‘ਜਪੁ’ ਬਾਣੀ ਦੀ ਸੰਖੇਪ ’ਚ ਬਹੁ ਪੱਖੀ ਵਿਚਾਰ (ਭਾਗ 3)

0
1111

ਜਪੁ ਪਉੜੀ 16 ਤੋਂ 24

(ਨੋਟ : ਜੋ ਮਨੁੱਖ ਗੁਰੂ ਸਿੱਖਿਆ ਸੁਣ ਕੇ ਉਸ ਅਨੁਸਾਰ ਆਪਣਾ ਜੀਵਨ ਤਬਦੀਲ ਕਰਨ ’ਚ ਕਾਮਯਾਬ ਹੋ ਗਿਆ ਉਹ ਮਾਇਆ ਦੀ ਪਕੜ ’ਚੋਂ ਅਜ਼ਾਦ ਹੋ ਗਿਆ। ਉਸ ਦਾ ਜੀਵਨ ਸੰਸਾਰਕ ਬੰਧਨਾਂ ਤੋਂ ਸਦਾ ਸੁਚੇਤ (ਅਛੋਹ) ਰਹਿੰਦਾ ਹੈ। ਗੁਰੂ ਨਾਨਕ ਸਾਹਿਬ ਜੀ ਅਜਿਹੇ ਜੀਵਨ ਨੂੰ ‘ਪੰਚ’ ਸ਼ਬਦ ਨਾਲ਼ ਨਿਵਾਜਦੇ ਹਨ।

ਗੁਰਬਾਣੀ ’ਚ ‘ਪੰਚ’ ਤੇ ‘ਪਰਪੰਚ’ ਸ਼ਬਦਾਰਥਾਂ ’ਚ ਬੜਾ ਤੁਲਨਾਤਮਿਕ ਅੰਤਰ ਹੈ; ਜਿਵੇਂ ਕਿ

(1). ‘ਪਰਪੰਚ’ ਦਾ ਅਰਥ ਹੈ, ‘ਢੌਂਗ, ਵਿਖਾਵਾ, ਖਿਲਾਰਾ, ਅਡੰਬਰ, ਆਕਾਰ, ਜਗਤ, ਕੂੜ, ਛਲ-ਕਪਟ’ ਆਦਿ :

ਜਹ ਆਪਿ ਰਚਿਓ; ‘ਪਰਪੰਚੁ ਅਕਾਰੁ’ (ਭਾਵ ਸਮਾਜਿਕ ਖਿਲਾਰਾ)॥ (ਮਹਲਾ ੫, ਪੰਨਾ ੨੯੧)

ਪਪੈ, ਪਾਤਿਸਾਹੁ ਪਰਮੇਸਰੁ; ਵੇਖਣ ਕਉ ‘ਪਰਪੰਚੁ’ (ਸੰਸਾਰ) ਕੀਆ॥ (ਆਸਾ ਪਟੀ, ਮਹਲਾ ੧, ਪੰਨਾ ੪੩੩)

ਬਹੁ ‘ਪਰਪੰਚ’ (ਛਲ-ਕਪਟ) ਕਰਿ (ਕੇ); ਪਰ ਧਨੁ ਲਿਆਵੈ ॥ ਸੁਤ ਦਾਰਾ ਪਹਿ (ਪੁੱਤਰ-ਇਸਤ੍ਰੀ ’ਤੇ); ਆਨਿ (ਲਿਆ ਕੇ) ਲੁਟਾਵੈ ॥ (ਭਗਤ ਕਬੀਰ, ਪੰਨਾ ੬੫੬)

ਪਪੈ, ਪਾਰਿ ਨ ਪਵਹੀ ਮੂੜੇ  ! ‘ਪਰਪੰਚਿ’ (ਸੰਸਾਰ ’ਚ) ਤੂੰ ਪਲਚਿ ਰਹਿਆ (ਫਸ ਗਿਆ) ॥ (ਆਸਾ ਪਟੀ, ਮਹਲਾ ੩, ਪੰਨਾ ੪੩੫), ਆਦਿ।

(2). ‘ਪੰਚ’ ਦਾ ਅਰਥ ਹੈ, ਜੋ ਢੌਂਗੀ ਨਹੀਂ, ਛਲ-ਕਪਟੀ ਨਹੀਂ, ਕੂੜ ਤੇ ਸੰਸਾਰਕ ਮਲ਼ੀਨਤਾ ਤੋਂ ਅਛੋਹ ਹੈ ਭਾਵ ਨਿਰਾਕਾਰ ਵਾਙ ਨਿਰਮਲ ਹੈ, ਪਰਪੰਚ (ਜਗਤ ਖਿਲਾਰੇ ਦੀ ਪਕੜ) ਤੋਂ ਸੁਚੇਤ ਹੈ; ਜਿਵੇਂ ਕਿ

ਪੰਚਮਿ, ਪੰਚ ਪ੍ਰਧਾਨ ਤੇ; ਜਿਹ ਜਾਨਿਓ ਪਰਪੰਚੁ (ਮਹਲਾ , ਪੰਨਾ ੨੯੭)  ਭਾਵ ਜਿਨ੍ਹਾਂ ਨੇ ਜਗਤ ਫ਼ਰੇਬ ਨੂੰ ਜਾਣ ਲਿਆ, ਮਾਇਆਵੀ ਖੇਡ ਦੀ ਅਸਲੀਅਤ ਸਮਝ ਲਈ, ਅਸਲ ’ਚ ਉਹੀ ਤੱਤਵੇਤਾ ਪੰਚ ਜਨ (ਇੱਥੇ) ਪ੍ਰਧਾਨ ਹਨ (ਬਾਕੀ ਤਾਂ ਸਭ ਖ਼ਾਕ ਛਾਣ ਰਹੇ ਹਨ)।

ਜਪੁ ਬਾਣੀ ’ਚ ਅਗਾਂਹ ਪਉੜੀ ਨੰਬਰ 16 ਤੋਂ 31 ਤੱਕ ‘‘ਪੰਚਾ ਕਾ ਗੁਰੁ ਏਕੁ ਧਿਆਨੁ ’’ ਵਚਨਾਂ ਅਨੁਸਾਰ ਵਿਚਰਨ ਵਾਲ਼ੀ ਪੰਚ ਬਿਰਤੀ ਨਿਰਾਕਾਰ ਮਾਲਕ ਦੇ ਰੂ-ਬਰੂ ਸੰਵਾਦ (ਵਿਚਾਰ-ਵਟਾਂਦਰਾ) ਕਰਦੀ, ਦਰਸਾਈ ਗਈ ਹੈ। ਅਕਾਲ ਪੁਰਖ ਦੇ ਸਨਮੁਖ ਹੋ ਕੇ ਉਸ ਦੇ ਗੁਣ ਗਾਉਣਾ ਹੀ ‘ਜਪੁ’ (ਸਿਮਰਨ) ਹੈ, ਜੋ ਕਿ ਇਸ ਬਾਣੀ ਦਾ ਨਾਂ, ਸਿਰਲੇਖ ਵੀ ਹੈ।)

ਪੰਚ ਪਰਵਾਣ, ਪੰਚ ਪਰਧਾਨੁ ਪੰਚੇ ਪਾਵਹਿ, ਦਰਗਹਿ ਮਾਨੁ      ਉਚਾਰਨ : ਪਾਵਹਿਂ, ਦਰਗਹ।

ਅਰਥ :  (ਗੁਰ ਸ਼ਬਦ ਦੀ ਕੀਤੀ ਕਮਾਈ ਨਾਲ਼ ਬਣੇ) ਪੰਚ-ਜਨ; (ਰੱਬੀ) ਇਨਸਾਫ਼ ਘਰ (ਦਰਗਹਿ) ’ਚ ਕਬੂਲ ਹੁੰਦੇ ਹਨ, ਸਤਿਕਾਰ ਪਾਂਦੇ ਹਨ ਕਿਉਂਕਿ ਉਹ ਵਿਕਾਰਾਂ ਦੇ ਮੁਕਾਬਲੇ ਪ੍ਰਧਾਨ (ਅਜਿੱਤ) ਹੁੰਦੇ ਹੋਏ, ਹਰ ਜਗ੍ਹਾ ਕਬੂਲਣਯੋਗ ਹਨ।

(ਨੋਟ : ਵਿਸ਼ਾ ਲੜੀ ਮੁਤਾਬਕ ਦਰਗਹਿ ਮਾਨੁ ਤੋਂ ਭਾਵ ਸਚੁ ਪ੍ਰਤੀ ਦ੍ਰਿੜ੍ਹਤਾ ਦੀ ਪਰਖ-ਪੜਚੋਲ ਸਥਾਨ ਜਾਂ ਇਨਸਾਫ਼ ਦਾ ਮੁੱਲ ਪੈਣ ਵਾਲ਼ੀ ਜਗ੍ਹਾ ’ਚ ਇੱਜ਼ਤ ਮਿਲਣਾ, ਅਰਥ ਵਧੇਰੇ ਢੁੱਕਦੇ ਹਨ, ਜਿੱਥੇ ਸ਼ਹੀਦੀ ਦਿੰਦਿਆਂ ਵੀ ‘‘ਤੂੰ ਹੀ ਤੂੰ ਹੀ ਮੋਹਿਨਾ (ਹੇ ਮੋਹਨ !) ’’ (ਮ: ੫, ਪੰਨਾ ੪੦੭) ਜ਼ਬਾਨ ’ਚੋ ਨਿਕਲੇ।)

ਪੰਚੇ ਸੋਹਹਿ, ਦਰਿ ਰਾਜਾਨੁ ਪੰਚਾ ਕਾ; ਗੁਰੁ ਏਕੁ, ਧਿਆਨੁ  ਉਚਾਰਨ : ਸੋਹਹਿਂ, ਪੰਚਾਂ।

ਅਰਥ : ਪੰਚ-ਜਨ; ਦੁਨਿਆਵੀ ਰਾਜਿਆਂ ਦੇ ਦਰ ਉੱਤੇ ਸ਼ੋਭਦੇ ਹਨ ਕਿਉਂਕਿ ਉਨ੍ਹਾਂ ਦਾ ਧਿਆਨ ਕੇਵਲ ਗੁਰ ਸ਼ਬਦ ਵੱਲ ਹੈ (ਭਾਵ ਉਹ ਸਮਾਜਿਕ ਹਿਤਕਾਰੀ ਹੁੰਦੇ ਹਨ, ਨਾ ਕਿ ਕਿਸੇ ਲਾਲਸਾ ਅਧੀਨ ਰਾਜ ਸੱਤਾ ਲਈ ਖ਼ਤਰਾ)।

ਜੇ, ਕੋ ਕਹੈ; ਕਰੈ ਵੀਚਾਰੁ ਕਰਤੇ ਕੈ ਕਰਣੈ, ਨਾਹੀ ਸੁਮਾਰੁ   ਉਚਾਰਨ : ਨਾਹੀਂ, ਸ਼ੁਮਾਰ।

ਅਰਥ :  (ਸਚਾਈ ਤੋਂ ਵਾਕਫ਼ ‘ਪੰਚ-ਜਨ’; ‘ਨਿਰਾਕਾਰ’ ਬਾਰੇ) ਅਗਰ ਕੋਈ ਵਿਚਾਰ ਦਿੰਦਾ ਹੈ (ਤਾਂ ਕੇਵਲ ਇੰਨਾ ਕੁ ਕਿ) ਕਰਤਾਰ ਦੀ ਕੁਦਰਤ (ਆਕਾਰ) ਦਾ ਅੰਤ ਨਹੀਂ।

ਧੌਲੁ ਧਰਮੁ, ਦਇਆ ਕਾ ਪੂਤੁ ਸੰਤੋਖੁ, ਥਾਪਿ ਰਖਿਆ, ਜਿਨਿ ਸੂਤਿ

ਅਰਥ :  ਦਇਆ (ਭਾਵ ਰੱਬੀ ਸੁਭਾਅ) ਦਾ ਪੁੱਤਰ (ਪੂਤੁ, ਉਹ) ਨਿਰਮਲ ਨਿਯਮ (ਧੌਲੁ ਧਰਮੁ) ਹੈ, ਜਿਸ ਨੇ ਆਪਣੇ ਸੂਤਿ (ਅਨੁਸ਼ਾਸਨ) ਰਾਹੀਂ (ਮਨੁੱਖੀ ਹਿਰਦੇ ’ਚ) ਸਬਰ ਨੂੰ ਜਨਮ ਦਿੱਤਾ (ਭਾਵ ਸਬਰ-ਸੰਤੋਖ ਦਾ ਮੂਲ ‘ਧਰਮੁ’, ਜਿੱਥੇ ਮਾਯਾ ਤੋਂ ਨਿਰਲੇਪ-ਸੁਤੰਤਰ (ਧੌਲੁ/ਸਫ਼ੈਦ) ਹੈ, ਓਥੇ ਰੱਬੀ ਸੁਭਾਅ ਦਾ ਅੰਗ/ਅੰਸ਼ (ਪੂਤੁ) ਵੀ ਹੈ)।

(ਨੋਟ : ਨੌਕਰ ਲਈ, ਜੋ ਕਿਰਪਾ, ਮਿਹਰ ਹੈ, ਉਹ ਮਾਲਕ ਦਾ ਸੁਭਾਅ ਹੁੰਦਾ ਹੈ।)

ਜੇ, ਕੋ ਬੁਝੈ; ਹੋਵੈ ਸਚਿਆਰੁ ਧਵਲੈ ਉਪਰਿ, ਕੇਤਾ ਭਾਰੁ  ?

ਅਰਥ : ਜੇ ਕੋਈ (ਇਸ ਸਚਾਈ) ਨੂੰ ਸਮਝ ਲਏ ਤਾਂ ਉਹ ‘ਸਚਿਆਰੁ’ (ਭਾਵ ਸਥਾਈ ਰੱਬ ਦਾ ਆਸ਼ਕ) ਬਣ ਜਾਂਦਾ ਹੈ (ਪਰ ਇਸ ਰੱਬੀ ਸਮਝ ਤੋਂ ਬਿਨਾਂ ਕਿਸੇ ਹੋਰ ਨੂੰ ਵੱਡਾ ਆਂਕ ਕੇ ਉਸ ’ਤੇ ਟੇਕ ਬਣੀ ਰਹਿੰਦੀ ਹੈ ਕਿ ਸ਼ਾਇਦ ਇਹੀ ਰੱਬ ਹੈ; ਜਿਵੇਂ ਕਿ ਸਭ ਧਰਤੀਆਂ ਨੂੰ ਚੁੱਕਣ ਵਾਲ਼ੇ) ਬਲ਼ਦ ਉੱਤੇ ਕਿੰਨਾ ਭਾਰ ਹੈ ? (ਨਿਰਮੂਲ ਆਸਥਾ ਬਣ ਗਈ ਭਾਵੇਂ ਕਿ ਇਹ ਸੱਚ ਨਹੀਂ ਕਿਉਂਕਿ)

ਧਰਤੀ ਹੋਰੁ, ਪਰੈ ਹੋਰੁ ਹੋਰੁ ਤਿਸ ਤੇ ਭਾਰੁ; ਤਲੈ ਕਵਣੁ ਜੋਰੁ  ?

ਅਰਥ : ਇੱਕ ਧਰਤੀ (ਹੇਠਾਂ) ਹੋਰ (ਬਲ਼ਦ, ਉਸ ਤੋਂ ਹੇਠਾਂ ਹਰ ਧਰਤੀ) ਹੇਠਾਂ ਇੱਕ ਹੋਰ, ਇੱਕ ਹੋਰ (ਬਲ਼ਦ) ? ਉਸ (ਹੇਠਲੇ ਅੰਤਮ ਬਲ਼ਦ) ਉੱਤੇ (ਉੱਪਰਲਾ ਕਿੰਨਾ) ਭਾਰ  !  (ਤੇ ਫਿਰ ਅੰਤਮ ਬਲ਼ਦ) ਹੇਠਾਂ ਕਿਹੜਾ ਸਹਾਰਾ ਹੈ ?

(ਨੋਟ : ਜਪੁ ਜੀ ਦੇ ਪਉੜੀ ਲੜੀ ਵਿਸ਼ੇ ’ਚ ਧਰਤੀਆਂ ਨੂੰ ਚੁੱਕੀ ਖੜ੍ਹੇ ਕਾਲਪਨਿਕ ਬਲ਼ਦਾਂ ਨੂੰ ਮਿਸਾਲ ਵਜੋਂ ਕਿਉਂ ਲੈਣਾ ਪਿਆ ਜਦਕਿ ਇਸ ਪਉੜੀ ’ਚ ‘ਪੰਚ’ ਪਦ ਵਰਗੇ ਉੱਚੇ ਖ਼ਿਆਲ ਚੱਲ ਰਹੇ ਸਨ, ਇਸ ਦਾ ਕਾਰਨ ਸਮਝਣਾ ਜ਼ਰੂਰੀ ਹੈ।

ਗੁਰਬਾਣੀ ’ਚ ‘ਧੌਲੁ, ਧਉਲੁ (2 ਵਾਰ), ਧਉਲ, ਧਵਲ, ਧਵਲੁ, ਧਵਲੈ’ ਭਾਵ 6 ਸ਼ਬਦ ਸਰੂਪ 7 ਤੁਕਾਂ ’ਚ ਦਰਜ ਹਨ, ਜਿਨ੍ਹਾਂ ’ਚੋਂ 5 ਵਾਰ ਗੁਰੂ ਨਾਨਕ ਸਾਹਿਬ, ਇੱਕ ਵਾਰ ਗੁਰੂ ਅਮਰਦਾਸ ਜੀ ਅਤੇ ਇੱਕ ਵਾਰ ਭੱਟ ਕਲਸਹਾਰ ਜੀ ਨੇ ਗੁਰੂ ਅਮਰਦਾਸ ਜੀ ਦੇ ਪ੍ਰਥਾਇ ਹੀ ਆਪਣੀ ਰਚਨਾ ’ਚ ਸ਼ਾਮਲ ਕੀਤਾ ਹੈ।  ਤਿੰਨ ਵਾਰ ਕੇਵਲ ਜਪੁ ਬਾਣੀ ’ਚ ਹੀ (ਧਵਲ, ਧੌਲ, ਧਵਲੈ) ਦਰਜ ਹਨ, ‘‘ਸੁਣਿਐ; ਧਰਤਿ ਧਵਲ ਆਕਾਸ , ਧੌਲੁ ਧਰਮੁ, ਦਇਆ ਕਾ ਪੂਤੁ ੧੬, ਧਵਲੈ ਉਪਰਿ; ਕੇਤਾ ਭਾਰੁ  ?੧੬’’

ਹਿੰਦੂ ਮਿੱਥ ਅਨੁਸਾਰ ਧਰਤੀ ਨੂੰ ਕਾਲਪਨਿਕ ਚਿੱਟੇ ਬਲ਼ਦ ਨੇ ਆਪਣੇ ਇੱਕ ਸਿੰਗ ਉੱਤੇ ਚੁੱਕਿਆ ਹੈ ਅਤੇ ਜਦ ਉਹ ਸਿੰਗ ਬਦਲਦਾ ਹੈ ਤਾਂ ਭੁਚਾਲ (ਭੂਕੰਪ) ਆਉਂਦਾ ਹੈ।  ਧਰਤੀਆਂ ਅਤੇ ਬਲ਼ਦਾਂ ਦੀ ਗਿਣਤੀ ਲੱਖਾਂ ‘‘ਪਾਤਾਲਾ ਪਾਤਾਲ ਲਖ ਆਗਾਸਾ ਆਗਾਸ   ਓੜਕ ਓੜਕ ਭਾਲਿ ਥਕੇ; ਵੇਦ ਕਹਨਿ ਇਕ ਵਾਤ ੨੨’’ ’ਚ ਹੋਣ ਕਾਰਨ ਇੱਕ ਜਗ੍ਹਾ ਜਾ ਕੇ ਇਹ ਸੰਖਿਆ ਖ਼ਤਮ ਹੋ ਜਾਂਦੀ ਹੈ। ਗੁਰੂ ਨਾਨਕ ਸਾਹਿਬ ਜੀ ਹੇਠਲੇ ਅੰਤਮ ਬਲ਼ਦ ਉੱਤੇ ਉਪਰਲੀਆਂ ਲਖ ਧਰਤੀਆਂ ਅਤੇ ਲਖ ਬਲ਼ਦਾਂ ਦੇ ਬੇਅੰਤ ਭਾਰ ਚੁੱਕਣ ਦੀ ਮਿਸਾਲ ਨਾਲ਼ ਇਸ ਕਲਪਨਿਕ ਸੋਚ ਨੂੰ ਝੂਠਾ ਸਾਬਤ ਕਰਦੇ ਹਨ।

ਸਵਾਲ ਇਹ ਕਿ ਕਾਲਪਨਿਕ ਬਲ਼ਦ ਦੀ ਮਿਸਾਲ ਲੈਣਾ ਕਿਉਂ ਜ਼ਰੂਰੀ ਰਿਹਾ, ਦਾ ਜਵਾਬ ਹੈ ਕਿ ਇਸ ਪਉੜੀ ’ਚ ਧੌਲੁ ਧਰਮੁ (ਦਇਆ ਕਾ ਪੂਤੁ) ਤੁਕ ’ਚ ਧੌਲੁ ਦਾ ਗੁਰਮਤਿ ਅਨੁਸਾਰੀ ਅਰਥ ‘ਨਿਰਮਲ’ ਹੈ, ਨਾ ਕਿ ਕਾਲਪਨਿਕ ਬਲ਼ਦ; ਇਸ ਦੀ ਪੁਸ਼ਟੀ ਵਜੋਂ ਹੀ ਕਾਲਪਨਿਕ ਧੌਲ (ਧਵਲੈ ਉਪਰਿ; ਕੇਤਾ ਭਾਰੁ  ?) ਦੀ ਮਿਸਾਲ ਨਾਲ਼ ਅਰਥਹੀਣ (ਧਵਲੈ) ਮਨੌਤ ਨੂੰ ਰੱਦ ਕੀਤਾ ਗਿਆ ਹੈ।

ਧਿਆਨ ਰਹੇ ਕਿ (1). ਗੁਰਬਾਣੀ ਦੀਆਂ 4 ਤੁਕਾਂ ’ਚ ਇਸ ਦਾ ਅਰਥ ‘ਨਿਰਮਲ, ਆਸਰਾ ਜਾਂ ਨਿਯਮ’ ਹੈ, ਨਾ ਕਿ ਬਲ਼ਦ; ਜਿਵੇਂ ਕਿ

ਸੁਣਿਐ; ਧਰਤਿ ਧਵਲ ਆਕਾਸ

ਧੌਲੁ ਧਰਮੁ, ਦਇਆ ਕਾ ਪੂਤੁ ੧੬

ਘਰ ਮਹਿ ਧਰਤੀ, ਧਉਲੁ ਪਾਤਾਲਾ (: , ਪੰਨਾ ੧੨੬) ਭਾਵ ਧਰਤੀ ਤੇ ਪਾਤਾਲ ਦਾ ਧਉਲੁ (ਆਸਰਾ/ਰੱਬ) ਮਨੁੱਖੀ ਹਿਰਦੇ ਵਿੱਚ ਹੈ।

ਜਿਸੁ ਧੀਰਜੁ, ਧੁਰਿ ਧਵਲੁ ਧੁਜਾ; ਸੇਤਿ ਬੈਕੁੰਠ ਬੀਣਾ (ਭਟ ਕਲ, ਪੰਨਾ ੧੩੯੩) ਭਾਵ ਜਿਸ ਗੁਰੂ ਅਮਰਦਾਸ ਜੀ ਦਾ ਧੀਰਜ ਰੂਪ ਸਫ਼ੈਦ ਝੰਡਾ ਧੁਰ-ਦਰਗਹ ਤੋਂ ਬੈਕੁਠ ਦੇ ਪੁੱਲ ’ਤੇ ਬਣਿਆ ਹੈ।

(2). ਦੋ ਵਾਰ ਰੱਬੀ ਹੁਕਮ ’ਚ ਹੀ ਇਹ ਮਿਥ ਬਣੀ ਦਰਸਾਈ ਗਈ; ਜਿਵੇਂ ਕਿ

ਹੁਕਮੇ ਧਰਤੀ, ਧਉਲ ਸਿਰਿ ਭਾਰੰ (: , ਪੰਨਾ ੧੦੩੭)

ਆਪੇ ਧਰਤੀ ਧਉਲੁ ਅਕਾਸੰ (: , ਪੰਨਾ ੧੦੨੧)

(3). ਕੇਵਲ ਇੱਕ ਵਾਰ ਇਸ ਅਖੌਤੀ ਮਿੱਥ ਨੂੰ ਰੱਦ ਕਰਨ ਲਈ ਇਸ ਸ਼ਬਦ ਦਾ ਅਰਥ ‘ਬਲ਼ਦ’ ਕੀਤਾ ਗਿਆ; ਜਿਵੇਂ ਕਿ

ਧਵਲੈ ਉਪਰਿ; ਕੇਤਾ ਭਾਰੁ  ?)

ਜੀਅ ਜਾਤਿ; ਰੰਗਾ, ਕੇ ਨਾਵ ਸਭਨਾ ਲਿਖਿਆ, ਵੁੜੀ ਕਲਾਮ    ਉਚਾਰਨ : ਰੰਗਾਂ।

ਅਰਥ :  (‘ਕਰਤੇ ਕੈ ਕਰਣੈ’ ਭਾਵ ਕਰਤਾਰ ਦੀ ਰਚਨਾ ’ਚ) ਕਈ ਰੰਗਾਂ, ਕਈ ਨਸਲਾਂ, ਕਈ ਨਾਂਵਾਂ (ਕਿਸਮਾਂ) ਵਾਲ਼ੇ ਜੀਵ-ਜੰਤ ਮੌਜੂਦ ਹਨ (ਇਨ੍ਹਾਂ) ਸਭ ਦਾ ਨਸੀਬ ਨਿਰੰਤਰ ਚੱਲਦੀ (ਰੱਬੀ) ਕਲਮ (ਵੁੜੀ ਕਲਾਮ) ਨਾਲ਼ ਲਿਖਿਆ ਗਿਆ ਹੈ।

ਏਹੁ ਲੇਖਾ, ਲਿਖਿ ਜਾਣੈ ਕੋਇ ਲੇਖਾ ਲਿਖਿਆ, ਕੇਤਾ ਹੋਇ  ਉਚਾਰਨ : ਏਹ।

ਅਰਥ :  (ਕਰਤਾਰ ਦੁਆਰਾ ਲਿਖਿਆ) ਇਹ ਨਸੀਬ (ਲੇਖਾ) ਅਗਰ ਕੋਈ (ਕਲਮ ਨਾਲ਼) ਲਿਖਣਾ ਸਮਝ ਲਵੇ ਤਾਂ ਲਿਖਿਆ ਹੋਇਆ ਲੇਖ (ਨਸੀਬ) ਕਿੰਨਾ (ਭਾਵ ਅਣਗਿਣਤ) ਹੋ ਸਕਦਾ ਹੈ ? (ਕਿਉਂਕਿ)

ਕੇਤਾ ਤਾਣੁ, ਸੁਆਲਿਉ ਰੂਪੁ ਕੇਤੀ ਦਾਤਿ, ਜਾਣੈ ਕਉਣੁ ਕੂਤੁ  ?

ਅਰਥ :  (ਕਰਤਾਰ ਦੀ ਕੁਦਰਤ ਦਾ) ਕਿੰਨਾ ਬਲ (ਵਿਸਥਾਰ, ‘ਵੁੜੀ ਕਲਮ’ ਨਾਲ਼ ਲਿਖੇ ਨਸੀਬ ਮੁਤਾਬਕ ਕਈ ਦਾ) ਕਿੰਨਾ ਪ੍ਰਭਾਵਸ਼ਾਲੀ ਰੂਪ ਹੈ  ! (ਜਿਨ੍ਹਾਂ ਨੂੰ ਮਿਲੀ) ਕਿੰਨੀ ਦਾਤ (ਰਸਦ-ਪਾਣੀ) ਹੋਏਗੀ  ? (ਇਸ ਸਭ ਦਾ ਕੂਤੁ-) ਅੰਦਾਜ਼ਾ ਕੌਣ ਲਗਾ ਸਕਦਾ ਹੈ ?

ਕੀਤਾ ਪਸਾਉ, ਏਕੋ ਕਵਾਉ ਤਿਸ ਤੇ, ਹੋਏ ਲਖ ਦਰੀਆਉ

ਅਰਥ : ਹੇ ਨਿਰਾਕਾਰ ਮਾਲਕ  !  (ਤੇਰੇ) ਏਕੋ ਕਵਾਉ (ਇੱਕ ਹੁਕਮ) ਮੁਤਾਬਕ ਪਸਾਉ (ਪਸਾਰਾ/ਜਗਤ ਰਚਨਾ/ਖਿਲਾਰਾ) ਹੋ ਗਿਆ, ਉਸ (ਹੁਕਮ) ਨਾਲ਼ (ਬਣੇ ਇਸ ਪਸਾਰੇ/ਬ੍ਰਹਿਮੰਡ ’ਚ) ਲੱਖਾਂ (ਜੀਵਨ ਰੂਪ) ਵਹਾਅ ਵਹਿ ਤੁਰੇ (ਪੈਦਾ ਹੋ ਗਏ)।

ਕੁਦਰਤਿ ਕਵਣ ? ਕਹਾ ਵੀਚਾਰੁ ਵਾਰਿਆ ਜਾਵਾ, ਏਕ ਵਾਰ   ਉਚਾਰਨ : ਕਹਾਂ, ਜਾਵਾਂ।

ਅਰਥ :  (ਤੇਰੀ ਇਸ ਵਿਸ਼ਾਲਤਾ ਅੱਗੇ) ਮੇਰੀ ਕਿੰਨੀ ਕੁ ਸਮਰੱਥਾ (ਤਾਕਤ/ਕੁਦਰਤਿ) ਹੈ ਕਿ ਤੇਰੇ ਪਸਾਉ ਦਾ ਪੂਰਾ ਅਨੁਮਾਨ ਲਗਾ ਸਕਾਂ, ਬੇਸ਼ੱਕ ਮੈਂ ਇੱਕ ਵਾਰ (ਤੇਰੇ ’ਚ) ਵਾਰਿਆ (ਅਭੇਦ ਹੀ) ਕਿਉਂ ਨਾ ਹੋ ਜਾਵਾਂ (ਫਿਰ ਵੀ ਤੇਰਾ ‘‘ਜਾਣੈ ਕਉਣੁ ਕੂਤੁ  ?’’)।

ਜੋ ਤੁਧੁ ਭਾਵੈ; ਸਾਈ ਭਲੀ ਕਾਰ ਤੂ ਸਦਾ ਸਲਾਮਤਿ, ਨਿਰੰਕਾਰ !੧੬

ਅਰਥ : ਹੇ ਨਿਰਾਕਾਰ !  ਜੋ ਤੈਨੂੰ ਪਸੰਦ ਹੈ (ਮਿਹਰ ਕਰ) ਉਹੀ ਜੀਵਨ ਕਾਰ (ਮੈਨੂੰ ਵੀ) ਚੰਗੀ ਲੱਗੇ (ਤਾਂ ਜੋ ਮੈਂ ਵਕਤੀ ਮਹਿਮਾਨ ਵੀ ਅਟੱਲ ਹੋ ਜਾਵਾਂ; ਜਿਵੇਂ) ਤੇਰਾ ਸਦੀਵੀ ਸਥਿਰ ਸਰੂਪ ਹੈ।

(ਨੋਟ : ਉਕਤ ੧੬ਵੀਂ ਪਉੜੀ ਦਾ ਸਾਰ : ਹੇ ਨਿਰਾਕਾਰ  !  ਤੇਰੇ ਨਿਰਮਲ ਨਿਯਮ ’ਚ ਹੀ ਕੁਦਰਤ ਖੜ੍ਹੀ ਹੈ, ਨਾ ਕਿ ਕਿਸੇ ਕਾਲਪਨਿਕ ਬਲ਼ਦ ਕਾਰਨ।  ਤੇਰੇ ਹੁਕਮ ’ਚ ਹੀ ਸਾਰੇ ਜੀਵ ਵਿਚਰਦੇ ਹਨ।  ਆਪਣੀ ਇਸ ਰਜ਼ਾ ਦਾ ਅਹਿਸਾਸ ਕਰਾ ਕੇ ਮੈਨੂੰ ਵੀ ਪੰਚ ਬਣਾ ਤਾਂ ਜੋ ਮੈ ਵੀ ਤੇਰੀ ਤਰ੍ਹਾਂ ਸਥਾਈ ਹੋ ਜਾਵਾਂ, ਨਹੀਂ ਤਾਂ ਮੇਰੀ ਕੀ ਪਾਇਆਂ ਹੈ ?

ਉਕਤ ਪਉੜੀ ਦੀ ਸਮਾਪਤੀ ਫ਼ਰਿਆਦ; ਅਗਲੀਆਂ 3 ਪਉੜੀਆਂ ਤੱਕ ਜਾਰੀ ਰਹੇਗੀ।  ੧੭ਵੀਂ ਪਉੜੀ ’ਚ ਕੁਦਰਤ ’ਚੋਂ ਧਾਰਮਕ ਲੋਕਾਂ ਦੀ ਅਸੰਖ ਗਿਣਤੀ ਅਤੇ ੧੮ਵੀਂ ਪਉੜੀ ’ਚ ਅਧਰਮੀਆਂ ਦੀ ਅਸੰਖ ਗਿਣਤੀ ਦੀ ਮਿਸਾਲ ਨਾਲ਼ ਰੱਬ ਦੇ ਸਨਮੁਖ ਉਸ ਦੀ ਵਿਸ਼ਾਲਤਾ ਨੂੰ ਦਰਸਾਇਆ ਗਿਆ ਹੈ ਤੇ ੧੯ਵੀਂ ਪਉੜੀ ’ਚ ਦੋਵੇਂ (ਧਰਮੀ ਤੇ ਅਧਰਮੀਆਂ ਨੂੰ) ਮਿਲ਼ਾ ਕੇ ਲਗਾਏ ਗਏ ‘ਅਸੰਖ’ ਕਿਆਸ ਨੂੰ ਵੀ ਅਪੂਰਨ ਮੰਨਿਆ ਹੈ।

100 ਕ੍ਰੋੜ=1 ਅਰਬ, 100 ਅਰਬ=1 ਖਰਬ, 100 ਖਰਬ =1 ਨੀਲ, 100 ਨੀਲ =1 ਪਦਮ, 100 ਪਦਮ =1 ਸੰਖ (ਭਾਵ 100000000000000000/ ਏਕੇ ਨਾਲ਼ 17 ਬਿੰਦੀ) ਅਤੇ ‘ਸੰਖ’ ਅੰਕ ਦੇ ਅਗੇਤਰ ‘ਅ’ (ਅਸੰਖ) ਲਗਾਉਣ ਨਾਲ਼ ਅੰਕ ਗਣਿਤ ਦੇ ਹਿੰਦਸੇ (ਨੰਬਰ) ਹੀ ਖ਼ਤਮ ਹੋ ਜਾਂਦੇ ਹਨ, ਜਿਸ ਨੂੰ ਬੇਸ਼ੁਮਾਰ ਹੀ ਕਿਹਾ ਜਾ ਸਕਦਾ ਹੈ।)

ਅਸੰਖ ਜਪ; ਅਸੰਖ ਭਾਉ ਅਸੰਖ ਪੂਜਾ; ਅਸੰਖ ਤਪ ਤਾਉ

ਅਰਥ : ਹੇ ਨਿਰਾਕਾਰ ਮਾਲਕ  ! (ਤੇਰੀ ਰਚਨਾ ’ਚ ਤੇਰੀ ਪ੍ਰਾਪਤੀ ਲਈ) ਬੇਸ਼ੁਮਾਰ ਲੋਕ ਜਪ, ਪਿਆਰ ਤੇ ਪੂਜਾ-ਪਾਠ ਕਰਦੇ ਹਨ, ਅਨੇਕਾਂ ਲੋਕ ਤਪਾਂ ਦੀ ਤਪਸ਼ ਸਹਾਰ ਰਹੇ ਹਨ।

ਅਸੰਖ; ਗਰੰਥ ਮੁਖਿ ਵੇਦ ਪਾਠ ਅਸੰਖ ਜੋਗ; ਮਨਿ ਰਹਹਿ ਉਦਾਸ  ਉਚਾਰਨ : ਰਹਹਿਂ।

ਅਰਥ : ਬੇਸ਼ੁਮਾਰ ਮਨੁੱਖ ਆਪਣੇ ਮੂੰਹ ’ਤੋਂ ਵੇਦ ਆਦਿਕ ਗ੍ਰੰਥਾਂ ਦੇ ਪਾਠ ਕਰਦੇ ਹਨ, ਅਣਗਿਣਤ ਯੋਗੀ ਦਿਲੋਂ (ਮਨ ਕਰ ਕੇ ਗ੍ਰਹਿਸਤੀ ਜ਼ਿੰਮੇਵਾਰੀ ਤੋਂ) ਸੰਨਿਆਸ ਧਾਰੀ ਬੈਠੇ ਹਨ।

ਅਸੰਖ ਭਗਤ, ਗੁਣ ਗਿਆਨ ਵੀਚਾਰ ਅਸੰਖ ਸਤੀ, ਅਸੰਖ ਦਾਤਾਰ

ਅਰਥ : ਬੇਸ਼ੁਮਾਰ ਭਗਤ, ਗੁਣਾਂ ਭਰਪੂਰ ਗਿਆਨ ਦੀ ਵੀਚਾਰ-ਚਰਚਾ ਕਰਦੇ ਹਨ, ਅਸੰਖ ਬ੍ਰਹਮਚਾਰੀ (ਕਿਰਤ ਵਿਹੂਣੇ) ਹਨ ਤੇ ਅਣਗਿਣਤ ਹੀ ਉਨ੍ਹਾਂ ਨੂੰ ਦਾਤਾਂ ਦੇਣ ਵਾਲ਼ੇ (ਦਾਨੀ) ਹਨ।

ਅਸੰਖ ਸੂਰ, ਮੁਹ ਭਖ ਸਾਰ ਅਸੰਖ ਮੋਨਿ, ਲਿਵ ਲਾਇ ਤਾਰ   ਉਚਾਰਨ : ਮੁੰਹ।

ਅਰਥ : ਅਸੰਖ ਯੋਧੇ (ਰਣ ਭੂਮੀ ’ਚ ਸਾਹਮਣੇ ਤੋਂ ਆਪਣੇ) ਮੂੰਹ ਉੱਤੇ ਲੋਹੇ ਦੇ ਪ੍ਰਹਾਰ ਖਾਂਦੇ ਹਨ (ਭਾਵ ਪਿੱਠ ਨਾ ਵਿਖਾਉਣ ਵਾਲ਼ੇ ਖੱਤਰੀ ਧਰਮ ਦਾ ਪਾਲਣ ਕਰਦੇ ਹਨ), ਬੇਸ਼ੁਮਾਰ ਮੌਨਧਾਰੀ (ਧਰਮ ਚਰਚਾ ਤੋਂ ਦੂਰ ਰਹਿ ਕੇ) ਨਿਰੰਤਰ ਸਮਾਧੀ ਲਾ ਕੇ ਰੱਖਦੇ ਹਨ।

ਕੁਦਰਤਿ ਕਵਣ  ? ਕਹਾ ਵੀਚਾਰੁ ਵਾਰਿਆ ਜਾਵਾ, ਏਕ ਵਾਰ     ਉਚਾਰਨ : ਕਹਾਂ, ਜਾਵਾਂ।

ਅਰਥ : (ਤੇਰੀ ਇਸ ਵਿਸ਼ਾਲਤਾ ਅੱਗੇ) ਮੇਰੀ ਕਿੰਨੀ ਕੁ ਸਮਰੱਥਾ ਹੈ ਕਿ ਤੇਰੇ ਪਸਾਉ ਦਾ ਪੂਰਾ ਅਨੁਮਾਨ ਲਗਾ ਸਕਾਂ, ਬੇਸ਼ੱਕ ਮੈਂ ਇੱਕ ਵਾਰ (ਤੇਰੇ ’ਚ) ਵਾਰਿਆ (ਅਭੇਦ ਹੀ) ਕਿਉਂ ਨਾ ਹੋ ਜਾਵਾਂ (ਫਿਰ ਵੀ ਤੇਰਾ ‘‘ਜਾਣੈ ਕਉਣੁ ਕੂਤੁ  ?’’)।

ਜੋ ਤੁਧੁ ਭਾਵੈ; ਸਾਈ ਭਲੀ ਕਾਰ ਤੂ ਸਦਾ ਸਲਾਮਤਿ, ਨਿਰੰਕਾਰ੧੭

ਅਰਥ : ਹੇ ਨਿਰਾਕਾਰ  !  ਜੋ ਤੈਨੂੰ ਪਸੰਦ ਹੈ (ਮਿਹਰ ਕਰ) ਉਹੀ ਕਾਰ-ਵਿਹਾਰ (ਮੈਨੂੰ ਵੀ) ਚੰਗਾ ਲੱਗੇ (ਕਿਉਂਕਿ ਮੈਂ ਵਕਤੀ ਮਹਿਮਾਨ ਹਾਂ ਤੇ) ਤੂੰ ਸਦੀਵੀ ਸਥਿਰ ਮਾਲਕ ਹੈਂ।੧੭।

ਅਸੰਖ ਮੂਰਖ; ਅੰਧ ਘੋਰ ਅਸੰਖ ਚੋਰ ਹਰਾਮਖੋਰ ਅਸੰਖ ਅਮਰ; ਕਰਿ ਜਾਹਿ ਜੋਰ   ਉਚਾਰਨ : ਹਰਾਮਖ਼ੋਰ, ਜਾਹਿਂ, ਜ਼ੋਰ।

ਅਰਥ : ਹੇ ਨਿਰਾਕਾਰ ਮਾਲਕ  ! (ਤੇਰੇ ਸੰਸਾਰ ’ਚ) ਬੇਸ਼ੁਮਾਰ ਮਨੁੱਖ ਭਿਅੰਕਰ ਡਰਾਉਣ ਵਾਲ਼ੇ ਬੇਵਕੂਫ਼ ਹਨ, ਜਿਨ੍ਹਾਂ ’ਚ ਅਣਗਿਣਤ ਨਮਕ ਹਰਾਮੀ (ਚੋਰ), ਪਰਾਇਆ ਹੱਕ ਮਾਰਨ ਵਾਲ਼ੇ (ਹਰਾਮਖ਼ੋਰ) ਤੇ (ਇਸੇ ਸ਼੍ਰੇਣੀ ’ਚ) ਬੇਸ਼ੁਮਾਰ ਹੁਕਮਰਾਨ ਹਨ (ਜੋ ਨਿੱਜ ਸੁਆਰਥ ਲਈ ਆਪਣੀ ਹਕੂਮਤ) ਜ਼ਬਰਨ (ਧੱਕੇ ਨਾਲ਼ ਹੀ) ਕਰ ਜਾਂਦੇ ਹਨ।

ਅਸੰਖ ਗਲਵਢ, ਹਤਿਆ ਕਮਾਹਿ ਅਸੰਖ ਪਾਪੀ, ਪਾਪ ਕਰਿ ਜਾਹਿ    ਉਚਾਰਨ : ਗਲਵੱਢ, ਕਮਾਹਿਂ, ਜਾਹਿਂ।

ਅਰਥ : ਬੇਸ਼ੁਮਾਰ ਹਤਿਆਰੇ, ਨਿਰਦੋਸ਼ਾਂ ਦਾ ਸਿਰ ਵੱਢ ਕੇ ਪਾਪ ਕਮਾਉਂਦੇ ਹਨ।  ਅਸੰਖ ਪਾਪੀ ਅੰਤ ਤੱਕ ਅਜਿਹੇ ਪਾਪ ਕਰ-ਕਰ ਕੇ (ਕਰਦਿਆਂ ਹੀ ਸੰਸਾਰ ਤੋਂ) ਚਲੇ ਜਾਂਦੇ ਹਨ।

ਅਸੰਖ ਕੂੜਿਆਰ, ਕੂੜੇ ਫਿਰਾਹਿ ਅਸੰਖ ਮਲੇਛ, ਮਲੁ ਭਖਿ ਖਾਹਿ     ਉਚਾਰਨ : ਫਿਰਾਹਿਂ, ਖਾਹਿਂ।

ਅਰਥ : ਬੇਸ਼ੁਮਾਰ ਝੂਠੇ (ਛਲ ਕਪਟੀ ਮਨੁੱਖ, ਠੱਗੀਆਂ ਮਾਰਨ ਦੇ ਇਰਾਦੇ ਨਾਲ਼) ਝੂਠ ਹੀ ਝੂਠ ਬੋਲਦੇ ਫਿਰਦੇ ਹਨ (ਸੱਚ ਬੋਲਣ ਵਾਲ਼ਿਆਂ ਪ੍ਰਤਿ ਇਹ) ਗੰਦੇ ਜੀਵਨ ਵਾਲ਼ੇ ਅਸੰਖ ਲੋਕ, ਕੁਬੋਲ ਬੋਲਦੇ ਹਨ ਭਾਵ ਗੰਦ ਖਾਂਦੇ ਹਨ।

ਅਸੰਖ ਨਿੰਦਕ, ਸਿਰਿ ਕਰਹਿ ਭਾਰੁ ਨਾਨਕੁ ਨੀਚੁ, ਕਹੈ ਵੀਚਾਰ    ਉਚਾਰਨ : ਕਰਹਿਂ।

ਅਰਥ : ਹੇ ਨਿਰਾਕਾਰ  ! (ਆਪਣਾ ਪਾਜ ਉੱਘੜਦਾ ਜਾਂ ਪੋਲ਼ ਖੁੱਲ੍ਹਦੀ ਵੇਖ) ਬੇਸ਼ੁਮਾਰ ਨਿੰਦਕ (ਹੋਰਾਂ ਦੇ ਗੁਣਾਂ ਨੂੰ ਘਟਾ ਕੇ ਤੇ ਔਗੁਣਾਂ ਨੂੰ ਵਧਾ ਕੇ ਪੇਸ਼ ਕਰਨ ਵਾਲ਼ੇ, ਈਰਖਾ, ਸੜਨ ਆਦਿ ਦਾ ਆਪਣੇ) ਸਿਰ ਉੱਤੇ ਭਾਰ ਬਣਾ ਲੈਂਦੇ ਹਨ (ਮਾਫ਼ ਕਰਨਾ, ਤੇਰੀ ਅਸੀਮ ਕੁਦਰਤ ’ਚੋਂ) ਤੁੱਛ ਬੁਧੀ ਵਾਲ਼ਾ ਨਾਨਕ (ਕੇਵਲ ਇਤਨਾ ਕੁ ਹੀ ਵਰਣਨ) ਵੀਚਾਰ ਕਰ ਸਕਦਾ ਹੈ।

ਵਾਰਿਆ ਜਾਵਾ, ਏਕ ਵਾਰ ਜੋ ਤੁਧੁ ਭਾਵੈ; ਸਾਈ ਭਲੀ ਕਾਰ ਤੂ ਸਦਾ ਸਲਾਮਤਿ, ਨਿਰੰਕਾਰ ! ੧੮     ਉਚਾਰਨ : ਜਾਵਾਂ।

ਅਰਥ : ਹੇ ਨਿਰਾਕਾਰ ਮਾਲਕ  !   ਬੇਸ਼ੱਕ ਮੈਂ ਇੱਕ ਵਾਰ (ਤੇਰੇ ’ਚ) ਵਾਰਿਆ (ਅਭੇਦ ਹੀ) ਕਿਉਂ ਨਾ ਹੋ ਜਾਵਾਂ (ਫਿਰ ਵੀ ਤੇਰਾ ਪੂਰਾ ਮੁਲੰਕਣ ਨਹੀਂ ਕਰ ਸਕਦਾ, ਮਿਹਰ ਕਰ) ਜੋ ਤੈਨੂੰ ਪਸੰਦ ਹੈ, ਉਹੀ ਕਾਰ-ਵਿਹਾਰ (ਮੈਨੂੰ ਵੀ) ਚੰਗਾ ਲੱਗੇ (ਕਿਉਂਕਿ ਮੈਂ ਵਕਤੀ ਪਰਾਹੁਣਾ ਹਾਂ ਤੇ) ਤੂੰ ਸਦੀਵੀ ਸਥਿਰ ਮਾਲਕ ਹੈਂ। ੧੮।

(ਨੋਟ : ਉਕਤ ਦੋਵੇਂ ਪਉੜੀਆਂ (17ਵੀਂ, 18ਵੀਂ) ’ਚ ਸਮਾਜ ’ਚੋਂ ਲਏ ਗਏ ਧਰਮੀ/ਅਧਰਮੀ ਜੀਵਨ ਨੂੰ ਗੁਰਮਤ ਅਨੁਸਾਰ ਵਾਚਣਾ ਇਨ੍ਹਾਂ ਪਉੜੀਆਂ ਦਾ ਵਿਸ਼ਾ ਨਹੀਂ ਕਿਉਂਕਿ ਪ੍ਰਸੰਗ ਅਕਾਲ ਪੁਰਖ ਦੇ ਰੂ-ਬਰੂ ਹੋ ਕੇ ਸੰਸਾਰੀ ਕਿਰਦਾਰ ਰਾਹੀਂ ਕਰਤਾਰ ਦੇ ਵਡੱਪਣ ਨੂੰ (ਅਸੰਖ ਭਾਵ ਵੱਧ ਤੋਂ ਵੱਧ ਦਰਸਾ ਕੇ) ਪੇਸ਼ ਕਰਨਾ ਹੈ, ਨਾ ਕਿ ਕਿਸੇ ਮਨੁੱਖ ਨੂੰ ਸਮਝਾਉਣਾ ਜਾਂ ਨਿੰਦਣਾ। ਤਾਂ ਤੇ ‘‘ਅਸੰਖ ਗਲਵਢ, ਹਤਿਆ ਕਮਾਹਿ॥’’ ਤੁਕ ਦੀ ਮਿਸਾਲ ਨਾਲ਼ ਮਾਸਾਹਾਰੀ ਹਮਾਇਤੀ ਸਿੱਖ ਸੋਚ ਨੂੰ ਨੀਚ ਕਹਿਣਾ ਵੀ ਗੁਰਮਤਿ ਅਨੁਕੂਲ ਨਹੀਂ ਹੋਏਗਾ ਕਿਉਂਕਿ ਰੱਬ ਦੇ ਰੂ-ਬਰੂ ਚਲਦੀ ਲੜੀ ਨੂੰ ਮਨੁੱਖਾ ਜੀਵਨ ਦੇ ਮੁਲੰਕਣ ਵੱਲ ਮੋੜਨ ਨਾਲ਼ ‘‘ਅਸੰਖ ਪੂਜਾ; ਅਸੰਖ ਤਪ ਤਾਉ , ਅਸੰਖ ਜੋਗ; ਮਨਿ ਰਹਹਿ ਉਦਾਸ , ਅਸੰਖ ਮੋਨਿ; ਲਿਵ ਲਾਇ ਤਾਰ ’’ ਆਦਿ ਜੀਵਨ ਵੀ ਵਾਚਣੇ ਪੈਣਗੇ, ਜੋ ਕਿ ਵਿਸ਼ਾ ਤਰਤੀਬ ਮੁਤਾਬਕ ਅਢੁੱਕਵੇਂ ਹਨ, ਗ਼ਲਤ ਹਨ।

18ਵੀਂ ਪਉੜੀ ’ਚ ਅਧਰਮੀ ਜੀਵਨ ਦੀ ਮਿਸਾਲ ਦੇਣ ਕਾਰਨ ਮਤਾਂ ਕਿਤੇ ਨਾਨਕੁ ਅੰਦਰੋਂ ਅਹੰਕਾਰ ਦੀ ਝਲਕ ਪੈਂਦੀ ਪ੍ਰਤੀਤ ਹੋਵੇ ਇਸ ਲਈ ਇਸ ਪਉੜੀ ਦੀ ਤੁਕ ‘‘ਨਾਨਕੁ ਨੀਚੁ, ਕਹੈ ਵੀਚਾਰ੧੮’’ ’ਚ ਹੀ ਨਾਨਕੁ ਸ਼ਬਦ ਸ਼ਾਮਲ ਕਰ ਦਿੱਤਾ ਗਿਆ, ਜੋ ਕਿ ਪਉੜੀ ਵਿਧਾਨ (ਪਉੜੀ ਲੜੀ ੧੬,੧੭,੧੮,੧੯ ’ਚ ਸੰਯੁਕਤ ਵਿਸ਼ੇ) ਮੁਤਾਬਕ ਅਗਲੀ ੧੯ਵੀਂ ਪਉੜੀ ਦੀ ਸਮਾਪਤੀ ’ਚ ‘ਨਾਨਕ’ ਸ਼ਬਦ ਦਰਜ ਹੋਣਾ ਚਾਹੀਦਾ ਸੀ।)

ਅਸੰਖ ਨਾਵ, ਅਸੰਖ ਥਾਵ ਅਗੰਮ ਅਗੰਮ, ਅਸੰਖ ਲੋਅ ਅਸੰਖ ਕਹਹਿ, ਸਿਰਿ ਭਾਰੁ ਹੋਇ   ਉਚਾਰਨ : ਨਾਂਵ, ਥਾਂਵ, ਕਹਹਿਂ।

ਅਰਥ : ਹੇ ਨਿਰਾਕਾਰ  ! (ਤੇਰੇ ਸੰਸਾਰਕ ਜੀਵਾਂ ਦੇ) ਅਸੰਖ ਨਾਂਵ ਹਨ ਤੇ ਅਸੰਖ ਹੀ ਉਨ੍ਹਾਂ ਦੇ ਨਿਵਾਸ ਸਥਾਨ ਹਨ। ਅਣਗਿਣਤ ਲੋਕ (ਭਵਨ) ਹਨ, ਜੋ ਮਨੁੱਖਾਂ ਦੀ ਪਹੁੰਚ (ਬੁੱਧੀ) ਤੋਂ ਬਹੁਤ ਪਰੇ ਹਨ, ਇਨ੍ਹਾਂ ਦੀ ਗਿਣਤੀ ਲਈ, ਜੋ ‘ਅਸੰਖ’ ਸ਼ਬਦ ਵਰਤਦੇ ਹਨ ਉਨ੍ਹਾਂ ਦੇ ਸਿਰ ਉੱਤੇ (ਤੇਰੀ ਵਿਸ਼ਾਲਤਾ ਨੂੰ ਘਟਾਉਣ ਦਾ) ਭਾਰ (ਦੋਸ਼) ਲਗਦਾ ਹੈ (ਭਾਵ ‘ਅਸੰਖ’ ਸ਼ਬਦ ਵੀ ਤੇਰੇ ਵਿਸਥਾਰ ਨੂੰ ਮਾਪਣ ਲਈ ਤੁੱਛ ਹੈ।)

(ਨੋਟ : ਕਰਤਾਰ ਦੀ ਕੁਦਰਤ ਨੂੰ ਨਾਪਣ ਲਈ ਅਗਰ ‘ਅਸੰਖ’ ਸ਼ਬਦ ਅਧੂਰਾ ਹੈ ਤਾਂ ਇਸ ਦੀ ਵਰਤੋਂ ਕਿਉਂ ਕੀਤੀ ਗਈ ? ਇਸ ਸਵਾਲ ਦਾ ਜਵਾਬ ਗੁਰੂ ਜੀ ਅਗਾਂਹ ਦੇ ਰਹੇ ਹਨ।)

ਅਖਰੀ ਨਾਮੁ, ਅਖਰੀ ਸਾਲਾਹ ਅਖਰੀ; ਗਿਆਨੁ, ਗੀਤ, ਗੁਣ ਗਾਹ    ਉਚਾਰਨ : ਅੱਖਰੀਂ।

ਅਰਥ : ਅੱਖਰਾਂ (ਕਿਸੇ ਨਾ ਕਿਸੇ ਸ਼ਬਦ ਦੀ ਮਦਦ) ਨਾਲ਼ ਤੇਰਾ ਨਾਮ ਲਈਦਾ ਹੈ, ਅੱਖਰਾਂ ਨਾਲ਼ ਹੀ ਤੇਰੀ ਸਿਫ਼ਤ-ਸਲਾਹ ਕੀਤੀ ਜਾ ਸਕਦੀ ਹੈ। ਅੱਖਰਾਂ ਰਾਹੀਂ ਹੀ ਆਤਮਕ ਸੂਝ, ਅੱਖਰਾਂ ਰਾਹੀਂ ਹੀ ਸੰਗੀਤ ਗਾਈਦਾ ਅਤੇ ਅੱਖਰਾਂ ਰਾਹੀਂ ਹੀ ਤੇਰੇ ਗੁਣਾਂ ਤੱਕ ਪਕੜ ਹੁੰਦੀ ਹੈ, ਸਾਂਝ ਬਣਦੀ ਹੈ।

ਅਖਰੀ; ਲਿਖਣੁ, ਬੋਲਣੁ, ਬਾਣਿ ਅਖਰਾ ਸਿਰਿ; ਸੰਜੋਗੁ ਵਖਾਣਿ     ਉਚਾਰਨ : ਅੱਖਰੀਂ, ਅੱਖਰਾਂ।

ਅਰਥ : ਅੱਖਰਾਂ ਦੁਆਰਾ ਹੀ ਲਿਖਤ (ਭਾਸ਼ਾ), ਬੋਲ-ਚਾਲ ਤੇ ਆਦਤ ਬਣਦੀ ਹੈ, ਅੱਖਰਾਂ ਨਾਲ਼ ਹੀ (ਜੀਵਾਂ ਦੇ) ਸਿਰ ਉੱਤੇ ਨਸੀਬ ਲਿਖਿਆ, ਮੰਨਿਆ ਜਾਂਦਾ ਹੈ (ਇਸ ਲਈ ਮੈਂ ‘ਅਸੰਖ’ ਸ਼ਬਦ ਦੀ ਵਰਤੋਂ ਕੀਤੀ ਪਰ ਫਿਰ ਵੀ ਸਭ ਕੁਝ ਅੱਖਰਾਂ ’ਚ ਨਹੀਂ; ਜਿਵੇਂ ਕਿ)

ਜਿਨਿ, ਏਹਿ ਲਿਖੇ; ਤਿਸੁ ਸਿਰਿ ਨਾਹਿ  ਜਿਵ ਫੁਰਮਾਏ, ਤਿਵ ਤਿਵ ਪਾਹਿ     ਉਚਾਰਨ : ਏਹ, ਨਾਹਿਂ, ਫ਼ੁਰਮਾਏ, ਪਾਹਿਂ।

ਅਰਥ : ਜਿਸ (ਅਕਾਲ ਪੁਰਖ ਲਿਖਾਰੀ) ਨੇ (ਜੀਵਾਂ ਦੇ ਸਿਰ ਉੱਤੇ ਅੱਖਰਾਂ ਨਾਲ਼) ਇਹ ਨਸੀਬ ਲਿਖੇ, ਉਸ ਦੇ ਆਪਣੇ ਸਿਰ ਉੱਤੇ (ਅੱਖਰਾਂ ਰਾਹੀਂ ਲਿਖਿਆ ਕੋਈ ਨਸੀਬ) ਨਹੀਂ (ਸਗੋਂ) ਜਿਵੇਂ-ਜਿਵੇਂ (ਨਸੀਬ ਰਹਿਤ ਰੱਬ ਦਾ) ਹੁਕਮ ਹੁੰਦਾ ਹੈ, ਉਸੇ ਤਰ੍ਹਾਂ ਹੀ (ਜੀਵ ਆਪਣੇ ਨਸੀਬ) ਪਾਉਂਦੇ ਹਨ, ਭੋਗਦੇ ਹਨ (ਤੇ ਮੁੜ ਕਰਮ ਕਰ ਦੁਬਾਰਾ ਨਸੀਬ ਬਣਾਉਂਦੇ ਤੇ ਲਿਖਵਾਉਂਦੇ ਹਨ)।

ਜੇਤਾ ਕੀਤਾ, ਤੇਤਾ ਨਾਉ ਵਿਣੁ ਨਾਵੈ, ਨਾਹੀ ਕੋ ਥਾਉ   ਉਚਾਰਨ : ਨਾਉਂ, ਨਾਵੈਂ, ਨਾਹੀਂ, ਥਾਉਂ।

ਅਰਥ :  (ਕੁਦਰਤ ਦਾ) ਜਿੰਨਾ ਵਿਕਾਸ (ਪਸਾਰਾ) ਹੈ, ਓਨਾ ਹੀ ਰੱਬੀ ਨਾਮ (ਵਜੂਦ/ਸਰੂਪ) ਹੈ (ਭਾਵ ਉਹ ਕਣ ਕਣ ’ਚ ਮੌਜੂਦ ਹੈ), ਉਸ ਦੇ ਵਜੂਦ (ਹੋਂਦ) ਤੋਂ ਖ਼ਾਲੀ ਕੋਈ ਜਗ੍ਹਾ ਨਹੀਂ।

ਕੁਦਰਤਿ ਕਵਣ  ? ਕਹਾ ਵੀਚਾਰੁ ਵਾਰਿਆ ਜਾਵਾ, ਏਕ ਵਾਰ   ਉਚਾਰਨ : ਕਹਾਂ, ਜਾਵਾਂ।

ਅਰਥ : ਹੇ ਨਿਰਾਕਾਰ ਮਾਲਕ  !  (ਤੇਰੀ ਵਿਸ਼ਾਲਤਾ ਅੱਗੇ) ਮੇਰੀ ਕਿੰਨੀ ਕੁ ਕੁਦਰਤਿ (ਸਮਰੱਥਾ ਹੈ ?  ਤਾਂ ਜੋ ਤੇਰੀ ਹੋਂਦ ਬਾਰੇ ਪੂਰਾ) ਅਨੁਮਾਨ ਲਗਾ ਸਕਾਂ, ਭਾਵੇਂ ਮੈਂ ਇੱਕ ਵਾਰ (ਤੇਰੇ ’ਚ) ਵਾਰਿਆ (ਅਭੇਦ ਹੀ) ਕਿਉਂ ਨਾ ਹੋ ਜਾਵਾਂ (ਫਿਰ ਵੀ ਤੇਰਾ ਪੂਰਾ ਅਨੁਮਾਨ ਨਹੀਂ ਲਗਾ ਸਕਦਾ)।

ਜੋ ਤੁਧੁ ਭਾਵੈ; ਸਾਈ ਭਲੀ ਕਾਰ ਤੂ ਸਦਾ ਸਲਾਮਤਿ, ਨਿਰੰਕਾਰ੧੯

ਅਰਥ : ਹੇ ਨਿਰਾਕਾਰ !  ਜੋ ਤੈਨੂੰ ਪਸੰਦ ਹੈ (ਮਿਹਰ ਕਰ) ਉਹੀ ਕਾਰ-ਵਿਹਾਰ (ਮੈਨੂੰ ਵੀ) ਚੰਗਾ ਲੱਗੇ (ਕਿਉਂਕਿ ਮੈਂ ਵਕਤੀ ਮਹਿਮਾਨ ਹਾਂ ਤੇ) ਤੂੰ ਸਦੀਵੀ ਸਥਿਰ ਮਾਲਕ ਹੈਂ । ੧੯।

(ਨੋਟ : ਉਕਤ ੧੭ਵੀਂ, ੧੮ਵੀਂ, ੧੯ਵੀਂ ਪਉੜੀ ਦਾ ਸਾਰ : ਹੇ ਨਿਰਾਕਾਰ  !  ਤੇਰੇ ਚਲਾਇਮਾਨ ਆਕਾਰ ’ਚ ਬੇਅੰਤ ਤੈਨੂੰ ਯਾਦ ਕਰਦੇ ਹਨ।  ਬੇਅੰਤ ਤੈਨੂੰ ਭੁਲਾ ਕੇ ਕੁਕਰਮ ਕਰਦੇ ਹਨ, ਇਨ੍ਹਾਂ ਦੀ ਗਿਣਤੀ ਲਈ ‘ਅਸੰਖ’ ਸ਼ਬਦ ਵੀ ਅਪੂਰਨ ਹੈ।  ਅੱਖਰਾਂ ਨਾਲ਼ ਬੁਧੀ ਵਿਕਾਸ ਹੋਣ ਕਾਰਨ ਮੈਨੂੰ ‘ਅਸੰਖ’ ਸ਼ਬਦ ਵਰਤਣਾ ਪਿਆ, ਪਰ ਤੂੰ ਵਿਕਸਿਤ ਹੋਣ ਕਾਰਨ ਇਸ ਅੱਖਰ-ਲੇਖ ਤੋਂ ਮੁਕਤ ਹੈਂ। ਮਿਹਰ ਕਰ ਆਪਣੀ ਰਜ਼ਾ ਦਾ ਪਾਲਣ ਕਰਵਾ ਤਾਂ ਜੋ ਮੈ ਵੀ ਤੇਰੀ ਤਰ੍ਹਾਂ ਸਥਾਈ-ਵਿਕਸਿਤ ਹੋ ਜਾਵਾਂ ।)

ਭਰੀਐ; ਹਥੁ, ਪੈਰੁ, ਤਨੁ, ਦੇਹ ਪਾਣੀ ਧੋਤੈ; ਉਤਰਸੁ ਖੇਹ

ਅਰਥ :  (ਜਿਵੇਂ) ਹੱਥ, ਪੈਰ, ਸਰੀਰ, ਕਾਇਆਂ, ਆਦਿ ਮਿੱਟੀ ਨਾਲ਼ ਗੰਦੇ ਹੋ ਜਾਣ ਤਾਂ ਪਾਣੀ ਨਾਲ਼ ਸਾਫ਼ ਕੀਤਿਆਂ ਮਿੱਟੀ ਲਹਿ ਜਾਂਦੀ ਹੈ।

ਮੂਤ ਪਲੀਤੀ ਕਪੜੁ ਹੋਇ ਦੇ ਸਾਬੂਣੁ, ਲਈਐ ਓਹੁ ਧੋਇ    ਉਚਾਰਨ : ਓਹ (ਕਪੜੁ)।

ਅਰਥ :  (ਜਿਵੇਂ) ਪਿਸ਼ਾਬ (ਵਰਗੇ ਪੱਕੇ ਦਾਗ਼) ਨਾਲ਼ ਕੱਪੜਾ ਗੰਦਾ ਹੋ ਜਾਏ ਤਾਂ ਸਾਬਣ ਲਾ ਕੇ ਉਹ (ਦਾਗ਼ੀ ਬਸਤਰ) ਧੋਤਾ ਜਾ ਸਕਦਾ ਹੈ।

ਭਰੀਐ ਮਤਿ, ਪਾਪਾ ਕੈ ਸੰਗਿ ਓਹੁ ਧੋਪੈ, ਨਾਵੈ ਕੈ ਰੰਗਿ     ਉਚਾਰਨ : ਪਾਪਾਂ, ਓਹ, ਨਾਵੈਂ।

ਅਰਥ :  (ਇਉਂ ਹੀ) ਅਗਰ ਮਨੁੱਖੀ ਸੋਚ ਵਿਕਾਰਾਂ ਦੇ ਪ੍ਰਭਾਵ ਨਾਲ਼ ਗੰਦੀ ਹੋ ਜਾਏ ਤਾਂ ਉਹ (ਵਿਕਾਰਾਂ ਦਾ ਦਾਗ਼) ਰੱਬੀ ਨਾਮ ਦੇ ਰੰਗ ਨਾਲ਼ (ਰੱਬੀ ਪ੍ਰਭਾਵ ਅਧੀਨ ਰਿਹਾਂ) ਧੋਤਾ ਜਾ ਸਕਦਾ ਹੈ (ਭਾਵ ਰੱਬੀ ਸ਼ਕਤੀ ਨੂੰ ਅੰਗ-ਸੰਗ ਮਹਿਸੂਸ ਕੀਤਿਆਂ ਬੰਦੇ ਅੰਦਰ ਵਿਕਾਰ-ਬਿਰਤੀ ਪ੍ਰਬਲ ਨਹੀਂ ਹੁੰਦੀ)।

ਪੁੰਨੀ ਪਾਪੀ ਆਖਣੁ ਨਾਹਿ ਕਰਿ ਕਰਿ ਕਰਣਾ, ਲਿਖਿ ਲੈ ਜਾਹੁ  ਉਚਾਰਨ : ਨਾਹਿਂ (‘ਜਾਹੁ’ ਦਾ ਅੰਤ ਔਂਕੜ ਥੋੜ੍ਹਾ ਉਚਾਰਨਾ ਜ਼ਰੂਰੀ ਹੈ ਕਿਉਂਕਿ ਅਗਲੀ ਤੁਕ ‘‘ਹੁਕਮੀ ਆਵਹੁ ਜਾਹੁ ੨੦’’ ’ਚ ਸ਼ਾਮਲ ਆਵਹੁ ਜਾਹੁ ਨਾਲ਼ ਕਾਵਿ ਤੋਲ ਮਿਲਾਉਣਾ ਹੈ)।

ਅਰਥ : ਪੁੰਨ ਦਾ ਆਖਣੁ (ਬੋਲ), ਪਾਪ ਦਾ ਆਖਣੁ (ਬੋਲ ਭਾਵ ਪੁੰਨ-ਪਾਪ ਦੀ ਗੱਲ, ਪੁੰਨ-ਪਾਪ ਵਾਲ਼ੀ ਧਰਮ-ਚਰਚਾ/ਵਿਚਾਰ; ਪਾਪਾਂ ਨਾਲ਼ ਮਲ਼ੀਨ ਹੋਈ ਮਤ ਦਾ ਇਲਾਜ) ਨਾਹੀਂ (ਇਹ ਵਹਿਮ ਤਾਂ ਪੁੰਨ ਪਾਪ ਅਧੀਨ) ਕਰਮ ਕਰਾ-ਕਰਾ ਕੇ (ਉਨ੍ਹਾਂ ਦਾ ਫਲ਼, ਆਪਣੇ ਨਸੀਬ ’ਚ) ਲਿਖ ਕੇ ਲੈ ਜਾਏਗਾ ਭਾਵ ਨਸੀਬ; ਲੇਖਾ ਮੁਕਤ ਨਹੀਂ ਹੋਏਗਾ, ਜੋ ਅਗਲਾ ਜਨਮ ਦਿਲਵਾਏਗਾ।

(ਨੋਟ : ‘ਪੁੰਨ ਪਾਪ’ ਦਾ ਵਹਿਮ ਬੰਦੇ ਨੂੰ ਅਹਿੰਸਕ ਬਣਾਉਂਦਾ ਹੈ, ਪਰ ਗੁਰਬਾਣੀ ‘‘ਜਉ ਤਉ; ਪ੍ਰੇਮ ਖੇਲਣ ਕਾ ਚਾਉ ਸਿਰੁ ਧਰਿ ਤਲੀ; ਗਲੀ ਮੇਰੀ ਆਉ ਇਤੁ ਮਾਰਗਿ; ਪੈਰੁ ਧਰੀਜੈ ਸਿਰੁ ਦੀਜੈ; ਕਾਣਿ ਕੀਜੈ (: , ਪੰਨਾ ੧੪੧੨), ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟਿ ਮਰੈ; ਕਬਹੂ ਛਾਡੈ ਖੇਤੁ ’’ (ਭਗਤ ਕਬੀਰ, ਪੰਨਾ ੧੧੦੫) ਵਚਨ ਕਰਦੀ ਹੈ।  ਗੁਰਬਾਣੀ ’ਚ ਹਿੰਦੂ ਬੇਦ, ਸਿਮ੍ਰਿਤਿ, ਸ਼ਾਸਤ੍ਰ ਦੇ ਹਵਾਲੇ ਨਾਲ਼ ਜਿੱਥੇ ਪੁੰਨ ਪਾਪ ਦੀ ਮਿਸਾਲ ਦਿੱਤੀ ਗਈ ਉੱਥੇ ਮੁੜ-ਮੁੜ ਅਵਤਾਰ ਧਾਰਨ, ਆਵਾਗਮਣ ਵੱਲ ਜਾਂਦੇ ਜੀਵਨ ਵੱਲ ਵੀ ਸੰਕੇਤ ਕੀਤਾ ਗਿਆ; ਜਿਵੇਂ ਕਿ

ਸਾਸਤ੍ਰ ਬੇਦ; ਪਾਪ ਪੁੰਨ ਵੀਚਾਰ   ਨਰਕਿ ਸੁਰਗਿ; ਫਿਰਿ ਫਿਰਿ ਅਉਤਾਰ (: , ਪੰਨਾ ੩੮੫)

ਹਉ ਵਿਚਿ; ਪਾਪ ਪੁੰਨ ਵੀਚਾਰੁ   ਹਉ ਵਿਚਿ; ਨਰਕਿ ਸੁਰਗਿ ਅਵਤਾਰੁ (: , ਪੰਨਾ ੪੬੬)

ਸਿਮ੍ਰਿਤਿ, ਸਾਸਤ੍ਰ ਪੁੰਨ ਪਾਪ ਬੀਚਾਰਦੇ; (ਪਰ ਉਨ੍ਹਾਂ ਨੇ) ਤਤੈ ਸਾਰ (ਅਸਲੀਅਤ ਦੀ ਰਮਜ਼) ਜਾਣੀ ’’ ਮਹਲਾ , ਪੰਨਾ ੯੨੦), ਆਦਿ।

ਸੋ, ਪੁੰਨ ਪਾਪ ਦਾ ਵਹਿਮ ਸਨਾਤਨੀ ਸੋਚ ਹੈ, ਨਾ ਕਿ ਗੁਰਮਤਿ। ਕਈ ਵਾਰ ਦੋਸ਼ੀ ਨੂੰ ਸਜ਼ਾ ਦੇਣ ਲਈ ਅਤੇ ਨਿਰਦੋਸ਼ ਨੂੰ ਬਚਾਉਣ ਲਈ ਹਥਿਆਰ ਚੁੱਕਣਾ ਪੈਂਦਾ ਹੈ, ਜਿਸ ਨੂੰ ਅਧਰਮ (ਪਾਪ) ਨਹੀਂ ਬਲਕਿ ਪੁੰਨ ਕਹਿਣਾ ਉਚਿਤ ਹੋਏਗਾ।)

ਆਪੇ ਬੀਜਿ, ਆਪੇ ਹੀ ਖਾਹੁ ਨਾਨਕਹੁਕਮੀ ਆਵਹੁ ਜਾਹੁ ੨੦  

ਉਚਾਰਨ: ਖਾਹੁ, ਜਾਹੁ (ਇਨ੍ਹਾਂ ਦੋਵੇਂ ਸ਼ਬਦਾਂ ਦਾ ਅੰਤ ਔਂਕੜ ਥੋੜ੍ਹਾ ਉਚਾਰਨਾ ਜ਼ਰੂਰੀ ਹੈ)।

ਅਰਥ : ਹੇ ਨਾਨਕ  ! (ਮਨੁੱਖ ਨੇ ਆਪਣੇ ਕਰਮਾਂ ਦਾ ਬੀ ਭਾਵ ਨਸੀਬ) ਆਪ ਹੀ ਬੀਜ ਕੇ ਆਪ ਹੀ ਖਾਣਾ ਹੁੰਦਾ ਹੈ (ਅਕਾਲ ਪੁਰਖ ਦੇ) ਹੁਕਮ ਰਾਹੀਂ (ਆਵਾਗਮਣ ’ਚ) ਆਉਣਾ ਹੈ ਅਤੇ (ਹੁਕਮ ’ਚ ਹੀ ਇੱਥੋਂ) ਜਾਣਾ ਹੁੰਦਾ ਹੈ। ੨੦।

(ਨੋਟ : ਉਕਤ ੨੦ਵੀਂ ਪਉੜੀ ਦਾ ਸਾਰ : ਜਿਵੇਂ ਸਰੀਰਕ ਮੈਲ਼; ਪਾਣੀ ਨਾਲ਼ ਤੇ ਮਲ-ਮੂਤਰ ਦਾਗ਼; ਸਾਬਣ ਨਾਲ਼ ਧੋਤਾ ਜਾ ਸਕਦਾ ਹੈ ਇਉਂ ਵਿਕਾਰਾਂ ਦੇ ਪ੍ਰਭਾਵ ਨਾਲ਼ ਲਿੱਬੜੀ ਮੱਤ; ਰੱਬੀ ਪ੍ਰਭਾਵ ਅਧੀਨ ਰਹਿਣ ਨਾਲ਼ ਧੋਤੀ ਜਾਂਦੀ ਹੈ, ਪਰ ਕਿਸੇ ਵਹਿਮ-ਭਰਮ ਅਧੀਨ ਰਿਹਾਂ ਨਹੀਂ ਧੋਤੀ ਜਾਂਦੀ ਤੇ ਬਿਨਾਂ ਧੋਤੀ ਮੱਤ ਨਾਲ਼ ਜੋ-ਜੋ ਕਰਮ ਕਰੋਗੇ ਓਹੀ ਇੱਥੋਂ ਲੈ ਜਾਓਗੇ ।

ਉਕਤ ਤੁਕ ’ਚ ਦੋ ਗਹਿਰੇ ਰਾਜ਼ ਛੁਪੇ ਹਨ :

(1).  ਨਸੀਬ ਆਪ ਬੀਜਣੇ ਹਨ ਅਤੇ ਉਨ੍ਹਾਂ ਦਾ ਫਲ਼ ਵੀ ਆਪ ਹੀ ਖਾਣਾ ਹੈ।

(2). ਕਰਤਾਰ ਦੇ ਹੁਕਮ ’ਚ (ਇੱਥੇ) ਆਉਣਾ ਹੈ ਅਤੇ (ਹੁਕਮ ’ਚ ਹੀ ਇੱਥੋਂ) ਜਾਣਾ ਹੈ।

 ਅਸ਼ਰਧਕ ਬੰਦਾ ਇਹੀ ਕਹੇਗਾ ਕਿ ਜਦ ਹੁਕਮ ’ਚ ਆਉਣਾ ਹੈ ਤਾਂ ਨਸੀਬ ਮੈਂ ਕਿਵੇਂ ਬੀਜੇ ਅਤੇ ਜਦ ਇੱਥੋਂ ਹੁਕਮ ’ਚ ਜਾਣਾ ਹੈ ਤਾਂ ਮੈਂ ਨਸੀਬ ਦਾ ਫਲ਼ ਕਿਵੇਂ ਭੋਗਿਆ ?  ਜਦ ਕਿ ਗੁਰੂ ਜੀ ਨੇ ਇਸ ਨੂੰ ਹੀ ਕਰਤਾਰ ਦੀ ਖੇਡ ਕਿਹਾ ਹੈ।)

ਤੀਰਥੁ, ਤਪੁ, ਦਇਆ, ਦਤੁ ਦਾਨੁ ਜੇ ਕੋ ਪਾਵੈ, ਤਿਲ ਕਾ ਮਾਨੁ

(ਅਰਥਹੀਣ) ਤੀਰਥ ਇਸ਼ਨਾਨ, ਤਪ ਅਭਿਆਸ (ਤਪੱਸਿਆ), ਜੀਵ ਹੱਤਿਆ ਬਾਰੇ ਰਹਿਮਦਿਲੀ, ਕਿਸੇ ਵਿਸ਼ੇਸ਼ ਵਰਗ ਨੂੰ ਦਿੱਤਾ ਗਿਆ ਦਾਨ, ਆਦਿ ਬਦਲੇ ਅਗਰ ਕੋਈ (ਲੋਕਾਂ ਪਾਸੋਂ) ਸਤਿਕਾਰ ਲੈਣਾ ਚਾਹੇ, ਤਾਂ ਕੇਵਲ ਤਿਲ-ਮਾਤਰ (ਥੋੜ੍ਹਾ ਜਿਹਾ) ਮਿਲਦਾ ਹੈ (ਭਾਵ ਕਦੇ ਕਦਾਈਂ ਲੋਕ ਕਹਿ ਸਕਦੇ ਹਨ ਕਿ ਇਹ ਧਰਮੀ ਪੁਰਸ਼ ਹੈ)।

(ਨੋਟ : ਉਕਤ ਤੁਕ ‘‘ਤੀਰਥੁ, ਤਪੁ, ਦਇਆ, ਦਤੁ ਦਾਨੁ’’ ਨੂੰ 20ਵੀਂ ਪਉੜੀ ਦੀ ਤੁਕ ‘‘ਪੁੰਨੀ ਪਾਪੀ ਆਖਣੁ ਨਾਹਿ’’ ਨਾਲ਼ ਮਿਲਾ ਕੇ ਸਪਸ਼ਟ ਹੋ ਜਾਂਦਾ ਹੈ ਕਿ ਇਹ ਸਭ ਅਨ੍ਯਮਤੀ ਕਰਮ ਹਨ, ਜਿਸ ਨਾਲ਼ ‘‘ਭਰੀਐ ਮਤਿ, ਪਾਪਾ ਕੈ ਸੰਗਿ’’ ਨੂੰ ਧੋਤਾ ਨਹੀਂ ਜਾ ਸਕਦਾ।)

ਸੁਣਿਆ, ਮੰਨਿਆ, ਮਨਿ ਕੀਤਾ ਭਾਉ ਅੰਤਰਗਤਿ ਤੀਰਥਿ, ਮਲਿ ਨਾਉ  ਉਚਾਰਨ : ਮਲ਼, ਨ੍ਹਾਉ।

(ਦੂਸਰੇ ਪਾਸੇ ਜਿਸ-ਜਿਸ ਨੇ ਗੁਰੂ ਉਪਦੇਸ਼) ਸੁਣਿਆ, ਕਬੂਲਿਆ ਤੇ (ਗੁਰੂ ਪ੍ਰਤੀ) ਮਨ ’ਚ ਪਿਆਰ (ਤਾਂਘ) ਪੈਦਾ ਕੀਤਾ ਉਹ ਅੰਤਰਮੁਖੀ ਤੀਰਥ ਉੱਤੇ (ਭਾਵ ‘‘ਰਾਮ ਕੀ ਅੰਸੁ ’’ (੮੭੧) ਆਤਮਾ ’ਤੇ ਚੜ੍ਹੀ ਵਿਕਾਰ ਰੂਪ ਮਲ਼ੀਨਤਾ/ਅੰਤਹਿਕਰਣ ਨੂੰ) ਰਗੜ-ਰਗੜ ਕੇ ਸਾਫ਼ ਕਰਦਾ ਹੈ (ਮਨ ਦੀਆਂ ਕਮਜ਼ੋਰੀਆਂ ਨੂੰ ਘੋਖਦਾ-ਘੋਖਦਾ ਦੂਰ ਕਰਦਾ ਹੈ, ਇਸ ਤਰ੍ਹਾਂ ਕੀਤੇ ਇਸ਼ਨਾਨ ਨਾਲ਼ ਤਿਲ ਮਾਤਰ ਨਹੀਂ ਸਗੋਂ ਸਦਾ ਲਈ ਇੱਜ਼ਤ ਮਿਲਦੀ ਹੈ: ‘‘ਮੰਨੈ; ਪਤਿ ਸਿਉ ਪਰਗਟੁ ਜਾਇ ’’)

ਸਭਿ ਗੁਣ ਤੇਰੇ, ਮੈ ਨਾਹੀ ਕੋਇ ਵਿਣੁ ਗੁਣ ਕੀਤੇ, ਭਗਤਿ ਹੋਇ   ਉਚਾਰਨ : ਮੈਂ, ਨਾਹੀਂ।

(ਅੰਤਹਿਕਰਣ ਦੀ ਸ਼ੁੱਧਤਾ ਉਪਰੰਤ ਆਪ ਮੁਹਾਰੇ ਫ਼ਰਿਆਦ ਹੁੰਦੀ ਹੈ ਕਿ ਹੇ ਦਾਤਾਰ ਮਾਲਕ  ! ਮੇਰੇ ਜੀਵਨ ਵਿਕਾਸ ’ਚ) ਸਾਰੇ ਤੇਰੇ ਗੁਣ (ਅਹਿਸਾਨ/ਉਪਕਾਰ) ਹਨ, ਮੇਰੇ ਕੋਲ਼ ਕੋਈ ਸਮਰੱਥਾ ਨਹੀਂ ਸੀ (ਹਮ ਰੁਲਤੇ ਫਿਰਤੇ, ਕੋਈ ਬਾਤ ਪੂਛਤਾ.. ਮਹਲਾ , ਪੰਨਾ ੧੬੭) ਤੇਰੇ ਉਪਕਾਰ ਕੀਤੇ ਬਿਨਾਂ (ਬੰਦੇ ਤੋਂ ਤੇਰੀ) ਭਗਤੀ ਨਹੀਂ ਹੋ ਸਕਦੀ (ਵਿਣੁ ਕਰਮਾ, ਕਿ ਮਿਲੈ, ਲਈ  ? ਜਪੁ)।

ਸੁਅਸਤਿ ਆਥਿ, ਬਾਣੀ ਬਰਮਾਉ ਸਤਿ, ਸੁਹਾਣੁ, ਸਦਾ ਮਨਿ ਚਾਉ   ਉਚਾਰਨ : ਬਰ੍ਹਮਾਉ।

(ਹੇ ਮਾਲਕ  ! ) ਤੂੰ ਕਲਿਆਣ ਸਰੂਪ ਹੈਂ, ਤੇਰੀ ਬਾਣੀ ਬ੍ਰਹਮ ਰੂਪ ਹੈ, ਤੂੰ ਸਦਾ ਸਥਿਰ, ਸੁੰਦਰ (ਪ੍ਰਭਾਵਸ਼ਾਲੀ) ਹੈਂ ਤੇ ਆਪਣੇ ਮਨ ’ਚ ਸਦਾ ਖੇੜਾ ਬਣਾਈ ਰੱਖਦਾ ਹੈਂ (ਨਾਨਕ  ! ਵਿਗਸੈ ਵੇਪਰਵਾਹੁ ਭਾਵ ਸਾਨੂੰ ਬੇਚੈਨ ਵੇਖ ਆਪ ਚਿੰਤਾਤੁਰ ਨਹੀਂ ਹੁੰਦਾ, ਆਪਣੇ ਗੁਣਾਂ ’ਚ ਕਮੀ ਨਹੀਂ ਆਉਣ ਦਿੰਦਾ।)

ਕਵਣੁ ਸੁ ਵੇਲਾ  ? ਵਖਤੁ ਕਵਣੁ  ? ਕਵਣ ਥਿਤਿ  ? ਕਵਣੁ ਵਾਰੁ  ?

(ਹੇ ਸ੍ਰਿਸ਼ਟੀ ਦੇ ਰਚੇਤਾ  !) ਉਹ ਕਿਹੜਾ ਸਮਾਂ, ਕਿਹੜਾ ਵੇਲ਼ਾ (ਵਕਤ), (ਚੰਦ੍ਰਮਾ ਨਾਲ਼ ਸਬੰਧਿਤ) ਕਿਹੜੀ ਤਿੱਥ (ਦੂਜ, ਤੀਜ, ਆਦਿ) ਤੇ (ਸੂਰਜ ਨਾਲ਼ ਸਬੰਧਿਤ) ਕਿਹੜਾ ਦਿਨ (ਸੋਮਵਾਰ, ਮੰਗਲਵਾਰ, ਆਦਿ) ਸੀ  ?

ਕਵਣਿ ਸਿ ਰੁਤੀ  ? ਮਾਹੁ ਕਵਣੁ  ? ਜਿਤੁ ਹੋਆ ਆਕਾਰੁ ਉਚਾਰਨ : ਮਾਹ।

ਕਿਹੜੀ ਉਹ ਰੁੱਤ ਤੇ ਕਿਹੜਾ ਮਹੀਨਾ ਸੀ, ਜਿਸ (ਘਟਨਾਕ੍ਰਮ/ਚਮਤਕਾਰ ਸਮੇਂ) ਵਿੱਚ ਬ੍ਰਹਿਮੰਡ ਬਣਿਆ  ?

ਵੇਲ ਪਾਈਆ ਪੰਡਤੀ; ਜਿ ਹੋਵੈ ਲੇਖੁ ਪੁਰਾਣੁ     ਉਚਾਰਨ : ਵੇਲ਼, ਪੰਡਤੀਂ।

ਉਹ ਸਮਾਂ (ਹਿੰਦੂ ਲੇਖਕ) ਪੰਡਿਤਾਂ ਨੇ ਵੀ ਨਹੀਂ ਲੱਭਾ, ਜਿ (ਭਾਵ ਨਹੀਂ ਤਾਂ, ਇਸ ਘਟਨਾ ਬਾਰੇ) ਪੁਰਾਣ ਵਾਙ ਲੇਖ ਲਿਖਿਆ ਹੁੰਦਾ।

ਵਖਤੁ ਪਾਇਓ ਕਾਦੀਆ, ਜਿ ਲਿਖਨਿ ਲੇਖੁ ਕੁਰਾਣੁ     ਉਚਾਰਨ : ਕਾਦੀਆਂ, ਲਿਖਨ੍।

(ਮੁਸਲਮਾਨ) ਕਾਜ਼ੀਆਂ ਨੇ ਵੀ ਉਹ ਮਿਆਦ ਨਹੀਂ ਲੱਭੀ, ਨਹੀਂ ਤਾਂ ਇਸ ਲੇਖੇ-ਜੋਖੇ ਨੂੰ ਵੀ ਕੁਰਾਨ ਵਾਙ ਲਿਖ ਦੇਂਦੇ।

ਥਿਤਿ, ਵਾਰੁ, ਨਾ ਜੋਗੀ ਜਾਣੈ; ਰੁਤਿ, ਮਾਹੁ ਨਾ ਕੋਈ     ਉਚਾਰਨ : ਮਾਹ।

(ਬ੍ਰਹਿਮੰਡ ਦੀ ਅਰੰਭਕ) ਕੋਈ ਤਿੱਥ, ਕੋਈ ਦਿਨ, ਕੋਈ ਰੁੱਤ ਜਾਂ ਕੋਈ ਮਹੀਨਾ; ਕੋਈ (ਕਰਾਮਾਤੀ) ਯੋਗੀ ਵੀ ਨਹੀਂ ਜਾਣਦਾ।

ਜਾ ਕਰਤਾ, ਸਿਰਠੀ ਕਉ ਸਾਜੇ; ਆਪੇ ਜਾਣੈ ਸੋਈ

ਜੋ (ਸ੍ਰਿਸ਼ਟੀ ਦਾ) ਰਚੇਤਾ-ਕਰਤਾਰ; ਬ੍ਰਹਿਮੰਡ ਨੂੰ ਰਚਦਾ ਹੈ, ਕੇਵਲ ਉਹ ਆਪ ਹੀ (ਇਸ ਦੇ ਅਰੰਭਕ ਘਟਨਾਕ੍ਰਮ, ਆਦਿ ਬਾਰੇ) ਜਾਣਦਾ ਹੈ।

ਕਿਵ ਕਰਿ ਆਖਾ  ? ਕਿਵ ਸਾਲਾਹੀ  ? ਕਿਉ ਵਰਨੀ  ? ਕਿਵ ਜਾਣਾ  ?     ਉਚਾਰਨ : ਆਖਾਂ, ਸਾਲਾਹੀਂ, ਕਿਉਂ।

(ਇਸ ਵਿਸ਼ਾਲ ਕੁਦਰਤ ਬਾਰੇ ਮੈਂ) ਕਿਵੇਂ ਆਖ ਕੇ ਦੱਸਾਂ  ?, ਕਿਵੇਂ (ਇਸ ਦੇ ਰਚੇਤਾ ਦੀ) ਸਿਫ਼ਤ-ਸਲਾਹ ਕਰਾਂ  ?, (ਉਸ ਦੇ ਸਾਰੇ ਗੁਣਾਂ ਦਾ) ਕਿਸ ਤਰ੍ਹਾਂ ਵਰਣਨ ਕਰਾਂ  ? (ਅਕਾਲ ਪੁਰਖ ਤੇ ਉਸ ਦੀ ਰਚਨਾ ਦੀ ਵਿਸ਼ਾਲਤਾ ਨੂੰ) ਕਿਵੇਂ ਜਾਣਾ  ?

ਨਾਨਕ  !  ਆਖਣਿ ਸਭੁ ਕੋ ਆਖੈ; ਇਕ ਦੂ ਇਕੁ ਸਿਆਣਾ  ਉਚਾਰਨ : ਦੂੰ।

ਹੇ ਨਾਨਕ  !  ਇੱਕ ਤੋਂ ਇੱਕ ਵੱਧ ਅਕਲਮੰਦ ਬਣ ਕੇ ਹਰ ਕੋਈ ਜ਼ਬਾਨ ਨਾਲ਼ (ਰੱਬ ਤੇ ਕੁਦਰਤ ਬਾਰੇ) ਦੱਸਦਾ ਰਹਿੰਦਾ ਹੈ (ਪਰ ਉਹ ਪੂਰਨ ਸੱਚ ਨਹੀਂ ਹੁੰਦਾ ਕਿਉਂਕਿ)

ਵਡਾ ਸਾਹਿਬੁ, ਵਡੀ ਨਾਈ; ਕੀਤਾ ਜਾ ਕਾ ਹੋਵੈ

ਜਿਸ (ਮਾਲਕ) ਦਾ ਬ੍ਰਹਿਮੰਡ ਰਚਿਆ ਹੋਇਆ ਹੈ, (ਉਹ) ਸਾਹਿਬ (ਆਪ ਵੀ) ਬੇਅੰਤ ਹੈ (ਤੇ ਉਸ ਦੀ) ਮਹਿਮਾ (ਰਚਨਾ) ਵੀ ਵਿਸ਼ਾਲ ਹੈ।

ਨਾਨਕ  !  ਜੇ ਕੋ ਆਪੌ ਜਾਣੈ; ਅਗੈ ਗਇਆ, ਸੋਹੈ ੨੧   ਉਚਾਰਨ : ਆਪੌਂ, ਅੱਗੈ, ਗਇਆਂ।

ਹੇ ਨਾਨਕ  !  ਜੇ ਕੋਈ (ਬ੍ਰਹਮਾ ਵਾਙ) ਆਪਣੇ ਆਪ ਤੋਂ (ਭਾਵ ਨਿੱਜ ਬਲ ਕਰ ਕੇ ਰੱਬੀ ਵਿਸ਼ਾਲਤਾ ਦਾ ਅੰਤ) ਜਾਣਨ ਦਾ ਯਤਨ ਕਰੇ (ਤਾਂ ਬੇਲੋੜਾ ਬਿਤਾਏ ਜੀਵਨ ਉਪਰੰਤ) ਅਗਾਂਹ (ਖੱਟੀ ਕਮਾਈ ਦੇ ਪੈਂਦੇ ਮੁੱਲ ਸਥਾਨ) ਪਹੁੰਚਣ ’ਤੇ ਸ਼ੋਭਦਾ ਨਹੀਂ ।

(ਨੋਟ : ਉਕਤ ੨੧ਵੀਂ ਪਉੜੀ ਦਾ ਸਾਰ : ਬਾਹਰਲੇ ‘‘ਤੀਰਥੁ ਤਪੁ ਦਇਆ ਦਤੁ ਦਾਨੁ ’’ ਕਰਨ ਦੀ ਬਜਾਇ ‘‘ਅੰਤਰਗਤਿ ਤੀਰਥਿ ਮਲਿ ਨਾਉ ’’; ਇਸ ਇਸ਼ਨਾਨ ਨਾਲ਼ ਬੰਦੇ ਅੰਦਰ ਆਈ ਰੌਸ਼ਨੀ ਦਾ ਜ਼ਿੰਮਾ; ਉਹ ਆਪਣੇ ’ਤੇ ਨਹੀਂ ਲੈਂਦਾ ਬਲਕਿ ‘‘ਸਭਿ ਗੁਣ ਤੇਰੇ; ਮੈ ਨਾਹੀ ਕੋਇ ’’ ਪੁਕਾਰਦਾ ਹੈ। ਉਸ ਦੀ ਕੁਦਰਤ ’ਚੋਂ ਵਿਖਾਈ ਦਿੰਦੇ ਸੁਹੱਪਣ (ਖ਼ੂਬਸੂਰਤੀ) ‘‘ਸੁਅਸਤਿ ਆਥਿ ਬਾਣੀ ਬਰਮਾਉ ਸਤਿ ਸੁਹਾਣੁ; ਸਦਾ ਮਨਿ ਚਾਉ ’’ ਦੀ ਅਰੰਭਕ ‘ਰੁਤ, ਥਿਤ, ਵਾਰ’ ਵੀ ਸਿਰਜਣਹਾਰ ਤੋਂ ਬਿਨਾਂ ਕੋਈ ਨਹੀਂ ਜਾਣਦਾ ਪਰ ਅਗਰ ਕੋਈ ਇਹ ਬੋਧ ਹੋਣ ਦਾ ਦਾਹਵਾ ਕਰੇ ਤਾਂ ਉਹ ‘‘ਅਗੈ ਗਇਆ ਸੋਹੈ ’’)

ਪਾਤਾਲਾ ਪਾਤਾਲ ਲਖ ਆਗਾਸਾ ਆਗਾਸ       ਉਚਾਰਨ : ਪਾਤਾਲਾਂ, ਲੱਖ, ਆਗਾਸਾਂ।

(ਸਨਾਤਨੀ ਸੋਚ ਅਨੁਸਾਰ ਕੁਦਰਤ ਦੀਆਂ ਸੀਮਾਵਾਂ, ਹੇਠਾਂ) ਪਾਤਾਲਾਂ ਦੇ ਥੱਲੇ ਲੱਖ ਪਾਤਾਲ ਅਤੇ ਅਕਾਸ਼ਾਂ ਦੇ ਉੱਪਰ ਲੱਖ ਆਕਾਸ਼ ਹਨ।

ਓੜਕ ਓੜਕ ਭਾਲਿ ਥਕੇ; ਵੇਦ ਕਹਨਿ ਇਕ ਵਾਤ     ਉਚਾਰਨ : ਥੱਕੇ।

ਵੇਦ (ਸਿਮਰਤੀ, ਆਦਿ ਦੇ ਗਿਆਤਾ/ਪੰਡਿਤ) ਆਮ ਰਾਏ ਬਣਾ ਆਖਦੇ ਹਨ (ਕਿ ਰਿਸ਼ੀ-ਮੁਨੀ ਇਨ੍ਹਾਂ ਪਤਾਲਾਂ ਦਾ ਹੇਠਾਂ) ਅੰਤ (ਤੇ ਪੁਲਾੜ ਦਾ ਉੱਪਰ) ਅੰਤ ਲੱਭਦੇ ਥੱਕ ਗਏ (ਭਾਵ ਸਾਰੀ ਸੰਸਾਰਕ ਯਾਤਰਾ ਸਮੇਂ ਗਿਣਤੀ-ਮਿਣਤੀ ਕਰਦੇ ਰਹੇ)।

ਸਹਸ ਅਠਾਰਹ, ਕਹਨਿ ਕਤੇਬਾ; ਅਸੁਲੂ ਇਕੁ ਧਾਤੁ    ਉਚਾਰਨ : ਅਠਾਰ੍ਹਾਂ, ਕਤੇਬਾਂ।

ਚਾਰੋਂ ਕਤੇਬਾਂ ਆਖਦੀਆਂ ਹਨ ਕਿ 18 ਹਜ਼ਾਰ (ਆਲਮ, ਇਲਮ-ਬੋਧ ਰੱਖਣ ਵਾਲ਼ੇ) ਹਨ, ਇਨ੍ਹਾਂ ਦਾ ‘ਅਸੁਲੂ’ (ਮੁੱਢ) ਇੱਕ ‘ਧਾਤੁ’ (ਤੱਤ-ਸਾਰ ਭਾਵ ਰੱਬ, ਅੱਲਾ/ਖ਼ੁਦਾ) ਹੈ।

(ਨੋਟ : ਗੁਰਮਤਿ ਸਿਧਾਂਤ ਹੈ, ‘‘ਚੰਦਂੀ ਹਜਾਰ ਆਲਮ; ਏਕਲ ਖਾਨਾਂ ’’ (ਭਗਤ ਨਾਮਦੇਵ ਜੀ, ਪੰਨਾ ੭੨੭)  ਭਾਵ ‘ਚੰਦਂੀ’ (ਕਈ) ਹਜ਼ਾਰ ਆਲਮ (ਇਲਮ-ਬੋਧ ਰੱਖਣ ਵਾਲ਼ੇ) ਹਨ, ਪਰ ਖ਼ੁਦਾ ਇੱਕ ਹੈ।

ਉਕਤ ਮਿਸਾਲ ਤੋਂ ਇਹ ਸਪਸ਼ਟ ਹੈ ਕਿ ਰੱਬ ਭਾਵੇਂ ਦੋਵਾਂ (ਕਤੇਬਾਂ ਤੇ ਗੁਰਮਤਿ) ਅਨੁਸਾਰ ਇੱਕ ਹੀ ਹੈ ਪਰ ਇਲਮ-ਬੋਧ ਰੱਖਣ ਵਾਲ਼ੇ (ਆਲਮ); ਕਤੇਬਾਂ ਅਨੁਸਾਰ 18 ਹਜ਼ਾਰ ਅਤੇ ਗੁਰਮਤਿ ਨੇ ਅਸੀਮ (ਚੰਦਂੀ ਹਜਾਰ) ਮੰਨੇ ਹਨ।

ਗੁਰਬਾਣੀ ਸਦਾ ‘‘ਲੇਖਾ ਹੋਇ, ਲਿਖੀਐ..’’ ਭਾਵ ਜਿਸ ਦਾ ਲੇਖਾ ਹੋ ਸਕਦਾ ਹੋਵੇ ਤਾਂ ਹੀ ਗਿਣਤੀ ਮਿਣਤੀ ਕਰੀਏ, ਜਦ ਲੇਖਾ ਹੋ ਹੀ ਨਹੀਂ ਸਕਦਾ ਤਾਂ ਇੱਧਰ ਧਿਆਨ ਲਗਾ ਕੇ ਜੀਵਨ ਅਜਾਈਂ ਕਿਉਂ ਗਵਾਇਆ ਜਾਵੇ ?  ਬਾਰੇ ਸਮਝਾਉਂਦੀ ਹੈ। ਇਸ ਦਾ ਇਹ ਮਤਲਬ ਨਹੀਂ ਕਿ ਕਰਤਾਰ ਤੇ ਕੁਦਰਤ ਦੀ ਵਿਸ਼ਾਲਤਾ ਬਾਰੇ ਗੁਰਬਾਣੀ ਖ਼ਾਮੋਸ਼ ਹੈ। ਰੱਬ ਅਤੇ ਕੁਦਰਤ ਦੀ ਵਿਸ਼ਾਲਤਾ ਬਾਰੇ ਵਿਚਾਰ ਰੱਖਣੇ ਅਤੇ ਰੱਬ ਜਾਂ ਕੁਦਰਤ ਦਾ ਅੰਤ ਪਾਉਣਾ; ਦੋ ਭਿੰਨ-ਭਿੰਨ ਵਿਚਾਰ (ਅੰਤ ਪਾਉਣ ਨਾਲ਼ ਅਹੰਕਾਰ ਤੇ ਅਸੀਮ ਕਹਿਣ ਨਾਲ਼ ਨਿਮਰਤਾ ਪੈਦਾ ਹੁੰਦੀ ਹੈ) ਹਨ, ਜਿਨ੍ਹਾਂ ਨੂੰ ਰਲ਼ਗੱਡ ਨਹੀਂ ਕੀਤਾ ਜਾ ਸਕਦਾ; ਜਿਵੇਂ ਕਿ ਕੁਝ ਨਾਸਤਕ ਮਨੋਬਿਰਤੀ ਵਾਲ਼ੇ ਸਿੱਖ ਪ੍ਰਚਾਰਕ ਰੱਬ ਬਾਰੇ ਗੱਲ ਕਰਨ ਵਾਲ਼ਿਆਂ ਨੂੰ ਇਹ ਕਹਿ ਕੇ ਗੁਰਮਤਿ ਨੂੰ ਕੇਵਲ ਕਰਮਕਾਂਡਾਂ ਦੇ ਖੰਡਨ ਤੱਕ ਸੀਮਤ ਕਰ ਲੈਂਦੇ ਹਨ ਕਿ ਉਹ ਵਿਸ਼ਾਲ ਹੈ ਉਸ ਬਾਰੇ ਮਨੁੱਖ ਬਹੁਤਾ ਨਹੀਂ ਸਮਝ ਸਕਦਾ। ਚਾਹੀਦਾ ਤਾਂ ਇਹ ਹੈ ਕਿ ਮਨੁੱਖੀ ਸੋਚ ਨੂੰ ਉੱਚੇ ਪਾਸੇ (ਰੱਬ ਵੱਲ) ਜੋੜਿਆ ਜਾਵੇ ਤਾਂ ਜੋ ਅਰਥਹੀਣ ਧਾਰਮਕ ਕਰਮਕਾਂਡ ਆਪਣੇ ਆਪ ਹੀ ਬੌਣੇ ਲਗਦੇ ਜਾਪਣ, ਪਰ ਇਸ ਪੱਧਤੀ (ਢੰਗ) ਨੂੰ ਉਹੀ ਪ੍ਰਚਾਰਕ ਅਪਣਾਏਗਾ ਜੋ ਖ਼ੁਦ ਉੱਚੇ ਨਾਲ਼ ਜੁੜਨ ਦਾ ਚਾਹਵਾਨ ਹੋਵੇ। ਇਹ ਮਾਰਗ ਕਠਿਨ ਹੋਣ ਕਾਰਨ ਹੇਠਲਾ ਰਸਤਾ (ਕਰਮਕਾਂਡ ਦਾ ਖੰਡਨ) ਅਪਣਾਉਣਾ ਆਸਾਨ ਰਹਿੰਦਾ ਹੈ।

ਗੁਰਮਤਿ; ਪ੍ਰਚਲਿਤ ਹਰ ਉਸ ਖ਼ਿਆਲ ਨਾਲ਼ ਅਸਹਿਮਤ ਹੈ, ਜਿਸ ਰਾਹੀਂ ਕਰਤਾਰ ਅਤੇ ਉਸ ਦੀ ਕੁਦਰਤ ਨੂੰ ਸੰਖਿਆ ਰਾਹੀਂ ਨਾਪਿਆ ਜਾਏ; ਜਿਵੇਂ ਕਿ ‘84 ਲੱਖ ਜੂਨਾਂ, ਤਿੰਨ ਲੋਕ, 14 ਲੋਕ, ਮਾਇਆ ਦੇ ਤਿੰਨ (ਰਜੋ, ਤਮੋ, ਸਤੋ) ਗੁਣ, ਪੰਜ ਕਾਮਾਦਿਕ (ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ)’ ਆਦਿ।

ਧਿਆਨ ਰਹੇ ਕਿ ਗੁਰਮਤਿ; ਮਾਇਆ ਦੀ ਵਿਆਖਿਆ ਦੂਜੈ ਭਾਇ ਸ਼ਬਦਾਂ ਰਾਹੀਂ ਕਰਦੀ ਹੈ, ਇਸ ਲਈ ਇਹ ਸੰਯੁਕਤ ਸ਼ਬਦ ਵਾਰ-ਵਾਰ (151 ਵਾਰ) ਵਰਤੇ ਗਏ।  ਦੂਜੈ ਭਾਇ ਦਾ ਅਰਥ ਹੈ ‘(ਰੱਬ ਤੋਂ ਬਿਨਾਂ) ਹੋਰ ਪਿਆਰ ਰਾਹੀਂ ਜਾਂ ਦੂਜੇ ਨਾਲ਼ ਪਿਆਰ ਕੀਤਿਆਂ। ਮਿਸਾਲ ਵਜੋਂ:

ਭਾਈ ਰੇ  ! ਜਗੁ ਦੁਖੀਆ ਦੂਜੈ+ਭਾਇ (: , ਪੰਨਾ ੨੯)

ਮਾਇਆ ਵਿਚਿ ਸਹਜੁ ਨ ਊਪਜੈ; ਮਾਇਆ ਦੂਜੈ+ਭਾਇ (: , ਪੰਨਾ ੬੮)

ਮਨੁ ਮੈਲਾ ਹੈ; ਦੂਜੈ+ਭਾਇ (: , ਪੰਨਾ ੧੨੧)

ਘਰ ਹੀ ਮਾਹਿ; ਦੂਜੈ+ਭਾਇ ਅਨੇਰਾ ॥ (: , ਪੰਨਾ ੧੨੬)

ਮਤੁ ਜਾਣਹੁ ਜਗੁ ਜੀਵਦਾ; ਦੂਜੈ+ਭਾਇ ਮੁਇਆਸੁ ॥ (: , ਪੰਨਾ ੬੪੩), ਆਦਿ।

ਪ੍ਰਾਚੀਨ ਕਥਾ ਅਨੁਸਾਰ ਬ੍ਰਹਮਾ; ਵਿਸ਼ਨੂੰ ਦੀ ਨਾਭੀ ਰਾਹੀਂ ਉੱਗੇ ਕੰਵਲ ਫੁੱਲ ’ਚੋਂ ਪੈਦਾ ਹੋਇਆ, ਫਿਰ ਆਪਣੇ ਮੂਲ (ਕਮਲ) ਦੀ ਜੜ੍ਹ ਨੂੰ 36 ਯੁੱਗ (18 ਯੁੱਗ ਜਾਣ ਲਈ ਅਤੇ 18 ਯੁੱਗ ਵਾਪਸ ਆਉਣ ਲਈ) ਲੱਭਦਾ ਰਿਹਾ, ਪਰ ਜੜ੍ਹ ਨਾ ਮਿਲੀ, ‘‘ਹੁਕਮੇ ਜੁਗ ਛਤੀਹ ਗੁਦਾਰੇ (ਮਹਲਾ , ਪੰਨਾ ੧੦੩੭), ਨਾਭਿ ਵਸਤ, ਬ੍ਰਹਮੈਂ (ਨੇ) ਅੰਤ ਜਾਣਿਆ (ਮਹਲਾ , ਪੰਨਾ ੧੨੩੭), ਓੜਕ ਭਾਲਣਿ ਗਏ, ਸਿ ਫੇਰ ਆਇਆ’’ (ਵਾਰ ੨੨, ਪਉੜੀ ੩, ਭਾਈ ਗੁਰਦਾਸ ਜੀ), ਆਦਿ ਵਾਕ ਸਨਾਤਨੀ ਸੋਚ, ‘‘ਓੜਕ ਓੜਕ ਭਾਲਿ ਥਕੇ; ਵੇਦ ਕਹਨਿ ਇਕ ਵਾਤ’’ ਦੀ ਪੁਸ਼ਟੀ ਕਰਦੇ ਹਨ।

(2). ਚਾਰ ਕਤੇਬਾਂ ਦੇ ਨਾਂ ਹਨ : ਹਜਰਤ ਮੂਸਾ ਜੀ ਨੂੰ ਪ੍ਰਗਟ ਹੋਈ ਯਹੂਦੀਆਂ ਦੀ ਧਾਰਮਿਕ ਪੁਸਤਕ ‘ਤੌਰੇਤ’, ਜਰੂਸਲਮ ਦੇ ਬਾਦਸ਼ਾਹ ਹਜਰਤ ਦਾਊਦ ਦੁਆਰਾ ਪ੍ਰਗਟ ਹੋਈ ‘ਜ਼ੱਬੂਰ’, ਈਸਾਈਆਂ ਦਾ ਧਰਮ ਗ੍ਰੰਥ ‘ਅੰਜੀਲ’ ਤੇ ਹਜਰਤ ਮੁਹੰਮਦ ਸਾਹਿਬ ਨੂੰ ਪ੍ਰਗਟ ਹੋਈ ਮੁਸਲਮਾਨਾਂ ਦੀ ਧਾਰਮਿਕ ਪੁਸਤਕ ‘ਕੁਰਾਨ’।)

ਲੇਖਾ ਹੋਇ, ਲਿਖੀਐ; ਲੇਖੈ ਹੋਇ ਵਿਣਾਸੁ

(ਲੱਖ ਜਾਂ ਹਜ਼ਾਰ ਸ਼ਬਦਾਂ ਨਾਲ਼ ਕੁਦਰਤ ਦਾ) ਅਗਰ ਪੂਰਾ ਅਨੁਮਾਨ ਲਗਦਾ ਹੋਵੇ ਤਾਂ ਹੀ (ਇਨ੍ਹਾਂ ਸੰਖਿਅਕ ਸ਼ਬਦਾਂ ਨੂੰ ਮਿਸਾਲ ਵਜੋਂ) ਵਰਤਿਆ ਜਾ ਸਕਦਾ ਹੈ (ਜਦ ਕਿ ਰੱਬੀ ਵਿਸ਼ਾਲਤਾ ਬਾਰੇ ਤਾਂ ਸੰਖਿਅਕ) ਲਿਖਤ ਦਾ ਹੀ ਨਾਸ਼ ਹੋ ਜਾਂਦਾ ਹੈ (ਭਾਵ ‘ਅਸੰਖ’ ਸ਼ਬਦ ਵੀ ਅਪੂਰਨ ਹੈ, ‘‘ਅਸੰਖ ਕਹਹਿ; ਸਿਰਿ ਭਾਰੁ ਹੋਇ’’)।

ਨਾਨਕ  ! ਵਡਾ ਆਖੀਐ; ਆਪੇ ਜਾਣੈ ਆਪੁ ੨੨

ਹੇ ਨਾਨਕ  ! (ਕਰਤਾਰ) ਆਪ ਹੀ ਆਪਣੇ ਆਪ ਨੂੰ (ਭਾਵ ਆਪਣੀ ਵਿਸ਼ਾਲਤਾ ਨੂੰ) ਜਾਣਦਾ ਹੈ, (ਜੀਵਾਂ ਲਈ ਤਾਂ ਕੇਵਲ ਉਸ ਨੂੰ) ਵੱਡਾ ਕਹਿਣਾ ਹੀ ਫਬਦਾ (ਚੰਗਾ ਲੱਗਦਾ) ਹੈ।

(ਨੋਟ : ਉਕਤ ੨੨ਵੀਂ ਪਉੜੀ ਦਾ ਸਾਰ : ਕਰਤਾਰ; ਆਪਣੀ ਵਿਸ਼ਾਲਤਾ ਬਾਰੇ ਆਪ ਹੀ ਜਾਣਦਾ ਹੈ, ਉਸ ਦੀ ਕੁਦਰਤ ਨੂੰ ਲੱਖ ਜਾਂ ਹਜ਼ਾਰ (ਪੈਮਾਨੇ) ਨਾਲ਼ ਨਾਪਿਆ ਨਹੀਂ ਜਾ ਸਕਦਾ।)

ਸਾਲਾਹੀ ਸਾਲਾਹਿ, ਏਤੀ ਸੁਰਤਿ ਪਾਈਆ   ਉਚਾਰਨ : ਸਾਲਾਹ।

ਸਲਾਹੁਣ ਯੋਗ (ਕਰਤਾਰ) ਨੂੰ ਸਾਲਾਹ-ਸਾਲਾਹ ਕੇ (ਭਗਤ, ਉਸ ’ਚ ਅਭੇਦ ਹੋ ਗਿਆ ਪਰ) ਇੰਨੀ ਸੂਝ ਨਾ ਪਾ ਸਕਿਆ (ਕਿ ਉਹ ਕਿੰਨਾ ਵੱਡਾ ਹੈ ? ਜਿਵੇਂ ਕਿ)

ਨਦੀਆ ਅਤੈ ਵਾਹ; ਪਵਹਿ ਸਮੁੰਦਿ, ਜਾਣੀਅਹਿ   ਉਚਾਰਨ : ਨਦੀਆਂ, ਪਵਹਿਂ, ਜਾਣੀਅਹਿਂ।

ਨਦੀਆਂ ਅਤੇ ਨਾਲੇ (ਛੋਟੇ ਜਲ ਪ੍ਰਵਾਹ, ਜਦ ਵਿਸ਼ਾਲ) ਸਮੁੰਦਰ ਵਿੱਚ ਪੈ ਜਾਂਦੇ ਹਨ (ਤਾਂ ਆਪਣੇ ਪਿਛੋਕੜ ਕਿ ਕੌਣ ਗੰਗਾ, ਯਮਨਾ ਜਾਂ ਸਤਲੁਜ ਸੀ  ?, ਬਾਰੇ) ਨਹੀਂ ਜਾਣ ਸਕਦੇ (ਇਉਂ ਮਨੁੱਖ ਦਾ ਟੀਚਾ ਮਾਲਕ ’ਚ ਅਭੇਦ ਹੋਣਾ ਹੈ, ਨਾ ਕਿ ਬ੍ਰਹਮਾ ਵਾਙ ਆਪਣੇ ਮੂਲ ਦਾ ਅੰਤ ਲੱਭਣਾ)।

(ਨੋਟ : ਗੁਰਮਤਿ; ਜਦ ਅਲੌਕਿਕ ਵਿਸ਼ੇ ਦੀ ਸਰਲਤਾ ਲਈ ਕੋਈ ਦੁਨਿਆਵੀ ਮਿਸਾਲ ਦਿੰਦੀ ਹੈ ਤਾਂ ਬਾਅਦ ’ਚ ਮਿਸਾਲ ਵਜੋਂ ਲਈ ਟੇਕ ਨੂੰ ਵੀ ਤੁੱਛ ਬਿਆਨ ਕਰਦੀ ਹੈ ਤਾਂ ਜੋ ਮਨੁੱਖੀ ਸੋਚ (ਧਰਤੀ ਨੂੰ ਚੁੱਕਣ ਵਾਲ਼ੇ ਕਾਲਪਨਿਕ ਬਲ਼ਦ ਵਾਙ) ਉਸੇ ਤੋਂ ਹੀ ਪ੍ਰਭਾਵਤ ਨਾ ਹੋ ਜਾਵੇ; ਜਿਵੇਂ ਕਿ

ਗੁਰੂ ਨਾਨਕ ਸਾਹਿਬ ਜੀ ਨੇ ਮਾਸ ਨੂੰ ਖਾਣ ਜਾਂ ਨਾ ਖਾਣ ਵਜੋਂ ਸਪਸ਼ਟ ਕਰਦਿਆਂ ਪਾਣੀ ਨੂੰ ਆਧਾਰ ਬਣਾਇਆ ਕਿ ਪਾਣੀ ਤੋਂ ਹੀ ਸਾਗ (ਸਬਜ਼ੀ), ਅੰਨ, ਗੰਨਾ (ਗੁੜ-ਚੀਨੀ) ਤੇ ਮਾਸ ਬਣਦਾ ਹੈ, ‘‘ਤੋਇਅਹੁ (ਪਾਣੀ ਤੋਂ) ਅੰਨੁ, ਕਮਾਦੁ, ਕਪਾਹਾਂਤੋਇਅਹੁ ਤ੍ਰਿਭਵਣੁ, ਗੰਨਾ ’’ (: , ਪੰਨਾ ੧੨੯੦), ਪਰ ਵਿਸ਼ੇ ਦੀ ਸਮਾਪਤੀ ’ਚ ਪਾਣੀ ਨੂੰ ਵੀ ਮਲ-ਮੂਤਰ ਕਾਰਨ ਗੰਦਾ ਸਿੱਧ ਕੀਤਾ ਗਿਆ ਤਾਂ ਜੋ (ਪਾਣੀ-ਸਮੁੰਦਰ) ਸੰਸਾਰ ’ਚ ਵੱਡਾ (ਅਹੰਕਾਰੀ) ਬਣ ਮਨੁੱਖੀ ਸੋਚ ਨੂੰ ਪ੍ਰਭਾਵਤ ਨਾ ਕਰੇ, ‘‘ਤੋਆ (ਪਾਣੀ) ਆਖੈ ਹਉ ਬਹੁ ਬਿਧਿ ਹਛਾ; ਤੋਐ (ਪਾਣੀ ’ਚ ਵੀ) ਬਹੁਤੁ ਬਿਕਾਰਾ ’’ (: , ਪੰਨਾ ੧੨੯੦)

ਸੋ, ਹਥਲੇ ਪਉੜੀ ਵਿਸ਼ੇ ‘‘ਨਦੀਆ ਅਤੈ ਵਾਹ; ਪਵਹਿ ਸਮੁੰਦਿ..’’ ’ਚ ਮਿਸਾਲ ਵਜੋਂ ਲਏ ਗਏ ਸਮੁੰਦਰ ਦੀ ਵਿਸ਼ਾਲਤਾ ਵਰਗੇ ਬਾਦਸ਼ਾਹ-ਸੁਲਤਾਨਾਂ ਨੂੰ ਵਿਖਾ ਕੇ ਹੇਠਾਂ ਸਮੁੰਦਰ ਨੂੰ ਵੀ ਕੀੜੀ ਤੋਂ ਤੁਛ ਸਾਬਤ ਕੀਤਾ ਗਿਆ ਹੈ।)

ਸਮੁੰਦ ਸਾਹ ਸੁਲਤਾਨ, ਗਿਰਹਾ ਸੇਤੀ ਮਾਲੁ ਧਨੁ  ਉਚਾਰਨ : ਸ਼ਾਹ

ਸਮੁੰਦਰਾਂ ਵਾਙ (ਵਿਆਪਕ ਰਾਜ ਸਥਾਪਤ ਕਰਨ ਵਾਲ਼ੇ) ਬਾਦਸ਼ਾਹ-ਸੁਲਤਾਨ, (ਜਿਨ੍ਹਾਂ ਦੇ ਗ੍ਰਹਿ) ਖ਼ਜ਼ਾਨੇ ਨਾਲ਼ (ਭਰਿਆ ਬੇਅੰਤ) ਧੰਨ ਪਦਾਰਥ ਹੈ।

ਕੀੜੀ ਤੁਲਿ ਹੋਵਨੀ; ਜੇ, ਤਿਸੁ ਮਨਹੁ ਵੀਸਰਹਿ ੨੩    ਉਚਾਰਨ : ਹੋਵਨ੍ੀ, ਮਨਹੁਂ, ਵੀਸਰਹਿਂ (ਵੀਸਰ੍ਹੈਂ)

(ਹੇ ਦਾਤਾਰ ਮਾਲਕ  !  ਤੇਰੀ ਪ੍ਰਭੁਤਾ ਦੇ ਮੁਕਾਬਲੇ ਇਹ ਵਿਸ਼ਾਲ ਸਮੁੰਦਰ ਤੇ ਵਿਸਤ੍ਰਿਤ ਸਮਰਾਟ ਵੀ) ਕੀੜੀ ਸਮਾਨ ਨਹੀਂ ਹੁੰਦੇ, ਅਗਰ ਉਸ (ਕੀੜੀ ਦੇ) ਮਨੋਂ ਤੂੰ ਨਾ ਭੁੱਲੇਂ।

(ਨੋਟ : ਉਕਤ ੨੩ਵੀਂ ਪਉੜੀ ਦਾ ਸਾਰ : ਭਗਤ ਦਾ ਟੀਚਾ ਕਰਤਾਰ ’ਚ ਅਭੇਦ ਹੋਣਾ ਹੈ, ਨਾ ਕਿ ਉਸ ਦਾ ਅੰਤ ਪਾਉਣਾ।)

ਅੰਤੁ ਸਿਫਤੀ, ਕਹਣਿ ਅੰਤੁ ਅੰਤੁ ਕਰਣੈ, ਦੇਣਿ ਅੰਤੁ    ਉਚਾਰਨ : ਸਿਫ਼ਤੀਂ।

(ਕਰਤਾਰ ਦੀ ਵਿਸ਼ਾਲਤਾ-) ਵਡਿਆਈਆਂ ਦਾ ਅੰਤ ਨਹੀਂ, ਜ਼ਬਾਨ ਨਾਲ਼ (ਦੱਸਿਆਂ ਵੀ) ਮੁਕਦੀਆਂ ਨਹੀਂ, ਬਣਾਈ ਕੁਦਰਤ ਦਾ ਵੀ ਅੰਤ ਨਹੀਂ (ਤੇ ਇਨ੍ਹਾਂ ਨੂੰ ਦਾਤਾਂ) ਦੇਣ ਵਿੱਚ ਵੀ ਅੰਤ ਨਹੀਂ।

ਅੰਤੁ ਵੇਖਣਿ, ਸੁਣਣਿ ਅੰਤੁ ਅੰਤੁ ਜਾਪੈ, ਕਿਆ ਮਨਿ ਮੰਤੁ

(ਅੱਖਾਂ ਨਾਲ਼ ਕੁਦਰਤ ਨੂੰ) ਵੇਖਣ ’ਚ ਵੀ ਅੰਤ ਨਹੀਂ, (ਕੰਨਾਂ ਰਾਹੀਂ) ਸੁਣਨ ਵਿੱਚ ਵੀ ਅੰਤ ਨਹੀਂ (ਜਗਤ-ਖੇਡ ਨੂੰ ਬਣਾਏ ਰੱਖਣ ਜਾਂ ਢਾਹੁਣ ਲਈ ਕਰਤਾਰ ਦੇ) ਮਨ ’ਚ ਕੀ ਸਲਾਹ-ਮਸ਼ਵਰਾ ਚੱਲ ਰਿਹਾ ਹੈ (ਇਸ ਬਾਰੇ ਵੀ) ਕੁਝ ਪਤਾ ਨਹੀਂ।

ਅੰਤੁ ਜਾਪੈ, ਕੀਤਾ ਆਕਾਰੁ ਅੰਤੁ ਜਾਪੈ, ਪਾਰਾਵਾਰੁ

(ਕਰਤਾਰ ਦੁਆਰਾ) ਸਿਰਜਿਆ ਆਕਾਰ (ਬ੍ਰਹਿਮੰਡ) ਅੰਤ ਰਹਿਤ ਹੋਣ ਕਾਰਨ ਸਮਝ ਤੋਂ ਪਰੇ ਹੈ, ਇਸ ਦਾ ਉਰਲਾ ਪਰਲਾ ਕਿਨਾਰਾ (ਹੱਦਬੰਦੀ) ਨਹੀਂ ਜਾਪਦੀ, ਨਾ ਵਿਖਾਈ ਦਿੰਦੀ।

ਅੰਤ ਕਾਰਣਿ, ਕੇਤੇ ਬਿਲਲਾਹਿ ਤਾ ਕੇ ਅੰਤ, ਪਾਏ ਜਾਹਿ    ਉਚਾਰਨ : ਬਿਲਲਾਹਿਂ, ਜਾਹਿਂ।

(ਕੁਦਰਤ ਦਾ) ਅੰਤ ਪਾਉਣ ਲਈ ਕਿੰਨੇ ਮਨੁੱਖ ਕਸ਼ਟ ਭੋਗਦੇ ਰਹੇ ਪਰ ਉਸ ਦੇ ਕਿਨਾਰੇ (ਹੱਦ-ਬੰਨੇ) ਨਾ ਲੱਭ ਸਕੇ ।

ਏਹੁ ਅੰਤੁ, ਜਾਣੈ ਕੋਇ ਬਹੁਤਾ ਕਹੀਐ, ਬਹੁਤਾ ਹੋਇ    ਉਚਾਰਨ : ਏਹ (ਏਹੋ ਨਹੀਂ)।

(ਪੂਰਵ, ਪੱਛਮ, ਉੱਤਰ, ਦੱਖਣ, ਉੱਪਰ, ਹੇਠਾਂ ਵਿਸਤ੍ਰਿਤ ਰੂਪ ਦਾ) ਇਹ (ਅੰਤਮ) ਕਿਨਾਰਾ ਕੋਈ ਨਹੀਂ ਜਾਣਦਾ, (ਇਸ ਸਬੰਧੀ) ਬਹੁਤਾਤ ਰੂਪ ਹੋ ਕੇ (ਮੰਨ ਕੇ) ਬਹੁਤਾਤ-ਬਹੁਤਾਤ ਕਿਹਾ ਜਾ ਸਕਦਾ ਹੈ।

ਵਡਾ ਸਾਹਿਬੁ; ਊਚਾ ਥਾਉ ਊਚੇ ਉਪਰਿ; ਊਚਾ ਨਾਉ     ਉਚਾਰਨ : ਥਾਉਂ, ਨਾਉਂ।

(ਸੰਸਾਰ ਦਾ) ਮਾਲਕ ਬਹੁਤ ਵੱਡਾ ਹੈ, ਉਸ ਦਾ ਟਿਕਾਣਾ (ਮਾਇਆਵੀ ਪ੍ਰਭਾਵ ਤੋਂ) ਉੱਪਰ ਹੈ, ਇਸ ਉੱਚੇ ਨਿਵਾਸ ਸਥਾਨ ਤੋਂ ਵੀ ਉੱਜਲ (ਨਿਰਮਲ), ਉਸ ਦਾ ਵਡੱਪਣ (ਪ੍ਰਭਾਵ/ਨਾਉ) ਹੈ।

(ਨੋਟ : ਰੱਬੀ ਨਿਵਾਸ ਸਥਾਨ, ਮਨੁੱਖੀ ਹਿਰਦਾ ਹੈ, ਜਿੱਥੇ ਉਹ; ਜੋਤਿ ਸਰੂਪ ’ਚ ਬਿਰਾਜਮਾਨ ਹੈ, ‘‘ਨਿਰਮਲ ਜੋਤਿ; ਸਭ ਮਾਹਿ ਸਮਾਣੀ ’’ (ਮਹਲਾ , ਪੰਨਾ ੧੨੧) ਅਤੇ ਸਰੀਰ ਅੰਦਰ ਹੀ ਮਨ ਦੀ ਮਲ਼ੀਨਤਾ ਹੈ, ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ’’ (ਮਹਲਾ , ਪੰਨਾ ੬੫੧) ਭਾਵ ਰੱਬੀ ਟਿਕਾਣਾ ਅਤੇ ਮਲ਼ੀਨ ਜੀਵਾਤਮਾ (ਅੰਤਹਿਕਰਣ) ਦਾ ਵਜੂਦ, ਸਰੀਰ ਅੰਤਰ ਹੀ ਹੈ, ‘‘ਧਨ (ਜੀਵਾਤਮਾ) ਪਿਰ (ਪਤੀ/ਰੱਬ) ਕਾ ਇਕ ਹੀ ਸੰਗਿ ਵਾਸਾ’’ (ਮਹਲਾ , ਪੰਨਾ ੧੨੬੩) ਜਦ ਕਿ ਕਰਤਾਰ ਦੇ ਗੁਣ ਪ੍ਰਕਾਸ਼ਮਈ ਹੁੰਦੇ ਹਨ, ਜੋ ਰੱਬੀ ਨਿਵਾਸ ਸਥਾਨ ਅਤੇ ਮਨ ਦੀ ਮਲ਼ੀਨਤਾ ਵਾਙ ਸੰਯੁਕਤ ਨਹੀਂ ਰਹਿੰਦੇ, ਇਸ ਲਈ ਰੱਬੀ ਆਸ਼ਕ; ਰੱਬ ਦੇ ਨਿਵਾਸ ਸਥਾਨ ਨੂੰ ਨਹੀਂ ਸਗੋਂ ਉਸ ਦੇ ਪ੍ਰਕਾਸ਼ਮਈ ਗੁਣਾਂ ਨੂੰ ਜਪਦੇ ਹਨ, ‘‘ਨਿਰਮਲ ਤੇ (ਰੱਬੀ ਗੁਣਾਂ ਤੋਂ) ਸਭ ਨਿਰਮਲ ਹੋਵੈ ’’ (ਮਹਲਾ , ਪੰਨਾ ੧੨੧)

ਉਕਤ ਵਿਚਾਰ ‘‘ਊਚਾ ਥਾਉ’’ ਦੇ ਮੁਕਾਬਲੇ ‘‘ਊਚੇ ਉਪਰਿ ਊਚਾ ਨਾਉ’’ ਦੇ ਭਾਵਾਰਥਾਂ ਦੀ ਗਹਿਰਾਈ ਨੂੰ ਵਾਚਣਾ ਹੈ। ਇਸ ਦਾ ਇਹ ਮਤਲਬ ਨਹੀਂ ਕਿ ਅੰਤਹਿਕਰਣ ਵਾਙ ਰੱਬੀ ਨਿਵਾਸ ਸਥਾਨ ਵੀ ਮਲ਼ੀਨ (ਧੁੰਦਲਾ) ਹੈ ਕਿਉਂਕਿ ਮਲ਼ੀਨ-ਅੰਤਹਿਕਰਣ ਦੇ ਮੁਕਾਬਲੇ ਰੱਬੀ ਨਿਵਾਸ ਸਥਾਨ ਨੂੰ ਪਹਿਲਾਂ ਹੀ ‘‘ਊਚਾ ਥਾਉ’’ ਕਿਹਾ ਜਾ ਚੁੱਕਾ ਹੈ।

ਸਮੁੰਦਰ ਤੋਂ ਅਲੱਗ ਹੋਈ ਬੂੰਦ ਵਾਙ ਰੱਬ ਦਾ ਅਭਿੰਨ ਅੰਗ ਰੂਹ ਹੈ, ਜੋ ਰੱਬੀ ਜੋਤਿ (ਨਿਵਾਸ ਸਥਾਨ) ਵੀ ਅਖਵਾਉਂਦੀ ਹੈ, ਜਿਸ ’ਤੇ ਚੜ੍ਹੀ ਹੋਈ ਮਲ਼ੀਨਤਾ ਹੀ ਅੰਤਹਿਕਰਣ (ਜੀਵ +ਆਤਮਾ) ਹੈ। ਭਾਈ ਗੁਰਦਾਸ ਜੀ ਇਸ ਨੂੰ ‘ਧੁੰਧ’ ਕਹਿੰਦੇ ਹਨ, ‘‘ਸਤਿਗੁਰ ਨਾਨਕ ਪ੍ਰਗਟਿਆ; ਮਿਟੀ ਧੁੰਧੁ, ਜਗਿ () ਚਾਨਣੁ ਹੋਆ’’ (ਵਾਰ ੧ ਪਉੜੀ ੨੭) ਇਸੇ ਦੀ ਸ਼ੁੱਧਤਾ ਹੈ, ‘‘ਅੰਤਰਗਤਿ ਤੀਰਥਿ; ਮਲਿ ਨਾਉ ’’ (ਜਪੁ)

ਇਹ ਧੁੰਧ (ਅੰਤਹਿਕਰਣ) ਹੀ ਰੱਬੀ ਨੂਰ ਨੂੰ ਬਾਹਰ ਪ੍ਰਗਟ ਹੋਣ ਤੋਂ ਰੋਕਣ ਵਾਲ਼ੀ ਮਨੁੱਖੀ ਅਗਿਆਨਤਾ ਅਖਵਾਉਂਦੀ ਹੈ।  ਰੱਬੀ ਨੂਰ ਨੂੰ ਹੀ ਗੁਰੂ ਨਾਨਕ ਸਾਹਿਬ ਜੀ ਸੁਰਤਿ ਆਖ ਰਹੇ ਹਨ, ਜੋ ਹਰ ਜੀਵ ’ਚ ਬਰਾਬਰ ਹੈ, ‘‘ਏਕਾ ਸੁਰਤਿ; ਜੇਤੇ ਹੈ ਜੀਅ   ਸੁਰਤਿ ਵਿਹੂਣਾ; ਕੋਇ ਕੀਅ (ਭਾਵ ਕੀਤਾ, ਬਣਾਇਆ) (: , ਪੰਨਾ ੨੫)

ਬਾਬਾ ਕਬੀਰ ਜੀ ਅਨੁਸਾਰ ਨਾ ਇਹ ਸਰੀਰ ਹੈ ਨਾ ਲਹੂ, ਨਾ ਇਹ ਬ੍ਰਾਹਮਣ ਹੈ ਨਾ ਖੱਤ੍ਰੀ, ਨਾ ਇਹ ਮਰਦਾ ਹੈ, ਨਾ ਜੰਮਦਾ, ਕਿਉਂਕਿ ਜਿਵੇਂ ਕਾਗਜ਼ ਤੋਂ ਸਿਆਹੀ ਵੱਖਰੀ ਨਹੀਂ ਹੋ ਸਕਦੀ ਇਸੇ ਤਰ੍ਹਾਂ ਰੂਹ (ਸੁਰਤਿ) ਤੇ ਰੱਬ ਦਾ ਸਬੰਧ ਹੈ, ‘‘ਨਾ ਇਸੁ ਪਿੰਡੁ; ਰਕਤੂ ਰਾਤੀ   ਨਾ ਇਹੁ ਬ੍ਰਹਮਨੁ; ਨਾ ਇਹੁ ਖਾਤੀ   ਨਾ ਇਹੁ ਤਪਾ, ਕਹਾਵੈ ਸੇਖੁ   ਨਾ ਇਹੁ ਜੀਵੈ; ਮਰਤਾ ਦੇਖੁ   ਇਸੁ ਮਰਤੇ ਕਉ; ਜੇ ਕੋਊ ਰੋਵੈ   ਜੋ ਰੋਵੈ; ਸੋਈ ਪਤਿ ਖੋਵੈ ਕਹੁ ਕਬੀਰ ਇਹੁ ਰਾਮ ਕੀ ਅੰਸੁ   ਜਸ ਕਾਗਦ ਪਰ ਮਿਟੈ ਮੰਸੁ (ਸਿਆਹੀ) ਪੰਨਾ ੮੭੧)

ਏਵਡੁ ਊਚਾ; ਹੋਵੈ ਕੋਇ ਤਿਸੁ ਊਚੇ ਕਉ; ਜਾਣੈ ਸੋਇ

(ਪ੍ਰਕਾਸ਼ਮਈ ਰੱਬੀ ਗੁਣਾਂ ਵਾਙ) ਇੰਨਾ ਨਿਰਮਲ (ਧੁੰਦ ਰਹਿਤ, ਅਗਰ) ਕੋਈ ਹੋਵੇ, (ਗੁਣਾਂ ਦੇ) ਉਸ ਪ੍ਰਕਾਸ਼ (ਉੱਜਲ) ਨੂੰ ਉਹੀ ਸਮਝ ਸਕਦਾ ਹੈ (ਝੱਲ ਸਕਦਾ ਹੈ, ਪਰ ਅਜਿਹਾ ਕੋਈ ਨਹੀਂ; ਇਸ ਲਈ)

ਜੇਵਡੁ ਆਪਿ, ਜਾਣੈ ਆਪਿ ਆਪਿ ਨਾਨਕ  !  ਨਦਰੀ ਕਰਮੀ ਦਾਤਿ੨੪

ਜਿੰਨਾ (ਨਿਰਮਲ, ਰੱਬ) ਆਪ ਹੈ (ਆਪਣੇ ਉੱਜਲ ਗੁਣਾਂ ਦੇ ਪ੍ਰਕਾਸ਼ ਜਾਂ ਪ੍ਰਭਾਵ ਨੂੰ) ਕੇਵਲ ਆਪ ਹੀ ਜਾਣਦਾ ਹੈ।  ਹੇ ਨਾਨਕ  ! (ਅਜਿਹੀ ਸਮਝ ਭਰਪੂਰ) ਦਾਤ ਵੀ ਉਸ ਦਿਆਲੂ ਦ੍ਰਿਸ਼ਟੀ ਵਾਲ਼ੇ ਦੀ ਮਿਹਰ ਨਾਲ਼ ਹੀ ਨਸੀਬ ਹੁੰਦੀ ਹੈ।

(ਨੋਟ : ਉਕਤ ੨੪ਵੀਂ ਪਉੜੀ ਦਾ ਸਾਰ : ਰੱਬ ਵਿਸ਼ਾਲ ਹੈ, ਮਾਯਾ ਦੇ ਪ੍ਰਭਾਵ ਤੋਂ ਉੱਪਰ ਨਿਵਾਸ ਰੱਖਦਾ ਹੈ, ਉਸ ਦੀ ਮਹਿਮਾ ਬੜੀ ਪ੍ਰਕਾਸ਼ਮਈ ਹੈ ਭਾਵ ਮਾਯਾ ਦੇ ਪ੍ਰਭਾਵ ਤੋਂ ਅਛੋਹ ਹੈ। ਅਸਲ ਰਾਜ਼-ਭੇਦ ਉਹੀ ਜਾਣ ਸਕਦਾ ਹੈ, ਜੋ ਖ਼ੁਦ ਇੰਨਾ ਉੱਚਾ ਹੋਵੇ।  ਪਉੜੀ ਦੇ ਅੰਤ ’ਚ ਰੱਬੀ ਬਖ਼ਸ਼ਸ਼ਾਂ ਦਾ ਜ਼ਿਕਰ ਹੈ, ‘‘ਨਦਰੀ ਕਰਮੀ ਦਾਤਿ’’, ਇਸ ਦੀ ਵਿਆਖਿਆ ਹੀ ਅਗਲੀ ਪਉੜੀ ਦਾ ਵਿਸ਼ਾ ਹੈ।)

http://gurparsad.com/jap-pori-no-1-to-3-part-1/

http://gurparsad.com/jap-pori-no-4-to-15-part-2/

http://gurparsad.com/jap-pori-no-25-to-33-part-4/

http://gurparsad.com/jap-pori-no-34-to-last-slok-and-method-of-use-to-nanak-shabad-part-5/