Guru Granth Sahib (Page No. 89-91)

0
347

(ਪੰਨਾ ਨੰਬਰ 89-91) 

(ਨੋਟ: ਹੇਠਾਂ ਦਿੱਤੇ ਜਾ ਰਹੇ ਗੁਰਬਾਣੀ ਦੇ ਮੂਲ ਪਾਠ ’ਚ ‘ਕੈ+ਦਰਿ’ ਜਾਂ ‘ਕੈ+ਭਾਣੈ’ ਆਦਿ ਸੰਕੇਤ ਦਿੱਤੇ ਗਏ ਹਨ ਜਿਨ੍ਹਾਂ ਦਾ ਮਤਲਬ ਹੈ ਕਿ ਜਿਸ ਕਾਰਕ ’ਚ ‘ਦਰਿ’ ਜਾਂ ‘ਭਾਣੈ’ ਸ਼ਬਦ ਹਨ ਉਸੇ ਕਾਰਕ ’ਚ ‘ਕੈ’ ਹੈ। ਇਹ ਧਿਆਨ ਰਹੇ ਕਿ 

(1). ‘ਕੈ’ ਸ਼ਬਦ ਤੋਂ ਅਗਲਾ ਸ਼ਬਦ ਅੰਤ ਸਿਹਾਰੀ ਜਾਂ ਅੰਤ ਦੁਲਾਵਾਂ ਇੱਕ ਵਚਨ ਪੁਲਿੰਗ ਨਾਂਵ ਹੀ ਹੋਵੇਗਾ, ਨਾ ਕਿ ਬਹੁ ਵਚਨ। ਜਦ ਬਹੁ ਵਚਨ ਸ਼ਬਦ ਹੋਵੇ ਤਾਂ ਉਸ ਤੋਂ ਪਹਿਲਾਂ ‘ਕੈ’ ਨਹੀਂ ਬਲਕਿ ‘ਕੇ’ ਦਰਜ ਹੁੰਦਾ ਹੈ; ਜਿਵੇਂ ‘‘ਤਾ ‘ਕੇ ਅੰਤ’ ਨ ਪਾਏ ਜਾਹਿ ॥’’ (ਜਪੁ) ਤੁਕ ’ਚ ‘ਕੇ’ ਉਪਰੰਤ ‘ਅੰਤ’ ਬਹੁ ਵਚਨ ਨਾਂਵ ਹੈ। 

(2). ਅਗਰ ਗੁਰਬਾਣੀ ਲਿਖਤ ’ਚ ‘ਕੈ’ ਤੋਂ ਬਾਅਦ ਅੰਤ ਸਿਹਾਰੀ ਜਾਂ ਅੰਤ ਦੁਲਾਵਾਂ ਸ਼ਬਦ ਦਰਜ ਨਾ ਹੋਣ ਤਾਂ ਵੀ ਕੇਵਲ ‘ਕੈ’ ਵੀ ਉਸੇ ਕਾਰਕ ਦੇ ਅਰਥ ਉਪਲਬਧ ਕਰਵਾਉਂਦਾ ਹੈ; ਜਿਵੇਂ

(ੳ). ਪਿਰ ‘ਕੈ+ਭਾਣੈ’ ਨਾ ਚਲੈ..॥ ਭਾਵ ਪਤੀ ਦੇ ਹੁਕਮ ਵਿੱਚ ਨਾ ਚੱਲਦਾ (ਇੱਕ ਵਚਨ ਪੁਲਿੰਗ, ਅਧਿਕਰਣ ਕਾਰਕ)।

(ਅ). ਸਬਦਿ ਰਤੀ ਸੋਹਾਗਣੀ ; ਸਤਿਗੁਰ ‘ਕੈ+ਭਾਇ+ਪਿਆਰਿ’ ॥ ਭਾਵ ਸਤਿਗੁਰੂ ਦੇ ਪ੍ਰੇਮ ਪਿਆਰ ਵਿੱਚ (ਭਾਇ+ਪਿਆਰਿ ਦੋਵੇਂ ਸ਼ਬਦ ਇੱਕ ਵਚਨ ਪੁਲਿੰਗ, ਅਧਿਕਰਣ ਕਾਰਕ ਹਨ)। ਇਸੇ ਨਿਯਮ ਮੁਤਾਬਕ ਅਗਾਂਹ ਕੇਵਲ ‘ਕੈ’ ਹੀ ਕਾਰਕੀ ਅਰਥ ਦੇਵੇਗਾ, ਜਿਸ ਦੇ ਪਿਛੇਤਰ ਅੰਤ ਸਿਹਾਰੀ ਜਾਂ ਅੰਤ ਦੁਲਾਵਾਂ ਸ਼ਬਦ ਦਰਜ ਹੀ ਨਹੀਂ ਹਨ; ਜਿਵੇਂ

(ੲ). ਉਸਨ ਸੀਤ ਸਮਸਰਿ ਸਭ; ਤਾ ‘ਕੈ’ ॥ (ਮ: ੫/੨੫੧) ਇਸ ਤੁਕ ’ਚ ਦਰਜ ‘ਤਾ ਕੈ’ ਦਾ ਅਰਥ ਹੈ: ਉਸ ਦੇ ਹਿਰਦੇ ਵਿੱਚ (ਇੱਕ ਵਚਨ ਪੁਲਿੰਗ, ਅਧਿਕਰਣ ਕਾਰਕ) ਭਾਵ ਕੇਵਲ ‘ਕੈ’ ਵੀ ਉਹੀ ਕਾਰਕੀ ਅਰਥ ਦੇ ਗਿਆ ਜੋ ‘ਕੈ’ ਸਮੇਤ ਸੰਯੁਕਤ ਸ਼ਬਦ ਦਿੰਦੇ ਹਨ। ਵਧੇਰੇ ਜਾਣਕਾਰੀ ਲਈ ਪੜ੍ਹੋ ‘ਕੈ’ ਸ਼ਬਦ ਦੀ ਬਹੁ ਪੱਖੀ ਵਿਚਾਰ (ਲੇਖ), ਜੋ ‘ਵਿਆਕਰਨ’ ਸਿਰਲੇਖ ਵਿੱਚ ਹੈ।)

ਸਲੋਕ, ਮ: ੩ ॥

ਵੇਸ ਕਰੇ ਕੁਰੂਪਿ ਕੁਲਖਣੀ ; ਮਨਿ+ਖੋਟੈ ਕੂੜਿਆਰਿ ॥ ਪਿਰ ਕੈ+ਭਾਣੈ ਨਾ ਚਲੈ ; ਹੁਕਮੁ ਕਰੇ ਗਾਵਾਰਿ ॥ ਗੁਰ ਕੈ+ਭਾਣੈ, ਜੋ ਚਲੈ ; ਸਭਿ ਦੁਖ ਨਿਵਾਰਣਹਾਰਿ ॥ ਲਿਖਿਆ ਮੇਟਿ ਨ ਸਕੀਐ ; ਜੋ, ਧੁਰਿ ਲਿਖਿਆ ਕਰਤਾਰਿ (ਧੁਰਿ ਕਰਤਾਰਿ ਭਾਵ ਧੁਰ ਤੋਂ ਕਰਤਾਰ ਨੇ)॥ ਮਨੁ ਤਨੁ ਸਉਪੇ (ਸੌਂਪੇ) ਕੰਤ ਕਉ ; ਸਬਦੇ ਧਰੇ ਪਿਆਰੁ (ਨੋਟ: ਜਦ ‘ਸਬਦਿ’ ਤੋਂ ‘ਸਬਦੇ’ ਬਣਤਰ ਬਣੇ ਤਾਂ ਅਰਥ ਹੁੰਦੇ ਹਨ: ‘ਸ਼ਬਦ ਵਿੱਚ ਹੀ’) ॥ ਬਿਨੁ ਨਾਵੈ (ਨਾਵੈਂ), ਕਿਨੈ ਨ ਪਾਇਆ ; ਦੇਖਹੁ ਰਿਦੈ, ਬੀਚਾਰਿ (ਕੇ)॥ ਨਾਨਕ  ! ਸਾ ਸੁਆਲਿਓ+ਸੁਲਖਣੀ ; ਜਿ ਰਾਵੀ ਸਿਰਜਨਹਾਰਿ (ਨੇ)॥ ੧॥

ਮ: ੩ ॥

ਮਾਇਆ ਮੋਹੁ ਗੁਬਾਰੁ (ਮੋਹ ਗ਼ੁਬਾਰ) ਹੈ ; ਤਿਸ ਦਾ, ਨ ਦਿਸੈ ਉਰਵਾਰੁ, ਨ ਪਾਰੁ ॥ ਮਨਮੁਖ ਅਗਿਆਨੀ ਮਹਾ (ਮਹਾਂ) ਦੁਖੁ ਪਾਇਦੇ (ਪਾਇੰਦੇ); ਡੁਬੇ, ਹਰਿ ਨਾਮੁ ਵਿਸਾਰਿ (ਕੇ)॥ ਭਲਕੇ ਉਠਿ, ਬਹੁ ਕਰਮ ਕਮਾਵਹਿ (ਕਮਾਵੈਂ) ; ਦੂਜੈ+ਭਾਇ ਪਿਆਰੁ ॥ ਸਤਿਗੁਰੁ ਸੇਵਹਿ (ਸੇਵੈਂ) ਆਪਣਾ ; ਭਉਜਲੁ ਉਤਰੇ ਪਾਰਿ ॥ ਨਾਨਕ  ! ਗੁਰਮੁਖਿ ਸਚਿ ਸਮਾਵਹਿ (ਸਮਾਵਹਿਂ) ; ਸਚੁ ਨਾਮੁ ਉਰਧਾਰਿ (ਕੇ)॥੨॥

ਪਉੜੀ ॥

ਹਰਿ, ਜਲਿ+ਥਲਿ+ਮਹੀਅਲਿ ਭਰਪੂਰਿ ; ਦੂਜਾ ਨਾਹਿ (ਨਾਹਿਂ) ਕੋਇ ॥ ਹਰਿ, ਆਪਿ ਬਹਿ (ਬਹ) ਕਰੇ ਨਿਆਉ (ਨਿਆਂਉ); ਕੂੜਿਆਰ ਸਭ ਮਾਰਿ (ਕੇ) ਕਢੋਇ ॥ ਸਚਿਆਰਾ ਦੇਇ (ਸਚਿਆਰਾਂ ਦੇ+ਇ) ਵਡਿਆਈ ; ਹਰਿ, ਧਰਮ ਨਿਆਉ (ਨਿਆਂਉ) ਕੀਓਇ (ਕੀਓ+ਇ)॥ ਸਭ, ਹਰਿ ਕੀ ਕਰਹੁ ਉਸਤਤਿ ; ਜਿਨਿ (ਜਿਨ੍ਹ), ਗਰੀਬ (ਗ਼ਰੀਬ) ਅਨਾਥ ਰਾਖਿ ਲੀਓਇ (ਲੀਓ+ਇ)॥ ਜੈਕਾਰੁ ਕੀਓ ਧਰਮੀਆ ਕਾ (ਧਰਮੀਆਂ ਕਾ) ; ਪਾਪੀ ਕਉ (ਕੌ) ਡੰਡੁ ਦੀਓਇ (ਦੀਓ+ਇ) ॥ ੧੬॥

ਸਲੋਕ, ਮ: ੩ ॥

ਮਨਮੁਖ ਮੈਲੀ (ਮੈਲ਼ੀ) ਕਾਮਣੀ, ਕੁਲਖਣੀ ਕੁਨਾਰਿ ॥ ਪਿਰੁ ਛੋਡਿਆ ਘਰਿ ਆਪਣਾ (‘ਘਰਿ’ ਭਾਵ ਹਿਰਦੇ ’ਚ ਵਸਦਾ ‘ਆਪਣਾ ਪਿਰੁ ਛੋਡਿਆ’), ਪਰ ਪੁਰਖੈ ਨਾਲਿ ਪਿਆਰੁ ॥ ਤ੍ਰਿਸਨਾ (ਤ੍ਰਿਸ਼ਨਾ) ਕਦੇ ਨ ਚੁਕਈ (ਚੁਕ+ਈ) ; ਜਲਦੀ (ਜਲ਼ਦੀ) ਕਰੇ ਪੂਕਾਰ (‘ਪੁ’ ਨਹੀਂ, ‘ਪੂ’)॥ ਨਾਨਕ  ! ਬਿਨੁ ਨਾਵੈ (ਨਾਵੈਂ), ਕੁਰੂਪਿ ਕੁਸੋਹਣੀ (ਕੁ+ਸੋਹਣੀ); ਪਰਹਰਿ ਛੋਡੀ ਭਤਾਰਿ (ਨੇ) ॥੧॥

ਮ: ੩ ॥

ਸਬਦਿ ਰਤੀ (ਰੱਤੀ) ਸੋਹਾਗਣੀ ; ਸਤਿਗੁਰ ਕੈ+ਭਾਇ+ਪਿਆਰਿ ॥ ਸਦਾ ਰਾਵੇ ਪਿਰੁ ਆਪਣਾ ; ਸਚੈ ਪ੍ਰੇਮਿ+ਪਿਆਰਿ ॥ ਅਤਿ ਸੁਆਲਿਉ ਸੁੰਦਰੀ ; ਸੋਭਾਵੰਤੀ (ਸ਼ੋਭਾਵੰਤੀ) ਨਾਰਿ ॥ ਨਾਨਕ  ! ਨਾਮਿ ਸੋਹਾਗਣੀ ; ਮੇਲੀ (ਮੇਲ਼ੀ) ਮੇਲਣਹਾਰਿ (ਨੇ)॥੨॥

ਪਉੜੀ ॥

ਹਰਿ  ! ਤੇਰੀ ਸਭ ਕਰਹਿ (ਕਰੈਂ) ਉਸਤਤਿ ; ਜਿਨਿ (ਜਿਨ੍ਹ) ਫਾਥੇ ਕਾਢਿਆ ॥ ਹਰਿ  ! ਤੁਧ ਨੋ ਕਰਹਿ (ਕਰਹਿਂ) ਸਭ ਨਮਸਕਾਰੁ ; ਜਿਨਿ (ਜਿਨ੍ਹ) ਪਾਪੈ ਤੇ ਰਾਖਿਆ ॥ ਹਰਿ  ! ਨਿਮਾਣਿਆ (ਨਿਮਾਣਿਆਂ) ਤੂੰ ਮਾਣੁ ; ਹਰਿ  ! ਡਾਢੀ, ਹੂੰ ਤੂੰ ਡਾਢਿਆ ॥ ਹਰਿ  ! ਅਹੰਕਾਰੀਆ (ਅਹੰਕਾਰੀਆਂ) ਮਾਰਿ (ਕੇ) ਨਿਵਾਏ ; ਮਨਮੁਖ ਮੂੜ (ਮੂੜ੍ਹ) ਸਾਧਿਆ ॥ ਹਰਿ  ! ਭਗਤਾ ਦੇਇ (ਭਗਤਾਂ ਦੇ+ਇ) ਵਡਿਆਈ ; ਗਰੀਬ (ਗ਼ਰੀਬ) ਅਨਾਥਿਆ (ਨੋਟ: ‘ਅਨਾਥਿਆਂ’ ਨਹੀਂ ਉਚਾਰਨਾ ਕਿਉਂਕਿ ਇਹ ਸ਼ਬਦ ‘ਅਨਾਥ’ ਸੰਪਰਦਾਨ ਕਾਰਕ ਹੈ ਭਾਵ ‘ਗ਼ਰੀਬ ਅਨਾਥਾਂ ਲਈ’, ਜੋ ਪਹਿਲੀ ਤੁਕ ਦੇ ‘ਸਾਧਿਆ’ ਤੁਕਾਂਤ ਕਾਰਨ ‘ਅਨਾਥਿਆ’ ਬਣ ਗਿਆ)॥ ੧੭॥

ਸਲੋਕ, ਮ: ੩ ॥

ਸਤਿਗੁਰ ਕੈ+ਭਾਣੈ, ਜੋ ਚਲੈ ; ਤਿਸੁ ਵਡਿਆਈ ਵਡੀ ਹੋਇ ॥ ਹਰਿ ਕਾ ਨਾਮੁ ਉਤਮੁ, ਮਨਿ ਵਸੈ ; ਮੇਟਿ ਨ ਸਕੈ, ਕੋਇ ॥ ਕਿਰਪਾ ਕਰੇ ਜਿਸੁ ਆਪਣੀ; ਤਿਸੁ ਕਰਮਿ ਪਰਾਪਤਿ ਹੋਇ ॥ ਨਾਨਕ  ! ਕਾਰਣੁ ਕਰਤੇ ਵਸਿ ਹੈ ; ਗੁਰਮੁਖਿ ਬੂਝੈ ਕੋਇ ॥੧॥

ਮ: ੩ ॥

ਨਾਨਕ ! ਹਰਿ ਨਾਮੁ ਜਿਨੀ (ਜਿਨ੍ਹੀਂ) ਆਰਾਧਿਆ (ਅਗੇਤਰ ‘ਆ’ ਦਾ ਉਚਾਰਨ ਜ਼ਰੂਰੀ); ਅਨਦਿਨੁ ਹਰਿ ਲਿਵ ਤਾਰ ॥ ਮਾਇਆ ਬੰਦੀ ਖਸਮ ਕੀ ; ਤਿਨ ਅਗੈ (ਤਿਨ੍ਹ ਅੱਗੈ), ਕਮਾਵੈ ਕਾਰ ॥ ਪੂਰੈ (ਭਾਵ ਪੂਰੇ ਗੁਰੂ ਨੇ), ਪੂਰਾ ਕਰਿ (ਕੇ) ਛੋਡਿਆ ; ਹੁਕਮਿ (ਰਾਹੀਂ) ਸਵਾਰਣਹਾਰ ॥ ਗੁਰ ਪਰਸਾਦੀ ਜਿਨਿ (ਜਿਨ੍ਹ) ਬੁਝਿਆ ; ਤਿਨਿ (ਤਿਨ੍ਹ), ਪਾਇਆ ਮੋਖ ਦੁਆਰੁ ॥ ਮਨਮੁਖ, ਹੁਕਮੁ ਨ ਜਾਣਨੀ (ਜਾਣ+ਨੀ) ; ਤਿਨ (ਤਿਨ੍ਹ), ਮਾਰੇ ਜਮ ਜੰਦਾਰੁ ॥ ਗੁਰਮੁਖਿ ਜਿਨੀ (ਜਿਨ੍ਹੀਂ) ਅਰਾਧਿਆ ; ਤਿਨੀ (ਤਿਨ੍ਹੀਂ), ਤਰਿਆ ਭਉਜਲੁ ਸੰਸਾਰੁ ॥ ਸਭਿ ਅਉਗਣ, ਗੁਣੀ (ਗੁਣੀਂ, ਭਾਵ ਗੁਣਾਂ ਰਾਹੀਂ), ਮਿਟਾਇਆ ; ਗੁਰੁ ਆਪੇ ਬਖਸਣਹਾਰੁ (ਬਖ਼ਸ਼ਣਹਾਰ)॥੨॥

ਪਉੜੀ ॥

ਹਰਿ ਕੀ ਭਗਤਾ (ਭਗਤਾਂ ਭਾਵ ਭਗਤਾਂ ਨੂੰ) ਪਰਤੀਤਿ (ਕਿ); ਹਰਿ, ਸਭ ਕਿਛੁ ਜਾਣਦਾ ॥ ਹਰਿ ਜੇਵਡੁ, ਨਾਹੀ (ਨਾਹੀਂ) ਕੋਈ ਜਾਣੁ (‘ਜਾਣੁ’ ਦਾ ਅੰਤ ਔਂਕੜ ਥੋੜ੍ਹਾ ਉਚਾਰਨਾ ਜ਼ਰੂਰੀ ਕਿਉਂਕਿ ਇਹ ਸ਼ਬਦ ‘ਜਾਣੂ’ ਭਾਵ ਅੰਤਰਯਾਮੀ (ਨਾਂਵ) ਹੈ, ਨਾ ਕਿ ਹੁਕਮੀ ਭਵਿੱਖ ਕਾਲ ਕਿਰਿਆ) ; ਹਰਿ, ਧਰਮੁ ਬੀਚਾਰਦਾ ॥ ਕਾੜਾ ਅੰਦੇਸਾ ਕਿਉ (ਕਾੜ੍ਹਾ ਅੰਦੇਸ਼ਾ ਕਿਉਂ) ਕੀਜੈ  ? ਜਾ (ਜਾਂ), ਨਾਹੀ (ਨਾਹੀਂ) ਅਧਰਮਿ ਮਾਰਦਾ (ਭਾਵ ਬੇਇਨਸਾਫ਼ੀ ਨਾਲ ਮਾਰਦਾ)॥ ਸਚਾ ਸਾਹਿਬੁ, ਸਚੁ ਨਿਆਉ (ਨਿਆਂਉ); ਪਾਪੀ ਨਰੁ ਹਾਰਦਾ ॥ ਸਾਲਾਹਿਹੁ (‘ਸਾ’ ਉਚਾਰਨਾ ਜ਼ਰੂਰੀ) ਭਗਤਹੁ  ! ਕਰ ਜੋੜਿ (ਕੇ); ਹਰਿ, ਭਗਤ ਜਨ ਤਾਰਦਾ ॥੧੮॥

ਸਲੋਕ, ਮ: ੩ ॥

ਆਪਣੇ ਪ੍ਰੀਤਮ ਮਿਲਿ ਰਹਾ (ਰਹਾਂ) ; ਅੰਤਰਿ ਰਖਾ (ਰੱਖਾਂ) ਉਰਿ ਧਾਰਿ (ਕੇ)॥ ਸਾਲਾਹੀ (ਸਾਲਾਹੀਂ) ਸੋ ਪ੍ਰਭ ਸਦਾ ਸਦਾ ; ਗੁਰ ਕੈ ਹੇਤਿ+ਪਿਆਰਿ ॥ ਨਾਨਕ  ! ਜਿਸੁ ਨਦਰਿ ਕਰੇ, ਤਿਸੁ ਮੇਲਿ ਲਏ ; ਸਾਈ ਸੁਹਾਗਣਿ ਨਾਰਿ ॥੧॥

ਮ: ੩ ॥

ਗੁਰ ਸੇਵਾ ਤੇ, ਹਰਿ ਪਾਈਐ ; ਜਾ ਕਉ ਨਦਰਿ ਕਰੇਇ (ਕਰੇ+ਇ)॥ ਮਾਣਸ ਤੇ ਦੇਵਤੇ ਭਏ ; ਧਿਆਇਆ (ਧਿਆਇਆਂ) ਨਾਮੁ ਹਰੇ ॥ ਹਉਮੈ ਮਾਰਿ ਮਿਲਾਇਅਨੁ ; ਗੁਰ ਕੈ ਸਬਦਿ, ਤਰੇ ॥ ਨਾਨਕ  ! ਸਹਜਿ ਸਮਾਇਅਨੁ ; ਹਰਿ ਆਪਣੀ ਕ੍ਰਿਪਾ ਕਰੇ ॥੨॥

ਪਉੜੀ ॥

ਹਰਿ (ਨੇ), ਆਪਣੀ ਭਗਤਿ ਕਰਾਇ (ਕੇ); ਵਡਿਆਈ ਵੇਖਾਲੀਅਨੁ ॥ ਆਪਣੀ, ਆਪਿ ਕਰੇ ਪਰਤੀਤਿ ; ਆਪੇ ਸੇਵ ਘਾਲੀਅਨੁ ॥ ਹਰਿ, ਭਗਤਾ (ਭਗਤਾਂ) ਨੋ ਦੇਇ (ਦੇ+ਇ) ਅਨੰਦੁ ; ਥਿਰੁ ਘਰੀ ਬਹਾਲਿਅਨੁ ॥ ਪਾਪੀਆ (ਪਾਪੀਆਂ) ਨੋ, ਨ ਦੇਈ ਥਿਰੁ ਰਹਣਿ ; ਚੁਣਿ, ਨਰਕ ਘੋਰਿ ਚਾਲਿਅਨੁ ॥ ਹਰਿ ਭਗਤਾ (ਭਗਤਾਂ) ਨੋ ਦੇਇ (ਦੇ+ਇ) ਪਿਆਰੁ ; ਕਰਿ ਅੰਗੁ, ਨਿਸਤਾਰਿਅਨੁ ॥੧੯॥ 

(ਨੋਟ: ਉਕਤ ਦੂਸਰੇ ਸਲੋਕ ਅਤੇ ਪਉੜੀ ਦੀਆਂ ਤਮਾਮ ਤੁਕਾਂ ਦੇ ਪਿਛੇਤਰ ‘ਮਿਲਾਇਅਨੁ, ਸਮਾਇਅਨੁ, ਵੇਖਾਲੀਅਨੁ, ਘਾਲੀਅਨੁ, ਬਹਾਲਿਅਨੁ, ਚਾਲਿਅਨੁ, ਨਿਸਤਾਰਿਅਨੁ’ ਸ਼ਬਦ ਦਰਜ ਹਨ, ਜੋ ਗੁਰਬਾਣੀ ਲਿਖਤ ਮੁਤਾਬਕ ‘ਕਿਰਿਆ+ਪੜਨਾਂਵ’ (ਸੰਯੁਕਤ) ਹਨ, ਜਿਨ੍ਹਾਂ ਦੇ ਅਰਥ ਹਨ: ‘ਉਸ ਨੇ ਮਿਲਾਏ, ਉਸ ਨੇ ਸਮਾਏ, ਉਸ ਨੇ ਵੇਖਾਈ, ਉਸ ਨੇ ਘਾਲੀ, ਉਸ ਨੇ ਬਹਾਏ (ਬਿਠਾਏ), ਉਸ ਨੇ ਚਲਾਏ, ਉਸ ਨੇ ਨਿਸਤਾਰੇ’; ਧਿਆਨ ਰਹੇ ਕਿ ‘ਅਨੁ’ ਪਿਛੇਤਰ ਤੋਂ ਪਹਿਲਾਂ ਅਗਰ ‘ਇ’ ਹੈ ਤਾਂ ਸ਼ਬਦਾਰਥ ਬਹੁ ਵਚਨ ਪੁਲਿੰਗ ਹੁੰਦੇ ਹਨ ਅਤੇ ਅਗਰ ‘ਈ’ ਹੈ ਤਾਂ ਸ਼ਬਦਾਰਥ ‘ਇਸਤਰੀ ਲਿੰਗ’ ਹੁੰਦੇ ਹਨ; ਜਿਵੇਂ ਕਿ

ਸਲੋਕ॥੨॥ ਹਉਮੈ ਮਾਰਿ ‘ਮਿਲਾਇਅਨੁ’ ; ਗੁਰ ਕੈ ਸਬਦਿ, ਤਰੇ ॥ ਭਾਵ ਹੰਕਾਰ ਮਾਰ ਕੇ ਆਪਣੇ ਨਾਲ ‘ਉਸ ਨੇ ਮਿਲਾਏ’; ਪੁਲਿੰਗ, ਬਹੁ ਵਚਨ।

ਨਾਨਕ  ! ਸਹਜਿ ‘ਸਮਾਇਅਨੁ’ ; ਹਰਿ ਆਪਣੀ ਕ੍ਰਿਪਾ ਕਰੇ ॥੨॥ ਭਾਵ ਅਡੋਲਤਾ ਵਿੱਚ ‘ਉਸ ਨੇ ਟਿਕਾਏ’; ਪੁਲਿੰਗ, ਬਹੁ ਵਚਨ।

ਪਉੜੀ ॥ ਹਰਿ, ਆਪਣੀ ਭਗਤਿ ਕਰਾਇ ; ਵਡਿਆਈ ‘ਵੇਖਾਲੀਅਨੁ’ ॥ ਭਾਵ ਭਗਤ-ਜਨਾਂ ਦੀ ਸ਼ੋਭਾ ‘ਉਸ ਨੇ ਵਿਖਾਈ’; ਇਸਤਰੀ ਲਿੰਗ।

ਆਪਣੀ, ਆਪਿ ਕਰੇ ਪਰਤੀਤਿ ; ਆਪੇ ਸੇਵ ‘ਘਾਲੀਅਨੁ’ ॥ ਭਾਵ ਭਗਤਾਂ ਰਾਹੀਂ ਆਪ ਹੀ ਆਪਣੀ ਸੇਵਾ ‘ਉਸ ਨੇ ਘਾਲੀ’ ਜਾਂ ਕੀਤੀ; ਇਸਤਰੀ ਲਿੰਗ।

ਹਰਿ ਭਗਤਾ ਨੋ ਦੇਇ ਅਨੰਦੁ ; ਥਿਰੁ ਘਰੀ ‘ਬਹਾਲਿਅਨੁ’ ॥ ਭਾਵ ਅਡੋਲ ਹਿਰਦੇ ਵਿੱਚ ‘ਉਸ ਨੇ ਬੈਠਾਏ’; ਪੁਲਿੰਗ, ਬਹੁ ਵਚਨ ।

ਪਾਪੀਆ (ਪਾਪੀਆਂ) ਨੋ, ਨ ਦੇਈ ਥਿਰੁ ਰਹਣਿ ; ਚੁਣਿ, ਨਰਕ ਘੋਰਿ ‘ਚਾਲਿਅਨੁ’ ॥ ਭਾਵ ਚੁਣ ਕੇ ਨਰਕ-ਘੋਰ ਵਿੱਚ ‘ਉਸ ਨੇ ਚਲਾਏ’; ਪੁਲਿੰਗ, ਬਹੁ ਵਚਨ ।

ਹਰਿ, ਭਗਤਾ ਨੋ ਦੇਇ ਪਿਆਰੁ ; ਕਰਿ ਅੰਗੁ, ‘ਨਿਸਤਾਰਿਅਨੁ’ ॥੧੯॥ ਭਾਵ ਪੱਖ ਕਰ ਕੇ ‘ਉਸ ਨੇ ਪਾਰ ਲੰਘਾਏ’; ਪੁਲਿੰਗ, ਬਹੁ ਵਚਨ ।)

ਸਲੋਕ, ਮ: ੧ ॥

ਕੁਬੁਧਿ ਡੂਮਣੀ, ਕੁਦਇਆ ਕਸਾਇਣਿ ; ਪਰ ਨਿੰਦਾ ਘਟ ਚੂਹੜੀ ; ਮੁਠੀ ਕ੍ਰੋਧਿ+ਚੰਡਾਲਿ (ਨੇ) ॥ ਕਾਰੀ ਕਢੀ (ਕੱਢੀ), ਕਿਆ ਥੀਐ  ? ਜਾਂ, ਚਾਰੇ ਬੈਠੀਆ (ਬੈਠੀਆਂ) ਨਾਲਿ ॥ ਸਚੁ ਸੰਜਮੁ, ਕਰਣੀ ਕਾਰਾਂ ; ਨਾਵਣੁ ਨਾਉ ਜਪੇਹੀ (ਨ੍ਹਾਵਣ ਨਾਉਂ ਜਪੇਹੀ; ਨੋਟ: ‘ਜਪੇਹੀ’ ਦਾ ਉਚਾਰਨ ‘ਜਪੇਹੀਂ’ ਗ਼ਲਤ ਹੈ ਕਿਉਂਕਿ ਇਹ ਸ਼ਬਦ ਬਹੁ ਵਚਨ ਕਿਰਿਆ ਨਹੀਂ ਬਲਕਿ ‘ਜਪੇਹਿ’ ਕਰਮ ਕਾਰਕ, ਇੱਕ ਵਚਨ ਕਿਰਦੰਤ ਦਾ ਕਾਵਿ ਤੋਲ ਕਾਰਨ ‘ਜਪੇਹੀ’ ਬਣਿਆ ਹੈ ਭਾਵ ‘ਨਾਮ ਜਪਣ ਨੂੰ ਇਸ਼ਨਾਨ ਬਣਾ’ ਜਦਕਿ ‘ਜਪੇਹੀਂ’ ਅੰਤ ਬਿੰਦੀ ਦਾ ਤੋਲ ਅਗਲੀ ਤੁਕ ਦੇ ਅੰਤ ’ਚ ਦਰਜ ‘ਦੇਹੀ’ ਨਾਲ ਵੀ ਨਹੀਂ ਮਿਲਦਾ। )॥ ਨਾਨਕ  ! ਅਗੈ (ਅੱਗੈ) ਊਤਮ ਸੇਈ ; ਜਿ ਪਾਪਾਂ ਪੰਦਿ ਨ ਦੇਹੀ ॥੧॥

ਮ: ੧ ॥

ਕਿਆ ਹੰਸੁ  ? ਕਿਆ ਬਗੁਲਾ (‘ਗੁ’ ਦਾ ਔਂਕੜ ਉਚਾਰਨਾ ਜ਼ਰੂਰੀ) ? ਜਾ ਕਉ ਨਦਰਿ ਕਰੇਇ (ਕਰੇ+ਇ)॥ ਜੋ ਤਿਸੁ ਭਾਵੈ, ਨਾਨਕਾ  ! ਕਾਗਹੁ (ਕਾਗੋਂ) ਹੰਸੁ ਕਰੇਇ (ਕਰੇ+ਇ)॥੨॥

ਪਉੜੀ ॥

ਕੀਤਾ ਲੋੜੀਐ ਕੰਮੁ ; ਸੁ, ਹਰਿ ਪਹਿ ਆਖੀਐ ॥ ਕਾਰਜੁ ਦੇਇ (ਦੇ+ਇ) ਸਵਾਰਿ ; ਸਤਿਗੁਰ ਸਚੁ ਸਾਖੀਐ ॥ ਸੰਤਾ (ਸੰਤਾਂ) ਸੰਗਿ ਨਿਧਾਨੁ ; ਅੰਮ੍ਰਿਤੁ ਚਾਖੀਐ ॥ ਭੈ ਭੰਜਨ ਮਿਹਰਵਾਨ ; ਦਾਸ ਕੀ ਰਾਖੀਐ ॥ ਨਾਨਕ  ! ਹਰਿ ਗੁਣ ਗਾਇ (ਕੇ); ਅਲਖੁ (ਅ+ਲਖ) ਪ੍ਰਭੁ ਲਾਖੀਐ ॥੨੦॥

ਸਲੋਕ, ਮ: ੩ ॥

ਜੀਉ ਪਿੰਡੁ ਸਭੁ ਤਿਸ ਕਾ, ਸਭਸੈ ਦੇਇ (ਦੇ+ਇ) ਅਧਾਰੁ ॥ ਨਾਨਕ, ਗੁਰਮੁਖਿ ਸੇਵੀਐ ; ਸਦਾ ਸਦਾ ਦਾਤਾਰੁ ॥ ਹਉ (ਹੌਂ), ਬਲਿਹਾਰੀ ਤਿਨ ਕਉ (ਤਿਨ੍ਹ ਕੌ); ਜਿਨਿ (ਜਿਨ੍ਹ), ਧਿਆਇਆ ਹਰਿ ਨਿਰੰਕਾਰੁ ॥ ਓਨਾ (ਓਨ੍ਹਾਂ) ਕੇ ਮੁਖ ਸਦ ਉਜਲੇ ; ਓਨਾ (ਓਨ੍ਹਾਂ) ਨੋ, ਸਭੁ ਜਗਤੁ ਕਰੇ ਨਮਸਕਾਰੁ ॥੧॥

ਮ: ੩ ॥

ਸਤਿਗੁਰ ਮਿਲਿਐ, ਉਲਟੀ ਭਈ ; ਨਵ ਨਿਧਿ ਖਰਚਿਉ ਖਾਉ ॥ ਅਠਾਰਹ (ਅਠਾਰਹਂ, ਅਠਾਰਾਂ) ਸਿਧੀ ਪਿਛੈ ਲਗੀਆ ਫਿਰਨਿ (ਲੱਗੀਆਂ ਫਿਰਨ੍) ; ਨਿਜ ਘਰਿ ਵਸੈ, ਨਿਜ ਥਾਇ (ਥਾਂਇ) ॥ ਅਨਹਦ ਧੁਨੀ ਸਦ ਵਜਦੇ ; ਉਨਮਨਿ ਹਰਿ ਲਿਵ ਲਾਇ ॥ ਨਾਨਕ  ! ਹਰਿ ਭਗਤਿ, ਤਿਨਾ (ਤਿਨ੍ਹਾਂ) ਕੈ ਮਨਿ ਵਸੈ ; ਜਿਨ (ਜਿਨ੍ਹ), ਮਸਤਕਿ ਲਿਖਿਆ ਧੁਰਿ, ਪਾਇ ॥੨॥

ਪਉੜੀ ॥

ਹਉ (ਹੌਂ) ਢਾਢੀ, ਹਰਿ ਪ੍ਰਭ ਖਸਮ ਕਾ ; ਹਰਿ ਕੈ+ਦਰਿ ਆਇਆ ॥ ਹਰਿ, ਅੰਦਰਿ ਸੁਣੀ ਪੂਕਾਰ (‘ਪੁ’ ਨਹੀਂ, ‘ਪੂ’); ਢਾਢੀ, ਮੁਖਿ ਲਾਇਆ ॥ ਹਰਿ (ਨੇ), ਪੁਛਿਆ ਢਾਢੀ ਸਦਿ ਕੈ (ਪੁੱਛਿਆ ਢਾਢੀ ਸੱਦ ਕੈ); ਕਿਤੁ+ਅਰਥਿ (ਲਈ) ਤੂੰ ਆਇਆ ॥ ਨਿਤ ਦੇਵਹੁ ਦਾਨੁ ਦਇਆਲ ਪ੍ਰਭ  ! ਹਰਿ ਨਾਮੁ ਧਿਆਇਆ ॥ ਹਰਿ ਦਾਤੈ (ਨੇ), ਹਰਿ ਨਾਮੁ ਜਪਾਇਆ ; ਨਾਨਕੁ ਪੈਨਾਇਆ ॥੨੧॥੧॥ ਸੁਧੁ