ਜਪੁ ਪਉੜੀ 1 ਤੋਂ 3
ਗੁਰਬਾਣੀ ਦੇ ਸੰਦਰਭ ’ਚ ਦੋ ਸ਼ਬਦ
ਗੁਰਬਾਣੀ; ਸਿੱਖ ਦੇ ਜੀਵਨ ਨੂੰ ਇੱਕ ਨਵਾਂ ਰੂਪ ਦੇ ਕੇ ਵਿਕਸਿਤ ਕਰਦੀ ਹੈ। ਜੀਵਨ ਅੰਦਰ ਰੂਹਾਨੀਅਤ ਬਲ ਵਜੋਂ ਸਥਿਰਤਾ, ਸਹਿਜਤਾ ਤੇ ਆਸ਼ਾਵਾਦੀ ਵਿਚਾਰ ਸਿਰਜਦੀ ਹੈ। ਅੰਧ ਵਿਸ਼ਵਾਸ ਜਾਂ ਅਰਥਹੀਣ ਦੌੜ-ਭੱਜ ਵਿੱਚ ਬਰਬਾਦ ਹੁੰਦੀ ਊਰਜਾ ਨੂੰ ਬਚਾਉਂਦੀ ਹੈ। ਗੁਰਬਾਣੀ ਨੂੰ ਪੜ੍ਹ ਕੇ, ਸਮਝ ਕੇ ਅਤੇ ਅਮਲ ’ਚ ਲਿਆ ਕੇ ਸਿੱਖ ਆਪਣੀ ਹਰ ਜ਼ਿੰਮੇਵਾਰੀ; ਜਿਵੇਂ ਕਿ ਪਰਵਾਰਿਕ, ਸਮਾਜਿਕ ਅਤੇ ਕੌਮੀ ਫ਼ਰਜ਼ਾਂ ਲਈ ਤਤਪਰ ਰਹਿੰਦਾ ਹੋਇਆ ਲੋਕ-ਪ੍ਰਲੋਕ ਵਿੱਚ ਸੁਰਖ਼ਰੂ ਹੁੰਦਾ ਹੈ।
ਸਮੁੱਚੇ ਗੁਰਬਾਣੀ ਉਪਦੇਸ਼ ਨੂੰ ਤਿੰਨ ਸ਼੍ਰੇਣੀਆਂ ’ਚ ਵੰਡ ਕੇ ਵਾਚਣਾ; ਸਮਝਣ ਲਈ ਆਸਾਨ ਰਿਹਾ ਹੈ :
(1). ਨਿਰਾਕਾਰ-ਰੱਬ ਬਾਰੇ ਸਤਿਗੁਰੂ ਜੀ ਦਾ ਅਨੁਭਵੀ ਗਿਆਨ। ਇਸ ਉੱਤੇ ਸਿੱਖ ਦਾ ਵਿਸ਼ਵਾਸ ਕਾਇਮ ਰਹੇ, ਇਸ ਲਈ ਅਰਦਾਸ ਰਾਹੀਂ ਨਿੱਤ ਭਰੋਸਾ-ਦਾਨ ਮੰਗਿਆ ਜਾਂਦਾ ਹੈ ਕਿਉਂਕਿ ਇਹ ਪੰਜ ਗਿਆਨ ਇੰਦ੍ਰਿਆਂ (ਅੱਖ, ਨੱਕ, ਕੰਨ, ਜੀਭ ਤੇ ਤ੍ਵਚਾ) ਦੀ ਪਕੜ ਦਾ ਵਿਸ਼ਾ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਇੱਕੋ ਇੱਕ ਧਾਰਮਿਕ ਗ੍ਰੰਥ ਹਨ, ਜਿਨ੍ਹਾਂ ਅੰਦਰ ‘ਅਗੰਮ, ਅਗੋਚਰ’ ਸ਼ਬਦ; ਤਕਰੀਬਨ 442 ਵਾਰ ਵਰਤੇ ਗਏ ਹਨ। ਇਨ੍ਹਾਂ ਦਾ ਅਰਥ ਹੈ ‘ਪੰਜ ਗਿਆਨ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ’। ਸਿੱਖ ਦਾ ਨਿਤਨੇਮ; ਇਸੇ ਸ਼੍ਰੇਣੀ ਵਿੱਚ ਆਉਂਦਾ ਹੈ, ਜਿਸ ਉਪਰੰਤ ਨਿੱਤ ਅਰਦਾਸ ਕਰੀਦੀ ਹੈ ਤਾਂ ਜੋ ਇਸ ਇਲਾਹੀ ਬਾਣੀ ’ਤੇ ਭਰੋਸਾ ਬਣਦਾ ਰਹੇ।
(2). ਕੁਦਰਤ ਅਤੇ ਜ਼ਿੰਦਗੀ ਦਾ ਤੱਥਾਂ ਆਧਾਰਿਤ ਵਿਸ਼ਲੇਸ਼ਣ। ਗੁਰਬਾਣੀ ਦੀ ਇਹ ਸ਼੍ਰੇਣੀ ਨਿਰੋਲ ਗਿਆਨ ਇੰਦ੍ਰਿਆਂ ਨਾਲ਼ ਸੰਬੰਧਿਤ ਵਿਗਿਆਨਿਕ ਪੱਖ ਹੈ। ਇਸ ਲਈ ਕਈ ਸਿੱਖ ਉਕਤ ‘ਭਾਗ 1’ ਤੋਂ ਮੁਨਕਰ ਹੋ ਕੇ ਜਾਂ ਭਰੋਸੇ ਦੀ ਘਾਟ ਕਾਰਨ ਇਸ ਪੱਖ ਨੂੰ ਇਉਂ ਬਿਆਨ ਕਰਦੇ ਹਨ ਜਿਵੇਂ ਕਿ ਇਹੀ ਗੁਰਬਾਣੀ ਦਾ ਆਧਾਰ ਹੋਵੇ ਜਦਕਿ ਗੁਰਬਾਣੀ ਵਿਖੇ ਇਹ ਸ਼੍ਰੇਣੀ; ‘ਭਾਗ 1’ ਨੂੰ ਸਪਸ਼ਟ ਕਰਨ ਲਈ ਮਿਸਾਲ ਵਜੋਂ ਵਧੇਰੇ ਵਰਤੀ ਗਈ ਹੈ।
(3). ਪ੍ਰਚਲਿਤ ਰੂੜ੍ਹਵਾਦੀ ਵਿਚਾਰਧਾਰਾ ਦੁਆਰਾ ਸਦੀਆਂ ਤੋਂ ਕੀਤੀ ਗਈ ਧਰਮ ਦੀ ਗ਼ਲਤ ਵਿਆਖਿਆ, ਨੂੰ ਅਰਥਹੀਣ/ਕਰਮਕਾਂਡ ਸਾਬਤ ਕਰਨਾ।
ਜੋ ਸਿੱਖ; ਉਕਤ ‘ਭਾਗ 2’ ਯਾਨੀ ਕਿ ਵਿਗਿਆਨਿਕ ਤੱਥਾਂ ਰਾਹੀਂ ‘ਭਾਗ 3’ (ਕਰਮਕਾਂਡਾਂ) ਨੂੰ ਰੱਦ ਕਰਨ ਤੱਕ ਹੀ ਸੰਘਰਸ਼ ਕਰਦੇ ਰਹਿੰਦੇ ਹਨ, ਕਦੇ ਆਪਣੀ ਸੁਰਤਿ ਨੂੰ ‘ਭਾਗ 1’ (ਗੁਰੂ ਦੇ ਅਨੁਭਵੀ ਗਿਆਨ) ਵੱਲ ਲੈ ਜਾਣ ਦਾ ਯਤਨ ਨਹੀਂ ਕਰਦੇ, ਉਹ ਸਮਾਜਿਕ ਨਫ਼ਰਤ (ਵਖਰੇਵਿਆਂ) ’ਚੋਂ ਕਦੇ ਵੀ ਮੁਕਤ ਨਹੀਂ ਹੁੰਦੇ। ਸਿੱਖ ਕੌਮ ’ਚ ਵਧਦੇ ਧੜਿਆਂ ਦਾ ਇਹੀ ਅਸਲ ਕਾਰਨ ਹੈ। ਸੋ ਗੁਰਬਾਣੀ ਨੂੰ ਪੜ੍ਹਦਿਆਂ ਸਿੱਖਾਂ ਅੰਦਰ ਹੇਠਲੀ ਭਾਵਨਾ ਪੈਦਾ ਹੋਣੀ ਬੜੀ ਜ਼ਰੂਰੀ ਹੈ :
(ੳ). ਸਤਿਗੁਰੂ ਜੀ ਦੁਆਰਾ ਕੀਤੀ ਗਈ ਨਿਰਾਕਾਰ-ਰੱਬ ਦੀ ਵਿਆਖਿਆ ’ਤੇ ਪੂਰਨ ਭਰੋਸਾ ਕਰਨਾ; ਉਸ ਦੀ ਮਿਹਰ ਤੋਂ ਬਿਨਾਂ ਅਸੰਭਵ ਹੈ। ਇਸੇ ਲਈ ‘ਜਪੁ’ ਬਾਣੀ ਅੰਦਰ ‘ਸਚਖੰਡਿ’ ਦਾ ਦਰਵਾਜ਼ਾ; ‘ਕਰਮਖੰਡ’ ਯਾਨੀ ਕਿ ‘ਰੱਬ ਦੀ ਮਿਹਰ ਭਰਪੂਰ ਅਵਸਥਾ’ ਨੂੰ ਕਿਹਾ ਗਿਆ।
(ਅ). ਸਤਿਗੁਰ ਜੀ ਦੇ ਅਨੁਭਵੀ ਗਿਆਨ ਨੂੰ ਪੰਜ ਗਿਆਨ ਇੰਦ੍ਰਿਆਂ ਨਾਲ਼ ਵਾਚਣ ਕਰਕੇ ਸਿੱਖ ਅੰਦਰ ਨਾਸਮਝੀ (ਹਨ੍ਹੇਰਾ), ਦੁਬਿਧਾ, ਭਰਮ, ਭੁਲੇਖਾ ਆਦਿ ਕਾਇਮ ਰਹਿੰਦਾ ਹੈ। ਨਿਰਾਕਾਰ ਦੀ ਪ੍ਰਾਪਤੀ ਲਈ ਇਹੀ ਸਭ ਤੋਂ ਵੱਡੀ ਰੁਕਾਵਟ ਹੈ, ਇਸ ਲਈ ਗੁਰਬਾਣੀ ਅੰਦਰ ਇਸ ਰੋਗ ਪ੍ਰਥਾਇ ਸਭ ਤੋਂ ਵੱਧ ਸ਼ਬਦ ਦਰਜ ਕੀਤੇ ਹਨ। ਇੱਥੋਂ ਤੱਕ ਕਿ ਗੁਰੂ ਸਾਹਿਬਾਨ ਨੇ ਇਸ ਰੋਗ ਲਈ ਆਪਣੇ ਨਵੇਂ ਸ਼ਬਦ ‘ਦੂਜੈ ਭਾਇ’ ਵੀ 151 ਵਾਰ ਦਰਜ ਕੀਤੇ ਹਨ, ਜਿਨ੍ਹਾਂ ਦਾ ਅਰਥ ਹੈ ‘(ਰੱਬ ਤੋਂ ਬਿਨਾਂ ਕਿਸੇ) ਹੋਰ ਨਾਲ਼ ਪਿਆਰ ਕੀਤਿਆਂ’ ਯਾਨੀ ਕਿ ਰੱਬ ਤੋਂ ਬਿਨਾਂ ਕਿਸੇ ਹੋਰ ਨੂੰ ਮਹੱਤਵ ਦੇਣ ਨਾਲ਼ ਭਰਮ ਦੂਰ ਨਹੀਂ ਹੁੰਦਾ, ਹਨ੍ਹੇਰਾ ਮਿਟਦਾ ਨਹੀਂ। ਭਾਈ ਗੁਰਦਾਸ ਜੀ ਦੇ ਸ਼ਬਦਾਂ ’ਚ ਇਸ ਨੂੰ ਹਟਾਉਣ ਲਈ ਹੀ ਗੁਰੂ ਨਾਨਕ ਸਾਹਿਬ ਜੀ ਨੇ ਜਨਮ ਧਾਰਿਆ ਹੈ ‘‘ਸਤਿਗੁਰ ਨਾਨਕ ਪ੍ਰਗਟਿਆ; ਮਿਟੀ ਧੁੰਧੁ, ਜਗਿ (’ਚ) ਚਾਨਣੁ ਹੋਆ।’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੭)
ਇੱਕ ਤੀਖਣ ਬੁੱਧੀ ਅਤੇ ਮੋਟੇ (ਹਨ੍ਹੇਰੇ) ਦਿਮਾਗ਼ ਦੀ ਪਛਾਣ ਹੈ ਕਿ ਤੀਖਣ ਬੁੱਧੀ; ਥੋੜ੍ਹੇ ਸ਼ਬਦਾਂ ’ਚ ਬਹੁਤ ਕੁੱਝ ਕਹਿ ਦਿੰਦੀ ਹੈ ਜਦਕਿ ਮੋਟਾ ਦਿਮਾਗ਼; ਬਹੁਤੇ ਸ਼ਬਦਾਂ ’ਚ ਵੀ ਸਧਾਰਨ ਜਿਹੀ ਗੱਲ ਸਪਸ਼ਟ ਨਹੀਂ ਕਰ ਸਕਦਾ। ਤੀਖਣ ਬੁੱਧੀ ਦਾ ਹੀ ਕਮਾਲ ਹੈ ਕਿ ਗੁਰਬਾਣੀ ਵਿਖੇ ਸੀਮਤ ਸ਼ਬਦਾਂ ’ਚ ਗੁਰਮਤਿ ਸਿਧਾਂਤ ਨੂੰ ਬਾਕਮਾਲ ਸਰਲ ਅਤੇ ਸਪਸ਼ਟ ਕੀਤਾ ਹੋਇਆ, ਵੇਖੀਦਾ ਹੈ; ਜਿਵੇਂ ਕਿ
(1). ਸੰਖੇਪ ਜਿਹੇ ਸ਼ਬਦ ਹਨ ‘‘ਭੁਲਣ ਅੰਦਰਿ ਸਭੁ ਕੋ; ਅਭੁਲੁ ਗੁਰੂ ਕਰਤਾਰੁ ॥ (ਮਹਲਾ ੧/੬੧), ਸੁਚਿ ਹੋਵੈ ਤਾ; ਸਚੁ ਪਾਈਐ ॥ (ਮਹਲਾ ੧/੪੭੨), ਘਾਲਿ ਖਾਇ; ਕਿਛੁ ਹਥਹੁ ਦੇਇ ॥’’ (ਮਹਲਾ ੧/੧੨੪੫) ਇਨ੍ਹਾਂ 17 ਕੁ ਸ਼ਬਦਾਂ ’ਚ ਉਪਦੇਸ਼ ਕੀਤੇ ਗਏ ਹਨ (1/2). ਗੁਰੂ ਤੇ ਰੱਬ ਅਭੁੱਲ ਹਨ (3). ਬਾਕੀ ਹਰ ਕੋਈ ਭੁੱਲਣਹਾਰ ਹੈ (4). ਮਨ ਸ਼ੁੱਧ ਤਾਂ ਹੋਏਗਾ (5) ਜੇ ਰੱਬ ਮਿਲ ਜਾਏੇ (6). ਕਿਰਤ ਕਰਨੀ (7). ਵੰਡ ਛਕਣਾ ਆਦਿ। ਇਸੇ ਤਰ੍ਹਾਂ ਪੂਰੇ ‘ਜਪੁ’ ਜੀ ਸਾਹਿਬ ’ਚ ਮਾਤਰ 2148 ਸ਼ਬਦ ਹਨ, ਜਿਨ੍ਹਾਂ ਰਾਹੀਂ ‘ਰੱਬ ਦੀ ਹੋਂਦ, ਕੁਦਰਤ ਦੀ ਵਿਸ਼ਾਲਤਾ, ਸਤਿਗੁਰੂ ਦੀ ਅਹਿਮੀਅਤ ਅਤੇ ਸ਼ਬਦ ਦੀ ਕਮਾਈ ਕਰਨ ਵਾਲ਼ਿਆਂ ਅੰਦਰ ਉਪਜਦੇ ਪੰਜ ਰੂਹਾਨੀਅਤ ਪੜਾਅ ਆਦਿ ਨੂੰ ਬੜਾ ਸਰਲ ਅਤੇ ਸਪਸ਼ਟ ਕਰਕੇ ਸਮਝਾਇਆ ਗਿਆ ਹੈ, ਜੋ ਕਿ ਤੀਖਣ ਬੁੱਧੀ ਕਰਨ ਲਈ ਬੜੇ ਅਹਿਮ ਵਿਸ਼ੇ ਹਨ। ਗੁਰਬਾਣੀ ਦੀ ਇਸੇ ਸੰਖੇਪਤਾ ਨੂੰ ਵਿਦਵਾਨ ਟੀਕਾਕਾਰਾਂ ਨੇ ਖੋਲ੍ਹਣ ਦਾ ਬੜਾ ਯਤਨ ਕੀਤਾ, ਬੜਾ ਯਤਨ ਹੋ ਰਿਹਾ ਹੈ, ਜੋ ਅਗਾਂਹ ਵੀ ਹੁੰਦਾ ਰਹੇਗਾ। ‘ਜਪੁ’ ਬਾਣੀ ਦੇ ਇਨ੍ਹਾਂ 2148 ਸ਼ਬਦਾਂ ਨੂੰ ਸਮਝਣ/ਸਮਝਾਉਣ ਲਈ ਕਈ ਕਿਤਾਬਾਂ ਅਤੇ ਕਈ ਲੇਖ ਲਿਖੇ ਗਏ ਹਨ ਅਤੇ ਲਿਖੇ ਜਾ ਰਹੇ ਹਨ।
(2). ਸਰਲਤਾ ਤੋਂ ਭਾਵ ਹੈ ਕਿ ਭਿੰਨ-ਭਿੰਨ ਇਲਾਕਿਆਂ ਦੇ 35 ਮਹਾਂ ਪੁਰਸ਼ਾਂ ਦੇ ਅੰਮ੍ਰਿਤਮਈ ਬਚਨ, ਜੋ ਵੱਖ-ਵੱਖ ਕਿੱਤਿਆਂ ਦੀਆਂ ਉਦਾਹਰਨਾਂ ਸਮੇਤ ਕਈ ਭਾਸ਼ਾਵਾਂ ਵਿੱਚ ਪ੍ਰੋਏ ਗਏ, ਉਹ ਸਭ ਇੱਕੋ ‘ਗੁਰੂ ਗ੍ਰੰਥ ਸਾਹਿਬ’ ’ਚ ਦਰਜ ਹਨ ਤਾਂ ਜੋ ਗ਼ੈਰ ਪੰਜਾਬੀ ਤੇ ਗ਼ੈਰ ਭਾਰਤੀ ਭੀ ਲਾਹਾ ਲੈ ਸਕਣ। ਫ਼ਾਰਸੀ-ਅਰਬੀ ਭਾਸ਼ਾ ਤੋਂ ਜਾਣੂ ਇਸਲਾਮਿਕ ਮੌਲਵੀਆਂ ਲਈ ਗੁਰਬਾਣੀ ਦੇ ਲਫ਼ਜ਼ ਹਨ ‘‘ਜਨ ਪਿਸਰ ਪਦਰ ਬਿਰਾਦਰਾਂ; ਕਸ ਨੇਸ ਦਸਤੰਗੀਰ ॥ (ਮਹਲਾ ੧/੭੨੧), ਭਿਸਤੁ; ਪੀਰ ਲਫਜ, ਕਮਾਇ ਅੰਦਾਜਾ ॥’’ (ਮਹਲਾ ੫/੧੦੮੩) ਅਤੇ ਦੇਵ ਭਾਸ਼ਾ (ਸੰਸਕ੍ਰਿਤ) ਦੇ ਵਿਦਵਾਨ ਪੰਡਿਤਾਂ ਲਈ ਗੁਰਬਾਣੀ ਦੇ ਸ਼ਬਦ ਹਨ ‘‘ਨਿਹਫਲੰ ਤਸੵ ਜਨਮਸੵ; ਜਾਵਦ ਬ੍ਰਹਮ ਨ ਬਿੰਦਤੇ ॥ (ਮਹਲਾ ੧/੧੩੫੩), ਮ੍ਰਿਗੀ ਪੇਖੰਤ ਬਧਿਕ; ਪ੍ਰਹਾਰੇਣ, ਲਖੵ ਆਵਧਹ ॥ ਅਹੋ ਜਸੵ ਰਖੇਣ ਗੋਪਾਲਹ; ਨਾਨਕ! ਰੋਮ ਨ ਛੇਦੵਤੇ ॥’’ (ਸਲੋਕ ਸਹਸਿਤੀ/ਮਹਲਾ ੫/੧੩੫੪) ਆਦਿ; ਇਉਂ ਗੁਰਬਾਣੀ ਕੇਵਲ ਇੱਕ ਕੌਮ ਤੱਕ ਦਾ ਪਾਵਨ ਗ੍ਰੰਥ ਨਾ ਰਿਹਾ ਬਲਕਿ ਸਮੁੱਚੀ ਮਾਨਵਤਾ ਨੂੰ ਸਹਿਜੇ ਹੀ ਗੁਰਮਤਿ ਅਸੂਲਾਂ ਤੋਂ ਜਾਣੂ ਕਰਾ ਦਿੰਦੀ ਹੈ।
(3). ਸਪਸ਼ਟਤਾ ਤੋਂ ਭਾਵ ਹੈ ਕਿ ਗੁਰਬਾਣੀ; ਆਪਣੇ ਗਹਿਰੇ ਰਾਜ਼ ਨੂੰ ਸ਼ਬਦ ਦੀ ਇੱਕੋ ਤੁਕ ’ਚ ਦੁਹਰਾਅ ਦਿੰਦੀ ਹੈ; ਜਿਵੇਂ ਕਿ ‘ਜਪੁ’ ਬਾਣੀ ਦੀ ਪਹਿਲੀ ਅਤੇ ਦੂਜੀ ਪਉੜੀ ਦੀ ਸਮਾਪਤੀ ’ਚ ਦੂਹਰਾ ਭਾਵ ਇਉਂ ਪ੍ਰਗਟ ਕੀਤਾ ਹੈ ‘‘ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ ?..॥੧॥ (ਜਪੁ), ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ..॥੨॥’’ (ਜਪੁ) ਇਨ੍ਹਾਂ ਦੋਵੇਂ ਤੁਕਾਂ ’ਚ ਇੱਕੋ ਉਪਦੇਸ਼ ਦੋ ਦੋ ਵਾਰ ਕੀਤਾ ਗਿਆ ਹੈ। ਸਚਿਆਰ ਹੋਣਾ ਜਾਂ ਕੂੜ ਦੀ ਪਾਲ ਖ਼ਤਮ ਹੋਣੀ ਵੱਖ-ਵੱਖ ਵਿਸ਼ੇ ਨਹੀਂ ਹਨ। ਇਸੇ ਤਰ੍ਹਾਂ ਕਰਤਾਰ ਦੇ ਹੁਕਮ ’ਚ ਸਭ ਕੁੱਝ ਵਾਪਰਨਾ ਜਾਂ ਹੁਕਮ ਤੋਂ ਆਕੀ ਕੋਈ ਨਾ ਹੋਣਾ; ਵੱਖਰੇ ਵੱਖਰੇ ਨਿਯਮ ਨਹੀਂ ਹਨ।
ਗੁਰਬਾਣੀ ਅੰਦਰ ਚੁੰਬਕੀ ਖਿਚਾਅ ਵੀ ਹੈ, ਜੋ ਸਿੱਖ ਦੇ ਅਨੁਭਵ ਨੂੰ ਉੱਚਾ ਉੱਠਾ ਗਹਿਰੀ ਰਮਜ਼ ਪਕੜਾਅ ਦਿੰਦਾ ਹੈ ਤਾਂ ਜੋ ਸ਼ਰਧਾਵਾਨ ਅੰਦਰ ਨਿਰੰਤਰ ਭਰੋਸਾ ਬਣਿਆ ਰਹੇ। ਮਿਸਾਲ ਵਜੋਂ ‘ਜਪੁ’ ਬਾਣੀ ਅਤੇ ਇੱਕ ਕੋਈ ਹੋਰ ਦੁਨਿਆਵੀ ਕਵਿਤਾ ਨੂੰ ਆਪਣੀ ਸੂਝ ਨਾਲ਼ (ਯਾਨੀ ਕਿ ਬਿਨਾਂ ਕਿਸੇ ਵਿਆਖਿਆਕਾਰ ਜਾਂ ਕੋਸ਼ ਦੀ ਮਦਦ ਤੋਂ) ਸਮਝ ਕੇ ਉਸ ਦੇ ਅਰਥ ਲਿਖ ਲੈਣੇ ਚਾਹੀਦੇ ਹਨ। ਕੁੱਝ ਕੁ ਮਹੀਨਿਆਂ ਬਾਅਦ ਉਨ੍ਹਾਂ ਨੂੰ ਮੁੜ ਵਾਚਣ ਨਾਲ਼ ਪਹਿਲਾਂ ਕੀਤੇ ਗਏ ਦੋਵੇਂ ਅਰਥਾਂ ’ਚੋਂ ਗੁਰਬਾਣੀ ਵਾਲ਼ੇ ਅਰਥ; ਖ਼ੁਦ ਨੂੰ ਹੀ ਬਹੁਤ ਹੇਠਲੇ ਪੱਧਰ ਦੇ ਜਾਪਦੇ ਹਨ ਭਾਵੇਂ ਕਿ ਇਸ ਦੌਰਾਨ ਕਿਸੇ ਹੋਰ ਗੁਰਸਿੱਖ ਪਾਸੋਂ ‘ਜਪੁ’ ਬਾਣੀ ਦੇ ਅਰਥ ਨਾ ਵੀ ਸਮਝੇ ਹੋਣ।
ਸਮੁੱਚੀ ਗੁਰਬਾਣੀ ਦੇ ਕੁੱਲ 5870 ਸ਼ਬਦ ਹਨ। ਇਨ੍ਹਾਂ ਵਿੱਚੋਂ 2632 ਸ਼ਬਦਾਂ ਵਿੱਚ ‘ਰਹਾਉ’ ਇੱਕ ਵਾਰ ਹੈ ਅਤੇ 25 ਸ਼ਬਦਾਂ ’ਚ ‘ਰਹਾਉ’ ਤੇ ‘ਰਹਾਉ ਦੂਜਾ’ ਦੋ ਦੋ ਤੁਕਾਂ ਹਨ, ਜੋ ਬਾਕੀ ਪੂਰੇ ਸ਼ਬਦ ਦਾ ਕੇਂਦਰੀ ਭਾਵ ਹੁੰਦੀਆਂ ਹਨ। ਇਸੇ ਤਰ੍ਹਾਂ ਪਹਿਲੇ ਸਤਿਗੁਰੂ (ਗੁਰੂ ਨਾਨਕ ਸਾਹਿਬ) ਜੀ ਦੁਆਰਾ ਉਚਾਰਨ ਕੀਤੀ ‘ਜਪੁ’ ਬਾਣੀ; ਸਮੁੱਚੀ ਗੁਰਬਾਣੀ ਦਾ ਕੇਂਦਰੀ ਭਾਵ (ਤਤਸਾਰ) ਹੈ ਤਾਹੀਓਂ ਇਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅਰੰਭ ’ਚ ਦਰਜ ਕੀਤਾ ਗਿਆ ਅਤੇ ਨਿਤਨੇਮ ਦੀਆਂ ਬਾਣੀਆਂ ’ਚ ਵੀ ਅਰੰਭਕ ਸਥਾਨ ਪ੍ਰਾਪਤ ਹੈ।
ਸਤਿਗੁਰੂ ਦੀ ਮਿਹਰ ਨਾਲ਼ ਇਸ ਬਾਣੀ ਦੀ ਪੜਚੋਲ ਕਰਦਿਆਂ-ਕਰਦਿਆਂ ਦਾਸਰਾ ਵੀ ਦੋ ਦਰਜਨ ਤੋਂ ਵੱਧ ਵਾਰ ਇਨ੍ਹਾਂ ਸੰਖੇਪ ਜਿਹੇ ਸ਼ਬਦਾਂ ਦਾ ਟੀਕਾ ਕਰ ਚੁੱਕਿਆ ਹੈ। ਹੁਣ ਫਿਰ ਇੱਥੇ ਮੁੜ ਵਿਚਾਰਨ ਦਾ ਨਿਮਾਣਾ ਜਿਹਾ ਯਤਨ ਕੀਤਾ ਜਾ ਰਿਹਾ ਹੈ। ਉਮੀਦ ਹੈ ਕਿ ਸਮਝਣ ਦੇ ਚਾਹਵਾਨ ਸਿੱਖਾਂ ਅੰਦਰ ਗੁਰਬਾਣੀ ਪ੍ਰਤੀ ਹੋਰ ਪਿਆਰ ਵਧੇਗਾ।
‘ਜਪੁ’ ਬਾਣੀ ਅੰਦਰ 2 ਸਲੋਕ ਤੇ 38 ਪਉੜੀਆਂ ਹਨ। ਆਮ ਨਜ਼ਰੀਏ ਤੋਂ ਵੇਖੀਏ ਤਾਂ ‘ਜਪੁ’ ਜੀ ਅੰਦਰ 40 ਵਾਰ ‘ਨਾਨਕ/ਨਾਨਕੁ’ ਸ਼ਬਦ ਹੋਣਾ ਚਾਹੀਦਾ ਸੀ ਪਰ ਹੈ ਮਾਤਰ 30 ਵਾਰ (ਨਾਨਕ-28 ਵਾਰ, ਨਾਨਕੁ-2 ਵਾਰ), ਫਿਰ ਵੀ ਦੋ ਪਉੜੀਆਂ ’ਚ 2-2 ਵਾਰ ਹੈ, ਐਸਾ ਕਿਉਂ ? ਇਹ ਵਿਚਾਰ ‘ਜਪੁ’ ਬਾਣੀ ਨੂੰ ਸਮਝਣ ਤੋਂ ਬਾਅਦ ਅੰਤ ’ਚ ਕੀਤੀ ਗਈ ਹੈ। ਉਹੀ ਸ਼ਬਦ ਵਿਚਾਰ; ਗੁਰਮਤਿ ਦੇ ਵਧੇਰੇ ਨੇੜੇ ਰੱਖਦੀ ਹੈ, ਜਿਸ ਨੂੰ ਸਮੁੱਚੀ ਗੁਰਬਾਣੀ ਦੇ ਸੰਦਰਭ ’ਚ ਪੰਕਤੀ ਦੇ ਨੇੜੇ ਰਹਿ ਕੇ ਵਾਚਿਆ ਜਾਵੇ ਯਾਨੀ ਬਹੁਤਾ ਵਿਸਥਾਰ ਨਾ ਦਿੱਤਾ ਜਾਵੇ। ਗੁਰਬਾਣੀ; ਇੱਕ ਤੁਕਾਂਤ ਰਚਨਾ (ਕਵਿਤਾ) ਹੈ, ਜਿਸ ਦਾ ਭਾਵਾਰਥ ਜਾਣਨ ਲਈ ਗੁਰਬਾਣੀ ਵਿਆਕਰਨ ਨੂੰ ਆਧਾਰ ਬਣਾਇਆ ਗਿਆ ਹੈ; ਜਿਵੇਂ ਕਿ ‘ਲਿੰਗ’ (ਇਸਤ੍ਰੀ ਲਿੰਗ/ਪੁਲਿੰਗ), ‘ਵਚਨ’ (ਇੱਕ ਵਚਨ/ਬਹੁ ਵਚਨ), ‘ਕਾਲ’ (ਭੂਤ ਕਾਲ/ਵਰਤਮਾਨ/ਭਵਿੱਖ ਕਾਲ), ‘ਪੁਰਖ’ (ਉਤਮ ਪੁਰਖ/ਮੱਧਮ ਪੁਰਖ/ਅਨ੍ਯ ਪੁਰਖ), ‘ਕਾਰਕ’ (ਕਰਤਾ ਕਾਰਕ/ਕਰਮ ਕਾਰਕ/ਕਰਣ ਕਾਰਕ/ਸੰਪਰਦਾਨ ਕਾਰਕ/ਅਪਾਦਾਨ ਕਾਰਕ/ਸੰਬੰਧ ਕਾਰਕ/ਅਧਿਕਰਣ ਕਾਰਕ/ਸੰਬੋਧਨ ਕਾਰਕ), ਉਚਾਰਨ ਸੇਧ, ਪਦ ਅਰਥ, ਵਿਆਕਰਨ ਨਿਯਮ ਅਤੇ ਸੰਖੇਪ ਮਾਤਰ ਗੁਰਬਾਣੀ ’ਚੋਂ ਮਿਸਾਲ ਲਈ ਗਈ ਹੈ।
ਗਿਆਨੀ ਅਵਤਾਰ ਸਿੰਘ (ਸੰਪਾਦਕ gurparsad.com/M-98140-35202)
‘ਜਪੁ’ ਬਾਣੀ ਦੀ ਸੰਖੇਪ ’ਚ ਬਹੁ ਪੱਖੀ ਵਿਚਾਰ
ੴ ਸਤਿ ਨਾਮੁ, ਕਰਤਾ ਪੁਰਖੁ, ਨਿਰਭਉ, ਨਿਰਵੈਰੁ, ਅਕਾਲ ਮੂਰਤਿ, ਅਜੂਨੀ, ਸੈਭੰ, ਗੁਰ ਪ੍ਰਸਾਦਿ॥
ਅਰਥ : ਜਗਤ ਨੂੰ ਰਚਨਹਾਰ (Generator, ਬ੍ਰਹਮਾ), ਪਾਲਣਹਾਰ (Operator, ਵਿਸ਼ਨੂੰ) ਤੇ ਖ਼ਤਮ ਕਰਨ ਵਾਲ਼ਾ (Destroyer, ਸ਼ਿਵ) ਨਿਰੰਕਾਰ (GOD); ਨਿਰੰਤਰ (ਇੱਕ ਰਸ, ਆਦਿ ਕਾਲ ਤੋਂ) ਇੱਕ ਹੈ, ਸਥਿਰਤਾ (ਸਤਿ/ਅਟੱਲ) ਉਸ ਦਾ ਨਾਂ (ਨਾਮੁ/ਵਜੂਦ) ਹੈ, ਸ੍ਰਿਸ਼ਟੀ ਨੂੰ ਰਚਨਹਾਰ (ਕਰਤਾ) ਤੇ ਸਰਬ ਵਿਆਪਕ (ਪੁਰਖੁ), ਹਰ ਦਬਾਅ (ਡਰ) ਜਾਂ ਵੈਰ ਭਾਵਨਾ ਤੋਂ ਰਹਿਤ (ਨਿਰਭਉ, ਨਿਰਵੈਰੁ) ਹੈ, ਸਮੇਂ ਦੇ ਪ੍ਰਭਾਵ ਤੋਂ ਮੁਕਤ (ਅਕਾਲ) ਹਸਤੀ ਵਾਲ਼ਾ (ਮੂਰਤਿ) ਹੋਣ ਕਾਰਨ ਆਵਾਗਮਣ ਤੋਂ ਰਹਿਤ (ਅਜੂਨੀ) ਹੈ। ਉਸ ਦੀ ਉਤਪਤੀ (ਭੰ/ਪੈਦਾਇਸ਼) ਆਪਣੇ ਆਪ ਤੋਂ (ਸੈ, ਸ੍ਵੈ) ਹੋਈ ਹੈ ਪਰ (ਮਨੁੱਖ ਨੂੰ ਉਸ ਦੀ ਸਮਝ) ਗੁਰੂ ਦੀ ਕਿਰਪਾ ਨਾਲ਼ ਆਉਂਦੀ ਹੈ।
(ਨੋਟ : (ੳ). ‘ੴ’ ਦਾ ਪ੍ਰਚਲਿਤ ਉਚਾਰਨ ਭਾਵੇਂ ਕਿ ‘ਇੱਕ ਓਅੰਕਾਰ’ ਹੈ ਪਰ ਹੁਣ ‘ਏਕੰਕਾਰ ਜਾਂ ਏਕੋ’ ਉਚਾਰਨ ਵੀ ਪ੍ਰਚਾਰਿਆ ਜਾ ਰਿਹਾ ਹੈ। ਰਾਧਾ ਸੁਆਮੀਆਂ ਦੇ ਪੰਜ ਨਾਂ ‘ਓਅੰਕਾਰ, ਰਰੰਕਾਰ, ਜੋਤਿ ਨਿਰੰਜਨ, ਸੋਹੰ ਤੇ ਸਤਿਨਾਮ’ ਵਿੱਚ ‘ਓਅੰਕਾਰ’ ਦਾ ਹੋਣਾ ਵੀ ਸ਼ਾਇਦ ਇਸ ਦੇ ਉਚਾਰਨ ’ਚ ਤਬਦੀਲੀ ਕਰਨ/ਕਰਾਉਣ ਦਾ ਕਾਰਨ ਬਣਦਾ ਜਾ ਰਿਹਾ ਹੈ।
(ਅ). ਸਮੂਹ ਕਿਰਤਮ ਨਾਂਵਾਂ ’ਚੋਂ ‘ਕੁਦਰਤ ਨੂੰ ਪੈਦਾ ਕਰਨਾ, ਰਿਜ਼ਕ ਦੇਣਾ ਤੇ ਨਾਸ ਕਰਨਾ’ ਸਿਰਮੌਰ ਕਿਰਤਮ ਨਾਂਵ ਮੰਨੇ ਗਏ ਕਿਉਂਕਿ ਇਹ ਤਿੰਨੇ ਨਾਂ ਕੁਦਰਤ ਦੇ ਮੁੱਢ ਤੋਂ ਅੰਤ (ਆਦਿ, ਮਧਿ, ਅੰਤਿ) ਤੱਕ ਸੰਕੇਤ ਭਰਪੂਰ ਹਨ।)
॥ ਜਪੁ ॥
‘ਜਪੁ’ ਦਾ ਅਰਥ ਹੈ : ‘ੴ’ ਦੀ ਯਾਦ, ਸਿਮਰਨ, ਚੇਤਾ ਭਾਵ ਉਹ ਰਚਨਾ ਜਿਸ ਤੋਂ ਮਨੁੱਖੀ ਸੋਚ ‘ੴ’ ਤੋਂ ਨਿਰੰਤਰ ਪ੍ਰਭਾਵਤ ਰਹੇ। ‘ਜਪੁ’ ਇੱਕ ਵਚਨ ਪੁਲਿੰਗ ਨਾਂਵ ਹੈ, ਜਿਸ ਦਾ ਅਰਥ ‘ਜਪਣਾ, ਸਿਮਰਨ ਕਰਨਾ’ ਆਦਿ ਕਿਰਿਆਵਾਚੀ ਨਹੀਂ ਹੋ ਸਕਦਾ।
(ਨੋਟ : ਗੁਰੂ ਗ੍ਰੰਥ ਸਾਹਿਬ ਦੀ ਆਰੰਭਕ ਬਾਣੀ ਦਾ ਨਾਂ ਭਾਵ ਸਿਰਲੇਖ ‘ਜਪੁ’ ਹੈ, ਜਿਸ ਵਿੱਚ 38 ਪਉੜੀਆਂ ਅਤੇ ਦੋ ਸਲੋਕ (ਇੱਕ ਆਰੰਭ ’ਚ ‘‘ਆਦਿ ਸਚੁ; ਜੁਗਾਦਿ ਸਚੁ॥੧॥’’ ਤੇ ਇੱਕ ਸਮਾਪਤੀ ’ਚ ‘‘ਪਵਣੁ ਗੁਰੂ; ਪਾਣੀ ਪਿਤਾ..॥੧॥’’) ਦਰਜ ਹਨ। ਭਾਵੇਂ ਕਿ 38 ਪਉੜੀਆਂ ਅਤੇ 2 ਸਲੋਕਾਂ ਸਮੇਤ 40 ਵਾਰ ‘ਨਾਨਕ ਜਾਂ ਨਾਨਕੁ’ ਸ਼ਬਦ ਹੋਣਾ ਚਾਹੀਦਾ ਸੀ ਪਰ ਆਇਆ ਮਾਤਰ 30 ਵਾਰ (ਨਾਨਕ-28 ਵਾਰ, ਨਾਨਕੁ-2 ਵਾਰ) ਹੈ।
(1). ‘ਨਾਨਕੁ’ (ਅੰਤ ਔਕੜ) ਦੋ ਵਾਰ ਇਨ੍ਹਾਂ ਪਉੜੀਆਂ ’ਚ ਹੈ : ‘ਨਾਨਕੁ’ ਨੀਚੁ ਕਹੈ ਵੀਚਾਰੁ ॥੧੮॥
ਹੋਰਿ ਕੇਤੇ ਗਾਵਨਿ, ਸੇ ਮੈ ਚਿਤਿ ਨ ਆਵਨਿ; ‘ਨਾਨਕੁ’ ਕਿਆ ਵੀਚਾਰੇ ?॥੨੭॥
(2). 38 ਪਉੜੀਆਂ ’ਚੋਂ ਪਉੜੀ ਨੰਬਰ 21 ਅਤੇ 27 ’ਚ ‘ਨਾਨਕ/ਨਾਨਕੁ’ 2-2 ਵਾਰ ਹੈ; ਜਿਵੇਂ ਕਿ
‘ਨਾਨਕ’ ! ਆਖਣਿ ਸਭੁ ਕੋ ਆਖੈ; ਇਕ ਦੂ ਇਕੁ ਸਿਆਣਾ ॥੨੧॥
‘ਨਾਨਕ’ ! ਜੇ ਕੋ ਆਪੌ ਜਾਣੈ; ਅਗੈ ਗਇਆ ਨ ਸੋਹੈ ॥੨੧॥
ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ; ‘ਨਾਨਕ’ ! ਰਹਣੁ ਰਜਾਈ ॥੨੭॥
ਹੋਰਿ ਕੇਤੇ ਗਾਵਨਿ, ਸੇ ਮੈ ਚਿਤਿ ਨ ਆਵਨਿ; ‘ਨਾਨਕੁ’ ਕਿਆ ਵੀਚਾਰੇ ? ॥੨੭॥
(3). ਪਉੜੀ ਨੰਬਰ ‘੬, ੧੨ , ੧੩, ੧੪, ੧੬, ੧੭, ੧੯, ੨੩, ੨੮, ੨੯, ੩੦ ਤੇ ੩੬’ (ਕੁੱਲ 12) ’ਚ ‘ਨਾਨਕ/ਨਾਨਕੁ’ ਸ਼ਬਦ ਦਰਜ ਹੀ ਨਹੀਂ, ਇਨ੍ਹਾਂ 12 ਪਉੜੀਆਂ ਦੀ ਆਰੰਭਤਾ ਇਉਂ ਹੁੰਦੀ ਹੈ :
ਤੀਰਥਿ ਨਾਵਾ, ਜੇ ਤਿਸੁ ਭਾਵਾ; ਵਿਣੁ ਭਾਣੇ, ਕਿ ਨਾਇ ਕਰੀ ?॥੬॥
ਮੰਨੇ ਕੀ ਗਤਿ; ਕਹੀ ਨ ਜਾਇ ॥੧੨॥
ਮੰਨੈ; ਸੁਰਤਿ ਹੋਵੈ ਮਨਿ ਬੁਧਿ ॥੧੩॥
ਮੰਨੈ; ਮਾਰਗਿ ਠਾਕ ਨ ਪਾਇ ॥੧੪॥
ਪੰਚ ਪਰਵਾਣ; ਪੰਚ ਪਰਧਾਨੁ ॥੧੬॥
ਅਸੰਖ ਜਪ, ਅਸੰਖ ਭਾਉ ॥੧੭॥
ਅਸੰਖ ਨਾਵ, ਅਸੰਖ ਥਾਵ ॥੧੯॥
ਸਾਲਾਹੀ ਸਾਲਾਹਿ, ਏਤੀ ਸੁਰਤਿ ਨ ਪਾਈਆ ॥੨੩॥
ਮੁੰਦਾ ਸੰਤੋਖੁ, ਸਰਮੁ ਪਤੁ ਝੋਲੀ; ਧਿਆਨ ਕੀ ਕਰਹਿ ਬਿਭੂਤਿ ॥੨੮॥
ਭੁਗਤਿ ਗਿਆਨੁ, ਦਇਆ ਭੰਡਾਰਣਿ; ਘਟਿ ਘਟਿ ਵਾਜਹਿ ਨਾਦ ॥੨੯॥
ਏਕਾ ਮਾਈ, ਜੁਗਤਿ ਵਿਆਈ; ਤਿਨਿ ਚੇਲੇ ਪਰਵਾਣੁ ॥੩੦॥
ਗਿਆਨ ਖੰਡ ਮਹਿ; ਗਿਆਨੁ ਪਰਚੰਡੁ ॥੩੬॥
‘ਨਾਨਕ’ ਪਦ ਦਾ ਕਿਸੇ ਪਉੜੀ ’ਚ ਇੱਕ ਵਾਰ ਜਾਂ ਦੋ ਵਾਰ ਆਉਣਾ ਅਤੇ ਕਿਸੇ ਪਉੜੀ ’ਚ ਬਿਲਕੁਲ ਨਾ ਹੋਣਾ, ਇਸ ਬਾਰੇ ਵਿਚਾਰ ‘ਜਪੁ’ ਬਾਣੀ ਦੀ ਸੰਪੂਰਨ ਵਿਆਖਿਆ ਉਪਰੰਤ ਕੀਤੀ ਜਾਵੇਗੀ।
ਗੁਰੂ ਗ੍ਰੰਥ ਸਾਹਿਬ ਵਿੱਚ ‘ਜਪੁ ਜੀ ਸਾਹਿਬ, ਰਹਰਾਸਿ ਸਾਹਿਬ ਜਾਂ ਕੀਰਤਨ ਸੋਹਿਲਾ’, ਆਦਿ ਸੰਯੁਕਤ ਸ਼ਬਦ ਕਿਸੇ ਰਚਨਾ ’ਚ ਸਿਰਲੇਖ ਵਜੋਂ ਦਰਜ ਨਹੀਂ ਹਨ, ਕੇਵਲ ਸਤਿਕਾਰ ਲਈ ਗੁਟਕਿਆਂ ਵਿੱਚ ਹੀ ਲਿਖੇ ਮਿਲਦੇ ਹਨ।
ਅਗਾਂਹ ਮੰਗਲਾਚਰਨ ਵਜੋਂ ਦਰਜ ਸਲੋਕ ‘‘ਆਦਿ ਸਚੁ ਜੁਗਾਦਿ ਸਚੁ..॥’’, ਅਦ੍ਰਿਸ਼ ਰੱਬੀ ਸਰੂਪ ਨੂੰ ‘ਨਿਰਗੁਣ’ ਵਜੋਂ ਪ੍ਰਗਟਾਉਂਦਾ ਹੈ ਅਤੇ ‘ਜਪੁ’ ਦਾ ਅੰਤਮ ਸਲੋਕ ‘‘ਪਵਣੁ ਗੁਰੂ, ਪਾਣੀ ਪਿਤਾ..॥’’ ਅਕਾਲ ਪੁਰਖ ਦੇ ‘ਸਰਗੁਨ’ ਸਰੂਪ (ਭਾਵ ਦ੍ਰਿਸ਼ਟੀਗੋਚਰ ਕੁਦਰਤ) ਦੇ ਵਿਸਥਾਰ ਤੇ ਅਹਿਮੀਅਤ ਨੂੰ ਸਮਝਾਉਂਦਾ ਹੈ। ਗੁਰਬਾਣੀ ’ਚ ਇਨ੍ਹਾਂ ਦੋਵੇਂ ‘ਸਰਗੁਨ/ਨਿਰਗੁਨ’ ਸਰੂਪਾਂ ਨੂੰ ‘ਨਿਰਾਕਾਰ’ ਦੇ ਹੀ ਭਾਗ ਬਿਆਨਿਆ ਗਿਆ ਹੈ, ‘‘ਸਰਗੁਨ ਨਿਰਗੁਨ ਨਿਰੰਕਾਰ.. ॥’’ (ਗਉੜੀ ਸੁਖਮਨੀ, ਮ: ੫, ਪੰਨਾ ੨੯੦) ‘ਸਰਗੁਨ’ ਤੋਂ ਭਾਵ ਮਾਇਆ ਦੇ ਤਿੰਨ ਗੁਣ ‘ਰਜੋ, ਤਮੋ, ਸਤੋ’ ਅਤੇ ‘ਨਿਰਗੁਨ’ ਤੋਂ ਭਾਵ ਇਨ੍ਹਾਂ ਤਿੰਨੇ ਗੁਣਾਂ ਤੋਂ ਰਹਿਤ ਅਦ੍ਰਿਸ਼ ਸਰੂਪ ਹੈ।)
ਆਦਿ ਸਚੁ, ਜੁਗਾਦਿ ਸਚੁ॥ ਹੈ ਭੀ ਸਚੁ, ਨਾਨਕ ! ਹੋਸੀ ਭੀ ਸਚੁ॥ ੧॥
ਅਰਥ : ਹੇ ਨਾਨਕ ! (ਆਖ ਕਿ ਅਕਾਲ ਪੁਰਖ); ਜਗਤ ਰਚਨਾ ਤੋਂ ਪਹਿਲਾਂ (ਆਦਿ ’ਚ ਵੀ) ਮੌਜੂਦ (ਸਚੁ) ਸੀ, ਸਮੇਂ ਦੀ ਯੁੱਗ ਵੰਡ ਨੂੰ ਨਿਰਧਾਰਿਤ ਕਰਨ ਸਮੇਂ (ਜੁਗਾਦਿ ’ਚ) ਵੀ ਮੌਜੂਦ ਸੀ, ਹੁਣ ਵੀ ਸਾਡੇ ਅੰਗ-ਸੰਗ ਹੈ ਤੇ ਸ੍ਰਿਸ਼ਟੀ ਦੀ ਸਮਾਪਤੀ (ਕਿਆਮਤ) ਉਪਰੰਤ ਵੀ ਕਾਇਮ (ਸਚੁ) ਰਹੇਗਾ। ੧।
(ਨੋਟ : (ੳ). ਉਕਤ ਤੁਕ ਦੇ ਅਖੀਰ ’ਚ ਆਇਆ ਅੰਕ ੧; ‘ਜਪੁ’ ਦੇ ਆਰੰਭਕ ਸਲੋਕ ਦੀ ਸਮਾਪਤੀ ਦਾ ਸੂਚਕ ਹੈ।
(ਅ). ਗੁਰਬਾਣੀ ਦੇ ਕਿਰਿਆਵਾਚੀ ਸ਼ਬਦਾਂ ਦਾ ਅੰਤਮ ‘ਸੁ, ਸਿ, ਸੀ’ ਅੱਖਰ ਭਵਿਖਕਾਲ ਦਾ ਸੂਚਕ ਹੁੰਦਾ ਹੈ; ਜਿਵੇਂ ‘ਕਰਸੀ (ਕਰੇਗਾ), ਪਾਇਸੀ (ਪਾਵੇਗਾ), ਪਈਸੁ (ਪਵੇਗੀ), ਜਾਸਿ (ਜਾਏਗਾ), ਇਉਂ ਹੀ ‘ਹੋਸੀ ਭੀ ਸਚੁ’ ਭਾਵ (ਕਿਆਮਤ ਉਪਰੰਤ) ‘ਹੋਏਗਾ ਜਾਂ ਰਹੇਗਾ ਵੀ ਸਚੁ’ ਅਰਥ ਬਣਦਾ ਹੈ; ਜਿਵੇਂ ਕਿ ਕੁਝ ਕੁ ਮਿਸਾਲ ਵਜੋਂ:
ਦੁਯੈ ਭਾਇ ਵਿਗੁਚੀਐ; ਗਲਿ ‘ਪਈਸੁ’ (ਪਏਗੀ) ਜਮ ਕੀ ਫਾਸ ॥ (ਮ: ੫, ਪੰਨਾ ੧੩੪)
ਗੁਰੂ ਦੁਆਰੈ ਹੋਇ; ਸੋਝੀ ‘ਪਾਇਸੀ’ (ਪਵੇਗੀ, ਪੈਂਦੀ ਹੈ)॥ (ਮ: ੧, ਪੰਨਾ ੭੩੦)
ਜੋ ਤਿਸੁ ਭਾਵੈ, ਸੋਈ ‘ਕਰਸੀ’ (ਕਰੇਗਾ); ਹੁਕਮੁ ਨ ਕਰਣਾ ਜਾਈ ॥ (ਜਪੁ)
ਦੁਖੁ ਲਾਗਾ ਬਹੁ ਅਤਿ ਘਣਾ; ਪੁਤੁ ਕਲਤੁ ਨ ਸਾਥਿ ਕੋਈ ‘ਜਾਸਿ’ (ਜਾਏਗਾ)॥ (ਮ: ੩, ਪੰਨਾ ੬੪੩), ਆਦਿ।)
ਸੋਚੈ, ਸੋਚਿ ਨ ਹੋਵਈ; ਜੇ, ਸੋਚੀ ਲਖ ਵਾਰ॥ ਉਚਾਰਨ : ਹੋਵ+ਈ, ਸੋਚੀਂ।
ਅਰਥ : (ਤੀਰਥ ਯਾਤਰਾ ਰਾਹੀਂ ਕੀਤੀ ਜਾਂਦੀ ਕੇਵਲ) ਸਰੀਰਕ ਸਫ਼ਾਈ ਨਾਲ਼ (ਮਨ) ਸ਼ੁੱਧ (ਨਿਸ਼ਕਪਟ) ਨਹੀਂ ਹੁੰਦਾ ਭਾਵੇਂ ਮੈਂ ਲੱਖਾਂ ਵਾਰ (ਅਜਿਹਾ) ਇਸ਼ਨਾਨ ਕਰਾਂ।
ਚੁਪੈ, ਚੁਪ ਨ ਹੋਵਈ; ਜੇ, ਲਾਇ ਰਹਾ ਲਿਵ ਤਾਰ॥ ਉਚਾਰਨ : ਹੋਵ+ਈ, ਰਹਾਂ।
ਅਰਥ : ਬਾਹਰੋਂ ਮੌਨ ਧਾਰਿਆਂ ਵੀ ਮਨ ਸ਼ਾਂਤ (ਸਮਾਜਿਕ ਫੁਰਨਿਆ ਦਾ ਅਭਾਵ) ਨਹੀਂ ਹੁੰਦਾ ਭਾਵੇਂ ਮੈਂ ਨਿਰੰਤਰ ਸਮਾਧੀ ਲਾ ਕੇ ਬੈਠਾ ਰਹਾਂ।
ਭੁਖਿਆ, ਭੁਖ ਨ ਉਤਰੀ; ਜੇ, ਬੰਨਾ ਪੁਰੀਆ ਭਾਰ॥ ਉਚਾਰਨ : ਭੁੱਖਿਆਂ, ਬੰਨ੍ਹਾਂ, ਪੁਰੀਆਂ।
ਅਰਥ : ਤ੍ਰਿਸ਼ਨਾ ਅਧੀਨ ਰਿਹਾਂ ਮਾਇਆਵੀ ਖਿੱਚ ਨਹੀਂ ਮੁਕਦੀ ਭਾਵੇਂ ਸਭ ਪੁਰੀਆਂ (ਸਵਰਗ ਲੋਕ, ਮਾਤ ਲੋਕ ਤੇ ਪਤਾਲ ਲੋਕ) ਦੇ ਭਾਰ (ਪਦਾਰਥ) ਇਕੱਠੇ ਕਰ ਲਵਾਂ।
ਸਹਸ ਸਿਆਣਪਾ ਲਖ ਹੋਹਿ; ਤ, ਇਕ ਨ ਚਲੈ ਨਾਲਿ॥ ਉਚਾਰਨ : ਸਿਆਣਪਾਂ, ਹੋਹਿਂ।
ਅਰਥ : (ਅਜਿਹੀਆਂ ਅਰਥਹੀਣ ਹੋਰ ਵੀ ਭਾਵੇਂ) ਹਜ਼ਾਰਾਂ, ਲੱਖਾਂ ਸਿਆਣਪਾਂ (ਮਨੌਤਾਂ) ਹੋਣ, ਤਾਂ ਵੀ (ਅਨੰਦ ਪ੍ਰਾਪਤੀ ਲਈ) ਇੱਕ ਵੀ ਕੰਮ ਨਹੀਂ ਆਉਂਦੀ (ਮਨ ਨੂੰ ‘ਹੈ ਭੀ ਸਚੁ’ ਵਾਙ ਸਥਿਰਤਾ ਨਹੀਂ ਦਿੰਦੀ ਤਾਂ ਤੇ ‘‘ਮਨਮੁਖ ਕਰਮ ਕਰੈ, ਅਜਾਈ (ਫ਼ਜ਼ੂਲ)॥’’ ਮਹਲਾ ੫, ਪੰਨਾ ੧੩੪੮)
(ਨੋਟ : ਅਜਿਹੇ ਥੋਥੇ ਕਰਮਕਾਂਡ, ਜੋ ਸਦੀਆਂ ਤੋਂ ਪੁਸ਼ਤ-ਦਰ-ਪੁਸ਼ਤ ਕੀਤੇ ਗਏ, ਨੂੰ ਮੂਲੋਂ ਰੱਦ ਕਰਨ ਨਾਲ਼ ਮੰਜ਼ਲ ਪ੍ਰਾਪਤੀ ਦੀ ਤਾਂਘ ਰੱਖਣ ਵਾਲ਼ੇ ਮਨੁੱਖ ਅੰਦਰ ਸਵਾਲ ਪੈਦਾ ਹੋਣਾ ਸੁਭਾਵਕ ਹੈ; ਜਿਵੇਂ ਕਿ )
ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ ? ॥
ਸਵਾਲ : (ਫਿਰ ਰੱਬ ਤੋਂ ਨਿਰੰਤਰ ਪ੍ਰਭਾਵਤ ਰਹਿਣ ਵਾਲ਼ਾ/ਸਤਿ ’ਤੇ ਪੂਰਨ ਵਿਸ਼ਵਾਸ ਰੱਖਣ ਵਾਲ਼ਾ ਅਡੋਲ-) ਸਚਿਆਰਾ ਜੀਵਨ ਕਿਵੇਂ ਬਣੇ ? (ਅਤੇ ਅਰਥਹੀਣ ਮਨੌਤ ਕਾਰਨ ਮਨ ’ਚ ਪੈਦਾ ਹੋਈ) ਝੂਠ ਦੀ ਕੰਧ (ਰੱਬ ਤੋਂ ਦੂਰੀ/ਦੁਬਿਧਾ) ਕਿਵੇਂ ਨਸ਼ਟ ਹੋਵੇ ?
ਹੁਕਮਿ ਰਜਾਈ ਚਲਣਾ; ਨਾਨਕ ! ਲਿਖਿਆ ਨਾਲਿ॥ ੧॥ ਉਚਾਰਨ : ਰਜ਼ਾਈ।
ਜਵਾਬ : – ਹੇ ਨਾਨਕ ! ਰਜ਼ਾ ਦੇ ਮਾਲਕ ਦੇ ਹੁਕਮ ’ਚ (ਚੱਲ ਰਿਹਾ ਹਾਂ, ਨੂੰ) ਸਵੀਕਾਰਨਾ ਚਾਹੀਦਾ ਹੈ (ਇਹ ਹੁਕਮ, ਜ਼ਿੰਦਗੀ ਦੀ ਸ਼ੁਰੂਆਤ ਤੋਂ ਸਾਡੇ) ਨਾਲ਼ ਲਿਖਿਆ ਹੁੰਦਾ ਹੈ (ਭਾਵ ਮਨੁੱਖ ਸਮੇਤ ਪੂਰਾ ਬ੍ਰਹਿਮੰਡ ਰੱਬੀ ਭਾਣੇ ’ਚ ਘੁੰਮਦਾ ਹੈ, ਚੱਲਦਾ ਹੈ ਪਰ ਮਨੁੱਖ ਨੂੰ ਇਸ ਦੀ ਸਮਝ ਨਾ ਹੋਣ ਕਾਰਨ ਹਰ ਕਾਰਜ ਦਾ ਮਹੱਤਵ ਆਪਣੇ ਉੱਪਰ ਲੈ ਲੈਂਦਾ ਹੈ, ਜੋ ‘ਕੂੜੈ ਪਾਲਿ’ ਭਾਵ ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ.. ॥’’ (ਮ: ੩, ਪੰਨਾ ੬੫੧) ਨੂੰ ਹੋਰ ਵਧਾਉਂਦਾ ਹੈ। ਮਹੱਤਵ ਉਸ ਮਾਲਕ ਨੂੰ ਦੇਣਾ ਸੀ, ਜਿਸ ਦੇ ਹੁਕਮ ’ਚ ਵਿਚਰਦਾ ਹੈ, ਇਹੀ ਹੈ ‘ਸਚਿਆਰੁ’ ਜੀਵਨ।)। ੧।
(ਨੋਟ : (1). ਉਕਤ ਪਉੜੀ ਦੇ ਅੰਤ ’ਚ ਦੁਬਾਰਾ ਆਇਆ ਅੰਕ ੧; 38 ਪਉੜੀਆਂ ’ਚੋਂ ਪਹਿਲੀ ਪਉੜੀ ਦੀ ਸਮਾਪਤੀ ਦਾ ਚਿੰਨ੍ਹ ਹੈ।
(2). ਜਿਸ ‘‘ਹੁਕਮਿ ਰਜਾਈ’’ ਵਿਸ਼ੇ ਨਾਲ਼ ਪਹਿਲੀ ਪਉੜੀ ਸਮਾਪਤੀ ਹੋਈ, ਉਸੇ ‘ਹੁਕਮਿ’ ’ਚ ਵਿਚਰਦਾ ਪੂਰਾ ਬ੍ਰਹਿਮੰਡ, ਦੂਜੀ ਪਉੜੀ ਦਾ ਵਿਸ਼ਾ ਹੈ।)
ਹੁਕਮੀ, ਹੋਵਨਿ ਆਕਾਰ; ਹੁਕਮੁ ਨ ਕਹਿਆ ਜਾਈ॥
ਅਰਥ : (ਰੱਬੀ) ਹੁਕਮ ’ਚ ਹੀ ਸਾਰੇ ਸਰੂਪ (ਵਜੂਦ, ਸਰੀਰ) ਬਣਦੇ ਹਨ (ਇਸ ਤੋਂ ਵਧੇਰੇ) ਹੁਕਮ ਨੂੰ (ਦ੍ਰਿਸ਼ ਰੂਪ ’ਚ) ਬਿਆਨ ਨਹੀਂ ਕੀਤਾ ਜਾ ਸਕਦਾ।
ਹੁਕਮੀ, ਹੋਵਨਿ ਜੀਅ; ਹੁਕਮਿ ਮਿਲੈ ਵਡਿਆਈ॥
ਅਰਥ : ਰੱਬੀ ਹੁਕਮ ’ਚ (ਹੀ ਸਾਰੇ ਸਰੀਰਾਂ ’ਚ ਜਿੰਦ-ਜਾਨ) ਪ੍ਰਾਣ ਹੁੰਦੇ (ਪੈਂਦੇ) ਹਨ (ਇਨ੍ਹਾਂ ’ਚੋਂ ਨਸੀਬ ਵਾਲ਼ੇ ਨੂੰ) ਹੁਕਮ ’ਚ (ਭਾਵ ਰੱਬੀ ਮਿਹਰ ਨਾਲ਼) ਇੱਜ਼ਤ ਮਿਲਦੀ ਹੈ (ਜਿਸ ਨੋ ਬਖਸੇ; ਸਿਫਤਿ ਸਾਲਾਹ॥ ਨਾਨਕ ! ਪਾਤਿਸਾਹੀ ਪਾਤਿਸਾਹੁ ॥੨੫॥)।
ਹੁਕਮੀ, ਉਤਮੁ ਨੀਚੁ; ਹੁਕਮਿ ਲਿਖਿ, ਦੁਖ ਸੁਖ ਪਾਈਅਹਿ॥ ਉਚਾਰਨ : ਪਾਈਅਹਿਂ।
ਅਰਥ : ਰੱਬੀ ਹੁਕਮ ’ਚ (ਕਈਆਂ ਦਾ) ਉਤਮੁ (ਨਸੀਬ) ਲਿਖਿਆ ਹੋਣ ਕਾਰਨ (ਗੁਰੂ ਸਿੱਖਿਆ ਰਾਹੀਂ) ਸੁੱਖ ਪਾਉਂਦੇ ਹਨ ਤੇ ਕਈ ਦਾ ਨੀਚੁ (ਨਸੀਬ) ਲਿਖਿਆ ਹੋਣ ਕਾਰਨ (ਰੱਬੀ ਹੁਕਮ ’ਚ ਚੱਲਦੇ ਆ ਰਹੇ ਦੀ ਸਮਝ ਨਾ ਹੋਣ ਕਾਰਨ ਆਪਣੇ ਆਪ ਨੂੰ ਲਏ ਹਰ ਮਹੱਤਵ ਕਾਰਨ) ਦੁੱਖ ਭੋਗਦੇ ਹਨ।
ਇਕਨਾ ਹੁਕਮੀ ਬਖਸੀਸ; ਇਕਿ, ਹੁਕਮੀ ਸਦਾ ਭਵਾਈਅਹਿ॥ ਉਚਾਰਨ : ਬਖ਼ਸ਼ੀਸ਼, ਭਵਾਈਅਹਿਂ।
ਅਰਥ : ਰੱਬੀ ਹੁਕਮ ’ਚ (ਬਣੇ ‘ਉਤਮੁ’ ਨਸੀਬ ਵਾਲ਼ੇ) ਕਈਆਂ ਉੱਤੇ ਬਖ਼ਸ਼ਸ਼ (ਹੋਈ ਹੁੰਦੀ ਹੈ ਤੇ) ਕਈ ਨੀਚੁ (ਨਸੀਬ ਵਾਲ਼ੇ); ਰੱਬੀ ਹੁਕਮ ’ਚ ਹੀ ਆਵਾਗਮਣ (ਜਮਿ ਜਮਿ ਮਰੈ; ਮਰੈ, ਫਿਰਿ ਜੰਮੈ ॥ ਬਹੁਤੁ ਸਜਾਇ; ਪਇਆ ਦੇਸਿ ਲੰਮੈ ॥ ਮਹਲਾ ੫, ਪੰਨਾ ੧੦੨੦) ’ਚ ਫੇਰੇ ਜਾਂਦੇ ਹਨ, ਘੁੰਮਾਏ ਜਾਂਦੇ ਹਨ।
ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ, ਨ ਕੋਇ॥
ਅਰਥ : (ਕੁੱਲ ਮਿਲਾ ਕੇ) ਹਰ ਕੋਈ ਰੱਬੀ ਰਜ਼ਾ ’ਚ ਵਿਚਰਦਾ ਹੈ (ਭਾਵੇਂ ਕੋਈ ‘ਉਤਮੁ’ ਹੈ ਜਾਂ ‘ਨੀਚੁ’ ਕਿਉਂਕਿ ਰੱਬੀ) ਹੁਕਮ ਤੋਂ ਇਨਕਾਰੀ ਕੋਈ ਨਹੀਂ ਹੋ ਸਕਦਾ (ਜਿਸੁ ਹਥਿ ਜੋਰੁ; ਕਰਿ ਵੇਖੈ ਸੋਇ (ਉਹੀ ਪ੍ਰਭੂ)॥ ਨਾਨਕ ! ਉਤਮੁ ਨੀਚੁ ਨ ਕੋਇ ॥੩੩॥)।
ਨਾਨਕ ! ਹੁਕਮੈ ਜੇ ਬੁਝੈ; ਤ , ਹਉਮੈ ਕਹੈ ਨ ਕੋਇ॥ ੨ ॥
ਅਰਥ : ਹੇ ਨਾਨਕ ! (ਅਗਰ ਹਰ ਥਾਂ ਗਤੀਸ਼ੀਲ ਰੱਬੀ) ਹੁਕਮ (ਅਸੂਲ) ਨੂੰ ਕੋਈ ਸਮਝ ਲਵੇ, ਸਵੀਕਾਰ ਲਏ ਤਾਂ (ਸ਼ੁੱਭ ਕਾਰਜ ਦਾ ਮਹੱਤਵ ਆਪਣੇ ਆਪ ਉੱਤੇ ਲੈ ਕੇ) ਕੋਈ ਫੂੰ-ਫਾਂ (ਫੋਕੀ ਹੈਂਕੜ) ਨਹੀਂ ਕਰਦਾ। ੨। (ਇਹ ਹਉਮੈ ਹੀ ਜਨਮ-ਮਰਨ ਦਾ ਮੂਲ ਹੈ, ‘‘ਹਉਮੈ ਵਿਚਿ ਜਗੁ ਉਪਜੈ ਪੁਰਖਾ ! .. ॥’’ ਮ: ੧, ਪੰਨਾ ੯੪੬)
ਗਾਵੈ ਕੋ ਤਾਣੁ; ਹੋਵੈ ਕਿਸੈ ਤਾਣੁ॥ ਗਾਵੈ ਕੋ; ਦਾਤਿ ਜਾਣੈ ਨੀਸਾਣੁ॥ ਉਚਾਰਨ : ਨੀਸ਼ਾਣ।
ਅਰਥ : (ਰੱਬੀ ਹੁਕਮ ’ਚ ਲਿਖੇ ਮੁਤਾਬਕ) ਜਿਸ ਕਿਸੇ ਪਾਸ ਤਾਕਤ ਹੋਵੇ, ਅਜਿਹਾ ਕੋਈ ਤਾਕਤ ਨੂੰ ਹੀ (ਸਰਬੋਤਮ ਮੰਨ ਕੇ ਖੁਸ਼ੀ ਦੇ ਗੀਤ) ਗਾਉਂਦਾ ਹੈ, ਕੋਈ (ਇਸ ਤਾਕਤ ਰੂਪ) ਦਾਤ ਦੇ (ਕਿਸੇ ਇੱਕ) ਚਿੰਨ੍ਹ ਨੂੰ ਸਮਝਦਾ (ਤੇ ਉਸ ਦੇ ਗੀਤ) ਗਾਉਂਦਾ ਹੈ।
ਗਾਵੈ ਕੋ; ਗੁਣ ਵਡਿਆਈਆ ਚਾਰ॥ ਗਾਵੈ ਕੋ; ਵਿਦਿਆ ਵਿਖਮੁ ਵੀਚਾਰੁ॥ ਉਚਾਰਨ : ਵਡਿਆਈਆਂ।
ਅਰਥ : ਕੋਈ ਰੱਬ ਦੇ ਸੁੰਦਰ (ਪ੍ਰਭਾਵਤ ਕਰਨ ਵਾਲ਼ੇ ਕਿਰਤਮ) ਗੁਣ ਤੇ ਵਡਿਆਈਆਂ ਨੂੰ ਆਧਾਰ ਬਣਾ ਉਸ ਨੂੰ ਯਾਦ ਕਰਦਾ ਹੈ, ਕੋਈ ‘ਵਿਖਮੁ ਵੀਚਾਰੁ’ (ਅਸਧਾਰਨ ਗਿਆਨ) ਪੜ੍ਹ ਕੇ (ਉਸ ਮੁਤਾਬਕ) ਗਾਉਂਦਾ ਹੈ।
ਗਾਵੈ ਕੋ; ਸਾਜਿ, ਕਰੇ ਤਨੁ ਖੇਹ॥ ਗਾਵੈ ਕੋ; ਜੀਅ ਲੈ, ਫਿਰਿ ਦੇਹ॥
ਅਰਥ : ਕੋਈ (ਇਸ ਵਿਸ਼ਵਾਸ ਨਾਲ਼) ਗਾਉਂਦਾ ਹੈ (ਕਿ ਰੱਬ ‘ਹੁਕਮੀ, ਹੋਵਨਿ ਆਕਾਰ’) ਬਣਾ ਕੇ (ਫਿਰ) ਸਰੀਰ ਨੂੰ ਨਸ਼ਟ ਕਰ ਦਿੰਦਾ ਹੈ ਤੇ (ਹੁਕਮੀ, ਹੋਵਨਿ ਜੀਅ-) ਜਿੰਦਾਂ ਕੱਢ ਕੇ ਮੁੜ (ਹੋਰ ਸਰੀਰਾਂ ਨੂੰ) ਦੇ ਦੇਂਦਾ ਹੈ।
ਗਾਵੈ ਕੋ; ਜਾਪੈ ਦਿਸੈ ਦੂਰਿ॥ ਗਾਵੈ ਕੋ; ਵੇਖੈ ਹਾਦਰਾ ਹਦੂਰਿ॥
ਅਰਥ : ਕਿਸੇ ਲਈ ਉਹ ਦੂਰ (ਨਿਰਾਲਾ, ਸੱਤ ਅਕਾਸ਼ ਉੱਤੇ) ਜਾਪਦਾ ਹੈ, ਵੇਖਦਾ ਹੈ ਤੇ ਗਾਉਂਦਾ ਹੈ, ਪਰ ਕੋਈ ਆਸ ਪਾਸ (ਹਰ ਜਗ੍ਹਾ ਮੌਜੂਦ ਅਨੁਭਵ ਕਰ ਕੇ ਉਸ ਨੂੰ) ਯਾਦ ਕਰਦਾ ਹੈ, ਆਦਿ।
(ਨੋਟ : ਰੱਬ ਨੂੰ ਗਾਉਣ ਦੇ ਮਾਤਰ 8 ਕੁ ਸਾਧਨਾਂ ਦਾ ਉਕਤ 4 ਤੁਕਾਂ ਰਾਹੀਂ ਵਰਣਨ ਕੀਤਾ ਗਿਆ ਹੈ, ਭਾਵੇਂ ਕਿ ਇਹ ਵਿਸ਼ਾ ਵਿਸ਼ਾਲ ਹੈ ਪਰ ਅਗਲੀ ਤੁਕ ’ਚ ਸਮੇਟਿਆ ਗਿਆ ਹੈ।)
ਕਥਨਾ ਕਥੀ, ਨ ਆਵੈ ਤੋਟਿ॥ ਕਥਿ ਕਥਿ ਕਥੀ, ਕੋਟੀ ਕੋਟਿ ਕੋਟਿ॥ ਉਚਾਰਨ : ਕੋਟੀਂ।
ਅਰਥ : (ਅਗਰ ਕੁਦਰਤ ’ਚੋਂ ਭਗਤਾਂ ਦੀ) ਗਿਣਤੀ ਕੀਤੀ ਜਾਏ (ਤਾਂ ਕੋਈ) ਕਮੀ ਨਹੀਂ ਆਉਂਦੀ (ਕਿਉਂਕਿ ਸਦੀਆਂ ਤੋਂ) ਕਰੋੜਾਂ ਨੇ ਕਰੋੜਾਂ ਵਾਰ (ਰੱਬੀ ਸਿਫ਼ਤ) ਬਿਆਨ ਕਰ-ਕਰ ਕੇ ਗਾਈ (ਤੇ ਦੱਸੀ ਕਿ ‘‘ਹੋਰਿ ਕੇਤੇ ਗਾਵਨਿ॥’’)।
ਦੇਦਾ ਦੇ, ਲੈਦੇ ਥਕਿ ਪਾਹਿ॥ ਜੁਗਾ ਜੁਗੰਤਰਿ, ਖਾਹੀ ਖਾਹਿ॥ ਉਚਾਰਨ : ਦੇਂਦਾ, ਲੈਂਦੇ, ਪਾਹਿਂ, ਖਾਹਿਂ। (‘ਖਾਹੀ’ ਬਿੰਦੀ ਰਹਿਤ)
ਅਰਥ : (ਜੀਵਾਂ ਨੂੰ ਦਾਤਾਂ) ਦੇਣ ਵਾਲ਼ਾ (ਦਾਤਾਰ, ਨਿਰੰਤਰ ਦਾਤਾਂ) ਦੇ ਰਿਹਾ ਹੈ (ਦਾਤਾਂ) ਲੈਣ ਵਾਲ਼ੇ (ਇੰਦ੍ਰੇ) ਜਵਾਬ ਦੇ ਜਾਂਦੇ ਹਨ, ਆਦਿ ਕਾਲ ਤੋਂ (ਜੀਵ, ਰੱਬੀ ਦਾਤਾਂ) ਭੋਗਦੇ ਆ ਰਹੇ ਹਨ।
ਹੁਕਮੀ ਹੁਕਮੁ, ਚਲਾਏ ਰਾਹੁ॥ ਨਾਨਕ ! ਵਿਗਸੈ ਵੇਪਰਵਾਹੁ॥ ੩॥ ਉਚਾਰਨ : ਰਾਹ, ਵੇਪਰਵਾਹ।
ਅਰਥ : ਹੇ ਨਾਨਕ ! ਹੁਕਮ ਦੇ ਮਾਲਕ ਦਾ ਹੁਕਮ ਜਗਤ ਕਾਰ-ਵਿਹਾਰ (ਸਾਰਾ ਕੰਮ ਕਾਜ) ਚਲਾ ਰਿਹਾ ਹੈ (ਫਿਰ ਵੀ ਉਹ) ਬੇਫ਼ਿਕਰ ਅਚਿੰਤ ਮਾਲਕ; ਸਦਾ ਅਨੰਦਿਤ ਰਹਿੰਦਾ ਹੈ।੩।
http://gurparsad.com/jap-pori-no-4-to-15-part-2/
http://gurparsad.com/jap-pori-no-16-to-24-part-3/
http://gurparsad.com/jap-pori-no-25-to-33-part-4/
http://gurparsad.com/jap-pori-no-34-to-last-slok-and-method-of-use-to-nanak-shabad-part-5/