‘ਜਪੁ’ ਬਾਣੀ ਦੀ ਸੰਖੇਪ ’ਚ ਬਹੁ ਪੱਖੀ ਵਿਚਾਰ (ਭਾਗ 4)

0
1068

ਜਪੁ ਪਉੜੀ 25 ਤੋਂ 33

ਵਿਚਾਰ : ਜਿਸ ਤਰ੍ਹਾਂ ‘ਜਪੁ’ ਬਾਣੀ ਦੀ ਪਹਿਲੀ ਪਉੜੀ ਦੀ ਸਮਾਪਤੀ ’ਚ ‘‘ਹੁਕਮਿ ਰਜਾਈ ਚਲਣਾ.. ’’ ਦੀ ਗੱਲ ਕਰ ਅਗਾਂਹ ਦੂਜੀ ਪਉੜੀ ’ਚ ‘ਹੁਕਮ’ ਦੀ ਥੋੜ੍ਹੀ ਵਿਸਥਾਰ ਸਹਿਤ ਵਿਆਖਿਆ ਕੀਤੀ ਸੀ; ਜਿਵੇਂ ਕਿ ‘‘ਹੁਕਮੀ ਹੋਵਨਿ ਆਕਾਰ, ਹੁਕਮੀ ਹੋਵਨਿ ਜੀਅ. .. ਇਕਿ ਹੁਕਮੀ ਸਦਾ ਭਵਾਈਅਹਿ ’’; ਉਸੇ ਤਰ੍ਹਾਂ ਉਕਤ 24ਵੀਂ ਪਉੜੀ ਦੀ ਸਮਾਪਤੀ ’ਚ ਖ਼ਾਸ ਦਾਤਿ ‘‘ਨਾਨਕ  ! ਨਦਰੀ ਕਰਮੀ ਦਾਤਿ੨੪’’ ਦਾ ਜ਼ਿਕਰ ਹੈ, ਜਿਨ੍ਹਾਂ ਨੂੰ ਹੇਠਾਂ 25ਵੀਂ ਤੇ 26ਵੀਂ ਪਉੜੀ ’ਚ ਹੋਰ ਵਿਸਥਾਰ ਸਹਿਤ ਬਿਆਨਿਆ ਗਿਆ ਹੈ। ਧਿਆਨ ਰਹੇ ਕਿ ਇਨ੍ਹਾਂ ਦਾਤਾਂ ਦਾ ਪਿਛਾਂਹ ਸੰਖੇਪ ਜਿਹਾ ਤੀਜੀ ਪਉੜੀ ’ਚ ਭਾ ਜ਼ਿਕਰ ਆਇਆ ਸੀ, ‘‘ਦੇਦਾ ਦੇ; ਲੈਦੇ ਥਕਿ ਪਾਹਿ   ਜੁਗਾ ਜੁਗੰਤਰਿ ਖਾਹੀ ਖਾਹਿ ..’’

ਇੱਕ ਮਾਲਕ; ਆਪਣੇ ਨੌਕਰ ਨੂੰ ਨਿਰੰਤਰ ਕੋਈ ਵਸਤੂ ਦਿੰਦਾ ਰਹੇ ਤਾਂ ਨੌਕਰ ਲਈ ਉਹ ‘ਦਾਤ’ ਹੈ ਤੇ ਜੇਕਰ ਨੌਕਰ; ਮਾਲਕ ਨੂੰ ਪ੍ਰਸੰਨ ਕਰਕੇ ਕੋਈ ਭੇਟਾ ਪ੍ਰਾਪਤ ਕਰੇ ਤਾਂ ਉਹ ਵਿਸ਼ੇਸ਼ ਤੋਹਫ਼ਾ ‘ਬਖ਼ਸ਼ਸ਼’ ਹੁੰਦੀ ਹੈ। ਇਨ੍ਹਾਂ ਦੋਵਾਂ ਦੇ ਪਿਛੋਕੜ ’ਚ ਮਾਲਕ ਦਾ ਨਰਮਦਿਲ ਸੁਭਾਅ ਜਾਂ ਮਿਹਰ ਭਰੀ ਨਜ਼ਰ ਹੀ ਕਾਰਜਸ਼ੀਲ ਹੁੰਦੀ ਹੈ ਯਾਨੀ ‘ਮਿਹਰ’ ਅਤੇ ‘ਦਾਤ’ ਭਾਵੇਂ ਦੋ ਨਾਂ ਹਨ, ਪਰ ਇਨ੍ਹਾਂ ਦਾ ਭਾਵਾਰਥ ਇੱਕੋ ਹੀ ਹੈ।

ਬਹੁਤਾ ਕਰਮੁ, ਲਿਖਿਆ ਨਾ ਜਾਇ ਵਡਾ ਦਾਤਾ, ਤਿਲੁ ਤਮਾਇ ਉਚਾਰਨ : ਵੱਡਾ ।

 ਪਦ ਅਰਥ : ਕਰਮੁ- (ਰੱਬ ਦਾ) ਫ਼ਜ਼ਲ, ਪ੍ਰਸਾਦ, ਮਿਹਰ, ਕਿਰਪਾ, ਦਾਤ। ਲਿਖਿਆ ਨਾ ਜਾਇ- ਬਿਆਨ ਨਹੀਂ ਹੋ ਸਕਦਾ। ਦਾਤਾ- ਦਾਤਾਰ-ਪਿਤਾ, ਮਿਹਰ ਕਰਨ ਵਾਲ਼ਾ, ਰਹਿਮਦਿਲ ਪ੍ਰਭੂ। ਤਿਲੁ-ਤਿਲ ਮਾਤਰ, ਨਾਂ-ਮਾਤਰ। ਤਮਾਇ- ਤਮ੍ਹਾ, ਲਾਲਸਾ (ਕਿ ਦਿੱਤੀ ਦਾਤ ਬਦਲੇ ਕੋਈ ਉਸ ਦੀ ਤਾਰੀਫ਼ ਕਰੇ)।

ਅਰਥ : (ਜੀਵ-ਜੰਤੂਆਂ ਉੱਤੇ ਕਰਤਾਰ ਦੀ) ਅਪਾਰ ਬਖ਼ਸ਼ਸ਼ ਹੈ, ਜੋ ਕਲਮਬੰਦ ਨਹੀਂ ਕੀਤੀ ਜਾ ਸਕਦੀ। (ਐਸਾ ਕਰਦਿਆਂ ਉਸ ਨੂੰ) ਤਿਲ ਮਾਤਰ ਲਾਲਚ ਭੀ ਨਹੀਂ (ਕਿ ਕੋਈ ਉਸ ਦੀ ਵਡਿਆਈ ਕਰੇ। ਵੈਸੇ ਉਹ ਪਹਿਲਾਂ ਹੀ) ਬਹੁਤ ਵੱਡਾ ਦਾਤਾਰ ਹੈ (ਤਾਹੀਓਂ ਗੁਰੂ ਨਾਨਕ ਜੀ ਨੇ ਬਚਨ ਕੀਤੇ ਹਨ ਕਿ ‘‘ਜੇ ਸਭਿ ਮਿਲਿ ਕੈ; ਆਖਣ ਪਾਹਿ ਵਡਾ ਹੋਵੈ; ਘਾਟਿ ਜਾਇ ’’ (ਸੋ ਦਰੁ/ਮਹਲਾ ) ਭਾਵ ਸਭ ਨੂੰ ਨਿਰੰਤਰ ਦਾਤਾਂ ਮਿਲਦੀਆਂ ਰਹਿਣੀਆਂ ਹਨ; ਕੋਈ ਉਸ ਨੂੰ ਯਾਦ ਕਰੇ ਭਾਵੇਂ ਨਾ ਕਰੇ

ਕੇਤੇ ਮੰਗਹਿ, ਜੋਧ ਅਪਾਰ ਕੇਤਿਆ, ਗਣਤ ਨਹੀਂ ਵੀਚਾਰੁ ਕੇਤੇ, ਖਪਿ ਤੁਟਹਿ ਵੇਕਾਰ

ਉਚਾਰਨ : ਮੰਗਹਿਂ, ਕੇਤਿਆਂ, ਨਹੀਂ, ਤੁਟਹਿਂ।

ਪਦ ਅਰਥ : ਕੇਤੇ-ਕਿੰਨੇ ਹੀ। ਮੰਗਹਿ-ਮੰਗਦੇ ਹਨ। ਜੋਧ- ਜੋਧੇ, ਸੂਰਮੇ। ਅਪਾਰ- ਅਣਗਿਣਤ। ਕੇਤਿਆ- ਕਿੰਨਿਆਂ ਦੀ, ਕਈਆਂ ਦੀ। ਗਣਤ-ਗਿਣਤੀ। ਖਪਿ ਤੁਟਹਿ- ਖਪ-ਖਪ ਕੇ ਮਰ ਗਏ। ਵੇਕਾਰ- ਵਿਕਾਰਾਂ ਵਿੱਚ।

ਅਰਥ : ਕਿੰਨੇ ਹੀ ਬੇਅੰਤ ਜੋਧੇ (ਦਾਤਾਰ-ਪਿਤਾ ਤੋਂ ਦਾਤਾਂ) ਮੰਗਦੇ ਰਹਿੰਦੇ ਹਨ। ਕਿੰਨਿਆਂ (ਹੋਰ ਮੰਗਣ ਵਾਲ਼ਿਆਂ) ਦੀ ਗਿਣਤੀ ਨਹੀਂ ਹੋ ਸਕਦੀ, ਵਿਚਾਰ ਨਹੀਂ ਕੀਤੀ ਜਾ ਸਕਦੀ। ਕਿੰਨੇ ਹੀ ਵਿਕਾਰਾਂ (ਭਾਵ ਨਿਰੀਆਂ ਦਾਤਾਂ) ’ਚ ਖਪ-ਖਪ ਕੇ ਮਰ ਗਏ (ਕਿਉਂਕਿ ਦੇਣ ਵਾਲ਼ੇ ਦਾਤਾਰ-ਪਿਤਾ ਨੂੰ ਯਾਦ ਨਾ ਕੀਤਾ)

ਕੇਤੇ, ਲੈ ਲੈ ਮੁਕਰਿ ਪਾਹਿਂ ਕੇਤੇ ਮੂਰਖ, ਖਾਹੀ ਖਾਹਿ ਉਚਾਰਨ : ਖਾਹਿਂ।

ਪਦ ਅਰਥ : ਕੇਤੇ- ਕਿੰਨੇ ਹੀ (ਜੀਵ)। ਲੈ ਲੈ- ਲੈ ਲੈ ਕੇ। ਮੁਕਰਿ ਪਾਹਿਂ- ਮੁਕਰ ਜਾਂਦੇ ਹਨ, (ਦਾਤਾਰ ਨੂੰ) ਭੁਲਾ ਦਿੰਦੇ ਹਨ। ਮੂਰਖ- (ਹਰ ਥਾਂ ਆਪਣਾ) ਮੂੰਹ ਰੱਖਣ ਵਾਲ਼ੇ, ਆਪਣੀ ਸੋਚ ਨੂੰ ਹੀ ਹਰ ਥਾਂ ਸਹੀ ਠਹਿਰਾਉਣ ਵਾਲ਼ੇ। ਖਾਹੀ ਖਾਹਿ- ਖਾਂਦੇ ਹੀ ਖਾਂਦੇ ਹਨ।

ਅਰਥ : ਕਿੰਨੇ ਲੋਕ (ਦਾਤਾਂ) ਲੈ-ਲੈ ਕੇ (ਮਾਲਕ ਨੂੰ) ਭੁਲਾ ਦਿੰਦੇ ਹਨ। ਕਿੰਨੇ ਹੀ ਮੂਰਖ; ਕੇਵਲ ਦਾਤਾਂ ਭੋਗਦੇ ਹਨ (ਜਿਸ ਨੇ ਦਾਤਾਂ ਦਿੱਤੀਆਂ ਉਸ ਨੂੰ ਭੁਲਾ ਦਿੱਤਾ। ਉਸ ਦਾ ਧੰਨਵਾਦ ਕਰਨਾ ਬਣਦਾ ਹੈ, ‘‘ਜਿਸ ਦਾ ਦਿਤਾ ਖਾਵਣਾ; ਤਿਸੁ ਕਹੀਐ ਸਾਬਾਸਿ ’’ (ਮਹਲਾ /੪੭੪), ਪਰ ਗਹਿਰੀ ਦ੍ਰਿਸ਼ਟੀ ਨਾ ਹੋਣਾ ਕਾਰਨ ਮਨੁੱਖ ਨੂੰ ਦਾਤਾਰ-ਮਾਲਕ ਨਾਲ਼ੋਂ ਸਦਾ ਦਾਤ ਵੱਧ ਪਿਆਰੀ ਜਾਪਦੀ ਹੈ ਤਾਹੀਓਂ ਬਚਨ ਕੀਤੇ ਹਨ, ‘‘ਦੇਨਹਾਰੁ ਪ੍ਰਭ ਛੋਡਿ ਕੈ; ਲਾਗਹਿ ਆਨ ਸੁਆਇ (ਹੋਰ ਸੁਆਦ )’’ (ਮਹਲਾ /੨੬੮), ਇਸ ਦਾ ਫਲ਼ ਭੀ ਫਿਰ ਹੇਠਾਂ ਦੱਸਿਆ ਹੈ)

ਕੇਤਿਆ; ਦੂਖ ਭੂਖ ਸਦ ਮਾਰ ਏਹਿ ਭਿ, ਦਾਤਿ ਤੇਰੀ; ਦਾਤਾਰ  ! ਉਚਾਰਨ : ਕੇਤਿਆਂ, ਏਹ।

ਪਦ ਅਰਥ : ਕੇਤਿਆ- ਕਈਆਂ ਨੂੰ। ਦੂਖ ਭੂਖ ਮਾਰ- ਦੁੱਖਾਂ ਭੁੱਖਾਂ ਦੀ ਮਾਰ। ਸਦ- ਸਦਾ। ਏਹਿ ਭਿ- ਇਹ (ਦੁੱਖ-ਭੁੱਖ) ਭੀ। ਦਾਤਾਰ- ਹੇ ਦਾਤਾਰ ਪ੍ਰਭੂ ! ਹੇ (ਜੀਵ-ਜੰਤੂਆਂ ਨੂੰ) ਦਾਤਾਂ ਦੇਣ ਵਾਲ਼ੇ !

ਅਰਥ : (ਦਾਤਾਰ-ਪਿਤਾ ਨੂੰ ਭੁੱਲਣ ਕਾਰਨ) ਕਈਆਂ ਨੂੰ ਦੁੱਖ, ਭੁੱਖ ਆਦਿ ਦੀ ਸਦਾ ਮਾਰ ਪੈਂਦੀ ਹੈ (ਭਾਵੇਂ ਕਿ) ਹੇ ਦਾਤਾਰ ਮਾਲਕ  ! (ਹੋਰ ਦਾਤਾਂ ਵਾਙ) ਇਹ ਭੀ ਤੇਰੀ ਹੀ ਇੱਕ ਦਾਤ ਹੈ (ਭਾਵ ਤੇਰੇ ਹੁਕਮ ’ਚ ਹੀ ‘ਦੂਖ ਭੂਖ’ ਮਿਲਦੇ ਹਨ; ਜਿਵੇਂ ਕਿ ਬਚਨ ਹਨ, ‘‘ਹੁਕਮਿ ਲਿਖਿ, ਦੁਖ ਸੁਖ ਪਾਈਅਹਿ ’’ ਜਪੁ)।

ਵਿਚਾਰ : ਅਕਸਰ ਸਿੱਖ; ਖ਼ਾਸਕਰ ਬੀਬੀਆਂ ‘ਦੁਖ ਭੰਜਨੀ, ਚੌਪਈ, ਸੁਖਮਨੀ ਸਾਹਿਬ’ ਆਦਿ ਦਾ ਪਾਠ; ਰੱਬ ਨਾਲ਼ ਲਗਾਅ ਪੈਦਾ ਕਰਨ ਲਈ ਨਹੀਂ ਬਲਕਿ ਸਰੀਰਕ ਤੇ ਪਰਵਾਰਿਕ ਪੀੜਾ ਤੋਂ ਛੁਟਕਾਰਾ ਪਾਉਣ ਲਈ ਕਰਦੀਆਂ ਹਨ ਜਦ ਕਿ ‘‘ਦੁਖ ਭੰਜਨੁ ਤੇਰਾ ਨਾਮੁ ਜੀ; ਦੁਖ ਭੰਜਨੁ ਤੇਰਾ ਨਾਮੁ ’’ (ਮਹਲਾ /੨੧੮) ਬਚਨ ਭੀ ਦੁੱਖਾਂ ਤੋਂ ਮੁਕਤ ਹੋਣ ਦਾ ਸਾਧਨ ‘ਹਰੀ ਦੇ ਨਾਮ’ ਨੂੰ ਬਿਆਨ ਕਰਦੇ ਹਨ। ਵਿਚਾਰਨਯੋਗ ਹੈ ਕਿ ਸੁਖਮਨੀ ਸਾਹਿਬ ਰਚਨ ਵਾਲ਼ੇ ਗੁਰੂ ਅਰਜਨ ਸਾਹਿਬ ਜੀ ਨੂੰ ਭੀ ਤੱਤੀ ਤਵੀ ’ਤੇ ਬੈਠਾ ਕੇ ਸ਼ਹੀਦ ਕੀਤਾ ਹੈ। ਗੁਰਬਾਣੀ ਅਨੁਸਾਰ ਦੁੱਖਾਂ ਤੋਂ ਮੁਕਤ ਹੋਣ ਦਾ ਭਾਵ ਆਤਮ ਬਲ/ਚਾਨਣ ਨਾਲ਼ ਇਨ੍ਹਾਂ ਨੂੰ ਮਹਿਸੂਸ ਨਾ ਹੋਣ ਦੇਣਾ ਹੈ; ਜਿਵੇਂ ਕਿ ਬਚਨ ਹਨ ‘‘ਜੋ ਨਰੁ, ਦੁਖ ਮੈ; ਦੁਖੁ ਨਹੀ ਮਾਨੈ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ (ਹਿਰਦੇ ); ਕੰਚਨ ਮਾਟੀ ਮਾਨੈ ਰਹਾਉ ’’ (ਮਹਲਾ /੬੩੩), ਸਰੀਰਕ ਕਸ਼ਟ ਅਵੱਸ਼ ਆਉਣੇ ਹਨ ਕਿਉਂਕਿ ਨਸੀਬ ’ਚ ਪੈਦਾਇਸ਼ ਤੋਂ ਹੀ ਪਾਇਆ ਹੈ, ‘‘ਜੋ ਕਿਛੁ ਪਾਇਆ; ਸੁ ਏਕਾ ਵਾਰ ..੩੧’’ (ਜਪੁ), ਇਸ ਲਈ ਇਸ ਸਚਾਈ ਵਿਰੁਧ ਅਰਦਾਸਾਂ ਕਰੀ ਜਾਣੀਆਂ ਸਹੀ ਨਹੀਂ; ਜਿਵੇਂ ਕਿ ਬਚਨ ਹਨ, ‘‘ਨਾਨਕ  ! ਬੋਲਣੁ ਝਖਣਾ; ਦੁਖ ਛਡਿ (ਕੇ), ਮੰਗੀਅਹਿ ਸੁਖ (ਕਿਉਂਕਿ) ਸੁਖੁ ਦੁਖੁ ਦੁਇ, ਦਰਿ (ਤੋਂ ਮਿਲੇ) ਕਪੜੇ; ਪਹਿਰਹਿ ਜਾਇ ਮਨੁਖ (ਇਸ ਲਈ) ਜਿਥੈ ਬੋਲਣਿ ਹਾਰੀਐ; ਤਿਥੈ ਚੰਗੀ ਚੁਪ ’’ (ਮਹਲਾ /੧੪੯), ਪਰ ਹਾਂ ਜੇਕਰ ਮਾਲਕ; ਨੌਕਰ ਦੀ ਦਿਲੀ ਭਾਵਨਾ ਤੋਂ ਬਹੁਤ ਪ੍ਰਸੰਨ ਹੋ ਜਾਵੇ ਤਾਂ ਮਰੀ ਹੋਈ ਗਾਂ ਭੀ ਜੀਵਤ ਕਰ ਸਕਦਾ ਹੈ, ਬਿਨਾ ਸੁਆਸ ਦੇ ਭੀ ਜੀਵਤ ਰੱਖ ਸਕਦਾ ਹੈ, ‘‘ਪ੍ਰਭ ਭਾਵੈ; ਬਿਨੁ ਸਾਸ ਤੇ ਰਾਖੈ ’’ (ਸੁਖਮਨੀ/ਮਹਲਾ /੨੭੭)

ਪੰਜਾਬੀ ਲੋਕ, ‘‘ਦੂਖ ਭੂਖ ਸਦ ਮਾਰ’’ ਦੇ ਸਬੰਧ ’ਚ ਬੋਲੇ ਇਨ੍ਹਾਂ ਬੋਲਾਂ ‘‘ਏਹਿ ਭਿ, ਦਾਤਿ ਤੇਰੀ; ਦਾਤਾਰ  ! ’’ ਨੂੰ ਅਕਸਰ ਆਪਣੀਆਂ ਗੱਡੀਆਂ ’ਤੇ ਲਿਖਵਾ ਲੈਂਦੇ ਹਨ, ਜੋ ਸੁਖਦਾਈ ਜੀਵਨ ਦਾ ਪ੍ਰਤੀਕ ਹੁੰਦੀਆਂ ਹਨ, ਨਾ ਕਿ ‘ਦੂਖ ਭੂਖ’ ਦਾ।

ਬੰਦਿ ਖਲਾਸੀ; ਭਾਣੈ ਹੋਇ ਹੋਰੁ; ਆਖਿ ਸਕੈ, ਕੋਇ

ਪਦ ਅਰਥ : ਬੰਦਿ- (ਦੂਖ ਭੂਖ) ਬੰਦਨ ਤੋਂ। ਖਲਾਸੀ- ਮੁਕਤੀ। ਭਾਣੈ- (ਰੱਬ ਦੀ) ਰਜ਼ਾ ਵਿੱਚ। ਹੋਰੁ- (ਇਸ ਤੋਂ ਇਲਾਵਾ ਕੋਈ) ਹੋਰ (ਤਰੀਕਾ)। ਨ ਆਖਿ ਸਕੈ- ਨਹੀਂ ਦੱਸ ਸਕਦਾ, ਨਹੀਂ ਸਮਝਾ ਸਕਦਾ। ਕੋਇ- ਕੋਈ (ਮਨੁੱਖ)।

ਅਰਥ : (‘ਦੂਖ ਭੂਖ’) ਬੰਧਨ ਤੋਂ ਮੁਕਤੀ (ਕਰਤਾਰ ਦੀ) ਰਜ਼ਾ ’ਚ (ਚੱਲਦਾ ਹਾਂ, ਇਹ ਸਵੀਕਾਰਨ ਨਾਲ਼) ਹੁੰਦੀ ਹੈ, (ਇਸ ਤੋਂ ਇਲਾਵਾ) ਹੋਰ ਕੋਈ ਸਾਧਨ ਨਹੀਂ ਦੱਸਿਆ ਜਾ ਸਕਦਾ (ਕਿਉਂਕਿ ਆਪਣੇ ਆਪ ਨੂੰ ਹੁਕਮ ’ਚ ਚੱਲਦਾ ਹਾਂ, ਮਹਿਸੂਸ ਕਰ ਸਿੱਖ; ਹੁਕਮ ਕਰਤਾ ਦੇ ਡਰ-ਅਦਬ ’ਚ ਹਰ ਸਮੇਂ ਰਹਿੰਦਾ ਹੈ। ਆਪਣੇ ਹਰ ਕਾਰਜ ਦਾ ਮਹੱਤਵ ਆਪਣੇ ’ਤੇ ਨਾ ਲੈ ਕੇ ਹੁਕਮ ਦੇ ਕਰਤਾ (ਮਾਲਕ) ਨੂੰ ਦੇਣ ਨਾਲ਼ ‘ਕੂੜ ਦੀ ਪਾਲਿ’ ਢਹਿੰਦੀ ਹੈ। ਉਸ ਨੂੰ ਯਾਦ ਰੱਖਣਾ ਹੀ ਉਸ ਦਾ ਮਿਸਰਨ ਹੈ।)

ਜੇ ਕੋ ਖਾਇਕੁ; ਆਖਣਿ ਪਾਇ ਓਹੁ ਜਾਣੈ; ਜੇਤੀਆ ਮੁਹਿ ਖਾਇ ਉਚਾਰਨ : ਓਹ, ਜੇਤੀਆਂ, ਮੁੰਹ।

ਪਦ ਅਰਥ : ਕੋ- ਕੋਈ। ਖਾਇਕੁ- ਮੂਰਖ (ਮੂੰਹ+ਰੱਖ ਯਾਨੀ ਰੱਬ ਵੱਲੋਂ ਮਿਲਦੀ ਹਰ ਦਾਤ ਨਾਲ਼ ਸਮਾਜ ’ਚ ਆਪਣਾ ਮੂੰਹ ਰੱਖਣ ਵਾਲ਼ਾ)। ਆਖਣਿ ਪਾਇ-ਆਖਣ ਵਿੱਚ ਲੱਗੇ, ਆਖਣਾ ਚਾਹੇ, ਦੱਸਣ ਦਾ ਦਾਅਵਾ ਕਰੇ। ਓਹੁ- ਉਹ (ਮੂਰਖ)। ਜੇਤੀਆ- ਜਿੰਨੀਆਂ (ਜੁੱਤੀਆਂ, ਫਿਟਕਾਰਾਂ)। ਮੁਹਿ- ਮੂੰਹ ਉੱਤੇ।

ਅਰਥ : ਜੇ ਕੋਈ ਮੂਰਖ (ਉਕਤ ਯੁਕਤੀ ਤੋਂ ਇਲਾਵਾ ਕੋਈ ਹੋਰ ਤਰੀਕਾ) ਦੱਸਣ ਦਾ ਦਾਅਵਾ ਕਰੇ (ਤਾਂ ਉਹ ਦੂਖ-ਭੂਖ ਦੀ ਮਾਰ ਤੋਂ ਨਹੀਂ ਬਚਦਾ, ਇਨ੍ਹਾਂ ਦੀਆਂ) ਜਿੰਨੀਆਂ ਚੋਟਾਂ ਮੂੰਹ ’ਤੇ ਸਹਾਰਦਾ ਹੈ, ਉਹ (ਖ਼ੁਦ) ਹੀ ਜਾਣਦਾ ਹੈ (ਗੁਰੂ ਸਾਹਿਬ ਦੇ ਇਹ ਅੰਮ੍ਰਿਤਮਈ ਬੋਲ, ਉਨ੍ਹਾਂ ’ਤੇ ਭੀ ਢੁਕਦੇ ਹਨ, ਜੋ ਦਾਤਾਰ-ਪਿਤਾ ਨੂੰ ਭੁਲਾ ਕੇ ਕੇਵਲ ਸਰੀਰਕ ਕਸ਼ਟਾਂ ਦੀ ਨਵਿਰਤੀ ਲਈ ‘ਦੁੱਖ ਭੰਜਨੀ, ਚੌਪਈ’ ਆਦਿ ਦੇ ਨਿਰੰਤਰ ਪਾਠ ਕਰਨ ਲੱਗੇ ਹਨ ਕਿਉਂਕਿ ਅਰਥਹੀਣ ਸ਼ਰਧਾ ਕਾਰਨ ਉਪਜਦੀ ਦੂਖ-ਭੂਖ ਵਾਲ਼ੀ ਪੀੜਾ; ਗੁਰਬਾਣੀ ਪ੍ਰਤੀ ਸੰਦੇਹ ਪੈਦਾ ਕਰਾਈ ਰੱਖਦੀ ਹੈ ਕਿ ਐਨੇ ਪਾਠ ਕਰਨ ਉਪਰੰਤ ਭੀ ਸੁਖਦਾਈ ਜੀਵਨ ਨਾ ਪਨਪਿਆ। ਗੁਰੂ ਨਾਨਕ ਸਾਹਿਬ ਵਾਰ ਵਾਰ ਐਸੀ ਸੋਝੀ ਬਖ਼ਸ਼ਦੇ ਹਨ ਕਿ ‘‘ਤੇਰਾ ਭਾਣਾ; ਸਭੁ ਕਿਛੁ ਹੋਵੈ ਮਨਹਠਿ ਕੀਚੈ; ਅੰਤਿ ਵਿਗੋਵੈ ਰਹਾਉ ’’ (ਮਹਲਾ /੩੫੬) ਭਾਵ  ਹੇ ਪ੍ਰਭੂ ! ਤੇਰੀ ਰਜ਼ਾ ’ਚ ਸਭ ਕਿਛੁ ਵਾਪਰਦਾ ਹੈ, ਪਰ ਇਸ ’ਤੇ ਬਣੀ ਬੇਭਰੋਸਗੀ ਕਾਰਨ ਮਨਹਠ ਧਾਰਿਆਂ ਸਦਾ ਖੱਜਲ-ਖੁਆਰ ਹੋਈਦਾ ਹੈ)

ਆਪੇ ਜਾਣੈ; ਆਪੇ ਦੇਇ ਆਖਹਿ; ਸਿ ਭਿ, ਕੇਈ ਕੇਇ ਉਚਾਰਨ : ਆਖਹਿਂ।

ਪਦ ਅਰਥ : ਆਪੇ- (ਦਾਤਾਰ) ਆਪ ਹੀ। ਜਾਣੈ- (ਦਿਲੀ ਉਮੰਗ ਨੂੰ) ਜਾਣਦਾ ਹੈ। ਆਖਹਿ- ਆਖਦੇ ਹਨ। ਸਿ ਭਿ- ਇਹ (ਤੱਥ/ਅਸਲ ਸਚਾਈ) ਭੀ। ਕੇਈ ਕੇਇ- ਕਈ (ਅਸਲ ਭਗਤ)।

ਅਰਥ : ਕਈ (ਆਸ਼ਾਵਾਦੀ) ਭਗਤ; ਇਹ (ਸਚਾਈ) ਬੋਲਦੇ ਰਹਿੰਦੇ ਹਨ ਕਿ (ਮਾਲਕ ਸਭ ਦੀ ਪੀੜਾ ਨੂੰ) ਆਪ ਹੀ ਜਾਣਦਾ ਹੈ ਤੇ (ਲੋੜ ਅਨੁਸਾਰ) ਆਪ ਹੀ ਦੇਈ ਜਾਂਦਾ ਹੈ, ਦੇ ਦਿੰਦਾ ਹੈ (ਭਾਵ ਵੱਧ ਪ੍ਰਾਪਤੀ ਲਈ ਬੇਚੈਨ ਹੋਣ ਦੀ ਲੋੜ ਨਹੀਂ। ਜਦ ਨੌਕਰ; ਆਪਣੇ ਮਾਲਕ ਦਾ ਹੁਕਮ ‘ਸਤਿ ਬਚਨ’ ਕਹਿ ਕੇ ਮੰਨਦਾ ਹੋਵੇ ਤਾਂ ਮਾਲਕ ਖ਼ੁਸ਼ੀ ਨਾਲ਼ ਉਸ ਦੀ ਤਨਖ਼ਾਹ ਹੋਰ ਵਧਾ ਦਿੰਦਾ ਹੈ, ‘‘ਚਾਕਰੁ ਲਗੈ ਚਾਕਰੀ; ਜੇ ਚਲੈ ਖਸਮੈ ਭਾਇ (ਮਾਲਕ ਦੀ ਰਜ਼ਾ ) ਹੁਰਮਤਿ (ਸ਼ੋਭਾ) ਤਿਸ ਨੋ ਅਗਲੀ (ਬਹੁਤੀ); ਓਹੁ ਵਜਹੁ (ਲਾਭ) ਭਿ ਦੂਣਾ ਖਾਇ ’’ ਮਹਲਾ /੪੭੪)

ਜਿਸ ਨੋ ਬਖਸੇ; ਸਿਫਤਿ ਸਾਲਾਹ ਨਾਨਕ  ! ਪਾਤਿਸਾਹੀ ਪਾਤਿਸਾਹੁ ੨੫

ਉਚਾਰਨ : ਬਖ਼ਸ਼ੇ, ਪਾਤਿਸ਼ਾਹੀਂ, ਪਾਤਿਸ਼ਾਹ।

ਪਦ ਅਰਥ : ਨੋ- ਨੂੰ, ਲਈ। ਸਿਫਤਿ ਸਾਲਾਹ- ਸਿਫ਼ਤਿ ਸਾਲਾਹ (ਰੂਪ ਦਾਤ)। ਪਾਤਿਸਾਹੀ- ਬਾਦਿਸ਼ਾਹਾਂ ਦਾ।

ਅਰਥ : ਹੇ ਨਾਨਕ  ! (ਅਣਮੰਗਿਆਂ ਮਿਲਦੀਆਂ ਦਾਤਾਂ ਤੋਂ ਇਲਾਵਾ) ਜਿਸ ਨੂੰ (ਮਾਲਕ; ਰੂਹ ਨੂੰ ਪ੍ਰਫੁਲਿਤ ਕਰਨ ਵਾਲ਼ੀ ਆਪਣੀ) ਸਿਫ਼ਤ-ਸਲਾਹ ਰੂਪ ਵਿਸ਼ੇਸ਼ ਦਾਤ ਭੀ ਬਖ਼ਸ਼ਦਾ ਹੈ, (ਉਹ) ਪਾਤਿਸ਼ਾਹਾਂ ਦਾ ਬਾਦਿਸ਼ਾਹ ਹੈ ਭਾਵ ਉਹ ‘‘ਦੂਖ-ਭੂਖ ਸਦ ਮਾਰ’’ ਦੇਰ ਹੇਠੋਂ ਨਿਕਲ ਜਾਂਦਾ ਹੈ।

ਵਿਚਾਰ : ਮਾਲਕ ਪਾਸੋਂ ਇਹ ਖ਼ਾਸ ਦਾਤ/ਬਖ਼ਸ਼ਸ਼ ਲੈਣ ਲਈ ਕੋਈ ਪਦਾਰਥ/ਵਸਤੂ ਭੇਟ ਕਰਨ ਦੀ ਲੋੜ ਨਹੀਂ ਕਿਉਂਕਿ ਇਹ ਬੜੀ ਅਮੋਲਕ ਦਾਤ ਹੈ, ਜੋ ਸਮਾਜਿਕ ਵਸਤੂਆਂ ਬਦਲੇ ਨਹੀਂ ਮਿਲਦੀਆਂ; ਇਹੀ ਵਿਚਾਰ ਅਗਾਂਹ 26ਵੀਂ ਪਉੜੀ ’ਚ ਹੈ।

ਅਮੁਲ ਗੁਣ, ਅਮੁਲ ਵਾਪਾਰ ਅਮੁਲ ਵਾਪਾਰੀਏ, ਅਮੁਲ ਭੰਡਾਰ ਉਚਾਰਨ : ਅ+ਮੁਲ।

ਪਦ ਅਰਥ : ਅਮੁਲੁ- ਧਨ-ਪਦਾਰਥ ਨਾਲ਼ ਜਿਸ ਦਾ ਮੁੱਲ ਨਾ ਪਵੇ। ਵਾਪਾਰੀਏ- (ਅਮੋਲਕ ਵਸਤੂ) ਖਰੀਦਣ ਵਾਲ਼ੇ। ਭੰਡਾਰ- (ਰੱਬੀ ਗੁਣਾਂ ਦੇ) ਖ਼ਜ਼ਾਨੇ।

ਅਰਥ : (ਦਾਤਾਰ-ਪਿਤਾ ਕੋਲ਼) ਬਹੁ ਕੀਮਤੀ ਗੁਣਾਂ ਦੇ ਅਮੋਲਕ ਖ਼ਜ਼ਾਨੇ ਹਨ (ਉਨ੍ਹਾਂ ਦਾ) ਅਮੋਲਕ ਹੀ ਵਣਜ-ਵਪਾਰ ਹੈ ਭਾਵ ਇਨ੍ਹਾਂ ਦਾ ਵਣਜ ਕਰਨ ਬਦਲੇ ਮਨ ਦਾ ਮਾਣ (ਮੈ-ਮੇਰੀ) ਹੀ ਤਿਆਗਣਾ ਹੈ, ਨਾ ਕਿ ਕੋਈ ਵਸਤੂ ਭੇਟਾ ਦੇਣੀ ਹੈ। ਬਹੁਮੁੱਲੇ (ਹੀ ਇਹ) ਵਪਾਰ ਕਰਨ ਵਾਲ਼ੇ (ਜੀਵਨ) ਹੁੰਦੇ ਹਨ (ਜੋ ਸੱਚ ਲਈ ਕੁਰਬਾਨ ਹੋ ਜਾਂਦੇ ਹਨ)। ਭਗਤ ਕਬੀਰ ਜੀ ਦੇ ਬਚਨ ਹਨ, ‘‘ਕੰਚਨ ਸਿਉ; ਪਾਈਐ ਨਹੀਂ ਤੋਲਿ (ਕੇ) ਮਨੁ ਦੇ (ਦੇ ਕੇ); ਰਾਮੁ ਲੀਆ ਹੈ ਮੋਲਿ ’’ ਭਗਤ ਕਬੀਰ/੩੨੭) ਭਾਵ ਮਨ ਦਾ ਅਹੰਕਾਰ (ਕੂੜੈ ਪਾਲਿ) ਤਿਆਗ ਕੇ ਰਾਮ-ਨਾਮ ਖ਼ਰੀਦ ਹੁੰਦਾ ਹੈ, ਨਾ ਕਿ ਸੋਨੇ ਆਦਿ ਭੇਟ ਕਰਨ ਬਦਲੇ ਮਿਲਦਾ ਹੈ

ਅਮੁਲ ਆਵਹਿ, ਅਮੁਲ ਲੈ ਜਾਹਿ ਅਮੁਲ ਭਾਇ, ਅਮੁਲਾ ਸਮਾਹਿ

ਉਚਾਰਨ : ਅ+ਮੁਲ, ਆਵਹਿਂ, ਜਾਹਿਂ, ਸਮਾਹਿਂ।

ਪਦ ਅਰਥ : ਆਵਹਿ- ਆਉਂਦੇ ਹਨ। ਲੈ- ਲੈ ਕੇ। ਜਾਹਿ- ਜਾਂਦੇ ਹਨ। ਭਾਇ- ਪ੍ਰੇਮ ਨਾਲ਼। ਸਮਾਹਿ- (ਰੱਬ ’ਚ) ਸਮਾ ਜਾਂਦੇ ਹਨ।

ਅਰਥ : (ਚੰਗੇ ਨਸੀਬਾਂ ਨਾਲ਼ ਇਹ) ਬਹੁਮੁੱਲੇ (ਗੁਣ ਖ਼ਰੀਦਣ; ਭਗਤ-ਜਨ ਸੰਸਾਰ ’ਚ) ਆਉਂਦੇ ਹਨ। ਬਹੁਮੁੱਲੇ ਗੁਣ (ਖ਼ਰੀਦ ਕੇ ਇੱਥੋਂ) ਲੈ ਜਾਂਦੇ ਹਨ। ਬਹੁਮੁੱਲੇ (ਪ੍ਰਭੂ) ਪ੍ਰੇਮ ਨਾਲ਼ ਬਹੁਮੁੱਲੇ (ਮਾਲਕ ’ਚ) ਲੀਨ ਹੋ ਜਾਂਦੇ ਹਨ; ਜਿਵੇਂ ਨਦੀਆਂ ਤੇ ਨਾਲੇ; ਸਮੁੰਦਰ ’ਚ ਅਭੇਦ ਹੁੰਦੇ ਹਨ ‘‘ਨਦੀਆ ਅਤੈ ਵਾਹ; ਪਵਹਿ ਸਮੁੰਦਿ.. ੨੩’’ (ਜਪੁ)

ਵਿਚਾਰ : ਇਸ ਪਉੜੀ ਦੀਆਂ ਉਕਤ ਦੋਵੇਂ ਤੁਕਾਂ ’ਚ 8 ਵਾਰ ‘ਅਮੁਲ’ (ਮੁਕਤਾ ਅੰਤ); ਬਹੁ ਵਚਨ ਵਿਸ਼ੇਸ਼ਣ ਹੈ, ਪਰ ਹੁਣ ਅਗਾਂਹ 9 ਵਾਰ ‘ਅਮੁਲੁ’ (ਔਂਕੜ ਅੰਤ) ਇੱਕ ਵਚਨ ਵਿਸ਼ੇਸ਼ਣ ਹੈ ਕਿਉਂਕਿ ਇਸ ਨਾਲ਼ ਦਰਜ ਸਾਰੇ ਨਾਂਵ ਭੀ ਇੱਕ ਵਚਨ ਪੁਲਿੰਗ ਹਨ; ਜਿਵੇਂ ਕਿ ‘ਧਰਮੁ, ਦੀਬਾਣੁ, ਤੁਲੁ, ਪਰਵਾਣੁ’ ਜਦ ਕਿ ‘ਅਮੁਲ’ (ਬਹੁ ਵਚਨ) ਨਾਲ਼ ਉਕਤ ਨਾਂਵ ਤੇ ਕਿਰਿਆਵਾਂ ਬਹੁ ਵਚਨ ਸਨ; ਜਿਵੇਂ ਕਿ ‘ਗੁਣ, ਵਾਪਾਰ, ਵਾਪਾਰੀਏ, ਭੰਡਾਰ, ਆਵਹਿ, ਜਾਹਿ, ਸਮਾਹਿ’।

ਅਮੁਲੁ ਧਰਮੁ, ਅਮੁਲੁ ਦੀਬਾਣੁ ਅਮੁਲੁ ਤੁਲੁ, ਅਮੁਲੁ ਪਰਵਾਣੁ ਉਚਾਰਨ : ਅਮੁੱਲ।

ਪਦ ਅਰਥ : ਧਰਮੁ- ਰੂਹ ਦੀ ਖ਼ੁਰਾਕ, ਰੂਹਾਨੀਅਤ ਬਲ/ਚਾਨਣ, ਧਾਰਨ/ਗ੍ਰਹਿਣ ਕਰਨਯੋਗ ਨੈਤਿਕਤਾ। ਦੀਬਾਣੁ- ਦਰਗਾਹ, ਕਚਹਿਰੀ, ਇਨਸਾਫ਼ ਘਰ (ਜਿੱਥੇ ਜੀਵਨ ਆਚਰਨ/ਇਖ਼ਲਾਕ ਦੀ ਪਰਖ ਹੁੰਦੀ ਹੈ)। ਤੁਲੁ- ਤੱਕੜੀ, ਤਰਾਜ਼ੂ (ਪਰਖ-ਕਸੌਟੀ)। ਪਰਵਾਣੁ- ਵੱਟਾ (ਜਿਸ ਨਾਲ਼ ਕਿਰਦਾਰ ਤੋਲੀਦਾ ਹੈ ਭਾਵ ਫ਼ੈਸਲਾ ਕਰਨ ਵਾਲ਼ਾ ਜੱਜ/ਜਸਟਿਸ)

ਅਰਥ : ਅਮੋਲਕ ਹੀ (ਦਾਤਾਰ ਦਾ) ਕਾਨੂੰਨ ਹੈ। ਅਮੋਲਕ ਇਨਸਾਫ਼ ਘਰ ਹੈ। ਅਮੋਲਕ ਤਰਾਜ਼ੂ ਹੈ। ਅਮੋਲਕ ਹੀ ਫ਼ੈਸਲਾ ਕਰਨ ਵਾਲ਼ਾ ਜੱਜ ਹੈ ਯਾਨੀ ਕੁੱਝ ਲੈ ਦੇ ਕੇ ਗ਼ਲਤ ਫ਼ੈਸਲਾ ਨਹੀਂ ਕਰਾਇਆ ਜਾ ਸਕਦਾ; ਜਿਵੇਂ ਕਿ ਬਚਨ ਹਨ ਕਿ ਜੋ ਹੱਥ ਕਰੇਗਾ ਓਹੀ ਭਰੇਗਾ, ‘‘ਅਹਿ ਕਰੁ (ਹੱਥ) ਕਰੇ, ਸੁ ਅਹਿ ਕਰੁ ਪਾਏ; ਕੋਈ ਪਕੜੀਐ, ਕਿਸੈ ਥਾਇ ’’ (ਮਹਲਾ /੪੦੬)

ਅਮੁਲ ਬਖਸੀਸ, ਅਮੁਲੁ ਨੀਸਾਣੁ ਅਮੁਲੁ ਕਰਮੁ, ਅਮੁਲੁ ਫੁਰਮਾਣੁ

ਉਚਾਰਨ : ਅਮੁੱਲ, ਬਖ਼ਸ਼ੀਸ਼, ਨੀਸ਼ਾਣ, ਫ਼ੁਰਮਾਣ।

ਪਦ ਅਰਥ : ਬਖਸੀਸ- (ਰੱਬ ਦੀ) ਮਿਹਰ (ਜਿਸ ਨਾਲ਼ ਖ਼ਾਸ ਦਾਤ ਮਿਲਦੀ ਹੈ ਯਾਨੀ ਭਗਤ ’ਤੇ ਹੁੰਦੀ) ਦਇਆ ਦ੍ਰਿਸ਼ਟੀ। ਨੀਸਾਣੁ- (ਮਿਹਰ ਦਾ) ਚਿੰਨ੍ਹ (ਜਿਵੇਂ ਕਿ ਆਤਮਿਕ ਉੱਨਤੀ, ਚਾਨਣ, ਬਲ, ਨਿਡਰਤਾ, ਸਬਰ, ਆਦਿ)। ਕਰਮੁ- ਚੰਗਾ-ਮੰਦਾ ਨਸੀਬ, ਕੀਤੇ ਕੰਮਾਂ ਦਾ ਫਲ਼। ਫੁਰਮਾਣੁ- (ਮਿਹਰ ਕਰਾਉਣ ਵਾਲ਼ਾ) ਹੁਕਮ।

ਅਰਥ : (ਸੇਵਕ ਉੱਤੇ ਰੱਬ ਦੀ) ਅਮੋਲਕ ਦਇਆ ਦ੍ਰਿਸ਼ਟੀ ਹੁੰਦੀ ਹੈ। ਅਮੋਲਕ ਹੀ (ਮਿਲਦੀ ਦਾਤ ਦਾ) ਚਿੰਨ੍ਹ ਹੈ (ਇਸ ਦਾਤ ਦੀ ਪ੍ਰਾਪਤੀ ’ਚ ਕੋਈ ਵਿਘਨ ਭੀ ਨਹੀਂ ਪਾ ਸਕਦਾ; ਜਿਵੇਂ ਕਿ ਆਪ ਜੀ ਦੇ ਹੀ ਬਚਨ ਹਨ, ‘‘ਕਰਮਿ (ਮਿਹਰ ਨਾਲ਼) ਮਿਲੈ; ਨਾਹੀ ਠਾਕਿ ਰਹਾਈਆ (ਰੋਕ ਪੈਂਦੀ)’’ ਸੋ ਦਰੁ/ਮਹਲਾ /੧੩) ਅਮੋਲਕ (ਹੀ ਜਗਤ ਕਾਰ-ਵਿਹਾਰ ਚਲਾਉਣ ਵਾਲ਼ਾ) ਹੁਕਮ ਹੈ। ਅਮੋਲਕ ਹੀ (ਸਿਰ ’ਤੇ) ਨਸੀਬ ਲਿਖਿਆ ਹੁੰਦਾ ਹੈ ਯਾਨੀ ਚੰਗੀ ਜੂਨ ਜਾਂ ਚੰਗੇ ਘਰਾਣੇ ’ਚ ਜਨਮ ਲੈਣ ਲਈ ਭੇਟਾ ਨਹੀਂ ਦੇਣੀ ਪੈਂਦੀ।

ਵਿਚਾਰ : ਜਿਵੇਂ ਤੀਜੀ ਪਉੜੀ ’ਚ 8 ਕੁ ਮਿਸਾਲਾਂ ‘‘ਗਾਵੈ ਕੋ ਤਾਣੁ.. ਗਾਵੈ ਕੋ ਦਾਤਿ; ਜਾਣੈ ਨੀਸਾਣੁ ’’ ਆਦਿ ਦੇਣ ਉਪਰੰਤ ਅੰਤ ’ਚ ਅਸੀਮ ਅਸੀਮ ‘‘ਕਥਨਾ ਕਥੀ; ਆਵੈ ਤੋਟਿ ਕਥਿ ਕਥਿ ਕਥੀ; ਕੋਟੀ ਕੋਟਿ ਕੋਟਿ ..’’ ਕਹਿ ਕੇ ਪ੍ਰਸੰਗ ਨੂੰ ਸਮੇਟਿਆ ਸੀ; ਵੈਸੇ ਹੀ ਇਸ ਪਉੜੀ ’ਚ ਉਕਤ ਚੱਲਦੇ ਪ੍ਰਸੰਗ ਨੂੰ ਅਗਾਂਹ ਅਸੀਮ ਅਸੀਮ ਕਹਿ ਕੇ ਸਮੇਟਿਆ ਗਿਆ ਹੈ।

ਅਮੁਲੋ ਅਮੁਲੁ, ਆਖਿਆ ਜਾਇ ਆਖਿ ਆਖਿ ਰਹੇ, ਲਿਵ ਲਾਇ ਉਚਾਰਨ : ਅਮੁੱਲੋ ਅਮੁੱਲ।

ਪਦ ਅਰਥ : ਅਮੁਲੋ ਅਮੁਲੁ- ਅਮੋਲਕ ਹੀ ਅਮੋਲਕ (ਰੱਬ ’ਚ ਗੁਣ ਹਨ)। ਆਖਿਆ ਨਾ ਜਾਇ- (ਜਿਨ੍ਹਾਂ ਬਾਰੇ ਹੋਰ ਵਧੇਰੇ) ਵਰਣਨ ਨਹੀਂ ਕੀਤਾ ਜਾ ਸਕਦਾ। ਆਖਿ ਆਖਿ- ਕਹਿ ਕਹਿ ਕੇ। ਰਹੇ- ਰਹਿ ਗਏ, ਮਰ ਗਏ। ਲਿਵ ਲਾਇ- ਲਿਵ ਲਗਾ-ਲਗਾ ਕੇ, ਇਕਾਗਰ ਚਿੱਤ ਹੋ ਕੇ।

ਅਰਥ : (ਉਕਤ ਵੇਰਵਿਆਂ ਤੋਂ ਇਲਾਵਾ ਦਾਤਾਰ-ਪਿਤਾ ’ਚ ਹੋਰ ਭੀ ਬੜੇ) ਅਮੋਲਕ ਅਮੋਲਕ (ਗੁਣ) ਹਨ, (ਜਿਨ੍ਹਾਂ ਸਾਰਿਆਂ ਨੂੰ) ਬਿਆਨ ਨਹੀਂ ਕੀਤਾ ਜਾ ਸਕਦਾ। ਧਿਆਨ ਜੋੜ ਜੋੜ ਕੇ (ਭਗਤ-ਜਨ; ਇਹ ਗੁਣ) ਬਿਆਨ ਕਰ ਕਰ ਕੇ ਥੱਕ ਗਏ, ਜੀਵਨ-ਲੀਲ੍ਹਾ ਸਮਾਪਤ ਕਰ ਗਏ।

ਆਖਹਿ; ਵੇਦ ਪਾਠ ਪੁਰਾਣ ਆਖਹਿ ਪੜੇ, ਕਰਹਿ ਵਖਿਆਣਉਚਾਰਨ : ਆਖਹਿਂ, ਪੜ੍ਹੇ, ਕਰਹਿਂ।

ਪਦ ਅਰਥ : ਆਖਹਿ- ਆਖਦੇ ਹਨ। ਪਾਠ- ਅਧਿਆਇ। ਵੇਦ- ਹਿੰਦੂ ਮੱਤ ਦੇ ਸਭ ਤੋਂ ਪੁਰਾਤਨ ਚਾਰ ਗ੍ਰੰਥ (ਰਿਗਵੇਦ, ਯਜੁਰਵੇਦ, ਸਾਮਵੇਦ, ਅਥ੍ਰਵਵੇਦ)। ਪੁਰਾਣ- ਹਿੰਦੂ ਮੱਤ ਦੇ 18 ਪੁਰਾਣ (ਵਿਸਨੁ, ਪਦਮ, ਬ੍ਰਹਮ, ਸ਼ਿਵ, ਭਾਗਵਤ, ਨਾਰਦ, ਮਾਰਕੰਡੇਯ, ਅਗਨਿ, ਬ੍ਰਹ-ਵੈਵਰਤ, ਲਿੰਗ, ਵਾਰਾਹ, ਸਕੰਦ, ਵਾਮਨ, ਕੂਰਮ, ਮਤਸ੍ਯ ਗਰੁੜ, ਬ੍ਰਹਮਾਂਡ ਅਤੇ ਭਵਿਸ਼੍ਯ ਪੁਰਾਣ। ਹੋਰ 18 ਉਪ ਪੁਰਾਣ ਭੀ ਹਨ ‘ਸਨਕ ਕੁਮਾਰ, ਨਾਰਸਿੰਹ, ਨਾਰਦੀਯ, ਦੇਵੀ ਭਾਗਵਤ, ਦੁਰਵਾਸਾ, ਕਪਿਲ, ਮਾਨਵ, ਔਸ਼ਨਸ, ਵਰੁਣ, ਕਾਲਿਕਾ, ਸ਼ਾਂਬ, ਨੰਦਾ, ਸੌਰ ਪਾਰਾਸ਼ਰ, ਆਦਿਤਯ, ਮਾਹੇਸ਼੍ਵਰ, ਭ੍ਰਾਗਵ ਅਤੇ ਵਾਸ਼ਿਸ੍ਟ’ ਹਵਾਲਾ ਮਹਾਨ ਕੋਸ਼)। ਪੜੇ- ਪੜ੍ਹੇ ਹੋਏ, ਬੁਧੀਮਾਨ (ਪੰਡਿਤ)। ਕਰਹਿ- ਕਰਦੇ ਹਨ, ਦੱਸਦੇ ਹਨ। ਵਖਿਆਣ- ਕਥਨ।

ਅਰਥ : (ਰੱਬ ਦੇ ਗੁਣਾਂ ਬਾਰੇ) ਵੇਦ ਅਤੇ ਪੁਰਾਣਾਂ ਦੇ ਅਧਿਆਇ ਭੀ ਆਖਦੇ ਹਨ। ਪੜ੍ਹੇ ਲਿਖੇ ਵਿਦਵਾਨ ਭੀ ਵਰਣਨ ਕਰਦੇ ਹਨ, ਜੋ ਹੋਰਾਂ ਨੂੰ ਕਥਨ ਕਰਿਆ ਕਰਦੇ ਹਨ।

ਆਖਹਿ ਬਰਮੇ, ਆਖਹਿ ਇੰਦ ਆਖਹਿ ਗੋਪੀ ਤੈ ਗੋਵਿੰਦ ਉਚਾਰਨ : ਆਖਹਿਂ, ਬਰ੍ਹਮੇ।

ਪਦ ਅਰਥ : ਬਰਮੇ- ਬ੍ਰਹਮੇ (ਵਰਗੇ ਅਨੇਕਾਂ, ਜਿਨ੍ਹਾਂ ਨੂੰ ਸ੍ਰਿਸ਼ਟੀ ਦਾ ਰਚੇਤਾ ਮੰਨਿਆ ਗਿਆ)। ਇੰਦ- ਇੰਦ੍ਰ (ਦੇਵਤੇ ਵਰਗੇ, ਜਿਨ੍ਹਾਂ ਨੂੰ ਸੁਰਗ ’ਚ ਦੇਵਤਿਆਂ ਦਾ ਰਾਜਾ ਮੰਨਿਆ ਹੈ)। ਗੋਪੀ- ਗੋਪੀਆਂ (ਜੋ ਗਾਈਆਂ ਚਰਾਉਂਦੇ ਕ੍ਰਿਸ਼ਨ ਜੀ ਨਾਲ਼ ਰਾਸ-ਲੀਲ੍ਹਾ (ਰੰਗ-ਰਲੀਆਂ) ਮਨਾਉਂਦੀਆਂ ਰਹੀਆਂ ਸਨ)। ਗੋਵਿੰਦ- ਕ੍ਰਿਸ਼ਨ ਜੀ (ਵਰਗੇ ਅਨੇਕਾਂ)।

ਅਰਥ : ਕਈ ਬ੍ਰਹਮੇ, ਕਈ ਇੰਦਰ, ਅਨੇਕਾਂ ਗੋਪੀਆਂ ਅਤੇ ਕ੍ਰਿਸ਼ਨ ਜੀ (ਆਦਿਕ ਭੀ ਰੱਬ ਦੇ ਗੁਣਾਂ ਬਾਰੇ) ਆਖਦੇ ਹਨ।

ਆਖਹਿ ਈਸਰ, ਆਖਹਿ ਸਿਧ ਆਖਹਿ ਕੇਤੇ, ਕੀਤੇ ਬੁਧ ਉਚਾਰਨ : ਆਖਹਿਂ, ਈਸ਼ਰ।

ਪਦ ਅਰਥ : ਈਸਰ- ਸ਼ਿਵ ਜੀ (ਵਰਗੇ, ਜੋ ਸ੍ਰਿਸ਼ਟੀ ਨੂੰ ਨਾਸ ਕਰਦਾ, ਮੰਨਿਆ ਗਿਆ)। ਸਿਧ- ਪੁੱਗੇ ਹੋਏ ਜੋਗੀ (ਜੋ ਰਿੱਧੀਆਂ-ਸਿੱਧੀਆਂ ਦੇ ਮਾਲਕ ਹਨ ਭਾਵ ਕਰਾਮਤੀ ਸ਼ਕਤੀਆਂ ਵਿਖਾਉਣ ਵਾਲ਼ੇ)। ਕੇਤੇ- ਕਿਤਨੇ, ਕਿੰਨੇ ਹੀ। ਬੁਧ- ਮਹਾਤਮਾ ਬੁੱਧ ਵਰਗੇ।

ਅਰਥ : (ਕਰਤਾਰ ਦੁਆਰਾ) ਪੈਦਾ ਕੀਤੇ ਕਿੰਨੇ ਹੀ ਬੋਧੀ, ਕਿੰਨੇ ਹੀ ਸ਼ਿਵ, ਕਿੰਨੇ ਹੀ ਸਿੱਧ-ਜੋਗੀ (ਆਦਿ ਦਾਤਾਰ-ਪਿਤਾ ਬਾਰੇ) ਆਖਦੇ ਹਨ।

ਆਖਹਿ ਦਾਨਵ, ਆਖਹਿ ਦੇਵ ਆਖਹਿ ਸੁਰਿਨਰ, ਮੁਨਿ ਜਨ ਸੇਵ ਉਚਾਰਨ : ਆਖਹਿਂ।

ਪਦ ਅਰਥ : ਦਾਨਵ- ਰਾਖਸ਼, ਦੈਂਤ (ਦਰਾਵੜ ਰਾਜੇ, ਦੱਖਣ ਭਾਰਤ ਦੇ ਮੂਲ ਸ਼ਹਰੀ)। ਦੇਵ- ਦੇਵਤੇ (ਆਰੀਅਨ ਰਾਜੇ, ਉੱਤਰ-ਪੱਛਮ ਭਾਰਤ ’ਚ ਆ ਕੇ ਵਸੇ ਕਬੀਲਿਆਂ ਦੇ ਰਾਜੇ)। ਸੁਰਿ ਨਰ- ਸ੍ਰੇਸ਼ਟ ਮਨੁੱਖ। ਮੁਨਿ ਜਨ- ਰਿਸ਼ੀ ਮੁਨੀ। ਸੇਵ- ਸੇਵਕ, ਭਗਤ।

ਅਰਥ : ਬੇਅੰਤ ਰਾਖਸ਼ (ਦੈਂਤ), ਬੇਅੰਤ ਦੇਵਤੇ, ਸ੍ਰੇਸ਼ਟ ਮਨੁੱਖ, ਰਿਸ਼ੀ ਮੁਨੀ, ਭਗਤ ਜਨ (ਆਦਿ ਭੀ ਐਸਾ ਹੀ) ਆਖਦੇ ਹਨ।

ਵਿਚਾਰ : ਉਕਤ ਦੋ ਸ਼ਬਦ ਆਏ ਹਨ, ‘‘ਆਖਹਿ ਸਿਧ, ਆਖਹਿ ਦਾਨਵ’’ ਭਾਵ ਨਿਰਾਕਾਰ ਦੇ ਅਮੋਲਕ ਗੁਣਾਂ ਬਾਰੇ ਬੋਧੀ ਤੇ ਰਾਖਸ਼ ਵੀ ਕਹਿੰਦੇ ਹਨ, ਪਰ ਜੇਕਰ ਮਹਾਤਮਾ ਬੁੱਧ ਅਤੇ ਰਾਖਸ਼ਾਂ ਦਾ ਇਤਿਹਾਸ ਪੜ੍ਹੀਏ ਤਾਂ ਉਹ ਕਿਸੇ ਅਦ੍ਰਿਸ਼/ਦੈਵੀ ਸ਼ਕਤੀ, ਜੋ ਕਿ ਪ੍ਰਸੰਗ ਅਨੁਸਾਰ ਇੱਥੇ ਦਾਤਾਰ-ਪਿਤਾ ਹੈ, ਨੂੰ ਨਹੀਂ ਮੰਨਦੇ। ਫਿਰ ਗੁਰੂ ਜੀ ਨੇ ਕਿਉਂ ਕਿਹਾ ਕਿ ਇਹ ਭੀ ਦਾਤਾਰ ਦੇ ਅਮੋਲਕ ਗੁਣਾਂ ਦਾ ਵਰਣਨ ਕਰਦੇ ਹਨ ?

ਪਿਛਾਂਹ 22ਵੀਂ ਪਉੜੀ ’ਚ ਵਿਚਾਰਿਆ ਜਾ ਚੁੱਕਾ ਹੈ ਕਿ ਗੁਰੂ ਸਾਹਿਬ; ਜਿਸ ਸ਼ਬਦ ’ਚ ਪਹਿਲਾਂ ਆਪਣਾ ਵਿਸ਼ਾ ਸਪਸ਼ਟ ਕਰ ਦੇਣ, ਓਥੇ ਬਾਅਦ ’ਚ ਅਨਮਤ ਦੀ ਮਿਸਾਲ ਨਾਲ਼ ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਰਵਾਇਤੀ ਲੋਕਾਂ ਦੀ ਧਾਰਨਾ ਦੀ ਟੇਕ ਲਈ ਹੁੰਦੀ ਹੈ। ਹੁਣ ਸਵਾਲ ਹੈ ਕਿ ਜੇ ਇਹ ਵਾਕਿਆ ਈ ਦਾਤਾਰ-ਪਿਤਾ ਦੇ ਗੁਣਾਂ ਬਾਰੇ ਨਹੀਂ ਜਾਣਦੇ ਤਾਂ ਗੁਰੂ ਸਾਹਿਬ; ਐਸਾ ਝੂਠਾ ਦਿਲਾਸਾ ਕਿਉਂ ਦਿੰਦੇ ਹਨ ?

ਜਵਾਬ : ਗੁਰੂ ਨਾਨਕ ਜੀ ਨੇ ਆਪਣੇ ਜੀਵਨ ਕਾਲ (ਸੰਨ 1469-1539) ਦੌਰਾਨ 40-50 ਹਜ਼ਾਰ ਕਿਲੋਮੀਟਰ (ਜਦ ਕਿ ਧਰਤੀ ਦਾ ਘੇਰਾ 40,075 ਕਿਲੋਮੀਟਰ ਹੈ) ਪੈਦਲ ਚੱਲ ਕੇ ਜਗ੍ਹਾ ਜਗ੍ਹਾ ਧਾਰਮਿਕ ਗੋਸਟੀਆਂ/ਚਰਚਾਵਾਂ ਕੀਤੀਆਂ। ਜਿਨ੍ਹਾਂ ’ਚ ਰਵਾਇਤੀ ਧਰਮਾਂ ਨੂੰ ਪਰਣਾਇ ਪੰਡਿਤ, ਮਹਾਤਮਾ ਬੁੱਧ ਦੇ ਚੇਲੇ/ਭਿਖਸ਼ੂ, ਇਸਲਾਮ ਧਰਮ ਦੇ ਮੌਲਵੀ, ਜੋਗ ਮੱਤ ਦੇ ਗਿਆਤਾ (ਸਿੱਧ) ਅਤੇ ਦੱਖਣ ਭਾਰਤ ਦੇ ਦਰਾਵੜਾਂ (ਰਾਖਸ਼ਾਂ) ਦੇ ਪੈਰੋਕਾਰ ਭੀ ਸਨ। ਇਨ੍ਹਾਂ ਨਾਲ਼ ਵਿਚਾਰ-ਗੋਸਟੀਆਂ ਕਰਨ ਤੋਂ ਬਾਅਦ ਗੁਰੂ ਜੀ ਨੇ ਇਹ ਤੱਤ ਕੱਢਿਆ ਕਿ ਇਹ ਸਭ; ਕਿਸੇ ਨਾ ਕਿਸੇ ਰੂਪ ’ਚ ਅਦ੍ਰਿਸ਼ ਸ਼ਕਤੀ ’ਤੇ ਵਿਸ਼ਵਾਸ ਤਾਂ ਰੱਖਦੇ ਹਨ ਭਾਵੇਂ ਕਿ ਇਨ੍ਹਾਂ ਦੇ ਧਾਰਮਿਕ ਗ੍ਰੰਥਾਂ ’ਚ ਉਸ ਬਾਰੇ ਬਹੁਤੀ ਸਪਸ਼ਟ ਵਿਆਖਿਆ ਨਹੀਂ। ਇਸ ਲਈ ਗੁਰੂ ਸਾਹਿਬ ਨੇ ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਇਨ੍ਹਾਂ ਦੀ ਇਸ ਵਿਸ਼ਵਾਸ ਭਰਪੂਰ ਧਾਰਨਾ ਦੀ ਹੀ ਟੇਕ ਲਈ ਹੈ। ਮਿਸਾਲ ਵਜੋਂ ਬਾਈਬਲ ਨੂੰ ਜਿਸ ਨਜ਼ਰੀਏ ਨਾਲ਼ ਰੂੜ੍ਹੀਵਾਦੀ ਰੋਮਨ ਕੈਥੋਲਿਕ ਈਸਾਈ ਵੇਖਦੇ ਹਨ; ਵੈਸਾ ਮਾਡਰਨ ਪ੍ਰੋਟੈਸਟੈਂਟ ਚਰਚ ਵਾਲ਼ੇ ਈਸਾਈ ਨਹੀਂ ਮੰਨਦੇ। ਕੁਰਾਨ ਨੂੰ ਭੀ ਜਿਸ ਤਰ੍ਹਾਂ ਸੁੰਨੀ ਮੁਸਲਮਾਨ ਵੇਖਦੇ ਹਨ; ਵੈਸਾ ਅਜੋਕੇ ਸੂਫ਼ੀ ਮੁਸਲਮਾਨ ਨਹੀਂ ਮੰਨਦੇ ਕਿਉਂਕਿ ਇਨ੍ਹਾਂ ਨੇ ਕਿਸੇ ਨਾ ਕਿਸੇ ਰੂਪ ’ਚ ਨਵੀਨ ਧਰਮ ਤੋਂ ਪ੍ਰਭਾਵਤ ਹੋ ਕੇ ਆਪਣੇ ਪੁਰਾਤਨ ਗ੍ਰੰਥਾਂ ਦੇ ਅਰਥ ਸਮਝੇ ਹਨ। ਅੱਜ ਕਈ ਸਿੱਖ ਵੀ ਗੁਰਬਾਣੀ ਨੂੰ ਅਜੋਕੇ ਵਿਗਿਆਨਿਕ ਨਜ਼ਰੀਏ ਨਾਲ਼ ਵੇਖਦੇ ਹਨ, ਜੋ ਕਿ ਸਹੀ ਨਹੀਂ ਕਿਉਂਕਿ ਵਿਗਿਆਨਿਕ ਕਾਢਾਂ ’ਚ ਨਵੇਂ ਬਦਲਾਅ ਹੁੰਦੇ ਰਹਿਣੇ ਹਨ। ਜੇ 2-4 ਹਜ਼ਾਰ ਸਾਲ ਬਾਅਦ ਵਿਗਿਆਨ ਨੇ ਆਪਣੀ ਅਜੋਕੀ ਕਿਸੇ ਖੋਜ ਨੂੰ ਗ਼ਲਤ ਕਹਿ ਦਿੱਤਾ ਤਾਂ ਉਸ ਅਨੁਸਾਰ ਗੁਰਬਾਣੀ ਦੇ ਕੀਤੇ ਅਰਥਾਂ ਦਾ ਕੀ ਬਣੇਗਾ ?

ਸੰਨ 1581 ’ਚ ਅਕਬਰ ਬਾਦਿਸ਼ਾਹ ਨੇ ਨਵਾਂ ਧਰਮ ‘ਦੀਨ ਏ ਇਲਾਹੀ’ ਚਲਾਇਆ, ਜਿਹੜਾ ਉਸ ਨੂੰ (ਗੁਰੂ ਨਾਨਕ ਜੀ ਵਾਙ) ਪ੍ਰਾਪਤ ਹੋਇਆ ਪੈਦਾਇਸ਼ੀ ਗਿਆਨ ਨਹੀਂ ਸੀ ਬਲਕਿ ਗੁਰਬਾਣੀ ਦੁਆਰਾ ਮਿਲਿਆ ਸਰਬ ਸਾਂਝੀਵਾਲ ਭਰਪੂਰ ਗਿਆਨ ਹੀ ਹੈ, ਜਿਸ ਦ੍ਰਿਸ਼ਟੀ ਨਾਲ਼ ਉਸ ਨੇ ਕੁਰਾਨ ਦੀ ਵਿਆਖਿਆ (‘ਦੀਨ ਏ ਇਲਾਹੀ’ ਵਜੋਂ) ਕੀਤੀ ਸੀ। ਇਤਿਹਾਸ ਗਵਾਹ ਹੈ ਕਿ ਸੰਨ 1566 ’ਚ (ਗੁਰੂ) ਰਾਮਦਾਸ ਜੀ ਨੇ ਲਹੌਰ ਵਿਖੇ ਜਾ ਕੇ ਅਕਬਰ ਬਾਦਿਸ਼ਾਹ ਨੂੰ ਗੁਰੂ ਸਿਧਾਂਤ ਸਮਝਾਇਆ ਕਿਉਂਕਿ ਪੰਡਿਤਾਂ ਨੇ ਬਾਦਿਸ਼ਾਹ ਕੋਲ਼ ਸ਼ਿਕਾਇਤ ਕੀਤੀ ਸੀ ਕਿ ਸਿੱਖ ਗਾਇਤ੍ਰੀ ਮੰਤਰ ਨਹੀਂ ਪੜ੍ਹਦੇ। ਪੰਜ ਸਾਲ ਬਾਅਦ (ਸੰਨ 1571 ’ਚ) ਅਕਬਰ; ਗੁਰੂ ਅਮਰਦਾਸ ਜੀ ਨੂੰ ਮਿਲਣ ਲਈ ਗੋਇਦਵਾਲ ਸਾਹਿਬ ਆਇਆ। ਤੀਸਰੀ ਵਾਰ ਫਿਰ ਸੰਨ 1598 ’ਚ ਗੋਇਦਵਾਲ ਸਾਹਿਬ ਵਿਖੇ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨਾਂ ਲਈ ਆਇਆ। ਇਨ੍ਹਾਂ (1566-1598) ਸਾਲਾਂ ’ਚ ਹੀ ਅਕਬਰ ਨੇ ਆਪਣਾ ਨਵਾਂ ਮਜ਼੍ਹਬ ਸ਼ੁਰੂ ਕੀਤਾ ਹੈ। ਇੱਦਾਂ ਹੀ ਗੁਰਮਤਿ ਦਾ ਅਸਰ; ਗੁਰੂ ਨਾਨਕ ਸਾਹਿਬ ਜੀ ਦੀਆਂ ਚਾਰ ਉਦਾਸੀਆਂ ਰਾਹੀਂ ਪੰਡਿਤਾਂ, ਬੋਧੀਆਂ, ਮੌਲਵੀਆਂ, ਜੋਗੀਆਂ ਆਦਿ ’ਤੇ ਪਿਆ ਤਾਹੀਓਂ ਜੋਗੀਆਂ ਨੂੰ ਸਮਝ ਸੀ ਕਿ ਤੁਹਾਡਾ ਧਰਮ ਤਾਂ ਗ੍ਰਿਹਸਤ ਪ੍ਰਧਾਨ ਹੈ; ਫਿਰ ਗ੍ਰਿਹਸਤ ਨੂੰ ਛੱਡ ਕੇ ਉਦਾਸੀ ਲਿਬਾਸ ਕਾਹਦੇ ਲਈ ਪਾਇਆ ਹੈ, ‘‘ਕਿਸੁ ਕਾਰਣਿ; ਗ੍ਰਿਹੁ ਤਜਿਓ ਉਦਾਸੀ  ?’’, ਜਵਾਬ ’ਚ ਗੁਰੂ ਜੀ ਨੇ ਕਿਹਾ ਕਿ ਗੁਰਮੁਖ ਲੱਭਣ ਲਈ ਅਸਾਂ ਇਹ ਲਿਬਾਸ ਧਾਰਿਆ ਹੈ, ‘‘ਗੁਰਮੁਖਿ ਖੋਜਤ ਭਏ ਉਦਾਸੀ ’’ (ਗੋਸਟਿ/ਮਹਲਾ /੯੩੯)

ਸੋ ਇਸ 26ਵੀਂ ਪਉੜੀ ’ਚ ‘ਦੇਵਤੇ, ਬੁੱਧ, ਮੁਨੀ, ਰਾਖਸ਼’ ਆਦਿ ਦੁਆਰਾ ਰੱਬੀ ਗੁਣਾਂ ਨੂੰ ਅਮੋਲਕ ਕਹਿਣਾ; ਕੇਵਲ ਇਨ੍ਹਾਂ ਦੇ ਪੈਰੋਕਾਰਾਂ ਦੁਆਰਾ ਆਪਣੇ ਗ੍ਰੰਥਾਂ ਨੂੰ ਨਵੇਂ ਅਰਥਾਂ ’ਚ ਵਿਚਾਰਨ ਦਾ ਸਿਟਾ ਹੈ, ਨਾ ਕਿ ਪੁਰਾਤਨ ਧਰਮਾਂ ਵਰਗਾ ਹੀ ਗੁਰਮਤਿ-ਧਰਮ ਹੈ। ਬਾਣੀਕਾਰਾਂ ਦਾ ਰਵਾਇਤੀ ਧਰਮਾਂ ਬਾਰੇ ਇਹ ਨਜ਼ਰੀਆ ਰਿਹਾ ਹੈ, ‘‘ਕਾਦੀ ਕੂੜੁ ਬੋਲਿ; ਮਲੁ ਖਾਇ ਬ੍ਰਾਹਮਣੁ ਨਾਵੈ; ਜੀਆ ਘਾਇ (ਜੀਵ ਮਾਰ ਕੇ) ਜੋਗੀ ਜੁਗਤਿ ਜਾਣੈ ਅੰਧੁ ਤੀਨੇ ਓਜਾੜੇ ਕਾ ਬੰਧੁ (ਮਹਲਾ /੬੬੨), ਪੰਡਿਤ ਮੁਲਾਂ; ਜੋ ਲਿਖਿ ਦੀਆ ਛਾਡਿ ਚਲੇ ਹਮ; ਕਛੂ ਲੀਆ (ਭਗਤ ਕਬੀਰ/੧੧੫੯), ਹਿੰਦੂ ਅੰਨ੍ਹਾ; ਤੁਰਕੂ ਕਾਣਾ ਦੁਹਾਂ ਤੇ; ਗਿਆਨੀ ਸਿਆਣਾ (ਕਿਉਂਕਿ) ਹਿੰਦੂ ਪੂਜੈ ਦੇਹੁਰਾ; ਮੁਸਲਮਾਣੁ ਮਸੀਤਿ ਨਾਮੇ ਸੋਈ ਸੇਵਿਆ; ਜਹ (ਜ੍ਹਾਂ) ਦੇਹੁਰਾ ਮਸੀਤਿ ’’ (ਭਗਤ ਨਾਮਦੇਵ/੮੭੫), ਆਦਿ।

ਕੇਤੇ ਆਖਹਿ, ਆਖਣਿ ਪਾਹਿ ਕੇਤੇ ਕਹਿ ਕਹਿ, ਉਠਿ ਉਠਿ ਜਾਹਿਉਚਾਰਨ : ਆਖਹਿਂ, ਪਾਹਿਂ, ਜਾਹਿਂ।

ਪਦ ਅਰਥ : ਕੇਤੇ- ਕਿੰਨੇ ਹੀ। ਆਖਣਿ ਪਾਹਿ- ਕਹਿਣਾ ਚਾਹੁੰਦੇ ਹਨ। ਕਹਿ ਕਹਿ- ਆਖ ਆਖ ਕੇ। ਉਠਿ ਉਠਿ- (ਸੰਸਾਰ ਤੋਂ) ਉੱਠ-ਉੱਠ ਕੇ, ਮਰ-ਮਰ ਕੇ, ਉਮਰ ਭੋਗ-ਭੋਗ ਕੇ।

ਅਰਥ : (ਦਾਤਾਰ-ਪਿਤਾ ਦੀਆਂ ਦਾਤਾਂ ਬਾਰੇ ਹੋਰ ਭੀ) ਕਿੰਨੇ ਆਖਦੇ ਹਨ, ਕਿੰਨੇ ਹੀ ਆਖਣ ’ਚ ਲੱਗੇ ਹੋਏ ਹਨ ਤੇ ਕਿੰਨੇ ਹੀ ਆਖ ਆਖ ਕੇ ਜੀਵਨ ਖ਼ਤਮ ਕਰ ਗਏ।

ਏਤੇ ਕੀਤੇ, ਹੋਰਿ ਕਰੇਹਿ ਤਾ, ਆਖਿ ਸਕਹਿ; ਕੇਈ ਕੇਇਉਚਾਰਨ : ਕਰੇਹਿਂ, ਤਾਂ, ਸਕਹਿਂ।

ਪਦ ਅਰਥ : ਏਤੇ- ਇਤਨੇ, ਐਨੇ (ਜਿੰਨੇ ਕਿ ਬਿਆਨ ਕੀਤੇ ਗਏ)। ਕੀਤੇ- ਪੈਦਾ ਕੀਤੇ ਹੋਏ। ਹੋਰਿ- (ਐਨੇ) ਹੋਰ (ਬਹੁ ਵਚਨ, ਪੜਨਾਂਵ)। ਕਰੇਹਿ- (ਹੇ ਪ੍ਰਭੂ !) ਜੇ ਤੂੰ ਕਰ ਦੇਵੇਂ (ਦੂਜਾ ਪੁਰਖ, ਇਕ ਵਚਨ ਕਿਰਿਆ)। ਤਾ- ਤਾਂ ਭੀ, ਫਿਰ ਭੀ। ਕੇਈ ਕੇਇ- (ਸਾਰਿਆਂ ’ਚੋਂ) ਕੋਈ ਇੱਕ ਭੀ।

ਅਰਥ : (ਹੇ ਦਾਤਾਰ-ਪਿਤਾ  ! ਤੈਂ ਕਰਤੇ ਕੈ ਕਰਣੈ ’ਚ ਹੁਣ ਤੱਕ) ਇਤਨੇ ਪੈਦਾ ਕੀਤੇ ਹਨ ਤੇ ਇਤਨੇ ਹੀ ਹੋਰ ਪੈਦਾ ਕਰ ਦੇਵੇਂ ਤਾਂ ਭੀ (ਤੇਰੇ ਸਮੂਹ ਗੁਣਾਂ ਦਾ) ਕਈ-ਕਈ ਮਿਲ ਕੇ ਭੀ ਅੰਦਾਜ਼ਾ ਨਹੀਂ ਲਗਾ ਸਕਦੇ ਕਿਉਂਕਿ..

ਜੇਵਡੁ ਭਾਵੈ, ਤੇਵਡੁ ਹੋਇ ਨਾਨਕ  ! ਜਾਣੈ ਸਾਚਾ ਸੋਇ

ਪਦ ਅਰਥ : ਜੇਵਡੁ- ਜਿੰਨਾ (ਵੱਡਾ)। ਭਾਵੈ- (ਜਿੰਨਾ ਵੱਡਾ ਹੋਣਾ ਤੈਨੂੰ) ਪਸੰਦ ਹੈ। ਤੇਵਡੁ- ਓਨਾ (ਵੱਡਾ)। ਨਾਨਕ- ਹੇ ਨਾਨਕ ! ਜਾਣੈ- (ਆਪਣੇ ਆਪ ਨੂੰ) ਜਾਣਦਾ ਹੈ। ਸੋਇ ਸਾਚਾ- ਉਹ ਸੱਚਾ (ਖ਼ੁਦ, ਆਪ)।

ਅਰਥ : ਹੇ ਨਾਨਕ  ! (ਕਰਤਾਰ ਨੂੰ) ਜਿੰਨਾ (ਵਿਸ਼ਾਲ ਹੋਣਾ) ਪਸੰਦ ਹੈ, ਓਨਾ (ਵੱਡਾ) ਹੋ ਜਾਂਦਾ ਹੈ (ਆਪਣੀ ਵਿਸ਼ਾਲਤਾ ਨੂੰ) ਉਹ ਸਦੀਵੀ ਹੋਂਦ ਵਾਲ਼ਾ ਆਪ ਹੀ ਜਾਣਦਾ ਹੈ।

ਜੇ ਕੋ ਆਖੈ ਬੋਲਵਿਗਾੜੁ ਤਾ ਲਿਖੀਐ, ਸਿਰਿ ਗਾਵਾਰਾ ਗਾਵਾਰੁ੨੬ਉਚਾਰਨ : ਤਾਂ, ਗਾਵਾਰਾਂ।

ਪਦ ਅਰਥ : ਕੋ- ਕੋਈ। ਬੋਲਵਿਗਾੜੁ- ਬਹੁਤਾ ਬੋਲਣ ਵਾਲ਼ਾ, ਗੱਲ ਨੂੰ ਵਧਾ-ਚੜ੍ਹਾ ਕੇ ਬਿਆਨ ਕਰਨ ਵਾਲ਼ਾ, ਬੜਬੋਲਾ । ਲਿਖੀਐ- ਲਿਖਿਆ ਜਾਂਦਾ ਹੈ, ਮੰਨਿਆ ਜਾਂਦਾ ਹੈ। ਸਿਰਿ- ਸਿਰ ਉੱਤੇ ਭਾਵ ਵੱਡਾ, ਸ੍ਰੇਸ਼ਟ, ਅਸਲ। ਗਾਵਾਰਾ ਗਾਵਾਰੁ- ਮੂਰਖਾਂ ਵਿੱਚੋਂ (ਅਸਲ) ਮੂਰਖ।

ਅਰਥ : ਜੇ ਕੋਈ ਬੜਬੋਲਾ ਬੰਦਾ ਆਖੇ (ਕਿ ਦਾਤਾਰ ਦੇ ਸਮੂਹ ਅਮੋਲਕ ਗੁਣਾਂ ਨੂੰ ਜਾਣ ਚੁੱਕਿਆ ਹਾਂ) ਤਾਂ (ਉਸ ਨੂੰ) ਮੂਰਖਾਂ ’ਚੋਂ ਵੱਡਾ ਮੂਰਖ ਸਮਝਿਆ ਜਾਣਾ ਚਾਹੀਦਾ ਹੈ।

ਸੋ ਦਰੁ ਕੇਹਾ  ! ਸੋ ਘਰੁ ਕੇਹਾ  ! ਜਿਤੁ ਬਹਿ, ਸਰਬ ਸਮਾਲੇਉਚਾਰਨ : ਸੰਮ੍ਹਾਲੇਂ।

ਪਦ ਅਰਥ : ਸੋ ਦਰੁ- ਉਹ ਦਰਵਾਜ਼ਾ, ਬੂਹਾ। ਕੇਹਾ- ਕੈਸਾ, ਕਿਹੋ ਜਿਹਾ ਅਦਭੁਤ  ! ! ਸੋ ਘਰੁ- ਉਹ ਨਿਵਾਸ ਸਥਾਨ, ਰਿਹਾਇਸ਼। ਜਿਤੁ- ਜਿਸ ਵਿੱਚ ਭਾਵ ਜਿੱਥੇ। ਬਹਿ- ਬਹਿ ਕੇ। ਸਰਬ- ਸਾਰਿਆਂ ਨੂੰ। ਸਮਾਲੇ- ਸੰਭਾਲ਼ਦਾ ਹੈਂ।

ਅਰਥ : (ਹੇ ਨਿਰਾਕਾਰ ਦਾਤਾਰ-ਪਿਤਾ  ! ਤੇਰਾ) ਉਹ ਬੂਹਾ, ਉਹ ਘਰ ਕਿਹੋ ਜਿਹਾ (ਅਦਭੁਤ) ਹੈ  ! ਜਿਸ ਵਿੱਚ ਬੈਠ ਕੇ ਤੂੰ (ਸਾਰੇ ਜੀਵਾਂ ਦੀ) ਸੰਭਾਲ਼ ਕਰਦਾ ਹੈਂ  !

ਵਿਚਾਰ : ਉਕਤ ਸਵਾਲ ਦਾ ਜਵਾਬ ਹੇਠਾਂ ਦਿੱਤਾ ਹੈ ਕਿ ‘ਸੋ ਦਰੁ, ਸੋ ਘਰੁ’ ’ਚ ਐਸਾ ਮਨਮੋਹਕ ਅਨੰਦ ਹੈ, ਨਜ਼ਾਰਾ ਹੈ :

ਵਾਜੇ ਨਾਦ, ਅਨੇਕ ਅਸੰਖਾ; ਕੇਤੇ ਵਾਵਣਹਾਰੇ

ਨੋਟ : ‘ਅਸੰਖਾ’ ਦਾ ਉਚਾਰਨ ਬਿੰਦੀ ਸਹਿਤ ‘ਅਸੰਖਾਂ’ ਨਹੀਂ ਹੈ ਕਿਉਂਕਿ ਇੱਥੇ ‘ਾ’ ਵੈਸਾ ਹੀ ਕਾਵਿ ਤੋਲ ਪੂਰਾ ਕਰਨ ਲਈ ਹੈ; ਜਿਵੇਂ ‘‘ਗੁਰਾ  ! ਇਕ ਦੇਹਿ ਬੁਝਾਈ ’’ (ਜਪੁ) ਵਾਕ ’ਚ ‘ਗੁਰ’ ਤੋਂ ‘ਗੁਰਾ’ ਬਣਿਆ।

ਪਦ ਅਰਥ : ਵਾਜੇ- ਵੱਜਦੇ ਹਨ। ਨਾਦ- ਅਨੰਦਮਈ ਸੰਗੀਤ। ਅਨੇਕ- ਅਨ+ਏਕ ਭਾਵ ਇੱਕ ਨਹੀਂ, ਅਨੇਕਾਂ ਹੀ। ਅਸੰਖਾ- ਸੰਖਿਆ ਰਹਿਤ, ਗਿਣਤੀ ਤੋਂ ਬਿਨਾਂ ਭਾਵ ‘ਅ+ਸੰਖ’।

ਅਰਥ : (ਉਸ ਅਦਭੁਤ ਦਰ-ਘਰ ਵਿਖੇ) ਅਣਗਿਣਤ ਕਿਸਮ ਦੇ ਅਨੰਦਮਈ ਸੰਗੀਤ-ਧੁਨ ਵੱਜਦੇ ਹਨ ਕਿਉਂਕਿ ਉਨ੍ਹਾਂ ਨੂੰ ਵਜਾਉਣ ਵਾਲ਼ੇ ਭਗਤ-ਜਨ ਵੀ ਬੇਅੰਤ ਹਨ ਭਾਵ ਸਰਬ ਵਿਆਪਕ ਕਰਤਾਰ ’ਚ ਅਭੇਦ ਹੋਏ ਅਨੇਕਾਂ ਭਗਤ-ਜਨ; ਸੰਗੀਤਮਈ ਅਨੰਦ ਵਾਙ ਮਸਤੀ ’ਚ ਰਹਿੰਦੇ ਹਨ।

ਨੋਟ : ਗੁਰਬਾਣੀ; ਰਾਗ ਆਧਾਰਿਤ ਰਚਨਾ ਹੈ ਯਾਨੀ ਰੱਬ ਦੀ ਸਿਫ਼ਤ-ਸਲਾਹ ਕਰਨ ’ਚ ਰਾਗ-ਧੁਨ ਵੀ ਸਹਾਇਕ ਹੁੰਦੀ ਹੈ; ਜਿਵੇਂ ਕਿ ਗੁਰੂ ਅਮਰਦਾਸ ਜੀ ਦੇ ਬਚਨ ਹਨ, ‘‘ਰਾਗਾ ਵਿਚਿ ਸ੍ਰੀਰਾਗੁ ਹੈ; ਜੇ ਸਚਿ () ਧਰੇ ਪਿਆਰੁ ’’ (ਮਹਲਾ /੮੩) ਭਾਵ ਰਾਗਾਂ ਵਿੱਚੋਂ ਸ੍ਰੇਸ਼ਟ ਰਾਗ; ਸ੍ਰੀ ਰਾਗ ਹੈ, ਜੇ (ਇਸ ਰਾਹੀਂ) ਸਦੀਵੀ ਸਥਿਰ ਮਾਲਕ ਨਾਲ਼ ਪਿਆਰ ਬਣੇ। ਚੇਤੇ ਰਹੇ ਕਿ ਸ੍ਰੀਰਾਗ; ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ 31 ਰਾਗਾਂ ਵਿੱਚੋਂ ਪਹਿਲੇ ਸਥਾਨ ’ਤੇ ਦਰਜ ਹੈ।

 ਰਾਗਾਂ ਦੇ ਉਸਤਾਦ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਹਨ, ‘‘ਪੰਚ ਬਜਿਤ੍ਰ ਕਰੇ ਸੰਤੋਖਾ; ਸਾਤ ਸੁਰਾ ਲੈ ਚਾਲੈ ’’ (ਮਹਲਾ /੮੮੫) ਅਰਥ : ਸੱਚਾ ਭਗਤ; ਪ੍ਰਭੂ ’ਚ ਲੈ/ਲੀਨ ਹੋਣ ਲਈ (ਸਤ) ਸੰਤੋਖ (ਦਇਆ, ਧਰਮ, ਧੀਰਜ ਰੂਪ) ਪੰਜ (ਕਿਸਮ ਦੇ) ਸਾਜ ਬਣਾਉਂਦਾ ਹੈ। ਸੱਤ ਸ੍ਵਰਾਂ (ਸਾ, ਰੇ, ਗਾ, ਮਾ, ਪਾ, ਧਾ, ਨੀ/ਸੜਜ, ਰਿਸਭ, ਗਾਂਧਾਰ, ਮਧ੍ਯਮ, ਪੰਚਮ, ਧੈਵਤ ਤੇ ਨਿਸਾਦ ਦੇ ਅਲਾਪ/ਅਨੰਦ) ਨੂੰ ਕਿਰਤ-ਕਾਰ ਕਰਦਾ ਹੋਇਆ ਭੀ ਆਪਣੇ ਨਾਲ਼ ਲੈ ਕੇ ਚੱਲਦਾ ਹੈ ਯਾਨੀ ਸਦਾ ਅਨੰਦਿਤ ਰਹਿੰਦਾ ਹੈ। ਐਸਾ ਅਲੌਕਿਕ ਅਨੰਦ ਹੋਣਾ; ਸਚਖੰਡ ਅਵਸਥਾ ਨੂੰ ਭੋਗਣਾ ਹੈ।

ਕੇਤੇ ਰਾਗ, ਪਰੀ ਸਿਉ ਕਹੀਅਨਿ; ਕੇਤੇ ਗਾਵਣਹਾਰੇਉਚਾਰਨ : ਸਿਉਂ, ਕਹੀਅਨ੍।

ਪਦ ਅਰਥ : ਕੇਤੇ- ਕਿੰਨੇ ਹੀ, ਕਿੰਨੇ ਹੀ। ਪਰੀ ਸਿਉ- ਪਰੀਆਂ ਸਮੇਤ, ਰਾਗਣੀਆਂ ਸਣੇ। ਕਹੀਅਨਿ- ਕਹੇ ਜਾਂਦੇ ਹਨ, ਮੰਨੇ ਜਾਂਦੇ ਹਨ। ਗਾਵਣਹਾਰੇ- ਗਵੱਈਏ, ਰਾਗਾਂ ’ਚ (ਸੰਗੀਤ) ਗਾਉਣ ਵਾਲ਼ੇ, ਰਾਸਧਾਰੀਏ। ਗਾਵਣਹਾਰੇ- ਗਾਉਣ ਵਾਲ਼ੇ (ਇਹ ਸ਼ਬਦ; ਕਰਤ੍ਰੀ ਵਾਚਕ ਕਿਰਦੰਤ (ਨਾਂਵ) ਹੈ ਕਿਉਂਕਿ ਇਸ ਅੰਦਰ ਧਾਤੁ ‘ਗਾ’ ਹੈ)

ਅਰਥ : ਰਾਗਣੀਆਂ ਸਮੇਤ ਕਿੰਨੇ ਹੀ ਰਾਗ ਦੱਸੇ ਜਾਂਦੇ ਹਨ, (ਜਿਨ੍ਹਾਂ ਰਾਹੀਂ ਤੇਰੇ ਗੁਣ) ਗਾਉਣ ਵਾਲ਼ੇ ਕਿੰਨੇ ਹੀ ਸੇਵਕ ਹਨ।

ਗਾਵਹਿ ਤੁਹਨੋ, ਪਉਣੁ, ਪਾਣੀ, ਬੈਸੰਤਰੁ; ਗਾਵੈ ਰਾਜਾ ਧਰਮੁ, ਦੁਆਰੇ

ਉਚਾਰਨ : ਗਾਵਹਿਂ (ਥੋੜ੍ਹਾ ‘ਗਾਵ੍ਹੈਂ’ ਵਾਙ, ਇਹ ਸ਼ਬਦ; ਇਸ ਪਉੜੀ ’ਚ ਕਈ ਵਾਰ ਹੈ। ਹਰ ਥਾਂ ਇਹੀ ਉਚਾਰਨ ਹੈ)

ਪਦ ਅਰਥ : ਗਾਵਹਿ- ਗਾਉਂਦੇ ਹਨ। ਤੁਹਨੋ- ਤੈਨੂੰ। ਪਉਣੁ- ਹਵਾ। ਬੈਸੰਤਰੁ- ਅੱਗ। ਰਾਜਾ ਧਰਮੁ- ਧਰਮਰਾਜ/ਯਮਰਾਜ (ਹਿੰਦੂ ਗ੍ਰੰਥਾਂ ਅਨੁਸਾਰ ਮਨੁੱਖ ਦੁਆਰਾ ਕੀਤੇ ਕੰਮਾਂ ਦਾ ਹਿਸਾਬ-ਕਿਤਾਬ ਲੈਣ ਵਾਲ਼ਾ ਦੇਵਤਾ)। ਦੁਆਰੇ- (ਤੇਰੇ ‘ਸੋ ਦਰੁ’) ਦਰ ਉੱਤੇ।

ਅਰਥ : ਹਵਾ, ਪਾਣੀ, ਅੱਗ (ਆਦਿ ਤੱਤ) ਤੈਨੂੰ ਗਾਉਂਦੇ ਹਨ ਯਾਨੀ ਤੇਰੇ ਨਿਯਮ ’ਚ ਬੱਝੇ ਹਨ। ਤੇਰੇ ਬੂਹੇ ’ਤੇ (ਤਾਬਿਆਦਾਰ ਬਣ ਖੜ੍ਹਾ) ਧਰਮਰਾਇ ਭੀ ਤੈਨੂੰ ਗਾਉਂਦਾ ਹੈ ਭਾਵ ਧਰਮਰਾਜ ਭੀ ਤੈਥੋਂ ਬਾਹਰ ਨਹੀਂ; ਜਿਵੇਂ ਕਿ ਗੁਰੂ ਅਮਰਦਾਸ ਜੀ ਦੇ ਬਚਨ ਹਨ, ‘‘ਧਰਮਰਾਇ ਨੋ ਹੁਕਮੁ ਹੈ; ਬਹਿ ਸਚਾ ਧਰਮੁ ਬੀਚਾਰਿ ’’ (ਮਹਲਾ /੩੮)

ਨੋਟ : ਭਾਵੇਂ ਕਿ ਗੁਰਮਤਿ ਸਿਧਾਂਤ ਅਨੁਸਾਰ ਧਰਮਰਾਜ/ਯਮਰਾਜ ਕਾਲਪਨਿਕ ਨਾਂ ਹਨ ਭਾਵ ਐਸਾ ਕੋਈ ਦੇਵਤਾ ਹੀ ਨਹੀਂ ਹੁੰਦਾ; ਫਿਰ ਵੀ ਗੁਰੂ ਸਾਹਿਬ ਨੇ ਅਸਲ ਦਾਤਾਰ-ਪਿਤਾ ਦੇ ਅਧੀਨ ਇਸ ਨੂੰ ਦਰਸਾ ਕੇ ਹਿੰਦੂ ਸਮਾਜ ਨੂੰ ਇਸ ਦੇ ਡਰ ਤੋਂ ਮੁਕਤ ਕਰਨ ਲਈ ਕਿਹਾ ਕਿ ਇਹ ਭੀ ਕਰਤਾਰ ਦੇ ਅਧੀਨ ਹੈ ਯਾਨੀ ਮਨੁੱਖ ਦੇ ਕਰਮਾਂ ਦਾ ਹਿਸਾਬ ਯਮਰਾਜ ਨਹੀਂ, ਦਾਤਾਰ-ਪਿਤਾ ਲੈਂਦਾ ਹੈ; ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਹੀ ਬਚਨ ਹਨ, ‘‘ਸਭਨਾ ਕਾ ਦਰਿ (ਤੇ) ਲੇਖਾ ਸਚੈ; ਛੂਟਸਿ ਨਾਮਿ ਸੁਹਾਵਣਿਆ ’’ (ਮਹਲਾ /੧੦੯) ਭਾਵ ਸੱਚੇ ਦਰ ਉੱਤੇ ਸਭ ਦਾ ਲੇਖਾ-ਜੋਖਾ ਹੋਣਾ ਹੈ; ਓਥੇ ਓਹੀ ਛੁਟਣਗੇ, ਜੋ ਨਾਮ ਜਪ ਜਪ ਕੇ ਸੁੰਦਰ ਬਣ ਗਏ ਭਾਵ ਜਿਨ੍ਹਾਂ ਦਾ ਅੰਤਹਿਕਰਣ ਪਾਰਦਰਸ਼ੀ ਹੋ ਗਿਆ, ਸੁਰਤਿ, ਮਤਿ, ਮਨਿ, ਬੁਧਿ ਘੜਿਆ ਗਿਆ। ਇਸ ਲਈ ਗੁਰੂ ਅਮਰਦਾਸ ਜੀ ਨੇ ਫ਼ੁਰਮਾਇਆ ਕਿ ਜਿਸ (ਦਾਤਾਰ-ਪਿਤਾ) ਦੇ ਦਰ ’ਤੇ ਲੇਖਾ-ਜੋਖਾ ਹੋਣਾ ਹੈ, ਉਸ ਨੂੰ ਕੋਈ ਯਾਦ ਨਹੀਂ ਕਰਦਾ, ‘‘ਜਿਤੁ ਦਰਿ ਲੇਖਾ ਮੰਗੀਐ; ਸੋ ਦਰੁ ਸੇਵਿਹੁ ਕੋਇ (ਮਹਲਾ /੧੦੮੯), ਤਾਂ ਫਿਰ ਛੁਟਣਗੇ ਕਿਵੇਂ  ? ਸੋ ਸ਼ਰਧਾ ਨਾਲ਼ ਜੁੜੇ ਮਸਲੇ; ਵੱਡੀ ਲਕੀਰ ਖਿੱਚਣ ਨਾਲ਼ ਹੱਲ ਹੁੰਦੇ ਹਨ, ਨਾ ਕਿ ਛੋਟੀ ਨੂੰ ਮਿਟਾਉਣ ਨਾਲ਼। ਇਹੀ ਯੁਕਤੀ ਸਮੁੱਚੀ ਗੁਰਬਾਣੀ ਅੰਦਰ ਵਾਰ-ਵਾਰ ਵਰਤੀ ਗਈ ਹੈ।

ਗਾਵਹਿ ਚਿਤੁ ਗੁਪਤੁ, ਲਿਖਿ ਜਾਣਹਿ; ਲਿਖਿ ਲਿਖਿ, ਧਰਮੁ ਵੀਚਾਰੇਉਚਾਰਨ : ਗਾਵਹਿਂ, ਜਾਣਹਿਂ।

ਪਦ ਅਰਥ : ਚਿਤ ਗੁਪਤੁ- ਚਿੱਤਰ ਗੁਪਤ (ਧਰਮਰਾਜ ਦੇ ਗੁਪਤ ਦੂਤ, ਜੋ ਜੀਵਾਂ ਦੇ ਚੰਗੇ-ਮੰਦੇ ਕੰਮਾਂ ਨੂੰ ਲਿਖਦੇ, ਮੰਨੇ ਗਏ। ਇਨ੍ਹਾਂ ਦਾ ਨਿਵਾਸ/ਘਰ; ਹਰ ਮਨੁੱਖ ਦੇ ਖੱਬੇ-ਸੱਜੇ ਮੋਢਿਆਂ/ਕੰਧਿਆਂ ਹੇਠ ਸਮਝਿਆ ਜਾਂਦਾ ਹੈ)। ਲਿਖਿ ਜਾਣਹਿ- (ਲੇਖਾ-ਨਸੀਬ) ਲਿਖ ਕੇ (ਸੰਭਾਲਣਾ) ਜਾਣਦੇ ਹਨ। ਲਿਖਿ ਲਿਖਿ- ਲੇਖ ਲਿਖੇ ਅਨੁਸਾਰ। ਧਰਮੁ- ਧਰਮਰਾਜ। ਵੀਚਾਰੇ-(ਜਿਨ੍ਹਾਂ ਦੁਆਰਾ ਲਿਖਿਆ ਲੇਖ) ਵਿਚਾਰਦਾ (ਮੰਨਿਆ ਗਿਆ) ਹੈ।

ਅਰਥ : ਚਿਤ੍ਰ ਗੁਪਤ (ਜੋ, ਜੀਵਾਂ ਦੇ ਲੇਖ) ਲਿਖ ਕੇ ਸੰਭਾਲਣਾ ਜਾਣਦੇ ਹਨ, (ਜਿਨ੍ਹਾਂ ਦੁਆਰਾ) ਲਿਖੇ ਲੇਖ ਅਨੁਸਾਰ ਧਰਮਰਾਜ ਵਿਚਾਰ ਕਰਦਾ (ਮੰਨਿਆ ਗਿਆ) ਹੈ; ਤੈਨੂੰ ਗਾਉਂਦੇ ਹਨ।

ਗਾਵਹਿ ਈਸਰੁ, ਬਰਮਾ, ਦੇਵੀ; ਸੋਹਨਿ ਸਦਾ ਸਵਾਰੇਉਚਾਰਨ : ਗਾਵਹਿਂ, ਈਸ਼ਰ, ਬਰ੍ਹਮਾ।

ਪਦ ਅਰਥ : ਈਸਰੁ- ਸ਼ਿਵ ਜੀ। ਬਰਮਾ- ਬ੍ਰਹਮਾ। ਦੇਵੀ- ਦੇਵੀਆਂ। ਸੋਹਨਿ- ਸ਼ੋਭਦੇ ਹਨ, (ਹਿੰਦੂਆਂ ਨੂੰ) ਪ੍ਰਭਾਵਤ ਕਰਦੇ ਹਨ। ਸਵਾਰੇ- (ਤੇਰੇ ਦੁਆਰਾ) ਸਜਾਏ ਹੋਏ ਭਾਵ (ਹਿੰਦੂ ਸਮਾਜ ਦੀ ਨਜ਼ਰਾਂ ’ਚ) ਗੁਣਵਾਨ ਕੀਤੇ ਹੋਏ।

ਅਰਥ : (ਹੇ ਦਾਤਰਾ-ਪਿਤਾ ! ਤੇਰੇ ਦੁਆਰਾ) ਗੁਣਵਾਨ ਕੀਤੇ ਹੋਏ ਸ਼ਿਵ, ਬ੍ਰਹਮਾ, ਦੇਵੀਆਂ; ਜੋ (ਹਿੰਦੂ ਜਮਾਤ ਨੂੰ ਸਦਾ) ਮੋਹਿਤ ਕਰਦੇ ਹਨ; ਭੀ ਤੈਨੂੰ ਗਾਉਂਦੇ ਹਨ ਯਾਨੀ ਤੇਰੇ ਹੁਕਮ ’ਚ ਹਨ, ਤੇਰੇ ਅਧੀਨ ਹਨ।

ਵਿਚਾਰ : ਗੁਰੂ ਅਮਰਦਾਸ ਜੀ; ਜੋ ਲੰਬਾ ਸਮਾਂ ਹਿੰਦੂ ਲੋਕਾਂ ’ਚ ਵਿਚਰੇ, ਉਨ੍ਹਾਂ ਦਾ ਦੇਵੀ-ਦੇਵਤਿਆਂ ਬਾਰੇ ਕਹਿਣਾ ਹੈ, ‘‘ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ ’’ (ਮਹਲਾ /੪੨੩) ਭਾਵ ਹਰ ਜੁਗ ਵਿੱਚ ਜੋ ਰਾਜਾ ਸੀ; ਪੰਡਿਤ ਉਸ ਨੂੰ ਵਿਸ਼ਨੂੰ ਦਾ ਅਵਤਾਰ ਸਮਝ ਕੇ ਪੂਜਦੇ ਹਨ, ਗਾਉਂਦੇ ਹਨ।

ਗੁਰਬਾਣੀ ਲਿਖਤ ’ਚ ਅਨ੍ਯ ਪੁਰਖ (Third person) ਬਹੁ ਵਚਨ ਕਿਰਿਆ ਦੇ ਅੰਤ ’ਚ ‘ਹਿ’ ਜਾਂ ‘ਨਿ’ ਹੁੰਦਾ ਹੈ; ਜਿਵੇਂ ਕਿ ਇਸ ਪਉੜੀ ’ਚ ‘ਗਾਵਹਿ’ ਅਤੇ ‘ਗਾਵਨਿ’ ਹਨ। ਦੋਵਾਂ ਦਾ ਇੱਕੋ ਅਰਥ ਹੈ ‘ਗਾਉਂਦੇ ਹਨ’। ਇਨ੍ਹਾਂ ਦੋ ਵਾਕਾਂ ਵੱਲ ਧਿਆਨ ਦੇਣਾ ਹੈ, ‘ਤੂੰ ਕਿੱਥੇ ਜਾ ਰਿਹਾ ਹੈਂ, ਉਹ ਕਿੱਥੇ ਜਾ ਰਹੇ ਹੈਂ (ਹਨ) ? ਇਨ੍ਹਾਂ ਦੋਵੇਂ ਵਾਕਾਂ ’ਚ ‘ਹੈਂ’ (ਬਿੰਦੀ ਸਹਿਤ) (1). ਅਨ੍ਯ ਪੂਰਖ ਬਹੁ ਵਚਨ ਕਿਰਿਆ ਹੈ ਜਾਂ (2). ਦੂਜਾ ਪੁਰਖ ਇੱਕ ਵਚਨ ਕਿਰਿਆ; ਇਸੇ ਤਰ੍ਹਾਂ ‘ਗਾਵਹਿਂ’ ਦਾ ਅਰਥ ਹੈ ‘ਉਹ ਗਾਉਂਦੇ ਹੈਂ’ (ਅਨ੍ਯ ਪੁਰਖ ਬਹੁ ਵਚਨ) ਜਾਂ ‘ਤੂੰ ਗਾਉਂਦਾ ਹੈਂ’ (ਦੂਜਾ ਪੁਰਖ ਇੱਕ ਵਚਨ)। ਹਥਲੀ ਪਉੜੀ ’ਚ ‘ਉਹ ਗਾਉਂਦੇ ਹੈਂ/ਹਨ’ ਵਾਕ ਹਨ, ਪਰ ਜੇ ਵਾਕ ’ਚ ਕਿਸੇ ਇੱਕ (ਮਨ, ਭਾਈ, ਮਾਂ ਆਦਿ) ਨੂੰ ਸੰਬੋਧਨ ਕੀਤਾ ਹੋਵੇ ਤਾਂ ‘ਤੂੰ ਗਾਉਂਦਾ ਹੈਂ’ ਅਰਥ ਬਣਦਾ ਹੈ; ਜਿਵੇਂ ਕਿ ਇਹ ਵਾਕ ਹੈ, ‘‘ ਮਨ ਮੇਰਿਆ ! ਗੁਣ ਗਾਵਹਿ; ਸਹਜਿ ਸਮਾਵਹੀ ਰਾਮ ’’ (ਮਹਲਾ /੧੧੧੩) ਅਰਥ : ਹੇ ਮੇਰੇ ਮਨ ! ਜੇ ਤੂੰ ਰੱਬੀ ਗੁਣ ਗਾਉਂਦਾ ਰਹੇਂ ਤਾਂ ਸਹਜ ’ਚ ਲੀਨ ਹੋ ਜਾਵੇਂਗਾ। ਇੱਥੇ ‘ਗਾਵਹਿ’ ਬਹੁ ਵਚਨ ਅਨ੍ਯ ਪੁਰਖ ਨਹੀਂ ਬਲਕਿ ਦੂਜਾ ਪੁਰਖ ਇੱਕ ਵਚਨ ਕਿਰਿਆ ਹੈ। ਸਿੱਖਾਂ ਨੂੰ ਗੁਰਬਾਣੀ ਲਿਖਤ ਬਾਰੇ ਐਨੀ ਕੁ ਸੋਝੀ ਹੋਵੇ ਤਾਂ ਗੁਰਬਾਣੀ ਦੇ ਕੀਤੇ ਜਾਂਦੇ ਗ਼ਲਤ ਅਰਥਾਂ ਤੋਂ ਸਾਵਧਾਨ ਰਹਿ ਕੇ ਜ਼ਿਦਗੀ ਸਫਲ ਬਣਾਈ ਜਾ ਸਕਦੀ ਹੈ।

ਗਾਵਹਿ ਇੰਦ ਇੰਦਾਸਣਿ ਬੈਠੇ; ਦੇਵਤਿਆ, ਦਰਿ ਨਾਲੇਉਚਾਰਨ : ਗਾਵਹਿਂ, ਇੰਦਾਸਣ, ਦੇਵਤਿਆਂ।

ਪਦ ਅਰਥ : ਇੰਦ ਇਦਾਸਣਿ- ਇੰਦ੍ਰ ਵਰਗੇ ਆਪਣੇ ਆਸਣ ਉੱਤੇ। ਦਰਿ- (ਤੇਰੇ) ਦਰ ਤੋਂ (ਮਿਲੀ ਸੂਝ ਨਾਲ਼)। ਨਾਲੇ- (ਬਾਕੀ ਦੇਵਤਿਆਂ ਦੇ) ਨਾਲ਼-ਨਾਲ, ਸਮੇਤ, ਸਣੇ।

ਅਰਥ : ਤੇਰੇ ਦਰ ਤੋਂ (ਮਿਲੀ ਸੋਝੀ ਨਾਲ਼) ਕਈ ਇੰਦ੍ਰ ਭੀ ਆਪਣੇ ਸਿੰਘਾਸਣ ਉੱਤੇ ਬੈਠੇ; ਹੋਰ ਦੇਵਤਿਆਂ ਸਮੇਤ ਤੈਨੂੰ ਗਾਉਂਦੇ ਹਨ ਭਾਵ ਤੇਰੇ ਹੁਕਮ ’ਚ ਚੱਲਦੇ ਹਨ।

ਵਿਚਾਰ : ਹਿੰਦੂ ਗ੍ਰੰਥਾਂ ਮੁਤਾਬਕ ਦੇਵੀ-ਦੇਵਤੇ; ਸ੍ਰਿਸ਼ਟੀ ਦੇ ਕਰਤਾ, ਧਰਤਾ, ਹਰਤਾ ਹਨ; ਜਿਵੇਂ ਕਿ ਜੀਵਾਂ ਨੂੰ ਪੈਦਾ ਕਰਨ ਵਾਲ਼ਾ (ਬ੍ਰਹਮਾ/ਕਰਤਾ), ਰਿਜ਼ਕ ਦੇਣ ਵਾਲ਼ਾ (ਵਿਸ਼ਨੂੰ/ਧਰਤਾ), ਮਾਰਨ ਵਾਲ਼ਾ (ਸ਼ਿਵ/ਹਰਤਾ); ਇਉਂ ਹੀ ਪਵਣ ਦੇਵਤਾ, ਬਰਖਾ ਕਰਨ ਵਾਲ਼ਾ ਦੇਵਤਾ (ਇੰਦ੍ਰ), ਜੋ ਸਵਰਗ ’ਚ ਦੇਵਤਿਆਂ ਦਾ ਭੀ ਦੇਵਤਾ ਹੈ, ਮਨੁੱਖ ਦੇ ਕੰਮਾਂ ਦਾ ਲੇਖਾ-ਜੋਖਾ ਕਰਨ ਵਾਲ਼ਾ ਧਰਮਰਾਜ/ਯਮਰਾਜ ਦੇਵਤਾ, ਅੰਨ ਦੇਵਤਾ, ਪਾਣੀ ਦੇਵਤਾ, ਅੱਗ ਦੇਵਤਾ, ਲੂਣ ਦੇਵਤਾ ਆਦਿ; ਜੈਸਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਹੈ, ‘‘ਅੰਨੁ ਦੇਵਤਾ, ਪਾਣੀ ਦੇਵਤਾ, ਬੈਸੰਤਰੁ ਦੇਵਤਾ ਲੂਣੁ’’ (ਆਸਾ ਕੀ ਵਾਰ/ਮਹਲਾ /੪੭੩) ਭਾਵ ਪੁਰਾਤਨ ਹਿੰਦੂ ਗ੍ਰੰਥਾਂ ਅਨੁਸਾਰ ਕੋਈ ਨਿਰਾਕਾਰ ਦਾਤਾਰ-ਪਿਤਾ ਨਹੀਂ, ਜਿਸ ਦੀ ਹੋਂਦ ਨੂੰ ਇਹ ਗਾਉਣ, ਸਵੀਕਾਰਨ; ਇਸ ਲਈ ਇਸ ਪਉੜੀ ’ਚ ‘ਗਾਵਹਿ’ ਦਾ ਭਾਵਾਰਥ ‘ਹੁਕਮ ਵਿੱਚ ਚੱਲਣਾ’ ਲੈਣਾ ਹੀ ਉਚਿਤ ਹੈ; ਜਿਵੇਂ ਕਿ ਇਸੇ ਪਉੜੀ ’ਚ ‘ਖੰਡ, ਮੰਡਲ, ਬ੍ਰਹਿਮੰਡ’ ਗਾਉਂਦੇ ਨਹੀਂ ਭਾਵਾਰਥ ਵਜੋਂ ਹੁਕਮ ’ਚ ਚੱਲਦੇ ਹਨ। ਗੁਰੂ ਰਾਮਦਾਸ ਜੀ ਨੇ ਭੀ ਪਸ਼ੂ, ਪੰਛੀ ਆਦਿ ਨੂੰ ਰੱਬ ਦੇ ਗੁਣ ਗਾਉਂਦੇ, ਜਪਦੇ ਕਿਹਾ ਹੈ, ‘‘ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ; ਸੁ ਬਿਨੁ ਹਰਿ, ਜਾਪਤ ਹੈ ਨਹੀ ਹੋਰ ’’ (ਮਹਲਾ /੧੨੬੫) ਜੇਕਰ ਇਹ ਸਮਝੀਏ ਕਿ ਹਿਰਨ, ਮੱਛੀ, ਪੰਛੀ ਭੀ ਅਦ੍ਰਿਸ਼ ਦਾਤਾਰ-ਪਿਤਾ ਨੂੰ ਗਾਉਂਦੇ ਹਨ ਤਾਂ ਫਿਰ ਸਵਾਲ ਪੈਦਾ ਹੋਏਗਾ ਕਿ ਮਨੁੱਖ ਜਾਤੀ ਨੂੰ ਭੀ ਉਸ ਦੀ ਹੋਂਦ ਬਾਰੇ ਸੋਝੀ ਕਿਉਂ ਨਹੀਂ; ਸਤਿਗੁਰੂ ਦੀ ਅਗਵਾਈ ਦੀ ਕੀ ਲੋੜ ਹੈ ?

ਜੇ ਇੰਦ੍ਰ ਦੇਵਤਾ; ਦਾਤਾਰ-ਪਿਤਾ ਦੇ ਗੁਣ ਗਾਉਂਦਾ ਹੁੰਦਾ ਭਾਵ ਉਸ ਦੇ ਡਰ-ਅਦਬ ’ਚ ਹੁੰਦਾ ਤਾਂ ਉਹ, ਗੋਤਮ ਰਿਸ਼ੀ ਦੀ ਪਤਨੀ ਅਹਿਲਿਆ ਨਾਲ਼ ਕੁਕਰਮ ਨਾ ਕਰਦਾ; ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਨੇ ਹੀ ਕਿਹਾ ਹੈ, ‘‘ਗੋਤਮੁ ਤਪਾ ਅਹਿਲਿਆ ਇਸਤ੍ਰੀ; ਤਿਸੁ ਦੇਖਿ ਇੰਦ੍ਰੁ ਲੁਭਾਇਆ ਸਹਸ (ਹਜ਼ਾਰ) ਸਰੀਰ ਚਿਹਨ ਭਗ (ਔਰਤ ਦੀ ਯੋਨਿ ਦੇ ਨਿਸ਼ਾਨ) ਹੂਏ; ਤਾ ਮਨਿ (ਤੋਂ) ਪਛੋਤਾਇਆ ’’ (ਮਹਲਾ /੧੩੪੪) ਗੁਰੂ ਅਮਰਦਾਸ ਜੀ ਨੇ ਭੀ ਕਿਹਾ ਕਿ ਅਖੌਤੀ ਸਵਰਗ ’ਚ ਬੈਠਾ ਇੰਦ੍ਰ ਭੀ ਮਾਇਆ ਰੂਪ ਜਮਰਾਜ ਤੋਂ ਡਰਦਾ ਪਿਆ ਹੈ, ‘‘ਇੰਦ੍ਰ ਇੰਦ੍ਰਾਸਣਿ ਬੈਠੇ, ਜਮ ਕਾ ਭਉ ਪਾਵਹਿ’’ (ਮਹਲਾ /੧੦੪੯), ਇਹ ਪਉੜੀ ਸੁਬ੍ਹਾ-ਸ਼ਾਮ ਇਸ ਲਈ ਨਿਤਨੇਮ ਵਜੋਂ ਪੜ੍ਹਾਈ ਗਈ ਤਾਂ ਜੋ ਸਿੱਖ; ਸਮੁੱਚੀ ਕੁਦਰਤ (ਸਾਰੇ ਜੀਵ-ਜੰਤ ਆਦਿ) ਨੂੰ ਦਾਤਾਰ-ਪਿਤਾ ਦੇ ਹੁਕਮ ’ਚ ਚੱਲਦੇ, ਪ੍ਰਤੀਤ ਹੋਣ ਕਿਉਂਕਿ ਕੇਵਲ ਦਾਤਾਰ-ਪਿਤਾ ਹੀ ‘‘ਆਦਿ ਸਚੁ; ਜੁਗਾਦਿ ਸਚੁ ਹੈ ਭੀ ਸਚੁ; ਨਾਨਕ ! ਹੋਸੀ ਭੀ ਸਚੁ (ਜਪੁ) ਤੇ ਉਸ ਦਾ ਅਦਭੁਤ ‘ਸੋ ਦਰੁ, ਸੋ ਘਰੁ’ ਸਦੀਵੀ ਸਥਿਰ ਹੈ।

ਗਾਵਹਿ ਸਿਧ, ਸਮਾਧੀ ਅੰਦਰਿ; ਗਾਵਨਿ ਸਾਧ ਵਿਚਾਰੇਉਚਾਰਨ : ਗਾਵਹਿਂ, ਗਾਵਨ੍।

ਪਦ ਅਰਥ : ਸਿਧ- 18 ਕਰਾਮਾਤੀ ਸ਼ਕਤੀਆਂ ’ਚ ਨਿਪੁੰਨ ਜੋਗੀ। ਸਮਾਧੀ ਅੰਦਰਿ- ਧਿਆਨ ’ਚ ਟਿਕ ਕੇ, ਇਕਾਗਰ ਚਿੱਤ ਹੋ ਕੇ। ਗਾਵਹਿ/ਗਾਵਨਿ- ਗਾਉਂਦੇ ਹਨ। ਸਾਧ- ਮਨ ਨੂੰ ਸਾਧ ਚੁੱਕੇ, ਮਨ ਕਾਬੂ ਕਰ ਚੁੱਕੇ। ਵਿਚਾਰੇ- ਵਿਚਾਰ ਵਿਚਾਰ ਕੇ।

ਅਰਥ : (ਹੇ ਦਾਤਾਰ-ਪਿਤਾ !) ਸਿਧ-ਜਨ; ਇਕਾਗਰ ਚਿੱਤ ਹੋ ਕੇ ਤੈਨੂੰ ਗਾਉਂਦੇ ਹਨ। ਸਾਧ-ਜਨ; ਸਮਾਧੀ ਰਾਹੀਂ ਵਿਚਾਰ-ਵਿਚਾਰ ਕੇ ਤੈਨੂੰ ਗਾਉਂਦੇ ਹਨ।

ਗਾਵਨਿ ਜਤੀ, ਸਤੀ, ਸੰਤੋਖੀ; ਗਾਵਹਿ ਵੀਰ ਕਰਾਰੇ

ਪਦ ਅਰਥ : ਜਤੀ- ਉੱਚੇ ਆਚਰਨ ਵਾਲ਼ੇ। ਸਤੀ- ਦਾਨੀ ਸੁਭਾਅ ਵਾਲ਼ੇ। ਸੰਤੋਖੀ- ਮਾਇਆ ਵੱਲੋਂ ਰੱਜੇ ਹੋਏ ਭਾਵ ਹੋਰਾਂ ਦੀ ਮਦਦ ਕਰਨ ਵਾਲ਼ੇ, ਪਰਉਪਕਾਰੀ। ਵੀਰ- ਜੋਧੇ। ਕਰਾਰੇ- ਤਕੜੇ।

ਅਰਥ : ਜਤੀ ਲੋਕ, ਸਤੀ ਲੋਕ, ਸਬਰ-ਸੰਤੋਖ ਧਾਰੀ ਅਤੇ ਮਹਾਂਬਲੀ ਜੋਧੇ ਭੀ ਤੈਨੂੰ ਗਾਉਂਦੇ ਹਨ।

ਗਾਵਨਿ ਪੰਡਿਤ ਪੜਨਿ ਰਖੀਸਰ; ਜੁਗੁ ਜੁਗੁ ਵੇਦਾ ਨਾਲੇਉਚਾਰਨ : ਗਾਵਨ੍, ਪੜ੍ਹਨ, ਵੇਦਾਂ, ਨਾਲ਼ੇ।

ਪਦ ਅਰਥ : ਰਖੀਸਰ- ਮਹਾਂ ਰਿਸ਼ੀ। ਜੁਗੁ ਜੁਗੁ- ਸਦਾ ਤੋਂ, ਆਦਿ ਕਾਲ ਤੋਂ; ਜਿਵੇਂ ਔਰਤਾਂ ਅਸੀਸ ਦਿੰਦੀਆਂ ਹਨ ‘ਜੁਗ ਜੁਗ ਜੀਵੇ ਤੇਰਾ ਲਾਲ। ਵੇਦਾ ਨਾਲੇ- ਵੇਦਾਂ ਸਮੇਤ, ਵੇਦ-ਗਿਆਨ ਨਾਲ਼।

ਅਰਥ : ਪੰਡਿਤ, ਮਹਾਂ ਰਿਸ਼ੀ ਆਦਿ, ਜੋ ਸਦਾ ਵੇਦ-ਗਿਆਨ ਪੜ੍ਹਦੇ ਰਹੇ, ਉਹ ਭੀ ਤੈਨੂੰ ਗਾਉਂਦੇ ਹਨ ਭਾਵ ਗਿਆਨ ਪ੍ਰਾਪਤ ਕਰਨਾ ਭੀ ਰੱਬ ਦੇ ਹੁਕਮ ’ਚ ਹੈ ਕਿਉਂਕਿ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਕੋਇ ’’

ਗਾਵਹਿ ਮੋਹਣੀਆ ਮਨੁ ਮੋਹਨਿ; ਸੁਰਗਾ, ਮਛ, ਪਇਆਲੇਉਚਾਰਨ : ਗਾਵਹਿਂ, ਮੋਹਣੀਆਂ।

ਪਦ ਅਰਥ : ਮੋਹਨੀਆ- ਸੁੰਦਰ ਇਸਤਰੀਆਂ। ਮਨੁ ਮੋਹਨਿ- ਮਨ ਨੂੰ ਆਕਰਸ਼ਿਤ/ਮੋਹਿਤ ਕਰਨ ਵਾਲ਼ੀਆਂ। ਸੁਰਗਾ- ਸੁਰਗ ਲੋਕ (ਭਾਵ ਸੱਤ ਲੋਕਾਂ ’ਚ ਉਤਾਂਹ ਵੱਲ ਰਹਿਣ ਵਾਲ਼ੀਆਂ)। ਮਛ- ਮਾਤ ਲੋਕ (ਭਾਵ ਧਰਤੀ ’ਤੇ ਰਹਿਣ ਵਾਲ਼ੀਆਂ)। ਪਇਆਲੇ- ਪਾਤਾਲ ਲੋਕ (ਭਾਵ ਸੱਤ ਲੋਕਾਂ ’ਚ ਹੇਠਲੇ ਪਾਸੇ ਰਹਿਣ ਵਾਲ਼ੀਆਂ)

ਅਰਥ : ਮਨ ਨੂੰ ਮੋਹ ਲੈਣ ਵਾਲ਼ੀਆਂ ਸਵਰਗ ਲੋਕ, ਮਾਤ ਲੋਕ ਤੇ ਪਤਾਲ ਲੋਕ ਦੀਆਂ ਸੁੰਦਰੀਆਂ ਭੀ ਤੈਨੂੰ ਗਾਉਂਦੀਆਂ ਹਨ (ਭਾਵ ਤੇਰੇ ਹੁਕਮ ’ਚ ਹੋਰਾਂ ਨੂੰ ਪ੍ਰਭਾਵਤ ਕਰ ਰਹੀਆਂ ਹਨ)

ਗਾਵਨਿ ਰਤਨ ਉਪਾਏ ਤੇਰੇ; ਅਠਸਠਿ ਤੀਰਥ ਨਾਲੇ

ਪਦ ਅਰਥ : ਰਤਨ- 14 ਰਤਨ। ਅਠਸਠਿ ਤੀਰਥ- 68 ਤੀਰਥ। ਨਾਲੇ- ਸਮੇਤ, ਸਣੇ, ਨਾਲ਼-ਨਾਲ਼।

ਅਰਥ : ਤੇਰੇ (ਵੱਲੋਂ ਬਖ਼ਸ਼ੇ ਗਿਆਨ ਨਾਲ਼) ਸਥਾਪਿਤ ਕੀਤੇ 68 ਤੀਰਥਾਂ ਸਮੇਤ 14 ਰਤਨ ਭੀ ਤੈਨੂੰ ਗਾਉਂਦੇ ਹਨ ਯਾਨੀ 68 ਤੀਰਥ ਅਤੇ 14 ਰਤਨਾਂ ਦੀ ਮਹੱਤਤਾ ਤੇਰੇ ਹੁਕਮ ਅੰਦਰ ਹੈ।

ਵਿਚਾਰ : ਪੁਰਾਣ ਕਥਾ ਅਨੁਸਾਰ ਖੀਰ ਸਮੁੰਦਰ ਰਿੜਕ ਕੇ ਦੇਵਤੇ ਅਤੇ ਦੈਂਤਾਂ ਦੁਆਰਾ ਕੱਢੇ ਗਏ 14 ਰਤਨ ਇਹ ਹਨ ‘ਉੱਚੈ: ਸ਼੍ਰਵਾ ਘੋੜਾ (ਸਫ਼ੈਦ ਰੰਗ ਤੇ 7 ਮੂੰਹ ਵਾਲ਼ਾ ਘੋੜਾ), ਕਾਮਧੇਨੁ (ਇੱਛਾ ਪੂਰੀ ਕਰਨ ਵਾਲ਼ੀ ਗਾਂ), ਪਾਰਜਾਤ (ਮਨ ਚਾਹੇ ਫਲ਼ ਦੇਣ ਵਾਲ਼ਾ ਰੁੱਖ), ਰੰਭਾ ਅਪਸਰਾ (ਸੁੰਦਰ ਇਸਤਰੀ), ਮਹਾਂ ਲਛਮੀ (ਵਿਸ਼ਨੂੰ ਦੀ ਚਾਰ ਬਾਹਾਂ ਵਾਲ਼ੀ ਪਤਨੀ, ਜਿਸ ਦੀ ਪੂਜਾ ਦੀਵਾਲੀ ਨੂੰ ਹੁੰਦੀ ਹੈ), ਅੰਮ੍ਰਿਤ, ਕਾਲਕੂਟ (ਜ਼ਹਰ), ਵਾਰੂਣੀ (ਦੇਵੀ; ਵਰੁਣ ਦੇਵਤੇ ਦੀ ਪਤਨੀ), ਸ਼ਰਾਬ, ਚੰਦ੍ਰਮਾ (ਜੋ ਧਰਤੀ ਤੋਂ 3,84,403 ਕਿਲੋਮੀਟਰ ਦੂਰ ਇੱਕ ਉਪ ਗ੍ਰਹਿ ਹੈ), ਗੰਧਰ੍ਵ (ਸਵਰਗ ਦੇ ਸੰਗੀਤਕਾਰ-ਰਾਗੀ), ਪਾਂਚਜਨ੍ਯ ਸ਼ੰਖ, ਕੌਸ੍ਤੁਭਮਣਿ (ਇੱਕ ਮਣੀ, ਜੋ ਵਿਸ਼ਨੂੰ ਕੋਲ਼ ਮੰਨੀਦੀ ਹੈ), ਸਾਰੰਗ ਧਨੁਖ ਅਤੇ ਐਰਾਵਤ (ਚਾਰ ਦੰਦਾਂ ਵਾਲ਼ਾ ਹਾਥੀ)’।

ਗਾਵਹਿ ਜੋਧ ਮਹਾ ਬਲ ਸੂਰਾ; ਗਾਵਹਿ ਖਾਣੀ ਚਾਰੇਉਚਾਰਨ : ਗਾਵਹਿਂ, ਮਹਾਂ।

ਪਦ ਅਰਥ : ਜੋਧ- ਜੋਧੇ। ਮਹਾ ਬਲ- ਮਹਾਂ ਬਲੀ। ਸੂਰਾ- ਸੂਰਮੇ। ਖਾਣੀ ਚਾਰੇ- 4 ਖਾਣੀਆਂ (ਅੰਡਜ, ਜੇਰਜ, ਸੇਤਜ, ਉਤਭੁਜ)।

ਅਰਥ : ਮਹਾਂ ਬਲੀ ਜੋਧੇ ਅਤੇ ਸੂਰਮੇ; ਤੈਨੂੰ ਗਾਉਂਦੇ ਹਨ, ਚਾਰੇ ਖਾਣੀਆਂ ਤੈਨੂੰ ਗਾਉਂਦੀਆਂ ਹਨ ਭਾਵ ਤੇਰੀ ਰਜ਼ਾ ’ਚ ਰਹਿ ਕੇ ਉਤਪਤਿ/ਵਿਕਾਸ ਕਰਦੀਆਂ ਹਨ।

ਚਾਰ ਖਾਣੀਆਂ ਹਨ : (1). ਅੰਡੇ ਤੋਂ ਪੈਦਾ ਹੋਣ ਵਾਲ਼ੇ ਜੀਵ; ਜਿਵੇਂ ਕਿ ਪੰਛੀ (ਅੰਡਜ)। (2). ਜੇਰ (ਉਹ ਝਿੱਲੀ ਜਿਸ ਅੰਦਰ ਬੱਚਾ ਮਾਂ ਦੇ ਗਰਭ ’ਚ ਲਿਪਟਿਆ ਹੁੰਦਾ ਹੈ) ਰਾਹੀਂ ਪੈਦਾ ਹੋਣ ਵਾਲ਼ੇ ਜੀਵ; ਜਿਵੇਂ ਪਸ਼ੂ, ਮਨੁੱਖ (ਜੇਰਜ)। (3). ਪਸੀਨੇ ਜਾਂ ਜ਼ਮੀਨ ਦੀ ਭਾਫ਼ ਤੋਂ ਪੈਦਾ ਹੋਣ ਵਾਲ਼ੇ ਜੀਵ; ਜਿਵੇਂ ਜੂੰ, ਚਿੱਚੜ, ਕੁਝ ਕੀੜੇ-ਮਕੌੜੇ ਆਦਿ (ਸੇਤਜ)। (4). ਬੀਜ ਤੋਂ ਧਰਤੀ ’ਤੇ ਉੱਗਣ ਵਾਲ਼ੀ ਬਨਸਪਤੀ, ਪੌਦੇ (ਉਤਭੁਜ)।

ਗਾਵਹਿ ਖੰਡ, ਮੰਡਲ, ਵਰਭੰਡਾ; ਕਰਿ ਕਰਿ ਰਖੇ ਧਾਰੇ

ਪਦ ਅਰਥ : ਖੰਡ- (ਬ੍ਰਹਿਮੰਡ ਦਾ) ਛੋਟਾ ਟੁਕੜਾ ਭਾਵ ਧਰਤੀ। ਮੰਡਲ- ਸੂਰਜ ਦਾ ਪਰਵਾਰ ਭਾਵ ਨੌ ਗ੍ਰਹਿ। ਵਰਭੰਡ- ਸਮੁੱਚਾ ਬ੍ਰਹਿਮੰਡ, ਇਸ ਬ੍ਰਹਿਮੰਡ ਦੀ ਸਿਰਜਣਾ; 13.8 ਅਰਬ ਸਾਲ ਪਹਿਲਾਂ ਇੱਕ ਬਿੱਗ ਬੈਂਗ ਧਮਾਕੇ ਨਾਲ਼ ਹੋਈ, ਮੰਨੀ ਗਈ। ਇਸ ਵਿੱਚ ਅਣਗਿਣਤ ਗਲੈਕਸੀਆਂ ਹਨ। ਸੰਨ 2013 ’ਚ ਤਾਰਾ ਮੰਡਲ ਦੀ ਹੋਈ ਇੱਕ ਖੋਜ ਮੁਤਾਬਕ ਪੁਲਾੜ ’ਚ ਮਾਤਰ 4.9% ਸਧਾਰਨ ਪਦਾਰਥ (ਜੋ ਤਾਰੇ, ਗ੍ਰਹਿ ਆਦਿ) ਹੈ। ਪੁਲਾੜ ’ਚ 26.8% ਡਾਰਕ ਮੈਟਰ ਹੈ, ਜੋ ਆਪਣੇ ਗੁਰੁਤਾਕਰਸ਼ਨ-ਖਿੱਚ ਨਾਲ਼ ਇਨ੍ਹਾਂ ਤਾਰਿਆਂ (4.9%) ਨੂੰ ਬਲੈਕ ਹੋਲ ਯਾਨੀ ਅੰਦਰ ਵੱਲ ਖਿੱਚਦਾ ਹੈ ਜਦ ਕਿ ਪੁਲਾੜ ਦਾ ਬਾਕੀ 68.3% ਭਾਗ; ਡਾਰਕ ਐਨਰਜੀ ਹੈ, ਜੋ ਇਨ੍ਹਾਂ ਤਾਰਿਆਂ ਨੂੰ ਰੌਸ਼ਨੀ ਦੀ ਗਤੀ (3 ਲੱਖ ਕਿਲੋਮੀਟਰ ਪ੍ਰਤੀ ਸਕਿੰਟ) ਨਾਲ਼ ਬਾਹਰ ਨੂੰ ਧੱਕ ਰਹੀ ਹੈ। ਕਰਿ ਕਰਿ- ਕਰ ਕਰ ਕੇ, ਬਣਾ ਬਣਾ ਕੇ। ਧਾਰੇ- ਟਿਕਾਏ ਹੋਏ, ਰਚੇ ਹੋਏ।

ਅਰਥ : (ਹੇ ਦਾਤਾਰ-ਪਿਤਾ !) ਖੰਡ, ਮੰਡਲ, ਬ੍ਰਹਿਮੰਡ ਆਦਿਕ, ਜੋ ਤੈਂ ਬਣਾ-ਬਣਾ ਕੇ (ਬਿਨਾਂ ਕਿਸੇ ਸਹਾਰੇ ਤੋਂ) ਟਿਕਾ ਰੱਖੇ ਹਨ; ਤੈਨੂੰ ਗਾਉਂਦੇ ਹਨ ਭਾਵ ਤੇਰੇ ਹੁਕਮ ’ਚ ਬੱਧੇ ਹੋਏ ਹਨ; ਜਿਵੇਂ ਕਿ ਬਚਨ ਹਨ, ‘‘ਓਇ ਜੁ ਦੀਸਹਿ; ਅੰਬਰਿ (ਅਕਾਸ਼ ) ਤਾਰੇ ਕਿਨਿ ਓਇ ਚੀਤੇ (ਰਚੇ) ? ਚੀਤਨਹਾਰੇ (ਰਚਨਹਾਰ ਨੇ) ਕਹੁ ਰੇ ਪੰਡਿਤ ! ਅੰਬਰੁ ਕਾ ਸਿਉ ਲਾਗਾ  ? ਬੂਝੈ; ਬੂਝਨਹਾਰੁ ਸਭਾਗਾ ਰਹਾਉ ’’ (ਭਗਤ ਕਬੀਰ/੩੨੯)

ਵਿਚਾਰ : ਜੇਕਰ ‘ਗਾਵਹਿ/ਗਾਵਨਿ’ ਦਾ ਅਰਥ ‘ਗਾਉਂਦੇ ਹਨ’ ਹੀ ਕੀਤਾ ਜਾਏ ਤਾਂ ਸਵਾਲ ਹੈ ਕਿ ਖੰਡ, ਮੰਡਲ ਆਦਿ; ਨਿਰਾਕਾਰ ਨੂੰ ਕਿਵੇਂ ਗਾਉਂਦੇ ਹਨ ? ਇਨ੍ਹਾਂ ਨੂੰ ਕਿਵੇਂ ਉਸ ਦੀ ਸੋਝੀ ਹੋਈ ? ਜੇ ਇਹ ਅਦ੍ਰਿਸ਼-ਸ਼ਕਤੀ ਨੂੰ ਜਾਣ ਗਏ ਤਾਂ ਗੁਰੂ ਤੋਂ ਬਿਨਾਂ ਮਨੁੱਖ ਨੇ ਕਿਉਂ ਨਾ ਉਸ ਨੂੰ ਜਾਣਿਆ ? ਜੇਕਰ ਇਹ ਭਗਤ ਵਾਙ ਦਾਤਾਰ-ਪਿਤਾ ਨੂੰ ਗਾਉਂਦੇ ਹੁੰਦੇ ਤਾਂ ਉਸ ਦੇ ਪ੍ਰੇਮ-ਰੰਗ ’ਚ ਭੀ ਭਿੱਜੇ ਹੁੰਦੇ, ਪਰ ਨਹੀਂ ਭਿੱਜੇ ਤਾਹੀਓਂ ਐਸਾ ਹੇਠਾਂ ਕਿਹਾ ਗਿਆ ਹੈ।

ਸੇਈ ਤੁਧ ਨੋ ਗਾਵਹਿ, ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ, ਰਸਾਲੇ  !ਉਚਾਰਨ : ਗਾਵਹਿਂ, ਰੱਤੇ, ਭਾਵਨ੍।

ਪਦ ਅਰਥ : ਸੇਈ- ਓਹੀ (ਬਹੁ ਵਚਨ ਪੜਨਾਂਵ)। ਤੁਧ ਨੋ- ਤੈਨੂੰ। ਗਾਵਹਿ- ਗਾਉਂਦੇ ਹਨ। ਜੋ- ਜਿਹੜੇ। ਤੁਧੁ- ਤੈਨੂੰ। ਭਾਵਨਿ- ਭਾਉਂਦੇ ਹਨ, ਪਸੰਦ ਹਨ। ਰਤੇ- ਰੰਗੇ ਹੋਏ। ਰਸਾਲੇ- ਰਸ+ਆਲ੍ਯ, ਰਸਾਂ ਦੇ ਘਰ, ਅਨੰਦ ਦੇ ਸ੍ਰੋਤ, ਅਨੰਦ ਭਰਪੂਰ ਪ੍ਰਭੂ।

ਅਰਥ : ਹੇ ਅਨੰਦ ਦੇ ਸ੍ਰੋਤ (ਪ੍ਰਭੂ ! ਅਸਲ ’ਚ) ਉਹੀ ਭਗਤ-ਜਨ ਤੈਨੂੰ ਗਾਉਂਦੇ ਹਨ ਭਾਵ ਉਨ੍ਹਾਂ ਦਾ ਗਾਉਣਾ ਹੀ ਸਫਲ ਹੈ, ਜੋ ਤੇਰੇ ਪ੍ਰੇਮ ਰੰਗ ’ਚ ਭਿੱਜੇ ਹੋਏ (ਯਾਨੀ ਤੇਰੀ ਹਸਤੀ ਨੂੰ ਸਵੀਕਾਰ ਕੇ ਗਾਉਣ ਵਾਲ਼ੇ) ਤੈਨੂੰ ਪਸੰਦ ਹਨ।

ਵਿਚਾਰ : ਇਸ ਵਾਕ ਤੋਂ ਸਪਸ਼ਟ ਹੈ ਕਿ ‘ਪਵਣੁ, ਪਾਣੀ, ਬੈਸੰਤਰੁ, ਰਾਜਾ ਧਰਮੁ, ਚਿਤੁ ਗੁਪਤੁ, ਈਸਰੁ, ਬ੍ਰਹਮਾ, ਦੇਵੀ, ਦੇਵਤੇ, ਇੰਦ੍ਰ, ਜੋਗੀ, ਸਾਧ, ਜਤੀ, ਸਤੀ, ਸੰਤੋਖੀ, ਪੰਡਿਤ, ਰਿਸ਼ੀ ਮੁਨੀ, ਮੋਹਿਤ ਕਰਨ ਵਾਲ਼ੀਆਂ ਸੁੰਦਰੀਆਂ/ਪਰੀਆਂ, 14 ਰਤਨ, 68 ਤੀਰਥ, ਜੋਧੇ, ਮਹਾਬਲੀ, ਸੂਰਮੇ, ਚਾਰੇ ਖਾਣੀਆਂ, ਖੰਡ, ਮੰਡਲ, ਬ੍ਰਹਮੰਡ’ ਆਦਿ ਦਾ ਗਾਉਣਾ; ਦਾਤਾਰ-ਪਿਤਾ ਨੂੰ ਖ਼ੁਸ਼ ਨਾ ਕਰ ਸਕਿਆ ਕਿਉਂਕਿ ਇਹ ਸਾਰੇ; ਮਾਲਕ ਦੀ ਹੋਂਦ ਨੂੰ ਪ੍ਰਵਾਨ ਕਰਕੇ ਉਸ ਦੇ ਡਰ-ਅਦਬ ’ਚ ਰਹਿ ਕੇ ਨਹੀਂ ਗਾਉਂਦੇ; ਜਿਵੇਂ ਕਿ ਰੱਬ ਨੂੰ ਪਿਆਰ ਕਰਨ ਵਾਲ਼ਾ ਗੁਰੂ ਦਾ ਸਿੱਖ; ਉਸ ਦੀ ਭੈ-ਭਾਵਨੀ ’ਚ ਰਹਿੰਦਾ ਹੋਇਆ ਸਦਾ ਉਸ ਨੂੰ ਯਾਦ ਕਰਨਾ ਹੈ, ਚੇਤੇ ਰੱਖਦਾ ਹੈ, ਸਿਮਰਨ ਕਰਦਾ ਹੈ।

ਅਗਲੀ ਪੰਕਤੀ; ਇਸ ਪਉੜੀ ਦੇ ਅਰੰਭ ਤੋਂ ਚੱਲਦੇ ਪ੍ਰਸੰਗ, ਜਿਨ੍ਹਾਂ ਬਾਰੇ ਕਿਹਾ ਹੈ, ‘‘ਹੋਰਿ ਕੇਤੇ ਗਾਵਨਿ’’ ਕੜੀ ਨਾਲ਼ ਜੁੜਦੀ ਹੈ, ਨਾ ਕਿ ਅਸਲ ਸੱਚੇ ਭਗਤਾਂ (ਸੇਈ ਤੁਧੁ ਨੋ ਗਾਵਹਿ, ਜੋ ਤੁਧੁ ਭਾਵਨਿ) ਨਾਲ਼।

ਹੋਰਿ ਕੇਤੇ ਗਾਵਨਿ; ਸੇ, ਮੈ ਚਿਤਿ ਆਵਨਿ; ਨਾਨਕੁ ਕਿਆ ਵੀਚਾਰੇ  ?

ਪਦ ਅਰਥ : ਹੋਰਿ- ਹੋਰ ਭੀ (ਯਾਨੀ ਉਕਤ ਬਿਆਨ ਕੀਤੇ ‘ਪਵਣੁ, ਪਾਣੀ, ਬੈਸੰਤਰੁ, ਰਾਜਾ ਧਰਮੁ’ ਆਦਿ ਤੋਂ ਇਲਾਵਾ ਭੀ)। ਮੈ ਚਿਤਿ- ਮੇਰੇ ਚਿੱਤ ਵਿੱਚ ਭਾਵ ਮੇਰੇ ਸਮਝ ਤੋਂ ਬਾਹਰ। ਕਿਆ- ਕਿੰਨੀ ਕੁ। ਵੀਚਾਰੇ- ਵਿਚਾਰ ਕਰ ਸਕਦਾ ਹੈ ?

ਅਰਥ : (ਹੇ ਦਾਤਾਂ ਦੇਣ ਵਾਲ਼ੇ !) ਹੋਰ ਭੀ ਅਣਗਿਣਤ ਤੈਨੂੰ ਗਾਉਂਦੇ ਹਨ ਭਾਵ ਤੇਰੇ ਹੁਕਮ ’ਚ ਚੱਲਦੇ ਹਨ। ਉਹ, ਮੇਰੀ ਸਮਝ ਤੋਂ ਪਰੇ ਹਨ (ਕਿਉਂਕਿ ਤੇਰੇ ‘ਕਰਤੇ ਕੈ ਕਰਣੈ’ ਨੂੰ) ਨਾਨਕ ਕਿੰਨਾ ਕੁ ਗਿਣ-ਮਿਣ ਸਕਦਾ ਹੈ ?

ਵਿਚਾਰ : ਇਸ ਪਉੜੀ ’ਚ ਭੀ ਦੋ ਵਾਰ ‘ਨਾਨਕ’ ਹੈ। ਕਾਰਨ ਇਹੀ ਹੈ ਕਿ ‘ਕਰਤੇ ਕੈ ਕਰਣੈ’ ਦੇ ਮੁਕਾਬਲੇ ਆਪਣੇ ਆਪ ਨੂੰ ਤੁੱਛ ਬਿਆਨ ਕਰਨਾ ਹੈ ਤਾਂ ਜੋ ਕੁਦਰਤ ਨੂੰ ਨਾਪਦਿਆਂ-ਨਾਪਦਿਆਂ, ਮਤਾਂ ਰੱਤੀ ਭਰ ਭੀ ਅਹੰਕਾਰ ਨਾਨਕ ਦੇ ਮਨ ’ਚੋਂ ਪੈਦਾ ਹੁੰਦਾ, ਪ੍ਰਤੀਤ ਹੋਵੇ।

ਇਸ 27ਵੀਂ ਪਉੜੀ ਦੇ ਵਿਸ਼ੇ-ਪ੍ਰਸੰਗ ਨੂੰ ਇੱਥੇ ਅਸੀਮ-ਅਸੀਮ ਬਿਆਨ ਕਰ ਸਮੇਟਿਆ ਗਿਆ ਹੈ; ਜਿਵੇਂ ਕਿ ਇਸ ਬਾਣੀ ਦੀ ਹਰ ਪਉੜੀ ਦੀ ਸਮਾਪਤੀ ’ਚ ਅਰੰਭ ਤੋਂ ਨਿਰੰਤਰ ਹੁੰਦਾ ਆ ਰਿਹਾ ਹੈ। ਇਸ ਯੁਕਤੀ ਨੂੰ ਧਿਆਨ ’ਚ ਰੱਖ ਕੇ ਹੀ 32ਵੀਂ ਪਉੜੀ ‘‘ਇਕ ਦੂ ਜੀਭੌ ਲਖ ਹੋਹਿ; ਲਖ ਹੋਵਹਿ ਲਖ ਵੀਸ ੩੨’’ (ਜਪੁ) ਦੇ ਅਰਥਾਂ ਨੂੰ ਸਮਝਿਆ ਜਾ ਸਕੇਗਾ।

ਗੁਰਬਾਣੀ ਅੰਦਰ ‘ਕਰਤੇ ਕੈ ਕਰਣੈ’ ਨੂੰ ਅਸੀਮ ਬਿਆਨ ਕਰਦੇ ਕਈ ਹੋਰ ਸ਼ਬਦ ਭੀ ਹਨ; ਜਿਵੇਂ ਕਿ ਗੁਰੂ ਅਰਜਨ ਸਾਹਿਬ ਜੀ ਦੇ ਇਹ ਬਚਨ, ‘‘ਜੇਤੀ ਪ੍ਰਭੂ ਜਨਾਈ; ਰਸਨਾ ਤੇਤ ਭਨੀ ਅਨਜਾਨਤ ਜੋ ਸੇਵੈ; ਤੇਤੀ ਨਹ ਜਾਇ ਗਨੀ’’ (ਮਹਲਾ /੪੫੬) ਭਾਵ ਜਿੰਨੀ ਕੁ ਮਾਲਕ ਨੇ ਸੋਝੀ ਬਖ਼ਸ਼ੀ, ਓਨੀ ਕੁ ਬਿਆਨ ਕਰ ਦਿੱਤੀ; ਜੋ ਸਮਝ ਤੋਂ ਪਰੇ ਹੈ, ਉਹ ਦੱਸੀ ਨਹੀਂ ਜਾ ਸਕਦੀ। ਇਹ ਭੀ ਸੱਚ ਹੈ ਕਿ ਵਿਖਾਈ ਦਿੰਦਾ ਇਹ ‘ਕਰਤੇ ਕੈ ਕਰਣੈ’; ਸਦਾ ਰਹਿਣ ਵਾਲ਼ਾ ਨਹੀਂ; ਜਿਵੇਂ ਕਿ ਵਾਰ-ਵਾਰ ਸਪਸ਼ਟ ਕੀਤਾ ਹੈ, ‘‘ਦ੍ਰਿਸਟਿਮਾਨ ਸਭੁ ਬਿਨਸੀਐ; ਕਿਆ ਲਗਹਿ ਗਵਾਰ  ? (ਮਹਲਾ /੮੦੮), ਦ੍ਰਿਸਟਿਮਾਨ ਹੈ ਸਗਲ ਮਿਥੇਨਾ (ਮਹਲਾ /੧੦੮੩), ਦ੍ਰਿਸਟਿਮਾਨ ਹੈ ਸਗਲ ਬਿਨਾਸੀ’’ (ਮਹਲਾ /੧੨੦੪) ਜਦ ਕਿ ਇਸ ਨੂੰ ਰਚਨਹਾਰ ਮਾਲਕ; ਸਦੀਵੀ ਸਥਿਰ ਹੈ, ਇਸ ਲਈ ਉਸ ਬਾਰੇ ਕਿਹਾ ਹੈ, ‘‘ਆਦਿ ਸਚੁ; ਜੁਗਾਦਿ ਸਚੁ ਹੈ ਭੀ ਸਚੁ; ਨਾਨਕ ! ਹੋਸੀ ਭੀ ਸਚੁ ’’ ਜਾਂ ‘‘ਤੂ ਸਦਾ ਸਲਾਮਤਿ; ਨਿਰੰਕਾਰ  ! ’’ (ਜਪੁ)

ਸੋਈ ਸੋਈ ਸਦਾ ਸਚੁ; ਸਾਹਿਬੁ ਸਾਚਾ, ਸਾਚੀ ਨਾਈ

ਪਦ ਅਰਥ : ਸੋਈ ਸੋਈ- ਉਹੀ ਉਹੀ, ਕੇਵਲ ਓਹੀ। ਸਦਾ ਸਚੁ- ਸਦੀਵੀ ਸਥਿਰ। ਸਾਹਿਬੁ ਸਾਚਾ- ਅਸਲ ਮਾਲਕ, ਸੱਚਾ ਮਾਲਕ। ਸਾਚੀ ਨਾਈ- (ਉਸ ਦੀ) ਸੱਚੀ ਵਡਿਆਈ, ਸਦੀਵੀ ਸਥਿਰ ਮਹਿਮਾ ਭਾਵ ਉਸ ਅੰਦਰ ਗੁਣ ਵਧਦੇ-ਘਟਦੇ ਨਹੀਂ।

ਅਰਥ : ਕੇਵਲ ਓਹੀ (ਜਿਸ ਦਾ ‘ਸੋ ਦਰੁ, ਸੋ ਘਰੁ’ ਹੈ) ਸਦੀਵੀ ਸਥਿਰ ਮਾਲਕ ਹੈ। ਸਦੀਵੀ ਸਥਿਰ ਉਸ ਦੀ ਪ੍ਰਭੁਤਾ (ਮਹਿਮਾ) ਹੈ।

ਵਿਚਾਰ : ‘ਸਦਾ ਸਚੁ ਸਾਹਿਬੁ’ ਦੀ ‘ਸਾਚੀ ਨਾਈ’ ਹੀ ਸਮੁੱਚੀ ਗੁਰਬਾਣੀ ਹੈ, ਗੁਰੂ ਦਾ ਉਪਦੇਸ਼ ਹੈ ਤਾਹੀਓਂ ਗੁਰੂ ਸ਼ਬਦ ਨੂੰ ਭੀ ਸਦੀਵੀ ਸਥਿਰ ਕਿਹਾ ਹੈ; ਜਿਵੇਂ ਕਿ ‘‘ਨਿਸਿ ਬਾਸੁਰ ਨਖਿਅਤ੍ਰ ਬਿਨਾਸੀ; ਰਵਿ ਸਸੀਅਰ ਬੇਨਾਧਾ ਗਿਰਿ ਬਸੁਧਾ ਜਲ ਪਵਨ ਜਾਇਗੋ; ਇਕਿ ਸਾਧ ਬਚਨ ਅਟਲਾਧਾ ’’ (ਮਹਲਾ /੧੨੦੪) ਅਰਥ : ਰਾਤ, ਦਿਨ, ਤਾਰੇ ਸਭ ਨਾਸ਼ਵਾਨ ਹਨ। ਸੂਰਜ, ਚੰਦ ਭੀ ਨਾਸ਼ਵਾਨ ਹਨ। ਪਹਾੜ, ਧਰਤੀ, ਪਾਣੀ, ਹਵਾ ਆਦਿ ਸਦਾ ਰਹਿਣ ਵਾਲ਼ੇ ਨਹੀਂ, ਪਰ ਸਤਿਗੁਰੂ ਦੇ ਬਚਨ ਸਦੀਵੀ ਸਥਿਰ ਹਨ। ਜਿਸ ਦੇ ਹਿਰਦੇ ’ਚ ਵੱਸ ਗਏ ਓਹ ਭੀ ਸਦੀਵੀ ਸਥਿਰ ਹੋ ਜਾਂਦਾ ਹੈ, ਸਥਿਰ ਮਾਲਕ ’ਚ ਲੀਨ ਹੋ ਜਾਂਦਾ ਹੈ, ਵਾਰ-ਵਾਰ ਜੰਮਦਾ-ਮਰਦਾ ਨਹੀਂ।

ਹੈ ਭੀ ਹੋਸੀ, ਜਾਇ ਜਾਸੀ; ਰਚਨਾ ਜਿਨਿ ਰਚਾਈ

ਪਦ ਅਰਥ : ਹੈ ਭੀ- ਹੁਣ (ਵਰਤਮਾਨ ’ਚ) ਭੀ ਹੈ। ਹੋਸੀ (ਅਗਾਂਹ ਭੀ) ਰਹੇਗਾ। ਜਾਇ ਨ ਜਾਸੀ- ਨਾ ਜੰਮਦਾ ਹੈ, ਨਾ ਮਰੇਗਾ। ਰਚਨਾ- ਸੰਸਾਰ, ਕੁਦਰਤ ਭਾਵ ‘ਕਰਤੇ ਕੈ ਕਰਣੈ’। ਜਿਨਿ- ਜਿਸ (ਸਥਿਰ ਮਾਲਕ) ਨੇ।

ਅਰਥ : ਜਿਸ (ਸਦੀਵੀ ਸਥਿਰ ਮਾਲਕ) ਨੇ ਨਾਸ਼ਵਾਨ ਕੁਦਰਤ ਬਣਾਈ ਹੈ, ਉਹ ਹੁਣ ਭੀ ਹੈ (ਕੁਦਰਤ ਦੇ ਨਾਸ ਹੋਣ ’ਤੇ) ਭੀ ਰਹੇਗਾ (ਕਿਉਂਕਿ ਉਹ) ਨ ਜੰਮਦਾ ਹੈ, ਨਾ ਮਰੇਗਾ ਭਾਵ ਜੰਮਣ ਮਰਨ ਵਾਲ਼ੇ ਸਾਰੇ ਜੀਵ ਸਦਾ ਜੰਮਦੇ ਮਰਦੇ ਰਹਿੰਦੇ ਹਨ।

ਰੰਗੀ ਰੰਗੀ ਭਾਤੀ ਕਰਿ ਕਰਿ; ਜਿਨਸੀ ਮਾਇਆ, ਜਿਨਿ ਉਪਾਈਉਚਾਰਨ : ਰੰਗੀਂ-ਰੰਗੀਂ, ਭਾਂਤੀਂ, ਜਿਨਸੀਂ।

ਪਦ ਅਰਥ : ਰੰਗੀ ਰੰਗੀ- ਕਈ ਰੰਗਾਂ ਦੀ। ਭਾਤੀ- ਕਈ ਭਾਂਤਾਂ ਦੀ। ਕਰਿ ਕਰਿ- ਬਣਾ ਬਣਾ ਕੇ, ਘੜ ਘੜ ਕੇ (ਜਿਵੇਂ ਪੁੱਤਰ, ਵਸਤੂ, ਧਨ ਆਦਿ ਨੂੰ ਆਕਾਰ/ਰੂਪ ਮਿਲਦਾ ਹੈ)। ਜਿਨਸੀ- ਕਈ ਕਿਸਮਾਂ ਦੀ।

ਅਰਥ : ਜਿਸ (ਕਰਤਾਰ) ਨੇ ਕਈ ਰੰਗਾਂ ਦੀ, ਕਈ ਭਾਂਤਾਂ ਦੀ, ਕਈ ਕਿਸਮਾਂ ਦੀ ਮਾਇਆ; ਤਰਾਸ਼-ਤਰਾਸ਼ ਕੇ ਪੈਦਾ ਕੀਤੀ ਹੈ।

ਕਰਿ ਕਰਿ ਵੇਖੈ, ਕੀਤਾ ਆਪਣਾ; ਜਿਵ, ਤਿਸ ਦੀ ਵਡਿਆਈ

ਪਦ ਅਰਥ : ਵੇਖੈ- ਵੇਖਦਾ ਹੈ, ਸੰਭਾਲ਼ਦਾ ਹੈ। ਕੀਤਾ ਆਪਣਾ- ਆਪਣਾ ਕੀਤਾ ਹੋਇਆ, ਆਪਣਾ ਬਣਾਇਆ (ਜਗਤ)। ਜਿਵ- ਜਿਸ ਤਰ੍ਹਾਂ, ਜਿਵੇਂ, ਜਿਉਂ। ਤਿਸ ਦੀ- ਉਸ (ਸਥਿਰ ਮਾਲਕ) ਦੀ। ਵਡਿਆਈ- ਇੱਛਾ, ਮਨਸ਼ਾ, ਮਰਜ਼ੀ।

ਅਰਥ : ਜਿਵੇਂ ਉਸ ਦੀ ਮਰਜ਼ੀ ਹੈ (ਓਵੇਂ ਆਪਣੇ ਜੀਵ-ਜੰਤੂਆਂ ਨੂੰ) ਪੈਦਾ ਕਰ ਕਰ ਕੇ ਸੰਭਾਲ਼ਦਾ ਹੈ ਭਾਵ ਉਹ ਪੈਦਾ ਕਰਨ ਵਾਲ਼ਾ ਬ੍ਰਹਮਾ ਹੀ ਨਹੀਂ ਬਲਕਿ ਰਿਜ਼ਕ ਦੇਣ ਵਾਲ਼ਾ ਵਿਸ਼ਨੂੰ ਭੀ ਹੈ।

ਜੋ ਤਿਸੁ ਭਾਵੈ, ਸੋਈ ਕਰਸੀ; ਹੁਕਮੁ ਕਰਣਾ ਜਾਈ

ਪਦ ਅਰਥ : ਜੋ- ਜਿਹੜਾ (ਤਰੀਕਾ)। ਤਿਸੁ- ਉਸ ਨੂੰ। ਭਾਵੈ- ਪਸੰਦ ਹੈ। ਸੋਈ- ਉਹੀ। ਕਰਸੀ- ਕਰੇਗਾ, ਜੀਵ-ਜੰਤਾਂ ਅੰਦਰ ਭਾਵਨਾਵਾਂ ਪੈਦਾ ਕਰੇਗਾ (ਭਵਿੱਖ ਸੂਚਕ ਕਿਰਿਆ)। ਹੁਕਮੁ- (ਰੱਬ ਦੀ ਇਸ ਰਜ਼ਾ ਵਿਰੁੱਧ) ਸੰਦੇਹ, ਤਰਕ, ਨਾਂਹ ਨੁੱਕਰ, ਸੁਝਾਅ। ਨ ਕਰਣਾ ਜਾਈ-ਨਹੀਂ ਕੀਤਾ ਜਾ ਸਕਦਾ।

ਅਰਥ : ਜੋ ਉਸ ਨੂੰ ਪਸੰਦ ਹੈ, ਉਹੀ (ਸੋਚ; ਜਗਤ ’ਚ) ਪੈਦਾ ਕਰੇਗਾ (ਉਸ ਉੱਤੇ) ਸੰਦੇਹ ਨਹੀਂ ਜਤਾਇਆ ਜਾ ਸਕਦਾ (ਕਿਉਂਕਿ)।

ਸੋ ਪਾਤਿਸਾਹੁ, ਸਾਹਾ ਪਾਤਿਸਾਹਿਬੁ; ਨਾਨਕ  ! ਰਹਣੁ ਰਜਾਈ ੨੭ਉਚਾਰਨ : ਪਾਤਿਸ਼ਾਹ, ਸ਼ਾਹਾਂ, ਰਜ਼ਾਈ।

ਪਦ ਅਰਥ : ਸੋ- ਉਹ (ਭਾਵ ‘ਸੋ ਦਰੁ ਸੋ ਘਰੁ’ ਦਾ ਮਾਲਕ)। ਸਾਹਾ ਪਾਤਿਸਾਹਿਬੁ- ਪਾਤਿਸ਼ਾਹਾਂ ਦਾ ਪਾਤਿਸ਼ਾਹ, ਬਾਦਿਸ਼ਾਹਾਂ ’ਚੋਂ ਸਿਰਮੌਰ ਬਾਦਿਸ਼ਾਹ। ਨਾਨਕ- ਹੇ ਨਾਨਕ ! ਰਹਣੁ- ਸਦਾ ਅਡੋਲ, ਅਨੰਦ ਭਰਪੂਰ (ਭਾਵਾਰਥ ਕਿਰਦੰਤ, ਨਾਂਵ; ਇਸ ਦਾ ਧਾਤੁ ‘ਰਹ’ ਹੈ)। ਰਜਾਈ- ਰਜ਼ਾ ਵਿੱਚ, ਭਾਣੇ ’ਚ, ਹੁਕਮ ਵਿੱਚ।

ਅਰਥ : ਹੇ ਨਾਨਕ  ! ਉਹ ਬਾਦਿਸ਼ਾਹ; ਹੁਕਮਰਾਨਾਂ ਦਾ ਹੁਕਮਰਾਨ ਹੈ (ਭਾਵ ਸਾਰੇ ਬਾਦਿਸ਼ਾਹ; ਉਸ ਦੇ ਹੁਕਮ ’ਚ ਹਨ, ਤਾਂ ਤੇ ਮੈਂ ਭੀ ਉਸੇ ਦੇ) ਹੁਕਮ ’ਚ ਹਾਂ (ਇਹ ਸਮਝ ਕੇ ਹੀ ਮਨ) ਟਿਕ ਸਕਦਾ ਹੈ, ਸਦੀਵੀ ਅਨੰਦ ਮਿਲਦਾ ਹੈ।

ਵਿਚਾਰ : ਇਸ ਵਾਕ ਬਾਰੇ ਥੋੜ੍ਹਾ ਵਿਚਾਰਨਾ ਹੈ ਕਿ ਗੁਰਬਾਣੀ ਅੰਦਰ ‘ਰਹਣੁ’ ਸ਼ਬਦ; ਸੰਯੁਕਤ ਕਿਰਿਆ ਹੈ ਜਾਂ ਭਾਵਾਰਥ ਕਿਰਦੰਤ (ਨਾਂਵ) ਯਾਨੀ ਕਿ ਇਹ ਸ਼ਬਦ ‘ਕਿਰਿਆ’ ਵਜੋਂ ਇੱਕ ਵਾਰ ਭੀ ਨਹੀਂ। ਸੰਯੁਕਤ ਕਿਰਿਆ ਵਜੋਂ ਹੈ :

ਸਾਹਿਬੁ ਮੇਰਾ ਨਿਰਮਲਾ; ਤਿਸੁ ਬਿਨੁ ਰਹਣੁ ਜਾਇ ॥ (ਮਹਲਾ ੫/੪੯) (‘ਰਹਣੁ ਨ ਜਾਈ’ ਭਾਵ ਰਿਹਾ ਨਹੀਂ ਜਾਂਦਾ)

ਰਹਣੁ ਪਾਵਹਿ; ਸੁਰਿ ਨਰ ਦੇਵਾ ॥ (ਮਹਲਾ ੫/੭੪੦) (‘ਰਹਣੁ ਨ ਪਾਵਹਿ’ ਭਾਵ ਦੇਵਤੇ ਭੀ ਸਦਾ ਜੀਵਤ ਨਹੀਂ ਰਹਿ ਪਾਉਂਦੇ)

ਖਾਨ ਮਲੂਕ ਕਹਾਇਦੇ; ਕੋ ਰਹਣੁ ਪਾਈ ॥ (ਮਹਲਾ ੪/੧੨੪੬) (‘ਰਹਣੁ ਨ ਪਾਈ’ ਭਾਵ ਖ਼ਾਨ, ਬਾਦਿਸ਼ਾਹ ਅਖਵਾਉਣ ਵਾਲ਼ੇ ਭੀ (ਸੰਸਾਰ ’ਤੇ ਸਦਾ) ਨਹੀਂ ਰਹਿ ਪਾਉਂਦੇ ਯਾਨੀ ਮਰ ਜਾਂਦੇ ਹਨ)

ਭਾਵਾਰਥ ਕਿਰਦੰਤ (ਨਾਂਵ) ਵਜੋਂ ‘ਰਹਣੁ’ ਦੇ ਅਰਥ ਹਨ ‘ਟਿਕਾਅ, ਸਦਾ ਸਥਿਰ, ਅਡੋਲਤਾ, ਸਦੀਵੀ ਅਨੰਦ’; ਜਿਵੇਂ ਕਿ ਜ਼ਿਆਦਾਤਰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਅੰਦਰ ਹੀ ਮੌਜੂਦ ਹੈ :

ਮਰਣੁ ਲਿਖਾਇ ਆਏ; ਨਹੀ ਰਹਣਾ ॥ ਹਰਿ ਜਪਿ+ਜਾਪਿ (ਨਾਲ਼); ਰਹਣੁ ਹਰਿ ਸਰਣਾ ॥੧॥ ਰਹਾਉ ॥ (ਮਹਲਾ ੧/੧੫੩) ਭਾਵ ਹਰੀ ਦੇ ਸਿਮਰਨ ਨਾਲ਼ ਉਸ ਦੀ ਸਦੀਵੀ ਸ਼ਰਨ ਮਿਲਦੀ ਹੈ ਯਾਨੀ ਉਸ ਵਿੱਚ ਲੀਨ ਹੋ ਜਾਈਦਾ ਹੈ।

ਜਬ ਲਗੁ ਦੁਨੀਆ ਰਹੀਐ, ਨਾਨਕ  ! ਕਿਛੁ ਸੁਣੀਐ, ਕਿਛੁ ਕਹੀਐ ॥ ਭਾਲਿ ਰਹੇ ਹਮ, ਰਹਣੁ ਨ ਪਾਇਆ; ਜੀਵਤਿਆ ਮਰਿ ਰਹੀਐ ॥ (ਮਹਲਾ ੧/੬੬੧) ਭਾਵ ਜਦ ਤੱਕ ਦੁਨੀਆ ਕਾਇਮ ਹੈ ਯਾਨੀ ਬਚੀ ਹੋਈ ਹੈ। ਕੁੱਝ ਗੁਰੂ ਕੋਲ਼ੋਂ ਸਚਾਈ ਸੁਣਨੀ ਹੈ ਤੇ ਹੋਰਾਂ ਨੂੰ ਕੁੱਝ ਦੱਸਣੀ ਭੀ ਹੈ, ਪਰ ਅਸੀਂ ਲੱਭ ਲੱਭ ਥੱਕ ਗਏ; ਕੋਈ (ਐਸਾ ਕਹਿਣ ਵਾਲ਼ਾ) ਸਥਿਰ ਜੀਵਨ ਨਾ ਲੱਭਿਆ (ਰਹਣੁ ਨ ਪਾਇਆ); ਜਿਹੜਾ ਜਿਊਂਦਿਆਂ ਹੀ (ਵਿਕਾਰਾਂ ਵੱਲੋਂ) ਨਿਰਮੋਹ ਰਹਿੰਦਾ ਹੋਵੇ ਭਾਵ ਕੁੱਝ ਸਚਾਈ ਸੁਣਨ ਵਾਲ਼ਾ ਤੇ ਹੋਰਾਂ ਨਾਲ਼ ਸਚਾਈ ਸਾਂਝੀ ਕਰਨ ਵਾਲ਼ਾ ਬੰਦਾ ਨਹੀਂ ਮਿਲਦਾ ਕਿਉਂਕਿ ਓਹੀ ਮਾਇਆ ਵੱਲੋਂ ਨਿਰਮੋਹ ਹੋ ਸਕਦਾ ਹੈ, ਸਦੀਵੀ ਸਥਿਰ ਹੈ, ਅਨੰਦ ਭਰਪੂਰ ਹੈ।

ਰੋਸੁ ਨ ਕੀਜੈ, ਅੰਮ੍ਰਿਤੁ ਪੀਜੈ; ਰਹਣੁ ਨਹੀ ਸੰਸਾਰੇ ॥ ਰਾਜੇ ਰਾਇ ਰੰਕ (ਕੰਗਾਲ) ਨਹੀ ਰਹਣਾ; ਆਇ ਜਾਇ ਜੁਗ ਚਾਰੇ ॥ (ਓਅੰਕਾਰ/ਮਹਲਾ ੧/੯੩੧) (‘ਰਹਣੁ ਨਹੀ ਸੰਸਾਰੇ’ ਭਾਵ ਸੰਸਾਰ ’ਚ ਸਦੀਵੀ ਟਿਕਾਅ ਕਿਸੇ ਦਾ ਨਹੀਂ)

ਭਾਲਿ ਲਹਨਿ ਸਹੁ ਆਪਣਾ; ਨਿਜ ਘਰਿ (’ਚ) ਰਹਣੁ ਕਰੇਨਿ ॥ (ਮਹਲਾ ੩/੯੪੯) ਭਾਵ ਜੋ ਅਸਲ ਮਾਲਕ (ਸਦੀਵੀ ਸਥਿਰ) ਨੂੰ ਲੱਭ ਲੈਂਦੇ ਹਨ, ਉਹ ਆਪ ਭੀ ਸਦੀਵੀ ਅਡੋਲਤਾ ਪਾ ਲੈਂਦੇ ਹਨ।

ਫਰੀਦਾ  ! ਰੁਤਿ ਫਿਰੀ ਵਣੁ ਕੰਬਿਆ; ਪਤ ਝੜੇ ਝੜਿ ਪਾਹਿ ॥ ਚਾਰੇ ਕੁੰਡਾ ਢੂੰਢੀਆਂ; ਰਹਣੁ ਿਥਾਊ ਨਾਹਿ ॥ (ਬਾਬਾ ਫਰੀਦ/੧੩੮੩) (‘ਰਹਣੁ ਕਿਥਾਊ ਨਾਹਿ’ ਭਾਵ ਸਦੀਵੀ ਅਡੋਲਤਾ ਕਿਸੇ ਪਾਸੇ ਨਹੀਂ)

ਸੋ ਇਸ 27ਵੀਂ ਪਉੜੀ ਦੇ ਅੰਤ ’ਚ ਰਹਣੁ ਰਜਾਈ ਤੋਂ ਭਾਵ ਹੈ ‘(ਸੋ ਦਰੁ, ਸੋ ਘਰੁ ਵਾਲ਼ੇ ਸਥਿਰ ਮਾਲਕ ਦੀ) ਰਜ਼ਾ ’ਚ (ਹਾਂ ਐਸਾ ਯਕੀਨ ਕੀਤਿਆਂ ਮਨ) ਟਿਕਦਾ ਹੈ, ਅਨੰਦ ਮਾਣਦਾ ਹੈ ਕਿਉਂਕਿ ਭਰੋਸਾ ਹੋ ਗਿਆ, ‘‘ਨਾ ਕਰਿ ਚਿੰਤ; ਚਿੰਤਾ ਹੈ ਕਰਤੇ   ਹਰਿ ਦੇਵੈ ਜਲਿ ਥਲਿ (); ਜੰਤਾ ਸਭਤੈ   ਅਚਿੰਤ ਦਾਨੁ ਦੇਇ ਪ੍ਰਭੁ ਮੇਰਾ; ਵਿਚਿ ਪਾਥਰ ਕੀਟ ਪਖਾਣੀ ਹੇ ’’ (ਮਹਲਾ /੧੦੭੦) ਭਾਵ ਸਮੂਹ ਜਗਤ ਨੂੰ ਨਾਸ਼ਵਾਨ ਸਮਝਦਿਆਂ ਸਦੀਵੀ ਸਥਿਰ ਮਾਲਕ ਨਾਲ਼ ਪਿਆਰ ਪਾ ਲੈਂਦਾ ਹੈ, ਉਸੇ ਨੂੰ ਆਪਣਾ ਅਸਲ ਸਾਥੀ ਬਣਾ ਲੈਂਦਾ ਹੈ।

ਇਹ ਇਕਲੌਤਾ ਸ਼ਬਦ; ਗੁਰਬਾਣੀ ’ਚ 3 ਵਾਰ ਦਰਜ ਹੈ ਤੇ ਨਿਤਨੇਮ ’ਚ ਸੁਬ੍ਹਾ-ਸ਼ਾਮ ਪੜ੍ਹਿਆ ਜਾਂਦਾ ਹੈ। ਹੋਰ ਕੋਈ ਸ਼ਬਦ; ਗੁਰਬਾਣੀ ਅੰਦਰ 3 ਵਾਰ ਜਾਂ ਇਸ ਤੋਂ ਵੱਧ ਵਾਰ ਦਰਜ ਨਹੀਂ ਹੈ। ਇਸ ਵਿਸ਼ੇ ਨੂੰ ਐਨੀ ਮਹੱਤਤਾ ਦੇਣ ਦਾ ਅਸਲ ਕਾਰਨ ਇਹੀ ਦ੍ਰਿੜ੍ਹ ਕਰਾਉਣਾ ਹੈ ਕਿ ਕੁਦਰਤ ਨਾਸ਼ਵਾਨ ਹੈ, ਇਸ ਵੱਲੋਂ ਨਿਰਮੋਹ ਰਹਿ ਕੇ ਸਦੀਵੀ ‘ਸੋ ਦਰੁ, ਸੋ ਘਰੁ’ ਨੂੰ ਯਾਦ ਰੱਖ। ਇੱਕ ਦਿਨ ਓਥੇ ਪਹੁੰਚ ਕੇ ਸਭ ਨੇ ਹਿਸਾਬ-ਕਿਤਾਬ ਦੇਣਾ ਹੈ। ਉਸੇ ਦੇ ਹੁਕਮ ’ਚ ਪੂਰਾ ਬ੍ਰਹਿਮੰਡ, ਸਾਰੇ ਜੀਵ-ਜੰਤ ਤੇ ਅਖੌਤੀ ਪੂਜਨੀਕ (ਦੇਵੀ-ਦੇਵਤੇ ਆਦਿ) ਨਾਸ ਹੁੰਦੇ ਰਹੇ, ਹੋ ਰਹੇ ਹਨ ਤੇ ਹੁੰਦੇ ਰਹਿਣਗੇ। ਇਹੀ ਵਿਚਾਰ ‘ਜਪੁ’ ਬਾਣੀ ਦੇ ਅਰੰਭ ’ਚ ਹੈ ‘‘ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ .. ’’

ਅਗਲੀਆਂ 4 ਪਉੜੀਆਂ ’ਚ ਯੋਗ ਮਤ ਦੀ ਸ਼ਬਦਾਵਲੀ ਨਾਲ਼ ਗੁਰਮਤਿ ਨੂੰ ਤੁਲਨਾਤਮਿਕ ਪੱਖੋਂ ਵਿਚਾਰ ਕੇ ਹਰ ਪਉੜੀ ਦੇ ਅੰਤ ’ਚ ‘‘ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ’’ ਭਾਵ ਸਦੀਵੀ ਮਾਲਕ ਨੂੰ ਨਮਸਕਾਰ ਕੀਤੀ ਹੈ; ਜਿਵੇਂ ਕਿ 5ਵੀਂ ਪਉੜੀ ’ਚ ਗੁਰੂ ਨੂੰ ਤੁਲਨਾਤਮਿਕ ਵਿਚਾਰਨ ਉਪਰੰਤ ਅੰਤ ’ਚ ‘ਗੁਰੂ’ ਨੂੰ ਸੰਬੋਧਨ ਕੀਤਾ ਹੈ, ‘‘ਗੁਰੁ ਈਸਰੁ ਗੁਰੁ ਗੋਰਖੁ ਬਰਮਾ; ਗੁਰੁ ਪਾਰਬਤੀ ਮਾਈ ਗੁਰਾ  ! ਇਕ ਦੇਹਿ ਬੁਝਾਈ ..’’ (ਜਪੁ) ਇਹ ਹੈ ਭੀ ਸੁਭਾਵ ਕਿ ਜਦ ਤੁਲਨਾਤਮਿਕ ਚਰਚਾ ਚੱਲ ਰਹੀ ਹੋਵੇ ਤਾਂ ਸਿਰਮੌਰ ਨੂੰ ਅੰਤ ’ਚ ਸੰਬੋਧਨ ਕਰਕੇ ਉਸ ਅੱਗੇ ਬੇਨਤੀ ਕਰਨੀ ਬਣਦੀ ਹੈ।

ਮੁੰਦਾ ਸੰਤੋਖੁ, ਸਰਮੁ ਪਤੁ ਝੋਲੀ; ਧਿਆਨ ਕੀ ਕਰਹਿ ਬਿਭੂਤਿ

ਉਚਾਰਨ : ਮੁੰਦਾਂ, ਸਰਮ ਨੂੰ ਥੋੜ੍ਹਾ ‘ਸ਼੍ਰਮ’ ਵਾਙ, ਝੋਲ਼ੀ, ਕਰਹਿਂ।

ਪਦ ਅਰਥ : ਮੁੰਦਾ- (ਜੋਗੀ ਦੇ ਕੰਨਾਂ ’ਚ ਪਾਈਆਂ) ਮੁੰਦਰਾਂ (ਜੋ ਰੱਬ ਵੱਲੋਂ ਮਿਲੀ ਸ਼ਕਲ-ਸੂਰਤ ’ਤੇ ਅਸੰਤੁਸ਼ਟੀ ਦਾ ਪ੍ਰਤੀਕ ਹਨ)। ਸੰਤੋਖੁ- ਸਬਰ, ਸੰਤੁਸ਼ਟੀ। ਸਰਮੁ- ਸ਼੍ਰਮ, ਮਿਹਨਤ, ਹੱਥੀਂ ਕੀਤੀ ਕਿਰਤ, ਹੱਕ-ਸੱਚ ਦੀ ਕਮਾਈ। ਪਤੁ- ਖੱਪਰ, ਪੱਤ੍ਰ (ਜੋਗੀਆਂ ਦੇ ਹੱਥ ’ਚ ਫੜੀ ਭੀਖ ਮੰਗਣ ਲਈ ਲਕੜੀ ਦੀ ਕਿਸ਼ਤੀਨੁਮਾ ਚਿੱਪੀ)। ਝੋਲੀ- ਭੀਖ ਮੰਗਣ ਵਾਲ਼ੀ ਗੁਥਲੀ। ਧਿਆਨ- (ਰੱਬ ਨਾਲ਼) ਸੁਰਤ ਜੋੜਨੀ, ਇਕਾਗਰਤਾ। ਬਿਭੂਤਿ- ਸੁਆਹ (ਜੋ ਜੋਗੀ ਅਕਸਰ ਆਪਣੇ ਸਰੀਰ ’ਤੇ ਮਲ਼ਦੇ ਹਨ, ਜੋ ਮੌਤ ਨੂੰ ਚੇਤੇ ਰੱਖਣ ਦਾ ਪ੍ਰਤੀਕ ਹੈ)

ਅਰਥ : (ਹੇ ਜੋਗੀ  ! ਆਪਣੀ ਸਰੀਰਕ ਬਣਤਰ ’ਤੇ) ਸਬਰ ਕਰਨ ਨੂੰ ਮੁੰਦ੍ਰਾਂ ਬਣਾ। ਹੱਥੀਂ ਕਿਰਤ ਕਰਨ ਨੂੰ ਖੱਪਰ ਤੇ ਝੋਲ਼ੀ ਬਣਾ। ਅਸਲ ਗੋਰਖ (ਦਾਤਾਰ-ਪਿਤਾ ਨਾਲ਼) ਧਿਆਨ ਲਗਾ; ਇਹੀ ਹੈ ਸੁਆਹ ਮਲ਼ਨਾ (ਯਾਨੀ ਮੌਤ ਨੂੰ ਚੇਤੇ ਕਰਨ ਦਾ ਸਹੀ ਢੰਗ ਕਿਉਂਕਿ ਓਹੀ ਮੌਤ ਦਾ ਸੱਦਾ ਭੇਜਣ ਵਾਲ਼ਾ ਹੈ)

ਵਿਚਾਰ : ‘ਜਪੁ’ ਬਾਣੀ ਦੀ 16ਵੀਂ ਤੋਂ 27ਵੀਂ ਪਉੜੀ ਅੰਦਰ ‘ਨਿਰਾਕਾਰ’ ਜਾਂ ‘ਦਾਤਾਰ-ਪਿਤਾ’ ਨੂੰ ਸੰਬੋਧਨ ਕੀਤਾ ਹੈ, ਇੱਥੇ ਅਚਾਨਕ ‘ਹੇ ਜੋਗੀ’ ਕਹਿਣ ਦਾ ਮੂਲ ਕਾਰਨ ‘‘ਧਿਆਨ ਕੀ ਕਰਹਿ ਬਿਭੂਤਿ’’ ਵਾਕ ’ਚ ‘ਕਰਹਿ’ ਕਿਰਿਆ (ਦੂਜਾ ਪੁਰਖ, ਇੱਕ ਵਚਨ) ਦਾ ਹੋਣਾ ਹੈ। ਜਿਸ ਦਾ ਅਰਥ ਹੈ (ਜੇ) ‘ਤੂੰ ਕਰੇਂ’। ਐਸਾ ਅਰਥ ‘ਨਿਰਾਕਾਰ’ ਨੂੰ ਸੰਬੋਧਨ ਕੀਤਿਆਂ ਨਹੀਂ ਮਿਲ ਸਕਦਾ।

ਖਿੰਥਾ ਕਾਲੁ, ਕੁਆਰੀ ਕਾਇਆ ਜੁਗਤਿ; ਡੰਡਾ ਪਰਤੀਤਿ ਉਚਾਰਨ : ਕਾਇਆਂ ।

ਪਦ ਅਰਥ : ਖਿੰਥਾ- (ਜੋਗੀਆਂ ਦੇ ਪਹਿਨਿਆਂ) ਪੁਰਾਣਾ ਬਸਤਰ। ਕਾਲੁ- ਮੌਤ। ਕੁਆਰੀ ਕਾਇਆ ਜੁਗਤਿ-(ਮਾਇਆ ਨਾਲ਼) ਸਰੀਰ ਦਾ ਵਿਆਹ/ਸਬੰਧ ਨਾ ਕਰਨ ਦੀ ਯੁਕਤੀ, ਸੰਸਾਰਿਕ ਉਲ਼ਝੇਵਿਆਂ ਤੋਂ ਨਿਰਮੋਹ ਰਹਿਣ ਵਾਲ਼ੀ ਜੀਵਨ ਜਾਚ। ਡੰਡਾ-ਜੋਗੀਆਂ ਦੇ ਹੱਥ ’ਚ ਫੜਿਆ ਕਰਾਮਾਤੀ ਡੰਡਾ (ਜੋ ਅਸਹਿਮਤ ਬੰਦੇ ਨੂੰ ਸਰਾਪ ਦੇਣ ਵੇਲ਼ੇ ਡਰਾਉਣ ਦਾ ਪ੍ਰਤੀਕ ਹੁੰਦਾ ਹੈ। ਜੋਗੀ ਨੂੰ ਆਪਣੇ ਇਸ ਡੰਡੇ ਵਾਲ਼ੀ ਕਰਾਮਾਤੀ ਸ਼ਕਤੀ ’ਤੇ ਬੜਾ ਭਰੋਸਾ ਹੁੰਦਾ ਹੈ)। ਪਰਤੀਤਿ- (ਰੱਬ ਉੱਤੇ) ਭਰੋਸਾ, ਵਿਸ਼ਵਾਸ।

ਅਰਥ : (ਹੇ ਜੋਗੀ !) ਫਟੇ ਕਮੀਜ਼ ਨੂੰ ਮੌਤ (ਦਾ ਪ੍ਰਤੀਕ) ਸਮਝ। ਨਿਰਮਲ ਰਹਿਣੀ; ਤੇਰੀ ਜੀਵਨ-ਜਾਚ ਹੋਵੇ। ਮਾਲਕ ’ਤੇ ਭਰੋਸਾ ਰੱਖ; ਇਹੀ ਹੈ ਅਸਲ ਸਹਾਰਾ (ਡੰਡਾ)।

ਆਈ ਪੰਥੀ, ਸਗਲ ਜਮਾਤੀ; ਮਨਿ ਜੀਤੈ, ਜਗੁ ਜੀਤੁ

ਪਦ ਅਰਥ : ਆਈ ਪੰਥੀ- (ਜੋਗੀਆਂ ਦੇ 12 ਕਬੀਲਿਆਂ ’ਚੋਂ) ਸਿਰਮੌਰ ਕਬੀਲਾ, ਫ਼ਿਰਕਾ। ਸਗਲ ਜਮਾਤੀ- ਸਾਰੇ ਇੱਕੋ ਕਲਾਸ ’ਚ ਪੜ੍ਹਨ ਵਾਲ਼ੇ, ਸਾਰੇ ਹੀ ਦੋਸਤ, ਸਭ ਨਾਲ਼ ਪ੍ਰੇਮ। ਮਨਿ ਜੀਤੈ- ਮਨ ਜਿੱਤਣ ਨਾਲ਼, ਜੇ ਮਨ ਜਿੱਤ ਲਿਆ ਜਾਏ। ਜਗੁ ਜੀਤੁ- ਜਗਤ ਜਿੱਤ ਲਈਦਾ ਹੈ, ਸਮਾਜ ’ਚ ਇੱਜ਼ਤ ਕਮਾ ਲਈਦੀ ਹੈ ਭਾਵ 18 ਸਿਧੀਆਂ ਪ੍ਰਾਪਤ ਹੋ ਜਾਂਦੀਆਂ ਹਨ।

ਅਰਥ : ਮਨੁੱਖਤਾ (ਨੂੰ ਡੰਡੇ ਨਾਲ਼ ਡਰਾਉਣ ਦੀ ਥਾਂ ਉਨ੍ਹਾਂ) ਨਾਲ਼ ਪਿਆਰ ਕਰ; ਇਹੀ ਹੈ ਸਰਬੋਤਮ ਕਬੀਲਾ। ਮਨ ਨੂੰ ਜਿੱਤਣ ਨਾਲ਼ ਜਗਤ-ਬਾਜ਼ੀ ਜਿੱਤ ਲਈਦੀ ਹੈ।

ਵਿਚਾਰ : ਜੋਗੀਆਂ ਦੇ ਇਹ 12 ਪੰਥ ਹਨ ‘ਹੇਤੁ, ਪਾਵ, ਆਈ, ਗਮ੍ਯ, ਪਾਗਲ, ਗੋਪਾਲ, ਕੰਥੜੀ, ਬਨ, ਧ੍ਵਜ, ਚੋਲੀ, ਰਾਵਲ ਅਤੇ ਦਾਸ ਪੰਥ। ਇਨ੍ਹਾਂ ’ਚੋਂ ‘ਆਈ ਪੰਥ’ ਸਿਰਮੌਰ ਹੈ; ਜਿਵੇਂ ਹਿੰਦੂਆਂ ’ਚ ‘ਪੰਡਿਤ’ ਸ਼੍ਰੇਣੀ।

ਆਦੇਸੁ, ਤਿਸੈ ਆਦੇਸੁ ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ ੨੮

ਪਦ ਅਰਥ : ਆਦੇਸੁ- ਨਮਸਕਾਰ (ਜੋਗੀ; ਆਪਸ ’ਚ ਮਿਲਣ ਸਮੇਂ ਇਹ ਸ਼ਬਦ ਵਰਤਦੇ ਹਨ)। ਤਿਸੈ- ਉਸ (ਦਾਤਾਰ-ਪਿਤਾ) ਨੂੰ। ਆਦਿ- (ਕਰਤੇ ਕੈ ਕਰਣੈ’ ਦਾ) ਮੂਲ, ਮੁੱਢ, ਸ੍ਰੋਤ; ਜਿਵੇਂ ਕਿ ਇਸਲਾਮ ’ਚ 18 ਹਜ਼ਾਰ ਆਲਮ ਦਾ ਇੱਕ ‘ਅਸੁਲੂ’ ਹੈ। ਅਨੀਲੁ- ਅਨ+ ਈਲ, ਅਨ+ਕਾਲ਼ਖ਼, ਮਾਇਆ ਤੋਂ ਰਹਿਤ। ਅਨਾਦਿ- ਅਨ+ਆਦਿ, ਮੁੱਢ ਰਹਿਤ। ਅਨਾਹਤਿ- ਅਨ+ਆਹਤਿ, ਅਨ+ਨਾਸ, ਨਾਸ ਰਹਿਤ, ਅਬਿਨਾਸੀ। ਜੁਗੁ ਜੁਗੁ- ਹਰ ਜੁਗ ਸਮੇਂ, ਸਦਾ ਹੀ। ਏਕੋ ਵੇਸੁ- ਇੱਕੋ ਜਿਹਾ ਪਹਿਰਾਵਾ, ਇੱਕ ਸਮਾਨ ਹਸਤੀ।

ਅਰਥ : ਉਸ (ਸਦੀਵੀ ਸਥਿਰ ਦਾਤਾਰ-ਪਿਤਾ) ਨੂੰ ਨਮਸਕਾਰ ਕਰ, (ਜੋ) ਕੁਦਰਤ ਦਾ ਮੂਲ ਹੈ, ਮੈਲ਼ ਰਹਿਤ ਹੈ, ਜਿਸ ਦਾ ਹੋਰ ਕੋਈ ਮੂਲ ਨਹੀਂ ਤੇ ਸਦਾ ਇੱਕੋ ਹਸਤੀ ਵਾਲ਼ਾ ਹੈ; ਜੈਸਾ ਕਿ ਬਚਨ ਹਨ, ‘‘ਆਦਿ ਸਚੁ; ਜੁਗਾਦਿ ਸਚੁ , ਸੋਈ ਸੋਈ ਸਦਾ ਸਚੁ; ਸਾਹਿਬੁ ਸਾਚਾ.. ’’

ਵਿਚਾਰ :ਕਰਤੇ ਕੈ ਕਰਣੈ’ ਰੂਪ ਆਕਾਰ ’ਚ ਹਰ ਵਸਤੂ ਦਾ ਆਕਾਰ, ਘਟਦਾ-ਵਧਦਾ ਹੈ; ਜਿਵੇਂ ਇੱਕ ਤਾਰੇ ਤੋਂ ਦੋ ਤਾਰੇ ਬਣ ਗਏ ਜਾਂ ਦੋ ਤੋਂ ਇੱਕ; ਇਉਂ ਹੀ ਹਰ ਜੀਵ-ਜੰਤ; ਪਹਿਲਾਂ ਛੋਟਾ, ਫਿਰ ਜਵਾਨ, ਫਿਰ ਬਜ਼ੁਰਗ ਹੁੰਦਾ ਹੈ, ਪਰ ਕਰਤਾਰ; ਅਜੂਨੀ ਹੈ, ਇਸ ਲਈ ਉਹ ਇੱਕ ਸਮਾਨ ਹਸਤੀ ਵਾਲ਼ਾ ਹੈ।

ਪ੍ਰਾਚੀਨ ਕਥਾ ਅਨੁਸਾਰ ਵਿਸ਼ਨੂੰ; ਸਭ ਨੂੰ ਰਿਜ਼ਕ ਦਿੰਦਾ ਹੈ, ਪਰ ਗੁਰੂ ਸਾਹਿਬ ਜੀ ਫ਼ੁਰਮਾ ਰਹੇ ਹਨ :

ਭੁਗਤਿ ਗਿਆਨੁ, ਦਇਆ ਭੰਡਾਰਣਿ; ਘਟਿ ਘਟਿ ਵਾਜਹਿ ਨਾਦ ਉਚਾਰਨ : ਵਾਜਹਿਂ।

ਪਦ ਅਰਥ : ਭੁਗਤਿ- ਚੂਰਮਾ, ਭੋਜਨ (ਜੋਗੀ; ਜੰਗਲ਼ਾਂ ’ਚ ਆਪਣੇ ਆਪ ਉੱਗੇ ਕੰਦ-ਮੂਲ (ਮੂਲੀ, ਸ਼ਲਗਮ ਆਦਿ) ਨੂੰ ਛੋਟਾ-ਛੋਟਾ ਕਰ ਸੁੱਕਾ ਲੈਂਦੇ ਹਨ ਤੇ ਪੂਰਾ ਸਾਲ ਵਰਤਦੇ ਹਨ)। ਗਿਆਨੁ- ਰੂਹਾਨੀਅਤ ਨੂੰ ਪ੍ਰਫੁਲਿਤ ਕਰਨ ਵਾਲ਼ਾ ਗੁਰੂ ਉਪਦੇਸ਼। ਦਇਆ- ਤਰਸ, ਰਹਿਮਦਿਲੀ। ਭੰਡਾਰਣਿ- ‘ਭੁਗਤਿ’ ਨੂੰ ਵਰਤਾਉਣ/ਆਪਸ ’ਚ ਵੰਡਣ ਵਾਲ਼ੀ। ਘਟਿ ਘਟਿ- ਹਰ ਸਰੀਰ ਅੰਦਰ (ਸਰਬ ਵਿਆਪਕ ਦਾਤਾਰ-ਪਿਤਾ ਦੀ ਮੌਜੂਦਗੀ)। ਨਾਦ- ਸ਼ਬਦ, ਧੁਨੀ (ਲੰਗਰ ਵਰਤਾਉਣ ਵੇਲ਼ੇ ਖੜਕਾਉਣ ਲਈ ਜੋਗੀਆਂ ਦੇ ਗਲ਼ ’ਚ ਪਾਈ ਨਾਦੀ; ਜਿਵੇਂ ਗੁਰੂ ਘਰਾਂ ’ਚ ਲੰਗਰ ਵਰਤਾਉਣ ਸਮੇਂ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰੀਦਾ ਹੈ)। ਵਾਜਹਿ- ਵੱਜਦੇ ਹਨ।

ਅਰਥ : (ਹੇ ਜੋਗੀ  ! ਗੁਰੂ) ਗਿਆਨ; ਤੇਰਾ ਭੋਜਨ ਹੋਵੇ। ਹਮਦਰਦੀ; (ਉਸ ਨੂੰ) ਵਰਤਾਉਣ ਵਾਲ਼ੀ ਹੋਵੇ (ਭਾਵ ਸਭ ਦੀ ਪੀੜਾ ਸਮਝਣ ਵਾਲ਼ੀ ਯੋਗਤਾ ਹੋਵੇ)। ਹਰ ਸਰੀਰ ਅੰਦਰ (ਮਾਲਕ ਦੀ ਮੌਜੂਦਗੀ ਦਾ ਪ੍ਰਤੀਕ ਜੀਵਨ ਰੌ; ਤੇਰੇ ਅੰਦਰ) ਸਿੰਙੀ-ਨਾਦ ਵੱਜਦੇ ਹੋਣ ਭਾਵ ਅਸਲ ਗੋਰਖ; ਜੰਗਲ਼ਾਂ ’ਚ ਨਹੀਂ, ਸਰਬ ਵਿਆਪਕ ਹੈ।

ਆਪਿ ਨਾਥੁ, ਨਾਥੀ ਸਭ ਜਾ ਕੀ; ਰਿਧਿ ਸਿਧਿ ਅਵਰਾ ਸਾਦ

ਪਦ ਅਰਥ : ਆਪਿ- (ਕੇਵਲ ਉਹ) ਆਪ। ਨਾਥੁ- ਅਸਲ ਗੋਰਖ/ਸੁਆਮੀ [ਜੋਗੀ ਆਪਣੇ ਗੁਰੂ ਨੂੰ ‘ਨਾਥ’ ਕਹਿੰਦੇ ਹਨ। ਪ੍ਰਸਿੱਧ ਸਨ ‘ਚਰਪਟ ਨਾਥ’ (ਡਾ. ਮੋਹਨ ਸਿੰਘ ਦੀਵਾਨਾ ਅਨੁਸਾਰ ਇਸ ਦਾ ਜਨਮ ਸੰਨ 890-990 ਤੱਕ ਸੀ। ਗੋਰਖ ਨਾਥ ਦਾ ਜਨਮ 940-1040 ਦਰਮਿਆਨ। ਇਸ ਨੇ ਹੀ ਜੋਗ ਮੱਤ ਦਾ ਅਸਲ ਵਿਸਥਾਰ ਕੀਤਾ ਹੈ। ਇਸ ਦਾ ਗੁਰੂ; ਮਛੰਦਰ ਨਾਥ ਮੰਨਿਆ ਜਾਂਦਾ ਹੈ, ਜੋ ਜਲੰਧਰ ਨਾਥ ਦਾ ਸਮਕਾਲੀ ਸੀ, ਜਿਸ ਦੇ ਨਾਂ ’ਤੇ ਪੰਜਾਬ ’ਚ ਜਲੰਧਰ ਸ਼ਹਰ ਹੈ। ਪੰਜਾਬੀ ਸਾਹਿਤ ਦੀ ਰਚਨਾ; ਇਨ੍ਹਾਂ ਜੋਗੀਆਂ ਦੀਆਂ ਕਵਿਤਾਵਾਂ ਤੋਂ ਸ਼ੁਰੂ ਹੋਈ ਜਾਪਦੀ ਹੈ]। ‘ਨਾਥੀ ਸਭ ਜਾ ਕੀ’ ਭਾਵ ‘ਜਾ ਕੀ ਸਭ ਨਾਥੀ’- ਜਿਸ ਦੀ (ਮਰਿਆਦਾ ’ਚ) ਸਾਰੀ ਸ੍ਰਿਸ਼ਟੀ ਬੱਝੀ ਹੈ। ਰਿਧਿ ਸਿਧਿ- ਰਿੱਧੀਆਂ ਸਿੱਧੀਆਂ, 18 ਕਰਾਮਾਤੀ ਸ਼ਕਤੀਆਂ। ਅਵਰਾ ਸਾਦ- (ਕਰਤਾਰ ਤੋਂ ਭਿੰਨ) ਹੋਰ ਹੋਰ ਸੁਆਦ, ਕੁਰਾਹੇ ਪੈਣ ਵਾਲ਼ਾ ਮਾਰਗ (ਅਹੰਕਾਰ, ਈਰਖਾ)

ਅਰਥ : (ਦਾਤਾਰ-ਪਿਤਾ) ਆਪ ਹੀ ਅਸਲ ਨਾਥ ਹੈ, ਜਿਸ ਦੀ ਰਜ਼ਾ ’ਚ ਬੱਝੀ ਹੈ ‘ਜਗਤ ਦੀ ਸਾਰੀ ਕਾਰ-ਵਿਹਾਰ’। ਰਿਧੀਆਂ ਸਿਧੀਆਂ (ਉਸ ਤੋਂ ਦੂਰੀ ਬਣਾਉਣ ਵਾਲ਼ੇ) ਹੋਰ-ਹੋਰ ਸੁਆਦ ਹਨ।

ਵਿਚਾਰ : ਡਾ. ਮੋਹਨ ਸਿੰਘ ਅਨੁਸਾਰ ਇਹ ਹਨ 16 ਨਾਥ :

  1. ਮਛੰਦਰ ਨਾਥ
  2. ਗੋਰਖ ਨਾਥ
  3. ਰਤਨ ਨਾਥ
  4. ਧਰਮ ਦਾਸ
  5. ਬਿਸ਼ਨ ਦਾਸ
  6. ਨਿਰਪਤ
  7. ਗੁਰਦਾਸ
  8. ਯੋਧਾ ਰਾਮ
  9. ਮਥਰਾ ਦਾਸ ਸਿੱਧ ਸਵਾਈ
  10. ਸਾਂਈ ਦਾਸ
  11. ਭਵਾਨੀਦਾਸ
  12. ਲਛਮਣ ਦਾਸ
  13. ਧਰਮ ਦਾਸ
  14. ਪੰਜਾਬ ਦਾਸ
  15. ਗੁਸਾਈਂ ਸਾਂਈਦਾਸ
  16. ਬ੍ਰਹਮ ਦਾਸ

9 ਪ੍ਰਸਿੱਧ ਨਾਥ ਅਤੇ ਉਨ੍ਹਾਂ ਨਾਲ ਸਬੰਧਿਤ ਅਵਤਾਰਾਂ ਦੇ ਨਾਂ :

  1. ਆਦਿ ਨਾਥ – ਸ਼ਿਵ ਜੀ
  2. ਮਛੰਦਰ ਨਾਥ – ਮਾਇਆ
  3. ਉਦਯ ਨਾਥ – ਪਾਰਬਤੀ
  4. ਸੰਤੋਖ ਨਾਥ – ਵਿਸ਼ਨੂੰ
  5. ਕੰਬੜ ਨਾਥ – ਗਣੇਸ਼
  6. ਸਤਿ ਨਾਥ – ਬ੍ਰਹਮਾ
  7. ਅਚੰਭਾ ਨਾਥ – ਅਚਲ (ਪਾਰਬਤੀ)
  8. ਚੌਰੰਗੀ ਨਾਥ – ਪੂਰਨ ਭਗਤ
  9. ਗੋਰਖ ਨਾਥ – ਸ਼ਿਵ ਜੀ

 ਯੋਗ ਮਤ ਦੀਆਂ ਇਹ ਹਨ 18 ਕਰਾਮਾਤੀ ਤਾਕਤਾਂ :

(1). ਅਣਿਮਾ- ਨਾ-ਮਾਤ੍ਰ (ਭਾਵ ਬਹੁਤ ਛੋਟਾ) ਸਰੀਰ ਕਰ ਲੈਣਾ।

(2). ਮਹਿਮਾ-ਬਹੁਤ ਵੱਡਾ ਸਰੀਰ (ਆਕਾਰ) ਬਣਾ ਲੈਣਾ।

(3). ਗਰਿਮਾ- ਬਹੁਤ ਭਾਰੀ ਹੋ ਜਾਣਾ।

(4). ਲਘਿਮਾ- ਬਹੁਤ ਹਲਕਾ ਹੋ ਜਾਣਾ।

(5). ਪ੍ਰਾਪਤਿ- ਮਨ-ਚਾਹਤ ਵਸਤੂ ਪ੍ਰਾਪਤ ਕਰਨਾ।

(6). ਪ੍ਰਾਕਾਮ੍ਯ- ਸਾਰਿਆਂ ਦੇ ਮਨ ਦੀ ਜਾਣ ਲੈਣਾ।

(7). ਈਸ਼ਿਤ-ਮਨ ਮਰਜ਼ੀ ਮੁਤਾਬਕ ਹੋਰਾਂ ਨੂੰ ਚਲਾਉਣਾ।

(8). ਵਸ਼ਿਤਾ- ਸਭ ਨੂੰ ਕਾਬੂ ਕਰ ਲੈਣਾ, ਵੱਸ ਵਿੱਚ ਕਰ ਲੈਣਾ।

(9). ਅਨੂਰਮਿ- ਭੁੱਖ-ਤ੍ਰੇਹ ਨਾ ਲੱਗਣਾ।

(10). ਦੂਰ ਸ਼੍ਰਵਣ- ਦੂਰ ਦੀਆਂ ਗੱਲਾਂ ਸੁਣ ਲੈਣੀਆਂ।

(11). ਦੂਰ ਦਰਸ਼ਨ-ਦੂਰ ਦੇ ਕੌਤਕ ਵੇਖ ਲੈਣੇ।

(12). ਮਨੋਵੇਗ- ਮਨ ਦੀ ਰਫ਼ਤਾਰ ਵਾਙ ਚੱਲਣਾ ਭਾਵ ਜੇ ਚਾਹਿਆ ਵਿਦੇਸ਼ ਜਾਣਾ ਹੈ ਤਾਂ ਓਥੇ ਹੀ ਪਹੁੰਚ ਜਾਣਾ।

(13). ਕਾਮ ਰੂਪ- ਮਨ ਭਾਉਂਦਾ ਸਰੀਰ ਬਣਾ ਲੈਣਾ ਭਾਵ ਜੈਸਾ ਚਾਹੇ ਸਰੀਰਕ ਬਣਤਰ ਕਰ ਲੈਣੀ। ਔਰਤ ਜਾਂ ਮਰਦ ਬਣ ਜਾਣਾ।

(14). ਪਰ ਕਾਯ ਪ੍ਰਵੇਸ਼- ਦੂਸਰਿਆਂ ਦੇ ਸਰੀਰ ’ਚ ਵੜਨਾ।

(15). ਸ੍ਵਛੰਦ ਮ੍ਰਿਤਯੁ- ਜਦ ਚਾਹੇ, ਮਰ ਜਾਣਾ।

(16). ਸੁਰ ਕ੍ਰੀੜਾ- ਦੇਵਤਿਆਂ ਨਾਲ਼ ਮਿਲ ਕੇ ਭੋਗ-ਬਿਲਾਸ ਕਰਨਾ (ਰੰਗ-ਰਲ਼ੀਆਂ ਮਨਾਉਣੀਆਂ)। ਇਸ ਤੋਂ ਜਾਪਦਾ ਹੈ ਕਿ ਦੇਵਤੇ ਭੀ ਅਕਸਰ ਅੱਯਾਸ਼ੀ ਕਰਦੇ ਰਹੇ ਸਨ।

(17). ਸੰਕਲਪ ਸਿੱਧੀ- ਜੋ ਸੋਚਿਆ, ਉਹੀ ਪਾ ਲੈਣਾ। ਜਿਸ ਵਸਤੂ ਦੀ ਲੋੜ, ਓਹੀ ਹਾਜ਼ਰ ਹੋ ਜਾਣੀ।

(18). ਅਪ੍ਰਤਿਹਤ ਗਤਿ- ਕਿਸੇ ਭੀ ਜਗ੍ਹਾ ਪਹੁੰਚਣ ’ਚ ਵਿਘਨ ਨਾ ਪੈਣਾ।

ਉਕਤ ਰਿਧੀਆਂ-ਸਿੱਧੀਆਂ ਦੀ ਪ੍ਰਾਪਤੀ; ਜੋਗੀਆਂ ਲਈ ਸ੍ਰੇਸ਼ਟ ਪਦ ਹੈ ਜਦ ਕਿ ਇਨ੍ਹਾਂ ’ਚ ਨਿਰਾਕਾਰ ਨਾਲ਼ ਜੁੜਨ ਦੀ ਕੋਈ ਯੁਕਤੀ ਨਹੀਂ ਤਾਂ ਜੋ ਉਸ ਨੂੰ ‘ਆਦੇਸੁ ਆਦੇਸੁ’ ਕੀਤਾ ਜਾਵੇ। ਮਨ ’ਚ ਨਿਮਰਤਾ ਜਨਮ ਲਵੇ। ਸਮਾਜਿਕ ਪਿਆਰ ਵਧੇ। ਹੱਕ ਹਲਾਲ ਦੀ ਕਮਾਈ ਕੀਤੀ ਜਾਵੇ। ਉਲ਼ਟਾ ਸਗੋਂ ਅਹੰਕਾਰ, ਕਾਮ, ਆਦਿ ਨੂੰ ਉਤੇਜਿਤ ਕੀਤਾ ਹੈ ਤਾਹੀਓਂ ਗੁਰੂ ਜੀ ਨੇ ‘ਸੰਤੋਖ’ ਦੀਆਂ ਮੁੰਦਾਂ, ਹੱਥੀਂ ਕਿਰਤ ਕਰਨ ਨੂੰ ਖੱਪਰ/ਝੋਲ਼ੀ, ਵੰਡ ਛੱਕਣ ’ਚ ਹਲੀਮੀ, ਮੌਤ ਦਾ ਡਰ, ਮਾਯਾ ਤੋਂ ਨਿਰਮੋਹ, ਰੱਬ ’ਤੇ ਭਰੋਸਾ, ਜੋ ਸਰਬ ਵਿਆਪਕ ਹੈ, ਆਦਿ ਗੁਣ ਹਿਰਦੇ ’ਚ ਪੈਦਾ ਕਰਨ ਲਈ ਪ੍ਰੇਰਿਆ ਹੈ।

ਨਿਰਾਕਾਰ ਦਾ ਉਕਤ ਗੁਣ; ਹਿੰਦੂ ਮੱਤ ਅਨੁਸਾਰ ਬ੍ਰਹਮਾ ਦਾ ਅਧਿਕਾਰ ਖੇਤਰ ਹੈ ਤੇ ਅਗਾਂਹ ਜਗਤ ਨੂੰ ਮਾਰਨਾ; ਸ਼ਿਵ ਜੀ ਦਾ ਅਧਿਕਾਰ ਖੇਤਰ ਮੰਨਿਆ ਜਾਂਦਾ ਹੈ ਜਦ ਕਿ ਅਸਲ ਸਚਾਈ ਇੱਥੇ ਬਿਆਨ ਕੀਤੀ ਗਈ ਹੈ :

ਸੰਜੋਗੁ ਵਿਜੋਗੁ ਦੁਇ, ਕਾਰ ਚਲਾਵਹਿ; ਲੇਖੇ ਆਵਹਿ ਭਾਗਉਚਾਰਨ : ਚਲਾਵਹਿਂ, ਆਵਹਿਂ।

ਪਦ ਅਰਥ : ਸੰਯੋਗੁ- ਮੇਲ, ਜੋੜ (ਪਰਵਾਰਿਕ ਸਬੰਧ)। ਵਿਜੋਗੁ- ਵਿਛੋੜਾ (ਪਰਵਾਰਿਕ ਸਬੰਧਾਂ ਦਾ ਵਿਖਰਨਾ)। ਦੁਇ- ਦੋਵੇਂ (ਸੰਯੋਗੁ/ਵਿਜੋਗੁ)। ਕਾਰ- (ਜਗਤ ਉਤਪਤੀ ਦੀ) ਕਾਰ-ਵਿਹਾਰ। ਚਲਾਵਹਿ- ਚਲਾਉਂਦੇ ਹਨ। ਲੇਖੇ- ਲੇਖੇ ਅਨੁਸਾਰ, ਨਸੀਬ ਮੁਤਾਬਕ, ਕੀਤੇ ਹੋਏ ਕੰਮਾਂ ਦੇ ਫਲ਼ ਅਨੁਕੂਲ। ਆਵਹਿ- ਆਉਂਦੇ ਹਨ, ਮਿਲਦੇ ਹਨ। ਭਾਗ- ਹਿੱਸੇ, ਜ਼ਿੰਮੇ; ਜਿਵੇਂ ਕਿ ਹਰੇਕ ਅੰਦਰ ਵੱਧ-ਘੱਟ ‘ਕੂੜ ਦੀ ਪਾਲਿ’ ਹੁੰਦੀ ਹੈ।

ਅਰਥ : (ਪਰਵਾਰਿਕ) ਮੇਲ ਅਤੇ ਵਿਛੋੜਾ; ਦੋਵੇਂ ਜਗਤ ਦਾ ਕਾਰ-ਵਿਹਾਰ ਚਲਾਉਂਦੇ ਹਨ (ਜਿਵੇਂ ਕਿ ਬੱਚਿਆਂ ਨੂੰ ਜਨਮ ਦੇਣਾ, ਪਾਲਣਾ, ਰਿਜ਼ਕ ਕਮਾਉਣਾ, ਬੁਢੇਪੇ ਦਾ ਸਹਾਰਾ ਬਣਨਾ ਆਦਿ; ਪਿਛਲੀ ਕਮਾਈ) ਨਸੀਬ ਅਨੁਸਾਰ ਸੁੱਖ ਦੁੱਖ ਆਪਣੇ ਆਪਣੇ ਹਿੱਸੇ ਆਉਂਦੇ ਹਨ।

ਆਦੇਸੁ, ਤਿਸੈ ਆਦੇਸੁ ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ੨੯

ਅਰਥ : ਉਸ (ਸਦੀਵੀ ਸਥਿਰ ਦਾਤਾਰ-ਪਿਤਾ) ਨੂੰ ਨਮਸਕਾਰ ਕਰ, (ਜੋ) ਕੁਦਰਤ ਦਾ ਸ੍ਰੋਤ ਹੈ, ਮੈਲ਼ ਰਹਿਤ ਹੈ, ਜਿਸ ਦਾ ਹੋਰ ਕੋਈ ਸ੍ਰੋਤ ਨਹੀਂ ਤੇ ਸਦਾ ਇੱਕੋ ਸਰੂਪ ਵਾਲ਼ਾ ਹੈ।

ਏਕਾ ਮਾਈ, ਜੁਗਤਿ ਵਿਆਈ; ਤਿਨਿ ਚੇਲੇ ਪਰਵਾਣੁ ਉਚਾਰਨ : ਤਿੰਨ।

ਪਦ ਅਰਥ : ਏਕਾ ਮਾਈ- ਇੱਕ ਮਾਤਾ, ਇਕਲੌਤੀ ਜਨਾਨੀ। ਜੁਗਤਿ- (ਕਿਸੇ ਅਨੋਖੇ) ਢੰਗ ਨਾਲ਼ (ਭਾਵ ਬਿਨਾਂ ਮਰਦ ਤੋਂ)। ਵਿਆਈ- ਪ੍ਰਸੂਤ ਹੋਈ, ਜਣੇਪਾ ਕੀਤਾ (ਭਾਵ ਤਿੰਨ ਬੱਚਿਆਂ ਨੂੰ ਵਾਰ-ਵਾਰ) ਜਨਮ ਦਿੱਤਾ। ਤਿਨਿ ਚੇਲੇ – ਤਿੰਨ ਬੱਚੇ। ਪਰਵਾਣੁ- (ਪੰਡਿਤਾਂ ਨੇ) ਕਬੂਲ (ਲਏ), ਸਵੀਕਾਰ (ਕਰ ਲਏ)।

ਅਰਥ : (ਹਿੰਦੂ ਮਨੌਤ ਹੈ ਕਿ ਮਨੁੱਖ ਜਾਤੀ ਦੀ ਅਰੰਭਤਾ ਸਮੇਂ) ਇੱਕ ਔਰਤ; ਕਿਸੇ ਅਨੋਖੇ ਢੰਗ ਨਾਲ਼ ਪ੍ਰਸੂਤ ਹੋਈ (ਤੇ ਉਸ ਦੁਆਰਾ ਜਨਮੇ) ਤਿੰਨ ਪੁੱਤਰ (ਬ੍ਰਹਮਾ, ਵਿਸ਼ਨੂੰ, ਸ਼ਿਵ; ਹਿੰਦੂ ਸਮਾਜ ਨੇ) ਪ੍ਰਵਾਨ ਕਰ ਲਏ।

ਇਕੁ ਸੰਸਾਰੀ, ਇਕੁ ਭੰਡਾਰੀ; ਇਕੁ ਲਾਏ ਦੀਬਾਣੁ

ਪਦ ਅਰਥ : ਸੰਸਾਰੀ- ਸੰਸਾਰ ਨੂੰ ਜਨਮ ਦੇਣ ਵਾਲ਼ਾ (ਬ੍ਰਹਮਾ)। ਭੰਡਾਰੀ- ਸਭ ਨੂੰ ਰਿਜ਼ਕ ਦੇਣ ਵਾਲ਼ਾ (ਵਿਸ਼ਨੂੰ)। ਲਾਏ ਦੀਬਾਣੁ- ਕਚਿਹਰੀ ਲਾਉਣ ਵਾਲ਼ਾ, ਮਾਰਨ ਵਾਲ਼ਾ (ਸ਼ਿਵ ਜੀ)।

ਅਰਥ : (ਤਿੰਨੇ ਪੁੱਤਰਾਂ ’ਚੋਂ) ਇੱਕ (ਬ੍ਰਹਮਾ) ਸੰਸਾਰ ਨੂੰ ਪੈਦਾ ਕਰਦਾ ਹੈ। ਇੱਕ (ਵਿਸ਼ਨੂੰ) ਰਿਜ਼ਕ ਦਿੰਦਾ ਹੈ ਤੇ ਇੱਕ (ਸ਼ਿਵ ਜੀ) ਕਚਹਿਰੀ ਲਾਉਂਦਾ ਭਾਵ ਸਭ ਨੂੰ ਮਾਰਦਾ ਹੈ।

ਵਿਚਾਰ : ਬਾਇਬਲ ਤੇ ਕੁਰਾਨ ਅਨੁਸਾਰ ਮਨੁੱਖ ਜਾਤੀ ਦੀ ਸ਼ੁਰੂਆਤ ‘ਬਾਬਾ ਆਦਮ’ ਤੋਂ ਹੋਈ ਹੈ। ਜਿਸ ਦੀ ਉਮਰ 930 ਸਾਲ ਸੀ। ਇਸ ਦੀ ਸ਼ਕਲ; ਖ਼ੁਦਾ ਨੇ ਮਿੱਟੀ ਤੋਂ ਆਪਣੇ ਵਰਗੀ ਬਣਾਈ। ਇਸ ਤੋਂ ਜਾਪਦਾ ਹੈ ਕਿ ਖ਼ੁਦਾ ਭੀ ਆਕਾਰ ਰੂਪ ’ਚ ਸ਼ਕਲ ਧਾਰੀ ਹੈ ਜਦ ਕਿ ਗੁਰੂ ਨਾਨਕ ਜੀ ਅਨੁਸਾਰ ਉਹ ਨਿਰਾਕਾਰ ਹੈ। ਮੂਰਤੀ ਵਾਙ ਉਸ ਨੂੰ ਆਕਾਰ ਦੇਣਾ ਜਾਂ ਸਥਾਪਿਤ ਕਰਨਾ, ਅਸੰਭਵ ਹੈ ‘‘ਥਾਪਿਆ ਜਾਇ; ਕੀਤਾ ਹੋਇ ’’ (ਜਪੁ)

ਸੁੱਤੇ ਪਏ ਬਾਬਾ ਆਦਮ ਦੀ ਇੱਕ ਪਸਲੀ ਕੱਢੀ, ਜਿਸ ਨਾਲ਼ ‘ਬੀਬੀ ਹਵਾ’ ਬਣੀ, ਜੋ ਉਸ ਦੀ ਪਤਨੀ ਹੋਈ। ਇਹ ਦੋਵੇਂ ਭਿਸ਼ਤ ’ਚੋਂ ਖ਼ੁਦਾ ਵੱਲੋਂ ਮਨ੍ਹਾ ਕੀਤੇ ਫਲ਼ ਨੂੰ ਖਾਣ ਕਾਰਨ ਧਰਤੀ ’ਤੇ ਸੁੱਟੇ ਗਏ। ਇਸ ਦਾ ਜ਼ਿਕਰ ਗੁਰਬਾਣੀ ’ਚ ਇਉਂ ਹੈ, ‘‘ਬਾਬਾ ਆਦਮ ਕਉ; ਕਿਛੁ ਨਦਰਿ ਦਿਖਾਈ ਉਨਿ ਭੀ; ਭਿਸਤਿ ਘਨੇਰੀ (ਬਹੁਤੀ) ਪਾਈ  ? ’’ (ਭਗਤ ਕਬੀਰ/੧੧੬੧) ਇਸ ਵਾਕ ’ਚ ‘ਭਿਸਤਿ ਘਨੇਰੀ’ ਦਾ ਇਹ ਮਤਲਬ ਨਹੀਂ ਕਿ ਉਹ ਬਹੁਤ ਦੇਰ ਓਥੇ ਰਿਹਾ ਬਲਕਿ ਕਟਾਖਸ਼/ਵਿਅੰਗ ਹੈ ਕਿ ਜਦ ਖ਼ੁਦਾ ਨੇ ਉਸ ਨੂੰ ਗ਼ਲਤੀ ਕਰਨ (ਮਨ੍ਹਾ ਕੀਤਾ ਫਲ਼ ਖਾਣ) ਬਦਲੇ ਘੂਰਿਆ ਤਾਂ ਕੀ ਉਹ, ਬਹੁਤੀ ਦੇਰ ਸਵਰਗ ’ਚ ਰਿਹਾ ?

ਬਾਬਾ ਆਦਮ; ਸ਼੍ਰੀ ਲੰਕਾ ’ਚ ਤੇ ਬੀਬੀ ਹਵਾ; ਅਰਬ ’ਚ ਜੱਦਾਹ ਪਾਸ ਡਿੱਗੀ, ਜਿਨ੍ਹਾਂ ਨੂੰ 100 ਸਾਲ ਬਾਅਦ ਜਬਰਾਇਲ ਫ਼ਰਿਸ਼ਤੇ ਨੇ ਮਿਲਾਇਆ। ਜੋ ਖ਼ੁਦਾ ਦੇ ਸੁਨੇਹੇ ਪੈਗ਼ੰਬਰਾਂ ਤੱਕ ਪਹੁੰਚਾਉਂਦਾ, ਮੰਨਿਆ ਜਾਂਦਾ ਹੈ।

ਹਿੰਦੂ ਪੰਡਿਤਾਂ (ਆਰੀਅਨ) ਮੁਤਾਬਕ ਭਾਵੇਂ ਕਿ ਪਹਿਲਾ ਮਾਨਵ ‘ਏਕਾ ਮਾਈ’ (ਔਰਤ) ਹੈ ਤੇ ਇਸਲਾਮ ਮੁਤਾਬਕ ‘ਬਾਬਾ ਆਦਮ’ (ਮਰਦ), ਪਰ ਫਿਰ ਭੀ ਇਨ੍ਹਾਂ ਦੋਵੇਂ ਰਵਾਇਤੀ ਧਰਮਾਂ ’ਚ ਬਹੁਤ ਕੁਝ ਇੱਕ ਸਮਾਨ ਹੈ, ਜਿਨ੍ਹਾਂ ਦੇ ਕੇਵਲ ਨਾਂ ਹੀ ਬਦਲੇ ਹਨ; ਜਿਵੇਂ ਕਿ

(1). ਭਾਰਤ ਅਤੇ ਸ਼੍ਰੀ ਲੰਕਾ ਵਿਚਕਾਰ ਬਣਿਆ ਕਾਲਪਨਿਕ ਪੁਲ਼; ਇਸਲਾਮ ਮੁਤਾਬਕ ਬਾਬਾ ਆਦਮ ਜੀ ਨੇ ਅਤੇ ਪੰਡਿਤਾਂ ਅਨੁਸਾਰ ਰਾਮ ਚੰਦਰ ਜੀ ਨੇ ਬਣਾਇਆ ਹੈ।

ਨੋਟ : ਸੰਨ 2008 ’ਚ ਕਾਨੂੰਨ ਮੰਤਰੀ ਅਤੇ ਪ੍ਰਸਿੱਧ ਵਕੀਲ ਕਪਿਲ ਸਿੱਬਲ ਨੇ ਸੁਪਰੀਮ ਕੋਰਟ ’ਚ ਲਿਖਤੀ ਮੰਨਿਆ ਕਿ ਰਾਮਸੇਤੂ ਪੁਲ ਨਿਰੀ ਕਲਪਨਾ ਹੈ, ਹਕੀਕਤ ਨਹੀਂ ਕਿਉਂਕਿ ਤਤਕਾਲੀ ਕਾਂਗਰਸ ਸਰਕਾਰ; ਓਥੋਂ ਦੀ ਸਮੁੰਦਰੀ ਜਹਾਜ਼ ਲੰਘਾਉਣ ਲਈ ਜਗ੍ਹਾ ਬਣਾਉਣਾ ਚਾਹੁੰਦੀ ਸੀ। ਹੁਣ ਉੱਤਰ ਭਾਰਤ ’ਚੋਂ ਪੱਛਮ ਭਾਰਤ ਵੱਲ ਕੋਲ਼ਾ ਆਦਿ ਲਿਆਉਣ ਲਈ ਸ੍ਰੀਲੰਕਾ ਦੇ ਉੱਪਰ ਦੀ ਘੁੰਮ ਕੇ ਆਉਣਾ ਪੈਂਦਾ ਹੈ।

(2). ਪੰਡਿਤਾਂ ਅਨੁਸਾਰ ਸ਼ਿਵ ਜੀ; ਸਭ ਨੂੰ ਨਾਸ ਕਰਦਾ ਹੈ ਤੇ ਮੌਲਵੀ ਮੁਤਾਬਕ ਇਹ ਕੰਮ; ਇਸਰਾਫ਼ੀਲ ਤੇ ਇਜ਼ਰਾਈਲ (ਅਜ਼ਰਾਈਲ/ਮਲਕਲ ਮਉਤ) ਦੋਵੇਂ ਫ਼ਰਿਸ਼ਤੇ ਕਰਦੇ ਹਨ। ਇਸ ਦਾ ਜ਼ਿਕਰ ਗੁਰਬਾਣੀ ’ਚ ਇਉਂ ਹੈ, ‘‘ਮਲਕਲ ਮਉਤ ਜਾਂ ਆਵਸੀ; ਸਭ ਦਰਵਾਜੇ ਭੰਨਿ (ਕੇ) (ਬਾਬਾ ਫਰੀਦ/੧੩੮੩), ਅਜਰਾਈਲੁ ਫਰੇਸਤਾ; ਤਿਲ ਪੀੜੇ ਘਾਣੀ ’’ (ਮਹਲਾ /੩੧੫)

(3). ਪੰਡਿਤਾਂ ਅਨੁਸਾਰ ਵਿਸ਼ਨੂੰ; ਸਭ ਨੂੰ ਰਿਜ਼ਕ ਦੇਂਦਾ ਹੈ ਤੇ ਇੰਦਰ ਵਰਖਾ ਕਰਦਾ ਹੈ ਜਦ ਕਿ ਕਾਜ਼ੀ ਮੁਤਾਬਕ ਇਹ ਦੋਵੇਂ ਕੰਮ ‘ਮੀਕਾਇਲ ਫ਼ਰਿਸ਼ਤਾ’ ਕਰਦਾ ਹੈ।

(4). ਪੰਡਿਤਾਂ ਅਨੁਸਾਰ ‘ਚਿਤਰ-ਗੁਪਤ’; ਜੀਵਾਂ ਦੇ ਚੰਗੇ-ਮੰਦੇ ਲੇਖ ਲਿਖਦੇ ਹਨ ਅਤੇ ਇਸਲਾਮ ’ਚ ਇਹ ਕੰਮ ‘ਕਿਰਾਮਨ-ਕਾਤਿਬੀਨ’ ਫ਼ਰਿਸ਼ਤੇ ਕਰਦੇ ਹਨ।

(5). ਪੰਡਿਤਾਂ ਅਨੁਸਾਰ ਮਹਾਂਭਾਰਤ ’ਚ, ਜੋ ‘ਮਨੁ’ ਹੈ; ਉਸੇ ਨੂੰ ਇਸਲਾਮ ’ਚ ‘ਨੂਹ’ ਕਿਹਾ ਹੈ, ਜਿਸ ਦੀ ਉਮਰ 900 ਸਾਲ ਮੰਨੀ ਗਈ।

(6). ਪੰਡਿਤਾਂ ਦਾ ‘ਸਵਰਗ’ ਹੀ ਇਸਲਾਮ ’ਚ ‘ਭਿਸ਼ਤ’ (ਬਹਿਸ਼ਤ) ਹੈ, ਆਦਿ।

ਜਿਵ ਤਿਸੁ ਭਾਵੈ, ਤਿਵੈ ਚਲਾਵੈ; ਜਿਵ ਹੋਵੈ ਫੁਰਮਾਣੁਉਚਾਰਨ : ਫ਼ੁਰਮਾਣ।

ਪਦ ਅਰਥ : ਜਿਵ- ਜਿਵੇਂ। ਤਿਸੁ- ਉਸ (ਆਦਿ ਅਨੀਲੁ ਅਨਾਦਿ ਅਨਾਹਤਿ..) ਨੂੰ। ਭਾਵੈ- ਭਾਉਂਦਾ ਹੈ, ਪਸੰਦ ਹੈ। ਤਿਵੈ- ਤਿਉਂ ਹੀ, ਉਸੇ ਤਰ੍ਹਾਂ ਹੀ। ਫੁਰਮਾਣੁ- ਹੁਕਮ।

ਅਰਥ : (ਦਰਅਸਲ ਸਚਾਈ ਇਹ ਹੈ ਕਿ) ਜਿਵੇਂ ਉਸ (ਨਿਰਾਕਾਰ) ਨੂੰ ਪਸੰਦ ਹੈ, ਜਿਵੇਂ ਉਸ ਦੀ ਰਜ਼ਾ ਹੁੰਦੀ ਹੈ; ਉਸੇ ਤਰ੍ਹਾਂ ਹੀ (ਜਗਤ ਕਾਰ) ਚਲਾਉਂਦਾ ਹੈ (ਨਾ ਕਿ ਇਹ ਕਾਲਪਨਿਕ ‘ਬ੍ਰਹਮਾ, ਵਿਸ਼ਨੂੰ, ਮਹੇਸ’ ਚਲਾਉਂਦੇ ਹਨ)

ਓਹੁ ਵੇਖੈ, ਓਨਾ ਨਦਰਿ ਆਵੈ; ਬਹੁਤਾ ਏਹੁ ਵਿਡਾਣੁਉਚਾਰਨ : ਓਹ, ਓਨ੍ਹਾਂ, ਏਹ।

ਪਦ ਅਰਥ : ਓਹੁ- ਉਹ (ਨਿਰਾਕਾਰ)। ਵੇਖੈ- (ਸਭ ਨੂੰ) ਵੇਖਦਾ ਹੈ, ਵਾਚਦਾ ਹੈ। ਓਨਾ- ਉਨ੍ਹਾਂ (‘ਬ੍ਰਹਮਾ, ਵਿਸ਼ਨੂੰ, ਮਹੇਸ’ ਸਮੇਤ ਸਭ ਜੀਵ-ਜੰਤਾਂ) ਨੂੰ। ਨਦਰਿ- ਨਜ਼ਰ। ਵਿਡਾਣੁ- ਅਸਚਰਜ, ਵਿਸਮਾਦ (ਕਿ ਓਹ ਵੇਖਦਾ ਪਿਆ ਹੈ, ਫਿਰ ਭੀ ਸਾਨੂੰ ਨਜ਼ਰ ਨਹੀਂ ਆ ਰਿਹਾ)।

ਅਰਥ : ਉਹ (ਦਾਤਾਰ-ਪਿਤਾ; ਸਭ ਦੇ ਨੇੜੇ ਰਹਿ ਕੇ) ਵਾਚਦਾ ਹੈ (ਕਿ ਕੀ ਸਭ ਨੂੰ ਨਸੀਬ ਅਨੁਸਾਰ ਮਿਲਦਾ ਹੈ ਜਾਂ ਨਹੀਂ, ਫਿਰ ਭੀ) ਉਨ੍ਹਾਂ (ਜੀਵ-ਜੰਤਾਂ) ਨੂੰ ਨਜ਼ਰ ਨਹੀਂ ਆ ਰਿਹਾ। ਇਹ ਬੜਾ ਹੈਰਾਨ ਕਰਨ ਵਾਲ਼ਾ ਰਾਜ਼ ਹੈ।

ਆਦੇਸੁ, ਤਿਸੈ ਆਦੇਸੁ ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ ੩੦

ਅਰਥ : (ਹੇ ਜੋਗੀ !) ਉਸ (ਦਾਤਾਰ-ਪਿਤਾ) ਨੂੰ ਨਮਸਕਾਰ ਕਰ, (ਜੋ) ਕੁਦਰਤ ਦਾ ਸ੍ਰੋਤ ਹੈ, ਮੈਲ਼ ਰਹਿਤ ਹੈ, ਜਿਸ ਦਾ ਹੋਰ ਕੋਈ ਸ੍ਰੋਤ ਨਹੀਂ ਤੇ ਸਦਾ ਇੱਕੋ ਸਰੂਪ ਵਾਲ਼ਾ ਹੈ।

ਆਸਣੁ ਲੋਇ ਲੋਇ ਭੰਡਾਰ ਜੋ ਕਿਛੁ ਪਾਇਆ, ਸੁ ਏਕਾ ਵਾਰ

ਪਦ ਅਰਥ : ਆਸਣੁ- ਟਿਕਾਣਾ, ਨਿਵਾਸ। ਲੋਇ ਲੋਇ- ਹਰ ਲੋਕ ਵਿੱਚ, ਹਰ ਭਵਨ ਵਿਖੇ ਯਾਨੀ ਸੁਰਗ ਲੋਕ, ਮਾਤ ਲੋਕ ਤੇ ਪਾਤਾਲ ਲੋਕ ਵਿੱਚ। ਭੰਡਾਰ- ਬੇਅੰਤ ਧਨ-ਪਦਾਰਥ; ਜਿਵੇਂ ਕਿ ਬਚਨ ਹਨ, ‘‘ਦਦਾ, ਦਾਤਾ ਏਕੁ ਹੈ; ਸਭ ਕਉ ਦੇਵਨਹਾਰ ਦੇਂਦੇ ਤੋਟਿ ਆਵਈ; ਅਗਨਤ ਭਰੇ ਭੰਡਾਰ (ਮਹਲਾ /੨੫੭)। ਸੁ- ਉਹ (ਰਿਜ਼ਕ, ਜੈਸਾ ਕਿ ਹਰ ਇੱਕ ਦੇ ਨਸੀਬ ’ਚ ਲਿਖਿਆ ਹੈ)। ਏਕਾ ਵਾਰ- ਇੱਕੋ ਸਮੇਂ ਯਾਨੀ ਪੈਦਾਇਸ਼ ਤੋਂ ਹੀ ‘ਕੂੜ ਦੀ ਪਾਲਿ’ ਰੂਪ ’ਚ ਪਾ ਦਿੱਤਾ/ਲਿਖ ਦਿੱਤਾ। ਓਸੇ ਅਨੁਸਾਰ ਹਰ ਕੋਈ ਦੁੱਖ-ਸੁੱਖ, ਧਨ-ਪਦਾਰਥ, ਪਰਵਾਰਿਕ ਸਬੰਧ, ਆਦਿ ਬਣਾਉਂਦਾ, ਭੋਗਦਾ ਹੈ

ਅਰਥ : ਭਾਵੇਂ ਕਿ ਹਰ ਲੋਕ ’ਚ (ਮਾਲਕ ਦੁਆਰਾ ਰੱਖੇ) ਅਣਗਿਣਤ ਖ਼ਜ਼ਾਨਿਆਂ ਦਾ ਭੰਡਾਰ ਹੈ (ਪਰ ਉਨ੍ਹਾਂ ’ਚੋਂ ਹਰ ਇੱਕ ਦੇ ਹਿੱਸੇ) ਜੋ ਉਸ ਨੇ ਪਾਉਣਾ ਸੀ ਓਹ ਇੱਕੋ ਵਾਰ ਪਾ ਦਿੱਤਾ, ਲਿਖ ਦਿੱਤਾ (ਨਾ ਕਿ ਹੁਣ ਵਿਸ਼ਨੂੰ ਰਿਜ਼ਕ ਦੇਵੇਗਾ, ਇਸ ਲਈ ਲੱਛਮੀ ਨੂੰ ਪ੍ਰਸੰਨ ਕਰੀਏ)।

ਵਿਚਾਰ : ਵਿਗਿਆਨ; ਪਦਾਰਥਕ ਖੋਜ ਹੈ। ਵਸਤੂ ਹੈ ਤਾਂ ਉਸ ਦੀ ਖੋਜ ਹੋ ਸਕਦੀ ਹੈ। ਧਰਤੀ ਹੈ ਤਾਂ ਖੋਜ ਹੋ ਸਕਦੀ ਹੈ। ਬ੍ਰਹਿਮੰਡ ਹੈ ਤਾਂ ਖੋਜ ਹੋ ਸਕਦੀ ਹੈ। ਜੇ ਕੁੱਛ ਭੀ ਨਹੀਂ ਤਾਂ ਕੋਈ ਖੋਜ ਭੀ ਨਹੀਂ। ਵਿਗਿਆਨ ਅਨੁਸਾਰ ਕੋਈ ਸਾਕਾਹਾਰੀ; ਮਾਸ ਖਾਣ ਲੱਗ ਜਾਏ ਤਾਂ ਮਾਸਾਹਾਰੀ ਬਣ ਜਾਏਗਾ। ਉਸ ਦੇ ਇੰਦ੍ਰੇ ਬਦਲਿਆ ਭੋਜਨ ਅਪਣਾਉਣ ਲੱਗ ਜਾਣਗੇ, ਪਰ ਧਰਮ ਅਨੁਸਾਰ ਧਰਤੀ ਬਾਅਦ ’ਚ ਬਣੀ ਪਹਿਲਾਂ ਉਸ ਦਾ ਨਿਯਮ ਬਣਿਆ। ਜੀਵ ਬਾਅਦ ’ਚ ਪੈਦਾ ਹੋਇਆ; ਉਸ ਦੀ ਰੁਚੀ, ਭੋਜਨ ਪਹਿਲਾਂ ਵਿਕਸਿਤ ਹੋਇਆ, ‘‘ਪਹਿਲੋ ਦੇ; ਤੈਂ ਰਿਜਕੁ ਸਮਾਹਾ ਪਿਛੋ ਦੇ; ਤੈਂ ਜੰਤੁ ਉਪਾਹਾ’’ (ਮਹਲਾ /੧੩੦) ਅਰਥ : (ਹੇ ਦਾਤਾਰ-ਪਿਤਾ !) ਤੈਂ ਪਹਿਲਾਂ ਰਿਜ਼ਕ ਦਾ ਪ੍ਰਬੰਧ ਕੀਤਾ; ਬਾਅਦ ’ਚ ਤੈਂ ਜੀਵ ਪੈਦਾ ਕੀਤਾ। ਮਿਸਾਲ ਵਜੋਂ ਬੱਚਾ ਪੈਦਾ ਹੋਣ ਤੋਂ ਪਹਿਲਾਂ ਹੀ ਮਾਤਾ ਦਾ ਖ਼ੂਨ; ਦੁੱਧ ਬਣਨਾ ਸ਼ੁਰੂ ਹੋ ਜਾਂਦਾ ਹੈ। ਰਹਰਾਸਿ ਸਮੇਂ ਨਿੱਤ ਇਹ ਸ਼ਬਦ ਪੜੀਦਾ ਹੈ, ‘‘ਸੈਲ ਪਥਰ ਮਹਿ ਜੰਤ ਉਪਾਏ; ਤਾ ਕਾ ਰਿਜਕੁ ਆਗੈ ਕਰਿ ਧਰਿਆ ’’ (ਸੋ ਦਰੁ/ਮਹਲਾ /੧੦) ਅਰਥ : (ਹੇ ਦਾਤਾਰ-ਪਿਤਾ ! ਤੈਂ) ਪਹਾੜਾਂ, ਪੱਥਰਾਂ ਆਦਿ ’ਚ ਭੀ ਜੀਵ-ਜੰਤ ਪੈਦਾ ਕੀਤੇ ਹੋਏ ਹਨ। ਉਨ੍ਹਾਂ ਦਾ ਰਿਜ਼ਕ; ਉਨ੍ਹਾਂ ਦੀ ਪੈਦਾਇਸ਼ ਤੋਂ ਪਹਿਲਾਂ ਹੀ ਬਣਾ ਦਿੱਤਾ ਭਾਵ ਤੈਂ ਉਨ੍ਹਾਂ ਅੰਦਰ ਪੱਥਰ ਨੂੰ ਖਾ ਕੇ ਜੀਵਤ ਰਹਿਣ ਵਾਲ਼ੀ ਕਿਰਿਆ ਪਹਿਲਾਂ ਹੀ ਵਿਕਸਿਤ ਕਰ ਦਿੱਤੀ। ਵਿਗਿਆਨ ਅਨੁਸਾਰ ਉਸ ਨੂੰ ਆਕਸੀਜਨ ਚਾਹੀਏ, ਪਰ ਚਾਰੋਂ ਤਰਫ਼ ਬੰਦ ਪੱਥਰ ’ਚ ਆਕਸੀਜਨ ਕਿਵੇਂ ਪਹੁੰਚੇਗੀ। ਕੀ ਮਨੁੱਖ; ਪੱਥਰ ਨੂੰ ਆਪਣੀ ਖ਼ੁਰਾਕ ਬਣਾ ਸਕਦਾ ਹੈ ? ਜਵਾਬ ਹੈ ‘ਨਹੀਂ’, ਤਾਹੀਓਂ ਪ੍ਰਭੂ ਨੂੰ ਵੱਡਾ ਦਾਤਾਰ-ਪਿਤਾ ਮੰਨਿਆ ਹੈ, ‘‘ਪਹਿਲੋ ਦੇ ਤੈਂ ਰਿਜਕੁ ਸਮਾਹਾ ਪਿਛੋ ਦੇ ਤੈਂ ਜੰਤੁ ਉਪਾਹਾ ਤੁਧੁ ਜੇਵਡੁ ਦਾਤਾ ਅਵਰੁ ਸੁਆਮੀ ! ਲਵੈ ਕੋਈ ਲਾਵਣਿਆ ’’ (ਮਹਲਾ /੧੩੦)

ਕਰਿ ਕਰਿ ਵੇਖੈ ਸਿਰਜਣਹਾਰੁ ਨਾਨਕ  ! ਸਚੇ ਕੀ, ਸਾਚੀ ਕਾਰ

ਪਦ ਅਰਥ : ਕਰਿ ਕਰਿ ਵੇਖੈ- ਪੈਦਾ ਕਰ ਕਰ ਕੇ ਸੰਭਾਲ਼ਦਾ ਹੈ। ਸਿਰਜਣਹਾਰੁ- ਜਗਤ ਨੂੰ ਪੈਦਾ ਕਰਨ ਵਾਲ਼ਾ (ੴ ਦਾਤਾਰ-ਪਿਤਾ)। ਨਾਨਕ- ਹੇ ਨਾਨਕ ! ਸਚੇ ਕੀ- ਸਦੀਵੀ ਸਥਿਰ (ਦਾਤਾਰ) ਦੀ। ਸਾਚੀ ਕਾਰ- (ਜਗਤ ਦੀ) ਨਿਰਵਿਘਨ ਚੱਲਦੀ ਜਗਤ ਕਾਰ (ਕਿ ਜੀਵਾਂ ਨੂੰ ਪੈਦਾ ਕਰਨਾ ਤੇ ਸੰਭਾਲਣਾ ਹੈ; ਜਿਸ ਨੂੰ ਬਦਲਿਆ ਨਹੀਂ ਜਾ ਸਕਦਾ)

ਅਰਥ : ਹੇ ਨਾਨਕ  ! (ਜੀਵ-ਜੰਤੂਆਂ ਨੂੰ) ਪੈਦਾ ਕਰ ਕਰ ਕੇ ਜਗਤ-ਪਿਤਾ (ਆਪ ਹੀ ਇਨ੍ਹਾਂ ਨੂੰ) ਸੰਭਾਲ਼ਦਾ ਹੈ (ਨਾ ਕਿ ਵਿਸ਼ਨੂੰ)। ਸਦੀਵੀ ਸਥਿਰ ਮਾਲਕ ਦੀ ਇਹ ਨਿਰਵਿਘਨ ਚੱਲਣ ਵਾਲ਼ੀ ਜਗਤ ਕਾਰ ਹੈ।

ਆਦੇਸੁ, ਤਿਸੈ ਆਦੇਸੁ ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ ੩੧

ਅਰਥ : ਉਸ (ਸਦੀਵੀ ਸਥਿਰ ਦਾਤਾਰ-ਪਿਤਾ) ਨੂੰ ਨਮਸਕਾਰ ਕਰ, (ਜੋ) ਕੁਦਰਤ ਦਾ ਸ੍ਰੋਤ ਹੈ, ਮੈਲ਼ ਰਹਿਤ ਹੈ, ਜਿਸ ਦਾ ਹੋਰ ਕੋਈ ਸ੍ਰੋਤ ਨਹੀਂ ਤੇ ਸਦਾ ਇੱਕੋ ਸਰੂਪ ਵਾਲ਼ਾ ਹੈ।

ਵਿਚਾਰ : ਪਿੱਛੇ ਵਿਚਾਰਿਆ ਜਾ ਚੁੱਕਾ ਹੈ ਕਿ ਗੁਰੂ ਸਾਹਿਬ ਜੀ; ਜਦ ਸ਼ਬਦ ’ਚ ਪਹਿਲਾਂ ਅਨਮਤ ਗ੍ਰੰਥਾਂ ਦੀ ਮਿਸਾਲ ਦਿੰਦੇ ਹਨ ਤਾਂ ਉਸ ਵਿਚਾਰਧਾਰਾ ਨਾਲ਼ ਅਕਸਰ ਅਸਹਿਮਤ ਹੁੰਦੇ ਹਨ; ਵੈਸਾ ਹੀ ਉਕਤ 30ਵੀਂ ਪਉੜੀ ’ਚ ਪਹਿਲਾਂ ‘‘ਏਕਾ ਮਾਈ ਜੁਗਤਿ ਵਿਆਈ; ਤਿਨਿ ਚੇਲੇ ਪਰਵਾਣੁ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ੩੦’’ ਮਿਸਾਲ ਦਿੱਤੀ, ਜਿਸ ਨੂੰ ਬਾਅਦ ’ਚ ਇਨ੍ਹਾਂ ਸ਼ਬਦਾਂ ‘‘ਓਹੁ ਵੇਖੈ ਓਨਾ ਨਦਰਿ ਆਵੈ; ਬਹੁਤਾ ਏਹੁ ਵਿਡਾਣੁ ’’ ਨਾਲ਼ ਗ਼ਲਤ ਸਿੱਧ ਕਰ ਇਨ੍ਹਾਂ ਚਾਰੇ ਪਉੜੀਆਂ ਦੇ ਅੰਤ ’ਚ ਉਸ ਨਿਰਾਕਾਰ ਨੂੰ ‘‘ਆਦੇਸੁ ਤਿਸੈ ਆਦੇਸੁ ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ ੩੦’’ ਸਵੀਕਾਰ ਕੇ ਨਮਸਕਾਰ ਕੀਤੀ ਹੈ; ਐਸਾ ਹੀ ‘ਜਪੁ’ ਬਾਣੀ ਦੀ 5ਵੀਂ ਪਉੜੀ (ਗੁਰੁ ਈਸਰੁ ਗੁਰੁ ਗੋਰਖੁ ਬਰਮਾ; ਗੁਰੁ ਪਾਰਬਤੀ ਮਾਈ ) ’ਚ ਪਹਿਲਾਂ ਇਨ੍ਹਾਂ ਦੇਵੀ-ਦੇਵਤਿਆਂ ਨੂੰ ਗੁਰੂ ਸ਼ਖ਼ਸੀਅਤ ਨਾਲ਼ ਤੁਲਨਾਤਮਿਕ ਵਿਚਾਰਿਆ ਤੇ ਫਿਰ 5ਵੀਂ ਤੇ 6ਵੀਂ ਪਉੜੀ ਦੇ ਅੰਤ ’ਚ ‘ਗੁਰੂ’ ਨੂੰ ਸਰਬੋਤਮ ਮੰਨ ਉਸ ਅੱਗੇ ਬੇਨਤੀ ਕੀਤੀ ਹੈ, ‘‘ਗੁਰਾ  ! ਇਕ ਦੇਹਿ ਬੁਝਾਈ ਸਭਨਾ ਜੀਆ ਕਾ ਇਕੁ ਦਾਤਾ; ਸੋ ਮੈ ਵਿਸਰਿ ਜਾਈ ’’

ਸਨਾਤਨੀ ਸੋਚ ’ਚੋਂ ਹੀ ਯੋਗ ਮੱਤ ਉਪਜੀ ਹੈ, ਇਸ ਲਈ ਉਕਤ 4 ਪਉੜੀਆਂ (28 ਤੋਂ 31) ’ਚ ਜੋਗੀਆਂ ਦੀ ਸ਼ਬਦਾਵਲੀ (ਮੁੰਦਾ, ਝੋਲੀ, ਬਿਭੂਤਿ, ਖਿੰਥਾ, ਡੰਡਾ’ ਆਦਿ) ਦੇ ਨਾਲ਼-ਨਾਲ਼ ‘ਏਕਾ ਮਾਈ’ ਤੇ ਤਿੰਨ ਚੇਲਿਆਂ (ਬ੍ਰਹਮਾ, ਵਿਸ਼ਨੂੰ, ਸ਼ਿਵ) ਦਾ ਭੀ ਜ਼ਿਕਰ ਹੈ।

ਹੁਣ ਅਗਾਂਹ 32ਵੀਂ ਪਉੜੀ ’ਚ ‘ਜਪੁ’ ਬਾਣੀ ਦੇ ਅਰੰਭ ਤੋਂ ਪਉੜੀ-ਦਰ-ਪਉੜੀ ਦੇ ਅੰਤ ’ਚ ਪ੍ਰਸੰਗ ਨੂੰ ਸੰਕੋਚਣ ਸਮੇਂ ਵਰਤੀ ਗਈ ਅਸੀਮ-ਅਸੀਮ ਸ਼ਬਦਾਵਲੀ ਨੂੰ ਧਿਆਨ ’ਚ ਰੱਖ ਕੇ ਵਿਚਾਰਨ ਨਾਲ਼ ਹੀ ਇਸ ਦਾ ਅਸਲ ਭਾਵ ਸਮਝਿਆ ਜਾਣਾ ਹੈ; ਜਿਵੇਂ ਕਿ

(1). ਪਹਿਲੀ ਪਉੜੀ ’ਚ ‘ਤੀਰਥ ਇਸ਼ਨਾਨ, ਮੌਨ ਵਰਤ ਆਦਿ ਵਰਗੀਆਂ ਧਾਰਮਿਕ ਸਿਆਣਪਾਂ ਨੂੰ ਅੰਤ ’ਚ ਹਜ਼ਾਰਾਂ, ਲੱਖਾਂ ਭਾਵ ਅਸੀਮ ਕਹਿ ਕੇ ਇਉਂ ਸਮੇਟਿਆ ਹੈ, ‘‘ਸਹਸ ਸਿਆਣਪਾ ਲਖ ਹੋਹਿ; ਇਕ ਚਲੈ ਨਾਲਿ ..’’ ਕਿਉਂਕਿ ਐਸੇ ਕਰਮ ਪੀੜ੍ਹੀ-ਦਰ-ਪੀੜ੍ਹੀ ਕਰ-ਕਰ ਬੰਦਾ; ਅਕਸਰ ਵੱਡਾ ਧਰਮੀ ਅਖਵਾ ਰਿਹਾ ਹੁੰਦਾ ਹੈ।

(2). ਤੀਜੀ ਪਉੜੀ ’ਚ ‘‘ਗਾਵੈ ਕੋ, ਗਾਵੈ ਕੋ’’ ਸ਼ਬਦਾਂ ਰਾਹੀਂ 8 ਕੁ ਵਾਰ ਮਿਸਾਲ ਦੇ ਕੇ ਅੰਤ ’ਚ ‘‘ਕਥਿ ਕਥਿ ਕਥੀ, ਕੋਟੀ ਕੋਟਿ ਕੋਟਿ’’ ਕਹਿ ਕੇ ਪਉੜੀ-ਵਿਸ਼ੇ ਨੂੰ ਅਸੀਮ ਅਸੀਮ ਕਹਿ ਕੇ ਸਮੇਟਿਆ ਹੈ।

(3). ਪੰਜਵੀਂ ਪਉੜੀ ’ਚ ਵਿਸ਼ਾ; ਸਤਿਗੁਰੂ ਬਨਾਮ ‘ਨਾਦੰ, ਵੇਦੰ, ਈਸਰੁ, ਗੋਰਖੁ, ਬਰਮਾ, ਪਾਰਬਤੀ’ ਆਦਿ ਹੈ। ਜਿਸ ਨੂੰ 33 ਕਰੋੜ ਦੇਵਤਿਆਂ ਤੱਕ ਤੁਲਨਾਤਮਿਕ ਵਿਚਾਰਿਆ ਜਾ ਸਕਦਾ ਸੀ, ਪਰ ਕੁੱਝ ਕੁ ਮਿਸਾਲਾਂ ਉਪਰੰਤ ‘ਸਤਿਗੁਰੂ’ ਨੂੰ ਸਰਬੋਤਮ ਸਾਬਤ ਕਰ ਅੰਤ ’ਚ ਉਨ੍ਹਾਂ ਨੂੰ 5ਵੀਂ ਅਤੇ 6ਵੀਂ ਪਉੜੀ ’ਚ ਸੰਬੋਧਨ ਕਰ ਪ੍ਰਸੰਗ ਸਮੇਟ ਲਿਆ, ‘‘ਗੁਰਾ  ! ਇਕ ਦੇਹਿ ਬੁਝਾਈ ਸਭਨਾ ਜੀਆ ਕਾ ਇਕੁ ਦਾਤਾ; ਸੋ ਮੈ ਵਿਸਰਿ ਜਾਈ ’’

(4). 7ਵੀਂ ਪਉੜੀ ’ਚ ਪੰਡਿਤਾਂ ਦੇ 4 ਜੁਗਾਂ ਨੂੰ ਵਧਾ ਕੇ ਦਸ ਗੁਣਾਂ (40 ਜੁਗ) ਕਿਹਾ ਹੈ। ਇਹ ਗਿਣਤੀ ਕਰੋੜਾਂ ਜੁਗਾਂ ਤੱਕ ਕੀਤੀ ਜਾ ਸਕਦੀ ਸੀ, ਪਰ ਅੰਤ ’ਚ ਸੰਖੇਪ ਭਾਵ ਇਹੀ ਸਮਝਾ ਵਿਸ਼ਾ ਸਮੇਟ ਲਿਆ ਕਿ ਅਣਗਿਣਤੀ ਵਰ੍ਹੇ ਲੰਬੀ ਉਮਰ ਭੋਗਣਾ ਸਫਲ ਜੀਵਨ ਨਹੀਂ। ਲੰਬੀ ਉਮਰ ਭੋਗਣ ਵਾਲ਼ੇ ਅਸਫਲ ਜੀਵਨ ਭੀ ਪ੍ਰਭੂ ਦੀ ਕਿਰਪਾ ਬਿਨਾਂ ਨਿਹਫਲ਼ ਹਨ, ‘‘ਤੇਹਾ ਕੋਇ ਸੁਝਈ; ਜਿ ਤਿਸੁ ਗੁਣੁ ਕੋਇ ਕਰੇ ’’

 (5). 8ਵੀਂ ਪਉੜੀ ਤੋਂ 19ਵੀਂ ਪਉੜੀ ਭਾਵ ਇਨ੍ਹਾਂ 12 ਪਉੜੀਆਂ ’ਚ ਕੇਵਲ 3 ਵਿਸ਼ੇ ਹੀ 4-4- ਪਉੜੀਆਂ ’ਚ ਹਨ; ਜਿਵੇਂ ਕਿ 8ਵੀਂ ਤੋਂ 11 ਤੱਕ ‘ਸੁਣਿਐ’ ਭਾਵ ਗੁਰੂ ਸਿੱਖਿਆ ਸੁਣਨ ਨਾਲ਼ ਕੀ ਕੀ ਬਦਲਾਅ ਹੁੰਦਾ ਹੈ; ਇਸ ਦਾ ਭੀ ਵਿਸਥਾਰ ਵਧਾਇਆ ਜਾ ਸਕਦਾ ਸੀ।

12ਵੀਂ ਤੋਂ 15ਵੀਂ ਪਉੜੀ ’ਚ ‘ਮੰਨੈ’ ਭਾਵ ਗੁਰੂ ਸਿੱਖਿਆ ਮੰਨਣ ਨਾਲ਼ ਜੋ ਬਦਲਾਅ ਹੁੰਦਾ ਹੈ; ਉਸ ਬਾਰੇ ਸੰਖੇਪ ਮਾਤਰ ਇਹੀ ਕਿਹਾ ਕਿ ਉਸ ਦੀ ਸਮਾਜ ’ਚੋਂ ਕੋਈ ਮਿਸਾਲ ਨਹੀਂ ਦਿੱਤੀ ਜਾ ਸਕਦੀ, ‘‘ਮੰਨੇ ਕੀ ਗਤਿ ਕਹੀ ਜਾਇ ..੧੨’’

17ਵੀਂ ਪਉੜੀ ’ਚ ‘ਨਿਰਾਕਾਰ’ ਨੂੰ ਸੰਬੋਧਨ ਕਰ ਅਖੌਤੀ ਭਗਤਾਂ ਦੀ ਉਨ੍ਹਾਂ ਦੁਆਰਾ ਕੀਤੇ ਜਾਂਦੇ ਕਰਮਕਾਂਡ ਸਹਿਤ ਗਿਣਤੀ ਕੀਤੀ ਹੈ, ‘‘ਅਸੰਖ ਜਪ; ਅਸੰਖ ਭਾਉ   ਅਸੰਖ ਪੂਜਾ; ਅਸੰਖ ਤਪ ਤਾਉ ..੧੭’’, 18ਵੀਂ ਪਉੜੀ ’ਚ ਨਾਸਤਿਕ ਲੋਕਾਂ ਦੀ ਉਨ੍ਹਾਂ ਦੁਆਰਾ ਕੀਤੇ ਜਾਂਦੇ ਕੰਮਾਂ ਸਮੇਤ ਗਿਣਤੀ ਦਾ ਵਰਣਨ ਹੈ, ‘‘ਅਸੰਖ ਮੂਰਖ ਅੰਧ ਘੋਰ   ਅਸੰਖ ਚੋਰ ਹਰਾਮਖੋਰ ..੧੮’’ ਅਤੇ 19ਵੀਂ ਪਉੜੀ ’ਚ ਇਨ੍ਹਾਂ ਦੋਵਾਂ ਲਈ ਵਰਤੇ ‘ਅਸੰਖ’ ਸ਼ਬਦ ਨੂੰ ਨਿਰਾਕਾਰ ਦੇ ਰੂ-ਬਰੂ ਹੋ ਕੇ ਕਿਹਾ ਕਿ ਇਹ ਅੰਦਾਜ਼ ਭੀ ਸਮੂਹ ਕੁਦਰਤ (ਕਰਤੇ ਕੈ ਕਰਣੈ; ਨਾਹੀ ਸੁਮਾਰੁ ..੧੬) ਨੂੰ ਛੋਟਾ ਆਂਕਦਾ ਹੈ; ਜਿਵੇਂ ਕਿ ‘‘ਅਸੰਖ ਕਹਹਿ; ਸਿਰਿ ਭਾਰੁ ਹੋਇ..੧੯’’ ਭਾਵ ਅੱਖਰ ਵਰਤਣਾ ਮਜਬੂਰੀ ਸੀ; ਵੈਸੇ ਅੱਖਰਾਂ ਰਾਹੀਂ ਹੀ ਤੇਰਾ ਨਾਮ ਜਪਿਆ ਜਾ ਸਕਦਾ ਹੈ, ‘‘ਅਖਰੀ ਨਾਮੁ; ਅਖਰੀ ਸਾਲਾਹ ..੧੯’’

ਸੋ ਇਨ੍ਹਾਂ 4 ਪਉੜੀਆਂ (16 ਤੋਂ 19) ’ਚ ਭਾਵੇਂ ਕਰਤਾਰ ਦੇ ਵਿਸਥਾਰ (ਜੀਵਾਂ) ਨੂੰ ਅਸੰਖ-ਅਸੰਖ ਕਿਹਾ ਹੈ, ਪਰ ਅੰਤ ’ਚ ਇਹ ਅਨੁਮਾਨ ਭੀ ਪੂਰਨ ਨਹੀਂ; ਮੰਨਿਆ ਹੈ, ‘‘ਕੁਦਰਤਿ ਕਵਣ ਕਹਾ ਵੀਚਾਰੁ ’’, ਇਸੇ ਤਰ੍ਹਾਂ ਅਗਾਂਹ 4 ਪਉੜੀਆਂ (28 ਤੋਂ 31) ਦੇ ਅੰਤ ’ਚ 4 ਵਾਰ ਐਸਾ ਕਿਹਾ ਹੈ, ‘‘ਆਦੇਸੁ ਤਿਸੈ ਆਦੇਸੁ ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ ’’

(6). 16ਵੀਂ ਪਉੜੀ ਤੋਂ ਚੱਲਦੇ ਪ੍ਰਸੰਗ (ਕੀਤਾ ਪਸਾਉ; ਏਕੋ ਕਵਾਉ ..੧੬) ਨੂੰ 22ਵੀਂ ਪਉੜੀ ਦੇ ਅੰਤ ’ਚ ਇਉਂ ਕਿਹਾ ਹੈ, ‘‘ਲੇਖਾ ਹੋਇ, ਲਿਖੀਐ; ਲੇਖੈ ਹੋਇ ਵਿਣਾਸੁ ’’

(7). 24ਵੀਂ ਅਤੇ 26ਵੀਂ ਪਉੜੀ ’ਚ ਕਰਤਾਰ ਦੇ ਗੁਣਾਂ ਨੂੰ ਇਉਂ ਬੇਅਤ ਭਾਵ ਗਿਣਤੀ ਰਹਿਤ ਮੰਨਿਆ ਹੈ, ‘‘ਜੇਵਡੁ ਆਪਿ, ਜਾਣੈ ਆਪਿ ਆਪਿ੨੪, ਜੇਵਡੁ ਭਾਵੈ; ਤੇਵਡੁ ਹੋਇ ਨਾਨਕ  ! ਜਾਣੈ ਸਾਚਾ ਸੋਇ੨੬’’

(8). 27ਵੀਂ ਪਉੜੀ ’ਚ ਪਿਛਲਾ ‘ਅਸੰਖ’ ਪ੍ਰਸੰਗ ਹੀ ਇਉਂ ਮੁੜ ਬਿਆਨ ਕੀਤਾ ਹੈ, ‘‘ਹੋਰਿ ਕੇਤੇ ਗਾਵਨਿ; ਸੇ ਮੈ ਚਿਤਿ ਆਵਨਿ; ਨਾਨਕੁ ਕਿਆ ਵੀਚਾਰੇ  ?’’, ਆਦਿ।

ਸੋ ਉਕਤ ਕੀਤੀ ਸੰਖੇਪ ਵਿਚਾਰ ਦਾ ਇਹੀ ਤਤਸਾਰ ਹੈ ਕਿ ‘ਜਪੁ’ ਬਾਣੀ ਅੰਦਰ ਭਾਵੇਂ ‘ਕਰਤਾਰ, ਕੁਦਰਤ, ਗੁਰੂ ਸ਼ਖ਼ਸੀਅਤ, ਰੂਹਾਨੀਅਤ ਪੰਜ ਪੜਾਅ’ ਆਦਿ ਮਹੱਤਵ ਪੂਰਨ ਵਿਸ਼ਿਆਂ ਦੀ ਮੁਕੰਮਲ ਵਿਆਖਿਆ ਹੈ, ਪਰ ਇਸ ਨਾਲ਼ ਕਰਤਾਰ ਦੀ ਖੇਡ ਦਾ ਅੰਤ ਨਹੀਂ ਪਾਇਆ ਜਾ ਸਕਿਆ, ਇਸ ਲਈ ਗੁਰੂ ਸਾਹਿਬ ਨੇ ‘ਜਪੁ’ ਬਾਣੀ ਅੰਦਰ ਹਰ ਪਉੜੀ-ਪ੍ਰਸੰਗ ਨੂੰ ਅਸੀਮ-ਅਸੀਮ ਕਰ ਸਮੇਟਦਿਆਂ ਆਪਣੀ ਸਮਝ ਨੂੰ ਤੁੱਛ ਮਾਤਰ ਐਲਾਨਿਆ ਹੈ। ਪਿਛਲੀਆਂ ਸਭ ਪਉੜੀਆਂ ’ਚ ਦਰਜ ਅੰਤਮ ਉਦੇਸ਼ ਨੂੰ ਹੁਣ ਅਗਾਂਹ 32ਵੀਂ ਪਉੜੀ ’ਚ ਹੋਰ ਸਪਸ਼ਟ ਕੀਤਾ ਹੈ।

ਇਕ ਦੂ ਜੀਭੋਂ, ਲਖ ਹੋਹਿ; ਲਖ ਹੋਵਹਿ, ਲਖ ਵੀਸਉਚਾਰਨ : ਦੂੰ, ਹੋਹਿਂ, ਹੋਵਹਿਂ।

ਪਦ ਅਰਥ : ਇਕ ਦੂ- ਇੱਕ ਤੋਂ। ਜੀਭੋਂ- ਜੀਭ ਤੋਂ। ਇਕ ਦੂ ਜੀਭੋਂ- ਇੱਕ ਜੀਭ ਤੋਂ (ਅਪਾਦਾਨ ਕਾਰਕ)। ਲਖ ਹੋਹਿ- ਲੱਖਾਂ (ਜੀਭਾਂ) ਹੋ ਜਾਣ। ਲਖ ਹੋਵਹਿ- ਲੱਖਾਂ ਤੋਂ ਹੋ ਜਾਣ। ਲਖ ਵੀਸ- 20-20 ਲੱਖ।

ਅਰਥ : ਇੱਕ (ਜੀਭ) ਤੋਂ ਜੇਕਰ ਲੱਖ ਜੀਭਾਂ ਹੋ ਜਾਣ ਤੇ ਲੱਖ ਤੋਂ 20 ਲੱਖ ਭੀ ਹੋ ਜਾਣ।

ਲਖੁ ਲਖੁ ਗੇੜਾ ਆਖੀਅਹਿ; ਏਕੁ ਨਾਮੁ ਜਗਦੀਸਉਚਾਰਨ : ਆਖੀਅਹਿਂ, ਜਗਦੀਸ਼।

ਪਦ ਅਰਥ : ਲਖੁ ਲਖੁ ਗੇੜਾ- (ਇਨ੍ਹਾਂ 20 ਲੱਖ ’ਚੋਂ ਹਰ ਇੱਕ ਜੀਭ ਨਾਲ਼) ਲੱਖ ਲੱਖ ਵਾਰੀ। ਆਖੀਅਹਿ- ਆਖਣਾ ਕਰੀਏ ਭਾਵ ਜੇ ਆਖਣ ਦਾ ਯਤਨ ਕਰੀਏ। ਏਕੁ ਨਾਮੁ ਜਗਦੀਸ- ਜਗਤ ਦੇ ਈਸ਼ਵਰ (ਦਾਤਾਰ-ਪਿਤਾ, ਜੋ ‘‘ਸਭਨਾ ਜੀਆ ਕਾ ਇਕੁ ਦਾਤਾ.. ’’ ਹੈ, ‘‘ਆਦਿ ਸਚੁ ਜੁਗਾਦਿ ਸਚੁ’’ ਹੈ) ਦੇ ਕੇਵਲ ਨਾਮ ਨੂੰ ਭਾਵ ਕੇਵਲ ਗੁਣਾਂ ਨੂੰ।

ਅਰਥ : (20 ਲੱਖ ਜੀਭਾਂ ’ਚੋਂ ਹਰੇਕ ਜੀਭ ਨਾਲ਼) ਲੱਖ-ਲੱਖ ਵਾਰੀ ਕੇਵਲ ਜਗਤ-ਪਿਤਾ ਦੇ ਨਾਮ ਨੂੰ ਜਪਦੇ ਰਹੀਏ (ਤਾਂ ਭੀ ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ। ਜਦ ਅੰਤ ਨਹੀਂ ਪੈਂਦਾ ਤਾਂ ਅੰਤ ਪਾਉਣਾ ਭੀ ਕਾਹਦੇ ਲਈ ਹੈ; ਉਸ ਵਿੱਚ ਅਭੇਦ ਹੋਣਾ ਹੈ)

ਏਤੁ ਰਾਹਿ ਪਤਿ ਪਵੜੀਆ; ਚੜੀਐ, ਹੋਇ ਇਕੀਸਉਚਾਰਨ : ਰਾਹ, ਪਵੜੀਆਂ।

ਪਦ ਅਰਥ : ਏਤੁ ਰਾਹਿ- ਇਸ (ਭਾਵ ‘ਪਤਿ ਪਵੜੀਆ’ ਵਾਲ਼ੇ) ਪੈਂਡੇ ਵਿੱਚ, ਮਾਰਗ ਉੱਤੇ। ਪਤਿ ਪਵੜੀਆ- ਖ਼ਸਮ ਨੂੰ ਮਿਲਣ ਵਾਲ਼ੀਆਂ ਪਉੜੀਆਂ। ਚੜੀਐ- ਚੜ੍ਹਨਾ ਬਣਦਾ ਹੈ, ਜੇ ਚੜ੍ਹ ਜਾਈਏ। ਹੋਇ ਇਕੀਸ- ਇੱਕ-ਮਿੱਕ ਹੋ ਜਾਈਦਾ ਹੈ, ਅਭੇਦ ਹੋ ਜਾਈਦਾ ਹੈ।

ਅਰਥ : ਖ਼ਸਮ ਨੂੰ ਪਾਉਣ ਵਾਲ਼ੇ ਇਸ ਮਾਰਗ ਉੱਤੇ ਜੇ ਚੜ੍ਹ ਜਾਈਏ ਤਾਂ (ਉਸ ਵਿੱਚ) ਅਭੇਦ ਹੋ ਜਾਈਦਾ ਹੈ।

ਨੋਟ : ਇਸ ਤੁਕ ਦੀ ਮਿਸਾਲ ਨਾਲ਼ ਅਕਸਰ ਬਹੁਤੇ ਪਾਠ ਕਰਨ ਜਾਂ ਬਹੁਤਾ ਸਿਮਰਨ ਕਰਨ ਨੂੰ ਗ਼ਲਤ ਠਹਿਰਾਇਆ ਜਾਂਦਾ ਹੈ ਜਦ ਕਿ ਇੱਥੇ ਐਸਾ ਕੋਈ ਸੰਕੇਤ ਨਹੀਂ ਮਿਲਦਾ। ‘ਜਪੁ’ ਬਾਣੀ ਦਾ ਅਰੰਭ ਤੋਂ ਚੱਲਦਾ ਪਉੜੀ-ਪ੍ਰਸੰਗ ਨਾ ਸਮਝਣ ਕਾਰਨ ਐਸੀ ਗ਼ਲਤੀ ਹੁੰਦੀ ਹੈ। ਵੈਸੇ ਸਿਮਰਨ ਕਰਨ ਬਾਰੇ ਗੁਰੂ ਉਪਦੇਸ਼ ਹੈ, ‘‘ਲਾਖ ਜਿਹਵਾ ਦੇਹੁ ਮੇਰੇ ਪਿਆਰੇ ! (ਤਾਂ ਜੋ) ਮੁਖੁ ਹਰਿ ਆਰਾਧੇ ਮੇਰਾ, ਰਾਮ  !’’ (ਮਹਲਾ /੭੮੧)

ਸੁਣਿ, ਗਲਾ ਆਕਾਸ ਕੀ; ਕੀਟਾ ਆਈ ਰੀਸਉਚਾਰਨ : ਗੱਲਾਂ, ਆਕਾਸ਼, ਕੀਟਾਂ।

ਪਦ ਅਰਥ : ਸੁਣਿ- ਸੁਣ ਕੇ। ਆਕਾਸ ਕੀ- ਪੁਲਾੜ ਕੀ, ਅਲੌਕਿਕ ਦਾਤਾਰ ਦੀ। ਕੀਟਾ- ਛੋਟੇ ਕੀੜਿਆਂ ਨੂੰ, ਮਾਇਆ ਗ੍ਰਸਤ ਲੋਕਾਂ ਦੇ ਹਿਰਦੇ ’ਚ। ਰੀਸ- (ਉਸ ਵਰਗਾ ਬਣਨ ਦੀ) ਭਾਵਨਾ, ਚਾਹਤ।

ਅਰਥ : (ਗੁਰੂ ਤੋਂ) ਦਾਤਾਰ-ਪਿਤਾ ਦੀ ਮਹਿਮਾ ਕਰਨੀ ਸਮਝ ਕੇ ਮਾਇਆ ਗ੍ਰਸਤ ਮਨੁੱਖਾਂ ਅੰਦਰ ਭੀ (ਉਸ ਵਰਗਾ ਬਣਨ ਦੀ) ਚਾਹਤ ਜਾਗ ਪੈਂਦੀ ਹੈ।

ਨਾਨਕ  ! ਨਦਰੀ ਪਾਈਐ; ਕੂੜੀ ਕੂੜੈ ਠੀਸ ੩੨

ਪਦ ਅਰਥ : ਨਦਰੀ- (ਦਾਤਾਰ-ਪਿਤਾ ਦੀ) ਦਇਆ-ਦ੍ਰਿਸ਼ਟੀ ਨਾਲ਼, ਰਹਿਮ ਦਿਲ ਕਾਰਨ, ਮਿਹਰਬਾਨੀ ਨਾਲ਼। ਪਾਈਐ- ਪਾਈਦੀ ਹੈ, ਪਾਈ ਜਾਂਦੀ ਹੈ, ਮਿਲਦੀ ਹੈ। ਕੂੜੀ ਠੀਸ- ਝੂਠੀ ਗੱਪ, ਕੋਰੀ ਕਲਪਨਾ। ਕੂੜੈ- ਝੂਠੇ (ਮਨੁੱਖ) ਦੀ ਯਾਨੀ ਜੋ ਸੋਚਦਾ ਹੈ ਕਿ ਮਾਲਕ ਦੀ ਰਹਿਮ ਦਿਲੀ ਤੋਂ ਬਿਨਾਂ ਸਭ ਕੁੱਝ ਹਾਸਲ ਕੀਤਾ ਜਾ ਸਕਦਾ ਹੈ।

ਅਰਥ : (ਪਰ) ਹੇ ਨਾਨਕ  ! (ਇਹ ਮੁਕਾਮ; ਮਾਲਕ ਦੀ) ਮਿਹਰ ਨਾਲ਼ ਮਿਲਦਾ ਹੈ (ਜੋ ਖ਼ੁਦ ਹਾਸਲ ਕਰਨਾ ਚਾਹੇ ਉਸ) ਝੂਠੇ ਬੰਦੇ ਦੀ ਹਰ ਗੱਲ; ਕੋਰੀ ਕਲਪਨਾ ਹੈ, ਮਨਮਤ ਹੈ।

ਵਿਚਾਰ : ਅਸ਼ਰਧਕ ਜਾਂ ਨਾਸਮਝ ਸਿੱਖ; ਅਕਸਰ ਜੀਵਨ ਘਾੜਤ ਲਈ ਮਨੁੱਖ ਨੂੰ ਦੋਸ਼ੀ ਠਹਿਰਾਉਂਦੇ ਹਨ। ਉਕਤ ਪਉੜੀ ਦੇ ਅੰਤ ’ਚ ਉਨ੍ਹਾਂ ਨੂੰ ਗੱਪੀ ਐਲਾਨਿਆ ਹੈ। ਦਰਅਸਲ ਗੁਰਬਾਣੀ ਮਨੁੱਖ ਨੂੰ ਆਪਾ ਨਾ ਪਹਿਚਾਨਣ ਲਈ ਦੋਸ਼ੀ ਮੰਨਦੀ ਹੈ। ਜਿਸ ਨੇ ਆਪਣੀ ਮੈਲ਼ ਵੇਖ ਲਈ ਉਹ ਦਾਤਾਰ-ਪਿਤਾ ਦਾ ਸਿਮਰਨ ਕਰਦਾ ਹੈ ਤਾਂ ਕਿ ਉਸ ਦੀ ਕਿਰਪਾ ਨਾਲ਼ ਮੈਲ਼ ਮੁਕਤ ਹੋਇਆ ਜਾ ਸਕੇ। ਕੂੜ ਦੀ ਪਾਲ (ਕੰਧ) ਢਹਿ ਢੇਰੀ ਹੋ ਜਾਵੇ।

15ਵੀਂ ਪਉੜੀ ’ਚ ਵਿਚਾਰਿਆ ਗਿਆ ਸੀ ਕਿ ‘ਗੁਰੂ ਸਿੱਖਿਆ ਨੂੰ ਸੁਣਨਾ; ਗਿਆਨਖੰਡ ਹੈ ਅਤੇ ਮੰਨਣਾ; ਸਰਮਖੰਡ ਹੈ; ਉਸੇ ਤਰ੍ਹਾਂ ਇੱਥੇ 32ਵੀਂ ਪਉੜੀ ’ਚ ਬਿਆਨ ਕੀਤੀ ਮਿਹਰ ਭਰਪੂਰ (ਨਦਰੀ ਪਾਈਐ) ਅਵਸਥਾ ਨੂੰ 37ਵੀਂ ਪਉੜੀ ’ਚ ‘ਕਰਮਖੰਡ’ ਕਿਹਾ ਹੈ ਤੇ ਅਗਾਂਹ 33ਵੀਂ ਪਉੜੀ ਦਾ ਵਿਸਾ (ਆਖਣਿ ਜੋਰੁ; ਚੁਪੈ ਨਹ ਜੋਰੁ ..੩੩); ਅਗਾਂਹ 37ਵੀਂ ਪਉੜੀ ਦਾ ‘ਸਚਖੰਡਿ’ ਹੈ। ਇਸ ਲਈ ਹੁਣ 33ਵੀਂ ਪਉੜੀ ਦੇ ਅਰਥ ਵਿਚਾਰਨ ਤੋਂ ਪਹਿਲਾਂ ਸੰਖੇਪ ਜਿਹਾ ਸਮੁੱਚੇ ‘ਜਪੁ’ ਸਾਹਿਬ ਨੂੰ ਮੁੜ ਇਉਂ ਸਮਝਣਾ ਜ਼ਰੂਰੀ ਹੈ :

(1). ਪਹਿਲੀ ਪਉੜੀ ’ਚ ਨਿਰੇ ਸਰੀਰ ਨਾਲ਼ ਸਬੰਧ ਕਰਮ (ਜਿਵੇਂ ਕਿ ਤੀਰਥ ਇਸ਼ਨਾਨ, ਮੌਨ ਵਰਤ, ਮਾਇਆ ਤ੍ਰਿਸ਼ਨਾ ਆਦਿ) ਦੀ ਮਿਸਾਲ ਨਾਲ਼ ਮਨ ਅੰਦਰਲੀ ‘ਕੂੜ ਦੀ ਪਾਲਿ’ ਤੋਂ ਜਗਿਆਸੂ ਨੂੰ ਚੇਤੇ ਕਰਾਇਆ ਹੈ। ਦਰਅਸਲ ਇਹ ਮੈਲ਼; ਜਨਮ ਜਨਮ ਦੀ ਮੈਲ਼ ਹੈ; ਜਿਵੇਂ ਕਿ ਵਾਕ ਹੈ ‘‘ਜਨਮ ਜਨਮ ਕੀ ਇਸੁ ਮਨ (ਅੰਤਹਿਕਰਣ) ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ’’ (ਮਹਲਾ /੬੫੧), ਜੋ ਮਾਲਕ ਦੇ ਹੁਕਮ ’ਚ ਲੱਗਦੀ ਹੈ; ਜਿਵੇਂ ਕਿ ਬਚਨ ਹਨ, ‘‘ਸਭੇ ਬੁਧੀ, ਸੁਧਿ ਸਭਿ; ਸਭਿ ਤੀਰਥ, ਸਭਿ ਥਾਨ ਸਭਿ ਪਾਤਿਸਾਹੀਆ, ਅਮਰ ਸਭਿ; ਸਭਿ ਖੁਸੀਆ ਸਭਿ ਖਾਨ ਸਭੇ ਮਾਣਸ, ਦੇਵ ਸਭਿ; ਸਭੇ ਜੋਗ ਧਿਆਨ ਸਭੇ ਪੁਰੀਆ, ਖੰਡ ਸਭਿ; ਸਭੇ ਜੀਅ ਜਹਾਨ ਹੁਕਮਿ (’) ਚਲਾਏ ਆਪਣੈ; ਕਰਮੀ ਵਹੈ ਕਲਾਮ ਨਾਨਕ ! ਸਚਾ ਸਚਿ ਨਾਇ; ਸਚੁ ਸਭਾ ਦੀਬਾਨੁ ’’ (ਮਹਲਾ /੧੨੪੧) ਅਰਥ : ਸਾਰੀਆਂ ਅਕਲਾਂ, ਸਾਰੀਆਂ ਸਫਲਤਾਵਾਂ, ਸਾਰੇ ਤੀਰਥ (ਆਦਿਕ), ਚੰਗੀਆਂ-ਮੰਦੀਆਂ ਸਾਰੀਆਂ ਥਾਵਾਂ, ਸਾਰੇ ਬਾਦਿਸ਼ਾਹ, ਸਾਰੀਆਂ ਹਕੂਮਤਾਂ, ਸਾਰੇ ਚੋਜ ਤੇ ਸਾਰੇ ਖਾਣ-ਪਾਣ, ਸਾਰੇ ਮਨੁੱਖ (ਆਦਿ), ਸਾਰੇ ਦੇਵਤੇ (ਆਦਿ), ਸਾਰੇ ਜੋਗੀਆਂ ਦੁਆਰਾ ਲਗਾਏ ਜਾਂਦੇ ਧਿਆਨ, ਸਾਰੇ ਲੋਕ (ਭਾਵ ਭਵਨ), ਸਾਰੇ ਦੀਪ ਯਾਨੀ ਕਿ ਸਾਰਾ ਹੀ ਜਹਾਨ/ਜਗਤ; ਉਹ ਦਾਤਾਰ-ਪਿਤਾ ਦੇ ਹੁਕਮ ’ਚ ਚੱਲਦਾ ਹੈ। ਜੋ ਸਥਿਰ ਹੈ, ਉਸ ਦਾ ਨਾਮ ਸਥਿਰ ਹੈ, ਉਸ ਦਾ ਦਰਬਾਰ ਸਥਿਰ ਹੈ ਭਾਵ ਕੀਤੇ ਕੰਮਾਂ ਦਾ ਹਿਸਾਬ-ਕਿਤਾਬ ਅਵੱਸ਼ ਹੋਏਗਾ। ਭਾਵੇਂ ਕਿ ਉਸ ਦੇ ਹੁਕਮ ’ਚ ਚੱਲਦਿਆਂ ਹੋਏ ਚੰਗੇ-ਮੰਦੇ ਕੰਮਾਂ ਦਾ ਫਲ਼; ਹਰ ਜ਼ਿੰਦਗੀ ਲਈ ਅਲੱਗ-ਅਲੱਗ ਮਿਲਦਾ ਹੈ। ਇਹੀ ਹੈ ‘ਸਿਰ ਦਾ ਲੇਖ’; ਜਿਸ ਬਾਰੇ ਗੁਰੂ ਨਾਨਕ ਸਾਹਿਬ ਦੇ ਬੋਲ ਹਨ, ‘‘ਸਰਬ ਜੀਆ ਸਿਰਿ ਲੇਖੁ ਧੁਰਾਹੂ; ਬਿਨੁ ਲੇਖੈ, ਨਹੀ ਕੋਈ ਜੀਉ ’’ (ਮਹਲਾ /੫੯੮) ‘ਧੁਰਾਹੂ’ ਤੋਂ ਭਾਵ ‘ਧੁਰ ਤੋਂ, ਪੈਦਾਇਸ਼ ਤੋਂ’, ਇਸੇ ਨੂੰ ‘ਜਪੁ’ ਬਾਣੀ ਦੀ ਪਹਿਲੀ ਪਉੜੀ ’ਚ ‘ਲਿਖਿਆ ਨਾਲਿ’ ਕਿਹਾ ਹੈ।

ਗੁਰਬਾਣੀ ਦਾ ਉਕਤ ਫ਼ਲਸਫ਼ਾ; ‘ਸਚਖੰਡ’ ਵਾਲ਼ਾ ਅਨੁਭਵ ਹੈ, ਅਹਿਸਾਸ ਹੈ ਕਿਉਂਕਿ ਇੱਥੇ ਜਿਸ ਨੂੰ ਸਰਬ ਸ਼ਕਤੀਮਾਨ ਕਿਹਾ ਹੈ ‘‘ਜਿਸੁ ਹਥਿ ਜੋਰੁ, ਕਰਿ ਵੇਖੈ ਸੋਇ ਨਾਨਕ  ! ਉਤਮੁ ਨੀਚੁ ਕੋਇ ੩੩’’ ਉਸੇ ਦੇ ਹੁਕਮ ’ਚ ਚੱਲਦੇ ਸੰਸਾਰ ਬਾਰੇ 37ਵੀਂ ਪਉੜੀ ’ਚ ਕਿਹਾ ‘‘ਤਿਥੈ, ਲੋਅ ਲੋਅ ਆਕਾਰ ਜਿਵ ਜਿਵ ਹੁਕਮੁ; ਤਿਵੈ ਤਿਵ ਕਾਰ ..੩੭’’

ਸੋ ਜਿਸ ਸਚਿਆਰ ਬਣਨ ਅਤੇ ਕੂੜ ਦੀ ਪਾਲਿ ਢਾਹੁਣ ਬਾਬਤ ਸਵਾਲ ਸੀ ‘‘ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ ? ’’ ਤੇ ਓਥੇ ਜਵਾਬ ਸੀ ‘‘ਹੁਕਮਿ ਰਜਾਈ ਚਲਣਾ.. ’’ ਉਸੇ ਸਚਿਆਰੁ (ਹੁਕਮ ਦੇ ਮਾਲਕ ਤੇ ਹੁਕਮ) ਦੀ ਵਿਆਖਿਆ ਚੌਥੀ ਪਉੜੀ ’ਚ ਹੈ ‘‘ਨਾਨਕ  ! ਏਵੈ ਜਾਣੀਐ; ਸਭੁ ਆਪੇ ਸਚਿਆਰੁ ’’ ਯਾਨੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰੰਭ (ਭਾਵ ਜਪੁ ਜੀ ਦੀ ਪਹਿਲੀ ਪਉੜੀ) ’ਚ ਸੰਖੇਪ ਜਿਹੇ ਕਰਮਕਾਂਡ ਦੇ ਹਵਾਲੇ ਨਾਲ਼ ਜੀਵਨ ਦਾ ਰਹੱਸ ਇੱਕ ਸਵਾਲ-ਜਵਾਬ ਰਾਹੀਂ ਸਪਸ਼ਟ ਕੀਤਾ। ਉਸ ਦੀ ਵਿਆਖਿਆ ‘ਸਚਖੰਡਿ’ ਤੱਕ ਸੰਪਾਰਨ ਹੋਈ। ਇਹੀ ਪ੍ਰਾਚੀਨ ਧਰਮਾਂ ਨਾਲ਼ੋਂ ਗੁਰਮਤਿ ਦੀ ਵਿਲੱਖਣਤਾ ਹੈ।

(2). 5ਵੀਂ ਤੋਂ 15ਵੀਂ ਪਉੜੀਆਂ ’ਚ ਗੁਰੂ-ਸ਼ਖ਼ਸੀਅਤ ਨੂੰ ਮਾਨਵ ਜਾਤੀ ਵਿੱਚ ਸਰਬੋਤਮ ਮੰਨਿਆ ਹੈ।

(3). 15ਵੀਂ ਤੋਂ 33ਵੀਂ ਪਉੜੀਆਂ ’ਚ ਕੁਦਰਤ ਦੀ ਵਿਸ਼ਾਲਤਾ ਦੇ ਹਵਾਲੇ ਨਾਲ਼ ਨੂੰ ਭਿੰਨ ਭਿੰਨ ਨਾਂਵਾਂ ਨਾਲ਼ ਸੰਬੋਧਨ ਕਰ ਉਨ੍ਹਾਂ ਦੀ ਮਹਿਮਾ ਕੀਤੀ ਗਈ ਹੈ।

(4). 34ਵੀਂ ਤੋਂ 37ਵੀਂ ਪਉੜੀ ’ਚ ਗੁਰਮਤਿ ’ਚੇ ਅਮਲ ਵਾਲ਼ੇ ਸਿੱਖ-ਕਿਰਦਾਰ ਨੂੰ ਪੰਜ ਪੜਾਅ/ਸ਼੍ਰੇਣੀਆਂ ’ਚ ਵੰਡਿਆ ਹੈ।

ਉਕਤ ਵਿਸ਼ਾ-ਵੰਡ ਅਨੁਸਾਰ ਹੁਣ ਅਗਾਂਹ 33ਵੀਂ ਪਉੜੀ; ਇਸ ਨੰਬਰ 3 ਵਿਸ਼ਾ-ਵੰਡ ਦੇ ਅੰਤ ’ਚ ਹੋਣ ਕਾਰਨ ਸਚਖੰਡ ਨਾਲ਼ ਸਬੰਧਿਤ ਹੈ; ਜਿਵੇਂ ਕਿ

ਆਖਣਿ ਜੋਰੁ, ਚੁਪੈ ਨਹ ਜੋਰੁਜੋਰੁ ਮੰਗਣਿ, ਦੇਣਿ ਜੋਰੁ ਉਚਾਰਨ : ਜ਼ੋਰ।

ਪਦ ਅਰਥ : ਆਖਣਿ- ਕਹਿਣ ਵਿੱਚ, ਵੱਧ ਬੋਲਣ ’ਚ, ਬੜਬੋਲਾ ਹੋਣ ’ਚ (ਜਿਵੇਂ ਕਿ ਪਿਛਾਂਹ ਵਾਕ ਸੀ ‘‘ਜੇ ਕੋ ਆਖੈ ਬੋਲੁਵਿਗਾੜੁ ’’)। ਜੋਰੁ- ਤਾਕਤ, ਸਮਰੱਥਾ, ਪਾਇਆਂ (ਜਿਵੇਂ ਕਿ ਪਿਛਾਂਹ ਵਾਕ ਸੀ, ‘‘ਕੁਦਰਤਿ ਕਵਣ ਕਹਾ ਵੀਚਾਰੁ  ?’’)। ਚੁਪੈ- ਮੌਨ ਧਾਰਨ ’ਚ, ਘੱਟ ਬੋਲਣ ’ਚ (ਜਿਵੇਂ ਕਿ ਪਿਛਾਂਹ ਵਾਕ ਸਨ, ‘‘ਚੁਪੈ ਚੁਪ ਹੋਵਈ, ਅਸੰਖ ਮੋਨਿ; ਲਿਵ ਲਾਇ ਤਾਰ ’’)। ਮੰਗਣਿ- ਮੰਗਣ ਵਿੱਚ, ਬੋਲਣ ਵਿੱਚ (ਜਿਵੇਂ ਕਿ ਪਿਛਾਂਹ ਵਾਕ ਸੀ, ‘‘ਆਖਹਿ ਮੰਗਹਿ ਦੇਹਿ ਦੇਹਿ’’)। ਦੇਣਿ- ਦੇਣ ਵਿੱਚ (ਨੋਟ : ਇਸ ਪਉੜੀ ’ਚ ‘ਣਿ’ ਅੰਤ ਵਾਲ਼ੇ ਸਾਰੇ ਸ਼ਬਦ ਕਿਰਦੰਤ, ਨਾਂਵ ਹਨ, ਨਾ ਕਿ ਬਹੁ ਵਚਨ ਕਿਰਿਆ ‘ਕਹਨਿ, ਆਖਹਿ’)

ਅਰਥ : ਜਿਆਦਾ ਬੋਲਣ ’ਚ ਜਾਂ ਘੱਟ ਬੋਲਣ (ਮੌਨ ਧਾਰਨ) ’ਚ; ਮਨੁੱਖ ਦੀ ਆਪਣੀ ਕੋਈ ਸਮਰੱਥਾ ਨਹੀਂ। (ਮਾਲਕ ਦੇ ਦਰ ਤੋਂ) ਮੰਗਣ ’ਚ (ਜਾਂ ਪ੍ਰਾਪਤ ਹੁੰਦੀਆਂ ਵਸਤੂਆਂ ’ਚੋਂ ਕੁੱਝ ਹੋਰਾਂ ਨੂੰ) ਦੇਣ ’ਚ; ਮਨੁੱਖ ਦੀ ਕੋਈ ਪਾਇਆਂ ਨਹੀਂ ਭਾਵ ਕਰਤਾਰ ਦੇ ਹੁਕਮ ’ਚ ਹੀ ਸਾਰੇ ਬੜਬੋਲ ਹਨ, ਮੌਨਧਾਰੀ ਹਨ, ਮੰਗਣ ਵਾਲ਼ੇ ਹਨ ਤੇ ਹੋਰਾਂ ਨੂੰ ਦੇਣ ਵਾਲ਼ੇ ਹਨ। ਐਸਾ ਹੀ ਵਾਕ ਆਪ ਜੀ ਦਾ ਆਸਾ ਦੀ ਵਾਰ ’ਚ ਹੈ, ‘‘ਸਚੈ ਸਭਿ ਤਾਣਿ; ਸਚੈ ਸਭਿ ਜੋਰਿ .. ਜੋ ਮਰਿ ਜੰਮੇ; ਸੁ ਕਚੁ ਨਿਕਚੁ ’’ (ਮਹਲਾ /੪੬੩) ਭਾਵ ਸਾਰੇ ਬ੍ਰਹਿਮੰਡ ਸੱਚੇ (ਸਦੀਵੀ ਸਥਿਰ) ਦੇ ਜ਼ੋਰ ’ਚ ਹਨ, ਹੁਕਮ ’ਚ ਹਨ। ਜਿਹੜੇ ਜੰਮਦੇ ਮਰਦੇ ਹਨ ਉਹ ਸਥਿਰ ਨਹੀਂ, ਕੱਚੇ ਹਨ, ਕੂੜੀ-ਮਾਇਆ ਦੇ ਆਸ਼ਕ ਹਨ, ਨਾ ਕਿ ਸੱਚੇ ਦੇ।

ਵਿਚਾਰ : ਗੁਰਬਾਣੀ ਵਿਆਕਰਨ ਅਨੁਸਾਰ ਕਿਸੇ ਕਿਰਿਆ ਵਾਚੀ ਸ਼ਬਦ ਦੇ ਅੰਤ ’ਚ ‘ਨਿ’ ਜਾਂ ‘ਹਿ’ ਹੋਵੇ ਤਾਂ ਉਹ ਸ਼ਬਦ; ਬਹੁ ਵਚਨ ਹੁੰਦੇ ਹਨ; ਜਿਵੇਂ ਕਿ ‘‘ਗਾਵਨਿ ਜਤੀ ਸਤੀ ਸੰਤੋਖੀ; ਗਾਵਹਿ ਵੀਰ ਕਰਾਰੇ ॥’’ ਇੱਥੇ ‘ਗਾਵਨਿ/ਗਾਵਹਿ’ ਬਹੁ ਵਚਨ ਕਿਰਿਆਵਾਂ ਹਨ। ਦੋਹਾਂ ਦਾ ਅਰਥ ਹੈ ‘ਗਾਉਂਦੇ ਹਨ’, ਪਰ ਜੇ ਅੰਤ ’ਚ ‘ਨਿ’ ਦੀ ਥਾਂ ‘ਣਿ’ ਹੋਵੇ ਤਾਂ ਉਹ ਭਾਵਾਰਥ ਕਿਰਦੰਤ (ਨਾਂਵ) ਹਨ; ਜਿਵੇਂ ਕਿ ਇਸ ਪਉੜੀ ’ਚ ‘ਆਖਣਿ, ਮੰਗਣਿ, ਦੇਣਿ, ਜੀਵਣਿ, ਮਰਣਿ’। ਇਨ੍ਹਾਂ ਦੇ ਅਰਥ ਕਰਨ ਵੇਲ਼ੇ ਇੱਕ ਵਚਨ ਪੁਲਿੰਗ ਨਾਂਵ (ਪ੍ਰਸਾਦਿ, ਸਿਮਰਨਿ, ਮਨਿ) ਵਾਲ਼ੇ ਨਿਯਮ ਹੀ ਲਾਗੂ ਹੁੰਦੇ ਹਨ; ਜਿਵੇਂ ਕਿ ਸਬਦਿ-ਸ਼ਬਦ ਵਿੱਚ (ਨਾਂਵ), ਸਿਮਰਨਿ- ਸਿਮਰਨ ਨਾਲ਼ (ਨਾਂਵ), ਆਖਣਿ-ਆਖਣ ਨਾਲ਼ (ਭਾਵਾਰਥ ਕਿਰਦੰਤ), ਮੰਗਣਿ- ਮੰਗਣ ਵਿੱਚ (ਭਾਵਾਰਥ ਕਿਰਦੰਤ), ਦੇਣਿ- ਦੇਣ ਵਿੱਚ (ਭਾਵਾਰਥ ਕਿਰਦੰਤ)।

ਨਾਂਵ ਅਤੇ ਕਿਰਦੰਤ ’ਚ ਇਹੀ ਅੰਤਰ ਹੈ ਕਿ ਕਿਰਦੰਤ ’ਚ ਧਾਤੁ ਹੁੰਦਾ ਹੈ; ਜਿਵੇਂ ਕਿ ‘ਆਖਣਿ, ਮੰਗਣਿ, ਦੇਣਿ’ ’ਚ ਧਾਤੁ ਹਨ ‘ਆਖ, ਮੰਗ, ਦੇ’। ਇਨ੍ਹਾਂ ਧਾਤੂਆਂ ਤੋਂ ਕਾਲ ਨਾਲ਼ ਸਬੰਧਿਤ ਬਣੇ ਸ਼ਬਦ ‘ਕਿਰਿਆ’ ਹੁੰਦੇ ਹਨ; ਜਿਵੇਂ ਗਾਉਂਦਾ ਸੀ, ਗਾਉਂਦਾ ਹੈ, ਗਾਵੇਗਾ’।

ਜੋਰੁ ਜੀਵਣਿ; ਮਰਣਿ ਨਹ ਜੋਰੁਜੋਰੁ ਰਾਜਿ ਮਾਲਿ; ਮਨਿ ਸੋਰੁਉਚਾਰਨ : ਜ਼ੋਰ, ਸ਼ੋਰ।

ਪਦ ਅਰਥ : ਜੀਵਣਿ- (ਲੰਬਾ) ਜੀਵਨ ਵਿੱਚ (ਜਿਵੇਂ ਕਿ ਪਿਛਾਂਹ ਵਾਕ ਸੀ ‘‘ਜੇ ਜੁਗ ਚਾਰੇ ਆਰਜਾ..’’)। ਮਰਣਿ- (ਜਲਦੀ) ਮਰਨ ’ਚ, ਆਤਮ ਹੱਤਿਆ ਕਰਨ ’ਚ। ਰਾਜਿ ਮਾਲਿ- ਰਾਜ ਸੱਤਾ ਅਤੇ ਧਨ-ਪਦਾਰਥ (ਜੋੜਨ) ’ਚ। ਮਨਿ- ਮਨ ’ਚ। ਸੋਰ- ਸ਼ੋਰ-ਸ਼ਰਾਬਾ, ਅਹੰਕਾਰ।

ਅਰਥ : ਲੰਬੀ ਉਮਰ ਕਰਨ ’ਚ ਜਾਂ ਜਲਦੀ ਮਰਨ ’ਚ (ਮਨੁੱਖ ਕੋਲ਼) ਕੋਈ ਸਮਰੱਥਾ ਨਹੀਂ। ਲੰਬਾ ਰਾਜ ਭੋਗਣ ’ਚ ਅਤੇ ਬਹੁਤਾ ਧਨ-ਪਦਾਰਥ ਜੋੜਨ ’ਚ ਮਨੁੱਖ ਦੀ ਆਪਣੀ ਪਾਇਆਂ ਨਹੀਂ (ਜਿਨ੍ਹਾਂ ਰਾਹੀਂ) ਮਨ ’ਚ ਅਹੰਕਾਰ ਉਪਜਦਾ ਹੈ।

ਵਿਚਾਰ : 13ਵੀਂ ਪਉੜੀ ‘‘ਮੰਨੈ; ਸੁਰਤਿ ਹੋਵੈ, ਮਨਿ ਬੁਧਿ’’ ਵਿੱਚ ਉੱਚੀ ਸੁਰਤ ਤੇ ਸੁਚੇਤ ਮਨ ਹੋਣ ਦਾ ਜ਼ਿਕਰ ਸੀ, ਜੋ ਮਾਇਆ ਤੋਂ ਨਿਰਮੋਹ ਹੋਣ ਦੀ ਨਿਸ਼ਾਨੀ ਹੈ, ਇਸ ਨਾਲ਼ ਸੰਸਾਰਕ ਬੰਧਨ ਟੁੱਟਦੇ ਹਨ। ਇਸ ਦਾ ਹੀ ਅਗਾਂਹ ਜ਼ਿਕਰ ਹੈ :

ਜੋਰੁ ਸੁਰਤੀ, ਗਿਆਨਿ ਵੀਚਾਰਿਜੋਰੁ ਜੁਗਤੀ, ਛੁਟੈ ਸੰਸਾਰੁ ਉਚਾਰਨ : ਜ਼ੋਰ।

ਪਦ ਅਰਥ : ਸੁਰਤੀ- ਉੱਚੀ ਸੁਰਤ ਕਰਨ ’ਚ, ਧਿਆਨ ਟਿਕਾਉਣ ’ਚ (ਜਿਵੇਂ ਕਿ ਪਿਛਾਂਹ ਵਾਕ ਸੀ ‘‘ਮੰਨੈ; ਸੁਰਤਿ ਹੋਵੈ, ਮਨਿ ਬੁਧਿ’’)। ਗਿਆਨਿ- ਗੁਰੂ ਗਿਆਨ ਰਾਹੀਂ। ਵਿਚਾਰਿ- ਵਿਚਾਰ-ਵਿਚਾਰ ਕੇ, ਵਿਚਾਰ ਕਰ ਕਰ ਕੇ, ਸਵੈ ਪੜਚੋਲ ਕਰਕੇ। ਜੁਗਤੀ- ਸੁਚੱਜੀ ਮਰਿਆਦਾ (ਧਾਰਨ ਕਰਨ) ’ਚ, ਚੰਗੀ ਰਹਿਣੀ (ਬਣਾਉਣ) ’ਚ (ਜਿਵੇਂ ਕਿ ਪਿਛਾਂਹ ਵਾਕ ਸੀ, ‘‘ਸੁਣਿਐ; ਜੋਗ ਜੁਗਤਿ ਤਨਿ ਭੇਦ ’’)। ਸੰਸਾਰੁ- ਸੰਸਾਰਕ ਬੰਧਨ, ਮਾਇਆ ਮੋਹ।

ਅਰਥ : ਗੁਰੂ ਗਿਆਨ ਰਾਹੀਂ ਸਵੈ ਪੜਚੋਲ ਕਰਕੇ ਉੱਚੀ ਸੁਰਤ ਕਰਨ ’ਚ ਤੇ ਚੰਗੀ ਰਹਿਣੀ (ਧਾਰਨ) ’ਚ ਮਨੁੱਖ ਦਾ ਆਪਣਾ ਕੋਈ ਬਲ ਨਹੀਂ ਹੁੰਦਾ (ਜਿਨ੍ਹਾਂ ਗੁਣਾਂ ਕਾਰਨ) ਸੰਸਾਰਕ ਬੰਧਨ ਟੁੱਟਦਾ ਹੈ।

ਜਿਸੁ ਹਥਿ ਜੋਰੁ, ਕਰਿ ਵੇਖੈ ਸੋਇਨਾਨਕ  ! ਉਤਮੁ ਨੀਚੁ ਕੋਇ ੩੩ਉਚਾਰਨ : ਜ਼ੋਰ।

ਪਦ ਅਰਥ : ਜਿਸੁ ਹਥਿ- ਜਿਸ (ਦਾਤਾਰ-ਪਿਤਾ) ਦੇ ਹੱਥ ਵਿੱਚ, ਅਧਿਕਾਰ ਵਿੱਚ। ਜੋਰੁ- ਤਾਕਤ, ਸਮਰੱਥਾ। ਕਰਿ- (ਪੈਦਾ) ਕਰ ਕਰ ਕੇ। ਸੋਇ- ਓਹੀ। ਨਾਨਕ- ਹੇ ਨਾਨਕ ! ਉਤਮੁ ਨੀਚੁ- ਚੰਗਾ- ਮਾੜਾ, ਗੁਣਕਾਰੀ-ਨਿਰਗੁਣ, ਗੁਣਾਂ ਵਾਲ਼ਾ-ਗੁਣਹੀਣ। ਕੋਇ- ਕੋਈ ਭੀ।

ਅਰਥ : ਜਿਸ (ਦਾਤਾਰ) ਦੇ ਅਧਿਕਾਰ ’ਚ (ਗੁਰਮੁਖ/ਮਨਮੁਖ, ਸੰਜੋਗੁ/ਵਿਜੋਗੁ ਬਣਾਨ ਦੀ) ਸਮਰੱਥਾ ਹੈ, ਉਹੀ (ਜਗਤ ਖੇਡ) ਰਚ ਕੇ (ਇਸ ਨੂੰ) ਵਾਚਦਾ ਹੈ, ਸੰਭਾਲ਼ਦਾ ਹੈ। ਹੇ ਨਾਨਕ  ! (ਆਖ ਕਿ ਆਪਣੇ ਆਪ) ਕੋਈ ਭੀ ਚੰਗਾ ਜਾਂ ਮਾੜਾ ਨਹੀਂ ਬਣ ਸਕਦਾ।

ਨੋਟ- ਇਸ ਤੋਂ ਅਗਾਂਹ ਫਾਇਲ ਅਜੇ ਅਪਡੇਟ ਨਹੀਂ ਕੀਤੀ ਹੈ, ਜੀ।

http://gurparsad.com/jap-pori-no-1-to-3-part-1/

http://gurparsad.com/jap-pori-no-4-to-15-part-2/

http://gurparsad.com/jap-pori-no-16-to-24-part-3/

http://gurparsad.com/jap-pori-no-34-to-last-slok-and-method-of-use-to-nanak-shabad-part-5/