33 C
Jalandhar
Thursday, April 2, 2026
spot_img
Home Blog Page 95

ਏਹਿ ਭਿ ਦਾਤਿ ਤੇਰੀ ਦਾਤਾਰ

0

ਏਹਿ ਭਿ ਦਾਤਿ ਤੇਰੀ ਦਾਤਾਰ

ਪ੍ਰੋਫ਼ੈਸਰ ਸਾਹਿਬ ਸਿੰਘ

ਜਿਸ ਮਨੁੱਖ ਨੂੰ ਆਪਣੀ ਜ਼ਿੰਦਗੀ ਵਿੱਚ ਜੇ ਵਿਕਾਰ ਨਾਲ ਕਦੇ ਟਾਕਰਾ ਨਹੀਂ ਪਿਆ ਤਾਂ ਉਸ ਨੂੰ ਕਦੇ ਇਹ ਸੋਚਣ ਦੀ ਲੋੜ ਨਹੀਂ ਪੈਂਦੀ ਕਿ ਇਹ ‘ਦੁੱਖ-ਵਿਕਾਰ’ ਕੀ ਹਨ ? ਤੇ ਇਨ੍ਹਾਂ ਤੋਂ ਬਚਾਅ ਕਿਵੇਂ ਹੋ ਸਕਦਾ ਹੈ ? ਅਜਿਹਾ ਮਨੁੱਖ; ਮਨੁੱਖਾ-ਜੀਵਨ ਦੇ ਅਮਲੀ ਪਹਿਲੂ ਦੀ ਬਾਬਤ ਕੁਝ ਨਹੀਂ ਜਾਣਦਾ, ਪਰ ਉਂਞ, ਛੋਟੇ ਬਾਲ ਨੂੰ ਹੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜਿਨ੍ਹਾਂ ਕਰ ਕੇ ਉਸ ਦੇ ਮਨ ਵਿੱਚ ਕੁਝ ਇਹੋ ਜਿਹੇ ਪ੍ਰਸ਼ਨ ਉੱਠਣ ਲੱਗ ਪੈਂਦੇ ਹਨ : ‘ਮੈਂ ਡਿੱਗਦਾ ਕਿਉਂ ਹਾਂ ?, ਮੈਨੂੰ ਸੱਟਾਂ ਕਿਉਂ ਲਗਦੀਆਂ ਹਨ ?, ਮੈਂ ਕਈ ਵਾਰ ਆਪਣਾ ਹੱਥ ਅੱਗ ਵਿੱਚ ਕਿਉਂ ਸਾੜ ਲੈਂਦਾ ਹਾਂ ?’

ਬੱਚੇ ਦੀ ਹੱਡ-ਬੀਤੀ ਵਿੱਚ ‘ਦੁੱਖ-ਵਿਕਾਰ’ ਦੀ ਹੋਂਦ ਦਾ ਸੁਆਲ ਇਸ ਉੱਪਰ-ਲਿਖੇ ਤਰੀਕੇ ਨਾਲ ਪੈਦਾ ਹੁੰਦਾ ਹੈ।  ਜਿਉਂ-ਜਿਉਂ ਬਾਲ ਵੱਡਾ ਹੁੰਦਾ ਹੈ, ਇਹ ‘ਦੁੱਖ-ਵਿਕਾਰ’ ਹੋਰ ਸ਼ਕਲ ਵਟਾਂਦੇ ਹਨ : ‘ਮੈਂ ਸਕੂਲ ਕਿਉਂ ਜਾਵਾਂ, ਖੇਡਾਂ ਕਿਉਂ ਨਾ ?, ਮੇਰੇ ਕਈ ਮਿੱਤਰ-ਸਾਥੀ ਮੇਰਾ ਗੁਆਂਢ ਛੱਡ ਕੇ ਕਿਤੇ ਹੋਰ ਥਾਂ ਕਿਉਂ ਚਲੇ ਗਏ ਹਨ ?, ਮੇਰੇ ਕਈ ਮਿੱਤਰ ਮਰ ਕਿਉਂ ਗਏ ਹਨ ?, ਮੈਂ ਕਈ ਵਾਰ ਬਿਮਾਰ ਕਿਉਂ ਹੋ ਜਾਂਦਾ ਹਾਂ ?’ ਜਿਉਂ-ਜਿਉਂ ਉਮਰ ਵਡੇਰੀ ਹੁੰਦੀ ਹੈ, ਇਹ ਹੱਡ-ਬੀਤੀ ਹੋਰ ਸ਼ਕਲ ਵਟਾ ਲੈਂਦੀ ਹੈ : ‘ਦੁਨੀਆ ਵਿੱਚ ਗ਼ਰੀਬੀ ਕਿਉਂ ਹੈ ?, ਬਦੀ ਕਿਉਂ ਹੈ ?, ਉਪੱਦ੍ਰਵ ਕਿਉਂ ਹਨ ?, ਝੱਖੜ, ਹੜ੍ਹ, ਭੁਚਾਲ ਕਿਉਂ ਹਨ ?, ਕੱਕਰ ਤੇ ਗੜੇ-ਮਾਰ ਕਿਉਂ ?, ਗੱਡੀਆਂ ਤੇ ਮੋਟਰਾਂ ਦੇ ਭੇੜ ਕਿਉਂ ?, ਜਹਾਜ਼ ਕਿਉਂ ਡੁੱਬਦੇ ਹਨ ? ਜੰਗ ਤੇ ਕਤਲੇਆਮ ਕਿਉਂ ?, ਜ਼ਿੰਦਗੀ ਵਿੱਚ ਚਿੰਤਾ-ਫ਼ਿਕਰ ਕਿਉਂ ?, ਬੁਢੇਪਾ ਕਿਉਂ ?, ਜੁਆਨਾਂ ਤੇ ਬੱਚਿਆਂ ਨੂੰ ਮੌਤ ਕਿਉਂ ?, ਜੀਵਨ ਵਿੱਚ ਸਦਾ ਮੌਜਾਂ ਕਿਉਂ ਨਹੀਂ ?’

ਇਨ੍ਹਾਂ ਸੰਸਿਆਂ ਵੱਲੋਂ ਅੱਖਾਂ ਮੀਟ ਰੱਖਣ ਵਿੱਚ ਸੁੱਖ ਨਹੀਂ, ਇਨ੍ਹਾਂ ਦਾ ਟਾਕਰਾ ਕਰਨਾ ਹੀ ਪਏਗਾ, ਇਨ੍ਹਾਂ ਦੀ ਤਹਿ ਤੱਕ ਅੱਪੜਨ ਦਾ ਯਤਨ ਕਰਨਾ ਪਏਗਾ, ਜੀਵਨ ਦੇ ਰਾਜ਼ ਨੂੰ ਸਮਝਣਾ ਪਏਗਾ, ਜਿਸ ਵਿੱਚ ਇਹ ਸਾਰੇ ਹੀ ਸੁਆਲ ਆ ਜਾਣ। ਇਹ ਸਾਰਾ ਜਗਤ-ਜੀਵਨ ਇੱਕ ਇਮਾਰਤ ਹੈ। ਇਸ ਵਿੱਚ ਦੁੱਖ-ਸੁੱਖ, ਕਲੇਸ਼ ਤੇ ਵਿਕਾਰ ਆਦਿਕ ਸਭ ਇਸ ਇਮਾਰਤ ਦੀਆਂ ਇੱਟਾਂ, ਚੂਨਾ, ਗਾਰਾ ਆਦਿਕ ਹਨ। ਇਸ ਸਾਰੀ ਇਮਾਰਤ ਦੀ ਸਮੁੱਚੀ ਹਸਤੀ ਨੂੰ ਸਮਝਣਾ ਹੀ ਪਏਗਾ।

ਜਗਤ ਵਿੱਚ ‘ਦੁੱਖ-ਕਲੇਸ਼’ ਦੀ ਹੋਂਦ ਦਾ ਭੇਤ ਸਮਝਣ ਲਈ ਸਾਨੂੰ ਆਪਣਾ ਦ੍ਰਿਸ਼ਟੀ-ਮੰਡਲ ਖੁੱਲ੍ਹਾ ਕਰਨਾ ਪਏਗਾ। ਇੱਕ ਦੋ ਮਨੁੱਖਾਂ ਦੀ ਜ਼ਿੰਦਗੀ ਵੱਲ ਹੀ ਨਾ ਤੱਕੀਏ, ਸਗੋਂ ਸਾਰੀ ਮਨੁੱਖ-ਜਾਤੀ ਦੇ ਜੀਵਨ ਨੂੰ ਆਪਣੀ ਨਜ਼ਰ ਦੇ ਘੇਰੇ ਵਿੱਚ ਮਿਲਾਈਏ।

ਇਹ ਖ਼ਿਆਲ ਗ਼ਲਤ ਹੈ ਕਿ ਉਸ ਬੰਦੇ ਦੀ ਜ਼ਿੰਦਗੀ ‘ਆਦਰਸ਼ਕ ਜ਼ਿੰਦਗੀ’ ਹੈ, ਜਿਸ ਨੂੰ ਸਭ ਤਰ੍ਹਾਂ ਦਾ ਸੁੱਖ ਪ੍ਰਾਪਤ ਹੈ ਕਿਉਂਕਿ ਇਹ ਗੱਲ ਅਮਲੀ ਜੀਵਨ ਵਿੱਚ ਨਹੀਂ ਮਿਲਦੀ। ਇਖ਼ਲਾਕੀ ਉੱਚਤਾ ਤੇ ਪਵਿੱਤਰਤਾ-ਇਹ ਹਨ ਜ਼ਿੰਦਗੀ ਦੇ ਗਹਿਣੇ ਤੇ ਇਹ ਗਹਿਣੇ ਘੜੀਂਦੇ ਹਨ ‘ਦੁੱਖ-ਕਲੇਸ਼’ ਦੀ ਕੁਠਾਲੀ ਵਿੱਚ।

ਸਿਰਜਣਹਾਰ ਨੇ ਕਿਸੇ ਮੰਦ-ਭਾਵ ਨਾਲ ਇਨਸਾਨੀ ਜੀਵਨ ਦੇ ਰਾਹ ਵਿੱਚ ‘ਦੁੱਖ-ਕਲੇਸ਼’ ਦੇ ਕੰਡੇ ਨਹੀਂ ਖਿਲਾਰੇ ਹਨ। ਜੇ ਆਪਣੇ ਪੈਦਾ ਕੀਤੇ ਬੰਦਿਆਂ ਨੂੰ ਦੁੱਖੀ ਰੱਖਣਾ ਉਸ ਦੀ ਰਜ਼ਾ ਹੁੰਦੀ ਤਾਂ ਪ੍ਰਭੂ ਉਹ ਦਾਰੂ, ਉਹ ਢੰਗ ਤੇ ਉਹ ਵਸੀਲੇ ਮਨੁੱਖ ਦੀ ਪਹੁੰਚ ਵਿੱਚ ਨਾ ਆਉਣ ਦੇਂਦਾ, ਜੋ ਇਨ੍ਹਾਂ ਦੁੱਖ-ਕਲੇਸ਼ਾਂ ਨੂੰ ਦੂਰ ਕਰ ਦੇਂਦੇ ਹਨ ਜਾਂ ਪ੍ਰਮਾਤਮਾ ਮਨੁੱਖ ਨੂੰ ਇਹ ਮਿੱਠੀ ਦਾਤ ਨਾ ਬਖ਼ਸ਼ਦਾ, ਜਿਸ ਨਾਲ ਮਨੁੱਖ ਵੱਡੇ ਤੋਂ ਵੱਡੇ ਹੋ-ਬੀਤੇ ਕਸ਼ਟ ਭੀ ਭੁੱਲ ਜਾਂਦਾ ਹੈ। ‘ਚੇਤਾ-ਸ਼ਕਤੀ’ ਤੋਂ ਦੁੱਖ-ਕਲੇਸ਼ ਮਿਟ ਜਾਣੇ-ਇਹ ਇੱਕ ਉੱਚੀ ਬਖ਼ਸ਼ਸ਼ ਹੈ। ਜਦੋਂ ਕੋਈ ਸਰੀਰਕ ਪੀੜ ਇੰਨੀ ਤੇਜ਼ ਹੋ ਜਾਏ ਕਿ ਸਹਾਰੀ ਨਾ ਜਾ ਸਕੇ ਤਾਂ ਉਸ ਪੀੜ ਦੇ ਕਾਰਨ ਮਨੁੱਖ ਬੇਹੋਸ਼ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਉਹ ਪੀੜ ਉਸ ਨੂੰ ਪੋਹ ਨਹੀਂ ਸਕਦੀ।  ਸਰੀਰ ਦੀ ਇਹ ਬਣਤਰ ਭੀ ਉਸ ਨੇ ਬਣਾਈ ਹੈ, ਜਿਸ ਨੇ ਇਸ ਦੇ ਰਾਹ ਵਿੱਚ ਦੁੱਖਾਂ ਦੀਆਂ ਔਖੀਆਂ ਘਾਟੀਆਂ ਖੜ੍ਹੀਆਂ ਕੀਤੀਆਂ ਹਨ।

ਇਹ ਸਾਰੀ ਜਗਤ-ਰਚਨਾ ਖ਼ਾਸ ਨੇਮਾਂ ਅਨੁਸਾਰ ਹੈ। ਉਨ੍ਹਾਂ ਨੇਮਾਂ ਦੇ ਅੰਦਰ ਰਹਿ ਕੇ ਸਾਰੇ ਤੱਤ, ਆਪੋ ਆਪਣਾ ਕੰਮ ਕਰ ਰਹੇ ਹਨ ਤੇ ਜਗਤ ਦੀ ਕਾਰ ਠੀਕ ਹੁੰਦੀ ਜਾ ਰਹੀ ਹੈ। ਜਦੋਂ ਕਦੇ ਸਾਨੂੰ ਇਹ ਭੁਲੇਖਾ ਪੈਂਦਾ ਹੈ ਕਿ ਫਲਾਣੇ ਥਾਂ ਕਿਸੇ ਕੁਦਰਤੀ ਨੇਮ ਦਾ ਉਲੰਘਣ ਹੋ ਰਿਹਾ ਹੈ, ਤਦੋਂ ਭੀ ਗਹੁ ਨਾਲ ਵੇਖਿਆਂ ਇਹ ਸਮਝ ਆ ਜਾਂਦੀ ਹੈ ਕਿ ਇੱਥੇ ਭੀ ਕੁਦਰਤ ਦਾ ਇੱਕ ਹੋਰ ਨੇਮ ਕੰਮ ਕਰ ਰਿਹਾ ਹੈ। ਮਨੁੱਖ ਨੇ ਬਹੁਤੇ ਦੁੱਖ-ਕਲੇਸ਼ ਇਨ੍ਹਾਂ ਕੁਦਰਤੀ ਨੇਮਾਂ ਦਾ ਉਲੰਘਣ ਕਰ ਕੇ ਹੀ ਸਹੇੜੇ ਹਨ। ਜਿਨ੍ਹਾਂ ਕੁਦਰਤੀ ਨੇਮਾਂ ਦੀ ਮਨੁੱਖ ਨੂੰ ਸਮਝ ਆ ਗਈ ਹੈ ਤੇ ਪਤਾ ਲੱਗ ਚੁੱਕਿਆ ਹੈ ਕਿ ਇਨ੍ਹਾਂ ਦੇ ਵਿਰੁਧ ਤੁਰਿਆ ਤਾਂ ਫਲਾਣਾ ਕਸ਼ਟ ਆ ਪਏਗਾ, ਮਨੁੱਖ ਆਪਣੇ ਅਤੇ ਮਨੁੱਖ-ਜਾਤੀ ਦੇ ਭਲੇ ਵਾਸਤੇ ਉਨ੍ਹਾਂ ਨੇਮਾਂ ਦੀ ਵਿਰੋਧਤਾ ਨਹੀਂ ਕਰਦਾ, ਪਰ ਮਨੁੱਖ ਨੂੰ ਅਜੇ ਸਾਰੇ ਨੇਮਾਂ ਦੀ ਸਾਰ ਨਹੀਂ ਆਈ ਤੇ ਇਹ ਆਸ ਰੱਖਣੀ ਅਯੋਗ ਤੇ ਵਿਅਰਥ ਹੈ ਕਿ ਜਿਨ੍ਹਾਂ ਨੇਮਾਂ ਦੀ ਮਨੁੱਖ ਨੂੰ ਅਜੇ ਸਮਝ ਨਹੀਂ ਆਈ, ਉਹ ਨੇਮ ਜਗਤ-ਖੇਡ ਵਿੱਚ ਆਪਣਾ ਕੰਮ ਹਾਲਾਂ ਬੰਦ ਕਰ ਦੇਣ।

ਇੱਕ ਜਹਾਜ਼ ਸਮੁੰਦਰ ਵਿੱਚ ਡੁੱਬ ਜਾਂਦਾ ਹੈ, ਲੋਕ ਇਸ ਨੂੰ ਰੱਬ ਦਾ ਕਹਿਰ ਆਖਣ ਲੱਗ ਪੈਂਦੇ ਹਨ, ਇਹ ਭੀ ਰੱਬੀ ਕ੍ਰੋਪ ਗਿਣਿਆ ਜਾਂਦਾ ਹੈ, ਪਰ ਇਹ ਸਭ ਕੁਝ ਮਨੁੱਖ ਦੀਆਂ ਆਪਣੀਆਂ ਕਮਜ਼ੋਰੀਆਂ ਦਾ ਨਤੀਜਾ ਹੈ। ਜਹਾਜ਼ ਸਮੁੰਦਰ ਦੇ ਸਾਰੇ ਖ਼ਤਰਿਆਂ ਦਾ ਟਾਕਰਾ ਕਰਨ ਜੋਗਾ ਪੱਕਾ ਨਹੀਂ ਬਣਾਇਆ ਗਿਆ, ਸਮੁੰਦਰ ਵਿੱਚ ਵਰਤਦੇ ਕੁਦਰਤੀ ਨੇਮ ਆਪਣਾ ਕੰਮ ਕਿਵੇਂ ਛੱਡ ਦੇਣ ? ਕਾਂਟਾ ਬਦਲਾਣ ਵਾਲਾ ਮਨੁੱਖ ਬੇਪਰਵਾਹੀ ਵਿੱਚ ਦੋ ਗੱਡੀਆਂ ਨੂੰ ਇੱਕੋ ਹੀ ਲਾਇਨ ’ਤੇ ਲੈ ਆਵੇ, ਗੱਡੀਆਂ ਟਕਰਾਉਣ ਤੋਂ ਕਿਵੇਂ ਹਟ ਜਾਣ ਤੇ ਟੱਕਰ ਲੱਗਿਆਂ ਜਾਨਾਂ ਦਾ ਨੁਕਸਾਨ ਕਿਵੇਂ ਨਾ ਹੋਵੇ ? ਇਸ ਤਰ੍ਹਾਂ ਤਾਂ ਪ੍ਰਮਾਤਮਾ ਨੂੰ ਬੱਸ ਇਹੀ ਕੰਮ ਟਿਕਿਆ ਰਹੇ ਕਿ ਉਹ ਮਨੁੱਖ ਦੇ ਮੂਰਖ-ਪੁਣੇ ਤੋਂ ਪੈਦਾ ਹੋਣ ਵਾਲੇ ਦੁੱਖ-ਕਲੇਸ਼ ਨੂੰ ਰੋਕਣ ਲਈ ਸਦਾ ਕਰਾਮਾਤਾਂ ਕਰਦਾ ਰਹੇ ਤੇ ਨੇਮਾਂ ਦਾ ਉਲੰਘਣ ਕਰਦਾ ਰਹੇ।

ਕੁਦਰਤੀ ਨੇਮਾਂ ਦਾ ਉਲੰਘਣ ਕੀਤਿਆਂ ਜੋ ਦੁੱਖ-ਕਲੇਸ਼ ਉਪਜਦੇ ਹਨ, ਇਹ ਸਗੋਂ ਇਨਸਾਨੀ ਭਲਾਈ ਦਾ ਹੀ ਕਾਰਨ ਬਣਦੇ ਹਨ। ਇਨਸਾਨ ਉਨ੍ਹਾਂ ਅਸੂਲਾਂ ਤੇ ਨੇਮਾਂ ਨੂੰ ਸਮਝਣ ਦੀ ਵਧੀਕ ਕੋਸ਼ਸ਼ ਕਰਦਾ ਹੈ। ਡਿੱਗ-ਡਿੱਗ ਕੇ ਹੀ ਸਵਾਰ ਹੋਈਦਾ ਹੈ, ਜਦੋਂ ਮਨੁੱਖ ਕੋਈ ਨੇਮ ਤੋੜ ਕੇ ਦੁੱਖ ਸਹੇੜਦਾ ਹੈ ਤਾਂ ਅਗਾਂਹ ਵਾਸਤੇ ਸੁਚੇਤ ਹੋ ਜਾਂਦਾ ਹੈ ਤੇ ਜੀਵਨ ਕਿਸੇ ਮਰਯਾਦਾ ਵਿੱਚ ਗੁਜ਼ਾਰਨ ਦਾ ਉੱਦਮ ਕਰਦਾ ਹੈ।

ਜਦੋਂ ਕੋਈ ਰੋਗ ਆਵੇ ਜਾਂ ਕੋਈ ਹਾਦਸਾ ਸਾਡੇ ਨਾਲ ਹੋ ਜਾਏ ਤਾਂ ਅਸੀਂ ਝੁਰਦੇ ਹਾਂ ਕਿ ਪਰਮਾਤਮਾ ਨੇ ਕੋਈ ਕਰਾਮਾਤ ਕਰ ਕੇ ਸਾਨੂੰ ਕਿਉਂ ਨਾ ਬਚਾ ਲਿਆ, ਪਰ ਸੋਚੋ, ਜੇ ਰੱਬ ਹਰੇਕ ਜੀਵ ਨੂੰ ਹਰੇਕ ਰੋਗ ਤੇ ਮੁਸੀਬਤ ਤੋਂ ਕੋਈ ਉਚੇਚੀ ਕਰਾਮਾਤ ਕਰ ਕੇ ਬਚਾ ਲਿਆ ਕਰੇ ਤਾਂ ਜਗਤ ਦੇ ਇਸ ਸਾਰੇ ‘ਪਰਬੰਧ’ ਦਾ ਕੀ ਹਾਲ ਹੋਵੇ  ? ਕੀ ਜਗਤ ਵਿੱਚ ਕੋਈ ਮਰਯਾਦਾ ਰਹਿ ਜਾਏ ? ਬਾਲ ਕਈ ਵਾਰੀ ਅੰਞਾਣ-ਪੁਣੇ ਵਿੱਚ ਆਪਣਾ ਹੱਥ ਅੱਗ ਵਿੱਚ ਪਾ ਦੇਂਦੇ ਹਨ, ਜੇ ਹਰੇਕ ਬਾਲ ਦਾ ਹਰ ਥਾਂ ਹੱਥ ਸੜਨੋਂ ਪਰਮਾਤਮਾ ਬਚਾ ਲਏ ਤਾਂ ਅੱਗ ਦੀ ਮਰਯਾਦਾ ਦਾ ਕੀ ਇਤਬਾਰ ਰਹਿ ਜਾਏ ? ਫਿਰ ਜੇ ਹਰੇਕ ਬੰਦੇ ਨੂੰ ਇਹੀ ਯਕੀਨ ਬਣ ਜਾਏ ਕਿ ਹਰੇਕ ਖ਼ਤਰੇ ਤੇ ਮੁਸੀਬਤ ਤੋਂ ਰੱਬ ਆਪੇ ਪਿਆ ਬਚਾਵੇਗਾ ਤਾਂ ਇਨਸਾਨੀ ਤਰੱਕੀ ਦਾ ਕੀ ਹਾਲ ਹੋਵੇਗਾ ? ਸਾਡੀ ਸਿਆਣਪ, ਸਾਡੀ ਚੁਸਤੀ, ਸਾਡੇ ਉੱਦਮ ਸਭ ਖ਼ਤਮ ਹੋ ਜਾਣਗੇ। ਅਸਾਂ ਫਿਰ ਆਪਣੇ ਪੈਰਾਂ ’ਤੇ ਖਲੋਣ ਦਾ ਕਦੇ ਯਤਨ ਹੀ ਨਹੀਂ ਕਰਨਾ, ਬੇਪਰਵਾਹੀ ਨਾਲ ਗ਼ਲਤੀਆਂ ਕਰਦੇ ਫਿਰਾਂਗੇ ਤੇ ਹਰ ਥਾਂ ਕਰਾਮਾਤ ਹੋਣ ਦੀ ਆਸ ਰੱਖੀ ਬੈਠਾਂਗੇ। ਕੋਈ ਮਰੀ (ਪਲੇਗ ਦੀ ਬਿਮਾਰੀ) ਪੈ ਜਾਏ ਤਾਂ ਰੱਬ ਦੇ ਕ੍ਰੋਧ ਦਾ ਨਤੀਜਾ ਸਮਝਦੇ ਹਾਂ, ਪਰ ਇਹ ਸਭ ਇਨਸਾਨੀ ਜਹਾਲਤ (ਬੇਸਮਝੀ) ਦਾ ਸਿੱਟਾ ਹੁੰਦੀਆਂ ਹਨ। ਗ਼ਰੀਬੀ ਤੇ ਭੁੱਖ; ਰੱਬ ਦੇ ਮੱਥੇ ਲਾਂਦੇ ਹਾਂ, ਪਰ ਅਸਲ ਵਿੱਚ ਮਨੁੱਖ ਦੀ ਆਪਣੀ ਖ਼ਾਮੀ ਦਾ ਸਿੱਟਾ ਹਨ। ਉਂਞ ਹੈ ਇਹ ਭੀ ਰਜ਼ਾ ਵਿੱਚ ਤੇ ਰੱਬੀ ਪਿਆਰ ਵਿੱਚ। ਇਹ ਗ਼ਰੀਬੀ, ਮਿਹਨਤ ਤੇ ਮੁਸ਼ੱਕਤ ਹੀ ਹਨ, ਜਿਨ੍ਹਾਂ ਨੇ ਕਈ ਬੰਦਿਆਂ ਤੇ ਕੌਮਾਂ ਦੇ ਚਲਨ ਸੋਹਣੇ ਸਾਂਚੇ ਵਿੱਚ ਢਾਲ਼ੇ ਹਨ। ਜਿਨ੍ਹਾਂ ਨੂੰ ਮਿਹਨਤ ਦੀ ਲੋੜ ਨਹੀਂ ਪਈ, ਉਹ ਸੁੱਖ-ਰਹਿਣੇ ਤੇ ਆਲਸੀ ਬਣਦੇ ਗਏ।

ਸਰਦੀ ਤੇ ਰੋਗ-ਵਿਕਾਰ ਗਿਣੇ ਗਏ, ਪਰ ਸਰਦੀ ਨੇ ਘਰ ਬਣਾਣ ਦੀ ਜਾਚ ਸਿਖਾਈ, ਜਿੱਥੇ ਟੱਬਰ ਰਲ਼ ਕੇ ਪਿਆਰ ਨਾਲ ਬੈਠਦੇ ਹਨ।  ਦੁੱਖ-ਕਲੇਸ਼ ਨੇ, ਰੋਗ ਨੇ, ਇਨਸਾਨੀ ਦਿਲ ਵਿੱਚ ਦਇਆ, ਪਿਆਰ, ਹਮਦਰਦੀ ਦਾ ਜਜ਼ਬਾ ਪੈਦਾ ਕੀਤਾ, ਜਿਸ ਨੇ ਘਰ ਨੂੰ ਪਵਿੱਤਰ ਮੰਦਰ ਬਣਾ ਦਿੱਤਾ। ਇਨਸਾਨੀ ਬੱਚਾ ਕਿੰਨਾ ਹੀ ਚਿਰ ਅਨਾਥ ਜਿਹੀ ਹਾਲਤ ਵਿੱਚ ਰਹਿੰਦਾ ਹੈ, ਪਰ ਇਸ ਅਨਾਥ-ਪੁਣੇ ਨੇ ਹੀ ਕੁਦਰਤ ਵਿੱਚ ਸਭ ਤੋਂ ਉੱਚੀ ਹਸਤੀ ‘ਮਾਂ’ ਪੈਦਾ ਕਰ ਦਿੱਤੀ। ਇਨਸਾਨ ਦੇ ਬੱਚੇ ਦੀ ਮਾਂ; ਕੁਦਰਤ ਦਾ ਇਹ ਸਭ ਤੋਂ ਉੱਚਾ ਕਮਾਲ ਹੈ। ਬੱਚਿਆਂ ਦੀ ਇਸ ਪਰ-ਅਧੀਨਤਾ ਨੇ ਹੀ ਮਨੁੱਖ ਨੂੰ ‘ਪਿਉ’ ਬਣਾਇਆ ਹੈ ਤੇ ਬੱਚਿਆਂ ਦੇ ਦਿਲ ਵਿੱਚ ‘ਘਰ’ ਦਾ ਪਿਆਰ ਪੈਦਾ ਕੀਤਾ। ਇਹ ਘਰ ਉਨ੍ਹਾਂ ਲਈ ਇੱਕ ਨਿੱਕੇ ਜਿਹੇ ਪਰ ਸੁਚੱਜੇ ਸਕੂਨ ਦਾ ਕੰਮ ਦੇਂਦਾ ਹੈ।

ਦਰਦ-ਪੀੜ ਮਨੁੱਖਾ-ਸਰੀਰ ਦੇ ਕਿਲ੍ਹੇ ਦਾ ਸੰਤਰੀ ਹੈ, ਇਸ ਸੰਤਰੀ ਤੋਂ ਬਿਨਾਂ ਇਹ ਕਿਲ੍ਹਾ ਸਹਿਜੇ ਹੀ ਰੋਗਾਂ ਦੀ ਹੱਥੀਂ ਜਿੱਤਿਆ ਜਾਂਦਾ ਹੈ। ਹਕੀਮ ਜਾਂ ਡਾਕਟਰ ਨੂੰ ਰੋਗੀ ਦਾ ਇਲਾਜ ਕਰਨ ਵਿੱਚ ਬੜੀ ਸਹੂਲਤ ਹੋ ਜਾਂਦੀ ਹੈ। ਸਲੋਤਰੀ (ਡੰਗਰ ਡਾਕਟਰ) ਇਸ ਗੱਲੋਂ ਘਾਟੇ ਵਿੱਚ ਰਹਿੰਦਾ ਹੈ। ਜਿਨ੍ਹਾਂ ਰੋਗਾਂ ਵਿੱਚ ਮਨੁੱਖਾ ਸਰੀਰ ਦੇ ਕਿਸੇ ਖ਼ਾਸ ਅੰਗ ਵਿੱਚ ਸਖ਼ਤ ਦਰਦ ਹੁੰਦੀ ਹੈ, ਜੇ ਉਹ ਦਰਦ ਅਚਨਚੇਤ ਹਟ ਜਾਏ ਤਾਂ ਸਗੋਂ ਮੌਤ ਦਾ ਖ਼ਤਰਾ ਆ ਪੈਂਦਾ ਹੈ ਕਿਉਂਕਿ ਦਰਦ ਦਾ ਮੂਲ-ਕਾਰਨ ਹੈ ਬੀਮਾਰੀ ਦਾ ਟਾਕਰਾ। ਦਰਦ ਦੇ ਹਟਣ ਦਾ ਭਾਵ ਇਹ ਹੈ ਕਿ ਉਸ ਅੰਗ ਨੂੰ ਰੋਗ ਨੇ ਜਿੱਤ ਲਿਆ ਹੈ, ਓਥੇ ਟਾਕਰੇ ਦੀ ਹਿੰਮਤ ਨਹੀਂ ਰਹਿ ਜਾਂਦੀ।

ਸਰੀਰਕ ਰੋਗਾਂ ਨੇ ਮਨੁੱਖ ਨੂੰ ਹਿਕਮਤ (ਵੈਦਗੀ) ਦੀ ਵਿੱਦਿਆ ਤੇ ਜਰਾਹੀ (ਸਰਜਰੀ) ਵਿੱਚ ਇੰਨਾ ਸਿਆਣਾ ਬਣਾ ਦਿੱਤਾ ਹੈ ਕਿ ਕਈ ਦਵਾਈਆਂ ਐਸੀਆਂ ਲੱਭ ਪਈਆਂ ਹਨ, ਜੋ ਦਰਦ ਦੇ ਟਾਕਰੇ ’ਤੇ ਨਸਾਂ ਨੂੰ ਬੇ-ਹਿਸ (ਅਛੁਹ) ਕਰ ਦਿੰਦੀਆਂ ਹਨ। ਇਸ ਸਰੀਰਕ ਦਰਦ ਨੇ ਇਨਸਾਨ ਨੂੰ ਇਹ ਸਿਖਾ ਦਿੱਤਾ ਕਿ ਇਸ ਦੀ ਜਾਨ ਦੇ ਲਾਗੂ ਕਿਹੜੇ-ਕਿਹੜੇ ਕਾਰਨ ਮੌਜੂਦ ਹਨ ਤੇ ਉਨ੍ਹਾਂ ਤੋਂ ਬਚਣ ਦੇ ਕਿਹੜੇ ਉਪਰਾਲੇ ਹਨ।  ਸੋ, ਦੁੱਖ-ਦਰਦ ਦੀ ਹਸਤੀ ਜਗਤ ਵਿੱਚ ਜੀਵਾਂ ਨੂੰ ਕਿਸੇ ਨਾ ਕਿਸੇ ਪਾਸੇ ਵੱਲੋਂ ਉੱਚਾ ਕਰਨ ਵਾਸਤੇ ਹੈ।

ਦੁੱਖ-ਦਾਰੂ ਹੈ। ਦੁੱਖ-ਵਿਕਾਰ ਦੀ ਹੋਂਦ ਇਹ ਸਾਬਤ ਨਹੀਂ ਕਰਦੀ ਕਿ ਪ੍ਰਭੂ ਮਨੁੱਖ ਦੇ ਭਲੇ ਦੀ ਪਰਵਾਹ ਨਹੀਂ ਕਰਦਾ। ਦੁੱਖ-ਵਿਕਾਰ ਤਾਂ ਕਿਤੇ ਰਹੇ, ਇਹ ਭੁਚਾਲ, ਝੱਖੜ, ਹੜ੍ਹ ਤੇ ਅੱਗਾਂ ਲੱਗਣੀਆਂ-ਇਹ ਭੀ ਸਾਬਤ ਨਹੀਂ ਕਰਦੇ ਕਿ ਰੱਬ ਨਿਰਦਈ ਹੈ। ਇਹ ਸਭ ਕੁਝ ਇਹੀ ਜ਼ਾਹਰ ਕਰਦੇ ਹਨ ਕਿ ਜਗਤ ਕਿਸੇ ਨਿਯਮਾਂ ਦੇ ਅਧੀਨ ਹੈ, ਨਿਯਮ ਤੇ ਕਾਨੂੰਨ ਸਦਾ ਜੀਵਨ ਦੇ ਸਹਾਇਕ ਹਨ, ਬੇ-ਨਿਯਮੇ ਜਗਤ ਵਿੱਚ ਜੀਵਨ ਅਸੰਭਵ ਹੈ, ‘‘ਕੇਤਿਆ; ਦੂਖ ਭੂਖ ਸਦ ਮਾਰ  ਏਹਿ ਭਿ; ਦਾਤਿ ਤੇਰੀ, ਦਾਤਾਰ  ! ’’ (ਜਪੁ ਜੀ, ਪੰਨਾ )

ਛੋਟੇ ਬਾਲਾਂ ਨੂੰ ਕਿਸੇ ਰੋਗ ਵਿੱਚ ਦੁੱਖ ਪਾਂਦਿਆਂ ਵੇਖ ਕੇ ਹੈਰਾਨ ਹੋਈਦਾ ਹੈ ਕਿ ਬਾਲ ਤਾਂ ਪਰ-ਅਧੀਨ ਹਨ, ਉਨ੍ਹਾਂ ਦੀ ਖ਼ੁਰਾਕ, ਪੁਸ਼ਾਕ ਆਦਿਕ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਆਪਣੇ ਵੱਸ ਨਹੀਂ ਹੈ, ਉਨ੍ਹਾਂ ਨੂੰ ਕਿਉਂ ਕਸ਼ਟ ਮਿਲਦੇ ਹਨ ? ਇਹ ਤਾਂ ਠੀਕ ਹੈ ਕਿ ਛੋਟੇ ਬਾਲਾਂ ਦੇ ਦੁੱਖ-ਕਸ਼ਟ ਵੇਖ ਕੇ ਵੱਡਿਆਂ ਦੇ ਦਿਲ ਵਿੱਚ ਦਇਆ-ਤਰਸ ਦਾ ਜਜ਼ਬਾ ਪੈਦਾ ਹੁੰਦਾ ਹੈ, ਪਰ ਛੋਟੇ ਬਾਲਾਂ ਨੂੰ ਇਸ ਵਿੱਚੋਂ ਕੀ ਤਸਕੀਨ (ਦਿਲਾਸਾ) ਹੈ ?

ਕਾਦਰ ਦੀ ਕੁਦਰਤ ਬੇਅੰਤ ਹੈ, ਸਾਡੀ ਸਮਝ ਉਸ ਦੇ ਟਾਕਰੇ ’ਤੇ ਨਿਕੀ ਜਿਹੀ ਹੈ, ਅਸੀਂ ਹਰੇਕ ਕੁਦਰਤੀ ਰਾਜ਼ ਨੂੰ ਸਮਝਣ ਤੋਂ ਅਸਮਰਥ ਹਾਂ, ਪਰ ਸਾਨੂੰ ਇਹ ਨਿਸ਼ਚਾ ਰਹਿਣਾ ਚਾਹੀਦਾ ਹੈ ਕਿ ਬੱਚਿਆਂ ਦੇ ਦੁੱਖ-ਕਲੇਸ਼ ਕਾਦਰ ਦੀ ਕਿਸੇ ਭੈੜੀ ਬਦਲੇ ਦੀ ਨੀਅਤ ਨਾਲ ਨਹੀਂ ਹਨ। ਜੇ ਅਮੀਰਾਂ ਦੇ ਬੱਚਿਆਂ ਨੂੰ ਕੋਈ ਰੋਗ ਨਾ ਹੁੰਦੇ ਤਾਂ ਅੱਜ ਵਲੈਤ ਵਿੱਚ ਬੱਚਿਆਂ ਦੇ ਰੋਗਾਂ ਵਾਸਤੇ ਇਤਨੇ ਖ਼ਰੈਤੀ (ਮੁਫ਼ਤ) ਹਸਪਤਾਲ ਨਾ ਹੁੰਦੇ। ਜਿਸ ਮਾਂ-ਪਿਉ ਨੇ ਆਪਣੇ ਛੋਟੇ ਬੱਚੇ ਨੂੰ ਤੜਫਦਿਆਂ ਆਪਣੀ ਅੱਖੀਂ ਵੇਖਿਆ ਹੈ, ਉਹੀ ਜਗਤ ਦੇ ਬੱਚਿਆਂ ਦੇ ਦੁੱਖ ਅਨੁਭਵ ਕਰ ਸਕਦੇ ਹਨ। ਫਿਰ, ਬੱਚੇ ਦੇ ਰੋਗ ਦੀ ਹਾਲਤ ਵਿੱਚ ਭੀ ਕੋਈ ਕੁਦਰਤੀ ਨੇਮ ਹੀ ਟੁੱਟਾ ਹੈ, ਜਿਸ ਵਿੱਚ ਮਾਪਿਆਂ ਦੀ ਜ਼ਿੰਮੇਵਾਰੀ ਹੈ ਤੇ ਇਸ ਦੇ ਇਵਜ਼ ਵਿੱਚ ਮਾਪਿਆਂ ਨੂੰ ਕਈ ਰਾਤਾਂ ਜਾਗਣਾ ਪੈਂਦਾ ਹੈ ਤੇ ਬੱਚੇ ਦੇ ਦੁੱਖ ਨਾਲ ਦੁਖੀ ਹੋਣਾ ਪੈਂਦਾ ਹੈ। ਇਸ ਵਿੱਚੋਂ ਭੀ ਭਲਾਈ ਨਿਕਲਦੀ ਹੈ। ਇੱਕ ਬਾਲ ਦੀ ਪਰਵਰਿਸ਼ ਵਿੱਚ ਅਣਗਹਿਲੀ ਕਰ ਕੇ ਜੋ ਸਿੱਖਿਆ ਮਿਲਦੀ ਹੈ, ਉਹ ਦੂਜੇ ਬਾਲਾਂ ਦੀ ਪਰਵਰਿਸ਼ ਵਿੱਚ ਸਹਾਇਤਾ ਕਰਦੀ ਹੈ।

ਇਨਸਾਨ ਦੇ ਸਧਾਰਨ ਨਰੋਏ ਜੀਵਨ ਵਿੱਚ ਕਿਸੇ ਸਰੀਰਕ ਅੰਗ ਉੱਤੇ ਕਿਸੇ ਦੁੱਖ-ਪੀੜ ਦੇ ਆਉਣ ਦੀ ਸੰਭਾਵਨਾ ਨਹੀਂ ਹੁੰਦੀ। ਇੱਕ ਬਿਲਕੁਲ ਨਰੋਏ ਬੰਦੇ ਨੂੰ ਕਦੇ ਇਹ ਸੋਚਣ ਦੀ ਲੋੜ ਨਹੀਂ ਪੈਂਦੀ ਕਿ ਉਸ ਦਾ ਮੇਹਦਾ ਕਿਵੇਂ ਹਾਜ਼ਮੇ ਦਾ ਕੰਮ ਕਰ ਰਿਹਾ ਹੈ, ਜਿਗਰ ਕੀ ਸਹਾਇਤਾ ਕਰਦਾ ਹੈ, ਫੇਫੜੇ ਕਿਵੇਂ ਸਾਰੇ ਸਰੀਰ ਨੂੰ ਹਵਾ ਅਪੜਾਅ ਰਹੇ ਹਨ। ਇਹ ਸਾਰੇ ਕੰਮ ਆਪਣੇ ਆਪ ਹੋ ਰਹੇ ਹਨ ਤੇ ਮਨੁੱਖ ਨੂੰ ਇਸ ‘ਕੁਦਰਤੀ ਚਾਲ’ ਵਿੱਚ ਕੋਈ ਤਕਲੀਫ਼ ਨਹੀਂ ਪੈਂਦੀ।  ਜੇ ਕਿਸੇ ਅੰਗ ਵਿੱਚ ਕੋਈ ਪੀੜਾ ਉੱਠੇ ਤਾਂ ਕਹੀਦਾ ਹੈ ਕਿ ਇਨਸਾਨੀ ਮਸ਼ੀਨ ਦੇ ਚੱਲਣ ਵਿੱਚ ਕੋਈ ਵਿਘਨ ਪੈ ਗਿਆ ਹੈ, ਪਰ ਬੱਚੇ ਜੰਮਣਾ ਵੀ ਇੱਕ ਕੁਦਰਤੀ ਨੇਮ ਹੈ, ਇਸ ਵਿੱਚ ਇਸਤ੍ਰੀ ਨੂੰ ਕਿਉਂ ਇੰਨਾ ਖੇਦ ਸਹਾਰਨਾ ਪੈਂਦਾ ਹੈ ? ਕੁਦਰਤ ਦੇ ਨੇਮ ਵਿੱਚ ਇਹ ਉਲੰਘਣਾ ਕਿਉਂ ਹੈ ?

ਪੁਰਾਣੇ ਸਮੇਂ ਵਿੱਚ ਲੋਕਾਂ ਨੇ ਆਦਮ ਤੇ ਹਵਾ ਦੀ ਕਹਾਣੀ ਦੇ ਕੇ ਇਸ ਨੂੰ ਰੱਬ ਦਾ ਸਰਾਪ ਪਰਗਟ ਕੀਤਾ, ਪਰ ਸਾਰੀ ਕਹਾਣੀ ਅਲੌਕਿਕ ਹੈ। ਹੁਣ ਕਦੇ ਕੋਈ ਸੱਪ, ਗੱਲਾਂ ਨਹੀਂ ਕਰ ਸਕਿਆ, ਉਸ ਨੇ ਕਿਵੇਂ ਮਨੁੱਖ ਨੂੰ ਭਰਮਾਇਆ ਸੀ ? ਹੁਣ ਸਾਰੇ ਸੱਪ ਢਿੱਡ-ਭਾਰ ਚਲਦੇ ਹਨ, ਉਹ ਸੱਪ ਕਿਵੇਂ ਮਨੁੱਖ ਵਾਂਗ ਤੁਰ ਸਕਦਾ ਸੀ ? ਕੁਦਰਤ ਵਿੱਚ ਨੇਮ ਸਦਾ ਇੱਕ-ਰਸ ਵਰਤੀਂਦੇ ਹਨ। ਇੱਕ ਗੱਲ ਅਸੀਂ ਰੋਜ਼ ਵੇਖ ਰਹੇ ਹਾਂ, ਅਸੀਂ ਉਸੇ ਚੀਜ਼ ਨੂੰ ਬਹੁਤਾ ਪਿਆਰ ਕਰਦੇ ਹਾਂ, ਉਸੇ ਦੀ ਵਧੀਕ ਕਦਰ ਕਰਦੇ ਹਾਂ, ਜਿਸ ਦੇ ਹਾਸਲ ਕਰਨ ਵਿੱਚ ਬਹੁਤੀ ਖੇਚਲ ਸਹਾਰਦੇ ਹਾਂ। ਮਾਂ ਦਾ ਆਪਣੇ ਬੱਚੇ ਨਾਲ ਪਿਆਰ ਜਗਤ ਵਿੱਚ ਸਭ ਤੋਂ ਉੱਚਾ ਪਿਆਰ ਮੰਨਿਆ ਗਿਆ ਹੈ, ਮਾਂ ਦਾ ਪਿਆਰ ਰੱਬੀ ਪਿਆਰ ਦਾ ਪਰਤੱਖ ਰੂਪ ਸਮਝਿਆ ਜਾਂਦਾ ਹੈ, ਮਾਂ; ਰੱਬ ਦਾ ਰੂਪ ਮੰਨੀ ਜਾ ਰਹੀ ਹੈ, ਪਰ ਮਾਂ ਸੰਬੰਧੀ ਇਹ ਉੱਚਾ ਵਲਵਲਾ ਜਗਤ ਵਿੱਚ ਕਿਤੇ ਵੇਖਣ ਵਿੱਚ ਨਹੀਂ ਆਉਂਦਾ।  ਬੱਚੇ ਜੰਮਣੇ ਇੱਕ ਅਜਿਹਾ ਸਾਦਾ ਕੰਮ ਨਹੀਂ ਹੁੰਦਾ, ਜਿਵੇਂ ਕਿਸੇ ਬਾਗ਼ ਵਿੱਚ ਫੁੱਲ ਪੈਦਾ ਕਰ ਲੈਣੇ। ਮਾਂ ਦਾ ਦਿਲ ਆਪਣੇ ਬੱਚੇ ਨਾਲ ਪਿਆਰ ਕਰਨ ਕਰ ਕੇ ਜੱਗ-ਦਿਲ ਬਣ ਜਾਂਦਾ ਹੈ। ‘ਜੀਣ ਸਭ ਬੱਚੇ ਮਾਵਾਂ ਦੇ’-ਇਹ ਹਰ ਮਾਂ ਆਖਦੀ ਹੈ, ਪਰ ਕੁਦਰਤੀ ਤੋਰ ’ਤੇ ਜਣੇਪੇ ਦੀ ਤਕਲੀਫ਼ ਇਤਨੀ ਨਹੀਂ ਹੁੰਦੀ, ਜਿੰਨੀ ਅੱਜ-ਕੱਲ੍ਹ ਵੇਖਣ ਵਿੱਚ ਆ ਰਹੀ ਹੈ। ਹੁਣ ਅਸੀਂ ਜੀਵਨ ਬਣਾਉਟੀ ਬਣਾਈ ਜਾ ਰਹੇ ਹਾਂ, ਸਰੀਰਾਂ ਨੂੰ ਖੇਚਲ ਨਹੀਂ ਦਿੰਦੇ, ਸਾਦਗੀ ਦੇ ਥਾਂ, ਸ਼ੌਕੀਨੀ ਵਧ ਰਹੀ ਹੈ। ਜਿਉਂ ਜਿਉਂ ਅੱਜ ਕੱਲ੍ਹ ਦੀ ਸੱਭਿਅਤਾ, ਨਜ਼ਾਕਤ (ਨਖ਼ਰਾ) ਤੇ ਸ਼ੌਕੀਨੀ ਦੇ ਅਨੁਸਾਰ ਜੀਵਨ ਬਣ ਰਹੇ ਹਨ, ਤਿਉਂ ਤਿਉਂ ਸਿੱਟਾ ‘ਸਰੀਰਕ ਕਸ਼ਟ’ ਨਿੱਕਲ ਰਿਹਾ ਹੈ।

ਜਗਤ ਇੱਕ ਮੈਦਾਨਿ-ਜੰਗ ਦਿੱਸਦਾ ਹੈ। ਛੋਟੇ-ਛੋਟੇ ਜੀਆਂ ਨੂੰ ਵੱਡੇ ਪਸ਼ੂ-ਪੰਛੀ ਖਾ ਰਹੇ ਹਨ। ਭਮੱਕੜਾਂ ਨੂੰ ਚਿੜੀਆਂ ਖਾ ਰਹੀਆਂ ਹਨ, ਚਿੜੀਆਂ ਨੂੰ ਬਿੱਲੀ ਮਾਰ ਲੈਂਦੀ ਹੈ, ਬਿੱਲੀ ਨੂੰ ਕੁੱਤਾ ਪਾੜ ਖਾਂਦਾ ਹੈ ਤੇ ਕੁੱਤੇ ਦਾ ਬਘਿਆੜ ਜਾਨੀ-ਵੈਰੀ ਹੈ। ਡੱਡੀਆਂ ਨੂੰ ਸੱਪ ਹੜੱਪ ਕਰ ਲੈਂਦਾ ਹੈ, ਸੱਪ ਨੂੰ ਨਿਓਲਾ ਮਾਰ ਮੁਕਾਂਦਾ ਹੈ। ਦੁਨੀਆ ਵਿੱਚ ਜਿੱਧਰ ਧਿਆਨ ਮਾਰੋ, ਇਹੀ ਦਿੱਸੇਗਾ। ਛੋਟੇ ਜੀਆਂ-ਜੰਤਾਂ ਨੂੰ ਵੱਡੇ ਮਾਰ ਮੁਕਾਂਦੇ ਹਨ। ਕਿੰਨਾ ਭਿਆਨਕ ਦ੍ਰਿਸ਼ ਹੈ। ਕੀ ਕਾਦਰ ਦੀ ਇਹ ਸਾਰੀ ਕੁਦਰਤ ਬੇ-ਤਰਸ ਹੈ ?

ਅਸਲ ਗੱਲ ਇਹ ਹੈ ਕਿ ਕੁਦਰਤ ਦੇ ਇਸ ਜੰਗ ਨੇ ਹੀ ਧਰਤੀ ਦੇ ਸਰਦਾਰ ਮਨੁੱਖ ਨੂੰ ਧਰਤੀ ’ਤੇ ਜੀਣ ਦਾ ਮੌਕਾ ਦਿੱਤਾ ਹੈ, ਨਹੀਂ ਤਾਂ ਸਿਰਫ਼ ਮੱਖੀ ਦੀ ਪੈਦਾਇਸ਼ ਹੀ ਇੰਨੀ ਕਾਫ਼ੀ ਸੀ ਕਿ ਮਨੁੱਖ ਦਾ ਜੀਣਾ ਅਸੰਭਵ ਕਰ ਦੇਂਦੀ, ਇਸ ਤਰ੍ਹਾਂ ਦੀ ਮੌਤ ਕੋਈ ਭਿਆਨਕ ਮੌਤ ਭੀ ਨਹੀਂ ਰਹਿਣੀ ਸੀ, ਇਹ ਅਚਨਚੇਤ ਵਾਲੀ ਮੌਤ; ਰੋਗ ਆਦਿਕ ਵਾਲੀ ਮੌਤ ਨਾਲੋਂ ਚੰਗੀ ਹੋਣੀ ਹੈ। ਦਰਿੰਦਿਆਂ ਤੋਂ ਬੇ-ਹੋਸ਼ੀ ਦੀ ਹਾਲਤ ਵਿੱਚ ਬਚ ਕੇ ਆਏ ਬੰਦੇ ਦੱਸਦੇ ਹਨ ਕਿ ਗ਼ਸ਼ੀ (ਮੂਰਛਾ, ਬੇ-ਸੁਰਤੀ) ਤੋਂ ਪਿੱਛੋਂ ਸਭ ਕੁਝ ਬਿਨਾਂ ਕਿਸੇ ਦੁੱਖ-ਦਰਦ ਦੇ ਹੁੰਦਾ ਹੈ। ਸ਼ਿਕਾਰੀ ਜਾਨਵਰ ਆਪਣੇ ਸ਼ਿਕਾਰ ਨੂੰ ਘੱਟ ਤੋਂ ਘੱਟ ਅਜ਼ਾਬ (ਕਸ਼ਟ) ਦੇ ਕੇ ਮਾਰਦੇ ਹਨ, ਸ਼ੇਰ ਤੇ ਬਾਜ਼ ਸਿਰਫ਼ ਇੱਕ ਝਪਟ ਮਾਰਦੇ ਹਨ। ਹਾਂ ਬਿੱਲੀ ਚੂਹੇ ਨੂੰ ਦੁੱਖ ਦੇਂਦੀ ਪਰਤੀਤ ਹੁੰਦੀ ਹੈ, ਪਰ ਇਹ ਸੁਭਾਅ ਬਣਿਆ ਹੈ ਘਰਾਂ ਵਿੱਚ ਰਹਿਣ ਕਰ ਕੇ। ਘਰ ਵਿੱਚ ਚੰਗੀ ਖ਼ੁਰਾਕ ਮਿਲ ਜਾਣ ਕਰ ਕੇ ਬਿੱਲੀ ਸ਼ਿਕਾਰ ਦੀ ਖ਼ਾਤਰ ਨਹੀਂ, ਸ਼ੁਗਲ ਦੀ ਖ਼ਾਤਰ ਚੂਹੇ ’ਤੇ ਪੈਂਦੀ ਹੈ। ਇਹ ਭੀ ਜ਼ਰੂਰੀ ਨਹੀਂ ਕਿ ਚੂਹਾ ਉਸ ਵੇਲੇ ਬੜੇ ਤਸੀਹੇ ਮਹਿਸੂਸ ਕਰਦਾ ਹੋਵੇ।

ਜੋ ਲੋਕ ਕਦੇ ਸ਼ਿਕਾਰ ਦੇ ਪੰਜੇ ਤੋਂ ਬਚ ਕੇ ਆਏ ਹਨ, ਉਹ ਦੱਸਦੇ ਹਨ ਕਿ ਉਸ ਟਾਕਰੇ ਦੇ ਜੋਸ਼ ਵਿੱਚ ਕੋਈ ਤਕਲੀਫ਼ ਜਾਂ ਦੁੱਖ-ਕਲੇਸ਼ ਯਾਦ ਭੀ ਨਹੀਂ ਹੁੰਦਾ। ਪਸ਼ੂਆਂ ਵੱਲ ਵੇਖੋ, ਬੜੇ ਘੱਟ ਐਸੇ ਪਸ਼ੂ ਹਨ ਜੋ ਕਿਸੇ ਮੁਸੀਬਤ ਨੂੰ ਬਹੁਤਾ ਚਿਰ ਚੇਤੇ ਰੱਖ ਸਕਦੇ ਹਨ। ਇਹ ਮਨੁੱਖ ਹੀ ਹੈ ਜੋ ਆਪਣੀ ਚੇਤੇ-ਸ਼ਕਤੀ ਨਾਲ ਆਪਣੇ ਦੁੱਖ ਨੂੰ ਵਧਾ ਲੈਂਦਾ ਹੈ। ਹਰਨ ਜਾਂ ਸਹੇ ਦੇ ਪਿੱਛੇ ਸ਼ਿਕਾਰੀ ਲੱਗਦੇ ਹਨ, ਜੀ-ਭਿਆਣਾ ਉਹ ਦੌੜਦਾ ਹੈ ਤੇ ਉਨ੍ਹਾਂ ਦੀ ਨਜ਼ਰੋਂ ਉਹਲੇ ਹੋ ਜਾਂਦਾ ਹੈ, ਉਹ ਖ਼ਤਰਾ ਉਸ ਨੂੰ ਤੁਰੰਤ ਵਿਸਰ ਜਾਂਦਾ ਹੈ ਤੇ ਉਹ ਹਰਾ-ਹਰਾ ਘਾਹ ਚੁਗਣ ਵਿੱਚ ਰੁਝ ਜਾਂਦਾ ਹੈ। ਇਸ ਸ੍ਵੈ-ਰੱਖਿਆ ਦੇ ਜੰਗ ਨੇ ਮਨੁੱਖ ਦੇ ਅੰਦਰ ਇੱਕ ਹੋਰ ਉੱਚਾ ਜਜ਼ਬਾ ਪੈਦਾ ਕਰ ਦਿੱਤਾ ਹੈ, ਉਹ ਹੈ ‘ਦੂਜਿਆਂ ਦੀ ਰੱਖਿਆ ਲਈ ਯਤਨ’। ਇਸ ਜਜ਼ਬੇ ਨੇ ਪਿਆਰ, ਕੁਰਬਾਨੀ, ਹਮਦਰਦੀ ਆਦਿਕ ਗੁਣ ਪੈਦਾ ਕਰ ਦਿੱਤੇ ਹਨ।

ਹੁਣ ਤੱਕ ਅਸੀਂ ਸਰੀਰਕ ਦੁੱਖ-ਕਲੇਸ਼ਾਂ ਦੀ ਹੀ ਵਿਚਾਰ ਕਰਦੇ ਆ ਰਹੇ ਹਾਂ, ਹੁਣ ਲਵੋ ਮਾਨਸਿਕ ਪੀੜਾਂ ਨੂੰ। ਅੱਜ ਕੱਲ੍ਹ ਦੀ ਖੋਜ ਨੇ ਸਾਬਤ ਕਰ ਦਿੱਤਾ ਹੈ ਕਿ ਮਾਨਸਿਕ ਕਸ਼ਟ ਭੀ ਮਨੁੱਖ ਦੇ ਦਿਮਾਗ਼ ਵਿੱਚ ਉਸੇ ਤਰ੍ਹਾਂ ਅਸਰ ਕਰਦੇ ਹਨ ਜਿਵੇਂ ਸਰੀਰਕ ਦੁੱਖ, ਸਗੋਂ ਮਾਨਸਿਕ ਦੁੱਖ ਵਧੀਕ ਖ਼ਤਰਨਾਕ ਹੁੰਦੇ ਹਨ। ਸਰੀਰਕ ਰੋਗ ਕੋਈ ਵਿਰਲਾ ਹੀ ਹੁੰਦਾ ਹੈ, ਜੋ ਮਨੁੱਖ ਨੂੰ ਉੱਕਾ ਹੀ ਨਕਾਰਾ ਕਰ ਦੇਵੇ, ਪਰ ਮਾਨਸਿਕ ਦੁੱਖ ਦਿਮਾਗ਼ੀ ਹਾਲਤ ਖ਼ਰਾਬ ਕਰ ਦੇਂਦੇ ਹਨ, ਪਰ ਇਹ ਮਾਨਸਿਕ ਕਲੇਸ਼ ਭੀ ਭਲਾਈ ਤੋਂ ਖ਼ਾਲੀ ਨਹੀਂ ਹਨ।

‘ਸਰੀਰਕ ਦੁੱਖ’; ਮਾਨਸਿਕ ਦੁੱਖ ਸਹਾਰਨ ਵਾਲੇ ਬੰਦੇ ਨਾਲੋਂ ਉਸ ਦੀ ਕੌਮ ਤੇ ਦੇਸ਼ ਵਾਸਤੇ ਵਧੀਕ ਲਾਭਦਾਇਕ ਹੁੰਦੇ ਹਨ।  ਸਰੀਰਕ ਰੋਗਾਂ ਲਈ ਦਵਾਈਆਂ ਤੇ ਹਸਪਤਾਲ ਵੀ ਬਣੇ ਹੁੰਦੇ ਹਨ। ਸਰੀਰਕ ਕਸ਼ਟ ਰਾਹੀਂ ਦਿੱਤੀਆਂ ਸ਼ਹੀਦੀਆਂ ਨੇ ਕੌਮ ਤੇ ਦੇਸ਼ ਨੂੰ ਜਗਾ ਦਿੱਤਾ ਜਦ ਕਿ ‘ਮਾਨਸਿਕ ਦੁੱਖ’; ਕੇਵਲ ਦੁੱਖ ਸਹਾਰਨ ਵਾਲੇ ਨੂੰ ਹੀ ਲਾਭ ਦੇਂਦੇ ਹਨ, ਇਸ ਕੁਠਾਲੀ ਵਿੱਚੋਂ ਉਹ ਸੁੱਚਾ ਤੇ ਉੱਚਾ ਹੋ ਕੇ ਨਿਕਲਦਾ ਹੈ, ਇਸ ਲਈ ਮਾਨਸਿਕ ਦੁਖ ਨੂੰ ਦਾਰੂ ਕਿਹਾ ਗਿਆ ਕਿਉਂਕਿ ਬੰਦਾ ਇਸ ਦੇ ਇਲਾਜ ਲਈ ਰੂਹਾਨੀਅਤ ਵੱਲ ਮੁੜਦਾ ਹੈ।

ਮਾਨਸਿਕ ਪੀੜ ਜਾਂ ਇਖ਼ਲਾਕੀ ਰੋਗ ਦਾ ਮੂਲ-ਕਾਰਨ ਖ਼ੁਦਗਰਜ਼ੀ ਕੋਈ ਭੈੜ ਨਹੀਂ ਸੀ ਸਮਝਿਆ ਜਾਂਦਾ। ਪਸ਼ੂ-ਪੰਛੀ, ਇਹ ਠੀਕ ਹੈ, ਆਪੋ ਆਪਣੀ ਹਸਤੀ ਕਾਇਮ ਰੱਖਣ ਵਾਸਤੇ ਖ਼ੁਦਗਰਜ਼ ਹਨ, ਪਰ ਮਨੁੱਖ ਇਸ ਹਾਲਤ ਤੋਂ ਉੱਚਾ ਹੋ ਗਿਆ ਹੈ, ਮਨੁੱਖ ਵਾਸਤੇ ਇਹ ਜ਼ਰੂਰੀ ਹੈ ਕਿ ਉਹ ਵਹੁਟੀ, ਬੱਚਿਆਂ, ਮਿੱਤਰਾਂ, ਗੁਆਢੀਆਂ, ਕੌਮ, ਦੇਸ਼ ਤੇ ਸਾਰੀ ਧਰਤੀ ਵਾਸਤੇ ਜੀਵੇ।

‘ਇਨਸਾਨੀਅਤ’ ਦੀ ਸਭ ਤੋਂ ਵੱਡੀ ਨਿਸ਼ਾਨੀ ਹੀ ਇਹ ਹੈ ਕਿ ਉਹ ਦੂਜਿਆਂ ਵਾਸਤੇ ਜੀਵੇ, ਨਿਰਾ ਆਪਣੇ ਵਾਸਤੇ ਜੀਵਿਆਂ ਕੇਵਲ ਜੂਨ ਭੋਗਣ ਦੇ ਬਰਾਬਰ ਹੈ, ਪਰ ‘ਇਨਸਾਨੀਅਤ’ ਜੀਵਨ ਵਾਸਤੇ ਜੋ ਭੀ ਕੀਮਤੀ ਖ਼ਜ਼ਾਨਾ ਹੈ, ਉਹ; ਬਿਨਾਂ ਕਸ਼ਟ ਸਹਾਰਨ ਤੋਂ ਨਹੀਂ ਮਿਲਿਆ। ਇਨਸਾਨੀਅਤ ਦੀ ਕਦਰ ਭੀ ਸਰੀਰਕ ਦੁੱਖ ਸਹਾਰਨ ਪਿੱਛੋਂ ਪੈਂਦੀ ਹੈ।  ਇਨਸਾਫ਼, ਖ਼ਿਆਲ ਦੀ ਆਜ਼ਾਦੀ, ਭਲਾਈ, ਹੁਨਰ, ਰਾਗ, ਹਰੇਕ ਨੇ ਇਨਸਾਨੀ ਕੁਰਬਾਨੀ ਮੰਗੀ ਹੈ। ਇਨਸਾਨੀ ਉੱਨਤੀ ਦਾ ਰਸਤਾ ਹੀ ਸਰੀਰਕ ਦੁੱਖ-ਕੰਡਿਆਂ ਵਿੱਚੋਂ ਦੀ ਲੰਘਦਾ ਹੈ।  ਸਰੀਰਕ ਕਸ਼ਟਾਂ ਤੋਂ ਬਚ ਕੇ ਜੀਵਨ ਨੂੰ ਸੁਖਦਾਈ ਬਣਾਉਣਾ; ਇਨਸਾਨੀਅਤ ਤੋਂ ਦੂਰ ਜਾਣਾ ਹੈ, ਆਪਣੀ ਉੱਨਤੀ ਨੂੰ ਰੋਕਣਾ ਹੈ।

ਜਿਤੁ ਖਾਧੈ ਤਨੁ ਪੀੜੀਐ ॥

0

ਜਿਤੁ ਖਾਧੈ ਤਨੁ ਪੀੜੀਐ ॥

ਰਣਜੀਤ ਸਿੰਘ, B.Sc., M.A., M.Ed. ਸਟੇਟ ਤੇ ਨੈਸ਼ਨਲ ਅਵਾਰਡੀ, ਹੈਡਮਾਸਟਰ (ਸੇਵਾ ਮੁਕਤ),

105, ਮਾਇਆ ਨਗਰ, ਸਿਵਲ ਲਾਈਨਜ਼ (ਲੁਧਿਆਣਾ)-੯੯੧੫੫-੧੫੪੩੬

ੴ ਸਤਿ ਗੁਰ ਪ੍ਰਸਾਦਿ ॥

ਮਨੁੱਖੀ ਸਰੀਰ ਨੂੰ ਤੰਦਰੁਸਤ ਰੱਖਣ ਲਈ ਪ੍ਰਮਾਤਮਾ ਨੇ ਮਨੁੱਖ ਦੇ ਖਾਣ ਪੀਣ ਲਈ ਸਭ ਕੁੱਝ ਧਰਤੀ ਵਿੱਚ ਇੱਕੋ ਵਾਰ ਹੀ ਪਾ ਦਿੱਤਾ ਹੈ :

ਆਸਣੁ ਲੋਇ ਲੋਇ ਭੰਡਾਰ॥ ਜੋ ਕਿਛੁ ਪਾਇਆ; ਸੁ ਏਕਾ ਵਾਰੁ॥ (ਜਪੁ) ਅਤੇ

ਧਰਤੀ ਦੇਗ ਮਿਲੈ ਇਕ ਵੇਰਾ; ਭਾਗੁ ਤੇਰਾ ਭੰਡਾਰੀ ॥ (ਮ: ੧/੧੧੯੦)

ਨਾਲ ਹੀ ਪ੍ਰਮਾਤਮਾ ਨੇ ਮਨੁੱਖ ਨੂੰ ਪੂਰਨ ਵਿਕਸਤ ਕੀਤਾ ਹੋਇਆ ਦਿਮਾਗ ਵੀ ਬਖ਼ਸ਼ਸ਼ ਕੀਤਾ ਹੈ, ਜਿਸ ਨੂੰ ਸੁਤੰਤਰ ਰੂਪ ਵਿੱਚ ਵਰਤਣ ਲਈ ਇਹ ਅਜ਼ਾਦ ਹੈ। ਮਨੁੱਖ ਨੇ ਕੀ ਖਾਣਾ ਹੈ, ਕੀ ਪੀਣਾ ਹੈ, ਕੀ ਪਹਿਨਣਾ ਹੈ; ਇਸ ਦੀ ਚੋਣ ਇਸ ਨੇ ਆਪ ਕਰਨੀ ਹੈ। ਗੁਰੂ ਨਾਨਕ ਦੇਵ ਜੀ ਮਨੁੱਖ ਨੂੰ ਸਮਝਾਉਂਦੇ ਹੋਏ ਬਿਆਨ ਕਰਦੇ ਹਨ ਕਿ ਜਿਸ ਵਸਤੂ ਦੇ ਖਾਣ ਨਾਲ ਸਰੀਰ ਨੂੰ ਕਸ਼ਟ ਹੋਵੇ ਜਾਂ ਸਰੀਰ ਰੋਗੀ ਹੋ ਜਾਵੇ ਅਤੇ ਮਨ ਵਿੱਚ ਵਿਕਾਰ ਪੈਦਾ ਹੋਣ, ਉਸ ਤੋਂ ਗੁਰੇਜ਼ ਕਰਨਾ ਹੈ। ਆਪ ਜੀ ਦਾ ਫੁਰਮਾਨ ਹੈ :

ਬਾਬਾ  ! ਹੋਰੁ ਖਾਣਾ, ਖੁਸੀ ਖੁਆਰੁ ॥ 

ਜਿਤੁ ਖਾਧੈ, ਤਨੁ ਪੀੜੀਐ; ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥  (ਮ: ੧/੧੬)

ਮਨੁੱਖ ਨੂੰ ਇਸ ਗੱਲ ਦਾ ਗਿਆਨ ਤਾਂ ਹੈ ਕਿ ਕਿਹੜੀ ਵਸਤੂ ਉਸ ਦੇ ਸਰੀਰ ਦੇ ਅਨੁਕੂਲ ਹੈ ਤੇ ਕਿਹੜੀ ਨਹੀਂ, ਪਰ ਫਿਰ ਵੀ ਜੀਭ ਦੇ ਚਸਕੇ ਕਾਰਨ ਜਾਂ ਭੈੜੀ ਸੰਗਤ ਵਿੱਚ ਪੈ ਕੇ ਮਨੁੱਖ ਉਹ ਚੀਜ਼ ਖਾਣ ਦਾ ਆਦੀ ਹੋ ਜਾਂਦਾ ਹੈ, ਜਿਹੜੀ ਇਸ ਦੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਕਈ ਚੀਜ਼ਾਂ ਤਾਂ ਇਸ ਦੇ ਸਰੀਰ ਨੂੰ ਪੂਰੀ ਤਰ੍ਹਾਂ ਨਾਸ਼ ਵੀ ਕਰ ਦਿੰਦੀਆਂ ਹਨ। ਜੇਕਰ ਸਾਡਾ ਸਰੀਰ ਪੂਰੀ ਤਰ੍ਹਾਂ ਰਿਸਟ-ਪੁਸ਼ਟ ਹੋਵੇਗਾ ਤਾਂ ਸਾਡਾ ਪਰਿਵਾਰ ਵੀ ਖ਼ੁਸ਼ਹਾਲ ਹੋਵੇਗਾ। ਪਰਿਵਾਰ ਦੇ ਖ਼ੁਸ਼ਹਾਲ ਹੋਣ ਨਾਲ ਸਾਡਾ ਆਲਾ ਦੁਆਲਾ ਤੇ ਇੱਥੋਂ ਤੱਕ ਸਾਡਾ ਸਮਾਜ ਵੀ ਤੰਦਰੁਸਤ ਬਣ ਜਾਵੇਗਾ।

ਕੇਵਲ ਖਾਣ ਪੀਣ ਦੀਆਂ ਆਦਤਾਂ ਨਾਲ ਹੀ ਸਰੀਰ ਤੰਦਰੁਸਤ ਨਹੀਂ ਰਹਿ ਸਕਦਾ ਸਗੋਂ ਖਾਧੀ ਹੋਈ ਖ਼ੁਰਾਕ ਜੇ ਠੀਕ ਤਰ੍ਹਾਂ ਮਨੁੱਖ ਪਚਾ ਨਹੀਂ ਸਕਦਾ ਫਿਰ ਵੀ ਉਹ ਰੋਗੀ ਹੋ ਜਾਂਦਾ ਹੈ। ਇਸ ਲਈ ਮਨੁੱਖ ਨੂੰ ਚੰਗੀ ਖ਼ੁਰਾਕ ਦੇ ਨਾਲ-ਨਾਲ ਕਸਰਤ, ਸੈਰ, ਸਰੀਰਕ ਕੰਮ ਤੇ ਖੇਡਾਂ ਆਦਿ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਇਸੇ ਲਈ ਗੁਰੂ ਅੰਗਦ ਦੇਵ ਜੀ ਨੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਜਿੱਥੇ ਲੰਗਰ ਵਿੱਚ ਪੌਸ਼ਟਿਕ ਖ਼ੁਰਾਕ ਦੇਣੀ ਆਰੰਭ ਕੀਤੀ, ਉੱਥੇ ਖ਼ੁਰਾਕ ਨੂੰ ਹਜ਼ਮ ਕਰਨ ਲਈ ‘ਮੱਲ ਅਖਾੜੇ’ ਵੀ ਕਾਇਮ ਕੀਤੇ ਸਨ। ਜੇਕਰ ਖਾ ਪੀ ਕੇ ਪੇਟ ਹੀ ਵਧਾਉਣਾ ਹੈ ਤਾਂ ਅਜਿਹਾ ਜੀਵਨ ਧ੍ਰਿਕਾਰ ਯੋਗ ਹੈ। ਗੁਰਬਾਣੀ ਦਾ ਫ਼ੁਰਮਾਨ ਹੈ :

ਫਿਟੁ ਇਵੇਹਾ ਜੀਵਿਆ; ਜਿਤੁ, ਖਾਇ ਵਧਾਇਆ ਪੇਟੁ ॥ (ਮ: ੧/੭੯੦)

ਚੰਗੀ ਸਿਹਤ ਲਈ ਭੋਜਨ ਅਤੇ ਭਜਨ ਦਾ ਰਸ ਲੈਣਾ ਜ਼ਰੂਰੀ ਹੈ। ਇਸ ਨਿੱਕੇ ਜਿਹੇ ਵਾਕ ਵਿਚ ਜੀਵਨ ਦੀ ਬਹੁਤ ਵੱਡੀ ਸਚਾਈ ਛੁਪੀ ਹੋਈ ਹੈ। ਭੋਜਨ ਤੋਂ ਰਸ ਲੈ ਕੇ, ਸਰੀਰ ਨੂੰ ਸਹਾਰਾ ਮਿਲਦਾ ਹੈ ਅਤੇ ਭਜਨ ਤੋਂ ਰਸ ਲੈ ਕੇ ਮਨ ਨੂੰ ਸਹਾਰਾ ਮਿਲਦਾ ਹੈ ਕਿਉਂਕਿ ਅਰੋਗ ਮਨ ਕੇਵਲ ਇੱਕ ਅਰੋਗ ਸਰੀਰ ਵਿੱਚ ਹੀ ਰਹਿ ਸਕਦਾ ਹੈ। ਇਸ ਲਈ ਤੰਦਰੁਸਤ ਰਹਿਣ ਲਈ ਸਰੀਰ ਅਤੇ ਮਨ ਦੋਹਾਂ ਦਾ ਅਰੋਗ ਹੋਣਾ ਜ਼ਰੂਰੀ ਹੈ। ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਖਾਣਾ ਇਸ ਲਈ ਹੈ ਕਿ ਜੀਊਂਦੇ ਰਹਿ ਸਕੀਏ, ਨਾ ਕਿ ਜੀਊਣਾ ਇਸ ਲਈ ਹੈ ਕਿ ਅਸੀਂ ਖਾਂਦੇ ਰਹੀਏ। ਜੇਕਰ ਅਸੀਂ ਪ੍ਰਭੂ ਨੂੰ ਵਿਸਾਰ ਕੇ ਕੇਵਲ ਖਾਣ ਪੀਣ ਦੇ ਰਸਾਂ ਵਿੱਚ ਉਲਝ ਗਏ ਤਾਂ ਸਾਡਾ ਤਨ ਤੇ ਮਨ ਦੋਵੇਂ ਰੋਗੀ ਹੋ ਜਾਣਗੇ। ਗੁਰੂ ਨਾਨਕ ਦੇਵ ਜੀ ਫ਼ੁਰਮਾਉਂਦੇ ਹਨ :

ਖਸਮੁ ਵਿਸਾਰਿ; ਕੀਏ ਰਸ ਭੋਗ ॥  ਤਾਂ, ਤਨਿ ਉਠਿ ਖਲੋਏ ਰੋਗ ॥ (ਮ: ੧/੧੨੫੬)

ਇਸ ਲਈ ਮਨ ਤੇ ਤਨ ਦੋਹਾਂ ਨੂੰ ਅਰੋਗ ਰੱਖਣ ਲਈ ਜ਼ਰੂਰੀ ਹੈ ਕਿ ਸਾਡਾ ਭੋਜਨ; ਸਾਦਾ ਤੇ ਹਲਕਾ ਹੋਵੇ ਅਤੇ ਥੋੜ੍ਹਾ ਖਾਧਾ ਜਾਵੇ ਅਤੇ ਥੋੜ੍ਹੀ ਨੀਂਦ ਲਈ ਜਾਵੇ। ਭਾਈ ਗੁਰਦਾਸ ਜੀ ਦਾ ਕਥਨ ਹੈ :

ਥੋੜਾ ਸਵਣਾ ਖਾਵਣਾ; ਥੋੜਾ ਬੋਲਨੁ, ਗੁਰਮਤਿ ਪਾਏ। (ਭਾਈ ਗੁਰਦਾਸ ਜੀ/ਵਾਰ ੨੮ ਪਉੜੀ ੧੫)

ਅਸਲ ਵਿੱਚ ਜੀਭ ਦੇ ਸੁਆਦ ਕਾਰਨ ਹੀ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਆਪ ਹੀ ਸਹੇੜ ਲੈਂਦੇ ਹਾਂ ਤੇ ਸਿਹਤ ਦਾ ਨਾਸ ਕਰ ਲੈਂਦੇ ਹਾਂ। ਇਸ ਗੱਲ ਦਾ ਸਭ ਨੂੰ ਅਹਿਸਾਸ ਹੈ ਕਿ ਹਰ ਪ੍ਰਕਾਰ ਦਾ ਨਸ਼ਾ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ ਪਰ ਫਿਰ ਵੀ ਮਨੁੱਖ ਇਸ ਦਾ ਆਦੀ ਹੋ ਜਾਂਦਾ ਹੈ। ਭਗਤ ਕਬੀਰ ਜੀ ਫ਼ੁਰਮਾਉਂਦੇ ਹਨ:

ਕਬੀਰ  ! ਮਨੁ ਜਾਨੈ ਸਭ ਬਾਤ; ਜਾਨਤ ਹੀ ਅਉਗਨੁ ਕਰੈ ॥ (ਭਗਤ ਕਬੀਰ/੧੩੭੬)

ਸਿੱਖ ਰਹਿਤ ਮਰਯਾਦਾ ਵਿੱਚ ਕਿਸੇ ਵੀ ਪ੍ਰਕਾਰ ਦਾ ਨਸ਼ਾ ਕਰਨਾ ਕੁਰਹਿਤਾਂ ਵਿੱਚ ਸ਼ਾਮਲ ਹੈ ਅਤੇ ਨਸ਼ਾ ਕਰਨ ਵਾਲੇ ਨੂੰ ਪਤਿਤ ਕਿਹਾ ਜਾਂਦਾ ਹੈ ਭਾਵ ਉਸ ਨੂੰ ਸਿੱਖੀ ਦਾਇਰੇ ਵਿੱਚ ਹੀ ਨਹੀਂ ਰੱਖਿਆ ਜਾਂਦਾ।

ਮਹਾਤਮਾ ਗਾਂਧੀ ਜੀ ਨੇ ਤਾਂ ਇੱਕ ਵਾਰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ‘ਮੈਂ ਭਾਰਤ ਵਿੱਚ ਕੁੱਝ ਹਜ਼ਾਰ ਨਸ਼ਈ ਦੇਖਣ ਦੀ ਥਾਂ ਦੇਸ਼ ਨੂੰ ਬਹੁਤ ਗ਼ਰੀਬ ਦੇਖਣਾ ਹੀ ਪਸੰਦ ਕਰਾਂਗਾ। ਜੇਕਰ ਨਸ਼ਾਬੰਦੀ ਲਈ ਸਾਰਾ ਦੇਸ਼ ਅਨਪੜ੍ਹ ਵੀ ਰਹਿ ਜਾਵੇ ਤਾਂ ਵੀ ਨਸ਼ਾਬੰਦੀ ਦੀ ਉਦੇਸ਼ ਪੂਰਤੀ ਲਈ ਇਹ ਕੋਈ ਵੱਡਾ ਮੁੱਲ ਨਹੀਂ ਹੋਵੇਗਾ।’

ਪੰਜਾਬ ਦੀ ਪਾਵਨ ਧਰਤੀ ਨੂੰ ਗੁਰੂਆਂ ਪੀਰਾਂ, ਸੰਤਾਂ ਤੇ ਮਹਾਂ ਪੁਰਸ਼ਾਂ ਦੀ ਚਰਨਛੋਹ ਪ੍ਰਾਪਤ ਹੈ। ਇੱਥੋਂ ਦੇ ਵਸਨੀਕ ਮੁੱਢ ਤੋਂ ਹੀ ਸਖ਼ਤ ਮਿਹਨਤ, ਬਹਾਦਰੀ ਤੇ ਕੁਰਬਾਨੀ ਦਾ ਸਦਕਾ ਦੁਨੀਆਂ ਭਰ ਵਿੱਚ ਸਨਮਾਨਿਤ ਹਨ, ਪਰ ਬਦ ਕਿਸਮਤੀ ਨਾਲ ਨਸ਼ਿਆਂ ਦੀ ਜਿਲ੍ਹਣ ਵਿੱਚ ਫਸਣ ਕਾਰਨ ਅਨੇਕਾਂ ਹੀ ਜੀਵਨ ਬਰਬਾਦ ਹੋ ਰਹੇ ਹਨ। ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਸਮੁੱਚੇ ਭਾਰਤ ਅੰਦਰ ਨਸ਼ਿਆਂ ਦੀ ਵਰਤੋਂ ਦੇ ਪੱਖੋਂ ਪੰਜਾਬ ਸਭ ਤੋਂ ਅੱਗੇ ਹੈ। ਗੁਰੂ ਅਰਜਨ ਦੇਵ ਜੀ ਮਨੁੱਖ ਨੂੰ ਉਪਦੇਸ਼ ਕਰਦੇ ਹੋਏ ਕਹਿੰਦੇ ਹਨ ਕਿ ਜੇ ਅਮਲ ਕਰਨਾ ਹੀ ਹੈ ਤਾਂ ਉਸ ਪ੍ਰਮਾਤਮਾ ਦੇ ਨਾਮ ਦਾ ਕਰੋ। ਆਪ ਜੀ ਦਾ ਫ਼ੁਰਮਾਨ ਹੈ :

ਦੁਰਮਤਿ ਮਦੁ ਜੋ ਪੀਵਤੇ; ਬਿਖਲੀ ਪਤਿ ਕਮਲੀ ॥

ਰਾਮ ਰਸਾਇਣਿ ਜੋ ਰਤੇ; ਨਾਨਕ ਸਚ ਅਮਲੀ ॥  (ਮ: ੫/੩੯੯)

ਪ੍ਰਾਇਮਰੀ ਵਰਗ ਦੇ ਅਧਿਆਪਕ ਤੋਂ ਲੈ ਕੇ ਯੂਨੀਵਰਸਿਟੀ ਦੇ ਪ੍ਰੋਫੈਸਰ, ਡਾਕਟਰ, ਇੰਜੀਨੀਅਰ ਤੇ ਵਕੀਲ ਆਦਿ ਆਪਣੀ ਫੋਕੀ ਸ਼ਾਨ ਕਾਇਮ ਰੱਖਣ ਲਈ ਅਤੇ ਆਪਣੇ ਰੁਤਬੇ ਦਾ ਫੋਕਾ ਦਿਖਾਵਾ ਕਰਨ ਲਈ ਸ਼ਰਾਬ ਦੀ ਵਰਤੋਂ ਕਰਦੇ ਹਨ ਜਿਸ ਦੀ ਨਕਲ ਵਿਦਿਆਰਥੀ ਵੀ ਕਰਨੀ ਸ਼ੁਰੂ ਕਰ ਦਿੰਦੇ ਹਨ। ਸਭ ਤੋਂ ਵਧੀਆ ਕਿਸਮ ਦਾ ਨਸ਼ਾ ਮੈਡੀਕਲ ਕਾਲਜਾਂ ਵਿੱਚ ਕੀਤਾ ਜਾਂਦਾ ਹੈ। ਕੌਮ ਦੇ ਨਿਰਮਾਤਾ ਕਹਿ ਕੇ ਸਤਿਕਾਰਿਆ ਜਾਂਦਾ ਅਧਿਆਪਕ ਵਰਗ ਵੀ ਇਸ ਤੋਂ ਬਚ ਨਹੀਂ ਸਕਿਆ। ਇਸੇ ਕਰ ਕੇ ਸ਼ਾਇਦ ਸਮਾਜ ਵਿੱਚ ਅਧਿਆਪਕਾਂ ਤੇ ਹੋਰ ਬੁਧੀਜੀਵੀ ਵਰਗਾਂ ਦਾ ਸਤਿਕਾਰ ਘਟ ਰਿਹਾ ਹੈ। ਹੋਰ ਤਾਂ ਹੋਰ ਸਾਡੇ ਧਾਰਮਿਕ ਆਗੂ ਤੇ ਪ੍ਰਚਾਰਕ ਵੀ ਇਸ ਤੋਂ ਨਹੀਂ ਬਚ ਸਕੇ ਜਿਹੜੇ ਸਮਾਜ ਨੂੰ ਠੀਕ ਸੇਧ ਦੇਂਦੇ ਨਹੀਂ ਥੱਕਦੇ।

ਹੁਣ ਇੱਥੇ ਇੱਕ ਸੁਆਲ ਪੈਦਾ ਹੁੰਦਾ ਹੈ ਕਿ ਨਸ਼ਾ ਕਿਉਂ ਕੀਤਾ ਜਾਂਦਾ ਹੈ। ਬਹੁਤ ਸਾਰੇ ਲੋਕ ਕਈ ਭੁਲੇਖਿਆਂ ਦਾ ਸ਼ਿਕਾਰ ਹੋ ਕੇ ਨਸ਼ੇ ਕਰਨ ਲੱਗ ਜਾਂਦੇ ਹਨ। ਨੌਜਵਾਨ ਲੜਕੇ ਤੇ ਲੜਕੀਆਂ ਆਮ ਤੌਰ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਉਕਸਾਉਣ ਤੇ ਸ਼ੌਕੀਆ ਤੌਰ ’ਤੇ ਨਸ਼ੇ ਦਾ ਸੁਆਦ ਲੈਣ ਲਈ ਚੱਖਣਾ ਅਰੰਭ ਕਰਦੇ ਹਨ ਤੇ ਹੌਲ਼ੀ ਹੌਲ਼ੀ ਇਸ ਦੇ ਆਦੀ ਹੋ ਜਾਂਦੇ ਹਨ। ਮਜਦੂਰ ਵਰਗ ਵਿੱਚ ਇਹ ਭੁਲੇਖਾ ਪਾਇਆ ਜਾਂਦਾ ਹੈ ਕਿ ਨਸ਼ਾ ਕਰਨ ਨਾਲ ਥਕਾਵਟ ਨਹੀਂ ਹੁੰਦੀ ਤੇ ਕੰਮ ਵੱਧ ਹੁੰਦਾ ਹੈ। ਕਈ ਵਾਰ ਤਾਂ ਮਾਲਕ ਵੱਧ ਕੰਮ ਲੈਣ ਦੇ ਲਾਲਚ ਵਿੱਚ ਉਹਨਾਂ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਨਸ਼ਾ ਦੇ ਦਿੰਦੇ ਹਨ। ਹੌਲ਼ੀ ਹੌਲ਼ੀ ਉਹ ਇਸ ਤੋਂ ਬਿਨਾਂ ਰਹਿ ਨਹੀਂ ਸਕਦੇ। ਨਸ਼ਿਆਂ ਦੇ ਵਪਾਰੀ ਆਪਣਾ ਮਾਲ ਵੇਚਣ ਦੇ ਸਵਾਰਥ ਨੂੰ ਪੂਰਾ ਕਰਨ ਲਈ ਨੌਜਵਾਨਾਂ ਨੂੰ ਪਹਿਲਾਂ ਪਹਿਲ ਮੁਫ਼ਤ ਨਸ਼ਾ ਵੀ ਦਿੰਦੇ ਹਨ। ਜਦੋਂ ਉਹਨਾਂ ਦੀ ਆਦਤ ਪੱਕ ਜਾਂਦੀ ਹੈ ਤਾਂ ਆਪਣਾ ਹੱਥ ਪਿੱਛੇ ਖਿੱਚ ਲੈਂਦੇ ਹਨ ਤੇ ਉਹ ਮਹਿੰਗੇ ਭਾਅ ਨਸ਼ਾ ਮਜਬੂਰੀ ਵਸ ਖਰੀਦਦੇ ਹਨ।

ਮਾਂ ਬਾਪ ਦੀ ਰੁਝੇਵਿਆਂ ਭਰੀ ਜ਼ਿੰਦਗੀ ਵੀ ਕਈ ਵਾਰ ਬੱਚਿਆਂ ਨੂੰ ਨਸ਼ਿਆਂ ਵੱਲ ਧਕੇਲ ਦਿੰਦੀ ਹੈ, ਜਿਸ ਘਰ ਵਿੱਚ ਬਾਪ, ਦਾਦਾ ਨਸ਼ਿਆਂ ਦਾ ਸੇਵਣ ਕਰਦੇ ਹੋਣ ਤਾਂ ਵੇਖਾ ਵੇਖੀ ਬੱਚੇ ਵੀ ਇਸ ਦਾ ਸ਼ਿਕਾਰ ਹੋ ਜਾਂਦੇ ਹਨ। ਨਕਲੀ ਡਾਕਟਰ ਜਾਂ ਨੀਮ ਹਕੀਮ ਵੀ ਨਸ਼ਿਆਂ ਦੇ ਰੁਝਾਨ ਨੂੰ ਵਧਾਉਣ ਵਿੱਚ ਆਪਣਾ ਰੋਲ ਅਦਾ ਕਰ ਰਹੇ ਹਨ। ਪੇਂਡੂ ਭਰਾਵਾਂ ਨੂੰ ਆਪਣੇ ਨਿਜੀ ਲਾਭ ਲਈ ਨਸ਼ੇ ਦੀਆਂ ਗੋਲੀਆਂ ਤੇ ਕੈਪਸੂਲ ਆਦਿ ’ਤੇ ਲਾ ਦਿੰਦੇ ਹਨ। ਬਗੈਰ ਮਿਹਨਤ ਤੋਂ ਪ੍ਰਾਪਤ ਹੋਇਆ ਧਨ ਵੀ ਬਰਬਾਦੀ ਦਾ ਕਾਰਨ ਬਣਦਾ ਹੈ ਤੇ ਨੌਜਵਾਨ ਅਜਿਹੀ ਕਮਾਈ ਨਸ਼ਿਆਂ ਵਿੱਚ ਰੋੜ੍ਹ ਕੇ ਆਪਣਾ ਜੀਵਨ ਬਰਬਾਦ ਕਰ ਲੈਂਦੇ ਹਨ।

ਡਾ. ਲਿਵਤਾਰ ਸਿੰਘ ਚਾਵਲਾ ਸਾਬਕਾ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਵਿੱਚ ਇਹ ਗੱਲ ਮੰਨੀ ਹੈ ਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਲਿਵਰ ਦੇ ਰੋਗੀਆਂ ਦੀ ਗਿਣਤੀ ਵਿੱਚ ਬੇਤਹਾਸ਼ਾ ਵਾਧੇ ਦਾ ਕਾਰਨ ਸ਼ਰਾਬ ਦੀ ਵਰਤੋਂ ਹੈ। ਅਲਕੋਹਲ ਦੀ 80 ਗ੍ਰਾਮ ਵਰਤੋਂ ਆਦਮੀ ਲਈ ਅਤੇ 40 ਗ੍ਰਾਮ ਵਰਤੋਂ ਔਰਤ ਲਈ ਲਿਵਰ ਖ਼ਰਾਬ ਕਰਨ ਲਈ ਕਾਫ਼ੀ ਹੈ।

ਕੈਂਸਰ ਦਾ ਰੋਗ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਇਸ ਦਾ ਕਾਰਨ ਤੰਬਾਕੂ ਦੀ ਵਰਤੋਂ ਜਾਂ ਸਿਗਰਟ ਦਾ ਧੂੰਆਂ ਹੈ। ਅਮਰੀਕੀ ਸਿਹਤ ਵਿਭਾਗ ਦੀ ਇੱਕ ਰਿਪੋਰਟ ਅਨੁਸਾਰ ਫੇਫੜਿਆਂ ਦੇ ਕੈਂਸਰ ਨਾਲ ਮੌਤ ਦੀ ਦਰ 120 ਮੌਤਾਂ ਵਿੱਚੋਂ 100 ਮੌਤਾਂ ਉਹਨਾਂ ਦੀਆਂ ਹੁੰਦੀਆਂ ਹਨ ਜੋ ਸਿਗਰਟ ਦੀ ਵਰਤੋਂ ਕਰਦੇ ਹਨ। ਅਮਰੀਕਨ ਹਾਰਟ ਐਸੋਸੀਏਸ਼ਨ ਦੀ ਰਿਪੋਰਟ ਅਨੁਸਾਰ ਹਰ ਸਾਲ ਦਿਲ ਦੇ ਰੋਗਾਂ ਨਾਲ ਇੱਕ ਲੱਖ ਤੋਂ ਵੱਧ ਮੌਤਾਂ ਦਾ ਕਾਰਨ ਕੇਵਲ ਸਿਗਰਟ ਪੀਣਾ ਹੈ।

ਸ਼ਰਾਬ ਜਿੱਥੇ ਨੈਤਿਕ ਗਿਰਾਵਟ ਲਿਆ ਕੇ ਬੁੱਧੀ ਦਾ ਨਾਸ਼ ਕਰ ਕੇ ਸਦਾਚਾਰਕ ਤੌਰ ’ਤੇ ਮਨੁੱਖ ਨੂੰ ਨੀਵਾਂ ਕਰਦੀ ਹੈ ਉੱਥੇ ਸਰੀਰਕ ਤੌਰ ’ਤੇ ਵੀ ਬਹੁਤ ਨੁਕਸਾਨ ਪਹੁੰਚਾਉਂਦੀ ਹੈ। ਸ਼ੈਕਸਪੀਅਰ ਨੇ ਕਿਹਾ ਸੀ ‘ਸ਼ਰਾਬ ਪੀਣਾ ਜ਼ਹਿਰ ਪੀਣ ਦੇ ਬਰਾਬਰ ਹੈ। ਬੋਰਡਾਂ ਅਤੇ ਲੇਬਲਾਂ ’ਤੇ ਲਿਖਿਆ ਪੜ੍ਹ ਕੇ ਵੀ ਅਮਲ ਨਾ ਕਰਨਾ ਮੂਰਖਤਾ ਹੈ।’ ਨਸ਼ੇ ਦੀ ਵਰਤੋਂ ਕਰਨ ਵਾਲੇ ਇਹ ਭੁੱਲ ਜਾਂਦੇ ਹਨ ਕਿ ਇਹ ਸਰੀਰ ਹਰਿਮੰਦਰ ਹੈ ਜਿਸ ਵਿੱਚ ਆਤਮਾ ਦਾ ਵਾਸਾ ਹੈ ਅਤੇ ਆਤਮਾ ਪ੍ਰਮਾਤਮਾ ਦਾ ਹੀ ਰੂਪ ਹੈ ਭਾਵ ਇੱਕੋ ਤਸਵੀਰ ਦੇ ਦੋ ਪਾਸੇ ਹਨ। ਗੁਰਬਾਣੀ ਦਾ ਫ਼ੁਰਮਾਨ ਹੈ, ‘‘ਹਰਿ ਮੰਦਰੁ ਏਹੁ ਸਰੀਰੁ ਹੈ; ਗਿਆਨਿ ਰਤਨਿ ਪਰਗਟੁ ਹੋਇ ॥’’ (ਮ: ੩/੧੩੪੬) ਪਰ ਮੂਰਖ ਮਨੁੱਖ ਇਸ ਗੱਲ ਨੂੰ ਨਹੀਂ ਸਮਝਦਾ ਕਿ ਇਸ ਸਰੀਰ ਰੂਪੀ ਮੰਦਰ ਵਿੱਚ ਨਾਮ ਦਾ ਖ਼ਜ਼ਾਨਾ ਭਰਿਆ ਪਿਆ ਹੈ :

ਹਰਿ ਮੰਦਰ ਮਹਿ ਨਾਮੁ ਨਿਧਾਨੁ ਹੈ; ਨਾ ਬੂਝਹਿ ਮੁਗਧ ਗਵਾਰ ॥ (ਮ: ੩/੧੩੪੬)

ਜਦੋਂ ਸਾਨੂੰ ਇਸ ਗੱਲ ਦੀ ਸੋਝੀ ਹੋ ਗਈ ਕਿ ਇਹ ਮਨੁੱਖਾ ਸਰੀਰ ਧਰਤੀ ਦੀਆਂ ਸਾਰੀਆਂ ਕਹੀਆਂ ਜਾਂਦੀਆਂ 84 ਲੱਖ ਜੂਨਾਂ ਵਿੱਚ ਸਭ ਤੋਂ ਉੱਤਮ ਹੈ ਤਾਂ ਮਨੁੱਖ ਇਸ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਕੋਈ ਕਸਰ ਨਹੀਂ ਛੱਡੇਗਾ। ਮਨੁੱਖ ਦੀ ਇਸ ਧਰਤੀ ’ਤੇ ਸਰਦਾਰੀ ਹੈ। ਬਾਕੀ ਸਾਰੀਆਂ ਜੂਨਾਂ ਉਸ ਦੀ ਰਾਖੀ ਲਈ ਜਾਂ ਸੇਵਾ ਲਈ ਹੀ ਪ੍ਰਮਾਤਮਾ ਨੇ ਪੈਦਾ ਕੀਤੀਆਂ ਹਨ, ‘‘ਅਵਰ ਜੋਨਿ; ਤੇਰੀ ਪਨਿਹਾਰੀ ॥  ਇਸੁ ਧਰਤੀ ਮਹਿ; ਤੇਰੀ ਸਿਕਦਾਰੀ ॥’’ (ਮ: ੫/੩੭੪)

ਗੁਰਬਾਣੀ ਵਿੱਚ ਸਰੀਰ ਨੂੰ ਰਿਸਟ-ਪੁਸ਼ਟ ਰੱਖਣ ਲਈ ਬਾਰ-ਬਾਰ ਚਿਤਾਵਨੀ ਦਿੱਤੀ ਗਈ ਹੈ। ਰਹਿਤਨਾਮੇ ਵਿੱਚ ਜ਼ਿਕਰ ਆਉਂਦਾ ਹੈ, ‘ਕੁੱਠਾ ਹੁੱਕਾ ਚਰਸ ਤਮਾਕੂ । ਗਾਂਜਾ, ਟੋਪੀ, ਤਾੜੀ, ਖਾਕੂ। ਇਨ ਕੀ ਓਰ ਨਾ ਕਬਹੂੰ ਦੇਖੇ। ਰਹਿਤਵੰਤ ਜੋ ਸਿੰਘ ਵਿਸੇਖੈ।’ ਅਤੇ ਗੁਰੂ ਨਾਨਕ ਦੇਵ ਜੀ ਨਸੀਹਤ ਕਰਦੇ ਹੋਏ ਕਹਿੰਦੇ ਹਨ,

ਪਾਨ ਸੁਪਾਰੀ ਖਾਤੀਆ; ਮੁਖਿ ਬੀੜੀਆ ਲਾਈਆ ॥ 

ਹਰਿ ਹਰਿ ਕਦੇ ਨ ਚੇਤਿਓ; ਜਮਿ ਪਕੜਿ ਚਲਾਈਆ ॥ (ਮ: ੪/੭੨੬)

ਸਕੂਲਾਂ, ਕਾਲਜਾਂ ਦੇ ਪਾਠ ਕ੍ਰਮਾਂ ਵਿੱਚ ਨਸ਼ਿਆਂ ਨਾਲ ਹੋ ਰਹੇ ਸਿਹਤ ਸਬੰਧੀ ਨੁਕਸਾਨ ਬਾਰੇ ਜ਼ਰੂਰ ਕੁੱਝ ਲੇਖ ਹੋਣੇ ਚਾਹੀਦੇ ਹਨ ਅਤੇ ਬੱਚਿਆਂ ਨੂੰ ਨੈਤਿਕ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ। ਗਿਆਨ ਨਾ ਹੋਣ ਕਾਰਨ ਵੀ ਮਨੁੱਖ ਕਈ ਵਾਰ ਜ਼ਿੰਦਗੀ ਵਿਅਰਥ ਗੁਆ ਦਿੰਦਾ ਹੈ, ਗਿਆਨ ਵਿਹੂਣਾ; ਕਥਿ ਕਥਿ ਲੂਝੈ ॥ (ਮ: ੧/੪੬੬)

ਪੰਜਾਬ ਦੀ ਮਸ਼ਹੂਰ ਕਹਾਵਤ ਹੈ, ‘ਜੈਸਾ। ਗੁਰਬਾਣੀ ਦਾ ਵੀ ਫ਼ੁਰਮਾਨ ਹੈ, ‘‘ਖਾਣਾ ਪੀਣਾ ਪਵਿਤ੍ਰੁ ਹੈ; ਦਿਤੋਨੁ ਰਿਜਕੁ ਸੰਬਾਹਿ ॥’’ (ਮ: ੧/੪੭੨) ਭਾਵ ਪ੍ਰਮਾਤਮਾ ਨੇ ਸਾਰੇ ਜੀਵਾਂ ਨੂੰ ਖਾਣ ਪੀਣ ਲਈ ਕੁਦਰਤੀ ਤੌਰ ’ਤੇ ਪਾਕਿ ਤੇ ਪਵਿੱਤਰ ਖ਼ੁਰਾਕ ਦੀ ਬਖ਼ਸ਼ਸ਼ ਕੀਤੀ ਹੈ। ਕਿਸੇ ਵਕਤ ਕੁਦਰਤੀ ਤੌਰ ’ਤੇ ਪੈਦਾ ਹੁੰਦੇ ਫਲ਼ ਤੇ ਅਨਾਜ; ਸਭ ਜ਼ਹਿਰ ਤੋਂ ਮੁਕਤ ਸਨ। ਦਰਿਆਵਾਂ ਤੇ ਨਦੀਆਂ ਦਾ ਪੀਣ ਯੋਗ ਪਾਣੀ ਪੂਰਨ ਤੌਰ ’ਤੇ ਸਿਹਤਮੰਦ ਅਤੇ ਨਿਰਮਲ ਸੀ, ਪਰ ਹੁਣ ਅਜੋਕੇ ਸਮੇਂ ਵਿੱਚ ਰਸਾਇਣਕ ਖਾਦਾਂ ਅਤੇ ਜ਼ਹਿਰੀਲੇ ਤੱਤਾਂ ਨੇ ਕੇਵਲ ਖਾਧ ਪਦਾਰਥਾਂ ਨੂੰ ਹੀ ਜ਼ਹਿਰੀਲਾ ਨਹੀਂ ਬਣਾਇਆ ਸਗੋਂ ਧਰਤੀ ਹੇਠਲੇ ਪਾਣੀ ਤੇ ਸਮੁੱਚੀ ਆਬੋ ਹਵਾ ਨੂੰ ਵੀ ਪਲੀਤ ਕਰ ਕੇ ਰੱਖ ਦਿੱਤਾ ਹੈ। ਸਮੁੱਚੇ ਭਾਰਤ ਵਿੱਚ ਸਭ ਤੋਂ ਵੱਧ ਪ੍ਰਭਾਵ ਪੰਜ ਪਾਣੀਆਂ ਦੀ ਧਰਤੀ ਪੰਜਾਬ ’ਤੇ ਪਿਆ ਹੈ। ਹਰੀ ਕ੍ਰਾਂਤੀ ਦੀ ਆੜ ਹੇਠ ਅੱਜ ਪੰਜਾਬ ਦੀ ਧਰਤੀ ਜ਼ਹਿਰ ਉਗਲ ਰਹੀ ਹੈ।

ਪ੍ਰਾਈਵੇਟ ਕੰਪਨੀਆਂ ਨੇ ਆਪਣੇ ਸਵਾਰਥ ਹੇਠ ਨਸ਼ੀਲੀਆਂ ਦਵਾਈਆਂ ਦਾ ਛਿੜਕਾ ਕਰਵਾ ਕੇ ਆਪਣੀਆਂ ਜੇਬਾਂ ਤਾਂ ਭਰ ਲਈਆਂ ਪਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਅੱਜ ਲੋੜ ਹੈ ਕਿ ਜੈਵਿਕ ਖੇਤੀ ਨੂੰ ਅਪਣਾਅ ਕੇ ਇਸ ਹਰਿਮੰਦਰ ਸਰੀਰ ਨੂੰ ਤੰਦਰੁਸਤ ਰੱਖਿਆ ਜਾਵੇ। ਫਿਰੋਜਪੁਰ ਦੇ ਰਹਿਣ ਵਾਲਾ ਐਸ. ਕੇ. ਰਾਜਪੂਤ ਜੈਵਿਕ ਖੇਤੀ ਕਰ ਕੇ ਪੂਰੇ ਇਲਾਕੇ ਵਿੱਚ ਨਾਮਣਾ ਖੱਟ ਚੁੱਕਾ ਹੈ। ਵਿਗਿਆਨੀ ਇਸ ਗੱਲ ਨਾਲ ਵੀ ਸਹਿਮਤ ਹਨ ਕਿ ਜੋ ਛਿੜਕਾਅ ਅਸੀਂ ਕੀੜੇ ਮਾਰਨ ਲਈ ਕਰ ਰਹੇ ਹਾਂ ਉਹ ਤਾਂ ਸਿਰਫ ਇੱਕ ਪ੍ਰਤੀਸ਼ਤ ਹੀ ਕੀੜੇ ਉੱਪਰ ਡਿੱਗਦਾ ਹੈ ਤੇ ਬਾਕੀ 99 ਪ੍ਰਤੀਸ਼ਤ ਸਾਡੇ ਵਾਤਾਵਰਣ ਵਿੱਚ ਘੁਲ਼ ਮਿਲ਼ ਰਿਹਾ ਹੈ। ਜੇ ਪੰਜਾਬ ਦਾ ਕਿਸਾਨ ਦਾਲਾਂ ਦੀ ਕਾਸ਼ਤ ਕਰੇ ਤਾਂ ਉਸ ਨੂੰ ਨਾਈਟਰੋਜਨ (ਯੂਰੀਆ) ਆਪਣੇ ਆਪ ਹੀ ਇਹਨਾਂ ਫਸਲਾਂ ਤੋਂ ਮਿਲ ਜਾਵੇਗਾ। ਇਸ ਤਰ੍ਹਾਂ ਸਾਡੇ ਕਿਸਾਨ ਕਈ ਟਨ ਯੂਰੀਆ ਬਚਾ ਸਕਦੇ ਹਨ ਤੇ ਵਾਤਾਵਰਣ ਨੂੰ ਸੰਵਾਰਨ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕਦੇ ਹਨ ਅਤੇ ਸਮਾਜ ਦੇ ਲੋਕਾਂ ਨੂੰ ਚੰਗੀ ਤੇ ਸਿਹਤਮੰਦ ਖ਼ੁਰਾਕ ਮੁਹਈਆ ਕਰਵਾ ਸਕਦੇ ਹਨ।

ਸਿਆਣੇ ਕਹਿੰਦੇ ਹਨ ਕਿ ਇਲਾਜ ਨਾਲੋਂ ਪਰਹੇਜ਼ ਚੰਗਾ। ਪਰਹੇਜ਼ ਕਰਨ ਨਾਲ ਹੀ ਅਸੀਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ। ਅਸੀਂ ਆਪ ਇਹ ਕਹਿ ਦਿੰਦੇ ਹਾਂ ਕਿ ਬਿਮਾਰੀਆਂ ਲੋਕਾਂ ਦਾ ਖਹਿੜਾ ਨਹੀਂ ਛੱਡਦੀਆਂ ਪਰ ਇਸ ਸਚਾਈ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਮਨੁੱਖ ਬਿਮਾਰੀ ਤੋਂ ਖਹਿੜਾ ਛੁਡਾ ਕੇ ਰਾਜੀ ਨਹੀਂ ਹੈ। ਸ਼ੂਗਰ, ਖੂਨ ਦਾ ਦਬਾਅ, ਯੂਰਿਕ ਏਸਿਡ ਦਾ ਵਾਧਾ ਆਦਿਕ ਬਿਮਾਰੀਆਂ ਮਨੁੱਖ ਦੀਆਂ ਆਪਣੀਆਂ ਸਹੇੜੀਆਂ ਹੋਈਆਂ ਹਨ। ਖਾਣ ਪੀਣ ਖੁੱਲ੍ਹਾ ਡੁੱਲ੍ਹਾ ਅਤੇ ਸਰੀਰਕ ਕਸਰਤ ਨਾ ਕਰਨੀ ਹੀ ਇਹਨਾਂ ਬਿਮਾਰੀਆਂ ਦੇ ਕਾਰਨ ਹਨ।

ਵਿਆਹ ਸ਼ਾਦੀਆਂ ਵਿੱਚ ਅਸੀਂ ਬਿਨਾਂ ਜ਼ਰੂਰਤ ਦੇ ਲੋੜ ਤੋਂ ਵੱਧ ਖਾ ਕੇ ਆਪਣੇ ਆਪ ਨੂੰ ਬਿਮਾਰੀਆਂ ਵੱਲ ਧੱਕਦੇ ਹਾਂ। ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਇਸ ਲਈ ਖਾਂਦੇ ਹਾਂ ਕਿ ਜਿਉਂਦੇ ਰਹਿ ਸਕੀਏ, ਨਾ ਕਿ ਇਸ ਲਈ ਜੀਉਂਦੇ ਹਾਂ ਕਿ ਖਾਂਦੇ ਰਹੀਏ।  We eat to live but not live to eat.

ਸਾਡੇ ਖਾਣੇ ਜ਼ਿਆਦਾ ਚਟਪਟੇ ਤੇ ਸੁਆਦਲੇ ਹੋਣ ਕਾਰਨ, ਉਹਨਾਂ ਵਿਚਲੇ ਜ਼ਰੂਰੀ ਤੱਤ ਖ਼ਤਮ ਹੋ ਗਏ ਹਨ ਅਤੇ ਸਿਰਫ ਸੁਆਦ ਤੱਕ ਹੀ ਸੀਮਤ ਹਨ। ਅੱਜ ਇਹ ਅਖਾਣ ਕਿ ਖਾਈਏ ਮਨ ਭਾਉਂਦਾ ਤੇ ਹੰਢਾਈਏ ਜੱਗ ਭਾਉਂਦਾ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਹੈ। ਖ਼ੁਰਾਕ ਉਹੋ ਹੀ ਖਾਣੀ ਚਾਹੀਦੀ ਹੈ ਜਿਸ ਨੂੰ ਸਾਡਾ ਸਰੀਰ ਪਚਾ ਸਕੇ। ਮਨ ਭਾਉਂਦਾ ਖਾਣਾ ਬਿਮਾਰੀਆਂ ਦਾ ਘਰ ਹੈ। ਇਸ ਲਈ ਸਾਨੂੰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਪੌਸ਼ਟਿਕ ਖ਼ੁਰਾਕ ਖਾਣੀ ਚਾਹੀਦੀ ਹੈ। ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਮਨ ਰਹਿ ਸਕਦਾ ਹੈ। ਇਸ ਲਈ ਸੁਚੱਜੀ ਤੇ ਨਰੋਈ ਖ਼ੁਰਾਕ ਖਾ ਕੇ ਅਸੀਂ ਆਪਣੇ ਤਨ ਤੇ ਮਨ ਦੋਹਾਂ ਨੂੰ ਅਰੋਗ ਰੱਖ ਸਕਦੇ ਹਾਂ ਅਤੇ ਗੁਰਬਾਣੀ ਦੇ ਇਹਨਾਂ ਉਪਦੇਸ਼ਾਂ ਨੂੰ ਮਨ ਵਿੱਚ ਵਸਾ ਕੇ ਪ੍ਰਮਾਤਮਾ ਵੱਲੋਂ ਮਿਲਿਆ ਬਹੁਮੁਲਾ ਜੀਵਨ ਸਾਰਥਕ ਕਰ ਸਕਦੇ ਹਾਂ,

ਬਾਬਾ  ! ਹੋਰੁ ਖਾਣਾ, ਖੁਸੀ ਖੁਆਰੁ ॥ 

ਜਿਤੁ ਖਾਧੈ, ਤਨੁ ਪੀੜੀਐ; ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥  (ਮ: ੧/੧੬)

ਗੁਰੂ ਨਾਨਕ ਦਾ ਨਿਰਮਲ ਧਰਮ ਅਤੇ ਉਸ ਨੂੰ ਸਿੰਜਣਹਾਰੇ

0

ਗੁਰੂ ਨਾਨਕ ਦਾ ਨਿਰਮਲ ਧਰਮ ਅਤੇ ਉਸ ਨੂੰ ਸਿੰਜਣਹਾਰੇ

ਗਿਆਨੀ ਅਵਤਾਰ ਸਿੰਘ

ਗੁਰਮਤਿ ਅਨੁਸਾਰ ਮਨੁੱਖੀ ਸੋਚ ਦਾ ਅਕਾਲ ਪੁਰਖ ਨਾਲ਼ ਜੁੜਨਾ ਜਾਂ ਉਸ ਦੀ ਯਾਦ ਤੋਂ ਪ੍ਰਭਾਵਤ ਹੋਣਾ; ‘ਨਿਰਮਲ ਧਰਮ’ (ਸੱਚੇ ਧਰਮ) ਦਾ ਮੁੱਢਲਾ ਅਸੂਲ ਹੈ। ਅਗਲਾ ਕਰਮ ਉਸ ਦੇ ਭਾਣੇ (ਡਰ-ਅਦਬ) ’ਚ ਰਹਿਣਾ ਹੈ। ਇਹ ਅਹਿਸਾਸ ਹੀ; ਮਨੁੱਖਤਾ ਅੰਦਰ ਹਲੀਮੀ, ਪਿਆਰ, ਸਮਾਨਤਾ, ਸਵੈਮਾਣ, ਅਮੁਥਾਜ, ਨਿਡਰਤਾ, ਸਬਰ, ਸ਼ੁਕਰਾਨਾ ਆਦਿ ਗੁਣ ਭਰਦਾ ਹੈ ਤੇ ਮਨੁੱਖ ਸਾਹਸੀ ਬਣ ਪਰਿਵਾਰਕ, ਸਮਾਜਕ ਤੇ ਕੌਮੀ ਸੇਵਾਵਾਂ ਕਰਨ ਲਈ ਅੱਗੇ ਆਉਂਦਾ ਹੈ, ਪਰ ਅਜਿਹਾ ਰੁਤਬਾ;  ਅਜਿਹੇ ਗੁਣਾਂ ਦੇ ਸਰੋਤ (ਗੁਰੂ) ਦੀ ਬਖ਼ਸ਼ਸ਼ ਤੇ ਪ੍ਰੇਰਨਾ ਦਾਇਕ ਉਤਸ਼ਾਹ ਨਾਲ਼ ਹੀ ਪ੍ਰਾਪਤ ਹੁੰਦਾ ਹੈ।

ਮਾਨਵ ਹਿਤਕਾਰੀ ਇਹ ਫ਼ਲਸਫ਼ਾ;  ਜਦ ਮਨੁੱਖਤਾ ਨੂੰ ਸੌਂਪਿਆ ਜਾਏ ਤਾਂ ਇਸ ਉੱਤੇ ਹੂ-ਬਹੂ ਯਕੀਨ ਅਤੇ ਅਮਲ ਕਰਵਾਉਣਾ; ਦੋ ਪ੍ਰਮੁੱਖ ਚੁਣੌਤੀਆਂ ਹੁੰਦੀਆਂ ਹਨ ਕਿਉਂਕਿ ਝੂਠ ਨੂੰ ਗਲੇ ਲਗਾਈ ਬੈਠੇ ਬੰਦੇ ਲਈ ਇਹ ਅਲੌਕਿਕ ਗੱਲਾਂ ਜਾਪਦੀਆਂ ਹਨ। ਇਸ ਦੇ ਪ੍ਰਚਾਰ-ਪ੍ਰਸਾਰ ’ਚ ਉਸ ਸਮੇਂ ਹੋਰ ਵੀ ਦਿੱਕਤ ਆਉਂਦੀ ਹੈ, ਜਦ ਪਹਿਲਾਂ ਤੋਂ ਕੀਤੀ ਗਈ ਧਰਮ ਦੀ ਗ਼ਲਤ ਵਿਆਖਿਆ ਰੱਦ ਹੋ ਰਹੀ ਹੋਵੇ।

ਗੁਰਮਤਿ ਨੇ ‘ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ’ ਨੂੰ ਪ੍ਰਮੁੱਖਤਾ ਦਿੱਤੀ, ਇਸ ਸਿੱਖਿਆ ਦਾ ਮੁਰੀਦ; ਸਮੁੱਚੀ ਮਾਨਵਤਾ ਲਈ ਪੂਜਨੀਕ ਹੋਣਾ ਚਾਹੀਦਾ ਸੀ ਪਰ ਇਸ ਸੇਵਾ ਬਦਲੇ ਗੁਰੂ ਸਾਹਿਬਾਨ ਤੇ ਸਿੱਖਾਂ ਨੂੰ ਅਸਹਿ ਕਸ਼ਟ ਸਹਾਰਦਿਆਂ ਸ਼ਹੀਦੀਆਂ ਦੇਣੀਆਂ ਪਈਆਂ !  ਆਖ਼ਰ ਕਿਉਂ ?

ਸਮਾਜ ’ਚ ਸੁਚੱਜੀ ਕਿਰਤ ਤਿੰਨ ਪ੍ਰਕਾਰ ਦੀ ਮੰਨੀ ਗਈ ‘ਖੇਤੀ, ਨੌਕਰੀ ਤੇ ਵਪਾਰ। ਭੀਖ ਮੰਗਣ ਤੇ ਛਲ਼-ਕਪਟ ਨੂੰ ਕੁਕਰਮ ਕਿਹਾ ਗਿਆ, ਇਸ ਕੁਕਰਮ ਨੇ ਆਲਸੀ ਬੰਦੇ (ਜੋ ਸੁਚੱਜੀ ਕਿਰਤ ਨਹੀਂ ਕਰ ਸਕਦੇ) ਤੋਂ ਅਗਿਆਨਤਾਵਸ ਧਰਮ ਦੇ ਨਾਂ ’ਤੇ 6 ਕਰਮ (ਕਰਮਕਾਂਡੀ ਵਿਦਿਆ ਪੜ੍ਹਨੀ ਤੇ ਹੋਰਾਂ ਨੂੰ ਪੜ੍ਹਾਉਣੀ, ਦਾਨ ਦੇਣ ਲਈ ਉਕਸਾਉਣਾ ਤੇ ਆਪ ਦਾਨ ਲੈ ਲੈਣਾ, ਯੱਗ ਕਰਵਾਉਣ ਲਈ ਪ੍ਰੇਰਨਾ ਤੇ ਆਪ ਅਗਵਾਈ ਕਰਨੀ) ਨਿਰਧਾਰਿਤ ਕਰਾ ਲਏ, ਇਨ੍ਹਾਂ ਕਰਮਕਾਂਡਾਂ ਨੇ ਭਾਵੇਂ ਕਿ ਪੂਜਾਰੀ ਦੀਆਂ ਆਰਥਕ ਲੋੜਾਂ ਪੂਰੀਆਂ ਕਰ ਦਿੱਤੀਆਂ ਪਰ ਮਨੁੱਖਤਾ ਦਾ ਸਮਾਂ, ਪੈਸਾ ਤੇ ਸੁਆਸ ਬਰਬਾਦ ਹੁੰਦੇ ਗਏ।

ਦੂਸਰੇ ਪਾਸੇ ਰੱਬੀ ਆਸ਼ਕਾਂ ਨੇ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣ ਵਾਲ਼ੀ ਸੁਚੱਜੀ ਕਿਰਤ ਅਪਣਾਅ ਲਈ। ਇਸ ਜੀਵਨਸ਼ੈਲੀ ਨੇ ਫੁੱਟ ਪਾਊ ਅਰਥਹੀਣ ਕਰਮਕਾਂਡਾਂ ਤੋਂ ਮਨੁੱਖਤਾ ਨੂੰ ਸੁਚੇਤ ਕਰਨ ਦਾ ਬੀੜਾ ਵੀ ਚੁੱਕ ਲਿਆ, ਜਿਸ ਕਾਰਨ ਅਮੋੜ ਬਿਰਤੀ (ਪਰੰਪਰਾਵਾਦੀ ਸੋਚ) ਰੁਕਾਵਟ ਬਣਦੀ ਗਈ। ਗੁਰੂ ਸਾਹਿਬਾਨ ਇਸ ਵਲ਼-ਛਲ਼ ਨੂੰ ਪਹਿਲਾਂ ਹੀ ਭਾਂਪ ਚੁੱਕੇ ਸਨ, ਇਸ ਲਈ ਉਨ੍ਹਾਂ ਫ਼ੁਰਮਾਇਆ, ‘‘ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ ॥  ਪੁਰਜਾ ਪੁਰਜਾ ਕਟਿ ਮਰੈ; ਕਬਹੂ ਨ ਛਾਡੈ ਖੇਤੁ ॥ (ਮਾਰੂ ਰਾਗ, ਭਗਤ ਕਬੀਰ ਜੀ, ਪੰਨਾ ੧੧੦੫), ਜਉ ਤਉ; ਪ੍ਰੇਮ ਖੇਲਣ ਕਾ ਚਾਉ ॥  ਸਿਰੁ ਧਰਿ ਤਲੀ; ਗਲੀ ਮੇਰੀ ਆਉ ॥  ਇਤੁ ਮਾਰਗਿ; ਪੈਰੁ ਧਰੀਜੈ ॥  ਸਿਰੁ ਦੀਜੈ; ਕਾਣਿ ਨ ਕੀਜੈ ॥’’ (ਮ: ੧, ਪੰਨਾ ੧੪੧੨), ਇਸ ਰੁਤਬੇ ਦੀ ਪ੍ਰਾਪਤੀ ਲਈ ਸਾਹਸ ਚਾਹੀਦਾ ਸੀ, ਜਿਸ ਨੂੰ ਪੈਦਾ ਕਰਨ ਵਾਸਤੇ ਸ਼ਸਤਰ ਵਿਦਿਆ, ਯੁੱਧ ਅਭਿਆਸ ਤੇ ਢਾਡੀ ਵਾਰਾਂ ਗਾਉਣੀਆਂ ਵੀ ‘ਨਿਰਮਲ ਧਰਮ’ ਦੇ ਅਹਿਮ ਅੰਗ ਬਣ ਗਏ ।

ਸਦੀਆਂ ਤੋਂ ਧਰਮ ਨੂੰ ਪ੍ਰਚਾਰਿਆ ਤਾਂ ਮਾਨਵ ਹਿਤਕਾਰੀ ਬਣਾ ਕੇ ਜਾਂਦਾ ਰਿਹਾ, ਪਰ ਇਸ ਵਿੱਚ ਛੁਪੇ ਸੌੜੇਪਣ ਤੇ ਨਿੱਜ ਸੁਆਰਥ ਨੇ ਨਾ-ਸਮਝ ਬੁੱਧੀ ਨੂੰ ਅਪੰਗ ਬਣਾ ਦਿੱਤਾ ਸੀ, ਇਸ ਬੁਜ਼ਦਿਲੀ ’ਚ ਗੁਰੂ ਫ਼ਲਸਫ਼ੇ ਨੇ ਰੱਬੀ ਵਿਸ਼ਵਾਸ, ਪ੍ਰੇਮ, ਸ਼ਾਂਤੀ, ਉਤਸ਼ਾਹ, ਵਿਵੇਕਤਾ ਪੈਦਾ ਕਰ ਸਮਾਜਕ ਵਿਤਕਰੇ, ਅੰਧ ਵਿਸ਼ਵਾਸ ਤੇ ਅਗਿਆਨਤਾ ਨੂੰ ਨਾਸ਼ ਕਰਨਾ ਸ਼ੁਰੂ ਕਰ ਦਿੱਤਾ।  ਇਨਸਾਫ਼ ਤੇ ਪਿਆਰ ਮਿਲਦਾ ਵੇਖ ਮਨੁੱਖ ਖ਼ੁਸ਼ ਹੋਣ ਲੱਗਾ, ਜੋ ਸਦੀਆਂ ਤੋਂ ਮੁਰਝਾਇਆ ਪਿਆ ਸੀ।

ਏਮਨਾਬਾਦ ਦਾ ਖੱਤ੍ਰੀ ਮਲਕ ਭਾਗੋ, ਗੁਹਾਟੀ ਦੀ ਜਾਦੂਗਰਨੀ ਨੂਰਸ਼ਾਹ, ਆਂਧਰਾ ਪ੍ਰਦੇਸ਼ ਦਾ ਕੌਡਾ ਰਾਖ਼ਸ਼, ਜਗਨਨਾਥਪੁਰੀ ਦਾ ਕਲਯੁਗੀ ਪਾਂਡਾ, ਗੋਰਖਨਾਥ ਦੇ ਸਨਿਆਸੀ ਚੇਲੇ, ਬਾਬਰ, ਵਲੀ ਕੰਧਾਰੀ ਆਦਿ ਨੂੰ ਜੋ ਵਿਦਿਆ ਤੇ ਤਾਕਤ ਦਾ ਅਹੰਕਾਰ ਸੀ, ਉਹ ਗੁਰੂ ਸਾਹਿਬ ਦੀ ਬਾ-ਦਲੀਲ ਅੱਗੇ ਚਕਨਾਚੂਰ ਹੋ ਗਿਆ।  ਰਾਇ ਬੁਲਾਰ, ਦੌਲਤ ਖ਼ਾਨ ਲੋਧੀ (ਪੰਜਾਬ ਦਾ ਗਵਰਨਰ), ਸ਼ਿਵਨਾਭ (ਸ਼੍ਰੀ ਲੰਕਾ ਦਾ ਰਾਜਾ), ਸੇਠ ਦੁਨੀ ਚੰਦ ਆਦਿ ਪ੍ਰਸਿੱਧ ਵਿਅਕਤੀ ਗੁਰੂ ਸਾਹਿਬ ਦੀ ਰੂਹਾਨੀਅਤ ਸ਼ਕਤੀ ਨੂੰ ਵੇਖ ਚੁੱਕੇ ਸਨ।

ਥਾਲ ’ਚ ਰੱਖੇ ਦੀਵਿਆਂ ਨਾਲ਼ ਹੁੰਦੀਆਂ ਇਸ਼ਟ-ਆਰਤੀਆਂ, ਸੂਰਜ ਨੂੰ ਚੜ੍ਹਦੇ ਜਲ, ਪੱਛਮ ਨੂੰ ਖ਼ੁਦਾ ਦਾ ਘਰ ਤੇ ਦੱਖਣ ਨੂੰ ਮੂੰਹ ਕਰ ਕੇ ਹੁੰਦੀ ਦੇਵ-ਭਗਤੀ ਨਿਰਮੂਲ ਜਾਪਣ ਲੱਗੀ। ਔਰਤ ਨੂੰ ਬਰਾਬਰਤਾ, ਨਸ਼ਾ ਮੁਕਤ ਸਮਾਜ ਦੀ ਸਿਰਜਣਾ ਤੇ ਗ਼ੁਲਾਮੀ ਦੀ ਨਿਸ਼ਾਨੀ ਟੋਪੀ ਉਤਰਦੀ ਵੇਖਣ ਦਾ ਸਦਕਾ ਫ਼ਕੀਰ ਬੁੱਢਣ ਸ਼ਾਹ, ਅਕਬਰ ਬਾਦਸ਼ਾਹ, ਖ਼ੁਸਰੋ, ਸ਼ਾਈਂ ਮੀਆਂ ਮੀਰ, ਦਾਰਾ ਸ਼ਿਕੋਹ, ਆਦਿ ਨੇ ‘ਸੱਚੇ ਧਰਮ’ ਨੂੰ ਸਲਾਮ ਕੀਤੀ।

ਸਦੀਆਂ ਬਾਅਦ ਪਰਿਵਾਰਕ ਖ਼ੁਸ਼ਹਾਲੀ ਪਨਪਦੀ ਦੇਖ ਪੱਥਰ ਪੂਜ (ਜੜ੍ਹ ਬੁੱਧੀ) ਨੂੰ ਅਸ਼ੁਭ ਸੰਕੇਤ ਮਿਲਣ ਲੱਗੇ, ਇਸ ਨੇ ਰਾਜਸੀ ਮੁਗ਼ਲ ਤਾਕਤਾਂ ਨਾਲ਼ ਗਠ-ਜੋੜ ਕਰਨ ’ਚ ਸਮਝਦਾਰੀ ਵੇਖੀ।  ਚਾਹੀਦਾ ਤਾਂ ਇਹ ਸੀ ਕਿ ਧਰਮ ਦੇ ਇਹ ਠੇਕੇਦਾਰ; ਗੁਰੂ ਪੰਥ ਦੇ ਰਾਹੀ ਬਣ ਧਾਰਮਕ ਆਸਥਾ ’ਤੇ ਲਗਦੇ ਟੈਕਸ (ਜੇਜ਼ੀਆਂ) ਵਗ਼ੈਰਾ ਦਾ ਵਿਰੋਧ ਕਰ ਆਪਣੀ ਜ਼ਮੀਰ ਜਾਗਦੀ ਦਾ ਸਬੂਤ ਦਿੰਦੇ ਪਰ ਮਾਨਵਤਾ ਦੇ ਦੁਸ਼ਮਣ ‘‘ਅੰਤਰਿ ਪੂਜਾ ਪੜਹਿ ਕਤੇਬਾ; ਸੰਜਮੁ ਤੁਰਕਾ ਭਾਈ ॥’’ (ਆਸਾ ਕੀ ਵਾਰ, ਮ: ੧, ਪੰਨਾ ੪੭੧) ਵਾਲ਼ੀ ਗ਼ੁਲਾਮੀ ਨੂੰ ਸਵੀਕਾਰ ਕਰ ਚੁੱਕੇ ਬ੍ਰਾਹਮਣ ਤੇ ਖੱਤ੍ਰੀ; ਆਪਣੀਆਂ ਲੜਕੀਆਂ ਦੇ ਰਿਸ਼ਤੇ ਮੁਗ਼ਲ ਹਾਕਮਾਂ (ਮਲੇਛਾਂ) ਨੂੰ ਦੇਣ ਲੱਗ ਪਏ ਤਾਂ ਜੋ ਗੁਰਮਤਿ ਦੇ ਪ੍ਰਭਾਵ ਤੋਂ ਪ੍ਰਚਲਿਤ ਕਰਮਕਾਂਡੀ ਸੋਚ ਬਚਾਈ ਜਾ ਸਕੇ । ਇੱਥੇ ਇਹ ਵਿਚਾਰਨਯੋਗ ਹੈ ਕਿ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਵਾਉਣ ’ਚ ਖੱਤ੍ਰੀ ਚੰਦੂ, ਗੁਰੂ ਗੋਬਿੰਦ ਸਿੰਘ ਜੀ ’ਤੇ ਹਮਲੇ ਕਰਨ ਤੇ ਕਰਵਾਉਣ ਵਾਲ਼ਾ ਬਿਲਾਸਪੁਰ ਦਾ ਰਾਜਾ ਭੀਮ ਚੰਦ, ਉਸ ਦਾ ਪੁੱਤਰ ਅਜਮੇਰ ਚੰਦ ਤੇ ਵਜ਼ੀਰ ਪੰਡਿਤ ਪਰਮਾ ਨੰਦ, ਗੜ੍ਹਵਾਲੀ ਰਾਜਾ ਫ਼ਤੇ ਚੰਦ ਤੋਂ ਬਣਿਆ ਫ਼ਤੇ ਸ਼ਾਹ, ਆਦਿ ਸਾਰੇ ਪਹਾੜੀ ਰਾਜੇ ਅਤੇ ਸੂਬਾ ਸਰਹਿੰਦ ਨੂੰ ਛੋਟੇ ਸਾਹਿਬਜ਼ਾਦਿਆਂ ਖ਼ਿਲਾਫ਼ ਉਕਸਾਉਣ ਵਾਲ਼ਾ ਵਜ਼ੀਰ ਸੁੱਚਾ ਨੰਦ, ਆਦਿ ਸਭ ਪੱਥਰ ਪੂਜ ਸਨ, ਜੋ ਗੁਰੂ ਸਿਧਾਂਤ ਤੋਂ ਖ਼ੌਫ਼ ਖਾਂਦੇ ਸੀ ਤੇ ਮੁਗ਼ਲ ਹਾਕਮਾਂ ਤੋਂ ਗੁਰੂ ਘਰ ’ਤੇ ਹਮਲੇ ਕਰਵਾ ਕੇ ਆਪਣੀ ਪਰਾਧੀਨੀ ਤੇ ਗ਼ੁਲਾਮੀ ਨੂੰ ਛੁਪਾਉਣ ’ਚ ਭਲਾਈ ਸਮਝਦੇ ਰਹੇ ਸਨ।

ਆਪਣੇ ਭਾਈਚਾਰੇ ਨੂੰ ਸ਼ਿਕਾਰੀ ਪਾਸ ਬੰਦੀ ਬਣਾਉਣ ਲਈ ਸ਼ਿਕਾਰੀ ਲੋਕ ਕਿੱਦਾਂ ਗੁਲਾਮ ਮਾਨਸਿਕਤਾ ਦਾ ਸਹਾਰਾ ਲੈਂਦੇ ਹਨ, ਇਸ ਦੀ ਇੱਕ ਮਿਸਾਲ ਗੁਰੂ ਨਾਨਕ ਸਾਹਿਬ ਜੀ ਦਿੰਦੇ ਹੋਏ ਸਮਝਾਉਂਦੇ ਹਨ ਕਿ ਸ਼ਿਕਾਰੀ, ਸ਼ਿਕਾਰ-ਜਾਤੀ ’ਚੋਂ ਪਹਿਲਾਂ ਇੱਕ ਸ਼ਿਕਾਰ ਨੂੰ ਕੈਦ ਕਰ ਲੈਂਦਾ ਹੈ, ਫਿਰ ਉਸ ਨੂੰ ਪੜ੍ਹਾਉਂਦਾ ਹੈ ਤਾਂ ਜੋ ਉਹ ਆਪਣੀ ਜਾਤੀ ਨੂੰ ਆਸਾਨੀ ਨਾਲ਼ ਸ਼ਿਕਾਰੀ ਦੇ ਜਾਲ ’ਚ ਫਸਾਉਣ ਲਈ ਫੁਸਲਾ (ਭਰਮਾ) ਕੇ ਦੂਰੋਂ ਲੈ ਆਵੇ, ਇਨ੍ਹਾਂ ਪੜ੍ਹਿਆਂ ’ਚ ਹਿਰਨ, ਬਾਜ਼ ਤੇ ਸਰਕਾਰੀ ਅਹਿਲਕਾਰ (ਵਜ਼ੀਰ), ਆਪਣੇ ਭਰਾਵਾਂ ਨੂੰ ਫਸਾਉਣ ਲਈ ਪ੍ਰਮੁੱਖ ਮੰਨੇ ਗਏ, ‘‘ਹਰਣਾਂ ਬਾਜਾਂ ਤੈ ਸਿਕਦਾਰਾਂ; ਏਨ੍ਾ ਪੜਿ੍ਆ ਨਾਉ ॥ ਫਾਂਧੀ ਲਗੀ ਜਾਤਿ ਫਹਾਇਨਿ; ਅਗੈ ਨਾਹੀ ਥਾਉ ॥’’ (ਮਲਾਰ ਕੀ ਵਾਰ, ਮ: ੧, ਪੰਨਾ ੧੨੮੮)  ਅਜਿਹੀ ਵਿਦਿਆ ਦਾ ਕੀ ਫ਼ਾਇਦਾ ਜੋ ਆਪਣੀ ਨਸਲ ਨੂੰ ਖ਼ਤਮ ਕਰਵਾਉਣ ’ਚ ਮਦਦ ਕਰੇ, ਇਸ ਲਈ ਗੁਰੂ ਸਾਹਿਬ ਨੇ ਵਚਨ ਉਚਾਰੇ, ‘‘ਖਤ੍ਰੀਆ ਤ ਧਰਮੁ ਛੋਡਿਆ; ਮਲੇਛ ਭਾਖਿਆ ਗਹੀ ॥’’ (ਧਨਾਸਰੀ, ਮ: ੧, ਪੰਨਾ ੬੬੩)

ਪੰਜਵੇਂ ਸਤਿਗੁਰੂ ਦੀ ਅਸਹਿ ਸ਼ਹੀਦੀ ਉਪਰੰਤ ਵੀ ਗੁਰੂ ਨਾਨਕ ਸਾਹਿਬ ਦੁਆਰਾ ਅਰੰਭੀ ਕ੍ਰਾਂਤੀ ਲਹਿਰ ਧੀਮੀ ਨਹੀਂ ਹੋਈ ਬਲਕਿ 16 ਕੁ ਸਾਲ ਦੀ ਉਮਰ ’ਚ ਗੁਰਗੱਦੀ ’ਤੇ ਬਿਰਾਜਮਾਨ ਹੋਏ (ਬਾਣੀਕਾਰ ਕੀਰਤ ਭੱਟ ਦੁਆਰਾ ਲਿਖੀ ‘ਭੱਟ ਵਹੀ ਮੁਲਤਾਨੀ ਸਿੰਧੀ’ ਮੁਤਾਬਕ) ਗੁਰੂ ਹਰਿਗੋਬਿੰਦ ਸਾਹਿਬ ਨੇ ਪੀਰੀ (ਰੂਹਾਨੀਅਤ) ਦੇ ਨਾਲ਼ ਮੀਰੀ (ਬਾਦਸ਼ਾਹੀ) ਸਿਧਾਂਤ ਲਾਗੂ ਕਰਨ ਲਈ ਸ਼ਸਤਰ ਵਿਦਿਆ, ਯੁੱਧ ਅਭਿਆਸ ਤੇ ਢਾਡੀ ਵਾਰਾਂ ਗਵਾਉਣੀਆਂ ਅਰੰਭ ਕਰ ਦਿੱਤੀਆਂ ਤਾਂ ਜੋ ਮਨੁੱਖਤਾ ਅੰਦਰ ਵੀਰ-ਰਸ (ਸਵੈਮਾਣ) ਵੀ ਪੈਦਾ ਕੀਤਾ ਜਾ ਸਕੇ।  ਕਿਲ੍ਹੇ ਬਣਾਉਣ ਤੇ ਯੁੱਧ ਅਭਿਆਸ ਕਰਨ ਬਦਲੇ ਗੁਰੂ ਸਾਹਿਬਾਨ ਨੂੰ 12 ਸਾਲ ਦੀ ਸਜ਼ਾ ਸੁਣਾ ਕੇ ਭਾਵੇਂ ਕਿ ਗਵਾਲੀਅਰ ਦੇ ਕਿਲ੍ਹੇ ’ਚ ਬੰਦ ਕਰ ਦਿੱਤਾ ਗਿਆ ਪਰ ਗੁਰੂ ਜੀ ਦੇ ਪ੍ਰਭਾਵ ਅਤੇ ਸੰਗਤੀ ਪਿਆਰ ਵੇਖ ਕੇ ਗੁਰੂ ਜੀ ਨੂੰ 52 ਭਾਰਤੀ ਰਾਜਿਆਂ ਸਮੇਤ 18 ਮਹੀਨਿਆਂ ਬਾਅਦ ਹੀ  ਰਿਹਾਅ ਕਰ ਦਿੱਤਾ ਗਿਆ।

ਗੁਰੂ ਸਾਹਿਬਾਨ ਨੇ ਰਿਹਾਅ ਹੋ ਕੇ ਚਾਰ ਯੁੱਧ ਲੜੇ, ਜਿਸ ਦੌਰਾਨ ਗੁਰੂ ਘਰ ਦੀ ਚੁਗ਼ਲੀ ਕਰਨ ਵਾਲ਼ਾ ਚੰਦੂ ਪਰਿਵਾਰ (ਚੰਦੂ ਦਾ ਪੁੱਤਰ ਕਰਮ ਚੰਦ, ਚੰਦੂ ਦਾ ਕੁੜਮ ਭਗਵਾਨ ਦਾਸ ਤੇ ਉਸ ਦਾ ਪੁੱਤਰ ਰਤਨ ਚੰਦ ਆਦਿ) 3 ਅਕਤੂਬਰ 1621 ਦੀ ਰੁਹੀਲਾ ਜੰਗ ਸਮੇਂ ਖ਼ਤਮ ਹੋ ਗਏ ਸਨ। ਇਸ ਲੜਾਈ ਤੋਂ ਲੈ ਕੇ ਭੰਗਾਣੀ ਦੇ ਯੁੱਧ 18 ਸਤੰਬਰ 1688 (‘ਭੱਟ ਵਹੀ ਮੁਲਤਾਨੀ ਸਿੰਧੀ’ ਮੁਤਾਬਕ) ਤੱਕ ਭਾਵ 67 ਸਾਲ ਬ੍ਰਾਹਮਣ ਤੇ ਮੌਕਾਪ੍ਰਸਤ ਖੱਤ੍ਰੀ ਸੋਚ ਗੁਰੂ ਘਰ ਵਿਰੁੱਧ ਭੈੜੀ ਨਜ਼ਰ ਨਾ ਉਠਾ ਸਕੀ ਕਿਉਂਕਿ ਆਮ ਭਾਰਤੀ ਸਮਝ ਚੁੱਕੇ ਸਨ ਕਿ ਗੁਰੂ ਸੋਚ ਉਨ੍ਹਾਂ ਲਈ ਹਿਤਕਾਰੀ ਤੇ ਲਾਭਕਾਰੀ ਹੈ। ਮਿਸਾਲ ਵਜੋਂ 16 ਕਸ਼ਮੀਰੀ ਪੰਡਿਤ 25 ਮਈ 1675 ਨੂੰ (ਸਮਝੇ ਜਾਂਦੇ ਧਰਮ ਰੱਖਿਅਕ ਖੱਤ੍ਰੀ ਪਾਸ ਜਾਣ ਦੀ ਬਜਾਇ) ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਰਨ ’ਚ ਆਏ। ਗੁਰੂ ਗੋਬਿੰਦ ਸਿੰਘ ਜੀ ਨੇ 9 ਸਾਲ ਦੀ ਉਮਰ ’ਚ ਆਪਣੇ ਪਿਤਾ ਜੀ ਨੂੰ ਉਸ ਜਨੇਊ ਦੀ ਰੱਖਿਆ ਕਰਨ ਦੀ ਸਲਾਹ ਦਿੱਤੀ, ਜਿਸ ਨੂੰ ਸੰਨ 1478 ’ਚ 9 ਸਾਲ ਦੀ ਉਮਰ ’ਚ ਹੀ ਗੁਰੂ ਨਾਨਕ ਸਾਹਿਬ ਨੇ ਪਰੋਹਿਤ ਹਰਦਿਆਲ ਜੀ ਨੂੰ ਅਰਥਹੀਣ ਕਰਮ ਕਹਿ ਕੇ ਆਪ ਪਵਾਉਣ ਤੋਂ ਇਉਂ ਮਨ੍ਹਾ ਕੀਤਾ ਸੀ, ‘‘ਦਇਆ ਕਪਾਹ, ਸੰਤੋਖੁ ਸੂਤੁ; ਜਤੁ ਗੰਢੀ, ਸਤੁ ਵਟੁ ॥  ਏਹੁ ਜਨੇਊ ਜੀਅ ਕਾ;  ਹਈ, ਤ ਪਾਡੇ  ! ਘਤੁ ॥’’  (ਆਸਾ ਕੀ ਵਾਰ, ਮ: ੧, ਪੰਨਾ ੪੭੧)

ਹਰ ਕਬੀਲੇ ’ਚ ਕੁਕਰਮੀ (ਭੀਖ ਤੇ ਚੋਰੀ ਕਰਨ ਵਾਲ਼ੇ) ਬੰਦੇ, ਆਪਣੀਆਂ ਇਛਾਵਾਂ ਨੂੰ ਸੁਚੱਜੀ ਕਿਰਤ (ਨੌਕਰੀ, ਖੇਤੀ ਤੇ ਵਪਾਰ) ਕਰਨ ਵਾਲ਼ਿਆਂ ਦੇ ਮੁਕਾਬਲੇ ਵਧਾ ਕੇ ਰੱਖਦੇ ਹਨ।  ਇਹੀ ਲੋਕ ਰਾਜਸੀ ਅਤੇ ਧਾਰਮਕ ਲੀਡਰ ਬਣਨ ਦਾ ਢੌਂਗ ਕਰਦੇ ਰਹਿੰਦੇ ਹਨ। ਨਾ-ਸਮਝ ਨੂੰ ਵਰਗਲਾਉਣਾ ਤੇ ਉਸ ਤੋਂ ਆਪਣੀ ਮਨ-ਮਰਜ਼ੀ ਕਰਾਉਣੀ, ਇਨ੍ਹਾਂ ਦੇ ਆਸਾਨ ਹਥਿਆਰ ਹੁੰਦੇ ਹਨ।  ਗੁਰੂ ਨਾਨਕ ਸਾਹਿਬ ਜੀ ਨੇ ਇਹ ਪਾਠ ਬਹੁਤ ਪਹਿਲਾਂ ਇਉਂ ਪੜ੍ਹਾਇਆ ਕਿ ਕੁਕਰਮੀ ਰਾਜ ਸਥਾਪਤ ਕਰਨ ਲਈ ਰਾਜੇ ਨੂੰ ਵਜ਼ੀਰ, ਖ਼ਜ਼ਾਨਾ ਮੰਤਰੀ ਤੇ ਸਲਾਹਕਾਰ ਚਾਹੀਦੇ ਹੁੰਦੇ ਹਨ ਤਾਂ ਜੋ ਨਾ-ਸਮਝ ਜਨਤਾ ਤੋਂ ਵਫ਼ਾਦਾਰੀ (ਪਰਵਰਿਸ਼) ਕਰਵਾਈ ਜਾ ਸਕੇ। ਭਾਵੇਂ ਕਿ ਵੇਖਣ ਨੂੰ ਰਾਜਾ, ਵਜ਼ੀਰ, ਮੰਤਰੀ, ਸਲਾਹਕਾਰ, ਆਦਿ ਮਨੁੱਖੀ ਨਾਂ ਹਨ, ਪਰ ਦਰਅਸਲ ਇਨ੍ਹਾਂ ਅੰਦਰ ਲੋਭ, ਪਾਪ, ਝੂਠ, ਕਾਮ-ਵਾਸ਼ਨਾ ਦਾ ਸੰਗ੍ਰਹਿ ਹੁੰਦਾ ਹੈ, ਜੋ ਅਗਿਆਨੀ ਰਈਅਤ (ਪ੍ਰਜਾ) ਉੱਤੇ ਥੋਪਿਆ ਜਾਂਦਾ ਹੈ ਭਾਵ ‘‘ਭਾਹਿ ਭਰੇ ਮੁਰਦਾਰੁ’’ ਮੁਰਦਿਆਂ ਵਾਙ ਜ਼ਮੀਰ ਮਾਰ ਕੇ ਇਨ੍ਹਾਂ ਦੇ ਹੁਕਮ ਦਾ ਪਾਲਣ ਨਾ-ਸਮਝ ਹੀ ਕਰ ਸਕਦਾ ਹੈ। ਗੁਰੂ ਵਾਕ ਹੈ, ‘‘ਲਬੁ ਪਾਪੁ ਦੁਇ ਰਾਜਾ ਮਹਤਾ; ਕੂੜੁ ਹੋਆ ਸਿਕਦਾਰੁ ॥ ਕਾਮੁ ਨੇਬੁ ਸਦਿ ਪੁਛੀਐ; ਬਹਿ ਬਹਿ ਕਰੇ ਬੀਚਾਰੁ ॥ ਅੰਧੀ ਰਯਤਿ, ਗਿਆਨ ਵਿਹੂਣੀ; ਭਾਹਿ ਭਰੇ ਮੁਰਦਾਰੁ ॥ (ਆਸਾ ਕੀ ਵਾਰ, ਮ: ੧, ਪੰਨਾ ੪੬੯)

ਭੰਗਾਣੀ ਦਾ ਯੁੱਧ, ਜਿੱਥੋਂ ਦਸਮੇਸ਼ ਪਿਤਾ ਦੁਆਰਾ ਵੱਡੀ ਜੰਗ ਕਰਨ ਦੀ ਸ਼ੁਰੂਆਤ ਹੁੰਦੀ ਹੈ, ਦਾ ਆਧਾਰ ਕੇਵਲ ਬਿਲਾਸਪੁਰ ਦੇ ਰਾਜਾ ਭੀਮ ਚੰਦ ਅਤੇ ਗੜ੍ਹਵਾਲ ਦੇ ਰਾਜਾ ਫ਼ਤੇ ਸ਼ਾਹ ਦਾ ਨਿੱਜ ਸੁਆਰਥ ਤੇ ਛਲ਼-ਕਪਟ ਸੀ ਕਿਉਂਕਿ ਭੀਮ ਚੰਦ ਦੇ ਲੜਕੇ ਅਜਮੇਰ ਚੰਦ ਅਤੇ ਫ਼ਤੇ ਸ਼ਾਹ ਦੀ ਲੜਕੀ ਦੀ ਮੰਗਣੀ ਗੜ੍ਹਵਾਲ ਵਿਖੇ ਹੋ ਰਹੀ ਸੀ। ਇਸ ਕੁੜਮਾਈ ਲਈ ਗੁਰੂ ਜੀ ਨੇ ਪਾਉਂਟਾ ਸਾਹਿਬ ਤੋਂ ਕੁਝ ਕੀਮਤੀ ਤੋਹਫ਼ੇ ਵੀ ਭੇਜੇ, ਇਸ ਤੋਂ ਸਾਫ਼ ਹੈ ਕਿ ਗੁਰੂ ਜੀ ਦੇ ਮਨ ’ਚ ਇਨ੍ਹਾਂ ਪ੍ਰਤਿ ਕੋਈ ਵੈਰ-ਭਾਵਨਾ ਨਹੀਂ ਸੀ ਪਰ ਉਨ੍ਹਾਂ ਮੌਕਾਪ੍ਰਸਤ ਲੋਕਾਂ ਨੇ ਸਤਿਗੁਰ ਪਾਸੋਂ ਤ੍ਰਿਪੁਰਾ ਦੇ ਰਾਜਾ ਰਤਨ ਚੰਦ ਜੀ ਦੁਆਰਾ ਗੁਰੂ ਜੀ ਨੂੰ ਦਿੱਤੇ ਗਏ ਤੋਹਫ਼ੇ, ਜਿਨ੍ਹਾਂ ਵਿੱਚ ਇੱਕ ਕਾਲ਼ਾ ਪ੍ਰਸਾਦੀ ਹਾਥੀ, ਜਿਸ ਦੇ ਮੱਥੇ ’ਤੇ ਸਫ਼ੈਦ ਰੋਟੀ ਵਰਗਾ ਨਿਸ਼ਾਨ ਸੀ ਤੇ ਸਿਰ ਤੋਂ ਪੂਛ ਤੱਕ ਇੱਕ ਸਫ਼ੈਦ ਧਾਰੀ ਸੀ। ਇਹ ਗੁਰੂ ਜੀ ਨੂੰ ਚੌਰ ਕਰਦਾ, ਗੁਰੂ ਜੀ ਦੇ ਪੈਰ ਧੋਂਦਾ, ਚਲਾਏ ਗਏ ਤੀਰ ਵਾਪਸ ਲੈ ਕੇ ਆਉਂਦਾ ਆਦਿ ਕਰਤੱਬ ਕਰਦਾ ਸੀ, ਇੱਕ ਪੰਚ ਕਲਾ ਹਥਿਆਰ, ਜੋ ਕਲਾਂ ਮਰੋੜਨ ਨਾਲ਼ ‘ਪਸਤੌਲ, ਗੁਰਜ, ਬਰਛੀ, ਤਲਵਾਰ ਤੇ ਨੇਜ਼ਾ’ ਬਣ ਜਾਂਦਾ ਸੀ, ਘੋੜੇ ਆਦਿ ਉਧਾਰ ਮੰਗੇ । ਗੁਰੂ ਜੀ ਉਨ੍ਹਾਂ ਦੀ ਇਸ ਚਾਲ ਨੂੰ ਭਲੀ-ਭਾਂਤ ਸਮਝ ਚੁੱਕੇ ਸਨ। ਆਪਣੇ ਮਨਸੂਬੇ ’ਚ ਕਾਮਯਾਬ ਨਾ ਹੁੰਦੇ ਵੇਖ ਉਨ੍ਹਾਂ ਇਹ ਤੋਹਫ਼ੇ ਜ਼ਬਰਨ ਖੋਹਣ ਦੀ ਮਨਸ਼ਾ ਨਾਲ਼ 18 ਸਤੰਬਰ 1688 ਨੂੰ ਗੁਰੂ ਘਰ ’ਤੇ ਹਮਲਾ ਕਰ ਦਿੱਤਾ।

ਅੰਬਾਲਾ ਨਿਵਾਸੀ ਪੀਰ ਬੁਧੂ ਸ਼ਾਹ ਨੇ ਔਰੰਗਜ਼ੇਬ ਦੁਆਰਾ ਨੌਕਰੀ ਤੋਂ ਹਟਾਏ 500 ਪਠਾਣ ਗੁਰੂ ਜੀ ਦੀ ਫ਼ੌਜ ਵਿੱਚ ਭਰਤੀ ਕਰਵਾਏ ਸਨ, ਪਰ ਇਸ ਲੜਾਈ ਸਮੇਂ ਉਨ੍ਹਾਂ ’ਚੋਂ 400 ਸਿਪਾਹੀ ਪਹਾੜੀ ਰਾਜਿਆਂ ਦੇ ਲਾਲਚ ’ਚ ਆ ਕੇ ਉਨ੍ਹਾਂ ਨਾਲ਼ ਜਾ ਰਲ਼ੇ, ਕੇਵਲ ਕਾਲੇ ਖ਼ਾਂ ਹੀ ਆਪਣੇ 100 ਸਾਥੀਆਂ ਸਮੇਤ ਠਹਿਰਿਆ। ਇਸ ਤੋਂ ਇਲਾਵਾ ਗੁਰੂ ਜੀ ਪਾਸ ਆਏ 500 ਉਦਾਸੀ ਸਾਧ ਵੀ ਜੰਗ ਦੀ ਖ਼ਬਰ ਸੁਣਦਿਆਂ ਰਾਤ ਨੂੰ ਭੱਜ ਗਏ, ਜਿਨ੍ਹਾਂ ’ਚੋਂ ਕੇਵਲ ਉਨ੍ਹਾਂ ਦਾ ਆਗੂ ਮਹੰਤ ਕਿਰਪਾਲ ਦਾਸ ਹੀ ਰੁਕਿਆ ਰਿਹਾ।  ਜਦ ਪਠਾਣਾਂ ਦੀ ਬੇਵਫ਼ਾਈ ਦੀ ਖ਼ਬਰ ਪੀਰ ਬੁੱਧੂ ਸ਼ਾਹ ਜੀ ਨੂੰ ਮਿਲੀ ਤਾਂ ਉਹ ਆਪਣੇ ਚਾਰੇ ਪੁੱਤਰ, ਦੋਵੇਂ ਭਰਾ ਅਤੇ 700 ਮੁਰੀਦ ਲੈ ਕੇ ਇਸ ਯੁੱਧ ’ਚ ਸ਼ਾਮਲ ਹੋਏ ।  ਆਸ-ਪਾਸ ਦੇ ਕਈ ਸਿੱਖਾਂ ਨੇ ਵੀ ਇਸ ਲੜਾਈ ’ਚ ਭਾਗ ਲਿਆ ਤੇ ਗੁਰੂ ਜੀ ਦੀ ਜਿੱਤ ਹੋਈ।

ਇਸ ਯੁੱਧ ਵਿੱਚ ਪੀਰ ਬੁੱਧੂ ਸ਼ਾਹ ਦੇ ਦੋ ਪੁੱਤਰ ਸਈਅਦ ਅਸ਼ਰਫ਼, ਸਈਅਦ ਮੁਹੰਮਦ ਸ਼ਾਹ ਤੇ ਭਰਾ ਭੂਰੇ ਸ਼ਾਹ ਸ਼ਹੀਦ ਹੋ ਗਏ। ਬੀਬੀ ਵੀਰੋ ਦੇ ਦੋ ਪੁੱਤਰ ਸੰਗੋ ਸ਼ਾਹ ਤੇ ਜੀਤ ਮੱਲ ਸਮੇਤ ਕਈ ਸਿੱਖ ਵੀ ਸ਼ਹੀਦ ਹੋਏ। ਦੂਜੇ ਪਾਸੇ ਪਠਾਣਾਂ ਵਿੱਚੋਂ ਨਜ਼ਾਬਤ ਖ਼ਾਂ, ਹਯਾਤ ਖ਼ਾਂ, ਚਾਰ ਪਹਾੜੀ ਰਾਜੇ ਤੇ ਬਹੁਤ ਹਿੰਦੂ ਸੈਨਿਕ ਤੇ ਭੱਜ ਕੇ ਉਨ੍ਹਾਂ ਨਾਲ਼ ਮਿਲੇ ਕਈ ਪਠਾਣ ਵੀ ਮਾਰੇ ਗਏ।

ਉਕਤ ਵੇਰਵੇ ਤੋਂ ਸਪਸ਼ਟ ਹੈ ਕਿ ਗੁਰੂ ਘਰ ’ਤੇ ਹਮਲੇ ਮੌਕਾਪ੍ਰਸਤ ਪਹਾੜੀ ਰਾਜੇ ਅਤੇ ਗੁਰੂ ਸਿਧਾਂਤ ਨਾਲ਼ ਖਾਰ ਖਾਣ ਵਾਲ਼ਾ ਉਨ੍ਹਾਂ ਦਾ ਵਜ਼ੀਰ ਪੰਡਿਤ ਪਰਮਾ ਨੰਦ ਕਰਵਾਉਂਦਾ ਰਿਹਾ ਜਦ ਕਿ ਪੀਰ ਬੁੱਧੂ ਸ਼ਾਹ ਵਰਗੇ ਗੁਰੂ ਘਰ ਪ੍ਰਤਿ ਵਫ਼ਾਦਾਰ ਸਨ।  ਮੁਗ਼ਲ ਹਮਲਿਆਂ ਦੌਰਾਨ ਇਹ ਪਹਾੜੀ ਰਾਜੇ ਗੁਰੂ ਜੀ ਤੋਂ ਮਦਦ ਵੀ ਲੈਂਦੇ ਰਹੇ; ਜਿਵੇਂ ਕਿ ਮਾਰਚ 1691 ’ਚ ਲਹੌਰ ਦੇ ਗਵਰਨਰ ਅਲਫ਼ ਖ਼ਾਨ ਨੇ ਨਦੌਣ ਵਿਖੇ ਇਨ੍ਹਾਂ ਪਹਾੜੀ ਰਾਜਿਆਂ ’ਤੇ ਹਮਲਾ ਕਰ ਦਿੱਤਾ ਤੇ ਇਨ੍ਹਾਂ ਨੇ ਗੁਰੂ ਜੀ ਪਾਸੋਂ ਮਦਦ ਮੰਗੀ।  ਗੁਰੂ ਜੀ ਨੇ ਦੀਵਾਨ ਨੰਦ ਚੰਦ, ਧਰਮ ਚੰਦ (ਸਿੰਘ) ਛਿਬਰ, ਭਾਈ ਮਨੀ ਰਾਮ (ਸਿੰਘ), ਭਾਈ ਆਲਮ ਚੰਦ (ਸਿੰਘ) ‘ਨੱਚਣਾ’ ਅਤੇ ਹੋਰ ਜਰਨੈਲਾਂ ਦੀ ਅਗਵਾਈ ’ਚ ਸਿੱਖ ਫ਼ੌਜ ਭੇਜੀ ਤੇ ਅਲਫ਼ ਖ਼ਾਨ ਨੂੰ ਵਾਪਸ ਭੱਜਣਾ ਪਿਆ, ਇਸ ਲੜਾਈ ’ਚ ਭਾਈ ਸੋਹਣ ਚੰਦ (ਭਰਾ ਭਾਈ ਮਨੀ ਸਿੰਘ), ਭਾਈ ਮੂਲ ਚੰਦ (ਪੁੱਤਰ ਭਾਈ ਰਘੁਪਤਿ ਰਾਇ ਨਿੱਝਰ) ਸਮੇਤ ਕਈ ਸਿੱਖ ਸ਼ਹੀਦ ਵੀ ਹੋ ਗਏ।

ਸਮਾਜ ’ਚ ਅਗਰ ਕਿਸੇ ਤੋਂ ਜਾਣੇ-ਅਣਜਾਣੇ ਥੋੜ੍ਹਾ ਜਿਹਾ ਵੀ ਨੁਕਸਾਨ ਹੋ ਜਾਵੇ ਤਾਂ ਸਦਾ ਲਈ ਨਫ਼ਰਤ ਬਣੀ ਰਹਿੰਦੀ ਹੈ ਪਰ ਗੁਰੂ ਜੀ ਨੇ ਭੰਗਾਣੀ ਦੇ ਯੁੱਧ ’ਚ ਇਨ੍ਹਾਂ ਦੀ ਭੂਮਿਕਾ ਵੇਖ ਕੇ ਵੀ ਢਾਈ ਕੁ ਸਾਲਾਂ ਅੰਦਰ ਫ਼ਰਿਆਦ ਕਰਨ ’ਤੇ ਫਿਰ ਮਦਦ ਦਿੱਤੀ। ਇਸ ਤੋਂ ਸਾਫ਼ ਹੈ ਕਿ ਗੁਰੂ ਜੀ ਤਾਨਾਸ਼ਾਹੀ ਵਿਰੁੱਧ ਲੜਦੇ ਰਹੇ, ਜੋ ਕਿ ਹਮਲਾਵਰ ਹੋ ਕੇ ਆਉਂਦੇ ਸਨ, ਨਾ ਕਿ ਕਿਸੇ ’ਤੇ ਹਮਲਾ ਕਰਨ ਆਪ ਜਾਂਦੇ ਰਹੇ। ਦੂਸਰੇ ਪਾਸੇ ਪਹਾੜੀ ਰਾਜੇ ਭਾਵੇਂ ਕਿ ਮਦਦ ਵੀ ਲੈਂਦੇ ਰਹੇ, ਗਊ ਦੀਆਂ ਕਸਮਾਂ ਵੀ ਖਾਧੀਆਂ, ਪਰ ਅੰਦਰੋਂ ਕਾਲ਼ੇ ਹੀ ਰਹੇ, ਅੰਦਰਲੀ ਸੜਾਂਦ; ਬਾਹਰ ਜ਼ਹਿਰ ਬਣ ਝੱਗ ਸੁੱਟਦੀ ਰਹੀ।  ਭਗਤ ਨਾਮਦੇਵ ਜੀ ਅਜਿਹੀ ਸੋਚ ਦਾ ਮੁਲੰਕਣ ਕਰਦਿਆਂ ਕੁਝ ਮਿਸਾਲ ਦਿੰਦੇ ਹਨ ਕਿ ਜਿਵੇਂ ਪਾਣੀ ’ਚ ਸ਼ਿਕਾਰ ਦੀ ਮਨਸ਼ਾ ਨਾਲ਼ ਧਿਆਨ ਟਿਕਾਈ (ਭਾਵ ਸ਼ਾਂਤੀ ਦੇ ਪ੍ਰਤੀਕ ਵਜੋਂ) ਖੜ੍ਹਾ ਬਗਲਾ ਅੰਦਰੋਂ ਉਸ ਸੱਪ ਵਾਙ ਹੈ ਜੋ ਬਾਹਰੋਂ ਕੇਵਲ ਕੰਜ (ਕੁੰਜ) ਉਤਾਰਦਾ ਹੈ, ਅੰਦਰੋਂ ਜ਼ਹਿਰ ਨਹੀਂ, ‘‘ਸਾਪੁ ਕੁੰਚ ਛੋਡੈ; ਬਿਖੁ ਨਹੀ ਛਾਡੈ ॥ ਉਦਕ ਮਾਹਿ ਜੈਸੇ; ਬਗੁ ਧਿਆਨੁ ਮਾਡੈ ॥’’ (ਆਸਾ, ਭਗਤ ਨਾਮਦੇਵ ਜੀ, ਪੰਨਾ ੪੮੫)

ਪਹਾੜੀ ਰਾਜਿਆਂ ਵੱਲੋਂ ਅਨੰਦਪੁਰ ਸਾਹਿਬ ’ਤੇ ਕੀਤੇ ਗਏ ਅੰਤਮ ਹਮਲੇ ਉਪਰੰਤ ਗੁਰੂ ਜੀ ਨੇ 5-6 ਦਸੰਬਰ 1705 (੬-੭ ਪੋਹ ਬਿਕ੍ਰਮੀ ੧੭੬੨) ਨੂੰ ਅਨੰਦਪੁਰ ਛੱਡ ਦਿੱਤਾ।  ਪਿੱਛੇ ਤੋਂ ਇਨ੍ਹਾਂ ਦਗ਼ੇਬਾਜ਼ਾਂ ਨੇ ਸਰਸਾ ਨਦੀ ਪਾਸ ਹਮਲਾ ਕਰ ਦਿੱਤਾ, ਜਿੱਥੇ ਸੈਂਕੜੇ ਸਿੰਘ ਇੱਕ ਰਾਤ ’ਚ ਸ਼ਹੀਦ ਹੋ ਗਏ। ਕਈ ਦਿਨਾਂ ਦੇ ਭੁੱਖੇ-ਪਿਆਸੇ ਸਿੰਘਾਂ ਲਈ ਭਾਵੇਂ ਕਿ ਇਹ ਯੁੱਧ ਅਸਹਿਣਯੋਗ ਸੀ ਪਰ ਗੁਰੂ ਜੀ ਦੇ ਉਤਸ਼ਾਹ ਕਾਰਨ ਸਿੰਘਾਂ ਦੇ ਹੌਂਸਲੇ ਇੰਨੇ ਮਜ਼ਬੂਤ ਸਨ ਕਿ 9 ਦਸੰਬਰ (੮ ਪੋਹ) ਨੂੰ ਚਮਕੌਰ ਦੇ ਯੁੱਧ ’ਚ ਇੱਕ-ਇੱਕ ਸਿੰਘ ਸੈਂਕੜਿਆਂ ਨਾਲ਼ ਜੂਝਦਾ ਹੋਇਆ ਸ਼ਹੀਦੀ ਪ੍ਰਾਪਤ ਕਰਦਾ ਗਿਆ। ਇਸ ਯੁੱਧ ਵਿੱਚ ਦੋ ਵੱਡੇ ਸਾਹਿਬਜ਼ਾਦਿਆਂ ਤੋਂ ਇਲਾਵਾ 40 ਸਿੰਘ ਹੋਰ ਸ਼ਹੀਦ ਹੋ ਗਏ। ਪੰਜਾਂ ਪਿਆਰਿਆਂ ਦੀ ਸਲਾਹ ’ਤੇ ਗੁਰੂ ਜੀ ਤਿੰਨ ਸਿੰਘਾਂ (ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ) ਸਮੇਤ ਚਮਕੌਰ ਦੀ ਕੱਚੀ ਗੜ੍ਹੀ 9-10 ਦਸੰਬਰ ਦੀ ਰਾਤ ਨੂੰ ਛੱਡ ਅਗਲੇ ਰਾਤ ਆਪ ਨੇ ਮਾਛੀਵਾੜੇ ਭਾਈ ਜੀਵਨ ਸਿੰਘ ਦੇ ਚੌਬਾਰੇ ’ਚ ਗੁਜਾਰੀ। ਅਗਲੇ ਦਿਨ ਭਾਈ ਗ਼ਨੀ ਖ਼ਾਂ ਤੇ ਨਬੀ ਖ਼ਾਂ ਸਮੇਤ ਜੱਟਪੁਰੇ ਚੌਧਰੀ ਰਾਏ ਕੱਲ੍ਹਾ ਪਾਸ ਗਏ, ਇੱਥੋਂ ਹੀ ਛੋਟੇ ਸ਼ਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਖ਼ਬਰ ਲੈਣ ਲਈ ਨੂਰ ਮਾਹੀ ਜੀ ਨੂੰ ਸਰਹਿੰਦ ਭੇਜਿਆ ਗਿਆ, ਜਿਸ ਪਾਸੋਂ ਇਨ੍ਹਾਂ ਤਿੰਨਾਂ ਨੂੰ 12 ਦਸੰਬਰ ਨੂੰ ਸ਼ਹੀਦ ਕੀਤੇ ਜਾਣ ਦੀ ਸੂਚਨਾ ਮਿਲੀ। ਅਗਾਂਹ ਦੀਨਾ ਕਾਂਗੜੇ ਤੋਂ 22 ਦਸੰਬਰ ਨੂੰ ਆਪ ਨੇ ਰਾਜਾ ਔਰੰਗਜ਼ੇਬ ਦੇ ਨਾਂ ਇੱਕ ਚਿੱਠੀ ਲਿਖ ਕੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਰਾਹੀਂ ਭੇਜੀ, ਜਿਸ ਨੂੰ ਜਫ਼ਰਨਾਮਾ ਕਿਹਾ ਜਾਂਦਾ ਹੈ।

ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਗੁਰੂ ਜੀ ਨੇ ਅਨੰਦਪੁਰ ਸਾਹਿਬ 5-6 ਦਸੰਬਰ 1704 ’ਚ ਛੱਡਿਆ, ਪਰ ਅਗਰ ਇਹ ਸਹੀ ਮੰਨ ਲਈਏ ਤਾਂ ਸੰਨ 1704 ਤੋਂ ਗੁਰੂ ਸਾਹਿਬ ਦੀ ਸ਼ਹੀਦੀ 7 ਅਕਤੂਬਰ 1708 ਤੱਕ ਦਾ ਸਮਾਂ, ਜੋ ਲਗਭਗ 3 ਸਾਲ 10 ਮਹੀਨੇ ਬਣਦਾ ਹੈ, ਨੂੰ ਵੀ ਸਪਸ਼ਟ ਕਰਨਾ ਪਏਗਾ ਕਿ ਗੁਰੂ ਜੀ ਕਿੱਥੇ-ਕਿੱਥੇ ਰਹੇ।

ਦੂਸਰਾ ਹਵਾਲਾ ਸਰਸਾ ਨਦੀ ’ਤੇ ਹੋਈ ਜੰਗ ’ਚ ਸ਼ਹੀਦ ਹੋਏ ਭਾਈ ਜੀਵਨ ਸਿੰਘ ਅਤੇ ਭਾਈ ਉਦੈ ਸਿੰਘ ਬਾਰੇ ਭੱਟ ਵਹੀਆਂ ’ਚ ਸੰਮਤ 1762 ਲਿਖਿਆ ਮਿਲਦਾ ਹੈ, ਜੋ ਸੰਨ 1705 ਦੀ ਪੁਸ਼ਟੀ ਕਰਦਾ ਹੈ; ਜਿਵੇਂ ਕਿ ‘ਜੀਵਨ ਸਿੰਘ ਬੇਟਾ ਅਗਿਆ ਕਾ, ਪੋਤਾ ਦੁੱਲੇ ਕਾ.. ਬਾਸੀ ਦਿੱਲੀ, ਮਹੱਲਾ ਦਿਲਵਾਲੀ ਸਿੱਖਾਂ, ਸੌ ਸਿੱਖਾਂ ਕੋ ਗੈਲ ਲੈ ਸੰਮਤ ਸਤਰਾਂ ਸੈ ਬਾਸਠ ਪੋਖ ਮਾਸੇ ਸੁਦੀ ਦੂਜ ਵੀਰਵਾਰ ਕੇ ਦਿਹੁੰ ਸਰਸਾ ਨਦੀ ਤੇ ਤੀਰ ਰਾਜਾ ਅਜਮੇਰ ਚੰਦ ਬੇਟਾ ਭੀਮ ਚੰਦ ਕਾ.. ਰਾਣੇ ਦੀ ਫ਼ੌਜ ਗੈਲ ਦਸ ਘਰੀ ਜੂਝ ਕੇ ਮਰਾ।’ ।  (ਭੱਟ ਵਹੀ ਮੁਲਤਾਨੀ ਸਿੰਧੀ)

‘ਉਦੈ ਸਿੰਘ ਬੇਟਾ ਮਨੀ ਸਿੰਘ, ਪੋਤਾ ਮਾਈਦਾਸ ਕਾ, ਪੜਪੋਤਾ ਬੱਲੂ ਰਾਇ ਕਾ ਚੰਦਰਬੰਸੀ ਭਾਰਦੁਆਜੀ ਗੋਤਰਾ ਪੁਆਰ ਬੰਸ, ਬੀਂਝੇ ਕਾ ਬੰਝਰਉਤ ਜਲਹਾਨਾਂ….ਸੰਮਤ ਸਤਰਾਂ ਸੈ ਬਾਸਠ ਪੋਖ ਮਾਸੇ ਦਿਹੁੰ ਸਾਤ ਗਏ ਵੀਰਵਾਰ ਕੇ ਦਿਵਸ ਪਚਾਸ ਸਿੱਖਾਂ ਕੋ ਗੈਲ ਲੈ ਸ਼ਾਹੀ ਟਿੱਬੀ ਕੇ ਮਲਹਾਨ, ਪਰਗਾਨਾ ਭਰਥਗੜ ਰਾਜ ਕਹਿਲੂਰ, ਆਧ ਘਰੀ ਦਿਹੁੰ ਨਿਕਲੇ, ਰਾਜਾ ਅਜਮੇਰ ਚੰਦ ਬੇਟਾ ਭੀਮ ਚੰਦ ਕਾ, ਪੋਤਾ ਦੀਪ ਕਾ, ਪੜਪੋਤਾ ਤਾਰਾ ਚੰਦ ਕਾ, ਬੰਸ ਕਲਿਆਨ ਚੰਦ ਕੀ ਚੰਦੇਲ ਗੋਤਰਾ ਰਾਣੇ ਕੀ ਫ਼ੌਜ ਗੈਲ ਬਾਰਾਂ ਘਰੀ ਜੂਝ ਕੇ ਮਰਾ।’ (ਭੱਟ ਵਹੀ ਕਰਸਿੰਧੂ)

ਦੀਨਾ-ਕਾਂਗੜੇ ਤੋਂ ਗੁਰੂ ਜੀ 29 ਦਸੰਬਰ 1705 ਨੂੰ ਖਿਦਰਾਣੇ ਦੀ ਢਾਬ (ਮੁਕਤਸਰ) ਪੁੱਜੇ ਜਿੱਥੇ ਪਿੱਛੋਂ ਆ ਰਹੀ ਮੁਗ਼ਲ ਫ਼ੌਜ ਨਾਲ਼ ਮੁੜ ਜੰਗ ਹੋਈ ਇਸ ਯੁੱਧ ਵਿੱਚ 40 ਸਿੰਘ ਸ਼ਹੀਦ ਹੋ ਗਏ, ਜੋ ਕਿਸੇ ਕਾਰਨ ਅਨੰਦਪੁਰ ਸਾਹਿਬ ਤੋਂ ਚਲਦਿਆਂ ਗੁਰੂ ਜੀ ਤੋਂ ਵਿਛੁੜ ਗਏ ਸਨ। ਮਾਤਾ ਭਾਗੋ ਜੀ ਵੀ ਇਨ੍ਹਾਂ ਸ਼ਹੀਦਾਂ ਨਾਲ਼ ਸੀ ਜੋ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਸੀ।  16 ਜਨਵਰੀ 1706 ਨੂੰ ਆਪ ਤਲਵੰਡੀ ਸਾਬੋ ਪੁੱਜੇ, ਜਿੱਥੇ ਆਪ 30 ਅਕਤੂਬਰ 1706 ਤੱਕ (9 ਮਹੀਨੇ 14 ਦਿਨ) ਰੁਕੇ। ਇਸ ਸਮੋਂ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਉਤਾਰੇ ਅਤੇ ਸਿੱਖਾਂ ਨੂੰ ਮੁੜ ਸੰਗਠਿਤ ਕਰਦਿਆਂ 29 ਮਾਰਚ 1706 ਨੂੰ ਇੱਕ ਵੱਡਾ ਇਕੱਠ ਕੀਤਾ ਗਿਆ ਅਤੇ ਸੈਂਕੜੇ ਸਿੱਖਾਂ ਨੇ ਅੰਮ੍ਰਿਤਪਾਨ ਕੀਤਾ, ਜਿਸ ਵਿੱਚ ਪਟਿਆਲਾ, ਨਾਭਾ, ਜੀਂਦ ਰਿਆਸਤਾਂ ਦੇ ਮੋਢੀ ਵੀ ਸ਼ਾਮਲ ਸਨ। ਇੱਥੋਂ ਗੁਰੂ ਜੀ ਆਸ-ਪਾਸ ਦੇ ਇਲਾਕਿਆਂ ’ਚ ਜਾ ਕੇ ਗੁਰਮਤਿ ਦਾ ਪ੍ਰਚਾਰ ਵੀ ਕਰਦੇ ਰਹੇ। ਇੱਥੇ ਹੀ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਗੁਰੂ ਜੀ ਨੂੰ ਮਿਲਣ ਲਈ ਬੁਰਹਾਨਪੁਰ (ਮੱਧ ਪ੍ਰਦੇਸ਼) ਤੋਂ ਆਏ।

ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ, ਜੋ ਰਾਜਾ ਔਰੰਗਜ਼ੇਬ ਪਾਸ ਦੱਖਣ ’ਚ ਚਿੱਠੀ ਲੈ ਕੇ ਗਏ ਸਨ, ਵੱਲੋਂ ਕੋਈ ਜਵਾਬ ਨਾ ਆਇਆ ਵੇਖ ਗੁਰੂ ਜੀ ਨੇ ਦੱਖਣ ਵੱਲ ਜਾਣ ਦੀ ਤਿਆਰੀ ਕਰ ਲਈ।  ਤਲਵੰਡੀ ਸਾਬੋ ਤੋਂ 30 ਅਕਤੂਬਰ ਨੂੰ ਚੱਲ ਕੇ ਗੁਰੂ ਜੀ ਜਦ ਬਘੌਰ (ਰਾਜਸਥਾਨ) ਪੁੱਜੇ, ਉੱਥੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਜੀ ਆਪ ਨੂੰ ਮਿਲੇ ਤੇ ਉਨ੍ਹਾਂ ਕਿਹਾ ਕਿ ਤੁਹਾਡੀ ਚਿੱਠੀ ਪੜ੍ਹ ਕੇ ਔਰੰਗਜ਼ੇਬ ਨੇ ਆਪਣੇ ਦੋ ਅਹਿਦੀਏ (ਸੀਨੀਅਰ ਅਫ਼ਸਰ) ਤੇ ਗੁਰਜ਼ਬਰਦਾਰ (ਸ਼ਸਤ੍ਰਧਾਰੀ) ਦਿੱਲੀ ਨੂੰ ਭੇਜੇ ਹਨ ਤਾਂ ਜੋ ਦਿੱਲੀ ਦਾ ਸੂਬੇਦਾਰ ਤੁਹਾਡੇ ਦਿੱਲੀ ਪੁੱਜਣ ਦਾ ਇੰਤਜਾਰ ਕਰੇ।  ਗੁਰੂ ਜੀ ਨੇ ਸਾਰੀ ਸਥਿਤੀ ਭਾਂਪਣ ਉਪਰੰਤ ਆਪਣਾ ਦੱਖਣ ਵੱਲ ਜਾਣ ਦਾ ਸਫ਼ਰ ਜਾਰੀ ਰੱਖਿਆ, ਸ਼ਾਇਦ ਗੁਰੂ ਜੀ ਨੂੰ ਔਰੰਗਜ਼ੇਬ ਦੇ ਸੁਆਸਾਂ ਦਾ ਅੰਤ ਵਿਖਾਈ ਦੇ ਚੁੱਕਾ ਸੀ, ਜੋ 3 ਮਾਰਚ 1707 ਨੂੰ ਮਰ ਗਿਆ।  ਔਰੰਗਜ਼ੇਬ ਦੇ ਪੰਜ ਪੁੱਤਰ (ਸੁਲਤਾਨ ਮੁਹੰਮਦ, ਬਹਾਦਰ ਸ਼ਾਹ, ਤਾਰਾ ਆਜ਼ਮ ਸ਼ਾਹ, ਮੁਹੰਮਦ ਅਕਬਰ ਤੇ ਕਾਮ ਬਖਸ਼) ਸਨ।  ਰਾਜ ਸੱਤਾ ਲਈ ਨੰਬਰ ਦੋ ਤੇ ਤਿੰਨ ਨੰਬਰ ਪੁੱਤਰਾਂ ’ਚ ਯੁੱਧ ਹੋ ਗਿਆ।  ਨੰਬਰ 2 ਪੁੱਤਰ ਬਹਾਦਰ ਸ਼ਾਹ ਨੇ ਗੁਰੂ ਜੀ ਤੋਂ ਮਦਦ ਮੰਗੀ।  ਗੁਰੂ ਸਾਹਿਬ ਦੀ ਫ਼ੌਜ ਬਹਾਦਰ ਸ਼ਾਹ ਦੀ ਮਦਦ ਲਈ 8 ਜੂਨ 1707 ਨੂੰ ਲੜਾਈ ’ਚ ਸ਼ਾਮਲ ਹੋਈ ਤੇ ਜਿੱਤ ਪ੍ਰਾਪਤ ਕੀਤੀ। ਬਹਾਦਰ ਸ਼ਾਹ ਨੇ ਗੁਰੂ ਜੀ ਨੂੰ ਕੀਮਤੀ ਤੋਹਫ਼ੇ ਭੇਟ ਕਰ ਕੇ ਸਨਮਾਨਿਤ ਕੀਤਾ ਅਤੇ ਗੁਰੂ ਘਰ ’ਤੇ ਹਮਲਾ ਕਰਨ ਵਾਲ਼ਿਆਂ ਨੂੰ ਉਚਿਤ ਦੰਡ ਦੇਣ ਦਾ ਭਰੋਸਾ ਵੀ ਦਿੱਤਾ, ਪਰ ਸੂਬਾ ਸਰਹਿੰਦ ਵਜ਼ੀਰ ਖ਼ਾਨ ਨੇ ਆਪਣੇ ਲਈ ਖ਼ਤਰਾ ਮਹਿਸੂਸ ਹੁੰਦਾ ਵੇਖ ਬਹਾਦਰ ਸ਼ਾਹ ਨੂੰ ਵੱਡੀ ਰਕਮ ਦੇ ਕੇ ਉਸ ਦਾ ਮਨ ਬਦਲਵਾ ਲਿਆ।  ਗੁਰੂ ਜੀ ਭਾਵੇਂ ਕਿ ਕੁਝ ਸਮਾਂ ਬਹਾਦਰ ਸ਼ਾਹ ਨਾਲ਼ ਦੱਖਣ ਵੱਲ ਚਲਦੇ ਰਹੇ ਪਰ 16-17 ਮਈ 1708 ਨੂੰ ਬੁਰਹਾਨਪੁਰ (ਮੱਧ ਪ੍ਰਦੇਸ਼) ਤੋਂ ਬਹਾਦਰ ਸ਼ਾਹ; ਗੁਰੂ ਜੀ ਤੋਂ ਦੂਰੀ ਬਣਾਉਣ ਲੱਗਾ। ਤਲਵੰਡੀ ਸਾਬੋ ਜਾਣ ਤੋਂ ਪਹਿਲਾਂ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਇਸ ਬੁਰਹਾਨਪੁਰ ’ਚ ਹੀ ਭਾਈ ਜੇਠਾ ਸਿੰਘ ਤੇ ਬੀਬੀ ਤਾਰਾ ਕੌਰ ਜੀ ਨਾਲ਼ ਅਨੰਦਪੁਰ ਸਾਹਿਬ ਤੋਂ ਆ ਕੇ ਰੁਕੇ ਸਨ।

ਗੁਰੂ ਸਾਹਿਬ ਤੇ ਬਹਾਦਰ ਸ਼ਾਹ ਦੀ ਅੰਤਮ ਮੁਲਾਕਾਤ 24 ਅਗਸਤ 1708 ਨੂੰ ਨਾਦੇੜ ਵਿੱਚ ਹੋਈ ਇਸ ਤੋਂ ਬਾਅਦ ਬਹਾਦਰ ਸ਼ਾਹ ਅੱਗੇ ਨਿਕਲ ਗਿਆ ਤੇ ਗੁਰੂ ਜੀ ਨੂੰ ਪਤਾ ਲੱਗ ਗਿਆ ਕਿ ਰਾਜਾ ਆਪਣੇ ਵਾਅਦੇ ’ਤੇ ਪੂਰਾ ਨਹੀਂ ਉਤਰੇਗਾ ਤੇ ਆਪ ਇੱਥੇ ਹੀ ਰੁਕ ਗਏ।  3 ਸਤੰਬਰ ਨੂੰ ਗੁਰੂ ਜੀ ਦਾ ਮੇਲ਼ ਮਾਧੋ ਦਾਸ ਬੈਰਾਗੀ (ਬਾਬਾ ਬੰਦਾ ਸਿੰਘ ਬਹਾਦਰ) ਨਾਲ਼ ਹੋਇਆ ਤੇ ਅਗਲੇ ਦਿਨ ਉਨ੍ਹਾਂ ਖੰਡੇ ਦੀ ਪਾਹੁਲ ਲਈ। ਇੱਕ ਮਹੀਨਾ ਗੁਰੂ ਜੀ ਨੇ ਇਨ੍ਹਾਂ ਨੂੰ ਗੁਰੂ ਸਿਧਾਂਤ ਬਾਰੇ ਜਾਣਕਾਰੀ ਤੇ ਪੰਜਾਬ ਦੇ ਹਾਲਾਤਾਂ ਦਾ ਮੁਕਬਲਾ ਕਰਨ ਲਈ ਤਿਆਰ ਕੀਤਾ।  5 ਅਕਤੂਬਰ 1708 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੰਘਾਂ ਸਮੇਤ ਪੰਜਾਬ ਵੱਲ ਭੇਜਿਆ ਗਿਆ ਤੇ ਇਸੇ ਦਿਨ ਸ਼ਾਮ ਨੂੰ ਵਜ਼ੀਰ ਖਾਨ ਦੇ ਭੇਜੇ ਜਮਸ਼ੈਦ ਖ਼ਾਨ ਨੇ ਆਰਾਮ ਕਰ ਰਹੇ ਗੁਰੂ ਜੀ ’ਤੇ ਕਟਾਰ ਨਾਲ਼ ਤਿੰਨ ਵਾਰ ਕੀਤੇ। ਬੁਰੀ ਤਰ੍ਹਾਂ ਜ਼ਖ਼ਮੀ ਗੁਰੂ ਸਾਹਿਬ ਨੇ ਜਮਸ਼ੈਦ ਖ਼ਾਨ ਨੂੰ ਉੱਥੇ ਹੀ ਮਾਰ ਦਿੱਤਾ ਤੇ ਆਪ ਅਗਲੇ ਦਿਨ ਕੌਮ ਦੇ ਸਿਆਸੀ, ਸਮਾਜਕ ਤੇ ਭਾਈਚਾਰਕ ਮਸਲਿਆਂ ਲਈ ਸ਼ਬਦ ਗੁਰੂ ਨੂੰ ਗੁਰਗੱਦੀ ਸੌਂਪ ਕੇ 7 ਅਕਤੂਬਰ ਸਵੇਰੇ ਅਕਾਲ ਪੁਰਖ ਦੀ ਗੋਦ ਵਿੱਚ ਜਾ ਸਮਾਏ। ਆਪ ਜੀ ਦੀ ਕੁੱਲ ਉਮਰ ਜਨਮ ਪੋਹ ਸੁਦੀ ੭ (੨੩ ਪੋਹ) ਸੰਮਤ ੧੭੨੩ (22 ਦਸੰਬਰ 1666) ਤੋਂ 7 ਅਕਤੂਬਰ 1708 ਤੱਕ 41 ਸਾਲ 9 ਮਹੀਨੇ 15 ਦਿਨ ਅਤੇ ਆਪ ਗੁਰੁਤਾ ਗੱਦੀ ’ਤੇ 32 ਸਾਲ 10 ਮਹੀਨੇ 26 ਦਿਨ ਸੁਸ਼ੋਭਿਤ ਰਹੇ।

ਗੁਰੂ ਕਾਲ ਦੇ 239 ਸਾਲਾ ਸੰਘਰਸ਼ ਨੂੰ ਗਹੁ ਨਾਲ਼ ਵਾਚਿਆਂ ਜਾਪਦਾ ਹੈ ਕਿ ਅੱਜ ਭਾਵੇਂ ਕਿ ਕਾਨੂੰਨ ਦਾ ਰਾਜ ਹੈ, ਪਰ ਫਿਰ ਵੀ ਸੱਚ ਬੋਲਣ ਵਾਲ਼ਿਆਂ ਦੇ ਰਸਤੇ ’ਚ ਬੜੇ ਕੰਡੇ ਬਿਖਰ ਜਾਂਦੇ ਹਨ, ਇਸ ਲਈ ਬਹੁਤੇ ਸੰਤ, ਗੁਰੂ, ਰਿਸ਼ੀ, ਮਹਾਤਮਾ, ਬ੍ਰਹਮਗਿਆਨੀ; ਸਰਕਾਰਾਂ ਪਾਸੋਂ ਸੁਰੱਖਿਆ, ਸੁਵਿਧਾਵਾਂ ਤੇ ਇਜਾਜ਼ਤਾਂ ਲੈ ਕੇ ਮਾਨਵਤਾ ’ਚ ਆਪਣੀ ਪ੍ਰਤਿਸ਼ਠਾ ਬਣਾਏ ਰੱਖਣ ਲਈ ਅੱਧ-ਪਚੱਧ ਸੱਚ ਬੋਲਣ ਦੀ ਮਸਾਂ ਹਿੰਮਤ ਜੁਟਾ ਪਾਉਂਦੇ ਹਨ, ਸੋਚੋ ਜਦ ਕੇਵਲ ਕਾਜ਼ੀ ਦੇ ਫ਼ਤਵੇ ਨਾਲ਼ ‘ਅੱਗ ਮਚਾ ਕੇ ਤਵੀ ’ਤੇ ਬੈਠਾ ਦਿੱਤਾ ਜਾਂਦਾ ਹੋਵੇ, ਪਾਣੀ ’ਚ ਉਬਾਲ਼ ਦਿੱਤਾ ਜਾਂਦਾ ਹੋਵੇ, ਆਰੇ ਨਾਲ਼ ਚੀਰ ਦਿੱਤਾ ਜਾਂਦਾ ਹੋਵੇ, ਰੂੰ ’ਚ ਲਪੇਟ ਕੇ ਅੱਗ ਲਾ ਦਿੱਤੀ ਜਾਂਦੀ ਹੋਵੇ, ਧੜ ਤੋਂ ਸੀਸ ਕੱਟ ਦਿੱਤਾ ਜਾਂਦਾ ਹੋਵੇ, ਨੀਂਹਾਂ ’ਚ ਮਾਸੂਮ ਬੱਚਿਆਂ ਨੂੰ ਚਿਣ ਦਿੱਤਾ ਜਾਂਦਾ ਹੋਵੇ, ਆਦਿ ਅਸਹਿ ਤਸੀਹਿਆਂ ਦੀ ਕੋਈ ਅਪੀਲ ਸੁਣਨ ਵਾਲ਼ੀ ਅਦਾਲਤ ਨਾ ਹੋਵੇ, ਉਨ੍ਹਾਂ ਹਾਲਾਤਾਂ ’ਚ ਜਿਸ ਕਾਬੇ ਵੱਲ ਕਾਜ਼ੀ ਸਿਰ ਝੁਕਾਏ ਉੱਧਰ ਕੋਈ ਪੈਰ ਕਰ ਦੇਵੇ, ਪੁਸ਼ਤ-ਦਰ ਪੁਸ਼ਤ ਦੀਵਿਆਂ ਨਾਲ਼ ਹੁੰਦੀ ਆਰਤੀ ਨੂੰ ਪੰਡਿਤਾਂ ਦੇ ਇਕੱਠ ’ਚ ਅਰਥਹੀਣ ਸਾਬਤ ਕਰ ਦੇਵੇ,  ਸੂਰਜ ਨੂੰ ਦਿੱਤਾ ਜਾ ਰਿਹਾ ਗੰਗਾ ਜਲ ਵਿਪਰੀਤ ਪਾਸੇ ਸੁੱਟ ਕੇ ਮਜ਼ਾਕ ਉਡਾਵੇ, ਸੂਰਜ ਗ੍ਰਹਿਣ ਦੌਰਾਨ ਅੱਗ ’ਤੇ ਲਾਈ ਪਾਬੰਦੀ ਵਿਰੁਧ ਅੱਗ ਜਲਾ ਕੇ ਹਿਰਨ ਦਾ ਮਾਸ ਰਿੰਨ੍ਹੇ, ਚਾਰੋਂ ਤਰਫ਼ ਸਤੀ ਕੀਤੀ ਜਾਂਦੀਆਂ ਔਰਤਾਂ ਦੇ ਹੱਕ ’ਚ ਆਵਾਜ਼ ਉਠਾਵੇ, ਨੀਚ ਕਹਿ ਕੇ ਦੁਰਕਾਰੇ ਜਾਂਦੇ ਵਰਗ ਨੂੰ ਗਲ਼ ਨਾਲ਼ ਲਾਵੇ ਆਦਿ ਸੰਘਰਸ਼ ਲਈ ਜੁਟਾਇਆ ਇੰਨਾ ਸਾਹਸ; ਅਕਾਲ ਪੁਰਖ ਨਾਲ਼ ਜੁੜਨ ਅਤੇ ਉਸ ਦੇ ਭਾਣੇ (ਡਰ-ਅਦਬ) ’ਚ ਰਹਿਣ ਦਾ ਨਤੀਜਾ (ਫਲ਼) ਹੈ।’  ਗੁਰੂ ਘਰ ਦਾ ਇੰਨੇ ਸੰਘਰਸ਼ਾਂ ’ਚ ਆਉਣ ਦਾ ਕਾਰਨ ਅਗਿਆਨਵਸ ਕੀਤੀ ਗਈ ਧਰਮ ਦੀ ਗ਼ਲਤ ਵਿਆਖਿਆ ਰੱਦ ਹੁੰਦੀ ਵੇਖ ਪੂਜਾਰੀ ਸੋਚ ਦੀ ਘਬਰਾਹਟ ਦਾ ਨਤੀਜਾ ਸੀ, ਜੋ ਸੱਚ ਨਾਲ਼ ਜੁੜਨ ਦੀ ਬਜਾਇ ਸੌੜੇਪਣ ਤੇ ਨਿੱਜ ਸੁਆਰਥ ਨੂੰ ਪਹਿਲ ਦਿੰਦੀ ਰਹੀ। ਨਹੀਂ ਤਾਂ ਸੋਚੋ ਕਿ ‘ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ’ ਨਾਲ਼ ਕਿਸ ਨੂੰ ਇਤਰਾਜ਼ ਹੋ ਸਕਦਾ ਸੀ ? ਇਹ ਵੀ ਪੰਡਿਤਾਂ ਦੀ ਛਲ਼-ਕਪਟੀ ਸਿਆਹੀ ਨਾਲ਼ ਚੱਲੀ ਕਲਮ ਦਾ ਹੀ ਕਮਾਲ ਹੈ ਕਿ ਸਾਰੇ ਸੰਘਰਸ਼ਾਂ ਦੀ ਜਨਨੀ ਰਿਹਾ ਬ੍ਰਾਹਮਣ; ਗੁਰੂ ਸਾਹਿਬਾਨ ਤੇ ਸਿੱਖਾਂ ਦੇ ਅਸਹਿ ਤਸੀਹਿਆਂ ਦਾ ਠੀਕਰਾ (ਕਲੰਕ) ਸਮਕਾਲੀ ਮੁਗ਼ਲ ਸ਼ਾਸਕਾਂ ਸਿਰ ਫੋੜ ਗਿਆ।

ਗੁਰੂ ਸਾਹਿਬਾਨ ਦੁਆਰਾ ‘ਨਿਰਮਲ ਧਰਮ’ ਦੀ ਕੀਤੀ ਗਈ ਵਿਆਖਿਆ ਅਤੇ ਇਸ ਦੀ ਹਿਫ਼ਾਜ਼ਤ ਲਈ ਰੱਖੇ ਗਏ ਸ਼ਸਤਰ, ਜਿੱਥੇ ਆਪਣੀ ਸੁਰੱਖਿਆ ਕਰਣਾ ਸੀ, ਓਥੇ ਲੋੜਵੰਦਾਂ ਦੀ ਮਦਦ ਕਰਨਾ ਵੀ ਰਿਹਾ ਹੈ, ਇਨ੍ਹਾਂ ਲੋੜਵੰਦਾਂ ’ਚ ਭਾਵੇਂ ਕੋਈ ਰਾਜਾ ਸੀ ਜਾਂ ਰੰਕ। ਜਿੱਥੇ ਦੇਵਕੀ ਦਾਸ ਪੰਡਿਤ ਦੀ ਨਵ ਵਿਆਹੀ ਜਨਾਨੀ ਚੌਧਰੀ ਜਬਰ ਖ਼ਾਨ ਪਾਸੋਂ ਹਥਿਆਰ ਤੋਂ ਬਿਨਾਂ, ਮੁਕਤ ਕਰਾਉਣੀ ਅਸੰਭਵ ਸੀ ਓਥੇ ਹਿੰਦ ਦੀ ਬਹੂ-ਬੇਟੀ ਨੂੰ ਬੰਦੀ ਬਣਾ ਕੇ ਲਿਜਾ ਰਿਹਾ ਅਹਮਦ ਸ਼ਾਹ ਅਬਦਾਲੀ, ਉਨ੍ਹਾਂ ਨੂੰ ਕੇਵਲ ਮਾਲਾ ਫੇਰਨ ਨਾਲ਼ ਨਹੀਂ ਛੱਡਣ ਵਾਲ਼ਾ ਸੀ।  ‘ਸੱਚੇ ਧਰਮ’ ਅਨੁਸਾਰ ਸਰੀਰਕ ਮੌਤ ਤੋਂ ਵੱਡੀ ਜ਼ਮੀਰ ਦੀ ਮੌਤ ਹੈ, ਜੋ ਅੱਜ ਚਾਰੋਂ ਤਰਫ਼ ਵਿਖਾਈ ਦੇ ਰਹੀ ਹੈ।

ਸੋ, ‘ਸੱਚਾ ਧਰਮ’ ਕਿਸੇ ਖ਼ਾਸ ਕਬੀਲੇ ਦੀ ਮਲਕੀਅਤ ਨਹੀਂ ਹੁੰਦਾ ਬਲਕਿ ਮਾਨਵਤਾ ਦੀ ਰੂਹਾਨੀਅਤ ਸ਼ਕਤੀ ਹੈ, ਜੋ ਹਲੀਮੀ, ਪਿਆਰ, ਸਮਾਨਤਾ, ਸਵੈਮਾਣ, ਅਮੁਥਾਜ, ਨਿਡਰਤਾ, ਸਬਰ, ਸ਼ੁਕਰਾਨੇ ਆਦਿ ਗੁਣਾਂ ਰਾਹੀਂ ਦਰਸ਼ਨ ਦਿੰਦੀ ਰਹਿੰਦੀ ਹੈ। ਇਸ ’ਤੇ ਚੱਲਣ ਲਈ ਰੱਬ ਇਉਂ ਬਾਂਹਵਾਂ ਪਸਾਰ ਕੇ ਬੁਲਾਉਂਦਾ ਹੈ, ‘‘ਪਹਿਲਾ ਮਰਣੁ ਕਬੂਲਿ; ਜੀਵਣ ਕੀ ਛਡਿ ਆਸ ॥ ਹੋਹੁ ਸਭਨਾ ਕੀ ਰੇਣੁਕਾ; ਤਉ ਆਉ ਹਮਾਰੈ ਪਾਸਿ ॥’’ (ਮਾਰੂ ਵਾਰ, ਮ: ੫, ਪੰਨਾ ੧੧੦੨)

ਬਟਾਲੇ ਦੀ ਕੰਧ ਤੋਂ ਸਰਹਿੰਦ ਦੀ ਦੀਵਾਰ ਤੱਕ

0

ਬਟਾਲੇ ਦੀ ਕੰਧ ਤੋਂ ਸਰਹਿੰਦ ਦੀ ਦੀਵਾਰ ਤੱਕ

ਗੁਰੂ ਗ੍ਰੰਥ ਦੇ ਪੰਥੀਆਂ ਦਾ ਦਾਸਨਿ-ਦਾਸ : ਜਗਤਾਰ ਸਿੰਘ ਜਾਚਕ (ਨਿਊਯਾਰਕ)

‘ਕੰਧ’ ਤੇ ‘ਦੀਵਾਰ’ ਭਾਸ਼ਾਈ ਦ੍ਰਿਸ਼ਟੀਕੋਨ ਤਾਂ ਭਾਵੇਂ ਸਮਾਨਾਰਥਕ ਲਫ਼ਜ਼ ਜਾਪਦੇ ਹਨ; ਪਰ ਦਾਰਸ਼ਨਿਕ ਦ੍ਰਿਸ਼ਟੀਕੋਨ ਤੋਂ ਇਨ੍ਹਾਂ ਵਿੱਚ ਜ਼ਿਮੀਂ ਅਸਮਾਨ ਦਾ ਫ਼ਰਕ ਹੈ । ਪੰਜਾਬੀ ਦਾ ਲਫ਼ਜ਼ ‘ਕੰਧ’ ਸੰਸਕ੍ਰਿਤ ਦੇ ਲਫ਼ਜ਼ ‘ਕੰਧਰ’ ਤੋਂ ਬਣਿਆ ਹੈ ਅਤੇ ‘ਦੀਵਾਰ’ ਫ਼ਾਰਸੀ ਦੇ ਲਫ਼ਜ਼ ‘ਦੀਵਾਲ’ ਦਾ ਪ੍ਰਾਕ੍ਰਿਤ ਰੂਪ ਹੈ।  ‘ਕੰਧ’ ਵਿੱਚੋਂ ਧੁਨੀ ਸੁਣਾਈ ਦੇ ਰਹੀ ਹੈ, ਅਨਮੱਤੀਆਂ ਨੂੰ ਮਲੇਛ ਕਹਿਣ ਵਾਲੇ ਤ੍ਰੈਗੁਣੀ ਵੇਦ ਦੀ ਅਤੇ ‘ਦੀਵਾਰ’ ਵਿੱਚੋਂ ਅਜਾਨ ਉੱਠ ਰਹੀ ਅਨਮੱਤੀਆਂ ਨੂੰ ਕਾਫ਼ਰ ਕਹਿਣ ਵਾਲੇ ਸ਼ਰ੍ਹੱਈ ਕਿਤੇਬ ਦੀ । ਬਟਾਲੇ ਦੀ ਕੱਚੀ ‘ਕੰਧ’ ਪਿੱਛੇ ਲੁਕਿਆ ਹੈ ਕੁਟਿਲ ਪੁਜਾਰੀ ਬ੍ਰਾਹਮਣ, ਜਿਹੜਾ ਗੁਰੂ ਨਾਨਕ ਸਾਹਿਬ ਨੂੰ ਕੰਧ ਹੇਠ ਦਬਾ ਕੇ ਉਨ੍ਹਾਂ ਦੀ ਸਮਾਜ ਸੁਧਾਰਕ ਇਨਕਲਾਬੀ ਆਵਾਜ਼ ਨੂੰ ਸਦਾ ਲਈ ਬੰਦ ਕਰਨਾ ਚਾਹੁੰਦਾ ਹੈ । ਸਰਹਿੰਦ ਦੀ ਪੱਕੀ ਦੀਵਾਰ ਪਿੱਛੇ ਖੜ੍ਹਾ ਹੈ ਸੱਤਾਧਾਰੀ ਕਾਜ਼ੀ ਮੁੱਲਾਂ, ਜੋ ਨਾਨਕ-ਜੋਤ ਗੁਰੂ ਗੋਬਿੰਦ ਸਿੰਘ ਜੀ ਦੇ ਆਖ਼ਰੀ ਦੋ ਸਾਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਚਿਣ ਕੇ ਸਦਾ ਲਈ ਚੁੱਪ ਕਰਵਾਉਣਾ ਚਾਹੁੰਦਾ ਹੈ । ਸਪਸ਼ਟ ਹੈ ਕਿ ਉਸ ਵੇਲ਼ੇ ਦਾ ਪੁਜਾਰੀ ਵਰਗ; ਹਾਕਮ ਸ਼੍ਰੇਣੀ ਨਾਲ ਮਿਲ ਕੇ ਗੁਰੂ ਨਾਨਕ ਸਾਹਿਬ ਜੀ ਦੀ ਅੰਸ਼, ਵੰਸ਼ ਅਤੇ ਵਿਚਾਰਧਾਰਾ ਦਾ ਮੂਲ ਬੀਜ ਨਾਸ਼ ਕਰਨਾ ਚਾਹੁੰਦਾ ਹੈ ਕਿਉਂਕਿ ਗੁਰਬਾਣੀ ਉਸ ਨੂੰ ਪ੍ਰੋਹਿਤਵਾਦੀ ‘ਬਿਪਰਨ ਕੀ ਰੀਤ’ ਅਤੇ ਰਾਜਨੀਤਕ ਧਿੰਗੋਜ਼ੋਰੀ ਤੇ ਅਨਿਆਂ ਦੇ ਖ਼ਿਲਾਫ਼ ਇੱਕ ਬਗ਼ਾਵਤ ਜਾਪਦੀ ਹੈ ।

‘ਬਟਾਲਾ’ (ਜ਼ਿਲ੍ਹਾ ਗੁਰਦਾਸਪੁਰ) ਨਗਰ ਹੈ ਸਿੱਖੀ ਜੀਵਨ-ਜਾਚ (ਸਿੱਖ ਧਰਮ) ਦੇ ਮੋਢੀ ਜਗਤ-ਗੁਰ ਬਾਬੇ ਨਾਨਕ ਦੇ ਸਹੁਰਿਆਂ ਦਾ, ਜਿਸ ਨੂੰ ਆਮ ਬੋਲ-ਚਾਲ ਵਿੱਚ ‘ਵਟਾਲਾ’ ਵੀ ਆਖਿਆ ਜਾਂਦਾ ਹੈ। ਇੱਥੇ ਦੋ ਇਤਿਹਾਸਕ ਯਾਦਗਰੀ ਗੁਰ ਸਥਾਨ ਹਨ। ਇੱਕ ਹੈ ‘ਗੁਰਦੁਆਰਾ ਕੱਚੀ ਕੰਧ’ (ਕੰਧ ਸਾਹਿਬ) । ਇਹ ਉਹ ਅਸਥਾਨ ਹੈ, ਜਿੱਥੇ ਬਾਬੇ ਨਾਨਕ ਦੀ ਬਰਾਤ ਦਾ ਡੇਰਾ ਕਰਵਾਇਆ ਸੀ । ਉਸ ਸਮੇਂ ਦੀ ਕੱਚੀ ਕੰਧ ਵੀ ਮੌਜੂਦ ਹੈ, ਲਾਵਾਂ ਹੋਣ ਉਪਰੰਤ ਜਿਸ ਦੇ ਬਿਲਕੁਲ ਨੇੜੇ ਲਾੜੇ ਦੇ ਰੂਪ ਵਿੱਚ ਬਾਬਾ ਜੀ ਨੂੰ ਵਿਸ਼ੇਸ਼ ਤੌਰ ’ਤੇ ਪਲੰਘ ’ਤੇ ਬੈਠਾਇਆ ਗਿਆ ਸੀ। ਦੂਜਾ ਹੈ ‘ਗੁਰਦੁਆਰਾ ਡੇਹਰਾ ਸਾਹਿਬ’, ਜਿੱਥੇ ਗੁਰੂ ਬਾਬੇ ਦਾ ਵਿਆਹ (ਅਨੰਦ ਕਾਰਜ) ਹੋਇਆ ਸੀ । ਬ੍ਰਾਹਮਣ ਪੁਜਾਰੀ ਤਾਂ ਉਸ ਵੇਲ਼ੇ ਤੋਂ ਹੀ ਬਾਬੇ ਨਾਨਕ ਤੋਂ ਬੜੇ ਔਖੇ ਸਨ, ਜਦੋਂ ਤੋਂ ਰਾਇ ਭੋਏ ਦੀ ਤਲਵੰਡੀ (ਨਨਕਾਣਾ ਸਾਹਿਬ) ਵਿਖੇ ਭਰੀ ਸਭਾ ਵਿੱਚ ਉਨ੍ਹਾਂ ਨੇ ੯ ਸਾਲ ਦੀ ਉਮਰੇ ਇਹ ਕਹਿ ਕੇ ਜਨੇਊ ਨੂੰ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਇਹ ਸਮਾਜ ਵਿੱਚ ਊਚ-ਨੀਚ ਦੀ ਵੰਡੀਆਂ ਪਾਉਂਦਾ ਹੈ। ਪੁਰਸ਼ ਨੂੰ ਪ੍ਰਧਾਨਗੀ ਦਿੰਦਾ ਹੋਇਆ ਇਸਤ੍ਰੀ ਸ਼੍ਰੇਣੀ ਨੂੰ ਸ਼ੂਦਰ ਦਰਸਾਉਂਦਾ ਹੈ। ਇਹੀ ਕਾਰਨ ਹੈ ਕਿ ਮੇਰੇ ਬਾਲ ਸਖਾਈ ਮਿੱਤ੍ਰ ਮਰਦਾਨੇ ਅਤੇ ਮੇਰੀ ਪਿਆਰੀ ਤੇ ਵੱਡੀ ਭੈਣ ਨਾਨਕੀ ਨੂੰ ਛੱਡ ਕੇ ਕੇਵਲ ਮੈਨੂੰ ਹੀ ਪਹਿਨਾਇਆ ਜਾ ਰਿਹਾ ਹੈ।

ਚੌਧਰੀ ਰਾਇ ਬੁਲਾਰ ਦੇ ਵਜ਼ੀਰ (ਮਹਿਤਾ) ਬਾਬਾ ਕਾਲੂ ਜੀ ਵਰਗੇ ਧਨੀ ਤੇ ਵਿਦਵਾਨ ਖਤ੍ਰੀ ਯਜਮਾਨ ਦੇ ਘਰੋਂ ਬਿਪਰਵਾਦ ਦੇ ਖ਼ਿਲਾਫ਼ ਇੱਹ ਇੱਕ ਬਹੁਤ ਵੱਡੀ ਬਗ਼ਾਵਤ ਸੀ ਕਿ ਮੈਂ ਨਹੀਂ ਮੰਨਦਾ ਬ੍ਰਾਹਮਣ ਨੂੰ ਗੁਰੂ । ਭਗਤ ਕਬੀਰ ਜੀ ਦੇ ਸ਼ਬਦਾਂ ਵਿੱਚ ਇਹ ਵੀ ਆਖਿਆ ਜਾ ਸਕਦਾ ਹੈ ਕਿ ‘‘ਕਬੀਰ  ! ਬਾਮਨੁ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰੁ ਨਾਹਿ ॥ ਅਰਝਿ ਉਰਝਿ ਕੈ ਪਚਿ ਮੂਆ, ਚਾਰਉ ਬੇਦਹੁ ਮਾਹਿ ॥’’ ( ਪੰਨਾ ੧੩੭੭) ਪ੍ਰੋਹਿਤ ਬ੍ਰਾਹਮਣ ਲਈ ੬ ਸਾਲ ਬਾਅਦ ਬਟਾਲੇ ਫਿਰ ਮੌਕਾ ਆ ਬਣਿਆ । ਜਦੋਂ ਉਹ ਚਾਹੁੰਦਾ ਸੀ ਕਿ ਵਿਆਹ ਦੀ ਵੇਦੀ ਗੱਡ ਕੇ ਬਾਬੇ ਨਾਨਕ ਕੋਲੋਂ ਲਾਵਾਂ ਦੇ ਬਹਾਨੇ ਅਗਨੀ ਦੇਵਤੇ ਦੀ ਪੂਜਾ ਤੇ ਪ੍ਰਕਰਮਾ ਕਰਵਾ ਕੇ ਆਪਣਾ ਚੇਲਾ ਸਿੱਧ ਕੀਤਾ ਜਾ ਸਕੇ । ਇਤਿਹਾਸ ਗਵਾਹ ਹੈ ਕਿ ਇੱਥੇ ਵੀ ਪੁਰੋਹਿਤ ਬ੍ਰਾਹਮਣ ਨੂੰ ਮੂੰਹ ਦੀ ਖਾਣੀ ਪਈ ਸੀ।  ਗੁਰੂ ਬਾਬੇ ਨੇ ਹਵਨ ਦੀ ਵੇਦੀ ਦੁਆਲੇ ਪ੍ਰਕਰਮਾ ਕਰ ਕੇ ਲਾਵਾਂ ਲੈਣ ਤੋਂ ਇਨਕਾਰ ਕਰ ਦਿੱਤਾ ਸੀ ।  ਮਿਹਰਬਾਨ ਦੀ ਜਨਮ ਸਾਖੀ ਵੀ ਇਸ ਹਕੀਕਤ ਦੀ ਗਵਾਹੀ ਭਰਦੀ ਹੈ ਕਿ ਵਿਆਹ ਵੇਲੇ ਵੈਦਿਕ ਰਸਮਾਂ ਨਹੀਂ ਹੋਈਆਂ, ਨਿਰੋਲ ਕੀਰਤਨ ਹੀ ਹੋਇਆ ਸੀ।

ਰਾਮਾਇਣ ਮੁਤਾਬਕ ਜਦੋਂ ‘ਮਰਯਾਦਾ ਪ੍ਰਸ਼ੋਤਮ’ ਸ਼੍ਰੀ ਰਾਮ ਚੰਦਰ ਦੀ ਸ਼ਾਦੀ ਹੋਈ ਤਾਂ ਹਰ ਜਾਤ ਵਾਲੇ ਨੂੰ ਅੱਡ-ਅੱਡ ਖਾਣਾ ਖੁਆਇਆ ਗਿਆ ਤੇ ਵੱਖ-ਵੱਖ ਅਸਥਾਨਾਂ ’ਤੇ ਟਿਕਾਇਆ ਗਿਆ ਸੀ । ਤੁਲਸੀ ਜੀ ਦੀ ਲਿਖਤ ਹੈ ‘ਉਤਮ ਨੀਚ ਲਘੂ ਨਿਜ ਨਿਜ ਥਲ ਅਨੁਹਾਰਿ’ ਪਰ ਸਾਰੀਆਂ ਜਨਮ ਸਾਖੀਆਂ ਨੇ ਇਹ ਗੱਲ ਬੜੀ ਉਚੇਚ ਨਾਲ ਲਿਖੀ ਹੈ ਕਿ ਬਾਬੇ ਦੀ ਬਰਾਤ ਵਿੱਚ ਹਰੇਕ ਜਾਤ ਦੇ ਲੋਕ ਸਨ ਅਤੇ ਲਾਵਾਂ ਪਿੱਛੋਂ ਬਾਬੇ ਨੇ ਆਪਣੇ ਸਹੁਰੇ ਚਉਣੇ ਖਤ੍ਰੀ ਭਾਈ ਮੂਲ ਚੰਦ ਜੀ ਨੂੰ ਸਪਸ਼ਟ ਕਹਿ ਦਿੱਤਾ ਸੀ ਕਿ ਸਾਰੇ ਇੱਕੋ ਹੀ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਗੇ । ਬਾਬੇ ਦੇ ਸ਼ਬਦ ਰੂਪ ਗਿਆਨ ਹਥੌੜੇ ਦੀ ਇਹ ਇੱਕ ਹੋਰ ਵੱਡੀ ਸੱਟ ਸੀ ਉਸ ਬਿਪਰਵਾਦੀ ਕੰਧ ਨੂੰ ਤੋੜਣ ਲਈ, ਜਿਹੜੀ ਸਮਾਜ ਨੂੰ ਚੌਂਹ ਵਰਣਾ ਵਿੱਚ ਵੰਡ ਕੇ ਊਚ-ਨੀਚ ਦੇ ਵਿਤਕਰੇ ਖੜ੍ਹੇ ਕਰਦੀ ਸੀ ।  ਜਪੁ-ਜੀ ਸਾਹਿਬ ਦੇ ਅਰੰਭਕ ਸੁਆਲ ‘‘ਕਿਵ ਸਚਿਆਰਾ ਹੋਈਐ, ਕਿਵ ਕੂੜੈ ਤੁਟੈ ਪਾਲਿ  ?॥’’ ਤੋਂ ਵੀ ਨਿਸ਼ਚੇ ਹੁੰਦਾ ਹੈ ਕਿ ਮਾਨਵੀ-ਆਤਮਾ ਤੇ ਪਰਮਾਤਮਾ ਦੇ ਵਿਚਕਾਰਲੀ ਵਿੱਥ-ਪਾਊ ਹਰੇਕ ਕੂੜੀ ਕੰਧ ਨੂੰ ਤੋੜਣਾ ਮਾਨਵ-ਦਰਦੀ ਬਾਬੇ ਦਾ ਮੁਖ ਮਨੋਰਥ ਸੀ।

ਬਰੀਕ-ਬੀਂ ਵਿਦਵਾਨਾਂ ਦਾ ਕਥਨ ਹੈ ਕਿ ਉਸ ਵੇਲ਼ੇ ਦੇ ਸਾਰੇ ਮੁਖੀ ਬ੍ਰਾਹਮਣਾਂ ਦੀਆਂ ਨਿਗਾਵਾਂ ਟਿਕੀਆਂ ਹੋਈਆਂ ਸਨ ਬਾਬੇ ਦੀ ਸ਼ਾਦੀ ’ਤੇ, ਪਰ ਇੱਥੇ ਵੀ ਜਦੋਂ ਸਭ ਕੁਝ ਬ੍ਰਾਹਮਣੀ ਮਤ ਦੇ ਉਲਟ ਹੋਇਆ ਤਾਂ ਉਨ੍ਹਾਂ ਫ਼ੈਸਲਾ ਕੀਤਾ ਕਿ ਹੁਣ ਹੋਰ ਕੋਈ ਚਾਰਾ ਨਹੀਂ। ਬੱਸ ਨਾਨਕ ਉੱਤੇ ਕੰਧ ਸੁੱਟੋ ਤੇ ਇਸ ਤਰ੍ਹਾਂ ਦੱਬ ਕੇ ਇਨਕਲਾਬੀ ਆਵਾਜ਼ ਨੂੰ ਸਦਾ ਲਈ ਬੰਦ ਕਰ ਦਿਓ ।  ਉਨ੍ਹਾਂ ਨੂੰ ਨਿਸ਼ਚੇ ਹੋ ਗਿਆ ਸੀ ਕਿ ਜੇ ਬਾਬਾ ਜ਼ਿੰਦਾ ਰਿਹਾ ਤਾਂ ਇਹ ਬ੍ਰਾਹਮਣੀ ਮੱਤ ਦੀਆਂ ਜੜ੍ਹਾਂ ਕੱਟ ਦੇਏਗਾ।  ਅਸਲ ਵਿੱਚ ਇਹੀ ਕੁਟਿਲ ਕਾਰਨ ਸੀ ਬਾਬੇ ਨੂੰ ਕਲਰ ਖਾਧੀ ਕੱਚੀ ਕੰਧ ਨੇੜੇ ਪਲੰਘੇ ਬਠੌਣ ਦੀ ਸਮਾਜਕ ਰਸਮ ਅਦਾ ਕਰਨ ਦਾ। ਸਕੀਮ ਸੀ ਕਿ ਮੁੰਡੇ ਕੁੜੀਆਂ ਕੋਲੋਂ ਮਖ਼ੌਲ-ਬਾਜ਼ੀ ਵਿੱਚ ਧੱਕਾ ਮਰਵਾ ਕੇ ਕੰਧ ਸੁੱਟਵਾ ਦਿਆਂਗੇ ਤੇ ਬਾਬਾ ਉਸ ਦੇ ਥੱਲੇ ਦੱਬ ਕੇ ਮਰ ਜਾਏਗਾ । ਇਸ ਤਰ੍ਹਾਂ ਕਿਸੇ ਦਾ ਨਾਂ ਵੀ ਨਾ ਲੱਗੇਗਾ, ਪਰ ਬਾਬੇ ਨੂੰ ਭੇਜਣ ਵਾਲੇ ਮਾਲਕ ਅਕਾਲ ਪੁਰਖ ਨੂੰ ਅਜਿਹਾ ਨਹੀਂ ਸੀ ਭਾਉਂਦਾ ।

ਇਸ ਪ੍ਰਕਾਰ ‘‘ਜਿਸੁ ਤੂੰ ਰਖਹਿ ਹਥ ਦੇ, ਤਿਸੁ ਮਾਰਿ ਨ ਸਕੈ ਕੋਇ ॥’’ (ਪੰਨਾ ੪੩) ਦਾ ਇਲਾਹੀ ਨਗਮਾ ਗਾਉਣ ਵਾਲਾ ਬਾਬਾ ਉੱਥੋਂ ਵੀ ਬਚ ਨਿਕਲਿਆ ਤੇ ਹੋਰ ਵੀ ਬੁਲੰਦ ਆਵਾਜ਼ ਵਿੱਚ ਬੋਲਿਆ – ਸੱਚ ਦੀ ਅਵਾਜ਼ ਨੂੰ ਦਬਾਉਣਾ ਇੱਕ ਹੋਛਾਪਣ ਹੈ । ਇਹ ਕੱਚੇ ਵਿਅਕਤੀਆਂ ਦਾ ਇੱਕ ਕੱਚਾ ਯਤਨ ਹੈ । ਉਨ੍ਹਾਂ ਨੂੰ ਸੋਝੀ ਨਹੀਂ ਕਿ ਅਜਿਹਾ ਕੱਚਾਪਣ, ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖ ਨੂੰ ਨਹੀਂ ਭਾਉਂਦਾ, ‘‘ਆਪੇ ਸਚੁ, ਭਾਵੈ ਤਿਸੁ ਸਚੁ ॥ ਅੰਧਾ ਕਚਾ, ਕਚੁ ਨਿਕਚੁ ॥’’ (ਪੰਨਾ ੨੫) ਪਰ ਇਨ੍ਹਾਂ ਦੇ ਵੀ ਕੀ ਵੱਸ, ਜੇ ਜੀਵਨ ਉਸਾਰੀ ਕਰਨ ਵਾਲਾ ਮਨ ਰੂਪ ਰਾਜ-ਮਿਸਤ੍ਰੀ ਕੱਚਾ ਹੋਵੇ ਤਾਂ ਉਸ ਮਨੁੱਖ ਦੀ ਜੀਵਨ ਉਸਾਰੀ ਵੀ ਕੱਚੀ ਹੀ ਰਹਿ ਜਾਂਦੀ ਹੈ । ਫਿਰ ਉਸ ਵਿੱਚ ਹਿੰਮਤ ਨਹੀਂ ਰਹਿਦੀ ਕਿ ਉਹ ਆਪਣੇ ਆਲੇ ਦੁਆਲੇ ਦੀਆਂ ਉਨ੍ਹਾਂ ਕੰਧਾਂ ਨੂੰ ਤੋੜਣ ਲਈ ਹੰਭਲਾ ਮਾਰੇ, ਜਿਹੜੀਆਂ ਸਮਾਜਕ-ਭਾਈਚਾਰੇ ਦੇ ਸਰਬਪੱਖੀ ਵਿਕਾਸ ਲਈ ਬੰਧਨ ਬਣ ਰਹੀਆਂ ਹਨ । ਸਗੋਂ ਉਹ ਤਾਂ ਬ੍ਰਾਹਮਣ ਪੁਜਾਰੀਆਂ ਵਾਂਗ ਆਪਣੇ ਆਪ ਨੂੰ ਸੁਰੱਖਿਅਤ ਕਰਨ ਲਈ ਯਤਨਸ਼ੀਲ ਰਹਿੰਦਾ ਹੈ, ‘‘ਕਚੀ ਕੰਧ, ਕਚਾ ਵਿਚਿ ਰਾਜੁ ॥ ਮਤਿ ਅਲੂਣੀ, ਫਿਕਾ ਸਾਦੁ ॥ ਨਾਨਕ ! ਆਣੇ ਆਵੈ ਰਾਸਿ ॥ ਵਿਣੁ ਨਾਵੈ, ਨਾਹੀ ਸਾਬਾਸਿ ॥’’ (ਪੰਨਾ ੨੫)

ਬਟਾਲੇ (ਵਟਾਲੇ) ਦੇ ਦੱਖਣ ਵੱਲ ੨ ਕੋਹ ਦੀ ਦੂਰੀ ’ਤੇ ‘ਅਚਲ’ ਪਿੰਡ ਵਿਖੇ ਜੋਗੀਆਂ ਦੇ ਇਸ਼ਟ ਮੰਨੇ ਜਾਂਦੇ ਮਹਾਂਦੇਵ (ਸ਼ਿਵ) ਦਾ ਮੰਦਰ ਹੈ । ਦੋਹਾਂ ਨਗਰਾਂ ਦੀ ਹੱਦਬੰਦੀ ਨੇੜਤਾ ਕਾਰਨ ਪਿੰਡ ‘ਅਚਲ’ ਨੂੰ ਵਟਾਲੇ ਨਾਲ ਜੋੜ ਕੇ ਅਚਲ-ਵਟਾਲਾ ਵੀ ਆਖਿਆ ਜਾਂਦਾ ਹੈ । ਇੱਥੇ ਪ੍ਰਾਚੀਨ ਕਾਲ ਤੋਂ ਹਰ ਸਾਲ ਸ਼ਿਵਰਾਤ੍ਰੀ ਦੇ ਮੇਲੇ ’ਤੇ ਸਿੱਧ ਜੋਗੀਆਂ ਦਾ ਭਾਰੀ ਇਕੱਠ ਹੁੰਦਾ ਆ ਰਿਹਾ ਹੈ । ਇਹ ਉਹ ਇਤਿਹਾਸਕ ਸਥਾਨ ਹੈ, ਜਿੱਥੇ ਗੁਰੂ ਬਾਬਾ ਨਾਨਕ ਤੇ ਬ੍ਰਾਹਮਣ ਦੇ ਬਦਲਵੇਂ ਰੂਪ ਗੋਰਖ ਮਤੀ-ਜੋਗੀਆਂ ਦੀ ਬੜੀ ਭਖਵੀਂ ਵਿਚਾਰ-ਗੋਸ਼ਟੀ ਹੋਈ ਸੀ। ਗੁਰੂ ਕੇ ਸਮਕਾਲੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚਲੀਆਂ ‘ਮੇਲਾ ਸੁਣਿ ਸਿਵਰਾਤਿ ਦਾ, ਬਾਬਾ ਅਚਲ ਵਟਾਲੇ ਆਈ।’ (੧-੩੯) ਅਤੇ ‘ਖਾਧੀ ਖੁਣਸਿ ਜੁਗੀਸਰਾਂ, ਗੋਸਟਿ ਕਰਨਿ ਸਭੇ ਉਠਿ ਆਈ।’ (੧-੪੦) ਵਰਗੀਆਂ ਤੁਕਾਂ ਉਪਰੋਕਤ ਇਤਿਹਾਸਕ ਸਚਾਈ ਦੀਆਂ ਗਵਾਹ ਹਨ ਕਿਉਂਕਿ ਤਿਲਕਧਾਰੀ ਬ੍ਰਾਹਮਣਾਂ ਵਾਂਗ ਉਹ ਵੀ ਪਾਖੰਡ ਨੂੰ ਜੜ੍ਹੋਂ ਨਾਸ਼ ਕਰਨ ਵਾਲ਼ੇ ਬਾਬੇ ਦੀਆਂ ਸੱਚੀਆਂ ਗੱਲਾਂ ਤੋਂ ਬੜੇ ਦੁਖੀ ਸਨ । ਹਿਮਾਲਾ (ਸੁਮੇਰ) ਪਰਬਤ ਤੋਂ ਗੋਰਖਮਤੇ ਤੱਕ ਸਭ ਥਾਈਂ ਉਨ੍ਹਾਂ ਨੂੰ ਵੀ ਗੁਰੂ ਬਾਬੇ ਅੱਗੇ ਗੋਡੇ ਟੇਕਣੇ ਪੈਂਦੇ ਆ ਰਹੇ ਸਨ । ਇਸ ਲਈ ਅਚਲ ਵਟਾਲੇ ਇਨ੍ਹਾਂ ਨੇ ਆਪਣੇ ਤੰਤਰ ਮੰਤਰਾਂ ਦੀ ਬਾਦਲੀ-ਕੰਧ ਖੜ੍ਹੀ ਕਰ ਕੇ ਸੂਰਜ-ਵੱਤ ਗੁਰੂ ਬਾਬੇ ਨੂੰ ਛੁਪਾਉਣ ਲਈ ਪੂਰਾ ਟਿੱਲ ਲਾਇਆ ਸੀ, ਪਰ ਗੁਰੂ ਸ਼ਬਦ ਦੇ ਬਾਣਾਂ ਸਾਹਮਣੇ ਜੋਗੀਆਂ ਦੀ ਤਾਂਤਰਿਕ-ਮਤੀ ਕੰਧ ਵੀ ਢਹਿ ਢੇਰੀ ਹੋ ਗਈ ਸੀ । ਅਖ਼ੀਰ ਜੋਗੀ ਸਮਝ ਗਏ ਕਿ ਚੰਦ ਨੂੰ ਕੁਨਾਲੀ (ਮਿਟੀ ਦੇ ਬਰਤਨ) ਵਿੱਚ ਨਹੀਂ ਛੁਪਾਇਆ ਜਾ ਸਕਦਾ । ਭਾਈ ਸਾਹਿਬ ਲਿਖਿਆ ਹੈ – ‘ਸਿਧ ਤੰਤ੍ਰ ਮੰਤ੍ਰਿ ਕਰਿ ਝੜਿ ਪਏ, ਸਬਦਿ ਗੁਰੂ ਕੇ ਕਲਾ ਛਪਾਈ। (੧-੪੨), ਸਿਧਿ ਬੋਲਨਿ ਸੁਭ ਬਚਨਿ: ਧਨੁ ਨਾਨਕ ਤੇਰੀ ਵਡੀ ਕਮਾਈ।’ (੧-੪੪)

ਗੁਰੂ ਬਾਬੇ ਨੇ ਸਾਰੇ ਮਤ-ਮਤਾਂਤਰਾਂ ਦੇ ਤੀਰਥ ਅਸਥਾਨਾਂ ਦਾ ਭ੍ਰਮਣ ਕਰ ਕੇ ਇਹ ਨਤੀਜਾ ਕੱਢਿਆ ਕਿ ਸਮਾਜਕ ਉਜਾੜੇ ਦਾ ਮੁਖ ਕਾਰਨ ਹੈ ਪੁਜਾਰੀ ਵਰਗ, ਜਿਨ੍ਹਾਂ ਵਿੱਚ ਸ਼ਾਮਲ ਹਨ ਬ੍ਰਾਹਮਣ, ਜੋਗੀ ਅਤੇ ਕਾਜ਼ੀ ਮੁਲਾਣਿਆਂ ਵਰਗੇ ਧਾਰਮਕ ਆਗੂ, ਪਰ ਮੇਰਾ ਖ਼ਿਆਲ ਹੈ ਕਿ ਜੇ ਬਾਬਾ ਨਾਨਕ ਉਪਰੋਕਤ ਭਾਵਾਂ ਵਾਲੇ ਆਪਣੇ ਹੇਠ ਲਿਖੇ ਗੁਰਬਾਣੀ ਰੂਪ ਬਚਨ ਮੁੜ ਲਿਖੇ ਤਾਂ ਉਹ ਸਾਡੇ ਵਰਗੇ ਸਿੱਖ ਪੁਜਾਰੀਆਂ ਨੂੰ ਵੀ ਸ਼ਾਮਲ ਕਰ ਦੇਣ ਕਿਉਂਕਿ ਸਿੱਖੀ ਵਿੱਚ ਆਏ ਨਿਘਾਰ ਲਈ ਸਭ ਤੋਂ ਵੱਧ ਜ਼ਿੰਮੇਵਾਰ ਇਹੀ ਸ਼੍ਰੇਣੀ ਹੈ। ਗੁਰੂ-ਬਾਬੇ ਦੀ ਲਿਖਤ ਹੈ, ‘‘ਕਾਦੀ ਕੂੜੁ ਬੋਲਿ, ਮਲੁ ਖਾਇ ॥ ਬ੍ਰਾਹਮਣੁ ਨਾਵੈ, ਜੀਆ ਘਾਇ ॥  ਜੋਗੀ, ਜੁਗਤਿ ਨ ਜਾਣੈ ਅੰਧੁ ॥ ਤੀਨੇ, ਓਜਾੜੇ ਕਾ ਬੰਧੁ ॥’’ (ਪੰਨਾ ੬੬੨)

ਬ੍ਰਾਹਮਣ ਪੁਜਾਰੀ ਤੇ ਜੋਗੀ ਜਦੋਂ ਵਿਚਾਰਧਾਰਕ ਚਰਚਾ ਵਿੱਚ ਹਰ ਥਾਂ ਹਾਰਦੇ ਗਏ ਤਾਂ ਇਨ੍ਹਾਂ ਨੇ ਨਕਸ਼ਬੰਦੀ ਫ਼ਿਰਕੇ ਦੇ ਸ਼ੇਖ ਅਹਿਮਦ ਸਰਹਿੰਦੀ ਵਰਗੇ ਮੂਲਵਾਦੀ ਕੱਟੜਪੰਥੀਆਂ ਨਾਲ ਮੁਲਾਕਾਤਾਂ ਕੀਤੀਆਂ । ਉਨ੍ਹਾਂ ਨੂੰ ਸਿਖਾਇਆ ਕਿ ਤੁਸੀਂ ਇਸ ਸਮੇਂ ਰਾਜ-ਸੱਤਾ ਦੇ ਮਾਲਕ ਹੋ। ਸਾਡੀ ਗੱਲ ਤਾਂ ਛੱਡੋ ਕਿ ਨਾਨਕ ਬ੍ਰਾਹਮਣਾਂ ਨੂੰ ਜੀਵ-ਘਾਤੀ ਪਾਖੰਡੀ ਤੇ ਜੋਗੀਆਂ ਨੂੰ ਜੀਵਨ-ਜੁਗਤਿ ਤੋਂ ਅੰਨ੍ਹੇ ਦੱਸ ਰਿਹਾ ਹੈ । ਉਸ ਦੀ ਦੀਦਾ ਦਲੇਰੀ (ਜੁਰਅਤ) ਦੇਖੋ ਕਿ ਉਹ ਸੱਤਾ-ਧਾਰੀ ਕਾਜ਼ੀਆਂ ਨੂੰ ਵੀ ਮੁਆਫ਼ ਨਹੀਂ ਕਰ ਰਿਹਾ। ਆਖਦਾ ਹੈ ਕਿ ਉਹ ਝੂਠ ਬੋਲ ਕੇ ਮੈਲਾ ਖਾ ਰਹੇ ਹਨ, ‘‘ਕਾਦੀ ਕੂੜੁ ਬੋਲਿ ਮਲੁ ਖਾਇ ॥’’ (ਮ: ੧/੬੬੨) ਇਸ ਤੋਂ ਵੱਧ ਹੋਰ ਕੀ ਨਿਰਾਦਰ ਹੋ ਸਕਦਾ ਹੈ ਅਜਿਹੇ ਸਤਿਕਾਰਤ ਸ਼ਾਹੀ ਰੁਤਬੇ ਦਾ। ਸਾਡਾ ਮੰਨਣਾ ਹੈ ਕਿ ਨਾਨਕੀ-ਵਿਚਾਰਧਾਰਾ ਕੇਵਲ ਸਾਡੇ ਲਈ ਹੀ ਨਹੀਂ, ਤੁਹਾਡੇ ਲਈ ਵੀ ਚੁਣੌਤੀ ਹੈ । ਸਿੱਟੇ ਵਜੋਂ ਕਾਜ਼ੀਆਂ ਨੇ ਗੁਰੂ ਸਾਹਿਬਾਨ ਤੇ ਸਿਦਕੀ ਸਿੱਖਾਂ ਲਈ ਤੱਤੀ ਤਵੀਆਂ ’ਤੇ ਲੂਹਣ, ਦੇਗਾਂ ਵਿੱਚ ਉਬਾਲਣ ਅਤੇ ਆਰਿਆਂ ਨਾਲ ਤਨ ਦੁਫਾੜ ਕਰਨ ਵਰਗੇ ਫ਼ਤਵੇ ਚਾੜ੍ਹੇ । ਲਾਹੌਰ ਤੋਂ ਹੁੰਦੇ ਮਾਰੂ ਹਮਲਿਆਂ ਕਾਰਨ ਛੇਵੇਂ ਪਾਤਸ਼ਾਹ ਨੂੰ ਜਿਵੇਂ ਸ੍ਰੀ ਅੰਮ੍ਰਿਤਸਰ ਛੱਡਣਾ ਪਿਆ, ਤਿਵੇਂ ਹੀ ਦਸਵੇਂ ਪਾਤਸ਼ਾਹ ਨੂੰ ਸਮੂਹ ਪਰਿਵਾਰ ਤੇ ਆਪਣੇ ਭੁਖਣ-ਭਾਣੇ ਜਾਂਨਸਾਰ ਸੈਂਕੜੇ ਗੁਰਸਿੱਖ ਸੈਨਿਕਾਂ ਸਮੇਤ ੬ ਪੋਹ ਸੰਮਤ ੧੭੬੨ (੫ ਦਸੰਬਰ ੧੭੦੫) ਦੀ ਠੰਡੀ ਰਾਤ ਨੂੰ ਸ੍ਰੀ ਅਨੰਦਪੁਰ ਸਾਹਿਬ ਨੂੰ ਆਖ਼ਰੀ ਅਲਵਿਦਾ ਕਹਿਣੀ ਪਈ, ਪਰ ਕਾਲੀ ਦੁਰਗਾ ਵਾਂਗ ਹਮਲਾਵਰਾਂ ਦੀ ਖ਼ੂਨੀ ਪਿਆਸ ਫਿਰ ਵੀ ਨਾ ਬੁਝੀ।

ਜਿੱਥੇ ਅਸੀਂ ਖੜ੍ਹੇ ਹੁੰਦੇ ਹਾਂ, ਉੱਥੇ ਤਾਂ ਜ਼ਿਮੀਂ (ਧਰਤੀ) ਤੇ ਅਸਮਾਨ (ਅਕਾਸ਼) ਵੱਡੀ ਵਿੱਥ ਨਾਲ ਵੱਖ-ਵੱਖ ਦਿੱਸਦੇ ਹਨ, ਪਰ ਦੂਰ ਦੇਖੋ ਤਾਂ ਕਿਸੇ ਥਾਂ ਆਪਸ ਵਿੱਚ ਮਿਲਦੇ ਤੇ ਜੁੜਦੇ ਜਾਪਦੇ ਹਨ; ਭਾਵੇਂ ਕਿ ਉਹ ਸੱਚ ਨਹੀਂ ਹੁੰਦਾ; ਤਿਵੇਂ ਹੀ ਗੁਰੂ ਨਾਨਕ ਵੇਲੇ ਤਾਂ ਸੁਲਤਾਨਪੁਰ ਵਿੱਚ ਬ੍ਰਾਹਮਣ ਤੇ ਮੁੱਲਾਂ ਦਰਮਿਆਨ ਬੜਾ ਭਾਰੀ ਫ਼ਰਕ ਜਾਪਦਾ ਸੀ । ਉਹ ਇੱਕ ਦੂਜੇ ਨੂੰ ਕਾਫ਼ਰ ਤੇ ਮਲੇਸ਼ ਕਹਿ-ਕਹਿ ਕੇ ਭੰਡਦੇ ਸਨ । ਭਾਈ ਗੁਰਦਾਸ ਜੀ ਲਿਖਿਆ ਹੈ- ‘ਖਹਿ ਮਰਦੇ ਬਾਹਮਣ ਮਉਲਾਣੇ ।’, ਪਰ ਜੇ ਫ਼ਲਸਫ਼ੇ ਨੂੰ ਛੱਡ ਕੇ ਇਤਿਹਾਸ ਦੀ ਅੱਖ ਨਾਲ ਵੇਖੀਏ ਤਾਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੇਲੇ ਸ੍ਰੀ ਅਨੰਦਪੁਰ ਦੀ ਧਰਤੀ ’ਤੇ ਇਹ ਦੋਵੇਂ ਬਾਹਰੋਂ ਆਪਸ ਵਿੱਚ ਘਿਉ ਖਿਚੜੀ ਹੋਏ ਜਾਪਦੇ ਹਨ । ਕਾਜ਼ੀ ਕੁਰਾਨ ਨੂੰ ਹੱਥ ਵਿੱਚ ਫੜ ਕੇ ਅਤੇ ਬ੍ਰਾਹਮਣ ਥਾਲੀ ਵਿੱਚ ਮੌਲੀ ਲਪੇਟੀ ਗੀਤਾ ਤੇ ਆਟੇ ਦੀ ਗਊ ਰੱਖ ਕੇ ਦੋਵੇਂ ਹੀ ਗੁਰੂ ਜੀ ਦੇ ਸਾਹਮਣੇ ਝੂਠੀਆਂ ਕਸਮ ਖਾਂਦੇ ਹਨ । ਆਖਦੇ ਹਨ ਕੇਸਗੜ੍ਹ ਖਾਲਸਈ ਤਖ਼ਤ ਛੱਡ ਦਿਓ, ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਸਾਡੇ ਸੈਨਿਕ ਤੁਹਾਡਾ ਪਿੱਛਾ ਨਹੀਂ ਕਰਨਗੇ, ਪਰ ਜਿਉਂ ਹੀ ਗੁਰੂ ਕਿਆਂ ਨੇ ਨਗਰੀ ਦੀ ਹੱਦ ਤੋਂ ਬਾਹਰ ਪੈਰ ਪਾਏ, ਤਿਉਂ ਹੀ ਧਰਮ ਦੀਆਂ ਕਸਮਾਂ ਖਾਣ ਵਾਲੇ ਨਾਮਰਦ ਵਾਅਦਾ-ਫ਼ਰਾਮੋਸ਼ੀ ਹੋ ਕੇ ਗੁਰੂ ਜੀ ’ਤੇ ਭੁੱਖੇ ਬਘਿਆੜਾਂ ਵਾਂਗੂੰ ਟੁੱਟ ਪਏ ।

ਤਾਹੀਓ ਤਾਂ ਬਾਬਾ ਫ਼ਰੀਦ ਦੇ ਸ਼ਰਧਾਲੂ ਕਵੀ ਅੱਲਾ ਯਾਰ ਖਾਂ ਨੇ ‘ਸ਼ਹੀਦਾਨਿ-ਵਫ਼ਾ’ ਵਿੱਚ ਲਿਖਿਆ ਸੀ ਕਿ ‘ਬਦਬਖ਼ਤੋਂ ਨੇ ਜੋ ਵਾਅਦਾ ਕੀਆ ਥਾ ਬਿਸਰ ਗਏ । ਨਾਮਰਦ ਕੌਲ ਕਰ ਕੇ ਜ਼ੁਬਾਂ ਸੇ ਮੁਕਰ ਗਏ । ਗੋਬਿੰਦ ਸਿੰਘ ਕੇ ਸ਼ੇਰ ਭੀ ਫੋਰਨ ਬਿਫਰ ਗਏ ।’ ਇਸ ਹਮਲੇ ਕਾਰਨ ਸਰਸਾ ਨਦੀ ਦੇ ਕੰਢੇ ਪਰਿਵਾਰ ਵਿਛੋੜਾ ਹੋਇਆ । ਪੰਥ ਪ੍ਰਕਾਸ਼ ਦਾ ਕਰਤਾ ਲਿਖਦਾ ਹੈ- ‘ਯੌਂ ਤਬ ਬਿਚਲ ਸਮਾਜ ਸਭ, ਗਇਓ ਗੁਰੂ ਕੋ ਐਨ। ਕਿਤ ਜਨਨੀ, ਸੁਤ ਆਪ ਕਿਤ, ਕਿਤ ਘਰਨੀ ਕਿਤ ਸੈਨ। ਪਰੀ ਬਿੱਪਤੀ ਐਸ ਤਬ, ਕੋ ਕਰ ਸਕੇ ਬਖਾਨ । ਚਿਤਵਨ ਤੈ ਛਤੀਆ ਫਟੇ, ਕਹਿ ਨਹਿਂ ਸਕਤ ਜ਼ੁਬਾਨ।’ ਚਮਕੌਰ ਦੀ ਕੱਚੀ ਗੜੀ ਵਿੱਚ ਹੋਏ ਭਿਆਨਕ ਜੁੱਧ ਵਿੱਚ ਪੰਜ ਵਿੱਚੋਂ ਤਿੰਨ ਪਿਆਰਿਆਂ ਸਮੇਤ ੪੦ ਕੁ ਭੁਖਣ ਭਾਣੇ ਸਿੰਘ ਅਤੇ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ (੧੯ ਸਾਲ) ਤੇ ਬਾਬਾ ਜੁਝਾਰ ਸਿੰਘ (੧੭ ਸਾਲ) ਉਨ੍ਹਾਂ ਦੀਆਂ ਅੱਖਾਂ ਸਾਹਵੇਂ ਸ਼ਹੀਦ ਹੋ ਗਏ ।

ਪੂਜ ਮਾਤਾ ਗੁਜਰੀ ਤੇ ਛੋਟੇ ਸਾਹਿਜ਼ਾਦਿਆਂ ਦੇ ਨਾਲ ਰਹੇ ਭਾਈ ਦੁਨਾ ਸਿੰਘ ਹੰਡੂਰੀਏ ਦੀ ਲਿਖਤ ‘ਕਥਾ ਗੁਰੂ ਕੇ ਸੁਤਨ ਮੁਤਾਬਕ’ ਚਮਕੌਰ ਤੋਂ ਸਹੇੜੀ (ਖੇੜੀ) ਦੇ ਮਸੰਦ ‘ਧੁੰਮਾ’ ਤੇ ‘ਦਰਬਾਰੀ’ ਪੂਜ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਲੈ ਗਏ । ਪਿੰਡ ਜਾ ਕੇ ਉਨ੍ਹਾਂ ਨੇ ਆਪਣੇ ਬ੍ਰਾਹਮਣ ਰਸੋਈਏ ਗੰਗੂ ਦੇ ਘਰ ਠਹਿਰਾਇਆ, ਜਿਸ ਨੇ ਸਰਕਾਰੀ ਇਨਾਮ ਹਾਸਲ ਕਰਨ ਦੇ ਲਾਲਚ ਅਤੇ ਵਿਚਾਰਧਾਰਕ ਬਦਨੀਤੀ ਕਾਰਨ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਮੁਰਿੰਡੇ ਦੇ ਚੌਧਰੀਆਂ ਰਾਹੀਂ ੧੧ ਪੋਹ ਸੰਮਤ ੧੭੬੨ ਮੁਤਾਬਕ ੧੦ ਦਸੰਬਰ ੧੭੦੫ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ, ਕਿਉਂਕਿ ਕਾਜ਼ੀ ਤੇ ਬ੍ਰਾਹਮਣ ਦੋਵੇਂ ਹੀ ਚਾਹੁੰਦੇ ਸਨ ਕਿ ਗੁਰੂ-ਨਾਨਕੀ ਆਵਾਜ਼ ਨੂੰ ਬੁਲੰਦ ਕਰਨ ਵਾਲ਼ਾ ਕੋਈ ਰਹੇ ਹੀ ਨਾ। ਇਹੀ ਕਾਰਨ ਹੈ ਕਿ ੧੮ਵੀਂ ਸਦੀ ਵਿੱਚ ਵੀ ਬਿਪਰਵਾਦੀ ਸੋਚ ਨੇ ਹਾਕਮ ਸ਼੍ਰੇਣੀ ਦੁਆਰਾ ਭਾਈ ਮਨੀ ਸਿੰਘ ਵਰਗੇ ਗੁਰਬਾਣੀ ਦੇ ਵਿਆਖਿਆਕਾਰ ਸਿੱਖ ਵਿਦਵਾਨਾਂ ਨੂੰ ਚੁਣ-ਚੁਣ ਕੇ ਮਰਵਾਇਆ। ਇਹ ਸੱਚਾਈ ਹੁਣ ਵੀ ਵੇਖੀ ਜਾ ਸਕਦੀ ਹੈ, ਜਦੋਂ ਸਿੱਖੀ ਬਾਣੇ ਵਿੱਚ ਉਨ੍ਹਾਂ ਦੀ ਨੁੰਮਾਇੰਦਗੀ ਕਰਨ ਵਾਲੇ ਲੋਕ ਤੱਤ-ਗੁਰਮਤਿ ਦੇ ਪ੍ਰਚਾਰਕਾਂ ਨੂੰ ਆਪਣੇ ਹਮਲਿਆਂ ਦਾ ਨਿਸ਼ਾਨਾ ਬਣਾਉਂਦੇ ਆ ਰਹੇ ਹਨ ।

ਦੁੰਨਾ ਸਿੰਘ ਹੰਡੋਰੀਏ ਮੁਤਾਬਕ ਮੁਰਿੰਡੇ ਦੇ ਹਾਕਮ ਰੰਘੜਾਂ ਨੇ ਸਾਹਿਬਜ਼ਾਦਿਆਂ ਨੂੰ ਬੋਰੀਆਂ ਵਿੱਚ ਬੰਨ੍ਹ ਕੇ ਅਤੇ ਮਾਤਾ ਜੀ ਨੂੰ ਰੱਸੇ ਨਾਲ ਨਰੜ ਕੇ ਖੱਚਰਾਂ ਉੱਤੇ ਲੱਦਿਆ ਤੇ ਸੂਬਾ ਸਰਹਿੰਦ ਵਜ਼ੀਰ ਖਾਂ ਦੀ ਕਚਿਹਰੀ ਵਿੱਚ ਪੇਸ਼ ਕੀਤਾ । ਲਾਲਚ ਦੇ ਸਬਜ਼-ਬਾਗ਼ (ਹਰੇ ਫੁੱਲ) ਵੀ ਬਹੁਤ ਦਿਖਾਏ । ਜੋਗੀ ਜੀ ਨੇ ਲਿਖਿਆ ਹੈ ਕਿ ਨਵਾਬ ਵਜ਼ੀਰ ਖ਼ਾਂ ਨੇ ਆਖਿਆ- ‘ਕਬੂਲ ਕਰੋ ਅਗਰ ਸ਼ਾਹ ਕੇ ਦੀਨ ਕੋ । ਫਿਰ ਆਸਮਾਂ ਬਨਾ ਦੂੰ ਤੁਮ੍ਹਾਰੀ ਜ਼ਮੀਨ ਕੋ ।’ ਜੇ ਇਸਲਾਮ ਨਹੀਂ ਕਬੂਲ ਕਰਨਾ ਤਾਂ ਸਿਰ ਕਟਵਾਉਣ ਲਈ ਤਿਆਰ ਹੋ ਜਾਓ। ਹੰਡੂਰੀਏ ਦੀ ਲਿਖੀ ‘ਕਥਾ ਗੁਰੂ ਕੇ ਸੁਤਨ ਕੀ’ ਅਨੁਸਾਰ ਸਾਹਿਬਜ਼ਾਦਿਆਂ ਦਾ ਇੱਕੋ ਹੀ ਜਵਾਬ ਸੀ- ‘ਸੀਸ ਜੋ ਦੇਨੇ ਹੈ ਸਹੀ, ਇਹ ਨਾ ਮਾਨੈਂ ਬਾਤ । ਧਰਮ ਜਾਇ ਤਬ ਕਉਨ ਗਤਿ, ਯਹ ਪਰਗਟ ਬਖਿਆਤ ।’

੧੨ ਪੋਹ (੧੧ ਦਸੰਬਰ) ਨੂੰ ਜਦੋਂ ਸੂਬੇਦਾਰ ਨੇ ਕਾਜ਼ੀ ਨੂੰ ਫ਼ਤਵਾ ਦੇਣ ਲਈ ਆਖਿਆ ਤਾਂ ਉਸ ਨੇ ਬਟਾਲੇ ਦੀ ਕੱਚੀ ਕੰਧ ਨੂੰ ਧਿਆਨ ਵਿੱਚ ਰੱਖ ਕੇ ਸਾਹਿਬਜ਼ਾਦਿਆਂ ਨੂੰ ਪੱਕੀ ਦੀਵਾਰ ਵਿੱਚ ਚਿਣ ਕੇ ਮਾਰਨ ਦਾ ਹੁਕਮ ਸੁਣਾਇਆ ।  ਸੱਤਾਧਾਰੀ ਹੋਣ ਦੇ ਨਾਂ ’ਤੇ ਉਹ ਬਟਾਲੇ ਦੇ ਬ੍ਰਾਹਮਣਾਂ ਨੂੰ ਦਿਖਾਉਣਾ ਚਾਹੁੰਦਾ ਸੀ ਕਿ ਤੁਹਾਥੋਂ ਤਾਂ ਨਾਨਕ ’ਤੇ ਕੱਚੀ ਕੰਧ ਵੀ ਨਹੀਂ ਸੀ ਡਿੱਗੀ । ਉਹ ਲਗਭਗ ੨੩੦ ਸਾਲ ਆਪਣੇ ਬਦਲਵੇਂ ੧੦ ਰੂਪਾਂ ਵਿੱਚ ਜ਼ਿੰਦਾ ਰਹਿ ਕੇ ਤੁਹਾਡੀ ਵਿਚਾਰ-ਧਾਰਕ ਕੂੜੀ ਕੰਧ ਨੂੰ ਤੋੜਣ ਦੀ ਦੁਹਾਈ ਦਿੰਦਾ ਰਿਹਾ । ਤੁਸੀਂ ਉਸ ਦੀ ਆਵਾਜ਼ ਬੰਦ ਨਾ ਕਰਵਾ ਸਕੇ, ਪਰ ਵੇਖੋ ਅਸੀਂ ਉਸ ਦੇ ਬੱਚਿਆਂ ਨੂੰ ਇੱਟਾਂ ਵਾਂਗ ਵਰਤ ਕੇ ਹੁਣ ਐਸੀ ਕੰਧ ਉਸਾਰਾਂਗੇ ਕਿ ਉਹ ਕਿਸੇ ਤਰ੍ਹਾਂ ਵੀ ਟੁੱਟ ਨਹੀਂ ਸਕੇਗੀ । ਕਾਰਨ ਇਹ ਹੈ ਕਿ ਹੁਣ ਕੋਈ ਬਚੇਗਾ ਹੀ ਨਹੀਂ, ਜਿਹੜਾ ਲੋਕਾਂ ਸਾਹਵੇਂ ਇਹ ਸੁਆਲ ਖੜ੍ਹਾ ਕਰੇ ਕਿ ‘‘ਕਿਵ ਕੂੜੈ ਤੁਟੈ ਪਾਲਿ  ?, ਕਿਵ ਕੂੜੈ ਤੁਟੈ ਪਾਲਿ  ?॥’’

ਰਵਾਇਤ ਮੁਤਾਬਕ ਰੱਬੀ ਭਾਣਾ ਵੇਖੋ ਕਿ ਮਲੇਰਕੋਟੀਏ ਨਵਾਬ ਸ਼ੇਰ ਖ਼ਾਂ ਨੇ ਉਸ ਵੇਲੇ ਹਾ ਦਾ ਨਾਹਰਾ ਮਾਰਦਿਆਂ ਸ਼ੇਰ ਵਾਂਗ ਗਰਜ ਕੇ ਆਖਿਆ ਕਿ ਤੁਹਾਡਾ ਇਹ ਫ਼ੈਸਲਾ ਸ਼ਰ੍ਹਾ ਦੇ ਉਲਟ ਹੈ ।  ਖ਼ੁਦਾ ਕਰੇ ਤੁਹਾਡੀ ਇਹ ਕੰਧ ਨਾ ਉਸਰੇ, ਪਰ ਹਕੂਮਤੀ ਨਸ਼ੇ ਵਿੱਚ ਉਸ ਦੀ ਰਾਏ ਨੂੰ ਅਣਸੁਣੀ ਕਰ ਕੇ ਜ਼ਾਲਮਾਂ ਨੇ ਬਾਬਾ ਜ਼ੋਰਵਾਰ ਸਿੰਘ (੯ ਸਾਲ) ਤੇ ਬਾਬਾ ਫ਼ਤਿਹ ਸਿੰਘ (੭ ਸਾਲ) ਨੂੰ ਦੀਵਾਰ ਵਿੱਚ ਚਿਣਨਾ ਸ਼ੁਰੂ ਕਰ ਦਿੱਤਾ । ਜੋਗੀ ਜੀ ਨੇ ਲਿਖਿਆ ਹੈ ਕਿ ਦੀਵਾਰ ਵਿੱਚ ਚੁਣੀਂਦੇ ਹੋਏ ਸਾਹਿਬਜ਼ਾਦੇ ਕਹਿ ਰਹੇ ਸਨ ਕਿ ਜ਼ਾਹਰਾ ਰੂਪ ਵਿੱਚ ਤਾਂ ਭਾਵੇਂ ਸਾਡੇ ’ਤੇ ਭਾਰੀ ਜ਼ੁਲਮ ਹੋਇਆ ਦਿਸਦਾ ਹੈ, ਪਰ ਅੰਦਰਲੀ ਅਸਲ ਹਕੀਕਤ ਇਹ ਹੈ ਕਿ ਪੰਥ ਉੱਪਰ ਖ਼ੁਦਾ ਦਾ ਕਰਮ (ਬਖ਼ਸ਼ਸ਼) ਹੋਇਆ ਹੈ ਕਿਉਂਕਿ ਸਾਨੂੰ ਇਸ ਖ਼ੂਨੀ ਤੇ ਕੂੜੀ ਦੀਵਾਰ ਨੂੰ ਢਾਹੁਣ ਵਾਲੀ ਸਿੱਖੀ ਦੀ ਨੀਂਹ ਆਪਣੇ ਸਿਰਾਂ ’ਤੇ ਉਸਾਰਨ ਦਾ ਮੌਕਾ ਮਿਲਿਆ ਹੈ । ਸ਼ਹੀਦਾਨਿ-ਵਫ਼ਾ ਦੇ ਲਫ਼ਜ਼ ਹਨ, ‘ਦੀਵਾਰ ਕੇ ਦਬਾਉ ਸੇ, ਜਬ ਹਬਸਿ ਦਮ ਹੂਆ । ਦੌਰਾਨਿ ਖ਼ੂਨ ਰੁਕਨੇ ਲੱਗਾ, ਸਾਂਸ ਕਮ ਹੂਆ ।  ਫ਼ੁਰਮਾਏ ਦੋਨੋ ਹਮ ਪੇ, ਬ-ਜ਼ਾਹਰ ਸਿਤਮ ਹੂਆ । ਬਾਤਨ ਮੇਂ ਪੰਥ ਪਰ, ਯਹ ਖ਼ੁਦਾ ਕਾ ਕਰਮ ਹੂਆ । ਸੌ ਸਾਲ ਔਰ ਜੀਅ ਕੇ, ਮਰਨਾ ਜ਼ਰੂਰ ਥਾ । ਸਰ ਕੌਮ ਸੇ ਬਚਾਨਾ, ਯਹ ਗੈਰਤ ਸੇ ਦੂਰ ਥਾ ।  ਗੱਦੀ ਸੇ ਤਾਜ਼ੋ ਤਖ਼ਤ, ਬਸ ਅਬ ਕੌਮ ਪਾਏਗੀ । ਦੁਨੀਆ ਮੇਂ ਜ਼ਾਲਮੋ ਕਾ, ਨਿਸ਼ਾ ਤਕ ਮਿਟਾਏਗੀ ।’

ਇਤਿਹਾਸ ਤਾਂ ਬੋਲਦਾ ਹੈ ਕਿ ਕਾਜ਼ੀਆਂ ਦੀ ਉਸਾਰੀ ਉਹ ਪੱਕੀ ਦੀਵਾਰ ਉਦੋਂ ਹੀ ਢਹਿ ਢੇਰੀ ਹੋਈ ਤੇ ਸਾਹਿਬਜ਼ਾਦੇ ਬੇਹੋਸ਼ ਹੋ ਕੇ ਡਿੱਗ ਪਏ। ਅਗਲੀ ਸਵੇਰ ੧੩ ਪੋਹ (੧੨ ਦਸੰਬਰ ੧੭੦੫) ਨੂੰ ਫਿਰ ਪੇਸ਼ੀ ਹੋਈ । ਗੁਰੂ ਕੇ ਲਾਲਾਂ ਦੇ ਅਡੋਲ ਰਹਿਣ ’ਤੇ ਜਲਾਦਾਂ ਨੇ ਉਨ੍ਹਾਂ ਨੂੰ ਆਪਣੇ ਗੋਡਿਆਂ ਹੇਠ ਦਬਾ ਕੇ ਛੁਰੇ ਨਾਲ ਬੱਕਰੇ ਵਾਂਗ ਕੋਹ-ਕੋਹ ਕੇ ਕਤਲ ਕੀਤਾ । ਪ੍ਰਚੀਨ ਪੰਥ ਪ੍ਰਕਾਸ਼ ਦਾ ਕਰਤਾ ਸ੍ਰ. ਰਤਨ ਸਿੰਘ ਭੰਗੂ ਲਿਖਦਾ ਹੈ, ‘ਸੁਨ ਨਵਾਬ ਯੋਂ ਸੁਖਨ ਉਚਾਰੇ । ਹੈਂ ਇਹ ਲਰਕੇ ਜ਼ਿਬ੍ਹਾ ਕਰਨੇ ਵਾਲੇ । ਹੁਤੋ ਉਹਾਂ ਤੋ, ਛੁਰਾ ਇੱਕ ਵਾਰੋ । ਦੈ ਗੋਡੇ ਹੇਠ, ਜ਼ਿਬ੍ਹਾ ਕਰ ਡਾਰੋ । ਤੜਫ ਤੜਫ ਗਈ ਜ਼ਿੰਦ ਉਡਾਏ । ਇਮ ਸ਼ੀਰਖੋਰ ਦੋਇ, ਗਏ ਕਤਲਾਇ ।’

ਇਸ ਲਈ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਬਟਾਲੇ ਦੀ ਕੰਧ ਤੇ ਸਰਹਿੰਦ ਦੀ ਦੀਵਾਰ ਸਾਡੇ ਲਈ ਪੂਜਣਯੋਗ ਨਹੀਂ ਬਲਕਿ ਇੱਕ ਯਾਦਗਰੀ ਚੈਲੰਜ ਹਨ । ਉਹ ਇਹ ਕਿ ਗੁਰਸਿੱਖ ਨੇ ਪਹਿਲਾਂ ਤਾਂ ‘ਕਿਵ ਕੂੜੈ ਤੁਟੈ ਪਾਲਿ ?’ ਦੇ ਸੁਆਲ ਨੂੰ ਆਪਣੇ ਅੰਦਰ ਖੜ੍ਹਾ ਕਰਦਿਆਂ ਹਉਮੈ ਦੀ ਕੰਧ ਤੋੜ ਕੇ ‘ਸਚਿਆਰ’ ਹੋਣਾ ਹੈ। ਫਿਰ ਜਿੱਥੇ ਵੀ ਮਨੁੱਖ-ਮਨੁੱਖ ਦੇ ਦਰਮਿਆਨ ਜਾਂ ਮਨੁੱਖ ਤੇ ਰੱਬ ਦੇ ਦਰਮਿਆਨ ਕੋਈ ਵਿੱਥ ਪਾਊ ਦੀਵਾਰ ਖੜ੍ਹੀ ਹੋਵੇ, ਉੱਥੇ ਹੀ ਉਸ ਨੂੰ ਤੋੜਨ ਲਈ ਸੰਘਰਸ਼ਸ਼ੀਲ ਹੋਣਾ ਹੈ । ਹਾਕਮ ਸ਼੍ਰੇਣੀ ਦੇ ਹੱਥ-ਠੋਕੇ ਬਣੇ ਪੁਜਾਰੀਆਂ ਦੇ ਤਾਲਿਬਾਨੀ ਫ਼ਤਵਿਆਂ ਤੋਂ ਨਹੀਂ ਡਰਨਾ ਤੇ ਜਿਹੜਾ ਵੀ ਸੱਜਣ ਬਿਪਰਵਾਦੀ ਕੂੜੀ ਦੀਵਾਰ ਨੂੰ ਤੋੜਨ ਦਾ ਹੰਭਲਾ ਮਾਰਦਾ ਹੈ, ਉਸ ਦਾ ਸਾਥ ਦੇਣਾ ਹੈ । ਸਮਾਜ ਨੂੰ ਫਸਾਦੀ ਝਗੜਿਆਂ ਤੋਂ ਬਚਾਉਣ ਲਈ ਸਾਹਿਬਜ਼ਾਦਿਆਂ ਦੀ ਤਰਜ਼ ’ਤੇ ਪ੍ਰਚਾਰਦੇ ਰਹਿਣਾ ਹੈ-‘ਬਾਜ਼ ਆਉ ਸ਼ਰ ਸੇ, ਹਿੰਦੂ ਮੁਸਲਿਮ ਹੋ, ਸਿੱਖ ਹੋ। ਪੰਡਿਤ ਹੋ, ਮੌਲਵੀ, ਗ੍ਰੰਥੀ ਜਾਂ ਕੋਈ ਹੋਰ ਹੋ।’ ਕਿਉਂਕਿ ਬਿਪਰਵਾਦੀ ਧਾਰਮਕ ਆਗੂਆਂ ਤੇ ਬਾਬਰੀ-ਸੋਚ ਦੇ ਵਾਰਸ ਰਾਜਨੀਤਕਾਂ ਵੱਲੋਂ ਸਿੱਖ-ਮਾਰੂ ਯਤਨ ਹੁੰਦੇ ਹੀ ਰਹਿਣੇ ਹਨ । ਉਹ ਨਹੀਂ ਚਾਹੁੰਦੇ ਕਿ ਸੰਸਾਰ ਵਿੱਚ ਗੁਰਬਾਣੀ ਦਾ ਚਾਨਣ ਫੈਲੇ । ਸਮਾਜਕ ਭਾਈਚਾਰਾ ਗੁਰਬਾਣੀ ਵਿਚਾਰ ਕੇ ਜਾਗਰੂਕ ਹੋਵੇ।

ਅਸਲ ਵਿੱਚ ਇਹੀ ਕਾਰਨ ਹੈ ਕਿ ਗੁਰਬਾਣੀ ਪ੍ਰੇਮੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨ ਲਈ ਹੋਰ-ਹੋਰ ਕਈ ਗ੍ਰੰਥ ਸਿਖੀ ਦੇ ਵਿਹੜੇ ਵਿੱਚ ਸੁੱਟੇ ਜਾ ਰਹੇ ਹਨ । ਪ੍ਰਤੱਖ ਤੌਰ ’ਤੇ ਗੁਰੂ-ਬੇਅਦਬੀ ਮੰਦਭਾਗੇ ਕਾਂਡ ਵਾਪਰ ਰਹੇ ਹਨ । ਪੰਜਾਬ ਦੇ ਹੋਰ ਸਾਰੇ ਮਸਲੇ ਭੁੱਲ ਕੇ ਕੇਵਲ ਗੁਰੂ-ਬੇਅਦਬੀ ਦੀ ਰੋਕ-ਥਾਮ ਲਈ ਮੋਰਚੇ ਲਾਉਣੇ ਪੈ ਰਹੇ ਹਨ । ਸਿੱਖ ਸੰਗਤਾਂ ਨੂੰ ਚੜ੍ਹਦੀਕਲਾ ਟਾਈਮ ਟੀ. ਵੀ. ਰਾਹੀਂ ਘਰੀਂ ਬੈਠਿਆਂ ਮਿਲ ਰਹੀ ਗੁਰਬਾਣੀ ਦੀ ਸੰਥਿਆ ਨੂੰ ਵੀ ਬੰਦ ਕਰਾਉਣ ਲਈ ਨਾਕਾ-ਬੰਦੀ ਕੀਤੀ ਜਾ ਰਹੀ ਹੈ । ਗੁਰੂ ਨਾਨਕ ਸਾਹਿਬ ਦਾ ਸਮਕਾਲੀ ਚਲਾਕ ਬ੍ਰਾਹਮਣ ਗ਼ੁਲਾਮ ਸੀ । ਇਸ ਲਈ ਉਸ ਵੇਲੇ ਉਹ ਡਰਦਾ ਹੋਇਆ ‘ਬਟਾਲੇ’ ਦੀ ਕੰਧ ਸੁੱਟਣ ਵਰਗੀਆਂ ਲੁਕਵੀਂ ਚਾਲ ਚੱਲਦਾ ਸੀ, ਪਰ ਹੁਣ ਉਹ ਸੱਤਾਧਾਰੀ ਹੈ । ਇਹੀ ਕਾਰਨ ਹੈ ਕਿ ਜੂਨ ੧੯੮੪ ਤੋਂ ਗੁਰੂ-ਨਾਨਕ ਵਿਚਾਰਧਾਰਾ ’ਤੇ ਉਹ ਸਿੱਧੇ ਹਮਲੇ ਕਰ ਰਿਹਾ ਹੈ। ਇਸੇ ਤਰ੍ਹਾਂ ‘ਸਰਹਿੰਦ ਦੀ ਦੀਵਾਰ’ ਪਿੱਛੇ ਖੜ੍ਹਾ ਕਾਜ਼ੀ ਗੁਰੂ-ਕਾਲ ਵੇਲੇ ਸੱਤਾਧਾਰੀ ਸੀ । ਜਿਸ ਕਰ ਕੇ ਉਹ ਸੁਆਰਥੀ ਬ੍ਰਾਹਮਣਾਂ ਤੇ ਖਤ੍ਰੀਆਂ ਨੂੰ ਹੱਥ-ਠੋਕੇ ਬਣਾ ਕੇ ਨਾਨਕ-ਪੰਥੀਆਂ ’ਤੇ ਸਿੱਧੇ ਹਮਲੇ ਕਰਦਾ ਸੀ, ਪਰ ਹੁਣ ਉਹ ਭਾਰਤ ਵਿੱਚ ਬ੍ਰਾਹਮਣ ਦੀ ਗ਼ੁਲਾਮੀ ਅਧੀਨ ਛੁਪਵੀਂਆਂ ਚਾਲਾਂ ਚੱਲ ਰਿਹਾ ਹੈ।

ਪੂਰਬੀ ਬ੍ਰਾਹਮਣ ਤੇ ਪੱਛਮੀ ਕਾਜ਼ੀ (ਪਾਦਰੀ) ਦੀ ਮਿਲੀਭੁਗਤ ਨਾਲ ਕੀਤੀ ਹੱਦ-ਬੰਦੀ ਤੇ ਰਾਜਨੀਤਕ ਆਗੂਆਂ ਦੀ ਨਾਲਾਇਕੀ ਨਾਲ ਸਿੱਖ ਕੌਮ ਅਤੇ ਸਤਿਗੁਰਾਂ ਦੇ ਨਾਂ ’ਤੇ ਵੱਸਿਆ ਪੰਜਾਬ ਉਪਰੋਕਤ ਕਿਸਮ ਦੀਆਂ ਦੋਹਾਂ ਦੀਵਾਰਾਂ ਵਿੱਚ ਫਸਿਆ ਦਮ ਘੁਟ ਰਿਹਾ ਹੈ। ਹਮਲਾ ਭਾਰਤੀ ਹਿੰਦੋਸਤਾਨ ਕਰੇ ਜਾਂ ਪਾਕਿਸਤਾਨ, ਮਰਦੀ ਹੈ ਸਿੱਖ ਕੌਮ । ਸੰਨ ੨੦੧੬ ਵਿੱਚ ਅਸੀਂ ਸਾਰਿਆਂ ਵੇਖਿਆ ਕਿ ਕਸ਼ਮੀਰ ਤੇ ਗੁਜਰਾਤ ਤੋਂ ਰਾਜਸਥਾਨ ਤੱਕ ਹੱਦ ’ਤੇ ਕੋਈ ਜੰਗੀ ਹਲਚਲ ਨਾ ਹੋਈ, ਪਰ ਭਾਰਤ ਸਰਕਾਰ ਨੇ ਆਪਣੇ ਹੱਥ-ਠੋਕੇ ਮੁਖ ਮੰਤਰੀ ਰਾਹੀਂ ਪੰਜਾਬੀ ਕਿਸਾਨਾਂ ਦੇ ਦਰਜਨਾਂ ਪਿੰਡ ਉਜਾੜ ਦਿੱਤੇ ਤੇ ਉਨ੍ਹਾਂ ਦੀਆਂ ਫ਼ਸਲਾਂ ਵੀ ਤਬਾਹ ਕਰਵਾ ਦਿੱਤੀਆਂ। ਇਹੀ ਕਾਰਨ ਹੈ ਕਿ ਸਿੱਖੀ ਦੇ ਹਮਦਰਦ ਪੰਜਾਬੀ ਕਈ ਸਾਲਾਂ ਤੋਂ ਆਪਣੇ ਬਚਾਅ ਲਈ ਬਾਰਡਰ ’ਤੇ ਖੜ੍ਹੇ ਹੋ ਕੇ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘੇ ਦੀਆਂ ਅਰਦਾਸਾਂ ਕਰਦੇ ਆ ਰਹੇ ਹਨ ਕਿਉਂਕਿ ਉਹ ਹੱਦ-ਬੰਦੀ ਦੀ ਦੀਵਾਰ ਨਹੀਂ ਚਾਹੁੰਦੇ । ਮੇਰਾ ਖ਼ਿਆਲ ਹੈ ਕਿ ਸਿੱਖਾਂ ਦੀ ਸੰਗਤੀ ਅਰਦਾਸ ਵਿਚਲੇ ‘ਸ੍ਰੀ ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰੇ ਤੇ ਸੇਵਾ ਸੰਭਾਲ਼ ਦਾ ਦਾਨ ਖ਼ਾਲਸਾ ਜੀ ਨੂੰ ਬਖ਼ਸ਼ੋ’ ਲਫ਼ਜ਼ਾਂ ਵਿੱਚ ਵੀ ਉਪਰੋਕਤ-ਭਾਵ ਹੀ ਛੁਪਿਆ ਹੋਇਆ ਹੈ । ਇਸੇ ਲਈ ਸੰਸਾਰ-ਭਰ ਵਿੱਚ ਹਰੇਕ ਗੁਰਸਿੱਖ ਹਰੇਕ ਜਗ੍ਹਾ ਅਕਾਲ ਪੁਰਖ ਪਾਸੋਂ ਉਪਰੋਕਤ ਮੰਗ ਕਰਦਾ ਆ ਰਿਹਾ ਹੈ। ਭਾਵੇਂ ਕਿ ਹੁਣ ਪਾਕਿਸਤਾਨ ਸਰਕਾਰ ਨੇ ਉਥੋਂ ਦੇ ਗੁਰਦੁਆਰਿਆਂ ਦੀ ਸੇਵਾ-ਸੰਭਾਲ਼ ਦੀ ਜ਼ਿੰਮੇਵਾਰੀ ਲੰਡਨ ਦੇ ਸਿੰਘਾਂ ਨੂੰ ਸਉਂਪੀ ਹੋਈ ਹੈ ।

ਇਸ ਲਈ ਲੋੜ ਤਾਂ ਹੁਣ ਇਹ ਹੈ ਕਿ ਗੁਰਦੁਆਰਿਆਂ ਦੇ ਵਾਰਸ ਅਖਵਾਉਣ ਵਾਲ਼ੇ ਹੋਸ਼ ਵਿੱਚ ਆਉਣ ਤੇ ਸਮੇਂ ਦੀ ਨਜ਼ਾਕਤ ਨੂੰ ਪਛਾਨਣ । ਅੰਤ ਵਿੱਚ ਮੈਂ ਆਪਣੇ ਵਿਦਿਆ-ਦਾਤਾ ਪੰਥ-ਦਰਦੀ ਪ੍ਰਿੰਸੀਪਲ ਹਰਿਭਜਨ ਸਿੰਘ (ਭਾਈ ਸਾਹਿਬ) ਜੀ ਵੱਲੋਂ ਸਿੱਖ ਕੌਮ ਨੂੰ ਜਗਾਉਣ ਲਈ ‘ਹਲੂਣਾ’ ਸਿਰਲੇਖ ਹੇਠ ਲਿਖੀ ਇੱਕ ਕਵਿਤਾ ਦੇ ਚੰਦ ਬੋਲ ਸਾਂਝੇ ਕਰ ਕੇ ਲੇਖ ਦੀ ਸਮਾਪਤੀ ਕਰਦਾ ਹਾਂ ਕਿਉਂਕਿ ਇਹ ਕਾਵਿਕ ਤੁਕਾਂ ਉਹ ਹਰੇਕ ਸਟੇਜ ਤੋਂ ਉਹੀ ਜੋਸ਼ੀਲੇ ਢੰਗ ਨਾਲ ਸੁਣਾਇਆ ਕਰਦੇ ਹਨ । ਸ਼ੇਅਰ ਅਰਜ਼ ਹੈ, ‘ਐ ਪੰਥ ਖ਼ਾਲਸਾ  ! ਹੋਸ਼ ਮੇਂ ਆ, ਔਰ ਨਬਜ਼ ਪਹਿਚਾਨ ਜ਼ਮਾਨੇ ਕੀ ।  ਯਾਂ ਹਰ ਕੋਈ ਅਪਨੇ ਦਾਉ ਪੇ ਹੈ, ਸਚ ਬਾਤ ਕਹੂੰ ਸਮਝਾਨੇ ਕੀ । ਅਬ ਜੋਸ਼ਿ ਪੰਥ ਖ਼ਾਮੋਸ਼ ਨਾ ਰਹਿ, ਗੈਰੋਂ ਨੇ ਤੇਰਾ ਘਰ ਲੂਟ ਲੀਆ। ਇਨ ਲੰਪਟ ਚੋਰ ਲੁਟੇਰੋਂ ਕੋ, ਤੁਝੇ ਗਰਜ਼ ਹੈ ਸਬਕ ਸਿਖਾਨੇ ਕੀ।’

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨਤਾ ਅਸਥਾਨ-ਆਦਿ ਸਿੰਘਾਸਣ ਦਮਦਮਾ

0

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨਤਾ ਅਸਥਾਨ-ਆਦਿ ਸਿੰਘਾਸਣ ਦਮਦਮਾ

ਪ੍ਰਿੰਸੀਪਲ ਸਤਿਨਾਮ ਸਿੰਘ , ਹਮਰਾਜ਼ ਬਿਨ ਹਮਰਾਜ਼, 1186 ਸੈਕਟਰ 18 ਸੀ ਚੰਡੀਗੜ੍ਹ-98880-47979

ਸਿੱਖ ਕੌਮ ਦੇ ਸਮੇਂ ਸਮੇਂ ਦਰਪੇਸ਼ ਮਸਲਿਆਂ ਦੀ ਲੰਬੀ ਹੁੰਦੀ ਜਾ ਰਹੀ ਲਿਸਟ ਵਿੱਚੋਂ ਕੌਮ ਦੇ ਮੌਜੂਦਾ ਤੇ ਜੁਗੋ ਜੁਗ ਅਟੱਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ, ਲਿਖਣ ਅਸਥਾਨ, ਮੰਗਲਾਂ ਦਾ ਅਸਥਾਨ, ਸਿੱਖ ਸਤਿਗੁਰੂ ਸਾਹਿਬਾਨ ਅਤੇ ਅਨਯ ਭਗਤਾਂ, ਭੱਟਾਂ, ਸਿੱਖਾਂ ਦੀ ਬਾਣੀ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਕ ਗੁਰੂ ਅਰਜਨ ਦੇਵ ਜੀ ਪਾਸ ਪਹੁੰਚਣਾ ਤਥਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਸ੍ਰੀ ਗੁਰੂ ਗ੍ਰੰਥ ਜੀ ਵਿੱਚ ਚੜ੍ਹਨ ਦਾ ਸਮਾਂ ਤੇ ਅਸਥਾਨ, ਲਗਾਂ ਮਾਤਰਾਂ ਦਾ ਸ਼ੁੱਧ ਉਚਾਰਨ ਤੇ ਅਰਥਾਂ ਦਾ ਮਸਲਾ ਆਦਿ ਭਾਵੇਂ ਇੱਕ ਆਮ ਜਗਿਆਸੂ ਨੂੰ ਓਪਰੀ ਨਜ਼ਰੇ ਆਮ ਜਹੀ ਗੱਲ ਲੱਗੇ, ਪਰ ਇਹ ਮਸਲੇ ਕਿਸੇ ਸਮੇਂ ਵੀ ਨਾਨਕ ਫੁਲਵਾੜੀ ’ਚ ਆਪਣੇ ਸੁਆਰਥੀ ਭੁੱਲੜਾਂ ਤੇ ਬੇਗਾਨੇ ਦੋਖੀਆਂ ਵੱਲੋਂ ਸੇਂਧ ਲਗਾ ਸਕਦੇ ਹਨ।

ਇੱਕ ਰੋਜ਼ਾਨਾ ਪੰਜਾਬੀ ਅਖ਼ਬਾਰ ਮਿਤੀ 8 ਜੁਲਾਈ 2012 (ਐਤਵਾਰ) ਇੱਕ ਪਾਠਕ ਜੀ ਦੇ ਪਤੱਰ ’ਚ ਇਹ ਪੁੱਛ ਕੀਤੀ ਗਈ ਸੀ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ‘ਆਮ ਖਿਆਲ ਅਨੁਸਾਰ ਤਲਵੰਡੀ ਸਾਬੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕੀਤੀ ਗਈ ਯਾਂ ਆਦਿ ਸਿੰਘਾਸਣ ਦਮਦਮਾ (ਚੱਕ ਨਾਨਕੀ) ਸੀ੍ਰ ਅਨੰਦਪੁਰ ਸਾਹਿਬ ਵਿਖੇ।’ ਆਉ ਤਥਾਂ ਦੇ ਆਧਾਰ ’ਤੇ ਵੀਚਾਰ ਕਰੀਏ ਇਸ ਬੇਨਤੀ ਨਾਲ :-

ਮਿਹਰਬਾਨੋ ਦੋਸਤੋ ਸ਼ਿਕਵਾ ਨਾ ਕਰਿਓ ਦਾਸ ਤੇ, ਮੇਰੀ ਜ਼ੁਬਾਂ ਮੇਰਾ ਬਿਆਂ ਬਾਣੀ ਦਾ ਹੀ ਸਤਿਕਾਰ ਹੈ।  (ਹਮਰਾਜ਼ ਬਿਨ ਹਮਰਾਜ਼)

ਸਿੱਖ ਧਰਮ ਵਿੱਚ ਗੁਰਬਾਣੀ ਦੀ ਅਹਿਮੀਅਤ ਇਸੇ ਗੱਲ ਤੋਂ ਸਿੱਧ ਹੋ ਜਾਂਦੀ ਹੈ ਕਿ ਪਹਿਲੇ ਚਾਰ ਗੁਰੂ ਸਾਹਿਬਾਨ ਨੇ ਜਿੱਥੇ ਆਪ ਬਾਣੀ ਉਚਾਰੀ, ਉੱਥੇ ਪਹਿਲੇ, ਦੂਜੇ, ਤੀਜੇ ਅਤੇ ਚੌਥੇ ਸਤਿਗੁਰੂ ਨੇ ਆਪਣੀ ਅਤੇ ਪਹਿਲਾਂ ਹੋ ਚੁੱਕੇ ਸਤਿਗੁਰਾਂ ਅਤੇ ਭਗਤਾਂ ਆਦਿ ਦੀ ਬਾਣੀ ਨੂੰ ਵੀ ਸਾਂਭਿਆ, ਸੰਭਾਲਿਆ ਅਤੇ ਆਦਿ ਗ੍ਰੰਥ ਜੀ ਦੇ ਸੰਪਾਦਕ ਪੰਜਵੇਂ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਜੀ ਤੱਕ ਪਹੁੰਚਾਇਆ। ਪੰਜਵੇਂ ਗੁਰਦੇਵ ਨੇ ਸ਼ਬਦ ਬਾਣੀ ਦੇ ਇਸ ਸੰਗ੍ਰਹਿ ਨੂੰ ‘ਪੋਥੀ ਪਰਮੇਸ਼ਰ ਕਾ ਥਾਨ’ ਦੀ ਉਪਾਧੀ ਬਖ਼ਸ਼ੀ ਅਤੇ ਬਾਅਦ ਵਿੱਚ ਇਸੇ ਗ੍ਰੰਥ ਜੀ ਵਿੱਚ ਨੌਵੇਂ ਪਾਤਸ਼ਾਹ ਦੀ ਬਾਣੀ ਸ਼ਾਮਲ ਹੋਈ ਤੇ ਦਸਮੇਸ਼ ਪਿਤਾ ਨੇ ਇਸ ‘ਪੋਥੀ ਜੀ’ ਨੂੰ ਗੁਰੂ ਥਾਪ ਕੇ ਸਿੱਖ ਪੰਥ ਨੂੰ ਉਸ ਦੀ ਤਾਬਿਆ ਕਰ ਦਿੱਤਾ।

ਕਿੰਨੀ ਹੈਰਾਨੀ ਜਨਕ ਗੱਲ ਹੈ ਕਿ ਸ੍ਰੀ ਗ੍ਰੰਥ ਜੀ ਦੀ ਸੰਪਾਦਨਾ ਤੋਂ ਬਾਅਦ ਕੋਈ ਸੌ ਕੁ ਸਾਲ (1604 ਤੋਂ 1705) ਤੱਕ ਕੋਈ ਹੋਰ ਗ੍ਰੰਥ ਜੀ ਦਾ ਉਤਾਰਾ ਹੀ ਨਹੀਂ ਸੀ। ਉਸ ਸਮੇਂ ਗੁਟਕਿਆਂ ਦੀ ਪ੍ਰਥਾ ਪ੍ਰਚਲਿਤ ਨਹੀਂ ਸੀ। ਸਿੱਖ ਪਾਠ ਕਿੱਥੋਂ ਕਰਦੇ ਸਨ ਜਾਂ ਕਰਦੇ ਹੀ ਨਹੀਂ ਸਨ ? ਫੇਰ ਛੇਵੇਂ ਗੁਰਦੇਵ ਅਤੇ ਦਸਵੇਂ ਗੁਰਦੇਵ ਸਮੇਂ ਸਿੱਖਾਂ ਦੇ ਸ਼ੁੱਧ ਪਾਠ ਕਰਨ ਤੇ ਇਨਾਮ ਮਿਲਣ ਅਤੇ ਅਸ਼ੁੱਧ ਪਾਠ ਕਰਨ ਤੇ ਸਜ਼ਾ (ਭਾਵੇਂ ਪਿਆਰ ਭਰੀ ਹੀ ਸੀ) ਮਿਲਣ ਦੀਆਂ ਸਾਖੀਆਂ ਪ੍ਰਚਲਿਤ ਹਨ।

ਸ੍ਰੀ ਗ੍ਰੰਥ ਜੀ ਦੀ ਸੰਪਾਦਨਾ ਉਪਰੰਤ ਜੇ ਕਰ ਭਾਈ ਬੰਨੋ ਜਿਲਦ ਬਣਵਾਉਣ ਗਿਆ, ਗੁਰੂ ਆਗਿਆ ਦੇ ਉਲਟ ਜਾ ਕੇ ਸ੍ਰੀ ਗ੍ਰੰਥ ਜੀ ਦਾ ਉਤਾਰਾ ਕਰ/ਕਰਵਾ ਲੈਂਦਾ ਹੈ ਤਾਂ ਕਿੰਝ ਮੰਨ ਲਿਆ ਜਾਵੇ ਕਿ ਅਗਲੇ ਸੌ ਕੁ ਸਾਲਾਂ ’ਚ ਗ੍ਰੰਥ ਜੀ ਦਾ ਕੋਈ ਉਤਾਰਾ ਅਤੇ ਉਤਾਰੇ ਦਾ ਉਤਾਰਾ ਹੀ ਨਹੀਂ ਸੀ। ਕੌਮ ਦੀ ਬਦਕਿਸਮਤੀ ਹੈ ਕਿ ਪਹਿਲਾਂ ਦੀਆਂ ਬੀੜਾਂ ਤਾਂ ਉਪਲਬਧ ਨਹੀਂ ਪਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਵਰੋਸਾਏ ਗੁਰੂ ਅਸਥਾਨ ਸ੍ਰੀ ਦਮਦਮਾ ਸਾਹਿਬ, ਜਿਸ ਦਾ ਪੁਰਾਣਾ ਨਾਮ ਪੁਰਾਣੀਆਂ ਲਿਖਤਾਂ ਵਿੱਚ ‘ਆਦਿ ਸਿੰਘਾਸਣ ਦਮਦਮਾ ਸਾਚ ਤਖਤ ਅਕਾਲ’ ਲਿਖਿਆ ਮਿਲਦਾ ਹੈ, ਵਿਖੇ ਦਰਬਾਰੀ ਲਿਖਾਰੀਆਂ ਦੀਆਂ ਨਾਵੇਂ ਪਾਤਸ਼ਾਹ ਦੇ ਸਮੇਂ ਆਰੰਭ ਕੀਤੀਆਂ ਸ੍ਰੀ ਗ੍ਰੰਥ ਜੀ ਦੀਆਂ ਬੀੜਾਂ ਵਿੱਚ ਨਾਵੇਂ ਪਾਤਸ਼ਾਹ ਦੀ ਸਾਰੀ ਬਾਣੀ ਸ਼ਾਮਲ ਕਰ ਕੇ ਬੀੜਾਂ ਸੰਪੂਰਨ ਕੀਤੀਆਂ ਗਈਆਂ। ਉਦਾਹਰਣ ਵਜੋਂ:

(1). ਢਾਕੇ ਵਾਲੀ ਬੀੜ – ਸੰਮਤ 1732 ਮਿਤੀ ਅਗਹਨ (ਹਿੰਦੀ ਕੋਸ਼ ਅਨੁਸਾਰ ਮੱਘਰ) 2 ਵਦੀ 7 ਗ੍ਰੰਥ ਲਿਖਿਆ। ਨੌਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ 13 ਦਿਨ ਪਹਿਲਾਂ ਅਨੰਦਪੁਰ ਦਮਦਮਾ ਸਾਹਿਬ ਸੰਪੂਰਨ ਹੋਈ।

(2). ਪਿੰਡੀ ਲਾਲਾ (ਗੁਜਰਾਤ) ਵਾਲੀ ਬੀੜ – ਸੂਚੀ ਪੱਤ੍ਰ ਪੋਥੀ ਕਾ ਤਤਕਰਾ ਰਾਗਾਂ ਕਾ ਸੰਮਤ 1732, ਪੋਹ ਤੇਵੀਵੇਂ ਪੋਥੀ ਲਿਖ ਪਹੁੰਚੇ।

(3). ਸੰਮਤ 1735, ਵੈਸਾਖ 13, ਪੋਥੀ ਲਿਖ ਪਹੁੰਚੇ।

ਇਤਿਹਾਸਕਾਰਾਂ ਅਨੁਸਾਰ ਭਾਈ ਹਰਦਾਸ ਜੀ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਧ ਹੁਸ਼ਿਆਰ, ਸਿਆਣੇ, ਨਿਮਰ ਤੇ ਅਨਿੰਨ ਸਿੱਖ ਲਿਖਾਰੀ ਸਨ। ਆਪ ਜੀ ਦੁਆਰਾ ਤਿਆਰ ਕੀਤੀ ਬੀੜ ਜੀ, ਜੋ ਹਰ ਹਾਲਤ ਸੰਮਤ 1732 ਤੋਂ ਬਾਅਦ ਅਤੇ ਦਸਮੇਸ਼ ਜੀ ਦੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸੰਪੂਰਨ ਹੋਈ ਕਿਉਂਕਿ ਇਸ ਵਿੱਚ ਕੇਵਲ ਨੌਵੇਂ ਸਤਿਗਰੂ ਜੀ ਦੇ ਜੋਤੀ ਜੋਤ ਸਮਾਵਣ ਦੇ ਚਰਿਤਰ ਹਨ। ਇਸ ਬੀੜ ਜੀ ਵਿੱਚ ਅੰਕ ਪੰਨਿਆਂ ਵਿੱਚ ਨਹੀਂ, ਪਤਰਿਆਂ ਵਿੱਚ ਹਨ। ਮੰਗਲਾਚਰਨ ਸਪਸ਼ਟ ਉੱਪਰ ਜਾਂ ਪਹਿਲਾਂ ਹਨ ਅਤੇ ਰਾਗਾਂ ਦੇ ਸਿਰਲੇਖ ਹੇਠਾਂ ਵਿਦਮਾਨ ਹਨ। ਸ੍ਰੀ ਸੁਖਮਨੀ ਸਾਹਿਬ ਦੇ ਮੰਗਲ ਤੇ ਸਿਰਲੇਖ ਦੀ ਸ਼ੁੱਧ ਤਰਤੀਬ ਇਉਂ ਅੰਕਿਤ ਹੈ:-

ੴ ਸਤਿ ਗੁਰ ਪ੍ਰਸਾਦਿ ਗਉੜੀ ਸੁਖਮਨੀ ਮਹਲਾ ੫ ਸਲੋਕ ਆਦਿ ਗੁਰਏ ਨਮਹ ॥ ਜੁਗਾਦਿ ਗੁਰਏ ਨਮਹ ॥

ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਬਕਾਇਦਾ ਅੰਕਤ ਹੈ। ਇਸ ਬੀੜ ਦੇ ਤਤਕਰੇ ਦੇ ਆਰੰਭ ਵਿੱਚ ਖੱਬੇ ਪਾਸੇ ਨੌਵੇਂ ਪਾਤਸ਼ਾਹ ਦਾ ਮੂਲ-ਮੰਤਰ ਚਸਪਾਂ (ਛਪਿਆ) ਹੈ। ਇਸੇ ਤਰ੍ਹਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਸ੍ਰੀ ਅੰਮ੍ਰਿਤਸਰ (ਜੋ ਆਪਣੇ ਤੇ ਬੇਗਾਨਿਆਂ ਨੇ ਫੂਕ ਕੇ ਸੁਆਹ ਕਰ ਦਿੱਤੀ ‘ਇੱਕ ਚਾਕ ਹੋ ਤੋ ਸੀ ਲੂੰ ਹਮਦਮ ਗ੍ਰੇਬਾਂ ਅਪਨਾ, ਜ਼ਾਲਮ ਨੇ ਫਾੜ ਡਾਲਾ ਇਸੇ ਤਾਰ ਤਾਰ ਕਰਕੇ’) ਦੇ ਨੰਬਰ 97 ’ਤੇ ਦਰਜ ਸੰਮਤ 1739 ਵਾਲੀ ਬੀੜ ਜੀ ਅਤੇ ਨੰਬਰ 14 ’ਤੇ ਦਰਜ ਸੰਮਤ 1742 ਵਾਲੀ ਬੀੜ ਜੀ ਅਤੇ 1748 ਵਾਲੀ ਬੀੜ ਜੀ, ਭਾਈ ਪਾਖਰ ਮਲ ਢਿੱਲੋਂ ਵਾਸੀ ਖਾਰਾ ਚੰਬਲ ਪੋਤ੍ਰਾਂ ਭਾਈ ਲੰਗਾਹ ਲਿਖਤ ਸੰਮਤ 1745 ਵਾਲੀ ਬੀੜ ਜੀ, ਇਸੇ ਤਰ੍ਹਾਂ ਸੰਮਤ 1735, 1746, 1759 ਦੀਆਂ ਅਤੇ ਧਰਮਕੋਟ, ਪਟਨਾ ਸਾਹਿਬ, ਸ੍ਰੀ ਅੰਮ੍ਰਿਤਸਰ, ਕਾਨਪੁਰ, ਕਾਹਨਗੜ ਆਦਿ ਸੁਸ਼ੋਭਿਤ ਅਨੇਕਾਂ ਸਤਿਕਾਰਤ ਬੀੜਾਂ ਇਸ ਗੱਲ ਦਾ ਅਕੱਟ ਸਬੂਤ ਹਨ ਕਿ ਗੁਰੂ ਤੇਗ ਬਹਾਦਰ ਜੀ ਸਮੇਂ ਅਤੇ ਖ਼ਾਸ ਕਰ ਦਸਵੇਂ ਗੁਰਦੇਵ ਜੀ ਸਮੇਂ ਬਹੁਤ ਸਾਰੀਆਂ ਬੀੜਾਂ ਦੇ ਉਤਾਰੇ ਹੋ ਚੁੱਕੇ ਸਨ।

ਉਪਰੋਕਤ ਲਿਖੇ ਅਨੁਸਾਰ ਇਹ ਸਾਬਤ ਹੁੰਦਾ ਹੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ 1705 ’ਚ ਤਲਵੰਡੀ ਸਾਬੋ ਪਹੁੰਚਣ ਤੋਂ ਪਹਿਲਾਂ ਬਹੁਤ ਸਤਿਕਾਰਤ ਬੀੜਾਂ ਦੇ ਉਤਾਰੇ ਹੋ ਚੁੱਕੇ ਸਨ। ਇਹ ਤਾਂ ਹੈ ਤਸਵੀਰ ਦਾ ਇੱਕ ਪਹਿਲੂ। ਤਸਵੀਰ ਦਾ ਦੂਜਾ ਰੁਖ ਹੈ ਵੀਹਵੀਂ ਸਦੀ ਦੇ ਸ਼ੁਰੂ ’ਚ ਪ੍ਰਚਲਿਤ ਹੋਈ ਸਾਖੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਮਤ 1762 ਨੂੰ ਤਲਵੰਡੀ ਸਾਬੋ ਵਾਲੇ ਦਮਦਮਾ ਸਾਹਿਬ ਵਿਖੇ ਰਸਨਾ (ਯਾਦਸ਼ਕਤੀ) ਰਾਹੀਂ ਭਾਈ ਮਨੀ ਸਿੰਘ ਜੀ ਪਾਸੋਂ ਲਿਖਵਾ ਕੇ ਬੀੜ ਤਿਆਰ ਕਰਵਾਈ, ਜਿਸ ਨੂੰ ਬਾਅਦ ਵਿੱਚ ਦਮਦਮੀ ਬੀੜ ਦਾ ਨਾਮ ਦਿੱਤਾ ਗਿਆ। ਆਉ ਜੀ ਕੁਝ ਤੱਥ ਪਾਠਕ ਜੀ ਦੀ ਨਜ਼ਰ ’ਚ ਹਨ, ਪਰਖ ਪੜਚੋਲ ਸੁਯੋਗ ਪਾਠਕ ਜੀ ਦੇ ਕਰਨ ਹਿਤ :

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬ ਕਲਾ ਸਮਰੱਥ ਸਨ, ਜੋ ਅਨੇਕਾਂ ਗ੍ਰੰਥ ਰਸਨਾ ਤੋਂ ਰਚ ਸਕਦੇ ਸਨ। ਗੁਰਦੇਵ ਜੀ ਦੀਆਂ ਸ਼ਕਤੀਆਂ ਤੇ ਕਿੰਤੂ ਕਰਨਾ ਇਸ ਕੀਟ ਦੀ ਢੀਠਤਾ ਭਰਪੂਰ ਅਵੱਗਿਆ ਹੋਵੇਗੀ, ਪਰ ਜੋ ਸੁਣੀ ਸੁਣਾਈ ਸਾਖੀ ਪ੍ਰਚਲਿਤ ਹੋਈ ਉਸ ਦੀ ਹੀ ਗੱਲ ਕਰਾਂਗਾ। ਸਭ ਤੋਂ ਪਹਿਲਾਂ ਗਿਆਨੀ ਗਿਆਨ ਸਿੰਘ ਅਤੇ ਉਸ ਉਪਰੰਤ ਉਹਨਾਂ ਦੀ ਲਿਖਤ ਦੇ ਆਧਾਰ ’ਤੇ ਕੁਝ ਲਿਖਾਰੀਆਂ ਨੇ ਇਹ ਸਾਖੀ ਮਸ਼ਹੂਰ ਕਰ ਦਿੱਤੀ ਕਿ ਦਸਮੇਸ਼ ਜੀ ਨੇ ਸੰਮਤ 1762 (ਸੰਨ 1705 ਈ.) ਨੂੰ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਬਠਿੰਡਾ ਵਿਖੇ ਆਦਿ ਬੀੜ ਆਪਣੇ ਅਨੁਭਵ ਰਾਹੀਂ ਉਚਾਰ ਕੇ, ਭਾਈ ਮਨੀ ਸਿੰਘ ਤੋਂ ਲਿਖਵਾ ਕੇ ਤੇ ਨਾਵੇਂ ਗੁਰੂ ਜੀ ਦੀ ਬਾਣੀ ਪਹਿਲੀ ਵਾਰ ਇਸ ਵਿੱਚ ਚਾੜ੍ਹ ਕੇ, ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਸੰਪਾਦਤ ਗ੍ਰੰਥ ਜੀ ਨੂੰ ਸੰਪੂਰਨ ਕੀਤਾ। ਇਸ ਸਾਰੀ ਘਟਨਾ ਨੂੰ ਗਿਆਨੀ ਜੀ ‘ਪੰਥ ਪ੍ਰਕਾਸ਼’ ਅਤੇ ‘ਤਵਾਰੀਖ ਗੁਰੂ ਖਾਲਸਾ’ ਵਿੱਚ ਇਉਂ ਅੰਕਿਤ ਕਰਦੇ ਹਨ। (ਉੱਥੇ ਕਵਿਤਾ ਹੈ ਵਾਰਤਕ ਪਾਠਕਾਂ ਦੀ ਸੁਵਿਧਾ ਲਈ ਲੇਖਕ ਵੱਲੋਂ ਹੈ) :-

(ਦੋਹਰਾ) ਆਨੰਦਪੁਰ ਵਿਖੇ ਇੱਕ ਵੇਰ ਗੁਰਦੇਵ (ਦਸਮੇਸ਼ ਜੀ) ਨੂੰ ਖ਼ਿਆਲ ਆਇਆ ਕਿ ਜੋ ਪੰਚਮ ਗੁਰੂ ਦੇ ਹੱਥਾਂ ਦਾ ਗ੍ਰੰਥ ਹੈ ਉਸ ਦੇ ਅਨੰਦਪੁਰ ਮੰਗਵਾ ਕਿ ਦਰਸ਼ਨ ਕਰੀਏ ਅਤੇ ਨਾਲ ਹੀ ਉਸ ਦਾ ਉਤਾਰਾ ਕਰਵਾ ਕੇ ਰਖਵਾ ਲਈਏ। ਇਸ ਵੀਚਾਰ ਅਧੀਨ ਗੁਰੂ ਜੀ ਨੇ ਸਿੱਖ ਕਰਤਾਰ ਪੁਰ ਧੀਰਮਲ ਪਾਸ ਭੇਜੇ। ਸਿੱਖਾਂ ਨੇ ਬਹੁਤ ਅਰਜ਼ ਕੀਤੀ ਪਰ ਧੀਰਮਲ ਨੇ ਬਹੁਤ ਬੇਪਰਵਾਹ ਹੋ ਕੇ, ਤਾੜ ਕੇ ਤੇ ਦਬਾਅ ਕੇ ਇੰਜ ਕਿਹਾ :

(ਚੋਪਈ) ਆਪਣੇ ਆਪ ਨੂੰ ਗੁਰੂ ਸਦਵਾਉਂਦਾ ਹੈ, ਪੰਥ ਚਲਾ ਰਿਹਾ ਹੈ, ਗ੍ਰੰਥ ਕਿਉਂ ਨਹੀਂ ਰਚ ਲੈਂਦਾ ਜੇ ਨਵਾਂ ਗ੍ਰੰਥ ਬਣਾ ਲਵੇ ਤਾਂ ਉਸ ਨੂੰ ਗੁਰੂ ਜਾਣੀਏ। ਪੰਚਮ ਗੁਰੂ ਦੀ ਤਰ੍ਹਾਂ ਬਾਣੀ ਉਚਾਰਨ ਕਰਨ, ਆਦਿ ਆਦਿ। ਸੋ ਧੀਰਮਲ ਨੇ ਗ੍ਰੰਥ ਨਾ ਦਿੱਤਾ। ਸਿੱਖਾਂ ਨੇ ਇਹ ਬ੍ਰਿਤਾਂਤ ਗੁਰਦੇਵ ਨੂੰ ਆ ਸੁਣਾਇਆ। ਇਸ ਉਪਰੰਤ ਗੁਰਦੇਵ ਨੂੰ ਅਵਕਾਸ਼ (ਵਿਹਲ) ਨਾ ਮਿਲਿਆ, ਬਹੁਤ ਬਖੇਰੇ ਰਹੇ। ਹੁਣ (ਤਲਵੰਡੀ ਸਾਬੋ ਆ) ਅਵਕਾਸ਼ ਮਿਲਿਆ। ਸੋ ਗ੍ਰੰਥ ਰਚਨ ਦੀ ਤਿਆਰੀ ਠਾਨੀ। ਤੰਬੂ ’ਚ ਬੈਠ ਭਾਈ ਮਨੀ ਸਿੰਘ ਪਾਸੋਂ ਲਿਖਾਣ ਲੱਗੇ। ਸਤਿਗੁਰ (੩ ਦੋ ਪਹਿਰ/ ੩ਇੱਕ ਪਹਿਰ) ਉਚਾਰਦੇ ਗਏ ਭਾਈ ਮਨੀ ਸਿੰਘ ਲਿਖਦੇ ਗਏ। ਏਥੋਂ ਹੀ ਇਹ ਬੀੜ ਦਮਦਮੀ ਬੀੜ ਅਖਵਾਉਣ ਲੱਗ ਪਈ। ਲਿਖਾਰੀਆਂ ਦੀਆਂ ਉਕਾਈਆਂ ਨਾਲ ਤਾਂ ਭਾਵੇਂ ਕੁਝ ਅੱਖਰਾਂ ਦਾ ਫ਼ਰਕ ਪੈ ਗਿਆ ਹੋਵੇ ਉਂਝ ਵਾਸਤਵ ਵਿੱਚ ਕੋਈ ਫ਼ਰਕ ਨਹੀਂ ਹੈ। ਇਹ ਗ੍ਰੰਥ ਦੀ ਕਥਾ ਮੈਂ ਕਹਿ ਰਿਹਾ ਹਾਂ ਜਿਵੇਂ ਸੁਣੀ ਸੁਣਾਈ ਹੈ।

ਉਪ੍ਰੋਕਤ ਪੰਥ ਪ੍ਰਕਾਸ਼ ਤੇ ਤਵਾਰੀਖ ਗੁਰੂ ਖਾਲਸਾ ਦੀਆ ਲਿਖਤਾਂ ’ਚੋਂ ਨੋਟ ਕਰਨ ਵਾਲੇ ਵਿਸ਼ੇਸ਼ ਨੁਕਤੇ ਕੁਝ ਇਸ ਤਰ੍ਹਾਂ ਹਨ:

(1). ਗੁਰੂ ਜੀ ਨੇ ਅਨੰਦਪੁਰ ਤੋਂ ‘ਆਦਿ ਬੀੜ’ ਦੀ ਮੰਗ ਭੇਜੀ ਤਾਂ ਜੋ ਉਸ ਉਤੋਂ ਹੋਰ ਉਤਾਰੇ ਕਰਵਾ ਲਏ ਜਾਣ; ਪ੍ਰੰਤੂ ਧੀਰਮਲ ਨੇ ਨਾਹ ਕਰਦਿਆਂ ਹੋਇਆਂ ਤਾਅਨਾ ਮਾਰਿਆ ਕਿ ਜਿਵੇਂ ਨਵਾਂ ਪੰਥ ਚਲਾਇਆ ਹੈ, ਤਿਵੇਂ ਨਵਾਂ ਗ੍ਰੰਥ ਵੀ ਰਚ ਲਵੋ। ਪਰ ਸ਼ਰਤ ਇਹ ਹੈ ਕਿ ਰਚੀ ਬਾਣੀ ਪਹਿਲੀ ਬਾਣੀ ਤੋਂ ਕਿਸੇ ਤਰ੍ਹਾਂ ਵੀ ਭਿੰਨ ਨਾ ਹੋਵੇ।

(2). ਇਹ 30 ਕੁ ਸਾਲ ਤੋਂ ਪੁਰਾਣਾ ਪਿਆ ਕੰਮ ਕਰਨ ਦਾ ਵਿਹਲ ਸਤਿਗੁਰਾਂ ਨੂੰ ਪਹਿਲੀ ਵੇਰ ਦਮਦਮਾ ਸਾਹਿਬ ਤਲਵੰਡੀ ਸਾਬੋ ਹੀ ਪ੍ਰਾਪਤ ਹੋਇਆ।

(3). ਗਿਆਨੀ ਜੀ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ ਕਿ ਸਤਿਗੁਰੂ ਤੰਬੂ ਵਿਚੋਂ ਰੋਜ਼ ਦੋ ਪਹਿਰ ਬਾਣੀ ਉਚਾਰਦੇ ਤੇ ਭਾਈ ਮਨੀ ਸਿੰਘ ਲਿਖੀ ਜਾਂਦੇ ਅਤੇ ਇਹ ਛੇਤੀ ਹੀ ਕਈ ਮਹੀਨਿਆਂ ਵਿੱਚ ਪੂਰਾ ਕੀਤਾ ਗਿਆ, ਪਰ ਤਵਾਰੀਖ ਗੁਰੁ ਖਾਲਸਾ ਵਿੱਚ ਲਿਖਦੇ ਹਨ ਕਿ ਗੁਰੂ ਜੀ ਇੱਕ ਪਹਿਰ ਨਿਤਾ ਪ੍ਰਤਿ ਬਾਣੀ ਉਚਾਰਦੇ ਤੇ ਲਿਖਵਾਉਂਦੇ।

(4). ਪੰਚਮ ਪਾਤਸ਼ਾਹ ਵਾਲੀ ਬੀੜ ਨਾਲੋਂ ਕੇਵਲ ਪੰਜਾਂ ਸੱਤਾਂ ਥਾਵਾਂ ਉੱਤੇ ਫਰਕ ਪਾਇਆ ਹੈ।

(5). ਗਿਆਨੀ ਜੀ ਅਨੁਸਾਰ ਗੁਰੂ ਜੀ ਨੇ ਨਵੀਂ ਬੀੜ ਤਾਂ ਰਚੀ; ਇਹ ਕਿਤੇ ਇਸ਼ਾਰੇ ਮਾਤਰ ਵੀ ਅੰਕਤ ਨਹੀਂ ਕੀਤਾ ਕਿ ਨੌਵੇਂ ਪਾਤਸ਼ਾਹ ਦੀ ਬਾਣੀ ਇਸ ਵਿੱਚ ਪਹਿਲੀ ਵੇਰ ਸ਼ਾਮਲ ਕਰ ਕੇ ਇਸ (ਬੀੜ ਜੀ) ਨੂੰ ਇੱਥੇ ਸੰਪੂਰਨ ਕੀਤਾ।

(6). ਗਿਆਨੀ ਜੀ ਨੇ ਇਹ ਸਾਖੀ ਜਿਵੇਂ ਸੁਣੀ ਸੁਣਾਈ ਸੀ, ਤਿਵੇਂ ਲਿਖ ਦਿਤੀ।

ਗਿਆਨੀ ਜੀ ਦੀ ਲਿਖਤ ਅਨੁਸਾਰ ਸਤਿਗੁਰਾਂ ਨੇ ਧੀਰਮਲ ਦੇ ਤਾਅਨੇ ਦਾ ਉੱਤਰ 30 ਕੁ ਸਾਲ ਬਾਅਦ ਦਿੱਤਾ। (ਧੀਰਮਲ ਅੋਰੰਗਜ਼ੇਬ ਦੇ ਹੁਕਮ ਨਾਲ ਸੰਮਤ 1733 ਨੂੰ ਫੜਿਆ ਅਤੇ ਰਣਥੰਭੋਰ ਦੇ ਕਿੱਲੇ ਵਿੱਚ 1734 ਨੂੰ ਕਤਲ ਕੀਤਾ ਜਾ ਚੁੱਕਾ ਸੀ ਤੇ ਉਸ ਦਾ ਪੁੱਤਰ ਉਸੇ ਕਿੱਲੇ ’ਚ 1735 ਨੂੰ ਕਤਲ ਕੀਤਾ ਗਿਆ ਸੀ) ਗੁਰੂ ਜੀ ਨੂੰ ਐਸੀ ਵਿਹਲ ਕੇਵਲ ਤਲਵੰਡੀ ਸਾਬੋ ਹੀ ਮਿਲੀ। ਜਦ ਕਿ ਗੁਰਦੇਵ ਸਾਲ-ਹਾ-ਸਾਲ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਪਾਉਂਟਾ ਸਾਹਿਬ ਜਿਹੇ ਰਮਣੀਕ ਤੇ ਇਕਾਂਤ ਥਾਵਾਂ ’ਤੇ ਵਿਚਰੇ, ਕੀ ਇਸ ਸਮੇਂ ਨੌਵੇਂ ਸਤਿਗੁਰਾਂ ਦੀ ਬਾਣੀ ਦੇ 59 ਸ਼ਬਦ ਤੇ 57 ਸਲੋਕ ਬੀੜ ਜੀ ਵਿੱਚ ਚੜ੍ਹਾਉਣ ਦਾ ਅਵਕਾਸ਼ ਨਹੀਂ ਸੀ ਮਿਲਿਆ ?

ਧੀਰਮਲ ਤਾਅਨੇ ਵਿੱਚ ਇਹ ਵੀ ਆਖਦਾ ਹੈ ਕਿ ਜਿਵੇਂ ਨਵਾਂ ਪੰਥ ਰਚਿਆ ਹੈ ਤਿਵੇਂ ਨਵਾਂ ਗ੍ਰੰਥ ਵੀ ਰਚ ਲਵੋ। ਪੰਥ ਤਾਂ ਸੰਮਤ 1756 ਨੂੰ ਸਾਜਿਆ ਪਰ ਤਾਅਨਾ ਮਿਲਿਆ 1732-33 ਵਿੱਚ। ਤਾਹਨਾ ਪਹਿਲਾਂ ਤੇ ਪੰਥ ਸਾਜਣਾ ਬਾਅਦ ਵਿੱਚ, ਕਿੰਨੇ ਅੰਤਰਜਾਮੀ ਸਨ ਧੀਰਮਲ ?

ਇੱਕ ਜਗਾ ਗਿਆਨੀ ਜੀ ਲਿਖਦੇ ਹਨ, ਗੁਰੂ ਜੀ ਦੋ ਪਹਿਰ ਬਾਣੀ ਉਚਾਰਦੇ ਸਨ ਤੇ ਦੂਜੀ ਜਗਾ ਇੱਕ ਪਹਿਰ ਲਿਖਦੇ ਹਨ। ਲਿਖਾਰੀ ਦੀ ਯਾਦਾਸ਼ਤ ਦੇ ਵਾਰੀ ਵਾਰੀ ਜਾਈਏ।

ਅੰਤ ਵਿੱਚ ਗਿਆਨੀ ਜੀ ਆਪ ਹੀ ਮੰਨਦੇ ਹਨ ਕਿ ਉਹਨਾਂ ਨੇ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਬੀੜ ਰਚਨਾ ਦੀ ਗੱਲ ਜਿਵੇਂ ਸੁਣੀ ਸੁਣਾਈ ਸੀ ਤਿਵੇਂ ਲਿਖ ਦਿੱਤੀ ਹੈ। ਇਸ ਦੇ ਦਰੁਸਤ ਹੋਣ ਦਾ ਦਾਅਵਾ ਉਹ ਆਪ ਵੀ ਨਹੀਂ ਭਰਦੇ। ਨਾ ਹੀ ਕਿਸੇ ਪਹਿਲੇ ਇਤਿਹਸਕਾਰ ਦਾ ਹਵਾਲਾ ਦਿੰਦੇ ਹਨ।

ਗਿਆਨੀ ਜੀ ਪੰਥ ਪ੍ਰਕਾਸ਼ ਤੇ ਤਵਾਰੀਖ ਗੁਰੂ ਖਾਲਸਾ ’ਚ ਕਿਤੇ ਵੀ ਇਹ ਜ਼ਿਕਰ ਨਹੀਂ ਕਰਦੇ ਕਿ ਨੌਵੇਂ ਪਾਤਸ਼ਾਹ ਦੀ ਬਾਣੀ ਪਹਿਲੀ ਵਾਰ ਇੱਥੇ ਚੜ੍ਹਾ ਕੇ ਸ੍ਰੀ ਗੁਰੂ ਗ੍ਰੰਥ ਜੀ ਦੀ ਇੱਥੇ (ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ) ਸੰਪੂਰਨਤਾ ਕੀਤੀ। ਉਹਨਾਂ ਅਨੁਸਾਰ ਤਾ ਦਸਮੇਸ਼ ਜੀ ਪੰਚਮ ਗੁਰਦੇਵ ਸੰਪਾਦਤ ਬੀੜ ਦੇ ਦਰਸ਼ਨ ਕਰਨਾ ਚਾਹੁੰਦੇ ਸਨ, ਨਾ ਕਿ ਉਹਨਾਂ ਨੂੰ ਕੋਈ ਹੋਰ ਬੀੜ ਨਹੀਂ ਸੀ ਮਿਲ ਸਕੀ। ਗੁਰਦੇਵ ਦੇ ਗੱਦੀ ਸੰਭਾਲਣ ਸੰਮਤ 1732 ਤੱਕ ਤਾਂ ਸੈਂਕੜੇ ਬੀੜਾਂ, ਸ਼ਰਧਾਲੂ ਸਿੱਖਾਂ ਅਤੇ ਕਿੱਤਾਕਾਰ ਲਿਖਾਰੀਆਂ ਵੱਲੋਂ ਲਿਖੀਆਂ ਜਾ ਚੁੱਕੀਆਂ ਸਨ।

ਗਿਆਨੀ ਗਿਆਨ ਸਿੰਘ ਜੀ ਦੀ ਉਪ੍ਰੋਕਤ ਲਿਖਤ ਤੋਂ ਢੇਰ ਚਿਰ ਬਾਅਦ ਸੰਤ ਪ੍ਰੇਮ ਸਿੰਘ ‘ਸੰਤ ਰੇਣ’ ਵੱਲੋਂ ਲਿਖੇ ਤੇ ਛਾਪੇ ਗਏ ਗ੍ਰੰਥ ‘ਸ੍ਰੀ ਗੁਰੁ ਪੁਰ ਪ੍ਰਕਾਸ਼’ ਵਿੱਚ ਗੁਰੂ ਜੀ ਦੇ ਧੀਰਮਲ ਤੋਂ ਆਦਿ ਬੀੜ ਮੰਗਣ ਦੀ ਵਾਰਤਾ ਨੂੰ ਦਮਦਮਾ ਸਾਹਿਬ ਤਲਵੰਡੀ ਸਾਬੋ ਨਾਲ ਜੋੜਿਆ ਹੈ, ਪਰ ਇਸੇ ਵਾਰਤਾ ਨੂੰ ਗਿਆਨੀ ਗਿਆਨ ਸਿੰਘ ਸ੍ਰੀ ਅਨੰਦਪੁਰ ਸਾਹਿਬ ਨਾਲ ਜੋੜਦਾ ਹੈ। ਇਸ ਗ੍ਰੰਥ ਅਨੁਸਾਰ ਭਾਈ ਰਾਮ ਸਿੰਘ ਦੀ ਅਗਵਾਈ ਹੇਠ ਪੰਜ ਸਿੰਘ (ਪਿੱਛੇ ਜਿਹੇ ਇੱਕ ਅਤਿ ਸਤਿਕਾਰਤ ਲਿਖਾਰੀ ਜੀ ਨੇ ਇਹ ਗਿਣਤੀ ਇੱਕ ਸੌ ਲਿਖੀ ਹੈ। ਜੇਕਰ ਪੰਥਕ ਆਗਿਆ ਹੋਵੇ ਤਾਂ ਮੈਂ ਵੱਡੀ ਗੱਪ ਮਾਰਾਂ ਤੇ ਇਹ ਗਿਣਤੀ 500 ਜਾਂ 1000 ਸਿੰਘ ਲਿਖ ਦਿਆਂ) ਧੀਰਮਲ ਨੂੰ ਕਰਤਾਰਪੁਰ ਜਾ ਕੇ ਮਿਲੇ, ਹਾਲਾਂ ਕਿ ਧੀਰਮਲ ਨੂੰ ਰਣਥੰਭੋਰ ਦੇ ਕਿੱਲੇ ’ਚ ਕਤਲ ਹੋਇਆਂ 29 ਕੁ ਸਾਲ ਹੋ ਚੁੱਕੇ ਸਨ। ਹੈਰਾਨੀ ਦੀ ਗੱਲ ਹੈ ਕਿ ਮੋਹਰੀ ਸਿੰਘ ਦਾ ਨਾਮ ਭਾਈ ਰਾਮ ਸਿੰਘ ਵੀ ਲਿਖ ਦਿੱਤਾ। ਸਭ ਤੋਂ ਉੱਤੇ ਬਗੈਰ ਕਿਸੇ ਹਵਾਲੇ ਦੇ ਸੰਤ ਰੇਣ ਜੀ ਨੇ ਗਿਆਨੀ ਜੀ ਤੋਂ ਇੱਕ ਕਦਮ ਹੋਰ ਅੱਗੇ ਪੁਟਿਆ ਤੇ ਲਿਖ ਦਿੱਤਾ ਕਿ ਦਸਮੇਸ਼ ਜੀ ਨੇ ਦਮਦਮਾ ਸਾਹਿਬ ਤਲਵੰਡੀ ਸਾਬੋ ਪਹਿਲੀ ਵਾਰ ਨੌਵੇਂ ਪਾਤਸ਼ਾਹ ਦੀ ਬਾਣੀ ਆਦਿ ਬੀੜ ਜੀ ਵਿੱਚ ਚਾੜ੍ਹੀ। ਜੋ ਮਨੋਕਲਪਨਾਤਮਿਕ ਉਡਾਰੀ ਦੀ ਕਸਰ ਗਿਆਨੀ ਗਿਆਨ ਸਿੰਘ ਜੀ ਤੋਂ ਰਹਿ ਗਈ ਸੀ ਉਹ ਸੰਤ ਪ੍ਰੇਮ ਸਿੰਘ ਸੰਤ ਰੇਣ ਜੀ ਨੇ ਪੂਰੀ ਕਰ ਦਿੱਤੀ।

ਗਿਆਨੀ ਫੌਜਾ ਸਿੰਘ ਸਾਬਕਾ ਮੁੱਖ ਸੇਵਾਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ: ਰਣਧੀਰ ਸਿੰਘ ਅਤੇ ਸ: ਸਮਸ਼ੇਰ ਸਿੰਘ ਅਸ਼ੋਕ ਦੋਵੇਂ ਸਾਬਕਾ ਰੀਸਰਚ ਸਕਾਲਰ ਸ਼੍ਰੋਮਣੀ ਕਮੇਟੀ ਸ੍ਰੀ ਅੰਮ੍ਰਿਤਸਰ, ਪ੍ਰਿੰਸੀਪਲ ਗਿਆਨੀ ਗਰਜਾ ਸਿੰਘ, ਪ੍ਰਿੰਸੀਪਲ ਤੇਜਾ ਸਿੰਘ, ਡਾਕਟਰ ਗੰਡਾ ਸਿੰਘ, ਭਾਈ ਸਾਹਿਬ ਪ੍ਰਿੰਸੀਪਲ ਹਰਿਭਜਨ ਸਿੰਘ, ਪ੍ਰੋ. ਪਿਆਰਾ ਸਿੰਘ ਪਦਮ, ਸ: ਜਸਵਿੰਦਰ ਸਿੰਘ ਐਮ. ਏ. ਦਿਲੀ, ਸ. ਜੀ. ਬੀ. ਸਿੰਘ, ਗਿਆਨੀ ਹਰਿਭਜਨ ਸਿੰਘ ਲੁਧਿਆਣਾ, ਪ੍ਰੋ. ਹਰਿਭਜਨ ਸਿੰਘ ਇੰਗਲੈਂਡ, ਪ੍ਰੋ. ਅਨੂਪ ਸਿੰਘ ਸਾਬਕਾ ਇੰਚਾਰਜ ਧਰਮ ਪ੍ਰਚਾਰ ਚੀਫ ਖਾਲਸਾ ਦੀਵਾਨ, ਗਿਆਨੀ ਭਗਤ ਸਿੰਘ ਸਾਬਕਾ ਮੈਨੇਜਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਗਿਆਨੀ ਕੇਵਲ ਸਿੰਘ ਸਾਬਕਾ ਮੁੱਖ ਸੇਵਾਦਾਰ ਤਖਤ ਸ੍ਰੀ ਦਮਦਮਾ ਸਾਹਿਬ, ਗਿਆਨੀ ਜਗਤਾਰ ਸਿੰਘ ‘ਜਾਚਕ’ ਇੰਟਰਨੈਸ਼ਨਲ ਮਿਸ਼ਨਰੀ ਆਦਿ ਸਭ ਵਿਦਵਾਨ ਇੱਕ ਰਾਇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1732 ਤੋਂ ਬਾਅਦ ਆਦਿ ਸਿੰਘਾਸਣ ਦਮਦਮਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੀੜਾਂ ਤਿਆਰ ਕਰਵਾਈਆਂ ਅਤੇ ਨੌਵੇਂ ਪਾਤਸ਼ਾਹ ਦੀ ਬਾਣੀ ਚੜ੍ਹਵਾ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਕੀਤੀ। ਹਾਂ ਬਾਅਦ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵੀ ਮਹਾਨ ਅਸਥਾਨ ਬਣਿਆ ਤੇ ਅਨੇਕਾਂ ਸਤਿਕਾਰਤ ਬੀੜਾਂ ਦੇ ਉਤਾਰੇ ਅਤੇ ਉਤਾਰੇ ਦੇ ਉਤਾਰੇ ਹੋਏ।

ਅੰਤ ਵਿੱਚ ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ‘ਅਜਨੋਹਾ’ ਜੀ ਸਾਬਕਾ ਮੁੱਖ ਸੇਵਾਦਾਰ ਤਖਤ ਸੀ੍ਰ ਅਕਾਲ ਤਖਤ ਅੰਮ੍ਰਿਤਸਰ ਅਤੇ ਸਾਬਕਾ ਮੁੱਖ ਸੇਵਾਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਲੈਟਰ ਹੈੱਡ ’ਤੇ ਲਿਖੇ 3 ਅਕਤੂਬਰ 1976 ਦੇ ਪੱਤਰ ਦਾ ਹਵਾਲਾ ਦਿੰਦਾ ਹਾਂ:-

ਗੁਰਦੁਆਰਾ ਦਮਦਮਾ ਸਾਹਿਬ

ਇਸ ਪਵਿੱਤਰ ਅਸਥਾਨ ’ਤੇ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤੋਂ ਸੰਮਤ 1735 ਬਿਕਰਮੀ ਵਿੱਚ ਆਦਿ ਸ੍ਰੀ ਗੁਰੂ ਗਰੰਥ ਜੀ ਦੀ ਬੀੜ ਲਖਵਾਈ ਸੀ ਤੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਬਾਣੀ ਚੜਵਾ ਕੇ ਬੀੜ ਸੰਪੂਰਨ ਕਰਵਾਈ ਸੀ।

ਸਹੀ- ਗੁਰਦਿਆਲ ਸਿੰਘ ਅਜਨੋਹਾ, ਜ. ਤਖਤ ਸ੍ਰੀ ਕੇਸਗੜ ਸਾਹਿਬ, ਅਨੰਦਪੁਰ ਸਾਹਿਬ

ਤੱਥ ਸੁਯੋਗ ਪਾਠਕਾਂ ਦੀ ਸੇਵਾ ਸਪੁਰਦ ਹਨ – ਫੈਸਲਾ ਤਹੱਮਲ ਤੇ ਬੁਰਦਬਾਰੀ ਨਾਲ ਪੰਥ ਹੱਥ – ਅਰਦਾਸ ਗੋ :

ਬਾਤ ਕਰਤਾ ਹੂੰ ਤੋ ਸ਼ਾਇਦ ਉਨ ਕੋ ਹੋ ਸ਼ਿਕਾਇਤ, ਚੁੱਪ ਰਹਿਤਾ ਹੂੰ ਤੋ ਮੇਰੀ ਨਾਨਕ ਸੇ ਕੋਤਾਹੀ ਹੋਤੀ ਹੈ। (ਹਮਰਾਜ਼-ਬਿਨ-ਹਮਰਾਜ਼)

ਕੀ ’84 ਸੱਚੀਂ ਮੁੱਚੀਂ ਭੁਲਾ ਦੇਣਾ ਚਾਹੀਦਾ ਹੈ ?

0

ਕੀ ’84 ਸੱਚੀਂ ਮੁੱਚੀਂ ਭੁਲਾ ਦੇਣਾ ਚਾਹੀਦਾ ਹੈ ?

    ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)- 0175-2216783

ਆਮ ਹੀ ਇਹ ਗੱਲ ਉਛਾਲੀ ਜਾਣ ਲੱਗ ਪਈ ਹੈ ਕਿ ’84 ਬਾਰੇ ਗੱਲ ਕਰਨੀ ਦੇਸ਼ਧ੍ਰੋਹ ਹੈ। ਇਸੇ ਲਈ ਹਥਲੇ ਲੇਖ ਨੂੰ ਲਿਖਣ ਦੀ ਲੋੜ ਪਈ। ਅੱਜ ਕੱਲ ਮੁੰਬਈ ਵਿੱਚ 26 ਨਵੰਬਰ ਦੀ ਯਾਦ ਉਸਾਰਨ ਬਾਰੇ ਜ਼ੋਰ ਸ਼ੋਰ ਦੀ ਆਵਾਜ਼ ਚੁੱਕੀ ਜਾਣ ਲੱਗ ਪਈ ਹੈ, ਜੋ ਕਿ ਜਾਇਜ਼ ਹੈ। ਕਾਰਨ ਜੋ ਦੱਸੇ ਜਾ ਰਹੇ ਹਨ, ਉਹ ਹਨ :-

(1). ਯਾਦਾਂ ਸਾਂਭ ਕੇ ਰੱਖਣ ਸਦਕਾ ਹੀ ਅਸੀਂ ਇਨਸਾਨ ਮੰਨੇ ਜਾਂਦੇ ਹਾਂ।

(2). ਪੁਰਾਣੀਆਂ ਯਾਦਾਂ ਤੋਂ ਸੇਧ ਅਤੇ ਸਿੱਖਿਆ ਲੈਣੀ ਤੇ ਅੱਗੇ ਤੋਂ ਅਜਿਹਾ ਹੋਣ ਤੋਂ ਰੋਕਣ ਲਈ ਸਮੂਹਿਕ ਯਤਨ ਆਰੰਭਣੇ।

(3). ਮਨੁੱਖੀ ਹੱਕਾਂ ਦੇ ਘਾਣ ਤੇ ਮਨੁੱਖੀ ਅੱਤਿਆਚਾਰਾਂ ਨੂੰ ਯਾਦ ਰੱਖਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਹਰ ਡੂੰਘਾ ਜ਼ਖ਼ਮ ਜੋ ਜੰਗਾਂ ਜਾਂ ਮੰਦਭਾਗੀਆਂ ਘਟਨਾਵਾਂ ਵਿੱਚ ਨਾਸੂਰ ਬਣ ਕੇ ਮਨਾਂ ਵਿੱਚ ਖੁੱਭ ਜਾਂਦਾ ਹੈ, ਉਸ ਵੇਦਨਾ ਨੂੰ ਅਜਿਹੀਆਂ ਉਸਾਰੀਆਂ ਯਾਦਾਂ ਨੂੰ ਵੇਖ ਕੇ ਅੱਖਾਂ ਰਾਹੀਂ ਵਹਿ ਜਾਣ ਨਾਲ ਜ਼ਖ਼ਮਾਂ ਦੀ ਪੀੜ ਘਟ ਜਾਂਦੀ ਹੈ।

(4). ਆਪਣੇ ਬੱਚਿਆਂ ਦੇ ਮਨਾਂ ਵਿੱਚ ਯਾਦਾਂ ਦਾ ਵਸਾਉਣਾ ਜ਼ਰੂਰੀ ਹੁੰਦਾ ਹੈ ਤਾਂ ਜੋ ਉਹ ਆਉਣ ਵਾਲੇ ਖ਼ਤਰਿਆਂ ਤੋਂ ਸੁਚੇਤ ਰਹਿਣ ਤੇ ਆਪਸੀ ਸਾਂਝ ਗੰਢ ਕੇ ਰੱਖਣ ਅਤੇ ਇਕਜੁਟਤਾ ਦਾ ਸੰਦੇਸ਼ ਸਿੱਖਣ।

(5). ਕਿਸੇ ਖ਼ਾਸ ਕੌਮ ਜਾਂ ਮੁਲਕ ਉੱਤੇ ਹੋਏ ਅੱਤਿਆਚਾਰ ਨੂੰ ਜੇ ਯਾਦ ਨਾ ਰੱਖਿਆ ਜਾਵੇ ਤਾਂ ਅੱਗੋਂ ਉਹ ਆਪਣੀ ਰੱਖਿਆ ਕਰਨ ਯੋਗ ਨਹੀਂ ਰਹਿੰਦੇ ਤੇ ਸੌਖੇ ਸ਼ਿਕਾਰ ਬਣ ਜਾਂਦੇ ਹਨ।

(6). ਮੁਲਕ ਦੇ ਰਾਖੇ ਵੀ, ਤਾਂ ਹੀ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਇਕਾਗਰਤਾ ਨਾਲ ਨਿਭਾਉਣਗੇ ਜੇ ਉਨ੍ਹਾਂ ਨੂੰ ਆਪਣੇ ਤੋਂ ਪਹਿਲਾਂ ਸ਼ਹੀਦ ਹੋਇਆਂ ਦੀ ਯਾਦ ਹਰ ਸਾਲ ਕਰਵਾਈ ਜਾਏ ਤੇ ਸ਼ਹੀਦਾਂ ਦੀ ਯਾਦ ਅੱਗੇ ਨਤਮਸਤਕ ਹੋਣ ਲਈ ਉਤਸ਼ਾਹਿਤ ਕੀਤਾ ਜਾਏ। ਇੰਜ ਹੀ ਕਿਸੇ ਇੱਕ ਇਲਾਕੇ ਜਾਂ ਕੌਮ ਉੱਤੇ ਹਮਲਿਆਂ ਦੀ ਯਾਦ ਉਸਾਰਨ ਦੀ ਵੀ ਲੋੜ ਹੁੰਦੀ ਹੈ ਤਾਂ ਜੋ ਦੁਬਾਰਾ ਅਜਿਹੇ ਹਮਲੇ ਤੋਂ ਬਚਾਓ ਲਈ ਅਗਲੀ ਪੁਸ਼ਤ ਪੂਰਨ ਰੂਪ ਵਿੱਚ ਤਿਆਰ ਰਹੇ।

(7). ਜ਼ੁਲਮਾਂ ਦੀਆਂ ਯਾਦਾਂ ਬਣਾਉਣ ਨਾਲ ਭਾਈਚਾਰਕ ਨੇੜਤਾ ਵਧਦੀ ਹੈ ਅਤੇ ਚੰਗੀ ਸੋਚ ਵਾਲੇ ਲੋਕ ਦੁੱਖ ਵਿੱਚ ਇੱਕ ਦੂਜੇ ਦੀਆਂ ਬਾਂਹਵਾਂ ਬਣਨ ਲੱਗ ਪੈਂਦੇ ਹਨ।

(8). ਮੈਮੋਰੀਅਲ ਬਣਾਉਣ ਨਾਲ ਜ਼ਖ਼ਮ ਛੇਤੀ ਭਰਦੇ ਹਨ। ਜਿੱਥੇ ਇੱਕ ਪਾਸੇ ਜ਼ੁਲਮਾਂ ਦੀ ਦਾਸਤਾਨ ਤੇ ਜਾਨ ਗੁਆਉਣ ਵਾਲ਼ਿਆਂ ਦੀ ਯਾਦ ਤਾਜ਼ਾ ਹੁੰਦੀ ਰਹਿੰਦੀ ਹੈ, ਉੱਥੇ ਵੱਖੋ-ਵੱਖ ਲੋਕਾਂ ਦੀ ਚੰਗੀ ਰਾਇ ਮਿਲਣ ਨਾਲ ਮਨਾਂ ਵਿਚਲੀ ਕੌੜ ਘੱਟਣ ਲੱਗ ਜਾਂਦੀ ਹੈ। ਸਾਰੇ ਰਲ਼ ਕੇ ਅਜਿਹਾ ਜ਼ੁਲਮ ਅੱਗੇ ਤੋਂ ਨਾ ਹੋਣ ਬਾਰੇ ਸੋਚ ਵਿਚਾਰ ਕਰਨ ਲੱਗ ਪੈਂਦੇ ਹਨ।

(9). ਮੈਮੋਰੀਅਲ ਵਿੱਚ ਸੱਚਾਈ ਵਿਖਾ ਕੇ, ਅਖ਼ੀਰ ਵਿੱਚ ਅੱਲ੍ਹੇ ਜ਼ਖ਼ਮਾਂ ਨੂੰ ਭਰਨ ਅਤੇ ਪਿਆਰ ਮੁਹੱਬਤ ਫੈਲਾਉਣ ਦੇ ਨਾਲ ਸਾਂਝੀਵਾਲਤਾ ਦਾ ਸੰਦੇਸ਼ ਦੇਣਾ ਜ਼ਰੂਰੀ ਹੁੰਦਾ ਹੈ।

(10). ਮੈਮੋਰੀਅਲ ਨਾ ਉਸਾਰ ਕੇ ਇੱਕ ਕੌਮ ਜਾਂ ਮੁਲਕ ਦੇ ਲੋਕਾਂ ਦੇ ਮਨਾਂ ਵਿਚਲਾ ਰੋਸ ਡੂੰਘਾ ਘਰ ਕਰ ਜਾਂਦਾ ਹੈ ਜੋ ਅਗਲੀ ਪੁਸ਼ਤ ਨੂੰ ਨਫ਼ਰਤ ਦਾ ਸੰਦੇਸ਼ ਦਿੰਦਾ ਰਹਿੰਦਾ ਹੈ ਤੇ ਜ਼ਖ਼ਮ ਭਰਨ ਹੀ ਨਹੀਂ ਦਿੰਦਾ।

(11). ਮੈਮੋਰੀਅਲ ਬਣਾਉਣ ਨਾਲ ਸਰਕਾਰ ਦੀ ਨੀਅਤ ਬਾਰੇ ਪਤਾ ਲੱਗ ਜਾਂਦਾ ਹੈ ਕਿ ਉਹ ਲੋਕਾਂ ਨੂੰ ਜੋੜਨਾ ਚਾਹੁੰਦੀ ਹੈ ਜਾਂ ਪਾੜ ਪਾਉਣਾ ਚਾਹੁੰਦੀ ਹੈ। ਜੇ ਮੈਮੋਰੀਅਲ ਬਣਦਾ ਹੈ ਤਾਂ ਸਰਕਾਰ ਦੀ ਨੀਅਤ ਸਾਫ਼ ਹੈ ਪਰ ਜੇ ਨਹੀਂ ਤਾਂ ਇਸ ਦਾ ਮਤਲਬ ਹੈ ਕਿ ਉਹ ਭਾਈਚਾਰਕ ਸਾਂਝ ਪਾਉਣ ਨਹੀਂ ਦੇਣਾ ਚਾਹੁੰਦੀ ਤੇ ਲੋਕਾਂ ਦੇ ਮਨਾਂ ਵਿੱਚ ਇੱਕ ਲਕੀਰ ਖਿੱਚੀ ਰਹਿਣ ਦੇਣਾ ਚਾਹੁੰਦੀ ਹੈ। ਇਹ ਲਕੀਰ ਦੋ ਮੁਲਕਾਂ ਵਿੱਚ ਵੀ ਹੋ ਸਕਦੀ ਹੈ ਜਾਂ ਕਿਸੇ ਘਟਨਾ ਨਾਲ ਸਬੰਧਿਤ, ਕਿਸੇ ਖ਼ਾਸ ਧਰਮ ਨਾਲ ਜਾਂ ਜਾਤ-ਪਾਤ ਵਿਚਲਾ ਵਿਤਕਰਾ।

(12). ਜਿਹੜਾ ਮੈਮੋਰੀਅਲ ਬਣਾਇਆ ਜਾਵੇ, ਉਸ ਦੇ ਆਲੇ-ਦੁਆਲੇ ਦੀ ਥਾਂ ਵਿੱਚ ਸਭ ਧਰਮਾਂ ਦੇ ਲੋਕਾਂ ਲਈ ਬੈਠਣ ਦੀ ਥਾਂ ਹੋਣੀ ਚਾਹੀਦੀ ਹੈ ਤਾਂ ਜੋ ਸਭਨਾਂ ਦੇ ਮਨਾਂ ਵਿੱਚ ਤਰਕ ਉੱਪਜੇ ਤੇ ਉਹ ਮਾੜੇ ਚੰਗੇ ਵਿਚਲਾ ਫ਼ਰਕ ਪਛਾਣ ਸਕਣ।

(13). ਸਾਂਝੀਵਾਲਤਾ ਦਾ ਇਹਸਾਸ ਉਦੋਂ ਹੀ ਜਾਗਦਾ ਹੈ ਜਦੋਂ ਕਈ ਲੋਕ ਇਕੱਲੇ ਹੋ ਕੇ ਦੁੱਖ ਸਾਂਝਾ ਕਰਨ ਤੇ ਆਪਣਿਆਂ ਦੀਆਂ ਜਾਨਾਂ ਚਲੀਆਂ ਜਾਣ ਲਈ ਇੱਕ ਦੂਜੇ ਨੂੰ ਦਿਲਾਸਾ ਦੇਣ ! ਅਜਿਹਾ ਸਭ ਕੁੱਝ ਸਿਰਫ਼ ਕਿਸੇ ਯਾਦਗਾਰ ਵਾਲੀ ਥਾਂ ਉੱਤੇ ਹੀ ਹੋ ਸਕਦਾ ਹੈ। ਇੰਜ ਮਾਨਸਿਕ ਨਿਤਾਣਾਪਣ ਵੀ ਘੱਟ ਹੋ ਜਾਂਦਾ ਹੈ ਜੋ ਨਿਰੋਗ ਸਮਾਜ ਨੂੰ ਉਸਾਰਨ ਵਿੱਚ ਮਦਦ ਕਰਦਾ ਹੈ।

(14). ਕਿਸੇ ਤ੍ਰਾਸਦੀ ਵਾਲੀ ਥਾਂ ਨੂੰ ਜਦੋਂ ਸੈਲਾਨੀਆਂ ਦੀ ਆਵਾਜਾਈ ਵਾਲੀ ਥਾਂ ਬਣਾ ਦਿੱਤੀ ਜਾਵੇ ਤਾਂ ਮਨੋਵਿਗਿਆਨੀ ਮੰਨਦੇ ਹਨ ਕਿ ਉਸ ਥਾਂ ਉੱਤੇ ਸ਼ਾਂਤੀ ਦਾ ਵਰਤਾਰਾ ਪਸਰ ਜਾਂਦਾ ਹੈ । ਜਿਨ੍ਹਾਂ ਘਰਾਂ ਦੀਆਂ ਜਾਨਾਂ ਗਈਆਂ ਹੁੰਦੀਆਂ ਹਨ, ਉਹ ਵੀ ਉੱਥੇ ਉਨ੍ਹਾਂ ਦੀ ਹਾਜ਼ਰੀ ਮਹਿਸੂਸ ਕਰ ਕੇ ਅਜਿਹੀ ਥਾਂ ਪਹੁੰਚ ਕੇ ਸ਼ਾਂਤ ਹੋ ਜਾਂਦੇ ਹਨ।

(15). ਅਜਿਹੀ ਥਾਂ ਉੱਤੇ ਅਰਦਾਸ ਕਰਨ ਦੀ ਥਾਂ ਲਾਜ਼ਮੀ ਹੋਣੀ ਚਾਹੀਦੀ ਹੈ ਤੇ ਮੈਡੀਟੇਸ਼ਨ ਦੀ ਵੀ।

(16). ਨਿਊਯਾਰਕ ਵਿੱਚ ਵੀ 9/11 ਦੀ ਯਾਦ ਬਣਾ ਕੇ ਉਸ ਦੀਆਂ ਕੰਧਾਂ ਉੱਤੇ ਅਲੱਗ-ਅਲੱਗ ਧਰਮਾਂ ਵਿਚਲੀਆਂ ਸ਼ਾਂਤੀ ਦੀਆਂ ਸਤਰਾਂ ਲਿਖ ਦਿੱਤੀਆਂ ਗਈਆਂ ਹਨ।

(17). ਦੰਗੇ, ਬਲਾਤਕਾਰ, ਦਹਿਸ਼ਤਗਰਦੀ, ਨਸਲਕੁਸ਼ੀ, ਆਦਿ ਵਰਗੇ ਸੰਗੀਨ ਜੁਰਮਾਂ ਨੂੰ ਅੱਗੇ ਤੋਂ ਰੋਕਣ ਲਈ ਲੋਕਾਂ ਨੂੰ ਹਲੂਣਾ ਦੇਣਾ ਜ਼ਰੂਰੀ ਹੈ ਜਿਸ ਵਾਸਤੇ ਦਿਲ ਨੂੰ ਝੰਜੋੜਨ ਵਾਲੀਆਂ ਤਸਵੀਰਾਂ ਜ਼ਰੂਰ ਲਾਉਣੀਆਂ ਚਾਹੀਦੀਆਂ ਹਨ ਜਿਵੇਂ ਕਿ ਹਿਟਲਰ ਦੇ ਜ਼ੁਲਮਾਂ ਦੀਆਂ ਹੁਣ ਤੱਕ ਸਾਂਭੀਆਂ ਹੋਈਆਂ ਤਸਵੀਰਾਂ ਹਨ।

(18). ਜਿਵੇਂ ‘ਹੈਰੀਟੇਜ ਬਿਲਡਿੰਗਾਂ’ ਪੂਰੀ ਦੁਨੀਆ ਵਿੱਚ ਬਣੀਆਂ ਹੋਈਆਂ ਹਨ, ਉਸੇ ਤਰ੍ਹਾਂ ਜ਼ੁਲਮ ਦੌਰਾਨ ਢਾਹੀਆਂ ਇਮਾਰਤਾਂ ਭਾਰਤ ਵਿੱਚ ਵੀ ਉਂਜ ਹੀ ਢੱਠੀਆਂ ਹੋਈਆਂ ਸਾਂਭੀਆਂ ਜਾਣੀਆਂ ਚਾਹੀਦੀਆਂ ਹਨ।

ਇਹ ਸਾਰੇ 18 ਨੁਕਤੇ ਪੂਰੇ ਜ਼ੋਰ ਸ਼ੋਰ ਨਾਲ ਮੁੰਬਈ ਵਿਚਲੇ ਤਾਜ ਹੋਟਲ ਵਿੱਚ ਹੋਏ ਦਹਿਸ਼ਤਗਰਦ ਹਮਲੇ ਲਈ ਚੁੱਕੇ ਜਾ ਰਹੇ ਹਨ ਤਾਂ ਜੋ ਉੱਥੇ ਮੈਮੋਰੀਅਲ ਦੀ ਉਸਾਰੀ ਹੋ ਸਕੇ।

ਸਵਾਲ ਇਹ ਉੱਠਦਾ ਹੈ ਕਿ ਨਿੱਕੀਆਂ ਵੱਡੀਆਂ ਹਰ ਤ੍ਰਾਸਦੀਆਂ ਦੀਆਂ ਯਾਦਾਂ ਤੇ ਯਾਦਗਾਰਾਂ ਸਾਂਭੀਆਂ ਜਾ ਰਹੀਆਂ ਹਨ, ਤਾਂ ਕੀ 1984 ਵਿੱਚ ਕੋਈ ਤ੍ਰਾਸਦੀ ਵਾਪਰੀ ਹੀ ਨਹੀਂ ?

ਸੈਂਕੜੇ ਸਿੱਖ ਔਰਤਾਂ ਦੀ ਪੱਤ ਕੀ ਅਰਸ਼ੋਂ ਉੱਤਰੇ ਹੈਵਾਨ ਲੁੱਟ ਗਏ ਸਨ ? ਕੀ ਸਿੱਖਾਂ ਨੇ ਬਲਦੇ ਟਾਇਰ ਆਪੇ ਹੀ ਆਪਣੇ ਗਲੇ ਵਿੱਚ ਪਾ ਕੇ ਲੋਹੇ ਦੀਆਂ ਰਾਡਾਂ ਨਾਲ ਆਪਣੇ ਆਪ ਨੂੰ ਮਾਰ ਲਿਆ ? ਬੇਕਾਬੂ ਹੋਈ ਭੀੜ ਜਦੋਂ ਮਾਲ ਅਸਬਾਬ ਲੁੱਟ ਕੇ ਘਰਾਂ ਤੇ ਦੁਕਾਨਾਂ ਨੂੰ ਅੱਗ ਲਾ ਰਹੀ ਸੀ ਤਾਂ ਕੀ ਉਸ ਭੀੜ ਵਿੱਚ ਕੋਈ ਵੀ ਇਨਸਾਨ ਨਹੀਂ, ਸਭ ਆਦਮਖੋਰ ਹੀ ਸਨ ?

ਆਖ਼ਰ ਕੋਈ ਤਾਂ ਕਾਰਨ ਹੋਵੇਗਾ ਕਿ ਸੈਂਕੜੇ ਕਤਲ ਹੋਏ ਹੋਣ ਦੇ ਸਬੂਤ ਹੋਣ ’ਤੇ ਕਾਤਲ ਕੋਈ ਹੋਵੇ ਹੀ ਨਾ ? ਇਮਾਰਤਾਂ ਢਹਿ ਚੁੱਕੀਆਂ ਹੋਣ ਤੇ ਨਿਸ਼ਾਨੀ ਕੋਈ ਛੱਡੀ ਨਾ ਗਈ ਹੋਵੇ ?

ਜੇ ਉੱਪਰ ਦੱਸੇ ਨੁਕਤੇ ਲਾਗੂ ਕੀਤੇ ਜਾਣ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਅੱਲ੍ਹੇ ਜ਼ਖ਼ਮਾਂ ਨੂੰ ਲਗਾਤਾਰ ਦੱਬੀ ਜਾਣ ਸਦਕਾ 34 ਸਾਲਾਂ ਬਾਅਦ ਤੱਕ ਮਨ ਅੰਦਰਲੀ ਅੱਗ ਹਾਲੇ ਵੀ ਧੁਖਦੀ ਪਈ ਹੈ।

ਜੇ ਦੁਨੀਆ ਭਰ ਦੇ ਚੋਟੀ ਦੇ ਮਨੋਵਿਗਿਆਨੀਆਂ ਦੇ ਸੁਝਾਅ ਮੰਨ ਲਏ ਜਾਣ, ਤਾਂ ਮੁੰਬਈ ਹਮਲੇ ਲਈ ਉਸਾਰੀ ਜਾਣ ਵਾਲੀ ਯਾਦਗਾਰ ਲਈ ਸੁਝਾਏ ਨੁਕਤਿਆਂ ਅਨੁਸਾਰ 1984 ਦੀ ਯਾਦਗਾਰ ਵੀ ਤੁਰੰਤ ਬਣਾਉਣ ਦੀ ਲੋੜ ਹੈ।

ਹੁਣ ਤਾਂ ਫ਼ੈਸਲਾ ਪਾਠਕ ਹੀ ਕਰਨ ਕਿ 1984 ਦੀ ਯਾਦਗਾਰ ਬਣਾਉਣ ਦੀ ਗੱਲ ਕਰਨ ਵਾਲਾ ਦੇਸ਼ਧ੍ਰੋਹੀ ਹੈ ਜਾਂ 1984 ਦੇ ਜ਼ਖ਼ਮਾਂ ਵਿੱਚ ਲੂਣ ਪਾ ਕੇ ਉਸ ਗੱਲ ਨੂੰ ਦੱਬੀ ਰੱਖ ਕੇ ਸਿਰਫ਼ ਚੋਣਾਂ ਦੌਰਾਨ ਮੁੱਦਾ ਬਣਾ ਕੇ ਉਛਾਲਣ ਵਾਲਾ ਦੇਸ਼ਧ੍ਰੋਹੀ ਅਖਵਾਉਣਾ ਚਾਹੀਦਾ ਹੈ।

ਅੰਤ ਵਿੱਚ ਇਹ ਦੱਸ ਦਿਆਂ ਕਿ ਹਾਅ ਦਾ ਨਾਅਰਾ ਮਾਰਨ ਵਾਲੇ ਹਿੰਦੂ ਧਰਮ ਦੇ ਵੀਰ ਭੈਣ, ਜਿਨ੍ਹਾਂ ਨੇ ਪੂਰੀ ਹਿੰਮਤ ਨਾਲ ਕਈ ਸਿੱਖ ਵੀਰਾਂ, ਭੈਣਾਂ ਨੂੰ ਬਚਾਇਆ ਤੇ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ, ਦੀ ਵੀ ਸ਼ਮੂਲੀਅਤ ਅਜਿਹੀ ਯਾਦਗਾਰ ਵਿੱਚ ਵਧੀਆ ਤਰੀਕੇ ਨਾਲ ਹੋਣੀ ਚਾਹੀਦੀ ਹੈ ਜੋ ਸਾਂਝੀਵਾਲਤਾ ਦਾ ਸੁਣੇਹਾ ਦੇਵੇਗੀ, ਪਰ ਇਹ ਵੀ ਦੱਸੋ ਕਿ ਉਨ੍ਹਾਂ 12 ਔਰਤਾਂ ਦਾ ਕਿਵੇਂ ਜ਼ਿਕਰ ਕੀਤਾ ਜਾਵੇਗਾ ਜਿਨ੍ਹਾਂ ਦੀ ਪੱਤ ਲੁੱਟੀ ਗਈ, ਸਾਰੇ ਘਰ ਦੇ ਜੀਅ ਮਾਰ ਜਾਂ ਸਾੜ ਦਿੱਤੇ ਗਏ, ਘਰ ਬਾਰ ਲੁੱਟ ਲਿਆ ਗਿਆ ਤੇ ਕਿਸੇ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ !

ਇਨ੍ਹਾਂ ਬਾਰ੍ਹਾਂ ਔਰਤਾਂ ਦਾ ਜ਼ਿਕਰ ਮੇਰੇ ਕੋਲ ਇੱਕ ਮੁਸਲਮਾਨ ਵੀਰ ਨੇ ਕੀਤਾ, ਜੋ ਯੂਨਾਈਟਿਡ ਨੇਸ਼ਨਜ਼ ਵੱਲੋਂ ਭੇਜੇ ਵਫ਼ਦ ਵਿੱਚ ਸ਼ਾਮਲ ਸੀ ਤੇ ਉਸ ਨੇ ਲਾਅਨਤ ਪਾਉਂਦਿਆਂ ਮੈਨੂੰ ਪੁੱਛਿਆ ਸੀ, ‘‘ਭੈਣ ਜੀ  !  ਤੁਹਾਡੀ ਕੌਮ ਵਿਖਾਵੇ ਵਿੱਚ ਰੁੱਝੀ ਪਈ ਹੈ। ਖ਼ਬਰਾਂ ਵਿੱਚ ਆਉਣ ਲਈ, ਇਮਾਰਤਾਂ ਉੱਤੇ ਸੋਨਾ ਚੜ੍ਹਾਉਣ ਲਈ, ਰੌਲਾ ਪਾਉਣ ਲਈ ਜਾਂ ਲੰਗਰ ਲਾਉਣ ਲਈ ਤਾਂ ਕਾਹਲੇ ਹਨ ਪਰ ਇਹ 12 ਔਰਤਾਂ ਸਾਂਭ ਸਕਣ ਯੋਗ ਨਹੀਂ ਜੋ ਅੱਜ ਵੀ ਆਪਣੀ ਪੱਤ ਲੁੱਟਣ ਵਾਲੇ ਹੈਵਾਨਾਂ ਦੇ ਘਰਾਂ ਵਿੱਚ, ਦਿੱਲੀ ਵਿੱਚ ਹੀ ਭਾਂਡੇ ਮਾਂਜ ਕੇ, ਕੱਪੜੇ ਧੋ ਕੇ ਤੇ ਸਫ਼ਾਈਆਂ ਕਰ ਕੇ ਆਪਣੀ ਜੂਨ ਮੁੱਕ ਜਾਣ ਦਾ ਇੰਤਜ਼ਾਰ ਕਰ ਰਹੀਆਂ ਹਨ !  ਕੀ ਉਨ੍ਹਾਂ ਦੇ ਮਨਾਂ ਦੀ ਪੀੜ ਉੱਤੇ ਕੋਈ ਮਲ੍ਹਮ ਕੰਮ ਕਰ ਸਕਦੀ ਹੈ ?’’

ਮੇਰੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਸਿਵਾਏ ਸ਼ਰਮ ਨਾਲ ਸਿਰ ਝੁਕਾਉਣ ਦੇ ! ਮੈਨੂੰ ਇਸ ਗੱਲ ਦਾ ਪਤਾ ਹੀ 34 ਸਾਲਾਂ ਬਾਅਦ ਲੱਗਿਆ ਸੀ। ਇਹ ਵੀ ਨਹੀਂ ਪਤਾ ਅੱਜ ਉਹ ਜਿਉਂਦੀਆਂ ਵੀ ਹਨ ਜਾਂ ਨਹੀਂ। ਜੇ ਹਨ, ਤਾਂ ਮੇਰੀ ਬੇਨਤੀ ਹੈ ਕਿ ਜਿਸ ਪਾਠਕ ਨੂੰ ਪਤਾ ਹੋਵੇ, ਇਨ੍ਹਾਂ ਬਾਰੇ ਦੱਸੇ ਤਾਂ ਜੋ ਪੰਥ ਵਿਚਲੇ ਦਰਦਵੰਦ ਇਨ੍ਹਾਂ ਨੂੰ ਮਦਦ ਪਹੁੰਚਾ ਸਕਣ ! ਜੇ ਹੋਰ ਕੋਈ ਅਗਾਂਹ ਆਉਣ ਨੂੰ ਤਿਆਰ ਨਹੀਂ, ਤਾਂ ਮੈਂ ਹਾਜ਼ਰ ਹਾਂ।

ਮੈਨੂੰ ਪੂਰਾ ਯਕੀਨ ਹੈ ਕਿ ਮੇਰੀ ਕਹੀ ਗੱਲ ਦਾ ਕਿਸੇ ਸਿਆਸਤਦਾਨ ਉੱਤੇ ਉੱਕਾ ਕੋਈ ਅਸਰ ਨਹੀਂ ਪੈਣਾ ਕਿਉਂਕਿ ਉਨ੍ਹਾਂ ਦਾ ਕੰਮ ਹੁੰਦਾ ਹੈ ਧਰਮ ਦੇ ਨਾਂ ਉੱਤੇ ਪਾੜ ਪਾ ਕੇ ਆਮ ਲੋਕਾਂ ਨੂੰ ਭੜਕਾ ਕੇ ਉਨ੍ਹਾਂ ਦਾ ਲਹੂ ਵਹਾ ਦੇਣਾ ਤੇ ਆਪ ਰਾਜ ਪਾਟ ਸਾਂਭ ਲੈਣਾ।

ਜੇ ਹਾਲੇ ਵੀ ਕਿਸੇ ਨੂੰ ਬੇਯਕੀਨੀ ਹੋਵੇ ਤਾਂ ਕਰਤਾਰਪੁਰ ਲਾਂਘੇ ਦੇ ਜਸ਼ਨਾਂ ਨੂੰ ਸਿਆਸੀ ਅਖਾੜੇ ਵਿੱਚ ਤਬਦੀਲ ਕਰ ਕੇ ਗੁਰੂ ਸਾਹਿਬਾਨ ਦੀ ‘ਤੇਰਾ ਤੇਰਾ’ ਵਾਲੀ ਸੋਚ ਨੂੰ ਛਿੱਕੇ ਟੰਗ ਕੇ ‘ਮੇਰਾ ਮੇਰਾ’ ਕਰਨ ਵਾਲੇ ਸਿਆਸੀ ਆਗੂਆਂ ਵੱਲ ਝਾਤ ਮਾਰ ਕੇ ਆਪਣੀ ਬੇਯਕੀਨੀ ਦੂਰ ਕਰ ਸਕਦਾ ਹੈ।

ਇਸੇ ਲਈ ਆਓ ਰਲ਼ ਕੇ ਹੰਭਲਾ ਮਾਰੀਏ ਤੇ ਆਪਣੀ ਤਾਕਤ ਪਛਾਣ ਕੇ ਇਕਜੁੱਟ ਹੋ ਜਾਈਏ ਅਤੇ 1984 ਦੀ ਯਾਦਗਾਰ ਬਣਾਉਣ ਦੀ ਨੀਂਹ ਧਰੀਏ !

‘ਜਪੁ’ ਬਾਣੀ ਦੀ ਸੰਖੇਪ ’ਚ ਬਹੁ ਪੱਖੀ ਵਿਚਾਰ (ਭਾਗ 2)

0

ਜਪੁ ਪਉੜੀ 4 ਤੋਂ 15

‘ਜਪੁ’ ਬਾਣੀ ਦੀ ਸੰਖੇਪ ’ਚ ਬਹੁ ਪੱਖੀ ਵਿਚਾਰ (ਭਾਗ 1)

ਅਗਾਂਹ 5 ਤੋਂ 15 ਪਉੜੀਆਂ ’ਚ ਸਤਿਗੁਰੂ ਦਾ ਮਨੁੱਖ ਜਾਤੀ ’ਚ ਰੋਲ ਅਤੇ ਮਨੁੱਖ ਲਈ ਗੁਰੂ ਦੀ ਸਿੱਖਿਆ ਦਾ ਵਰਣਨ ਹੈ।

ਥਾਪਿਆ ਨ ਜਾਇ; ਕੀਤਾ ਨ ਹੋਇ॥ ਆਪੇ ਆਪਿ, ਨਿਰੰਜਨੁ ਸੋਇ॥

ਪਦ ਅਰਥ : ਥਾਪਿਆ- ਮੂਰਤੀ ਵਾਙ ਸਥਾਪਿਤ ਕਰਨਾ, ਟਿਕਾਉਣਾ। ਕੀਤਾ-ਉਲੀਕਣਾ, ਬਣਾਉਣਾ। ਆਪੇ ਆਪਿ- ਕੇਵਲ ਆਪ ਹੀ ਆਪ। ਨਿਰੰਜਨੁ- ਕਾਲ਼ਖ਼ ਰਹਿਤ, ਮਾਇਆ ਰਹਿਤ ਯਾਨੀ ਨਿਰਮਲ। ਸੋਇ- ਉਹ (ਰਜ਼ਾ ਦਾ ਮਾਲਕ)।

ਅਰਥ : ਆਪ ਹੀ ਆਪ (ਸਾਰਾ ਕਾਰਜ ਕਰਨ/ਕਰਾਉਣ ਵਾਲ਼ਾ) ਉਹ ਨਿਰਮਲ-ਅਦ੍ਰਿਸ਼ ਪ੍ਰਭੂ; (ਕਿਸੇ ਹੁਨਰ/ਕਲਾ ਨਾਲ਼ ਮੂਰਤੀ ਵਾਙ) ਚਿਤਰਿਆ ਨਹੀਂ ਜਾ ਸਕਦਾ, ਸਥਾਪਿਤ ਨਹੀਂ ਹੋ ਸਕਦਾ (ਕਿਉਂਕਿ ਚਿੱਤਰ ਬਣਾਉਣ ਲਈ ਕੋਈ ਰੂਪ-ਰੰਗ ਚਾਹੀਦਾ ਹੁੰਦਾ ਹੈ, ਪਰ ਉਹ ਤਾਂ ‘‘ਰੂਪੁ ਰੇਖ, ਰੰਗੁ ਕਿਛੁ, ਤ੍ਰਿਹੁ ਗੁਣ ਤੇ ਪ੍ਰਭ ਭਿੰਨ ’’ (ਮਹਲਾ /੨੮੩) ਹੈ।

ਜਿਨਿ ਸੇਵਿਆ, ਤਿਨਿ ਪਾਇਆ ਮਾਨੁ॥ ਨਾਨਕ ! ਗਾਵੀਐ ਗੁਣੀ ਨਿਧਾਨੁ॥

ਪਦ ਅਰਥ : ਜਿਨਿ- ਜਿਸ ਨੇ। ਤਿਨਿ-ਉਸ ਨੇ। ਗਾਵੀਐ- ਗਾਉਣਾ ਚਾਹੀਦਾ ਹੈ। ਗੁਣੀ ਨਿਧਾਨੁ- ਗੁਣਾਂ ਦੇ ਖ਼ਜ਼ਾਨੇ (ਪ੍ਰਭੂ) ਨੂੰ।

ਅਰਥ : ਹੇ ਨਾਨਕ ! ਜਿਸ ਨੇ (ਉਸ) ਗੁਣਾਂ ਦੇ ਖ਼ਜ਼ਾਨੇ ਨੂੰ ਜਪਿਆ, ਉਸ ਨੇ (ਲੋਕ ਪ੍ਰਲੋਕ ’ਚ) ਇੱਜ਼ਤ ਪਾਈ ਹੈ (ਤਾਂ ਤੇ ਉਸ ਨੂੰ) ਗਾਉਣਾ ਬਣਦਾ ਹੈ।

ਗਾਵੀਐ, ਸੁਣੀਐ; ਮਨਿ ਰਖੀਐ ਭਾਉ॥ ਦੁਖੁ ਪਰਹਰਿ, ਸੁਖੁ; ਘਰਿ ਲੈ ਜਾਇ॥

ਪਦ ਅਰਥ : ਗਾਵੀਐ- ਗਾਉਣਾ ਚਾਹੀਦਾ ਹੈ। ਸੁਣੀਐ- ਸੁਣਨਾ ਚਾਹੀਦਾ ਹੈ। ਮਨਿ- ਮਨ ਵਿੱਚ। ਰਖੀਐ- ਰੱਖਣਾ ਚਾਹੀਦਾ ਹੈ। ਭਾਉ- ਪਿਆਰ। ਪਰਹਰਿ- ਦੂਰ ਕਰਕੇ। ਸੁਖੁ- ਅਨੰਦ। ਘਰਿ- ਹਿਰਦੇ ਵਿੱਚ। ਲੈ ਜਾਇ- ਲੈ ਜਾਂਦਾ ਹੈ, ਲੈ ਜਾਈਦਾ ਹੈ।

ਅਰਥ : (ਜ਼ਬਾਨ ਨਾਲ਼ ਉਸ ਨੂੰ) ਗਾਉਣਾ ਬਣਦਾ ਹੈ। (ਕੰਨਾਂ ਨਾਲ਼, ਉਸ ਦੀ ਮਹਿਮਾ) ਸੁਣਨੀ ਬਣਦੀ ਹੈ ਤੇ ਮਨ ’ਚ (ਉਸ ਪ੍ਰਤਿ) ਪ੍ਰੇਮ ਰੱਖਣਾ ਬਣਦਾ ਹੈ (ਇਉਂ ‘ਕੂੜੈ ਪਾਲਿ’ ਵਾਲ਼ਾ) ਦੁੱਖ ਮਿਟਾ ਕੇ ਹਿਰਦੇ ’ਚ (ਰੱਬੀ ਮਿਲਾਪ ਵਾਲ਼ਾ) ਅਨੰਦ ਲੈ ਜਾਈਦਾ ਹੈ (ਪਰ ਇਸ ਅਵਸਥਾ ਦੀ ਪ੍ਰਾਪਤੀ ਲਈ ਗੁਰੂ ਦੀ ਕਿਰਪਾ ਦਾ ਹੋਣਾ ਜ਼ਰੂਰੀ ਹੈ ਕਿਉਂਕਿ ਮਾਨਵਤਾ ਲਈ ਸਤਿਗੁਰੂ ਦਾ ਵਿਆਪਕ ਰੋਲ ਹੈ; ਜਿਵੇਂ ਕਿ)

ਗੁਰਮੁਖਿ ਨਾਦੰ, ਗੁਰਮੁਖਿ ਵੇਦੰ; ਗੁਰਮੁਖਿ ਰਹਿਆ ਸਮਾਈ॥

ਪਦ ਅਰਥ : ਗੁਰਮੁਖਿ- ਗੁਰੂ। ਨਾਦੰ- ਜੋਗੀਆਂ ਦੀ ਸਿੰਙੀ ਦੀ ਆਵਾਜ਼। ਵੇਦੰ- ਗਿਆਨ। ਰਹਿਆ ਸਮਾਈ- ਕਣ-ਕਣ ’ਚ ਮੌਜੂਦ।

ਅਰਥ : (ਸਿੱਖ ਲਈ) ਗੁਰੂ ਹੀ ਸਿੰਙੀ ਨਾਦ ਧੁਨਿ ਹੈ। ਗੁਰੂ ਹੀ ਵੇਦ-ਸ਼ਾਸਤਰ (ਰੂਪ ਗਿਆਨ) ਹੈ। (ਅਕਾਲ ਪੁਰਖ ਦਾ ਰੂਪ ਹੋਣ ਕਾਰਨ) ਗੁਰੂ; ਹਰ ਥਾਂ ਵਿਆਪਕ ਹੈ; ਜਿਵੇਂ ਕਿ ਬਚਨ ਹਨ ‘‘ਸਤਿਗੁਰੁ ਮੇਰਾ ਸਦਾ ਸਦਾ; ਨਾ ਆਵੈ ਨਾ ਜਾਇ ਓਹੁ ਅਬਿਨਾਸੀ ਪੁਰਖੁ ਹੈ; ਸਭ ਮਹਿ ਰਹਿਆ ਸਮਾਇ ’’ (ਮਹਲਾ /੭੫੯)

ਵਿਚਾਰ : ਇਸ ਤੁਕ ਦੇ ਸ਼ਬਦ ‘ਗੁਰਮਖਿ’ ਦਾ ਅਕਸਰ ਟੀਕਿਆਂ ’ਚ ਇਹ ਅਰਥ ਕੀਤਾ ਹੈ ‘ਗੁਰੂ ਦੁਆਰਾ, ਗੁਰੂ ਦੀ ਰਾਹੀਂ, ਹਰੀ-ਗੁਰੂ ਹੀ, ਗੁਰੂ ਦਾ ਸ਼ਬਦ/ਗਿਆਨ ਹੀ’ ਆਦਿ, ਪਰ ਇਹ ਸਾਰੇ ਅਰਥ; ਗੁਰਬਾਣੀ ਵਿਆਕਰਨ ਅਨੁਸਾਰ ਸਹੀ ਨਹੀਂ। ਇਸ ਲਈ ਇਸ ਸ਼ਬਦ ਬਣਤਰ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਗੁਰਬਾਣੀ ਲਿਖਤ ਅਨੁਸਾਰ ‘ਨਾਨਕਿ’ (ਇੱਕ ਵਚਨ ਪੁਲਿੰਗ ਨਾਂਵ) ਦੀ ਸਿਹਾਰੀ ’ਚੋਂ ਤਾਂ ਹੀ ਲੁਪਤ ਸੰਬੰਧਕੀ (ਨੇ, ਤੋਂ, ਰਾਹੀਂ) ਅਰਥ ਮਿਲੇ ਹਨ ਕਿਉਂਕਿ ਗੁਰਬਾਣੀ ’ਚ ‘ਨਾਨਕੁ’ (ਔਂਕੜ ਅੰਤ) ਭੀ 530 ਵਾਰ ਹੈ ਜਦ ਕਿ ‘ਗੁਰਮੁਖੁ’ ਇੱਕ ਵਾਰ ਭੀ ਨਹੀਂ, ਇਸ ਲਈ ‘ਗੁਰਮੁਖਿ’ ਦੀ ਸਿਹਾਰੀ; ਕੋਈ ਲੁਪਤ ਸੰਬੰਧਕੀ ਅਰਥ ਨਹੀਂ ਦੇ ਸਕਦੀ। ‘ਗੁਰਮੁਖਿ’ ਦੇ ਅਰਥ ਹਨ, ‘ਮੁਖੀ ਗੁਰੂ, ਪ੍ਰਧਾਨ ਗੁਰੂ, ਗੁਰੂ ਅਨੁਸਾਰੀ ਚੱਲਣ ਵਾਲ਼ਾ ਸਿੱਖ’। ਹੇਠਲੀਆਂ ਤਿੰਨ ਤੁਕਾਂ ’ਚ ‘ਗੁਰਮੁਖਿ’ ਦਾ ਅਰਥ ਸਾਰੇ ਲੇਖਕਾਂ ਨੇ ਸੰਬੰਧਕੀ ਚਿੰਨ੍ਹਾਂ (ਨੇ, ਰਾਹੀਂ, ਦੁਆਰਾ) ਨਾਲ਼ ਕੱਢਿਆ ਹੈ, ਜੋ ਕਿ ਸਹੀ ਨਹੀਂ ਕਿਉਂਕਿ ਇਨ੍ਹਾਂ ’ਚ ਅਰਥ ਹੈ ‘ਗੁਰਮੁਖ’ ਹੈ, ਨਾ ਕਿ ‘ਗੁਰੂ ਨੇ’ ਜਾਂ ‘ਗੁਰੂ ਰਾਹੀਂ’; ਜਿਵੇਂ ਕਿ

(1). ਅੰਤਰਿ ਤੇਰੈ ਹਰਿ ਵਸੈ; ਗੁਰਮੁਖਿ ਸਦਾ ਹਜੂਰਿ (ਮਹਲਾ /੧੨੮੩)

ਅਰਥ : (ਹੇ ਪਪੀਹੇ-ਮਨੁੱਖ ! ਬਾਹਰੋਂ ਸ਼ਾਂਤੀ ਨਾ ਲੱਭ। ਸ਼ਾਂਤੀ ਦਾ ਪੁੰਜ/ਸੋਮਾ) ਹਰੀ; ਤੇਰੇ ਅੰਦਰ ਵੱਸਦਾ ਹੈ। ਗੁਰਮੁਖ; ਉਸ ਨੂੰ ਸਦਾ ਨੇੜਿਓਂ (ਭਾਵ ਅੰਦਰੋਂ ਹੀ) ਮਹਿਸੂਸ ਕਰਦਾ ਹੈ।

(2). ਓਅੰ; ਗੁਰਮੁਖਿ, ਕੀਓ ਅਕਾਰਾ (ਮਹਲਾ /੨੫੦)

ਅਰਥ : ਓਅੰਕਾਰ-ਪ੍ਰਭੂ ਨੇ ਗੁਰਮੁਖ ਬਣਾਉਣ ਲਈ ਜਗਤ-ਰਚਨਾ ਕੀਤੀ, ਪਰ ਮਹਾਨ ਕੋਸ਼, ਸ਼ਬਦਾਰਥ ਅਤੇ ਫਰੀਦਕੋਟ ਟੀਕੇ ਸਮੇਤ ਕਈ ਵਿਦਵਾਨਾਂ ਨੇ ‘ਓਅੰ ਗੁਰਮੁਖਿ’ ਨੂੰ ਇਕੱਠਾ ਕਰ ਅਰਥ ਕੀਤੇ ਹਨ ‘ਆਦਿ ਗੁਰੂ ਨੇ, ਵਾਹਿਗੁਰੂ ਨੇ’ (ਜਗਤ ਰਚਨਾ ਕੀਤੀ), ‘ਗੁਰਮੁਖਾਂ ਨੇ ਇਉਂ ਸਮਝਿਆ ਕਿ ਪ੍ਰਭੂ ਨੇ’ ਜਗਤ ਰਚਨਾ ਕੀਤੀ ਭਾਵ ‘ਗੁਰਮੁਖਿ’ ਦੀ ਸਿਹਾਰੀ ’ਚੋਂ ‘ਨੇ’ ਚਿੰਨ੍ਹ ਲਿਆ, ਜੋ ਕਿ ਸਹੀ ਨਹੀਂ।

ਗੁਰੂ ਨਾਨਕ ਸਾਹਿਬ ਜੀ ਨੇ ਭੀ ਜੋਗੀਆਂ ਨਾਲ਼ ਚਰਚਾ ਕਰਦਿਆਂ ਇਸ ਸ਼ਬਦ ਨੂੰ ਇਉਂ ਵਰਤਿਆ ਹੈ, ‘‘ਗੁਰਮੁਖਿ ਧਰਤੀ ਸਾਚੈ (ਨੇ) ਸਾਜੀ ’’ (ਗੋਸਟਿ/ਮਹਲਾ /੯੪੧) ਅਰਥ : ਸਦੀਵੀ ਸਥਿਰ-ਪ੍ਰਭੂ ਨੇ ਗੁਰਮੁਖ ਪੈਦਾ ਕਰਨ ਲਈ ਧਰਤੀ (ਧਰਮਸ਼ਾਲ) ਬਣਾਈ ਹੈ।

ਦਰਅਸਲ ਗੁਰਬਾਣੀ ਕਾਵਿਮਈ ਰਚਨਾ ਹੈ। ਇਸ ਵਿੱਚ ਪਿੰਗਲ ਤੋਲ ਭਾਰੂ ਹੁੰਦਾ ਹੈ। ਇਸ ਲਈ ਬਾਣੀਕਾਰ; ਸ਼ਬਦਾਂ ਦੇ ਰੂਪ ਨੂੰ ਵੱਡਾ-ਛੋਟਾ ਕਰ ਲੈਂਦਾ ਹੈ; ਜਿਵੇਂ ਗੁਰਬਾਣੀ ’ਚ ‘ਬਹੁਤੁ’ ਤੋਂ ‘ਬਹੁ’, ਕਲਿਜੁਗੁ’ ਤੋਂ ‘ਕਲਿ’ ਕੀਤਾ ਮਿਲਦਾ ਹੈ; ਉਸੇ ਤਰ੍ਹਾਂ ‘ਓਅੰਕਾਰੁ’ ਨੂੰ ‘ਓਅੰ’ ਲਿਖਿਆ ਹੈ ਭਾਵੇਂ ਕਿ ਇਹ ਹਿੰਦੀ ਵਰਣਮਾਲਾ ਦਾ ਪਹਿਲਾ ਅੱਖਰ ਭੀ ਹੈ। ਗੁਰਬਾਣੀ ’ਚ ‘ਓਅੰ’ ਦਾ ਅਸਲ ਰੂਪ ‘ਓਅੰਕਾਰੁ’ ਹੈ; ਜਿਵੇਂ ਕਿ ਵਾਕ ਹਨ, ‘‘ਓਅੰਕਾਰਿ (ਤੋਂ) ਬ੍ਰਹਮਾ ਉਤਪਤਿ ਓਅੰਕਾਰੁ; ਕੀਆ ਜਿਨਿ ਚਿਤਿ ()ਓਅੰਕਾਰਿ (ਨੇ) ਸਬਦਿ (ਰਾਹੀਂ) ਉਧਰੇ ਓਅੰਕਾਰਿ (ਨਾਲ਼) ਗੁਰਮੁਖਿ ਤਰੇ ਓਨਮ ਅਖਰ; ਸੁਣਹੁ ਬੀਚਾਰੁ ਓਨਮ ਅਖਰੁ; ਤ੍ਰਿਭਵਣ ਸਾਰੁ ’’ (ਓਅੰਕਾਰ/ਮਹਲਾ /੯੩੦) ਇੱਥੇ ‘ਓਅੰਕਾਰੁ’ ਨੂੰ ‘ਓਨਮ’ ਭੀ ਲਿਖਿਆ ਹੈ, ਜੋ ਅਸਲ ’ਚ ‘ਓਅੰ ਨਮਹ’ ਸ਼ਬਦ ਹੈ। ਜਿਵੇਂ ਗੁਰੂ ਅਰਜਨ ਸਾਹਿਬ ਜੀ ਨੇ ‘ਓਅੰ’ ਨੂੰ ਬਾਵਨ ਅਖਰੀ ਦੀ ਪਹਿਲੀ ਤੇ ਦੂਜੀ ਪਉੜੀ ’ਚ ਦਰਜ ਕੀਤਾ; ਓਵੇਂ ਹੀ ਗੁਰੂ ਨਾਨਕ ਸਾਹਿਬ ਜੀ ਨੇ ‘ਓਅੰਕਾਰੁ’ ਨੂੰ ‘ਦੱਖਣੀ ਓਅੰਕਾਰੁ’ ਦੀ ਪਹਿਲੀ ਪਉੜੀ ’ਚ ਮੰਗਲਾਚਰਨ ਵਜੋਂ ਵਰਤਿਆ ਹੈ। ਜੇਕਰ ਬਾਵਨ ਅਖਰੀ; ਸੰਸਕ੍ਰਿਤ ਵਰਣਮਾਲਾ ਦੇ 52 ਅੱਖਰਾਂ ਨਾਲ਼ ਸੰਬੰਧਿਤ ਰਚਨਾ ਨਾ ਹੁੰਦੀ ਤਾਂ ਉਕਤ ਪੰਕਤੀ ਇਉਂ ਲਿਖੀ ਹੁੰਦੀ ‘‘ਓਅੰਕਾਰਿ (ਨੇ); ਗੁਰਮੁਖਿ, ਕੀਓ ਅਕਾਰਾ (ਮਹਲਾ /੨੫੦) ਅਤੇ ਸਿਧਾਂਤਿਕ ਅੰਤਰ ਭੀ ਨਾ ਪੈਂਦਾ।

(3). ਮਨਮੁਖਿ ਸੋਝੀ ਨਾ ਪਵੈ; ਗੁਰਮੁਖਿ ਸਦਾ ਹਜੂਰਿ (ਮਹਲਾ /੬੦)

ਅਰਥ : ਮਨ ਅਨੁਸਾਰੀ ਚੱਲਣ ਨਾਲ਼ (ਰਜ਼ਾ ਦੇ ਮਾਲਕ ਦੀ) ਸੂਝ ਨਹੀਂ ਪੈਂਦੀ, ਪਰ ਗੁਰੂ ਅਨੁਸਾਰੀ ਚੱਲਣ ਵਾਲ਼ੇ ਭਗਤ ਨੂੰ (ਰਜ਼ਾ ਦਾ ਮਾਲਕ) ਅੰਗ-ਸੰਗ ਜਾਪਦਾ ਹੈ (ਇੱਥੇ ਭੀ ਕਈਆਂ ਨੇ ‘ਗੁਰਮੁਖਿ’ ਦੇ ਅਰਥ ਕੀਤੇ ਕਿ ਗੁਰੂ ਦੀ ਰਾਹੀਂ ਅੰਗ-ਸੰਗ ਵਿਖਾਈ ਦਿੰਦਾ ਹੈ)।

ਨੋਟ : ਚੇਤੇ ਰਹੇ ਕਿ ‘ਮਨਮੁਖਿ’ ਦੀ ਸਿਹਾਰੀ ’ਚੋਂ ‘ਵਿੱਚ, ਰਾਹੀਂ, ਨੇ, ਤੋਂ’ ਅਰਥ ਲਏ ਜਾ ਸਕਦੇ ਹਾਂ ਕਿਉਂਕਿ ਗੁਰਬਾਣੀ ’ਚ ‘ਮਨਮੁਖੁ’ (ਔਂਕੜ ਅੰਤ) 73 ਵਾਰ ਹੈ, ਪਰ ‘ਗੁਰਮੁਖੁ’ ਇੱਕ ਵਾਰ ਭੀ ਨਹੀਂ। ਮਨਮੁਖਿ-171 ਵਾਰ, ਮਨਮੁਖ-262 ਵਾਰ ਹੈ ਜਦ ਕਿ ਗੁਰਮੁਖਿ-1572 ਵਾਰ ਅਤੇ ਗੁਰਮੁਖ (ਔਂਕੜ ਰਹਿਤ) ਮਾਤਰ 6 ਵਾਰ ਹੈ। ਸ਼ਾਇਦ ਇਹ ਉਤਾਰਾ ਕਰਦਿਆਂ ਤਰੁਟੀ ਰਹੀ ਹੋਵੇ।

15 ਭਗਤਾਂ ਦੀ ਬਾਣੀ ਅੰਦਰ ‘ਮਨਮੁਖ, ਮਨਮੁਖਿ, ਮਨਮੁਖੁ’ ਸ਼ਬਦ; ਇੱਕ ਵਾਰ ਭੀ ਦਰਜ ਨਹੀਂ ਹਨ ਅਤੇ ‘ਗੁਰਮੁਖਿ’; ਕੇਵਲ 9 ਵਾਰ ਹੈ। ਇਸ ਤੋਂ ਜਾਪਦਾ ਹੈ ਕਿ ਇਹ ਦੋਵੇਂ ਸ਼ਬਦ (ਖ਼ਾਸਕਰ ਮਨਮੁਖ); ਕਿਸੇ ਹੋਰ ਧਾਰਮਿਕ ਗ੍ਰੰਥ ’ਚ ਨਹੀਂ। ਦਸਮ ਗ੍ਰੰਥ ਵਿੱਚ ‘ਗੁਰਮੁਖਿ/ਗੁਰਮੁਖ/ਗੁਰਮੁਖੁ’ ਇੱਕ ਵਾਰ ਭੀ ਨਹੀਂ ਤੇ ‘ਮਨਮੁਖ’ ਕੇਵਲ ਇੱਕ ਵਾਰ ਹੈ ‘‘ਜੋ ਮਨਮੁਖ ਤੀਰਥ ਤਿਹ ਆਯੋ ’’ (ਚਰਿਤ੍ਰ ੭੧)

ਗੁਰਬਾਣੀ ਅੰਦਰ ‘ਗੁਰੂ’ (ਸ਼ਬਦ) ਨੂੰ ਸਿਰਮੌਰਤਾ ਮਿਲੀ ਹੋਣ ਕਾਰਨ ਉਨ੍ਹਾਂ ਲਈ ‘ਗੁਰਮੁਖਿ’ ਸ਼ਬਦ ਭੀ ਵਰਤਿਆ ਹੈ, ਜਿਸ ਦਾ ਤੁਲਨਾਤਮਿਕ ਸ਼ਬਦ ‘ਮਨਮੁਖ’ ਹੈ। ‘ਮਨਮੁਖੁ’ ’ਤੇ ਵਿਆਕਰਨਿਕ ਨਿਯਮ ਲਾਗੂ ਹੁੰਦੇ ਹਨ, ਪਰ ‘ਗੁਰਮੁਖਿ’ ਦੀ ਸਿਹਾਰੀ ਮੂਲਕ ਹੈ, ਇਸ ਲਈ ਅਰਥ ‘ਪ੍ਰਧਾਨ ਗੁਰੂ, ਮੁਖੀ ਗੁਰੂ ਜਾਂ ਗੁਰਮੁਖ’ ਹੀ ਉਚਿਤ ਹਨ। ਪ੍ਰਧਾਨ ਗੁਰੂ ਤੋਂ ਭਾਵ ‘ਪ੍ਰਭੂ’ ਜਾਂ ‘ਪ੍ਰਭੂ ਰੂਪ ਗੁਰੂ’ ਅਰਥ ਭੀ ਹੋ ਸਕਦੇ ਹਨ। ਜੇਕਰ ‘ਗੁਰਮੁਖਿ’ ਦੀ ਸਿਹਾਰੀ ’ਚੋਂ ਵਿਆਕਰਨਿਕ ਅਰਥ ਮਿਲਦੇ ਤਾਂ ਹੇਠਲੀਆਂ 6 ਤੁਕਾਂ ’ਚ ਇਸ ਨਾਲ਼ ‘ਨਾਲਿ, ਅੰਤਰਿ’ (ਸੰਬੰਧਕੀ) ਹੋਣ ’ਤੇ ਗੁਰਮੁਖ (ਮੁਕਤਾ ਅੰਤ) ਹੁੰਦਾ। ਇਨ੍ਹਾਂ ਤੁਕਾਂ ’ਚ ਇਸ ਦਾ ਅਰਥ ‘ਮੁਖੀ ਗੁਰੂ’ ਜਾਂ ‘ਗੁਰੂ ਦੀ ਰਾਹੀਂ’ ਨਹੀਂ ਬਲਕਿ ਗੁਰੂ ਅਨੁਸਾਰ ਜੀਵਨ ਬਤੀਤ ਕਰਨ ਵਾਲ਼ਾ (ਗੁਰਮੁਖ) ਹੈ :

ਏਹੁ ਖਰਚੁ ਅਖੁਟੁ ਹੈ; ਗੁਰਮੁਖਿ ਨਿਬਹੈ ਨਾਲਿ (ਮਹਲਾ /੭੫੬) (ਗੁਰਮੁਖਿ ਨਾਲਿ ਨਿਬਹੈ)

ਅਰਥ : ਇਹ ਨਾਮ-ਧਨ (ਜੀਵਨ-ਮਾਰਗ ’ਚ) ਨਾ ਮੁੱਕਣ ਵਾਲ਼ਾ ਸਰਮਾਇਆ ਹੈ, ਜੋ ਗੁਰਮੁਖ ਦੇ ਨਾਲ਼ ਅੰਤ ਤੱਕ ਨਿਭਦਾ ਹੈ ਭਾਵ ਸਦਾ ਸਾਥ ਦਿੰਦਾ ਹੈ।

ਅੰਤਰਿ ਗੁਰਮੁਖਿ ਤੂ ਵਸਹਿ; ਜਿਉ ਭਾਵੈ ਤਿਉ ਨਿਰਜਾਸਿ (ਮਹਲਾ /੨੦) (ਗੁਰਮੁਖਿ ਅੰਤਰਿ)

ਅਰਥ : (ਹੇ ਪ੍ਰਭੂ !) ਤੂੰ ਗੁਰਮੁਖ ਦੇ ਅੰਦਰ ਵਸਦਾ ਹੈਂ (ਤਾਹੀਓਂ ਉਸ ਨੂੰ ਭਰੋਸਾ ਹੈ ਕਿ) ਤੂੰ ਜਿਵੇਂ ਚਾਹੁੰਦਾ ਹੈਂ; ਓਵੇਂ ਨਿਰਣਾ ਲੈਂਦਾ ਹੈਂ।

ਮਨ ਰੇ  ! ਕਿਉ ਛੂਟਹਿ, ਬਿਨੁ ਪਿਆਰ ਗੁਰਮੁਖਿ ਅੰਤਰਿ ਰਵਿ ਰਹਿਆ; ਬਖਸੇ ਭਗਤਿ ਭੰਡਾਰ ਰਹਾਉ (ਮਹਲਾ /੬੦)

ਅਰਥ : ਹੇ ਮਨ ! ਤੂੰ (ਪ੍ਰਭੂ ਦੇ) ਪ੍ਰੇਮ ਤੋਂ ਬਿਨਾਂ (ਮਾਇਆ ਦੇ ਹਮਲਿਆਂ ਤੋਂ) ਨਹੀਂ ਬਚੇਂਗਾ। ਗੁਰਮੁਖ ਦੇ ਦਿਲ ’ਚ (ਪ੍ਰਭੂ ਨਾਲ਼ ਪ੍ਰੇਮ) ਹੁੰਦਾ ਹੈ (ਕਿਉਂਕਿ ਗੁਰੂ ਨੇ ਉਸ ਨੂੰ) ਭਗਤੀ ਕਰਨ ਦੇ ਸਾਰੇ ਖ਼ਜ਼ਾਨੇ (ਭਾਵ ਰੱਬ ਨਾਲ਼ ਪਿਆਰ ਕਰਨ ਦੇ ਢੰਗ) ਬਖ਼ਸ਼ੇ ਹੁੰਦੇ ਹਨ।

ਗੁਰਮੁਖਿ ਅੰਤਰਿ ਸਖਾਈ ਪ੍ਰਭੁ ਹੋਇ (ਮਹਲਾ /੫੬੦)

ਅਰਥ : ਗੁਰਮੁਖ ਦੇ ਅੰਦਰ (ਵਿਕਾਰਾਂ ਤੋਂ ਬਚਾਉਣ ਵਾਲ਼ਾ) ਅਸਲ ਸਾਥੀ ਪ੍ਰਭੂ ਹੁੰਦਾ ਹੈ।

ਗੁਰਮੁਖਿ ਅੰਤਰਿ ਸਾਂਤਿ ਹੈ; ਮਨਿ+ਤਨਿ () ਨਾਮਿ (ਰਾਹੀਂ) ਸਮਾਇ (ਮਹਲਾ /੬੫੩ ਅਤੇ ੧੩੧੭)

ਗੁਰਮੁਖਿ ਅੰਤਰਿ ਸਹਜੁ ਹੈ; ਮਨੁ ਚੜਿਆ ਦਸਵੈ+ਆਕਾਸਿ () (ਮਹਲਾ /੧੪੧੪)

ਗੁਰਬਾਣੀ ਲਿਖਤ ਅਨੁਸਾਰ ਜਿਸ ਇੱਕ ਵਚਨ ਪੁਲਿੰਗ ਨਾਂਵ ਦੀ ਸਿਹਾਰੀ ਅੰਤ ਜਾਂ ਔਂਕੜ ਅੰਤ; ਕਿਸੇ ਸੰਬੰਧਕੀ ਚਿੰਨ੍ਹ ਨਾਲ਼ ਆਉਣ ਨਾਲ਼ ਨਹੀਂ ਹਟਦੇ, ਉਹ (ਲਗਾਂ) ਉਸ ਸ਼ਬਦ ਦੀਆਂ ਮੁਲਕ ਹੁੰਦੀਆਂ ਹਨ; ਜਿਵੇਂ ਕਿ ਹੇਠਲੀਆਂ ਤੁਕਾਂ ’ਚ ‘ਹਰਿ, ਕਲਿ (ਕਲਿਜੁਗ)’ ਸ਼ਬਦਾਂ ਨਾਲ਼ ‘ਕਾ’ ਆਉਣ ’ਤੇ ਭੀ ਇਨ੍ਹਾਂ ਦੀ ਸਿਹਾਰੀ ਨਹੀਂ ਲੱਥੀ :

ਗੁਰਮੁਖਿ ਸਦਾ ਹਰਿ ਰੰਗੁ ਹੈ; ਹਰਿ ਕਾ ਨਾਉ ਮਨਿ ਭਾਇਆ (ਮਹਲਾ /੮੫੧)

ਨਾਨਕ  ! ਗੁਰਮੁਖਿ ਜਾਣੀਐ; ਕਲਿ ਕਾ ਏਹੁ ਨਿਆਉ (ਮਹਲਾ /੧੨੮੮)

ਹੇਠਲੀ ਪੰਕਤੀ ਦਾ ਅਰਥ ਜਾਣਨਾ ਭੀ ਜ਼ਰੂਰੀ ਹੈ :

ਮਨਮੁਖਿ, ਅੰਤਰਿ ਭਗਤਿ ਹੋਈ (ਮਹਲਾ /੧੦੪੯) ਭਾਵ ਇੱਥੇ ‘ਮਨਮੁਖਿ ਅੰਤਰਿ’ ਨੂੰ ‘ਗੁਰਮੁਖਿ ਅੰਤਰਿ’ ਵਾਙ ਨਹੀਂ ਸਮਝਣਾ।

ਅਰਥ : ਮਨਮੁਖ (ਬਣਨ) ਨਾਲ਼; ਦਿਲੋਂ ਰੱਬ ਦੀ ਭਗਤੀ ਨਹੀਂ ਹੋ ਸਕਦੀ।

ਸੋ ਵਿਚਾਰ ਅਧੀਨ ਵਾਕ ‘‘ਗੁਰਮੁਖਿ ਨਾਦੰ, ਗੁਰਮੁਖਿ ਵੇਦੰ; ਗੁਰਮੁਖਿ ਰਹਿਆ ਸਮਾਈ’’ ’ਚ ‘ਗੁਰਮੁਖਿ’ ਦਾ ਅਰਥ ‘ਗੁਰੂ’ ਹੈ, ਨਾ ਕਿ ‘ਗੁਰੂ ਨੇ’ ਜਾਂ ‘ਗੁਰੂ ਦੁਆਰਾ’। ਇੱਥੇ ਕਾਵਿ-ਪਿੰਗਲ ਕਾਰਨ ‘ਗੁਰੁ’ ਤੋਂ ਵਿਸਥਾਰ ਸਹਿਤ ‘ਗੁਰਮੁਖਿ’ ਬਣਿਆ ਹੈ ਵਰਨਾ ਹੇਠਲੇ ਵਾਕ ਵਾਙ ਉਕਤ ਵਾਕ ਭੀ ‘‘ਗੁਰੁ ਨਾਦੰ, ਗੁਰੁ ਵੇਦੰ; ਗੁਰੁ ਰਹਿਆ ਸਮਾਈ॥’’ ਹੋਣਾ ਸੀ।

ਗੁਰੁ ਈਸਰੁ, ਗੁਰੁ ਗੋਰਖੁ ਬਰਮਾ; ਗੁਰੁ ਪਾਰਬਤੀ ਮਾਈ॥ ਉਚਾਰਨ : ਈਸ਼ਰ, ਬਰ੍ਹਮਾ।

ਪਦ ਅਰਥ : ਈਸਰੁ- ਸ਼ਿਵ। ਗੋਰਖ- ਵਿਸ਼ਨੂੰ। ਬਰਮਾ- ਬ੍ਰਹਮਾ। ਪਾਰਵਤੀ- ਸ਼ਿਵ ਦੀ ਪਤਨੀ। ਮਾਈ- ਵਿਸ਼ਨੂੰ ਦੀ ਪਤਨੀ, ਲੱਛਮੀ।

ਅਰਥ : ਗੁਰੂ ਹੀ ਸ਼ਿਵ, ਵਿਸ਼ਨੂੰ, ਬ੍ਰਹਮਾ (ਰਾਮ, ਕ੍ਰਿਸ਼ਨ, ਗਣੇਸ਼, ਹਨੁਮਾਨ, ਸ਼ਨੀ ਆਦਿਕ ਦੇਵਤਾ ਹੈ) ਤੇ ਗੁਰੂ ਹੀ ਪਾਰਬਤੀ, ਲੱਛਮੀ (ਦੁਰਗਾ, ਕਾਲਕਾ, ਸਰਸਵਤੀ, ਚੰਡੀ ਆਦਿ ਦੇਵੀ) ਹੈ ਭਾਵ ਗੁਰੂ ਦੀ ਸ਼ਰਨ ਲੈਣ ਤੋਂ ਬਾਅਦ ਕਿਸੇ ਹੋਰ ਆਸਰੇ ਦੀ ਲੋੜ ਨਹੀਂ।

ਜੇ ਹਉ ਜਾਣਾ, ਆਖਾ ਨਾਹੀ; ਕਹਣਾ ਕਥਨੁ ਨ ਜਾਈ॥ ਉਚਾਰਨ : ਹਉਂ, ਆਖਾਂ, ਨਾਸੀਂ।

ਪਦ ਅਰਥ : ਹਉ- ਮੈ। ਕਹਣਾ- ਦੱਸਣਾ। ਕਥਨੁ- ਵਰਣਨ, ਸਹੀ ਸਹੀ ਅਨੁਮਾਨ।

ਅਰਥ : (ਗੁਰੂ ਦੀ ਕਿਰਪਾ ਨਾਲ਼) ਅਗਰ ਮੈਂ ਜਾਣ ਲਵਾਂ (ਕਿ ਗੁਰੂ; ਬੜਾ ਮਹਾਨ ਹੈ ਤਾਂ ਭੀ ਉਸ ਬਾਰੇ ਕੁੱਝ) ਕਹਿਣ ਯੋਗਾ ਨਹੀਂ (ਕਿਉਂਕਿ ਮੇਰੇ ਕੋਲ਼ ਗੁਰੂ ਸ਼ਖ਼ਸੀਅਤ ਦਾ) ਸਹੀ ਸਹੀ ਅਨੁਮਾਨ ਲਗਾਉਣ ਦੀ ਸਮਰੱਥਾ ਨਹੀਂ।

ਵਿਚਾਰ : ‘ਜਪੁ’ ਬਾਣੀ ਦੀਆਂ ਪਿਛਲੀਆਂ ਪਉੜੀਆਂ ਦੀ ਸਮਾਪਤੀ ਵਾਙ ਇੱਥੇ ਭੀ ‘ਗੁਰੁ’ ਨੂੰ ਕਈ ਦੇਵੀ ਦੇਵਤਿਆਂ ਨਾਲ਼ ਤੁਲਨਾਤਮਿਕ ਵਿਚਾਰਨ ਉਪਰੰਤ ਅੰਤ ’ਚ ਕਿਹਾ ਹੈ ਕਿ ‘ਗੁਰੁ’ ਅਥਾਹ ਸ਼ਕਤੀ ਭਰਪੂਰ ਹੈ, ਇਸ ਲਈ ਉਨ੍ਹਾਂ ਬਾਰੇ ਬਹੁਤਾ ਬਿਆਨ ਕਰਨਾ ਅਸੰਭਵ ਹੈ। ਇਸ ਲਿਖਤ ਤਰਤੀਬ ਨੂੰ ਜਪੁ ਬਾਣੀ ਦੇ ਅੰਤ ਤੱਕ ਚੇਤੇ ਰੱਖਿਆਂ 32ਵੀਂ ਪਉੜੀ ‘‘ਇਕ ਦੂ ਜੀਭੌ ਲਖ ਹੋਹਿ; ਲਖ ਹੋਵਹਿ ਲਖ ਵੀਸ ..੩੨ (ਜਪੁ) ਦੇ ਅਸਲ ਭਾਵਾਰਥ ਸਮਝ ਆਉਣੇ ਹਨ ਕਿਉਂਕਿ ਉਸ ਤੋਂ ਬਾਅਦ 33ਵੀਂ ਪਉੜੀ ’ਚ ਸਮੁੱਚੇ ‘ਜਪੁ’ ਸਿਧਾਂਤ ਨੂੰ ਸੰਖੇਪ ਸ਼ਬਦਾਂ ’ਚ ਮੁੜ ਦੁਹਰਾਇਆ ਹੈ ਅਤੇ ਅਗਾਂਹ 34 ਤੋਂ 37 ਪਉੜੀਆਂ ’ਚ; ਪੰਜ ਰੂਹਾਨੀਅਤ ਪੜਾਵਾਂ ਦਾ ਜ਼ਿਕਰ ਸ਼ੁਰੂ ਹੁੰਦਾ ਹੈ।

ਸੋ ਜਦ ਮਾਨਵ ਜਾਤੀ ’ਚ ‘ਗੁਰੂ’ ਹੀ ਸਭ ਤੋਂ ਮਹਾਨ ਹੈ ਤਾਂ ਤੇ ਉਨ੍ਹਾਂ ਅੱਗੇ ਬੇਨਤੀ ਕਰਨੀ ਬਣਦੀ ਹੈ ਕਿ

ਗੁਰਾ  ! ਇਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ; ਸੋ, ਮੈ ਵਿਸਰਿ ਨ ਜਾਈ॥ ੫॥ ਉਚਾਰਨ : ਦੇਹ, ਜੀਆਂ।

ਪਦ ਅਰਥ : ਗੁਰਾ- ਹੇ ਗੁਰੂ ਜੀ ! ਇਕ ਬੁਝਾਈ- ਇਕ ਸਮਝ, ਕੇਵਲ ਐਸੀ ਸੋਝੀ। ਦੇਹਿ- ਦੇਹ, ਬਖ਼ਸ਼। ਜੀਆ- ਜੀਵਾਂ। ਮੈ- ਮੈਨੂੰ। ਨ ਵਿਸਰਿ ਜਾਈ- ਨਾ ਭੁੱਲ ਜਾਵੇ।

ਅਰਥ : ਹੇ ਸਤਿਗੁਰੂ (ਨਾਨਕ ਜੀ) ! ਮੈਨੂੰ ਐਸੀ ਸਮਝ ਬਖ਼ਸ਼ ਕਿ ਜੋ ਸਾਰਿਆਂ ਜੀਵਾਂ ਨੂੰ ਦਾਤਾਂ ਦੇਣ ਵਾਲ਼ਾ (ਰਜ਼ਾ ਦਾ ਮਾਲਕ) ਦਾਤਾਰ-ਪਿਤਾ ਹੈ, ਉਹ ਮੈਨੂੰ ਕਦੇ ਨਾ ਭੁੱਲੇ।

ਤੀਰਥਿ ਨਾਵਾ, ਜੇ ਤਿਸੁ ਭਾਵਾ; ਵਿਣੁ ਭਾਣੇ, ਕਿ ਨਾਇ ਕਰੀ  ?॥ ਉਚਾਰਨ : ਨ੍ਹਾਵਾਂ, ਭਾਵਾਂ, ਨ੍ਹਾਇ, ਕਰੀਂ।

ਪਦ ਅਰਥ : ਤੀਰਥਿ- ਤੀਰਥ ਉੱਤੇ (ਇੱਕ ਵਚਨ ਪੁਲਿੰਗ)। ਤਿਸੁ- ਉਸ (ਦਾਤਾਰ-ਪਿਤਾ) ਨੂੰ। ਭਾਵਾ- ਪਸੰਦ ਆਵਾਂ। ਵਿਣੁ ਭਾਣੇ- ਪ੍ਰਸੰਨ ਕਰਨ ਤੋਂ ਬਿਨਾਂ ਭਾਵ ਖ਼ੁਸ਼ ਕਰਨ ਤੋਂ ਬਿਨਾਂ। ਕਿ- ਕੀ। ਨਾਇ- ਨਹਾ ਕੇ, ਇਸ਼ਨਾਨ ਕਰਕੇ। ਕਰੀ- ਕਰਾਂ।

ਅਰਥ : ਤੀਰਥ ਉੱਤੇ ਜਾ ਕੇ ਇਸ਼ਨਾਨ ਮੈ ਤਾਂ ਕਰਾਂ ਜੇ (ਸਰੀਰ ਸਾਫ਼ ਕਰਨ ਨਾਲ਼) ਉਸ (ਦਾਤਾਰ-ਪਿਤਾ) ਨੂੰ ਪ੍ਰਸੰਨ ਕਰ ਸਕਾਂ (ਕਿਉਂਕਿ ਉਸ ਦੀ) ਪ੍ਰਸੰਨਤਾ ਤੋਂ ਬਿਨਾਂ ਮੈਂ ਐਸਾ ਇਸ਼ਨਾਨ ਕਰਕੇ ਕੀ ਕਰਾਂਗਾ ?

ਵਿਚਾਰ : ‘ਜਪੁ’ ਬਾਣੀ ਦੀ ਪਹਿਲੀ ਪਉੜੀ ’ਚ ਬਚਨ ਸਨ, ‘‘ਸੋਚੈ, ਸੋਚ ਹੋਵਈ; ਜੇ, ਸੋਚੀ ਲਖ ਵਾਰ’’ ਭਾਵ (ਤੀਰਥ ’ਤੇ) ਸਰੀਰਕ ਇਸ਼ਨਾਨ ਕਰਨ ਨਾਲ਼ ਮਨ ਨਿਰਮਲ ਨਹੀਂ ਹੁੰਦਾ ਭਾਵੇਂ ਮੈ ਲੱਖਾਂ ਵਾਰ ਇਸ਼ਨਾਨ ਕਰਾਂ। ਗੁਰੂ ਨਾਨਕ ਸਾਹਿਬ ਨੇ ‘ਗੁਰੂ’ ਨੂੰ ਹੀ ਅਸਲ ਤੀਰਥ ਕਿਹਾ ਹੈ, ‘‘ਗੁਰ ਸਮਾਨਿ; ਤੀਰਥੁ ਨਹੀ ਕੋਇ ’’ (ਮਹਲਾ /੧੩੨੮), ਜੋ ਸਵੈ-ਪੜਚੋਲ ਕਰਾ ਮਨ ਨਿਰਮਲ ਕਰਦਾ ਹੈ, ਪਰ ਇਹ ਇਸ਼ਨਾਨ; ਦਾਤਾਰ-ਪਿਤਾ ਦੀ ਮਿਹਰ-ਦ੍ਰਿਸ਼ਟੀ (ਪ੍ਰਸੰਨਤਾ) ਤੋਂ ਬਿਨਾਂ ਨਹੀਂ ਕੀਤਾ ਜਾ ਸਕਦਾ ਭਾਵ ਮਨ ਨੂੰ ਕਾਬੂ ਕਰਨ ’ਚ ਇਲਾਹੀ ਬਖ਼ਸ਼ਸ਼ ਭੀ ਹੋਣੀ ਚਾਹੀਦੀ ਹੈ।

ਜੇਤੀ ਸਿਰਠਿ ਉਪਾਈ ਵੇਖਾ; ਵਿਣੁ ਕਰਮਾ, ਕਿ ਮਿਲੈ ? ਲਈ॥ ਉਚਾਰਨ : ਵੇਖਾਂ, ਲਈਂ।

ਪਦ ਅਰਥ : ਜੇਤੀ- ਜਿੰਨੀ ਭੀ, ਜਿਤਨੀ। ਸਿਰਠਿ- ਸ੍ਰਿਸ਼ਟੀ। ਉਪਾਈ- ਪੈਦਾ ਕੀਤੀ। ਵਿਣੁ ਕਰਮਾ- ਮਿਹਰ ਤੋਂ ਬਿਨਾਂ, (ਮਾਲਕ ਦੀ) ਪ੍ਰਸੰਨਤਾ ਤੋਂ ਬਿਨਾਂ। ਕਿ- ਕੀ। ਮਿਲੈ- ਮਿਲਦਾ ਹੈ। ਲਈ- ਮੈ ਲੈ ਲਵਾਂ।

ਅਰਥ : ਜਿੰਨੀ ਭੀ ਜਗਤ-ਰਚਨਾ (ਮਾਲਕ ਦੁਆਰਾ) ਪੈਦਾ ਕੀਤੀ ਹੋਈ, ਮੈਂ ਵੇਖਦਾ ਹਾਂ (ਉਸ ਦੀ) ਪ੍ਰਸੰਨਤਾ ਤੋਂ ਬਿਨਾਂ (ਇੱਥੇ ਕਿਸੇ ਨੂੰ ਕਦੇ) ਕੀ ਮਿਲਿਆ ਹੈ (ਤਾਂ ਕਿ ਮਿਹਰ ਤੋਂ ਸੱਖਣਾ ਰਹਿ ਕੇ ਭਾਵ ਨਿਰਾ ਬਾਹਰੋਂ ਸਰੀਰ ਧੋਹ ਕੇ) ਮੈ ਲੈ ਲਵਾਂ ? ਭਾਵ ਦਾਤਾਰ-ਪਿਤਾ ਦੀ ਪ੍ਰਸੰਨਤਾ; ਮਨ ਦੀ ਹੀ ਸ਼ੁਧਤਾ ਨਾਲ਼ ਹੈ। ਭਗਤ ਕਬੀਰ ਜੀ ਦੇ ਬਚਨ ਹਨ, ‘‘ਕੰਚਨ ਸਿਉ; ਪਾਈਐ ਨਹੀ ਤੋਲਿ (ਕੇ) ਮਨੁ ਦੇ (ਕੇ); ਰਾਮੁ ਲੀਆ ਹੈ ਮੋਲਿ ’’ (ਭਗਤ ਕਬੀਰ/੩੨੭) ਅਰਥ : ਸੋਨੇ ਨਾਲ਼ ਤੋਲ ਕੇ ਭੀ ਰਾਮ ਪ੍ਰਾਪਤ ਨਹੀਂ ਹੁੰਦਾ। ਮਨ ਨੂੰ ਅਰਪਣ ਕਰਕੇ ਭਾਵ ਮੈ-ਮੇਰੀ ਤਿਆਗ ਕੇ ਰਾਮ ਨੂੰ ਪਾਇਆ ਹੈ। ਸੋ ਰਾਮ ਨੂੰ ਪ੍ਰਾਪਤ ਕਰਨ ਦੀ ਕੀਮਤ; ਸੋਨਾ ਨਹੀਂ, ਅਹੰਕਾਰ ਦਾ ਤਿਆਗ ਹੈ।

ਮਤਿ ਵਿਚਿ ਰਤਨ, ਜਵਾਹਰ, ਮਾਣਿਕ; ਜੇ ਇਕ, ਗੁਰ ਕੀ ਸਿਖ ਸੁਣੀ॥

ਪਦ ਅਰਥ : ਜਵਾਹਰ- ਜਵਾਹਰਾਤ, ਕੀਮਤੀ ਲਾਲ। ਮਾਣਿਕ- ਮੋਤੀ। ਇਕ ਸਿਖ- ਇੱਕ ਸਿੱਖਿਆ, ਅਦਭੁਤ ਉਪਦੇਸ਼।

ਅਰਥ : (ਧੁੰਦਲ਼ੀ/ਮੱਧਮ) ਮੱਤ ਅੰਦਰ ਕੀਮਤੀ ਰਤਨ, ਮੋਤੀ, ਜਵਾਹਰਾਤ ਵਰਗੇ ਲਾਲ ਹਨ। ਅਗਰ ਗੁਰੂ ਜੀ ਦੀ ਇੱਕ ਅਦਭੁਤ ਸਿੱਖਿਆ ਸੁਣੀ ਜਾਏ (ਤਾਂ ਪ੍ਰਾਪਤ ਹੁੰਦੇ ਹਨ)।

ਵਿਚਾਰ : ਉਕਤ ਵਾਕ ’ਚ ਕਿਹੜੇ ਕੀਮਤੀ ਰਤਨਾਂ ਦਾ ਜ਼ਿਕਰ ਹੈ, ਜੋ ਹਰ ਮਨੁੱਖ ਦੀ ਮੱਤ ਵਿੱਚ ਹਨ ?

ਜਵਾਬ : ਗੁਰਬਾਣੀ ਅਨੁਸਾਰ ਅਕਾਲ ਪੁਰਖ; ਹਰ ਸਰੀਰ ਅੰਦਰ ਜੋਤਿ-ਸਰੂਪ ਵਜੋਂ ਸਰਬ ਵਿਆਪਕ ਹੈ; ਜਿਵੇਂ ਕਿ ‘‘ਸਭ ਮਹਿ ਜੋਤਿ; ਜੋਤਿ ਹੈ ਸੋਇ (ਭਾਵ ਉਸ ਦੀ)’’ (ਸੋਹਿਲਾ/ਮਹਲਾ /੧੩), ਇਹ ਜੋਤਿ; ਆਤਮ ਪ੍ਰਕਾਸ਼-ਬਲ ਹੈ, ਰੂਹ ਹੈ, ਜਿੰਦ ਹੈ, ਰੱਬੀ ਗੁਣ ਹਨ। ਇਨ੍ਹਾਂ ਦਾ ਮੱਤ ਨੂੰ ਹੂ-ਬਹੂ ਪ੍ਰਕਾਸ਼ ਹੋਣਾ ਹੀ ਮੱਤ ਵਿੱਚ ਕੀਮਤੀ ਰਤਨ, ਕੀਮਤੀ ਲਾਲ ਪ੍ਰਗਟ ਹੋਣਾ ਹੈ, ਪਰ ਇਹ ਪ੍ਰਕਾਸ਼ ਹੁੰਦਾ ਕਿਉਂ ਨਹੀਂ ? ਜਵਾਬ : ਹਰ ਸਰੀਰ ਅੰਦਰ ਇੱਕ ਅੰਤਹਿਕਰਣ-ਇੰਦ੍ਰੀ ਹੈ, ਜਿਸ ਨੂੰ ਗੁਰਬਾਣੀ ਅਨੁਸਾਰ ਜਨਮ ਜਨਮ ਦੀ ਮੈਲ਼ ਲੱਗੀ ਹੈ, ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ.. ’’ (ਮਹਲਾ /੬੫੧), ਇਹੀ ਕੂੜ ਦੀ ਪਾਲਿ (ਕੰਧ) ਹੈ, ਜਿਸ ਰਾਹੀਂ ਸੀਮਤ ਜਿਹਾ ਆਤਮ-ਪ੍ਰਕਾਸ਼ ਹੀ ਮੱਤ ਨੂੰ ਮਿਲਦਾ ਹੈ। ਮਨੋਵਿਗਿਆਨ; ਇਸ ਮਲ਼ੀਨ ਅੰਤਹਿਕਰਣ ਨੂੰ ਅਚੇਤ-ਮਨ ਕਹਿੰਦਾ ਹੈ, ਜੋ ਉਨ੍ਹਾਂ ਅਨੁਸਾਰ ਸੁਚੇਤ ਮਨ (ਜੋ ਕਿ ਮਨ ਦਾ ਮਾਤਰ 10% ਭਾਗ ਹੈ ਤੇ ਰਾਤ ਨੂੰ ਸੌਂ ਜਾਂਦਾ ਹੈ) ਰਾਹੀਂ ਇਕੱਠੀਆਂ ਹੁੰਦੀਆ ਬਚਪਨ ਦੀਆਂ ਯਾਦਾਂ ਦਾ ਸੰਗ੍ਰਹਿ ਹੈ ਭਾਵ ਮੈਡੀਕਲ ਸਾਇੰਸ ਜਿਸ ਨੂੰ ਇਸੇ ਜਨਮ ਦੀ ਕਾਲ਼ਖ਼ ਕਹਿੰਦੀ ਹੈ; ਗੁਰਬਾਣੀ ਅਨੁਸਾਰ ਉਹ ਜਨਮ ਜਨਮ ਦੀ ਮੈਲ਼ ਹੈ।

ਗੁਰੂ ਦੀ ਸਿੱਖਿਆ ਨਾਲ਼ ਅੰਦਰਲੇ ਤੀਰਥ ਉੱਤੇ ਇਸ਼ਨਾਨ ਕੀਤਿਆਂ (ਅੰਤਰਗਤਿ ਤੀਰਥਿ (ਤੇ) ਮਲਿ ਨਾਉ ) ਭਾਵ ਸਵੈ ਪੜਚੋਲ ਕੀਤਿਆਂ ਇਹ ਮਲ਼ੀਨ ਅੰਤਹਿਕਰਣ; ਪਾਰਦਰਸ਼ੀ ਹੁੰਦਾ ਹੈ ਤੇ ਸਰਬ ਵਿਆਪਕ ਜੋਤਿ ਦਾ ਹੂ-ਬਹੂ ਪ੍ਰਕਾਸ਼ ਮੱਤ ਤੱਕ ਆ ਜਾਂਦਾ ਹੈ, ਜੋ ਰਤਨ, ਜਵਾਹਰਾਤ ਵਰਗਾ ਬਹੁ ਕੀਮਤੀ ਹੈ। ਇਸੇ ਨੂੰ ‘‘ਤਿਸ ਦੈ ਚਾਨਣਿ (ਨਾਲ਼); ਸਭ ਮਹਿ ਚਾਨਣੁ ਹੋਇ ’’ ਕਿਹਾ ਹੈ। ਆਤਮ-ਪ੍ਰਕਾਸ਼ ਦਾ ਇਹੀ ਅਹਿਸਾਸ; ਪ੍ਰਭੂ ਦਾ ਕਣ-ਕਣ ਵਿੱਚੋਂ ਦਰਸ਼ਨ ਹੋਣਾ ਹੈ।

ਆਤਮ-ਪ੍ਰਕਾਸ਼ ਭਾਵ ਰੱਬੀ ਗੁਣਾਂ ਨੂੰ ਹੀ ਨਾਮ-ਅੰਮ੍ਰਿਤ ਕਿਹਾ ਹੈ, ‘‘ਰਤਨ ਜਵੇਹਰ ਮਾਣਿਕਾ; ਅੰਮ੍ਰਿਤੁ ਹਰਿ ਕਾ ਨਾਉ ’’ (ਮਹਲਾ /੪੮), ਜੋ ਕਿ ਸਰਬ ਵਿਆਪਕ ਹੈ, ‘‘ਨਾਨਕ  ! ਅੰਮ੍ਰਿਤੁ ਏਕੁ ਹੈ; ਦੂਜਾ ਅੰਮ੍ਰਿਤੁ ਨਾਹਿ ਨਾਨਕ  ! ਅੰਮ੍ਰਿਤੁ ਮਨੈ ਮਾਹਿ; ਪਾਈਐ ਗੁਰ ਪਰਸਾਦਿ (ਮਿਹਰ ਨਾਲ਼) ’’ (ਮਹਲਾ /੧੨੩੮), ਗੁਰੂ ਰਾਮਦਾਸ ਜੀ ਨੇ ਇਉਂ ਸਮਝਾਇਆ ਹੈ, ‘‘ਕੰਚਨ ਕੋਟੁ, ਬਹੁ ਮਾਣਕਿ (ਨਾਲ਼) ਭਰਿਆ; ਜਾਗੇ, ਗਿਆਨ ਤਤਿ ਲਿਵ ਲਈਆ ਤਸਕਰ ਹੇਰੂ, ਆਇ ਲੁਕਾਨੇ; ਗੁਰ ਕੈ ਸਬਦਿ (ਰਾਹੀਂ) ਪਕੜਿ ਬੰਧਿ ਪਈਆ ’’ (ਮਹਲਾ /੮੩੩) ਅਰਥ : ਸੋਨੇ ਵਰਗਾ ਕੀਮਤੀ, ਸਰੀਰ ਰੂਪ ਕਿਲ੍ਹਾ; ਨਾਮ ਰੂਪੀ ਲਾਲਾਂ, ਮੋਤੀਆਂ ਨਾਲ਼ ਭਰਿਆ ਪਿਆ ਹੈ। ਜੋ ਸ਼ਰਧਾਵਾਨ; ਗੁਰੂ ਦੀ ਸਿੱਖਿਆ ਨਾਲ਼ ਆਤਮ-ਪ੍ਰਕਾਸ਼ ਦੇ ਸ੍ਰੋਤ (ਪ੍ਰਭੂ) ’ਚ ਸੁਰਤਿ ਜੋੜ ਕੇ ਰੌਸ਼ਨ ਦਿਮਾਗ਼ ਹੋ ਗਏ, ਉਹ ਆਪਣੀ ਸੁਆਸ ਪੂੰਜੀ (ਵਿਕਾਰਾਂ ਦੇ ਹਮਲਿਆਂ ਤੋਂ) ਬਚਾ ਗਏ ਕਿਉਂਕਿ ਜਦ ਵਿਕਾਰ ਰੂਪ ਡਾਕੂ, ਚੋਰ (ਸੁਆਸ ਪੂੰਜੀ ਨੂੰ ਲੁਟਣ ਲਈ ਉਨ੍ਹਾਂ ਦੇ ਸਰੀਰ ਕਿਲ੍ਹੇ ’ਚ) ਆ ਕੇ ਲੁਕਦੇ ਹਨ ਤਾਂ ਪਾਰਦਰਸ਼ੀ ਹੋਇਆ ਅੰਤਹਿਕਰਣ; ਗੁਰੂ ਸਿੱਖਿਆ ਨਾਲ਼ (ਉਨ੍ਹਾਂ ਨੂੰ) ਪਕੜ ਕੇ ਬੰਨ੍ਹ ਲੈਂਦਾ ਹੈ, ਕਾਬੂ ਕਰ ਲੈਂਦਾ ਹੈ।

ਸੋ ਇਨ੍ਹਾਂ ਰਤਨਾਂ ਦੀ ਪ੍ਰਾਪਤੀ ਲਈ ਸਿੱਖ; ਆਪਣੀ ਮੈਲ਼ ਨੂੰ ਇਉਂ ਯਾਦ ਕਰ ਕਿ ‘‘ਅੰਤਰਿ ਅਗਿਆਨੁ; ਭਈ ਮਤਿ ਮਧਿਮ; ਸਤਿਗੁਰ ਕੀ ਪਰਤੀਤਿ ਨਾਹੀ ’’ (ਮਹਲਾ /੬੫੨) ਅਰਦਾਸ ਕਰੇ ਕਿ..

ਗੁਰਾ  ! ਇਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ; ਸੋ ਮੈ ਵਿਸਰਿ ਨ ਜਾਈ॥ ੬॥ ਉਚਾਰਨ : ਦੇਹ, ਜੀਆਂ

ਅਰਥ : ਹੇ ਸਤਿਗੁਰੂ ਜੀ  ! ਐਸੀ ਸਮਝ ਬਖ਼ਸ਼ ਕਿ ਜੋ ਸਾਰਿਆਂ ਜੀਵਾਂ ਨੂੰ ਦਾਤਾਂ ਦੇਣ ਵਾਲ਼ਾ ਦਾਤਾਰ-ਪਿਤਾ ਹੈ, ਉਹ ਮੈਨੂੰ ਕਦੇ ਨਾ ਭੁੱਲੇ।

ਜੇ, ਜੁਗ ਚਾਰੇ ਆਰਜਾ; ਹੋਰ ਦਸੂਣੀ ਹੋਇ॥

ਪਦ ਅਰਥ : ਜੁਗ ਚਾਰੇ- ਚਾਰ ਜੁਗ (ਸਤਿਜੁਗ, ਤ੍ਰੇਤਾ, ਦੁਆਪਰ ਤੇ ਕਲਿਜੁਗ)। ਆਰਜਾ- ਉਮਰ। ਦਸੂਣੀ- ਦਸ ਗੁਣਾਂ।

ਅਰਥ : ਅਗਰ (ਮਨੁੱਖ ਦੀ) ਉਮਰ; ਚਾਰ ਯੁੱਗਾਂ ਜਿੰਨੀ ਹੋ ਜਾਵੇ ਜਾਂ ਦਸ ਗੁਣਾਂ ਹੋਰ (ਯਾਨੀ 40 ਜੁਗਾਂ ਦੀ) ਹੋ ਜਾਵੇ।

ਨਵਾ ਖੰਡਾ ਵਿਚਿ ਜਾਣੀਐ; ਨਾਲਿ ਚਲੈ, ਸਭੁ ਕੋਇ॥ ਉਚਾਰਨ : ਨਵਾਂ, ਖੰਡਾਂ।

ਪਦ ਅਰਥ : ਨਵ ਖੰਡ-ਪ੍ਰਿਥਵੀ ਦੇ 9 ਟਾਪੂ/ਦੀਪ (ਭਰਤ, ਇਲਾਵ੍ਰਿਤ, ਕਿੰਪੁਰੁਸ, ਭਦ੍ਰ, ਕੇਤੁਮਾਲ, ਹਰਿ, ਹਿਰਣ੍ਯ, ਰਮ੍ਯ ਅਤੇ ਕੁਸ਼)। ਜਾਣੀਐ- ਜਾਣਿਆ ਜਾਵੇ। ਨਾਲਿ- ਨਾਲ਼-ਨਾਲ਼ ਭਾਵ ਹੁਕਮ ਵਿੱਚ।

ਅਰਥ : (ਜੇ ਉਹ) 9 ਦੀਪਾਂ ਭਾਵ ਸਾਰੀ ਧਰਤੀ ਉੱਤੇ ਪ੍ਰਸਿੱਧ ਹੋ ਜਾਵੇ ਤੇ ਹਰ ਕੋਈ ਉਸ ਦੇ ਹੁਕਮ ਦਾ ਪਾਲਣ ਕਰਨ ਲੱਗ ਜਾਏ ।

ਚੰਗਾ ਨਾਉ ਰਖਾਇ ਕੈ; ਜਸੁ ਕੀਰਤਿ ਜਗਿ ਲੇਇ॥ ਉਚਾਰਨ : ਨਾਉਂ।

ਪਦ ਅਰਥ : ਨਾਉ- ਨਾਮਣਾ, ਪ੍ਰਸਿੱਧੀ। ਰਖਾਇ ਕੈ- ਖੱਟ ਕੇ। ਜਸੁ- ਸ਼ੋਭਾ। ਜਗਿ- ਜਗਤ ਵਿੱਚ।

ਅਰਥ : (ਦੁਨੀਆਂ ਦੀਆਂ ਨਜ਼ਰਾਂ ’ਚ) ਚੰਗਾ ਨਾਮਣਾ ਖੱਟ ਕੇ ਇੱਜ਼ਤ ਭੀ ਜਗਤ ਵਿੱਚ ਪਾ ਲਵੇ।

ਜੇ ਤਿਸੁ, ਨਦਰਿ ਨ ਆਵਈ; ਤ, ਵਾਤ ਨ ਪੁਛੈ ਕੇ॥

ਪਦ ਅਰਥ : ਜੇ- ਜੇਕਰ, ਅਗਰ। ਤਿਸੁ- ਉਸ ਬੰਦੇ ਨੂੰ। ਨਦਰਿ ਨ ਆਵਈ- (ਰਜ਼ਾਅ ਦਾ ਮਾਲਕ) ਨਜ਼ਰ ਨਹੀਂ ਆਉਂਦਾ। ਕੇ ਵਾਤ- ਕੋਈ ਭੀ ਗੱਲ, ਤਰਲਾ।

ਅਰਥ : (ਪਰ) ਅਗਰ ਉਸ ਨੂੰ (ਦਾਤਾਰ-ਪਿਤਾ) ਨਜ਼ਰ ਨਹੀਂ ਆਇਆ ਤਾਂ (ਮਾਲਕ ਦੇ ਇਨਸਾਫ਼-ਘਰ ’ਚ; ਉਸ ਦੀ ਭੀ) ਕੋਈ ਪੁਕਾਰ ਨਹੀਂ ਸੁਣੀ ਜਾਂਦੀ ਭਾਵ ਸਜ਼ਾ ਅਵੱਸ਼ ਮਿਲੇਗੀ। ਇਹ ਨਹੀਂ ਕਹਿ ਸਕਦਾ ਕਿ ਮੈ ਸਮਾਜ ’ਚ ਆਹ ਜਾਂ ਓਹ ਕੰਮ ਕੀਤੇ, ਜਿਨ੍ਹਾਂ ਬਦਲੇ ਲੋਕਾਂ ਨੇ ਮੇਰੀ ਇੱਜ਼ਤ ਕੀਤੀ।

ਕੀਟਾ ਅੰਦਰਿ ਕੀਟੁ; ਕਰਿ ਦੋਸੀ, ਦੋਸੁ ਧਰੇ॥ ਉਚਾਰਨ : ਕੀਟਾਂ, ਦੋਸ਼ੀ, ਦੋਸ਼।

ਪਦ ਅਰਥ : ਕੀਟਾ ਅੰਦਰਿ- ਕੀੜਿਆਂ ਵਿੱਚੋਂ। ਕੀਟੁ – ਮਾਮੂਲੀ ਕੀੜਾ। ਕਰਿ- ਕਰ ਕੇ, ਠਹਿਰਾਅ ਕੇ। ਦੋਸੀ- ਮੁਜਰਮ, ਅਪਰਾਧੀ।

ਅਰਥ : (ਮਾਲਕ ਦੇ ਵਿਸ਼ਾਲਤਾ ਅੱਗੇ ਉਹ) ਕੀੜਿਆਂ ਵਿੱਚੋਂ ਮਾਮੂਲੀ ਕੀੜਾ ਹੈ ਯਾਨੀ ਲੋਕਾਂ ਲਈ ਭਾਵੇਂ ਉਹ ਸਮਰਾਟ ਬਣ ਗਿਆ, ਪਰ ਦਾਤਾਰ ਦੀਆਂ ਨਜ਼ਰਾਂ ’ਚ ਤੁੱਛ ਹੈ (ਦਾਤਾਰ-ਪਿਤਾ ਦਾ ਨਾਮ ਨਾ ਜਪਣ ਕਾਰਨ ਉਸ ਨੂੰ) ਦੋਸ਼ੀ ਮੰਨ ਕੇ ਮੁਜਰਮ ਠਹਿਰਾਇਆ ਜਾਂਦਾ ਹੈ। ਐਸੇ ਬੰਦੇ ਬਾਰੇ ਗੁਰੂ ਦੇ ਬਚਨ ਹਨ, ‘‘ਨਵ ਖੰਡਨ ਕੋ ਰਾਜੁ ਕਮਾਵੈ; ਅੰਤਿ ਚਲੈਗੋ ਹਾਰੀ ’’ (ਮਹਲਾ /੭੧੨), ਗੁਰੂ ਨਾਨਕ ਸਾਹਿਬ ਦੇ ਬਚਨ ਹਨ, ‘‘ਜੇ ਕੋ ਨਾਉ ਧਰਾਏ ਵਡਾ; ਸਾਦ ਕਰੇ ਮਨਿ ਭਾਣੇ ਖਸਮੈ ਨਦਰੀ ਕੀੜਾ ਆਵੈ; ਜੇਤੇ ਚੁਗੈ ਦਾਣੇ ’’ ਮਹਲਾ /੩੬੦) ਅਰਥ : ਅਗਰ ਕੋਈ ਜਗਤ ’ਚ ਬੜਾ ਮਹਾਨ ਬਣ ਜਾਏ ਤੇ ਮਨ ਭਾਉਂਦੇ ਐਸ਼ਪ੍ਰਸਤ ਕਰੇ। ਮਾਲਕ ਦੀਆਂ ਨਜ਼ਰਾਂ ’ਚ ਉਹ ਮਾਮੂਲੀ ਕੀੜਾ ਹੈ ਭਾਵੇਂ ਜਿੰਨੇ ਦਾਣੇ ਚੁਗਦਾ ਫਿਰੇ ਯਾਨੀ ਭਾਵੇਂ ਕਿੰਨਾ ਕ੍ਰੋੜ ਪਤੀ, ਅਰਬ ਪਤੀ ਹੋਵੇ।

ਵਿਚਾਰ : (1). ਮੰਨੇ ਜਾਂਦੇ ਚਾਰ ਯੁੱਗਾਂ ਵਿੱਚੋਂ ਕਲਿਜੁਗ ਦੀ ਉਮਰ 1200 ਸਾਲ, ਦੁਆਪਰ ਦੀ 2400 ਸਾਲ, ਤ੍ਰੇਤੇ ਯੁੱਗ ਦੀ 3600 ਵਰ੍ਹਾ ਤੇ ਸਤਿਜੁਗ ਦੀ ਉਮਰ 4800 ਬਰਸ ਉਲੀਕੀ ਗਈ। ਇਹ ਸਾਲ ਦੇਵਤਿਆਂ ਦੇ ਹਨ, ਜਿਨ੍ਹਾਂ ਦਾ ਇੱਕ ਦਿਨ; ਮਨੁੱਖ ਦੇ 360 ਦਿਨਾਂ ਬਰਾਬਰ ਮੰਨਿਆ ਗਿਆ। ਇਉਂ ਚਾਰੇ ਜੁਗਾਂ ਦੀ ਕੁੱਲ ਉਮਰ 1200+2400+3600+4800=12,000 ਨੂੰ 360 ਨਾਲ਼ ਗੁਣਾਂ ਕਰ 43 ਲੱਖ 20 ਹਜ਼ਾਰ ਸਾਲ ਬਣ ਗਈ। ਵੈਸੇ ਸਾਲ ਦੇ 360 ਦਿਨਾਂ ਵਾਲ਼ਾ ਗਣਿਤ ਭੀ ਸੂਰਜੀ ਕੈਲੰਡਰ (ਲਗਭਗ 365 ਦਿਨ) ਅਤੇ ਚੰਦ੍ਰਮਾ ਕੈਲੰਡਰ (ਲਗਭਗ 354.36 ਦਿਨ) ਮੁਤਾਬਕ ਸਹੀ ਨਹੀਂ।

ਜੀਵ ਵਿਗਿਆਨ ਦਾ ਮੱਤ ਹੈ ਕਿ ਬਣ ਮਾਨਸ ਦੀ ਪਹਿਲੀ ਨਸਲ ਦਾ ਨਾਂ ‘ਪਰੋਕੋਨਸੂਲ’ ਸੀ, ਜੋ ਪ੍ਰਿਥਵੀ ’ਤੇ 2 ਕਰੋੜ 10 ਲੱਖ ਸਾਲ ਪਹਿਲਾਂ ਪਾਈ ਗਈ ਅਤੇ 90 ਲੱਖ ਸਾਲ ਤੱਕ ਜੀਵਤ ਰਹੀ। ਫਿਰ 1. 45 ਕਰੋੜ ਸਾਲ ਤੋਂ 1. 15 ਕਰੋੜ ਸਾਲ (ਯਾਨੀ ਲਗਭਗ 30 ਲੱਖ ਸਾਲ) ਪਹਿਲਾਂ ਲੱਭੇ ਗਏ ਔਜ਼ਾਰਧਾਰੀ ਪਹਿਲੇ ਮਨੁੱਖ ਦੇ ਪਿੰਜਰ (ਨਸਲ) ਦਾ ਨਾਂ ‘ਰਾਮਾਪੀਥਿਕਸ’ ਰੱਖਿਆ ਗਿਆ।

ਹੱਥ ਅਤੇ ਦਿਮਾਗ਼ ਤੋਂ ਇਲਾਵਾ ਅਜੋਕੇ ਮਨੁੱਖ ਦੇ ਸਾਰੇ ਵਿਕਸਿਤ ਅੰਗਾਂ ਵਾਲ਼ੀ ਪਹਿਲੀ ਮਨੁੱਖੀ ਨਸਲ ਦਾ ਨਾਂ ‘ਹੋਮੋ ਇਰੈਕਟਸ’ ਸੀ, ਜੋ ਅੱਗ ਜਲਾ ਸਕਦੀ ਸੀ। ਇਹ 8 ਲੱਖ ਵਰ੍ਹੇ ਤੋਂ 4 ਲੱਖ ਵਰ੍ਹਾ ਯਾਨੀ ਲਗਭਗ 4 ਲੱਖ ਸਾਲ ਪਹਿਲਾਂ ਤੱਕ ਜੀਵਤ ਰਹੀ। ਉਕਤ ਜੁਗ-ਗਣਿਤ ਮੁਤਾਬਕ ਇਹ ਸਮਾਂ ਦੁਆਪਰ ਜੁਗ ਦੀ ਸਮਾਪਤੀ ਦਾ ਹੈ। ਇਸ ਤੋਂ ਜਾਪਦਾ ਹੈ ਕਿ ਤ੍ਰੇਤਾ ਅਤੇ ਸਤਿਜੁਗ ’ਚ ਮਨੁੱਖ ਨੂੰ ਅੱਗ ਜਲਾਉਣ ਦੀ ਕੋਈ ਸਮਝ ਨਹੀਂ ਸੀ, ਪਰ ਪੰਡਿਤਾਂ ਦਾ ਮਿਥਿਹਾਸ; ਤ੍ਰੇਤਾਜੁਗ ’ਚ ਹਨੁਮਾਨ ਰਾਹੀਂ ਰਾਵਣ ਦੀ ਲੰਕਾ ਨੂੰ ਅੱਗ ਨਾਲ਼ ਨਸ਼ਟ ਕਰਵਾਉਂਦਾ ਹੈ ! !

ਨਾਨਕ  ! ਨਿਰਗੁਣਿ ਗੁਣੁ ਕਰੇ; ਗੁਣਵੰਤਿਆ ਗੁਣੁ ਦੇ ਉਚਾਰਨ : ਗੁਣਵੰਤਿਆਂ

ਪਦ ਅਰਥ : ਨਿਰਗੁਣਿ- (40 ਜੁਗਾਂ ਦੀ ਉਮਰ ਭੋਗਣ ਵਾਲ਼ੇ ਉਕਤ) ਨਿਰਗੁਣ ਵਿੱਚ, ਗੁਣਾਂ ਤੋਂ ਸੱਖਣੇ ਬੰਦੇ ਅੰਦਰ, ਨਖਿੱਧ ਦੇ ਹਿਰਦੇ ਵਿੱਚ। ਕਰੇ- ਕਰ ਦਿੰਦਾ ਹੈ, ਪਾ ਸਕਦਾ ਹੈ। ਗੁਣਵੰਤਿਆ- ਗੁਣਾਂ ਵਾਲ਼ਿਆਂ ਦੀ ਰਾਹੀਂ, ਤੱਤਵੇਤਾ ਭਗਤਾਂ ਦੀ ਸੰਗਤ ਨਾਲ਼। ਦੇ- ਦੇ ਕੇ, ਉਪਕਾਰ ਕਰਕੇ, ਮਿਹਰ ਕਰਕੇ।

ਅਰਥ : ਹੇ ਨਾਨਕ  ! (ਆਖ ਕਿ ਦਾਤਾਰ-ਪਿਤਾ; ਐਸੇ ਅਤਿ) ਨਖਿੱਧ ਬੰਦੇ ਅੰਦਰ ਭੀ ਗੁਣਾਂ ਵਾਲਿਆਂ (ਭਾਵ ਭਗਤਾਂ ਦੀ ਸੰਗਤ) ਰਾਹੀਂ ਬਖ਼ਸ਼ਸ਼ ਕਰਕੇ (ਭਾਵ ਔਗੁਣ ਅਣਡਿਠ ਕਰ ਕੇ) ਗੁਣ ਪਾ ਦੇਂਦਾ ਹੈ।

ਵਿਚਾਰ : ਗੁਰਬਾਣੀ ’ਚ ‘ਦੇ’ ਅਤੇ ‘ਦੇਇ’ ਸ਼ਬਦਾਂ ਦੇ ਕੇਵਲ ਦੋ ਹੀ ਅਰਥ ਹਨ। ਇੱਥੇ ‘ਦੇ’ ਨਾਲ਼ ‘ਦੇਇ’ ਨੂੰ ਇਸ ਲਈ ਵਿਚਾਰਿਆ ਜਾ ਰਿਹਾ ਹੈ ਕਿਉਂਕਿ ਪੁਰਾਤਨ ਹੱਥ ਲਿਖਤ ਬੀੜਾਂ ’ਚ ‘‘ਗੁਣਵੰਤਿਆ ਗੁਣੁ ਦੇਇ’’ ਭੀ ਮਿਲਦਾ ਹੈ, ਜੋ ਕਾਵਿ ਪਿੰਗਲ ਅਨੁਸਾਰ ਸਹੀ ਜਾਪਦਾ ਹੈ; ਇਸੇ ਤਰ੍ਹਾਂ ਉਕਤ ਵਾਕ ‘‘ਵਾਤ ਪੁਛੈ ਕੇਇ, ਦੋਸੁ ਧਰੇਇ, ਗੁਣੁ ਕੋਇ ਕਰੇਇ’’ ਰੂਪ ਭੀ ਮਿਲਦੇ ਹਨ। ਧਿਆਨ ਰਹੇ ਕਿ ‘ਦੇ, ਕੇ, ਧਰੇ, ਕਰੇ’ ਅਤੇ ‘ਦੇਇ, ਕੇਇ, ਧਰੇਇ, ਕਰੇਇ’ ਸ਼ਬਦਾਂ ਦੇ ਅਰਥਾਂ ’ਚ ਅੰਤਰ ਨਹੀਂ :

(ੳ). ਕਿਰਿਆਵਾਚੀ ‘ਦੇ’, ਜਿਸ ਦਾ ਅਰਥ ਹੈ : ‘ਦੇਂਦਾ ਹੈ’। (ਅ). ਕਿਰਿਆ ਵਿਸ਼ੇਸ਼ਣ ‘ਦੇ’, ਜਿਸ ਦਾ ਅਰਥ ਹੈ : ‘ਦੇ ਕੇ’।

‘ਦੇ/ਦੇਇ’ ਕਿਰਿਆ ਵਿਸ਼ੇਸ਼ਣ ਤਦ ਹੁੰਦਾ ਹੈ ਜਦ ਵਾਕ ’ਚ ‘ਮੂਲ ਕਿਰਿਆ’ ਭੀ ਹੋਵੇ; ਜਿਵੇਂ ਕਿ

(1). ‘ਦੇ’ (ਦੇ ਕੇ) ਸਾਬੂਣੁ, ‘ਲਈਐ’ ਓਹੁ ਧੋਇ॥ (ਜਪੁ)

(2). ਜੀਉ ਪਿੰਡੁ ‘ਦੇ’ (ਦੇ ਕੇ) ‘ਸਾਜਿਆ’॥ (ਮਹਲਾ ੧/੭੨)

(3). ‘ਦੇ’ (ਦੇ ਕੇ) ਕੰਨੁ ‘ਸੁਣਹੁ’ ਅਰਦਾਸਿ ਜੀਉ॥ (ਮਹਲਾ ੫/੭੪)

(4). ਹਰਿ ਕੀਆ ਸਦਾ ਸਦਾ ਵਡਿਆਈਆ; ‘ਦੇਇ’ (ਦੇ ਕੇ) ਨ ‘ਪਛੋਤਾਇ’ ॥ (ਮਹਲਾ ੩/੬੫੩)

(5). ਹਾਥ ‘ਦੇਇ’ (ਦੇ ਕੇ) ‘ਰਾਖੈ’ ਅਪਨੇ ਕਉ; ਕਾਹੂ ਨ ਕਰਤੇ ਕਛੁ ਖੀਨਾ (ਨੁਕਸਾਨ)॥ (ਮਹਲਾ ੫/੮੨੩)

ਉਕਤ ਪੰਜੇ ਤੁਕਾਂ ’ਚ ਮੂਲ ਕਿਰਿਆਵਾਂ ਇਹ ਹਨ ‘ਲਈਐ, ਸਾਜਿਆ, ਸੁਣਹੁ, ਪਛੋਤਾਇ, ਰਾਖੈ’, ਇਸ ਲਈ ‘ਦੇ’ ਅਤੇ ‘ਦੇਇ’ ਸ਼ਬਦ; ਕਿਰਿਆ ਵਿਸ਼ੇਸ਼ਣ ਬਣ ਕੇ ਲੁਪਤ ‘ਕੇ’ ਅਰਥ ਦੇ ਗਏ; ਇਸੇ ਤਰ੍ਹਾਂ ‘‘ਨਾਨਕ  ! ਨਿਰਗੁਣਿ ਗੁਣੁ ‘ਕਰੇ’; ਗੁਣਵੰਤਿਆ ਗੁਣੁ ਦੇ॥’’ ਵਾਕ ’ਚ ਮੂਲ ਕਿਰਿਆ ਹੈ ‘ਕਰੇ’, ਜਿਸ ਕਾਰਨ ‘ਦੇ’ ਕਿਰਿਆ ਵਿਸ਼ੇਸ਼ਣ ਬਣਨ ਨਾਲ਼ ‘ਦੇ ਕੇ’ ਅਰਥ ਮਿਲਦਾ ਹੈ ਭਾਵ ‘‘ਗੁਣਵੰਤਿਆ (ਰਾਹੀਂ) ਗੁਣੁ ਦੇ (ਦੇ ਕੇ) ਨਿਰਗੁਣਿ (’ਚ) ਗੁਣੁ ‘ਕਰੇ’॥

ਚੇਤੇ ਰਹੇ ਕਿ ਜੇਕਰ ਵਾਕ ’ਚ ਕੋਈ ਹੋਰ ਕਿਰਿਆ ਨਾ ਹੋਵੇ ਤਾਂ ਇਹੀ (ਦੇ/ਦੇਇ) ਮੂਲ ਕਿਰਿਆ ਬਣ ਜਾਂਦੇ ਹਨ ਤੇ ਅਰਥ ਹੁੰਦਾ ਹੈ ‘ਦੇਂਦਾ’; ਜਿਵੇਂ ਕਿ ‘‘ਨਿਰਧਨ (ਲਈ) ਆਦਰੁ ਕੋਈ ਦੇਇ (ਭਗਤ ਕਬੀਰ/੧੧੫੯), ਜਿਸੁ ਬਖਸੇ; ਤਿਸੁ ਦੇ ਵਡਿਆਈ ’’ (ਮਹਲਾ /੧੧੦) ਇਨ੍ਹਾਂ ਵਾਕਾਂ ’ਚ ਕੋਈ ਹੋਰ ਕਿਰਿਆਵਾਚੀ ਸ਼ਬਦ ਨਹੀਂ ਹੈ।

ਤੇਹਾ ਕੋਇ ਨ ਸੁਝਈ; ਜਿ ਤਿਸੁ, ਗੁਣੁ ਕੋਇ ਕਰੇ॥ ੭॥ ਉਚਾਰਨ : ਸੁਝ+ਈ।

ਪਦ ਅਰਥ : ਤੇਹਾ- ਐਸਾ (ਸ਼ਕਤੀਸ਼ਾਲੀ), ਇਸ ਤਰ੍ਹਾਂ ਦਾ। ਨ ਸੁਝਈ- ਵਿਖਾਈ ਨਹੀਂ ਦਿੰਦਾ। ਜਿ- ਜਿਹੜਾ। ਤਿਸੁ- ਉਸ (ਨਿਰਗੁਣਿ) ਅੰਦਰ।

ਅਰਥ : (ਦਾਤਾਰ-ਪਿਤਾ, ਗੁਰੂ ਅਤੇ ਸੰਗਤ ਤੋਂ ਬਿਨਾਂ) ਐਸਾ ਕੋਈ ਸਹਾਈ ਨਹੀਂ ਬਣਦਾ, ਜਿਹੜਾ ਉਸ (ਨਖਿੱਧ) ਅੰਦਰ ਕੋਈ ਗੁਣ ਪੈਦਾ ਕਰ ਦੇਵੇ।

ਨੋਟ : ‘ਜਪੁ’ ਬਾਣੀ ਦੀ ਅਗਾਂਹ ਵਿਚਾਰ ਤੋਂ ਪਹਿਲਾਂ ਥੋੜ੍ਹੀ ਇਹ ਜਾਣਕਾਰੀ ਜ਼ਰੂਰੀ ਹੈ ਕਿ ਚਾਰ ਉਦਾਸੀਆਂ ਦੀ ਸਮਾਪਤੀ ’ਤੇ ਸੰਨ 1522 ’ਚ ਸਿੱਖ ਸੰਗਤਾਂ ਲਈ ਪਹਿਲੀ ਸਰਾਂ (ਗੁਰਦੁਆਰਾ, ਧਰਮਸ਼ਾਲਾ); ਲਾਹੌਰ ਨਿਵਾਸੀ ਭਾਈ ਦੁਨੀ ਚੰਦ ਜੀ ਨੇ ਕਰਤਾਰਪੁਰ ਸਾਹਿਬ ਵਿਖੇ ਬਣਾਈ ਸੀ। ਤਦ ਤੱਕ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਹੁਤੀ ਬਾਣੀ; ਜਿਵੇਂ ਕਿ ‘ਆਸਾ ਕੀ ਵਾਰ, ਜਪੁ, ਸੋ ਦਰੁ (ਇੱਕ ਸ਼ਬਦ), ਪਟੀ, ਸਿਧ ਗੋਸਟਿ’ ਆਦਿ ਰਚ ਲਈ ਸੀ। ਇਤਿਹਾਸ ’ਚ ਭੀ ਜ਼ਿਕਰ ਹੈ ਕਿ ਗੁਰੂ ਸਾਹਿਬ; ਭਾਈ ਮਰਦਾਨਾ ਜੀ ਨੂੰ ਕਹਿੰਦੇ ਸਨ ਕਿ ‘ਮਰਦਾਨਿਆ  ! ਰਬਾਬ ਵਜਾ, ਬਾਣੀ ਆਈ ਹੈ’ ਯਾਨੀ ‘ਧੁਰ ਕੀ ਬਾਣੀ’, ਹਿਰਦੇ ’ਚੋਂ ਪਨਪੀ ਹੈ। ਭਾਈ ਗੁਰਦਾਸ ਜੀ ਨੇ ਭੀ ਗੁਰੂ ਸਾਹਿਬ ਜੀ ਦੁਆਰਾ ਦਸੰਬਰ 1518 ’ਚ ਕੀਤੀ ਮੱਕੇ ਦੀ ਫੇਰੀ ਸਮੇਂ ਉਨ੍ਹਾਂ ਕੋਲ਼ ਲਿਖਤੀ ਰੂਪ ’ਚ ਬਾਣੀ ਹੋਣ ਦਾ ਸੰਕੇਤ ਦਿੱਤਾ ਹੈ, ‘‘ਬਾਬਾ ਫਿਰਿ ਮਕੇ ਗਇਆ; ਨੀਲ ਬਸਤ੍ਰ ਧਾਰੇ ਬਨਵਾਰੀ ਆਸਾ ਹਥਿ (), ਕਿਤਾਬ ਕਛਿ (); ਕੂਜਾ ਬਾਂਗ ਮੁਸਲਾ ਧਾਰੀ ਬੈਠਾ ਜਾਇ ਮਸੀਤ ਵਿਚਿ; ਜਿਥੈ ਹਾਜੀ ਹਜਿ ਗੁਜਾਰੀ’’ (ਵਾਰ ਪਉੜੀ ੩੨) ਅਰਥ : [ਤੀਜੀ ਉਦਾਸੀ (ਸੰਨ 1514-1516) ਤੋਂ ਬਾਅਦ ਚੌਥੀ ਉਦਾਸੀ (1517-1521) ਕਰਨ ਲਈ] ਫਿਰ ਗੁਰੂ ਜੀ ਮੱਕੇ ਗਏ। ਉਨ੍ਹਾਂ ਨੇ ਮੁਸਲਮਾਨੀ ਲਿਬਾਸ ਭਾਵ ਨੀਲੇ ਰੰਗ ਦੇ ਕੱਪੜੇ ਪਹਿਨੇ ਹੋਏ ਸਨ। ਹੱਥ ’ਚ ਸੋਟਾ ਸੀ ਤੇ ਕੱਛ ’ਚ ਕਿਤਾਬ (ਭਾਵ ਲਿਖੀ ਹੋਈ ‘ਆਦਿ ਪੋਥੀ’) ਸੀ। ਇੱਕ ਟੂਟੀਦਾਰ ਲੋਟਾ ਸੀ ਅਤੇ ਬਾਣੀ ਪੜ੍ਹਨ ਸਮੇਂ ਹੇਠਾਂ ਵਸਾਉਣ ਵਾਲ਼ਾ ਮੁਸੱਲਾ (ਫੂੜੀ) ਭੀ ਸੀ। ਗੁਰੂ ਜੀ ਮਸਜਿਦ ’ਚ ਜਾ ਕੇ ਬੈਠ ਗਏ, ਜਿੱਥੇ ਹਾਜੀਆਂ ਨੇ ਹੱਜ ਗੁਜ਼ਾਰਨੀ ਸੀ ਭਾਵ ਸਿਜਦਾ ਕਰਨਾ ਸੀ।

ਉਕਤ ਵਿਚਾਰ ਤੋਂ ਜਾਪਦਾ ਹੈ ਕਿ ਗੁਰੂ ਸਾਹਿਬ ਜੀ; ਆਪਣੀ ਬਾਣੀ ਨੂੰ ‘ਮੰਦਿਰਾਂ, ਮਸਜਿਦਾਂ, ਮੱਠਾਂ’ ਆਦਿ ’ਚ ਬੈਠ ਕੇ ਲਿਖਦੇ ਰਹੇ ਸਨ, ਜਿੱਥੇ ਸਾਮ੍ਹਣੇ ਨਿਰੋਲ ਸਿੱਖ ਸੰਗਤ ਨਹੀਂ ਸੀ ਬਲਕਿ ਪ੍ਰਚਲਿਤ ਰਹੁ ਰੀਤਾਂ ਨੂੰ ਪਰਣਾਇ ਲੋਕ ਸਨ, ਜੋ ‘ਸਿਧ, ਪੀਰ, ਨਾਥ, ਦੇਵਤਿਆਂ’ ਆਦਿ ਨੂੰ ਅੱਲ੍ਹਾ ਦੇ ਦੂਤ (ਪੈਗ਼ੰਬਰ) ਜਾਂ ਭਗਵਾਨ ਆਦਿ ਮੰਨਦੇ ਸਨ। ਗੁਰੂ ਸਾਹਿਬ ਨੇ ਹੇਠਲੀਆਂ ਪਉੜੀਆਂ ’ਚ ਕਿਹਾ ਹੈ ਕਿ ਗੁਰੂ ਦੀ ਸਿੱਖਿਆ ਸੁਣਨ ਨਾਲ਼ ਆਪ ਸਭ ਸਰੋਤੇ ਭੀ ‘ਪੀਰ, ਪੈਗ਼ੰਬਰ, ਭਗਵਾਨ’ ਆਦਿ ਬਣ ਸਕਦੇ ਹੋ, ਨਾ ਕਿ ਇਨ੍ਹਾਂ ਸਾਰਿਆਂ ਨੂੰ ਅਖੌਤੀ ਸਿੱਧ ਕੀਤਾ ਹੈ। ਚੇਤੇ ਰਹੇ ਕਿ ਇਹ ਸਾਰੇ ਨਾਂਵ; ਇੱਕ ਇਨਸਾਨ ਦੇ ਹਨ, ਨਾ ਕਿ ਕਿਸੇ ਦੈਵੀ ਸ਼ਕਤੀ ਦੇ, ਜੋ ਜੂਨਾਂ ’ਚ ਨਹੀਂ ਆਉਂਦੀ। ਜੇਕਰ ਇੱਕ ਮਨੁੱਖ ਨੂੰ ਹੀ ਪੀਰ, ਪੈਗ਼ੰਬਰ, ਦੇਵਤਾ ਮੰਨਿਆ ਜਾ ਚੁੱਕਾ ਹੈ ਤਾਂ ਗੁਰੂ ਸਿੱਖਿਆ ਸੁਣ ਕੇ ਬਾਕੀ ਲੋਕ ਇਸ ਰੁਤਬੇ ਨੂੰ ਕਿਉਂ ਨਹੀਂ ਹਾਸਲ ਕਰ ਸਕਦੇ ਜਦ ਕਿ ਗੁਰਬਾਣੀ ਦੇ ਹੀ ਬਚਨ ਹਨ, ‘‘ਬਲਿਹਾਰੀ ਗੁਰ ਆਪਣੇ; ਦਿਉਹਾੜੀ ਸਦ ਵਾਰ ਜਿਨਿ ਮਾਣਸ ਤੇ ਦੇਵਤੇ ਕੀਏ; ਕਰਤ ਲਾਗੀ ਵਾਰ ’’ (ਆਸਾ ਕੀ ਵਾਰ/ਮਹਲਾ /੪੬੨), ਹੁਣ ਹੇਠਲੀਆਂ ਚਾਰ ਪਉੜੀਆਂ ਨੂੰ ਗਹੁ ਨਾਲ਼ ਵਾਚਣਾ ਹੈ ਕਿਉਂਕਿ ਇਨ੍ਹਾਂ ਵਿੱਚ ਕੋਈ ਕਿਰਿਆਵਾਚੀ ਸ਼ਬਦ ਨਹੀਂ, ਜਿਸ ਤੋਂ ਕਾਲ ਜਾਂ ਪੁਰਖ ਦਾ ਪਤਾ ਲੱਗਦਾ। ਇਸ ਲਈ ਜਾਣੇ-ਅਣਜਾਣੇ ਮਨਮਤੀ ਅਰਥ ਭੀ ਕੀਤੇ ਜਾਂਦੇ ਹਨ।

ਸੁਣਿਐ; ਸਿਧ, ਪੀਰ, ਸੁਰਿ ਨਾਥ ਸੁਣਿਐ; ਧਰਤਿ ਧਵਲ ਆਕਾਸ

ਪਦ ਅਰਥ : ਸੁਣਿਐ- ਸੁਣਨ ਨਾਲ਼ (ਕ੍ਰਿਆ ਫਲ਼ ਕਿਰਦੰਤ/ਨਾਂਵ)। ਸਿਧ- ਪੁੱਗੇ ਹੋਏ ਜੋਗੀ ਭਾਵ ਸਾਰੀਆਂ ਕਰਾਮਾਤੀ ਸ਼ਕਤੀਆਂ ’ਚ ਨਿਪੁੰਨ ਜੋਗੀ। ਸੁਰਿ ਨਾਥ – ਜੋਗੀਆਂ ਦੇ ਮਹਾਨ ਗੁਰੂ। ਧਵਲ- ਸਫ਼ੈਦ ਬਲ਼ਦ ਭਾਵ ਪ੍ਰਭੂ ਦਾ ਨਿਰਮਲ ਨਿਯਮ, (ਧਰਤੀ ਅਤੇ ਅਕਾਸ਼ ਨੂੰ ਬਿਨਾਂ ਸਹਾਰੇ ਤੋਂ ਟਿਕਾਈ ਰੱਖਣ ਵਾਲ਼ਾ ਰੱਬੀ) ਨਿਯਮ, ਸਿਧਾਂਤ।

ਅਰਥ : (ਗੁਰੂ ਨਾਨਕ ਜੀ ਦੀ ਸਿੱਖਿਆ) ਸੁਣਨ ਨਾਲ਼ ਪੁੱਗੇ ਹੋਏ ਜੋਗੀ, ਪੀਰ, ਸ੍ਰੇਸ਼ਟ ਨਾਥ ਆਦਿ ਬਣਿਆ ਜਾ ਸਕਦਾ ਹੈ ਕਿਉਂਕਿ ਪ੍ਰਿਥਵੀ ਤੇ ਆਕਾਸ਼ ਦਾ ਆਸਰਾ (ਮੂਲ ਸਿਧਾਂਤ) ਸਮਝ ਆ ਜਾਂਦਾ ਹੈ ਯਾਨੀ ਗੁਰਬਾਣੀ ਸੁਣਨ ਨਾਲ਼ ਕੁਦਰਤ ਦੇ ਪਿੱਛੇ ਕੋਈ ਗੁਪਤ/ਅਦ੍ਰਿਸ਼ ਸ਼ਕਤੀ ਹੈ, ਉਸ ਬਾਰੇ ਸੋਝੀ ਹੋ ਜਾਂਦੀ ਹੈ।

ਸੁਣਿਐ; ਦੀਪ, ਲੋਅ, ਪਾਤਾਲ ਸੁਣਿਐ; ਪੋਹਿ ਸਕੈ ਕਾਲੁ ਉਚਾਰਨ : ਪੋਹ।

ਪਦ ਅਰਥ : ਦੀਪ- ਭਾਗਵਤ ਪੁਰਾਣ ’ਚ ਜ਼ਿਕਰ ਹੈ ਕਿ 7 ਸਮੁੰਦਰਾਂ ਨਾਲ਼ ਘਿਰੇ ਧਰਤੀ ’ਤੇ 7 ਟਾਪੂ ਹਨ ‘ਜੰਬੁ, ਪਲਕ, ਸ਼ਾਲਮਲਿ, ਕੁਸ਼, ਕ੍ਰੌਂਚ, ਸ਼ਾਕ, ਪੁਸਕਰ’। ਲੋਅ- 14 ਲੋਕ [ਜਿਨ੍ਹਾਂ ’ਚ 7 ਅਕਾਸ਼ ਹਨ ‘ਭੂ:, ਭੁਵ:, ਸ੍ਵ:, ਮਹ:, ਜਨ:, ਤਪ:, ਸਤ੍ਯ’ ਅਤੇ 7 ਪਤਾਲ ‘ਅਤਲ, ਵਿਤਲ, ਸੁਤਲ, ਰਸਾਤਲ, ਤਲਾਤਲ (ਗਭਸਿ੍ਤਮਤ), ਮਹਾਤਲ, ਪਾਤਾਲ’]। ਨ ਪੋਹਿ ਸਕੈ-ਨਹੀਂ ਛੂਹ ਸਕਦਾ। ਕਾਲੁ- ਮੌਤ (ਰੂਪ ਡਰ)।

ਅਰਥ : (ਗੁਰੂ ਸਿੱਖਿਆ) ਸੁਣਨ ਨਾਲ਼ 7 ਦੀਪਾਂ, 14 ਲੋਕਾਂ ਤੇ ਪਾਤਾਲਾਂ ’ਚ ਡਰ ਨਹੀਂ ਛੂਹਦਾ ਭਾਵ ਡਰ ਨਹੀਂ ਲੱਗਦਾ (ਕਿਉਂਕਿ ਹਰ ਥਾਂ ਅਸਲ ਸਾਥੀ ਪ੍ਰਭੂ ਵਿਰਾਜਮਾਨ ਹੈ)।

ਨਾਨਕ  ! ਭਗਤਾ ਸਦਾ ਵਿਗਾਸੁ ਸੁਣਿਐ; ਦੂਖ ਪਾਪ ਕਾ ਨਾਸੁ ਉਚਾਰਨ : ਭਗਤਾਂ।

ਪਦ ਅਰਥ : ਨਾਨਕ- ਹੇ ਨਾਨਕ ! ਵਿਗਾਸੁ- ਖਿੜਾਓ, ਅਨੰਦ। ਭਗਤਾ- ਭਗਤਾਂ ਦੇ (ਅੰਦਰ)।

ਅਰਥ : ਹੇ ਨਾਨਕ  ! (ਨਿਡਰ ਹੋਏ) ਭਗਤਾਂ ਦੇ ਹਿਰਦੇ ’ਚ (‘ਵਿਗਸੈ ਵੇਪਰਵਾਹੁ’ ਮਾਲਕ ਵਾਙ) ਸਦਾ ਖੇੜਾ ਬਣਿਆ ਰਹਿੰਦਾ ਹੈ (ਕਿਉਂਕਿ ਗੁਰੂ ਸਿੱਖਿਆ) ਸੁਣਨ ਨਾਲ਼ (ਭੈੜੀ ਮਤ ਰਾਹੀਂ ਦਿਲ ’ਚ ਪੈਦਾ ਹੋਏ) ਪਾਪ (ਤੇ ਪਾਪਾਂ ਕਾਰਨ ਉਪਜਦੇ) ਦੁਖ ਨਾਸ ਹੋ ਜਾਂਦੇ ਹਨ।

ਸੁਣਿਐ; ਈਸਰੁ, ਬਰਮਾ, ਇੰਦੁ ਸੁਣਿਐ; ਮੁਖਿ ਸਾਲਾਹਣ, ਮੰਦੁ ਉਚਾਰਨ : ਈਸ਼ਰ, ਬਰ੍ਹਮਾ।

ਪਦ ਅਰਥ : ਈਸਰੁ- ਸ਼ਿਵ। ਇੰਦੁ- ਇੰਦਰ ਦੇਵਤਾ, ਇੰਦ੍ਰਿਆਂ ਨੂੰ ਕਾਬੂ ਕਰਨ ਵਾਲ਼ਾ। ਮੁਖਿ- ਮੂੰਹ ਤੋਂ। ਸਾਲਾਹਣ- ਸਿਫ਼ਤਿ ਸਲਾਹ। ਮੰਦੁ- ਮੰਦ ਬੁੱਧੀ ਮਨੁੱਖ।

ਅਰਥ : (ਗੁਰੂ ਸਿੱਖਿਆ) ਸੁਣਨ ਨਾਲ਼ ਸ਼ਿਵ, ਬ੍ਰਹਮਾ, ਇੰਦਰ (ਵਾਙ ਸੂਰਮਾ ਬਣ ਜਾਈਦਾ ਹੈ ਕਿਉਂਕਿ ਗੁਰੂ ਸਿੱਖਿਆ) ਸੁਣਨ ਨਾਲ਼ ਮੰਦ ਬੁੱਧੀ ਮਨੁੱਖ ਭੀ ਆਪਣੇ ਮੁੱਖ ਨਾਲ਼ (ਰੱਬ ਦੇ) ਗੁਣ ਗਾਉਣ ਲੱਗਦਾ ਹੈ।

ਵਿਚਾਰ : ਇੱਕ ਸੱਜਣ ਨੇ ਸੁਝਾਅ ਦਿੱਤਾ ਕਿ ਉਕਤ ਤੁਕ ਦੇ ਇਹ ਅਰਥ ਵਧੇਰੇ ਸਹੀ ਜਾਪਦੇ ਹਨ ਕਿ ਗੁਰੂ ਸਿੱਖਿਆ ਸੁਣਨ ਨਾਲ਼ ਸ਼ਿਵਜੀ, ਬ੍ਰਹਮਾ ਅਤੇ ਇੰਦਰ ਦੇਵਤੇ ਵਰਗਿਆਂ ਦੀ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ ਕਿ ਉਹ ਬਦਚਲ਼ਨ ਸਨ। ਮੈ ਪੁੱਛਿਆ ਕਿ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਉਹ ਐਸੇ ਸਨ ? ਉਸ ਨੇ ਕਿਹਾ ਕਿ ਗੁਰਬਾਣੀ ’ਚ ਲਿਖਿਆ ਹੈ। ਮੈਂ ਫਿਰ ਸਵਾਲ ਕੀਤਾ ਕਿ ਗੁਰਬਾਣੀ 600 ਕੁ ਸਾਲ ਪੁਰਾਣੀ ਰਚਨਾ ਹੈ ਜਦ ਕਿ ਇਹ ਦੇਵਤੇ 3-4 ਹਜ਼ਾਰ ਸਾਲ ਪਹਿਲਾਂ ਹੋਏ, ਮੰਨੇ ਗਏ ਹਨ ਭਾਵ ਗੁਰਬਾਣੀ ਨੂੰ ਭੀ ਕਿਵੇਂ ਪਤਾ ਲੱਗਿਆ ? ਤਾਂ ਉਸ ਨੇ ਕਿਹਾ ਕੇ ਪੰਡਿਤਾਂ ਦੁਆਰਾ ਲਿਖਿਆ ਮਿਲਦਾ ਹੈ। ਮੈਂ ਕਿਹਾ ਕਿ ਜਿਹੜਾ ਰਾਜ਼ ਪੰਡਿਤਾਂ ਨੂੰ 3-4 ਹਜ਼ਾਰ ਸਾਲ ਪਹਿਲਾਂ ਪਤਾ ਲੱਗ ਗਿਆ, ਉਹ ਤੁਹਾਨੂੰ ‘ਗੁਰੂ ਸਿੱਖਿਆ ਸੁਣਨ ਨਾਲ਼’ ਹੁਣ ਪਤਾ ਲੱਗਿਆ ਹੈ। ਕੀ ਤੁਸੀਂ ਪੰਡਿਤ ਨਾਲੋਂ ਹਜ਼ਾਰਾਂ ਸਾਲ ਪਿੱਛੇ ਨਹੀਂ ? ਦਰਅਸਲ ਅਸੀਂ ਸਵੈ ਪੜਚੋਲ ਕਰਨ ਦੀ ਥਾਂ ਹੋਰਾਂ ਦੇ ਜੀਵਨ ਨੂੰ ਪੜਚੋਲਨ ਵੱਲ ਵਧੇਰੇ ਧਿਆਨ ਦੇਣਾ ਪਸੰਦ ਕਰਦੇ ਹਾਂ। ਆਪਣੀ ਅਜਾਈਂ ਜਾਂਦੇ ਸੁਆਸਾਂ ਦੀ ਚਿੰਤਾ ਨਹੀਂ ਹੁੰਦੀ।

ਸੋ ਉਕਤ ਤੁਕ ਦੇ ਇਹ ਅਰਥ ਭੀ ਕੀਤੇ ਜਾਂਦੇ ਹਨ ਕਿ ਗੁਰੂ ਸਿੱਖਿਆ ਸੁਣਨ ਨਾਲ਼ ਸ੍ਰੇਸ਼ਟ ਸ਼ਿਵ, ਸ੍ਰੇਸ਼ਟ ਬ੍ਰਹਮਾ, ਸ੍ਰੇਸ਼ਟ ਨਾਥ ਬਣ ਜਾਈਦਾ ਹੈ, ਜੋ ਕਿ ਸਹੀ ਨਹੀਂ ਜਾਪਦੇ ਕਿਉਂਕਿ ਇੱਥੇ ਵਿਅਕਤੀ-ਵਿਸ਼ੇਸ਼ ਨਾਂਵ ਹਨ, ਨਾ ਕਿ ਗੁਣ ਵਾਚਕ ਨਾਮ ਤਾਂ ਕਿ ਇਨ੍ਹਾਂ ਦੇ ਸਾਰਥਿਕ ਅਰਥ ਕਰ ਲਈਏ। ਕਿਰਤਮ ਨਾਂਵਾਂ ਦਾ ਗੁਣ ਵਾਚਕ ਅਰਥ ਹੁੰਦਾ ਹੈ; ਜਿਵੇਂ ਕਿ ‘ਰਾਮ’ ਦਾ ਅਰਥ ਹੈ ‘ਕਣ ਕਣ ’ਚ ਵਿਆਪਕ (ਪ੍ਰਭੂ)’, ‘ਗੋਪਾਲ’ ਦਾ ਅਰਥ ਹੈ ‘ਸ੍ਰਿਸ਼ਟੀ ਨੂੰ ਪਾਲਣਹਾਰ (ਪ੍ਰਭੂ)’ ਜਦ ਕਿ ‘ਸ਼ਿਵ, ਬ੍ਰਹਮਾ, ਨਾਥ’ ਦੇ ਕਰਮਵਾਰ ਅਰਥ ਹਨ ‘ਕਲਿਆਣਕਾਰੀ, ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲ਼ਾ, ਜੋਗੀਆਂ ਦਾ ਖਸਮ’। ਇਨ੍ਹਾਂ ਦੇ ‘ਸ੍ਰੇਸ਼ਟ ਕਲਿਆਣਕਾਰੀ, ਸ੍ਰੇਸ਼ਟ ਜਗਤ ਰਚੇਤਾ, ਸਰਬੋਤਮ ਖਸਮ’ ਅਰਥ ਲੈਣਾ ਪ੍ਰਸੰਗਿਕ ਨਹੀਂ। ਸ਼ਬਦ ਪ੍ਰਸੰਗ ਤੋਂ ਦੂਰ ਜਾ ਕੇ ਐਸੇ ਅਰਥ ਕਰਨ ਦਾ ਕਾਰਨ; ਅੱਜ ਗੁਰੂ ਘਰਾਂ ’ਚ ਵਕਤਾ ਸਾਮ੍ਹਣੇ ਬੈਠੀ ਨਿਰੋਲ ਸਿੱਖ ਸੰਗਤ ਹੁੰਦੀ ਹੈ, ਜੋ ਇਨ੍ਹਾਂ ਦੇ ਕਿਰਦਾਰ ਨੂੰ ਨਕਾਰਾਤਮਿਕ ਵੇਖਣਾ ਪਸੰਦ ਕਰਦੀ ਹੈ। ਕੀ ਉਕਤ ਕੀਤੇ ਦੋਵੇਂ ਅਰਥ; ਮੰਦਿਰ ’ਚ ਜਾ ਕੇ ਕਥਾ ਕਰਨ ਸਮੇਂ ਕੀਤੇ ਜਾ ਸਕਦੇ ਹਨ ਕਿਉਂਕਿ ਗੁਰਬਾਣੀ ਕਿਸੇ ਖ਼ਾਸ ਵਰਗ ਲਈ ਨਹੀਂ ਬਲਕਿ ਸਮੁੱਚੀ ਮਾਨਵਤਾ ਲਈ ਰਚੀ ਹੋਈ ਹੈ; ਜਿਵੇਂ ਕਿ ਬਚਨ ਹਨ, ‘‘ਖਤ੍ਰੀ ਬ੍ਰਾਹਮਣ ਸੂਦ ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ ਗੁਰਮੁਖਿ ਨਾਮੁ ਜਪੈ, ਉਧਰੈ ਸੋ ਕਲਿ ਮਹਿ; ਘਟਿ ਘਟਿ ਨਾਨਕ ਮਾਝਾ (ਹਰ ਕਣ ਮਾਲਕ ਹੈ) ’’ (ਮਹਲਾ /੭੪੮)

ਸੁਣਿਐ; ਜੋਗ ਜੁਗਤਿ, ਤਨਿ ਭੇਦ ਸੁਣਿਐ; ਸਾਸਤ, ਸਿਮ੍ਰਿਤਿ, ਵੇਦ ਉਚਾਰਨ : ਸ਼ਾਸਤ।

ਪਦ ਅਰਥ : ਜੋਗ ਜੁਗਤਿ- ਜੋਗੀਆਂ ਦੀ ਮਰਿਆਦਾ (ਜੋਗ ਦੀ ਰਹਿਣੀ ਭਾਵ ਪ੍ਰਾਣਾਯਾਮ ਆਦਿਕ ਕਰਮ, ਜਿਨ੍ਹਾਂ ਦਾ ਸੰਬੰਧ ਸਰੀਰ ਅੰਦਰਲੀ ਸਫ਼ਾਈ ਨਾਲ਼ ਹੈ। ਗੁਰਬਾਣੀ ਇਸ ਨੂੰ ਅੰਦਰਲੇ ਤੀਰਥ ’ਤੇ ਇਸ਼ਨਾਨ ਕਰਨਾ, ਕਹਿੰਦੀ ਹੈ, ‘‘ਅੰਤਰਗਤਿ ਤੀਰਥਿ (ਤੇ) ਮਲਿ ਨਾਉ ..੨੧’’ (ਜਪੁ)। ਤਨਿ- ਸਰੀਰ ਵਿਚਲੇ। ਭੇਦ- ਗਹਿਰੇ/ਡੂੰਘੇ ਰਾਜ਼, ਅੰਦਰੂਨੀ ਭੇਦ।

ਅਰਥ : (ਗੁਰੂ ਸਿੱਖਿਆ) ਸੁਣਨ ਨਾਲ਼ ਜੋਗ ਦੀ ਜੁਗਤੀ ਵਾਙ ਸਰੀਰ ਅੰਦਰਲੇ ਗਹਿਰੇ ਰਾਜ਼ ਜਾਣ ਲਈਦੇ ਹਨ। ਜਿਨ੍ਹਾਂ ਬਾਰੇ 6 ਸ਼ਾਸਤਰ, 27 ਸਿਮ੍ਰਤੀਆਂ, 4 ਵੇਦ, 18 ਪੁਰਾਣ ਆਦਿ (ਪੌਰਾਣਿਕ ਗ੍ਰੰਥ ਭੀ) ਦੱਸਦੇ ਹਨ ਭਾਵ ਗੁਰੂ ਦੀ ਸਿੱਖਿਆ ਸੁਣਨ ’ਚ ਹੀ ਸਾਰੇ ਪੌਰਾਣਿਕ ਸਿਧਾਂਤ ਆ ਜਾਂਦੇ ਹਨ।

ਨਾਨਕ  ! ਭਗਤਾ ਸਦਾ ਵਿਗਾਸੁ ਸੁਣਿਐ; ਦੂਖ ਪਾਪ ਕਾ ਨਾਸੁ ਉਚਾਰਨ : ਭਗਤਾਂ

ਅਰਥ : ਹੇ ਨਾਨਕ  ! (ਨਿਡਰ ਹੋਏ) ਭਗਤਾਂ ਦੇ ਹਿਰਦੇ ’ਚ (ਪ੍ਰਭੂ ਵਾਙ) ਸਦਾ ਖੇੜਾ ਬਣਿਆ ਰਹਿੰਦਾ ਹੈ (ਕਿਉਂਕਿ ਗੁਰੂ ਸਿੱਖਿਆ) ਸੁਣਨ ਨਾਲ਼ (ਭੈੜੀ ਮਤ ਰਾਹੀਂ ਦਿਲ ’ਚ ਪੈਦਾ ਹੋਏ) ਪਾਪ (ਤੇ ਪਾਪਾਂ ਕਾਰਨ ਉਪਜਦੇ) ਦੁਖ ਨਾਸ ਹੋ ਜਾਂਦੇ ਹਨ।

ਸੁਣਿਐ; ਸਤੁ ਸੰਤੋਖੁ ਗਿਆਨੁ ਸੁਣਿਐ; ਅਠਸਠਿ ਕਾ ਇਸਨਾਨੁ ਉਚਾਰਨ : ਇਸ਼ਨਾਨ।

ਪਦ ਅਰਥ : ਸਤੁ- ਦਾਨੀ ਸੁਭਾਅ, ਉਦਾਰਤਾ। ਗਿਆਨੁ- ਆਤਮਕ ਸੂਝ। ਅਠਸਠਿ- ਹਿੰਦੂਆਂ ਦੇ 68 ਪ੍ਰਸਿੱਧ ਤੀਰਥ।

ਅਰਥ : (ਗੁਰੂ ਸਿੱਖਿਆ) ਸੁਣਨ ਨਾਲ਼ ਉਦਾਰਤਾ, ਸਬਰ-ਧੀਰਜ ਤੇ ਆਤਮਕ ਸੂਝ ਮਿਲਦੀ ਹੈ, ਜੋ ਮਾਨੋ 68 ਤੀਰਥਾਂ ਦਾ ਇਸ਼ਨਾਨ ਹੈ।

ਸੁਣਿਐ; ਪੜਿ ਪੜਿ, ਪਾਵਹਿ ਮਾਨੁ ਸੁਣਿਐ; ਲਾਗੈ ਸਹਜਿ ਧਿਆਨੁ ਉਚਾਰਨ : ਪੜ੍ਹ-ਪੜ੍ਹ, ਪਾਵਹਿਂ।

ਪਦ ਅਰਥ : ਪੜਿ ਪੜਿ- ਪੜ੍ਹ ਪੜ੍ਹ ਕੇ। ਪਾਵਹਿ- ਪਾਉਂਦੇ ਹਨ। ਲਾਗੈ- ਲੱਗਦਾ ਹੈ। ਸਹਜਿ- ਅਡੋਲਤਾ ’ਚ, ਸੰਜਮ ’ਚ, ਗਹਿਰਾਈ ਵਿੱਚ ਭਾਵ ਜੀਵਨ ਚੰਚਲਤਾ ਰਹਿਤ ਹੋ ਜਾਂਦਾ ਹੈ। ਧਿਆਨੁ- ਮਨ ਦਾ ਟਿਕਾਅ, ਰੁਚੀ।

ਅਰਥ : (ਗੁਰੂ ਸਿੱਖਿਆ) ਸੁਣਨ ਨਾਲ਼ ਜਾਂ ਆਪ ਪੜ੍ਹ-ਪੜ੍ਹ ਕੇ ਗੁਰਸਿੱਖ ਮਾਣ-ਸਤਿਕਾਰ ਪਾਉਂਦੇ ਹਨ (ਕਿਉਂਕਿ ਗੁਰੂ ਸਿੱਖਿਆ) ਸੁਣਨ ਨਾਲ਼ ਸੰਜਮ (ਰੱਖਣ) ਵਿੱਚ ਰੁਚੀ ਬਣਦੀ ਹੈ, ਸੰਤੁਸ਼ਟਤਾ ਗ੍ਰਹਿਣ ਹੁੰਦੀ ਹੈ।

ਨਾਨਕ  ! ਭਗਤਾ ਸਦਾ ਵਿਗਾਸੁ ਸੁਣਿਐ; ਦੂਖ ਪਾਪ ਕਾ ਨਾਸੁ ੧੦ ਉਚਾਰਨ : ਭਗਤਾਂ

ਅਰਥ : ਹੇ ਨਾਨਕ  ! (ਨਿਡਰ ਹੋਏ) ਭਗਤਾਂ ਦੇ ਹਿਰਦੇ ’ਚ (ਮਾਲਕ ਵਾਙ) ਸਦਾ ਖੇੜਾ ਬਣਿਆ ਰਹਿੰਦਾ ਹੈ (ਕਿਉਂਕਿ ਗੁਰੂ ਸਿੱਖਿਆ) ਸੁਣਨ ਨਾਲ਼ (ਭੈੜੀ ਮਤ ਰਾਹੀਂ ਦਿਲ ’ਚ ਪੈਦਾ ਹੋਏ) ਪਾਪ (ਤੇ ਪਾਪਾਂ ਕਾਰਨ ਉਪਜਦੇ) ਦੁਖ ਨਾਸ ਹੋ ਜਾਂਦੇ ਹਨ।

ਸੁਣਿਐ; ਸਰਾ ਗੁਣਾ ਕੇ ਗਾਹ ਸੁਣਿਐ; ਸੇਖ, ਪੀਰ, ਪਾਤਿਸਾਹ ਉਚਾਰਨ : ਸਰਾਂ, ਸ਼ੇਖ਼, ਪਾਤਿਸ਼ਾਹ।

ਪਦ ਅਰਥ : ਸਰਾ- ਸਮੁੰਦਰ (ਵਾਙ ਵਿਸ਼ਾਲ)। ਗਾਹ- ਗਾਹੁਣ ਵਾਲ਼ੇ, ਸਮਝ ਰੱਖਣ ਵਾਲ਼ੇ, ਜਾਣੂ। ਸਰਾ ਗਾਹ- ਸਰੋਵਰਾਂ ਨੂੰ ਨਾਪਣ ਵਾਲ਼ੇ, ਜੀਵਨ ਦੀ ਗਹਿਰਾਈ ਜਾਣਨ ਵਾਲ਼ੇ, ਕਮਾਈ ਕਰ ਚੁੱਕੇ ਭਗਤਾਂ ਦਾ ਜੀਵਨ ਪਰਖ ਕਰ ਸਕਣਯੋਗ। ਸ਼ੇਖ਼-ਵਿਦਵਾਨ (ਮੁਸਲਮਾਨਾਂ ਦੀ ਇੱਕ ਖ਼ਾਸ ਜਮਾਤ)। ਪੀਰ-ਧਾਰਮਿਕ ਆਗੂ ਜਾਂ ਆਚਾਰੀਆ, ਜਿਸ ਦਾ ਰੁਤਬਾ ਇਸਲਾਮ ’ਚ ਸਿੱਖਾਂ ਦੇ ਗੁਰੂ ਸਮਾਨ ਹੁੰਦਾ ਹੈ।

ਅਰਥ : (ਗੁਰੂ ਸਿੱਖਿਆ) ਸੁਣਨ ਨਾਲ਼ ਰੱਬੀ ਰੰਗ ’ਚ ਰੰਗੇ ਭਗਤਾਂ ਦੀ ਪਹਿਚਾਣ ਕਰ ਲਈਦੀ ਹੈ। ਮਾਨੋ ਉਹ ਸ਼ੇਖ਼, ਪੀਰ, ਪਾਤਿਸ਼ਾਹ ਬਣ ਜਾਂਦੇ ਹਨ। ਨੋਟ : ਗੁਰੂ ਸਿੱਖਿਆ ਰੱਬ ਦਾ ਨਾਮ ਜਪਣ ਲਈ ਪ੍ਰੇਰਦੀ ਹੈ, ਜੋ ਨਾਮ ਜਪਣ ਲੱਗ ਗਿਆ ਉਹ ਪਾਤਿਸ਼ਾਹਾਂ ਦਾ ਪਾਤਿਸ਼ਾਹ ਬਣ ਗਿਆ; ਜਿਵੇਂ ਕਿ ਬਚਨ ਹਨ ‘‘ਜਿਸ ਨੋ ਬਖਸੇ; ਸਿਫਤਿ ਸਾਲਾਹ ਨਾਨਕ  ! ਪਾਤਿਸਾਹੀ ਪਾਤਿਸਾਹੁ ੨੫’’ (ਜਪੁ)

ਸੁਣਿਐ; ਅੰਧੇ ਪਾਵਹਿ ਰਾਹੁ ਸੁਣਿਐ; ਹਾਥ ਹੋਵੈ ਅਸਗਾਹੁ ਉਚਾਰਨ : ਪਾਵਹਿਂ, ਰਾਹ, ਅਸਗਾਹ।

ਪਦ ਅਰਥ : ਅੰਧੇ- ਆਤਮਕ ਸੂਝ ਤੋਂ ਸੱਖਣੇ, ਜਿਨ੍ਹਾਂ ਅੰਦਰ ਆਤਮ ਪ੍ਰਕਾਸ਼ ਨਹੀਂ, ਅਗਿਆਨੀ। ਪਾਵਹਿ- ਪਾ ਲੈਂਦੇ ਹਨ। ਰਾਹੁ- ਸਹੀ ਜੀਵਨ ਜਾਚ। ਹਾਥ- ਪਕੜ, ਪਹੁੰਚ, ਅਸਲ ਸੂਝ। ਅਸਗਾਹੁ- ਅਗਾਧ ਨੂੰ, ਅਥਾਹ (ਸੰਸਾਰ) ਨੂੰ, ਵਿਕਾਰ ਭਰਪੂਰ ਜਗਤ ਨੂੰ।

ਅਰਥ : (ਗੁਰੂ ਨਾਨਕ ਜੀ ਦੀ ਸਿੱਖਿਆ) ਸੁਣਨ ਨਾਲ਼ ਖ਼ੁਸ਼ਕਦਿਲ ਭੀ ਖ਼ੁਸ਼ਹਾਲ ਭਰਪੂਰ ਹੋ ਜਾਂਦੇ ਹਨ ਕਿਉਂਕਿ ਵਿਕਾਰ ਰੂਪ ਜਗਤ (ਦੀ ਅਸਲੀਅਤ ਬਾਰੇ) ਸੋਝੀ ਹੋ ਜਾਂਦੀ ਹੈ (ਕਿ ਇਹ ਧੂੰਏਂ ਦਾ ਗ਼ੁਬਾਰ ਹੀ ਹੈ, ਸਦੀਵੀ ਸਾਥ ਦੇਣ ਵਾਲ਼ਾ ਨਹੀਂ)।

ਨਾਨਕ  ! ਭਗਤਾ ਸਦਾ ਵਿਗਾਸੁ ਸੁਣਿਐ; ਦੂਖ ਪਾਪ ਕਾ ਨਾਸੁ ੧੧ ਉਚਾਰਨ : ਭਗਤਾਂ।

ਅਰਥ : ਹੇ ਨਾਨਕ  ! (ਨਿਡਰ ਹੋਏ) ਭਗਤਾਂ ਦੇ ਹਿਰਦੇ ’ਚ (‘ਵਿਗਸੈ ਵੇਪਰਵਾਹੁ’ ਮਾਲਕ ਵਾਙ) ਸਦਾ ਖੇੜਾ ਬਣਿਆ ਰਹਿੰਦਾ ਹੈ (ਕਿਉਂਕਿ ਗੁਰੂ ਸਿੱਖਿਆ) ਸੁਣਨ ਨਾਲ਼ (ਭੈੜੀ ਮਤ ਰਾਹੀਂ ਦਿਲ ’ਚ ਪੈਦਾ ਹੋਏ) ਪਾਪ (ਤੇ ਪਾਪਾਂ ਕਾਰਨ ਉਪਜਦੇ) ਦੁਖ ਨਾਸ ਹੋ ਜਾਂਦੇ ਹਨ।

ਵਿਚਾਰ : ਜਿਸ ਤਰ੍ਹਾਂ ‘ਸੁਣਿਐ’ ਦੀਆਂ ਉਕਤ ਚਾਰ ਪਉੜੀਆਂ (8-11) ’ਚ ਦੁਨੀਆਂ ’ਚੋਂ ਮਿਸਾਲ (ਦੇਵੀ, ਦੇਵਤੇ, 68 ਤੀਰਥ, ਸਮੁੰਦਰ/ਸਰਾ ਆਦਿ) ਦਿੱਤੀ ਗਈ; ਉਸ ਤਰ੍ਹਾਂ ਅਗਾਂਹ ‘ਮੰਨੈ’ ਵਾਲ਼ੀਆਂ ਚਾਰ ਪਉੜੀਆਂ (12-15) ’ਚ ਮਿਸਾਲ ਦੇਣਯੋਗ ਸੰਸਾਰ ’ਚ ਕੋਈ ਸ਼ਕਤੀ ਨਹੀਂ, ਇਸ ਲਈ ਚਾਰੋਂ ਪਉੜੀਆਂ ਦੇ ਅਰੰਭ ’ਚ ਹੀ ਬਿਆਨ ਕਰ ਦਿੱਤਾ ਹੈ ਕਿ ‘‘ਮੰਨੇ ਕੀ ਗਤਿ; ਕਹੀ ਜਾਇ ..੧੨’’

‘ਸੁਣਿਐ’ ਬਾਰੇ ਸਵਾਲ ਪੁਛੀਏ ਕਿ ਕੀ ਸੁਣਨਾ ਹੈ ? ਤਾਂ ਜਵਾਬ ਹੈ ‘ਨਾਨਕ ਨੂੰ ਸੁਣਨਾ ਹੈ’, ਇਸ ਲਈ ਇਨ੍ਹਾਂ 8 ਤੋਂ 11 ਪਉੜੀਆਂ ਦੇ ਅੰਤ ’ਚ ‘ਨਾਨਕ’ ਮੋਹਰ ਹੈ, ਪਰ ਹੁਣ ‘ਮੰਨੈ’ ਵਾਲ਼ੀ ਕੇਵਲ ਅੰਤਮ 15ਵੀਂ ਪਉੜੀ ’ਚ ‘ਨਾਨਕ’ ਹੈ ਕਿਉਂਕਿ ਕੀ ਮੰਨਣਾ ਹੈ ? ਦਾ ਜਵਾਬ ਹੈ ਕਿ ਜੋ ਪਹਿਲਾਂ ਸੁਣਿਆ ਹੈ, ਓਹੀ ਮੰਨਣਾ ਹੈ, ਇਸ ਲਈ ਚਾਰੋਂ ਪਉੜੀਆਂ ’ਚ ‘ਨਾਨਕ’ ਮੋਹਰ ਲਾਉਣ ਦੀ ਲੋੜ ਨਾ ਰਹੀ।

ਮੰਨੇ ਕੀ ਗਤਿ, ਕਹੀ ਜਾਇ ਜੇ ਕੋ ਕਹੈ, ਪਿਛੈ ਪਛੁਤਾਇ

ਪਦ ਅਰਥ : ਮੰਨੇ- (ਗੁਰੂ ਸਿੱਖਿਆ) ਮੰਨਣ ਵਾਲ਼ਾ, ਸਿੱਖਿਆ ’ਤੇ ਅਮਲ ਕਰਨ ਵਾਲ਼ਾ (ਨੋਟ : ਇਹ ਸ਼ਬਦ; ਇੱਕ ਵਚਨ ਪੁਲਿੰਗ ਨਾਂਵ, ਸੰਬੰਧ ਕਾਰਕ ਹੈ, ਪਰ ‘ਮੰਨੈ’ ਕ੍ਰਿਆ ਫਲ਼ ਕਿਰਦੰਤ/ਨਾਂਵ, ਕਰਣ ਕਾਰਕ ਹੈ। ਦੋਵੇਂ ਸ਼ਬਦ; ਨਾ ਇੱਕ ਸਮਾਨ ਅਰਥ ਦਿੰਦੇ ਹਨ ਤੇ ਨਾ ਹੀ ਕਿਰਿਆਵਾਚੀ ਸ਼ਬਦ ਹਨ)। ਗਤਿ- ਹਾਲਤ, ਦਸ਼ਾ, ਅਵਸਥਾ, ਅੰਦਰੂਨੀ ਬਲ। ਕਹੈ- ਕਹਿੰਦਾ ਹੈ। ਪਿਛੈ- ਕਹਿਣ ਤੋਂ ਬਾਅਦ, ਆਪਣੇ ਅਨੁਭਵ ’ਚ ਹੋਏ ਹੋਰ ਵਾਧੇ ਤੋਂ ਬਾਅਦ।

ਅਰਥ : (ਗੁਰੂ ਨਾਨਕ ਜੀ ਦੀ ਸਿੱਖਿਆ ਨੂੰ) ਮੰਨਣ ਵਾਲ਼ੇ ਦੀ ਅਵਸਥਾ ਬਿਆਨ ਨਹੀਂ ਹੋ ਸਕਦੀ। ਜੇ ਕੋਈ ਬਿਆਨ ਕਰੇ ਤਾਂ ਬਾਅਦ ’ਚ ਪਛੁਤਾਉਂਦਾ ਹੈ (ਕਿ ਮੈਂ ਪਹਿਲਾਂ ਉਸ ਨੂੰ ਪੂਰੀ ਤਰ੍ਹਾਂ ਸਮਝ ਨਾ ਸਕਿਆ, ਜਿਸ ਕਾਰਨ ਗੁਣ ਘਟਾ ਕੇ ਦੱਸਦਾ ਰਿਹਾ)।

ਵਿਚਾਰ : ਕਿਸੇ ਦੇ ਗੁਣ ਘਟਾ ਕੇ ਬਿਆਨ ਕਰਨਾ; ਗੁਰਬਾਣੀ ਅਨੁਸਾਰ ‘ਨਿੰਦਾ ਕਰਨਾ’ ਹੈ ਤੇ ਗੁਣਾਂ ਨੂੰ ਵਧਾ ਕੇ ਬਿਆਨ ਕਰਨਾ; ‘ਖ਼ੁਸ਼ਾਮਦ ਕਰਨਾ’ ਹੈ। ਮਾਨਵਤਾ ਨੂੰ ਸਚਾਈ ਤੋਂ ਜਾਣੂ ਕਰਵਾਉਣ ’ਚ ਇਹ ਦੋਵੇਂ ਔਗੁਣ; ਰੁਕਾਵਟ ਬਣਦੇ ਹਨ। ਆਪਣੀ ਖ਼ੁਸ਼ਾਮਦ (ਝੂਠੀ ਵਡਿਆਈ) ਕਰਾਉਣ ਤੇ ਹੋਰਾਂ ਦੇ ਗੁਣ ਘਟਾਉਣ ਦਾ ਮੂਲ ਕਾਰਨ ਆਪਣਾ ਅਹੰਕਾਰ ਵਧਾਉਣਾ ਹੁੰਦਾ ਹੈ। ਇਨ੍ਹਾਂ ਰੋਗਾਂ ਤੋਂ ਮੁਕਤ ਹੋਣ ਲਈ ਪਹਿਲਾਂ ਆਪਣਾ ਮਾਨ-ਅਭਿਮਾਨ ਛੱਡਣਾ ਜ਼ਰੂਰੀ ਹੈ, ‘‘ਉਸਤਤਿ ਨਿੰਦਾ ਦੋਊ ਬਿਬਰਜਿਤ; ਤਜਹੁ ਮਾਨੁ ਅਭਿਮਾਨਾ ’’ (ਭਗਤ ਕਬੀਰ/੧੧੨੩) ਜ਼ਿਆਦਾਤਰ ਸਿੱਖ; ਗ਼ਲਤ ਨੂੰ ਗ਼ਲਤ ਕਹਿਣ ਤੋਂ ਇਸ ਲਈ ਡਰਦੇ ਹਨ ਤਾਂ ਕਿ ਕਿਸੇ ਦੀ ਨਿੰਦਿਆ ਨਾ ਹੋ ਜਾਵੇ। ਇਹ ਕੋਈ ਸਮਝਦਾਰੀ ਨਹੀਂ ਬਲਕਿ ਬੁਝਦਿਲੀ ਹੈ ਤਾਹੀਓਂ ਕਈ ਵਾਰ ਸੱਚ; ਹਾਰ ਜਾਂਦਾ ਹੈ, ਜਿਸ ਨੂੰ ਬਚਾਉਣ ਲਈ ਗੁਰੂ ਸਾਹਿਬ ਨੇ ਕ੍ਰਾਂਤੀਕਾਰੀ ਲਹਿਰ ਪੈਦਾ ਕੀਤੀ ਸੀ।

ਇੱਕ ਭਗਤ ਅੰਦਰ ਹੋਏ ਬਦਲਾਅ ਨੂੰ ਮੂਰਖ ਕਦੇ ਨਹੀਂ ਜਾਣ ਸਕਦਾ, ਤਾਂ ਫਿਰ ਉਸ ਨੇ ਕਦੇ ਪਛੁਤਾਉਣਾ ਭੀ ਕਾਹਦਾ ਹੈ ? ‘ਮੰਨੈ’ ਦੀਆਂ ਇਨ੍ਹਾਂ ਪਉੜੀਆਂ ’ਚ ਭਗਤਾਂ-ਭਗਤਾਂ ਦੀ ਆਪਸੀ ਗੱਲ-ਬਾਤ ਦਾ ਜ਼ਿਕਰ ਹੈ। ਕਿਸੇ ਭਗਤ ਦੀ ਮਨੋ ਬਿਰਤੀ ਨੂੰ ਦੂਜਾ ਭਗਤ ਹੀ ਜਾਣ ਸਕਦਾ ਹੈ। ਜਿਸ ਨੂੰ ਤੀਸਰੇ ਕੋਲ਼ ਬਿਆਨ ਕਰਦਿਆਂ ਹੋਈ ਭੁੱਲ ਦਾ ਅਹਿਸਾਸ ਭੀ ਉਸ ਨੂੰ ਤਦ ਹੁੰਦਾ ਹੈ, ਜਦ ਉਸ ਦੇ ਆਪਣੇ ਅੰਦਰ ਭਗਤੀ ਕਰ ਕਰ ਕੇ ਅੰਦਰੂਨੀ ਸਮਝ/ਪ੍ਰਕਾਸ਼ ’ਚ ਵਾਧਾ ਹੁੰਦਾ ਹੈ।

ਕਾਗਦਿ, ਕਲਮ ਲਿਖਣਹਾਰੁ ਮੰਨੇ ਕਾ, ਬਹਿ ਕਰਨਿ ਵੀਚਾਰੁ

ਪਦ ਅਰਥ : ਕਾਗਦਿ- ਕਾਗਜ਼ ਉੱਤੇ। ਲਿਖਣਹਾਰੁ- ਲਿਖਾਰੀ, ਲੇਖਕ। ਬਹਿ- ਬਹਿ ਕੇ, ਬੈਠ ਕੇ। ਕਰਨਿ- ਕਰਦੇ ਹਨ।

ਅਰਥ : (ਭਗਤ ਅੰਦਰ ਹੁੰਦੇ ਬਦਲਾਅ ਨੂੰ) ਕੋਈ ਲੇਖਕ; ਕਲਮ ਨਾਲ਼ ਕਾਗਜ਼ ਉੱਤੇ ਲਿਖ ਨਹੀਂ ਸਕਦਾ ਭਾਵ ਕਲਮਬੰਦ ਨਹੀਂ ਕਰ ਸਕਦਾ। (ਗੁਰੂ ਸਿੱਖਿਆ ’ਤੇ) ਅਮਲ ਕਰਨ ਵਾਲ਼ੇ ਦੀ (ਰਹਿਣੀ ਬਹਿਣੀ ਬਾਰੇ ਭਗਤ ਜਨ) ਬੈਠ ਕੇ ਵੀਚਾਰ ਕਰਦੇ ਹਨ।

ਐਸਾ ਨਾਮੁ, ਨਿਰੰਜਨੁ ਹੋਇ ਜੇ ਕੋ ਮੰਨਿ ਜਾਣੈ ਮਨਿ, ਕੋਇ ੧੨

ਪਦ ਅਰਥ : ਐਸਾ- ਇਹੋ ਜਿਹਾ (ਅਦਭੁਤ; ਜੈਸਾ ਕਿ ਇਨ੍ਹਾਂ ਚਾਰੇ ਪਉੜੀਆਂ ’ਚ ਬਿਆਨ ਕੀਤਾ ਹੈ)। ਨਾਮੁ- ਨਾਮਣਾ, ਰੁਤਬਾ। ਨਿਰੰਜਨੁ- ਅੰਜਨ/ਕਾਲ਼ਖ਼ ਰਹਿਤ, ਕਾਮਨਾ ਰਹਿਤ ਭਾਵ ਨਿਰਮਲ। ਜੇ ਕੋ- ਜੇਕਰ ਕੋਈ। ਮੰਨਿ ਜਾਣੈ- (ਗੁਰੂ ਸਿਖਿਆ) ਮੰਨਣਾ ਜਾਣਦਾ ਹੈ, ਉਸ ਨੂੰ ਕਮਾਉਣਾ ਸਿੱਖ ਚੁੱਕਿਆ ਹੈ। ਮਨਿ- ਮਨ ਵਿੱਚ। ਐਸਾ ਕੋਇ- ਅਜਿਹਾ ਕੋਈ ਵਿਰਲਾ ਹੀ।

ਅਰਥ : (ਗੁਰੂ ਸਿੱਖਿਆ ’ਤੇ ਅਮਲ ਕਰਨ ਵਾਲ਼ੇ ਦਾ) ਰੁਤਬਾ ਐਸਾ ਕਾਮਨਾ ਰਹਿਤ (ਅਦਭੁਤ) ਹੁੰਦਾ ਹੈ (ਪਰ ਸਮਝ ਤਾਂ ਆਏਗੀ) ਜੇਕਰ ਕੋਈ (ਪਹਿਲਾਂ ਆਪ) ਮਨ ਅੰਦਰ (ਗੁਰੂ ਸਿੱਖਿਆ) ਕਮਾਉਣਾ ਜਾਣਦਾ ਹੈ ਭਾਵੇਂ ਕਿ ਐਸਾ ਕੋਈ ਕੋਈ ਹੁੰਦਾ ਹੈ; ਜਿਵੇਂ ਕਿ ਆਪ ਜੀ ਦੇ ਬਚਨ ਹਨ ‘‘ਹੈਨਿ ਵਿਰਲੇ, ਨਾਹੀ ਘਣੇ; ਫੈਲ ਫਕੜੁ ਸੰਸਾਰੁ ’’ (ਮਹਲਾ /੧੪੧੧) ਅਰਥ : ਗੁਰੂ ਸਿੱਖਿਆ ਅਪਣਾਅ ਕੇ ਨਾਮ ਜਪਣ ਵਾਲ਼ੇ (ਭਗਤ) ਵਿਰਲੇ ਹੁੰਦੇ ਹਨ, ਬਹੁਤੇ ਨਹੀਂ। ਬਹੁਤਾ ਜਗਤ; ਵਿਖਾਵੇ ਮਾਤਰ ਧਾਰਮਿਕ ਕੰਮ ਕਰਦਾ ਹੈ, (ਸਚਾਈ ਸੁਣਨ ’ਤੇ) ਕਰੋਧਿਤ ਹੁੰਦਾ ਹੈ।

ਮੰਨੈ; ਸੁਰਤਿ ਹੋਵੈ, ਮਨਿ ਬੁਧਿ ਮੰਨੈ; ਸਗਲ ਭਵਣ ਕੀ ਸੁਧਿ

ਪਦ ਅਰਥ : ਮੰਨੈ- (ਗੁਰੂ ਸਿੱਖਿਆ) ਮੰਨਣ ਨਾਲ਼ (ਨੋਟ : ‘ਮੰਨੇ’ ਅਤੇ ‘ਮੰਨੈ’ ਦਾ ਅੰਤਰ ਚੇਤੇ ਰੱਖਣਾ ਹੈ। ‘ਮੰਨੇ’ ਦਾ ਅਰਥ ਹੈ ‘(ਗੁਰੂ ਸਿੱਖਿਆ) ਮੰਨਣ ਵਾਲ਼ਾ (ਸਿੱਖ)’ ਅਤੇ ‘ਮੰਨੈ’ ਦਾ ਅਰਥ ਹੈ ‘(ਗੁਰੂ ਸਿੱਖਿਆ) ਮੰਨਣ ਨਾਲ਼’)। ਸੁਰਤਿ- ਉੱਤਮ ਸੋਝੀ, ਬਿਬੇਕ, ਚੰਗੇ-ਮੰਦੇ ਨੂੰ ਪਰਖ ਕਰਨ ਵਾਲ਼ੀ ਸਮਝ। ਮਨਿ- ਮਨ ਵਿੱਚ। ਬੁਧਿ- ਜਗਿਆਸਾ/ਚੇਤਨਾ, ਦ੍ਰਿੜ੍ਹਤਾ ਭਰਪੂਰ ਨਵੇਂ ਵਿਚਾਰ ਪੈਦਾ ਹੋਣੇ। ਮਨਿ+ਬੁਧਿ- ਮਨ ’ਚ ਚੇਤਨਾ ਭਾਵ ਮਨ ਦੀ ਦੁਬਿਧਾ ਖ਼ਤਮ ਕਰ ਨਵੇਂ ਵਿਚਾਰ ਉਪਜਣੇ (ਨੋਟ : ਇਹ ਸੰਯੁਕਤ ਸ਼ਬਦ; ਗੁਰਬਾਣੀ ’ਚ ਕੇਵਲ ਦੋ ਵਾਰ ਹਨ, ਉਹ ਭੀ ਗੁਰੂ ਨਾਨਕ ਸਾਹਿਬ ਨੇ ‘ਜਪੁ’ ਬਾਣੀ ’ਚ ਦਰਜ ਕੀਤੇ ਹਨ। ਇਸ ਪੰਕਤੀ ਤੋਂ ਇਲਾਵਾ ਸਰਮਖੰਡ ਵਾਲ਼ੀ 36ਵੀਂ ਪਉੜੀ ’ਚ ਇਉਂ ਹਨ ‘‘ਤਿਥੈ ਘੜੀਐ; ਸੁਰਤਿ ਮਤਿ ਮਨਿ+ਬੁਧਿ..੩੬’’) ਭਵਨ- ਤਿੰਨ ਲੋਕ (ਸੁਰਗ ਲੋਕ, ਮਾਤ ਲੋਕ ਭਾਵ ਧਰਤੀ ਉੱਤੇ ਵੱਸਦੇ ਜੀਵ-ਜੰਤ ਅਤੇ ਪਾਤਾਲ ਲੋਕ)। ਸੁਧਿ- ਸੋਝੀ, ਗਿਆਨ।

ਅਰਥ : (ਗੁਰੂ ਸਿੱਖਿਆ) ਮੰਨਣ ਨਾਲ਼ ਬੁਰੇ-ਭਲੇ ਕੰਮ ਦੀ ਸੋਝੀ ਤੇ ਮਨ ’ਚ ਚੇਤਨਾ ਆ ਜਾਂਦੀ ਹੈ। ਤਿੰਨੇ ਲੋਕਾਂ (’ਚ ਵਾਪਰਦੇ ਰੱਬੀ ਹੁਕਮ) ਦਾ ਬੋਧ ਹੋ ਜਾਂਦਾ ਹੈ।

ਮੰਨੈ; ਮੁਹਿ ਚੋਟਾ ਨਾ ਖਾਇ ਮੰਨੈ; ਜਮ ਕੈ ਸਾਥਿ ਜਾਇ ਉਚਾਰਨ : ਮੁੰਹ, ਚੋਟਾਂ

ਪਦ ਅਰਥ : ਮੁਹਿ- ਮੂੰਹ ’ਤੇ ਭਾਵ ਸਾਮ੍ਹਣੇ, ਪ੍ਰਤੱਖ। ਚੋਟਾ- ਵਿਕਾਰਾਂ ਦੀਆਂ ਸੱਟਾਂ ਭਾਵ ਵਿਕਾਰਾਂ ਅੱਗੇ ਹਾਰਦਾ ਨਹੀਂ। ਜਮ ਕੈ ਸਾਥਿ- ਆਤਮਕ ਮੌਤ ਦੇ ਨਾਲ਼, ਮਰੀ ਹੋਈ ਜ਼ਮੀਰ ਦੇ ਨਾਲ਼।

ਅਰਥ : (ਸਬਦੁ ਗੁਰੂ ਨੂੰ) ਮੰਨਣ ਨਾਲ਼ (ਸਿੱਖ) ਜਿਊਂਦਿਆਂ ਵਿਕਾਰਾਂ ਸਾਮ੍ਹਣੇ ਹਾਰਦਾ ਨਹੀਂ। ਜ਼ਮੀਰ ਪੱਖੋਂ ਮਰ-ਮਰ ਕੇ ਨਹੀਂ ਜਿਊਂਦਾ (ਯਾਨੀ ਸਮਾਜ ਅਤੇ ਵਿਕਾਰਾਂ ਦੀ ਵਧੀਕੀ ਨਹੀਂ ਸਹਾਰਦਾ, ਉਸ ਦਾ ਮੁਕਾਬਲਾ ਕਰਨਯੋਗ ਹੋ ਜਾਂਦਾ ਹੈ)।

ਐਸਾ ਨਾਮੁ, ਨਿਰੰਜਨੁ ਹੋਇ ਜੇ ਕੋ ਮੰਨਿ ਜਾਣੈ ਮਨਿ, ਕੋਇ ੧੩

ਅਰਥ : (ਗੁਰੂ ਸਿੱਖਿਆ ’ਤੇ ਅਮਲ ਕਰਨ ਵਾਲ਼ੇ ਦਾ) ਰੁਤਬਾ ਐਸਾ ਕਾਮਨਾ ਰਹਿਤ (ਅਦਭੁਤ) ਹੁੰਦਾ ਹੈ (ਪਰ ਸਮਝ ਤਾਂ ਆਏਗੀ) ਜੇਕਰ ਕੋਈ (ਆਪ) ਮਨ ਅੰਦਰ (ਗੁਰੂ ਸਿੱਖਿਆ) ਕਮਾਉਣਾ ਜਾਣਦਾ ਹੈ, ਪਰ ਐਸਾ ਕੋਈ ਵਿਰਲਾ ਹੈ।

ਮੰਨੈ; ਮਾਰਗਿ ਠਾਕ ਪਾਇ ਮੰਨੈ; ਪਤਿ ਸਿਉ ਪਰਗਟੁ ਜਾਇ ਉਚਾਰਨ : ਸਿਉਂ

ਪਦ ਅਰਥ : ਮੰਨੈ- ਮੰਨਣ ਨਾਲ਼। ਮਾਰਗਿ- (ਸਹੀ) ਰਾਹ ਵਿੱਚ, ਮੰਜ਼ਲ ਵੱਲ ਵਧਦਿਆਂ। ਠਾਕ- ਰੁਕਾਵਟ, ਵਿਘਨ। ਪਤਿ ਸਿਉ- ਇੱਜ਼ਤ ਸਮੇਤ, ਗੌਰਵ ਨਾਲ਼।

ਅਰਥ : (ਸਬਦੁ ਗੁਰੂ ਨੂੰ) ਮੰਨਣ ਨਾਲ਼ ਜ਼ਿੰਦਗੀ ਦੇ ਸਫ਼ਰ ’ਚ ਕੋਈ (ਵਿਕਾਰ ਰੂਪ) ਵਿਘਨ ਨਹੀਂ ਪੈਂਦਾ, ਇਸ ਲਈ ਸੱਚਾ ਭਗਤ; ਗੌਰਵ ਨਾਲ਼ ਜਗਤ-ਪ੍ਰਸਿੱਧ ਹੋ ਜਾਂਦਾ ਹੈ। ਆਪ ਜੀ ਦੇ ਹੀ ਬਚਨ ਹਨ ਕਿ ਰੱਬ ਦੀ ਮਿਹਰ ਤੋਂ ਬਿਨਾਂ ਕਿਸੇ ਨੂੰ ਸਫਲਤਾ ਨਹੀਂ ਮਿਲਦੀ। ਜਿਸ ਨੂੰ ਮਿਹਰ ਨਾਲ਼ ਮਿਲਦੀ ਹੈ, ਉਸ ਦੇ ਰਾਹ ’ਚ ਕੋਈ ਵਿਘਨ ਨਹੀਂ ਪਾ ਸਕਦਾ ‘‘ਤੁਧੁ ਵਿਣੁ; ਸਿਧੀ ਕਿਨੈ ਪਾਈਆ ਕਰਮਿ ਮਿਲੈ; ਨਾਹੀ ਠਾਕਿ ਰਹਾਈਆ ’’ (ਮਹਲਾ /)

ਮੰਨੈ; ਮਗੁ ਚਲੈ ਪੰਥੁ ਮੰਨੈ; ਧਰਮ ਸੇਤੀ ਸਨਬੰਧੁ

ਪਦ ਅਰਥ : ਮਗੁ ਪੰਥੁ- ਹੋਰ ਹੋਰ ਮਾਰਗ/ਰਸਤਾ ਭਾਵ ਗੁਰਮਤਿ ਦੇ ਵਿਰੁਧ ਵਿਚਾਰਧਾਰਾ (ਜਿਵੇਂ ਕਾਵਿ ਤੋਲ ਕਾਰਨ ‘ਕਲਿਜੁਗੁ’ ਤੋਂ ‘ਕਲਿ’, ‘ਬਹੁਤੁ’ ਤੋਂ ‘ਬਹੁ’ ਹੋ ਜਾਂਦਾ ਹੈ; ਵੈਸੇ ਹੀ ਇੱਥੇ ‘ਮਾਰਗੁ’ ਤੋਂ ‘ਮਗੁ’ ਬਣਿਆ ਹੈ)। ਧਰਮ- ਸਚਾਈ, ਅਸਲ ਮਾਰਗ। ਸੇਤੀ- ਨਾਲ਼। ਸਨਬੰਧੁ- ਜੋੜ, ਰਿਸ਼ਤਾ, ਲਗਾਅ।

ਅਰਥ : (ਸਬਦੁ ਗੁਰੂ ਨੂੰ) ਮੰਨਣ ਨਾਲ਼ (ਸਿੱਖ); ਬੇਲੋੜੇ ਧਾਰਮਿਕ ਕਰਮ ਨਹੀਂ ਕਰਦਾ (ਸਮਾਂ, ਖ਼ਰਚ ਅਤੇ ਊਰਜਾ ਬਚਾ ਲੈਂਦਾ ਹੈ ਕਿਉਂਕਿ ਉਸ ਦਾ) ਲਗਾਅ ਸਿੱਧਾ ਸਚਾਈ (ੴ) ਨਾਲ਼ ਹੋ ਗਿਆ, ਉਹ ਸਚਾਈ ਸਮਝ ਗਿਆ।

ਐਸਾ ਨਾਮੁ, ਨਿਰੰਜਨੁ ਹੋਇ ਜੇ ਕੋ ਮੰਨਿ ਜਾਣੈ ਮਨਿ, ਕੋਇ ੧੪

ਅਰਥ : (ਗੁਰੂ ਸਿੱਖਿਆ ਮੰਨਣ ਵਾਲ਼ੇ ਦਾ) ਰੁਤਬਾ ਐਸਾ ਨਿਰਮਲ ਹੁੰਦਾ ਹੈ (ਪਰ ਜਾਣਦਾ ਓਹੀ ਹੈ) ਅਗਰ ਕੋਈ ਮਨ ਅੰਦਰ (ਗੁਰੂ ਸ਼ਬਦ ਦੀ) ਕਮਾਈ ਕਰਦਾ ਹੈ ਭਾਵੇਂ ਕਿ ਐਸਾ ਕੋਈ ਕੋਈ ਹੁੰਦਾ ਹੈ।

ਮੰਨੈ; ਪਾਵਹਿ ਮੋਖ ਦੁਆਰੁ ਮੰਨੈ; ਪਰਵਾਰੈ ਸਾਧਾਰੁ ਉਚਾਰਨ : ਪਾਵਹਿਂ

ਪਦ ਅਰਥ : ਮੰਨੈ- ਮੰਨਣ ਨਾਲ਼। ਪਾਵਹਿ- ਪਾ ਲੈਂਦੇ ਹਨ। ਮੋਖ ਦੁਆਰੁ- ਮੁਕਤੀ ਦਾ ਦਰ (ਅਸਲ ਬੂਹਾ/ਮਾਰਗ)।, ਪਰਵਾਰੈ- ਪਰਵਾਰ ਨੂੰ। ਸਾਧਾਰੁ- ਆਸਰਾ ਸਹਿਤ, ਭਰੋਸੇ ਯੋਗ।

ਅਰਥ : (ਗੁਰੂ ਸਿੱਖਿਆ ਨੂੰ) ਮੰਨਣ ਨਾਲ਼ (ਸਿੱਖ; ਮਾਇਆ ਤੋਂ) ਮੁਕਤੀ ਦਾ ਬੂਹਾ ਲੱਭ ਲੈਂਦੇ ਹਨ (ਯਾਨੀ ਮਾਇਆ ’ਚੋਂ ਨਿਕਲਣ ਦੀ ਯੁਕਤੀ ਪਾ ਲੈਂਦੇ ਹਨ)। ਆਪਣੇ ਪਰਵਾਰ ਨੂੰ ਭੀ (ਸਬਦੁ ਗੁਰੂ ’ਤੇ) ਭਰੋਸਾ ਕਰਾਉਣ ’ਚ ਸਫਲ ਹੋ ਜਾਂਦੇ ਹਨ।

ਮੰਨੈ; ਤਰੈ, ਤਾਰੇ, ਗੁਰੁ ਸਿਖ ਮੰਨੈ; ਨਾਨਕ ! ਭਵਹਿ ਭਿਖ ਉਚਾਰਨ : ਭਵਹਿਂ

ਪਦ ਅਰਥ : ਮੰਨੈ- ਮੰਨਣ ਨਾਲ਼। ਤਰੈ- (ਸਿੱਖ ਆਪ) ਤਰਦਾ ਹੈ। ਤਾਰੇ- (ਹੋਰਾਂ ਨੂੰ) ਤਾਰਦਾ ਹੈ। ਗੁਰੁ ਸਿਖ- ਗੁਰੂ ਰੂਪ ਸਿੱਖਿਆ ਨੂੰ। ਨਾਨਕ- ਹੇ ਨਾਨਕ ! ਭਵਹਿ- ਭਟਕਦੇ ਹਨ। ਭਿਖ- ਭੀਖ, ਖ਼ੈਰ।

ਅਰਥ : ਸਬਦੁ ਗੁਰੂ ਰੂਪ ਸਿੱਖਿਆ ਨੂੰ ਮੰਨਣ ਨਾਲ਼ (ਸਿੱਖ; ਆਪ ਸੰਸਾਰ ਤੋਂ) ਤਰਦਾ ਹੈ (ਤੇ ਸਤਸੰਗੀਆਂ ਨੂੰ ਭੀ) ਤਾਰਦਾ ਹੈ (ਜਿਵੇਂ ਕਿ ਆਪ ਜੀ ਦੇ ਹੀ ਬਚਨ ਹਨ, ‘‘ਜਿਨੀ ਨਾਮੁ ਧਿਆਇਆ; ਗਏ ਮਸਕਤਿ ਘਾਲਿ ਨਾਨਕ  ! ਤੇ ਮੁਖ ਉਜਲੇ; ਕੇਤੀ ਛੁਟੀ ਨਾਲਿ ’’ ਜਪੁ)। ਹੇ ਨਾਨਕ  ! (ਸਿੱਖ) ਭੀਖ ਮੰਗਣ ਲਈ ਇੱਧਰ ਓਧਰ ਨਹੀਂ ਭਟਕਦੇ (ਭਾਵ ਮਿਹਨਤ ਦੀ ਕਮਾਈ ਕਰਦੇ ਹਨ ਤੇ ਲੋੜਵੰਦਾਂ ਦਾ ਸਹਾਰਾ ਬਣਦੇ ਹਨ; ਜਿਵੇਂ ਕਿ ਆਪ ਜੀ ਦੇ ਹੀ ਬਚਨ ਹਨ, ‘‘ਘਾਲਿ ਖਾਇ; ਕਿਛੁ ਹਥਹੁ ਦੇਇ ਨਾਨਕ  ! ਰਾਹੁ ਪਛਾਣਹਿ ਸੇਇ (ਓਹੀ)’’ (ਮਹਲਾ /੧੨੪੫)

ਐਸਾ ਨਾਮੁ, ਨਿਰੰਜਨੁ ਹੋਇ ਜੇ ਕੋ ਮੰਨਿ ਜਾਣੈ ਮਨਿ, ਕੋਇ੧੫

ਅਰਥ : (ਗੁਰੂ ਸਿੱਖਿਆ ਮੰਨਣ ਵਾਲ਼ੇ ਦਾ) ਰੁਤਬਾ ਐਸਾ ਨਿਰਮਲ ਹੁੰਦਾ ਹੈ (ਪਰ ਸਮਝਦਾ) ਕੋਈ ਕੋਈ ਹੈ, ਉਹ ਭੀ ਜੇ ਕੋਈ ਮਨ ਅੰਦਰ (ਗੁਰੂ ਸ਼ਬਦ ਦੀ) ਕਮਾਈ ਕਰਨਾ ਜਾਣਦਾ ਹੈ।

ਵਿਚਾਰ : ਜਿਸ ਤਰ੍ਹਾਂ ‘ਸੁਣਿਐ’ ਵਾਲ਼ੀਆਂ ਪਉੜੀਆਂ ’ਚ ‘ਸਿਧ, ਪੀਰ, ਸੁਰਿ ਨਾਥ’ ਆਦਿ ਦੀ ਮਿਸਾਲ ਹੈ; ਵੈਸਾ ਹੀ ‘ਜਪੁ’ ਬਾਣੀ ਦੀ 35ਵੀਂ ਪਉੜੀ (ਗਿਆਨਖੰਡ) ’ਚ ਇਨ੍ਹਾਂ ਦਾ ਜ਼ਿਕਰ ਹੈ, ‘‘ਕੇਤੇ ਸਿਧ ਬੁਧ, ਨਾਥ ਕੇਤੇ; ਕੇਤੇ ਦੇਵੀ ਵੇਸ..੩੫’’

ਜਿਸ ਤਰ੍ਹਾਂ ‘ਮੰਨੈ’ ਵਾਲ਼ੀਆਂ ਪਉੜੀਆਂ ’ਚ ਇਹ ਜ਼ਿਕਰ ਹੈ, ‘‘ਮੰਨੇ ਕੀ ਗਤਿ; ਕਹੀ ਜਾਇ ਜੇ ਕੋ ਕਹੈ; ਪਿਛੈ ਪਛੁਤਾਇ ..੧੨’’ ਵੈਸਾ ਹੀ 36ਵੀਂ ਪਉੜੀ (ਸਰਮਖੰਡ) ’ਚ ਫ਼ੁਰਮਾਇਆ ਹੈ, ‘‘ਤਾ ਕੀਆ ਗਲਾ; ਕਥੀਆ ਨਾ ਜਾਹਿ ਜੇ ਕੋ ਕਹੈ; ਪਿਛੈ ਪਛੁਤਾਇ ੩੬’’ ਇਸ ਤੋਂ ਸਪਸ਼ਟ ਹੈ ਕਿ ‘ਗੁਰੂ ਸਿੱਖਿਆ ਨੂੰ ਸੁਣਨਾ; ਗਿਆਨਖੰਡ ਹੈ ਅਤੇ ਮੰਨਣਾ; ਸਰਮਖੰਡ ਹੈ।

‘ਜਪੁ’ ਬਾਣੀ ਦੀ ਸੰਖੇਪ ’ਚ ਬਹੁ ਪੱਖੀ ਵਿਚਾਰ (ਭਾਗ 3)

0

ਜਪੁ ਪਉੜੀ 16 ਤੋਂ 24

ਜਿਹੜਾ ਸਿੱਖ; ਗੁਰੂ ਸਿੱਖਿਆ ਸੁਣ ਕੇ ਅਮਲ ਭੀ ਕਰਦਾ ਹੈ, ਉਹ ਮਾਇਆ ਤੋਂ ਨਿਰਮੋਹ ਹੋ ਜਾਂਦਾ ਹੈ। ਗੁਰੂ ਸਾਹਿਬ; ਉਸ ਨੂੰ ‘ਪੰਚ’ ਮੰਨਦੇ ਹਨ। ਗੁਰਬਾਣੀ ’ਚ ‘ਪੰਚ’ ਅਤੇ ‘ਪਰਪੰਚ’ ਸ਼ਬਦਾਂ ਦੀ ਤੁਲਨਾਤਮਿਕ ਵਿਚਾਰ ਕਰਨ ਨਾਲ਼ ‘ਪੰਚ’ ਦਾ ਅਰਥ ਵਧੇਰੇ ਸਪਸ਼ਟ ਹੁੰਦਾ ਹੈ; ਜਿਵੇਂ ਕਿ

(1). ‘ਪਰਪੰਚ’ ਦਾ ਅਰਥ ਹੈ ‘ਸਮਾਜਿਕ ਖਿਲਾਰਾ, ਸੰਸਾਰ, ਛਲ-ਕਪਟ’; ਜਿਵੇਂ ਕਿ ਬਚਨ ਹਨ :

ਜਹ ਆਪਿ ਰਚਿਓ; ਪਰਪੰਚੁ ਅਕਾਰੁ॥ (ਮਹਲਾ ੫/੨੯੧)

ਪਪੈ, ਪਾਤਿਸਾਹੁ ਪਰਮੇਸਰੁ; ਵੇਖਣ ਕਉ ਪਰਪੰਚੁ (ਸੰਸਾਰ) ਕੀਆ॥ (ਪਟੀ/ਮਹਲਾ ੧/੪੩੩)

ਬਹੁ ਪਰਪੰਚ (ਛਲ-ਕਪਟ) ਕਰਿ; ਪਰ ਧਨੁ ਲਿਆਵੈ ॥

ਸੁਤ ਦਾਰਾ ਪਹਿ (ਪੁੱਤਰ-ਇਸਤ੍ਰੀ ’ਤੇ); ਆਨਿ ਲੁਟਾਵੈ ॥ (ਭਗਤ ਕਬੀਰ/੬੫੬)

ਪਪੈ, ਪਾਰਿ ਨ ਪਵਹੀ ਮੂੜੇ  !

ਪਰਪੰਚਿ (ਸੰਸਾਰ ’ਚ) ਤੂੰ ਪਲਚਿ ਰਹਿਆ (ਫਸ ਗਿਆ) ॥ (ਪਟੀ/ਮਹਲਾ ੩/੪੩੫)

(2). ‘ਪੰਚ’ ਦੇ ਅਰਥ ‘ਪਰਪੰਚ’ ਤੋਂ ਬਿਲਕੁਲ ਉਲ਼ਟ ਹਨ; ਜਿਵੇਂ ਕਿ ਬਚਨ ਹਨ, ‘‘ਪੰਚਮਿ, ਪੰਚ ਪ੍ਰਧਾਨ ਤੇ; ਜਿਹ ਜਾਨਿਓ ‘ਪਰਪੰਚੁ’॥ (ਮਹਲਾ ੫/੨੯੭) ਭਾਵ ਜੋ ਜਗਤ ਫ਼ਰੇਬ ਨੂੰ ਜਾਣ ਗਏ, ਮਾਇਆਵੀ ਖੇਡ ਦੀ ਅਸਲੀਅਤ ਸਮਝ ਗਏ; ਉਹੀ ਤੱਤਵੇਤਾ ਪੰਚ ਜਨ; (ਪਰਪੰਚ-ਸੰਸਾਰ ’ਚ) ਪ੍ਰਧਾਨ ਮੰਨੇ ਗਏ (ਬਾਕੀ ਤਾਂ ਸਾਰੇ ਖ਼ਾਕ ਛਾਣ ਰਹੇ ਹਨ)।

ਅਗਲੀਆਂ 16 ਤੋਂ 31 ਪਉੜੀਆਂ ’ਚ ‘ਪੰਚ-ਜਨ’ ਅਵਸਥਾ ਵਾਲ਼ੇ ‘ੴ’ ਦੇ ਰੂ-ਬਰੂ ਸੰਵਾਦ ਕਰਦੇ ਹਨ, ਉਸ ਦੇ ਗੁਣ ਦਾ ਵਰਣਨ ਕਰਦੇ ਹਨ ਤਾਹੀਓਂ ਇਸ ਬਾਣੀ ਦਾ ਸਿਰਲੇਖ; ‘ਜਪੁ’ ਭਾਵ ਸਿਮਰਨ ਹੈ।

ਪੰਚ ਪਰਵਾਣੁ, ਪੰਚ ਪਰਧਾਨੁ ਪੰਚੇ ਪਾਵਹਿ, ਦਰਗਹ ਮਾਨੁ ਉਚਾਰਨ : ਪਾਵਹਿਂ

ਪਦ ਅਰਥ : ਪੰਚ- ਪ੍ਰਮਾਤਮਾ ਨਾਲ਼ ਸਾਂਝ ਪਾ ਚੁੱਕੇ ਭਗਤ-ਜਨ, ਗੁਰੂ ਸਿੱਖਿਆ ਅਨੁਸਾਰੀ ਚੱਲਣ ਵਾਲ਼ੇ ਸਿੱਖ। ਪਰਵਾਣੁ- (ਰੱਬ ਦੇ ਦਰ ’ਤੇ) ਕਬੂਲ। ਪਰਧਾਨੁ- (ਸੰਸਾਰ ਵਿੱਚ ਸਾਰਿਆਂ ਲਈ) ਸਤਿਕਾਰਯੋਗ।

ਨੋਟ : ਇਸ ਵਾਕ ’ਚ ‘ਪਰਵਾਣੁ’ ਅਤੇ ‘ਪਰਧਾਨੁ’ ਸ਼ਬਦ ‘ਪੰਚ’ (ਬਹੁ ਵਚਨ ਨਾਂਵ) ਦੇ ਵਿਸ਼ੇਸ਼ਣ ਨਹੀਂ ਹਨ। ਜੇਕਰ ਵਿਸ਼ੇਸ਼ਣ ਹੁੰਦੇ ਤਾਂ ਅਰਥ ਹੁੰਦੇ ‘ਪਰਵਾਣ ਹੋਏ ਪੰਚ-ਜਨ, ਪਰਧਾਨ ਬਣੇ ਪੰਚ-ਜਨ’, ਪਰ ਇੱਥੇ ਅਰਥ ਹਨ, ‘ਪੰਚ-ਜਨ ਪਰਧਾਨ ਹਨ, ਪਰਵਾਣ ਹਨ’ ਯਾਨੀ ‘ਪੰਚ’ ਕਰਤਾ ਕਾਰਨ ਬਹੁ ਵਚਨ ਨਾਂਵ ਹੈ ਅਤੇ ‘ਪਰਵਾਣੁ, ਪਰਧਾਨੁ’ ਕਰਮ ਕਾਰਕ ਇੱਕ ਵਚਨ ਨਾਂਵ। ਗੁਰਬਾਣੀ ਵਿੱਚ ‘ਕਬੂਲੁ, ਪਰਵਾਣੁ, ਧੰਨੁ (ਜਿਸ ਦਾ ਅਰਥ ਹੈ ‘ਧੰਨਤਾਯੋਗ’) ਸ਼ਬਦ; ਸਦਾ ਔਂਕੜ ਅੰਤ ਹੁੰਦੇ ਹਨ।

ਅਰਥ : ਪੰਚ-ਜਨ; (ਰੱਬ ਦੀ) ਦਰਗਹ ’ਚ ਕਬੂਲ ਹੋਏ ਸਤਿਕਾਰਯੋਗ ਹਨ। ਹਰ ਜਗ੍ਹਾ ਸਤਿਕਾਰ ਪਾਉਂਦੇ ਹਨ।

ਵਿਚਾਰ : ਰੱਬ ਦੀ ਦਰਗਾਹ; ਹਰ ਸਰੀਰ ਦੇ ਅੰਦਰ ਹੀ ਹੈ। ਜਦ ਬੰਦਾ; ਚੰਗਾ-ਮਾੜਾ ਸੋਚਦਾ ਹੈ, ਵੈਸਾ ਹੀ ਉਸ ਦਾ ਅਸਰ; ਅੰਤਹਿਕਰਣ ’ਤੇ ਤੁਰੰਤ ਪੈਂਦਾ ਹੈ। ਜਿਸ ਨੂੰ ਪਹਿਲਾਂ ਹੀ ਜਨਮ ਜਨਮ ਦੀ ਮੈਲ਼ ਲੱਗੀ ਹੈ, ‘‘ਜਨਮ ਜਨਮ ਕੀ, ਇਸੁ ਮਨ (ਅੰਤਹਿਕਰਣ) ਕਉ ਮਲੁ ਲਾਗੀ.. ’’ (ਮਹਲਾ /੬੫੧) ਭਾਵ ਬੁਰਾ ਸੋਚਣ ਨਾਲ਼ ਇਹ ਮੈਲ਼ ਵਧਦੀ ਹੈ ਤੇ ਚੰਗਾ ਸੋਚਣ ਨਾਲ਼ ਘਟਦੀ ਹੈ। ਇਹੀ ਮਾਲਕ ਵੱਲੋਂ ਇਨਸਾਫ਼ ਕਰਨਾ, ਅਖਵਾਉਂਦਾ ਹੈ।

ਪੰਚ-ਜਨਾਂ ਦਾ ਅੰਤਹਿਕਰਣ; ਪਾਰਦਰਸ਼ੀ ਹੋ ਚੁੱਕਾ ਹੁੰਦਾ ਹੈ, ਜਿਸ ਕਾਰਨ ਅੰਦਰਲੀ ਰੱਬੀ ਜੋਤਿ (ਆਤਮ-ਪ੍ਰਕਾਸ਼); ਸੁਰਤਿ ਨੂੰ ਨਵੇਕਲਾ ਅਹਿਸਾਸ ਕਰਾਉਂਦੀ ਹੈ। ਪਹਿਲਾਂ; ਆਤਮ ਪ੍ਰਕਾਸ਼ ਅਤੇ ਸੁਰਤਿ ਵਿਚਕਾਰ ਮਲ਼ੀਨ ਅੰਤਹਿਕਰਣ ਸੀ, ਜਿਸ ਦੀ ਮੱਧਮ ਪਰਛਾਈ ਸੁਰਤਿ ’ਤੇ ਪੈਣ ਕਾਰਨ ਸੁਰਤਿ ਕਮਜ਼ੋਰ ਸੀ, ਜੋ ਮਨ-ਸ਼ਕਤੀ ਅੱਗੇ ਹਾਰ ਜਾਂਦੀ ਸੀ ਭਾਵ ਮਨ ਦੇ ਕਹੇ ਅਨੁਸਾਰ ਚੱਲਦੀ ਸੀ। ਆਤਮ-ਪ੍ਰਕਾਸ਼ ਦਾ ਹੂ-ਬਹੂ ਚਾਨਣ; ਸੁਰਤਿ ’ਤੇ ਪੈਣਾ ਹੀ ‘ੴ’ ’ਚ ਅਭੇਦ ਹੋਣਾ ਹੈ। ਅਭੇਦ ਹੋਏ ਪੰਚ-ਜਨਾਂ ਦੀ ਆਪਣੇ ਮਾਲਕ ਨਾਲ਼ ਗੱਲ-ਬਾਤ ਹੀ ਅਗਲੀਆਂ ਪਉੜੀਆਂ ’ਚ ਦਰਜ ਹੈ ਕਿਉਂਕਿ ਉਨ੍ਹਾਂ ਨੂੰ ਐਸਾ ਅਹਿਸਾਸ ਹੋ ਰਿਹਾ ਹੰਦਾ ਹੈ।

ਪੰਚੇ ਸੋਹਹਿ, ਦਰਿ ਰਾਜਾਨੁ ਪੰਚਾ ਕਾ; ਗੁਰੁ ਏਕੁ, ਧਿਆਨੁ ਉਚਾਰਨ : ਸੋਹਹਿਂ, ਪੰਚਾਂ

ਪਦ ਅਰਥ : ਪੰਚੇ- ਪੰਚ ਜਨ ਹੀ। ਸੋਹਹਿ- ਸ਼ੋਭਦੇ ਹਨ। ਦਰਿ- ਦਰ ਉੱਤੇ, ਰਾਜ ਦਰਬਾਰ ਵਿੱਚ। ਰਾਜਾਨੁ- ਰਾਜ ਆਨ ਯਾਨੀ ਕਈ ਰਾਜਿਆਂ (ਦੇ)। ਗੁਰੁ ਏਕੁ- ਕੇਵਲ ਗੁਰੂ (ਸਿੱਖਿਆ ਵੱਲ)। ਧਿਆਨੁ- ਲਗਾਅ, ਸੁਰਤਿ ਦਾ ਟਿਕਾਅ।

ਅਰਥ : ਪੰਚ-ਜਨ ਹੀ ਰਾਜੇ-ਮਹਾਰਾਜਿਆਂ ਦੇ ਦਰ ਉੱਤੇ ਸ਼ੋਭਦੇ ਹਨ ਕਿਉਂਕਿ ਪੰਚ ਜਨਾਂ ਦਾ ਧਿਆਨ; ਕੇਵਲ ਗੁਰੂ ਆਸ਼ੇ ਅਨੁਸਾਰ ਹੁੰਦਾ ਹੈ ਯਾਨੀ ਉਹ ਸਮਾਜ ਨੂੰ ਜੋੜਦੇ ਹਨ, ਨਾ ਕਿ ਕਿਸੇ ਲਾਲਸਾ ਅਧੀਨ ਰਾਜ-ਸੱਤਾ ਲਈ ਖ਼ਤਰਾ ਬਣਦੇ ਹਨ।

ਜੇ ਕੋ ਕਹੈ; ਕਰੈ ਵੀਚਾਰੁ ਕਰਤੇ ਕੈ ਕਰਣੈ, ਨਾਹੀ ਸੁਮਾਰੁ ਉਚਾਰਨ : ਨਾਹੀਂ, ਸ਼ੁਮਾਰ

ਪਦ ਅਰਥ : ਜੇ ਕੋ- ਜੇਕਰ ਕੋਈ। ਕਰਤੇ ਕੈ ਕਰਣੈ- ਕਰਤਾਰ ਦੇ ਵਿਸਥਾਰ ਦਾ, ਸਿਰਜਣਹਾਰ ਦੀ ਕੁਦਰਤ ਦਾ ਭਾਵ ਮਾਲਕ ਦੇ ਪਰਵਾਰ (ਖਿਲਾਰੇ) ਦਾ। ਸੁਮਾਰੁ- ਅੰਤ, ਸੀਮਾ-ਕਿਨਾਰਾ।

ਅਰਥ : (ਪੰਚ-ਜਨ ਨੂੰ ਅਹਿਸਾਸ ਹੁੰਦਾ ਹੈ ਕਿ) ਜੇ ਕੋਈ (ਮਾਲਕ ਦੇ ਪਰਵਾਰ ਬਾਰੇ) ਵਿਚਾਰ ਦਿੰਦਾ ਹੈ, ਦੱਸਦਾ ਹੈ (ਤਾਂ ਕੇਵਲ ਨਾ ਮਾਤਰ ਹੀ ਕਿਉਂਕਿ) ਕਰਤਾਰ ਦੇ ਵਿਸ਼ਾਲ ਵਿਸਥਾਰ ਦਾ ਕੋਈ ਅੰਤ ਨਹੀਂ, ਕੋਈ ਲੇਖਾ ਜੋਖਾ ਨਹੀਂ।

ਧਉਲੁ ਧਰਮੁ, ਦਇਆ ਕਾ ਪੂਤੁ ਸੰਤੋਖੁ, ਥਾਪਿ ਰਖਿਆ, ਜਿਨਿ ਸੂਤਿ

ਪਦ ਅਰਥ : ਧਉਲੁ- ਸਫ਼ੈਦ (ਬਲ਼ਦ, ਜਿਸ ਬਾਰੇ ਧਾਰਨਾ ਹੈ ਕਿ ਇਸ ਨੇ ਧਰਤੀ ਨੂੰ ਆਪਣੇ ਸਿੰਗਾਂ ਉੱਤੇ ਚੁੱਕਿਆ ਹੈ ਜਦ ਇਹ ਸਿੰਗ ਬਦਲਦਾ ਹੈ ਤਾਂ ਭੁਚਾਲ ਆਉਂਦਾ ਹੈ)। ਧਰਮੁ- ਨਿਯਮ। ਧੌਲ ਧਰਮੁ- (ਰੱਬ ਦਾ) ਨਿਰਮਲ ਨਿਯਮ, ਜਗਤ ਨੂੰ ਰਚਨ ਵਾਲ਼ਾ ਸਿਧਾਂਤ। ਦਇਆ- ਰਹਿਮ, ਕਿਰਪਾ। ਪੂਤੁ- ਪੁੱਤਰ। ਥਾਪਿ- ਥਾਪ ਕੇ, ਟਿਕਾ ਕੇ, ਤਾਣ ਕੇ। ਜਿਨਿ- ਜਿਸ ਨੇ, ਜਿਸ (ਧਰਮ-ਨਿਯਮ) ਨੇ। ਸੂਤਿ- ਮਰਯਾਦਾ ’ਚ, ਅਨੁਸ਼ਾਸਨ ’ਚ ਭਾਵ ਆਪਣੀ ਸ਼ਕਤੀ ਨਾਲ਼।

ਅਰਥ : (ਕਰਤਾਰ ਦੀ) ਦਇਆ-ਦ੍ਰਿਸ਼ਟੀ ਦਾ ਪੁੱਤਰ; (ਜਗਤ ਦਾ ਉਹ) ਨਿਰਮਲ ਸਿਧਾਂਤ ਹੈ, ਜਿਸ ਨੇ ਆਪਣੀ ਅਸੀਮ ਸ਼ਕਤੀ ਨਾਲ਼ (ਬ੍ਰਹਿਮੰਡ ਨੂੰ) ਤਾਣ ਕੇ ਰੱਖਿਆ ਹੈ ਯਾਨੀ ਰੱਬ ਦੀ ਰਹਿਮਦਿਲੀ ਨੇ ਇੱਕ ਅਨੁਸ਼ਾਸਨ ’ਚ ਜਗਤ-ਰਚਨਾ ਬੰਨ੍ਹੀ ਹੋਈ ਹੈ। ਕਰਤਾਰ ਤੋਂ (ਕੁਦਰਤ ਦਾ) ਨਿਯਮ ਪੈਦਾ ਹੋਇਆ, ਇਸ ਲਈ ਉਸ ਨਿਯਮ/ਧਰਮ ਨੂੰ ਪੁੱਤਰ ਕਿਹਾ ਗਿਆ।

ਜੇ ਕੋ ਬੁਝੈ; ਹੋਵੈ ਸਚਿਆਰੁ ਧਵਲੈ ਉਪਰਿ, ਕੇਤਾ ਭਾਰੁ  ! !

ਪਦ ਅਰਥ : ਸਚਿਆਰੁ-ਸੱਚ ਦਾ ਰੂਪ, ਸੱਚ ਵਰਗਾ ਸਥਿਰ। ਧਵਲੈ ਉਪਰਿ- ਸਫ਼ੈਦ (ਬਲਦ) ਉੱਤੇ। ਕੇਤਾ- ਕਿੰਨਾ (ਅਤੋਲਵਾਂ)  ! !

ਅਰਥ : ਜੇ ਕੋਈ (ਇਸ ਸਚਾਈ) ਨੂੰ ਜਾਣ ਲਵੇ ਤਾਂ ਉਹ ਰੱਬ ਵਾਙ ਸਥਿਰ (ਅਡੋਲ ਚਿੱਤ) ਹੋ ਜਾਂਦਾ ਹੈ, ਰੱਬ ’ਚ ਅਭੇਦ ਹੋ ਜਾਂਦਾ ਹੈ (ਨਹੀਂ ਤਾਂ ਇਹ ਮੰਨਣਾ ਕਿ ਬਲ਼ਦ ਨੇ ਧਰਤੀ ਨੂੰ ਚੁੱਕਿਆ ਹੈ ਤਾਂ ਉਸ) ਬਲ਼ਦ ਉੱਤੇ ਕਿੰਨਾ (ਅਤੋਲਵਾਂ) ਭਾਰ ਹੋਵੇਗਾ  ! ! (ਕਿਉਂਕਿ)

ਧਰਤੀ; ਹੋਰੁ ਪਰੈ ਹੋਰੁ ਹੋਰੁ ਤਿਸ ਤੇ ਭਾਰ ਤਲੈ; ਕਵਣੁ ਜੋਰੁ  ! !

ਪਦ ਅਰਥ : ਹੋਰੁ- (ਇੱਕ ਧਰਤੀ ਹੇਠਾਂ) ਹੋਰ (ਬਲ਼ਦ)। ਪਰੈ- (ਉਸ ਬਲ਼ਦ ਤੋਂ) ਅੱਗੇ ਯਾਨੀ ਹੇਠਾਂ। ਹੋਰੁ ਹੋਰੁ- ਕਈ ਹੋਰ ਹੋਰ (ਬਲ਼ਦ)। ਤਿਸ ਤੇ ਭਾਰ ਤਲੈ- ਉਸ (ਅੰਤਮ ਬਲ਼ਦ) ਦੇ ਭਾਰ ਹੇਠਾਂ। ਕਵਣੁ ਜੋਰੁ- ਕਿਹੜਾ ਸਹਾਰਾ ! !

ਅਰਥ : ਇਸ ਧਰਤੀ (ਹੇਠਾਂ) ਹੋਰ (ਬਲ਼ਦ, ਉਸ ਤੋਂ ਹੇਠਲੀ ਹਰ ਧਰਤੀ) ਹੇਠਾਂ ਇੱਕ ਹੋਰ, ਇੱਕ ਹੋਰ (ਬਲ਼ਦ); ਉਸ (ਅੰਤਮ ਬਲ਼ਦ) ਦੇ ਭਾਰ ਹੇਠਾਂ ਕਿਹੜਾ ਸਹਾਰਾ ਹੈ ?

ਵਿਚਾਰ : ਇਸ ਪਉੜੀ ’ਚ ‘ਪੰਚ ਜਨਾਂ’ ਦੇ ਉੱਚੇ ਖ਼ਿਆਲਾਂ ਦਾ ਜ਼ਿਕਰ ਹੈ। ਫਿਰ ਅਚਾਨਕ ਧਰਤੀ ਨੂੰ ਚੁੱਕੀ ਖੜ੍ਹੇ ਕਾਲਪਨਿਕ ਬਲ਼ਦ ਦਾ ਜ਼ਿਕਰ ਕਿਉਂ ਆ ਗਿਆ, ਇਸ ਨੂੰ ਸਮਝਣਾ ਜ਼ਰੂਰੀ ਹੈ।

ਪੰਚ-ਜਨ ਕੁਦਰਤ ਨੂੰ ਬਣਾਉਣ ਵਾਲ਼ੇ ‘ੴ’ ਨਾਲ਼ ਸੰਵਾਦ ਕਰਦੇ ਹੋਏ ਕਹਿ ਰਹੇ ਹਨ ਕਿ ਤੇਰੇ ਨਿਯਮ-ਪੁੱਤਰ ਨੇ ਪੂਰੇ ਬ੍ਰਹਿਮੰਡ ਨੂੰ ਤਾਣ ਕੇ ਰੱਖਿਆ ਹੈ; ਜਿਵੇਂ ਕਿ ਬਚਨ ਹਨ, ‘‘ਓਇ ਜੁ ਦੀਸਹਿ; ਅੰਬਰਿ (ਅਕਾਸ਼ ) ਤਾਰੇ ਕਿਨਿ ਓਇ ਚੀਤੇ (ਚਿੱਤਰੇ/ਬਣਾਏ); ਚੀਤਨਹਾਰੇ (ਚਿੱਤਰਕਾਰ ਨੇ) ਕਹੁ ਰੇ ਪੰਡਿਤ  ! ਅੰਬਰੁ ਕਾ ਸਿਉ ਲਾਗਾ ਬੂਝੈ, ਬੂਝਨਹਾਰੁ ਸਭਾਗਾ ਰਹਾਉ ’’ (ਭਗਤ ਕਬੀਰ/੩੨੯)

ਹਿੰਦੂ ਮਿੱਥ ਅਨੁਸਾਰ ਇੱਕ ਬਲ਼ਦ ਨੇ ਧਰਤੀ ਨੂੰ ਆਪਣੇ ਸਿੰਗਾਂ ’ਤੇ ਚੁੱਕਿਆ ਹੈ ਤੇ ਆਪ ਉਹ ਹੇਠਲੀ ਧਰਤੀ ’ਤੇ ਖੜ੍ਹਾ ਹੈ। ਵੇਦਾਂ ਦੇ ਹਵਾਲੇ ਨਾਲ਼ ਧਰਤੀਆਂ ਅਤੇ ਬਲ਼ਦਾਂ ਦੀ ਗਿਣਤੀ ‘ਲੱਖ’ ਹੈ, ‘‘ਪਾਤਾਲਾ ਪਾਤਾਲ ਲਖ ਆਗਾਸਾ ਆਗਾਸ੨੨’’ ਤਾਂ ਫਿਰ ਇੱਕ ਜਗ੍ਹਾ ਜਾ ਕੇ ਇਹ ‘ਲੱਖ’; ਖ਼ਤਮ ਹੋਣੇ ਹੀ ਹਨ। ਗੁਰੂ ਸਾਹਿਬ ਜੀ ਸਭ ਤੋਂ ਹੇਠਲੇ ਬਲ਼ਦ ਯਾਨੀ ਕਿ 100,000ਵੇਂ ਬਲ਼ਦ ਉੱਤੇ, ਉਪਰਲੀਆਂ 99,999 ਧਰਤੀਆਂ ਅਤੇ ਉਨ੍ਹਾਂ ਦੇ ਬਲ਼ਦਾਂ ਦਾ ਬੇਅੰਤ ਭਾਰ ਸਮਝਾ ਕੇ ਇਸ ਮਨੌਤ ਨੂੰ ਝੂਠੀ ਸਿੱਧ ਕਰ ਰਹੇ ਹਨ।

ਜੀਅ ਜਾਤਿ; ਰੰਗਾ, ਕੇ ਨਾਵ ਸਭਨਾ ਲਿਖਿਆ, ਵੁੜੀ ਕਲਾਮ ਉਚਾਰਨ : ਰੰਗਾਂ

ਪਦ ਅਰਥ : ਜੀਅ- ਜੀਵ (ਬਹੁ ਵਚਨ)। ਜਾਤਿ- ਜੰਤ। ਕੇ- ਕਈ। ਕੇ ਰੰਗਾ- ਕਈ ਰੰਗਾਂ ਦੇ। ਕੇ ਨਾਵ- ਕਈ ਕਿਸਮਾਂ ਦੇ। ਸਭਨਾ- ਸਾਰਿਆਂ (ਦੀ ਕਿਸਮਤ) ਵਿੱਚ। ਵੁੜੀ ਕਲਾਮ- ਨਿਰੰਤਰ ਚੱਲਦੀ ਕਲਮ ਨਾਲ਼ ਭਾਵ ਪੈਦਾਇਸ਼ ਤੋਂ ਮਰਨ ਤੱਕ ਨਾਲ਼-ਨਾਲ਼ ਹੁੰਦੇ ਹਿਸਾਬ-ਕਿਤਾਬ ਨਾਲ਼।

ਅਰਥ : (ਪੰਚ ਜਨਾਂ ਮੁਤਾਬਕ ‘‘ਕਰਤੇ ਕੈ ਕਰਣੈ’’ ’ਚ) ਕਈ ਰੰਗਾਂ, ਕਈ ਕਿਸਮਾਂ ਦੇ ਜੀਵ-ਜੰਤ ਹਨ (ਉਨ੍ਹਾਂ) ਸਭ (ਦੇ ਨਸੀਬ) ’ਚ (ਰੱਬ ਦੀ ਰਹਿਮਦਿਲੀ ਵਾਲ਼ੀ) ਲਗਾਤਾਰ ਚੱਲਦੀ ਕਲਮ ਨਾਲ਼ ਲੇਖਾ ਲਿਖਿਆ ਹੋਇਆ ਹੈ; ਜਿਵੇਂ ਕਿ ਆਪ ਜੀ ਦੇ ਹੀ ਬਚਨ ਹਨ, ‘‘ਸਰਬ ਜੀਆ ਸਿਰਿ ਲੇਖੁ ਧੁਰਾਹੂ; ਬਿਨੁ ਲੇਖੈ, ਨਹੀ ਕੋਈ ਜੀਉ ’’ (ਮਹਲਾ /੫੯੮) ਇਸ ਲੇਖ ਨੂੰ ਹੀ ‘ਜਪੁ’ ਬਾਣੀ ਦੀ ਪਹਿਲੀ ਪਉੜੀ ’ਚ ਲਿਖਿਆ ਨਾਲਿ ਕਿਹਾ ਹੈ ਤੇ 31ਵੀਂ ਪਉੜੀ ’ਚ ‘‘ਜੋ ਕਿਛੁ ਪਾਇਆ; ਸੁ ਏਕਾ ਵਾਰ੩੧’’ (ਜਪੁ) ਕਿਹਾ ਹੈ।

ਏਹੁ ਲੇਖਾ, ਲਿਖਿ ਜਾਣੈ ਕੋਇ ਲੇਖਾ ਲਿਖਿਆ, ਕੇਤਾ ਹੋਇ ਉਚਾਰਨ : ਏਹ

ਪਦ ਅਰਥ : ਏਹੁ ਲੇਖਾ- ਇਹ (ਮਨੁੱਖਤਾ ਦਾ) ਲੇਖ। ਲਿਖਿ ਜਾਣੈ- ਲਿਖਣਾ ਜਾਣਦਾ ਹੈ। ਕੋਇ- ਕੋਈ (ਮਨੁੱਖ)। ਲੇਖਾ ਲਿਖਿਆ- ਲਿਖਿਆ ਹੋਇਆ ਲੇਖ, ਕਲਮਬੰਦ ਕੀਤਾ ਡਾਟਾ। ਕੇਤਾ- ਕਿੰਨਾ (ਵਿਸ਼ਾਲ) ! !

ਅਰਥ : ਇਹ ਨਸੀਬ ਰੂਪ ਲੇਖ ਨੂੰ ਕੋਈ ਵਿਰਲਾ ਹੀ ਲਿਖਣਾ ਜਾਣਦਾ ਹੈ (ਤਾਂ ਕਿ ਮਾਨਵਤਾ ਨੂੰ ਇਸ ਦੀ ਸੋਝੀ ਕਰਾਈ ਜਾ ਸਕੇ; ਓਹੀ ਹੈ ਸੱਚਾ ਗੁਰੂ ਕਿਉਂਕਿ ਅਦ੍ਰਿਸ਼ ਪ੍ਰਭੂ ਦੀ ਰਚਨਾ ਦਾ ਓਹੀ ਭੇਤ ਜਾਣਦਾ ਹੈ)। ਉਝ ਸਾਰੀ ਕੁਦਰਤ ਦਾ ਲੇਖ ਲਿਖਣ ਲੱਗੀਏ ਤਾਂ ਇਹ ਕਿੰਨਾ (ਵਿਸ਼ਾਲ) ਹੋ ਜਾਏਗਾ ਭਾਵ ਲਿਖਿਆ ਨਹੀਂ ਜਾ ਸਕਦਾ (ਕਿਉਂਕਿ)

ਕੇਤਾ ਤਾਣੁ, ਸੁਆਲਿਉ ਰੂਪੁ ਕੇਤੀ ਦਾਤਿ, ਜਾਣੈ ਕਉਣੁ ਕੂਤੁ  ?

ਪਦ ਅਰਥ : ਕੇਤਾ- ਕਿੰਨਾ (ਵੱਡਾ) ! ! ਤਾਣੁ- (‘ੴ’ ਦਾ) ਬਲ। ਸੁਆਲਿਉ- ਸੁੰਦਰ, ਅਦਭੁਤ। ਕੇਤੀ- ਕਿੰਨੀ (ਵਿਸ਼ਾਲ) ! ! ਕਉਣੁ- ਕੌਣ ?, ਕੂਤੁ- ਅੰਦਾਜ਼ਾ, ਅਨੁਮਾਨ।

ਅਰਥ : (ਕਰਤੇ ਕੈ ਕਰਣੈ ਦਾ) ਕਿੰਨਾ ਬਲ ਹੈ, ਕਿੰਨਾ ਅਦਭੁਤ ਰੂਪ ਹੈ ! (ਲੇਖੇ ’ਚ ਮਿਲੀ) ਕਿੰਨੀ ਦਾਤ (ਰਸਦ-ਪਾਣੀ ਆਦਿ) ਹੈ ! (ਇਨ੍ਹਾਂ ਸਾਰਿਆਂ ਦਾ) ਕੌਣ ਅਨੁਮਾਨ ਲਗਾ ਸਕਦਾ ਹੈ (ਤਾਂ ਜੋ ਸਭ ਦਾ ਨਸੀਬ-ਲੇਖ ਕਮਲਬੰਦ ਕਰੀਏ) ?

ਕੀਤਾ ਪਸਾਉ, ਏਕੋ ਕਵਾਉ ਤਿਸ ਤੇ, ਹੋਏ ਲਖ ਦਰੀਆਉ

ਪਦ ਅਰਥ : ਪਸਾਉ- ਪਸਾਰਾ ਭਾਵ ਕੁਦਰਤ, ਬ੍ਰਹਿਮੰਡ। ਏਕੋ ਕਵਾਉ- ਇੱਕ ਹੁਕਮ ’ਚ, ਇੱਕ ਹੁਕਮ ਨਾਲ਼ (ਨੋਟ : ਇੱਥੇ ‘ਕਵਾਉ’ ਦਾ ਰੂਪ ‘ਕਵਾਇ’ ਹੁੰਦਾ, ਜੇ ਅਗਾਂਹ ‘ਦਰੀਆਉ’ ’ਚ ‘ਉ’ ਨਾ ਹੁੰਦਾ)। ਤਿਸ ਤੇ- ਉਸ (ਜਗਤ-ਖਿਲਾਰੇ) ਤੋਂ ਭਾਵ ਜਗਤ ਵਿੱਚ। ਲਖ ਦਰੀਆਉ- ਜ਼ਿੰਦਗੀ ਦੇ ਲੱਖਾਂ ਦਰਿਆ [ਨੋਟ : ਗੁਰਬਾਣੀ ’ਚ ‘ੴ’ ਨੂੰ ਸਮੁੰਦਰ ਕਿਹਾ ਹੈ; ਜਿਵੇਂ ਕਿ ਆਪ ਜੀ ਦੇ ਹੀ ਬਚਨ ਹਨ, ‘‘ਤੂ ਦਰੀਆਉ ਦਾਨਾ ਬੀਨਾ; ਮੈ ਮਛੁਲੀ ਕੈਸੇ ਅੰਤੁ ਲਹਾ  ?’’ (ਮਹਲਾ /੨੫) ਇਸ ਸਮੁੰਦਰ-ਸ੍ਰੋਤ ’ਚੋਂ ਹੀ ਰੂਹਾਂ (ਜਿੰਦਾਂ) ਪਾਣੀ ਦੀਆਂ ਬੂੰਦਾਂ ਵਾਙ ਦਰਿਆ ਤੋਂ ਬਾਹਰ ਨਿਕਲੀਆਂ ਤਾਹੀਓਂ ਇੱਥੇ ਰੂਹਾਂ ਨੂੰ ‘ਲਖ ਦਰੀਆਉ’ ਕਿਹਾ ਹੈ। ਇਸ ਤੋਂ ਜਾਪਦਾ ਹੈ ਕਿ ਰੂਹ ਤੇ ਰੱਬ (ਦੀ ਜੋਤਿ); ਇੱਕੋ ਹੀ ਹੈ]

ਅਰਥ : ਨੇ ਆਪਣੇ ਇਕੋ ਹੁਕਮ ਨਾਲ਼ ਜਗਤ ਰਚਨਾ ਕਰ ਦਿੱਤੀ ਹੈ। ਫਿਰ ਉਸ ਵਿੱਚ ਲੱਖਾਂ ਜ਼ਿੰਦਗੀਆਂ ਨੇ ਜਨਮ ਲਿਆ; ਜਿਵੇਂ ਕਿ ਆਪ ਜੀ ਦੇ ਹੀ ਬਚਨ ਹਨ, ‘‘ਸਾਚੇ ਤੇ ਪਵਨਾ ਭਇਆ; ਪਵਨੈ ਤੇ ਜਲੁ ਹੋਇ ਜਲ ਤੇ ਤ੍ਰਿਭਵਣੁ ਸਾਜਿਆ; ਘਟਿ ਘਟਿ ਜੋਤਿ ਸਮੋਇ ’’ (ਮਹਲਾ /੧੯) ਅਰਥ : ‘ਆਦਿ ਸਚੁ’ ਤੋਂ ਹਵਾ (ਗੈਸ/ਹਾਈਡ੍ਰੋਜਨ, ਆਕਸੀਜਨ ਆਦਿ) ਬਣੀ। ਹਵਾ ਤੋਂ ਪਾਣੀ ਬਣਿਆ। ਪਾਣੀ ਤੋਂ ਤਿੰਨੇ ਲੋਕ (ਸੁਰਗ, ਮਾਤ, ਪਾਤਾਲ) ਹੋਂਦ ’ਚ ਆਏ। ਇਨ੍ਹਾਂ ਸਾਰਿਆਂ ’ਚ ‘ਸਾਚਾ’ ਹੀ ਭਾਵ ‘ਆਦਿ ਸਚੁ’ ਹੀ ਜੋਤਿ ਰੂਪ ’ਚ ਵਿਰਾਜਮਾਨ ਹੈ।

ਕੁਦਰਤਿ ਕਵਣ ? ਕਹਾ ਵੀਚਾਰੁ ਵਾਰਿਆ ਜਾਵਾ, ਏਕ ਵਾਰ ਉਚਾਰਨ : ਕਹਾਂ, ਜਾਵਾਂ

ਪਦ ਅਰਥ : ਕੁਦਰਤ-ਤਾਕਤ, ਪਾਇਆਂ, ਸਮਰੱਥਾ। ਕਵਣ- ਕਿਹੜੀ, ਕਿੰਨੀ ਕੁ। ਕਹਾ- ਮੈਂ ਕਹਾਂ, ਦੱਸਾਂ। ਕਹਾ ਵੀਚਾਰੁ- ਅੰਦਾਜ਼ਾ ਲਾਵਾਂ। ਵਾਰਿਆ- ਕੁਰਬਾਨ ਹੋਣਾ, ਸਦਕੇ ਜਾਣਾ। ਏਕ ਵਾਰ- ਇੱਕ ਵਾਰੀ ਭੀ।

ਅਰਥ : (ਕਰਤੇ ਕੈ ਕਰਣੈ ਨੂੰ ਕਲਮਬੰਦ ਕਰਨ ਲਈ) ਮੇਰੇ ’ਚ ਕਿਹੜੀ ਸਮਰੱਥਾ ਹੈ ਤਾਂ ਜੋ ਬਹੁਤੀ ਵਿਚਾਰ ਕਰਾਂ (ਯਾਨੀ ਸਾਰਿਆਂ ਦਾ ਨਸੀਬ-ਲੇਖ ਲਿਖਣਾ ਮੇਰੇ ਵੱਸ ’ਚ ਨਹੀਂ। ‘‘ਵਾਰਿਆ ਜਾਵਾ, ਏਕ ਵਾਰ’’ ਵਾਕ ਮੁਹਾਵਰਾ ਹੈ, ਜਿਸ ਦਾ ਭਾਵ ਹੈ ਕਿ) ਸਾਰਿਆਂ ਦਾ ਲੇਖ ਲਿਖਣ ਬਾਰੇ ਮੇਰੇ ਮਨ ’ਚ ਇੱਕ ਵਾਰ ਭੀ ਖ਼ਿਆਲ ਨਹੀਂ ਉਪਜ ਸਕਦਾ।

ਜੋ ਤੁਧੁ ਭਾਵੈ; ਸਾਈ ਭਲੀ ਕਾਰ ਤੂ ਸਦਾ ਸਲਾਮਤਿ, ਨਿਰੰਕਾਰ !੧੬

ਪਦ ਅਰਥ : ਜੋ- ਜਿਹੜਾ। ਤੁਧੁ- ਤੈਨੂੰ। ਭਾਵੈ- ਪਸੰਦ ਹੈ। ਸਾਈ- ਓਹੀ ਭਾਵ ਵੈਸੀ ਹੀ। ਭਲੀ ਕਾਰ- ਚੰਗੀ ਕਾਰ-ਵਿਹਾਰ। ਸਲਾਮਤਿ- ਸਦਾ ਸਥਿਰ। ਨਿਰੰਕਾਰ- ਹੇ ਨਿਰਾਕਾਰ ਪ੍ਰਭੂ  !

ਅਰਥ : ਹੇ ਨਿਰਾਕਾਰ ! ਜੋ (ਜੀਵਨਸ਼ੈਲੀ) ਤੈਨੂੰ ਪਸੰਦ ਹੈ; (ਮਿਹਰ ਕਰ ਕਿ ਮੈਨੂੰ) ਵੈਸੀ ਹੀ ਕਾਰ-ਵਿਹਾਰ ਚੰਗੀ ਲੱਗੇ (ਭਾਵ ਮੈਂ ਉਹ ਕੰਮ ਕਰਾਂ, ਜਿਨ੍ਹਾਂ ਨਾਲ਼ ਤੈਨੂੰ ਪਸੰਦ ਆ ਜਾਵਾਂ ਕਿਉਂਕਿ) ਤੂੰ ਸਦਾ ਸਥਿਰ (ਆਦਿ ਸਚੁ.. ਹੋਸੀ ਭੀ ਸਚੁ॥) ਹੈਂ (ਬਾਕੀ ਲੇਖ ਅਧੀਨ ਪੈਦਾ ਹੋਇਆ ਸਾਰਾ ਕਰਤੇ ਕੈ ਕਰਣੈ ਭਾਵ ਜਗਤ; ਧੂੰਏਂ ਦਾ ਗ਼ੁਬਾਰ ਹੈ। ਮੈਂ ਲੇਖ ਤੋਂ ਮੁਕਤ ਹੋ ਕੇ ਤੇਰੇ ਵਾਙ ਸਥਿਰ ਹੋਣਾ ਲੋਚਦਾ ਹਾਂ)

ਵਿਚਾਰ : ਉਕਤ 16ਵੀਂ ਪਉੜੀ ਦੇ ਅਰੰਭ ’ਚ ਜਿਸ ਕਰਤਾਰ ਦੀ ਦਰਗਾਹ ’ਚ ਪੰਚ-ਜਨ ਮਾਨ-ਸਤਿਕਾਰ ਪਾਉਂਦੇ ਹਨ ‘‘ਪੰਚੇ ਪਾਵਹਿ, ਦਰਗਹ ਮਾਨੁ’’ ਉਸ ਮਾਲਕ ਨੇ ਭਾਵੇਂ ਆਪਣੇ ਇੱਕ ਹੁਕਮ ’ਚ ਕੁਦਰਤ ਬਣਾ ਦਿੱਤੀ ‘‘ਕੀਤਾ ਪਸਾਉ, ਏਕੋ ਕਵਾਉ’’, ਪਰ ਇਸ ਕੁਦਰਤ/ਖਿਲਾਰੇ ਦਾ ਕੋਈ ਅੰਤ ਨਹੀਂ ‘‘ਕਰਤੇ ਕੈ ਕਰਣੈ, ਨਾਹੀ ਸੁਮਾਰੁ’’, ਪਉੜੀ ਦੇ ਅੰਤ ’ਚ ਉਸ ਕਰਤਾਰ ਨੂੰ ਹੀ ਸੰਬੋਧਨ ਕਰ ਬੇਨਤੀ ਕੀਤੀ ਹੈ ਕਿ ਹੇ ਨਿਰਾਕਾਰ ! ਕੇਵਲ ਤੂੰ ਹੀ ਸਦੀਵੀ ਸਥਿਰ ਹੈਂ, ‘‘ਤੂ ਸਦਾ ਸਲਾਮਤਿ, ਨਿਰੰਕਾਰ !੧੬’’ ਬਾਕੀ ਤੇਰੇ ਦੁਆਰਾ ਰਚੀ ਸਾਰੀ ਕੁਦਰਤ ਨਾਸਵਾਨ ਹੈ ਕਿਉਂਕਿ ਸਾਰੇ ਲੇਖੇ ਵਿੱਚ ਹਨ, ਨਸੀਬ ਅਧੀਨ ਹਨ। ਅਗਾਂਹ 17ਵੀਂ, 18ਵੀਂ ਪਉੜੀ ’ਚ ਭੀ ਲੇਖ ਅਧੀਨ ਵਿਚਰਦੇ ਬੰਦਿਆਂ ਦੀ ਗਿਣਤੀ ਨੂੰ ਨਿਰਾਕਾਰ ਨੂੰ ਸੰਬੋਧਨ ਕਰ ਬਿਆਨ ਕੀਤਾ ਹੈ ਅਤੇ ਇਨ੍ਹਾਂ ਚਾਰ ਪਉੜੀਆਂ (16,17,18,19) ’ਚ ਚੱਲਦੇ ਪ੍ਰਸੰਗ ਦੀ ਅੰਤਮ 19ਵੀਂ ਪਉੜੀ ’ਚ ਬਿਆਨ ਕੀਤਾ ਹੈ ਕਿ ਨਿਰਾਕਾਰ ਦੇ ਜ਼ਿੰਮੇ/ਸਿਰ ਕੋਈ ਲੇਖ ਨਹੀਂ, ‘‘ਜਿਨਿ ਏਹਿ (ਨਸੀਬ) ਲਿਖੇ; ਤਿਸੁ ਸਿਰਿ ਨਾਹਿ ..੧੯’’ (ਜਪੁ), ਇਸ ਲਈ ਉਹ ਸਦੀਵੀ ਸਥਿਰ ਹੈ, ‘‘ਆਦਿ ਸਚੁਹੋਸੀ ਭੀ ਸਚੁ’’

ਅਸੰਖ ਜਪ; ਅਸੰਖ ਭਾਉ॥ ਅਸੰਖ ਪੂਜਾ; ਅਸੰਖ ਤਪ ਤਾਉ॥

ਪਦ ਅਰਥ : ਅਸੰਖ- ਅਗਿਣਤ। ਭਾਉ- ਪਿਆਰ, ਪ੍ਰੇਮ। ਤਪ ਤਾਉ- ਤਪਾਂ ਦਾ ਸੇਕ।

ਨੋਟ :  ਸੰਨ 2023 ਦੇ ਅੰਤ ਤੱਕ ਦੁਨੀਆ ਦੀ ਕੁੱਲ ਜਨਸੰਖਿਆ 8 ਅਰਬ 10 ਕਰੋੜ ਹੈ, ਜੋ ਕਿ ਸੰਨ 1500 ’ਚ ਮਾਤਰ 45 ਕਰੋੜ ਸੀ। ਗੁਰੂ ਨਾਨਕ ਸਾਹਿਬ ਜੀ ਦਾ ਜਨਮ ਸੰਨ 1469 ’ਚ ਹੋਇਆ ਹੈ, ਇਸ ਲਈ ਇੱਥੇ ‘ਅਸੰਖ’ ਦਾ ਅਰਥ ‘ਇੱਕ ਕਰੋੜ ਅਰਬ’ ਨਹੀਂ ਹੋ ਸਕਦਾ। ‘ਅਸੰਖ’ ਤੋਂ ਭਾਵ ਅਣਗਿਣਤ ਹੈ, ਜੋ ਕਿ ਗਿਣੇ ਹੀ ਨਹੀਂ ਜਾ ਸਕਦੇ। ਚੇਤੇ ਰਹੇ ਕਿ ਜੀਵ ਵਿਗਿਆਨ ਦੁਆਰਾ ਧਰਤੀ ’ਤੇ ਖੋਜੇ ਗਏ ਹੁਣ ਤੱਕ ਸਾਰੇ ਜੀਵ-ਜੰਤੂਆਂ ਦੀ ਕੁੱਲ ਗਿਣਤੀ ਲਗਭਗ 200 ਸੰਖ (20,000,121,091,000,000,000) ਮੰਨੀ ਗਈ ਹੈ।

ਵੈਸੇ 100 ਕ੍ਰੋੜ=1 ਅਰਬ ਹੁੰਦਾ ਹੈ, 100 ਅਰਬ=1 ਖਰਬ, 100 ਖਰਬ=1 ਨੀਲ, 100 ਨੀਲ=1 ਪਦਮ, 100 ਪਦਮ=1 ਸੰਖ (ਯਾਨੀ ਕਿ 1 ਨਾਲ਼ 17 ਬਿੰਦੀਆਂ 100000000000000000 ਜਾਂ ਇੱਕ ਕਰੋੜ ਅਰਬ) ਜਦਕਿ ਇੱਥੇ ‘ਸੰਖ’ ਦੇ ਅਗੇਤਰ ‘ਅ’ (ਅਸੰਖ) ਭੀ ਹੈ, ਜਿਸ ਦਾ ਭਾਵ ਹੈ ਕਿ ਕੋਈ ਗਿਣਤੀ ਨਹੀਂ। ਬੇਸ਼ੁਮਾਰ ਹੀ ਕਹਿ ਸਕਦੇ ਹਾਂ। ਜਿਸ ਨੂੰ ਕਰਤਾਰ ਦੇ ਇੱਕੋ ਹੁਕਮ ਨਾਲ਼ ਪੈਦਾ ਕੀਤਾ ਹੈ, ‘‘ਕੀਤਾ ਪਸਾਉ; ਏਕੋ ਕਵਾਉ ..੧੬’’, ਇਸੇ ਕੁਦਰਤ-ਵਿਸਥਾਰ ਬਾਰੇ ਅਗਾਂਹ ਕਿਹਾ ਹੈ, ‘‘ਅਸੰਖ ਕਹਹਿ, ਸਿਰਿ ਭਾਰੁ ਹੋਇ’’ ਭਾਵ ਜੋ (ਕੁਦਰਤ ਨੂੰ) ਅਸੰਖ ਕਹਿੰਦੇ ਹਨ, ਉਨ੍ਹਾਂ ਦੇ ਭੀ ਸਿਰ ਉੱਤੇ ਭਾਰ/ਦੋਸ਼ ਲੱਗਦਾ ਹੈ ਕਿ ਤੁਸੀਂ ਕੁਦਰਤ ਦੀ ਵਿਸ਼ਾਲਤਾ ਨੂੰ ਛੋਟਾ ਕਰਕੇ ਆਂਕਿਆ ਹੈ। ਭਾਵੇਂ ਕੁਦਰਤ ਅਤੇ ਇਸ ਦਾ ਲੇਖ/ਨਸੀਬ ਵਿਸ਼ਾਲ ਹੈ, ਕਲਮਬੰਦ ਨਹੀਂ ਹੋ ਸਕਦਾ, ਫਿਰ ਭੀ ਸਮਝਾਉਣ ਲਈ ਕੁੱਝ ਤਾਂ ਬਿਆਨ ਕਰਨਾ ਪੈਣਾ ਹੈ :

ਅਰਥ : ਹੇ ਨਿਰਾਕਾਰ ੴ  ! (ਤੇਰੇ ਕਰਤੇ ਕੈ ਕਰਣੈ ’ਚ) ਬੇਸ਼ੁਮਾਰ ਲੋਕ ਜਪ ਕਰਦੇ ਹਨ। ਬੇਸ਼ੁਮਾਰ ਲੋਕ ਪਾਠ-ਪੂਜਾ ਕਰਦੇ ਹਨ। ਬੇਸ਼ੁਮਾਰ ਲੋਕ ਤਪਾਂ ਦੀ ਤਪਸ਼ ਸਹਾਰਦੇ ਹਨ, (ਜਿਨ੍ਹਾਂ ਅੰਦਰ ਧਰਮ ਪ੍ਰਤੀ) ਬੇਸ਼ੁਮਾਰ ਪਿਆਰ ਹੈ।

ਅਸੰਖ; ਗਰੰਥ ਮੁਖਿ ਵੇਦ ਪਾਠ ਅਸੰਖ ਜੋਗ; ਮਨਿ ਰਹਹਿ ਉਦਾਸ ਉਚਾਰਨ : ਰਹਹਿਂ।

ਪਦ ਅਰਥ : ਮੁਖਿ- ਮੂੰਹ ਨਾਲ਼, ਜ਼ਬਾਨ ਨਾਲ਼। ਵੇਦ ਪਾਠ- ਵੇਦਾਂ ਦੇ ਪਾਠ। ਜੋਗ- ਜੋਗ ਕਮਾਉਣ ਵਾਲ਼ੇ ਭਾਵ ਜੋਗੀ। ਮਨਿ- ਮਨ ਤੋਂ, ਦਿਲੋਂ, ਮਨ ਕਰਕੇ। ਰਹਹਿ- ਰਹਿੰਦੇ ਹਨ। ਉਦਾਸ- ਉਪਰਾਮ, ਸੰਨਿਆਸੀ, ਵਿਰਕਤ।

ਅਰਥ : ਬੇਸ਼ੁਮਾਰ ਮਨੁੱਖ; ਜ਼ਬਾਨ ਨਾਲ਼ ਵੇਦ ਆਦਿ ਗ੍ਰੰਥਾਂ ਦੇ ਪਾਠ ਕਰਦੇ ਹਨ। ਅਣਗਿਣਤ ਜੋਗੀ; ਦਿਲੋਂ (ਗ੍ਰਿਹਸਤੀ ਫ਼ਰਜ਼ਾਂ ਤੋਂ) ਵਿਰਕਤ ਰਹਿੰਦੇ ਹਨ।

ਅਸੰਖ ਭਗਤ, ਗੁਣ ਗਿਆਨ ਵੀਚਾਰ ਅਸੰਖ ਸਤੀ, ਅਸੰਖ ਦਾਤਾਰ

ਪਦ ਅਰਥ : ਗੁਣ ਗਿਆਨ- ਗੁਣਾਂ ਦਾ ਗਿਆਨ। ਗੁਣ ਵੀਚਾਰ- ਗੁਣਾਂ ਦੀ ਵਿਚਾਰ। ਸਤੀ- ਬ੍ਰਹਮਚਾਰੀ (ਜੋ ਹੱਥੀਂ ਕਮਾਈ ਕਰਕੇ ਜੀਵਨ ਨਿਰਬਾਹ ਨਹੀਂ ਕਰਦੇ)। ਦਾਤਾਰ- ਦਾਨ ਕਰਨ ਵਾਲ਼ੇ ਲੋਕ।

ਅਰਥ : ਬੇਸ਼ੁਮਾਰ ਭਗਤ; ਗੁਣਾਂ ਭਰਪੂਰ ਗਿਆਨ ਦੀ ਵਿਚਾਰ-ਚਰਚਾ ਕਰਦੇ ਹਨ। ਅਸੰਖ ਬ੍ਰਹਮਚਾਰੀ ਹਨ। ਅਣਗਿਣਤ ਹੀ ਉਨ੍ਹਾਂ ਨੂੰ ਦਾਨ-ਪੁੰਨ ਕਰਨ ਵਾਲ਼ੇ (ਦਾਨੀ) ਹਨ।

ਅਸੰਖ ਸੂਰ, ਮੁਹਿ ਭਖ ਸਾਰ ਅਸੰਖ ਮੋਨਿ, ਲਿਵ ਲਾਇ ਤਾਰ ਉਚਾਰਨ : ਮੁੰਹ।

ਪਦ ਅਰਥ : ਸੂਰ- ਸੂਰਮੇ, ਜੋਧੇ। ਮੁਹਿ- ਮੂੰਹ ਉੱਤੇ ਭਾਵ ਰਣ ਭੂਮੀ ’ਚ ਪਿੱਠ ਨਾ ਵਿਖਾਉਣ ਵਾਲ਼ੇ। ਭਖ- ਖਾਂਦੇ ਹਨ। ਸਾਰ- ਲੋਹੇ (ਸ਼ਸਤਰਾਂ) ਦੇ ਪ੍ਰਹਾਰ। ਮੋਨਿ- ਮੋਨੀ, ਮੌਨਧਾਰੀ। ਤਾਰ- ਇੱਕ ਸਮਾਨ, ਨਿਰੰਤਰ।

ਅਰਥ : ਅਸੰਖ ਜੋਧੇ (ਰਣ ਭੂਮੀ ’ਚ ਬਹਾਦਰੀ ਨਾਲ਼ ਆਪਣੇ) ਮੂੰਹ ਉੱਤੇ ਹਥਿਆਰਾਂ ਦੇ ਪ੍ਰਹਾਰ ਸਹਾਰਦੇ ਹਨ ਯਾਨੀ ਖੱਤਰੀ ਧਰਮ ਦਾ ਪਾਲਣ ਕਰਦੇ ਹਨ। ਬੇਸ਼ੁਮਾਰ ਮੌਨਧਾਰੀ (ਇਕਾਂਤ-ਜੰਗਲ਼ਾਂ ’ਚ) ਨਿਰੰਤਰ ਸਮਾਧੀ ਲਾ ਕੇ ਬੈਠੇ ਹਨ।

ਕੁਦਰਤਿ ਕਵਣ  ? ਕਹਾ ਵੀਚਾਰੁ ਵਾਰਿਆ ਜਾਵਾ, ਏਕ ਵਾਰ ਉਚਾਰਨ : ਕਹਾਂ, ਜਾਵਾਂ।

ਅਰਥ : ਮੇਰੀ ਕੀ ਪਾਇਆਂ ਹੈ (ਕਿ ਤੇਰੇ ਇੱਕੋ ਹੁਕਮ ’ਚ ਪੈਦਾ ਹੋਏ ਕਰਤੇ ਕੈ ਕਰਣੈ ਦੀ) ਪੂਰਨ ਵਿਚਾਰ ਕਰ ਸਕਾਂ। ਮੈਂ ਤਾਂ ਇੱਕ ਵਾਰ ਭੀ ਕੁਰਬਾਨ ਨਹੀਂ ਹੋ ਸਕਦਾ ਭਾਵ ਕੁਦਰਤ ਦਾ ਅੰਤ ਪਾਉਣ ਲਈ ਇੱਕ ਵਾਰ ਭੀ ਹਿੰਮਤ ਨਹੀਂ ਜੁਟਾ ਸਕਦਾ।

ਜੋ ਤੁਧੁ ਭਾਵੈ; ਸਾਈ ਭਲੀ ਕਾਰ ਤੂ ਸਦਾ ਸਲਾਮਤਿ, ਨਿਰੰਕਾਰ੧੭

ਅਰਥ : ਹੇ ਨਿਰਾਕਾਰ ! ਜੋ (ਜੀਵਨਸ਼ੈਲੀ) ਤੈਨੂੰ ਪਸੰਦ ਹੈ; (ਮਿਹਰ ਕਰ ਕਿ ਮੈਨੂੰ ਭੀ) ਉਹ ਅਪਣਾਉਣੀ ਦੀ ਜਾਚ ਆ ਜਾਵੇ। ਤੂੰ ਸਦਾ ਸਥਿਰ ਹੈਂ (ਤਾਂ ਕਿ ਮੈਂ ਭੀ ਤੇਰੇ ਵਾਙ ਸਥਿਰ ਹੋ ਜਾਵਾਂ, ਆਵਾਗਵਣ ਮੁਕਤ ਹੋ ਜਾਵਾਂ)

ਅਸੰਖ ਮੂਰਖ; ਅੰਧ ਘੋਰ ਅਸੰਖ ਚੋਰ ਹਰਾਮਖੋਰ ਅਸੰਖ ਅਮਰ; ਕਰਿ ਜਾਹਿ ਜੋਰ

ਉਚਾਰਨ : ਹਰਾਮਖ਼ੋਰ, ਜਾਹਿਂ, ਜ਼ੋਰ।

ਪਦ ਅਰਥ : ਮੂਰਖ-ਮੂੰਹ ਰੱਖ, ਹਰ ਥਾਂ ਆਪਣਾ ਮੂੰਹ ਰੱਖਣ ਵਾਲ਼ਾ, ਆਪਣੀ ਗੱਲ ਨੂੰ ਸਿਰਮੌਰ ਮੰਨਣ ਵਾਲ਼ਾ। ਅੰਧ ਘੋਰ- ਘੁੱਪ-ਹਨ੍ਹੇਰਾ, ਨਿਰੀ ਅਗਿਆਨਤਾ, ਡਰਾਵਣੀ ਕਿਸਮ ਵਾਲ਼ੇ। ਹਰਾਮਖੋਰ- ਪਰਾਇਆ ਹੱਕ ਮਾਰਨ ਵਾਲ਼ੇ। ਅਮਰ- ਹੁਕਮ ਚਲਾਉਣ ਵਾਲ਼ੇ (ਹੁਕਮਰਾਨ, ਤਾਨਾਸ਼ਾਹ ਡਿਕਟੇਟਰ)।

ਅਰਥ : (‘ਕੀਤਾ ਪਸਾਉ’ ’ਚ) ਬੇਸ਼ੁਮਾਰ ਮੂਰਖ; ਡਰਾਵਣੀ ਸ਼ਕਲ ਵਾਲ਼ੇ ਹਨ। ਪਰਾਇਆ ਹੱਕ ਮਾਰਨ ਵਾਲ਼ੇ ਅਸੰਖ ਚੋਰ ਹਨ। ਅਣਗਿਣਤ ਹੁਕਮਰਾਨ; ਜ਼ਬਰਨ (ਤਾਨਾਸ਼ਾਹ ਬਣ ਰਾਜ-ਸੱਤਾ) ਚਲਾਉਂਦੇ ਹਨ।

ਅਸੰਖ ਗਲਵਢ, ਹਤਿਆ ਕਮਾਹਿ ਅਸੰਖ ਪਾਪੀ, ਪਾਪ ਕਰਿ ਜਾਹਿ

ਉਚਾਰਨ : ਗਲਵੱਢ, ਕਮਾਹਿਂ, ਜਾਹਿਂ।

ਪਦ ਅਰਥ : ਗਲਵਢ- ਹਤਿਆਰੇ, ਨਿਰਦਈ ਲੋਕ। ਹਤਿਆ- ਕਤਲ, ਖ਼ੂਨ (ਨੋਟ : ਇੱਥੇ ਜੀਵ ਹੱਤਿਆ; ਜਿਵੇਂ ਕਿ ਮੁਰਗੇ ਜਾਂ ਬੱਕਰੇ ਮਾਰਨ ਦਾ ਜ਼ਿਕਰ ਨਹੀਂ ਤਾਂ ਕਿ ਮਾਸਾਹਾਰੀ-ਸਾਕਾਹਾਰੀ ਚਰਚਾ ਛੇੜ ਮੂਲ ਵਿਸ਼ੇ ਤੋਂ ਭਟਕ ਜਾਈਏ। ਇੱਥੇ ਸੱਤਾ ਪ੍ਰਾਪਤੀ ਜਾਂ ਮਾਇਆ ਦੀ ਭੁੱਖ ਕਾਰਨ ਨਿਰਦੋਸ਼ ਲੋਕਾਂ ਨੂੰ ਮਾਰਨ ਵੱਲ ਇਸ਼ਾਰਾ ਹੈ)। ਕਮਾਹਿ- ਕਮਾਉਂਦੇ ਹਨ, ਖੱਟਦੇ ਹਨ। ਕਰਿ-ਕਰ ਕੇ, ਕਮਾ ਕੇ। ਜਾਹਿ- ਜਾਂਦੇ ਹਨ।

ਅਰਥ : ਬੇਸ਼ੁਮਾਰ ਹਤਿਆਰੇ; ਕਮਜ਼ੋਰਾਂ, ਨਿਰਦੋਸ਼ਾਂ ਨੂੰ ਕਤਲ ਕਰ ਪਾਪ ਖੱਟਦੇ ਹਨ। ਐਸੇ ਅਸੰਖ ਪਾਪੀ; ਨਿਰਾ ਪਾਪ ਕਰ-ਕਰ (ਇੱਥੋਂ) ਜਾਂਦੇ ਹਨ ਭਾਵ ਸਾਰੀ ਉਮਰ ਚੰਗਾ ਕੰਮ ਨਹੀਂ ਕਰਦੇ।

ਅਸੰਖ ਕੂੜਿਆਰ, ਕੂੜੇ ਫਿਰਾਹਿ ਅਸੰਖ ਮਲੇਛ, ਮਲੁ ਭਖਿ ਖਾਹਿ ਉਚਾਰਨ : ਫਿਰਾਹਿਂ, ਖਾਹਿਂ।

ਪਦ ਅਰਥ : ਕੂੜਿਆਰ-ਝੂਠ ਬੋਲਣ ਵਾਲ਼ੇ, ਧੋਖਾ ਦੇਣ ਵਾਲ਼ੇ, ਦਗ਼ੇਬਾਜ਼। ਕੂੜੇ- ਝੂਠ ਬੋਲਦੇ, ਧੋਖਾ ਦਿੰਦੇ। ਫਿਰਾਹਿ- ਫਿਰਦੇ ਹਨ। ਮਲੇਛ- ਮੈਲ਼ੀ ਮੱਤ ਵਾਲ਼ੇ, ਛਲ-ਕਪਟੀ। ਮਲੁ- ਮੈਲ਼। ਭਖਿ ਖਾਹਿ- ਹਾਬੜਿਆਂ ਵਾਙ ਖਾਂਦੇ ਹਨ ਭਾਵ ਬਿਨਾਂ ਵਿਚਾਰੇ ਮੰਦੇ ਵਿਚਾਰ ਗ੍ਰਹਿਣ ਕਰਦੇ ਹਨ।

ਅਰਥ : ਬੇਸ਼ੁਮਾਰ ਫ਼ਰੇਬੀ; (ਲੋਕਾਂ ਨੂੰ ਠੱਗਣ ਲਈ) ਨਿਰਾ ਝੂਠ ਬੋਲਦੇ ਰਹਿੰਦੇ ਹਨ। ਅਸੰਖ ਮਲ਼ੀਨ ਬੁਧੀ; ਮੈਲ਼ੇ ਵਿਚਾਰ ਸੁਣ ਕੇ ਉਨ੍ਹਾਂ ’ਤੇ ਅਮਲ ਕਰਦੇ ਹਨ।

ਅਸੰਖ ਨਿੰਦਕ, ਸਿਰਿ ਕਰਹਿ ਭਾਰੁ ਨਾਨਕੁ ਨੀਚੁ, ਕਹੈ ਵੀਚਾਰ ਉਚਾਰਨ : ਕਰਹਿਂ।

ਪਦ ਅਰਥ : ਨਿੰਦਕ- ਹੋਰਾਂ ਦੀ ਪ੍ਰਸਿੱਧੀ ਤੋਂ ਨਾਖੁਸ਼, ਹੋਰਾਂ ਦੇ ਗੁਣ ਘਟਾ ਕੇ ਬਿਆਨ ਕਰਨ ਵਾਲ਼ੇ। ਸਿਰਿ- (ਆਪਣੇ) ਸਿਰ ਉੱਤੇ। ਕਰਹਿ- ਕਰਦੇ ਹਨ, ਪਾ ਲੈਂਦੇ ਹਨ। ਭਾਰੁ- ਨਿੰਦਿਆ ਦਾ ਭਾਰ (ਪਾਪ)। ਨਾਨਕੁ ਨੀਚੁ- ਨਿਮਾਣਾ ਜਿਹਾ ਨਾਨਕ। ਕਹੈ-ਕਹਿੰਦਾ ਹੈ, ਬਿਆਨ ਕਰਦਾ ਹੈ।

ਅਰਥ : ਹੇ ਨਿਰਾਕਾਰ ਪ੍ਰਭੂ ! (ਆਪ ਚੰਗਾ ਬਣਨ ਲਈ) ਅਸੰਖ ਨਿੰਦਕ ਹੋਰਾਂ ਨੂੰ ਨੀਵਾਂ ਵਿਖਾਉਂਦੇ ਵਿਖਾਉਂਦੇ (ਈਰਖਾ ਦਾ) ਭਾਰ ਆਪਣੇ ਸਿਰ ’ਤੇ ਚੁੱਕ ਲੈਂਦੇ ਹਨ। ਨਿਮਾਣਾ ਨਾਨਕ (ਤੇਰੇ ਕਰਤੇ ਕੈ ਕਰਣੈ ਬਾਰੇ ਹੋਰ ਕਿੰਨਾ ਕੁ) ਬਿਆਨ ਕਰ ਸਕਦਾ ਹੈ।

ਵਾਰਿਆ ਜਾਵਾ, ਏਕ ਵਾਰ ਜੋ ਤੁਧੁ ਭਾਵੈ; ਸਾਈ ਭਲੀ ਕਾਰ

ਤੂ ਸਦਾ ਸਲਾਮਤਿ, ਨਿਰੰਕਾਰ ! ੧੮ ਉਚਾਰਨ : ਜਾਵਾਂ।

ਅਰਥ : ਹੇ ਨਿਰਾਕਾਰ ! ਮੈਂ ਤੈਥੋਂ ਇੱਕ ਵਾਰ ਭੀ ਕੁਰਬਾਨ ਨਹੀਂ ਹੋ ਸਕਦਾ। (ਕਿਰਪਾ ਕਰ) ਜੋ (ਜੀਵਨਸ਼ੈਲੀ) ਤੈਨੂੰ ਪਸੰਦ ਹੈ; (ਮੈਨੂੰ ਭੀ) ਓਹੀ ਕਿਰਤ ਚੰਗੀ ਲੱਗੇ ਭਾਵ ਤੈਨੂੰ ਸੇਵਕ ਭਾਵਨਾ ਪਸੰਦ ਹੈ, ਮਿਹਰ ਕਰ ਮੈ ਭੀ ਭਗਤੀ ਕਰਨ ਲੱਗ ਜਾਵਾਂ। ਕੇਵਲ ਤੂੰ ਹੀ ਸਦੀਵੀ ਸਥਿਰ ਰਹਿਣ ਵਾਲ਼ਾ ਹੈਂ (ਮੈਂ ਭੀ ਤੇਰੇ ਵਾਙ ਸਥਿਰ ਹੋਣਾ ਲੋਚਦਾ ਹਾਂ)

ਵਿਚਾਰ : ਉਕਤ 17ਵੀਂ ਤੇ 18ਵੀਂ ਪਉੜੀ ’ਚ ਨਿਰਾਕਾਰ ਦੇ ਰੂ-ਬਰੂ ਹੋ ਕੇ ਕਥਨ ਕੀਤੇ ਸਮਾਜਿਕ ਮਨੁੱਖੀ ਵਿਵਹਾਰ ਦਾ ਕਾਰਨ; ਇਨ੍ਹਾਂ ਨੂੰ ਗੁਰਮਤਿ ਅਨੁਸਾਰੀ (ਕਰਮਕਾਂਡੀ) ਜਾਂ ਗੁਰਮਤਿ ਵਿਰੁਧ (ਨਾਸਤਿਕ) ਸਿੱਧ ਕਰਨਾ ਨਹੀਂ ਬਲਕਿ ‘ੴ’ ਦੇ ਇੱਕੋ ਹੁਕਮ ਨਾਲ਼ ਵਜੂਦ ’ਚ ਆਏ ਕਰਤੇ ਕੈ ਕਰਣੈ ਦੀ ਵਿਸ਼ਾਲਤਾ ਨੂੰ ਦਰਸਾਉਣਾ ਹੈ ਤਾਂ ਕਿ ਇਨ੍ਹਾਂ ਦਾ ਲੇਖਾ-ਨਸੀਬ ਲਿਖਣਾ ਮਨੁੱਖ ਦੀ ਪਹੁੰਚ ਤੋਂ ਬਹੁਤ ਪਰੇ ਹੈ, ਨੂੰ ਸਪਸ਼ਟ ਕੀਤਾ ਜਾ ਸਕੇ।

ਜੇਕਰ ਉਕਤ ਪੰਕਤੀ ‘‘ਅਸੰਖ ਗਲਵਢ, ਹਤਿਆ ਕਮਾਹਿ’’ ਦੀ ਟੇਕ ਲੈ ਕੇ ਆਪਣੇ ਦੁਆਰਾ ਅਪਣਾਈ ਸਾਕਾਹਾਰੀ ਸੋਚ (ਜੋ ਮਾਸ-ਮੀਟ ਖਾਣ ਦੇ ਵਿਰੁੱਧ ਹੈ) ਨੂੰ ਗੁਰਮਤਿ ਅਨੁਸਾਰੀ ਸਿੱਧ ਕਰੀਏ ਤਾਂ ਇੱਥੇ ਬਾਕੀ ਦਿੱਤੀਆਂ ਮਿਸਾਲਾਂ ‘‘ਅਸੰਖ ਤਪ ਤਾਉ , ਅਸੰਖ ਜੋਗ; ਮਨਿ ਰਹਹਿ ਉਦਾਸ , ਅਸੰਖ ਮੋਨਿ; ਲਿਵ ਲਾਇ ਤਾਰ ’’ ਆਦਿ ਨੂੰ ਭੀ ਗੁਰਮਤਿ ਅਨੁਸਾਰ ਕਰਮਕਾਂਡ ਕਹਿਣਾ ਪਏਗਾ ਜਦਕਿ ਇੱਥੇ ਵਿਸ਼ਾ; ਕੁਦਰਤ ਦੀ ਵਿਸ਼ਾਲਤਾ ਦਾ ਵਰਣਨ ਕਰਨਾ ਹੈ, ਨਾ ਕਿ ਸਮੂਹ ਸਮਾਜਿਕ ਜੀਵਨ ਨੂੰ ਗੁਰਮਤਿ ਅਨੁਸਾਰੀ ਸਹੀ ਜਾਂ ਗ਼ਲਤ ਪਰਖਣਾ।

ਇਸ 18ਵੀਂ ਪਉੜੀ ’ਚ ਬੁਰੇ ਬੰਦਿਆਂ ਦਾ ਜ਼ਿਕਰ ਕਰਦਿਆਂ ਕਰਦਿਆਂ ਮਤਾਂ ਨਾਨਕ ਅੰਦਰ ਚੰਗਾ ਬਣਨ ਵਾਲ਼ੀ ਅਹੰਕਾਰੀ ਭਾਵਨਾ, ਨਜ਼ਰ ਆਵੇ, ਇਸ ਲਈ ਪਉੜੀ ਦੇ ਅੰਤ ’ਚ ‘‘ਨਾਨਕੁ ਨੀਚੁ, ਕਹੈ ਵੀਚਾਰ੧੮’’ ਦਰਜ ਕੀਤਾ ਹੈ ਵਰਨਾ ‘ਨਾਨਕ’ ਮੋਹਰ; ਇਨ੍ਹਾਂ ਚਾਰੇ ਪਉੜੀਆਂ (16,17,18,19) ਦੇ ਪ੍ਰਸੰਗ ਦੀ ਸਮਾਪਤੀ ਸਮੇਂ 19ਵੀਂ ਪਉੜੀ ’ਚ ਹੁੰਦਾ; ਜਿਵੇਂ ਕਿ ‘ਮੰਨੈ’ ਦੀਆਂ ਚਾਰੇ ਪਉੜੀਆਂ (12, 13, 14, 15) ’ਚੋਂ ਕੇਵਲ ਅੰਤਮ 15ਵੀਂ ਪਉੜੀ ’ਚ ‘ਨਾਨਕ’ ਦਰਜ ਕੀਤਾ ਹੈ।

ਇਸ 17ਵੀਂ ਤੇ 18ਵੀਂ ਪਉੜੀ ’ਚ ਦਰਸਾਏ ਸਮੂਹ ਸਮਾਜਿਕ ਜੀਵਨ ਦੇ ਦੋਵੇਂ ਪੱਖਾਂ (ਕਰਮਕਾਂਡ ਤੇ ਨਾਸਤਿਕ) ਨੂੰ ਅਗਾਂਹ 19ਵੀਂ ਪਉੜੀ ’ਚ ਇਕੱਠਾ ਕਰ ਸੰਮੇਟਿਆ ਗਿਆ ਹੈ; ਜਿਵੇਂ ਕਿ ‘ਜਪੁ’ ਬਾਣੀ ਦੇ ਸ਼ੁਰੂ ਤੋਂ ਹੀ ਹਰ ਪਉੜੀ ਪ੍ਰਸੰਗ ਨੂੰ ਅਸੀਮ-ਅਸੀਮ ਕਹਿ ਕੇ ਪਉੜੀ-ਵਿਸ਼ੇ ਦੇ ਅੰਤ ’ਚ ਦਰਜ ਹੁੰਦਾ ਆਇਆ ਹੈ। ਇਸ ਪਉੜੀ-ਲਿਖਤ ਤਰਤੀਬ ਨੂੰ ਜਾਣਨ ਤੋਂ ਬਾਅਦ ਹੀ ‘ਜਪੁ’ ਬਾਣੀ ਦੀ 32ਵੀਂ ਪਉੜੀ ‘‘ਇਕ ਦੂ ਜੀਭੌ ਲਖ ਹੋਹਿ; ਲਖ ਹੋਵਹਿ ਲਖ ਵੀਸ ..੩੨’’ ਦੇ ਅਰਥ ਸਪਸ਼ਟ ਹੋਣੇ ਹਨ।

ਅਸੰਖ ਨਾਵ, ਅਸੰਖ ਥਾਵ ਅਗੰਮ ਅਗੰਮ, ਅਸੰਖ ਲੋਅ

ਅਸੰਖ ਕਹਹਿ, ਸਿਰਿ ਭਾਰੁ ਹੋਇ ਉਚਾਰਨ : ਨਾਂਵ, ਥਾਂਵ, ਕਹਹਿਂ।

ਪਦ ਅਰਥ : ਨਾਵ- ਜੀਵ-ਜੰਤੂਆਂ ਦੇ ਨਾਂ ਭਾਵ ਜੂਨਾਂ। ਥਾਵ- ਟਿਕਾਣੇ (ਜਿੱਥੇ ‘ਅਸੰਖ ਨਾਵ’ ਵਾਲ਼ੇ ਜੀਵ ਵੱਸਦੇ ਹਨ)। ਅਗੰਮ ਅਗੰਮ- ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਲੋਅ- ਲੋਕ, ਭਵਨ (ਜਿਵੇਂ ਤਿੰਨ ਲੋਕ ‘ਮਾਤ ਲੋਕ, ਪਾਤਾਲ ਲੋਕ ਤੇ ਸੁਰਗ ਲੋਕ’ ਮੰਨੇ ਗਏ)। ਕਹਹਿ- ਕਹਿੰਦੇ ਹਨ, ਆਖਦੇ ਹਨ। ਸਿਰਿ- ਸਿਰ ਉੱਤੇ ਭਾਵ ਉਸ ਦੇ ਜ਼ਿੰਮੇ/ਹਿੱਸੇ (ਭਾਰ ਆਉਂਦਾ ਹੈ)। ਭਾਰ- ਦੋਸ਼, ਪਾਪ, ਬੋਝ।

ਅਰਥ : (ਕੁਦਰਤ ’ਚ ਵੱਸਦੀਆਂ ਅਸੰਖ ਜੂਨਾਂ ਦੇ) ਬੇਅੰਤ ਨਾਂਵ ਹਨ, ਜੋ ਬੇਅੰਤ ਥਾਵਾਂ ’ਚ ਹਨ। ਬੇਅੰਤ ਲੋਕ ਹਨ (ਯਾਨੀ ਕੇਵਲ 3 ਲੋਕ ਨਹੀਂ; ਇਹ ਸਭ) ਮਨੁੱਖ ਦੀ ਪਕੜ ਤੋਂ ਬਹੁਤ ਪਰੇ ਹਨ। (ਕਰਤੇ ਕੈ ਕਰਣੈ ਨੂੰ ਪੂਰਾ ਬਿਆਨ ਕਰਨ ਲਈ ਜਿਹੜੇ ਲੋਕ) ‘ਅਸੰਖ’ ਕਹਿੰਦੇ ਹਨ ਤਾਂ ਭੀ ਸਿਰ ’ਤੇ ਪਾਪ ਚੜ੍ਹਦਾ ਹੈ (ਸਵਾਲ : ਫਿਰ ਗੁਰੂ ਸਾਹਿਬ ਨੇ ਆਪ ‘ਅਸੰਖ’ ਸ਼ਬਦ ਕਿਉਂ ਵਰਤਿਆ ਹੈ ? ਜਵਾਬ ਅਗਾਂਹ ਹੈ)

ਅਖਰੀ ਨਾਮੁ, ਅਖਰੀ ਸਾਲਾਹ ਅਖਰੀ; ਗਿਆਨੁ, ਗੀਤ, ਗੁਣ ਗਾਹ ਉਚਾਰਨ : ਅੱਖਰੀਂ।

ਪਦ ਅਰਥ : ਅਖਰੀ- ਅੱਖਰਾਂ ਰਾਹੀਂ ਭਾਵ ਕਿਸੇ ਨਾ ਕਿਸੇ ਸ਼ਬਦ ਨਾਲ਼ ਹੀ (ਨੋਟ : ਅੱਖਰ/ਵਰਣ ਜੁੜ-ਜੁੜ ਕੇ ਇੱਕ ‘ਸ਼ਬਦ’ ਬਣਦਾ ਹੈ)। ਨਾਮ- ਰੱਬ ਦਾ ਨਾਮ। ਸਾਲਾਹ- ਰੱਬ ਦੀ ਸਿਫ਼ਤ ਸਲਾਹ। ਗਿਆਨੁ- ਆਤਮਕ ਸੂਝ। ਗੀਤ- ਗੀਤ-ਸੰਗੀਤ। ਗੁਣ- ਰੱਬ ਦੇ ਗੁਣ। ਗਾਹ- ਪਕੜੇ ਜਾ ਸਕਦੇ ਹਨ ਭਾਵ ਸਮਝ ’ਚ ਆ ਜਾਂਦੇ ਹਨ।

ਅਰਥ : ਅੱਖਰਾਂ ਰਾਹੀਂ ਹੀ (ਕਰਤੇ ਦਾ) ਨਾਮ ਜਪ ਹੁੰਦਾ ਹੈ। ਅੱਖਰਾਂ ਨਾਲ਼ ਹੀ (ਕਰਤਾਰ ਦੀ) ਸਿਫ਼ਤ-ਸਲਾਹ ਹੋ ਸਕਦੀ ਹੈ। ਸ਼ਬਦ ਰਾਹੀਂ ਹੀ ਆਤਮਕ ਸੂਝ ਉਪਜਦੀ ਹੈ। ਅੱਖਰਾਂ ਨਾਲ਼ ਹੀ ਸੰਗੀਤ/ਰਾਗ ਗਾ ਹੁੰਦਾ ਹੈ। ਸ਼ਬਦ ਰਾਹੀਂ ਹੀ (‘ੴ’ ਦੇ) ਗੁਣ ਸਮਝ ’ਚ ਆਉਂਦੇ ਹਨ।

ਅਖਰੀ; ਲਿਖਣੁ, ਬੋਲਣੁ, ਬਾਣਿ ਅਖਰਾ ਸਿਰਿ; ਸੰਜੋਗੁ ਵਖਾਣਿ ਉਚਾਰਨ : ਅੱਖਰੀਂ, ਅੱਖਰਾਂ।

ਪਦ ਅਰਥ : ਲਿਖਣੁ- ਸਾਹਿਤ ਰਚਨਾ (ਵਾਰਤਕ ਜਾਂ ਕਵਿਤਾ), ਲਿਖਤ। ਬੋਲਣੁ- ਬੋਲ-ਚਾਲ, ਗੱਲਬਾਤ। ਬਾਣਿ- ਬਾਣੀ, ਬੋਲੀ, ਭਾਸ਼ਾ। ਅਖਰਾ- ਅੱਖਰਾਂ ਰਾਹੀਂ ਹੀ। ਸਿਰਿ- ਸਿਰ ਉੱਤੇ। ਸੰਜੋਗੁ- ਨਸੀਬ-ਲੇਖ, ਭਾਗ। ਵਖਾਣਿ-ਵਖਾਣਿਆ ਜਾਂਦਾ ਹੈ, ਦੱਸਿਆ ਜਾਂਦਾ ਹੈ।

ਅਰਥ : ਅੱਖਰਾਂ ਨਾਲ਼ ਹੀ ਭਾਸ਼ਾ; ਲਿਖੀ ਤੇ ਬੋਲੀ ਜਾਂਦੀ ਹੈ। ਅੱਖਰਾਂ ਨੂੰ ਹੀ (ਜੀਵ-ਜੰਤੂਆਂ ਦੇ) ਸਿਰ ਉੱਤੇ ਨਸੀਬ ਵਜੋਂ ਲਿਖਿਆ ਹੁੰਦਾ ਹੈ (ਇਸੇ ਕਾਰਨ ਮੈਨੂੰ ‘ਅਸੰਖ’ ਸ਼ਬਦ ਵਰਤਣਾ ਪਿਆ। ਵੈਸੇ ਸਭ ਕੁੱਝ ਅੱਖਰਾਂ ’ਚ ਭੀ ਨਹੀਂ ਹੁੰਦਾ; ਜਿਵੇਂ ਕਿ)

ਜਿਨਿ, ਏਹਿ ਲਿਖੇ; ਤਿਸੁ ਸਿਰਿ ਨਾਹਿ ਜਿਵ ਫੁਰਮਾਏ, ਤਿਵ ਤਿਵ ਪਾਹਿ

ਉਚਾਰਨ : ਏਹ, ਨਾਹਿਂ, ਫ਼ੁਰਮਾਏ, ਪਾਹਿਂ।

ਪਦ ਅਰਥ : ਜਿਨਿ- ਜਿਸ (ਕਰਤੇ) ਨੇ। ਏਹਿ ਲਿਖੇ- ਇਹ (ਅੱਖਰ ਰੂਪ ਨਸੀਬ; ਸਭ ਦੇ ਜ਼ਿੰਮੇ) ਲਿਖੇ ਹਨ। ਤਿਸੁ- ਉਸ (ਮਾਲਕ) ਦੇ। ਸਿਰਿ- ਸਿਰ ਉੱਤੇ ਭਾਵ ਜ਼ਿੰਮੇ। ਨਾਹਿ- (ਕੋਈ ਲੇਖ/ਨਸੀਬ) ਨਹੀਂ। ਜਿਵ- ਜਿਸ ਤਰ੍ਹਾਂ। ਫੁਰਮਾਏ- (ਕਰਤਾਰ) ਹੁਕਮ ਕਰਦਾ ਹੈ। ਤਿਵ ਤਿਵ- ਉਸੇ ਤਰ੍ਹਾਂ ਹੀ। ਪਾਹਿ- (ਇਹ ਨਸੀਬ-ਲੇਖ; ਜੀਵ-ਜੰਤ) ਪਾਉਂਦੇ ਹਨ, ਭੋਗਦੇ ਹਨ।

ਅਰਥ : ਜਿਸ (‘ੴ’) ਨੇ (ਜੀਵ-ਜੰਤੂਆਂ ਦੇ ਜ਼ਿੰਮੇ ਅੱਖਰਾਂ ਰਾਹੀਂ) ਇਹ ਨਸੀਬ ਲਿਖੇ ਹਨ, ਉਸ ਦੇ ਆਪਣੇ ਸਿਰ ਉੱਤੇ (ਅੱਖਰਾਂ ਨਾਲ਼ ਲਿਖਿਆ ਕੋਈ ਲੇਖ) ਨਹੀਂ ਹੈ ਸਗੋਂ ਜਿਵੇਂ ਜਿਵੇਂ (ਉਸ ਨਸੀਬ ਰਹਿਤ ਦਾ) ਹੁਕਮ ਹੁੰਦਾ ਹੈ, ਉਸੇ ਤਰ੍ਹਾਂ ਹੀ (ਜੀਵ-ਜੰਤ; ਆਪਣੇ ਨਸੀਬ) ਪਾਉਂਦੇ ਹਨ, ਭੋਗਦੇ ਹਨ (ਤੇ ਮੁੜ ਚੰਗੇ-ਮੰਦੇ ਕਰਮ ਕਰ ਫਿਰ ਨਸੀਬ ਬਣਾਉਂਦੇ ਤੇ ਲਿਖਵਾਉਂਦੇ ਹਨ)

ਵਿਚਾਰ : ਉਕਤ ਵਾਕ ਤੋਂ ਸਪਸ਼ਟ ਹੈ ਕਿ ਹਰ ਜੀਵ-ਜੰਤ ਦਾ ਨਸੀਬ, ਜੋ ਉਨ੍ਹਾਂ ਦੁਆਰਾ ਕੀਤੇ ਕੰਮਾਂ ਦਾ ਚੰਗਾ-ਮੰਦਾ ਫਲ਼ ਹੈ; ਮਾਲਕ ਦੀ ਰਜ਼ਾ ਅਨੁਸਾਰ ਲਿਖਿਆ ਹੋਇਆ ਹੈ। ਇਸੇ ਨੂੰ ‘ਜਨਮ ਜਨਮ ਦੀ ਮੈਲ਼’ ਤੇ ‘ਕੂੜਿ ਦੀ ਪਾਲਿ’ ਕਿਹਾ ਹੈ, ਜੋ ਪੈਦਾਇਸ਼ ਤੋਂ ਮਰਨ ਤੱਕ ਬੰਦੇ ਦੇ ‘ਲਿਖਿਆ ਨਾਲਿ’ ਹੁੰਦਾ ਹੈ ਕਿਉਂਕਿ ਜੀਵਨ ਦੀ ਅਰੰਭਤਾ ’ਚ ਇਹ ਨਸੀਬ; ਇੱਕੋ ਵਾਰ ਪਾ ਦਿੱਤਾ, ‘‘ਜੋ ਕਿਛੁ ਪਾਇਆ; ਸੁ ਏਕਾ ਵਾਰ ..੩੧ (ਜਪੁ)

ਜੇਤਾ ਕੀਤਾ, ਤੇਤਾ ਨਾਉ ਵਿਣੁ ਨਾਵੈ, ਨਾਹੀ ਕੋ ਥਾਉ

ਉਚਾਰਨ : ਨਾਉਂ, ਨਾਵੈਂ, ਨਾਹੀਂ, ਥਾਉਂ।

ਪਦ ਅਰਥ : ਜੇਤਾ ਕੀਤਾ- ਜਿੰਨਾ (ਕਰਤੇ ਕੈ ਕਰਣੈ ਰੂਪ) ਪਸਾਰਾ ਸਿਰਜਿਆ ਹੈ। ਤੇਤਾ ਨਾਉ- ਓਨਾ ਹੀ (ਕਰਤੇ/ਕਰਤਾਰ ਦਾ) ਨਾਮਣਾ, ਪ੍ਰਸਿੱਧੀ, ਰੂਪ। ਵਿਣੁ ਨਾਵੈ- ਰੂਪ ਤੋਂ ਬਿਨਾਂ। ਕੋ- ਕੋਈ। ਥਾਉ- ਜਗ੍ਹਾ।

ਅਰਥ : (ਕੁਦਰਤਿ ਦਾ) ਜਿੰਨਾ ਹੀ ਪਸਾਰਾ ਕੀਤਾ ਹੋਇਆ ਹੈ, ਓਨਾ ਹੀ (ਕਰਤਾਰ ਦਾ) ਰੂਪ ਹੈ ਭਾਵ ਉਹ ਕਣ ਕਣ ’ਚ ਰਮਿਆ ਹੈ। ਉਸ ਦੇ ਰੂਪ/ਨਾਮਣੇ ਤੋਂ ਰਹਿਤ ਕੋਈ ਜਗ੍ਹਾ ਨਹੀਂ।

ਕੁਦਰਤਿ ਕਵਣ ? ਕਹਾ ਵੀਚਾਰੁ ਵਾਰਿਆ ਜਾਵਾ, ਏਕ ਵਾਰ ਉਚਾਰਨ : ਕਹਾਂ, ਜਾਵਾਂ।

ਪਦ ਅਰਥ : ਕੁਦਰਤ- (ਮੇਰੀ) ਤਾਕਤ, ਪਾਇਆਂ, ਸਮਰੱਥਾ। ਕਵਣ- ਕੀ, ਕਿਹੜੀ ਯਾਨੀ ਕਿੰਨੀ ਕੁ। ਕਹਾ- ਦੱਸਾਂ, ਬਿਆਨ ਕਰ ਸਕਾਂ।

ਅਰਥ : ਹੇ ਨਿਰਾਕਾਰ ! ਮੇਰੀ ਕੀ ਤਾਕਤ ਹੈ ਕਿ (ਤੇਰੇ ਇੱਕੋ ਹੁਕਮ ਨਾਲ਼ ਉਪਜੀ ਸਮੂਹ ਕੁਦਰਤ ਦਾ ਪੂਰਾ) ਅਨੁਮਾਨ ਲਗਾ ਸਕਾਂ। ਮੈਂ ਤੈਥੋਂ ਇੱਕ ਵਾਰ ਭੀ ਕੁਰਬਾਨ ਨਹੀਂ ਹੋ ਸਕਦਾ ਭਾਵ ਤੇਰੇ ਦੁਆਰਾ ਰਚੀ ਕੁਦਰਤ ਦਾ, ਤੇਰੇ ਦੁਆਰਾ ਲਿਖੇ ਨਸੀਬ-ਲੇਖ ਦਾ ਯਾਨੀ ਤੇਰੇ ਸਮੂਹ ਗੁਣਾਂ ਦਾ ਅੰਤ ਪਾਉਣ ਲਈ ਮੇਰੇ ਅੰਦਰ ਇੱਕ ਵਾਰ ਭੀ ਖ਼ਿਆਲ ਨਹੀਂ ਉਪਜਦਾ।

ਜੋ ਤੁਧੁ ਭਾਵੈ; ਸਾਈ ਭਲੀ ਕਾਰ ਤੂ ਸਦਾ ਸਲਾਮਤਿ, ਨਿਰੰਕਾਰ੧੯

ਅਰਥ : ਹੇ ਨਿਰਾਕਾਰ ! ਜੋ (ਰਹਿਣੀ-ਬਹਿਣੀ) ਤੈਨੂੰ ਪਸੰਦ ਹੈ; (ਮਿਹਰ ਕਰ ਕਿ ਮੈਨੂੰ ਭੀ) ਵੈਸੀ ਜੀਵਨਸ਼ੈਲੀ ਪਸੰਦ ਆਵੇ ਭਾਵ ਤੇਰੀ ਪਸੰਦ ਵਾਙ ਮੈਂ ਜਿਊਣਾ ਸਿੱਖ ਲਵਾਂ। ਤੂੰ ਸਦਾ ਕਾਇਮ ਰਹਿਣ ਵਾਲ਼ਾ ਹੈਂ (ਮਿਹਰ ਕਰ ਮੈਂ ਭੀ ਤੇਰੇ ਵਾਙ ਸਥਿਰ ਹੋ ਜਾਵਾਂ, ਆਵਾਗਮਣ ਮੁਕਤ ਹੋ ਜਾਵਾਂ)

ਵਿਚਾਰ : ਸੋ ‘ਏਕੋ ਕਵਾਉ’ ਨਾਲ਼ ਉਪਜਿਆ ਵਿਸ਼ਾਲ ਬ੍ਰਹਿਮੰਡ, ਜਿਸ ਨੂੰ ‘ਕਰਤੇ ਕੈ ਕਰਣੈ ਕਿਹਾ ਹੈ, ਉਹ ਕਿਸੇ ਕਾਲਪਨਿਕ ਬਲ਼ਦ ਦੇ ਸਿੰਗਾਂ ’ਤੇ ਨਹੀਂ ਟਿਕਿਆ ਰਹਿ ਸਕਦਾ ਬਲਕਿ ਕਰਤਾਰ ਦੁਆਰਾ ਲਿਖੇ ਨਸੀਬ-ਲੇਖ ’ਚ ਬੱਝਿਆ ਹੋਇਆ ਹੈ। ਪੰਚ ਜਨ; ਇਸ ਨਿਸ਼ਚੇ ਨਾਲ਼ ਸਮਾਜਿਕ ਪਕੜ ਨੂੰ ਢਿੱਲਾ ਕਰਦਿਆਂ ਭਾਵ ਮਾਇਆ ਵੱਲੋਂ ਨਿਰਮੋਹ ਰਹਿ ਕੇ ਕਰਤਾਰ ਦੇ ਗੁਣ ਗਾਉਂਦੇ ਹੋਏ ਦਰਗਾਹ ’ਚ ਪਰਵਾਣ ਹੁੰਦੇ ਹਨ ਤੇ ਜਗਤ ’ਚ ਪਰਧਾਨ ਮੰਨੇ ਜਾਂਦੇ ਹਨ। ਦੁਨੀਆਂ ਐਸੇ ਕਿਰਦਾਰਾਂ ਨੂੰ ਸਦਾ ਸਿਜਦਾ ਕਰਦੀ ਹੈ ਤੇ ਕਰਦੀ ਰਹੇਗੀ।

ਭਰੀਐ; ਹਥੁ, ਪੈਰੁ, ਤਨੁ, ਦੇਹ ਪਾਣੀ ਧੋਤੈ; ਉਤਰਸਿ ਖੇਹ

ਪਦ ਅਰਥ : ਭਰੀਐ- (ਅਗਰ) ਭਰ ਜਾਂਦਾ ਹੈ, ਜੇ ਭਰ ਜਾਏ। ਦੇਹ- ਕਾਇਆਂ, ਸਰੀਰ। ਧੋਤੈ-ਧੋਣ ਨਾਲ਼। ਪਾਣੀ ਧੋਤੈ-ਪਾਣੀ ਨਾਲ਼ ਧੋਤਿਆਂ। ਉਤਰਸਿ- ਲਹਿ ਜਾਏਗੀ, ਉਤਰ ਜਾਂਦੀ ਹੈ। ਖੇਹ- ਮਿੱਟੀ।

ਅਰਥ : ਜੇਕਰ ਹੱਥ, ਪੈਰ, ਚਮੜੀ, ਸਰੀਰ ਆਦਿ ਮਿੱਟੀ ਨਾਲ਼ ਗੰਦੇ ਹੋ ਜਾਣ ਤਾਂ ਪਾਣੀ ਨਾਲ਼ ਸਾਫ਼ ਕੀਤਿਆਂ ਮਿੱਟੀ ਲਹਿ ਜਾਂਦੀ ਹੈ।

ਮੂਤਿ ਪਲੀਤੀ ਕਪੜੁ ਹੋਇ ਦੇ ਸਾਬੂਣੁ, ਲਈਐ ਓਹੁ ਧੋਇ ਉਚਾਰਨ : ਓਹ (ਕਪੜੁ)।

ਪਦ ਅਰਥ : ਮੂਤਿ- ਮੂਤਰ ਨਾਲ਼। ਪਲੀਤੀ-ਪਲੀਤ, ਗੰਦਾ। ਦੇ- ਦੇ ਕੇ ਭਾਵ ਲਾ ਕੇ ਜਾਂ ਲਗਾ ਕੇ। ਲਈਐ- ਲਈਦਾ ਹੈ। ਓਹੁ- ਉਹ (ਕੱਪੜਾ)।

ਅਰਥ : ਅਗਰ ਪਿਸ਼ਾਬ (ਦੇ ਗਹਿਰੇ ਦਾਗ਼) ਨਾਲ਼ ਕੱਪੜਾ ਗੰਦਾ ਹੋ ਜਾਏ ਤਾਂ ਸਾਬਣ ਲਾ ਕੇ ਉਹ (ਦਾਗ਼ੀ ਬਸਤਰ) ਧੋ ਲਈਦਾ ਹੈ।

ਭਰੀਐ ਮਤਿ, ਪਾਪਾ ਕੈ ਸੰਗਿ ਓਹ ਧੋਪੈ, ਨਾਵੈ ਕੈ ਰੰਗਿ ਉਚਾਰਨ : ਪਾਪਾਂ, ਓਹ, ਨਾਵੈਂ।

ਪਦ ਅਰਥ : ਪਾਪਾ ਕੈ ਸੰਗਿ- ਪਾਪਾਂ ਦੇ ਨਾਲ਼। ਓਹ- ਉਹ (ਮਤਿ)। ਧੋਪੈ- ਧੋ ਹੁੰਦੀ ਹੈ। ਨਾਵੈ ਕੈ ਰੰਗਿ- (ਪ੍ਰਭੂ) ਨਾਮ ਦੇ ਪ੍ਰੇਮ/ਰੰਗ ਨਾਲ਼ ਭਾਵ ਰੱਬੀ ਪ੍ਰੇਮ ’ਚ ਮਗਨ ਹੋਇਆਂ।

ਅਰਥ : (ਉਸੇ ਤਰ੍ਹਾਂ) ਪਾਪ-ਵਿਕਾਰਾਂ ਦੇ ਨਾਲ਼ ਜੇਕਰ ਮੱਤ ਗੰਦੀ ਹੋ ਜਾਏ ਤਾਂ ਉਹ (ਮਤਿ; ਰੱਬੀ) ਨਾਮ ਦੇ ਪ੍ਰੇਮ/ਰੰਗ ਨਾਲ਼ ਧੋ ਹੁੰਦੀ ਹੈ (ਯਾਨੀ ਰੱਬ ਨਾਲ਼ ਪਿਆਰ ਵਧਾ ਕੇ ਵਿਕਾਰ-ਦ੍ਰਿਸ਼ਟੀ ਮਰਦੀ ਹੈ)।

ਪੁੰਨੀ ਪਾਪੀ ਆਖਣੁ ਨਾਹਿ ਕਰਿ ਕਰਿ ਕਰਣਾ, ਲਿਖਿ ਲੈ ਜਾਹੁ

ਉਚਾਰਨ : ਨਾਹਿਂ। ਜਾਹੁ- ਇਸ ਦਾ ਔਂਕੜ ਅੰਤ; ਥੋੜ੍ਹਾ ਉਚਾਰਨਾ ਹੈ ਕਿਉਂਕਿ ਇਸ ਵਾਕ ’ਚ ਕਿਸੇ ਇੱਕ (ਮਨ, ਭਾਈ, ਪਿਆਰਾ ਜਾਂ ਮਾਂ ਆਦਿ) ਨੂੰ ਸੰਬੋਧਨ ਨਹੀਂ ਕੀਤਾ; ਜਿਵੇਂ ਇਸ ਵਾਕ ’ਚ ਕੀਤਾ ਹੈ, ‘‘ਪ੍ਰਿਅ  ! ਪਰਦੇਸਿ () ਜਾਹੁ; ਵਸਹੁ ਘਰਿ+ਮੋਰੈ ()’’ (ਮਹਲਾ /੧੦੭੨) ਅਰਥ : (ਕਾਇਆਂ ਆਪਣੇ ਜੀਵਾਤਮਾ ਨੂੰ ਬੇਨਤੀ ਕਰਦੀ ਹੈ ਕਿ) ਹੇ ਪਿਆਰੇ ! ਮੇਰੇ ਸਰੀਰ ’ਚ ਹੀ ਟਿਕਿਆ ਰਹਿ, ਮੈਨੂੰ ਛੱਡ ਕੇ ਵਿਦੇਸ਼ ਨਾ ਜਾਹ ਭਾਵ ਤੇਰੇ ਵਿਛੋੜੇ ਨਾਲ ਮੈ ਮਰ ਜਾਣਾ ਹੈ। ਇੱਥੇ ‘ਜਾਹੁ’ ਦਾ ਉਚਾਰਨ ‘ਜਾਹ’ ਹੈ ਕਿਉਂਕਿ ਇਹ ਕਿਰਿਆ; ਦੂਜਾ ਪੁਰਖ, ਹੁਕਮੀ ਭਵਿਖ ਕਾਲ ਹੈ ਜਦ ਕਿ ਵਿਚਾਰ ਅਧੀਨ ਪੰਕਤੀ ’ਚ ‘ਜਾਹੁ’ ਕਿਰਿਆ; ਤੀਜਾ ਪੁਰਖ (ਅਨ੍ਯ ਪੁਰਖ), ਇੱਕ ਵਚਨ ਹੈ, ਜਿਸ ਦਾ ਅਰਥ ਹੈ ‘ਜਾਏਗਾ, ਜਾਂਦਾ ਹੈ’। ਕਿਸੇ ਵਾਕ ’ਚ ਜੇ ਇੱਕ ਵਚਨ ਨੂੰ ਸੰਬੋਧਨ ਹੋਵੇ ਤਾਂ ‘ਜਾਹੁ’ ਦੀ ਥਾਂ ‘ਜਾਹਿ’ ਭੀ ਹੋ ਸਕਦਾ ਹੈ; ਜੈਸਾ ਕਿ ਇੱਥੇ ‘ਨਾਹਿ’ ਬਣਿਆ ਹੈ, ਜਿਸ ਨਾਲ਼ ਕਾਵਿ ਪਿੰਗਲ ਭੀ ਪੂਰਾ ਹੋ ਗਿਆ।

ਪਦ ਅਰਥ : ਪੁੰਨੀ ਆਖਣੁ – (ਮੱਤ ਦਾ) ਪਾਪ ਰਹਿਤ ਬੋਲ, ਨਿਰਮਲ ਬੋਲ। ਪਾਪੀ ਆਖਣੁ- ਪਾਪ ਭਰਿਆ ਮਲ਼ੀਨ ਬੋਲ, ਮੈਲ਼ੀ (ਮੱਤ) ਹੋਣਾ ਭਾਵ ਮੱਤ ਨੂੰ ਮੈਲ਼ਾ (ਪਾਪੀ) ਜਾਂ ਨਿਰਮਲ (ਪੁੰਨੀ) ਆਂਕਣਾ, ਪਰਖਣਾ, (ਮੱਤ ਬਾਰੇ) ਬੋਲਣਾ, ਗੱਲ ਕਰਨਾ (ਬੜਾ ਮਾਅਨਾ ਰੱਖਦਾ ਹੈ, ਬੇਫ਼ਜ਼ੂਲ/ਬੇਲੋੜਾ ਨਹੀਂ)। ਕਰਿ ਕਰਿ- ਕਰ ਕਰ ਕੇ। ਕਰਣਾ-ਕਾਰਜ, ਕੀਤਾ ਕੰਮ। ਲਿਖਿ ਲੈ- (ਸਿਰ ’ਤੇ) ਲਿਖ ਕੇ, ਲੈ ਕੇ। ਜਾਹੁ- (ਲੈ ਕੇ) ਜਾਏਗਾ, (ਲੈ ਕੇ) ਜਾਂਦਾ ਹੈ।

ਅਰਥ : ਨਿਰਮਲ (ਮੱਤ) ਆਂਕਣਾ ਜਾਂ ਮਲ਼ੀਨ (ਮੱਤ ’ਚੋਂ) ਬੋਲ ਉੱਠਣਾ (ਅਰਥਹੀਣ) ਨਹੀਂ (ਹਿਰਦੇ ਦੀ ਕਾਲ਼ਖ਼ ਜਾਂ ਉਜਲਤਾ ਨੂੰ ਪ੍ਰਗਟਾਉਂਦਾ ਹੈ ਕਿਉਂਕਿ ਇਸੇ ਅਨੁਸਾਰ ਬੰਦਾ ਚੰਗੇ-ਮੰਦੇ) ਕੰਮ ਕਰ ਕਰ ਕੇ (ਉਨ੍ਹਾਂ ਦਾ ਫਲ਼; ਆਪਣੇ ਨਸੀਬ ’ਚ) ਲਿਖ ਕੇ ਲੈ ਜਾਂਦਾ ਹੈ ਯਾਨੀ ਪਾਪ ਮੱਤ ਤੇ ਪਾਪ ਰਹਿਤ ਮੱਤ ਨਾਲ਼ ਭੋਗੀ ਜ਼ਿੰਦਗੀ; ਬੜੇ ਦੀਰਘ ਕਾਲ ਤੱਕ ਦੁਖਦਾਈ (ਜੂਨਾਂ ’ਚ) ਰੱਖਦੀ ਹੈ ਜਾਂ ਸੁਖਦਾਈ (ਪ੍ਰਭੂ ’ਚ ਲੀਨ) ਕਰਾਉਂਦੀ ਹੈ; ਤਾਂ ਤੇ ਪਾਪਾਂ ਵਾਲ਼ੀ ਮੱਤ ਨੂੰ ਜਲਦੀ ਤੋਂ ਜਲਦੀ ਰੱਬੀ ਨਾਮ ’ਚ ਰੰਗ ਕੇ ਧੋ ਲੈਣਾ ਹੀ ਸਹੀ ਹੈ।

ਵਿਚਾਰ : ਜੇਕਰ ਉਕਤ ਤੁਕ ਦੇ ਅਰਥ ਕਰੀਏ ਕਿ ‘ਪਾਪ-ਪੁੰਨ ਕਹਿਣ ਮਾਤਰ ਨਹੀਂ ਬਲਕਿ ਬੰਦਾ ਜੈਸਾ ਕਰਮ ਕਰੇਗਾ ਵੈਸਾ ਫਲ਼ ਆਪਣੇ ਨਾਲ਼ ਲਿਖ ਕੇ ਲੈ ਜਾਏਗਾ’ ਤਾਂ ਜਾਪਦਾ ਹੈ ਕਿ ਸ਼ਾਇਦ ਗੁਰਬਾਣੀ ਪੁੰਨ-ਪਾਪ ਵਾਲ਼ੇ ਭਰਮ ਨੂੰ ਸਹੀ ਮੰਨਦੀ ਹੈ ਜਦ ਕਿ ਗੁਰੂ ਅਮਰਦਾਸ ਜੀ ਦੇ ਬਚਨ ਹਨ ਕਿ ਪ੍ਰਚੀਨ ਧਰਮ ਗ੍ਰੰਥਾਂ ਨੇ ਪੁੰਨ-ਪਾਪ ਹੀ ਵਿਚਾਰਿਆ ਹੈ ਤਾਹੀਓਂ ਸਚਾਈ ਨਾ ਸਮਝ ਸਕੇ, ‘‘ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ; ਤਤੈ ਸਾਰ ਜਾਣੀ ’’ (ਅਨੰਦ/ਮਹਲਾ /੯੨੦) ‘ਤਤੈ ਸਾਰ ਨ ਜਾਣੀ’ ਦਾ ਅਰਥ ਹੈ, ‘ਸਚਾਈ ਦੀ ਕਦਰ ਕਰਨੀ ਨਾ ਸਮਝੀ’।

‘ਜਪੁ’ ਬਾਣੀ ਦੀ ਇਸ 20ਵੀਂ ਪਉੜੀ ’ਚ ਮੂਲ ਵਿਸ਼ਾ ਹੈ ਕਿ ਮੈਲ਼ੀ ਮੱਤ; ਹਰੀ ਦੇ ਨਾਮ-ਰੰਗ ਨਾਲ਼ ਧੋ ਹੁੰਦੀ ਹੈ, ਇਸ ਲਈ ਮੈਲ਼ੀ ਮੱਤ ਨੂੰ ‘ਪਾਪੀ’ ਤੇ ਨਾਮ-ਰੰਗ ਨਾਲ਼ ਧੋਤੀ ਮੱਤ ਨੂੰ ‘ਪੁੰਨੀ’ ਕਹਿਣਾ ਸਹੀ ਹੈ। ਇਹੀ ਅਸੂਲ ਸਮਝਾਉਣ ਲਈ ਪਉੜੀ ਦੇ ਅਰੰਭ ’ਚ ਦੋ ਮਿਸਾਲਾਂ ਦਿੱਤੀਆਂ ਹਨ। ਸੋ ਮੈਲ਼ੀ ਮੱਤ ਤੇ ਨਿਰਮਲ ਮੱਤ ਨਾਲ਼ ਕੀਤੇ ਜਾਂਦੇ ਚੰਗੇ-ਮੰਦੇ ਕਰਮਾਂ ਦਾ ਫਲ਼; ਬੰਦਾ ਮਰਨ ਤੋਂ ਬਾਅਦ ਭੀ ਭੁਗਤਦਾ ਹੈ। ਮੈਲ਼ੀ ਮੱਤ ਦਾ ਫਲ਼; ਆਵਾਗਮਣ ਦਾ ਚੱਕਰ ਹੈ ਤੇ ਨਿਰਮਲ ਮੱਤ ਨਾਲ਼ ਕੀਤੀ ਬੰਦਗੀ; ਆਵਾਗਮਣ ਤੋਂ ਮੁਕਤ ਕਰਾ ਪ੍ਰਭੂ ’ਚ ਲੀਨ ਕਰ ਦਿੰਦੀ ਹੈ।

ਆਪੇ ਬੀਜਿ, ਆਪੇ ਹੀ ਖਾਹੁ ਨਾਨਕ ! ਹੁਕਮੀ ਆਵਹੁ ਜਾਹੁ ੨੦

ਉਚਾਰਨ : ‘ਖਾਹੁ, ਜਾਹੁ’ ਦਾ ਔਂਕੜ ਅੰਤ; ਥੋੜ੍ਹਾ ਉਚਾਰਨਾ ਹੈ (ਨੋਟ : ਜੇਕਰ ‘ਖਾਹੁ, ਆਵਹੁ ਜਾਹੁ’; ਦੂਜਾ ਪੁਰਖ ਇੱਕ ਵਚਨ ਕਿਰਿਆਵਾਂ ਹੁੰਦੀਆਂ ਭਾਵ ਇਨ੍ਹਾਂ ਦੇ ਇਉਂ ਅਰਥ ਹੁੰਦੇ ‘ਤੂੰ ਖਾਏਂਗਾ, ਤੂੰ ਆਵੇਂਗਾ, ਤੂੰ ਜਾਏਂਗਾ’ ਤਾਂ ਇਹ ਇਉਂ ਲਿਖੇ ਹੁੰਦੇ ‘ਖਾਹਿ, ਆਵਹਿ, ਜਾਹਿ’, ਜਿਨ੍ਹਾਂ ਦਾ ‘ਨਾਹਿ’ ਨਾਲ਼ ਤੁਕਾਂਤ ਮੇਲ ਭੀ ਵਧੇਰੇ ਹੁੰਦਾ)

ਪਦ ਅਰਥ : ਆਪੇ- ਆਪ ਹੀ। ਬੀਜਿ-ਬੀਜ ਕੇ, ਕਮਾਈ ਕਰਕੇ। ਖਾਹੁ- ਖਾਏਗਾ, ਭੋਗੇਗਾ। ਨਾਨਕ- ਹੇ ਨਾਨਕ ! ਹੁਕਮੀ- (ਰੱਬ ਦੇ) ਹੁਕਮ ਵਿੱਚ, ਹੁਕਮ ਅਨੁਸਾਰ। ਆਵਹੁ ਜਾਹੁ- ਆਵੇਗਾ ਜਾਏਗਾ ਭਾਵ ਜੂਨਾਂ ’ਚ ਜੰਮਦਾ ਮਰਦਾ ਰਹੇਗਾ।

ਅਰਥ : ਹੇ ਨਾਨਕ  ! (ਪਾਪਾਂ ਭਰੀ ਮੱਤ ਨਾਲ਼) ਆਪ ਕਮਾਈ ਕਰਕੇ ਆਪ ਹੀ (ਉਸ ਦਾ ਫਲ਼; ਬੰਦਾ) ਖਾਏਗਾ ਯਾਨੀ ਕਰਤੇ ਦੇ ਹੁਕਮ ਨਾਲ਼ (ਵਾਰ-ਵਾਰ) ਜੰਮੇਗਾ ਤੇ ਮਰੇਗਾ (ਅਤੇ ਨਿਰਮਲ ਮੱਤ ਨਾਲ਼ ਕੀਤੀ ਭਗਤੀ ਉਪਰੰਤ ਕਰਤਾਰ ਦੇ ਹੁਕਮ ਨਾਲ ਉਸ ਵਿੱਚ ਲੀਨ ਹੋਏਗਾ)।

ਤੀਰਥੁ, ਤਪੁ, ਦਇਆ, ਦਤੁ ਦਾਨੁ ਜੇ ਕੋ ਪਾਵੈ, ਤਿਲ ਕਾ ਮਾਨੁ

ਪਦ ਅਰਥ : ਤੀਰਥੁ- ਤੀਰਥ ਇਸ਼ਨਾਨ। ਤਪੁ- ਤਪ ਸਾਧਨਾ। ਦਇਆ- ਤਰਸ ਕਰਨਾ ਭਾਵ ਅਹਿੰਸਕ ਬਿਰਤੀ ਪਾਲਣਾ। ਦਤੁ+ਦਾਨੁ- ਦਿੱਤਾ ਦਾਨ ਯਾਨੀ ਕੋਈ ਦਾਨ ਪੁੰਨ ਕਰਨਾ। ਕੋ- ਕੋਈ। ਤਿਲ ਕਾ ਮਾਨੁ- ਤਿਲ ਮਾਤਰ ਸਤਿਕਾਰ, ਨਾ ਮਾਤਰ ਇੱਜ਼ਤ।

ਅਰਥ : (ਪਾਪਾਂ ਭਰੀ ਮੱਤ ਨੂੰ ਧੋਣ ਲਈ) ਤੀਰਥ ਇਸ਼ਨਾਨ ਕਰਨਾ, ਤਪ ਸਾਧਨਾ, ਜੀਵ ਹੱਤਿਆ ਤੋਂ ਸੰਕੋਚ ਕਰਨਾ ਜਾਂ ਕੋਈ ਦਾਨ ਪੁੰਨ ਆਦਿ ਕਰਨਾ (ਸਹਾਈ ਨਹੀਂ ਹੁੰਦਾ, ਪਰ ਹਾਂ ਇਨ੍ਹਾਂ ਬਦਲੇ) ਜੇ ਕੋਈ ਫਲ਼ ਚਾਹੁੰਦਾ ਹੈ ਤਾਂ ਐਨਾ ਕੁ ਮਿਲਦਾ ਹੈ ਕਿ ਲੋਕ ਕਹਿ ਦਿੰਦੇ ਹਨ ਕਿ ਬੰਦਾ ਬੜਾ ਧਰਮੀ ਹੈ।

ਨੋਟ : ਉਕਤ ਸਾਰੇ ਕਰਮ; ਸਰੀਰ ਨਾਲ਼ ਸਬੰਧਿਤ ਹਨ ਜਦ ਕਿ ਧਰਮ ਦਾ ਅਸਲ ਸਬੰਧ ਮਨ ਨਾਲ਼ ਹੈ। ਇਸ ਲਈ ਗੁਰਮਤਿ ਅਨੁਸਾਰ ਇਹ ਸਾਰੇ ਕਰਮਕਾਂਡ ਹਨ; ਜਿਵੇਂ ਕਿ ਤੀਰਥ ਇਸਨਾਨ ਬਾਰੇ ‘ਜਪੁ’ ਬਾਣੀ ਦੀ ਪਹਿਲੀ ਪਉੜੀ ’ਚ ਸੰਦੇਸ਼ ਹੈ, ‘‘ਸੋਚੈ, ਸੋਚਿ ਹੋਵਈ; ਜੇ ਸੋਚੀ ਲਖ ਵਾਰ ’’ (ਜਪੁ), ਇਸੇ ਤਰ੍ਹਾਂ ਭਗਤ ਤ੍ਰਿਲੋਚਨ ਜੀ ਜਪ, ਤਪ ਨੂੰ ਪਾਣੀ ਰਿੜਕਣਾ ਕਹਿ ਰਹੇ ਹਨ, ‘‘ਕਾਇ ਜਪਹੁ ਰੇ ! ਕਾਇ ਤਪਹੁ ਰੇ ! ਕਾਇ ਬਿਲੋਵਹੁ ਪਾਣੀ ਲਖ ਚਉਰਾਸੀਹ ਜਿਨਿ੍ ਉਪਾਈ; ਸੋ ਸਿਮਰਹੁ ਨਿਰਬਾਣੀ ’’ (ਭਗਤ ਤ੍ਰਿਲੋਚਨ/੫੨੬)

ਸੁਣਿਆ, ਮੰਨਿਆ, ਮਨਿ ਕੀਤਾ ਭਾਉ ਅੰਤਰਗਤਿ ਤੀਰਥਿ, ਮਲਿ ਨਾਉ ਉਚਾਰਨ : ਮਲ਼, ਨ੍ਹਾਉ।

ਪਦ ਅਰਥ : ਸੁਣਿਆ- ਸੁਣਨਾ ਚਾਹੀਦਾ ਹੈ। ਮੰਨਿਆ- ਮੰਨਣਾ ਚਾਹੀਦਾ ਹੈ, ਅਮਲ ਕਰਨਾ ਹੈ। ਮਨਿ- ਮਨ ਵਿੱਚ। ਕੀਤਾ- ਧਾਰਨਾ, ਰੱਖਣਾ। ਭਾਉ- ਪਿਆਰ। ਅੰਤਰਗਤਿ ਤੀਰਥਿ- ਅੰਦਰਲੇ ਤੀਰਥ ਉੱਤੇ ਭਾਵ ਆਪਣੇ ਆਪ ਨੂੰ (ਗੁਰਮਤਿ ਅਨੁਸਾਰੀ) ਪੜਚੋਲ ਕੇ। ਮਲਿ- ਮਲ ਕੇ, ਰਗੜ ਕੇ। ਨਾਉ- ਇਸ਼ਨਾਨ ਕਰੋ।

ਅਰਥ : (ਮੈਲ਼ੀ ਮੱਤ ਧੋਣ ਲਈ, ਜਿਸ ਨੇ ਗੁਰੂ ਉਪਦੇਸ਼ ਨੂੰ) ਸੁਣਿਆ, ਉਸ ’ਤੇ ਅਮਲ ਕੀਤਾ ਤੇ ਮਨ ’ਚ ਪ੍ਰੇਮ ਰੱਖਿਆ; ਉਸ ਨੇ ਮਾਨੋ ਆਪਣੇ ਅੰਦਰਲੇ ਤੀਰਥ ਉੱਤੇ ਰਗੜ-ਰਗੜ ਕੇ ਇਸ਼ਨਾਨ ਕੀਤਾ ਹੈ ਭਾਵ ਗੁਰੂ ਗਿਆਨ/ਰੌਸ਼ਨੀ ਨਾਲ਼ ਖ਼ੁਦ ਨੂੰ ਪੜ੍ਹ ਕੇ ਮਨ ਕਾਬੂ ਕੀਤਾ ਹੈ।

ਸਭਿ ਗੁਣ ਤੇਰੇ, ਮੈ ਨਾਹੀ ਕੋਇ ਵਿਣੁ ਗੁਣ ਕੀਤੇ, ਭਗਤਿ ਹੋਇ ਉਚਾਰਨ : ਮੈਂ, ਨਾਹੀਂ।

ਪਦ ਅਰਥ : ਸਭਿ- ਸਾਰੇ। ਮੈ- ਮੇਰੇ ਵਿੱਚ, ਮੇਰੇ ਅੰਦਰ। ਕੋਇ- ਕੋਈ (ਜ਼ੋਰ, ਸਮਰੱਥਾ, ਤਬਦੀਲੀ ਕਰਨਯੋਗ ਸ਼ਕਤੀ)। ਵਿਣੁ ਗੁਣ ਕੀਤੇ- (ਤੇਰੇ ਦੁਆਰਾ) ਉਪਕਾਰ ਕੀਤੇ ਬਿਨਾਂ, ਮਦਦ ਕਰਨ ਤੋਂ ਬਿਨਾਂ, ਸਹਾਈ ਬਣਨ ਤੋਂ ਵਗ਼ੈਰ।

ਅਰਥ : (ਮੈਲ਼ੀ ਮੱਤ ਨੂੰ ਧੋਣ ਉਪਰੰਤ ਸਿੱਖ ਧੰਨਵਾਦ ਕਰਦਾ ਹੈ ਕਿ ਹੇ ਪ੍ਰਭੂ !) ਤੈਂ ਹੀ ਸਾਰੇ ਉਪਕਾਰ ਕੀਤੇ ਹਨ ਯਾਨੀ ਤੇਰੀ ਬਖ਼ਸ਼ਸ਼ ਨਾਲ਼ ਹੀ ਮਨ ਕਾਬੂ ਕੀਤਾ ਹੈ; ਨਹੀਂ ਤਾਂ ਮੇਰੇ ਵਿੱਚ ਕੋਈ ਸਮਰੱਥਾ ਨਹੀਂ ਸੀ; ਜਿਵੇਂ ਕਿ ਪੰਜਵੇਂ ਪਾਤਿਸ਼ਾਹ ਜੀ ਦੇ ਭੀ ਬਚਨ ਹਨ, ‘‘ਮਨੁ ਬਸਿ () ਆਵੈ ਨਾਨਕਾ ! ਜੇ ਪੂਰਨ ਕਿਰਪਾ ਹੋਇ ’’ (ਮਹਲਾ /੨੯੮) ਤੇਰੇ ਇਸ ਉਪਕਾਰ ਤੋਂ ਬਿਨਾਂ (ਕਿਸੇ ਤੋਂ ਭੀ, ਤੇਰੀ) ਭਗਤੀ ਨਹੀਂ ਹੋ ਸਕਦੀ ਭਾਵ ਮੈਲ਼ੀ ਮੱਤ ਧੋਤੀ ਨਹੀਂ ਜਾ ਸਕਦੀ; ਜੈਸਾ ਕਿ ਪਿਛੇ 6ਵੀਂ ਪਉੜੀ ’ਚ ਬਚਨ ਸਨ, ‘‘ਵਿਣੁ ਕਰਮਾ (ਮਿਹਰ/ ਮਦਦ ਤੋਂ), ਕਿ ਮਿਲੈ ਲਈ  ? ’’ (ਜਪੁ)

ਸੁਅਸਤਿ, ਆਥਿ, ਬਾਣੀ, ਬਰਮਾਉ ਸਤਿ, ਸੁਹਾਣੁ, ਸਦਾ ਮਨਿ ਚਾਉ ਉਚਾਰਨ : ਬਰ੍ਹਮਾਉ।

ਪਦ ਅਰਥ : ਸੁਅਸਤਿ- ਕਲਿਆਣ ਸਰੂਪ, ਹਿਤੈਸ਼ੀ, ਸੁਤੰਤਰਤਾ ਦੇਣ ਵਾਲ਼ਾ। ਆਥਿ-ਮਾਇਆ। ਬਾਣੀ- ਬਣਾਵਟ, ਰਚਨਾ। ਬਰਮਾਉ- ਬ੍ਰਹਮਾ। ਸਤਿ- ਸਦੀਵੀ ਸਥਿਰ। ਸੁਹਾਣੁ- ਸੁੰਦਰ, ਮਨਮੋਹਣਾ। ਮਨਿ- ਮਨ ਵਿੱਚ। ਚਾਉ- ਖੇੜਾ, ਪ੍ਰਸੰਨ ਚਿੱਤ।

 ਅਰਥ : (ਹੇ ਕਰਤਾਰ ! ) ਤੂੰ ਹੀ ਬ੍ਰਹਮਾ ਹੈਂ, ਸਾਰੀ ਜਗਤ-ਰਚਨਾ ਹੈਂ, ਮਾਇਆ ਹੈਂ (ਤੇ ਇਸ ਤੋਂ) ਮੁਕਤੀ ਦੇਣ ਵਾਲ਼ਾ ਹਿਤੈਸ਼ੀ ਹੈਂ (ਕਿਉਂਕਿ) ਤੂੰ ਸਦੀਵੀ ਸਥਿਰ ਹੈਂ, ਗੁਣਾਂ ਭਰਪੂਰ ਹੈਂ ਤੇ ਸਦਾ ਅਨੰਦ-ਚਿਤ ਰਹਿੰਦਾ ਹੈਂ ਯਾਨੀ ਤੂੰ ਜੀਵਾਂ ਵਾਙ ਪੈਦਾ ਹੋ ਕੇ ਮਾਇਆ ’ਚ ਗ੍ਰਸਤ ਨਹੀਂ ਹੁੰਦਾ, ਦੁਖੀ ਨਹੀਂ ਰਹਿੰਦਾ; ਜੈਸਾ ਕਿ ਪਿਛੇ ਬਚਨ ਆਏ ਹਨ, ‘‘ਨਾਨਕ  ! ਵਿਗਸੈ ਵੇਪਰਵਾਹੁ.., ਵੇਖੈ ਵਿਗਸੈ ਕਰਿ ਵੀਚਾਰੁ .. ੩੭ (ਜਪੁ), ਤੇਰੈ+ਘਰਿ () ਆਨੰਦੁ; ਵਧਾਈ ਤੁਧੁ ਘਰਿ ()’’ (ਮਹਲਾ /੯੬੫)

ਕਵਣ ਸੁ ਵੇਲਾ  ? ਵਖਤੁ ਕਵਣੁ  ? ਕਵਣ ਥਿਤਿ  ? ਕਵਣੁ ਵਾਰੁ  ?

ਪਦ ਅਰਥ : ਕਵਣ- ਕਿਹੜਾ (ਇਸਤ੍ਰੀ ਲਿੰਗ ਪੜਨਾਂਵੀ ਵਿਸ਼ੇਸ਼ਣ)। ਸੁ- ਉਹ। ਵੇਲਾ- ਵਕਤ, ਸਮਾਂ (ਇਸਤ੍ਰੀ ਲਿੰਗ ਨਾਂਵ)। ਥਿਤਿ- (ਚੰਦ੍ਰਮਾ ਨਾਲ਼ ਸਬੰਧਿਤ ਦੂਜ, ਤੀਜ ਆਦਿ) ਤਿਥ। ਵਾਰ- (ਸੂਰਜ ਨਾਲ਼ ਸਬੰਧਿਤ ਸੋਮਵਾਰ, ਮੰਗਲਵਾਰ ਆਦਿ) ਦਿਨ।

ਅਰਥ : (ਹੇ ਨਿਰਾਕਾਰ ਪ੍ਰਭੂ !) ਉਹ ਕਿਹੜਾ ਸਮਾਂ ਸੀ ? ਕਿਹੜਾ ਵੇਲ਼ਾ (ਵਕਤ) ਸੀ ? ਕਿਹੜੀ ਤਿਥ ਸੀ ਤੇ ਕਿਹੜਾ ਦਿਨ ਸੀ ?

ਕਵਣ ਸਿ ਰੁਤੀ  ? ਮਾਹੁ ਕਵਣੁ  ? ਜਿਤੁ ਹੋਆ ਆਕਾਰੁ ਉਚਾਰਨ : ਮਾਹ।

ਪਦ ਅਰਥ : ਕਵਣ ਸਿ- ਕਿਹੜੀ ਉਹ (ਰੁੱਤ)। ਰੁਤੀ-(ਛੇ ਰੁੱਤਾਂ ’ਚੋਂ ਕੋਈ ਇੱਕ ਰੁੱਤ; ਜਿਵੇਂ ਕਿ ਚੇਤ+ਵੈਸਾਖ ਦੀ ਬਸੰਤ ਰੁੱਤ, ਜੇਠ+ਹਾੜ ਦੀ ਗ੍ਰੀਖਮ ਰੁੱਤ/ਗਰਮ ਰੁੱਤ, ਸੌਣ+ਭਾਦੋਂ ਦੀ ਪਾਵਸ ਰੁੱਤ/ਵਰਖਾ ਰੁੱਤ, ਅੱਸੂ+ਕੱਤਕ ਦੀ ਸਰਦ ਰੁੱਤ, ਮੱਘਰ+ਪੋਹ ਦੀ ਹਿਮ ਰੁੱਤ/ਵੱਧ ਠੰਢੀ ਰੁੱਤ ਅਤੇ ਮਾਘ+ਫੱਗਣ ’ਚ ਸ਼ਿਸ਼ਿਰ (ਖ਼ਿਜ਼ਾਂ ਯਾਨੀ ਪੱਤਝੜ) ਰੁੱਤ। ਮਾਹੁ- ਮਹੀਨਾ। ਜਿਤੁ- ਜਿਸ ਵਿੱਚ ਜਾਂ ਜਿਸ ਨਾਲ਼। ਆਕਾਰੁ-ਬ੍ਰਹਿਮੰਡ, ਕੁਦਰਤ, ਸੰਸਾਰ।

ਅਰਥ : ਉਹ ਕਿਹੜੀ ਰੁੱਤ ਤੇ ਕਿਹੜਾ ਮਹੀਨਾ ਸੀ ? ਜਿਸ (ਘਟਨਾਕ੍ਰਮ) ਵਿੱਚ ਕੁਦਰਤ ਰਚੀ ?

ਵੇਲ ਪਾਈਆ ਪੰਡਤੀਂ; ਜਿ ਹੋਵੈ ਲੇਖੁ ਪੁਰਾਣੁ ਉਚਾਰਨ : ਵੇਲ਼।

ਪਦ ਅਰਥ : ਪਾਇਆ-ਲੱਭਿਆ। ਪੰਡਤੀਂ- ਪੰਡਿਤਾਂ ਨੇ। ਜਿ- ਨਹੀਂ ਤਾਂ, ਵਰਨਾ। ਲੇਖੁ ਪੁਰਾਣੁ- ਪੁਰਾਣ ਵਰਗਾ ਕੋਈ ਲੇਖ-ਪ੍ਰਸੰਗ।

ਅਰਥ : ਉਹ ਸਮਾਂ (ਹਿੰਦੂ) ਪੰਡਿਤਾਂ ਨੇ ਭੀ ਨਾ ਲੱਭਿਆ ਵਰਨਾ (ਇਸ ਘਟਨਾ ਦਾ ਭੀ) ਪੁਰਾਣ ਵਾਙ ਕੋਈ ਪ੍ਰਸੰਗ ਲਿਖਿਆ ਹੁੰਦਾ।

ਵਖਤੁ ਪਾਇਓ ਕਾਦੀਆ, ਜਿ ਲਿਖਨਿ ਲੇਖੁ ਕੁਰਾਣੁ ਉਚਾਰਨ : ਕਾਦੀਆਂ, ਲਿਖਨ੍।

ਪਦ ਅਰਥ : ਵਖਤੁ- ਵਕਤ, ਸਮਾਂ। ਪਾਇਓ- ਮਿਲਿਆ। ਕਾਦੀਆ-(ਨਿਆਂ ਦੇਣ ਵਾਲ਼ੇ ਮੁਸਲਮਾਨ) ਕਾਜ਼ੀਆਂ ਨੇ। ਲਿਖਨਿ- ਲਿਖ ਦਿੰਦੇ (ਬਹੁ ਵਚਨ ਕਿਰਿਆ)। ਲੇਖੁ ਕੁਰਾਨੁ- ਕੁਰਾਨ ਵਰਗਾ ਕੋਈ ਪ੍ਰਸੰਗ।

ਅਰਥ : ਕਾਜ਼ੀਆਂ ਨੇ ਭੀ ਉਹ ਸਮਾਂ ਨਾ ਲੱਭਿਆ ਵਰਨਾ (ਇਸ ਸਬੰਧ ’ਚ ਭੀ) ਕੁਰਾਨ ਵਾਙ ਲੇਖ ਲਿਖ ਦਿੰਦੇ।

ਥਿਤਿ ਵਾਰੁ, ਨਾ ਜੋਗੀ ਜਾਣੈ; ਰੁਤਿ ਮਾਹੁ ਨਾ ਕੋਈ ਉਚਾਰਨ : ਮਾਹ।

ਪਦ ਅਰਥ : ਥਿਤਿ ਵਾਰੁ- (ਚੰਦ੍ਰਮਾ ਦੀ) ਤਿਥ (ਤੇ ਸੂਰਜ ਦਾ) ਦਿਨ। ਮਾਹੁ- ਮਹੀਨਾ। ਕੋਈ- ਕੋਈ ਭੀ।

ਅਰਥ : (ਜਗਤ-ਰਚਨਾ ਦੀ ਪਹਿਲੀ) ਕਿਸੇ ਤਿਥ, ਕੋਈ ਦਿਨ, ਕਿਸੇ ਰੁੱਤ, ਕਿਸੇ ਮਹੀਨੇ ਬਾਰੇ (ਕਰਾਮਾਤੀ) ਜੋਗੀ ਭੀ ਨਹੀਂ ਜਾਣਦਾ।

ਜਾ ਕਰਤਾ, ਸਿਰਠੀ ਕਉ ਸਾਜੇ; ਆਪੇ ਜਾਣੈ ਸੋਈ

ਪਦ ਅਰਥ : ਜਾ- ਜਿਹੜਾ। ਕਰਤਾ- ਕਰਤਾਰ, ਸਿਰਜਣਹਾਰ-ਮਾਲਕ। ਸਿਰਠੀ ਕਉ-ਸ੍ਰਿਸ਼ਟੀ ਨੂੰ। ਆਪੇ- ਆਪ ਹੀ। ਸੋਈ- ਉਹੀ।

ਅਰਥ : ਜਿਹੜਾ ਕਰਤਾਰ; ਜਗਤ-ਰਚਨਾ ਨੂੰ ਪੈਦਾ ਕਰਦਾ ਹੈ, ਉਹ ਆਪ ਹੀ (ਇਸ ਦੇ ਅਰੰਭਕ ਤਿਥ, ਦਿਨ ਜਾਂ ਮਹੀਨੇ ਨੂੰ) ਜਾਣਦਾ ਹੈ।

ਨੋਟ : ਚੇਤੇ ਰਹੇ ਕਿ ‘ਕਰਤੇ ਕੈ ਕਰਣੈ’ ਦਾ ਅਰਥ ਹੈ, ‘ਕਰਤਾਰ ਦੇ ਜਗਤ-ਖਿਲਾਰੇ ’ਚ’, ਇੱਥੇ ਉਸੇ ‘ਕਰਤੇ’ ਨੂੰ ‘ਜਾ ਕਰਤਾ’ ਕਿਹਾ ਹੈ ਯਾਨੀ 16ਵੀਂ ਪਉੜੀ ‘‘ਪੰਚ ਪਰਵਾਣੁ..’’ ਤੋਂ ਹੀ ਨਿਰੰਤਰ ਕਰਤਾਰ ਦੇ ਗੁਣਾਂ ਨੂੰ ਉਸ ਦੁਆਰਾ ਰਚੀ ਕੁਦਰਤ ਵਿੱਚੋਂ ਵੇਖਣਾ ਜਾਰੀ ਹੈ।

ਕਿਵ ਕਰਿ ਆਖਾ  ? ਕਿਵ ਸਾਲਾਹੀ  ? ਕਿਉ ਵਰਨੀ  ? ਕਿਵ ਜਾਣਾ  ?

ਉਚਾਰਨ : ਆਖਾਂ, ਸਾਲਾਹੀਂ, ਕਿਉਂ।

ਪਦ ਅਰਥ : ਕਿਵ ਕਰਿ- ਕਿਸ ਤਰ੍ਹਾਂ, ਕਿਵੇਂ। ਆਖਾ- ਆਖਾਂ, ਬਿਆਨ ਕਰਾਂ। ਕਿਵ- ਕਿਵੇਂ। ਸਾਲਾਹੀ- ਸਿਫ਼ਤ-ਸਾਲਾਹ ਕਰਾਂ। ਕਿਉ- ਕਿਵੇਂ, ਕਿਸ ਤਰ੍ਹਾਂ। ਵਰਨੀ- ਵਰਣਨ ਕਰਾਂ (ਉੱਤਮ ਪੁਰਖ ਇੱਕ ਵਚਨ ਕਿਰਿਆ)।

ਅਰਥ : (ਸੋ ਜਗਤ-ਰਚਨਾ ਦੀ ਅਰੰਭਤਾ) ਮੈਂ ਕਿਵੇਂ ਬਿਆਨ ਕਰਾਂ  ? (ਇਸ ਨੂੰ ਰਚਨਹਾਰ ਦੀ) ਕਿਵੇਂ ਸਿਫ਼ਤ-ਸਲਾਹ ਕਰਾਂ  ? (ਉਸ ਦੇ ਪੂਰਨ ਗੁਣਾਂ ਦਾ) ਕਿਵੇਂ ਵਰਣਨ ਕਰਾਂ  ? ਕਿਵੇਂ ਜਾਣਾ  ?

ਨਾਨਕ  ! ਆਖਣਿ ਸਭੁ ਕੋ ਆਖੈ; ਇਕ ਦੂ ਇਕੁ ਸਿਆਣਾ ਉਚਾਰਨ : ਦੂੰ।

ਪਦ ਅਰਥ : ਨਾਨਕ- ਹੇ ਨਾਨਕ ! ਆਖਣਿ- ਮੂੰਹ ਨਾਲ਼ ਭਾਵ ਜ਼ਬਾਨੀ-ਜ਼ਬਾਨੀ [ਚੇਤੇ ਰਹੇ ਕਿ ਇਹ ਭਾਵਾਰਥ ਕਿਰਦੰਤ, ਨਾਂਵ ਹੈ, ਇਸ ਲਈ ਨਾਂਵ ਵਾਲ਼ੇ ਹੀ ਵਿਆਕਰਨ ਨਿਯਮ ਲਾਗੂ ਹੋਏ ਹਨ। ਜੇਕਰ ‘ਣਿ’ ਦੀ ਥਾਂ ‘ਨਿ’ (ਆਖਨਿ) ਹੁੰਦਾ; ਤਾਂ ਇਹ ਬਹੁ ਵਚਨ, ਅਨ੍ਯ ਪੁਰਖ ਕਿਰਿਆ ਹੁੰਦੀ ਤੇ ਅਰਥ ਬਣਦਾ ‘ਆਖਦੇ ਹਨ’]। ਕੋ- ਕੋਈ। ਇਕ ਦੂ ਇਕੁ- ਇੱਕ ਤੋਂ ਇੱਕ, ਇੱਕ ਤੋਂ ਵਧ ਕੇ ਇੱਕ (ਸਿਆਣਾ)।

ਅਰਥ : ਹੇ ਨਾਨਕ  ! (ਆਖ, ਕਿ) ਇੱਕ ਤੋਂ ਇੱਕ ਸਿਆਣਾ ਬਣਨ ਲਈ ਹਰ ਕੋਈ ਜ਼ਬਾਨੀ-ਜ਼ਬਾਨੀ (ਬ੍ਰਹਿਮੰਡ ਦੀ ਅਰੰਭਤਾ ਬਾਰੇ) ਦੱਸਦਾ ਹੈ (ਪਰ ਅਸਲ ’ਚ ਕਰਤੇ ਕੈ ਕਰਣੈ ਨੂੰ ਪੂਰਨ ਤੌਰ ’ਤੇ ਕੋਈ ਭੀ ਨਹੀਂ ਜਾਣ ਸਕਦਾ ਕਿਉਂਕਿ)

ਵਡਾ ਸਾਹਿਬੁ, ਵਡੀ ਨਾਈ; ਕੀਤਾ ਜਾ ਕਾ ਹੋਵੈ

ਪਦ ਅਰਥ : ਸਾਹਿਬੁ- ਮਾਲਕ, ਕਰਤਾਰ। ਨਾਈ-ਅਸਨਾਈ, ਮਹਿਮਾ। ਕੀਤਾ- ਬਣਾਇਆ। ਜਾ ਕਾ- ਜਿਸ ਦਾ, ਜਿਸ ਦੁਆਰਾ।

ਅਰਥ : ਜਿਸ (ਮਾਲਕ) ਦੁਆਰਾ ਬ੍ਰਹਿਮੰਡ ਰਚਿਆ ਗਿਆ ਹੈ, (ਉਹ) ਮਾਲਕ ਬੜਾ ਵੱਡਾ ਹੈ, (ਉਸ ਦੀ) ਮਹਿਮਾ (ਭਾਵ ਜਗਤ-ਪਸਾਰਾ) ਭੀ ਵਿਸ਼ਾਲ ਹੈ।

ਨਾਨਕ  ! ਜੇ ਕੋ ਆਪੋਂ ਜਾਣੈ; ਅਗੈ ਗਇਆ, ਸੋਹੈ ੨੧ ਉਚਾਰਨ : ਅੱਗੈ, ਗਇਆਂ।

ਪਦ ਅਰਥ : ਨਾਨਕ- ਹੇ ਨਾਨਕ ! ਜੇ-ਜੇਕਰ, ਅਗਰ। ਕੋ- ਕੋਈ। ਆਪੋਂ- ਆਪਣੇ ਆਪ ਤੋਂ, ਆਪਣੀ ਅਕਲ ਨਾਲ਼ ਭਾਵ ਪੰਜ ਗਿਆਨ ਇੰਦ੍ਰਿਆਂ (ਅੱਖ, ਨੱਕ, ਕੰਨ, ਜੀਭ ਤੇ ਚਮੜੀ) ਰਾਹੀਂ (ਪ੍ਰਾਪਤ ਹੋਏ ਗਿਆਨ ’ਤੇ ਨਿਰਭਰ ਰਹਿ ਕੇ ਯਾਨੀ ਗੁਰੂ ਗਿਆਨ ਤੋਂ ਬਿਨਾਂ)। ਅਗੈ- (ਜ਼ਿੰਦਗੀ ’ਚ ਤੇ ਮਰਨ ਤੋਂ) ਬਾਅਦ ਭਾਵ ਲੇਖਾ-ਜੋਖਾ ਦੇਣ ਸਮੇਂ। ਨ ਸੋਹੈ- ਨਹੀਂ ਸ਼ੋਭਦਾ, ਨਹੀਂ ਸਤਿਕਾਰ ਪਾ ਸਕਦਾ (ਕਿਉਂਕਿ ਉਸ ਨੇ ਸਾਰੀ ਉਮਰ ਬ੍ਰਹਮਾ ਵਾਙ ਅਹੰਕਾਰ ’ਚ ਕੁਦਰਤ ਦਾ ਅੰਤ ਹੀ ਲੱਭਣਾ ਚਾਹਿਆ। ਕੁਦਰਤਿ ਰਾਹੀਂ ਮਾਲਕ ਦੇ ਵਿਸ਼ਾਲ ਗੁਣਾਂ ਨੂੰ ਪਹਿਚਾਨ ਕੇ ਵਾਹ ! ਵਾਹ ! ਨਾ ਕੀਤਾ)

ਅਰਥ : ਹੇ ਨਾਨਕ  ! (ਆਖ, ਕਿ) ਜੇ ਕੋਈ ਆਪਣੀ ਸਮਝ ਨਾਲ਼ (ਕਰਤਾਰ ਨੂੰ) ਜਾਣਨਾ ਚਾਹੁੰਦਾ ਹੈ (ਤਾਂ ਨਹੀਂ ਜਾਣ ਸਕਦਾ ਅਤੇ) ਅਗਾਂਹ (ਦਰਗਾਹ ’ਚ) ਪਹੁੰਚ ਕੇ ਨਹੀਂ ਸ਼ੋਭਦਾ ਭਾਵ ਇੱਥੇ ਅਹੰਕਾਰ ਕਾਰਨ ਦੁਖੀ ਰਹਿੰਦਾ ਹੈ ਤੇ ਅਗਾਂਹ ਆਵਾਗਮਣ ’ਚ ਪੈਂਦਾ ਹੈ। ਆਪਣੀ ਮੈਲ਼ੀ ਮੱਤ ਨੂੰ ਧੋਣ ਲਈ ਕੁੱਝ ਨਾ ਕੀਤਾ।

ਵਿਚਾਰ : ਇਸ 21ਵੀਂ ਪਉੜੀ ’ਚ ਦੋ ਵਾਰ ‘ਨਾਨਕ’ ਹੈ; ਜੈਸਾ ਕਿ ‘‘ਨਾਨਕ  ! ਆਖਣਿ ਸਭੁ ਕੋ ਆਖੈ; ਇਕ ਦੂ ਇਕੁ ਸਿਆਣਾ॥, ਨਾਨਕ  ! ਜੇ ਕੋ ਆਪੋਂ ਜਾਣੈ; ਅਗੈ ਗਇਆ, ਨ ਸੋਹੈ॥ ੨੧॥’’, ਇਸ ਦਾ ਭਾਵ ਹੈ ਕਿ ਗੁਰੂ ਸਾਹਿਬ ਜੀ ਆਪਣੀ ਬਾਣੀ ’ਚ ਜਿੱਥੇ ਭੀ ਕਰਤਾਰ ਅਤੇ ਉਸ ਦੁਆਰਾ ਰਚੀ ਕੁਦਰਤ ਦੀ ਵਿਸ਼ਾਲਤਾ ਦਾ ਵਰਣਨ ਕਰਦੇ ਹਨ; ਓਥੇ ਆਪਣੇ ਆਪ ਨੂੰ ਨਿਮਾਣਾ ਸਿੱਧ ਕਰਨ ਲਈ ‘ਨਾਨਕ’ ਸ਼ਬਦ ਦਰਜ ਕਰਨਾ ਨਹੀਂ ਭੁਲਦੇ ਤਾਂ ਕਿ ਮਤਾਂ ਨਾਨਕ ਭੀ ਕਰਤਾਰ ਦਾ ਅੰਤ ਪਾਉਣ ਦਾ ਯਤਨ ਕਰਦਾ, ਪ੍ਰਤੀਤ ਹੋਵੇ। ਇਸ ਲਈ ਇੱਕ ਵਾਰ ਵਧੀਕ ‘ਨਾਨਕ’; ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਅਗਾਂਹ 27ਵੀਂ ਪਉੜੀ ’ਚ ਭੀ ‘ਨਾਨਕ’ ਦੋ ਵਾਰ ਹੈ।

ਪਾਤਾਲਾ ਪਾਤਾਲ ਲਖ ਆਗਾਸਾ ਆਗਾਸ

ਉਚਾਰਨ : ਪਾਤਾਲਾਂ, ਲੱਖ, ਆਗਾਸਾਂ।

ਪਦ ਅਰਥ : ਪਾਤਾਲਾ ਪਾਤਾਲ ਲਖ- ਪਤਾਲਾਂ ਹੇਠਾਂ ਲੱਖ ਹੋਰ ਪਤਾਲ ਲੋਕ (ਨੋਟ : ਪੁਰਾਣਾ ਅਨੁਸਾਰ ਇਸ ਧਰਤੀ ’ਤੇ 7 ਲੋਕ/ਭਵਨ ਹਨ, ਜਿਨ੍ਹਾਂ ’ਚੋਂ ਸਭ ਤੋਂ ਹੇਠਲਾ ‘ਪਾਤਾਲ ਲੋਕ’ ਹੈ ਤੇ ਸਭ ਤੋਂ ਉੱਪਰਲਾ ‘ਆਕਾਸ਼ ਲੋਕ’)। ਆਗਾਸਾ ਆਗਾਸ ਲਖ-ਅਕਾਸ਼ ਤੋਂ ਉਤਾਂਹ ਲੱਖ ਹੋਰ ਅਕਾਸ਼।

ਅਰਥ : (ਪੁਰਾਣਾ ਅਨੁਸਾਰ ਇਸ) ਪਤਾਲ ਲੋਕ ਹੇਠਾਂ ਲੱਖ ਹੋਰ ਪਤਾਲ ਲੋਕ ਹਨ ਤੇ ਇਸ ਅਕਾਸ਼ ਲੋਕ ਦੇ ਉੱਪਰ ਲੱਖ ਹੋਰ ਆਕਾਸ਼ ਲੋਕ ਹਨ।

ਓੜਕ ਓੜਕ ਭਾਲਿ ਥਕੇ; ਵੇਦ ਕਹਨਿ ਇਕ ਵਾਤ ਉਚਾਰਨ : ਥੱਕੇ।

ਪਦ ਅਰਥ : ਓੜਕ ਓੜਕ-(ਇਨ੍ਹਾਂ ਦਾ ਉਤਾਂਹ) ਅੰਤ (ਅਤੇ ਹੇਠਾਂ) ਅੰਤ। ਭਾਲਿ ਥਕੇ- (ਰਿਸ਼ੀ-ਮੁਨੀ) ਭਾਲਦੇ ਭਾਲਦੇ ਹਾਰ ਗਏ, ਮਰ ਗਏ। ਵੇਦ- ਚਾਰ ਵੇਦ (ਰਿਗ ਵੇਦ, ਯਜੁਰ ਵੇਦ, ਸਾਮ ਵੇਦ, ਅਥ੍ਰਵਨ ਵੇਦ)। ਕਹਨਿ- ਕਹਿੰਦੇ ਹਨ (ਬਹੁ ਵਚਨ ਕਿਰਿਆ)। ਇਕ ਵਾਤ- ਇੱਕ ਸੁਰ ਵਿੱਚ, ਇੱਕ ਜ਼ਬਾਨ ਹੋ ਕੇ।

ਅਰਥ : ਚਾਰੋਂ ਵੇਦ (ਗਿਆਤਾ ਪੰਡਿਤ) ਇੱਕ ਮੱਤ ਹੋ ਕੇ ਆਖਦੇ ਹਨ (ਕਿ ਰਿਸ਼ੀ ਲੋਕ ਇਨ੍ਹਾਂ ਪਤਾਲਾਂ-ਅਕਾਸ਼ਾਂ ਦਾ ਹੇਠਲਾ) ਅੰਤ (ਤੇ ਉਤਾਂਹ ਪੁਲਾੜ ਦਾ) ਅੰਤ ਲੱਭਦੇ-ਲੱਭਦੇ ਮਰ ਗਏ (ਭਾਵ ਉਮਰ ਭਰ ‘ਕਰਤੇ ਕੈ ਕਰਣੈ’ ਨੂੰ ਪੜਚੋਲਿਆ, ਨਾ ਕਿ ਆਪਣੇ ਆਪ ਨੂੰ)

ਵਿਚਾਰ : ਪ੍ਰਾਚੀਨ ਕਥਾ ਅਨੁਸਾਰ ਬ੍ਰਹਮਾ; ਵਿਸ਼ਨੂੰ ਦੀ ਨਾਭੀ ’ਚੋਂ ਉੱਗੇ ਕੰਵਲ ਦੇ ਫੁੱਲ ਤੋਂ ਪੈਦਾ ਹੋਇਆ ਸੀ। ਵੱਡਾ ਹੋ ਕੇ ਕਮਲ ਦੀ ਜੜ੍ਹ; 36 ਯੁੱਗ (18 ਯੁੱਗ ਗਿਆ, 18 ਯੁੱਗ ਵਾਪਸ ਆਇਆ) ਲੱਭਦਾ ਰਿਹਾ, ਪਰ ਜੜ੍ਹ ਨਾ ਮਿਲੀ; ਜਿਵੇਂ ਕਿ ਵਾਕ ਹਨ, ‘‘ਹੁਕਮੇ ਜੁਗ ਛਤੀਹ ਗੁਦਾਰੇ (ਮਹਲਾ /੧੦੩੭), ਨਾਭਿ ਵਸਤ, ਬ੍ਰਹਮੈਂ (ਨੇ) ਅੰਤ ਜਾਣਿਆ (ਮਹਲਾ /੧੨੩੭), ਓੜਕ ਭਾਲਣਿ ਗਏ, ਸਿ ਫੇਰ ਆਇਆ’’ (ਭਾਈ ਗੁਰਦਾਸ ਜੀ/ ਵਾਰ ੨੨, ਪਉੜੀ ) ਤਾਂ ਤੇ ਇਹ ‘‘ਓੜਕ ਓੜਕ ਭਾਲਿ ਥਕੇ..’’ ਵਾਕ ਭੀ ਬ੍ਰਹਮੇ ਵਰਗਿਆਂ ਵੱਲ ਸੰਕੇਤਿਕ ਹੈ।

ਸਹਸ ਅਠਾਰਹ, ਕਹਨਿ ਕਤੇਬਾ; ਅਸੁਲੂੰ ਇਕ ਧਾਤੁ ਉਚਾਰਨ : ਅਠਾਰ੍ਹਾਂ, ਕਤੇਬਾਂ।

ਪਦ ਅਰਥ : ਸਹਸ- ਹਜ਼ਾਰ। ਅਠਾਰਹ- ਅਠਾਰ੍ਹਾਂ। ਕਤੇਬਾ- ਈਸਾਈ ਤੇ ਇਸਲਾਮ ਮੱਤ ਦੀਆਂ ਚਾਰ ਧਾਰਮਿਕ ਪੁਸਤਕਾਂ (ਕੁਰਾਨ, ਅੰਜੀਲ, ਤੌਰੇਤ, ਜ਼ੰਬੂਰ)। ਅਸੁਲੂੰ- ਅਸਲ (ਮੁੱਢ/ਮੂਲ) ਤੋਂ ਭਾਵ ਇੱਕ ਅੱਲ੍ਹਾ ਤੋਂ। ਇਕ ਧਾਤੁ- ਇੱਕ ਅਸਲੀਅਤ ਭਾਵ ਇੱਕ ਅੱਲ੍ਹਾ। ਅਸੁਲੂੰ ਇਕ ਧਾਤੁ- ਇੱਕੋ ਮੂਲ ਅੱਲ੍ਹ ਤੋਂ।

ਅਰਥ : ਚਾਰੋਂ ਕਤੇਬਾਂ ਕਹਿੰਦੀਆਂ ਹਨ ਕਿ (‘ਕਰਤੇ ਕੈ ਕਰਣੈ’ ਨੂੰ ਜਾਣਨਹਾਰ ਕੇਵਲ) 18 ਹਜ਼ਾਰ ਆਲਮ/ਵਿਦਵਾਨ ਹਨ, ਜਿਨ੍ਹਾਂ ਨੂੰ ਇੱਕ ਅੱਲ੍ਹ ਤੋਂ ਸੋਝੀ ਮਿਲੀ ਹੈ।

ਭਗਤ ਨਾਮਦੇਵ ਜੀ ਦੇ ਬਚਨ ਹਨ ਕਿ ਹੇ ਪਾਤਿਸ਼ਾਹ ! (ਤੇਰੀ ਕੁਦਰਤ ’ਚ) ਕਿੰਨੇ ਹੀ ਹਜ਼ਾਰ ਯਾਨੀ ਅਣਗਿਣਤ ਆਲਮ ਹਨ; ਜਿਨ੍ਹਾਂ ਦਾ ਰਖਵਾਲਾ ਇਕਲੌਤਾ ਤੂੰ ਹੈਂ, ‘‘ਚੰਦਂੀ ਹਜਾਰ ਆਲਮ; ਏਕਲ ਖਾਨਾਂ ’’ (ਭਗਤ ਨਾਮਦੇਵ/੭੨੭)

ਵਿਚਾਰ : ਚਾਰ ਕਤੇਬਾਂ ਦੇ ਲਿਖਾਰੀ ਇਹ ਹਨ : ਹਜਰਤ ਮੂਸਾ ਜੀ ਨੂੰ ਪ੍ਰਗਟ ਹੋਈ ਯਹੂਦੀਆਂ ਦੀ ਧਾਰਮਿਕ ਪੁਸਤਕ ਹੈ ‘ਤੌਰੇਤ’। ਜਰੂਸਲਮ ਦੇ ਬਾਦਿਸ਼ਾਹ ਹਜ਼ਰਤ ਦਾਊਦ ਨੂੰ ਪ੍ਰਗਟ ਹੋਈ ਕਿਤਾਬ ਹੈ ‘ਜ਼ੱਬੂਰ’। ਈਸਾਈਆਂ ਦਾ ਧਰਮ ਗ੍ਰੰਥ ਹੈ ‘ਅੰਜੀਲ’ ਅਤੇ ਹਜ਼ਰਤ ਮੁਹੰਮਦ ਸਾਹਿਬ ਨੂੰ ਪ੍ਰਗਟ ਹੋਈ ਮੁਸਲਮਾਨਾਂ ਦੀ ਧਾਰਮਿਕ ਪੁਸਤਕ ਹੈ ‘ਕੁਰਾਨ’।

ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਵਿਚਾਰਧਾਰ ਸਾਮ੍ਹਣੇ ਰੱਖਣ ਤੋਂ ਪਹਿਲਾਂ ਜਦ ਅਨਮਤ ਗ੍ਰੰਥਾਂ ਦੀ ਮਿਸਾਲ ਦਿੱਤੀ ਹੋਵੇ ਤਾਂ ਓਥੇ ਉਸ ਵਿਚਾਰਧਾਰਾ ਨਾਲ਼ ਅਸਹਿਮਤੀ ਜਤਾਈ ਗਈ ਹੈ; ਜਿਵੇਂ ਕਿ ‘ਜਪੁ’ ਬਾਣੀ ਦੀ 30ਵੀਂ ਪਉੜੀ ’ਚ ਪਹਿਲਾਂ ਅਨਮਤ ਹੈ, ‘‘ਏਕਾ ਮਾਈ ਜੁਗਤਿ ਵਿਆਈ; ਤਿਨਿ ਚੇਲੇ ਪਰਵਾਣੁ ’’, ਬਾਅਦ ’ਚ ਆਪਣੇ ਇਸ ਮੱਤ ‘‘ਓਹੁ ਵੇਖੈ ਓਨਾ ਨਦਰਿ ਆਵੈ; ਬਹੁਤਾ ਏਹੁ ਵਿਡਾਣੁ ’’ ਰਾਹੀਂ ਉਸ ਅਨਮਤ ਨੂੰ ਅਰਥਹੀਣ ਸਾਬਤ ਕਰ ਦਿੱਤਾ। ਗੁਰਬਾਣੀ ਲਿਖਤ ਦੀ ਇਸ ਯੁਕਤੀ ਦੀ ਪੁਸ਼ਟੀ; ਗੁਰੂ ਰਾਮਦਾਸ ਜੀ ਇਉਂ ਕਰਦੇ ਹਨ, ‘‘ਪਹਿਲਾ ਆਗਮੁ ਨਿਗਮੁ, ਨਾਨਕੁ ਆਖਿ ਸੁਣਾਏ; ਪੂਰੇ ਗੁਰ ਕਾ ਬਚਨੁ ਉਪਰਿ ਆਇਆ ’’ (ਮਹਲਾ /੩੦੪) ‘ਆਗਮੁ ਨਿਗਮੁ’ ਦਾ ਅਰਥ ਹੈ ‘ਸ਼ਾਸਤਰ ਤੇ ਵੇਦ’। ਇਸ ਵਿਸ਼ੇ ਦੀ ਹੋਰ ਵਿਚਾਰ; 30ਵੀਂ ਪਉੜੀ ਦੇ ਅਰਥ ਸਮਝਣ ਤੋਂ ਬਾਅਦ ਕੀਤੀ ਜਾਏਗਾ।

ਜਦ ਗੁਰੂ ਸਾਹਿਬ ਆਪਣੇ ਕਿਸੇ ਸ਼ਬਦ ’ਚ ਪਹਿਲਾਂ ਆਪਣਾ ਮੱਤ ਸਪਸ਼ਟ ਕਰ ਦੇਣ ਤੇ ਬਾਅਦ ’ਚ ਅਨਮਤ ਦਾ ਹਵਾਲਾ ਹੋਵੇ ਤਾਂ ਓਥੇ ਅਨਮਤ ਨੂੰ ਰੱਦ ਨਹੀਂ ਕੀਤਾ ਹੁੰਦਾ ਬਲਕਿ ਆਪਣੇ ਵਿਚਾਰਾਂ ਦੀ ਹੋਰ ਸਪਸ਼ਟਤਾ ਲਈ ਅਨਮਤ ਗ੍ਰੰਥਾਂ ਦੀ ਮਿਸਾਲ ਦਿੱਤੀ ਗਈ ਹੁੰਦੀ ਹੈ; ਜਿਵੇਂ ਕਿ ਪਿਛੇ 21ਵੀਂ ਪਉੜੀ ‘‘ਤੀਰਥੁ, ਤਪੁ, ਦਇਆ, ਦਤੁ ਦਾਨੁ ’’ ’ਚ ਆਪਣਾ ਵਿਸ਼ਾ ‘‘ਕਵਣਿ ਸਿ ਰੁਤੀ ਮਾਹੁ ਕਵਣੁ; ਜਿਤੁ ਹੋਆ ਆਕਾਰੁ ’’ ਸਪਸ਼ਟ ਕੀਤਾ ਅਤੇ ਬਾਅਦ ’ਚ ਅਨਮਤੀ ਗ੍ਰੰਥਾਂ ‘‘ਵੇਲ ਪਾਈਆ ਪੰਡਤੀ ਵਖਤੁ ਪਾਇਓ ਕਾਦੀਆ ਥਿਤਿ ਵਾਰੁ ਨਾ ਜੋਗੀ ਜਾਣੈ.. ’’ ਰਾਹੀਂ ਆਪਣੇ ਵਿਸ਼ੇ ਨੂੰ ਹੋਰ ਸਪਸ਼ਟ ਕੀਤਾ ਹੈ।

ਇਸ 22ਵੀਂ ਪਉੜੀ ’ਚ ਪਹਿਲਾਂ ਅਨਮਤੀ ਗ੍ਰੰਥਾਂ ਦੀ ਮਿਸਾਲ ਹੈ ‘ਲੱਖ ਪਾਤਾਲ/ਅਕਾਸ਼’ ਜਾਂ ‘18 ਹਜ਼ਾਰ ਆਲਮ’, ਜਿਸ ਨਾਲ਼ ਕਰਤਾਰ ਦੀ ਕੁਦਰਤ ਦੇ ਪੈਂਦੇ ਅੰਤ ਨਾਲ਼ ਗੁਰੂ ਜੀ ਆਪਣੀ ਅਸਹਿਮਤ ਜਤਾ ਰਹੇ ਹਨ, ਜਿਸ ਦਾ ਜ਼ਿਕਰ ਹੇਠਾਂ ਕੀਤਾ ਹੈ :

ਲੇਖਾ ਹੋਇ, ਲਿਖੀਐ; ਲੇਖੈ ਹੋਇ ਵਿਣਾਸੁ

ਪਦ ਅਰਥ : ਲੇਖਾ ਹੋਇ- ਜੇ ਲੇਖਾ ਹੋ ਸਕਦਾ ਹੋਵੇ, ਜੇ ਅੰਤ ਪੈਂਦਾ ਹੋਏ। ਤ- ਤਾਂ। ਲਿਖੀਐ- ਲਿਖੀਏ, ਲਿਖਿਆ ਜਾ ਸਕਦਾ ਹੈ। ਲੇਖੈ ਵਿਣਾਸੁ- ਲੇਖੇ ਦਾ ਨਾਸ, ਸੰਖਿਅਕ ਹਿੰਦਸਿਆਂ/ਅੰਕਾਂ ਦਾ ਮੁੱਕਣਾ (ਨਾ ਕਿ ਲੱਖ ਜਾਂ ਹਜ਼ਾਰ ਹਿੰਦਸੇ ਨਾਲ਼ ਪੂਰਾ ਆਂਕੀਦਾ ਹੈ)।

ਅਰਥ : (‘ੴ’ ਦੇ ਇਕੋ ਹੁਕਮ ਨਾਲ਼ ਪੈਦਾ ਹੋਈ ਵਿਸ਼ਾਲ ਕੁਦਰਤ ਦਾ) ਜੇ ਅੰਤ ਪੈਂਦਾ ਹੋਏ ਤਾਂ ਹੀ ਕਿਸੇ ਅੰਕ ਦਾ ਸਹਾਰਾ ਲਈਏ; ਜਿਵੇਂ ਕਿ ਅਨਮਤ ਨੇ ‘ਲੱਖ’ ਤੇ ‘ਹਜ਼ਾਰ’ ਦਾ ਲਿਆ ਹੈ (ਉਸ ਨੂੰ ‘‘ਅਸੰਖ ਕਹਹਿ’’ ਤਾਂ ਭੀ ‘‘ਸਿਰਿ ਭਾਰੁ ਹੋਇ’’, ਇਸ ਲਈ ਉਸ ਨੂੰ ਨਾਪਣ ਲਈ) ਅੰਕ/ਹਿੰਦਸੇ ਹੀ ਮੁੱਕ ਜਾਂਦੇ ਹਨ।

ਨਾਨਕ  ! ਵਡਾ ਆਖੀਐ; ਆਪੇ ਜਾਣੈ ਆਪੁ ੨੨

ਪਦ ਅਰਥ : ਆਖੀਐ- ਆਖਣਾ ਬਣਦਾ ਹੈ। ਆਪੇ- ਆਪ ਹੀ। ਆਪੁ- ਆਪਣੇ ਆਪ ਨੂੰ, ਖ਼ੁਦ ਨੂੰ।

ਅਰਥ : ਹੇ ਨਾਨਕ  ! (ਕਰਤਾਰ) ਆਪ ਹੀ ਆਪਣੇ ਆਪ ਨੂੰ (ਭਾਵ ਆਪਣੇ ਕੀਤੇ ਪਸਾਰੇ/ਕੁਦਰਤ ਦੀ ਵਿਸ਼ਾਲਤਾ ਨੂੰ) ਜਾਣਦਾ ਹੈ। (ਉਸ ਨੂੰ ਕੇਵਲ) ਵੱਡਾ ਹੀ ਕਿਹਾ ਜਾ ਸਕਦਾ ਹੈ, ਕਹਿਣਾ ਫਬਦਾ ਹੈ।

ਵਿਚਾਰ : ਗੁਰਬਾਣੀ ਅਨੁਸਾਰ ਨਿਰਗੁਣ ਕਰਤਾਰ ਦਾ ਸਰਗੁਣ ਰੂਪ ਹੈ ‘ਕੁਦਰਤ’; ਜਿਵੇਂ ਕਿ ਬਚਨ ਹਨ ‘‘ਆਪੀਨ੍ਹੈ ਆਪੁ ਸਾਜਿਓ; ਆਪੀਨ੍ਹੈ ਰਚਿਓ ਨਾਉ ਦੁਯੀ ਕੁਦਰਤਿ ਸਾਜੀਐ; ਕਰਿ ਆਸਣੁ ਡਿਠੋ ਚਾਉ ’’ (ਮਹਲਾ /੪੬੩) ਅਰਥ : (ਕਰਤਾਰ ਨੇ) ਆਪਣੇ ਆਪ ਨੂੰ ਪ੍ਰਗਟ ਕਰ, ਫਿਰ ਕੁਦਰਤ ਬਣਾਈ। ਇਸ ਦੇ ਕਣ ਕਣ ’ਚ ਸਮਾ ਕੇ ਸਭ ਚੋਜ-ਤਮਾਸ਼ੇ ਵੇਖ ਰਿਹਾ ਹੈ।

ਗੁਰਬਾਣੀ ਵਿੱਚ ‘ਆਪਿ’ ਦਾ ਅਰਥ ਹੈ ‘ਆਪ’, ‘ਆਪੇ’ ਦਾ ਅਰਥ ਹੈ ‘ਆਪ ਹੀ’ ਅਤੇ ‘ਆਪੁ’ ਦਾ ਅਰਥ ਹੈ ‘ਆਪਣੇ ਆਪ ਨੂੰ’; ਜਿਵੇਂ ਕਿ

ਜੇਵਡੁ ਆਪਿ; ਜਾਣੈ ਆਪਿ ਆਪਿ ..੨੪ (ਜਪੁ)

ਜਾ ਕਰਤਾ ਸਿਰਠੀ ਕਉ ਸਾਜੇ; ਆਪੇ ਜਾਣੈ ਸੋਈ ..੨੧ (ਜਪੁ)

ਆਪੁ ਪਛਾਣੈ; ਬੂਝੈ ਸੋਇ (ਮਹਲਾ /੨੫)

ਅਰਥ : ਜੋ ਆਪਣੇ ਆਪ ਨੂੰ ਪੜਚੋਲਦਾ ਹੈ ਉਹੀ (ਮਾਲਕ ਨੂੰ) ਜਾਣਦਾ ਹੈ।

ਸਾਲਾਹੀ ਸਾਲਾਹਿ, ਏਤੀ ਸੁਰਤਿ ਪਾਈਆ ਉਚਾਰਨ : ਸਾਲਾਹ।

ਪਦ ਅਰਥ : ਸਾਲਾਹੀ- ਸਲਾਹੁਣ ਯੋਗ ਨੂੰ, ਗੁਣਾਂ ਭਰਪੂਰ (ਪ੍ਰਭੂ) ਨੂੰ। ਸਾਲਾਹਿ-ਸਲਾਹ ਸਲਾਹ ਕੇ, (ਉਸ ਦੀ) ਸਿਫ਼ਤ ਕਰ ਕਰ ਕੇ। ਏਤੀ- ਐਨੀ ਕੁ, ਇੰਨੀ ਕੁ। ਸੁਰਤਿ- (ਉਸ ਬਾਰੇ) ਅਕਲ, ਸਮਝ, ਜਾਣਕਾਰੀ (ਨੋਟ : ‘ਪਾਈਆ’ ਦਾ ਉਚਾਰਨ ‘ਪਾਈਆਂ’ ਨਹੀਂ ਕਰਨਾ)

ਅਰਥ : ਸਲਾਹੁਣ ਯੋਗ (ਕਰਤਾਰ) ਨੂੰ ਸਲਾਹ ਸਲਾਹ ਕੇ (ਪੰਚ-ਜਨ; ਉਸ ਅੰਦਰ ਅਭੇਦ ਤਾਂ ਹੋ ਜਾਂਦੇ ਹਨ, ਪਰ ਉਸ ਬਾਰੇ) ਇੰਨੀ ਸੋਝੀ ਨਹੀਂ ਪਾ ਸਕਦੇ (ਕਿ ਉਹ ਕਿੰਨਾ ਵਿਸ਼ਾਲ ਹੈ)।

ਨਦੀਆ ਅਤੈ ਵਾਹ; ਪਵਹਿ ਸਮੁੰਦਿ, ਜਾਣੀਅਹਿ

ਉਚਾਰਨ : ਨਦੀਆਂ, ਪਵਹਿਂ, ਜਾਣੀਅਹਿਂ।

ਪਦ ਅਰਥ : ਅਤੈ- ਅਤੇ। ਵਾਹ- ਨਾਲੇ, ਵਗਦੇ ਹੋਏ ਪਾਣੀ ਦੇ ਛੋਟੇ-ਛੋਟੇ ਜਲ ਪ੍ਰਵਾਹ, ਛੋਟੀਆਂ ਨਦੀਆਂ। ਪਵਹਿ-ਪੈ ਜਾਂਦੇ ਹਨ। ਸਮੁੰਦਿ-ਸਮੁੰਦਰ ਵਿੱਚ। ਨ ਜਾਣੀਅਹਿ- (ਸਮੁੰਦਰ ਦੀ ਗਹਿਰਾਈ) ਨਹੀਂ ਜਾਣ ਸਕਦੇ।

ਅਰਥ : (ਜਿਵੇਂ ਕਿ) ਨਦੀਆਂ ਅਤੇ ਨਾਲੇ; ਸਮੁੰਦਰ ’ਚ ਪੈ ਜਾਂਦੇ ਹਨ (ਪਰ ਸਮੁੰਦਰ ਦੀ ਵਿਸ਼ਾਲਤਾ) ਨਹੀਂ ਜਾਣ ਸਕਦੇ।

ਸਮੁੰਦ ਸਾਹ ਸੁਲਤਾਨ, ਗਿਰਹਾ ਸੇਤੀ ਮਾਲੁ ਧਨੁ ਉਚਾਰਨ : ਸ਼ਾਹ।

ਪਦ ਅਰਥ : ਸਮੁੰਦ-ਸਮੁੰਦਰ (ਵਾਙ ਵਿਸ਼ਾਲ)। ਸਾਹ ਸੁਲਤਾਨ-ਪਾਤਿਸ਼ਾਹ ਹੁਕਮਰਾਨ। ਗਿਰਹਾ ਸੇਤੀ- ਘਰ ਅੰਦਰ, ਖ਼ਜ਼ਾਨੇ ’ਚ ਭਾਵ ਪੱਲੇ। ਮਾਲੁ ਧਨੁ- ਧੰਨ ਪਦਾਰਥ।

ਅਰਥ : ਸਮੁੰਦਰ ਵਾਙ ਵਿਸ਼ਾਲ (ਰਾਜ ਸਥਾਪਿਤ ਕਰਨ ਵਾਲ਼ੇ) ਪਾਤਿਸ਼ਾਹ-ਸੁਲਤਾਨ (ਜਿਨ੍ਹਾਂ ਦੇ) ਪੱਲੇ (ਬੇਅੰਤ) ਧੰਨ ਪਦਾਰਥ ਹੈ।

ਕੀੜੀ ਤੁਲਿ ਹੋਵਨੀ; ਜੇ, ਤਿਸੁ ਮਨਹੁ ਵੀਸਰਹਿ ੨੩

ਉਚਾਰਨ : ਹੋਵਨ੍ਹੀ, ਮਨਹੁਂ, ਵੀਸਰਹਿਂ (ਥੋੜ੍ਹਾ ਵੀਸਰ੍ਹੈਂ ਵਾਙ)।

ਪਦ ਅਰਥ : ਕੀੜੀ ਤੁਲਿ- ਕੀੜੀ ਸਮਾਨ। ਨ ਹੋਵਨੀ-ਨਹੀਂ ਹੁੰਦੇ। ਜੇ-ਅਗਰ। ਤਿਸੁ-ਉਸ (ਕੀੜੀ) ਦੇ। ਵੀਸਰਹਿ- (ਹੇ ਪ੍ਰਭੂ !) ਤੂੰ ਨਾ ਭੁੱਲੇਂ।

ਅਰਥ : (ਹੇ ਕਰਤੇ  ! ਤੇਰੀ ਪ੍ਰਭੁਤਾ ਅੱਗੇ ਸਮੁੰਦਰਾਂ ਵਰਗੇ ਵਿਸ਼ਾਲ ਸਮਰਾਟ ਭੀ) ਕੀੜੀ ਸਮਾਨ ਨਹੀਂ ਹੁੰਦੇ, ਜੇ ਉਸ (ਕੀੜੀ) ਦੇ ਮਨ ਤੋਂ ਤੂੰ ਨਾ ਭੁੱਲੇਂ, ਤੇਰੀ ਯਾਦ ਨਾ ਭੁੱਲੇ।

ਵਿਚਾਰ : ਸਦੀਆਂ ਤੋਂ ਭੋਲ਼ੀ ਭਾਲ਼ੀ ਜਨਤਾ; ਆਕਾਰ ਰੂਪ ’ਚ ‘ਦੇਵੀ-ਦੇਵਤੇ, ਪੱਥਰ (ਮੂਰਤੀ, ਕਬਰਾਂ), ਦਰਖ਼ਤ, ਪਸ਼ੂ, ਪੰਛੀ, ਕੁਦਰਤੀ ਆਫ਼ਤਾਂ ਆਦਿ ਤੋਂ ਡਰ ਕੇ ਜਾਂ ਪ੍ਰਭਾਵਤ ਹੋ ਕੇ ਇਨ੍ਹਾਂ ਨੂੰ ਸਰਬ ਸ਼ਕਤੀਮਾਨ ਸਮਝ ਕੇ ਪੂਜਦੀ ਰਹੀ ਹੈ ਯਾਨੀ ਬੰਦਾ; ਅਕਾਰ ਤੋਂ, ਬੰਦੇ ਤੋਂ ਪ੍ਰਭਾਵਤ ਹੁੰਦਾ ਆਇਆ ਹੈ। ਅੱਜ ਭੀ ਬ੍ਰਾਹਮਣਾਂ, ਰਾਜਿਆਂ, ਕਲਾਕਾਰਾਂ, ਖਿਡਾਰੀਆਂ ਆਦਿ ਦੇ ਮੰਦਿਰ ਬਣ ਚੁੱਕੇ ਹਨ। ਗੁਰੂ ਜੀ; ਮਨੁੱਖ ਦੀ ਇਸ ਕਮਜ਼ੋਰੀ ਤੋਂ ਜਾਣੂ ਸਨ। ਆਪ ਨੇ ਸਦੀਵੀ ਸਥਿਰ ‘ੴ’ ਨਾਲ਼ ਸਬੰਧ ਸਥਾਪਿਤ ਕਰਾਉਣ ਲਈ ਭਾਵੇਂ ਸਮਾਜ ’ਚੋਂ ਮਿਸਾਲਾਂ ਦਿੱਤੀਆਂ, ਪਰ ਵਿਸ਼ਾ ਸਪਸ਼ਟ ਹੋਣ ਉਪਰੰਤ ਅੰਤ ’ਚ ਉਨ੍ਹਾਂ ਮਿਸਾਲ ਵਜੋਂ ਲਈਆਂ ਸ਼ਕਤੀਆਂ ਨੂੰ ਤੁੱਛ ਸਾਬਤ ਭੀ ਕਰਦੇ ਰਹੇ; ਜਿਵੇਂ ਕਿ

(1). ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ‘‘ਮਾਸੁ ਮਾਸੁ ਕਰਿ ਮੂਰਖੁ ਝਗੜੇ..’’ ਸ਼ਬਦ ’ਚ ਸਮਝਾਇਆ ਕਿ ਪਾਣੀ ਤੋਂ ਹੀ ਅੰਨ, ਕਮਾਦ, ਕਪਾਹ, ਤਿੰਨੇ ਲੋਕਾਂ ਦੇ ਜੀਵ-ਜੰਤ, ਗੰਨਾ, ਮਾਸ’ ਆਦਿ ਉਪਜਦੇ ਹਨ, ਇਸ ਲਈ ਇਨ੍ਹਾਂ ਦੇ ਖਾਣ ਪਾਣ ’ਚ ਵਹਿਮ ਭਰਮ ਨਾ ਕਰਨਾ। ਇਸ ਸ਼ਬਦ ’ਚ ਪਾਣੀ ਤੋਂ ਹਰ ਵਸਤੂ, ਜੰਵ-ਜੰਤ ਉਪਜਦੇ ਦੱਸਿਆ; ਮਤਾਂ ਕੋਈ ਪਾਣੀ ਨੂੰ ਸਰਬ ਸ਼ਕਤੀਮਾਨ ਸਮਝ ਬੈਠੇ, ਇਸ ਲਈ ਸ਼ਬਦ ਦੇ ਅੰਤ ’ਚ ਪਾਣੀ ਅੰਦਰ ਭੀ ਕਈ ਵਿਕਾਰ ਹਨ, ਕਿਹਾ ਹੈ, ‘‘ਪਾਂਡੇ  ! ਤੂ ਜਾਣੈ ਹੀ ਨਾਹੀ; ਕਿਥਹੁ ਮਾਸੁ ਉਪੰਨਾ ਤੋਇਅਹੁ (ਪਾਣੀ ਤੋਂ) ਅੰਨੁ ਕਮਾਦੁ ਕਪਾਹਾਂ; ਤੋਇਅਹੁ ਤ੍ਰਿਭਵਣੁ ਗੰਨਾ ਤੋਆ (ਪਾਣੀ) ਆਖੈ ਹਉ ਬਹੁ ਬਿਧਿ ਹਛਾ (ਚੰਗਾ); ਤੋਐ () ਬਹੁਤੁ ਬਿਕਾਰਾ ’’ (ਮਹਲਾ /੧੨੯੦)

(2). ਗੁਰੂ ਨਾਨਕ ਸਾਹਿਬ ਨੇ ਆਪਣੀ ਇਸ 23ਵੀਂ ਪਉੜੀ ’ਚ ਭੀ ਨਦੀਆਂ, ਨਾਲਿਆਂ ਦੇ ਮੁਕਾਬਲੇ ਸਮੁੰਦਰ ਦੀ ਵਿਸ਼ਾਲਤਾ ਦਰਸਾਈ ਹੈ ਤਾਹੀਓਂ ਪਉੜੀ ਦੇ ਅੰਤ ’ਚ ਕਿਹਾ ਕਿ ਸਮੁੰਦਰ ਵਰਗੇ ਵੱਡੇ ਹੁਕਮਰਾਨ ਭੀ ਕੀੜੀ ਬਰਾਬਰ ਨਹੀਂ ਬਸ਼ਰਤ ਕਿ ਕੀੜੀ ਅੰਦਰੋਂ ਕਰਤਾਰ ਦੀ ਯਾਦ ਨਾ ਭੁੱਲੇ।

ਅੰਤੁ ਸਿਫਤੀ, ਕਹਣਿ ਅੰਤੁ ਅੰਤੁ ਕਰਣੈ, ਦੇਣਿ ਅੰਤੁ ਉਚਾਰਨ : ਸਿਫ਼ਤੀਂ।

ਪਦ ਅਰਥ : ਅੰਤ ਨ- (ਚਾਰੋਂ ਦਿਸਾਵਾਂ ਦੀ) ਕੋਈ ਸੀਮਾ ਨਹੀਂ। ਸਿਫਤਿ- ਸਿਫ਼ਤਾਂ ਦਾ, ਗੁਣਾਂ ਦਾ। ਕਹਣਿ-(ਮੂੰਹੋਂ) ਬੋਲਣ ਵਿੱਚ, ਜ਼ਬਾਨ ਨਾਲ਼। ਨ ਕਰਣੈ- ਨਾ ਕੁਦਰਤ ਦਾ (ਅੰਤ) ਭਾਵ ਕਰਤੇ ਕੈ ਕਰਣੈ ਦੀ ਕੋਈ ਸੀਮਾ ਨਹੀਂ। ਦੇਣਿ- (ਸਭ ਨੂੰ ਦਾਤਾਂ) ਦੇਣ ਵਿੱਚ।

ਅਰਥ : (ਕਰਤਾਰ ਦੇ ਵਿਸ਼ਾਲ) ਗੁਣਾਂ ਦਾ ਕੋਈ ਅੰਤ ਨਹੀਂ। ਮੂੰਹ ਨਾਲ਼ (ਬੋਲ ਕੇ ਭੀ) ਅੰਤ ਨਹੀਂ ਪੈਂਦਾ। ਜਗਤ ਪਸਾਰੇ ਦੀ ਕੋਈ ਸੀਮਾ ਨਹੀਂ। (ਜੀਵਾਂ ਨੂੰ ਦਾਤਾਂ) ਵੰਡਣ ’ਚ ਭੀ ਕੋਈ ਅੰਤ ਨਹੀਂ।

ਨੋਟ : ਗੁਰਬਾਣੀ ਦੇ ਸਹੀ ਸ਼ਾਬਦਿਕ ਅਰਥ ਸਮਝਣ ਲਈ ਇਸ ਪਉੜੀ ’ਚ ‘ਕਹਣਿ, ਵੇਖਣਿ, ਦੇਣਿ’ ਯਾਨੀ ‘ਣਿ’ ਅੰਤ ਸ਼ਬਦਾਂ ਦੇ ਵਿਆਕਰਣਿਕ ਨਿਯਮ ਸਮਝਣੇ ਜ਼ਰੂਰੀ ਹਨ, ਜੋ ਕਿ ਭਾਵਾਰਥ-ਨਾਂਵ ਕਿਰਦੰਤ ਹਨ। ‘ਕਿਰਦੰਤ’ ਅਤੇ ‘ਕਿਰਿਆ’; ਦੋਵਾਂ ’ਚ ‘ਧਾਤੁ’ ਹੁੰਦੇ ਹਨ। ਧਾਤੁ; ਸ਼ਬਦ ਦਾ ਸਭ ਤੋਂ ਛੋਟਾ ਰੂਪ ਹੁੰਦਾ ਹੈ; ਜਿਵੇਂ ਕਿ ‘ਨਾਨਕ’ ਤੇ ‘ਗੋਬਿੰਦ’ ਨਾਂਵ ਹਨ। ਇਨ੍ਹਾਂ ਦੇ ਅੰਤ ’ਚੋਂ ਇੱਕ-ਇੱਕ ਅੱਖਰ (ਕ, ਦ) ਹਟਾ ਦੇਈਏ ਤਾਂ ‘ਨਾਨ’ ਤੇ ‘ਗੋਬਿੰ’ ਰਹਿ ਗਿਆ, ਜੋ ਕੋਈ ਅਰਥ ਨਹੀਂ ਦਿੰਦਾ, ਪਰ ‘ਖਾਇਆ, ਕਮਾਇਆ, ਬੋਇਆ’ ਦੇ ਅੰਤ ’ਚੋਂ ‘ਆ’ ਹਟਾ ਦੇਈਏ ਤਾਂ ਭੀ ‘ਖਾਇ, ਕਮਾਇ, ਬੋਇ’ ਅਰਥ ਮਿਲਦੇ ਹਨ। ਜੇ ‘ਇ’ ਭੀ ਹਟਾ ਦੇਈਏ ਤਾਂ ‘ਖਾ, ਕਮਾ, ਬੋ’ ਭੀ ਅਰਥ ਮਿਲਦੇ ਹਨ। ਇਨ੍ਹਾਂ ਨੂੰ ਹੀ ਸ਼ਬਦ ਦੇ ਸਭ ਤੋਂ ਛੋਟੇ ਰੂਪ ਹੋਣ ਕਾਰਨ ‘ਧਾਤੁ’ ਕਿਹਾ ਜਾਂਦਾ ਹੈ। ਇਨ੍ਹਾਂ ‘ਧਾਤੁ’ ਤੋਂ ਬਣੇ ਸ਼ਬਦ ਨਾਲ਼ ਜਦ ਕਾਲ (ਭੂਤਕਾਲ, ਵਰਤਮਾਨ, ਭਵਿੱਖ ਕਾਲ) ਸਪਸ਼ਟ ਹੋਵੇ ਤਾਂ ਉਹ ਸ਼ਬਦ; ‘ਕਿਰਿਆ’ ਹੁੰਦੇ ਹਨ; ਜਿਵੇਂ ‘ਖਾ’ ਤੋਂ ਖਾਂਧਾ (ਭੂਤਕਾਲ), ਖਾਂਦਾ (ਵਰਤਮਾਨ) ਤੇ ਖਾਏਗਾ (ਭਵਿਖਕਾਲ) ਸੰਕੇਤ ਮਿਲੇ, ਇਸ ਲਈ ਤਿੰਨੇ ‘ਕਿਰਿਆਵਾਂ’ ਹਨ, ਪਰ ‘ਮੰਨ’ (ਧਾਤੁ) ਤੋਂ ‘ਮੰਨੈ’ ਜਾਂ ‘ਸੁਣ’ ਤੋਂ ‘ਸੁਣਿਐ’ ਬਣਨ ਨਾਲ਼ ਕੋਈ ਕਾਲ ਪ੍ਰਗਟ ਨਹੀਂ ਹੁੰਦਾ, ਇਸ ਲਈ ਇਹ ਦੋਵੇਂ ਸ਼ਬਦ; ਕਿਰਦੰਤ ਹਨ। ਇਨ੍ਹਾਂ ’ਤੇ ‘ਨਾਂਵ’ ਵਾਲ਼ੇ ਨਿਯਮ ਹੀ ਲਾਗੂ ਹੁੰਦੇ ਹਨ; ਜਿਵੇਂ ‘ਨਾਨਕਿ’ ਦੀ ਸਿਹਾਰੀ ‘ਨੇ, ਨਾਲ਼, ਵਿੱਚ, ਤੋਂ’ ਅਰਥ ਦਿੰਦੀ ਹੈ; ਵੈਸੇ ਹੀ ਕਿਰਦੰਤ ‘ਕਹਣਿ, ਦੇਣਿ, ਵੇਖਣਿ’ ਦੀ ਸਿਹਾਰੀ ‘ਨੇ, ਨਾਲ਼, ਵਿੱਚ, ਤੋਂ’ ਅਰਥ ਦੇਵੇਗੀ। ਧਿਆਨ ਰਹੇ ਕਿ ਅੰਤ ‘ਨਿ’ ਵਾਲ਼ੇ ਸ਼ਬਦ (ਜਿਵੇਂ ਕਹਨਿ, ਪਾਵਨਿ, ਜਾਵਨਿ) ਬਹੁ ਵਚਨ ਕਿਰਿਆਵਾਂ ਹੁੰਦੇ ਹਨ ਤੇ ਅੰਤ ‘ਣਿ’ ਵਾਲ਼ੇ ਸ਼ਬਦ (ਜਿਵੇਂ ਕਹਣਿ, ਦੇਣਿ, ਵੇਖਣਿ, ਪਾਵਣਿ, ਜਾਵਣਿ) ਕਿਰਦੰਤ ਹੁੰਦੇ ਹਨ।

‘‘ਸਹਸ ਅਠਾਰਹ ਕਹਨਿ ਕਤੇਬਾ; ਅਸੁਲੂ ਇਕੁ ਧਾਤੁ ’’ ਵਾਕ ’ਚ ਭੀ ‘ਧਾਤੁ’ ਦਾ ਅਰਥ ‘ਮੂਲ, ਮੁੱਢ’ ਹੈ ਭਾਵ ਕਿਸੇ ਸ਼ਬਦ ਦਾ, ਸੰਸਾਰ ਦਾ ਮੂਲ, 18 ਹਜ਼ਾਰ ਆਲਮਾਂ ਦਾ ‘ਆਧਾਰ, ਮੂਲ, ਮੁੱਢ’ ਯਾਨੀ ਕਿ ‘ਅਸਲੀਅਤ, ਅੱਲ੍ਹਾ’। ਇੱਥੇ ਅੰਤ ‘ਨਿ’ ਵਾਲ਼ੀ ਬਹੁ ਵਚਨ ਕਿਰਿਆ ‘ਕਹਨਿ’ ਹੈ, ਜਿਸ ਦਾ ਅਰਥ ਹੈ ‘ਕਹਿੰਦੇ ਹਨ’।

ਅੰਤੁ ਵੇਖਣਿ, ਸੁਣਣਿ ਅੰਤੁ ਅੰਤੁ ਜਾਪੈ, ਕਿਆ ਮਨਿ ਮੰਤੁ ?

ਪਦ ਅਰਥ : ਵੇਖਣਿ-(ਅੱਖਾਂ ਰਾਹੀਂ) ਵੇਖਣ ਨਾਲ਼। ਸੁਣਣਿ- (ਕੰਨਾਂ ਰਾਹੀਂ) ਸੁਣਨ ਨਾਲ਼। ਨ ਜਾਪੈ-ਨਹੀਂ ਜਾਪਦਾ, ਨਹੀਂ ਪਤਾ ਲੱਗਦਾ। ਕਿਆ ਮਨਿ ਮੰਤੁ – ਕਿਹੜਾ ਮਨ ’ਚ ਮੰਤਰ ਹੈ, ਖ਼ਿਆਲ ਹੈ।

ਅਰਥ : (‘ਕਰਤੇ ਕੈ ਕਰਣੈ ਦਾ) ਵੇਖਣ ਨਾਲ਼ ਭੀ ਅੰਤ ਨਹੀਂ (ਪੈਂਦਾ)। ਸੁਣਨ ਨਾਲ਼ ਭੀ ਅੰਤ ਨਹੀਂ (ਪੈਂਦਾ; ਅਗਾਂਹ ਕੀ ਹੋਣਾ ਹੈ, ਇਸ ਬਾਰੇ ਕਰਤਾਰ ਦੇ) ਮਨ ’ਚ ਕਿਹੜਾ ਵਿਚਾਰ ਚੱਲ ਰਿਹਾ ਹੈ (ਇਸ ਬਾਰੇ ਭੀ ਕੋਈ) ਪਤਾ ਨਹੀਂ।

ਅੰਤੁ ਜਾਪੈ, ਕੀਤਾ ਆਕਾਰੁ ਅੰਤੁ ਜਾਪੈ, ਪਾਰਾਵਾਰੁ

ਪਦ ਅਰਥ : ਕੀਤਾ- ਪੈਦਾ ਕੀਤਾ, ਸਿਰਜਿਆ। ਆਕਾਰੁ- ਕੁਦਰਤ, ਕਰਣੈ, ਸੰਸਾਰ। ਪਾਰਾਵਾਰੁ- ਉਰਲਾ-ਪਰਲਾ ਕਿਨਾਰਾ, ਨੁਕਰ।

ਅਰਥ : (ਕਰਤਾਰ ਦੁਆਰਾ) ਸਿਰਜਿਆ ਬ੍ਰਹਿਮੰਡ; ਸੀਮਾ ਤੋਂ ਰਹਿਤ ਹੈ, ਸਮਝ ਤੋਂ ਪਰੇ ਹੈ। ਇਸ ਦਾ ਉਰਲਾ-ਪਰਲਾ ਕੋਨਾ ਕੋਈ ਨਹੀਂ।

ਅੰਤ ਕਾਰਣਿ, ਕੇਤੇ ਬਿਲਲਾਹਿ ਤਾ ਕੇ ਅੰਤ, ਪਾਏ ਜਾਹਿ ਉਚਾਰਨ : ਬਿਲਲਾਹਿਂ, ਜਾਹਿਂ।

ਪਦ ਅਰਥ : ਅੰਤ ਕਾਰਣਿ- ਅੰਤ ਪਾਉਣ ਲਈ (ਨੋਟ: ‘ਕਾਰਣਿ’ ਕਿਰਦੰਤ ਨਹੀਂ, ਸਬੰਧਕੀ ਚਿੰਨ੍ਹ ਹੈ ਕਿਉਂਕਿ ਇਸ ਅੰਦਰ ‘ਧਾਤੁ’ ਨਹੀਂ। ‘ਕਾਰ’ ਇਸਤਰੀ ਲਿੰਗ ਨਾਂਵ ਹੈ, ਨਾ ਕਿ ‘ਧਾਤੁ’)। ਕੇਤੇ- ਕਿੰਨੇ ਹੀ। ਬਿਲਲਾਹਿ- ਬਿਲਕਦੇ ਹਨ ਭਾਵ ਅੰਤ ਪਾਉਣ ਦਾ ਯਤਨ ਕਰਦੇ ਹਨ (ਬਹੁ ਵਚਨ ਕਿਰਿਆ)। ਤਾ ਕੇ ਅੰਤ- ਉਸ (ਕਰਤਾਰ) ਦੇ ਹੱਦ-ਬੰਨੇ [ਨੋਟ : ਇੱਥੇ ‘ਅੰਤ’ ਬਹੁ ਵਚਨ ਪੁਲਿੰਗ ਨਾਂਵ ਹੈ ਜਦਕਿ ਇਸ ਪੂਰੀ ਪਉੜੀ ’ਚ ਹਰ ਵਾਰ ‘ਅੰਤੁ’ ਇੱਕ ਵਚਨ ਸੀ। ‘ਅੰਤ ਕਾਰਣਿ’ ’ਚ ਭੀ ‘ਅੰਤ’ ਇੱਕ ਵਚਨ ਹੈ, ਜਿਸ ਨੂੰ ਸਬੰਧਕੀ ਚਿੰਨ੍ਹ (ਕਾਰਣਿ) ਨੇ ਅੰਤ ਮੁਕਤ ਕਰ ਦਿੱਤਾ]। ਜਾਹਿ- ਜਾਂਦੇ ਹਨ (ਬਹੁ ਵਚਨ ਕਿਰਿਆ)।

ਅਰਥ : (ਕੁਦਰਤ ਦਾ) ਅੰਤ ਪਾਉਣ ਲਈ ਕਿੰਨੇ ਹੀ ਖਪਦੇ ਰਹੇ, ਪਰ ਇਸ ਦੇ ਹੱਦ-ਬੰਨੇ ਨਾ ਲੱਭ ਸਕੇ।

ਏਹੁ ਅੰਤੁ, ਜਾਣੈ ਕੋਇ ਬਹੁਤਾ ਕਹੀਐ, ਬਹੁਤਾ ਹੋਇ ਉਚਾਰਨ : ਏਹ (‘ਏਹੋ’ ਨਹੀਂ)।

ਪਦ ਅਰਥ : ਏਹੁ ਅੰਤੁ- ਇਹ (ਬ੍ਰਹਿਮੰਡ ਦਾ ਚਾਰੋਂ ਤਰਫ਼) ਹੱਦ-ਬੰਨਾ। ਕੋਇ- ਕੋਈ ਭੀ। ਬਹੁਤਾ ਕਹੀਐ- ਜੇ ਅਣਗਿਣਤ ਕਹੀਏ। ਬਹੁਤਾ ਹੋਇ- ਹੋਰ ਅਧਿਕ ਵੱਡਾ ਹੋ ਜਾਂਦਾ ਹੈ, ਪ੍ਰਤੀਤ ਹੁੰਦਾ ਹੈ।

ਅਰਥ : (ਕੁਦਰਤ ਦੇ ਹਰ ਪਾਸੇ ਵਾਲ਼ਾ) ਇਹ ਹੱਦ-ਬੰਨਾ ਕੋਈ ਨਹੀਂ ਜਾਣ ਸਕਦਾ। (‘ਕਰਤੇ ਕੈ ਕਰਣੈ’ ਨੂੰ ਜੇ) ਵੱਡਾ ਕਹੀਏ (ਤਾਂ ਅਗਾਂਹ-ਅਗਾਂਹ ਹੋਰ ਖੋਜ ਕੀਤਿਆਂ) ਹੋਰ ਵੱਡਾ, ਹੋਰ ਵੱਡਾ ਜਾਪਦਾ ਹੈ (ਕਿਉਂਕਿ)।

ਵਡਾ ਸਾਹਿਬੁ; ਊਚਾ ਥਾਉ ਊਚੇ ਉਪਰਿ; ਊਚਾ ਨਾਉ ਉਚਾਰਨ : ਥਾਉਂ, ਨਾਉਂ।

ਪਦ ਅਰਥ : ਸਾਹਿਬੁ- ਮਾਲਕ। ਊਚਾ- (ਮਾਇਆ ਦੇ ਪ੍ਰਭਾਵ ਤੋਂ) ਉਤਾਂਹ ਭਾਵ ਨਿਰਮਲ। ਥਾਉ- ਟਿਕਾਣਾ, ਨਿਵਾਸ ਸਥਾਨ (ਸੋ ਦਰੁ)। ਊਚੇ ਉਪਰਿ- ਨਿਰਮਲ (ਨਿਵਾਸ ਸਥਾਨ ਤੋਂ ਭੀ) ਉਤਾਂਹ। ਨਾਉ- ਨਾਮਣਾ, ਪ੍ਰਸਿੱਧੀ (ਯਾਨੀ ਮਾਇਆ ਗ੍ਰਸਤ ਮਨੁੱਖਾਂ ਦੀ ਸੁਰਤਿ ਨੂੰ ਭੀ ਉੱਚਾ ਲੈ ਜਾਣ ਵਾਲ਼ੀ) ਮਾਲਕ ਦੀ ਸਿਫ਼ਤ ਸਲਾਹ, ਉਸ ਦਾ ਗੁਣ, ਨਾਮਣਾ (ਪ੍ਰਸਿੱਧੀ/ਵਡਿਆਈ)।

ਅਰਥ : (ਕਰਤੇ ਕੈ ਕਰਣੈ ਦਾ) ਮਾਲਕ ਬਹੁਤ ਵੱਡਾ ਹੈ, ਉਸ ਦਾ ਨਿਵਾਸ ਸਥਾਨ (ਮਾਇਆ ਦੇ ਪ੍ਰਭਾਵ ਤੋਂ) ਉੱਪਰ ਹੈ। ਉੱਚੇ (ਨਿਵਾਸ ਸਥਾਨ) ਤੋਂ ਭੀ ਉਤਾਂਹ (ਭਾਵ ਨਿਰਮਲ; ਉਸ ਦਾ) ਨਾਮਣਾ ਹੈ।

ਵਿਚਾਰ : ਗੁਰਬਾਣੀ ਅਨੁਸਾਰ ‘ੴ’; ਜ਼ਰਰੇ-ਜ਼ਰਰੇ ’ਚ ਵਿਆਪਕ ਹੈ। ਜੀਵਾਂ ਅੰਦਰ ਉਸ ਦਾ ਨਿਵਾਸ; ‘ਆਤਮਾ, ਰੂਹ, ਜਿੰਦੁ/ਜੀਉ, ਜੋਤਿ’ ਰੂਪ ’ਚ ਹੈ; ਜਿਵੇਂ ਕਿ ਬਚਨ ਹਨ, ‘‘ਨਿਰਮਲ ਜੋਤਿ; ਸਭ ਮਾਹਿ ਸਮਾਣੀ (ਮਹਲਾ /੧੨੧), ਧਨ (ਜੀਵਾਤਮਾ) ਪਿਰ (ਪਤੀ) ਕਾ ਇਕ ਹੀ ਸੰਗਿ ਵਾਸਾ (ਮਹਲਾ /੧੨੬੩), ਕਹੁ ਕਬੀਰ ! ਇਹੁ (ਰੂਹ), ਰਾਮ ਕੀ ਅੰਸੁ ’’ (ਭਗਤ ਕਬੀਰ ਜੀ/੮੭੧)

ਹਰ ਸਰੀਰ ਅੰਦਰ ਮਲ਼ੀਨ ਅੰਤਹਿਕਰਣ ਭੀ ਹੈ, ਜਿਸ ਨੂੰ ‘ਕੂੜੈ ਪਾਲਿ’ ਭੀ ਕਿਹਾ ਹੈ; ਜਿਵੇਂ ਕਿ ‘‘ਜਨਮ ਜਨਮ ਕੀ ਇਸੁ ਮਨ (ਅੰਤਹਿਕਰਣ) ਕਉ ਮਲੁ ਲਾਗੀ’’ (ਮਹਲਾ /੬੫੧) ਹੁਣ ਜਦ ਰੱਬ ਦਾ ਨਿਵਾਸ ਸਾਰਿਆਂ ’ਚ ਹੈ ਤਾਂ ਹਰ ਕੋਈ; ਰੱਬ ਵਾਙ ਮਾਇਆ ਤੋਂ ਨਿਰਮਲ ਕਿਉਂ ਨਹੀਂ ਹੁੰਦਾ ? ਜਵਾਬ ਹੈ ਕਿ ‘ੴ’ ਦਾ ਨਿਵਾਸ ਸਥਾਨ ਭਾਵੇਂ ਹਰ ਸਰੀਰ ’ਚ ਹੈ, ਪਰ ਇਹ; ਮੈਲ਼ੇ ਜੀਵਨ ਨੂੰ ਨਿਰਮਲ ਨਹੀਂ ਕਰਦਾ ਵਰਨਾ ਨਾਸਤਿਕ ਭੀ ਨਿਰਮਲ ਹੁੰਦਾ। ਮਾਇਆ ਗ੍ਰਸਤ ਜੀਵਨ ਨੂੰ ‘ੴ’ ਦਾ ‘ਨਾਮਣਾ’, ਉਸ ਦੀ ‘ਮਹਿਮਾ’ ਹੀ ਨਿਰਮਲ ਕਰਦੀ ਹੈ। ਸੋ ਕਹਿਣਾ ਬਣੇਗਾ ਕਿ ਮਨੁੱਖ ਦੀ ਸੁਰਤਿ ਨੂੰ ਮਾਇਆ ਤੋਂ ਉਤਾਂਹ ਲੈ ਜਾਣ ਵਾਲ਼ੀ ਸ਼ਕਤੀ; ‘ੴ’ ਦੀ ਮਹਿਮਾ ਹੈ, ਨਾ ਕਿ ਉਸ ਦਾ ਨਿਵਾਸ ਸਥਾਨ ਭਾਵੇਂ ਕਿ ਉਸ ਦਾ ਨਿਵਾਸ ਸਥਾਨ ਭੀ ਮਾਇਆ ਤੋਂ ਨਿਰਮਲ ਹੈ, ਮਾਇਆ ’ਚ ਗ੍ਰਸਤ ਨਹੀਂ ਤਾਹੀਓਂ ਨਿਵਾਸ ਸਥਾਨ ਨੂੰ ਭੀ ‘ਊਚਾ ਥਾਉ’ ਕਿਹਾ ਹੈ।

‘ੴ’ ਦੇ ਨਿਵਾਸ ਸਥਾਨ ਨੂੰ ਤਦ ਚੇਤੇ ਕਰਾਇਆ ਜਾਂਦਾ ਹੈ ਜਦ ਸਭ ਨੂੰ ਉਸ ਦੇ ਹੁਕਮ ’ਚ ਵਿਚਰਦਾ ਦਰਸਾਉਣਾ ਹੋਵੇ; ਜਿਵੇਂ ਕਿ ‘ਜਪੁ’ ਬਾਣੀ ਦੀ 27ਵੀਂ ਪਉੜੀ ’ਚ ‘ਊਚਾ ਥਾਉ’ ਨੂੰ ‘ਸੋ ਦਰੁ’ ਕਿਹਾ ਹੈ। ਅਗਾਂਹ 27ਵੀਂ ਪਉੜੀ ’ਚ ਇਸ ਵਿਸ਼ੇ ਨੂੰ ਹੋਰ ਵਿਚਾਰਿਆ ਜਾਏਗਾ।

ਏਵਡੁ ਊਚਾ; ਹੋਵੈ ਕੋਇ ਤਿਸੁ ਊਚੇ ਕਉ; ਜਾਣੈ ਸੋਇ

ਪਦ ਅਰਥ : ਏਵਡੁ- ਇੰਨਾ, ਐਨਾ (ਨਿਰਮਲ; ਜੈਸਾ ਕਿ ‘‘ਊਚਾ ਥਾਉ, ਊਚਾ ਨਾਉ॥’’ ਹੈ)। ਕੋਇ- ਕੋਈ। ਤਿਸੁ ਊਚੇ ਕਉ- ਉਸ ਨਿਰਮਲ ਕਰਤਾਰ ਨੂੰ। ਸੋਇ- ਓਹੀ।

ਅਰਥ : ਐਨਾ ਨਿਰਮਲ ਜੇ ਕੋਈ ਹੋਵੇ। ਓਹੀ, ਉਸ ਪੂਰਨ ਨਿਰਮਲ (ਪ੍ਰਭੂ) ਨੂੰ ਜਾਣਦਾ ਹੈ (ਪਰ ਐਸਾ ਕੋਈ ਨਹੀਂ ਤਾਂ ਤੇ ਕਹਿਣਾ ਬਣਦਾ ਹੈ ਕਿ)

ਜੇਵਡੁ ਆਪਿ, ਜਾਣੈ ਆਪਿ ਆਪਿ ਨਾਨਕ  ! ਨਦਰੀ ਕਰਮੀ ਦਾਤਿ੨੪

ਪਦ ਅਰਥ : ਜੇਵਡੁ- ਜਿੰਨਾ (ਵੱਡਾ, ਨਿਰਮਲ)। ਆਪਿ- (ਉਹ) ਆਪ। ਆਪਿ ਆਪਿ- ਕੇਵਲ ਆਪ ਹੀ। ਨਾਨਕ- ਹੇ ਨਾਨਕ ! ਨਦਰੀ ਕਰਮੀ- ਮਿਹਰਬਾਨ ਦੇ ਕਰਮ ਨਾਲ਼, ਦਇਆਲੂ ਦੀ ਮਿਹਰ ਨਾਲ਼। ਕਰਮਿ- ਫ਼ਜ਼ਲ ਨਾਲ਼ (ਅਰਬੀ ਭਾਸ਼ਾ), ਮਿਹਰ ਨਾਲ਼, ਪਰ ਇੱਥੇ ਕਾਵਿ ਪ੍ਰਭਾਵ ਕਾਰਨ ‘ਕਰਮਿ’ ਤੋਂ ‘ਕਰਮੀ’ ਹੋ ਗਿਆ। ਦਾਤਿ- (‘ਦੇਦਾ ਦੇ’ ਤੋਂ ਇਲਾਵਾ ਭਾਵ ਅਣਮੰਗਿਆਂ ਮਿਲਦੀਆਂ ਦਾਤਾਂ ਤੋਂ ਇਲਾਵਾ, ਰੂਹ ਨੂੰ ਪ੍ਰਫੁਲਿਤ ਕਰਨ ਵਾਲ਼ੀ) ਦਾਤ ਭਾਵ ‘ਜੀਅ ਦਾਨੁ’, ਜਿੰਦ ਨਾਲ਼ ਸਬੰਧਿਤ ਦਾਤ, ਦਿੱਬ-ਦ੍ਰਿਸ਼ਟੀ।

ਅਰਥ : ਜਿੰਨਾ (ਨਿਰਮਲ; ਮਾਲਕ) ਆਪ ਹੈ (ਉਸ ਨੂੰ) ਕੇਵਲ ਆਪ ਹੀ ਜਾਣਦਾ ਹੈ। ਹੇ ਨਾਨਕ  ! (ਆਪਣੇ ਨਾਲ਼ ਪਿਆਰ ਪੈਦਾ ਕਰਨ ਵਾਲ਼ੀ ਅਲੌਕਿਕ) ਖ਼ਾਸ ਦਾਤ; ਮਿਹਰਬਾਨ ਮਾਲਕ ਦੀ ਵਿਸ਼ੇਸ਼ ਮਿਹਰ ਨਾਲ਼ ਮਿਲਦੀ ਹੈ।

http://gurparsad.com/jap-pori-no-1-to-3-part-1/

http://gurparsad.com/jap-pori-no-4-to-15-part-2/

http://gurparsad.com/jap-pori-no-25-to-33-part-4/

http://gurparsad.com/jap-pori-no-34-to-last-slok-and-method-of-use-to-nanak-shabad-part-5/

‘ਜਪੁ’ ਬਾਣੀ ਦੀ ਸੰਖੇਪ ’ਚ ਬਹੁ ਪੱਖੀ ਵਿਚਾਰ (ਭਾਗ 4)

0

ਜਪੁ ਪਉੜੀ 25 ਤੋਂ 33

ਵਿਚਾਰ : ਜਿਸ ਤਰ੍ਹਾਂ ‘ਜਪੁ’ ਬਾਣੀ ਦੀ ਪਹਿਲੀ ਪਉੜੀ ਦੀ ਸਮਾਪਤੀ ’ਚ ‘‘ਹੁਕਮਿ ਰਜਾਈ ਚਲਣਾ.. ’’ ਦੀ ਗੱਲ ਕਰ ਅਗਾਂਹ ਦੂਜੀ ਪਉੜੀ ’ਚ ‘ਹੁਕਮ’ ਦੀ ਥੋੜ੍ਹੀ ਵਿਸਥਾਰ ਸਹਿਤ ਵਿਆਖਿਆ ਕੀਤੀ ਸੀ; ਜਿਵੇਂ ਕਿ ‘‘ਹੁਕਮੀ ਹੋਵਨਿ ਆਕਾਰ, ਹੁਕਮੀ ਹੋਵਨਿ ਜੀਅ. .. ਇਕਿ ਹੁਕਮੀ ਸਦਾ ਭਵਾਈਅਹਿ ’’; ਉਸੇ ਤਰ੍ਹਾਂ ਉਕਤ 24ਵੀਂ ਪਉੜੀ ਦੀ ਸਮਾਪਤੀ ’ਚ ਖ਼ਾਸ ਦਾਤਿ ‘‘ਨਾਨਕ  ! ਨਦਰੀ ਕਰਮੀ ਦਾਤਿ੨੪’’ ਦਾ ਜ਼ਿਕਰ ਹੈ, ਜਿਨ੍ਹਾਂ ਨੂੰ ਹੇਠਾਂ 25ਵੀਂ ਤੇ 26ਵੀਂ ਪਉੜੀ ’ਚ ਹੋਰ ਵਿਸਥਾਰ ਸਹਿਤ ਬਿਆਨਿਆ ਗਿਆ ਹੈ। ਧਿਆਨ ਰਹੇ ਕਿ ਇਨ੍ਹਾਂ ਦਾਤਾਂ ਦਾ ਪਿਛਾਂਹ ਸੰਖੇਪ ਜਿਹਾ ਤੀਜੀ ਪਉੜੀ ’ਚ ਭਾ ਜ਼ਿਕਰ ਆਇਆ ਸੀ, ‘‘ਦੇਦਾ ਦੇ; ਲੈਦੇ ਥਕਿ ਪਾਹਿ   ਜੁਗਾ ਜੁਗੰਤਰਿ ਖਾਹੀ ਖਾਹਿ ..’’

ਇੱਕ ਮਾਲਕ; ਆਪਣੇ ਨੌਕਰ ਨੂੰ ਨਿਰੰਤਰ ਕੋਈ ਵਸਤੂ ਦਿੰਦਾ ਰਹੇ ਤਾਂ ਨੌਕਰ ਲਈ ਉਹ ‘ਦਾਤ’ ਹੈ ਤੇ ਜੇਕਰ ਨੌਕਰ; ਮਾਲਕ ਨੂੰ ਪ੍ਰਸੰਨ ਕਰਕੇ ਕੋਈ ਭੇਟਾ ਪ੍ਰਾਪਤ ਕਰੇ ਤਾਂ ਉਹ ਵਿਸ਼ੇਸ਼ ਤੋਹਫ਼ਾ ‘ਬਖ਼ਸ਼ਸ਼’ ਹੁੰਦੀ ਹੈ। ਇਨ੍ਹਾਂ ਦੋਵਾਂ ਦੇ ਪਿਛੋਕੜ ’ਚ ਮਾਲਕ ਦਾ ਨਰਮਦਿਲ ਸੁਭਾਅ ਜਾਂ ਮਿਹਰ ਭਰੀ ਨਜ਼ਰ ਹੀ ਕਾਰਜਸ਼ੀਲ ਹੁੰਦੀ ਹੈ ਯਾਨੀ ‘ਮਿਹਰ’ ਅਤੇ ‘ਦਾਤ’ ਭਾਵੇਂ ਦੋ ਨਾਂ ਹਨ, ਪਰ ਇਨ੍ਹਾਂ ਦਾ ਭਾਵਾਰਥ ਇੱਕੋ ਹੀ ਹੈ।

ਬਹੁਤਾ ਕਰਮੁ, ਲਿਖਿਆ ਨਾ ਜਾਇ ਵਡਾ ਦਾਤਾ, ਤਿਲੁ ਤਮਾਇ ਉਚਾਰਨ : ਵੱਡਾ ।

 ਪਦ ਅਰਥ : ਕਰਮੁ- (ਰੱਬ ਦਾ) ਫ਼ਜ਼ਲ, ਪ੍ਰਸਾਦ, ਮਿਹਰ, ਕਿਰਪਾ, ਦਾਤ। ਲਿਖਿਆ ਨਾ ਜਾਇ- ਬਿਆਨ ਨਹੀਂ ਹੋ ਸਕਦਾ। ਦਾਤਾ- ਦਾਤਾਰ-ਪਿਤਾ, ਮਿਹਰ ਕਰਨ ਵਾਲ਼ਾ, ਰਹਿਮਦਿਲ ਪ੍ਰਭੂ। ਤਿਲੁ-ਤਿਲ ਮਾਤਰ, ਨਾਂ-ਮਾਤਰ। ਤਮਾਇ- ਤਮ੍ਹਾ, ਲਾਲਸਾ (ਕਿ ਦਿੱਤੀ ਦਾਤ ਬਦਲੇ ਕੋਈ ਉਸ ਦੀ ਤਾਰੀਫ਼ ਕਰੇ)।

ਅਰਥ : (ਜੀਵ-ਜੰਤੂਆਂ ਉੱਤੇ ਕਰਤਾਰ ਦੀ) ਅਪਾਰ ਬਖ਼ਸ਼ਸ਼ ਹੈ, ਜੋ ਕਲਮਬੰਦ ਨਹੀਂ ਕੀਤੀ ਜਾ ਸਕਦੀ। (ਐਸਾ ਕਰਦਿਆਂ ਉਸ ਨੂੰ) ਤਿਲ ਮਾਤਰ ਲਾਲਚ ਭੀ ਨਹੀਂ (ਕਿ ਕੋਈ ਉਸ ਦੀ ਵਡਿਆਈ ਕਰੇ। ਵੈਸੇ ਉਹ ਪਹਿਲਾਂ ਹੀ) ਬਹੁਤ ਵੱਡਾ ਦਾਤਾਰ ਹੈ (ਤਾਹੀਓਂ ਗੁਰੂ ਨਾਨਕ ਜੀ ਨੇ ਬਚਨ ਕੀਤੇ ਹਨ ਕਿ ‘‘ਜੇ ਸਭਿ ਮਿਲਿ ਕੈ; ਆਖਣ ਪਾਹਿ ਵਡਾ ਹੋਵੈ; ਘਾਟਿ ਜਾਇ ’’ (ਸੋ ਦਰੁ/ਮਹਲਾ ) ਭਾਵ ਸਭ ਨੂੰ ਨਿਰੰਤਰ ਦਾਤਾਂ ਮਿਲਦੀਆਂ ਰਹਿਣੀਆਂ ਹਨ; ਕੋਈ ਉਸ ਨੂੰ ਯਾਦ ਕਰੇ ਭਾਵੇਂ ਨਾ ਕਰੇ

ਕੇਤੇ ਮੰਗਹਿ, ਜੋਧ ਅਪਾਰ ਕੇਤਿਆ, ਗਣਤ ਨਹੀਂ ਵੀਚਾਰੁ ਕੇਤੇ, ਖਪਿ ਤੁਟਹਿ ਵੇਕਾਰ

ਉਚਾਰਨ : ਮੰਗਹਿਂ, ਕੇਤਿਆਂ, ਨਹੀਂ, ਤੁਟਹਿਂ।

ਪਦ ਅਰਥ : ਕੇਤੇ-ਕਿੰਨੇ ਹੀ। ਮੰਗਹਿ-ਮੰਗਦੇ ਹਨ। ਜੋਧ- ਜੋਧੇ, ਸੂਰਮੇ। ਅਪਾਰ- ਅਣਗਿਣਤ। ਕੇਤਿਆ- ਕਿੰਨਿਆਂ ਦੀ, ਕਈਆਂ ਦੀ। ਗਣਤ-ਗਿਣਤੀ। ਖਪਿ ਤੁਟਹਿ- ਖਪ-ਖਪ ਕੇ ਮਰ ਗਏ। ਵੇਕਾਰ- ਵਿਕਾਰਾਂ ਵਿੱਚ।

ਅਰਥ : ਕਿੰਨੇ ਹੀ ਬੇਅੰਤ ਜੋਧੇ (ਦਾਤਾਰ-ਪਿਤਾ ਤੋਂ ਦਾਤਾਂ) ਮੰਗਦੇ ਰਹਿੰਦੇ ਹਨ। ਕਿੰਨਿਆਂ (ਹੋਰ ਮੰਗਣ ਵਾਲ਼ਿਆਂ) ਦੀ ਗਿਣਤੀ ਨਹੀਂ ਹੋ ਸਕਦੀ, ਵਿਚਾਰ ਨਹੀਂ ਕੀਤੀ ਜਾ ਸਕਦੀ। ਕਿੰਨੇ ਹੀ ਵਿਕਾਰਾਂ (ਭਾਵ ਨਿਰੀਆਂ ਦਾਤਾਂ) ’ਚ ਖਪ-ਖਪ ਕੇ ਮਰ ਗਏ (ਕਿਉਂਕਿ ਦੇਣ ਵਾਲ਼ੇ ਦਾਤਾਰ-ਪਿਤਾ ਨੂੰ ਯਾਦ ਨਾ ਕੀਤਾ)

ਕੇਤੇ, ਲੈ ਲੈ ਮੁਕਰਿ ਪਾਹਿਂ ਕੇਤੇ ਮੂਰਖ, ਖਾਹੀ ਖਾਹਿ ਉਚਾਰਨ : ਖਾਹਿਂ।

ਪਦ ਅਰਥ : ਕੇਤੇ- ਕਿੰਨੇ ਹੀ (ਜੀਵ)। ਲੈ ਲੈ- ਲੈ ਲੈ ਕੇ। ਮੁਕਰਿ ਪਾਹਿਂ- ਮੁਕਰ ਜਾਂਦੇ ਹਨ, (ਦਾਤਾਰ ਨੂੰ) ਭੁਲਾ ਦਿੰਦੇ ਹਨ। ਮੂਰਖ- (ਹਰ ਥਾਂ ਆਪਣਾ) ਮੂੰਹ ਰੱਖਣ ਵਾਲ਼ੇ, ਆਪਣੀ ਸੋਚ ਨੂੰ ਹੀ ਹਰ ਥਾਂ ਸਹੀ ਠਹਿਰਾਉਣ ਵਾਲ਼ੇ। ਖਾਹੀ ਖਾਹਿ- ਖਾਂਦੇ ਹੀ ਖਾਂਦੇ ਹਨ।

ਅਰਥ : ਕਿੰਨੇ ਲੋਕ (ਦਾਤਾਂ) ਲੈ-ਲੈ ਕੇ (ਮਾਲਕ ਨੂੰ) ਭੁਲਾ ਦਿੰਦੇ ਹਨ। ਕਿੰਨੇ ਹੀ ਮੂਰਖ; ਕੇਵਲ ਦਾਤਾਂ ਭੋਗਦੇ ਹਨ (ਜਿਸ ਨੇ ਦਾਤਾਂ ਦਿੱਤੀਆਂ ਉਸ ਨੂੰ ਭੁਲਾ ਦਿੱਤਾ। ਉਸ ਦਾ ਧੰਨਵਾਦ ਕਰਨਾ ਬਣਦਾ ਹੈ, ‘‘ਜਿਸ ਦਾ ਦਿਤਾ ਖਾਵਣਾ; ਤਿਸੁ ਕਹੀਐ ਸਾਬਾਸਿ ’’ (ਮਹਲਾ /੪੭੪), ਪਰ ਗਹਿਰੀ ਦ੍ਰਿਸ਼ਟੀ ਨਾ ਹੋਣਾ ਕਾਰਨ ਮਨੁੱਖ ਨੂੰ ਦਾਤਾਰ-ਮਾਲਕ ਨਾਲ਼ੋਂ ਸਦਾ ਦਾਤ ਵੱਧ ਪਿਆਰੀ ਜਾਪਦੀ ਹੈ ਤਾਹੀਓਂ ਬਚਨ ਕੀਤੇ ਹਨ, ‘‘ਦੇਨਹਾਰੁ ਪ੍ਰਭ ਛੋਡਿ ਕੈ; ਲਾਗਹਿ ਆਨ ਸੁਆਇ (ਹੋਰ ਸੁਆਦ )’’ (ਮਹਲਾ /੨੬੮), ਇਸ ਦਾ ਫਲ਼ ਭੀ ਫਿਰ ਹੇਠਾਂ ਦੱਸਿਆ ਹੈ)

ਕੇਤਿਆ; ਦੂਖ ਭੂਖ ਸਦ ਮਾਰ ਏਹਿ ਭਿ, ਦਾਤਿ ਤੇਰੀ; ਦਾਤਾਰ  ! ਉਚਾਰਨ : ਕੇਤਿਆਂ, ਏਹ।

ਪਦ ਅਰਥ : ਕੇਤਿਆ- ਕਈਆਂ ਨੂੰ। ਦੂਖ ਭੂਖ ਮਾਰ- ਦੁੱਖਾਂ ਭੁੱਖਾਂ ਦੀ ਮਾਰ। ਸਦ- ਸਦਾ। ਏਹਿ ਭਿ- ਇਹ (ਦੁੱਖ-ਭੁੱਖ) ਭੀ। ਦਾਤਾਰ- ਹੇ ਦਾਤਾਰ ਪ੍ਰਭੂ ! ਹੇ (ਜੀਵ-ਜੰਤੂਆਂ ਨੂੰ) ਦਾਤਾਂ ਦੇਣ ਵਾਲ਼ੇ !

ਅਰਥ : (ਦਾਤਾਰ-ਪਿਤਾ ਨੂੰ ਭੁੱਲਣ ਕਾਰਨ) ਕਈਆਂ ਨੂੰ ਦੁੱਖ, ਭੁੱਖ ਆਦਿ ਦੀ ਸਦਾ ਮਾਰ ਪੈਂਦੀ ਹੈ (ਭਾਵੇਂ ਕਿ) ਹੇ ਦਾਤਾਰ ਮਾਲਕ  ! (ਹੋਰ ਦਾਤਾਂ ਵਾਙ) ਇਹ ਭੀ ਤੇਰੀ ਹੀ ਇੱਕ ਦਾਤ ਹੈ (ਭਾਵ ਤੇਰੇ ਹੁਕਮ ’ਚ ਹੀ ‘ਦੂਖ ਭੂਖ’ ਮਿਲਦੇ ਹਨ; ਜਿਵੇਂ ਕਿ ਬਚਨ ਹਨ, ‘‘ਹੁਕਮਿ ਲਿਖਿ, ਦੁਖ ਸੁਖ ਪਾਈਅਹਿ ’’ ਜਪੁ)।

ਵਿਚਾਰ : ਅਕਸਰ ਸਿੱਖ; ਖ਼ਾਸਕਰ ਬੀਬੀਆਂ ‘ਦੁਖ ਭੰਜਨੀ, ਚੌਪਈ, ਸੁਖਮਨੀ ਸਾਹਿਬ’ ਆਦਿ ਦਾ ਪਾਠ; ਰੱਬ ਨਾਲ਼ ਲਗਾਅ ਪੈਦਾ ਕਰਨ ਲਈ ਨਹੀਂ ਬਲਕਿ ਸਰੀਰਕ ਤੇ ਪਰਵਾਰਿਕ ਪੀੜਾ ਤੋਂ ਛੁਟਕਾਰਾ ਪਾਉਣ ਲਈ ਕਰਦੀਆਂ ਹਨ ਜਦ ਕਿ ‘‘ਦੁਖ ਭੰਜਨੁ ਤੇਰਾ ਨਾਮੁ ਜੀ; ਦੁਖ ਭੰਜਨੁ ਤੇਰਾ ਨਾਮੁ ’’ (ਮਹਲਾ /੨੧੮) ਬਚਨ ਭੀ ਦੁੱਖਾਂ ਤੋਂ ਮੁਕਤ ਹੋਣ ਦਾ ਸਾਧਨ ‘ਹਰੀ ਦੇ ਨਾਮ’ ਨੂੰ ਬਿਆਨ ਕਰਦੇ ਹਨ। ਵਿਚਾਰਨਯੋਗ ਹੈ ਕਿ ਸੁਖਮਨੀ ਸਾਹਿਬ ਰਚਨ ਵਾਲ਼ੇ ਗੁਰੂ ਅਰਜਨ ਸਾਹਿਬ ਜੀ ਨੂੰ ਭੀ ਤੱਤੀ ਤਵੀ ’ਤੇ ਬੈਠਾ ਕੇ ਸ਼ਹੀਦ ਕੀਤਾ ਹੈ। ਗੁਰਬਾਣੀ ਅਨੁਸਾਰ ਦੁੱਖਾਂ ਤੋਂ ਮੁਕਤ ਹੋਣ ਦਾ ਭਾਵ ਆਤਮ ਬਲ/ਚਾਨਣ ਨਾਲ਼ ਇਨ੍ਹਾਂ ਨੂੰ ਮਹਿਸੂਸ ਨਾ ਹੋਣ ਦੇਣਾ ਹੈ; ਜਿਵੇਂ ਕਿ ਬਚਨ ਹਨ ‘‘ਜੋ ਨਰੁ, ਦੁਖ ਮੈ; ਦੁਖੁ ਨਹੀ ਮਾਨੈ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ (ਹਿਰਦੇ ); ਕੰਚਨ ਮਾਟੀ ਮਾਨੈ ਰਹਾਉ ’’ (ਮਹਲਾ /੬੩੩), ਸਰੀਰਕ ਕਸ਼ਟ ਅਵੱਸ਼ ਆਉਣੇ ਹਨ ਕਿਉਂਕਿ ਨਸੀਬ ’ਚ ਪੈਦਾਇਸ਼ ਤੋਂ ਹੀ ਪਾਇਆ ਹੈ, ‘‘ਜੋ ਕਿਛੁ ਪਾਇਆ; ਸੁ ਏਕਾ ਵਾਰ ..੩੧’’ (ਜਪੁ), ਇਸ ਲਈ ਇਸ ਸਚਾਈ ਵਿਰੁਧ ਅਰਦਾਸਾਂ ਕਰੀ ਜਾਣੀਆਂ ਸਹੀ ਨਹੀਂ; ਜਿਵੇਂ ਕਿ ਬਚਨ ਹਨ, ‘‘ਨਾਨਕ  ! ਬੋਲਣੁ ਝਖਣਾ; ਦੁਖ ਛਡਿ (ਕੇ), ਮੰਗੀਅਹਿ ਸੁਖ (ਕਿਉਂਕਿ) ਸੁਖੁ ਦੁਖੁ ਦੁਇ, ਦਰਿ (ਤੋਂ ਮਿਲੇ) ਕਪੜੇ; ਪਹਿਰਹਿ ਜਾਇ ਮਨੁਖ (ਇਸ ਲਈ) ਜਿਥੈ ਬੋਲਣਿ ਹਾਰੀਐ; ਤਿਥੈ ਚੰਗੀ ਚੁਪ ’’ (ਮਹਲਾ /੧੪੯), ਪਰ ਹਾਂ ਜੇਕਰ ਮਾਲਕ; ਨੌਕਰ ਦੀ ਦਿਲੀ ਭਾਵਨਾ ਤੋਂ ਬਹੁਤ ਪ੍ਰਸੰਨ ਹੋ ਜਾਵੇ ਤਾਂ ਮਰੀ ਹੋਈ ਗਾਂ ਭੀ ਜੀਵਤ ਕਰ ਸਕਦਾ ਹੈ, ਬਿਨਾ ਸੁਆਸ ਦੇ ਭੀ ਜੀਵਤ ਰੱਖ ਸਕਦਾ ਹੈ, ‘‘ਪ੍ਰਭ ਭਾਵੈ; ਬਿਨੁ ਸਾਸ ਤੇ ਰਾਖੈ ’’ (ਸੁਖਮਨੀ/ਮਹਲਾ /੨੭੭)

ਪੰਜਾਬੀ ਲੋਕ, ‘‘ਦੂਖ ਭੂਖ ਸਦ ਮਾਰ’’ ਦੇ ਸਬੰਧ ’ਚ ਬੋਲੇ ਇਨ੍ਹਾਂ ਬੋਲਾਂ ‘‘ਏਹਿ ਭਿ, ਦਾਤਿ ਤੇਰੀ; ਦਾਤਾਰ  ! ’’ ਨੂੰ ਅਕਸਰ ਆਪਣੀਆਂ ਗੱਡੀਆਂ ’ਤੇ ਲਿਖਵਾ ਲੈਂਦੇ ਹਨ, ਜੋ ਸੁਖਦਾਈ ਜੀਵਨ ਦਾ ਪ੍ਰਤੀਕ ਹੁੰਦੀਆਂ ਹਨ, ਨਾ ਕਿ ‘ਦੂਖ ਭੂਖ’ ਦਾ।

ਬੰਦਿ ਖਲਾਸੀ; ਭਾਣੈ ਹੋਇ ਹੋਰੁ; ਆਖਿ ਸਕੈ, ਕੋਇ

ਪਦ ਅਰਥ : ਬੰਦਿ- (ਦੂਖ ਭੂਖ) ਬੰਦਨ ਤੋਂ। ਖਲਾਸੀ- ਮੁਕਤੀ। ਭਾਣੈ- (ਰੱਬ ਦੀ) ਰਜ਼ਾ ਵਿੱਚ। ਹੋਰੁ- (ਇਸ ਤੋਂ ਇਲਾਵਾ ਕੋਈ) ਹੋਰ (ਤਰੀਕਾ)। ਨ ਆਖਿ ਸਕੈ- ਨਹੀਂ ਦੱਸ ਸਕਦਾ, ਨਹੀਂ ਸਮਝਾ ਸਕਦਾ। ਕੋਇ- ਕੋਈ (ਮਨੁੱਖ)।

ਅਰਥ : (‘ਦੂਖ ਭੂਖ’) ਬੰਧਨ ਤੋਂ ਮੁਕਤੀ (ਕਰਤਾਰ ਦੀ) ਰਜ਼ਾ ’ਚ (ਚੱਲਦਾ ਹਾਂ, ਇਹ ਸਵੀਕਾਰਨ ਨਾਲ਼) ਹੁੰਦੀ ਹੈ, (ਇਸ ਤੋਂ ਇਲਾਵਾ) ਹੋਰ ਕੋਈ ਸਾਧਨ ਨਹੀਂ ਦੱਸਿਆ ਜਾ ਸਕਦਾ (ਕਿਉਂਕਿ ਆਪਣੇ ਆਪ ਨੂੰ ਹੁਕਮ ’ਚ ਚੱਲਦਾ ਹਾਂ, ਮਹਿਸੂਸ ਕਰ ਸਿੱਖ; ਹੁਕਮ ਕਰਤਾ ਦੇ ਡਰ-ਅਦਬ ’ਚ ਹਰ ਸਮੇਂ ਰਹਿੰਦਾ ਹੈ। ਆਪਣੇ ਹਰ ਕਾਰਜ ਦਾ ਮਹੱਤਵ ਆਪਣੇ ’ਤੇ ਨਾ ਲੈ ਕੇ ਹੁਕਮ ਦੇ ਕਰਤਾ (ਮਾਲਕ) ਨੂੰ ਦੇਣ ਨਾਲ਼ ‘ਕੂੜ ਦੀ ਪਾਲਿ’ ਢਹਿੰਦੀ ਹੈ। ਉਸ ਨੂੰ ਯਾਦ ਰੱਖਣਾ ਹੀ ਉਸ ਦਾ ਮਿਸਰਨ ਹੈ।)

ਜੇ ਕੋ ਖਾਇਕੁ; ਆਖਣਿ ਪਾਇ ਓਹੁ ਜਾਣੈ; ਜੇਤੀਆ ਮੁਹਿ ਖਾਇ ਉਚਾਰਨ : ਓਹ, ਜੇਤੀਆਂ, ਮੁੰਹ।

ਪਦ ਅਰਥ : ਕੋ- ਕੋਈ। ਖਾਇਕੁ- ਮੂਰਖ (ਮੂੰਹ+ਰੱਖ ਯਾਨੀ ਰੱਬ ਵੱਲੋਂ ਮਿਲਦੀ ਹਰ ਦਾਤ ਨਾਲ਼ ਸਮਾਜ ’ਚ ਆਪਣਾ ਮੂੰਹ ਰੱਖਣ ਵਾਲ਼ਾ)। ਆਖਣਿ ਪਾਇ-ਆਖਣ ਵਿੱਚ ਲੱਗੇ, ਆਖਣਾ ਚਾਹੇ, ਦੱਸਣ ਦਾ ਦਾਅਵਾ ਕਰੇ। ਓਹੁ- ਉਹ (ਮੂਰਖ)। ਜੇਤੀਆ- ਜਿੰਨੀਆਂ (ਜੁੱਤੀਆਂ, ਫਿਟਕਾਰਾਂ)। ਮੁਹਿ- ਮੂੰਹ ਉੱਤੇ।

ਅਰਥ : ਜੇ ਕੋਈ ਮੂਰਖ (ਉਕਤ ਯੁਕਤੀ ਤੋਂ ਇਲਾਵਾ ਕੋਈ ਹੋਰ ਤਰੀਕਾ) ਦੱਸਣ ਦਾ ਦਾਅਵਾ ਕਰੇ (ਤਾਂ ਉਹ ਦੂਖ-ਭੂਖ ਦੀ ਮਾਰ ਤੋਂ ਨਹੀਂ ਬਚਦਾ, ਇਨ੍ਹਾਂ ਦੀਆਂ) ਜਿੰਨੀਆਂ ਚੋਟਾਂ ਮੂੰਹ ’ਤੇ ਸਹਾਰਦਾ ਹੈ, ਉਹ (ਖ਼ੁਦ) ਹੀ ਜਾਣਦਾ ਹੈ (ਗੁਰੂ ਸਾਹਿਬ ਦੇ ਇਹ ਅੰਮ੍ਰਿਤਮਈ ਬੋਲ, ਉਨ੍ਹਾਂ ’ਤੇ ਭੀ ਢੁਕਦੇ ਹਨ, ਜੋ ਦਾਤਾਰ-ਪਿਤਾ ਨੂੰ ਭੁਲਾ ਕੇ ਕੇਵਲ ਸਰੀਰਕ ਕਸ਼ਟਾਂ ਦੀ ਨਵਿਰਤੀ ਲਈ ‘ਦੁੱਖ ਭੰਜਨੀ, ਚੌਪਈ’ ਆਦਿ ਦੇ ਨਿਰੰਤਰ ਪਾਠ ਕਰਨ ਲੱਗੇ ਹਨ ਕਿਉਂਕਿ ਅਰਥਹੀਣ ਸ਼ਰਧਾ ਕਾਰਨ ਉਪਜਦੀ ਦੂਖ-ਭੂਖ ਵਾਲ਼ੀ ਪੀੜਾ; ਗੁਰਬਾਣੀ ਪ੍ਰਤੀ ਸੰਦੇਹ ਪੈਦਾ ਕਰਾਈ ਰੱਖਦੀ ਹੈ ਕਿ ਐਨੇ ਪਾਠ ਕਰਨ ਉਪਰੰਤ ਭੀ ਸੁਖਦਾਈ ਜੀਵਨ ਨਾ ਪਨਪਿਆ। ਗੁਰੂ ਨਾਨਕ ਸਾਹਿਬ ਵਾਰ ਵਾਰ ਐਸੀ ਸੋਝੀ ਬਖ਼ਸ਼ਦੇ ਹਨ ਕਿ ‘‘ਤੇਰਾ ਭਾਣਾ; ਸਭੁ ਕਿਛੁ ਹੋਵੈ ਮਨਹਠਿ ਕੀਚੈ; ਅੰਤਿ ਵਿਗੋਵੈ ਰਹਾਉ ’’ (ਮਹਲਾ /੩੫੬) ਭਾਵ  ਹੇ ਪ੍ਰਭੂ ! ਤੇਰੀ ਰਜ਼ਾ ’ਚ ਸਭ ਕਿਛੁ ਵਾਪਰਦਾ ਹੈ, ਪਰ ਇਸ ’ਤੇ ਬਣੀ ਬੇਭਰੋਸਗੀ ਕਾਰਨ ਮਨਹਠ ਧਾਰਿਆਂ ਸਦਾ ਖੱਜਲ-ਖੁਆਰ ਹੋਈਦਾ ਹੈ)

ਆਪੇ ਜਾਣੈ; ਆਪੇ ਦੇਇ ਆਖਹਿ; ਸਿ ਭਿ, ਕੇਈ ਕੇਇ ਉਚਾਰਨ : ਆਖਹਿਂ।

ਪਦ ਅਰਥ : ਆਪੇ- (ਦਾਤਾਰ) ਆਪ ਹੀ। ਜਾਣੈ- (ਦਿਲੀ ਉਮੰਗ ਨੂੰ) ਜਾਣਦਾ ਹੈ। ਆਖਹਿ- ਆਖਦੇ ਹਨ। ਸਿ ਭਿ- ਇਹ (ਤੱਥ/ਅਸਲ ਸਚਾਈ) ਭੀ। ਕੇਈ ਕੇਇ- ਕਈ (ਅਸਲ ਭਗਤ)।

ਅਰਥ : ਕਈ (ਆਸ਼ਾਵਾਦੀ) ਭਗਤ; ਇਹ (ਸਚਾਈ) ਬੋਲਦੇ ਰਹਿੰਦੇ ਹਨ ਕਿ (ਮਾਲਕ ਸਭ ਦੀ ਪੀੜਾ ਨੂੰ) ਆਪ ਹੀ ਜਾਣਦਾ ਹੈ ਤੇ (ਲੋੜ ਅਨੁਸਾਰ) ਆਪ ਹੀ ਦੇਈ ਜਾਂਦਾ ਹੈ, ਦੇ ਦਿੰਦਾ ਹੈ (ਭਾਵ ਵੱਧ ਪ੍ਰਾਪਤੀ ਲਈ ਬੇਚੈਨ ਹੋਣ ਦੀ ਲੋੜ ਨਹੀਂ। ਜਦ ਨੌਕਰ; ਆਪਣੇ ਮਾਲਕ ਦਾ ਹੁਕਮ ‘ਸਤਿ ਬਚਨ’ ਕਹਿ ਕੇ ਮੰਨਦਾ ਹੋਵੇ ਤਾਂ ਮਾਲਕ ਖ਼ੁਸ਼ੀ ਨਾਲ਼ ਉਸ ਦੀ ਤਨਖ਼ਾਹ ਹੋਰ ਵਧਾ ਦਿੰਦਾ ਹੈ, ‘‘ਚਾਕਰੁ ਲਗੈ ਚਾਕਰੀ; ਜੇ ਚਲੈ ਖਸਮੈ ਭਾਇ (ਮਾਲਕ ਦੀ ਰਜ਼ਾ ) ਹੁਰਮਤਿ (ਸ਼ੋਭਾ) ਤਿਸ ਨੋ ਅਗਲੀ (ਬਹੁਤੀ); ਓਹੁ ਵਜਹੁ (ਲਾਭ) ਭਿ ਦੂਣਾ ਖਾਇ ’’ ਮਹਲਾ /੪੭੪)

ਜਿਸ ਨੋ ਬਖਸੇ; ਸਿਫਤਿ ਸਾਲਾਹ ਨਾਨਕ  ! ਪਾਤਿਸਾਹੀ ਪਾਤਿਸਾਹੁ ੨੫

ਉਚਾਰਨ : ਬਖ਼ਸ਼ੇ, ਪਾਤਿਸ਼ਾਹੀਂ, ਪਾਤਿਸ਼ਾਹ।

ਪਦ ਅਰਥ : ਨੋ- ਨੂੰ, ਲਈ। ਸਿਫਤਿ ਸਾਲਾਹ- ਸਿਫ਼ਤਿ ਸਾਲਾਹ (ਰੂਪ ਦਾਤ)। ਪਾਤਿਸਾਹੀ- ਬਾਦਿਸ਼ਾਹਾਂ ਦਾ।

ਅਰਥ : ਹੇ ਨਾਨਕ  ! (ਅਣਮੰਗਿਆਂ ਮਿਲਦੀਆਂ ਦਾਤਾਂ ਤੋਂ ਇਲਾਵਾ) ਜਿਸ ਨੂੰ (ਮਾਲਕ; ਰੂਹ ਨੂੰ ਪ੍ਰਫੁਲਿਤ ਕਰਨ ਵਾਲ਼ੀ ਆਪਣੀ) ਸਿਫ਼ਤ-ਸਲਾਹ ਰੂਪ ਵਿਸ਼ੇਸ਼ ਦਾਤ ਭੀ ਬਖ਼ਸ਼ਦਾ ਹੈ, (ਉਹ) ਪਾਤਿਸ਼ਾਹਾਂ ਦਾ ਬਾਦਿਸ਼ਾਹ ਹੈ ਭਾਵ ਉਹ ‘‘ਦੂਖ-ਭੂਖ ਸਦ ਮਾਰ’’ ਦੇਰ ਹੇਠੋਂ ਨਿਕਲ ਜਾਂਦਾ ਹੈ।

ਵਿਚਾਰ : ਮਾਲਕ ਪਾਸੋਂ ਇਹ ਖ਼ਾਸ ਦਾਤ/ਬਖ਼ਸ਼ਸ਼ ਲੈਣ ਲਈ ਕੋਈ ਪਦਾਰਥ/ਵਸਤੂ ਭੇਟ ਕਰਨ ਦੀ ਲੋੜ ਨਹੀਂ ਕਿਉਂਕਿ ਇਹ ਬੜੀ ਅਮੋਲਕ ਦਾਤ ਹੈ, ਜੋ ਸਮਾਜਿਕ ਵਸਤੂਆਂ ਬਦਲੇ ਨਹੀਂ ਮਿਲਦੀਆਂ; ਇਹੀ ਵਿਚਾਰ ਅਗਾਂਹ 26ਵੀਂ ਪਉੜੀ ’ਚ ਹੈ।

ਅਮੁਲ ਗੁਣ, ਅਮੁਲ ਵਾਪਾਰ ਅਮੁਲ ਵਾਪਾਰੀਏ, ਅਮੁਲ ਭੰਡਾਰ ਉਚਾਰਨ : ਅ+ਮੁਲ।

ਪਦ ਅਰਥ : ਅਮੁਲੁ- ਧਨ-ਪਦਾਰਥ ਨਾਲ਼ ਜਿਸ ਦਾ ਮੁੱਲ ਨਾ ਪਵੇ। ਵਾਪਾਰੀਏ- (ਅਮੋਲਕ ਵਸਤੂ) ਖਰੀਦਣ ਵਾਲ਼ੇ। ਭੰਡਾਰ- (ਰੱਬੀ ਗੁਣਾਂ ਦੇ) ਖ਼ਜ਼ਾਨੇ।

ਅਰਥ : (ਦਾਤਾਰ-ਪਿਤਾ ਕੋਲ਼) ਬਹੁ ਕੀਮਤੀ ਗੁਣਾਂ ਦੇ ਅਮੋਲਕ ਖ਼ਜ਼ਾਨੇ ਹਨ (ਉਨ੍ਹਾਂ ਦਾ) ਅਮੋਲਕ ਹੀ ਵਣਜ-ਵਪਾਰ ਹੈ ਭਾਵ ਇਨ੍ਹਾਂ ਦਾ ਵਣਜ ਕਰਨ ਬਦਲੇ ਮਨ ਦਾ ਮਾਣ (ਮੈ-ਮੇਰੀ) ਹੀ ਤਿਆਗਣਾ ਹੈ, ਨਾ ਕਿ ਕੋਈ ਵਸਤੂ ਭੇਟਾ ਦੇਣੀ ਹੈ। ਬਹੁਮੁੱਲੇ (ਹੀ ਇਹ) ਵਪਾਰ ਕਰਨ ਵਾਲ਼ੇ (ਜੀਵਨ) ਹੁੰਦੇ ਹਨ (ਜੋ ਸੱਚ ਲਈ ਕੁਰਬਾਨ ਹੋ ਜਾਂਦੇ ਹਨ)। ਭਗਤ ਕਬੀਰ ਜੀ ਦੇ ਬਚਨ ਹਨ, ‘‘ਕੰਚਨ ਸਿਉ; ਪਾਈਐ ਨਹੀਂ ਤੋਲਿ (ਕੇ) ਮਨੁ ਦੇ (ਦੇ ਕੇ); ਰਾਮੁ ਲੀਆ ਹੈ ਮੋਲਿ ’’ ਭਗਤ ਕਬੀਰ/੩੨੭) ਭਾਵ ਮਨ ਦਾ ਅਹੰਕਾਰ (ਕੂੜੈ ਪਾਲਿ) ਤਿਆਗ ਕੇ ਰਾਮ-ਨਾਮ ਖ਼ਰੀਦ ਹੁੰਦਾ ਹੈ, ਨਾ ਕਿ ਸੋਨੇ ਆਦਿ ਭੇਟ ਕਰਨ ਬਦਲੇ ਮਿਲਦਾ ਹੈ

ਅਮੁਲ ਆਵਹਿ, ਅਮੁਲ ਲੈ ਜਾਹਿ ਅਮੁਲ ਭਾਇ, ਅਮੁਲਾ ਸਮਾਹਿ

ਉਚਾਰਨ : ਅ+ਮੁਲ, ਆਵਹਿਂ, ਜਾਹਿਂ, ਸਮਾਹਿਂ।

ਪਦ ਅਰਥ : ਆਵਹਿ- ਆਉਂਦੇ ਹਨ। ਲੈ- ਲੈ ਕੇ। ਜਾਹਿ- ਜਾਂਦੇ ਹਨ। ਭਾਇ- ਪ੍ਰੇਮ ਨਾਲ਼। ਸਮਾਹਿ- (ਰੱਬ ’ਚ) ਸਮਾ ਜਾਂਦੇ ਹਨ।

ਅਰਥ : (ਚੰਗੇ ਨਸੀਬਾਂ ਨਾਲ਼ ਇਹ) ਬਹੁਮੁੱਲੇ (ਗੁਣ ਖ਼ਰੀਦਣ; ਭਗਤ-ਜਨ ਸੰਸਾਰ ’ਚ) ਆਉਂਦੇ ਹਨ। ਬਹੁਮੁੱਲੇ ਗੁਣ (ਖ਼ਰੀਦ ਕੇ ਇੱਥੋਂ) ਲੈ ਜਾਂਦੇ ਹਨ। ਬਹੁਮੁੱਲੇ (ਪ੍ਰਭੂ) ਪ੍ਰੇਮ ਨਾਲ਼ ਬਹੁਮੁੱਲੇ (ਮਾਲਕ ’ਚ) ਲੀਨ ਹੋ ਜਾਂਦੇ ਹਨ; ਜਿਵੇਂ ਨਦੀਆਂ ਤੇ ਨਾਲੇ; ਸਮੁੰਦਰ ’ਚ ਅਭੇਦ ਹੁੰਦੇ ਹਨ ‘‘ਨਦੀਆ ਅਤੈ ਵਾਹ; ਪਵਹਿ ਸਮੁੰਦਿ.. ੨੩’’ (ਜਪੁ)

ਵਿਚਾਰ : ਇਸ ਪਉੜੀ ਦੀਆਂ ਉਕਤ ਦੋਵੇਂ ਤੁਕਾਂ ’ਚ 8 ਵਾਰ ‘ਅਮੁਲ’ (ਮੁਕਤਾ ਅੰਤ); ਬਹੁ ਵਚਨ ਵਿਸ਼ੇਸ਼ਣ ਹੈ, ਪਰ ਹੁਣ ਅਗਾਂਹ 9 ਵਾਰ ‘ਅਮੁਲੁ’ (ਔਂਕੜ ਅੰਤ) ਇੱਕ ਵਚਨ ਵਿਸ਼ੇਸ਼ਣ ਹੈ ਕਿਉਂਕਿ ਇਸ ਨਾਲ਼ ਦਰਜ ਸਾਰੇ ਨਾਂਵ ਭੀ ਇੱਕ ਵਚਨ ਪੁਲਿੰਗ ਹਨ; ਜਿਵੇਂ ਕਿ ‘ਧਰਮੁ, ਦੀਬਾਣੁ, ਤੁਲੁ, ਪਰਵਾਣੁ’ ਜਦ ਕਿ ‘ਅਮੁਲ’ (ਬਹੁ ਵਚਨ) ਨਾਲ਼ ਉਕਤ ਨਾਂਵ ਤੇ ਕਿਰਿਆਵਾਂ ਬਹੁ ਵਚਨ ਸਨ; ਜਿਵੇਂ ਕਿ ‘ਗੁਣ, ਵਾਪਾਰ, ਵਾਪਾਰੀਏ, ਭੰਡਾਰ, ਆਵਹਿ, ਜਾਹਿ, ਸਮਾਹਿ’।

ਅਮੁਲੁ ਧਰਮੁ, ਅਮੁਲੁ ਦੀਬਾਣੁ ਅਮੁਲੁ ਤੁਲੁ, ਅਮੁਲੁ ਪਰਵਾਣੁ ਉਚਾਰਨ : ਅਮੁੱਲ।

ਪਦ ਅਰਥ : ਧਰਮੁ- ਰੂਹ ਦੀ ਖ਼ੁਰਾਕ, ਰੂਹਾਨੀਅਤ ਬਲ/ਚਾਨਣ, ਧਾਰਨ/ਗ੍ਰਹਿਣ ਕਰਨਯੋਗ ਨੈਤਿਕਤਾ। ਦੀਬਾਣੁ- ਦਰਗਾਹ, ਕਚਹਿਰੀ, ਇਨਸਾਫ਼ ਘਰ (ਜਿੱਥੇ ਜੀਵਨ ਆਚਰਨ/ਇਖ਼ਲਾਕ ਦੀ ਪਰਖ ਹੁੰਦੀ ਹੈ)। ਤੁਲੁ- ਤੱਕੜੀ, ਤਰਾਜ਼ੂ (ਪਰਖ-ਕਸੌਟੀ)। ਪਰਵਾਣੁ- ਵੱਟਾ (ਜਿਸ ਨਾਲ਼ ਕਿਰਦਾਰ ਤੋਲੀਦਾ ਹੈ ਭਾਵ ਫ਼ੈਸਲਾ ਕਰਨ ਵਾਲ਼ਾ ਜੱਜ/ਜਸਟਿਸ)

ਅਰਥ : ਅਮੋਲਕ ਹੀ (ਦਾਤਾਰ ਦਾ) ਕਾਨੂੰਨ ਹੈ। ਅਮੋਲਕ ਇਨਸਾਫ਼ ਘਰ ਹੈ। ਅਮੋਲਕ ਤਰਾਜ਼ੂ ਹੈ। ਅਮੋਲਕ ਹੀ ਫ਼ੈਸਲਾ ਕਰਨ ਵਾਲ਼ਾ ਜੱਜ ਹੈ ਯਾਨੀ ਕੁੱਝ ਲੈ ਦੇ ਕੇ ਗ਼ਲਤ ਫ਼ੈਸਲਾ ਨਹੀਂ ਕਰਾਇਆ ਜਾ ਸਕਦਾ; ਜਿਵੇਂ ਕਿ ਬਚਨ ਹਨ ਕਿ ਜੋ ਹੱਥ ਕਰੇਗਾ ਓਹੀ ਭਰੇਗਾ, ‘‘ਅਹਿ ਕਰੁ (ਹੱਥ) ਕਰੇ, ਸੁ ਅਹਿ ਕਰੁ ਪਾਏ; ਕੋਈ ਪਕੜੀਐ, ਕਿਸੈ ਥਾਇ ’’ (ਮਹਲਾ /੪੦੬)

ਅਮੁਲ ਬਖਸੀਸ, ਅਮੁਲੁ ਨੀਸਾਣੁ ਅਮੁਲੁ ਕਰਮੁ, ਅਮੁਲੁ ਫੁਰਮਾਣੁ

ਉਚਾਰਨ : ਅਮੁੱਲ, ਬਖ਼ਸ਼ੀਸ਼, ਨੀਸ਼ਾਣ, ਫ਼ੁਰਮਾਣ।

ਪਦ ਅਰਥ : ਬਖਸੀਸ- (ਰੱਬ ਦੀ) ਮਿਹਰ (ਜਿਸ ਨਾਲ਼ ਖ਼ਾਸ ਦਾਤ ਮਿਲਦੀ ਹੈ ਯਾਨੀ ਭਗਤ ’ਤੇ ਹੁੰਦੀ) ਦਇਆ ਦ੍ਰਿਸ਼ਟੀ। ਨੀਸਾਣੁ- (ਮਿਹਰ ਦਾ) ਚਿੰਨ੍ਹ (ਜਿਵੇਂ ਕਿ ਆਤਮਿਕ ਉੱਨਤੀ, ਚਾਨਣ, ਬਲ, ਨਿਡਰਤਾ, ਸਬਰ, ਆਦਿ)। ਕਰਮੁ- ਚੰਗਾ-ਮੰਦਾ ਨਸੀਬ, ਕੀਤੇ ਕੰਮਾਂ ਦਾ ਫਲ਼। ਫੁਰਮਾਣੁ- (ਮਿਹਰ ਕਰਾਉਣ ਵਾਲ਼ਾ) ਹੁਕਮ।

ਅਰਥ : (ਸੇਵਕ ਉੱਤੇ ਰੱਬ ਦੀ) ਅਮੋਲਕ ਦਇਆ ਦ੍ਰਿਸ਼ਟੀ ਹੁੰਦੀ ਹੈ। ਅਮੋਲਕ ਹੀ (ਮਿਲਦੀ ਦਾਤ ਦਾ) ਚਿੰਨ੍ਹ ਹੈ (ਇਸ ਦਾਤ ਦੀ ਪ੍ਰਾਪਤੀ ’ਚ ਕੋਈ ਵਿਘਨ ਭੀ ਨਹੀਂ ਪਾ ਸਕਦਾ; ਜਿਵੇਂ ਕਿ ਆਪ ਜੀ ਦੇ ਹੀ ਬਚਨ ਹਨ, ‘‘ਕਰਮਿ (ਮਿਹਰ ਨਾਲ਼) ਮਿਲੈ; ਨਾਹੀ ਠਾਕਿ ਰਹਾਈਆ (ਰੋਕ ਪੈਂਦੀ)’’ ਸੋ ਦਰੁ/ਮਹਲਾ /੧੩) ਅਮੋਲਕ (ਹੀ ਜਗਤ ਕਾਰ-ਵਿਹਾਰ ਚਲਾਉਣ ਵਾਲ਼ਾ) ਹੁਕਮ ਹੈ। ਅਮੋਲਕ ਹੀ (ਸਿਰ ’ਤੇ) ਨਸੀਬ ਲਿਖਿਆ ਹੁੰਦਾ ਹੈ ਯਾਨੀ ਚੰਗੀ ਜੂਨ ਜਾਂ ਚੰਗੇ ਘਰਾਣੇ ’ਚ ਜਨਮ ਲੈਣ ਲਈ ਭੇਟਾ ਨਹੀਂ ਦੇਣੀ ਪੈਂਦੀ।

ਵਿਚਾਰ : ਜਿਵੇਂ ਤੀਜੀ ਪਉੜੀ ’ਚ 8 ਕੁ ਮਿਸਾਲਾਂ ‘‘ਗਾਵੈ ਕੋ ਤਾਣੁ.. ਗਾਵੈ ਕੋ ਦਾਤਿ; ਜਾਣੈ ਨੀਸਾਣੁ ’’ ਆਦਿ ਦੇਣ ਉਪਰੰਤ ਅੰਤ ’ਚ ਅਸੀਮ ਅਸੀਮ ‘‘ਕਥਨਾ ਕਥੀ; ਆਵੈ ਤੋਟਿ ਕਥਿ ਕਥਿ ਕਥੀ; ਕੋਟੀ ਕੋਟਿ ਕੋਟਿ ..’’ ਕਹਿ ਕੇ ਪ੍ਰਸੰਗ ਨੂੰ ਸਮੇਟਿਆ ਸੀ; ਵੈਸੇ ਹੀ ਇਸ ਪਉੜੀ ’ਚ ਉਕਤ ਚੱਲਦੇ ਪ੍ਰਸੰਗ ਨੂੰ ਅਗਾਂਹ ਅਸੀਮ ਅਸੀਮ ਕਹਿ ਕੇ ਸਮੇਟਿਆ ਗਿਆ ਹੈ।

ਅਮੁਲੋ ਅਮੁਲੁ, ਆਖਿਆ ਜਾਇ ਆਖਿ ਆਖਿ ਰਹੇ, ਲਿਵ ਲਾਇ ਉਚਾਰਨ : ਅਮੁੱਲੋ ਅਮੁੱਲ।

ਪਦ ਅਰਥ : ਅਮੁਲੋ ਅਮੁਲੁ- ਅਮੋਲਕ ਹੀ ਅਮੋਲਕ (ਰੱਬ ’ਚ ਗੁਣ ਹਨ)। ਆਖਿਆ ਨਾ ਜਾਇ- (ਜਿਨ੍ਹਾਂ ਬਾਰੇ ਹੋਰ ਵਧੇਰੇ) ਵਰਣਨ ਨਹੀਂ ਕੀਤਾ ਜਾ ਸਕਦਾ। ਆਖਿ ਆਖਿ- ਕਹਿ ਕਹਿ ਕੇ। ਰਹੇ- ਰਹਿ ਗਏ, ਮਰ ਗਏ। ਲਿਵ ਲਾਇ- ਲਿਵ ਲਗਾ-ਲਗਾ ਕੇ, ਇਕਾਗਰ ਚਿੱਤ ਹੋ ਕੇ।

ਅਰਥ : (ਉਕਤ ਵੇਰਵਿਆਂ ਤੋਂ ਇਲਾਵਾ ਦਾਤਾਰ-ਪਿਤਾ ’ਚ ਹੋਰ ਭੀ ਬੜੇ) ਅਮੋਲਕ ਅਮੋਲਕ (ਗੁਣ) ਹਨ, (ਜਿਨ੍ਹਾਂ ਸਾਰਿਆਂ ਨੂੰ) ਬਿਆਨ ਨਹੀਂ ਕੀਤਾ ਜਾ ਸਕਦਾ। ਧਿਆਨ ਜੋੜ ਜੋੜ ਕੇ (ਭਗਤ-ਜਨ; ਇਹ ਗੁਣ) ਬਿਆਨ ਕਰ ਕਰ ਕੇ ਥੱਕ ਗਏ, ਜੀਵਨ-ਲੀਲ੍ਹਾ ਸਮਾਪਤ ਕਰ ਗਏ।

ਆਖਹਿ; ਵੇਦ ਪਾਠ ਪੁਰਾਣ ਆਖਹਿ ਪੜੇ, ਕਰਹਿ ਵਖਿਆਣਉਚਾਰਨ : ਆਖਹਿਂ, ਪੜ੍ਹੇ, ਕਰਹਿਂ।

ਪਦ ਅਰਥ : ਆਖਹਿ- ਆਖਦੇ ਹਨ। ਪਾਠ- ਅਧਿਆਇ। ਵੇਦ- ਹਿੰਦੂ ਮੱਤ ਦੇ ਸਭ ਤੋਂ ਪੁਰਾਤਨ ਚਾਰ ਗ੍ਰੰਥ (ਰਿਗਵੇਦ, ਯਜੁਰਵੇਦ, ਸਾਮਵੇਦ, ਅਥ੍ਰਵਵੇਦ)। ਪੁਰਾਣ- ਹਿੰਦੂ ਮੱਤ ਦੇ 18 ਪੁਰਾਣ (ਵਿਸਨੁ, ਪਦਮ, ਬ੍ਰਹਮ, ਸ਼ਿਵ, ਭਾਗਵਤ, ਨਾਰਦ, ਮਾਰਕੰਡੇਯ, ਅਗਨਿ, ਬ੍ਰਹ-ਵੈਵਰਤ, ਲਿੰਗ, ਵਾਰਾਹ, ਸਕੰਦ, ਵਾਮਨ, ਕੂਰਮ, ਮਤਸ੍ਯ ਗਰੁੜ, ਬ੍ਰਹਮਾਂਡ ਅਤੇ ਭਵਿਸ਼੍ਯ ਪੁਰਾਣ। ਹੋਰ 18 ਉਪ ਪੁਰਾਣ ਭੀ ਹਨ ‘ਸਨਕ ਕੁਮਾਰ, ਨਾਰਸਿੰਹ, ਨਾਰਦੀਯ, ਦੇਵੀ ਭਾਗਵਤ, ਦੁਰਵਾਸਾ, ਕਪਿਲ, ਮਾਨਵ, ਔਸ਼ਨਸ, ਵਰੁਣ, ਕਾਲਿਕਾ, ਸ਼ਾਂਬ, ਨੰਦਾ, ਸੌਰ ਪਾਰਾਸ਼ਰ, ਆਦਿਤਯ, ਮਾਹੇਸ਼੍ਵਰ, ਭ੍ਰਾਗਵ ਅਤੇ ਵਾਸ਼ਿਸ੍ਟ’ ਹਵਾਲਾ ਮਹਾਨ ਕੋਸ਼)। ਪੜੇ- ਪੜ੍ਹੇ ਹੋਏ, ਬੁਧੀਮਾਨ (ਪੰਡਿਤ)। ਕਰਹਿ- ਕਰਦੇ ਹਨ, ਦੱਸਦੇ ਹਨ। ਵਖਿਆਣ- ਕਥਨ।

ਅਰਥ : (ਰੱਬ ਦੇ ਗੁਣਾਂ ਬਾਰੇ) ਵੇਦ ਅਤੇ ਪੁਰਾਣਾਂ ਦੇ ਅਧਿਆਇ ਭੀ ਆਖਦੇ ਹਨ। ਪੜ੍ਹੇ ਲਿਖੇ ਵਿਦਵਾਨ ਭੀ ਵਰਣਨ ਕਰਦੇ ਹਨ, ਜੋ ਹੋਰਾਂ ਨੂੰ ਕਥਨ ਕਰਿਆ ਕਰਦੇ ਹਨ।

ਆਖਹਿ ਬਰਮੇ, ਆਖਹਿ ਇੰਦ ਆਖਹਿ ਗੋਪੀ ਤੈ ਗੋਵਿੰਦ ਉਚਾਰਨ : ਆਖਹਿਂ, ਬਰ੍ਹਮੇ।

ਪਦ ਅਰਥ : ਬਰਮੇ- ਬ੍ਰਹਮੇ (ਵਰਗੇ ਅਨੇਕਾਂ, ਜਿਨ੍ਹਾਂ ਨੂੰ ਸ੍ਰਿਸ਼ਟੀ ਦਾ ਰਚੇਤਾ ਮੰਨਿਆ ਗਿਆ)। ਇੰਦ- ਇੰਦ੍ਰ (ਦੇਵਤੇ ਵਰਗੇ, ਜਿਨ੍ਹਾਂ ਨੂੰ ਸੁਰਗ ’ਚ ਦੇਵਤਿਆਂ ਦਾ ਰਾਜਾ ਮੰਨਿਆ ਹੈ)। ਗੋਪੀ- ਗੋਪੀਆਂ (ਜੋ ਗਾਈਆਂ ਚਰਾਉਂਦੇ ਕ੍ਰਿਸ਼ਨ ਜੀ ਨਾਲ਼ ਰਾਸ-ਲੀਲ੍ਹਾ (ਰੰਗ-ਰਲੀਆਂ) ਮਨਾਉਂਦੀਆਂ ਰਹੀਆਂ ਸਨ)। ਗੋਵਿੰਦ- ਕ੍ਰਿਸ਼ਨ ਜੀ (ਵਰਗੇ ਅਨੇਕਾਂ)।

ਅਰਥ : ਕਈ ਬ੍ਰਹਮੇ, ਕਈ ਇੰਦਰ, ਅਨੇਕਾਂ ਗੋਪੀਆਂ ਅਤੇ ਕ੍ਰਿਸ਼ਨ ਜੀ (ਆਦਿਕ ਭੀ ਰੱਬ ਦੇ ਗੁਣਾਂ ਬਾਰੇ) ਆਖਦੇ ਹਨ।

ਆਖਹਿ ਈਸਰ, ਆਖਹਿ ਸਿਧ ਆਖਹਿ ਕੇਤੇ, ਕੀਤੇ ਬੁਧ ਉਚਾਰਨ : ਆਖਹਿਂ, ਈਸ਼ਰ।

ਪਦ ਅਰਥ : ਈਸਰ- ਸ਼ਿਵ ਜੀ (ਵਰਗੇ, ਜੋ ਸ੍ਰਿਸ਼ਟੀ ਨੂੰ ਨਾਸ ਕਰਦਾ, ਮੰਨਿਆ ਗਿਆ)। ਸਿਧ- ਪੁੱਗੇ ਹੋਏ ਜੋਗੀ (ਜੋ ਰਿੱਧੀਆਂ-ਸਿੱਧੀਆਂ ਦੇ ਮਾਲਕ ਹਨ ਭਾਵ ਕਰਾਮਤੀ ਸ਼ਕਤੀਆਂ ਵਿਖਾਉਣ ਵਾਲ਼ੇ)। ਕੇਤੇ- ਕਿਤਨੇ, ਕਿੰਨੇ ਹੀ। ਬੁਧ- ਮਹਾਤਮਾ ਬੁੱਧ ਵਰਗੇ।

ਅਰਥ : (ਕਰਤਾਰ ਦੁਆਰਾ) ਪੈਦਾ ਕੀਤੇ ਕਿੰਨੇ ਹੀ ਬੋਧੀ, ਕਿੰਨੇ ਹੀ ਸ਼ਿਵ, ਕਿੰਨੇ ਹੀ ਸਿੱਧ-ਜੋਗੀ (ਆਦਿ ਦਾਤਾਰ-ਪਿਤਾ ਬਾਰੇ) ਆਖਦੇ ਹਨ।

ਆਖਹਿ ਦਾਨਵ, ਆਖਹਿ ਦੇਵ ਆਖਹਿ ਸੁਰਿਨਰ, ਮੁਨਿ ਜਨ ਸੇਵ ਉਚਾਰਨ : ਆਖਹਿਂ।

ਪਦ ਅਰਥ : ਦਾਨਵ- ਰਾਖਸ਼, ਦੈਂਤ (ਦਰਾਵੜ ਰਾਜੇ, ਦੱਖਣ ਭਾਰਤ ਦੇ ਮੂਲ ਸ਼ਹਰੀ)। ਦੇਵ- ਦੇਵਤੇ (ਆਰੀਅਨ ਰਾਜੇ, ਉੱਤਰ-ਪੱਛਮ ਭਾਰਤ ’ਚ ਆ ਕੇ ਵਸੇ ਕਬੀਲਿਆਂ ਦੇ ਰਾਜੇ)। ਸੁਰਿ ਨਰ- ਸ੍ਰੇਸ਼ਟ ਮਨੁੱਖ। ਮੁਨਿ ਜਨ- ਰਿਸ਼ੀ ਮੁਨੀ। ਸੇਵ- ਸੇਵਕ, ਭਗਤ।

ਅਰਥ : ਬੇਅੰਤ ਰਾਖਸ਼ (ਦੈਂਤ), ਬੇਅੰਤ ਦੇਵਤੇ, ਸ੍ਰੇਸ਼ਟ ਮਨੁੱਖ, ਰਿਸ਼ੀ ਮੁਨੀ, ਭਗਤ ਜਨ (ਆਦਿ ਭੀ ਐਸਾ ਹੀ) ਆਖਦੇ ਹਨ।

ਵਿਚਾਰ : ਉਕਤ ਦੋ ਸ਼ਬਦ ਆਏ ਹਨ, ‘‘ਆਖਹਿ ਸਿਧ, ਆਖਹਿ ਦਾਨਵ’’ ਭਾਵ ਨਿਰਾਕਾਰ ਦੇ ਅਮੋਲਕ ਗੁਣਾਂ ਬਾਰੇ ਬੋਧੀ ਤੇ ਰਾਖਸ਼ ਵੀ ਕਹਿੰਦੇ ਹਨ, ਪਰ ਜੇਕਰ ਮਹਾਤਮਾ ਬੁੱਧ ਅਤੇ ਰਾਖਸ਼ਾਂ ਦਾ ਇਤਿਹਾਸ ਪੜ੍ਹੀਏ ਤਾਂ ਉਹ ਕਿਸੇ ਅਦ੍ਰਿਸ਼/ਦੈਵੀ ਸ਼ਕਤੀ, ਜੋ ਕਿ ਪ੍ਰਸੰਗ ਅਨੁਸਾਰ ਇੱਥੇ ਦਾਤਾਰ-ਪਿਤਾ ਹੈ, ਨੂੰ ਨਹੀਂ ਮੰਨਦੇ। ਫਿਰ ਗੁਰੂ ਜੀ ਨੇ ਕਿਉਂ ਕਿਹਾ ਕਿ ਇਹ ਭੀ ਦਾਤਾਰ ਦੇ ਅਮੋਲਕ ਗੁਣਾਂ ਦਾ ਵਰਣਨ ਕਰਦੇ ਹਨ ?

ਪਿਛਾਂਹ 22ਵੀਂ ਪਉੜੀ ’ਚ ਵਿਚਾਰਿਆ ਜਾ ਚੁੱਕਾ ਹੈ ਕਿ ਗੁਰੂ ਸਾਹਿਬ; ਜਿਸ ਸ਼ਬਦ ’ਚ ਪਹਿਲਾਂ ਆਪਣਾ ਵਿਸ਼ਾ ਸਪਸ਼ਟ ਕਰ ਦੇਣ, ਓਥੇ ਬਾਅਦ ’ਚ ਅਨਮਤ ਦੀ ਮਿਸਾਲ ਨਾਲ਼ ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਰਵਾਇਤੀ ਲੋਕਾਂ ਦੀ ਧਾਰਨਾ ਦੀ ਟੇਕ ਲਈ ਹੁੰਦੀ ਹੈ। ਹੁਣ ਸਵਾਲ ਹੈ ਕਿ ਜੇ ਇਹ ਵਾਕਿਆ ਈ ਦਾਤਾਰ-ਪਿਤਾ ਦੇ ਗੁਣਾਂ ਬਾਰੇ ਨਹੀਂ ਜਾਣਦੇ ਤਾਂ ਗੁਰੂ ਸਾਹਿਬ; ਐਸਾ ਝੂਠਾ ਦਿਲਾਸਾ ਕਿਉਂ ਦਿੰਦੇ ਹਨ ?

ਜਵਾਬ : ਗੁਰੂ ਨਾਨਕ ਜੀ ਨੇ ਆਪਣੇ ਜੀਵਨ ਕਾਲ (ਸੰਨ 1469-1539) ਦੌਰਾਨ 40-50 ਹਜ਼ਾਰ ਕਿਲੋਮੀਟਰ (ਜਦ ਕਿ ਧਰਤੀ ਦਾ ਘੇਰਾ 40,075 ਕਿਲੋਮੀਟਰ ਹੈ) ਪੈਦਲ ਚੱਲ ਕੇ ਜਗ੍ਹਾ ਜਗ੍ਹਾ ਧਾਰਮਿਕ ਗੋਸਟੀਆਂ/ਚਰਚਾਵਾਂ ਕੀਤੀਆਂ। ਜਿਨ੍ਹਾਂ ’ਚ ਰਵਾਇਤੀ ਧਰਮਾਂ ਨੂੰ ਪਰਣਾਇ ਪੰਡਿਤ, ਮਹਾਤਮਾ ਬੁੱਧ ਦੇ ਚੇਲੇ/ਭਿਖਸ਼ੂ, ਇਸਲਾਮ ਧਰਮ ਦੇ ਮੌਲਵੀ, ਜੋਗ ਮੱਤ ਦੇ ਗਿਆਤਾ (ਸਿੱਧ) ਅਤੇ ਦੱਖਣ ਭਾਰਤ ਦੇ ਦਰਾਵੜਾਂ (ਰਾਖਸ਼ਾਂ) ਦੇ ਪੈਰੋਕਾਰ ਭੀ ਸਨ। ਇਨ੍ਹਾਂ ਨਾਲ਼ ਵਿਚਾਰ-ਗੋਸਟੀਆਂ ਕਰਨ ਤੋਂ ਬਾਅਦ ਗੁਰੂ ਜੀ ਨੇ ਇਹ ਤੱਤ ਕੱਢਿਆ ਕਿ ਇਹ ਸਭ; ਕਿਸੇ ਨਾ ਕਿਸੇ ਰੂਪ ’ਚ ਅਦ੍ਰਿਸ਼ ਸ਼ਕਤੀ ’ਤੇ ਵਿਸ਼ਵਾਸ ਤਾਂ ਰੱਖਦੇ ਹਨ ਭਾਵੇਂ ਕਿ ਇਨ੍ਹਾਂ ਦੇ ਧਾਰਮਿਕ ਗ੍ਰੰਥਾਂ ’ਚ ਉਸ ਬਾਰੇ ਬਹੁਤੀ ਸਪਸ਼ਟ ਵਿਆਖਿਆ ਨਹੀਂ। ਇਸ ਲਈ ਗੁਰੂ ਸਾਹਿਬ ਨੇ ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਇਨ੍ਹਾਂ ਦੀ ਇਸ ਵਿਸ਼ਵਾਸ ਭਰਪੂਰ ਧਾਰਨਾ ਦੀ ਹੀ ਟੇਕ ਲਈ ਹੈ। ਮਿਸਾਲ ਵਜੋਂ ਬਾਈਬਲ ਨੂੰ ਜਿਸ ਨਜ਼ਰੀਏ ਨਾਲ਼ ਰੂੜ੍ਹੀਵਾਦੀ ਰੋਮਨ ਕੈਥੋਲਿਕ ਈਸਾਈ ਵੇਖਦੇ ਹਨ; ਵੈਸਾ ਮਾਡਰਨ ਪ੍ਰੋਟੈਸਟੈਂਟ ਚਰਚ ਵਾਲ਼ੇ ਈਸਾਈ ਨਹੀਂ ਮੰਨਦੇ। ਕੁਰਾਨ ਨੂੰ ਭੀ ਜਿਸ ਤਰ੍ਹਾਂ ਸੁੰਨੀ ਮੁਸਲਮਾਨ ਵੇਖਦੇ ਹਨ; ਵੈਸਾ ਅਜੋਕੇ ਸੂਫ਼ੀ ਮੁਸਲਮਾਨ ਨਹੀਂ ਮੰਨਦੇ ਕਿਉਂਕਿ ਇਨ੍ਹਾਂ ਨੇ ਕਿਸੇ ਨਾ ਕਿਸੇ ਰੂਪ ’ਚ ਨਵੀਨ ਧਰਮ ਤੋਂ ਪ੍ਰਭਾਵਤ ਹੋ ਕੇ ਆਪਣੇ ਪੁਰਾਤਨ ਗ੍ਰੰਥਾਂ ਦੇ ਅਰਥ ਸਮਝੇ ਹਨ। ਅੱਜ ਕਈ ਸਿੱਖ ਵੀ ਗੁਰਬਾਣੀ ਨੂੰ ਅਜੋਕੇ ਵਿਗਿਆਨਿਕ ਨਜ਼ਰੀਏ ਨਾਲ਼ ਵੇਖਦੇ ਹਨ, ਜੋ ਕਿ ਸਹੀ ਨਹੀਂ ਕਿਉਂਕਿ ਵਿਗਿਆਨਿਕ ਕਾਢਾਂ ’ਚ ਨਵੇਂ ਬਦਲਾਅ ਹੁੰਦੇ ਰਹਿਣੇ ਹਨ। ਜੇ 2-4 ਹਜ਼ਾਰ ਸਾਲ ਬਾਅਦ ਵਿਗਿਆਨ ਨੇ ਆਪਣੀ ਅਜੋਕੀ ਕਿਸੇ ਖੋਜ ਨੂੰ ਗ਼ਲਤ ਕਹਿ ਦਿੱਤਾ ਤਾਂ ਉਸ ਅਨੁਸਾਰ ਗੁਰਬਾਣੀ ਦੇ ਕੀਤੇ ਅਰਥਾਂ ਦਾ ਕੀ ਬਣੇਗਾ ?

ਸੰਨ 1581 ’ਚ ਅਕਬਰ ਬਾਦਿਸ਼ਾਹ ਨੇ ਨਵਾਂ ਧਰਮ ‘ਦੀਨ ਏ ਇਲਾਹੀ’ ਚਲਾਇਆ, ਜਿਹੜਾ ਉਸ ਨੂੰ (ਗੁਰੂ ਨਾਨਕ ਜੀ ਵਾਙ) ਪ੍ਰਾਪਤ ਹੋਇਆ ਪੈਦਾਇਸ਼ੀ ਗਿਆਨ ਨਹੀਂ ਸੀ ਬਲਕਿ ਗੁਰਬਾਣੀ ਦੁਆਰਾ ਮਿਲਿਆ ਸਰਬ ਸਾਂਝੀਵਾਲ ਭਰਪੂਰ ਗਿਆਨ ਹੀ ਹੈ, ਜਿਸ ਦ੍ਰਿਸ਼ਟੀ ਨਾਲ਼ ਉਸ ਨੇ ਕੁਰਾਨ ਦੀ ਵਿਆਖਿਆ (‘ਦੀਨ ਏ ਇਲਾਹੀ’ ਵਜੋਂ) ਕੀਤੀ ਸੀ। ਇਤਿਹਾਸ ਗਵਾਹ ਹੈ ਕਿ ਸੰਨ 1566 ’ਚ (ਗੁਰੂ) ਰਾਮਦਾਸ ਜੀ ਨੇ ਲਹੌਰ ਵਿਖੇ ਜਾ ਕੇ ਅਕਬਰ ਬਾਦਿਸ਼ਾਹ ਨੂੰ ਗੁਰੂ ਸਿਧਾਂਤ ਸਮਝਾਇਆ ਕਿਉਂਕਿ ਪੰਡਿਤਾਂ ਨੇ ਬਾਦਿਸ਼ਾਹ ਕੋਲ਼ ਸ਼ਿਕਾਇਤ ਕੀਤੀ ਸੀ ਕਿ ਸਿੱਖ ਗਾਇਤ੍ਰੀ ਮੰਤਰ ਨਹੀਂ ਪੜ੍ਹਦੇ। ਪੰਜ ਸਾਲ ਬਾਅਦ (ਸੰਨ 1571 ’ਚ) ਅਕਬਰ; ਗੁਰੂ ਅਮਰਦਾਸ ਜੀ ਨੂੰ ਮਿਲਣ ਲਈ ਗੋਇਦਵਾਲ ਸਾਹਿਬ ਆਇਆ। ਤੀਸਰੀ ਵਾਰ ਫਿਰ ਸੰਨ 1598 ’ਚ ਗੋਇਦਵਾਲ ਸਾਹਿਬ ਵਿਖੇ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨਾਂ ਲਈ ਆਇਆ। ਇਨ੍ਹਾਂ (1566-1598) ਸਾਲਾਂ ’ਚ ਹੀ ਅਕਬਰ ਨੇ ਆਪਣਾ ਨਵਾਂ ਮਜ਼੍ਹਬ ਸ਼ੁਰੂ ਕੀਤਾ ਹੈ। ਇੱਦਾਂ ਹੀ ਗੁਰਮਤਿ ਦਾ ਅਸਰ; ਗੁਰੂ ਨਾਨਕ ਸਾਹਿਬ ਜੀ ਦੀਆਂ ਚਾਰ ਉਦਾਸੀਆਂ ਰਾਹੀਂ ਪੰਡਿਤਾਂ, ਬੋਧੀਆਂ, ਮੌਲਵੀਆਂ, ਜੋਗੀਆਂ ਆਦਿ ’ਤੇ ਪਿਆ ਤਾਹੀਓਂ ਜੋਗੀਆਂ ਨੂੰ ਸਮਝ ਸੀ ਕਿ ਤੁਹਾਡਾ ਧਰਮ ਤਾਂ ਗ੍ਰਿਹਸਤ ਪ੍ਰਧਾਨ ਹੈ; ਫਿਰ ਗ੍ਰਿਹਸਤ ਨੂੰ ਛੱਡ ਕੇ ਉਦਾਸੀ ਲਿਬਾਸ ਕਾਹਦੇ ਲਈ ਪਾਇਆ ਹੈ, ‘‘ਕਿਸੁ ਕਾਰਣਿ; ਗ੍ਰਿਹੁ ਤਜਿਓ ਉਦਾਸੀ  ?’’, ਜਵਾਬ ’ਚ ਗੁਰੂ ਜੀ ਨੇ ਕਿਹਾ ਕਿ ਗੁਰਮੁਖ ਲੱਭਣ ਲਈ ਅਸਾਂ ਇਹ ਲਿਬਾਸ ਧਾਰਿਆ ਹੈ, ‘‘ਗੁਰਮੁਖਿ ਖੋਜਤ ਭਏ ਉਦਾਸੀ ’’ (ਗੋਸਟਿ/ਮਹਲਾ /੯੩੯)

ਸੋ ਇਸ 26ਵੀਂ ਪਉੜੀ ’ਚ ‘ਦੇਵਤੇ, ਬੁੱਧ, ਮੁਨੀ, ਰਾਖਸ਼’ ਆਦਿ ਦੁਆਰਾ ਰੱਬੀ ਗੁਣਾਂ ਨੂੰ ਅਮੋਲਕ ਕਹਿਣਾ; ਕੇਵਲ ਇਨ੍ਹਾਂ ਦੇ ਪੈਰੋਕਾਰਾਂ ਦੁਆਰਾ ਆਪਣੇ ਗ੍ਰੰਥਾਂ ਨੂੰ ਨਵੇਂ ਅਰਥਾਂ ’ਚ ਵਿਚਾਰਨ ਦਾ ਸਿਟਾ ਹੈ, ਨਾ ਕਿ ਪੁਰਾਤਨ ਧਰਮਾਂ ਵਰਗਾ ਹੀ ਗੁਰਮਤਿ-ਧਰਮ ਹੈ। ਬਾਣੀਕਾਰਾਂ ਦਾ ਰਵਾਇਤੀ ਧਰਮਾਂ ਬਾਰੇ ਇਹ ਨਜ਼ਰੀਆ ਰਿਹਾ ਹੈ, ‘‘ਕਾਦੀ ਕੂੜੁ ਬੋਲਿ; ਮਲੁ ਖਾਇ ਬ੍ਰਾਹਮਣੁ ਨਾਵੈ; ਜੀਆ ਘਾਇ (ਜੀਵ ਮਾਰ ਕੇ) ਜੋਗੀ ਜੁਗਤਿ ਜਾਣੈ ਅੰਧੁ ਤੀਨੇ ਓਜਾੜੇ ਕਾ ਬੰਧੁ (ਮਹਲਾ /੬੬੨), ਪੰਡਿਤ ਮੁਲਾਂ; ਜੋ ਲਿਖਿ ਦੀਆ ਛਾਡਿ ਚਲੇ ਹਮ; ਕਛੂ ਲੀਆ (ਭਗਤ ਕਬੀਰ/੧੧੫੯), ਹਿੰਦੂ ਅੰਨ੍ਹਾ; ਤੁਰਕੂ ਕਾਣਾ ਦੁਹਾਂ ਤੇ; ਗਿਆਨੀ ਸਿਆਣਾ (ਕਿਉਂਕਿ) ਹਿੰਦੂ ਪੂਜੈ ਦੇਹੁਰਾ; ਮੁਸਲਮਾਣੁ ਮਸੀਤਿ ਨਾਮੇ ਸੋਈ ਸੇਵਿਆ; ਜਹ (ਜ੍ਹਾਂ) ਦੇਹੁਰਾ ਮਸੀਤਿ ’’ (ਭਗਤ ਨਾਮਦੇਵ/੮੭੫), ਆਦਿ।

ਕੇਤੇ ਆਖਹਿ, ਆਖਣਿ ਪਾਹਿ ਕੇਤੇ ਕਹਿ ਕਹਿ, ਉਠਿ ਉਠਿ ਜਾਹਿਉਚਾਰਨ : ਆਖਹਿਂ, ਪਾਹਿਂ, ਜਾਹਿਂ।

ਪਦ ਅਰਥ : ਕੇਤੇ- ਕਿੰਨੇ ਹੀ। ਆਖਣਿ ਪਾਹਿ- ਕਹਿਣਾ ਚਾਹੁੰਦੇ ਹਨ। ਕਹਿ ਕਹਿ- ਆਖ ਆਖ ਕੇ। ਉਠਿ ਉਠਿ- (ਸੰਸਾਰ ਤੋਂ) ਉੱਠ-ਉੱਠ ਕੇ, ਮਰ-ਮਰ ਕੇ, ਉਮਰ ਭੋਗ-ਭੋਗ ਕੇ।

ਅਰਥ : (ਦਾਤਾਰ-ਪਿਤਾ ਦੀਆਂ ਦਾਤਾਂ ਬਾਰੇ ਹੋਰ ਭੀ) ਕਿੰਨੇ ਆਖਦੇ ਹਨ, ਕਿੰਨੇ ਹੀ ਆਖਣ ’ਚ ਲੱਗੇ ਹੋਏ ਹਨ ਤੇ ਕਿੰਨੇ ਹੀ ਆਖ ਆਖ ਕੇ ਜੀਵਨ ਖ਼ਤਮ ਕਰ ਗਏ।

ਏਤੇ ਕੀਤੇ, ਹੋਰਿ ਕਰੇਹਿ ਤਾ, ਆਖਿ ਸਕਹਿ; ਕੇਈ ਕੇਇਉਚਾਰਨ : ਕਰੇਹਿਂ, ਤਾਂ, ਸਕਹਿਂ।

ਪਦ ਅਰਥ : ਏਤੇ- ਇਤਨੇ, ਐਨੇ (ਜਿੰਨੇ ਕਿ ਬਿਆਨ ਕੀਤੇ ਗਏ)। ਕੀਤੇ- ਪੈਦਾ ਕੀਤੇ ਹੋਏ। ਹੋਰਿ- (ਐਨੇ) ਹੋਰ (ਬਹੁ ਵਚਨ, ਪੜਨਾਂਵ)। ਕਰੇਹਿ- (ਹੇ ਪ੍ਰਭੂ !) ਜੇ ਤੂੰ ਕਰ ਦੇਵੇਂ (ਦੂਜਾ ਪੁਰਖ, ਇਕ ਵਚਨ ਕਿਰਿਆ)। ਤਾ- ਤਾਂ ਭੀ, ਫਿਰ ਭੀ। ਕੇਈ ਕੇਇ- (ਸਾਰਿਆਂ ’ਚੋਂ) ਕੋਈ ਇੱਕ ਭੀ।

ਅਰਥ : (ਹੇ ਦਾਤਾਰ-ਪਿਤਾ  ! ਤੈਂ ਕਰਤੇ ਕੈ ਕਰਣੈ ’ਚ ਹੁਣ ਤੱਕ) ਇਤਨੇ ਪੈਦਾ ਕੀਤੇ ਹਨ ਤੇ ਇਤਨੇ ਹੀ ਹੋਰ ਪੈਦਾ ਕਰ ਦੇਵੇਂ ਤਾਂ ਭੀ (ਤੇਰੇ ਸਮੂਹ ਗੁਣਾਂ ਦਾ) ਕਈ-ਕਈ ਮਿਲ ਕੇ ਭੀ ਅੰਦਾਜ਼ਾ ਨਹੀਂ ਲਗਾ ਸਕਦੇ ਕਿਉਂਕਿ..

ਜੇਵਡੁ ਭਾਵੈ, ਤੇਵਡੁ ਹੋਇ ਨਾਨਕ  ! ਜਾਣੈ ਸਾਚਾ ਸੋਇ

ਪਦ ਅਰਥ : ਜੇਵਡੁ- ਜਿੰਨਾ (ਵੱਡਾ)। ਭਾਵੈ- (ਜਿੰਨਾ ਵੱਡਾ ਹੋਣਾ ਤੈਨੂੰ) ਪਸੰਦ ਹੈ। ਤੇਵਡੁ- ਓਨਾ (ਵੱਡਾ)। ਨਾਨਕ- ਹੇ ਨਾਨਕ ! ਜਾਣੈ- (ਆਪਣੇ ਆਪ ਨੂੰ) ਜਾਣਦਾ ਹੈ। ਸੋਇ ਸਾਚਾ- ਉਹ ਸੱਚਾ (ਖ਼ੁਦ, ਆਪ)।

ਅਰਥ : ਹੇ ਨਾਨਕ  ! (ਕਰਤਾਰ ਨੂੰ) ਜਿੰਨਾ (ਵਿਸ਼ਾਲ ਹੋਣਾ) ਪਸੰਦ ਹੈ, ਓਨਾ (ਵੱਡਾ) ਹੋ ਜਾਂਦਾ ਹੈ (ਆਪਣੀ ਵਿਸ਼ਾਲਤਾ ਨੂੰ) ਉਹ ਸਦੀਵੀ ਹੋਂਦ ਵਾਲ਼ਾ ਆਪ ਹੀ ਜਾਣਦਾ ਹੈ।

ਜੇ ਕੋ ਆਖੈ ਬੋਲਵਿਗਾੜੁ ਤਾ ਲਿਖੀਐ, ਸਿਰਿ ਗਾਵਾਰਾ ਗਾਵਾਰੁ੨੬ਉਚਾਰਨ : ਤਾਂ, ਗਾਵਾਰਾਂ।

ਪਦ ਅਰਥ : ਕੋ- ਕੋਈ। ਬੋਲਵਿਗਾੜੁ- ਬਹੁਤਾ ਬੋਲਣ ਵਾਲ਼ਾ, ਗੱਲ ਨੂੰ ਵਧਾ-ਚੜ੍ਹਾ ਕੇ ਬਿਆਨ ਕਰਨ ਵਾਲ਼ਾ, ਬੜਬੋਲਾ । ਲਿਖੀਐ- ਲਿਖਿਆ ਜਾਂਦਾ ਹੈ, ਮੰਨਿਆ ਜਾਂਦਾ ਹੈ। ਸਿਰਿ- ਸਿਰ ਉੱਤੇ ਭਾਵ ਵੱਡਾ, ਸ੍ਰੇਸ਼ਟ, ਅਸਲ। ਗਾਵਾਰਾ ਗਾਵਾਰੁ- ਮੂਰਖਾਂ ਵਿੱਚੋਂ (ਅਸਲ) ਮੂਰਖ।

ਅਰਥ : ਜੇ ਕੋਈ ਬੜਬੋਲਾ ਬੰਦਾ ਆਖੇ (ਕਿ ਦਾਤਾਰ ਦੇ ਸਮੂਹ ਅਮੋਲਕ ਗੁਣਾਂ ਨੂੰ ਜਾਣ ਚੁੱਕਿਆ ਹਾਂ) ਤਾਂ (ਉਸ ਨੂੰ) ਮੂਰਖਾਂ ’ਚੋਂ ਵੱਡਾ ਮੂਰਖ ਸਮਝਿਆ ਜਾਣਾ ਚਾਹੀਦਾ ਹੈ।

ਸੋ ਦਰੁ ਕੇਹਾ  ! ਸੋ ਘਰੁ ਕੇਹਾ  ! ਜਿਤੁ ਬਹਿ, ਸਰਬ ਸਮਾਲੇਉਚਾਰਨ : ਸੰਮ੍ਹਾਲੇਂ।

ਪਦ ਅਰਥ : ਸੋ ਦਰੁ- ਉਹ ਦਰਵਾਜ਼ਾ, ਬੂਹਾ। ਕੇਹਾ- ਕੈਸਾ, ਕਿਹੋ ਜਿਹਾ ਅਦਭੁਤ  ! ! ਸੋ ਘਰੁ- ਉਹ ਨਿਵਾਸ ਸਥਾਨ, ਰਿਹਾਇਸ਼। ਜਿਤੁ- ਜਿਸ ਵਿੱਚ ਭਾਵ ਜਿੱਥੇ। ਬਹਿ- ਬਹਿ ਕੇ। ਸਰਬ- ਸਾਰਿਆਂ ਨੂੰ। ਸਮਾਲੇ- ਸੰਭਾਲ਼ਦਾ ਹੈਂ।

ਅਰਥ : (ਹੇ ਨਿਰਾਕਾਰ ਦਾਤਾਰ-ਪਿਤਾ  ! ਤੇਰਾ) ਉਹ ਬੂਹਾ, ਉਹ ਘਰ ਕਿਹੋ ਜਿਹਾ (ਅਦਭੁਤ) ਹੈ  ! ਜਿਸ ਵਿੱਚ ਬੈਠ ਕੇ ਤੂੰ (ਸਾਰੇ ਜੀਵਾਂ ਦੀ) ਸੰਭਾਲ਼ ਕਰਦਾ ਹੈਂ  !

ਵਿਚਾਰ : ਉਕਤ ਸਵਾਲ ਦਾ ਜਵਾਬ ਹੇਠਾਂ ਦਿੱਤਾ ਹੈ ਕਿ ‘ਸੋ ਦਰੁ, ਸੋ ਘਰੁ’ ’ਚ ਐਸਾ ਮਨਮੋਹਕ ਅਨੰਦ ਹੈ, ਨਜ਼ਾਰਾ ਹੈ :

ਵਾਜੇ ਨਾਦ, ਅਨੇਕ ਅਸੰਖਾ; ਕੇਤੇ ਵਾਵਣਹਾਰੇ

ਨੋਟ : ‘ਅਸੰਖਾ’ ਦਾ ਉਚਾਰਨ ਬਿੰਦੀ ਸਹਿਤ ‘ਅਸੰਖਾਂ’ ਨਹੀਂ ਹੈ ਕਿਉਂਕਿ ਇੱਥੇ ‘ਾ’ ਵੈਸਾ ਹੀ ਕਾਵਿ ਤੋਲ ਪੂਰਾ ਕਰਨ ਲਈ ਹੈ; ਜਿਵੇਂ ‘‘ਗੁਰਾ  ! ਇਕ ਦੇਹਿ ਬੁਝਾਈ ’’ (ਜਪੁ) ਵਾਕ ’ਚ ‘ਗੁਰ’ ਤੋਂ ‘ਗੁਰਾ’ ਬਣਿਆ।

ਪਦ ਅਰਥ : ਵਾਜੇ- ਵੱਜਦੇ ਹਨ। ਨਾਦ- ਅਨੰਦਮਈ ਸੰਗੀਤ। ਅਨੇਕ- ਅਨ+ਏਕ ਭਾਵ ਇੱਕ ਨਹੀਂ, ਅਨੇਕਾਂ ਹੀ। ਅਸੰਖਾ- ਸੰਖਿਆ ਰਹਿਤ, ਗਿਣਤੀ ਤੋਂ ਬਿਨਾਂ ਭਾਵ ‘ਅ+ਸੰਖ’।

ਅਰਥ : (ਉਸ ਅਦਭੁਤ ਦਰ-ਘਰ ਵਿਖੇ) ਅਣਗਿਣਤ ਕਿਸਮ ਦੇ ਅਨੰਦਮਈ ਸੰਗੀਤ-ਧੁਨ ਵੱਜਦੇ ਹਨ ਕਿਉਂਕਿ ਉਨ੍ਹਾਂ ਨੂੰ ਵਜਾਉਣ ਵਾਲ਼ੇ ਭਗਤ-ਜਨ ਵੀ ਬੇਅੰਤ ਹਨ ਭਾਵ ਸਰਬ ਵਿਆਪਕ ਕਰਤਾਰ ’ਚ ਅਭੇਦ ਹੋਏ ਅਨੇਕਾਂ ਭਗਤ-ਜਨ; ਸੰਗੀਤਮਈ ਅਨੰਦ ਵਾਙ ਮਸਤੀ ’ਚ ਰਹਿੰਦੇ ਹਨ।

ਨੋਟ : ਗੁਰਬਾਣੀ; ਰਾਗ ਆਧਾਰਿਤ ਰਚਨਾ ਹੈ ਯਾਨੀ ਰੱਬ ਦੀ ਸਿਫ਼ਤ-ਸਲਾਹ ਕਰਨ ’ਚ ਰਾਗ-ਧੁਨ ਵੀ ਸਹਾਇਕ ਹੁੰਦੀ ਹੈ; ਜਿਵੇਂ ਕਿ ਗੁਰੂ ਅਮਰਦਾਸ ਜੀ ਦੇ ਬਚਨ ਹਨ, ‘‘ਰਾਗਾ ਵਿਚਿ ਸ੍ਰੀਰਾਗੁ ਹੈ; ਜੇ ਸਚਿ () ਧਰੇ ਪਿਆਰੁ ’’ (ਮਹਲਾ /੮੩) ਭਾਵ ਰਾਗਾਂ ਵਿੱਚੋਂ ਸ੍ਰੇਸ਼ਟ ਰਾਗ; ਸ੍ਰੀ ਰਾਗ ਹੈ, ਜੇ (ਇਸ ਰਾਹੀਂ) ਸਦੀਵੀ ਸਥਿਰ ਮਾਲਕ ਨਾਲ਼ ਪਿਆਰ ਬਣੇ। ਚੇਤੇ ਰਹੇ ਕਿ ਸ੍ਰੀਰਾਗ; ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ 31 ਰਾਗਾਂ ਵਿੱਚੋਂ ਪਹਿਲੇ ਸਥਾਨ ’ਤੇ ਦਰਜ ਹੈ।

 ਰਾਗਾਂ ਦੇ ਉਸਤਾਦ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਹਨ, ‘‘ਪੰਚ ਬਜਿਤ੍ਰ ਕਰੇ ਸੰਤੋਖਾ; ਸਾਤ ਸੁਰਾ ਲੈ ਚਾਲੈ ’’ (ਮਹਲਾ /੮੮੫) ਅਰਥ : ਸੱਚਾ ਭਗਤ; ਪ੍ਰਭੂ ’ਚ ਲੈ/ਲੀਨ ਹੋਣ ਲਈ (ਸਤ) ਸੰਤੋਖ (ਦਇਆ, ਧਰਮ, ਧੀਰਜ ਰੂਪ) ਪੰਜ (ਕਿਸਮ ਦੇ) ਸਾਜ ਬਣਾਉਂਦਾ ਹੈ। ਸੱਤ ਸ੍ਵਰਾਂ (ਸਾ, ਰੇ, ਗਾ, ਮਾ, ਪਾ, ਧਾ, ਨੀ/ਸੜਜ, ਰਿਸਭ, ਗਾਂਧਾਰ, ਮਧ੍ਯਮ, ਪੰਚਮ, ਧੈਵਤ ਤੇ ਨਿਸਾਦ ਦੇ ਅਲਾਪ/ਅਨੰਦ) ਨੂੰ ਕਿਰਤ-ਕਾਰ ਕਰਦਾ ਹੋਇਆ ਭੀ ਆਪਣੇ ਨਾਲ਼ ਲੈ ਕੇ ਚੱਲਦਾ ਹੈ ਯਾਨੀ ਸਦਾ ਅਨੰਦਿਤ ਰਹਿੰਦਾ ਹੈ। ਐਸਾ ਅਲੌਕਿਕ ਅਨੰਦ ਹੋਣਾ; ਸਚਖੰਡ ਅਵਸਥਾ ਨੂੰ ਭੋਗਣਾ ਹੈ।

ਕੇਤੇ ਰਾਗ, ਪਰੀ ਸਿਉ ਕਹੀਅਨਿ; ਕੇਤੇ ਗਾਵਣਹਾਰੇਉਚਾਰਨ : ਸਿਉਂ, ਕਹੀਅਨ੍।

ਪਦ ਅਰਥ : ਕੇਤੇ- ਕਿੰਨੇ ਹੀ, ਕਿੰਨੇ ਹੀ। ਪਰੀ ਸਿਉ- ਪਰੀਆਂ ਸਮੇਤ, ਰਾਗਣੀਆਂ ਸਣੇ। ਕਹੀਅਨਿ- ਕਹੇ ਜਾਂਦੇ ਹਨ, ਮੰਨੇ ਜਾਂਦੇ ਹਨ। ਗਾਵਣਹਾਰੇ- ਗਵੱਈਏ, ਰਾਗਾਂ ’ਚ (ਸੰਗੀਤ) ਗਾਉਣ ਵਾਲ਼ੇ, ਰਾਸਧਾਰੀਏ। ਗਾਵਣਹਾਰੇ- ਗਾਉਣ ਵਾਲ਼ੇ (ਇਹ ਸ਼ਬਦ; ਕਰਤ੍ਰੀ ਵਾਚਕ ਕਿਰਦੰਤ (ਨਾਂਵ) ਹੈ ਕਿਉਂਕਿ ਇਸ ਅੰਦਰ ਧਾਤੁ ‘ਗਾ’ ਹੈ)

ਅਰਥ : ਰਾਗਣੀਆਂ ਸਮੇਤ ਕਿੰਨੇ ਹੀ ਰਾਗ ਦੱਸੇ ਜਾਂਦੇ ਹਨ, (ਜਿਨ੍ਹਾਂ ਰਾਹੀਂ ਤੇਰੇ ਗੁਣ) ਗਾਉਣ ਵਾਲ਼ੇ ਕਿੰਨੇ ਹੀ ਸੇਵਕ ਹਨ।

ਗਾਵਹਿ ਤੁਹਨੋ, ਪਉਣੁ, ਪਾਣੀ, ਬੈਸੰਤਰੁ; ਗਾਵੈ ਰਾਜਾ ਧਰਮੁ, ਦੁਆਰੇ

ਉਚਾਰਨ : ਗਾਵਹਿਂ (ਥੋੜ੍ਹਾ ‘ਗਾਵ੍ਹੈਂ’ ਵਾਙ, ਇਹ ਸ਼ਬਦ; ਇਸ ਪਉੜੀ ’ਚ ਕਈ ਵਾਰ ਹੈ। ਹਰ ਥਾਂ ਇਹੀ ਉਚਾਰਨ ਹੈ)

ਪਦ ਅਰਥ : ਗਾਵਹਿ- ਗਾਉਂਦੇ ਹਨ। ਤੁਹਨੋ- ਤੈਨੂੰ। ਪਉਣੁ- ਹਵਾ। ਬੈਸੰਤਰੁ- ਅੱਗ। ਰਾਜਾ ਧਰਮੁ- ਧਰਮਰਾਜ/ਯਮਰਾਜ (ਹਿੰਦੂ ਗ੍ਰੰਥਾਂ ਅਨੁਸਾਰ ਮਨੁੱਖ ਦੁਆਰਾ ਕੀਤੇ ਕੰਮਾਂ ਦਾ ਹਿਸਾਬ-ਕਿਤਾਬ ਲੈਣ ਵਾਲ਼ਾ ਦੇਵਤਾ)। ਦੁਆਰੇ- (ਤੇਰੇ ‘ਸੋ ਦਰੁ’) ਦਰ ਉੱਤੇ।

ਅਰਥ : ਹਵਾ, ਪਾਣੀ, ਅੱਗ (ਆਦਿ ਤੱਤ) ਤੈਨੂੰ ਗਾਉਂਦੇ ਹਨ ਯਾਨੀ ਤੇਰੇ ਨਿਯਮ ’ਚ ਬੱਝੇ ਹਨ। ਤੇਰੇ ਬੂਹੇ ’ਤੇ (ਤਾਬਿਆਦਾਰ ਬਣ ਖੜ੍ਹਾ) ਧਰਮਰਾਇ ਭੀ ਤੈਨੂੰ ਗਾਉਂਦਾ ਹੈ ਭਾਵ ਧਰਮਰਾਜ ਭੀ ਤੈਥੋਂ ਬਾਹਰ ਨਹੀਂ; ਜਿਵੇਂ ਕਿ ਗੁਰੂ ਅਮਰਦਾਸ ਜੀ ਦੇ ਬਚਨ ਹਨ, ‘‘ਧਰਮਰਾਇ ਨੋ ਹੁਕਮੁ ਹੈ; ਬਹਿ ਸਚਾ ਧਰਮੁ ਬੀਚਾਰਿ ’’ (ਮਹਲਾ /੩੮)

ਨੋਟ : ਭਾਵੇਂ ਕਿ ਗੁਰਮਤਿ ਸਿਧਾਂਤ ਅਨੁਸਾਰ ਧਰਮਰਾਜ/ਯਮਰਾਜ ਕਾਲਪਨਿਕ ਨਾਂ ਹਨ ਭਾਵ ਐਸਾ ਕੋਈ ਦੇਵਤਾ ਹੀ ਨਹੀਂ ਹੁੰਦਾ; ਫਿਰ ਵੀ ਗੁਰੂ ਸਾਹਿਬ ਨੇ ਅਸਲ ਦਾਤਾਰ-ਪਿਤਾ ਦੇ ਅਧੀਨ ਇਸ ਨੂੰ ਦਰਸਾ ਕੇ ਹਿੰਦੂ ਸਮਾਜ ਨੂੰ ਇਸ ਦੇ ਡਰ ਤੋਂ ਮੁਕਤ ਕਰਨ ਲਈ ਕਿਹਾ ਕਿ ਇਹ ਭੀ ਕਰਤਾਰ ਦੇ ਅਧੀਨ ਹੈ ਯਾਨੀ ਮਨੁੱਖ ਦੇ ਕਰਮਾਂ ਦਾ ਹਿਸਾਬ ਯਮਰਾਜ ਨਹੀਂ, ਦਾਤਾਰ-ਪਿਤਾ ਲੈਂਦਾ ਹੈ; ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਹੀ ਬਚਨ ਹਨ, ‘‘ਸਭਨਾ ਕਾ ਦਰਿ (ਤੇ) ਲੇਖਾ ਸਚੈ; ਛੂਟਸਿ ਨਾਮਿ ਸੁਹਾਵਣਿਆ ’’ (ਮਹਲਾ /੧੦੯) ਭਾਵ ਸੱਚੇ ਦਰ ਉੱਤੇ ਸਭ ਦਾ ਲੇਖਾ-ਜੋਖਾ ਹੋਣਾ ਹੈ; ਓਥੇ ਓਹੀ ਛੁਟਣਗੇ, ਜੋ ਨਾਮ ਜਪ ਜਪ ਕੇ ਸੁੰਦਰ ਬਣ ਗਏ ਭਾਵ ਜਿਨ੍ਹਾਂ ਦਾ ਅੰਤਹਿਕਰਣ ਪਾਰਦਰਸ਼ੀ ਹੋ ਗਿਆ, ਸੁਰਤਿ, ਮਤਿ, ਮਨਿ, ਬੁਧਿ ਘੜਿਆ ਗਿਆ। ਇਸ ਲਈ ਗੁਰੂ ਅਮਰਦਾਸ ਜੀ ਨੇ ਫ਼ੁਰਮਾਇਆ ਕਿ ਜਿਸ (ਦਾਤਾਰ-ਪਿਤਾ) ਦੇ ਦਰ ’ਤੇ ਲੇਖਾ-ਜੋਖਾ ਹੋਣਾ ਹੈ, ਉਸ ਨੂੰ ਕੋਈ ਯਾਦ ਨਹੀਂ ਕਰਦਾ, ‘‘ਜਿਤੁ ਦਰਿ ਲੇਖਾ ਮੰਗੀਐ; ਸੋ ਦਰੁ ਸੇਵਿਹੁ ਕੋਇ (ਮਹਲਾ /੧੦੮੯), ਤਾਂ ਫਿਰ ਛੁਟਣਗੇ ਕਿਵੇਂ  ? ਸੋ ਸ਼ਰਧਾ ਨਾਲ਼ ਜੁੜੇ ਮਸਲੇ; ਵੱਡੀ ਲਕੀਰ ਖਿੱਚਣ ਨਾਲ਼ ਹੱਲ ਹੁੰਦੇ ਹਨ, ਨਾ ਕਿ ਛੋਟੀ ਨੂੰ ਮਿਟਾਉਣ ਨਾਲ਼। ਇਹੀ ਯੁਕਤੀ ਸਮੁੱਚੀ ਗੁਰਬਾਣੀ ਅੰਦਰ ਵਾਰ-ਵਾਰ ਵਰਤੀ ਗਈ ਹੈ।

ਗਾਵਹਿ ਚਿਤੁ ਗੁਪਤੁ, ਲਿਖਿ ਜਾਣਹਿ; ਲਿਖਿ ਲਿਖਿ, ਧਰਮੁ ਵੀਚਾਰੇਉਚਾਰਨ : ਗਾਵਹਿਂ, ਜਾਣਹਿਂ।

ਪਦ ਅਰਥ : ਚਿਤ ਗੁਪਤੁ- ਚਿੱਤਰ ਗੁਪਤ (ਧਰਮਰਾਜ ਦੇ ਗੁਪਤ ਦੂਤ, ਜੋ ਜੀਵਾਂ ਦੇ ਚੰਗੇ-ਮੰਦੇ ਕੰਮਾਂ ਨੂੰ ਲਿਖਦੇ, ਮੰਨੇ ਗਏ। ਇਨ੍ਹਾਂ ਦਾ ਨਿਵਾਸ/ਘਰ; ਹਰ ਮਨੁੱਖ ਦੇ ਖੱਬੇ-ਸੱਜੇ ਮੋਢਿਆਂ/ਕੰਧਿਆਂ ਹੇਠ ਸਮਝਿਆ ਜਾਂਦਾ ਹੈ)। ਲਿਖਿ ਜਾਣਹਿ- (ਲੇਖਾ-ਨਸੀਬ) ਲਿਖ ਕੇ (ਸੰਭਾਲਣਾ) ਜਾਣਦੇ ਹਨ। ਲਿਖਿ ਲਿਖਿ- ਲੇਖ ਲਿਖੇ ਅਨੁਸਾਰ। ਧਰਮੁ- ਧਰਮਰਾਜ। ਵੀਚਾਰੇ-(ਜਿਨ੍ਹਾਂ ਦੁਆਰਾ ਲਿਖਿਆ ਲੇਖ) ਵਿਚਾਰਦਾ (ਮੰਨਿਆ ਗਿਆ) ਹੈ।

ਅਰਥ : ਚਿਤ੍ਰ ਗੁਪਤ (ਜੋ, ਜੀਵਾਂ ਦੇ ਲੇਖ) ਲਿਖ ਕੇ ਸੰਭਾਲਣਾ ਜਾਣਦੇ ਹਨ, (ਜਿਨ੍ਹਾਂ ਦੁਆਰਾ) ਲਿਖੇ ਲੇਖ ਅਨੁਸਾਰ ਧਰਮਰਾਜ ਵਿਚਾਰ ਕਰਦਾ (ਮੰਨਿਆ ਗਿਆ) ਹੈ; ਤੈਨੂੰ ਗਾਉਂਦੇ ਹਨ।

ਗਾਵਹਿ ਈਸਰੁ, ਬਰਮਾ, ਦੇਵੀ; ਸੋਹਨਿ ਸਦਾ ਸਵਾਰੇਉਚਾਰਨ : ਗਾਵਹਿਂ, ਈਸ਼ਰ, ਬਰ੍ਹਮਾ।

ਪਦ ਅਰਥ : ਈਸਰੁ- ਸ਼ਿਵ ਜੀ। ਬਰਮਾ- ਬ੍ਰਹਮਾ। ਦੇਵੀ- ਦੇਵੀਆਂ। ਸੋਹਨਿ- ਸ਼ੋਭਦੇ ਹਨ, (ਹਿੰਦੂਆਂ ਨੂੰ) ਪ੍ਰਭਾਵਤ ਕਰਦੇ ਹਨ। ਸਵਾਰੇ- (ਤੇਰੇ ਦੁਆਰਾ) ਸਜਾਏ ਹੋਏ ਭਾਵ (ਹਿੰਦੂ ਸਮਾਜ ਦੀ ਨਜ਼ਰਾਂ ’ਚ) ਗੁਣਵਾਨ ਕੀਤੇ ਹੋਏ।

ਅਰਥ : (ਹੇ ਦਾਤਰਾ-ਪਿਤਾ ! ਤੇਰੇ ਦੁਆਰਾ) ਗੁਣਵਾਨ ਕੀਤੇ ਹੋਏ ਸ਼ਿਵ, ਬ੍ਰਹਮਾ, ਦੇਵੀਆਂ; ਜੋ (ਹਿੰਦੂ ਜਮਾਤ ਨੂੰ ਸਦਾ) ਮੋਹਿਤ ਕਰਦੇ ਹਨ; ਭੀ ਤੈਨੂੰ ਗਾਉਂਦੇ ਹਨ ਯਾਨੀ ਤੇਰੇ ਹੁਕਮ ’ਚ ਹਨ, ਤੇਰੇ ਅਧੀਨ ਹਨ।

ਵਿਚਾਰ : ਗੁਰੂ ਅਮਰਦਾਸ ਜੀ; ਜੋ ਲੰਬਾ ਸਮਾਂ ਹਿੰਦੂ ਲੋਕਾਂ ’ਚ ਵਿਚਰੇ, ਉਨ੍ਹਾਂ ਦਾ ਦੇਵੀ-ਦੇਵਤਿਆਂ ਬਾਰੇ ਕਹਿਣਾ ਹੈ, ‘‘ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ ’’ (ਮਹਲਾ /੪੨੩) ਭਾਵ ਹਰ ਜੁਗ ਵਿੱਚ ਜੋ ਰਾਜਾ ਸੀ; ਪੰਡਿਤ ਉਸ ਨੂੰ ਵਿਸ਼ਨੂੰ ਦਾ ਅਵਤਾਰ ਸਮਝ ਕੇ ਪੂਜਦੇ ਹਨ, ਗਾਉਂਦੇ ਹਨ।

ਗੁਰਬਾਣੀ ਲਿਖਤ ’ਚ ਅਨ੍ਯ ਪੁਰਖ (Third person) ਬਹੁ ਵਚਨ ਕਿਰਿਆ ਦੇ ਅੰਤ ’ਚ ‘ਹਿ’ ਜਾਂ ‘ਨਿ’ ਹੁੰਦਾ ਹੈ; ਜਿਵੇਂ ਕਿ ਇਸ ਪਉੜੀ ’ਚ ‘ਗਾਵਹਿ’ ਅਤੇ ‘ਗਾਵਨਿ’ ਹਨ। ਦੋਵਾਂ ਦਾ ਇੱਕੋ ਅਰਥ ਹੈ ‘ਗਾਉਂਦੇ ਹਨ’। ਇਨ੍ਹਾਂ ਦੋ ਵਾਕਾਂ ਵੱਲ ਧਿਆਨ ਦੇਣਾ ਹੈ, ‘ਤੂੰ ਕਿੱਥੇ ਜਾ ਰਿਹਾ ਹੈਂ, ਉਹ ਕਿੱਥੇ ਜਾ ਰਹੇ ਹੈਂ (ਹਨ) ? ਇਨ੍ਹਾਂ ਦੋਵੇਂ ਵਾਕਾਂ ’ਚ ‘ਹੈਂ’ (ਬਿੰਦੀ ਸਹਿਤ) (1). ਅਨ੍ਯ ਪੂਰਖ ਬਹੁ ਵਚਨ ਕਿਰਿਆ ਹੈ ਜਾਂ (2). ਦੂਜਾ ਪੁਰਖ ਇੱਕ ਵਚਨ ਕਿਰਿਆ; ਇਸੇ ਤਰ੍ਹਾਂ ‘ਗਾਵਹਿਂ’ ਦਾ ਅਰਥ ਹੈ ‘ਉਹ ਗਾਉਂਦੇ ਹੈਂ’ (ਅਨ੍ਯ ਪੁਰਖ ਬਹੁ ਵਚਨ) ਜਾਂ ‘ਤੂੰ ਗਾਉਂਦਾ ਹੈਂ’ (ਦੂਜਾ ਪੁਰਖ ਇੱਕ ਵਚਨ)। ਹਥਲੀ ਪਉੜੀ ’ਚ ‘ਉਹ ਗਾਉਂਦੇ ਹੈਂ/ਹਨ’ ਵਾਕ ਹਨ, ਪਰ ਜੇ ਵਾਕ ’ਚ ਕਿਸੇ ਇੱਕ (ਮਨ, ਭਾਈ, ਮਾਂ ਆਦਿ) ਨੂੰ ਸੰਬੋਧਨ ਕੀਤਾ ਹੋਵੇ ਤਾਂ ‘ਤੂੰ ਗਾਉਂਦਾ ਹੈਂ’ ਅਰਥ ਬਣਦਾ ਹੈ; ਜਿਵੇਂ ਕਿ ਇਹ ਵਾਕ ਹੈ, ‘‘ ਮਨ ਮੇਰਿਆ ! ਗੁਣ ਗਾਵਹਿ; ਸਹਜਿ ਸਮਾਵਹੀ ਰਾਮ ’’ (ਮਹਲਾ /੧੧੧੩) ਅਰਥ : ਹੇ ਮੇਰੇ ਮਨ ! ਜੇ ਤੂੰ ਰੱਬੀ ਗੁਣ ਗਾਉਂਦਾ ਰਹੇਂ ਤਾਂ ਸਹਜ ’ਚ ਲੀਨ ਹੋ ਜਾਵੇਂਗਾ। ਇੱਥੇ ‘ਗਾਵਹਿ’ ਬਹੁ ਵਚਨ ਅਨ੍ਯ ਪੁਰਖ ਨਹੀਂ ਬਲਕਿ ਦੂਜਾ ਪੁਰਖ ਇੱਕ ਵਚਨ ਕਿਰਿਆ ਹੈ। ਸਿੱਖਾਂ ਨੂੰ ਗੁਰਬਾਣੀ ਲਿਖਤ ਬਾਰੇ ਐਨੀ ਕੁ ਸੋਝੀ ਹੋਵੇ ਤਾਂ ਗੁਰਬਾਣੀ ਦੇ ਕੀਤੇ ਜਾਂਦੇ ਗ਼ਲਤ ਅਰਥਾਂ ਤੋਂ ਸਾਵਧਾਨ ਰਹਿ ਕੇ ਜ਼ਿਦਗੀ ਸਫਲ ਬਣਾਈ ਜਾ ਸਕਦੀ ਹੈ।

ਗਾਵਹਿ ਇੰਦ ਇੰਦਾਸਣਿ ਬੈਠੇ; ਦੇਵਤਿਆ, ਦਰਿ ਨਾਲੇਉਚਾਰਨ : ਗਾਵਹਿਂ, ਇੰਦਾਸਣ, ਦੇਵਤਿਆਂ।

ਪਦ ਅਰਥ : ਇੰਦ ਇਦਾਸਣਿ- ਇੰਦ੍ਰ ਵਰਗੇ ਆਪਣੇ ਆਸਣ ਉੱਤੇ। ਦਰਿ- (ਤੇਰੇ) ਦਰ ਤੋਂ (ਮਿਲੀ ਸੂਝ ਨਾਲ਼)। ਨਾਲੇ- (ਬਾਕੀ ਦੇਵਤਿਆਂ ਦੇ) ਨਾਲ਼-ਨਾਲ, ਸਮੇਤ, ਸਣੇ।

ਅਰਥ : ਤੇਰੇ ਦਰ ਤੋਂ (ਮਿਲੀ ਸੋਝੀ ਨਾਲ਼) ਕਈ ਇੰਦ੍ਰ ਭੀ ਆਪਣੇ ਸਿੰਘਾਸਣ ਉੱਤੇ ਬੈਠੇ; ਹੋਰ ਦੇਵਤਿਆਂ ਸਮੇਤ ਤੈਨੂੰ ਗਾਉਂਦੇ ਹਨ ਭਾਵ ਤੇਰੇ ਹੁਕਮ ’ਚ ਚੱਲਦੇ ਹਨ।

ਵਿਚਾਰ : ਹਿੰਦੂ ਗ੍ਰੰਥਾਂ ਮੁਤਾਬਕ ਦੇਵੀ-ਦੇਵਤੇ; ਸ੍ਰਿਸ਼ਟੀ ਦੇ ਕਰਤਾ, ਧਰਤਾ, ਹਰਤਾ ਹਨ; ਜਿਵੇਂ ਕਿ ਜੀਵਾਂ ਨੂੰ ਪੈਦਾ ਕਰਨ ਵਾਲ਼ਾ (ਬ੍ਰਹਮਾ/ਕਰਤਾ), ਰਿਜ਼ਕ ਦੇਣ ਵਾਲ਼ਾ (ਵਿਸ਼ਨੂੰ/ਧਰਤਾ), ਮਾਰਨ ਵਾਲ਼ਾ (ਸ਼ਿਵ/ਹਰਤਾ); ਇਉਂ ਹੀ ਪਵਣ ਦੇਵਤਾ, ਬਰਖਾ ਕਰਨ ਵਾਲ਼ਾ ਦੇਵਤਾ (ਇੰਦ੍ਰ), ਜੋ ਸਵਰਗ ’ਚ ਦੇਵਤਿਆਂ ਦਾ ਭੀ ਦੇਵਤਾ ਹੈ, ਮਨੁੱਖ ਦੇ ਕੰਮਾਂ ਦਾ ਲੇਖਾ-ਜੋਖਾ ਕਰਨ ਵਾਲ਼ਾ ਧਰਮਰਾਜ/ਯਮਰਾਜ ਦੇਵਤਾ, ਅੰਨ ਦੇਵਤਾ, ਪਾਣੀ ਦੇਵਤਾ, ਅੱਗ ਦੇਵਤਾ, ਲੂਣ ਦੇਵਤਾ ਆਦਿ; ਜੈਸਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਹੈ, ‘‘ਅੰਨੁ ਦੇਵਤਾ, ਪਾਣੀ ਦੇਵਤਾ, ਬੈਸੰਤਰੁ ਦੇਵਤਾ ਲੂਣੁ’’ (ਆਸਾ ਕੀ ਵਾਰ/ਮਹਲਾ /੪੭੩) ਭਾਵ ਪੁਰਾਤਨ ਹਿੰਦੂ ਗ੍ਰੰਥਾਂ ਅਨੁਸਾਰ ਕੋਈ ਨਿਰਾਕਾਰ ਦਾਤਾਰ-ਪਿਤਾ ਨਹੀਂ, ਜਿਸ ਦੀ ਹੋਂਦ ਨੂੰ ਇਹ ਗਾਉਣ, ਸਵੀਕਾਰਨ; ਇਸ ਲਈ ਇਸ ਪਉੜੀ ’ਚ ‘ਗਾਵਹਿ’ ਦਾ ਭਾਵਾਰਥ ‘ਹੁਕਮ ਵਿੱਚ ਚੱਲਣਾ’ ਲੈਣਾ ਹੀ ਉਚਿਤ ਹੈ; ਜਿਵੇਂ ਕਿ ਇਸੇ ਪਉੜੀ ’ਚ ‘ਖੰਡ, ਮੰਡਲ, ਬ੍ਰਹਿਮੰਡ’ ਗਾਉਂਦੇ ਨਹੀਂ ਭਾਵਾਰਥ ਵਜੋਂ ਹੁਕਮ ’ਚ ਚੱਲਦੇ ਹਨ। ਗੁਰੂ ਰਾਮਦਾਸ ਜੀ ਨੇ ਭੀ ਪਸ਼ੂ, ਪੰਛੀ ਆਦਿ ਨੂੰ ਰੱਬ ਦੇ ਗੁਣ ਗਾਉਂਦੇ, ਜਪਦੇ ਕਿਹਾ ਹੈ, ‘‘ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ; ਸੁ ਬਿਨੁ ਹਰਿ, ਜਾਪਤ ਹੈ ਨਹੀ ਹੋਰ ’’ (ਮਹਲਾ /੧੨੬੫) ਜੇਕਰ ਇਹ ਸਮਝੀਏ ਕਿ ਹਿਰਨ, ਮੱਛੀ, ਪੰਛੀ ਭੀ ਅਦ੍ਰਿਸ਼ ਦਾਤਾਰ-ਪਿਤਾ ਨੂੰ ਗਾਉਂਦੇ ਹਨ ਤਾਂ ਫਿਰ ਸਵਾਲ ਪੈਦਾ ਹੋਏਗਾ ਕਿ ਮਨੁੱਖ ਜਾਤੀ ਨੂੰ ਭੀ ਉਸ ਦੀ ਹੋਂਦ ਬਾਰੇ ਸੋਝੀ ਕਿਉਂ ਨਹੀਂ; ਸਤਿਗੁਰੂ ਦੀ ਅਗਵਾਈ ਦੀ ਕੀ ਲੋੜ ਹੈ ?

ਜੇ ਇੰਦ੍ਰ ਦੇਵਤਾ; ਦਾਤਾਰ-ਪਿਤਾ ਦੇ ਗੁਣ ਗਾਉਂਦਾ ਹੁੰਦਾ ਭਾਵ ਉਸ ਦੇ ਡਰ-ਅਦਬ ’ਚ ਹੁੰਦਾ ਤਾਂ ਉਹ, ਗੋਤਮ ਰਿਸ਼ੀ ਦੀ ਪਤਨੀ ਅਹਿਲਿਆ ਨਾਲ਼ ਕੁਕਰਮ ਨਾ ਕਰਦਾ; ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਨੇ ਹੀ ਕਿਹਾ ਹੈ, ‘‘ਗੋਤਮੁ ਤਪਾ ਅਹਿਲਿਆ ਇਸਤ੍ਰੀ; ਤਿਸੁ ਦੇਖਿ ਇੰਦ੍ਰੁ ਲੁਭਾਇਆ ਸਹਸ (ਹਜ਼ਾਰ) ਸਰੀਰ ਚਿਹਨ ਭਗ (ਔਰਤ ਦੀ ਯੋਨਿ ਦੇ ਨਿਸ਼ਾਨ) ਹੂਏ; ਤਾ ਮਨਿ (ਤੋਂ) ਪਛੋਤਾਇਆ ’’ (ਮਹਲਾ /੧੩੪੪) ਗੁਰੂ ਅਮਰਦਾਸ ਜੀ ਨੇ ਭੀ ਕਿਹਾ ਕਿ ਅਖੌਤੀ ਸਵਰਗ ’ਚ ਬੈਠਾ ਇੰਦ੍ਰ ਭੀ ਮਾਇਆ ਰੂਪ ਜਮਰਾਜ ਤੋਂ ਡਰਦਾ ਪਿਆ ਹੈ, ‘‘ਇੰਦ੍ਰ ਇੰਦ੍ਰਾਸਣਿ ਬੈਠੇ, ਜਮ ਕਾ ਭਉ ਪਾਵਹਿ’’ (ਮਹਲਾ /੧੦੪੯), ਇਹ ਪਉੜੀ ਸੁਬ੍ਹਾ-ਸ਼ਾਮ ਇਸ ਲਈ ਨਿਤਨੇਮ ਵਜੋਂ ਪੜ੍ਹਾਈ ਗਈ ਤਾਂ ਜੋ ਸਿੱਖ; ਸਮੁੱਚੀ ਕੁਦਰਤ (ਸਾਰੇ ਜੀਵ-ਜੰਤ ਆਦਿ) ਨੂੰ ਦਾਤਾਰ-ਪਿਤਾ ਦੇ ਹੁਕਮ ’ਚ ਚੱਲਦੇ, ਪ੍ਰਤੀਤ ਹੋਣ ਕਿਉਂਕਿ ਕੇਵਲ ਦਾਤਾਰ-ਪਿਤਾ ਹੀ ‘‘ਆਦਿ ਸਚੁ; ਜੁਗਾਦਿ ਸਚੁ ਹੈ ਭੀ ਸਚੁ; ਨਾਨਕ ! ਹੋਸੀ ਭੀ ਸਚੁ (ਜਪੁ) ਤੇ ਉਸ ਦਾ ਅਦਭੁਤ ‘ਸੋ ਦਰੁ, ਸੋ ਘਰੁ’ ਸਦੀਵੀ ਸਥਿਰ ਹੈ।

ਗਾਵਹਿ ਸਿਧ, ਸਮਾਧੀ ਅੰਦਰਿ; ਗਾਵਨਿ ਸਾਧ ਵਿਚਾਰੇਉਚਾਰਨ : ਗਾਵਹਿਂ, ਗਾਵਨ੍।

ਪਦ ਅਰਥ : ਸਿਧ- 18 ਕਰਾਮਾਤੀ ਸ਼ਕਤੀਆਂ ’ਚ ਨਿਪੁੰਨ ਜੋਗੀ। ਸਮਾਧੀ ਅੰਦਰਿ- ਧਿਆਨ ’ਚ ਟਿਕ ਕੇ, ਇਕਾਗਰ ਚਿੱਤ ਹੋ ਕੇ। ਗਾਵਹਿ/ਗਾਵਨਿ- ਗਾਉਂਦੇ ਹਨ। ਸਾਧ- ਮਨ ਨੂੰ ਸਾਧ ਚੁੱਕੇ, ਮਨ ਕਾਬੂ ਕਰ ਚੁੱਕੇ। ਵਿਚਾਰੇ- ਵਿਚਾਰ ਵਿਚਾਰ ਕੇ।

ਅਰਥ : (ਹੇ ਦਾਤਾਰ-ਪਿਤਾ !) ਸਿਧ-ਜਨ; ਇਕਾਗਰ ਚਿੱਤ ਹੋ ਕੇ ਤੈਨੂੰ ਗਾਉਂਦੇ ਹਨ। ਸਾਧ-ਜਨ; ਸਮਾਧੀ ਰਾਹੀਂ ਵਿਚਾਰ-ਵਿਚਾਰ ਕੇ ਤੈਨੂੰ ਗਾਉਂਦੇ ਹਨ।

ਗਾਵਨਿ ਜਤੀ, ਸਤੀ, ਸੰਤੋਖੀ; ਗਾਵਹਿ ਵੀਰ ਕਰਾਰੇ

ਪਦ ਅਰਥ : ਜਤੀ- ਉੱਚੇ ਆਚਰਨ ਵਾਲ਼ੇ। ਸਤੀ- ਦਾਨੀ ਸੁਭਾਅ ਵਾਲ਼ੇ। ਸੰਤੋਖੀ- ਮਾਇਆ ਵੱਲੋਂ ਰੱਜੇ ਹੋਏ ਭਾਵ ਹੋਰਾਂ ਦੀ ਮਦਦ ਕਰਨ ਵਾਲ਼ੇ, ਪਰਉਪਕਾਰੀ। ਵੀਰ- ਜੋਧੇ। ਕਰਾਰੇ- ਤਕੜੇ।

ਅਰਥ : ਜਤੀ ਲੋਕ, ਸਤੀ ਲੋਕ, ਸਬਰ-ਸੰਤੋਖ ਧਾਰੀ ਅਤੇ ਮਹਾਂਬਲੀ ਜੋਧੇ ਭੀ ਤੈਨੂੰ ਗਾਉਂਦੇ ਹਨ।

ਗਾਵਨਿ ਪੰਡਿਤ ਪੜਨਿ ਰਖੀਸਰ; ਜੁਗੁ ਜੁਗੁ ਵੇਦਾ ਨਾਲੇਉਚਾਰਨ : ਗਾਵਨ੍, ਪੜ੍ਹਨ, ਵੇਦਾਂ, ਨਾਲ਼ੇ।

ਪਦ ਅਰਥ : ਰਖੀਸਰ- ਮਹਾਂ ਰਿਸ਼ੀ। ਜੁਗੁ ਜੁਗੁ- ਸਦਾ ਤੋਂ, ਆਦਿ ਕਾਲ ਤੋਂ; ਜਿਵੇਂ ਔਰਤਾਂ ਅਸੀਸ ਦਿੰਦੀਆਂ ਹਨ ‘ਜੁਗ ਜੁਗ ਜੀਵੇ ਤੇਰਾ ਲਾਲ। ਵੇਦਾ ਨਾਲੇ- ਵੇਦਾਂ ਸਮੇਤ, ਵੇਦ-ਗਿਆਨ ਨਾਲ਼।

ਅਰਥ : ਪੰਡਿਤ, ਮਹਾਂ ਰਿਸ਼ੀ ਆਦਿ, ਜੋ ਸਦਾ ਵੇਦ-ਗਿਆਨ ਪੜ੍ਹਦੇ ਰਹੇ, ਉਹ ਭੀ ਤੈਨੂੰ ਗਾਉਂਦੇ ਹਨ ਭਾਵ ਗਿਆਨ ਪ੍ਰਾਪਤ ਕਰਨਾ ਭੀ ਰੱਬ ਦੇ ਹੁਕਮ ’ਚ ਹੈ ਕਿਉਂਕਿ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਕੋਇ ’’

ਗਾਵਹਿ ਮੋਹਣੀਆ ਮਨੁ ਮੋਹਨਿ; ਸੁਰਗਾ, ਮਛ, ਪਇਆਲੇਉਚਾਰਨ : ਗਾਵਹਿਂ, ਮੋਹਣੀਆਂ।

ਪਦ ਅਰਥ : ਮੋਹਨੀਆ- ਸੁੰਦਰ ਇਸਤਰੀਆਂ। ਮਨੁ ਮੋਹਨਿ- ਮਨ ਨੂੰ ਆਕਰਸ਼ਿਤ/ਮੋਹਿਤ ਕਰਨ ਵਾਲ਼ੀਆਂ। ਸੁਰਗਾ- ਸੁਰਗ ਲੋਕ (ਭਾਵ ਸੱਤ ਲੋਕਾਂ ’ਚ ਉਤਾਂਹ ਵੱਲ ਰਹਿਣ ਵਾਲ਼ੀਆਂ)। ਮਛ- ਮਾਤ ਲੋਕ (ਭਾਵ ਧਰਤੀ ’ਤੇ ਰਹਿਣ ਵਾਲ਼ੀਆਂ)। ਪਇਆਲੇ- ਪਾਤਾਲ ਲੋਕ (ਭਾਵ ਸੱਤ ਲੋਕਾਂ ’ਚ ਹੇਠਲੇ ਪਾਸੇ ਰਹਿਣ ਵਾਲ਼ੀਆਂ)

ਅਰਥ : ਮਨ ਨੂੰ ਮੋਹ ਲੈਣ ਵਾਲ਼ੀਆਂ ਸਵਰਗ ਲੋਕ, ਮਾਤ ਲੋਕ ਤੇ ਪਤਾਲ ਲੋਕ ਦੀਆਂ ਸੁੰਦਰੀਆਂ ਭੀ ਤੈਨੂੰ ਗਾਉਂਦੀਆਂ ਹਨ (ਭਾਵ ਤੇਰੇ ਹੁਕਮ ’ਚ ਹੋਰਾਂ ਨੂੰ ਪ੍ਰਭਾਵਤ ਕਰ ਰਹੀਆਂ ਹਨ)

ਗਾਵਨਿ ਰਤਨ ਉਪਾਏ ਤੇਰੇ; ਅਠਸਠਿ ਤੀਰਥ ਨਾਲੇ

ਪਦ ਅਰਥ : ਰਤਨ- 14 ਰਤਨ। ਅਠਸਠਿ ਤੀਰਥ- 68 ਤੀਰਥ। ਨਾਲੇ- ਸਮੇਤ, ਸਣੇ, ਨਾਲ਼-ਨਾਲ਼।

ਅਰਥ : ਤੇਰੇ (ਵੱਲੋਂ ਬਖ਼ਸ਼ੇ ਗਿਆਨ ਨਾਲ਼) ਸਥਾਪਿਤ ਕੀਤੇ 68 ਤੀਰਥਾਂ ਸਮੇਤ 14 ਰਤਨ ਭੀ ਤੈਨੂੰ ਗਾਉਂਦੇ ਹਨ ਯਾਨੀ 68 ਤੀਰਥ ਅਤੇ 14 ਰਤਨਾਂ ਦੀ ਮਹੱਤਤਾ ਤੇਰੇ ਹੁਕਮ ਅੰਦਰ ਹੈ।

ਵਿਚਾਰ : ਪੁਰਾਣ ਕਥਾ ਅਨੁਸਾਰ ਖੀਰ ਸਮੁੰਦਰ ਰਿੜਕ ਕੇ ਦੇਵਤੇ ਅਤੇ ਦੈਂਤਾਂ ਦੁਆਰਾ ਕੱਢੇ ਗਏ 14 ਰਤਨ ਇਹ ਹਨ ‘ਉੱਚੈ: ਸ਼੍ਰਵਾ ਘੋੜਾ (ਸਫ਼ੈਦ ਰੰਗ ਤੇ 7 ਮੂੰਹ ਵਾਲ਼ਾ ਘੋੜਾ), ਕਾਮਧੇਨੁ (ਇੱਛਾ ਪੂਰੀ ਕਰਨ ਵਾਲ਼ੀ ਗਾਂ), ਪਾਰਜਾਤ (ਮਨ ਚਾਹੇ ਫਲ਼ ਦੇਣ ਵਾਲ਼ਾ ਰੁੱਖ), ਰੰਭਾ ਅਪਸਰਾ (ਸੁੰਦਰ ਇਸਤਰੀ), ਮਹਾਂ ਲਛਮੀ (ਵਿਸ਼ਨੂੰ ਦੀ ਚਾਰ ਬਾਹਾਂ ਵਾਲ਼ੀ ਪਤਨੀ, ਜਿਸ ਦੀ ਪੂਜਾ ਦੀਵਾਲੀ ਨੂੰ ਹੁੰਦੀ ਹੈ), ਅੰਮ੍ਰਿਤ, ਕਾਲਕੂਟ (ਜ਼ਹਰ), ਵਾਰੂਣੀ (ਦੇਵੀ; ਵਰੁਣ ਦੇਵਤੇ ਦੀ ਪਤਨੀ), ਸ਼ਰਾਬ, ਚੰਦ੍ਰਮਾ (ਜੋ ਧਰਤੀ ਤੋਂ 3,84,403 ਕਿਲੋਮੀਟਰ ਦੂਰ ਇੱਕ ਉਪ ਗ੍ਰਹਿ ਹੈ), ਗੰਧਰ੍ਵ (ਸਵਰਗ ਦੇ ਸੰਗੀਤਕਾਰ-ਰਾਗੀ), ਪਾਂਚਜਨ੍ਯ ਸ਼ੰਖ, ਕੌਸ੍ਤੁਭਮਣਿ (ਇੱਕ ਮਣੀ, ਜੋ ਵਿਸ਼ਨੂੰ ਕੋਲ਼ ਮੰਨੀਦੀ ਹੈ), ਸਾਰੰਗ ਧਨੁਖ ਅਤੇ ਐਰਾਵਤ (ਚਾਰ ਦੰਦਾਂ ਵਾਲ਼ਾ ਹਾਥੀ)’।

ਗਾਵਹਿ ਜੋਧ ਮਹਾ ਬਲ ਸੂਰਾ; ਗਾਵਹਿ ਖਾਣੀ ਚਾਰੇਉਚਾਰਨ : ਗਾਵਹਿਂ, ਮਹਾਂ।

ਪਦ ਅਰਥ : ਜੋਧ- ਜੋਧੇ। ਮਹਾ ਬਲ- ਮਹਾਂ ਬਲੀ। ਸੂਰਾ- ਸੂਰਮੇ। ਖਾਣੀ ਚਾਰੇ- 4 ਖਾਣੀਆਂ (ਅੰਡਜ, ਜੇਰਜ, ਸੇਤਜ, ਉਤਭੁਜ)।

ਅਰਥ : ਮਹਾਂ ਬਲੀ ਜੋਧੇ ਅਤੇ ਸੂਰਮੇ; ਤੈਨੂੰ ਗਾਉਂਦੇ ਹਨ, ਚਾਰੇ ਖਾਣੀਆਂ ਤੈਨੂੰ ਗਾਉਂਦੀਆਂ ਹਨ ਭਾਵ ਤੇਰੀ ਰਜ਼ਾ ’ਚ ਰਹਿ ਕੇ ਉਤਪਤਿ/ਵਿਕਾਸ ਕਰਦੀਆਂ ਹਨ।

ਚਾਰ ਖਾਣੀਆਂ ਹਨ : (1). ਅੰਡੇ ਤੋਂ ਪੈਦਾ ਹੋਣ ਵਾਲ਼ੇ ਜੀਵ; ਜਿਵੇਂ ਕਿ ਪੰਛੀ (ਅੰਡਜ)। (2). ਜੇਰ (ਉਹ ਝਿੱਲੀ ਜਿਸ ਅੰਦਰ ਬੱਚਾ ਮਾਂ ਦੇ ਗਰਭ ’ਚ ਲਿਪਟਿਆ ਹੁੰਦਾ ਹੈ) ਰਾਹੀਂ ਪੈਦਾ ਹੋਣ ਵਾਲ਼ੇ ਜੀਵ; ਜਿਵੇਂ ਪਸ਼ੂ, ਮਨੁੱਖ (ਜੇਰਜ)। (3). ਪਸੀਨੇ ਜਾਂ ਜ਼ਮੀਨ ਦੀ ਭਾਫ਼ ਤੋਂ ਪੈਦਾ ਹੋਣ ਵਾਲ਼ੇ ਜੀਵ; ਜਿਵੇਂ ਜੂੰ, ਚਿੱਚੜ, ਕੁਝ ਕੀੜੇ-ਮਕੌੜੇ ਆਦਿ (ਸੇਤਜ)। (4). ਬੀਜ ਤੋਂ ਧਰਤੀ ’ਤੇ ਉੱਗਣ ਵਾਲ਼ੀ ਬਨਸਪਤੀ, ਪੌਦੇ (ਉਤਭੁਜ)।

ਗਾਵਹਿ ਖੰਡ, ਮੰਡਲ, ਵਰਭੰਡਾ; ਕਰਿ ਕਰਿ ਰਖੇ ਧਾਰੇ

ਪਦ ਅਰਥ : ਖੰਡ- (ਬ੍ਰਹਿਮੰਡ ਦਾ) ਛੋਟਾ ਟੁਕੜਾ ਭਾਵ ਧਰਤੀ। ਮੰਡਲ- ਸੂਰਜ ਦਾ ਪਰਵਾਰ ਭਾਵ ਨੌ ਗ੍ਰਹਿ। ਵਰਭੰਡ- ਸਮੁੱਚਾ ਬ੍ਰਹਿਮੰਡ, ਇਸ ਬ੍ਰਹਿਮੰਡ ਦੀ ਸਿਰਜਣਾ; 13.8 ਅਰਬ ਸਾਲ ਪਹਿਲਾਂ ਇੱਕ ਬਿੱਗ ਬੈਂਗ ਧਮਾਕੇ ਨਾਲ਼ ਹੋਈ, ਮੰਨੀ ਗਈ। ਇਸ ਵਿੱਚ ਅਣਗਿਣਤ ਗਲੈਕਸੀਆਂ ਹਨ। ਸੰਨ 2013 ’ਚ ਤਾਰਾ ਮੰਡਲ ਦੀ ਹੋਈ ਇੱਕ ਖੋਜ ਮੁਤਾਬਕ ਪੁਲਾੜ ’ਚ ਮਾਤਰ 4.9% ਸਧਾਰਨ ਪਦਾਰਥ (ਜੋ ਤਾਰੇ, ਗ੍ਰਹਿ ਆਦਿ) ਹੈ। ਪੁਲਾੜ ’ਚ 26.8% ਡਾਰਕ ਮੈਟਰ ਹੈ, ਜੋ ਆਪਣੇ ਗੁਰੁਤਾਕਰਸ਼ਨ-ਖਿੱਚ ਨਾਲ਼ ਇਨ੍ਹਾਂ ਤਾਰਿਆਂ (4.9%) ਨੂੰ ਬਲੈਕ ਹੋਲ ਯਾਨੀ ਅੰਦਰ ਵੱਲ ਖਿੱਚਦਾ ਹੈ ਜਦ ਕਿ ਪੁਲਾੜ ਦਾ ਬਾਕੀ 68.3% ਭਾਗ; ਡਾਰਕ ਐਨਰਜੀ ਹੈ, ਜੋ ਇਨ੍ਹਾਂ ਤਾਰਿਆਂ ਨੂੰ ਰੌਸ਼ਨੀ ਦੀ ਗਤੀ (3 ਲੱਖ ਕਿਲੋਮੀਟਰ ਪ੍ਰਤੀ ਸਕਿੰਟ) ਨਾਲ਼ ਬਾਹਰ ਨੂੰ ਧੱਕ ਰਹੀ ਹੈ। ਕਰਿ ਕਰਿ- ਕਰ ਕਰ ਕੇ, ਬਣਾ ਬਣਾ ਕੇ। ਧਾਰੇ- ਟਿਕਾਏ ਹੋਏ, ਰਚੇ ਹੋਏ।

ਅਰਥ : (ਹੇ ਦਾਤਾਰ-ਪਿਤਾ !) ਖੰਡ, ਮੰਡਲ, ਬ੍ਰਹਿਮੰਡ ਆਦਿਕ, ਜੋ ਤੈਂ ਬਣਾ-ਬਣਾ ਕੇ (ਬਿਨਾਂ ਕਿਸੇ ਸਹਾਰੇ ਤੋਂ) ਟਿਕਾ ਰੱਖੇ ਹਨ; ਤੈਨੂੰ ਗਾਉਂਦੇ ਹਨ ਭਾਵ ਤੇਰੇ ਹੁਕਮ ’ਚ ਬੱਧੇ ਹੋਏ ਹਨ; ਜਿਵੇਂ ਕਿ ਬਚਨ ਹਨ, ‘‘ਓਇ ਜੁ ਦੀਸਹਿ; ਅੰਬਰਿ (ਅਕਾਸ਼ ) ਤਾਰੇ ਕਿਨਿ ਓਇ ਚੀਤੇ (ਰਚੇ) ? ਚੀਤਨਹਾਰੇ (ਰਚਨਹਾਰ ਨੇ) ਕਹੁ ਰੇ ਪੰਡਿਤ ! ਅੰਬਰੁ ਕਾ ਸਿਉ ਲਾਗਾ  ? ਬੂਝੈ; ਬੂਝਨਹਾਰੁ ਸਭਾਗਾ ਰਹਾਉ ’’ (ਭਗਤ ਕਬੀਰ/੩੨੯)

ਵਿਚਾਰ : ਜੇਕਰ ‘ਗਾਵਹਿ/ਗਾਵਨਿ’ ਦਾ ਅਰਥ ‘ਗਾਉਂਦੇ ਹਨ’ ਹੀ ਕੀਤਾ ਜਾਏ ਤਾਂ ਸਵਾਲ ਹੈ ਕਿ ਖੰਡ, ਮੰਡਲ ਆਦਿ; ਨਿਰਾਕਾਰ ਨੂੰ ਕਿਵੇਂ ਗਾਉਂਦੇ ਹਨ ? ਇਨ੍ਹਾਂ ਨੂੰ ਕਿਵੇਂ ਉਸ ਦੀ ਸੋਝੀ ਹੋਈ ? ਜੇ ਇਹ ਅਦ੍ਰਿਸ਼-ਸ਼ਕਤੀ ਨੂੰ ਜਾਣ ਗਏ ਤਾਂ ਗੁਰੂ ਤੋਂ ਬਿਨਾਂ ਮਨੁੱਖ ਨੇ ਕਿਉਂ ਨਾ ਉਸ ਨੂੰ ਜਾਣਿਆ ? ਜੇਕਰ ਇਹ ਭਗਤ ਵਾਙ ਦਾਤਾਰ-ਪਿਤਾ ਨੂੰ ਗਾਉਂਦੇ ਹੁੰਦੇ ਤਾਂ ਉਸ ਦੇ ਪ੍ਰੇਮ-ਰੰਗ ’ਚ ਭੀ ਭਿੱਜੇ ਹੁੰਦੇ, ਪਰ ਨਹੀਂ ਭਿੱਜੇ ਤਾਹੀਓਂ ਐਸਾ ਹੇਠਾਂ ਕਿਹਾ ਗਿਆ ਹੈ।

ਸੇਈ ਤੁਧ ਨੋ ਗਾਵਹਿ, ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ, ਰਸਾਲੇ  !ਉਚਾਰਨ : ਗਾਵਹਿਂ, ਰੱਤੇ, ਭਾਵਨ੍।

ਪਦ ਅਰਥ : ਸੇਈ- ਓਹੀ (ਬਹੁ ਵਚਨ ਪੜਨਾਂਵ)। ਤੁਧ ਨੋ- ਤੈਨੂੰ। ਗਾਵਹਿ- ਗਾਉਂਦੇ ਹਨ। ਜੋ- ਜਿਹੜੇ। ਤੁਧੁ- ਤੈਨੂੰ। ਭਾਵਨਿ- ਭਾਉਂਦੇ ਹਨ, ਪਸੰਦ ਹਨ। ਰਤੇ- ਰੰਗੇ ਹੋਏ। ਰਸਾਲੇ- ਰਸ+ਆਲ੍ਯ, ਰਸਾਂ ਦੇ ਘਰ, ਅਨੰਦ ਦੇ ਸ੍ਰੋਤ, ਅਨੰਦ ਭਰਪੂਰ ਪ੍ਰਭੂ।

ਅਰਥ : ਹੇ ਅਨੰਦ ਦੇ ਸ੍ਰੋਤ (ਪ੍ਰਭੂ ! ਅਸਲ ’ਚ) ਉਹੀ ਭਗਤ-ਜਨ ਤੈਨੂੰ ਗਾਉਂਦੇ ਹਨ ਭਾਵ ਉਨ੍ਹਾਂ ਦਾ ਗਾਉਣਾ ਹੀ ਸਫਲ ਹੈ, ਜੋ ਤੇਰੇ ਪ੍ਰੇਮ ਰੰਗ ’ਚ ਭਿੱਜੇ ਹੋਏ (ਯਾਨੀ ਤੇਰੀ ਹਸਤੀ ਨੂੰ ਸਵੀਕਾਰ ਕੇ ਗਾਉਣ ਵਾਲ਼ੇ) ਤੈਨੂੰ ਪਸੰਦ ਹਨ।

ਵਿਚਾਰ : ਇਸ ਵਾਕ ਤੋਂ ਸਪਸ਼ਟ ਹੈ ਕਿ ‘ਪਵਣੁ, ਪਾਣੀ, ਬੈਸੰਤਰੁ, ਰਾਜਾ ਧਰਮੁ, ਚਿਤੁ ਗੁਪਤੁ, ਈਸਰੁ, ਬ੍ਰਹਮਾ, ਦੇਵੀ, ਦੇਵਤੇ, ਇੰਦ੍ਰ, ਜੋਗੀ, ਸਾਧ, ਜਤੀ, ਸਤੀ, ਸੰਤੋਖੀ, ਪੰਡਿਤ, ਰਿਸ਼ੀ ਮੁਨੀ, ਮੋਹਿਤ ਕਰਨ ਵਾਲ਼ੀਆਂ ਸੁੰਦਰੀਆਂ/ਪਰੀਆਂ, 14 ਰਤਨ, 68 ਤੀਰਥ, ਜੋਧੇ, ਮਹਾਬਲੀ, ਸੂਰਮੇ, ਚਾਰੇ ਖਾਣੀਆਂ, ਖੰਡ, ਮੰਡਲ, ਬ੍ਰਹਮੰਡ’ ਆਦਿ ਦਾ ਗਾਉਣਾ; ਦਾਤਾਰ-ਪਿਤਾ ਨੂੰ ਖ਼ੁਸ਼ ਨਾ ਕਰ ਸਕਿਆ ਕਿਉਂਕਿ ਇਹ ਸਾਰੇ; ਮਾਲਕ ਦੀ ਹੋਂਦ ਨੂੰ ਪ੍ਰਵਾਨ ਕਰਕੇ ਉਸ ਦੇ ਡਰ-ਅਦਬ ’ਚ ਰਹਿ ਕੇ ਨਹੀਂ ਗਾਉਂਦੇ; ਜਿਵੇਂ ਕਿ ਰੱਬ ਨੂੰ ਪਿਆਰ ਕਰਨ ਵਾਲ਼ਾ ਗੁਰੂ ਦਾ ਸਿੱਖ; ਉਸ ਦੀ ਭੈ-ਭਾਵਨੀ ’ਚ ਰਹਿੰਦਾ ਹੋਇਆ ਸਦਾ ਉਸ ਨੂੰ ਯਾਦ ਕਰਨਾ ਹੈ, ਚੇਤੇ ਰੱਖਦਾ ਹੈ, ਸਿਮਰਨ ਕਰਦਾ ਹੈ।

ਅਗਲੀ ਪੰਕਤੀ; ਇਸ ਪਉੜੀ ਦੇ ਅਰੰਭ ਤੋਂ ਚੱਲਦੇ ਪ੍ਰਸੰਗ, ਜਿਨ੍ਹਾਂ ਬਾਰੇ ਕਿਹਾ ਹੈ, ‘‘ਹੋਰਿ ਕੇਤੇ ਗਾਵਨਿ’’ ਕੜੀ ਨਾਲ਼ ਜੁੜਦੀ ਹੈ, ਨਾ ਕਿ ਅਸਲ ਸੱਚੇ ਭਗਤਾਂ (ਸੇਈ ਤੁਧੁ ਨੋ ਗਾਵਹਿ, ਜੋ ਤੁਧੁ ਭਾਵਨਿ) ਨਾਲ਼।

ਹੋਰਿ ਕੇਤੇ ਗਾਵਨਿ; ਸੇ, ਮੈ ਚਿਤਿ ਆਵਨਿ; ਨਾਨਕੁ ਕਿਆ ਵੀਚਾਰੇ  ?

ਪਦ ਅਰਥ : ਹੋਰਿ- ਹੋਰ ਭੀ (ਯਾਨੀ ਉਕਤ ਬਿਆਨ ਕੀਤੇ ‘ਪਵਣੁ, ਪਾਣੀ, ਬੈਸੰਤਰੁ, ਰਾਜਾ ਧਰਮੁ’ ਆਦਿ ਤੋਂ ਇਲਾਵਾ ਭੀ)। ਮੈ ਚਿਤਿ- ਮੇਰੇ ਚਿੱਤ ਵਿੱਚ ਭਾਵ ਮੇਰੇ ਸਮਝ ਤੋਂ ਬਾਹਰ। ਕਿਆ- ਕਿੰਨੀ ਕੁ। ਵੀਚਾਰੇ- ਵਿਚਾਰ ਕਰ ਸਕਦਾ ਹੈ ?

ਅਰਥ : (ਹੇ ਦਾਤਾਂ ਦੇਣ ਵਾਲ਼ੇ !) ਹੋਰ ਭੀ ਅਣਗਿਣਤ ਤੈਨੂੰ ਗਾਉਂਦੇ ਹਨ ਭਾਵ ਤੇਰੇ ਹੁਕਮ ’ਚ ਚੱਲਦੇ ਹਨ। ਉਹ, ਮੇਰੀ ਸਮਝ ਤੋਂ ਪਰੇ ਹਨ (ਕਿਉਂਕਿ ਤੇਰੇ ‘ਕਰਤੇ ਕੈ ਕਰਣੈ’ ਨੂੰ) ਨਾਨਕ ਕਿੰਨਾ ਕੁ ਗਿਣ-ਮਿਣ ਸਕਦਾ ਹੈ ?

ਵਿਚਾਰ : ਇਸ ਪਉੜੀ ’ਚ ਭੀ ਦੋ ਵਾਰ ‘ਨਾਨਕ’ ਹੈ। ਕਾਰਨ ਇਹੀ ਹੈ ਕਿ ‘ਕਰਤੇ ਕੈ ਕਰਣੈ’ ਦੇ ਮੁਕਾਬਲੇ ਆਪਣੇ ਆਪ ਨੂੰ ਤੁੱਛ ਬਿਆਨ ਕਰਨਾ ਹੈ ਤਾਂ ਜੋ ਕੁਦਰਤ ਨੂੰ ਨਾਪਦਿਆਂ-ਨਾਪਦਿਆਂ, ਮਤਾਂ ਰੱਤੀ ਭਰ ਭੀ ਅਹੰਕਾਰ ਨਾਨਕ ਦੇ ਮਨ ’ਚੋਂ ਪੈਦਾ ਹੁੰਦਾ, ਪ੍ਰਤੀਤ ਹੋਵੇ।

ਇਸ 27ਵੀਂ ਪਉੜੀ ਦੇ ਵਿਸ਼ੇ-ਪ੍ਰਸੰਗ ਨੂੰ ਇੱਥੇ ਅਸੀਮ-ਅਸੀਮ ਬਿਆਨ ਕਰ ਸਮੇਟਿਆ ਗਿਆ ਹੈ; ਜਿਵੇਂ ਕਿ ਇਸ ਬਾਣੀ ਦੀ ਹਰ ਪਉੜੀ ਦੀ ਸਮਾਪਤੀ ’ਚ ਅਰੰਭ ਤੋਂ ਨਿਰੰਤਰ ਹੁੰਦਾ ਆ ਰਿਹਾ ਹੈ। ਇਸ ਯੁਕਤੀ ਨੂੰ ਧਿਆਨ ’ਚ ਰੱਖ ਕੇ ਹੀ 32ਵੀਂ ਪਉੜੀ ‘‘ਇਕ ਦੂ ਜੀਭੌ ਲਖ ਹੋਹਿ; ਲਖ ਹੋਵਹਿ ਲਖ ਵੀਸ ੩੨’’ (ਜਪੁ) ਦੇ ਅਰਥਾਂ ਨੂੰ ਸਮਝਿਆ ਜਾ ਸਕੇਗਾ।

ਗੁਰਬਾਣੀ ਅੰਦਰ ‘ਕਰਤੇ ਕੈ ਕਰਣੈ’ ਨੂੰ ਅਸੀਮ ਬਿਆਨ ਕਰਦੇ ਕਈ ਹੋਰ ਸ਼ਬਦ ਭੀ ਹਨ; ਜਿਵੇਂ ਕਿ ਗੁਰੂ ਅਰਜਨ ਸਾਹਿਬ ਜੀ ਦੇ ਇਹ ਬਚਨ, ‘‘ਜੇਤੀ ਪ੍ਰਭੂ ਜਨਾਈ; ਰਸਨਾ ਤੇਤ ਭਨੀ ਅਨਜਾਨਤ ਜੋ ਸੇਵੈ; ਤੇਤੀ ਨਹ ਜਾਇ ਗਨੀ’’ (ਮਹਲਾ /੪੫੬) ਭਾਵ ਜਿੰਨੀ ਕੁ ਮਾਲਕ ਨੇ ਸੋਝੀ ਬਖ਼ਸ਼ੀ, ਓਨੀ ਕੁ ਬਿਆਨ ਕਰ ਦਿੱਤੀ; ਜੋ ਸਮਝ ਤੋਂ ਪਰੇ ਹੈ, ਉਹ ਦੱਸੀ ਨਹੀਂ ਜਾ ਸਕਦੀ। ਇਹ ਭੀ ਸੱਚ ਹੈ ਕਿ ਵਿਖਾਈ ਦਿੰਦਾ ਇਹ ‘ਕਰਤੇ ਕੈ ਕਰਣੈ’; ਸਦਾ ਰਹਿਣ ਵਾਲ਼ਾ ਨਹੀਂ; ਜਿਵੇਂ ਕਿ ਵਾਰ-ਵਾਰ ਸਪਸ਼ਟ ਕੀਤਾ ਹੈ, ‘‘ਦ੍ਰਿਸਟਿਮਾਨ ਸਭੁ ਬਿਨਸੀਐ; ਕਿਆ ਲਗਹਿ ਗਵਾਰ  ? (ਮਹਲਾ /੮੦੮), ਦ੍ਰਿਸਟਿਮਾਨ ਹੈ ਸਗਲ ਮਿਥੇਨਾ (ਮਹਲਾ /੧੦੮੩), ਦ੍ਰਿਸਟਿਮਾਨ ਹੈ ਸਗਲ ਬਿਨਾਸੀ’’ (ਮਹਲਾ /੧੨੦੪) ਜਦ ਕਿ ਇਸ ਨੂੰ ਰਚਨਹਾਰ ਮਾਲਕ; ਸਦੀਵੀ ਸਥਿਰ ਹੈ, ਇਸ ਲਈ ਉਸ ਬਾਰੇ ਕਿਹਾ ਹੈ, ‘‘ਆਦਿ ਸਚੁ; ਜੁਗਾਦਿ ਸਚੁ ਹੈ ਭੀ ਸਚੁ; ਨਾਨਕ ! ਹੋਸੀ ਭੀ ਸਚੁ ’’ ਜਾਂ ‘‘ਤੂ ਸਦਾ ਸਲਾਮਤਿ; ਨਿਰੰਕਾਰ  ! ’’ (ਜਪੁ)

ਸੋਈ ਸੋਈ ਸਦਾ ਸਚੁ; ਸਾਹਿਬੁ ਸਾਚਾ, ਸਾਚੀ ਨਾਈ

ਪਦ ਅਰਥ : ਸੋਈ ਸੋਈ- ਉਹੀ ਉਹੀ, ਕੇਵਲ ਓਹੀ। ਸਦਾ ਸਚੁ- ਸਦੀਵੀ ਸਥਿਰ। ਸਾਹਿਬੁ ਸਾਚਾ- ਅਸਲ ਮਾਲਕ, ਸੱਚਾ ਮਾਲਕ। ਸਾਚੀ ਨਾਈ- (ਉਸ ਦੀ) ਸੱਚੀ ਵਡਿਆਈ, ਸਦੀਵੀ ਸਥਿਰ ਮਹਿਮਾ ਭਾਵ ਉਸ ਅੰਦਰ ਗੁਣ ਵਧਦੇ-ਘਟਦੇ ਨਹੀਂ।

ਅਰਥ : ਕੇਵਲ ਓਹੀ (ਜਿਸ ਦਾ ‘ਸੋ ਦਰੁ, ਸੋ ਘਰੁ’ ਹੈ) ਸਦੀਵੀ ਸਥਿਰ ਮਾਲਕ ਹੈ। ਸਦੀਵੀ ਸਥਿਰ ਉਸ ਦੀ ਪ੍ਰਭੁਤਾ (ਮਹਿਮਾ) ਹੈ।

ਵਿਚਾਰ : ‘ਸਦਾ ਸਚੁ ਸਾਹਿਬੁ’ ਦੀ ‘ਸਾਚੀ ਨਾਈ’ ਹੀ ਸਮੁੱਚੀ ਗੁਰਬਾਣੀ ਹੈ, ਗੁਰੂ ਦਾ ਉਪਦੇਸ਼ ਹੈ ਤਾਹੀਓਂ ਗੁਰੂ ਸ਼ਬਦ ਨੂੰ ਭੀ ਸਦੀਵੀ ਸਥਿਰ ਕਿਹਾ ਹੈ; ਜਿਵੇਂ ਕਿ ‘‘ਨਿਸਿ ਬਾਸੁਰ ਨਖਿਅਤ੍ਰ ਬਿਨਾਸੀ; ਰਵਿ ਸਸੀਅਰ ਬੇਨਾਧਾ ਗਿਰਿ ਬਸੁਧਾ ਜਲ ਪਵਨ ਜਾਇਗੋ; ਇਕਿ ਸਾਧ ਬਚਨ ਅਟਲਾਧਾ ’’ (ਮਹਲਾ /੧੨੦੪) ਅਰਥ : ਰਾਤ, ਦਿਨ, ਤਾਰੇ ਸਭ ਨਾਸ਼ਵਾਨ ਹਨ। ਸੂਰਜ, ਚੰਦ ਭੀ ਨਾਸ਼ਵਾਨ ਹਨ। ਪਹਾੜ, ਧਰਤੀ, ਪਾਣੀ, ਹਵਾ ਆਦਿ ਸਦਾ ਰਹਿਣ ਵਾਲ਼ੇ ਨਹੀਂ, ਪਰ ਸਤਿਗੁਰੂ ਦੇ ਬਚਨ ਸਦੀਵੀ ਸਥਿਰ ਹਨ। ਜਿਸ ਦੇ ਹਿਰਦੇ ’ਚ ਵੱਸ ਗਏ ਓਹ ਭੀ ਸਦੀਵੀ ਸਥਿਰ ਹੋ ਜਾਂਦਾ ਹੈ, ਸਥਿਰ ਮਾਲਕ ’ਚ ਲੀਨ ਹੋ ਜਾਂਦਾ ਹੈ, ਵਾਰ-ਵਾਰ ਜੰਮਦਾ-ਮਰਦਾ ਨਹੀਂ।

ਹੈ ਭੀ ਹੋਸੀ, ਜਾਇ ਜਾਸੀ; ਰਚਨਾ ਜਿਨਿ ਰਚਾਈ

ਪਦ ਅਰਥ : ਹੈ ਭੀ- ਹੁਣ (ਵਰਤਮਾਨ ’ਚ) ਭੀ ਹੈ। ਹੋਸੀ (ਅਗਾਂਹ ਭੀ) ਰਹੇਗਾ। ਜਾਇ ਨ ਜਾਸੀ- ਨਾ ਜੰਮਦਾ ਹੈ, ਨਾ ਮਰੇਗਾ। ਰਚਨਾ- ਸੰਸਾਰ, ਕੁਦਰਤ ਭਾਵ ‘ਕਰਤੇ ਕੈ ਕਰਣੈ’। ਜਿਨਿ- ਜਿਸ (ਸਥਿਰ ਮਾਲਕ) ਨੇ।

ਅਰਥ : ਜਿਸ (ਸਦੀਵੀ ਸਥਿਰ ਮਾਲਕ) ਨੇ ਨਾਸ਼ਵਾਨ ਕੁਦਰਤ ਬਣਾਈ ਹੈ, ਉਹ ਹੁਣ ਭੀ ਹੈ (ਕੁਦਰਤ ਦੇ ਨਾਸ ਹੋਣ ’ਤੇ) ਭੀ ਰਹੇਗਾ (ਕਿਉਂਕਿ ਉਹ) ਨ ਜੰਮਦਾ ਹੈ, ਨਾ ਮਰੇਗਾ ਭਾਵ ਜੰਮਣ ਮਰਨ ਵਾਲ਼ੇ ਸਾਰੇ ਜੀਵ ਸਦਾ ਜੰਮਦੇ ਮਰਦੇ ਰਹਿੰਦੇ ਹਨ।

ਰੰਗੀ ਰੰਗੀ ਭਾਤੀ ਕਰਿ ਕਰਿ; ਜਿਨਸੀ ਮਾਇਆ, ਜਿਨਿ ਉਪਾਈਉਚਾਰਨ : ਰੰਗੀਂ-ਰੰਗੀਂ, ਭਾਂਤੀਂ, ਜਿਨਸੀਂ।

ਪਦ ਅਰਥ : ਰੰਗੀ ਰੰਗੀ- ਕਈ ਰੰਗਾਂ ਦੀ। ਭਾਤੀ- ਕਈ ਭਾਂਤਾਂ ਦੀ। ਕਰਿ ਕਰਿ- ਬਣਾ ਬਣਾ ਕੇ, ਘੜ ਘੜ ਕੇ (ਜਿਵੇਂ ਪੁੱਤਰ, ਵਸਤੂ, ਧਨ ਆਦਿ ਨੂੰ ਆਕਾਰ/ਰੂਪ ਮਿਲਦਾ ਹੈ)। ਜਿਨਸੀ- ਕਈ ਕਿਸਮਾਂ ਦੀ।

ਅਰਥ : ਜਿਸ (ਕਰਤਾਰ) ਨੇ ਕਈ ਰੰਗਾਂ ਦੀ, ਕਈ ਭਾਂਤਾਂ ਦੀ, ਕਈ ਕਿਸਮਾਂ ਦੀ ਮਾਇਆ; ਤਰਾਸ਼-ਤਰਾਸ਼ ਕੇ ਪੈਦਾ ਕੀਤੀ ਹੈ।

ਕਰਿ ਕਰਿ ਵੇਖੈ, ਕੀਤਾ ਆਪਣਾ; ਜਿਵ, ਤਿਸ ਦੀ ਵਡਿਆਈ

ਪਦ ਅਰਥ : ਵੇਖੈ- ਵੇਖਦਾ ਹੈ, ਸੰਭਾਲ਼ਦਾ ਹੈ। ਕੀਤਾ ਆਪਣਾ- ਆਪਣਾ ਕੀਤਾ ਹੋਇਆ, ਆਪਣਾ ਬਣਾਇਆ (ਜਗਤ)। ਜਿਵ- ਜਿਸ ਤਰ੍ਹਾਂ, ਜਿਵੇਂ, ਜਿਉਂ। ਤਿਸ ਦੀ- ਉਸ (ਸਥਿਰ ਮਾਲਕ) ਦੀ। ਵਡਿਆਈ- ਇੱਛਾ, ਮਨਸ਼ਾ, ਮਰਜ਼ੀ।

ਅਰਥ : ਜਿਵੇਂ ਉਸ ਦੀ ਮਰਜ਼ੀ ਹੈ (ਓਵੇਂ ਆਪਣੇ ਜੀਵ-ਜੰਤੂਆਂ ਨੂੰ) ਪੈਦਾ ਕਰ ਕਰ ਕੇ ਸੰਭਾਲ਼ਦਾ ਹੈ ਭਾਵ ਉਹ ਪੈਦਾ ਕਰਨ ਵਾਲ਼ਾ ਬ੍ਰਹਮਾ ਹੀ ਨਹੀਂ ਬਲਕਿ ਰਿਜ਼ਕ ਦੇਣ ਵਾਲ਼ਾ ਵਿਸ਼ਨੂੰ ਭੀ ਹੈ।

ਜੋ ਤਿਸੁ ਭਾਵੈ, ਸੋਈ ਕਰਸੀ; ਹੁਕਮੁ ਕਰਣਾ ਜਾਈ

ਪਦ ਅਰਥ : ਜੋ- ਜਿਹੜਾ (ਤਰੀਕਾ)। ਤਿਸੁ- ਉਸ ਨੂੰ। ਭਾਵੈ- ਪਸੰਦ ਹੈ। ਸੋਈ- ਉਹੀ। ਕਰਸੀ- ਕਰੇਗਾ, ਜੀਵ-ਜੰਤਾਂ ਅੰਦਰ ਭਾਵਨਾਵਾਂ ਪੈਦਾ ਕਰੇਗਾ (ਭਵਿੱਖ ਸੂਚਕ ਕਿਰਿਆ)। ਹੁਕਮੁ- (ਰੱਬ ਦੀ ਇਸ ਰਜ਼ਾ ਵਿਰੁੱਧ) ਸੰਦੇਹ, ਤਰਕ, ਨਾਂਹ ਨੁੱਕਰ, ਸੁਝਾਅ। ਨ ਕਰਣਾ ਜਾਈ-ਨਹੀਂ ਕੀਤਾ ਜਾ ਸਕਦਾ।

ਅਰਥ : ਜੋ ਉਸ ਨੂੰ ਪਸੰਦ ਹੈ, ਉਹੀ (ਸੋਚ; ਜਗਤ ’ਚ) ਪੈਦਾ ਕਰੇਗਾ (ਉਸ ਉੱਤੇ) ਸੰਦੇਹ ਨਹੀਂ ਜਤਾਇਆ ਜਾ ਸਕਦਾ (ਕਿਉਂਕਿ)।

ਸੋ ਪਾਤਿਸਾਹੁ, ਸਾਹਾ ਪਾਤਿਸਾਹਿਬੁ; ਨਾਨਕ  ! ਰਹਣੁ ਰਜਾਈ ੨੭ਉਚਾਰਨ : ਪਾਤਿਸ਼ਾਹ, ਸ਼ਾਹਾਂ, ਰਜ਼ਾਈ।

ਪਦ ਅਰਥ : ਸੋ- ਉਹ (ਭਾਵ ‘ਸੋ ਦਰੁ ਸੋ ਘਰੁ’ ਦਾ ਮਾਲਕ)। ਸਾਹਾ ਪਾਤਿਸਾਹਿਬੁ- ਪਾਤਿਸ਼ਾਹਾਂ ਦਾ ਪਾਤਿਸ਼ਾਹ, ਬਾਦਿਸ਼ਾਹਾਂ ’ਚੋਂ ਸਿਰਮੌਰ ਬਾਦਿਸ਼ਾਹ। ਨਾਨਕ- ਹੇ ਨਾਨਕ ! ਰਹਣੁ- ਸਦਾ ਅਡੋਲ, ਅਨੰਦ ਭਰਪੂਰ (ਭਾਵਾਰਥ ਕਿਰਦੰਤ, ਨਾਂਵ; ਇਸ ਦਾ ਧਾਤੁ ‘ਰਹ’ ਹੈ)। ਰਜਾਈ- ਰਜ਼ਾ ਵਿੱਚ, ਭਾਣੇ ’ਚ, ਹੁਕਮ ਵਿੱਚ।

ਅਰਥ : ਹੇ ਨਾਨਕ  ! ਉਹ ਬਾਦਿਸ਼ਾਹ; ਹੁਕਮਰਾਨਾਂ ਦਾ ਹੁਕਮਰਾਨ ਹੈ (ਭਾਵ ਸਾਰੇ ਬਾਦਿਸ਼ਾਹ; ਉਸ ਦੇ ਹੁਕਮ ’ਚ ਹਨ, ਤਾਂ ਤੇ ਮੈਂ ਭੀ ਉਸੇ ਦੇ) ਹੁਕਮ ’ਚ ਹਾਂ (ਇਹ ਸਮਝ ਕੇ ਹੀ ਮਨ) ਟਿਕ ਸਕਦਾ ਹੈ, ਸਦੀਵੀ ਅਨੰਦ ਮਿਲਦਾ ਹੈ।

ਵਿਚਾਰ : ਇਸ ਵਾਕ ਬਾਰੇ ਥੋੜ੍ਹਾ ਵਿਚਾਰਨਾ ਹੈ ਕਿ ਗੁਰਬਾਣੀ ਅੰਦਰ ‘ਰਹਣੁ’ ਸ਼ਬਦ; ਸੰਯੁਕਤ ਕਿਰਿਆ ਹੈ ਜਾਂ ਭਾਵਾਰਥ ਕਿਰਦੰਤ (ਨਾਂਵ) ਯਾਨੀ ਕਿ ਇਹ ਸ਼ਬਦ ‘ਕਿਰਿਆ’ ਵਜੋਂ ਇੱਕ ਵਾਰ ਭੀ ਨਹੀਂ। ਸੰਯੁਕਤ ਕਿਰਿਆ ਵਜੋਂ ਹੈ :

ਸਾਹਿਬੁ ਮੇਰਾ ਨਿਰਮਲਾ; ਤਿਸੁ ਬਿਨੁ ਰਹਣੁ ਜਾਇ ॥ (ਮਹਲਾ ੫/੪੯) (‘ਰਹਣੁ ਨ ਜਾਈ’ ਭਾਵ ਰਿਹਾ ਨਹੀਂ ਜਾਂਦਾ)

ਰਹਣੁ ਪਾਵਹਿ; ਸੁਰਿ ਨਰ ਦੇਵਾ ॥ (ਮਹਲਾ ੫/੭੪੦) (‘ਰਹਣੁ ਨ ਪਾਵਹਿ’ ਭਾਵ ਦੇਵਤੇ ਭੀ ਸਦਾ ਜੀਵਤ ਨਹੀਂ ਰਹਿ ਪਾਉਂਦੇ)

ਖਾਨ ਮਲੂਕ ਕਹਾਇਦੇ; ਕੋ ਰਹਣੁ ਪਾਈ ॥ (ਮਹਲਾ ੪/੧੨੪੬) (‘ਰਹਣੁ ਨ ਪਾਈ’ ਭਾਵ ਖ਼ਾਨ, ਬਾਦਿਸ਼ਾਹ ਅਖਵਾਉਣ ਵਾਲ਼ੇ ਭੀ (ਸੰਸਾਰ ’ਤੇ ਸਦਾ) ਨਹੀਂ ਰਹਿ ਪਾਉਂਦੇ ਯਾਨੀ ਮਰ ਜਾਂਦੇ ਹਨ)

ਭਾਵਾਰਥ ਕਿਰਦੰਤ (ਨਾਂਵ) ਵਜੋਂ ‘ਰਹਣੁ’ ਦੇ ਅਰਥ ਹਨ ‘ਟਿਕਾਅ, ਸਦਾ ਸਥਿਰ, ਅਡੋਲਤਾ, ਸਦੀਵੀ ਅਨੰਦ’; ਜਿਵੇਂ ਕਿ ਜ਼ਿਆਦਾਤਰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਅੰਦਰ ਹੀ ਮੌਜੂਦ ਹੈ :

ਮਰਣੁ ਲਿਖਾਇ ਆਏ; ਨਹੀ ਰਹਣਾ ॥ ਹਰਿ ਜਪਿ+ਜਾਪਿ (ਨਾਲ਼); ਰਹਣੁ ਹਰਿ ਸਰਣਾ ॥੧॥ ਰਹਾਉ ॥ (ਮਹਲਾ ੧/੧੫੩) ਭਾਵ ਹਰੀ ਦੇ ਸਿਮਰਨ ਨਾਲ਼ ਉਸ ਦੀ ਸਦੀਵੀ ਸ਼ਰਨ ਮਿਲਦੀ ਹੈ ਯਾਨੀ ਉਸ ਵਿੱਚ ਲੀਨ ਹੋ ਜਾਈਦਾ ਹੈ।

ਜਬ ਲਗੁ ਦੁਨੀਆ ਰਹੀਐ, ਨਾਨਕ  ! ਕਿਛੁ ਸੁਣੀਐ, ਕਿਛੁ ਕਹੀਐ ॥ ਭਾਲਿ ਰਹੇ ਹਮ, ਰਹਣੁ ਨ ਪਾਇਆ; ਜੀਵਤਿਆ ਮਰਿ ਰਹੀਐ ॥ (ਮਹਲਾ ੧/੬੬੧) ਭਾਵ ਜਦ ਤੱਕ ਦੁਨੀਆ ਕਾਇਮ ਹੈ ਯਾਨੀ ਬਚੀ ਹੋਈ ਹੈ। ਕੁੱਝ ਗੁਰੂ ਕੋਲ਼ੋਂ ਸਚਾਈ ਸੁਣਨੀ ਹੈ ਤੇ ਹੋਰਾਂ ਨੂੰ ਕੁੱਝ ਦੱਸਣੀ ਭੀ ਹੈ, ਪਰ ਅਸੀਂ ਲੱਭ ਲੱਭ ਥੱਕ ਗਏ; ਕੋਈ (ਐਸਾ ਕਹਿਣ ਵਾਲ਼ਾ) ਸਥਿਰ ਜੀਵਨ ਨਾ ਲੱਭਿਆ (ਰਹਣੁ ਨ ਪਾਇਆ); ਜਿਹੜਾ ਜਿਊਂਦਿਆਂ ਹੀ (ਵਿਕਾਰਾਂ ਵੱਲੋਂ) ਨਿਰਮੋਹ ਰਹਿੰਦਾ ਹੋਵੇ ਭਾਵ ਕੁੱਝ ਸਚਾਈ ਸੁਣਨ ਵਾਲ਼ਾ ਤੇ ਹੋਰਾਂ ਨਾਲ਼ ਸਚਾਈ ਸਾਂਝੀ ਕਰਨ ਵਾਲ਼ਾ ਬੰਦਾ ਨਹੀਂ ਮਿਲਦਾ ਕਿਉਂਕਿ ਓਹੀ ਮਾਇਆ ਵੱਲੋਂ ਨਿਰਮੋਹ ਹੋ ਸਕਦਾ ਹੈ, ਸਦੀਵੀ ਸਥਿਰ ਹੈ, ਅਨੰਦ ਭਰਪੂਰ ਹੈ।

ਰੋਸੁ ਨ ਕੀਜੈ, ਅੰਮ੍ਰਿਤੁ ਪੀਜੈ; ਰਹਣੁ ਨਹੀ ਸੰਸਾਰੇ ॥ ਰਾਜੇ ਰਾਇ ਰੰਕ (ਕੰਗਾਲ) ਨਹੀ ਰਹਣਾ; ਆਇ ਜਾਇ ਜੁਗ ਚਾਰੇ ॥ (ਓਅੰਕਾਰ/ਮਹਲਾ ੧/੯੩੧) (‘ਰਹਣੁ ਨਹੀ ਸੰਸਾਰੇ’ ਭਾਵ ਸੰਸਾਰ ’ਚ ਸਦੀਵੀ ਟਿਕਾਅ ਕਿਸੇ ਦਾ ਨਹੀਂ)

ਭਾਲਿ ਲਹਨਿ ਸਹੁ ਆਪਣਾ; ਨਿਜ ਘਰਿ (’ਚ) ਰਹਣੁ ਕਰੇਨਿ ॥ (ਮਹਲਾ ੩/੯੪੯) ਭਾਵ ਜੋ ਅਸਲ ਮਾਲਕ (ਸਦੀਵੀ ਸਥਿਰ) ਨੂੰ ਲੱਭ ਲੈਂਦੇ ਹਨ, ਉਹ ਆਪ ਭੀ ਸਦੀਵੀ ਅਡੋਲਤਾ ਪਾ ਲੈਂਦੇ ਹਨ।

ਫਰੀਦਾ  ! ਰੁਤਿ ਫਿਰੀ ਵਣੁ ਕੰਬਿਆ; ਪਤ ਝੜੇ ਝੜਿ ਪਾਹਿ ॥ ਚਾਰੇ ਕੁੰਡਾ ਢੂੰਢੀਆਂ; ਰਹਣੁ ਿਥਾਊ ਨਾਹਿ ॥ (ਬਾਬਾ ਫਰੀਦ/੧੩੮੩) (‘ਰਹਣੁ ਕਿਥਾਊ ਨਾਹਿ’ ਭਾਵ ਸਦੀਵੀ ਅਡੋਲਤਾ ਕਿਸੇ ਪਾਸੇ ਨਹੀਂ)

ਸੋ ਇਸ 27ਵੀਂ ਪਉੜੀ ਦੇ ਅੰਤ ’ਚ ਰਹਣੁ ਰਜਾਈ ਤੋਂ ਭਾਵ ਹੈ ‘(ਸੋ ਦਰੁ, ਸੋ ਘਰੁ ਵਾਲ਼ੇ ਸਥਿਰ ਮਾਲਕ ਦੀ) ਰਜ਼ਾ ’ਚ (ਹਾਂ ਐਸਾ ਯਕੀਨ ਕੀਤਿਆਂ ਮਨ) ਟਿਕਦਾ ਹੈ, ਅਨੰਦ ਮਾਣਦਾ ਹੈ ਕਿਉਂਕਿ ਭਰੋਸਾ ਹੋ ਗਿਆ, ‘‘ਨਾ ਕਰਿ ਚਿੰਤ; ਚਿੰਤਾ ਹੈ ਕਰਤੇ   ਹਰਿ ਦੇਵੈ ਜਲਿ ਥਲਿ (); ਜੰਤਾ ਸਭਤੈ   ਅਚਿੰਤ ਦਾਨੁ ਦੇਇ ਪ੍ਰਭੁ ਮੇਰਾ; ਵਿਚਿ ਪਾਥਰ ਕੀਟ ਪਖਾਣੀ ਹੇ ’’ (ਮਹਲਾ /੧੦੭੦) ਭਾਵ ਸਮੂਹ ਜਗਤ ਨੂੰ ਨਾਸ਼ਵਾਨ ਸਮਝਦਿਆਂ ਸਦੀਵੀ ਸਥਿਰ ਮਾਲਕ ਨਾਲ਼ ਪਿਆਰ ਪਾ ਲੈਂਦਾ ਹੈ, ਉਸੇ ਨੂੰ ਆਪਣਾ ਅਸਲ ਸਾਥੀ ਬਣਾ ਲੈਂਦਾ ਹੈ।

ਇਹ ਇਕਲੌਤਾ ਸ਼ਬਦ; ਗੁਰਬਾਣੀ ’ਚ 3 ਵਾਰ ਦਰਜ ਹੈ ਤੇ ਨਿਤਨੇਮ ’ਚ ਸੁਬ੍ਹਾ-ਸ਼ਾਮ ਪੜ੍ਹਿਆ ਜਾਂਦਾ ਹੈ। ਹੋਰ ਕੋਈ ਸ਼ਬਦ; ਗੁਰਬਾਣੀ ਅੰਦਰ 3 ਵਾਰ ਜਾਂ ਇਸ ਤੋਂ ਵੱਧ ਵਾਰ ਦਰਜ ਨਹੀਂ ਹੈ। ਇਸ ਵਿਸ਼ੇ ਨੂੰ ਐਨੀ ਮਹੱਤਤਾ ਦੇਣ ਦਾ ਅਸਲ ਕਾਰਨ ਇਹੀ ਦ੍ਰਿੜ੍ਹ ਕਰਾਉਣਾ ਹੈ ਕਿ ਕੁਦਰਤ ਨਾਸ਼ਵਾਨ ਹੈ, ਇਸ ਵੱਲੋਂ ਨਿਰਮੋਹ ਰਹਿ ਕੇ ਸਦੀਵੀ ‘ਸੋ ਦਰੁ, ਸੋ ਘਰੁ’ ਨੂੰ ਯਾਦ ਰੱਖ। ਇੱਕ ਦਿਨ ਓਥੇ ਪਹੁੰਚ ਕੇ ਸਭ ਨੇ ਹਿਸਾਬ-ਕਿਤਾਬ ਦੇਣਾ ਹੈ। ਉਸੇ ਦੇ ਹੁਕਮ ’ਚ ਪੂਰਾ ਬ੍ਰਹਿਮੰਡ, ਸਾਰੇ ਜੀਵ-ਜੰਤ ਤੇ ਅਖੌਤੀ ਪੂਜਨੀਕ (ਦੇਵੀ-ਦੇਵਤੇ ਆਦਿ) ਨਾਸ ਹੁੰਦੇ ਰਹੇ, ਹੋ ਰਹੇ ਹਨ ਤੇ ਹੁੰਦੇ ਰਹਿਣਗੇ। ਇਹੀ ਵਿਚਾਰ ‘ਜਪੁ’ ਬਾਣੀ ਦੇ ਅਰੰਭ ’ਚ ਹੈ ‘‘ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ .. ’’

ਅਗਲੀਆਂ 4 ਪਉੜੀਆਂ ’ਚ ਯੋਗ ਮਤ ਦੀ ਸ਼ਬਦਾਵਲੀ ਨਾਲ਼ ਗੁਰਮਤਿ ਨੂੰ ਤੁਲਨਾਤਮਿਕ ਪੱਖੋਂ ਵਿਚਾਰ ਕੇ ਹਰ ਪਉੜੀ ਦੇ ਅੰਤ ’ਚ ‘‘ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ’’ ਭਾਵ ਸਦੀਵੀ ਮਾਲਕ ਨੂੰ ਨਮਸਕਾਰ ਕੀਤੀ ਹੈ; ਜਿਵੇਂ ਕਿ 5ਵੀਂ ਪਉੜੀ ’ਚ ਗੁਰੂ ਨੂੰ ਤੁਲਨਾਤਮਿਕ ਵਿਚਾਰਨ ਉਪਰੰਤ ਅੰਤ ’ਚ ‘ਗੁਰੂ’ ਨੂੰ ਸੰਬੋਧਨ ਕੀਤਾ ਹੈ, ‘‘ਗੁਰੁ ਈਸਰੁ ਗੁਰੁ ਗੋਰਖੁ ਬਰਮਾ; ਗੁਰੁ ਪਾਰਬਤੀ ਮਾਈ ਗੁਰਾ  ! ਇਕ ਦੇਹਿ ਬੁਝਾਈ ..’’ (ਜਪੁ) ਇਹ ਹੈ ਭੀ ਸੁਭਾਵ ਕਿ ਜਦ ਤੁਲਨਾਤਮਿਕ ਚਰਚਾ ਚੱਲ ਰਹੀ ਹੋਵੇ ਤਾਂ ਸਿਰਮੌਰ ਨੂੰ ਅੰਤ ’ਚ ਸੰਬੋਧਨ ਕਰਕੇ ਉਸ ਅੱਗੇ ਬੇਨਤੀ ਕਰਨੀ ਬਣਦੀ ਹੈ।

ਮੁੰਦਾ ਸੰਤੋਖੁ, ਸਰਮੁ ਪਤੁ ਝੋਲੀ; ਧਿਆਨ ਕੀ ਕਰਹਿ ਬਿਭੂਤਿ

ਉਚਾਰਨ : ਮੁੰਦਾਂ, ਸਰਮ ਨੂੰ ਥੋੜ੍ਹਾ ‘ਸ਼੍ਰਮ’ ਵਾਙ, ਝੋਲ਼ੀ, ਕਰਹਿਂ।

ਪਦ ਅਰਥ : ਮੁੰਦਾ- (ਜੋਗੀ ਦੇ ਕੰਨਾਂ ’ਚ ਪਾਈਆਂ) ਮੁੰਦਰਾਂ (ਜੋ ਰੱਬ ਵੱਲੋਂ ਮਿਲੀ ਸ਼ਕਲ-ਸੂਰਤ ’ਤੇ ਅਸੰਤੁਸ਼ਟੀ ਦਾ ਪ੍ਰਤੀਕ ਹਨ)। ਸੰਤੋਖੁ- ਸਬਰ, ਸੰਤੁਸ਼ਟੀ। ਸਰਮੁ- ਸ਼੍ਰਮ, ਮਿਹਨਤ, ਹੱਥੀਂ ਕੀਤੀ ਕਿਰਤ, ਹੱਕ-ਸੱਚ ਦੀ ਕਮਾਈ। ਪਤੁ- ਖੱਪਰ, ਪੱਤ੍ਰ (ਜੋਗੀਆਂ ਦੇ ਹੱਥ ’ਚ ਫੜੀ ਭੀਖ ਮੰਗਣ ਲਈ ਲਕੜੀ ਦੀ ਕਿਸ਼ਤੀਨੁਮਾ ਚਿੱਪੀ)। ਝੋਲੀ- ਭੀਖ ਮੰਗਣ ਵਾਲ਼ੀ ਗੁਥਲੀ। ਧਿਆਨ- (ਰੱਬ ਨਾਲ਼) ਸੁਰਤ ਜੋੜਨੀ, ਇਕਾਗਰਤਾ। ਬਿਭੂਤਿ- ਸੁਆਹ (ਜੋ ਜੋਗੀ ਅਕਸਰ ਆਪਣੇ ਸਰੀਰ ’ਤੇ ਮਲ਼ਦੇ ਹਨ, ਜੋ ਮੌਤ ਨੂੰ ਚੇਤੇ ਰੱਖਣ ਦਾ ਪ੍ਰਤੀਕ ਹੈ)

ਅਰਥ : (ਹੇ ਜੋਗੀ  ! ਆਪਣੀ ਸਰੀਰਕ ਬਣਤਰ ’ਤੇ) ਸਬਰ ਕਰਨ ਨੂੰ ਮੁੰਦ੍ਰਾਂ ਬਣਾ। ਹੱਥੀਂ ਕਿਰਤ ਕਰਨ ਨੂੰ ਖੱਪਰ ਤੇ ਝੋਲ਼ੀ ਬਣਾ। ਅਸਲ ਗੋਰਖ (ਦਾਤਾਰ-ਪਿਤਾ ਨਾਲ਼) ਧਿਆਨ ਲਗਾ; ਇਹੀ ਹੈ ਸੁਆਹ ਮਲ਼ਨਾ (ਯਾਨੀ ਮੌਤ ਨੂੰ ਚੇਤੇ ਕਰਨ ਦਾ ਸਹੀ ਢੰਗ ਕਿਉਂਕਿ ਓਹੀ ਮੌਤ ਦਾ ਸੱਦਾ ਭੇਜਣ ਵਾਲ਼ਾ ਹੈ)

ਵਿਚਾਰ : ‘ਜਪੁ’ ਬਾਣੀ ਦੀ 16ਵੀਂ ਤੋਂ 27ਵੀਂ ਪਉੜੀ ਅੰਦਰ ‘ਨਿਰਾਕਾਰ’ ਜਾਂ ‘ਦਾਤਾਰ-ਪਿਤਾ’ ਨੂੰ ਸੰਬੋਧਨ ਕੀਤਾ ਹੈ, ਇੱਥੇ ਅਚਾਨਕ ‘ਹੇ ਜੋਗੀ’ ਕਹਿਣ ਦਾ ਮੂਲ ਕਾਰਨ ‘‘ਧਿਆਨ ਕੀ ਕਰਹਿ ਬਿਭੂਤਿ’’ ਵਾਕ ’ਚ ‘ਕਰਹਿ’ ਕਿਰਿਆ (ਦੂਜਾ ਪੁਰਖ, ਇੱਕ ਵਚਨ) ਦਾ ਹੋਣਾ ਹੈ। ਜਿਸ ਦਾ ਅਰਥ ਹੈ (ਜੇ) ‘ਤੂੰ ਕਰੇਂ’। ਐਸਾ ਅਰਥ ‘ਨਿਰਾਕਾਰ’ ਨੂੰ ਸੰਬੋਧਨ ਕੀਤਿਆਂ ਨਹੀਂ ਮਿਲ ਸਕਦਾ।

ਖਿੰਥਾ ਕਾਲੁ, ਕੁਆਰੀ ਕਾਇਆ ਜੁਗਤਿ; ਡੰਡਾ ਪਰਤੀਤਿ ਉਚਾਰਨ : ਕਾਇਆਂ ।

ਪਦ ਅਰਥ : ਖਿੰਥਾ- (ਜੋਗੀਆਂ ਦੇ ਪਹਿਨਿਆਂ) ਪੁਰਾਣਾ ਬਸਤਰ। ਕਾਲੁ- ਮੌਤ। ਕੁਆਰੀ ਕਾਇਆ ਜੁਗਤਿ-(ਮਾਇਆ ਨਾਲ਼) ਸਰੀਰ ਦਾ ਵਿਆਹ/ਸਬੰਧ ਨਾ ਕਰਨ ਦੀ ਯੁਕਤੀ, ਸੰਸਾਰਿਕ ਉਲ਼ਝੇਵਿਆਂ ਤੋਂ ਨਿਰਮੋਹ ਰਹਿਣ ਵਾਲ਼ੀ ਜੀਵਨ ਜਾਚ। ਡੰਡਾ-ਜੋਗੀਆਂ ਦੇ ਹੱਥ ’ਚ ਫੜਿਆ ਕਰਾਮਾਤੀ ਡੰਡਾ (ਜੋ ਅਸਹਿਮਤ ਬੰਦੇ ਨੂੰ ਸਰਾਪ ਦੇਣ ਵੇਲ਼ੇ ਡਰਾਉਣ ਦਾ ਪ੍ਰਤੀਕ ਹੁੰਦਾ ਹੈ। ਜੋਗੀ ਨੂੰ ਆਪਣੇ ਇਸ ਡੰਡੇ ਵਾਲ਼ੀ ਕਰਾਮਾਤੀ ਸ਼ਕਤੀ ’ਤੇ ਬੜਾ ਭਰੋਸਾ ਹੁੰਦਾ ਹੈ)। ਪਰਤੀਤਿ- (ਰੱਬ ਉੱਤੇ) ਭਰੋਸਾ, ਵਿਸ਼ਵਾਸ।

ਅਰਥ : (ਹੇ ਜੋਗੀ !) ਫਟੇ ਕਮੀਜ਼ ਨੂੰ ਮੌਤ (ਦਾ ਪ੍ਰਤੀਕ) ਸਮਝ। ਨਿਰਮਲ ਰਹਿਣੀ; ਤੇਰੀ ਜੀਵਨ-ਜਾਚ ਹੋਵੇ। ਮਾਲਕ ’ਤੇ ਭਰੋਸਾ ਰੱਖ; ਇਹੀ ਹੈ ਅਸਲ ਸਹਾਰਾ (ਡੰਡਾ)।

ਆਈ ਪੰਥੀ, ਸਗਲ ਜਮਾਤੀ; ਮਨਿ ਜੀਤੈ, ਜਗੁ ਜੀਤੁ

ਪਦ ਅਰਥ : ਆਈ ਪੰਥੀ- (ਜੋਗੀਆਂ ਦੇ 12 ਕਬੀਲਿਆਂ ’ਚੋਂ) ਸਿਰਮੌਰ ਕਬੀਲਾ, ਫ਼ਿਰਕਾ। ਸਗਲ ਜਮਾਤੀ- ਸਾਰੇ ਇੱਕੋ ਕਲਾਸ ’ਚ ਪੜ੍ਹਨ ਵਾਲ਼ੇ, ਸਾਰੇ ਹੀ ਦੋਸਤ, ਸਭ ਨਾਲ਼ ਪ੍ਰੇਮ। ਮਨਿ ਜੀਤੈ- ਮਨ ਜਿੱਤਣ ਨਾਲ਼, ਜੇ ਮਨ ਜਿੱਤ ਲਿਆ ਜਾਏ। ਜਗੁ ਜੀਤੁ- ਜਗਤ ਜਿੱਤ ਲਈਦਾ ਹੈ, ਸਮਾਜ ’ਚ ਇੱਜ਼ਤ ਕਮਾ ਲਈਦੀ ਹੈ ਭਾਵ 18 ਸਿਧੀਆਂ ਪ੍ਰਾਪਤ ਹੋ ਜਾਂਦੀਆਂ ਹਨ।

ਅਰਥ : ਮਨੁੱਖਤਾ (ਨੂੰ ਡੰਡੇ ਨਾਲ਼ ਡਰਾਉਣ ਦੀ ਥਾਂ ਉਨ੍ਹਾਂ) ਨਾਲ਼ ਪਿਆਰ ਕਰ; ਇਹੀ ਹੈ ਸਰਬੋਤਮ ਕਬੀਲਾ। ਮਨ ਨੂੰ ਜਿੱਤਣ ਨਾਲ਼ ਜਗਤ-ਬਾਜ਼ੀ ਜਿੱਤ ਲਈਦੀ ਹੈ।

ਵਿਚਾਰ : ਜੋਗੀਆਂ ਦੇ ਇਹ 12 ਪੰਥ ਹਨ ‘ਹੇਤੁ, ਪਾਵ, ਆਈ, ਗਮ੍ਯ, ਪਾਗਲ, ਗੋਪਾਲ, ਕੰਥੜੀ, ਬਨ, ਧ੍ਵਜ, ਚੋਲੀ, ਰਾਵਲ ਅਤੇ ਦਾਸ ਪੰਥ। ਇਨ੍ਹਾਂ ’ਚੋਂ ‘ਆਈ ਪੰਥ’ ਸਿਰਮੌਰ ਹੈ; ਜਿਵੇਂ ਹਿੰਦੂਆਂ ’ਚ ‘ਪੰਡਿਤ’ ਸ਼੍ਰੇਣੀ।

ਆਦੇਸੁ, ਤਿਸੈ ਆਦੇਸੁ ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ ੨੮

ਪਦ ਅਰਥ : ਆਦੇਸੁ- ਨਮਸਕਾਰ (ਜੋਗੀ; ਆਪਸ ’ਚ ਮਿਲਣ ਸਮੇਂ ਇਹ ਸ਼ਬਦ ਵਰਤਦੇ ਹਨ)। ਤਿਸੈ- ਉਸ (ਦਾਤਾਰ-ਪਿਤਾ) ਨੂੰ। ਆਦਿ- (ਕਰਤੇ ਕੈ ਕਰਣੈ’ ਦਾ) ਮੂਲ, ਮੁੱਢ, ਸ੍ਰੋਤ; ਜਿਵੇਂ ਕਿ ਇਸਲਾਮ ’ਚ 18 ਹਜ਼ਾਰ ਆਲਮ ਦਾ ਇੱਕ ‘ਅਸੁਲੂ’ ਹੈ। ਅਨੀਲੁ- ਅਨ+ ਈਲ, ਅਨ+ਕਾਲ਼ਖ਼, ਮਾਇਆ ਤੋਂ ਰਹਿਤ। ਅਨਾਦਿ- ਅਨ+ਆਦਿ, ਮੁੱਢ ਰਹਿਤ। ਅਨਾਹਤਿ- ਅਨ+ਆਹਤਿ, ਅਨ+ਨਾਸ, ਨਾਸ ਰਹਿਤ, ਅਬਿਨਾਸੀ। ਜੁਗੁ ਜੁਗੁ- ਹਰ ਜੁਗ ਸਮੇਂ, ਸਦਾ ਹੀ। ਏਕੋ ਵੇਸੁ- ਇੱਕੋ ਜਿਹਾ ਪਹਿਰਾਵਾ, ਇੱਕ ਸਮਾਨ ਹਸਤੀ।

ਅਰਥ : ਉਸ (ਸਦੀਵੀ ਸਥਿਰ ਦਾਤਾਰ-ਪਿਤਾ) ਨੂੰ ਨਮਸਕਾਰ ਕਰ, (ਜੋ) ਕੁਦਰਤ ਦਾ ਮੂਲ ਹੈ, ਮੈਲ਼ ਰਹਿਤ ਹੈ, ਜਿਸ ਦਾ ਹੋਰ ਕੋਈ ਮੂਲ ਨਹੀਂ ਤੇ ਸਦਾ ਇੱਕੋ ਹਸਤੀ ਵਾਲ਼ਾ ਹੈ; ਜੈਸਾ ਕਿ ਬਚਨ ਹਨ, ‘‘ਆਦਿ ਸਚੁ; ਜੁਗਾਦਿ ਸਚੁ , ਸੋਈ ਸੋਈ ਸਦਾ ਸਚੁ; ਸਾਹਿਬੁ ਸਾਚਾ.. ’’

ਵਿਚਾਰ :ਕਰਤੇ ਕੈ ਕਰਣੈ’ ਰੂਪ ਆਕਾਰ ’ਚ ਹਰ ਵਸਤੂ ਦਾ ਆਕਾਰ, ਘਟਦਾ-ਵਧਦਾ ਹੈ; ਜਿਵੇਂ ਇੱਕ ਤਾਰੇ ਤੋਂ ਦੋ ਤਾਰੇ ਬਣ ਗਏ ਜਾਂ ਦੋ ਤੋਂ ਇੱਕ; ਇਉਂ ਹੀ ਹਰ ਜੀਵ-ਜੰਤ; ਪਹਿਲਾਂ ਛੋਟਾ, ਫਿਰ ਜਵਾਨ, ਫਿਰ ਬਜ਼ੁਰਗ ਹੁੰਦਾ ਹੈ, ਪਰ ਕਰਤਾਰ; ਅਜੂਨੀ ਹੈ, ਇਸ ਲਈ ਉਹ ਇੱਕ ਸਮਾਨ ਹਸਤੀ ਵਾਲ਼ਾ ਹੈ।

ਪ੍ਰਾਚੀਨ ਕਥਾ ਅਨੁਸਾਰ ਵਿਸ਼ਨੂੰ; ਸਭ ਨੂੰ ਰਿਜ਼ਕ ਦਿੰਦਾ ਹੈ, ਪਰ ਗੁਰੂ ਸਾਹਿਬ ਜੀ ਫ਼ੁਰਮਾ ਰਹੇ ਹਨ :

ਭੁਗਤਿ ਗਿਆਨੁ, ਦਇਆ ਭੰਡਾਰਣਿ; ਘਟਿ ਘਟਿ ਵਾਜਹਿ ਨਾਦ ਉਚਾਰਨ : ਵਾਜਹਿਂ।

ਪਦ ਅਰਥ : ਭੁਗਤਿ- ਚੂਰਮਾ, ਭੋਜਨ (ਜੋਗੀ; ਜੰਗਲ਼ਾਂ ’ਚ ਆਪਣੇ ਆਪ ਉੱਗੇ ਕੰਦ-ਮੂਲ (ਮੂਲੀ, ਸ਼ਲਗਮ ਆਦਿ) ਨੂੰ ਛੋਟਾ-ਛੋਟਾ ਕਰ ਸੁੱਕਾ ਲੈਂਦੇ ਹਨ ਤੇ ਪੂਰਾ ਸਾਲ ਵਰਤਦੇ ਹਨ)। ਗਿਆਨੁ- ਰੂਹਾਨੀਅਤ ਨੂੰ ਪ੍ਰਫੁਲਿਤ ਕਰਨ ਵਾਲ਼ਾ ਗੁਰੂ ਉਪਦੇਸ਼। ਦਇਆ- ਤਰਸ, ਰਹਿਮਦਿਲੀ। ਭੰਡਾਰਣਿ- ‘ਭੁਗਤਿ’ ਨੂੰ ਵਰਤਾਉਣ/ਆਪਸ ’ਚ ਵੰਡਣ ਵਾਲ਼ੀ। ਘਟਿ ਘਟਿ- ਹਰ ਸਰੀਰ ਅੰਦਰ (ਸਰਬ ਵਿਆਪਕ ਦਾਤਾਰ-ਪਿਤਾ ਦੀ ਮੌਜੂਦਗੀ)। ਨਾਦ- ਸ਼ਬਦ, ਧੁਨੀ (ਲੰਗਰ ਵਰਤਾਉਣ ਵੇਲ਼ੇ ਖੜਕਾਉਣ ਲਈ ਜੋਗੀਆਂ ਦੇ ਗਲ਼ ’ਚ ਪਾਈ ਨਾਦੀ; ਜਿਵੇਂ ਗੁਰੂ ਘਰਾਂ ’ਚ ਲੰਗਰ ਵਰਤਾਉਣ ਸਮੇਂ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰੀਦਾ ਹੈ)। ਵਾਜਹਿ- ਵੱਜਦੇ ਹਨ।

ਅਰਥ : (ਹੇ ਜੋਗੀ  ! ਗੁਰੂ) ਗਿਆਨ; ਤੇਰਾ ਭੋਜਨ ਹੋਵੇ। ਹਮਦਰਦੀ; (ਉਸ ਨੂੰ) ਵਰਤਾਉਣ ਵਾਲ਼ੀ ਹੋਵੇ (ਭਾਵ ਸਭ ਦੀ ਪੀੜਾ ਸਮਝਣ ਵਾਲ਼ੀ ਯੋਗਤਾ ਹੋਵੇ)। ਹਰ ਸਰੀਰ ਅੰਦਰ (ਮਾਲਕ ਦੀ ਮੌਜੂਦਗੀ ਦਾ ਪ੍ਰਤੀਕ ਜੀਵਨ ਰੌ; ਤੇਰੇ ਅੰਦਰ) ਸਿੰਙੀ-ਨਾਦ ਵੱਜਦੇ ਹੋਣ ਭਾਵ ਅਸਲ ਗੋਰਖ; ਜੰਗਲ਼ਾਂ ’ਚ ਨਹੀਂ, ਸਰਬ ਵਿਆਪਕ ਹੈ।

ਆਪਿ ਨਾਥੁ, ਨਾਥੀ ਸਭ ਜਾ ਕੀ; ਰਿਧਿ ਸਿਧਿ ਅਵਰਾ ਸਾਦ

ਪਦ ਅਰਥ : ਆਪਿ- (ਕੇਵਲ ਉਹ) ਆਪ। ਨਾਥੁ- ਅਸਲ ਗੋਰਖ/ਸੁਆਮੀ [ਜੋਗੀ ਆਪਣੇ ਗੁਰੂ ਨੂੰ ‘ਨਾਥ’ ਕਹਿੰਦੇ ਹਨ। ਪ੍ਰਸਿੱਧ ਸਨ ‘ਚਰਪਟ ਨਾਥ’ (ਡਾ. ਮੋਹਨ ਸਿੰਘ ਦੀਵਾਨਾ ਅਨੁਸਾਰ ਇਸ ਦਾ ਜਨਮ ਸੰਨ 890-990 ਤੱਕ ਸੀ। ਗੋਰਖ ਨਾਥ ਦਾ ਜਨਮ 940-1040 ਦਰਮਿਆਨ। ਇਸ ਨੇ ਹੀ ਜੋਗ ਮੱਤ ਦਾ ਅਸਲ ਵਿਸਥਾਰ ਕੀਤਾ ਹੈ। ਇਸ ਦਾ ਗੁਰੂ; ਮਛੰਦਰ ਨਾਥ ਮੰਨਿਆ ਜਾਂਦਾ ਹੈ, ਜੋ ਜਲੰਧਰ ਨਾਥ ਦਾ ਸਮਕਾਲੀ ਸੀ, ਜਿਸ ਦੇ ਨਾਂ ’ਤੇ ਪੰਜਾਬ ’ਚ ਜਲੰਧਰ ਸ਼ਹਰ ਹੈ। ਪੰਜਾਬੀ ਸਾਹਿਤ ਦੀ ਰਚਨਾ; ਇਨ੍ਹਾਂ ਜੋਗੀਆਂ ਦੀਆਂ ਕਵਿਤਾਵਾਂ ਤੋਂ ਸ਼ੁਰੂ ਹੋਈ ਜਾਪਦੀ ਹੈ]। ‘ਨਾਥੀ ਸਭ ਜਾ ਕੀ’ ਭਾਵ ‘ਜਾ ਕੀ ਸਭ ਨਾਥੀ’- ਜਿਸ ਦੀ (ਮਰਿਆਦਾ ’ਚ) ਸਾਰੀ ਸ੍ਰਿਸ਼ਟੀ ਬੱਝੀ ਹੈ। ਰਿਧਿ ਸਿਧਿ- ਰਿੱਧੀਆਂ ਸਿੱਧੀਆਂ, 18 ਕਰਾਮਾਤੀ ਸ਼ਕਤੀਆਂ। ਅਵਰਾ ਸਾਦ- (ਕਰਤਾਰ ਤੋਂ ਭਿੰਨ) ਹੋਰ ਹੋਰ ਸੁਆਦ, ਕੁਰਾਹੇ ਪੈਣ ਵਾਲ਼ਾ ਮਾਰਗ (ਅਹੰਕਾਰ, ਈਰਖਾ)

ਅਰਥ : (ਦਾਤਾਰ-ਪਿਤਾ) ਆਪ ਹੀ ਅਸਲ ਨਾਥ ਹੈ, ਜਿਸ ਦੀ ਰਜ਼ਾ ’ਚ ਬੱਝੀ ਹੈ ‘ਜਗਤ ਦੀ ਸਾਰੀ ਕਾਰ-ਵਿਹਾਰ’। ਰਿਧੀਆਂ ਸਿਧੀਆਂ (ਉਸ ਤੋਂ ਦੂਰੀ ਬਣਾਉਣ ਵਾਲ਼ੇ) ਹੋਰ-ਹੋਰ ਸੁਆਦ ਹਨ।

ਵਿਚਾਰ : ਡਾ. ਮੋਹਨ ਸਿੰਘ ਅਨੁਸਾਰ ਇਹ ਹਨ 16 ਨਾਥ :

  1. ਮਛੰਦਰ ਨਾਥ
  2. ਗੋਰਖ ਨਾਥ
  3. ਰਤਨ ਨਾਥ
  4. ਧਰਮ ਦਾਸ
  5. ਬਿਸ਼ਨ ਦਾਸ
  6. ਨਿਰਪਤ
  7. ਗੁਰਦਾਸ
  8. ਯੋਧਾ ਰਾਮ
  9. ਮਥਰਾ ਦਾਸ ਸਿੱਧ ਸਵਾਈ
  10. ਸਾਂਈ ਦਾਸ
  11. ਭਵਾਨੀਦਾਸ
  12. ਲਛਮਣ ਦਾਸ
  13. ਧਰਮ ਦਾਸ
  14. ਪੰਜਾਬ ਦਾਸ
  15. ਗੁਸਾਈਂ ਸਾਂਈਦਾਸ
  16. ਬ੍ਰਹਮ ਦਾਸ

9 ਪ੍ਰਸਿੱਧ ਨਾਥ ਅਤੇ ਉਨ੍ਹਾਂ ਨਾਲ ਸਬੰਧਿਤ ਅਵਤਾਰਾਂ ਦੇ ਨਾਂ :

  1. ਆਦਿ ਨਾਥ – ਸ਼ਿਵ ਜੀ
  2. ਮਛੰਦਰ ਨਾਥ – ਮਾਇਆ
  3. ਉਦਯ ਨਾਥ – ਪਾਰਬਤੀ
  4. ਸੰਤੋਖ ਨਾਥ – ਵਿਸ਼ਨੂੰ
  5. ਕੰਬੜ ਨਾਥ – ਗਣੇਸ਼
  6. ਸਤਿ ਨਾਥ – ਬ੍ਰਹਮਾ
  7. ਅਚੰਭਾ ਨਾਥ – ਅਚਲ (ਪਾਰਬਤੀ)
  8. ਚੌਰੰਗੀ ਨਾਥ – ਪੂਰਨ ਭਗਤ
  9. ਗੋਰਖ ਨਾਥ – ਸ਼ਿਵ ਜੀ

 ਯੋਗ ਮਤ ਦੀਆਂ ਇਹ ਹਨ 18 ਕਰਾਮਾਤੀ ਤਾਕਤਾਂ :

(1). ਅਣਿਮਾ- ਨਾ-ਮਾਤ੍ਰ (ਭਾਵ ਬਹੁਤ ਛੋਟਾ) ਸਰੀਰ ਕਰ ਲੈਣਾ।

(2). ਮਹਿਮਾ-ਬਹੁਤ ਵੱਡਾ ਸਰੀਰ (ਆਕਾਰ) ਬਣਾ ਲੈਣਾ।

(3). ਗਰਿਮਾ- ਬਹੁਤ ਭਾਰੀ ਹੋ ਜਾਣਾ।

(4). ਲਘਿਮਾ- ਬਹੁਤ ਹਲਕਾ ਹੋ ਜਾਣਾ।

(5). ਪ੍ਰਾਪਤਿ- ਮਨ-ਚਾਹਤ ਵਸਤੂ ਪ੍ਰਾਪਤ ਕਰਨਾ।

(6). ਪ੍ਰਾਕਾਮ੍ਯ- ਸਾਰਿਆਂ ਦੇ ਮਨ ਦੀ ਜਾਣ ਲੈਣਾ।

(7). ਈਸ਼ਿਤ-ਮਨ ਮਰਜ਼ੀ ਮੁਤਾਬਕ ਹੋਰਾਂ ਨੂੰ ਚਲਾਉਣਾ।

(8). ਵਸ਼ਿਤਾ- ਸਭ ਨੂੰ ਕਾਬੂ ਕਰ ਲੈਣਾ, ਵੱਸ ਵਿੱਚ ਕਰ ਲੈਣਾ।

(9). ਅਨੂਰਮਿ- ਭੁੱਖ-ਤ੍ਰੇਹ ਨਾ ਲੱਗਣਾ।

(10). ਦੂਰ ਸ਼੍ਰਵਣ- ਦੂਰ ਦੀਆਂ ਗੱਲਾਂ ਸੁਣ ਲੈਣੀਆਂ।

(11). ਦੂਰ ਦਰਸ਼ਨ-ਦੂਰ ਦੇ ਕੌਤਕ ਵੇਖ ਲੈਣੇ।

(12). ਮਨੋਵੇਗ- ਮਨ ਦੀ ਰਫ਼ਤਾਰ ਵਾਙ ਚੱਲਣਾ ਭਾਵ ਜੇ ਚਾਹਿਆ ਵਿਦੇਸ਼ ਜਾਣਾ ਹੈ ਤਾਂ ਓਥੇ ਹੀ ਪਹੁੰਚ ਜਾਣਾ।

(13). ਕਾਮ ਰੂਪ- ਮਨ ਭਾਉਂਦਾ ਸਰੀਰ ਬਣਾ ਲੈਣਾ ਭਾਵ ਜੈਸਾ ਚਾਹੇ ਸਰੀਰਕ ਬਣਤਰ ਕਰ ਲੈਣੀ। ਔਰਤ ਜਾਂ ਮਰਦ ਬਣ ਜਾਣਾ।

(14). ਪਰ ਕਾਯ ਪ੍ਰਵੇਸ਼- ਦੂਸਰਿਆਂ ਦੇ ਸਰੀਰ ’ਚ ਵੜਨਾ।

(15). ਸ੍ਵਛੰਦ ਮ੍ਰਿਤਯੁ- ਜਦ ਚਾਹੇ, ਮਰ ਜਾਣਾ।

(16). ਸੁਰ ਕ੍ਰੀੜਾ- ਦੇਵਤਿਆਂ ਨਾਲ਼ ਮਿਲ ਕੇ ਭੋਗ-ਬਿਲਾਸ ਕਰਨਾ (ਰੰਗ-ਰਲ਼ੀਆਂ ਮਨਾਉਣੀਆਂ)। ਇਸ ਤੋਂ ਜਾਪਦਾ ਹੈ ਕਿ ਦੇਵਤੇ ਭੀ ਅਕਸਰ ਅੱਯਾਸ਼ੀ ਕਰਦੇ ਰਹੇ ਸਨ।

(17). ਸੰਕਲਪ ਸਿੱਧੀ- ਜੋ ਸੋਚਿਆ, ਉਹੀ ਪਾ ਲੈਣਾ। ਜਿਸ ਵਸਤੂ ਦੀ ਲੋੜ, ਓਹੀ ਹਾਜ਼ਰ ਹੋ ਜਾਣੀ।

(18). ਅਪ੍ਰਤਿਹਤ ਗਤਿ- ਕਿਸੇ ਭੀ ਜਗ੍ਹਾ ਪਹੁੰਚਣ ’ਚ ਵਿਘਨ ਨਾ ਪੈਣਾ।

ਉਕਤ ਰਿਧੀਆਂ-ਸਿੱਧੀਆਂ ਦੀ ਪ੍ਰਾਪਤੀ; ਜੋਗੀਆਂ ਲਈ ਸ੍ਰੇਸ਼ਟ ਪਦ ਹੈ ਜਦ ਕਿ ਇਨ੍ਹਾਂ ’ਚ ਨਿਰਾਕਾਰ ਨਾਲ਼ ਜੁੜਨ ਦੀ ਕੋਈ ਯੁਕਤੀ ਨਹੀਂ ਤਾਂ ਜੋ ਉਸ ਨੂੰ ‘ਆਦੇਸੁ ਆਦੇਸੁ’ ਕੀਤਾ ਜਾਵੇ। ਮਨ ’ਚ ਨਿਮਰਤਾ ਜਨਮ ਲਵੇ। ਸਮਾਜਿਕ ਪਿਆਰ ਵਧੇ। ਹੱਕ ਹਲਾਲ ਦੀ ਕਮਾਈ ਕੀਤੀ ਜਾਵੇ। ਉਲ਼ਟਾ ਸਗੋਂ ਅਹੰਕਾਰ, ਕਾਮ, ਆਦਿ ਨੂੰ ਉਤੇਜਿਤ ਕੀਤਾ ਹੈ ਤਾਹੀਓਂ ਗੁਰੂ ਜੀ ਨੇ ‘ਸੰਤੋਖ’ ਦੀਆਂ ਮੁੰਦਾਂ, ਹੱਥੀਂ ਕਿਰਤ ਕਰਨ ਨੂੰ ਖੱਪਰ/ਝੋਲ਼ੀ, ਵੰਡ ਛੱਕਣ ’ਚ ਹਲੀਮੀ, ਮੌਤ ਦਾ ਡਰ, ਮਾਯਾ ਤੋਂ ਨਿਰਮੋਹ, ਰੱਬ ’ਤੇ ਭਰੋਸਾ, ਜੋ ਸਰਬ ਵਿਆਪਕ ਹੈ, ਆਦਿ ਗੁਣ ਹਿਰਦੇ ’ਚ ਪੈਦਾ ਕਰਨ ਲਈ ਪ੍ਰੇਰਿਆ ਹੈ।

ਨਿਰਾਕਾਰ ਦਾ ਉਕਤ ਗੁਣ; ਹਿੰਦੂ ਮੱਤ ਅਨੁਸਾਰ ਬ੍ਰਹਮਾ ਦਾ ਅਧਿਕਾਰ ਖੇਤਰ ਹੈ ਤੇ ਅਗਾਂਹ ਜਗਤ ਨੂੰ ਮਾਰਨਾ; ਸ਼ਿਵ ਜੀ ਦਾ ਅਧਿਕਾਰ ਖੇਤਰ ਮੰਨਿਆ ਜਾਂਦਾ ਹੈ ਜਦ ਕਿ ਅਸਲ ਸਚਾਈ ਇੱਥੇ ਬਿਆਨ ਕੀਤੀ ਗਈ ਹੈ :

ਸੰਜੋਗੁ ਵਿਜੋਗੁ ਦੁਇ, ਕਾਰ ਚਲਾਵਹਿ; ਲੇਖੇ ਆਵਹਿ ਭਾਗਉਚਾਰਨ : ਚਲਾਵਹਿਂ, ਆਵਹਿਂ।

ਪਦ ਅਰਥ : ਸੰਯੋਗੁ- ਮੇਲ, ਜੋੜ (ਪਰਵਾਰਿਕ ਸਬੰਧ)। ਵਿਜੋਗੁ- ਵਿਛੋੜਾ (ਪਰਵਾਰਿਕ ਸਬੰਧਾਂ ਦਾ ਵਿਖਰਨਾ)। ਦੁਇ- ਦੋਵੇਂ (ਸੰਯੋਗੁ/ਵਿਜੋਗੁ)। ਕਾਰ- (ਜਗਤ ਉਤਪਤੀ ਦੀ) ਕਾਰ-ਵਿਹਾਰ। ਚਲਾਵਹਿ- ਚਲਾਉਂਦੇ ਹਨ। ਲੇਖੇ- ਲੇਖੇ ਅਨੁਸਾਰ, ਨਸੀਬ ਮੁਤਾਬਕ, ਕੀਤੇ ਹੋਏ ਕੰਮਾਂ ਦੇ ਫਲ਼ ਅਨੁਕੂਲ। ਆਵਹਿ- ਆਉਂਦੇ ਹਨ, ਮਿਲਦੇ ਹਨ। ਭਾਗ- ਹਿੱਸੇ, ਜ਼ਿੰਮੇ; ਜਿਵੇਂ ਕਿ ਹਰੇਕ ਅੰਦਰ ਵੱਧ-ਘੱਟ ‘ਕੂੜ ਦੀ ਪਾਲਿ’ ਹੁੰਦੀ ਹੈ।

ਅਰਥ : (ਪਰਵਾਰਿਕ) ਮੇਲ ਅਤੇ ਵਿਛੋੜਾ; ਦੋਵੇਂ ਜਗਤ ਦਾ ਕਾਰ-ਵਿਹਾਰ ਚਲਾਉਂਦੇ ਹਨ (ਜਿਵੇਂ ਕਿ ਬੱਚਿਆਂ ਨੂੰ ਜਨਮ ਦੇਣਾ, ਪਾਲਣਾ, ਰਿਜ਼ਕ ਕਮਾਉਣਾ, ਬੁਢੇਪੇ ਦਾ ਸਹਾਰਾ ਬਣਨਾ ਆਦਿ; ਪਿਛਲੀ ਕਮਾਈ) ਨਸੀਬ ਅਨੁਸਾਰ ਸੁੱਖ ਦੁੱਖ ਆਪਣੇ ਆਪਣੇ ਹਿੱਸੇ ਆਉਂਦੇ ਹਨ।

ਆਦੇਸੁ, ਤਿਸੈ ਆਦੇਸੁ ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ੨੯

ਅਰਥ : ਉਸ (ਸਦੀਵੀ ਸਥਿਰ ਦਾਤਾਰ-ਪਿਤਾ) ਨੂੰ ਨਮਸਕਾਰ ਕਰ, (ਜੋ) ਕੁਦਰਤ ਦਾ ਸ੍ਰੋਤ ਹੈ, ਮੈਲ਼ ਰਹਿਤ ਹੈ, ਜਿਸ ਦਾ ਹੋਰ ਕੋਈ ਸ੍ਰੋਤ ਨਹੀਂ ਤੇ ਸਦਾ ਇੱਕੋ ਸਰੂਪ ਵਾਲ਼ਾ ਹੈ।

ਏਕਾ ਮਾਈ, ਜੁਗਤਿ ਵਿਆਈ; ਤਿਨਿ ਚੇਲੇ ਪਰਵਾਣੁ ਉਚਾਰਨ : ਤਿੰਨ।

ਪਦ ਅਰਥ : ਏਕਾ ਮਾਈ- ਇੱਕ ਮਾਤਾ, ਇਕਲੌਤੀ ਜਨਾਨੀ। ਜੁਗਤਿ- (ਕਿਸੇ ਅਨੋਖੇ) ਢੰਗ ਨਾਲ਼ (ਭਾਵ ਬਿਨਾਂ ਮਰਦ ਤੋਂ)। ਵਿਆਈ- ਪ੍ਰਸੂਤ ਹੋਈ, ਜਣੇਪਾ ਕੀਤਾ (ਭਾਵ ਤਿੰਨ ਬੱਚਿਆਂ ਨੂੰ ਵਾਰ-ਵਾਰ) ਜਨਮ ਦਿੱਤਾ। ਤਿਨਿ ਚੇਲੇ – ਤਿੰਨ ਬੱਚੇ। ਪਰਵਾਣੁ- (ਪੰਡਿਤਾਂ ਨੇ) ਕਬੂਲ (ਲਏ), ਸਵੀਕਾਰ (ਕਰ ਲਏ)।

ਅਰਥ : (ਹਿੰਦੂ ਮਨੌਤ ਹੈ ਕਿ ਮਨੁੱਖ ਜਾਤੀ ਦੀ ਅਰੰਭਤਾ ਸਮੇਂ) ਇੱਕ ਔਰਤ; ਕਿਸੇ ਅਨੋਖੇ ਢੰਗ ਨਾਲ਼ ਪ੍ਰਸੂਤ ਹੋਈ (ਤੇ ਉਸ ਦੁਆਰਾ ਜਨਮੇ) ਤਿੰਨ ਪੁੱਤਰ (ਬ੍ਰਹਮਾ, ਵਿਸ਼ਨੂੰ, ਸ਼ਿਵ; ਹਿੰਦੂ ਸਮਾਜ ਨੇ) ਪ੍ਰਵਾਨ ਕਰ ਲਏ।

ਇਕੁ ਸੰਸਾਰੀ, ਇਕੁ ਭੰਡਾਰੀ; ਇਕੁ ਲਾਏ ਦੀਬਾਣੁ

ਪਦ ਅਰਥ : ਸੰਸਾਰੀ- ਸੰਸਾਰ ਨੂੰ ਜਨਮ ਦੇਣ ਵਾਲ਼ਾ (ਬ੍ਰਹਮਾ)। ਭੰਡਾਰੀ- ਸਭ ਨੂੰ ਰਿਜ਼ਕ ਦੇਣ ਵਾਲ਼ਾ (ਵਿਸ਼ਨੂੰ)। ਲਾਏ ਦੀਬਾਣੁ- ਕਚਿਹਰੀ ਲਾਉਣ ਵਾਲ਼ਾ, ਮਾਰਨ ਵਾਲ਼ਾ (ਸ਼ਿਵ ਜੀ)।

ਅਰਥ : (ਤਿੰਨੇ ਪੁੱਤਰਾਂ ’ਚੋਂ) ਇੱਕ (ਬ੍ਰਹਮਾ) ਸੰਸਾਰ ਨੂੰ ਪੈਦਾ ਕਰਦਾ ਹੈ। ਇੱਕ (ਵਿਸ਼ਨੂੰ) ਰਿਜ਼ਕ ਦਿੰਦਾ ਹੈ ਤੇ ਇੱਕ (ਸ਼ਿਵ ਜੀ) ਕਚਹਿਰੀ ਲਾਉਂਦਾ ਭਾਵ ਸਭ ਨੂੰ ਮਾਰਦਾ ਹੈ।

ਵਿਚਾਰ : ਬਾਇਬਲ ਤੇ ਕੁਰਾਨ ਅਨੁਸਾਰ ਮਨੁੱਖ ਜਾਤੀ ਦੀ ਸ਼ੁਰੂਆਤ ‘ਬਾਬਾ ਆਦਮ’ ਤੋਂ ਹੋਈ ਹੈ। ਜਿਸ ਦੀ ਉਮਰ 930 ਸਾਲ ਸੀ। ਇਸ ਦੀ ਸ਼ਕਲ; ਖ਼ੁਦਾ ਨੇ ਮਿੱਟੀ ਤੋਂ ਆਪਣੇ ਵਰਗੀ ਬਣਾਈ। ਇਸ ਤੋਂ ਜਾਪਦਾ ਹੈ ਕਿ ਖ਼ੁਦਾ ਭੀ ਆਕਾਰ ਰੂਪ ’ਚ ਸ਼ਕਲ ਧਾਰੀ ਹੈ ਜਦ ਕਿ ਗੁਰੂ ਨਾਨਕ ਜੀ ਅਨੁਸਾਰ ਉਹ ਨਿਰਾਕਾਰ ਹੈ। ਮੂਰਤੀ ਵਾਙ ਉਸ ਨੂੰ ਆਕਾਰ ਦੇਣਾ ਜਾਂ ਸਥਾਪਿਤ ਕਰਨਾ, ਅਸੰਭਵ ਹੈ ‘‘ਥਾਪਿਆ ਜਾਇ; ਕੀਤਾ ਹੋਇ ’’ (ਜਪੁ)

ਸੁੱਤੇ ਪਏ ਬਾਬਾ ਆਦਮ ਦੀ ਇੱਕ ਪਸਲੀ ਕੱਢੀ, ਜਿਸ ਨਾਲ਼ ‘ਬੀਬੀ ਹਵਾ’ ਬਣੀ, ਜੋ ਉਸ ਦੀ ਪਤਨੀ ਹੋਈ। ਇਹ ਦੋਵੇਂ ਭਿਸ਼ਤ ’ਚੋਂ ਖ਼ੁਦਾ ਵੱਲੋਂ ਮਨ੍ਹਾ ਕੀਤੇ ਫਲ਼ ਨੂੰ ਖਾਣ ਕਾਰਨ ਧਰਤੀ ’ਤੇ ਸੁੱਟੇ ਗਏ। ਇਸ ਦਾ ਜ਼ਿਕਰ ਗੁਰਬਾਣੀ ’ਚ ਇਉਂ ਹੈ, ‘‘ਬਾਬਾ ਆਦਮ ਕਉ; ਕਿਛੁ ਨਦਰਿ ਦਿਖਾਈ ਉਨਿ ਭੀ; ਭਿਸਤਿ ਘਨੇਰੀ (ਬਹੁਤੀ) ਪਾਈ  ? ’’ (ਭਗਤ ਕਬੀਰ/੧੧੬੧) ਇਸ ਵਾਕ ’ਚ ‘ਭਿਸਤਿ ਘਨੇਰੀ’ ਦਾ ਇਹ ਮਤਲਬ ਨਹੀਂ ਕਿ ਉਹ ਬਹੁਤ ਦੇਰ ਓਥੇ ਰਿਹਾ ਬਲਕਿ ਕਟਾਖਸ਼/ਵਿਅੰਗ ਹੈ ਕਿ ਜਦ ਖ਼ੁਦਾ ਨੇ ਉਸ ਨੂੰ ਗ਼ਲਤੀ ਕਰਨ (ਮਨ੍ਹਾ ਕੀਤਾ ਫਲ਼ ਖਾਣ) ਬਦਲੇ ਘੂਰਿਆ ਤਾਂ ਕੀ ਉਹ, ਬਹੁਤੀ ਦੇਰ ਸਵਰਗ ’ਚ ਰਿਹਾ ?

ਬਾਬਾ ਆਦਮ; ਸ਼੍ਰੀ ਲੰਕਾ ’ਚ ਤੇ ਬੀਬੀ ਹਵਾ; ਅਰਬ ’ਚ ਜੱਦਾਹ ਪਾਸ ਡਿੱਗੀ, ਜਿਨ੍ਹਾਂ ਨੂੰ 100 ਸਾਲ ਬਾਅਦ ਜਬਰਾਇਲ ਫ਼ਰਿਸ਼ਤੇ ਨੇ ਮਿਲਾਇਆ। ਜੋ ਖ਼ੁਦਾ ਦੇ ਸੁਨੇਹੇ ਪੈਗ਼ੰਬਰਾਂ ਤੱਕ ਪਹੁੰਚਾਉਂਦਾ, ਮੰਨਿਆ ਜਾਂਦਾ ਹੈ।

ਹਿੰਦੂ ਪੰਡਿਤਾਂ (ਆਰੀਅਨ) ਮੁਤਾਬਕ ਭਾਵੇਂ ਕਿ ਪਹਿਲਾ ਮਾਨਵ ‘ਏਕਾ ਮਾਈ’ (ਔਰਤ) ਹੈ ਤੇ ਇਸਲਾਮ ਮੁਤਾਬਕ ‘ਬਾਬਾ ਆਦਮ’ (ਮਰਦ), ਪਰ ਫਿਰ ਭੀ ਇਨ੍ਹਾਂ ਦੋਵੇਂ ਰਵਾਇਤੀ ਧਰਮਾਂ ’ਚ ਬਹੁਤ ਕੁਝ ਇੱਕ ਸਮਾਨ ਹੈ, ਜਿਨ੍ਹਾਂ ਦੇ ਕੇਵਲ ਨਾਂ ਹੀ ਬਦਲੇ ਹਨ; ਜਿਵੇਂ ਕਿ

(1). ਭਾਰਤ ਅਤੇ ਸ਼੍ਰੀ ਲੰਕਾ ਵਿਚਕਾਰ ਬਣਿਆ ਕਾਲਪਨਿਕ ਪੁਲ਼; ਇਸਲਾਮ ਮੁਤਾਬਕ ਬਾਬਾ ਆਦਮ ਜੀ ਨੇ ਅਤੇ ਪੰਡਿਤਾਂ ਅਨੁਸਾਰ ਰਾਮ ਚੰਦਰ ਜੀ ਨੇ ਬਣਾਇਆ ਹੈ।

ਨੋਟ : ਸੰਨ 2008 ’ਚ ਕਾਨੂੰਨ ਮੰਤਰੀ ਅਤੇ ਪ੍ਰਸਿੱਧ ਵਕੀਲ ਕਪਿਲ ਸਿੱਬਲ ਨੇ ਸੁਪਰੀਮ ਕੋਰਟ ’ਚ ਲਿਖਤੀ ਮੰਨਿਆ ਕਿ ਰਾਮਸੇਤੂ ਪੁਲ ਨਿਰੀ ਕਲਪਨਾ ਹੈ, ਹਕੀਕਤ ਨਹੀਂ ਕਿਉਂਕਿ ਤਤਕਾਲੀ ਕਾਂਗਰਸ ਸਰਕਾਰ; ਓਥੋਂ ਦੀ ਸਮੁੰਦਰੀ ਜਹਾਜ਼ ਲੰਘਾਉਣ ਲਈ ਜਗ੍ਹਾ ਬਣਾਉਣਾ ਚਾਹੁੰਦੀ ਸੀ। ਹੁਣ ਉੱਤਰ ਭਾਰਤ ’ਚੋਂ ਪੱਛਮ ਭਾਰਤ ਵੱਲ ਕੋਲ਼ਾ ਆਦਿ ਲਿਆਉਣ ਲਈ ਸ੍ਰੀਲੰਕਾ ਦੇ ਉੱਪਰ ਦੀ ਘੁੰਮ ਕੇ ਆਉਣਾ ਪੈਂਦਾ ਹੈ।

(2). ਪੰਡਿਤਾਂ ਅਨੁਸਾਰ ਸ਼ਿਵ ਜੀ; ਸਭ ਨੂੰ ਨਾਸ ਕਰਦਾ ਹੈ ਤੇ ਮੌਲਵੀ ਮੁਤਾਬਕ ਇਹ ਕੰਮ; ਇਸਰਾਫ਼ੀਲ ਤੇ ਇਜ਼ਰਾਈਲ (ਅਜ਼ਰਾਈਲ/ਮਲਕਲ ਮਉਤ) ਦੋਵੇਂ ਫ਼ਰਿਸ਼ਤੇ ਕਰਦੇ ਹਨ। ਇਸ ਦਾ ਜ਼ਿਕਰ ਗੁਰਬਾਣੀ ’ਚ ਇਉਂ ਹੈ, ‘‘ਮਲਕਲ ਮਉਤ ਜਾਂ ਆਵਸੀ; ਸਭ ਦਰਵਾਜੇ ਭੰਨਿ (ਕੇ) (ਬਾਬਾ ਫਰੀਦ/੧੩੮੩), ਅਜਰਾਈਲੁ ਫਰੇਸਤਾ; ਤਿਲ ਪੀੜੇ ਘਾਣੀ ’’ (ਮਹਲਾ /੩੧੫)

(3). ਪੰਡਿਤਾਂ ਅਨੁਸਾਰ ਵਿਸ਼ਨੂੰ; ਸਭ ਨੂੰ ਰਿਜ਼ਕ ਦੇਂਦਾ ਹੈ ਤੇ ਇੰਦਰ ਵਰਖਾ ਕਰਦਾ ਹੈ ਜਦ ਕਿ ਕਾਜ਼ੀ ਮੁਤਾਬਕ ਇਹ ਦੋਵੇਂ ਕੰਮ ‘ਮੀਕਾਇਲ ਫ਼ਰਿਸ਼ਤਾ’ ਕਰਦਾ ਹੈ।

(4). ਪੰਡਿਤਾਂ ਅਨੁਸਾਰ ‘ਚਿਤਰ-ਗੁਪਤ’; ਜੀਵਾਂ ਦੇ ਚੰਗੇ-ਮੰਦੇ ਲੇਖ ਲਿਖਦੇ ਹਨ ਅਤੇ ਇਸਲਾਮ ’ਚ ਇਹ ਕੰਮ ‘ਕਿਰਾਮਨ-ਕਾਤਿਬੀਨ’ ਫ਼ਰਿਸ਼ਤੇ ਕਰਦੇ ਹਨ।

(5). ਪੰਡਿਤਾਂ ਅਨੁਸਾਰ ਮਹਾਂਭਾਰਤ ’ਚ, ਜੋ ‘ਮਨੁ’ ਹੈ; ਉਸੇ ਨੂੰ ਇਸਲਾਮ ’ਚ ‘ਨੂਹ’ ਕਿਹਾ ਹੈ, ਜਿਸ ਦੀ ਉਮਰ 900 ਸਾਲ ਮੰਨੀ ਗਈ।

(6). ਪੰਡਿਤਾਂ ਦਾ ‘ਸਵਰਗ’ ਹੀ ਇਸਲਾਮ ’ਚ ‘ਭਿਸ਼ਤ’ (ਬਹਿਸ਼ਤ) ਹੈ, ਆਦਿ।

ਜਿਵ ਤਿਸੁ ਭਾਵੈ, ਤਿਵੈ ਚਲਾਵੈ; ਜਿਵ ਹੋਵੈ ਫੁਰਮਾਣੁਉਚਾਰਨ : ਫ਼ੁਰਮਾਣ।

ਪਦ ਅਰਥ : ਜਿਵ- ਜਿਵੇਂ। ਤਿਸੁ- ਉਸ (ਆਦਿ ਅਨੀਲੁ ਅਨਾਦਿ ਅਨਾਹਤਿ..) ਨੂੰ। ਭਾਵੈ- ਭਾਉਂਦਾ ਹੈ, ਪਸੰਦ ਹੈ। ਤਿਵੈ- ਤਿਉਂ ਹੀ, ਉਸੇ ਤਰ੍ਹਾਂ ਹੀ। ਫੁਰਮਾਣੁ- ਹੁਕਮ।

ਅਰਥ : (ਦਰਅਸਲ ਸਚਾਈ ਇਹ ਹੈ ਕਿ) ਜਿਵੇਂ ਉਸ (ਨਿਰਾਕਾਰ) ਨੂੰ ਪਸੰਦ ਹੈ, ਜਿਵੇਂ ਉਸ ਦੀ ਰਜ਼ਾ ਹੁੰਦੀ ਹੈ; ਉਸੇ ਤਰ੍ਹਾਂ ਹੀ (ਜਗਤ ਕਾਰ) ਚਲਾਉਂਦਾ ਹੈ (ਨਾ ਕਿ ਇਹ ਕਾਲਪਨਿਕ ‘ਬ੍ਰਹਮਾ, ਵਿਸ਼ਨੂੰ, ਮਹੇਸ’ ਚਲਾਉਂਦੇ ਹਨ)

ਓਹੁ ਵੇਖੈ, ਓਨਾ ਨਦਰਿ ਆਵੈ; ਬਹੁਤਾ ਏਹੁ ਵਿਡਾਣੁਉਚਾਰਨ : ਓਹ, ਓਨ੍ਹਾਂ, ਏਹ।

ਪਦ ਅਰਥ : ਓਹੁ- ਉਹ (ਨਿਰਾਕਾਰ)। ਵੇਖੈ- (ਸਭ ਨੂੰ) ਵੇਖਦਾ ਹੈ, ਵਾਚਦਾ ਹੈ। ਓਨਾ- ਉਨ੍ਹਾਂ (‘ਬ੍ਰਹਮਾ, ਵਿਸ਼ਨੂੰ, ਮਹੇਸ’ ਸਮੇਤ ਸਭ ਜੀਵ-ਜੰਤਾਂ) ਨੂੰ। ਨਦਰਿ- ਨਜ਼ਰ। ਵਿਡਾਣੁ- ਅਸਚਰਜ, ਵਿਸਮਾਦ (ਕਿ ਓਹ ਵੇਖਦਾ ਪਿਆ ਹੈ, ਫਿਰ ਭੀ ਸਾਨੂੰ ਨਜ਼ਰ ਨਹੀਂ ਆ ਰਿਹਾ)।

ਅਰਥ : ਉਹ (ਦਾਤਾਰ-ਪਿਤਾ; ਸਭ ਦੇ ਨੇੜੇ ਰਹਿ ਕੇ) ਵਾਚਦਾ ਹੈ (ਕਿ ਕੀ ਸਭ ਨੂੰ ਨਸੀਬ ਅਨੁਸਾਰ ਮਿਲਦਾ ਹੈ ਜਾਂ ਨਹੀਂ, ਫਿਰ ਭੀ) ਉਨ੍ਹਾਂ (ਜੀਵ-ਜੰਤਾਂ) ਨੂੰ ਨਜ਼ਰ ਨਹੀਂ ਆ ਰਿਹਾ। ਇਹ ਬੜਾ ਹੈਰਾਨ ਕਰਨ ਵਾਲ਼ਾ ਰਾਜ਼ ਹੈ।

ਆਦੇਸੁ, ਤਿਸੈ ਆਦੇਸੁ ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ ੩੦

ਅਰਥ : (ਹੇ ਜੋਗੀ !) ਉਸ (ਦਾਤਾਰ-ਪਿਤਾ) ਨੂੰ ਨਮਸਕਾਰ ਕਰ, (ਜੋ) ਕੁਦਰਤ ਦਾ ਸ੍ਰੋਤ ਹੈ, ਮੈਲ਼ ਰਹਿਤ ਹੈ, ਜਿਸ ਦਾ ਹੋਰ ਕੋਈ ਸ੍ਰੋਤ ਨਹੀਂ ਤੇ ਸਦਾ ਇੱਕੋ ਸਰੂਪ ਵਾਲ਼ਾ ਹੈ।

ਆਸਣੁ ਲੋਇ ਲੋਇ ਭੰਡਾਰ ਜੋ ਕਿਛੁ ਪਾਇਆ, ਸੁ ਏਕਾ ਵਾਰ

ਪਦ ਅਰਥ : ਆਸਣੁ- ਟਿਕਾਣਾ, ਨਿਵਾਸ। ਲੋਇ ਲੋਇ- ਹਰ ਲੋਕ ਵਿੱਚ, ਹਰ ਭਵਨ ਵਿਖੇ ਯਾਨੀ ਸੁਰਗ ਲੋਕ, ਮਾਤ ਲੋਕ ਤੇ ਪਾਤਾਲ ਲੋਕ ਵਿੱਚ। ਭੰਡਾਰ- ਬੇਅੰਤ ਧਨ-ਪਦਾਰਥ; ਜਿਵੇਂ ਕਿ ਬਚਨ ਹਨ, ‘‘ਦਦਾ, ਦਾਤਾ ਏਕੁ ਹੈ; ਸਭ ਕਉ ਦੇਵਨਹਾਰ ਦੇਂਦੇ ਤੋਟਿ ਆਵਈ; ਅਗਨਤ ਭਰੇ ਭੰਡਾਰ (ਮਹਲਾ /੨੫੭)। ਸੁ- ਉਹ (ਰਿਜ਼ਕ, ਜੈਸਾ ਕਿ ਹਰ ਇੱਕ ਦੇ ਨਸੀਬ ’ਚ ਲਿਖਿਆ ਹੈ)। ਏਕਾ ਵਾਰ- ਇੱਕੋ ਸਮੇਂ ਯਾਨੀ ਪੈਦਾਇਸ਼ ਤੋਂ ਹੀ ‘ਕੂੜ ਦੀ ਪਾਲਿ’ ਰੂਪ ’ਚ ਪਾ ਦਿੱਤਾ/ਲਿਖ ਦਿੱਤਾ। ਓਸੇ ਅਨੁਸਾਰ ਹਰ ਕੋਈ ਦੁੱਖ-ਸੁੱਖ, ਧਨ-ਪਦਾਰਥ, ਪਰਵਾਰਿਕ ਸਬੰਧ, ਆਦਿ ਬਣਾਉਂਦਾ, ਭੋਗਦਾ ਹੈ

ਅਰਥ : ਭਾਵੇਂ ਕਿ ਹਰ ਲੋਕ ’ਚ (ਮਾਲਕ ਦੁਆਰਾ ਰੱਖੇ) ਅਣਗਿਣਤ ਖ਼ਜ਼ਾਨਿਆਂ ਦਾ ਭੰਡਾਰ ਹੈ (ਪਰ ਉਨ੍ਹਾਂ ’ਚੋਂ ਹਰ ਇੱਕ ਦੇ ਹਿੱਸੇ) ਜੋ ਉਸ ਨੇ ਪਾਉਣਾ ਸੀ ਓਹ ਇੱਕੋ ਵਾਰ ਪਾ ਦਿੱਤਾ, ਲਿਖ ਦਿੱਤਾ (ਨਾ ਕਿ ਹੁਣ ਵਿਸ਼ਨੂੰ ਰਿਜ਼ਕ ਦੇਵੇਗਾ, ਇਸ ਲਈ ਲੱਛਮੀ ਨੂੰ ਪ੍ਰਸੰਨ ਕਰੀਏ)।

ਵਿਚਾਰ : ਵਿਗਿਆਨ; ਪਦਾਰਥਕ ਖੋਜ ਹੈ। ਵਸਤੂ ਹੈ ਤਾਂ ਉਸ ਦੀ ਖੋਜ ਹੋ ਸਕਦੀ ਹੈ। ਧਰਤੀ ਹੈ ਤਾਂ ਖੋਜ ਹੋ ਸਕਦੀ ਹੈ। ਬ੍ਰਹਿਮੰਡ ਹੈ ਤਾਂ ਖੋਜ ਹੋ ਸਕਦੀ ਹੈ। ਜੇ ਕੁੱਛ ਭੀ ਨਹੀਂ ਤਾਂ ਕੋਈ ਖੋਜ ਭੀ ਨਹੀਂ। ਵਿਗਿਆਨ ਅਨੁਸਾਰ ਕੋਈ ਸਾਕਾਹਾਰੀ; ਮਾਸ ਖਾਣ ਲੱਗ ਜਾਏ ਤਾਂ ਮਾਸਾਹਾਰੀ ਬਣ ਜਾਏਗਾ। ਉਸ ਦੇ ਇੰਦ੍ਰੇ ਬਦਲਿਆ ਭੋਜਨ ਅਪਣਾਉਣ ਲੱਗ ਜਾਣਗੇ, ਪਰ ਧਰਮ ਅਨੁਸਾਰ ਧਰਤੀ ਬਾਅਦ ’ਚ ਬਣੀ ਪਹਿਲਾਂ ਉਸ ਦਾ ਨਿਯਮ ਬਣਿਆ। ਜੀਵ ਬਾਅਦ ’ਚ ਪੈਦਾ ਹੋਇਆ; ਉਸ ਦੀ ਰੁਚੀ, ਭੋਜਨ ਪਹਿਲਾਂ ਵਿਕਸਿਤ ਹੋਇਆ, ‘‘ਪਹਿਲੋ ਦੇ; ਤੈਂ ਰਿਜਕੁ ਸਮਾਹਾ ਪਿਛੋ ਦੇ; ਤੈਂ ਜੰਤੁ ਉਪਾਹਾ’’ (ਮਹਲਾ /੧੩੦) ਅਰਥ : (ਹੇ ਦਾਤਾਰ-ਪਿਤਾ !) ਤੈਂ ਪਹਿਲਾਂ ਰਿਜ਼ਕ ਦਾ ਪ੍ਰਬੰਧ ਕੀਤਾ; ਬਾਅਦ ’ਚ ਤੈਂ ਜੀਵ ਪੈਦਾ ਕੀਤਾ। ਮਿਸਾਲ ਵਜੋਂ ਬੱਚਾ ਪੈਦਾ ਹੋਣ ਤੋਂ ਪਹਿਲਾਂ ਹੀ ਮਾਤਾ ਦਾ ਖ਼ੂਨ; ਦੁੱਧ ਬਣਨਾ ਸ਼ੁਰੂ ਹੋ ਜਾਂਦਾ ਹੈ। ਰਹਰਾਸਿ ਸਮੇਂ ਨਿੱਤ ਇਹ ਸ਼ਬਦ ਪੜੀਦਾ ਹੈ, ‘‘ਸੈਲ ਪਥਰ ਮਹਿ ਜੰਤ ਉਪਾਏ; ਤਾ ਕਾ ਰਿਜਕੁ ਆਗੈ ਕਰਿ ਧਰਿਆ ’’ (ਸੋ ਦਰੁ/ਮਹਲਾ /੧੦) ਅਰਥ : (ਹੇ ਦਾਤਾਰ-ਪਿਤਾ ! ਤੈਂ) ਪਹਾੜਾਂ, ਪੱਥਰਾਂ ਆਦਿ ’ਚ ਭੀ ਜੀਵ-ਜੰਤ ਪੈਦਾ ਕੀਤੇ ਹੋਏ ਹਨ। ਉਨ੍ਹਾਂ ਦਾ ਰਿਜ਼ਕ; ਉਨ੍ਹਾਂ ਦੀ ਪੈਦਾਇਸ਼ ਤੋਂ ਪਹਿਲਾਂ ਹੀ ਬਣਾ ਦਿੱਤਾ ਭਾਵ ਤੈਂ ਉਨ੍ਹਾਂ ਅੰਦਰ ਪੱਥਰ ਨੂੰ ਖਾ ਕੇ ਜੀਵਤ ਰਹਿਣ ਵਾਲ਼ੀ ਕਿਰਿਆ ਪਹਿਲਾਂ ਹੀ ਵਿਕਸਿਤ ਕਰ ਦਿੱਤੀ। ਵਿਗਿਆਨ ਅਨੁਸਾਰ ਉਸ ਨੂੰ ਆਕਸੀਜਨ ਚਾਹੀਏ, ਪਰ ਚਾਰੋਂ ਤਰਫ਼ ਬੰਦ ਪੱਥਰ ’ਚ ਆਕਸੀਜਨ ਕਿਵੇਂ ਪਹੁੰਚੇਗੀ। ਕੀ ਮਨੁੱਖ; ਪੱਥਰ ਨੂੰ ਆਪਣੀ ਖ਼ੁਰਾਕ ਬਣਾ ਸਕਦਾ ਹੈ ? ਜਵਾਬ ਹੈ ‘ਨਹੀਂ’, ਤਾਹੀਓਂ ਪ੍ਰਭੂ ਨੂੰ ਵੱਡਾ ਦਾਤਾਰ-ਪਿਤਾ ਮੰਨਿਆ ਹੈ, ‘‘ਪਹਿਲੋ ਦੇ ਤੈਂ ਰਿਜਕੁ ਸਮਾਹਾ ਪਿਛੋ ਦੇ ਤੈਂ ਜੰਤੁ ਉਪਾਹਾ ਤੁਧੁ ਜੇਵਡੁ ਦਾਤਾ ਅਵਰੁ ਸੁਆਮੀ ! ਲਵੈ ਕੋਈ ਲਾਵਣਿਆ ’’ (ਮਹਲਾ /੧੩੦)

ਕਰਿ ਕਰਿ ਵੇਖੈ ਸਿਰਜਣਹਾਰੁ ਨਾਨਕ  ! ਸਚੇ ਕੀ, ਸਾਚੀ ਕਾਰ

ਪਦ ਅਰਥ : ਕਰਿ ਕਰਿ ਵੇਖੈ- ਪੈਦਾ ਕਰ ਕਰ ਕੇ ਸੰਭਾਲ਼ਦਾ ਹੈ। ਸਿਰਜਣਹਾਰੁ- ਜਗਤ ਨੂੰ ਪੈਦਾ ਕਰਨ ਵਾਲ਼ਾ (ੴ ਦਾਤਾਰ-ਪਿਤਾ)। ਨਾਨਕ- ਹੇ ਨਾਨਕ ! ਸਚੇ ਕੀ- ਸਦੀਵੀ ਸਥਿਰ (ਦਾਤਾਰ) ਦੀ। ਸਾਚੀ ਕਾਰ- (ਜਗਤ ਦੀ) ਨਿਰਵਿਘਨ ਚੱਲਦੀ ਜਗਤ ਕਾਰ (ਕਿ ਜੀਵਾਂ ਨੂੰ ਪੈਦਾ ਕਰਨਾ ਤੇ ਸੰਭਾਲਣਾ ਹੈ; ਜਿਸ ਨੂੰ ਬਦਲਿਆ ਨਹੀਂ ਜਾ ਸਕਦਾ)

ਅਰਥ : ਹੇ ਨਾਨਕ  ! (ਜੀਵ-ਜੰਤੂਆਂ ਨੂੰ) ਪੈਦਾ ਕਰ ਕਰ ਕੇ ਜਗਤ-ਪਿਤਾ (ਆਪ ਹੀ ਇਨ੍ਹਾਂ ਨੂੰ) ਸੰਭਾਲ਼ਦਾ ਹੈ (ਨਾ ਕਿ ਵਿਸ਼ਨੂੰ)। ਸਦੀਵੀ ਸਥਿਰ ਮਾਲਕ ਦੀ ਇਹ ਨਿਰਵਿਘਨ ਚੱਲਣ ਵਾਲ਼ੀ ਜਗਤ ਕਾਰ ਹੈ।

ਆਦੇਸੁ, ਤਿਸੈ ਆਦੇਸੁ ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ ੩੧

ਅਰਥ : ਉਸ (ਸਦੀਵੀ ਸਥਿਰ ਦਾਤਾਰ-ਪਿਤਾ) ਨੂੰ ਨਮਸਕਾਰ ਕਰ, (ਜੋ) ਕੁਦਰਤ ਦਾ ਸ੍ਰੋਤ ਹੈ, ਮੈਲ਼ ਰਹਿਤ ਹੈ, ਜਿਸ ਦਾ ਹੋਰ ਕੋਈ ਸ੍ਰੋਤ ਨਹੀਂ ਤੇ ਸਦਾ ਇੱਕੋ ਸਰੂਪ ਵਾਲ਼ਾ ਹੈ।

ਵਿਚਾਰ : ਪਿੱਛੇ ਵਿਚਾਰਿਆ ਜਾ ਚੁੱਕਾ ਹੈ ਕਿ ਗੁਰੂ ਸਾਹਿਬ ਜੀ; ਜਦ ਸ਼ਬਦ ’ਚ ਪਹਿਲਾਂ ਅਨਮਤ ਗ੍ਰੰਥਾਂ ਦੀ ਮਿਸਾਲ ਦਿੰਦੇ ਹਨ ਤਾਂ ਉਸ ਵਿਚਾਰਧਾਰਾ ਨਾਲ਼ ਅਕਸਰ ਅਸਹਿਮਤ ਹੁੰਦੇ ਹਨ; ਵੈਸਾ ਹੀ ਉਕਤ 30ਵੀਂ ਪਉੜੀ ’ਚ ਪਹਿਲਾਂ ‘‘ਏਕਾ ਮਾਈ ਜੁਗਤਿ ਵਿਆਈ; ਤਿਨਿ ਚੇਲੇ ਪਰਵਾਣੁ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ੩੦’’ ਮਿਸਾਲ ਦਿੱਤੀ, ਜਿਸ ਨੂੰ ਬਾਅਦ ’ਚ ਇਨ੍ਹਾਂ ਸ਼ਬਦਾਂ ‘‘ਓਹੁ ਵੇਖੈ ਓਨਾ ਨਦਰਿ ਆਵੈ; ਬਹੁਤਾ ਏਹੁ ਵਿਡਾਣੁ ’’ ਨਾਲ਼ ਗ਼ਲਤ ਸਿੱਧ ਕਰ ਇਨ੍ਹਾਂ ਚਾਰੇ ਪਉੜੀਆਂ ਦੇ ਅੰਤ ’ਚ ਉਸ ਨਿਰਾਕਾਰ ਨੂੰ ‘‘ਆਦੇਸੁ ਤਿਸੈ ਆਦੇਸੁ ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ ੩੦’’ ਸਵੀਕਾਰ ਕੇ ਨਮਸਕਾਰ ਕੀਤੀ ਹੈ; ਐਸਾ ਹੀ ‘ਜਪੁ’ ਬਾਣੀ ਦੀ 5ਵੀਂ ਪਉੜੀ (ਗੁਰੁ ਈਸਰੁ ਗੁਰੁ ਗੋਰਖੁ ਬਰਮਾ; ਗੁਰੁ ਪਾਰਬਤੀ ਮਾਈ ) ’ਚ ਪਹਿਲਾਂ ਇਨ੍ਹਾਂ ਦੇਵੀ-ਦੇਵਤਿਆਂ ਨੂੰ ਗੁਰੂ ਸ਼ਖ਼ਸੀਅਤ ਨਾਲ਼ ਤੁਲਨਾਤਮਿਕ ਵਿਚਾਰਿਆ ਤੇ ਫਿਰ 5ਵੀਂ ਤੇ 6ਵੀਂ ਪਉੜੀ ਦੇ ਅੰਤ ’ਚ ‘ਗੁਰੂ’ ਨੂੰ ਸਰਬੋਤਮ ਮੰਨ ਉਸ ਅੱਗੇ ਬੇਨਤੀ ਕੀਤੀ ਹੈ, ‘‘ਗੁਰਾ  ! ਇਕ ਦੇਹਿ ਬੁਝਾਈ ਸਭਨਾ ਜੀਆ ਕਾ ਇਕੁ ਦਾਤਾ; ਸੋ ਮੈ ਵਿਸਰਿ ਜਾਈ ’’

ਸਨਾਤਨੀ ਸੋਚ ’ਚੋਂ ਹੀ ਯੋਗ ਮੱਤ ਉਪਜੀ ਹੈ, ਇਸ ਲਈ ਉਕਤ 4 ਪਉੜੀਆਂ (28 ਤੋਂ 31) ’ਚ ਜੋਗੀਆਂ ਦੀ ਸ਼ਬਦਾਵਲੀ (ਮੁੰਦਾ, ਝੋਲੀ, ਬਿਭੂਤਿ, ਖਿੰਥਾ, ਡੰਡਾ’ ਆਦਿ) ਦੇ ਨਾਲ਼-ਨਾਲ਼ ‘ਏਕਾ ਮਾਈ’ ਤੇ ਤਿੰਨ ਚੇਲਿਆਂ (ਬ੍ਰਹਮਾ, ਵਿਸ਼ਨੂੰ, ਸ਼ਿਵ) ਦਾ ਭੀ ਜ਼ਿਕਰ ਹੈ।

ਹੁਣ ਅਗਾਂਹ 32ਵੀਂ ਪਉੜੀ ’ਚ ‘ਜਪੁ’ ਬਾਣੀ ਦੇ ਅਰੰਭ ਤੋਂ ਪਉੜੀ-ਦਰ-ਪਉੜੀ ਦੇ ਅੰਤ ’ਚ ਪ੍ਰਸੰਗ ਨੂੰ ਸੰਕੋਚਣ ਸਮੇਂ ਵਰਤੀ ਗਈ ਅਸੀਮ-ਅਸੀਮ ਸ਼ਬਦਾਵਲੀ ਨੂੰ ਧਿਆਨ ’ਚ ਰੱਖ ਕੇ ਵਿਚਾਰਨ ਨਾਲ਼ ਹੀ ਇਸ ਦਾ ਅਸਲ ਭਾਵ ਸਮਝਿਆ ਜਾਣਾ ਹੈ; ਜਿਵੇਂ ਕਿ

(1). ਪਹਿਲੀ ਪਉੜੀ ’ਚ ‘ਤੀਰਥ ਇਸ਼ਨਾਨ, ਮੌਨ ਵਰਤ ਆਦਿ ਵਰਗੀਆਂ ਧਾਰਮਿਕ ਸਿਆਣਪਾਂ ਨੂੰ ਅੰਤ ’ਚ ਹਜ਼ਾਰਾਂ, ਲੱਖਾਂ ਭਾਵ ਅਸੀਮ ਕਹਿ ਕੇ ਇਉਂ ਸਮੇਟਿਆ ਹੈ, ‘‘ਸਹਸ ਸਿਆਣਪਾ ਲਖ ਹੋਹਿ; ਇਕ ਚਲੈ ਨਾਲਿ ..’’ ਕਿਉਂਕਿ ਐਸੇ ਕਰਮ ਪੀੜ੍ਹੀ-ਦਰ-ਪੀੜ੍ਹੀ ਕਰ-ਕਰ ਬੰਦਾ; ਅਕਸਰ ਵੱਡਾ ਧਰਮੀ ਅਖਵਾ ਰਿਹਾ ਹੁੰਦਾ ਹੈ।

(2). ਤੀਜੀ ਪਉੜੀ ’ਚ ‘‘ਗਾਵੈ ਕੋ, ਗਾਵੈ ਕੋ’’ ਸ਼ਬਦਾਂ ਰਾਹੀਂ 8 ਕੁ ਵਾਰ ਮਿਸਾਲ ਦੇ ਕੇ ਅੰਤ ’ਚ ‘‘ਕਥਿ ਕਥਿ ਕਥੀ, ਕੋਟੀ ਕੋਟਿ ਕੋਟਿ’’ ਕਹਿ ਕੇ ਪਉੜੀ-ਵਿਸ਼ੇ ਨੂੰ ਅਸੀਮ ਅਸੀਮ ਕਹਿ ਕੇ ਸਮੇਟਿਆ ਹੈ।

(3). ਪੰਜਵੀਂ ਪਉੜੀ ’ਚ ਵਿਸ਼ਾ; ਸਤਿਗੁਰੂ ਬਨਾਮ ‘ਨਾਦੰ, ਵੇਦੰ, ਈਸਰੁ, ਗੋਰਖੁ, ਬਰਮਾ, ਪਾਰਬਤੀ’ ਆਦਿ ਹੈ। ਜਿਸ ਨੂੰ 33 ਕਰੋੜ ਦੇਵਤਿਆਂ ਤੱਕ ਤੁਲਨਾਤਮਿਕ ਵਿਚਾਰਿਆ ਜਾ ਸਕਦਾ ਸੀ, ਪਰ ਕੁੱਝ ਕੁ ਮਿਸਾਲਾਂ ਉਪਰੰਤ ‘ਸਤਿਗੁਰੂ’ ਨੂੰ ਸਰਬੋਤਮ ਸਾਬਤ ਕਰ ਅੰਤ ’ਚ ਉਨ੍ਹਾਂ ਨੂੰ 5ਵੀਂ ਅਤੇ 6ਵੀਂ ਪਉੜੀ ’ਚ ਸੰਬੋਧਨ ਕਰ ਪ੍ਰਸੰਗ ਸਮੇਟ ਲਿਆ, ‘‘ਗੁਰਾ  ! ਇਕ ਦੇਹਿ ਬੁਝਾਈ ਸਭਨਾ ਜੀਆ ਕਾ ਇਕੁ ਦਾਤਾ; ਸੋ ਮੈ ਵਿਸਰਿ ਜਾਈ ’’

(4). 7ਵੀਂ ਪਉੜੀ ’ਚ ਪੰਡਿਤਾਂ ਦੇ 4 ਜੁਗਾਂ ਨੂੰ ਵਧਾ ਕੇ ਦਸ ਗੁਣਾਂ (40 ਜੁਗ) ਕਿਹਾ ਹੈ। ਇਹ ਗਿਣਤੀ ਕਰੋੜਾਂ ਜੁਗਾਂ ਤੱਕ ਕੀਤੀ ਜਾ ਸਕਦੀ ਸੀ, ਪਰ ਅੰਤ ’ਚ ਸੰਖੇਪ ਭਾਵ ਇਹੀ ਸਮਝਾ ਵਿਸ਼ਾ ਸਮੇਟ ਲਿਆ ਕਿ ਅਣਗਿਣਤੀ ਵਰ੍ਹੇ ਲੰਬੀ ਉਮਰ ਭੋਗਣਾ ਸਫਲ ਜੀਵਨ ਨਹੀਂ। ਲੰਬੀ ਉਮਰ ਭੋਗਣ ਵਾਲ਼ੇ ਅਸਫਲ ਜੀਵਨ ਭੀ ਪ੍ਰਭੂ ਦੀ ਕਿਰਪਾ ਬਿਨਾਂ ਨਿਹਫਲ਼ ਹਨ, ‘‘ਤੇਹਾ ਕੋਇ ਸੁਝਈ; ਜਿ ਤਿਸੁ ਗੁਣੁ ਕੋਇ ਕਰੇ ’’

 (5). 8ਵੀਂ ਪਉੜੀ ਤੋਂ 19ਵੀਂ ਪਉੜੀ ਭਾਵ ਇਨ੍ਹਾਂ 12 ਪਉੜੀਆਂ ’ਚ ਕੇਵਲ 3 ਵਿਸ਼ੇ ਹੀ 4-4- ਪਉੜੀਆਂ ’ਚ ਹਨ; ਜਿਵੇਂ ਕਿ 8ਵੀਂ ਤੋਂ 11 ਤੱਕ ‘ਸੁਣਿਐ’ ਭਾਵ ਗੁਰੂ ਸਿੱਖਿਆ ਸੁਣਨ ਨਾਲ਼ ਕੀ ਕੀ ਬਦਲਾਅ ਹੁੰਦਾ ਹੈ; ਇਸ ਦਾ ਭੀ ਵਿਸਥਾਰ ਵਧਾਇਆ ਜਾ ਸਕਦਾ ਸੀ।

12ਵੀਂ ਤੋਂ 15ਵੀਂ ਪਉੜੀ ’ਚ ‘ਮੰਨੈ’ ਭਾਵ ਗੁਰੂ ਸਿੱਖਿਆ ਮੰਨਣ ਨਾਲ਼ ਜੋ ਬਦਲਾਅ ਹੁੰਦਾ ਹੈ; ਉਸ ਬਾਰੇ ਸੰਖੇਪ ਮਾਤਰ ਇਹੀ ਕਿਹਾ ਕਿ ਉਸ ਦੀ ਸਮਾਜ ’ਚੋਂ ਕੋਈ ਮਿਸਾਲ ਨਹੀਂ ਦਿੱਤੀ ਜਾ ਸਕਦੀ, ‘‘ਮੰਨੇ ਕੀ ਗਤਿ ਕਹੀ ਜਾਇ ..੧੨’’

17ਵੀਂ ਪਉੜੀ ’ਚ ‘ਨਿਰਾਕਾਰ’ ਨੂੰ ਸੰਬੋਧਨ ਕਰ ਅਖੌਤੀ ਭਗਤਾਂ ਦੀ ਉਨ੍ਹਾਂ ਦੁਆਰਾ ਕੀਤੇ ਜਾਂਦੇ ਕਰਮਕਾਂਡ ਸਹਿਤ ਗਿਣਤੀ ਕੀਤੀ ਹੈ, ‘‘ਅਸੰਖ ਜਪ; ਅਸੰਖ ਭਾਉ   ਅਸੰਖ ਪੂਜਾ; ਅਸੰਖ ਤਪ ਤਾਉ ..੧੭’’, 18ਵੀਂ ਪਉੜੀ ’ਚ ਨਾਸਤਿਕ ਲੋਕਾਂ ਦੀ ਉਨ੍ਹਾਂ ਦੁਆਰਾ ਕੀਤੇ ਜਾਂਦੇ ਕੰਮਾਂ ਸਮੇਤ ਗਿਣਤੀ ਦਾ ਵਰਣਨ ਹੈ, ‘‘ਅਸੰਖ ਮੂਰਖ ਅੰਧ ਘੋਰ   ਅਸੰਖ ਚੋਰ ਹਰਾਮਖੋਰ ..੧੮’’ ਅਤੇ 19ਵੀਂ ਪਉੜੀ ’ਚ ਇਨ੍ਹਾਂ ਦੋਵਾਂ ਲਈ ਵਰਤੇ ‘ਅਸੰਖ’ ਸ਼ਬਦ ਨੂੰ ਨਿਰਾਕਾਰ ਦੇ ਰੂ-ਬਰੂ ਹੋ ਕੇ ਕਿਹਾ ਕਿ ਇਹ ਅੰਦਾਜ਼ ਭੀ ਸਮੂਹ ਕੁਦਰਤ (ਕਰਤੇ ਕੈ ਕਰਣੈ; ਨਾਹੀ ਸੁਮਾਰੁ ..੧੬) ਨੂੰ ਛੋਟਾ ਆਂਕਦਾ ਹੈ; ਜਿਵੇਂ ਕਿ ‘‘ਅਸੰਖ ਕਹਹਿ; ਸਿਰਿ ਭਾਰੁ ਹੋਇ..੧੯’’ ਭਾਵ ਅੱਖਰ ਵਰਤਣਾ ਮਜਬੂਰੀ ਸੀ; ਵੈਸੇ ਅੱਖਰਾਂ ਰਾਹੀਂ ਹੀ ਤੇਰਾ ਨਾਮ ਜਪਿਆ ਜਾ ਸਕਦਾ ਹੈ, ‘‘ਅਖਰੀ ਨਾਮੁ; ਅਖਰੀ ਸਾਲਾਹ ..੧੯’’

ਸੋ ਇਨ੍ਹਾਂ 4 ਪਉੜੀਆਂ (16 ਤੋਂ 19) ’ਚ ਭਾਵੇਂ ਕਰਤਾਰ ਦੇ ਵਿਸਥਾਰ (ਜੀਵਾਂ) ਨੂੰ ਅਸੰਖ-ਅਸੰਖ ਕਿਹਾ ਹੈ, ਪਰ ਅੰਤ ’ਚ ਇਹ ਅਨੁਮਾਨ ਭੀ ਪੂਰਨ ਨਹੀਂ; ਮੰਨਿਆ ਹੈ, ‘‘ਕੁਦਰਤਿ ਕਵਣ ਕਹਾ ਵੀਚਾਰੁ ’’, ਇਸੇ ਤਰ੍ਹਾਂ ਅਗਾਂਹ 4 ਪਉੜੀਆਂ (28 ਤੋਂ 31) ਦੇ ਅੰਤ ’ਚ 4 ਵਾਰ ਐਸਾ ਕਿਹਾ ਹੈ, ‘‘ਆਦੇਸੁ ਤਿਸੈ ਆਦੇਸੁ ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ ’’

(6). 16ਵੀਂ ਪਉੜੀ ਤੋਂ ਚੱਲਦੇ ਪ੍ਰਸੰਗ (ਕੀਤਾ ਪਸਾਉ; ਏਕੋ ਕਵਾਉ ..੧੬) ਨੂੰ 22ਵੀਂ ਪਉੜੀ ਦੇ ਅੰਤ ’ਚ ਇਉਂ ਕਿਹਾ ਹੈ, ‘‘ਲੇਖਾ ਹੋਇ, ਲਿਖੀਐ; ਲੇਖੈ ਹੋਇ ਵਿਣਾਸੁ ’’

(7). 24ਵੀਂ ਅਤੇ 26ਵੀਂ ਪਉੜੀ ’ਚ ਕਰਤਾਰ ਦੇ ਗੁਣਾਂ ਨੂੰ ਇਉਂ ਬੇਅਤ ਭਾਵ ਗਿਣਤੀ ਰਹਿਤ ਮੰਨਿਆ ਹੈ, ‘‘ਜੇਵਡੁ ਆਪਿ, ਜਾਣੈ ਆਪਿ ਆਪਿ੨੪, ਜੇਵਡੁ ਭਾਵੈ; ਤੇਵਡੁ ਹੋਇ ਨਾਨਕ  ! ਜਾਣੈ ਸਾਚਾ ਸੋਇ੨੬’’

(8). 27ਵੀਂ ਪਉੜੀ ’ਚ ਪਿਛਲਾ ‘ਅਸੰਖ’ ਪ੍ਰਸੰਗ ਹੀ ਇਉਂ ਮੁੜ ਬਿਆਨ ਕੀਤਾ ਹੈ, ‘‘ਹੋਰਿ ਕੇਤੇ ਗਾਵਨਿ; ਸੇ ਮੈ ਚਿਤਿ ਆਵਨਿ; ਨਾਨਕੁ ਕਿਆ ਵੀਚਾਰੇ  ?’’, ਆਦਿ।

ਸੋ ਉਕਤ ਕੀਤੀ ਸੰਖੇਪ ਵਿਚਾਰ ਦਾ ਇਹੀ ਤਤਸਾਰ ਹੈ ਕਿ ‘ਜਪੁ’ ਬਾਣੀ ਅੰਦਰ ਭਾਵੇਂ ‘ਕਰਤਾਰ, ਕੁਦਰਤ, ਗੁਰੂ ਸ਼ਖ਼ਸੀਅਤ, ਰੂਹਾਨੀਅਤ ਪੰਜ ਪੜਾਅ’ ਆਦਿ ਮਹੱਤਵ ਪੂਰਨ ਵਿਸ਼ਿਆਂ ਦੀ ਮੁਕੰਮਲ ਵਿਆਖਿਆ ਹੈ, ਪਰ ਇਸ ਨਾਲ਼ ਕਰਤਾਰ ਦੀ ਖੇਡ ਦਾ ਅੰਤ ਨਹੀਂ ਪਾਇਆ ਜਾ ਸਕਿਆ, ਇਸ ਲਈ ਗੁਰੂ ਸਾਹਿਬ ਨੇ ‘ਜਪੁ’ ਬਾਣੀ ਅੰਦਰ ਹਰ ਪਉੜੀ-ਪ੍ਰਸੰਗ ਨੂੰ ਅਸੀਮ-ਅਸੀਮ ਕਰ ਸਮੇਟਦਿਆਂ ਆਪਣੀ ਸਮਝ ਨੂੰ ਤੁੱਛ ਮਾਤਰ ਐਲਾਨਿਆ ਹੈ। ਪਿਛਲੀਆਂ ਸਭ ਪਉੜੀਆਂ ’ਚ ਦਰਜ ਅੰਤਮ ਉਦੇਸ਼ ਨੂੰ ਹੁਣ ਅਗਾਂਹ 32ਵੀਂ ਪਉੜੀ ’ਚ ਹੋਰ ਸਪਸ਼ਟ ਕੀਤਾ ਹੈ।

ਇਕ ਦੂ ਜੀਭੋਂ, ਲਖ ਹੋਹਿ; ਲਖ ਹੋਵਹਿ, ਲਖ ਵੀਸਉਚਾਰਨ : ਦੂੰ, ਹੋਹਿਂ, ਹੋਵਹਿਂ।

ਪਦ ਅਰਥ : ਇਕ ਦੂ- ਇੱਕ ਤੋਂ। ਜੀਭੋਂ- ਜੀਭ ਤੋਂ। ਇਕ ਦੂ ਜੀਭੋਂ- ਇੱਕ ਜੀਭ ਤੋਂ (ਅਪਾਦਾਨ ਕਾਰਕ)। ਲਖ ਹੋਹਿ- ਲੱਖਾਂ (ਜੀਭਾਂ) ਹੋ ਜਾਣ। ਲਖ ਹੋਵਹਿ- ਲੱਖਾਂ ਤੋਂ ਹੋ ਜਾਣ। ਲਖ ਵੀਸ- 20-20 ਲੱਖ।

ਅਰਥ : ਇੱਕ (ਜੀਭ) ਤੋਂ ਜੇਕਰ ਲੱਖ ਜੀਭਾਂ ਹੋ ਜਾਣ ਤੇ ਲੱਖ ਤੋਂ 20 ਲੱਖ ਭੀ ਹੋ ਜਾਣ।

ਲਖੁ ਲਖੁ ਗੇੜਾ ਆਖੀਅਹਿ; ਏਕੁ ਨਾਮੁ ਜਗਦੀਸਉਚਾਰਨ : ਆਖੀਅਹਿਂ, ਜਗਦੀਸ਼।

ਪਦ ਅਰਥ : ਲਖੁ ਲਖੁ ਗੇੜਾ- (ਇਨ੍ਹਾਂ 20 ਲੱਖ ’ਚੋਂ ਹਰ ਇੱਕ ਜੀਭ ਨਾਲ਼) ਲੱਖ ਲੱਖ ਵਾਰੀ। ਆਖੀਅਹਿ- ਆਖਣਾ ਕਰੀਏ ਭਾਵ ਜੇ ਆਖਣ ਦਾ ਯਤਨ ਕਰੀਏ। ਏਕੁ ਨਾਮੁ ਜਗਦੀਸ- ਜਗਤ ਦੇ ਈਸ਼ਵਰ (ਦਾਤਾਰ-ਪਿਤਾ, ਜੋ ‘‘ਸਭਨਾ ਜੀਆ ਕਾ ਇਕੁ ਦਾਤਾ.. ’’ ਹੈ, ‘‘ਆਦਿ ਸਚੁ ਜੁਗਾਦਿ ਸਚੁ’’ ਹੈ) ਦੇ ਕੇਵਲ ਨਾਮ ਨੂੰ ਭਾਵ ਕੇਵਲ ਗੁਣਾਂ ਨੂੰ।

ਅਰਥ : (20 ਲੱਖ ਜੀਭਾਂ ’ਚੋਂ ਹਰੇਕ ਜੀਭ ਨਾਲ਼) ਲੱਖ-ਲੱਖ ਵਾਰੀ ਕੇਵਲ ਜਗਤ-ਪਿਤਾ ਦੇ ਨਾਮ ਨੂੰ ਜਪਦੇ ਰਹੀਏ (ਤਾਂ ਭੀ ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ। ਜਦ ਅੰਤ ਨਹੀਂ ਪੈਂਦਾ ਤਾਂ ਅੰਤ ਪਾਉਣਾ ਭੀ ਕਾਹਦੇ ਲਈ ਹੈ; ਉਸ ਵਿੱਚ ਅਭੇਦ ਹੋਣਾ ਹੈ)

ਏਤੁ ਰਾਹਿ ਪਤਿ ਪਵੜੀਆ; ਚੜੀਐ, ਹੋਇ ਇਕੀਸਉਚਾਰਨ : ਰਾਹ, ਪਵੜੀਆਂ।

ਪਦ ਅਰਥ : ਏਤੁ ਰਾਹਿ- ਇਸ (ਭਾਵ ‘ਪਤਿ ਪਵੜੀਆ’ ਵਾਲ਼ੇ) ਪੈਂਡੇ ਵਿੱਚ, ਮਾਰਗ ਉੱਤੇ। ਪਤਿ ਪਵੜੀਆ- ਖ਼ਸਮ ਨੂੰ ਮਿਲਣ ਵਾਲ਼ੀਆਂ ਪਉੜੀਆਂ। ਚੜੀਐ- ਚੜ੍ਹਨਾ ਬਣਦਾ ਹੈ, ਜੇ ਚੜ੍ਹ ਜਾਈਏ। ਹੋਇ ਇਕੀਸ- ਇੱਕ-ਮਿੱਕ ਹੋ ਜਾਈਦਾ ਹੈ, ਅਭੇਦ ਹੋ ਜਾਈਦਾ ਹੈ।

ਅਰਥ : ਖ਼ਸਮ ਨੂੰ ਪਾਉਣ ਵਾਲ਼ੇ ਇਸ ਮਾਰਗ ਉੱਤੇ ਜੇ ਚੜ੍ਹ ਜਾਈਏ ਤਾਂ (ਉਸ ਵਿੱਚ) ਅਭੇਦ ਹੋ ਜਾਈਦਾ ਹੈ।

ਨੋਟ : ਇਸ ਤੁਕ ਦੀ ਮਿਸਾਲ ਨਾਲ਼ ਅਕਸਰ ਬਹੁਤੇ ਪਾਠ ਕਰਨ ਜਾਂ ਬਹੁਤਾ ਸਿਮਰਨ ਕਰਨ ਨੂੰ ਗ਼ਲਤ ਠਹਿਰਾਇਆ ਜਾਂਦਾ ਹੈ ਜਦ ਕਿ ਇੱਥੇ ਐਸਾ ਕੋਈ ਸੰਕੇਤ ਨਹੀਂ ਮਿਲਦਾ। ‘ਜਪੁ’ ਬਾਣੀ ਦਾ ਅਰੰਭ ਤੋਂ ਚੱਲਦਾ ਪਉੜੀ-ਪ੍ਰਸੰਗ ਨਾ ਸਮਝਣ ਕਾਰਨ ਐਸੀ ਗ਼ਲਤੀ ਹੁੰਦੀ ਹੈ। ਵੈਸੇ ਸਿਮਰਨ ਕਰਨ ਬਾਰੇ ਗੁਰੂ ਉਪਦੇਸ਼ ਹੈ, ‘‘ਲਾਖ ਜਿਹਵਾ ਦੇਹੁ ਮੇਰੇ ਪਿਆਰੇ ! (ਤਾਂ ਜੋ) ਮੁਖੁ ਹਰਿ ਆਰਾਧੇ ਮੇਰਾ, ਰਾਮ  !’’ (ਮਹਲਾ /੭੮੧)

ਸੁਣਿ, ਗਲਾ ਆਕਾਸ ਕੀ; ਕੀਟਾ ਆਈ ਰੀਸਉਚਾਰਨ : ਗੱਲਾਂ, ਆਕਾਸ਼, ਕੀਟਾਂ।

ਪਦ ਅਰਥ : ਸੁਣਿ- ਸੁਣ ਕੇ। ਆਕਾਸ ਕੀ- ਪੁਲਾੜ ਕੀ, ਅਲੌਕਿਕ ਦਾਤਾਰ ਦੀ। ਕੀਟਾ- ਛੋਟੇ ਕੀੜਿਆਂ ਨੂੰ, ਮਾਇਆ ਗ੍ਰਸਤ ਲੋਕਾਂ ਦੇ ਹਿਰਦੇ ’ਚ। ਰੀਸ- (ਉਸ ਵਰਗਾ ਬਣਨ ਦੀ) ਭਾਵਨਾ, ਚਾਹਤ।

ਅਰਥ : (ਗੁਰੂ ਤੋਂ) ਦਾਤਾਰ-ਪਿਤਾ ਦੀ ਮਹਿਮਾ ਕਰਨੀ ਸਮਝ ਕੇ ਮਾਇਆ ਗ੍ਰਸਤ ਮਨੁੱਖਾਂ ਅੰਦਰ ਭੀ (ਉਸ ਵਰਗਾ ਬਣਨ ਦੀ) ਚਾਹਤ ਜਾਗ ਪੈਂਦੀ ਹੈ।

ਨਾਨਕ  ! ਨਦਰੀ ਪਾਈਐ; ਕੂੜੀ ਕੂੜੈ ਠੀਸ ੩੨

ਪਦ ਅਰਥ : ਨਦਰੀ- (ਦਾਤਾਰ-ਪਿਤਾ ਦੀ) ਦਇਆ-ਦ੍ਰਿਸ਼ਟੀ ਨਾਲ਼, ਰਹਿਮ ਦਿਲ ਕਾਰਨ, ਮਿਹਰਬਾਨੀ ਨਾਲ਼। ਪਾਈਐ- ਪਾਈਦੀ ਹੈ, ਪਾਈ ਜਾਂਦੀ ਹੈ, ਮਿਲਦੀ ਹੈ। ਕੂੜੀ ਠੀਸ- ਝੂਠੀ ਗੱਪ, ਕੋਰੀ ਕਲਪਨਾ। ਕੂੜੈ- ਝੂਠੇ (ਮਨੁੱਖ) ਦੀ ਯਾਨੀ ਜੋ ਸੋਚਦਾ ਹੈ ਕਿ ਮਾਲਕ ਦੀ ਰਹਿਮ ਦਿਲੀ ਤੋਂ ਬਿਨਾਂ ਸਭ ਕੁੱਝ ਹਾਸਲ ਕੀਤਾ ਜਾ ਸਕਦਾ ਹੈ।

ਅਰਥ : (ਪਰ) ਹੇ ਨਾਨਕ  ! (ਇਹ ਮੁਕਾਮ; ਮਾਲਕ ਦੀ) ਮਿਹਰ ਨਾਲ਼ ਮਿਲਦਾ ਹੈ (ਜੋ ਖ਼ੁਦ ਹਾਸਲ ਕਰਨਾ ਚਾਹੇ ਉਸ) ਝੂਠੇ ਬੰਦੇ ਦੀ ਹਰ ਗੱਲ; ਕੋਰੀ ਕਲਪਨਾ ਹੈ, ਮਨਮਤ ਹੈ।

ਵਿਚਾਰ : ਅਸ਼ਰਧਕ ਜਾਂ ਨਾਸਮਝ ਸਿੱਖ; ਅਕਸਰ ਜੀਵਨ ਘਾੜਤ ਲਈ ਮਨੁੱਖ ਨੂੰ ਦੋਸ਼ੀ ਠਹਿਰਾਉਂਦੇ ਹਨ। ਉਕਤ ਪਉੜੀ ਦੇ ਅੰਤ ’ਚ ਉਨ੍ਹਾਂ ਨੂੰ ਗੱਪੀ ਐਲਾਨਿਆ ਹੈ। ਦਰਅਸਲ ਗੁਰਬਾਣੀ ਮਨੁੱਖ ਨੂੰ ਆਪਾ ਨਾ ਪਹਿਚਾਨਣ ਲਈ ਦੋਸ਼ੀ ਮੰਨਦੀ ਹੈ। ਜਿਸ ਨੇ ਆਪਣੀ ਮੈਲ਼ ਵੇਖ ਲਈ ਉਹ ਦਾਤਾਰ-ਪਿਤਾ ਦਾ ਸਿਮਰਨ ਕਰਦਾ ਹੈ ਤਾਂ ਕਿ ਉਸ ਦੀ ਕਿਰਪਾ ਨਾਲ਼ ਮੈਲ਼ ਮੁਕਤ ਹੋਇਆ ਜਾ ਸਕੇ। ਕੂੜ ਦੀ ਪਾਲ (ਕੰਧ) ਢਹਿ ਢੇਰੀ ਹੋ ਜਾਵੇ।

15ਵੀਂ ਪਉੜੀ ’ਚ ਵਿਚਾਰਿਆ ਗਿਆ ਸੀ ਕਿ ‘ਗੁਰੂ ਸਿੱਖਿਆ ਨੂੰ ਸੁਣਨਾ; ਗਿਆਨਖੰਡ ਹੈ ਅਤੇ ਮੰਨਣਾ; ਸਰਮਖੰਡ ਹੈ; ਉਸੇ ਤਰ੍ਹਾਂ ਇੱਥੇ 32ਵੀਂ ਪਉੜੀ ’ਚ ਬਿਆਨ ਕੀਤੀ ਮਿਹਰ ਭਰਪੂਰ (ਨਦਰੀ ਪਾਈਐ) ਅਵਸਥਾ ਨੂੰ 37ਵੀਂ ਪਉੜੀ ’ਚ ‘ਕਰਮਖੰਡ’ ਕਿਹਾ ਹੈ ਤੇ ਅਗਾਂਹ 33ਵੀਂ ਪਉੜੀ ਦਾ ਵਿਸਾ (ਆਖਣਿ ਜੋਰੁ; ਚੁਪੈ ਨਹ ਜੋਰੁ ..੩੩); ਅਗਾਂਹ 37ਵੀਂ ਪਉੜੀ ਦਾ ‘ਸਚਖੰਡਿ’ ਹੈ। ਇਸ ਲਈ ਹੁਣ 33ਵੀਂ ਪਉੜੀ ਦੇ ਅਰਥ ਵਿਚਾਰਨ ਤੋਂ ਪਹਿਲਾਂ ਸੰਖੇਪ ਜਿਹਾ ਸਮੁੱਚੇ ‘ਜਪੁ’ ਸਾਹਿਬ ਨੂੰ ਮੁੜ ਇਉਂ ਸਮਝਣਾ ਜ਼ਰੂਰੀ ਹੈ :

(1). ਪਹਿਲੀ ਪਉੜੀ ’ਚ ਨਿਰੇ ਸਰੀਰ ਨਾਲ਼ ਸਬੰਧ ਕਰਮ (ਜਿਵੇਂ ਕਿ ਤੀਰਥ ਇਸ਼ਨਾਨ, ਮੌਨ ਵਰਤ, ਮਾਇਆ ਤ੍ਰਿਸ਼ਨਾ ਆਦਿ) ਦੀ ਮਿਸਾਲ ਨਾਲ਼ ਮਨ ਅੰਦਰਲੀ ‘ਕੂੜ ਦੀ ਪਾਲਿ’ ਤੋਂ ਜਗਿਆਸੂ ਨੂੰ ਚੇਤੇ ਕਰਾਇਆ ਹੈ। ਦਰਅਸਲ ਇਹ ਮੈਲ਼; ਜਨਮ ਜਨਮ ਦੀ ਮੈਲ਼ ਹੈ; ਜਿਵੇਂ ਕਿ ਵਾਕ ਹੈ ‘‘ਜਨਮ ਜਨਮ ਕੀ ਇਸੁ ਮਨ (ਅੰਤਹਿਕਰਣ) ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ’’ (ਮਹਲਾ /੬੫੧), ਜੋ ਮਾਲਕ ਦੇ ਹੁਕਮ ’ਚ ਲੱਗਦੀ ਹੈ; ਜਿਵੇਂ ਕਿ ਬਚਨ ਹਨ, ‘‘ਸਭੇ ਬੁਧੀ, ਸੁਧਿ ਸਭਿ; ਸਭਿ ਤੀਰਥ, ਸਭਿ ਥਾਨ ਸਭਿ ਪਾਤਿਸਾਹੀਆ, ਅਮਰ ਸਭਿ; ਸਭਿ ਖੁਸੀਆ ਸਭਿ ਖਾਨ ਸਭੇ ਮਾਣਸ, ਦੇਵ ਸਭਿ; ਸਭੇ ਜੋਗ ਧਿਆਨ ਸਭੇ ਪੁਰੀਆ, ਖੰਡ ਸਭਿ; ਸਭੇ ਜੀਅ ਜਹਾਨ ਹੁਕਮਿ (’) ਚਲਾਏ ਆਪਣੈ; ਕਰਮੀ ਵਹੈ ਕਲਾਮ ਨਾਨਕ ! ਸਚਾ ਸਚਿ ਨਾਇ; ਸਚੁ ਸਭਾ ਦੀਬਾਨੁ ’’ (ਮਹਲਾ /੧੨੪੧) ਅਰਥ : ਸਾਰੀਆਂ ਅਕਲਾਂ, ਸਾਰੀਆਂ ਸਫਲਤਾਵਾਂ, ਸਾਰੇ ਤੀਰਥ (ਆਦਿਕ), ਚੰਗੀਆਂ-ਮੰਦੀਆਂ ਸਾਰੀਆਂ ਥਾਵਾਂ, ਸਾਰੇ ਬਾਦਿਸ਼ਾਹ, ਸਾਰੀਆਂ ਹਕੂਮਤਾਂ, ਸਾਰੇ ਚੋਜ ਤੇ ਸਾਰੇ ਖਾਣ-ਪਾਣ, ਸਾਰੇ ਮਨੁੱਖ (ਆਦਿ), ਸਾਰੇ ਦੇਵਤੇ (ਆਦਿ), ਸਾਰੇ ਜੋਗੀਆਂ ਦੁਆਰਾ ਲਗਾਏ ਜਾਂਦੇ ਧਿਆਨ, ਸਾਰੇ ਲੋਕ (ਭਾਵ ਭਵਨ), ਸਾਰੇ ਦੀਪ ਯਾਨੀ ਕਿ ਸਾਰਾ ਹੀ ਜਹਾਨ/ਜਗਤ; ਉਹ ਦਾਤਾਰ-ਪਿਤਾ ਦੇ ਹੁਕਮ ’ਚ ਚੱਲਦਾ ਹੈ। ਜੋ ਸਥਿਰ ਹੈ, ਉਸ ਦਾ ਨਾਮ ਸਥਿਰ ਹੈ, ਉਸ ਦਾ ਦਰਬਾਰ ਸਥਿਰ ਹੈ ਭਾਵ ਕੀਤੇ ਕੰਮਾਂ ਦਾ ਹਿਸਾਬ-ਕਿਤਾਬ ਅਵੱਸ਼ ਹੋਏਗਾ। ਭਾਵੇਂ ਕਿ ਉਸ ਦੇ ਹੁਕਮ ’ਚ ਚੱਲਦਿਆਂ ਹੋਏ ਚੰਗੇ-ਮੰਦੇ ਕੰਮਾਂ ਦਾ ਫਲ਼; ਹਰ ਜ਼ਿੰਦਗੀ ਲਈ ਅਲੱਗ-ਅਲੱਗ ਮਿਲਦਾ ਹੈ। ਇਹੀ ਹੈ ‘ਸਿਰ ਦਾ ਲੇਖ’; ਜਿਸ ਬਾਰੇ ਗੁਰੂ ਨਾਨਕ ਸਾਹਿਬ ਦੇ ਬੋਲ ਹਨ, ‘‘ਸਰਬ ਜੀਆ ਸਿਰਿ ਲੇਖੁ ਧੁਰਾਹੂ; ਬਿਨੁ ਲੇਖੈ, ਨਹੀ ਕੋਈ ਜੀਉ ’’ (ਮਹਲਾ /੫੯੮) ‘ਧੁਰਾਹੂ’ ਤੋਂ ਭਾਵ ‘ਧੁਰ ਤੋਂ, ਪੈਦਾਇਸ਼ ਤੋਂ’, ਇਸੇ ਨੂੰ ‘ਜਪੁ’ ਬਾਣੀ ਦੀ ਪਹਿਲੀ ਪਉੜੀ ’ਚ ‘ਲਿਖਿਆ ਨਾਲਿ’ ਕਿਹਾ ਹੈ।

ਗੁਰਬਾਣੀ ਦਾ ਉਕਤ ਫ਼ਲਸਫ਼ਾ; ‘ਸਚਖੰਡ’ ਵਾਲ਼ਾ ਅਨੁਭਵ ਹੈ, ਅਹਿਸਾਸ ਹੈ ਕਿਉਂਕਿ ਇੱਥੇ ਜਿਸ ਨੂੰ ਸਰਬ ਸ਼ਕਤੀਮਾਨ ਕਿਹਾ ਹੈ ‘‘ਜਿਸੁ ਹਥਿ ਜੋਰੁ, ਕਰਿ ਵੇਖੈ ਸੋਇ ਨਾਨਕ  ! ਉਤਮੁ ਨੀਚੁ ਕੋਇ ੩੩’’ ਉਸੇ ਦੇ ਹੁਕਮ ’ਚ ਚੱਲਦੇ ਸੰਸਾਰ ਬਾਰੇ 37ਵੀਂ ਪਉੜੀ ’ਚ ਕਿਹਾ ‘‘ਤਿਥੈ, ਲੋਅ ਲੋਅ ਆਕਾਰ ਜਿਵ ਜਿਵ ਹੁਕਮੁ; ਤਿਵੈ ਤਿਵ ਕਾਰ ..੩੭’’

ਸੋ ਜਿਸ ਸਚਿਆਰ ਬਣਨ ਅਤੇ ਕੂੜ ਦੀ ਪਾਲਿ ਢਾਹੁਣ ਬਾਬਤ ਸਵਾਲ ਸੀ ‘‘ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ ? ’’ ਤੇ ਓਥੇ ਜਵਾਬ ਸੀ ‘‘ਹੁਕਮਿ ਰਜਾਈ ਚਲਣਾ.. ’’ ਉਸੇ ਸਚਿਆਰੁ (ਹੁਕਮ ਦੇ ਮਾਲਕ ਤੇ ਹੁਕਮ) ਦੀ ਵਿਆਖਿਆ ਚੌਥੀ ਪਉੜੀ ’ਚ ਹੈ ‘‘ਨਾਨਕ  ! ਏਵੈ ਜਾਣੀਐ; ਸਭੁ ਆਪੇ ਸਚਿਆਰੁ ’’ ਯਾਨੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰੰਭ (ਭਾਵ ਜਪੁ ਜੀ ਦੀ ਪਹਿਲੀ ਪਉੜੀ) ’ਚ ਸੰਖੇਪ ਜਿਹੇ ਕਰਮਕਾਂਡ ਦੇ ਹਵਾਲੇ ਨਾਲ਼ ਜੀਵਨ ਦਾ ਰਹੱਸ ਇੱਕ ਸਵਾਲ-ਜਵਾਬ ਰਾਹੀਂ ਸਪਸ਼ਟ ਕੀਤਾ। ਉਸ ਦੀ ਵਿਆਖਿਆ ‘ਸਚਖੰਡਿ’ ਤੱਕ ਸੰਪਾਰਨ ਹੋਈ। ਇਹੀ ਪ੍ਰਾਚੀਨ ਧਰਮਾਂ ਨਾਲ਼ੋਂ ਗੁਰਮਤਿ ਦੀ ਵਿਲੱਖਣਤਾ ਹੈ।

(2). 5ਵੀਂ ਤੋਂ 15ਵੀਂ ਪਉੜੀਆਂ ’ਚ ਗੁਰੂ-ਸ਼ਖ਼ਸੀਅਤ ਨੂੰ ਮਾਨਵ ਜਾਤੀ ਵਿੱਚ ਸਰਬੋਤਮ ਮੰਨਿਆ ਹੈ।

(3). 15ਵੀਂ ਤੋਂ 33ਵੀਂ ਪਉੜੀਆਂ ’ਚ ਕੁਦਰਤ ਦੀ ਵਿਸ਼ਾਲਤਾ ਦੇ ਹਵਾਲੇ ਨਾਲ਼ ਨੂੰ ਭਿੰਨ ਭਿੰਨ ਨਾਂਵਾਂ ਨਾਲ਼ ਸੰਬੋਧਨ ਕਰ ਉਨ੍ਹਾਂ ਦੀ ਮਹਿਮਾ ਕੀਤੀ ਗਈ ਹੈ।

(4). 34ਵੀਂ ਤੋਂ 37ਵੀਂ ਪਉੜੀ ’ਚ ਗੁਰਮਤਿ ’ਚੇ ਅਮਲ ਵਾਲ਼ੇ ਸਿੱਖ-ਕਿਰਦਾਰ ਨੂੰ ਪੰਜ ਪੜਾਅ/ਸ਼੍ਰੇਣੀਆਂ ’ਚ ਵੰਡਿਆ ਹੈ।

ਉਕਤ ਵਿਸ਼ਾ-ਵੰਡ ਅਨੁਸਾਰ ਹੁਣ ਅਗਾਂਹ 33ਵੀਂ ਪਉੜੀ; ਇਸ ਨੰਬਰ 3 ਵਿਸ਼ਾ-ਵੰਡ ਦੇ ਅੰਤ ’ਚ ਹੋਣ ਕਾਰਨ ਸਚਖੰਡ ਨਾਲ਼ ਸਬੰਧਿਤ ਹੈ; ਜਿਵੇਂ ਕਿ

ਆਖਣਿ ਜੋਰੁ, ਚੁਪੈ ਨਹ ਜੋਰੁਜੋਰੁ ਮੰਗਣਿ, ਦੇਣਿ ਜੋਰੁ ਉਚਾਰਨ : ਜ਼ੋਰ।

ਪਦ ਅਰਥ : ਆਖਣਿ- ਕਹਿਣ ਵਿੱਚ, ਵੱਧ ਬੋਲਣ ’ਚ, ਬੜਬੋਲਾ ਹੋਣ ’ਚ (ਜਿਵੇਂ ਕਿ ਪਿਛਾਂਹ ਵਾਕ ਸੀ ‘‘ਜੇ ਕੋ ਆਖੈ ਬੋਲੁਵਿਗਾੜੁ ’’)। ਜੋਰੁ- ਤਾਕਤ, ਸਮਰੱਥਾ, ਪਾਇਆਂ (ਜਿਵੇਂ ਕਿ ਪਿਛਾਂਹ ਵਾਕ ਸੀ, ‘‘ਕੁਦਰਤਿ ਕਵਣ ਕਹਾ ਵੀਚਾਰੁ  ?’’)। ਚੁਪੈ- ਮੌਨ ਧਾਰਨ ’ਚ, ਘੱਟ ਬੋਲਣ ’ਚ (ਜਿਵੇਂ ਕਿ ਪਿਛਾਂਹ ਵਾਕ ਸਨ, ‘‘ਚੁਪੈ ਚੁਪ ਹੋਵਈ, ਅਸੰਖ ਮੋਨਿ; ਲਿਵ ਲਾਇ ਤਾਰ ’’)। ਮੰਗਣਿ- ਮੰਗਣ ਵਿੱਚ, ਬੋਲਣ ਵਿੱਚ (ਜਿਵੇਂ ਕਿ ਪਿਛਾਂਹ ਵਾਕ ਸੀ, ‘‘ਆਖਹਿ ਮੰਗਹਿ ਦੇਹਿ ਦੇਹਿ’’)। ਦੇਣਿ- ਦੇਣ ਵਿੱਚ (ਨੋਟ : ਇਸ ਪਉੜੀ ’ਚ ‘ਣਿ’ ਅੰਤ ਵਾਲ਼ੇ ਸਾਰੇ ਸ਼ਬਦ ਕਿਰਦੰਤ, ਨਾਂਵ ਹਨ, ਨਾ ਕਿ ਬਹੁ ਵਚਨ ਕਿਰਿਆ ‘ਕਹਨਿ, ਆਖਹਿ’)

ਅਰਥ : ਜਿਆਦਾ ਬੋਲਣ ’ਚ ਜਾਂ ਘੱਟ ਬੋਲਣ (ਮੌਨ ਧਾਰਨ) ’ਚ; ਮਨੁੱਖ ਦੀ ਆਪਣੀ ਕੋਈ ਸਮਰੱਥਾ ਨਹੀਂ। (ਮਾਲਕ ਦੇ ਦਰ ਤੋਂ) ਮੰਗਣ ’ਚ (ਜਾਂ ਪ੍ਰਾਪਤ ਹੁੰਦੀਆਂ ਵਸਤੂਆਂ ’ਚੋਂ ਕੁੱਝ ਹੋਰਾਂ ਨੂੰ) ਦੇਣ ’ਚ; ਮਨੁੱਖ ਦੀ ਕੋਈ ਪਾਇਆਂ ਨਹੀਂ ਭਾਵ ਕਰਤਾਰ ਦੇ ਹੁਕਮ ’ਚ ਹੀ ਸਾਰੇ ਬੜਬੋਲ ਹਨ, ਮੌਨਧਾਰੀ ਹਨ, ਮੰਗਣ ਵਾਲ਼ੇ ਹਨ ਤੇ ਹੋਰਾਂ ਨੂੰ ਦੇਣ ਵਾਲ਼ੇ ਹਨ। ਐਸਾ ਹੀ ਵਾਕ ਆਪ ਜੀ ਦਾ ਆਸਾ ਦੀ ਵਾਰ ’ਚ ਹੈ, ‘‘ਸਚੈ ਸਭਿ ਤਾਣਿ; ਸਚੈ ਸਭਿ ਜੋਰਿ .. ਜੋ ਮਰਿ ਜੰਮੇ; ਸੁ ਕਚੁ ਨਿਕਚੁ ’’ (ਮਹਲਾ /੪੬੩) ਭਾਵ ਸਾਰੇ ਬ੍ਰਹਿਮੰਡ ਸੱਚੇ (ਸਦੀਵੀ ਸਥਿਰ) ਦੇ ਜ਼ੋਰ ’ਚ ਹਨ, ਹੁਕਮ ’ਚ ਹਨ। ਜਿਹੜੇ ਜੰਮਦੇ ਮਰਦੇ ਹਨ ਉਹ ਸਥਿਰ ਨਹੀਂ, ਕੱਚੇ ਹਨ, ਕੂੜੀ-ਮਾਇਆ ਦੇ ਆਸ਼ਕ ਹਨ, ਨਾ ਕਿ ਸੱਚੇ ਦੇ।

ਵਿਚਾਰ : ਗੁਰਬਾਣੀ ਵਿਆਕਰਨ ਅਨੁਸਾਰ ਕਿਸੇ ਕਿਰਿਆ ਵਾਚੀ ਸ਼ਬਦ ਦੇ ਅੰਤ ’ਚ ‘ਨਿ’ ਜਾਂ ‘ਹਿ’ ਹੋਵੇ ਤਾਂ ਉਹ ਸ਼ਬਦ; ਬਹੁ ਵਚਨ ਹੁੰਦੇ ਹਨ; ਜਿਵੇਂ ਕਿ ‘‘ਗਾਵਨਿ ਜਤੀ ਸਤੀ ਸੰਤੋਖੀ; ਗਾਵਹਿ ਵੀਰ ਕਰਾਰੇ ॥’’ ਇੱਥੇ ‘ਗਾਵਨਿ/ਗਾਵਹਿ’ ਬਹੁ ਵਚਨ ਕਿਰਿਆਵਾਂ ਹਨ। ਦੋਹਾਂ ਦਾ ਅਰਥ ਹੈ ‘ਗਾਉਂਦੇ ਹਨ’, ਪਰ ਜੇ ਅੰਤ ’ਚ ‘ਨਿ’ ਦੀ ਥਾਂ ‘ਣਿ’ ਹੋਵੇ ਤਾਂ ਉਹ ਭਾਵਾਰਥ ਕਿਰਦੰਤ (ਨਾਂਵ) ਹਨ; ਜਿਵੇਂ ਕਿ ਇਸ ਪਉੜੀ ’ਚ ‘ਆਖਣਿ, ਮੰਗਣਿ, ਦੇਣਿ, ਜੀਵਣਿ, ਮਰਣਿ’। ਇਨ੍ਹਾਂ ਦੇ ਅਰਥ ਕਰਨ ਵੇਲ਼ੇ ਇੱਕ ਵਚਨ ਪੁਲਿੰਗ ਨਾਂਵ (ਪ੍ਰਸਾਦਿ, ਸਿਮਰਨਿ, ਮਨਿ) ਵਾਲ਼ੇ ਨਿਯਮ ਹੀ ਲਾਗੂ ਹੁੰਦੇ ਹਨ; ਜਿਵੇਂ ਕਿ ਸਬਦਿ-ਸ਼ਬਦ ਵਿੱਚ (ਨਾਂਵ), ਸਿਮਰਨਿ- ਸਿਮਰਨ ਨਾਲ਼ (ਨਾਂਵ), ਆਖਣਿ-ਆਖਣ ਨਾਲ਼ (ਭਾਵਾਰਥ ਕਿਰਦੰਤ), ਮੰਗਣਿ- ਮੰਗਣ ਵਿੱਚ (ਭਾਵਾਰਥ ਕਿਰਦੰਤ), ਦੇਣਿ- ਦੇਣ ਵਿੱਚ (ਭਾਵਾਰਥ ਕਿਰਦੰਤ)।

ਨਾਂਵ ਅਤੇ ਕਿਰਦੰਤ ’ਚ ਇਹੀ ਅੰਤਰ ਹੈ ਕਿ ਕਿਰਦੰਤ ’ਚ ਧਾਤੁ ਹੁੰਦਾ ਹੈ; ਜਿਵੇਂ ਕਿ ‘ਆਖਣਿ, ਮੰਗਣਿ, ਦੇਣਿ’ ’ਚ ਧਾਤੁ ਹਨ ‘ਆਖ, ਮੰਗ, ਦੇ’। ਇਨ੍ਹਾਂ ਧਾਤੂਆਂ ਤੋਂ ਕਾਲ ਨਾਲ਼ ਸਬੰਧਿਤ ਬਣੇ ਸ਼ਬਦ ‘ਕਿਰਿਆ’ ਹੁੰਦੇ ਹਨ; ਜਿਵੇਂ ਗਾਉਂਦਾ ਸੀ, ਗਾਉਂਦਾ ਹੈ, ਗਾਵੇਗਾ’।

ਜੋਰੁ ਜੀਵਣਿ; ਮਰਣਿ ਨਹ ਜੋਰੁਜੋਰੁ ਰਾਜਿ ਮਾਲਿ; ਮਨਿ ਸੋਰੁਉਚਾਰਨ : ਜ਼ੋਰ, ਸ਼ੋਰ।

ਪਦ ਅਰਥ : ਜੀਵਣਿ- (ਲੰਬਾ) ਜੀਵਨ ਵਿੱਚ (ਜਿਵੇਂ ਕਿ ਪਿਛਾਂਹ ਵਾਕ ਸੀ ‘‘ਜੇ ਜੁਗ ਚਾਰੇ ਆਰਜਾ..’’)। ਮਰਣਿ- (ਜਲਦੀ) ਮਰਨ ’ਚ, ਆਤਮ ਹੱਤਿਆ ਕਰਨ ’ਚ। ਰਾਜਿ ਮਾਲਿ- ਰਾਜ ਸੱਤਾ ਅਤੇ ਧਨ-ਪਦਾਰਥ (ਜੋੜਨ) ’ਚ। ਮਨਿ- ਮਨ ’ਚ। ਸੋਰ- ਸ਼ੋਰ-ਸ਼ਰਾਬਾ, ਅਹੰਕਾਰ।

ਅਰਥ : ਲੰਬੀ ਉਮਰ ਕਰਨ ’ਚ ਜਾਂ ਜਲਦੀ ਮਰਨ ’ਚ (ਮਨੁੱਖ ਕੋਲ਼) ਕੋਈ ਸਮਰੱਥਾ ਨਹੀਂ। ਲੰਬਾ ਰਾਜ ਭੋਗਣ ’ਚ ਅਤੇ ਬਹੁਤਾ ਧਨ-ਪਦਾਰਥ ਜੋੜਨ ’ਚ ਮਨੁੱਖ ਦੀ ਆਪਣੀ ਪਾਇਆਂ ਨਹੀਂ (ਜਿਨ੍ਹਾਂ ਰਾਹੀਂ) ਮਨ ’ਚ ਅਹੰਕਾਰ ਉਪਜਦਾ ਹੈ।

ਵਿਚਾਰ : 13ਵੀਂ ਪਉੜੀ ‘‘ਮੰਨੈ; ਸੁਰਤਿ ਹੋਵੈ, ਮਨਿ ਬੁਧਿ’’ ਵਿੱਚ ਉੱਚੀ ਸੁਰਤ ਤੇ ਸੁਚੇਤ ਮਨ ਹੋਣ ਦਾ ਜ਼ਿਕਰ ਸੀ, ਜੋ ਮਾਇਆ ਤੋਂ ਨਿਰਮੋਹ ਹੋਣ ਦੀ ਨਿਸ਼ਾਨੀ ਹੈ, ਇਸ ਨਾਲ਼ ਸੰਸਾਰਕ ਬੰਧਨ ਟੁੱਟਦੇ ਹਨ। ਇਸ ਦਾ ਹੀ ਅਗਾਂਹ ਜ਼ਿਕਰ ਹੈ :

ਜੋਰੁ ਸੁਰਤੀ, ਗਿਆਨਿ ਵੀਚਾਰਿਜੋਰੁ ਜੁਗਤੀ, ਛੁਟੈ ਸੰਸਾਰੁ ਉਚਾਰਨ : ਜ਼ੋਰ।

ਪਦ ਅਰਥ : ਸੁਰਤੀ- ਉੱਚੀ ਸੁਰਤ ਕਰਨ ’ਚ, ਧਿਆਨ ਟਿਕਾਉਣ ’ਚ (ਜਿਵੇਂ ਕਿ ਪਿਛਾਂਹ ਵਾਕ ਸੀ ‘‘ਮੰਨੈ; ਸੁਰਤਿ ਹੋਵੈ, ਮਨਿ ਬੁਧਿ’’)। ਗਿਆਨਿ- ਗੁਰੂ ਗਿਆਨ ਰਾਹੀਂ। ਵਿਚਾਰਿ- ਵਿਚਾਰ-ਵਿਚਾਰ ਕੇ, ਵਿਚਾਰ ਕਰ ਕਰ ਕੇ, ਸਵੈ ਪੜਚੋਲ ਕਰਕੇ। ਜੁਗਤੀ- ਸੁਚੱਜੀ ਮਰਿਆਦਾ (ਧਾਰਨ ਕਰਨ) ’ਚ, ਚੰਗੀ ਰਹਿਣੀ (ਬਣਾਉਣ) ’ਚ (ਜਿਵੇਂ ਕਿ ਪਿਛਾਂਹ ਵਾਕ ਸੀ, ‘‘ਸੁਣਿਐ; ਜੋਗ ਜੁਗਤਿ ਤਨਿ ਭੇਦ ’’)। ਸੰਸਾਰੁ- ਸੰਸਾਰਕ ਬੰਧਨ, ਮਾਇਆ ਮੋਹ।

ਅਰਥ : ਗੁਰੂ ਗਿਆਨ ਰਾਹੀਂ ਸਵੈ ਪੜਚੋਲ ਕਰਕੇ ਉੱਚੀ ਸੁਰਤ ਕਰਨ ’ਚ ਤੇ ਚੰਗੀ ਰਹਿਣੀ (ਧਾਰਨ) ’ਚ ਮਨੁੱਖ ਦਾ ਆਪਣਾ ਕੋਈ ਬਲ ਨਹੀਂ ਹੁੰਦਾ (ਜਿਨ੍ਹਾਂ ਗੁਣਾਂ ਕਾਰਨ) ਸੰਸਾਰਕ ਬੰਧਨ ਟੁੱਟਦਾ ਹੈ।

ਜਿਸੁ ਹਥਿ ਜੋਰੁ, ਕਰਿ ਵੇਖੈ ਸੋਇਨਾਨਕ  ! ਉਤਮੁ ਨੀਚੁ ਕੋਇ ੩੩ਉਚਾਰਨ : ਜ਼ੋਰ।

ਪਦ ਅਰਥ : ਜਿਸੁ ਹਥਿ- ਜਿਸ (ਦਾਤਾਰ-ਪਿਤਾ) ਦੇ ਹੱਥ ਵਿੱਚ, ਅਧਿਕਾਰ ਵਿੱਚ। ਜੋਰੁ- ਤਾਕਤ, ਸਮਰੱਥਾ। ਕਰਿ- (ਪੈਦਾ) ਕਰ ਕਰ ਕੇ। ਸੋਇ- ਓਹੀ। ਨਾਨਕ- ਹੇ ਨਾਨਕ ! ਉਤਮੁ ਨੀਚੁ- ਚੰਗਾ- ਮਾੜਾ, ਗੁਣਕਾਰੀ-ਨਿਰਗੁਣ, ਗੁਣਾਂ ਵਾਲ਼ਾ-ਗੁਣਹੀਣ। ਕੋਇ- ਕੋਈ ਭੀ।

ਅਰਥ : ਜਿਸ (ਦਾਤਾਰ) ਦੇ ਅਧਿਕਾਰ ’ਚ (ਗੁਰਮੁਖ/ਮਨਮੁਖ, ਸੰਜੋਗੁ/ਵਿਜੋਗੁ ਬਣਾਨ ਦੀ) ਸਮਰੱਥਾ ਹੈ, ਉਹੀ (ਜਗਤ ਖੇਡ) ਰਚ ਕੇ (ਇਸ ਨੂੰ) ਵਾਚਦਾ ਹੈ, ਸੰਭਾਲ਼ਦਾ ਹੈ। ਹੇ ਨਾਨਕ  ! (ਆਖ ਕਿ ਆਪਣੇ ਆਪ) ਕੋਈ ਭੀ ਚੰਗਾ ਜਾਂ ਮਾੜਾ ਨਹੀਂ ਬਣ ਸਕਦਾ।

ਵਿਚਾਰ : ਉਕਤ 33ਵੀਂ ਪਉੜੀ ਦੀ ਸਮਾਪਤੀ ਤੱਕ ‘ਜਪੁ’ ਜੀ ਦਾ ਦੂਜਾ ਪੜਾਅ ਖ਼ਤਮ ਹੋ ਗਿਆ। ਪਹਿਲਾ ਪੜਾਅ 15ਵੀਂ ਪਉੜੀ ‘‘ਜੇ ਕੋ; ਮੰਨਿ ਜਾਣੈ ਮਨਿ, ਕੋਇ ੧੫’’ ’ਤੇ ਸਮਾਪਤ ਹੋਇਆ ਸੀ।

http://gurparsad.com/jap-pori-no-1-to-3-part-1/

http://gurparsad.com/jap-pori-no-4-to-15-part-2/

http://gurparsad.com/jap-pori-no-16-to-24-part-3/

http://gurparsad.com/jap-pori-no-34-to-last-slok-and-method-of-use-to-nanak-shabad-part-5/

Most Viewed Posts