Guru Granth Sahib (Page No. 81-85)

0
669

(ਪੰਨਾ ਨੰਬਰ 81-85)

ੴ ਸਤਿ ਨਾਮੁ, ਗੁਰ ਪ੍ਰਸਾਦਿ ॥ ਸਿਰੀ ਰਾਗੁ, ਮਹਲਾ ੪, ਵਣਜਾਰਾ

ਹਰਿ ਹਰਿ ਉਤਮੁ (ਉੱਤਮ) ਨਾਮੁ ਹੈ ; ਜਿਨਿ (ਜਿਨ੍ਹ), ਸਿਰਿਆ ਸਭੁ ਕੋਇ ਜੀਉ ॥ ਹਰਿ, ਜੀਅ (ਜੀ..) ਸਭੇ ਪ੍ਰਤਿਪਾਲਦਾ ; ਘਟਿ+ਘਟਿ ਰਮਈਆ ਸੋਇ ॥ ਸੋ ਹਰਿ, ਸਦਾ ਧਿਆਈਐ ; ਤਿਸੁ ਬਿਨੁ, ਅਵਰੁ ਨ ਕੋਇ ॥ ਜੋ, ਮੋਹਿ (ਮੋਹ) ਮਾਇਆ ਚਿਤੁ ਲਾਇਦੇ (ਲਾਇੰਦੇ); ਸੇ, ਛੋਡਿ ਚਲੇ (ਚੱਲੇ) ਦੁਖੁ ਰੋਇ ॥ ਜਨ ਨਾਨਕ  ! ਨਾਮੁ ਧਿਆਇਆ ; ਹਰਿ ਅੰਤਿ ਸਖਾਈ ਹੋਇ ॥੧॥ ਮੈ, ਹਰਿ ਬਿਨੁ; ਅਵਰੁ ਨ ਕੋਇ ॥ ਹਰਿ, ਗੁਰ ਸਰਣਾਈ (ਸ਼ਰਣਾਈ) ਪਾਈਐ ; ਵਣਜਾਰਿਆ ਮਿਤ੍ਰਾ  ! ਵਡਭਾਗਿ ਪਰਾਪਤਿ ਹੋਇ ॥੧॥ ਰਹਾਉ ॥ ਸੰਤ ਜਨਾ (ਜਨਾਂ) ਵਿਣੁ ਭਾਈਆ (ਭਾਈਆਂ) ; ਹਰਿ, ਕਿਨੈ ਨ ਪਾਇਆ ਨਾਉ (ਨਾਉਂ)॥ ਵਿਚਿ ਹਉਮੈ ਕਰਮ ਕਮਾਵਦੇ ; ਜਿਉ (ਜਿਉਂ), ਵੇਸੁਆ ਪੁਤੁ ਨਿਨਾਉ (ਪੁੱਤ ਨਿ+ਨਾਉਂ)॥ ਪਿਤਾ ਜਾਤਿ, ਤਾ (ਤਾਂ) ਹੋਈਐ ; ਗੁਰੁ ਤੁਠਾ (ਤੁੱਠਾ) ਕਰੇ ਪਸਾਉ ॥ ਵਡਭਾਗੀ (ਵਡਭਾਗੀਂ), ਗੁਰੁ ਪਾਇਆ ; ਹਰਿ ਅਹਿਨਿਸਿ ਲਗਾ ਭਾਉ ॥ ਜਨ ਨਾਨਕਿ ਬ੍ਰਹਮੁ ਪਛਾਣਿਆ ; ਹਰਿ ਕੀਰਤਿ ਕਰਮ ਕਮਾਉ (ਨੋਟ: ਇਹ ‘ਕਮਾਇ’ ਤੋਂ ਬਣਿਆ ਭਾਵ ‘ਕਮਾ ਕੇ’, ਕਿਰਿਆ ਵਿਸ਼ੇਸ਼ਣ) ॥੨॥ ਮਨਿ; ਹਰਿ-ਹਰਿ ਲਗਾ (ਲੱਗਾ) ਚਾਉ ॥ ਗੁਰਿ+ਪੂਰੈ ਨਾਮੁ ਦ੍ਰਿੜਾਇਆ (ਦ੍ਰਿੜ੍ਹਾਇਆ) ; ਹਰਿ ਮਿਲਿਆ, ਹਰਿ ਪ੍ਰਭ ਨਾਉ (ਨਾਉਂ)॥੧॥ ਰਹਾਉ ॥ ਜਬ ਲਗੁ ਜੋਬਨਿ ਸਾਸੁ ਹੈ ; ਤਬ ਲਗੁ ਨਾਮੁ ਧਿਆਇ ॥ ਚਲਦਿਆ (ਚਲਦਿਆਂ) ਨਾਲਿ ਹਰਿ ਚਲਸੀ ; ਹਰਿ ਅੰਤੇ ਲਏ ਛਡਾਇ ॥ ਹਉ (ਹੌਂ ) ਬਲਿਹਾਰੀ ਤਿਨ ਕਉ (ਤਿਨ੍ਹ ਕੌ) ; ਜਿਨ (ਜਿਨ੍ਹ), ਹਰਿ ਮਨਿ ਵੁਠਾ (ਵੁੱਠਾ) ਆਇ ॥ ਜਿਨੀ (ਜਿਨ੍ਹੀਂ), ਹਰਿ ਹਰਿ ਨਾਮੁ ਨ ਚੇਤਿਓ ; ਸੇ, ਅੰਤਿ ਗਏ ਪਛੁਤਾਇ ॥ ਧੁਰਿ ਮਸਤਕਿ, ਹਰਿ ਪ੍ਰਭਿ ਲਿਖਿਆ ; ਜਨ ਨਾਨਕ ! ਨਾਮੁ ਧਿਆਇ ॥੩॥ ਮਨ  ! ਹਰਿ-ਹਰਿ ਪ੍ਰੀਤਿ ਲਗਾਇ ॥ ਵਡਭਾਗੀ ਗੁਰੁ ਪਾਇਆ, ਗੁਰ ਸਬਦੀ ਪਾਰਿ ਲਘਾਇ (ਲੰਘਾਇ)॥੧॥ ਰਹਾਉ ॥ ਹਰਿ, ਆਪੇ+ਆਪੁ (ਭਾਵ ਆਪਣੇ ਆਪ ਨੂੰ) ਉਪਾਇਦਾ (ਉਪਾਇੰਦਾ) ; ਹਰਿ ਆਪੇ ਦੇਵੈ, ਲੇਇ (ਲੇ+ਇ)॥ ਹਰਿ, ਆਪੇ ਭਰਮਿ ਭੁਲਾਇਦਾ (ਭੁਲਾਇੰਦਾ); ਹਰਿ, ਆਪੇ ਹੀ ਮਤਿ ਦੇਇ (ਦੇ+ਇ)॥ ਗੁਰਮੁਖਾ (ਗੁਰਮੁਖਾਂ) ਮਨਿ ਪਰਗਾਸੁ ਹੈ ; ਸੇ ਵਿਰਲੇ ਕੇਈ+ਕੇਇ (ਕੇ+ਇ)॥ ਹਉ (ਹੌਂ ) ਬਲਿਹਾਰੀ ਤਿਨ (ਤਿਨ੍ਹ) ਕਉ ; ਜਿਨ (ਜਿਨ੍ਹ), ਹਰਿ ਪਾਇਆ ਗੁਰਮਤੇ ॥ ਜਨ ਨਾਨਕਿ ਕਮਲੁ ਪਰਗਾਸਿਆ ; ਮਨਿ, ਹਰਿ-ਹਰਿ ਵੁਠੜਾ (ਵੁੱਠੜਾ) ਹੇ ॥੪॥ ਮਨਿ, ਹਰਿ ਹਰਿ ਜਪਨੁ ਕਰੇ ॥ ਹਰਿ+ਗੁਰ ਸਰਣਾਈ ਭਜਿ ਪਉ (ਸ਼ਰਣਾਈ ਭੱਜ ਪੌ), ਜਿੰਦੂ  ! ਸਭ ਕਿਲਵਿਖ ਦੁਖ ਪਰਹਰੇ ॥੧॥ ਰਹਾਉ ॥ ਘਟਿ+ਘਟਿ ਰਮਈਆ ਮਨਿ ਵਸੈ ; ਕਿਉ (ਕਿਉਂ) ਪਾਈਐ ? ਕਿਤੁ+ਭਤਿ ? (ਭਾਵ ਕਿਸ ਭਾਂਤ ਨਾਲ ਜਾਂ ਕਿਸ ਤਰ੍ਹਾਂ ?) ॥ ਗੁਰੁ ਪੂਰਾ ਸਤਿਗੁਰੁ ਭੇਟੀਐ ; ਹਰਿ ਆਇ ਵਸੈ, ਮਨਿ+ਚਿਤਿ ॥ ਮੈ ਧਰ (ਭਾਵ ਮੇਰਾ ਆਸਰਾ), ਨਾਮੁ ਅਧਾਰੁ ਹੈ ; ਹਰਿ ਨਾਮੈ ਤੇ, ਗਤਿ ਮਤਿ ॥ ਮੈ, ਹਰਿ ਹਰਿ ਨਾਮੁ ਵਿਸਾਹੁ (ਵਿਸਾਹ) ਹੈ ; ਹਰਿ ਨਾਮੇ ਹੀ ਜਤਿ ਪਤਿ (ਭਾਵ ਜਾਤ ਪਾਤ)॥ ਜਨ ਨਾਨਕ  ! ਨਾਮੁ ਧਿਆਇਆ ; ਰੰਗਿ ਰਤੜਾ (ਰੱਤੜਾ), ਹਰਿ ਰੰਗਿ ਰਤਿ (ਰੱਤ)॥੫॥ ਹਰਿ ਧਿਆਵਹੁ, ਹਰਿ ਪ੍ਰਭੁ ਸਤਿ (ਥੋੜ੍ਹਾ ‘ਸਤ੍ਯ’ ਵਾਙ)॥ ਗੁਰ ਬਚਨੀ ਹਰਿ ਪ੍ਰਭੁ ਜਾਣਿਆ ; ਸਭ, ਹਰਿ ਪ੍ਰਭੁ ਤੇ ਉਤਪਤਿ ॥੧॥ ਰਹਾਉ ॥ ਜਿਨ (ਜਿਨ੍ਹ) ਕਉ ਪੂਰਬਿ ਲਿਖਿਆ ; ਸੇ, ਆਇ ਮਿਲੇ ਗੁਰ ਪਾਸਿ ॥ ਸੇਵਕ ਭਾਇ, ਵਣਜਾਰਿਆ ਮਿਤ੍ਰਾ  ! ਗੁਰੁ ਹਰਿ ਹਰਿ ਨਾਮੁ ਪ੍ਰਗਾਸਿ ॥ ਧਨੁ ਧਨੁ (ਧਨ-ਧੰਨ, ਨੋਟ: ਕਾਵਿ ਤੋਲ ਕਾਰਨ ਪਹਿਲੇ ਨੂੰ ‘ਧੰਨ’ ਉਚਾਰਨ ਤੋਂ ਬਚਿਆ ਜਾਵੇ) ਵਣਜੁ ਵਾਪਾਰੀਆ ; ਜਿਨ (ਜਿਨ੍ਹ), ਵਖਰੁ ਲਦਿਅੜਾ (ਲੱਦਿਅੜਾ) ਹਰਿ ਰਾਸਿ ॥ ਗੁਰਮੁਖਾ (ਗੁਰਮੁਖਾਂ) ਦਰਿ, ਮੁਖ ਉਜਲੇ (ਮੁੱਖ ਉੱਜਲੇ); ਸੇ, ਆਇ ਮਿਲੇ, ਹਰਿ ਪਾਸਿ ॥ ਜਨ ਨਾਨਕ  ! ਗੁਰੁ, ਤਿਨ (ਤਿਨ੍ਹ) ਪਾਇਆ ; ਜਿਨਾ (ਜਿਨ੍ਹਾਂ), ਆਪਿ ਤੁਠਾ (ਤੁੱਠਾ) ਗੁਣਤਾਸਿ ॥੬॥ ਹਰਿ ਧਿਆਵਹੁ ਸਾਸਿ+ਗਿਰਾਸਿ ॥ ਮਨਿ ਪ੍ਰੀਤਿ ਲਗੀ (ਲੱਗੀ), ਤਿਨਾ ਗੁਰਮੁਖਾ (ਤਿਨ੍ਹਾਂ ਗੁਰਮੁਖਾਂ) ; ਹਰਿ ਨਾਮੁ ਜਿਨਾ (ਜਿਨ੍ਹਾਂ) ਰਹਰਾਸਿ ॥੧॥ ਰਹਾਉ ॥੧॥

ੴ ਸਤਿ, ਗੁਰ ਪ੍ਰਸਾਦਿ ॥ ਸਿਰੀ ਰਾਗ ਕੀ ਵਾਰ, ਮਹਲਾ ੪, ਸਲੋਕਾ (ਸਲੋਕਾਂ) ਨਾਲਿ ॥

(ਨੋਟ: ਉਕਤ ਸਿਰਲੇਖ ’ਚ ਦਰਜ ‘ਸਿਰੀ’ ਸ਼ਬਦ ‘ਸ਼੍ਰੀ’ ਨਹੀਂ ਬਲਕਿ ਇੱਕ ਰਾਗ ਦੀ ਕਿਸਮ ‘ਸਿਰੀ’ ਜਾਂ ‘ਸ੍ਰੀ’ ਹੈ।  ਉਕਤ ਛੰਦਾਂ ਦੀ ਸਮਾਪਤ ਵਿੱਚ ਕੇਵਲ ਇੱਕ ਅੰਤਮ ਸ਼ਬਦ ‘ਚ ਹੀ ‘ਰਹਾਉ’ ਤੁਕਾਂ ਆਈਆਂ ਹਨ।)

ਸਲੋਕ, ਮ: ੩ ॥

ਰਾਗਾ (ਰਾਗਾਂ) ਵਿਚਿ ਸ੍ਰੀ ਰਾਗੁ ਹੈ ; ਜੇ, ਸਚਿ ਧਰੇ ਪਿਆਰੁ ॥ ਸਦਾ ਹਰਿ ਸਚੁ, ਮਨਿ ਵਸੈ ; ਨਿਹਚਲ ਮਤਿ ਅਪਾਰੁ ॥ ਰਤਨੁ ਅਮੋਲਕੁ ਪਾਇਆ ; ਗੁਰ ਕਾ ਸਬਦੁ ਬੀਚਾਰੁ ॥ ਜਿਹਵਾ ਸਚੀ (ਸੱਚੀ), ਮਨੁ ਸਚਾ (ਸੱਚਾ) ; ਸਚਾ ਸਰੀਰ ਅਕਾਰੁ ॥ ਨਾਨਕ  ! ਸਚੈ+ਸਤਿਗੁਰਿ+ਸੇਵਿਐ (ਨਾਲ, ਕਰਣ ਕਾਰਕ); ਸਦਾ ਸਚੁ ਵਾਪਾਰੁ ॥੧॥

ਮ: ੩ ॥

ਹੋਰੁ ਬਿਰਹਾ ਸਭ ਧਾਤੁ ਹੈ ; ਜਬ ਲਗੁ ਸਾਹਿਬ ਪ੍ਰੀਤਿ ਨ ਹੋਇ ॥ ਇਹੁ (ਇਹ) ਮਨੁ ਮਾਇਆ ਮੋਹਿਆ ; ਵੇਖਣੁ+ਸੁਨਣੁ (ਵਾਲ਼ੀ ਸ਼ਕਤੀ), ਨ ਹੋਇ ॥ ਸਹ (ਥੋੜ੍ਹਾ ‘ਸ਼ਾ’ ਵਾਙ)) ਦੇਖੇ ਬਿਨੁ, ਪ੍ਰੀਤਿ ਨ ਊਪਜੈ ; ਅੰਧਾ ਕਿਆ ਕਰੇਇ (ਕਰੇ+ਇ) ? ॥ ਨਾਨਕ  ! ਜਿਨਿ, ਅਖੀ ਲੀਤੀਆ (ਜਿਨ੍ਹ, ਅੱਖੀਂ ਲੀਤੀਆਂ) ; ਸੋਈ ਸਚਾ, ਦੇਇ (ਦੇ+ਇ) ॥੨॥

ਪਉੜੀ ॥

ਹਰਿ ਇਕੋ, ਕਰਤਾ ਇਕੁ ; ਇਕੋ ਦੀਬਾਣੁ ਹਰਿ ॥ ਹਰਿ ਇਕਸੈ ਦਾ ਹੈ ਅਮਰੁ ; ਇਕੋ ਹਰਿ, ਚਿਤਿ ਧਰਿ ॥ ਹਰਿ ਤਿਸੁ ਬਿਨੁ (ਭਾਵ ‘ਤਿਸੁ ਹਰਿ ਬਿਨੁ’), ਕੋਈ ਨਾਹਿ (ਨਾਹਿਂ) ; ਡਰੁ+ਭ੍ਰਮੁ+ਭਉ, ਦੂਰਿ ਕਰਿ ॥ ਹਰਿ ਤਿਸੈ ਨੋ (ਭਾਵ ‘ਤਿਸੈ ਹਰਿ ਨੋ’) ਸਾਲਾਹਿ (ਸਾਲਾਹ) ; ਜਿ, ਤੁਧੁ ਰਖੈ (ਰੱਖੈ) ਬਾਹਰਿ+ਘਰਿ ॥ ਹਰਿ, ਜਿਸ ਨੋ ਹੋਇ ਦਇਆਲੁ (ਦਇਆ+ਲ); ਸੋ, ਹਰਿ ਜਪਿ, ਭਉ+ਬਿਖਮੁ ਤਰਿ (ਨੋਟ: ਇਹ ਕਾਵਿ ਤੋਲ ਕਾਰਨ ‘ਤਰੈ’ ਤੋਂ ਬਣਿਆ ਹੈ)॥੧॥

ਸਲੋਕ ਮ: ੧ ॥

ਦਾਤੀ (ਦਾਤੀਂ) ਸਾਹਿਬ ਸੰਦੀਆ (ਸੰਦੀਆਂ ਭਾਵ ‘ਦੀਆਂ’) ; ਕਿਆ ਚਲੈ, ਤਿਸੁ (ਸਾਹਿਬ) ਨਾਲਿ  ?॥ ਇਕ (‘ਇਕਿ’ ਭਾਵ ਕਈ), ਜਾਗੰਦੇ ਨਾ ਲਹੰਨਿ (ਲਹੰਨ੍); ਇਕਨਾ (ਇਕਨ੍ਾਂ), ਸੁਤਿਆ ਦੇਇ (ਸੁਤਿਆਂ ਦੇ+ਇ) ਉਠਾਲਿ ॥੧॥

ਮ: ੧ ॥

ਸਿਦਕੁ ਸਬੂਰੀ (ਭਾਵ ਯਕੀਨ ਤੇ ਸੰਤੋਖ) ਸਾਦਿਕਾ (ਸਾਦਿਕਾਂ ਭਾਵ ਵਿਸ਼ਵਾਸ ਧਾਰੀਆਂ ਪਾਸ)); ਸਬਰੁ ਤੋਸਾ (ਤੋਸ਼ਾ ਭਾਵ ਰੱਜ ਰਾਹਦਾਰੀ) ਮਲਾਇਕਾਂ (ਭਾਵ ਗੁਰਮੁਖਾਂ ਪਾਸ) ॥ ਦੀਦਾਰੁ ਪੂਰੇ ਪਾਇਸਾ ; ਥਾਉ ਨਾਹੀ ਖਾਇਕਾ (ਥਾਉਂ ਨਾਹੀਂ ਖ਼ਾਇਕਾਂ ਭਾਵ ਗਪੌੜੂਆਂ ਨੂੰ) ॥੨॥

ਪਉੜੀ ॥

ਸਭ, ਆਪੇ ਤੁਧੁ ਉਪਾਇ ਕੈ ; ਆਪਿ ਕਾਰੈ ਲਾਈ ॥ ਤੂੰ ਆਪੇ ਵੇਖਿ, ਵਿਗਸਦਾ ; ਆਪਣੀ ਵਡਿਆਈ ॥ ਹਰਿ  ! ਤੁਧਹੁ (ਤੁਧੋਂ) ਬਾਹਰਿ ਕਿਛੁ ਨਾਹੀ (ਨਾਹੀਂ) ; ਤੂੰ ਸਚਾ ਸਾਈ (ਸੱਚਾ ਸਾਈਂ) ॥ ਤੂੰ ਆਪੇ+ਆਪਿ ਵਰਤਦਾ ; ਸਭਨੀ ਹੀ ਥਾਈ (ਸਭਨੀਂ ਹੀ ਥਾਈਂ) ॥ ਹਰਿ+ਤਿਸੈ (ਭਾਵ ‘ਤਿਸੈ+ਹਰਿ’ ਨੂੰ, ਕਰਮ ਕਾਰਕ) ਧਿਆਵਹੁ, ਸੰਤ ਜਨਹੁ  ! ਜੋ, ਲਏ ਛਡਾਈ ॥੨॥

ਸਲੋਕ, ਮ: ੧ ॥

ਫਕੜ (ਭਾਵ ਫੋਕੜ) ਜਾਤੀ, ਫਕੜੁ ਨਾਉ (ਨਾਉਂ)॥ ਸਭਨਾ ਜੀਆ (ਸਭਨਾਂ ਜੀਆਂ), ਇਕਾ ਛਾਉ (ਛਾਉਂ)॥ ਆਪਹੁ (ਆਪੋਂ), ਜੇ ਕੋ ਭਲਾ ਕਹਾਏ ॥ ਨਾਨਕ  ! ਤਾ (ਤਾਂ) ਪਰੁ ਜਾਪੈ ; ਜਾ (ਜਾਂ) ਪਤਿ, ਲੇਖੈ ਪਾਏ ॥੧॥

ਮ: ੨ ॥

ਜਿਸੁ ਪਿਆਰੇ ਸਿਉ ਨੇਹੁ (ਸਿਉਂ ਨੇਹ) ; ਤਿਸੁ ਆਗੈ, ਮਰਿ ਚਲੀਐ (ਚੱਲੀਐ)॥ ਧਿ੍ਰਗੁ ਜੀਵਣੁ ਸੰਸਾਰਿ ; ਤਾ ਕੈ ਪਾਛੈ, ਜੀਵਣਾ ॥੨॥

(ਨੋਟ: ਉਕਤ ਤੁਕ ’ਚ ਦਰਜ ‘ਤਾ ਕੈ ਪਾਛੈ’ ਨੂੰ ‘ਤਾਂ ਕੈ ਪਾਛੈ’ ਨਹੀਂ ਪੜ੍ਹਨਾ ਕਿਉਂਕਿ ਜਦ ‘ਤਾ’ ਤੇ ‘ਜਾ’ ਸ਼ਬਦ ਨਾਲ਼ ਸੰਬੰਧਕੀ ਸ਼ਬਦ ‘ਕੈ, ਕੇ’ ਆਦਿ ਹੋਣ ਤਾਂ ‘ਤਾਂ, ਜਾਂ’ ਬਿੰਦੀ ਸਹਿਤ ਨਹੀਂ ਉਚਾਰਨਾ। ‘ਤਾ ਕੈ ਪਾਛੈ’ ਦਾ ਅਰਥ ਹੈ: ਉਸ (ਪ੍ਰਭੂ) ਵੱਲ ਪਿੱਠ ਕਰਕੇ ਭਾਵ ‘ਤਾ’ ਇੱਕ ਵਚਨ ਪੜਨਾਂਵ ਹੈ ਪਰ ‘ਤਾਂ’ ਤੇ ‘ਜਾਂ’ ਦਾ ਅਰਥ ਹੈ: ‘ਤਦੋਂ, ਜਦੋਂ’ ਕਿਰਿਆ ਵਿਸ਼ੇਸ਼ਣ)

ਪਉੜੀ ॥

ਤੁਧੁ, ਆਪੇ ਧਰਤੀ ਸਾਜੀਐ ; ਚੰਦੁ+ਸੂਰਜੁ ਦੁਇ, ਦੀਵੇ ॥ ਦਸ+ਚਾਰਿ ਹਟ (ਹੱਟ), ਤੁਧੁ ਸਾਜਿਆ ; ਵਾਪਾਰੁ ਕਰੀਵੇ ॥ ਇਕਨਾ (ਇਕਨ੍ਾਂ) ਨੋ ਹਰਿ ਲਾਭੁ ਦੇਇ (ਦੇ+ਇ) ; ਜੋ, ਗੁਰਮੁਖਿ ਥੀਵੇ ॥ ਤਿਨ (ਤਿਨ੍ਹ), ਜਮਕਾਲੁ ਨ ਵਿਆਪਈ (ਵਿਆਪ+ਈ) ; ਜਿਨ (ਜਿਨ੍ਹ), ਸਚੁ ਅੰਮ੍ਰਿਤੁ ਪੀਵੇ ॥ ਓਇ ਆਪਿ ਛੁਟੇ ਪਰਵਾਰ ਸਿਉ (ਸਿਉਂ); ਤਿਨ (ਤਿਨ੍ਹ) ਪਿਛੈ, ਸਭੁ ਜਗਤੁ ਛੁਟੀਵੇ ॥੩॥

ਸਲੋਕ, ਮ: ੧ ॥

ਕੁਦਰਤਿ ਕਰਿ ਕੈ, ਵਸਿਆ ਸੋਇ ॥ ਵਖਤੁ ਵੀਚਾਰੇ, ਸੁ, ਬੰਦਾ ਹੋਇ ॥ ਕੁਦਰਤਿ ਹੈ, ਕੀਮਤਿ ਨਹੀ (ਨਹੀਂ) ਪਾਇ ॥ ਜਾ (ਜਾਂ), ਕੀਮਤਿ ਪਾਇ ; ਤ (ਤਂ), ਕਹੀ ਨ ਜਾਇ ॥ ਸਰੈ ਸਰੀਅਤਿ (ਸ਼ਰ੍ਹੈ ਸ਼ਰੀਅਤ), ਕਰਹਿ (ਕਰੈਂ) ਬੀਚਾਰੁ ॥ ਬਿਨੁ ਬੂਝੇ, ਕੈਸੇ ਪਾਵਹਿ (ਪਾਵਹਿਂ) ਪਾਰੁ  ? ॥ ਸਿਦਕੁ ਕਰਿ ਸਿਜਦਾ ; ਮਨੁ ਕਰਿ ਮਖਸੂਦੁ (ਭਾਵ ਮਕਸਦ, ਟੀਚਾ)॥ ਜਿਹ ਧਿਰਿ ਦੇਖਾ ; ਤਿਹ ਧਿਰਿ ਮਉਜੂਦੁ (ਮੌਜੂਦ)॥੧॥

ਮ: ੩ ॥

ਗੁਰ ਸਭਾ, ਏਵ ਨ ਪਾਈਐ  ? ਨਾ ਨੇੜੈ, ਨਾ ਦੂਰਿ ॥ ਨਾਨਕ  ! ਸਤਿਗੁਰੁ ਤਾਂ ਮਿਲੈ ; ਜਾ (ਜਾਂ), ਮਨੁ ਰਹੈ, ਹਦੂਰਿ (ਭਾਵ ਜੁੜਿਆ) ॥੨॥

ਪਉੜੀ ॥

ਸਪਤ (ਭਾਵ 7) ਦੀਪ, ਸਪਤ ਸਾਗਰਾ ; ਨਵ (ਭਾਵ 9) ਖੰਡ, ਚਾਰਿ ਵੇਦ, ਦਸ+ਅਸਟ (ਭਾਵ 18) ਪੁਰਾਣਾ ॥ ਹਰਿ  ! ਸਭਨਾ ਵਿਚਿ ਤੂੰ ਵਰਤਦਾ ; ਹਰਿ, ਸਭਨਾ ਭਾਣਾ ॥ ਸਭਿ, ਤੁਝੈ ਧਿਆਵਹਿ (ਧਿਆਵੈਂ) ਜੀਅ ਜੰਤ ; ਹਰਿ ਸਾਰਗਪਾਣਾ (ਸਾਰੰ+ਗਪਾਣਾ ਭਾਵ ਧਰਤੀ ਦਾ ਆਸਰਾ, ਰਿਜ਼ਕ ਦਾਤਾ) ॥ ਜੋ, ਗੁਰਮੁਖਿ ਹਰਿ ਆਰਾਧਦੇ ; ਤਿਨ (ਤਿਨ੍ਹ), ਹਉ (ਹੌਂ ) ਕੁਰਬਾਣਾ ॥ ਤੂੰ ਆਪੇ+ਆਪਿ ਵਰਤਦਾ ; ਕਰਿ ਚੋਜ ਵਿਡਾਣਾ (ਭਾਵ ਵਿਡੰਬਨ, ਅਸਚਰਜ) ॥੪॥

ਸਲੋਕ, ਮ: ੩ ॥

ਕਲਉ ਮਸਾਜਨੀ (ਭਾਵ ਕਲਮ ਤੇ ਦਵਾਤ), ਕਿਆ ਸਦਾਈਐ (ਭਾਵ ਕਿਉਂ ਮੰਗਵਾਈਏ) ? ਹਿਰਦੈ ਹੀ ਲਿਖਿ ਲੇਹੁ (ਲੇਹ) ॥ ਸਦਾ ਸਾਹਿਬ ਕੈ ਰੰਗਿ ਰਹੈ ; ਕਬਹੂੰ ਨ ਤੂਟਸਿ ਨੇਹੁ (ਨੇਹ)॥ ਕਲਉ ਮਸਾਜਨੀ ਜਾਇਸੀ ; ਲਿਖਿਆ ਭੀ, ਨਾਲੇ (ਨਾਲ਼ੇ) ਜਾਇ ॥ ਨਾਨਕ  ! ਸਹ (ਥੋੜ੍ਹਾ ‘ਸ਼ਾ’ ਵਾਙ) ਪ੍ਰੀਤਿ ਨ ਜਾਇਸੀ ; ਜੋ, ਧੁਰਿ ਛੋਡੀ, ਸਚੈ ਪਾਇ (ਭਾਵ ਜੋ, ਸਚੈ (ਨੇ) ਧੁਰਿ (ਤੋਂ) ਪਾਇ (ਕੇ) ਛੋਡੀ ਜਾਂ ਰੱਖੀ)॥੧॥

ਮ: ੩ ॥

ਨਦਰੀ ਆਵਦਾ (ਆਂਵਦਾ), ਨਾਲਿ ਨ ਚਲਈ (ਚੱਲ+ਈ); ਵੇਖਹੁ ਕੋ ਵਿਉਪਾਇ (ਭਾਵ ਯਕੀਨ ਕਰਕੇ)॥ ਸਤਿਗੁਰਿ, ਸਚੁ ਦ੍ਰਿੜਾਇਆ (ਦ੍ਰਿੜ੍ਹਾਇਆ) ; ਸਚਿ ਰਹਹੁ ਲਿਵ ਲਾਇ (ਭਾਵ ਸਚਿ (’ਚ) ਲਿਵ ਲਾਇ (ਕੇ) ਰਹਹੁ) ॥ ਨਾਨਕ  ! ਸਬਦੀ ਸਚੁ (ਸੱਚ, ਭਾਵ ਅੰਦਰੋਂ ‘ਸਚੁ’ ਮਿਲਦਾ) ਹੈ ; ਕਰਮੀ ਪਲੈ (ਪੱਲੈ) ਪਾਇ ॥੨॥

ਪਉੜੀ ॥

ਹਰਿ  ! ਅੰਦਰਿ+ਬਾਹਰਿ ਇਕੁ ਤੂੰ ; ਤੂੰ ਜਾਣਹਿ (ਜਾਣੈਂ) ਭੇਤੁ ॥ ਜੋ ਕੀਚੈ, ਸੋ, ਹਰਿ ਜਾਣਦਾ ; ਮੇਰੇ ਮਨ  ! ਹਰਿ ਚੇਤੁ ॥ ਸੋ ਡਰੈ, ਜਿ ਪਾਪ ਕਮਾਵਦਾ ; ਧਰਮੀ ਵਿਗਸੇਤੁ ॥ ਤੂੰ ਸਚਾ ਆਪਿ, ਨਿਆਉ (ਨਿਆਉਂ) ਸਚੁ ; ਤਾ (ਤਾਂ) ਡਰੀਐ ਕੇਤੁ  ? ॥ ਜਿਨਾ (ਜਿਨ੍ਹਾਂ), ਨਾਨਕ  ! ਸਚੁ ਪਛਾਣਿਆ ; ਸੇ, ਸਚਿ ਰਲੇਤੁ (ਰਲ਼ੇ+ਤ)॥੫॥

ਸਲੋਕ, ਮ: ੩ ॥

ਕਲਮ ਜਲਉ, ਸਣੁ ਮਸਵਾਣੀਐ (ਭਾਵ ਸਮੇਤ ਦਵਾਤ); ਕਾਗਦੁ ਭੀ ਜਲਿ (ਜਲ਼) ਜਾਉ ॥ ਲਿਖਣਵਾਲਾ ਜਲਿ ਬਲਉ (ਜਲ਼ ਬਲ਼ੌ) ; ਜਿਨਿ (ਜਿਨ੍ਹ), ਲਿਖਿਆ ਦੂਜਾ ਭਾਉ ॥ ਨਾਨਕ  ! ਪੂਰਬਿ ਲਿਖਿਆ ਕਮਾਵਣਾ ; ਅਵਰੁ ਨ ਕਰਣਾ ਜਾਇ ॥੧॥

ਮ: ੩ ॥

ਹੋਰੁ ਕੂੜੁ ਪੜਣਾ (ਪੜ੍ਹਣਾ), ਕੂੜੁ ਬੋਲਣਾ ; ਮਾਇਆ ਨਾਲਿ ਪਿਆਰੁ ॥ ਨਾਨਕ  ! ਵਿਣੁ ਨਾਵੈ (ਨਾਵੈਂ) ਕੋ ਥਿਰੁ ਨਹੀ (ਨਹੀਂ); ਪੜਿ ਪੜਿ ਹੋਇ ਖੁਆਰੁ (ਪੜ੍ਹ-ਪੜ੍ਹ ਹੋਇ ਖ਼ੁਆਰ) ॥੨॥

ਪਉੜੀ ॥

ਹਰਿ ਕੀ ਵਡਿਆਈ, ਵਡੀ (ਵੱਡੀ) ਹੈ ; ਹਰਿ ਕੀਰਤਨੁ ਹਰਿ ਕਾ ॥ ਹਰਿ ਕੀ ਵਡਿਆਈ, ਵਡੀ (ਵੱਡੀ) ਹੈ ; ਜਾ (ਜਾਂ), ਨਿਆਉ (ਨਿਆਉਂ) ਹੈ ਧਰਮ ਕਾ ॥ ਹਰਿ ਕੀ ਵਡਿਆਈ, ਵਡੀ (ਵੱਡੀ) ਹੈ ; ਜਾ (ਜਾਂ), ਫਲੁ (ਫਲ਼) ਹੈ ਜੀਅ (ਜੀ..) ਕਾ ॥ ਹਰਿ ਕੀ ਵਡਿਆਈ, ਵਡੀ (ਵੱਡੀ) ਹੈ, ਜਾ (ਜਾਂ), ਨ ਸੁਣਈ (ਸੁਣ+ਈ) ਕਹਿਆ ਚੁਗਲ (ਚੁਗ਼ਲ) ਕਾ ॥ ਹਰਿ ਕੀ ਵਡਿਆਈ, ਵਡੀ (ਵੱਡੀ) ਹੈ ; ਅਪੁਛਿਆ (ਅ+ਪੁੱਛਿਆ) ਦਾਨੁ ਦੇਵਕਾ ॥੬॥

ਸਲੋਕ, ਮ: ੩ ॥

ਹਉ ਹਉ (ਹੌਂ ਹੌਂ ) ਕਰਤੀ, ਸਭ ਮੁਈ ; ਸੰਪਉ (ਸੰਪੌ ਭਾਵ ਸੰਪਤੀ, ਦੌਲਤ), ਕਿਸੈ ਨ ਨਾਲਿ ॥ ਦੂਜੈ+ਭਾਇ, ਦੁਖੁ ਪਾਇਆ; ਸਭ, ਜੋਹੀ ਜਮਕਾਲਿ (ਨੇ, ਕਰਤਾ ਕਾਰਕ)॥ ਨਾਨਕ  ! ਗੁਰਮੁਖਿ ਉਬਰੇ ; ਸਾਚਾ ਨਾਮੁ ਸਮਾਲਿ (ਸੰਮ੍ਾਲ਼) ॥੧॥

ਮ: ੧ ॥

ਗਲਂੀ ਅਸੀ ਚੰਗੀਆ (ਗੱਲੀਂ ਅਸੀਂ ਚੰਗੀਆਂ) ; ਆਚਾਰੀ ਬੁਰੀਆਹ (ਬੁਰੀਆਂਹ)॥ ਮਨਹੁ ਕੁਸੁਧਾ ਕਾਲੀਆ (ਮਨੋਂ ਕੁਸ਼ੁੱਧਾਂ ਕਾਲੀਆਂ); ਬਾਹਰਿ ਚਿਟਵੀਆਹ (ਚਿਟਵੀਆਂਹ) ॥ ਰੀਸਾ ਕਰਿਹ ਤਿਨਾੜੀਆ (ਰੀਸਾਂ ਕਰਿਹਂ ਤਿਨ੍ਾੜੀਆਂ) ; ਜੋ, ਸੇਵਹਿ (ਸੇਵਹਿਂ) ਦਰੁ ਖੜੀਆਹ (ਖੜ੍ਹੀਆਂਹ) ॥ ਨਾਲਿ ਖਸਮੈ ਰਤੀਆ (ਰੱਤੀਆਂ) ; ਮਾਣਹਿ (ਮਾਣਹਿਂ) ਸੁਖਿ ਰਲੀਆਹ (ਰਲ਼ੀਆਂਹ) ॥ ਹੋਦੈ (ਹੋਂਦੈ) ਤਾਣਿ ਨਿਤਾਣੀਆ (ਨਿਤਾਣੀਆਂ) ; ਰਹਹਿ ਨਿਮਾਨਣੀਆਹ (ਰਹਹਿਂ ਨਿਮਾਨਣੀਆਂਹ) ॥ ਨਾਨਕ  ! ਜਨਮੁ ਸਕਾਰਥਾ ; ਜੇ, ਤਿਨ (ਤਿਨ੍ਹ) ਕੈ ਸੰਗਿ ਮਿਲਾਹ (‘ਮਿਲਾਹਂ’; ਨੋਟ: ਇਹ ਸ਼ਬਦ ‘ਮਿਲਹ’ ਤੋਂ ਬਣਿਆ ਹੈ: ਭਾਵ ਅਸੀਂ ਮਿਲੀਏ, ‘ਉੱਤਮ ਪੁਰਖ ਬਹੁ ਵਚਨ ਕਿਰਿਆ’) ॥੨॥

ਪਉੜੀ ॥

ਤੂੰ ਆਪੇ ਜਲੁ, ਮੀਨਾ ਹੈ (ਹੈਂ) ਆਪੇ ; ਆਪੇ ਹੀ ਆਪਿ ਜਾਲੁ (ਜਾਲ਼)॥ ਤੂੰ ਆਪੇ ਜਾਲੁ ਵਤਾਇਦਾ (ਜਾਲ਼ ਵਤਾਇੰਦਾ ਭਾਵ ਵਿਛਾਉਂਦਾ) ; ਆਪੇ ਵਿਚਿ ਸੇਬਾਲੁ (ਸ਼ੇਬਾਲ)॥ ਤੂੰ ਆਪੇ ਕਮਲੁ, ਅਲਿਪਤੁ ਹੈ (ਹੈਂ); ਸੈ ਹਥਾ (ਹੱਥਾਂ ਭਾਵ ਸੈਂਕੜੇ ਹੱਥ ਡੂੰਘੇ ਪਾਣੀ) ਵਿਚਿ ਗੁਲਾਲੁ ॥ ਤੂੰ ਆਪੇ ਮੁਕਤਿ ਕਰਾਇਦਾ (ਕਰਾਇੰਦਾ) ; ਇਕ ਨਿਮਖ ਘੜੀ, ਕਰਿ ਖਿਆਲੁ (ਖ਼ਿਆਲ)॥ ਹਰਿ  ! ਤੁਧਹੁ (ਤੁਧੋਂ) ਬਾਹਰਿ ਕਿਛੁ ਨਹੀ (ਨਹੀਂ) ; ਗੁਰ ਸਬਦੀ ਵੇਖਿ ਨਿਹਾਲੁ ॥੭॥

ਸਲੋਕ, ਮ: ੩ ॥

ਹੁਕਮੁ ਨ ਜਾਣੈ, ਬਹੁਤਾ ਰੋਵੈ ॥ ਅੰਦਰਿ ਧੋਖਾ, ਨੀਦ (ਨੀਂਦ) ਨ ਸੋਵੈ ॥ ਜੇ ਧਨ, ਖਸਮੈ ਚਲੈ ਰਜਾਈ (ਚੱਲੈ ਰਜ਼ਾਈ) ॥ ਦਰਿ+ਘਰਿ ਸੋਭਾ (ਸ਼ੋਭਾ), ਮਹਲਿ ਬੁਲਾਈ ॥ ਨਾਨਕ  ! ਕਰਮੀ ਇਹ ਮਤਿ ਪਾਈ ॥ ਗੁਰ ਪਰਸਾਦੀ, ਸਚਿ ਸਮਾਈ ॥੧॥

ਮ: ੩ ॥

ਮਨਮੁਖ ਨਾਮ ਵਿਹੂਣਿਆ ! ਰੰਗੁ ਕਸੁੰਭਾ ਦੇਖਿ, ਨ ਭੁਲੁ (ਭੁੱਲ)॥ ਇਸ ਕਾ ਰੰਗੁ ਦਿਨ ਥੋੜਿਆ (ਥੋੜ੍ਹਿਆ) ; ਛੋਛਾ ਇਸ ਦਾ ਮੁਲੁ (ਮੁੱਲ)॥ ਦੂਜੈ ਲਗੇ, ਪਚਿ ਮੁਏ ; ਮੂਰਖ ਅੰਧ ਗਵਾਰ ॥ ਬਿਸਟਾ ਅੰਦਰਿ ਕੀਟ ਸੇ ; ਪਇ ਪਚਹਿ (ਪਚਹਿਂ) ਵਾਰੋ-ਵਾਰ ॥ ਨਾਨਕ  ! ਨਾਮ ਰਤੇ (ਰੱਤੇ) ਸੇ ਰੰਗੁਲੇ ; ਗੁਰ ਕੈ ਸਹਜਿ ਸੁਭਾਇ ॥ ਭਗਤੀ ਰੰਗੁ ਨ ਉਤਰੈ ; ਸਹਜੇ ਰਹੈ ਸਮਾਇ ॥੨॥

ਪਉੜੀ ॥

ਸਿਸਟਿ (ਸਿਸ਼ਟਿ) ਉਪਾਈ ਸਭ ਤੁਧੁ, ਆਪੇ ਰਿਜਕੁ (ਰਿਜ਼ਕ) ਸੰਬਾਹਿਆ ॥ ਇਕਿ, ਵਲੁ+ਛਲੁ (ਵਲ਼-ਛਲ਼) ਕਰਿ ਕੈ ਖਾਵਦੇ (ਖਾਂਵਦੇ); ਮੁਹਹੁ (ਮੁਹੋਂ) ਕੂੜੁ ਕੁਸਤੁ ਤਿਨੀ (ਕੁਸੱਤ ਤਿਨ੍ਹੀਂ) ਢਾਹਿਆ ॥ ਤੁਧੁ ਆਪੇ ਭਾਵੈ, ਸੋ ਕਰਹਿ (ਕਰਹਿਂ) ; ਤੁਧੁ, ਓਤੈ ਕੰਮਿ, ਓਇ ਲਾਇਆ ॥ ਇਕਨਾ (ਇਕਨ੍ਾਂ) ਸਚੁ ਬੁਝਾਇਓਨੁ ; ਤਿਨਾ (ਤਿਨ੍ਹਾਂ), ਅਤੁਟ (ਅਤੁੱਟ) ਭੰਡਾਰ ਦੇਵਾਇਆ ॥ ਹਰਿ ਚੇਤਿ ਖਾਹਿ (ਖਾਂਹਿਂ), ਤਿਨਾ (ਤਿਨ੍ਹਾਂ) ਸਫਲੁ ਹੈ ; ਅਚੇਤਾ ਹਥ (ਅਚੇਤਾਂ ਹੱਥ) ਤਡਾਇਆ (ਭਾਵ ਅੱਡਾਇਆ, ਫੈਲਾਇਆ, ਤ੍ਰਿਸ਼ਨਾ ਅਧੀਨ ਸਦਾ ਮੰਗਤੇ ਬਣਾਏ)॥੮॥