ਸੇਵਕ ਕੀ ਓੜਕਿ ਨਿਬਹੀ ਪ੍ਰੀਤਿ
ਜਗਤਾਰ ਸਿੰਘ ਜਾਚਕ
ਪ੍ਰਮਾਣੁ ਪੁਰਖ, ਪਰਤੱਖ ਹਰਿ ਅਤੇ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ’ਤੇ ਹਰੇਕ ਗੁਰਦੁਆਰੇ ਅਤੇ ਗੁਰਸਿੱਖ ਸ਼ਰਧਾਲੂਆਂ ਦੇ ਹਿਰਦੇ ਮੰਦਰਾਂ ਅੰਦਰ ‘‘ਤੇਰਾ ਕੀਆ ਮੀਠਾ ਲਾਗੈ॥ ਹਰਿ ਨਾਮ ਪਦਾਰਥ ਨਾਨਕ ਮਾਗੈ॥, ਮੀਤੁ ਕਰੈ ਸੋਈ ਹਮ ਮਾਨਾ॥ ਮੀਤ ਕੇ ਕਰਤਬ ਕੁਸਲ ਸਮਾਨਾ॥’’ ਅਤੇ ‘‘ਸੇਵਕ ਕੀ ਓੜਕਿ ਨਿਬਹੀ ਪ੍ਰੀਤਿ॥ ਜੀਵਤ ਸਾਹਿਬੁ ਸੇਵਿਓ ਅਪਨਾ, ਚਲਤੇ ਰਾਖਿਓ ਚੀਤਿ॥’’ ਸ਼ਬਦਾਂ ਦੀਆਂ ਸਾਬਰ ਤੇ ਸਿਦਕੀ ਧੁਨਾਂ ਦੀ ਗੁੰਜਾਰ ਪੈ ਰਹੀ ਹੁੰਦੀ ਹੈ ਕਿਉਂਕਿ ਅੱਜ ਤੋਂ 411 ਸਾਲ ਪਹਿਲਾਂ 30 ਮਈ ਸੰਨ 1606 ਨੂੰ ਲਾਹੌਰ ਵਿਖੇ ਗੁਰਦੇਵ ਜੀ ਦਾ ਸਮੇਂ ਦੀ ਮੁਗਲੀਆ ਹਕੂਮਤ ਸਮੇਂ ਕੱਟੜਤਾ ਭਰਪੂਰ ਇਸਲਾਮਕ ਸੋਚ ਅਤੇ ਬਿਪਰਵਾਦੀ ਕੁਟਲ ਸਾਜ਼ਸ਼ਾਂ ਦੇ ਸਿੱਟੇ ਵਜੋਂ ਅੱਗ ਦੇ ਭਾਂਬੜਾਂ ਨਾਲ ਤਪਾਈ ਤੇ ਅੱਗ ਵਾਂਗ ਲਾਲ ਹੋਈ ਤੱਤੀ ਲੋਹ ਉੱਪਰ ਸ਼ਾਂਤ-ਚਿੱਤ ਚੌਂਕੜਾ ਲਾਈ ਲੂਸ ਜਾਣਾ, ਬਿਨਾਂ ਕਿਸੇ ਸ਼ਿਕਵੇ ਦੇ ਦੇਗ ਵਿਚ ਆਲੂ ਵਾਂਗ ਉੱਬਲ ਜਾਣਾ ਅਤੇ ਅੰਤ ਨੂੰ ਜ਼ਾਲਮਾਂ ਵਲੋਂ ਰਾਵੀ ਨਦੀ ਵਿਚ ਡੋਬਣ ਵੇਲੇ ਰੱਬੀ ਪ੍ਰੀਤ ਨਿਭਣ ਪ੍ਰਤੀ ਸ਼ੁਕਰਾਨਾ ਕਰਦਿਆਂ ਰੁੜ੍ਹ ਜਾਣਾ, ਗੁਰਬਾਣੀ ਦੇ ਸੱਚ ਦੀ ਇੱਕ ਜਿਊਂਦੀ ਜਾਗਦੀ ਅਜਿਹੀ ਪਰਤੱਖ ਸ਼ਹਾਦਤ (ਗਵਾਹੀ) ਹੈ, ਜਿਹੜੀ ਸਿੱਧ ਕਰਦੀ ਹੈ ਕਿ ਗੁਰਬਾਣੀ ਦੇ ਸਿਧਾਂਤ ਕੇਵਲ ਪੜ੍ਹਨ ਸੁਣਨ ਤੇ ਗਾਉਣ ਲਈ ਹੀ ਨਹੀ, ਸਗੋਂ ਇਨ੍ਹਾਂ ਨੂੰ ਰੁਜ਼ਾਨਾ ਦੇ ਜੀਵਨ ਵਿਚ ਜੀਵਿਆ ਵੀ ਜਾ ਸਕਦਾ ਹੈ।
ਜਿਵੇਂ ਗੁਰੂ ਅਰਜਨ ਸਾਹਿਬ ਜੀ ਨੇ ਆਪਣੀ ਸ਼ਹੀਦੀ ਤੋਂ ਕੁਝ ਸਾਲ ਪਹਿਲਾਂ ਮਾਰੂ ਰਾਗ ਵਿਚ ਉਚਾਰਨ ਕੀਤੀ ‘ਧੁਰ ਕੀ ਬਾਣੀ’ ਦੇ ਇੱਕ ਸ਼ਬਦ ਵਿਖੇ ਪਰਮਾਤਮਾ ਦੀ ਕਿਰਪਾ ਦੇ ਪਾਤਰ ਬਣੇ ਸੇਵਕ (ਭਗਤ) ਦੀ ਜ਼ਿੰਦਗੀ ਦਾ ਦਰਸ਼ਨ ਕਰਵਾਉਂਦਿਆਂ ਨਿਮਰਤਾ ਪੂਰਵਕ ਕੁਝ ਦਾਅਵੇ ਕੀਤੇ ਸਨ, ਜਿਹੜੇ ਹਜ਼ੂਰ ਦੀ ਸ਼ਹੀਦੀ ਨੇ ਸਾਰੇ ਹੀ ਸੱਚ ਸਿੱਧ ਕਰ ਵਿਖਾਏ। ਉਨ੍ਹਾਂ ਵਿਚੋਂ ਸਭ ਤੋਂ ਮੁੱਖ ਸੀ ਕਿ ਭਗਤ ਦੀ ਪਰਮਾਤਮਾ ਨਾਲ ਪ੍ਰੀਤ ਅਖ਼ੀਰ ਤਕ ਬਣੀ ਰਹਿੰਦੀ ਹੈ। ਜਿਤਨਾ ਚਿਰ ਉਹ ਜਗਤ ਵਿਚ ਜੀਊਂਦਾ ਹੈ ਉਤਨਾ ਚਿਰ ਆਪਣੇ ਮਾਲਕ-ਪ੍ਰਭੂ ਦੀ ਸੇਵਾ-ਭਗਤੀ ਕਰਦਾ ਰਹਿੰਦਾ ਹੈ, ਜਗਤ ਤੋਂ ਤੁਰਨ ਲੱਗਾ ਵੀ ਪ੍ਰਭੂ ਨੂੰ ਆਪਣੇ ਚਿੱਤ ਵਿਚ ਵਸਾਈ ਰੱਖਦਾ ਹੈ : ਸੇਵਕ ਕੀ ਓੜਕਿ ਨਿਬਹੀ ਪ੍ਰੀਤਿ॥ ਜੀਵਤ ਸਾਹਿਬੁ ਸੇਵਿਓ ਅਪਨਾ, ਚਲਤੇ ਰਾਖਿਓ ਚੀਤਿ॥ ਰਹਾਉ॥ (ਮ: ੫/੧੦੦੦)
ਭਾਈ ਗੁਰਦਾਸ ਜੀ ਸਤਿਗੁਰੂ ਜੀ ਦੇ ਹਜ਼ੂਰੀ ਸੇਵਕ ਅਤੇ ਹਜ਼ੂਰ ਦੀ ਸੰਘਰਸ਼ ਪੂਰਵਕ ਜ਼ਿੰਦਗੀ ਦੀਆਂ ਮਹੱਤਵ ਪੂਰਨ ਘਟਨਾਵਾਂ ਦੇ ਚਸ਼ਮਦੀਦ ਗਵਾਹ ਸਨ। ਸ਼ਹੀਦੀ ਵੇਲੇ ਸਤਿਗੁਰੂ ਜੀ ਨੂੰ ਮਿਲੇ ਤਸੀਹਿਆਂ ਅਤੇ ਚਲਾਣੇ ਦੀ ਸਾਰਿਆਂ ਤੋਂ ਤਸੱਲੀ ਵਾਲੀ ਤੇ ਨੇੜੇ ਦੀ ਸੁਧ ਭਾਈ ਸਾਹਿਬ ਜੀ ਨੂੰ ਹੀ ਸੀ। ਉਨ੍ਹਾਂ ਨੇ ਹਜ਼ੂਰ ਦੀ ਸ਼ਹੀਦੀ ਹੋਣ ਉਪਰੰਤ ਲਿਖੀਆਂ ਵਾਰਾਂ ਦੀ ਇੱਕ ਪਉੜੀ ਵਿਚ ਸਪੱਸ਼ਟ ਲਿਖਿਆ ਹੈ ਕਿ ਸਤਿਗੁਰੂ ਜੀ ਆਪਣੀ ਜ਼ਿੰਦਗੀ ਵਿਖੇ ਨਿਰਬਾਣ (ਜੀਵਨ-ਮੁਕਤ) ਅਵਸਥਾ ਵਿਚ ਟਿਕੇ ਰਹਿਣ ਲਈ ਪ੍ਰਭੂ ਸਰੂਪ ਸਦਾ ਥਿਰ ਦਰੀਆਉ ਵਿਚ ਮੱਛੀ ਦੇ ਦਰਿਆ ਵਿਚ ਲੀਨ ਰਹਿਣ ਵਾਂਗ ਸਦਾ ਹੀ ਲੀਨ ਰਹੇ ਅਤੇ ਜਦੋਂ ਅੰਤ ਸਮਾਂ ਆਇਆ ਤਦੋਂ ਵੀ ਰੱਬੀ ਦਰਸ਼ਨ ਕਰਦਿਆਂ ਉਨ੍ਹਾਂ ਦੀ ਜੋਤਿ (ਜਿੰਦ) ਰੱਬੀ-ਜੋਤਿ ਵਿਚ ਪਤੰਗੇ ਦੇ ਸ਼ਮ੍ਹਾਂ ਉੱਪਰ ਵਾਰਨੇ ਹੋਣ ਵਾਂਗ ਸਮਾ ਗਈ। ਜਿਸ ਵੇਲੇ ਪੰਚਮ ਗੁਰੂ ਜੀ ਨੂੰ ਤਸੀਹਿਆਂ ਦੀ ਡਾਢੀ ਭੀੜ ਪਈ ਭਾਵ ਔਕੁੜ ਬਣੀ , ਉਸ ਵੇਲੇ ਵੀ ਗੁਰੂ ਜੀ ਨੇ ਹਿਰਦੇ ਵਿਚ ਹੋਰ ਕੁਝ ਨਹੀਂ ਲਿਆਂਦਾ; ਜਿਵੇਂ ਕੋਈ ਮ੍ਰਿਗ ਪਕੜੇ ਜਾਣ ਵੇਲੇ ਵੀ ਘੰਡੇ ਹੇੜੇ ਦੇ ਨਾਦ ਉੱਪਰ ਮਸਤ ਰਹਿੰਦਾ ਹੈ, ਤਿਵੇਂ ਹੀ ਉਹ ਸ਼ਬਦ ਸੁਰਤ ਦੀ ਲਿਵ ਵਿਚ ਲੀਨ ਰਹੇ : ਰਹਿੰਦੇ ਗੁਰੁ ਦਰੀਆਉ ਵਿਚਿ, ਮੀਨ ਕੁਲੀਨ ਹੇਤੁ ਨਿਰਬਾਣੀ॥ ਦਰਸ਼ਨ ਦੇਖਿ ਪਤੰਗ ਜਿਉਂ, ਜੋਤੀ ਅੰਦਰਿ ਜੋਤਿ ਸਮਾਣੀ॥ ਸ਼ਬਦ ਸੁਰਤਿ ਲਿਵ ਮਿਰਗ ਜਿਉਂ, ਭੀੜ ਪਈ ਚਿੱਤ ਅਵਰ ਨਾ ਆਣੀ। (ਪਉੜੀ ੨੩/ਵਾਰ ੨੪)
ਦੂਜਾ ਸੀ ਕਿ ਪਰਮਾਤਮਾ ਦਾ ਅਜਿਹਾ ਸੇਵਕ ਮਾਣ, ਮੋਹ ਅਤੇ ਲੋਭ ਆਦਿਕ ਹੋਰ ਹੋਰ ਵਿਕਾਰਾਂ ਨੂੰ ਆਪਣੇ ਚਿੱਤ ਵਿਚ ਨਹੀਂ ਆਉਣ ਦੇਂਦਾ। ਉਹ ਸਦਾ ਪਰਮਾਤਮਾ ਦੇ ਗੁਣਾਂ ਰੂਪੀ ਨਾਮ-ਰਤਨ ਨੂੰ ਹੀ ਵਣਜਦਾ ਰਹਿੰਦਾ ਹੈ ਅਤੇ ਇਹੀ ਸੌਦਾ ਲੱਦ ਕੇ ਅੰਤ ਨੂੰ ਇੱਥੋਂ ਤੁਰਦਾ ਹੈ :
ਮਾਨ ਮੋਹ ਅਰੁ ਲੋਭ ਵਿਕਾਰਾ, ਬੀਓ ਚੀਤਿ ਨ ਘਾਲਿਓ॥
ਨਾਮ ਰਤਨੁ ਗੁਣਾ ਹਰਿ ਬਣਜੇ, ਲਾਦਿ ਵਖਰੁ ਲੈ ਚਾਲਿਓ॥ (ਮ: ੫/੧੦੦੦)
ਧਨ-ਦੌਲਤ, ਵਿੱਦਿਆ ਅਤੇ ਕਿਸੇ ਪ੍ਰਕਾਰ ਦੀ ਪਦ-ਪਦਵੀ ਦਾ ਮਾਣ, ਪਦਾਰਥਕ ਤੇ ਪ੍ਰਵਾਰਕ ਮੋਹ, ਮਾਣ ਵਡਿਆਈ ਤੇ ਮੁਲਕਗੀਰੀ ਦਾ ਲੋਭ ਆਦਿਕ ਵਿਕਾਰ ਹੀ ਰੱਬ ਨਾਲ ਜੁੜ ਕੇ ਜੀਵਨ ਜੀਊਣ ਵਿਚ ਸਭ ਤੋਂ ਵੱਡੀ ਰੁਕਾਵਟ ਹਨ। ਇਨ੍ਹਾਂ ਵਿਕਾਰਾਂ ਦੇ ਢਹੇ ਚੜ੍ਹਿਆ ਬੰਦਾ ਆਦਰਸ਼ਕ ਕਰਤੱਵਾਂ ਤੋਂ ਮੂੰਹ ਮੋੜ ਲੈਂਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਹਜ਼ੂਰ ਦਾ ਆਪਣਾ ਕਥਨ ਹੈ ਕਿ ਸਾਡੇ ਦੇਸ਼ ਵਿਚ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ (ਚਾਰ ਵਰਨ) ਪ੍ਰਸਿੱਧ ਹਨ, ਕਾਮਾਦਿਕ ਇਹਨਾਂ ਚੌਹਾਂ ਵਰਨਾਂ ਦੇ ਬੰਦਿਆਂ ਨੂੰ ਮਲ਼ ਦੇਣ ਵਾਲੇ ਹਨ। ਛੇ ਭੇਖਾਂ ਦੇ ਸਾਧੂਆਂ ਨੂੰ ਭੀ ਇਹ ਹੱਥਾਂ ਦੀਆਂ ਤਲੀਆਂ ’ਤੇ ਨਚਾਂਦੇ ਹਨ। ਸੋਹਣੇ ਸੁਨੱਖੇ, ਬਾਂਕੇ, ਸਿਆਣੇ ਕੋਈ ਵੀ ਹੋਣ, ਪੰਜਾਂ ਕਾਮਾਦਿਕਾਂ ਨੇ ਸਭਨਾਂ ਨੂੰ ਮੋਹ ਕੇ ਛਲ ਲਿਆ ਹੈ। ਉਨ੍ਹਾਂ ਸਵਾਲ ਖੜ੍ਹਾ ਕੀਤਾ ਸੀ ਕਿ ਕੋਈ ਐਸਾ ਬਲੀ ਹੈ, ਜਿਹੜਾ ਇਨ੍ਹਾਂ ਵਿਕਾਰਾਂ ਹੱਥੋਂ ਢੱਠਾ ਨਾ ਹੋਵੇ ? ਗੁਰਵਾਕ ਹੈ :
ਚਾਰਿ ਬਰਨ, ਚਉਹਾ ਕੇ ਮਰਦਨ, ਖਟੁ ਦਰਸਨ ਕਰ ਤਲੀ ਰੇ॥
ਸੁੰਦਰ ਸੁਘਰ ਸਰੂਪ ਸਿਆਨੇ, ਪੰਚਹੁ ਹੀ ਮੋਹਿ ਛਲੀ ਰੇ॥
ਜਿਨਿ ਮਿਲਿ ਮਾਰੇ ਪੰਚ ਸੂਰਬੀਰ, ਐਸੋ ਕਉਨੁ ਬਲੀ ਰੇ ? ॥ (ਮ: ੫/੪੦੪)
ਪਰ, ਇਤਿਹਾਸ ਗਵਾਹ ਹੈ ਕਿ ਐਸੋ ਮਹਾਂਬਲੀ ਸਤਿਗੁਰੂ ਅਰਜਨ ਸਾਹਿਬ ਆਪ ਹੀ ਸਾਬਤ ਹੋਏ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਰੱਬੀ-ਗੁਣਾਂ ਵਾਲੇ ਆਦਰਸ਼ਕ ਵਿਹਾਰ ਤੋਂ ਇਨ੍ਹਾਂ ਵਿਕਾਰਾਂ ਵਿਚੋਂ ਕੋਈ ਵੀ ਡੁਲਾ ਨਾ ਸਕਿਆ। ਨਾ ਗੁਰਗੱਦੀ ਦਾ ਮਾਣ, ਨਾ ਭੇਟਾ ਦੇ ਤੌਰ ’ਤੇ ਮਿਲਣ ਵਾਲੇ ਦੁਨੀਆਂ ਭਰ ਦੇ ਪਦਾਰਥਾਂ ਦਾ ਲੋਭ ਅਤੇ ਨਾ ਹੀ ਇਕਲੌਤੇ ਬੇਟੇ ਸ੍ਰੀ (ਗੁਰੂ) ਹਰਗੋਬਿੰਦ ਜੀ ਦਾ ਮੋਹ। ਜ਼ਿੰਦਗੀ ਦੇ ਹਰੇਕ ਖੇਤਰ ਵਿਚ ਗੁਸਾਈਂ ਦੇ ਇਸ ਪਹਿਲਵਾਨ ਦਾ ਦੁਮਾਲੜਾ ਉੱਚਾ ਹੀ ਰਿਹਾ; ਜਿਵੇਂ ਉਨ੍ਹਾਂ ਮਰਨਾ ਤਾਂ ਪ੍ਰਵਾਨ ਕਰ ਲਿਆ, ਪਰ ਰਾਜਨੀਤਕ ਦਬਾਅ ਹੇਠ ਗੁਰਮਤਿ ਸਿਧਾਂਤਾਂ ਦੇ ਵਿਪਰੀਤ ਜਾਣ ਵਾਲੀ ਕਿਸੇ ਵੀ ਪੀਰ ਫ਼ਕੀਰ ਦੀ ਕਾਵਿਕ ਰਚਨਾ ਜਾਂ ਕਿਸੇ ਦੀ ਵਿਅਕਤੀਗਤ ਸਿਫ਼ਤ ਨੂੰ ਗੁਰੂ ਗ੍ਰੰਥ ਸਾਹਿਬ ਦੇ ਮੁੱਢਲੇ ਸਰੂਪ (ਪੋਥੀ ਸਾਹਿਬ) ਜੀ ਵਿਖੇ ਰਲਾਏ ਜਾਣਾ ਪ੍ਰਵਾਨ ਨਾ ਕੀਤਾ। ਉਨ੍ਹਾਂ ਤੱਤੀ ਤਵੀ ਉੱਤੇ ਜਲ਼ਨਾ ਤਾਂ ਪ੍ਰਵਾਨ ਕਰ ਲਿਆ ਪ੍ਰੰਤੂ ਗੁਰਬਾਣੀ ਵਿਚ ਪ੍ਰਗਟਾਏ ਰੱਬੀ ਬਿਰਦ ‘‘ਜੋ ਸਰਣਿ ਆਵੈ, ਤਿਸੁ ਕੰਠਿ ਲਾਵੈ; ਇਹੁ ਬਿਰਦੁ ਸੁਆਮੀ ਸੰਦਾ॥’’ (ਮ: ੫/੫੪੪) ਦੀ ਰੌਸ਼ਨੀ ਵਿਚ ਹਕੂਮਤ ਦੇ ਬਾਗੀ ਸ਼ਹਿਜ਼ਾਦਾ ਖੁਸਰੋ ਨੂੰ ਆਮ ਸ਼ਰਧਾਲੂਆਂ ਦੀ ਤਰ੍ਹਾਂ ਗੁਰੂ ਦਰਬਾਰ ਵਿਚ ਆਉਣ ਤੋਂ ਨਹੀਂ ਰੋਕਿਆ। ਸਤਿਗੁਰੂ ਜੀ ਨੇ ਦੇਗ ਵਿਚ ਉੱਬਲ਼ਨਾ ਤਾਂ ਪ੍ਰਵਾਨ ਕਰ ਲਿਆ, ਪਰ ‘‘ਸੋ ਸਿਖੁ ਸਖਾ ਬੰਧਪੁ ਹੈ ਭਾਈ ! ਜਿ ਗੁਰ ਕੇ ਭਾਣੇ ਵਿਚਿ ਆਵੈ॥’’ (ਮ; ੩/੬੦੧) ਰੂਪ ਗੁਰਮਤਿ ਸਿਧਾਂਤ ’ਤੇ ਦ੍ਰਿੜ੍ਹ ਰਹਿੰਦਿਆਂ ਚੰਦੂ ਵਰਗੇ ਹਕੂਮਤ ਦੇ ਖੁਸ਼ਾਮਦੀ ਤੇ ਹੰਕਾਰੀ ਵਿਅਕਤੀ ਨੂੰ ਕੁੜਮ ਦੇ ਰੂਪ ਵਿਚ ਰਿਸ਼ਤੇਦਾਰ (ਬੰਧਪ) ਨਾ ਬਣਾਇਆ। ਭਾਵੇਂ ਉਸ ਨੇ ਰਾਜਸੀ ਪ੍ਰਭਾਵ ਦੀ ਵਰਤੋਂ ਵੀ ਕੀਤੀ ਅਤੇ ਆਪਣੀ ਧੀ ਨੂੰ ਲੱਖਾਂ ਦਾ ਦਾਜ ਦੇਣ ਦੇ ਲਾਲਚੀ ਲਾਰੇ ਵੀ ਲਾਏ। ਗੁਰਗੱਦੀ ਦੀ ਲਾਲਸਾ ਅਧੀਨ ਹਕੂਮਤ ਦਾ ਹੱਥ ਠੋਕਾ ਬਣੇ ਵੱਡੇ ਭਾਈ ਬਾਬਾ ਪ੍ਰਿਥੀਚੰਦ ਦਾ ਵਿਰੋਧ ਤਾਂ ਸਹਾਰਿਆ, ਪ੍ਰੰਤੂ ‘‘ਜਿਨ ਕਉ ਸਤਿਗੁਰਿ ਥਾਪਿਆ; ਤਿਨ ਮੇਟਿ ਨ ਸਕੈ ਕੋਇ॥’’ (ਮ: ੧/ ੧੭) ਦੇ ਦੈਵੀ ਫ਼ੁਰਮਾਨ ਨੂੰ ਸੱਚ ਸਿੱਧ ਕਰ ਦਿਖਾਉਣ ਲਈ ਗੁਰਿਆਈ ਦੀਆਂ ਜ਼ਿੰਮੇਵਾਰੀਆਂ ਤੋਂ ਕਿਨਾਰਾਕਸ਼ੀ ਨਾ ਕੀਤੀ। ਇਨ੍ਹਾਂ ਦੇ ਭਰਾ ਨੇ ਇੱਕਲੌਤੇ ਬੇਟੇ (ਗੁਰੂ) ਹਰਿਗੋਬਿੰਦ ਸਾਹਿਬ ਜੀ ’ਤੇ ਜਾਨ ਲੇਵਾ ਕਈ ਹਮਲੇ ਕਰਵਾਏ, ਪਰ ਸਤਿਗੁਰੂ ਜੀ ਸਪੁਤਰ ਦੇ ਮੋਹ ਵਿਚ ਪਲਚ ਕੇ ਕਿਤੇ ਵੀ ਕ੍ਰੋਧਿਤ ਨਾ ਹੋਏ ਅਤੇ ‘‘ਪਰ ਕਾ ਬੁਰਾ ਨ ਰਾਖਹੁ ਚੀਤ॥’’ (ਮ :੧/੩੮੬) ਦੇ ਦੈਵੀ ਆਦੇਸ਼ ਦੀ ਪਾਲਣਾ ਕਰਦਿਆਂ ਕਦੇ ਵੀ ਬਦਲੇ ਦੀ ਭਾਵਨਾ ਵਿਚ ਨਹੀਂ ਭਰੇ। ਸਗੋਂ ਉਸ ਦੇ ਬੀਮਾਰ ਹੋਣ ’ਤੇ ਹਜ਼ੂਰ ਦੇ ਹਿਰਦੇ ’ਚੋਂ ਅਰਦਾਸ ਦੇ ਸ਼ਬਦ ਹੀ ਨਿਕਲੇ ਸਨ : ‘‘ਸੀਤਲਾ ਤੇ ਰਖਿਆ ਬਿਹਾਰੀ ॥ ਪਾਰਬ੍ਰਹਮ ਪ੍ਰਭ, ਕਿਰਪਾ ਧਾਰੀ ॥’’ (ਮ: ੫/੨੦੦)
ਤੀਜਾ ਐਲਾਨ ਸੀ ਕਿ ਐਸਾ ਸੇਵਕ ਮਾਲਕ-ਪ੍ਰਭੂ ਦੇ ਹੁਕਮ ਤੋਂ ਕਦੇ ਮੂੰਹ ਨਹੀਂ ਮੋੜਦਾ। ਜੇ ਮਾਲਕ ਨੇ ਉਸ ਨੂੰ ਘਰ ਦੇ ਅੰਦਰ ਟਿਕਾਈ ਰੱਖਿਆ, ਤਾਂ ਸੇਵਕ ਵਾਸਤੇ ਉੱਥੇ ਹੀ ਆਤਮਕ ਅਡੋਲਤਾ ਅਤੇ ਆਨੰਦ ਬਣਿਆ ਰਹਿੰਦਾ ਹੈ। ਜੇ ਮਾਲਕ ਨੇ ਆਖਿਆ, ਉੱਠ ! ਉਸ-ਪਾਸੇ ਵਲ ਜਾਹ, ਤਾਂ ਸੇਵਕ ਉਸੇ ਪਾਸੇ ਵਲ ਦੌੜ ਪੈਂਦਾ ਹੈ।
ਜੈਸੀ ਆਗਿਆ ਕੀਨੀ ਠਾਕੁਰਿ; ਤਿਸ ਤੇ ਮੁਖੁ ਨਹੀ ਮੋਰਿਓ॥
ਸਹਜੁ ਅਨੰਦੁ ਰਖਿਓ ਗ੍ਰਿਹ ਭੀਤਰਿ; ਉਠਿ ਉਆਹੂ ਕਉ ਦਉਰਿਓ॥ (ਮ:੫/੧੦੦੦)
ਸਤਿਗੁਰੂ ਜੀ ਲਈ ‘ਧੁਰ ਕੀ ਬਾਣੀ’ ਸਾਰੇ ਜੀਵਾਂ ਦੇ ਧੁਰਿ ਅੰਦਰ ਬੈਠੇ ਸਾਹਿਬ ਪ੍ਰਭੂ ਦੀ ਆਗਿਆ ਸੀ, ਰੱਬੀ ਹੁਕਮ ਸੀ, ਉਨ੍ਹਾਂ ਅੰਦਰੋਂ ‘‘ਹਉ ਆਪਹੁ ਬੋਲਿ ਨ ਜਾਣਦਾ; ਮੈ ਕਹਿਆ ਸਭੁ ਹੁਕਮਾਉ ਜੀਉ॥’’ (ਮ: ੧/੭੬੩) ਮਹਾਂਵਾਕ ਪ੍ਰਗਟ ਹੋ ਰਹੇ ਸਨ। ਗੁਰਬਾਣੀ ਵਿਚਲੇ ਗੁਰਮਤੀ ਸਿਧਾਂਤਾਂ ’ਤੇ ਦ੍ਰਿੜ੍ਹਤਾ ਨਾਲ ਪਹਿਰਾ ਦੇਣਾ ਅਸਲ ਵਿਚ ਸਾਹਿਬ ਦੀ ਆਗਿਆ ਦੇ ਸਨਮੁਖ ਰਹਿਣਾ ਹੈ। ਜ਼ਮੀਰ ਦੀ ਅਵਾਜ਼ ਵੀ ਉਨ੍ਹਾਂ ਲਈ ਸਾਹਿਬ ਦੀ ਆਗਿਆ ਸੀ, ਜਿਸ ਦੇ ਅਧੀਨ ਉਨ੍ਹਾਂ ਬਿਪਰਵਾਦੀ ਸੋਚ ਦੇ ਹਾਮੀ ਬੀਰਬਲ, ਚੰਦੂ ਤੇ ਇਸਲਾਮੀ ਤੁਅਸਬ ਦੇ ਨੁਮਾਇੰਦੇ ਜਹਾਂਗੀਰ ਨਾਲ ਟੱਕਰ ਲਈ। ਅਸਹਿ ਤੇ ਅਕਹਿ ਤਸੀਹੇ ਝੱਲੇ ਪਰ ਨਿਯਤ ਜੀਵਨ ਆਦਰਸ਼ਾਂ ਤੋਂ ਕਦੇ ਮੂੰਹ ਨਹੀਂ ਮੋੜਿਆ।
ਚੌਥਾ ਸੀ ਕਿ ਜੇ ਅਜਿਹੇ ਸੇਵਕ ਨੂੰ ਮਾਲਕ-ਪ੍ਰਭੂ ਦੇ ਹੁਕਮ ਵਿਚ ਆਰਥਿਕ ਤੰਗੀ ਵਾਲ਼ਾ ਜੀਵਨ ਬਤੀਤ ਕਰਨ ਦਾ ਮੌਕਾ ਵੀ ਮਿਲਿਆ, ਤਾਂ ਉਸ ਨੂੰ ਹੀ ਉਨ੍ਹਾਂ ਨੇ ਸੁਖ ਮੰਨ ਲਿਆ। ਸੇਵਕ ਖ਼ੁਸ਼ੀ ਜਾਂ ਗ਼ਮੀ ਦੀ ਪਰਵਾਹ ਨਹੀਂ ਕਰਦਾ। ਸੇਵਕ ਨੂੰ ਮਾਲਕ-ਪ੍ਰਭੂ ਦਾ ਜਿਹੜਾ-ਜਿਹੜਾ ਹੁਕਮ ਮਿਲਦਾ ਹੈ, ਉਸ ਨੂੰ ਸਿਰ-ਮੱਥੇ ਮੰਨਦਾ ਹੈ: ਆਗਿਆ ਮਹਿ ਭੂਖ ਸੋਈ ਕਰਿ ਸੂਖਾ; ਸੋਗ ਹਰਖ ਨਹੀ ਜਾਨਿਓ॥ ਜੋ ਜੋ ਹੁਕਮੁ ਭਇਓ ਸਾਹਿਬ ਕਾ; ਸੋ ਮਾਥੈ ਲੇ ਮਾਨਿਓ॥ (ਮ: ੫/੧੦੦੦)
ਗੁਰਿਆਈ ਗੱਦੀ ਦੀਆਂ ਮਾਨਵਤਾ ਪ੍ਰਤੀ ਜ਼ਿੰਮੇਵਾਰੀਆਂ ਨਿਭਾਉਂਦਿਆਂ ਭਾਵੇਂ ਗੁਰੂ ਕੇ ਗ੍ਰਹਿ ਵਿਖੇ ‘‘ਲੰਗਰਿ ਦਉਲਤਿ ਵੰਡੀਐ; ਰਸੁ ਅੰਮ੍ਰਿਤੁ ਖੀਰਿ ਘਿਆਲੀ॥’’ (ਸਤਾ ਬਲਵੰਡ/੯੬੭) ਵਾਲੀ ਅਵਸਥਾ ਬਣੀ ਰਹੀ ਜਾਂ ਬਾਬਾ ਪ੍ਰਿਥੀਚੰਦ ਦੀਆਂ ਚਲਾਕੀਆਂ ਕਾਰਨ ਕਿਧਰੇ ‘‘ਰੂਖੋ ਭੋਜਨੁ ਭੂਮਿ ਸੈਨ॥’’ (ਮ: ੫/੧੩੦੬) ਵਾਲੀ ਅਵਸਥਾ ਬਣੀ, ਪਰ ਇਸ ਰੱਬੀ ਸੇਵਕ ਦੀ ਪ੍ਰੀਤ ਨਹੀਂ ਘਟੀ। ਇਨ੍ਹਾਂ ਦੀ ਜ਼ਬਾਨ ’ਤੇ ਕੋਈ ਗਿਲਾ ਸ਼ਿਕਵਾ ਨਹੀਂ ਆਇਆ। ਜੇ ਕਿਸੇ ਹਿਤੂ ਸੱਜਣ ਨੇ ਪੁੱਛਿਆ ਤਾਂ ਸਦਾ ਇਹੀ ਉੱਤਰ ਮਿਲਿਆ ‘‘ਸਖੀ ! ਪ੍ਰਿਅ ਸੰਗਿ ਸੂਖਿ ਬਿਹਾਤ॥’’ (ਮ: ੫/੧੩੦੬)
ਸਾਹਿਬ ਦੀ ਆਗਿਆ ਨੂੰ ਨਿਭਾਂਦਿਆਂ ਭਾਵੇਂ ਉਨ੍ਹਾਂ ਦੇ ਸੀਸ ਉੱਪਰ ਗੁਰਿਆਈ ਛੱਤਰ ਝੁੱਲਿਆ ਤੇ ਭਾਵੇਂ ਗਰਮ ਰੇਤਾ ਦੇ ਕੜਛੇ ਪਏ, ਉਹ ਮਾਲਕ ਪ੍ਰਭੂ ਲਈ ਸਦਾ ਸ਼ੁਕਰਾਨੇ ਦੇ ਭਾਵ ਵਿਚ ਵਿਚਰਦੇ ਰਹੇ ਅਤੇ ਕਦੇ ਵੀ ਉਨ੍ਹਾਂ ਦੀ ਜ਼ੁਬਾਨ ’ਤੇ ਉਲਾਂਭਾ ਨਾ ਆਇਆ। ਹਰਖ ਸੋਗ ਸਮ ਕਰ ਸਹਾਰਿਆ। ਇਸ ਪ੍ਰਕਾਰ ਪਰਮੇਸ਼ਰ ਦੇ ਪਰਮ ਸੇਵਕ ਗੁਰੂ ਅਰਜਨ ਸਾਹਿਬ ਜੀ ਦੀ ‘‘ਓੜਕਿ ਨਿਬਹੀ ਪ੍ਰੀਤਿ ॥’’ (ਮ: ੫/੧੦੦੦) ਜੋ ਅਨੇਕਾਂ ਗੁਰਸਿੱਖ, ਸਿੱਖਣੀਆਂ ਲਈ ਅਜਿਹੀ ਮਿਸਾਲ ਬਣੀ, ਜਿਸ ਨੂੰ ਧਿਆਨ ਵਿਚ ਰੱਖ ਕੇ ਉਨ੍ਹਾਂ ਸਿੱਖੀ ਸਿਦਕ ਨਿਭਾਂਦਿਆਂ ਸਿੱਖ ਇਤਿਹਾਸ ਨੂੰ ਆਪਣੇ ਖ਼ੂਨ ਨਾਲ ਲਿਖ ਕੇ ਸਦਾ ਲਈ ਅਮਰ ਕਰ ਦਿੱਤਾ।
ਸੋ, ਲੋੜ ਤਾਂ ਹੁਣ ਇਹ ਹੈ ਕਿ ਪੁਰਖਿਆਂ ਦੇ ਨਾਮ ’ਤੇ ਕੇਵਲ ਦਮਗਜੇ (ਗੱਪ) ਹੀ ਨਾ ਮਾਰੀਏ, ਸਗੋਂ ਸਤਿਗੁਰਾਂ ਅਤੇ ਸਿੱਖ ਸ਼ਹੀਦਾਂ ਦੇ ਇਤਿਹਾਸ ਤੋਂ ਸੇਧ ਲੈਂਦੇ ਹੋਏ ਗੁਰਸਿੱਖੀ ਵਾਲਾ ਆਦਰਸ਼ਕ ਜੀਵਨ ਵੀ ਜੀਵੀਏ। ਪ੍ਰਵਾਰਕ ਜੀਵਨ ਵਿਚ ਰੋਜ਼ੀ ਦੀ ਖ਼ਾਤਰ ਸਿੱਖੀ ਸਿਦਕ ਤੋਂ ਨਾ ਹਾਰੀਏ ਅਤੇ ਭਾਈਚਾਰਕ ਵਿਹਾਰ ਵੇਲ਼ੇ ਸੁਆਰਥ ਤੋਂ ਉਚੇਰੇ ਹੋ ਕੇ ਸਾਰਿਆਂ ਦਾ ਭਲਾ ਲੋਚੀਏ। ਕੌਮੀ ਅਗਵਾਈ ਕਰਦਿਆਂ ਛੋਟੀਆਂ ਛੋਟੀਆਂ ਰਾਜਨੀਤਕ, ਸਮਾਜਿਕ ਤੇ ਧਾਰਮਿਕ ਪਦ ਪਦਵੀਆਂ ਲਈ ਆਪਣੇ ਧਰਮ ਈਮਾਨ ਤੋਂ ਨਾ ਡੋਲੀਏ ਅਤੇ ਗੁਰਮਤਿ ਸਿਧਾਂਤਾਂ ਨੂੰ ਪਿੱਠ ਨਾ ਦੇਈਏ।
ਭੁੱਲ-ਚੁੱਕ ਮੁਆਫ਼।