ਜਿਤੁ ਖਾਧੈ ਤਨੁ ਪੀੜੀਐ ॥

0
983

ਜਿਤੁ ਖਾਧੈ ਤਨੁ ਪੀੜੀਐ ॥

ਰਣਜੀਤ ਸਿੰਘ, B.Sc., M.A., M.Ed. ਸਟੇਟ ਤੇ ਨੈਸ਼ਨਲ ਅਵਾਰਡੀ, ਹੈਡਮਾਸਟਰ (ਸੇਵਾ ਮੁਕਤ),

105, ਮਾਇਆ ਨਗਰ, ਸਿਵਲ ਲਾਈਨਜ਼ (ਲੁਧਿਆਣਾ)-੯੯੧੫੫-੧੫੪੩੬

ੴ ਸਤਿ ਗੁਰ ਪ੍ਰਸਾਦਿ ॥

ਮਨੁੱਖੀ ਸਰੀਰ ਨੂੰ ਤੰਦਰੁਸਤ ਰੱਖਣ ਲਈ ਪ੍ਰਮਾਤਮਾ ਨੇ ਮਨੁੱਖ ਦੇ ਖਾਣ ਪੀਣ ਲਈ ਸਭ ਕੁੱਝ ਧਰਤੀ ਵਿੱਚ ਇੱਕੋ ਵਾਰ ਹੀ ਪਾ ਦਿੱਤਾ ਹੈ :

ਆਸਣੁ ਲੋਇ ਲੋਇ ਭੰਡਾਰ॥ ਜੋ ਕਿਛੁ ਪਾਇਆ; ਸੁ ਏਕਾ ਵਾਰੁ॥ (ਜਪੁ) ਅਤੇ

ਧਰਤੀ ਦੇਗ ਮਿਲੈ ਇਕ ਵੇਰਾ; ਭਾਗੁ ਤੇਰਾ ਭੰਡਾਰੀ ॥ (ਮ: ੧/੧੧੯੦)

ਨਾਲ ਹੀ ਪ੍ਰਮਾਤਮਾ ਨੇ ਮਨੁੱਖ ਨੂੰ ਪੂਰਨ ਵਿਕਸਤ ਕੀਤਾ ਹੋਇਆ ਦਿਮਾਗ ਵੀ ਬਖ਼ਸ਼ਸ਼ ਕੀਤਾ ਹੈ, ਜਿਸ ਨੂੰ ਸੁਤੰਤਰ ਰੂਪ ਵਿੱਚ ਵਰਤਣ ਲਈ ਇਹ ਅਜ਼ਾਦ ਹੈ। ਮਨੁੱਖ ਨੇ ਕੀ ਖਾਣਾ ਹੈ, ਕੀ ਪੀਣਾ ਹੈ, ਕੀ ਪਹਿਨਣਾ ਹੈ; ਇਸ ਦੀ ਚੋਣ ਇਸ ਨੇ ਆਪ ਕਰਨੀ ਹੈ। ਗੁਰੂ ਨਾਨਕ ਦੇਵ ਜੀ ਮਨੁੱਖ ਨੂੰ ਸਮਝਾਉਂਦੇ ਹੋਏ ਬਿਆਨ ਕਰਦੇ ਹਨ ਕਿ ਜਿਸ ਵਸਤੂ ਦੇ ਖਾਣ ਨਾਲ ਸਰੀਰ ਨੂੰ ਕਸ਼ਟ ਹੋਵੇ ਜਾਂ ਸਰੀਰ ਰੋਗੀ ਹੋ ਜਾਵੇ ਅਤੇ ਮਨ ਵਿੱਚ ਵਿਕਾਰ ਪੈਦਾ ਹੋਣ, ਉਸ ਤੋਂ ਗੁਰੇਜ਼ ਕਰਨਾ ਹੈ। ਆਪ ਜੀ ਦਾ ਫੁਰਮਾਨ ਹੈ :

ਬਾਬਾ  ! ਹੋਰੁ ਖਾਣਾ, ਖੁਸੀ ਖੁਆਰੁ ॥ 

ਜਿਤੁ ਖਾਧੈ, ਤਨੁ ਪੀੜੀਐ; ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥  (ਮ: ੧/੧੬)

ਮਨੁੱਖ ਨੂੰ ਇਸ ਗੱਲ ਦਾ ਗਿਆਨ ਤਾਂ ਹੈ ਕਿ ਕਿਹੜੀ ਵਸਤੂ ਉਸ ਦੇ ਸਰੀਰ ਦੇ ਅਨੁਕੂਲ ਹੈ ਤੇ ਕਿਹੜੀ ਨਹੀਂ, ਪਰ ਫਿਰ ਵੀ ਜੀਭ ਦੇ ਚਸਕੇ ਕਾਰਨ ਜਾਂ ਭੈੜੀ ਸੰਗਤ ਵਿੱਚ ਪੈ ਕੇ ਮਨੁੱਖ ਉਹ ਚੀਜ਼ ਖਾਣ ਦਾ ਆਦੀ ਹੋ ਜਾਂਦਾ ਹੈ, ਜਿਹੜੀ ਇਸ ਦੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਕਈ ਚੀਜ਼ਾਂ ਤਾਂ ਇਸ ਦੇ ਸਰੀਰ ਨੂੰ ਪੂਰੀ ਤਰ੍ਹਾਂ ਨਾਸ਼ ਵੀ ਕਰ ਦਿੰਦੀਆਂ ਹਨ। ਜੇਕਰ ਸਾਡਾ ਸਰੀਰ ਪੂਰੀ ਤਰ੍ਹਾਂ ਰਿਸਟ-ਪੁਸ਼ਟ ਹੋਵੇਗਾ ਤਾਂ ਸਾਡਾ ਪਰਿਵਾਰ ਵੀ ਖ਼ੁਸ਼ਹਾਲ ਹੋਵੇਗਾ। ਪਰਿਵਾਰ ਦੇ ਖ਼ੁਸ਼ਹਾਲ ਹੋਣ ਨਾਲ ਸਾਡਾ ਆਲਾ ਦੁਆਲਾ ਤੇ ਇੱਥੋਂ ਤੱਕ ਸਾਡਾ ਸਮਾਜ ਵੀ ਤੰਦਰੁਸਤ ਬਣ ਜਾਵੇਗਾ।

ਕੇਵਲ ਖਾਣ ਪੀਣ ਦੀਆਂ ਆਦਤਾਂ ਨਾਲ ਹੀ ਸਰੀਰ ਤੰਦਰੁਸਤ ਨਹੀਂ ਰਹਿ ਸਕਦਾ ਸਗੋਂ ਖਾਧੀ ਹੋਈ ਖ਼ੁਰਾਕ ਜੇ ਠੀਕ ਤਰ੍ਹਾਂ ਮਨੁੱਖ ਪਚਾ ਨਹੀਂ ਸਕਦਾ ਫਿਰ ਵੀ ਉਹ ਰੋਗੀ ਹੋ ਜਾਂਦਾ ਹੈ। ਇਸ ਲਈ ਮਨੁੱਖ ਨੂੰ ਚੰਗੀ ਖ਼ੁਰਾਕ ਦੇ ਨਾਲ-ਨਾਲ ਕਸਰਤ, ਸੈਰ, ਸਰੀਰਕ ਕੰਮ ਤੇ ਖੇਡਾਂ ਆਦਿ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਇਸੇ ਲਈ ਗੁਰੂ ਅੰਗਦ ਦੇਵ ਜੀ ਨੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਜਿੱਥੇ ਲੰਗਰ ਵਿੱਚ ਪੌਸ਼ਟਿਕ ਖ਼ੁਰਾਕ ਦੇਣੀ ਆਰੰਭ ਕੀਤੀ, ਉੱਥੇ ਖ਼ੁਰਾਕ ਨੂੰ ਹਜ਼ਮ ਕਰਨ ਲਈ ‘ਮੱਲ ਅਖਾੜੇ’ ਵੀ ਕਾਇਮ ਕੀਤੇ ਸਨ। ਜੇਕਰ ਖਾ ਪੀ ਕੇ ਪੇਟ ਹੀ ਵਧਾਉਣਾ ਹੈ ਤਾਂ ਅਜਿਹਾ ਜੀਵਨ ਧ੍ਰਿਕਾਰ ਯੋਗ ਹੈ। ਗੁਰਬਾਣੀ ਦਾ ਫ਼ੁਰਮਾਨ ਹੈ :

ਫਿਟੁ ਇਵੇਹਾ ਜੀਵਿਆ; ਜਿਤੁ, ਖਾਇ ਵਧਾਇਆ ਪੇਟੁ ॥ (ਮ: ੧/੭੯੦)

ਚੰਗੀ ਸਿਹਤ ਲਈ ਭੋਜਨ ਅਤੇ ਭਜਨ ਦਾ ਰਸ ਲੈਣਾ ਜ਼ਰੂਰੀ ਹੈ। ਇਸ ਨਿੱਕੇ ਜਿਹੇ ਵਾਕ ਵਿਚ ਜੀਵਨ ਦੀ ਬਹੁਤ ਵੱਡੀ ਸਚਾਈ ਛੁਪੀ ਹੋਈ ਹੈ। ਭੋਜਨ ਤੋਂ ਰਸ ਲੈ ਕੇ, ਸਰੀਰ ਨੂੰ ਸਹਾਰਾ ਮਿਲਦਾ ਹੈ ਅਤੇ ਭਜਨ ਤੋਂ ਰਸ ਲੈ ਕੇ ਮਨ ਨੂੰ ਸਹਾਰਾ ਮਿਲਦਾ ਹੈ ਕਿਉਂਕਿ ਅਰੋਗ ਮਨ ਕੇਵਲ ਇੱਕ ਅਰੋਗ ਸਰੀਰ ਵਿੱਚ ਹੀ ਰਹਿ ਸਕਦਾ ਹੈ। ਇਸ ਲਈ ਤੰਦਰੁਸਤ ਰਹਿਣ ਲਈ ਸਰੀਰ ਅਤੇ ਮਨ ਦੋਹਾਂ ਦਾ ਅਰੋਗ ਹੋਣਾ ਜ਼ਰੂਰੀ ਹੈ। ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਖਾਣਾ ਇਸ ਲਈ ਹੈ ਕਿ ਜੀਊਂਦੇ ਰਹਿ ਸਕੀਏ, ਨਾ ਕਿ ਜੀਊਣਾ ਇਸ ਲਈ ਹੈ ਕਿ ਅਸੀਂ ਖਾਂਦੇ ਰਹੀਏ। ਜੇਕਰ ਅਸੀਂ ਪ੍ਰਭੂ ਨੂੰ ਵਿਸਾਰ ਕੇ ਕੇਵਲ ਖਾਣ ਪੀਣ ਦੇ ਰਸਾਂ ਵਿੱਚ ਉਲਝ ਗਏ ਤਾਂ ਸਾਡਾ ਤਨ ਤੇ ਮਨ ਦੋਵੇਂ ਰੋਗੀ ਹੋ ਜਾਣਗੇ। ਗੁਰੂ ਨਾਨਕ ਦੇਵ ਜੀ ਫ਼ੁਰਮਾਉਂਦੇ ਹਨ :

ਖਸਮੁ ਵਿਸਾਰਿ; ਕੀਏ ਰਸ ਭੋਗ ॥  ਤਾਂ, ਤਨਿ ਉਠਿ ਖਲੋਏ ਰੋਗ ॥ (ਮ: ੧/੧੨੫੬)

ਇਸ ਲਈ ਮਨ ਤੇ ਤਨ ਦੋਹਾਂ ਨੂੰ ਅਰੋਗ ਰੱਖਣ ਲਈ ਜ਼ਰੂਰੀ ਹੈ ਕਿ ਸਾਡਾ ਭੋਜਨ; ਸਾਦਾ ਤੇ ਹਲਕਾ ਹੋਵੇ ਅਤੇ ਥੋੜ੍ਹਾ ਖਾਧਾ ਜਾਵੇ ਅਤੇ ਥੋੜ੍ਹੀ ਨੀਂਦ ਲਈ ਜਾਵੇ। ਭਾਈ ਗੁਰਦਾਸ ਜੀ ਦਾ ਕਥਨ ਹੈ :

ਥੋੜਾ ਸਵਣਾ ਖਾਵਣਾ; ਥੋੜਾ ਬੋਲਨੁ, ਗੁਰਮਤਿ ਪਾਏ। (ਭਾਈ ਗੁਰਦਾਸ ਜੀ/ਵਾਰ ੨੮ ਪਉੜੀ ੧੫)

ਅਸਲ ਵਿੱਚ ਜੀਭ ਦੇ ਸੁਆਦ ਕਾਰਨ ਹੀ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਆਪ ਹੀ ਸਹੇੜ ਲੈਂਦੇ ਹਾਂ ਤੇ ਸਿਹਤ ਦਾ ਨਾਸ ਕਰ ਲੈਂਦੇ ਹਾਂ। ਇਸ ਗੱਲ ਦਾ ਸਭ ਨੂੰ ਅਹਿਸਾਸ ਹੈ ਕਿ ਹਰ ਪ੍ਰਕਾਰ ਦਾ ਨਸ਼ਾ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ ਪਰ ਫਿਰ ਵੀ ਮਨੁੱਖ ਇਸ ਦਾ ਆਦੀ ਹੋ ਜਾਂਦਾ ਹੈ। ਭਗਤ ਕਬੀਰ ਜੀ ਫ਼ੁਰਮਾਉਂਦੇ ਹਨ:

ਕਬੀਰ  ! ਮਨੁ ਜਾਨੈ ਸਭ ਬਾਤ; ਜਾਨਤ ਹੀ ਅਉਗਨੁ ਕਰੈ ॥ (ਭਗਤ ਕਬੀਰ/੧੩੭੬)

ਸਿੱਖ ਰਹਿਤ ਮਰਯਾਦਾ ਵਿੱਚ ਕਿਸੇ ਵੀ ਪ੍ਰਕਾਰ ਦਾ ਨਸ਼ਾ ਕਰਨਾ ਕੁਰਹਿਤਾਂ ਵਿੱਚ ਸ਼ਾਮਲ ਹੈ ਅਤੇ ਨਸ਼ਾ ਕਰਨ ਵਾਲੇ ਨੂੰ ਪਤਿਤ ਕਿਹਾ ਜਾਂਦਾ ਹੈ ਭਾਵ ਉਸ ਨੂੰ ਸਿੱਖੀ ਦਾਇਰੇ ਵਿੱਚ ਹੀ ਨਹੀਂ ਰੱਖਿਆ ਜਾਂਦਾ।

ਮਹਾਤਮਾ ਗਾਂਧੀ ਜੀ ਨੇ ਤਾਂ ਇੱਕ ਵਾਰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ‘ਮੈਂ ਭਾਰਤ ਵਿੱਚ ਕੁੱਝ ਹਜ਼ਾਰ ਨਸ਼ਈ ਦੇਖਣ ਦੀ ਥਾਂ ਦੇਸ਼ ਨੂੰ ਬਹੁਤ ਗ਼ਰੀਬ ਦੇਖਣਾ ਹੀ ਪਸੰਦ ਕਰਾਂਗਾ। ਜੇਕਰ ਨਸ਼ਾਬੰਦੀ ਲਈ ਸਾਰਾ ਦੇਸ਼ ਅਨਪੜ੍ਹ ਵੀ ਰਹਿ ਜਾਵੇ ਤਾਂ ਵੀ ਨਸ਼ਾਬੰਦੀ ਦੀ ਉਦੇਸ਼ ਪੂਰਤੀ ਲਈ ਇਹ ਕੋਈ ਵੱਡਾ ਮੁੱਲ ਨਹੀਂ ਹੋਵੇਗਾ।’

ਪੰਜਾਬ ਦੀ ਪਾਵਨ ਧਰਤੀ ਨੂੰ ਗੁਰੂਆਂ ਪੀਰਾਂ, ਸੰਤਾਂ ਤੇ ਮਹਾਂ ਪੁਰਸ਼ਾਂ ਦੀ ਚਰਨਛੋਹ ਪ੍ਰਾਪਤ ਹੈ। ਇੱਥੋਂ ਦੇ ਵਸਨੀਕ ਮੁੱਢ ਤੋਂ ਹੀ ਸਖ਼ਤ ਮਿਹਨਤ, ਬਹਾਦਰੀ ਤੇ ਕੁਰਬਾਨੀ ਦਾ ਸਦਕਾ ਦੁਨੀਆਂ ਭਰ ਵਿੱਚ ਸਨਮਾਨਿਤ ਹਨ, ਪਰ ਬਦ ਕਿਸਮਤੀ ਨਾਲ ਨਸ਼ਿਆਂ ਦੀ ਜਿਲ੍ਹਣ ਵਿੱਚ ਫਸਣ ਕਾਰਨ ਅਨੇਕਾਂ ਹੀ ਜੀਵਨ ਬਰਬਾਦ ਹੋ ਰਹੇ ਹਨ। ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਸਮੁੱਚੇ ਭਾਰਤ ਅੰਦਰ ਨਸ਼ਿਆਂ ਦੀ ਵਰਤੋਂ ਦੇ ਪੱਖੋਂ ਪੰਜਾਬ ਸਭ ਤੋਂ ਅੱਗੇ ਹੈ। ਗੁਰੂ ਅਰਜਨ ਦੇਵ ਜੀ ਮਨੁੱਖ ਨੂੰ ਉਪਦੇਸ਼ ਕਰਦੇ ਹੋਏ ਕਹਿੰਦੇ ਹਨ ਕਿ ਜੇ ਅਮਲ ਕਰਨਾ ਹੀ ਹੈ ਤਾਂ ਉਸ ਪ੍ਰਮਾਤਮਾ ਦੇ ਨਾਮ ਦਾ ਕਰੋ। ਆਪ ਜੀ ਦਾ ਫ਼ੁਰਮਾਨ ਹੈ :

ਦੁਰਮਤਿ ਮਦੁ ਜੋ ਪੀਵਤੇ; ਬਿਖਲੀ ਪਤਿ ਕਮਲੀ ॥

ਰਾਮ ਰਸਾਇਣਿ ਜੋ ਰਤੇ; ਨਾਨਕ ਸਚ ਅਮਲੀ ॥  (ਮ: ੫/੩੯੯)

ਪ੍ਰਾਇਮਰੀ ਵਰਗ ਦੇ ਅਧਿਆਪਕ ਤੋਂ ਲੈ ਕੇ ਯੂਨੀਵਰਸਿਟੀ ਦੇ ਪ੍ਰੋਫੈਸਰ, ਡਾਕਟਰ, ਇੰਜੀਨੀਅਰ ਤੇ ਵਕੀਲ ਆਦਿ ਆਪਣੀ ਫੋਕੀ ਸ਼ਾਨ ਕਾਇਮ ਰੱਖਣ ਲਈ ਅਤੇ ਆਪਣੇ ਰੁਤਬੇ ਦਾ ਫੋਕਾ ਦਿਖਾਵਾ ਕਰਨ ਲਈ ਸ਼ਰਾਬ ਦੀ ਵਰਤੋਂ ਕਰਦੇ ਹਨ ਜਿਸ ਦੀ ਨਕਲ ਵਿਦਿਆਰਥੀ ਵੀ ਕਰਨੀ ਸ਼ੁਰੂ ਕਰ ਦਿੰਦੇ ਹਨ। ਸਭ ਤੋਂ ਵਧੀਆ ਕਿਸਮ ਦਾ ਨਸ਼ਾ ਮੈਡੀਕਲ ਕਾਲਜਾਂ ਵਿੱਚ ਕੀਤਾ ਜਾਂਦਾ ਹੈ। ਕੌਮ ਦੇ ਨਿਰਮਾਤਾ ਕਹਿ ਕੇ ਸਤਿਕਾਰਿਆ ਜਾਂਦਾ ਅਧਿਆਪਕ ਵਰਗ ਵੀ ਇਸ ਤੋਂ ਬਚ ਨਹੀਂ ਸਕਿਆ। ਇਸੇ ਕਰ ਕੇ ਸ਼ਾਇਦ ਸਮਾਜ ਵਿੱਚ ਅਧਿਆਪਕਾਂ ਤੇ ਹੋਰ ਬੁਧੀਜੀਵੀ ਵਰਗਾਂ ਦਾ ਸਤਿਕਾਰ ਘਟ ਰਿਹਾ ਹੈ। ਹੋਰ ਤਾਂ ਹੋਰ ਸਾਡੇ ਧਾਰਮਿਕ ਆਗੂ ਤੇ ਪ੍ਰਚਾਰਕ ਵੀ ਇਸ ਤੋਂ ਨਹੀਂ ਬਚ ਸਕੇ ਜਿਹੜੇ ਸਮਾਜ ਨੂੰ ਠੀਕ ਸੇਧ ਦੇਂਦੇ ਨਹੀਂ ਥੱਕਦੇ।

ਹੁਣ ਇੱਥੇ ਇੱਕ ਸੁਆਲ ਪੈਦਾ ਹੁੰਦਾ ਹੈ ਕਿ ਨਸ਼ਾ ਕਿਉਂ ਕੀਤਾ ਜਾਂਦਾ ਹੈ। ਬਹੁਤ ਸਾਰੇ ਲੋਕ ਕਈ ਭੁਲੇਖਿਆਂ ਦਾ ਸ਼ਿਕਾਰ ਹੋ ਕੇ ਨਸ਼ੇ ਕਰਨ ਲੱਗ ਜਾਂਦੇ ਹਨ। ਨੌਜਵਾਨ ਲੜਕੇ ਤੇ ਲੜਕੀਆਂ ਆਮ ਤੌਰ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਉਕਸਾਉਣ ਤੇ ਸ਼ੌਕੀਆ ਤੌਰ ’ਤੇ ਨਸ਼ੇ ਦਾ ਸੁਆਦ ਲੈਣ ਲਈ ਚੱਖਣਾ ਅਰੰਭ ਕਰਦੇ ਹਨ ਤੇ ਹੌਲ਼ੀ ਹੌਲ਼ੀ ਇਸ ਦੇ ਆਦੀ ਹੋ ਜਾਂਦੇ ਹਨ। ਮਜਦੂਰ ਵਰਗ ਵਿੱਚ ਇਹ ਭੁਲੇਖਾ ਪਾਇਆ ਜਾਂਦਾ ਹੈ ਕਿ ਨਸ਼ਾ ਕਰਨ ਨਾਲ ਥਕਾਵਟ ਨਹੀਂ ਹੁੰਦੀ ਤੇ ਕੰਮ ਵੱਧ ਹੁੰਦਾ ਹੈ। ਕਈ ਵਾਰ ਤਾਂ ਮਾਲਕ ਵੱਧ ਕੰਮ ਲੈਣ ਦੇ ਲਾਲਚ ਵਿੱਚ ਉਹਨਾਂ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਨਸ਼ਾ ਦੇ ਦਿੰਦੇ ਹਨ। ਹੌਲ਼ੀ ਹੌਲ਼ੀ ਉਹ ਇਸ ਤੋਂ ਬਿਨਾਂ ਰਹਿ ਨਹੀਂ ਸਕਦੇ। ਨਸ਼ਿਆਂ ਦੇ ਵਪਾਰੀ ਆਪਣਾ ਮਾਲ ਵੇਚਣ ਦੇ ਸਵਾਰਥ ਨੂੰ ਪੂਰਾ ਕਰਨ ਲਈ ਨੌਜਵਾਨਾਂ ਨੂੰ ਪਹਿਲਾਂ ਪਹਿਲ ਮੁਫ਼ਤ ਨਸ਼ਾ ਵੀ ਦਿੰਦੇ ਹਨ। ਜਦੋਂ ਉਹਨਾਂ ਦੀ ਆਦਤ ਪੱਕ ਜਾਂਦੀ ਹੈ ਤਾਂ ਆਪਣਾ ਹੱਥ ਪਿੱਛੇ ਖਿੱਚ ਲੈਂਦੇ ਹਨ ਤੇ ਉਹ ਮਹਿੰਗੇ ਭਾਅ ਨਸ਼ਾ ਮਜਬੂਰੀ ਵਸ ਖਰੀਦਦੇ ਹਨ।

ਮਾਂ ਬਾਪ ਦੀ ਰੁਝੇਵਿਆਂ ਭਰੀ ਜ਼ਿੰਦਗੀ ਵੀ ਕਈ ਵਾਰ ਬੱਚਿਆਂ ਨੂੰ ਨਸ਼ਿਆਂ ਵੱਲ ਧਕੇਲ ਦਿੰਦੀ ਹੈ, ਜਿਸ ਘਰ ਵਿੱਚ ਬਾਪ, ਦਾਦਾ ਨਸ਼ਿਆਂ ਦਾ ਸੇਵਣ ਕਰਦੇ ਹੋਣ ਤਾਂ ਵੇਖਾ ਵੇਖੀ ਬੱਚੇ ਵੀ ਇਸ ਦਾ ਸ਼ਿਕਾਰ ਹੋ ਜਾਂਦੇ ਹਨ। ਨਕਲੀ ਡਾਕਟਰ ਜਾਂ ਨੀਮ ਹਕੀਮ ਵੀ ਨਸ਼ਿਆਂ ਦੇ ਰੁਝਾਨ ਨੂੰ ਵਧਾਉਣ ਵਿੱਚ ਆਪਣਾ ਰੋਲ ਅਦਾ ਕਰ ਰਹੇ ਹਨ। ਪੇਂਡੂ ਭਰਾਵਾਂ ਨੂੰ ਆਪਣੇ ਨਿਜੀ ਲਾਭ ਲਈ ਨਸ਼ੇ ਦੀਆਂ ਗੋਲੀਆਂ ਤੇ ਕੈਪਸੂਲ ਆਦਿ ’ਤੇ ਲਾ ਦਿੰਦੇ ਹਨ। ਬਗੈਰ ਮਿਹਨਤ ਤੋਂ ਪ੍ਰਾਪਤ ਹੋਇਆ ਧਨ ਵੀ ਬਰਬਾਦੀ ਦਾ ਕਾਰਨ ਬਣਦਾ ਹੈ ਤੇ ਨੌਜਵਾਨ ਅਜਿਹੀ ਕਮਾਈ ਨਸ਼ਿਆਂ ਵਿੱਚ ਰੋੜ੍ਹ ਕੇ ਆਪਣਾ ਜੀਵਨ ਬਰਬਾਦ ਕਰ ਲੈਂਦੇ ਹਨ।

ਡਾ. ਲਿਵਤਾਰ ਸਿੰਘ ਚਾਵਲਾ ਸਾਬਕਾ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਵਿੱਚ ਇਹ ਗੱਲ ਮੰਨੀ ਹੈ ਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਲਿਵਰ ਦੇ ਰੋਗੀਆਂ ਦੀ ਗਿਣਤੀ ਵਿੱਚ ਬੇਤਹਾਸ਼ਾ ਵਾਧੇ ਦਾ ਕਾਰਨ ਸ਼ਰਾਬ ਦੀ ਵਰਤੋਂ ਹੈ। ਅਲਕੋਹਲ ਦੀ 80 ਗ੍ਰਾਮ ਵਰਤੋਂ ਆਦਮੀ ਲਈ ਅਤੇ 40 ਗ੍ਰਾਮ ਵਰਤੋਂ ਔਰਤ ਲਈ ਲਿਵਰ ਖ਼ਰਾਬ ਕਰਨ ਲਈ ਕਾਫ਼ੀ ਹੈ।

ਕੈਂਸਰ ਦਾ ਰੋਗ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਇਸ ਦਾ ਕਾਰਨ ਤੰਬਾਕੂ ਦੀ ਵਰਤੋਂ ਜਾਂ ਸਿਗਰਟ ਦਾ ਧੂੰਆਂ ਹੈ। ਅਮਰੀਕੀ ਸਿਹਤ ਵਿਭਾਗ ਦੀ ਇੱਕ ਰਿਪੋਰਟ ਅਨੁਸਾਰ ਫੇਫੜਿਆਂ ਦੇ ਕੈਂਸਰ ਨਾਲ ਮੌਤ ਦੀ ਦਰ 120 ਮੌਤਾਂ ਵਿੱਚੋਂ 100 ਮੌਤਾਂ ਉਹਨਾਂ ਦੀਆਂ ਹੁੰਦੀਆਂ ਹਨ ਜੋ ਸਿਗਰਟ ਦੀ ਵਰਤੋਂ ਕਰਦੇ ਹਨ। ਅਮਰੀਕਨ ਹਾਰਟ ਐਸੋਸੀਏਸ਼ਨ ਦੀ ਰਿਪੋਰਟ ਅਨੁਸਾਰ ਹਰ ਸਾਲ ਦਿਲ ਦੇ ਰੋਗਾਂ ਨਾਲ ਇੱਕ ਲੱਖ ਤੋਂ ਵੱਧ ਮੌਤਾਂ ਦਾ ਕਾਰਨ ਕੇਵਲ ਸਿਗਰਟ ਪੀਣਾ ਹੈ।

ਸ਼ਰਾਬ ਜਿੱਥੇ ਨੈਤਿਕ ਗਿਰਾਵਟ ਲਿਆ ਕੇ ਬੁੱਧੀ ਦਾ ਨਾਸ਼ ਕਰ ਕੇ ਸਦਾਚਾਰਕ ਤੌਰ ’ਤੇ ਮਨੁੱਖ ਨੂੰ ਨੀਵਾਂ ਕਰਦੀ ਹੈ ਉੱਥੇ ਸਰੀਰਕ ਤੌਰ ’ਤੇ ਵੀ ਬਹੁਤ ਨੁਕਸਾਨ ਪਹੁੰਚਾਉਂਦੀ ਹੈ। ਸ਼ੈਕਸਪੀਅਰ ਨੇ ਕਿਹਾ ਸੀ ‘ਸ਼ਰਾਬ ਪੀਣਾ ਜ਼ਹਿਰ ਪੀਣ ਦੇ ਬਰਾਬਰ ਹੈ। ਬੋਰਡਾਂ ਅਤੇ ਲੇਬਲਾਂ ’ਤੇ ਲਿਖਿਆ ਪੜ੍ਹ ਕੇ ਵੀ ਅਮਲ ਨਾ ਕਰਨਾ ਮੂਰਖਤਾ ਹੈ।’ ਨਸ਼ੇ ਦੀ ਵਰਤੋਂ ਕਰਨ ਵਾਲੇ ਇਹ ਭੁੱਲ ਜਾਂਦੇ ਹਨ ਕਿ ਇਹ ਸਰੀਰ ਹਰਿਮੰਦਰ ਹੈ ਜਿਸ ਵਿੱਚ ਆਤਮਾ ਦਾ ਵਾਸਾ ਹੈ ਅਤੇ ਆਤਮਾ ਪ੍ਰਮਾਤਮਾ ਦਾ ਹੀ ਰੂਪ ਹੈ ਭਾਵ ਇੱਕੋ ਤਸਵੀਰ ਦੇ ਦੋ ਪਾਸੇ ਹਨ। ਗੁਰਬਾਣੀ ਦਾ ਫ਼ੁਰਮਾਨ ਹੈ, ‘‘ਹਰਿ ਮੰਦਰੁ ਏਹੁ ਸਰੀਰੁ ਹੈ; ਗਿਆਨਿ ਰਤਨਿ ਪਰਗਟੁ ਹੋਇ ॥’’ (ਮ: ੩/੧੩੪੬) ਪਰ ਮੂਰਖ ਮਨੁੱਖ ਇਸ ਗੱਲ ਨੂੰ ਨਹੀਂ ਸਮਝਦਾ ਕਿ ਇਸ ਸਰੀਰ ਰੂਪੀ ਮੰਦਰ ਵਿੱਚ ਨਾਮ ਦਾ ਖ਼ਜ਼ਾਨਾ ਭਰਿਆ ਪਿਆ ਹੈ :

ਹਰਿ ਮੰਦਰ ਮਹਿ ਨਾਮੁ ਨਿਧਾਨੁ ਹੈ; ਨਾ ਬੂਝਹਿ ਮੁਗਧ ਗਵਾਰ ॥ (ਮ: ੩/੧੩੪੬)

ਜਦੋਂ ਸਾਨੂੰ ਇਸ ਗੱਲ ਦੀ ਸੋਝੀ ਹੋ ਗਈ ਕਿ ਇਹ ਮਨੁੱਖਾ ਸਰੀਰ ਧਰਤੀ ਦੀਆਂ ਸਾਰੀਆਂ ਕਹੀਆਂ ਜਾਂਦੀਆਂ 84 ਲੱਖ ਜੂਨਾਂ ਵਿੱਚ ਸਭ ਤੋਂ ਉੱਤਮ ਹੈ ਤਾਂ ਮਨੁੱਖ ਇਸ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਕੋਈ ਕਸਰ ਨਹੀਂ ਛੱਡੇਗਾ। ਮਨੁੱਖ ਦੀ ਇਸ ਧਰਤੀ ’ਤੇ ਸਰਦਾਰੀ ਹੈ। ਬਾਕੀ ਸਾਰੀਆਂ ਜੂਨਾਂ ਉਸ ਦੀ ਰਾਖੀ ਲਈ ਜਾਂ ਸੇਵਾ ਲਈ ਹੀ ਪ੍ਰਮਾਤਮਾ ਨੇ ਪੈਦਾ ਕੀਤੀਆਂ ਹਨ, ‘‘ਅਵਰ ਜੋਨਿ; ਤੇਰੀ ਪਨਿਹਾਰੀ ॥  ਇਸੁ ਧਰਤੀ ਮਹਿ; ਤੇਰੀ ਸਿਕਦਾਰੀ ॥’’ (ਮ: ੫/੩੭੪)

ਗੁਰਬਾਣੀ ਵਿੱਚ ਸਰੀਰ ਨੂੰ ਰਿਸਟ-ਪੁਸ਼ਟ ਰੱਖਣ ਲਈ ਬਾਰ-ਬਾਰ ਚਿਤਾਵਨੀ ਦਿੱਤੀ ਗਈ ਹੈ। ਰਹਿਤਨਾਮੇ ਵਿੱਚ ਜ਼ਿਕਰ ਆਉਂਦਾ ਹੈ, ‘ਕੁੱਠਾ ਹੁੱਕਾ ਚਰਸ ਤਮਾਕੂ । ਗਾਂਜਾ, ਟੋਪੀ, ਤਾੜੀ, ਖਾਕੂ। ਇਨ ਕੀ ਓਰ ਨਾ ਕਬਹੂੰ ਦੇਖੇ। ਰਹਿਤਵੰਤ ਜੋ ਸਿੰਘ ਵਿਸੇਖੈ।’ ਅਤੇ ਗੁਰੂ ਨਾਨਕ ਦੇਵ ਜੀ ਨਸੀਹਤ ਕਰਦੇ ਹੋਏ ਕਹਿੰਦੇ ਹਨ,

ਪਾਨ ਸੁਪਾਰੀ ਖਾਤੀਆ; ਮੁਖਿ ਬੀੜੀਆ ਲਾਈਆ ॥ 

ਹਰਿ ਹਰਿ ਕਦੇ ਨ ਚੇਤਿਓ; ਜਮਿ ਪਕੜਿ ਚਲਾਈਆ ॥ (ਮ: ੪/੭੨੬)

ਸਕੂਲਾਂ, ਕਾਲਜਾਂ ਦੇ ਪਾਠ ਕ੍ਰਮਾਂ ਵਿੱਚ ਨਸ਼ਿਆਂ ਨਾਲ ਹੋ ਰਹੇ ਸਿਹਤ ਸਬੰਧੀ ਨੁਕਸਾਨ ਬਾਰੇ ਜ਼ਰੂਰ ਕੁੱਝ ਲੇਖ ਹੋਣੇ ਚਾਹੀਦੇ ਹਨ ਅਤੇ ਬੱਚਿਆਂ ਨੂੰ ਨੈਤਿਕ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ। ਗਿਆਨ ਨਾ ਹੋਣ ਕਾਰਨ ਵੀ ਮਨੁੱਖ ਕਈ ਵਾਰ ਜ਼ਿੰਦਗੀ ਵਿਅਰਥ ਗੁਆ ਦਿੰਦਾ ਹੈ, ਗਿਆਨ ਵਿਹੂਣਾ; ਕਥਿ ਕਥਿ ਲੂਝੈ ॥ (ਮ: ੧/੪੬੬)

ਪੰਜਾਬ ਦੀ ਮਸ਼ਹੂਰ ਕਹਾਵਤ ਹੈ, ‘ਜੈਸਾ। ਗੁਰਬਾਣੀ ਦਾ ਵੀ ਫ਼ੁਰਮਾਨ ਹੈ, ‘‘ਖਾਣਾ ਪੀਣਾ ਪਵਿਤ੍ਰੁ ਹੈ; ਦਿਤੋਨੁ ਰਿਜਕੁ ਸੰਬਾਹਿ ॥’’ (ਮ: ੧/੪੭੨) ਭਾਵ ਪ੍ਰਮਾਤਮਾ ਨੇ ਸਾਰੇ ਜੀਵਾਂ ਨੂੰ ਖਾਣ ਪੀਣ ਲਈ ਕੁਦਰਤੀ ਤੌਰ ’ਤੇ ਪਾਕਿ ਤੇ ਪਵਿੱਤਰ ਖ਼ੁਰਾਕ ਦੀ ਬਖ਼ਸ਼ਸ਼ ਕੀਤੀ ਹੈ। ਕਿਸੇ ਵਕਤ ਕੁਦਰਤੀ ਤੌਰ ’ਤੇ ਪੈਦਾ ਹੁੰਦੇ ਫਲ਼ ਤੇ ਅਨਾਜ; ਸਭ ਜ਼ਹਿਰ ਤੋਂ ਮੁਕਤ ਸਨ। ਦਰਿਆਵਾਂ ਤੇ ਨਦੀਆਂ ਦਾ ਪੀਣ ਯੋਗ ਪਾਣੀ ਪੂਰਨ ਤੌਰ ’ਤੇ ਸਿਹਤਮੰਦ ਅਤੇ ਨਿਰਮਲ ਸੀ, ਪਰ ਹੁਣ ਅਜੋਕੇ ਸਮੇਂ ਵਿੱਚ ਰਸਾਇਣਕ ਖਾਦਾਂ ਅਤੇ ਜ਼ਹਿਰੀਲੇ ਤੱਤਾਂ ਨੇ ਕੇਵਲ ਖਾਧ ਪਦਾਰਥਾਂ ਨੂੰ ਹੀ ਜ਼ਹਿਰੀਲਾ ਨਹੀਂ ਬਣਾਇਆ ਸਗੋਂ ਧਰਤੀ ਹੇਠਲੇ ਪਾਣੀ ਤੇ ਸਮੁੱਚੀ ਆਬੋ ਹਵਾ ਨੂੰ ਵੀ ਪਲੀਤ ਕਰ ਕੇ ਰੱਖ ਦਿੱਤਾ ਹੈ। ਸਮੁੱਚੇ ਭਾਰਤ ਵਿੱਚ ਸਭ ਤੋਂ ਵੱਧ ਪ੍ਰਭਾਵ ਪੰਜ ਪਾਣੀਆਂ ਦੀ ਧਰਤੀ ਪੰਜਾਬ ’ਤੇ ਪਿਆ ਹੈ। ਹਰੀ ਕ੍ਰਾਂਤੀ ਦੀ ਆੜ ਹੇਠ ਅੱਜ ਪੰਜਾਬ ਦੀ ਧਰਤੀ ਜ਼ਹਿਰ ਉਗਲ ਰਹੀ ਹੈ।

ਪ੍ਰਾਈਵੇਟ ਕੰਪਨੀਆਂ ਨੇ ਆਪਣੇ ਸਵਾਰਥ ਹੇਠ ਨਸ਼ੀਲੀਆਂ ਦਵਾਈਆਂ ਦਾ ਛਿੜਕਾ ਕਰਵਾ ਕੇ ਆਪਣੀਆਂ ਜੇਬਾਂ ਤਾਂ ਭਰ ਲਈਆਂ ਪਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਅੱਜ ਲੋੜ ਹੈ ਕਿ ਜੈਵਿਕ ਖੇਤੀ ਨੂੰ ਅਪਣਾਅ ਕੇ ਇਸ ਹਰਿਮੰਦਰ ਸਰੀਰ ਨੂੰ ਤੰਦਰੁਸਤ ਰੱਖਿਆ ਜਾਵੇ। ਫਿਰੋਜਪੁਰ ਦੇ ਰਹਿਣ ਵਾਲਾ ਐਸ. ਕੇ. ਰਾਜਪੂਤ ਜੈਵਿਕ ਖੇਤੀ ਕਰ ਕੇ ਪੂਰੇ ਇਲਾਕੇ ਵਿੱਚ ਨਾਮਣਾ ਖੱਟ ਚੁੱਕਾ ਹੈ। ਵਿਗਿਆਨੀ ਇਸ ਗੱਲ ਨਾਲ ਵੀ ਸਹਿਮਤ ਹਨ ਕਿ ਜੋ ਛਿੜਕਾਅ ਅਸੀਂ ਕੀੜੇ ਮਾਰਨ ਲਈ ਕਰ ਰਹੇ ਹਾਂ ਉਹ ਤਾਂ ਸਿਰਫ ਇੱਕ ਪ੍ਰਤੀਸ਼ਤ ਹੀ ਕੀੜੇ ਉੱਪਰ ਡਿੱਗਦਾ ਹੈ ਤੇ ਬਾਕੀ 99 ਪ੍ਰਤੀਸ਼ਤ ਸਾਡੇ ਵਾਤਾਵਰਣ ਵਿੱਚ ਘੁਲ਼ ਮਿਲ਼ ਰਿਹਾ ਹੈ। ਜੇ ਪੰਜਾਬ ਦਾ ਕਿਸਾਨ ਦਾਲਾਂ ਦੀ ਕਾਸ਼ਤ ਕਰੇ ਤਾਂ ਉਸ ਨੂੰ ਨਾਈਟਰੋਜਨ (ਯੂਰੀਆ) ਆਪਣੇ ਆਪ ਹੀ ਇਹਨਾਂ ਫਸਲਾਂ ਤੋਂ ਮਿਲ ਜਾਵੇਗਾ। ਇਸ ਤਰ੍ਹਾਂ ਸਾਡੇ ਕਿਸਾਨ ਕਈ ਟਨ ਯੂਰੀਆ ਬਚਾ ਸਕਦੇ ਹਨ ਤੇ ਵਾਤਾਵਰਣ ਨੂੰ ਸੰਵਾਰਨ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕਦੇ ਹਨ ਅਤੇ ਸਮਾਜ ਦੇ ਲੋਕਾਂ ਨੂੰ ਚੰਗੀ ਤੇ ਸਿਹਤਮੰਦ ਖ਼ੁਰਾਕ ਮੁਹਈਆ ਕਰਵਾ ਸਕਦੇ ਹਨ।

ਸਿਆਣੇ ਕਹਿੰਦੇ ਹਨ ਕਿ ਇਲਾਜ ਨਾਲੋਂ ਪਰਹੇਜ਼ ਚੰਗਾ। ਪਰਹੇਜ਼ ਕਰਨ ਨਾਲ ਹੀ ਅਸੀਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ। ਅਸੀਂ ਆਪ ਇਹ ਕਹਿ ਦਿੰਦੇ ਹਾਂ ਕਿ ਬਿਮਾਰੀਆਂ ਲੋਕਾਂ ਦਾ ਖਹਿੜਾ ਨਹੀਂ ਛੱਡਦੀਆਂ ਪਰ ਇਸ ਸਚਾਈ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਮਨੁੱਖ ਬਿਮਾਰੀ ਤੋਂ ਖਹਿੜਾ ਛੁਡਾ ਕੇ ਰਾਜੀ ਨਹੀਂ ਹੈ। ਸ਼ੂਗਰ, ਖੂਨ ਦਾ ਦਬਾਅ, ਯੂਰਿਕ ਏਸਿਡ ਦਾ ਵਾਧਾ ਆਦਿਕ ਬਿਮਾਰੀਆਂ ਮਨੁੱਖ ਦੀਆਂ ਆਪਣੀਆਂ ਸਹੇੜੀਆਂ ਹੋਈਆਂ ਹਨ। ਖਾਣ ਪੀਣ ਖੁੱਲ੍ਹਾ ਡੁੱਲ੍ਹਾ ਅਤੇ ਸਰੀਰਕ ਕਸਰਤ ਨਾ ਕਰਨੀ ਹੀ ਇਹਨਾਂ ਬਿਮਾਰੀਆਂ ਦੇ ਕਾਰਨ ਹਨ।

ਵਿਆਹ ਸ਼ਾਦੀਆਂ ਵਿੱਚ ਅਸੀਂ ਬਿਨਾਂ ਜ਼ਰੂਰਤ ਦੇ ਲੋੜ ਤੋਂ ਵੱਧ ਖਾ ਕੇ ਆਪਣੇ ਆਪ ਨੂੰ ਬਿਮਾਰੀਆਂ ਵੱਲ ਧੱਕਦੇ ਹਾਂ। ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਇਸ ਲਈ ਖਾਂਦੇ ਹਾਂ ਕਿ ਜਿਉਂਦੇ ਰਹਿ ਸਕੀਏ, ਨਾ ਕਿ ਇਸ ਲਈ ਜੀਉਂਦੇ ਹਾਂ ਕਿ ਖਾਂਦੇ ਰਹੀਏ।  We eat to live but not live to eat.

ਸਾਡੇ ਖਾਣੇ ਜ਼ਿਆਦਾ ਚਟਪਟੇ ਤੇ ਸੁਆਦਲੇ ਹੋਣ ਕਾਰਨ, ਉਹਨਾਂ ਵਿਚਲੇ ਜ਼ਰੂਰੀ ਤੱਤ ਖ਼ਤਮ ਹੋ ਗਏ ਹਨ ਅਤੇ ਸਿਰਫ ਸੁਆਦ ਤੱਕ ਹੀ ਸੀਮਤ ਹਨ। ਅੱਜ ਇਹ ਅਖਾਣ ਕਿ ਖਾਈਏ ਮਨ ਭਾਉਂਦਾ ਤੇ ਹੰਢਾਈਏ ਜੱਗ ਭਾਉਂਦਾ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਹੈ। ਖ਼ੁਰਾਕ ਉਹੋ ਹੀ ਖਾਣੀ ਚਾਹੀਦੀ ਹੈ ਜਿਸ ਨੂੰ ਸਾਡਾ ਸਰੀਰ ਪਚਾ ਸਕੇ। ਮਨ ਭਾਉਂਦਾ ਖਾਣਾ ਬਿਮਾਰੀਆਂ ਦਾ ਘਰ ਹੈ। ਇਸ ਲਈ ਸਾਨੂੰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਪੌਸ਼ਟਿਕ ਖ਼ੁਰਾਕ ਖਾਣੀ ਚਾਹੀਦੀ ਹੈ। ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਮਨ ਰਹਿ ਸਕਦਾ ਹੈ। ਇਸ ਲਈ ਸੁਚੱਜੀ ਤੇ ਨਰੋਈ ਖ਼ੁਰਾਕ ਖਾ ਕੇ ਅਸੀਂ ਆਪਣੇ ਤਨ ਤੇ ਮਨ ਦੋਹਾਂ ਨੂੰ ਅਰੋਗ ਰੱਖ ਸਕਦੇ ਹਾਂ ਅਤੇ ਗੁਰਬਾਣੀ ਦੇ ਇਹਨਾਂ ਉਪਦੇਸ਼ਾਂ ਨੂੰ ਮਨ ਵਿੱਚ ਵਸਾ ਕੇ ਪ੍ਰਮਾਤਮਾ ਵੱਲੋਂ ਮਿਲਿਆ ਬਹੁਮੁਲਾ ਜੀਵਨ ਸਾਰਥਕ ਕਰ ਸਕਦੇ ਹਾਂ,

ਬਾਬਾ  ! ਹੋਰੁ ਖਾਣਾ, ਖੁਸੀ ਖੁਆਰੁ ॥ 

ਜਿਤੁ ਖਾਧੈ, ਤਨੁ ਪੀੜੀਐ; ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥  (ਮ: ੧/੧੬)