ਸ਼ਹੀਦ ਹੋਣਾ; ਧਰਮ ਦਾ ਅਨਿੱਖੜਵਾਂ ਅੰਗ
ਗਿਆਨੀ ਅਵਤਾਰ ਸਿੰਘ
‘ਧਰਮ’ ਸੰਸਕ੍ਰਿਤ ਦਾ ਸ਼ਬਦ ਹੈ। ਉਸ ਭਾਸ਼ਾ ’ਚ ਇਸ ਦਾ ਅਰਥ ਹੈ ‘ਉਹ ਪਵਿੱਤਰ ਨਿਯਮ, ਜੋ ਸੰਸਾਰ ਦੀ ਹਰ ਵਸਤੂ ਦਾ ਆਪਣਾ ਨਿਜੀ ਸੁਭਾਅ ਹੈ’; ਜਿਵੇਂ ਕਿ ਅੱਗ ਦਾ ਧਰਮ ‘ਸਾੜਨਾ’ ਹੈ, ਪਾਣੀ ਦਾ ਧਰਮ ‘ਗਿੱਲਾ ਕਰਨਾ’ ਤੇ ਚੰਦ ਦਾ ਧਰਮ ‘ਠੰਢਕ ਦੇਣਾ’, ਆਦਿ। ਇਹ ਅਰਥ; ਕੁਦਰਤੀ ਨਿਯਮ ਨੂੰ ਹੀ ‘ਧਰਮ’ ਸਾਬਤ ਕਰਦੇ ਹਨ ਯਾਨੀ ਕਿ ਬ੍ਰਹਿਮੰਡ, ਜਿਹੜੇ ਨਿਯਮਾਂ ’ਚ ਗਤੀ ਕਰਦਾ ਹੈ, ਓਹੀ ‘ਧਰਮ’ ਹੈ। ਗੁਰਮਤਿ ਨਜ਼ਰੀਏ ਤੋਂ ਸਮਝੀਏ ਤਾਂ ‘ਧਰਮ’ ਦੇ ਉਪਰੋਕਤ ਅਰਥ ਬਹੁਤ ਹੇਠਲੇ ਪੱਧਰ ਦੇ ਹਨ ਕਿਉਂਕਿ ਗੁਰਮਤਿ ਅਨੁਸਾਰ ਧਰਮ ਦੇ ਅਰਥ ਨਿਰਾਕਾਰ ਦੀ ਭਗਤੀ ਅਤੇ ਰੱਬੀ ਗੁਣਾਂ ਨੂੰ ਆਪਣੇ ਅੰਦਰ ਧਾਰਨ ਕਰਨ ਨਾਲ਼ ਸੰਬੰਧਿਤ ਹਨ; ਜਿਵੇਂ ਕਿ ‘‘ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ; ਨਿਰਮਲ ਕਰਮੁ ॥’’ (ਸੁਖਮਨੀ/ਮਹਲਾ ੫/੨੬੬) ਗੁਰੂ ਅੰਗਦ ਸਾਹਿਬ ਜੀ ਦੇ ਭੀ ਬਚਨ ਹਨ, ‘‘ਸਰਬ ਸਬਦੰ ਏਕ ਸਬਦੰ; ਜੇ ਕੋ ਜਾਣੈ ਭੇਉ ॥ ਨਾਨਕੁ ਤਾ ਕਾ ਦਾਸੁ ਹੈ; ਸੋਈ ਨਿਰੰਜਨ ਦੇਉ ॥’’ (ਮਹਲਾ ੨/੪੬੯) ਅਰਥ : ਸਾਰਿਆਂ ਧਰਮਾਂ ਦਾ ਮੂਲ ਧਰਮ ਹੈ ‘ਇੱਕ ਮਾਲਕ ਨੂੰ ਯਾਦ ਕਰਨਾ’। ਜੋ ਇਹ ਰਾਜ਼ ਜਾਣ ਗਿਆ, ਨਾਨਕ ਉਸ ਦਾ ਦਾਸ ਬਣਨਾ ਲੋਚਦਾ ਹੈ ਕਿਉਂਕਿ ਉਹ, ਮਾਇਆ ਰਹਿਤ ਪ੍ਰਕਾਸ਼ਮਈ ਪ੍ਰਭੂ ਦਾ ਰੂਪ ਹੋ ਜਾਂਦਾ ਹੈ।
ਐਸਾ ਜਾਪਦਾ ਹੈ ਕਿ ਪੰਡਿਤ; ਆਕਾਰ (ਜਿਵੇਂ ਕਿ ਮੂਰਤੀ, ਦੇਵਤਾ, ਪਸ਼ੂ, ਬਨਸਪਤੀ ਆਦਿ) ਨੂੰ ਪੂਜਦੇ ਹਨ, ਇਸ ਲਈ ਸੰਸਕ੍ਰਿਤ ਕੋਸ਼ਾਂ ’ਚ ‘ਧਰਮ’ ਸ਼ਬਦ ਦੇ ਉਕਤ ਅਰਥ ਕੀਤੇ ਗਏ ਹਨ। ਫ਼ਾਰਸੀ/ਅਰਬੀ ਕੋਸ਼ਾਂ ’ਚ ‘ਮਜ਼ਹਬ’ ਦੇ ਅਰਥ ਹਨ ‘ਰਸਤਾ, ਈਮਾਨ, ਅਕੀਦਾ’। ਸੋ ਸਚਾਈ ਇਹੀ ਹੈ ਕਿ ਗੁਰਮਤਿ ਨੇ ਧਰਮ/ਮਜ਼੍ਹਬ ਦਾ ਅਰਥ ‘ਧਾਰਨ ਕਰਨਾ, ਅਪਣਾਉਣਾ’ ਮੰਨਿਆ ਹੈ ਭਾਵ ਆਮ ਸੋਚ ਤੋਂ ਵੱਖਰੀ ਖ਼ਾਸ ਸੋਚ (ਭਾਵ ਗੁਰਮਤਿ) ਨੂੰ ਧਾਰਨ ਕਰਨਾ, ਅਪਣਾਉਣਾ ਹੀ ‘ਧਰਮ’ ਹੈ।
ਵਿਚਾਰ ਦਾ ਵਿਸ਼ਾ ਹੈ ਕਿ ਗੁਰਮਤਿ (ਭਾਵ ਅਸਲ ਧਰਮ) ਅਨੁਸਾਰ ਜੀਵਨ ਬਤੀਤ ਕਰਨ ਵਾਲ਼ੇ ਅਕਸਰ ਸ਼ਹੀਦ ਕਿਉਂ ਕੀਤੇ ਜਾਂਦੇ ਹਨ ਜਦ ਕਿ ਗੁਰੂ ਸਾਹਿਬ ਜੀ ਆਪ ਕਹਿ ਰਹੇ ਹਨ ਕਿ ਮੇਰੇ ਅੰਦਰ ਕਿਸੇ ਰਾਜ-ਸੱਤਾ ਦੀ ਭੁੱਖ ਨਹੀਂ, ‘‘ਰਾਜੁ ਨ ਚਾਹਉ.. ॥’’ (ਮਹਲਾ ੫/੫੩੪) ਅਤੇ ਨਾ ਹੀ ਮੇਰੇ ਅੰਦਰ ਸਮਾਜਿਕ ਮਾਨ-ਸਤਿਕਾਰ ਕਰਾਉਣ ਵਾਲ਼ੀ ਤ੍ਰਿਸ਼ਨਾ ਹੈ, ‘‘ਲੋਕਨ ਕੀਆ ਵਡਿਆਈਆ; ਬੈਸੰਤਰਿ ਪਾਗਉ ॥’’ (ਮਹਲਾ ੫/੮੦੮) ਅਰਥ : ਲੋਕਾਂ ਵੱਲੋਂ ਮਿਲਣ ਵਾਲ਼ੀ ਇੱਜ਼ਤ ਨੂੰ ਮੈਂ ਅੱਗ ’ਚ ਸੁੱਟਦਾ ਹਾਂ। ਗੁਰੂ ਰਾਮਦਾਸ ਜੀ ਦੇ ਭੀ ਬੋਲ ਹਨ, ‘‘ਲੋਕਨ ਕੀ ਚਤੁਰਾਈ ਉਪਮਾ; ਤੇ ਬੈਸੰਤਰਿ ਜਾਰਿ ॥ ਕੋਈ ਭਲਾ ਕਹਉ; ਭਾਵੈ ਬੁਰਾ ਕਹਉ; ਹਮ ਤਨੁ ਦੀਓ ਹੈ ਢਾਰਿ (ਕੁਰਬਾਨ/ਭੇਟ ਕਰ) ॥’’ (ਮਹਲਾ ੪/੫੨੮), ਇਹੀ ਦੋਵੇਂ ਲਾਲਸਾਵਾਂ ਸਾਰੇ ਝਗੜਿਆਂ ਦਾ ਕਾਰਨ ਬਣਦੀਆਂ ਹਨ। ਬਤੌਰ ਸਿੱਖ ਇਹ ਕਹਿਣਾ ਕਿ ਸਾਰੇ ਧਰਮਾਂ ’ਚ ਹੀ ਕੋਈ ਨਾ ਕੋਈ ਸ਼ਹੀਦ ਹੋਇਆ ਹੈ, ਬਿਲਕੁਲ ਗ਼ਲਤ ਹੈ ਕਿਉਂਕਿ ਗ਼ੈਰ ਧਰਮਾਂ ’ਚ ਹੋਈ ਮੌਤ ਅਤੇ ਸਿੱਖ ਧਰਮ ’ਚ ਹੋਈ ਸ਼ਹੀਦੀ ’ਚ ਬੜਾ ਸਿਧਾਂਤਿਕ ਅੰਤਰ ਹੈ। ਇਸ ਨੂੰ ਵਿਚਾਰਨਾ ਹੀ ਹਥਲੇ ਲੇਖ ਦਾ ਵਿਸ਼ਾ ਹੈ।
ਈਸਾ ਮਸੀਹ ਨੂੰ ਮੌਤ ਦੀ ਸਜ਼ਾ; 33 ਸਾਲ ਦੀ ਉਮਰ ’ਚ ਹੋਈ। 30 ਸਾਲ ਤੱਕ ਉਹ ਯਹੂਦੀ ਸੀ ਤਾਹੀਓਂ ਬਚਪਨ ’ਚ ਉਸ ਦੀ ਯਹੂਦੀ ਰਸਮ ਨਾਲ਼ ਸੁੰਨਤ ਕੀਤੀ ਗਈ। 30 ਸਾਲਾਂ ਬਾਅਦ ਭੀ ਇੱਕ ਯਹੂਦੀ ਪ੍ਰਚਾਰਕ ਯੂਹੰਨ (ਜੌਨ) ਪਾਸੋਂ ਉਸ ਨੇ ਬਪਤਿਸਮਾ (ਅੰਮ੍ਰਿਤ ਜਲ) ਲਿਆ। ਬਪਤਿਸਮਾ ਲੈਂਦਿਆਂ ਹੀ ਉਸ ’ਤੇ ਕਬੂਤਰ ਦੀ ਸ਼ਕਲ ’ਚ ਆਤਮਾ ਉਤਰੀ, ਜੌਨ ਨੇ ਵੇਖੀ। 3 ਕੁ ਸਾਲ ਯਿਸੂ ਮਸੀਹ ਨੇ ਆਪਣੀ ਨਵੀਂ ਸੋਚ (ਈਸਾਈ ਧਰਮ) ਦਾ ਪ੍ਰਚਾਰ ਕੀਤਾ। ਇਸ ਸਮੇਂ ਭੀ ਉਸ ਨੇ ਐਸਾ ਕੋਈ ਸੰਦੇਸ਼ ਨਾ ਦਿੱਤਾ, ਜਿਸ ਤੋਂ ਜਾਪੇ ਕਿ ਉਹ, 1571 ਈਸਾ ਪੂਰਵ ਤੋਂ ਪ੍ਰਚਲਿਤ ਯਹੂਦੀ ਧਰਮ ਦੀਆਂ ਰਹੁ-ਰੀਤਾਂ ਤੋਂ ਭਿੰਨ ਹੈ; ਜਿਵੇਂ ਕਿ ਗੁਰਬਾਣੀ ਆਪਣੇ ਨਵੇਂ ਖ਼ਿਆਲਾਂ ਨੂੰ ਬਿਆਨ ਕਰਦਿਆਂ ਰਵਾਈਤੀ ਸੋਚ ਨੂੰ ਇਉਂ ਰੱਦ ਕਰਦੀ ਹੈ, ‘‘ਪੰਡਿਤ ਮੁਲਾਂ; ਜੋ ਲਿਖਿ ਦੀਆ ॥ ਛਾਡਿ ਚਲੇ ਹਮ; ਕਛੂ ਨ ਲੀਆ ॥ (ਭਗਤ ਕਬੀਰ/੧੧੫੯), ਹਿੰਦੂ ਅੰਨ੍ਹਾ; ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ ॥ (ਕਿਉਂਕਿ) ਹਿੰਦੂ ਪੂਜੈ ਦੇਹੁਰਾ; ਮੁਸਲਮਾਣੁ ਮਸੀਤਿ ॥ ਨਾਮੇ ਸੋਈ ਸੇਵਿਆ; ਜਹ ਦੇਹੁਰਾ ਨ ਮਸੀਤਿ ॥ (ਭਗਤ ਨਾਮਦੇਵ/੮੭੫), ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨ੍ਹਾਵੈ; ਜੀਆ ਘਾਇ (ਮਾਰ ਕੇ)॥ ਜੋਗੀ; ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥’’ (ਮਹਲਾ ੧/੬੬੨), ਆਦਿ।
ਸੋ ਤਿੰਨ ਕੁ ਸਾਲਾਂ ’ਚ ਈਸਾ ਮਸੀਹ ਨੇ 1600 ਸਾਲ ਪੁਰਾਣੇ (1571 ਈਸਾ ਪੂਰਵ ’ਚ ਹਜ਼ਰਤ ਮੂਸਾ ਦੇ ਜਨਮ ਤੋਂ ਪ੍ਰਚਲਿਤ) ਯਹੂਦੀ ਧਰਮ ਵਿਰੁੱਧ ਕਿੰਨੀ ਕੁ ਲੋਕ ਲਹਿਰ ਖੜ੍ਹੀ ਕਰ ਦਿੱਤੀ ਕਿ ਉਸ ਨੂੰ ਸੂਲ਼ੀ ’ਤੇ ਚਾੜ੍ਹਨਾ ਮਜਬੂਰੀ ਬਣ ਗਿਆ ? ਦਰਅਸਲ ਈਸਾ ਮਸੀਹ ਦੀ ਮੌਤ ਦਾ ਅਸਲ ਕਾਰਨ ਕੋਈ ਸਮਾਜਿਕ ਪਰਿਵਰਤਨ ਨਹੀਂ ਸੀ ਬਲਕਿ ਖ਼ੁਦ ਹੀ ਪ੍ਰਭੂ ਦਾ ਇਕਲੌਤਾ ਪਿਆਰਾ ਪੁੱਤਰ ਬਣ ਬੈਠਣਾ ਸੀ ਜਦ ਕਿ ਗੁਰੂ ਅਰਜਨ ਸਾਹਿਬ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਸ਼ਹੀਦ, ਇਸ ਲਈ ਕੀਤਾ ਗਿਆ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਜਨਤਾ; ਆਪਣੇ ਅਧਿਕਾਰਾਂ ਅਤੇ ਸਚਾਈ ਲਈ ਜਾਗਰੂਕ ਹੋ ਰਹੀ ਸੀ, ਜਿਸ ਨਾਲ਼ ਰਵਾਇਤੀ ਧਰਮਾਂ ਦੀ ਹੋਂਦ ਖ਼ਤਰੇ ’ਚ ਸੀ। ਇਨ੍ਹਾਂ ਨਿਆਸਰਿਆਂ, ਬੇਸਹਾਰਾਂ, ਲਾਚਾਰਾਂ ਪਿੱਛੇ ਗੁਰੂ ਸਾਹਿਬਾਨ ਜੀ ਦਾ ਥਾਪੜਾ ਸੀ; ਜਿਵੇਂ ਕਿ ਬਚਨ ਹਨ, ‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ ॥ (ਮਹਲਾ ੧/੧੫), ਜੋ ਸਰਣਿ (’ਚ) ਆਵੈ; ਤਿਸੁ ਕੰਠਿ (ਨਾਲ਼) ਲਾਵੈ; ਇਹੁ ਬਿਰਦੁ ਸੁਆਮੀ ਸੰਦਾ ॥’’ (ਮਹਲਾ ੫/੫੪੪) ਅਰਥ : ਮਾਲਕ ਦਾ ਇਹ ਸੁਭਾਅ ਹੀ ਹੁੰਦਾ ਹੈ ਕਿ ਜੋ ਭੀ ਸ਼ਰਨ ’ਚ ਆਉਂਦਾ ਹੈ, ਉਸ ਨੂੰ ਗਲ਼ ਨਾਲ਼ ਲਾਉਂਦਾ ਹੈ। ਦੂਜੇ ਪਾਸੇ ਈਸਾ ਮਸੀਹ; ਇੱਕ ਯਹੂਦੀ ਦੇ ਹੱਥੋਂ ਬਪਤਿਸਮਾ ਲੈ ਕੇ ਯਹੂਦੀ ਬਣਨ ਦੀ ਥਾਂ ਆਪਣੇ ਆਪ ਨੂੰ ਸਰਬੋਤਮ ਯਾਨੀ ਕਿ ਪੈਗ਼ੰਬਰ ਐਲਾਨ ਦਿੰਦਾ ਹੈ। ਇਸੇ ਦਾ ਨਤੀਜਾ ਸੀ ਕਿ ਈਸਾ ਮਸੀਹ ਨੂੰ ਸੂਲੀ ’ਤੇ ਚਾੜ੍ਹਨ ਸਮੇਂ ਨੇੜੇ ਖੜ੍ਹਾ ਉਸ ਦੇ 12 ਪ੍ਰਮੁੱਖ ਚੇਲਿਆਂ ਵਿੱਚੋਂ ਇੱਕ ਪੀਟਰ ਵੀ ਮੌਤ ਤੋਂ ਡਰਦਾ; ਈਸਾ ਮਸੀਹ ਨੂੰ ਤਿੰਨ ਵਾਰ ਲਾਹਨਤਾਂ ਪਾਉਂਦਾ ਹੈ ਅਤੇ ਇੱਕ ਹੋਰ ਪ੍ਰਮੁੱਖ ਚੇਲਾ (ਯਹੂਦਾ ਅਸ਼ਕਰੂਤੀ) 30 ਰੁਪਏ ਦਾ ਇਨਾਮ ਪਾਉਣ ਲਈ ਉਸ ਨੂੰ ਗ੍ਰਿਫ਼ਤਾਰ ਕਰਾ ਦਿੰਦਾ ਹੈ ਜਦ ਕਿ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸਮੇਂ ਉਨ੍ਹਾਂ ਦੇ ਤਿੰਨ ਸਿੱਖਾਂ (ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ) ਨੂੰ ਅਸਹਿ ਤਸੀਹੇ ਦੇ ਕੇ ਸ਼ਹੀਦ ਕੀਤਾ ਜਾ ਰਿਹਾ ਸੀ ਤਾਂ ਭੀ ਉਨ੍ਹਾਂ ਨੇ ਆਪਣੇ ਗੁਰੂ ਬਾਰੇ ਕੋਈ ਅਪਸ਼ਬਦ ਬੋਲਣ ਦੀ ਥਾਂ ਉਨ੍ਹਾਂ ਵੱਲ ਆਪਣਾ ਮੂੰਹ ਰੱਖਣ ਲਈ ਅੰਤਮ ਇੱਛਾ ਜ਼ਾਹਰ ਕੀਤੀ ਤੇ ਸ਼ਹੀਦ ਹੁੰਦੇ ਗਏ ਕਿਉਂਕਿ ਗੁਰੂ ਸਾਹਿਬਾਨ ਦੁਆਰਾ ਤਕਰੀਬਨ ਦੋ ਸਦੀਆਂ ਤੋਂ ਮਨੁੱਖਤਾ ਅੰਦਰ ਆਪਣੇ ਹੱਕਾਂ ਲਈ, ਸੱਚ ਲਈ ਕੁਰਬਾਨ ਹੋਣ ਵਾਲ਼ੀ ਰੂਹ ਭਰੀ ਜਾ ਰਹੀ ਸੀ। ਮਾਨਵਤਾ ਅੰਦਰ ਇਹੀ ਜਜ਼ਬਾ ਜੇ ਈਸਾ ਮਸੀਹ ਭਰ ਦਿੰਦੇ ਤਾਂ ਉਸ ਦੀ ਮੌਤ ਨੂੰ ਭੀ ਲੋਕ ਹਿਤਾਂ ਲਈ ‘ਸ਼ਹੀਦ’ ਕਹਿਣਾ ਬਣਦਾ ਸੀ। ਮੰਨ ਲਓ ਕਿ ਸਿੱਖ ਰਾਜ ’ਚ ਕੋਈ ਆਪਣੇ ਆਪ ਨੂੰ ‘ਗੁਰੂ’ ਘੋਸ਼ਿਤ ਕਰੇ ਤਾਂ ਕੀ ਸਿੱਖ ਉਸ ਨਾਲ਼ ਉਹੀ ਸਲੂਕ ਨਹੀਂ ਕਰਨਗੇ, ਜੋ ਯਹੂਦੀਆਂ ਨੇ ਈਸਾ ਮਸੀਹ ਨਾਲ਼ ਕੀਤਾ ਹੈ ? ‘ਸ਼ਹੀਦ’ ਦਾ ਅੱਖਰੀ ਅਰਥ ਹੈ ‘ਜੋ ਸਮਾਜ, ਕੌਮ, ਦੇਸ਼ ਲਈ ਕੁਰਬਾਨ ਹੋਵੇ’ ਜਦ ਕਿ ਈਸਾ ਮਸੀਹ ਦਾ ਨਾ ਕੋਈ ਸਮਾਜ ਸੀ, ਨਾ ਕੋਈ ਕੌਮ ਤੇ ਨਾ ਹੀ ਕੋਈ ਦੇਸ। ਉਸ ਦੀ ਅਸਫਲ ਜ਼ਿੰਦਗੀ ਇਸ ਗੱਲ ਤੋਂ ਭੀ ਸਾਫ਼ ਹੁੰਦੀ ਹੈ ਕਿ ਉਸ ਨੇ ਮੌਤ ਨੂੰ ਸਾਮ੍ਹਣੇ ਵੇਖ ਆਪਣੇ ਪ੍ਰਭੂ ਨਾਲ਼ ਭੀ ਨਰਾਜ਼ਗੀ ਜ਼ਾਹਰ ਕੀਤੀ ਕਿ ਤੈਂ ਮੈਨੂੰ ਭੁਲਾ ਦਿੱਤਾ ਜਦ ਕਿ ਗੁਰੂ ਅਰਜਨ ਸਾਹਿਬ ਜੀ ਤੱਤੀ ਤਵੀ ਉੱਤੇ ਬੈਠੇ ਭੀ ਕਰਤਾਰ ਦਾ ਸ਼ੁਕਰਾਨਾ ਕਰਦੇ, ਕਹਿ ਰਹੇ ਹਨ, ‘‘ਤੇਰਾ ਕੀਆ ਮੀਠਾ ਲਾਗੈ ॥’’ (ਮਹਲਾ ੫/੩੯੪) ਗੁਰੂ ਸਾਹਿਬਾਨ ਆਪ ਕੁਰਬਾਨੀ ਦੇਣ ਲਈ ਗਏ ਹਨ ਕਿਉਂਕਿ ਉਨ੍ਹਾਂ ਦੇ ਬਚਨ ਹਨ ਕਿ ਨਾ ਅਸੀਂ ਕਿਸੇ ਤੋਂ ਡਰਦੇ ਹਾਂ ਅਤੇ ਨਾ ਹੀ ਕਿਸੇ ਨੂੰ ਡਰਾਉਣਾ ਸਾਡਾ ਮਕਸਦ ਹੈ, ‘‘ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ॥’’ (ਮਹਲਾ ੯/੪੨੭) ਜਦ ਕਿ ਈਸਾ ਮਸੀਹ ਮੌਤ ਤੋਂ ਡਰਦਾ ਛੁਪ ਗਿਆ ਤਾਹੀਓਂ ਉਸ ਨੂੰ ਗ੍ਰਿਫ਼ਤਾਰ ਕਰਾਉਣ ਲਈ 30 ਰੁਪਏ ਇਨਾਮ ਰੱਖਿਆ ਸੀ। ਅੱਜ ਭੀ ਵੇਖਿਆ ਜਾਵੇ ਤਾਂ ਯਹੂਦੀਆਂ ਅਤੇ ਈਸਾਈਆਂ ਵਿੱਚ ਕੋਈ ਸਿਧਾਂਤਿਕ ਮਤਭੇਦ ਨਹੀਂ ਹੈ, ਇਸ ਲਈ ਈਸਾ ਮਸੀਹ ਨੇ ਕੋਈ ਨਵਾਂ ਧਰਮ ਨਹੀਂ ਚਲਾਇਆ। ਈਸਾ ਮਸੀਹ ਦਾ ਜਨਮ ਕਿਹੜੇ ਸਾਲ ਹੋਇਆ, ਇਹ ਭੀ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਲੱਗਾ; ਦਿਨ ਜਾਂ ਮਹੀਨਾ ਜਾਣਨਾ ਤਾਂ ਬਹੁਤ ਦੂਰ ਹੈ।
ਈਸਾ ਮਸੀਹ ਦੀ ਮੌਤ ਬਾਰੇ ਜਿਸ ਤਰ੍ਹਾਂ ਅੱਜ ਦੱਸਿਆ ਜਾਂਦਾ ਹੈ ਕਿ ਉਹ ਤਿੰਨ ਦਿਨਾਂ ਬਾਅਦ ਜਿਊਂਦਾ ਹੋ ਗਿਆ ਸੀ, ਇਹ ਵੈਸਾ ਹੀ ਕਾਲਪਨਿਕ ਇਤਿਹਾਸ ਹੈ; ਜੈਸਾ ਕਿ ਪੰਡਿਤਾਂ ਨੇ ਕਲਪਿਤ ਦੇਵਤਿਆਂ (ਵਕਤੀ ਰਾਜਿਆਂ) ਦਾ ਘੜਿਆ ਹੈ। ਸਚਾਈ ਇਹੀ ਹੈ ਕਿ ਰਾਮ ਚੰਦਰ, ਕ੍ਰਿਸ਼ਨ ਜੀ ਆਦਿਕ ਦਾ ਝਗੜਾ ਭੀ ਯਹੂਦੀ ਅਤੇ ਈਸਾ ਮਸੀਹ ਦੇ ਝਗੜੇ ਵਾਙ ਆਰੀਅਨ ਅਤੇ ਦਰਾਵੜਾਂ ਦਾ ਝਗੜਾ ਸੀ, ਜੋ ਮਾਨਵਤਾ ਦੇ ਭਲੇ ਲਈ ਨਹੀਂ ਸੀ ਅਤੇ ਨਾ ਹੀ ਇਨ੍ਹਾਂ ਨੂੰ ਧਰਮ ਲਈ ਕੁਰਬਾਨ ਹੋਣਾ ਕਹਿਣਾ ਬਣਦਾ ਹੈ ਜਦ ਕਿ ਗੁਰੂ ਸਾਹਿਬਾਨ ਦੀਆਂ ਸ਼ਹੀਦੀਆਂ ਨਿਰੋਲ ਮਾਨਵਤਾ ਦੇ ਹਿਤ ਲਈ ਯਾਨੀ ਕਿ ਨਿਰੋਲ ਧਰਮ ਬਾਬਤ ਸਨ। ‘ਸ਼ਹੀਦ’ ਦੇ ਭੀ ਗੁਰਮਤਿ ਅਨੁਸਾਰੀ ਇਹੀ ਅਰਥ ਹਨ, ‘‘ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ (ਭਾਵ ਧਰਮ ਲਈ)॥ ਪੁਰਜਾ ਪੁਰਜਾ ਕਟਿ ਮਰੈ; ਕਬਹੂ ਨ ਛਾਡੈ ਖੇਤੁ ॥ (ਭਗਤ ਕਬੀਰ/੧੧੦੫), ਜਉ ਤਉ; ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ; ਗਲੀ ਮੇਰੀ ਆਉ ॥ ਇਤੁ ਮਾਰਗਿ (’ਤੇ); ਪੈਰੁ ਧਰੀਜੈ ॥ ਸਿਰੁ ਦੀਜੈ; ਕਾਣਿ (ਆਨਾ ਬਹਾਨਾ) ਨ ਕੀਜੈ ॥’’ (ਮਹਲਾ ੧/੧੪੧੨) ਹੁਣ ਇਹ ਵਿਚਾਰਨਾ ਹੈ ਕਿ ਧਰਮ; ਸ਼ਹੀਦ ਹੋਣ ਲਈ ਕਿਉਂ ਪ੍ਰੇਰਦਾ ਹੈ ?
‘ਧਰਮ’ ਦਾ ਟੀਚਾ; ਬੰਦੇ ਨੂੰ ‘ਸਚਾਈ’ ਤੋਂ ਜਾਣੂ ਕਰਾਉਣਾ ਹੈ। ਬੰਦੇ ਦੀ ਕਥਨੀ ਅਤੇ ਕਰਣੀ ’ਚ ਆਏ ਅੰਤਰ ਨੂੰ ਉਸ ਦੇ ਸਾਮ੍ਹਣੇ ਰੱਖਣਾ ਹੈ। ਸਮਾਜ ’ਚ ਚਾਰੋਂ ਤਰਫ਼ ਲਾਲਸਾ (ਤ੍ਰਿਸ਼ਨਾ), ਧੋਖਾ, ਵਿਕਾਰ ਵਾਸ਼ਨਾ, ਖ਼ੁਸ਼ਾਮਦ, ਝੂਠੀ ਵਡਿਆਈ ਆਦਿ ਦਾ ਬੋਲਬਾਲਾ ਹੈ। ਇਸ ਗਿਰਾਵਟ ਨੂੰ ਹਰ ਮਨੁੱਖ ਨੇ ਆਪਣੀ ਚਲਾਕੀ ਦਾ ਪਰਦਾ ਪਾ ਕੇ ਢੱਕ ਰੱਖਿਆ ਹੈ। ‘ਧਰਮ’ ਜੈਸੇ ਹੀ ਇਸ ਪਰਦੇ ਨੂੰ ਥੋੜ੍ਹਾ ਚੁੱਕ ਕੇ ਉਸ ਨੂੰ ਅੰਦਰਲੀ ਕਾਲ਼ਖ਼ ਦੇ ਦਰਸ਼ਨ ਕਰਾਉਂਦਾ ਹੈ ਤਾਂ ਚਲਾਕ ਤੇ ਸੁਆਰਥੀ ਬੰਦਾ ਕਰੋਧਿਤ ਹੁੰਦਾ ਹੈ; ਜਿਵੇਂ ਕਿ ਬਚਨ ਹਨ, ‘‘ਅੰਮ੍ਰਿਤੁ ਕਉਰਾ; ਬਿਖਿਆ ਮੀਠੀ ॥ ਸਾਕਤ ਕੀ ਬਿਧਿ; ਨੈਨਹੁ ਡੀਠੀ ॥ ਕੂੜਿ, ਕਪਟਿ, ਅਹੰਕਾਰਿ ਰੀਝਾਨਾ ॥ ਨਾਮੁ ਸੁਨਤ; ਜਨੁ ਬਿਛੂਅ ਡਸਾਨਾ ॥’’ (ਮਹਲਾ ੫/੮੯੩) ਅਰਥ : ਜਿਹੜਾ ਬੰਦਾ ਸਚਾਈ (ਰੱਬ) ਤੋਂ ਟੁੱਟਿਆ ਹੈ, ਉਸ ਦੀ ਮਨੋ ਬਿਰਤੀ ਮੈਂ ਅੱਖਾਂ ਨਾਲ਼ ਵੇਖੀ ਹੈ। ਉਹ ਝੂਠ ਵਿੱਚ, ਛਲ-ਕਪਟ ਵਿੱਚ, ਅਹੰਕਾਰ ਵਿੱਚ ਗ੍ਰਸਤ ਹੈ ਕਿਉਂਕਿ ਇਹ ਜ਼ਹਰ ਮਿੱਠੀ ਲੱਗਦੀ ਹੈ ਤੇ ਸੱਚ ਕੌੜਾ ਜਾਪਦਾ ਹੈ ਤਾਹੀਓਂ ਸਚਾਈ (ਨਾਮ) ਸੁਣਦਿਆਂ ਹੀ ਮਾਨੋ ਮਨੁੱਖ ਨੂੰ ਬਿੱਛੂ ਨੇ ਡੰਗ ਮਾਰ ਦਿੱਤਾ, ਪ੍ਰਤੀਤ ਹੁੰਦਾ ਹੈ।
‘ਸੱਚ’ ਨੂੰ ਪਰਿਭਾਸ਼ਿਤ ਕਰਨ ਦੀ ਹਰੇਕ ਬੰਦੇ ਕੋਲ਼ ਆਪਣੀ-ਆਪਣੀ ਦਲੀਲ ਹੈ। ਇਹੀ ਉਸ ਦੀ ਯੋਗਤਾ-ਅਯੋਗਤਾ ਨੂੰ ਸਮਾਜ ਸਾਮ੍ਹਣੇ ਲਿਆਉਂਦੀ ਹੈ। ਦਾਰਸ਼ਨਿਕਾਂ ਦਾ ਮੰਨਣਾ ਹੈ ਕਿ ਜੇਕਰ ਕੋਈ ਬੰਦਾ 8-10 ਕੁ ਸ਼ਬਦ ਬੋਲਦਾ ਹੈ ਤਾਂ ਉਹ ਕਿੱਥੇ ਅਤੇ ਕਿਉਂ ਖੜ੍ਹਾ ਹੈ, ਬਾਰੇ ਕਾਫ਼ੀ ਸਪਸ਼ਟ ਹੋ ਜਾਂਦਾ ਹੈ। ਗੁਰਮਤਿ (ਯਾਨੀ ਕਿ ਅਸਲ ਧਰਮ) ਨੇ ਮਾਨਵਤਾ ਨੂੰ ਸਵੈ ਪੜਚੋਲ ਕਰਨ ਵੱਲ ਪ੍ਰੇਰਿਆ। ਜਿਸ ਜਿਸ ਨੇ ਆਪਣੇ ਆਪ ਨੂੰ ਪੜ੍ਹਿਆ, ਸਮਝਿਆ; ਉਸ ਦਾ ‘ਸੱਚ’ ਨੂੰ ਵੇਖਣ ਦਾ ਨਜ਼ਰੀਆ; ਆਮ ਬੰਦੇ ਨਾਲ਼ੋਂ ਬੜਾ ਭਿੰਨ ਹੋ ਗਿਆ; ਜਿਵੇਂ ਕਿ ਬਚਨ ਹਨ, ‘‘ਭਗਤਾ ਤੈ ਸੈਸਾਰੀਆ; ਜੋੜੁ ਕਦੇ ਨ ਆਇਆ ॥’’ (ਮਹਲਾ ੧/੧੪੫) ਇੱਕ ਕਾਮੀ ਪੁਰਸ਼ ਨੇ ਔਰਤ ਨੂੰ ਜਿਸ ਨਜ਼ਰ ਨਾਲ਼ ਵੇਖਣਾ ਹੈ, ਉੱਚੇ ਆਚਰਨ ਵਾਲ਼ਾ ਉਸ ਤੋਂ ਬਿਲਕੁਲ ਅਲੱਗ ਨਜ਼ਰ ਨਾਲ਼ ਵੇਖੇਗਾ। ਇਸ ਵਿੱਚ ਦੋਸ਼ ਕਿਸੇ ਔਰਤ ਦਾ ਨਹੀਂ ਬਲਕਿ ਵੇਖਣ ਵਾਲ਼ੀ ਯੋਗਤਾ-ਅਯੋਗਤਾ ਦਾ ਹੈ। ਇਸੇ ਤਰ੍ਹਾਂ ਸਚਾਈ ਨੂੰ ਸਮਝਣ ’ਚ ਕੁਤਾਹੀ ਕਰਦਾ ਆਮ ਬੰਦਾ; ਆਪਣਾ ਜੀਵਨ ਅਜਾਈਂ ਗਵਾ ਲੈਂਦਾ ਹੈ।
‘ਸਬਦੁ ਗੁਰੂ’ ਦੀ ਰੌਸ਼ਨੀ ਨਾਲ਼ ਸਵੈ ਪੜਚੋਲ ਕਰਦਾ ਕਰਦਾ ਭਾਵ ਆਪਣੀਆਂ ਬੁਰਿਆਈਆਂ ’ਤੇ ਫ਼ਤਿਹ ਹਾਸਲ ਕਰਦਾ ਹੋਇਆ ਸਿੱਖ; ਆਪਣੇ ਅੰਦਰਲੇ ਉਸ ਆਤਮ ਪ੍ਰਕਾਸ਼, ਬਲ ਅਤੇ ਨਿਡਰਤਾ (ਰੂਪ ਪ੍ਰਭੂ) ਨੂੰ ਪਾ ਲੈਂਦਾ ਹੈ, ਜਿਸ ਨੇ ਉਸ ਨੂੰ ਮਾਨਵਤਾ ਲਈ ਆਦਰਸ਼ ਜੀਵਨ ਬਣਾ ਪੇਸ਼ ਕਰਨਾ ਹੈ ਕਿਉਂਕਿ ਐਸੇ ਜੀਵਨ ਵਿੱਚੋਂ ਹੀ ਕਰਤਾਰ ਨੇ ਆਪਣੀ ਹੋਂਦ ਨੂੰ ਜਗਤ ’ਚ ਪ੍ਰਗਟ ਕਰਨਾ ਹੁੰਦਾ ਹੈ; ਜਿਵੇਂ ਕਿ ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਸਾਹਿਬ ਅਤੇ ਭਗਤ ਰਵੀਦਾਸ ਜੀ ਦੇ ਹੇਠਲੇ ਬਚਨ ਹਨ :
(1). ਗੁਰਮੁਖਿ ਬਾਂਧਿਓ ਸੇਤੁ ਬਿਧਾਤੈ ॥ (ਗੋਸਟਿ/ਮਹਲਾ ੧/੯੪੨)
ਅਰਥ : ਕਰਤਾਰ ਨੇ (ਸੰਸਾਰ ਉੱਤੇ) ਗੁਰਮੁਖ ਰੂਪ ਪੁਲ ਬਣਾਇਆ ਹੈ (ਤਾਂ ਜੋ ਹੋਰ ਵੀ ਇਸ ਪੁਲ ਰਾਹੀਂ ਸੰਸਾਰ ਤੋਂ ਤਰ ਜਾਣ)।
(2). ਸਭ ਅੰਤਰਿ ਜਨ ਵਰਤਾਇਆ; ਹਰਿ ਜਨ ਤੇ ਜਾਪੈ ॥ (ਮਹਲਾ ੫/੧੦੯੭)
ਅਰਥ : ਪ੍ਰਭੂ ਆਪਣੇ ਸੇਵਕਾਂ ਨੂੰ ਸਭ ਅੰਦਰ ਉੱਘਾ ਕਰ ਦਿੰਦਾ ਹੈ ਕਿਉਂਕਿ ਪ੍ਰਭੂ; ਆਪਣੇ ਭਗਤਾਂ ਰਾਹੀਂ ਹੀ ਪਹਿਚਾਣਿਆਂ ਜਾਂਦਾ ਹੈ।
(3). ਤੁਮ੍ ਜੁ ਨਾਇਕ ਆਛਹੁ; ਅੰਤਰਜਾਮੀ ! ॥ ਪ੍ਰਭ ਤੇ ਜਨੁ ਜਾਨੀਜੈ; ਜਨ ਤੇ ਸੁਆਮੀ ॥ (ਭਗਤ ਰਵਿਦਾਸ/੯੩)
ਅਰਥ : ਹੇ ਦਿਲਾਂ ਦੀ ਜਾਣਨਹਾਰ ਪ੍ਰਭੂ ! ਤੂੰ ਹੀ ਅਸਲ ਮਾਲਕ ਹੈਂ, ਪਰ ਇਹ ਰਾਜ਼; ਪ੍ਰਭੂ ਤੋਂ ਸੇਵਕ ਪਹਿਚਾਣ ਹੁੰਦਾ ਹੈ ਅਤੇ ਸੇਵਕ ਤੋਂ ਪ੍ਰਭੂ, ਰਾਹੀਂ ਸਪਸ਼ਟ ਹੁੰਦਾ ਹੈ।
ਸੋ ਜਦ ਕੋਈ ਗੁਰੂ ਪਿਆਰਾ; ਕਰਤਾਰ ਦੀ ਬੰਦਗੀ ਕਰਦਾ ਹੋਇਆ ਉਸ ਦਾ ਰੂਪ ਹੋ ਜਾਂਦਾ ਹੈ ਤਾਂ ਸਮਾਜਿਕ ਉਥਲ-ਪੁਥਲ ਨੂੰ ਕਰਤਾਰ ਦੀ ਵਾੜੀ (ਬਗ਼ੀਚੀ) ਸਮਝਦਾ ਹੋਇਆ ਉਸ ਦਾ ਮਾਲੀ ਬਣ ਆਪਣਾ ਬਣਦਾ ਫ਼ਰਜ਼ ਨਿਭਾਉਣ ਨੂੰ ਸੁਭਾਗ ਸਮਝਦਾ ਹੈ। ਜਿਸ ਨਾਲ਼ ਧੋਖੇਬਾਜ਼, ਝੂਠੀ ਵਡਿਆਈ (ਖ਼ੁਸ਼ਾਮਦ) ਚਾਹੁਣ ਵਾਲ਼ਿਆਂ, ਮੌਕਾਪ੍ਰਸਤ, ਲਾਲਚੀ ਤੇ ਤੰਗਦਿਲੀ ਬੰਦਿਆਂ ਦਾ ਪਰਦਾ ਨੰਗਾ ਹੁੰਦਾ ਹੈ ਤੇ ਉਹ ਕਰੋਧਿਤ ਹੋ ਜਾਂਦੇ ਹਨ।
ਇਨ੍ਹਾਂ ਅਹੰਕਾਰੀਆਂ ਦੇ ਮੁਕਾਬਲੇ ਮਰਜੀਵੜਿਆਂ ਦੀ ਗਿਣਤੀ ਭਾਵੇਂ ਸੀਮਤ ਜਿਹੀ ਹੁੰਦੀ ਹੈ, ਪਰ ਰੱਬੀ ਆਸ਼ਕ ਭੀ ਜ਼ਮੀਰ ਦੀ ਮੌਤ ਨਾਲ਼ੋਂ ਸਰੀਰਕ ਮੌਤ ਨੂੰ ਪਹਿਲ ਦੇਣਾ ਪਸੰਦ ਕਰਦੇ ਹਨ। ਇੱਕ ਨਿਰਸੁਆਰਥ ਧਰਮੀ ਬੰਦੇ ਦਾ ਸ਼ਹੀਦ ਹੋਣਾ; ਅਨੇਕਾਂ ਹੋਰਾਂ ਦੀ ਅਣਖ ਨੂੰ ਜਗਾ ਜਾਂਦਾ ਹੈ। ਇਹੀ ਕਾਰਨ ਹੈ ਕਿ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਅਨੇਕਾਂ ਮਰਜੀਵੜੇ ਸਿੱਖ; ਗੁਰੂ ਹਰਗੋਬਿੰਦ ਸਾਹਿਬ ਦੇ ਝੰਡੇ ਹੇਠ ਇਕੱਤਰ ਹੋਣ ਲੱਗੇ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਅਨੇਕਾਂ ਸਿੱਖ; ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਅਗਵਾਈ ’ਚ ਇਕੱਤਰ ਹੋਣ ਲੱਗੇ। ਅਗਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਭੀ ਗ਼ੈਰ ਧਰਮਾਂ ਵਾਙ ਰਾਜ ਸੱਤਾ ਲਈ ਲੜਨਾ ਹੁੰਦਾ ਤਾਂ ਉੱਤਰ ਭਾਰਤ ਵਿੱਚ ਅਸਾਨੀ ਨਾਲ਼ ਰਾਜ ਸਥਾਪਿਤ ਕਰ ਸਕਦੇ ਸਨ। ਅਨੇਕਾਂ ਸਿੱਖ ਤਿਆਰ-ਬਰ-ਤਿਆਰ ਹੋਣ ਕਾਰਨ ਹੀ ਗੁਰੂ ਸਾਹਿਬ ਦੇ ਜੋਤੀ ਜੋਤਿ ਸਮਾਉਣ ਤੋਂ ਤੁਰੰਤ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਹੇਠ ਸਿੱਖ ਰਾਜ ਸਥਾਪਿਤ ਹੋ ਗਿਆ ਸੀ। ਜੇਕਰ ਬਾਬਾ ਬੰਦਾ ਸਿੰਘ ਬਹਾਦਰ ਚਾਹੁੰਦਾ ਤਾਂ ਪਹਾੜੀ ਰਾਜਿਆਂ ਤੋਂ ਭੀ ਅਸਾਨੀ ਨਾਲ਼ ਸੱਤਾ ਹਥਿਆਈ ਜਾ ਸਕਦੀ ਸੀ, ਪਰ ਉਨ੍ਹਾਂ ਦਾ ਟੀਚਾ ਕੇਵਲ ਸਰਹਿੰਦ ਦੇ ਦੁਸ਼ਟਾਂ ਨੂੰ ਸਜ਼ਾ ਦੇਣਾ ਸੀ। ਉਨ੍ਹਾਂ ਨੂੰ ਬਣਦੀ ਸਜ਼ਾ ਦੇਣ ਉਪਰੰਤ ਆਮ ਜਨਤਾ ਨੇ ਬਾਬਾ ਜੀ ਨੂੰ ਸੱਤਾ ਸੰਭਾਲਣ ਲਈ ਬੇਨਤੀ ਕੀਤੀ ਤਾਂ ਭੀ ਉਨ੍ਹਾਂ ਨੇ ਬਾਜ ਸਿੰਘ ਬੰਗੇਸ਼ਰੀ ਨੂੰ ਸਰਹਿੰਦ ਦਾ ਸੂਬੇਦਾਰ ਅਤੇ ਆਲੀ ਸਿੰਘ ਸਲੌਦੀ ਵਾਲ਼ੇ ਨੂੰ ਨਾਇਬ-ਸੂਬੇਦਾਰ ਨਿਯੁਕਤ ਕੀਤਾ, ਆਪ ਨਾ ਬਣੇ ਜਦ ਕਿ ਅੱਜ ਰਾਜਸੀ ਭੁੱਖ ਵਾਲ਼ੇ ਸਿੱਖ ਨੇਤਾ; ਸੱਤਾ ਹਾਸਲ ਕਰਨ ਲਈ ਕੌਮ ਨੂੰ ਵੰਡਣ ਅਤੇ ਪੰਥ ਦੋਖੀ ਤਾਕਤਾਂ ਨਾਲ਼ ਹੱਥ ਮਿਲਾਉਣ ਨੂੰ ਭੀ ਬੁਰਾ ਨਹੀਂ ਮੰਨਦੇ। ‘ਰਾਜ ਕਰੇਗਾ ਖ਼ਾਲਸਾ, ਆਕੀ ਰਹੇ ਨਾ ਕੋਇ’ ਦਾ ਮਤਲਬ; ਲੋਕਾਂ ਦੇ ਦਿਲਾਂ ’ਤੇ ਰਾਜ ਕਰਨਾ ਹੈ, ਨਾ ਕਿ ਕੋਈ ਸੱਤਾ ਪ੍ਰਾਪਤ ਕਰਨਾ। ਸਾਰਿਆਂ ਨੂੰ ਇਕੱਤਰ ਹੋ ਕੇ ਗਹਿਰਾ ਮੰਥਨ ਕਰਨ ਦੀ ਥਾਂ ਇਹ ਕਵਿਤਾ ‘ਰਾਜ ਬਿਨਾ ਨਹਿ ਧਰਮ ਚਲੇ ਹੈ। ਧਰਮ ਬਿਨਾ ਸਭ ਦਲੇ ਮਲੇ ਹੈ।’ ਪਤਾ ਨਹੀਂ ਕਿੱਥੋਂ ਲੈ ਕੇ ਸਿੱਖਾਂ ਦੇ ਜਜ਼ਬਾਤਾਂ ਨੂੰ ਭੜਕਾਇਆ ਜਾਂਦਾ ਹੈ। ਜੇਕਰ ਇਹੀ ਗੁਰੂ ਉਪਦੇਸ਼ ਹੈ ਤਾਂ 239 ਸਾਲਾਂ ਤੱਕ ਗੁਰਮਤਿ ਦਾ ਪ੍ਰਚਾਰ-ਪ੍ਰਸਾਰ ਕਿਵੇਂ ਹੋਇਆ, ਦਾ ਭੀ ਜਵਾਬ ਦੇਣਾ ਜ਼ਰੂਰੀ ਹੈ।
ਚੇਤੇ ਰਹੇ ਕਿ ਸਿੱਖ ਧਰਮ ਜ਼ਮੀਨ ਦੇ ਕਿਸੇ ਭੂ-ਭਾਗ ਉੱਤੇ ਰਾਜ ਸਥਾਪਿਤ ਕਰਨ ਲਈ ਨਹੀਂ ਸਿਰਜਿਆ। ਇਤਿਹਾਸ ਗਵਾਹ ਹੈ ਕਿ ਜਦੋਂ ਜਦੋਂ ਸਿੱਖ; ਸਿਆਸਤ ਵਿੱਚ ਭਾਰੂ ਹੁੰਦੇ ਗਏ, ਆਪਸੀ ਏਕਤਾ ਨੂੰ ਨੁਕਸਾਨ ਹੋਇਆ ਅਤੇ ਧਰਮ ਵਿਰੋਧੀ ਸ਼ਕਤੀ ਦੁਆਰਾ ਸਮਾਜ ਨੂੰ ਗੁੰਮਰਾਹ ਕਰਨ ਦਾ ਮੌਕਾ ਮਿਲਿਆ ਕਿ ਸਿੱਖ ਭੀ ਗ਼ੈਰ ਧਰਮਾਂ ਵਾਙ ਰਾਜ-ਸੱਤਾ ਲਈ ਸੰਘਰਸ਼ ਕਰਦੇ ਹਨ।
ਹਿੰਦੂ ਧਰਮ; ਜਾਤ-ਪਾਤ, ਵਰਣ-ਆਸ਼ਰਮਾਂ ਆਦਿ ’ਚ ਵੰਡਿਆ ਹੋਣ ਕਾਰਨ ਹਰ ਮਨੁੱਖ ਜਾਤੀ ਦਾ ਨਹੀਂ ਹੋ ਸਕਦਾ ਅਤੇ ਈਸਾਈ ਧਰਮ; ਲਾਲਚ ਦੇ ਕੇ ਜਾਂ ਕੋਈ ਕਰਾਮਾਤ ਵਿਖਾ ਕੇ ਲੋਕਾਂ ਨੂੰ ਪ੍ਰਭਾਵਤ ਕਰਦਾ ਹੈ। ਐਸੀਆਂ ਚਾਲਾਂ ਨਾਲ਼ ਨਫ਼ਰੀ ਤਾਂ ਵਧ ਸਕਦੀ ਹੈ, ਪਰ ਕਰਤਾਰ ਨਾਲ਼ ਮਿਲਾਪ ਕਰਾ ਕਈ ਜਨਮਾਂ ਤੋਂ ਬਾਅਦ ਮਿਲਿਆ ਮਨੁੱਖਾ ਜਨਮ ਸਫਲ ਨਹੀਂ ਕੀਤਾ ਜਾ ਸਕਦਾ; ਜਿਵੇਂ ਕਿ ਕਬੀਰ ਜੀ ਦੇ ਬਚਨ ਹਨ, ‘‘ਕਬੀਰ ! ਸਿਖ ਸਾਖਾ ਬਹੁਤੇ ਕੀਏ; ਕੇਸੋ ਕੀਓ ਨ ਮੀਤੁ ॥ ਚਾਲੇ ਥੇ ਹਰਿ ਮਿਲਨ ਕਉ; ਬੀਚੈ ਅਟਕਿਓ ਚੀਤੁ ॥’’ (ਭਗਤ ਕਬੀਰ/੧੩੬੯), ਇਸੇ ਅੰਦਰੂਨੀ ਕਮਜ਼ੋਰੀ/ਡਰ ਦਾ ਨਤੀਜਾ ਹੈ ਕਿ ਭਾਰਤ ਵਿੱਚ ਅਨੇਕਾਂ ਸੰਪਰਦਾਇੱਕ ਦੰਗੇ ਹੋਏ। ਘੱਟ ਗਿਣਤੀਆਂ ਦਾ ਕਤਲੇਆਮ ਕੀਤਾ ਗਿਆ, ਪਰ ਆਪਣੇ ਆਪ ਨੂੰ ‘ਸਦਗੁਰੂ, ਸ਼੍ਰੀ ਸ਼੍ਰੀ, 1008, ਸੰਤ, ਬ੍ਰਹਮਗਿਆਨੀ’ ਆਦਿ ਅਖਵਾਉਣ ਵਾਲ਼ੇ ਮੂੰਹ ਵਿੱਚ ਦਹੀ ਜਮਾ ਕੇ ਬੈਠੇ ਰਹਿੰਦੇ ਹਨ। ਜ਼ਬਾਨ ਤੱਕ ਨਹੀਂ ਖੋਲਦੇ। ਦੂਜੇ ਪਾਸੇ ਅੰਦਰੂਨੀ ਆਤਮ ਪ੍ਰਕਾਸ਼, ਬਲ, ਨਿਡਰਤਾ ਆਦਿ ਗੁਣਾਂ ਭਰਪੂਰ 5-7 ਸਾਲ ਦੀਆਂ ਜ਼ਿੰਦਗੀਆਂ (ਸਾਹਿਬਜ਼ਾਦੇ); ਜਿਊਂਦੀਆਂ ਨੀਹਾਂ ’ਚ ਖੜ੍ਹ ਸ਼ਹੀਦ ਹੋ ਗਈਆਂ, ਪਰ ਸਚਾਈ (ਅਸਲ ਧਰਮ) ’ਤੇ ਪਹਿਰਾ ਦਿੰਦਿਆਂ ਆਪਣੀ ਜ਼ਮੀਰ ਮਾਰਨਾ ਪ੍ਰਵਾਨ ਨਾ ਕੀਤਾ।