29 C
Jalandhar
Friday, July 18, 2025
spot_img
Home Blog Page 211

ਅੱਛਾ ਆਰੰਭ

0

ਕਾਵਿ-ਵਿਅੰਗ

ਅੱਛਾ ਆਰੰਭ 

ਰਮੇਸ਼ ਬੱਗਾ ‘ਚੋਹਲਾ’ (ਲੁਧਿਆਣਾ)-94631-32719

ਉਥੇ ਪੁੱਛਦਾ ਕੋਣ ਹੈ ਆਲੂਆਂ ਨੂੰ, ਜਿਥੇ ਬਣਿਆ ਮਟਰ ਪਨੀਰ ਹੋਵੇ।

ਦਿੰਦਾ ਦਲੀਏ ਵੱਲ ਧਿਆਨ ਕਿਹੜਾ, ਮੱਥੇ ਲੱਗਦੀ ਕਿਤੇ ਜੇ ਖੀਰ ਹੋਵੇ।

ਹੁੰਦੀ ਭਲੇ ਦੀ ਆਸ ਨਾ ਚੇਲਿਆਂ ਤੋਂ, ਲੰਢਾ ਲੁੱਚਾ ਜਿਨ੍ਹਾਂ ਦਾ ਪੀਰ ਹੋਵੇ।

ਹੁੰਦਾ ਜਿਸ ਦਾ ਅੱਛਾ ਆਰੰਭ ‘ਚੋਹਲਾ’, ਅੱਛਾ ਉਸ ਦਾ ਹੀ ਅਖੀਰ ਹੋਵੇ।

—–੦——-

ਨਰਕ

0

ਕਾਵਿ-ਵਿਅੰਗ

ਨਰਕ

ਰਮੇਸ਼ ਬੱਗਾ ‘ਚੋਹਲਾ’ (ਲੁਧਿਆਣਾ)-94631-32719

ਸੱਚੇ ਬੰਦੇ ਦੀ ਸਦਾ ਹੀ ਜਿੱਤ ਹੁੰਦੀ, ਬੇੜਾ ਝੂਠੇ ਦਾ ਹੁੰਦਾ ਹੈ ਗਰਕ ਮੀਆਂ।

ਬਿੰਨ ਕੀਤਿਆਂ ਕਦੇ ਨਾ ਕੁੱਝ ਹੋਵੇ, ਤਰਕਸ਼ੀਲਾਂ ਦਾ ਹੁੰਦਾ ਇਹ ਤਰਕ ਮੀਆਂ।

ਜਿਸ ਬੰਦੇ ਦੀ ਹੋਵੇ ਔਲਾਦ ਮਾੜੀ, ਉਹ ਤਾਂ ਭੋਗਦਾ ਇੱਥੇ ਹੀ ਨਰਕ ਮੀਆਂ।

ਨਿੰਦਦੇ ਭੰਡਦੇ ‘ਚੋਹਲੇ’ ਨੂੰ ਲੋਕ ਭਾਵੇਂ, ਪੈਂਦਾ ਉਸ ਨੂੰ ਕਦੇ ਨਾ ਫਰਕ ਮੀਆਂ।

—–੦——

ਗੁਰੂ ਕਾ ਲੰਗਰ

0

ਗੁਰੂ ਕਾ ਲੰਗਰ

ਰਮੇਸ਼ ਬੱਗਾ ‘ਚੋਹਲਾ’ (ਲੁਧਿਆਣਾ)-94631-32719

ਭਾਈਚਾਰੇ ਦਾ ਪ੍ਰਤੀਕ ਹੈ: ਗੁਰੂ ਘਰ ਕਾ ਲੰਗਰ।

ਬਰਾਬਰਤਾ ਦੀ ਤਸਦੀਕ ਹੈ: ਗੁਰੂ ਕਾ ਲੰਗਰ।

ਸੇਵਾ ਸਿਮਰਨ ਦੀ ਤੌਫ਼ੀਕ ਹੈ: ਗੁਰ ਕਾ ਲੰਗਰ।

ਵਿਤਕਰਿਆਂ ’ਤੇ ਲੀਕ ਹੈ: ਗੁਰੂ ਕਾ ਲੰਗਰ।

ਸਾਂਝੀਵਾਲਤਾ ਲਈ ਸ਼ਰੀਕ ਹੈ: ਗੁਰੂ ਕਾ ਲੰਗਰ।

ਲੋੜਵੰਦਾਂ ਲਈ ਸਦੀਕ ਹੈ: ਗੁਰੂ ਕਾ ਲੰਗਰ।

ਤਨ ਮਨ ਲਈ ਤ੍ਰਿਪਤੀਕ ਹੈ: ਗੁਰੂ ਕਾ ਲੰਗਰ।

ਛੱਕਣਾ ਛਕਾਉਣਾ ਨਾਲ ਅਦਬ ਦੇ, ਹੁੰਦਾ ਠੀਕ ਹੈ: ਗੁਰੂ ਕਾ ਲੰਗਰ ।

ਮੁੱਖ ਵਾਕ ਪੇਜ ਨੰਬਰ 750

0

ਮੁੱਖ ਵਾਕ (ਪੇਜ ਨੰਬਰ 750, ਗੁਰੂ ਅਰਜਨ ਸਾਹਿਬ ਜੀ, ਰਾਗ ਸੂਹੀ)

ਸੂਹੀ, ਮਹਲਾ ੫ ॥ (ਸੂਹੀ/ਮ: ੫/੭੫੦)

ਜਿਸ ਕੇ ਸਿਰ ਊਪਰਿ; ਤੂੰ ਸੁਆਮੀ  ! ਸੋ ਦੁਖੁ ਕੈਸਾ ਪਾਵੈ  ? ॥

ਅਰਥ: ਹੇ ਮੇਰੇ ਮਾਲਕ ! ਜਿਸ (ਤੇਰੇ ਸੇਵਕ) ਉੱਤੇ ਤੇਰੀ ਕਿਰਪਾ ਹੋ ਜਾਏ, ਉਸ ਨੂੰ ਕੋਈ ਦੁੱਖ ਨਹੀਂ ਪੋਹ ਸਕਦਾ ਭਾਵ ਉਹ ਵਿਅਕਤੀ ਅੰਦਰੂਨੀ ਵਿਕਾਰਾਂ ਜਾਂ ਪਰਿਵਾਰਕ ਤੇ ਸਮਾਜਿਕ ਸਮੱਸਿਆਵਾਂ ਅੱਗੇ ਤੇਰੇ ਆਸਰੇ ਨਾਲ ਡੋਲਦਾ ਨਹੀਂ, ਸਗੋਂ ਦ੍ਰਿੜ੍ਹਤਾ ਨਾਲ ਮੁਕਾਬਲਾ ਕਰਦਾ ਹੋਇਆ ਆਪਣੇ ਸਰੀਰਕ ਕਸ਼ਟਾਂ ਨੂੰ ਮਹਿਸੂਸ (ਉਜਾਗਰ) ਨਹੀਂ ਹੋਣ ਦਿੰਦਾ।

ਬੋਲਿ ਨ ਜਾਣੈ, ਮਾਇਆ ਮਦਿ ਮਾਤਾ; ਮਰਣਾ ਚੀਤਿ ਨ ਆਵੈ ॥੧॥

ਅਰਥ: ਕਿਉਂਕਿ ਉਹ ਮਾਇਆ ਦੇ ਕਿਸੇ ਨਸ਼ੇ ’ਚ ਮਸਤ ਹੋਇਆ (ਅਹੰਕਾਰੀ) ਵਚਨ ਬੋਲਣਾ ਹੀ ਨਹੀਂ ਜਾਣਦਾ (ਤਾਂ ਜੋ ਵਿਕਾਰ ਆਪਣਾ ਪ੍ਰਭਾਵ ਪਾ ਸਕਣ, ਸੱਚ ਦੇ ਬਦਲੇ) ਸਰੀਰਕ ਮੌਤ ਨੂੰ ਬਹੁਤੀ ਤਵੱਜੋ ਹੀ ਨਹੀਂ ਦਿੰਦਾ ਭਾਵ ਮੌਤ ਦਾ ਡਰ ਮਨ ਵਿੱਚ ਨਹੀਂ ਰੱਖਦਾ।

ਮੇਰੇ ਰਾਮ ਰਾਇ  ! ਤੂੰ ਸੰਤਾ ਕਾ, ਸੰਤ ਤੇਰੇ ॥ ਤੇਰੇ ਸੇਵਕ ਕਉ, ਭਉ ਕਿਛੁ ਨਾਹੀ; ਜਮੁ ਨਹੀ ਆਵੈ ਨੇਰੇ ॥੧॥ ਰਹਾਉ ॥

ਅਰਥ: ਹੇ ਮੇਰੇ (ਸਹਾਰੇ) ਸੱਚੇ ਪਾਤਿਸ਼ਾਹ ! ਤੂੰ ਅਜਿਹੇ ਸੰਤਾਂ ਦਾ ਮਾਲਕ ਹੈਂ ਤੇ ਉਹ ਸੰਤ ਕੇਵਲ ਤੇਰੇ ਹੀ ਸੇਵਕ ਹਨ ਭਾਵ ਕਿਸੇ ਹੋਰ ਆਸਰੇ ਨੂੰ ਜੀਵਨ ਦਾ ਆਧਾਰ ਨਹੀਂ ਬਣਾਉਂਦੇ। ਇਸ ਲਈ ਤੇਰੇ ਸੇਵਕਾਂ ਨੂੰ ਕੋਈ ਡਰ ਨਹੀਂ ਰਹਿੰਦਾ ਤੇ ਆਤਮਿਕ ਮੌਤ (ਭਾਵ ਕੋਈ ਲਾਲਚ ਜਾਂ ਸੁਆਰਥ, ਆਦਿ) ਨੇੜੇ ਨਹੀਂ ਆ ਸਕਦਾ।

ਜੋ ਤੇਰੈ ਰੰਗਿ ਰਾਤੇ ਸੁਆਮੀ  ! ਤਿਨ੍ ਕਾ ਜਨਮ ਮਰਣ ਦੁਖੁ ਨਾਸਾ ॥ ਤੇਰੀ ਬਖਸ ਨ ਮੇਟੈ ਕੋਈ; ਸਤਿਗੁਰ ਕਾ ਦਿਲਾਸਾ ॥੨॥

ਅਰਥ: ਹੇ ਮੇਰੇ ਮਾਲਕ ! ਸਤਿਗੁਰੂ ਦਾ ਇਹ ਭਰੋਸਾ ਹੈ ਕਿ ਅਜਿਹੇ ਹੋਰ ਵੀ ਵਿਅਕਤੀ ਜੋ ਤੇਰੇ ਪ੍ਰੇਮ-ਰੰਗ ਵਿੱਚ ਰੰਗੇ ਰਹਿੰਦੇ ਹਨ ਉਨ੍ਹਾਂ ਦਾ ਵੀ ਜਨਮ ਤੋਂ ਮਰਨ ਤੱਕ ਦਾ ਤਮਾਮ ਦੁੱਖ ਕੱਟਿਆ ਜਾਂਦਾ ਹੈ ਭਾਵ ਉਹ ਹਰ ਦੁੱਖ ਤੋਂ ਉੱਪਰ ਉੱਠ ਜਾਂਦੇ ਹਨ। (ਉਨ੍ਹਾਂ ਦੀ ਮਦਦ ਕਰਨ ਵਾਲੀ) ਤੇਰੀ ਰਹਿਮਤ ਦ੍ਰਿਸ਼ਟੀ ਨੂੰ ਕੋਈ ਵਿਰੋਧੀ ਰੋਕ ਨਹੀਂ ਸਕਦਾ।

ਨਾਮੁ ਧਿਆਇਨਿ, ਸੁਖ ਫਲ ਪਾਇਨਿ; ਆਠ ਪਹਰ ਆਰਾਧਹਿ ॥ ਤੇਰੀ ਸਰਣਿ ਤੇਰੈ ਭਰਵਾਸੈ; ਪੰਚ ਦੁਸਟ ਲੈ ਸਾਧਹਿ ॥੩॥

ਅਰਥ: ਜੋ ਤੇਰਾ ਨਾਮ (ਗੁਣ, ਵਡੱਪਣ, ਹੋਂਦ) ਅੱਠੇ ਪਹਿਰ ਯਾਦ ਰੱਖਦੇ ਹਨ, ਚੇਤੇ ਕਰਦੇ ਹਨ ਉਹ (ਦਰ-ਦਰ ’ਤੇ ਭਟਕਣ ਦੀ ਬਜਾਇ ਸਦਾ) ਅਨੰਦ ਪ੍ਰਾਪਤ ਕਰਦੇ ਹਨ। ਤੇਰੇ ਆਸਰੇ ਅਤੇ ਤੇਰੇ ਉੱਤੇ ਬਣੇ ਵਿਸ਼ਵਾਸ ਨਾਲ਼ ਹੀ ਉਹ ਪੰਜੇ ਕਾਮਾਦਿਕ ਵੈਰੀਆਂ ਨੂੰ ਕਾਬੂ ਕਰ ਲੈਂਦੇ ਹਨ।

ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ; ਸਾਰ ਨ ਜਾਣਾ ਤੇਰੀ ॥ ਸਭ ਤੇ ਵਡਾ ਸਤਿਗੁਰੁ ਨਾਨਕੁ; ਜਿਨਿ ਕਲ ਰਾਖੀ ਮੇਰੀ ॥੪॥

ਅਰਥ: ਹੇ ਮੇਰੇ ਮਾਲਕ  ! ਮੈਨੂੰ ਨਾਨਕ ਨੂੰ ਸਰਬੋਤਮ ਸਤਿਗੁਰੂ ਮਿਲ ਗਿਆ ( ਭਾਵ ਤੈਨੂੰ ਵੇਖਣ ਵਾਲੀਆਂ ਅੱਖਾਂ ਮਿਲ ਗਈਆਂ), ਜਿਸ ਨੇ ਮੇਰੀ ਲੋਕ-ਪ੍ਰਲੋਕ ’ਚ ਇੱਜ਼ਤ ਰੱਖ ਲਈ, ਨਹੀਂ ਤਾਂ ਮੈਂ ਤੇਰੀ (ਹੋਂਦ ਦੀ) ਕੋਈ ਕਦਰ ਹੀ ਨਾ ਕਰਦਾ, ਤੇਰਾ ਗਿਆਨ ਤੇ ਧਿਆਨ ਹੀ ਕਰਨਾ ਨਹੀਂ ਜਾਣ ਸਕਦਾ ਸੀ।

ਮਿਤੀ-18-1-2017

ਗਿਆਨੀ ਅਵਤਾਰ ਸਿੰਘ

ਪੰਜਾਬੀਓ ਜਾਗਦੇ ਕਿ ਸੁੱਤੇ !

0

ਪੰਜਾਬੀਓ ਜਾਗਦੇ ਕਿ ਸੁੱਤੇ  !

ਡਾ. ਅਮਨਦੀਪ ਸਿੰਘ ਟੱਲੇਵਾਲੀਆ, ਚੜ੍ਹਦੀਕਲਾ ਨਿਵਾਸ, ਬਾਬਾ ਫਰੀਦ ਨਗਰ, ਕਚਹਿਰੀ ਚੌਂਕ (ਬਰਨਾਲਾ)- 98146-99446

ਪੰਜਾਬ ਨੂੰ ਮਾਣ ਹੈ ਕਿ ਇਸ ਧਰਤੀ ਨੇ ਗੁਰੂਆਂ, ਪੀਰਾਂ, ਫਕੀਰਾਂ, ਯੋਧਿਆਂ ਨੂੰ ਜਨਮ ਦਿੱਤਾ ਹੈ। ਪੰਜਾਬ ਦੀ ਧਰਤੀ ’ਤੇ ਦੁਨੀਆਂ ਦੇ ਮਹਾਨ ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਰਿਗਵੇਦ ਦੀ ਰਚਨਾ ਹੋਈ ਹੈ। ਇਸ ਧਰਤੀ ਦਾ ਜ਼ਰਰਾ ਜ਼ਰਰਾ ਸੂਰਮਿਆਂ ਦੀ ਸੂਰਮਗਤੀ ਦੇ ਸੋਹਲੇ ਗਾਉਂਦਾ ਹੈ ਜਿਸ ਦੀ ਮਿਸਾਲ ਇਸ ਧਰਤੀ ’ਤੇ ਲੱਗਦੇ ਮੇਲਿਆਂ ਤੋਂ ਮਿਲਦੀ ਹੈ। ਪੰਜਾਬ ਨੂੰ ਮਾਣ ਹੈ ਕਿ ਭਾਰਤ ਦੇਸ਼ ਦੀ ਰਾਖੀ ਲਈ ਇਸ ਦੇ ਮਹਾਨ ਸਪੂਤਾਂ ਨੇ ਹਿੱਕਾਂ ਤਾਣ ਕੇ ਵੈਰੀ ਦਾ ਮੁਕਾਬਲਾ ਕੀਤਾ ਹੈ। ਸਮੇਂ-ਸਮੇਂ ਸਿਰ ਦੇਸ਼ ਉੱਤੇ ਕਦੇ ਤੁਰਕਾਂ, ਕਦੇ ਅਫਗਾਨੀਆਂ ਅਤੇ ਕਦੇ ਅੰਗਰੇਜ਼ਾਂ ਨੇ ਹਮਲੇ ਕੀਤੇ ਪਰ ਪੰਜਾਬੀਆਂ ਦੇ ਜੋਸ਼ ਅੱਗੇ ਕੋਈ ਟਿਕ ਨਹੀਂ ਸੀ ਸਕਿਆ। ਪੰਜਾਬੀਆਂ ਬਾਰੇ ਇਹ ਕਹਾਵਤ ਮਸ਼ਹੂਰ ਹੈ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ। ਪਰ ਹੁਣ ਦੇ ਹਾਲਾਤ ਬਿਲਕੁਲ ਵੱਖਰੇ ਹਨ। ਹੁਣ ਪੰਜਾਬੀਆਂ ਨੂੰ ਨਾ ਤੁਰਕਾਂ ਤੋਂ ਖਤਰਾ ਹੈ, ਨਾ ਅਫਗਾਨੀਆਂ ਤੋਂ ਅਤੇ ਨਾ ਹੀ ਅੰਗਰੇਜ਼ਾਂ ਤੋਂ, ਹੁਣ ਤਾਂ ਇਸ ਨੂੰ ਆਪਣੇ ਹੀ ਖਤਮ ਕਰਨ ’ਤੇ ਤੁਲੇ ਹੋਏ ਹਨ। 1947 ਤੋਂ ਪਿੱਛੋਂ 1984, ਅਤੇ ਬਾਅਦ ਵਿੱਚ ਦਸ-ਪੰਦਰਾਂ ਸਾਲ ਦਾ ਭਿਆਨਕ ਦੌਰ ਪੰਜਾਬੀਆਂ ਦੇ ਜ਼ਿਹਨ ਵਿੱਚੋਂ ਕਦੇ ਵੀ ਨਹੀਂ ਨਿਕਲ ਸਕੇਗਾ। ਕਿਵੇਂ ਨੌਜਵਾਨ ਮੁੰਡਿਆਂ ਹੱਥ ਏ. ਕੇ. ਸੰਤਾਲੀ ਫੜਾ ਕੇ ਭਾਈਆਂ ਹੱਥੋਂ ਭਾਈਆਂ ਦਾ ਕਤਲ ਕਰਵਾਇਆ ਗਿਆ ਸੀ। ਇਹ ਜਖ਼ਮ ਹਾਲੇ ਵੀ ਰਿਸ ਰਹੇ ਹਨ। ਹੁਣ ਇਨ੍ਹਾਂ ਜਖ਼ਮਾਂ ’ਤੇ ਲੂਣ ਪਾਉਣ ਲਈ ਬੜੀਆਂ ਹੀ ਸੋਚੀਆਂ ਸਮਝੀਆਂ ਚਾਲਾਂ ਤਹਿਤ ਪੰਜਾਬ ਦੇ ਗੱਭਰੂਆਂ ਨੂੰ ਨਸ਼ਿਆਂ ਦੀ ਐਸੀ ਦਲਦਲ ਵਿੱਚ ਧੱਕਿਆ ਜਾ ਰਿਹਾ ਹੈ ਜਿਸ ਵਿੱਚੋਂ ਨਿਕਲਣਾ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਲੱਗ ਰਿਹਾ ਹੈ।

ਨੌਜਵਾਨ ਮੁੰਡੇ-ਕੁੜੀਆਂ ਨੂੰ ਨਸ਼ੇ ਸਪਲਾਈ ਕਰਨ ਦਾ ਧੰਦਾ ਹਰ ਪਿੰਡ, ਹਰ ਸ਼ਹਿਰ ’ਚ ਬਿਨਾਂ ਕਿਸੇ ਰੋਕ ਟੋਕ ਤੋਂ ਨਿਰੰਤਰ ਚੱਲ ਰਿਹਾ ਹੈ। ਕਿਸੇ ਨਾ ਕਿਸੇ ਰਾਜਸੀ ਨੇਤਾ ਦੀ ਸ਼ਰਨ ਲੈ ਕੇ ਨਸ਼ੇ ਦੇ ਸੌਦਾਗਰ ਪੰਜਾਬ ਦਾ ਸਰਮਾਇਆ ਲੁੱਟ ਰਹੇ ਹਨ। ਉਹ ਪੰਜਾਬੀ ਜਿਨ੍ਹਾਂ ਦੇ ਸਾਹਮਣੇ ਅਟਕ ਜਿਹੇ ਦਰਿਆ ਰੁਕ ਜਾਂਦੇ ਸਨ, ਕਾਬਲ ਕੰਧਾਰ ਦੇ ਸਾਹ ਸੁੱਕ ਜਾਂਦੇ ਸਨ ਜਿਹੜੇ ਪੰਜਾਬੀ ਕਿਸੇ ਦੀ ਧੀ-ਭੈਣ ਦੀ ਇੱਜ਼ਤ ਨੂੰ ਬਚਾਉਣ ਲਈ ਆਪਣਾ ਸਭ ਕੁੱਝ ਦਾਅ ’ਤੇ ਲਾ ਦਿੰਦੇ ਸਨ ਅੱਜ ਨਿਗੁਰੇ ਅਤੇ ਬੁਜ਼ਦਿਲ ਬਣ ਕੇ ਸਿਰਫ਼ ਆਪਣੇ ਨਸ਼ੇ ਦੀ ਪੂਰਤੀ ਲਈ ਤਤਪਰ ਹਨ।

ਪੰਜਾਬ ਵਿੱਚ ਪਨਪ ਰਿਹਾ ਡੇਰਾਵਾਦ, ਪੰਜਾਬੀਆਂ ਵਿੱਚ ਭਰਾ ਮਾਰੂ ਜੰਗ ਕਰਵਾਉਣ ’ਤੇ ਉਤਾਵਲਾ ਹੋਇਆ ਪਿਆ ਹੈ। ਪਿੰਡਾਂ ਵਿੱਚ ਬਣੇ ਵੱਖ-ਵੱਖ ਧੜੇ, ਇੱਕ-ਦੂਜੇ ਵੱਲ ਕੈਰੀ ਅੱਖ ਨਾਲ ਵੇਖਦੇ ਹਨ ‘ਜਦੋਂ ਸਾਡਾ ਰਾਜ ਆਊ ਥੋਨੂੰ ਵੇਖਾਂਗੇ’ ਵਰਗੇ ਸ਼ਬਦਾਂ ਨਾਲ ਸੰਬੋਧਿਤ ਹੋ ਕੇ ਆਪਣੇ ਸਕਿਆਂ ਦੇ ਟੋਟੇ-ਟੋਟੇ ਕਰਨ ’ਤੇ ਉਤਰੇ ਹੋਏ ਹਨ। ਹਾਕਮ ਲੋਕ ਵੀ ਇਹ ਚਾਹੁੰਦੇ ਹਨ ਕਿ ਕਿਵੇਂ ਨਾ ਕਿਵੇਂ ਲੋਕਾਂ ਨੂੰ ਲੜਾ ਕੇ ਰੱਖਿਆ ਜਾਵੇ। ਜੇਕਰ ਇਹ ਇੱਕ ਹੋ ਗਏ ਤਾਂ ਹਾਕਮ ਜਮਾਤ ਨੂੰ ਕੌਣ ਪੁੱਛੇਗਾ। ਪਰ ਭੋਲੇ ਲੋਕ ਇਸ ਗੱਲ ਤੋਂ ਅਣਜਾਣ, ਆਪਣਿਆਂ ਨੂੰ ਹੀ ਮਾਰ ਮੁਕਾਉਣ ’ਤੇ ਤੁਲੇ ਹੋਏ ਹਨ।

ਪੰਜਾਬੀ ਲੋਕ ਜਿਨ੍ਹਾਂ ਦੇ ਜੁੱਸੇ (ਤਕੜੇ ਸਰੀਰ) ਦੀ ਚਰਚਾ ਦੇਸ਼ਾਂ-ਵਿਦੇਸ਼ਾਂ ਵਿੱਚ ਹੁੰਦੀ ਸੀ। ਪੰਜਾਬਣ ਮੁਟਿਆਰ ਜਿਸ ਦੇ ਸਾਹਮਣੇ ਪੁੰਨਿਆਂ ਦਾ ਚੰਨ ਵੀ ਫਿੱਕਾ ਲੱਗਦਾ ਸੀ। ਸਰੂ (ਲੰਬੇ-ਚੌੜੇ) ਵਰਗੇ ਕੱਦ, ਮੂੰਗਲਿਆਂ ਵਰਗੇ ਡੌਲੇ ਅੱਜ ਭਾਲਿਆਂ ਨਹੀਂ ਲੱਭਦੇ। ਫੌਜ ਦੀ ਭਰਤੀ ਵੇਲੇ ਕਈ ਜਵਾਨਾਂ ਦੀ ਛਾਤੀ ਘੱਟ ਜਾਂਦੀ ਹੈ, ਕਈਆਂ ਦੇ ਕੱਦ। ਇਸ ਦਾ ਸਿੱਧਾ ਕਾਰਨ, ਪੰਜਾਬੀਆਂ ਦੀ ਖੁਰਾਕ ਵਿੱਚ ਵੱਧ ਰਿਹਾ ਬਨਾਉਟੀਪਣ ਹੈ। ਖਾਲਸ ਘਿਓ, ਖਾਲਸ ਦੁੱਧ ਹੁਣ ਕਿਸ ਘਰ ਵਿੱਚੋਂ ਮਿਲਦਾ ਹੈ ? ਹਰੀਆਂ ਸਬਜ਼ੀਆਂ, ਸਿਰਫ਼ ਨਾਂ ਦੀਆਂ ਹੀ ਹਰੀਆਂ ਰਹਿ ਗਈਆਂ ਹਨ। ਟੀਕੇ ਲਾ ਕੇ ਤਿਆਰ ਕੀਤਾ ਗਿਆ ਦੁੱਧ ਜਾਂ ਜ਼ਹਿਰਾਂ-ਸਪਰੇਆਂ ਛਿੜਕ ਕੇ ਤਿਆਰ ਕੀਤੀਆਂ ਸਬਜ਼ੀਆਂ ਜਾਂ ਹੋਰ ਵਸਤਾਂ ਖਾ-ਪੀ ਕੇ ਕਿਸ ਤਰ੍ਹਾਂ ਦੇ ਬਹਾਦਰ ਬਣ ਸਕਦੇ ਹਾਂ ? ਇਹ ਇੱਕ ਕੁਦਰਤੀ ਸੱਚ ਹੈ ਕਿ ਜਿਸ ਫਸਲ ਵਿੱਚ ਬੀਜ ਪੈਦਾ ਕਰਨ ਦੀ ਸਮਰੱਥਾਂ ਹੀ ਨਹੀਂ, ਉਹ ਖਾ ਕੇ ਜਾਂ ਪੀ ਕੇ ਅਸੀਂ ਬੀਜ ਰਹਿਤ ਹੋ ਜਾਵਾਂਗੇ ਭਾਵ ਸਾਨੂੰ ਨਿਪੁੰਸਕ ਕਰਨ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਬੀ. ਟੀ. ਫਸਲਾਂ ਦੀ ਖੇਤੀ ਜਿੱਥੇ ਕੈਂਸਰ ਵਰਗੀਆਂ ਬੀਮਾਰੀਆਂ ਨੂੰ ਸੱਦਾ ਦਿੰਦੀ ਹੈ ਉੱਥੇ ਸਾਡਾ ਬੀਜ ਨਾਸ਼ ਵੀ ਕਰਦੀ ਹੈ।

ਸੋ, ਪਿਆਰੇ ਪੰਜਾਬੀਓ ! ਖੇਤਾਂ ਵਿੱਚ ਫਸਲਾਂ ਉਗਾਉਣ ਲੱਗੇ ਇਸ ਗੱਲ ਦਾ ਧਿਆਨ ਜ਼ਰੂਰ ਕਰ ਲਓ ਕਿ ਜਿਹੜੀ ਫਸਲ ਉਗਾਉਣ ਲੱਗੇ ਹੋ, ਉਸ ਨੂੰ ਵਰਤ ਕੇ ਤੁਹਾਡੀ ਆਉਣ ਵਾਲੀ ਪੀੜ੍ਹੀ ਜੀਵਤ ਰਹਿ ਸਕੇਗੀ ? ਇਹ ਵੀ ਸਭ ਸੋਚੀ ਸਮਝੀ ਚਾਲ ਤਹਿਤ ਹੋ ਰਿਹਾ ਹੈ। ਦੁੱਧ ਚੋਣ ਵੇਲੇ ਪਸ਼ੂਆਂ ਦੇ ਲੱਗਣ ਵਾਲੇ ਟੀਕੇ ’ਤੇ ਕਾਗਜ਼ਾਂ ਵਿੱਚ ਪਾਬੰਦੀ ਲੱਗੀ ਹੋਈ ਹੈ, ਜ਼ਹਿਰਾਂ ਸਪਰੇਆਂ ਕਰਕੇ ਬਾਜ਼ਾਰ ਵਿੱਚ ਵੇਚੀ ਜਾ ਰਹੀ ਸਬਜ਼ੀ ਅਤੇ ਫਲ ਵੀ ਵਰਜਿਤ ਹਨ। ਪਰ ਸਭ ਕੁੱਝ ਚੱਲ ਰਿਹਾ ਹੈ, ਅਸੀਂ ਹੀ ਅੱਖਾਂ ਬੰਦ ਕਰੀ ਬੈਠੇ ਹਾਂ। ਜ਼ਹਿਰਾਂ ਨਾਲ ਲਬਰੇਜ਼ ਵਸਤਾਂ ਖਾ-ਖਾ ਬੱਚੇ, ਨੌਜਵਾਨ, ਬੁੱਢੇ ਸਭ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਬੀਮਾਰ ਵਿਅਕਤੀ ਦੇਸ਼ ਦੀ ਆਨ-ਸ਼ਾਨ ਲਈ ਕਿੰਝ ਮਰ ਮਿਟ ਸਕੇਗਾ। ਅੰਦਾਜ਼ਾ ਲਾਓ, ਸਾਨੂੰ ਹਰ ਪੱਖ ਤੋਂ ਨਿਕੰਮੇ ਅਤੇ ਬੁਜ਼ਦਿਲ ਬਣਾਇਆ ਜਾ ਰਿਹਾ ਹੈ। ਪੰਜਾਬੀ, ਜਿਸ ਨੂੰ ਮੀਰ-ਮੰਨੂ ਟੋਟੇ-ਟੋਟੇ ਕਰ ਕੇ ਥੱਕ ਗਿਆ, ਨਾਦਰਸ਼ਾਹ ਜਾਂ ਅਬਦਾਲੀ ਵਰਗੇ ਵੀ ਇਸ ਨੂੰ ਮਾਰਦੇ-ਮਾਰਦੇ ਮੁੱਕ ਗਏ, ਪਰ ਹੁਣ ਬਿਨਾਂ ਤਲਵਾਰ ਜਾਂ ਬੰਦੂਕ ਦੇ ਪੰਜਾਬੀਆਂ ਨੂੰ ਖ਼ਤਮ ਕਰਨ ਦੀਆਂ ਯੋਜਨਾਵਾਂ ਕਿਸੇ ਘੜੇ-ਘੜਾਏ ਮਨਸੂਬੇ ਨੂੰ ਸਫਲ ਕਰਨ ਲਈ ਕੀਤੀਆਂ ਜਾ ਰਹੀਆਂ ਹਨ। ਇਹ ਸਰਕਾਰਾਂ ਇੱਕ-ਦੂਜੇ ਸਿਰ ਭਾਂਡਾ ਭੰਨ ਕੇ ਆਪਣੇ ਆਪ ਨੂੰ ਸਹੀ ਦਰਸਾ ਦਿੰਦੀਆਂ ਹਨ। ਪਰ ਅਸਲ ਵਿੱਚ ਦੋਵੇਂ ਹੀ ਦੋਸ਼ੀ ਹਨ। ਇੱਥੇ ਹੀ ਬੱਸ ਨਹੀਂ ! ਪੰਜਾਬ ਦੀਆਂ ਸੜਕਾਂ ’ਤੇ ਨਿੱਤ ਦਿਨ ਹੋ ਰਹੇ ਹਾਦਸਿਆਂ ਵਿੱਚ ਪੰਜਾਬ ਦੀ ਜਵਾਨੀ ਖ਼ਤਮ ਹੋ ਰਹੀ ਹੈ, ਕਿਸੇ ਸਰਕਾਰ ਨੇ ਇਹ ਨਹੀਂ ਸੋਚਿਆ ਕਿ ਸੜਕਾਂ ’ਤੇ ਇੰਨੀਆਂ ਗੱਡੀਆਂ ਆ ਗਈਆਂ ਪਰ ਸੜਕਾਂ ਦੀ ਚੌੜਾਈ ਓਨੀ ਹੀ ਹੈ। ਬੇਸ਼ੱਕ ਕੁੱਝ ਕੁ ਸੜਕਾਂ ਚੌੜੀਆਂ ਹੋ ਰਹੀਆਂ ਹਨ, ਪਰ ਜਿਸ ਤੇਜ਼ ਰਫ਼ਤਾਰ ਨਾਲ ਵਾਹਨਾਂ ਦੀ ਗਿਣਤੀ ਵਧ ਰਹੀ ਹੈ, ਉਸ ਰਫ਼ਤਾਰ ਨਾਲ ਸੜਕਾਂ ਚੌੜੀਆਂ ਨਹੀਂ ਕੀਤੀਆਂ ਜਾ ਰਹੀਆਂ, ਹੋ ਸਕਦੈ ਇੱਥੇ ਵੀ ਇਹੀ ਨੀਤੀ ਕੰਮ ਕਰਦੀ ਹੋਵੇ ਕਿ ਬਿਨਾਂ ਬੰਦੂਕ, ਤਲਵਾਰ ਤੋਂ ਜਿੰਨੇ ਮਰਦੇ ਨੇ ਮਰ ਲੈਣ ਦਿਓ।

ਜਿੱਥੇ ਨਸ਼ੇ ਨੌਜਵਾਨਾਂ ਨੂੰ ਤਬਾਹ ਕਰ ਰਹੇ ਹਨ ਉੱਥੇ ਸਪਰੇਆਂ ਅਤੇ ਕੀਟਨਾਸ਼ਕਾਂ ਦੀ ਧੜਾਧੜ ਖੁੱਲ ਪੰਜਾਬ ਦੀ ਧਰਤੀ ਨੂੰ ਬਰਬਾਦ ਕਰ ਰਹੀ ਹੈ। ਪੰਜਾਬ ਦਾ ਪਾਣੀ ਦਿਨ-ਬ-ਦਿਨ ਨੀਵਾਂ ਹੋ ਰਿਹਾ ਹੈ। ਝੋਨੇ ਦੀ ਫਸਲ ਬੀਜਣ ਲਈ ਕਿਸਾਨਾਂ ਨੂੰ ਉਕਸਾਇਆ ਜਾ ਰਿਹਾ ਹੈ। ਹੋਰ ਫਸਲਾਂ ਮੱਕੀ, ਗੰਨਾ ਜਾਂ ਦਾਲਾਂ ਦਾ ਵਾਜਬ ਮੁੱਲ ਨਹੀਂ ਦਿੱਤਾ ਜਾ ਰਿਹਾ। ਇਸ ਦਾ ਸਪੱਸ਼ਟ ਕਾਰਨ ਹੈ ਕਿ ਪੰਜਾਬ ਦੀ ਕਿਸਾਨੀ ਨੂੰ ਖ਼ਤਮ ਕੀਤਾ ਜਾਵੇ। ਫਿਰ ਇਹ ਜ਼ਮੀਨਾਂ ਤੁਹਾਡੇ ਤੋਂ ਖੋਹ ਕੇ ਇੱਥੇ ਕਾਰਖਾਨੇ ਲਾਏ ਜਾਣਗੇ ਅਤੇ ਤੁਸੀਂ ਆਪਣੀ ਜ਼ਮੀਨ ਵਿੱਚ ਉਸਰੇ ਕਾਰਖਾਨਿਆਂ ਵਿੱਚ ਨੌਕਰ ਬਣ ਕੇ ਨੌਕਰੀ ਕਰੋਗੇ ਜਾਂ ਤੁਹਾਡੇ ਬੱਚੇ ਬਾਹਰਲੇ ਮੁਲਕਾਂ ਵਿਚ ਗੁਲਾਮ ਹੋ ਕੇ ਗੋਰਿਆਂ ਦਾ ਪਾਣੀ ਭਰਨਗੇ। ਸਿੱਖਿਆ ਪੱਖੋਂ ਤਾਂ ਪੰਜਾਬੀਆਂ ਨਾਲ ਮਾੜੀ ਹੋ ਰਹੀ ਹੈ। ਸਿੱਖਿਆ ਦਿਨ-ਬ-ਦਿਨ ਮਹਿੰਗੀ ਹੋ ਰਹੀ ਹੈ। ਆਮ ਆਦਮੀ ਆਪਣੇ ਬੱਚਿਆਂ ਨੂੰ ਪੜ੍ਹਾਉਣ ਦਾ ਸੁਪਨਾ ਵੀ ਨਹੀਂ ਲੈ ਸਕਦਾ। ਵਿਦਿਆ ਦਾ ਵਪਾਰੀਕਰਨ ਕਰਕੇ, ਸਿੱਖਿਆ ਵੀ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੋ ਗਈ ਹੈ। ਇੱਥੇ ਵੀ ਇੱਕ ਗੱਲ ਬੜੀ ਧਿਆਨ ਭਾਲਦੀ ਹੈ। ਸਰਕਾਰਾਂ ਕਦੋਂ ਚਾਹੁੰਦੀਆਂ ਹਨ ਕਿ ਸਾਰੇ ਲੋਕ ਪੜ੍ਹ ਲਿਖ ਜਾਣ, ਜੇਕਰ ਸਾਰੇ ਪੜ੍ਹ ਲਿਖ ਜਾਣਗੇ ਤਾਂ ਸਰਕਾਰ ਕੋਲੋਂ ਨੌਕਰੀਆਂ ਦੀ ਮੰਗ ਕਰਨਗੇ, ਸਰਕਾਰਾਂ ਨੂੰ ਫਿਰ ਖ਼ਤਰਾ ਭਾਂਪਦਾ ਹੈ। ਇਸੇ ਕਰਕੇ ਸਿੱਖਿਆ ਦਿਨੋ ਦਿਨ ਮਹਿੰਗੀ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਮਸਲਿਆਂ ਵਿੱਚ ਉਲਝਾ ਕੇ ਰੱਖਿਆ ਜਾਵੇ।

ਸਿਹਤ ਸਹੂਲਤਾਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹਨ। ਜ਼ਹਿਰਾਂ, ਸਪਰੇਆਂ ਨਾਲ ਲਬਰੇਜ਼ ਵਸਤਾਂ ਦਾ ਸੇਵਨ ਬੀਮਾਰੀਆਂ ਵਿੱਚ ਵਾਧਾ ਕਰ ਰਿਹਾ ਹੈ। ਇਨ੍ਹਾਂ ਬੀਮਾਰੀਆਂ ਦਾ ਇਲਾਜ ਕਰਵਾਉਣ ਲਈ ਵੱਡੇ-ਵੱਡੇ ਹਸਪਤਾਲਾਂ ਵਿੱਚ ਜਾਣਾ ਪੈਂਦਾ ਹੈ। ਜਿੱਥੇ ਸਿਵਾਏ ਲੁੱਟ ਤੋਂ ਹੋਰ ਕੁੱਝ ਪੱਲੇ ਨਹੀਂ ਪੈਂਦਾ। ਥਾਣੇ, ਕਚਹਿਰੀਆਂ ਵਿੱਚ ਤਾਂ ਹੋਰ ਰੋਜ਼ ਖੱਜਲ ਖੁਆਰੀ ਹੁੰਦੀ ਹੈ। ਕੇਸਾਂ ਨੂੰ ਲੰਮਾ-ਲੰਮਾ ਸਮਾਂ ਉਲਝਾਇਆ ਜਾਂਦਾ ਹੈ। ਇੰਨੇ ਲੰਮੇ ਸਮੇਂ ਵਿੱਚ ਸਬੂਤਾਂ ਨੂੰ ਝੁਠਲਾਇਆ ਜਾਂਦਾ ਹੈ। ਅਸਲ ਦੋਸ਼ੀ ਬਚ ਜਾਂਦੇ ਹਨ, ਜਿੰਨਾਂ ਦਾ ਕੋਈ ਦੋਸ਼ ਨਹੀਂ ਉਨ੍ਹਾਂ ਸਿਰ ਦੋਸ਼ ਮੜ੍ਹੇ ਜਾਂਦੇ ਹਨ, ਇਹ ਹੈ: ‘ਸਾਡਾ ਹਾਲ’।

ਪੰਜਾਬ ਨੂੰ ਖਤਮ ਕਰਨ ਲਈ ਇਸ ਦੀ ਮਾਂ ਬੋਲੀ ਲੋਕਾਂ ਕੋਲੋਂ ਖੋਹੀ ਜਾ ਰਹੀ ਹੈ। ਪੰਜਾਬੀ ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਦੀ ਮਾਣਮੱਤੀ ਬੋਲੀ ਹੈ, ਪਰ ਉਧਰਲਿਆਂ ਨੇ ਉਰਦੂ ਅਤੇ ਇਧਰਲਿਆਂ ਨੇ ਹਿੰਦੀ ਨੂੰ ਅਪਣਾ ਕੇ ਪੰਜਾਬੀ ਜ਼ੁਬਾਨ ਨਾਲ ਜੋ ਦਗਾ ਕਮਾਇਆ ਹੈ ਇਹ ਵੀ ਕਿਸੇ ਸਾਜਿਸ਼ ਦਾ ਹੀ ਨਤੀਜਾ ਹੈ।

ਸਾਹਿਬਜ਼ਾਦਾ ਅਜੀਤ ਸਿੰਘ ਜੀ ਇੱਕ ਬਹਾਦਰ ਯੋਧੇ

0

ਸਾਹਿਬਜ਼ਾਦਾ ਅਜੀਤ ਸਿੰਘ ਜੀ ਇੱਕ ਬਹਾਦਰ ਯੋਧੇ

ਰਮੇਸ਼ ਬੱਗਾ ਚੋਹਲਾ, 1348/17/1, ਗਲੀ ਨੰ: 8, ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)-94631-32719

ਗੁਰੂ ਨਾਨਕ ਪਾਤਸ਼ਾਹ ਜੀ ਦੀ 10 ਵੀਂ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਫ਼ਰਜ਼ੰਦ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ ਸੰਮਤ 1743 (ਦੇਸੀ ਮਹੀਨਾ 23 ਮਾਘ) ਮੁਤਾਬਕ 26 ਜਨਵਰੀ 1687 ਈ. ਨੂੰ ਹਿਮਾਚਲ ਪ੍ਰਦੇਸ਼ ਦੇ ਰਮਣੀਕ ਸਥਾਨ ਪਾਉਂਟਾ ਸਾਹਿਬ ਵਿਖੇ ਹੋਇਆ। ਛੋਟੀ ਵਰੇਸ (ਅਵਸਥਾ) ਵਿਚ ਵਡੇਰੀ ਕੁਰਬਾਨੀ ਸਦਕਾ ਸਿੱਖ ਸਮਾਜ ’ਚ ਉਨ੍ਹਾਂ ਨੂੰ ਸਤਿਕਾਰ ਵਜੋਂ ਬਾਬਾ ਅਜੀਤ ਸਿੰਘ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

15 ਅਪ੍ਰੈਲ 1687 ਨੂੰ ਪਹਾੜੀ ਰਾਜਿਆਂ ਵੱਲੋਂ ਜਦ ਗੁਰੂ ਗੋਬਿੰਦ ਸਿੰਘ ਜੀ ਨਾਲ ਪਹਿਲਾ ਭੰਗਾਣੀ ਯੁੱਧ ਹੋਇਆ ਤਾਂ ਇਸ ਵਿੱਚ ਹੋਈ ਜਿੱਤ ਸਦਕਾ ਬਾਬਾ ਜੀ ਦਾ ਨਾਮ ਵੀ ਅਜੀਤ ਸਿੰਘ ਰੱਖਿਆ ਗਿਆ, ਜਿਨ੍ਹਾਂ ਦੀ ਉਮਰ ਤਦ ਤਿੰਨ ਮਹੀਨਿਆਂ ਤੋਂ ਵੀ ਘੱਟ ਸੀ।

ਛੋਟੀ ਉਮਰ ਵਿਚ ਹੀ ਬਾਬਾ ਜੀ ਕਾਫ਼ੀ ਚੁਸਤ ਤੇ ਚਲਾਕ ਬਿਰਤੀ ਦੇ ਮਾਲਕ ਸਨ। ਜਿੱਥੇ ਉਨ੍ਹਾਂ ਗੁਰਬਾਣੀ ਨੂੰ ਗਹਿਰਾਈ ਨਾਲ ਵੀਚਾਰਿਆ ਉੱਥੇ ਸ਼ਸਤਰ ਵਿੱਦਿਆ ’ਚ ਵੀ ਨਿਪੁਨਤਾ ਹਾਸਲ ਕੀਤੀ। ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਆਪਣੀ ਆਯੂ ਦਾ ਜ਼ਿਆਦਾਤਰ ਭਾਗ ਗੁਰੂ ਗੋਬਿੰਦ ਸਿੰਘ ਜੀ ਦੀ ਛਤਰ-ਛਾਇਆ ਹੇਠ ਆਨੰਦਪੁਰ ਸਾਹਿਬ ਵਿਖੇ ਹੀ ਬਤੀਤ ਕੀਤਾ।

23 ਮਈ 1699 ਈ: ਨੂੰ ਬਾਬਾ ਅਜੀਤ ਸਿੰਘ, 100 ਸਿੰਘਾਂ ਦੇ ਜਥੇ ਦੀ ਅਗਵਾਈ ਕਰਦੇ ਹੋਏ ਆਨੰਦਪੁਰ ਸਾਹਿਬ ਦੇ ਨੇੜਲੇ ਪਿੰਡ ਨੂਹ ਵਿਖੇ ਪਹੁੰਚ ਗਏ, ਜਿੱਥੇ ਉਨ੍ਹਾਂ ਉਥੋਂ ਦੇ ਰੰਗੜਾਂ ਨੂੰ ਚੰਗਾ ਸਬਕ ਸਿਖਾਇਆ ਜਿਨ੍ਹਾਂ ਨੇ ਪੋਠੋਹਾਰ ਦੀਆਂ ਸੰਗਤਾਂ ਨੂੰ ਆਨੰਦਪੁਰ ਆਉਣ ਸਮੇਂ ਲੁੱਟਿਆ ਸੀ।

29 ਅਗਸਤ 1700 ਈ: ਨੂੰ ਜਦੋਂ ਪਹਾੜੀ ਰਾਜਿਆਂ ਨੇ ਤਾਰਾਗੜ੍ਹ ਕਿਲ੍ਹੇ ਉੱਤੇ ਹਮਲਾ ਕੀਤਾ ਤਾਂ ਬਾਬਾ ਜੀ ਨੇ ਬੜੀ ਸੂਰਬੀਰਤਾ ਨਾਲ ਉਨ੍ਹਾਂ ਦਾ ਸਾਹਮਣਾ ਕੀਤਾ। ਅਕਤੂਬਰ ਦੇ ਆਰੰਭਲੇ ਦਿਨਾਂ ਵਿਚ ਜਦੋਂ ਪਹਾੜੀ ਰਾਜਿਆ ਨੇ ਨਿਰਮੋਹਗੜ੍ਹ ’ਤੇ ਧਾਵਾ ਬੋਲਿਆ ਤਾਂ ਉਸ ਵਕਤ ਵੀ ਸਾਹਿਬਜ਼ਾਦਾ ਅਜੀਤ ਸਿੰਘ ਨੇ ਦਸਮ ਪਿਤਾ ਦਾ ਡੱਟਵਾਂ ਸਾਥ ਦਿੱਤਾ।

ਇਕ ਦਿਨ ਕਲਗੀਧਰ ਪਾਤਸ਼ਾਹ ਦਾ ਦਰਬਾਰ ਸੱਜਿਆ ਹੋਇਆ ਸੀ। ਇਕ ਗਰੀਬ ਬ੍ਰਾਹਮਣ ਦੇਵਦਾਸ ਰੋਂਦਾ-ਕੁਰਲਾਉਂਦਾ ਹੋਇਆ ਦਰਬਾਰ ’ਚ ਆ ਕੇ ਕਹਿਣ ਲੱਗਾ ‘ਮੈਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੱਸੀ ਦਾ ਰਹਿਣ ਵਾਲਾ ਹਾਂ। ਪਿੰਡ ਦੇ ਪਠਾਣਾਂ ਨੇ ਮੇਰੇ ਨਾਲ ਧੱਕੇਸ਼ਾਹੀ ਕੀਤੀ ਹੈ। ਮੇਰੀ ਕੁੱਟਮਾਰ ਕਰਕੇ ਮੇਰੀ ਧਰਮ-ਪਤਨੀ ਵੀ ਮੇਰੇ ਕੋਲੋਂ ਖੋਹ ਲਈ ਹੈ। ਹੋਰ ਕਿਸੇ ਨੇ ਮੇਰੀ ਫ਼ਰਿਆਦ ਵੱਲ ਕੋਈ ਧਿਆਨ ਨਹੀਂ ਦਿੱਤਾ। ਗੁਰੂ ਨਾਨਕ ਦਾ ਦਰ ਹਮੇਸ਼ਾਂ ਹੀ ਨਿਮਾਣਿਆਂ ਦਾ ਮਾਣ ਬਣਦਾ ਆ ਰਿਹਾ ਹੈ, ਸੋ ਕਿਰਪਾ ਕਰੋ ਮੇਰੀ ਇੱਜ਼ਤ ਮੈਨੂੰ ਵਾਪਸ ਦਿਵਾ ਦਿਉ। ਮੈਂ ਸਦਾ ਵਾਸਤੇ ਗੁਰੂ ਨਾਨਕ ਦੇ ਘਰ ਦਾ ਰਿਣੀ ਰਹਾਂਗਾ।’

ਗੁਰੂ ਸਾਹਿਬ ਨੇ ਸਾਹਿਬਾਜ਼ਾਦਾ ਅਜੀਤ ਸਿੰਘ ਨੂੰ ਕਿਹਾ ਕਿ ਪੁੱਤਰ ਜੀ ਕੁੱਝ ਸਿੰਘਾਂ ਨੂੰ ਨਾਲ ਲੈ ਕੇ ਜਾਉ ਅਤੇ ਜਾਬਰ ਖਾਂ ਤੋਂ ਇਸ ਮਜ਼ਲੂਮ ਦੀ ਤੀਵੀਂ ਛੂਡਾ ਕੇ ਲਿਆਉ। ਸਾਹਿਬਜ਼ਾਦਾ ਅਜੀਤ ਸਿੰਘ ਨੇ 100 ਘੋੜ ਸਵਾਰ ਸਿੰਘਾਂ ਦਾ ਜਥਾ ਨਾਲ ਲੈ ਕੇ ਬੱਸੀ ਪਿੰਡ ’ਤੇ ਧਾਵਾ ਬੋਲ ਦਿੱਤਾ। ਜਾਬਰ ਖਾਂ ਦੀ ਹਵੇਲੀ ਨੂੰ ਜਾ ਘੇਰਿਆ ਅਤੇ ਗਰੀਬ ਬ੍ਰਾਹਮਣ ਦੀ ਪਛਾਣ ’ਤੇ ਉਸ ਦੀ ਅਬਲਾ ਪਤਨੀ ਨੂੰ ਜਾਲਮ ਦੇ ਪੰਜੇ ’ਚੋ ਛੁਡਾ ਲਿਆ। ਪਿੰਡ ’ਤੇ ਹਮਲੇ ਸਮੇਂ ਕਸੂਰਵਾਰ ਨੂੰ ਛੱਡ ਕੇ ਕਿਸੇ ਹੋਰ ਦਾ ਕੋਈ ਨੁਕਸਾਨ ਨਹੀਂ ਹੋਇਆ।

ਮਨੋਰਥ ਦੀ ਸਿੱਧੀ ਤੋਂ ਬਾਅਦ ਜਦੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਆਏ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਜੀ ਨੂੰ ਬੜਾ ਹੀ ਸਤਿਕਾਰ ਬਖ਼ਸ਼ਿਆ। ਫ਼ਰਿਆਦੀ ਦੀ ਪਤਨੀ ਉਸ ਦੇ ਹਵਾਲੇ ਕੀਤੀ ਗਈ ਅਤੇ ਕੁਕਰਮੀ ਜਾਬਰ ਖਾਂ ਨੂੰ ਢੁੱਕਵੀ ਸਜ਼ਾ ਦਿੱਤੀ ਗਈ।

ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਏ ਮੁਗਲਾਂ ਅਤੇ ਪਹਾੜੀਆਂ ਦੇ ਹਮਲਿਆਂ ਦਾ ਸਾਹਿਬਜ਼ਾਦਾ ਅਜੀਤ ਸਿੰਘ ਨੇ ਬੜੇ ਹੀ ਦਲੇਰਾਨਾ ਅਤੇ ਸੂਝਪੂਰਵਕ ਢੰਗ ਨਾਲ ਸਾਹਮਣਾ ਕੀਤਾ। ਆਨੰਦਪੁਰ ਸਾਹਿਬ ਦੀ ਛੇਕੜਲੀ ਲੜਾਈ ਸਮੇਂ ਪਹਾੜੀ ਰਾਜਿਆਂ ਤੇ ਮੁਗਲਾਂ ਦੀਆਂ ਸਾਂਝੀਆਂ ਫੌਜਾਂ ਨੇ ਆਨੰਦਪੁਰ ਸਾਹਿਬ ਨੂੰ ਅੱਧੇ ਸਾਲ ਤੋਂ ਵੱਧ ਸਮਾਂ ਘੇਰਾ ਪਾਈ ਰੱਖਿਆ। ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਬਾਜਾਂ ਵਾਲੇ ਮਾਹੀ ਨੇ ਆਪਣੇ ਪਿਤਾ (ਗੁਰੂ ਤੇਗ ਬਹਾਦਰ) ਦੁਆਰਾ ਵਸਾਈ ਨਗਰੀ ਨੂੰ ਦਸੰਬਰ 1704 ਈ. ਨੂੰ ਛੱਡ ਜਾਣ ਦਾ ਫੈਸਲਾ ਕਰ ਲਿਆ। ਗੁਰੂ ਪਰਿਵਾਰ ਅਤੇ ਖਾਲਸਾ ਫੌਜ ਅਜੇ ਸਰਸਾ ਨਦੀ ਦੇ ਨਜਦੀਕ ਹੀ ਪਹੁੰਚੇ ਸਨ ਕਿ ਦੁਸ਼ਮਣ ਦੀ ਫੌਜ ਨੇ ਆ ਹਮਲਾ ਕੀਤਾ।

ਸਾਹਿਬਜ਼ਾਦਾ ਅਜੀਤ ਸਿੰਘ ਦੀ ਕਮਾਂਡ ਹੇਠ ਕੁੱਝ ਸ਼ੇਰਦਿਲ ਸਿੰਘਾਂ ਲੇ ਦੁਸ਼ਮਣ ਦੇ ਟਿੱਡੀ ਦਲ ਨੂੰ ਉਨ੍ਹਾਂ ਚਿਰ ਤੱਕ ਰੋਕੀ ਰੱਖਿਆ ਜਦ ਤੱਕ ਗੁਰੂ ਪਿਤਾ ਸਮੇਤ ਵੱਡਾ ਜਥਾ ਸਰਸਾ ਨਦੀ ਪਾਰ ਕਰਨ ਲਈ ਨਦੀ ’ਚ ਨਹੀਂ ਬੜ ਗਏ। ਪਿੱਛੋਂ ਉਹ ਆਪਣੇ ਸਾਥੀਆਂ ਸਮੇਤ ਆਪ ਵੀ ਨਦੀ ਪਾਰ ਕਰ ਗਏ।

ਨਦੀ ਪਾਰ ਕਰਨ ਤੋਂ ਬਾਅਦ ਗੁਰੂ ਸਾਹਿਬ 40 ਕੁ ਸਿੰਘਾਂ ਸਮੇਤ ਚਮਕੌਰ ਸਾਹਿਬ ਵਿਖੇ ਚੋਧਰੀ ਬੁਧੀ ਚੰਦ ਦੀ ਇਕ ਗੜ੍ਹੀਨੁਮਾ ਕੱਚੀ ਹਬੇਲੀ ’ਚ ਸ਼ਰਨ ਲੈ ਲਈ। ਇਸ ਗੜ੍ਹੀ ਵਿਚਲੀ ਓਟ ਸਦਕਾ ਗੁਰੂ ਸਾਹਿਬ ਨੇ ਦੁਸ਼ਮਣ ਦੀ ਫੌਜ ਨਾਲ ਲੋਹਾ ਲੈਣ ਦਾ ਮਨ ਬਣਾ ਲਿਆ। ਪੰਜ-ਪੰਜ ਸਿੰਘਾਂ ਦੇ ਜਥੇ ਵਾਰੀ-ਵਾਰੀ ਦੁਸ਼ਮਣਾਂ ਨਾਲ ਜੂਝ ਕੇ ਸ਼ਹੀਦੀਆਂ ਪ੍ਰਾਪਤ ਕਰਨ ਲੱਗੇ।

ਸਿੰਘਾਂ ਨੂੰ ਜੂਝਦਿਆਂ ਦੇਖ ਕੇ ਬਾਬਾ ਅਜੀਤ ਸਿੰਘ ਦਾ ਖੂਨ ਵੀ ਉਬਾਲੇ ਖਾਣ ਲੱਗਿਆ। ਜਦੋਂ ਉਨ੍ਹਾਂ ਨੇ ਗੁਰੂ ਪਿਤਾ ਕੋਲੋਂ ਮੈਦਾਨੇ-ਏ-ਜੰਗ ਵਿਚ ਜਾਣ ਦੀ ਆਗਿਆ ਮੰਗੀ ਤਾਂ ਕਲਗੀਧਰ ਪਾਤਸ਼ਾਹ ਨੇ ਆਪਣੇ ਸਪੁੱਤਰ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ ਅਤੇ ਕਿਹਾ ‘ਲਾਲ ਜੀਓ ! ਜਦ ਮੈਂ ਆਪਣੇ ਪਿਤਾ (ਗੁਰੂ ਤੇਗ ਬਹਾਦਰ) ਜੀ ਨੂੰ ਸ਼ਹੀਦ ਹੋਣ ਲਈ ਘੱਲਿਆ ਸੀ ਤਾਂ ਉਸ ਸਮੇਂ ਮੈਂ ਆਪਣਾ ਧਰਮੀ ਪੁੱਤਰ ਹੋਣ ਦਾ ਫ਼ਰਜ਼ ਅਦਾ ਕੀਤਾ ਸੀ ਤੇ ਅੱਜ ਮੈਂ ਤੈਨੂੰ ਰਣ-ਤੱਤੇ ਵਲ ਭੇਜ ਕੇ ਧਰਮੀ ਪਿਤਾ ਹੋਣ ਦਾ ਫ਼ਰਜ਼ ਅਦਾ ਕਰ ਰਿਹਾ ਹਾਂ। ਵਾਹਿਗੁਰੂ ਨੇ ਮੈਨੂੰ ਏਥੇ ਭੇਜਿਆ ਹੀ ਇਸ ਵਾਸਤੇ ਹੈ।

ਦਸਵੇਂ ਪਾਤਸ਼ਾਹ ਨੇ ਏਨੀ ਖੁਸ਼ੀ ਅਤੇ ਉਤਸ਼ਾਹ ਨਾਲ ਸਾਹਿਬਜ਼ਾਦੇ ਨੂੰ ਜੰਗ ਵੱਲ ਤੋਰਿਆ; ਜਿਵੇਂ ਲਾੜੀ ਮੌਤ ਨੂੰ ਵਿਆਹੁਣ ਜਾ ਰਹੇ ਹੋਣ। ਸੀਸ ਉੱਪਰ ਹੀਰਿਆਂ ਨਾਲ ਜੜੀ ਸੁੰਦਰ ਕਲਗੀ ਝਲਕਾਂ ਮਾਰ ਰਹੀ ਸੀ। ਜਦੋਂ ਉਹ ਬਾਹਰ ਨਿਕਲੇ ਤਾਂ ਮੁਗਲਾਂ ਦੀਆਂ ਫੌਜਾਂ ਨੂੰ ਭਾਸਿਆ ਕਿ ਜਿਵੇਂ ਹਜ਼ੂਰ ਆਪ ਹੀ ਗੜੀ ਵਿੱਚੋਂ ਬਾਹਰ ਆ ਗਏ ਹੋਣ। ਜਿਧਰ ਕਿਸੇ ਨੂੰ ਰਾਹ ਮਿਲਿਆ ਉਧਰ ਹੀ ਡਰਦਾ ਹੋਇਆ ਦੌੜ ਪਿਆ। ਵੱਡੀ ਗਿਣਤੀ ਵਿਚ ਵੈਰੀਆਂ ਨੂੰ ਸਦਾ ਦੀ ਨੀਂਦ ਸੁਲਾ ਕੇ ਬਾਬਾ ਜੀ ਆਪ ਵੀ ਸ਼ਹਾਦਤ ਪ੍ਰਾਪਤ ਕਰ ਗਏ। ਸਾਰਾ ਜਿਸਮ ਤੀਰਾਂ ਤੇ ਤਲਵਾਰਾਂ ਨਾਲ ਛੱਲਣੀ ਹੋ ਗਿਆ ਸੀ, ਪਰ ਆਤਮਾ ਅਨੰਦਿਤ ਹੁੰਦੀ ਪਰਮਾਤਮਾ ਵਿਚ ਲੀਨ ਹੋ ਗਈ: ‘‘ਜੋਤੀ ਜੋਤਿ ਰਲੀ; ਸੰਪੂਰਨੁ ਥੀਆ ਰਾਮ ॥’’ (ਮ: ੫/੮੪੬)

ਲਾਲ ਦੀ ਬਹਾਦਰੀ ਦੇਖ ਕੇ ਦਸਮੇਸ਼ ਪਿਤਾ ਜੀ ਗੁਰਬਾਣੀ ਦੇ ਪਾਵਨ ਵਚਨ ‘‘ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ; ਕਬਹੂ ਨ ਛਾਡੈ ਖੇਤੁ ॥’’ (ਭਗਤ ਕਬੀਰ/੧੧੦੫) ਅਨੁਸਾਰ ਜੀਵਨ ਲੇਖੇ ਲਗਦੇ ਨੂੰ ਆਪਣੀ ਨਜ਼ਰੀ ਤੱਕਦਿਆਂ ਅਕਾਲ ਪੁਰਖ ਦਾ ਸ਼ੁਕਰੀਆ ਅਦਾ ਕੀਤਾ।

ਨਾ ਖੇਡਣ ਦੇਵਾਂਗੇ, ਘੁੱਤੀ ’ਚ ਮੂਤਾਂਗੇ; ਨਾ ਖੇਡੀਏ, ਨਾ ਖਿਡਾਈਏ।

0

ਨਾ ਖੇਡਣ ਦੇਵਾਂਗੇ, ਘੁੱਤੀ ’ਚ ਮੂਤਾਂਗੇ; ਨਾ ਖੇਡੀਏ, ਨਾ ਖਿਡਾਈਏ।

ਹਥਲੇ ਲੇਖ ਦਾ ਸਿਰਲੇਖ, ਪੰਜਾਬੀ ਦੀ ਇੱਕ ਕਹਾਵਤ ਹੈ, ਜੋ ਸਦੀਆਂ ਤੋਂ ਪੰਜਾਬ ’ਚ ਪ੍ਰਚਲਿਤ ਹੈ। ਬੱਚਾ, ਜਵਾਨ, ਬੁੱਢਾ, ਔਰਤ ਸਭ ਹੀ ਇਸ ਦਾ ਮਤਲਬ ਸਮਝਦੇ ਹਨ। ਕੋਈ ਵੀ ਲੋਕ ਅਖਾਣ ਲੰਮੇ ਸਮੇਂ ਤੱਕ ਤਦ ਹੀ ਜੀਵਤ ਰਹਿੰਦਾ ਹੈ ਜਦ ਤੱਕ ਉਸ ਮੁਤਾਬਕ ਸਮਾਜਿਕ ਮਨੋਬ੍ਰਿਤੀ ਕਾਰਜਸ਼ੀਲ ਰਹੇ। ਅਜੋਕੇ ਪੰਜਾਬ ਦੀ ਹਾਲਤ ਬਿਲਕੁਲ ਇਸ ਦੇ ਅਨੁਕੂਲ ਹੈ, ਜਿਸ ਦੀ ਵਿਚਾਰ ਕਰਨਾ, ਇਸ ਲੇਖ ਦਾ ਵਿਸ਼ਾ ਹੈ।

ਸਮਾਜਿਕ ਸਮੱਸਿਆਵਾਂ ਨੂੰ ਸੁਲਝਾਉਣ ਲਈ ਜਦ ਤੋਂ ਲੋਕਤੰਤਰ ਪ੍ਰਣਾਲੀ ਨੇ ਭਾਰਤ ’ਚ ਆਪਣੇ ਪੈਰ ਪਸਾਰੇ ਤਦ ਤੋਂ ਭਾਰਤ ਅਤੇ ਪੰਜਾਬ ’ਚ ਸੱਤਾ ’ਤੇ ਦੋ ਹੀ ਧਿਰਾਂ ਕਾਬਜ਼ ਰਹੀਆਂ: ‘ਜਨ ਸੰਘ ਤੇ ਕਾਂਗਰਸ (ਭਾਰਤ) ਜਾਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ’ (ਪੰਜਾਬ)। ਗੋਰੇ ਅੰਗਰੇਜ਼ਾਂ ਦੀ ਲੰਮੀ ਗ਼ੁਲਾਮੀ ਤੋਂ ਮੁਕਤ ਹੋ ਕੇ ਨਿਸ਼ਚਿੰਤ ਹੋਈ ਭਾਰਤ ਦੀ ਜਨਤਾ ਨੇ 1947 ਤੋਂ 1975 ਤੱਕ (28 ਸਾਲ) ਕਾਲੇ ਅੰਗਰੇਜ਼ਾਂ (ਭਾਰਤੀ ਲੀਡਰਾਂ) ਦੇ ਹਵਾਲੇ ਦੇਸ਼ ਨੂੰ ਕਰਕੇ ਆਪ ਲਾਪਰਵਾਹ ਹੋ ਗਈ। ਜਿਸ ਤਰ੍ਹਾਂ ਰਾਜਿਆਂ ਨੂੰ ਮੌਤ ਉਪਰੰਤ ਦੇਵਤੇ ਬਣਾਇਆ ਗਿਆ ਉਸੇ ਤਰ੍ਹਾਂ ਲੀਡਰਾਂ ਨੂੰ ਸਦਾ ਜੀਵਤ ਰੱਖਣ ਲਈ ਉਨ੍ਹਾਂ ਦੇ ਨਾਂ ’ਤੇ ਸੜਕਾਂ, ਏਅਰਪੋਰਟ, ਡਾਕ ਟਿਕਟ, ਕਰੰਸੀ (ਨੋਟ) ਆਦਿ ਛਾਪੇ ਗਏ।

ਪਹਿਲੀ ਵਾਰ 12 ਜੂਨ 1975 ਨੂੰ ਇਲਾਹਾਬਾਦ ਹਾਈ ਕੋਰਟ ਨੇ ਤਤਕਾਲੀ ਪ੍ਰਧਾਨ ਮੰਤਰੀ (ਇੰਦਰਾ ਗਾਂਧੀ) ਦੀ ਚੋਣ ਰੱਦ ਕਰਦਿਆਂ ਉਸ ’ਤੇ 6 ਸਾਲ ਤੱਕ ਚੋਣ ਨਾ ਲੜਨ ਲਈ ਰੋਕ ਲਗਾਈ, ਜਿਸ ਤੋਂ ਬੌਖਲਾਈ ਇੰਦਰਾ ਨੇ 25 ਜੂਨ 1975 ਤੋਂ 23 ਮਾਰਚ 1977 ਤੱਕ (21 ਮਹੀਨੇ) ਦੇਸ਼ ’ਚ ਐਮਰਜੈਂਸੀ ਠੋਸ ਦਿੱਤੀ, ਜਿਸ ਦੌਰਾਨ ਸੰਜੇ ਗਾਂਧੀ ਨੇ ਦੇਸ਼ ਦੀ ਸੁੱਤੀ ਪਈ ਜਨਤਾ ਨੂੰ ਨਿਕੰਮੇਪਣ ਦਾ ਅਹਿਸਾਸ ਕਰਾਇਆ; ਇਹ ਸੀ ਭਾਰਤ ਦੀ ਜਨਤਾ ਦਾ ਦੇਰ ਤੱਕ ਨਾ ਜਾਗਣ ਦਾ ਨਤੀਜਾ।

ਇਨ੍ਹਾਂ ਕਾਲੇ ਦਿਨਾਂ ਤੋਂ ਅਕਾਲੀਆਂ ਨੇ ਜਨ ਸੰਘ ਦਾ ਸਾਥ ਦੇਣਾ ਅਰੰਭ ਕੀਤਾ ਜਿਸ ਦੇ ਬਦਲੇ 24 ਮਾਰਚ 1976 ਨੂੰ ਦਿੱਲੀ ਨੇ ਪੰਜਾਬ ਦਾ ਪਾਣੀ ਬਾਹਰੀ ਰਾਜਿਆਂ ਨੂੰ ਦੇਣ ਲਈ ਮਤਾ ਪਾਸ ਕੀਤਾ। 20 ਫਰਬਰੀ 1978 ਨੂੰ ਬਾਦਲ ਨੇ ਪੰਜਾਬ ਅਸੈਂਬਲੀ ’ਚ ਐੱਸ. ਵਾਈ. ਐੱਲ. ਨਹਿਰ ਲਈ ਜ਼ਮੀਨ ਹਰਿਆਣੇ ਨੂੰ ਦੇਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ, ਜਿਸ ਬਦਲੇ ਦੇਵੀ ਲਾਲ ਨੇ ਬਕਾਇਦਾ 1 ਮਾਰਚ 1978 ਨੂੰ ਹਰਿਆਣਾ ਅਸੈਂਬਲੀ ’ਚ ਬਾਦਲ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ 8 ਅਪ੍ਰੈਲ 1982 ਨੂੰ ਇੰਦਰਾ ਗਾਂਧੀ ਲਈ ਨਹਿਰ ਦਾ ਨੀਂਹ ਪੱਥਰ ਰੱਖਣਾ ਆਸਾਨ ਹੋ ਗਿਆ, ਜਿਸ ਦਾ ਸੁਆਗਤ ਕਰਨ ਲਈ ਪੰਜਾਬ ’ਚ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਤੋਂ ਹੀ ਤਿਆਰ ਖੜ੍ਹਾ ਸੀ। ਇਸੇ ਸਮੇਂ ਅਪ੍ਰੈਲ 1978 ’ਚ ਇੱਕ ਹੋਰ ਦੁਖਦਾਈ ਘਟਨਾ ਵਾਪਰੀ, ਜਿਸ ਵਿੱਚ ਅੰਮ੍ਰਿਤਸਰ ਵਿਖੇ ਨਿਰੰਕਾਰੀਆਂ ਤੋਂ ਹਮਲਾ ਕਰਵਾਇਆ ਗਿਆ ਤੇ 13 ਨਿਹੱਥੇ ਸਿੰਘ ਸ਼ਹੀਦ ਕਰਾ ਦਿੱਤੇ ਗਏ।

ਸੰਨ 1984 ਤੋਂ 1995 ਤੱਕ ਪੰਜਾਬ ਦੇ ਕਾਲੇ ਦਿਨਾਂ ’ਚ ਅਕਾਲ ਤਖ਼ਤ ’ਤੇ ਕੀਤੇ ਗਏ ਹਮਲੇ ਸਮੇਤ 2 ਲੱਖ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਜਿਨ੍ਹਾਂ ਲਈ ਇਨਸਾਫ਼ ਤਾਂ ਨਹੀਂ ਮਿਲਿਆ, ਸਗੋਂ ਪਿਤਾ ਵਿਹੂਣੇ ਬੱਚਿਆਂ ਨੂੰ ਬੇਰੁਜ਼ਗਾਰੀ ਤੇ ਨਸ਼ਿਆਂ ਦੀ ਦਲਦਲ ’ਚ ਧਕੇਲ ਦਿੱਤਾ ਗਿਆ। ਇਸ ਲੰਮੇ ਪੈਂਡੇ ਦੌਰਾਨ ਪੰਜਾਬ ’ਚ ਉਹੀ ਸਾਡੇ ਲੀਡਰ ਰਹੇ ਜੋ ਅੱਜ ਵੀ ਸਾਡੇ ਸਾਮ੍ਹਣੇ ਪੰਥਕ ਤੇ ਪੰਜਾਬ ਹਿਤੈਸ਼ੀ ਹੋਣ ਦਾ ਦਾਅਵਾ ਕਰਦੇ ਹਨ। ਗੋਰੇ ਅੰਗਰੇਜ਼ਾਂ ਵਾਙ ਇਨ੍ਹਾਂ (ਕਾਲੇ ਅੰਗਰੇਜ਼ਾਂ) ਨੇ ਵੀ ਧਾਰਮਿਕ ਅਦਾਰਿਆਂ ਨੂੰ ਆਪਣੇ ਅਧੀਨ ਰੱਖਿਆ ਤਾਂ ਜੋ ਕੋਈ ਲਹਿਰ ਇਨ੍ਹਾਂ ਵਿਰੁਧ ਨਾ ਖੜ੍ਹੀ ਹੋ ਸਕੇ। ਸਗੋਂ ਇਨ੍ਹਾਂ ਨੇ ਨਵੇਂ ਤੇ ਅਣਉਚਿਤ ਸਨਮਾਨ ਪਦ (ਫਖ਼ਰ ਏ ਕੌਮ, ਸ਼੍ਰੋਮਣੀ ਸੇਵਕ, ਆਦਿ) ਬਣਵਾਏ ਤੇ ਆਪਣੇ ਆਪ ਲੈ ਵੀ ਲਏ।

ਗੁਰੂ ਵਾਕ ਕਿ ‘‘ਸਤਰਿ (70 ਸਾਲਾਂ) ਕਾ ਮਤਿਹੀਣੁ; ਅਸੀਹਾਂ (80 ਸਾਲਾਂ) ਕਾ ਵਿਉਹਾਰੁ ਨ ਪਾਵੈ ॥’’ (ਮ: ੧/੧੩੮) ਮੁਤਾਬਕ ਇਨ੍ਹਾਂ ਮਤਹੀਣ ਬੁੱਢੇ ਲੀਡਰਾਂ ਤੋਂ ਪੰਜਾਬ ਦੀ ਜਨਤਾ ਨੂੰ ਬਹੁਤੀ ਉਮੀਦ ਨਹੀਂ ਰੱਖਣੀ ਚਾਹੀਦੀ ਕਿਉਂਕਿ ਘਰ-ਘਰ ਨੌਕਰੀ ਦੇਣ ਵਾਲ਼ੇ ਵਾਅਦੇ ਮੋਦੀ ਦੁਆਰਾ ਬੈਂਕ ਅਕਾਉਂਟ ’ਚ ਪਾਏ ਗਏ 15-15 ਲੱਖ ਵਰਗੇ ਹਨ। ਨਹੀਂ ਤਾਂ ਸੋਚੋ ਕਿ 35 ਲੱਖ ਘਰਾਂ ਨੂੰ 35 ਲੱਖ ਰੁਜ਼ਗਾਰ ਕਿੱਥੋਂ ਤੇ ਕਿਵੇਂ ?

ਨਹਿਰ ਦਾ ਟੱਕ ਲਾਉਣ ਆਈ ਇੰਦਰਾ ਦਾ ਸੁਆਗਤ ਕਰਦਾ-ਕੈਪਟਨ

ਜ਼ਮੀਨ ਦੇਣ ਬਲਦੇ ਦੇਵੀ ਲਾਲ ਤੋਂ ਮਿਲਦੀ ਵਧਾਈ

ਪੰਜਾਬ ’ਚ 2014-15 ਦੌਰਾਨ ਖੋਲ੍ਹੇ ਗਏ 6000 ਠੇਕਿਆਂ ਰਾਹੀਂ 40 ਕਰੋੜ ਸ਼ਰਾਬ ਦੀਆਂ ਬੋਤਲਾਂ ਵੇਚੀਆਂ ਗਈਆਂ, ਜਿਸ ਤੋਂ ਸਰਕਾਰ ਨੇ 4700 ਕਰੋੜ ਦੀ ਕਮਾਈ ਕੀਤੀ, ਇਸ ਦੇ ਬਾਵਜੂਦ ਪੰਜਾਬ ਸਿਰ 1. 38, 000 ਕਰੋੜ ਦਾ ਕਰਜ਼ਾ ਹੈ। ਦੂਸਰੇ ਪਾਸੇ ਇਸੇ ਸਾਲ ਦੌਰਾਨ ਦਿੱਲੀ ਸਰਕਾਰ ਨੇ ਵਪਾਰੀਆਂ ਨੂੰ ਕਈ ਰਿਆਇਤਾਂ ਦੇਣ ਦੇ ਬਾਵਜੂਦ ਵੀ 60,000 ਕਰੋੜ ਦਾ ਪਿਛਲੇ ਸਾਲ ਨਾਲੋਂ ਵਾਧੂ ਟੈਕਸ ਜਮਾ ਕਰਵਾ ਲਿਆ ਕਿਉਂਕਿ ਉੱਥੇ ਸ਼ਰਾਬ ਸਮੇਤ ਹਰ ਵਸਤੂ ਦਾ ਬਿੱਲ ਦੇਣਾ ਲਾਜ਼ਮੀ ਹੈ।

ਇਨ੍ਹਾਂ ਦੀ ਭਾਈਵਾਲ ਭਾਜਪਾ ਨੇ ਗੁਜਰਾਤ ਦੇ ਕਿਸਾਨਾਂ ਦੀ 54000 ਏਕੜ ਜ਼ਮੀਨ ਕਿਸਾਨਾਂ ਤੋਂ ਜਬਰਨ ਖੋਹ ਕੇ ਮਾਤਰ ਇੱਕ ਰੁਪਏ ਪ੍ਰਤੀ ਮੀਟਰ ਦੇ ਹਿਸਾਬ ਨਾਲ਼ ਪੂੰਜੀਪਤੀਆਂ ਨੂੰ ਦੇ ਦਿੱਤੀ, ਜਿਸ ਵਿੱਚ ਜ਼ਿਆਦਾਤਰ ਪੰਜਾਬੀ ਕਿਸਾਨ ਸਨ, ਜੋ 1947 ਦੀ ਵੰਡ ਦੌਰਾਨ ਪਾਕਿਸਤਾਨ ਤੋਂ ਉਜੜ ਕੇ ਆਏ ਤੇ ਬੰਜਰ ਪਈ ਜ਼ਮੀਨ ਨੂੰ ਉਪਜਾਊ ਬਣਾਇਆ। ਉਨ੍ਹਾਂ ਦੀ ਫ਼ਰਿਆਦ ਕਿਸੇ ਪੰਥਕ ਜਾਂ ਪੰਜਾਬੀ ਲੀਡਰ ਨੇ ਨਹੀਂ ਸੁਣੀ ਜਦਕਿ ਦਿੱਲੀ ਪਾਰਲੀਮੈਂਟ ’ਚ ਵਿਰੋਧੀ ਧਿਰ ਦਾ ਉਪ ਨੇਤਾ ਕੈਪਟਨ ਸੀ।‘ਸਵਾ ਲਾਖ ਸੇ ਏਕ ਲੜਾਊਂ’ ਦੇ ਵਾਰਸ ਇਤਨੇ ਨਿਰਬਲ ਅਤੇ ਇਹ ਲੋਕ ਵਾਰ-ਵਾਰ ਸਫਲ ਕਿਵੇਂ ਹੋਏ; ਵਿਚਾਰ ਦਾ ਵਿਸ਼ਾ ਹੈ।

ਪੰਜਾਬ ’ਚ 3-4 ਰਾਜਨੀਤਕ ਪਾਰਟੀਆਂ ਤੋਂ ਇਲਾਵਾ ਤਮਾਮ ਹੋਰ ਰਾਜਨੀਤਿਕ ਦਲ; ਚੋਣ ਜਿੱਤਣ ਲਈ ਨਹੀਂ ਬਲਕਿ ਹਾਰਨ ਲਈ ਚੁਣਾਵ ਲੜਦੇ ਹਨ, ਇਸ ਖੇਡ ਬਦਲੇ ਉਨ੍ਹਾਂ ਨੂੰ ਭਾਰੀ ਆਰਥਿਕ ਮਦਦ ਮਿਲਦੀ ਹੈ। ਸੁੱਚਾ ਸਿੰਘ ਛੋਟੇਪੁਰ ਦੀ ਕਮਾਈ ਪਿਛਲੇ ਤਿੰਨ ਸਾਲਾਂ ’ਚ 2.20 ਕਰੋੜ ਵਧ ਗਈ ਜਦਕਿ ਕੋਈ ਚੁਣਾਵ ਵੀ ਨਹੀਂ ਜਿੱਤਿਆ। ਅਕਾਲੀ ਦਲ (ਬਾਦਲ) ਤੇ ਕਾਂਗਰਸ ਪਾਰਟੀ ਦੀ ਇਹ ਲੋਕ ਪਿਛੇ ਰਹਿ ਕੇ ਮਦਦ ਕਰਦੇ ਅਤੇ ਮਦਦ ਲੈਂਦੇ ਹਨ ਕਿਉਂਕਿ ਇਨ੍ਹਾਂ ਨੂੰ ਮਿਲੀ 100-200 ਵੋਟ ਵੀ ਹਾਰ ਤੇ ਜਿੱਤ ਦੇ ਸਮੀਕਰਨ ਨੂੰ ਬਦਲ ਦਿੰਦੀ ਹੈ। ਬਹੁਜਨ ਸਮਾਜ ਪਾਰਟੀ, ਆਪਣਾ ਪੰਜਾਬ ਪਾਰਟੀ, ਤਮਾਮ ਅਕਾਲੀ ਦਲ ਤੇ ਆਜ਼ਾਦ ਮੈਂਬਰ ਹਾਰ ਜਾਣ ਉਪਰੰਤ ਵੀ ਇਸ ਖੇਡ ’ਚ ਭਰਪੂਰ ਫਾਇੰਦਾ ਉਠਾਉਂਦੇ ਹਨ ਤੇ ਉਠਾਉਂਦੇ ਰਹਿਣਗੇ। ਲੰਬੀ ਅਤੇ ਜਲਾਲਾਬਾਦ ’ਚ ਅਕਾਲੀਆਂ ਨੂੰ ਜਿਤਾਉਣ ਲਈ ਕਾਂਗਰਸ ਇਹੀ ਖੇਡ ਖੇਡੇਗੀ ਕਿਉਂਕਿ ਮੋਦੀ ਦਾ ਅਸ਼ੀਰਵਾਦ ਹੈ ਕਿ ਮੇਰਾ ਬਦਲ ਰਾਹੁਲ ਹੀ ਰਹੇ, ਉਸ ਤੋਂ ਮੈਨੂੰ ਕੋਈ ਖ਼ਤਰਾ ਨਹੀਂ।

ਹਾਰਨ ਵਾਲੀਆਂ ਪਾਰਟੀਆਂ ਨੂੰ ਦਿੱਤੀ ਜਾਂਦੀ ਆਰਥਿਕ ਮਦਦ ਅਤੇ ਜਨਤਾ ’ਚ ਵੰਡਿਆ ਜਾਂਦਾ ਨਸ਼ਾ ਤੇ ਪੈਸਾ, ਮੋਦੀ ਸਰਕਾਰ ਮੁਤਾਬਕ ਵੀ ਜਾਇਜ਼ ਹੈ ਕਿਉਂਕਿ ਇਸ ਦਾ ਸਰੋਤ ਹੈ: 20 ਹਜ਼ਾਰ ਰੁਪਏ ਦੇ ਰੂਪ ’ਚ ਮਿਲਦਾ ਗੁਪਤ ਪਾਰਟੀ ਫੰਡ, ਜਿਸ ਨੂੰ ਇਲੈਕਸ਼ਨ ਕਮੀਸ਼ਨ ਨੇ ਘਟਾ ਕੇ ਮਾਤਰ 2 ਹਜ਼ਾਰ ਰੱਖਣ ਲਈ 18 ਦਸੰਬਰ 2016 ਨੂੰ ਸੁਝਾਵ ਦਿੱਤਾ ਸੀ, ਜਿਸ ਦੇ ਜਵਾਬ ’ਚ ਮੋਦੀ ਸਰਕਾਰ ਨੇ ਆਪਣਾ ਪੱਖ ਸੁਪਰੀਮ ਕੋਰਟ ’ਚ ਰੱਖਦਿਆਂ ਕਿਹਾ ਕਿ ਇਹ ਸੁਵਿਧਾ ਬੰਦ ਕਰਨ ਨਾਲ਼ ਰਾਜਨੀਤਕ ਪਾਰਟੀਆਂ ਆਪਣਾ ਫ਼ਰਜ ਨਹੀਂ ਨਿਭਾ ਸਕਣਗੀਆਂ। ਧਿਆਨ ਰਹੇ ਕਿ ਰਾਜਨੀਤਕ ਦਲਾਂ ਨੂੰ 75% ਚੰਦਾ ਅਗਿਆਤ ਸਰੋਤਾਂ ਦੁਆਰਾ (20-20 ਹਜ਼ਾਰ ਦੇ ਰੂਪ ’ਚ) ਮਿਲਦਾ ਹੈ। ਦੂਸਰੇ ਪਾਸੇ ਇਹੀ ਮੋਦੀ ਸਰਕਾਰ ਹਰ ਵਰਗ ਨੂੰ ਟੈਕਸ ਦੇ ਦਾਇਰੇ ’ਚ ਲਿਆਉਣਾ ਚਾਹੰਦੀ ਹੈ।

ਪੰਜਾਬ ਲਈ ਇੱਕ ਚੰਗੀ ਖ਼ੁਸ਼ਖ਼ਬਰੀ ਇਹ ਹੈ ਕਿ ਭਾਰਤ ’ਚ 2014 ਦੇ ਚੁਣਾਵ ਉਪਰੰਤ ਸਿਆਣੇ ਵੋਟਰਾਂ ਨੂੰ ਮੁੱਖ ਰੱਖਦਿਆਂ ਕੀਤੇ ਗਏ ਸੂਬਿਆਂ ਦੇ ਸਰਵੇ ਮੁਤਾਬਕ ਪੰਜਾਬ ਦਾ ਸਿਆਣਾ ਵੋਟਰ 73% ਅੰਕ ਪ੍ਰਾਪਤ ਕਰਕੇ ਪੰਜਵੇਂ ਨੰਬਰ ’ਤੇ ਹੈ, ਜੋ ਕਿ 2009 ’ਚ 69.77 % ਸੀ ਜਦਕਿ ਗੁਜਰਾਤ ਦਾ ਸਿਆਣਾ ਵੋਟਰ 2009 ਦੇ 72.63% ਦੇ ਮੁਕਾਬਲੇ 2014 ’ਚ 68% ਰਹਿ ਗਿਆ।

ਜਾਗਰੂਕ ਸਿਆਣੇ ਵੋਟਰਾਂ ਵੱਲੋਂ ਆਮ ਵੋਟਰ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਖੇਡ ਖ਼ਰਾਬ ਕਰਨ ਦੇ ਮਕਸਦ ਨਾਲ਼ ਚੁਣਾਵ ਲੜ ਰਹੇ ਤਮਾਮ ਦਲਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ। ਇਹੀ ਪੰਜਾਬ ਦੇ ਹਿੱਤ ’ਚ ਹੈ ਅਤੇ ਰਹੇਗਾ ਕਿਉਂਕਿ ਇਨ੍ਹਾਂ ਲਈ ਚੋਣ ਲੜਨਾ ਆਰਥਿਕ ਕਮਾਈ ਹੈ, ਨਾ ਕਿ ਸਮਾਜਿਕ ਸੇਵਾ। ਇਨ੍ਹਾਂ ਦੀ ਸੋਚ ਪੰਜਾਬ ਦੀ ਉਕਤ ਕਹਾਵਤ ਨੂੰ ਸਮਰਪਤ ਹੈ ਕਿ ‘ਨਾ ਖੇਡਣਾ ਹੈ, ਨਾ ਖੇਡਣ ਦੇਣਾ’ ਹੈ, ਭਾਵ ਸਮਾਜਕ ਸੇਵਾ ਨਾ ਕਰਨੀ ਹੈ ਤੇ ਨਾ ਕਰਨ ਦੇਣੀ ਹੈ।

ਅਖੌਤੀ ਜਥੇਦਾਰ ਅਕਾਲ ਤਖ਼ਤ ਤੋਂ ਤਨਖ਼ਾਹੀਆ ਕਰਾਰ ਦੇਣ ਅਤੇ ਰਾਜਨੀਤਕ ਆਗੂ ਨਿਮਾਣੇ ਸਿੱਖ ਵਾਂਗ ਤਨਖ਼ਾਹ ਲਵਾ ਕੇ ਸੁਰਖੁਰੂ ਹੋਣ ਦਾ ਨਾਟਕ ਬੰਦ ਕਰਨ।

0

ਅਖੌਤੀ ਜਥੇਦਾਰ ਅਕਾਲ ਤਖ਼ਤ ਤੋਂ ਤਨਖ਼ਾਹੀਆ ਕਰਾਰ ਦੇਣ ਅਤੇ ਰਾਜਨੀਤਕ ਆਗੂ ਨਿਮਾਣੇ ਸਿੱਖ ਵਾਂਗ ਤਨਖ਼ਾਹ ਲਵਾ ਕੇ ਸੁਰਖੁਰੂ ਹੋਣ ਦਾ ਨਾਟਕ ਬੰਦ ਕਰਨ।

ਕਿਰਪਾਲ ਸਿੰਘ ਬਠਿੰਡਾ ਫ਼ੋਨ ਨੰ: 98554-80797, 73409–79813

ਰਾਮਪੁਰਾ ਫੂਲ ਵਿਧਾਨ ਸਭਾ ਹਲਕੇ ਦੇ ਅਕਾਲੀ-ਭਾਜਪਾ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਦੇ ਚੋਣ ਦਫਤਰ ਦਾ ਉਦਘਾਟਨ ਕਰਦੇ ਸਮੇਂ ਰਮਾਇਣ ਦਾ ਅਖੰਡਪਾਠ ਕਰਨ ਉਪ੍ਰੰਤ ਸਿੱਖਾਂ ਦੀ ਅਰਦਾਸ ਦੀ ਨਕਲ ਵਰਗੀ ਅਰਦਾਸ ਕਰਨ ਦੇ ਕੇਸ ਵਿਚ; ਜਿਸ ਤਰ੍ਹਾਂ ਉਮੀਦ ਸੀ ਅਕਾਲ ਤਖ਼ਤ ਸਾਹਿਬ ਜੀ ਦੇ ਪਾਵਨ ਅਸਥਾਨ ’ਤੇ ਬੈਠ ਕੇ ਅਖੌਤੀ ਜਥੇਦਾਰਾਂ ਨੇ ਹਮੇਸ਼ਾਂ ਵਾਂਗ ਫਿਰ ਸਿਕੰਦਰ ਸਿੰਘ ਮਲੂਕਾ ਨੂੰ ਤਨਖ਼ਾਹੀਆ ਕਰਾਰ ਦੇ ਕੇ ਚਾਰ ਦਿਨਾਂ ਲਈ ਸੰਗਤਾਂ ਦੇ ਜੋੜੇ ਝਾੜਨ ਅਤੇ ਲੰਗਰ ਦੇ ਜੂਠੇ ਭਾਂਡੇ ਮਾਂਜਨ ਦੀ ਤਨਖ਼ਾਹ ਲਾਉਣ ਦਾ ਨਾਟਕ ਕੀਤਾ ਹੈ। ਇਸੇ ਤਰ੍ਹਾਂ ਮਲੂਕਾ ਵੀ ਚਲਦੀ ਰਵਾਇਤ ਅਨੁਸਾਰ ਚਾਰ ਕੁ ਦਿਨ ਆਪਣੇ ਆਪ ਨੂੰ ਨਿਮਾਣੇ ਸਿੱਖ ਵਾਂਗ ਪੇਸ਼ ਕਰਨ ਲਈ ਸੇਵਾ ਕਰਨ ਦਾ ਢੌਂਗ ਰਚ ਕੇ ਆਖਰ ਚੌਥੇ ਦਿਨ ਅਰਦਾਸ ਕਰਵਾ ਕੇ ਅਕਾਲ ਤਖ਼ਤ ਸਾਹਿਬ ਤੋਂ ਬਖ਼ਸ਼ੇ ਜਾਣ ਦਾ ਨਾਟਕ ਕਰਨਗੇ। ਇਸ ਤਰ੍ਹਾਂ ਦਾ ਨਾਟਕ ਪਹਿਲੀ ਵਾਰ ਨਹੀਂ ਬਲਕਿ ਜਦੋਂ ਤੋਂ ਸਤਾ ਦੇ ਲਾਲਚੀ ਪਰ ਸਿੱਖ ਧਰਮ ਤੋਂ ਕੋਰੇ ਅਕਾਲੀਆਂ ਦਾ ਅਕਾਲ ਤਖ਼ਤ ’ਤੇ ਕਬਜ਼ਾ ਹੋਇਆ ਹੈ ਉਸ ਸਮੇਂ ਤੋਂ ਅਨੇਕਾਂ ਵਾਰ ਕੀਤਾ ਜਾ ਚੁੱਕਾ ਹੈ। ਪਰ ਅਜੇਹੇ ਨਾਟਕਾਂ ਨਾਲ ਨਾ ਹੁਣ ਤੱਕ ਸਿੱਖ ਧਰਮ ਦਾ ਕੁਝ ਸੰਵਰਿਆ ਹੈ ਅਤੇ ਨਾ ਹੀ ਅੱਗੇ ਤੋਂ ਕੁਝ ਸੰਵਰਨਾ ਦੀ ਸੰਭਾਵਨਾ ਹੈ ਸਗੋਂ ਸਿਧਾਂਤਕ ਤੌਰ ’ਤੇ ਸਿੱਖ ਧਰਮ ਦਿਨੋਂ ਦਿਨ ਗਿਰਾਵਟ ਵੱਲ ਜਾ ਰਿਹਾ ਹੈ। ਹੁਣ ਤਾਂ ਹਾਲਤ ਇੱਥੋਂ ਤੱਕ ਨਿੱਘਰ ਗਈ ਹੈ ਕਿ ਆਪਣੇ ਵੱਲੋਂ “ਪੰਥ ਰਤਨ, ਫ਼ਖ਼ਰ-ਏ-ਕੌਮ” ਦੇ ਅਵਾਰਡ ਨਾਲ ਨਿਵਾਜ਼ੇ ਗਏ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਤਾਂ ਇਹ ਅਖੌਤੀ ਜਥੇਦਾਰ ਸ਼ਿਕਾਇਤ ਸੁਣਨ ਤੋਂ ਪਹਿਲਾਂ ਹੀ ਉਸ ਨੂੰ ਇਹ ਕਹਿ ਕੇ ਮੁਆਫ਼ ਕਰ ਦਿੰਦੇ ਹਨ ਕਿ ਬਾਦਲ ਸਾਹਿਬ ਸੂਬੇ ਦੇ ਮੁੱਖ ਮੰਤਰੀ ਅਤੇ ਇਕ ਰਾਜਨੀਤਕ ਆਗੂ ਹਨ ਇਸ ਲਈ ਉਸ ਨੇ ਤਾਂ ਹਰ ਥਾਂ ਹੀ ਜਾਣਾ ਹੁੰਦਾ ਹੈ; ਜਰੂਰੀ ਨਹੀਂ ਕਿ ਹਰ ਥਾਂ ਸਿੱਖ ਰਹਿਤ ਮਰਯਾਦਾ ਦਾ ਧਿਆਨ ਰੱਖਿਆ ਜਾਂਦਾ ਹੋਵੇ ਜਾਂ ਰੱਖਣਾ ਜਰੂਰੀ ਹੈ।  ਜੇਕਰ ਸਿਰਸਾ ਸਾਧ ਦੀ ਮੁਆਫੀ ਵਾਲੇ ਕੇਸ ਵਿੱਚ ਇਨ੍ਹਾਂ ਅਖੌਤੀ ਜਥੇਦਾਰਾਂ ਦੀ ਥੂ-ਥੂ ਨਾ ਹੋਈ ਹੁੰਦੀ ਤਾਂ ਪੂਰਾ ਯਕੀਨ ਹੈ ਕਿ ਮਲੂਕੇ ਨੂੰ ਵੀ ਕਿਸੇ ਨੇ ਨਹੀਂ ਸੀ ਸੱਦਣਾ।  ਜੇ ਆਪਣੀ ਖੁੱਸੀ ਹੋਈ ਭੱਲ ਮੁੜ ਬਣਾਉਣ ਲਈ ਮਲੂਕੇ ਨੂੰ ਸੱਦ ਕੇ ਤਨਖ਼ਾਹ ਸੁਣਾ ਹੀ ਦਿੱਤੀ ਹੈ ਅਤੇ ਉਹ ਵੀ ਚਾਰ ਦਿਨ ਸੇਵਾ ਦਾ ਨਾਟਕ ਕਰ ਵੀ ਲੈਣਗੇ ਤਾਂ ਇਸ ਨਾਲ ਕਿਹੜੇ ਕੱਦੂ ਵਿੱਚ ਤੀਰ ਵੱਜ ਜਾਵੇਗਾ।

 ਜਥੇਦਾਰਾਂ ਵੱਲੋਂ ਮਲੂਕੇ ਨੂੰ ਤਨਖ਼ਾਹੀਆ ਦੇਣ ਉਪ੍ਰੰਤ ਉਨ੍ਹਾਂ ਤੋਂ ਇਹ ਸਵਾਲ ਤਾਂ ਪੁੱਛਣਾ ਬਣਦਾ ਹੀ ਹੈ ਕਿ ਮਲੂਕੇ ਨਾਲੋਂ ਤਾਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਕਈ ਗੁਣਾਂ ਵੱਧ ਕਸੂਰਵਾਰ ਹਨ ਕਿਉਂਕਿ ਮਲੂਕੇ ਨੇ ਖ਼ੁਦ ਨਕਲੀ ਅਰਦਾਸ ਨਹੀਂ ਸੀ ਕੀਤੀ ਬਲਕਿ ਇਕ ਹਿੰਦੂ ਪੁਜਾਰੀ ਵੱਲੋਂ ਕੀਤੀ ਗਈ ਨਕਲੀ ਅਰਦਾਸ ਵਿੱਚ ਕੇਵਲ ਸੰਗਤੀ ਤੌਰ ’ਤੇ ਹਾਜਰੀ ਭਰੀ ਸੀ ਜਦੋਂ ਕਿ ਅਖੌਤੀ “ਪੰਥ ਰਤਨ, ਫ਼ਖ਼ਰ-ਏ-ਕੌਮ” ਸਮੇਤ ਉਸ ਦੇ ਪ੍ਰਵਾਰ ਦੇ ਉਕਤ ਮੈਂਬਰਾਂ ਨੇ ਤਾਂ ਗੁਰਮਤਿ ਵਿਰੋਧੀ ਕਰਮ ਕਾਂਡ ਹਵਨ, ਭੂਮੀ ਪੂਜਨ ਅਤੇ ਸ਼ਿਵਲਿੰਗ ਪੂਜਾ ਵਰਗੀਆਂ ਰਸਮਾਂ ਖ਼ੁਦ ਆਪਣੇ ਹੱਥੀਂ ਨਿਭਾਈਆਂ ਹਨ। ਜੇ ਕਰ ਜਥੇਦਾਰ ਇਨ੍ਹਾਂ ਕਰਮਕਾਂਡਾਂ, ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਸਿੱਖ ਰਹਿਤ ਮਰਿਆਦਾ ਵਿੱਚ ਸਖਤ ਮਨਾਹੀ ਕੀਤੀ ਹੋਈ ਹੈ; ਦੇ ਦੋਸ਼ ਵਿੱਚ ਇਨ੍ਹਾਂ ਦੀ ਜਵਾਬ ਤਲਬੀ ਕਰਨ ਦੀ ਜੁਰਹਤ ਨਹੀਂ ਵਿਖਾ ਸਕਦੇ ਤਾਂ ਮਲੂਕੇ ਨੂੰ ਤਨਖ਼ਾਹ ਲਾਉਣ ਨਾਲ ਪੰਥ ਦਾ ਕੀ ਸੰਵਰ ਜਾਣਾ ਹੈ ?  ਜੇਕਰ ਮਲੂਕੇ ਨੂੰ ਜਥੇਦਾਰ ਤਨਖ਼ਾਹ ਲਾਉਣੀ ਜਾਇਜ਼ ਸਮਝਦੇ ਹਨ ਤਾਂ ਉਨ੍ਹਾਂ ਨੂੰ ਚਾਹੀਦਾ ਇਹ ਵੀ ਹੈ ਕਿ ਕਿਸੇ ਵੀ ਸਮਾਗਮ ਵਿੱਚ ਜਿੱਥੇ ਹਿੰਦੂ ਧਰਮ ਵਾਲੀਆਂ ਰਹੁ-ਰੀਤਾਂ ਨਿਭਾਈਆਂ ਜਾਂਦੀਆਂ ਹੋਣ ਜਾਂ ਉਸ ਸਮਾਗਮ ਦੇ ਮੁੱਖ ਪ੍ਰਬੰਧਕ; ਸਿੱਖੀ ਦੇ ਮੂਲ ਸਿਧਾਂਤ ‘ਸ਼ਬਦ ਗੁਰੂ’ ਸਿਧਾਂਤ ਦੇ ਵਿਰੋਧੀ ਦੇਹਧਾਰੀ ਗੁਰੂ ਡੰਮ ਨਿਰੰਕਾਰੀ, ਨਾਮਧਾਰੀ, ਰਾਧਾ ਸਵਾਮੀ, ਸਿਰਸਾ ਤੇ ਨੂਰ ਮਹਿਲੀਏ ਆਦਿਕ ਡੇਰੇਦਾਰਾਂ ਦੇ ਸ਼ਰਧਾਲੂ ਹੋਣ; ਉਥੇ ਅਕਾਲੀ ਆਗੂਆਂ ਸਮੇਤ ਸਮੁੱਚੇ ਸਿੱਖਾਂ ਵੱਲੋਂ ਸ਼ਮੂਲੀਅਤ ਕਰਨ ਦੀ ਸਖਤ ਮਨਾਹੀ ਦਾ ਆਦੇਸ਼ ਜਾਰੀ ਕਰਨ ਕਿਉਂਕਿ ਜਿੱਥੇ ਵੀ ਹਿੰਦੂ ਰਹੁ-ਰੀਤਾਂ ਨਿਭਾਈਆਂ ਜਾਣੀਆਂ ਹਨ ਉਥੇ ਉਨ੍ਹਾਂ ਨੇ ਗੁਰੂ ਦੀ ਸਿੱਖਿਆ ਦੇ ਉਲਟ ਹਵਨ, ਭੂਮੀ ਪੂਜਨ, ਜਗਰਾਤੇ ਅਤੇ ਮੂਰਤੀ/ਬੁੱਤ ਪੂਜਾ ਵਰਗੇ ਕਰਮਕਾਂਡ ਕਰਨੇ ਹੀ ਹਨ। ਪਰ ਜਦ ਤੱਕ ਅਕਾਲ ਤਖ਼ਤ ’ਤੇ ਧਰਮ ਤੋਂ ਹੀਣੇ ਸਿੱਖ ਸਿਆਸਤਦਾਨਾਂ, ਖ਼ਾਸ ਕਰਕੇ ਜਿਨ੍ਹਾਂ ਦਾ ਰਾਜਨੀਤਕ ਗਠਜੋੜ ਹੀ ਆਰ ਐੱਸ ਐੱਸ / ਭਾਜਪਾ ਨਾਲ ਹੈ; ਦਾ ਕਬਜ਼ਾ ਹੈ ਉਤਨੀ ਦੇਰ ਜਥੇਦਾਰਾਂ ਵੱਲੋਂ ਇਸ ਤਰ੍ਹਾਂ ਦਾ ਅਦੇਸ਼ ਜਾਰੀ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਆਰ ਐੱਸ ਐੱਸ / ਭਾਜਪਾ ਦਾ ਮੁਖ ਏਜੰਡਾ ਹੀ ਇਹ ਹੈ ਕਿ ਸਿੱਖ ਧਰਮ ਵਿੱਚ ਹੌਲ਼ੀ ਹੌਲ਼ੀ ਰਲਾਵਟ ਕਰਕੇ ਇਸ ਨੂੰ ਹਿੰਦੂ ਧਰਮ ਵਿੱਚ ਜਜ਼ਬ ਕਰ ਲਿਆ ਜਾਵੇ ।

 ਅਜਿਹੇ ਹਾਲਤਾਂ ਵਿੱਚ ਜਥੇਦਾਰਾਂ ਦੇ ਕਰਨ ਵਾਲਾ ਅਸਲ ਕੰਮ ਇਹ ਹੈ ਕਿ ਸੋਸ਼ਿਲ ਮੀਡੀਏ ’ਤੇ ਨਕਲੀ ਅਰਦਾਸ ਦੀ ਵਾਇਰਲ ਹੋਈ ਵੀਡੀਓ ਦੇ ਨਾਲ ਹੀ ਵਾਇਰਲ ਹੋਈ ਗੀਤਾ ਦੀ ਪੋਥੀ ਦੇ ਦੋ ਪੰਨਿਆਂ ਦੀ ਸਕੈਨ ਕਾਪੀ; ਜਿਨ੍ਹਾਂ ਉਪਰ ਸਿੱਖਾਂ ਦੀ ਨਕਲ ਵਾਲੀ ਹਿੰਦੂ ਅਰਦਾਸ ਛਪੀ ਹੋਈ ਹੈ; ਦੀ ਪੜਤਾਲ ਕਰਵਾਈ ਜਾਵੇ ਕਿ ਇਹ ਅਰਦਾਸ ਕਿਸ ਨੇ ਅਤੇ ਕਦੋਂ ਲਿਖਵਾ ਕੇ ਛਪਵਾਈ ਸੀ ?  ਇਸ ਦੇ ਨਾਲ ਹੀ ਸਿੱਖ ਇਤਿਹਾਸ ਦੇ ਮੂਲ ਸ੍ਰੋਤ ਵਜੋਂ ਪ੍ਰਚਾਰੇ ਜਾ ਰਹੇ ਬਚਿੱਤਰ ਨਾਟਕ, ਗੁਰ ਬਿਲਾਸ ਪਾ: ੬, ਗੁਰ ਬਿਲਾਸ ਪਾ: ੧੦, ਭਾਈ ਬਾਲੇ ਵਾਲੀ ਜਨਮ ਸਾਖੀ, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼ ਆਦਿਕ ਗ੍ਰੰਥਾਂ, ਪੋਥੀਆਂ ਦੀ ਡੂੰਘੀ ਪੜਤਾਲ ਕਰਵਾਈ ਜਾਵੇ ਕਿ ਇਸ ਵਿੱਚ ਕੁਝ ਅਜੇਹਾ ਤਾਂ ਦਰਜ ਨਹੀਂ, ਜੋ ਗੁਰੂ ਉਪਦੇਸ਼ ਤੇ ਉਨ੍ਹਾਂ ਦੇ ਇਤਿਹਾਸ (ਜੀਵਨ ਬਸਰ) ਨਾਲ ਮੇਲ ਨਾ ਖਾਂਦਾ ਹੋਵੇ।  ਇਨ੍ਹਾਂ ਪੁਰਾਤਨ ਪੁਸਤਕਾਂ ਵਿੱਚ ਇਤਰਾਜਯੋਗ ਇਤਿਹਾਸਕ ਘਟਨਾਵਾਂ ਦੇ ਵੇਰਵੇ, ਜੋ ਗੁਰਮਤਿ ਸਿਧਾਂਤ ਦੇ ਅਨੁਕੂਲ ਨਹੀਂ , ਦੀ ਤੁਰੰਤ ਸੁਧਾਈ ਕਰਨ ਉਪਰੰਤ ਇਨ੍ਹਾਂ ਪੁਸਤਕਾਂ ਦੀ ਮੁੜ ਸੰਪਾਦਨਾ ਕੀਤੀ ਜਾਵੇ। ਜਾਗਰੂਕ ਸਿੱਖ ਬਹੁਤ ਸਮੇਂ ਤੋਂ ਅਵਾਜ਼ ਉਠਾ ਰਹੇ ਹਨ ਕਿ ਮੰਨੂਵਾਦੀ ਸੋਚ ਵਾਲੀਆਂ ਜਥੇਬੰਦੀਆਂ ਸਾਡੇ ਲੀਡਰਾਂ ਨਾਲ ਮਿਲ ਕੇ ਬਹੁਤ ਪਹਿਲਾਂ ਤੋਂ ਹੀ ਡੂੰਘੀ ਸਾਜਿਸ਼ ਅਧੀਨ ਸਿੱਖ ਇਤਿਹਾਸ ਤੇ ਸਿਧਾਂਤ ਵਿੱਚ ਬੜੇ ਯੋਜਨਾਵੱਧ ਢੰਗ ਨਾਲ ਰਲਾਵਟ ਕਰਦੀਆਂ ਆ ਰਹੀਆਂ ਹਨ ਅਤੇ ਸਿੱਖਾਂ ਨੂੰ ਚਿੜਾਉਣ ਲਈ ਸਿੱਖੀ ਰਵਾਇਤਾਂ ਦੀ ਨਕਲ ਉਤਾਰਨ ਵਿੱਚ ਲੱਗੇ ਹੋਏ ਹਨ ਤਾਂ ਕਿ ਸਿੱਖਾਂ ਵਿੱਚ ਦੁਬਿਧਾ ਖੜ੍ਹੀ ਕਰਕੇ ਸਿੱਖਾਂ ਵਿੱਚ ਵੰਡੀਆਂ ਪਾਈਆਂ ਜਾਣ ਅਤੇ ਸਿੱਖੀ ਅਸੂਲਾਂ ਦਾ ਹਿੰਦੂਕਰਨ ਕੀਤਾ ਜਾਵੇ । ਸਿੱਖਾਂ ਦੇ ਰਾਜਸੀ ਤੇ ਧਾਰਮਿਕ ਆਗੂਆਂ ਵੱਲੋਂ ਇਸ ਸੰਵੇਦਨਸ਼ੀਲ ਕਾਰਜ ਵੱਲ ਧਿਆਨ ਨਾ ਦੇਣ ਕਾਰਨ ਹੀ ਇਨ੍ਹਾਂ ਬੁਰਾਈਆਂ ਨੂੰ ਹਵਾ ਮਿਲ ਰਹੀ ਹੈ ਕਿ ਪੰਥ ਵਿਰੋਧੀ ਸ਼ਕਤੀਆਂ ਸ਼੍ਰੋਮਣੀ ਕਮੇਟੀ ਰਾਹੀਂ ਸਿੱਖ ਗੁਰੂ ਸਾਹਿਬਾਨਾਂ ਅਤੇ ਉਨ੍ਹਾਂ ਦੇ ਸਤਿਕਾਰਤ ਪਰਿਵਾਰਕ ਮੈਂਬਰਾਂ ਦੇ ਆਚਰਨ ਨੂੰ ਧੁੰਦਲਾ ਕਰਨ ਬਾਬਤ ਹਿੰਦੀ ਵਿੱਚ ਸਿੱਖ ਇਤਿਹਾਸ ਵਰਗੀਆਂ ਪੁਸਤਕਾਂ ਛਪਵਾ ਕੇ ਵੰਡਣ ਵਿੱਚ ਸਫਲਤਾ ਪ੍ਰਾਪਤ ਕਰ ਰਹੇ ਹਨ ਤੇ ਸ੍ਰੋਮਣੀ ਕਮੇਟੀ ਅਤੇ ਅਜੋਕੇ ਜਥੇਦਾਰ, ਇਨ੍ਹਾਂ ਪੰਥ ਵਿਰੋਧੀ ਮਾਨਸਿਕਤਾ ਵਾਲਿਆਂ ਵਿਰੁੱਧ ਕਾਰਵਾਈ ਕਰਨ ਤੋਂ ਬੇਵੱਸ ਨਜ਼ਰ ਆ ਰਹੇ ਹਨ। ਹੁਣ ਨੀਲਧਾਰੀ ਸੰਪ੍ਰਦਾ ਦੇ ਮੁਖੀ ਸਤਨਾਮ ਸਿੰਘ ਵੱਲੋਂ ਮਾਤਾ ਗੁਜਰੀ ਜੀ ਵਿਰੁੱਧ ਬੋਲੇ ਜਾਣ ਦਾ ਕੇਸ ਸਾਹਮਣੇ ਆ ਚੁੱਕਾ ਹੈ ਤੇ ਉਸ ਦੇ ਸ਼ਰਧਾਲੂਆਂ ਵੱਲੋਂ ਉਕਤ ਪੁਸਤਕਾਂ ਦੇ ਹੀ ਹਵਾਲੇ ਦਿੱਤੇ ਗਏ ਹਨ ਕਿ ਉਨ੍ਹਾਂ ਦੇ ਮੁਖੀ ਨੇ ਜੋ ਕੁਝ ਬੋਲਿਆ ਹੈ ਉਹ ਪਹਿਲਾਂ ਤੋਂ ਹੀ ਪੁਰਾਤਨ ਸਿੱਖ ਇਤਿਹਾਸ ਵਿੱਚ ਲਿਖਿਆ ਪਿਆ ਹੈ। ਪਰ ਹੈਰਾਨੀ ਹੁੰਦੀ ਹੈ ਕਿ ਅਜਿਹੇ ਹਾਲਾਤ ਸਿਰਜੇ ਜਾ ਚੁੱਕੇ ਹਨ ਕਿ ਅਗਰ ਕੋਈ ਸਿੱਖ ਵਿਦਵਾਨ ਮੰਗ ਕਰਦਾ ਹੈ ਕਿ ਉਕਤ ਪੁਰਾਤਨ ਪੁਸਤਕਾਂ ਵਿੱਚ ਬਹੁਤ ਕੁਝ ਐਸਾ ਹੈ ਜੋ ਗੁਰਮਤਿ ਨਾਲ ਮੇਲ ਨਹੀਂ ਖਾਂਦਾ, ਜਿਸ ਦੀ ਪੜਚੋਲ ਕਰਕੇ ਰੱਦ ਕਰ ਦੇਣਾ ਚਾਹੀਦਾ ਹੈ ਤਾਂ ਉਸ ਨੂੰ ਹੀ ਤਨਖ਼ਾਹੀਆ ਕਰਾਰ ਦੇਣ ਅਤੇ ਪੰਥ ਵਿੱਚੋਂ ਛੇਕਣ ਲਈ ਇਨ੍ਹਾਂ ਹੀ ਜਥੇਦਾਰਾਂ ਨੂੰ ਵਰਤ ਲਿਆ ਜਾਂਦਾ ਹੈ, ਇਸ ਕਾਰਨ ਜਿੱਥੇ ਸਿੱਖਾਂ ਦਾ ਬੌਧਿਕ ਵਿਕਾਸ ਰੁਕ ਗਿਆ ਹੈ ਉਥੇ ਦਸਮ ਗ੍ਰੰਥ, ਰਾਗਮਾਲਾ, ਸਿੱਖ ਰਹਿਤ ਮਰਯਾਦਾ ਦੀ ਭਿੰਨਤਾ ਆਦਿਕ ਅਨੇਕਾਂ ਮਸਲੇ ਪੰਥ ਲਈ ਗੰਭੀਰ ਸੰਕਟ ਦਾ ਰੂਪ ਧਾਰਨ ਕਰ ਚੁੱਕੇ ਹਨ ਜਦੋਂਕਿ ਸਾਡੇ ਅਖੌਤੀ ਜਥੇਦਾਰ ਦੋਸ਼ੀਆਂ ਨੂੰ ਤਨਖਾਹੀਆ ਕਰਾਰ ਦੇ ਕੇ ਅਤੇ ਧਰਮ ਵਿਹੂਣੇ ਅਕਾਲੀ, ਆਪਣੇ ਆਪ ਨੂੰ ਦੋਸ਼ ਮੁਕਤ ਜਾਂ ਬਖ਼ਸ਼ੇ ਜਾਣ ਦੇ ਨਾਟਕ ਰਚ ਕੇ ਪੰਥ ਪ੍ਰਸਤ ਦੱਸਣ ਦੀ ਬੀਨ ਵਜਾ ਕੇ ਸਿੱਖੀ ਸੰਕਟ ਰੂਪੀ ਵਿਕਰਾਲ ਸੱਪ ਨੂੰ ਪਟਾਰੀ ਵਿੱਚ ਬੰਦ ਕਰਨ ਦੇ ਅਸਫਲ ਯਤਨ ਵਿੱਚ ਰੁੱਝੇ ਹੋਏ ਹਨ।

 ਸੋ ਉਪ੍ਰੋਕਤ ਯੋਗ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਿੰਮੇਵਾਰ ਸਿੱਖ ਆਗੂਆਂ ਤੇ ਜਥੇਦਾਰਾਂ ਲਈ ਕੀਤੇ ਜਾਣ ਵਾਲੇ ਅਤਿ ਜਰੂਰੀ ਕੰਮ ਇਹ ਹਨ ਕਿ ਆਪਣੀਆਂ ਸਾਰੀਆਂ ਵਿਵਾਦਤ ਤੇ ਦੁਬਿਧਾਪਾਉ ਪੁਸਤਕਾਂ ਦੀ ਪੜਚੋਲ ਕਰ ਕੇ ਸਿੱਖ ਸਿਧਾਂਤਾਂ ਅਤੇ ਪੰਥਕ ਰਵਾਇਤਾਂ ਵਿੱਚ ਗਿਣੇ ਮਿਥੇ ਸਾਜਸ਼ੀ ਢੰਗ ਨਾਲ ਕੀਤੀ ਜਾ ਰਹੀ ਰਲਾਵਟ ਨੂੰ ਠੱਲ ਪਾਉਣ ਲਈ ਤੁਰੰਤ ਜਰੂਰੀ ਕਦਮ ਉਠਾਏ ਜਾਣੇ ਚਾਹੀਦੇ ਹਨ।

ਹਕੀਮ ਅੱਲਾ ਯਾਰ ਖਾਂ ਜੋਗੀ ਨੂੰ

0

ਹਕੀਮ ਅੱਲਾ ਯਾਰ ਖਾਂ ਜੋਗੀ ਨੂੰ

(ਪ੍ਰਿੰਸੀਪਲ ਕਰਮਜੀਤ ਸਿੰਘ ਗਠਵਾਲਾ)

ਵਾਹ ਓਏ ਜੋਗੀਆ  ! ਆਪਣੇ ਨਾਂ ਤਾਈਂ, ਹਰ ਪਾਸਿਓਂ ਠੀਕ ਠਹਿਰਾਇਆ ਤੂੰ ।

‘ਅੱਲਾ ਯਾਰ’ ਸੀ ਅੱਲਾ ਦਾ ਯਾਰ ਬਣਿਓਂ, ਭੇਦ ਦੂਈ-ਦਵੈਤ ਮਿਟਾਇਆ ਤੂੰ ।

ਤੇਰੀ ਰੂਹ ਨੂੰ ਕੋਈ ਨਾ ਫ਼ਰਕ ਲੱਗਾ, ਹਜ਼ਰਤ ਸਾਹਿਬ ਤੇ ਗੁਰੂ ਗੋਬਿੰਦ ਦੇ ਵਿੱਚ ।

ਪੂਜਣ ਲੱਗਿਆਂ ਤੂੰ ਨਾ ਫ਼ਰਕ ਪਾਇਆ, ‘ਚਮਕੌਰ’ ‘ਕਰਬਲਾ’ ਅਤੇ ‘ਸਰਹਿੰਦ’ ਦੇ ਵਿੱਚ ।

ਹਜ਼ਰਤ ਅਲੀ ਦੇ ਹਸਨ-ਹੁਸੈਨ ਦਾ ਸੀ, ਤੇਰੀ ਨਜ਼ਰ ਵਿੱਚ ਮਰਤਬਾ ਬਹੁਤ ਉੱਚਾ ।

ਅਜੀਤ-ਜੁਝਾਰ, ਜ਼ੋਰਾਵਰ-ਫ਼ਤਹਿ ਦਾ ਵੀ, ਤੂੰ ਸਮਝਿਆ ਓਨਾਂ ਹੀ ਨਾਂ ਸੁੱਚਾ ।

ਵੱਡੇ ਪਾਪੀਆਂ ਦੀ ਕਤਾਰ ਅੰਦਰ, ਖੜੇ ਕੀਤੇ ਤੂੰ ਜ਼ਿਆਦ ਯਜ਼ੀਦ ਦੋਵੇਂ ।

ਉਨਾਂ ਨਾਲ ਹੀ ਤੂੰ ਮਿਲਾ ਦਿੱਤੇ, ਸੁੱਚਾ ਨੰਦ ਤੇ ਸੂਬਾ ਵਜ਼ੀਦ ਦੋਵੇਂ ।

ਤੇਰੀ ਕਲਮ ਨੇ ਉਹ ਤਸਵੀਰ ਖਿੱਚੀ, ਸਾਹਵੇਂ ਅੱਖਾਂ ਦੇ ਜੰਗ ਘਮਸਾਨ ਹੋਵੇ ।

ਸੁੱਤੇ ਸਿੰਘਾਂ ਨੂੰ ਤੱਕ ਕੇ ਗੁਰੂ ਸੋਚਣ, ਜਿਵੇਂ ਪੁੱਤਾਂ ਤੋਂ ਪਿਤਾ ਕੁਰਬਾਨ ਹੋਵੇ ।

ਹਰ ਇੱਕ ਸ਼ਿਅਰ ਹੈ ਪੁਰ ਤਾਸੀਰ ਤੇਰਾ, ਪੱਥਰ ਦਿਲ ਵੀ ਮੋਮ ਬਣਾਈ ਜਾਵੇ ।

ਦਰਦ ਕਿੰਨਾ ਵੀ ਭਾਵੇਂ ਮਹਿਸੂਸ ਹੋਵੇ, ਮੱਲਮ ਸ਼ਰਧਾ ਦੀ ਓਸ ਤੇ ਲਾਈ ਜਾਵੇ ।

ਗੁਰੂ ਹਰਿਰਾਇ ਜੀ ਦੁਖੀ ਲੋਕਾਂ ਦੇ ਦੁਖ ਵੰਡਾਉਂਦੇ ਰਹੇ।

0

ਗੁਰੂ ਹਰਿਰਾਇ ਜੀ ਦੁਖੀ ਲੋਕਾਂ ਦੇ ਦੁਖ ਵੰਡਾਉਂਦੇ ਰਹੇ।

ਕੀਰਤਪੁਰ ਵਿਚ ਰਹਿ ਕੇ ਕੀਰਤੀ ਹਰਿ ਕੀ ਗਾਉਂਦੇ ਰਹੇ।

ਗੁਰੂ ਹਰਿਰਾਇ ਜੀ ਦੁਖੀ ਲੋਕਾਂ ਦੇ ਦੁਖ ਵੰਡਾਉਂਦੇ ਰਹੇ।

ਤਨ ਦੇ ਰੋਗ ਗਵਾਉਂਦੇ ਹੱਥੀਂ ਦੇ ਕੇ ਆਪ ਦਵਾਈ,

ਮਨ ਦੇ ਰੋਗ ਮਿਟਾਵਣ ਖ਼ਾਤਰ ਬਾਣੀ ਜਾਣ ਪੜ੍ਹਾਈ,

ਅਸਲੀ ਵੈਦ ਹੈ ਗੁਰੂ ਗੋਬਿੰਦਾ ਸੰਗਤਾਂ ਨੂੰ ਸਮਝਾਉਂਦੇ ਰਹੇ।

ਗੁਰੂ ਹਰਿਰਾਇ ਜੀ ਦੁਖੀ ਲੋਕਾਂ ਦੇ ਦੁਖ ਵੰਡਾਉਂਦੇ ਰਹੇ।

ਕੋਮਲ ਹਿਰਦੇ ਦੇ ਮਾਲਕ, ਨਾ ਕਿਸੇ ਨੂੰ ਠੇਸ ਪਹੁੰਚਾਉਂਦੇ,

ਅਣਜਾਣੇ ਹੋਈ ਭੁੱਲ ਉਪਰ ਵੀ ਸਨ ਡਾਢਾ ਪਛਤਾਉਂਦੇ,

ਪੱਤੇ ਪੱਤੇ ਰੱਬ ਦਾ ਵਾਸਾ ਮੁੱਖ ਤੋਂ ਸੀ ਫ਼ੁਰਮਾਉਂਦੇ ਰਹੇ।

ਗੁਰੂ ਹਰਿਰਾਇ ਜੀ ਦੁਖੀ ਲੋਕਾਂ ਦੇ ਦੁਖ ਵੰਡਾਉਂਦੇ ਰਹੇ।

ਸਤਵੇਂ ਨਾਨਕ ਗੁਰਬਾਣੀ ਦਾ ਸੀ ਪੂਰਨ ਸਤਿਕਾਰ ਕੀਤਾ,

ਰਾਮਰਇ ਤੁੱਕ ਬਦਲੀ ਜਦ, ਝਟ ਗੁੱਸੇ ਦਾ ਇਜ਼ਹਾਰ ਕੀਤਾ,

ਮੌਕਾਪ੍ਰਸਤ ਮਨੁੱਖਾਂ ਨੂੰ ਮੱਥੇ ਨਹੀਂ ਲਾਉਂਦੇ ਰਹੇ।

ਗੁਰੂ ਹਰਿਰਾਇ ਜੀ ਦੁਖੀ ਲੋਕਾਂ ਦੇ ਦੁਖ ਵੰਡਾਉਂਦੇ ਰਹੇ।

ਗੁਰੂ ਕੇ ਲੰਗਰ ਵਿਚੋਂ ਨਾ ਕੋਈ ਮੁੜੇ ਨਿਰਾਸ ਪ੍ਰਾਣੀ,

ਲੋੜ ਪੈਣ ’ਤੇ ਲੋੜਵੰਦਾਂ ਨੂੰ ਛਕਾਓ ਪ੍ਰਸ਼ਾਦਾ ਪਾਣੀ,

ਲਾਂਗਰੀਆਂ ਨੂੰ ਲੋਹ ਲੰਗਰ ਦੇ ਨਿਯਮ ਸਿਖਾਉਂਦੇ ਰਹੇ।

ਗੁਰੂ ਹਰਿਰਾਇ ਜੀ ਦੁਖੀ ਲੋਕਾਂ ਦੇ ਦੁਖ ਵੰਡਾਉਂਦੇ ਰਹੇ।

ਸੇਵਾ ਤੇ ਸਿਮਰਨ ਨੂੰ ਆਧਾਰ ਬਣਾਇਆ ਜੀਵਨ ਦਾ,

ਇਸ ਨੂੰ ਹੀ ਬਸ ਮੰਨਿਆ ਸੀ ਸਰਮਾਇਆ ਜੀਵਨ ਦਾ,

‘ਚੋਹਲੇ’ ਵਾਲੇ ਵਰਗੇ ਤਾਹੀਉਂ ਸਿਫ਼ਤ ਸਲਾਹੁਉਂਦੇ ਰਹੇ।

ਗੁਰੂ ਹਰਿ ਰਾਇ ਜੀ ਦੁਖੀ ਲੋਕਾਂ ਦੇ ਦੁੱਖ ਵੰਡਾਉਂਦੇ ਰਹੇ।

—-੦—–

-ਰਮੇਸ਼ ਬੱਗਾ ਚੋਹਲਾ, 1348/17/1 ਗਲੀ ਨੰ 8, ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)-94631-32719

Most Viewed Posts