ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨਤਾ ਅਸਥਾਨ-ਆਦਿ ਸਿੰਘਾਸਣ ਦਮਦਮਾ

0
478

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨਤਾ ਅਸਥਾਨ-ਆਦਿ ਸਿੰਘਾਸਣ ਦਮਦਮਾ

ਪ੍ਰਿੰਸੀਪਲ ਸਤਿਨਾਮ ਸਿੰਘ , ਹਮਰਾਜ਼ ਬਿਨ ਹਮਰਾਜ਼, 1186 ਸੈਕਟਰ 18 ਸੀ ਚੰਡੀਗੜ੍ਹ-98880-47979

ਸਿੱਖ ਕੌਮ ਦੇ ਸਮੇਂ ਸਮੇਂ ਦਰਪੇਸ਼ ਮਸਲਿਆਂ ਦੀ ਲੰਬੀ ਹੁੰਦੀ ਜਾ ਰਹੀ ਲਿਸਟ ਵਿੱਚੋਂ ਕੌਮ ਦੇ ਮੌਜੂਦਾ ਤੇ ਜੁਗੋ ਜੁਗ ਅਟੱਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ, ਲਿਖਣ ਅਸਥਾਨ, ਮੰਗਲਾਂ ਦਾ ਅਸਥਾਨ, ਸਿੱਖ ਸਤਿਗੁਰੂ ਸਾਹਿਬਾਨ ਅਤੇ ਅਨਯ ਭਗਤਾਂ, ਭੱਟਾਂ, ਸਿੱਖਾਂ ਦੀ ਬਾਣੀ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਕ ਗੁਰੂ ਅਰਜਨ ਦੇਵ ਜੀ ਪਾਸ ਪਹੁੰਚਣਾ ਤਥਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਸ੍ਰੀ ਗੁਰੂ ਗ੍ਰੰਥ ਜੀ ਵਿੱਚ ਚੜ੍ਹਨ ਦਾ ਸਮਾਂ ਤੇ ਅਸਥਾਨ, ਲਗਾਂ ਮਾਤਰਾਂ ਦਾ ਸ਼ੁੱਧ ਉਚਾਰਨ ਤੇ ਅਰਥਾਂ ਦਾ ਮਸਲਾ ਆਦਿ ਭਾਵੇਂ ਇੱਕ ਆਮ ਜਗਿਆਸੂ ਨੂੰ ਓਪਰੀ ਨਜ਼ਰੇ ਆਮ ਜਹੀ ਗੱਲ ਲੱਗੇ, ਪਰ ਇਹ ਮਸਲੇ ਕਿਸੇ ਸਮੇਂ ਵੀ ਨਾਨਕ ਫੁਲਵਾੜੀ ’ਚ ਆਪਣੇ ਸੁਆਰਥੀ ਭੁੱਲੜਾਂ ਤੇ ਬੇਗਾਨੇ ਦੋਖੀਆਂ ਵੱਲੋਂ ਸੇਂਧ ਲਗਾ ਸਕਦੇ ਹਨ।

ਇੱਕ ਰੋਜ਼ਾਨਾ ਪੰਜਾਬੀ ਅਖ਼ਬਾਰ ਮਿਤੀ 8 ਜੁਲਾਈ 2012 (ਐਤਵਾਰ) ਇੱਕ ਪਾਠਕ ਜੀ ਦੇ ਪਤੱਰ ’ਚ ਇਹ ਪੁੱਛ ਕੀਤੀ ਗਈ ਸੀ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ‘ਆਮ ਖਿਆਲ ਅਨੁਸਾਰ ਤਲਵੰਡੀ ਸਾਬੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕੀਤੀ ਗਈ ਯਾਂ ਆਦਿ ਸਿੰਘਾਸਣ ਦਮਦਮਾ (ਚੱਕ ਨਾਨਕੀ) ਸੀ੍ਰ ਅਨੰਦਪੁਰ ਸਾਹਿਬ ਵਿਖੇ।’ ਆਉ ਤਥਾਂ ਦੇ ਆਧਾਰ ’ਤੇ ਵੀਚਾਰ ਕਰੀਏ ਇਸ ਬੇਨਤੀ ਨਾਲ :-

ਮਿਹਰਬਾਨੋ ਦੋਸਤੋ ਸ਼ਿਕਵਾ ਨਾ ਕਰਿਓ ਦਾਸ ਤੇ, ਮੇਰੀ ਜ਼ੁਬਾਂ ਮੇਰਾ ਬਿਆਂ ਬਾਣੀ ਦਾ ਹੀ ਸਤਿਕਾਰ ਹੈ।  (ਹਮਰਾਜ਼ ਬਿਨ ਹਮਰਾਜ਼)

ਸਿੱਖ ਧਰਮ ਵਿੱਚ ਗੁਰਬਾਣੀ ਦੀ ਅਹਿਮੀਅਤ ਇਸੇ ਗੱਲ ਤੋਂ ਸਿੱਧ ਹੋ ਜਾਂਦੀ ਹੈ ਕਿ ਪਹਿਲੇ ਚਾਰ ਗੁਰੂ ਸਾਹਿਬਾਨ ਨੇ ਜਿੱਥੇ ਆਪ ਬਾਣੀ ਉਚਾਰੀ, ਉੱਥੇ ਪਹਿਲੇ, ਦੂਜੇ, ਤੀਜੇ ਅਤੇ ਚੌਥੇ ਸਤਿਗੁਰੂ ਨੇ ਆਪਣੀ ਅਤੇ ਪਹਿਲਾਂ ਹੋ ਚੁੱਕੇ ਸਤਿਗੁਰਾਂ ਅਤੇ ਭਗਤਾਂ ਆਦਿ ਦੀ ਬਾਣੀ ਨੂੰ ਵੀ ਸਾਂਭਿਆ, ਸੰਭਾਲਿਆ ਅਤੇ ਆਦਿ ਗ੍ਰੰਥ ਜੀ ਦੇ ਸੰਪਾਦਕ ਪੰਜਵੇਂ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਜੀ ਤੱਕ ਪਹੁੰਚਾਇਆ। ਪੰਜਵੇਂ ਗੁਰਦੇਵ ਨੇ ਸ਼ਬਦ ਬਾਣੀ ਦੇ ਇਸ ਸੰਗ੍ਰਹਿ ਨੂੰ ‘ਪੋਥੀ ਪਰਮੇਸ਼ਰ ਕਾ ਥਾਨ’ ਦੀ ਉਪਾਧੀ ਬਖ਼ਸ਼ੀ ਅਤੇ ਬਾਅਦ ਵਿੱਚ ਇਸੇ ਗ੍ਰੰਥ ਜੀ ਵਿੱਚ ਨੌਵੇਂ ਪਾਤਸ਼ਾਹ ਦੀ ਬਾਣੀ ਸ਼ਾਮਲ ਹੋਈ ਤੇ ਦਸਮੇਸ਼ ਪਿਤਾ ਨੇ ਇਸ ‘ਪੋਥੀ ਜੀ’ ਨੂੰ ਗੁਰੂ ਥਾਪ ਕੇ ਸਿੱਖ ਪੰਥ ਨੂੰ ਉਸ ਦੀ ਤਾਬਿਆ ਕਰ ਦਿੱਤਾ।

ਕਿੰਨੀ ਹੈਰਾਨੀ ਜਨਕ ਗੱਲ ਹੈ ਕਿ ਸ੍ਰੀ ਗ੍ਰੰਥ ਜੀ ਦੀ ਸੰਪਾਦਨਾ ਤੋਂ ਬਾਅਦ ਕੋਈ ਸੌ ਕੁ ਸਾਲ (1604 ਤੋਂ 1705) ਤੱਕ ਕੋਈ ਹੋਰ ਗ੍ਰੰਥ ਜੀ ਦਾ ਉਤਾਰਾ ਹੀ ਨਹੀਂ ਸੀ। ਉਸ ਸਮੇਂ ਗੁਟਕਿਆਂ ਦੀ ਪ੍ਰਥਾ ਪ੍ਰਚਲਿਤ ਨਹੀਂ ਸੀ। ਸਿੱਖ ਪਾਠ ਕਿੱਥੋਂ ਕਰਦੇ ਸਨ ਜਾਂ ਕਰਦੇ ਹੀ ਨਹੀਂ ਸਨ ? ਫੇਰ ਛੇਵੇਂ ਗੁਰਦੇਵ ਅਤੇ ਦਸਵੇਂ ਗੁਰਦੇਵ ਸਮੇਂ ਸਿੱਖਾਂ ਦੇ ਸ਼ੁੱਧ ਪਾਠ ਕਰਨ ਤੇ ਇਨਾਮ ਮਿਲਣ ਅਤੇ ਅਸ਼ੁੱਧ ਪਾਠ ਕਰਨ ਤੇ ਸਜ਼ਾ (ਭਾਵੇਂ ਪਿਆਰ ਭਰੀ ਹੀ ਸੀ) ਮਿਲਣ ਦੀਆਂ ਸਾਖੀਆਂ ਪ੍ਰਚਲਿਤ ਹਨ।

ਸ੍ਰੀ ਗ੍ਰੰਥ ਜੀ ਦੀ ਸੰਪਾਦਨਾ ਉਪਰੰਤ ਜੇ ਕਰ ਭਾਈ ਬੰਨੋ ਜਿਲਦ ਬਣਵਾਉਣ ਗਿਆ, ਗੁਰੂ ਆਗਿਆ ਦੇ ਉਲਟ ਜਾ ਕੇ ਸ੍ਰੀ ਗ੍ਰੰਥ ਜੀ ਦਾ ਉਤਾਰਾ ਕਰ/ਕਰਵਾ ਲੈਂਦਾ ਹੈ ਤਾਂ ਕਿੰਝ ਮੰਨ ਲਿਆ ਜਾਵੇ ਕਿ ਅਗਲੇ ਸੌ ਕੁ ਸਾਲਾਂ ’ਚ ਗ੍ਰੰਥ ਜੀ ਦਾ ਕੋਈ ਉਤਾਰਾ ਅਤੇ ਉਤਾਰੇ ਦਾ ਉਤਾਰਾ ਹੀ ਨਹੀਂ ਸੀ। ਕੌਮ ਦੀ ਬਦਕਿਸਮਤੀ ਹੈ ਕਿ ਪਹਿਲਾਂ ਦੀਆਂ ਬੀੜਾਂ ਤਾਂ ਉਪਲਬਧ ਨਹੀਂ ਪਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਵਰੋਸਾਏ ਗੁਰੂ ਅਸਥਾਨ ਸ੍ਰੀ ਦਮਦਮਾ ਸਾਹਿਬ, ਜਿਸ ਦਾ ਪੁਰਾਣਾ ਨਾਮ ਪੁਰਾਣੀਆਂ ਲਿਖਤਾਂ ਵਿੱਚ ‘ਆਦਿ ਸਿੰਘਾਸਣ ਦਮਦਮਾ ਸਾਚ ਤਖਤ ਅਕਾਲ’ ਲਿਖਿਆ ਮਿਲਦਾ ਹੈ, ਵਿਖੇ ਦਰਬਾਰੀ ਲਿਖਾਰੀਆਂ ਦੀਆਂ ਨਾਵੇਂ ਪਾਤਸ਼ਾਹ ਦੇ ਸਮੇਂ ਆਰੰਭ ਕੀਤੀਆਂ ਸ੍ਰੀ ਗ੍ਰੰਥ ਜੀ ਦੀਆਂ ਬੀੜਾਂ ਵਿੱਚ ਨਾਵੇਂ ਪਾਤਸ਼ਾਹ ਦੀ ਸਾਰੀ ਬਾਣੀ ਸ਼ਾਮਲ ਕਰ ਕੇ ਬੀੜਾਂ ਸੰਪੂਰਨ ਕੀਤੀਆਂ ਗਈਆਂ। ਉਦਾਹਰਣ ਵਜੋਂ:

(1). ਢਾਕੇ ਵਾਲੀ ਬੀੜ – ਸੰਮਤ 1732 ਮਿਤੀ ਅਗਹਨ (ਹਿੰਦੀ ਕੋਸ਼ ਅਨੁਸਾਰ ਮੱਘਰ) 2 ਵਦੀ 7 ਗ੍ਰੰਥ ਲਿਖਿਆ। ਨੌਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ 13 ਦਿਨ ਪਹਿਲਾਂ ਅਨੰਦਪੁਰ ਦਮਦਮਾ ਸਾਹਿਬ ਸੰਪੂਰਨ ਹੋਈ।

(2). ਪਿੰਡੀ ਲਾਲਾ (ਗੁਜਰਾਤ) ਵਾਲੀ ਬੀੜ – ਸੂਚੀ ਪੱਤ੍ਰ ਪੋਥੀ ਕਾ ਤਤਕਰਾ ਰਾਗਾਂ ਕਾ ਸੰਮਤ 1732, ਪੋਹ ਤੇਵੀਵੇਂ ਪੋਥੀ ਲਿਖ ਪਹੁੰਚੇ।

(3). ਸੰਮਤ 1735, ਵੈਸਾਖ 13, ਪੋਥੀ ਲਿਖ ਪਹੁੰਚੇ।

ਇਤਿਹਾਸਕਾਰਾਂ ਅਨੁਸਾਰ ਭਾਈ ਹਰਦਾਸ ਜੀ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਧ ਹੁਸ਼ਿਆਰ, ਸਿਆਣੇ, ਨਿਮਰ ਤੇ ਅਨਿੰਨ ਸਿੱਖ ਲਿਖਾਰੀ ਸਨ। ਆਪ ਜੀ ਦੁਆਰਾ ਤਿਆਰ ਕੀਤੀ ਬੀੜ ਜੀ, ਜੋ ਹਰ ਹਾਲਤ ਸੰਮਤ 1732 ਤੋਂ ਬਾਅਦ ਅਤੇ ਦਸਮੇਸ਼ ਜੀ ਦੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸੰਪੂਰਨ ਹੋਈ ਕਿਉਂਕਿ ਇਸ ਵਿੱਚ ਕੇਵਲ ਨੌਵੇਂ ਸਤਿਗਰੂ ਜੀ ਦੇ ਜੋਤੀ ਜੋਤ ਸਮਾਵਣ ਦੇ ਚਰਿਤਰ ਹਨ। ਇਸ ਬੀੜ ਜੀ ਵਿੱਚ ਅੰਕ ਪੰਨਿਆਂ ਵਿੱਚ ਨਹੀਂ, ਪਤਰਿਆਂ ਵਿੱਚ ਹਨ। ਮੰਗਲਾਚਰਨ ਸਪਸ਼ਟ ਉੱਪਰ ਜਾਂ ਪਹਿਲਾਂ ਹਨ ਅਤੇ ਰਾਗਾਂ ਦੇ ਸਿਰਲੇਖ ਹੇਠਾਂ ਵਿਦਮਾਨ ਹਨ। ਸ੍ਰੀ ਸੁਖਮਨੀ ਸਾਹਿਬ ਦੇ ਮੰਗਲ ਤੇ ਸਿਰਲੇਖ ਦੀ ਸ਼ੁੱਧ ਤਰਤੀਬ ਇਉਂ ਅੰਕਿਤ ਹੈ:-

ੴ ਸਤਿ ਗੁਰ ਪ੍ਰਸਾਦਿ ਗਉੜੀ ਸੁਖਮਨੀ ਮਹਲਾ ੫ ਸਲੋਕ ਆਦਿ ਗੁਰਏ ਨਮਹ ॥ ਜੁਗਾਦਿ ਗੁਰਏ ਨਮਹ ॥

ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਬਕਾਇਦਾ ਅੰਕਤ ਹੈ। ਇਸ ਬੀੜ ਦੇ ਤਤਕਰੇ ਦੇ ਆਰੰਭ ਵਿੱਚ ਖੱਬੇ ਪਾਸੇ ਨੌਵੇਂ ਪਾਤਸ਼ਾਹ ਦਾ ਮੂਲ-ਮੰਤਰ ਚਸਪਾਂ (ਛਪਿਆ) ਹੈ। ਇਸੇ ਤਰ੍ਹਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਸ੍ਰੀ ਅੰਮ੍ਰਿਤਸਰ (ਜੋ ਆਪਣੇ ਤੇ ਬੇਗਾਨਿਆਂ ਨੇ ਫੂਕ ਕੇ ਸੁਆਹ ਕਰ ਦਿੱਤੀ ‘ਇੱਕ ਚਾਕ ਹੋ ਤੋ ਸੀ ਲੂੰ ਹਮਦਮ ਗ੍ਰੇਬਾਂ ਅਪਨਾ, ਜ਼ਾਲਮ ਨੇ ਫਾੜ ਡਾਲਾ ਇਸੇ ਤਾਰ ਤਾਰ ਕਰਕੇ’) ਦੇ ਨੰਬਰ 97 ’ਤੇ ਦਰਜ ਸੰਮਤ 1739 ਵਾਲੀ ਬੀੜ ਜੀ ਅਤੇ ਨੰਬਰ 14 ’ਤੇ ਦਰਜ ਸੰਮਤ 1742 ਵਾਲੀ ਬੀੜ ਜੀ ਅਤੇ 1748 ਵਾਲੀ ਬੀੜ ਜੀ, ਭਾਈ ਪਾਖਰ ਮਲ ਢਿੱਲੋਂ ਵਾਸੀ ਖਾਰਾ ਚੰਬਲ ਪੋਤ੍ਰਾਂ ਭਾਈ ਲੰਗਾਹ ਲਿਖਤ ਸੰਮਤ 1745 ਵਾਲੀ ਬੀੜ ਜੀ, ਇਸੇ ਤਰ੍ਹਾਂ ਸੰਮਤ 1735, 1746, 1759 ਦੀਆਂ ਅਤੇ ਧਰਮਕੋਟ, ਪਟਨਾ ਸਾਹਿਬ, ਸ੍ਰੀ ਅੰਮ੍ਰਿਤਸਰ, ਕਾਨਪੁਰ, ਕਾਹਨਗੜ ਆਦਿ ਸੁਸ਼ੋਭਿਤ ਅਨੇਕਾਂ ਸਤਿਕਾਰਤ ਬੀੜਾਂ ਇਸ ਗੱਲ ਦਾ ਅਕੱਟ ਸਬੂਤ ਹਨ ਕਿ ਗੁਰੂ ਤੇਗ ਬਹਾਦਰ ਜੀ ਸਮੇਂ ਅਤੇ ਖ਼ਾਸ ਕਰ ਦਸਵੇਂ ਗੁਰਦੇਵ ਜੀ ਸਮੇਂ ਬਹੁਤ ਸਾਰੀਆਂ ਬੀੜਾਂ ਦੇ ਉਤਾਰੇ ਹੋ ਚੁੱਕੇ ਸਨ।

ਉਪਰੋਕਤ ਲਿਖੇ ਅਨੁਸਾਰ ਇਹ ਸਾਬਤ ਹੁੰਦਾ ਹੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ 1705 ’ਚ ਤਲਵੰਡੀ ਸਾਬੋ ਪਹੁੰਚਣ ਤੋਂ ਪਹਿਲਾਂ ਬਹੁਤ ਸਤਿਕਾਰਤ ਬੀੜਾਂ ਦੇ ਉਤਾਰੇ ਹੋ ਚੁੱਕੇ ਸਨ। ਇਹ ਤਾਂ ਹੈ ਤਸਵੀਰ ਦਾ ਇੱਕ ਪਹਿਲੂ। ਤਸਵੀਰ ਦਾ ਦੂਜਾ ਰੁਖ ਹੈ ਵੀਹਵੀਂ ਸਦੀ ਦੇ ਸ਼ੁਰੂ ’ਚ ਪ੍ਰਚਲਿਤ ਹੋਈ ਸਾਖੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਮਤ 1762 ਨੂੰ ਤਲਵੰਡੀ ਸਾਬੋ ਵਾਲੇ ਦਮਦਮਾ ਸਾਹਿਬ ਵਿਖੇ ਰਸਨਾ (ਯਾਦਸ਼ਕਤੀ) ਰਾਹੀਂ ਭਾਈ ਮਨੀ ਸਿੰਘ ਜੀ ਪਾਸੋਂ ਲਿਖਵਾ ਕੇ ਬੀੜ ਤਿਆਰ ਕਰਵਾਈ, ਜਿਸ ਨੂੰ ਬਾਅਦ ਵਿੱਚ ਦਮਦਮੀ ਬੀੜ ਦਾ ਨਾਮ ਦਿੱਤਾ ਗਿਆ। ਆਉ ਜੀ ਕੁਝ ਤੱਥ ਪਾਠਕ ਜੀ ਦੀ ਨਜ਼ਰ ’ਚ ਹਨ, ਪਰਖ ਪੜਚੋਲ ਸੁਯੋਗ ਪਾਠਕ ਜੀ ਦੇ ਕਰਨ ਹਿਤ :

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬ ਕਲਾ ਸਮਰੱਥ ਸਨ, ਜੋ ਅਨੇਕਾਂ ਗ੍ਰੰਥ ਰਸਨਾ ਤੋਂ ਰਚ ਸਕਦੇ ਸਨ। ਗੁਰਦੇਵ ਜੀ ਦੀਆਂ ਸ਼ਕਤੀਆਂ ਤੇ ਕਿੰਤੂ ਕਰਨਾ ਇਸ ਕੀਟ ਦੀ ਢੀਠਤਾ ਭਰਪੂਰ ਅਵੱਗਿਆ ਹੋਵੇਗੀ, ਪਰ ਜੋ ਸੁਣੀ ਸੁਣਾਈ ਸਾਖੀ ਪ੍ਰਚਲਿਤ ਹੋਈ ਉਸ ਦੀ ਹੀ ਗੱਲ ਕਰਾਂਗਾ। ਸਭ ਤੋਂ ਪਹਿਲਾਂ ਗਿਆਨੀ ਗਿਆਨ ਸਿੰਘ ਅਤੇ ਉਸ ਉਪਰੰਤ ਉਹਨਾਂ ਦੀ ਲਿਖਤ ਦੇ ਆਧਾਰ ’ਤੇ ਕੁਝ ਲਿਖਾਰੀਆਂ ਨੇ ਇਹ ਸਾਖੀ ਮਸ਼ਹੂਰ ਕਰ ਦਿੱਤੀ ਕਿ ਦਸਮੇਸ਼ ਜੀ ਨੇ ਸੰਮਤ 1762 (ਸੰਨ 1705 ਈ.) ਨੂੰ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਬਠਿੰਡਾ ਵਿਖੇ ਆਦਿ ਬੀੜ ਆਪਣੇ ਅਨੁਭਵ ਰਾਹੀਂ ਉਚਾਰ ਕੇ, ਭਾਈ ਮਨੀ ਸਿੰਘ ਤੋਂ ਲਿਖਵਾ ਕੇ ਤੇ ਨਾਵੇਂ ਗੁਰੂ ਜੀ ਦੀ ਬਾਣੀ ਪਹਿਲੀ ਵਾਰ ਇਸ ਵਿੱਚ ਚਾੜ੍ਹ ਕੇ, ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਸੰਪਾਦਤ ਗ੍ਰੰਥ ਜੀ ਨੂੰ ਸੰਪੂਰਨ ਕੀਤਾ। ਇਸ ਸਾਰੀ ਘਟਨਾ ਨੂੰ ਗਿਆਨੀ ਜੀ ‘ਪੰਥ ਪ੍ਰਕਾਸ਼’ ਅਤੇ ‘ਤਵਾਰੀਖ ਗੁਰੂ ਖਾਲਸਾ’ ਵਿੱਚ ਇਉਂ ਅੰਕਿਤ ਕਰਦੇ ਹਨ। (ਉੱਥੇ ਕਵਿਤਾ ਹੈ ਵਾਰਤਕ ਪਾਠਕਾਂ ਦੀ ਸੁਵਿਧਾ ਲਈ ਲੇਖਕ ਵੱਲੋਂ ਹੈ) :-

(ਦੋਹਰਾ) ਆਨੰਦਪੁਰ ਵਿਖੇ ਇੱਕ ਵੇਰ ਗੁਰਦੇਵ (ਦਸਮੇਸ਼ ਜੀ) ਨੂੰ ਖ਼ਿਆਲ ਆਇਆ ਕਿ ਜੋ ਪੰਚਮ ਗੁਰੂ ਦੇ ਹੱਥਾਂ ਦਾ ਗ੍ਰੰਥ ਹੈ ਉਸ ਦੇ ਅਨੰਦਪੁਰ ਮੰਗਵਾ ਕਿ ਦਰਸ਼ਨ ਕਰੀਏ ਅਤੇ ਨਾਲ ਹੀ ਉਸ ਦਾ ਉਤਾਰਾ ਕਰਵਾ ਕੇ ਰਖਵਾ ਲਈਏ। ਇਸ ਵੀਚਾਰ ਅਧੀਨ ਗੁਰੂ ਜੀ ਨੇ ਸਿੱਖ ਕਰਤਾਰ ਪੁਰ ਧੀਰਮਲ ਪਾਸ ਭੇਜੇ। ਸਿੱਖਾਂ ਨੇ ਬਹੁਤ ਅਰਜ਼ ਕੀਤੀ ਪਰ ਧੀਰਮਲ ਨੇ ਬਹੁਤ ਬੇਪਰਵਾਹ ਹੋ ਕੇ, ਤਾੜ ਕੇ ਤੇ ਦਬਾਅ ਕੇ ਇੰਜ ਕਿਹਾ :

(ਚੋਪਈ) ਆਪਣੇ ਆਪ ਨੂੰ ਗੁਰੂ ਸਦਵਾਉਂਦਾ ਹੈ, ਪੰਥ ਚਲਾ ਰਿਹਾ ਹੈ, ਗ੍ਰੰਥ ਕਿਉਂ ਨਹੀਂ ਰਚ ਲੈਂਦਾ ਜੇ ਨਵਾਂ ਗ੍ਰੰਥ ਬਣਾ ਲਵੇ ਤਾਂ ਉਸ ਨੂੰ ਗੁਰੂ ਜਾਣੀਏ। ਪੰਚਮ ਗੁਰੂ ਦੀ ਤਰ੍ਹਾਂ ਬਾਣੀ ਉਚਾਰਨ ਕਰਨ, ਆਦਿ ਆਦਿ। ਸੋ ਧੀਰਮਲ ਨੇ ਗ੍ਰੰਥ ਨਾ ਦਿੱਤਾ। ਸਿੱਖਾਂ ਨੇ ਇਹ ਬ੍ਰਿਤਾਂਤ ਗੁਰਦੇਵ ਨੂੰ ਆ ਸੁਣਾਇਆ। ਇਸ ਉਪਰੰਤ ਗੁਰਦੇਵ ਨੂੰ ਅਵਕਾਸ਼ (ਵਿਹਲ) ਨਾ ਮਿਲਿਆ, ਬਹੁਤ ਬਖੇਰੇ ਰਹੇ। ਹੁਣ (ਤਲਵੰਡੀ ਸਾਬੋ ਆ) ਅਵਕਾਸ਼ ਮਿਲਿਆ। ਸੋ ਗ੍ਰੰਥ ਰਚਨ ਦੀ ਤਿਆਰੀ ਠਾਨੀ। ਤੰਬੂ ’ਚ ਬੈਠ ਭਾਈ ਮਨੀ ਸਿੰਘ ਪਾਸੋਂ ਲਿਖਾਣ ਲੱਗੇ। ਸਤਿਗੁਰ (੩ ਦੋ ਪਹਿਰ/ ੩ਇੱਕ ਪਹਿਰ) ਉਚਾਰਦੇ ਗਏ ਭਾਈ ਮਨੀ ਸਿੰਘ ਲਿਖਦੇ ਗਏ। ਏਥੋਂ ਹੀ ਇਹ ਬੀੜ ਦਮਦਮੀ ਬੀੜ ਅਖਵਾਉਣ ਲੱਗ ਪਈ। ਲਿਖਾਰੀਆਂ ਦੀਆਂ ਉਕਾਈਆਂ ਨਾਲ ਤਾਂ ਭਾਵੇਂ ਕੁਝ ਅੱਖਰਾਂ ਦਾ ਫ਼ਰਕ ਪੈ ਗਿਆ ਹੋਵੇ ਉਂਝ ਵਾਸਤਵ ਵਿੱਚ ਕੋਈ ਫ਼ਰਕ ਨਹੀਂ ਹੈ। ਇਹ ਗ੍ਰੰਥ ਦੀ ਕਥਾ ਮੈਂ ਕਹਿ ਰਿਹਾ ਹਾਂ ਜਿਵੇਂ ਸੁਣੀ ਸੁਣਾਈ ਹੈ।

ਉਪ੍ਰੋਕਤ ਪੰਥ ਪ੍ਰਕਾਸ਼ ਤੇ ਤਵਾਰੀਖ ਗੁਰੂ ਖਾਲਸਾ ਦੀਆ ਲਿਖਤਾਂ ’ਚੋਂ ਨੋਟ ਕਰਨ ਵਾਲੇ ਵਿਸ਼ੇਸ਼ ਨੁਕਤੇ ਕੁਝ ਇਸ ਤਰ੍ਹਾਂ ਹਨ:

(1). ਗੁਰੂ ਜੀ ਨੇ ਅਨੰਦਪੁਰ ਤੋਂ ‘ਆਦਿ ਬੀੜ’ ਦੀ ਮੰਗ ਭੇਜੀ ਤਾਂ ਜੋ ਉਸ ਉਤੋਂ ਹੋਰ ਉਤਾਰੇ ਕਰਵਾ ਲਏ ਜਾਣ; ਪ੍ਰੰਤੂ ਧੀਰਮਲ ਨੇ ਨਾਹ ਕਰਦਿਆਂ ਹੋਇਆਂ ਤਾਅਨਾ ਮਾਰਿਆ ਕਿ ਜਿਵੇਂ ਨਵਾਂ ਪੰਥ ਚਲਾਇਆ ਹੈ, ਤਿਵੇਂ ਨਵਾਂ ਗ੍ਰੰਥ ਵੀ ਰਚ ਲਵੋ। ਪਰ ਸ਼ਰਤ ਇਹ ਹੈ ਕਿ ਰਚੀ ਬਾਣੀ ਪਹਿਲੀ ਬਾਣੀ ਤੋਂ ਕਿਸੇ ਤਰ੍ਹਾਂ ਵੀ ਭਿੰਨ ਨਾ ਹੋਵੇ।

(2). ਇਹ 30 ਕੁ ਸਾਲ ਤੋਂ ਪੁਰਾਣਾ ਪਿਆ ਕੰਮ ਕਰਨ ਦਾ ਵਿਹਲ ਸਤਿਗੁਰਾਂ ਨੂੰ ਪਹਿਲੀ ਵੇਰ ਦਮਦਮਾ ਸਾਹਿਬ ਤਲਵੰਡੀ ਸਾਬੋ ਹੀ ਪ੍ਰਾਪਤ ਹੋਇਆ।

(3). ਗਿਆਨੀ ਜੀ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ ਕਿ ਸਤਿਗੁਰੂ ਤੰਬੂ ਵਿਚੋਂ ਰੋਜ਼ ਦੋ ਪਹਿਰ ਬਾਣੀ ਉਚਾਰਦੇ ਤੇ ਭਾਈ ਮਨੀ ਸਿੰਘ ਲਿਖੀ ਜਾਂਦੇ ਅਤੇ ਇਹ ਛੇਤੀ ਹੀ ਕਈ ਮਹੀਨਿਆਂ ਵਿੱਚ ਪੂਰਾ ਕੀਤਾ ਗਿਆ, ਪਰ ਤਵਾਰੀਖ ਗੁਰੁ ਖਾਲਸਾ ਵਿੱਚ ਲਿਖਦੇ ਹਨ ਕਿ ਗੁਰੂ ਜੀ ਇੱਕ ਪਹਿਰ ਨਿਤਾ ਪ੍ਰਤਿ ਬਾਣੀ ਉਚਾਰਦੇ ਤੇ ਲਿਖਵਾਉਂਦੇ।

(4). ਪੰਚਮ ਪਾਤਸ਼ਾਹ ਵਾਲੀ ਬੀੜ ਨਾਲੋਂ ਕੇਵਲ ਪੰਜਾਂ ਸੱਤਾਂ ਥਾਵਾਂ ਉੱਤੇ ਫਰਕ ਪਾਇਆ ਹੈ।

(5). ਗਿਆਨੀ ਜੀ ਅਨੁਸਾਰ ਗੁਰੂ ਜੀ ਨੇ ਨਵੀਂ ਬੀੜ ਤਾਂ ਰਚੀ; ਇਹ ਕਿਤੇ ਇਸ਼ਾਰੇ ਮਾਤਰ ਵੀ ਅੰਕਤ ਨਹੀਂ ਕੀਤਾ ਕਿ ਨੌਵੇਂ ਪਾਤਸ਼ਾਹ ਦੀ ਬਾਣੀ ਇਸ ਵਿੱਚ ਪਹਿਲੀ ਵੇਰ ਸ਼ਾਮਲ ਕਰ ਕੇ ਇਸ (ਬੀੜ ਜੀ) ਨੂੰ ਇੱਥੇ ਸੰਪੂਰਨ ਕੀਤਾ।

(6). ਗਿਆਨੀ ਜੀ ਨੇ ਇਹ ਸਾਖੀ ਜਿਵੇਂ ਸੁਣੀ ਸੁਣਾਈ ਸੀ, ਤਿਵੇਂ ਲਿਖ ਦਿਤੀ।

ਗਿਆਨੀ ਜੀ ਦੀ ਲਿਖਤ ਅਨੁਸਾਰ ਸਤਿਗੁਰਾਂ ਨੇ ਧੀਰਮਲ ਦੇ ਤਾਅਨੇ ਦਾ ਉੱਤਰ 30 ਕੁ ਸਾਲ ਬਾਅਦ ਦਿੱਤਾ। (ਧੀਰਮਲ ਅੋਰੰਗਜ਼ੇਬ ਦੇ ਹੁਕਮ ਨਾਲ ਸੰਮਤ 1733 ਨੂੰ ਫੜਿਆ ਅਤੇ ਰਣਥੰਭੋਰ ਦੇ ਕਿੱਲੇ ਵਿੱਚ 1734 ਨੂੰ ਕਤਲ ਕੀਤਾ ਜਾ ਚੁੱਕਾ ਸੀ ਤੇ ਉਸ ਦਾ ਪੁੱਤਰ ਉਸੇ ਕਿੱਲੇ ’ਚ 1735 ਨੂੰ ਕਤਲ ਕੀਤਾ ਗਿਆ ਸੀ) ਗੁਰੂ ਜੀ ਨੂੰ ਐਸੀ ਵਿਹਲ ਕੇਵਲ ਤਲਵੰਡੀ ਸਾਬੋ ਹੀ ਮਿਲੀ। ਜਦ ਕਿ ਗੁਰਦੇਵ ਸਾਲ-ਹਾ-ਸਾਲ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਪਾਉਂਟਾ ਸਾਹਿਬ ਜਿਹੇ ਰਮਣੀਕ ਤੇ ਇਕਾਂਤ ਥਾਵਾਂ ’ਤੇ ਵਿਚਰੇ, ਕੀ ਇਸ ਸਮੇਂ ਨੌਵੇਂ ਸਤਿਗੁਰਾਂ ਦੀ ਬਾਣੀ ਦੇ 59 ਸ਼ਬਦ ਤੇ 57 ਸਲੋਕ ਬੀੜ ਜੀ ਵਿੱਚ ਚੜ੍ਹਾਉਣ ਦਾ ਅਵਕਾਸ਼ ਨਹੀਂ ਸੀ ਮਿਲਿਆ ?

ਧੀਰਮਲ ਤਾਅਨੇ ਵਿੱਚ ਇਹ ਵੀ ਆਖਦਾ ਹੈ ਕਿ ਜਿਵੇਂ ਨਵਾਂ ਪੰਥ ਰਚਿਆ ਹੈ ਤਿਵੇਂ ਨਵਾਂ ਗ੍ਰੰਥ ਵੀ ਰਚ ਲਵੋ। ਪੰਥ ਤਾਂ ਸੰਮਤ 1756 ਨੂੰ ਸਾਜਿਆ ਪਰ ਤਾਅਨਾ ਮਿਲਿਆ 1732-33 ਵਿੱਚ। ਤਾਹਨਾ ਪਹਿਲਾਂ ਤੇ ਪੰਥ ਸਾਜਣਾ ਬਾਅਦ ਵਿੱਚ, ਕਿੰਨੇ ਅੰਤਰਜਾਮੀ ਸਨ ਧੀਰਮਲ ?

ਇੱਕ ਜਗਾ ਗਿਆਨੀ ਜੀ ਲਿਖਦੇ ਹਨ, ਗੁਰੂ ਜੀ ਦੋ ਪਹਿਰ ਬਾਣੀ ਉਚਾਰਦੇ ਸਨ ਤੇ ਦੂਜੀ ਜਗਾ ਇੱਕ ਪਹਿਰ ਲਿਖਦੇ ਹਨ। ਲਿਖਾਰੀ ਦੀ ਯਾਦਾਸ਼ਤ ਦੇ ਵਾਰੀ ਵਾਰੀ ਜਾਈਏ।

ਅੰਤ ਵਿੱਚ ਗਿਆਨੀ ਜੀ ਆਪ ਹੀ ਮੰਨਦੇ ਹਨ ਕਿ ਉਹਨਾਂ ਨੇ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਬੀੜ ਰਚਨਾ ਦੀ ਗੱਲ ਜਿਵੇਂ ਸੁਣੀ ਸੁਣਾਈ ਸੀ ਤਿਵੇਂ ਲਿਖ ਦਿੱਤੀ ਹੈ। ਇਸ ਦੇ ਦਰੁਸਤ ਹੋਣ ਦਾ ਦਾਅਵਾ ਉਹ ਆਪ ਵੀ ਨਹੀਂ ਭਰਦੇ। ਨਾ ਹੀ ਕਿਸੇ ਪਹਿਲੇ ਇਤਿਹਸਕਾਰ ਦਾ ਹਵਾਲਾ ਦਿੰਦੇ ਹਨ।

ਗਿਆਨੀ ਜੀ ਪੰਥ ਪ੍ਰਕਾਸ਼ ਤੇ ਤਵਾਰੀਖ ਗੁਰੂ ਖਾਲਸਾ ’ਚ ਕਿਤੇ ਵੀ ਇਹ ਜ਼ਿਕਰ ਨਹੀਂ ਕਰਦੇ ਕਿ ਨੌਵੇਂ ਪਾਤਸ਼ਾਹ ਦੀ ਬਾਣੀ ਪਹਿਲੀ ਵਾਰ ਇੱਥੇ ਚੜ੍ਹਾ ਕੇ ਸ੍ਰੀ ਗੁਰੂ ਗ੍ਰੰਥ ਜੀ ਦੀ ਇੱਥੇ (ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ) ਸੰਪੂਰਨਤਾ ਕੀਤੀ। ਉਹਨਾਂ ਅਨੁਸਾਰ ਤਾ ਦਸਮੇਸ਼ ਜੀ ਪੰਚਮ ਗੁਰਦੇਵ ਸੰਪਾਦਤ ਬੀੜ ਦੇ ਦਰਸ਼ਨ ਕਰਨਾ ਚਾਹੁੰਦੇ ਸਨ, ਨਾ ਕਿ ਉਹਨਾਂ ਨੂੰ ਕੋਈ ਹੋਰ ਬੀੜ ਨਹੀਂ ਸੀ ਮਿਲ ਸਕੀ। ਗੁਰਦੇਵ ਦੇ ਗੱਦੀ ਸੰਭਾਲਣ ਸੰਮਤ 1732 ਤੱਕ ਤਾਂ ਸੈਂਕੜੇ ਬੀੜਾਂ, ਸ਼ਰਧਾਲੂ ਸਿੱਖਾਂ ਅਤੇ ਕਿੱਤਾਕਾਰ ਲਿਖਾਰੀਆਂ ਵੱਲੋਂ ਲਿਖੀਆਂ ਜਾ ਚੁੱਕੀਆਂ ਸਨ।

ਗਿਆਨੀ ਗਿਆਨ ਸਿੰਘ ਜੀ ਦੀ ਉਪ੍ਰੋਕਤ ਲਿਖਤ ਤੋਂ ਢੇਰ ਚਿਰ ਬਾਅਦ ਸੰਤ ਪ੍ਰੇਮ ਸਿੰਘ ‘ਸੰਤ ਰੇਣ’ ਵੱਲੋਂ ਲਿਖੇ ਤੇ ਛਾਪੇ ਗਏ ਗ੍ਰੰਥ ‘ਸ੍ਰੀ ਗੁਰੁ ਪੁਰ ਪ੍ਰਕਾਸ਼’ ਵਿੱਚ ਗੁਰੂ ਜੀ ਦੇ ਧੀਰਮਲ ਤੋਂ ਆਦਿ ਬੀੜ ਮੰਗਣ ਦੀ ਵਾਰਤਾ ਨੂੰ ਦਮਦਮਾ ਸਾਹਿਬ ਤਲਵੰਡੀ ਸਾਬੋ ਨਾਲ ਜੋੜਿਆ ਹੈ, ਪਰ ਇਸੇ ਵਾਰਤਾ ਨੂੰ ਗਿਆਨੀ ਗਿਆਨ ਸਿੰਘ ਸ੍ਰੀ ਅਨੰਦਪੁਰ ਸਾਹਿਬ ਨਾਲ ਜੋੜਦਾ ਹੈ। ਇਸ ਗ੍ਰੰਥ ਅਨੁਸਾਰ ਭਾਈ ਰਾਮ ਸਿੰਘ ਦੀ ਅਗਵਾਈ ਹੇਠ ਪੰਜ ਸਿੰਘ (ਪਿੱਛੇ ਜਿਹੇ ਇੱਕ ਅਤਿ ਸਤਿਕਾਰਤ ਲਿਖਾਰੀ ਜੀ ਨੇ ਇਹ ਗਿਣਤੀ ਇੱਕ ਸੌ ਲਿਖੀ ਹੈ। ਜੇਕਰ ਪੰਥਕ ਆਗਿਆ ਹੋਵੇ ਤਾਂ ਮੈਂ ਵੱਡੀ ਗੱਪ ਮਾਰਾਂ ਤੇ ਇਹ ਗਿਣਤੀ 500 ਜਾਂ 1000 ਸਿੰਘ ਲਿਖ ਦਿਆਂ) ਧੀਰਮਲ ਨੂੰ ਕਰਤਾਰਪੁਰ ਜਾ ਕੇ ਮਿਲੇ, ਹਾਲਾਂ ਕਿ ਧੀਰਮਲ ਨੂੰ ਰਣਥੰਭੋਰ ਦੇ ਕਿੱਲੇ ’ਚ ਕਤਲ ਹੋਇਆਂ 29 ਕੁ ਸਾਲ ਹੋ ਚੁੱਕੇ ਸਨ। ਹੈਰਾਨੀ ਦੀ ਗੱਲ ਹੈ ਕਿ ਮੋਹਰੀ ਸਿੰਘ ਦਾ ਨਾਮ ਭਾਈ ਰਾਮ ਸਿੰਘ ਵੀ ਲਿਖ ਦਿੱਤਾ। ਸਭ ਤੋਂ ਉੱਤੇ ਬਗੈਰ ਕਿਸੇ ਹਵਾਲੇ ਦੇ ਸੰਤ ਰੇਣ ਜੀ ਨੇ ਗਿਆਨੀ ਜੀ ਤੋਂ ਇੱਕ ਕਦਮ ਹੋਰ ਅੱਗੇ ਪੁਟਿਆ ਤੇ ਲਿਖ ਦਿੱਤਾ ਕਿ ਦਸਮੇਸ਼ ਜੀ ਨੇ ਦਮਦਮਾ ਸਾਹਿਬ ਤਲਵੰਡੀ ਸਾਬੋ ਪਹਿਲੀ ਵਾਰ ਨੌਵੇਂ ਪਾਤਸ਼ਾਹ ਦੀ ਬਾਣੀ ਆਦਿ ਬੀੜ ਜੀ ਵਿੱਚ ਚਾੜ੍ਹੀ। ਜੋ ਮਨੋਕਲਪਨਾਤਮਿਕ ਉਡਾਰੀ ਦੀ ਕਸਰ ਗਿਆਨੀ ਗਿਆਨ ਸਿੰਘ ਜੀ ਤੋਂ ਰਹਿ ਗਈ ਸੀ ਉਹ ਸੰਤ ਪ੍ਰੇਮ ਸਿੰਘ ਸੰਤ ਰੇਣ ਜੀ ਨੇ ਪੂਰੀ ਕਰ ਦਿੱਤੀ।

ਗਿਆਨੀ ਫੌਜਾ ਸਿੰਘ ਸਾਬਕਾ ਮੁੱਖ ਸੇਵਾਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ: ਰਣਧੀਰ ਸਿੰਘ ਅਤੇ ਸ: ਸਮਸ਼ੇਰ ਸਿੰਘ ਅਸ਼ੋਕ ਦੋਵੇਂ ਸਾਬਕਾ ਰੀਸਰਚ ਸਕਾਲਰ ਸ਼੍ਰੋਮਣੀ ਕਮੇਟੀ ਸ੍ਰੀ ਅੰਮ੍ਰਿਤਸਰ, ਪ੍ਰਿੰਸੀਪਲ ਗਿਆਨੀ ਗਰਜਾ ਸਿੰਘ, ਪ੍ਰਿੰਸੀਪਲ ਤੇਜਾ ਸਿੰਘ, ਡਾਕਟਰ ਗੰਡਾ ਸਿੰਘ, ਭਾਈ ਸਾਹਿਬ ਪ੍ਰਿੰਸੀਪਲ ਹਰਿਭਜਨ ਸਿੰਘ, ਪ੍ਰੋ. ਪਿਆਰਾ ਸਿੰਘ ਪਦਮ, ਸ: ਜਸਵਿੰਦਰ ਸਿੰਘ ਐਮ. ਏ. ਦਿਲੀ, ਸ. ਜੀ. ਬੀ. ਸਿੰਘ, ਗਿਆਨੀ ਹਰਿਭਜਨ ਸਿੰਘ ਲੁਧਿਆਣਾ, ਪ੍ਰੋ. ਹਰਿਭਜਨ ਸਿੰਘ ਇੰਗਲੈਂਡ, ਪ੍ਰੋ. ਅਨੂਪ ਸਿੰਘ ਸਾਬਕਾ ਇੰਚਾਰਜ ਧਰਮ ਪ੍ਰਚਾਰ ਚੀਫ ਖਾਲਸਾ ਦੀਵਾਨ, ਗਿਆਨੀ ਭਗਤ ਸਿੰਘ ਸਾਬਕਾ ਮੈਨੇਜਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਗਿਆਨੀ ਕੇਵਲ ਸਿੰਘ ਸਾਬਕਾ ਮੁੱਖ ਸੇਵਾਦਾਰ ਤਖਤ ਸ੍ਰੀ ਦਮਦਮਾ ਸਾਹਿਬ, ਗਿਆਨੀ ਜਗਤਾਰ ਸਿੰਘ ‘ਜਾਚਕ’ ਇੰਟਰਨੈਸ਼ਨਲ ਮਿਸ਼ਨਰੀ ਆਦਿ ਸਭ ਵਿਦਵਾਨ ਇੱਕ ਰਾਇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1732 ਤੋਂ ਬਾਅਦ ਆਦਿ ਸਿੰਘਾਸਣ ਦਮਦਮਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੀੜਾਂ ਤਿਆਰ ਕਰਵਾਈਆਂ ਅਤੇ ਨੌਵੇਂ ਪਾਤਸ਼ਾਹ ਦੀ ਬਾਣੀ ਚੜ੍ਹਵਾ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਕੀਤੀ। ਹਾਂ ਬਾਅਦ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵੀ ਮਹਾਨ ਅਸਥਾਨ ਬਣਿਆ ਤੇ ਅਨੇਕਾਂ ਸਤਿਕਾਰਤ ਬੀੜਾਂ ਦੇ ਉਤਾਰੇ ਅਤੇ ਉਤਾਰੇ ਦੇ ਉਤਾਰੇ ਹੋਏ।

ਅੰਤ ਵਿੱਚ ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ‘ਅਜਨੋਹਾ’ ਜੀ ਸਾਬਕਾ ਮੁੱਖ ਸੇਵਾਦਾਰ ਤਖਤ ਸੀ੍ਰ ਅਕਾਲ ਤਖਤ ਅੰਮ੍ਰਿਤਸਰ ਅਤੇ ਸਾਬਕਾ ਮੁੱਖ ਸੇਵਾਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਲੈਟਰ ਹੈੱਡ ’ਤੇ ਲਿਖੇ 3 ਅਕਤੂਬਰ 1976 ਦੇ ਪੱਤਰ ਦਾ ਹਵਾਲਾ ਦਿੰਦਾ ਹਾਂ:-

ਗੁਰਦੁਆਰਾ ਦਮਦਮਾ ਸਾਹਿਬ

ਇਸ ਪਵਿੱਤਰ ਅਸਥਾਨ ’ਤੇ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤੋਂ ਸੰਮਤ 1735 ਬਿਕਰਮੀ ਵਿੱਚ ਆਦਿ ਸ੍ਰੀ ਗੁਰੂ ਗਰੰਥ ਜੀ ਦੀ ਬੀੜ ਲਖਵਾਈ ਸੀ ਤੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਬਾਣੀ ਚੜਵਾ ਕੇ ਬੀੜ ਸੰਪੂਰਨ ਕਰਵਾਈ ਸੀ।

ਸਹੀ- ਗੁਰਦਿਆਲ ਸਿੰਘ ਅਜਨੋਹਾ, ਜ. ਤਖਤ ਸ੍ਰੀ ਕੇਸਗੜ ਸਾਹਿਬ, ਅਨੰਦਪੁਰ ਸਾਹਿਬ

ਤੱਥ ਸੁਯੋਗ ਪਾਠਕਾਂ ਦੀ ਸੇਵਾ ਸਪੁਰਦ ਹਨ – ਫੈਸਲਾ ਤਹੱਮਲ ਤੇ ਬੁਰਦਬਾਰੀ ਨਾਲ ਪੰਥ ਹੱਥ – ਅਰਦਾਸ ਗੋ :

ਬਾਤ ਕਰਤਾ ਹੂੰ ਤੋ ਸ਼ਾਇਦ ਉਨ ਕੋ ਹੋ ਸ਼ਿਕਾਇਤ, ਚੁੱਪ ਰਹਿਤਾ ਹੂੰ ਤੋ ਮੇਰੀ ਨਾਨਕ ਸੇ ਕੋਤਾਹੀ ਹੋਤੀ ਹੈ। (ਹਮਰਾਜ਼-ਬਿਨ-ਹਮਰਾਜ਼)