ਕੀ ਮਲਕ ਭਾਗੋ ਵੱਧ ਸਨਮਾਨਿਤ ਹੋ ਰਹੇ ਹਨ ? 

0
207

ਕੀ ਮਲਕ ਭਾਗੋ ਵੱਧ ਸਨਮਾਨਿਤ ਹੋ ਰਹੇ ਹਨ ? 

ਕਿਰਪਾਲ ਸਿੰਘ ਬਠਿੰਡਾ

ਪਰਦੀਪ ਸਿੰਘ ਗਊਸ਼ਾਲਾ ਵਾਲਾ ਜਿਸ ਨੂੰ ਬਾਬਾ ਬੋਰੇਵਾਲਾ ਵੀ ਕਿਹਾ ਜਾਂਦਾ ਹੈ, 17 ਅਕਤੂਬਰ ਨੂੰ ਦੁਪਹਿਰ ਦੀ ਚੌਕੀ ਸਮੇਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਦਰਸ਼ਨ ਨੂੰ ਆਇਆ ਤਾਂ ਜਿਸ ਤਰ੍ਹਾਂ ਉਸ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ, ਉਹ ਵਿਵਾਦ ਦਾ ਵਿਸ਼ਾ ਬਣ ਗਿਆ; ਖਾਸ ਤੌਰ ’ਤੇ ਜਦੋਂ 23 ਅਕਤੂਬਰ ਨੂੰ ਭਾਈ ਅਤਿੰਦਰਪਾਲ ਸਿੰਘ ਸਾਬਕਾ ਸਾਂਸਦ ਨੇ ਉਸ ਦੀ ਵੀਡੀਓ ਬਣਾ ਕੇ ਆਪਣੇ C5 ਯੂਟਿਊਬ ਚੈਨਲ ’ਤੇ ਅਪਲੋਡ ਕੀਤੀ। ਇਸ ਵੀਡੀਓ ’ਚ ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਪਰਦੀਪ ਸਿੰਘ ਦਰਬਾਰ ਸਾਹਿਬ ’ਚ ਪਹੁੰਚਿਆ ਤਾਂ ਦਰਬਾਰ ਸਾਹਿਬ ਦੇ ਮੀਤ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਤੋਂ ਉੱਠ ਕੇ ਸਿਰੋਪਾ ਅਤੇ ਫੁੱਲਾਂ ਦੀ ਮਾਲਾ ਭੇਟ ਕਰ ਉਸ ਨੂੰ ਸਨਮਾਨਿਤ ਕੀਤਾ। ਕੀਰਤਨ ਕਰਦੇ ਰਾਗੀ ਜਥੇ ਦੇ ਪਿੱਛੇ ਬੈਠੀ ਸੰਗਤ ਨੂੰ ਜ਼ਬਰੀ ਉਠਾ ਕੇ ਪਰਦੀਪ ਸਿੰਘ ਦੇ ਬੈਠਣ ਲਈ ਥਾਂ ਬਣਾਈ ਗਈ। ਪਰਦੀਪ ਸਿੰਘ ਨੇ ਬੈਠਣ ਤੋਂ ਪਹਿਲਾਂ ਆਪਣੀ ਜੇਬ ’ਚੋਂ ਚਿੱਟਾ ਰੁਮਾਲ ਕੱਢਿਆ ਅਤੇ ਉਸ ’ਤੇ ਅਤਰ ਛਿੜਕ ਕੇ ਆਪਣੇ ਬੈਠਣ ਵਾਲੀ ਥਾਂ ’ਤੇ ਘਸਾਇਆ, ਫਿਰ ਬੈਠਿਆ। ਸ਼ੀਸ਼ੀ ’ਚ, ਜੋ ਅਤਰ ਬਚਿਆ ਉਹ ਗਿਆਨੀ ਅਮਰਜੀਤ ਸਿੰਘ ਨੂੰ ਦੇ ਦਿੱਤਾ, ਜਿਸ ਨੇ ਉਹ ਬਾਕੀ ਬਚਿਆ ਅਤਰ ਛੋਟੇ ਚਿੱਟੇ ਰੁਮਾਲ ’ਤੇ ਛਿੜਕਿਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲਿਆਂ ਉਪਰ ਘਸਾਇਆ। ਵੇਖਿਆ ਗਿਆ ਕਿ ਰੁਮਾਲਿਆਂ ਉੱਪਰ ਘਸਾਉਂਦੇ ਸਮੇਂ ਰੁਮਾਲਿਆਂ ਦਾ ਰੰਗ ਉਸ ਚਿੱਟੇ ਰੁਮਾਲ ਨੂੰ ਲੱਗਾ ਵਿਖਾਈ ਦੇ ਰਿਹਾ ਸੀ। ਇਸ ਵੀਡੀਓ ’ਚ ਜੋ ਕੁਝ ਦੱਸਿਆ ਗਿਆ ਹੈ, ਇਸ ਨਾਲ ਦਰਬਾਰ ਸਾਹਿਬ ਦੀ ਮਾਣ ਮਰਿਆਦਾ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਭਾਰੀ ਧੱਕਾ ਲੱਗਾ ਹੈ। ਮਰਿਆਦਾ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਤੋਂ ਉੱਠ ਕੇ ਗ੍ਰੰਥੀ ਸਿੰਘ ਵੱਲੋਂ ਕਿਸੇ ਵਿਅਕਤੀ ਨੂੰ ਸਨਮਾਨਿਤ ਕਰਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਤੁਲ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ’ਚ ਸੰਗਤ ਦਾ ਦਰਜਾ ਵੀ ਗੁਰੂ ਸਮਾਨ ਹੈ, ਇਸ ਲਈ ਕਿਸੇ ਵਿਸ਼ੇਸ਼ ਵਿਅਕਤੀ ਨੂੰ ਬਿਠਾਉਣ ਵਾਸਤੇ ਕੀਰਤਨ ਸੁਣ ਰਹੀ ਸੰਗਤ ਨੂੰ ਜ਼ਬਰਨ ਉਠਾ ਕੇ ਥਾਂ ਬਣਾਉਣਾ ਸੰਗਤ ਦੀ ਤੌਹੀਨ ਹੈ ਅਤੇ ਕਿਸੇ ਵਿਅਕਤੀ ਵੱਲੋਂ ਇੱਕ ਵਾਰ ਵਰਤੀ ਗਈ ਵਸਤੂ ਭਾਵੇਂ ਕਿੰਨੀ ਵੀ ਕੀਮਤੀ ਕਿਉਂ ਨਾ ਹੋਵੇ, ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਲਈ ਨਹੀਂ ਵਰਤਣੀ ਚਾਹੀਦੀ। ਇਸ ਦੀ ਇੱਕ ਇਤਿਹਾਸਕ ਉਦਾਹਰਣ ਹੈ ਕਿ 1826 ਈ: ਵਿੱਚ ਨਿਜ਼ਾਮ ਹੈਦਰਾਬਾਦ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਹੀਰਿਆਂ ਜੜਤ ਇਕ ਕੀਮਤੀ ਚੰਦੋਆ ਤੇ ਕਈ ਹੋਰ ਤੋਹਫੇ ਭੇਟ ਕੀਤੇ। ਚਾਨਣੀ ਦੀ ਸੁੰਦਰਤਾ ਤੱਕ ਕੇ ਸ਼ੇਰ-ਏ-ਪੰਜਾਬ ਨੇ ਉਸ ਨੂੰ ਦਰਬਾਰ ਸਾਹਿਬ (ਅੰਮ੍ਰਿਤਸਰ) ਲਈ ਭੇਟ ਕਰ ਦਿੱਤਾ। ਉਹ ਚੰਦੋਆ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਉੱਪਰ ਲੱਗ ਚੁੱਕਾ ਸੀ, ਇਸ ਲਈ ਉਹ, ਗੁਰੂ ਗ੍ਰੰਥ ਸਾਹਿਬ ਜੀ ਉੱਪਰ ਲਗਾਉਣ ਦੀ ਬਜਾਏ ਤੋਸ਼ੇਖਾਨੇ ’ਚ ਰੱਖਿਆ ਗਿਆ। ਇਸੇ ਤਰ੍ਹਾਂ ਅਤਰ ਦੀ ਜੋ ਸ਼ੀਸ਼ੀ ਪਰਦੀਪ ਸਿੰਘ ਲਈ ਇੱਕ ਵਾਰ ਵਰਤੀ ਗਈ, ਉਹ ਮੁੜ ਗੁਰੂ ਗ੍ਰੰਥ ਸਾਹਿਬ ਜੀ ਲਈ ਹਰਗਿਜ਼ ਨਹੀਂ ਵਰਤੀ ਜਾ ਸਕਦੀ।

ਦੂਸਰਾ ਇਤਰਾਜ਼ ਇਹ ਹੈ ਕਿ ਜਦੋਂ ਅਤਰ ਛਿੜਕਿਆ ਹੋਇਆ ਰੁਮਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲਿਆਂ ਉੱਪਰ ਫੇਰਿਆ ਗਿਆ ਤਾਂ ਉਸ ਨੂੰ ਰੁਮਾਲਿਆਂ ਦਾ ਰੰਗ ਲੱਗਾ ਸਾਫ ਵਿਖਾਈ ਦੇ ਰਿਹਾ ਸੀ। ਭਾਈ ਅਤਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਰੁਮਾਲਿਆਂ ਦਾ ਰੰਗ ਚਿੱਟੇ ਰੁਮਾਲ ਨੂੰ ਲੱਗ ਜਾਣ ਤੋਂ ਸਪਸ਼ਟ ਹੈ ਕਿ ਉਹ ਸ਼ੁੱਧ ਅਤਰ ਨਹੀਂ ਸੀ ਬਲਕਿ ਅਲਕੋਹਲ ਯੁਕਤ ਸੈਂਟ ਸੀ; ਜਿਸ ਦੀ ਗੁਰੂ ਗ੍ਰੰਥ ਸਾਹਿਬ ਜੀ ਲਈ ਵਰਤੇ ਜਾਣ ਦੀ ਮਨਾਹੀ ਹੈ। ਸੋ ਇਨ੍ਹਾਂ ਸਾਰੀਆਂ ਗੱਲਾਂ ਨੂੰ ਜੇ ਗਹੁ ਨਾਲ ਵੇਖਿਆ ਜਾਵੇ ਤਾਂ ਵਾਕਿਆ ਈ ਦਰਬਾਰ ਸਾਹਿਬ ਦੀ ਮਾਣ ਮਰਿਆਦਾ ਭੰਗ ਹੋਣ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਿੱਧ ਹੁੰਦੀ ਹੈ। ਜਦੋਂ ਇਹ ਸਾਰਾ ਕੁਝ ਸਾਡੇ ਕੇਂਦਰੀ ਸਥਾਨ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰਿਆ ਹੋਵੇ ਤਾਂ ਇਹ ਅਤੀ ਨਿੰਦਣਯੋਗ ਹੈ।

ਗਿਆਨੀ ਅਮਰਜੀਤ ਸਿੰਘ ਅਤੇ ਦਰਬਾਰ ਸਾਹਿਬ ਦੇ ਮੈਨੇਜਰ ਨੇ ਜੋ ਸਪਸ਼ਟੀਕਰਨ ਦਿੱਤਾ ਹੈ ਉਨ੍ਹਾਂ ਅਨੁਸਾਰ ਅਤਿੰਦਰਪਾਲ ਸਿੰਘ ਵੱਲੋਂ ਵੀਡੀਓ ਅਸਲੀਅਤ ਤੋਂ ਉਲਟ ਤੱਥਾਂ ਨੂੰ ਤੋੜ ਮਰੋੜ ਕੇ ਸ੍ਰੋਮਣੀ ਕਮੇਟੀ, ਦਰਬਾਰ ਸਾਹਿਬ ਦੇ ਗ੍ਰੰਥੀ ਅਤੇ ਸਮੁੱਚੇ ਪ੍ਰਬੰਧ ਨੂੰ ਬਦਨਾਮ ਕਰਨ ਲਈ ਵਾਇਰਲ ਕੀਤੀ ਗਈ। ਸ੍ਰੋਮਣੀ ਕਮੇਟੀ ਦੇ ਆਈ.ਟੀ. ਸੈੱਲ ਵੱਲੋਂ ਐਡਿਟ ਕਰਕੇ ਬਣਾਈ ਗਈ ਵੀਡੀਓ ’ਚ ਵਿਖਾਇਆ ਗਿਆ ਹੈ ਕਿ ਗਿਆਨੀ ਅਮਰਜੀਤ ਸਿੰਘ ਨੇ ਤਾਬਿਆ ਤੋਂ ਉੱਠ ਕੇ ਸਨਮਾਨ ਨਹੀਂ ਕੀਤਾ ਬਲਕਿ ਉਸ ਸਮੇਂ ਗਿਆਨੀ ਗੁਰਮਿੰਦਰ ਸਿੰਘ ਸੇਵਾ ’ਚ ਬੈਠੇ ਸਨ ਅਤੇ ਗਿਆਨੀ ਅਮਰਜੀਤ ਸਿੰਘ ਅਤੇ ਪਰਦੀਪ ਸਿੰਘ ਇਕੱਠੇ ਹੀ ਦਰਬਾਰ ਸਾਹਿਬ ਅੰਦਰ ਦਾਖ਼ਲ ਹੋਏ। ਉਸ ਵੀਡੀਓ ’ਚ ਵਿਖਾਇਆ ਗਿਆ ਹੈ ਕਿ ਆਹ ਵੇਖੋ ਗਿਆਨੀ ਅਮਰਜੀਤ ਸਿੰਘ ਅੱਗੇ ਅਤੇ ਉਨ੍ਹਾਂ ਦੇ ਪਿੱਛੇ ਪਰਦੀਪ ਸਿੰਘ ਆਉਂਦਾ ਦਿੱਸ ਰਿਹਾ ਹੈ, ਪਰ ਉਸੇ ਵੀਡੀਓ ’ਚ ਗਿਆਨੀ ਅਮਰਜੀਤ ਸਿੰਘ ਸਪਸ਼ਟੀਕਰਨ ਦਿੰਦਾ ਹੈ ਕਿ ਉਹ ਸਮਾਂ ਗ੍ਰੰਥੀ ਸਿੰਘਾਂ ਦੀ ਡਿਊਟੀ ਬਦਲਣ ਦਾ ਸੀ। ਇਸ ਲਈ ਜਦੋਂ ਮੈਂ (ਗਿਆਨੀ ਅਮਰਜੀਤ ਸਿੰਘ) ਗਿਆਨੀ ਗੁਰਮਿੰਦਰ ਸਿੰਘ ਨੂੰ ਰਲੀਵ ਕਰਨ ਲਈ ਦਰਬਾਰ ਸਾਹਿਬ ਪਹੁੰਚਿਆ ਤਾਂ ਅੱਗੇ ਜੰਗਲੇ ਕੋਲ ਪਰਦੀਪ ਸਿੰਘ ਖੜ੍ਹਾ ਸੀ ਅਤੇ ਅਰਦਾਸੀਆ ਭਾਈ ਪਰਗਟ ਸਿੰਘ ਉਨ੍ਹਾਂ ਨੂੰ ਸਨਮਾਨਿਤ ਕਰ ਰਿਹਾ ਸੀ। ਉਸ ਸਮੇਂ ਮੈਂ ਸਿਰੋਪਾ ਬਾਬਾ ਪਰਦੀਪ ਸਿੰਘ ਦੇ ਗਲ਼ੇ ’ਚ ਪਾ ਦਿੱਤਾ ਅਤੇ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠਣ ਦੀ ਸੇਵਾ ਨਿਭਾਈ। ਗਿਆਨੀ ਗੁਰਮਿੰਦਰ ਸਿੰਘ ਚੌਰ ਸਾਹਿਬ ਮੈਨੂੰ ਸੌਂਪ ਕੇ ਚਲੇ ਗਏ। ਪਰਦੀਪ ਸਿੰਘ ਵੱਲੋਂ ਵਰਤੇ ਗਏ ਅਤਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਲਈ ਵਰਤੇ ਜਾਣ ਦਾ ਖੰਡਨ ਕਰਦੇ ਹੋਏ ਗਿਆਨੀ ਅਮਰਜੀਤ ਸਿੰਘ ਨੇ ਕਿਹਾ ਸੈਂਟ ’ਚ ਅਲਕੋਹਲ ਹੋਣ ਕਾਰਨ ਇਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਲਈ ਵਰਤੋਂ ਕਰਨ ’ਤੇ ਮਨਾਹੀ ਸੀ, ਇਸ ਲਈ ਬਾਬਾ ਪਰਦੀਪ ਸਿੰਘ ਨੇ ਸ਼ੁੱਧ ਅਤਰ ਦੀ ਸੇਵਾ ਮੰਗ ਕੇ ਲਈ ਸੀ। ਉਸ ਦਿਨ ਉਹ ਵੱਖ ਵੱਖ 18 ਤਰ੍ਹਾਂ ਦੇ ਅਤਰ ਦੀਆਂ ਸ਼ੀਸ਼ੀਆਂ ਆਪਣੇ ਨਾਲ ਲੈ ਕੇ ਆਏ ਸਨ। ਗੁਰੂ ਗ੍ਰੰਥ ਸਾਹਿਬ ਜੀ ਲਈ ਉਨ੍ਹਾਂ ਨੇ ਜੋ ਸ਼ੀਸ਼ੀ ਮੈਨੂੰ ਫੜਾਈ ਉਹ ਪਹਿਲਾਂ ਵਰਤੀ ਹੋਈ ਨਹੀਂ ਬਲਕਿ ਦੂਸਰੀ ਨਵੀਂ ਸ਼ੀਸ਼ੀ ਸੀ। ਉਨ੍ਹਾਂ ਅੱਗੇ ਦੱਸਿਆ ਇਹ ਪਰੰਪਰਾ ਰਹੀ ਹੈ ਕਿ ਕੋਈ ਵੀ ਸੇਵਾ ਲੈਣ ਆਏ, ਦੀ ਦਰਬਾਰ ਸਾਹਿਬ ’ਚ ਅਰੰਭਤਾ ਦੀ ਅਰਦਾਸ ਕਰਨ ਸਮੇਂ ਉਨ੍ਹਾਂ ਨੂੰ ਇੱਕ ਸਿਰੋਪੇ ਅਤੇ ਫੁੱਲਾਂ ਦੇ ਸਿਹਰੇ ਨਾਲ ਸਨਮਾਨ ਕੀਤਾ ਜਾਂਦਾ ਹੈ।

ਇਹ ਠੀਕ ਹੈ ਕਿ ਅਤਿੰਦਰਪਾਲ ਸਿੰਘ ਵੱਲੋਂ ਵਾਇਰਲ ਕੀਤੀ ਵੀਡੀਓ ਅਤੇ 17 ਅਕਤੂਬਰ ਨੂੰ ਦਰਬਾਰ ਸਾਹਿਬ ’ਚ ਦੁਪਿਹਰ ਦੀ ਚੌਕੀ ਸਮੇਂ ਦੀ ਆਫ਼ੀਸ਼ਲ ਵੀਡੀਓ ਤੋਂ ਇਹ ਸਿੱਧ ਨਹੀਂ ਹੁੰਦਾ ਹੈ ਕਿ ਗਿਆਨੀ ਅਮਰਜੀਤ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਛੱਡ ਕੇ ਪਰਦੀਪ ਸਿੰਘ ਨੂੰ ਸਨਮਾਨਿਤ ਕੀਤਾ। ਗਿਆਨੀ ਅਮਰਜੀਤ ਸਿੰਘ ਵੱਲੋਂ ਦੱਸਿਆ ਇਹ ਤੱਥ ਵੀ ਉਸ ਵੀਡੀਓ ’ਚੋਂ ਸਿੱਧ ਨਹੀਂ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਲਈ ਕਿਸੇ ਵੱਲੋਂ ਅਣਵਰਤੀ ਹੋਈ ਅਤਰ ਦੀ ਸ਼ੀਸ਼ੀ ਦਿੱਤੀ ਸੀ। ਸੋ ਜੋ ਸਪਸ਼ਟੀਕਰਨ ਉਸ ਵੀਡੀਓ ਰਾਹੀਂ ਦੇਣ ਦਾ ਯਤਨ ਕੀਤਾ ਗਿਆ ਉਹ ਵੀ ਸ਼ੱਕੀ ਜਾਪਦਾ ਹੈ ਕਿਉਂਕਿ (੧) ਐਂਕਰ ਤਾਂ ਵਿਖਾ ਰਿਹਾ ਹੈ ਕਿ ਆਹ ਵੇਖੋ ਅੱਗੇ ਗਿਆਨੀ ਅਮਰਜੀਤ ਸਿੰਘ ਅਤੇ ਉਨ੍ਹਾਂ ਦੇ ਪਿੱਛੇ ਪਰਦੀਪ ਸਿੰਘ ਆ ਰਹੇ ਹਨ, ਪਰ ਉਸੇ ਵੀਡੀਓ ’ਚ ਗਿਆਨੀ ਅਮਰਜੀਤ ਸਿੰਘ ਕਹਿ ਰਹੇ ਹਨ ਕਿ ਜਦੋਂ ਉਹ ਦਰਬਾਰ ਸਾਹਿਬ ਅੰਦਰ ਦਾਖ਼ਲ ਹੋਏ ਤਾਂ ਅੱਗੇ ਪਰਦੀਪ ਸਿੰਘ ਖੜ੍ਹੇ ਸਨ ਅਤੇ ਉਨ੍ਹਾਂ ਨੂੰ ਅਰਦਾਸੀਆ ਭਾਈ ਪਰਗਟ ਸਿੰਘ ਸਨਮਾਨਿਤ ਕਰ ਰਹੇ ਸਨ। ਮੌਕੇ ’ਤੇ ਆ ਕੇ ਮੈਂ ਉਨ੍ਹਾਂ ਦੇ ਗਲ ਸਿਰੋਪਾ ਪਾ ਦਿੱਤਾ। (੨) ਫੁੱਲਾਂ ਦਾ ਹਾਰ ਕਦੋਂ ਅਤੇ ਕਿੱਥੋਂ ਚੁੱਕ ਕੇ ਪਾਇਆ ਗਿਆ ਇਹ ਵੀ ਸਾਫ ਤੌਰ ’ਤੇ ਵਿਖਾਈ ਨਹੀਂ ਦਿੱਤਾ। (੩) ਗ੍ਰੰਥੀ ਸਿੰਘਾਂ ਦੀ ਡਿਊਟੀ ਬਦਲਣ ਦਾ ਦ੍ਰਿਸ਼ ਲਗਾਤਾਰ ਨਹੀਂ ਵਿਖਾਇਆ ਗਿਆ। ਇਸ ਲਈ ਕੁਝ ਪਤਾ ਨਹੀਂ ਚੱਲਦਾ ਕਿ ਗਿਆਨੀ ਅਮਰਜੀਤ ਸਿੰਘ ਨੇ ਤਾਬਿਆ ਬੈਠਣ ਤੋਂ ਪਹਿਲਾਂ ਪਰਦੀਪ ਸਿੰਘ ਨੂੰ ਸਨਮਾਨਿਤ ਕੀਤਾ ਹੈ ਜਾਂ ਤਾਬਿਆ ’ਚੋਂ ਉੱਠ ਕੇ। (੪) ਗਿਆਨੀ ਅਮਰਜੀਤ ਸਿੰਘ ਨੂੰ ਅਤਰ ਵਾਲੀ ਜਿਹੜੀ ਸ਼ੀਸ਼ੀ ਭੇਜੀ, ਉਹ, ਪਰਦੀਪ ਸਿੰਘ ਵਾਲੀ ਸਾਈਡ ਤੋਂ ਆਈ ਵਿਖਾਈ ਦਿੱਤੀ ਹੈ, ਪਰ ਇਸ ਦਾ ਕੁਝ ਪਤਾ ਨਹੀਂ ਲੱਗਦਾ ਕਿ ਉਹ ਕਿਹੜੀ ਅਤੇ ਕਿਸ ਨੇ ਅਮਰਜੀਤ ਸਿੰਘ ਨੂੰ ਫੜਾਉਣ ਲਈ ਸੇਵਾਦਾਰ ਨੂੰ ਸੌਂਪੀ। ਕਾਰਨ ਇਹ ਹੈ ਕਿ ਕੈਮਰੇ ਦੀ ਡਾਇਰੈਕਸ਼ਨ ਵਾਰ ਵਾਰ ਬਦਲਦੀ ਰਹੀ; ਕਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲਿਆਂ ’ਤੇ; ਕਦੀ ਚੰਦੋਏ ’ਤੇ; ਕਦੀ ਰਾਗੀ ਸਿੰਘਾਂ ’ਤੇ ਕਦੀ ਮੱਥਾ ਟੇਕ ਰਹੀ ਸੰਗਤ ’ਤੇ; ਕਦੀ ਪ੍ਰਕਰਮਾਂ ਅਤੇ ਕਦੀ ਉਪਰ ਅਸਮਾਨ ਵੱਲ ਕੈਮਰਾ ਫੋਕਸ ਕੀਤਾ ਜਾਂਦਾ ਰਿਹਾ। ਇਹ ਸਭ ਕੁਝ ਸੈਲਾਨੀਆਂ ਨੂੰ ਅਕਰਸ਼ਿਤ ਕਰਨ ਲਈ ਤਾਂ ਠੀਕ ਹੋ ਸਕਦਾ ਹੈ ਪਰ ਕੀਰਤਨੀ ਸਿੰਘਾਂ ਵੱਲੋਂ ਪੜ੍ਹੇ ਜਾ ਰਹੇ ਸ਼ਬਦ ’ਚ ਜਗਿਆਸੂਆਂ ਦੀ ਸੁਰਤ ਜੋੜਨ ਲਈ ਕਦਾਚਿਤ ਸਹਾਈ ਨਹੀਂ ਹੋ ਸਕਦਾ; ਸਗੋਂ ਸੁਰਤੀ ਖਿੰਡਾਉਣ ਦਾ ਸਬੱਬ ਬਣਦਾ ਹੈ। ਸੋ ਚਾਹੀਦਾ ਇਹੀ ਹੈ ਕਿ ਵੱਧ ਤੋਂ ਵੱਧ ਸਮੇਂ ਲਈ ਕੀਰਤਨੀ ਜਥੇ ਵੱਲ ਕੈਮਰਾ ਫੋਕਸ ਰਹੇ। ਜੇ ਐਸਾ ਹੁੰਦਾ ਤਾਂ ਇਹ ਭੀ ਸਪਸ਼ਟ ਹੋ ਜਾਣਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਲਈ ਕਿਹੜੀ ਅਤੇ ਕਿਸ ਨੇ ਸ਼ੀਸ਼ੀ ਦਿੱਤੀ ਸੀ।

ਇਸ ਸੰਬੰਧੀ ਅਤਿੰਦਰਪਾਲ ਸਿੰਘ ਦਾ ਤਾਂ ਕਹਿਣ ਹੈ ਕਿ ਉਨ੍ਹਾਂ ਤਾਂ SGPC ਦੀ ਆਫ਼ੀਸ਼ਲ ਵੀਡੀਓ ਤੋਂ ਜੋ ਕੁਝ ਕਾਪੀ ਕੀਤਾ ਉਹ ਵਿਖਾ ਦਿੱਤਾ। ਐਡਿਟ ਕਰਕੇ ਬਣਾਈ ਵੀਡੀਓ ਤੋਂ ਸੱਚ ਸਾਹਮਣੇ ਨਹੀਂ ਆ ਸਕਦਾ, ਇਸ ਲਈ ਦੋਸ਼ ਪ੍ਰਤੀ ਦੋਸ਼ ਲਾਉਣ ਨਾਲ ਸਥਿਤੀ ਸਾਫ ਨਹੀਂ ਹੋਣੀ, ਪਰ SGPC ਦੇ ਤਾਂ ਥਾਂ ਥਾਂ ਸੀਸੀਟੀਵੀ ਕੈਮਰੇ ਲੱਗੇ ਹਨ ਉਹ ਸਾਰੇ ਕੈਮਰਿਆਂ ਦੀ ਫੁਟਿੰਗ ਵਿਖਾ ਦੇਣ ਅਤੇ ਜੇ ਉਨ੍ਹਾਂ ਫੁਟਿੰਗ ਤੋਂ ਮੇਰਾ (ਅਤਿੰਦਰਪਾਲ ਸਿੰਘ ਦਾ) ਦਾਅਵਾ ਗਲਤ ਸਾਬਤ ਹੁੰਦਾ ਹੈ ਤਾਂ ਮੁਆਫ਼ੀ ਮੰਗ ਲਵਾਂਗਾ। ਇਸ ਲਈ ਹੁਣ SGPC ਦਾ ਫਰਜ ਬਣਦਾ ਹੈ ਕਿ ਉਹ ਪਰਦੀਪ ਸਿੰਘ ਦੇ ਪ੍ਰਕਰਮਾ ’ਚ ਦਾਖ਼ਲ ਹੋਣ ਤੋਂ ਲੈ ਕੇ ਉਸ ਦੇ ਦਰਬਾਰ ਸਾਹਿਬ ਤੋਂ ਬਾਹਰ ਜਾਣ ਤੱਕ ਦੀਆਂ ਸਾਰੀਆਂ ਵੀਡੀਓ ਫੁਟਿੰਗਜ਼ਾਂ ਵਿਖਾ ਦੇਵੇ ਤਾਂ ਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇ, ਪਰ ਜਿਸ ਤਰ੍ਹਾਂ ਸ੍ਰੋਮਣੀ ਕਮੇਟੀ ਵੱਲੋਂ ਆਪਣੇ ਸੀਸੀਟੀਵੀ ਕੈਮਰਿਆਂ ਦੀ ਵੀਡੀਓ ਫੁਟਿੰਗਜ਼ ਵਿਖਾ ਕੇ ਸੰਗਤਾਂ ਦੇ ਸ਼ੰਕੇ ਨਿਵਿਰਤ ਕਰਵਾਉਣ ਦੀ ਥਾਂ ਸੰਤ ਸਮਾਜ ਨਾਲ ਮਿਲ ਕੇ ਕੀਤੀ ਸ਼ਿਕਾਇਤ ਨਾਲ C5 ਚੈਨਲ ਬੰਦ ਕਰਵਾ ਦੇਣਾ, ਮੈਨੇਜ਼ਰ ਦਰਬਾਰ ਸਾਹਿਬ ਅਤੇ ਗਿਆਨੀ ਅਮਰਜੀਤ ਸਿੰਘ ਵੱਲੋਂ ਸਪਸ਼ਟੀਕਰਨ ਦੇਣ ਪਿੱਛੋਂ ਅਤਿੰਦਰਪਾਲ ਸਿੰਘ ਵੱਲੋਂ ਉਨ੍ਹਾਂ ਤੋਂ ਕੁਝ ਗੱਲਾਂ ਦੇ ਜਵਾਬ ਮੰਗਣ ਵਾਲੀ, ਜੋ ਵੀਡੀਓ ਪਾਈ ਗਈ ਸੀ ਉਹ ਕੇਵਲ 10 ਮਿੰਟਾਂ ਪਿੱਛੋਂ ਡੀਲੀਟ ਕਰਵਾ ਦੇਣੀ ਆਦਿਕ ਨਾਲ ਸ਼ੱਕ ਸੁਭਾਵਕ ਹੈ ਕਿ ਗਿਆਨੀ ਅਮਰਜੀਤ ਸਿੰਘ ਸੱਚ ਛੁਪਾ ਰਹੇ ਹਨ। ਸ੍ਰੋਮਣੀ ਕਮੇਟੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਉਹ ਸਾਰੇ ਸੀਸੀਟੀਵੀ ਦੀਆਂ ਫੁਟਿੰਗਜ਼ਾਂ ਤੋਂ ਸਾਬਤ ਹੋ ਜਾਵੇ ਕਿ ਵਾਕਿਆ ਹੀ ਕੁਝ ਗਲਤ ਹੋਇਆ ਹੈ ਤਾਂ ਇਸ ਬੇਅਦਬੀ ਦੇ ਜਿੰਮੇਵਾਰ ਸਾਰੇ ਅਧਿਕਾਰੀ “ਭੁਲਣ ਅੰਦਰਿ ਸਭੁ ਕੋ; ਅਭੁਲੁ ਗੁਰੂ ਕਰਤਾਰੁ ” (ਮਹਲਾ ੧/੬੧) ’ਤੇ ਪਹਿਰਾ ਦਿੰਦੇ ਹੋਏ ਪੰਥ ਅਤੇ ਗੁਰੂ ਸਾਹਿਬ ਜੀ ਤੋਂ ਮੁਆਫ਼ੀ ਮੰਗ ਕੇ ਸੁਰਖੁਰੂ ਹੋ ਜਾਣ, ਨਹੀਂ ਤਾਂ ਦਿਨੋ ਦਿਨ ਅਤਿੰਦਰਪਾਲ ਸਿੰਘ ਵੱਲੋਂ ਬਣਾਈ ਵੀਡੀਓ ’ਤੇ ਯਕੀਨ ਕਰਨ ਵਾਲੀ ਸੰਗਤ ਦੀ ਗਿਣਤੀ ਵਧਣੀ ਹੈ। ਸ੍ਰੋਮਣੀ ਕਮੇਟੀ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ 2015 ’ਚ ਸੌਦਾ ਸਾਧ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਿਨ ਮੰਗਿਆਂ ਮੁਆਫ਼ੀ ਦਿਵਾਉਣ ਨਾਲ ਜਿੱਥੇ ਸਿੰਘ ਸਾਹਿਬਾਨ ਤੇ ਸ੍ਰੋਮਣੀ ਕਮੇਟੀ ਦੇ ਰੁਤਬੇ ਅਤੇ ਮਾਨ ਸਤਿਕਾਰ ਨੂੰ ਭਾਰੀ ਧੱਕਾ ਲੱਗਾ ਸੀ, ਉੱਥੇ ਸ੍ਰੋਮਣੀ ਅਕਾਲੀ ਦਲ ਦੇ ਵੀ ਐਸੇ ਪੈਰ ਉਖੜੇ ਕਿ ਹਾਲੀ ਤੱਕ ਨਹੀਂ ਲੱਗੇ। ਉਸ ਤੋਂ ਸਬਕ ਲੈਣ ਕਿ ਇਹ ਦੂਸਰੀ ਗਲਤੀ ਵੀ ਉਸੇ ਤਰ੍ਹਾਂ ਭਾਰੀ ਪੈ ਸਕਦੀ ਹੈ। ਕੇਵਲ ਇਹ ਦੱਸਣ ਨਾਲ ਦਰਬਾਰ ਸਾਹਿਬ ਦੀ ਮਾਣ ਮਰਿਆਦਾ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਪਰਦੀਪ ਸਿੰਘ ਨੇ ਦਰਸ਼ਨੀ ਡਿਊਡੀ ਸਾਹਮਣੇ ਲੱਖਾਂ ਰੁਪਏ ਨਾਲ ਸਟੀਲ ਦਾ ਜੰਗਲਾ ਲਾਉਣ ਦੀ ਸੇਵਾ ਕੀਤੀ, ਪਰਿਕਰਮਾ ’ਚ ਵਰਖਾ ਦੇ ਪਾਣੀ ਦੀ ਨਿਕਾਸੀ ਲਈ ਡਰੇਨ ਉੱਪਰ ਜੰਗਲਾ ਲਾਉਣ ਦੀ ਸੇਵਾ ਕੀਤੀ, ਦਰਬਾਰ ਸਾਹਿਬ ’ਚ ਵੰਡੇ ਜਾਣ ਵਾਲੇ ਪਤਾਸਿਆਂ ਲਈ ਖੰਡ ਅਤੇ ਲੰਗਰ ਲਈ ਦੁੱਧ ਦੀ ਸੇਵਾ ਕਰ ਰਿਹਾ ਹੈ ਅਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਲਈ ਅਤਰ ਦੀ ਸੇਵਾ ਵੀ ਲੈਣ ਆਏ ਹਨ।

ਸਿੱਖ ਸੰਵਾਦ ਵਟਸਐਪ ਗਰੁੱਪ ’ਚ ਕਿਸੇ ਕੇਐੱਸ ਚੱਠਾ ਨਾਮ ਦੇ ਵਿਅਕਤੀ ਵੱਲੋਂ ਫ਼ਾਰਵਰਡ ਕੀਤੇ ਮੈਸੇਜ਼ ’ਚ ਲਿਖਿਆ ਹੈ (1) ਬਿਨਾਂ ਸ਼ੱਕ ਪ੍ਰਦੀਪ ਸਿੰਘ ਜੀ ਦੁਨਿਆਵੀ ਅਤੇ ਅਧਿਆਤਮਿਕ ਵਿਦਿਆ ਵਿਚ ਨਿਪੁੰਨ ਮਹਾਨ ਵਿਦਵਾਨ ਹਨ ਅਤੇ ਨਿਮ੍ਰਤਾ ਨਿਰਮਾਣਤਾ ਦਾ ਭੰਡਾਰ ਹਨ”।

(2) “ਸੰਤ ਪ੍ਰਦੀਪ ਸਿੰਘ ਦੀ ਸਰਪ੍ਰਸਤੀ ਵਿੱਚ ਤਿੰਨ ਰੋਜ਼ ਸੈਮੀਨਾਰ ਹੋਇਆ। ਹਰ ਵਿਦਵਾਨ ਨੂੰ 31000 ਰੁਪਏ ਕੈਸ਼, ਵਧੀਆ ਲੋਈ, ਡਰਾਈ ਫਰੂਟ, ਮਿਠਾਈ ਦਾ ਡੱਬਾ, ਲੱਡੂਆਂ ਦਾ ਟੀਨ ਤੋਹਫੇ ਵਜੋਂ ਦਿੱਤਾ ਗਿਆ। ਤਿੰਨ ਰੋਜ਼ਾ ਸੈਮੀਨਾਰ ’ਤੇ 35 ਲੱਖ ਰੁਪਏ ਖਰਚੇ”।

(3) ਇੱਕ ਮੈਂਬਰ ਨੇ ਤਾਂ ਕਮਾਲ ਹੀ ਕਰ ਦਿੱਤੀ; ਉਹ ਲਿਖ ਰਿਹਾ ਹੈ “ਗਰੁੱਪ ਮੈਂਬਰ ਜੇ ਸਿੱਖ ਹਨ ਤਾਂ ਇਸ ਦੀ ਇਤਨੀ ਖੁੰਬ ਠੱਪੋ ਕਿ ਇਸ ਦੁਸ਼ਟ (ਅਤਿੰਦਰਪਾਲ ਸਿੰਘ) ਨੂੰ ਖ਼ਾਲਸਾ ਪੰਥ ਛੱਡਣਾ ਪਵੇ”।

ਉਕਤ ਪੋਸਟਾਂ ਦਾ ਵਿਸ਼ਲੇਸ਼ਣ : (1) ਪ੍ਰਦੀਪ ਸਿੰਘ ਦੀ ਦੁਨਿਆਵੀ ਅਤੇ ਅਧਿਆਤਮਿਕ ਵਿਦਿਆ ਵਿਚ ਨਿਪੁੰਨਤਾ ਦਾ ਅੰਦਾਜ਼ਾ ਤਾਂ ਭਾਈ ਹਰਨਾਮ ਸਿੰਘ ਧੁੰਮਾ ਦੀ ਸਰਪ੍ਰਸਤੀ ਹੇਠ ਹੋਏ ਸ਼ਹੀਦੀ ਸਮਾਗਮ ਦੀ ਵੀਡੀਓ ’ਚੋਂ ਹੀ ਲੱਗ ਜਾਂਦਾ ਹੈ। (ੳ) ਉਸ ਵੀਡੀਓ ’ਚ ਪ੍ਰਦੀਪ ਸਿੰਘ ਕਹਿ ਰਿਹਾ ਹੈ: “ਸਤਿਸੰਗ ਜਾਵੈ, ਚਿੱਤ ਡੁਲਾਵੈ। ਈਹਾਂ ਊਹਾਂ ਠਾਉਰ ਨਾ ਪਾਵੈ। ਸਤਿਸੰਗ ਚਲਤੇ ਬਾਤ ਚਲਾਵੈ, ਕਹੈ ਗੋਬਿੰਦ ਸਿੰਘ ਜਮਿ ਜਮਿ ਧੱਕੇ ਖਾਵੈ”। ਪਰ ਇਨ੍ਹਾਂ ਦੇ ਇਸ ਕਥਨ ਤੋਂ ਤੁਰੰਤ ਬਾਅਦ ਜਦੋਂ ਗਿਆਨੀ ਅਮਰਜੀਤ ਸਿੰਘ ਵਖਿਆਣ ਕਰ ਰਹੇ ਹਨ ਤਾਂ ਉਸ ਸਮੇਂ ਉਨ੍ਹਾਂ ਦੇ ਪਿੱਛੇ ਇੱਕ ਪਾਸੇ ਹਰਨਾਮ ਸਿੰਘ ਧੁੰਮਾ ਅਤੇ ਦੂਸਰੇ ਪਾਸੇ ਪ੍ਰਦੀਪ ਸਿੰਘ ਬੈਠੇ ਹਨ; ਬਹੁਤਾ ਸਮਾਂ ਉਨ੍ਹਾਂ ਦੋਵਾਂ ਨੇ ਗੱਲਾਂ ਕਰਦਿਆਂ ਹੀ ਬਿਤਾਇਆ ਵਿਖਾਈ ਦੇ ਰਿਹਾ ਹੈ। (ਅ) ਅਰਦਾਸ ਕਰਨ ਵਾਲਿਆਂ ਦੇ ਭਰੋਸੇ ’ਤੇ ਉਂਗਲ ਉਠਾਉਂਦਾ ਦੋਸ਼ ਲਾਉਂਦਾ ਹੈ ਕਿ ਜਿਸ ਬਾਬਾ ਦੀਪ ਸਿੰਘ ਦੇ ਸਥਾਨ ’ਤੇ ਮੱਥਾ ਟੇਕਦੇ ਹਨ, ਉਹ ਲੰਘਦੇ ਸਾਰ ਅਤੇ ਦੁੱਖ ਭੰਜਣੀ ਬੇਰੀ ਕੋਲ ਪਹੁੰਚਣ ਤੋਂ ਪਹਿਲਾਂ ਹੀ ਸ੍ਰੋਮਣੀ ਕਮੇਟੀ ਦੀ ਨਿੰਦਾ ਕਰਨੀ ਸ਼ੁਰੂ ਕਰ ਦਿੰਦੇ ਹਨ। ਪ੍ਰਦੀਪ ਸਿੰਘ ਸ੍ਰੋਮਣੀ ਕਮੇਟੀ ਨੂੰ ਪ੍ਰਮਾਤਮਾ ਦੀ ਕਮੇਟੀ ਦੱਸਦਾ ਸ੍ਰੋਮਣੀ ਕਮੇਟੀ ਦੀਆਂ ਊਣਤਾਈਆਂ ’ਤੇ ਸਵਾਲ ਕਰਨ ਵਾਲਿਆਂ ਨੂੰ ਹੀ ਗਲਤ ਠਹਿਰਾ ਰਿਹਾ ਹੈ ਅਤੇ ਉਨ੍ਹਾਂ ਨੂੰ ਸਲਾਹ ਦਿੰਦਾ ਹੈ ਕਿ ਜਿਹੜਾ ਤੁਹਾਡੀਆਂ ਅਰਦਾਸਾਂ ਸੁਣਦਾ ਹੈ, ਉਹ ਆਪੇ ਕਮੇਟੀ ਵੀ ਠੀਕ ਕਰਵਾ ਲਵੇਗਾ (ੲ) ਉਡੀਸਾ ਦੇ ਇੱਕ ਹਿੰਦੂ ਵਿਅਕਤੀ ਵੱਲੋਂ ਬਾਬਾ ਗੁਰਬਚਨ ਸਿੰਘ ਭਿੰਡਰਾਂਵਾਲੇ ਦੀ ਚਿਖ਼ਾ ’ਚ ਆਤਮਦਾਹ ਕਰਨ ਦੀ ਘਟਨਾ ਨੂੰ ਬਾਬਾ ਦੀਪ ਸਿੰਘ ਵੱਲੋਂ ਦਰਬਾਰ ਸਾਹਿਬ ਦੀ ਪਵਿੱਤਰਤਾ ਬਹਾਲ ਕਰਵਾਉਣ ਲਈ ਦਿੱਤੇ ਸੀਸ ਨਾਲ਼ ਜੋੜਦਾ ਹੈ। ਕੀ ਬਾਥਾ ਦੀਪ ਸਿੰਘ ਜੀ ਦੀ ਸ਼ਹੀਦੀ ਅਤੇ ਆਤਮਦਾਹ ਕਰਨਾ ਇਕ ਸਮਾਨ ਹੈ ? ਜੇਕਰ ਨਹੀਂ, ਤਾਂ ਉਸ ਦੀ ਉਦਾਹਰਨ ਦੇ ਕੇ ਪ੍ਰਦੀਪ ਸਿੰਘ ਕਿਹੜੇ ਸਿੱਖੀ ਸਿਧਾਂਤ ਦ੍ਰਿੜ ਕਰਵਾ ਰਿਹਾ ਹੈ ਜਾਂ ਖਿੱਲੀ ਉਡਾਉਂਦਾ ਹੈ ? (ਸ) ਉਹ ਸਾਖੀ ਸੁਣਾ ਰਹੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਰਾਇ ਕੱਲ੍ਹੇ ਨੂੰ ਇੱਕ ਖ਼ੜਗ ਬਖ਼ਸ਼ਿਸ ਕੀਤੀ ਅਤੇ ਬਚਨ ਕੀਤਾ ਕਿ “ਇਸ ਨੂੰ ਧੂਪ ਬੱਤੀ ਕਰੀਂ; ਇਸ ਨੂੰ ਪਹਿਨੀ ਨਾਹ। ਰਾਇ ਕੱਲ੍ਹੇ ਦੀ ਤੀਜੀ ਪੀੜ੍ਹੀ ਨੇ ਇਨ੍ਹਾਂ ਬਚਨਾਂ ਦੀ ਪ੍ਰਵਾਹ ਨਾ ਕੀਤੀ ਅਤੇ ਆਖਿਆ ਇਹ ਤਾਂ ਐਵੇਂ ਗੱਲਾਂ ਹੁੰਦੀਆਂ ਹਨ। ਉਸ ਨੇ ਕਿਰਪਾਨ ਪਹਿਨ ਲਈ ਅਤੇ ਘੋੜੇ ਤੇ ਸਵਾਰੀ ਕੀਤੀ। ਘੋੜਾ ਡਰ ਗਿਆ ਤੇ ਉਹ ਡਿੱਗ ਪਿਆ; ਤਾਂ ਉਹੀ ਕਿਰਪਾਨ ਉਸ ਦੇ ਢਿੱਡ ’ਚ ਬੱਜੀ ਜਿਸ ਨਾਲ ਉਹ ਮਰ ਗਿਆ। ਇਹ ਤਾਕਤ ਹੁੰਦੀ ਹੈ ਗੁਰੂ ਦੇ ਬਚਨਾਂ ’ਚ ! ਡੇਢ ਸੌ ਸਾਲ ਪਿੱਛੋਂ ਵੀ ਗੁਰੂ ਨੇ ਆਪਣੇ ਬਚਨ ਦੀ ਤਾਕਤ ਵਿਖਾ ਦਿੱਤੀ”। ਕੀ ਤੁਹਾਨੂੰ ਪ੍ਰਦੀਪ ਸਿੰਘ ਦੇ ਇਨ੍ਹਾਂ ਕਥਨਾਂ ’ਚ ਉਸ ਦੀ ਵਿਦਵਤਾ ਅਤੇ ਅਧਿਆਤਮਿਕਤਾ ਵਿਖਾਈ ਦਿੰਦੀ ਹੈ। ਗੁਰੂ ਦਾ ਹੁਕਮ ਹੈ “ਦੀਦਾਰ ਖ਼ਾਲਸੇ ਦਾ, ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ”। ਗੁਰੂ ਸਾਹਿਬ ਜੀ ਅਕਾਲ ਦੀ ਪੂਜਾ ਦਾ ਉਪਦੇਸ਼ ਦਿੰਦੇ ਹਨ ਪਰ ਇਹ ਗੁਰ ਸ਼ਬਦ ਤੋਂ ਅਗਵਾਈ ਲੈ ਕੇ ਪ੍ਰਭੂ ਚਰਨਾਂ ’ਚ ਜੁੜਨ ਦੀ ਥਾਂ ਹਥਿਆਰਾਂ ਨੂੰ ਧੂਪ ਬੱਤੀ ਕਰਨ ਲਈ ਅਜਿਹੀਆਂ ਸਾਖੀਆਂ ਰਾਹੀਂ ਸਿੱਖਿਆ ਦੇ ਰਹੇ ਹਨ। ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਅਕਾਲ ਪੁਰਖ ਨਾਲ ਮਨ ਜੋੜਨ ਦੀ ਜੁਗਤੀ ਤਾਂ ਉਨ੍ਹਾਂ ਦੇ 32 ਮਿੰਟਾਂ ਦੇ ਭਾਸ਼ਣਾਂ ’ਚ ਕਿਧਰੇ ਨਹੀਂ ਮਿਲਦੀ। (ਹ) ਪ੍ਰਦੀਪ ਸਿੰਘ ਨੇ ਸਿੱਖ ਇਤਿਹਾਸ ’ਚੋਂ ਮਿਸਾਲ ਦਿੰਦਿਆਂ ਕਿਹਾ ਪੀਰ ਬੁੱਧੂ ਸ਼ਾਹ ਨੂੰ ਕੰਘੇ ਅਤੇ ਵਾਲ਼ਾਂ ਦੀ ਬਖ਼ਸ਼ਿਸ਼ ਗੁਰੂ ਸਾਹਿਬ ਜੀ ਤੋਂ ਐਵੇਂ ਪੈਸੇ ਦੇ ਕੇ ਨਹੀਂ ਮਿਲੀ ਬਲਕਿ ਭੰਗਾਣੀ ਦੇ ਯੁੱਧ ’ਚ ਆਪਣੇ ਦੋ ਪੁੱਤਰ, ਦੋ ਭਰਾ ਅਤੇ ਸੱਤ ਸੌ ਮੁਰੀਦ ਸ਼ਹੀਦ ਕਰਵਾਉਣ ਪਿੱਛੋਂ ਮਿਲੀ, ਪਰ ਉਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਲਈ ਅਤਰ ਦੀ ਸੇਵਾ ਸਮੇਤ ਦਰਬਾਰ ਸਾਹਿਬ ਦੀ ਪੈਸਿਆਂ ਨਾਲ ਕੀਤੀ ਹਰ ਸੇਵਾ; ਸੈਮੀਨਾਰ ’ਚ ਵਿਦਵਾਨਾਂ ਨੂੰ ਤੋਹਫ਼ੇ ਦੇਣ; ਅਤੇ ਇੱਥੋਂ ਤੱਕ ਕਿ ਕਈ ਵਾਰ ਕਿਸੇ ਸਮਾਗਮ ’ਚ ਪਹੁੰਚਣ ਬਦਲੇ ਵੀਆਈਪੀ ਹੋਣ ਕਾਰਨ ਵੀ ਸਿਰੋਪੇ ਦਿੱਤੇ ਜਾਂਦੇ ਹਨ ਤਾਂ ਉਸ ਵੇਲੇ ਉਨ੍ਹਾਂ ਕਦੀ ਪੀਰ ਬੁੱਧੂ ਸ਼ਾਹ ਦੀ ਉਦਾਹਰਨ ਦੇ ਕੇ ਪੈਸਿਆ ਨਾਲ ਕੀਤੀ ਸੇਵਾ ਜਾਂ ਵੀਆਈਪੀ ਹੋਣ ਕਾਰਨ ਸਿਰੋਪੇ ਬਖ਼ਸ਼ਿਸ਼ ਕਰਨ ਦੀ ਦਿਨੋ ਦਿਨ ਵਧ ਰਹੀ ਕੁਰੀਤੀ ਦੀ ਨਿੰਦਾ ਨਹੀਂ ਕੀਤੀ ਅਤੇ ਨਾ ਹੀ ਕਦੀ ਦਿਨੋ ਦਿਨ ਵਧ ਵਧ ਰਹੀ ਇਸ ਕੁਰੀਤੀ ਨੂੰ ਬੰਦ ਕਰਨ ਦੀ ਸਲਾਹ ਦਿੱਤੀ।

ਸੋ ਇਸ ਵਡੀਓ ਵਿਚ ਪ੍ਰਦੀਪ ਸਿੰਘ ਇੱਕ ਪਾਸੇ ਬੀਬੀਆਂ ਨੂੰ ਸੰਬੋਧਨ ਕਰਦਿਆਂ ਕਹਿ ਰਿਹਾ ਹੈ ਕਿ ਕਥਾ ਹੁੰਦੀ ਸਮੇਂ ਗਲਬਾਤ ਕਰਨ ਨੂੰ ਗੁਰੂ ਸਾਹਿਬ ਨੇ ਮਨਾ ਕੀਤਾ ਹੈ, ਪਰ ਆਪ ਭਾਈ ਅਮਰਜੀਤ ਸਿੰਘ ਜੀ ਦੁਆਰਾ ਕੀਤੀ ਜਾ ਰਹੀ ਕਥਾ ਸਮੇਂ ਪਿੱਛੇ ਬੈਠਾ ਹਰਨਾਮ ਸਿੰਘ ਧੁੰਮੇ ਨਾਲ਼ ਗੱਲਾਂ ਭੀ ਕਰੀ ਜਾ ਰਿਹਾ ਹੈ। ਇਕ ਪਾਸੇ ਪੀਰ ਬੁਧੂ ਸ਼ਾਹ ਦੇ ਭਰਾਵਾਂ ਦੀ ਸ਼ਹੀਦੀ ਬਦਲੇ ਗੁਰੂ ਸਾਹਿਬ ਨੇ ਬਖ਼ਸ਼ਸ਼ ਵਜੋਂ ਕੰਘਾ ਦਿੱਤਾ, ਕਹਿ ਰਿਹਾ ਹੈ, ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਸਾਹਿਬ ਰਾਇ ਕੱਲੇ ਨੂੰ ਜਦ ਖੜਗ ਬਖਸ਼ਦੇ ਹਨ ਤਾਂ ਪਹਿਨਣ ਤੋਂ ਮਨਾ ਭੀ ਕਰਦੇ ਹਨ, ਕਹਿ ਰਿਹਾ ਹੈ, ਪਰ ਉਸ ਨੇ ਗੁਰੂ ਹੁਕਮਾਂ ਵਿਰੁਧ ਜਾ ਕੇ ਖੜਗ ਪਹਿਣ ਲਈ ਅਤੇ ਘੋੜੇ ਤੋਂ ਡਿਗ ਕੇ ਉਸੇ ਖੜਗ ਨਾਲ਼ ਮਰਿਆ। ਦਰਬਾਰ ਸਾਹਿਬ ਵਿਚ ਇਨ੍ਹਾਂ ਦੁਆਰਾ ਕੀਤੀਆਂ ਜਾਂਦੀਆਂ ਕੁਰੀਤੀਆਂ ਵਿਰੁਧ ਅਵਾਜ਼ ਚੁੱਕਣ ਵਾਲਿਆਂ ਨੂੰ ਭੀ ਗਲਤ ਕਹਿ ਰਿਹਾ ਹੈ। ਕੀ ਇੱਥੇ ਤਲਵਾਰ ਚੁੱਕਣ ਦੀ ਥਾਂ ਬੋਲਣਾ ਭੀ ਗਲਤ ਹੈ ਜਾਂ ਪੀਰ ਬੁਧੂ ਸ਼ਾਹ ਦੀ ਮਿਸਾਲ ਦੇ ਕੇ ਬਾਬਾ ਦੀਪ ਸਿੰਘ ਦੀ ਸ਼ਹੀਦੀ ਲਈ ਦਿੱਤੀ ਮਿਸਾਲ ਵਾਙ ਮਿਟੀ ’ਚ ਰੋਲ ਰਿਹਾ ਹੈ ?

(3) ਜਿਸ ਸਮੇਂ ਸਿਆਸੀ ਮਾਲਕਾਂ ਨੇ ਅਖੌਤੀ ਸਿੰਘ ਸਾਹਿਬਾਨਾਂ ਨੂੰ ਆਪਣੀ ਕੋਠੀ ਸੱਦ ਕੇ ਮਜ਼ਬੂਰ ਕਰਕੇ ਗੁਰੂ ਗੋਬਿੰਦ ਸਿੰਘ ਜੀ ਦਾ ਸ੍ਵਾਂਗ ਰਚਣ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਵਾਲੇ ਸੌਦਾ ਸਾਧ ਨੂੰ ਅਕਾਲ ਤਖ਼ਤ ਤੋਂ ਮੁਆਫ਼ੀ ਦਾ ਹੁਕਮਨਾਮਾ ਜਾਰੀ ਕਰਵਾਇਆ ਤਾਂ ਇਸ ਵੱਡੇ ਪੰਥ ਹਿਤੈਸ਼ੀ ਨੇ ਕਦੀ ਐਸੀ ਪੋਸਟ ਨਹੀਂ ਪਾਈ ਕਿ ਆਪੂੰ ਬਣੇ ਮਾਲਕਾਂ ਅਤੇ ਮਾਲਕਾਂ ਦੇ ਦਬਾਅ ਹੇਠ ਹੁਕਮਨਾਮਾ ਜਾਰੀ ਕਰਨ ਵਾਲੇ ਬੇਮੁਖ ਜਥੇਦਾਰਾਂ ਨੂੰ ਪੰਥ ਛੱਡਣ ਲਈ ਮਜ਼ਬੂਰ ਕੀਤਾ ਜਾਵੇ। ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਖੁਰਦ ਬੁਰਦ ਕਰਨ ਵਾਲੇ ਅਧਿਕਾਰੀਆਂ ਅਤੇ ਇਨ੍ਹਾਂ ਵਿਰੁੱਧ ਰਿਪੋਰਟ ਨੂੰ ਮਿੱਟੀ ਘੱਟੇ ਰੁਲਾਉਣ ਵਾਲੀ ਪ੍ਰਬੰਧਕੀ ਕਮੇਟੀ ਨੂੰ ਦੁਸ਼ਟ ਦੱਸ ਕੇ ਖ਼ਾਲਸਾ ਪੰਥ ਛੱਡਣ ਲਈ ਮਜ਼ਬੂਰ ਕਰਨ ਵਾਲੀਆਂ ਪੋਸਟਾਂ ਕਦੀ ਨਹੀਂ ਪਾਈਆਂ।

(4) ਵਿਦਵਾਨਾਂ ਨੂੰ ਤੋਹਫ਼ੇ ਅਤੇ ਸੈਮੀਨਾਰ ’ਤੇ 35 ਲੱਖ ਰੁਪਏ ਖਰਚਣ ਵਾਲੇ ਦੀਆਂ ਸਿਫ਼ਤਾਂ ਦੇ ਪੁਲ੍ਹ ਬੰਨ੍ਹਣ ਵਾਲਿਆਂ ਦੀਆਂ ਸਟੇਟਮੈਂਟਾਂ ਸਿੱਖਾਂ ਨੂੰ ਕਿਤਨਾ ਲਾਲਚੀ ਅਤੇ ਅਤੇ ਥੋੜੇ ਜਿਹੇ ਤੋਫਿਆਂ ਪਿੱਛੇ ਵਿਕਾਊ ਸਿੱਧ ਕਰਨ ਵਾਲੀਆਂ ਹਨ ਭਾਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਇਨ੍ਹਾਂ ਸੰਸਾਰਕ ਤੋਹਫ਼ਿਆਂ ਤੇ ਸੇਵਾਵਾਂ ਦੀ ਰੱਬੀ ਪਿਆਰ ਅੱਗੇ ਕੋਈ ਪਾਇਆਂ ਨਹੀਂ। ਕਬੀਰ ਸਾਹਿਬ ਜੀ ਆਖਦੇ ਹਨ ਕਿ ਆਪਣੇ ਬਰਾਬਰ ਸਾਵਾਂ ਸੋਨਾ ਤੋਲ ਕੇ ਵੱਟੇ ਵਿਚ ਦਿੱਤਿਆਂ ਰੱਬੀ ਪਿਆਰ ਨਹੀਂ ਮਿਲਦਾ, ਮੈਂ ਤਾਂ ਮੁੱਲ ਵਜੋਂ ਆਪਣਾ ਮਨ ਦੇ ਕੇ ਰੱਬ ਲੱਭਿਆ ਹੈ, “ਕੰਚਨ ਸਿਉ ਪਾਈਐ ਨਹੀ ਤੋਲਿ ਮਨੁ ਦੇ; ਰਾਮੁ ਲੀਆ ਹੈ ਮੋਲਿ (ਭਗਤ ਕਬੀਰ ਜੀ/੩੨੭) ਕਾਸ਼ ਜੇ ਕਦੀ ਤੋਹਫੇ ਦੇਣ ਵਾਲੇ ਦੀਆਂ ਸਿਫਤਾਂ ਬੰਨ੍ਹਣ ਵਾਲੇ; ਪੀਰ ਬੁੱਧੂ ਸ਼ਾਹ ਜੀ ਨੂੰ ਵਾਲ਼ਾਂ ਸਮੇਤ ਕੰਘੇ ਦੀ ਕੀਤੀ ਬਖ਼ਸ਼ਿਸ਼ ਦੀ ਸਾਖੀ ਸੁਣਾਉਣ ਵਾਲੇ ਪ੍ਰਦੀਪ ਸਿੰਘ ਨੂੰ ਹੀ ਉਸ ’ਤੇ ਅਮਲ ਕਰਨ ਦੀ ਸਾਲਾਹ ਦਿੰਦੇ।

ਗੁਰੂ ਅਰਜਨ ਸਾਹਿਬ ਜੀ ਦੇ ਬਚਨ ਹਨ ਕਿ ਹਰੇਕ ਕਿਸਮ ਦਾ ਸ਼ਿੰਗਾਰ ਕੀਤਿਆਂ ਭੀ ਮਨ ਸੰਤੁਸ਼ਟ ਨਹੀਂ ਹੁੰਦਾ। ਸਰੀਰ ਉਤੇ ਸੁਗੰਧੀਆਂ ਵਰਤਣ ਨਾਲ਼ ਭੀ ਉਹ ਅਨੰਦ (ਜੋ ਸੁਖ ਪਿਆਰੇ ਪ੍ਰਭੂ-ਪਤੀ ਦੇ ਦਰਸ਼ਨ ਤੋਂ ਮਿਲਦਾ ਹੈ) ਨਹੀਂ ਹਾਸਲ ਹੁੰਦਾ, “ਜਉ ਮੈ ਕੀਓ ਸਗਲ ਸੀਗਾਰਾ ਤਉ ਭੀ ਮੇਰਾ ਮਨੁ ਨ ਪਤੀਆਰਾ ਅਨਿਕ ਸੁਗੰਧਤ ਤਨ ਮਹਿ ਲਾਵਉ ਓਹੁ ਸੁਖੁ, ਤਿਲੁ ਸਮਾਨਿ ਨਹੀ ਪਾਵਉ (ਮਹਲਾ ੫/੩੭੩) ਉਸੇ ਗੁਰੂ ਜੋਤਿ ਗੁਰੂ ਗ੍ਰੰਥ ਸਾਹਿਬ ਜੀ ਲਈ ਅਤਰ ਦੀ ਸੇਵਾ ਕਰਨ ਵਾਲੇ ਨੂੰ ਕਿੰਨਾ ਕੁ ਮਾਣ ਸਨਮਾਨ ਦੇਣਾ ਬਣਦਾ ਹੈ ?

ਗੁਰੂ ਨਾਨਕ ਸਾਹਿਬ ਜੀ ਨੇ ਮਲਿਕ ਭਾਗੋ ਦੇ ਸੁਆਦਲੇ ਪਕਵਾਨ ਛਕਣ ਨਾਲੋਂ ਭਾਈ ਲਾਲੋ ਦੇ ਘਰ ਕੋਧਰੇ ਦੀ ਰੋਟੀ ਛਕਣ ਨੂੰ ਤਰਜੀਹ ਦਿੱਤੀ, ਪਰ ਅੱਜ ਦਰਬਾਰ ਸਾਹਿਬ ਵਿਖੇ 100 ਰੁਪਏ ਮੱਥਾ ਟੇਕਣ ਵਾਲੇ ਨੂੰ ਇੱਕ ਵੱਡਾ ਪਤਾਸਾ ਅਤੇ ਵੱਡੀ ਸੇਵਾ ਕਰਨ ਵਾਲੇ ਨੂੰ ਵਿਸ਼ੇਸ਼ ਸਨਮਾਨਿਤ ਕੀਤਾ ਜਂਦਾ ਹੈ, ਇਸ ਲਈ ਕਹਿਣਾ ਗ਼ਲਤ ਨਹੀਂ ਕਿ ਇੱਥੇ ਮਲਿਕ ਭਾਗੋਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ, ਨਾ ਕਿ ਭਾਈ ਲਾਲੋਆਂ ਨੂੰ।

ਜੇ ਪਰਦੀਪ ਸਿੰਘ ਵਰਗੇ ਲੱਖਾਂ ਕਰੋੜਾਂ ਦੀ ਸੇਵਾ ਕਰ ਰਹੇ ਹਨ ਤਾਂ ਉਹ ਆਪਣੇ ਹੱਥੀਂ ਕੀਤੀ ਨੇਕ ਕਿਰਤ ਕਮਾਈ ’ਚੋਂ ਨਹੀਂ ਬਲਕਿ ਸੰਗਤਾਂ ਵੱਲੋਂ ਦਿੱਤੇ ਦਾਨ ਦਾ ਕੁਝ ਹਿੱਸਾ ਦੇ ਰਹੇ ਹਨ। ਜੇ ਵੱਡੀ ਸੇਵਾ ਕਰਨ ਵਾਲੇ ਨੂੰ ਹੀ ਸਨਮਾਨਿਤ ਕਰਨਾ ਹੈ ਤਾਂ ਡਾ: ਐੱਸ.ਪੀ.ਸਿੰਘ. ਓਬਰਾਇ ਯੋਗ ਹਨ, ਜੋ ਆਪਣੀ ਆਮਦਨ ਦਾ 95% ਤੋਂ ਵੱਧ ਹਿੱਸਾ ਲੋੜਵੰਦਾਂ ਦੀ ਸਹਾਇਤਾ ਲਈ ਖਰਚ ਰਹੇ ਹਨ। ਗੁਰੂ ਸਾਹਿਬ ਜੀ ਦਾ ਥਾਪੜਾ ਉਨ੍ਹਾਂ ਗੁਰਸਿੱਖਾਂ ਉੱਤੇ ਹੈ, ਜੋ “ਘਾਲਿ ਖਾਇ ਕਿਛੁ ਹਥਹੁ ਦੇਇ ਨਾਨਕ ਰਾਹੁ ਪਛਾਣਹਿ ਸੇਇ (ਮਹਲਾ ੧/੧੨੪੫) ’ਤੇ ਅਮਲ ਕਰਦੇ ਹੋਏ ਖ਼ੁਦ ਮਿਹਨਤ ਕਰਕੇ ਕਮਾਉਂਦੇ ਹਨ ਅਤੇ “ਗੁਰੂ ਕੀ ਗੋਲਕ, ਗਰੀਬ ਦਾ ਮੂੰਹ” ਜਾਣ ਕੇ ਲੋੜਵੰਦਾਂ ਦੀ ਆਪ ਸੇਵਾ ਕਰਦੇ ਹਨ, ਨਾ ਕਿ ਸੇਵਾ ਦੇ ਨਾਂ ’ਤੇ ਕਿਰਤੀਆਂ ਤੋਂ ਇਕੱਤ੍ਰ ਕੀਤੀ ਮਾਇਆ ’ਚੋਂ ਕੁਝ ਦੇ ਕੇ ਮਹਾਂਦਾਨੀ ਅਖਵਾਉਣਾ ਦੀ ਲਾਲਸਾ ਰੱਖਣ ਵਾਲਿਆਂ ਨੂੰ।

ਐਸੇ ਸੰਤ, ਬਾਬੇ, ਵਿਦਵਾਨ ਆਦਿਕ ਸਾਖੀਆਂ ਤਾਂ ਸੁਣਾਉਂਦੇ ਹਨ ਕਿ ਭੰਗਾਣੀ ਦੇ ਯੁੱਧ ’ਚ ਪੀਰ ਬੁੱਧੂ ਸ਼ਾਹ ਦੇ ਦੋ ਪੁੱਤਰ ਅਤੇ ਅਨੇਕਾਂ ਮੁਰੀਦ ਸ਼ਹੀਦ ਹੋਏ। ਪੀਰ ਬੁੱਧੂ ਸ਼ਾਹ ਦੀ ਇਸ ਵੱਡੀ ਕੁਰਬਾਨੀ ’ਤੇ ਇੱਕ ਸਿਰੋਪਾ ਅਤੇ ਫਸੇ ਕੇਸਾਂ ਸਮੇਤ ਕੰਘਾ ਦੇ ਕੇ ਬਖ਼ਸ਼ਿਸ਼ ਕੀਤੀ, ਪਰ ਅੱਜ 1984 ਸ੍ਰੀ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕੀਤੇ ਜਾਣ ਦਾ ਬਦਲਾ ਲੈਣ ਵਾਲੇ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕਿਹਰ ਸਿੰਘ ਦੇ ਪਰਵਾਰ ਦੇ ਕਿਸੇ ਮੈਂਬਰ ਨੂੰ ਸਨਮਾਨਿਤ ਨਹੀਂ ਕਰਨਗੇ, ਪੰਜਾਬ ਦਾ ਪਾਣੀ ਬਚਾਉਣ ਲਈ ਆਪਣੇ ਸਾਰੇ ਪਰਵਾਰਿਕ ਮੈਂਬਰਾਂ ਸਮੇਤ ਸ਼ਹੀਦੀ ਦੇਣ ਵਾਲੇ ਭਾਈ ਬਲਵਿੰਦਰ ਸਿੰਘ ਜਟਾਣਾ ਆਦਿਕ ਨੂੰ ਮਰਨ ਉਪਰੰਤ ਭੀ ਸਨਮਾਨਿਤ ਨਹੀਂ ਕਰਨਗੇ, ਪਰ ਉਨ੍ਹਾਂ ਨੂੰ ਸਨਮਾਨਿਤ ਜ਼ਰੂਰ ਕਰਨਗੇ, ਜੋ ਪਤਾਸਿਆਂ ਲਈ ਖੰਡ, ਅਤਰ ਆਦਿਕ ਵਸਤੂਆਂ ਦੇਵੇ !

ਦਰਅਸਲ ਐਸਾ ਕੁਕਰਮ ਕਰਨ ਦੇ ਪਿੱਛੇ ਲਿਫਾਫਾ ਕਲਚਰ ਵਾਪਰ ਰਿਹਾ ਹੁੰਦਾ ਹੈ ਜਾਂ ਵੋਟ ਰਾਜਨੀਤੀ ਭਾਰੂ ਹੁੰਦੀ ਹੈ, ਜਿਨ੍ਹਾਂ ਦੇ ਬਦਲੇ ’ਚ ਰੂਹਾਨੀਅਤ ਦਾ ਕੇਂਦਰ ਸਮਝੀਆਂ ਜਾਂਦੀਆਂ ਸੰਸਥਾਵਾਂ ਤੱਕ ਨੂੰ ਵਰਤਣ ਤੋਂ ਭੀ ਗੁਰੇਜ ਨਹੀਂ ਕੀਤਾ ਜਾਂਦਾ। ਇਸ ਵਿਰੁਧ ਆਵਾਜ਼ ਬੁਲੰਦ ਕਰਨ ਵਾਲੇ ਪ੍ਰਚਾਰਕਾਂ, ਲੇਖਕਾਂ ਅਤੇ ਵਿਦਵਾਨਾਂ ਨੂੰ ਸੰਗਤਾਂ ਵਿਚ ਪੰਥ ਦੋਖੀ ਸਿੱਧ ਕੀਤਾ ਜਾਂਦਾ ਹੈ, ਦੁਰਕਾਰਿਆ ਜਾਂਦਾ ਹੈ। ਕਈ ਵਾਰ ਪੰਥ ’ਚੋਂ ਭੀ ਛੇਕਿਆ ਜਾਂਦਾ ਹੈ। ਜਦ ਤਕ ਸਿੱਖ ਕੌਮ; ਅਸਲ ਪੰਥ ਦਰਦੀ ਅਤੇ ਅਸਲ ਪੰਥ ਦੋਖੀ ਦੀ ਪਹਿਚਾਣ ਕਰਨ ’ਚ ਧੋਖਾ ਖਾਂਦੀ ਰਹੇਗੀ ਤਦ ਤੱਕ ਐਸੀ ਮਨਮਤ ਭਾਰੂ ਰਹਿਣੀ ਹੈ, ਜੋ ਗੁਰਮਤਿ ਦੀ ਵਿਲੱਖਣਤਾ ਨੂੰ ਅਲੋਪ ਹੀ ਨਹੀਂ ਕਰਦੀ ਬਲਕਿ ਸੰਗਤਾਂ ਦੀ ਬੁਝਦਿਲੀ ਨੂੰ ਭੀ ਉਜਾਗਰ ਕਰਦੀ ਹੈ।