ਕਿਉਂ ਸਾਡੇ ਹਾਈ-ਵੇਅ, ਕਸਾਈ-ਵੇਅ ਬਣ ਰਹੇ ਹਨ ?

0
342

ਕਿਉਂ ਸਾਡੇ ਹਾਈ-ਵੇਅ, ਕਸਾਈ-ਵੇਅ ਬਣ ਰਹੇ ਹਨ ?

– ਇਕਵਾਕ ਸਿੰਘ ਪੱਟੀ, ਸੁਲਤਾਨਵਿੰਡ ਰੋਡ (ਅੰਮ੍ਰਿਤਸਰ)- 98150-24920

ਤੇਜ਼ ਰਫਤਾਰ, ਸੜਕ ਤੇ ਸਾਡੀਆਂ ਗੱਡੀਆਂ ਕਾਰਾਂ ਦੀ ਹੋਵੇ ਜਾਂ ਮੋਬਾਇਲ ਦੇ ਡਾਟਾ ਪੈਕ ਦੀ, ਬੱਸ ਇਹ ਤੇਜ਼ੀ ਸਾਡੀ ਜਿੰਦਗੀ ਦਾ ਹਿੱਸਾ ਬਣ ਚੁੱਕੀ ਹੈ। ਮੈਂ ਜਦ ਕਦੇ ਦੇਰ ਰਾਤ ਨੂੰ ਘਰ ਤੋਂ ਬਾਹਰ ਨਿਕਲਦਾ ਹਾਂ ਤਾਂ ਆਪਣੇ ਹੀ ਸ਼ਹਿਰ ਦੀਆਂ ਗਲੀਆਂ, ਬਾਜ਼ਾਰਾਂ, ਸੜਕਾਂ ਨੂੰ ਦੇਖ ਕੇ ਹੈਰਾਨ ਹੋ ਜਾਂਦਾ ਹਾਂ ਕਿ ਕਿੰਨਾ ਵੱਡਾ ਅਤੇ ਖੁੱਲ੍ਹਾ ਡੁੱਲ੍ਹਾ ਹੈ ਮੇਰਾ ਸ਼ਹਿਰ। ਕਿਸੇ ਵੀ ਦੁਕਾਨ ਵਿੱਚੋਂ ਕੋਈ ਸਮਾਨ ਬਾਹਰ ਲੱਗਿਆ ਨਹੀਂ ਦਿੱਸ ਰਿਹਾ ਹੁੰਦਾ, ਕੋਈ ਰੇਹੜੀ ਜਾਂ ਠੇਲ੍ਹਾ ਨਜਾਇਜ਼ ਤੌਰ ਤੇ ਸੜਕਾਂ ਦੀ ਹੱਦ ਮੱਲ੍ਹੀ ਨਹੀਂ ਖੜ੍ਹਾ ਹੁੰਦਾ। ਕਿਤੇ ਵੀ ਗਲਤ ਢੰਗ ਨਾਲ ਕੀਤੀ ਗਈ ਪਾਰਕਿੰਗ ਨਜ਼ਰ ਨਹੀਂ ਪੈਂਦੀ। ਇੱਕ ਦੂਜੇ ਤੋਂ ਅੱਗੇ ਲੰਘਣ ਲਈ ਬੇਵਜ੍ਹਾ ਉੱਚੀ ਅਵਾਜ਼ ਦੇ ਹਾਰਨ ਸੁਣਨ ਨੂੰ ਨਹੀਂ ਮਿਲਦੇ। ਸੋਚਦਾ ਹਾਂ ਉਹ ਕਿੰਨਾ ਭਲਾ ਵੇਲਾ ਹੋਵੇਗਾ ਜਦੋਂ ਵਾਕਈ ਇੱਦਾਂ ਵੀ ਕਦੇ ਰਿਹਾ ਹੋਵੇਗਾ। ਜਦੋਂ ਸਿਰਫ ਘੋੜੇ ਦੀਆਂ ਟਾਪਾਂ, ਜਿੰਦਗੀ ਦੀ ਗੱਡੀ ਨੂੰ ਧੀਮੀ ਜਿਹੀ ਗਤੀ ਨਾਲ ਪੰਧ ਮੁਕਾਉਣ ਵਿੱਚ ਮਦਦ ਕਰਦੀਆਂ ਹੋਣਗੀਆਂ। ਨਾ ਹਾਰਨਾਂ ਦਾ ਸ਼ੋਰ-ਸ਼ਰਾਬਾ, ਨਾ ਪ੍ਰਦੂਸ਼ਣ ਦੀ ਸਮੱਸਿਆ, ਨਾ ਕਾਹਲੀ ਕਰਦੇ ਹੋਏ ਵਾਪਰਦੇ ਹਾਦਸੇ, ਨਾ ਭੀੜ-ਭੜੱਕਾ ਨਾ ਸੱਜਿਉਂ-ਖੱਬਿਉਂ ਇੱਕ ਦਮ ਆਉਣ ਵਾਲੀ ਕਿਸੇ ਕਾਰ/ਗੱਡੀ/ਬਾਈਕ ਦਾ ਫਿਕਰ।

ਖੈਰ, ਵਾਪਸ ਅੱਜ ਵਿੱਚ ਆਉਂਦਾ ਹਾਂ ਤਾਂ ਸੈਂਕੜੇ ਤੇ ਹਜ਼ਾਰਾਂ ਮੀਲਾਂ ਦੀ ਦੂਰੀ ਕੁੱਝ ਸਕਿੰਟਾਂ/ਮਿੰਟਾਂ ਵਿੱਚ ਮੁੱਕ ਜਾਂਦੀ ਹੈ। ਮੋਟਰ ਗੱਡੀਆਂ ਤੋਂ ਲੈ ਕੇ ਹਵਾਈ ਜਹਾਜ਼ ਤੱਕ ਦੀ ਕਾਢ ਨੇ ਜਿੰਦਗੀ ਦੀ ਰਫਤਾਰ ਨੂੰ ਬਹੁਤ ਤੇਜ਼ ਕਰ ਦਿੱਤਾ, ਪਰ ਇਸ ਨੂੰ ਖਤਰਿਆਂ ਭਰਿਆ ਵੀ ਬਣਾ ਦਿੱਤਾ। ਪਰ ਜੇਕਰ ਸਮੁੱਚੇ ਪੱਖ ਤੋਂ ਵਿਚਾਰ ਕਰੀਏ ਤਾਂ ਪਤਾ ਲੱਗੇਗਾ ਕਿ ਇਸ ਵਿੱਚ ਕੇਵਲ ਮੋਟਰ ਗੱਡੀਆਂ ਦੀ ਤੇਜ਼ ਰਫਤਾਰੀ ਨੂੰ ਦੋਸ਼ ਦੇਣਾ ਕੋਈ ਸਮਝਦਾਰੀ ਨਹੀਂ ਹੋਵੇਗਾ, ਬਲਕਿ ਉਸ ਤੋਂ ਜਿਆਦਾ ਦੋਸ਼ੀ ਅਸੀਂ ਆਪ ਵੀ ਹਾਂ। ਮੋਟੇ ਤੌਰ ਤੇ ਤੇਜ਼ ਰਫਤਾਰੀ, ਨਸ਼ਿਆਂ ਦਾ ਸੇਵਨ, ਇੱਕ-ਦੂਜੇ ਤੋਂ ਅੱਗੇ ਲੰਘਣ ਦੀ ਕਾਹਲੀ, ਲਾਪਰਵਾਹੀ, ਸੜਕਾਂ ਤੇ ਸਟੰਟਬਾਜ਼ੀ (ਕਰਤੱਬ) ਦਿਖਾਉਣੀ, ਸੜਕੀ ਨਿਯਮਾਂ ਪ੍ਰਤੀ ਕੁਤਾਹੀ ਅਤੇ ਅਣਜਾਣਤਾ, ਸੜਕਾਂ ਤੇ ਅਵਾਰਾ ਪਸ਼ੂਆਂ ਦਾ ਖੁਲ੍ਹੇਆਮ ਘੁੰਮਣਾ, ਸਰਦੀਆਂ ਦੌਰਾਨ ਸੰਘਣੀ ਧੁੰਦ ਅਤੇ ਤਿੱਖੀਆ ਲਾਈਟਾਂ, ਸੱਜੇ-ਖੱਬੇ ਮੁੜਨ ਲੱਗਿਆਂ ਇਸ਼ਾਰਿਆਂ ਦੀ ਵਰਤੋਂ ਨਾ ਕਰਨਾ, ਡਰਾਈਵਿੰਗ ਦੌਰਾਨ ਮੋਬਾਇਲ ਦੀ ਵਰਤੋਂ, ਮਾਨਵ ਰਹਿਤ ਫਾਟਕ ਜਿਸ ਕਰਕੇ ਕਈ ਮੋਟਰ ਗੱਡੀਆਂ, ਰੇਲ ਗੱਡੀ ਦਾ ਸ਼ਿਕਾਰ ਬਣ ਜਾਂਦੀਆਂ ਹਨ, ਧਾਰਮਿਕ ਮੇਲਿਆਂ ਦੌਰਾਨ ਟਰੈਕਟਰ ਟਰਾਲੀਆਂ ਜਾਂ ਟਰੱਕਾਂ ਉੱਤੇ ਵਾਧੂ ਆਹਰ ਕਰ ਕੇ ਬਿਠਾਏ ਵਧੇਰੇ ਲੋਕ, ਨਾਬਾਲਗਾਂ ਵੱਲੋਂ ਦੋ ਅਤੇ ਚਾਰ ਪਹੀਆ ਦੀ ਸਵਾਰੀ ਕਰਨਾ ਆਦਿ ਕਾਰਨ ਮੁੱਖ ਰੂਪ ਵਿੱਚ ਸ਼ਾਮਲ ਹਨ। ਤੁਸੀਂ ਆਪ ਦੇਖ ਸਕਦੇ ਹੋ ਕਿ 80 ਫੀਸਦੀ ਤੋਂ ਵੱਧ ਦੋ ਪਹੀਆ ਵਾਹਨਾਂ ਤੇ ਲੱਗੇ ਪਿੱਛੇ ਦੇਖਣ ਵਾਲੇ ਦੋਨੋਂ ਸ਼ੀਸ਼ੇ ਨੌਜਵਾਨਾਂ ਵੱਲੋਂ ਫੈਸ਼ਨਪ੍ਰਤਸੀ ਦੇ ਤੌਰ ਤੇ ਉਤਾਰ ਦਿੱਤੇ ਜਾਂਦੇ ਹਨ, ਜਿਸ ਕਾਰਨ ਮੁੜਨ ਲੱਗਿਆਂ ਅਤੇ ਆਪਣੇ ਅਗਲੇ ਵਾਹਨ ਤੋਂ ਅੱਗੇ ਕੱਢਣ ਲੱਗਿਆਂ ਬਿਨ੍ਹਾਂ ਪਿੱਛੇ ਦੇਖੇ ਆਪਣਾ ਵਾਹਨ ਆਪਣੀ ਮਰਜ਼ੀ ਨਾਲ ਮੋੜ ਲਿਆ ਜਾਂਦਾ ਹੈ, ਜਿਸ ਕਰਕੇ ਪਿੱਛੇ ਆ ਰਹੇ ਵਾਹਨ ਵਾਲੇ ਨੂੰ ਆਪਣੀ ਗੱਡੀ ਕੰਟਰੋਲ ਕਰਨੀ ਔਖੀ ਹੋ ਜਾਂਦੀ ਹੈ। ਜਿਸ ਕਰ ਕੇ ਹਰ ਰੋਜ਼ ਹਾਦਸੇ ਵਾਪਰ ਰਹੇ ਹਨ, ਅਜਾਈਂ ਮੌਤਾਂ ਹੋ ਰਹੀਆਂ ਹਨ, ਛੋਟੇ-ਛੋਟੇ ਬੱਚੇ-ਬੱਚੀਆਂ, ਨੌਜਵਾਨ, ਬਜ਼ੁਰਗ ਸੜਕਾਂ ’ਤੇ ਹੋ ਰਹੇ ਇਸ ਮੌਤ ਰੂਪੀ ਤਾਂਡਵ ਦਾ ਸ਼ਿਕਾਰ ਬਣ ਰਹੇ ਹਨ, ਉੱਥੇ ਪਰਿਵਾਰਾਂ ਦੇ ਪਰਿਵਾਰ ਵੀ ਇਸ ਸੜਕੀ ਅੱਤਵਾਦ ਦੇ ਕਾਲੇ ਪ੍ਰਛਾਵੇਂ ਦੀ ਲਪੇਟ ਵਿੱਚ ਆ ਰਹੇ ਹਨ।

ਇੱਕ ਰਿਪੋਰਟ ਅਨੁਸਾਰ ਭਾਰਤ ਵਿੱਚ ਹਰ ਘੰਟੇ ਦੌਰਾਨ ਲਗਭਗ 56 ਸੜਕੀ ਹਾਦਸੇ ਹੁੰਦੇ ਹਨ ਜਿੰਨ੍ਹਾਂ ਵਿੱਚ 16 ਮੌਤਾਂ ਹੁੰਦੀਆਂ ਹਨ ਅਤੇ ਸੜਕੀ ਆਵਾਜਾਈ ਮੰਤਰਾਲੇ ਅਨੁਸਾਰ ਇੱਕ ਸਾਲ ਵਿੱਚ 1.39 ਲੱਖ ਤੋਂ ਜਿਆਦਾ ਲੋਕ ਸੜਕੀ ਹਾਦਸਿਆਂ ਵਿੱਚ ਆਪਣੀਆਂ ਜਾਨ ਗਵਾ ਦਿੰਦੇ ਹਨ। ਸੜਕੀ ਆਵਾਜਾਈ ਮੰਤਰਾਲੇ ਮੁਤਾਬਕ ਸਾਲ 2015 ਵਿੱਚ 4 ਲੱਖ, 89 ਹਜ਼ਾਰ ਤੋਂ ਵੱਧ ਸੜਕ ਹਾਦਸੇ ਵਾਪਰੇ, ਜਿਨ੍ਹਾਂ ਵਿੱਚ 1 ਲੱਖ, 39 ਹਜ਼ਾਰ ਤੋਂ ਵੱਧ ਲੋਕ ਮਾਰੇ ਗਏ। ਰਿਪੋਰਟ ਵਿੱਚ ਇਹ ਵੀ ਖੁਲਾਸਾ ਹੋਇਆ ਕਿ 55 ਪ੍ਰਤੀਸ਼ਤ ਸੜਕੀ ਹਾਦਸੇ ਤੇ ਇਨ੍ਹਾਂ ਹਾਦਸਿਆਂ ਦੌਰਾਨ ਹੋਣ ਵਾਲੀਆਂ 56 ਪ੍ਰਤੀਸ਼ਤ ਮੌਤਾਂ ਦਾ ਕਾਰਨ ਤੇਜ਼ ਰਫਤਾਰ ਹੈ, 5 ਫੀਸਦੀ ਹਾਦਸਿਆਂ ਦਾ ਕਾਰਨ ਨਸ਼ਾ, ਜਿਸ ਵਿੱਚ 6.8 ਫੀਸਦੀ ਮੌਤਾ ਹੁੰਦੀਆਂ ਹਨ, ਆਦਿ।

ਜਿੱਥੇ ਸੜਕਾਂ ਉੱਚ ਪਾਏ ਦੀਆਂ ਹੋਣ ਕਾਰਨ ਤੇਜ਼ ਰਫਤਾਰ ਤੇ ਲਾਪਰਵਾਈ ਹਾਦਸਿਆਂ ਦਾ ਕਾਰਨ ਹੈ ਉੱਥੇ ਜੇਕਰ ਸੜਕਾਂ ਮਾੜੀਆਂ ਹਨ ਜਾਂ ਸਾਈਨ ਬੋਰਡ, ਆਵਾਜਾਈ ਸਬੰਧੀ ਸਿਗਨਲ ਅਤੇ ਟਰੈਫਿਕ ਪੁਲਿਸ ਨਾ ਹੋਣ ਕਰ ਕੇ ਵੀ ਸਾਲ 2014 ਵਿੱਚ 2 ਲੱਖ 13 ਹਜ਼ਾਰ 32 ਹਾਦਸੇ ਵਾਪਰੇ ਅਤੇ ਬਿਨਾਂ ਸੂਚਨਾ ਬੋਰਡਾਂ ਤੋਂ ਸੜਕ ਉੱਤੇ ਬਣਾਏ ਗਏ ਸਪੀਡ ਬਰੇਕਰਾਂ ਕਾਰਨ ਵੀ 11,008 ਹਾਦਸੇ ਵਾਪਰੇ, ਜਿਨ੍ਹਾਂ ਵਿੱਚ 3633 ਦੇ ਕਰੀਬ ਮੌਤਾਂ ਹੋਈਆਂ। ਹੋ ਸਕਦਾ ਹੈ ਕਿ ਗ਼ੈਰ ਸਰਕਾਰੀ ਸਰਵੇਖਣਾਂ ਵਿੱਚ ਇਹ ਆਕੜੇ ਕਿਤੇ ਵੱਧ ਹੋਣ।

ਹਾਲਾਤਾਂ ਅਨੁਸਾਰ ਐਸਾ ਜਾਪਦਾ ਹੈ ਜਿਵੇਂ ਸੜਕੀ ਹਾਦਸੇ ਸਾਡੀ ਜਿੰਦਗੀ ਦਾ ਅਟੁੱਟ ਹਿੱਸਾ ਬਣ ਗਏ ਹੋਣ, ਕਿਉਂਕਿ ਇੱਕ ਵੀ ਦਿਨ ਐਸਾ ਨਹੀਂ, ਜਿਸ ਦਿਨ ਹਾਦਸਾ ਨਾ ਵਾਪਰਿਆ ਹੋਵੇ ਤੇ ਕੋਈ ਮੌਤ ਨਾ ਹੋਈ ਹੋਵੇ। ਅਸੀਂ ਸਾਰੇ ਇਸ ਮਾਮਲੇ ਪ੍ਰਤੀ ਚਿੰਤਤ ਤਾਂ ਹਾਂ, ਪਰ ਇਸ ਦਾ ਹੱਲ ਕੱਢਣ ਨੂੰ ਤਿਆਰ ਨਹੀਂ। ਮੇਰੇ ਵਿਚਾਰਾਂ ਅਨੁਸਾਰ ਸਭ ਤੋਂ ਪਹਿਲਾਂ ਪ੍ਰਸ਼ਾਸਨ ਇਸ ਪ੍ਰਤੀ ਗੰਭੀਰ ਅਤੇ ਸੰਜੀਦਾ ਹੋਵੇ ਅਤੇ ਪੂਰੀ ਸਖਤੀ ਵਰਤਣੀ ਸ਼ੁਰੂ ਕਰੇ ਤਾਂ ਸ਼ਾਇਦ ਇਸ ਸੜਕੀ ਹਾਦਸਿਆਂ ’ਤੇ ਰੋਕ ਲੱਗ ਸਕਦੀ ਹੈ। ਮਿਸਾਲ ਦੇ ਤੌਰ ਤੇ ਅੰਮ੍ਰਿਤਸਰ ਸਾਹਿਬ ਜਦੋਂ ਅਸੀਂ ਭੰਡਾਰੀ ਪੁੱਲ ਤੋਂ ਐਲੀਵੇਟਿਡ ਪੁੱਲ ’ਤੇ ਚੜ੍ਹਦੇ ਹਾਂ ਤਾਂ ਕੋਈ ਵੀ ਮੋਟਰ ਗੱਡੀ, ਕਾਰ ਜਾਂ ਕੋਈ ਵੀ ਵਾਹਨ ਵੱਡਾ ਜਾਂ ਛੋਟਾ ਹੋਵੇ ਉਸ ਦੀ ਗਤੀ 50 ਕਿਲੋਮੀਟਰ ਪ੍ਰਤੀ ਘੰਟੇ ਤੋਂ ਉੱਪਰ ਨਹੀਂ ਹੁੰਦੀ, ਇਸ ਦਾ ਮਤਲਬ ਇਹ ਨਹੀਂ ਕਿ ਇੱਥੇ ਲੋਕ ਸੜਕੀ ਨਿਯਮਾਂ ਪ੍ਰਤੀ ਜਾਗਰੂਕ ਹਨ ਬਲਕਿ ਇਸ ਦਾ ਕਾਰਨ ਪੁੱਲ ਦੇ ਅੱਧ ਵਿੱਚ ਟ੍ਰੈਫਿਕ ਪੁਲਿਸ ਵਾਲੇ ਵੱਡੀ ਤਦਾਦ ਵਿੱਚ ਬੈਰੀਗੇਟ ਲਗਾ ਕੇ ਖੜ੍ਹੇ ਹੁੰਦੇ ਹਨ ਅਤੇ ਰਾਡਾਰ ਅਤੇ ਕੈਮਰਿਆਂ ਦੀ ਮਦਦ ਨਾਲ ਭੰਡਾਰੀ ਪੁੱਲ ਤੋਂ ਐਲੀਵੇਟਿਡ ਪੁੱਲ ਵੱਲ ਆਉਣ ਵਾਲੀਆਂ ਗੱਡੀਆਂ ਉੱਤੇ ਬਾਜ਼ ਅੱਖ ਰੱਖੀ ਬੈਠੇ ਹੁੰਦੇ ਹਨ। ਜਿਸ ਕਰ ਕੇ ਚਲਾਣ ਦੇ ਡਰ ਤੋਂ ਲੋਕ ਵੀ ਆਵਾਜਾਈ ਸਬੰਧੀ ਨਿਰਧਾਰਤ ਗਤੀ ਦੇ ਨਿਯਮ ਨੂੰ ਪੂਰੀ ਤਰ੍ਹਾਂ ਅਪਣਾ ਲੈਂਦੇ ਹਨ। ਜੇ ਐਸਾ ਹਰ ਜਗ੍ਹਾ ਹਰ ਪਾਸੇ ਹੋਵੇ ਤਾਂ ਵੱਡੇ ਪੱਧਰ ’ਤੇ ਸੜਕੀ ਹਾਦਸੇ ਰੋਕੇ ਜਾ ਸਕਦੇ ਹਨ।

ਇਸ ਤੋਂ ਇਲਾਵਾ ਟ੍ਰੈਫਿਕ ਪੁਲਿਸ ਇੱਕ-ਅੱਧੀ ਵਾਰ ਚਿਤਾਵਨੀ ਤੋਂ ਬਾਅਦ ਡਰਾਇਵਿੰਗ ਲਾਇੰਸਸ ਰੱਦ ਕਰ ਦੇਵੇ। ਬਿਨਾਂ ਡਰਾਈਵਿੰਗ ਟੈਸਟ ਪਾਸ ਕੀਤਿਆਂ ਲਾਇਸੰਸ ਜਾਰੀ ਨਾ ਹੋਣ।, ਲੋਕ ਵੀ ਆਪਣੀ ਜਾਨ ਦੇ ਨਾਲ ਦੂਜਿਆਂ ਦੀਆਂ ਜਾਨਾਂ ਦੀ ਕੀਮਤ ਸਮਝਣ।, ਟ੍ਰੈਫਿਕ ਨਿਯਮਾਂ ਦਾ ਪੂਰਾ-ਪੂਰਾ ਗਿਆਨ ਹੋਵੇ।, ਗੱਡੀਆਂ ਦੀ ਰਫਤਾਰ ਤੈਅ ਕੀਤੀ ਗਈ ਗਤੀ ਤੋਂ ਵਧੇਰੇ ਨਾ ਕੀਤੀ ਜਾਵੇ।, ਸੜਕ ਪਾਰ ਕਰਨ ਵਾਲੇ ਪੂਰੀ ਚੇਤਨਤਾ ਨਾਲ ਸੜਕ ਪਾਰ ਕਰਨ ਵੇਲੇ ਦੋਨੋਂ ਪਾਸਿਉਂ ਸੁਰੱਖਿਆ ਯਕੀਨੀ ਬਣਾ ਲੈਣ।, ਗਲੀਆਂ, ਬਾਜ਼ਾਰਾਂ ਵਿੱਚ ਦੋ ਪਹੀਆ ਵਾਹਨਾਂ ਦੀ ਗਤੀ ਧੀਮੀ ਹੋਵੇ।, ਹਰ ਮੋੜ ’ਤੇ ਹਾਰਨ ਦੀ ਵਰਤੋਂ ਜ਼ਰੂਰੀ ਹੈ।, ਨਾਬਾਲਗ ਬੱਚਿਆਂ ਨੂੰ ਮੋਟਰਸਾਈਕਲ ਜਾਂ ਕਾਰਾਂ ਦੀ ਵਰਤੋਂ ਨਾ ਕਰਨ ਦਿੱਤੀ ਜਾਵੇ।

ਸਕੂਲਾਂ ਵਿੱਚ ਅਕਸਰ ਛੁੱਟੀ ਵੇਲੇ ਵਿਦਿਆਰਥੀ ਆਪਣੇ ਤਿੰਨ ਚਾਰ ਦੋਸਤਾਂ ਨੂੰ ਇੱਕੋ ਹੀ ਮੋਟਰਸਾਈਕਲ ਉੱਤੇ ਬਿਠਾ ਲੈਂਦੇ ਹਨ, ਇਸ ਉੱਤੇ ਸਕੂਲ ਪ੍ਰਬੰਧਕ ਸਖਤੀ ਨਾਲ ਰੋਕ ਲਗਾਉਣ।, ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਚਲਾਣ ਜ਼ਰੂਰੀ ਤੇ ਵੱਡੀ ਰਕਮ ਵਿੱਚ ਵਸੂਲਿਆ ਜਾਵੇ।, ਓਵਰਟੇਕ ਕਰਨ ਵੇਲੇ ਮੁਕੰਮਲ ਰੂਪ ਵਿੱਚ ਇਹਤੀਆਤ ਵਰਤੀ ਜਾਵੇ।

ਯਾਦ ਰੱਖੋ ਕਾਹਲੀ ਵਿੱਚ ਜਾਂ ਆਰਾਮ ਨਾਲ ਦੁਨੀਆਂ ਦੇ ਸਾਰੇ ਕੰਮ ਹੁੰਦੇ ਹੀ ਰਹਿਣੇ ਨੇ, ਸਾਡੇ ਜਿਉਂਦਿਆਂ ਵੀ ਅਤੇ ਸਾਡੇ ਮਗਰੋਂ ਵੀ। ਇਸ ਲਈ ਜ਼ਰੂਰੀ ਹੈ ਕਿ ਆਪਣੇ ਸਮੇਤ ਦੂਜਿਆਂ ਦੀਆਂ ਜਿੰਦਗੀਆਂ ਦੀ ਸੁਰੱਖਿਆ ਬਾਰੇ ਜ਼ਰੂਰ ਸੋਚਿਆ ਜਾਵੇ, ਕਿਉਂਕਿ ਘਰ ਕਦੇ ਵੀ ਨਾ ਪਹੁੰਚਣ ਨਾਲੋਂ ਕਿਤੇ ਚੰਗਾ ਹੈ ਕਿ ਘਰ ਜ਼ਰਾ ਮਾਸਾ ਦੇਰੀ ਨਾਲ ਪਹੁੰਚਿਆ ਜਾਵੇ। ਦੂਜਿਆਂ ਨੂੰ ਦੋਸ਼ ਦੇਣ ਦੇ ਨਾਲ ਅਸੀਂ ਆਪ ਵੀ ਨਿਯਮਾਂ ਦੀ ਪਾਲਣਾ ਕਰਨਾ ਸ਼ੁਰੂ ਕਰ ਦੇਈਏ ਤਾਂ ਕਈ ਬੇਸ਼ਕਿਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਆਮੀਨ  !

45560cookie-checkਕਿਉਂ ਸਾਡੇ ਹਾਈ-ਵੇਅ, ਕਸਾਈ-ਵੇਅ ਬਣ ਰਹੇ ਹਨ ?