕੱਲਾ, ਸਰਦਾਰੀ ਬੋਲਦੀ ਦਿੱਸੇ ਦਸਤਾਰ ਵਿੱਚੋਂ।

ਅਜਿਹੇ ਫੈਸਨ ਪ੍ਰਸਤ ਸਮੇਂ ਅੰਦਰ, ਮੀਡੀਏ ਦਾ ਇੱਕ ਪੱਖੀ ਰੋਲ ਹੋਣ ਕਰ ਕੇ, ਪੰਥਕ ਸਰਕਾਰਾਂ ਦੇ ਗੁੱਝੇ ਢੰਗ ਨਾਲ ਪੱਗ ਦੀ ਵੈਰੀ ਬਣ ਜਾਣ ਕਰ ਕੇ, ਨੌਜਵਾਨਾਂ ਦੀ ਆਪਣੇ ਵਿਰਸੇ ਪ੍ਰਤੀ ਜਾਗਰੂਕਤਾ ਨਾ ਹੋਣ ਕਰ ਕੇ, ਮਾਪਿਆਂ ਦਾ ਵੀ ਵਧੀਆਂ ਰੋਲ ਨਾ ਹੋਣ ਕਰ ਕੇ ਜਾਂ ਹੋਰ ਵੀ ਬਹੁਤ ਕਾਰਨ ਹੋ ਸਕਦੇ ਹਨ, ਜੋ ਸਾਨੂੰ ਆਪਣੀ ਪੱਗ ਤੋਂ ਦੂਰ ਲੈ ਕੇ ਜਾ ਰਹੇ ਹਨ, ਜਿਨ੍ਹਾਂ ਬਾਰੇ ਸੋਚ ਵਿਚਾਰ ਕਰ ਕੇ ਬੱਚਿਆਂ ਨੂੰ ਮੁੜ ਸਿੱਖੀ ਦੇ ਮਾਣ ਮੱਤੇ ਵਿਰਸੇ ਨਾਲ ਜੋੜਨ ਦੀ ਜ਼ਰੂਰਤ ਹੈ। ਇਹੀ ਹਰ ਇੱਕ ਸਿੱਖ ਦਾ ਨੈਤਿਕ ਤੇ ਇਖ਼ਲਾਕੀ ਫਰਜ਼ ਬਣਦਾ ਹੈ।

——————————-ਸਮਾਪਤੀ———————————–

ਗੁਰਮਤਿ ਵਿਰੋਧੀ ਤਾਕਤਾਂ ਦੇ ਦਸਤਿਆਂ ਤੋਂ ਸੰਗਤਾਂ ਸੁਚੇਤ ਰਹਿਣ

0

ਗੁਰਮਤਿ ਵਿਰੋਧੀ ਤਾਕਤਾਂ ਦੇ ਦਸਤਿਆਂ ਤੋਂ ਸੰਗਤਾਂ ਸੁਚੇਤ ਰਹਿਣ 

ਗੁਰਵਿੰਦਰ ਕੌਰ (ਬਠਿੰਡਾ)

ਬ੍ਰਾਹਮਣੀ ਸੋਚ ਨੇ ਗੁਰਮਤਿ ਅਸੂਲਾਂ ਦੀ ਵਿਲੱਖਣਤਾ ਨੂੰ ਮਿਟਾਉਣ ਦਾ ਹਰ ਹੀਲਾ ਵਸੀਲਾ; ਗੁਰੂ ਕਾਲ ਤੋਂ ਵਰਤਿਆ ਹੈ, ਜਿਸ ਨੂੰ ਅਗਾਂਹ ਵਧਾ ਰਹੀ ਹੈ ‘ਟਕਸਾਲੀ ਤੇ ਸੰਤ ਸਮਾਜ ਸੋਚ ਆਰ. ਐੱਸ. ਐੱਸ. ਨੇ ਇਨ੍ਹਾਂ ਨੂੰ ਅੱਗੇ ਕਰ ਕੇ ਪਹਿਲਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ’ਚ ਘੁਸਪੈਠ ਕਰ ਕੇ ਅਕਾਲ ਤਖ਼ਤ ਤੋਂ ਗਲਤ ਫ਼ੈਸਲੇ ਕਰਵਾਉਣ ’ਤੇ ਲਾਗੂ ਕਰਵਾਉਣ ਵਿੱਚ ਸਫਲਤਾ ਪਾਈ ਤੇ ਹੁਣ ਇਨ੍ਹਾਂ ਦੇ ਨਿਸ਼ਾਨੇ ਉੱਤੇ ਹਨ ‘ਗੁਰਮਤਿ ਅਨੁਸਾਰੀ ਵਿਚਰਨ ਵਾਲੇ ਸਿੱਖ ਪ੍ਰਚਾਰਕ

ਭਾਈ ਪੰਥਪ੍ਰੀਤ ਸਿੰਘ ਜੀ ਅਤੇ ਜਰਮਨੀ ਦੀਆਂ ਸੰਗਤਾਂ ਉੱਤੇ ਵਹਿਸ਼ੀਆਨੇ ਢੰਗ ਨਾਲ ਹਮਲਾ ਕਰ ਕੇ ਇਨ੍ਹਾਂ ਡੇਰਾਵਾਦੀ ਲੋਕਾਂ ਨੇ ਸਾਬਤ ਕਰ ਦਿੱਤਾ ਕਿ ਅਕਲ ਨਾਂ ਦੀ ਕੋਈ ਚੀਜ ਇਨ੍ਹਾਂ ਕੋਲ ਨਹੀਂ ਹੈ। ਇਨ੍ਹਾਂ ਦੀਆਂ ਗੁਰਮਤਿ ਵਿਰੋਧੀ ਹਰਕਤਾਂ ਦੇ ਕੁਝ ਕੁ ਅੰਸ ਇਸ ਪ੍ਰਕਾਰ ਹਨ:

(1). ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨਾ ਅਤੇ ਗੁਰੂ ਦਰਬਾਰ ’ਚ ਗੱਦੀ ਤੱਕ ਲਗਾ ਕੇ ਬੈਠ ਜਾਣਾ, ਜਿਸ ਸਦਕਾ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉਚਤਾ ਦੇ ਸਿਧਾਂਤ ਨੂੰ ਖੋਰਾ ਲੱਗ ਰਿਹਾ ਹੈ।

(2). ਗੁਰਬਾਣੀ ਵਿੱਚ ਦਰਜ ਉਪਦੇਸ਼ ਦੀ ਨਿਸਬਤ ਗੁਰੂ ਨਾਨਕ ਜੀ ਦੇ ਜੀਵਨ ਵੇਰਵੇ ਨਾਲ ਸੰਬੰਧਿਤ ਮੰਨੀ ਜਾਂਦੀ ਬਾਲਾ ਸਾਖੀ, ਗੁਰ ਬਿਲਾਸ ਪਾਤਸ਼ਾਹੀ ਛੇਵੀਂ, ਸੂਰਜ ਪ੍ਰਕਾਸ਼ ਆਦਿ ਪੁਸਤਕਾਂ ਵਿੱਚ ਦਰਜ ਗੁਰਮਤਿ ਵਿਰੋਧੀ ਇਤਿਹਾਸ ਨੂੰ ਵੱਧ ਮਹਾਨਤਾ ਦੇਣੀ।

(3). ਪੰਥਕ ਏਕਤਾ ਦਾ ਪ੍ਰਤੀਕ ਕਹੀ ਜਾਂਦੀ ‘ਸਿੱਖ ਰਹਿਤ ਮਰਯਾਦਾ’ ਨੂੰ ਮੰਨਣ ਦੀ ਬਜਾਇ ਇਸ ਦੇ ਉਲਟ ਇਨ੍ਹਾਂ ਆਪਣੀ ਹੀ ਮਰਿਆਦਾ ਬਣਾ ਰੱਖੀ ਹੈ। ਜਿਸ ਨਾਲ ਕੌਮੀ ਵਿਵਾਦ ਅਤੇ ਵਧ ਰਹੇ ਹਨ ਤੇ ਕੌਮੀ ਏਕਤਾ ਨੂੰ ਢਾਹ ਲੱਗ ਰਹੀ ਹੈ।

(4). ਗੁਰਦੁਆਰਿਆਂ ਦੇ ਮੁਕਾਬਲੇ ਬਣਾਏ ਗਏ ਡੇਰਿਆਂ ਵਿੱਚ ਗੁਰਮਤਿ ਵਿਰੋਧੀ ਹਿੰਦੂ ਤਿਉਹਾਰ ਮਨਾਉਣੇ; ਜਿਵੇਂ ਕਿ ‘ਸੰਗਰਾਂਦ, ਮੱਸਿਆ, ਪੂਰਨਮਾਸ਼ੀ, ਦਸਮੀ, ਆਦਿ ਤੋਂ ਇਲਾਵਾ ਮਹੀਨਾਵਾਰੀ ਇਤਿਹਾਸਕ ਦਿਹਾੜਿਆਂ ਦੇ ਮੁਕਾਬਲੇ ਆਪਣੀਆਂ ਟਕਸਾਲਾਂ ਦੇ ਮੁਖੀਆਂ ਦੇ ਨਾਂ ’ਤੇ ਬਰਸੀਆਂ ਮਨਾ ਕੇ ਸੰਗਤਾਂ ਨੂੰ ਭਰਮ ’ਚ ਪਾਉਣਾ।

(5). ਕੌਮੀ ਪਹਿਚਾਣ ਅਤੇ ਵਿਲੱਖਣਤਾ ਦਾ ਪ੍ਰਤੀਕ ਮੰਨੇ ਜਾਂਦੇ ‘ਨਾਨਕਸ਼ਾਹੀ ਕੈਲੰਡਰ’ ਨੂੰ ਰੱਦ ਕਰਵਾ ਕੇ ਬਿਕ੍ਰਮੀ (ਬ੍ਰਾਹਮਣੀ) ਕੈਲੰਡਰ ਨੂੰ ਮਾਨਤਾ ਦੇਣੀ।

(6). ਗੁਰੂ ਸਾਹਿਬਾਨ, ਪੰਜ ਪਿਆਰੇ ਅਤੇ ਸਾਹਿਬਜ਼ਾਦਿਆਂ ਨੂੰ ਦੇਵਤਿਆਂ ਦਾ ਅਵਤਾਰ ਮੰਨਣਾ ਤੇ ਗੁਰਦੁਆਰਿਆਂ ’ਚ ਪ੍ਰਚਾਰ ਕਰ ਕੇ ਸਿੱਖ ਧਰਮ ਦੇ ਸੁਨਹਿਰੀ ਅਸੂਲਾਂ ਨੂੰ ਹਿੰਦੂ ਧਰਮ ਨਾਲ ਰਲਗੱਡ ਕਰਕੇ ਕਮਜੋਰ ਕਰਨਾ। ਅਤੇ ਗੁਰੂ ਦੀ ਗੋਲਕ ਨਾਲ ਆਪਣੀ ਸ਼ਕਤੀ ਵੀ ਵਧਾਉਣੀ।

(7). ਜਾਤ ਪਾਤ ਆਧਾਰਿਤ ਪੰਗਤਾਂ ਲਵਾ ਕੇ ਸੰਗਤਾਂ ’ਚ ਭਾਂਡੇ ਵੀ ਵੱਖੋ-ਵੱਖਰੇ ਰੱਖਣੇ।

(8). ਪਿੱਤਰ ਕਿਰਿਆ ਵਾਂਗ ਮਰ ਚੁੱਕੇ ਬਾਬਿਆਂ ਦੀਆਂ ਨਿਸ਼ਾਨੀਆਂ ਸੰਭਾਲ ਕੇ ਰੱਖਣੀਆਂ ਅਤੇ ਸੰਗਤਾਂ ਤੋਂ ਇਨ੍ਹਾਂ ਦੀ ਪੂਜਾ ਕਰਵਾਉਣੀ, ਇਨ੍ਹਾਂ ਨੂੰ ਗੁਰਮਤਿ ਅਨੁਸਾਰੀ ਜਾਪਦਾ ਹੈ।

(9). ਪਾਲਕੀਆਂ ਵਿੱਚ ਬਾਬਿਆਂ ਦੀ ਫੋਟੋਆਂ ਰੱਖ ਕੇ ਨਗਰ ਕੀਰਤਨ ਕੱਢਣੇ।

(10). ਡੇਰਿਆਂ ’ਚ ਨਿਸ਼ਾਨ ਸਾਹਿਬ ਨਾ ਲਗਾਉਣਾ ਅਤੇ ਲੰਗਰ ਦੀ ਮਰਿਆਦਾ ਵੀ ਕਾਇਮ ਨਾ ਰੱਖਣੀ, ਜੋ ਦੂਰ ਦੁਰਾਡਿਓਂ ਸੰਗਤ ਨੂੰ ਗੁਰੂ ਘਰ ਨਾਲ ਜੋੜਨ ਵਾਲੀ ਰਵਾਇਤ ਹੈ।

(11). ਗੁਰਬਾਣੀ ਦਾ ਪਾਠ ਸੰਪਟ ਲਾ ਕੇ ਕਰਨਾ, ਗੁਰਬਾਣੀ ਦੇ ਗੁਟਕੇ ਸੰਪਟ ਲਾ-ਲਾ ਕੇ ਛਾਪਣੇ, ਆਪਣੇ ਮਰ ਚੁੱਕੇ ਕਥਿਤ ਮਹਾਂਪੁਰਖਾਂ ਨੂੰ ਗੁਰੂ ਸਾਹਿਬਾਨ ਨਾਲੋਂ ਵੀ ਵੱਧ ਸੂਝਵਾਨ ਸਿੱਧ ਕਰਨ ਦਾ ਜਤਨ ਕਰਨਾ।

(12). ਕੁਦਰਤ ਦੇ ਵਿਕਾਸ ਦਾ ਅਹਿਮ ਅੰਗ ਮੰਨੀ ਜਾਂਦੀ ਔਰਤ ਜਾਤੀ ਨੂੰ ਬਰਾਬਰ ਦਾ ਹੱਕ ਨਾ ਦੇਣਾ; ਜਿਵੇਂ ਕਿ ਦਰਬਾਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਨਾ ਬੈਠਣ ਦੇਣਾ, ਕੀਰਤਨ ਨਾ ਕਰਨ ਦੇਣਾ, ਅੰਮ੍ਰਿਤ ਸੰਚਾਰ ਸਮੇਂ ਪੰਜ ਪਿਆਰਿਆਂ ’ਚ ਸ਼ਾਮਲ ਨਾ ਕਰਨਾ, ਆਦਿ। ਸੰਨ 1699 ਦੀ ਵਿਸਾਖੀ ਨੂੰ ਮਾਤਾ ਜੀਤੋ ਜੀ ਤੋਂ ਦਸਮੇਸ਼ ਪਿਤਾ ਦੁਆਰਾ ਪੁਆਏ ਗਏ ਜਲ ’ਚ ਪਤਾਸਿਆਂ ਵਾਲੀ ਇਤਿਹਾਸਕ ਘਟਨਾ ਦਾ ਘੋਰ ਅਪਮਾਨ ਹੈ, ਆਦਿ ਗੁਰਮਤਿ ਵਿਰੋਧੀ ਕਾਰਜ ਇਹ ਬੜੀ ਸ਼ਾਨ ਨਾਲ ਆਪ ਕਰਦੇ ਅਤੇ ਸੰਗਤਾਂ ਨੂੰ ਕਰਨ ਲਈ ਪ੍ਰੇਰਦੇ ਰਹਿੰਦੇ ਹਨ। ਜੋ ਵੀ ਗੁਰਸਿੱਖ ਪ੍ਰਚਾਰਕ ਇਸ ਮਨਮਤ ਦਾ ਵਿਰੋਧ ਕਰ ਕੇ ਸੰਗਤਾਂ ਨੂੰ ਅਸਲੀਅਤ (ਗੁਰਮਤਿ) ਨਾਲ ਜੋੜਨ ਦਾ ਯਤਨ ਕਰਦੇ ਹਨ ਉਨ੍ਹਾਂ ਨੂੰ ਗਾਲਾਂ ਕੱਢਣੀਆਂ, ਫੇਸਬੁੱਕ ਉੱਤੇ ਜਾਲ੍ਹੀ ਅਕਾਊਂਟ ਬਣਾ ਕੇ ਧਮਕੀਆਂ ਦੇਣੀਆਂ ਅਤੇ ਸੰਗਤਾਂ ਨੂੰ ਵਰਗਲਾ ਕੇ ਹਮਲੇ ਕਰਵਾਉਂਦੇ ਰਹਿੰਦੇ ਹਨ: ਜਿਵੇਂ ਕਿ

(1). ਪਿਛਲੇ ਸਾਲ ਗੁਰਮਤਿ ਦੀ ਵਿਲੱਖਣਤਾ ਨੂੰ ਜ਼ਾਹਰ ਕਰਦੀ ਜਲ ਦੀ ਛਬੀਲ ਨੂੰ ਆਧਾਰ ਬਣਾ ਕੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਉੱਤੇ ਹਮਲਾ ਕੀਤਾ ਗਿਆ।

(2). ਪਿਛਲੇ ਮਹੀਨੇ ਹੀ ਭਾਈ ਰਣਜੀਤ ਸਿੰਘ ਜੀ ਨਾਲ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਵੇਰਵੇ ਨੂੰ ਆਧਾਰ ਬਣਾ ਕੇ ਵਾਦ-ਵਿਵਾਦ ਨੂੰ ਮੁੜ ਵਧਾਇਆ ਗਿਆ ਅਤੇ ਹੁਣ ਭਾਈ ਪੰਥਪ੍ਰੀਤ ਸਿੰਘ ਉੱਤੇ ਇਟਲੀ ਤੇ ਜਰਮਨੀ ਵਿੱਚ ਹਮਲਾ ਕਰ ਕੇ ਉਨ੍ਹਾਂ ਦੀ ਦਸਤਾਰ ਉਤਾਰੀ ਗਈ। ਅਜਿਹੀਆਂ ਹਰਕਤਾਂ ਨੂੰ ਵੇਖਦਿਆਂ ਹੀ ਇਟਲੀ ਦੀ ਸੁਪਰੀਮ ਕੋਰਟ ਨੇ ਸਿੱਖਾਂ ਦੀ ਕਕਾਰ (ਕਿਰਪਾਨ) ਪਹਿਨਣ ਉੱਤੇ ਪਾਬੰਦੀ ਲਗਾ ਦਿੱਤੀ।

ਵਿਚਾਰਕ ਮਤਭੇਦ ਹੋਣੇ ਸੁਭਾਵਕ ਹੈ ਪਰ ਕਿਸੇ ਦੀ ਵਿਚਾਰਧਾਰਾ (ਪ੍ਰਚਾਰ) ਨੂੰ ਰੋਕਣ ਲਈ ਜੋ ਯੁਕਤੀ ਅਪਣਾਈ ਜਾ ਰਹੀ ਹੈ ਉਹ ਅਤਿ ਨਿੰਦਣਯੋਗ ਹੈ। ਮੀਡੀਆ ਯੁੱਗ ਵਿੱਚ ਛੋਟੀ ਤੋਂ ਛੋਟੀ ਘਟਨਾ ਵੀ ਵਿਆਪਕ ਰੂਪ ਧਾਰਨ ਕਰ ਲੈਂਦੀ ਹੈ, ਜਿਸ ਨਾਲ ਸਿੱਖੀ ਬਦਨਾਮ ਹੋ ਰਹੀ ਹੈ। ਅਜਿਹੀਆਂ ਹਰਕਤਾਂ ਨਾਲ ਜਿੱਥੇ ਗੁਰਮਤਿ ਦੀ ਵਿਲੱਖਣਤਾ ਨੂੰ ਕਿਸੇ ਸਾਜਿਸ਼ ਅਧੀਨ ਨਸ਼ਟ ਕੀਤਾ ਜਾ ਰਿਹਾ ਹੈ ਉੱਥੇ ਗੁਰਬਾਣੀ ਸਿਧਾਂਤ ਨੂੰ ਆਪਣੇ ਲਈ ਖ਼ਤਰਾ ਮੰਨਣ ਵਾਲੀਆਂ ਸ਼ਕਤੀਆਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ, ਜਿਨ੍ਹਾਂ ਗੁਰੂ ਘਰਾਂ ’ਚ ਹਵਨ, ਚਲੀਹੇ, ਜਗਰਾਤੇ, ਓਮ ਓਮ ਦੇ ਜਾਪ, ਆਦਿ ਅਰੰਭ ਕਰਾ ਦਿੱਤੇ ਹਨ।

ਸਿੱਖ ਸੰਗਤ ਇਨ੍ਹਾਂ ਵਿਸ਼ਿਆਂ ਨੂੰ ਗੰਭੀਰਤਾ ਨਾਲ ਵਿਚਾਰਨ ਅਤੇ ਗੁਰਮਤਿ ਵਿਰੋਧੀ ਤਾਕਤਾਂ ਦੀਆਂ ਕਠਪੁਤਲੀਆਂ ਤੋਂ ਸੁਚੇਤ ਰਹਿ ਕੇ ਗੁਰਮਤਿ ਅਨੁਸਾਰੀ ਪ੍ਰਚਾਰਕਾਂ ਦਾ ਸਾਥ ਦੇਣ। ਇਹੀ ਮੀਰੀ-ਪੀਰੀ ਦਾ ਵਿਲੱਖਣਤਾ ਹੈ।

ਡੁੱਬ ਰਿਹਾ ਬੇੜਾ ਸਾਧ ਲਾਣੇ ਦਾ

0

ਡੁੱਬ ਰਿਹਾ ਬੇੜਾ ਸਾਧ ਲਾਣੇ ਦਾ 

– ਗੁਰਪ੍ਰੀਤ ਸਿੰਘ (U.S.A)

ਅਖੌਤੀ ਸਾਧਾਂ ਦੇ ਡੇਰਿਆਂ ਜਾ ਕੇ, ਕੀ ਖੱਟਿਆ ?

ਕਿਹੜਾ, ਜੱਗੋਂ ਬਾਹਰੋਂ ਜਿਊਣ ਦਾ, ਰਾਹ ਹੈ ਲੱਭਿਆ ?

ਬਲਾਤਕਾਰ, ਕਤਲ, ਕੌਣ ਰੱਖੇ ਹਿਸਾਬ, ਬੇਸ਼ੁਮਾਰ ਗੁਨਾਹਾਂ ਦਾ ?

ਅੰਤ ਨਾ ਕੋਈ, ਸਿਸਕਦੇ ਸਾਹਾਂ ‘ਚੋ ਨਿਕਲੀਆਂ ਬਦ-ਦੁਆਵਾਂ ਦਾ ।

ਜਿਹੜੇ ਡੁੱਬਣ ਆਪ, ਉਹਨਾਂ ਹੋਰਨਾਂ ਨੂੰ ਕੀ ਤਾਰਨਾ ?

ਨਿਰਮੋਲਕ ਜਿੰਦ ਨੂੰ ਕਿਉਂ, ਸਾਧਾਂ ਦੇ ਢੱਕੇ ਚਾੜ੍ਹਨਾ ?

ਡੁੱਬ ਰਿਹਾ ਹੁਣ ਬੇੜਾ, ਸਾਰੇ ਸਾਧ ਲਾਣੇ ਦਾ ।

ਕਰ ਵੇਖੋ ਸ਼ਿੰਗਾਰ ਇੱਕ ਵੇਰਾਂ, ਸਿੱਖੀ ਬਾਣੇ ਦਾ ।

ਆਓ, ਰਲੋ ਪੰਥ ਵਿਚ, ਮਿਲਣਗੇ ਗੁਰਮੁਖਿ ਸੱਚੇ ਮਿੱਤ ।

ਜੀਵਨ ਨੂੰ ਹਰ ਸੇਧ ਮਿਲਦੀ, ਬਾਣੀ ਪੜਿਆਂ ਨਿੱਤ ।

ਕਰ ਲਉ “ਪ੍ਰੀਤ” ਕੁਝ ਲੇਖਾ, ਬਾਕੀ ਬਚਦੇ ਸਾਹਾਂ ਦਾ ।

ਗੁਰੂ ਗ੍ਰੰਥ ‘ਚ ਹੈ ਸਿਰਨਾਵਾਂ, ਰੱਬ ਦੇ ਘਰ ਦੀਆਂ ਰਾਹਾਂ ਦਾ ।

ਪੰਥਪ੍ਰੀਤ ਸਿੰਘ ਕੌਣ ਹੈ ?

0

ਪੰਥਪ੍ਰੀਤ ਸਿੰਘ ਕੌਣ ਹੈ ?

ਗੁਰਸੇਵਕ ਸਿੰਘ (ਬਠਿੰਡਾ)

ਭਾਈ ਪੰਥਪ੍ਰੀਤ ਸਿੰਘ ਬਾਰੇ ਸਭ ਤੋਂ ਪਹਿਲਾਂ ਮੈਨੂੰ 1998 ’ਚ ਪਤਾ ਲੱਗਿਆ, ਜਦੋਂ ਓਹਨਾਂ ਬਠਿੰਡੇ ਆਈ. ਟੀ. ਆਈ. ਦੇ ਗੁਰਦੁਆਰੇ ’ਚ ਦੀਵਾਨ ਲਾਇਆ ਸੀ, ਪੰਥਪ੍ਰੀਤ ਦਾ ਪਿਛੋਕੜ ਹਿੰਦੂ ਬਾਣੀਆਂ ਪਰਿਵਾਰ ’ਚੋਂ ਹੈ, ਜਦੋਂ ਪੰਥਪ੍ਰੀਤ ਦੀ ਇੱਥੇ ਸ਼ਹਿਰ ’ਚ ਪ੍ਰਸ਼ੰਸਾ ਹੋਣ ਲੱਗੀ ਕਿ ਓਹ ਹਿੰਦੂ ਤੋਂ ਸਿੱਖ ਬਣ ਕੇ ਬਹੁਤ ਸੋਹਣਾ ਪ੍ਰਚਾਰ ਕਰ ਰਿਹੈ ਤਾਂ ਬਠਿੰਡੇ ਦੀ ਇੱਕ ਸੰਸਥਾ ਦੇ ਪ੍ਰਚਾਰਕ ਇਹ ਕਹਿਣ ਲੱਗ ਪਏ ਕੇ ਅਜੇਹਾ ਓਹਨਾਂ ਦੇ ਪ੍ਰਭਾਵ ਕਾਰਨ ਹੋਇਆ ਹੈ, ਮੇਰੀ ਜਾਣਕਾਰੀ ਅਨੁਸਾਰ ਜਦੋਂ ਇਹ ਗੱਲ ਭਾਈ ਪੰਥਪ੍ਰੀਤ ਸਿੰਘ ਤੱਕ ਪਹੁੰਚੀ ਤਾਂ ਉਸ ਨੇ ਆਪਣੇ ਮੇਲ-ਜੋਲ ਵਾਲੇ ਸਿੰਘਾਂ ਕੋਲ ਇਸ ਦਾ ਖੰਡਨ ਕਰਦਿਆਂ ਕਿਹਾ ਸੀ ਕਿ ਓਹ ਜੀਵਣ ਨੂੰ ਚੰਗਾ ਬਣਾਉਣ ਵਾਲੇ ਕਿਸੇ ਫਲਸਫੇ ਦੀ ਖੋਜ ’ਚ ਸੀ ਤੇ ਇਸ ਸਮੇਂ ਦੌਰਾਨ ਉਸ ਦਾ ਮੇਲ ਇੱਕ ਬਹੁਤ ਚੰਗੇ ਗੁਰਸਿੱਖ ਸੱਜਣ ਨਾਲ ਹੋਇਆ, ਜਿਸ ਨੇ ਉਸ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਫਿਲਾਸਫੀ ਸਮਝਾਈ, ਇਸ ਉਪਰੰਤ ਉਸ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਣ ਦੀ ਲਗਨ ਲੱਗ ਗਈ , ਉਸ ਦੇ ਜੀਵਣ ’ਚ ਪਲਟਾ ਆਇਆ ਤੇ ਉਹ ਖੰਡੇ ਦੀ ਪਾਹੁਲ ਪ੍ਰਾਪਤ ਕਰਕੇ ਸਿੰਘ ਸਜ ਗਿਆ ਅਤੇ ਬਾਅਦ ’ਚ ਉਹ ਇਸ ਦੀ ਲੋੜ ਸਮਝ ਕੇ ਕਿ ਧਰਮ ਪ੍ਰਚਾਰ ਦੀ ਬੇਹੱਦ ਲੋੜ ਹੈ ਉਹਨਾਂ ਦੀਵਾਨ ਲਾਉਣੇ ਸ਼ੁਰੂ ਕਰ ਦਿੱਤੇ।

ਮੈਨੂੰ ਯਾਦ ਹੈ ਸ਼ੁਰੂ ਸ਼ੁਰੂ ’ਚ ਮਿਸ਼ਨਰੀ, ਪੰਥਪ੍ਰੀਤ ’ਤੇ ਕਾਫੀ ਔਖੇ ਹੁੰਦੇ ਸੀ ਕਿ ਇਹ ਕੱਚੀਆਂ ਧਾਰਨਾਂ ਲਾਉਂਦੈ, ਇਹ ਸਵਾਲ ਜਵਾਬ 2001 ਜਾਂ 2002 ’ਚ ਹਜ਼ੂਰਾ ਕਪੂਰਾ ਗੁਰਦੁਆਰਾ ਸਾਹਿਬ ਦੇ ਇੱਕ ਦੀਵਾਨ ਪਿੱਛੋਂ ਕੀਤੇ ਗਏ ਸੀ। ਪੰਥਪ੍ਰੀਤ ਸਿੰਘ ਜੋ ਕਿ ਕਿਸੇ ਵੀ ਮਿਸ਼ਨਰੀ ਕਾਲਜ ਨਾਲ ਸੰਬੰਧਿਤ ਨਹੀਂ ਸੀ ਉਸ ਨੇ ਚਰਚਾ ਕਰਨ ਆਏ ਮਿਸ਼ਨਰੀਆਂ ਦੇ ਜਵਾਬ ਬਹੁਤ ਠਰੰਮੇ ਨਾਲ ਦਿੱਤੇ ਸੀ, ਕੱਚੀਆਂ ਧਾਰਨਾਂ ਲਾਉਣ ਬਾਰੇ ਉਸ ਦਾ ਕਹਿਣਾ ਸੀ ਕਿ ਉਸ ਦਾ ਪ੍ਰਚਾਰ ਕਿਉਂਕਿ ਜ਼ਿਆਦਾਤਰ ਪੇਂਡੂ ਇਲਾਕਿਆਂ ’ਚ ਹੈ। ਸੋ, ਉਹ ਦੇਸੀ ਤਰੀਕੇ ਦਾ ਸਹਾਰਾ ਲੈਂਦਾ ਹੈ। ਆਪਣੀ ਗੱਲ ਸਮਝਾਉਣ ਲਈ ਤੇ ਕੁਝ ਸਮੇਂ ਬਾਅਦ ਇਸ ਨੂੰ ਘਟਾ ਦੇਵੇਗਾ। ਮੈਂ ਬਾਅਦ ’ਚ ਉਸ ਦੇ ਪ੍ਰਚਾਰ ’ਚ ਇਹ ਫਰਕ ਦੇਖਿਆ ਵੀ। ਹੁਣ ਭਾਈ ਪੰਥਪ੍ਰੀਤ ਆਪਣੇ ਦੀਵਾਨਾਂ ’ਚ ਜ਼ਿਆਦਾਤਰ ਗੁਰਬਾਣੀ ਦੇ ਅਰਥ ਭਾਵ ਹੀ ਸਮਝਾਉਂਦੈ, ਇਸ ਦੇ ਨਾਲ ਸਿੱਖ ਇਤਿਹਾਸ ’ਚੋਂ ਹਵਾਲੇ ਹੁੰਦੇ ਹਨ।

ਇਹਨਾਂ ਸਾਲਾਂ ਦੌਰਾਨ ਹੀ ਨੂਰਮਹਿਲੀਏ, ਆਸ਼ੂਤੋਸ਼ ਦਾ ਪ੍ਰੋਗਰਾਮ ਬਠਿੰਡੇ ਰੱਖਿਆ ਗਿਆ ਸੀ। ਬਠਿੰਡੇ ਦੀਆਂ ਸੰਗਤਾਂ ਇਸ ਪ੍ਰੋਗਰਾਮ ਦਾ ਵਿਰੋਧ ਕਰ ਰਹੀਆਂ ਸਨ ਪਰ ਸਮੱਸਿਆ ਸੀ ਕਿ ਅੱਗੇ ਕਿਸ ਨੂੰ ਲਾਇਆ ਜਾਵੇ? ਆਸ਼ੂਤੋਸ਼ ਦਾ ਪ੍ਰੋਗਰਾਮ ਰੁਕਵਾਉਣ ਲਈ, ਜਥੇਦਾਰ ਨੰਦਗੜ੍ਹ ਨੂੰ ਗੁਰਦੁਆਰਾ ਹਾਜ਼ੀ ਰਤਨ ਦੀ ਮੀਟਿੰਗ ’ਚ ਸੱਦਿਆ ਗਿਆ ਕਿ ਆਓ, ਸੰਗਤਾਂ ਦੀ ਅਗਵਾਹੀ ਕਰੋ, ਪਰ ਜਥੇਦਾਰ ਨੰਦਗੜ੍ਹ ਮੀਟਿੰਗ ’ਚ ਆ ਕੇ ਜਵਾਬ ਦੇ ਗਿਆ ਕਿ ਇਹ ਕੰਮ ਨਹੀਂ ਹੋ ਸਕਦਾ। ਆਖਿਰ ਨੂੰ ਉਸੇ ਮੀਟਿੰਗ ’ਚ ਨੰਦਗੜ੍ਹ ਵੱਲੋਂ ਜਵਾਬ ਦੇ ਕੇ ਚਲੇ ਜਾਣ ਉਪਰੰਤ ਐਕਸੀਅਨ ਭੁਪਿੰਦਰ ਸਿੰਘ ਨੇ ਪੰਥਪ੍ਰੀਤ ਸਿੰਘ ਨੂੰ ਫੋਨ ਕਰਕੇ ਸੰਗਤਾਂ ਦੀ ਅਗਵਾਹੀ ਕਰਨ ਲਈ ਮੰਨਵਾ ਲਿਆ। ਪੰਥਪ੍ਰੀਤ ਸਿੰਘ ਨੇ ਬਠਿੰਡੇ ਦੇ ਗੁਰੂ ਨਾਨਕ ਸਕੂਲ ’ਚ ਦੀਵਾਨ ਲਾਇਆ, ਉਪਰੰਤ ਡੀ. ਸੀ. ਨੂੰ ਮੈਮੋਰੈੱਨ੍ਡੱਮ (ਮੰਗ ਪੱਤਰ) ਸੰਗਤਾਂ ਨਾਲ ਜਾ ਕੇ ਦਿੱਤਾ, ਜਿਸ ਕਰ ਕੇ ਆਸ਼ੂਤੋਸ਼ ਦਾ ਬਠਿੰਡਾ ਸਮਾਗਮ ਰੱਦ ਕਰਾਉਣ ’ਚ ਸੰਗਤਾਂ ਨੂੰ ਸ਼ਾਤਮਈ ਤਰੀਕੇ ਨਾਲ ਕਾਮਯਾਬੀ ਮਿਲੀ, ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਥੇਦਾਰ ਨੰਦਗੜ੍ਹ ਆਖਰੀ ਸਮੇਂ ’ਚ ਸੰਗਤਾਂ ਦਾ ਇਕੱਠ ਹੋਇਆ ਸੁਣ ਕੇ ਸਕੂਲ ’ਚ ਤਾਂ ਪਹੁੰਚ ਗਿਆ ਪਰ ਅੱਗੇ ਇਹ ਕਹਿ ਕੇ ਨਹੀਂ ਗਿਆ ਕਿ ਜਥੇਦਾਰ ਡੀ. ਸੀ ਤੋਂ ਵੱਡਾ ਹੁੰਦੈ।

ਭਾਈ ਪੰਥਪ੍ਰੀਤ ਸਿੰਘ ਨੇ ਪਿਛਲੇ 25 ਕੁ ਸਾਲ ਦੇ ਸਮੇਂ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਪ੍ਰਚਾਰ ਕਰ ਕੇ ਅਣਗਿਣਤ ਅਭਿਲਾਸ਼ੀਆਂ ਨੂੰ ਅੰਮ੍ਰਿਤ ਛਕਾਇਆ ਜਦੋਂ ਕਿ ਇਸ ਸਮੇਂ ਮਾਲਵੇ ’ਚ ਨੌਜਵਾਨ ਵੱਡੀ ਗਿਣਤੀ ’ਚ ਨਸ਼ਿਆਂ ਦੇ ਸ਼ਿਕਾਰ ਹੋ ਰਹੇ ਸਨ ਤੇ ਪਿੰਡਾਂ ਦੇ ਪਿੰਡ ਵੱਡੀ ਗਿਣਤੀ ’ਚ ਸਿਰਸੇ ਵਾਲੇ ਡੇਰੇ ਵੱਲ ਉਲਰ ਰਹੇ ਸਨ, ਬਾਕੀ ਇੱਥੇ ਲੱਚਰ ਗਾਇਕੀ ਪੁਆੜੇ ਪਾ ਰਹੀ ਸੀ। ਭਾਈ ਪੰਥਪ੍ਰੀਤ ਨੇ ਕਾਫੀ ਕੂੜ ਪ੍ਰਚਾਰ ਨੂੰ ਠੱਲ ਪਾਈ ਤੇ ਗੁਰਬਾਣੀ ਦੇ ਲੜ੍ਹ ਲਾਇਆ। ਇਨ੍ਹਾਂ ਵਿਚਾਰਾਂ ਦੀ ਪੁਸ਼ਟੀ ਲਈ ਮਾਨਸਾ, ਬਠਿੰਡਾ, ਬਰਨਾਲਾ, ਸੰਗਰੂਰ ਵੱਲ ਦੇ ਪਿੰਡਾਂ ’ਚ ਜਾ ਕੇ ਪਤਾ ਕੀਤਾ ਜਾ ਸਕਦਾ ਹੈ। ਕਿੰਨੇ ਹੀ ਜਣੇ ਸਾਨੂੰ ਮਿਲ ਜਾਣਗੇ ਜੋ ਪਹਿਲਾਂ ਨਸ਼ੇ ਕਰਦੇ ਸੀ ਪਰ ਹੁਣ ਸਭ ਕੁਝ ਤੋਂ ਤੌਬਾ ਕਰਦੇ ਹੋਏ ਕਿਰਤ ਕਮਾਈ ਕਰਕੇ ਆਪਣਾ ਸੋਹਣਾ ਜੀਵਣ ਬਤੀਤ ਕਰ ਰਹੇ ਹਨ।

ਭਾਈ ਪੰਥਪ੍ਰੀਤ ਸਿੰਘ ਨੇ ਇਸ ਸਮੇਂ ਦੌਰਾਨ ਨਾ ਤਾਂ ਮਿਸ਼ਨਰੀਆਂ ਨਾਲ ਸਾਂਝ ਪਾਈ ਤੇ ਨਾ ਹੀ ਕਦੇ ਵਿਵਾਦਿਤ ਮੁੱਦਿਆਂ ’ਤੇ ਕਦੇ ਚਰਚਾ ਕੀਤੀ। ਭਾਈ ਪੰਥਪ੍ਰੀਤ ਸਿੰਘ ਨੇ ਕਦੇ ਵੀ ਦਸਮ ਗ੍ਰੰਥ ਤੇ ਕਿੰਤੂ ਨਹੀਂ ਕੀਤਾ, ਓਹਨਾਂ ਨੇ ਸਿੱਖੀ ਦਾ ਪ੍ਰਚਾਰ ਹਮੇਸ਼ਾਂ ਹੀ ਅਜ਼ਾਦ ਤੌਰ ’ਤੇ ਪਹਿਰਾ ਦਿੰਦਿਆਂ ਕੀਤਾ। ਇਸ ਸਮੇਂ ਦੌਰਾਨ ਪੰਥਪ੍ਰੀਤ ਨੇ ਨਾ ਤਾਂ ਕੋਈ ਡੇਰਾ ਬਣਾਇਆ, ਨਾ ਹੀ ਆਪਣੇ ਲਈ ਠਾਠ। ਉਹ ਭਾਈ ਬਖਤੌਰ ਪਿੰਡ ’ਚ ਧਰਮ ਪ੍ਰਚਾਰ ਦੇ ਨਾਲ-ਨਾਲ ਦਵਾਈ ਬੂਟੀ ਦੇ ਕੇ ਲੋਕਾਂ ਦਾ ਇਲਾਜ਼ ਵੀ ਕਰਦੇ ਰਹੇ। ਧਰਮ ਪ੍ਰਚਾਰ ਦਾ ਸਾਧਨ ਸਿਰਫ ਇੱਕ ਜੀਪ ਸੀ, ਉਸੇ ’ਤੇ ਜਾਣਾ ਤੇ ਉਸੇ ’ਤੇ ਆਉਣਾ ਹੁੰਦਾ ਸੀ।

ਇਹ ਵੀ ਹਿੰਦੂ ਪਰਿਵਾਰਾਂ ਵਿਚੋਂ ਹੀ ਆਏ, ਜੋ ਸਿੱਖੀ ਨੂੰ ਬਰਬਾਦ ਕਰਨ ਲੱਗੇ ਹੋਏ ਹਨ।

ਭਾਈ ਪੰਥਪ੍ਰੀਤ ਸਿੰਘ ਹਮੇਸ਼ਾਂ ਹੀ ਚਰਚਾ ਤੋਂ ਪਾਸੇ ਰਹੇ ਹਨ ਪਰ 2015 ’ਚ ਨਾਨਕਸ਼ਾਹੀ ਕੈਲੰਡਰ ਵਿਵਾਦ ਲਈ ਅਕਾਲ ਤਖ਼ਤ (ਅੰਮ੍ਰਿਤਸਰ) ਵਿਖੇ 1 ਜਨਵਰੀ ਨੂੰ ਵੱਡਾ ਇਕੱਠ ਕਰ ਕੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਗਾੜੀ ਵਿਖੇ ਹੋਈ ਬੇਅਦਬੀ ਦੇ ਖਿਲਾਫ਼ ਕੋਟਕਪੂਰੇ ’ਚ ਧਰਨਾ ਲਾਉਣ ਉਪਰੰਤ ਕੁਝ ਸਿੱਖ ਵਿਰੋਧੀਆਂ ਦੇ ਅੱਖਾਂ ’ਚ ਰੜਕਣ ਲੱਗ ਪਏ ਹਨ।

ਸੋ ਇਹ ਸੀ ਭਾਈ ਪੰਥਪ੍ਰੀਤ ਸਿੰਘ ਦੀ ਕਹਾਣੀ। ਭਾਈ ਪੰਥਪ੍ਰੀਤ ਦਾ ਗੁਨਾਹ ਇਹ ਹੈ ਕਿ ਨਾ ਉਹ ਬਾਦਲ ਥੱਲੇ ਲੱਗਿਆ, ਨਾ ਹੀ ਮਾਨ ਦੇ, ਨਾ ਉਸ ਨੇ ਸੰਤ ਸਮਾਜ ਦੀ ਸੋਚ ਨੂੰ ਅਪਣਾਇਆ ਤੇ ਨਾ ਹੀ ਕਿਸੇ ਹੋਰ ਜਥੇਬੰਦੀ ਦੀ ਈਨ ਮੰਨੀ।

ਗੁਰਮਤਿ ਦੇ ਵਿਕਾਸ ਲਈ ਅਕਾਲ ਤਖ਼ਤ ਦੀ ਦੁਰਵਰਤੋਂ ਵੱਡੀ ਰੁਕਾਵਟ ।

0

ਗੁਰਮਤਿ ਦੇ ਵਿਕਾਸ ਲਈ ਅਕਾਲ ਤਖ਼ਤ ਦੀ ਦੁਰਵਰਤੋਂ ਵੱਡੀ ਰੁਕਾਵਟ ।

ਹਰਲਾਜ ਸਿੰਘ ਬਹਾਦਰਪੁਰ-94170-23911

ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ, ਨਾ ਕਿ ਕਿਸੇ ਤਖਤ ਜਾਂ ਬੰਦੇ ਦੇ । ਸਿੱਖ ਕੌਮ ਲਈ ਸਰਵਉੱਚ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ । ਸਿੱਖ ਕੌਮ ਨੇ ਸੇਧ ਵੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਲੈਣੀ ਹੈ । ਹੁਕਮਨਾਮਾ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਮੰਨਣਾ ਹੈ । ਸਿੱਖ ਕੌਮ ਲਈ ਮਹਾਨ ਵੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ । ਸਿੱਖ ਕੌਮ ਦੀ ਸ਼ਾਨ ਵੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ । ਇਸ ਲਈ ਸਿੱਖਾਂ ਦੀ ਸ਼ੀਸ਼ ਵੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੀ ਝੁਕਣਾ ਚਾਹੀਦਾ ਹੈ, ਨਾ ਕਿ ਅਕਾਲ ਤਖਤ ਦੇ ਨਾਮ ਤੇ ਜਾਰੀ ਕੀਤੇ ਸਿਆਸੀ ਹੁਕਮਨਾਮਿਆਂ ਅੱਗੇ । ਸਿੱਖੀ ਦੇ ਪ੍ਰਚਾਰ ਲਈ ਗੁਰੂ ਸਾਹਿਬਾਨਾਂ ਨੇ ਮਸੰਦ ਪ੍ਰਥਾ ਸ਼ੁਰੂ ਕੀਤੀ ਸੀ, ਪਰ ਜਦ ਮਸੰਦਾਂ ਵਿੱਚ ਗਿਰਾਵਟ ਆ ਗਈ ਤਾਂ ਜਿੱਥੇ ਮਸੰਦਾਂ ਨੂੰ ਸਖਤ ਸਜਾਵਾਂ ਦਿੱਤੀਆਂ ਉੱਥੇ ਅੱਗੇ ਤੋਂ ਮਸੰਦ ਪ੍ਰਥਾ ਵੀ ਖਤਮ ਕਰ ਦਿੱਤੀ ਸੀ। ਪਰ ਅਸੀਂ ਆਪਣੇ ਵੱਲੋਂ ਬਣਾਏ ਗਏ ਅਕਾਲ ਤਖਤ ਦੇ ਜਥੇਦਾਰੀ ਦੇ ਅਹੁਦੇ ਨੂੰ ਸਿਰੇ ਦੀ ਹੱਦ ਤੱਕ ਗਿਰ ਜਾਣ ’ਤੇ ਵੀ ਖਤਮ ਕਰਨ ਦੀ ਥਾਂ ਸਗੋਂ ਹੋਰ ਉੱਚਾ, ਸਰਵਉੱਚ, ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਉੱਚਾ ਬਣਾ ਰਹੇ ਹਾਂ । ਜਿੰਨਾ ਚਿਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਾਂ ਦੀ ਥਾਂ ਅਖੌਤੀ ਜਥੇਦਾਰਾਂ ਦੇ ਹੁਕਮਾਂ ਨੂੰ ਮੰਨਦੇ ਰਹਾਂਗੇ, ਉਨਾਂ ਚਿਰ ਅਸੀਂ ਚੜ੍ਹਦੀਕਲਾ ਦੀ ਥਾਂ ਗਿਰਾਵਟ ਵੱਲ ਹੀ ਗਰਕਦੇ ਜਾਵਾਂਗੇ । ਸਿੱਖ ਕੌਮ ਅਕਾਲ ਤਖਤ ਦੇ ਨਾਮ ’ਤੇ ਗੁਮਰਾਹ ਹੋ ਕੇ ਗੂੜ੍ਹੀ ਨੀਂਦ ਸੋ ਚੁੱਕੀ ਹੈ। ਹੋ ਸਕਦੈ ਇਹ ਹੁਣ ਜਾਗ ਵੀ ਨਾ ਸਕੇ, ਪਰ ਆਉਣ ਵਾਲੇ ਸਮੇਂ ਵਿੱਚ ਜਦੋਂ ਖੋਜੀ ਵਿਦਵਾਨ ਖੋਜਾਂ ਕਰਨਗੇ ਤਾਂ ਇਹ ਗੱਲ ਵਿਸ਼ੇਸ਼ ਖੋਜ ਦਾ ਵਿਸ਼ਾ ਹੋਵੇਗੀ ਕਿ ਜਿੰਨ੍ਹਾਂ ਨੂੰ ਅਕਾਲ ਤਖਤ ਤੋਂ ਮਾਨ ਸਨਮਾਨ ਮਿਲਦੇ ਰਹੇ ਹਨ ਉਨ੍ਹਾਂ ਨੇ ਸਿੱਖ ਕੌਮ ਨਾਲ ਕੀ-ਕੀ ਗੱਦਾਰੀਆਂ ਕੀਤੀਆਂ ਹਨ ਅਤੇ ਜਿਨ੍ਹਾਂ ਨੂੰ ਅਕਾਲ ਤਖਤ ਦੇ ਨਾਮ ’ਤੇ ਪੰਥ ਵਿੱਚੋਂ ਛੇਕਿਆ ਜਾਂਦਾ ਰਿਹਾ ਹੈ ਉਨ੍ਹਾਂ ਦੀਆਂ ਸਿੱਖ ਕੌਮ ਲਈ ਕੀ-ਕੀ ਘਾਲਣਾ ਤੇ ਕੁਰਬਾਨੀਆਂ ਹਨ । ਜੇ ਸਿੱਖ ਕੌਮ ਨੇ ਆਪਣੀ ਮੰਜਲ ਵੱਲ ਵਧਣਾ ਹੈ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਅਕਾਲ ਤਖਤ ਸਾਹਿਬ ਜਾਂ ਕਿਸੇ ਹੋਰ ਤਖਤ ਦੇ ਜਥੇਦਾਰ ਰੂਪੀ ਰੋੜੇ ਨੂੰ ਰਸਤੇ ਵਿੱਚੋਂ ਹਮੇਸਾਂ ਲਈ ਹੀ ਹਟਾਉਣਾ ਪਵੇਗਾ ।

ਗੁਰਬਾਣੀ ਪਰਿਪੇਖ ਵਿੱਚ ਨਾਮਧਾਰੀ-ਸੱਚ ਅਤੇ ਕੂਕਿਆਂ ਦਾ ਕੱਚ

0

                                    ਗੁਰਬਾਣੀ ਪਰਿਪੇਖ ਵਿੱਚ ਨਾਮਧਾਰੀ-ਸੱਚ ਅਤੇ ਕੂਕਿਆਂ ਦਾ ਕੱਚ

ਗੁਰੂ ਤੇ ਪੰਥ ਦਾ ਦਾਸ : ਜਗਤਾਰ ਸਿੰਘ ਜਾਚਕ (ਨਿਊਯਾਰਕ)  – 516 323 9188

‘ਨਾਮਧਾਰੀ’ (ਨਾਮ-ਧਾਰੀ) ਇੱਕ ਓਵੇਂ ਦਾ ਹੀ ਸਮਾਸੀ ਨਾਂਵ ਹੈ, ਜਿਵੇਂ ਅੰਮ੍ਰਿਤਧਾਰੀ, ਸਹਿਜਧਾਰੀ ਤੇ ਮੋਨਿਧਾਰੀ, ਆਦਿਕ । ਇਸ ਦਾ ਸ਼ਬਦੀ ਅਰਥ ਹੈ ‘ਨਾਮ ਧਾਰਨ ਵਾਲਾ’ ਭਾਵ, ਇੱਕ ਅਕਾਲ ਪੁਰਖ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਬਣਾ ਕੇ ਜੀਊਣ ਵਾਲਾ । ਜਿਵੇਂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਕਥਨ ਹੈ  “ਸਾਚਾ ਨਾਮੁ, ਮੇਰਾ ਆਧਾਰੋ ॥ ਸਾਚੁ ਨਾਮੁ ਅਧਾਰੁ ਮੇਰਾ ; ਜਿਨਿ ਭੁਖਾ ਸਭਿ ਗਵਾਈਆ ॥” {ਪੰ. 917}  ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਬਚਨ ਹੈ “ਅੰਮ੍ਰਿਤ ਨਾਮੁ ਮਨਹਿ ਆਧਾਰੋ ॥…ਬੂਝੀ ਤ੍ਰਿਸਨਾ, ਸਹਜਿ ਸੁਹੇਲਾ ; ਕਾਮੁ ਕ੍ਰੋਧੁ ਬਿਖੁ ਜਾਰੋ ॥  ਏਕੈ ਪਰਗਟੁ, ਏਕੈ ਗੁਪਤਾ ; ਏਕੈ ਧੁੰਧੂਕਾਰੋ ॥” {ਪੰ.1215} ਦੋਹਾਂ ਗੁਰਵਾਕਾਂ ਦਾ ਭਾਵਾਰਥ ਹੈ ਕਿ ਆਤਮਕ ਜੀਵਨ ਦੇਣ ਵਾਲਾ ਗੁਣਾਤਮਕ ਰੱਬੀ-ਨਾਮ ਜਦੋਂ ਕਿਸੇ ਦੀ ਜ਼ਿੰਦਗੀ ਦਾ ਅਧਾਰ ਬਣਦਾ ਹੈ ਤਾਂ ਉਸ ਦੀ ਬਦੌਲਤ ਮਨੁੱਖ ਅੰਦਰੋਂ ਹਰੇਕ ਕਿਸਮ ਦਾ ਲਾਲਚ ਤੇ ਤ੍ਰਿਸ਼ਨਾ ਮਿਟ ਜਾਂਦੀ ਹੈ ਅਤੇ ਉਹ ਆਤਮਕ ਅਡੋਲਤਾ ਵਿਚ ਟਿਕ ਜਾਂਦਾ ਹੈ । ਉਹ ਆਤਮਕ ਮੌਤ ਲਿਆਉਣ ਵਾਲੇ ਕਾਮ ਕ੍ਰੋਧ ਆਦਿਕ ਵਿਕਾਰੀ ਜ਼ਹਿਰ ਨੂੰ ਆਪਣੇ ਅੰਦਰੋਂ ਸਾੜ ਦਿੰਦਾ ਹੈ । ਉਸ ਨੂੰ ਅਟੱਲ ਵਿਸ਼ਵਾਸ ਬਣ ਜਾਂਦਾ ਹੈ ਕਿ ਸੰਸਾਰ ਦੇ ਆਦਿ, ਮੱਧ ਤੇ ਅੰਤ ਵਿੱਚ ਗੁਪਤ ਤੇ ਪ੍ਰਗਟ ਤੌਰ ’ਤੇ ਇੱਕ ਨਿਰੰਕਾਰੀ ਅਕਾਲ ਪੁਰਖ ਤੋਂ ਬਗੈਰ ਹੋਰ ਦੂਜਾ ਕੋਈ ਨਹੀਂ, ਜਿਸ ਨੂੰ ਆਪਣੇ ਧਿਆਨ ਦਾ ਕੇਂਦਰ ਬਣਾਇਆ ਜਾ ਸਕੇ ।

ਮੰਨਿਆ ਜਾਂਦਾ ਹੈ ਕਿ ਕੂਕਾ-ਲਹਿਰ ਦੇ ਮੁਖੀ ਬਾਬਾ ਰਾਮ ਸਿੰਘ ਜੀ (1816-1885 ਈ) ਵੱਲੋਂ ਆਪਣੀ ਸੰਪਰਦਾ ਨੂੰ ‘ਨਾਮਧਾਰੀ’ ਨਾਂ ਦੇਣ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ “ਨਾਮ ਧਾਰੀ ਸਰਨਿ ਤੇਰੀ ॥ ਪ੍ਰਭ ਦਇਆਲ ਟੇਕ ਮੇਰੀ ॥” {ਪੰ.1322} ’ ਗੁਰਵਾਕ ਨੂੰ ਅਧਾਰ ਬਣਾਇਆ ਸੀ, ਪਰ ਗੁਰਬਾਣੀ ਦੀ ਵਿਆਕ੍ਰਣਿਕ ਸੋਝੀ ਰੱਖਣ ਵਾਲੇ ਗੁਰਸਿੱਖ ਵਿਦਵਾਨਾਂ ਦੀ ਦ੍ਰਿਸ਼ਟੀ ਵਿੱਚ ‘ਨਾਮਧਾਰੀ’ ਕੋਈ ਇੱਕ ਸਮਾਸੀ-ਨਾਂਵ ਨਹੀਂ । ‘ਨਾਮ’ ਤੇ ‘ਧਾਰੀ’ ਦੋ ਵੱਖ-ਵੱਖ ਪਦ ਹਨ ।  ‘ਨਾਮ’ ਲਫ਼ਜ਼ ਇੱਕ-ਵਚਨ ਪੁਲਿੰਗ ਸਬੰਧਕੀ-ਨਾਂਵ ਹੈ ਅਤੇ ‘ਧਾਰੀ’ ਇੱਕ ਵਚਨੀ, ਉਤਮ-ਪੁਰਖੀ ਵਰਤਮਾਨੀ ਕਿਰਿਆ ਹੈ । ‘ਧਾਰੀ’ ਪਦ ਦਾ ਸ਼ੁਧ ਉਚਾਰਣ ਹੈ ‘ਧਾਰੀਂ’ ਅਤੇ ਅਰਥ ਹੈ- ਮੈਂ ਧਾਰਨ ਕਰਾਂ । ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਵਿੱਚ ਤੁਕ-ਅਰਥ ਇਉਂ ਹੈ – ਹੇ ਦਇਆਲ ਪ੍ਰਭੂ !  ਮੈਂ ਤੇਰੀ ਸਰਨ ਆਇਆ ਹਾਂ, (ਮਿਹਰ ਕਰ, ਮੈਂ ਤੇਰਾ) ਨਾਮ (ਆਪਣੇ ਅੰਦਰ) ਵਸਾਈ ਰੱਖਾਂ, ਮੈਨੂੰ ਇਕ ਤੇਰਾ ਹੀ ਸਹਾਰਾ ਹੈ ।

ਪਰ, ਜੇ ਸੰਪਰਦਾਈ ਅਰਥਾਂ ਨੂੰ ਮੰਨਦਿਆਂ ਇਸ ਤੁਕ ਵਿੱਚ ‘ਨਾਮਧਾਰੀ’ ਸਮਾਸੀ-ਨਾਂਵ ਮੰਨ ਵੀ ਲਿਆ ਜਾਏ ਤਾਂ ਵੀ ਬਾਬਾ ਰਾਮ ਸਿੰਘ ਆਪ ਤੇ ਉਸ ਦੀ ਸੰਪਰਦਾ ਗੁਰਬਾਣੀ ਦੀ ਪਰਖ ਕਸਵੱਟੀ ’ਤੇ ਖਰੇ ਨਹੀਂ ਉਤਰਦੇ ਕਿਉਂਕਿ, ਤੀਜੇ ਤੇ ਪੰਜਵੇਂ ਗੁਰੂ-ਪਾਤਸ਼ਾਹਾਂ ਦੇ ਉਪਰੋਕਤ ਕਥਨਾਂ ਮੁਤਾਬਕ ‘ਨਾਮਧਾਰੀ’ ਕੇਵਲ ਉਸ ਵਿਅਕਤੀ ਨੂੰ ਹੀ ਮੰਨਿਆ ਜਾ ਸਕਦਾ ਹੈ, ਜਿਹੜਾ ਕੇਵਲ ਇੱਕ ਅਕਾਲ ਪੁਰਖ ਦਾ ਅਨਿੰਨ ਉਪਾਸ਼ਕ ਹੋਵੇ ਅਤੇ ਉਹ ਗੁਰਮਤਿ ਦੁਆਰਾ ਕਾਮ, ਕ੍ਰੋਧ, ਲੋਭ, ਤ੍ਰਿਸ਼ਨਾ, ਆਦਿਕ ਵਿਕਾਰਾਂ ਤੋਂ ਮੁਕਤ ਹੋ ਕੇ ਸਿਮਰਨ ਦੀ ਜਾਗਰੂਕਤਾ ਭਰਪੂਰ ਸਹਿਜਮਈ ਅਵਸਥਾ ਵਿੱਚ ਜੀਊਂਦਾ ਹੋਵੇ , ਪਰ ਪ੍ਰਸਿੱਧ ਇਤਿਹਾਸਕਾਰ ਡਾ. ਗੰਡਾ ਸਿੰਘ ਜੀ ਨੇ ‘ਕੂਕਿਆਂ ਦੀ ਵਿਥਿਆ’ ਨਾਮੀ ਪੁਸਤਕ ਵਿੱਚ ਬਰਮਾ ਦੀ ਰੰਗੂਨ ਜੇਲ੍ਹ ਵਿੱਚੋਂ ਲਿਖੀਆਂ ਬਾਬਾ ਰਾਮ ਸਿੰਘ ਦੀ ਜੋ ਚਿੱਠੀਆਂ ਨਸ਼ਰ ਕੀਤੀਆਂ ਹਨ, ਉਨ੍ਹਾਂ ਮੁਤਾਬਕ ਤਾਂ ਬਾਬਾ ਜੀ ਦੇ ਜੀਵਨ ਵਿੱਚੋਂ ਗੁਰਮਤ ਸਿਧਾਂਤਾਂ ਪ੍ਰਤੀ ਸਪਸ਼ਟਤਾ ਅਤੇ ਨਾਮ ਅਧਾਰੀ ਅਚਾਰ-ਵਿਹਾਰ ਦਾ ਕੋਈ ਵਿਸ਼ੇਸ਼ ਝਲਕਾਰਾ ਨਹੀਂ ਵੱਜਦਾ । ਕਿਉਂਕਿ ਭਾਵੇਂ ਇਨ੍ਹਾਂ ਚਿੱਠੀਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦੀ ਵਾਰ ਵਾਰ ਤਾਗੀਦ ਵੀ ਮਿਲਦੀ ਹੈ ਪ੍ਰੰਤੂ ਨਾਲ ਹੀ ਸੂਰਜ ਵੱਲ ਮੂੰਹ ਕਰਕੇ ਪਾਠ ਕਰਨ, ਭਗਵਤੀ ਦੇਵੀ (ਭਗਉਤੀ) ਦਾ ਓਟ ਆਸਰਾ ਲੈਣ ਅਤੇ ਹਵਨ-ਯਗ ਕਰਨ ਦੀ ਪ੍ਰੇਰਨਾ ਵੀ ਕਰਦੇ ਰਹੇ ਹਨ, ਜੋ ਕਿ ਗੁਰਮਤ ਸਿਧਾਂਤਾਂ ਬਿਲਕੁਲ ਵਿਪਰੀਤ ਹੈ ।

ਜਿਵੇਂ ਚਿੱਠੀ ਨੰ. 24 ਵਿੱਚ ਕਹਿੰਦੇ ਹਨ “ਪਾਠ ਸੂਰਜ ਵਲ ਮੂੰਹ ਕਰਕੇ ਕਰਨਾ, ਗੁਪਤ ਕਰਨਾ” । ਅਤੇ ਚਿੱਠੀ ਨੰ. 4 ਵਿੱਚ ਲਿਖਿਆ ਹੈ –“ ਅਰਦਾਸ ਕਰਕੇ ਪਾਠ ਤੋਰਨਾ ਅਤੇ ਫਿਰ ਪਾਠ ਕਰਕੇ ਬੇਨਤੀ ਕਰਨੀ ਹੇ ਭਗਵਤੀ ਮਾਤਾ, ਹੇ ਜਗਦੰਭਾ, ਆਦਿ ਅੰਤ ਦੈਂਤਾ ਦਾ ਨਾਸ਼ ਕਰਨ ਵਾਲੀ । ਹੋਰ ਜੈਸੀ ਬਣ ਆਵੇ ਬੇਨਤੀ ਕਰਨੀ ਹੱਥ ਜੋੜ ਕੇ, ਹੇ ਹਮਰੀ ਮਾਤਾ ਗਊ ਭਖਸ਼ਣ ਕਰਨ ਵਾਲਿਆਂ ਦਾ ਸਭਨਾ ਦਾ ਨਾਸ਼ ਕਰ” । ਕਿਉਂਕਿ ਇੱਕ ਤਾਂ ਉਨ੍ਹਾਂ ਨੂੰ ਭੁਲੇਖਾ ਸੀ ਕਿ ਬਚਿਤ੍ਰ-ਨਾਟਕੀ ਦੁਰਗਾ ਦੀ ਵਾਰ (ਵਾਰ ਸ੍ਰੀ ਭਗਉਤੀ ਜੀ ਕੀ) ਗੁਰੂ ਗੋਬਿੰਦ ਜੀ ਦੀ ਬਾਣੀ ਹੈ । ਭਾਵੇਂ ਕਿ ਇਸ ਰਚਨਾ ਦੇ ਪਹਿਲੇ ਅਧਿਆਏ ਦੀ ਅੰਤਕ ਸੂਚਨਾ ‘ਪ੍ਰਥਮ ਧਿਯਾਇ ਸ੍ਰੀ ਮਾਰਕੰਡੇ ਪੁਰਾਨੇ ਸ੍ਰੀ ਚੰਡੀ ਚਰਿਤ੍ਰ ਉਕਤਿ ਬਿਲਾਸ ।’ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਮਾਰਕੰਡੇ ਪੁਰਾਣ ਦਾ ਅਨੁਵਾਦ ਹੈ । ਦੂਜਾ, ਉਹ ਭਾਈ ਸੁੱਖਾ ਸਿੰਘ ਰਚਿਤ ‘ਗੁਰ ਵਿਲਾਸ ਪਾਤਸ਼ਾਹੀ 10’ ਮੁਤਾਬਕ ਮੰਨਦੇ ਸਨ ਕਿ ਸੰਨ 1699 ਦੀ ਵੈਸਾਖੀ ਨੂੰ ਅੰਮ੍ਰਿਤ ਸੰਸਕਾਰ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ (ਦੁਰਗਾ ਦੇਵੀ) ਦੀ ਪ੍ਰਸੰਨਤਾ ਲਈ ਬ੍ਰਾਹਮਣਾਂ ਪਾਸੋਂ ਹਵਨ ਕਰਵਾਇਆ ਸੀ । ਇਸੇ ਲਈ ਕੂਕੇ ਹੁਣ ਤਕ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਤੋਂ ਪਹਿਲਾਂ ਚੰਡੀ ਦੀ ਵਾਰ ਦਾ ਪਾਠ ਕਰਦੇ ਹੋਏ ਹਵਨ ਵੀ ਕਰਦੇ ਹਨ ਅਤੇ ਇਸ ਵਾਰ ਦਾ ਪਾਠ ਉਨ੍ਹਾਂ ਦੇ ਨਿਤਨੇਮ ਦਾ ਮੁਖ ਅੰਗ ਹੈ । ਜਦੋਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਪਸ਼ਟ ਲਿਖਿਆ ਹੈ ਕਿ ਦੇਵੀ ਦੇਵਤਿਆਂ ਨੂੰ ਪੂਜਣਾ, ਹੋਮ-ਯਗ ਕਰਨਾ ਅਤੇ ਪੁਰਾਣਾਂ ਦੇ ਪਾਠ ਪੜ੍ਹਣ ਨਾਲ ਸਦਾ-ਥਿਰ ਪ੍ਰਭੂ ਨਾਲ ਸਾਂਝ ਨਹੀਂ ਬਣ ਸਕਦੀ । ਐਸੇ ਮਨੁੱਖ ਜੀਵਨ ਵਿੱਚ ਡੋਲਦੇ ਰਹਿੰਦੇ ਹਨ, ਕਿਉਂਕਿ ਉਨ੍ਹਾਂ ਅੰਦਰੋਂ ਹਉਮੈ ਅਤੇ ਮਾਇਕ ਮੋਹ ਨਹੀਂ ਮਿਟਦਾ । ਗੁਰਵਾਕ ਹਨ :

ਦੇਵੀ ਦੇਵਾ ਪੂਜਹਿ ਡੋਲਹਿ, ਪਾਰਬ੍ਰਹਮੁ ਨਹੀ ਜਾਨਾ ॥ {ਪੰ.332} 

ਹੋਮ ਜਗ ਸਭਿ ਤੀਰਥਾ, ਪੜ੍ਹਿ ਪੰਡਿਤ ਥਕੇ ਪੁਰਾਣ ॥        

ਬਿਖੁ ਮਾਇਆ ਮੋਹੁ ਨ ਮਿਟਈ, ਵਿਚਿ ਹਉਮੈ ਆਵਣੁ ਜਾਣੁ ॥ {ਪੰ. 1417}

ਇਹੀ ਕਾਰਨ ਹੈ ਕਿ ਬਾਬਾ ਰਾਮ ਸਿੰਘ ਅੰਤ ਤਕ ਆਪਣੇ ਸੰਗੀਆਂ ਨੂੰ ਧਨ-ਪਦਾਰਥ ਸਾਰਿਆਂ ਪਾਸੋਂ ਛੁਪਾ ਕੇ ਰੱਖਣ ਅਤੇ ਇਸ ਪੱਖੋਂ ਕਿਸੇ ਦਾ ਵੀ ਵਿਸਾਹ ਨਾ ਕਰਨ ਦੀ ਸਲਾਹ ਦਿੰਦੇ ਰਹੇ ਕਿਉਂਕਿ ਉਹ ਚਿੱਠੀ ਨੰ. 28 ਵਿੱਚ ਲਿਖਦੇ ਹਨ ਕਿ ਸਫਰ ਵੇਲੇ “ਪਦਾਰਥ ਪੂਰੇ ਤਕੜੇ ਹੋ ਕੇ ਲੈ ਜਾਣਾ । ਕਿਸੇ ਦਾ ਵਿਸਾਹ ਨਹੀਂ ਕਰਨਾ । ਰੱਖ ਕੇ ਨਹੀਂ ਨ੍ਹੌਣਾ । ਇੱਕ ਨ੍ਹਾਏ ਤਾਂ ਇਕ ਸਰੀਰ ਗੱਠੜੀ ਨੂੰ ਖੂਬ ਕੱਛ ਵਿੱਚ ਦਬਾ ਕੇ ਰੱਖੇ । ਫਿਰ ਦੂਆ ਨ੍ਹਾਏ । ਨਾ ਕਿਸੇ ਨੂੰ ਦੱਸਣਾ ਤੇ ਨਾ ਵਿਖਾਲਣਾ ਧਨ” ।  ਸਪਸ਼ਟ ਹੈ ਕਿ ਉਨ੍ਹਾਂ ਅੰਦਰੋਂ ਬਿਖ ਮਾਇਆ ਮੋਹ ਨਹੀਂ ਮਿਟਿਆ । ਜਦੋਂ ਕਿ ਖ਼ਾਲਸਾ-ਪੰਥ ਅਰਦਾਸ ਵਿੱਚ ਵੰਡ ਕੇ ਛਕਣ ਵਾਲਿਆਂ ਨੂੰ ਯਾਦ ਕਰਦਾ ਹੋਇਆ ਨਿੱਤ ਵਾਹਿਗੁਰੂ ਜੀ ਪਾਸੋਂ ‘ਨਾਮ-ਦਾਨ’ ਦੇ ਨਾਲ ‘ਵਿਸਾਹ-ਦਾਨ’ ਦੀ ਵਿਸ਼ੇਸ਼ ਮੰਗ ਕਰਦਾ ਹੈ । ਗੁਰੂ ਨਾਨਕ ਸਾਹਿਬ ਜੀ ਤਾਂ ‘ਜਾਣਹੁ ਜੋਤਿ, ਨਾ ਪੂਛਹੁ ਜਾਤੀ” ਦਾ ਉਪਦੇਸ਼ ਕਰਦੇ ਹੋਏ ਆਪਣੇ ਬਾਰੇ ਇਹੀ ਕਹਿੰਦੇ ਰਹੇ “ਨਾਮੁ ਜਾਤਿ, ਨਾਮੁ ਮੇਰੀ ਪਤਿ ਹੈ; ਨਾਮੁ ਮੇਰੈ ਪਰਵਾਰੈ ॥ {ਪੰ.713}  ਪਰ ਬਾਬਾ ਰਾਮ ਸਿੰਘ ਜੀ ਰੰਗੂਨ ਬੈਠੇ ਹੋਏ ਵੀ ਚਿੱਠੀ ਨੰ. 35. ਵਿੱਚ ਪੁੱਛਦੇ ਹਨ “ਹੋਰ ਗੁਲਾਬਾ ਚੁਮਾਰ ਮਰ੍ਹਾਣੇ ਵਾਲਾ ਸੰਗਤ ਵਿੱਚ ਆਉਂਦਾ ਹੈ ਕਿ ਨਹੀਂ, ਵੜਣ ਦਿੰਦੇ ਸਿੱਖ ।” ਸਪਸ਼ਟ ਹੈ ਕਿ ਉਹ ਮਾਨਸਕ ਤੌਰ ’ਤੇ ਅੰਤ ਤਕ ਬਿਪਰਵਾਦੀ ਜਾਤ-ਪਾਤ ਤੇ ਛੂਤ-ਛਾਤ ਵਿੱਚ ਵੀ ਫਸੇ ਰਹੇ ।

ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤਾਂ ਆਖਦੇ ਹਨ ਹੇ ਪ੍ਰਭੂ ! ਤੇਰਾ ਨਿਰਮਲ-ਭਉ ਹੀ ਮੇਰੇ ਲਈ ਭੰਗ ਹੈ ਅਤੇ ਉਸ ਨੂੰ ਸੰਭਾਲ ਕੇ ਰੱਖਣ ਵਾਲੀ ਗੁੱਥੀ ਮੇਰਾ ਚਿੱਤ ਹੈ । ਇਸ ਨਸ਼ੇ ਨੇ ਮੈਨੂੰ ਮਤਵਾਲਾ ਕਰਕੇ ਹਰ ਕਿਸਮ ਦੀਆਂ ਵਾਸ਼ਨਾਵਾਂ ਤੋਂ ਵਿਰਕਤ ਬਣਾ ਦਿੱਤਾ ਹੈ । ਜਿਵੇਂ ਗੁਰਵਾਕ ਹੈ “ਭਉ ਤੇਰਾ ਭਾਂਗ, ਖਲੜੀ ਮੇਰਾ ਚੀਤੁ ॥ ਮੈ ਦੇਵਾਨਾ ਭਇਆ ਅਤੀਤੁ ॥ {ਪੰ.721} ਪਰ ਬਾਬਾ ਰਾਮ ਸਿੰਘ ਤਾਂ ਰੰਗੂਨ ਦੀ ਜੇਲ ਵਿੱਚ ਬੈਠੇ ਵੀ ਭੰਗ ਮੰਗਦੇ ਰਹੇ, ਜੋ ਚੋਰੀ ਛਿਪੀਂ ਪੰਜਾਬ ਤੋਂ ਭੇਜੀ ਜਾਂਦੀ ਰਹੀ । ਕਿਉਂਕਿ, ਚਿੱਠੀ ਨੰ. 50 ਦੀ ਲਿਖਤ ਹੈ “ਹੋਰ ਜੀ ਸੁਖਨਿਧਾਨ ਪਹੁੰਚਾ ਤੁਮਾਰਾ ਢੇਡ ਪਾਉ ਪੱਕਾ, ਹੋਰ ਕੋਈ ਲੋੜ ਨਹੀਂ। ਇੱਕ ਸੁਖਨਿਧਾਨ ਦੀ ਹੀ ਲੋੜ ਸੀ, ਜੋ ਤੁਹਾਡੀ ਕਿਰਪਾ ਤੇ ਆਏ ਪਹੁੰਚਾ ਹੈ ” ।  ਇਨ੍ਹਾਂ ਬਚਨਾਂ ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ਅੰਦਰ “ਸਾਚੁ ਨਾਮੁ ਅਧਾਰੁ ਮੇਰਾ ; ਜਿਨਿ ਭੁਖਾ ਸਭਿ ਗਵਾਈਆ ॥” ਵਾਲੀ ਘਟਨਾ ਨਹੀਂ ਸੀ ਘਟੀ । “ਅੰਮ੍ਰਿਤ ਕਾ ਵਾਪਾਰੀ ਹੋਵੈ, ਕਿਆ ਮਦਿ ਛੂਛੈ ਭਾਉ ਧਰੇ” ॥ {ਪੰ.360}  ਗੁਰਵਾਕ ਦਾ ਸੱਚ ਉਨ੍ਹਾਂ ਦੀ ਜ਼ਿੰਦਗੀ ਚੋਂ ਪਰਗਟ ਨਹੀਂ ਹੋਇਆ । ਕਿਉਂਕਿ, ਛੂਛੇ ਨਸ਼ਿਆਂ ਦੀ ਤਾਂਘ ਵੀ ਕਾਇਮ ਹੈ ।

‘ਸੁਖਨਿਧਾਨੁ ਪ੍ਰਭੁ ਏਕੁ ਹੈ, ਅਬਿਨਾਸੀ ਸੁਣਿਆ ॥ {ਪੰ. 319} ਵਰਗੇ ਗੁਰਬਾਣੀ ਦੇ ਸ਼ਬਦ ਗਾਉਣ ਵਾਲਿਆਂ ਵੱਲੋਂ ਭੰਗ ਦੇ ਨਸ਼ੇ ਨੂੰ ਸੁਖਨਿਧਾਨ ਕਹਿਣਾ ਭਾਰੀ ਭੁੱਲ ਹੈ । ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਗੁਰਮਤ ਮਾਰਤੰਡ ਵਿੱਚ ਲਿਖਿਆ ਹੈ “ਭੰਗ ਦੀ ਦੇਗ ਨੇ, ਜਿਸ ਨੂੰ ਸੁਖਨਿਧਾਨ ਦੀ ਦੇਗ ਆਖਦੇ ਹਨ (ਪਰ ਵਾਸਤਵ ਵਿੱਚ ‘ਦੁੱਖਨਿਧਾਨ ਹੈ) ਸਿੱਖ ਕੌਮ ਨੂੰ ਭਾਰੀ ਨੁਕਸਾਨ ਪੁਚਾਇਆ ਹੈ । ਸ਼ੋਕ ਹੈ ਉਨ੍ਹਾਂ ਭੰਗੀ ਕਵੀਆਂ ਪੁਰ, ਜਿਨ੍ਹਾਂ ਨੇ ਗੁਰਬਾਣੀ ਦੇ ਵਿਰੁਧ ਆਪਣੀ ਭੈੜੀ ਵਾਦੀ ਨੂੰ ਧਰਮ ਦਾ ਨੇਮ ਬਣਾ ਕੇ ਆਪਣੇ ਭਾਈਆਂ ਨੂੰ ਵੀ ਭੰਗੀ ਬਣਾਇਆ, ਅਤੇ ਉਨ੍ਹਾਂ ਦੇ ਬਲ ਪੁਰੁਸ਼ਾਰਥ ਆਦਿਕ ਸ਼ੁਭ ਗੁਣਾਂ ਦਾ ਸਤ੍ਯਾਨਾਸ਼ ਕੀਤਾ ।” ਨਿਹੰਗ ਜਥੇਬੰਦੀਆਂ ਨੂੰ ਇਸ ਪੱਖੋਂ ਗੰਭੀਰਤਾ ਸਹਿਤ ਵਿਚਾਰਣ ਦੀ ਲੋੜ ਹੈ ।

ਸੰਨ 1865-66 ਵਿੱਚ ਕੂਕਿਆਂ ਵੱਲੋਂ ਧੱਕੇ ਨਾਲ ਗੁੱਗੇ ਸੁਲਤਾਨ ਦੇ ਪੀਰਖ਼ਾਨੇ, ਮਸੀਤਾਂ, ਖ਼ਾਨਗਾਹਾਂ ਤੇ ਕਬਰਾਂ ਆਦਿਕ ਢਾਹੁਣ ਅਤੇ ਸੰਨ  1870 ਵਿੱਚ ਗਊ-ਭਗਤ ਬਣ ਕੇ ਬੁੱਚੜਾਂ ਦੇ ਕਤਲ ਕਰਨ ਦੀਆਂ ਕਾਰਵਾਈਆਂ ਗੁਰਮਤਿ ਅਨੁਸਾਰੀ ਅਤੇ ਖ਼ਾਲਸਾਈ ਕਰਤਵ ਨਹੀਂ ਮੰਨੇ ਜਾ ਸਕਦੇ । ਕਿਉਂਕ ਗੁਰਬਾਣੀ ‘ਦੁਬਿਧਾ ਨ ਪੜਉ, ਹਰਿ ਬਿਨੁ ਹੋਰੁ ਨ ਪੂਜਉ ; ਮੜੈ ਮਸਾਣਿ ਨ ਜਾਈ ॥ {ਪੰ. 634} ਦਾ ਉਪਦੇਸ਼ ਕਰਦੀ ਹੋਈ ਮੂਰਤੀ-ਪੂਜਕਾਂ ਨੂੰ  ਭਾਵੇਂ “ਪਾਥਰੁ ਲੇ ਪੂਜਹਿ ਮੁਗਧ ਗਵਾਰ ॥” {ਪੰ.556}  ਤੱਕ ਕਹਿਣ ਤੋਂ ਸੰਕੋਚ ਨਹੀਂ ਕਰਦੀ  ਪ੍ਰੰਤੂ ‘ਮੜ੍ਹੀ ਮਸੀਤਾਂ ਢਾਹ ਕੇ ਕਰ ਦਿਓ ਮੈਦਾਨਾ’ ਕੂਕਦਿਆਂ ਧੱਕੇ ਤੇ ਜ਼ੁਲਮ ਨਾਲ ਮੂਰਤੀਆਂ ਤੋੜਣ ਤੇ ਮੜ੍ਹੀਆਂ ਮਸੀਤਾਂ ਢਾਹੁਣ ਦੀ ਆਗਿਆ ਨਹੀਂ ਦਿੰਦੀ । “ਜੋਰ ਜੁਲਮ ਫੂਲਹਿ ਘਨੋ, ਕਾਚੀ ਦੇਹ ਬਿਕਾਰ ॥” {ਪੰ.255}  ਕਹਿ ਕੇ ਹੋੜਦੀ ਹੈ ।  ਅਜਿਹੇ ਲੋਕਾਂ ਨੂੰ ਪਿਆਰ ਸਹਿਤ ਸਮਝਾ ਕੇ ਇੱਕ ਅਕਾਲ ਦੇ ਲੜ ਲਾਉਣਾ ਗੁਰਮੁਖਾਂ ਦਾ ਮੁੱਖ ਫਰਜ਼ ਐਲਾਨਦੀ ਹੈ ਕਿਉਂਕਿ, ਅਸਲੀਅਤ ਸਮਝ ਆਉਣ ‘ਤੇ ਭਾਈ ਮੰਝ ਤੇ ਭਾਈ ਬਹਿਲੋ ਵਾਂਗ ਲੋਕ ਆਪ ਹੀ ਪੀਰਖ਼ਾਨੇ ਤੇ ਕਬਰਾਂ ਨੂੰ ਢਾਹ ਦਿੰਦੇ ਹਨ ।  ਗੁਰਬਾਣੀ ਗੁਰਸਿੱਖਾਂ ਨੂੰ ਗਊ-ਭਗਤ ਨਹੀਂ ਬਣਾਉਂਦੀ  । “ਗਊ ਭੈਸ ਮਗਉ ਲਾਵੇਰੀ ॥” {ਪੰ. 695} ਦੀ ਪ੍ਰਾਰਥਨਾ ਕਰਦੀ ਹੋਈ ਗਊਆਂ ਨੂੰ ਮੱਝਾਂ ਵਾਂਗ ਇੱਕ ਦੁੱਧ ਦੇਣ ਵਾਲਾ ਪਸ਼ੂ ਮੰਨਦੀ ਹੈ । ਇਸ ਤੋਂ ਵਧ ਕੁਝ ਨਹੀਂ । ਸਗੋਂ “ਜਾ ਕੈ ਈਦਿ ਬਕਰੀਦਿ ਕੁਲ ਗਊ ਰੇ ਬਧੁ ਕਰਹਿ” {ਪੰ.1293}  ਕਹਿ ਕੇ ਸਮਝਾਉਂਦੀ ਹੈ ਕਿ ਭਗਤ ਕਬੀਰ ਸਾਹਿਬ ਜੀ ਅਜਿਹੇ ਖ਼ਾਨਦਾਨ ਵਿੱਚੋਂ ਹੀ ਪੈਦਾ ਹੋਏ, ਜਿਨ੍ਹਾਂ ਦੇ ਬਜ਼ੁਰਗ ਈਦ ਬਕਰੀਦ ਵੇਲੇ ਗਊਆਂ ਹਲਾਲ ਕਰਦੇ ਸਨ ।

ਗੁਰਬਾਣੀ ਵਿੱਚ ਸਪਸ਼ਟ ਕੀਤਾ ਹੈ ਕਿ ‘ਨਚਿਐ ਟਪਿਐ, ਭਗਤਿ ਨ ਹੋਇ ॥ {ਪੰ.159} ਭਾਈ ਨੰਦ ਲਾਲ ਸਾਹਿਬ ਦਾ ਕਥਨ ਹੈ “ਸਰ ਤਾ ਬ-ਕਦਮ ਬ-ਹੋਸ਼, ਵਾ ਮਸਤੀ ਨ ਕੁਨੰਦ” ।  ਭਾਵ, ਗੁਰੂ ਦੇ ਸਿੱਖ ਸਿਰ ਤੋਂ ਲੈ ਕੇ ਪੈਰਾਂ ਤੱਕ ਹੋਸ਼ ਵਿੱਚ ਰਹਿੰਦੇ ਹਨ, ਬੇਹੋਸ਼ੀ ਵਾਲੀ ਮਸਤੀ ਨਹੀਂ ਕਰਦੇ । ਪਰ, ਬਾਬਾ ਰਾਮ ਸਿੰਘ ਦੇ ਸੰਗੀ ਤਾਂ ਹੋਸ਼ ਗਵਾ ਬੈਠਦੇ ਹਨ । ਕੀਰਤਨ ਕਰਦੇ ਕੂਕਾਂ ਮਾਰਦੇ ਤੇ ਭੂਤਾਂ ਵਾਂਗ ਸਿਰ ਘਮਾਉਂਦੇ ਹੋਏ ਕੇਸ਼ ਖਿਲਾਰ ਲੈਂਦੇ ਹਨ । ‘ਭੈਣੀ ਸਤਿਗੁਰ ਜਾਗਿਆ, ਹੋਰ ਝੂਠ ਜਹਾਨਾ’ ਵਰਗੀਆਂ ਧਾਰਨਾਵਾਂ ਗਾਉਂਦੇ ਹਨ । ਕੁਝ  ਇਹੀ ਕਾਰਨ ਸਨ ਕਿ 20 ਮਾਰਚ 1867 ਨੂੰ ਬਾਬਾ ਰਾਮ ਸਿੰਘ ਨੇ ਤਖ਼ਤ ਸ੍ਰੀ ਕੇਸ ਗੜ੍ਹ ਸਾਹਿਬ ਦੇ ਪੁਜਾਰੀਆਂ ਨੂੰ ਚਿੱਠੀ ਲਿਖੀ ਕਿ “ਤੁਸੀਂ ਮੇਰਾ ਅਰਦਾਸਾ ਜੋ ਨਹੀਂ ਕੀਤਾ, ਕੀ ਤੁਸੀਂ ਮੈਨੂੰ ਗੁਰੂ ਕਾ ਸਿੱਖ ਨਹੀਂ ਸਮਝਦੇ ?  ਨਾਲ ਇਹ ਵੀ ਲਿਖਿਆ ਕਿ ਮੈਂ ਤੁਹਾਡੇ ਅਰਦਾਸੇ ਦੀ ਪ੍ਰਵਾਹ ਨਹੀਂ ਕਰਦਾ । ਅੱਗੋਂ ਪੁਜਾਰੀਆਂ ਨੇ ਉਤਰ ਵਿੱਚ ਲਿਖਿਆ ਕਿ “ਗੁਰੂ ਕੇ ਖ਼ਾਲਸੇ ਅਤੇ ਕੂਕਿਆਂ ਵਿੱਚ ਇਹ ਭੇਦ ਹਨ :-

(1). ਤੁਸੀਂ ਆਪਣੇ ਆਪ ਨੂੰ ਅਵਤਾਰ ਕਹਾਉਂਦੇ ਹੋ ।

(2). ਕੂਕਾ ਬਨਾਉਣ ਵੇਲੇ ਸਿੱਖ ਰਹੁ-ਰੀਤ ਵਿਰੁਧ ਕੰਨ ਵਿੱਚ ਮੰਤ੍ਰ ਫੂਕਦੇ ਹੋ ।

(3). ਨਵੇਂ ਕੂਕੇ ਨੂੰ ਆਖਦੇ ਹੋ ਜਨਮ ਗੁਰੂ ਹਜ਼ਰੋ ਅਰ ਵਾਸੀ ਗੁਰੂ ਭੈਣੀ ।

(4). ਕੂਕੇ ਗੁਰਦੁਆਰਿਆਂ ਵਿੱਚ ਪੱਗਾਂ ਲਾਹ ਲੈਂਦੇ ਹਨ ਤੇ ਕੇਸ ਖਿਲਾਰ ਲੈਂਦੇ । ਕੀਰਤਨ ਕਰਦੇ ਨੱਚਣ ਟੱਪਣ ਲੱਗ ਪੈਂਦੇ ਹਨ, ਕੂਕਾਂ ਮਾਰਦੇ ਹਨ, ਜੋ ਸਿੱਖ ਰਹੁ-ਰੀਤ ਦੇ ਉਲਟ ਹਨ । ਇਸ ਲਈ ‘ਕੂਕੇ’ ਗੁਰੂ ਕੇ ਸਿੱਖ ਨਹੀਂ ਹੋ ਸਕਦੇ ।”

ਸੋ, ਗੁਰਬਾਣੀ ਦੀ ਉਪਰੋਕਤ ਵਿਚਾਰ ਤੋਂ ਤਾਂ ਇਹੀ ਸਿੱਟਾ ਨਿਕਲਦਾ ਹੈ ਕਿ ਬਾਬਾ ਰਾਮ ਸਿੰਘ ਅਤੇ ਉਸ ਦੀ ਸੰਪਰਦਾ ਨੂੰ ‘ਨਾਮਧਾਰੀ’ ਕਹਿਣ ਦੀ ਥਾਂ ਕੇਵਲ ‘ਕੂਕੇ’ ਹੀ ਬੋਲਣਾ ਚਾਹੀਦਾ ਹੈ ।  ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਰਹੇ ਗਿਆਨੀ ਪ੍ਰਤਾਪ ਸਿੰਘ ਤੇ ਪ੍ਰਸਿੱਧ ਇਤਿਹਾਸਕਾਰ ਡਾ. ਗੰਡਾ ਸਿੰਘ ਵਰਗੇ ਗੁਰਸਿੱਖ ਵਿਦਵਾਨਾਂ ਨੇ ਜਦੋਂ ਇਸ ਸੰਪਰਦਾ ਬਾਰੇ ਪੁਸਤਕਾਂ ਲਿਖੀਆਂ, ਤਾਂ ਉਨ੍ਹਾਂ ਨੇ ‘ਨਾਮਧਾਰੀ’ ਨਾਂ ਨਹੀਂ ਦਿੱਤਾ, ਕੇਵਲ ‘ਕੂਕਾ ਗੁਰੂ ਡੰਭ’ ਅਤੇ ‘ਕੂਕਿਆਂ ਦੀ ਵਿਥਿਆ’ਹੀ ਸਿਰਲੇਖ ਦਿੱਤੇ । ਰਾਧਾ-ਸੁਆਮੀ ਤੇ ਨਕਲੀ ਨਿਰੰਕਾਰੀ ਆਦਿ ਸੰਪਰਦਾਵਾਂ ਅਤੇ ਹੋਰ ਡੇਰਦਾਰ ਆਪਣੇ ਵਿਅਕਤੀ-ਗੁਰੂਆਂ ਨੂੰ ਗੁਰੂ ਨਾਨਕ-ਜੋਤਿ ਸਰੂਪ ਦਸ ਗੁਰੂ ਰਤਨਮਾਲਾ ਦਾ ਭਾਗ ਨਹੀਂ ਬਣਾਉਂਦੇ । ਜਦ ਕਿ ਕੂਕੇ ਦਸ ਗੁਰੂ ਸਾਹਿਬਾਨ ਉਪਰੰਤ ਹਜ਼ਰੋਂ ਵਾਲੇ ਬਾਬਾ ਬਾਲਕ ਸਿੰਘ ਨੂੰ ਗਿਆਰਵੀਂ ਅਤੇ ਭੈਣੀ ਵਾਲੇ ਬਾਬਾ ਰਾਮ ਸਿੰਘ ਨੂੰ ਬਾਰਵ੍ਹੀਂ ਗੁਰੂ-ਪਾਤਸ਼ਾਹੀ ਮੰਨ ਕੇ ਗੁਰਿਆਈ ਦਾ ਸਿਲਸਲਾ ਲੜੀਵਾਰ ਅੱਗੇ ਤੋਰੀ ਜਾ ਰਹੇ ਹਨ । ਸਪਸ਼ਟ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦਾ ਦਰਜਾ ਨਹੀਂ ਦਿੰਦੇ । ਅੰਮ੍ਰਿਤ ਸੰਚਾਰ ਵੇਲੇ ਚੰਡੀ ਦੇ ਹਵਨ ਨੂੰ ਮੁਖ ਅੰਗ ਮੰਨਦੇ ਹਨ ਅਤੇ ਨਾਦੀ-ਪਿਤਾ ਗੁਰੂ ਗੋਬਿੰਦ ਸਿੰਘ ਤੇ ਵਾਸੀ ਸ੍ਰੀ ਅਨੰਦਪੁਰ ਸਾਹਿਬ ਕਹਿਣ ਦੀ ਥਾਂ ‘ਵਾਸੀ ਹਜ਼ਰੋਂ’ ਤੇ ਗੁਰੂ ਭੈਣੀ ਕਹਿੰਦੇ ਹਨ ।

ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਜੇ ਵੀ ਕੋਈ ਕਮੇਟੀ ਬਣਾ ਕੇ ਪੜਤਾਲ ਕਰਾਉਣੀ ਤਾਂ ਕੂਕਿਆਂ ਨੂੰ ਖ਼ਾਲਸਾ-ਪੰਥ ਦਾ ਅੰਗ ਮੰਨੀ ਜਾਣ ਵਾਲੀ ਭੁਲੇਖਾ-ਪਾਊ ਕਾਰਵਾਈ ਹੈ । ਇਸ ਪੱਖੋਂ ਹੁਣ ਸ੍ਰੀ ਕੇਸ ਗੜ੍ਹ ਸਾਹਿਬ ਦੇ ਪੁਰਾਤਨ ਫੈਸਲੇ ਨੂੰ ਅਧਾਰ ਬਣਾ ਕੇ ਸਪਸ਼ਟ ਐਲਾਨ ਹੋਣਾ ਚਾਹੀਦਾ ਹੈ ਕਿ ‘ਕੂਕੇ’ ਖ਼ਾਲਸਾ ਪੰਥ ਦਾ ਅੰਗ ਨਹੀਂ । ਕਿਉਂਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬੇਮੁਖ ਅਤੇ ਪੰਥਕ ਮਰਯਾਦਾ ਤੋਂ ਬਾਗੀ ਹਨ । ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬੇਮੁਖ ਹੋਇਆ ਜਿਹੜਾ ਵੀ ਕੋਈ ਆਪਣੀਆਂ ਭੁੱਲਾਂ ਸੁਧਾਰ ਕੇ ਪੰਥਕ ਅੰਗ ਬਣਨਾ ਚਹੁੰਦਾ ਹੈ, ਉਸ ਦਾ ਸੁਆਗਤ ਵੀ ਕਰਨਾ ਬਣਦਾ ਹੈ ।  

ਭੁੱਲ-ਚੁੱਕ ਮੁਆਫ਼ ।

Most Viewed Posts