ਕੌਫ਼ੀ-ਕਿੰਨੀ ਤੇ ਕਿਹੜੀ

0
56

ਕੌਫ਼ੀਕਿੰਨੀ ਤੇ ਕਿਹੜੀ

ਡਾ. ਹਰਸ਼ਿੰਦਰ ਕੌਰ, ਐੱਮ.ਡੀ., 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)- 0175-2216783

ਚਿਰਾਂ ਤੋਂ ਅਣਗਿਣਤ ਖੋਜੀ ਇਹ ਸਾਬਤ ਕਰਦੇ ਆ ਰਹੇ ਹਨ ਕਿ ਕੌਫ਼ੀ ਐਂਟੀਆਕਸੀਡੈਂਟ ਭਰਪੂਰ ਹੈ ਤੇ ਇਸ ਵਿਚਲਾ ਕੇਫ਼ੀਨ ਫ਼ਾਇਦੇਮੰਦ ਹੈ। ਐਂਟੀਆਕਸੀਡੈਂਟ ਗੰਭੀਰ ਰੋਗ, ਕੈਂਸਰ ਅਤੇ ਕਰੌਨਿਕ ਬੀਮਾਰੀਆਂ ਹੋਣ ਤੋਂ ਬਚਾਉਂਦੇ ਹਨ। ਇੱਕ ਕੱਪ ਕੌਫ਼ੀ ਵਿਚ 200-550 ਮਿਲੀਗ੍ਰਾਮ ਐਂਟੀਆਕਸੀਡੈਂਟ ਹੁੰਦੇ ਹਨ। ਇਨ੍ਹਾਂ ਵਿਚ ਕਲੋਰੋਜੈਨਿਕ ਏਸਿਡ ਵੀ ਸ਼ਾਮਲ ਹੈ, ਜੋ ਸਰੀਰ ਅੰਦਰਲਾ ਥਿੰਦਾ ਅਤੇ ਮਿੱਠਾ ਘਟਾਉਣ ਵਿਚ ਸਹਾਈ ਹੁੰਦਾ ਹੈ।

ਠੰਡੀ ਮਿੱਠੀ ਕੌਫ਼ੀ ਨੌਜਵਾਨਾਂ ਦੀ ਪਹਿਲੀ ਪਸੰਦ ਬਣਦੀ ਜਾ ਰਹੀ ਹੈ, ਜੋ ਕਰੀਮ ਨਾਲ ਲਬਾਲਬ ਹੁੰਦੀ ਹੈ। ਇਸੇ ਲਈ ਇਹ ਪਤਾ ਹੋਣਾ ਚਾਹੀਦਾ ਹੈ ਕਿ ਕੌਫ਼ੀ ਦੇ ਬੀਜਾਂ ਵਿੱਚੋਂ ਐਂਟੀਆਕਸੀਡੈਂਟ ਕੱਢਣ ਲਈ ਗਰਮੀ ਦੀ ਲੋੜ ਹੁੰਦੀ ਹੈ, ਜੋ ਗਰਮ ਕੌਫ਼ੀ ਵਿਚ ਮਿਲਦੇ ਹਨ, ਪਰ ਜੇ ਕੇਫ਼ੀਨ ਦਾ ਅਸਰ ਭਾਲਦੇ ਹੋਈਏ ਤਾਂ ਠੰਡੀ ਕੌਫ਼ੀ ਤਗੜਾ ਕਰੰਟ ਵਰਗਾ ਅਸਰ ਵਿਖਾਉਂਦੀ ਹੈ। ਠੰਡੀ ਕੌਫ਼ੀ ਵਿਚ ਤੇਜ਼ਾਬੀ ਮਾਦਾ ਘੱਟ ਹੁੰਦਾ ਹੈ, ਪਰ ਉਸ ਵਿਚਲਾ ਮਿੱਠਾ ਤੇ ਕਰੀਮ; ਮਾੜਾ ਅਸਰ ਵਿਖਾ ਸਕਦੇ ਹਨ।

ਸਭ ਤੋਂ ਵਧੀਆ ਕੌਫ਼ੀ-ਕਾਲੀ ਅਤੇ ਗਰਮ ਹੀ ਮੰਨੀ ਗਈ ਹੈ, ਜਿਸ ਵਿਚ ਦੁੱਧ ਨਾ ਹੋਣ ਸਦਕਾ ਕੈਲਰੀਆਂ ਅਤੇ ਕਾਰਬੋਹਾਈਡ੍ਰੋਟ ਨਹੀਂ ਹੁੰਦੇ। ਕਾਲੀ ਕੌਫ਼ੀ ਵਿਚ ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਨਾਇਆਸਿਨ ਹੁੰਦੇ ਹਨ। ਜਿਉਂ ਹੀ ਦੁੱਧ ਜਾਂ ਕਰੀਮ ਪਾਈ ਜਾਵੇ, ਇਹ ਦਿਲ ਦੇ ਰੋਗਾਂ ਨੂੰ ਵਧਾਉਣ ਵਿਚ ਮਦਦ ਕਰ ਦਿੰਦੇ ਹਨ।

ਅਮਰੀਕਨ ਹਾਰਟ ਐਸੋਸੀਏਸ਼ਨ ਅਨੁਸਾਰ ਜੇ ਦਿਨ ਵਿਚ ਚਾਰ ਕੱਪ ਕੌਫ਼ੀ ਦੇ ਪੀਣੇ ਹੋਣ ਤਾਂ ਸਿਰਫ਼ ਇੱਕ ਚਮਚ ਪ੍ਰਤੀਦਿਨ ਤੋਂ ਵੱਧ ਖੰਡ ਨਹੀਂ ਵਰਤਣੀ ਚਾਹੀਦੀ। ਇਹ ਚੇਤੇ ਰਹੇ ਕਿ ਸਿਰਫ਼ ‘ਫਲੇਵਰ’ ਪਾਉਣ ਲਈ, ਜੋ ਚਮਚ ਕੌਫ਼ੀ ਦੇ ਕੱਪ ਵਿਚ ਪੈਂਦੇ ਹਨ, ਉਨ੍ਹਾਂ ਵਿਚ ਇਕ ਭਰੇ ਚਮਚ ਜਿੰਨੀ ਖੰਡ ਤੋਂ ਵਧ ਮਿੱਠਾ ਹੁੰਦਾ ਹੈ। ਇਸੇ ਲਈ ਬਿਨਾਂ ਮਿੱਠੇ ਦੇ ਵਨੀਲਾ ਜਾਂ ਬਦਾਮਾਂ ਦਾ ‘ਫਲੇਵਰ’ ਪਾਇਆ ਜਾ ਸਕਦਾ ਹੈ।

ਇੰਜ ਹੀ ਦੁੱਧ ਵਾਲੀ ਕੌਫ਼ੀ ਵਿਚ ਬਹੁਤੀ ਵਾਰ ‘ਕੰਡੈਂਸਡ’ ਜਾਂ ਗਾੜਾ ਮਿੱਠਾ ਦੁੱਧ ਪਾ ਦਿੱਤਾ ਜਾਂਦਾ ਹੈ ਜਾਂ ਕਰੀਮ ਦੇ ਗੱਫੇ ਨੂੰ ਫੈਂਟ ਕੇ ਵਿਚ ਮਿਲਾ ਦਿੱਤਾ ਜਾਂਦਾ ਹੈ, ਜੋ ਥਿੰਦੇ ਅਤੇ ਕੈਲਰੀਆਂ ਦਾ ਭੰਡਾਰ ਸਰੀਰ ਅੰਦਰ ਭੇਜ ਦਿੰਦੇ ਹਨ। ਇੱਕ ਔਂਸ ਗਿਲਾਸ ਉੱਪਰ ਉਭਰੀ ਹੋਈ ਕਰੀਮ ਨਾਲ 100 ਕੈਲਰੀਆਂ ਸਰੀਰ ਅੰਦਰ ਲੰਘ ਜਾਂਦੀਆਂ ਹਨ। ਇਸ ਦੇ ਉਲਟ ਸੋਇਆਬੀਨ ਦੁੱਧ ਨਾਲ ਸਿਰਫ਼ 10 ਕੈਲਰੀਆਂ ਪ੍ਰਤੀ ਔਂਸ ਅਤੇ ਮੱਝ ਦੇ ਦੁੱਧ ਨਾਲ 19 ਕੈਲਰੀਆਂ ਪ੍ਰਤੀ ਔਂਸ ਹੀ ਅੰਦਰ ਲੰਘਦੀਆਂ ਹਨ।

ਇਸੇ ਲਈ ਜੇ ਕਦੇ ਕਦਾਈਂ ਜੀਭ ਦੇ ਸੁਆਦ ਲਈ ਮਿੱਠੇ ਅਤੇ ਕਰੀਮ ਭਰਪੂਰ ਕੌਫ਼ੀ ਪੀਣ ਦਾ ਦਿਲ ਕਰੇ ਤਾਂ ਸਭ ਤੋਂ ਛੋਟਾ ਕੱਪ ਹੀ ਲੈਣਾ ਚਾਹੀਦਾ ਹੈ। ਇੰਜ ਹੀ ‘ਲਾਤੇ’ ਜਾਂ ‘ਫਲੇਵਰਡ’ ਕੌਫ਼ੀ ਵੀ ਮਹੀਨੇ ’ਚ ਇੱਕ ਵਾਰ ਛੋਟਾ ਕੱਪ ਹੀ ਲਿਆ ਜਾ ਸਕਦਾ ਹੈ।

ਓਰਗੈਨਿਕ ਕੌਫ਼ੀ :- ਅੱਜ ਕੱਲ੍ਹ ਓਰਗੈਨਿਕ ਜਾਂ ਕੁਦਰਤੀ ਚੀਜ਼ਾਂ ਵੱਲ ਲੋਕਾਂ ਦਾ ਝੁਕਾਅ ਵਧਦਾ ਜਾ ਰਿਹਾ ਹੈ। ਇਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਇਹ ਹਾਨੀਕਾਰਕ ਸਪਰੇਆਂ ਤੋਂ ਬਗ਼ੈਰ ਹਨ, ਇਸੇ ਲਈ ਮਹਿੰਗੇ ਵਿਕਦੇ ਹਨ। ਕੌਫ਼ੀ ਉੱਤੇ ਦੁਨੀਆ ਭਰ ਵਿਚ ਸਭ ਤੋਂ ਵੱਧ ਕੀਟਨਾਸ਼ਕ ਸਪਰੇਅ ਕੀਤੀ ਜਾਂਦੀ ਹੈ, ਜਿਸ ਨੂੰ ਕੱਢਣ ਲਈ ਬੀਜਾਂ ਨੂੰ ਧੋ ਕੇ ‘ਰੋਸਟ’ ਕੀਤਾ ਜਾਂਦਾ ਹੈ। ਹਾਨੀਕਾਰਕ ਤੱਤਾਂ ਤੋਂ ਬਚਣ ਲਈ ਕਾਫ਼ੀ ਥਾਵਾਂ ਉੱਤੇ ਹੁਣ ਓਰਗੈਨਿਕ ਕਾਫ਼ੀ ਵਿਕਣ ਲੱਗ ਗਈ ਹੈ।

ਹਲਦੀ ਕੌਫ਼ੀ :- ਹਲਦੀ ਬਾਰੇ ਅਣਗਿਣਤ ਖੋਜਾਂ ਹੋ ਚੁੱਕੀਆਂ ਹਨ ਕਿ ਇਸ ਵਿਚਲੇ ਕੁਰਕੁਮਿਨ ਕਈ ਰੋਗਾਂ ਵਿਚ ਅਸਰਦਾਰ ਹਨ। ਦੁੱਧ ਹਲਦੀ ਦਾ ਸੇਵਨ ਸਦੀਆਂ ਤੋਂ ਕੀਤਾ ਜਾ ਰਿਹਾ ਹੈ, ਪਰ ਹੁਣ ਕਾਲੀ ਗਰਮ ਕੌਫ਼ੀ ਵਿਚ ਵੀ ਲੋਕ ਇਸ ਨੂੰ ਪਾ ਕੇ ਪੀਣ ਲੱਗ ਚੁੱਕੇ ਹਨ। ਜੇ ਇਸ ਵਿਚ ਦੁੱਧ, ਕਰੀਮ ਜਾਂ ਮਿੱਠਾ ਪਾ ਲਿਆ ਜਾਵੇ ਤਾਂ ਹਲਦੀ ਬੇਅਸਰ ਹੋ ਜਾਂਦੀ ਹੈ, ਪਰ ਜੇ ਕਾਲੀ ਮਿਰਚ ਹਲਕੀ ਜਿਹੀ ਪਾ ਲਈ ਜਾਵੇ ਤਾਂ ਵਧੀਆ ਅਸਰ ਵਿਖਾਉਂਦੀ ਹੈ।

ਅੰਡਾ ਕੌਫ਼ੀ :- ਵੀਅਤਨਾਮ ਅਤੇ ਸਵੀਡਨ ਵਿਚ ਕਈ ਲੋਕ ਅੰਡੇ ਦੇ ਪੀਲੇ ਹਿੱਸੇ ਨੂੰ ਕੰਡੈਂਸਡ ਮਿੱਠੇ ਦੁੱਧ ਵਿਚ ਕੌਫ਼ੀ ਅਤੇ ਬਰਫ਼ ਪਾ ਕੇ ਹਿਲਾ ਕੇ ਪੀਂਦੇ ਹਨ। ਇਹ ਸਹੀ ਇਸ ਕਰ ਕੇ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਕੱਚੇ ਅੰਡੇ ਵਿਚਲੇ ਸਾਲਮੋਨੈਲਾ ਕੀਟਾਣੂ ਹਾਨੀਕਾਰਕ ਸਾਬਤ ਹੋ ਸਕਦੇ ਹਨ ਤੇ ਕੌਫ਼ੀ ਵਿਚ ਪਾਈ ਖੰਡ ਅਤੇ ਕਰੀਮ ਵੀ ਸਿਹਤ ਲਈ ਠੀਕ ਨਹੀਂ ਰਹਿੰਦੀ।

ਖੁੰਭ ਕੌਫ਼ੀ :- ਖੁੰਭਾਂ ਨੂੰ ਪੀਹ ਕੇ ਕੌਫ਼ੀ ਵਿਚ ਰਲਾ ਕੇ ਵੀ ‘ਮਸ਼ਰੂਮ ਕੌਫ਼ੀ’ ਤਿਆਰ ਕੀਤੀ ਜਾਂਦੀ ਹੈ। ਇਸ ਵਿਚ ਕੇਫ਼ੀਨ ਦੀ ਮਾਤਰਾ ਘੱਟ ਹੁੰਦੀ ਹੈ, ਪਰ ਐਂਟੀਆਕਸੀਡੈਂਟ ਵੱਧ ਹੁੰਦੇ ਹਨ। ਇਸੇ ਲਈ ਇਸ ਨੂੰ ਪੀਣਾ ਮਾੜੀ ਗੱਲ ਨਹੀਂ, ਪਰ ਜੇ ਕਰੀਮ ਜਾਂ ਖੰਡ ਪਾ ਲਈ ਜਾਵੇ ਤਾਂ ਐਂਟੀਆਕਸੀਡੈਂਟ ਦਾ ਅਸਰ ਵੀ ਖ਼ਤਮ ਸਮਝੋ।

ਨੂਟਰੋਪਿਕ ਕੌਫ਼ੀ :- ਨੂਟਰੋਪਿਕ ਬਾਰੇ ਕਿਹਾ ਜਾਂਦਾ ਹੈ ਕਿ ਇਹ ਯਾਦਾਸ਼ਤ ਦੇ ਸੈਂਟਰ ਨੂੰ ਰਵਾਂ ਕਰ ਕੇ ਧਿਆਨ ਲਾਉਣ ਵਿਚ ਮਦਦ ਕਰਦੇ ਹਨ ਅਤੇ ਨਵੀਆਂ ਚੀਜ਼ਾਂ ਘੜ੍ਹਨ ਵਿਚ ਵੀ ਸਹਾਇਤਾ ਕਰਦੇ ਹਨ। ਕੌਫ਼ੀ ਵਿਚਲੀ ਕੇਫ਼ੀਨ ਕੁਦਰਤੀ ਤੌਰ ਉੱਤੇ ਇਹੋ ਅਸਰ ਵਿਖਾਉਂਦੀ ਹੈ। ਇਸੇ ਲਈ ਦਵਾਈਆਂ ਦੇ ਰੂਪ ਵਿਚ ਇਨ੍ਹਾਂ ਨੂੰ ਕੌਫ਼ੀ ਵਿਚ ਮਿਲਾਉਣਾ ਸਿਆਣਪ ਨਹੀਂ ਹੈ।

ਵਿਟਾਮਿਨ ਕੌਫ਼ੀ :- ਵਿਕਰੀ ਕਰਨ ਦੇ ਵੱਖੋ-ਵੱਖ ਢੰਗ ਇਸ਼ਤਿਹਾਰ ਬਾਜ਼ੀ ਰਾਹੀਂ ਲੋਕਾਂ ਨੂੰ ਭਰਮਾਉਣ ਲਈ ਪੂਰਾ ਜ਼ੋਰ ਲਾਉਂਦੇ ਹਨ। ਇੰਜ ਹੀ ਤਿੰਨ ਗੁਣਾ ਮਹਿੰਗੀ ਕੌਫ਼ੀ ਵੇਚਣ ਲਈ ਵਿਟਾਮਿਨ ਕੌਫ਼ੀ ਦੀ ਇਸ਼ਤਿਹਾਰ ਬਾਜ਼ੀ ਕੀਤੀ ਜਾ ਰਹੀ ਹੈ।

ਇੱਕ ਗੱਲ ਸਪਸ਼ਟ ਪਤਾ ਹੋਣੀ ਚਾਹੀਦੀ ਹੈ ਕਿ ਕੌਫ਼ੀ ਪੀਣ ਨਾਲ ਪਿਸ਼ਾਬ ਵੱਧ ਆਉਂਦਾ ਹੈ, ਸੋ ਪਾਣੀ ਵਿਚ ਘੁਲ਼ ਕੇ ਵਾਧੂ ਵਿਟਾਮਿਨ ਤਾਂ ਸਾਰੇ ਉਸੇ ਵੇਲੇ ਸਰੀਰ ਵਿੱਚੋਂ ਬਾਹਰ ਨਿਕਲ ਜਾਂਦੇ ਹਨ। ਕੌਫ਼ੀ ਵੈਸੇ ਵੀ ਜ਼ਿੰਕ, ਕੈਲਸ਼ੀਅਮ ਤੇ ਲੋਹ ਕਣਾਂ ਨੂੰ ਸਰੀਰ ਅੰਦਰ ਛੇਤੀ ਹਜ਼ਮ ਨਹੀਂ ਹੋਣ ਦਿੰਦੀ। ਇਸੇ ਲਈ ਇਹ ਹਦਾਇਤ ਦਿੱਤੀ ਜਾਂਦੀ ਹੈ ਕਿ ਵਿਟਾਮਿਨ ਖਾਣੇ ਹੋਣ ਤਾਂ ਦੋ ਘੰਟੇ ਪਹਿਲਾਂ ਜਾਂ ਬਾਅਦ ਵਿਚ ਕੌਫ਼ੀ ਨਹੀਂ ਪੀਣੀ ਚਾਹੀਦੀ।

ਸਟਰੌਂਗ ਕੌਫ਼ੀ :- ਸਟਰੌਂਗ ਕੌਫ਼ੀ ਨੂੰ ਮਰਦਾਨਗੀ ਨਾਲ ਜੋੜ ਦਿੱਤਾ ਗਿਆ ਹੈ ਕਿ ਜਿੰਨੀ ਵੱਧ ਕੌਫ਼ੀ, ਓਨਾ ਤੇਜ਼ ਦਿਮਾਗ ਅਤੇ ਚੁਸਤੀ। ਇਹ ਤੱਥ ਹੈ ਕਿ ਕੇਫ਼ੀਨ ਸਰੀਰ ਅੰਦਰ ਜਮਾਂ ਨਹੀਂ ਹੋ ਸਕਦੀ ਤੇ ਇਸ ਦਾ ਅਸਰ ਸਿਰਫ਼ ਛੇ ਘੰਟੇ ਤੱਕ ਹੀ ਰਹਿ ਸਕਦਾ ਹੈ। ਬਹੁਤ ਜ਼ਿਆਦਾ ਸਟਰੌਂਗ ਕੌਫ਼ੀ ਜਿੱਥੇ ਪੀਣ ਵਾਲੇ ਨੂੰ ਆਦੀ ਬਣਾ ਦਿੰਦੀ ਹੈ, ਉੱਥੇ ਧੜਕਨ ਤੇਜ਼, ਪਸੀਨਾ ਵੱਧ ਆਉਣਾ ਤੇ ਘਬਰਾਹਟ ਵੀ ਪੈਦਾ ਕਰ ਦਿੰਦੀ ਹੈ। ਜੇ ਰਾਤ ਸੌਣ ਲੱਗਿਆਂ ਲਈ ਜਾਵੇ ਤਾਂ ਜਿੱਥੇ ਠੀਕ ਨੀਂਦਰ ਨਹੀਂ ਲੈਣ ਦਿੰਦੀ, ਉੱਥੇ ਅੱਧ ਰਾਤ ਉੱਠ ਕੇ ਪਿਸ਼ਾਬ ਕਰਨ ਵੀ ਜਾਣਾ ਪੈਂਦਾ ਹੈ।

ਹਰ ਰੋਜ਼ ਸਟਰੌਂਗ ਕੌਫ਼ੀ ਪੀਣ ਵਾਲਿਆਂ ਨੂੰ ਆਦੀ ਹੋ ਜਾਣ ਉੱਤੇ ਜੇ ਵੇਲੇ ਸਿਰ ਕੌਫ਼ੀ ਨਾ ਮਿਲੇ ਤਾਂ ਸਿਰ ਪੀੜ ਜਾਂ ਜਕੜਿਆ ਹੋਇਆ ਸਿਰ ਮਹਿਸੂਸ ਹੁੰਦਾ ਹੈ, ਜਿਸ ਨੂੰ ‘ਰੀਬਾਊਂਡ’ ਸਿਰ ਪੀੜ ਕਿਹਾ ਜਾਂਦਾ ਹੈ।

ਜੇ ਤਗੜੀ ਕਸਰਤ ਕਰਨ ਤੋਂ ਇੱਕ ਘੰਟਾ ਪਹਿਲਾਂ ਸਟਰੌਂਗ ਕੌਫ਼ੀ ਪੀਤੀ ਜਾਵੇ ਤਾਂ ਇਹ ਕਸਰਤ ਵਧੀਆ ਕਰਵਾ ਦਿੰਦੀ ਹੈ ਤੇ ਬਾਅਦ ਵਿਚ ਹੁੰਦੀ ਥਕਾਵਟ ਵੀ ਘਟਾ ਦਿੰਦੀ ਹੈ। ਇਹ ਵੀ ਵੇਖਿਆ ਗਿਆ ਹੈ ਕਿ ਕੁੱਝ ਚਿਰ ਲਈ ਸਰੀਰ ਅੰਦਰ ਐਡਰੀਨਾਲੀਨ ਵਧਾਉਣ ਕਾਰਨ ਸਟਰੌਂਗ ਕੌਫ਼ੀ ਪੀਂਦੇ ਰਹਿਣ ਵਾਲਿਆਂ ਦਾ ਬਲੱਡ ਪ੍ਰੈੱਸ਼ਰ ਜ਼ਰੂਰ ਵਕਤੀ ਤੌਰ ਉੱਤੇ ਵੱਧ ਜਾਂਦਾ ਹੈ।

ਬੀਮਾਰੀਆਂ ਅਤੇ ਕੌਫ਼ੀ :- ਹਾਲਾਕਿ ਬਹੁਤੀਆਂ ਖੋਜਾਂ ਨਹੀਂ ਹੋਈਆਂ ਪਰ ਇਹ ਮੰਨਿਆ ਗਿਆ ਹੈ ਕਿ ਕੌਫ਼ੀ ਪਾਰਕਿਨਸਨ ਰੋਗ ਨੂੰ ਛੇਤੀ ਵਧਣ ਨਹੀਂ ਦਿੰਦੀ ਤੇ ਪਿੱਤੇ ਵਿਚ ਪੱਥਰੀ ਬਣਨ ਤੋਂ ਵੀ ਰੋਕਦੀ ਹੈ ਬਸ਼ਰਤੇ ਕਿ ਕਾਲੀ ਕੌਫ਼ੀ ਪੀਤੀ ਜਾ ਰਹੀ ਹੋਵੇ।

ਮਾਹਵਾਰੀ ਬੰਦ ਹੋਣ ਤੋਂ ਬਾਅਦ :- ਜੇ ਹਾਰਮੋਨਾਂ ਦੀ ਗੜਬੜੀ ਕਾਰਨ ਘਬਰਾਹਟ ਮਹਿਸੂਸ ਹੋ ਰਹੀ ਹੋਵੇ ਤੇ ਵੱਧ ਪਸੀਨਾ ਆ ਰਿਹਾ ਹੋਵੇ ਤਾਂ ਸਟਰੌਂਗ ਕੌਫ਼ੀ ਨਾ ਹੀ ਪੀਤੀ ਜਾਵੇ ਤਾਂ ਬਿਹਤਰ ਹੈ।

ਕਿੰਨੀ ਕੌਫ਼ੀ  ?

ਹਰ ਕਿਸੇ ਦਾ ਸਰੀਰ ਵੱਖ-ਵੱਖ ਤਰ੍ਹਾਂ ਦਾ ਹੁੰਦਾ ਹੈ ਤੇ ਵੱਖੋ-ਵੱਖ ਚੀਜ਼ਾਂ ਦੀ ਐਲਰਜੀ ਵੀ ਹਰ ਕਿਸੇ ਦੀ ਅਲੱਗ ਹੁੰਦੀ ਹੈ। ਇੰਜ ਹੀ ਕਈ ਜਣੇ ਬਹੁਤ ਥੋੜ੍ਹੀ ਕੌਫ਼ੀ ਪੀ ਕੇ ਵੀ ਪਸੀਨੋ-ਪਸੀਨ ਹੋ ਜਾਂਦੇ ਹਨ ਤੇ ਕੁੱਝ ਸਟਰੌਂਗ ਪੀ ਕੇ ਹੀ ਖ਼ੁਸ਼ ਹੁੰਦੇ ਹਨ। ਇਹ ਵੇਖਣ ਵਿਚ ਆਇਆ ਹੈ ਕਿ ਪ੍ਰਤੀ ਦਿਨ 400 ਮਿਲੀਗ੍ਰਾਮ ਕੇਫ਼ੀਨ ਤੋਂ ਵੱਧ ਕਿਸੇ ਹਾਲ ਵਿਚ ਨਹੀਂ ਲੈਣੀ ਚਾਹੀਦੀ ਕਿਉਂਕਿ ਲਗਭਗ ਹਰ ਪੀਣ ਵਾਲੇ ਵਿਚ, ਜਿਨ੍ਹਾਂ ਨੇ 600 ਮਿਲੀਗ੍ਰਾਮ ਕੇਫ਼ੀਨ ਰੋਜ਼ ਪੀਤੀ, ਮਾੜੇ ਅਸਰ ਵੇਖਣ ਨੂੰ ਮਿਲੇ। ਇਹ ਅਸਰ ਸਨ-ਧੜਕਨ ਵਧਣੀ, ਸਿਰ ਪੀੜ, ਪੱਠਿਆਂ ਵਿਚ ਅਕੜਾਓ, ਪੇਟ ਵਿਚ ਅਫ਼ਾਰਾ ਜਾਂ ਗੈਸ ਬਣਨੀ, ਆਦਿ।

ਪ੍ਰਤੀ ਕੱਪ ਆਮ ਕੌਫ਼ੀ ਵਿਚ 150 ਮਿਲੀਗ੍ਰਾਮ ਕੇਫ਼ੀਨ ਹੁੰਦੀ ਹੈ। ਇਸੇ ਲਈ ਉਸੇ ਹਿਸਾਬ ਨਾਲ ਹੀ ਹਲਕੀ ਜਾਂ ਤੇਜ਼ ਕੌਫ਼ੀ ਪੀਤੀ ਜਾ ਸਕਦੀ ਹੈ।

ਹਰੀ ਚਾਹ :- ਆਮ ਧਾਰਨਾ ਹੈ ਕਿ ਹਰੀ ਚਾਹ ਬਹੁਤ ਸਿਹਤਮੰਦ ਹੈ ਤੇ ਲੋਕ ਧੜਾਧੜ ਇਸ ਦੀ ਵਰਤੋਂ ਬਿਨਾਂ ਸੋਚੇ ਸਮਝੇ ਕਰ ਰਹੇ ਹਨ। ਇਹ ਪਤਾ ਹੋਣਾ ਚਾਹੀਦਾ ਹੈ ਕਿ ਇਕ ਛੋਟੇ ਕੱਪ ਹਰੀ ਚਾਹ ਪੀਣ ਦੇ ਨਾਲ 28 ਮਿਲੀਗ੍ਰਾਮ ਕੇਫ਼ੀਨ ਅੰਦਰ ਲੰਘ ਜਾਂਦੀ ਹੈ। ਕਈ ਕਿਸਮਾਂ ਵਿਚ ਕੇਫ਼ੀਨ ਦੋ ਜਾਂ ਤਿੰਨ ਗੁਣਾ ਵੱਧ ਵੀ ਹੁੰਦੀ ਹੈ।

ਕਾਲੀ ਚਾਹ :- ਇੱਕ ਛੋਟੇ ਕੱਪ ਕਾਲੀ ਚਾਹ ਵਿਚ ਵੀ 4 ਮਿਲੀਗ੍ਰਾਮ ਕੇਫ਼ੀਨ ਹੁੰਦੀ ਹੈ, ਜੋ ਸਵੇਰ ਵੇਲੇ ਲੋੜੀਂਦੀ ਚੁਸਤੀ ਬਖ਼ਸ਼ ਦਿੰਦੀ ਹੈ ਬਸ਼ਰਤੇ ਕਿ ਵਿਚ ਦੁੱਧ ਅਤੇ ਖੰਡ ਨਾ ਪਾਈ ਹੋਵੇ।

ਇੱਥੋਂ ਤੱਕ ਕਿ ਛੋਟੇ ਬੱਚਿਆਂ ਵੱਲੋਂ ਨਾਸ਼ਤੇ ਵਿਚ ਦੁੱਧ ਵਿਚ ਰਲਾ ਕੇ ਖਾਧੇ ਜਾਂਦੇ ‘ਕੋਕੋ ਪੱਫ’ ਦੇ ਇੱਕ ਕੱਪ ਵਿਚ ਵੀ ਲਗਭਗ 10 ਮਿਲੀਗ੍ਰਾਮ ਕੇਫ਼ੀਨ ਹੁੰਦੀ ਹੈ। ਇਹੋ ਕੁੱਝ ‘ਐਨਰਜੀ ਬਾਰ’ ਵਿਚ ਹੁੰਦਾ ਹੈ।

ਪਾਣੀ ਅਤੇ ਕੇਫ਼ੀਨ :- ਸ਼ਾਇਦ ਅਟਪਟਾ ਲੱਗੇ ਪਰ ਅਣਗਿਣਤ ਪਾਣੀ ਦੀਆਂ ਬੰਦ ਬੋਤਲਾਂ ਵਿਚ ‘ਮਿਨਰਲ’ ਦੇ ਨਾਂ ਹੇਠ 60 ਮਿਲੀਗ੍ਰਾਮ ਕੇਫ਼ੀਨ ਵੀ ਮਿਲਾ ਦਿੱਤੀ ਹੁੰਦੀ ਹੈ, ਜੋ ਜਾਣੇ ਅਣਜਾਣੇ ਹਰ ਬੰਦਾ ਆਪਣੇ ਅੰਦਰ ਲੰਘਾਈ ਜਾ ਰਿਹਾ ਹੈ।

ਡੀਕੈਫ਼ ਕੌਫ਼ੀ :- ਡੀਕੈਫ਼ ਕੌਫ਼ੀ ਦੇ ਇੱਕ ਛੋਟੇ ਕੱਪ ਵਿਚ ਵੀ 2 ਤੋਂ 15 ਮਿਲੀਗ੍ਰਾਮ ਕੇਫ਼ੀਨ ਹੁੰਦੀ ਹੈ।

ਠੰਡੇ ਮਿੱਠੇ ਸੋਡੇ :- 12 ਔਂਸ ਵਿਚ 34-54 ਮਿਲੀਗ੍ਰਾਮ ਕੇਫ਼ੀਨ ਪਾਈ ਹੁੰਦੀ ਹੈ।

ਐਨਰਜੀ ਡਰਿੰਕਸ :– ਧੜਾਧੜ ਵਿਕ ਰਹੇ ‘ਐਨਰਜੀ ਡਰਿੰਕ’ ਜਿੱਥੇ ਨਿੱਕੇ ਅਤੇ ਨੌਜਵਾਨ ਬੱਚਿਆਂ ਨੂੰ ਹਸਪਤਾਲਾਂ ਵੱਲ ਧੱਕ ਰਹੇ ਹਨ, ਉੱਥੇ ਉਨ੍ਹਾਂ ਦੀ ਸਿਹਤ ਦਾ ਨਾਸ ਵੀ ਮਾਰ ਰਹੇ ਹਨ। ਕੁੱਝ ਐਨਰਜੀ ਡਰਿੰਕਸ ਉੱਤੇ ‘ਹਰਬਲ’ ਵੀ ਲਿਖਿਆ ਮਿਲ ਜਾਂਦਾ ਹੈ। ਸੋਲ੍ਹਾਂ ਔਂਸ ਵਿਚ 350 ਮਿਲੀਗ੍ਰਾਮ ਕੇਫ਼ੀਨ ਦੀ ਮਾਤਰਾ ਹੋਣ ਕਾਰਨ ਇਹ ਬੱਚਿਆਂ ਨੂੰ ਆਦੀ ਬਣਾ ਕੇ ਉਨ੍ਹਾਂ ਦੀ ਸਿਹਤ ਦਾ ਨਾਸ ਮਾਰ ਰਹੇ ਹਨ। ਇਨ੍ਹਾਂ ਵਿਚਲੀ ਮਿੱਠੇ ਦੀ ਮਾਤਰਾ ਅਗਾਊਂ ਹੋਣ ਵਾਲੇ ਰੋਗਾਂ ਦਾ ਬੀਜ ਬੋਅ ਦਿੰਦੀ ਹੈ।

ਚਿੰਗਮ :- ਇੱਕ ਪੀਸ ਚਿੰਗਮ ਵਿਚ ਵੀ 20 ਤੋਂ 100 ਮਿਲੀਗ੍ਰਾਮ ਕੇਫ਼ੀਨ ਪਾਈ ਹੁੰਦੀ ਹੈ, ਜਿਸ ਨੂੰ ਰੈਪਰ ਦੇ ਬਾਹਰ ਕਈ ਵਾਰ ‘ਗੁਆਰਨਾ’ ਲਿਖ ਕੇ ਸਾਰ ਲਿਆ ਜਾਂਦਾ ਹੈ। ਇਸੇ ਲਈ ਇਹ ਵੀ ਧਿਆਨ ਨਾਲ ਖਾਣ ਦੀ ਲੋੜ ਹੈ।

ਡਾਰਕ ਚਾਕਲੇਟ :- ਇੱਕ ਔਂਸ ਵਿਚ 23 ਮਿਲੀਗ੍ਰਾਮ ਕੇਫ਼ੀਨ ਹੁੰਦੀ ਹੈ।

ਕੋਕੋ ਦੁੱਧ :- ਇੱਕ ਕੱਪ ਵਿਚ 25 ਮਿਲੀਗ੍ਰਾਮ ਤੱਕ ਕੇਫ਼ੀਨ ਹੁੰਦੀ ਹੈ।

ਆਈਕ੍ਰੀਮ :- ਇੱਕ ‘ਸਕੂਪ’ ਆਈਕ੍ਰੀਮ ਵਿਚ 5 ਤੋਂ 125 ਮਿਲੀਗ੍ਰਾਮ ਕੇਫ਼ੀਨ ਹੁੰਦੀ ਹੈ।

ਦਵਾਈ :- ਬਜ਼ਾਰ ਵਿਚ ਜ਼ੁਕਾਮ ਦੀਆਂ ਦਵਾਈਆਂ ਧੜਾਧੜ ਵਿਕ ਰਹੀਆਂ ਹਨ। ਇੱਕ ਗੋਲੀ ਵਿਚ 60 ਤੋਂ 85 ਮਿਲੀਗ੍ਰਾਮ ਕੇਫ਼ੀਨ ਹੋ ਸਕਦੀ ਹੈ।

ਸਾਰ :- ਕੌਫ਼ੀ ਦੇ ਕਾਫ਼ੀ ਫ਼ਾਇਦੇ ਹਨ, ਪਰ ਹੱਦੋਂ ਵੱਧ ਹਰ ਚੀਜ਼ ਦੇ ਨੁਕਸਾਨ ਵੀ ਹੁੰਦੇ ਹਨ। ਜਿੱਥੇ ਹੁਣ ਹਰ ਚੀਜ਼ ਵਿਚ ਕੇਫ਼ੀਨ ਦੀ ਵਰਤੋਂ ਹੋਣ ਲੱਗ ਪਈ ਹੈ, ਉੱਥੇ ਬੱਚਿਆਂ ਦੀ ਖ਼ੁਰਾਕ ਦਾ ਖ਼ਾਸ ਖ਼ਿਆਲ ਰੱਖਣ ਦੀ ਲੋੜ ਹੈ, ਜਿਨ੍ਹਾਂ ਦੇ ਬਣਦੇ ਦਿਮਾਗ਼ ਉੱਤੇ ਸਦੀਵੀ ਅਸਰ ਪੈ ਸਕਦਾ ਹੈ ਤੇ ਉਨ੍ਹਾਂ ਵਿਚ ਹੱਥਾਂ ਦਾ ਕੰਬਣਾ, ਧੜਕਨ ਤੇਜ਼ ਹੋਣੀ, ਬਲੱਡ ਪ੍ਰੈੱਸ਼ਰ ਦਾ ਵਾਧਾ ਅਤੇ ਨਸਾਂ ਦਾ ਨੁਕਸਾਨ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸੇ ਲਈ ਜਿੱਥੇ ਵੱਡਿਆਂ ਲਈ ਵੱਧੋ-ਵੱਧ 400 ਮਿਲੀਗ੍ਰਾਮ ਕੇਫ਼ੀਨ ਹੋਣੀ ਚਾਹੀਦੀ ਹੈ, ਉੱਥੇ ਬੱਚਿਆਂ ਲਈ 45 ਤੋਂ 60 ਮਿਲੀਗ੍ਰਾਮ ਤੋਂ ਵੱਧ ਕਿਸੇ ਹਾਲ ਵਿਚ ਵੀ ਨਹੀਂ।