Guru Granth Sahib (Page No. 59-64)

0
1309

(ਪੰਨਾ ਨੰਬਰ 59-64)

ਸਿਰੀ ਰਾਗੁ, ਮਹਲਾ ੧ ॥

ਰੇ ਮਨ! ਐਸੀ, ਹਰਿ ਸਿਉ (ਸਿਉਂ) ਪ੍ਰੀਤਿ ਕਰਿ ; ਜੈਸੀ ਜਲ ਕਮਲੇਹਿ (ਕਮਲੇਹ)॥ ਲਹਰੀ (ਲਹਰੀਂ) ਨਾਲਿ ਪਛਾੜੀਐ ; ਭੀ ਵਿਗਸੈ ਅਸਨੇਹਿ (ਅਸਨੇਹ) ॥ ਜਲ ਮਹਿ, ਜੀਅ (ਜੀ..) ਉਪਾਇ ਕੈ ; ਬਿਨੁ ਜਲ, ਮਰਣੁ ਤਿਨੇਹਿ (‘ਤਿਨੇਹ’ ਭਾਵ ‘ਉਨ੍ਹਾਂ ਦਾ’)॥੧॥ ਮਨ ਰੇ ! ਕਿਉ ਛੂਟਹਿ (ਕਿਉਂ ਛੂਟਹਿਂ)? ਬਿਨੁ ਪਿਆਰ ॥ ਗੁਰਮੁਖਿ ਅੰਤਰਿ ਰਵਿ ਰਹਿਆ ; ਬਖਸੇ (ਬਖ਼ਸ਼ੇ) ਭਗਤਿ ਭੰਡਾਰ ॥੧॥ ਰਹਾਉ ॥ ਰੇ ਮਨ ! ਐਸੀ, ਹਰਿ ਸਿਉ (ਸਿਉਂ) ਪ੍ਰੀਤਿ ਕਰਿ ; ਜੈਸੀ ਮਛੁਲੀ (‘ਛੁ’ ਦਾ ਔਂਕੜ ਉਚਾਰਨਾ ਹੈ) ਨੀਰ ॥ ਜਿਉ ਅਧਿਕਉ (ਜਿਉਂ ਅਧਿੱਕੌ), ਤਿਉ (ਤਿਉਂ) ਸੁਖੁ ਘਣੋ ; ਮਨਿ ਤਨਿ ਸਾਂਤਿ (ਸ਼ਾਂਤ) ਸਰੀਰ ॥ ਬਿਨੁ ਜਲ, ਘੜੀ ਨ ਜੀਵਈ ; ਪ੍ਰਭੁ ਜਾਣੈ ਅਭ ਪੀਰ ॥੨॥ ਰੇ ਮਨ ! ਐਸੀ, ਹਰਿ ਸਿਉ (ਸਿਉਂ) ਪ੍ਰੀਤਿ ਕਰਿ ; ਜੈਸੀ ਚਾਤ੍ਰਿਕ ਮੇਹ ॥ ਸਰ ਭਰਿ, ਥਲ ਹਰੀਆਵਲੇ ; ਇਕ ਬੂੰਦ ਨ ਪਵਈ ਕੇਹ ॥ ਕਰਮਿ ਮਿਲੈ, ਸੋ ਪਾਈਐ ; ਕਿਰਤੁ ਪਇਆ, ਸਿਰਿ ਦੇਹ ॥੩॥ ਰੇ ਮਨ ! ਐਸੀ, ਹਰਿ ਸਿਉ (ਸਿਉਂ) ਪ੍ਰੀਤਿ ਕਰਿ; ਜੈਸੀ, ਜਲ ਦੁਧ ਹੋਇ ॥ ਆਵਟਣੁ (ਆੱਵਟਣ) ਆਪੇ ਖਵੈ ; ਦੁਧ ਕਉ ਖਪਣਿ ਨ ਦੇਇ (ਦੇ+ਇ)॥ ਆਪੇ ਮੇਲਿ ਵਿਛੁੰਨਿਆ ; ਸਚਿ ਵਡਿਆਈ ਦੇਇ (ਦੇ+ਇ)॥੪॥ ਰੇ ਮਨ ! ਐਸੀ, ਹਰਿ ਸਿਉ (ਸਿਉਂ) ਪ੍ਰੀਤਿ ਕਰਿ ; ਜੈਸੀ ਚਕਵੀ ਸੂਰ ॥ ਖਿਨੁ ਪਲੁ, ਨੀਦ (ਨੀਂਦ) ਨ ਸੋਵਈ (ਸੋਵ+ਈ); ਜਾਣੈ ਦੂਰਿ, ਹਜੂਰਿ (ਹਜ਼ੂਰ)॥ ਮਨਮੁਖਿ ਸੋਝੀ ਨਾ ਪਵੈ ; ਗੁਰਮੁਖਿ ਸਦਾ ਹਜੂਰਿ (ਹਜ਼ੂਰ) ॥੫॥ ਮਨਮੁਖਿ ਗਣਤ ਗਣਾਵਣੀ ; ਕਰਤਾ ਕਰੇ, ਸੁ ਹੋਇ ॥ ਤਾ ਕੀ ਕੀਮਤਿ ਨਾ ਪਵੈ ; ਜੇ ਲੋਚੈ, ਸਭੁ ਕੋਇ ॥ ਗੁਰਮਤਿ ਹੋਇ ਤ ਪਾਈਐ ; ਸਚਿ ਮਿਲੈ, ਸੁਖੁ ਹੋਇ ॥੬॥ ਸਚਾ ਨੇਹੁ (ਨੇਹ) ਨ ਤੁਟਈ (ਤੁਟ+ਈ); ਜੇ ਸਤਿਗੁਰੁ ਭੇਟੈ ਸੋਇ ॥ ਗਿਆਨ ਪਦਾਰਥੁ ਪਾਈਐ ; ਤ੍ਰਿਭਵਣ ਸੋਝੀ ਹੋਇ ॥ ਨਿਰਮਲੁ ਨਾਮੁ, ਨ ਵੀਸਰੈ ; ਜੇ ਗੁਣ ਕਾ ਗਾਹਕੁ ਹੋਇ ॥੭॥ ਖੇਲਿ ਗਏ ਸੇ ਪੰਖਣੂੰ ; ਜੋ ਚੁਗਦੇ ਸਰ ਤਲਿ ॥ ਘੜੀ ਕਿ ਮੁਹਤਿ ਕਿ ਚਲਣਾ ; ਖੇਲਣੁ ਅਜੁ ਕਿ ਕਲਿ (ਅੱਜ ਕਿ ਕੱਲ੍ਹ) ॥ ਜਿਸੁ ਤੂੰ ਮੇਲਹਿ (ਮੇਲੈਂ), ਸੋ ਮਿਲੈ ; ਜਾਇ, ਸਚਾ ਪਿੜੁ ਮਲਿ (ਮੱਲ)॥੮॥ ਬਿਨੁ ਗੁਰ, ਪ੍ਰੀਤਿ ਨ ਊਪਜੈ ; ਹਉਮੈ ਮੈਲੁ ਨ ਜਾਇ ॥ ਸੋਹੰ (ਸੋਹਂ) ਆਪੁ ਪਛਾਣੀਐ ; ਸਬਦਿ ਭੇਦਿ ਪਤੀਆਇ ॥ ਗੁਰਮੁਖਿ ਆਪੁ ਪਛਾਣੀਐ ; ਅਵਰ ਕਿ ਕਰੇ, ਕਰਾਇ ? ॥੯॥ ਮਿਲਿਆ (ਮਿਲਿਆਂ) ਕਾ ਕਿਆ ਮੇਲੀਐ ? ਸਬਦਿ ਮਿਲੇ ਪਤੀਆਇ ॥ ਮਨਮੁਖਿ ਸੋਝੀ ਨਾ ਪਵੈ ; ਵੀਛੁੜਿ ਚੋਟਾ (ਚੋਟਾਂ) ਖਾਇ ॥ ਨਾਨਕ ! ਦਰੁ ਘਰੁ ਏਕੁ ਹੈ ; ਅਵਰੁ ਨ ਦੂਜੀ ਜਾਇ ॥੧੦॥੧੧॥

(ਨੋਟ: (1). ਉਕਤ ਸ਼ਬਦ ਦੇ ਪਹਿਲੇ ਬੰਦ ’ਚ ਤੁਕਾਂਤ ਮੇਲ ਨੂੰ ਮੁੱਖ ਰੱਖਦਿਆਂ ਦਰਜ ਕੀਤੇ ਗਏ ਸ਼ਬਦ; ਜਿਵੇਂ ਕਿ ‘‘ਜੈਸੀ ਜਲ ‘ਕਮਲੇਹਿ’॥,..ਭੀ ਵਿਗਸੈ ‘ਅਸਨੇਹਿ’ ॥, ..ਬਿਨੁ ਜਲ, ਮਰਣੁ ‘ਤਿਨੇਹਿ’॥੧॥ ’’ ’ਚ ਸ਼ਾਮਲ ‘ਕਮਲੇਹਿ, ਅਸਨੇਹਿ, ਤਿਨੇਹਿ’ ਸ਼ਬਦਾਂ ਦੀ ਅੰਤ ਸਿਹਾਰੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ: ‘ਜੈਸੀ ਜਲ ਕਮਲੇਹਿ’ ਦਾ ਅਰਥ ਹੈ: ਜਿਸ ਤਰ੍ਹਾਂ ਜਲ ਦੀ ਕਮਲ ਨਾਲ (ਪ੍ਰੀਤ ਭਾਵ ‘ਕਮਲਹਿ’ ਦੀ ਅੰਤ ਸਿਹਾਰੀ ‘ਨਾਲ’ (ਭਾਵ ਕਰਣ ਕਾਰਕ) ਦੇ ਅਰਥ ਦੇਂਦੀ ਹੈ, ਨਾ ਕਿ ਉਚਾਰਨ ਦਾ ਹਿੱਸਾ ਹੈ), ‘ਭੀ ਵਿਗਸੈ ਅਸਨੇਹਿ’ ਦਾ ਅਰਥ ਹੈ: ਫਿਰ ਵੀ ਪਿਆਰ ਵਿੱਚ ਖਿੜਦਾ ਹੈ ਭਾਵ ‘ਅਸਨੇਹਿ’ ਦੀ ਅੰਤ ਸਿਹਾਰੀ ‘ਵਿੱਚ’ (ਅਧਿਕਰਣ ਕਾਰਕ) ਦੇ ਅਰਥ ਕੱਢਦੀ ਹੈ ਤੇ ‘ਬਿਨੁ ਜਲ, ਮਰਣੁ ਤਿਨੇਹਿ’ ਦਾ ਅਰਥ ਹੈ: ਪਾਣੀ ਤੋਂ ਬਿਨਾਂ ਉਨ੍ਹਾਂ (ਜਲ-ਜੀਵਾਂ) ਦਾ ਮਰਣਾ ਨਿਸ਼ਚਿਤ ਹੈ ਭਾਵ ‘ਤਿਨੇਹਿ’ ਸੰਬੰਧ ਕਾਰਕ ਬਹੁ ਵਚਨ ਪੜ੍ਹਨਾਂਵ ਹੈ, ਜਿਸ ਦਾ ਉਚਾਰਨ ‘ਕਮਲੇਹ, ਅਸਨੇਹ’ ਨੂੰ ਮੁੱਖ ਰੱਖਦਿਆਂ ‘ਤਿਨੇਹ’ ਕਰਨਾ ਦਰੁਸਤ ਹੋਵੇਗਾ।

(2). ਉਕਤ ਸ਼ਬਦ ਦੇ ਚੌਥੇ ਬੰਦ ਦੀ ਤੁਕ ‘‘ਆਵਟਣੁ ਆਪੇ ਖਵੈ ; ਦੁਧ ਕਉ ਖਪਣਿ ਨ ਦੇਇ ॥’’ ’ਚ ਦਰਜ ‘ਆਵਟਣ’ ਦਾ ਉਚਾਰਨ ‘ਆਵੱਟਣ’ ਕਰਨਾ ਗ਼ਲਤ ਹੈ ਕਿਉਂਕਿ ਇਹ ਸ਼ਬਦ ‘ਅੱਵਟਣ’ (ਉਬਾਲਾ, ਸੇਕ) ਹੈ। ਜਿਸ ਨੂੰ ‘ਆੱਵਟਣ’ ਵਾਙ ਉਚਾਰਨਾ ਵਧੇਰੇ ਦਰੁਸਤ ਰਹੇਗਾ। ‘ਆਵੱਟਣ’ ਪਾਠ ਕਰਨ ਨਾਲ ‘ਆ’ ਅਗੇਤਰ ਹੋ ਜਾਂਦਾ ਹੈ, ਜੋ ਇਸ ਸ਼ਬਦ ਦੇ ਭਾਵਾਰਥ ਲਈ ਠੀਕ ਨਹੀਂ ਹੋਵੇਗਾ।

(3). ਉਕਤ ਸ਼ਬਦ ਦੇ ਨੌਵੇਂ ਬੰਦ ਦੀ ਤੁਕ ‘‘ਸੋਹੰ ਆਪੁ ਪਛਾਣੀਐ॥’’ ’ਚ ਦਰਜ ‘ਸੋਹੰ’ ਸ਼ਬਦ ਦਾ ਉਚਾਰਨ ‘ਸੈਭੰ’ ਦੇ ਉਚਾਰਨ ‘ਸੈਭੰਙ’ ਵਾਙ ‘ਸੋਹੰਙ’ ਨਹੀਂ ਕਰਨਾ ਚਾਹੀਦਾ ਕਿਉਂਕਿ ਦਰੁਸਤ ਉਚਾਰਨ ‘ਸੋਹਂ’ ਜਾਪਦਾ ਹੈ, ਜਿਸ ਦਾ ਅਰਥ ਹੈ: ‘ਸੋ’ ਭਾਵ ਉਹ (ਪ੍ਰਭੂ) ਤੇ ‘ਹੰ’ ਭਾਵ ਮੈਂ।)

ਸਿਰੀ ਰਾਗੁ, ਮਹਲਾ ੧ ॥

ਮਨਮੁਖਿ ਭੁਲੈ, ਭੁਲਾਈਐ ; ਭੂਲੀ, ਠਉਰ ਨ ਕਾਇ ॥ ਗੁਰ ਬਿਨੁ, ਕੋ ਨ ਦਿਖਾਵਈ ; ਅੰਧੀ ਆਵੈ ਜਾਇ ॥ ਗਿਆਨ ਪਦਾਰਥੁ ਖੋਇਆ ; ਠਗਿਆ ਮੁਠਾ ਜਾਇ ॥੧॥ ਬਾਬਾ ! ਮਾਇਆ ਭਰਮਿ ਭੁਲਾਇ ॥ ਭਰਮਿ ਭੁਲੀ ਡੋਹਾਗਣੀ ; ਨਾ ਪਿਰ ਅੰਕਿ ਸਮਾਇ ॥੧॥ ਰਹਾਉ ॥ ਭੂਲੀ ਫਿਰੈ ਦਿਸੰਤਰੀ ; ਭੂਲੀ, ਗਿ੍ਰਹੁ ਤਜਿ ਜਾਇ ॥ ਭੂਲੀ ਡੂੰਗਰਿ ਥਲਿ ਚੜੈ (ਚੜ੍ਹੈ); ਭਰਮੈ, ਮਨੁ ਡੋਲਾਇ ॥ ਧੁਰਹੁ (ਧੁਰੋਂ) ਵਿਛੁੰਨੀ, ਕਿਉ (ਕਿਉਂ) ਮਿਲੈ ? ਗਰਬਿ ਮੁਠੀ, ਬਿਲਲਾਇ ॥੨॥ ਵਿਛੁੜਿਆ (ਵਿਛੁੜਿਆਂ), ਗੁਰੁ ਮੇਲਸੀ ; ਹਰਿ ਰਸਿ ਨਾਮ ਪਿਆਰਿ ॥ ਸਾਚਿ ਸਹਜਿ ਸੋਭਾ (ਸ਼ੋਭਾ) ਘਣੀ ; ਹਰਿ ਗੁਣ ਨਾਮ ਅਧਾਰਿ ॥ ਜਿਉ (ਜਿਉਂ) ਭਾਵੈ, ਤਿਉ ਰਖੁ (ਤਿਉਂ ਰੱਖ) ਤੂੰ ; ਮੈ, ਤੁਝ ਬਿਨੁ ਕਵਨੁ ਭਤਾਰੁ ? ॥੩॥ ਅਖਰ ਪੜਿ ਪੜਿ (ਅੱਖਰ ਪੜ੍ਹ ਪੜ੍ਹ) ਭੁਲੀਐ ; ਭੇਖੀ (ਭੇਖੀਂ) ਬਹੁਤੁ ਅਭਿਮਾਨੁ ॥ ਤੀਰਥ ਨਾਤਾ (ਨ੍ਹਾਤਾ) ਕਿਆ ਕਰੇ ? ਮਨ ਮਹਿ ਮੈਲੁ ਗੁਮਾਨੁ ॥ ਗੁਰ ਬਿਨੁ, ਕਿਨਿ ਸਮਝਾਈਐ ? ਮਨੁ ਰਾਜਾ ਸੁਲਤਾਨੁ ॥੪॥ ਪ੍ਰੇਮ ਪਦਾਰਥੁ ਪਾਈਐ ; ਗੁਰਮੁਖਿ ਤਤੁ ਵੀਚਾਰੁ ॥ ਸਾਧਨ (ਸਾ+ਧਨ) ਆਪੁ ਗਵਾਇਆ ; ਗੁਰ ਕੈ ਸਬਦਿ ਸੀਗਾਰੁ (ਸ਼ੀਂਗਾਰ)॥ ਘਰ ਹੀ, ਸੋ ਪਿਰੁ ਪਾਇਆ ; ਗੁਰ ਕੈ ਹੇਤਿ ਅਪਾਰੁ ॥੫॥ ਗੁਰ ਕੀ ਸੇਵਾ ਚਾਕਰੀ ; ਮਨੁ ਨਿਰਮਲੁ, ਸੁਖੁ ਹੋਇ ॥ ਗੁਰ ਕਾ ਸਬਦੁ, ਮਨਿ ਵਸਿਆ ; ਹਉਮੈ ਵਿਚਹੁ (ਵਿੱਚੋਂ) ਖੋਇ ॥ ਨਾਮੁ ਪਦਾਰਥੁ ਪਾਇਆ ; ਲਾਭੁ ਸਦਾ ਮਨਿ ਹੋਇ ॥੬॥ ਕਰਮਿ ਮਿਲੈ ਤਾ (ਤਾਂ) ਪਾਈਐ ; ਆਪਿ ਨ ਲਇਆ ਜਾਇ ॥ ਗੁਰ ਕੀ ਚਰਣੀ ਲਗਿ ਰਹੁ (ਰਹ); ਵਿਚਹੁ (ਵਿੱਚੋਂ) ਆਪੁ ਗਵਾਇ ॥ ਸਚੇ ਸੇਤੀ ਰਤਿਆ (ਰੱਤਿਆਂ) ; ਸਚੋ ਪਲੈ (ਪੱਲੈ) ਪਾਇ ॥੭॥ ਭੁਲਣ (ਭੁੱਲਣ) ਅੰਦਰਿ ਸਭੁ ਕੋ ; ਅਭੁਲੁ (ਅਭੁੱਲ) ਗੁਰੂ ਕਰਤਾਰੁ ॥ ਗੁਰਮਤਿ ਮਨੁ ਸਮਝਾਇਆ ; ਲਾਗਾ ਤਿਸੈ ਪਿਆਰੁ ॥ ਨਾਨਕ ! ਸਾਚੁ ਨ ਵੀਸਰੈ ; ਮੇਲੇ (ਮੇਲ਼ੇ) ਸਬਦੁ ਅਪਾਰੁ ॥੮॥੧੨॥

(ਨੋਟ: (1). ਉਕਤ ਸ਼ਬਦ ਦੇ ਦੂਸਰੇ ਬੰਦ ਦੀ ਤੁਕ ‘‘ਭੂਲੀ ਫਿਰੈ ਦਿਸੰਤਰੀ..॥’’ ’ਚ ਦਰਜ ‘ਦਿਸੰਤਰੀ’ ਸ਼ਬਦ ਗੁਰਬਾਣੀ ’ਚ ਕੇਵਲ ਇੱਕ ਵਾਰ ਇਸ ਤੁਕ ’ਚ ਹੀ ਦਰਜ ਹੈ, ਜੋ ‘ਦਿਸੰਤਰਿ’ (ਅਧਿਕਰਣ ਕਾਰਕ) ਤੋਂ ਕਾਵਿ ਤੋਲ ਕਾਰਨ ‘ਦਿਸੰਤਰੀ’ ਸਰੂਪ ਬਣਿਆ, ਜਾਪਦਾ ਹੈ, ਇਸ ਲਈ ਇਸ ਦਾ ਉਚਾਰਨ ‘ਦਿਸੰਤਰੀਂ’ (ਨਾਸਿਕੀ, ਬਹੁ ਵਚਨ) ਕਰਨਾ ਦਰੁਸਤ ਨਹੀਂ ਹੋਵੇਗਾ।

(2). ਉਕਤ ਅਸ਼ਟਪਦੀ ਦੇ ਸੱਤਵੇਂ ਬੰਦ ਦੀ ਤੁਕ ‘‘ਗੁਰ ਕੀ ਚਰਣੀ ਲਗਿ (ਕੇ) ਰਹੁ..॥’’ ’ਚ ਦਰਜ ਸ਼ਬਦ ‘ਰਹੁ’ ਇੱਕ ਵਚਨ ਹੁਕਮੀ ਭਵਿੱਖ ਕਾਲ ਕਿਰਿਆ ਹੈ, ਜਿਸ ਦਾ ਅਰਥ ਹੈ: ‘ਤੂੰ ਰਹ’ ਅਤੇ ਇਸ ਦੇ ਅੰਤ ’ਚ ਲੱਗਾ ਔਂਕੜ ਉਚਾਰਨ ਦਾ ਭਾਗ ਨਹੀਂ; ਜਿਵੇਂ ਕਿ ਹੇਠਾਂ ਦਿੱਤੀਆਂ ਜਾ ਰਹੀਆਂ ਤੁਕਾਂ ’ਚ ‘ਰਖੁ’ ਭਾਵ ‘ਤੂੰ ਰੱਖ’ ਤੇ ‘ਮਿਲੁ’ ਭਾਵ ‘ਤੂੰ ਮਿਲ’ (ਹੁਕਮੀ ਭਵਿੱਖ ਕਾਲ ਇੱਕ ਵਚਨ ਕਿਰਿਆਵਾਚੀ ਸ਼ਬਦ) ਦਰਜ ਹਨ:

ਜਿਨਿ ਕੀਆ, ਤਿਸੁ ਚੀਤਿ ‘ਰਖੁ’; ਨਾਨਕ ! ਨਿਬਹੀ ਨਾਲਿ ॥ (ਮ: ੫/੨੬੬)

ਸੁਣਿ ਮਨ ਮਿਤ੍ਰ ਪਿਆਰਿਆ ! ‘ਮਿਲੁ’ ਵੇਲਾ ਹੈ ਏਹ ॥ (ਮ: ੧/੨੦) ਆਦਿ।

ਗੁਰਬਾਣੀ ’ਚ ‘ਰਹੁ’ ਸ਼ਬਦ 28 ਵਾਰ ਦਰਜ ਹੈ, ਜੋ ਆਮ ਤੌਰ ’ਤੇ ਹੁਕਮੀ ਭਵਿੱਖ ਕਾਲ ਕਿਰਿਆ ਹੈ ਤੇ ਉਚਾਰਨ ਹੈ ‘ਰਹ’: ਜਿਵੇਂ

‘‘ਛੋਡਿ ਪਸਾਰੁ ਈਹਾ ‘ਰਹੁ’, ਬਪੁਰੀ ! ਕਹੁ ਕਬੀਰ ਸਮਝਾਈ ॥ (ਭਗਤ ਕਬੀਰ/੩੩੫)

ਚਿੰਤਾ ਛਡਿ, ਅਚਿੰਤੁ ‘ਰਹੁ’; ਨਾਨਕ ! ਲਗਿ ਪਾਈ (ਪਾਈਂ)॥ (ਮ: ੩/੫੧੭)

ਏ ਮਨ ਮੇਰਿਆ ! ਤੂ ਸਦਾ ‘ਰਹੁ’; ਹਰਿ ਨਾਲੇ ॥’’ ਮ: ੩/੯੧੭) ਆਦਿ।)

ਸਿਰੀ ਰਾਗੁ, ਮਹਲਾ ੧ ॥

ਤ੍ਰਿਸਨਾ (ਤ੍ਰਿਸ਼ਨਾ) ਮਾਇਆ ਮੋਹਣੀ ; ਸੁਤ ਬੰਧਪ ਘਰ ਨਾਰਿ ॥ ਧਨਿ ਜੋਬਨਿ ਜਗੁ ਠਗਿਆ (ਠੱਗਿਆ); ਲਬਿ ਲੋਭਿ ਅਹੰਕਾਰਿ ॥ ਮੋਹ ਠਗਉਲੀ ਹਉ (ਹਉਂ) ਮੁਈ ; ਸਾ ਵਰਤੈ ਸੰਸਾਰਿ ॥੧॥ ਮੇਰੇ ਪ੍ਰੀਤਮਾ ! ਮੈ, ਤੁਝ ਬਿਨੁ, ਅਵਰੁ ਨ ਕੋਇ ॥ ਮੈ, ਤੁਝ ਬਿਨੁ, ਅਵਰੁ ਨ ਭਾਵਈ (ਭਾਵ+ਈ); ਤੂੰ ਭਾਵਹਿ (ਭਾਵੈਂ), ਸੁਖੁ ਹੋਇ ॥੧॥ ਰਹਾਉ ॥ ਨਾਮੁ ਸਾਲਾਹੀ ਰੰਗ ਸਿਉ (ਸਿਉਂ); ਗੁਰ ਕੈ ਸਬਦਿ ਸੰਤੋਖੁ ॥ ਜੋ ਦੀਸੈ ਸੋ ਚਲਸੀ ; ਕੂੜਾ ਮੋਹੁ (ਮੋਹ) ਨ ਵੇਖੁ ॥ ਵਾਟ ਵਟਾਊ ਆਇਆ ; ਨਿਤ ਚਲਦਾ ਸਾਥੁ ਦੇਖੁ ॥੨॥ ਆਖਣਿ ਆਖਹਿ (ਆਖੈਂ) ਕੇਤੜੇ ; ਗੁਰ ਬਿਨੁ, ਬੂਝ ਨ ਹੋਇ ॥ ਨਾਮੁ ਵਡਾਈ ਜੇ ਮਿਲੈ ; ਸਚਿ ਰਪੈ, ਪਤਿ ਹੋਇ ॥ ਜੋ ਤੁਧੁ ਭਾਵਹਿ (ਭਾਵੈਂ), ਸੇ ਭਲੇ ; ਖੋਟਾ ਖਰਾ ਨ ਕੋਇ ॥੩॥ ਗੁਰ ਸਰਣਾਈ (ਸ਼ਰਣਾਈ) ਛੁਟੀਐ ; ਮਨਮੁਖ ਖੋਟੀ ਰਾਸਿ ॥ ਅਸਟ (ਅਸ਼ਟ) ਧਾਤੁ ਪਾਤਿਸਾਹ (ਪਾਤਿਸ਼ਾਹ) ਕੀ ; ਘੜੀਐ ਸਬਦਿ, ਵਿਗਾਸਿ ॥ ਆਪੇ ਪਰਖੇ ਪਾਰਖੂ ; ਪਵੈ ਖਜਾਨੈ (ਖ਼ਜ਼ਾਨੈ) ਰਾਸਿ ॥੪॥ ਤੇਰੀ ਕੀਮਤਿ ਨਾ ਪਵੈ ; ਸਭ ਡਿਠੀ ਠੋਕਿ ਵਜਾਇ ॥ ਕਹਣੈ, ਹਾਥ ਨ ਲਭਈ ; ਸਚਿ ਟਿਕੈ, ਪਤਿ ਪਾਇ ॥ ਗੁਰਮਤਿ, ਤੂੰ ਸਾਲਾਹਣਾ ; ਹੋਰੁ ਕੀਮਤਿ ਕਹਣੁ ਨ ਜਾਇ ॥੫॥ ਜਿਤੁ ਤਨਿ, ਨਾਮੁ ਨ ਭਾਵਈ (ਭਾਵ+ਈ); ਤਿਤੁ ਤਨਿ, ਹਉਮੈ ਵਾਦੁ ॥ ਗੁਰ ਬਿਨੁ, ਗਿਆਨੁ ਨ ਪਾਈਐ ; ਬਿਖਿਆ ਦੂਜਾ ਸਾਦੁ ॥ ਬਿਨੁ ਗੁਣ, ਕਾਮਿ ਨ ਆਵਈ (ਆਵ+ਈ); ਮਾਇਆ ਫੀਕਾ ਸਾਦੁ ॥੬॥ ਆਸਾ (ਆਸਾਂ) ਅੰਦਰਿ ਜੰਮਿਆ ; ਆਸਾ (ਆਸਾਂ) ਰਸ ਕਸ ਖਾਇ ॥ ਆਸਾ (ਆਸਾਂ), ਬੰਧਿ ਚਲਾਈਐ ; ਮੁਹੇ ਮੁਹਿ ਚੋਟਾ ਖਾਇ (ਮੁੰਹੇ ਮੁੰਹ ਚੋਟਾਂ ਖਾਇ)॥ ਅਵਗਣਿ ਬਧਾ ਮਾਰੀਐ ; ਛੂਟੈ ਗੁਰਮਤਿ ਨਾਇ (ਨਾਇਂ)॥੭॥ ਸਰਬੇ ਥਾਈ (ਥਾਈਂ) ਏਕੁ ਤੂੰ ; ਜਿਉ (ਜਿਉਂ) ਭਾਵੈ ; ਤਿਉ (ਤਿਉਂ) ਰਾਖੁ ॥ ਗੁਰਮਤਿ, ਸਾਚਾ ਮਨਿ ਵਸੈ ; ਨਾਮੁ ਭਲੋ ਪਤਿ ਸਾਖੁ ॥ ਹਉਮੈ ਰੋਗੁ ਗਵਾਈਐ ; ਸਬਦਿ ਸਚੈ ਸਚੁ ਭਾਖੁ ॥੮॥ ਆਕਾਸੀ ਪਾਤਾਲਿ ਤੂੰ ; ਤ੍ਰਿਭਵਣਿ ਰਹਿਆ ਸਮਾਇ ॥ ਆਪੇ ਭਗਤੀ ਭਾਉ ਤੂੰ ; ਆਪੇ ਮਿਲਹਿ (ਮਿਲਹਿਂ) ਮਿਲਾਇ ॥ ਨਾਨਕ ! ਨਾਮੁ ਨ ਵੀਸਰੈ ; ਜਿਉ (ਜਿਉਂ) ਭਾਵੈ, ਤਿਵੈ ਰਜਾਇ (ਰਜ਼ਾਇ)॥੯॥੧੩॥

(ਨੋਟ: (1). ਉਕਤ ਅਸ਼ਟਪਦੀ ਦੇ ਦੂਸਰੇ ਬੰਦ ਦੀ ਤੁਕ ‘‘ਨਾਮੁ ਸਾਲਾਹੀ ਰੰਗ ਸਿਉ..॥’’ ’ਚ ਦਰਜ ‘ਸਾਲਾਹੀ’ ਸ਼ਬਦ ਹੁਕਮੀ ਭਵਿੱਖ ਕਾਲ ਕਿਰਿਆ ‘ਸਾਲਾਹਿ’ ਹੈ, ਜੋ ਕਾਵਿ ਤੋਲ ਕਾਰਨ ‘ਸਾਲਾਹੀ’ ਬਣ ਗਿਆ, ਇਸ ਲਈ ਇਸ ਦਾ ਉਚਾਰਨ ‘ਸਾਲਾਹੀਂ’ (ਨਾਸਿਕੀ) ਕਰਨਾ ਅਸ਼ੁੱਧ ਹੋਵੇਗਾ।

(2). ਉਕਤ ਸ਼ਬਦ ਦੇ ਅਖੀਰਲੇ ਬੰਦ ਦੀ ਤੁਕ ‘‘ਆਕਾਸੀ ਪਾਤਾਲਿ ਤੂੰ..॥’’ ’ਚ ਦਰਜ ਸ਼ਬਦ ‘ਆਕਾਸੀ’ ਦਾ ਉਚਾਰਨ ‘ਆਕਾਸੀਂ’ (ਨੂੰ ਬਹੁ ਵਚਨ ਮੰਨ ਕੇ ਨਾਸਿਕੀ) ਕਰਨਾ ਅਸ਼ੁੱਧ ਹੋਵੇਗਾ ਕਿਉਂਕਿ ਇਸ ਨਾਲ ਸੰਯੁਕਤ ਸ਼ਬਦ ‘ਪਾਤਾਲਿ’ ਇੱਕ ਵਚਨ ਅਧਿਕਰਣ ਕਾਰਕ ਹੈ, ਇਸ ਲਈ ‘ਆਕਾਸਿ’ (ਇੱਕ ਵਚਨ ਅਧਿਕਰਣ ਕਾਰਕ) ਤੋਂ ਕਾਵਿ ਤੋਲ ਕਾਰਨ ‘ਆਕਾਸੀ’ ਸ਼ਬਦ ਸਰੂਪ ਬਣਿਆ, ਜਾਪਦਾ ਹੈ; ਜਿਵੇਂ ਕਿ ‘ਹੁਕਮਿ’ ਤੋਂ ‘ਹੁਕਮੀ’।)

ਸਿਰੀ ਰਾਗੁ, ਮਹਲਾ ੧ ॥

ਰਾਮ ਨਾਮਿ ਮਨੁ ਬੇਧਿਆ ; ਅਵਰੁ ਕਿ ਕਰੀ (ਕਰੀਂ) ਵੀਚਾਰੁ ?॥ ਸਬਦ ਸੁਰਤਿ ਸੁਖੁ ਊਪਜੈ ; ਪ੍ਰਭ ਰਾਤਉ (ਰਾੱਤੌ) ਸੁਖ ਸਾਰੁ ॥ ਜਿਉ (ਜਿਉਂ) ਭਾਵੈ, ਤਿਉ (ਤਿਉਂ) ਰਾਖੁ ਤੂੰ ; ਮੈ, ਹਰਿ ਨਾਮੁ ਅਧਾਰੁ ॥੧॥ ਮਨ ਰੇ ! ਸਾਚੀ, ਖਸਮ ਰਜਾਇ (ਰਜ਼ਾਇ)॥ ਜਿਨਿ (ਜਿਨ੍ਹ), ਤਨੁ ਮਨੁ ਸਾਜਿ ਸੀਗਾਰਿਆ (ਸ਼ੀਂਗਾਰਿਆ) ; ਤਿਸੁ ਸੇਤੀ ਲਿਵ ਲਾਇ ॥੧॥ ਰਹਾਉ ॥ ਤਨੁ ਬੈਸੰਤਰਿ ਹੋਮੀਐ ; ਇਕ ਰਤੀ (ਰੱਤੀ) ਤੋਲਿ ਕਟਾਇ ॥ ਤਨੁ ਮਨੁ ਸਮਧਾ (ਥੋੜ੍ਹਾ ‘ਸਮਿਧਾ’ ਵਾਙ) ਜੇ ਕਰੀ (ਕਰੀਂ); ਅਨਦਿਨੁ ਅਗਨਿ ਜਲਾਇ ॥ ਹਰਿ ਨਾਮੈ ਤੁਲਿ ਨ ਪੁਜਈ (ਪੁਜ+ਈ); ਜੇ ਲਖ ਕੋਟੀ (ਲੱਖ ਕੋਟੀਂ) ਕਰਮ ਕਮਾਇ ॥੨॥ ਅਰਧ ਸਰੀਰੁ ਕਟਾਈਐ ; ਸਿਰਿ ਕਰਵਤੁ ਧਰਾਇ ॥ ਤਨੁ ਹੈਮੰਚਲਿ ਗਾਲੀਐ (ਗਾਲ਼ੀਐ) ; ਭੀ, ਮਨ ਤੇ ਰੋਗੁ ਨ ਜਾਇ ॥ ਹਰਿ ਨਾਮੈ ਤੁਲਿ ਨ ਪੁਜਈ (ਪੁਜ+ਈ); ਸਭ ਡਿਠੀ ਠੋਕਿ ਵਜਾਇ ॥੩॥ ਕੰਚਨ ਕੇ ਕੋਟ ਦਤੁ ਕਰੀ (ਕਰੀਂ); ਬਹੁ ਹੈਵਰ ਗੈਵਰ ਦਾਨੁ ॥ ਭੂਮਿ ਦਾਨੁ ਗਊਆ (ਗਊਆਂ) ਘਣੀ ; ਭੀ, ਅੰਤਰਿ ਗਰਬੁ ਗੁਮਾਨੁ ॥ ਰਾਮ ਨਾਮਿ ਮਨੁ ਬੇਧਿਆ ; ਗੁਰਿ, ਦੀਆ ਸਚੁ ਦਾਨੁ ॥੪॥ ਮਨਹਠ ਬੁਧੀ ਕੇਤੀਆ (ਕੇਤੀਆਂ); ਕੇਤੇ ਬੇਦ ਬੀਚਾਰ ॥ ਕੇਤੇ ਬੰਧਨ ਜੀਅ (ਜੀ..) ਕੇ ; ਗੁਰਮੁਖਿ ਮੋਖ ਦੁਆਰ ॥ ਸਚਹੁ (ਸਚਹੁਂ) ਓਰੈ ਸਭੁ ਕੋ ; ਉਪਰਿ, ਸਚੁ ਆਚਾਰੁ ॥੫॥ ਸਭੁ ਕੋ ਊਚਾ ਆਖੀਐ ; ਨੀਚੁ ਨ ਦੀਸੈ ਕੋਇ ॥ ਇਕਨੈ ਭਾਂਡੇ ਸਾਜਿਐ ; ਇਕੁ ਚਾਨਣੁ ਤਿਹੁ (ਤਿਹੁਂ) ਲੋਇ ॥ ਕਰਮਿ ਮਿਲੈ ਸਚੁ ਪਾਈਐ ; ਧੁਰਿ ਬਖਸ (ਬਖ਼ਸ਼) ਨ ਮੇਟੈ ਕੋਇ ॥੬॥ ਸਾਧੁ ਮਿਲੈ ਸਾਧੂ ਜਨੈ ; ਸੰਤੋਖੁ ਵਸੈ ਗੁਰ ਭਾਇ ॥ ਅਕਥ (ਅਕੱਥ) ਕਥਾ ਵੀਚਾਰੀਐ ; ਜੇ ਸਤਿਗੁਰ ਮਾਹਿ (ਮਾਹਿਂ) ਸਮਾਇ ॥ ਪੀ ਅੰਮ੍ਰਿਤੁ ਸੰਤੋਖਿਆ ; ਦਰਗਹਿ (ਦਰਗ੍ਾ) ਪੈਧਾ ਜਾਇ ॥੭॥ ਘਟਿ ਘਟਿ ਵਾਜੈ ਕਿੰਗੁਰੀ ; ਅਨਦਿਨੁ ਸਬਦਿ ਸੁਭਾਇ ॥ ਵਿਰਲੇ ਕਉ (ਕੌ) ਸੋਝੀ ਪਈ ; ਗੁਰਮੁਖਿ ਮਨੁ ਸਮਝਾਇ ॥ ਨਾਨਕ ! ਨਾਮੁ ਨ ਵੀਸਰੈ ; ਛੂਟੈ ਸਬਦੁ ਕਮਾਇ ॥੮॥੧੪॥

(ਨੋਟ: ਉਕਤ ਅਸ਼ਟਪਦੀ ਦੇ ਪੰਜਵੇਂ ਬੰਦ ਦੀ ਤੁਕ ‘‘ਮਨਹਠ ਬੁਧੀ ਕੇਤੀਆ..॥’’ ’ਚ ਦਰਜ ‘ਕੇਤੀਆ’ ਸ਼ਬਦ ਦਾ ਉਚਾਰਨ ‘ਕੇਤੀਆਂ’ ਹੋ ਸਕਦਾ ਹੈ ਪਰ ‘ਬੁਧੀ’ ਦਾ ਉਚਾਰਨ ‘ਬੁਧੀਂ’ (ਨਾਸਿਕੀ) ਨਹੀਂ ਕਿਉਂਕਿ ‘ਬੁਧ’ ਦਾ ਬਹੁ ਵਚਨ ‘ਬੁਧੀਆਂ’ ਹੁੰਦਾ ਹੈ, ਨਾ ਕਿ ‘ਬੁਧਾਂ’।)

ਸਿਰੀ ਰਾਗੁ, ਮਹਲਾ ੧ ॥

ਚਿਤੇ ਦਿਸਹਿ ਧਉਲਹਰ (ਦਿਸਹਿਂ ਧੌਲਹਰ) ; ਬਗੇ (ਬੱਗੇ) ਬੰਕ ਦੁਆਰ ॥ ਕਰਿ ਮਨ ਖੁਸੀ (ਖ਼ੁਸ਼ੀ), ਉਸਾਰਿਆ ; ਦੂਜੈ ਹੇਤਿ ਪਿਆਰਿ ॥ ਅੰਦਰੁ ਖਾਲੀ (ਖ਼ਾਲੀ) ਪ੍ਰੇਮ ਬਿਨੁ ; ਢਹਿ (ਢਹ) ਢੇਰੀ ਤਨੁ ਛਾਰੁ ॥੧॥ ਭਾਈ ਰੇ ! ਤਨੁ ਧਨੁ, ਸਾਥਿ ਨ ਹੋਇ ॥ ਰਾਮ ਨਾਮੁ ਧਨੁ ਨਿਰਮਲੋ ; ਗੁਰੁ ਦਾਤਿ ਕਰੇ, ਪ੍ਰਭੁ ਸੋਇ ॥੧॥ ਰਹਾਉ ॥ ਰਾਮ ਨਾਮੁ ਧਨੁ ਨਿਰਮਲੋ ; ਜੇ ਦੇਵੈ ਦੇਵਣਹਾਰੁ ॥ ਆਗੈ, ਪੂਛ ਨ ਹੋਵਈ (ਹੋਵ+ਈ) ; ਜਿਸੁ ਬੇਲੀ, ਗੁਰੁ ਕਰਤਾਰੁ ॥ ਆਪਿ ਛਡਾਏ, ਛੁਟੀਐ ; ਆਪੇ ਬਖਸਣਹਾਰੁ (ਬਖ਼ਸ਼ਣਹਾਰ)॥੨॥ ਮਨਮੁਖੁ ਜਾਣੈ ਆਪਣੇ ; ਧੀਆ (ਧੀਆਂ) ਪੂਤ ਸੰਜੋਗੁ ॥ ਨਾਰੀ ਦੇਖਿ ਵਿਗਾਸੀਅਹਿ (ਵਿਗਾਸੀਅਹਿਂ, ਵਿਗਾਸੀਐਂ) ; ਨਾਲੇ (ਨਾਲ਼ੇ) ਹਰਖੁ ਸੁ ਸੋਗੁ ॥ ਗੁਰਮੁਖਿ ਸਬਦਿ ਰੰਗਾਵਲੇ ; ਅਹਿਨਿਸਿ ਹਰਿ ਰਸੁ ਭੋਗੁ ॥੩॥ ਚਿਤੁ ਚਲੈ, ਵਿਤੁ ਜਾਵਣੋ ; ਸਾਕਤ ਡੋਲਿ ਡੋਲਾਇ ॥ ਬਾਹਰਿ ਢੂੰਢਿ ਵਿਗੁਚੀਐ ; ਘਰ ਮਹਿ ਵਸਤੁ ਸੁਥਾਇ (ਸੁਥਾਂਇ)॥ ਮਨਮੁਖਿ ਹਉਮੈ ਕਰਿ ਮੁਸੀ (ਮੁੱਸੀ) ; ਗੁਰਮੁਖਿ ਪਲੈ (ਪੱਲੈ) ਪਾਇ ॥੪॥ ਸਾਕਤ ਨਿਰਗੁਣਿਆਰਿਆ ! ਆਪਣਾ ਮੂਲੁ ਪਛਾਣੁ ॥ ਰਕਤੁ ਬਿੰਦੁ ਕਾ ਇਹੁ (ਇਹ) ਤਨੋ ; ਅਗਨੀ ਪਾਸਿ ਪਿਰਾਣੁ ॥ ਪਵਣੈ ਕੈ ਵਸਿ ਦੇਹੁਰੀ; ਮਸਤਕਿ ਸਚੁ ਨੀਸਾਣੁ (ਨੀਸ਼ਾਣ)॥੫॥ ਬਹੁਤਾ ਜੀਵਣੁ ਮੰਗੀਐ ; ਮੁਆ ਨ ਲੋੜੈ ਕੋਇ ॥ ਸੁਖ-ਜੀਵਣੁ, ਤਿਸੁ ਆਖੀਐ ; ਜਿਸੁ, ਗੁਰਮੁਖਿ ਵਸਿਆ ਸੋਇ ॥ ਨਾਮ ਵਿਹੂਣੇ, ਕਿਆ ਗਣੀ (ਗਣੀਂ) ? ਜਿਸੁ, ਹਰਿ ਗੁਰ ਦਰਸੁ ਨ ਹੋਇ ॥੬॥ ਜਿਉ (ਜਿਉਂ) ਸੁਪਨੈ, ਨਿਸਿ ਭੁਲੀਐ ; ਜਬ ਲਗਿ ਨਿਦ੍ਰਾ ਹੋਇ ॥ ਇਉ (ਇਉਂ), ਸਰਪਨਿ ਕੈ ਵਸਿ ਜੀਅੜਾ ; ਅੰਤਰਿ ਹਉਮੈ ਦੋਇ ॥ ਗੁਰਮਤਿ ਹੋਇ ਵੀਚਾਰੀਐ ; ਸੁਪਨਾ ਇਹੁ (ਇਹ) ਜਗੁ ਲੋਇ ॥੭॥ ਅਗਨਿ ਮਰੈ, ਜਲੁ ਪਾਈਐ ; ਜਿਉ (ਜਿਉਂ) ਬਾਰਿਕ ਦੂਧੈ ਮਾਇ ॥ ਬਿਨੁ ਜਲ, ਕਮਲ ਸੁ ਨਾ ਥੀਐ ; ਬਿਨੁ ਜਲ, ਮੀਨੁ ਮਰਾਇ ॥ ਨਾਨਕ ! ਗੁਰਮੁਖਿ ਹਰਿ ਰਸਿ ਮਿਲੈ ; ਜੀਵਾ (ਜੀਵਾਂ) ਹਰਿ ਗੁਣ ਗਾਇ ॥੮॥੧੫॥

(ਨੋਟ: (1). ਉਕਤ ਸ਼ਬਦ ਦੇ ਪੰਜਵੇਂ ਬੰਦ ਦੀ ਤੁਕ ‘‘ਆਪਣਾ ਮੂਲੁ ਪਛਾਣੁ ॥’’ ’ਚ ‘ਪਛਾਣੁ’ ਸ਼ਬਦ ਹੁਕਮੀ ਭਵਿੱਖ ਕਾਲ ਕਿਰਿਆ ਹੈ, ਜਿਸ ਦਾ ਅਰਥ ਹੈ: ‘ਤੂੰ ਪਛਾਣ, ਤੂੰ ਸਮਝ’ ਪਰ ਇਹੀ ਸ਼ਬਦ ਸਰੂਪ ਨਾਂਵ (ਸੰਗਿਆ) ਵੀ ਹੁੰਦਾ ਹੈ, ਜਿਸ ਦਾ ਅਰਥ ਹੈ: ‘ਮਿੱਤਰ, ਭੇਤੀ, ਜਾਣਨਹਾਰ’ ; ਜਿਵੇਂ ‘‘ਗੁਰ ਕੈ ਸਬਦਿ, ਆਪੁ ‘ਪਛਾਣੁ’ (ਆਪਣੇ ਆਪ ਨੂੰ ਸਮਝਣਹਾਰ)॥ (ਮ: ੩/੬੬੪), ਗੁਰਮੁਖਿ ਖੋਟੇ-ਖਰੇ ‘ਪਛਾਣੁ’ (ਭੇਤੀ)॥ (ਮ: ੧/੯੪੨), ਦੁਬਿਧਾ ਚੂਕੈ, ਤਾਂ ਸਬਦੁ ‘ਪਛਾਣੁ’ (‘ਬੋਧ’ ਹੁੰਦਾ)॥’’ (ਮ: ੧/੧੩੪੩) ਆਦਿ। ਧਿਆਨ ਰਹੇ ਕਿ ਇਸ ‘ਪਛਾਣੁ’ (ਨਾਂਵ) ਸ਼ਬਦ ਦਾ ਮੂਲ ਸ੍ਰੋਤ ਸ਼ਬਦ ‘ਪਛਾਣੂ’ ਹੈ; ਜਿਵੇਂ ਕਿ ਗੁਰਬਾਣੀ ’ਚ 4 ਵਾਰ ਦਰਜ ਹੈ: ‘‘ਇਕੁ ‘ਪਛਾਣੂ’ ਜੀਅ ਕਾ; ਇਕੋ ਰਖਣਹਾਰੁ ॥’’ (ਮ: ੫/੪੫), ਆਦਿ; ਇਸ ਲਈ ‘ਪਛਾਣੁ’ (ਨਾਂਵ) ਨੂੰ ‘ਪਛਾਣ’ (ਹੁਕਮੀ ਭਵਿੱਖ ਕਾਲ ਕਿਰਿਆ ਵਾਙ) ਉਚਾਰਨ ਦੀ ਬਜਾਏ ਥੋੜ੍ਹਾ ‘ਪਛਾਣੂ’ (ਦੁਲੈਂਕੜ) ਵਾਙ ਉਚਾਰਨਾ ਦਰੁਸਤ ਹੋਵੇਗਾ। ਇਸੇ ਤਰ੍ਹਾਂ ਦੇ ਕੁੱਝ ਹੋਰ ਸ਼ਬਦ ਵੀ ਹਨ; ਜਿਵੇਂ ਕਿ ‘ਜਾਣੁ’ (ਜਾਣੂ), ‘ਸੁਜਾਣੁ’ (ਸੁਜਾਣੂ), ‘ਵਿਸੁ’ (ਵਿਸੂ), ਵਸਤੁ (ਵਸਤੂ), ‘ਰਾਹੁ’ (ਰਾਹੂ): ‘‘ਜੇ ਦੇਹੈ ਦੁਖੁ ਲਾਈਐ; ਪਾਪ ਗਰਹ ‘ਦੁਇ ਰਾਹੁ’ (ਦੋਵੇਂ ਰਾਹੂ ਤੇ ਕੇਤੂ) ॥’’ (ਮ: ੧/੧੪੨)

ਇਨ੍ਹਾਂ (ਜਾਣੁ, ਵਸਤੁ, ਰਾਹੁ) ਦਾ ਉਚਾਰਨ ‘ਜਾਣ, ਵਸਤ, ਰਾਹ’ ਕਰਨਾ ਬਿਲਕੁਲ ਗ਼ਲਤ ਹੋਵੇਗਾ ਕਿਉਂਕਿ ‘ਜਾਣ, ਵਸਤ, ਰਾਹ’ ਆਦਿ ਸ਼ਬਦਾਰਥ ਭਿੰਨ ਹੁੰਦੇ ਹਨ; ਜਿਵੇਂ ਕਿ ‘ਵਸਤ’ ਦਾ ਅਰਥ ਹੈ ‘ਵੱਸਣਾ’ ਪਰ ‘ਵਸਤੂ’ ਦਾ ਅਰਥ ਹੈ ‘ਪਦਾਰਥ’; ਗੁਰਬਾਣੀ ਵਾਕ ਹਨ:

(1). ਨਾਭਿ ‘ਵਸਤ’ ਬ੍ਰਹਮੈ; ਅੰਤੁ ਨ ਜਾਣਿਆ ॥ (ਮ: ੧/੧੨੩੭) ਭਾਵ ਕਮਲ ਫੁੱਲ ਦੀ ਨਾਭੀ ’ਚ ਵੱਸਦੇ ਬ੍ਰਹਮਾ ਨੇ ਅਕਾਲ ਪੁਰਖ ਦਾ ਅੰਤ ਨਹੀਂ ਸਮਝਿਆ।

(2). ਥਾਲ ਵਿਚਿ ਤਿੰਨਿ ‘ਵਸਤੂ’ ਪਈਓ; ਸਤੁ ਸੰਤੋਖੁ ਵੀਚਾਰੋ ॥ (ਮ: ੫/੧੪੨੯) ਆਦਿ।

ਧਿਆਨ ਰਹੇ ਕਿ ਜਿਨ੍ਹਾਂ ਸ਼ਬਦਾਂ ਦਾ ਅੰਤ ਦੁਲੈਂਕੜ, ਕਾਵਿ ਤੋਲ ਕਾਰਨ ਔਂਕੜ ’ਚ ਬਦਲ ਜਾਂਦਾ ਹੈ, ਉਹ (ਔਂਕੜ) ਕਿਸੇ ਸੰਬੰਧਕੀ ਚਿੰਨ੍ਹ (ਦਾ, ਦੇ, ਦੀ, ਕਾ, ਕੇ, ਕੀ, ਵਿਚਿ, ਅੰਦਰਿ ਆਦਿ) ਆਇਆਂ ਵੀ ਅੰਤ ਮੁਕਤੇ ਨਹੀਂ ਹੁੰਦੇ ਬਲਕਿ ਅੰਤ ਔਂਕੜ ਵੀ ਅੰਤ ਦੁਲੈਂਕੜ ’ਚ ਤਬਦੀਲ ਹੋ ਜਾਂਦਾ ਹਨ; ਜਿਵੇਂ:

‘‘ਖਾਇ ਖਾਇ ਕਰੇ ਬਦਫੈਲੀ; ਜਾਣੁ ‘ਵਿਸੂ ਕੀ’ ਵਾੜੀ ਜੀਉ ॥ (ਮ: ੫/੧੦੫)

‘ਵਸਤੂ ਅੰਦਰਿ’ ਵਸਤੁ ਸਮਾਵੈ; ਦੂਜੀ ਹੋਵੈ ਪਾਸਿ ॥’’ ਮ: ੨/੪੭੪) ਆਦਿ।)

ਸਿਰੀ ਰਾਗੁ, ਮਹਲਾ ੧ ॥

ਡੂੰਗਰੁ ਦੇਖਿ ਡਰਾਵਣੋ ; ਪੇਈਅੜੈ ਡਰੀਆਸੁ ॥ ਊਚਉ ਪਰਬਤੁ ਗਾਖੜੋ ; ਨਾ ਪਉੜੀ ਤਿਤੁ ਤਾਸੁ ॥ ਗੁਰਮੁਖਿ ਅੰਤਰਿ ਜਾਣਿਆ ; ਗੁਰਿ, ਮੇਲੀ (ਮੇਲ਼ੀ) ਤਰੀਆਸੁ ॥੧॥ ਭਾਈ ਰੇ ! ਭਵਜਲੁ ਬਿਖਮੁ ਡਰਾਂਉ ॥ ਪੂਰਾ ਸਤਿਗੁਰੁ ਰਸਿ ਮਿਲੈ ; ਗੁਰੁ ਤਾਰੇ ਹਰਿ ਨਾਉ (ਨਾਂਉ)॥੧॥ ਰਹਾਉ ॥ ਚਲਾ ਚਲਾ ਜੇ ਕਰੀ (ਚੱਲਾਂ ਚੱਲਾਂ ਜੇ ਕਰੀਂ); ਜਾਣਾ ਚਲਣਹਾਰੁ ॥ ਜੋ ਆਇਆ, ਸੋ ਚਲਸੀ ; ਅਮਰੁ ਸੁ ਗੁਰੁ ਕਰਤਾਰੁ ॥ ਭੀ, ਸਚਾ ਸਾਲਾਹਣਾ ; ਸਚੈ ਥਾਨਿ ਪਿਆਰੁ ॥੨॥ ਦਰ ਘਰ ਮਹਲਾ ਸੋਹਣੇ ; ਪਕੇ ਕੋਟ ਹਜਾਰ (ਪੱਕੇ ਕੋਟ ਹਜ਼ਾਰ)॥ ਹਸਤੀ ਘੋੜੇ ਪਾਖਰੇ ; ਲਸਕਰ ਲਖ (ਲਸ਼ਕਰ ਲੱਖ) ਅਪਾਰ ॥ ਕਿਸ ਹੀ ਨਾਲਿ ਨ ਚਲਿਆ ; ਖਪਿ ਖਪਿ ਮੁਏ ਅਸਾਰ ॥੩॥ ਸੁਇਨਾ ਰੁਪਾ ਸੰਚੀਐ ; ਮਾਲੁ ਜਾਲੁ ਜੰਜਾਲੁ ॥ ਸਭ ਜਗ ਮਹਿ ਦੋਹੀ ਫੇਰੀਐ ; ਬਿਨੁ ਨਾਵੈ (ਨਾਵੈਂ), ਸਿਰਿ ਕਾਲੁ ॥ ਪਿੰਡੁ ਪੜੈ, ਜੀਉ ਖੇਲਸੀ ; ਬਦਫੈਲੀ ਕਿਆ ਹਾਲੁ ?॥੪॥ ਪੁਤਾ (ਪੁੱਤਾਂ) ਦੇਖਿ ਵਿਗਸੀਐ ; ਨਾਰੀ ਸੇਜ ਭਤਾਰ ॥ ਚੋਆ ਚੰਦਨੁ ਲਾਈਐ ; ਕਾਪੜੁ ਰੂਪੁ ਸੀਗਾਰੁ (ਸ਼ੀਂਗਾਰ)॥ ਖੇਹੂ ਖੇਹ ਰਲਾਈਐ ; ਛੋਡਿ ਚਲੈ ਘਰ ਬਾਰੁ ॥੫॥ ਮਹਰ ਮਲੂਕ ਕਹਾਈਐ ; ਰਾਜਾ ਰਾਉ ਕਿ (ਭਾਵ ਜਾਂ) ਖਾਨੁ (ਖ਼ਾਨ)॥ ਚਉਧਰੀ ਰਾਉ ਸਦਾਈਐ ; ਜਲਿ ਬਲੀਐ (ਜਲ਼ ਬਲ਼ੀਐ) ਅਭਿਮਾਨ ॥ ਮਨਮੁਖਿ ਨਾਮੁ ਵਿਸਾਰਿਆ ; ਜਿਉ (ਜਿਉਂ) ਡਵਿ ਦਧਾ (ਦੱਧਾ) ਕਾਨੁ ॥੬॥ ਹਉਮੈ ਕਰਿ ਕਰਿ ਜਾਇਸੀ ; ਜੋ ਆਇਆ ਜਗ ਮਾਹਿ (ਮਾਹਿਂ)॥ ਸਭੁ ਜਗੁ ਕਾਜਲ (ਕਾੱਜਲ) ਕੋਠੜੀ ; ਤਨੁ ਮਨੁ ਦੇਹ ਸੁਆਹਿ (ਸੁਆਹ)॥ ਗੁਰਿ ਰਾਖੇ, ਸੇ ਨਿਰਮਲੇ ; ਸਬਦਿ ਨਿਵਾਰੀ ਭਾਹਿ (ਭਾਹ) ॥੭॥ ਨਾਨਕ ! ਤਰੀਐ ਸਚਿ ਨਾਮਿ ; ਸਿਰਿ ਸਾਹਾ ਪਾਤਿਸਾਹੁ (ਸ਼ਾਹਾਂ ਪਾਤਿਸ਼ਾਹ) ॥ ਮੈ, ਹਰਿ ਨਾਮੁ ਨ ਵੀਸਰੈ ; ਹਰਿ ਨਾਮੁ ਰਤਨੁ ਵੇਸਾਹੁ (ਵੇਸਾਹ)॥ ਮਨਮੁਖ, ਭਉਜਲਿ ਪਚਿ ਮੁਏ ; ਗੁਰਮੁਖਿ ਤਰੇ ਅਥਾਹੁ (ਅਥਾਹ)॥੮॥੧੬॥

(ਨੋਟ: (1). ਉਕਤ ਸ਼ਬਦ ਦੇ ਦੂਸਰੇ ਬੰਦ ’ਚ ਦਰਜ ਤੁਕ ‘‘ਭੀ, ਸਚਾ ਸਾਲਾਹਣਾ..॥’’ ’ਚ ਦਰਜ ‘ਭੀ’ ਦਾ ਅਰਥ ‘ਫਿਰ ਵੀ’ ਨਹੀਂ ਲੈਣਾ ਚਾਹੀਦਾ ਕਿਉਂਕਿ ਇੱਥੇ ਇਹ ਅਰਥ ਗੁਰਮਤਿ ਵਿਰੋਧੀ ਬਣ ਜਾਂਦੇ ਹਨ। ਦਰੁਸਤ ਅਰਥ ਹਨ: ‘ਤਾਂ ਤੇ’।

(2). ਉਕਤ ਸ਼ਬਦ ਦੇ ਸਤਵੇਂ ਬੰਦ ਦੀ ਤੁਕ ‘‘ਤਨੁ ਮਨੁ ਦੇਹ ਸੁਆਹਿ॥’’ ’ਚ ਦਰਜ ‘ਸੁਆਹਿ’ ਸ਼ਬਦ ਅਧਿਕਰਣ ਕਾਰਕ ਹੈ, ਜਿਸ ਕਾਰਨ ਇਸ ਉਪ ਵਾਕ ਦਾ ਅਰਥ ਬਣਦਾ ਹੈ: ‘ਸਰੀਰ, ਮਨ, ਕਾਇਆਂ ਮਿੱਟੀ ਵਿੱਚ (ਮਿਲ ਜਾਂਦੀ ਹੈ)।’, ਇਸ ਲਈ ‘ਸੁਆਹਿ’ ਸ਼ਬਦ ਦੀ ਅੰਤ ਸਿਹਾਰੀ ਉਚਾਰਨ ਦਾ ਭਾਗ ਨਹੀਂ ਹੋ ਸਕਦੀ, ਤਾਂ ਤੇ ਅਗਲੇ ਉਪਵਾਕ ‘‘ਸਬਦਿ ਨਿਵਾਰੀ ਭਾਹਿ ॥’’ ’ਚ ਦਰਜ ‘ਭਾਹਿ’ ਦੀ ਅੰਤ ਸਿਹਾਰੀ ਵੀ ਉਚਾਰਨ ਦਾ ਹਿੱਸਾ ਨਹੀਂ ਹੋ ਸਕਦੀ।

ਗੁਰਬਾਣੀ ’ਚ ‘ਭਾਹਿ’ ਸ਼ਬਦ 19 ਵਾਰ ਦਰਜ ਹੈ, ਜਿਸ ਦਾ ਉਚਾਰਨ ‘ਭਾਹ’ ਦਰੁਸਤ ਹੈ ਕਿਉਂਕਿ ‘ਭਾਹਿ’ ਸ਼ਬਦ ਕਿਸੇ ਭਾਸ਼ਾ ਦਾ ਨਹੀਂ; ਸਿੰਧੀ ਭਾਸ਼ਾ ’ਚ ‘ਬਾਹਿ’, ਸੰਸਕ੍ਰਿਤ ’ਚ ‘ਵਹਿਨ’ ਤੇ ਪੰਜਾਬੀ ’ਚ ‘ਭਾਹ’ ਦਾ ਮਤਲਬ ‘ਚਮਕ, ਰੌਸ਼ਨੀ, ਅੱਗ’ ਆਦਿ ਹੁੰਦਾ ਹੈ।)

ਸਿਰੀ ਰਾਗੁ, ਮਹਲਾ ੧, ਘਰੁ ੨ ॥

ਮੁਕਾਮੁ ਕਰਿ, ਘਰਿ ਬੈਸਣਾ ; ਨਿਤ, ਚਲਣੈ ਕੀ ਧੋਖ (ਭਾਵ ਧੁਖਧੁਖੀ, ਚਿੰਤਾ)॥ ਮੁਕਾਮੁ ਤਾ (ਤਾਂ) ਪਰੁ ਜਾਣੀਐ ; ਜਾ (ਜਾਂ) ਰਹੈ ਨਿਹਚਲੁ ਲੋਕ ॥੧॥ ਦੁਨੀਆ ਕੈਸਿ ਮੁਕਾਮੇ ? ॥ ਕਰਿ ਸਿਦਕੁ ਕਰਣੀ ਖਰਚੁ ਬਾਧਹੁ (ਬਾਂਧੋ); ਲਾਗਿ ਰਹੁ (‘ਰਹੁ’ ਦਾ ਅੰਤ ਔਂਕੜ ਥੋੜ੍ਹਾ ਉਚਾਰਨਾ ਜ਼ਰੂਰੀ) ਨਾਮੇ ॥੧॥ ਰਹਾਉ ॥ ਜੋਗੀ ਤ ਆਸਣੁ ਕਰਿ ਬਹੈ ; ਮੁਲਾ (ਮੁੱਲਾਂ) ਬਹੈ ਮੁਕਾਮਿ ॥ ਪੰਡਿਤ ਵਖਾਣਹਿ ਪੋਥੀਆ (ਵਖਾਣਹਿਂ ਪੋਥੀਆਂ) ; ਸਿਧ ਬਹਹਿ (ਬਹੈਂ) ਦੇਵ ਸਥਾਨਿ ॥੨॥ ਸੁਰ, ਸਿਧ, ਗਣ, ਗੰਧਰਬ, ਮੁਨਿ ਜਨ ; ਸੇਖ (ਸ਼ੇਖ਼), ਪੀਰ, ਸਲਾਰ ॥ ਦਰਿ ਕੂਚ ਕੂਚਾ ਕਰਿ ਗਏ ; ਅਵਰੇ ਭਿ ਚਲਣਹਾਰ ॥੩॥ ਸੁਲਤਾਨ ਖਾਨ (ਖ਼ਾਨ) ਮਲੂਕ ਉਮਰੇ ; ਗਏ ਕਰਿ ਕਰਿ ਕੂਚੁ ॥ ਘੜੀ ਮੁਹਤਿ ਕਿ ਚਲਣਾ ; ਦਿਲ ! ਸਮਝੁ ਤੂੰ ਭਿ ਪਹੂਚੁ (ਪਹੂੰਚ)॥੪॥ ਸਬਦਾਹ ਮਾਹਿ (ਸ਼ਬਦਾਂ ਮਾਹਿਂ) ਵਖਾਣੀਐ ; ਵਿਰਲਾ ਤ ਬੂਝੈ ਕੋਇ ॥ ਨਾਨਕੁ ਵਖਾਣੈ ਬੇਨਤੀ ; ਜਲਿ ਥਲਿ ਮਹੀਅਲਿ ਸੋਇ ॥੫॥ ਅਲਾਹੁ ਅਲਖੁ (ਅੱਲਾਹ ਅਲੱਖ) ਅਗੰਮੁ ਕਾਦਰੁ ; ਕਰਣਹਾਰੁ ਕਰੀਮੁ ॥ ਸਭ ਦੁਨੀ ਆਵਣ ਜਾਵਣੀ ; ਮੁਕਾਮੁ ਏਕੁ ਰਹੀਮੁ ॥੬॥ ਮੁਕਾਮੁ ਤਿਸ ਨੋ ਆਖੀਐ ; ਜਿਸੁ ਸਿਸਿ ਨ ਹੋਵੀ ਲੇਖੁ ॥ ਅਸਮਾਨੁ ਧਰਤੀ ਚਲਸੀ ; ਮੁਕਾਮੁ, ਓਹੀ ਏਕੁ ॥੭॥ ਦਿਨ ਰਵਿ ਚਲੈ, ਨਿਸਿ ਸਸਿ ਚਲੈ ; ਤਾਰਿਕਾ ਲਖ ਪਲੋਇ ॥ ਮੁਕਾਮੁ ਓਹੀ ਏਕੁ ਹੈ ; ਨਾਨਕਾ ! ਸਚੁ ਬੁਗੋਇ ॥੮॥੧੭॥ ਮਹਲੇ ਪਹਿਲੇ, ਸਤਾਰਹ ਅਸਟਪਦੀਆ ॥

(ਨੋਟ: (1). ਉਕਤ ਅਸ਼ਟਪਦੀ ਦੀ ‘ਰਹਾਉ’ ਤੁਕ ’ਚ ਦੋ ਸ਼ਬਦ (ਬਾਧਹੁ, ਰਹੁ) ਅਜਿਹੇ ਕਿਰਿਆਵਾਚੀ ਸ਼ਬਦ ਹਨ ਜਿਨ੍ਹਾਂ ਵਿੱਚੋਂ ਇਕ (ਬਾਧਹੁ) ਦੂਜਾ ਪੁਰਖ ਬਹੁ ਵਚਨ ਕਿਰਿਆ ਦਾ ਸੂਚਕ ਹੈ ਤੇ ਦੂਸਰਾ (ਰਹੁ) ਇੱਕ ਵਚਨ ਹੁਕਮੀ ਭਵਿੱਖ ਕਾਲ ਕਿਰਿਆ ਵੱਲ ਸੰਕੇਤ ਕਰਦਾ ਹੈ।

ਸ਼ਬਦ ਦਾ ਭਾਵਾਰਥ ‘ਦਿਲ’ (ਇੱਕ ਵਚਨ) ਨੂੰ ਸੰਬੋਧਨ ਕਰਦਾ ਹੈ; ਜਿਵੇਂ ਕਿ ਚੌਥੇ ਬੰਦ ਦੀ ਤੁਕ ‘‘ਦਿਲ ! ਸਮਝੁ ਤੂੰ ਭਿ ਪਹੂਚੁ॥’’, ਇਸ ਨੂੰ ਸਪੱਸ਼ਟ ਕਰਨ ਲਈ ਬਹੁ ਵਚਨ ਰੂਪ ’ਚ ਕੇਵਲ ਉਦਾਹਰਨਾਂ ਦਿੱਤੀਆਂ ਗਈਆਂ ਹਨ; ਜਿਵੇਂ ਕਿ: ‘‘ਸੁਲਤਾਨ ਖਾਨ ਮਲੂਕ ਉਮਰੇ ; ਗਏ ਕਰਿ ਕਰਿ ਕੂਚੁ ॥’’ ਇਸ ਲਈ ‘ਰਹਾਉ’ ਬੰਦ, ਜੋ ਸ਼ਬਦ ਦਾ ਸਾਰ ਹੁੰਦਾ ਹੈ, ਉਸ ਵਿੱਚ ਮਿਸਾਲ ਦੇ ਰੂਪ ’ਚ ਬਹੁ ਵਚਨ ਕਿਰਿਆ (ਬਾਧਹੁ) ਨਹੀਂ ਆ ਸਕਦੀ, ਕੇਵਲ ਕਾਵਿ ਤੋਲ ਕਾਰਨ ‘ਬਾਧੁ’ ਸਰੂਪ ਨੂੰ ਹੀ ‘ਬਾਧਹੁ’ ਲਿਖਿਆ ਗਿਆ, ਜਾਪਦਾ ਹੈ।

ਗੁਰਬਾਣੀ ’ਚ ‘ਬਾਧਹੁ’ ਸ਼ਬਦ 4 ਵਾਰ ਤੇ ‘ਬਾਂਧਹੁ’ ਦੋ ਵਾਰ ਦਰਜ ਹੈ; ਜਿਵੇਂ

‘‘ਰਾਮ ਨਾਮੁ ਜਪਿ ਬੇੜਾ ਬਾਂਧਹੁ; ਦਇਆ ਕਰਹੁ ਦਇਆਲਾ ॥’’ (ਮ: ੧/੧੧੭੦)

ਆਗੇ ਕਉ ਕਿਛੁ ਤੁਲਹਾ ਬਾਂਧਹੁ; ਕਿਆ ਭਰਵਾਸਾ ਧਨ ਕਾ ?॥ (ਭਗਤ ਕਬੀਰ/੧੨੫੩) ਆਦਿ, ਅਤੇ ‘ਰਹੁ’ ਸ਼ਬਦ 28 ਵਾਰ ਦਰਜ ਹੈ, ਜਿਸ ਰਾਹੀਂ ਸਪੱਸ਼ਟ ਹੈ ਕਿ ਇਹ ਕਿਰਿਆਵਾਚੀ ਸ਼ਬਦ ਕਿਸੇ ਨੂੰ ਹੁਕਮ ਦੇਣ ਦੇ ਮਕਸਦ ਨਾਲ ਦਰਜ ਕੀਤਾ ਗਿਆ ਹੈ, ਜਿਸ ਕਾਰਨ ਇਸ ਨੂੰ ਹੁਕਮੀ ਭਵਿੱਖ ਕਾਲ ਕਿਰਿਆ ਦਾ ਨਾਂ ਦਿੱਤਾ ਜਾਂਦਾ ਹੈ; ਜਿਵੇਂ ਕਿ:

ਗੁਰ ਕੀ ਚਰਣੀ ਲਗਿ ‘ਰਹੁ’; ਵਿਚਹੁ ਆਪੁ ਗਵਾਇ ॥ (ਮ: ੧/੬੧)

‘ਰਹੁ ਰਹੁ’ ਰੀ ਬਹੁਰੀਆ ! ਘੂੰਘਟੁ ਜਿਨਿ (ਭਾਵ ਮਤਾਂ) ਕਾਢੈ ॥ (ਭਗਤ ਕਬੀਰ/੪੮੪)

ਮਨ ਰੇ ! ਥਿਰੁ ‘ਰਹੁ’; ਮਤੁ ਕਤ ਜਾਹੀ ਜੀਉ ॥ (ਮ: ੧/੫੯੮)

ਏ ਮਨ ਮੇਰਿਆ ! ਤੂ ਸਦਾ ‘ਰਹੁ’, ਹਰਿ ਨਾਲੇ ॥ (ਮ: ੩/੯੧੭)

ਘਰਿ ‘ਰਹੁ’, ਰੇ ਮਨ ਮੁਗਧ ਇਆਨੇ ! ॥ (ਮ: ੧/੧੦੩੦)

ਕਬੀਰ ! ਰੋੜਾ ਹੋਇ ‘ਰਹੁ’ ਬਾਟ ਕਾ; ਤਜਿ ਮਨ ਕਾ ਅਭਿਮਾਨੁ ॥ (ਭਗਤ ਕਬੀਰ/੧੩੭੨) ਆਦਿ।

ਉਕਤ ਵਿਚਾਰ ਦਾ ਮਤਲਬ ਸਿਰਫ਼ ਇਹ ਹੈ ਕਿ ‘ਬਾਧਹੁ’ ਦੇ ਉਚਾਰਨ ਨੂੰ ਮੁੱਖ ਰੱਖਦਿਆਂ ‘ਰਹੁ’ ਦਾ ਅੰਤ ਔਂਕੜ ਵੀ ਥੋੜ੍ਹਾ ਉਚਾਰਨਾ ਦਰੁਸਤ ਹੋਵੇਗਾ।

(2). ਉਕਤ ਸ਼ਬਦ (ਭਾਵ ਅਸ਼ਟਪਦੀ) ਦੀ ਸਮਾਪਤੀ ’ਚ ਦਰਜ ‘‘ਨਾਨਕਾ ! ਸਚੁ ਬੁਗੋਇ ॥’’ ਉਪਰੰਤ ‘‘॥੮॥੧੭॥ ਮਹਲੇ ਪਹਿਲੇ, ਸਤਾਰਹ ਅਸਟਪਦੀਆ॥’’ ਰੂਪ ’ਚ ਅੰਕ ਤੇ ਸ਼ਬਦ ਗੁਰੂ ਨਾਨਕ ਸਾਹਿਬ ਜੀ ਦੁਆਰਾ ਸਿਰੀ ਰਾਗੁ ’ਚ ਉਚਾਰਨ ਕੀਤੀਆਂ ਗਈਆਂ 17 ਅਸ਼ਟਪਦੀਆਂ ਦੀ ਗਿਣਤੀ ਅਤੇ ਅਸ਼ਟਪਦੀਆਂ ਦੀ ਸਮਾਪਤੀ ਦਾ ਸੰਕੇਤ ਹਨ, ਜੋ ਪੰਨਾ ਨੰਬਰ 53 ਤੋਂ 64 ਤੱਕ ਦਰਜ ਹਨ। ਜਿਨ੍ਹਾਂ ਵਿੱਚ ‘ਘਰੁ ੧’ ਦੀਆਂ 16 ਤੇ ‘ਘਰੁ ੨’ ਦੀ ਇੱਕ ਅਸ਼ਟਪਦੀ ਹੈ। ਇਨ੍ਹਾਂ ਤੋਂ ਅਗਾਂਹ ਗੁਰੂ ਅਮਰਦਾਸ ਜੀ ਦੀਆਂ ਅਸ਼ਟਪਦੀਆਂ ‘ਘਰੁ ੧’ ’ਚ ਆਰੰਭ ਹੋਣਗੀਆਂ।

ਵਿਚਾਰ ਦਾ ਵਿਸ਼ਾ ਇਹ ਹੈ ਕਿ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਤ ਤਰਤੀਬ ਦੇ ਸਿਰਲੇਖ ਰੂਪ ’ਚ ‘ਮਹਲਾ ੧ ਪਹਿਲਾ, ਮਹਲਾ ੩ ਤੀਜਾ’ ਆਦਿ ਸੰਕੇਤਕ (‘ਪਹਿਲਾ’ ਤੇ ‘ਤੀਜਾ’ ਸ਼ਬਦ) ਅੰਕ ੧ ਤੇ ੩ ਦੀ ਉਚਾਰਨ ਸੇਧ ਨੂੰ ਸਪੱਸ਼ਟ ਕਰਦੇ ਹਨ ਕਿ ਇਹ ਅੰਕ ਗੁਰੂ ਵਿਅਕਤੀ ਲਈ ਦਰਜ ਹਨ ਤੇ ਇਨ੍ਹਾਂ ਦਾ ਉਚਾਰਨ ‘ਪਹਿਲਾ, ਦੂਜਾ, ਤੀਜਾ’ ਆਦਿ ਕਰਨਾ ਹੈ, ਨਾ ਕਿ ‘ਇੱਕ, ਦੋ, ਤਿੰਨ’ ਆਦਿ। ਇਸੇ ਤਰ੍ਹਾਂ ਸ਼ਬਦਾਂ ਦੀ ਸਮਾਪਤੀ ’ਚ ਦਰਜ ਕੀਤੇ ਗਏ ਸ਼ਬਦ; ਸੰਖਿਅਕ ਅੰਕਾਂ ਨੂੰ ਸਪੱਸ਼ਟ ਕਰਨ ਲਈ ਹਨ; ਜਿਵੇਂ ਕਿ ‘‘ਮਹਲੇ ਪਹਿਲੇ, ਸਤਾਰਹ ਅਸਟਪਦੀਆ॥’’ ਰਾਹੀਂ ਅੰਕ ਤਾਲਿਕਾ ‘‘॥੮॥੧੭॥’’ ’ਚ ‘੧੭’ ਅੰਕ ਦਾ ਮਤਲਬ ਬਿਆਨ ਕਰਨਾ ਹੈ, ਜੋ ਅਖੰਡ ਪਾਠ ਜਾਂ ਸਹਿਜ ਪਾਠ’ ਦੌਰਾਨ ਪੜ੍ਹਨ ਦਾ ਭਾਗ ਨਹੀਂ ਹੁੰਦੇ; ਜਿਵੇਂ ਕਿ ਸਿਰਲੇਖ ’ਚ ਦਰਜ ‘ਮਹਲਾ ੧ ਪਹਿਲਾ’ ਦਾ ਪਾਠ ਕਰਦਿਆਂ ‘ਪਹਿਲਾ’ ਕੇਵਲ ਇੱਕ ਵਾਰ ਹੀ ਪੜ੍ਹਿਆ ਜਾਂਦਾ ਹੈ ਬਾਕੀ ਅੰਕ ਗਿਣਤੀ ਉਸ ਵਿੱਚ ਹੀ ਆ ਜਾਂਦੀ ਹੈ, ਇਸ ਤਰ੍ਹਾਂ ਅੰਕ ੧੭ ਨੂੰ ਸਮਝਾਉਣ ਲਈ ‘‘ਮਹਲੇ ਪਹਿਲੇ, ਸਤਾਰਹ ਅਸਟਪਦੀਆ॥’’ ਦਰਜ ਕਰਨਾ ਪਿਆ, ਜੋ ਕੇਵਲ ਅੰਕ ੧੭ ਦੇ ਬੋਧ ਦਾ ਸੂਚਕ ਹਨ, ਉਚਾਰਨ ਦਾ ਨਹੀਂ ਕਿਉਂਕਿ ਗੁਰਬਾਣੀ ’ਚ ਦਰਜ ਤਮਾਮ ਸ਼ਬਦਾਂ ਦੀ ਗਿਣਤੀ ਉਚਾਰੀ ਨਹੀਂ ਜਾਂਦੀ ਤੇ ਸਰੋਤਿਆਂ ਨੂੰ ਅੰਕ ਸਤਾਰਾਂ (੧੭) ਵਿਖਾਈ ਨਹੀਂ ਦੇ ਰਿਹਾ ਹੁੰਦਾ ਤੇ ਸ਼ਬਦਾਂ ਦੀ ਗਿਣਤੀ, ਜੋ ਕੇਵਲ ਕੱਚੀ ਬਾਣੀ ਤੋਂ ਪੱਕੀ ਬਾਣੀ ਨੂੰ ਭਿੰਨ ਰੱਖਣ ਦੇ ਮਕਸਦ ਨਾਲ ਦਰਜ ਕੀਤੀ ਗਈ ਹੈ, ਸਰੋਤਿਆਂ ਲਈ ਕੋਈ ਮਾਇਨਾ ਨਹੀਂ ਰੱਖਦੀ ਬਲਕਿ ਗੁਰਬਾਣੀ ਦੇ ਭਾਵਾਰਥਾਂ ’ਚ ਧਿਆਨ ਲਗਾਉਣਾ ਅਤਿ ਜ਼ਰੂਰੀ ਹੁੰਦਾ ਹੈ।)