ਸਰਬੋਤਮ ਗ੍ਰੰਥ; ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

0
173

ਸਰਬੋਤਮ ਗ੍ਰੰਥ; ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

 ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਆੱਫ ਐਜੂਕੇਸ਼ਨ)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਸ਼ਵ ਦੇ ਸਮੂਹ ਧਾਰਮਿਕ ਤੇ ਸਾਹਿਤਕ ਗ੍ਰੰਥਾਂ ਵਿੱਚੋਂ ਵਿਸ਼ੇਸ਼ ਮਹੱਤਵ ਰੱਖਣ ਵਾਲੇ ਗ੍ਰੰਥ ਹਨ। ਇਹ ਪ੍ਰਤੀਕ ਹਨ ‘ਸੱਚ’ ਦੇ, ਜੋ ਇੰਨਾ ਸੁੰਦਰ ਹੈ ਕਿ ‘‘ਕਹਿਬੇ ਕਉ ਸੋਭਾ ਨਹੀ; ਦੇਖਾ ਹੀ ਪਰਵਾਨੁ ’’ (ਭਗਤ ਕਬੀਰ/੧੩੭੦) ਹੈ, ਇਹ ਪ੍ਰਤੀਕ ਹਨ ਅਗਿਆਨ ਵਿਨਾਸ਼ ਦੇ ‘‘ਉਗਵੈ ਸੂਰੁ; ਜਾਪੈ ਚੰਦੁ   ਜਹ ਗਿਆਨ ਪ੍ਰਗਾਸੁ; ਅਗਿਆਨੁ ਮਿਟੰਤੁ ’’ (ਮਹਲਾ /੭੯੧), ਮਾਇਆ/ਸੰਸਾਰ ਤੋਂ ਨਿਰਲੇਪਤਾ ਦੇ ‘‘ਜੈਸੇ ਜਲ ਮਹਿ ਕਮਲੁ ਨਿਰਾਲਮੁ.. ’’ (ਮਹਲਾ /੯੩੮), ਸੱਚੇ ਪ੍ਰੇਮ ਦੇ ‘‘ਸਗਲ ਸੰਗਿ ਹਮ ਕਉ ਬਨਿ ਆਈ ’’ (ਮਹਲਾ /੧੨੯੯), ਸੰਸਾਰਿਕ ਨਿਰਮੋਹ ਦੇ, ‘‘ਅਬ ਤਉ ਜਰੇ ਮਰੇ ਸਿਧਿ ਪਾਈਐ; ਲੀਨੋ ਹਾਥਿ ਸੰਧਉਰਾ ਰਹਾਉ ’’ (ਭਗਤ ਕਬੀਰ/੩੩੮), ਨਿਰਭਉ ਨਿਰਵੈਰ ਰੂਪ ਅਣਖ ਤੇ ਆਜ਼ਾਦੀ ਦੀ ਜੀਵਨ-ਜੁਗਤਿ ਪ੍ਰਦਾਨ ਕਰਨ ਦੇ ‘‘ਨਹਿ ਭੈ ਮਾਨਤ ਆਨ ’’ (ਮਹਲਾ /੧੪੨੭), ਮਿਠਾਸ ਤੇ ਨਿਮਰਤਾ ਵਾਲ਼ਾ ਸੁਭਾਅ ਘੜਨ ਦੇ ‘‘ਨਿਵਣੁ ਸੁ ਅਖਰੁ, ਖਵਣੁ ਗੁਣੁ; ਜਿਹਬਾ ਮਣੀਆ ਮੰਤੁ ’’ (ਭਗਤ ਫਰੀਦ/੧੩੮੪), ਆਤਮਾ ਨੂੰ ਪਰਮਾਤਮਾ ਬਣਾਉਣ ਦੇ ‘‘ਹਰਿ ਕਾ ਸੇਵਕੁ; ਸੋ ਹਰਿ ਜੇਹਾ ’’ (ਮਹਲਾ /੧੦੭੬), ਆਦਿ।

ਪਰਮਾਤਮਾ ਦੇ ਦੋ ਰੂਪ ਹਨ, ‘‘ਨਿਰਗੁਨੁ ਆਪਿ; ਸਰਗੁਨੁ ਭੀ ਓਹੀ ’’ (ਮਹਲਾ /੨੮੭), ਇਸ ਲਈ ਪਰਮਾਤਮਾ ਦਾ ਕ੍ਰਿਆਤਮਕ ਰੂਪ ਸਤਿਗੁਰੂ ਹੀ ਹੈ। ਪਰਮਾਤਮਾ ਦਾ ਜੋ ਰੂਪ; ਰਸ ਤੇ ਰਾਗ ਨਿਰਗੁਣ ਸਰੂਪ ਵਿੱਚ ਹੈ, ਸਤਿਗੁਰੂ ਦਾ ਭੀ ਓਹੀ ਰੂਪ; ਰਸ, ਰੰਗ ਤੇ ਰਾਗ ਸਰਗੁਣ ਸਰੂਪ ਵਿੱਚ ਹੈ ਭਾਵ ਨਿਰਗੁਣ (ਪਰਮਾਤਮਾ) ਤੋਂ ਸਰਗੁਣ (ਸ੍ਰਿਸ਼ਟੀ, ਆਕਾਰ) ਉਪਜਿਆ ਹੋਣ ਕਾਰਨ ਸਰਗੁਣ ਵਿੱਚ ਪਰਮਾਤਮਾ; ਸਤਿਗੁਰੂ ਹੀ ਹੈ। ਸਰਗੁਣ ਦਾ ਅਰਥ ਹੈ ‘ਮਾਇਆ ਦੇ ਤਿੰਨ ਗੁਣ ਰਜੋ, ਤਮੋ ਤੇ ਸਤੋ’ ਜਦ ਕਿ ਨਿਰਗੁਣ ਦਾ ਅਰਥ ਹੈ, ਜੋ ਮਾਇਆ ਦੇ ਤਿੰਨੇ ਗੁਣ ਨਹੀਂ ਭਾਵ ਜੋ ਅਦ੍ਰਿਸ਼ ਹੈ, ਪਰਮਾਤਮਾ ਹੈ। ਨਿਰਗੁਣ ਅਤੇ ਸਰਗੁਣ; ਸਾਕਾਰ ਰੂਪ ਵਿੱਚ ਭਾਵੇਂ ਦੋ ਰੂਪ ਹਨ ਪਰ, ‘‘ਨਾਨਕ  ! ਸੋਧੇ ਸਿੰਮ੍ਰਿਤਿ ਬੇਦ ਪਾਰਬ੍ਰਹਮ, ਗੁਰ; ਨਾਹੀ ਭੇਦ ’’ (ਮਹਲਾ /੧੧੪੨) ਬਚਨਾਂ ਅਨੁਸਾਰ ਦੋਹਾਂ ’ਚ ਅੰਦਰੂਨੀ ਏਕਤਾ ਹੈ; ਜਿਵੇਂ ਕਿ ਵਾਕ ਹੈ ‘‘ਕਰਿ ਆਸਣੁ; ਡਿਠੋ ਚਾਉ ’’ (ਮਹਲਾ /੪੬੩) ਭਾਵ ਪਰਮਾਤਮਾ; ਸਰਬ ਵਿਆਪਕ ਹੋ ਕੇ (ਸਤਿਗੁਰੂ ਵਾਙ) ਸਾਰੇ ਰੰਗ-ਤਮਾਸ਼ੇ ਵੇਖ ਰਿਹਾ ਹੈ। ਸੋ ਬ੍ਰਹਮ ਤੇ ਸ੍ਰਿਸ਼ਟੀ; ਆਤਮਕ ਤੌਰ ’ਤੇ ਇਕ ਹੀ ਹੈ। ਜੇ ਬ੍ਰਹਮ ਤੇ ਸ੍ਰਿਸ਼ਟੀ ਆਤਮਕ ਤੌਰ ’ਤੇ ਦੇਹਧਾਰੀ ਹਨ ਜਾਂ ਦੋ ਹਨ ਤਾਂ ਇਕ ਨਿਰਗੁਣ ਹੈ ਤੇ ਦੂਜਾ ਸਰਗੁਣ, ਪਰ ਦੋਵੇਂ ਹਨ ਆਪਸ ’ਚ ‘ਅਭੇਦ’; ਜਿਵੇਂ ਕਿ ਬਚਨ ਹਨ, ‘‘ਸੂਤੁ ਏਕੁ, ਮਣਿ ਸਤ ਸਹੰਸ ਜੈਸੇ; ਓਤਿ ਪੋਤਿ ਪ੍ਰਭੁ ਸੋਈ ਰਹਾਉ ’’ (ਭਗਤ ਨਾਮਦੇਵ/੪੮੫) ਭਾਵ ਮਾਲਾ ਦੇ ਸੈਂਕੜੇ ਮਣਕਿਆਂ ਦੀ ਤਰ੍ਹਾਂ ਕਰਤਾ ਤੇ ਕਿਰਤ ਜਾਂ ਕਾਦਿਰ ਤੇ ਕੁਦਰਤ; ਦੋਨੋਂ ਆਪਸ ’ਚ ਓਤ-ਪੋਤ ਹਨ। ਪ੍ਰਕ੍ਰਿਤੀ ਵਿਧਾਨ ਅਨੁਸਾਰ ਕਿਸੇ ਅਨੰਦਮਈ ਕਾਰਜ ਦਾ ਆਰੰਭ ਦ੍ਵੈ (ਦੋ) ਤੋਂ ਇਕ ਹੋਣ ’ਤੇ ਹੀ ਉਪਜਦਾ ਹੈ। ‘ਗੁਰੂ’; ਦ੍ਵੈ ਤੋਂ ਇਕ ਹੋਣ ਦਾ ਹੀ ਪ੍ਰਤੀਕ ਹੈ। ਗੁਰੂ; ਪਰਮ ਆਤਮਾ ਵੀ ਹੈ ਤੇ ਪਰਮ ਆਤਮਕ ਅਨੁਭਵ ਵੀ ਹੈ। ਜਦੋਂ ਮਨੁੱਖੀ ਆਤਮਾ ‘‘ਸਤਿ ਪੁਰਖੁ, ਜਿਨਿ ਜਾਨਿਆ.. ’’ (ਮਹਲਾ /੨੮੬) ਅਨੁਸਾਰ ਆਪਣੇ ਜੀਵਨ ਸੰਕਲਪ ਨੂੰ ਪਰਮ ਆਤਮਕ ਸੰਕਲਪ ਉੱਤੇ ਢਾਲ਼ ਲੈਂਦੀ ਹੈ ਤਾਂ ਉਹ ਆਤਮਾ, ਪਰਮ-ਆਤਮਾ ਬਣ ‘‘ਸਤਿਗੁਰੁ ਤਿਸ ਕਾ ਨਾਉ ’’ (ਮਹਲਾ /੨੮੬) ਹੋ ਜਾਂਦਾ ਹੈ ਭਾਵ ਸਰਗੁਣ ਰੂਪ ਵਿੱਚ ਗੁਰੂ ਅਖਵਾਉਣ ਲੱਗ ਪੈਂਦੀ ਹੈ ਕਿਉਂਕਿ ਆਤਮਾ ਤੇ ਪਰਮਾਤਮਾ ਦਾ ਕਰਤਾਰੀ ਸੰਕਲਪ ‘‘ਜੋਤੀ ਜੋਤਿ ਰਲੀ; ਸੰਪੂਰਨੁ ਥੀਆ ਰਾਮ ’’ (ਮਹਲਾ /੮੪੬) ਭਾਵ ਦ੍ਵੈ ਤੋਂ ਇਕ ਹੋ ਜਾਂਦਾ ਹੈ ।

ਸਤਿਗੁਰੂ; ਏਕਤਾ ਦਾ ਪ੍ਰਤੀਕ ਹੈ ਅਤੇ ਗ੍ਰੰਥ (ਸਬਦੁ ਗੁਰੂ); ੴ ਬ੍ਰਹਮ ਪਰਮਾਤਮਾ, ਪਾਰਬ੍ਰਹਮ, ਨਿਰੰਕਾਰ ਦੇ ਉਪਾਸ਼ਕ ਗੁਰੂਆਂ, ਭਗਤਾਂ, ਦਰਵੇਸ਼ਾਂ ਅਤੇ ਭੱਟਾਂ ਦੇ ਅਟੱਲ ਆਤਮਕ ਬਚਨਾਂ ਦਾ ਸਾਹਿਤਕ ਪ੍ਰਕਾਸ਼ ਹੈ ਕਿਉਂਕਿ ਪਰਮਾਤਮਾ ਨੇ ਇਨ੍ਹਾਂ ਅੰਮ੍ਰਿਤਮਈ ਬਚਨਾਂ ਨੂੰ ‘‘ਗੁਰ ਮਹਿ ਆਪੁ ਸਮੋਇ; ਸਬਦੁ ਵਰਤਾਇਆ ’’ (ਮਹਲਾ /੧੨੭੯) ਦੇ ਰੂਪ ’ਚ ਪ੍ਰਗਟ ਕੀਤਾ ਹੈ। ਗਿਆਨ ਭਰਪੂਰ ਗ੍ਰੰਥ; ਸੰਸਾਰ ਵਿੱਚ ਅਣਗਿਣਤ ਹਨ, ਵਿਸ਼ੇਸ਼ ਤੌਰ ’ਤੇ ਵੇਦ, ਉਪਨਿਸ਼ਦ, ਸ਼ਾਸਤਰ, ਸਿਮ੍ਰਿਤੀਆਂ, ਰਾਮਾਇਣ, ਮਹਾਂਭਾਰਤ ਤੇ ਗੀਤਾ ਆਦਿ। ਇਹ ਭਾਰਤੀ ਅਧਿਆਤਮਕ, ਦਾਰਸ਼ਨਿਕ ਅਤੇ ਰਹੱਸਵਾਦੀ ਗ੍ਰੰਥ ਹਨ। ਇਨ੍ਹਾਂ ਗ੍ਰੰਥਾਂ ਵਿੱਚ ਗਿਆਨ ਦਾ ਅਮੁੱਕ ਸੋਮਾ ਹੈ। ਵਿਸ਼ਵ ਦੇ ਪਹਿਲੇ ਗਿਆਨ ਦੇ ਕੁੱਝ ਫ਼ਲਸਫ਼ਿਆਂ ਦਾ ਨਿਰਮਾਣ ਇਨ੍ਹਾਂ ਵਿਚਲੇ ਗਿਆਨ ਦੇ ਆਧਾਰ ’ਤੇ ਹੀ ਹੋਇਆ ਹੈ। ਵੇਦ; ਵਿਸ਼ਵ ਦੇ ਪਹਿਲੇ ਗਿਆਨ ਭਰਪੂਰ ਗ੍ਰੰਥ ਮੰਨੇ ਗਏ ਹਨ। ਕੁਰਾਨ; ਮੁਸਲਮਾਨਾਂ ਦਾ ਪਵਿੱਤਰ ਗ੍ਰੰਥ ਹੈ। ਅੰਜੀਲ; ਈਸਾਈਆਂ ਦਾ ਸਤਿਕਾਰ ਯੋਗ ਗ੍ਰੰਥ ਹੈ, ਜੋ ਹਜ਼ਰਤ ਮੁਹੰਮਦ ਸਾਹਿਬ ਅਤੇ ਈਸਾ ਜੀ ਦੇ ਗਿਆਨ ਬਚਨਾਂ ਦੇ ਹੀ ਸੰਗ੍ਰਹਿ ਗ੍ਰੰਥ ਹਨ। ਇਨ੍ਹਾਂ ਗ੍ਰੰਥਾਂ ਵਿੱਚ ਗਿਆਨ ਵਿਸਥਾਰ ਪੂਰਵਕ ਹੈ। ਕਿਧਰੇ-ਕਿਧਰੇ ਆਤਮਕ ਗਿਆਨ ਦੀ ਝਲਕ ਅਤੇ ਆਤਮਕ ਕਥਾਵਾਂ ਦਾ ਇਤਿਹਾਸ ਵੀ ਹੈ। ਆਚਾਰ-ਸੁਧਾਰ ਲਈ ਅਸਰਬ ਭਾਵੀ ਉਪਦੇਸ਼ ਵੀ ਹੈ ਯਾਨੀ ਕਿ ਸਮੁੱਚੀ ਮਾਨਵਤਾ ਲਈ ਸਰਬ ਸਾਂਝਾ ਨਾ ਹੋ ਕੇ, ਵਿਅਕਤੀਗਤ ਪ੍ਰਸ਼ੰਸਾ ਅਤੇ ਦਵੈਤ ਭਾਵ ਦਾ ਪ੍ਰਗਟਾਅ ਵੀ ਹੈ। ਸੋ ਸਰਬ-ਭਾਵੀ ਸਦਭਾਵਨਾ ਦੀ ਸੁਰ ਇਨ੍ਹਾਂ ਗ੍ਰੰਥਾਂ ਵਿੱਚੋਂ ਘਟ ਹੀ ਪ੍ਰਗਟ ਹੁੰਦੀ ਹੈ। ਇਹ ਰਚਨਾਵਾਂ ਗਿਆਨ-ਭਰਪੂਰ ਤਾਂ ਹਨ, ਪਰ ‘‘ਅਬ ਤਉ ਜਾਇ ਚਢੇ ਸਿੰਘਾਸਨਿ; ਮਿਲੇ ਹੈ ਸਾਰਿੰਗਪਾਨੀ ਰਾਮ ਕਬੀਰਾ ਏਕ ਭਏ ਹੈ; ਕੋਇ ਸਕੈ ਪਛਾਨੀ ’’ (ਭਗਤ ਕਬੀਰ/੯੬੯) ਵਾਲੇ ਬ੍ਰਹਮ ਦੇ ਅਨੁਭਵੀ ਗਿਆਨ ਦੀ ਇਕਸੁਰਤਾ ਇਨ੍ਹਾਂ ਵਿੱਚ ਨਹੀਂ, ਨਾ ਹੀ ਇਨ੍ਹਾਂ ਗ੍ਰੰਥਾਂ ’ਚੋਂ ‘‘ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ ਆਦਿ ਅੰਤਿ ਪ੍ਰਭੁ ਸਦਾ ਸਹਾਈ; ਧੰਨੁ ਹਮਾਰਾ ਮੀਤੁ ਰਹਾਉ ’’ (ਮਹਲਾ /੬੮੨) ਵਾਲੀ ਇਕਾਗਰਤਾ ਪ੍ਰਾਪਤ ਹੁੰਦੀ ਹੈ ਜਦ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਹਨ ‘‘ਏਕੁ ਪਿਤਾ; ਏਕਸ ਕੇ ਹਮ ਬਾਰਿਕ .. (ਮਹਲਾ /੬੧੧), ਨਾ ਕੋ ਬੈਰੀ, ਨਹੀ ਬਿਗਾਨਾ; ਸਗਲ ਸੰਗਿ ਹਮ ਕਉ ਬਨਿ ਆਈ (ਮਹਲਾ /੧੨੯੯), ਸਭੇ ਜੀਅ ਸਮਾਲਿ; ਅਪਣੀ ਮਿਹਰ ਕਰੁ ਅੰਨੁ ਪਾਣੀ ਮੁਚੁ (ਬਹੁਤ) ਉਪਾਇ; ਦੁਖ ਦਾਲਦੁ ਭੰਨਿ ਤਰੁ (ਮਹਲਾ /੧੨੫੧), ਜਗਤੁ ਜਲੰਦਾ ਰਖਿ ਲੈ; ਆਪਣੀ ਕਿਰਪਾ ਧਾਰਿ ਜਿਤੁ ਦੁਆਰੈ ਉਬਰੈ; ਤਿਤੈ ਲੈਹੁ ਉਬਾਰਿ ’’ (ਮਹਲਾ /੮੫੩), ਆਦਿ।

ਗ੍ਰੰਥ ਭਾਵੇਂ ਕੋਈ ਵੀ ਹੋਵੇ, ਮਹਾਨ ਉਦੋਂ ਅਖਵਾਉਂਦਾ ਹੈ, ਜਦੋਂ ਉਹ; ਮਨੁੱਖ ਦੇ ਮਨ, ਬਚਨ ਤੇ ਕਰਮ ਦੇ ਖੇਤਰ ਵਿੱਚ ‘‘ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ’’ (ਮਹਲਾ /੩੯੪) ਦੀ ਸਿਧਾਂਤਿਕ ਜਾਂ ਕਲਾਤਮਿਕ ਪ੍ਰੇਰਣਾ ਦਾ ਪ੍ਰਮਾਣ ਬਣ ਕੇ ਵਿਆਪਕ ਤੇ ਪ੍ਰਬਲ ਰੂਪ ਵਿੱਚ ਛਾ ਜਾਵੇ। ਜਿੰਨੀ ਵੱਧ ਮਾਤਰਾ ਵਿੱਚ, ਜਿੰਨੇ ਵੱਧ ਮਨੁੱਖਾਂ ਉੱਤੇ ਵਧੇਰੇ ਸਮੇਂ ਲਈ ਕੋਈ ਗ੍ਰੰਥ ਪ੍ਰਭਾਵ ਪਾਵੇਗਾ, ਉਹ ਓਨਾ ਹੀ ਵੱਧ ਮਹਾਨ ਮੰਨਿਆ ਜਾਵੇਗਾ। ਭਾਵੇਂ ਵਿਸ਼ਵ ਧਰਮਾਂ ਦੇ ਤੁਲਨਾਤਮਿਕ ਅਧਿਐਨ ਦੇ ਖੇਤਰ ਵਿਚਿ ਵੀ ਵੇਦ, ਪੁਰਾਨ, ਅੰਜ਼ੀਲ ਤੇ ਕੁਰਾਨ ਨੂੰ ਪ੍ਰਫੁਲਿਤ ਹੋਣ ਦੇ ਅਨੇਕਾਂ ਮੌਕੇ ਮਿਲੇ ਹਨ, ਪਰ ਸਿਧਾਂਤਿਕ ਜਾਂ ਕਲਾਤਮਿਕ ਪੱਖੋਂ ਇਹ ਗ੍ਰੰਥ ਬਹੁਤੇ ਮਹੱਤਵ ਪੂਰਨ ਨਹੀਂ ਕਹੇ ਜਾ ਸਕਦੇ ਕਿਉਂਕਿ ਹੁਣ ਤੱਕ ਤਾਂ ਇਨ੍ਹਾਂ ਦੀ ਪ੍ਰਮਾਣਿਕਤਾ ਹੀ ਸਿਧ ਨਹੀਂ ਹੋ ਸਕੀ। ਇਨ੍ਹਾਂ ਦੇ ਰਚਨਹਾਰ ਤੇ ਲਿਖਤ ਕਰਤਾ ਕੌਣ ਸਨ ? ਰਚਨ ਦਾ ਸਮਾਂ ਕੀ ਹੈ ? ਇਹ ਗ੍ਰੰਥ ਕਦੋਂ ਲਿਖਤ ਰੂਪ ਵਿੱਚ ਪ੍ਰਚਲਿਤ ਹੋਏ ? ਆਦਿਕ ਪ੍ਰਸ਼ਨਾਂ ਦੇ ਜਵਾਬ ਵਜੋਂ ਹਾਲੇ ਤੱਕ ਕੋਈ ਨਿਆਇਸ਼ੀਲ ਜੁਗਤੀ (ਦਲੀਲ) ਨਹੀਂ ਦਿੱਤੀ ਗਈ ਅਤੇ ਨਾ ਹੀ ਆਉਣ ਵਾਲੇ ਸਮੇਂ ’ਚ ਦਿੱਤੀ ਜਾ ਸਕੇਗੀ। ਸ਼ਾਇਦ ਇਸੇ ਕਰਕੇ ਹੀ ਇਨ੍ਹਾਂ ਦੀਆਂ ਬਹੁਤੀਆਂ ਰਚਨਾਵਾਂ ਉੱਤੇ ਸਿਧਾਂਤਿਕ ਸ਼ੰਕੇ ਕੀਤੇ ਜਾਂਦੇ ਹਨ। ਸ਼ੰਕਾ ਹੋ ਜਾਣਾ ਕੁਦਰਤੀ ਹੈ ਕਿਉਂਕਿ ਇੱਕ ਤਾਂ ਇਨ੍ਹਾਂ ਗ੍ਰੰਥਾਂ ਵਿੱਚ ਸਿਧਾਂਤਿਕ ਇਕਸਾਰਤਾ ਨਹੀਂ। ਗਿਆਨ ਭੰਡਾਰ ਤਾਂ ਹੈ, ਪਰ ਉਸ ਦਾ ਤਰਤੀਬ ਅਨੁਸਾਰ ਪ੍ਰਗਟਾਅ ਨਹੀਂ। ਤੀਜਾ, ਜੀਵਨ ਲਈ ਕਿੱਧਰੇ-ਕਿੱਧਰੇ ਉਪਦੇਸ਼ ਤਾਂ ਹੈ ਪਰ, ‘‘ਹਰਿ ਜਨ, ਹਰਿ ਅੰਤਰੁ ਨਹੀ.. ’’ (ਮਹਲਾ /੧੪੨੮) ਵਾਲੀ ਜੀਵਨ ਦੀ ਪੂਰਨਤਾ ਤੇ ਕਲਿਆਣਤਾ ਲਈ ਵਿਗਿਆਨਿਕ ਤੇ ਮਨੋ-ਵਿਗਿਆਨ ਮਰਯਾਦਾ ਦੀ ਇੱਥੇ ਅਣਹੋਂਦ ਹੈ। ਚੌਥਾ, ਰਚਨਾ ਦੀ ਕਲਾਤਮਿਕਤਾ ਵੱਲ ਵੀ ਬਹੁਤਾ ਧਿਆਨ ਨਹੀਂ ਦਿੱਤਾ ਗਿਆ। ਸੋ ਰਵਾਇਤੀ ਗ੍ਰੰਥਾਂ ਦੀਆਂ ਅੰਦਰਲੀਆਂ ਅਤੇ ਬਾਹਰਲੀਆਂ ਜੁਗਤੀਆਂ ਦੇ ਆਧਾਰ ’ਤੇ ਕੋਈ ਨਿਸ਼ਚਿਤ ਜਾਂ ਪ੍ਰਮਾਣਿਕ ਸਿੱਟਾ ਕੱਢ ਲੈਣਾ ਬੜਾ ਅਸੰਭਵ ਹੈ।

ਇਨ੍ਹਾਂ ਧਾਰਮਿਕ ਗ੍ਰੰਥਾਂ ਦਾ ਆਰਥਿਕ ਜਾਂ ਰਾਜਨੀਤਿਕ ਕਾਰਨਾਂ ਕਰਕੇ ਬੜਾ ਸਤਿਕਾਰ ਕੀਤਾ ਜਾਂਦਾ ਹੈ, ਪਰ ਸਿਧਾਂਤਿਕ, ਕਲਾਤਮਿਕ ਜਾਂ ਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਇਨ੍ਹਾਂ ਗ੍ਰੰਥਾਂ ਦੀ ਪ੍ਰੇਰਨਾ ਬਹੁਤੀ ਪ੍ਰਭਾਵਸ਼ਾਲੀ ਨਹੀਂ। ਸ਼ਾਇਦ ਇਸੇ ਕਰਕੇ ਇਨ੍ਹਾਂ ਗ੍ਰੰਥਾਂ ਵਿੱਚੋਂ ਕਿਸੇ ਨੂੰ ਵੀ ‘ਗੁਰੂ-ਪਦ’ ਪ੍ਰਦਾਨ ਨਹੀਂ ਕੀਤਾ ਗਿਆ। ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ, ਜਿਨ੍ਹਾਂ ਨੂੰ ‘ਗੁਰੂ ਗ੍ਰੰਥ’ ਕਹਿ ਕੇ ‘‘ਪੋਥੀ, ਪਰਮੇਸਰ ਕਾ ਥਾਨੁ (ਮਹਲਾ /੧੨੨੬), ਬਾਣੀ ਗੁਰੂ; ਗੁਰੂ ਹੈ ਬਾਣੀ.. ’’ (ਮਹਲਾ /੯੮੨) ਦਾ ਦਰਜਾ ਦੇ ਕੇ ਸਤਿਕਾਰਿਆ ਤੇ ਪਿਆਰਿਆ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਸਾਰ ਦੇ ਧਾਰਮਿਕ ਗ੍ਰੰਥਾਂ ਵਿੱਚ ਵਿਸ਼ੇਸ਼ ਵਿਲੱਖਣਤਾ ਤੇ ਮਹੱਤਵ ਪੂਰਨ ਵਿਸ਼ੇਸ਼ਤਾ ਹੈ ਕਿ ਇਹ, ਸੰਸਾਰ ਦੇ ਧਾਰਮਿਕ ਗ੍ਰੰਥਾਂ ਵਿੱਚ ਪਹਿਲੇ ਪੂਰਨ ਤੇ ਪ੍ਰਮਾਣੀਕ ਗ੍ਰੰਥ ਹਨ, ਜਿਨ੍ਹਾਂ ਦੀ ਰਚਨਾ ਤੇ ਨਿਰਮਾਣਤਾ; ਬੜੇ ਸੁਚੇਤ ਦਿਸ਼ਟੀਕੋਣ ਤੋਂ ਹੋਈ ਹੈ। ਇਸ ਦੇ ਰਚੇਤਾ ਤੇ ਲਿਖਾਰੀ ਕੌਣ ਹਨ ? ਇਸ ਨੂੰ ਰਚਨ ਦਾ ਸਮਾਂ ਕੀ ਹੈ ? ਇਹ ਕਦੋਂ ਗ੍ਰੰਥ ਰੂਪ ਵਿੱਚ ਪ੍ਰਚਲਿਤ ਹੋਏ ? ਪਹਿਲਾਂ ਹੱਥ ਲਿਖਤੀ ਸੀ ਜਾਂ ਛਾਪਾ ਰੂਪ ਵਿੱਚ, ਜੇ ਹੱਥ ਲਿਖਤੀ ਸੀ ਤਾਂ ਮੌਲਿਕ ਰੂਪ ਵਿੱਚ ਕਿੱਥੇ ਹੈ ? ਇਸ ਦੀ ਪ੍ਰਕਾਸ਼ ਪਰੰਪਰਾ ਕਦੋਂ ਚਲੀ, ਇਸ ਨੂੰ ‘ਗੁਰੂ ਗ੍ਰੰਥ’ ਕਦੋਂ ਕਹਿਣਾ ਸ਼ੁਰੂ ਕੀਤਾ ਗਿਆ ? ਇਸ ਦੀ ਸੰਪਾਦਿਕ ਸਮੱਗਰੀ ਕਿਵੇਂ ਇਕੱਤਰ ਕੀਤੀ ਗਈ, ਕਿਸ ਪਰਖ ਦੀ ਕਸੌਟੀ ’ਤੇ ਪਰਖੀ ਗਈ ? ਆਦਿਕ ਸਾਰੇ ਪ੍ਰਸ਼ਨਾਂ ਦੇ ਪ੍ਰਮਾਣਿਕ ਜਵਾਬ; ਪ੍ਰਾਪਤ ਸਿੱਖ ਇਤਿਹਾਸ, ਹੱਥ ਲਿਖਤੀ ਸਰੂਪ, ਚੌਹਾਂ ਤਖ਼ਤਾਂ ਤੇ ਗੁਰਦੁਆਰਿਆਂ ਸਾਹਿਬਾਨ ਅੰਦਰ ਪ੍ਰਕਾਸ਼ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੁਰਾਤਨ ਬੀੜਾਂ, ਆਦਿ ਤੋਂ ਮਿਲ ਜਾਂਦੇ ਹਨ। ਇਸੇ ਲਈ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਬਾਰੇ ਕੋਈ ਵੀ ਜੁਗਤੀ ਭਰਪੂਰ ਸ਼ੰਕਾ ਨਹੀਂ। ਪ੍ਰਮਾਣਿਕਤਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਸ਼ੇਸ਼ਤਾ ਦਾ ਇਕ ਆਧਾਰ ਹੈ ਕਿਉਂਕਿ ਪ੍ਰਮਾਣਿਕਤਾ ਦੇ ਆਧਾਰ ’ਤੇ ਹੀ ਇਨ੍ਹਾਂ ਦਾ ਸਹੀ ਮੁਲੰਕਣ ਕੀਤਾ ਜਾ ਸਕਦਾ ਹੈ। ਗੁਰੂਆਂ, ਭਗਤਾਂ, ਸਿੱਖਾਂ ਅਤੇ ਭੱਟਾਂ ਦੀ ਬਾਣੀ ਦਾ ਸਾਹਿਤਿਕ ਇਤਿਹਾਸ ਉਲੀਕਿਆ ਜਾ ਸਕਦਾ ਹੈ। ਅਰਥ, ਵਿਆਕਰਨ, ਰਾਗ, ਰਸ, ਭਾਸ਼ਾ ਤੇ ਛੰਦ ਪ੍ਰਣਾਲੀਆਂ ਨੂੰ ਨਿਯਮਬੱਧ ਕੀਤਾ ਜਾ ਸਕਦਾ ਹੈ। ਵਿਸ਼ੇਸ਼ ਤੌਰ ’ਤੇ ਧਰਮ ਅਤੇ ਦਰਸ਼ਨ (ਫ਼ਲਸਫ਼ਾ) ਸਥਾਪਿਤ ਕੀਤਾ ਜਾ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਐਨੀ ਬਹੁ-ਰੂਪੀ ਸਮੱਗਰੀ ਹੈ, ਜੋ ਸਦਾ ਲਈ ਭਗਤੀ ਜਾਂ ਦੁਨੀਆਂ ਦੀ ਸਾਹਿਤਕਾਰੀ ਦੀ ਅਗਵਾਈ ਕਰਦੀ ਰਹੇਗੀ, ਨਿਤ ਨਵੀਂ ਪ੍ਰੇਰਨਾ ਦਿੰਦੀ ਰਹੇਗੀ, ਨਵੇਂ ਵਿਚਾਰ ਪ੍ਰਦਾਨ ਕਰਦੀ ਰਹੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਾਵੇਂ ਇੱਕ ਧਾਰਮਿਕ ਗ੍ਰੰਥ ਹਨ, ਪਰ ਆਪਣੇ ਜ਼ਮਾਨੇ ਦੇ ਜੀਵਨ ਸਭਿਆਚਾਰ ਨੂੰ ਉਲੀਕਣ ਲਈ ਵਡਮੁਲਾ ਸੋਮਾਂ ਹਨ, ਭੰਡਾਰ ਹਨ। ਗੁਰੂ ਗ੍ਰੰਥ ਸਾਹਿਬ ਜੀ ਸਮਕਾਲੀਨ ਵਕਤਾਂ ਦੇ ਸਮਾਜਿਕ, ਰਾਜਨੀਤਿਕ, ਆਰਥਿਕ ਤੇ ਧਾਰਮਿਕ ਵਿਚਾਰਾਂ ’ਤੇ ਵੀ ਚਾਨਣਾ ਪਾਉਂਦੇ ਹਨ।

ਮੈਕਸ ਆਰਥਰ ਮੈਕਾਲਿਫ਼ (Max Arthur Macauliffe) ਸੰਨ 1899 ਦੀ ਵੈਸਾਖੀ (ਖਾਲਸਾ ਸਾਜਣਾ ਦਿਵਸ ਦੀ ਦੂਜੀ ਸ਼ਤਾਬਦੀ) ਸਮੇਂ ਪੰਜਾਬੀ ਵਿਚ ਅਕਾਲ ਤਖ਼ਤ ਸਾਹਿਬ ਅਤੇ ਸਿੱਖਾਂ ਦੀ ਵਿਦਵਾਨ ਸਭਾ ਵਿੱਚ ਬੋਲਿਆ ਕਿ ਯੂਨਾਨ ਦੇਸ਼ ’ਚ ਪਾਇਥਾਗੋਰਸ ਥਿਊਰਮ (ਜਨਮ 570-495 ਈਸਾ ਪੂਰਬ) ਹੋਇਆ। ਉਸ ਦੇ ਬਹੁਤ ਸਾਰੇ ਚੇਲੇ ਬਣ ਗਏ ਲੇਕਿਨ ਇੱਕ ਵੀ ਪੰਕਤੀ ਲਿਖ ਕੇ ਨਹੀਂ ਦੇ ਗਿਆ। ਜਿਸ ਤੋਂ ਉਨ੍ਹਾਂ ਦੁਆਰਾ ਦਿੱਤੇ ਨਿਯਮ ਸਮਝ ਲੱਗਦੇ। ਸੰਸਾਰ ਦਾ ਦੂਸਰਾ ਵੱਡਾ ਉਸਤਾਦ ਸੀ ‘ਸੁਕਰਾਤ’ (ਜਨਮ 469-399 ਈਸਾ ਪੂਰਬ), ਜੋ ਈਸਾ ਮਸੀਹ ਤੋਂ ਤਕਰੀਬਨ ਸਾਢੇ ਚਾਰ ਸੌ ਸਾਲ ਪਹਿਲਾਂ ਯੂਨਾਨ ਦੇਸ਼ ਵਿਚ ਹੀ ਵੱਡਾ ਮਹਾਤਮਾ ਪ੍ਰਸਿੱਧ ਹੋਇਆ। ਉਹ ਆਪਣੇ ਅੰਦਰ ਅਕਾਸ਼ ਬਾਣੀ ਉਤਰਨ ਦੀ ਗੱਲ ਕਰਦਾ ਸੀ ਕਿ ਮੈਨੂੰ ਉਸ ਰਾਹੀਂ ਚੰਗੇ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ, ਉਹ ਵੀ ਆਪਣੇ ਪਿੱਛੇ ਕੁਝ ਲਿਖ ਕੇ ਨਹੀਂ ਛੱਡ ਗਿਆ। ਉਸ ਦੇ ਚੇਲੇ ਅਫ਼ਲਾਤੂਨ (ਜਨਮ 424-347 ਈਸਾ ਪੂਰਬ) ਨੇ ਬਆਦ ਵਿੱਚ ਲਿਖਿਆ। ਭਾਰਤ ਵਰਸ਼ ਵਿਚ ਵੀ ਵੱਡੇ ਧਾਰਮਿਕ ਗੁਰੂ, ਗੌਤਮ ਬੁੱਧ (ਮਹਾਤਮਾ ਬੁੱਧ/ ਜਨਮ 567-483 ਈਸਾ ਪੂਰਬ) ਜੀ ਹੋਏ, ਉਨ੍ਹਾਂ ਨੇ ਵੀ ਆਪਣੇ ਹੱਥੀਂ ਕੁਝ ਨਹੀਂ ਲਿਖਿਆ। ਫਿਰ ਉਸ ਦੇ ਪਿੱਛੋਂ ਬੜਾ ਪ੍ਰਸਿੱਧ ਧਾਰਮਿਕ ਗੁਰੂ, ਈਸਾ ਮਸੀਹ ਹੋਇਆ ਸੀ, ਉਨ੍ਹਾਂ ਨੇ ਵੀ ਕੋਈ ਅੱਖਰ ਨਹੀਂ ਲਿਖਿਆ। ਇੱਥੋਂ ਤੱਕ ਕਿ ਉਸ ਦੇ ਜਨਮ ਅਤੇ ਮਰਨ ਦੇ ਸੰਨ ਤੱਕ ਦਾ ਭੀ ਪਤਾ ਨਹੀਂ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ਅੰਜੀਲ ਪੋਥੀ ਰਾਹੀਂ ਹੀ ਪ੍ਰਸਿੱਧ ਹੋਈਆਂ ਸਨ, ਪਰ ਸਿੱਖ ਗੁਰੂ, ਇਨ੍ਹਾਂ ਸਾਰਿਆਂ ਤੋਂ ਵਿਲੱਖਣ ਹੋਏ ਹਨ ਕਿਉਂਕਿ ਉਨ੍ਹਾਂ ਨੇ ਸਿੱਖ ਧਰਮ ਦੇ ਨਿਯਮਾਂ ਨੂੰ ਆਪ ਲਿਖਿਆ, ਪ੍ਰਕਾਸ਼ਿਆ, ਗੁਰਗੱਦੀ ਦੇ ਕੇ ‘ਗੁਰੂ ਮਾਨਿਯੋ ਗ੍ਰੰਥ’ ਦਾ ਹੁਕਮ ਸੁਣਾਇਆ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਡੀ ਮਹਾਨਤਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੋਢੀ ਲਿਖਾਰੀ; ਗੁਰੂ ਸਾਹਿਬਾਨ ਜੀ ਆਪ ਸਨ, ਇਸ ਲਈ ਉਨ੍ਹਾਂ ਦੀ ਲਿਖਤ ਤੋਂ ‘‘ਗੁਰ ਮੂਰਤਿ ਗੁਰੁ ਸਬਦੁ ਹੈ..’’ (ਭਾਈ ਗੁਰਦਾਸ ਜੀ/ਵਾਰ ੨੪ ਪਉੜੀ ੧੧) ਦੇ ਰੂਪ ਵਿੱਚ ਉਨ੍ਹਾਂ ਦੇ ਜੀਵਨ ਸੰਬੰਧੀ ਹਾਲਾਤ ਦਾ ਪਤਾ ਲੱਗਦਾ ਹੈ, ਇਸ ਲਈ ਇਹ ਰਚਨਾ; ਸਿੱਖ ਇਤਿਹਾਸ ਦੇ ਵਿਦਿਆਰਥੀਆਂ ਲਈ ਵਡਮੁਲਾ ਸੋਮਾ ਹੈ, ਭੰਡਾਰ ਹੈ। ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਇਤਿਹਾਸਿਕ ਪੱਖ ਨੂੰ ਇਨ੍ਹਾਂ ਸਿਰਲੇਖਾਂ ਹੇਠ ਵੰਡਿਆ ਜਾ ਸਕਦਾ ਹੈ : (1) ਰਾਜਨੀਤਿਕ ਦਸ਼ਾ (2) ਸਮਾਜਿਕ ਦਸ਼ਾ (3) ਆਰਥਿਕ ਦਸ਼ਾ (4) ਧਾਰਮਿਕ ਦਸ਼ਾ।

ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ, ਜਿੱਥੇ ਕਾਵਿ ਰੂਪ ਵਿੱਚ ਹੈ, ਉੱਥੇ ਇਹ ਮਹਾਨ ਰਚਨਾ ਦੀ ਭਾਗ-ਵੰਡ; ਸੰਗੀਤ ਜਾਂ ਰਾਗ ਦੇ ਆਧਾਰ ’ਤੇ ਕੀਤੀ ਗਈ ਹੈ। ਸੰਗੀਤ; ਨਾਦ ਦਾ ਗੁਨ ਗੁਨਾਉਂਦਾ ਰੂਪ ਹੈ ਅਤੇ ਸੰਗੀਤ ਵਾਦੀ ਤਾਂ ਇੱਥੋਂ ਤੱਕ ਮੰਨਦੇ ਹਨ ਕਿ ਸਾਰੇ ਵਿਸ਼ਵ ਦਾ ਮੂਲ ਆਧਾਰ ਹੀ ਨਾਦ ਹੈ। ਨਾਦ ਤੋਂ ਅੱਖਰ, ਅੱਖਰ ਤੋਂ ਵਰਣ, ਵਰਣ ਤੋਂ ਪਦ ਅਤੇ ਪਦਾਂ ਤੋਂ ਬਾਣੀ ਬਣਦੀ ਹੈ, ਜਿਸ ਨਾਲ ਸਾਰੇ ਸੰਸਾਰ ਦਾ ਕਾਰ ਵਿਹਾਰ ਚੱਲਦਾ ਹੈ। ਸੋ ਨਾਦ ਸਭ ਦਾ ਮੂਲ ਹੈ, ਇਸ ਲਈ ਧਾਰਮਿਕ ਕਰਮ ਵਿੱਚ ਨਾਦ ਦੇ ਹੀ ਇੱਕ ਰੂਪ; ਪ੍ਰਭੂ ਗਾਇਨ (ਕੀਰਤਨ) ਨੂੰ ਸਰਬੋਤਮ ਕਿਹਾ ਗਿਆ ਹੈ।

ਸੰਗੀਤ ਵੇਤਾ ਜਾਣਦੇ ਹਨ ਕਿ ਸੰਗੀਤ ਦੋ ਕਿਸਮ ਦਾ ਹੁੰਦਾ ਹੈ। ਮਾਰਗੀ ਅਤੇ ਦੇਸੀ। ‘ਮਾਰਗੀ’ ਤੋਂ ਭਾਵ ‘ਸ਼ਾਸਤਰੀ ਸੰਗੀਤ’ ਹੈ ਅਤੇ ‘ਦੇਸੀ’ ਤੋਂ ਭਾਵ ‘ਮੁਰਾਦ ਲੋਕ ਸੰਗੀਤ’ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿਚ ਦੋਹਾਂ ਦੀ ਭਰਪੂਰ ਵਰਤੋਂ ਕੀਤੀ ਗਈ ਹੈ। ਗੁਰੂ ਸਾਹਿਬਾਨ ਖ਼ੁਦ ਕੀਰਤਨ ਕਰਦੇ ਰਹੇ ਅਤੇ ਆਪਣੇ ਸਾਥ ਚੰਗੇ ਵਜੰਤ੍ਰੀ- ਰਬਾਬੀ ਰੱਖੇ ਹੋਏ ਸਨ; ਜਿਵੇਂ ਕਿ ਭਾਈ ਮਰਦਾਨਾ ਜੀ ਨੇ ਸਾਰੀ ਉਮਰ ਗੁਰੂ ਨਾਨਕ ਸਾਹਿਬ ਜੀ ਦਾ ਸਾਥ ਦਿੱਤਾ। ਉਨ੍ਹਾਂ ਦੇ ਪਿੱਛੋਂ ਭਾਈ ਸਤਾ ਬਲਵੰਡ ਜੀ ਆਦਿ ਨੇ ਬਾਖ਼ੂਬੀ ਸੇਵਾ ਨਿਭਾਈ। ਗੁਰੂ ਅਰਜਨ ਸਾਹਿਬ ਜੀ; ਆਪ ਸਰੰਦਾ (ਉੱਤਮ ਸ੍ਵਰ ਦੇਣ ਵਾਲ਼ਾ ਤਾਰਦਾਰ ਸਾਜ, ਜੋ ਗਜ ਨਾਲ਼ ਵਜਾਈਦਾ ਹੈ) ਵਜਾਉਂਦੇ ਸਨ ਅਤੇ ਉਨ੍ਹਾਂ ਨੇ ਸਿੱਖਾਂ ਨੂੰ ਸੰਗੀਤ-ਵਿੱਦਿਆ ਵਿੱਚ ਨਿਪੁੰਨਤਾ (ਕੁਸ਼ਲਤਾ) ਪ੍ਰਾਪਤ ਕਰਨ ਲਈ ਭਰਪੂਰ ਪ੍ਰੇਰਨਾ ਦਿੱਤੀ। ਇਸ ਸਾਰੇ ਉਦਮ ਦਾ ਤਾਤਪ੍ਰਯ ਇੰਨਾ ਹੀ ਸੀ ਕਿ ਸਿੱਖ ਚੰਗਾ ਕੀਰਤਨ ਕਰਕੇ ‘‘ਨਾਨਕੁ ਕਹੈ ਸੁਨਿ ਰੇ ਮਨਾ ! ਕਰਿ ਕੀਰਤਨੁ ਹੋਇ ਉਧਾਰੁ ’’ (ਮਹਲਾ /੨੧੪) ਬਚਨਾਂ ਰਾਹੀਂ ਆਪਣੇ ਮਨ ਦੇ ਸਾਜ਼ ਨੂੰ ਇੱਕ ਸੁਰ ਕਰ ਸਕਣ ਤਾਹੀਓਂ ਗੁਰਬਾਣੀ ਵਿੱਚ ਵਾਰ-ਵਾਰ ਕੀਰਤਨ ਦੀ ਵਡਿਆਈ ਕੀਤੀ ਗਈ ਹੈ; ਜਿਵੇਂ ਕਿ ‘‘ਜੋ ਜਨੁ ਕਰੈ ਕੀਰਤਨੁ ਗੋਪਾਲ ਤਿਸ ਕਉ ਪੋਹਿ ਸਕੈ ਜਮਕਾਲੁ (ਮਹਲਾ /੮੬੭), ਹਰਿ ਕੀਰਤਿ ਸਾਧ ਸੰਗਤਿ ਹੈ; ਸਿਰਿ ਕਰਮਨ ਕੈ ਕਰਮਾ (ਮਹਲਾ /੬੪੨), ਕੀਰਤਨੁ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ ’’ (ਮਹਲਾ /੮੯੩), ਆਦਿ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਇਹ 31 ਰਾਗ ਹਨ ‘ਸਿਰੀ, ਮਾਝ, ਗਉੜੀ, ਆਸਾ, ਗੂਜਰੀ, ਦੇਵਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੋਂਡ, ਰਾਮਕਲੀ, ਨਟ, ਮਾਲੀ ਗਉੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰੰਗ, ਕਾਨੜਾ, ਮਲਾਰ, ਕਲਿਆਣ, ਪ੍ਰਭਾਤੀ ਤੇ ਜੈਜਾਵੰਤੀ’। ਇਨ੍ਹਾਂ 31 ਰਾਗਾਂ ਦੇ 35 ਮਹਾਂ ਪੁਰਖ; ਰਹੱਸਵਾਦੀ ਗਵਈਏ ਹਨ ਭਾਵੇਂ ਕਿ ਸਾਰਿਆਂ ਦੀ ਰਾਗ ਚੋਣ ਆਪਣੀ-ਆਪਣੀ ਹੈ; ਜਿਵੇਂ ਕਿ

(1). ਗੁਰੂ ਨਾਨਕ ਸਾਹਿਬ ਜੀ ਨੇ 19 ਰਾਗਾਂ ਵਿੱਚ 977 ਸ਼ਬਦ ਗਾਇਨ ਕੀਤੇ ਹਨ।

(2). ਗੁਰੂ ਅੰਗਦ ਸਾਹਿਬ ਜੀ ਨੇ ਕਿਸੇ ਵੀ ਰਾਗ ਦੀ ਵਰਤੋਂ ਨਹੀਂ ਕੀਤੀ। ਆਪ ਜੀ ਦੇ ਕੇਵਲ 63 ਸਲੋਕ ਹਨ।

(3). ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਵਲੋਂ ਵਰਤੇ ਰਾਗਾਂ ਵਿਚੋਂ 17 ਰਾਗਾਂ ਵਿਚ 869 ਸ਼ਬਦ ਗਾਇਨ ਕੀਤੇ ਹਨ।

(4). ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ; ਜੈਜਾਵੰਤੀ ਰਾਗ ਨੂੰ ਛੱਡ ਕੇ ਬਾਕੀ ਸਾਰੇ 30 ਰਾਗਾਂ ਵਿੱਚ 638 ਸ਼ਬਦ ਹੈ।

(5). ਗੁਰੂ ਅਰਜਨ ਸਾਹਿਬ ਜੀ ਨੇ ਭੀ 30 ਰਾਗਾਂ ਵਿੱਚ 2312 ਸ਼ਬਦ ਉਚਾਰਨ ਕੀਤੇ ਹਨ।

(6). ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 15 ਰਾਗਾਂ ਵਿੱਚ 116 ਸ਼ਬਦ ਉਚਾਰਨ ਕੀਤੇ ਹਨ। ਜਿਨ੍ਹਾਂ ਵਿੱਚ 14 ਪ੍ਰਚਲਿਤ ਰਾਗਾਂ ਤੋਂ ਇਲਾਵਾ ਇੱਕ ਨਵੇਂ ਰਾਗ ‘ਜੈਜਾਵੰਤੀ’ ’ਚ ਭੀ 4 ਸ਼ਬਦ ਉਚਾਰਨ ਕੀਤੇ ਹਨ।

(7). ਬਾਬਾ ਸ਼ੇਖ ਫ਼ਰੀਦ ਜੀ ਦੇ ਆਸਾ ਤੇ ਸੂਹੀ ਰਾਗਾਂ ’ਚ 4 ਸ਼ਬਦਾਂ ਤੋਂ ਇਲਾਵਾ 112 ਸਲੋਕ ਹਨ, ਜਿਨ੍ਹਾਂ ’ਚ 18 ਸਲੋਕ ਗੁਰੂ ਸਾਹਿਬਾਨ ਦੁਆਰਾ ਉਚਾਰੇ ਗਏ (112+18=130) ਹਨ।

(8). ਭਗਤ ਜੈਦੇਵ ਜੀ ਦੇ ਗੂਜਰੀ ਤੇ ਮਾਰੂ ਰਾਗਾਂ ਵਿੱਚ 2 ਸ਼ਬਦ ਹਨ।

(9). ਭਗਤ ਬੇਣੀ ਜੀ ਦੇ ਸਿਰੀਰਾਗ, ਰਾਮਕਲੀ ਤੇ ਪ੍ਰਭਾਤੀ ਰਾਗਾਂ ਵਿੱਚ 3 ਸ਼ਬਦ ਹਨ।

(10). ਭਗਤ ਤ੍ਰਿਲੋਚਨ ਜੀ ਦੇ ਸਿਰੀਰਾਗ, ਗੂਜਰੀ ਤੇ ਧਨਾਸਰੀ ਰਾਗਾਂ ਵਿੱਚ 4 ਸ਼ਬਦ ਹਨ।

(11). ਭਗਤ ਨਾਮਦੇਵ ਜੀ ਦੇ 18 ਰਾਗਾਂ ਵਿੱਚ 61 ਸ਼ਬਦ ਹਨ।

(12). ਭਗਤ ਕਬੀਰ ਜੀ ਦੇ 16 ਰਾਗ ’ਚ 532 ਸ਼ਬਦ ਹਨ, ਜਿਨ੍ਹਾਂ ਵਿੱਚ 237 ਸਲੋਕ ਹਨ। ਇਨ੍ਹਾਂ ਸਲੋਕਾਂ ’ਚ 6 ਸਲੋਕ (237+6=243) ਗੁਰੂ ਸਾਹਿਬਾਨ ਦੇ ਭੀ ਹਨ।

(13). ਭਗਤ ਰਵਿਦਾਸ ਜੀ ਦੇ 16 ਰਾਗਾਂ ਵਿੱਚ 40 ਸ਼ਬਦ ਹਨ।

(14). ਭਗਤ ਰਾਮਾਨੰਦ ਜੀ ਦਾ ਬਸੰਤ ਰਾਗ ਵਿੱਚ 1 ਸ਼ਬਦ ਹੈ।

(15). ਭਗਤ ਧੰਨਾ ਜੀ ਦੇ ਆਸਾ ਤੇ ਧਨਾਸਰੀ ਰਾਗਾਂ ਵਿੱਚ 3 ਸ਼ਬਦ ਹਨ।

(16). ਭਗਤ ਭੀਖਨ ਜੀ ਦੇ ਸੋਰਠਿ ਰਾਗ ਵਿੱਚ 2 ਸ਼ਬਦ ਹਨ।

(17). ਭਗਤ ਸਧਨਾ ਜੀ ਦਾ ਬਿਲਾਵਲੁ ਰਾਗ ਵਿੱਚ 1 ਸ਼ਬਦ ਹੈ।

(18). ਭਗਤ ਪੀਪਾ ਜੀ ਦਾ ਧਨਾਸਰੀ ਰਾਗ ਵਿੱਚ 1 ਸ਼ਬਦ ਹੈ।

(19). ਭਗਤ ਸੈਣ ਜੀ ਦਾ ਧਨਾਸਰੀ ਰਾਗ ਵਿੱਚ 1 ਸ਼ਬਦ ਹੈ।

(20). ਭਗਤ ਪਰਮਾਨੰਦ ਜੀ ਦਾ ਸਾਰੰਗ ਰਾਗ ਵਿੱਚ 1 ਸ਼ਬਦ ਹੈ।

(21). ਭਗਤ ਸੂਰਦਾਸ ਜੀ ਦਾ ਸਾਰੰਗ ਰਾਗ ਵਿੱਚ 1 ਸ਼ਬਦ (ਕੇਵਲ ਇੱਕ ਪੰਕਤੀ) ਹੈ।

(22). ਸੱਤਾ ਅਤੇ ਬਲਵੰਡ ਜੀ ਦੇ ਰਾਮਕਲੀ ਵਾਰ ਵਿੱਚ 2 ਸ਼ਬਦ ਹਨ।

(23). ਬਾਬਾ ਸੁੰਦਰ ਜੀ ਦਾ ਰਾਮਕਲੀ ਰਾਗ ਵਿੱਚ 1 ਸ਼ਬਦ ਹੈ।

(24). 11 ਭੱਟ ਸਾਹਿਬਾਨ ਦੇ 123 ਸ਼ਬਦ (ਸਵੱਈਏ) ਹਨ।

ਨੋਟ : ਰਾਗ ਮਾਝ, ਦੇਵਗੰਧਾਰੀ, ਬਿਹਾਗੜਾ, ਵਡਹੰਸ, ਬੈਰਾੜੀ, ਨਟ, ਤੁਖਾਰੀ, ਕਲਿਆਣ ਤੇ ਜੈਜਾਵੰਤੀ ਰਾਗਾਂ ਵਿੱਚ ਭਗਤਾਂ ਦੀ ਬਾਣੀ ਬਿਲਕੁਲ ਅੰਕਿਤ ਨਹੀਂ ਹੈ। ਉਕਤ ਸ਼ਬਦ ਸੰਖਿਆ ਮੁਤਾਬਕ 31 ਰਾਗਾਂ ਵਿੱਚ 35 ਮਹਾਂ ਪੁਰਸ਼ ਬਾਣੀਕਾਰਾਂ ਦੇ ਕੁੱਲ 5870 ਸ਼ਬਦ ਹਨ।

ਜਿੱਥੋਂ ਤੱਕ ਤਾਲ (ਜਾਂ ਘਰ) ਦਾ ਸੰਬੰਧ ਹੈ, ਉਹ, ਗੁਰੂ ਗ੍ਰੰਥ ਸਾਹਿਬ ਜੀ ਵਿੱਚ 17 ਘਰ ਤੱਕ ਦਾ ਸੰਕੇਤ ਮਿਲਦਾ ਹੈ। ਇਸ ਦਾ ਭਾਵ ਹੈ ਕਿ ਗੁਰਬਾਣੀ ਗਾਉਣ ਦੀ ਰੀਤਿ ਵਿੱਚ 17 ਤਾਲ ਤੱਕ ਦੀ ਵਰਤੋਂ ਕੀਤੀ ਗਈ ਹੈ, ਜੋ ਕਿ ਸੰਗੀਤ ਕਲਾ ਦੀ ਦ੍ਰਿਸ਼ਟੀ ਤੋਂ ਕਾਫ਼ੀ ਬਿਖਮਕਾਰ ਹੈ। ਵੈਸੇ ਇਹ ਗੱਲ ਵਿਚਾਰਨਯੋਗ ਹੈ ਕਿ ‘ਘਰੁ’; ਤਾਲ ਦੇ ਅਰਥਾਂ ਵਿੱਚ ਹੀ ਹੈ। ਇਸੇ ਤਰ੍ਹਾਂ ਜੋੜੀ ਦੀਆਂ ਗਤਾਂ ਦਾ ਸੰਕੇਤ ਵੀ ਮਿਲਦਾ ਹੈ; ਜਿਵੇਂ ‘ਬਿਲਾਵਲੁ ਮਹਲਾ ੧ ਘਰੁ ੧੦ ਜਤਿ’, ਜੋ ਜੋੜੀ ਦੀ ਵਜੰਤ ਵੱਲ ਸੰਕੇਤ ਹੈ)। ਪੜਤਾਲ ਦਾ ਅਰਥ ਹੈ ‘ਤਾਲ ਬਦਲ ਕੇ ਗਾਉਣਾ’। ਇਹ ਗਾਉਣ ਕਲਾ ਦਾ ਇਕ ਚਮਤਕਾਰੀ ਨਮੂਨਾ ਹੈ। ਕੁਝ ਹਿੱਸਾ ਹੋਰ ਤਾਲ ਵਿੱਚ, ਫਿਰ ਕੁਝ ਹਿੱਸਾ ਬਦਲ ਕੇ, ਭਾਵ ਜਿਸ ਦੇ ਗਾਉਣ ਵਿਚ ਤੁਕ-ਤੁਕ ਤੇ ਤਾਲ ਬਦਲਦਾ ਹੈ; ਜਿਵੇਂ ਪੜਤਾਲ ਹੈ ‘ਕਾਨੜਾ ਮਹਲਾ ੪ ਪੜਤਾਲ ਘਰੁ ੫, ਪੰਨਾ ੧੨੯੬’, ਇਸ ਤਰ੍ਹਾਂ ਰਾਗ, ਤਾਲ ਦੇ ਸੰਕੇਤ ਦੇਣਾ, 2532 ਸ਼ਬਦ ਵਿੱਚ ‘ਰਹਾਉ’ ਨੂੰ ਸ਼ਬਦ ਦੇ ਕੇਂਦਰੀ ਭਾਵ ਵਜੋਂ ਵੱਖਰਾ ਦਰਜ ਕਰਨਾ ਅਤੇ 25 ਸ਼ਬਦਾਂ ’ਚ ਇੱਕ ‘ਰਹਾਉ’ ਰਾਹੀਂ ਸਵਾਲ ਪੈਦਾ ਕਰ ਉਸੇ ਸ਼ਬਦ ’ਚ ‘ਰਹਾਉ ਦੂਜਾ’ ਬੰਦ ਰਾਹੀਂ ਉਸ ਦਾ ਜਵਾਬ ਦੇਣਾ, ਆਦਿ ਦੱਸਦਾ ਹੈ ਕਿ ਬਾਣੀ ਰਚੇਤਾ ਗੁਰੂ ਸਾਹਿਬਾਨ, ਭਗਤ ਸਾਹਿਬਾਨ ਆਦਿਕ ਸੰਗੀਤ ਵਿੱਦਿਆ ਤੋਂ ਭੀ ਭਲੀ ਭਾਂਤ ਜਾਣੂ ਸਨ। ਉਨ੍ਹਾਂ ਦੀਆਂ ਕਈ ਕਿਸਮ ਦੀਆਂ ਤਕਨੀਕੀ ਗਹਿਰਾਈਆਂ ਤੋਂ ਵੀ ਵਾਕਫ਼ ਸਨ। ਦੂਜਾ, ਉਨ੍ਹਾਂ ਨੇ ਲੋਕ ਸੰਗੀਤ ਦੀਆਂ ਧਾਰਨਾਵਾਂ ਨੂੰ ਵੀ ਕਾਫ਼ੀ ਮਾਤਰਾ ਵਿੱਚ ਵਰਤਿਆ ਹੈ; ਜਿਵੇਂ ਕਿ ਗੁਰਬਾਣੀ ਅੰਦਰ ਲੋਕ ਸੰਗੀਤ ਜਾਂ ਦੇਸੀ ਧਾਰਨਾ ਦੇ ਆਧਾਰ ’ਤੇ ਕਾਫ਼ੀ ਬਾਣੀ ਰਚੀ ਗਈ ਹੈ। ਇਹ ਧਾਰਨਾਵਾਂ ਉਸ ਸਮੇਂ ਆਮ ਪ੍ਰਚਲਿਤ ਤੇ ਹਰਮਨ ਪਿਆਰੀਆਂ ਸਨ। ਗੁਰੂ ਜੀ ਨੇ ਲੋਕ ਕਾਵਿ ਦੇ ਜੋ ਰੂਪ ਅਪਣਾਏ ਹਨ, ਉਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ :

(1) ਅਲਾਹਣੀ (2) ਆਰਤੀ (3) ਅੰਜੁਲੀ (4) ਸਦੁ (5) ਸੋਹਿਲਾ (6) ਕਰਹਲੇ (7) ਕਾਫੀ (8) ਥਿਤੀ (9) ਘੋੜੀਆਂ (10) ਚਉਬੋਲੇ (11) ਛੰਤ (12) ਡਖਣੇ (13) ਦਿਨ ਰੈਣ (14) ਪਹਰੇ (15) ਪਟੀ (16) ਬਾਰਹਮਾਹਾ (17) ਬਾਵਨ ਅਖਰੀ (18) ਬਿਰਹੜੇ (19) ਮੰਗਲ (20) ਰੁਤੀ (21) ਵਣਜਾਰਾ (22) ਵਾਰ (23) ਵਾਰ ਸਤ।

ਜੁੱਧ ਕਥਾ ਨੂੰ ‘ਪਉੜੀਆਂ’ ਵਿੱਚ ਗਾ ਕੇ ਪੇਸ਼ ਕਰਨਾ ‘ਵਾਰ’ ਅਖਵਾਉਂਦੀ ਹੈ। ਗੁਰੂ ਜੀ ਦੇ ਸਮੇਂ ਇਹ ਕਾਵਿ-ਰੂਪ ਬਹੁਤ ਪ੍ਰਸਿਧੀ ਰੱਖਦਾ ਸੀ। ਇਸੇ ਕਰਕੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਹਨ, ਜਿਨ੍ਹਾਂ ਵਿੱਚੋਂ 9 ਵਾਰਾਂ ਨੂੰ ਪ੍ਰਾਚੀਨ ਵਾਰਾਂ ਦੀਆਂ ਧੁਨਾਂ ਅਨੁਸਾਰ ਗਾਉਣ ਦਾ ਆਦੇਸ਼ ਹੈ; ਜਿਵੇਂ ਕਿ

(1). ਵਾਰ ਮਾਝ – ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ॥

(2). ਵਾਰ ਆਸਾ – ਟੁੰਡੇ ਅਸ ਰਾਜੈ ਕੀ ਧੁਨਿ॥

(3). ਵਾਰ ਗਉੜੀ – ਰਾਇ ਕਮਾਲਦੀ ਮੋਜਦੀ ਕੀ ਵਾਰ ਕੀ ਧੁਨਿ॥

(4). ਵਾਰ ਗੂਜਰੀ – ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨਿ॥

(5). ਵਾਰ ਵਡਹੰਸ – ਲਲਾਂ ਬਹਲੀਮਾ ਕੀ ਧੁਨਿ॥

(6) ਵਾਰ ਰਾਮਕਲੀ – ਜੋਧੈ ਵੀਰੈ ਪੂਰਬਾਣੀ ਕੀ ਧੁਨਿ॥

(7) ਵਾਰ ਸਾਰੰਗ – ਰਾਇ ਮਹਮੇ ਹਸਨੇ ਕੀ ਧੁਨਿ॥

(8) ਵਾਰ ਮਲਾਰ – ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ ॥

(9) ਵਾਰ ਕਾਨੜਾ – ਮੂਸੇ ਕੀ ਵਾਰ ਕੀ ਧੁਨਿ॥

ਇਹ ਸੂਚਨਾਵਾਂ ਦੱਸਦੀਆਂ ਹਨ ਕਿ ਗੁਰੂ ਸਾਹਿਬ ਜੀ ਉਸ ਸਮੇਂ ਦੇ ਪ੍ਰਚਲਿਤ ਲੋਕ ਸੰਗੀਤ ਵਿੱਚ ਕਿੰਨੀ ਦਿਲਚਸਪੀ ਰੱਖਦੇ ਸਨ। ਗੁਰੂ ਸਾਹਿਬਾਨ ਨੇ ਇਨ੍ਹਾਂ ਧੁਨਾਂ ਦੀ ਲੋਕਪ੍ਰਿਯਤਾ ਦਾ ਪੂਰਾ ਫ਼ਾਇਦਾ ਉਠਾਇਆ ਤਾਂ ਜੋ ਪ੍ਰਮਾਰਥਕ ਵਿਚਾਰ ਆਮ ਲੋਕਾਂ ਦੇ ਦਿਲਾਂ ਅੰਦਰ ਉਤਰ ਸਕਣ। ਉਨ੍ਹਾਂ ਦੇ ਪਿਆਰੇ ਗਾਉਣ ਢੰਗ ਰਾਹੀਂ ਸੌਖਿਆਂ ਹੀ ਪ੍ਰਵੇਸ਼ ਕਰ ਸਕਣ। ਭਾਵੇਂ ਕਿ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਆਦਿ ਲਈ ਰਾਗਾਂ ਦੀ ਥਾਂ ਰੂਹਾਨੀਅਤ ਸੰਦੇਸ਼ ਅਹਿਮ ਸੀ, ਜਿਸ ਲਈ ਸੰਗੀਤ ਕੇਵਲ ਸਹਾਇਕ ਸਾਧਨ ਮਾਤਰ ਸੀ। ਜਿਸ ਨੂੰ ਉਨ੍ਹਾਂ ਨੇ ਉੱਚੇ ਆਦਰਸ਼ ਲਈ ਵਰਤ ਕੇ ਇਸ ਦੀ ਉਪਯੋਗਤਾ ਹੋਰ ਵਧਾ ਦਿੱਤੀ; ਜਿਵੇਂ ਕਿ ਬਚਨ ਹਨ ‘‘ਗੁਣ ਗੋਵਿੰਦ ਗਾਵਹੁ ਸਭਿ ਹਰਿ ਜਨ ! ਰਾਗ ਰਤਨ ਰਸਨਾ ਆਲਾਪ (ਮਹਲਾ /੮੨੧), ਧੰਨੁ ਸੁ ਰਾਗ ਸੁਰੰਗੜੇ; ਆਲਾਪਤ ਸਭ ਤਿਖ ਜਾਇ (ਮਹਲਾ /੯੫੮), ਭਲੋ ਭਲੋ ਰੇ  ! ਕੀਰਤਨੀਆ ਰਾਮ ਰਮਾ ਰਾਮਾ ਗੁਨ ਗਾਉ ’’ (ਮਹਲਾ /੮੮੫) ਆਦਿ।

ਗੁਰੂ ਗ੍ਰੰਥ ਸਾਹਿਬ ਦੇ ਅੰਤ ਵਿੱਚ ਗੁਰੂ ਅਰਜਨ ਸਾਹਿਬ ਜੀ ਮੁੰਦਾਵਣੀ ਦੇ ਸ਼ਬਦ ਵਿੱਚ ‘ਆਦਿ ਗ੍ਰੰਥ’ ਜੀ ਦਾ ਤੱਤ ਸਾਰ ਦੱਸਦੇ ਹਨ ਜਾਂ ਇਸ ਨੂੰ ਰਚਦੇ ਹੋਏ ਫ਼ੁਰਮਾਉਂਦੇ ਹਨ ਕਿ ਇਸ ਵਿੱਚ ‘ਸਤ, ਸੰਤੋਖ, ਤੇ ਵੀਚਾਰ’ ਰੂਪ ਤਿੰਨ ਪਦਾਰਥ ਸੰਗ੍ਰਹਿ ਕੀਤੇ ਹਨ। ‘ਸਤ’ ਤੋਂ ਭਾਵ ਅਸਲੀਅਤ (Reality) ਨੂੰ ਪੂਰਨ ਦ੍ਰਿੜ੍ਹਤਾ, ਵਫ਼ਾਦਾਰੀ ਤੇ ਪਿਆਰ ਨਾਲ ਜਾਣਨਾ ਹੈ। ਇਸ ਦੇ ਜਾਣਨ ਦਾ ਜ਼ਰੀਆ ‘‘ਸਚੁ ਖਾਣਾ, ਸਚੁ ਪੈਨਣਾ; ਟੇਕ ਨਾਨਕ ਸਚੁ ਕੀਤੁ ’’ (ਮਹਲਾ /੪੪) ਹੈ। ਇਸ ਪੂਰਨ ਸਚਾਈ ਦੀ ਪਹਿਚਾਣ ਲਈ ਦੂਜੀ ਸਾਧਨਾ ‘ਸੰਤੋਖ’ ਦੀ ਹੈ ਕਿਉਂਕਿ ‘‘ਬਿਨਾ ਸੰਤੋਖ; ਨਹੀ ਕੋਊ ਰਾਜੈ ’’ (ਮਹਲਾ /੨੭੯) ਦਾ ਅਟਲ ਨਿਯਮ ਹੈ ਯਾਨੀ ਕਿ ‘ਸੰਤੋਖ’ ਤੋਂ ਭਾਵ ਹੈ ‘ਆਪਣੀ ਹਰ ਇੱਛਾ ਨੂੰ ਕਾਬੂ ਰੱਖਣਾ’। ‘ਬਿਬੇਕ ਵਿਚਾਰ’ ਤੋਂ ਬਿਨਾਂ ਸਤ-ਅਸਤ (ਭਾਵ ਸੱਚ-ਝੂਠ) ਦੀ ਪਹਿਚਾਣ ਨਹੀਂ ਹੋ ਸਕਦੀ ਪਰੰਤੂ ਇਨ੍ਹਾਂ ਤਿੰਨਾ ਦਾ ਆਧਾਰ ਹੈ ‘ਅੰਮ੍ਰਿਤ ਨਾਮ’। ਸੋ ‘ਸਤ, ਸੰਤੋਖ ਤੇ ਗਿਆਨ-ਵਿਚਾਰ’ ਮਨੁੱਖੀ ਸਦਾਚਾਰ ਜੀਵਨ ਦੇ ਥੰਮ ਹਨ। ਅੰਮ੍ਰਿਤ ਨਾਮ ਤੋਂ ਸੱਖਣੇ ਇਖ਼ਲਾਕ; ਸਦਾ ਹਉਮੈ ਦਾ ਸ਼ਿਕਾਰ ਹੋ ਜਾਂਦੇ ਹਨ, ਇਸ ਲਈ ਸਤਿਗੁਰੂ ਜੀ ‘‘ਅੰਮ੍ਰਿਤ ਨਾਮੁ ਠਾਕੁਰ ਕਾ ਪਇਓ; ਜਿਸ ਕਾ ਸਭਸੁ ਅਧਾਰੋ ’’ (ਮਹਲਾ /੧੪੨੯) ਨੂੰ ਹੀ ਉਕਤ ਤਿੰਨੇ ਸਦਾਚਾਰਕ ਗੁਣਾਂ ਦਾ ਆਧਾਰ ਮੰਨਦੇ ਹਨ ਤਾਂ ਜੋ ‘‘ਤੇਰਾ ਕੀਤਾ ਜਾਤੋ ਨਾਹੀ; ਮੈਨੋ ਜੋਗੁ ਕੀਤੋਈ ’’ (ਮਹਲਾ /੧੪੨੯) ਅਰਥ : (ਹੇ ਪ੍ਰਭੂ !) ਜੋ ਭੀ ਤੈਂ ਮੇਰੇ ਲਈ (ਉਪਕਾਰ) ਕੀਤਾ ਹੈ, ਮੈਂ ਤੇਰੇ ਕੀਤੇ ਉਸ ਉਪਕਾਰ ਨੂੰ ਨਾ ਜਾਣ ਸਕਿਆ। ਤੈਂ (ਆਪ ਹੀ) ਮੈਨੂੰ ਇਸ ਲਾਇਕ ਬਣਾਇਆ ਹੈ। 

ਬੇਨਤੀ ਕਰਦਾ ਹੋਇਆ ਸਿੱਖ; ਪ੍ਰਭੂ ਦੀ ਨਦਰਿ ਦਾ ਪਾਤਰ ਬਣ ਸਕੇ। ਸੋ ‘‘ਨਾਨਕ  ! ਨਾਮੁ ਮਿਲੈ ਤਾਂ ਜੀਵਾਂ; ਤਨੁ ਮਨੁ ਥੀਵੈ ਹਰਿਆ ’’ (ਮਹਲਾ /੧੪੨੯) ਬਚਨਾਂ ਰਾਹੀਂ ਸ਼ਬਦ ਦੇ ਆਦਿ ਤੋਂ ਅੰਤ ਤੱਕ ਨਾਮ ‘ਹੁਕਮ, ਭਾਣੇ ਅਤੇ ਨਦਰਿ’ ਦਾ ਰਹੱਸ ਬਿਆਨ ਕੀਤਾ ਹੈ। ਇਸੇ ਰਹੱਸ ਮਸਤੀ ਵਿੱਚ ਆਪ ਗਾਉਂਦੇ ਹਨ ‘‘ਬਾਹਰਿ ਢੂਢਨ ਤੇ ਛੂਟਿ ਪਰੇ; ਗੁਰਿ (ਨੇ) ਘਰ ਹੀ ਮਾਹਿ ਦਿਖਾਇਆ ਥਾ ’’ (ਮਹਲਾ /੧੦੦੨) ਐਸੇ ਹੀ ਬੋਲ ਭਗਤ ਰਾਮਾਨੰਦ ਜੀ ਦੇ ਹਨ ‘‘ਕਤ ਜਾਈਐ ਰੇ  ! ਘਰ ਲਾਗੋ ਰੰਗੁ ’’ (ਭਗਤ ਰਾਮਾਨੰਦ/੧੧੯੫)

ਸੋ ਗੁਰੂ ਅਰਜਨ ਸਾਹਿਬ ਜੀ ਨੇ ‘ਆਦਿ ਬੀੜ’ ਦੇ ਸੰਪਾਦਨ ਦਾ ਕਾਰਜ, ਜਿਸ ਸਰਾਫ਼ੀ ਸਮਝ, ਅਗੰਮੀ ਚੇਤਨਾ ਤੇ ਹੰਸ-ਚੋਗ ਬਿਰਤੀ ਨਾਲ਼ ਕੀਤਾ, ਉਸ ਨੇ ‘‘ਸਤਿਗੁਰ ਸਬਦਿ ਉਜਾਰੋ ਦੀਪਾ ’’ (ਮਹਲਾ /੮੨੧) ਰੂਪ ਆਪਣੀ ਰੂਹ ਦਾ ਤੇਲ ਪਾ ਕੇ ਸਦੀਵੀ ਚਾਨਣ ਮੁਨਾਰੇ ਦੇ ਰੂਪ ਵਿੱਚ ਪ੍ਰਗਟ ਕਰ ਦਿੱਤਾ। ਭਾਈ ਗੁਰਦਾਸ ਜੀ ਦਾ ਕਥਨ ਹੈ, ‘‘ਜੈਸੇ ਤਉ ਸਕਲ ਨਿਧਿ ਪੂਰਨ ਸਮੁੰਦ੍ਰ ਬਿਖੈ; ਹੰਸ ਮਰਜੀਵਾ ਨਿਹਚੈ ਪ੍ਰਸਾਦੁ ਪਾਵਹੀ.. .. ਤੈਸੇ ਗੁਰਬਾਨੀ ਬਿਖੈ, ਸਕਲ ਪਦਾਰਥ ਹੈ; ਜੋਈ ਜੋਈ ਖੋਜੈ, ਸੋਈ ਸੋਈ ਨਿਪਜਾਵਹੀ ’’ (ਭਾਈ ਗੁਰਦਾਸ ਜੀ/ਕਬਿੱਤ ੫੪੬) ਅਰਥ : ਜਿਵੇਂ ਸਮੁੰਦਰ ਵਿੱਚ ਸਾਰੇ ਖ਼ਜ਼ਾਨੇ ਭਰੇ ਪਏ ਹੁੰਦੇ ਹਨ, ਪਰ ਉਨ੍ਹਾਂ ਨੂੰ ਹੰਸ ਜਾਂ ਮਰਜੀਵੇ (ਸਮੁੰਦਰੀ ਗੋਤਾਖੋਰ) ਹੀ ਕੱਢ ਕੇ ਇਸਤੇਮਾਲ ਕਰ ਸਕਦੇ ਹਨ; ਉਸੇ ਤਰ੍ਹਾਂ ਗੁਰਬਾਣੀ ਵਿੱਚ ਸਾਰੇ ਪਦਾਰਥ (ਸਤ, ਸੰਤੋਖ, ਬਿਬੇਕ-ਵਿਚਾਰ ਆਦਿਕ ਗੁਣ) ਭਰੇ ਪਏ ਹਨ, ਪਰ ਉਨ੍ਹਾਂ ਨੂੰ ਪ੍ਰਾਪਤ ਓਹੀ ਓਹੀ ਕਰਦਾ ਹੈ, ਜੋ ਜੋ ਖੋਜਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ; ਪੰਜਾਬ (ਭਾਰਤ ਤੇ ਪਾਕਿਸਤਾਨ) ਦੀ ਪਹਿਲੀ ਵਿਸ਼ੇਸ਼ ਰਚਨਾ ਹੈ, ਜਿਸ ਨੂੰ ਇਨਸਾਨੀਅਤ ਪੱਧਰ ’ਤੇ ਬਹੁ ਗਿਣਤੀ ਨੇ ਸਲਾਹਿਆ ਹੈ। ਮਜ਼੍ਹਬੀ ਪੱਧਰ ਦੇ ਹਿੰਦੂ, ਜੋਗੀ, ਮੁਸਲਮਾਨ ਆਦਿਕ ਨੂੰ ਇਕੱਠਾ ਕਰਨ ਲਈ ‘‘ਗੁਰਮੁਖਿ ਬਾਂਧਿਓ ਸੇਤੁ ਬਿਧਾਤੈ ’’ (ਗੋਸਟਿ/ਮਹਲਾ /੯੪੨) ਅਰਥ : ਸਿਰਜਣਹਾਰ ਪ੍ਰਭੂ ਨੇ ਗੁਰਮੁਖ ਰੂਪ ਪੁਲ ਬਣਾਇਆ ਹੈ, ਜੋ ਇੱਕ-ਦੂਜੇ ਨੂੰ ਨੇੜੇ ਲਿਆਉਂਦਾ ਹੈ। ਇੱਕ-ਦੂਜੇ ਨਾਲ ਪਿਆਰ ਤੇ ਸਤਿਕਾਰ ਬਣਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਥੰਮ ਹਨ, ਜੋ ਮਨੁੱਖ ਅੰਦਰ ਉਦਮ, ਉਤਸ਼ਾਹ, ਦਿੜ੍ਹਤਾ ਤੇ ਦਲੇਰੀ ਭਰਦੇ ਹਨ। ਇਨ੍ਹਾਂ ਦੇ ਸਹਾਰੇ ਹੀ ਪੰਜਾਬੀਆਂ ਨੇ ‘‘ਹਮ ਕਾਹੂ ਕੀ ਕਾਣਿ ਕਢਤੇ; ਅਪਨੇ ਗੁਰ ਪਰਸਾਦੇ ’’ (ਭਗਤ ਕਬੀਰ/੯੬੯) ਵਾਲੀ ਅਣਖ ਭਰੀ ਜ਼ਿੰਦਗੀ ਭੋਗਦਿਆਂ ਵਿਦੇਸ਼ੀ ਹਮਲਾਵਾਰਾਂ ਨੂੰ ਸਦਾ ਠੱਲ ਪਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਚਾਨਣ ਹਨ, ਜੋ ਭਾਰਤੀਆਂ ਦੇ ਹਿਰਦੇ ਪ੍ਰਕਾਸ਼ ਕਰ ਅਗਿਆਨਤਾ ਨੂੰ ਮਿਟਾ ਗਿਆ; ਜੈਸਾ ਕਿ ਕਬੀਰ ਜੀ ਦੇ ਬਚਨ ਹਨ, ‘‘ਕਹਿ ਕਬੀਰ ਮਨਿ ਭਇਆ ਪ੍ਰਗਾਸਾ; ਉਦੈ ਭਾਨੁ ਜਬ ਚੀਨਾ ’’ (ਭਗਤ ਕਬੀਰ/੩੩੨) ਅਰਥ : ਜਦ ਹਿਰਦੇ ਅੰਦਰ (ਨਾਮ-ਗਿਆਨ ਦਾ) ਸੂਰਜ ਚੜ੍ਹਿਆ ਵੇਖਿਆ ਤਾਂ ਮਨ ਵਿੱਚ ਅਸੀਮ ਚਾਨਣ (ਸਤ, ਸੰਤੋਖ, ਬਿਬੇਕ-ਵਿਚਾਰ ਆਦਿਕ) ਪੈਦਾ ਹੋ ਗਿਆ।

ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਸਾਂਝੀ ਬੋਲੀ ਵਾਲ਼ਾ ਸਿਧਾਂਤ ਭੀ ਅਮਲੀ ਰੂਪ ਵਿੱਚ ਦ੍ਰਿੜ੍ਹ ਕਰਾਇਆ ਹੈ। ਇਹ ਸਾਂਝ ਸਾਡੀਆਂ ਬੋਲੀਆਂ ਵਿੱਚ ਮੌਜੂਦ ਹੈ। ਅਸੀਂ ਤੰਗਦਿਲੀ ਕਾਰਨ ਇਸ ਅਸਲੀਅਤ ਨੂੰ ਮੰਨਣ ਤੋਂ ਇਨਕਾਰੀ ਰਹਿੰਦੇ ਹਾਂ। ਗੁਰੂ ਸਾਹਿਬਾਨ ਦਾ ਸਮਰੱਥ ਤਜਰਬਾ ਹੈ ਕਿ ਸਾਰੀ ਮਨੁੱਖਤਾ ਨੂੰ ਇੱਕ ਸੁਰ ਕੀਤਾ ਜਾਵੇ ਤਾਂ ਕਿ ਸਭਿਆਚਾਰਕ ਤੇ ਆਤਮਿਕ ਆਦਰਸ਼ ਦੀ ਸਾਂਝ ਉਤਪੰਨ ਹੋਵੇ। ਗੁਰੂ ਗ੍ਰੰਥ ਸਾਹਿਬ ਸਾਡਾ ਸਾਂਝਾ ਸਮਾਜਿਕ ਤੇ ਸਭਿਆਚਾਰਕ ਇਤਿਹਾਸ ਵੀ ਹੈ, ਜਿਸ ਕਾਰਨ ਸਾਰੇ ਭਾਰਤੀ ਇਸ ਮਹਾਨ ਗ੍ਰੰਥ ਦੇ ਦਾਅਵੇਦਾਰ ਹਨ। ਸਮੁੱਚੀ ਮਾਨਵਤਾ ਆਪਣੀਆਂ ਬੋਲੀਆਂ ਵਿੱਚ ਕੀਤੇ ਉਲਥੇ ਕਾਰਨ ਇਸ ਦੇ ਵਾਰਸ਼ ਬਣ ਸਕਦੇ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਸਾਰ ਦੇ ਸਮੂਹ ਹਕ-ਪ੍ਰਸਤ ਮਹਾਂਪੁਰਖਾਂ ਤੇ ਵਿਦਵਾਨਾਂ ਨੇ ਸਦਾ ਅਧਿਆਤਮਕ [ਰੂਹਾਨੀ ਸੰਜੋਗ ਦਾ ਗ੍ਰੰਥ (A Book/Granth of Spiritual Synthesis) ਕਰਕੇ ਸਤਿਕਾਰਿਆ ਹੈ, ਜੋ ਸਾਂਝੀਵਾਲਤਾ ਦੀ ਇੱਕ ਵਿਸ਼ੇਸ਼ ਖ਼ੂਬੀ ਹੈ। ਇਸ ਦੀ ਸ਼ਬਦਾਵਲੀ; ਪੰਜਾਬੀ, ਹਿੰਦੀ, ਸੰਸਕ੍ਰਿਤ, ਫ਼ਾਰਸੀ, ਅਰਬੀ, ਸਿੰਧੀ, ਮਰਾਠੀ ਆਦਿਕ ਤਕਰੀਬਨ ਬਾਰ੍ਹਾਂ ਬੋਲੀਆਂ ਦਾ ਸੁਮੇਲ ਹੈ। ਇਨ੍ਹਾਂ ਸਾਰੀਆਂ ਬੋਲੀਆਂ ਜਾਂ ਗੁਰਮਤਿ ਵਿਚਾਰਕ ਧਾਰਾਵਾਂ ਵਿੱਚ ਪ੍ਰਗਟਾਈ ਸਚਾਈ, ਸਾਂਝੀਵਾਲਤਾ ਦਾ ਹੀ ਪ੍ਰਤੀਕ ਹੈ]। ਇਸ ਅੰਮ੍ਰਿਤ ਬਾਣੀ ਵਿੱਚ ਉਹ ਸਮਰੱਥਾ ਹੈ, ਜਿਸ ਨੇ ਸਿੱਖਾਂ ਤੇ ਪੰਜਾਬੀਆਂ ਨੂੰ ਸੰਸਾਰ ਦੇ ਹਰ ਖੇਤਰ ਵਿੱਚ ‘ਚੜ੍ਹਦੀ ਕਲਾ’ ਬਖ਼ਸ਼ੀ ਜਦ ਕਿ ਸੰਸਾਰ ਦੇ ਸਮੂਹ ਧਰਮ ਗ੍ਰੰਥਾਂ ਵਿੱਚ ਇਨ੍ਹਾਂ ਗੁਣਾਂ ਦੀ ਘਾਟ ਹੈ। ਗੁਰਬਾਣੀ ਦੇ ਇਹ ਬੇਮਿਸਾਲ ਅਸੂਲ; ਸਾਂਝੀਵਾਲਤਾ, ਸਹਿਵਾਸ ਤੇ ਭਾਵਕ ਏਕਤਾ ਦੇ ਪ੍ਰਤੱਖ ਪ੍ਰਮਾਣ ਹਨ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ; ਪ੍ਰਭੂ ਨਾਲ਼ ਇੱਕ-ਮਿੱਕ ਹੋਏ ਗੁਰੂ ਸਾਹਿਬਾਨ, ਭਗਤ ਸਾਹਿਬਾਨ ਆਦਿ ਦੇ ਹਿਰਦਿਆਂ ਵਿੱਚੋਂ ਪਿਆਰ ਸਹਿਤ ਨਿਰੰਤਰ ਉਪਜੀ ਹੈ ਤਾਹੀਓਂ ਇਸ ਨੂੰ ਖਸਮ ਦੀ ਬਾਣੀ ਕਿਹਾ ਹੈ। ਜਦ ਖਸਮ ਪ੍ਰਭੂ ਸਭ ਦਾ ਸਾਂਝਾ ਹੈ ਤਾਂ ਬਾਣੀ ਵੀ ਕੁਦਰਤੀ ਤੌਰ ’ਤੇ ਸਭ ਦੀ ਸਾਂਝੀ ਹੋ ਜਾਂਦੀ ਹੈ। ਗੁਰਬਾਣੀ ਨੂੰ ਰੱਬ ਦਾ ਰੂਪ ਪ੍ਰਗਟਾਉਂਦੇ ਗੁਰੂ ਸਾਹਿਬਾਨ ਦੇ ਬਚਨ ਹਨ :

(1). ਜੈਸੀ ਮੈ ਆਵੈ ਖਸਮ ਕੀ ਬਾਣੀ; ਤੈਸੜਾ ਕਰੀ ਗਿਆਨੁ ਵੇ ਲਾਲੋ  ! (ਮਹਲਾ /੭੨੨)

(2). ਤਾ ਮੈ ਕਹਿਆ ਕਹਣੁ; ਜਾ ਤੁਝੈ ਕਹਾਇਆ (ਮਹਲਾ /੫੬੬)

(3). ਧੁਰ ਕੀ ਬਾਣੀ ਆਈ ਤਿਨਿ ਸਗਲੀ ਚਿੰਤ ਮਿਟਾਈ (ਮਹਲਾ /੬੨੮)

(4). ਹਉ ਆਪਹੁ ਬੋਲਿ ਜਾਣਦਾ; ਮੈ ਕਹਿਆ ਸਭੁ ਹੁਕਮਾਉ ਜੀਉ (ਮਹਲਾ /੭੬੩)

(5). ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ, ਗੁਰਸਿਖਹੁ ! ਹਰਿ ਕਰਤਾ ਆਪਿ ਮੁਹਹੁ ਕਢਾਏ (ਮਹਲਾ /੩੦੮), ਆਦਿ।

ਧੁਰ ਕੀ ਬਾਣੀ ਹੋਣ ਦੇ ਨਾਂ ’ਤੇ ਇਸ ਦੀ ਸਿੱਖਿਆ ਸਰਬ-ਕਾਲੀ ਤੇ ਸਰਬ-ਦੇਸੀ ਹੈ। ਇਹ, ਸੱਚੇ ਸਿਧਾਂਤ ਦੀ ਗੱਲ ਕਰਦੀ ਹੈ, ਜੋ ਕਦੀ ਪੁਰਾਣਾ ਨਹੀਂ ਹੁੰਦਾ, ਨਾ ਮੈਲਾ ਤੇ ਨਾ ਹੀ ਕਾਲ ਅਧੀਨ ਹੈ। ਇਸ ਆਧਾਰ ’ਤੇ ਕਾਇਮ ਹੋਈ ਸਾਂਝੀਵਾਲਤਾ ਹੀ ਪੀੜ੍ਹੀ-ਦਰ-ਪੀੜ੍ਹੀ ਤੇ ਸਦੀਵੀ ਨਿਭਣ ਵਾਲ਼ੀ ਹੈ। ਜੇ ਸਰਬ-ਨਾਸ ਦੇ ਦਹਾਨੇ (ਕਿਨਾਰੇ) ’ਤੇ ਖਲੋਤੇ ਸੰਸਾਰ ਨੇ ਐਟਮ ਬੰਬਾਂ ਦੀ ਤਬਾਹੀ ਜਾਂ ਸਰਬ-ਨਾਸ ਤੋਂ ਬਚਣਾ ਹੈ ਤੇ ਮਿਲ-ਜੁਲ ਕੇ ਪਿਆਰ ਭਰਿਆ ਜੀਵਨ ਗੁਜ਼ਾਰਨਾ ਹੈ ਤਾਂ ਗੁਰੂ ਸਾਹਿਬਾਨ ਦੇ ਨਕਸ਼ੇ ਕਦਮ ਅਤੇ ਸਿੱਖਿਆ ਉੱਤੇ ਤੁਰਨਾ ਪੈਣਾ ਹੈ ਅਤੇ ਇਹ ਤਜਰਬਾ ਅਪਣਾਉਣਾ ਹੀ ਪਵੇਗਾ। ਗੁਰਬਾਣੀ; ਮਨੁੱਖ ਦੇ ਅਧਿਆਤਮਿਕ, ਸਮਾਜਿਕ, ਆਰਥਿਕ ਤੇ ਰਾਜਨੀਤਕ ਖੇਤਰਾਂ ਵਿੱਚ ਅਤਿ ਲੋੜੀਂਦੇ, ਸਾਂਝੇ ਮਨੁੱਖੀ ਸੁਭਾਅ ਅਤੇ ਸਿਧਾਂਤ ਦੀ ਗੱਲ ਕਰਦੀ ਹੈ। ਮਿਸਾਲ ਵਜੋਂ :

(). ਮਿਠਤੁ ਨੀਵੀ ਨਾਨਕਾ ! ਗੁਣ ਚੰਗਿਆਈਆ ਤਤੁ (ਮਹਲਾ /੪੭੦)

(). ਕੂੜ ਨਿਖੁਟੇ ਨਾਨਕਾ ! ਓੜਕਿ ਸਚਿ ਰਹੀ (ਮਹਲਾ /੯੫੩)

(). ਸੰਸਾਰੁ ਰੋਗੀ, ਨਾਮੁ ਦਾਰੂ; ਮੈਲੁ ਲਾਗੈ ਸਚ ਬਿਨਾ (ਮਹਲਾ /੬੮੭)

(). ਨਾਨਕ  ! ਦੁਖੀਆ ਸਭੁ ਸੰਸਾਰੁ (ਮਹਲਾ /੯੫੪)

(). ਪੜਿਆ ਮੂਰਖੁ ਆਖੀਐ; ਜਿਸੁ ਲਬੁ ਲੋਭੁ ਅਹੰਕਾਰਾ (ਮਹਲਾ /੧੪੦)

(). ਨਾਨਕ  ! ਫਿਕੈ ਬੋਲਿਐ; ਤਨੁ ਮਨੁ ਫਿਕਾ ਹੋਇ (ਮਹਲਾ /੪੭੩)

(). ਨਾਨਕ  ! ਜਿਨ੍ ਮਨਿ ਭਉ; ਤਿਨ੍ਹਾ ਮਨਿ ਭਾਉ (ਮਹਲਾ /੪੬੫)

(). ਫਕੜ ਜਾਤੀ; ਫਕੜੁ ਨਾਉ ਸਭਨਾ ਜੀਆ ਇਕਾ ਛਾਉ (ਮਹਲਾ /੮੩)

(). ਨਾਮ ਬਿਨਾ; ਕੈਸੇ ਆਚਾਰ  ? (ਮਹਲਾ /੧੩੩੦)

(). ਭੈ ਰਚਿ ਰਹੈ; ਸੁ ਨਿਰਭਉ ਹੋਇ (ਮਹਲਾ /੨੨੩), ਆਦਿ।

ਗੁਰਬਾਣੀ ਵਿੱਚ ਪ੍ਰਗਟਾਈਆਂ ਇਨ੍ਹਾਂ ਸਚਾਈਆਂ ਤੋਂ ਇਲਾਵਾ ਸਾਂਝਾ ਸੋਚਣ ਅਤੇ ਸਾਂਝਾ ਵਰਤਣ ਲਈ ਇਸ ਤੋਂ ਵੱਡਾ ਸਾਧਨ ਹੋਰ ਕੀ ਹੋ ਸਕਦਾ ਹੈ ? ਇਹ ਸਚਾਈਆਂ ਕਿਸੇ ਵਕਤੀ ਸੱਚ ਦੀ ਗੱਲ ਨਹੀਂ ਕਰਦੀਆਂ। ਇਹ, ਸਾਰੀ ਮਾਨਵ-ਜਾਤੀ ਦੀ ਸਾਂਝੀ ਵਿਰਾਸਤ ਹੈ। ਇਨ੍ਹਾਂ ਭਾਵਾਂ ਨੂੰ ਹਿਰਦੇ ਅੰਦਰ ਵਸਾਉਣ ਲਈ ਬਿਬੇਕ ਬੁੱਧ ਅਤੇ ਪੂਰੀ ਉਜਲ ਮਤਿ ਦੀ ਲੋੜ ਹੈ। ਗੁਰਬਾਣੀ; ਬਿਨਾਂ ਕਿਸੇ ਲਗਾ ਦੇ, ਇਸ ਸੱਚ ਨੂੰ ਇਉਂ ਮਨੁੱਖੀ ਜ਼ਿਹਨ ਵਿੱਚ ਬਿਠਾਉਣ ਦਾ ਉਪਕਾਰ ਕਰਦੀ ਹੈ :

ਜਹ ਕਰਣੀ; ਤਹ ਪੂਰੀ ਮਤਿ ਕਰਣੀ ਬਾਝਹੁ; ਘਟੇ ਘਟਿ (ਮਹਲਾ /੨੫)

ਸਭਨਾ ਕਾ, ਦਰਿ ਲੇਖਾ ਹੋਇ ਕਰਣੀ ਬਾਝਹੁ; ਤਰੈ ਕੋਇ (ਮਹਲਾ /੯੫੨), ਆਦਿ।

ਖਿਆਲ ਕਰੋ ਕਿ 1430 ਪੰਨਿਆਂ ਵਾਲ਼ੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸਾਨੂੰ ਰੌਸ਼ਨ ਦਿਮਾਗ ਕਰਨ, ਪਰਸਪਰ ਜੋੜਨ ਅਤੇ ਮਿਲਣ-ਬੈਠਣ ਹਿਤ ਕਿੰਨੇ ਅਮੋਲ ਬਚਨ ਹੋਣਗੇ ? ਸ੍ਰੀ ਗੁਰੂ ਅਰਜਨ ਸਾਹਿਬ ਜੀ; ਇਸ ਖ਼ਜ਼ਾਨੇ ਦਾ ਥਹੁ ਪਤਾ ਇਉਂ ਦਿੰਦੇ ਹਨ :

ਹਮ ਧਨਵੰਤ ਭਾਗਠ; ਸਚ ਨਾਇ ਹਰਿ ਗੁਣ ਗਾਵਹ; ਸਹਜਿ ਸੁਭਾਇ ਰਹਾਉ ਪੀਊ ਦਾਦੇ ਕਾ, ਖੋਲਿ ਡਿਠਾ ਖਜਾਨਾ ਤਾ ਮੇਰੈ ਮਨਿ; ਭਇਆ ਨਿਧਾਨਾ ਰਤਨ ਲਾਲ; ਜਾ ਕਾ ਕਛੂ ਮੋਲੁ ਭਰੇ ਭੰਡਾਰ; ਅਖੂਟ ਅਤੋਲ ਖਾਵਹਿ ਖਰਚਹਿ; ਰਲਿ ਮਿਲਿ ਭਾਈ  ! ਤੋਟਿ ਆਵੈ; ਵਧਦੋ ਜਾਈ ਕਹੁ ਨਾਨਕ  ! ਜਿਸੁ ਮਸਤਕਿ, ਲੇਖੁ ਲਿਖਾਇ ਸੁ ਏਤੁ ਖਜਾਨੈ; ਲਇਆ ਰਲਾਇ (ਮਹਲਾ /੧੮੬) ਅਰਥ : ਹੇ ਭਾਈ ! ਅਸੀਂ ਸੱਚੇ ਨਾਮ ਨਾਲ਼ ਭਾਗਾਂ ਵਾਲ਼ੇ ਅਤੇ ਧਨਵਾਨ ਬਣ ਗਏ ਕਿਉਂਕਿ ਹਰੀ ਦੇ ਗੁਣ ਗਾਉਂਦੇ ਹਾਂ ਤੇ ਸੁੱਤੇ ਹੀ (ਅਕਾਲ ਪੁਰਖ ਵਾਰਗੀ) ਅਡੋਲ ਅਵਸਥਾ ਵਿੱਚ ਟਿਕੇ ਹੋਏ ਹਾਂ। ਰਹਾਉ। ਪਿਤਾ ਪੁਰਖੀਂ ਦੁਆਰਾ ਇਕੱਤਰ ਕੀਤਾ ਇਹ ਖ਼ਜ਼ਾਨਾ, ਜਦ ਖੋਲ ਕੇ ਵੇਖਿਆ ਭਾਵ ਵਿਚਾਰਿਆ ਤਾਂ ਮੇਰੇ ਮਨ ਵਿੱਚ ਵੀ ਵੈਸਾ ਹੀ ਖ਼ਜ਼ਾਨਾ ਉਤਪੰਨ ਹੋ ਗਿਆ ਯਾਨੀ ਨਾਮ-ਅੰਮ੍ਰਿਤ ਪ੍ਰਗਟ ਹੋ ਗਿਆ। ਇਨ੍ਹਾਂ ਕੀਮਤੀ ਲਾਲ-ਮੋਤੀਆਂ ਦਾ ਕੋਈ ਮੁੱਲ ਨਹੀਂ ਕਿਉਂਕਿ ਨਾਮ-ਅੰਮ੍ਰਿਤ ਦੇ ਅਮੁੱਕ, ਅਤੋਲਵੇਂ ਖ਼ਜ਼ਾਨੇ ਭਰੇ ਪਏ ਹਨ ਯਾਨੀ ਆਤਮ-ਪ੍ਰਕਾਸ਼ ਦਾ ਅਥਾਹ ਚਾਨਣ, ਗੰਭੀਰ ਬਲ ਹਿਰਦੇ ਅੰਦਰ ਪੈਦਾ ਹੁੰਦਾ ਜਾ ਰਿਹਾ ਹੈ। ਹੁਣ ਇਨ੍ਹਾਂ ਰਤਨਾਂ ਨੂੰ (ਸੰਗਤ ਰੂਪ ’ਚ) ਰਲ਼ ਮਿਲ ਕੇ ਖਾਵਾਂਗੇ, ਖ਼ਰਚਾਂਗੇ ਕਿਉਂਕਿ ਰਲ਼-ਮਿਲ ਕੇ ਵਰਤਦਿਆਂ ਇਹ ਘਟਦੇ ਨਹੀਂ ਸਗੋਂ ਵਧਦੇ ਜਾਂਦੇ ਹਨ, ਪਰ ਹੇ ਨਾਨਕ ! (ਇਹ ਸਾਰਿਆਂ ਨੂੰ ਨਸੀਬ ਨਹੀਂ ਹੁੰਦੇ) ਜਿਸ ਦੇ ਮੱਥੇ ਉੱਤੇ ਧੁਰ ਦਰਗਾਹੋਂ ਲੇਖ ਲਿਖਿਆ ਹੁੰਦਾ ਹੈ ਓਹੀ ਇਸ ਖ਼ਜ਼ਾਨੇ ਵਿੱਚ ਆ ਰਲ਼ਦੇ ਹਨ। ਇਨ੍ਹਾਂ ਦਾ ਲਾਭ ਖੱਟਦੇ ਹਨ।

ਆਖ਼ਿਰ ਇਹ ਕਹਿਣਾ ਕੋਈ ਅਤਿ ਕਥਨੀ ਨਹੀਂ ਕਿ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਰਗੀ ਮਹਾਨ ਰਚਨਾ ਦੀ ਸਿਰਜਣਾ ਨਾ ਕੀਤੀ ਹੁੰਦੀ ਤਾਂ ਪੰਜਾਬ (ਭਾਰਤ ਤੇ ਪਾਕਿਸਤਾਨ) ਦੀਆਂ ਪਿਛਲੀਆਂ ਤਿੰਨ ਸਦੀਆਂ ਦਾ ਇਤਿਹਾਸ ਹੁਣ ਨਾਲੋਂ ਬੜਾ ਵੱਖਰਾ ਹੋਣਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਮਨੁੱਖਤਾ ਲਈ ਗੌਰਵਮਈ ਰਚਨਾ ਹਨ ਤਾਂ ਤੇ ਇਹ ਬਿਲਕੁਲ ਸੱਚ ਹੈ :

(1). ਸਬਦੁ ਗੁਰ ਪੀਰਾ, ਗਹਿਰ ਗੰਭੀਰਾ; ਬਿਨੁ ਸਬਦੈ, ਜਗੁ ਬਉਰਾਨੰ (ਮਹਲਾ /੬੩੫)

(2). ਸਬਦੁ ਜਾਣਹਿ, ਸੇ ਅੰਨੇ ਬੋਲੇ; ਸੇ ਕਿਤੁ ਆਏ ਸੰਸਾਰਾ  ? (ਮਹਲਾ /੬੦੧)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਵਿੱਚ ਕਵੀ ਨਿਹਾਲ ਸਿੰਘ ਜੀ ਇਸ ਤਰ੍ਹਾਂ ਕਥਨ ਕਰਦੇ ਹਨ :-

ਕਾਹੂ ਕੋ ਭਰੋਸੋ ਹੈ ਜ਼ਮੀਨ ਕੋ ਜ਼ਮਾਨੇ ਬੀਚ, ਕਾਹੂ ਕੋ ਭਰੋਸੋ ਜੋਰ ਚਾਕਰੀ ਜਹਾਜ਼ ਪੈ

ਕਾਹੂ ਕੋ ਭਰੋਸੋ ਭਾਰੀ ਸ਼ਾਹ ਪਾਤਸ਼ਾਹ ਮੀਤ, ਕਾਹੂ ਕੋ ਭਰੋਸੋ ਕੁਟੰਬੀ ਕਰੈ ਕਾਜ ਪੈ

ਕਾਹੂ ਕੋ ਭਰੋਸੋ ਦੇਵਵਾਨੀ ਅਰੁ ਪਾਰਸੀ ਕੋ, ਕਾਹੂ ਕੋ ਭਰੋਸੋ ਸੰਤਗੀਰੀ ਕੀ ਮਿਜ਼ਾਜ ਪੈ (ਮਿਜ਼ਾਜ ਪੈ ਭਾਵ ਮਾਣ ਉੱਤੇ)

ਕੋ ਕਾਹੂ ਕੋ ਭਰੋਸੋ ਚਾਰ ਚਾਕਰੀ ਚਲਾਕੀ ਚੋਖ, ਮੋਕੋ ਤੋ ਭਰੋਸੋ (ਏਕ) ਗੁਰੂ ਗ੍ਰੰਥ ਮਹਾਰਾਜ ਹੈ

(‘ਚਾਰ ਚਾਕਰੀ ਚਲਾਕੀ ਚੋਖ’ ਭਾਵ ਚੰਗੀ ਨੌਕਰੀ ਉੱਤੇ ਬੜਾ ਮਾਣ ਹੋਣਾ)

ਸੋ ਅੱਜ ‘‘ਸਤਿਗੁਰ ਸਬਦਿ; ਉਜਾਰੋ ਦੀਪਾ ’’ (ਮਹਲਾ /੮੨੧) ਦੀ ਰੌਸ਼ਨੀ ਵਿੱਚ ਆਪਣੇ ‘ਸਬਦੁ ਗੁਰੂ’ ਨੂੰ ਨਮਸਕਾਰ ਕਰਦੇ ਹੋਏ ਪ੍ਰਣ ਕਰੀਏ ਕਿਉਂਕਿ ‘‘ਜਾ ਕੋ ਠਾਕੁਰੁ; ਊਚਾ ਹੋਈ ਸੋ ਜਨੁ, ਪਰ ਘਰ ਜਾਤ ਸੋਹੀ ’’ (ਭਗਤ ਕਬੀਰ/੩੩੦) ਭਾਵੇਂ ਕਿ ਇਸ ਨੂੰ ‘‘ਕੋਈ ਗਾਵੈ, ਕੋ ਸੁਣੈ; ਕੋਈ ਕਰੈ ਬੀਚਾਰੁ ਕੋ ਉਪਦੇਸੈ; ਕੋ ਦ੍ਰਿੜੈ; ਤਿਸ ਕਾ ਹੋਇ ਉਧਾਰੁ ’’ (ਮਹਲਾ /੩੦੦), ਆਪਣੇ ਫ਼ਰਜ਼ਾਂ ਨੂੰ ਪਹਿਚਾਣਦੇ ਹੋਏ ‘ਸਬਦੁ ਗੁਰੂ’ ਦੀ ਆਪ ਕਮਾਈ ਕਰੀਏ ਅਤੇ ਮਾਨਵਤਾ ਨੂੰ ਇਸ ਦੇ ਲਾਭ ਦੱਸਣ ਵਿੱਚ ਜੁਟ ਜਾਈਏ ਤਾਂ ਕਿ ਆਪਣਾ ਆਲਾ-ਦੁਆਲਾ ਕਰਮਕਾਂਡਾਂ, ਵਹਿਮਾਂ-ਭਰਮਾਂ, ਦੇਹਧਾਰੀ ਗੁਰੂ ਡੰਮ, ਨਸ਼ਿਆਂ ਆਦਿਕ ਸਮਾਜਿਕ ਬੁਰਿਆਈਆਂ ਤੋਂ ਬਚਾ ਕੇ ਰੱਖਣ ’ਚ ਕਾਮਯਾਬ ਹੋ ਸਕੀਏ।