Guru Granth Sahib (Page No. 91-93)

0
593

(ਪੰਨਾ ਨੰਬਰ 91-93)

ੴ ਸਤਿ, ਗੁਰ ਪ੍ਰਸਾਦਿ ॥

ਸਿਰੀ ਰਾਗੁ, ਕਬੀਰ ਜੀਉ ਕਾ ॥ ‘ਏਕੁ ਸੁਆਨੁ’; ‘ਕੈ ਘਰਿ ਗਾਵਣਾ’

(ਨੋਟ: ਉਕਤ ਸਿਰਲੇਖ ‘‘ਏਕੁ ਸੁਆਨੁ’’ ਕੈ ਘਰਿ ਗਾਵਣਾ, ’ਚ ਦਰਜ ‘ਕੈ’ (ਸ਼ਬਦ) ਦਾ ਸੰਬੰਧ ਅਗਰ ‘ਸੁਆਨੁ’ (ਕੁੱਤਾ, ਸ਼ਬਦ) ਨਾਲ਼ ਹੁੰਦਾ ਤਾਂ ‘ਸੁਆਨ’ (ਅੰਤ ਮੁਕਤਾ) ਹੋਣਾ ਸੀ। ਇਸ ਲਈ ਕੇਵਲ ‘ਏਕੁ ਸੁਆਨੁ’ (ਭਾਵ ਦੋਵੇਂ) ਸ਼ਬਦਾਂ ਨਾਲ਼ ਆਰੰਭ ਹੋਣ ਵਾਲ਼ੀ ਗੁਰਬਾਣੀ ਦੀ ਕਿਸੇ ਤੁਕ ਦੇ ‘ਘਰਿ’ ਵੱਲ ਸੰਕੇਤ ਹੈ, ਨਾ ਕਿ ‘ਏਕੁ ਸੁਆਨੁ ਕੈ ਘਰਿ ਗਾਵਣਾ’ ਸੰਯੁਕਤ (ਪੰਜ) ਸ਼ਬਦਾਂ ਵਾਲ਼ੀ ਕਿਸੇ ਤੁਕ ਵੱਲ, ਜੋ ਕਿ ਗੁਰਬਾਣੀ ’ਚ ਦਰਜ ਹੀ ਨਹੀਂ।

ਗੁਰੂ ਗ੍ਰੰਥ ਸਾਹਿਬ ਜੀ ਦੇ ਪਿਛਾਂਹ (ਪੰਨਾ ਨੰਬਰ 24 ’ਤੇ) ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤੇ ਗਏ ਸਿਰੀ ਰਾਗੁ ’ਚ ਸ਼ਬਦ ਨੰਬਰ 29 ਦੀ ਪਹਿਲੀ ਤੁਕ ਹੈ: ‘‘ਸਿਰੀ ਰਾਗੁ ਮਹਲਾ ੧, ਘਰੁ ੪ ॥ ‘ਏਕੁ ਸੁਆਨੁ’; ਦੁਇ ਸੁਆਨੀ ਨਾਲਿ ॥ ਭਲਕੇ ਭਉਕਹਿ; ਸਦਾ ਬਇਆਲਿ (ਸਵੇਰੇ)॥੨੯॥’’ (ਸਿਰੀ ਰਾਗੁ /ਮ: ੧/੨੪), ਇਹ ਸ਼ਬਦ, (ਜੋ ਕਿ ‘ਏਕੁ ਸੁਆਨੁ’ ਸ਼ਬਦਾਂ ਨਾਲ਼ ਅਰੰਭ ਹੁੰਦਾ ਹੈ) ਦੇ ਸਿਰਲੇਖ ’ਚ ਦਰਜ ‘ਘਰੁ ੪’ ਕਾਰਨ, ਕਬੀਰ ਜੀ ਦਾ ਉਕਤ ਸ਼ਬਦ ‘‘ਸਿਰੀ ਰਾਗੁ, ਕਬੀਰ ਜੀਉ ਕਾ ॥’’ ਨੂੰ ਵੀ ‘ਘਰੁ ੪’ ’ਚ ਗਾਉਣ ਦੀ ਹਦਾਇਤ ਹੈ, ਪਰ ‘‘ਏਕੁ ਸੁਆਨੁ; ਕੈ ਘਰਿ ਗਾਵਣਾ’’, ਲੰਮਾ-ਚੌੜਾ ਲਿਖਣ ਦੀ ਬਜਾਏ ਕੇਵਲ ‘‘ਸਿਰੀ ਰਾਗੁ, ਕਬੀਰ ਜੀਉ ਕਾ ॥ ਘਰੁ ੪’’ ਦਰਜ ਕਿਉਂ ਨਹੀਂ ਕੀਤਾ ਗਿਆ ? ਇਸ ਦਾ ਜਵਾਬ ਇਹ ਤਰ੍ਹਾਂ ਹੋ ਸਕਦਾ ਹੈ:

ਗੁਰਬਾਣੀ ਦੇ ਪੰਨਾ ਨੰਬਰ 24 ਤੋਂ 25 ਤੱਕ ਗੁਰੂ ਨਾਨਕ ਸਾਹਿਬ ਜੀ ਦੇ 5 ਸ਼ਬਦ (ਸ਼ਬਦ ਨੰਬਰ 28, 29, 30, 31 ਤੇ 32) ‘ਘਰੁ ੪’ ’ਚ ਦਰਜ ਕੀਤੇ ਗਏ ਹਨ, ਜਿਨ੍ਹਾਂ ਦੇ ਅਗੇਤਰ ‘ਘਰੁ ੩’ ਅਤੇ ਪਿਛੇਤਰ ‘ਘਰੁ ੫’ ਆਰੰਭ ਹੋ ਜਾਂਦਾ ਹੈ। ਇਨ੍ਹਾਂ ਪੰਜਾਂ ਸ਼ਬਦਾਂ ’ਚ ‘ਰਹਾਉ’ (ਵਿਸ਼ੇ ਦਾ ਸਾਰ) ਇਸ ਪ੍ਰਕਾਰ ਹੈ:

(1). ਮਰਣਾ ਮੁਲਾ  ! ਮਰਣਾ ॥ ਭੀ ਕਰਤਾਰਹੁ ਡਰਣਾ ॥੧॥ ਰਹਾਉ ॥੨੮॥ (ਮ: ੧/੨੪) ਭਾਵ ਵਿਸ਼ਾ ਸਰੀਰਕ ਮੌਤ ਹੈ।

(2). ਮੈ (ਮੇਰੇ ਪਾਸ) ਪਤਿ ਕੀ ਪੰਦਿ (ਪ੍ਰਭਾਵਤ ਕਰਨ ਵਾਲ਼ੀ ਨਸੀਹਤ); ਨ ਕਰਣੀ ਕੀ ਕਾਰ ॥ ਹਉ, ਬਿਗੜੈ+ਰੂਪਿ; ਰਹਾ ਬਿਕਰਾਲ (ਭਿਆਨਕ)॥ ਤੇਰਾ ਏਕੁ ਨਾਮੁ; ਤਾਰੇ ਸੰਸਾਰੁ ॥ ਮੈ (ਮੈਨੂੰ), ਏਹਾ ਆਸ; ਏਹੋ ਆਧਾਰੁ ॥੧॥ ਰਹਾਉ ॥੨੯॥ (ਮ: ੧/੨੪) ਭਾਵ ਵਿਸ਼ਾ ਅਕਾਲ ਪੁਰਖ ਅੱਗੇ ਬੇਨਤੀ- ਪੁਕਾਰ ਕਰਨਾ ਹੈ, ਤਾਂ ਜੋ ਅੰਦਰੂਨੀ ਤਰੁਟੀਆਂ ਤੋਂ ਉੱਭਰਿਆ ਜਾ ਸਕੇ।

(3). ਕਾਹੇ ਜੀਅ ਕਰਹਿ ਚਤੁਰਾਈ ? ॥ ਲੇਵੈ ਦੇਵੈ; ਢਿਲ ਨ ਪਾਈ ॥੧॥ ਰਹਾਉ ॥੩੦॥ (ਮ: ੧/੨੫) ਭਾਵ ਵਿਸ਼ਾ ਸਿਆਣਪ (ਹੰਕਾਰ) ਹੈ, ਜਦਕਿ ਕਰਤਾਰ ਸਭ ਕੁਝ ਦਾ ਮਾਲਕ ਹੋਣ ਕਾਰਨ, ਖੋਹਣ ਦੀ ਸਮਰੱਥਾ ਰੱਖਦਾ ਹੈ।

(4). ਨ ਜਾਣਾ ਮੇਉ (ਮਲਾਹ, ਜਮਰਾਜ); ਨ ਜਾਣਾ ਜਾਲੀ (ਉਸ ਦੇ ਸ਼ਕੰਜੇ ਨੂੰ) ॥ ਜਾ ਦੁਖੁ ਲਾਗੈ; ਤਾ ਤੁਝੈ ਸਮਾਲੀ (ਸਮ੍ਹਾਲ਼ੀਂ)॥੧॥ ਰਹਾਉ ॥੩੧॥ (ਮ: ੧/੨੫) ਭਾਵ ‘‘ਦੁਖੁ, ਦਾਰੂ’’ ਬਣ ਗਿਆ ਕਿਉਂਕਿ ਇਸ ਰਾਹੀਂ ਤੇਰੀ ਯਾਦ ਆਈ।

(5). ਆਪੇ ਸਚੁ; ਭਾਵੈ ਤਿਸੁ ਸਚੁ ॥ ਅੰਧਾ ਕਚਾ; ਕਚੁ ਨਿਕਚੁ ॥੧॥ ਰਹਾਉ ॥੩੨॥ (ਮ: ੧/੨੫) ਭਾਵ ਸੱਚ ਤੇ ਕੱਚ ਨੂੰ ਤੁਲਨਾਤਮਕ ਪੱਖੋਂ ਵਿਚਾਰਨਾ ਹੀ ਸ਼ਬਦ ਦਾ ਵਿਸ਼ਾ ਹੈ।

ਉਕਤ ਪੰਜੇ ਸ਼ਬਦਾਂ ’ਚੋਂ ਕੇਵਲ ਨੰਬਰ 2 ’ਤੇ ਦਰਜ (ਸ਼ਬਦ ਨੰਬਰ 29) ਦਾ ਵਿਸ਼ਾ; ਕਬੀਰ ਜੀ ਦੇ ਉਕਤ ਸ਼ਬਦ ਨਾਲ਼ ਮਿਲਦਾ-ਜੁਲਦਾ ਹੈ; ਜਿਵੇਂ ਕਿ ‘ਰਹਾਉ’ ਤੁਕ ਹੈ: ‘‘ਐਸਾ  ! ਤੈਂ, ਜਗੁ ਭਰਮਿ ਲਾਇਆ ॥ ਕੈਸੇ ਬੂਝੈ ? ਜਬ ਮੋਹਿਆ ਹੈ ਮਾਇਆ ॥ ੧॥ ਰਹਾਉ ॥’’ (ਕਬੀਰ ਜੀ) ਭਾਵ ਅਕਾਲ ਪੁਰਖ ਦੇ ਰੂ-ਬਰੂ ਬੇਨਤੀ ਕੀਤੀ ਗਈ ਹੈ ਅਤੇ ਇਸ ਸ਼ਬਦ ਦਾ ਵਿਸਥਾਰ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ‘ਲੋਭ ਰੂਪ ਕੁੱਤਾ ਤੇ ਆਸਾ, ਤ੍ਰਿਸ਼ਨਾ ਰੂਪ ਕੁੱਤੀਆਂ’ ਵਾਙ ਸਮਾਜਕ ਖਿੱਚ ਨੂੰ ਆਧਾਰ ਬਣਾ ਕੇ ਲੋਭ-ਲਾਲਚ ’ਚ ਮਗਨ ਮਾਤਾ ‘‘ਜਨਨੀ ਜਾਨਤ, ਸੁਤੁ ਬਡਾ ਹੋਤੁ ਹੈ ; ਇਤਨਾ ਕੁ ਨ ਜਾਨੈ, ਜਿ ਦਿਨ ਦਿਨ ਅਵਧ (ਉਮਰ) ਘਟਤੁ ਹੈ ॥’’ ਰਾਹੀਂ ਸੰਪੂਰਨ ਕੀਤਾ ਗਿਆ ਭਾਵ ਦੋਵੇਂ ਸ਼ਬਦਾਂ ਦਾ ਕੇਵਲ ‘ਘਰੁ ੪’ ਹੀ ਸਾਂਝ ਦਾ ਕੇਂਦਰ ਨਹੀਂ ਬਲਕਿ ਵਿਸ਼ੇ ਦਾ ਸਾਰ ਤੇ ਵਿਸਥਾਰ ਵੀ ਮਿਲਦਾ-ਜੁਲਦਾ ਹੈ, ਜਿਸ ਕਾਰਨ ‘ਸਿਰੀ ਰਾਗੁ, ਕਬੀਰ ਜੀਉ ਕਾ ॥ ਘਰੁ ੪’ ਦਰਜ ਕਰਨ ਦੀ ਬਜਾਏ ‘‘ਸਿਰੀ ਰਾਗੁ, ਕਬੀਰ ਜੀਉ ਕਾ ॥ ਏਕੁ ਸੁਆਨੁ; ਕੈ ਘਰਿ ਗਾਵਣਾ’’ ਦਰਜ ਕਰਨ ਨੂੰ ਮਹੱਤਵ ਦਿੱਤਾ ਗਿਆ, ਜਾਪਦਾ ਹੈ। 

ਭਗਤ ਕਬੀਰ ਜੀ ਦੇ ਇਸ ਸ਼ਬਦ ’ਚ ਕੁਝ ਸੰਕੇਤ ਅਸਪਸ਼ਟ ਵੀ ਹਨ; ਜਿਵੇਂ ਕਿ ‘‘ਕਹਤ ਕਬੀਰ, ਛੋਡਿ ਬਿਖਿਆ ਰਸ ; ਇਤੁ ਸੰਗਤਿ (ਇਸ ਕੁਸੰਗ ਨਾਲ਼) ਨਿਹਚਉ (ਭਾਵ ਯਕੀਨਨ) ਮਰਣਾ ॥’’ ਤੁਕ ’ਚ ‘ਬਿਖਿਆ ਰਸ’ (ਬਹੁ ਵਚਨ) ਹੋਣ ਉਪਰੰਤ ਵੀ ਬਿਆਨੇ ਨਹੀਂ ਗਏ, ਜਿਨ੍ਹਾਂ ਦਾ ਵਰਣਨ, ਗੁਰੂ ਨਾਨਕ ਸਾਹਿਬ ਜੀ ਆਪਣੇ ‘ਏਕੁ ਸੁਆਨੁ’ ਵਾਲ਼ੇ ਸ਼ਬਦ ’ਚ ਕਰਦੇ ਹਨ; ਜਿਵੇਂ ਕਿ

ਸਿਰੀ ਰਾਗੁ, ਮਹਲਾ ੧, ਘਰੁ ੪ ॥ ਏਕੁ ਸੁਆਨੁ (ਲੋਭ ਕੁੱਤਾ); ਦੁਇ ਸੁਆਨੀ ਨਾਲਿ (ਦੋ ਆਸਾ ਤੇ ਤ੍ਰਿਸ਼ਨਾ ਕੁੱਤੀਆਂ ਸਮੇਤ)॥ ਭਲਕੇ ਭਉਕਹਿ (ਭੌਂਕੈਂ); ਸਦਾ ਬਇਆਲਿ (ਸਵੇਰੇ)॥ ਕੂੜੁ ਛੁਰਾ; ਮੁਠਾ ਮੁਰਦਾਰੁ (ਲੋਥ, ਮੁਰਦਾ ਖਾਂਦਾ ਹੈ)॥ ਧਾਣਕ ਰੂਪਿ ਰਹਾ (ਧਨੁੱਸ਼ਧਾਰੀ, ਸ਼ਿਕਾਰੀ ਬਿਰਤੀ ਵਾਲ਼ਾ ਬਣ ਕੇ ਰਹਾਂ); ਕਰਤਾਰ ! ॥੧॥ ਮੈ ਪਤਿ ਕੀ ਪੰਦਿ (ਮੇਰੇ ਕੋਲ ਪ੍ਰਭਾਵਸ਼ਾਲੀ ਨੈਤਿਕਤਾ ਨਹੀਂ); ਨ ਕਰਣੀ ਕੀ ਕਾਰ (ਨਾ ਕਰਨਯੋਗ ਕਿਰਤ)॥ ਹਉ ਬਿਗੜੈ+ਰੂਪਿ (’ਚ); ਰਹਾ (ਰਹਾਂ) ਬਿਕਰਾਲ (ਡਰਾਵਣਾ ਬਣ ਕੇ)॥ ਤੇਰਾ ਏਕੁ ਨਾਮੁ; ਤਾਰੇ ਸੰਸਾਰੁ ॥ ਮੈ (ਮੈਨੂੰ), ਏਹਾ ਆਸ; ਏਹੋ ਆਧਾਰੁ ॥੧॥ ਰਹਾਉ ॥ ਮੁਖਿ (ਮੂੰਹ ਨਾਲ਼) ਨਿੰਦਾ; ਆਖਾ (ਆਖਾਂ) ਦਿਨੁ ਰਾਤਿ ॥ ਪਰ ਘਰੁ ਜੋਹੀ (ਜੋਹੀਂ, ਤੱਕਦਾ ਹਾਂ); ਨੀਚ ਸਨਾਤਿ ॥ ਕਾਮੁ ਕ੍ਰੋਧੁ; ਤਨਿ (’ਚ) ਵਸਹਿ (ਵਸੈਂ) ਚੰਡਾਲ ॥ ਧਾਣਕ ਰੂਪਿ ਰਹਾ (ਰਹਾਂ); ਕਰਤਾਰ  ! ॥੨॥ ਫਾਹੀ ਸੁਰਤਿ (ਲੋਕਾਂ ਨੂੰ ਫਸਾਉਣ ਵਾਲ਼ੀ ਅਕਲ, ਪਰ ਬਾਹਰੋਂ); ਮਲੂਕੀ ਵੇਸੁ (ਫ਼ਕੀਰੀ ਪਹਿਰਾਵਾ)॥ ਹਉ (ਹਉਂ) ਠਗਵਾੜਾ; ਠਗੀ (ਠੱਗੀਂ, ਲੁੱਟਦਾ ਹਾਂ) ਦੇਸੁ (ਨੂੰ)॥ ਖਰਾ ਸਿਆਣਾ; ਬਹੁਤਾ ਭਾਰੁ ॥ ਧਾਣਕ ਰੂਪਿ ਰਹਾ (ਰਹਾਂ); ਕਰਤਾਰ  ! ॥੩॥ ਮੈ ਕੀਤਾ ਨ ਜਾਤਾ (ਮੈ ਰੱਬੀ ਕਿਰਤ-ਦਾਤ ਨਾ ਜਾਣੀ); ਹਰਾਮਖੋਰੁ (ਹਰਾਮਖ਼ੋਰ)॥ ਹਉ (ਹਉਂ) ਕਿਆ ਮੁਹੁ ਦੇਸਾ (ਮੁੰਹ ਦੇਸਾਂ, ਵਿਖਾਵਾਂ) ? ਦੁਸਟੁ (ਦੁਸ਼ਟ) ਚੋਰੁ ॥ ਨਾਨਕੁ ਨੀਚੁ; ਕਹੈ ਬੀਚਾਰੁ ॥ ਧਾਣਕ ਰੂਪਿ ਰਹਾ (ਰਹਾਂ); ਕਰਤਾਰ  ! ॥੪॥੨੯॥ ਮ: ੧/੨੪)

ਉਕਤ ਦੋਵੇਂ ਸ਼ਬਦਾਂ ਦੀ ਸਿਧਾਂਤਕ ਸਾਂਝ ਤੇ ਸਿਰਲੇਖ ’ਚ ਆਪਸੀ ਮੇਲ਼ ਦਾ ਸੰਕੇਤ, ਗੁਰੂ ਨਾਨਕ ਸਾਹਿਬ ਜੀ ਪਾਸ ਕਬੀਰ ਜੀ ਦੀ ਬਾਣੀ ਹੋਣ ਦਾ ਸਬੂਤ ਹੈ। ਗੁਰੂ ਅਰਜਨ ਸਾਹਿਬ ਜੀ ਨੇ ਇਹ ਸੰਕੇਤ ਆਪ ਦਰਜ ਕੀਤੇ, ਮਾਲੂਮ ਹੁੰਦੇ ਹਨ, ਨਾ ਕਿ ਕਬੀਰ ਜੀ ਵੱਲੋਂ ‘ਘਰੁ ੪’ ’ਚ ਗਾਉਣ ਦੀ ਕੋਈ ਰਵਾਇਤ ਸ਼ੁਰੂ ਕੀਤੀ ਗਈ। ਗੁਰੂ ਨਾਨਕ ਦੇਵ ਜੀ ਦੇ ਪੂਰੇ ਸ਼ਬਦ ਦਾ ਭਾਵ ‘ਰੱਬੀ ਯਾਦ ਬਨਾਮ ਭਰਮ’ ਹੈ, ਜਿਸ ਨੂੰ ਕਬੀਰ ਜੀ ਨੇ ਇਉਂ ਵਰਣਨ ਕੀਤਾ: )

ਜਨਨੀ ਜਾਨਤ (ਮਾਤਾ ਸਮਝਦੀ ਹੈ ਕਿ), ਸੁਤੁ ਬਡਾ ਹੋਤੁ ਹੈ; ਇਤਨਾ ਕੁ ਨ ਜਾਨੈ, ਜਿ, ਦਿਨ-ਦਿਨ ਅਵਧ ਘਟਤੁ ਹੈ ॥ ਮੋਰ-ਮੋਰ ਕਰਿ (ਭਾਵ ਮੇਰਾ-ਮੇਰਾ ਕਰਕੇ), ਅਧਿਕ ਲਾਡੁ ਧਰਿ (ਕੇ); ਪੇਖਤ ਹੀ ਜਮਰਾਉ ਹਸੈ ॥੧॥ ਐਸਾ  ! ਤੈਂ, ਜਗੁ ਭਰਮਿ (’ਚ) ਲਾਇਆ ॥ ਕੈਸੇ ਬੂਝੈ ? ਜਬ ਮੋਹਿਆ ਹੈ ਮਾਇਆ ॥ ੧॥ ਰਹਾਉ ॥ ਕਹਤ ਕਬੀਰ, ਛੋਡਿ ਬਿਖਿਆ ਰਸ ; ਇਤੁ ਸੰਗਤਿ (ਇਸ ਕੁਸੰਗ ਨਾਲ਼) ਨਿਹਚਉ (ਭਾਵ ਯਕੀਨਨ) ਮਰਣਾ ॥ ਰਮਈਆ ਜਪਹੁ, ਪ੍ਰਾਣੀ ! ਅਨਤ (ਭਾਵ ਸਥਿਰ) ਜੀਵਣ ਬਾਣੀ ; ਇਨ ਬਿਧਿ, ਭਵ ਸਾਗਰੁ ਤਰਣਾ ॥੨॥ ਜਾਂ ਤਿਸੁ ਭਾਵੈ ; ਤਾ (ਤਾਂ) ਲਾਗੈ ਭਾਉ ॥ ਭਰਮੁ ਭੁਲਾਵਾ, ਵਿਚਹੁ (ਵਿੱਚੋਂ) ਜਾਇ ॥ ਉਪਜੈ ਸਹਜੁ, ਗਿਆਨ ਮਤਿ ਜਾਗੈ ॥ ਗੁਰ ਪ੍ਰਸਾਦਿ (ਰਾਹੀਂ); ਅੰਤਰਿ ਲਿਵ ਲਾਗੈ ॥੩॥ ਇਤੁ ਸੰਗਤਿ; ਨਾਹੀ (ਨਾਹੀਂ) ਮਰਣਾ ॥ ਹੁਕਮੁ ਪਛਾਣਿ (ਕੇ); ਤਾ (ਤਾਂ) ਖਸਮੈ ਮਿਲਣਾ ॥੧॥ ਰਹਾਉ ਦੂਜਾ ॥ 

(ਨੋਟ: ਇਸ ਸ਼ਬਦ ਦੇ ਪਹਿਲੇ ‘ਰਹਾਉ’ ’ਚ ਉਤਪੰਨ ਕੀਤਾ ਗਿਆ ਸਵਾਲ ‘‘ਕੈਸੇ ਬੂਝੈ ? ਜਬ ਮੋਹਿਆ ਹੈ ਮਾਇਆ ॥’’ ਦਾ ਜਵਾਬ ‘ਰਹਾਉ ਦੂਜਾ’ ਰਾਹੀਂ ‘‘ਇਤੁ ਸੰਗਤਿ, ਨਾਹੀ ਮਰਣਾ ॥ ਹੁਕਮੁ ਪਛਾਣਿ ; ਤਾ ਖਸਮੈ ਮਿਲਣਾ ॥੧॥ ਰਹਾਉ ਦੂਜਾ ॥’’’ਚ ਸਪਸ਼ਟ ਕੀਤਾ ਗਿਆ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ’ਚ ਇੱਕ ‘ਰਹਾਉ’ ਬੰਦ ਤੋਂ ਇਲਾਵਾ 4 ਬੰਦ ਸਨ ਜਦਕਿ ਕਬੀਰ ਜੀ ਦੇ ਸ਼ਬਦ ’ਚ ਦੋ ਰਹਾਉ (ਤੁਕਾਂ) ਤੋਂ ਇਲਾਵਾ 3 ਬੰਦਾਂ ’ਚ ਵਿਸ਼ਾ ਸੰਪੂਰਨ ਕਰਕੇ ਦੋਵੇਂ ਸ਼ਬਦਾਂ (ਗੁਰੂ ਨਾਨਕ ਤੇ ਕਬੀਰ ਜੀ) ’ਚ ਬੰਦਾਂ ਦੀ ਕੁੱਲ ਗਿਣਤੀ 5-5 ਵੀ ਸਮਾਨੰਤਰ ਰੱਖੀ ਗਈ।)

ਸਿਰੀ ਰਾਗੁ, ਤ੍ਰਿਲੋਚਨ ਕਾ ॥

ਮਾਇਆ ਮੋਹੁ (ਮੋਹ), ਮਨਿ ਆਗਲੜਾ (ਮਨ ’ਚ ਬਹੁਤ), ਪ੍ਰਾਣੀ  ! ਜਰਾ ਮਰਣੁ ਭਉ (ਬੁਢੇਪਾ, ਮੌਤ ਤੇ ਰੱਬੀ ਡਰ), ਵਿਸਰਿ ਗਇਆ ॥ ਕੁਟੰਬੁ ਦੇਖਿ (ਕੇ), ਬਿਗਸਹਿ (ਬਿਗਸੈਂ) ਕਮਲਾ ਜਿਉ (ਜਿਉਂ, ਫੁੱਲ ਵਾਙ); ਪਰ ਘਰਿ (’ਚ) ਜੋਹਹਿ (ਜੋਹੈਂ, ਤੱਕੈਂ), ਕਪਟ ਨਰਾ  ! ॥੧॥ ਦੂੜਾ ਆਇਓਹਿ (ਆਇਓਹਿਂ), ਜਮਹਿ ਤਣਾ (ਜਮਰਾਜ ਦਾ ਪੁੱਤਰ, ਬੁਢੇਪਾ) ॥ ਤਿਨ ਆਗਲੜੈ ; ਮੈ ਰਹਣੁ ਨ ਜਾਇ ॥ ਕੋਈ ਕੋਈ ਸਾਜਣੁ, ਆਇ (ਕੇ) ਕਹੈ ॥ (ਕਿ) ਮਿਲੁ, ਮੇਰੇ ਬੀਠੁਲਾ  ! ਲੈ ਬਾਹੜੀ (ਬਾਂਹੜੀ) ਵਲਾਇ (ਬਾਹਾਂ ਇਕੱਠੀਆਂ ਕਰ ਲੈ, ਗੋਦ ’ਚ ਲੈ ਲੈ)॥ ਮਿਲੁ, ਮੇਰੇ ਰਮਈਆ ! ਮੈ ਲੇਹਿ (ਲੇਹ) ਛਡਾਇ (ਭਾਵ ਮੈਨੂੰ ਛਡਾ ਲੈ)॥੧॥ ਰਹਾਉ ॥ ਅਨਿਕ ਅਨਿਕ ਭੋਗ ਰਾਜ ਬਿਸਰੇ, ਪ੍ਰਾਣੀ  ! ਸੰਸਾਰ ਸਾਗਰ ਪੈ (ਭਾਵ ਉੱਤੇ), ਅਮਰੁ ਭਇਆ ॥ ਮਾਇਆ ਮੂਠਾ ਚੇਤਸਿ ਨਾਹੀ (ਨਾਹੀਂ); ਜਨਮੁ ਗਵਾਇਓ ਆਲਸੀਆ  ! ॥੨॥ ਬਿਖਮ ਘੋਰ ਪੰਥਿ (ਰਾਹ ਉੱਤੇ) ਚਾਲਣਾ, ਪ੍ਰਾਣੀ ! ਰਵਿ ਸਸਿ (ਭਾਵ ਦਿਨ ਹੋਵੇ ਜਾਂ ਰਾਤ, ਅਕਲ), ਤਹ (ਤ੍ਹਾਂ) ਨ ਪ੍ਰਵੇਸੰ (ਪ੍ਰਵੇਸ਼ੰ)॥ ਮਾਇਆ ਮੋਹੁ (ਮੋਹ) ਤਬ ਬਿਸਰਿ ਗਇਆ ; ਜਾਂ ਤਜੀਅਲੇ ਸੰਸਾਰੰ ॥੩॥ ਆਜੁ, ਮੇਰੈ+ਮਨਿ (’ਚ) ਪ੍ਰਗਟੁ ਭਇਆ ਹੈ ; ਪੇਖੀਅਲੇ ਧਰਮਰਾਓ ॥ ਤਹ (ਤ੍ਹਾਂ), ਕਰ (ਹੱਥਾਂ ਨਾਲ਼) ਦਲ ਕਰਨਿ ਮਹਾਬਲੀ (ਮਹਾਂਬਲੀ); ਤਿਨ ਆਗਲੜੈ, ਮੈ ਰਹਣੁ ਨ ਜਾਇ ॥੪॥ ਜੇ ਕੋ, ਮੂੰ ਉਪਦੇਸੁ (ਉਪਦੇਸ਼) ਕਰਤੁ ਹੈ ; ਤਾ (ਤਾਂ) ਵਣਿ+ਤ੍ਰਿਣਿ (ਘਾਹ ’ਚ) ਰਤੜਾ ਨਾਰਾਇਣਾ ॥ ਐ ਜੀ  ! ਤੂੰ ਆਪੇ ਸਭ ਕਿਛੁ ਜਾਣਦਾ ; ਬਦਤਿ ਤ੍ਰਿਲੋਚਨੁ, ਰਾਮਈਆ  ! ॥੫॥੨॥

(ਨੋਟ: ਉਪਰੋਕਤ ਅਤੇ ਹੇਠਲੇ ਕਬੀਰ ਜੀ ਦੇ ਸ਼ਬਦਾਂ ਵਿਚਕਾਰ ਉਕਤ ਤ੍ਰਿਲੋਚਨ ਜੀ ਦਾ ਸ਼ਬਦ ਦਰਜ ਹੋਣਾ, ਕੇਵਲ ਵਿਸ਼ੇ ਦੀ ਸਾਂਝ ਨੂੰ ਦਰਸਾਉਂਦਾ ਹੈ, ਨਾ ਕਿ ਭਗਤ ਬਾਣੀ ਤਰਤੀਬ ਨੂੰ, ਕਿਉਂਕਿ ਉਕਤ ਦੋਵੇਂ ਸ਼ਬਦਾਂ ’ਚ ਵਿਸ਼ੇ ਦੀ ਸਮਾਨਤਾ ਹੈ।)

ਸ੍ਰੀ ਰਾਗੁ, ਭਗਤ ਕਬੀਰ ਜੀਉ ਕਾ ॥

ਅਚਰਜ ਏਕੁ, ਸੁਨਹੁ; ਰੇ ਪੰਡੀਆ  ! ਅਬ ਕਿਛੁ ਕਹਨੁ ਨ ਜਾਈ ॥ ਸੁਰਿ ਨਰ, ਗਣ, ਗੰਧ੍ਰਬ, ਜਿਨਿ (ਜਿਨ੍ਹ) ਮੋਹੇ ; ਤ੍ਰਿਭਵਣ ਮੇਖੁਲੀ ਲਾਈ (ਭਾਵ ਤੜਾਗੀ, ਜ਼ੰਜੀਰ ਪਾ ਕੇ) ॥੧॥ ਰਾਜਾ ਰਾਮ  ! ਅਨਹਦ ਕਿੰਗੁਰੀ (ਚੇਤਨਸੱਤਾ, ਵੀਣਾ) ਬਾਜੈ ॥ ਜਾ ਕੀ ਦਿਸਟਿ (ਦ੍ਰਿਸ਼ਟਿ, ਕਿਰਪਾ ਨਾਲ਼), ਨਾਦ ਲਿਵ (ਭਾਵ ਸ਼ਬਦ ਵੱਲ ਰੁਚੀ) ਲਾਗੈ ॥੧॥ ਰਹਾਉ ॥ ਭਾਠੀ (ਭਾੱਠੀ) ਗਗਨੁ (ਰੱਬੀ ਮਸਤੀ ਦਿਮਾਗ਼), ਸਿੰਙਿਆ ਅਰੁ ਚੁੰਙਿਆ (ਚੰਗੇ-ਮੰਦੇ ਕਰਮਾਂ ਦੀ ਪਰਖ) ; ਕਨਕ ਕਲਸ (ਸੋਨੇ ਦਾ ਮੱਟ, ਸ਼ੁੱਧ ਹਿਰਦਾ) ਇਕੁ ਪਾਇਆ ॥ ਤਿਸੁ ਮਹਿ ਧਾਰ ਚੁਐ, ਅਤਿ ਨਿਰਮਲ ; ਰਸ ਮਹਿ ਰਸਨ ਚੁਆਇਆ ॥੨॥ ਏਕ ਜੁ ਬਾਤ ਅਨੂਪ (ਉਪਮਾ ਰਹਿਤ) ਬਨੀ ਹੈ ; ਪਵਨ ਪਿਆਲਾ ਸਾਜਿਆ ॥ ਤੀਨਿ ਭਵਨ ਮਹਿ, ਏਕੋ ਜੋਗੀ (ਰੱਬ, ਉਸ ਦੇ ਮੁਕਾਬਲੇ) ; ਕਹਹੁ  ! ਕਵਨੁ ਹੈ ਰਾਜਾ  ? (ਭਾਵ ਵੱਡਾ)॥੩॥ ਐਸੇ ਗਿਆਨ ਪ੍ਰਗਟਿਆ ਪੁਰਖੋਤਮ ; ਕਹੁ (ਕਹ) ਕਬੀਰ  ! ਰੰਗਿ (’ਚ) ਰਾਤਾ (ਰਾੱਤਾ) ॥ ਅਉਰ (ਔਰ) ਦੁਨੀ ਸਭ, ਭਰਮਿ (’ਚ) ਭੁਲਾਨੀ ; (ਪਰ ਮੇਰਾ) ਮਨੁ, ਰਾਮ ਰਸਾਇਨ ਮਾਤਾ (ਮਾੱਤਾ) ॥੪॥੩॥

(ਨੋਟ: ਉਕਤ ਸ਼ਬਦ ਦੇ ਦੂਸਰੇ ਬੰਦ ’ਚ ‘ਸਿੰਙਿਆ ਅਰੁ ਚੁੰਙਿਆ’, ਸ਼ਬਦ ਦਰਜ ਹਨ, ਜਿਨ੍ਹਾਂ ਦਾ ਮਤਲਬ (ਸੰਕੇਤ) ਸ਼ਰਾਬ ਕੱਢਦਿਆਂ ਉਨ੍ਹਾਂ ਦੋ ਪਾਈਪਾਂ (ਨਾਲ਼ੀਆਂ) ਵੱਲ ਹੈ, ਜਿਨ੍ਹਾਂ ’ਚੋਂ ਇੱਕ ਰਾਹੀਂ ਸ਼ਰਾਬ (ਗੁਣਕਾਰੀ, ਅਰਕ) ਤੇ ਦੂਸਰੀ ਰਾਹੀਂ ਵਾਧੂ ਪਾਣੀ (ਅਰਥਹੀਣ, ਔਗੁਣ) ਨਿਕਲਦਾ ਹੈ। ਇਨ੍ਹਾਂ ਦਾ ਉਚਾਰਨ ਕਰਦਿਆਂ ਅਗਰ ਦਿੱਕਤ ਹੋਵੇ ਤਾਂ ‘ਙ, ਞ’ ਅੱਖਰ ਦਾ ਬਦਲ ਇਹ ਹੈ ਕਿ ਜਿਸ ਵਰਗ: ‘ਕ ਖ ਗ ਘ ਙ’ ਤੇ ‘ਚ ਛ ਜ ਝ ਞ’ ’ਚੋਂ ਪੰਜਵਾਂ ਅੱਖਰ ਹੋਵੇ, ਉਸ ਦੇ ਤੀਸਰੇ ਅੱਖਰ ਨਾਲ਼ ਨਾਸਿਕੀ ਧੁਨੀ ਲਗਾ ਲਈ ਜਾਵੇ ਭਾਵ ਕਵਰਗ ਦੇ ਤੀਸਰੇ ਅੱਖਰ ‘ਗ’ ਨਾਲ਼ ਅਨੁਨਾਸਕੀ ਧੁਨੀ ਲਗਾ ਕੇ ਪੰਜਵੇਂ ਅੱਖਰ ‘ਙ’ ਦੀ ਧੁਨੀ ਉਤਪੰਨ ਕੀਤੀ ਜਾ ਸਕਦੀ ਹੈ; ਜਿਵੇਂ ‘ਙਿਆਨ ਭਾਵ ਗਿਆਨ’ ਤੇ ਚਵਰਗ ਦੇ ਤੀਸਰੇ ਅੱਖਰ ‘ਜ’ ਨਾਲ਼ ਅਨੁਨਾਸਕੀ ਧੁਨੀ ਲਗਾ ਕੇ ਪੰਜਵੇਂ ਅੱਖਰ ‘ਞ’ ਦੀ ਉਚਾਰਨ ਭਰਪਾਈ ਕੀਤੀ ਜਾ ਸਕਦੀ ਹੈ; ਜਿਵੇਂ ‘ਞਤਨ ਭਾਵ ਜਤਨ’।) 

ੴ ਸਤਿ, ਗੁਰ ਪ੍ਰਸਾਦਿ ॥

ਸ੍ਰੀ ਰਾਗ ; ਬਾਣੀ, ਭਗਤ ਬੇਣੀ ਜੀਉ ਕੀ ॥ ‘ਪਹਰਿਆ’; ਕੈ ਘਰਿ ਗਾਵਣਾ ॥

(ਨੋਟ: ਇਸ ਸ਼ਬਦ ਦਾ ਸੰਕੇਤ ਵੀ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤੇ ਗਏ ‘ਪਹਰੇ’ ਸਿਰਲੇਖ ਅਧੀਨ ਸ਼ਬਦ (ਇਸੇ ਰਾਗ ’ਚ ਪਿਛਾਂਹ ਪੰਨਾ ਨੰਬਰ 75 ’ਤੇ ਦਰਜ) ‘‘ਸਿਰੀ ਰਾਗੁ, ਮਹਲਾ ੧; ‘ਪਹਰੇ’, ਘਰੁ ੧ ॥ ਪਹਿਲੈ+ਪਹਰੈ ਰੈਣਿ ਕੈ; ਵਣਜਾਰਿਆ ਮਿਤ੍ਰਾ  ! ਹੁਕਮਿ ਪਇਆ ਗਰਭਾਸਿ ॥’’ (ਮ: ੧/੭੫) ਵੱਲ ਹੈ, ਜਿਸ ਦਾ ‘ਘਰੁ ੧’ ਹੋਣ ਕਾਰਨ, ਬੇਣੀ ਜੀ ਦੇ ਇਸ ਸ਼ਬਦ ਨੂੰ ਵੀ ‘ਘਰੁ ੧’ ’ਚ ਗਾਉਣ ਲਈ ਹਦਾਇਤ ਹੈ।

ਸੰਖੇਪਤਾ ਕਾਰਨ ਗੁਰਬਾਣੀ ਕਾਵਿ ਲਿਖਤ ’ਚ ਕਈ ਸ਼ਬਦਾਂ ਦੇ ਕਾਰਕੀ ਚਿੰਨ੍ਹ (ਵਿੱਚ, ਨਾਲ਼, ਤੋਂ, ਰਾਹੀਂ, ਦੁਆਰਾ, ਨੇ ਆਦਿ); ਨਾਂਵ ਤੇ ਪੜਨਾਂਵ ਸ਼ਬਦਾਂ ਦੇ ਅੰਤ ਲੱਗੀ ਸਿਹਾਰੀ ’ਚੋਂ ਲਏ ਜਾਂਦੇ ਹਨ; ਜਿਵੇਂ ਕਿ ‘ਮਨਿ’ ਭਾਵ ਮਨ ਵਿੱਚ, ‘ਪ੍ਰਸਾਦਿ’ ਭਾਵ ਕਿਰਪਾ ਨਾਲ਼, ‘ਨਾਨਕਿ’ ਭਾਵ ਨਾਨਕ ਨੇ, ‘ਓਅੰਕਾਰਿ’ ਭਾਵ ਓਅੰਕਾਰ ਤੋਂ, ਆਦਿ, ਪਰ ਉਕਤ ਦੋ ਸਿਰਲੇਖਾਂ ’ਚ ‘ਕੈ ਘਰਿ ਗਾਵਣਾ’ ਦਰਜ ਕੀਤਾ ਗਿਆ ਹੈ, ਜੋ ਕਿ ਕਾਵਿ ਰੂਪ ਨਹੀਂ ਬਲਕਿ ਵਾਰਤਕ (ਤੁਕਾਂਤ ਰਹਿਤ) ਹੈ। ਇਸ ਲਿਖਤ (ਘਰਿ, ਅੰਤ ਸਿਹਾਰੀ) ਤੋਂ ਸਪਸ਼ਟ ਹੁੰਦਾ ਹੈ ਕਿ ਤਤਕਾਲੀ (ਗੁਰਮੁਖੀ) ਵਾਰਤਕ ’ਚ ਵੀ ‘ਘਰਿ’ ਦਾ ਅਰਥ ‘ਘਰ ਵਿੱਚ’ (ਅਧਿਕਰਣ ਕਾਰਕ) ਹੁੰਦਾ ਸੀ, ਜੋ ਕਿ ਆਧੁਨਿਕ ਪੰਜਾਬੀ ਲਿਖਤ ’ਚ ਅਲੋਪ ਹੋ ਗਿਆ। ‘ਕੈ ਘਰਿ’ ਵਾਰਤਕ ਨਿਯਮ; ਗੁਰਬਾਣੀ ਕਾਵਿ ਰੂਪ ’ਚ ਬਹੁਤਾਤ ’ਚ ਦਰਜ ਹੈ, ਜਿਸ ਦੀ ਵਧੇਰੇ ਜਾਣਕਾਰੀ ਲਈ ਪੜ੍ਹੋ: ‘ਕੈ’ ਸ਼ਬਦ ਦੀ ਬਹੁਪੱਖੀ ਵਿਚਾਰ ਭਾਗ 1 ਤੋਂ 8, ਜੋ ਵਿਆਕਰਨ ਕਾਲਮ ’ਚ ਰੱਖੇ ਹੋਏ ਹਨ।

ਸੂਝਵਾਨ ਪਾਠਕਾਂ ਲਈ ਇਹ ਵਿਚਾਰ ਵੀ ਵਿਸ਼ੇਸ਼ ਧਿਆਨ ਮੰਗਦੀ ਹੈ ਕਿ ‘‘ਏਕੁ ਸੁਆਨੁ; ਕੈ ਘਰਿ ਗਾਵਣਾ’’ ਅਤੇ ‘‘ਪਹਰਿਆ; ਕੈ ਘਰਿ ਗਾਵਣਾ ॥’’ ਸ਼ਬਦਾਂ ’ਚ ‘ਏਕੁ ਸੁਆਨੁ’ ਜਾਂ ‘ਪਹਰਿਆ’ ਵਾਲ਼ੇ ਸ਼ਬਦ ਹੀ ਗੁਰਬਾਣੀ ’ਚ ਦਰਜ ਹਨ, ਨਾ ਕਿ ‘ਕੈ ਘਰਿ ਗਾਵਣਾ’ ਵਾਲ਼ੇ। ਗੁਰਬਾਣੀ ਵਿਆਕਰਨ (ਲਿਖਤ) ਮੁਤਾਬਕ ‘‘ਏਕੁ ਸੁਆਨੁ ਕੈ ਘਰਿ’ ਜਾਂ ‘‘ਪਹਰਿਆ ਕੈ ਘਰਿ’’ ਅਢੁਕਵਾਂ ਜੋੜ ਹੈ। ਅਜਿਹੇ ਸਿਰਲੇਖਾਂ ਨੂੰ ਦਰਜ ਕਰਨ ਦਾ ਮਨੋਰਥ ਵਿਸ਼ੇ ਦੇ ਪ੍ਰਥਾਇ ਸ਼ਬਦ ਦਰਜ ਕਰਨਾ ਜਾਂ ਵਿਸ਼ੇ ਦੀ ਅਸਪਸ਼ਟਤਾ ਨੂੰ ਸਪਸ਼ਟ ਕਰਨਾ ਹੁੰਦਾ ਹੈ।

ਪ੍ਰਿੰਸੀਪਲ ਸਾਹਿਬ ਸਿੰਘ ਜੀ ਦੁਆਰਾ ਰਚਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ (ਪੋਥੀ ਪਹਿਲੀ, ਪੰਨਾ 588) ’ਤੇ ਉਕਤ ਸ਼ਬਦਾਂ ਦੇ ਸੰਬੰਧਾਂ (ਸੰਕੇਤਾਂ) ਨੂੰ ਬਾਖ਼ੂਬੀ ਬਿਆਨ ਕੀਤਾ ਗਿਆ ਹੈ, ਜੋ ਕਿ ਸਾਰਥਕ ਉਪਰਾਲਾ ਹੈ, ਪਰ ਈਸ਼ਰ ਮਾਇਕਰੋ ਮੀਡੀਆ (ਵੱਰ੍ਸ਼ਨ 2012, 2016), ਜੋ ਕਿ ਸੰਤ ਈਸ਼ਰ ਸਿੰਘ (ਦਮਦਮੀ ਟਕਸਾਲ) ਨਾਲ਼ ਸੰਬੰਧਿਤ ਹੋਣ ਕਾਰਨ ਪ੍ਰਿੰਸੀਪਲ ਸਾਹਿਬ ਸਿੰਘ ਜੀ ਨਾਲ਼ ਕਈ ਜਗ੍ਹਾ ਸਿਧਾਂਤਕ ਮਤਭੇਦ ਰੱਖਦਾ ਹੈ ਜਾਂ ਅੰਦਰੋਂ ਈਰਖਾਲੂ ਭਾਵਨਾ ਵਿਅਕਤ ਕਰਨਾ ਚਾਹੁੰਦਾ ਹੈ, ਜਿਸ ਦੀ ਇੱਕ ਮਿਸਾਲ ਹੈ ਕਿ ਇਨ੍ਹਾਂ ਨੇ ਉਕਤ ਭਗਤ ਬੇਣੀ ਜੀ ਦੇ ਸ਼ਬਦ ਦਾ ਸਹਾਰਾ ਲੈਂਦਿਆਂ ਪ੍ਰਿੰਸੀਪਲ ਸਾਹਿਬ ਸਿੰਘ ਜੀ ਵੱਲੋਂ ਲਿਖਿਆ ਦਰਸਾਇਆ ਗਿਆ ਕਿ: ‘ਰਾਗ ਸਿਰੀਰਾਗ ਵਿੱਚ ਭਗਤ ਬੇਣੀ ਜੀ ਦੀ ਬਾਣੀ। ਇਹ ‘‘ਪਹਰਿਆਂ ਦੇ ਘਰ’’ ? ? ? (ਦੀ ਧੁਨੀ ਅਨੁਸਾਰ) ਗਉਣੀ ਚਾਹੀਦੀ ਹੈ।’ (ਪ੍ਰੋ. ਸਾਹਿਬ ਸਿੰਘ) ਦਰਜ ਕੀਤਾ ਗਿਆ, ਜਿਸ ਦਾ ਮਕਸਦ:

(ੳ). ‘ਪਹਰਿਆ’ ਸ਼ਬਦ ਨਾਲ਼ ‘ਕੈ ਘਰਿ’ ਨੂੰ ਜੋੜ ਕੇ ਅਵਿਆਕਰਨਿਕ ਨਿਯਮ ਸਿੱਧ ਕਰਨਾ ਹੈ।

(ਅ). ਤਿੰਨ ਵਾਰ  ? ? ? ਲਿਖਣ ਦਾ ਮਤਲਬ, ਗੁਰਬਾਣੀ ’ਚ ਦਰਜ ‘ਪਹਰਿਆ ਕੈ ਘਰਿ’ ਸ਼ਬਦਾਂ ਨੂੰ ਵਿਗਾੜ ਕੇ ‘ਪਹਰਿਆਂ ਦੇ ਘਰ’ ਤਿੰਨੇ ਗ਼ਲਤ ਸ਼ਬਦ ( ? ? ?) ਬਿਆਨ ਕਰਨਾ ਹੈ, ਜੋ ਕਿ ਪ੍ਰਿੰਸੀਪਲ ਸਾਹਿਬ ਜੀ ਨੇ ਆਪਣੀ ਲਿਖਤ ’ਚ ਕਿਤੇ ਵੀ ਦਰਜ ਨਹੀਂ ਕੀਤੇ।

ਜਿਨ੍ਹਾਂ ਗੁਰੂ ਪਿਆਰਿਆਂ ਪਾਸ ਦਰਪਣ ਨਹੀਂ ਤੇ ਕੇਵਲ ਈਸ਼ਰ ਮਾਇਕਰੋ ਮੀਡੀਆ ਰਾਹੀਂ ਗੁਰਬਾਣੀ ਨੂੰ ਸਮਝਣ ਦਾ ਯਤਨ ਕਰਦੇ ਹਨ, ਉਨ੍ਹਾਂ ਦਾ ਪ੍ਰਿੰਸੀਪਲ ਦੀ ਯੋਗਤਾ ਪ੍ਰਤਿ ਅਵਿਸ਼ਵਾਸ ਬਣੇਗਾ, ਜੋ ਕਿ ਉਨ੍ਹਾਂ ਦੀ ਸ਼ਖ਼ਸੀਅਤ ਦੇ ਅਨੁਕੂਲ ਨਹੀਂ ਹੋਏਗਾ। ਸੂਝਵਾਨ ਪਾਠਕਾਂ ਨੂੰ ਇਸ ਦਾ ਵਿਰੋਧ ਕਰਨਾ ਬਣਦਾ ਹੈ।)

ਰੇ ਨਰ  ! ਗਰਭ ਕੁੰਡਲ ਜਬ ਆਛਤ (ਹੁੰਦਾ ਸੀ) ; ਉਰਧ ਧਿਆਨ ਲਿਵ ਲਾਗਾ ॥ ਮਿਰਤਕ ਪਿੰਡਿ, ਪਦ ਮਦ ਨਾ (ਭਾਵ ਬੇਜਾਨ ਸਰੀਰ ’ਚ, ਹੋਂਦ ਤੇ ਹੰਕਾਰ ਨਹੀਂ ਸੀ), ਅਹਿਨਿਸਿ ਏਕੁ ; ਅਗਿਆਨ ਸੁ ਨਾਗਾ (ਨਾਂਗਾ ਭਾਵ ਨਾ-ਸਮਝੀ ਦੀ ਅਣਹੋਂਦ ਸੀ)॥ ਤੇ ਦਿਨ ਸੰਮਲੁ (ਸੰਮ੍ਲ਼, ਭਾਵ ਉਹ ਦਿਨ ਯਾਦ ਕਰ), ਕਸਟ ਮਹਾ ਦੁਖ (ਕਸ਼ਟ ਮਹਾਂ ਦੁੱਖ) ; ਅਬ, ਚਿਤੁ ਅਧਿਕ ਪਸਾਰਿਆ ॥ ਗਰਭ ਛੋਡਿ (ਕੇ, ਜਦ), ਮ੍ਰਿਤ ਮੰਡਲ ਆਇਆ ; ਤਉ, ਨਰਹਰਿ ਮਨਹੁ (ਮਨੋਂ) ਬਿਸਾਰਿਆ ॥੧॥ ਫਿਰਿ ਪਛੁਤਾਵਹਿਗਾ ਮੂੜਿਆ (ਪਛੁਤਾਵੈਂਗਾ, ਮੂੜ੍ਹਿਆ) ! ਤੂੰ, ਕਵਨ ਕੁਮਤਿ (ਕੁਮੱਤਿ) ਭ੍ਰਮਿ (’ਚ) ਲਾਗਾ  ? ॥ ਚੇਤਿ ਰਾਮੁ, ਨਾਹੀ (ਨਾਹੀਂ) ਜਮ ਪੁਰਿ ਜਾਹਿਗਾ (ਜਾਹਿਂਗਾ) ; ਜਨੁ ਬਿਚਰੈ ਅਨਰਾਧਾ (ਅਨਰਾੱਧਾ ਭਾਵ ਅਨਿਰੁੱਧਾ, ਅਮੋੜ)॥੧॥ ਰਹਾਉ ॥ ਬਾਲ ਬਿਨੋਦ (ਬਚਪਨੀ ਖੇਡਾਂ ਵਾਙ), ਚਿੰਦ (ਵਿਚਾਰ) ਰਸ ਲਾਗਾ ; ਖਿਨੁ ਖਿਨੁ ਮੋਹਿ (ਮੋਹ ’ਚ) ਬਿਆਪੈ ॥ ਰਸੁ ਮਿਸੁ (ਛਲ) ਮੇਧੁ (ਨਸ਼ਾ), ਅੰਮ੍ਰਿਤੁ (ਸਮਝ ਕੇ) ਬਿਖੁ ਚਾਖੀ ; ਤਉ ਪੰਚ (ਕਾਮਾਦਿਕ) ਪ੍ਰਗਟ ਸੰਤਾਪੈ (ਸੰਤਾਪੈਂ)॥ ਜਪੁ ਤਪੁ ਸੰਜਮੁ ਛੋਡਿ (ਕੇ) ਸੁਕ੍ਰਿਤ (ਚੰਗੀ) ਮਤਿ ; ਰਾਮ ਨਾਮੁ ਨ ਅਰਾਧਿਆ ॥ ਉਛਲਿਆ ਕਾਮੁ, ਕਾਲ (ਕਾਲਖ) ਮਤਿ ਲਾਗੀ ; ਤਉ, ਆਨਿ ਸਕਤਿ (ਸ਼ਕਤਿ) ਗਲਿ (ਨਾਲ਼) ਬਾਂਧਿਆ ॥੨॥ ਤਰੁਣ ਤੇਜੁ (ਜੁਆਨੀ ਦਾ ਜੋਸ਼), ਪਰ ਤ੍ਰਿਅ ਮੁਖੁ ਜੋਹਹਿ (ਜੋਹੈਂ) ; ਸਰੁ ਅਪਸਰੁ (ਚੰਗਾ-ਮੰਦਾ) ਨ ਪਛਾਣਿਆ ॥ ਉਨਮਤ ਕਾਮਿ (ਕਾਮ ’ਚ ਮਸਤ), ਮਹਾ (ਮਹਾਂ) ਬਿਖੁ ਭੂਲੈ ; ਪਾਪੁ ਪੁੰਨੁ ਨ ਪਛਾਨਿਆ ॥ ਸੁਤ ਸੰਪਤਿ ਦੇਖਿ (ਕੇ), ਇਹੁ ਮਨੁ ਗਰਬਿਆ ; ਰਾਮੁ ਰਿਦੈ ਤੇ ਖੋਇਆ ॥ ਅਵਰ ਮਰਤ, ਮਾਇਆ ਮਨੁ ਤੋਲੇ ; ਤਉ, ਭਗ ਮੁਖਿ (ਮੱਥੇ ਦੇ ਨਸੀਬ ਕਾਰਨ) ਜਨਮੁ ਵਿਗੋਇਆ (ਅਜਾਈਂ ਗਿਆ)॥੩॥ ਪੁੰਡਰ (ਚਿੱਟੇ) ਕੇਸ, ਕੁਸਮ ਤੇ ਧਉਲੇ (ਫੁੱਲ ਤੋਂ ਵੀ ਚਿੱਟੇ) ; ਸਪਤ ਪਾਤਾਲ ਕੀ ਬਾਣੀ (ਭਾਵ ਮੱਧਮ ਹੋ ਗਈ ਬੋਲੀ)॥ ਲੋਚਨ ਸ੍ਰਮਹਿ (ਸ੍ਰਮੈਂ), ਬੁਧਿ ਬਲ ਨਾਠੀ ; ਤਾ (ਤਾਂ ਵੀ) ਕਾਮੁ ਪਵਸਿ ਮਾਧਾਣੀ ॥ ਤਾ ਤੇ (ਭਾਵ ਇਨ੍ਹਾਂ ਕਾਰਨ), ਬਿਖੈ ਭਈ ਮਤਿ ਪਾਵਸਿ ; ਕਾਇਆ (ਕਾਇਆਂ) ਕਮਲੁ ਕੁਮਲਾਣਾ ॥ ਅਵਗਤਿ ਬਾਣਿ (ਰੱਬੀ ਬੋਲੀ-ਸਿਫ਼ਤ) ਛੋਡਿ (ਕੇ), ਮ੍ਰਿਤ ਮੰਡਲਿ (ਸੰਸਾਰ ’ਚ); ਤਉ ਪਾਛੈ ਪਛੁਤਾਣਾ ॥੪॥ ਨਿਕੁਟੀ ਦੇਹ (ਛੋਟੇ ਬਾਲ-ਬੱਚੇ) ਦੇਖਿ (ਕੇ), ਧੁਨਿ (ਮੋਹ) ਉਪਜੈ ; ਮਾਨ ਕਰਤ ਨਹੀ (ਨਹੀਂ) ਬੂਝੈ ॥ ਲਾਲਚੁ ਕਰੈ ਜੀਵਨ-ਪਦ ਕਾਰਨ ; ਲੋਚਨ ਕਛੂ ਨ ਸੂਝੈ ॥ ਥਾਕਾ ਤੇਜੁ, ਉਡਿਆ ਮਨੁ ਪੰਖੀ ; ਘਰਿ ਆਂਗਨਿ ਨ ਸੁਖਾਈ (ਭਾਵ ਲੋਥ ਘਰ-ਵਿਹੜੇ ’ਚ ਨਾ ਸ਼ੋਭਦੀ) ॥ ਬੇਣੀ ਕਹੈ, ਸੁਨਹੁ ਰੇ ਭਗਤਹੁ  ! (ਹੁਣ) ਮਰਨ (ਤੋਂ ਬਾਅਦ), ਮੁਕਤਿ ਕਿਨਿ (ਕਿਸ ਨੇ) ਪਾਈ  ? ॥੫॥ 

ਸਿਰੀ ਰਾਗੁ ॥

ਤੋਹੀ ਮੋਹੀ (ਤੇਰਾ-ਮੇਰਾ), ਮੋਹੀ ਤੋਹੀ ; ਅੰਤਰੁ ਕੈਸਾ  ? ॥ ਕਨਕ ਕਟਿਕ (ਸੋਨੇ ਤੇ ਗਹਿਣੇ ਜਾਂ), ਜਲ ਤਰੰਗ ਜੈਸਾ ॥੧॥ ਜਉ ਪੈ, ਹਮ ਨ ਪਾਪ ਕਰੰਤਾ ; ਅਹੇ ਅਨੰਤਾ (ਹੇ ਬੇਸ਼ੁਮਾਰ ਮਾਲਕ)  ! ॥ ਪਤਿਤ ਪਾਵਨ ਨਾਮੁ, ਕੈਸੇ ਹੁੰਤਾ  ? ॥੧॥ ਰਹਾਉ ॥ ਤੁਮ੍ ਜੁ ਨਾਇਕ (ਮਾਰਗ ਦਰਸ਼ਕ), ਆਛਹੁ (ਹੈਂ) ਅੰਤਰਜਾਮੀ  ! ॥ ਪ੍ਰਭ ਤੇ ਜਨੁ ਜਾਨੀਜੈ ; ਜਨ ਤੇ ਸੁਆਮੀ ॥੨॥ ਸਰੀਰੁ ਆਰਾਧੈ (ਜੀਵਨਭਰ ਸਿਮਰਾਂ); ਮੋ ਕਉ ਬੀਚਾਰੁ ਦੇਹੂ (ਭਾਵ ਦੇਹ)॥ ਰਵਿਦਾਸ (ਲਈ/ਨੂੰ) ਸਮ ਦਲ (ਸਰਬ ਵਿਆਪਕ) ਸਮਝਾਵੈ ਕੋਊ ॥੩॥

(ਨੋਟ: ਉਕਤ ਸ਼ਬਦ ਦੀ ਅਖੀਰਲੀ ਤੁਕ ’ਚ ਦਰਜ ‘ਰਵਿਦਾਸ’ ਸੰਪਰਦਾਨ ਕਾਰਕ ਹੋਣ ਕਾਰਨ ਅੰਤ ਮੁਕਤਾ ਹੈ, ਨਾ ਕਿ ਸੰਬੋਧਨ ਕਾਰਕ ਕਰਕੇ।)