‘ਜਪੁ’ ਬਾਣੀ ਦੀ ਸੰਖੇਪ ’ਚ ਬਹੁ ਪੱਖੀ ਵਿਚਾਰ (ਭਾਗ 2)

0
1411

ਜਪੁ ਪਉੜੀ 4 ਤੋਂ 15

ਸਾਚਾ ਸਾਹਿਬੁ, ਸਾਚੁ ਨਾਇ; ਭਾਖਿਆ, ਭਾਉ ਅਪਾਰੁ

ਅਰਥ : (‘ਵੇਪਰਵਾਹੁ’ ਦਾਤਾਰ) ਮਾਲਕ ਸਥਿਰ ਹੈ (ਉਸ ਦਾ) ਨਿਆਇ (ਇਨਸਾਫ਼, ਸੱਚ-ਝੂਠ ਦਾ ਨਿਤਾਰਾ ਕਰਨ ਦਾ ਤਰੀਕਾ) ਵੀ ਅਟੱਲ/ਅਭੁੱਲ ਹੈ।  ਅਥਾਹ ਪਿਆਰ ਉਸ ਦੀ ਬੋਲੀ ਹੈ (ਭਾਵ ਇਨਸਾਫ਼ ਕਰਦਿਆਂ ਕਰੋਧਿਤ ਹੋ ਕੇ ਗ਼ਲਤ ਨਿਰਣਾ ਨਹੀਂ ਕਰਦਾ)।

ਆਖਹਿ, ਮੰਗਹਿ, ਦੇਹਿਦੇਹਿ; ਦਾਤਿ ਕਰੇ, ਦਾਤਾਰੁ    ਉਚਾਰਨ : ਆਖਹਿਂ, ਮੰਗਹਿਂ, ਦੇਹ-ਦੇਹ।

ਅਰਥ : (ਬਿਨਾਂ ਮੰਗੇ ਮਿਲੀ ਦਾਤ ਤੋਂ ਬਾਅਦ ਕਈ ਉਸ ਦੇ ਦਰ ’ਤੇ ਹੋਰ-ਹੋਰ ਫ਼ਰਿਆਦਾਂ) ਕਰਦੇ ਹਨ, (ਕੁੱਝ) ਮੰਗਦੇ ਹਨ (ਕਿ ਇਹ ਜਾਂ ਉਹ ਹੋਰ) ਦੇਹ ਦੇਹ (ਪਰ) ਦਾਤਾਂ ਦਾ ਮਾਲਕ (ਲੋੜ ਅਨੁਸਾਰ ਸਭ ਨੂੰ) ਦਾਤ ਦੇਂਦਾ ਆ ਰਿਹਾ ਹੈ।

(ਨੋਟ: ਗੁਰਮਤਿ ਅਨੁਸਾਰ ਰੱਬੀ ਦਰ ’ਤੇ ਦੁਨਿਆਵੀ ਪਦਾਰਥਾਂ ਦੀ ਮੰਗ ਝੱਖ ਮਾਰਨ ਬਰਾਬਰ ਹੈ, ‘‘ਨਾਨਕ  !  ਬੋਲਣੁ ਝਖਣਾ; ਦੁਖ ਛਡਿ, ਮੰਗੀਅਹਿ ਸੁਖ   ਸੁਖੁ ਦੁਖੁ ਦੁਇ, ਦਰਿ ਕਪੜੇ; ਪਹਿਰਹਿ ਜਾਇ ਮਨੁਖ   ਜਿਥੈ ਬੋਲਣਿ ਹਾਰੀਐ; ਤਿਥੈ ਚੰਗੀ ਚੁਪ ’’ (ਮਹਲਾ ੧, ਪੰਨਾ ੧੪੯)

ਸਰਬੋਤਮ ਮੰਗ ਹੈ, ‘‘ਮਾਗਨਾ, ਮਾਗਨੁ ਨੀਕਾ (ਸ੍ਰੇਸ਼ਟ); ਹਰਿ ਜਸੁ, ਗੁਰ ਤੇ ਮਾਗਨਾ’’ (ਮਹਲਾ ੫, ਪੰਨਾ ੧੦੧੮), ਇਸ ਲਈ ਇੱਕੋ ਮੰਗ ਕੀਤੀ ਗਈ ਕਿ ‘‘ਗੁਰਾ  ! ਇਕ ਦੇਹਿ ਬੁਝਾਈ ਸਭਨਾ ਜੀਆ ਕਾ ਇਕੁ ਦਾਤਾ; ਸੋ , ਮੈ ਵਿਸਰਿ ਜਾਈ’’)

ਫੇਰਿ, ਕਿ ਅਗੈ ਰਖੀਐ  ? ਜਿਤੁ ਦਿਸੈ ਦਰਬਾਰੁ

ਅਰਥ : (ਪਹਿਲਾ ਸਵਾਲ: ਰੱਬੀ ਦਰੋਂ ਮਿਲੀ ਦਾਤ ਮੁੜ ਉਸ ਨੂੰ ਦੇਣ ਤੋਂ ਬਿਨਾਂ) ਫਿਰ ਹੋਰ ਕਿਹੜੀ (ਭੇਟਾ, ਉਸ) ਅੱਗੇ ਰੱਖੀ ਜਾ ਸਕਦੀ ਹੈ, ਜਿਸ ਨਾਲ਼ (ਅਚਿੰਤ ‘ਵੇਪਰਵਾਹੁ’ ਮਾਲਕ ਦਾ) ਦਰਬਾਰ (ਉਸ ਦੀ ਮੌਜੂਦਗੀ ਦਾ ਅਹਿਸਾਸ ਹੁੰਦਾ) ਵਿਖਾਈ ਦੇਵੇ  ?

ਮੁਹੌ, ਕਿ ਬੋਲਣੁ ਬੋਲੀਐ  ? ਜਿਤੁ ਸੁਣਿ, ਧਰੇ ਪਿਆਰੁ  ਉਚਾਰਨ : ਮੁਹੌਂ।

ਅਰਥ : (ਦੂਜਾ ਸਵਾਲ) ਮੂੰਹ ਤੋਂ ਕਿਹੋ ਜਿਹਾ ਵਚਨ ਬੋਲਣਾ ਚਾਹੀਦਾ ਹੈ, ਜਿਸ ਨੂੰ ਸੁਣਨ ਨਾਲ਼ (ਮਿਠ ਬੋਲੜਾ ਜੀ, ਹਰਿ ਸਜਣੁ ਸੁਆਮੀ ਮੋਰਾ (ਮ: ੫, ਪੰਨਾ ੭੮੪) ਸਾਨੂੰ ਵੀ) ਪਿਆਰ ਕਰੇ  ?

ਅੰਮ੍ਰਿਤ ਵੇਲਾ, ਸਚੁ ਨਾਉ; ਵਡਿਆਈ ਵੀਚਾਰੁ

ਅਰਥ :  (ਜਵਾਬ : ਕੁਦਰਤ ਵੱਲੋਂ ਤੋਹਫ਼ੇ ’ਚ ਮਿਲੇ ਸੁਬ੍ਹਾ ਦੇ ਸ਼ਾਂਤ-ਇਕਾਂਤ-) ਅੰਮ੍ਰਿਤਮਈ ਸਮੇਂ (’ਚ ਰੱਬੀ) ਉਸਤਤ ਤੇ (ਰੱਬੀ ਗੁਣਾਂ ਦੀ) ਵਿਚਾਰ (ਤੁਲਨਾਤਮਿਕ ਮੰਥਨ) ਕਰਨੀ ਚਾਹੀਦੀ ਹੈ।

ਕਰਮੀ, ਆਵੈ ਕਪੜਾ; ਨਦਰੀ, ਮੋਖੁ ਦੁਆਰੁ

ਅਰਥ : ਰੱਬੀ ਮਿਹਰ ਨਾਲ਼ (ਮਨੁੱਖਾ ਸਰੀਰ-) ਕੱਪੜਾ (ਜਨਮ) ਧਾਰਦਾ ਹੈ (ਕਪੜੁ ਰੂਪੁ ਸੁਹਾਵਣਾ; ਛਡਿ ਦੁਨੀਆ ਅੰਦਰਿ ਜਾਵਣਾ ਮਹਲਾ ੧, ਪੰਨਾ ੪੭੦) ਅਤੇ ਸਾਝਰੇ ਕੀਤੀ ਗਈ ਰੱਬੀ ਗੁਣਾਂ ਦੀ ਤੁਲਨਾਤਮਿਕ ਵਿਚਾਰ ਉਪਰੰਤ ਰੱਬ ਵੱਲੋਂ ਹੁੰਦੀ ਹੋਰ) ਮਿਹਰ ਨਾਲ਼ ਮੁਕਤੀ ਵਾਲ਼ਾ ਬੂਹਾ (ਰਾਤ ਉਪਰੰਤ ਪ੍ਰਭਾਤ ਵੇਲ਼ੇ ਵਾਙ ਉਜਾਲਾ) ਖੁੱਲ੍ਹਦਾ ਹੈ ।

(ਨੋਟ : ਗੁਰਦੁਆਰਿਆਂ ’ਚ ਚਲਦੇ ਕੀਰਤਨ ਦੌਰਾਨ ਹੀ ਕੁਝ ਸੰਗਤ ਆਪਣਾ-ਆਪਣਾ ਨਿਤਨੇਮ ਕਰਦੀ ਵੇਖੀ ਜਾ ਸਕਦੀ ਹੈ, ਜੋ ਧਿਆਨ ਸਾਧਨਾ ’ਚ ਪੈਂਦੇ ਵਿਘਨ ਤੋਂ ਅਣਜਾਣ ਹੁੰਦੀ ਹੈ।  ਅੰਮ੍ਰਿਤ ਵੇਲ਼ੇ ਦੀ ਮਹਾਨਤਾ; ਦਿਮਾਗ਼ੀ ਫੁਰਨਿਆਂ ਦੇ ਅਭਾਵ ਕਾਰਨ ਹੈ। ਅਗਰ ਕੋਈ ਸੁਬ੍ਹਾ ਉਠਦਿਆਂ ਹੀ ਅਖ਼ਬਾਰ ਪੜ੍ਹ ਲਏ ਤਾਂ ਦਿਮਾਗ਼ੀ ਫੁਰਨੇ ਵਿਕਰਾਲ ਰੂਪ ਧਾਰ ਲੈਣਗੇ, ਫਿਰ ਪਾਠ ’ਚ ਸੁਰਤ ਟਿਕਾਉਣੀ ਅਸੰਭਵ ਹੈ। ਗੁਰੂ ਨਾਨਕ ਸਾਹਿਬ ਜੀ ਇਸ ਰਾਜ਼ ਨੂੰ ਇਉਂ ਸਮਝਾਉਂਦੇ ਹਨ, ‘‘ਸੇਈ ਪੂਰੇ ਸਾਹ; ਵਖਤੈ ਉਪਰਿ ਲੜਿ ਮੁਏ ਦੂਜੈ (ਪਹਿਰ ’ਚ) ਬਹੁਤੇ ਰਾਹ; ਮਨ ਕੀਆ ਮਤੀ ਖਿੰਡੀਆ ਬਹੁਤੁ ਪਏ ਅਸਗਾਹ; ਗੋਤੇ ਖਾਹਿ, ਨਿਕਲਹਿ (ਮਾਝ ਕੀ ਵਾਰ, : , ਪੰਨਾ ੧੪੬) ਇਸ ਲਈ ਸਿੱਖ ਰਹਿਤ ਮਰਯਾਦਾ ਦੇ ਅੰਕ 13 ’ਤੇ ਇਉਂ ਦਰਜ ਹੈ, ‘ਸੰਗਤ ਵਿੱਚ ਇਕ ਵਕਤ ਇਕੋ ਗੱਲ ਹੋਣੀ ਚਾਹੀਏ-ਕੀਰਤਨ ਜਾਂ ਕਥਾ, ਵਖਿਆਨ ਜਾਂ ਪਾਠ।)

ਨਾਨਕ  !  ਏਵੈ ਜਾਣੀਐ; ਸਭੁ ਆਪੇ ਸਚਿਆਰੁ   ਉਚਾਰਨ : ਏਵੈਂ।

ਅਰਥ : ਹੇ ਨਾਨਕ  ! (ਪਰ ਉੱਚਾ ਰੁਤਬਾ ਰੱਬੀ ਮਿਹਰ ’ਤੇ ਨਿਰਭਰ ਹੈ, ਜਿਸ ਨੂੰ ਚਾਹੇ ਦੇਵੇ ਜਾਂ ਨਾ ਦੇਵੇ ਤਾਂ ਤੇ) ਇਉਂ ਵਿਸ਼ਵਾਸ ਧਾਰਨਾ ਹੈ ਕਿ ਸਭ (ਹਰ ਉੱਚਾ-ਨੀਵਾਂ ਰੁਤਬਾ) ਸੱਚ ਦਾ ਸਰੋਤ (‘ਸਚਿਆਰੁ’ ਮਾਲਕ) ਆਪ ਹੀ ਹੈ। ੪।

(ਨੋਟ : ਇਸ ਪੰਕਤੀ ’ਚ ‘ਸਭੁ’ ਦਾ ਅਰਥ, ‘ਸਭ ਥਾਈਂ’ ਭਾਵ ‘ਮਾਲਕ ਸਭ ਥਾਈਂ ਆਪ ਹੀ ਭਰਪੂਰ ਹੈ’, ਵੀ ਕੀਤਾ ਜਾਂਦਾ ਹੈ, ਪਰ ‘ਸਭੁ’ (ਅੰਤ ਔਕੜ) ਪੁਲਿੰਗ ਹੈ, ਜੋ ‘ਸਭ ਥਾਈਂ’ ਇਸਤ੍ਰੀ ਲਿੰਗ ਦੇ ਅਰਥਾਂ ਲਈ ਸਹੀ ਨਹੀਂ।  ਇਸਤ੍ਰੀ ਲਿੰਗ ‘ਸਭ’ (ਮੁਕਤਾ ਅੰਤ) ਗੁਰਬਾਣੀ ’ਚ ਇਉਂ ਦਰਜ ਹੈ :

ਸਭ (ਲੁਕਾਈ) ਤੇਰੀ; ਤੂੰ ਸਭਨੀ ਧਿਆਇਆ (ਮਹਲਾ , ਪੰਨਾ ੧੧) ‘ਸਭ’ (ਲੁਕਾਈ, ਇਸਤ੍ਰੀ ਲਿੰਗ)

ਸਭ ਦੁਨੀਆ (ਇਸਤ੍ਰੀ ਲਿੰਗ); ਆਵਣ ਜਾਣੀਆ (ਮਹਲਾ , ਪੰਨਾ ੨੬), ਆਦਿ।

ਗੁਰਬਾਣੀ ਅਨੁਸਾਰ ਜਗਤ ਰਚਨਾ ਇੱਕ ਖੇਡ ਹੈ, ਜਿੱਥੇ ਮਨਮੁਖੀ ਤੇ ਗੁਰਮੁਖੀ ਕਿਰਦਾਰ ਟਕਰਾਉਂਦੇ ਰਹਿੰਦੇ ਹਨ।  ਇਸ ਖੇਡ ’ਚ ਗੁਰਮੁਖ ਦੀ ਜਿੱਤ ਤੇ ਮਨਮੁਖ ਦੀ ਹਾਰ ਹੁੰਦੀ ਹੈ।  ਗੁਰਮੁਖ ਨੂੰ ਸੰਜੋਗੁ (ਜੁੜਨਾ) ਤੇ ਮਨਮੁਖ ਨੂੰ ਵਿਜੋਗੁ (ਟੁੱਟਣਾ) ਵੀ ਕਿਹਾ ਗਿਆ, ਭਾਵੇਂ ਕਿ ਦੋਵੇਂ ਹੀ ਰੱਬੀ ਹੁਕਮ ’ਚ ਸੰਘਰਸ਼ ਕਰਦੇ ਹਨ, ‘‘ਸੰਜੋਗੁ ਵਿਜੋਗੁ ਦੁਇ, ਕਾਰ ਚਲਾਵਹਿ.. ॥’’ (ਜਪੁ)

ਗੁਰਮਤਿ ਦੇ ਹਰ ਵਿਸ਼ੇ ਦੀ ਸਮਾਪਤੀ ’ਚ ਇਹ ਭਾਵਨਾ ਕਿ ਇਹ ਦੋਵੇਂ ਰੱਬੀ ਹੁਕਮ ਵਿੱਚ ਕਾਰਜਸ਼ੀਲ ਹਨ, ਦਰਸਾਇਆ ਜਾਂਦਾ ਹੈ, ਇਸ ਲਈ ‘‘ਅੰਮ੍ਰਿਤ ਵੇਲਾ, ਸਚੁ ਨਾਉ; ਵਡਿਆਈ ਵੀਚਾਰੁ’’ ਰਾਹੀਂ ਕੀਤੀ ਗਈ ਕਮਾਈ ਅਤੇ ਇਸ ਪੱਖੋਂ ਰਹੀ ਅਣਗਹਿਲੀ ਦੋਵਾਂ ਨੂੰ ਰੱਬੀ ਹੁਕਮ ’ਚ ਵਿਚਰਦੇ ਵਿਖਾਉਣ ਲਈ ‘‘ਸਭੁ ਆਪੇ ਸਚਿਆਰੁ ’’ ਦਾ ਅਰਥ ‘ਹਰ ਰੁਤਬਾ (ਉੱਚਾ ਜਾਂ ਨੀਵਾਂ) ਦੇਣ ਵਾਲ਼ਾ ਆਪ ਹੀ ‘ਸਚਿਆਰੁ’ ਹੈ, ਵਧੇਰੇ ਸਹੀ ਜਾਪਦਾ ਹੈ।

ਅਗਾਂਹ 5ਵੀਂ ਤੋਂ 15ਵੀਂ ਪਉੜੀ ਤੱਕ ਉੱਚੇ ਰੁਤਬੇ (ਰੱਬੀ ਮਿਲਾਪ) ਤੇ ਆਮ ਮਨੁੱਖੀ ਜੀਵਨ ਦਰਮਿਆਨ ਵਿਚੋਲੇ ਦੀ ਭੂਮਿਕਾ ਨਿਭਾਉਣ ਵਾਲ਼ੇ ‘ਗੁਰੂ’ ਦੀ ਅਹਿਮੀਅਤ ਨੂੰ ਦਰਸਾਇਆ ਗਿਆ ਹੈ। ਗੁਰੂ ਸ਼ਖ਼ਸੀਅਤ ਨੂੰ ਸਰਬੋਤਮ ਸਿੱਧ ਕਰਨ ਲਈ ਤੁਲਨਾਤਮਿਕ ਪੱਖੋਂ ਕੁਝ ਦੁਨਿਆਵੀ ਮਿਸਾਲਾਂ (ਨਾਦੰ, ਵੇਦੰ, ਈਸਰੁ, ਗੋਰਖੁ, ਬਰਮਾ, ਪਾਰਬਤੀ, ਮਾਈ, ਆਦਿ) ਦੀ ਟੇਕ ਵੀ ਲਈ ਗਈ ਹੈ।)

ਥਾਪਿਆ ਜਾਇ; ਕੀਤਾ ਹੋਇ ਆਪੇ ਆਪਿ, ਨਿਰੰਜਨੁ ਸੋਇ

ਅਰਥ : ਆਪਣੇ ਆਪ ਹੀ (ਵਜੂਦ ’ਚ ਆਏ) ਉਸ ‘ਨਿਰੰਜਨੁ’ (ਨਿਰਲੇਪ/ਅਦ੍ਰਿਸ਼) ਨੂੰ (ਕਿਸੇ ਹੁਨਰ ਨਾਲ਼ ਮੂਰਤੀ ਵਾਙ) ਚਿਤਰਿਆ ਨਹੀਂ ਜਾ ਸਕਦਾ, ਜੋ ਬਣਦਾ ਨਹੀਂ, ਉਹ ਸਥਾਪਤ ਵੀ ਨਹੀਂ ਹੋ ਸਕਦਾ (ਰੂਪੁ ਰੇਖ, ਰੰਗੁ ਕਿਛੁ, ਤ੍ਰਿਹੁ ਗੁਣ ਤੇ (ਭਾਵ ਵਿਖਾਈ ਦੇਣ ਤੋਂ) ਪ੍ਰਭ ਭਿੰਨ ਮਹਲਾ ੫, ਪੰਨਾ ੨੮੩)

ਜਿਨਿ ਸੇਵਿਆ, ਤਿਨਿ ਪਾਇਆ ਮਾਨੁ ਨਾਨਕਗਾਵੀਐ ਗੁਣੀ ਨਿਧਾਨੁ

ਅਰਥ : ਹੇ ਨਾਨਕ ! ਜਿਸ ਨੇ (ਉਸ) ਗੁਣਾਂ ਦੇ ਖ਼ਜ਼ਾਨੇ ਨੂੰ ਯਾਦ ਕੀਤਾ, ਰੱਬੀ ਗੁਣਾਂ ਦਾ ਵਖਿਆਨ ਕੀਤਾ, ਉਸ ਨੇ (ਇੱਕ ਦਾ ਹੋ ਕੇ ਹਰ ਥਾਂ) ਸਤਿਕਾਰ ਪ੍ਰਾਪਤ ਕੀਤਾ ਹੈ।

ਗਾਵੀਐ, ਸੁਣੀਐ; ਮਨਿ ਰਖੀਐ ਭਾਉ  ਦੁਖੁ ਪਰਹਰਿ, ਸੁਖੁ; ਘਰਿ ਲੈ ਜਾਇ

ਅਰਥ : (ਜ਼ਬਾਨ ਨਾਲ਼ ਉਸ ਨੂੰ) ਗਾਉਣਾ ਚਾਹੀਦਾ ਹੈ, (ਕੰਨਾਂ ਨਾਲ਼, ਉਸ ਦੀ ਮਹਿਮਾ) ਸੁਣਨੀ ਚਾਹੀਦੀ ਹੈ, (ਉਸ ਪ੍ਰਤਿ) ਆਪਣੇ ਮਨ ਵਿੱਚ ਪ੍ਰੇਮ ਪੈਦਾ ਕਰਨਾ ਚਾਹੀਦਾ ਹੈ (ਤਾਂ ਜੋ ਮਨੁੱਖ ਉਸ ਦੇ ਵਿਛੋੜੇ/ਪਰਦੇ ਦਾ) ਦੁਖ (ਕੂੜੈ..ਪਾਲਿ) ਨੂੰ ਦੂਰ ਕਰ ਕੇ ਹਿਰਦੇ (ਘਰ) ਵਿੱਚ (ਰੱਬੀ ਮਿਲਾਪ-) ਸੁੱਖ ਅਨੰਦ ਲੈ ਜਾਇ। (ਪਰ ਇਹ ਰੁਤਬਾ ਗੁਰ ਪ੍ਰਸਾਦਿ ਰਾਹੀਂ ਸੰਭਵ ਹੈ ਤਾਂ ਤੇ)

ਗੁਰਮੁਖਿ ਨਾਦੰ, ਗੁਰਮੁਖਿ ਵੇਦੰ; ਗੁਰਮੁਖਿ ਰਹਿਆ ਸਮਾਈ

ਅਰਥ : ਗੁਰੂ ਹੀ ਨਾਦੰ (ਯੋਗੀਆਂ ਦੀ ਸਿੰਙੀ ਨਾਦ ਧੁਨਿ) ਆਵਾਜ਼ ਹੈ, ਗੁਰੂ ਹੀ ਵੇਦੰ (ਵੇਦ-ਸ਼ਾਸਤਰ) ਗਿਆਨ ਹੈ (ਕਿਉਂਕਿ) ਗੁਰੂ ਹੀ (ਰੱਬ ਦੀ) ਕਣ-ਕਣ ਵਿੱਚ ਮੌਜੂਦਗੀ ਨੂੰ ਜ਼ਾਹਰ ਕਰਵਾਉਂਦਾ ਹੈ।

ਗੁਰੁ ਈਸਰੁ, ਗੁਰੁ ਗੋਰਖੁ ਬਰਮਾ; ਗੁਰੁ ਪਾਰਬਤੀ ਮਾਈ     ਉਚਾਰਨ : ਈਸ਼ਰ, ਬਰ੍ਹਮਾ।

ਅਰਥ : ਗੁਰੂ ਹੀ ਸ਼ਿਵ, ਗੋਰਖ, ਬ੍ਰਹਮਾ (ਵਿਸ਼ਨੂੰ, ਰਾਮ, ਕ੍ਰਿਸ਼ਨ, ਗਣੇਸ਼, ਹਨੁਮਾਨ, ਸ਼ਨੀ, ਆਦਿ ਦੇਵਤਾ ਹੈ) ਤੇ ਗੁਰੂ ਹੀ ਪਾਰਬਤੀ, ਲੱਛਮੀ (ਦੁਰਗਾ, ਕਾਲਕਾ, ਸਰਸਵਤੀ, ਚੰਡੀ, ਆਦਿ ਦੇਵੀ) ਹੈ (ਭਾਵ ਗੁਰੂ ਦੀ ਸ਼ਰਨ ਆਉਣ ਤੋਂ ਬਾਅਦ ਕਿਸੇ ਹੋਰ ਆਸਰੇ ਦੀ ਲੋੜ ਨਹੀਂ।)

ਜੇ ਹਉ ਜਾਣਾ, ਆਖਾ ਨਾਹੀ; ਕਹਣਾ ਕਥਨੁ ਜਾਈ     ਉਚਾਰਨ : ਹਉਂ, ਆਖਾਂ, ਨਾਹੀਂ।

ਅਰਥ : (ਗੁਰੂ ਕਿਰਪਾ ਨਾਲ਼) ਅਗਰ ਮੈਂ ਸਮਝ ਲਵਾਂ (ਕਿ ਗੁਰੂ, ਮਨੁੱਖਤਾ ਦੇ ਸੁਰਤ ਵਿਕਾਸ ’ਚ ਕੀ-ਕੀ ਯੋਗਦਾਨ ਪਾਉਂਦਾ ਹੈ  ? ਤਾਂ ਵੀ ‘ਗੁਰੂ’ ਮਹਿਮਾ ਬਾਰੇ ਮੈਂ ਪੂਰਾ) ਅਨੁਮਾਨ ਨਹੀਂ ਲਗਾ ਸਕਦਾ (ਤਾਂ ਤੇ ‘ਗੁਰੂ’ ਅੱਗੇ ਇਹੀ ਫ਼ਰਿਆਦ ਕਰਨੀ ਫਬਦੀ ਹੈ ਕਿ)

ਗੁਰਾ  !  ਇਕ ਦੇਹਿ ਬੁਝਾਈ ਸਭਨਾ ਜੀਆ ਕਾ ਇਕੁ ਦਾਤਾ; ਸੋ, ਮੈ ਵਿਸਰਿ ਜਾਈ   ਉਚਾਰਨ : ਦੇਹ, ਜੀਆਂ।

ਅਰਥ : ਹੇ ਗੁਰੂ ਜੀਓ  ! ਇੱਕ ਅਜਿਹੀ ਸਮਝ ਬਖ਼ਸ਼ ਕਿ ਜੋ ਸਾਰੇ ਜੀਵਾਂ ਨੂੰ ਹਰ ਪ੍ਰਕਾਰ ਦੀ ਦਾਤ ਦੇਣ ਵਾਲ਼ਾ (ਗੁਣੀ ਨਿਧਾਨੁ) ਹੈ, ਉਹ ਮੈਨੂੰ ਕਦੇ ਨਾ ਭੁੱਲੇ। ੫।

(ਨੋਟ : ‘‘ਸਭਨਾ ਜੀਆ ਕਾ ਇਕੁ ਦਾਤਾ’’ ਬਾਰੇ ਸੋਝੀ ਦੇਣ ਵਾਲ਼ੇ ਸਤਿਗੁਰੂ, ਜਿਨ੍ਹਾਂ ਦੇ ਹਰ ਵਚਨ ’ਤੇ ਰੱਬੀ ਮਿਹਰ ਹੁੰਦੀ ਹੋਵੇ, ਦੀ ਸਿੱਖਿਆ ਕਿ ‘‘ਗੁਰ ਸਮਾਨਿ; ਤੀਰਥੁ ਨਹੀ ਕੋਇ ’’ ਮ: ੧, ਪੰਨਾ ੧੩੨੮) ਧਾਰਨ ਕਰਨ ਦੀ ਬਜਾਇ ਪਰੰਪਰਾਵਾਦੀ ਲੋਕਾਂ ਨੇ ਸਰੀਰਕ ਪਵਿੱਤਰਤਾ ਨੂੰ ਹੀ ਧਰਮ ਮੰਨਿਆ, ਪਰ)

ਤੀਰਥਿ ਨਾਵਾ, ਜੇ ਤਿਸੁ ਭਾਵਾ; ਵਿਣੁ ਭਾਣੇ, ਕਿ ਨਾਇ ਕਰੀ  ?   ਉਚਾਰਨ : ਨ੍ਹਾਵਾਂ, ਭਾਵਾਂ, ਨ੍ਹਾਇ, ਕਰੀਂ।

ਅਰਥ : ਮੈਂ ਤੀਰਥ ਉੱਤੇ ਜਾ ਕੇ ਇਸ਼ਨਾਨ (ਪਵਿੱਤਰਤਾ) ਤਾਂ ਕਰਾਂ, ਜੇ (ਇਉਂ ਕੀਤਿਆਂ) ਉਸ (ਦਾਤਾਰ) ਨੂੰ ਖ਼ੁਸ਼ ਕਰ ਲਵਾਂ (ਕਿਉਂਕਿ) ਉਸ ਦੀ ਤਰੁਠਤਾ ਬਿਨਾਂ (ਅਰਥਹੀਣ) ਇਸ਼ਨਾਨ ਕਰ ਕੇ ਮੈਂ ਕੀ ਕਰਾਂ  ? (ਭਾਵ ਜਿਸ ਧਾਰਮਕ ਕਾਰਜ ਦੇ ਕਰਨ ਨਾਲ਼ ਵੀ ਮਾਲਕ ਖ਼ੁਸ਼ ਨਾ ਹੋਵੇ ਤਾਂ ਤੇ ਫਿਰ ‘‘ਸਾਧ ਭਲੇ ਅਣਨਾਤਿਆ.. ’’ ਮ: ੧, ਪੰਨਾ ੭੮੯)

ਜੇਤੀ ਸਿਰਠਿ ਉਪਾਈ ਵੇਖਾ; ਵਿਣੁ ਕਰਮਾ, ਕਿ ਮਿਲੈ  ? ਲਈ   ਉਚਾਰਨ : ਵੇਖਾਂ, ਲਈਂ।

ਅਰਥ : ਜਿੰਨੀ ਸ੍ਰਿਸ਼ਟੀ (ਮਾਲਕ ਦੁਆਰਾ) ਪੈਦਾ ਕੀਤੀ ਹੋਈ, ਵੇਖਦਾ ਹਾਂ (ਰੱਬ ਦੀ ਮਿਹਰ-) ਪ੍ਰਸੰਨਤਾ ਤੋਂ ਬਿਨਾਂ (ਉਨ੍ਹਾਂ ’ਚੋਂ ਕਿਸੇ ਨੂੰ ਵੀ) ਕੀ ਮਿਲਿਆ ਹੈ, ਤਾਂ ਜੋ (ਫੋਕਟ ਕਰਮ ਕਰ ਭਾਵ ਬਿਨਾਂ ਰੱਬੀ ਪ੍ਰਸੰਨਤਾ ਤੋਂ) ਮੈਂ ਲੈ ਲਵਾਂ  ?

ਮਤਿ ਵਿਚਿ ਰਤਨ, ਜਵਾਹਰ, ਮਾਣਿਕ; ਜੇ ਇਕ, ਗੁਰ ਕੀ ਸਿਖ ਸੁਣੀ

ਅਰਥ : ਮਨੁੱਖੀ ਚੇਤਨਾ ’ਚ ਬਹੁ ਕੀਮਤੀ ਰਤਨ, ਕੀਮਤੀ ਪੱਥਰ, ਜਵਾਹਰਾਤ, ਆਦਿ ਲਾਲ (ਮੌਜੂਦ ਹਨ, ‘‘ਏਕਾ ਸੁਰਤਿ ਜੇਤੇ ਹੈਂ ਜੀਅ ਸੁਰਤਿ ਵਿਹੂਣਾ; ਕੋਇ ਕੀਅ (ਕੀਤਾ, ਬਣਾਇਆ)’’ ਮਹਲਾ ੧, ਪੰਨਾ ੨੪) ਪਰ ਇਹ ਸੁੱਤੀ ਚੇਤਨਾ; ਤੀਬਰ ਤਦ ਹੁੰਦੀ ਹੈ) ਜਦ ਗੁਰੂ ਦੀ ਇੱਕ (ਅਦਭੁਤ) ਸਿੱਖਿਆ ਸੁਣੀ ਜਾਵੇ (ਤਾਂ ਤੇ ਫ਼ਰਿਆਦ ਕਰਨੀ ਲਾਭਕਾਰੀ ਹੈ ਕਿ)

ਗੁਰਾ  ! ਇਕ ਦੇਹਿ ਬੁਝਾਈ ਸਭਨਾ ਜੀਆ ਕਾ ਇਕੁ ਦਾਤਾ; ਸੋ ਮੈ ਵਿਸਰਿ ਜਾਈ      ਉਚਾਰਨ : ਦੇਹ, ਜੀਆਂ

ਅਰਥ : ਹੇ ਗੁਰੂ ਜੀਓ  ! ਇੱਕ ਅਜਿਹੀ ਸਮਝ ਬਖ਼ਸ਼ ਕਿ ਜੋ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲ਼ਾ ਹੈ, ਉਹ ਮੈਨੂੰ ਕਦੇ ਨਾ ਭੁੱਲੇ। ੬।

(ਨੋਟ : (1) ਰੱਬੀ ਯਾਦ ਬਾਰੇ ਕੀਤੀ ਜਾ ਰਹੀ ਗੁਰੂ ਦਰ ’ਤੇ ਮੰਗ ਹੀ ‘ਯਾਦ, ਸਿਮਰਨ ਭਾਵ ਜਪੁ’ ਹੈ, ਜੋ ਇਸ ਬਾਣੀ ਦਾ ‘ਸਿਰਲੇਖ’ ਹੈ।

(2). ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲ਼ੇ ਮਾਲਕ ਦਾ ਸ਼ੁਕਰਾਨਾ ਕਰਨ ਦੀ ਬਜਾਇ ਅਗਰ ਕੋਈ ਆਪ ਹੀ ਸ੍ਰਿਸ਼ਟੀ ਦਾ ਮਾਲਕ ਬਣ ਬੈਠੇ, ਫਿਰ ਉਸ ਨੂੰ ਰੱਬੀ ਦਾਤਾਰ ਦਾ ਆਪ ਸੇਵਕ ਨਾ ਬਣਨ ਕਾਰਨ ਦੋਸ਼ੀ ਮੰਨਿਆ ਜਾਂਦਾ ਹੈ। ਉਸ ਦੀ ਉਮਰ ਭਾਵੇਂ ਲੱਖਾਂ ਸਾਲ ਹੋ ਜਾਵੇ, ਪਰ ‘‘ਖਸਮੈ ਨਦਰੀ ਕੀੜਾ ਆਵੈ; ਜੇਤੇ ਚੁਗੈ ਦਾਣੇ ’’ ਮ: ੧, ਪੰਨਾ ੩੬੦)

(3). ਚਾਰ ਯੁੱਗਾਂ ਲਈ ਨਿਰਧਾਰਿਤ ਕੀਤੀ ਗਈ ਕੁੱਲ ਉਮਰ ਵਿੱਚੋਂ ਕਲਿਜੁਗ ਦੀ ਉਮਰ 1200 ਵਰ੍ਹਾ, ਦੁਆਪਰ ਜੁਗ ਦੀ ਉਮਰ 2400 ਸਾਲ, ਤ੍ਰੇਤੇ ਯੁੱਗ ਦੀ ਉਮਰ 3600 ਵਰ੍ਹਾ ਤੇ ਸਤਿਜੁਗ ਦੀ ਉਮਰ 4800 ਬਰਸ ਹੈ। ਇਹ ਸਾਲ ਦੇਵਤਿਆਂ ਦੇ ਮੰਨੇ ਗਏ, ਜਿਨ੍ਹਾਂ ਦਾ ਇੱਕ ਦਿਨ ਮਨੁੱਖਾਂ ਦੇ 360 ਦਿਨਾਂ ਬਰਾਬਰ ਕਿਹਾ ਗਿਆ, ਇਉਂ ਚਾਰੇ ਜੁਗਾਂ ਦੀ ਕੁੱਲ ਉਮਰ 1200+2400+3600+4800=12,000 ਨੂੰ 360 ਨਾਲ਼ ਗੁਣਾਂ ਕਰ ਕੇ 43 ਲੱਖ 20 ਹਜ਼ਾਰ ਸਾਲ ਬਣ ਗਈ। ਵੈਸੇ ਸਾਲ ਦਾ ਇਹ (360 ਦਿਨਾਂ ਵਾਲ਼ਾ) ਗਣਿਤ ਸੂਰਜੀ ਕੈਲੰਡਰ (ਲਗਭਗ 365 ਦਿਨ) ਅਤੇ ਚੰਦ੍ਰਮਾ ਕੈਲੰਡਰ (ਲਗਭਗ 354.36 ਦਿਨ) ਮੁਤਾਬਕ ਗ਼ਲਤ ਹੈ। ਇਹ ਵੀ ਹੋ ਸਕਦਾ ਹੈ ਕਿ ਤਦ ਸਾਲਾਨਾ ਕੈਲੰਡਰ 360 ਦਿਨਾਂ ਦਾ ਹੀ ਹੁੰਦਾ ਹੋਵੇ।

ਜੀਵ ਵਿਗਿਆਨ ਅਨੁਸਾਰ ਬਣ ਮਾਨਸ (ਮਨੁੱਖ) ਦੀ ਅਰੰਭਕ ਨਸਲ ‘ਪਰੋਕੋਨਸੂਲ’ ਸੀ, ਜੋ ਪ੍ਰਿਥਵੀ ’ਤੇ 2 ਕਰੋੜ 10 ਲੱਖ ਸਾਲ ਪਹਿਲਾਂ ਪਾਈ ਗਈ ਤੇ 90 ਲੱਖ ਸਾਲ ਤੱਕ ਜੀਵਤ ਰਹੀ।  ਫਿਰ 1. 45 ਕਰੋੜ ਸਾਲ ਤੋਂ 1. 15 ਕਰੋੜ ਸਾਲ (ਲਗਭਗ 30 ਲੱਖ ਸਾਲ) ਪਹਿਲਾਂ ਲੱਭੇ ਗਏ ਔਜ਼ਾਰਧਾਰੀ ਪਹਿਲੇ ਮਨੁੱਖਾ ਪਿੰਜਰ (ਨਸਲ) ਦਾ ਨਾਂ ‘ਰਾਮਾਪੀਥਿਕਸ’ ਰੱਖਿਆ ਗਿਆ।

ਅਜੋਕੇ ਮਨੁੱਖ ਦੇ ਹੱਥ ਤੇ ਦਿਮਾਗ਼ ਤੋਂ ਇਲਾਵਾ ਬਾਕੀ ਦੇ ਸਾਰੇ ਵਿਕਸਤ ਅੰਗਾਂ ਵਾਲ਼ੀ ਪਹਿਲੀ ਮਨੁੱਖੀ ਨਸਲ ਦਾ ਨਾਂ ‘ਹੋਮੋ ਇਰੈਕਟਸ’ ਸੀ, ਜੋ ਅੱਗ ਮਚਾ (ਜਲਾ) ਸਕਦੀ ਸੀ ਤੇ 8 ਲੱਖ ਵਰ੍ਹੇ ਤੋਂ 4 ਲੱਖ ਵਰ੍ਹਾ (ਕੁੱਲ 4 ਲੱਖ ਸਾਲ) ਪਹਿਲਾਂ ਤੱਕ ਜੀਵਤ ਰਹੀ। ਇਹ ਸਮਾਂ ਉਕਤ ਦੁਆਪਰ ਯੁੱਗ ਦੀ ਸਮਾਪਤੀ ’ਚ ਆਉਂਦਾ ਹੈ।  ਇਸ ਤੋਂ ਸਪਸ਼ਟ ਹੈ ਕਿ ਤ੍ਰੇਤਾਜੁਗ ਤੇ ਸਤਿਜੁਗ ਵਿੱਚ ਮਨੁੱਖ ਨੂੰ ਅੱਗ ਜਲਾਉਣ ਦੀ ਸਮਝ ਨਹੀਂ ਸੀ, ਪਰ ਸਨਾਤਨੀ ਮਿਥਿਹਾਸ ਤ੍ਰੇਤਾਯੁੱਗ ’ਚ ਹਨੁਮਾਨ ਰਾਹੀਂ ਰਾਵਣ ਦੀ ਲੰਕਾ ਨੂੰ ਅੱਗ ਨਾਲ਼ ਨਸ਼ਟ ਕਰਵਾਉਂਦਾ ਹੈ ?)

ਜੇ, ਜੁਗ ਚਾਰੇ ਆਰਜਾ; ਹੋਰ ਦਸੂਣੀ ਹੋਇ

ਅਰਥ : ਅਗਰ (ਮਨੁੱਖ ਦੀ) ਉਮਰ; ਮੰਨੇ ਜਾਂਦੇ ਚਾਰ ਯੁੱਗਾਂ ਦੀ ਹੋ ਜਾਵੇ (ਜਾਂ ਇਸ ਤੋਂ ਵਧ ਕੇ) ਹੋਰ ਦਸ ਗੁਣਾਂ (ਭਾਵ 40 ਯੁੱਗ) ਹੋ ਜਾਵੇ।

ਨਵਾ ਖੰਡਾ ਵਿਚਿ ਜਾਣੀਐ; ਨਾਲਿ ਚਲੈ, ਸਭੁ ਕੋਇ     ਉਚਾਰਨ : ਨਵਾਂ, ਖੰਡਾਂ।

ਅਰਥ : ਪ੍ਰਿਥਵੀ ਦੇ 9 ਟਾਪੂਆਂ (ਭਰਤ, ਇਲਾਵ੍ਰਿਤ, ਕਿੰਪੁਰੁਸ, ਭਦ੍ਰ, ਕੇਤੁਮਾਲ, ਹਰਿ, ਹਿਰਣ੍ਯ, ਰਮ੍ਯ ਅਤੇ ਕੁਸ਼) ਉੱਤੇ ਉੱਘਾ (ਪ੍ਰਸਿੱਧ) ਹੋ ਜਾਵੇ ਤੇ ਹਰ ਕੋਈ ਉਸ ਦੇ ਹੁਕਮ ਦਾ ਪਾਲਣ ਵੀ ਕਰਦਾ ਹੋਵੇ ।

ਚੰਗਾ ਨਾਉ ਰਖਾਇ ਕੈ; ਜਸੁ ਕੀਰਤਿ ਜਗਿ ਲੇਇ   ਉਚਾਰਨ : ਨਾਉਂ।

ਅਰਥ : (ਧਨ-ਦੌਲਤ ਤੇ ਰਾਜ ਸ਼ਕਤੀ ਨਾਲ਼) ਚੰਗਾ ਨਾਮਣਾ (ਲੋਕਾਂ ਤੋਂ) ਖੱਟ ਕੇ ਇੱਜ਼ਤ ਵੀ ਜਗਤ ’ਚੋਂ ਲੈ ਲਵੇ।

ਜੇ, ਤਿਸੁ ਨਦਰਿ ਆਵਈ; , ਵਾਤ ਪੁਛੈ ਕੇ

ਅਰਥ : (ਇੰਨੀ ਸ਼ੋਭਾ ਲੈਣ ਦੇ ਬਾਵਜੂਦ) ਅਗਰ ਮਨੁੱਖ; ਉਸ (ਅਸਲ ਮਾਲਕ ਦੀ) ਮਿਹਰ ਦਾ ਪਾਤਰ ਨਾ ਬਣਿਆ ਤਾਂ (ਮਾਲਕ ਤੇ ਉਸ ਦੇ ਤੱਤਵੇਤਾ ਭਗਤਾਂ ’ਚੋਂ, ਉਸ ਦਾ) ਕੋਈ ਸਤਿਕਾਰ ਨਹੀਂ ਕਰਦਾ।

ਕੀਟਾ ਅੰਦਰਿ ਕੀਟੁ; ਕਰਿ ਦੋਸੀ, ਦੋਸੁ ਧਰੇ     ਉਚਾਰਨ : ਕੀਟਾਂ, ਦੋਸ਼ੀ, ਦੋਸ਼।

ਅਰਥ : (ਕਰਤਾਰ ਉਸ ਨੂੰ) ਕੀੜਿਆਂ ਵਿੱਚੋਂ ਮਾਮੂਲੀ ਕੀੜਾ (ਭਾਵ ਆਪਣੀ ਵਿਸ਼ਾਲਤਾ ਦੇ ਮੁਕਾਬਲੇ ਤੁੱਛ ਜੀਵ ਸਮਝਦਾ ਹੋਇਆ ਭਾਵੇਂ ਕਿ ਉਹ ਛਲ-ਕਪਟ ਨਾਲ਼ ਇਸ ਧਰਤੀ ’ਤੇ ਪ੍ਰਸਿੱਧ ਵੀ ਹੋ ਗਿਆ, ਦਰਅਸਲ ਸਵੈ ਮਾਲਕ ਬਣਨ ਦਾ) ਦੋਸ਼ੀ ਠਹਿਰਾ ਕੇ ਮੁਜਰਮ ਘੋਸ਼ਿਤ ਕਰ ਦੇਂਦਾ ਹੈ (ਭਾਵ ਵਿਕਾਰਾਂ ਰਾਹੀਂ ਆਤਮਕ ਮੌਤ ਮਾਰਦਾ ਹੈ, ਜਿਸ ਕਾਰਨ ਅਜਿਹਾ ਤਾਕਤਵਰ ਸਮਰਾਟ ਵੀ ਅੰਤ ਜੀਵਨ ਬਾਜ਼ੀ ਹਾਰ ਜਾਂਦਾ ਹੈ, ‘‘ਨਵ ਖੰਡਨ ਕੋ ਰਾਜੁ ਕਮਾਵੈ; ਅੰਤਿ ਚਲੈਗੋ ਹਾਰੀ ’’ ਮਹਲਾ ੫, ਪੰਨਾ ੭੧੨)

ਨਾਨਕ  !  ਨਿਰਗੁਣਿ ਗੁਣੁ ਕਰੇ; ਗੁਣਵੰਤਿਆ ਗੁਣੁ ਦੇ    ਉਚਾਰਨ : ਗੁਣਵੰਤਿਆਂ।

ਅਰਥ : ਹੇ ਨਾਨਕ  ! (ਕਰਤਾਰ; ਅਤਿ) ਨਿਰਗੁਣ ਵਿਅਕਤੀ ਵਿੱਚ ਵੀ ‘ਗੁਣਵੰਤਿਆ’ (ਗੁਣਾਂ ਵਾਲਿਆਂ, ਤੱਤਵੇਤਾ ਭਗਤਾਂ ਦੀ ਸੰਗਤ) ਰਾਹੀਂ ਗੁਣ ਦੇ ਕੇ (ਬਖ਼ਸ਼ ਕੇ, ਮਾਫ਼ ਕਰ ਕੇ) ਗੁਣ ਪਾ ਦੇਂਦਾ ਹੈ।

(ਨੋਟ : ਗੁਰਬਾਣੀ ’ਚ ‘ਦੇ’ ਸ਼ਬਦ ਦੋ ਰੂਪਾਂ ’ਚ ਮਿਲਦਾ ਹੈ :

(ੳ). ਕਿਰਿਆਵਾਚੀ, ਜਿਸ ਦਾ ਅਰਥ ਹੈ: ‘ਦੇਂਦਾ ਹੈ’। (ਅ). ਕਿਰਿਆ ਵਿਸ਼ੇਸ਼ਣ, ਜਿਸ ਦਾ ਅਰਥ ਹੈ: ‘ਦੇ ਕੇ’।

‘ਦੇ’ ਕਿਰਿਆ ਵਿਸ਼ੇਸ਼ਣ ਤਦ ਹੁੰਦਾ ਹੈ ਜਦ ਉਸੇ ਵਾਕ ’ਚ ‘ਮੂਲ ਕਿਰਿਆ’ ਵੀ ਹੋਵੇ; ਜਿਵੇਂ ਕਿ

(1). ਦੇ (ਦੇ ਕੇ) ਸਾਬੂਣੁ, ਲਈਐ ਓਹੁ ਧੋਇ (ਜਪੁ)

(2). ਜੀਉ ਪਿੰਡੁ ਦੇ (ਦੇ ਕੇ) ਸਾਜਿਆ (ਮਹਲਾ , ਪੰਨਾ ੭੨)

(3). ਦੇ (ਦੇ ਕੇ) ਕੰਨੁ ਸੁਣਹੁ ਅਰਦਾਸਿ ਜੀਉ (ਮਹਲਾ , ਪੰਨਾ ੭੪), ਆਦਿ।

ਉਕਤ ਤਿੰਨੇ ਪੰਕਤੀਆਂ ’ਚ ‘ਮੂਲ ਕਿਰਿਆਵਾਂ’ ਹਨ : ‘ਲਈਐ, ਸਾਜਿਆ, ਸੁਣਹੁ’, ਇਸੇ ਕਾਰਨ ‘ਦੇ’ ਸ਼ਬਦ ਤਿੰਨੇ ਵਾਕਾਂ ’ਚ ‘ਕਿਰਿਆ ਵਿਸ਼ੇਸ਼ਣ’ ਬਣ ਗਿਆ, ਜਿਸ ਦਾ ਅਰਥ ਹੈ : ‘ਦੇ ਕੇ’; ਇਸੇ ਤਰ੍ਹਾਂ ‘‘ਨਾਨਕ  !  ਨਿਰਗੁਣਿ ਗੁਣੁ ‘ਕਰੇ’; ਗੁਣਵੰਤਿਆ ਗੁਣੁ ਦੇ॥’’, ਤੁਕ ’ਚ ਮੂਲ ਕਿਰਿਆ ਹੈ ‘ਕਰੇ’, ਜਿਸ ਕਾਰਨ ‘ਦੇ’ ਕਿਰਿਆ ਵਿਸ਼ੇਸ਼ਣ ਬਣ ਕੇ ਅਰਥ ਕਰ ਗਿਆ, ‘ਦੇ ਕੇ’; ਭਾਵ ‘‘ਗੁਣਵੰਤਿਆ (ਰਾਹੀਂ) ਗੁਣੁ ਦੇ (ਦੇ ਕੇ) ਨਿਰਗੁਣਿ (ਵਿੱਚ) ਗੁਣੁ ‘ਕਰੇ’॥)

ਤੇਹਾ ਕੋਇ ਸੁਝਈ; ਜਿ ਤਿਸੁ, ਗੁਣੁ ਕੋਇ ਕਰੇ

ਅਰਥ : (ਕਰਤਾਰ ਅਤੇ ‘ਗੁਰੂ ਸੰਗਤ’ ਤੋਂ ਬਿਨਾਂ) ਅਜਿਹਾ ਕੋਈ ਨਹੀਂ ਵਿਖਾਈ ਦੇਂਦਾ, ਜਿਹੜਾ ਉਸ (ਭਾਵ ਅਜਿਹੇ ਨਿਰਗੁਣਿ) ’ਚ ਕੋਈ ਗੁਣ ਪਾ ਦੇਵੇ। ੭।

(ਨੋਟ : ਗੁਰੂ ਉਪਦੇਸ਼ ਸੁਣਨਾ ਤੇ ਉਸ ’ਤੇ ਅਮਲ ਕਰਨਾ, ਜ਼ਿੰਦਗੀ ਦੇ ਭਿੰਨ-ਭਿੰਨ ਪੜਾਅ (ਅਵਸਥਾਵਾਂ) ਹਨ, ਜਿਨ੍ਹਾਂ ਨੂੰ ਜਪੁ ਬਾਣੀ ਦੀਆਂ ਅਗਲੀਆਂ 8 ਪਉੜੀਆਂ (8-15) ’ਚ ਸੁਣਿਐ ਤੇ ਮੰਨੈ ਸ਼ਬਦਾਂ ਰਾਹੀਂ ਖੋਲ੍ਹਿਆ ਗਿਆ ਹੈ।  ਕੋਈ ਸਿੱਖਿਆ ਗ੍ਰਹਿਣ ਕਰਨ ਤੋਂ ਪਹਿਲਾਂ ਉਸ ਨੂੰ ਸੁਣਨਾ ਜ਼ਰੂਰੀ ਹੁੰਦਾ ਹੈ ਪਰ ਅਗਰ ਸ਼ਰਾਬੀ; ਸ਼ਰਾਬ ਦੀ ਬੁਰਿਆਈ ਤੋਂ ਵਾਕਫ਼ ਹੋਵੇ ਪਰ ਉਸ ਨੂੰ ਪੀਣਾ ਨਾ ਛੱਡੇ, ਫਿਰ ਐਸੇ ਗਿਆਨ ਦਾ ਵੀ ਕੀ ਫ਼ਾਇਦਾ ? ਕੇਵਲ ਸੁਣਨ ਤੱਕ ਸੀਮਤ ਗਿਆਨ ਦਾਲ਼, ਸਬਜ਼ੀ-ਭਾਜੀ ’ਚ ਫਿਰਦੀ ਕੜਛੀ ਵਰਗਾ ਹੁੰਦਾ ਹੈ, ਜੋ ਸਬਜ਼ੀ ਦਾ ਸੁਆਦ ਨਹੀਂ ਮਾਣ ਸਕਦਾ, ‘‘ਕੜਛੀਆ ਫਿਰੰਨਿ੍; ਸੁਆਉ ਜਾਣਨਿ੍, ਸੁਞੀਆ ’’ (ਮਹਲਾ , ਪੰਨਾ ੫੨੧)  ਭਾਈ ਗੁਰਦਾਸ ਜੀ ਵੀ ਇਸ ਦੀ ਗਵਾਹੀ ਭਰਦੇ ਹਨ, ‘‘ਸੁਣਿ ਸੁਣਿ (ਕੇ) ਆਖਣੁ ਆਖਣਾ, ਓਹੁ ਸਾਉ (ਸੁਆਦ) ਜਾਣੈ’’ (ਵਾਰ ੧੩, ਪੰਨਾ ਪਉੜੀ )

‘ਸ੍ਰੀ ਮਦ ਭਗਵਤ ਗੀਤਾ’ ਦੇ 18 ਅਧਿਆਇ ਅਤੇ 6 ਪਾਤਰ (ਕ੍ਰਿਸ਼ਨ ਜੀ, ਅਰਜੁਨ, ਧ੍ਰਿਤਰਾਸ਼ਟਰ, ਸੰਜੇ, ਮਹਾਂਦੇਵ ਤੇ ਪਾਰਬਤੀ) ਹਨ, ਜੋ ਬਚਨ ਕ੍ਰਿਸ਼ਨ ਜੀ ਕੁਰੂਕਸ਼ੇਤਰ ’ਚ ਅਰਜੁਨ ਨੂੰ ਸੁਣਾਉਂਦੇ ਹਨ, ਉਨ੍ਹਾਂ ਨੂੰ ਹਸਤਨਾਪੁਰ ਵਿਖੇ ਬੈਠਾ ਸੰਜੇ; ਧ੍ਰਿਤਰਾਸ਼ਟਰ (ਨੇਤਰਹੀਣ) ਨੂੰ ਆਪਣੀ ਦਿੱਬ ਦ੍ਰਿਸ਼ਟੀ ਨਾਲ਼ ਸੁਣਾਉਂਦਾ ਹੈ ਅਤੇ ਹਰ ਅਧਿਆਇ ਦੀ ਸਮਾਪਤੀ ’ਚ ਇਸ ਨੂੰ ਸੁਣਨ ਦਾ ਫਲ਼ ਕੈਲਾਸ਼ ਪਰਬਤ ਉੱਤੇ ਬੈਠੇ ਸ਼ਿਵ ਜੀ; ਆਪਣੀ ਪਤਨੀ ਪਾਰਬਤੀ ਨੂੰ ਸੁਣਾਉਂਦੇ ਹਨ ਭਾਵ ਹਰ ਅਧਿਆਇ ਦੀ ਅਰੰਭਤਾ ਤੋਂ ਸਮਾਪਤੀ ਤੱਕ ਕੇਵਲ ਸੁਣਨ (ਸੁਣਿਐ) ਨੂੰ ਮਹੱਤਵ ਦਿੱਤਾ ਗਿਆ ਹੈ ਪਰ ਗੁਰਬਾਣੀ ਮੰਨੈ ਬਿਨਾਂ ਕੇਵਲ ਸੁਣਿਐ (ਜਾਂ ਪੜ੍ਹਿਐ) ਨੂੰ ਨਿਰਮੂਲ ਮੰਨਦੀ ਹੋਈ, ‘‘ਪੜਿਐ ਨਾਹੀ; ਭੇਦੁ ਬੁਝਿਐ ਪਾਵਣਾ ’’ (: , ਪੰਨਾ ੧੪੮) ਭਾਵ ਮੰਨਣ ਨੂੰ ਵੱਧ ਮਹੱਤਵ ਦਿੱਤਾ ਗਿਆ ਹੈ।

ਸੋ, ਗੁਰਬਾਣੀ ਵਿੱਚ ਸੁਣਿਐ/ਪੜੀਐ ਉਪਰੰਤ ਮੰਨੈ ਵਿਸ਼ਾ ਦਰਜ ਹੋਣਾ ਲਾਜ਼ਮੀ ਹੈ, ‘‘ਗਾਵਿਆ, ਸੁਣਿਆ, ਤਿਨ ਕਾ ਹਰਿ ਥਾਇ ਪਾਵੈ; ਜਿਨ ਸਤਿਗੁਰ ਕੀ ਆਗਿਆ, ਸਤਿ, ਸਤਿ, ਕਰਿ (ਕੇ) ਮਾਨੀ ’’ (ਮਹਲਾ , ਪੰਨਾ ੬੬੯), ਪਰ ਆਮ ਵੇਖੀਦਾ ਹੈ ਕਿ ਪਾਠੀ ਭੇਟਾ ਲੈ ਕੇ (ਆਰਥਕ ਮਜਬੂਰੀ ਕਾਰਨ) ਅਤੇ ਸਿੱਖ ਭੇਟਾ ਦੇ ਕੇ (ਵਿਖਾਵੇ ਮਾਤਰ) ਪਾਠ ਕਰਦੇ ਹਨ।

ਸ਼ਰਧਾ ਨਾਲ਼ ਗੁਰੂ ਸਿੱਖਿਆ (ਸੁਣਿਐ) ਸੁਣਨ ਨਾਲ਼ ਹੁੰਦੀ ਜੀਵਨ ਤਬਦੀਲੀ ਨੂੰ ਅਗਲੀਆਂ ਚਾਰ ਪਉੜੀਆਂ (8 ਤੋਂ 11) ਅਤੇ ਗਿਆਨਖੰਡ ਵਾਲ਼ੀ 35ਵੀਂ ਪਉੜੀ ’ਚ ਦਰਸਾਇਆ ਗਿਆ ਹੈ।  ਇਸ ਪੜਾਅ ਦੀ ਮਿਸਾਲ ਵਜੋਂ ‘‘ਸੁਣਿਐ; ਸਿਧ, ਪੀਰ, ਸੁਰਿ ਨਾਥ, ਕੇਤੇ ਸਿਧ ਬੁਧ, ਨਾਥ ਕੇਤੇ; ਕੇਤੇ ਦੇਵੀ ਵੇਸ੩੫’’ ਮੰਨੇ ਗਏ ਦੁਨਿਆਵੀ ਸਤਿਕਾਰਮਈ ਕਿਰਦਾਰਾਂ ਦੀ ਟੇਕ ਲਈ ਗਈ ਪਰ ਗੁਰੂ ਸਿੱਖਿਆ (ਮੰਨੈ) ਮੰਨਣ ਨਾਲ਼ ਹੁੰਦੀ ਜੀਵਨ ਤਬਦੀਲੀ ਬਾਰੇ ‘ਮੰਨੈ’ ਦੀਆਂ 4 ਪਉੜੀਆਂ (12 ਤੋਂ 15) ਅਤੇ ਸਰਮਖੰਡ ਵਾਲ਼ੀ 36 ਵੀਂ ਪਉੜੀ ’ਚ ਕੋਈ ਦੁਨਿਆਵੀ ਮਿਸਾਲ ਦੇਣੀ ਉਚਿਤ ਨਹੀਂ ਸਮਝੀ ਗਈ; ਜਿਵੇਂ ਕਿ ‘‘ਮੰਨੇ ਕੀ ਗਤਿ; ਕਹੀ ਜਾਇ ਜੇ ਕੋ ਕਹੈ; ਪਿਛੈ ਪਛੁਤਾਇ ੧੨, ਤਾ ਕੀਆ ਗਲਾ; ਕਥੀਆ ਨਾ ਜਾਹਿ ਜੇ ਕੋ ਕਹੈ; ਪਿਛੈ ਪਛੁਤਾਇ ੩੬’’

ਮੰਨੈ ਵਾਲ਼ੀ 13 ਵੀਂ ਪਉੜੀ ’ਚ ਜਿੱਥੇ ‘‘ਮੰਨੈਸੁਰਤਿ ਹੋਵੈ, ਮਨਿ ਬੁਧਿ ’’ ਦਰਜ ਹੈ, ਓਥੇ ਸਰਮਖੰਡ ਵਾਲ਼ੀ 36 ਵੀਂ ਪਉੜੀ ’ਚ ‘‘ਤਿਥੈ ਘੜੀਐਸੁਰਤਿ, ਮਤਿ, ਮਨਿ ਬੁਧਿ ’’ ਦਰਜ ਹੈ, ਇਸ ਤੋਂ ਸਪਸ਼ਟ ਹੈ ਕਿ ਗੁਰੂ ਉਪਦੇਸ਼ ਸੁਣਨਾ ‘ਗਿਆਨਖੰਡ’ ਤੇ ਮੰਨਣਾ ‘ਸਰਮਖੰਡ’ ਹੈ।)

ਸੁਣਿਐ; ਸਿਧ, ਪੀਰ, ਸੁਰਿ ਨਾਥ ਸੁਣਿਐ; ਧਰਤਿ ਧਵਲ ਆਕਾਸ

ਅਰਥ : (ਸ਼ਰਧਾ ਸਮੇਤ ਗੁਰੂ ਸਿੱਖਿਆ) ਸੁਣਨ ਨਾਲ਼ (ਮਨੁੱਖ; ਕਰਮਕਾਂਡਾਂ ਦਾ ਤਿਆਗ ਕਰ) ‘ਸੁਰਿ’ (ਭਾਵ ਸ੍ਰੇਸ਼ਟ/ਸਰਬੋਤਮ) ਯੋਗੀ, ਸਰਬੋਤਮ ਪੀਰ, ਸਰਬੋਤਮ ਨਾਥ, ਆਦਿ ਬਣ ਜਾਂਦਾ ਹੈ (ਇਸ ਪਦ ਦੀ ਪਹਿਚਾਣ ਇਹ ਹੈ ਕਿ ਮਨੁੱਖ) ਪ੍ਰਿਥਵੀ ਤੇ ਆਕਾਸ਼ ਦੇ ਸਹਾਰੇ ਰੱਬੀ ਨਿਰਮਲ (ਪ੍ਰਕਾਸ਼ਮਈ ਲੁਪਤ/ਅਦ੍ਰਿਸ਼) ਨਿਯਮ ਨੂੰ ਸਮਝ ਲੈਂਦਾ ਹੈ (ਕਿ ਸ੍ਰਿਸ਼ਟੀ ਚੱਲ ਨਹੀਂ ਰਹੀ ਬਲਕਿ ਦੈਵੀ ਸ਼ਕਤੀ ਚਲਾ ਰਹੀ ਹੈ)।

ਸੁਣਿਐ; ਦੀਪ, ਲੋਅ, ਪਾਤਾਲ ਸੁਣਿਐ; ਪੋਹਿ ਸਕੈ ਕਾਲੁ      ਉਚਾਰਨ : ਪੋਹ।

ਅਰਥ : (ਗੁਰੂ ਸਿੱਖਿਆ) ਸੁਣਨ ਨਾਲ਼ ਸੱਤ ਦੀਪ (ਜੰਬੁ, ਪਲਕ, ਸ਼ਾਲਮਲਿ, ਕੁਸ਼, ਕ੍ਰੌਂਚ, ਸ਼ਾਕ ਤੇ ਪੁਸਕਰ), 14 ਲੋਕਾਂ (ਅਕਾਸ਼ ਦੇ ਸੱਤ ਲੋਕ-ਭੂ :, ਭੁਵ :, ਸ੍ਵ :, ਮਹ :, ਜਨ :, ਤਪ :, ਸਤ੍ਯ ਅਤੇ) 7 ਪਾਤਾਲਾਂ (ਅਤਲ, ਵਿਤਲ, ਸੁਤਲ, ਰਸਾਤਲ, ਤਲਾਤਲ (ਗਭਸ੍ਤਿਮਤ), ਮਹਾਤਲ ਤੇ ਪਾਤਾਲ ਵਿਖੇ) ਡਰ ਛੋਹ ਨਹੀਂ ਸਕਦਾ।

ਨਾਨਕ  !  ਭਗਤਾ ਸਦਾ ਵਿਗਾਸੁ ਸੁਣਿਐ; ਦੂਖ ਪਾਪ ਕਾ ਨਾਸੁ     ਉਚਾਰਨ : ਭਗਤਾਂ।

ਅਰਥ : ਹੇ ਨਾਨਕ  !  (ਨਿਡਰ ਹੋਏ) ਭਗਤਾਂ ਦੇ ਅੰਦਰ (ਵੇਪਰਵਾਹੁ ਮਾਲਕ ਵਾਙ) ਹਮੇਸ਼ਾਂ ਖੇੜਾ (ਅਨੰਦ) ਬਣਿਆ ਰਹਿੰਦਾ ਹੈ (ਕਿਉਂਕਿ ਗੁਰੂ ਸਿੱਖਿਆ) ਸੁਣਨ ਨਾਲ਼ (ਭੈੜੀ ਮਤ ਰਾਹੀਂ ਦਿਲ ’ਚ ਪੈਦਾ ਹੋਏ) ਪਾਪ (ਤੇ ਪਾਪਾਂ ਤੋਂ ਉਪਜੇ) ਸਾਰੇ ਦੁਖ ਨਾਸ਼ ਹੋ ਜਾਂਦੇ ਹਨ। ੮।

ਸੁਣਿਐ; ਈਸਰੁ, ਬਰਮਾ, ਇੰਦੁ ਸੁਣਿਐ; ਮੁਖਿ ਸਾਲਾਹਣ, ਮੰਦੁ     ਉਚਾਰਨ : ਈਸ਼ਰ, ਬਰ੍ਹਮਾ।

ਅਰਥ : (ਗੁਰੂ ਦੀ ਸਿੱਖਿਆ) ਸੁਣਨ ਨਾਲ਼ ਸਰਬੋਤਮ ਸ਼ਿਵ, ਸਰਬੋਤਮ ਬ੍ਰਹਮਾ, ਇੰਦ੍ਰਿਆਂ ਨੂੰ ਕਾਬੂ ਕਰਨ ਵਾਲ਼ੇ ਸਰਬੋਤਮ ਇੰਦਰ (ਬਣ ਜਾਈਦਾ ਹੈ ਕਿਉਂਕਿ ਗੁਰੂ ਸਿੱਖਿਆ) ਸੁਣਨ ਨਾਲ਼ ਮੰਦ ਬੁੱਧੀ ਮਨੁੱਖ ਵੀ ਆਪਣੇ ਮੁੱਖ ਨਾਲ਼ (ਰੱਬੀ) ਗੁਣ ਗਾ ਲੈਂਦਾ ਹੈ।

ਸੁਣਿਐ; ਜੋਗ ਜੁਗਤਿ, ਤਨਿ ਭੇਦ ਸੁਣਿਐ; ਸਾਸਤ, ਸਿਮ੍ਰਿਤਿ, ਵੇਦ      ਉਚਾਰਨ : ਸ਼ਾਸਤ।

ਅਰਥ : (ਗੁਰੂ ਸਿੱਖਿਆ) ਸੁਣਨ ਨਾਲ਼ (ਰੱਬ ਨਾਲ਼) ਜੁੜਨ ਦੀ ਜੁਗਤੀ ਲਈ ਕੰਮ ਆਉਣ ਵਾਲ਼ੇ ਗੁੱਝੇ-ਭੇਦ (ਅੰਦਰੂਨੀ ਕਮਜੋਰੀਆਂ, ਗੁਪਤ ਰਾਜ) ਸਰੀਰ ’ਚੋਂ ਲੱਭ ਲਈਦੇ ਹਨ, (ਅਜਿਹੇ ਕਿਰਦਾਰਾਂ ਨੇ ਸਮਝੋ) ਸਾਰੇ ਪ੍ਰਮਾਣਿਕ ਗ੍ਰੰਥ (6 ਸ਼ਾਸਤਰ, 27 ਸਿਮ੍ਰਤੀਆਂ, 4 ਵੇਦ, 18 ਪੁਰਾਣ, ਆਦਿ) ਪੜ੍ਹ ਲਏ।

ਨਾਨਕ  !  ਭਗਤਾ ਸਦਾ ਵਿਗਾਸੁ ਸੁਣਿਐ; ਦੂਖ ਪਾਪ ਕਾ ਨਾਸੁ    ਉਚਾਰਨ : ਭਗਤਾਂ।

ਅਰਥ : ਹੇ ਨਾਨਕ  ! (ਨਿਡਰ ਹੋਏ) ਭਗਤਾਂ ਦੇ ਅੰਦਰ (ਵੇਪਰਵਾਹੁ ਮਾਲਕ ਵਾਙ) ਹਮੇਸ਼ਾਂ ਖੇੜਾ (ਅਨੰਦ) ਬਣਿਆ ਰਹਿੰਦਾ ਹੈ (ਕਿਉਂਕਿ ਗੁਰੂ ਸਿੱਖਿਆ) ਸੁਣਨ ਨਾਲ਼ (ਭੈੜੀ ਮਤ ਰਾਹੀਂ ਦਿਲ ’ਚ ਪੈਦਾ ਹੋਏ) ਪਾਪ (ਤੇ ਪਾਪਾਂ ਤੋਂ ਉਪਜੇ) ਸਾਰੇ ਦੁਖ ਨਾਸ਼ ਹੋ ਜਾਂਦੇ ਹਨ। ੯।

ਸੁਣਿਐ; ਸਤੁ ਸੰਤੋਖੁ ਗਿਆਨੁ ਸੁਣਿਐ; ਅਠਸਠਿ ਕਾ ਇਸਨਾਨੁ     ਉਚਾਰਨ : ਇਸ਼ਨਾਨ।

ਅਰਥ : (ਗੁਰੂ ਸਿੱਖਿਆ) ਸੁਣਨ ਨਾਲ਼ ਦਾਨੀ ਸੁਭਾਅ (ਉਦਾਰ ਚਿੱਤ), ਸਬਰ (ਧੀਰਜ) ਅਤੇ ਆਤਮਕ ਸੂਝ ਆ ਜਾਂਦੀ ਹੈ, ਜੋ ਸਮਝੋ 68 ਤੀਰਥਾਂ ਦਾ ਇਸ਼ਨਾਨ ਹੈ।

ਸੁਣਿਐ; ਪੜਿ ਪੜਿ, ਪਾਵਹਿ ਮਾਨੁ ਸੁਣਿਐ; ਲਾਗੈ ਸਹਜਿ ਧਿਆਨੁ   ਉਚਾਰਨ : ਪੜ੍ਹ-ਪੜ੍ਹ, ਪਾਵਹਿਂ।

ਅਰਥ : (ਜਿਵੇਂ ਮਨੁੱਖ ਦੁਨਿਆਵੀ ਵਿਦਿਆ) ਪੜ੍ਹ-ਪੜ੍ਹ ਕੇ ਸਤਿਕਾਰ ਪਾਉਂਦੇ ਹਨ (ਇਉਂ ਗੁਰੂ ਸਿੱਖਿਆ) ਸੁਣਨ ਨਾਲ਼ (ਵੀ) ਇੱਜ਼ਤ ਪਾ ਲੈਂਦੇ ਹਨ (ਕਿਉਂਕਿ ਗੁਰੂ ਸਿੱਖਿਆ) ਸੁਣਨ ਨਾਲ਼ ਗੰਭੀਰਤਾ (ਸੰਖੇਪ ਸ਼ਬਦਾਵਲੀ) ’ਚ ਧਿਆਨ ਲੱਗ ਜਾਂਦਾ ਹੈ।

ਨਾਨਕ  ! ਭਗਤਾ ਸਦਾ ਵਿਗਾਸੁ ਸੁਣਿਐ; ਦੂਖ ਪਾਪ ਕਾ ਨਾਸੁ ੧੦    ਉਚਾਰਨ : ਭਗਤਾਂ, ਨਾਸ਼।

ਅਰਥ : ਹੇ ਨਾਨਕ  ! (ਨਿਡਰ ਹੋਏ) ਭਗਤਾਂ ਦੇ ਅੰਦਰ (ਵੇਪਰਵਾਹੁ ਮਾਲਕ ਵਾਙ) ਹਮੇਸ਼ਾਂ ਖੇੜਾ (ਅਨੰਦ) ਬਣਿਆ ਰਹਿੰਦਾ ਹੈ (ਕਿਉਂਕਿ ਗੁਰੂ ਸਿੱਖਿਆ) ਸੁਣਨ ਨਾਲ਼ (ਭੈੜੀ ਮਤ ਰਾਹੀਂ ਦਿਲ ’ਚ ਪੈਦਾ ਹੋਏ) ਪਾਪ (ਤੇ ਪਾਪਾਂ ਤੋਂ ਉਪਜੇ) ਸਾਰੇ ਦੁਖ ਨਾਸ਼ ਹੋ ਜਾਂਦੇ ਹਨ। ੧੦।

ਸੁਣਿਐ; ਸਰਾ ਗੁਣਾ ਕੇ ਗਾਹ ਸੁਣਿਐ; ਸੇਖ, ਪੀਰ, ਪਾਤਿਸਾਹ     ਉਚਾਰਨ : ਸਰਾਂ, ਸ਼ੇਖ਼, ਪਾਤਿਸ਼ਾਹ।

ਅਰਥ : (ਗੁਰੂ ਸਿੱਖਿਆ) ਸੁਣਨ ਨਾਲ਼ ਗੁਣਾਂ ਦੇ ਸਰੋਵਰਾਂ (ਉੱਚੇ ਇਖ਼ਲਾਕ ਵਾਲ਼ੇ ਸਤਸੰਗੀਆਂ) ਦੇ ਗਿਆਤਾ (‘ਗਾਹ’ ਜਾਣੂ, ਵਿਚਾਰਕ ਸਾਝ ਕਰਨ ਯੋਗ) ਹੋ ਜਾਈਦਾ ਹੈ, ਮਾਨੋ ਉਹ ਸ਼ੇਖ਼ (ਬਜ਼ੁਰਗ), ਪੀਰ (ਧਾਰਮਿਕ ਆਗੂ), ਪਾਤਿਸ਼ਾਹ, ਆਦਿ ਬਣ ਗਏ।

ਸੁਣਿਐ; ਅੰਧੇ ਪਾਵਹਿ ਰਾਹੁ ਸੁਣਿਐ; ਹਾਥ ਹੋਵੈ ਅਸਗਾਹੁ         ਉਚਾਰਨ : ਪਾਵਹਿਂ, ਰਾਹ, ਅਸਗਾਹ।

ਅਰਥ : (ਸ਼ਰਧਾ ਸਮੇਤ ਗੁਰੂ ਸਿੱਖਿਆ) ਸੁਣਨ ਨਾਲ਼ ਅਗਿਆਨੀ ਲੋਕ ਵੀ ਆਦਰਸ਼ ਜੀਵਨ ਜਾਚ ਪਾ ਲੈਂਦੇ ਹਨ ਕਿਉਂਕਿ ਅਥਾਹ ਵਿਕਾਰੀ ਸਮਾਜ (ਅਸਗਾਹੁ) ਬਾਰੇ ਸਮਝ (ਹਾਥ, ਪਕੜ, ਵਿਵੇਕ ਬੁੱਧੀ) ਹੋ ਜਾਂਦੀ ਹੈ।

ਨਾਨਕ  !  ਭਗਤਾ ਸਦਾ ਵਿਗਾਸੁ ਸੁਣਿਐ; ਦੂਖ ਪਾਪ ਕਾ ਨਾਸੁ ੧੧    ਉਚਾਰਨ : ਭਗਤਾਂ, ਨਾਸ਼।

ਅਰਥ : ਹੇ ਨਾਨਕ  ! (ਨਿਡਰ ਹੋਏ) ਭਗਤਾਂ ਦੇ ਅੰਦਰ (‘ਵੇਪਰਵਾਹੁ’ ਮਾਲਕ ਵਾਙ) ਹਮੇਸ਼ਾਂ ਖੇੜਾ (ਅਨੰਦ) ਬਣਿਆ ਰਹਿੰਦਾ ਹੈ (ਕਿਉਂਕਿ ਗੁਰੂ ਸਿੱਖਿਆ) ਸੁਣਨ ਨਾਲ਼ (ਭੈੜੀ ਮਤ ਰਾਹੀਂ ਦਿਲ ’ਚ ਪੈਦਾ ਹੋਏ) ਪਾਪ (ਤੇ ਪਾਪਾਂ ਤੋਂ ਉਪਜੇ) ਸਾਰੇ ਦੁਖ ਨਾਸ਼ ਹੋ ਜਾਂਦੇ ਹਨ। ੧੧।

(ਨੋਟ : ਮੈਡੀਕਲ ਸਾਇੰਸ ਅਨੁਸਾਰ ਅਗਰ ਬੰਦਾ ਇੱਕ ਦਿਨ ’ਚ 10-15 ਮਿੰਟ ਵੀ ਬਣਾਵਟੀ ਹੱਸ ਲਏ ਤਾਂ ਜੀਵਨ ਰੋਗ ਮੁਕਤ ਹੋ ਜਾਂਦਾ ਹੈ ਕਿਉਂਕਿ ਘਬਰਾਹਟ, ਬੇਚੈਨੀ ਕਾਰਨ ਤਣਾਅ ’ਚ ਆਏ ਇੰਦ੍ਰੇ, ਕੁਝ ਢਿੱਲੇ ਹੋ ਜਾਂਦੇ ਹਨ। ਗੁਰਬਾਣੀ ‘‘ਭਗਤਾ ਸਦਾ ਵਿਗਾਸੁ’’ ਭਾਵ ਭਗਤਾਂ ਅੰਦਰ ਸਦਾ ਹੀ ਖੇੜਾ ਬਣਾ ‘‘ਸਰਬ ਰੋਗ ਕਾ ਅਉਖਦੁ; ਨਾਮੁ ’’ (ਸੁਖਮਨੀ, ਮ: ੫, ਪੰਨਾ ੨੭੪) ਪ੍ਰਗਟ ਕਰ ਦਿੰਦੀ ਹੈ।)

ਮੰਨੇ ਕੀ ਗਤਿ, ਕਹੀ ਜਾਇ ਜੇ ਕੋ ਕਹੈ, ਪਿਛੈ ਪਛੁਤਾਇ

ਅਰਥ :  (ਗੁਰ ਉਪਦੇਸ਼) ਮੰਨਣ ਨਾਲ਼ ਵਿਕਸਿਤ ਹੋਈ ਬੁੱਧੀ (ਭਾਵ ਆਤਮਕ ਅਵਸਥਾ) ਵਰਣਨ ਰਹਿਤ ਹੁੰਦੀ ਹੈ, ਪਰ ਅਗਰ ਕੋਈ ਸ਼ਰਧਾਵਾਨ ਕਿਸੇ ਗੁਰੂ ਸ਼ਬਦ ਦੀ ਕਮਾਈ ਕਰਨ ਵਾਲ਼ੇ ਬਾਰੇ ਕਿਆਸ ਲਗਾ ਵੀ ਲਏ ਤਾਂ ਖ਼ੁਦ, ਗੁਰੂ ਸ਼ਬਦ ਦੀ ਹੋਰ ਵਧੀਕ ਕਮਾਈ ਕਰਨ ਉਪਰੰਤ ਆਪਣੇ ਵੱਲੋਂ ਲਗਾਏ ਗਏ ਪਹਿਲੇ ਅਨੁਮਾਨ ਨੂੰ ਮੁੜ ਤੋਂ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਭਾਵ ਗੁਰੂ ਸ਼ਬਦ ਨੂੰ ਮੰਨਣ ਵਾਲ਼ੇ ਬਾਰੇ ਪਹਿਲਾ ਲਗਾਇਆ ਗਿਆ ਕਿਆਸ ਅਪੂਰਨ ਜਾਪਦਾ ਹੈ।

ਕਾਗਦਿ, ਕਲਮ ਲਿਖਣਹਾਰੁ ਮੰਨੇ ਕਾ, ਬਹਿ ਕਰਨਿ ਵੀਚਾਰੁ

ਅਰਥ :  (ਅਜਿਹੇ ਨਿਰਮਲ ਜੀਵਨ ਨੂੰ) ਕਲਮ ਨਾਲ਼ ਕਾਗਜ਼ ਉੱਤੇ ਕੋਈ ਲਿਖਾਰੀ ਉਲੀਕ ਨਹੀਂ ਸਕਦਾ, (ਗੁਰ ਉਪਦੇਸ਼ ਦੀ) ਕਮਾਈ ਕਰਨ ਵਾਲ਼ੇ ਦੇ (ਵਰਤੀਰੇ-ਵਿਹਾਰ ਬਾਰੇ ਭਗਤ ਜਨ ਇਕੱਠੇ) ਬੈਠ ਕੇ ਵੀਚਾਰ ਕਰਦੇ ਰਹਿੰਦੇ ਹਨ।

ਐਸਾ ਨਾਮੁ, ਨਿਰੰਜਨੁ ਹੋਇ ਜੇ ਕੋ ਮੰਨਿ ਜਾਣੈ ਮਨਿ, ਕੋਇ ੧੨

ਅਰਥ :  (ਸ਼ਬਦ ਕਮਾਈ ਵਾਲ਼ੇ ਦਾ ‘ਨਾਮੁ’) ਨਾਮਣਾ (ਪ੍ਰਸਿੱਧੀ) ਅਜਿਹਾ (ਜਿਵੇਂ ਕਿ ਉਕਤ ਬਿਆਨ ਕੀਤਾ ਗਿਆ) ਉੱਜਲ ਹੋ ਜਾਂਦਾ ਹੈ (ਪਰ ਉਸ ਬਾਰੇ ਕਿਆਸ ਵੀ ਉਹੀ ਲਗਾ ਸਕਦਾ ਹੈ) ਜਿਹੜਾ ਕੋਈ (ਸਵੈ, ਆਪਣੇ) ਮਨ ਵਿੱਚ (ਗੁਰ ਸ਼ਬਦ ਦੀ) ਕਮਾਈ ਕਰਨਾ ਜਾਣਦਾ ਹੈ, ਪਰ ਐਸਾ ਕੋਈ ਵਿਰਲਾ ਹੀ ਹੁੰਦਾ ਹੈ (ਹੈਨਿ ਵਿਰਲੇ, ਨਾਹੀ ਘਣੇ (ਮਹਲਾ ੧, ਪੰਨਾ ੧੪੧੧)  ਭਾਵ ਗੁਰੂ ਸ਼ਬਦ ਦੀ ਅਸਲ ਕਮਾਈ ਕਿਸ ਨੇ ਕੀਤੀ ਹੈ, ਇਹ ਰਾਜ ਵੀ ਉਹੀ ਜਾਣਦਾ ਹੈ, ਜਿਸ ਨੇ ਖ਼ੁਦ ਅਜਿਹੀ ਕਮਾਈ ਕੀਤੀ ਹੋਵੇ। ਅਜਿਹੀਆਂ ਰੂਹਾਂ ਦਾ ਰੂਹਾਨੀਅਤ ਸਬੰਧ ਬਣਿਆ ਹੁੰਦਾ ਹੈ, ਨਾ ਕਿ ਦੁਨਿਆਵੀ)।

ਮੰਨੈ; ਸੁਰਤਿ ਹੋਵੈ, ਮਨਿ ਬੁਧਿ ਮੰਨੈ; ਸਗਲ ਭਵਣ ਕੀ ਸੁਧਿ

ਅਰਥ :  (ਗੁਰ ਉਪਦੇਸ਼) ਮੰਨਣ ਨਾਲ਼ ਵਿਚਾਰ ਉੱਚਾ ਤੇ ਮਨ ’ਚ ਜਾਗਰੂਕਤਾ (ਬੁੱਧੀ) ਆ ਜਾਂਦੀ ਹੈ; ਮਾਨੋ ਸਾਰੇ ਲੋਕਾਂ (ਸਵਰਗ ਲੋਕ, ਮਾਤ ਲੋਕ ਤੇ ਪਾਤਾਲ ਲੋਕਾਂ) ਬਾਰੇ ਸਮਝ ਹੋ ਜਾਂਦੀ ਹੈ (ਕਿ ਇਹ ਕਰਤਾਰ ਦੀ ਰਚਨਾ ਭਾਵ ਪਰਿਵਾਰ ਹੀ ਹੈ)।

ਮੰਨੈ; ਮੁਹਿ ਚੋਟਾ ਨਾ ਖਾਇ ਮੰਨੈ; ਜਮ ਕੈ ਸਾਥਿ ਜਾਇ     ਉਚਾਰਨ : ਮੁੰਹ, ਚੋਟਾਂ।

ਅਰਥ :  (ਗੁਰ ਸ਼ਬਦ ਦੀ) ਕਮਾਈ ਨਾਲ਼ (ਭਗਤ) ਮੂੰਹ ’ਤੇ (ਭਾਵ ਜੀਵਦਿਆਂ) ਵਿਕਾਰਾਂ ਦੀਆਂ ਠੋਕਰਾਂ (ਰੁਕਾਵਟਾਂ) ਨਹੀਂ ਖਾਂਦਾ ਕਿਉਂਕਿ ਅੰਦਰੂਨੀ ਨੁਕਸ ਦੇ ਨਾਲ਼ (ਭਾਵ ਆਤਮਕ ਮੌਤ ਮਰ ਕੇ) ਨਹੀਂ ਜਿਊਂਦਾ।

ਐਸਾ ਨਾਮੁ, ਨਿਰੰਜਨੁ ਹੋਇ ਜੇ ਕੋ ਮੰਨਿ ਜਾਣੈ ਮਨਿ, ਕੋਇ ੧੩

ਅਰਥ :  (ਗੁਰੂ ਸ਼ਬਦ ਦੀ ਕਮਾਈ ਵਾਲ਼ੇ ਦਾ) ਨਾਮਣਾ ਅਜਿਹਾ (ਉਕਤ ਦਿੱਤੀ ਮਿਸਾਲ ਵਰਗਾ) ਉੱਜਲ ਹੋ ਜਾਂਦਾ ਹੈ (ਪਰ ਇਸ ਵਿਚਾਰ ਦੀ ਗਹਿਰਾਈ ਤੱਕ ਉਹੀ ਜਾਏਗਾ) ਜਿਹੜਾ ਕੋਈ (ਆਪ, ਆਪਣੇ) ਮਨ ਵਿੱਚ (ਗੁਰ ਸ਼ਬਦ ਦੀ) ਕਮਾਈ ਕਰਨਾ ਜਾਣਦਾ ਹੈ, ਪਰ ਅਜਿਹਾ ਕੋਈ-ਕੋਈ ਹੈ।

ਮੰਨੈ; ਮਾਰਗਿ ਠਾਕ ਪਾਇ ਮੰਨੈ; ਪਤਿ ਸਿਉ ਪਰਗਟੁ ਜਾਇ       ਉਚਾਰਨ : ਸਿਉਂ।

ਅਰਥ :  (ਗੁਰ ਉਪਦੇਸ਼) ਮੰਨਣ ਨਾਲ਼ (ਜੀਵਨ) ਯਾਤਰਾ ’ਚ ਕੋਈ (ਵਿਕਾਰ) ਵਿਘਨ ਨਹੀਂ ਪਾ ਸਕਦਾ, ਇਸ ਲਈ ਭਗਤ ਫ਼ਖ਼ਰ (ਗੌਰਵ) ਨਾਲ਼ ਨਾਮੀ (ਉੱਘਾ) ਹੋ ਜਾਂਦਾ ਹੈ।

(ਨੋਟ : ਗੁਰੂ ਨਾਨਕ ਸਾਹਿਬ ਜੀ ਇਸ ਸਚਾਈ ਨੂੰ ਇਉਂ ਵੀ ਸਮਝਾਉਂਦੇ ਹਨ ਕਿ ਰੱਬੀ ਮਿਹਰ ਨਾਲ਼ ਜਿਸ ਅੰਦਰ ਰੂਹਾਨੀਅਤ ਪ੍ਰਫੁਲਿਤ ਹੁੰਦੀ ਹੋਵੇ, ਉਸ ਦੇ ਜੀਵਨ ਵਿਕਾਸ ’ਚ ਕੋਈ ਰੁਕਾਵਟ ਨਹੀਂ ਪਾ ਸਕਦਾ, ‘‘ਕਰਮਿ ਮਿਲੈ; ਨਾਹੀ ਠਾਕਿ ਰਹਾਈਆ ’’ ਮ: ੧, ਪੰਨਾ ੯)

ਮੰਨੈ; ਮਗੁ ਚਲੈ ਪੰਥੁ ਮੰਨੈ; ਧਰਮ ਸੇਤੀ ਸਨਬੰਧੁ

ਅਰਥ :  (ਗੁਰ ਸ਼ਬਦ-ਸਿਧਾਂਤ ਦੀ) ਕਮਾਈ ਕਰਨ ਨਾਲ਼ ਬੰਦਾ, ਭਿੰਨ-ਭਿੰਨ ਰਸਤਾ/ਸੋਚ (ਗੁਰਮਤਿ ਵਿਰੋਧੀ ਵਿਚਾਰਧਾਰਾ, ਮਗੁ-ਮਾਰਗ) ਨਹੀਂ ਅਪਣਾਉਂਦਾ ਕਿਉਂਕਿ ਸੱਚੇ ਸਿਧਾਂਤ ਨਾਲ਼ (ਧਰਮ ਸੇਤੀ) ਸਬੰਧ ਬਣ ਜਾਂਦਾ ਹੈ, ਅਸਲੀਅਤ ਨਾਲ਼ ਵਾਕਫ਼ੀਅਤ ਹੋ ਜਾਂਦੀ ਹੈ।

ਐਸਾ ਨਾਮੁ, ਨਿਰੰਜਨੁ ਹੋਇ ਜੇ ਕੋ ਮੰਨਿ ਜਾਣੈ ਮਨਿ, ਕੋਇ ੧੪

ਅਰਥ :  (ਸ਼ਬਦ ਕਮਾਈ ਵਾਲ਼ੇ ਦਾ) ਨਾਮਣਾ ਅਜਿਹਾ ਪਾਕ-ਪਵਿੱਤਰ ਹੋ ਜਾਂਦਾ ਹੈ (ਪਰ ਇਹ ਸਮਝ ਵੀ ਓਹੀ ਪਾਏਗਾ) ਜਿਹੜਾ ਕੋਈ (ਆਪ, ਆਪਣੇ) ਮਨ ਵਿੱਚ (ਗੁਰ ਸ਼ਬਦ ਦੀ) ਕਮਾਈ ਕਰਨਾ ਜਾਣਦਾ ਹੈ, ਪਰ ਅਜਿਹਾ ਕੋਈ ਵਿਰਲਾ ਹੀ ਹੈ।

ਮੰਨੈ; ਪਾਵਹਿ ਮੋਖੁ ਦੁਆਰੁ ਮੰਨੈ; ਪਰਵਾਰੈ ਸਾਧਾਰੁ     ਉਚਾਰਨ : ਪਾਵਹਿਂ।

ਅਰਥ :  (ਗੁਰ ਉਪਦੇਸ਼) ਮੰਨਣ ਨਾਲ਼ (ਭਗਤ-ਜਨ, ਮਾਇਆ ਤੋਂ) ਸੁਤੰਤਰ ਕਰਨ ਵਾਲ਼ਾ ਦਰਵਾਜ਼ਾ (ਬੂਹਾ/ਨਿਕਾਸੀ) ਲੱਭ ਲੈਂਦੇ ਹਨ। ਆਪਣੇ ਪਰਿਵਾਰ ਨੂੰ (ਵੀ ਉਸ ਨਿਕਾਸੀ ਮੋਖੁ ਦੀ ਅਹਿਮੀਅਤ ਬਾਰੇ ਸਮਝਾਉਂਦੇ ਹਨ ਭਾਵ ਗੁਰੂ) ਆਸਰੇ ਸਹਿਤ (ਭਰੋਸੇਯੋਗ) ਬਣਾ ਲੈਂਦੇ ਹਨ।

(ਨੋਟ : ਗੁਰਬਾਣੀ ’ਚ ਸੁਣਿਐ; ਪਰਵਾਰੈ ਸਾਧਾਰੁ’’ ਭਾਵ ਗੁਰੂ ਦੀ ਸਿੱਖਿਆ ਸੁਣਨ ਨਾਲ਼ ਆਪਣੇ ਪਰਿਵਾਰ ਨੂੰ ਗੁਰੂ ਆਸ਼ੇ ਯੋਗ ਬਣਾ ਲਈਦਾ ਹੈ, ਕਿਤੇ ਦਰਜ ਨਹੀਂ ਕਿਉਂਕਿ ਪਹਿਲਾਂ ਆਪਣਾ ਜੀਵਨ ਗੁਰੂ ਸਿੱਖਿਆ ਅਨੁਸਾਰ ਬਣਾ ਕੇ ਮਿਸਾਲ ਪੇਸ਼ ਕਰਨੀ ਪੈਂਦੀ ਹੈ, ‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ ’’ (ਮ: ੫, ਪੰਨਾ ੩੮੧), ਅਜਿਹੀ ਜੀਵਨਸ਼ੈਲੀ ਕੇਵਲ ਸੁਣਨ ਨਾਲ਼ ਨਹੀਂ ਬਲਕਿ ਗੁਰੂ ਸਿੱਖਿਆ ਨੂੰ ਮੰਨਣ ਨਾਲ਼ ਬਣਦੀ ਹੈ।

ਗੁਰਬਾਣੀ ’ਚ ਇਹ ਵੀ ਕਿਤੇ ਦਰਜ ਨਹੀਂ ਕਿ ‘‘ਸੁਣਿਐ ਕੀ ਗਤਿ, ਕਹੀ ਜਾਇ ਜੇ ਕੋ ਕਹੈ, ਪਿਛੈ ਪਛੁਤਾਇ’’ ਜਾਂ ‘‘ਸੁਣਿਐ ਸੁਰਤਿ ਹੋਵੈ, ਮਨਿ ਬੁਧਿ’’ ਇਸ ਲਈ ਸੁਣਿਐ/ਮੰਨੈ ਜਾਂ ਗਿਆਨਖੰਡ/ਸਰਮਖੰਡ ਦਾ ਅੰਤਰ ਸਮਝਣਾ ਅਤਿ ਜ਼ਰੂਰੀ ਹੈ।)

ਮੰਨੈ; ਤਰੈ, ਤਾਰੇ, ਗੁਰੁ ਸਿਖ ਮੰਨੈ; ਨਾਨਕ ! ਭਵਹਿ ਭਿਖ     ਉਚਾਰਨ : ਭਵਹਿਂ।

ਅਰਥ : ‘ਗੁਰੁ’ ਰੂਪ ‘ਸਿਖ’ (ਸਿੱਖਿਆ) ਮੰਨਣ ਨਾਲ਼ (ਬੰਦਾ, ਆਪ ਵਿਕਾਰਾਂ ਤੋਂ) ਆਜ਼ਾਦ ਰਹਿੰਦਾ ਹੈ, (ਸਤਸੰਗੀਆਂ ਨੂੰ ਵੀ) ਤਾਰਦਾ ਹੈ।  ਹੇ ਨਾਨਕ  ! (ਅਜਿਹੇ ਕਿਰਦਾਰ ਦਰ-ਦਰ) ਖ਼ੁਸ਼ਾਮਦ ਲਈ ਨਹੀਂ ਭਟਕਦੇ (ਨਸੀਬ ’ਤੇ ਭਰੋਸਾ ਤੇ ਮਿਹਨਤ ਕਰ ਖਾਂਦੇ ਹਨ)।

ਐਸਾ ਨਾਮੁ, ਨਿਰੰਜਨੁ ਹੋਇ ਜੇ ਕੋ ਮੰਨਿ ਜਾਣੈ ਮਨਿ, ਕੋਇ੧੫

ਅਰਥ :  (ਗੁਰੂ ਉਪਦੇਸ਼ ਮੰਨਣ ਵਾਲ਼ੇ ਦਾ ‘ਨਾਮੁ’) ਨਾਮਣਾ (ਪ੍ਰਸਿੱਧੀ) ਅਜਿਹਾ (ਉਕਤ ਦਰਸਾਏ ਵਰਗਾ) ਉੱਜਲ ਹੋ ਜਾਂਦਾ ਹੈ (ਪਰ ਐਸੇ ਜੀਵਨ ਦੀ ਪਰਖ ਉਹੀ ਕਰ ਸਕਦਾ ਹੈ) ਜਿਹੜਾ ਕੋਈ (ਖ਼ੁਦ ਆਪਣੇ) ਮਨ ਵਿੱਚ (ਗੁਰ ਸ਼ਬਦ ਦੀ) ਕਮਾਈ ਕਰਨ ਜਾਣਦਾ ਹੈ, ਪਰ ਐਸਾ ਕੋਈ ਵਿਰਲਾ ਹੀ ਹੈ, ‘‘ਕੋਟਨ ਮੈ ਨਾਨਕ ਕੋਊ; ਨਾਰਾਇਨੁ ਜਿਹ ਚੀਤਿ ’’ (ਮ: ੯, ਪੰਨਾ ੧੪੨੭)

http://gurparsad.com/jap-pori-no-1-to-3-part-1/

http://gurparsad.com/jap-pori-no-16-to-24-part-3/

http://gurparsad.com/jap-pori-no-25-to-33-part-4/

http://gurparsad.com/jap-pori-no-34-to-last-slok-and-method-of-use-to-nanak-shabad-part-5/