Guru Granth Sahib (Page No. 50-54)

0
849

(ਪੰਨਾ 50-54)

(ਨੋਟ: ਗੁਰਬਾਣੀ ਲਿਖਤ ਅਨੁਸਾਰ, ਜੋ ਸ਼ਬਦ ਦੂਜਾ ਪੁਰਖ, ਇੱਕ ਵਚਨ (‘ੴ’ ਜਾਂ ‘ਗੁਰੂ’) ਨੂੰ ਸੰਬੋਧਨ ਰੂਪ ਮੰਨ ਕੇ ਦਰਜ ਕੀਤੇ ਗਏ ਹੋਣ ਭਾਵ ‘ੴ’ ਜਾਂ ‘ਗੁਰੂ’ ਦੇ ਰੂ-ਬਰੂ ਹੋ ਕੇ ਬੇਨਤੀ ਕੀਤੀ ਗਈ ਹੋਵੇ ਜਾਂ ਉਨ੍ਹਾਂ ਦੇ ਸਨਮੁਖ ਹੋ ਕੇ ਉਨ੍ਹਾਂ ਦੇ ਹੀ ਗੁਣਾਂ ਦਾ ਵਰਣਨ ਕੀਤਾ ਜਾ ਰਿਹਾ ਹੋਵੇ ਉਹ ਸ਼ਬਦ ‘ਸਿਮਰਨ’ ਰੂਪ ਅਖਵਾਉਂਦੇ ਹਨ ਅਤੇ ਜੋ ਸ਼ਬਦ ਦੂਜਾ ਪੁਰਖ, ਇੱਕ ਵਚਨ ‘ਮਨ, ਭਾਈ, ਬਾਬਾ, ਮਾਇ’ ਆਦਿ ਨੂੰ ਸੰਬੋਧਨ ਕਰਕੇ ਉਚਾਰੇ ਗਏ ਹੋਣ ਉਹ ਤਮਾਮ ਸ਼ਬਦ ਸਿੱਖਿਆ ਵਾਚਕ ਅਖਵਾਉਂਦੇ ਹਨ ਭਾਵ ਉਨ੍ਹਾਂ ਸ਼ਬਦਾਂ ਰਾਹੀਂ ਮਨੁੱਖ ਨੂੰ ਕੋਈ ਪ੍ਰੇਰਨਾ ਦਿੱਤੀ ਜਾਂਦੀ ਹੈ ਤੇ ਇਨ੍ਹਾਂ ਸ਼ਬਦਾਂ ’ਚ ‘ੴ’ ਜਾਂ ‘ਗੁਰੂ’ (ਲੁਪਤ ਜਾਂ ਪ੍ਰਗਟ) ਅਨ੍ਯ ਪੁਰਖ ਬਣ ਜਾਂਦੇ ਹਨ। ਇਸ ਲਈ ਹੇਠਾਂ ਦਿੱਤੇ ਜਾ ਰਹੇ ਤਮਾਮ ਸ਼ਬਦ ‘ਸਿਮਰਨ’ ਰੂਪ ਨਹੀਂ ਬਲਕਿ ‘ਸਿੱਖਿਆ’ ਰੂਪ ਹਨ ਕਿਉਂਕਿ ‘ਰਹਾਉ’ ਬੰਦ ’ਚ ‘ਮਨ, ਭਾਈ, ਬਾਬਾ’ ਆਦਿ ਨੂੰ ਸੰਬੋਧਨ ਕੀਤਾ ਗਿਆ ਹੈ।

ਗੁਰਬਾਣੀ ਲਿਖਤ ’ਚ ਕੁੱਝ ਸ਼ਬਦ ਅਜਿਹੇ ਵੀ ਬਾਰ-ਬਾਰ ਦਰਜ ਹਨ, ਜਿਨ੍ਹਾਂ ਦੀ ਸ਼ਬਦ ਬਣਤਰ ਦੇ ਭਿੰਨ-ਭਿੰਨ ਅਰਥ ਬਣਦੇ ਹਨ, ਇਸ ਲਈ ਉਨ੍ਹਾਂ ਦਾ ਉਚਾਰਨ ਵਿਸ਼ੇਸ਼ ਧਿਆਨ ਮੰਗਦਾ ਹੈ; ਜਿਵੇਂ:

(1). ‘ਬਿਨਾ ਤੇ ਬਿਨੈ’ ਦਾ ਅਰਥ ਹੈ: ‘ਬੇਨਤੀ’ ਤੇ ‘ਬਿਨਾਂ’ ਦਾ ਅਰਥ ਹੈ: ‘ਬਗ਼ੈਰ, ਰਹਿਤ’ ਆਦਿ। ਇਨ੍ਹਾਂ ਦੋਵੇਂ ਸ਼ਬਦਾਂ ਦੀ ਬਣਤਰ ਗੁਰਬਾਣੀ ’ਚ ਬਿੰਦੀ ਰਹਿਤ ਹੀ ਹੈ।

(2). ‘ਜਿਨ’ ਜਾਂ ਜਿੰਨ’ ਸ਼ਬਦ ਦਾ ਅਰਥ ਹੈ: ‘ਰਾਖਸ਼, ਦੈਂਤ’ (ਨਾਂਵ) ਤੇ ‘ਜਿਨ੍ਹ, ਜਿਨ੍ਹਾਂ, ਤਿਨ੍ਹ, ਤਿਨ੍ਹਾਂ’ ਆਦਿ ਸ਼ਬਦਾਂ ਦਾ ਅਰਥ ਹੈ: ‘ਉਹ, ਜਿਹੜੇ’ (ਪੜਨਾਂਵ) ਆਦਿ। ਇਨ੍ਹਾਂ ਸ਼ਬਦਾਂ ਦੇ ਪੈਰ ’ਚ ਅੱਧੇ ‘ਹ’ ਵਾਲ਼ਾ ਚਿੰਨ੍ਹ ਬਹੁਤ ਹੀ ਸੀਮਤ ਦਰਜ ਹੈ, ਹਰ ਜਗ੍ਹਾ ਵਿਸ਼ੇ ਪ੍ਰਸੰਗ ਅਨੁਸਾਰ ਆਪ ਦੀ ਦਰੁਸਤ ਉਚਾਰਨਾ ਹੋਵੇਗਾ।

(3). ‘ਸਰਨਾ’ ਦਾ ਅਰਥ ਹੈ: ਲੋੜ ਪੂਰੀ ਹੋਣੀ, ਮਨੋਰਥ ਸਫਲ ਹੋਣਾ ਤੇ ‘ਸ਼ਰਨਾ’ ਦਾ ਅਰਥ ਹੈ: ਸ਼ਰਨ ਆਉਣਾ, ਕਿਸੇ ਦੇ ਦਰ ਉੱਤੇ ਡਿੱਗਣਾ। ਇਹ ਸ਼ਬਦ ਗੁਰਬਾਣੀ ’ਚ 23 ਵਾਰ ਬਿੰਦੀ ਰਹਿਤ ਹੀ ਦਰਜ ਹੈ। ਇਸ ਸ਼ਬਦ ਦੇ ਹੋਰ ਵੀ ਕਈ ਰੂਪ ਦਰਜ ਹਨ; ਜਿਵੇਂ ਕਿ ‘ਸਰਣ, ਸਰਣਈ, ਸਰਣਾਇ, ਸਰਣਾਇਆ, ਸਰਣਾਈ, ਸਰਣਾਗਤਿ, ਸਰਣਾਗਤੀ, ਸਰਣੀ’ ਆਦਿ, ਜਿਨ੍ਹਾਂ ਦਾ ਉਚਾਰਨ ਵਿਸ਼ੇਸ਼ ਧਿਆਨ ਮੰਗਦਾ ਹੈ।

(4). ‘ਨਾਲਿ’, ਵੇਲਾ, ਕੋਲਿ’ ਆਦਿ ਸ਼ਬਦਾਂ ਦਾ ਉਚਾਰਨ ‘ਨਾਲ਼, ਵੇਲ਼ਾ, ਕੋਲ਼’ ਦਰੁਸਤ ਹੈ, ਆਦਿ।)

ਸਿਰੀ ਰਾਗੁ, ਮਹਲਾ ੫ ॥

ਤਿਚਰੁ ਵਸਹਿ (ਵਸਹਿਂ) ਸੁਹੇਲੜੀ ; ਜਿਚਰੁ ਸਾਥੀ ਨਾਲਿ (ਨਾਲ਼)॥ ਜਾ (ਜਾਂ), ਸਾਥੀ ਉਠੀ (ਉੱਠੀ) ਚਲਿਆ ; ਤਾ (ਤਾਂ), ਧਨ ਖਾਕੂ (ਖ਼ਾਕੂ) ਰਾਲਿ ॥੧॥ ਮਨਿ ਬੈਰਾਗੁ ਭਇਆ ; ਦਰਸਨੁ (ਦਰਸ਼ਨ) ਦੇਖਣੈ ਕਾ ਚਾਉ ॥ ਧੰਨੁ ਸੁ ਤੇਰਾ ਥਾਨੁ ॥੧॥ ਰਹਾਉ ॥ ਜਿਚਰੁ ਵਸਿਆ ਕੰਤੁ ਘਰਿ ; ਜੀਉ ਜੀਉ ਸਭਿ ਕਹਾਤਿ ॥ ਜਾ (ਜਾਂ), ਉਠੀ (ਉੱਠੀ) ਚਲਸੀ ਕੰਤੜਾ ; ਤਾ (ਤਾਂ), ਕੋਇ ਨ ਪੁਛੈ, ਤੇਰੀ ਬਾਤ ॥੨॥ ਪੇਈਅੜੈ ਸਹੁ (ਸ਼ਾ) ਸੇਵਿ ਤੂੰ ; ਸਾਹੁਰੜੈ ਸੁਖਿ ਵਸੁ ॥ ਗੁਰ ਮਿਲਿ, ਚਜੁ ਅਚਾਰੁ ਸਿਖੁ ; ਤੁਧੁ ਕਦੇ ਨ ਲਗੈ ਦੁਖੁ ॥੩॥ ਸਭਨਾ ਸਾਹੁਰੈ ਵੰਞਣਾ ; ਸਭਿ ਮੁਕਲਾਵਣਹਾਰ ॥ ਨਾਨਕ ! ਧੰਨੁ ਸੋਹਾਗਣੀ ; ਜਿਨ ਸਹ (ਜਿਨ੍ਹ ਸ਼ਾ) ਨਾਲਿ ਪਿਆਰੁ ॥੪॥੨੩॥੯੩॥

(ਨੋਟ: ਉਕਤ ਤੀਸਰੇ ਬੰਦ ’ਚ ‘ਸਹੁ’ ਤੇ ਚੌਥੇ ’ਚ ‘ਸਹ’ ਸ਼ਬਦ ਦਰਜ ਹਨ ਕਿਉਂਕਿ ਚੌਥੇ ਬੰਦ ’ਚ ‘ਸਹ’ (ਅੰਤ ਮੁਕਤਾ) ਦਾ ਕਾਰਨ ‘ਨਾਲਿ’ ਸੰਬੰਧਕੀ ਚਿੰਨ੍ਹ ਦਾ ਦਰਜ ਹੋਣਾ ਹੈ, ਨਹੀਂ ਤਾਂ ਇੱਥੇ ਵੀ ‘ਸਹੁ’ (ਅੰਤ ਔਂਕੜ, ਇੱਕ ਵਚਨ ਪੁਲਿੰਗ) ਸਰੂਪ ਹੀ ਹੋਣਾ ਸੀ, ਇਸ ਲਈ ਦੋਵੇਂ ਸ਼ਬਦਾਂ ਦਾ ਉਚਾਰਨ ਇੱਕ ਬਰਾਬਰ ‘ਸ਼ਾ’ (ਥੋੜਾ ‘ਸ਼ਾਹ’ ਵਾਙ) ਹੀ ਦਰੁਸਤ ਹੋਵੇਗਾ, ਕਿਉਂਕਿ ਫ਼ਾਰਸੀ (ਨਾਂਵ) ਸ਼ਬਦਾਂ ਦਾ ਅੰਤ ‘ਹ’ ਆਮ ਤੌਰ ’ਤੇ ਕੰਨਾ ਧੁੰਨੀ ’ਚ ਆ ਜਾਂਦਾ ਹੈ; ਜਿਵੇਂ ਕਿ: ‘ਖ਼ਾਲਸਹ’ ਤੋਂ ਖ਼ਾਲਸਾ, ਦਰਗਹ ਤੋਂ ਦਰਗਾ’ ਆਦਿ।

ਕੁੱਝ ਸੱਜਣ ‘ਸਹੁ’ ਦਾ ਉਚਾਰਨ ‘ਸ਼ੌਹ’ ਕਰਦੇ ਵੇਖੇ ਜਾਂਦੇ ਹਨ ਕਿਉਂਕਿ ਫ਼ਾਰਸੀ ’ਚ ‘ਸ਼ੌਹ’ (ਸ਼ੌਹਰ) ਦਾ ਅਰਥ ਵੀ ‘ਪਤੀ, ਖਸਮ’ ਹੁੰਦਾ ਹੈ ਪਰ ਗੁਰਬਾਣੀ ਲਿਖਤ ਅਨੁਸਾਰ ਇਹ ਉਚਾਰਨ (ਨਿਯਮ) ਦਰੁਸਤ ਨਹੀਂ ਕਿਉਂਕਿ ਕਿਸੇ ਸ਼ਬਦ ਦਾ ਅਖੀਰਲਾ ‘ਉ’, ਆਪਣੇ ਪਹਿਲੇ ਅੱਖਰ ਉੱਪਰ (ਅਗਰ ਉਹ ਮੁਕਤਾ ਹੋਵੇ ਤਾਂ) ਕਨੌੜੇ ਦੀ ਧੁਨੀ ਦੇਂਦਾ ਹੈ; ਜਿਵੇਂ ਕਿ: ‘ਕਰਉ’ ਤੋਂ ‘ਕਰੌਂ’, ‘ਗਾਵਉ’ ਤੋਂ ਗਾਵੌਂ, ‘ਹਉ’ ਤੋਂ ‘ਹੌਂ’’ ਆਦਿ ਪਰ ਕਿਸੇ ਸ਼ਬਦ ਦਾ ਅਖੀਰਲਾ ‘ਹੁ’, ਆਪਣੇ ਤੋਂ ਪਹਿਲੇ ਅੱਖਰ ਉੱਤੇ (ਅਗਰ ਉਹ ਮੁਕਤਾ ਹੈ ਤਾਂ ਉਕਤ ‘ਉ’ ਵਾਙ) ਕਨੌੜੇ ਦੀ ਧੁਨੀ ਨਹੀਂ ਬਲਕਿ ਹੋੜੇ ਦੀ ਧੁਨੀ ਦਿੰਦਾ ਹੈ; ਜਿਵੇਂ: ‘ਗਾਵਹੁ’ ਤੋਂ ‘ਗਾਵੋ’, ‘ਜਾਵਹੁ’ ਤੋਂ ‘ਜਾਵੋ’ ਆਦਿ, ਇਸ ਲਈ ‘ਸਹੁ’ ਦਾ ਉਚਾਰਨ ‘ਸ਼ੌਹ’ ਨਹੀਂ ਹੋ ਸਕਦਾ।

ਗੁਰਬਾਣੀ ’ਚ ਦਰਜ ‘ਸਹੁ’ (82 ਵਾਰ, ਇੱਕ ਵਚਨ ਪੁਲਿੰਗ), ‘ਸਹ’ (46 ਵਾਰ, ਸੰਬੋਧਨ) ਤੇ ‘ਸਹਿ’ (15 ਵਾਰ, ਕਰਤਾ ਕਾਰਕ) ਦਾ ਉਚਾਰਨ ‘ਸ਼ਾ’ (ਥੋੜਾ ‘ਸ਼ਾਹ’ ਵਾਙ) ਹੀ ਦਰੁਸਤ ਹੋਵੇਗਾ।

ਧਿਆਨ ਦੇਣ ਯੋਗ ਨੁਕਤੇ

(1). ਗੁਰਬਾਣੀ ’ਚ ਦਰਜ ‘ਸਹਿ’ ਦਾ ਅਰਥ ਹੈ: ‘ਗੁਰੂ ਸ਼ਾਹ ਨੇ’ ਜਾਂ ‘ੴ’ ਪਾਤਿਸ਼ਾਹ ਨੇ’ (ਭਾਵ ਕਰਤਾ ਕਾਰਨ ਇੱਕ ਵਚਨ) ਤੇ ਉਚਾਰਨ ਹੈ: ‘ਸ਼ਾ’; ਜਿਵੇਂ:

ਪ੍ਰੇਮ ਪਟੋਲਾ ‘ਤੈ ਸਹਿ’ (ਤੁਸੀਂ ‘ੴ’ ਸ਼ਾਹ ਨੇ) ਦਿਤਾ; ਢਕਣ ਕੂ ਪਤਿ ਮੇਰੀ ॥ (ਮ: ੫/੫੨੦)

‘ਸਹਿ’ (ਨਾਨਕ ਸ਼ਾਹ ਨੇ, ਗੁਰੂ ਅੰਗਦ ਨੂੰ) ਟਿਕਾ ਦਿਤੋਸੁ; ਜੀਵਦੈ ॥ (ਬਲਵੰਡ ਸਤਾ/੯੬੬)

ਜੋਤਿ ਓਹਾ, ਜੁਗਤਿ ਸਾਇ; ‘ਸਹਿ’ (ਨਾਨਕ ਸ਼ਾਹ ਨੇ) ਕਾਇਆ ਫੇਰਿ ਪਲਟੀਐ ॥ (ਬਲਵੰਡ ਸਤਾ/੯੬੬) ਆਦਿ।

ਪਰ ਗੁਰਬਾਣੀ ’ਚ 3 ਵਾਰ ‘ਸਹਿ’ ਸ਼ਬਦ ਦਾ ਅਰਥ ‘ਸ਼ਾਹ ਨੇ’ (ਕਰਤਾ ਕਾਰਕ) ਨਹੀਂ ਬਲਕਿ ‘ਸਹਾਰ ਕੇ’ (ਕਿਰਿਆ ਵਿਸ਼ੇਸ਼ਣ) ਹੈ ਤੇ ਉਚਾਰਨ ਹੈ: ‘ਸਹ’; ਕਿਉਂਕਿ ਅੰਤ ਸਿਹਾਰੀ ਕਿਰਿਆ ਵਿਸ਼ਸ਼ਣ ਦਾ ਪ੍ਰਤੀਕ ਹੈ, ਨਾ ਕਿ ਉਚਾਰਨ ਦਾ ਭਾਗ; ਜਿਵੇਂ ਕਿ ਹੇਠਾਂ ਦਿੱਤੇ ਸ਼ਬਦ ‘ਸੁਣਿ’ ਤੇ ‘ਸੁਨਿ’ (ਕਿਰਿਆ ਵਿਸ਼ੇਸ਼ਣ) ਹਨ:

‘ਸੁਣਿ’ (ਕੇ), ਵਡਾ ਆਖੈ ਸਭੁ ਕੋਇ ॥ (ਸੋ ਦਰੁ ਆਸਾ)

‘ਸੁਨਿ’ (ਕੇ), ਅੰਧਾ ਕੈਸੇ ਮਾਰਗੁ ਪਾਵੈ ? ॥ ਸੁਖਮਨੀ (ਮ: ੫/੨੬੭) ਆਦਿ।

ਇਸ ਤਰ੍ਹਾਂ ਹੀ ਸ਼ਬਦ ‘ਸਹਿ’ (ਕਿਰਿਆ ਵਿਸ਼ੇਸ਼ਣ) ਹੈ; ਜਿਵੇਂ:

ਮਿਰਗੁ ਮਰੈ; ‘ਸਹਿ’ (ਸਹਾਰ ਕੇ) ਅਪੁਨਾ ਕੀਨਾ ॥ (ਮ: ੧/੨੨੫)

ਸਨਮੁਖ ‘ਸਹਿ’ (ਸਹਾਰ ਕੇ) ਬਾਨ, ਸਨਮੁਖ ‘ਸਹਿ’ (ਸਹਾਰ ਕੇ) ਬਾਨ ਹੇ; ਮ੍ਰਿਗ ਅਰਪੇ ਮਨ ਤਨ ਪ੍ਰਾਨ ਹੇ; ਓਹੁ ਬੇਧਿਓ ਸਹਜ ਸਰੋਤ ॥ (ਮ: ੫/੪੬੨) ਇਸ ਲਈ ਇਸ ‘ਸਹਿ’ ਦਾ ਉਚਾਰਨ ‘ਸਹ’ ਹੋਵੇਗਾ।

(2). ਉਕਤ ਕੀਤੀ ਗਈ ਵਿਚਾਰ ਮੁਤਾਬਕ ‘ਸਹੁ’ (82 ਵਾਰ) ਦਾ ਅਰਥ ਹੈ: ‘ਗੁਰੂ’ ਸ਼ਾਹ ਜਾਂ ‘ੴ’ ਪਾਤਿਸ਼ਾਹ ਤੇ ਉਚਾਰਨ ਹੈ: ‘ਸ਼ਾ’ ਪਰ ਇਹੀ ‘ਸਹੁ’ ਬਣਤਰ 6 ਵਾਰ ਹੋਰ ਜਗ੍ਹਾ ਵੀ ਦਰਜ ਹੈ, ਜਿਸ ਦਾ ਅਰਥ ਹੈ: ‘ਸਹਾਰ’ (ਭਾਵ ਹੁਕਮੀ ਭਵਿੱਖ ਕਾਲ ਕਿਰਿਆ) ਤੇ ਉਚਾਰਨ ਹੈ: ‘ਸਹ’, ਇਸ ਸ਼ਬਦ ਦਾ ਅੰਤ ਔਂਕੜ ਵੀ ਉਚਾਰਨ ਦਾ ਭਾਗ ਨਹੀਂ; ਜਿਵੇਂ:

(1). ਆਗਿਆ ਸਤਿ ‘ਸਹੁ’ (ਸਹਾਰਦਾ) ਹਾਂ ॥ (ਮ: ੫/੪੧੦)

(2). ‘ਸਹੁ’ (ਸਹਾਰ) ਵੇ ਜੀਆ! ਅਪਣਾ ਕੀਆ ॥ ਆਸਾ ਕੀ ਵਾਰ (ਮ: ੧/੪੬੭)

(3). ਕਿਰਤ ਕਮਾਣੇ ਦੁਖ ‘ਸਹੁ’ (ਸਹਾਰ) ਪਰਾਣੀ! ਅਨਿਕ ਜੋਨਿ ਭ੍ਰਮਾਇਆ ॥ (ਮ: ੫/੫੪੬)

(4). ਏਹੁ ਮਨੁ ਅਵਗਣਿ ਬਾਧਿਆ; ‘ਸਹੁ’ (ਸਹਾਰ) ਦੇਹ ਸਰੀਰੈ (ਉੱਤੇ)॥ (ਮ: ੧/੧੦੧੨)

(5). ਕਿਸ ਕਉ ਦੋਸੁ ਦੇਹਿ ਤੂ ? ਪ੍ਰਾਣੀ ! ‘ਸਹੁ’ (ਸਹਾਰ) ਅਪਣਾ ਕੀਆ ਕਰਾਰਾ ਹੇ ॥ (ਮ: ੧/੧੦੩੦)

(6). ਘੜੀ ਚਸੇ ਕਾ ਲੇਖਾ ਲੀਜੈ; ਬੁਰਾ ਭਲਾ ‘ਸਹੁ’ (ਸਹਾਰ) ਜੀਆ (ਹੇ ਜੀਵ) ! ॥ ਮ: ੧/੧੧੧੦)

ਸਿਰੀ ਰਾਗੁ ਮਹਲਾ ੫, ਘਰੁ ੬ ॥

ਕਰਣ ਕਾਰਣ ਏਕੁ ਓਹੀ ; ਜਿਨਿ (ਜਿਨ੍ਹ) ਕੀਆ ਆਕਾਰੁ ॥ ਤਿਸਹਿ (ਤਿਸ੍ਹੈ) ਧਿਆਵਹੁ, ਮਨ ਮੇਰੇ ! ਸਰਬ ਕੋ ਆਧਾਰੁ ॥੧॥ ਗੁਰ ਕੇ ਚਰਨ, ਮਨ ਮਹਿ ਧਿਆਇ ॥ ਛੋਡਿ ਸਗਲ ਸਿਆਣਪਾ (ਸਿਆਣਪਾਂ); ਸਾਚਿ ਸਬਦਿ ਲਿਵ ਲਾਇ ॥੧॥ ਰਹਾਉ ॥ ਦੁਖੁ ਕਲੇਸੁ (ਕਲੇਸ਼) ਨ ਭਉ ਬਿਆਪੈ; ਗੁਰ ਮੰਤ੍ਰੁ ਹਿਰਦੈ ਹੋਇ ॥ ਕੋਟਿ ਜਤਨਾ ਕਰਿ ਰਹੇ ; ਗੁਰ ਬਿਨੁ, ਤਰਿਓ ਨ ਕੋਇ ॥੨॥ ਦੇਖਿ ਦਰਸਨੁ (ਦਰਸ਼ਨ), ਮਨੁ ਸਾਧਾਰੈ ; ਪਾਪ ਸਗਲੇ ਜਾਹਿ (ਜਾਹਿਂ) ॥ ਹਉ (ਹੌਂ), ਤਿਨ ਕੈ ਬਲਿਹਾਰਣੈ ; ਜਿ ਗੁਰ ਕੀ ਪੈਰੀ ਪਾਹਿ (ਪੈਰੀਂ ਪਾਹਿਂ) ॥੩॥ ਸਾਧ ਸੰਗਤਿ ਮਨਿ ਵਸੈ ; ਸਾਚੁ ਹਰਿ ਕਾ ਨਾਉ (ਨਾਉਂ)॥ ਸੇ ਵਡਭਾਗੀ, ਨਾਨਕਾ ! ਜਿਨਾ (ਜਿਨ੍ਹਾਂ) ਮਨਿ, ਇਹੁ (ਇਹ) ਭਾਉ ॥੪॥੨੪॥੯੪॥

ਸਿਰੀ ਰਾਗੁ, ਮਹਲਾ ੫ ॥

ਸੰਚਿ ਹਰਿ ਧਨੁ, ਪੂਜਿ ਸਤਿਗੁਰੁ ; ਛੋਡਿ ਸਗਲ ਵਿਕਾਰ ॥ ਜਿਨਿ (ਜਿਨ੍ਹ), ਤੂੰ ਸਾਜਿ ਸਵਾਰਿਆ ; ਹਰਿ ਸਿਮਰਿ, ਹੋਇ ਉਧਾਰੁ ॥੧॥ ਜਪਿ ਮਨ ! ਨਾਮੁ ਏਕੁ ਅਪਾਰੁ ॥ ਪ੍ਰਾਨ ਮਨੁ ਤਨੁ ਜਿਨਹਿ (ਜਿਨ੍ਹੈ) ਦੀਆ ; ਰਿਦੇ ਕਾ ਆਧਾਰੁ ॥੧॥ ਰਹਾਉ ॥ ਕਾਮਿ ਕ੍ਰੋਧਿ ਅਹੰਕਾਰਿ ਮਾਤੇ (ਮਾੱਤੇ); ਵਿਆਪਿਆ ਸੰਸਾਰੁ ॥ ਪਉ ਸੰਤ ਸਰਣੀ (ਸ਼ਰਣੀ), ਲਾਗੁ ਚਰਣੀ; ਮਿਟੈ ਦੂਖੁ ਅੰਧਾਰੁ ॥੨॥ ਸਤੁ ਸੰਤੋਖੁ ਦਇਆ ਕਮਾਵੈ ; ਏਹ ਕਰਣੀ ਸਾਰ ॥ ਆਪੁ ਛੋਡਿ, ਸਭ ਹੋਇ ਰੇਣਾ ; ਜਿਸੁ ਦੇਇ ਪ੍ਰਭੁ ਨਿਰੰਕਾਰੁ ॥੩॥ ਜੋ ਦੀਸੈ, ਸੋ ਸਗਲ ਤੂੰ ਹੈ (ਹੈਂ); ਪਸਰਿਆ ਪਾਸਾਰੁ ॥ ਕਹੁ ਨਾਨਕ ! ਗੁਰਿ, ਭਰਮੁ ਕਾਟਿਆ (ਕਾੱਟਿਆ); ਸਗਲ ਬ੍ਰਹਮ ਬੀਚਾਰੁ ॥੪॥੨੫॥੯੫॥

ਸਿਰੀ ਰਾਗੁ, ਮਹਲਾ ੫ ॥

ਦੁਕ੍ਰਿਤ ਸੁਕ੍ਰਿਤ ਮੰਧੇ, ਸੰਸਾਰੁ ਸਗਲਾਣਾ ॥ ਦੁਹਹੂੰ ਤੇ ਰਹਤ, ਭਗਤੁ ਹੈ ; ਕੋਈ ਵਿਰਲਾ ਜਾਣਾ ॥੧॥ ਠਾਕੁਰੁ ਸਰਬੇ ਸਮਾਣਾ ॥ ਕਿਆ ਕਹਉ (ਕਹੌਂ), ਸੁਣਉ (ਸੁਣਉਂ, ਸੁਣੌਂ) ? ਸੁਆਮੀ ! ਤੂੰ ਵਡ ਪੁਰਖੁ ਸੁਜਾਣਾ ॥੧॥ ਰਹਾਉ ॥ ਮਾਨ ਅਭਿਮਾਨ ਮੰਧੇ ; ਸੋ, ਸੇਵਕੁ ਨਾਹੀ (ਨਾਹੀਂ) ॥ ਤਤ ਸਮਦਰਸੀ, ਸੰਤਹੁ ! ਕੋਈ, ਕੋਟਿ ਮੰਧਾਹੀ (ਮੰਧਾਹੀਂ)॥੨॥ ਕਹਨ ਕਹਾਵਨ, ਇਹੁ (ਇਹ) ਕੀਰਤਿ ਕਰਲਾ ॥ ਕਥਨ ਕਹਨ ਤੇ ਮੁਕਤਾ ; ਗੁਰਮੁਖਿ ਕੋਈ ਵਿਰਲਾ ॥੩॥ ਗਤਿ ਅਵਿਗਤਿ ; ਕਛੁ ਨਦਰਿ ਨ ਆਇਆ ॥ ਸੰਤਨ ਕੀ ਰੇਣੁ, ਨਾਨਕ ! ਦਾਨੁ ਪਾਇਆ ॥੪॥੨੬॥੯੬॥

ਸਿਰੀ ਰਾਗੁ, ਮਹਲਾ ੫, ਘਰੁ ੭ ॥

ਤੇਰੈ ਭਰੋਸੈ (‘ਸੈ’ ਨੂੰ ‘ਸੇ’ ਨਹੀਂ), ਪਿਆਰੇ ! ਮੈ (ਮੈਂ) ਲਾਡ ਲਡਾਇਆ ॥ ਭੂਲਹਿ ਚੂਕਹਿ (ਭੂਲੈਂ ਚੂਕਹਿਂ) ਬਾਰਿਕ ; ਤੂੰ ਹਰਿ ! ਪਿਤਾ-ਮਾਇਆ ॥੧॥ ਸੁਹੇਲਾ ਕਹਨੁ ਕਹਾਵਨੁ ॥ ਤੇਰਾ ਬਿਖਮੁ ਭਾਵਨੁ (ਭਾਵ ਭਾਣਾ)॥੧॥ ਰਹਾਉ ॥ ਹਉ (ਹਉਂ), ਮਾਣੁ ਤਾਣੁ ਕਰਉ (ਕਰਉਂ) ਤੇਰਾ ; ਹਉ ਜਾਨਉ (ਹੌਂ ਜਾਣਉਂ) ਆਪਾ ॥ ਸਭ ਹੀ ਮਧਿ, ਸਭਹਿ (ਸਭ੍ਹੈ) ਤੇ ਬਾਹਰਿ ; ਬੇਮੁਹਤਾਜ ਬਾਪਾ ॥੨॥ ਪਿਤਾ ! ਹਉ ਜਾਨਉ ਨਾਹੀ (ਹਉਂ ਜਾਣਉਂ ਨਾਹੀਂ) ; ਤੇਰੀ ਕਵਨ ਜੁਗਤਾ ? ॥ ਬੰਧਨ ਮੁਕਤੁ, ਸੰਤਹੁ ! ਮੇਰੀ ਰਾਖੈ ਮਮਤਾ ॥੩॥ ਭਏ ਕਿਰਪਾਲ ਠਾਕੁਰ ; ਰਹਿਓ ਆਵਣ ਜਾਣਾ ॥ ਗੁਰ ਮਿਲਿ, ਨਾਨਕ ! ਪਾਰਬ੍ਰਹਮੁ ਪਛਾਣਾ ॥੪॥੨੭॥੯੭॥

ਸਿਰੀ ਰਾਗੁ, ਮਹਲਾ ੫, ਘਰੁ ੧ ॥

ਸੰਤ ਜਨਾ ਮਿਲਿ ਭਾਈਆ (ਭਾਈਆਂ) ; ਕਟਿਅੜਾ (ਕੱਟਿਅੜਾ) ਜਮਕਾਲੁ ॥ ਸਚਾ ਸਾਹਿਬੁ, ਮਨਿ ਵੁਠਾ ; ਹੋਆ ਖਸਮੁ ਦਇਆਲੁ ॥ ਪੂਰਾ ਸਤਿਗੁਰੁ ਭੇਟਿਆ ; ਬਿਨਸਿਆ ਸਭੁ ਜੰਜਾਲੁ ॥੧॥ ਮੇਰੇ ਸਤਿਗੁਰਾ ! ਹਉ (ਹਉਂ), ਤੁਧੁ ਵਿਟਹੁ (ਵਿਟ੍ਹੋਂ) ਕੁਰਬਾਣੁ ॥ ਤੇਰੇ ਦਰਸਨ (ਦਰਸ਼ਨ) ਕਉ ਬਲਿਹਾਰਣੈ ; ਤੁਸਿ ਦਿਤਾ (ਦਿੱਤਾ) ਅੰਮ੍ਰਿਤ ਨਾਮੁ ॥੧॥ ਰਹਾਉ ॥ ਜਿਨ (ਜਿਨ੍ਹ), ਤੂੰ ਸੇਵਿਆ ਭਾਉ ਕਰਿ ; ਸੇਈ ਪੁਰਖ ਸੁਜਾਨ ॥ ਤਿਨਾ (ਤਿਨ੍ਹਾਂ) ਪਿਛੈ ਛੁਟੀਐ; ਜਿਨ (ਜਿਨ੍ਹ) ਅੰਦਰਿ ਨਾਮੁ ਨਿਧਾਨੁ ॥ ਗੁਰ ਜੇਵਡੁ ਦਾਤਾ, ਕੋ ਨਹੀ (ਨਹੀਂ); ਜਿਨਿ ਦਿਤਾ (ਜਿਨ੍ਹ ਦਿੱਤਾ) ਆਤਮ ਦਾਨੁ ॥੨॥ ਆਏ ਸੇ ਪਰਵਾਣੁ ਹਹਿ (ਹੈਂ); ਜਿਨ (ਜਿਨ੍ਹ), ਗੁਰੁ ਮਿਲਿਆ ਸੁਭਾਇ ॥ ਸਚੇ ਸੇਤੀ ਰਤਿਆ (ਰੱਤਿਆਂ); ਦਰਗਹ (ਦਰਗ੍ਾ) ਬੈਸਣੁ ਜਾਇ ॥ ਕਰਤੇ ਹਥਿ ਵਡਿਆਈਆ (ਹੱਥ ਵਡਿਆਈਆਂ); ਪੂਰਬਿ ਲਿਖਿਆ ਪਾਇ ॥੩॥ ਸਚੁ ਕਰਤਾ, ਸਚੁ ਕਰਣਹਾਰੁ ; ਸਚੁ ਸਾਹਿਬੁ, ਸਚੁ ਟੇਕ ॥ ਸਚੋ ਸਚੁ ਵਖਾਣੀਐ ; ਸਚੋ ਬੁਧਿ ਬਿਬੇਕ ॥ ਸਰਬ ਨਿਰੰਤਰਿ ਰਵਿ ਰਹਿਆ ; ਜਪਿ, ਨਾਨਕ ! ਜੀਵੈ ਏਕ ॥੪॥੨੮॥੯੮॥

ਸਿਰੀ ਰਾਗੁ, ਮਹਲਾ ੫ ॥

ਗੁਰੁ ਪਰਮੇਸੁਰੁ ਪੂਜੀਐ ; ਮਨਿ ਤਨਿ ਲਾਇ ਪਿਆਰੁ ॥ ਸਤਿਗੁਰੁ ਦਾਤਾ ਜੀਅ (ਜੀ..) ਕਾ ; ਸਭਸੈ ਦੇਇ (ਦੇ+ਇ) ਅਧਾਰੁ ॥ ਸਤਿਗੁਰ ਬਚਨ ਕਮਾਵਣੇ ; ਸਚਾ ਏਹੁ (ਏਹ) ਵੀਚਾਰੁ ॥ ਬਿਨੁ ਸਾਧੂ ਸੰਗਤਿ ਰਤਿਆ (ਰੱਤਿਆਂ); ਮਾਇਆ ਮੋਹੁ ਸਭੁ ਛਾਰੁ (ਭਾਵ ਵਿਅਰਥ ਮੋਹ, ਮਨੁੱਖ ਉੱਤੇ ਪ੍ਰਭਾਵ ਪਾਉਂਦੈ)॥੧॥ ਮੇਰੇ ਸਾਜਨ ! ਹਰਿ ਹਰਿ ਨਾਮੁ ਸਮਾਲਿ (ਸਮ੍ਹਾਲ਼)॥ ਸਾਧੂ ਸੰਗਤਿ ਮਨਿ ਵਸੈ ; ਪੂਰਨ ਹੋਵੈ ਘਾਲ (ਘਾਲ਼) ॥੧॥ ਰਹਾਉ ॥ ਗੁਰੁ ਸਮਰਥੁ, ਅਪਾਰੁ ਗੁਰੁ ; ਵਡਭਾਗੀ ਦਰਸਨੁ (‘ਵਡਭਾਗੀਂ ’ ਭਾਵ ਵੱਡੇ ਭਾਗਾਂ ਨਾਲ਼, ਦਰਸ਼ਨ) ਹੋਇ ॥ ਗੁਰੁ ਅਗੋਚਰੁ ਨਿਰਮਲਾ ; ਗੁਰ ਜੇਵਡੁ, ਅਵਰੁ ਨ ਕੋਇ ॥ ਗੁਰੁ ਕਰਤਾ, ਗੁਰੁ ਕਰਣਹਾਰੁ ; ਗੁਰਮੁਖਿ ਸਚੀ ਸੋਇ ॥ ਗੁਰ ਤੇ ਬਾਹਰਿ ਕਿਛੁ ਨਹੀ (ਨਹੀਂ); ਗੁਰੁ ਕੀਤਾ ਲੋੜੇ, ਸੁ ਹੋਇ ॥੨॥ ਗੁਰੁ ਤੀਰਥੁ, ਗੁਰੁ ਪਾਰਜਾਤੁ ; ਗੁਰੁ ਮਨਸਾ (ਮਨਸ਼ਾ) ਪੂਰਣਹਾਰੁ ॥ ਗੁਰੁ ਦਾਤਾ, ਹਰਿ ਨਾਮੁ ਦੇਇ ; ਉਧਰੈ ਸਭੁ ਸੰਸਾਰੁ ॥ ਗੁਰੁ ਸਮਰਥੁ, ਗੁਰੁ ਨਿਰੰਕਾਰੁ ; ਗੁਰੁ ਊਚਾ ਅਗਮ (ਅਗੰਮ) ਅਪਾਰੁ ॥ ਗੁਰ ਕੀ ਮਹਿਮਾ ਅਗਮ (ਅਗੰਮ) ਹੈ ; ਕਿਆ ਕਥੇ ਕਥਨਹਾਰੁ ? ॥੩॥ ਜਿਤੜੇ ਫਲ ਮਨਿ, ਬਾਛੀਅਹਿ (ਬਾਛੀਅਹਿਂ) ; ਤਿਤੜੇ, ਸਤਿਗੁਰ ਪਾਸਿ ॥ ਪੂਰਬ ਲਿਖੇ ਪਾਵਣੇ ; ਸਾਚੁ ਨਾਮੁ ਦੇ ਰਾਸਿ ॥ ਸਤਿਗੁਰ ਸਰਣੀ (ਸ਼ਰਣੀ) ਆਇਆਂ ; ਬਾਹੁੜਿ ਨਹੀ (ਨਹੀਂ) ਬਿਨਾਸੁ॥ ਹਰਿ, ਨਾਨਕ ! ਕਦੇ ਨ ਵਿਸਰਉ (ਵਿਸਰੌਂ); ਏਹੁ (ਏਹ) ਜੀਉ, ਪਿੰਡੁ, ਤੇਰਾ ਸਾਸੁ ॥੪॥੨੯॥੯੯॥

(ਨੋਟ: ਉਕਤ ਸ਼ਬਦ ਦੇ ਤੀਸਰੇ ਬੰਦ ’ਚ ਦੋ ਵਾਰ ‘ਅਗਮ’ ਸ਼ਬਦ ਦਰਜ ਹੈ, ਜਿਸ ਦਾ ਉਚਾਰਨ ‘ਅ+ਗਮ’ (ਅਗੰਮ ਭਾਵ ਅਗਮ੍ਯ) ਦਰੁਸਤ ਹੈ, ਜਿਸ ਦਾ ਅਰਥ ਹੈ: ‘ਗਿਆਨ ਇੰਦ੍ਰਿਆਂ ਦੀ ਪਕੜ ਤੋਂ ਰਹਿਤ’ ਕਿਉਂਕਿ ‘ਅਗਮ’ (ਟਿੱਪੀ ਰਹਿਤ) ਦਾ ਅਰਥ ਹੈ: ‘ਸ਼ਾਸਤ੍ਰ’; ਜਿਵੇਂ ਕਿ: ‘ਅਗਮ ਨਿਗਮੁ (ਸ਼ਾਸਤ੍ਰ ਤੇ ਵੇਦ), ਸਤਿਗੁਰੂ ਦਿਖਾਇਆ ॥’’ (ਮ: ੩/੧੦੧੬)

ਭਾਸ਼ਾਈ ਨਿਯਮਾਂ ਮੁਤਾਬਕ ਕਿਸੇ ਸ਼ਬਦ ’ਚ ਦਰਜ ਪਵਰਗ ਦੇ ਅੱਖਰ ‘ਪ, ਫ, ਬ, ਭ, ਮ’ ਤੋਂ ਪਹਿਲੇ ਅੱਖਰ ਉੱਤੇ ਅਗਰ ਅੱਧਕ (ਅਗੱਮ) ਦੀ ਜ਼ਰੂਰਤ ਹੋਵੇ ਤਾਂ ਟਿੱਪੀ (ਅਗੰਮ) ਲਗਾਈ ਜਾਂਦੀ ਹੈ, ਅੱਧਕ ਨਹੀਂ ਪਰ ਉਚਾਰਨ ’ਚ ‘ਅ+ਗਮ’ (ਅਗੱਮ) ਦਾ ਕੰਮ ਹੀ ਕਰਦੀ ਹੈ।)

ਸਿਰੀ ਰਾਗੁ, ਮਹਲਾ ੫ ॥

ਸੰਤ ਜਨਹੁ ਸੁਣਿ ਭਾਈਹੋ ! ਛੂਟਨੁ, ਸਾਚੈ ਨਾਇ (ਨਾਇਂ)॥ ਗੁਰ ਕੇ ਚਰਣ ਸਰੇਵਣੇ ; ਤੀਰਥ ਹਰਿ ਕਾ ਨਾਉ (ਨਾਉਂ)॥ ਆਗੈ ਦਰਗਹਿ ਮੰਨੀਅਹਿ (ਦਰਗ੍ਾ ਮੰਨੀਐਂ) ; ਮਿਲੈ ਨਿਥਾਵੇ ਥਾਉ (ਥਾਉਂ)॥੧॥ ਭਾਈ ਰੇ ! ਸਾਚੀ ਸਤਿਗੁਰ ਸੇਵ ॥ ਸਤਿਗੁਰ ਤੁਠੈ ਪਾਈਐ ; ਪੂਰਨ ਅਲਖ (ਅਲੱਖ) ਅਭੇਵ ॥੧॥ ਰਹਾਉ ॥ ਸਤਿਗੁਰ ਵਿਟਹੁ (ਵਿਟ੍ਹੋਂ) ਵਾਰਿਆ ; ਜਿਨਿ ਦਿਤਾ ਸਚੁ ਨਾਉ (ਜਿਨ੍ਹ ਦਿੱਤਾ ਸਚ ਨਾਉਂ)॥ ਅਨਦਿਨੁ ਸਚੁ ਸਲਾਹਣਾ ; ਸਚੇ ਕੇ ਗੁਣ ਗਾਉ (ਗਾਉਂ)॥ ਸਚੁ ਖਾਣਾ, ਸਚੁ ਪੈਨਣਾ ; ਸਚੇ ਸਚਾ ਨਾਉ (ਨਾਉਂ)॥੨॥ ਸਾਸਿ ਗਿਰਾਸਿ ਨ ਵਿਸਰੈ ; ਸਫਲੁ ਮੂਰਤਿ ਗੁਰੁ ਆਪਿ ॥ ਗੁਰ ਜੇਵਡੁ, ਅਵਰੁ ਨ ਦਿਸਈ (ਦਿਸ+ਈ); ਆਠ ਪਹਰ ਤਿਸੁ ਜਾਪਿ ॥ ਨਦਰਿ ਕਰੇ ਤਾ (ਤਾਂ) ਪਾਈਐ ; ਸਚੁ ਨਾਮੁ ਗੁਣਤਾਸਿ ॥੩॥ ਗੁਰੁ ਪਰਮੇਸਰੁ ਏਕੁ ਹੈ ; ਸਭ ਮਹਿ ਰਹਿਆ ਸਮਾਇ ॥ ਜਿਨ (ਜਿਨ੍ਹ) ਕਉ ਪੂਰਬਿ ਲਿਖਿਆ ; ਸੇਈ, ਨਾਮੁ ਧਿਆਇ ॥ ਨਾਨਕ ! ਗੁਰ ਸਰਣਾਗਤੀ (ਸ਼ਰਣਾਗਤੀ); ਮਰੈ ਨ ਆਵੈ ‘ਜਾਇ’ (ਭਾਵ ਜਾਂਦਾ ਭਾਵ ਮਰਦਾ)॥੪॥੩੦॥੧੦੦॥

ੴ ਸਤਿ ਗੁਰ ਪ੍ਰਸਾਦਿ ॥

ਸਿਰੀ ਰਾਗੁ, ਮਹਲਾ ੧, ਘਰੁ ੧, ਅਸਟਪਦੀਆ (ਅਸਟਪਦੀਆਂ) ॥

(ਨੋਟ: ਅਸਟਪਦੀਆਂ ਵਿਚ ਜ਼ਰੂਰੀ ਨਹੀਂ ਕਿ ਪਦੇ ਅੱਠ ਹੀ ਹੋਣ।)

ਆਖਿ ਆਖਿ, ਮਨ ਵਾਵਣਾ (ਭਾਵ ਖਪਾਣਾ); ਜਿਉ ਜਿਉ (ਜਿਉਂ ਜਿਉਂ) ਜਾਪੈ ‘ਵਾਇ’ (ਭਾਵ ਬਾਤ, ਬੋਲਣ ਦੀ ਜਾਚ ਆਉਂਦੀ)॥ ਜਿਸ ਨੋ ਵਾਇ (ਬੋਲ ਕੇ) ਸੁਣਾਈਐ ; ਸੋ ਕੇਵਡੁ, ਕਿਤੁ ਥਾਇ (ਥਾਂਇ) ? ॥ ਆਖਣ ਵਾਲੇ ਜੇਤੜੇ ; ਸਭਿ ਆਖਿ ਰਹੇ, ਲਿਵ ਲਾਇ ॥੧॥ ਬਾਬਾ ! ਅਲਹੁ ਅਗਮ (ਅੱਲ੍ਹਾ ਅਗੰਮ) ਅਪਾਰੁ ॥ ਪਾਕੀ ਨਾਈ, ਪਾਕ ਥਾਇ (ਥਾਂਇ); ਸਚਾ ਪਰਵਦਿਗਾਰੁ (ਭਾਵ ਪਾਲਣਹਾਰ)॥੧॥ ਰਹਾਉ ॥ ਤੇਰਾ ਹੁਕਮੁ ਨ ਜਾਪੀ ਕੇਤੜਾ ; ਲਿਖਿ ਨ ਜਾਣੈ ਕੋਇ ॥ ਜੇ, ਸਉ ਸਾਇਰ ਮੇਲੀਅਹਿ (ਸੌ ਸ਼ਾਇਰ ਮੇਲੀਅਹਿਂ); ਤਿਲੁ ਨ ਪੁਜਾਵਹਿ (ਪੁਜਾਵਹਿਂ) ਰੋਇ ॥ ਕੀਮਤਿ ਕਿਨੈ ਨ ਪਾਈਆ ; ਸਭਿ, ਸੁਣਿ ਸੁਣਿ ਆਖਹਿ (ਆਖੈਂ) ਸੋਇ ॥੨॥ ਪੀਰ ਪੈਕਾਮਰ ਸਾਲਕ ਸਾਦਕ ; ਸੁਹਦੇ ਅਉਰੁ ਸਹੀਦ (ਸ਼ੁਹਦੇ ਔਰ ਸ਼ਹੀਦ)॥ ਸੇਖ ਮਸਾਇਕ ਕਾਜੀ ਮੁਲਾ (ਸ਼ੇਖ਼ ਮਸ਼ਾਇਕ ਕਾਜ਼ੀ ਮੁੱਲਾਂ) ; ਦਰਿ ਦਰਵੇਸ (ਦਰਵੇਸ਼) ਰਸੀਦ ॥ ਬਰਕਤਿ ਤਿਨ (ਤਿਨ੍ਹ) ਕਉ ਅਗਲੀ ; ਪੜਦੇ (ਪੜ੍ਹਦੇ) ਰਹਨਿ ਦਰੂਦ (ਭਾਵ ‘ਦੁਆ’)॥੩॥ ਪੁਛਿ (ਪੁੱਛ ਕੇ) ਨ ਸਾਜੇ, ਪੁਛਿ ਨ ਢਾਹੇ ; ਪੁਛਿ ਨ ਦੇਵੈ ਲੇਇ ॥ ਆਪਣੀ ਕੁਦਰਤਿ, ਆਪੇ ਜਾਣੈ ; ਆਪੇ ਕਰਣੁ ਕਰੇਇ (ਕਰੇ+ਇ)॥ ਸਭਨਾ ਵੇਖੈ ਨਦਰਿ ਕਰਿ ; ਜੈ ਭਾਵੈ, ਤੈ ਦੇਇ (ਦੇ+ਇ)॥੪॥ ਥਾਵਾ ਨਾਵ ਨ ਜਾਣੀਅਹਿ (ਥਾਵਾਂ ਨਾਂਵ ਨ ਜਾਣੀਅਹਿਂ) ; ਨਾਵਾ (ਨਾਵਾਂ) ਕੇਵਡੁ ਨਾਉ (ਨਾਉਂ) ? ॥ ਜਿਥੈ (ਜਿੱਥੈ) ਵਸੈ ਮੇਰਾ ਪਾਤਿਸਾਹੁ (ਪਾਤਿਸ਼ਾਹ); ਸੋ, ਕੇਵਡੁ ਹੈ ਥਾਉ (ਥਾਉਂ)? ॥ ਅੰਬੜਿ (ਭਾਵ ਅੱਪੜ) ਕੋਇ ਨ ਸਕਈ (ਸਕ+ਈ); ਹਉ (ਹਉਂ), ਕਿਸ ਨੋ ਪੁਛਣਿ ਜਾਉ (ਪੁੱਛਣ ਜਾਉਂ) ? ॥੫॥ ਵਰਨਾ ਵਰਨ ਨ ਭਾਵਨੀ ; ਜੇ ਕਿਸੈ ਵਡਾ ਕਰੇਇ (ਕਰੇ+ਇ)॥ ਵਡੇ ਹਥਿ ਵਡਿਆਈਆ (ਵੱਡੇ ਹੱਥ ਵਡਿਆਈਆਂ); ਜੈ ਭਾਵੈ, ਤੈ ਦੇਇ ॥ ਹੁਕਮਿ ਸਵਾਰੇ ਆਪਣੈ ; ਚਸਾ ਨ ਢਿਲ ਕਰੇਇ (ਢਿੱਲ ਕਰੇ+ਇ)॥੬॥ ਸਭੁ ਕੋ ਆਖੈ ਬਹੁਤੁ ਬਹੁਤੁ ; ਲੈਣੈ ਕੈ ਵੀਚਾਰਿ ॥ ਕੇਵਡੁ ਦਾਤਾ ਆਖੀਐ ? ਦੇ ਕੈ ਰਹਿਆ ਸੁਮਾਰਿ (ਸ਼ੁਮਾਰ, ਭਾਵ ਗਿਣਤੀ ਕਰਨ ਤੋਂ)॥ ਨਾਨਕ ! ਤੋਟਿ ਨ ਆਵਈ (ਆਵ+ਈ); ਤੇਰੇ ਜੁਗਹ ਜੁਗਹ ਭੰਡਾਰ ॥੭॥੧॥

(ਨੋਟ: ਉਕਤ ਸ਼ਬਦ ਦੇ ਪਹਿਲੇ ਬੰਦ ਤੇ ‘ਰਹਾਉ’ ਤੁਕ ’ਚ ‘ਥਾਇ’ ਲਈ ‘ਥਾਂਇ’ ਤੇ ਬੰਦ ਨੰਬਰ 5 ’ਚ ‘ਥਾਉ’ ਲਈ ‘ਥਾਂਉ’ ਦੀ ਬਜਾਏ ‘ਥਾਉਂ’ ਉਚਾਰਨ ਸੇਧ ਦਿੱਤੀ ਗਈ ਹੈ, ਜਿਸ ਦਾ ਮਤਲਬ ਉਚਾਰਨ ਦੇ ਨਾਲ਼-ਨਾਲ਼ ਕਾਵਿ ਤੋਲ ਨੂੰ ਵੀ ਬਣਾਏ ਰੱਖਣਾ ਹੈ ਕਿਉਂਕਿ 5 ਵੇਂ ਬੰਦ ’ਚ ‘ਥਾਉਂ’ ਦੇ ਮੁਕਾਬਲੇ ‘ਜਾਉਂ’ ਸ਼ਬਦ ਦਰਜ ਹੈ।)

ਮਹਲਾ ੧ ॥

ਸਭੇ ਕੰਤ ਮਹੇਲੀਆ (ਮਹੇਲੀਆਂ); ਸਗਲੀਆ ਕਰਹਿ ਸੀਗਾਰੁ (ਸਗਲੀਆਂ ਕਰਹਿਂ ਸ਼ੀਂਗਾਰ)॥ ਗਣਤ ਗਣਾਵਣਿ ਆਈਆ (ਆਈਆਂ); ਸੂਹਾ ਵੇਸੁ ਵਿਕਾਰੁ ॥ ਪਾਖੰਡਿ, ਪ੍ਰੇਮੁ ਨ ਪਾਈਐ ; ਖੋਟਾ ਪਾਜੁ ਖੁਆਰੁ (ਖ਼ੁਆਰ)॥੧॥ ਹਰਿ ਜੀਉ ! ਇਉ (ਇਉਂ), ਪਿਰੁ ਰਾਵੈ ਨਾਰਿ ॥ ਤੁਧੁ ਭਾਵਨਿ ਸੋਹਾਗਣੀ ; ਅਪਣੀ ਕਿਰਪਾ ਲੈਹਿ (ਲੈਹਿਂ) ਸਵਾਰਿ ॥੧॥ ਰਹਾਉ ॥ ਗੁਰ ਸਬਦੀ ਸੀਗਾਰੀਆ (ਸ਼ੀਂਗਾਰੀਆਂ); ਤਨੁ ਮਨੁ ਪਿਰ ਕੈ ਪਾਸਿ ॥ ਦੁਇ ਕਰ ਜੋੜਿ, ਖੜੀ ਤਕੈ (ਖੜ੍ਹੀ ਤੱਕੈ); ਸਚੁ ਕਹੈ ਅਰਦਾਸਿ ॥ ਲਾਲਿ ਰਤੀ (ਰੱਤੀ) ਸਚ ਭੈ ਵਸੀ ; ਭਾਇ ਰਤੀ (ਰੱਤੀ), ਰੰਗਿ ਰਾਸਿ ॥੨॥ ਪ੍ਰਿਅ (ਪ੍ਰੇ) ਕੀ ਚੇਰੀ ਕਾਂਢੀਐ ; ਲਾਲੀ ਮਾਨੈ ਨਾਉ (ਨਾਂਉ)॥ ਸਾਚੀ ਪ੍ਰੀਤਿ ਨ ਤੁਟਈ ; ਸਾਚੇ ਮੇਲਿ ਮਿਲਾਉ ॥ ਸਬਦਿ ਰਤੀ (ਰੱਤੀ) ਮਨੁ ਵੇਧਿਆ ; ਹਉ (ਹਉਂ), ਸਦ ਬਲਿਹਾਰੈ ਜਾਉ (ਜਾਉਂ)॥੩॥ ਸਾ ਧਨ ਰੰਡ ਨ ਬੈਸਈ (ਬੈਸ+ਈ); ਜੇ, ਸਤਿਗੁਰ ਮਾਹਿ (ਮਾਹਿਂ) ਸਮਾਇ ॥ ਪਿਰੁ ਰੀਸਾਲੂ ਨਉਤਨੋ (ਨੌਤਨੋ) ; ਸਾਚਉ, ਮਰੈ ਨ ਜਾਇ ॥ ਨਿਤ ਰਵੈ ਸੋਹਾਗਣੀ ; ਸਾਚੀ ਨਦਰਿ ਰਜਾਇ (ਰਜ਼ਾਇ)॥੪॥ ਸਾਚੁ ‘ਧੜੀ’ (ਭਾਵ ਸਿਰ ਦਾ ਚੀਰ, ਪੱਟੀ), ਧਨ ‘ਮਾਡੀਐ’ (ਭਾਵ ਇਸਤ੍ਰੀ ਸਜਾਂਦੀ); ਕਾਪੜੁ ਪ੍ਰੇਮ ਸੀਗਾਰੁ (ਸ਼ੀਂਗਾਰ)॥ ਚੰਦਨੁ ਚੀਤਿ ਵਸਾਇਆ ; ਮੰਦਰੁ ਦਸਵਾ (ਦਸਵਾਂ) ਦੁਆਰੁ ॥ ਦੀਪਕੁ, ਸਬਦਿ ਵਿਗਾਸਿਆ ; ਰਾਮ ਨਾਮੁ ਉਰ ਹਾਰੁ ॥੫॥ ਨਾਰੀ (ਨਾਰੀਂ) ਅੰਦਰਿ ਸੋਹਣੀ ; ਮਸਤਕਿ ਮਣੀ ਪਿਆਰੁ ॥ ਸੋਭਾ (ਸ਼ੋਭਾ) ਸੁਰਤਿ ਸੁਹਾਵਣੀ ; ਸਾਚੈ ਪ੍ਰੇਮਿ ਅਪਾਰ ॥ ਬਿਨੁ ਪਿਰ, ਪੁਰਖੁ ਨ ਜਾਣਈ (ਜਾਣ+ਈ); ਸਾਚੇ ਗੁਰ ਕੈ ਹੇਤਿ ਪਿਆਰਿ ॥੬॥ ਨਿਸਿ ਅੰਧਿਆਰੀ ਸੁਤੀਏ ! ਕਿਉ (ਕਿਉਂ) ਪਿਰ ਬਿਨੁ, ਰੈਣਿ ਵਿਹਾਇ ? ॥ ਅੰਕੁ ਜਲਉ (ਜਲੌ), ਤਨੁ ਜਾਲੀਅਉ (ਜਾਲੀਔ); ਮਨੁ, ਧਨੁ, ਜਲਿ ਬਲਿ ਜਾਇ ॥ ਜਾ (ਜਾਂ) ਧਨ (ਨੂੰ), ਕੰਤਿ (ਨੇ) ਨ ਰਾਵੀਆ ; ਤਾ (ਤਾਂ) ਬਿਰਥਾ ਜੋਬਨੁ ਜਾਇ ॥੭॥ ਸੇਜੈ ਕੰਤ ਮਹੇਲੜੀ ; ਸੂਤੀ, ਬੂਝ ਨ ਪਾਇ ॥ ਹਉ (ਹਉਂ) ਸੁਤੀ, ਪਿਰੁ ਜਾਗਣਾ ; ਕਿਸ ਕਉ ਪੂਛਉ (ਪੂਛੌਂ) ਜਾਇ ? ॥ ਸਤਿਗੁਰਿ ਮੇਲੀ, ਭੈ ਵਸੀ ; ਨਾਨਕ ! ਪ੍ਰੇਮੁ ਸਖਾਇ ॥੮॥੨॥

(ਨੋਟ: ਉਕਤ ਸ਼ਬਦਾਂ ’ਚ ਅਸਧਾਰਨ ਪੰਕਤੀ ਨੂੰ ਕਾਰਕੀ ਅਰਥ ਨਾਲ਼ ਸਪੱਸ਼ਟ ਕੀਤਾ ਗਿਆ ਹੈ ਤਾਂ ਜੋ ਭਾਵਾਰਥ ਸਮਝਣ ’ਚ ਆਸਾਨੀ ਰਹੇ।)