ਏਹਿ ਭਿ ਦਾਤਿ ਤੇਰੀ ਦਾਤਾਰ

0
4519

ਏਹਿ ਭਿ ਦਾਤਿ ਤੇਰੀ ਦਾਤਾਰ

ਪ੍ਰੋਫ਼ੈਸਰ ਸਾਹਿਬ ਸਿੰਘ

ਜਿਸ ਮਨੁੱਖ ਨੂੰ ਆਪਣੀ ਜ਼ਿੰਦਗੀ ਵਿੱਚ ਜੇ ਵਿਕਾਰ ਨਾਲ ਕਦੇ ਟਾਕਰਾ ਨਹੀਂ ਪਿਆ ਤਾਂ ਉਸ ਨੂੰ ਕਦੇ ਇਹ ਸੋਚਣ ਦੀ ਲੋੜ ਨਹੀਂ ਪੈਂਦੀ ਕਿ ਇਹ ‘ਦੁੱਖ-ਵਿਕਾਰ’ ਕੀ ਹਨ ? ਤੇ ਇਨ੍ਹਾਂ ਤੋਂ ਬਚਾਅ ਕਿਵੇਂ ਹੋ ਸਕਦਾ ਹੈ ? ਅਜਿਹਾ ਮਨੁੱਖ; ਮਨੁੱਖਾ-ਜੀਵਨ ਦੇ ਅਮਲੀ ਪਹਿਲੂ ਦੀ ਬਾਬਤ ਕੁਝ ਨਹੀਂ ਜਾਣਦਾ, ਪਰ ਉਂਞ, ਛੋਟੇ ਬਾਲ ਨੂੰ ਹੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜਿਨ੍ਹਾਂ ਕਰ ਕੇ ਉਸ ਦੇ ਮਨ ਵਿੱਚ ਕੁਝ ਇਹੋ ਜਿਹੇ ਪ੍ਰਸ਼ਨ ਉੱਠਣ ਲੱਗ ਪੈਂਦੇ ਹਨ : ‘ਮੈਂ ਡਿੱਗਦਾ ਕਿਉਂ ਹਾਂ ?, ਮੈਨੂੰ ਸੱਟਾਂ ਕਿਉਂ ਲਗਦੀਆਂ ਹਨ ?, ਮੈਂ ਕਈ ਵਾਰ ਆਪਣਾ ਹੱਥ ਅੱਗ ਵਿੱਚ ਕਿਉਂ ਸਾੜ ਲੈਂਦਾ ਹਾਂ ?’

ਬੱਚੇ ਦੀ ਹੱਡ-ਬੀਤੀ ਵਿੱਚ ‘ਦੁੱਖ-ਵਿਕਾਰ’ ਦੀ ਹੋਂਦ ਦਾ ਸੁਆਲ ਇਸ ਉੱਪਰ-ਲਿਖੇ ਤਰੀਕੇ ਨਾਲ ਪੈਦਾ ਹੁੰਦਾ ਹੈ।  ਜਿਉਂ-ਜਿਉਂ ਬਾਲ ਵੱਡਾ ਹੁੰਦਾ ਹੈ, ਇਹ ‘ਦੁੱਖ-ਵਿਕਾਰ’ ਹੋਰ ਸ਼ਕਲ ਵਟਾਂਦੇ ਹਨ : ‘ਮੈਂ ਸਕੂਲ ਕਿਉਂ ਜਾਵਾਂ, ਖੇਡਾਂ ਕਿਉਂ ਨਾ ?, ਮੇਰੇ ਕਈ ਮਿੱਤਰ-ਸਾਥੀ ਮੇਰਾ ਗੁਆਂਢ ਛੱਡ ਕੇ ਕਿਤੇ ਹੋਰ ਥਾਂ ਕਿਉਂ ਚਲੇ ਗਏ ਹਨ ?, ਮੇਰੇ ਕਈ ਮਿੱਤਰ ਮਰ ਕਿਉਂ ਗਏ ਹਨ ?, ਮੈਂ ਕਈ ਵਾਰ ਬਿਮਾਰ ਕਿਉਂ ਹੋ ਜਾਂਦਾ ਹਾਂ ?’ ਜਿਉਂ-ਜਿਉਂ ਉਮਰ ਵਡੇਰੀ ਹੁੰਦੀ ਹੈ, ਇਹ ਹੱਡ-ਬੀਤੀ ਹੋਰ ਸ਼ਕਲ ਵਟਾ ਲੈਂਦੀ ਹੈ : ‘ਦੁਨੀਆ ਵਿੱਚ ਗ਼ਰੀਬੀ ਕਿਉਂ ਹੈ ?, ਬਦੀ ਕਿਉਂ ਹੈ ?, ਉਪੱਦ੍ਰਵ ਕਿਉਂ ਹਨ ?, ਝੱਖੜ, ਹੜ੍ਹ, ਭੁਚਾਲ ਕਿਉਂ ਹਨ ?, ਕੱਕਰ ਤੇ ਗੜੇ-ਮਾਰ ਕਿਉਂ ?, ਗੱਡੀਆਂ ਤੇ ਮੋਟਰਾਂ ਦੇ ਭੇੜ ਕਿਉਂ ?, ਜਹਾਜ਼ ਕਿਉਂ ਡੁੱਬਦੇ ਹਨ ? ਜੰਗ ਤੇ ਕਤਲੇਆਮ ਕਿਉਂ ?, ਜ਼ਿੰਦਗੀ ਵਿੱਚ ਚਿੰਤਾ-ਫ਼ਿਕਰ ਕਿਉਂ ?, ਬੁਢੇਪਾ ਕਿਉਂ ?, ਜੁਆਨਾਂ ਤੇ ਬੱਚਿਆਂ ਨੂੰ ਮੌਤ ਕਿਉਂ ?, ਜੀਵਨ ਵਿੱਚ ਸਦਾ ਮੌਜਾਂ ਕਿਉਂ ਨਹੀਂ ?’

ਇਨ੍ਹਾਂ ਸੰਸਿਆਂ ਵੱਲੋਂ ਅੱਖਾਂ ਮੀਟ ਰੱਖਣ ਵਿੱਚ ਸੁੱਖ ਨਹੀਂ, ਇਨ੍ਹਾਂ ਦਾ ਟਾਕਰਾ ਕਰਨਾ ਹੀ ਪਏਗਾ, ਇਨ੍ਹਾਂ ਦੀ ਤਹਿ ਤੱਕ ਅੱਪੜਨ ਦਾ ਯਤਨ ਕਰਨਾ ਪਏਗਾ, ਜੀਵਨ ਦੇ ਰਾਜ਼ ਨੂੰ ਸਮਝਣਾ ਪਏਗਾ, ਜਿਸ ਵਿੱਚ ਇਹ ਸਾਰੇ ਹੀ ਸੁਆਲ ਆ ਜਾਣ। ਇਹ ਸਾਰਾ ਜਗਤ-ਜੀਵਨ ਇੱਕ ਇਮਾਰਤ ਹੈ। ਇਸ ਵਿੱਚ ਦੁੱਖ-ਸੁੱਖ, ਕਲੇਸ਼ ਤੇ ਵਿਕਾਰ ਆਦਿਕ ਸਭ ਇਸ ਇਮਾਰਤ ਦੀਆਂ ਇੱਟਾਂ, ਚੂਨਾ, ਗਾਰਾ ਆਦਿਕ ਹਨ। ਇਸ ਸਾਰੀ ਇਮਾਰਤ ਦੀ ਸਮੁੱਚੀ ਹਸਤੀ ਨੂੰ ਸਮਝਣਾ ਹੀ ਪਏਗਾ।

ਜਗਤ ਵਿੱਚ ‘ਦੁੱਖ-ਕਲੇਸ਼’ ਦੀ ਹੋਂਦ ਦਾ ਭੇਤ ਸਮਝਣ ਲਈ ਸਾਨੂੰ ਆਪਣਾ ਦ੍ਰਿਸ਼ਟੀ-ਮੰਡਲ ਖੁੱਲ੍ਹਾ ਕਰਨਾ ਪਏਗਾ। ਇੱਕ ਦੋ ਮਨੁੱਖਾਂ ਦੀ ਜ਼ਿੰਦਗੀ ਵੱਲ ਹੀ ਨਾ ਤੱਕੀਏ, ਸਗੋਂ ਸਾਰੀ ਮਨੁੱਖ-ਜਾਤੀ ਦੇ ਜੀਵਨ ਨੂੰ ਆਪਣੀ ਨਜ਼ਰ ਦੇ ਘੇਰੇ ਵਿੱਚ ਮਿਲਾਈਏ।

ਇਹ ਖ਼ਿਆਲ ਗ਼ਲਤ ਹੈ ਕਿ ਉਸ ਬੰਦੇ ਦੀ ਜ਼ਿੰਦਗੀ ‘ਆਦਰਸ਼ਕ ਜ਼ਿੰਦਗੀ’ ਹੈ, ਜਿਸ ਨੂੰ ਸਭ ਤਰ੍ਹਾਂ ਦਾ ਸੁੱਖ ਪ੍ਰਾਪਤ ਹੈ ਕਿਉਂਕਿ ਇਹ ਗੱਲ ਅਮਲੀ ਜੀਵਨ ਵਿੱਚ ਨਹੀਂ ਮਿਲਦੀ। ਇਖ਼ਲਾਕੀ ਉੱਚਤਾ ਤੇ ਪਵਿੱਤਰਤਾ-ਇਹ ਹਨ ਜ਼ਿੰਦਗੀ ਦੇ ਗਹਿਣੇ ਤੇ ਇਹ ਗਹਿਣੇ ਘੜੀਂਦੇ ਹਨ ‘ਦੁੱਖ-ਕਲੇਸ਼’ ਦੀ ਕੁਠਾਲੀ ਵਿੱਚ।

ਸਿਰਜਣਹਾਰ ਨੇ ਕਿਸੇ ਮੰਦ-ਭਾਵ ਨਾਲ ਇਨਸਾਨੀ ਜੀਵਨ ਦੇ ਰਾਹ ਵਿੱਚ ‘ਦੁੱਖ-ਕਲੇਸ਼’ ਦੇ ਕੰਡੇ ਨਹੀਂ ਖਿਲਾਰੇ ਹਨ। ਜੇ ਆਪਣੇ ਪੈਦਾ ਕੀਤੇ ਬੰਦਿਆਂ ਨੂੰ ਦੁੱਖੀ ਰੱਖਣਾ ਉਸ ਦੀ ਰਜ਼ਾ ਹੁੰਦੀ ਤਾਂ ਪ੍ਰਭੂ ਉਹ ਦਾਰੂ, ਉਹ ਢੰਗ ਤੇ ਉਹ ਵਸੀਲੇ ਮਨੁੱਖ ਦੀ ਪਹੁੰਚ ਵਿੱਚ ਨਾ ਆਉਣ ਦੇਂਦਾ, ਜੋ ਇਨ੍ਹਾਂ ਦੁੱਖ-ਕਲੇਸ਼ਾਂ ਨੂੰ ਦੂਰ ਕਰ ਦੇਂਦੇ ਹਨ ਜਾਂ ਪ੍ਰਮਾਤਮਾ ਮਨੁੱਖ ਨੂੰ ਇਹ ਮਿੱਠੀ ਦਾਤ ਨਾ ਬਖ਼ਸ਼ਦਾ, ਜਿਸ ਨਾਲ ਮਨੁੱਖ ਵੱਡੇ ਤੋਂ ਵੱਡੇ ਹੋ-ਬੀਤੇ ਕਸ਼ਟ ਭੀ ਭੁੱਲ ਜਾਂਦਾ ਹੈ। ‘ਚੇਤਾ-ਸ਼ਕਤੀ’ ਤੋਂ ਦੁੱਖ-ਕਲੇਸ਼ ਮਿਟ ਜਾਣੇ-ਇਹ ਇੱਕ ਉੱਚੀ ਬਖ਼ਸ਼ਸ਼ ਹੈ। ਜਦੋਂ ਕੋਈ ਸਰੀਰਕ ਪੀੜ ਇੰਨੀ ਤੇਜ਼ ਹੋ ਜਾਏ ਕਿ ਸਹਾਰੀ ਨਾ ਜਾ ਸਕੇ ਤਾਂ ਉਸ ਪੀੜ ਦੇ ਕਾਰਨ ਮਨੁੱਖ ਬੇਹੋਸ਼ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਉਹ ਪੀੜ ਉਸ ਨੂੰ ਪੋਹ ਨਹੀਂ ਸਕਦੀ।  ਸਰੀਰ ਦੀ ਇਹ ਬਣਤਰ ਭੀ ਉਸ ਨੇ ਬਣਾਈ ਹੈ, ਜਿਸ ਨੇ ਇਸ ਦੇ ਰਾਹ ਵਿੱਚ ਦੁੱਖਾਂ ਦੀਆਂ ਔਖੀਆਂ ਘਾਟੀਆਂ ਖੜ੍ਹੀਆਂ ਕੀਤੀਆਂ ਹਨ।

ਇਹ ਸਾਰੀ ਜਗਤ-ਰਚਨਾ ਖ਼ਾਸ ਨੇਮਾਂ ਅਨੁਸਾਰ ਹੈ। ਉਨ੍ਹਾਂ ਨੇਮਾਂ ਦੇ ਅੰਦਰ ਰਹਿ ਕੇ ਸਾਰੇ ਤੱਤ, ਆਪੋ ਆਪਣਾ ਕੰਮ ਕਰ ਰਹੇ ਹਨ ਤੇ ਜਗਤ ਦੀ ਕਾਰ ਠੀਕ ਹੁੰਦੀ ਜਾ ਰਹੀ ਹੈ। ਜਦੋਂ ਕਦੇ ਸਾਨੂੰ ਇਹ ਭੁਲੇਖਾ ਪੈਂਦਾ ਹੈ ਕਿ ਫਲਾਣੇ ਥਾਂ ਕਿਸੇ ਕੁਦਰਤੀ ਨੇਮ ਦਾ ਉਲੰਘਣ ਹੋ ਰਿਹਾ ਹੈ, ਤਦੋਂ ਭੀ ਗਹੁ ਨਾਲ ਵੇਖਿਆਂ ਇਹ ਸਮਝ ਆ ਜਾਂਦੀ ਹੈ ਕਿ ਇੱਥੇ ਭੀ ਕੁਦਰਤ ਦਾ ਇੱਕ ਹੋਰ ਨੇਮ ਕੰਮ ਕਰ ਰਿਹਾ ਹੈ। ਮਨੁੱਖ ਨੇ ਬਹੁਤੇ ਦੁੱਖ-ਕਲੇਸ਼ ਇਨ੍ਹਾਂ ਕੁਦਰਤੀ ਨੇਮਾਂ ਦਾ ਉਲੰਘਣ ਕਰ ਕੇ ਹੀ ਸਹੇੜੇ ਹਨ। ਜਿਨ੍ਹਾਂ ਕੁਦਰਤੀ ਨੇਮਾਂ ਦੀ ਮਨੁੱਖ ਨੂੰ ਸਮਝ ਆ ਗਈ ਹੈ ਤੇ ਪਤਾ ਲੱਗ ਚੁੱਕਿਆ ਹੈ ਕਿ ਇਨ੍ਹਾਂ ਦੇ ਵਿਰੁਧ ਤੁਰਿਆ ਤਾਂ ਫਲਾਣਾ ਕਸ਼ਟ ਆ ਪਏਗਾ, ਮਨੁੱਖ ਆਪਣੇ ਅਤੇ ਮਨੁੱਖ-ਜਾਤੀ ਦੇ ਭਲੇ ਵਾਸਤੇ ਉਨ੍ਹਾਂ ਨੇਮਾਂ ਦੀ ਵਿਰੋਧਤਾ ਨਹੀਂ ਕਰਦਾ, ਪਰ ਮਨੁੱਖ ਨੂੰ ਅਜੇ ਸਾਰੇ ਨੇਮਾਂ ਦੀ ਸਾਰ ਨਹੀਂ ਆਈ ਤੇ ਇਹ ਆਸ ਰੱਖਣੀ ਅਯੋਗ ਤੇ ਵਿਅਰਥ ਹੈ ਕਿ ਜਿਨ੍ਹਾਂ ਨੇਮਾਂ ਦੀ ਮਨੁੱਖ ਨੂੰ ਅਜੇ ਸਮਝ ਨਹੀਂ ਆਈ, ਉਹ ਨੇਮ ਜਗਤ-ਖੇਡ ਵਿੱਚ ਆਪਣਾ ਕੰਮ ਹਾਲਾਂ ਬੰਦ ਕਰ ਦੇਣ।

ਇੱਕ ਜਹਾਜ਼ ਸਮੁੰਦਰ ਵਿੱਚ ਡੁੱਬ ਜਾਂਦਾ ਹੈ, ਲੋਕ ਇਸ ਨੂੰ ਰੱਬ ਦਾ ਕਹਿਰ ਆਖਣ ਲੱਗ ਪੈਂਦੇ ਹਨ, ਇਹ ਭੀ ਰੱਬੀ ਕ੍ਰੋਪ ਗਿਣਿਆ ਜਾਂਦਾ ਹੈ, ਪਰ ਇਹ ਸਭ ਕੁਝ ਮਨੁੱਖ ਦੀਆਂ ਆਪਣੀਆਂ ਕਮਜ਼ੋਰੀਆਂ ਦਾ ਨਤੀਜਾ ਹੈ। ਜਹਾਜ਼ ਸਮੁੰਦਰ ਦੇ ਸਾਰੇ ਖ਼ਤਰਿਆਂ ਦਾ ਟਾਕਰਾ ਕਰਨ ਜੋਗਾ ਪੱਕਾ ਨਹੀਂ ਬਣਾਇਆ ਗਿਆ, ਸਮੁੰਦਰ ਵਿੱਚ ਵਰਤਦੇ ਕੁਦਰਤੀ ਨੇਮ ਆਪਣਾ ਕੰਮ ਕਿਵੇਂ ਛੱਡ ਦੇਣ ? ਕਾਂਟਾ ਬਦਲਾਣ ਵਾਲਾ ਮਨੁੱਖ ਬੇਪਰਵਾਹੀ ਵਿੱਚ ਦੋ ਗੱਡੀਆਂ ਨੂੰ ਇੱਕੋ ਹੀ ਲਾਇਨ ’ਤੇ ਲੈ ਆਵੇ, ਗੱਡੀਆਂ ਟਕਰਾਉਣ ਤੋਂ ਕਿਵੇਂ ਹਟ ਜਾਣ ਤੇ ਟੱਕਰ ਲੱਗਿਆਂ ਜਾਨਾਂ ਦਾ ਨੁਕਸਾਨ ਕਿਵੇਂ ਨਾ ਹੋਵੇ ? ਇਸ ਤਰ੍ਹਾਂ ਤਾਂ ਪ੍ਰਮਾਤਮਾ ਨੂੰ ਬੱਸ ਇਹੀ ਕੰਮ ਟਿਕਿਆ ਰਹੇ ਕਿ ਉਹ ਮਨੁੱਖ ਦੇ ਮੂਰਖ-ਪੁਣੇ ਤੋਂ ਪੈਦਾ ਹੋਣ ਵਾਲੇ ਦੁੱਖ-ਕਲੇਸ਼ ਨੂੰ ਰੋਕਣ ਲਈ ਸਦਾ ਕਰਾਮਾਤਾਂ ਕਰਦਾ ਰਹੇ ਤੇ ਨੇਮਾਂ ਦਾ ਉਲੰਘਣ ਕਰਦਾ ਰਹੇ।

ਕੁਦਰਤੀ ਨੇਮਾਂ ਦਾ ਉਲੰਘਣ ਕੀਤਿਆਂ ਜੋ ਦੁੱਖ-ਕਲੇਸ਼ ਉਪਜਦੇ ਹਨ, ਇਹ ਸਗੋਂ ਇਨਸਾਨੀ ਭਲਾਈ ਦਾ ਹੀ ਕਾਰਨ ਬਣਦੇ ਹਨ। ਇਨਸਾਨ ਉਨ੍ਹਾਂ ਅਸੂਲਾਂ ਤੇ ਨੇਮਾਂ ਨੂੰ ਸਮਝਣ ਦੀ ਵਧੀਕ ਕੋਸ਼ਸ਼ ਕਰਦਾ ਹੈ। ਡਿੱਗ-ਡਿੱਗ ਕੇ ਹੀ ਸਵਾਰ ਹੋਈਦਾ ਹੈ, ਜਦੋਂ ਮਨੁੱਖ ਕੋਈ ਨੇਮ ਤੋੜ ਕੇ ਦੁੱਖ ਸਹੇੜਦਾ ਹੈ ਤਾਂ ਅਗਾਂਹ ਵਾਸਤੇ ਸੁਚੇਤ ਹੋ ਜਾਂਦਾ ਹੈ ਤੇ ਜੀਵਨ ਕਿਸੇ ਮਰਯਾਦਾ ਵਿੱਚ ਗੁਜ਼ਾਰਨ ਦਾ ਉੱਦਮ ਕਰਦਾ ਹੈ।

ਜਦੋਂ ਕੋਈ ਰੋਗ ਆਵੇ ਜਾਂ ਕੋਈ ਹਾਦਸਾ ਸਾਡੇ ਨਾਲ ਹੋ ਜਾਏ ਤਾਂ ਅਸੀਂ ਝੁਰਦੇ ਹਾਂ ਕਿ ਪਰਮਾਤਮਾ ਨੇ ਕੋਈ ਕਰਾਮਾਤ ਕਰ ਕੇ ਸਾਨੂੰ ਕਿਉਂ ਨਾ ਬਚਾ ਲਿਆ, ਪਰ ਸੋਚੋ, ਜੇ ਰੱਬ ਹਰੇਕ ਜੀਵ ਨੂੰ ਹਰੇਕ ਰੋਗ ਤੇ ਮੁਸੀਬਤ ਤੋਂ ਕੋਈ ਉਚੇਚੀ ਕਰਾਮਾਤ ਕਰ ਕੇ ਬਚਾ ਲਿਆ ਕਰੇ ਤਾਂ ਜਗਤ ਦੇ ਇਸ ਸਾਰੇ ‘ਪਰਬੰਧ’ ਦਾ ਕੀ ਹਾਲ ਹੋਵੇ  ? ਕੀ ਜਗਤ ਵਿੱਚ ਕੋਈ ਮਰਯਾਦਾ ਰਹਿ ਜਾਏ ? ਬਾਲ ਕਈ ਵਾਰੀ ਅੰਞਾਣ-ਪੁਣੇ ਵਿੱਚ ਆਪਣਾ ਹੱਥ ਅੱਗ ਵਿੱਚ ਪਾ ਦੇਂਦੇ ਹਨ, ਜੇ ਹਰੇਕ ਬਾਲ ਦਾ ਹਰ ਥਾਂ ਹੱਥ ਸੜਨੋਂ ਪਰਮਾਤਮਾ ਬਚਾ ਲਏ ਤਾਂ ਅੱਗ ਦੀ ਮਰਯਾਦਾ ਦਾ ਕੀ ਇਤਬਾਰ ਰਹਿ ਜਾਏ ? ਫਿਰ ਜੇ ਹਰੇਕ ਬੰਦੇ ਨੂੰ ਇਹੀ ਯਕੀਨ ਬਣ ਜਾਏ ਕਿ ਹਰੇਕ ਖ਼ਤਰੇ ਤੇ ਮੁਸੀਬਤ ਤੋਂ ਰੱਬ ਆਪੇ ਪਿਆ ਬਚਾਵੇਗਾ ਤਾਂ ਇਨਸਾਨੀ ਤਰੱਕੀ ਦਾ ਕੀ ਹਾਲ ਹੋਵੇਗਾ ? ਸਾਡੀ ਸਿਆਣਪ, ਸਾਡੀ ਚੁਸਤੀ, ਸਾਡੇ ਉੱਦਮ ਸਭ ਖ਼ਤਮ ਹੋ ਜਾਣਗੇ। ਅਸਾਂ ਫਿਰ ਆਪਣੇ ਪੈਰਾਂ ’ਤੇ ਖਲੋਣ ਦਾ ਕਦੇ ਯਤਨ ਹੀ ਨਹੀਂ ਕਰਨਾ, ਬੇਪਰਵਾਹੀ ਨਾਲ ਗ਼ਲਤੀਆਂ ਕਰਦੇ ਫਿਰਾਂਗੇ ਤੇ ਹਰ ਥਾਂ ਕਰਾਮਾਤ ਹੋਣ ਦੀ ਆਸ ਰੱਖੀ ਬੈਠਾਂਗੇ। ਕੋਈ ਮਰੀ (ਪਲੇਗ ਦੀ ਬਿਮਾਰੀ) ਪੈ ਜਾਏ ਤਾਂ ਰੱਬ ਦੇ ਕ੍ਰੋਧ ਦਾ ਨਤੀਜਾ ਸਮਝਦੇ ਹਾਂ, ਪਰ ਇਹ ਸਭ ਇਨਸਾਨੀ ਜਹਾਲਤ (ਬੇਸਮਝੀ) ਦਾ ਸਿੱਟਾ ਹੁੰਦੀਆਂ ਹਨ। ਗ਼ਰੀਬੀ ਤੇ ਭੁੱਖ; ਰੱਬ ਦੇ ਮੱਥੇ ਲਾਂਦੇ ਹਾਂ, ਪਰ ਅਸਲ ਵਿੱਚ ਮਨੁੱਖ ਦੀ ਆਪਣੀ ਖ਼ਾਮੀ ਦਾ ਸਿੱਟਾ ਹਨ। ਉਂਞ ਹੈ ਇਹ ਭੀ ਰਜ਼ਾ ਵਿੱਚ ਤੇ ਰੱਬੀ ਪਿਆਰ ਵਿੱਚ। ਇਹ ਗ਼ਰੀਬੀ, ਮਿਹਨਤ ਤੇ ਮੁਸ਼ੱਕਤ ਹੀ ਹਨ, ਜਿਨ੍ਹਾਂ ਨੇ ਕਈ ਬੰਦਿਆਂ ਤੇ ਕੌਮਾਂ ਦੇ ਚਲਨ ਸੋਹਣੇ ਸਾਂਚੇ ਵਿੱਚ ਢਾਲ਼ੇ ਹਨ। ਜਿਨ੍ਹਾਂ ਨੂੰ ਮਿਹਨਤ ਦੀ ਲੋੜ ਨਹੀਂ ਪਈ, ਉਹ ਸੁੱਖ-ਰਹਿਣੇ ਤੇ ਆਲਸੀ ਬਣਦੇ ਗਏ।

ਸਰਦੀ ਤੇ ਰੋਗ-ਵਿਕਾਰ ਗਿਣੇ ਗਏ, ਪਰ ਸਰਦੀ ਨੇ ਘਰ ਬਣਾਣ ਦੀ ਜਾਚ ਸਿਖਾਈ, ਜਿੱਥੇ ਟੱਬਰ ਰਲ਼ ਕੇ ਪਿਆਰ ਨਾਲ ਬੈਠਦੇ ਹਨ।  ਦੁੱਖ-ਕਲੇਸ਼ ਨੇ, ਰੋਗ ਨੇ, ਇਨਸਾਨੀ ਦਿਲ ਵਿੱਚ ਦਇਆ, ਪਿਆਰ, ਹਮਦਰਦੀ ਦਾ ਜਜ਼ਬਾ ਪੈਦਾ ਕੀਤਾ, ਜਿਸ ਨੇ ਘਰ ਨੂੰ ਪਵਿੱਤਰ ਮੰਦਰ ਬਣਾ ਦਿੱਤਾ। ਇਨਸਾਨੀ ਬੱਚਾ ਕਿੰਨਾ ਹੀ ਚਿਰ ਅਨਾਥ ਜਿਹੀ ਹਾਲਤ ਵਿੱਚ ਰਹਿੰਦਾ ਹੈ, ਪਰ ਇਸ ਅਨਾਥ-ਪੁਣੇ ਨੇ ਹੀ ਕੁਦਰਤ ਵਿੱਚ ਸਭ ਤੋਂ ਉੱਚੀ ਹਸਤੀ ‘ਮਾਂ’ ਪੈਦਾ ਕਰ ਦਿੱਤੀ। ਇਨਸਾਨ ਦੇ ਬੱਚੇ ਦੀ ਮਾਂ; ਕੁਦਰਤ ਦਾ ਇਹ ਸਭ ਤੋਂ ਉੱਚਾ ਕਮਾਲ ਹੈ। ਬੱਚਿਆਂ ਦੀ ਇਸ ਪਰ-ਅਧੀਨਤਾ ਨੇ ਹੀ ਮਨੁੱਖ ਨੂੰ ‘ਪਿਉ’ ਬਣਾਇਆ ਹੈ ਤੇ ਬੱਚਿਆਂ ਦੇ ਦਿਲ ਵਿੱਚ ‘ਘਰ’ ਦਾ ਪਿਆਰ ਪੈਦਾ ਕੀਤਾ। ਇਹ ਘਰ ਉਨ੍ਹਾਂ ਲਈ ਇੱਕ ਨਿੱਕੇ ਜਿਹੇ ਪਰ ਸੁਚੱਜੇ ਸਕੂਨ ਦਾ ਕੰਮ ਦੇਂਦਾ ਹੈ।

ਦਰਦ-ਪੀੜ ਮਨੁੱਖਾ-ਸਰੀਰ ਦੇ ਕਿਲ੍ਹੇ ਦਾ ਸੰਤਰੀ ਹੈ, ਇਸ ਸੰਤਰੀ ਤੋਂ ਬਿਨਾਂ ਇਹ ਕਿਲ੍ਹਾ ਸਹਿਜੇ ਹੀ ਰੋਗਾਂ ਦੀ ਹੱਥੀਂ ਜਿੱਤਿਆ ਜਾਂਦਾ ਹੈ। ਹਕੀਮ ਜਾਂ ਡਾਕਟਰ ਨੂੰ ਰੋਗੀ ਦਾ ਇਲਾਜ ਕਰਨ ਵਿੱਚ ਬੜੀ ਸਹੂਲਤ ਹੋ ਜਾਂਦੀ ਹੈ। ਸਲੋਤਰੀ (ਡੰਗਰ ਡਾਕਟਰ) ਇਸ ਗੱਲੋਂ ਘਾਟੇ ਵਿੱਚ ਰਹਿੰਦਾ ਹੈ। ਜਿਨ੍ਹਾਂ ਰੋਗਾਂ ਵਿੱਚ ਮਨੁੱਖਾ ਸਰੀਰ ਦੇ ਕਿਸੇ ਖ਼ਾਸ ਅੰਗ ਵਿੱਚ ਸਖ਼ਤ ਦਰਦ ਹੁੰਦੀ ਹੈ, ਜੇ ਉਹ ਦਰਦ ਅਚਨਚੇਤ ਹਟ ਜਾਏ ਤਾਂ ਸਗੋਂ ਮੌਤ ਦਾ ਖ਼ਤਰਾ ਆ ਪੈਂਦਾ ਹੈ ਕਿਉਂਕਿ ਦਰਦ ਦਾ ਮੂਲ-ਕਾਰਨ ਹੈ ਬੀਮਾਰੀ ਦਾ ਟਾਕਰਾ। ਦਰਦ ਦੇ ਹਟਣ ਦਾ ਭਾਵ ਇਹ ਹੈ ਕਿ ਉਸ ਅੰਗ ਨੂੰ ਰੋਗ ਨੇ ਜਿੱਤ ਲਿਆ ਹੈ, ਓਥੇ ਟਾਕਰੇ ਦੀ ਹਿੰਮਤ ਨਹੀਂ ਰਹਿ ਜਾਂਦੀ।

ਸਰੀਰਕ ਰੋਗਾਂ ਨੇ ਮਨੁੱਖ ਨੂੰ ਹਿਕਮਤ (ਵੈਦਗੀ) ਦੀ ਵਿੱਦਿਆ ਤੇ ਜਰਾਹੀ (ਸਰਜਰੀ) ਵਿੱਚ ਇੰਨਾ ਸਿਆਣਾ ਬਣਾ ਦਿੱਤਾ ਹੈ ਕਿ ਕਈ ਦਵਾਈਆਂ ਐਸੀਆਂ ਲੱਭ ਪਈਆਂ ਹਨ, ਜੋ ਦਰਦ ਦੇ ਟਾਕਰੇ ’ਤੇ ਨਸਾਂ ਨੂੰ ਬੇ-ਹਿਸ (ਅਛੁਹ) ਕਰ ਦਿੰਦੀਆਂ ਹਨ। ਇਸ ਸਰੀਰਕ ਦਰਦ ਨੇ ਇਨਸਾਨ ਨੂੰ ਇਹ ਸਿਖਾ ਦਿੱਤਾ ਕਿ ਇਸ ਦੀ ਜਾਨ ਦੇ ਲਾਗੂ ਕਿਹੜੇ-ਕਿਹੜੇ ਕਾਰਨ ਮੌਜੂਦ ਹਨ ਤੇ ਉਨ੍ਹਾਂ ਤੋਂ ਬਚਣ ਦੇ ਕਿਹੜੇ ਉਪਰਾਲੇ ਹਨ।  ਸੋ, ਦੁੱਖ-ਦਰਦ ਦੀ ਹਸਤੀ ਜਗਤ ਵਿੱਚ ਜੀਵਾਂ ਨੂੰ ਕਿਸੇ ਨਾ ਕਿਸੇ ਪਾਸੇ ਵੱਲੋਂ ਉੱਚਾ ਕਰਨ ਵਾਸਤੇ ਹੈ।

ਦੁੱਖ-ਦਾਰੂ ਹੈ। ਦੁੱਖ-ਵਿਕਾਰ ਦੀ ਹੋਂਦ ਇਹ ਸਾਬਤ ਨਹੀਂ ਕਰਦੀ ਕਿ ਪ੍ਰਭੂ ਮਨੁੱਖ ਦੇ ਭਲੇ ਦੀ ਪਰਵਾਹ ਨਹੀਂ ਕਰਦਾ। ਦੁੱਖ-ਵਿਕਾਰ ਤਾਂ ਕਿਤੇ ਰਹੇ, ਇਹ ਭੁਚਾਲ, ਝੱਖੜ, ਹੜ੍ਹ ਤੇ ਅੱਗਾਂ ਲੱਗਣੀਆਂ-ਇਹ ਭੀ ਸਾਬਤ ਨਹੀਂ ਕਰਦੇ ਕਿ ਰੱਬ ਨਿਰਦਈ ਹੈ। ਇਹ ਸਭ ਕੁਝ ਇਹੀ ਜ਼ਾਹਰ ਕਰਦੇ ਹਨ ਕਿ ਜਗਤ ਕਿਸੇ ਨਿਯਮਾਂ ਦੇ ਅਧੀਨ ਹੈ, ਨਿਯਮ ਤੇ ਕਾਨੂੰਨ ਸਦਾ ਜੀਵਨ ਦੇ ਸਹਾਇਕ ਹਨ, ਬੇ-ਨਿਯਮੇ ਜਗਤ ਵਿੱਚ ਜੀਵਨ ਅਸੰਭਵ ਹੈ, ‘‘ਕੇਤਿਆ; ਦੂਖ ਭੂਖ ਸਦ ਮਾਰ  ਏਹਿ ਭਿ; ਦਾਤਿ ਤੇਰੀ, ਦਾਤਾਰ  ! ’’ (ਜਪੁ ਜੀ, ਪੰਨਾ )

ਛੋਟੇ ਬਾਲਾਂ ਨੂੰ ਕਿਸੇ ਰੋਗ ਵਿੱਚ ਦੁੱਖ ਪਾਂਦਿਆਂ ਵੇਖ ਕੇ ਹੈਰਾਨ ਹੋਈਦਾ ਹੈ ਕਿ ਬਾਲ ਤਾਂ ਪਰ-ਅਧੀਨ ਹਨ, ਉਨ੍ਹਾਂ ਦੀ ਖ਼ੁਰਾਕ, ਪੁਸ਼ਾਕ ਆਦਿਕ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਆਪਣੇ ਵੱਸ ਨਹੀਂ ਹੈ, ਉਨ੍ਹਾਂ ਨੂੰ ਕਿਉਂ ਕਸ਼ਟ ਮਿਲਦੇ ਹਨ ? ਇਹ ਤਾਂ ਠੀਕ ਹੈ ਕਿ ਛੋਟੇ ਬਾਲਾਂ ਦੇ ਦੁੱਖ-ਕਸ਼ਟ ਵੇਖ ਕੇ ਵੱਡਿਆਂ ਦੇ ਦਿਲ ਵਿੱਚ ਦਇਆ-ਤਰਸ ਦਾ ਜਜ਼ਬਾ ਪੈਦਾ ਹੁੰਦਾ ਹੈ, ਪਰ ਛੋਟੇ ਬਾਲਾਂ ਨੂੰ ਇਸ ਵਿੱਚੋਂ ਕੀ ਤਸਕੀਨ (ਦਿਲਾਸਾ) ਹੈ ?

ਕਾਦਰ ਦੀ ਕੁਦਰਤ ਬੇਅੰਤ ਹੈ, ਸਾਡੀ ਸਮਝ ਉਸ ਦੇ ਟਾਕਰੇ ’ਤੇ ਨਿਕੀ ਜਿਹੀ ਹੈ, ਅਸੀਂ ਹਰੇਕ ਕੁਦਰਤੀ ਰਾਜ਼ ਨੂੰ ਸਮਝਣ ਤੋਂ ਅਸਮਰਥ ਹਾਂ, ਪਰ ਸਾਨੂੰ ਇਹ ਨਿਸ਼ਚਾ ਰਹਿਣਾ ਚਾਹੀਦਾ ਹੈ ਕਿ ਬੱਚਿਆਂ ਦੇ ਦੁੱਖ-ਕਲੇਸ਼ ਕਾਦਰ ਦੀ ਕਿਸੇ ਭੈੜੀ ਬਦਲੇ ਦੀ ਨੀਅਤ ਨਾਲ ਨਹੀਂ ਹਨ। ਜੇ ਅਮੀਰਾਂ ਦੇ ਬੱਚਿਆਂ ਨੂੰ ਕੋਈ ਰੋਗ ਨਾ ਹੁੰਦੇ ਤਾਂ ਅੱਜ ਵਲੈਤ ਵਿੱਚ ਬੱਚਿਆਂ ਦੇ ਰੋਗਾਂ ਵਾਸਤੇ ਇਤਨੇ ਖ਼ਰੈਤੀ (ਮੁਫ਼ਤ) ਹਸਪਤਾਲ ਨਾ ਹੁੰਦੇ। ਜਿਸ ਮਾਂ-ਪਿਉ ਨੇ ਆਪਣੇ ਛੋਟੇ ਬੱਚੇ ਨੂੰ ਤੜਫਦਿਆਂ ਆਪਣੀ ਅੱਖੀਂ ਵੇਖਿਆ ਹੈ, ਉਹੀ ਜਗਤ ਦੇ ਬੱਚਿਆਂ ਦੇ ਦੁੱਖ ਅਨੁਭਵ ਕਰ ਸਕਦੇ ਹਨ। ਫਿਰ, ਬੱਚੇ ਦੇ ਰੋਗ ਦੀ ਹਾਲਤ ਵਿੱਚ ਭੀ ਕੋਈ ਕੁਦਰਤੀ ਨੇਮ ਹੀ ਟੁੱਟਾ ਹੈ, ਜਿਸ ਵਿੱਚ ਮਾਪਿਆਂ ਦੀ ਜ਼ਿੰਮੇਵਾਰੀ ਹੈ ਤੇ ਇਸ ਦੇ ਇਵਜ਼ ਵਿੱਚ ਮਾਪਿਆਂ ਨੂੰ ਕਈ ਰਾਤਾਂ ਜਾਗਣਾ ਪੈਂਦਾ ਹੈ ਤੇ ਬੱਚੇ ਦੇ ਦੁੱਖ ਨਾਲ ਦੁਖੀ ਹੋਣਾ ਪੈਂਦਾ ਹੈ। ਇਸ ਵਿੱਚੋਂ ਭੀ ਭਲਾਈ ਨਿਕਲਦੀ ਹੈ। ਇੱਕ ਬਾਲ ਦੀ ਪਰਵਰਿਸ਼ ਵਿੱਚ ਅਣਗਹਿਲੀ ਕਰ ਕੇ ਜੋ ਸਿੱਖਿਆ ਮਿਲਦੀ ਹੈ, ਉਹ ਦੂਜੇ ਬਾਲਾਂ ਦੀ ਪਰਵਰਿਸ਼ ਵਿੱਚ ਸਹਾਇਤਾ ਕਰਦੀ ਹੈ।

ਇਨਸਾਨ ਦੇ ਸਧਾਰਨ ਨਰੋਏ ਜੀਵਨ ਵਿੱਚ ਕਿਸੇ ਸਰੀਰਕ ਅੰਗ ਉੱਤੇ ਕਿਸੇ ਦੁੱਖ-ਪੀੜ ਦੇ ਆਉਣ ਦੀ ਸੰਭਾਵਨਾ ਨਹੀਂ ਹੁੰਦੀ। ਇੱਕ ਬਿਲਕੁਲ ਨਰੋਏ ਬੰਦੇ ਨੂੰ ਕਦੇ ਇਹ ਸੋਚਣ ਦੀ ਲੋੜ ਨਹੀਂ ਪੈਂਦੀ ਕਿ ਉਸ ਦਾ ਮੇਹਦਾ ਕਿਵੇਂ ਹਾਜ਼ਮੇ ਦਾ ਕੰਮ ਕਰ ਰਿਹਾ ਹੈ, ਜਿਗਰ ਕੀ ਸਹਾਇਤਾ ਕਰਦਾ ਹੈ, ਫੇਫੜੇ ਕਿਵੇਂ ਸਾਰੇ ਸਰੀਰ ਨੂੰ ਹਵਾ ਅਪੜਾਅ ਰਹੇ ਹਨ। ਇਹ ਸਾਰੇ ਕੰਮ ਆਪਣੇ ਆਪ ਹੋ ਰਹੇ ਹਨ ਤੇ ਮਨੁੱਖ ਨੂੰ ਇਸ ‘ਕੁਦਰਤੀ ਚਾਲ’ ਵਿੱਚ ਕੋਈ ਤਕਲੀਫ਼ ਨਹੀਂ ਪੈਂਦੀ।  ਜੇ ਕਿਸੇ ਅੰਗ ਵਿੱਚ ਕੋਈ ਪੀੜਾ ਉੱਠੇ ਤਾਂ ਕਹੀਦਾ ਹੈ ਕਿ ਇਨਸਾਨੀ ਮਸ਼ੀਨ ਦੇ ਚੱਲਣ ਵਿੱਚ ਕੋਈ ਵਿਘਨ ਪੈ ਗਿਆ ਹੈ, ਪਰ ਬੱਚੇ ਜੰਮਣਾ ਵੀ ਇੱਕ ਕੁਦਰਤੀ ਨੇਮ ਹੈ, ਇਸ ਵਿੱਚ ਇਸਤ੍ਰੀ ਨੂੰ ਕਿਉਂ ਇੰਨਾ ਖੇਦ ਸਹਾਰਨਾ ਪੈਂਦਾ ਹੈ ? ਕੁਦਰਤ ਦੇ ਨੇਮ ਵਿੱਚ ਇਹ ਉਲੰਘਣਾ ਕਿਉਂ ਹੈ ?

ਪੁਰਾਣੇ ਸਮੇਂ ਵਿੱਚ ਲੋਕਾਂ ਨੇ ਆਦਮ ਤੇ ਹਵਾ ਦੀ ਕਹਾਣੀ ਦੇ ਕੇ ਇਸ ਨੂੰ ਰੱਬ ਦਾ ਸਰਾਪ ਪਰਗਟ ਕੀਤਾ, ਪਰ ਸਾਰੀ ਕਹਾਣੀ ਅਲੌਕਿਕ ਹੈ। ਹੁਣ ਕਦੇ ਕੋਈ ਸੱਪ, ਗੱਲਾਂ ਨਹੀਂ ਕਰ ਸਕਿਆ, ਉਸ ਨੇ ਕਿਵੇਂ ਮਨੁੱਖ ਨੂੰ ਭਰਮਾਇਆ ਸੀ ? ਹੁਣ ਸਾਰੇ ਸੱਪ ਢਿੱਡ-ਭਾਰ ਚਲਦੇ ਹਨ, ਉਹ ਸੱਪ ਕਿਵੇਂ ਮਨੁੱਖ ਵਾਂਗ ਤੁਰ ਸਕਦਾ ਸੀ ? ਕੁਦਰਤ ਵਿੱਚ ਨੇਮ ਸਦਾ ਇੱਕ-ਰਸ ਵਰਤੀਂਦੇ ਹਨ। ਇੱਕ ਗੱਲ ਅਸੀਂ ਰੋਜ਼ ਵੇਖ ਰਹੇ ਹਾਂ, ਅਸੀਂ ਉਸੇ ਚੀਜ਼ ਨੂੰ ਬਹੁਤਾ ਪਿਆਰ ਕਰਦੇ ਹਾਂ, ਉਸੇ ਦੀ ਵਧੀਕ ਕਦਰ ਕਰਦੇ ਹਾਂ, ਜਿਸ ਦੇ ਹਾਸਲ ਕਰਨ ਵਿੱਚ ਬਹੁਤੀ ਖੇਚਲ ਸਹਾਰਦੇ ਹਾਂ। ਮਾਂ ਦਾ ਆਪਣੇ ਬੱਚੇ ਨਾਲ ਪਿਆਰ ਜਗਤ ਵਿੱਚ ਸਭ ਤੋਂ ਉੱਚਾ ਪਿਆਰ ਮੰਨਿਆ ਗਿਆ ਹੈ, ਮਾਂ ਦਾ ਪਿਆਰ ਰੱਬੀ ਪਿਆਰ ਦਾ ਪਰਤੱਖ ਰੂਪ ਸਮਝਿਆ ਜਾਂਦਾ ਹੈ, ਮਾਂ; ਰੱਬ ਦਾ ਰੂਪ ਮੰਨੀ ਜਾ ਰਹੀ ਹੈ, ਪਰ ਮਾਂ ਸੰਬੰਧੀ ਇਹ ਉੱਚਾ ਵਲਵਲਾ ਜਗਤ ਵਿੱਚ ਕਿਤੇ ਵੇਖਣ ਵਿੱਚ ਨਹੀਂ ਆਉਂਦਾ।  ਬੱਚੇ ਜੰਮਣੇ ਇੱਕ ਅਜਿਹਾ ਸਾਦਾ ਕੰਮ ਨਹੀਂ ਹੁੰਦਾ, ਜਿਵੇਂ ਕਿਸੇ ਬਾਗ਼ ਵਿੱਚ ਫੁੱਲ ਪੈਦਾ ਕਰ ਲੈਣੇ। ਮਾਂ ਦਾ ਦਿਲ ਆਪਣੇ ਬੱਚੇ ਨਾਲ ਪਿਆਰ ਕਰਨ ਕਰ ਕੇ ਜੱਗ-ਦਿਲ ਬਣ ਜਾਂਦਾ ਹੈ। ‘ਜੀਣ ਸਭ ਬੱਚੇ ਮਾਵਾਂ ਦੇ’-ਇਹ ਹਰ ਮਾਂ ਆਖਦੀ ਹੈ, ਪਰ ਕੁਦਰਤੀ ਤੋਰ ’ਤੇ ਜਣੇਪੇ ਦੀ ਤਕਲੀਫ਼ ਇਤਨੀ ਨਹੀਂ ਹੁੰਦੀ, ਜਿੰਨੀ ਅੱਜ-ਕੱਲ੍ਹ ਵੇਖਣ ਵਿੱਚ ਆ ਰਹੀ ਹੈ। ਹੁਣ ਅਸੀਂ ਜੀਵਨ ਬਣਾਉਟੀ ਬਣਾਈ ਜਾ ਰਹੇ ਹਾਂ, ਸਰੀਰਾਂ ਨੂੰ ਖੇਚਲ ਨਹੀਂ ਦਿੰਦੇ, ਸਾਦਗੀ ਦੇ ਥਾਂ, ਸ਼ੌਕੀਨੀ ਵਧ ਰਹੀ ਹੈ। ਜਿਉਂ ਜਿਉਂ ਅੱਜ ਕੱਲ੍ਹ ਦੀ ਸੱਭਿਅਤਾ, ਨਜ਼ਾਕਤ (ਨਖ਼ਰਾ) ਤੇ ਸ਼ੌਕੀਨੀ ਦੇ ਅਨੁਸਾਰ ਜੀਵਨ ਬਣ ਰਹੇ ਹਨ, ਤਿਉਂ ਤਿਉਂ ਸਿੱਟਾ ‘ਸਰੀਰਕ ਕਸ਼ਟ’ ਨਿੱਕਲ ਰਿਹਾ ਹੈ।

ਜਗਤ ਇੱਕ ਮੈਦਾਨਿ-ਜੰਗ ਦਿੱਸਦਾ ਹੈ। ਛੋਟੇ-ਛੋਟੇ ਜੀਆਂ ਨੂੰ ਵੱਡੇ ਪਸ਼ੂ-ਪੰਛੀ ਖਾ ਰਹੇ ਹਨ। ਭਮੱਕੜਾਂ ਨੂੰ ਚਿੜੀਆਂ ਖਾ ਰਹੀਆਂ ਹਨ, ਚਿੜੀਆਂ ਨੂੰ ਬਿੱਲੀ ਮਾਰ ਲੈਂਦੀ ਹੈ, ਬਿੱਲੀ ਨੂੰ ਕੁੱਤਾ ਪਾੜ ਖਾਂਦਾ ਹੈ ਤੇ ਕੁੱਤੇ ਦਾ ਬਘਿਆੜ ਜਾਨੀ-ਵੈਰੀ ਹੈ। ਡੱਡੀਆਂ ਨੂੰ ਸੱਪ ਹੜੱਪ ਕਰ ਲੈਂਦਾ ਹੈ, ਸੱਪ ਨੂੰ ਨਿਓਲਾ ਮਾਰ ਮੁਕਾਂਦਾ ਹੈ। ਦੁਨੀਆ ਵਿੱਚ ਜਿੱਧਰ ਧਿਆਨ ਮਾਰੋ, ਇਹੀ ਦਿੱਸੇਗਾ। ਛੋਟੇ ਜੀਆਂ-ਜੰਤਾਂ ਨੂੰ ਵੱਡੇ ਮਾਰ ਮੁਕਾਂਦੇ ਹਨ। ਕਿੰਨਾ ਭਿਆਨਕ ਦ੍ਰਿਸ਼ ਹੈ। ਕੀ ਕਾਦਰ ਦੀ ਇਹ ਸਾਰੀ ਕੁਦਰਤ ਬੇ-ਤਰਸ ਹੈ ?

ਅਸਲ ਗੱਲ ਇਹ ਹੈ ਕਿ ਕੁਦਰਤ ਦੇ ਇਸ ਜੰਗ ਨੇ ਹੀ ਧਰਤੀ ਦੇ ਸਰਦਾਰ ਮਨੁੱਖ ਨੂੰ ਧਰਤੀ ’ਤੇ ਜੀਣ ਦਾ ਮੌਕਾ ਦਿੱਤਾ ਹੈ, ਨਹੀਂ ਤਾਂ ਸਿਰਫ਼ ਮੱਖੀ ਦੀ ਪੈਦਾਇਸ਼ ਹੀ ਇੰਨੀ ਕਾਫ਼ੀ ਸੀ ਕਿ ਮਨੁੱਖ ਦਾ ਜੀਣਾ ਅਸੰਭਵ ਕਰ ਦੇਂਦੀ, ਇਸ ਤਰ੍ਹਾਂ ਦੀ ਮੌਤ ਕੋਈ ਭਿਆਨਕ ਮੌਤ ਭੀ ਨਹੀਂ ਰਹਿਣੀ ਸੀ, ਇਹ ਅਚਨਚੇਤ ਵਾਲੀ ਮੌਤ; ਰੋਗ ਆਦਿਕ ਵਾਲੀ ਮੌਤ ਨਾਲੋਂ ਚੰਗੀ ਹੋਣੀ ਹੈ। ਦਰਿੰਦਿਆਂ ਤੋਂ ਬੇ-ਹੋਸ਼ੀ ਦੀ ਹਾਲਤ ਵਿੱਚ ਬਚ ਕੇ ਆਏ ਬੰਦੇ ਦੱਸਦੇ ਹਨ ਕਿ ਗ਼ਸ਼ੀ (ਮੂਰਛਾ, ਬੇ-ਸੁਰਤੀ) ਤੋਂ ਪਿੱਛੋਂ ਸਭ ਕੁਝ ਬਿਨਾਂ ਕਿਸੇ ਦੁੱਖ-ਦਰਦ ਦੇ ਹੁੰਦਾ ਹੈ। ਸ਼ਿਕਾਰੀ ਜਾਨਵਰ ਆਪਣੇ ਸ਼ਿਕਾਰ ਨੂੰ ਘੱਟ ਤੋਂ ਘੱਟ ਅਜ਼ਾਬ (ਕਸ਼ਟ) ਦੇ ਕੇ ਮਾਰਦੇ ਹਨ, ਸ਼ੇਰ ਤੇ ਬਾਜ਼ ਸਿਰਫ਼ ਇੱਕ ਝਪਟ ਮਾਰਦੇ ਹਨ। ਹਾਂ ਬਿੱਲੀ ਚੂਹੇ ਨੂੰ ਦੁੱਖ ਦੇਂਦੀ ਪਰਤੀਤ ਹੁੰਦੀ ਹੈ, ਪਰ ਇਹ ਸੁਭਾਅ ਬਣਿਆ ਹੈ ਘਰਾਂ ਵਿੱਚ ਰਹਿਣ ਕਰ ਕੇ। ਘਰ ਵਿੱਚ ਚੰਗੀ ਖ਼ੁਰਾਕ ਮਿਲ ਜਾਣ ਕਰ ਕੇ ਬਿੱਲੀ ਸ਼ਿਕਾਰ ਦੀ ਖ਼ਾਤਰ ਨਹੀਂ, ਸ਼ੁਗਲ ਦੀ ਖ਼ਾਤਰ ਚੂਹੇ ’ਤੇ ਪੈਂਦੀ ਹੈ। ਇਹ ਭੀ ਜ਼ਰੂਰੀ ਨਹੀਂ ਕਿ ਚੂਹਾ ਉਸ ਵੇਲੇ ਬੜੇ ਤਸੀਹੇ ਮਹਿਸੂਸ ਕਰਦਾ ਹੋਵੇ।

ਜੋ ਲੋਕ ਕਦੇ ਸ਼ਿਕਾਰ ਦੇ ਪੰਜੇ ਤੋਂ ਬਚ ਕੇ ਆਏ ਹਨ, ਉਹ ਦੱਸਦੇ ਹਨ ਕਿ ਉਸ ਟਾਕਰੇ ਦੇ ਜੋਸ਼ ਵਿੱਚ ਕੋਈ ਤਕਲੀਫ਼ ਜਾਂ ਦੁੱਖ-ਕਲੇਸ਼ ਯਾਦ ਭੀ ਨਹੀਂ ਹੁੰਦਾ। ਪਸ਼ੂਆਂ ਵੱਲ ਵੇਖੋ, ਬੜੇ ਘੱਟ ਐਸੇ ਪਸ਼ੂ ਹਨ ਜੋ ਕਿਸੇ ਮੁਸੀਬਤ ਨੂੰ ਬਹੁਤਾ ਚਿਰ ਚੇਤੇ ਰੱਖ ਸਕਦੇ ਹਨ। ਇਹ ਮਨੁੱਖ ਹੀ ਹੈ ਜੋ ਆਪਣੀ ਚੇਤੇ-ਸ਼ਕਤੀ ਨਾਲ ਆਪਣੇ ਦੁੱਖ ਨੂੰ ਵਧਾ ਲੈਂਦਾ ਹੈ। ਹਰਨ ਜਾਂ ਸਹੇ ਦੇ ਪਿੱਛੇ ਸ਼ਿਕਾਰੀ ਲੱਗਦੇ ਹਨ, ਜੀ-ਭਿਆਣਾ ਉਹ ਦੌੜਦਾ ਹੈ ਤੇ ਉਨ੍ਹਾਂ ਦੀ ਨਜ਼ਰੋਂ ਉਹਲੇ ਹੋ ਜਾਂਦਾ ਹੈ, ਉਹ ਖ਼ਤਰਾ ਉਸ ਨੂੰ ਤੁਰੰਤ ਵਿਸਰ ਜਾਂਦਾ ਹੈ ਤੇ ਉਹ ਹਰਾ-ਹਰਾ ਘਾਹ ਚੁਗਣ ਵਿੱਚ ਰੁਝ ਜਾਂਦਾ ਹੈ। ਇਸ ਸ੍ਵੈ-ਰੱਖਿਆ ਦੇ ਜੰਗ ਨੇ ਮਨੁੱਖ ਦੇ ਅੰਦਰ ਇੱਕ ਹੋਰ ਉੱਚਾ ਜਜ਼ਬਾ ਪੈਦਾ ਕਰ ਦਿੱਤਾ ਹੈ, ਉਹ ਹੈ ‘ਦੂਜਿਆਂ ਦੀ ਰੱਖਿਆ ਲਈ ਯਤਨ’। ਇਸ ਜਜ਼ਬੇ ਨੇ ਪਿਆਰ, ਕੁਰਬਾਨੀ, ਹਮਦਰਦੀ ਆਦਿਕ ਗੁਣ ਪੈਦਾ ਕਰ ਦਿੱਤੇ ਹਨ।

ਹੁਣ ਤੱਕ ਅਸੀਂ ਸਰੀਰਕ ਦੁੱਖ-ਕਲੇਸ਼ਾਂ ਦੀ ਹੀ ਵਿਚਾਰ ਕਰਦੇ ਆ ਰਹੇ ਹਾਂ, ਹੁਣ ਲਵੋ ਮਾਨਸਿਕ ਪੀੜਾਂ ਨੂੰ। ਅੱਜ ਕੱਲ੍ਹ ਦੀ ਖੋਜ ਨੇ ਸਾਬਤ ਕਰ ਦਿੱਤਾ ਹੈ ਕਿ ਮਾਨਸਿਕ ਕਸ਼ਟ ਭੀ ਮਨੁੱਖ ਦੇ ਦਿਮਾਗ਼ ਵਿੱਚ ਉਸੇ ਤਰ੍ਹਾਂ ਅਸਰ ਕਰਦੇ ਹਨ ਜਿਵੇਂ ਸਰੀਰਕ ਦੁੱਖ, ਸਗੋਂ ਮਾਨਸਿਕ ਦੁੱਖ ਵਧੀਕ ਖ਼ਤਰਨਾਕ ਹੁੰਦੇ ਹਨ। ਸਰੀਰਕ ਰੋਗ ਕੋਈ ਵਿਰਲਾ ਹੀ ਹੁੰਦਾ ਹੈ, ਜੋ ਮਨੁੱਖ ਨੂੰ ਉੱਕਾ ਹੀ ਨਕਾਰਾ ਕਰ ਦੇਵੇ, ਪਰ ਮਾਨਸਿਕ ਦੁੱਖ ਦਿਮਾਗ਼ੀ ਹਾਲਤ ਖ਼ਰਾਬ ਕਰ ਦੇਂਦੇ ਹਨ, ਪਰ ਇਹ ਮਾਨਸਿਕ ਕਲੇਸ਼ ਭੀ ਭਲਾਈ ਤੋਂ ਖ਼ਾਲੀ ਨਹੀਂ ਹਨ।

‘ਸਰੀਰਕ ਦੁੱਖ’; ਮਾਨਸਿਕ ਦੁੱਖ ਸਹਾਰਨ ਵਾਲੇ ਬੰਦੇ ਨਾਲੋਂ ਉਸ ਦੀ ਕੌਮ ਤੇ ਦੇਸ਼ ਵਾਸਤੇ ਵਧੀਕ ਲਾਭਦਾਇਕ ਹੁੰਦੇ ਹਨ।  ਸਰੀਰਕ ਰੋਗਾਂ ਲਈ ਦਵਾਈਆਂ ਤੇ ਹਸਪਤਾਲ ਵੀ ਬਣੇ ਹੁੰਦੇ ਹਨ। ਸਰੀਰਕ ਕਸ਼ਟ ਰਾਹੀਂ ਦਿੱਤੀਆਂ ਸ਼ਹੀਦੀਆਂ ਨੇ ਕੌਮ ਤੇ ਦੇਸ਼ ਨੂੰ ਜਗਾ ਦਿੱਤਾ ਜਦ ਕਿ ‘ਮਾਨਸਿਕ ਦੁੱਖ’; ਕੇਵਲ ਦੁੱਖ ਸਹਾਰਨ ਵਾਲੇ ਨੂੰ ਹੀ ਲਾਭ ਦੇਂਦੇ ਹਨ, ਇਸ ਕੁਠਾਲੀ ਵਿੱਚੋਂ ਉਹ ਸੁੱਚਾ ਤੇ ਉੱਚਾ ਹੋ ਕੇ ਨਿਕਲਦਾ ਹੈ, ਇਸ ਲਈ ਮਾਨਸਿਕ ਦੁਖ ਨੂੰ ਦਾਰੂ ਕਿਹਾ ਗਿਆ ਕਿਉਂਕਿ ਬੰਦਾ ਇਸ ਦੇ ਇਲਾਜ ਲਈ ਰੂਹਾਨੀਅਤ ਵੱਲ ਮੁੜਦਾ ਹੈ।

ਮਾਨਸਿਕ ਪੀੜ ਜਾਂ ਇਖ਼ਲਾਕੀ ਰੋਗ ਦਾ ਮੂਲ-ਕਾਰਨ ਖ਼ੁਦਗਰਜ਼ੀ ਕੋਈ ਭੈੜ ਨਹੀਂ ਸੀ ਸਮਝਿਆ ਜਾਂਦਾ। ਪਸ਼ੂ-ਪੰਛੀ, ਇਹ ਠੀਕ ਹੈ, ਆਪੋ ਆਪਣੀ ਹਸਤੀ ਕਾਇਮ ਰੱਖਣ ਵਾਸਤੇ ਖ਼ੁਦਗਰਜ਼ ਹਨ, ਪਰ ਮਨੁੱਖ ਇਸ ਹਾਲਤ ਤੋਂ ਉੱਚਾ ਹੋ ਗਿਆ ਹੈ, ਮਨੁੱਖ ਵਾਸਤੇ ਇਹ ਜ਼ਰੂਰੀ ਹੈ ਕਿ ਉਹ ਵਹੁਟੀ, ਬੱਚਿਆਂ, ਮਿੱਤਰਾਂ, ਗੁਆਢੀਆਂ, ਕੌਮ, ਦੇਸ਼ ਤੇ ਸਾਰੀ ਧਰਤੀ ਵਾਸਤੇ ਜੀਵੇ।

‘ਇਨਸਾਨੀਅਤ’ ਦੀ ਸਭ ਤੋਂ ਵੱਡੀ ਨਿਸ਼ਾਨੀ ਹੀ ਇਹ ਹੈ ਕਿ ਉਹ ਦੂਜਿਆਂ ਵਾਸਤੇ ਜੀਵੇ, ਨਿਰਾ ਆਪਣੇ ਵਾਸਤੇ ਜੀਵਿਆਂ ਕੇਵਲ ਜੂਨ ਭੋਗਣ ਦੇ ਬਰਾਬਰ ਹੈ, ਪਰ ‘ਇਨਸਾਨੀਅਤ’ ਜੀਵਨ ਵਾਸਤੇ ਜੋ ਭੀ ਕੀਮਤੀ ਖ਼ਜ਼ਾਨਾ ਹੈ, ਉਹ; ਬਿਨਾਂ ਕਸ਼ਟ ਸਹਾਰਨ ਤੋਂ ਨਹੀਂ ਮਿਲਿਆ। ਇਨਸਾਨੀਅਤ ਦੀ ਕਦਰ ਭੀ ਸਰੀਰਕ ਦੁੱਖ ਸਹਾਰਨ ਪਿੱਛੋਂ ਪੈਂਦੀ ਹੈ।  ਇਨਸਾਫ਼, ਖ਼ਿਆਲ ਦੀ ਆਜ਼ਾਦੀ, ਭਲਾਈ, ਹੁਨਰ, ਰਾਗ, ਹਰੇਕ ਨੇ ਇਨਸਾਨੀ ਕੁਰਬਾਨੀ ਮੰਗੀ ਹੈ। ਇਨਸਾਨੀ ਉੱਨਤੀ ਦਾ ਰਸਤਾ ਹੀ ਸਰੀਰਕ ਦੁੱਖ-ਕੰਡਿਆਂ ਵਿੱਚੋਂ ਦੀ ਲੰਘਦਾ ਹੈ।  ਸਰੀਰਕ ਕਸ਼ਟਾਂ ਤੋਂ ਬਚ ਕੇ ਜੀਵਨ ਨੂੰ ਸੁਖਦਾਈ ਬਣਾਉਣਾ; ਇਨਸਾਨੀਅਤ ਤੋਂ ਦੂਰ ਜਾਣਾ ਹੈ, ਆਪਣੀ ਉੱਨਤੀ ਨੂੰ ਰੋਕਣਾ ਹੈ।