‘ਜਾਤ ਪਾਤ’ ਵੰਡ ਵੀ ਇੱਕ ਸਮਾਜਿਕ ਦਲਦਲ ਹੈ।

0
1179

 ‘ਜਾਤ ਪਾਤ’ ਵੰਡ ਵੀ ਇੱਕ ਸਮਾਜਿਕ ਦਲਦਲ ਹੈ।

ਗੁਰਵਿੰਦਰ ਸਿੰਘ ਖੁਸ਼ੀਪੁਰ-99141-61453

ਦਲਦਲ ਤੋਂ ਭਾਵ ਚਿੱਕੜ, ਜਿਲ੍ਹਣ, ਗਡਣ, ਧਸਣ ਹੈ। ਦਲਦਲ ਉਹ ਥਾਂ ਹੁੰਦੀ ਹੈ ਜਿੱਥੇ ਕੋਈ ਵਿਅਕਤੀ ਜਾਂ ਜਾਨਵਰ ਜਾਣੇ ਅਣਜਾਣੇ ਚਲਾ ਜਾਵੇ ਤਾਂ ਉੱਥੋਂ ਬਿਨ੍ਹਾਂ ਕਿਸੇ ਦੇ ਸਹਾਰੇ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਸਾਡੇ ਸਮਾਜ ’ਚ ਜਾਤ ਪਾਤ ਦਾ ਭੇਦ ਭਾਵ ਵੀ ਇੱਕ ਦਲਦਲ ਹੀ ਹੈ। ਸਦੀਆਂ ਤੋਂ ਮਨੁੱਖ ਇਸ ਜਾਤ ਪਾਤ ਨਾਂ ਦੀ ਦਲਦਲ ’ਚ ਫਸੇ ਹੋਏ ਹਨ। ਸਮਾਜ ਨੂੰ ਚਾਰ ਸ਼੍ਰੇਣੀਆਂ (ਬ੍ਰਹਮਣ, ਖੱਤਰੀ, ਵੈਸ, ਸੂਦਰ) ਦੇ ਰੂਪ ਵਿੱਚ ਵੰਡ ਦਿੱਤਾ ਗਿਆ। ਸਤਿਗੁਰੂ ਜੀ ਨੇ ਜਾਤ ਪਾਤ ਦੀ ਦਲਦਲ ’ਚੋਂ ਬਾਹਰ ਕੱਢ ਕੇ ਸਚਿਆਰਾ ਜੀਵਨ ਜੀਉਣ ਦਾ ਉਪਦੇਸ਼ ਦਿੱਤਾ ਤੇ ਕਿਹਾ ਕਿ ਸਾਰੇ ਜੀਵ ਇਕ ਪ੍ਰਮਾਤਮਾ ਦੇ ਪੈਦਾ ਕੀਤੇ ਹੋਏ ਹਨ: ‘‘ਏਕੁ ਪਿਤਾ, ਏਕਸ ਕੇ ਹਮ ਬਾਰਿਕ; ਤੂ ਮੇਰਾ ਗੁਰ ਹਾਈ ॥’’ (ਮ: ੫/੬੧੧)

ਉਦਾਸੀਆਂ ਦੇ ਸਮੇਂ ਸਤਿਗੁਰੂ ਨਾਨਕ ਦੇਵ ਜੀ ਨੇ ਆਪਣੇ ਸਾਥੀ ਵੱਜੋਂ ਭਾਈ ਮਰਦਾਨਾ ਜੀ ਦੀ ਚੋਣ ਕੀਤੀ ਜੋ (ਮਰਾਸੀ, ਮੁਸਲਮਾਨ) ਜਾਤ ਨਾਲ ਸੰਬੰਧਿਤ ਸਨ। ਲੋਕਾਂ ਨੂੰ ਜਾਤ ਪਾਤ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਇਹ ਵੀ ਇੱਕ ਮਿਸਾਲ ਹੀ ਸੀ। ਇਸੇ ਦਲਦਲ ’ਚੋਂ ਬਾਹਰ ਕੱਢਣ ਲਈ ਲੰਗਰ ਪ੍ਰਥਾ ਆਰੰਭ ਕੀਤੀ ਗਈ ਜਿੱਥੇ ਬਿਨਾਂ ਕਿਸੇ ਭੇਦ ਭਾਵ ਤੋਂ ਸਰੀਰਕ ਤੇ ਮਾਨਸਿਕ ਲੋੜਾਂ ਦੀ ਪੂਰਤੀ ਹੁੰਦੀ। ਨਗਰਾਂ ’ਚ ਸਰੋਵਰ ਤੇ ਖੂਹ ਬਣਵਾਏ ਗਏ ਤਾਂ ਜੋ ਹਰ ਵਰਗ ਲਈ ਪਾਣੀ ਦੀ ਪੂਰਤੀ ਹੋਵੇ ਤੇ ਦਵਾਖ਼ਾਨੇ ਵੀ ਖੋਲ੍ਹੇ ਗਏ।

ਸੰਨ 1699 ਦੀ ਵਿਸਾਖੀ (ਖਾਲਸਾ ਪੰਥ ਦੀ ਸਿਰਜਣਾ) ਸਮੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਨਮੁਖ ਜਿਨ੍ਹਾਂ 5 ਪਿਆਰਿਆਂ ਨੇ ਆਪਣੇ ਸੀਸ ਭੇਟ ਕੀਤੇ, ਉਹ ਵੀ ਭਿੰਨ-ਭਿੰਨ ਜਾਤਾਂ ਤੇ ਅਲੱਗ-ਅਲੱਗ ਇਲਾਕਿਆਂ ਨਾਲ ਸੰਬੰਧਿਤ ਸਨ, ਜਿਸ ਰਾਹੀਂ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ ਕਿ ਗੁਰੂ ਜੀ ਨੇ ਸਮਾਜਿਕ ਦਲਦਲ ਦੀ ਬਜਾਇ ਵਿਚਾਰਕ ਨਿਰਲੇਪਤਾ ਤੇ ਸਮਾਨਤਾ ਨੂੰ ਮਹੱਤਤਾ ਦਿੱਤੀ।

ਜਾਤ ਪਾਤ ਰੂਪ ਦਲਦਲ ਦਾ ਸਰੋਤ ਕਹੀ ਜਾਂਦੀ ਬਨਾਰਸ ਨਗਰੀ ’ਚ ਪੈਦਾ ਹੋਏ ਸ਼੍ਰੋਮਣੀ ਭਗਤ ਕਬੀਰ ਜੀ ਨੇ ਵੀ ਆਪਣੀ ਬਾਣੀ ’ਚ ਜਾਤ ਪਾਤ ਦੇ ਖੰਡਨ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਸਾਡੇ ਕਬੀਲੇ ’ਚ ਤਾਂ ਜੋ ਅਕਾਲ ਪੁਰਖ ਦੀ ਵਿਚਾਰ ਕਰਦਾ ਹੈ ਉਸੇ ਨੂੰ ਹੀ ਬ੍ਰਾਹਮਣ ਆਖਿਆ ਜਾਂਦਾ ਹੈ: ‘‘ਕਹੁ ਕਬੀਰ ! ਜੋ ਬ੍ਰਹਮੁ ਬੀਚਾਰੈ ॥ ਸੋ ਬ੍ਰਾਹਮਣੁ, ਕਹੀਅਤੁ ਹੈ ਹਮਾਰੈ ॥’’ (ਭਗਤ ਕਬੀਰ/੩੨੪) ਇਹ ਤਰ੍ਹਾਂ ਦੇ ਵਚਨ ਹੀ ਗੁਰੂ ਅਮਰਦਾਸ ਜੀ ਕਰਦੇ ਹਨ: ‘‘ਜਾਤਿ ਕਾ ਗਰਬੁ; ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ; ਸੋ ਬ੍ਰਾਹਮਣੁ ਹੋਈ ॥’’ (ਮ: ੩/੧੧੨੭)

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਜਾਤ ਪਾਤ ਦੇ ਭੇਦ ਭਾਵ ਨੂੰ ਨਕਾਰਦਿਆਂ 35 ਮਹਾਂ ਪੁਰਸ਼ਾਂ ’ਚ ਭਿੰਨ-ਭਿੰਨ ਜਾਤਾਂ ਤੇ ਧਰਮਾ ਨਾਲ ਸੰਬੰਧਿਤ ਸ਼ਖ਼ਸੀਅਤਾਂ ਨੂੰ ਮਾਣ ਬਖ਼ਸ਼ਿਆ ਤੇ ਉਪਦੇਸ਼ ਕੀਤਾ ‘‘ਸਭੇ ਸਾਝੀਵਾਲ ਸਦਾਇਨਿ; ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥’’ (ਮ: ੫/੯੭) ਇਹੀ ਵਚਨ ਸਭ ਧਰਮਾਂ ਤੇ ਜਾਤਾਂ ਲਈ ਇੱਕ ਸਮਾਨ ਹੋ ਨਿਬੜੇ ‘‘ਖਤ੍ਰੀ ਬ੍ਰਾਹਮਣ ਸੂਦ ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ ॥’’ (ਮ: ੫/੭੪੭)

ਗੁਰੂ ਉਪਦੇਸ਼ ਨੇ ਇਸ ਜਾਤ ਪਾਤ ਬੁਰਿਆਈ ਨੂੰ ਕੇਵਲ ਸਮਾਜਿਕ ਦਲਦਲ ਹੀ ਮੰਨਿਆ ਹੈ ਜੋ ਰੱਬੀ ਦਰਗਾਹ ਜਾਂ ਮਰਨ ਉਪਰੰਤ ਕੋਈ ਅਹਿਮਤੀ ਨਹੀਂ ਰੱਖਦੀ ‘‘ਅਗੈ ਜਾਤਿ ਨ ਜੋਰੁ ਹੈ; ਅਗੈ ਜੀਉ ਨਵੇ ॥’’ (ਮ: ੧/੪੬੯)

ਪਰ ਜੇ ਅਸੀਂ ਅਜੋਕਾ ਸਮਾਂ ਵੇਖੀਏ ਤਾਂ ਜਿਸ ਦਲਦਲ ਬਾਰੇ ਗੁਰਬਾਣੀ ਵਾਰ-ਵਾਰ ਚੇਤਾ ਕਰਵਾ ਰਹੀ ਹੈ ਅਸੀਂ ਉਸੇ ਵਿੱਚ ਫਸੇ ਵਿਖਾਈ ਦੇ ਰਹੇ ਹਾਂ ਤੇ ਇਹ ਸਵੀਕਾਰਨ ਨੂੰ ਵੀ ਤਿਆਰ ਨਹੀਂ। ਸਾਡੇ ਗੁਰਦੁਆਰਿਆਂ ਦੀ ਉਸਾਰੀ ਵੀ ਜਾਤ ਪਾਤ ਆਧਾਰਿਤ ਕੀਤੀ ਜਾ ਰਹੀ ਹੈ। ਸਮਾਜਿਕ ਰਿਸ਼ਤੇ ਵੀ ਸਾਡੇ ਜਾਤ ਪਾਤ ਆਧਾਰਿਤ ਹੀ ਬਣੇ ਹੋਏ ਹਨ, ਜਿਸ ਕਾਰਨ ਕਿਸੇ ਨੂੰ ਗੁਰੂ ਵਾਂਗ ਇਸ ਦਲਦਲ ਬਾਰੇ ਅਹਿਸਾਸ ਕਰਵਾਉਣ ਵਾਲਾ ਵੀ ਨਜ਼ਰ ਨਹੀਂ ਆਉਂਦਾ ਹੈ। ਲੰਗਰ ਤਿਆਰ ਕਰਨ ਤੇ ਵਰਤਾਉਣ ਦੌਰਾਨ ਵੀ ਜਾਤ ਪਾਤ ਨੂੰ ਸਾਹਮਣੇ ਰੱਖਿਆ ਜਾਂਦਾ ਹੈ। ਗੁਰਦੁਆਰਾ ਪ੍ਰਬੰਧਕ ਦੀ ਨਿਯੁਕਤੀ ਲਈ ਵੀ ਵਿਸ਼ੇਸ਼ ਜਾਤ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ।

ਗੁਰੂ ਸਿੱਖਿਆ ਰਾਹੀਂ ਜਿਸ ਬਿਮਾਰੀ ਦਾ ਨਾਸ ਕਰ ਕੇ ਅਸੀਂ ਸਮਾਜ ਲਈ ਮਿਸਾਲ ਪੇਸ਼ ਕਰਨੀ ਸੀ ਉਹੀ ਸੋਚ ਦਲਦਲ ’ਚ ਫਸੀ ਗਰੀਬਾਂ ਦਾ ਸ਼ੋਸ਼ਣ ਕਰਨ ’ਚ ਅਗਵਾਈ ਕਰ ਰਹੀ ਹੈ।

ਮਿਸਲਾਂ ਸਮੇਂ ਵੰਡੀ ਜਾਂਦੀ ਸਿੱਖੀ ਅੱਜ ਟਕਸਾਲਾਂ, ਜਥੇਬੰਦੀਆਂ ’ਚ ਵੰਡੀ ਗਈ ਹੈ, ਜੋ ਆਏ ਦਿਨ ਸਮਾਜ ਨੂੰ ਗੁਰਮਤਿ ਵਿਰੋਧੀ ਸੰਦੇਸ਼ ਦੇ ਰਹੀ ਹੈ। ਇਸ ਦੇ ਬਾਵਜੂਦ ਵੀ ਅਸੀਂ ਆਪਣੇ ਆਪ ਨੂੰ ਗੁਰੂ ਦੇ ਸੱਚੇ ਸਿੱਖ ਅਖਵਾਉਣ ਵਿੱਚ ਫ਼ਕਰ ਮਹਿਸੂਸ ਕਰਦੇ ਆ ਰਹੇ ਹਾਂ।

ਜਦ ਅਸੀਂ ਗੁਰੂ ਉਪਦੇਸ਼ ਨੂੰ ਸਰਬੋਤਮ ਮੰਨਦਿਆਂ ‘‘ਅਵਲਿ ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ ॥’’ (ਭਗਤ ਕਬੀਰ/੧੩੪੯) ਵਚਨ ਆਪ ਸੁਣ ਕੇ ਹੋਰਾਂ ਨਾਲ ਸਾਂਝੇ ਕਰਾਂਗੇ ਤਾਂ ਹੀ ਅਸੀਂ ਦਲਦਲ ਰੂਪ ਨਫ਼ਰਤ ’ਚੋਂ ਬਾਹਰ ਨਿਕਲ ਕੇ ‘‘ਇਹ ਲੋਕ ਸੁਖੀਏ, ਪਰਲੋਕ ਸੁਹੇਲੇ ॥’’ (ਮ: ੫/੨੯) ਵਚਨਾਂ ਦੇ ਭਾਗੀਦਾਰ ਬਣਾਂਗੇ।

ਸੋ, ਦਲਦਲ ’ਚ ਫਸੇ ਨੂੰ ਗੁਰੂ ਉਪਦੇਸ਼ ਹੀ ਕੱਢ ਸਕਦਾ ਹੈ, ਪਰ ਜ਼ਰੂਰਤ ਹੈ ਨਿਰਮਲ ਬੁੱਧੀ ਨਾਲ ਗੁਰੂ ਨਾਲ ਜੁੜਨ ਦੀ, ਨਾ ਕਿ ਆਪਣੀ ਮਤ ਨੂੰ ਹੀ ਗੁਰਮਤ ਬਣਾਉਣ ਦਾ ਯਤਨ ਕੀਤਾ ਜਾਏ।