ਸ਼ੇਰ ਏ ਪੰਜਾਬ ਮਹਾਂਬਲੀ ਰਣਜੀਤ ਸਿੰਘ

0
1023

ਸ਼ੇਰ ਏ ਪੰਜਾਬ ਮਹਾਂਬਲੀ ਰਣਜੀਤ ਸਿੰਘ

ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਐਜੂਕੇਸ਼ਨ)

ਅਕਾਲ ਪੁਰਖ ਨੇ ਜਗਤ ਜਲੰਦੇ ਨੂੰ ਠਾਰਨ ਲਈ ਗੁਰੂ ਨਾਨਕ ਸਾਹਿਬ ਜੀ ਨੂੰ ਸੰਸਾਰ ਵਿੱਚ ਭੇਜਿਆ। ਆਪ ਜੀ ਨੇ ਦਸ ਜਾਮੇ (ਸਰੀਰ) ਧਾਰਨ ਕਰ ਕੇ ਨਿਰੰਕਾਰ ਦੇ ਸਿਮਰਨ ਪ੍ਰਤੀ ਮਾਨਵਤਾ ਅੰਦਰ ਜਾਗ੍ਰਤੀ ਪੈਦਾ ਕੀਤੀ। ਗੁਰੂ ਸ਼ਬਦ ਰਾਹੀਂ ਮਨੁੱਖਤਾ ਨੂੰ ਡਿੱਗੇ ਹੋਏ ਜੀਵਨ ਦੇ ਹਰ ਪਹਿਲੂ ਤੋਂ ਉੱਚਾ ਚੁੱਕਿਆ। ਧਰਮ ਅਤੇ ਸਮਾਜਿਕ ਕੁਰੀਤੀਆਂ ਨੂੰ ਗੁਰਮਤਿ ਪ੍ਰਚਾਰ ਰਾਹੀਂ ਦੂਰ ਕੀਤਾ। ਜ਼ੁਲਮੀ ਹਕੂਮਤ ਦੀ ਬੜੇ ਸਖ਼ਤ ਸ਼ਬਦਾਂ ‘‘ਰਾਜੇ ਸੀਹ ਮੁਕਦਮ ਕੁਤੇ ॥’’ (ਮ: ੧/੧੨੮੮) ਕਹਿ ਕੇ ਨਿਖੇਧੀ ਕੀਤੀ । ਸਤਿਗੁਰੂ ਸਾਹਿਬਾਨ ਨੇ ਜਿੱਥੇ ਰੂਹਾਨੀਅਤ ਨੂੰ ਸਿਖਰ ’ਤੇ ਪਹੁੰਚਾਇਆ ਉੱਥੇ ਸੱਚੇ ਧਰਮ ਤੇ ਸੱਚੀ ਰਾਜਨੀਤੀ ‘‘ਰਾਜੇ ਚੁਲੀ ਨਿਆਵ ਕੀ.. ॥’’ (ਮ: ੧/੧੨੪੦) ਦਾ ਵੀ ਗਿਆਨ ਬਖ਼ਸ਼ਿਆ । ਗਰੀਬਾਂ ਦਾ ਦਰਦ ਰੱਖਣ ਵਾਲੇ ਸਤਿਗੁਰੂ, ਮਨੁੱਖਤਾ ਨੂੰ ਕਸਾਈ ਰਾਜਿਆਂ ਦੇ ਵਸ ਪਿਆ ਕਿਵੇਂ ਵੇਖ ਸਕਦੇ ਹਨ ? ਸੋ, ਆਪ ਜੀ ਨੇ ਅਜਿਹੇ ਪੰਥ ਨੂੰ ਸਾਕਾਰ ਕੀਤਾ ਜੋ ਮਾਨਵਤਾ ਲਈ ਧਰਮ ਤੇ ਹਲੀਮੀ ਰਾਜ ਕਾਇਮ ਕਰ ਸਕੇ । ਜਿਸ ਦੀ ਵਿਆਖਿਆ ਭਗਤ ਰਵਿਦਾਸ ਜੀ ਨੇ ‘‘ਬੇਗਮ ਪੁਰਾ ਸਹਰ ਕੋ ਨਾਉ ॥’’ (ਭਗਤ ਰਵਿਦਾਸ/੩੪੫) ਰਾਹੀਂ ਸਥਾਪਿਤ ਕਰਨ ਦੀ ਹਿੰਮਤ ਕੀਤੀ।

ਫਿਰ ਗੁਰੂ ਅਰਜਨ ਸਾਹਿਬ ਜੀ ਨੇ ‘‘ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥ ਪੈ ਕੋਇ ਨ ਕਿਸੈ ਰਞਾਣਦਾ ॥ ਸਭ ਸੁਖਾਲੀ ਵੁਠੀਆ; ਇਹੁ ਹੋਆ ਹਲੇਮੀ ਰਾਜੁ ਜੀਉ ॥’’ (ਮ: ੫/੭੪) ਰਾਹੀਂ ਰਾਜ ਕਰਨ ਕੀ ਰੀਤ ਸਿਖਾਈ। ਸਿਖ ਕੌਮ ਨੂੰ ਬਿਖੜੇ ਪੈਂਡੇ ਤੇ ਸਮੇਂ ਵਿੱਚੋਂ ਗੁਜ਼ਰਨਾ ਪਿਆ ਪਰ ਦੋਨੋਂ ਸਮੇਂ ‘ਰਾਜ ਕਰੇਗਾ ਖ਼ਾਲਸਾ, ਆਕੀ ਰਹੇ ਨਾ ਕੋਇ। ਖੁਆਰ ਹੋਇ ਸਭ ਮਿਲਹਿਗੇ, ਬਚਹਿ ਸਰਨ ਜੋ ਹੋਇ।’ ਦੇ ਸਿਧਾਂਤ ਨੂੰ ਪੜ੍ਹ ਕੇ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹੀ।

ਸੰਨ 1708 ਵਿੱਚ ਦਸਮ ਪਾਤਸ਼ਾਹ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 12 ਮਈ 1710 ਈ: ਨੂੰ ਚਪੜ-ਚਿੜੀ ਦੇ ਮੈਦਾਨ ਵਿਚ ਵਜ਼ੀਰ ਖਾਂ ਨੂੰ ਮੌਤ ਦੇ ਘਾਟ ਉਤਾਰ ਕੇ ਜ਼ਾਲਮਾਂ ਨੂੰ ਸਬਕ ਸਿਖਾਇਆ। ਆਖ਼ਿਰ 14 ਮਈ 1710 ਨੂੰ ਸਰਹੰਦ ’ਤੇ ਕਬਜ਼ਾ ਕਰਕੇ ਸਿੱਖ ਰਾਜ ਸਥਾਪਿਤ ਕੀਤਾ। ਤਦ ਸਰਹੰਦ 28 ਪਰਗਣਿਆਂ ਦਾ 36 ਲੱਖ ਰੁਪਏ ਸਾਲਾਨਾ ਆਮਦਨ ਦਾ ਸੂਬਾ ਸੀ।

ਆਜ਼ਾਦੀ ਪਸੰਦ ਕੌਮ ਕਿਸੇ ਦੀ ਦੁਬੇਲ ਹੋਣ ਦੀ ਥਾਂ ਹਮੇਸ਼ਾਂ ਸ਼ਹਾਦਤ (ਮੌਤ) ਨੂੰ ਤਰਜੀਹ (ਪਹਿਲ) ਦਿੰਦੀ ਰਹੀ ਹੈ। ਐਸੀ ਕੌਮ, ਕਦੀ ਗੁਲਾਮ ਨਹੀਂ ਬਣਾਈ ਜਾ ਸਕਦੀ ਸਗੋਂ ਚੜ੍ਹਦੀਕਲਾ ਨਾਲ ਇੱਕ ਦਿਨ ਰਾਜ ਕਾਇਮ ਕਰ ਕੇ ਹੀ ਰਹਿੰਦੀ ਹੈ। ਸਾਰੀ ਦੁਨਿਆਂ ਇਸ ਗੱਲ ਤੋਂ ਭਲੀ ਭਾਂਤ ਜਾਣੂ ਹੈ ਕਿ ਇਨਕਲਾਬ ਕਦੀ ਪਿਛਾਂਹ ਨਹੀਂ ਪਰਤਿਆ ਕਰਦਾ ਹਮੇਸ਼ਾਂ ‘‘ਆਗਾਹਾ ਕੂ ਤ੍ਰਾਘਿ.. ॥’’ (ਮ: ੫/੧੦੯੬)ਹੀ ਪੈਦਾ ਕਰਦਾ ਹੈ। ਜਿਸ ਇਨਕਲਾਬ ਦੀ ਨੀਂਹ ਗੁਰੂ ਸਾਹਿਬਾਨ ਨੇ ਰੱਖੀ ਉਸ ਦੀ ਜੜ੍ਹ ਡੂੰਘੀ ਤੇ ਅਟੁੱਟ ਹੈ। ਆਖ਼ਿਰ ਉਸ ਨੇ ਵਰਿਆਂ ਤੋਂ ਪਏ ਗੁਲਾਮੀ ਦੇ ਕਠੋਰ ਸੰਗਲਾਂ ਨੂੰ ਤੋੜ ਕੇ ਦੇਸ਼, ਕੌਮ ਨੂੰ ਸੁੱਖ ਦਾ ਸਾਹ ਦਿਵਾਇਆ ।

ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੰਘਾਂ ਉੱਤੇ ਕੁਝ ਸਮੇਂ ਲਈ ਸੰਕਟ ਦੇ ਬੱਦਲ ਛਾਅ ਗਏ ਤੇ ਇਨ੍ਹਾਂ ਨੂੰ ਆਪਣੇ ਘਰ ਬਾਰ ਛੱਡ ਜੰਗਲਾਂ ਵੱਲ ਕੂਚ ਕਰਨਾ ਪਿਆ, ਇਸ ਦੇ ਬਾਵਜੂਦ ਵੀ ਸਿੰਘਾਂ ਨੇ ਆਪਣੇ ਹੌਸਲੇ ਬੁਲੰਦ ਰੱਖੇ। ਸਿੰਘਾਂ ਨੇ ਆਪਣੇ ਆਪ ਨੂੰ ਫੌਜੀ ਜਥੇਬੰਦੀ ਦੇ ਰੂਪ ਵਿੱਚ ਢਾਲ ਲਿਆ। ਤਦ ਸਿੰਘਾਂ ਦੇ ਲਗਭਗ 65 ਜਥੇ ਸਨ ਜੋ ਸ. ਹਰੀ ਸਿੰਘ ਭੰਗੀ ਤੋਂ ਲੈ ਕੇ ਸ. ਸੁੱਖਾ ਸਿੰਘ ਮਾੜੀ ਕੰਬੋਕੇ ਆਦਿ ਸਿੱਖ ਸਰਦਾਰਾਂ ਦੀ ਅਗਵਾਈ ਵਿਚ ਜਥੇਬੰਦ ਹੋ ਕੇ ਪੰਥ ਦੀ ਸੇਵਾ ਨਿਭਾ ਰਹੇ ਸਨ। ਦੂਜਾ ਮਹਾਨ ਕਾਰਨ ਜਿਸ ਨੇ ਸਿੰਘਾਂ ਦੀ ਜਥੇਬੰਦੀ ਨੂੰ ਮਜਬੂਤ ਕੀਤਾ ਉਹ ਸੀ 65 ਜਥਿਆਂ ਨੂੰ ਮਿਲਾ ਕੇ 11 ਮਿਸਲਾਂ ਦੀ ਬੁਨਿਆਦ ਰੱਖੀ ਜਾਣਾ ਸੀ। ਅਕਾਲ ਤਖ਼ਤ ਸਾਹਿਬ ਦੇ ਸਾਹਮਣੇ 29 ਮਾਰਚ 1748 ਨੂੰ ਖਾਲਸਾ ਪੰਥ ਇਕੱਤ੍ਰ ਹੋਇਆ। ਨਵਾਬ ਕਪੂਰ ਸਿੰਘ ਜੀ ਨੇ ਕੌਮ ਨੂੰ ਜਥੇਬੰਦ ਹੋਣ ਦੀ ਪ੍ਰੇਰਨਾ ਕੀਤੀ, ਆਖਿਰ ਲੰਮੀ ਵੀਚਾਰ ਚਰਚਾ ਤੋਂ ਬਾਅਦ ਸਮੂਹ ਜਥੇ 11 ਭਾਗਾਂ ਵਿਚ ਸੰਗਠਿਤ ਹੋ ਗਏ । ਸ. ਜੱਸਾ ਸਿੰਘ ਆਹਲੂਵਾਲੀਏ ਨੇ ਹਰ ਨਵੇਂ ਜਥੇ ਦੀ ਵੱਖ-ਵੱਖ ਫਰਿਸਤ (ਮਿਸਲ, ਫਾਈਲ) ਤਿਆਰ ਕੀਤੀ। 11 ਮਿਸਲਾਂ ਉਪਰੰਤ 12ਵੀਂ ਮਿਸਲ ਮਾਲਵੇ ਦੇ ਚੌਧਰੀ ਫੂਲਕਿਆਂ ਦੀ ਅਖਵਾਈ। ਇਸ ਤਰ੍ਹਾਂ ਸਮੁੱਚੀ ਫੌਜੀ ਜਥੇਬੰਦੀ ਦਾ ਨਾਂ ‘ਦਲ ਖਾਲਸਾ’ ਰੱਖਿਆ ਗਿਆ।

‘ਦਲ ਖਾਲਸਾ’ ਜਥੇਬੇਦੀ ਨੇ 6 ਦਹਾਕਿਆਂ ਤੱਕ ਅਲੱਗ-ਅਲੱਗ ਮਿਸਲਾਂ ਰਾਹੀਂ ਅਣਗਿਣਤ ਸੰਘਰਸ਼ ਕੀਤੇ। ਮਿਸਲ ਸੁੱਕ੍ਰਚੱਕੀਆਂ ਦੇ ਜਥੇਦਾਰ ਸਰਦਾਰ ਮਹਾ ਸਿੰਘ ਦੇ ਘਰ, ਜੀਂਦਪਤਿ ਰਾਜਾ ਗਜਪਤਿ ਸਿੰਘ ਦੀ ਸਪੁੱਤਰੀ ਬੀਬੀ ਰਾਜ ਕੌਰ ਜੀ ਦੇ ਉਦਰ ਤੋਂ 2 ਨਵੰਬਰ 1780 ਈਸਵੀ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ, ਜਿਨ੍ਹਾਂ ਨੂੰ ਬਚਪਨ ’ਚ ਨਿਕਲੀ ਚੇਚਕ ਬੀਮਾਰੀ ਕਾਰਨ ਆਪਣੀ ਖੱਬੀ ਅੱਖ ਗਵਾਉਣੀ ਪਈ। ਇਸ ਦੇ ਬਾਵਜੂਦ ਇਹ ਇੱਕ ਚਤੁਰ ਤੇ ਅਣਥੱਕ ਯੋਧਾ ਹੋਇਆ, ਜੋ ਸੰਨ 1839 (ਅੱਧੀ ਸਦੀ) ਤੱਕ ਸਿੱਖ ਰਾਜ ਸਥਾਪਤ ਕਰਨ ’ਚ ਕਾਮਯਾਬ ਰਿਹਾ।

ਡਾ: ਇਕਬਾਲ ਨੇ ਇਸੇ ਲਈ ਕਿਹਾ ਸੀ ਕਿ ‘ਅਠਾਰਵੀਂ ਸਦੀ ਵਿੱਚ ਸਿੰਘ ਸਰਦਾਰਾਂ ਨੇ ਇਸਲਾਮ ਤੋਂ ਕੁਰਾਨ ਤੇ ਤਲਵਾਰ ਦੋਨੋਂ ਖੋਹ ਲਈਆਂ। ਕੁਰਾਨ ਤੋਂ ਭਾਵ ਜ਼ਬਰੀ ਧਰਮਬੰਦੀ ਨੂੰ ਬੰਨ੍ਹ ਲਾ ਦਿੱਤਾ। ਤਲਵਾਰ ਤੋਂ ਭਾਵ ਦਿੱਲੀ ਤੋਂ ਕਾਬਲ ਦੀਆਂ ਦੋਹਾਂ ਤਾਕਤਾਂ ਨੂੰ ਤਖ਼ਤ ਤੋਂ ਭੁੰਜੇ ਲਾਹ ਕੇ ਮਿਸਲ ਦੇ ਸਰਦਾਰਾਂ ਮੋਹਰ ਸਿੰਘ, ਸਾਹਿਬ ਸਿੰਘ ਤੇ ਚੇਤ ਸਿੰਘ ਤੋਂ 7 ਜੁਲਾਈ 1799 ਨੂੰ ਲਾਹੌਰ ਖੋਹ ਕੇ ਆਪਣੇ ਕਬਜ਼ੇ ’ਚ ਕੀਤਾ। ਪੰਜਾਬ ਉੱਤੇ ਰਾਜ ਕਰਨ ਲਈ ਕੇਂਦਰੀ ਰਾਜਧਾਨੀ ਕਾਬੂ ਕਰਨੀ ਪਹਿਲੀ ਤੇ ਜ਼ਰੂਰੀ ਗੱਲ ਸੀ। ਰਣਜੀਤ ਸਿੰਘ ਨੇ ਲਾਹੌਰ ’ਤੇ ਕਬਜ਼ਾ ਕਰਕੇ ਨਾਨਕਸ਼ਾਹੀ ਸਿੱਕਾ ਚਾਲੂ ਕੀਤਾ ਜਿਸ ’ਤੇ ਇਬਾਰਤ ਬੰਦਾ ਸਿੰਘ ਬਹਾਦਰ ਦੇ ਰਾਜ ਸਮੇਂ ਦੀ ਹੀ ਲਿਖੀ ਗਈ।

ਦੇਗੋ ਤੇਗੋ ਫਤਹ ਨੁਸਰਤ ਬੇਦਰੰਗ,

ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ ॥

ਭੰਗੀ ਤੇ ਰਾਮਗੜ੍ਹੀਏ ਸਰਦਾਰ ਨਿਜਾਮੁਦੀਨ ਕਸਰੂਏ ਨਾਲ ਮਿਲ ਕੇ ਸ਼ੇਰ ਏ ਪੰਜਾਬ ਦੀ ਤਾਕਤ ਨੂੰ ਠੱਲ੍ਹ ਪਾਣਾ ਚਾਹੁੰਦੇ ਸਨ। ਭਸੀਨ ਦੇ ਮੁਕਾਮ ’ਤੇ ਤਕੜੀ ਜੰਗ ਹੋਈ ਪਰ ਮੈਦਾਨ ਰਣਜੀਤ ਸਿੰਘ ਦੇ ਹੱਥ ਰਿਹਾ। ਸ਼ੇਰ ਏ ਪੰਜਾਬ ਨੇ ਦਾਨਾਈ ਤੋਂ ਕੰਮ ਲੈਂਦਿਆਂ ਜੱਸਾ ਸਿੰਘ ਆਹਲੂਵਾਲੀਏ ਦੇ ਪੋਤੇ ਫਤਹ ਸਿੰਘ ਨਾਲ ਪੱਗ ਵਟਾ ਕੇ ਮਿਤ੍ਰਤਾ ਗੰਢੀ। ਸੰਨ 1805 ਈ: ਵਿੱਚ ਮਰਾਠਾ ਸ. ਜਸਵੰਤ ਸਿੰਘ ਰਾਉ ਹੁਲਕਰ, ਫਿਰੰਗੀਆਂ ਦਾ ਦਬਕਾਇਆ ਹੋਇਆ ਸਹਾਇਤਾ ਲਈ ਪੰਜਾਬ ਆਇਆ। ਇਸ ਸਮੇਂ ਮਹਾਰਾਜਾ ਮੁਲਤਾਨ ਵੱਲ ਦੌਰੇ ’ਤੇ ਸੀ। ਵਾਪਸੀ ’ਤੇ ਹੁਲਕਰ ਦਾ ਖੋਹਿਆ ਇਲਾਕਾ ਦਿਵਾ ਕੇ ਦੋਹਾਂ ਧਿਰਾਂ ਦੀ ਸੰਧੀ ਕਰਾ ਦਿੱਤੀ, ਇਸ ਨਾਲ ਮਹਾਰਾਜੇ ਦੀ ਸਿਆਣਪ ਤੇ ਰਾਜਨੀਤਕ ਪ੍ਰਭਾਵ ਦਾ ਸਿੱਕਾ ਹੋਰ ਜੰਮ ਗਿਆ।

ਅੰਗ੍ਰੇਜ਼ਾਂ ਲਈ ਸ਼ੇਰ ਏ ਪੰਜਾਬ ਦੀ ਚੜ੍ਹਦੀ ਤਾਕਤ ਅਸਹਿ ਸੀ ਉਹ ਇਸ ਨੂੰ ਸਤਲੁਜ ਦਰਿਆ ਤੱਕ ਸੀਮਤ ਕਰਨਾ ਚਾਹੁੰਦੇ ਸਨ। ਮਹਾਰਾਜੇ ਦਾ ਸੁਪਨਾ ਸੀ ਕਿ ਸਰਹਿੰਦ ਇਲਾਕੇ ਦੀਆਂ ਰਿਆਸਤਾਂ ਤੇ ਜਗੀਰਾਂ ਮਿਲਾ ਕੇ ਜਮਨਾ ਤੱਕ ਪੰਜਾਬੀ ਰਾਜ ਕਾਇਮ ਕੀਤਾ ਜਾਵੇ। ਸੰਨ 1806 ਈ: ਵਿਚ ਰਾਜਾ ਸਾਹਿਬ ਸਿੰਘ ਪਟਿਆਲਾ ਅਤੇ ਰਾਜਾ ਜਸਵੰਤ ਸਿੰਘ ਨਾਭਾ ਦਰਮਿਆਨ ਚੱਲ ਰਹੇ ਝਗੜੇ ਦਾ ਨਿਪਟਾਰਾ ਕੀਤਾ ਗਿਆ। 25 ਅਪ੍ਰੈਲ 1809 ਈ: ਨੂੰ ਅੰਗ੍ਰੇਜ਼ਾਂ ਦੇ ਪ੍ਰਤੀਨਿਧ ਮਿ: ਮਿਟਕਾਫ ਤੇ ਮਹਾਰਾਜੇ ਵਿਚਾਲੇ ਅਹਿਦਨਾਮਾ ਹੋਇਆ, ਜਿਸ ਅਨੁਸਾਰ ਸਤਲੁਜ ਦਰਿਆ ਤੱਕ ਸ਼ੇਰ ਏ ਪੰਜਾਬ ਦੀ ਰਾਜਸੀ ਹੱਦ ਮੰਨੀ ਗਈ ਤੇ ਸਤਲੁਜ ਦੇ ਪਾਰ ਦਾ ਇਲਾਕਾ ਅੰਗ੍ਰੇਜ਼ੀ ਪ੍ਰਭਾਵ ਹੇਠ ਆ ਗਿਆ। ਹੁਣ ਮਹਾਰਾਜੇ ਨੇ ਪਹਾੜੀ ਇਲਾਕੇ ਵੱਲ ਰੁੱਖ ਕੀਤਾ। ਕਾਂਗੜਾ ਫਤਹ ਕਰਕੇ ਕੁੱਲੂ, ਮੰਡੀ, ਸੁਕੇਤ ਤੇ ਨੂਰਪੁਰ ਆਦਿ ਰਿਆਸਤਾਂ ਨੂੰ ਅਧੀਨ ਕੀਤਾ ਗਿਆ। ਸੰਨ 1810 ਈ: ਵਿਚ ਸਾਹੀਵਾਲ ਤੇ ਖੁਸ਼ਾਬ ਸਿੱਖ ਰਾਜ ਵਿਚ ਮਿਲਾਏ ਗਏ।

ਕੁਦਰਤ ਦੀ ਖੇਡ ਅਹਿਮਦਸ਼ਾਹ ਅਬਦਾਲੀ ਦਾ ਪੋਤਰਾ ਹਿੰਦ ’ਤੇ ਚਾਰ ਅਸਫਲ ਹਮਲੇ ਕਰਨ ਵਾਲਾ ‘ਸ਼ਾਹ ਜਮਾਨ’ ਮਹਾਰਾਜੇ ਦਾ ਸ਼ਰਣਾਰਥੀ ਬਣ ਕੇ ਆਇਆ। ਸ਼ੇਰ ਏ ਪੰਜਾਬ ਨੇ 1813 ਈ: ਵਿਚ ਇਸ ਦੇ ਭਰਾ ਸ਼ਾਹ ਸੁਜਾਅ ਨੂੰ ਕਸ਼ਮੀਰ ਦੀ ਮੁਹਿੰਮ ਸਰ ਕਰਕੇ ਕੈਦ ’ਚੋਂ ਛੁਡਾ ਕੇ ਲਿਆਦਾ ਸੀ । ਜਿਸ ਤੇ ਉਸ ਦੀ ਮਲਿਕਾ ‘ਵਫ਼ਾ ਬੇਗਮ’ ਨੇ 26 ਕ੍ਰੋੜ ਰੁਪਏ ਦੀ ਕੀਮਤ ਦਾ ਪ੍ਰਸਿੱਧ ਕੋਹਿਨੂਰ ਹੀਰਾ ਸ਼ੇਰ ਏ ਪੰਜਾਬ ਦੀ ਭੇਟ ਕੀਤਾ। ਸੰਨ 1814 ਈ: ਵਿਚ ਫਿਰ ਕਸ਼ਮੀਰ ’ਤੇ ਚੜ੍ਹਾਈ ਕੀਤੀ ਗਈ ਪਰ ਮਹਾਰਾਜਾ ਨਜ਼ਰਾਨਾ ਲੈ ਕੇ ਵਾਪਿਸ ਆ ਗਿਆ । ਸੰਨ 1817 ਈ: ਵਿਚ ਹਜ਼ਾਰੇ ਦਾ ਪਹਾੜੀ ਇਲਾਕਾ ਜਿੱਤਿਆ। ਸੰਨ 1818 ਈ: ਵਿਚ ਪੰਜਾਬ ਦੇ ਵਾਲੀਵਾਰਿਸ ਬਣ ਗਏ।

ਸਿੱਖ ਮਿਸਲਾਂ ਦਾ ਚੜ੍ਹਦੀਕਲਾ ਵਾਲਾ ਸਮਾਂ ਇਕ ਪ੍ਰਫੁਲਿਤ ਬੂਟੇ ਵਾਂਗ ਸੀ ਜਿਸ ’ਤੇ ਸ. ਰਣਜੀਤ ਸਿੰਘ ਸ਼ੇਰ ਏ ਪੰਜਾਬ ਇਕ ਸੋਹਣੇ ਫੁਲ ਵਾਂਗ ਵਿਗਸਿਆ ਤੇ ਇਨ੍ਹਾਂ ਦੀ ਮਹਿਕ ਨੇ ਹਿੰਦੁਸਤਾਨ ਹੀ ਨਹੀਂ ਸਗੋਂ ਏਸ਼ੀਆ ਤੇ ਯੂਰਪ ਵਿੱਚ ਵੀ ਸਿੱਖ ਪੰਥ ਦੀ ਸੁਗੰਧੀ ਫੈਲਾਈ। ਕਨਿੰਘਮ ਅਨੁਸਾਰ ਸ਼ੇਰ ਏ ਪੰਜਾਬ ਨੂੰ ਅਧੋਗਤੀ ਵਿਚ ਫਸਿਆ ਪੰਜਾਬ ਮਿਲਿਆ ਜੋ ਮਿਸਲ ਸਰਦਾਰਾਂ ਦੀ ਪਰਸਪਰ ਫੁੱਟ ਦਾ ਸਿੱਟਾ ਸੀ । ਇਹ ਰਾਜ ਭਾਗ ਅਫਗਾਨਾਂ ਤੇ ਮਰਾਠਿਆਂ ਦਾ ਦਬਕਿਆ ਫਰੰਗੀਆਂ ਦੀ ਗਰਿਫ਼ਤ ਵਿਚ ਜਾਣ ਲਈ ਤਿਆਰ ਸੀ ਪਰ ਰਣਜੀਤ ਸਿੰਘ ਦੀ ਕਾਰੀਗਰੀ ਨੇ ਇਨ੍ਹਾਂ ਖਿੰਡੀਆਂ ਪੁੰਡੀਆਂ ਸ਼ਕਤੀਆਂ ਨੂੰ ਇਕ ਥਾਂ ਜੋੜ ਕੇ ਇਕ ਸ਼ਾਨਦਾਰ ਬਾਦਸ਼ਾਹੀ ਦੇ ਰੂਪ ਵਿਚ ਸੰਗਠਿਤ ਕਰ ਦਿੱਤਾ।

ਸ. ਚੜ੍ਹਤ ਸਿੰਘ ਦੇ ਪੋਤੇ, ਸ. ਮਹਾਂ ਸਿੰਘ ਦੇ ਪੁੱਤਰ ਸ਼ੁਕਰ ਚੱਕੀਆ ਮਿਸਲ ਦੇ ਨੌਜਵਾਨ ਸ. ਰਣਜੀਤ ਸਿੰਘ (ਜਨਮ ਨਵੰਬਰ 1780 ਈ:) ਨੇ ਆਚਰਣਕ ਉੱਚਤਾ, ਬੀਰਤਾ ਤੇ ਦਾਨਾਈ ਤੋਂ ਡਿੱਗ ਚੁੱਕੇ ਮਿਸਲ ਸਰਦਾਰਾਂ ਦੀ ਇਸ ਦੁਰਦਸ਼ਾ ਨੂੰ ਅਨੁਭਵ ਕਰਕੇ ਇਸ ਸ਼ਾਨਦਾਰ ਪੰਜਾਬੀ ਖਾਲਸਾਈ ਹੁਕੂਮਤ (ਸਲਤਨਤ) ਕਾਇਮ ਕਰਨ ਦਾ ਫੈਸਲਾ ਕੀਤਾ । ਸ਼ੇਰ ਏ ਪੰਜਾਬ ਦੀ ਸ਼ਖ਼ਸੀਅਤ ਨੂੰ ਸ਼ਾਹ ਮੁਹੰਮਦ ਨੇ ਇਸ ਤਰ੍ਹਾਂ ਕਲਮ ਬੰਦ ਕੀਤਾ :

ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ।

ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ, ਜੰਮੂ, ਕਾਂਗੜਾ ਕੋਟ ਨਿਵਾਇ ਗਿਆ।

ਹੋਰ ਦੇਸ਼ ਲਦਾਖ ਤੇ ਚੀਨ ਤੋੜੀ, ਸਿੱਕਾ ਆਪਣੇ ਨਾਮ ਚਲਾਇ ਗਿਆ।

ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ, ਅੱਛਾ ਰੱਜ ਕੇ ਰਾਜ ਕਮਾਇ ਗਿਆ।

ਕਨ੍ਹਈਆ ਤੇ ਨਕਈ ਮਿਸਲ ਦੀ ਤਾਕਤ (ਰਿਸ਼ਤੇਦਾਰੀ ਹੋਣ ਕਾਰਨ) ਸ਼ੇਰ ਏ ਪੰਜਾਬ ਨਾਲ ਬੱਝ ਚੁੱਕੀ ਸੀ। ਇਸ ਮਿਲਵੀਂ ਤਾਕਤ ਨੇ ਭੰਗੀ ਮੁਲਤਾਨ ਫ਼ਤਿਹ ਕੀਤਾ ਜਿਸ ਦੀ ਜਿੱਤ ਦਾ ਸਿਹਰਾ ਅਕਾਲੀ ਫੂਲਾ ਸਿੰਘ ਜੀ ਤੇ ਉਸ ਦੀ ਅਕਾਲੀ ਫੌਜ ਦੇ ਸਿਰ ਬੱਝਦਾ ਹੈ। ਇਸ ਜੰਗ ਵਿਚ ਤੋਪ ਦਾ ਪਹੀਆ ਟੁੱਟਣ ’ਤੇ ਵੀ ਸਿੰਘ ਵਾਰੀ-ਵਾਰੀ ਮੋਢੇ ਦੇ ਰਹੇ ਤੇ ਗੋਲਿਆਂ ਦੇ ਨਾਲ ਹੀ ਮਰ ਮਿਟਦੇ ਰਹੇ। ਪਰ ਕਿਸੇ ਨੇ ਵੀ ਜਾਨ ਦੀ ਪ੍ਰਵਾਹ ਨਹੀਂ ਕੀਤੀ ।

ਸੱਯਦ ਗੁਲਾਮ ਜਿਲਾਨੀ ਸੁਲਤਾਨੇ ਜੰਗ ਵਿਚ ਅੱਖੀਂ ਡਿੱਠਾ ਹਾਲ ਬਿਆਨ ਕਰਦਾ ਲਿਖਦਾ ਹੈ ਕਿ ਮੈਂ ਸਿੰਘਾਂ ਦਾ ਕੌਮੀ ਪ੍ਰੇਮ ਤੇ ਕੁਰਬਾਨੀ ਦੇਖ ਕੇ ਸਭ ਤੋਂ ਪਹਿਲਾਂ ਆਪਣਾ ਮੋਢਾ ਡਾਹ ਕੇ ਨਿਸਾਰ (ਸ਼ਹੀਦ) ਹੋਣਾ ਚਾਹੁੰਦਾ ਸਾਂ, ਪਰ ਮੈਂ ਪਿੱਛੇ ਇਸ ਲਈ ਰਹਿ ਗਿਆ ਤਾਂ ਕਿ ਸਿੰਘਾਂ ਦੀ ਲਾਸਾਨੀ ਸੂਰਬੀਰਤਾ ਦੀ ਕਹਾਣੀ ਸੰਸਾਰ ਨੂੰ ਦੱਸ ਸਕਾਂ। ਇਸੇ ਸਾਲ ਪਿਸ਼ਾਵਰ ’ਤੇ ਵੀ ਚੜ੍ਹਾਈ ਕੀਤੀ ਪਰ ਯਾਰ ਮੁਹੰਮਦ ਖਾਂ ਨੂੰ ਉੱਥੋਂ ਦਾ ਹਾਕਮ ਥਾਪ ਕੇ ਭਾਰੀ ਰਕਮ ਲੈ ਕੇ ਖਾਲਸਾ ਫੌਜ ਪਰਤ ਆਈ । ਸੰਨ 1819 ਈ: ਵਿਚ ਕਸ਼ਮੀਰ, 1821 ਈ: ਵਿੱਚ ਮਾਨਕੇਰਾ ਫ਼ਤਿਹ ਕਰਕੇ ਸਿੱਖ ਰਾਜ ਵਿੱਚ ਮਿਲਾ ਲਏ ਗਏ। ਮਾਰਚ 1822 ਈ: ਵਿੱਚ ਨਿਪੋਲੀਅਨ ਦੀ ਫੌਜ ਦੇ ਹਾਰੇ ਹੋਏ ਜਰਨੈਲ ਵੈਨਤੂਰਾ (ਇਤਾਲਵੀ) ਤੇ ਜਨਰਲ ਐਲਾਰਡ (ਫ੍ਰਾਸੀਸੀ) ਨੌਕਰੀ ਦੀ ਭਾਲ ਵਿਚ ਕਾਬਲ ਰਾਹੀਂ ਮਹਾਰਾਜੇ ਕੋਲ ਪੁੱਜੇ। ਮਹਾਰਾਜੇ ਨੇ ਸਿੱਖ ਸਰਕਾਰ ਦੀ ਵਫ਼ਾਦਾਰੀ, ਦਾੜੀ ਕੇਸ ਨਾ ਮਨਾਉਣਾ, ਤਮਾਕੂਨੋਸ਼ੀ ਅਤੇ ਗਉ ਮਾਸ ਤੋਂ ਪਰਹੇਜ਼ ਰੱਖਣ ਦੀ ਸ਼ਰਤ ਮੰਨਵਾ ਕੇ ਉਨ੍ਹਾਂ ਨੂੰ ਮੁਲਾਜ਼ਮ ਰੱਖ ਲਿਆ, ਇਨ੍ਹਾਂ ਤੋਂ ਇਲਾਵਾ ਹੋਰ ਵੀ ਇਤਾਲਵੀ ਫ੍ਰਾਂਸੀਸੀ, ਜਰਮਨੀ, ਅੰਗ੍ਰੇਜ਼ੀ, ਰੂਸੀ, ਅਮਰੀਕਨ, ਸਪੇਨੀ, ਪੁਰਤਗਾਲੀ ਲਗਭਗ 72 ਵਿਦੇਸ਼ੀ ਆਦਮੀ ਸ਼ੇਰ ਏ ਪੰਜਾਬ ਦੀ ਮੁਲਾਜ਼ਮਤ ਵਿੱਚ ਆਏ ਜਿਨ੍ਹਾਂ ਦਾ ਸਵਿਸਥਾਰ ਸਿੱਖ ਰਾਜ ਦੇ ਇਤਿਹਾਸਕਾਰ ਬਾਵਾ ਪ੍ਰੇਮ ਸਿੰਘ ਜੀ ਨੇ ਆਪਣੀ ਪੁਸਤਕ ‘ਖ਼ਾਲਸਾ ਰਾਜ ਦੇ ਵਿਦੇਸ਼ੀ ਕਰਿੰਦੇ’ ਵਿੱਚ ਦਿੱਤਾ ਹੋਇਆ ਹੈ। ਮਾਰਚ 1824 ਈ: ਵਿੱਚ ਨੌਸ਼ਹਿਰੇ ਦੀ ਜੰਗ ਵਿੱਚ ਅਕਾਲੀ ਫੂਲਾ ਸਿੰਘ ਜੀ ਸ਼ਹੀਦ ਹੋ ਗਏ। ਪਿਸ਼ਾਵਰ ਤੇ ਸਿੱਖ ਫੌਜਾਂ ਦਾ ਮੁਕੰਮਲ ਕਬਜ਼ਾ ਹੋ ਗਿਆ, ਇਹ ਪਹਿਲਾ ਮੌਕਾ ਸੀ ਜਦੋਂ ਸੈਂਕੜਿਆਂ ਵਰਿਆਂ ਤੋਂ ਹਿੰਦ ਨੂੰ ਲੁੱਟਣ ਵਾਲੇ ਪਠਾਣਾਂ ਉੱਤੇ ਪੰਜਾਬੀਆਂ ਨੇ ਆਪਣਾ ਸਿੱਕਾ ਜਮਾਇਆ ਇਸ ਤੋਂ ਬਾਅਦ 800 ਸਾਲਾਂ ਤੋਂ ਹਿੰਦ ਤੇ ਦੱਰਾ ਖੈਬਰ ਤੋਂ ਆਣ ਵਾਲੇ ਧਾੜਵੀਆਂ ਦੀ ਕਾਂਗ (ਆਮਦ) ਸਦਾ ਲਈ ਬੰਦ ਕਰ ਦਿੱਤੀ ਗਈ। ਨੌਸ਼ਹਿਰੇ ਦੀ ਜਿੱਤ ਨੇ ਅਫ਼ਗਾਨਾਂ ਦੇ ਦਿਲਾਂ ’ਤੇ ਸਿੱਖ ਬੀਰਤਾ ਦੀ ਚੰਗੀ ਧਾਂਕ ਜਮਾ ਦਿੱਤੀ ।

ਮਹਾਰਾਜੇ ਦੀਆਂ ਜਿੱਤਾਂ ਦਾ ਐਨਾਂ ਪ੍ਰਭਾਵ ਪਿਆ ਕਿ 1826 ਈ: ਵਿੱਚ ਨਿਜ਼ਾਮ ਹੈਦਰਾਬਾਦ ਨੇ ਇਕ ਕੀਮਤੀ ਚਾਨਣੀ ਤੇ ਕਈ ਹੋਰ ਤੋਹਫੇ ਭੇਜੇ, ਚਾਨਣੀ ਦੀ ਸੁੰਦਰਤਾ ਤੱਕ ਕੇ ਸ਼ੇਰ ਏ ਪੰਜਾਬ ਨੇ ਉਸੇ ਸਮੇਂ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਭੇਟ ਕਰ ਦਿੱਤੀ। ਸੰਨ 1827 ਈ: ਵਿਚ ਕਸ਼ਮੀਰ ਵਿਚ ਬੜਾ ਭਿਆਨਕ ਕਾਲ ਪਿਆ, ਮਹਾਰਾਜੇ ਨੇ ਦਿਲ ਖੋਲ੍ਹ ਕੇ ਲੋਕਾਂ ਦੀ ਹਰ ਤਰ੍ਹਾਂ ਸਹਾਇਤਾ ਕੀਤੀ। ਸੰਨ 1828 ਈ: ਵਿਚ ਮਹਾਰਾਜੇ ਵੱਲੋਂ ਫਕੀਰ ਅਜ਼ੀਜੁਦੀਨ ਦੀ ਅਗਵਾਈ ਵਿੱਚ ਇਕ ਵਫ਼ਦ ਸ਼ਿਮਲੇ ਲਾਰਡ ਐਮ੍ਰਰਸਟ ਨਾਲ ਮੁਲਾਕਾਤ ਕਰਨ ਲਈ ਗਿਆ । ਫ਼ਕੀਰ ਜੀ ਨੂੰ ਪੁੱਛਿਆ ਗਿਆ ਕਿ ਮਹਾਰਾਜੇ ਦੀ ਕਿਹੜੀ ਅੱਖ ਮਰੀ ਹੋਈ ਹੈ। ਸਿਆਣੇ ਵਜ਼ੀਰ ਨੇ ਜਵਾਬ ਦਿੱਤਾ ਕਿ ਉਨ੍ਹਾਂ ਦੀ ਪ੍ਰਭਾਵਸ਼ਾਲੀ ਜਲਾਲੀ ਚੇਹਰੇ ਸਾਹਮਣੇ ਮੈਂ ਕਦੀ ਨਜ਼ਰ ਉੱਠਾ ਕੇ ਨਹੀਂ ਵੇਖਿਆ ਇਸ ਲਈ ਇਹ ਦੱਸਣਾ ਔਖਾ ਹੈ ਕਿ ਮਹਾਰਾਜੇ ਦੀ ਕਿਹੜੀ ਅੱਖ ਮਰੀ ਹੋਈ ਹੈ। ਫਿਰੰਗੀ ਮਹਾਰਾਜੇ ਦੀ ਵਧਦੀ ਤਾਕਤ ਨੂੰ ਬਿਲਕੁੱਲ ਨਹੀਂ ਸਹਾਰ ਸਕਦੇ ਸੀ। ਉਨ੍ਹਾਂ ਸਯੱਦ ਅਹਿਮਦ ਬਰੇਲਵੀ ਨੂੰ ਪੈਸਾ ਦੇ ਕੇ ਪਠਾਣੀ ਇਲਾਕੇ ਵਿੱਚ ਛੇੜਖਾਨੀ ਕਰਨ ਲਈ ਭੇਜਿਆ, ਜਹਾਦ ਦੇ ਨਾਂ ’ਤੇ ਪਠਾਣਾਂ ਨੂੰ ਚੰਗਾ ਭੜਕਾਇਆ, ਪਰ ਅੰਤ ਸਿੰਘਾਂ ਨੇ ਮੁਜੱਫ਼ਰਾਬਾਦ ਦੇ ਕਿਲ੍ਹੇ ਵਿੱਚ ਘੇਰ ਕੇ ਇਸ ਨੂੰ ਮਾਰ ਮੁਕਾਇਆ। ਸੰਨ 1831 ਈ: ਵਿਚ ਇੰਗਲੈਂਡ ਸਰਕਾਰ ਪੋਲੀਟੀਕਲ ਏਜੈਂਟ ਅਲੈਗਜੈਂਡਰ ਬਰਨਜ਼ ਸਿੰਧ ਦੇ ਰਸਤੇ ਆਪਣੇ ਬਾਦਸ਼ਾਹ ਵੱਲੋਂ ਸ਼ੇਰ ਏ ਪੰਜਾਬ ਲਈ ਤੋਹਫੇ ਲੈ ਕੇ ਹਾਜ਼ਰ ਹੋਇਆ। ਐਸਾ ਉਨ੍ਹਾਂ ਵੱਲੋਂ ਸਿੰਧ ਦੇ ਇਲਾਕੇ ਦੀ ਪੂਰੀ ਜਾਣਕਾਰੀ ਲੈਣ ਦੇ ਮਨੋਰਥ ਨਾਲ ਕੀਤਾ ਗਿਆ ਸੀ । 26 ਅਕਤੂਬਰ 1831 ਈ: ਨੂੰ ਰੋਪੜ ਦੇ ਮੁਕਾਮ ’ਤੇ ਮਹਾਰਾਜੇ ਦੀ ਗਵਰਨਰ ਜਨਰਲ ਵਿਲੀਅਮ ਵੈਟਿਕ ਨਾਲ ਮੁਲਾਕਾਤ ਹੋਈ ਜਿਸ ਦਾ ਮਕਸਦ ਦੋਹਾਂ ਸਰਕਾਰਾਂ ਵਿੱਚ ਪਰਸਪਰ ਪਿਆਰ, ਦੋਸਤੀ ਨੂੰ ਪੱਕਿਆਂ ਕਰਨਾ ਸੀ ਅਤੇ ਅੰਗ੍ਰੇਜ਼ ਦਾ ਨਿਸ਼ਾਨਾ ਆਪਣੀ ਚਤੁਰਨੀਤੀ ਨਾਲ ਗੰਢ ਤੁਪ ਕਰਨਾ ਸੀ। ਸ਼ੇਰ ਏ ਪੰਜਾਬ ਵੀ ਇਸ ਸੰਬੰਧੀ ਭਲੀ ਭਾਂਤ ਜਾਣੂ ਸਨ। ਸੰਨ 1832 ਈ: ਵਿੱਚ ਇਕ ਇਸਾਈ ਮਿਸ਼ਨਰੀ ਜੋਸਫ ਵੁਲਫ ਲਾਹੌਰ ਵਿਖੇ ਮਹਾਰਾਜੇ ਨੂੰ ਮਿਲਿਆ। ਸ਼ੇਰ ਏ ਪੰਜਾਬ ਨੇ ਕਿਹਾ ਕਿ ਤੂੰ ਸਾਨੂੰ ਕਿਉਂ ਧਰਮ ਈਮਾਨ ਲਈ ਪ੍ਰੇਰਦਾ ਹੈ  ? ਹਿੰਦ ਦੇ ਅੰਗ੍ਰੇਜ਼ਾਂ ਨੂੰ ਕਿਉਂ ਨਹੀਂ ਸਿਖਾਂਦਾ, ਜਿਨ੍ਹਾਂ ਦਾ ਕੋਈ ਦੀਨ ਧਰਮ ਹੈ ਹੀ ਨਹੀਂ ਫਿਰ ਉਸ ਨੇ ਸ਼ੇਰ ਏ ਪੰਜਾਬ ਨੂੰ ਪ੍ਰਸ਼ਨ ਕੀਤਾ ਕਿ ਰੱਬ ਨੂੰ ਕਿਵੇਂ ਮਿਲ ਸਕੀਦਾ ਹੈ ਤੇ ਮਹਾਰਾਜ ਰਣਜੀਤ ਸਿੰਘ ਨੇ ਹੱਸ ਕੇ ਕਿਹਾ ਫਿਰੰਗੀਆ ਨਾਲ ਸੰਧੀ ਕਰ ਕੇ ਜਿਵੇਂ ਮੈਂ ਹੁਣੇ ਕੀਤੀ ਹੈ। ਮਹਾਰਾਜੇ ਦੇ ਕਹਿਣ ਤੋਂ ਭਾਵ ਸੀ ਕਿ ਫਿਰੰਗੀ ਐਨੇ ਹੰਕਾਰੀ ਹਨ ਕਿ ਰੱਬ ਨੂੰ ਵੀ ਆਪਣੇ ਅਧੀਨ ਸਮਝਦੇ ਹਨ।

ਸਯੱਦ ਮੁਹੰਮਦ ਲਤੀਫ਼ ਅਨੁਸਾਰ ਬਾਰਕਜੀਆਂ ਦੇ ਜ਼ੁਲਮਾਂ ਤੋਂ ਤੰਗ ਆ ਕੇ ਮੁਸਲਮਾਨਾਂ ਤੇ ਹਿੰਦੂਆਂ ਨੇ ਸ. ਹਰੀ ਸਿੰਘ ਨਲੂਏ ਰਾਹੀਂ ਸ਼ੇਰ ਏ ਪੰਜਾਬ ਪਾਸ ਫਰਿਆਦ ਭੇਜੀ, ਜਿਸ ਕਾਰਨ ਸੰਨ 1834 ਵਿੱਚ ਹਮਲਾ ਕਰਕੇ ਨਲੂਏ ਨੇ ਪਿਸ਼ਾਵਰ ’ਤੇ ਸਿੱਧਾ ਕਬਜ਼ਾ ਕਰ ਲਿਆ ਅਤੇ ਕੰਵਰ ਨੌ ਨਿਹਾਲ ਸਿੰਘ ਨੂੰ ਉਥੋਂ ਦਾ ਹਾਕਮ ਥਾਪ ਦਿੱਤਾ । ਸ. ਹਰੀ ਸਿੰਘ ਨਲੂਏ ਨੇ ਆਪਣੀ ਸਰਹੱਦ ਮਜ਼ਬੂਤ ਕਰਨ ਲਈ ‘ਮਿਚਨੀ’ ਤੇ ‘ਸੰਕਰਗੜ੍ਹ’ ਦੇ ਨਵੇਂ ਕਿਲ੍ਹੇ ਬਣਵਾਏ। ਸ. ਜੋਰਾਵਾਰ ਸਿੰਘ ਦੀ ਕਮਾਨ ਹੇਠ ਮਹਾਰਾਜੇ ਦੀਆਂ ਫੌਜਾਂ ਨੇ ਲੱਦਾਖ ਫ਼ਤਿਹ ਕੀਤਾ। ਸੰਨ 1836 ਵਿੱਚ ਸ. ਹਰੀ ਸਿੰਘ ਨਲੂਏ ਨੇ ਜਮਰੌਦ ਦੇ ਮਸ਼ਹੂਰ ਕਿਲ੍ਹੇ ’ਤੇ ਕਬਜ਼ਾ ਕਰ ਕੇ ਕੇਸਰੀ ਨਿਸ਼ਾਨ ਝੁਲਾਇਆ । ਇਹ ਗੱਲ ਪਠਾਣਾਂ ਲਈ ਸਹਿਨ ਕਰਨੀ ਔਖੀ ਸੀ। ਦੋਸਤ ਮੁਹੰਮਦ ਖਾਂ 30,000 ਪਠਾਣੀ ਫੌਜ ਲੈ ਕੇ 1837 ਵਿੱਚ ਜਮਰੌਦ ਕਿਲ੍ਹੇ ਨੂੰ ਸਰ ਕਰਨ ਲਈ ਚੜ੍ਹ ਆਇਆ, ਉਸ ਸਮੇਂ ਕਿਲ੍ਹੇ ਵਿੱਚ ਕੇਵਲ 700 ਦੇ ਕਰੀਬ ਸਿੰਘਾਂ ਦਾ ਜੱਥਾ ਸੀ। ਇਕ ਸੂਰਬੀਰ ਬੀਬੀ ਨੇ ਪਠਾਣੀ ਵੇਸ ਧਾਰ ਕੇ ਨਲੂਏ ਸਰਦਾਰ ਨੂੰ ਖਬਰ ਪਹੁੰਚਾਈ। 10, 000 ਫੌਜ ਲੈ ਕੇ ਨਲੂਆ ਸਰਦਾਰ ਉੱਥੇ ਫੌਰਨ ਪੁੱਜੇ, ਗਹਿ ਗੱਚ ਲੜਾਈ ਹੋਈ ਪਠਾਣ ਭੱਜ ਨਿਕਲੇ ਪਰ ਕਿਸੇ ਲੁਕੇ ਹੋਏ ਪਠਾਣ ਵੱਲੋਂ ਚਲਾਈ ਗੋਲੀ ਸਰਦਾਰ ਨਲੂਏ ਦੀ ਛਾਤੀ ਵਿੱਚ ਲੱਗ ਲਈ । ਜਿਸ ਨਾਲ ਉਹ 30 ਅਪ੍ਰੈਲ 1837 ਨੂੰ ਸ਼ਹੀਦ ਹੋ ਗਏ। ਸ਼ੇਰ ਏ ਪੰਜਾਬ ਇਹ ਖਬਰ ਸੁਣ ਕੇ ਬਹੁਤ ਦੁਖੀ ਹੋਇਆ ਤੇ ਆਪ ਫੌਜ ਲੈ ਕੇ ਉੱਥੇ ਪੁੱਜੇ, ਦੋਸਤ ਮੁਹੰਮਦ ਖਾਂ ਕਾਬਲ ਵੱਲ ਭੱਜ ਗਿਆ। ਅੱਜ ਤੱਕ ਪਠਾਣੀ ਇਲਾਕੇ ਵਿੱਚ ਨਲੂਏ ਦੇ ਨਾਂ ਦੀ ਧਾਂਕ ਹੈ । ਸੰਨ 1838 ਵਿੱਚ ਕਾਬਲ ’ਤੇ ਹਮਲਾ ਕਰਨ ਸੰਬੰਧੀ ਸਾਂਝੀ ਤਿਆਰੀ ਲਈ ਲਾਰਡ ਆਕਲੈਂਡ ਤੇ ਮਹਾਰਾਜੇ ਦੇ ਵਿਚਾਲੇ ਫਿਰੋਜਪੁਰ ਮੁਲਾਕਾਤ ਕੀਤੀ । ਖ਼ਾਲਸਾ ਤੇ ਫਿਰੰਗੀ ਫੌਜਾਂ ਨੇ ਕਾਬਲ ਫ਼ਤਿਹ ਕਰ ਕੇ ਸ਼ਾਹ ਸੁਜਾਅ ਨੂੰ ਗੱਦੀ ’ਤੇ ਬਿਠਾਇਆ। ਮਹਾਰਾਜੇ ਦੇ ਇਸ ਵਿਸ਼ਾਲ ਖਾਲਸਾਈ ਰਾਜਸੀ ਸ਼ਾਨ ਸਮੇਂ ਸਲਤਨਤ (ਹੁਕੂਮਤ) ਦਾ ਘੇਰਾ 1 ਲੱਖ 45 ਹਜ਼ਾਰ ਵਰਗ ਮੁਰੱਬਾ ਸੀ । ਜਿਸ ਤੋਂ 3, 02, 75, 000 ਰੁ: ਸਾਲਾਨਾ ਆਮਦਨ ਆਉਂਦੀ ਸੀ । ਇਸ ਦੀ ਇਕ ਹੱਦ ਸਤਲੁਜ ਦਾ ਬੰਨ੍ਹਾ ਸੀ ਤੇ ਦੂਜੀ ਪੱਛਮ ਵੱਲ ਦਰਾ ਖੈਬਰ ਨਾਲ ਜਾ ਲਗਦੀ ਸੀ, ਜੋ ਉੱਤਰ ਦਿਸ਼ਾ ਵੱਲ ਲਦਾਖ, ਅਸਕਰਦੂ ਤੇ ਤਿੱਬਤ ਤੱਕ ਖ਼ਾਲਸਾਈ ਰਾਜ ਫੈਲਿਆ ਹੋਇਆ ਸੀ ਤਾਂ ਦੱਖਣ ਵੱਲ ਸ਼ਿਕਾਰ ਪੁਰ ਸਿੰਧ ਨਾਲ ਹੱਦਾਂ ਖਹਿੰਦੀਆਂ ਸਨ। ਰਾਜ ਪ੍ਰਬੰਧ ਦੇ ਖਿਆਲ ਨਾਲ ਇਹ ਸਾਰਾ ਇਲਾਕਾ ਮੁਲਕ ਲਾਹੌਰ, ਮੁਲਤਾਨ, ਕਸ਼ਮੀਰ ਤੇ ਪਿਸ਼ੌਰ (ਚਾਰ ਸੂਬਿਆਂ) ਵਿੱਚ ਵੰਡਿਆ ਹੋਇਆ ਸੀ । ਜਿਸ ਵਿੱਚ ਫੌਜ ਦੀ ਕੁਲ ਗਿਣਤੀ 1 ਲੱਖ 23 ਹਜ਼ਾਰ 800 ਸੌ (1, 23, 800) ਜਵਾਨ ਸੀ, ਜਿਨ੍ਹਾਂ ਪਾਸ 384 ਵੱਡੀਆਂ ਤੋਪਾਂ, 840 ਹਲਕੀਆਂ ਤੋਪਾਂ ਤੇ 60,000 ਘੋੜੇ ਸਨ। ਖਜ਼ਾਨੇ ਵਿੱਚ ਅੱਠ ਕਰੋੜ ਨਕਦ ਰੁਪਏ ਤੇ ਅੱਸੀ ਕਰੋੜ ਦੇ ਕੀਮਤੀ ਜਵਾਹਰਾਤ ਹੀਰੇ ਸਨ । ਸ਼ੇਰ ਏ ਪੰਜਾਬ ਨੇ ਥੋੜ੍ਹੇ ਜਿਹੇ ਸਾਲਾਂ ਵਿੱਚ ਐਡੀ ਕਰਾਮਾਤ ਕਰ ਵਿਖਾਈ ਕਿ ਉਸ ਦੀ ਦਾਨਾਈ, ਸਿਆਣਪ, ਦੂਰ-ਅੰਦੇਸ਼ੀ ਮਿਹਨਤ, ਕਾਬਲੀਅਤ ਤੇ ਸੂਰਮਤਾਈ ਦੀ ਹਰ ਦੇਸ਼ੀ ਵਿਦੇਸ਼ੀ ਲਿਖਾਰੀ ਨੇ ਜਿਨ੍ਹਾਂ ਉਸ ਨੂੰ ਅੱਖੀਂ ਵੇਖਿਆ ਉਸ ਦੀ ਪ੍ਰਸੰਸਾ ਕਰਦੇ ਨਹੀਂ ਥੱਕਦੇ ।

ਅਲੈਗਜ਼ੈਂਡਰ ਕਹਿੰਦਾ ਹੈ ਕਿ ਮੈਂ ਹਿੰਦੁਸਤਾਨ ਵਿੱਚ ਕਿਸੇ ਹੋਰ ਤੋਂ ਇਨ੍ਹਾਂ ਪ੍ਰਭਾਵਤ ਨਹੀਂ ਹੋਇਆ, ਜਿਨ੍ਹਾਂ ਮਹਾਰਾਜਾ ਸ਼ੇਰ ਏ ਪੰਜਾਬ ਤੋਂ ਪ੍ਰਭਾਵਤ ਹਾਂ । ਮੂਰਕਰਾਫਟ ਲਿਖਦਾ ਹੈ ਕਿ ਮੈਂ ਏਸ਼ੀਆ ਭਰ ਵਿੱਚ ਸ਼ੇਰ ਏ ਪੰਜਾਬ ਵਰਗਾ ਪ੍ਰਬੀਨ ਹੁਕਮਰਾਨ ਨਹੀਂ ਵੇਖਿਆ। ਆਖਿਰ 22 ਜੂਨ 1839 ਨੂੰ ਕੰਵਰ ਖੜਕ ਸਿੰਘ ਨੂੰ ਰਾਜਗੱਦੀ ਦੇ ਕੇ ਕੁਝ ਚਿਰ ਬਿਮਾਰ ਰਹਿਣ ਉਪਰੰਤ 27 ਜੂਨ 1839 ਨੂੰ ਮਹਾਰਾਜਾ ਚਲਾਣਾ ਕਰ ਗਏ। ਪੰਥ ਪ੍ਰਕਾਸ਼ ਦੇ ਕਰਤਾ ਗਿਆਨੀ ਗਿਆਨ ਸਿੰਘ ਜੀ ਨੇ ਇਸ ਦੁਖਾਂਤ ਨੂੰ ਇੰਜ ਕਲਮ ਬੰਦ ਕੀਤਾ:

ਮਹਾਰਾਜ ਕੋ ਸ੍ਰੀਰ ਦਾਹ ਹੋਤ ਦੇਖ ਧੀਰ ਰੋਵਤੇ ਅਮੀਰ ਤੇ ਫਕੀਰ ਛੋਡਿ ਤਾਬ ਕੋ ।

ਭਾਖੈ ਆਜ ਖਾਕੈ ਭਈ ਬੀਰਤਾਈ ਬੀਰਨ ਕੀ, ਮੀਰਨ ਕੀ ਮੀਰਤਾ, ਅਮੀਰਨ ਪ੍ਰਭਾਵ ਕੋ ।

ਹਿੰਦਨ ਕੀ ਹਿੰਦ ਜਰੀ, ਸਿੰਘ ਕੀ ਜਿੰਦ ਜਰੀ, ਗਿਆਨ ਹਰੀ ਕਵੀਅਨ ਕੋ, ਜਰਗੋ ਅਫ਼ਤਾਬ ਕੋ ।

ਭੂਪਨ ਆਬਾਦੀ ਜਰੀ, ਲਾਹੌਰ ਕੀ ਗਾਦੀ ਜਰੀ, ਜਰ ਗਯੋ ਸੁਹਾਗ ਭਾਗ ਸਗਰੀ ਪੰਜਾਬ ਕੋ ।

ਕਾਸ਼  ! ਅੱਜ ਫਿਰ ਸ਼ੇਰ ਏ ਪੰਜਾਬ ਵਰਗਾ ਰਾਜਨੀਤਕ ਆਗੂ ਪੈਦਾ ਹੋਵੇ ਜੋ ਖੇਰੂੰ-ਖੇਰੂੰ ਹੋਈ ਕੌਮ ਨੂੰ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਨਿਸ਼ਾਨ ਹੇਠ ਇਕੱਠਾ ਕਰ ਸਕੇ ਤੇ ਕੌਮੀ ਪੱਧਰ ’ਤੇ ਸਾਡਾ ਹੌਸਲਾ ਫਿਰ ਬਣ ਸਕੇ ।

ਅਸਾਂ ਮਾਰੇ ਚਾਰ ਚੌਫੇਰੇ ਦੇ ਕਿਲ੍ਹੇ ਭਾਰੇ, ਅਸਾਂ ਮਾਰਿਆ ਕੁੱਲੂ ਭੁਟੰਤ ਮੀਆਂ ।

ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ, ਜੋ ਕਰੇਗਾ ਖਾਲਸਾ ਪੰਥ ਮੀਆਂ ।

ਚਲੀ ਸਭ ਪੰਜਾਬ ਦੀ ਬਾਦਸ਼ਾਹੀ, ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ ।

ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈ, ਸਿਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ ।