ਗੁਰੂ ਨਾਨਕ ਦਾ ਨਿਰਮਲ ਧਰਮ ਅਤੇ ਉਸ ਨੂੰ ਸਿੰਜਣਹਾਰੇ

0
487

ਗੁਰੂ ਨਾਨਕ ਦਾ ਨਿਰਮਲ ਧਰਮ ਅਤੇ ਉਸ ਨੂੰ ਸਿੰਜਣਹਾਰੇ

ਗਿਆਨੀ ਅਵਤਾਰ ਸਿੰਘ

ਗੁਰਮਤਿ ਅਨੁਸਾਰ ਮਨੁੱਖੀ ਸੋਚ ਦਾ ਅਕਾਲ ਪੁਰਖ ਨਾਲ਼ ਜੁੜਨਾ ਜਾਂ ਉਸ ਦੀ ਯਾਦ ਤੋਂ ਪ੍ਰਭਾਵਤ ਹੋਣਾ; ‘ਨਿਰਮਲ ਧਰਮ’ (ਸੱਚੇ ਧਰਮ) ਦਾ ਮੁੱਢਲਾ ਅਸੂਲ ਹੈ। ਅਗਲਾ ਕਰਮ ਉਸ ਦੇ ਭਾਣੇ (ਡਰ-ਅਦਬ) ’ਚ ਰਹਿਣਾ ਹੈ। ਇਹ ਅਹਿਸਾਸ ਹੀ; ਮਨੁੱਖਤਾ ਅੰਦਰ ਹਲੀਮੀ, ਪਿਆਰ, ਸਮਾਨਤਾ, ਸਵੈਮਾਣ, ਅਮੁਥਾਜ, ਨਿਡਰਤਾ, ਸਬਰ, ਸ਼ੁਕਰਾਨਾ ਆਦਿ ਗੁਣ ਭਰਦਾ ਹੈ ਤੇ ਮਨੁੱਖ ਸਾਹਸੀ ਬਣ ਪਰਿਵਾਰਕ, ਸਮਾਜਕ ਤੇ ਕੌਮੀ ਸੇਵਾਵਾਂ ਕਰਨ ਲਈ ਅੱਗੇ ਆਉਂਦਾ ਹੈ, ਪਰ ਅਜਿਹਾ ਰੁਤਬਾ;  ਅਜਿਹੇ ਗੁਣਾਂ ਦੇ ਸਰੋਤ (ਗੁਰੂ) ਦੀ ਬਖ਼ਸ਼ਸ਼ ਤੇ ਪ੍ਰੇਰਨਾ ਦਾਇਕ ਉਤਸ਼ਾਹ ਨਾਲ਼ ਹੀ ਪ੍ਰਾਪਤ ਹੁੰਦਾ ਹੈ।

ਮਾਨਵ ਹਿਤਕਾਰੀ ਇਹ ਫ਼ਲਸਫ਼ਾ;  ਜਦ ਮਨੁੱਖਤਾ ਨੂੰ ਸੌਂਪਿਆ ਜਾਏ ਤਾਂ ਇਸ ਉੱਤੇ ਹੂ-ਬਹੂ ਯਕੀਨ ਅਤੇ ਅਮਲ ਕਰਵਾਉਣਾ; ਦੋ ਪ੍ਰਮੁੱਖ ਚੁਣੌਤੀਆਂ ਹੁੰਦੀਆਂ ਹਨ ਕਿਉਂਕਿ ਝੂਠ ਨੂੰ ਗਲੇ ਲਗਾਈ ਬੈਠੇ ਬੰਦੇ ਲਈ ਇਹ ਅਲੌਕਿਕ ਗੱਲਾਂ ਜਾਪਦੀਆਂ ਹਨ। ਇਸ ਦੇ ਪ੍ਰਚਾਰ-ਪ੍ਰਸਾਰ ’ਚ ਉਸ ਸਮੇਂ ਹੋਰ ਵੀ ਦਿੱਕਤ ਆਉਂਦੀ ਹੈ, ਜਦ ਪਹਿਲਾਂ ਤੋਂ ਕੀਤੀ ਗਈ ਧਰਮ ਦੀ ਗ਼ਲਤ ਵਿਆਖਿਆ ਰੱਦ ਹੋ ਰਹੀ ਹੋਵੇ।

ਗੁਰਮਤਿ ਨੇ ‘ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ’ ਨੂੰ ਪ੍ਰਮੁੱਖਤਾ ਦਿੱਤੀ, ਇਸ ਸਿੱਖਿਆ ਦਾ ਮੁਰੀਦ; ਸਮੁੱਚੀ ਮਾਨਵਤਾ ਲਈ ਪੂਜਨੀਕ ਹੋਣਾ ਚਾਹੀਦਾ ਸੀ ਪਰ ਇਸ ਸੇਵਾ ਬਦਲੇ ਗੁਰੂ ਸਾਹਿਬਾਨ ਤੇ ਸਿੱਖਾਂ ਨੂੰ ਅਸਹਿ ਕਸ਼ਟ ਸਹਾਰਦਿਆਂ ਸ਼ਹੀਦੀਆਂ ਦੇਣੀਆਂ ਪਈਆਂ !  ਆਖ਼ਰ ਕਿਉਂ ?

ਸਮਾਜ ’ਚ ਸੁਚੱਜੀ ਕਿਰਤ ਤਿੰਨ ਪ੍ਰਕਾਰ ਦੀ ਮੰਨੀ ਗਈ ‘ਖੇਤੀ, ਨੌਕਰੀ ਤੇ ਵਪਾਰ। ਭੀਖ ਮੰਗਣ ਤੇ ਛਲ਼-ਕਪਟ ਨੂੰ ਕੁਕਰਮ ਕਿਹਾ ਗਿਆ, ਇਸ ਕੁਕਰਮ ਨੇ ਆਲਸੀ ਬੰਦੇ (ਜੋ ਸੁਚੱਜੀ ਕਿਰਤ ਨਹੀਂ ਕਰ ਸਕਦੇ) ਤੋਂ ਅਗਿਆਨਤਾਵਸ ਧਰਮ ਦੇ ਨਾਂ ’ਤੇ 6 ਕਰਮ (ਕਰਮਕਾਂਡੀ ਵਿਦਿਆ ਪੜ੍ਹਨੀ ਤੇ ਹੋਰਾਂ ਨੂੰ ਪੜ੍ਹਾਉਣੀ, ਦਾਨ ਦੇਣ ਲਈ ਉਕਸਾਉਣਾ ਤੇ ਆਪ ਦਾਨ ਲੈ ਲੈਣਾ, ਯੱਗ ਕਰਵਾਉਣ ਲਈ ਪ੍ਰੇਰਨਾ ਤੇ ਆਪ ਅਗਵਾਈ ਕਰਨੀ) ਨਿਰਧਾਰਿਤ ਕਰਾ ਲਏ, ਇਨ੍ਹਾਂ ਕਰਮਕਾਂਡਾਂ ਨੇ ਭਾਵੇਂ ਕਿ ਪੂਜਾਰੀ ਦੀਆਂ ਆਰਥਕ ਲੋੜਾਂ ਪੂਰੀਆਂ ਕਰ ਦਿੱਤੀਆਂ ਪਰ ਮਨੁੱਖਤਾ ਦਾ ਸਮਾਂ, ਪੈਸਾ ਤੇ ਸੁਆਸ ਬਰਬਾਦ ਹੁੰਦੇ ਗਏ।

ਦੂਸਰੇ ਪਾਸੇ ਰੱਬੀ ਆਸ਼ਕਾਂ ਨੇ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣ ਵਾਲ਼ੀ ਸੁਚੱਜੀ ਕਿਰਤ ਅਪਣਾਅ ਲਈ। ਇਸ ਜੀਵਨਸ਼ੈਲੀ ਨੇ ਫੁੱਟ ਪਾਊ ਅਰਥਹੀਣ ਕਰਮਕਾਂਡਾਂ ਤੋਂ ਮਨੁੱਖਤਾ ਨੂੰ ਸੁਚੇਤ ਕਰਨ ਦਾ ਬੀੜਾ ਵੀ ਚੁੱਕ ਲਿਆ, ਜਿਸ ਕਾਰਨ ਅਮੋੜ ਬਿਰਤੀ (ਪਰੰਪਰਾਵਾਦੀ ਸੋਚ) ਰੁਕਾਵਟ ਬਣਦੀ ਗਈ। ਗੁਰੂ ਸਾਹਿਬਾਨ ਇਸ ਵਲ਼-ਛਲ਼ ਨੂੰ ਪਹਿਲਾਂ ਹੀ ਭਾਂਪ ਚੁੱਕੇ ਸਨ, ਇਸ ਲਈ ਉਨ੍ਹਾਂ ਫ਼ੁਰਮਾਇਆ, ‘‘ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ ॥  ਪੁਰਜਾ ਪੁਰਜਾ ਕਟਿ ਮਰੈ; ਕਬਹੂ ਨ ਛਾਡੈ ਖੇਤੁ ॥ (ਮਾਰੂ ਰਾਗ, ਭਗਤ ਕਬੀਰ ਜੀ, ਪੰਨਾ ੧੧੦੫), ਜਉ ਤਉ; ਪ੍ਰੇਮ ਖੇਲਣ ਕਾ ਚਾਉ ॥  ਸਿਰੁ ਧਰਿ ਤਲੀ; ਗਲੀ ਮੇਰੀ ਆਉ ॥  ਇਤੁ ਮਾਰਗਿ; ਪੈਰੁ ਧਰੀਜੈ ॥  ਸਿਰੁ ਦੀਜੈ; ਕਾਣਿ ਨ ਕੀਜੈ ॥’’ (ਮ: ੧, ਪੰਨਾ ੧੪੧੨), ਇਸ ਰੁਤਬੇ ਦੀ ਪ੍ਰਾਪਤੀ ਲਈ ਸਾਹਸ ਚਾਹੀਦਾ ਸੀ, ਜਿਸ ਨੂੰ ਪੈਦਾ ਕਰਨ ਵਾਸਤੇ ਸ਼ਸਤਰ ਵਿਦਿਆ, ਯੁੱਧ ਅਭਿਆਸ ਤੇ ਢਾਡੀ ਵਾਰਾਂ ਗਾਉਣੀਆਂ ਵੀ ‘ਨਿਰਮਲ ਧਰਮ’ ਦੇ ਅਹਿਮ ਅੰਗ ਬਣ ਗਏ ।

ਸਦੀਆਂ ਤੋਂ ਧਰਮ ਨੂੰ ਪ੍ਰਚਾਰਿਆ ਤਾਂ ਮਾਨਵ ਹਿਤਕਾਰੀ ਬਣਾ ਕੇ ਜਾਂਦਾ ਰਿਹਾ, ਪਰ ਇਸ ਵਿੱਚ ਛੁਪੇ ਸੌੜੇਪਣ ਤੇ ਨਿੱਜ ਸੁਆਰਥ ਨੇ ਨਾ-ਸਮਝ ਬੁੱਧੀ ਨੂੰ ਅਪੰਗ ਬਣਾ ਦਿੱਤਾ ਸੀ, ਇਸ ਬੁਜ਼ਦਿਲੀ ’ਚ ਗੁਰੂ ਫ਼ਲਸਫ਼ੇ ਨੇ ਰੱਬੀ ਵਿਸ਼ਵਾਸ, ਪ੍ਰੇਮ, ਸ਼ਾਂਤੀ, ਉਤਸ਼ਾਹ, ਵਿਵੇਕਤਾ ਪੈਦਾ ਕਰ ਸਮਾਜਕ ਵਿਤਕਰੇ, ਅੰਧ ਵਿਸ਼ਵਾਸ ਤੇ ਅਗਿਆਨਤਾ ਨੂੰ ਨਾਸ਼ ਕਰਨਾ ਸ਼ੁਰੂ ਕਰ ਦਿੱਤਾ।  ਇਨਸਾਫ਼ ਤੇ ਪਿਆਰ ਮਿਲਦਾ ਵੇਖ ਮਨੁੱਖ ਖ਼ੁਸ਼ ਹੋਣ ਲੱਗਾ, ਜੋ ਸਦੀਆਂ ਤੋਂ ਮੁਰਝਾਇਆ ਪਿਆ ਸੀ।

ਏਮਨਾਬਾਦ ਦਾ ਖੱਤ੍ਰੀ ਮਲਕ ਭਾਗੋ, ਗੁਹਾਟੀ ਦੀ ਜਾਦੂਗਰਨੀ ਨੂਰਸ਼ਾਹ, ਆਂਧਰਾ ਪ੍ਰਦੇਸ਼ ਦਾ ਕੌਡਾ ਰਾਖ਼ਸ਼, ਜਗਨਨਾਥਪੁਰੀ ਦਾ ਕਲਯੁਗੀ ਪਾਂਡਾ, ਗੋਰਖਨਾਥ ਦੇ ਸਨਿਆਸੀ ਚੇਲੇ, ਬਾਬਰ, ਵਲੀ ਕੰਧਾਰੀ ਆਦਿ ਨੂੰ ਜੋ ਵਿਦਿਆ ਤੇ ਤਾਕਤ ਦਾ ਅਹੰਕਾਰ ਸੀ, ਉਹ ਗੁਰੂ ਸਾਹਿਬ ਦੀ ਬਾ-ਦਲੀਲ ਅੱਗੇ ਚਕਨਾਚੂਰ ਹੋ ਗਿਆ।  ਰਾਇ ਬੁਲਾਰ, ਦੌਲਤ ਖ਼ਾਨ ਲੋਧੀ (ਪੰਜਾਬ ਦਾ ਗਵਰਨਰ), ਸ਼ਿਵਨਾਭ (ਸ਼੍ਰੀ ਲੰਕਾ ਦਾ ਰਾਜਾ), ਸੇਠ ਦੁਨੀ ਚੰਦ ਆਦਿ ਪ੍ਰਸਿੱਧ ਵਿਅਕਤੀ ਗੁਰੂ ਸਾਹਿਬ ਦੀ ਰੂਹਾਨੀਅਤ ਸ਼ਕਤੀ ਨੂੰ ਵੇਖ ਚੁੱਕੇ ਸਨ।

ਥਾਲ ’ਚ ਰੱਖੇ ਦੀਵਿਆਂ ਨਾਲ਼ ਹੁੰਦੀਆਂ ਇਸ਼ਟ-ਆਰਤੀਆਂ, ਸੂਰਜ ਨੂੰ ਚੜ੍ਹਦੇ ਜਲ, ਪੱਛਮ ਨੂੰ ਖ਼ੁਦਾ ਦਾ ਘਰ ਤੇ ਦੱਖਣ ਨੂੰ ਮੂੰਹ ਕਰ ਕੇ ਹੁੰਦੀ ਦੇਵ-ਭਗਤੀ ਨਿਰਮੂਲ ਜਾਪਣ ਲੱਗੀ। ਔਰਤ ਨੂੰ ਬਰਾਬਰਤਾ, ਨਸ਼ਾ ਮੁਕਤ ਸਮਾਜ ਦੀ ਸਿਰਜਣਾ ਤੇ ਗ਼ੁਲਾਮੀ ਦੀ ਨਿਸ਼ਾਨੀ ਟੋਪੀ ਉਤਰਦੀ ਵੇਖਣ ਦਾ ਸਦਕਾ ਫ਼ਕੀਰ ਬੁੱਢਣ ਸ਼ਾਹ, ਅਕਬਰ ਬਾਦਸ਼ਾਹ, ਖ਼ੁਸਰੋ, ਸ਼ਾਈਂ ਮੀਆਂ ਮੀਰ, ਦਾਰਾ ਸ਼ਿਕੋਹ, ਆਦਿ ਨੇ ‘ਸੱਚੇ ਧਰਮ’ ਨੂੰ ਸਲਾਮ ਕੀਤੀ।

ਸਦੀਆਂ ਬਾਅਦ ਪਰਿਵਾਰਕ ਖ਼ੁਸ਼ਹਾਲੀ ਪਨਪਦੀ ਦੇਖ ਪੱਥਰ ਪੂਜ (ਜੜ੍ਹ ਬੁੱਧੀ) ਨੂੰ ਅਸ਼ੁਭ ਸੰਕੇਤ ਮਿਲਣ ਲੱਗੇ, ਇਸ ਨੇ ਰਾਜਸੀ ਮੁਗ਼ਲ ਤਾਕਤਾਂ ਨਾਲ਼ ਗਠ-ਜੋੜ ਕਰਨ ’ਚ ਸਮਝਦਾਰੀ ਵੇਖੀ।  ਚਾਹੀਦਾ ਤਾਂ ਇਹ ਸੀ ਕਿ ਧਰਮ ਦੇ ਇਹ ਠੇਕੇਦਾਰ; ਗੁਰੂ ਪੰਥ ਦੇ ਰਾਹੀ ਬਣ ਧਾਰਮਕ ਆਸਥਾ ’ਤੇ ਲਗਦੇ ਟੈਕਸ (ਜੇਜ਼ੀਆਂ) ਵਗ਼ੈਰਾ ਦਾ ਵਿਰੋਧ ਕਰ ਆਪਣੀ ਜ਼ਮੀਰ ਜਾਗਦੀ ਦਾ ਸਬੂਤ ਦਿੰਦੇ ਪਰ ਮਾਨਵਤਾ ਦੇ ਦੁਸ਼ਮਣ ‘‘ਅੰਤਰਿ ਪੂਜਾ ਪੜਹਿ ਕਤੇਬਾ; ਸੰਜਮੁ ਤੁਰਕਾ ਭਾਈ ॥’’ (ਆਸਾ ਕੀ ਵਾਰ, ਮ: ੧, ਪੰਨਾ ੪੭੧) ਵਾਲ਼ੀ ਗ਼ੁਲਾਮੀ ਨੂੰ ਸਵੀਕਾਰ ਕਰ ਚੁੱਕੇ ਬ੍ਰਾਹਮਣ ਤੇ ਖੱਤ੍ਰੀ; ਆਪਣੀਆਂ ਲੜਕੀਆਂ ਦੇ ਰਿਸ਼ਤੇ ਮੁਗ਼ਲ ਹਾਕਮਾਂ (ਮਲੇਛਾਂ) ਨੂੰ ਦੇਣ ਲੱਗ ਪਏ ਤਾਂ ਜੋ ਗੁਰਮਤਿ ਦੇ ਪ੍ਰਭਾਵ ਤੋਂ ਪ੍ਰਚਲਿਤ ਕਰਮਕਾਂਡੀ ਸੋਚ ਬਚਾਈ ਜਾ ਸਕੇ । ਇੱਥੇ ਇਹ ਵਿਚਾਰਨਯੋਗ ਹੈ ਕਿ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਵਾਉਣ ’ਚ ਖੱਤ੍ਰੀ ਚੰਦੂ, ਗੁਰੂ ਗੋਬਿੰਦ ਸਿੰਘ ਜੀ ’ਤੇ ਹਮਲੇ ਕਰਨ ਤੇ ਕਰਵਾਉਣ ਵਾਲ਼ਾ ਬਿਲਾਸਪੁਰ ਦਾ ਰਾਜਾ ਭੀਮ ਚੰਦ, ਉਸ ਦਾ ਪੁੱਤਰ ਅਜਮੇਰ ਚੰਦ ਤੇ ਵਜ਼ੀਰ ਪੰਡਿਤ ਪਰਮਾ ਨੰਦ, ਗੜ੍ਹਵਾਲੀ ਰਾਜਾ ਫ਼ਤੇ ਚੰਦ ਤੋਂ ਬਣਿਆ ਫ਼ਤੇ ਸ਼ਾਹ, ਆਦਿ ਸਾਰੇ ਪਹਾੜੀ ਰਾਜੇ ਅਤੇ ਸੂਬਾ ਸਰਹਿੰਦ ਨੂੰ ਛੋਟੇ ਸਾਹਿਬਜ਼ਾਦਿਆਂ ਖ਼ਿਲਾਫ਼ ਉਕਸਾਉਣ ਵਾਲ਼ਾ ਵਜ਼ੀਰ ਸੁੱਚਾ ਨੰਦ, ਆਦਿ ਸਭ ਪੱਥਰ ਪੂਜ ਸਨ, ਜੋ ਗੁਰੂ ਸਿਧਾਂਤ ਤੋਂ ਖ਼ੌਫ਼ ਖਾਂਦੇ ਸੀ ਤੇ ਮੁਗ਼ਲ ਹਾਕਮਾਂ ਤੋਂ ਗੁਰੂ ਘਰ ’ਤੇ ਹਮਲੇ ਕਰਵਾ ਕੇ ਆਪਣੀ ਪਰਾਧੀਨੀ ਤੇ ਗ਼ੁਲਾਮੀ ਨੂੰ ਛੁਪਾਉਣ ’ਚ ਭਲਾਈ ਸਮਝਦੇ ਰਹੇ ਸਨ।

ਆਪਣੇ ਭਾਈਚਾਰੇ ਨੂੰ ਸ਼ਿਕਾਰੀ ਪਾਸ ਬੰਦੀ ਬਣਾਉਣ ਲਈ ਸ਼ਿਕਾਰੀ ਲੋਕ ਕਿੱਦਾਂ ਗੁਲਾਮ ਮਾਨਸਿਕਤਾ ਦਾ ਸਹਾਰਾ ਲੈਂਦੇ ਹਨ, ਇਸ ਦੀ ਇੱਕ ਮਿਸਾਲ ਗੁਰੂ ਨਾਨਕ ਸਾਹਿਬ ਜੀ ਦਿੰਦੇ ਹੋਏ ਸਮਝਾਉਂਦੇ ਹਨ ਕਿ ਸ਼ਿਕਾਰੀ, ਸ਼ਿਕਾਰ-ਜਾਤੀ ’ਚੋਂ ਪਹਿਲਾਂ ਇੱਕ ਸ਼ਿਕਾਰ ਨੂੰ ਕੈਦ ਕਰ ਲੈਂਦਾ ਹੈ, ਫਿਰ ਉਸ ਨੂੰ ਪੜ੍ਹਾਉਂਦਾ ਹੈ ਤਾਂ ਜੋ ਉਹ ਆਪਣੀ ਜਾਤੀ ਨੂੰ ਆਸਾਨੀ ਨਾਲ਼ ਸ਼ਿਕਾਰੀ ਦੇ ਜਾਲ ’ਚ ਫਸਾਉਣ ਲਈ ਫੁਸਲਾ (ਭਰਮਾ) ਕੇ ਦੂਰੋਂ ਲੈ ਆਵੇ, ਇਨ੍ਹਾਂ ਪੜ੍ਹਿਆਂ ’ਚ ਹਿਰਨ, ਬਾਜ਼ ਤੇ ਸਰਕਾਰੀ ਅਹਿਲਕਾਰ (ਵਜ਼ੀਰ), ਆਪਣੇ ਭਰਾਵਾਂ ਨੂੰ ਫਸਾਉਣ ਲਈ ਪ੍ਰਮੁੱਖ ਮੰਨੇ ਗਏ, ‘‘ਹਰਣਾਂ ਬਾਜਾਂ ਤੈ ਸਿਕਦਾਰਾਂ; ਏਨ੍ਾ ਪੜਿ੍ਆ ਨਾਉ ॥ ਫਾਂਧੀ ਲਗੀ ਜਾਤਿ ਫਹਾਇਨਿ; ਅਗੈ ਨਾਹੀ ਥਾਉ ॥’’ (ਮਲਾਰ ਕੀ ਵਾਰ, ਮ: ੧, ਪੰਨਾ ੧੨੮੮)  ਅਜਿਹੀ ਵਿਦਿਆ ਦਾ ਕੀ ਫ਼ਾਇਦਾ ਜੋ ਆਪਣੀ ਨਸਲ ਨੂੰ ਖ਼ਤਮ ਕਰਵਾਉਣ ’ਚ ਮਦਦ ਕਰੇ, ਇਸ ਲਈ ਗੁਰੂ ਸਾਹਿਬ ਨੇ ਵਚਨ ਉਚਾਰੇ, ‘‘ਖਤ੍ਰੀਆ ਤ ਧਰਮੁ ਛੋਡਿਆ; ਮਲੇਛ ਭਾਖਿਆ ਗਹੀ ॥’’ (ਧਨਾਸਰੀ, ਮ: ੧, ਪੰਨਾ ੬੬੩)

ਪੰਜਵੇਂ ਸਤਿਗੁਰੂ ਦੀ ਅਸਹਿ ਸ਼ਹੀਦੀ ਉਪਰੰਤ ਵੀ ਗੁਰੂ ਨਾਨਕ ਸਾਹਿਬ ਦੁਆਰਾ ਅਰੰਭੀ ਕ੍ਰਾਂਤੀ ਲਹਿਰ ਧੀਮੀ ਨਹੀਂ ਹੋਈ ਬਲਕਿ 16 ਕੁ ਸਾਲ ਦੀ ਉਮਰ ’ਚ ਗੁਰਗੱਦੀ ’ਤੇ ਬਿਰਾਜਮਾਨ ਹੋਏ (ਬਾਣੀਕਾਰ ਕੀਰਤ ਭੱਟ ਦੁਆਰਾ ਲਿਖੀ ‘ਭੱਟ ਵਹੀ ਮੁਲਤਾਨੀ ਸਿੰਧੀ’ ਮੁਤਾਬਕ) ਗੁਰੂ ਹਰਿਗੋਬਿੰਦ ਸਾਹਿਬ ਨੇ ਪੀਰੀ (ਰੂਹਾਨੀਅਤ) ਦੇ ਨਾਲ਼ ਮੀਰੀ (ਬਾਦਸ਼ਾਹੀ) ਸਿਧਾਂਤ ਲਾਗੂ ਕਰਨ ਲਈ ਸ਼ਸਤਰ ਵਿਦਿਆ, ਯੁੱਧ ਅਭਿਆਸ ਤੇ ਢਾਡੀ ਵਾਰਾਂ ਗਵਾਉਣੀਆਂ ਅਰੰਭ ਕਰ ਦਿੱਤੀਆਂ ਤਾਂ ਜੋ ਮਨੁੱਖਤਾ ਅੰਦਰ ਵੀਰ-ਰਸ (ਸਵੈਮਾਣ) ਵੀ ਪੈਦਾ ਕੀਤਾ ਜਾ ਸਕੇ।  ਕਿਲ੍ਹੇ ਬਣਾਉਣ ਤੇ ਯੁੱਧ ਅਭਿਆਸ ਕਰਨ ਬਦਲੇ ਗੁਰੂ ਸਾਹਿਬਾਨ ਨੂੰ 12 ਸਾਲ ਦੀ ਸਜ਼ਾ ਸੁਣਾ ਕੇ ਭਾਵੇਂ ਕਿ ਗਵਾਲੀਅਰ ਦੇ ਕਿਲ੍ਹੇ ’ਚ ਬੰਦ ਕਰ ਦਿੱਤਾ ਗਿਆ ਪਰ ਗੁਰੂ ਜੀ ਦੇ ਪ੍ਰਭਾਵ ਅਤੇ ਸੰਗਤੀ ਪਿਆਰ ਵੇਖ ਕੇ ਗੁਰੂ ਜੀ ਨੂੰ 52 ਭਾਰਤੀ ਰਾਜਿਆਂ ਸਮੇਤ 18 ਮਹੀਨਿਆਂ ਬਾਅਦ ਹੀ  ਰਿਹਾਅ ਕਰ ਦਿੱਤਾ ਗਿਆ।

ਗੁਰੂ ਸਾਹਿਬਾਨ ਨੇ ਰਿਹਾਅ ਹੋ ਕੇ ਚਾਰ ਯੁੱਧ ਲੜੇ, ਜਿਸ ਦੌਰਾਨ ਗੁਰੂ ਘਰ ਦੀ ਚੁਗ਼ਲੀ ਕਰਨ ਵਾਲ਼ਾ ਚੰਦੂ ਪਰਿਵਾਰ (ਚੰਦੂ ਦਾ ਪੁੱਤਰ ਕਰਮ ਚੰਦ, ਚੰਦੂ ਦਾ ਕੁੜਮ ਭਗਵਾਨ ਦਾਸ ਤੇ ਉਸ ਦਾ ਪੁੱਤਰ ਰਤਨ ਚੰਦ ਆਦਿ) 3 ਅਕਤੂਬਰ 1621 ਦੀ ਰੁਹੀਲਾ ਜੰਗ ਸਮੇਂ ਖ਼ਤਮ ਹੋ ਗਏ ਸਨ। ਇਸ ਲੜਾਈ ਤੋਂ ਲੈ ਕੇ ਭੰਗਾਣੀ ਦੇ ਯੁੱਧ 18 ਸਤੰਬਰ 1688 (‘ਭੱਟ ਵਹੀ ਮੁਲਤਾਨੀ ਸਿੰਧੀ’ ਮੁਤਾਬਕ) ਤੱਕ ਭਾਵ 67 ਸਾਲ ਬ੍ਰਾਹਮਣ ਤੇ ਮੌਕਾਪ੍ਰਸਤ ਖੱਤ੍ਰੀ ਸੋਚ ਗੁਰੂ ਘਰ ਵਿਰੁੱਧ ਭੈੜੀ ਨਜ਼ਰ ਨਾ ਉਠਾ ਸਕੀ ਕਿਉਂਕਿ ਆਮ ਭਾਰਤੀ ਸਮਝ ਚੁੱਕੇ ਸਨ ਕਿ ਗੁਰੂ ਸੋਚ ਉਨ੍ਹਾਂ ਲਈ ਹਿਤਕਾਰੀ ਤੇ ਲਾਭਕਾਰੀ ਹੈ। ਮਿਸਾਲ ਵਜੋਂ 16 ਕਸ਼ਮੀਰੀ ਪੰਡਿਤ 25 ਮਈ 1675 ਨੂੰ (ਸਮਝੇ ਜਾਂਦੇ ਧਰਮ ਰੱਖਿਅਕ ਖੱਤ੍ਰੀ ਪਾਸ ਜਾਣ ਦੀ ਬਜਾਇ) ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਰਨ ’ਚ ਆਏ। ਗੁਰੂ ਗੋਬਿੰਦ ਸਿੰਘ ਜੀ ਨੇ 9 ਸਾਲ ਦੀ ਉਮਰ ’ਚ ਆਪਣੇ ਪਿਤਾ ਜੀ ਨੂੰ ਉਸ ਜਨੇਊ ਦੀ ਰੱਖਿਆ ਕਰਨ ਦੀ ਸਲਾਹ ਦਿੱਤੀ, ਜਿਸ ਨੂੰ ਸੰਨ 1478 ’ਚ 9 ਸਾਲ ਦੀ ਉਮਰ ’ਚ ਹੀ ਗੁਰੂ ਨਾਨਕ ਸਾਹਿਬ ਨੇ ਪਰੋਹਿਤ ਹਰਦਿਆਲ ਜੀ ਨੂੰ ਅਰਥਹੀਣ ਕਰਮ ਕਹਿ ਕੇ ਆਪ ਪਵਾਉਣ ਤੋਂ ਇਉਂ ਮਨ੍ਹਾ ਕੀਤਾ ਸੀ, ‘‘ਦਇਆ ਕਪਾਹ, ਸੰਤੋਖੁ ਸੂਤੁ; ਜਤੁ ਗੰਢੀ, ਸਤੁ ਵਟੁ ॥  ਏਹੁ ਜਨੇਊ ਜੀਅ ਕਾ;  ਹਈ, ਤ ਪਾਡੇ  ! ਘਤੁ ॥’’  (ਆਸਾ ਕੀ ਵਾਰ, ਮ: ੧, ਪੰਨਾ ੪੭੧)

ਹਰ ਕਬੀਲੇ ’ਚ ਕੁਕਰਮੀ (ਭੀਖ ਤੇ ਚੋਰੀ ਕਰਨ ਵਾਲ਼ੇ) ਬੰਦੇ, ਆਪਣੀਆਂ ਇਛਾਵਾਂ ਨੂੰ ਸੁਚੱਜੀ ਕਿਰਤ (ਨੌਕਰੀ, ਖੇਤੀ ਤੇ ਵਪਾਰ) ਕਰਨ ਵਾਲ਼ਿਆਂ ਦੇ ਮੁਕਾਬਲੇ ਵਧਾ ਕੇ ਰੱਖਦੇ ਹਨ।  ਇਹੀ ਲੋਕ ਰਾਜਸੀ ਅਤੇ ਧਾਰਮਕ ਲੀਡਰ ਬਣਨ ਦਾ ਢੌਂਗ ਕਰਦੇ ਰਹਿੰਦੇ ਹਨ। ਨਾ-ਸਮਝ ਨੂੰ ਵਰਗਲਾਉਣਾ ਤੇ ਉਸ ਤੋਂ ਆਪਣੀ ਮਨ-ਮਰਜ਼ੀ ਕਰਾਉਣੀ, ਇਨ੍ਹਾਂ ਦੇ ਆਸਾਨ ਹਥਿਆਰ ਹੁੰਦੇ ਹਨ।  ਗੁਰੂ ਨਾਨਕ ਸਾਹਿਬ ਜੀ ਨੇ ਇਹ ਪਾਠ ਬਹੁਤ ਪਹਿਲਾਂ ਇਉਂ ਪੜ੍ਹਾਇਆ ਕਿ ਕੁਕਰਮੀ ਰਾਜ ਸਥਾਪਤ ਕਰਨ ਲਈ ਰਾਜੇ ਨੂੰ ਵਜ਼ੀਰ, ਖ਼ਜ਼ਾਨਾ ਮੰਤਰੀ ਤੇ ਸਲਾਹਕਾਰ ਚਾਹੀਦੇ ਹੁੰਦੇ ਹਨ ਤਾਂ ਜੋ ਨਾ-ਸਮਝ ਜਨਤਾ ਤੋਂ ਵਫ਼ਾਦਾਰੀ (ਪਰਵਰਿਸ਼) ਕਰਵਾਈ ਜਾ ਸਕੇ। ਭਾਵੇਂ ਕਿ ਵੇਖਣ ਨੂੰ ਰਾਜਾ, ਵਜ਼ੀਰ, ਮੰਤਰੀ, ਸਲਾਹਕਾਰ, ਆਦਿ ਮਨੁੱਖੀ ਨਾਂ ਹਨ, ਪਰ ਦਰਅਸਲ ਇਨ੍ਹਾਂ ਅੰਦਰ ਲੋਭ, ਪਾਪ, ਝੂਠ, ਕਾਮ-ਵਾਸ਼ਨਾ ਦਾ ਸੰਗ੍ਰਹਿ ਹੁੰਦਾ ਹੈ, ਜੋ ਅਗਿਆਨੀ ਰਈਅਤ (ਪ੍ਰਜਾ) ਉੱਤੇ ਥੋਪਿਆ ਜਾਂਦਾ ਹੈ ਭਾਵ ‘‘ਭਾਹਿ ਭਰੇ ਮੁਰਦਾਰੁ’’ ਮੁਰਦਿਆਂ ਵਾਙ ਜ਼ਮੀਰ ਮਾਰ ਕੇ ਇਨ੍ਹਾਂ ਦੇ ਹੁਕਮ ਦਾ ਪਾਲਣ ਨਾ-ਸਮਝ ਹੀ ਕਰ ਸਕਦਾ ਹੈ। ਗੁਰੂ ਵਾਕ ਹੈ, ‘‘ਲਬੁ ਪਾਪੁ ਦੁਇ ਰਾਜਾ ਮਹਤਾ; ਕੂੜੁ ਹੋਆ ਸਿਕਦਾਰੁ ॥ ਕਾਮੁ ਨੇਬੁ ਸਦਿ ਪੁਛੀਐ; ਬਹਿ ਬਹਿ ਕਰੇ ਬੀਚਾਰੁ ॥ ਅੰਧੀ ਰਯਤਿ, ਗਿਆਨ ਵਿਹੂਣੀ; ਭਾਹਿ ਭਰੇ ਮੁਰਦਾਰੁ ॥ (ਆਸਾ ਕੀ ਵਾਰ, ਮ: ੧, ਪੰਨਾ ੪੬੯)

ਭੰਗਾਣੀ ਦਾ ਯੁੱਧ, ਜਿੱਥੋਂ ਦਸਮੇਸ਼ ਪਿਤਾ ਦੁਆਰਾ ਵੱਡੀ ਜੰਗ ਕਰਨ ਦੀ ਸ਼ੁਰੂਆਤ ਹੁੰਦੀ ਹੈ, ਦਾ ਆਧਾਰ ਕੇਵਲ ਬਿਲਾਸਪੁਰ ਦੇ ਰਾਜਾ ਭੀਮ ਚੰਦ ਅਤੇ ਗੜ੍ਹਵਾਲ ਦੇ ਰਾਜਾ ਫ਼ਤੇ ਸ਼ਾਹ ਦਾ ਨਿੱਜ ਸੁਆਰਥ ਤੇ ਛਲ਼-ਕਪਟ ਸੀ ਕਿਉਂਕਿ ਭੀਮ ਚੰਦ ਦੇ ਲੜਕੇ ਅਜਮੇਰ ਚੰਦ ਅਤੇ ਫ਼ਤੇ ਸ਼ਾਹ ਦੀ ਲੜਕੀ ਦੀ ਮੰਗਣੀ ਗੜ੍ਹਵਾਲ ਵਿਖੇ ਹੋ ਰਹੀ ਸੀ। ਇਸ ਕੁੜਮਾਈ ਲਈ ਗੁਰੂ ਜੀ ਨੇ ਪਾਉਂਟਾ ਸਾਹਿਬ ਤੋਂ ਕੁਝ ਕੀਮਤੀ ਤੋਹਫ਼ੇ ਵੀ ਭੇਜੇ, ਇਸ ਤੋਂ ਸਾਫ਼ ਹੈ ਕਿ ਗੁਰੂ ਜੀ ਦੇ ਮਨ ’ਚ ਇਨ੍ਹਾਂ ਪ੍ਰਤਿ ਕੋਈ ਵੈਰ-ਭਾਵਨਾ ਨਹੀਂ ਸੀ ਪਰ ਉਨ੍ਹਾਂ ਮੌਕਾਪ੍ਰਸਤ ਲੋਕਾਂ ਨੇ ਸਤਿਗੁਰ ਪਾਸੋਂ ਤ੍ਰਿਪੁਰਾ ਦੇ ਰਾਜਾ ਰਤਨ ਚੰਦ ਜੀ ਦੁਆਰਾ ਗੁਰੂ ਜੀ ਨੂੰ ਦਿੱਤੇ ਗਏ ਤੋਹਫ਼ੇ, ਜਿਨ੍ਹਾਂ ਵਿੱਚ ਇੱਕ ਕਾਲ਼ਾ ਪ੍ਰਸਾਦੀ ਹਾਥੀ, ਜਿਸ ਦੇ ਮੱਥੇ ’ਤੇ ਸਫ਼ੈਦ ਰੋਟੀ ਵਰਗਾ ਨਿਸ਼ਾਨ ਸੀ ਤੇ ਸਿਰ ਤੋਂ ਪੂਛ ਤੱਕ ਇੱਕ ਸਫ਼ੈਦ ਧਾਰੀ ਸੀ। ਇਹ ਗੁਰੂ ਜੀ ਨੂੰ ਚੌਰ ਕਰਦਾ, ਗੁਰੂ ਜੀ ਦੇ ਪੈਰ ਧੋਂਦਾ, ਚਲਾਏ ਗਏ ਤੀਰ ਵਾਪਸ ਲੈ ਕੇ ਆਉਂਦਾ ਆਦਿ ਕਰਤੱਬ ਕਰਦਾ ਸੀ, ਇੱਕ ਪੰਚ ਕਲਾ ਹਥਿਆਰ, ਜੋ ਕਲਾਂ ਮਰੋੜਨ ਨਾਲ਼ ‘ਪਸਤੌਲ, ਗੁਰਜ, ਬਰਛੀ, ਤਲਵਾਰ ਤੇ ਨੇਜ਼ਾ’ ਬਣ ਜਾਂਦਾ ਸੀ, ਘੋੜੇ ਆਦਿ ਉਧਾਰ ਮੰਗੇ । ਗੁਰੂ ਜੀ ਉਨ੍ਹਾਂ ਦੀ ਇਸ ਚਾਲ ਨੂੰ ਭਲੀ-ਭਾਂਤ ਸਮਝ ਚੁੱਕੇ ਸਨ। ਆਪਣੇ ਮਨਸੂਬੇ ’ਚ ਕਾਮਯਾਬ ਨਾ ਹੁੰਦੇ ਵੇਖ ਉਨ੍ਹਾਂ ਇਹ ਤੋਹਫ਼ੇ ਜ਼ਬਰਨ ਖੋਹਣ ਦੀ ਮਨਸ਼ਾ ਨਾਲ਼ 18 ਸਤੰਬਰ 1688 ਨੂੰ ਗੁਰੂ ਘਰ ’ਤੇ ਹਮਲਾ ਕਰ ਦਿੱਤਾ।

ਅੰਬਾਲਾ ਨਿਵਾਸੀ ਪੀਰ ਬੁਧੂ ਸ਼ਾਹ ਨੇ ਔਰੰਗਜ਼ੇਬ ਦੁਆਰਾ ਨੌਕਰੀ ਤੋਂ ਹਟਾਏ 500 ਪਠਾਣ ਗੁਰੂ ਜੀ ਦੀ ਫ਼ੌਜ ਵਿੱਚ ਭਰਤੀ ਕਰਵਾਏ ਸਨ, ਪਰ ਇਸ ਲੜਾਈ ਸਮੇਂ ਉਨ੍ਹਾਂ ’ਚੋਂ 400 ਸਿਪਾਹੀ ਪਹਾੜੀ ਰਾਜਿਆਂ ਦੇ ਲਾਲਚ ’ਚ ਆ ਕੇ ਉਨ੍ਹਾਂ ਨਾਲ਼ ਜਾ ਰਲ਼ੇ, ਕੇਵਲ ਕਾਲੇ ਖ਼ਾਂ ਹੀ ਆਪਣੇ 100 ਸਾਥੀਆਂ ਸਮੇਤ ਠਹਿਰਿਆ। ਇਸ ਤੋਂ ਇਲਾਵਾ ਗੁਰੂ ਜੀ ਪਾਸ ਆਏ 500 ਉਦਾਸੀ ਸਾਧ ਵੀ ਜੰਗ ਦੀ ਖ਼ਬਰ ਸੁਣਦਿਆਂ ਰਾਤ ਨੂੰ ਭੱਜ ਗਏ, ਜਿਨ੍ਹਾਂ ’ਚੋਂ ਕੇਵਲ ਉਨ੍ਹਾਂ ਦਾ ਆਗੂ ਮਹੰਤ ਕਿਰਪਾਲ ਦਾਸ ਹੀ ਰੁਕਿਆ ਰਿਹਾ।  ਜਦ ਪਠਾਣਾਂ ਦੀ ਬੇਵਫ਼ਾਈ ਦੀ ਖ਼ਬਰ ਪੀਰ ਬੁੱਧੂ ਸ਼ਾਹ ਜੀ ਨੂੰ ਮਿਲੀ ਤਾਂ ਉਹ ਆਪਣੇ ਚਾਰੇ ਪੁੱਤਰ, ਦੋਵੇਂ ਭਰਾ ਅਤੇ 700 ਮੁਰੀਦ ਲੈ ਕੇ ਇਸ ਯੁੱਧ ’ਚ ਸ਼ਾਮਲ ਹੋਏ ।  ਆਸ-ਪਾਸ ਦੇ ਕਈ ਸਿੱਖਾਂ ਨੇ ਵੀ ਇਸ ਲੜਾਈ ’ਚ ਭਾਗ ਲਿਆ ਤੇ ਗੁਰੂ ਜੀ ਦੀ ਜਿੱਤ ਹੋਈ।

ਇਸ ਯੁੱਧ ਵਿੱਚ ਪੀਰ ਬੁੱਧੂ ਸ਼ਾਹ ਦੇ ਦੋ ਪੁੱਤਰ ਸਈਅਦ ਅਸ਼ਰਫ਼, ਸਈਅਦ ਮੁਹੰਮਦ ਸ਼ਾਹ ਤੇ ਭਰਾ ਭੂਰੇ ਸ਼ਾਹ ਸ਼ਹੀਦ ਹੋ ਗਏ। ਬੀਬੀ ਵੀਰੋ ਦੇ ਦੋ ਪੁੱਤਰ ਸੰਗੋ ਸ਼ਾਹ ਤੇ ਜੀਤ ਮੱਲ ਸਮੇਤ ਕਈ ਸਿੱਖ ਵੀ ਸ਼ਹੀਦ ਹੋਏ। ਦੂਜੇ ਪਾਸੇ ਪਠਾਣਾਂ ਵਿੱਚੋਂ ਨਜ਼ਾਬਤ ਖ਼ਾਂ, ਹਯਾਤ ਖ਼ਾਂ, ਚਾਰ ਪਹਾੜੀ ਰਾਜੇ ਤੇ ਬਹੁਤ ਹਿੰਦੂ ਸੈਨਿਕ ਤੇ ਭੱਜ ਕੇ ਉਨ੍ਹਾਂ ਨਾਲ਼ ਮਿਲੇ ਕਈ ਪਠਾਣ ਵੀ ਮਾਰੇ ਗਏ।

ਉਕਤ ਵੇਰਵੇ ਤੋਂ ਸਪਸ਼ਟ ਹੈ ਕਿ ਗੁਰੂ ਘਰ ’ਤੇ ਹਮਲੇ ਮੌਕਾਪ੍ਰਸਤ ਪਹਾੜੀ ਰਾਜੇ ਅਤੇ ਗੁਰੂ ਸਿਧਾਂਤ ਨਾਲ਼ ਖਾਰ ਖਾਣ ਵਾਲ਼ਾ ਉਨ੍ਹਾਂ ਦਾ ਵਜ਼ੀਰ ਪੰਡਿਤ ਪਰਮਾ ਨੰਦ ਕਰਵਾਉਂਦਾ ਰਿਹਾ ਜਦ ਕਿ ਪੀਰ ਬੁੱਧੂ ਸ਼ਾਹ ਵਰਗੇ ਗੁਰੂ ਘਰ ਪ੍ਰਤਿ ਵਫ਼ਾਦਾਰ ਸਨ।  ਮੁਗ਼ਲ ਹਮਲਿਆਂ ਦੌਰਾਨ ਇਹ ਪਹਾੜੀ ਰਾਜੇ ਗੁਰੂ ਜੀ ਤੋਂ ਮਦਦ ਵੀ ਲੈਂਦੇ ਰਹੇ; ਜਿਵੇਂ ਕਿ ਮਾਰਚ 1691 ’ਚ ਲਹੌਰ ਦੇ ਗਵਰਨਰ ਅਲਫ਼ ਖ਼ਾਨ ਨੇ ਨਦੌਣ ਵਿਖੇ ਇਨ੍ਹਾਂ ਪਹਾੜੀ ਰਾਜਿਆਂ ’ਤੇ ਹਮਲਾ ਕਰ ਦਿੱਤਾ ਤੇ ਇਨ੍ਹਾਂ ਨੇ ਗੁਰੂ ਜੀ ਪਾਸੋਂ ਮਦਦ ਮੰਗੀ।  ਗੁਰੂ ਜੀ ਨੇ ਦੀਵਾਨ ਨੰਦ ਚੰਦ, ਧਰਮ ਚੰਦ (ਸਿੰਘ) ਛਿਬਰ, ਭਾਈ ਮਨੀ ਰਾਮ (ਸਿੰਘ), ਭਾਈ ਆਲਮ ਚੰਦ (ਸਿੰਘ) ‘ਨੱਚਣਾ’ ਅਤੇ ਹੋਰ ਜਰਨੈਲਾਂ ਦੀ ਅਗਵਾਈ ’ਚ ਸਿੱਖ ਫ਼ੌਜ ਭੇਜੀ ਤੇ ਅਲਫ਼ ਖ਼ਾਨ ਨੂੰ ਵਾਪਸ ਭੱਜਣਾ ਪਿਆ, ਇਸ ਲੜਾਈ ’ਚ ਭਾਈ ਸੋਹਣ ਚੰਦ (ਭਰਾ ਭਾਈ ਮਨੀ ਸਿੰਘ), ਭਾਈ ਮੂਲ ਚੰਦ (ਪੁੱਤਰ ਭਾਈ ਰਘੁਪਤਿ ਰਾਇ ਨਿੱਝਰ) ਸਮੇਤ ਕਈ ਸਿੱਖ ਸ਼ਹੀਦ ਵੀ ਹੋ ਗਏ।

ਸਮਾਜ ’ਚ ਅਗਰ ਕਿਸੇ ਤੋਂ ਜਾਣੇ-ਅਣਜਾਣੇ ਥੋੜ੍ਹਾ ਜਿਹਾ ਵੀ ਨੁਕਸਾਨ ਹੋ ਜਾਵੇ ਤਾਂ ਸਦਾ ਲਈ ਨਫ਼ਰਤ ਬਣੀ ਰਹਿੰਦੀ ਹੈ ਪਰ ਗੁਰੂ ਜੀ ਨੇ ਭੰਗਾਣੀ ਦੇ ਯੁੱਧ ’ਚ ਇਨ੍ਹਾਂ ਦੀ ਭੂਮਿਕਾ ਵੇਖ ਕੇ ਵੀ ਢਾਈ ਕੁ ਸਾਲਾਂ ਅੰਦਰ ਫ਼ਰਿਆਦ ਕਰਨ ’ਤੇ ਫਿਰ ਮਦਦ ਦਿੱਤੀ। ਇਸ ਤੋਂ ਸਾਫ਼ ਹੈ ਕਿ ਗੁਰੂ ਜੀ ਤਾਨਾਸ਼ਾਹੀ ਵਿਰੁੱਧ ਲੜਦੇ ਰਹੇ, ਜੋ ਕਿ ਹਮਲਾਵਰ ਹੋ ਕੇ ਆਉਂਦੇ ਸਨ, ਨਾ ਕਿ ਕਿਸੇ ’ਤੇ ਹਮਲਾ ਕਰਨ ਆਪ ਜਾਂਦੇ ਰਹੇ। ਦੂਸਰੇ ਪਾਸੇ ਪਹਾੜੀ ਰਾਜੇ ਭਾਵੇਂ ਕਿ ਮਦਦ ਵੀ ਲੈਂਦੇ ਰਹੇ, ਗਊ ਦੀਆਂ ਕਸਮਾਂ ਵੀ ਖਾਧੀਆਂ, ਪਰ ਅੰਦਰੋਂ ਕਾਲ਼ੇ ਹੀ ਰਹੇ, ਅੰਦਰਲੀ ਸੜਾਂਦ; ਬਾਹਰ ਜ਼ਹਿਰ ਬਣ ਝੱਗ ਸੁੱਟਦੀ ਰਹੀ।  ਭਗਤ ਨਾਮਦੇਵ ਜੀ ਅਜਿਹੀ ਸੋਚ ਦਾ ਮੁਲੰਕਣ ਕਰਦਿਆਂ ਕੁਝ ਮਿਸਾਲ ਦਿੰਦੇ ਹਨ ਕਿ ਜਿਵੇਂ ਪਾਣੀ ’ਚ ਸ਼ਿਕਾਰ ਦੀ ਮਨਸ਼ਾ ਨਾਲ਼ ਧਿਆਨ ਟਿਕਾਈ (ਭਾਵ ਸ਼ਾਂਤੀ ਦੇ ਪ੍ਰਤੀਕ ਵਜੋਂ) ਖੜ੍ਹਾ ਬਗਲਾ ਅੰਦਰੋਂ ਉਸ ਸੱਪ ਵਾਙ ਹੈ ਜੋ ਬਾਹਰੋਂ ਕੇਵਲ ਕੰਜ (ਕੁੰਜ) ਉਤਾਰਦਾ ਹੈ, ਅੰਦਰੋਂ ਜ਼ਹਿਰ ਨਹੀਂ, ‘‘ਸਾਪੁ ਕੁੰਚ ਛੋਡੈ; ਬਿਖੁ ਨਹੀ ਛਾਡੈ ॥ ਉਦਕ ਮਾਹਿ ਜੈਸੇ; ਬਗੁ ਧਿਆਨੁ ਮਾਡੈ ॥’’ (ਆਸਾ, ਭਗਤ ਨਾਮਦੇਵ ਜੀ, ਪੰਨਾ ੪੮੫)

ਪਹਾੜੀ ਰਾਜਿਆਂ ਵੱਲੋਂ ਅਨੰਦਪੁਰ ਸਾਹਿਬ ’ਤੇ ਕੀਤੇ ਗਏ ਅੰਤਮ ਹਮਲੇ ਉਪਰੰਤ ਗੁਰੂ ਜੀ ਨੇ 5-6 ਦਸੰਬਰ 1705 (੬-੭ ਪੋਹ ਬਿਕ੍ਰਮੀ ੧੭੬੨) ਨੂੰ ਅਨੰਦਪੁਰ ਛੱਡ ਦਿੱਤਾ।  ਪਿੱਛੇ ਤੋਂ ਇਨ੍ਹਾਂ ਦਗ਼ੇਬਾਜ਼ਾਂ ਨੇ ਸਰਸਾ ਨਦੀ ਪਾਸ ਹਮਲਾ ਕਰ ਦਿੱਤਾ, ਜਿੱਥੇ ਸੈਂਕੜੇ ਸਿੰਘ ਇੱਕ ਰਾਤ ’ਚ ਸ਼ਹੀਦ ਹੋ ਗਏ। ਕਈ ਦਿਨਾਂ ਦੇ ਭੁੱਖੇ-ਪਿਆਸੇ ਸਿੰਘਾਂ ਲਈ ਭਾਵੇਂ ਕਿ ਇਹ ਯੁੱਧ ਅਸਹਿਣਯੋਗ ਸੀ ਪਰ ਗੁਰੂ ਜੀ ਦੇ ਉਤਸ਼ਾਹ ਕਾਰਨ ਸਿੰਘਾਂ ਦੇ ਹੌਂਸਲੇ ਇੰਨੇ ਮਜ਼ਬੂਤ ਸਨ ਕਿ 9 ਦਸੰਬਰ (੮ ਪੋਹ) ਨੂੰ ਚਮਕੌਰ ਦੇ ਯੁੱਧ ’ਚ ਇੱਕ-ਇੱਕ ਸਿੰਘ ਸੈਂਕੜਿਆਂ ਨਾਲ਼ ਜੂਝਦਾ ਹੋਇਆ ਸ਼ਹੀਦੀ ਪ੍ਰਾਪਤ ਕਰਦਾ ਗਿਆ। ਇਸ ਯੁੱਧ ਵਿੱਚ ਦੋ ਵੱਡੇ ਸਾਹਿਬਜ਼ਾਦਿਆਂ ਤੋਂ ਇਲਾਵਾ 40 ਸਿੰਘ ਹੋਰ ਸ਼ਹੀਦ ਹੋ ਗਏ। ਪੰਜਾਂ ਪਿਆਰਿਆਂ ਦੀ ਸਲਾਹ ’ਤੇ ਗੁਰੂ ਜੀ ਤਿੰਨ ਸਿੰਘਾਂ (ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ) ਸਮੇਤ ਚਮਕੌਰ ਦੀ ਕੱਚੀ ਗੜ੍ਹੀ 9-10 ਦਸੰਬਰ ਦੀ ਰਾਤ ਨੂੰ ਛੱਡ ਅਗਲੇ ਰਾਤ ਆਪ ਨੇ ਮਾਛੀਵਾੜੇ ਭਾਈ ਜੀਵਨ ਸਿੰਘ ਦੇ ਚੌਬਾਰੇ ’ਚ ਗੁਜਾਰੀ। ਅਗਲੇ ਦਿਨ ਭਾਈ ਗ਼ਨੀ ਖ਼ਾਂ ਤੇ ਨਬੀ ਖ਼ਾਂ ਸਮੇਤ ਜੱਟਪੁਰੇ ਚੌਧਰੀ ਰਾਏ ਕੱਲ੍ਹਾ ਪਾਸ ਗਏ, ਇੱਥੋਂ ਹੀ ਛੋਟੇ ਸ਼ਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਖ਼ਬਰ ਲੈਣ ਲਈ ਨੂਰ ਮਾਹੀ ਜੀ ਨੂੰ ਸਰਹਿੰਦ ਭੇਜਿਆ ਗਿਆ, ਜਿਸ ਪਾਸੋਂ ਇਨ੍ਹਾਂ ਤਿੰਨਾਂ ਨੂੰ 12 ਦਸੰਬਰ ਨੂੰ ਸ਼ਹੀਦ ਕੀਤੇ ਜਾਣ ਦੀ ਸੂਚਨਾ ਮਿਲੀ। ਅਗਾਂਹ ਦੀਨਾ ਕਾਂਗੜੇ ਤੋਂ 22 ਦਸੰਬਰ ਨੂੰ ਆਪ ਨੇ ਰਾਜਾ ਔਰੰਗਜ਼ੇਬ ਦੇ ਨਾਂ ਇੱਕ ਚਿੱਠੀ ਲਿਖ ਕੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਰਾਹੀਂ ਭੇਜੀ, ਜਿਸ ਨੂੰ ਜਫ਼ਰਨਾਮਾ ਕਿਹਾ ਜਾਂਦਾ ਹੈ।

ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਗੁਰੂ ਜੀ ਨੇ ਅਨੰਦਪੁਰ ਸਾਹਿਬ 5-6 ਦਸੰਬਰ 1704 ’ਚ ਛੱਡਿਆ, ਪਰ ਅਗਰ ਇਹ ਸਹੀ ਮੰਨ ਲਈਏ ਤਾਂ ਸੰਨ 1704 ਤੋਂ ਗੁਰੂ ਸਾਹਿਬ ਦੀ ਸ਼ਹੀਦੀ 7 ਅਕਤੂਬਰ 1708 ਤੱਕ ਦਾ ਸਮਾਂ, ਜੋ ਲਗਭਗ 3 ਸਾਲ 10 ਮਹੀਨੇ ਬਣਦਾ ਹੈ, ਨੂੰ ਵੀ ਸਪਸ਼ਟ ਕਰਨਾ ਪਏਗਾ ਕਿ ਗੁਰੂ ਜੀ ਕਿੱਥੇ-ਕਿੱਥੇ ਰਹੇ।

ਦੂਸਰਾ ਹਵਾਲਾ ਸਰਸਾ ਨਦੀ ’ਤੇ ਹੋਈ ਜੰਗ ’ਚ ਸ਼ਹੀਦ ਹੋਏ ਭਾਈ ਜੀਵਨ ਸਿੰਘ ਅਤੇ ਭਾਈ ਉਦੈ ਸਿੰਘ ਬਾਰੇ ਭੱਟ ਵਹੀਆਂ ’ਚ ਸੰਮਤ 1762 ਲਿਖਿਆ ਮਿਲਦਾ ਹੈ, ਜੋ ਸੰਨ 1705 ਦੀ ਪੁਸ਼ਟੀ ਕਰਦਾ ਹੈ; ਜਿਵੇਂ ਕਿ ‘ਜੀਵਨ ਸਿੰਘ ਬੇਟਾ ਅਗਿਆ ਕਾ, ਪੋਤਾ ਦੁੱਲੇ ਕਾ.. ਬਾਸੀ ਦਿੱਲੀ, ਮਹੱਲਾ ਦਿਲਵਾਲੀ ਸਿੱਖਾਂ, ਸੌ ਸਿੱਖਾਂ ਕੋ ਗੈਲ ਲੈ ਸੰਮਤ ਸਤਰਾਂ ਸੈ ਬਾਸਠ ਪੋਖ ਮਾਸੇ ਸੁਦੀ ਦੂਜ ਵੀਰਵਾਰ ਕੇ ਦਿਹੁੰ ਸਰਸਾ ਨਦੀ ਤੇ ਤੀਰ ਰਾਜਾ ਅਜਮੇਰ ਚੰਦ ਬੇਟਾ ਭੀਮ ਚੰਦ ਕਾ.. ਰਾਣੇ ਦੀ ਫ਼ੌਜ ਗੈਲ ਦਸ ਘਰੀ ਜੂਝ ਕੇ ਮਰਾ।’ ।  (ਭੱਟ ਵਹੀ ਮੁਲਤਾਨੀ ਸਿੰਧੀ)

‘ਉਦੈ ਸਿੰਘ ਬੇਟਾ ਮਨੀ ਸਿੰਘ, ਪੋਤਾ ਮਾਈਦਾਸ ਕਾ, ਪੜਪੋਤਾ ਬੱਲੂ ਰਾਇ ਕਾ ਚੰਦਰਬੰਸੀ ਭਾਰਦੁਆਜੀ ਗੋਤਰਾ ਪੁਆਰ ਬੰਸ, ਬੀਂਝੇ ਕਾ ਬੰਝਰਉਤ ਜਲਹਾਨਾਂ….ਸੰਮਤ ਸਤਰਾਂ ਸੈ ਬਾਸਠ ਪੋਖ ਮਾਸੇ ਦਿਹੁੰ ਸਾਤ ਗਏ ਵੀਰਵਾਰ ਕੇ ਦਿਵਸ ਪਚਾਸ ਸਿੱਖਾਂ ਕੋ ਗੈਲ ਲੈ ਸ਼ਾਹੀ ਟਿੱਬੀ ਕੇ ਮਲਹਾਨ, ਪਰਗਾਨਾ ਭਰਥਗੜ ਰਾਜ ਕਹਿਲੂਰ, ਆਧ ਘਰੀ ਦਿਹੁੰ ਨਿਕਲੇ, ਰਾਜਾ ਅਜਮੇਰ ਚੰਦ ਬੇਟਾ ਭੀਮ ਚੰਦ ਕਾ, ਪੋਤਾ ਦੀਪ ਕਾ, ਪੜਪੋਤਾ ਤਾਰਾ ਚੰਦ ਕਾ, ਬੰਸ ਕਲਿਆਨ ਚੰਦ ਕੀ ਚੰਦੇਲ ਗੋਤਰਾ ਰਾਣੇ ਕੀ ਫ਼ੌਜ ਗੈਲ ਬਾਰਾਂ ਘਰੀ ਜੂਝ ਕੇ ਮਰਾ।’ (ਭੱਟ ਵਹੀ ਕਰਸਿੰਧੂ)

ਦੀਨਾ-ਕਾਂਗੜੇ ਤੋਂ ਗੁਰੂ ਜੀ 29 ਦਸੰਬਰ 1705 ਨੂੰ ਖਿਦਰਾਣੇ ਦੀ ਢਾਬ (ਮੁਕਤਸਰ) ਪੁੱਜੇ ਜਿੱਥੇ ਪਿੱਛੋਂ ਆ ਰਹੀ ਮੁਗ਼ਲ ਫ਼ੌਜ ਨਾਲ਼ ਮੁੜ ਜੰਗ ਹੋਈ ਇਸ ਯੁੱਧ ਵਿੱਚ 40 ਸਿੰਘ ਸ਼ਹੀਦ ਹੋ ਗਏ, ਜੋ ਕਿਸੇ ਕਾਰਨ ਅਨੰਦਪੁਰ ਸਾਹਿਬ ਤੋਂ ਚਲਦਿਆਂ ਗੁਰੂ ਜੀ ਤੋਂ ਵਿਛੁੜ ਗਏ ਸਨ। ਮਾਤਾ ਭਾਗੋ ਜੀ ਵੀ ਇਨ੍ਹਾਂ ਸ਼ਹੀਦਾਂ ਨਾਲ਼ ਸੀ ਜੋ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਸੀ।  16 ਜਨਵਰੀ 1706 ਨੂੰ ਆਪ ਤਲਵੰਡੀ ਸਾਬੋ ਪੁੱਜੇ, ਜਿੱਥੇ ਆਪ 30 ਅਕਤੂਬਰ 1706 ਤੱਕ (9 ਮਹੀਨੇ 14 ਦਿਨ) ਰੁਕੇ। ਇਸ ਸਮੋਂ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਉਤਾਰੇ ਅਤੇ ਸਿੱਖਾਂ ਨੂੰ ਮੁੜ ਸੰਗਠਿਤ ਕਰਦਿਆਂ 29 ਮਾਰਚ 1706 ਨੂੰ ਇੱਕ ਵੱਡਾ ਇਕੱਠ ਕੀਤਾ ਗਿਆ ਅਤੇ ਸੈਂਕੜੇ ਸਿੱਖਾਂ ਨੇ ਅੰਮ੍ਰਿਤਪਾਨ ਕੀਤਾ, ਜਿਸ ਵਿੱਚ ਪਟਿਆਲਾ, ਨਾਭਾ, ਜੀਂਦ ਰਿਆਸਤਾਂ ਦੇ ਮੋਢੀ ਵੀ ਸ਼ਾਮਲ ਸਨ। ਇੱਥੋਂ ਗੁਰੂ ਜੀ ਆਸ-ਪਾਸ ਦੇ ਇਲਾਕਿਆਂ ’ਚ ਜਾ ਕੇ ਗੁਰਮਤਿ ਦਾ ਪ੍ਰਚਾਰ ਵੀ ਕਰਦੇ ਰਹੇ। ਇੱਥੇ ਹੀ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਗੁਰੂ ਜੀ ਨੂੰ ਮਿਲਣ ਲਈ ਬੁਰਹਾਨਪੁਰ (ਮੱਧ ਪ੍ਰਦੇਸ਼) ਤੋਂ ਆਏ।

ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ, ਜੋ ਰਾਜਾ ਔਰੰਗਜ਼ੇਬ ਪਾਸ ਦੱਖਣ ’ਚ ਚਿੱਠੀ ਲੈ ਕੇ ਗਏ ਸਨ, ਵੱਲੋਂ ਕੋਈ ਜਵਾਬ ਨਾ ਆਇਆ ਵੇਖ ਗੁਰੂ ਜੀ ਨੇ ਦੱਖਣ ਵੱਲ ਜਾਣ ਦੀ ਤਿਆਰੀ ਕਰ ਲਈ।  ਤਲਵੰਡੀ ਸਾਬੋ ਤੋਂ 30 ਅਕਤੂਬਰ ਨੂੰ ਚੱਲ ਕੇ ਗੁਰੂ ਜੀ ਜਦ ਬਘੌਰ (ਰਾਜਸਥਾਨ) ਪੁੱਜੇ, ਉੱਥੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਜੀ ਆਪ ਨੂੰ ਮਿਲੇ ਤੇ ਉਨ੍ਹਾਂ ਕਿਹਾ ਕਿ ਤੁਹਾਡੀ ਚਿੱਠੀ ਪੜ੍ਹ ਕੇ ਔਰੰਗਜ਼ੇਬ ਨੇ ਆਪਣੇ ਦੋ ਅਹਿਦੀਏ (ਸੀਨੀਅਰ ਅਫ਼ਸਰ) ਤੇ ਗੁਰਜ਼ਬਰਦਾਰ (ਸ਼ਸਤ੍ਰਧਾਰੀ) ਦਿੱਲੀ ਨੂੰ ਭੇਜੇ ਹਨ ਤਾਂ ਜੋ ਦਿੱਲੀ ਦਾ ਸੂਬੇਦਾਰ ਤੁਹਾਡੇ ਦਿੱਲੀ ਪੁੱਜਣ ਦਾ ਇੰਤਜਾਰ ਕਰੇ।  ਗੁਰੂ ਜੀ ਨੇ ਸਾਰੀ ਸਥਿਤੀ ਭਾਂਪਣ ਉਪਰੰਤ ਆਪਣਾ ਦੱਖਣ ਵੱਲ ਜਾਣ ਦਾ ਸਫ਼ਰ ਜਾਰੀ ਰੱਖਿਆ, ਸ਼ਾਇਦ ਗੁਰੂ ਜੀ ਨੂੰ ਔਰੰਗਜ਼ੇਬ ਦੇ ਸੁਆਸਾਂ ਦਾ ਅੰਤ ਵਿਖਾਈ ਦੇ ਚੁੱਕਾ ਸੀ, ਜੋ 3 ਮਾਰਚ 1707 ਨੂੰ ਮਰ ਗਿਆ।  ਔਰੰਗਜ਼ੇਬ ਦੇ ਪੰਜ ਪੁੱਤਰ (ਸੁਲਤਾਨ ਮੁਹੰਮਦ, ਬਹਾਦਰ ਸ਼ਾਹ, ਤਾਰਾ ਆਜ਼ਮ ਸ਼ਾਹ, ਮੁਹੰਮਦ ਅਕਬਰ ਤੇ ਕਾਮ ਬਖਸ਼) ਸਨ।  ਰਾਜ ਸੱਤਾ ਲਈ ਨੰਬਰ ਦੋ ਤੇ ਤਿੰਨ ਨੰਬਰ ਪੁੱਤਰਾਂ ’ਚ ਯੁੱਧ ਹੋ ਗਿਆ।  ਨੰਬਰ 2 ਪੁੱਤਰ ਬਹਾਦਰ ਸ਼ਾਹ ਨੇ ਗੁਰੂ ਜੀ ਤੋਂ ਮਦਦ ਮੰਗੀ।  ਗੁਰੂ ਸਾਹਿਬ ਦੀ ਫ਼ੌਜ ਬਹਾਦਰ ਸ਼ਾਹ ਦੀ ਮਦਦ ਲਈ 8 ਜੂਨ 1707 ਨੂੰ ਲੜਾਈ ’ਚ ਸ਼ਾਮਲ ਹੋਈ ਤੇ ਜਿੱਤ ਪ੍ਰਾਪਤ ਕੀਤੀ। ਬਹਾਦਰ ਸ਼ਾਹ ਨੇ ਗੁਰੂ ਜੀ ਨੂੰ ਕੀਮਤੀ ਤੋਹਫ਼ੇ ਭੇਟ ਕਰ ਕੇ ਸਨਮਾਨਿਤ ਕੀਤਾ ਅਤੇ ਗੁਰੂ ਘਰ ’ਤੇ ਹਮਲਾ ਕਰਨ ਵਾਲ਼ਿਆਂ ਨੂੰ ਉਚਿਤ ਦੰਡ ਦੇਣ ਦਾ ਭਰੋਸਾ ਵੀ ਦਿੱਤਾ, ਪਰ ਸੂਬਾ ਸਰਹਿੰਦ ਵਜ਼ੀਰ ਖ਼ਾਨ ਨੇ ਆਪਣੇ ਲਈ ਖ਼ਤਰਾ ਮਹਿਸੂਸ ਹੁੰਦਾ ਵੇਖ ਬਹਾਦਰ ਸ਼ਾਹ ਨੂੰ ਵੱਡੀ ਰਕਮ ਦੇ ਕੇ ਉਸ ਦਾ ਮਨ ਬਦਲਵਾ ਲਿਆ।  ਗੁਰੂ ਜੀ ਭਾਵੇਂ ਕਿ ਕੁਝ ਸਮਾਂ ਬਹਾਦਰ ਸ਼ਾਹ ਨਾਲ਼ ਦੱਖਣ ਵੱਲ ਚਲਦੇ ਰਹੇ ਪਰ 16-17 ਮਈ 1708 ਨੂੰ ਬੁਰਹਾਨਪੁਰ (ਮੱਧ ਪ੍ਰਦੇਸ਼) ਤੋਂ ਬਹਾਦਰ ਸ਼ਾਹ; ਗੁਰੂ ਜੀ ਤੋਂ ਦੂਰੀ ਬਣਾਉਣ ਲੱਗਾ। ਤਲਵੰਡੀ ਸਾਬੋ ਜਾਣ ਤੋਂ ਪਹਿਲਾਂ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਇਸ ਬੁਰਹਾਨਪੁਰ ’ਚ ਹੀ ਭਾਈ ਜੇਠਾ ਸਿੰਘ ਤੇ ਬੀਬੀ ਤਾਰਾ ਕੌਰ ਜੀ ਨਾਲ਼ ਅਨੰਦਪੁਰ ਸਾਹਿਬ ਤੋਂ ਆ ਕੇ ਰੁਕੇ ਸਨ।

ਗੁਰੂ ਸਾਹਿਬ ਤੇ ਬਹਾਦਰ ਸ਼ਾਹ ਦੀ ਅੰਤਮ ਮੁਲਾਕਾਤ 24 ਅਗਸਤ 1708 ਨੂੰ ਨਾਦੇੜ ਵਿੱਚ ਹੋਈ ਇਸ ਤੋਂ ਬਾਅਦ ਬਹਾਦਰ ਸ਼ਾਹ ਅੱਗੇ ਨਿਕਲ ਗਿਆ ਤੇ ਗੁਰੂ ਜੀ ਨੂੰ ਪਤਾ ਲੱਗ ਗਿਆ ਕਿ ਰਾਜਾ ਆਪਣੇ ਵਾਅਦੇ ’ਤੇ ਪੂਰਾ ਨਹੀਂ ਉਤਰੇਗਾ ਤੇ ਆਪ ਇੱਥੇ ਹੀ ਰੁਕ ਗਏ।  3 ਸਤੰਬਰ ਨੂੰ ਗੁਰੂ ਜੀ ਦਾ ਮੇਲ਼ ਮਾਧੋ ਦਾਸ ਬੈਰਾਗੀ (ਬਾਬਾ ਬੰਦਾ ਸਿੰਘ ਬਹਾਦਰ) ਨਾਲ਼ ਹੋਇਆ ਤੇ ਅਗਲੇ ਦਿਨ ਉਨ੍ਹਾਂ ਖੰਡੇ ਦੀ ਪਾਹੁਲ ਲਈ। ਇੱਕ ਮਹੀਨਾ ਗੁਰੂ ਜੀ ਨੇ ਇਨ੍ਹਾਂ ਨੂੰ ਗੁਰੂ ਸਿਧਾਂਤ ਬਾਰੇ ਜਾਣਕਾਰੀ ਤੇ ਪੰਜਾਬ ਦੇ ਹਾਲਾਤਾਂ ਦਾ ਮੁਕਬਲਾ ਕਰਨ ਲਈ ਤਿਆਰ ਕੀਤਾ।  5 ਅਕਤੂਬਰ 1708 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੰਘਾਂ ਸਮੇਤ ਪੰਜਾਬ ਵੱਲ ਭੇਜਿਆ ਗਿਆ ਤੇ ਇਸੇ ਦਿਨ ਸ਼ਾਮ ਨੂੰ ਵਜ਼ੀਰ ਖਾਨ ਦੇ ਭੇਜੇ ਜਮਸ਼ੈਦ ਖ਼ਾਨ ਨੇ ਆਰਾਮ ਕਰ ਰਹੇ ਗੁਰੂ ਜੀ ’ਤੇ ਕਟਾਰ ਨਾਲ਼ ਤਿੰਨ ਵਾਰ ਕੀਤੇ। ਬੁਰੀ ਤਰ੍ਹਾਂ ਜ਼ਖ਼ਮੀ ਗੁਰੂ ਸਾਹਿਬ ਨੇ ਜਮਸ਼ੈਦ ਖ਼ਾਨ ਨੂੰ ਉੱਥੇ ਹੀ ਮਾਰ ਦਿੱਤਾ ਤੇ ਆਪ ਅਗਲੇ ਦਿਨ ਕੌਮ ਦੇ ਸਿਆਸੀ, ਸਮਾਜਕ ਤੇ ਭਾਈਚਾਰਕ ਮਸਲਿਆਂ ਲਈ ਸ਼ਬਦ ਗੁਰੂ ਨੂੰ ਗੁਰਗੱਦੀ ਸੌਂਪ ਕੇ 7 ਅਕਤੂਬਰ ਸਵੇਰੇ ਅਕਾਲ ਪੁਰਖ ਦੀ ਗੋਦ ਵਿੱਚ ਜਾ ਸਮਾਏ। ਆਪ ਜੀ ਦੀ ਕੁੱਲ ਉਮਰ ਜਨਮ ਪੋਹ ਸੁਦੀ ੭ (੨੩ ਪੋਹ) ਸੰਮਤ ੧੭੨੩ (22 ਦਸੰਬਰ 1666) ਤੋਂ 7 ਅਕਤੂਬਰ 1708 ਤੱਕ 41 ਸਾਲ 9 ਮਹੀਨੇ 15 ਦਿਨ ਅਤੇ ਆਪ ਗੁਰੁਤਾ ਗੱਦੀ ’ਤੇ 32 ਸਾਲ 10 ਮਹੀਨੇ 26 ਦਿਨ ਸੁਸ਼ੋਭਿਤ ਰਹੇ।

ਗੁਰੂ ਕਾਲ ਦੇ 239 ਸਾਲਾ ਸੰਘਰਸ਼ ਨੂੰ ਗਹੁ ਨਾਲ਼ ਵਾਚਿਆਂ ਜਾਪਦਾ ਹੈ ਕਿ ਅੱਜ ਭਾਵੇਂ ਕਿ ਕਾਨੂੰਨ ਦਾ ਰਾਜ ਹੈ, ਪਰ ਫਿਰ ਵੀ ਸੱਚ ਬੋਲਣ ਵਾਲ਼ਿਆਂ ਦੇ ਰਸਤੇ ’ਚ ਬੜੇ ਕੰਡੇ ਬਿਖਰ ਜਾਂਦੇ ਹਨ, ਇਸ ਲਈ ਬਹੁਤੇ ਸੰਤ, ਗੁਰੂ, ਰਿਸ਼ੀ, ਮਹਾਤਮਾ, ਬ੍ਰਹਮਗਿਆਨੀ; ਸਰਕਾਰਾਂ ਪਾਸੋਂ ਸੁਰੱਖਿਆ, ਸੁਵਿਧਾਵਾਂ ਤੇ ਇਜਾਜ਼ਤਾਂ ਲੈ ਕੇ ਮਾਨਵਤਾ ’ਚ ਆਪਣੀ ਪ੍ਰਤਿਸ਼ਠਾ ਬਣਾਏ ਰੱਖਣ ਲਈ ਅੱਧ-ਪਚੱਧ ਸੱਚ ਬੋਲਣ ਦੀ ਮਸਾਂ ਹਿੰਮਤ ਜੁਟਾ ਪਾਉਂਦੇ ਹਨ, ਸੋਚੋ ਜਦ ਕੇਵਲ ਕਾਜ਼ੀ ਦੇ ਫ਼ਤਵੇ ਨਾਲ਼ ‘ਅੱਗ ਮਚਾ ਕੇ ਤਵੀ ’ਤੇ ਬੈਠਾ ਦਿੱਤਾ ਜਾਂਦਾ ਹੋਵੇ, ਪਾਣੀ ’ਚ ਉਬਾਲ਼ ਦਿੱਤਾ ਜਾਂਦਾ ਹੋਵੇ, ਆਰੇ ਨਾਲ਼ ਚੀਰ ਦਿੱਤਾ ਜਾਂਦਾ ਹੋਵੇ, ਰੂੰ ’ਚ ਲਪੇਟ ਕੇ ਅੱਗ ਲਾ ਦਿੱਤੀ ਜਾਂਦੀ ਹੋਵੇ, ਧੜ ਤੋਂ ਸੀਸ ਕੱਟ ਦਿੱਤਾ ਜਾਂਦਾ ਹੋਵੇ, ਨੀਂਹਾਂ ’ਚ ਮਾਸੂਮ ਬੱਚਿਆਂ ਨੂੰ ਚਿਣ ਦਿੱਤਾ ਜਾਂਦਾ ਹੋਵੇ, ਆਦਿ ਅਸਹਿ ਤਸੀਹਿਆਂ ਦੀ ਕੋਈ ਅਪੀਲ ਸੁਣਨ ਵਾਲ਼ੀ ਅਦਾਲਤ ਨਾ ਹੋਵੇ, ਉਨ੍ਹਾਂ ਹਾਲਾਤਾਂ ’ਚ ਜਿਸ ਕਾਬੇ ਵੱਲ ਕਾਜ਼ੀ ਸਿਰ ਝੁਕਾਏ ਉੱਧਰ ਕੋਈ ਪੈਰ ਕਰ ਦੇਵੇ, ਪੁਸ਼ਤ-ਦਰ ਪੁਸ਼ਤ ਦੀਵਿਆਂ ਨਾਲ਼ ਹੁੰਦੀ ਆਰਤੀ ਨੂੰ ਪੰਡਿਤਾਂ ਦੇ ਇਕੱਠ ’ਚ ਅਰਥਹੀਣ ਸਾਬਤ ਕਰ ਦੇਵੇ,  ਸੂਰਜ ਨੂੰ ਦਿੱਤਾ ਜਾ ਰਿਹਾ ਗੰਗਾ ਜਲ ਵਿਪਰੀਤ ਪਾਸੇ ਸੁੱਟ ਕੇ ਮਜ਼ਾਕ ਉਡਾਵੇ, ਸੂਰਜ ਗ੍ਰਹਿਣ ਦੌਰਾਨ ਅੱਗ ’ਤੇ ਲਾਈ ਪਾਬੰਦੀ ਵਿਰੁਧ ਅੱਗ ਜਲਾ ਕੇ ਹਿਰਨ ਦਾ ਮਾਸ ਰਿੰਨ੍ਹੇ, ਚਾਰੋਂ ਤਰਫ਼ ਸਤੀ ਕੀਤੀ ਜਾਂਦੀਆਂ ਔਰਤਾਂ ਦੇ ਹੱਕ ’ਚ ਆਵਾਜ਼ ਉਠਾਵੇ, ਨੀਚ ਕਹਿ ਕੇ ਦੁਰਕਾਰੇ ਜਾਂਦੇ ਵਰਗ ਨੂੰ ਗਲ਼ ਨਾਲ਼ ਲਾਵੇ ਆਦਿ ਸੰਘਰਸ਼ ਲਈ ਜੁਟਾਇਆ ਇੰਨਾ ਸਾਹਸ; ਅਕਾਲ ਪੁਰਖ ਨਾਲ਼ ਜੁੜਨ ਅਤੇ ਉਸ ਦੇ ਭਾਣੇ (ਡਰ-ਅਦਬ) ’ਚ ਰਹਿਣ ਦਾ ਨਤੀਜਾ (ਫਲ਼) ਹੈ।’  ਗੁਰੂ ਘਰ ਦਾ ਇੰਨੇ ਸੰਘਰਸ਼ਾਂ ’ਚ ਆਉਣ ਦਾ ਕਾਰਨ ਅਗਿਆਨਵਸ ਕੀਤੀ ਗਈ ਧਰਮ ਦੀ ਗ਼ਲਤ ਵਿਆਖਿਆ ਰੱਦ ਹੁੰਦੀ ਵੇਖ ਪੂਜਾਰੀ ਸੋਚ ਦੀ ਘਬਰਾਹਟ ਦਾ ਨਤੀਜਾ ਸੀ, ਜੋ ਸੱਚ ਨਾਲ਼ ਜੁੜਨ ਦੀ ਬਜਾਇ ਸੌੜੇਪਣ ਤੇ ਨਿੱਜ ਸੁਆਰਥ ਨੂੰ ਪਹਿਲ ਦਿੰਦੀ ਰਹੀ। ਨਹੀਂ ਤਾਂ ਸੋਚੋ ਕਿ ‘ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ’ ਨਾਲ਼ ਕਿਸ ਨੂੰ ਇਤਰਾਜ਼ ਹੋ ਸਕਦਾ ਸੀ ? ਇਹ ਵੀ ਪੰਡਿਤਾਂ ਦੀ ਛਲ਼-ਕਪਟੀ ਸਿਆਹੀ ਨਾਲ਼ ਚੱਲੀ ਕਲਮ ਦਾ ਹੀ ਕਮਾਲ ਹੈ ਕਿ ਸਾਰੇ ਸੰਘਰਸ਼ਾਂ ਦੀ ਜਨਨੀ ਰਿਹਾ ਬ੍ਰਾਹਮਣ; ਗੁਰੂ ਸਾਹਿਬਾਨ ਤੇ ਸਿੱਖਾਂ ਦੇ ਅਸਹਿ ਤਸੀਹਿਆਂ ਦਾ ਠੀਕਰਾ (ਕਲੰਕ) ਸਮਕਾਲੀ ਮੁਗ਼ਲ ਸ਼ਾਸਕਾਂ ਸਿਰ ਫੋੜ ਗਿਆ।

ਗੁਰੂ ਸਾਹਿਬਾਨ ਦੁਆਰਾ ‘ਨਿਰਮਲ ਧਰਮ’ ਦੀ ਕੀਤੀ ਗਈ ਵਿਆਖਿਆ ਅਤੇ ਇਸ ਦੀ ਹਿਫ਼ਾਜ਼ਤ ਲਈ ਰੱਖੇ ਗਏ ਸ਼ਸਤਰ, ਜਿੱਥੇ ਆਪਣੀ ਸੁਰੱਖਿਆ ਕਰਣਾ ਸੀ, ਓਥੇ ਲੋੜਵੰਦਾਂ ਦੀ ਮਦਦ ਕਰਨਾ ਵੀ ਰਿਹਾ ਹੈ, ਇਨ੍ਹਾਂ ਲੋੜਵੰਦਾਂ ’ਚ ਭਾਵੇਂ ਕੋਈ ਰਾਜਾ ਸੀ ਜਾਂ ਰੰਕ। ਜਿੱਥੇ ਦੇਵਕੀ ਦਾਸ ਪੰਡਿਤ ਦੀ ਨਵ ਵਿਆਹੀ ਜਨਾਨੀ ਚੌਧਰੀ ਜਬਰ ਖ਼ਾਨ ਪਾਸੋਂ ਹਥਿਆਰ ਤੋਂ ਬਿਨਾਂ, ਮੁਕਤ ਕਰਾਉਣੀ ਅਸੰਭਵ ਸੀ ਓਥੇ ਹਿੰਦ ਦੀ ਬਹੂ-ਬੇਟੀ ਨੂੰ ਬੰਦੀ ਬਣਾ ਕੇ ਲਿਜਾ ਰਿਹਾ ਅਹਮਦ ਸ਼ਾਹ ਅਬਦਾਲੀ, ਉਨ੍ਹਾਂ ਨੂੰ ਕੇਵਲ ਮਾਲਾ ਫੇਰਨ ਨਾਲ਼ ਨਹੀਂ ਛੱਡਣ ਵਾਲ਼ਾ ਸੀ।  ‘ਸੱਚੇ ਧਰਮ’ ਅਨੁਸਾਰ ਸਰੀਰਕ ਮੌਤ ਤੋਂ ਵੱਡੀ ਜ਼ਮੀਰ ਦੀ ਮੌਤ ਹੈ, ਜੋ ਅੱਜ ਚਾਰੋਂ ਤਰਫ਼ ਵਿਖਾਈ ਦੇ ਰਹੀ ਹੈ।

ਸੋ, ‘ਸੱਚਾ ਧਰਮ’ ਕਿਸੇ ਖ਼ਾਸ ਕਬੀਲੇ ਦੀ ਮਲਕੀਅਤ ਨਹੀਂ ਹੁੰਦਾ ਬਲਕਿ ਮਾਨਵਤਾ ਦੀ ਰੂਹਾਨੀਅਤ ਸ਼ਕਤੀ ਹੈ, ਜੋ ਹਲੀਮੀ, ਪਿਆਰ, ਸਮਾਨਤਾ, ਸਵੈਮਾਣ, ਅਮੁਥਾਜ, ਨਿਡਰਤਾ, ਸਬਰ, ਸ਼ੁਕਰਾਨੇ ਆਦਿ ਗੁਣਾਂ ਰਾਹੀਂ ਦਰਸ਼ਨ ਦਿੰਦੀ ਰਹਿੰਦੀ ਹੈ। ਇਸ ’ਤੇ ਚੱਲਣ ਲਈ ਰੱਬ ਇਉਂ ਬਾਂਹਵਾਂ ਪਸਾਰ ਕੇ ਬੁਲਾਉਂਦਾ ਹੈ, ‘‘ਪਹਿਲਾ ਮਰਣੁ ਕਬੂਲਿ; ਜੀਵਣ ਕੀ ਛਡਿ ਆਸ ॥ ਹੋਹੁ ਸਭਨਾ ਕੀ ਰੇਣੁਕਾ; ਤਉ ਆਉ ਹਮਾਰੈ ਪਾਸਿ ॥’’ (ਮਾਰੂ ਵਾਰ, ਮ: ੫, ਪੰਨਾ ੧੧੦੨)